Punjabi Poetry Khalid Mahmood Aasi
ਪੰਜਾਬੀ ਕਲਾਮ ਖ਼ਾਲਿਦ ਮਹਿਮੂਦ ਆਸੀ
1. ਸੋਚਾਂ ਦੀ ਜ਼ੰਜੀਰ ਬਨਾਉਣੀ ਪੈ ਗਈ ਏ
ਸੋਚਾਂ ਦੀ ਜ਼ੰਜੀਰ ਬਨਾਉਣੀ ਪੈ ਗਈ ਏ
ਦਿਲ ਪਾਗਲ ਦੇ ਪੈਰੀਂ ਪਾਉਣੀ ਪੈ ਗਈ ਏ
ਚੋਰੀ-ਚੋਰੇਂ ਚੈਨ ਕਿਸੇ ਦਾ ਲੁੱਟਦਾ ਏ,
ਇਹਨੂੰ ਵੀ ਹੁਣ ਸਜ਼ਾ ਸੁਨਾਉਣੀ ਪੈ ਗਈ ਏ
ਵਿੱਚ ਦੁੱਖਾਂ ਦੇ ਰਹਿ ਕੇ ਖ਼ੁਸ਼ੀਆਂ ਲੱਭਦਾ ਏ,
ਵੱਖਰੀ ਇਹਦੀ ਰੀਝ ਬਨਾਉਣੀ ਪੈ ਗਈ ਏ
ਜਿਸ ਦਿਨ ਤੋਂ ਤੱਕਿਆ ਹੈ ਮਹਿਲ ਰਕੀਬਾਂ ਦਾ,
ਕੱਖਾਂ ਦੀ ਇਹ ਕੁੱਲੀ ਢਾਉਣੀ ਪੈ ਗਈ ਏ
ਜਿਸ ਦੇ ਆਖੇ ਲੱਗਿਆਂ ਬੇੜੇ ਡੁੱਬੇ ਨੇ,
ਨਾਲ ਉਦ੍ਹੇ ਗੱਲ-ਬਾਤ ਮੁਕਾਉਣੀ ਪੈ ਗਈ ਏ
ਕਿੰਨਾਂ ਚਿਰ ਤੋਂ ਇਸ ਦੇ ਨਾਜ਼ ਉਠਾਉਂਦਾ ਹਾਂ,
ਹੁਣ 'ਆਸੀ' ਨੂੰ ਕੈਦ ਕਰਾਉਣੀ ਪੈ ਗਈ ਏ
2. ਸ਼ੀਸੇ ਦੇ ਨਾਲ ਪੱਥਰਾਂ ਨੂੰ ਮੈਂ ਤੋੜ ਰਿਹਾ ਹਾਂ
ਸ਼ੀਸੇ ਦੇ ਨਾਲ ਪੱਥਰਾਂ ਨੂੰ ਮੈਂ ਤੋੜ ਰਿਹਾ ਹਾਂ,
ਇੱਕ ਇੱਕ ਕਰਕੇ ਟੁੱਟੇ ਦਿਲ ਮੈਂ ਜੋੜ ਰਿਹਾ ਹਾਂ
ਇਸ ਧਰਤੀ ਦੀ ਪਿਆਸ ਬੁਝਾਵਣ ਖ਼ਾਤਰ ਮੈਂ,
ਰੱਤ ਜਿਗਰ ਦੀ ਹੁਣ ਤੇ ਖ਼ੂਬ ਨਿਚੋੜ ਰਿਹਾ ਹਾਂ
ਜਿਸ ਨਗਰੀ ਵਿੱਚ ਕਦਰ ਨਹੀਂ ਹੈ ਬੰਦਿਆਂ ਦੀ,
ਉਸ ਨਗਰੀ ਨੂੰ ਹੱਸ ਕੇ ਅੱਜ ਮੈਂ ਛੋੜ ਰਿਹਾ ਹਾਂ
ਫੁੱਲਾਂ ਦੀ ਥਾਂ ਕੰਡੇ-ਜੂਨੀ ਵਿਚਰਦਿਆਂ ਮੈਂ,
ਜ਼ਾਲਿਮ ਜੱਗ ਦੀਆਂ ਝੂਠੀਆਂ ਰਸਮਾਂ ਤੋੜ ਰਿਹਾ ਹਾਂ
ਅਮਨ ਦਾ ਸੂਰਜ ਹੁਣ ਤੇ 'ਆਸੀ' ਲੱਭਦਾ ਨਹੀਂ,
ਦੀਵਾ ਲੈ ਕੇ ਚਾਰ-ਚੁਫੇਰੇ ਲੋੜ ਰਿਹਾ ਹਾਂ
3. ਬੇਕਦਰਾਂ ਦੀ ਯਾਰੀ, ਲੋਕੋ ਚੰਗੀ ਨਹੀਂ
ਬੇਕਦਰਾਂ ਦੀ ਯਾਰੀ, ਲੋਕੋ ਚੰਗੀ ਨਹੀਂ
ਰੇਤ 'ਤੇ ਕੰਧ ਉਸਾਰੀ, ਲੋਕੋ ਚੰਗੀ ਨਹੀਂ
ਮੁਜਰਮ ਦੀ ਜੋ ਪੁਸਤ ਪਨਾਹੀ ਕਰਦਾ ਏ,
ਉਹਦੀ ਤੇ ਸਰਦਾਰੀ, ਲੋਕੋ ਚੰਗੀ ਨਹੀਂ
ਅਪਣਾ ਹੋ ਕੇ ਜੋ ਦੁੱਖਾਂ ਨੂੰ ਵੰਡੇ ਨਾ,
ਉਸ ਦੀ ਪ੍ਰੀਤ-ਪਿਆਰੀ, ਲੋਕੋ ਚੰਗੀ ਨਹੀਂ
ਢੋਰੇ ਵਾਂਗੂੰ ਇਹ ਹੱਡਾਂ ਨੂੰ ਖਾਂਦੀ ਏ,
ਲੱਗੀ ਪਿਆਰ-ਬੀਮਾਰੀ, ਲੋਕੋ ਚੰਗੀ ਨਹੀਂ
ਟੇਕੇ ਮੱਥਾ 'ਆਸੀ' ਚੜ੍ਹਦੇ ਸੂਰਜ ਨੂੰ,
ਇਹਦੇ ਲਈ ਖੁੱਦਦਾਰੀ, ਲੋਕੋ ਚੰਗੀ ਨਹੀਂ
4. ਮੈਨੂੰ ਅੱਖਾਂ ਖੋਲ੍ਹਕੇ ਦੇਖ ਲਵੋ
ਮੈਨੂੰ ਅੱਖਾਂ ਖੋਲ੍ਹਕੇ ਦੇਖ ਲਵੋ, ਮੈਂ ਵਿੱਚ ਗ਼ਰੀਬੀ ਮਰਨਾ ਵਾਂ
ਇੱਕ ਕਿਲੋ ਆਟਾ ਪੰਜਾਂ ਦਾ, ਵਿੱਚ ਪਾ ਲਫ਼ਾਫ਼ੇ ਖੜਨਾ ਵਾਂ
ਹੋਏ ਕਿਲੋ ਗੰਢੇ ਬਾਰਾਂ ਦੇ, ਤੇ ਦਾਲ ਵੀ ਬੀਹੀਂ ਵਿਕਦੀ ਏ,
ਮੈਂ ਘਰ ਦੇ ਅੰਦਰ ਕਈ ਵਾਰੀ, ਫ਼ਾਕੇ ਦੀ ਸੂਲੀ ਚੜ੍ਹਨਾ ਵਾਂ
ਅੱਜ ਦੁੱਧ ਦੀ ਹਾਲਤ ਪਤਲੀ ਏ, ਜਿਉਂ ਕਾਂ ਦੇ ਅੱਥਰੂ ਹੁੰਦੇ ਨੇ,
ਨਹੀਂ ਸਬਜ਼ੀ ਹੱਥ ਵੀ ਲਾਉਣ ਦਿੰਦੀ, ਇਸ ਖ਼ੌਫ਼ 'ਚ ਹਰ ਦਮ ਸੜਨਾ ਵਾਂ
ਜੇ ਮਾੜਾ ਨਾ ਕੋਈ ਬਚਿਆ ਜੇ, ਨਹੀਂ ਕਦੀ ਪਛਾਣ ਅਮੀਰਾਂ ਦੀ,
ਨਹੀਂ ਮਾੜਾ ਕੋਈ ਵੀ ਰਹਿਣ ਦੇਣਾ, ਹਰ ਚੌਕ 'ਚ ਲਿਖਿਆ ਪੜ੍ਹਨਾ ਵਾਂ
ਤੁਸੀਂ ਮੈਨੂੰ ਨਾ ਕੋਈ ਦੋਸ਼ ਦਵੋ, ਤਕਦੀਰ ਦੇ ਸਾਰੇ ਕਾਰੇ ਨੇ,
ਮੈਂ ਇਸਦੇ ਹੱਥੋਂ 'ਆਸੀ' ਜੀ, ਨਿੱਤ ਜਿੱਤ ਕੇ ਬਾਜ਼ੀ ਹਰਨਾ ਵਾਂ
5. ਬਦ-ਅਮਨੀ ਦੇ ਐਸੇ ਝੱਖੜ ਝੁੱਲੇ ਨੇ
ਬਦ-ਅਮਨੀ ਦੇ ਐਸੇ ਝੱਖੜ ਝੁੱਲੇ ਨੇ,
ਜ਼ੁਲਮਾਂ ਦੇ ਹਰ ਸਿਮਤ ਦੁਆਰੇ ਖੁੱਲ੍ਹੇ ਨੇ
ਪਿਆਰ-ਮੁਹੱਬਤ ਹੱਟੀ ਉਤੋਂ ਲੱਭਦੀ ਨਹੀਂ,
ਨਫ਼ਰਤ ਦੇ ਹਰ ਪਾਸੇ ਵਿਕਦੇ ਬੁੱਲੇ ਨੇ
ਧਰਤੀ ਮਾਂ ਦਾ ਸੀਨਾ ਸੜ ਕੇ ਖ਼ਾਕ ਹੋਇਆ,
ਬੁਗ਼ਜ਼-ਹਸਦ ਦੇ ਐਸੇ ਕੋਲੇ ਡੁੱਲ੍ਹੇ ਨੇ
ਕੀ ਦੱਸਾਂ ਕੀ ਹੋਇਆ ਇੰਨ੍ਹਾਂ ਲੋਕਾਂ ਨੂੰ ?
ਕਿਹੜੀ ਗੱਲੋਂ ਇਹ ਆਪੇ ਨੂੰ ਭੁੱਲੇ ਨੇ ?
ਵੱਖਰਾ ਈ ਇਨਸਾਫ਼ ਏ 'ਆਸੀ' ਦੁਨੀਆਂ ਦਾ,
ਫੁੱਲਾਂ ਸਾਂਵੇ ਕੰਡੇ ਵੀ ਹੁਣ ਤੁੱਲੇ ਨੇ