Keso Guni ਕੇਸੋ ਗੁਣੀ

ਕੇਸੋ ਗੁਣੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰੇਮੀ ਦੀਵਾਨਾ ਸੀ, ਸੋ ਇਨ੍ਹਾਂ ਦੀਆਂ ਮਾਝਾਂ ਵਿਚ ਇਹੀ ਰੰਗ ਵਧੇਰੇ ਉਭਰਿਆ ਹੈ । ਇਨ੍ਹਾਂ ਨੇ ਬਾਰਾਂਮਾਹ ਵੀ ਲਿਖਿਆ ਹੈ ।

ਮਾਝਾਂ ਕੇਸੋ ਗੁਣੀਜਿਥੇ ਥਾਨ ਮੁਕਾਮ ਇਸ਼ਕ ਦਾ, ਤਿਥੈ ਜਾਇ ਨ ਪਹੁਤਾ ਕੋਈ
ਬੇ ਮਸਲਤਿ ਉਥੇ ਜਾਣਾ ਆਹਾ, ਮਸਲਤਿ ਲਹੈ ਨ ਢੋਈ
ਕੈ ਥੀਂ ਪੁਛਾਂ ਸੁਖ ਸਨੇਹਾ, ਗਈ ਸੁ ਘਾਇਲ ਹੋਈ
ਕੇਸੋ ਮਤ ਕੋਈ ਸਿਰ ਦਾ ਦ੍ਹਾਵਾ ਬੰਨ੍ਹੇ, ਉਥੇ ਬਿਨੁ ਸਿਰੁ ਲੱਖ ਖਲੋਈ ।੧।ਸੀਨੇ ਉਤੇ ਦਾਗ਼ ਮਿਤ੍ਰਾਂ ਦਾ, ਮੈਂ ਕਿਉਂਕਰਿ ਮਲਿ ਮਲਿ ਧੋਵਾਂ
ਵਿਛੁੜ ਯਾਰ ਗਏ ਦੁਰਾਡੇ, ਮੈਂ ਸੰਮਲਿ ਸੰਮਲਿ ਰੋਵਾਂ
ਜਿਉਂ ਜਿਉਂ ਦੇਖਾਂ ਦਾਗ਼ ਮਿਤ੍ਰਾਂ ਦਾ, ਪੁਛਾਂ ਵਾਟ ਖੜੋਵਾਂ
ਮੁੜ ਵੇ ਯਾਰ ! ਮੈਂ ਬੰਦੀ ਤੇਰੀ, ਜਗ ਸੁਹਾਗਣਿ ਹੋਵਾਂ ।੨।ਇਕ ਸਨੇਹਾ ਮੇਰੇ ਮੁਰਸ਼ਦ ਵਾਲਾ, ਸੀਨੇ ਅੰਦਰਿ ਪੁੜਿਆ
ਹੁਣ ਤਾਂ ਮੁੜਿਆਂ ਬਣਦੀ ਨਾਹੀਂ, ਸਨਮੁਖ ਮੱਥਾ ਜੁੜਿਆ
ਭੰਨੀ ਭੰਨੀ ਪੱਤਣਿ ਵੰਞਾਂ, ਅੱਗਹੁੰ ਬੇੜਾ ਰੁੜ੍ਹਿਆ
ਤਿਨ੍ਹਾਂ ਨਾਲਹੁੰ ਤੁੱਟੀ ਚੰਗੀ, ਸਿਦਕੁ ਜਿਨ੍ਹਾਂ ਦਾ ਮੁੜਿਆ ।੩।ਤੈਂਡੀ ਸੂਰਤਿ ਮੈਂਡੇ ਮਿਤ੍ਰ ਪਿਆਰਿਆ, ਦਿਲ ਤਉਂ ਲਹਿੰਦੀ ਨਾਹੀਂ
ਏਕ ਘੜੀ ਪਲ ਨਜ਼ਰ ਨ ਆਵੇ, ਮੈਂਡੇ ਸੀਨੇ ਭੜਕਨਿ ਭਾਹੀਂ
ਵਿਛੁੜਿ ਯਾਰ ਗਏ ਦੁਰੇਡੇ, ਤਾਂ ਮਰੀਐ ਕਿਉਂ ਕਰਿ ਨਾਹੀਂ
ਕੇਸੋ ਯਾਰ ਮਿਲਿਆ ਦਿਲ ਸ਼ਾਦੀ, ਮਿਟਨਿ ਦਰਦ ਦੀਆਂ ਆਹੀਂ ।੪।ਡੇਖਣ ਗਏ ਸਿ ਆਪ ਵਿਕਾਣੇ, ਨ ਕੋਈ ਸੁਧ ਸਨੇਹਾ
ਦਿਲਬਰ ਮੁਲ ਘਿੱਧਾ ਮਾਸ਼ੂਕਾਂ, ਫਿਰਿ ਆਵਨਿ ਉਹ ਕੇਹਾ
ਅੱਖੀਂ ਜਾਇ ਮਿਲੀ ਵਿਚ ਅੱਖੀਂ, ਘੁਲਿ ਗਈ ਸਭ ਦੇਹਾ
ਕੇਸੋ ਸੁਖ਼ਨ ਗੁੰਜਾਇਸ਼ ਨਾਹੀਂ, ਇਸ਼ਕ ਨਸੀਹਤਿ ਏਹਾ ।੫।ਇਸ਼ਕ ਨਗੀਨਾ ਸੋਈ ਜਾਣਨ, ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਨ ਜਾਣਨ, ਕਾਇਰ ਲੋਕ ਕਮੀਨੇ
ਇਸ਼ਕ ਨਾਹੀ ਕੋਈ ਤਿੱਖੀਆਂ ਛੁਰੀਆਂ, ਘਾਉ ਕਰਨ ਵਿਚ ਸੀਨੇ
ਤੁਧ ਨੈਣਾਂ ਦੇ ਦੇਖਣ ਕਾਰਣ, 'ਕੇਸੋ' ਚਾਕਰ ਬਾਝੁ ਮਹੀਨੇ ।੬।

ਬਾਰਾਂਮਾਹ ਕੇਸੋ ਗੁਣੀ

ਦੋਹਰਾ-
ਚੇਤ੍ਰ ਚਲਿਓ ਜਬ ਸ਼ਾਮ ਜੀ, ਰਾਧੇ ਭਈ ਬਿਹਾਲ
ਚਰਨ ਬੰਦਨਾ ਬੇਨਤੀ, ਕਿਉਂ ਜਾਂਦੇ ਨੰਦ ਲਾਲ ।੧।
ਛੰਦ-
ਕ੍ਰਿਸ਼ਨ ਜੀ ਚੜ੍ਹੇ ਕਿ ਚੇਤ੍ਰ ਚੜ੍ਹੇ, ਕਿ ਰਾਧੇ ਵਾਗ ਕ੍ਰਿਸ਼ਨ ਦੀ ਫੜੇ
ਕਿ ਬਿੰਦ੍ਰਾਬਨ ਛਡਿ ਤੁਰਦੇ ਬੜੇ, ਕਿ ਕਿਤਨੇ ਗੁਆਰ ਗੋਪੀਆਂ ਖੜੇ
ਕਿ ਰੋਂਦੇ ਨੈਣ ਤ੍ਰਿਮਕਦੇ ਬੜੇ, ਕਿ ਸਰਪਰ ਬਿਰਹੁ ਨਗਾਰੇ ਕੜੇ
ਤੁਸਾਂ ਨੀ ਕੇਹੜੀ ਗੋਪੀ ਲੜੇ, ਦਸੁ ਖਾਂ ਲਾਲ ਜੀ ।
ਤੂੰ ਆਖੁ ਹਕੀਕਤਿ ਸਾਰੀ, ਸਦਕੇ ਜਾਂਦੀ ਤੁਹਿ ਥੋਂ ਵਾਰੀ
ਮੁੜਿ ਘਰਿ ਆਵੀਂ ਕ੍ਰਿਸ਼ਨ ਮੁਰਾਰੀ, ਰਾਧੇ ਕਰਮ ਕਿਰਤ ਦੀ ਹਾਰੀ
ਬਾਕੀ ਪਈਓ ਕਿਹੜੀ ਭਾਰੀ, ਤੈਨੂੰ ਮਾਲ ਦੀ ।
ਤੂੰ ਤਾਂ ਚਲਿਓ ਮਥੁਰਾ ਸ਼ਹਰਿ, ਰਾਧਕੇ ਕਰੇ ਹਾਹੜੇ ਕਹਰਿ
ਕਿ ਮਿੰਨਤਿ ਕਰਦੀ ਚੜ੍ਹੀ ਦੁਪਹਿਰ, ਉਪਰੋਂ ਢਲਿਓ ਤੀਜਾ ਪਹਰਿ
ਸ਼ਾਮ ਬਿਨ ਮਰਾਂ ਖਾਇਕੈ ਜ਼ਹਰਿ, ਕਿ ਮੇਰੇ ਵਿਚਿ ਕਲੇਜੇ ਲਹਰਿ
ਕਿਸੇ ਜੁਆਲ ਦੀ ।
ਫੂਲ ਹਰੀ ਸੁਨਰ ਹਰਿ, ਕਿਉਂ ਵੇ ਕੇਸੋ ਕਿਵੈ ਸ਼ਾਮ ਨੂੰ ਮੋੜ
ਰਾਧੇ ਰਹੀ ਹਾਥ ਦੁਇ ਜੋੜ, ਕਿ ਮਿੰਨਤੀਂ ਕਰਦੀ ਲਾਖ ਕਰੋੜ
ਰੁਤਿ ਬਸੰਤ ਕੁਹਕਦੇ ਮੋਰ, ਬਾਗੀਂ ਪਾਉਂਦੀ ਪਾਇਲ ਜ਼ੋਰ
ਸਾਥੋ ਉਠਿ ਚਲੇ ਲੜਿ ਤੋੜਿ, ਰਾਧੇ ਜੋਬਨਿ ਦੇ ਘਨਘੋਰ
ਵਿਛੋੜਾ ਜਾਲਦੀ ।੧।

ਦੋਹਰਾ-
ਵੈਸਾਖੀ ਵਸਿ ਕਿਛੁ ਨਹੀਂ, ਰਾਧੇ ਭਈ ਹੈਰਾਨ
ਮਨਿ ਝੋਰਾ ਤਨਿ ਹਾਹੁਕੇ, ਲਗੇ ਪ੍ਰੇਮ ਕੇ ਬਾਨ ।੧।
ਛੰਦ-
ਸਾਈਆਂ ਜਬ ਚੜ੍ਹੇ ਵੈਸਾਖ, ਦਿਲ ਦੀ ਹਾਲ ਹਕੀਕਤਿ ਆਖ
ਰਾਧੇ ਰਹਿੰਦੀ ਚਿਤ ਉਦਾਸ, ਜਿਉ ਗ੍ਰਹਿ ਰੋਕੇ ਚੰਦ ਆਕਾਸ਼
ਤਿਉ ਰਾਧੇ ਦੀ ਦੇਹੀ ਸਾਥ, ਵੇ ਘਰਿ ਆਉ ਗੋਪੀਆਂ ਨਾਥ
ਸਾਨੂੰ ਲੈ ਚਲੁ ਅਪਨੇ ਸਾਥ, ਮਹਲੀਂ ਬੂਹੀਂ ਤੇਰੀ ਤਾਕ
ਮਲੇਸਣ ਜੰਦਰੇ ।
ਸਭ ਸਖੀਆਂ ਜਾਣ ਵਿਸੋਏ, ਰਾਧੇ ਚੜ੍ਹਿਕੈ ਮਹਲਿ ਖਲੋਏ
ਉਭੇ ਸਾਹ ਲਏ ਬਹਿ ਰੋਏ, ਨੈਣੀਂ ਨੀਰੁ ਪਾਨ ਮੁਖ ਧੋਏ
ਬੰਸੀ ਵਾਲਾ ਮਾਲਣਿ ਮੋਹੇ, ਕੁਬਜਾ ਕਾਮਣਿ ਘਤਿ ਨਿਰੋਏ
ਰਖਦੀ ਅੰਦਰੇ ।
ਅਜੁ ਕੁਬਜਾ ਹੈ ਪਰਧਾਨੁ, ਜਿਸਦੇ ਘਰਿ ਵਸਦੇ ਭਗਵਾਨ
ਬੇਨੁ ਬਜਾਈ ਚਤੁਰ ਸੁਜਾਨ, ਰਾਧੇ ਸੁਣਦੀ ਨਿਤ ਅਵਾਨ
ਅੰਙਣੁ ਵੇੜ੍ਹਾ ਲਗਾ ਖਾਣ, ਤਾਨ੍ਹੇ ਦੇਂਦੀ ਸਖੀ ਨਿਨਾਣ
ਸਾਨੂੰ ਲਗੇ ਪ੍ਰੇਮ ਕੇ ਬਾਣ, ਕਲੇਜੇ ਸੰਜਰੇ ।
ਫੁਲ ਹਰੀ ਕਿ ਨਰ ਹਰਿ ਕਿਉ ਵੇ ਕੇਸੋ, ਜਮਨਾ ਨਦੀ ਨਿਤ ਵਗਦੀ
ਸੁਣਦੀ ਪ੍ਰਭ ਦੀ ਬੰਸੀ ਬਜਦੀ, ਬਨ ਵਿਚ ਢੂੰਢਾਂ ਬ੍ਰਿਜ ਨੂੰ ਸਦਦੀ
ਮੈਂ ਕਿਆ ਚੋਰੀ ਕੀਤੀ ਪ੍ਰਭੁ ਦੀ, ਬੈਠੀ ਰਹਿੰਦੀ ਮਾਰੀ ਲਜ ਦੀ
ਮਹਲਿ ਅਡੰਬਰੇ ।੨।

ਦੋਹਰਾ-
ਜੇਠ ਸਯਾਮ ਬਿਨੁ ਬਾਹਰਾ, ਮਹਲੀਂ ਆਇਓ ਡਰਨੁ
ਅਕੇ ਤਾ ਹਰਿ ਜੀ ਮੈਂ ਮਿਲੈ, ਨਹੀ ਤਾ ਮੇਰਾ ਮਰਨੁ ।੧।
ਛੰਦ-
ਜਬ ਜੇਠੋਂ ਆਈ ਜੋਰੁ ਨਿਮਾਣੀ, ਰਾਧੇ ਕੇਹੀ ਜ਼ਹਮਤਿ ਧਾਣੀ
ਦੇਹੀ ਸੁਕਦੀ ਜਾਨ ਵਿਹਾਣੀ, ਧੁਪਾਂ ਸਾੜੀ ਦਰਦ ਰੰਜਾਣੀ
ਰਾਧੇ ਫੂਲ ਕਲੀ ਕੁਮਲਾਣੀ, ਵੇ ਘਰਿ ਆਵੀਂ ਨੰਦ ਅਵਾਣੀ
ਕਿਉਂ ਚਿਰ ਲਾਇਓ ।
ਤੂੰ ਤਾਂ ਨੰਦ ਮਹਰ ਦਾ ਪਾਲੀ, ਮਾਤ ਜਸੋਧਾ ਦੇਂਦੀ ਗਾਲੀ
ਡਿਠਾ ਮੈਂ ਇਕ ਦਿਨ ਤ੍ਰਿਕਾਲੀਂ, ਭੰਨਾ ਫਿਰਦਾ ਨਾਲ ਗੁਆਲੀਂ
ਮਾਖਨੁ ਚੋਰੀ ਖਾ ਗਿਰਧਾਰੀ, ਅਜੁ ਤੁਧੁ ਕੁਬਜਾ ਖਰੀ ਪਿਆਰੀ
ਜਿਨ ਬਿਰਮਾਇਓ ।
ਇਕ ਬਚਨ ਉਚਾਰੇ ਰਾਧੇ, ਮੈਂ ਕਿਆ ਕੀਤੇ ਪਾਪ ਤੁਸਾਡੇ
ਪ੍ਰਭੁ ਜੀ ਬੈਠੇ ਜਾਇ ਦੁਰਾਡੇ, ਸਾਨੂੰ ਜਾਂਦੇ ਘਤਿ ਤਗਾਦੇ
ਜੰਮਦਾ ਛਡਿਆ ਸੈਂ ਪਿਉ ਦਾਦੇ, ਤੇਰੇ ਢਕਿ ਢਕਿ ਰਖਦੀ ਛਾਜੇ
ਤੁਹਿ ਕੀ ਪਾਇਓ ।
ਫੂਲ ਨਰੀ ਸੁ ਨਰ ਹਰਿ ਕਿਉਂ ਵੇ, ਕੇਸ਼ੋ ਲਿਖਾ ਸਾਮ ਨੂੰ ਚੀਰੀ
ਰਾਜੋ ਕਰਿ ਕੈ ਗਇਓ ਤਗੀਰੀ, ਜਿਤਨੀ ਗੋਪੀ ਸਖੀ ਸਖੀ ਰੀ
ਪਾਟ ਪਟੰਬਰ ਕਰਿ ਦਿਆਂ ਲੀਰੀ, ਪਕੜ ਕਮਾਨਾਂ ਧਰਉ ਮੁਹ ਤੀਰੀ
ਬਿਰਹੁ ਸੰਤਾਇਓ ।੩।

ਦੋਹਰਾ-
ਬਿਰਹੁ ਬਿਆਕੁਲ ਗੋਪੀਆਂ, ਨ ਸੁਧ ਰੂਪ ਨ ਰੰਗ
ਹਾੜੀ ਹਰਿ ਸਿਉਂ ਬਾਹਰੀ, ਜਲਦੀ ਵਾਂਗੁ ਪਤੰਗ ।੧।
ਛੰਦ-
ਹਾੜ ਦੀ ਲਗੇ ਤੱਤੀ ਵਾਇ, ਨਿਤ ਉਠ ਕਰਨ ਗੋਪੀਆਂ ਹਾਇ
ਨਾ ਮਲਿ ਨ੍ਹਾਤੀ ਧੜੀ ਬੰਧਾਇ, ਰਾਧੇ ਦੇ ਕੇਸ ਰਹੇ ਕੁਮਲਾਇ
ਹੋਣੀ ਕਿਰਤ ਨ ਮੇਟੀ ਜਾਇ, ਮਾਤਾ ਕਉਲ ਨੈਨ ਸਮਝਾਇ,
ਪੁਕਾਰੈ ਰੁਕਮਨੀ ।
ਤੁਸੀਂ ਤਾਂ ਲਿਖੋ ਸੰਦੇਸਾ ਘਲਿ, ਇਕ ਸੋ ਨਾਹਿ ਦੂਸਰੀ ਗੱਲਿ
ਖਾਲੀ ਤੇਰੇ ਰੰਗ ਮਹਲਿ, ਤੂੰ ਬੈਠੋ ਕੁਬਜਾ ਸੰਗ ਮੱਲਿ
ਰਾਧੇ ਖੜੀ ਅਜੁ ਕਿ ਕਲਿ, ਲਾਲ ਜੀ ਉਠਿ ਸਾਮ ਘਰਿ ਚਲਿ
ਤੁਸਾਨੂੰ ਕਿਆ ਬਨੀ ।
ਕਿ ਨਿਤ ਉਠਿ ਸਾੜੇ ਪਉਣੁ, ਸ਼ਾਮ ਬਿਨ ਦੁਨੀਆਂ ਆਵਾਗਉਣ
ਠਾਕੁਰ ਬਾਝੋਂ ਸਾਥੀ ਕaੇਣੁ, ਤੇਰੇ ਖਾਲੀ ਬ੍ਰਿਜ ਦੇ ਭਉਣ
ਕਿ ਦੇਖੇ ਸਭ ਜਣੀ ।
ਫੁਲ ਹਰੀ ਸੁ ਨਰ ਹਰਿ ਕਿਉ ਵੇ ਕੇਸੋ, ਸ੍ਰੀ ਕ੍ਰਿਸ਼ਨ ਬਲਿਹਾਰ
ਪ੍ਰਭੁ ਬਿਨੁ ਧ੍ਰਿਗ ਜੀਵਣ ਸੰਸਾਰ, ਠਾਕੁਰ ਵਸਦੇ ਜਮਨਾ ਪਾਰ
ਤੇਰੀ ਗੋਪੀ ਸਹਿਸ ਹਜਾਰ, ਤੁਧੁ ਜਿਤਾ ਮੈਂ ਪਕੜੀ ਹਾਰ
ਮੁੜ ਘਰਿ ਚਲੁ ਖਾਂ ਕ੍ਰਿਸ਼ਨ ਮੁਰਾਰ, ਕਿ ਸਾਡਾ ਤੂੰ ਧਨੀ ।੪।

ਦੋਹਰਾ-
ਸਾਵਣ ਆਇਓ ਰੀ ਸਖੀ, ਕੈ ਪਹਿ ਕਰੌਂ ਪੁਕਾਰ
ਬੂੰਦ ਪਰਤ ਘਨਹਰ ਗਜੈ, ਨ ਘਰਿ ਕ੍ਰਿਸ਼ਨ ਮੁਰਾਰ ।੧।
ਛੰਦ-
ਜਬ ਸਾਵਣ ਕੀ ਰੁਤ ਆਏ, ਘਨੀਅਰ ਗਾਜੇ ਘਟਾ ਉਠਾਏ
ਸਖੀਆਂ ਹਾਰ ਸਿੰਗਾਰ ਬਨਾਏ, ਸਹੀਆਂ ਖੇਡਨਿ ਪੀਂਘਾਂ ਪਾਏ
ਰਾਧੇ ਦੇਖਿ ਦੇਖਿ ਰੀਸਾਏ, ਮੈਂ ਕਿਆ ਫੇੜਿਆ ਜਾਦਵਰਾਇ
ਵੇ ਕੋਈ ਮਥੁਰਾ ਪੁਰ ਨੂੰ ਜਾਏ, ਹਾਲ ਹਕੀਕਤਿ ਆਖ ਸੁਣਾਏ
ਕਿਉਂ ਬਹਿ ਰਹਿਆ ਜਾਦਵਰਾਏ, ਜਿਤਨੀ ਗੋਪੀ ਕੂਕਿ ਸੁਣਾਏ
ਮਹਿਲੀ ਰਾਣੀਆਂ ।
ਵੇ ਘਰਿ ਆਵੀਂ ਸ਼ਾਮ ਅਣੋਖੇ, ਮਨ ਵਿਚ ਚਿੰਤਾ ਦਿਲ ਵਿਚ ਧੋਖੇ
ਰਾਧੇ ਰੋਂਦੀ ਨਿਤ ਝਰੋਖੇ, ਪਕੇ ਸਦਾ ਫਲੁ ਤਕਦੇ ਤੋਤੇ
ਤੇਰੀ ਵੇਲੀਂ ਪੈਂਦੇ ਸੋਕੇ, ਅਜੁ ਕੁਮਲਾਣੀਆਂ ।
ਤੂੰ ਬਹਿ ਰਹਿਓ ਮਥੁਰਾ ਨਗਰਿ, ਚੰਦਨੁ ਤਿਲਕੁ ਚੜ੍ਹਾਨੀਆ ਅਗਰਿ
ਮੁੜਿਕੈ ਲੈਨਾ ਮੂਲਿ ਨ ਖਬਰ, ਅਸਾਡੇ ਪਉਨ ਅਰਾਇਣ ਸਬਰਿ
ਕਿ ਖਰੀ ਨਿਮਾਣੀਆਂ ।
ਫੂਲ ਨਰੀ ਸੁ ਨਰ ਹਰਿ ਕਿਉ ਵੇ ਕੇਸੋ, ਸਾਡੇ ਨਿਤ ਉਠ ਸਿਕਦੇ ਨੈਨ
ਕਬ ਘਰਿ ਆਵੈ ਸਜਨ ਸੈਨ, ਹਰਿ ਕੇ ਮੀਠੇ ਅੰਮ੍ਰਿਤ ਬੈਨ
ਜਿਨ ਘਰਿ ਕੰਤ ਤਿਨਾ ਸੁਖਚੈਨ ਕਿ ਦਰਦ ਰੰਜਾਣੀਆਂ ।੫।

ਦੋਹਰਾ-
ਹੰਸ ਗਲਨਿ ਧੁਪਾਂ ਪੜਨਿ, ਭਰ ਭਾਦ੍ਰੋਂ ਦਿਨ ਤਾਇ
ਪ੍ਰਾਨ ਚਲੇ ਜੀਉ ਜਲਿ ਗਇਆ, ਨ ਘਰਿ ਜਾਦਵਰਾਇ ।੧।
ਛੰਦ-
ਭਰਿ ਭਾਦੋਂ ਦਿਨ ਆਈ ਗਰਮੀ, ਜੇ ਹਰਿ ਮਿਲੇ ਤ ਲਾਗਾ ਚਰਨੀਂ
ਮੈਂ ਕੁਬਜਾ ਦੇ ਹਾਵੈ ਮਰਨੀ, ਸੁਣਿ ਸੁਣਿ ਗੱਲਾਂ ਬੈਠੀ ਸੜਨੀ
ਨਿਤ ਉਠ ਨਾਮ ਕ੍ਰਿਸ਼ਨ ਦਾ ਪੜ੍ਹਨੀ, ਬੰਸੀ ਬਜਦੀ ਜਮਨਾ ਤਰਨੀ
ਮੋਹੀ ਸਾਂਵਰੇ ।
ਭਾਦੋਂ ਦੀ ਜਨਮ ਅਸ਼ਟਮੀ ਚੜ੍ਹੀ, ਕਿ ਜਿਤਨੀ ਗੋਪੀ ਦੇਖੈ ਖੜੀ
ਕਿ ਰਾਧੇ ਦੁਖ ਦਰਦ ਦੀ ਭਰੀ, ਕਿ ਮੈਂ ਤਾਂ ਇਸ ਕੁਬਜੇ ਕੋਲੋਂ ਸੜੀ
ਜਿਨ ਪਾਇਆ ਪ੍ਰੇਮ ਪਿਆਲੜਾ ਜੜੀ, ਕ੍ਰਿਸ਼ਨ ਜੀ ਆਉ ਅਜੋਕੀ ਘੜੀ
ਸੈਨ ਮਨਿ ਬਾਵਰੇ ।
ਮੈਂ ਪੁਛਦੀ ਪੰਡਤ ਦਸਦੇ ਸੇਧਾ, ਬੰਸੀ ਮੇਰੇ ਦਿਲ ਦੀ ਵੇਧਾ
ਸਾਡੇ ਨਾਲ ਦੀਆਂ ਉਮੇਦਾਂ, ਤੈਨੂੰ ਕੇਹੜਾ ਕਾਸਦੁ ਭੇਜਾਂ
ਲਿਖਦੀ ਆਵ ਰੇ ।
ਫੁਲ ਨਰੀ ਕਿ ਨਰ ਹਰਿ ਕਿਉਂ ਵੇ ਕੇਸੋ, ਘਰਿ ਆਉ ਕ੍ਰਿਸ਼ਨ ਗੋਪਾਲ
ਆਵੀ ਨੰਦ ਮਹਰਿ ਦਿਆ ਲਾਲ, ਟੇੜ੍ਹੀ ਪਗੜੀ ਲਟਕ ਦੁਮਾਲ
ਸਾਡੀ ਕਉਣੁ ਕਰਗੁ ਪ੍ਰਿਤਪਾਲ, ਗੋਕਲ ਗਾਂਵ ਰੇ ।੬।

ਦੋਹਰਾ-
ਬਾਵਰੀਆ ਸਭ ਗੋਪੀਆਂ, ਅਸੂ ਆਸ ਨ ਕੋਇ
ਦਿਲ ਵਿਜੋਗ ਰਾਧੇ ਰਹੀ, ਨੈਣੀਂ ਦੀਨਾ ਰੋਇ ।੧।
ਛੰਦ-
ਤੇ ਜਬ ਅਸੂ ਦੀ ਰੁਤਿ ਆਈ, ਨ ਘਰਿ ਕਉਰ ਕਨ੍ਹਈਆ ਰਾਈ
ਚੜਿ ਚੜਿ ਦੇਖੇ ਰੁਕਮਨਿ ਰਾਈ, ਛੇਜ ਇਕੇਲੀ ਨਾਰ ਸਨਾਈ
ਹਰਿ ਬਿਨ ਸਾਡਾ ਭੈਣ ਨ ਭਾਈ, ਵੇ ਮੈਂ ਕੇਹੀ ਕਿਰਤ ਕਮਾਈ
ਪੂਰਬ ਲਿਖਿਆ ।
ਜੇਤੀ ਗੋਪੀ ਮੈਲੇ ਵੇਸਾ, ਸਾਨੂੰ ਆਵੇ ਚਿਤ ਹਮੇਸ਼ਾ
ਤੂੰ ਮੱਲਿ ਬੈਠੋਂ ਮਥੁਰਾ ਦੇਸਾ, ਭਸਮ ਲਗਾਵਾਂ ਜੋਗਨਿ ਭੇਸਾ
ਮੰਗਦੀ ਭਿਖਿਆ ।
ਓਹੁ ਅਰਾਇਣ ਸਿਰ ਪਰ ਖਾਰੀ, ਵੇਚਨਿ ਕਸਬ ਜਿਨ੍ਹਾਂ ਤਰਕਾਰੀ
ਹੋਕਾ ਦੇਂਦੀ ਬੈਠ ਬਜ਼ਾਰੀ, ਤੈਨੂੰ ਕੂਕੇ ਰਾਧੇ ਪਿਆਰੀ
ਦੇਂਦੀ ਸਿਖਿਆ ।
ਫੁਲ ਨਰੀ ਸੁਨਰ ਹਰਿ ਕਿਉਂ ਵੇ ਕੇਸੋ, ਕਾਬਲ ਸਾਨੂੰ ਅਜ ਕਸ਼ਮੀਰ
ਵੇ ਘਰਿ ਆਉ ਬਲਭਦ੍ਰ ਦਿਆ ਵੀਰ, ਸੋਹੇ ਮੋਰ ਪੰਖ ਸਿਰ ਚੀਰ
ਵੇ ਘਰਿ ਆਵੀਂ ਗੁਣੀ ਗਹੀਰ, ਮਾਖਨੁ ਰਖਿਆ ।੭।

ਦੋਹਰਾ-
ਕਤਕ ਰਾਧੇ ਵੇਖਦੀ, ਮਥੁਰਾ ਮਧੁ ਬਨ ਬਾਗ
ਜਿਉਂ ਜਿਉਂ ਬੰਸੀ ਬਜਦੀ, ਤਿਉਂ ਤਿਉਂ ਦੇਹੀ ਦਾਗ ।੧।
ਛੰਦ-
ਜਬ ਕਤਕ ਦੇ ਕਾਮਣਿ ਪਏ, ਅਠਵਾਂ ਚੜ੍ਹਿਆ ਠਾਕੁਰ ਗਏ
ਕੁਬਜਾ ਦੇ ਜਾਇ ਝਰੋਖੇ ਬਹੇ, ਓਥੇ ਨਿਖਟੀ ਅੰਮਾ ਰਹੇ
ਬਿਰਹੁ ਚੁਆਤੀ ਲਾ ਕਰ ਦਹੇ, ਰਾਧਕੇ ਵਿਛੋੜਾ ਸਿਰ ਪਰ ਸਹੇ
ਹਕੀਕਤਿ ਕਿਸ ਪਾਸ ਜਾ ਕਹੇ, ਅਪਣੇ ਹਾਲ ਦੀ ।
ਕੱਤੇ ਦੀਆਂ ਪਉਨ ਗੁਲਾਬੀ ਠੰਢੀ, ਕਿਚਰਕੁ ਬੈਠੀ ਖੋਲ੍ਹਾਂ ਗੰਢੀ
ਕੁਬਜਾ ਮੇਰੀ ਸਉਂਕਣਿ ਨੰਢੀ, ਨਿਜੁ ਪਰਾਂਦਾ ਪਾਵੈ ਕੰਢੀ
ਤੇਰੀ ਖਾਲੀ ਗੋਕਲ ਮੰਡੀ, ਮੋਹਨ ਲਾਲ ਜੀ ।
ਕਿ ਚੰਦ੍ਰਮਾ ਬਾਝੋਂ ਖਾਲੀ ਤਾਰੇ, ਕਿਉਂ ਚਿਰ ਲਾਇਓ ਸ਼ਾਮ ਪਿਆਰੇ
ਨਿਜੁ ਵਿਆਹੀ ਚੜ੍ਹਦੀ ਖਾਰੇ, ਸਾਡੇ ਨਾਲ ਦੀਆਂ ਪੈਰ ਭਾਰੇ
ਦੇਹੀ ਆਲਸ ਵਿਚ ਚੁਬਾਰੇ, , ਸਾਦੀ ਜਾਲਦੀ ।
ਫੁਲ ਨਰੀ ਸੁ ਨਰ ਹਰਿ ਕਿਉਂ ਵੇ ਕੇਸੋ, ਲਗਦੀ ਸਾਂਗਾ ਵਤੀ
ਕਿਚਰਕੁ ਦਿਆਂ ਸ਼ਾਮ ਨੂੰ ਮਤੀਂ, ਤਿਲਕੁ ਚੜ੍ਹਾਵਾਂ ਏਨੀ ਹੱਥੀਂ
ਗੱਲਾਂ ਵਿਸਰਿ ਗਈਆਂ ਨੀ ਤਤੀ, ਮੈਂ ਮਰਿ ਜਾਗੁ ਤਾਂ ਫੇਰੇ ਘਤੀਂ
ਰਾਧੇ ਕਰਦੀ ਬਹੁਤ ਬਿਨੰਤੀ, ਅਰਜ਼ ਸ਼ਿਆਮ ਦੀ ।੮।

ਦੋਹਰਾ-
ਮੰਘਰ ਮਰਦੀ ਸ਼ਾਮ ਬਿਨ, ਆਇਓ ਮਾਹ ਸਿਆਲ
ਕਹੀਓ ਊਧੋ ਕ੍ਰਿਸ਼ਨ ਕੋ, ਘਰ ਆਈਓ ਨੰਦ ਲਾਲ ।੧।
ਛੰਦ-
ਮੰਘਰਿ ਦੇ ਜਬ ਪਾਲੇ ਆਏ, ਹੁਣ ਕੀ ਕਰਾਂ ਨੀ ਮੇਰੀਏ ਮਾਏ
ਗੋਡੇ ਨਾਲ ਹਿਕ ਦੇ ਲਾਏ, ਵੇ ਕੋਈ ਮਥੁਰਾ ਪੁਰ ਨੂੰ ਜਾਏ
ਹਾਲ ਹਕੀਕਤਿ ਆਖ ਸੁਣਾਏ, ਕਿਉ ਬਹਿ ਰਹਿਆ ਜਾਦਵਰਾਏ
ਜਬ ਮੰਘਰਿ ਚੜ੍ਹਿਆ ਨਾਵਾਂ, ਨੀਂਗਰ ਸੁਰਗੋਂ ਸੁੰਦਰੀ ਭਾਵਾਂ
ਅਜੁ ਨੂੰ ਅਸੀਂ ਭਿ ਗੋਦ ਖਿਡਾਵਾਂ, ਰੀਸ ਨ ਆਈਓ ਦੇਖ ਭਿਰਾਵਾਂ
ਤੈਨੂੰ ਗੋਸ਼ੇ ਬਹਿ ਸਮਝਾਵਾਂ, ਕਿਸਦੀ ਬਾਕੀ ਟੁਟੋ ਨਾਵਾਂ
ਭਰਨੇ ਪਿਉ ਦੰਮ ।
ਵੇ ਕੋਈ ਦਰਦਮੰਦ ਨਹੀਂ ਜਾਂਦਾ, ਜਾਇ ਸੁਨੇਹਾ ਦੇਇ ਦੁਖਾਂ ਦਾ
ਘਰਿ ਆਉ ਸਾਮਾ ਪਾਲਾ ਪਾਂਦਾ, ਮਾਹ ਸਿਆਲਾ ਭੋਗੁ ਦੁਹਾਂ ਦਾ
ਸੁੰਞੇ ਮਹਲ ਅਨ੍ਹੇਰਾ ਖਾਂਦਾ, ਵੇ ਮੈਂ ਰੋ ਰੋ ਪੁਛਦੀ ਪਾਂਧਾ
ਗਲਿ ਵਿਚਿ ਲੈਆ ਥੰਮ ।
ਫੁਲ ਨਰੀ ਸੁ ਨਰ ਹਰਿ ਕਿਉਂ ਵੇ ਕੇਸੋ, ਕਾਬਲ ਸਾਨੂੰ ਮਥੁਰਾ
ਕਿਉਂ ਬਹਿ ਰਹਿਆ ਚੰਚਲ ਚਤੁਰਾ, ਰਾਤੀਂ ਨੀਂਦ ਨ ਪਉਂਦੀ ਕਤਰਾ
ਨੀ ਇਨ ਕੁਬਜਾ ਕੀਤਾ ਤਕੜਾ, ਸਾਨੂੰ ਦਿਨ ਰਾਤਿ ਦਾ ਖਤਰਾ
ਰਾਧੇ ਨੂੰ ਸਹੰਮ ।੯।

ਦੋਹਰਾ-
ਪੋਹਿ ਪਏ ਪਾਲੇ ਘਣੇ, ਤੜਫਤ ਰੈਨਿ ਬਿਹਾਇ
ਮੈਂ ਕਿਆ ਫੇੜਿਆ ਸ਼ਾਮ ਦਾ, ਰਹਿਆ ਵਿਛੋੜਾ ਪਾਇ ।੧।
ਛੰਦ-
ਸਾਈਆਂ ਜਦ ਚੜ੍ਹਦੇ ਪੋਹਿ ਨਿਕੰਮੇ, ਰਾਤੀ ਕੜਕਨ ਕੱਪਰ ਜੰਮੇ
ਰਾਧੇ ਰੋ ਰੋ ਜੀਉ ਸਹੰਮੇ, ਪਾਲੇ ਪਉਂਦੇ ਉਭੇ ਲੰਮੇ
ਲੈਆ ਵਿਸਾਰ ਤਕੋ ਰੇ ਚੰਨੇ, ਤੇਰੀ ਮਹਲੀ ਜਾਲੇ ਜੰਮੇ ਝਰੋਖੇ ਸ਼ਾਮ ਦੇ ।
ਜਾ ਵਰਫ ਟੁਟਕੇ ਪਉਂਦੀ, ਦੁਹਰੀ ਹੋ ਕੇ ਸਵਾਂ ਸਿਰ੍ਹਾਂਦੀ
ਜਿਤਨੀ ਗੋਪੀ ਸਭ ਕੁਰਲਾਂਦੀ, ਕੂਕਨਿ ਜਮੁਨ ਘਾਟ ਪਰ ਜਾਂਦੀ
ਨੀ ਇਨ ਕੁਬਜਾ ਘਤੀਆ ਰਾਂਦੀ, ਘਰਿ ਭਗਵਾਨ ਦੇ ।
ਤਾਂ ਇਹੁ ਕਿਚਰਕੁ ਜੀਉ ਵਿਰਾਈਏ, ਸੁਣ ਤੂੰ ਕਿਸੁ ਆਖਾਂ ਸਭਰਾਈਏ
ਜਮਨਾ ਲੰਘਿ ਸ਼ਾਮ ਥੇ ਜਾਈਏ, ਚਰਨੀ ਲਗਿ ਕੈ ਪੈਰੀਂ ਪਾਈਏ
ਕਹੁ ਤੋ ਕਿਵੈ ਸਿਆਮ ਨੂੰ ਲਿਆਈਏ, ਰਾਹਿ ਹੈਸਾਨ ਦੇ ।
ਫੁਲ ਨਰੀ ਸੁ ਨਰ ਹਰਿ ਕਿਉਂ ਵੇ ਕੇਸੋ, ਬੁਰਾ ਪੋਹ ਦਾ ਪਾਲਾ
ਕਿਉ ਬਹਿ ਰਹਿਆ ਨੰਦ ਅਈਆਲਾ, ਸਾਡਾ ਨਾ ਹੀ ਜੀਉ ਸੁਖਾਲਾ
ਰਾਤੀਂ ਸਉਂਦੀ ਕਰਾਂ ਸੰਮਾਲਾ, ਨੀ ਇਨ ਕੁਬਜਾ ਕੀਤਾ ਚਾਲਾ
ਘਰਿ ਭਗਵਾਨ ਦੇ ।੧੦।

ਦੋਹਰਾ-
ਮਾਘ ਮਹੀਨੇ ਬਰਸ ਦਿਨ, ਸਖੀ ਸਹੇਲੀ ਚਾਇ
ਸੀਸ ਮਾਂਗ ਮਉਲੀ ਧੜੀ, ਸਉਣ ਕੰਤ ਗਲ ਲਾਇ ।੧।
ਛੰਦ-
ਤਾਜੀ ਚੜ੍ਹੇ ਮਾਘ ਦੀ ਲੋਈ, ਇਸ ਰਾਧੇ ਦਾ ਹਾਲ ਨ ਕੋਈ
ਰਾਧੇ ਦੇਖਿ ਬਾਵਰੀ ਹੋਈ, ਨੀ ਮੈਂ ਬੰਸੀ ਵਾਲੇ ਮੋਹੀ
ਮੈਥੇ ਵਿਸਰਿ ਗਈ ਰਸੋਈ, ਸਖੀਆਂ ਦੇਖ ਰੁਕਮਨੀ ਰੋਈ
ਰਾਧੇ ਚੜ੍ਹਿਕੈ ਮਹਲਿ ਖੜੋਈ, ਵੇ ਮਥੁਰਾ ਦਾ ਆਵੈ ਕੋਈ
ਦੇਨੀਆਂ ਨੰਦ ਮਹਰਿ ਦੀ ਦੋਹੀ, ਕਿਉਂ ਨਹੀਂ ਆਂਵਦਾ ।
ਹੁਣ ਤੇ ਜਗ ਵਿਚ ਲੋਹੀ ਆਈ, ਵਣਜਾਰੇ ਵੇਚਨਿ ਦਰਿਆਈ
ਇਸ ਰਾਧੇ ਨੂੰ ਨ ਹੀਆ ਕਾਈ, ਨੀ ਮੈਂ ਸੂਲਾਂ ਦੇ ਮੁਹਿ ਆਈ
ਸਾਡੀ ਰੋਂਦਿਆਂ ਦੀ ਜਿੰਦੁ ਜਾਈ, ਘਰਿ ਆਵਣ ਦੀ ਕਰਿ ਤੂੰ ਕਾਈ
ਵਖਤੁ ਵਿਹਾਂਵਦਾ ।
ਨੀ ਮੈਂ ਪੈਧਾ ਨਾ ਹੀ ਤੇਵਰ ਚੋਲੀ, ਹਥਿ ਮਹਿੰਦੀ ਨਾ ਸਿਰੁ ਮਉਲੀ
ਝੂਠੇ ਸਾਜਨ ਕਰੀ ਠਗਉਲੀ, ਪ੍ਰਭੁ ਜੀ ਘਰਿ ਆ ਖੇਡੋ ਹੋਲੀ
ਤੂੰ ਸਤਿਗੁਰ ਮੈਂ ਤੇਰੀ ਗੋਲੀ, ਕਿਉਂ ਭਰਮਾਂਵਦਾ ।
ਫੁਲ ਹਰੀ ਸੁ ਨਰ ਹਰਿ ਕਿਉਂ ਵੇ ਕੇਸੋ, ਸ਼ਾਮ ਨ ਵੇਦਨ ਜਾਤੀ
ਸਾਨੂੰ ਖਾਵਨ ਢੁਕੀਆ ਰਾਤੀ, ਸਾਡੇ ਚੋਲੇ ਚਿਣਗ ਚੁਆਤੀ
ਸਖੀਆਂ ਸਉਣ ਕੰਤ ਲਾਇ ਛਾਤੀ, ਜਮਨਾ ਵਗਦੀ ਦੇਂਦੀ ਠਾਠੀਂ
ਕਿਉਂ ਸਤਾਂਵਦਾ ।੧੧।

ਦੋਹਰਾ-
ਫਾਗ ਕ੍ਰਿਸ਼ਨ ਜੀ ਅਤਿ ਅਨੰਦ, ਪ੍ਰੇਮ ਮਹਾਂ ਮਨ ਚਾਇ
ਰਾਧੇ ਰੁਕਮਨਿ ਗੋਪੀਆਂ, ਚਰਨ ਰਹੇ ਲਪਟਾਇ ।੧।
ਛੰਦ-
ਤਾਜੀ ਚੜ੍ਹਦੇ ਫਗਣੁ ਤਾਰੀ, ਘਰਿ ਵਿਚਿ ਆਏ ਕ੍ਰਿਸ਼ਨ ਮੁਰਾਰੀ
ਮਲਿ ਦਲਿ ਵਟਣਾ ਲਉਂਗ ਸੁਪਾਰੀ, ਦੜਬੜ ਨ੍ਹਾਵੈ ਹਰਿ ਕੀ ਪਿਆਰੀ
ਪੁਛਦੀ ਗੋਪੀਆਂ ।
ਅਜੁ ਤੇਵਰ ਲਾਇਆ ਰਾਧੇ, ਅਤਲਸ ਮਸਰੂ ਲੈ ਕੈ ਪੈਧੇ
ਕੇਸਰ ਧੜੀ ਮਾਂਗ ਸਿਰਿ ਲਾਗੇ, ਛਣਕਿ ਛਣਕਿ ਕਰ ਨੇਵਰ ਬਾਜੇ
ਮਾਂਗ ਸਿਰ ਮੋਤੀਆਂ ।
ਅਜੁ ਰਾਧੇ ਦਾ ਦਿਲ ਉਸ ਰਾਗੇ, ਕਿਆ ਕਿਆ ਜ਼ੇਵਰ ਅੰਗੈ ਲਾਗੇ
ਬੇਸਰ ਟੀਕਾ ਬਦਨ ਬਿਰਾਜੇ, ਮਾਲਾ ਲਟਕੇ ਡੋਰੀ ਛਾਜੇ
ਰਹਨਿ ਖੜੋਤੀਆਂ ।
ਫੁਲ ਨਰੀ ਸੁ ਨਰ ਹਰਿ ਕਿਉਂ ਵੇ ਕੇਸੋ, ਅਜ ਦਿਨ ਭਾਗੀਂ ਭਰਿਆ
ਸਾਨੂੰ ਚੰਦ ਸਖੀਰਾ ਚੜ੍ਹਿਆ, ਕ੍ਰਿਸ਼ਨ ਜੀ ਆਇ ਮਹਲੀਂ ਵੜਿਆ
ਰਾਧੇ ਪਕੜਿ ਕਲਾਵੇ ਫੜਿਆ, ਚਾਰੋਂ ਨੈਨ ਗਡਾਵਡ ਅੜਿਆ
ਦੁਖ ਵਿਛੋੜਾ ਸਭੋ ਸੜਿਆ, ਸੁਖ ਸੌਂ ਸੁਤੀਆਂ ।੧੨।
ਦੋਹਰਾ-
ਸੁਖ ਸੁਤੀ ਰਾਧੇ ਰੁਕਮਨੀ, ਘਰਿ ਆਇਆ ਕ੍ਰਿਸ਼ਨ ਗੋਪਾਲ
ਬਾਰਾਂਮਾਹ ਸੰਪੂਰਨੰ, ਮਿਟਿਆ ਸਗਲ ਜੰਜਾਲ ।੧।