Kesar Kiari : Lala Dhani Ram Chatrik

ਕੇਸਰ ਕਿਆਰੀ : ਲਾਲਾ ਧਨੀ ਰਾਮ ਚਾਤ੍ਰਿਕ

1. ਅਸਰਾਰੀ ਢੋਲਾ

(ਗੀਤ, ਕਾਲੰਗੜਾ)

ਤੇਰੇ ਭੇਦਾਂ ਤੋਂ ਸਦਕੇ ਵਾਰੀਆਂ, ਤੇਰੇ ਭੇਦਾਂ…
1
ਲੇਖਾ ਲੱਗੇ ਕੀ ਤੇਰੀ ਵਡਿਆਈ ਦਾ,
ਤਕ ਤਕ ਸ਼ਾਨ ਨੂੰ ਝੁਕਦਿਆਂ ਜਾਈਦਾ,
ਖਬਰੇ ਕੀ ਕੀ ਤੂੰ ਖੇਡਾਂ ਖਿਲਾਰੀਆਂ, ਤੇਰੇ ਭੇਦਾਂ…
2
ਖਬਰੇ ਕਦੋਂ ਦਾ ਰਾਜ਼ ਪੁਰਾਣਾ ਏ,
ਖਬਰੇ ਕਦੋਂ ਤੂੰ ਸਮਝਿਆ ਜਾਣਾ ਏ,
ਕਿੰਨੇ ਚਿਰ ਦੀਆਂ ਨੇ ਇੰਤਜ਼ਾਰੀਆਂ, ਤੇਰੇ ਭੇਦਾਂ…
3
ਕਿੱਦਿਨ ਖੁਲ੍ਹੀ ਸਮਾਧ ਸੀ ਸੁੰਨ ਦੀ,
ਕਿੱਥੇ ਹੋਈ ਇਸ਼ਾਰਤ ਕੁੱਨ ਦੀ'
ਕੀਕਰ ਖੁਲ੍ਹੀਆਂ ਹੁਸਨ ਪਿਟਾਰੀਆਂ, ਤੇਰੇ ਭੇਦਾਂ…
4
ਡੁਬ ਗਈ ਸੋਚ, ਦਨਾਈਆਂ ਹਾਰੀਆਂ,
ਹਫ ਕੇ ਸੁੱਟ ਪਾਈ ਕਲਮ ਲਿਖਾਰੀਆਂ,
ਗੱਲਾਂ ਵੇਖ ਕੇ ਤੇਰੀਆਂ ਨਿਆਰੀਆਂ, ਤੇਰੇ ਭੇਦਾਂ…
5
ਝੋਈਆਂ ਲੈ ਪਰਲੈ ਦੀਆਂ ਚੱੱਕੀਆਂ,
ਅਜੇ ਤੀਕ ਖਲੋ ਨਹੀਂ ਸੱਕੀਆਂ,
ਮੁੱਦਤ ਹੋਈ ਵਟਾਂਦਿਆਂ ਵਾਰੀਆਂ, ਤੇਰੇ ਭੇਦਾਂ…
6
ਕਿਧਰੇ ਨੈਣਾਂ ਦੇ ਜਾਦੂ ਪਾਏ ਨੀਂ,
ਕਿਧਰੇ ਘੁੰਡ ਤੇ ਘੁੰਡ ਚੜ੍ਹਾਏ ਨੀਂ,
ਵਾਹਵਾ ਖੁੱਲ੍ਹਾਂ ਤੇ ਪਰਦੇਦਾਰੀਆਂ, ਤੇਰੇ ਭੇਦਾਂ…
7
ਜਦੋਂ ਲੱਕ ਤਲਾਸ਼ ਦਾ ਟੁੱਟਿਆ,
ਤੇਰੀ ਮੌਜ ਤੇ ਸਭ ਕੁਝ ਸੁੱਟਿਆ,
ਤੇਰੇ ਹੱਥ ਨੇ ਗੱਲਾਂ ਸਾਰੀਆਂ, ਤੇਰੇ ਭੇਦਾਂ…

2. ਭਾਰਤ ਮਾਤਾ

(ਬਾਬੂ ਬੰਕਮ ਚੰਦ੍ਰ ਦੇ ਲੋਕ ਪ੍ਰਸਿੱਧ ਬੰਗਾਲੀ ਗੀਤ
'ਬੰਦੇ ਮਾਤਰਮ' ਦਾ ਸੁਤੰਤਰ ਅਨੁਵਾਦ)

1

ਜਲਾਂ ਵਾਲੀ !
ਫਲਾਂ ਵਾਲੀ !
ਪਰਬਤਾਂ ਤੇ ਥਲਾਂ ਵਾਲੀ !
ਚੰਦਨਾਂ ਥੀਂ ਠਾਰੀ !
ਹਰਿਔਲ ਥੀਂ ਸ਼ਿੰਗਾਰੀ, ਮਾਤਾ !

ਫੁੱਲਾਂ ਮਹਿਕਾਈ,
ਸਰਦ ਚਾਨਣੀ ਖਿੜਾਈ,
ਰੁੱਖਾਂ ਬੂਟਿਆਂ ਸਜਾਈ,
ਅੰਨਾਂ ਧਨਾਂ ਦੀ ਪਟਾਰੀ, ਮਾਤਾ !

ਹਾਸ ਤੇ ਮਿਠਾਸ ਭਰੀ,
ਸੁਖ ਦਾਤੀ, ਵਰ ਦਾਤੀ,
ਮਾਣ ਦਾਤੀ, ਤ੍ਰਾਣ ਦਾਤੀ,
ਸ਼ੋਭਾ ਦੀ ਅਟਾਰੀ, ਮਾਤਾ !

ਪੈਂਤੀ ਕ੍ਰੋੜ ਕੰਠੋਂ ਕਿਲਕਾਰਨੀ,
ਸੱਤਰ ਕ੍ਰੋੜ ਬਾਹੂ ਬਲ ਧਾਰਨੀ,
ਹੇ ਭਾਰਤ ਪਿਆਰੀ, ਮਾਤਾ !

2

ਕਮਲਾ ਭਵਾਨੀ,
ਸੇਜ ਫੁੱਲਾਂ ਦੀ ਸਜਾਣ ਵਾਲੀ,
ਦੇਵੀ ਤੂੰ ਸੁਰਸਤੀ, ਵਾਕ ਵਿੱਦਿਆ ਵਧਾਣੀ, ਮਾਤਾ !

ਭੂਸ਼ਨਾਂ ਦੀ ਲੱਦੀ ਤੂੰ ਅਨੂਪ ਰੂਪ ਲੱਛਮੀ ਦਾ,
ਚੋਲਿਆਂ ਸ਼ਿੰਗਾਰੀ, ਉੱਚੇ ਪਰਬਤਾਂ ਦੀ ਰਾਣੀ, ਮਾਤਾ !

ਜਲਾਂ ਭਰੀ, ਥਲਾਂ ਭਰੀ, ਜੋਧਿਆਂ ਦੇ ਦਲਾਂ ਭਰੀ,
ਲਾਜ ਭਰੀ, ਤੇਜ ਭਰੀ, ਸ਼ੋਭਾ ਸ਼ਾਨ ਪਾਣੀ, ਮਾਤਾ !

ਬਾਰ ਬਾਰ ਨਮਸਕਾਰ ਭਾਰਤ ਭਵਾਨੀ ਤੈਨੂੰ,
ਹਰੀ ਭਰੀ, ਠੰਢੀ ਠਰੀ, ਬਰਕਤਾਂ ਵਸਾਣੀ, ਮਾਤਾ !

3

ਐਡੇ ਇਕਬਾਲ, ਬਲਕਾਰ, ਪਰਵਾਰ ਵਾਲੀ,
ਕਿੰਜ ਤੈਨੂੰ ਮੰਨੇ ਕੋਈ ਅਬਲਾ ਨਿਮਾਣੀ, ਮਾਤਾ !

ਵੈਰੀ ਦਲ ਚੀਰ ਚੀਰ ਸੁੱਟਣੀ ਤੂੰ ਬੀਰ ਕਾਲੀ,
ਤੂੰਹੇਂ ਮੇਰੀ ਲਾਜ, ਧਰਮ, ਵਿੱਦਿਆ ਬਚਾਣੀ, ਮਾਤਾ !

ਸੀਨੇ ਸਤਕਾਰ ਤੇਰਾ,
ਬਾਹੀਂ ਬਲਕਾਰ ਤੇਰਾ,
ਪ੍ਰਾਣਾਂ ਨੂੰ ਅਧਾਰ ਤੇਰਾ,
ਜੀਭੇ ਤੇਰੀ ਬਾਣੀ, ਮਾਤਾ !

ਜੱਸ ਹੋਵੇ ਮੰਦਰੀਂ ਤੇ ਗੜ੍ਹਾਂ ਤੇ ਨਿਸ਼ਾਨ ਝੁੱਲੇ,
ਦਸੇ ਹਥਿਆਰੀਂ ਸਜੀ ਹਿੰਦ ਰਾਜ ਰਾਣੀ, ਮਾਤਾ !

3. ਹਸਰਤਾਂ

(ਗਜ਼ਲ)
ਕਹੇਂ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਨੂੰ ਜਗਾ ਦੇਵਾਂ ।
ਹਸਰਤਾਂ ਲੁਕਵੀਆਂ ਦੇ ਢੇਰ ਤੋਂ ਪਰਦਾ ਹਟਾ ਦੇਵਾਂ ।

ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ,
ਉਨ੍ਹਾਂ ਦਾ ਮੂੰਹ ਖੁਲ੍ਹਾ ਦੇਵਾਂ, ਉਮੰਗਾਂ ਸਭ ਸੁਣਾ ਦੇਵਾਂ ।

ਏ ਜੀ ਕਰਦਾ ਹੈ ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ,
ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ ।

ਵਲੇਵੇਂ ਬੇ ਥਵ੍ਹੇ ਜੋ ਪਾ ਰਖੇ ਤੇਰੀ ਮੁਹੱਬਤ ਨੇ,
ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ ।

ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ,
ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁੜ੍ਹਾ ਦੇਵਾਂ ।

ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ,
ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪੜ ਕੇ ਸੁਆ ਦੇਵਾਂ ।

ਜੇ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ,
ਤੇਰੇ ਭੋਲੇ ਜਿਹੇ ਮੁਖੜੇ ਦੇ ਹਾਸੇ ਤੋਂ ਘੁਮਾ ਦੇਵਾਂ ।

ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੱਨਾ ਹੈ,
ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ ।

4. ਕਿਵੇਂ ਰਿਝਾਵਾਂ ?

ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?
ਪਾਵਾਂ ਕਿਸ ਦੀ ਵਕੀਲੀ ? ਕੀ ਕੀ ਭੇਟ ਲਿਆਵਾਂ ?

1

ਤੇਰੀਆਂ ਤਕਦਿਆਂ ਵਾਟਾਂ ਮੈਨੂੰ, ਜੁਗੜੇ ਵਿਹਾਏ,
ਕਾਲੇ ਕੁੰਡਲ ਧੁਣ ਧੁਣ ਗੋਰੇ ਗੋਹੜੇ ਬਣਾਏ,
ਏਹੋ ਹਸਰਤ ਦਿਲ ਦੀ, ਤੈਨੂੰ ਲੈ ਗਲ ਲਾਵਾਂ ।
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

2

ਕਦੀ ਆਈ ਊ ਚੇਤੇ ਆਪਣੀ ਜੋਗੀ ਦੀ ਫੇਰੀ ?
ਇਕ ਦਿਨ ਲੰਘਦਿਆਂ ਲੰਘਦਿਆਂ ਝਾਤੀ ਪੈ ਗਈ ਸੀ ਤੇਰੀ,
ਓਸੇ ਵੇਲੇ ਦੀ ਕੁੱਠੀ, ਬੈਠੀ ਔਂਸੀਆਂ ਪਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

3

ਆਈ ਫਸਲ ਬਹਾਰੀ ਦੁਨੀਆਂ ਵੱਸ ਪਈ ਸਾਰੀ,
ਲਗਰਾਂ ਝੋਲੀਆਂ ਭਰੀਆਂ, ਕਰਨੇ ਮਹਿਕ ਖਿਲਾਰੀ,
ਮੈਨੂੰ ਤੁਧ ਬਿਨ ਜਾਪਣ ਸੱਭੇ ਸੁੰਞੀਆਂ ਥਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

4

ਜੇ ਕਰ ਆ ਜਾਂਦੋਂ ਏਧਰ, ਕੱਠੇ ਹੋ ਕਿਤੇ ਬਹਿੰਦੇ,
ਘੁੰਡੀਆਂ ਖੋਲ੍ਹਦੇ ਗੁੱਝੀਆਂ, ਦਿਲ ਦੀਆਂ ਸੁਣਦੇ ਤੇ ਕਹਿੰਦੇ,
ਮੈਨੂੰ ਦੇਂਦੋਂ ਦਿਲਾਸਾ, ਤੇਰੀਆਂ ਲੈਂਦੀ ਬਲਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

5

ਕਿੱਥੇ ਬਹਿ ਰਿਹੋਂ ਜਾ ਕੇ ? ਕਿਸਮਤ ਸੌਂ ਗਈ ਮੇਰੀ,
ਜਿਉਂ ਜਿਉਂ ਚਿਰਕ ਲਗਾਵੇਂ, ਹੋਵੇ ਤਾਂਘ ਲਮੇਰੀ,
ਚਾਤ੍ਰਿਕ ਵਾਂਗ ਅਕਾਸ਼ੇ ਕਰ ਕਰ ਮੂੰਹ ਕੁਰਲਾਵਾਂ,
ਦਿਲਬਰ ! ਦਸ ਛਡ, ਤੈਨੂੰ ਕਿਹੜੇ ਵਸਬੀਂ ਰਿਝਾਵਾਂ ?

5. ਪਪੀਹਾ

(ਗੀਤ)

"ਪੀਆ, ਪੀਆ, ਪੀਆ" ਨਿਤ ਬੋਲ, ਵੇ ਪਪੀਹਾ !
ਬੋਲ ਵੇ ਪਪੀਹਾ ! ਚੁੰਝ ਖੋਲ ਵੇ, ਪਪੀਹਾ !

ਪੀਆ ਜੀ ਦੇ ਨਾਲ ਤੇਰ ਪ੍ਰੀਤ ਹੈ ਪੁਰਾਣੀ,
ਦੱਸੀ ਜਾ ਕਲੇਜਾ ਫੋਲ ਫੋਲ, ਵੇ ਪਪੀਹਾ !

ਅੱਗ ਤੇਰੀ ਆਸਰੇ ਦੀ ਬੁੱਝ ਕਿਤੇ ਜਾਏ ਨਾ,
ਲੱਗਾ ਰਹੇ ਜ਼ਿੰਦਗੀ ਦਾ ਘੋਲ, ਵੇ ਪਪੀਹਾ !

ਚੀਸ ਤੇਰੀ ਚੀਕਵੀਂ ਤੇ ਕੂਕ ਤੇਰੀ ਕਾਟਵੀਂ,
ਪਹੁੰਚ ਸਕੇ ਸਿੱਧੀ ਪੀਆ ਕੋਲ, ਵੇ ਪਪੀਹਾ !

ਆਸਾਂ ਦੀਆਂ ਡੋਰੀਆਂ ਖਿਲਾਰੀ ਰੱਖ ਲੰਮੀਆਂ,
ਬੱਝਾ ਰਹੇ ਹੌਸਲਾ ਅਡੋਲ, ਵੇ ਪਪੀਹਾ !

ਪੀਆ ਦੇ ਪਿਆਰ ਵਿਚ ਡੁਲ੍ਹੇ ਤੇਰੇ ਅੱਥਰੂ,
ਤੁੱਲਣੇ ਨੇ ਮੋਤੀਆਂ ਦੇ ਤੋਲ, ਵੇ ਪਪੀਹਾ !

6. ਅੰਦਰ ਦਾ ਚੋਰ

(ਕਾਫ਼ੀ ਕੱਵਾਲੀ)

ਅੰਦਰ ਵਸਦਾ ਚੋਰ ਨੀ ! ਮੇਰੇ ਅੰਦਰ ਵਸਦਾ । ਟੇਕ ।
ਨਾ ਬੋਲੇ, ਨਾ ਬੋਲਣ ਦੇਵੇ, ਧੜਕੇ ਜ਼ੋਰ ਜ਼ੋਰ ਨੀ ! ਮੇਰੇ…
ਪੰਡਤ ਮੁੱਲਾਂ ਨੂੰ ਸ਼ਹਿ ਦੇ ਦੇ, ਰੋਜ਼ ਕਰਾਵੇ ਸ਼ੋਰ ਨੀ ! ਮੇਰੇ…
ਸ਼ਰਾ ਧਰਮ ਦੀਆਂ ਦੇਣ ਦੁਹਾਈਆਂ, ਅੰਦਰੋਂ ਮਤਲਬ ਹੋਰ, ਨੀ !
ਹੁਸਨ ਤੋਂ ਸਦਕੇ ਹੋਣ ਨ ਦੇਂਦੇ, ਇਸ਼ਕ ਨੂੰ ਕਰਨ ਟਕੋਰ, ਨੀ !
ਸਈਓ ! ਸਾਨੂੰ ਕੁਝ ਨਾ ਆਖੋ, ਛਡ ਦਿਓ ਲੰਮੀ ਡੋਰ, ਨੀ !
ਵਾਗ ਲਗਾਮ ਨ ਜਾਏ ਸੰਭਾਲੀ, ਇਸ਼ਕ ਮੇਰਾ ਮੂੰਹ ਜ਼ੋਰ, ਨੀ !
ਹੁਸਨ ਮੇਰੇ ਹਰਜਾਈ ਦੇ ਨੇ, ਕੀਤੀ ਨਿਗਹ ਚਕੋਰ, ਨੀ !
ਤਰਬ ਤਰਬ ਵਿਚ ਗੂੰਜ ਉਸੇ ਦੀ ਘਟ ਘਟ ਵਿਚ ਘਨਘੋਰ, ਨੀ !
ਕਾਂਸ਼ੀ ਕਾਬਾ ਕੋਈ ਨ ਸੁਝਦਾ, ਆਇਆ ਐਸਾ ਲੋਰ, ਨੀ !
ਮੇਰੇ ਅੰਦਰ ਵਸਦਾ ।

7. ਹਾਇ ! ਨਾ ਤੋੜ

(ਗੀਤ)

ਨਾ ਤੋੜੀਂ, ਵੇ ! ਨਾ ਤੋੜੀਂ,
ਬੇਤਰਸ ਨਵ੍ਹਾਂ ਨੂੰ ਹੋੜੀਂ, ਨਾ…
1
ਫੁਲ ਚੋਣੇ, ਬੀਬੇ ਰਾਣੇ !
ਮਾਂ ਜੀਊ, ਜਵਾਨੀ ਮਾਣੇਂ !
ਸਹਿਜੇ ਸਹਿਜੇ ਹਥ ਪਾਵੀਂ,
ਬਚ ਬਚ ਕੇ ਵਾਰ ਚਲਾਵੀਂ,
ਫੁੱਲਾਂ ਦਾ ਲਾਹ ਲੈ ਚਾ ਤੂੰ,
ਪਰ ਕਲੀਆਂ ਕੋਲ ਨ ਜਾ ਤੂੰ,
ਮਾਂ ਦੀ ਗੋਦੀ ਵਿਚ ਪਈਆਂ,
ਕੋਈ ਸੁਪਨਾ ਨੇ ਲੈ ਰਹੀਆਂ,
ਸੁਤਿਆਂ ਨਾ ਧੌਣ ਮਰੋੜੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

2

ਏਹ ਕਸਤੂਰੇ ਹਿਰਨੋਟੇ,
ਹਾਲੀ ਨੇ ਛੋਟੇ ਛੋਟੇ ।
ਘੁਟ ਘੁਟ ਅਰਮਾਨ ਪਏ ਨੇ,
ਕੋਈ ਵਕਤ ਉਡੀਕ ਰਹੇ ਨੇ,
ਤਕ ਤਕ ਕੇ ਰੂਪ ਇਨ੍ਹਾਂ ਦੇ,
ਫਸ ਜਾਵਣਗੇ ਰਾਹ ਜਾਂਦੇ ।
ਮੈ ਨਾਲ ਛੁਲਕਦੇ ਪਿਆਲੇ,
ਪੀ ਪੀ ਹੋਸਣ ਮਤਵਾਲੇ,
ਨਾ ਬੰਦ ਸੁਰਾਹੀਆਂ ਰੋੜ੍ਹੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

3

ਏਹ ਮੋਤੀ, ਸੁਹਲ ਸਜਾਏ,
ਸਿਪੀਆਂ ਵਿਚ ਕੁਦਰਤ ਪਾਏ ।
ਬਟੂਏ ਪਏ ਮੁਸ਼ਕ ਤਤਾਰੀ,
ਏਹ ਨਿੰਬੂਏ ਨੇ ਸਰਕਾਰੀ,
ਦਫਤਰ ਨੇ ਵਲਵਲਿਆਂ ਦੇ,
ਸੋਮੇ ਨੇ ਇਸ਼ਕ-ਝਨਾਂ ਦੇ ।
ਪਾਂਧੀ ਨੇ ਪ੍ਰੇਮ-ਨਗਰ ਦੇ,
ਪਹੁੰਚਣ ਦਾ ਹੀਲਾ ਕਰਦੇ,
ਰਾਹ ਵਿਚ ਨ ਬੇੜਾ ਬੋੜੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

4

ਏਹ ਗ਼ੁਨਚੇ ਲਟ ਲਟ ਜਗਦੇ,
ਚੰਗਿਆੜੇ ਦਿਲ ਦੀ ਅੱਗ ਦੇ,
ਅਸਮਤ ਦੇ ਬੰਦ ਖਜ਼ਾਨੇ,
ਏਹ ਰਬ ਦੇ ਖਲਵਤਖਾਨੇ ।
ਵਲ ਛਲ ਤੋਂ ਦਿਲ ਨੇ ਖਾਲੀ,
ਦੇਖੀ ਨਹੀਂ ਦੁਨੀਆਂ ਹਾਲੀ ।
ਨਾ ਹੁਸਨ-ਬਜ਼ਾਰ ਲਗਾਇਆ,
ਨਾ ਵਾਹਵਾ ਵਾ ਅਖਵਾਇਆ,
ਅਧਵਾਟਿਓਂ ਪਿਛ੍ਹਾਂ ਨ ਮੋੜੀਂ,
ਨਾ ਤੋੜੀਂ, ਵੇ ! ਨਾ ਤੋੜੀਂ ।

8. ਸਾਕੀ ਨੂੰ

ਸਾਕੀ ! ਮੈਂ ਤੇਰੇ ਸਦਕੇ !
ਅਜ ਰੰਗ ਕੋਈ ਲਾ ਦੇ,
ਉਲਟਾ ਦੇ ਸੁਰਾਹੀ ਨੂੰ,
ਦਿਲ ਖੋਲ੍ਹ ਕੇ ਵਰਤਾ ਦੇ ।
ਪੀਤੀ ਹੈ ਬਹੁਤ ਵਾਰੀ,
ਪਰ ਤਾਰ ਨਹੀਂ ਆਈ,
ਦੇ ਤੁੰਦ ਜੇਹੀ ਕੋਈ,
ਜੋ ਦੁਨੀਆਂ ਹੀ ਪਲਟਾ ਦੇ ।
ਇਕ ਚੀਸ ਬੜੇ ਚਿਰ ਤੋਂ,
ਪੈਂਦੀ ਹੈ ਕਲੇਜੇ ਨੂੰ,
ਟਿਕ ਲੈਣ ਪਲਿਕ ਪਲਕਾਂ,
ਮਸਤਾਨਗੀ ਵਰਤਾ ਦੇ ।
ਤਰ ਕੰਢੇ ਤੇ ਪਹੁੰਚਣ ਦੇ
ਕੀਤੇ ਮੈਂ ਕਈ ਹੀਲੇ,
ਪਰ ਵਹਿਣ ਹੀ ਵਖਰੇ ਨੇ,
ਇਸ ਇਸ਼ਕ ਦੇ ਦਰਯਾ ਦੇ ।
ਚਾਨਣ ਨੂੰ ਫੜਣ ਖਾਤਰ
ਤਰਲੇ ਤਾਂ ਬੜੇ ਲੀਤੇ,
ਜਲਵੇ ਨੂੰ ਰਹੇ ਸਿਕਦੇ,
ਪਰ ਨੈਣ ਤਮੱਨਾ ਦੇ ।
ਮੰਦਰਾਂ ਤੇ ਮਸੀਤਾਂ ਵਿਚ,
ਚਰਚਾ ਤਾਂ ਬੜਾ ਸੁਣਿਆ,
ਮਿਲਿਆ ਨ ਕੋਈ ਭੇਤੀ,
ਜੋ ਮੇਲ ਭੀ ਕਰਾ ਦੇ ।
ਤਰਸੇਵਾਂ ਰਿਹਾ ਬਣਿਆ,
ਰਲ ਮਿਲ ਕੇ ਕਿਤੇ ਬਹਿੰਦੇ,
ਯੂਸੁਫ ਨੂੰ ਸੁਣਾ ਸਕਦੇ,
ਅਰਮਾਨ ਜ਼ਲੀਖਾਂ ਦੇ ।
ਜੀ ਸੜ ਗਿਆ ਹੁਣ ਬਾਵਾ !
ਛਡ ਖਾਬ ਖਿਆਲੀ ਨੂੰ,
ਬੀਮਾਰ ਨੂੰ ਤੜਫਣ ਦੇ,
ਬੂਹੇ ਤੇ ਮਸੀਹਾ ਦੇ ।
ਇਸ ਲਾਰੇ ਲਪਾਰੇ ਦਾ,
ਇਤਬਾਰ ਰਿਹਾ ਜਾਂਦਾ,
ਜੋ ਦੇਣਾ ਦਿਵਾਣਾ ਈ,
ਉਹ ਖੋਲ੍ਹ ਕੇ ਸਮਝਾ ਦੇ ।
ਉਹ ਨਰਕ ਬਿਸ਼ਕ ਹੋਵੇ,
ਪਰ ਫੇਰ ਨ ਬਦਲਾਵੀਂ,
ਜਿਸ ਥਾਂ ਤੇ ਬਿਠਾਣਾ ਈ,
ਇਕ ਵਾਰ ਹੀ ਬਿਠਲਾ ਦੇ ।

9. ਤੇਰੀ ਯਾਦ

1

ਤੜਕਸਾਰ ਊਸ਼ਾ ਦਾ ਲਾਲੀ ਧੁਮਾਣਾ,
ਜ਼ਿਮੀਂਦਾਰ ਦਾ ਖੇਤ ਨੂੰ ਸੇ ਲਗਾਣਾ,
ਜਨੌਰਾਂ ਦਾ ਬਿਰਛਾਂ ਤੇ ਜੁੜ ਜੁੜ ਕੇ ਗਾਣਾ,
ਤੇ ਪਸੂਆਂ ਦਾ ਜੂਹਾਂ ਦੇ ਵਲ ਚਰਨ ਜਾਣਾ,
ਜਦੋਂ ਸਭ ਨੂੰ ਕੁਦਰਤ ਕਮਾਈ ਤੇ ਲਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

2

ਖਿੜੇ ਕੌਲ ਫੁਲ ਵਰਗੀ ਮੁਟਿਆਰ ਕੋਈ,
ਸਰੂ ਵਾਂਗ ਲੰਮੀ, ਸਲੋਨੀ, ਨਰੋਈ,
ਕਿਸੇ ਛੈਲ ਦੇ ਪ੍ਰੇਮ-ਡੋਰੇ ਪਰੋਈ,
ਦਲੀਜਾਂ ਨੂੰ ਫੜ ਕੇ ਖੜੀ ਹੋਈ ਹੋਈ,
ਜਦੋਂ ਆਏ ਪ੍ਰੀਤਮ ਦਾ ਦਿਲ ਗੁਦਗੁਦਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

3

ਅਞਾਣਾ ਕੋਈ ਬਾਲ ਜਦ ਮੁਸਕਰਾਵੇ,
ਕਲੀ ਅਧਖਿੜੀ ਵਾਂਗ ਬੁਲੀਆਂ ਹਿਲਾਵੇ,
ਉਛਲ ਕੇ ਅਗ੍ਹਾਂ ਵਲ ਨੂੰ ਬਾਹਾਂ ਵਧਾਵੇ,
ਤੇ ਹਸ ਹਸ ਕੇ ਗਲ ਨਾਲ ਚੰਬੜਦਾ ਜਾਵੇ,
ਮਸੂਮੀ ਮੇਰੇ ਆਤਮਾ ਨੂੰ ਖਿੜਾਵੇ ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

4

ਬਗੀਚੇ 'ਚ ਸਬਜ਼ੇ ਦਾ ਕੋਮਲ ਪੁੰਗਾਰਾ,
ਤੇ ਕੁਦਰਤ ਦੀ ਕਾਰੀਗਰੀ ਦਾ ਨਜ਼ਾਰਾ,
ਕਰੂੰਬਲ ਦੀ ਲਾਲੀ, ਲਗਰ ਦਾ ਹੁਲਾਰਾ,
ਕਲੀ ਦਾ ਚਟਾਕਾ, ਮਹਿਕ ਦਾ ਪਸਾਰਾ,
ਜਦੋਂ ਪੌਣ ਫੁੱਲਾਂ ਨੂੰ ਟੁੰਬ ਟੁੰਬ ਜਗਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

5

ਪਹਾੜਾਂ ਤੋਂ ਬਰਫ਼ਾਂ ਦਾ ਮੁੜ੍ਹਕਾ ਵਹਾਣਾ,
ਤੇ ਕਿਰਨਾਂ ਦਾ ਪਾਣੀ ਨੂੰ ਪਾਰਾ ਬਣਾਣਾ,
ਹਿਠਾਂ ਵਲ ਨੂੰ ਕੂਲ੍ਹਾਂ ਦਾ ਛਾਲਾਂ ਲਗਾਣਾ,
ਤੇ ਗੜਗੱਜ ਪਾ ਪਾ ਕੇ ਝਰਨੇ ਦਾ ਗਾਣਾ,
ਨਦੀ ਨਾਗਣੀ ਵਾਂਗ ਜਦ ਵਿੰਗ ਖਾਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

6

ਜਦੋਂ ਰਾਤ ਨਿੰਮਲ, ਖਿੜੇ ਹੋਏ ਤਾਰੇ,
ਤੇ ਵਾ ਮੱਠੀ ਮੱਠੀ ਸੁਗੰਧੀ ਪਸਾਰੇ,
ਛਮਾ ਛਮ ਪਈ ਤ੍ਰੇਲ ਮੋਤੀ ਖਿਲਾਰੇ,
ਚੁਫੇਰੇ ਦੀ ਠੰਢਕ ਕਲੇਜਾ ਖਲਾਰੇ,
ਤੇ ਸੁਰਤੀ ਨੂੰ ਏਕਾਂਤ ਘੂਕੀ ਲਿਆਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

7

ਜਦੋਂ ਦਿੱਸੇ ਤਿਤਰੀ ਦਾ ਸਤਰੰਗਾ ਬਾਣਾ,
ਜਦੋਂ ਕੀੜੀ ਲਭਦੀ ਫਿਰੇ ਖਾਣਾ ਦਾਣਾ,
ਜਦੋਂ ਮੱਖੀ ਫੁਲ ਤੋਂ ਉਠਾਵੇ ਮਖਾਣਾ,
ਜਦੋਂ ਵੇਖਾਂ ਬਿਜੜੇ ਦਾ ਮੰਦਰ ਸਜਾਣਾ,
ਜਦੋਂ ਘੁਗੀ ਬੋਟਾਂ ਨੂੰ ਚੋਗਾ ਖੁਆਵੇ,
ਤਦੋਂ ਹੀ ਅਚਾਨਕ ਤੇਰੀ ਯਾਦ ਆਵੇ ।

10. ਸੰਭਲ ਕੇ

ਲਹੂਓ ਲੁਹਾਣ ਦਿਲ ਜੇ,
ਤਕਣਾ ! ਦੁਖਾ ਨ ਦੇਣਾ,
ਦੀਦਾਰ ਦਾ ਸਵਾਲੀ,
ਬੂਹਿਓਂ ਉਠਾ ਨ ਦੇਣਾ ।
ਇਕ ਰਾਜ਼ ਹੈ ਪੁਰਾਣਾ,
ਇਸ ਦਿਲ ਦੇ ਵਿਚ ਤੜਫਦਾ,
ਮਿਟ ਜਾਇ ਨ ਤਮੱਨਾ
ਅੰਧੇਰ ਪਾ ਨ ਦੇਣਾ ।
ਰਬ ਨੇ ਤੇ ਕਾਇਨਾਤੋਂ
ਮਹਿੰਗਾ ਸੀ ਦਿਲ ਬਣਾਇਆ,
ਵਹਿਸ਼ੀ ਜਿਹਾ ਸਮਝ ਕੇ
ਸਸਤਾ ਲੁਟਾ ਨ ਦੇਣਾ ।
ਮਰ ਮਰ ਕੇ ਉਕਰਿਆ ਹੈ,
ਨਕਸ਼ਾ ਮੁਹੱਬਤਾਂ ਦਾ,
ਪੈਰਾਂ ਦੇ ਹੇਠ ਮਲ ਕੇ,
ਇਸ ਨੂੰ ਮਿਟਾ ਨ ਦੇਣਾ ।
ਨਾਕਾਮੀਆਂ ਦੇ ਸਦਮੇ
ਸਹਿਣੋਂ ਨਹੀਂ ਮੈਂ ਡਰਦਾ,
ਵਾਅਦਾ ਵਿਸਾਲ ਦਾ ਪਰ
ਉਕੜਾ ਭੁਲਾ ਨ ਦੇਣਾ ।


11. ਦੋਹੜਾ

ਛਡ ਤ੍ਰਿੰਞਣ,
ਕਰ ਸੁੰਞਾ ਵਿਹੜਾ
ਤੁਰ ਤੁਰ ਜਾਵਣ ਸਈਆਂ,
ਇਕ ਗਈਆਂ,
ਇਕ ਡੋਲੇ ਚੜ੍ਹੀਆਂ,
ਇਕ ਦਾਜ ਸਮੇਟਣ ਪਈਆਂ,
ਅਸਾਂ ਭਿ ਜਾਣਾ,
ਢੋਲਣ ਆਇਆਂ,
ਪਰ ਚਰਖਾ ਕਿਉਂ ਚਾਈਏ ?
ਓਨੀਆਂ ਤੰਦਾਂ ਆਪਣੀਆਂ ਨੇ,
ਜਿੰਨੀਆਂ ਕੱਤੀਆਂ ਗਈਆਂ ।

12. ਨੌਜਵਾਨ ਕੁੜੀ ਨੂੰ

ਉਠ ਕੇ ਹੰਭਲਾ ਮਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।
ਨਵੇਂ ਚਮਨ ਦੀਏ ਨਵੀਏਂ ਕਲੀਏ !
ਖਿੜ ਕੇ ਮਹਿਕ ਪਸਾਰ
ਕੁਮਾਰੀ ! ਉਠ ਕੇ ਹੰਭਲਾ ਮਾਰ ।

1

ਜਾਗ, ਕੋਈ ਚੰਗਿਆੜਾ ਲਾ ਦੇ,
ਗਾਫ਼ਲ ਪਈਆਂ ਰੂਹਾਂ ਜਗਾ ਦੇ,
ਮੂਰਖਤਾ ਦੀਆਂ ਜੜਾਂ ਹਿਲਾ ਦੇ,
ਸਚ ਦਾ ਫੜ ਹਥਿਆਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

2

ਸੁਟ ਦੇ ਪਰੇ ਪੁਰਾਣਾ ਬਾਣਾ,
ਤੂੰ ਹੈ ਨਵਾਂ ਜਹਾਨ ਵਸਾਣਾ,
ਨੇਕੀ ਤੇ ਉਪਕਾਰ ਕਮਾਣਾ,
ਆਪਣਾ ਆਪਾ ਵਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

3

ਸੂਲਾਂ ਤੇਰੇ ਗਿਰਦ ਹਜ਼ਾਰਾਂ,
ਧੂਹੀ ਖਲੋਤੀਆਂ ਨੇ ਤਲਵਾਰਾਂ,
ਸ਼ਰਾ ਧਰਮ ਦੇ ਠੇਕੇਦਾਰਾਂ,
ਰਾਹ ਛਡਿਆ ਖਲਿਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

4

ਕਦਮ ਕਦਮ ਤੇ ਖੋਦੇ ਹੋਏ,
ਖ਼ੁਦਗ਼ਰਜ਼ੀ ਨੇ ਡੂੰਘੇ ਟੋਏ,
ਥਾਂ ਥਾਂ ਥਿੜਕਣ ਨਵੇਂ ਨਰੋਏ,
ਫੜ ਫੜ ਕਰ ਹੁਸ਼ਿਆਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

5

ਮਨ ਤੇਰੇ ਦੀਆਂ ਸੁੱਤੀਆਂ ਸੋਆਂ,
ਬਣਨਗੀਆਂ ਭਿੰਨੀਆਂ ਖੁਸ਼ਬੋਆਂ,
ਕੱਲਰ ਮਾਰੀਆਂ ਸੁੰਞੀਆਂ ਭੋਆਂ,
ਹੋ ਜਾਸਣ ਗੁਲਜ਼ਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

6

ਰਾਹ ਹੈ ਤੇਰਾ ਬੜਾ ਉਖੇਰਾ,
ਵੈਰੀਦਲ ਨੇ ਘਤਿਆ ਘੇਰਾ,
ਪਰ ਨਿਰਦੋਸ਼ ਇਰਾਦਾ ਤੇਰਾ
ਔਣ ਨ ਦੇ ਗਾ ਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

7

ਤੂੰ ਬਣ ਜਾ ਊਸ਼ਾ ਦੀ ਲਾਲੀ,
ਰੋਸ਼ਨ ਕਰ ਦੇ ਨੁਕਰਾਂ ਖ਼ਾਲੀ,
ਸੁਣ ਸੁਣ ਤਾਨੇ, ਮਿਹਣੇ, ਗਾਲੀ,
ਹਸ ਹਸ ਲਈਂ ਸਹਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

8

ਸਾਈਂ ਤੇਰੇ ਨਾਲ ਰਹੇਗਾ,
ਹਰ ਮੈਦਾਨ ਸਹਾਰਾ ਦੇ ਗਾ,
ਜਗ ਤੇਰਾ ਸਤਕਾਰ ਕਰੇਗਾ,
ਵੇਖ ਤੇਰਾ ਬਲਕਾਰ,
ਕੁਮਾਰੀ ! ਉਠ ਕੇ ਹੰਭਲਾ ਮਾਰ ।

13. ਸਾਡਾ ਮੇਲ

1

ਜਿੱਥੇ ਦਿਨ ਤੇ ਰਾਤ, ਘੁਲ ਮਿਲ ਜਾਉਂਦੇ,
ਚਾਨਣ ਅਤੇ ਹਨੇਰ, ਪਾਉਣ ਜੱਫੀਆਂ,
ਜਿੱਥੇ ਪਰਬਤ-ਪੈਰ, ਚੁਮ ਚੁਮ ਕੇ ਨਦੀ,
ਮਿੱਠਾ ਮਿੱਠਾ ਰਾਗ, ਗੌਂਦੀ ਲੰਘਦੀ,
ਜਿਵੇਂ ਕੋਈ ਮੁਟਿਆਰ, ਕੁੱਠੀ ਬਿਰਹੁੰ ਦੀ,
ਤਕ ਤਕ ਪਤੀ-ਸਮਾਧ. ਮੱਥੇ ਟੇਕਦੀ ।
ਨਦੀ ਕਿਨਾਰੇ ਓਸ, ਅਤਿ ਰਮਣੀਕ ਤੇ
ਪ੍ਰੀਤਮ ! ਸਾਡਾ ਮੇਲ, ਇਕ ਦਿਨ ਹੋਵਸੀ ।

2

ਜਦ ਜੀਵਨ ਦੀ ਸ਼ਾਮ, ਬੂਹੇ ਜਰਜਰੇ-
ਪਲਕਾਂ ਵਾਲੇ ਖੋਲ੍ਹ, ਤਕਸੀ ਝਲਕਦੇ-
ਆਸਾਂ ਦੇ ਅੰਬਾਰ, ਵਾਂਗਰ ਤਾਰਿਆਂ,
ਜਿਨ੍ਹਾਂ ਦੇ ਆਧਾਰ, ਜੀਵਨ ਲੰਘਿਆ ।
ਅੰਤ ਸਮੇਂ ਦੀ ਰਾਤ, ਨੇੜੇ ਹੋ ਜਦੋਂ,
ਖੁਲ੍ਹੀਆਂ ਬਾਹਾਂ ਵਧਾਇ, ਵਾਜਾਂ ਮਾਰਦੀ-
ਅਪਣੇ ਵਿਚ ਸਮਾਣ ਨੂੰ ਤੁਲ ਜਾਇਗੀ,
ਪ੍ਰੀਤਮ ! ਸਾਡਾ ਮੇਲ, ਓਦੋਂ ਹੋਵਸੀ ।

3

ਘੁੱਪ ਹਨੇਰੀ ਰਾਤ, ਠੱਕਾ ਜ਼ੋਰ ਦਾ,
ਸਿਰ ਟਕਰਾਂਦਾ ਨੀਰ, ਨਾਲ ਚਿਟਾਨ ਦੇ,
ਤੁਰਿਆ ਜਾਂਦਾ ਹੋਗੁ, ਖੌਰੂ ਪਾਉਂਦਾ,
ਬੇੜੀ ਇਕ ਅਨੂਪ, ਉਸ ਦੀ ਹਿੱਕ ਤੇ,
ਡਗਮਗ ਡਗਮਗ ਚਾਲ, ਹਿਲਦੀ ਡੋਲਦੀ,
ਨਦੀ-ਥਪੇੜਾਂ ਚੀਰ, ਕੰਢੇ ਲੱਗ ਕੇ,
ਹੋਣ ਲਈ ਅਸਵਾਰ, ਸੈਨਤ ਮਾਰਸੀ,
ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

4

ਤੂੰ ਤੇ ਮੈਂ ਚੁਪਚਾਪ, ਬਿਨਾਂ ਪਛਾਣ ਦੇ,
ਹੱਥੀਂ ਫੜੇ ਚਿਰਾਗ਼, ਟਿਮ ਟਿਮ ਕਰ ਰਹੇ,
ਪਾਣੀ ਵਿਚ ਵਗਾਹ, ਕੰਨੀਆਂ ਝਾੜ ਕੇ,
ਪਿਛਲੇ ਪਾਸੇ ਨਾਲ, ਤਿਣਕਾ ਤੋੜਦੇ,
ਬੇੜੀ ਦੀ ਆਗ਼ੋਸ਼, ਮਾਣਨ ਵਾਸਤੇ,
ਬਹਿ ਜਾਵਾਂਗੇ ਆਣ, ਨਾਲ ਅਰਾਮ ਦੇ ।
ਠਿਲ੍ਹ ਪਏਗੀ ਨਾਉ, ਪਰਲੇ ਪਾਰ ਨੂੰ,
ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

5

ਅੱਖ ਫਰੱਕੇ ਵਾਂਗ, ਬੇੜੀ ਜਾ ਲਗੂ,
ਗ਼ਮ ਫ਼ਿਕਰੋਂ ਆਜ਼ਾਦ, ਕੰਢੇ ਸ਼ਾਂਤ ਦੇ,
ਵਾਦੀ ਬੜੀ ਵਿਸ਼ਾਲ, ਲਹਿ ਲਹਿ ਕਰ ਰਹੀ,
ਸਾਨੂੰ ਲਊ ਬਹਾਲ, ਆਪਣੀ ਹਿੱਕ ਤੇ ।
ਏਨੇ ਨੂੰ ਆਕਾਸ਼, ਚੜ੍ਹਦੇ ਪਾਸਿਓਂ-
ਊਸ਼ਾ ਦਾ ਪਰਕਾਸ਼, ਕੰਨੀਓਂ ਖੋਲ੍ਹਸੀ ।
ਵੱਸੂ ਨਵਾਂ ਜਹਾਨ, ਸਾਡੇ ਸਾਹਮਣੇ,
ਪ੍ਰੀਤਮ ! ਸਾਡਾ ਮੇਲ, ਓਥੇ ਹੋਵਸੀ ।

14. ਕੀ ਡਿੱਠਾ ?

ਦੁਨੀਆਂ ਸਾਜਣ ਵਾਲੇ ਸਾਈਂ !
ਜੀਆਂ ਦੇ ਰਖਵਾਲੇ ਸਾਈਂ !
ਦਿਲ ਦੀ ਤਾਰ ਹਿਲਾਉਣ ਵਾਲੇ !
ਚੰਗਿਆਈ ਵਲ ਲਾਉਣ ਵਾਲੇ !
ਪ੍ਰੇਮ ਤਰਾਨੇ ਛੇੜਨ ਵਾਲੇ !
ਕਲੀ ਧਰਮ ਦੀ ਖੇੜਨ ਵਾਲੇ !
ਧਰਤ ਅਕਾਸ਼ ਹੁਕਮ ਵਿਚ ਤੇਰੇ,
ਤੇਰੀ ਮਰਜ਼ੀ ਰੂਹਾਂ ਪਰੇਰੇ ।
ਸਚਿਆਈ ਦਾ ਤੂੰ ਦੀਵਾਨਾ,
ਪ੍ਰੇਮ-ਸ਼ਮਾ ਦਾ ਤੂੰ ਪਰਵਾਨਾ ।
ਚੰਗਿਆਂ ਤੋਂ ਤੂੰ ਸਦਕੇ ਜਾਵੇਂ,
ਬੁਰਿਆਂ ਨੂੰ ਤੂੰ ਮੂੰਹ ਨਾ ਲਾਵੇਂ ।
ਪਰ ਗੁਸਤਾਖ਼ੀ ਬਖ਼ਸ਼ੀ ਜਾਵੇ,
ਖੇਲ ਤੇਰੇ ਦੀ ਸਮਝ ਨ ਆਵੇ ।
ਤੇਰੀ ਖ਼ਲਕਤ ਦੇ ਵਿਚ ਆ ਕੇ,
ਮਾਨੁਖਤਾ ਦਾ ਚੋਲਾ ਪਾ ਕੇ ।
ਹਰ ਥਾਂ ਦੇਖੀ ਧੋਖੇਬਾਜ਼ੀ,
ਖੋਟੀ ਧਾਤ ਮੁਲੰਮਾ ਸਾਜ਼ੀ ।
ਉੱਪਰ ਕਾਨੇ, ਥੱਲੇ ਟੋਏ,
ਝੂਠੇ ਸਾਂਗ ਬਣਾਏ ਹੋਏ ।
ਚਿਹਰੇ ਭੋਲੇ ਭਾਲੇ ਦੇਖੇ,
ਸੀਨ ਕਾਲੇ ਕਾਲੇ ਦੇਖੇ ।
ਮਤਲਬ ਦੀ ਅਸ਼ਨਾਈ ਦੇਖੀ,
ਬਾਹਰੋਂ ਖੂਬ ਸਫ਼ਾਈ ਦੇਖੀ ।
ਅੱਖਾਂ ਯਾਰ ਬਦਲਦੇ ਦੇਖੇ,
ਖੋਟੇ ਸਿੱਕੇ ਚਲਦੇ ਦੇਖੇ ।
ਸੰਤਾਂ ਦੀ ਅੱਯਾਰੀ ਦੇਖੀ,
ਪੂਰੀ ਜ਼ਾਹਰਦਾਰੀ ਦੇਖੀ ।
ਲੀਡਰ ਹੌਕੇ ਭਰਦੇ ਦੇਖੇ,
ਖੀਸੇ ਖ਼ਾਲੀ ਕਰਦੇ ਦੇਖੇ ।
ਮੰਦਰ ਦੇਖੇ, ਡੇਰੇ ਦੇਖੇ,
ਗੱਦੀਦਾਰ ਲੁਟੇਰੇ ਦੇਖੇ ।
ਬੀਬੇ ਬੀਬੇ ਦਾਹੜੇ ਦੇਖੇ,
ਅੰਦਰ ਵਜਦੇ ਧਾੜੇ ਦੇਖੇ ।
ਰੌਣਕ ਦੇਖੀ, ਮੇਲੇ ਦੇਖੇ,
ਸੋਹਣੇ ਤੇ ਅਲਬੇਲੇ ਦੇਖੇ ।
ਨਾ ਡਿੱਠੀ ਪਰ ਦਿਲੀ ਸਫਾਈ,
ਅੰਦਰ ਬਾਹਰ ਦੀ ਇਕਤਾਈ ।
ਜੇਕਰ ਏਹੋ ਹਾਲ ਰਹੇਗਾ,
ਤੇਰੇ ਪਿੱਛੇ ਕੌਣ ਤੁਰੇਗਾ ?
ਭਟਕਦਿਆਂ ਨੂੰ ਰਾਹੇ ਪਾ ਦੇ,
ਅੰਦਰੋਂ ਬਾਹਰੋਂ ਇੱਕ ਬਣਾ ਦੇ ।

15. ਮਰ ਗਿਆ ਕਿਉਂ ?

(ਕਾਫ਼ੀ)

ਪ੍ਰੇਮ-ਪੁਜਾਰੀ ਨੂੰ ਪੁਛ ਕਰਨਾ
ਜੀਉਂਦਾ ਹੋ ਕੇ ਮਰ ਗਿਆ ਕਿਉਂ ?
ਪਰਵਾਨੇ ਦਾ ਜਾਮਾ ਪਾ ਕੇ
ਜਾਨ ਘੁਮਾਣੋਂ ਡਰ ਗਿਆ ਕਿਉਂ ?

1

ਏਸ ਪ੍ਰੇਮ ਦੀਆਂ ਪੱਕੀਆਂ ਫਾਹੀਆਂ,
ਕੀਕਰ ਉਸ ਤੋਂ ਗਈਆਂ ਲਾਹੀਆਂ ?
ਸੀਨੇ ਦੇ ਵਿਚ ਭਾਂਬੜ ਬਲਦਿਆਂ
ਲਾਸ਼ ਦੇ ਵਾਂਗਰ ਠਰ ਗਿਆ ਕਿਉਂ ?

2

ਪ੍ਰੇਮ-ਨਸ਼ੇ ਦਾ ਪੀ ਕੇ ਪਿਆਲਾ,
ਕਿਉਂ ਨਾ ਹੋਇਆ ਮਨ ਮਤਵਾਲਾ,
ਆ ਗਿਆ ਸੀ ਜੇ ਕੋਈ ਉਛਾਲਾ,
ਅੰਦਰ ਅੰਦਰ ਜਰ ਗਿਆ ਕਿਉਂ ?

3

ਮਿਲ ਗਈ ਸੀ ਜੇ ਦੌਲਤ ਦਿਲ ਦੀ,
ਸੁਰਤ ਕਿਵੇਂ ਰਹੀ ਲਾਂਭੇ ਹਿਲਦੀ,
ਅਰਸ਼ੇ ਚੜ੍ਹ ਕੇ ਪਟਕ ਪਿਆ ਕਿਉਂ ?
ਜਿੱਤ ਕੇ ਬਾਜ਼ੀ ਹਰ ਗਿਆ ਕਿਉਂ ?

4

ਚਾਤ੍ਰਿਕ ਸੀ ਤਾਂ ਸਦਮੇ ਸਹਿੰਦਾ,
ਮੂੰਹ ਅਰਸ਼ਾਂ ਵਲ ਚਾਈ ਰਹਿੰਦਾ,
ਛੱਪੜੀਆਂ ਦਾ ਪਾਣੀ ਪੀ ਪੀ,
ਨਾਮ ਕਲੰਕਤ ਕਰ ਗਿਆ ਕਿਉਂ ?

16. ਸ਼ਿਕਾਰੀ ਪਿੰਜਰਾ ਬੇਸ਼ਕ ਖੋਲ

(ਗੀਤ)

1

ਤੇਰਾ ਈ ਪਿੰਜਰਾ, ਤੇਰਾ ਈ ਦਾਣਾ,
ਮੈਂ ਨਹੀਂ ਹੋਰ ਕਿਤੇ ਵੀ ਜਾਣਾ,
ਥੋੜੀ ਦੂਰ ਉਡਾਰੀ ਭਰ ਕੇ,
ਔਣਾ ਏ ਏਸੇ ਕੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

2

ਮੇਰਾ ਇਸ ਦਾ ਸਾਥ ਪੁਰਾਣਾ,
ਮਿਲਨਾ, ਰਹਿਣਾ, ਵੱਖ ਹੋ ਜਾਣਾ,
ਮੈਂ ਤੇ ਪਿੰਜਰਾ ਸਾਂਝੇ ਹੋਏ,
ਕਰ ਕਰ ਕਈ ਕਲੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

3

ਬੰਨ੍ਹਣ ਮੈਨੂੰ ਕੋਈ ਨ ਪਾ ਤੂੰ,
ਮਾਣਨ ਦੇ ਜੰਗਲ ਦੀ ਵਾ ਤੂੰ,
ਮੇਰੀ ਆਦਤ ਖੁਲ੍ਹੇ ਫਿਰਨ ਦੀ,
ਤੂੰ ਜਾਂਦਾ ਹੈਂ ਡੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

4

ਨਵਾਂ ਗੀਤ ਮੈਂ ਜਦੋਂ ਬਣਾਵਾਂ,
ਮੁੜ ਪਿੰਜਰੇ ਨੂੰ ਆਣ ਸੁਣਾਵਾਂ,
ਜੇ ਮੈਨੂੰ ਪਿੰਜਰਾ ਨਹੀਂ ਲਭਦਾ
ਪਿੰਜਰਾ ਲੈਂਦਾ ਏ ਟੋਲ,
ਸ਼ਿਕਾਰੀ ! ਪਿੰਜਰਾ ਬੇਸ਼ਕ ਖੋਲ ।

17. ਰਾਹੀ ਨੂੰ

ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

1

ਕਿੱਥੋਂ ਤੁਰਿਓਂ ? ਕਿੱਥੇ ਈ ਜਾਣਾ ?
ਕਦ ਛੋਹਿਆ ? ਕਦ ਸਫ਼ਰ ਮੁਕਾਣਾ ?
ਕਿਸ ਕਿਸ ਥਾਂ ਤੇ ਰਿਹੋਂ ਅਟਕਦਾ ?
ਕਿਸ ਔਝੜ ਵਿਚ ਰਿਹੋਂ ਭਟਕਦਾ ?
ਪਿੰਨੀਆਂ ਤੇਰੀਆਂ ਘੱਟੇ ਭਰੀਆਂ,
ਤੁਰ ਤੁਰ ਹੋਈਆਂ ਚੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

2

ਰਾਹ ਵਿਚ ਕੋਈ ਨਾ ਮਿਲਿਆ ਦਰਦੀ ?
ਨਾਲ ਨਹੀਂ ਸੀ ਤੇਰੇ ਘਰ ਦੀ ?
ਲੱਭਾ ਨਾ ਕੋਈ ਜੀ-ਪਰਚਾਵਾ ?
ਦਿੱਸਿਆ ਨਾ ਕੋਈ ਬਾਗ਼ ਸੁਹਾਵਾ ?
ਫੁਲ, ਬੂਟੇ, ਹਰਿਆਉਲ, ਰੌਣਕ,
ਨਗਰ ਕੋਈ ਮਸ਼ਹੂਰ ?
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

3

ਅੱਡੇ, ਘਾਟ, ਸਰਾਵਾਂ, ਡੇਰੇ,
ਕੋਈ ਨ ਆਏ ਰਾਹ ਵਿਚ ਤੇਰੇ ?
ਇਧਰ ਉਧਰ ਤੂੰ ਕੁਝ ਨਾ ਡਿੱਠਾ ?
ਮਿਲਿਆ ਕੋਈ ਨ ਚਸ਼ਮਾ ਮਿੱਠਾ ?
ਜਿੱਥੇ ਬੈਠ ਥਕੇਵਾਂ ਲਹਿੰਦਾ,
ਔਂਦਾ ਕੋਈ ਸਰੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

4

ਅਗਲਾ ਰਾਹ ਹੁਣ ਨਵਾਂ ਬਣਾ ਲੈ,
ਸਦ ਸਦ ਰਾਹੀ ਮੇਲਾ ਲਾ ਲੈ,
ਹਸਦਾ ਅਤੇ ਹਸਾਂਦਾ ਜਾਈਂ,
ਨਾਲ ਦਿਆਂ ਦਾ ਭਾਰ ਵੰਡਾਈਂ,
ਤੁਰਦਿਆਂ ਜੀ ਪਰਚਾਈ ਜਾਣਾ,
ਰਾਹੀਆਂ ਦਾ ਦਸਤੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

18. ਬੇ ਅੰਤ

1

ਚੁਪ ਕਰ ਜਾ,
ਤੇ ਨਾ ਕਰ ਟੋਹ-
ਇਸ ਦਿਲ ਦਰਯਾ ਦੀ,
ਜਿਸ ਦੇ ਅੰਦਰ,
ਕਈ ਮੁਹਾਣੇ-
ਡੁਬ ਡੁਬ ਮੋਏ ।
ਲੱਖਾਂ ਬੇੜੇ, ਗ਼ਰਕ ਹੋਇ ਕੇ,
ਫੇਰ ਨ ਉਭਰੇ ।
ਕੋਈ ਨ ਜਾਣੇ,
ਲਹਿਰਾਂ ਇਸ ਦੀਆਂ,
ਝਿਲਮਿਲ ਕਰਦੀਆਂ-
ਕਿਸ ਸੂਰਜ ਦਾ ਚਾਨਣ ਲੈ ਕੇ,
ਕਦ ਉੱਠੀਆਂ ਤੇ ਕਿਧਰੋਂ ਆਈਆਂ ?
ਕਿਸ ਪਾਸੇ ਵਲ ਗੇੜੇ ਖਾ ਖਾ,
ਪਰਬਤ ਦੀਆਂ ਥਪੇੜਾਂ ਸਹਿ ਸਹਿ
ਤੁਰੀਆਂ ਜਾਵਣ ਵਾਹੋ ਦਾਹੀ,
ਕਦੇ ਹਨੇਰੇ, ਕਦੇ ਸਵੇਰੇ ।

2

ਚੁਪ ਰਹੁ,
ਇਹ ਬੇਹਾਥ ਡੁੰਘਾਈ-
ਤੇਰੇ ਪਾਸੋਂ ਮਿਣੀ ਨ ਜਾਸੀ ।
ਲਭਣਾ ਈ ਤਾਂ
ਅਰਬਾਂ ਖਰਬਾਂ ਲਹਿਰਾਂ ਵਿੱਚੋਂ,
ਇਕ ਦੁੰਹ ਦਾ ਝਲਕਾਰਾ ਚੁਣ ਲੈ,
ਖੀਵਾ ਹੋ ਹੋ ਸੁਆਦ ਮਾਣ ਲੈ ।

3

'ਨਾਦੀ ਅਤੇ ਅਨੰਤ ਏ ਲਹਿਰਾਂ,
ਚਾਲ ਜਿਨ੍ਹਾਂ ਦੀ ਤਾਰਿਆਂ ਤੀਕਰ,
ਤਾਰਿਆਂ ਤੋਂ ਭੀ ਹੋਰ ਉਚੇਰੀ,
ਮਿਣਦਾ ਮਿਣਦਾ ਘਾਬਰ ਜਾਸੇਂ ।

4

ਏਥੇ ਈ ਬੈਠ, ਅਨੰਦ ਉਠਾ ਲੈ,
ਜੋ ਬਣਦਾ ਈ ਸੋਈ ਬਣਾ ਲੈ ।
ਜੀਵਨ ਕਰ ਲੈ ਆਪ ਸੁਖਾਲਾ,
ਰੋਸ਼ਨ ਕਰ ਲੈ ਆਲ ਦੁਆਲਾ ।
ਛਡ ਦੇ ਲੰਮੇ ਦਾਈਏ ਲਾਣੇ,
ਲਹਿਰਾਂ ਵਾਲਾ ਆਪੇ ਜਾਣੇ,
ਜਿੱਧਰ ਚਾਹੇ
ਚਲਾਈ ਜਾਵੇ,
ਜੋ ਕੁਝ ਚਾਹੇ
ਬਣਾਈ ਜਾਵੇ ।

19. ਸੱਧਰਾਂ

1

ਜਦ ਪਤਝੜ ਸਫਾ ਵਲ੍ਹੇਟੇਗੀ,
ਬੂਟੇ ਲਗਰਾਂ ਪੁੰਗਰਾਉਣਗੇ,
ਇਸ ਉਜੜੇ ਬਾਗ਼ ਬਹਿਸ਼ਤੀ ਵਿਚ,
ਮਾਲੀ ਗੁਲਜ਼ਾਰਾਂ ਲਾਉਣਗੇ,
ਕਲੀਆਂ ਦੀ ਕਾਇਆ ਪਲਟੇਗੀ,
ਫੁਲ ਹਸ ਹਸ ਘੁੰਡ ਉਠਾਉਣਗੇ,
ਮਹਿਕਾਂ ਦੇ ਦਫਤਰ ਖੁਲ੍ਹਣਗੇ,
ਭੌਰੇ ਅਸਮਾਨ ਗੁੰਜਾਉਣਗੇ,
ਰਹਿਮਤ ਦੇ ਬੱਦਲ ਚੜ੍ਹ ਚੜ੍ਹ ਕੇ,
ਬਰਕਤ ਦਾ ਮੀਂਹ ਬਰਸਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

2

ਜਦ ਦਿਲ ਨੂੰ ਧੂਹਾਂ ਪਾਣਗੀਆਂ,
ਜੂਹਾਂ ਇਸ ਸੁਰਗੀ ਦੇਸ ਦੀਆਂ,
ਜਲ-ਪੌਣ, ਪਹਾੜ, ਨਦੀ ਨਾਲੇ,
ਮੇਵੇ, ਫਲ-ਫੁਲ, ਹਰੀਆਂ ਫ਼ਸਲਾਂ,
ਰੂੰ, ਉੱਨ, ਪਛਮ, ਲੋਈਆਂ, ਕੰਬਲ,
ਸੂਸੀ, ਗਬਰੂਨਾਂ ਤੇ ਛੀਟਾਂ,
ਘਰ ਦੇ ਖੱਦਰ ਤੋਂ ਨੀਮ ਲਗਣ,
ਪਰਦੇਸਾਂ ਤੋਂ ਆਏ ਪੂੰ ਪਾਂ,
ਤ੍ਰਿੰਞਣਾਂ ਵਿਚ ਗੀਤ ਸੁਦੇਸ਼ੀ ਦੇ
ਕੁੜੀਆਂ ਦੇ ਝੁਰਮਟ ਗਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

3

ਜਦ ਨੀਂਦ ਅਸਾਡੀ ਉਘੜੇਗੀ,
ਪਲਟੇਗਾ ਦੌਰ ਜ਼ਮਾਨੇ ਦਾ,
ਵਰਕਾ ਉਲਟਾਇਆ ਜਾਵੇਗਾ,
ਖ਼ੁਦਗ਼ਰਜ਼ੀ ਦੇ ਅਫ਼ਸਾਨੇ ਦਾ,
ਸਾਕੀ ਦਰਵਾਜ਼ਾ ਖੋਲ੍ਹੇਗਾ,
ਰਲ ਬਹਿਣ ਲਈ ਮੈਖ਼ਾਨੇ ਦਾ,
ਸੁਰ ਹੋ ਜਾਵੇਗਾ ਤੰਬੂਰਾ,
ਵਿਗੜੇ ਹੋਏ ਪ੍ਰੇਮ ਤਰਾਨੇ ਦਾ,
ਮੰਦਰ ਵਿਚ ਜੱਫੀਆਂ ਪਾ ਪਾ ਕੇ
ਮਸਤਾਨੇ ਰਾਸ ਰਚਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

4

ਜਦ ਦਿਲ ਦਾ ਮੰਦਰ ਵੱਸੇਗਾ,
ਉਜੜੇਗਾ ਦੇਸ ਵਿਖਾਲੇ ਦਾ,
ਗਲ ਲਗਿਆਂ ਧਰਮ ਨ ਵਿਗੜੇਗਾ,
ਮੀਏਂ, ਭਾਈ ਤੇ ਲਾਲੇ ਦਾ,
ਗੁਰਦਵਾਰੇ ਵਿਚਦੀ ਲੰਘੇਗਾ,
ਰਾਹ ਮਸਜਿਦ ਅਤੇ ਸ਼ਿਵਾਲੇ ਦਾ,
ਰਲ ਘਿਉ-ਖਿਚੜੀ ਹੋ ਜਾਵੇਗਾ,
ਦਿਲ ਗੋਰੇ ਦਾ, ਚੰਮ ਕਾਲੇ ਦਾ,
ਸਭ ਰਲ ਮਿਲ ਭਾਰਤ ਮਾਤਾ ਨੂੰ,
ਸਰਧਾ ਦੇ ਫੁੱਲ ਚੜ੍ਹਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

5

ਜਦ ਮਰਦਾਂ ਨੂੰ ਜਚ ਜਾਏਗਾ,
ਮੁੱਲ ਧੁਰ ਦੀ ਸਾਥਣ ਨਾਰੀ ਦਾ,
ਸੰਗਲ ਟੁਟ ਜਾਊ ਗ਼ੁਲਾਮੀ ਦਾ,
ਵਿਦਯਾ ਦੇ ਨਾਲ ਸ਼ਿੰਗਾਰੀ ਦਾ,
ਲੜਨੋਂ ਕੁੜ੍ਹਨੋਂ ਇਕ ਪਾਸੇ ਹੋ,
ਛੋਹੇਗੀ ਕੰਮ ਉਸਾਰੀ ਦਾ,
ਜਣ ਜਣ ਕੇ ਜੋਧੇ ਦੇਸ਼-ਭਗਤ,
ਦਾਰੂ ਕਰਸੀ ਬੀਮਾਰੀ ਦਾ,
ਉਸ ਦੇ ਬਚੜੇ ਉਪਕਾਰ ਲਈ,
ਵਧ ਵਧ ਕੇ ਜਾਨ ਲੜਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

6

ਜਦ ਘਰ ਤੋਂ ਸਬਕ ਆਜ਼ਾਦੀ ਦਾ,
ਪੜ੍ਹਿਆ ਤੇ ਗਿੜ੍ਹਿਆ ਜਾਵੇਗਾ,
ਜੀਉਂਦਾ ਰਹਿਣਾ ਜੋ ਲੋਚੇਗਾ,
ਜੀਉਣਾ ਦੇਣਾ ਭੀ ਚਾਹਵੇਗਾ,
ਜੋ ਅਪਣੇ ਪੈਰੀਂ ਉਭਰੇਗਾ,
ਦੂਜੇ ਨੂੰ ਨਾਲ ਉਠਾਵੇਗਾ,
ਦੁਖੀਏ ਦੀ ਆਂਦਰ ਤਪਦੀ ਤਕ,
ਸੁਖੀਏ ਦਾ ਦਿਲ ਘਬਰਾਵੇਗਾ,
ਤਾਕਤ ਵਾਲੇ ਕਮਜ਼ੋਰਾਂ ਨੂੰ,
ਫੜ ਫੜ ਕੇ ਪਾਰ ਲੰਘਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

7

ਜਦ ਵਿਦਯਾ-ਸੂਰਜ ਚੜ੍ਹਦੇ ਤੋਂ
ਘਰ ਘਰ ਵਿਚ ਲੋ ਪਹੁੰਚਾਵੇਗਾ,
ਕਿਰਤੀ, ਵਿਰਤੀ, ਕਿਰਸਾਣ, ਕੁਲੀ,
ਅਨਪੜ੍ਹ ਕੋਈ ਨਜ਼ਰ ਨ ਆਵੇਗਾ,
ਕੋਈ ਰੇਡੀਓ ਪਿਆ ਸਮੇਟੇਗਾ,
ਕੋਈ ਬਿਜਲੀ ਪਿਆ ਦੁੜਾਵੇਗਾ,
ਵਿਸਕਰਮਾ, ਰਾਂਜਨ, ਐਡੀਸਨ,
ਕੋਈ ਬੋਸ ਟਿਗੋਰ ਕਹਾਵੇਗਾ,
ਖਿੜ ਖਿੜ ਕੇ ਫੁੱਲ ਦਾਨਾਈ ਦੇ,
ਮਾਇਆ ਦੀ ਮਹਿਕ ਖਿੰਡਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

8

ਜਦ ਮਿਹਨਤ ਨਾਲ ਮੁਹੱਬਤ ਪਾ,
ਉਛਲੇਗਾ ਲਹੂ ਪਸੀਨੇ ਦਾ,
ਸਾਗਰ ਤੋਂ ਰਤਨ ਉਛਾਲੇਗਾ,
ਬਲ ਹਿੰਦੁਸਤਾਨੀ ਸੀਨੇ ਦਾ,
ਸਰਮਾਏਦਾਰ ਤੇ ਕਿਰਤੀ ਦਾ,
ਜੁਗ ਹੋਸੀ ਛਾਪ-ਨਗੀਨੇ ਦਾ,
ਅੰਬਾਰ ਲਗਾਇਆ ਜਾਏਗਾ
ਧਰਤੀ ਵਿਚ ਲੁਕੇ ਦਫੀਨੇ ਦਾ,
ਕੁਦਰਤ ਦੇ ਗੁਪਤ ਖਜ਼ਾਨੇ ਚੋਂ
ਤਲਬਾਂ ਮਜ਼ਦੂਰ ਕਮਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

9

ਜਦ ਮਾਨੁਖਤਾ ਦਾ ਖੂਨ ਉਛਲ
ਢੂੰਡੇਗਾ ਰਾਹ ਰਸਾਈ ਦਾ,
ਜ਼ਾਹਰਦਾਰੀ ਦੇ ਖੰਡਰ ਤੇ
ਉਸਰੇਗਾ ਮਹਿਲ ਸਚਾਈ ਦਾ,
ਇਨਸਾਫ ਅਛੂਤਾਂ ਨਾਲ ਕਰੂ
ਹੰਕਾਰੀ ਦਿਲ ਪੰਡਤਾਈ ਦਾ,
ਇਕ ਰਬ ਦੇ ਸਾਰੇ ਬਚੜੇ ਬਣ
ਜੋੜਨਗੇ ਰਿਸ਼ਤਾ ਭਾਈ ਦਾ,
ਕਰ ਹਿੰਮਤ ਮੋਢੇ ਜੋੜ ਜੋੜ
ਦੁਨੀਆਂ ਦੀ ਦੌੜ ਮੁਕਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ਉਹ ਦਿਨ ਕਦ ਆਉਣਗੇ ?

ਉੱਤ੍ਰ

10

ਘਬਰਾਉਣ ਦੀ ਲੋੜ ਨਹੀਂ ਭਗਤ !
ਉਹ ਦਿਨ ਆਏ ਹੀ ਚਾਂਹਦੇ ਨੇ,
ਸਭ ਸੁਪਨੇ ਸਚੇ ਹੋਣ ਲਈ,
ਰਾਹ ਰਸਤੇ ਖੁਲ੍ਹਦੇ ਜਾਂਦੇ ਨੇ,
ਨਵ-ਯੁਵਕ ਉਮੰਗਾਂ ਨਾਲ ਭਰੇ
ਜਗਵੇਦੀ ਪਏ ਰਚਾਂਦੇ ਨੇ,
ਬੇੜਾ ਬੰਨੇ ਪਹੁੰਚਾਣ ਲਈ
ਮਸਤੌਲਾਂ ਪਏ ਚੜ੍ਹਾਂਦੇ ਨੇ,
ਇਸ ਸਾਹਸਤ ਹੀਣੇ ਭਾਰਤ ਦੇ,
ਮੁਕਤੀ ਦੇ ਦਿਨ ਭੀ ਆਉਣਗੇ,
ਦਿਨ ਆਉਣਗੇ, ਦਿਨ ਆਉਣਗੇ,
ਓਹ ਦਿਨ ਨਿਰਸੰਸੇ ਆਉਣਗੇ ।

20. ਦੋਹੜਾ

ਮੁੱਲਾਂ ਮਿਸ਼ਰ ਨਿਖੇੜੀ ਰਖਦੇ
ਲਾ ਲਾ ਗੁੱਝੀਆਂ ਅੱਗਾਂ,
ਲੈਕਚਰ ਕਰਦਿਆਂ ਜਾਣ ਨ ਡਿੱਠੇ
(ਜਦ) ਮੂੰਹੋਂ ਉਗਾਲਣ ਝੱਗਾਂ,
ਲੈ ਚੰਦਾ ਜਦ ਠੇਕੇ ਅਪੜੇ,
(ਤਦ) ਸੂਰਤ ਬਦਲੀ ਠੱਗਾਂ,
ਇੱਕੋ ਬੋਤਲ, ਇੱਕੋ ਠੂਠੀ
(ਅਤੇ) ਵੱਟੀਆਂ ਹੋਈਆਂ ਪੱਗਾਂ ।

21. ਤਿਆਰ ਹੋ

(ਗ਼ਜ਼ਲ)

ਓ ਨੀਂਦ ਵਿਚ ਲੁਟ ਚੁਕੇ ਮੁਸਾਫ਼ਿਰ !
ਤੂੰ ਉਠ ਕੇ ਬਹੁ ਹੋਸ਼ਿਆਰ ਹੋ ਜਾ ।
ਗੁਜ਼ਰ ਗਈ ਰਾਤ ਮੁਸ਼ਕਿਲਾਂ ਦੀ,
ਕਮਰਕਸਾ ਕਰ, ਤਿਆਰ ਹੋ ਜਾ ।

ਤੂੰ ਕੀ ਦਲੀਲਾਂ ਦੁੜਾ ਰਿਹਾ ਹੈਂ ?
ਕਿਨਾਰੇ ਬਹਿ ਬਹਿ ਔਕੜਾਂ ਦੇ,
ਛਲਾਂਗ ਲਾ ਇਕ ਬਹਾਦੁਰਾਂ ਦੀ
ਤੇ ਇਸ ਸਮੁੰਦਰ ਤੋਂ ਪਾਰ ਹੋ ਜਾ ।

ਜੇ ਰੋੜ੍ਹ ਆਵੇ ਮੁਸੀਬਤਾਂ ਦਾ,
ਤੂੰ ਮੂੰਹ ਭੁਆ ਦੇ, ਚਿਟਾਨ ਬਣ ਕੇ,
ਜੇ ਮੁਸ਼ਕਿਲਾਂ ਦਾ ਪਹਾੜ ਵੇਖੇਂ
ਤਾਂ ਉਸ ਦੇ ਸਿਰ ਤੇ ਸਵਾਰ ਹੋ ਜਾ ।

ਅਛੂਤ, ਬਾਹਮਣ, ਪੁਜਾਰੀ, ਹਰਿਜਨ,
ਮਲੇਛ, ਕਾਫ਼ਰ ਤੇ ਹਿੰਦੂ, ਮੋਮਨ,
ਜੋ ਸਭ ਦਾ ਦਿਲ ਧੋ ਕੇ ਸਾਫ ਕਰ ਦੇ,
ਤੂੰ ਓਸ ਗੰਗਾ ਦੀ ਧਾਰ ਹੋ ਜਾ ।

ਨਿਮਾਜ਼ ਰੋਜ਼ੇ ਤੇ ਪਾਠ ਪੂਜਾ ਤੋਂ
ਦਿਲ ਤੇਰਾ ਜੇ ਉਟਕ ਗਿਆ ਹੈ,
ਤਾਂ ਮਰ ਨ ਐਵੇਂ ਹਰਾਮ ਮੌਤੇ,
ਵਤਨ ਦਾ ਖ਼ਿਦਮਤਗੁਜ਼ਾਰ ਹੋ ਜਾ ।

22. ਕਿਉਂ ?

ਸਾਗਰੋਂ ਬੂੰਦ ਨਿਖੇੜ ਕੇ, ਦਿੱਤੋ ਈ ਹੇਠ ਉਤਾਰ ਕਿਉਂ ?
ਬੈਠੀ ਬਿਠਾਈ ਜਿੰਦ ਨੂੰ, ਪਾਈ ਕਠਿਨ ਵਿਗਾਰ ਕਿਉਂ ?

ਵੇਖਣੀ ਹੀ ਜੇ ਮੌਜ ਸੀ, ਆਪਣੀ ਖੇਡ ਖਿਲਾਰ ਕੇ,
ਮੇਰੇ ਦੁਆਲੇ ਤਾਣਿਆ, ਜੰਗਲਾ ਖ਼ਾਰਦਾਰ ਕਿਉਂ ?

ਮੈਂ ਤੇ ਨਹੀਂ ਸੀ ਆਖਿਆ- ਵਖ ਵਜੂਦ ਕਰ ਮਿਰਾ,
ਆਪਣਾ ਆਪ ਗੁਆਇ ਕੇ, ਹੁੰਦਾ ਫਿਰਾਂ ਖ਼ੁਆਰ ਕਿਉਂ ?

ਗੁੰਝਲਾਂ ਨਾਲ ਭਰੇ ਪਏ, ਲੰਮੜੇ ਪੰਧ ਤੇ ਤੋਰ ਕੇ,
ਵੇਖ ਤੇ ਲੈਣ ਦੇ ਰੌਣਕਾਂ, ਹੁੰਨਾ ਏਂ ਬੇਕਰਾਰ ਕਿਉਂ ?

ਲਾਈ ਗਈ ਸੀ ਲਾਗ ਜੇ ਮੇਰੇ ਖ਼ਮੀਰ ਨੂੰ ਇਸ਼ਕ ਦੀ,
ਟੋਕਿਆ ਜਾਏ ਫੇਰ ਮੇਰਾ, ਹੁਸਨ ਦੇ ਨਾਲ ਪਿਆਰ ਕਿਉਂ ?

ਮਾਰੀ ਗਈ ਸੀ ਫੂਕ ਜੇ ਕੰਨ ਵਲ੍ਹੇਟ ਕੇ ਤੁਰਨ ਦੀ,
ਐਡੀਆਂ ਉੱਚੀਆਂ ਕਾਮਨਾਂ ਦਿੱਤੀਆਂ ਨਾਲ ਖਲ੍ਹਾਰ ਕਿਉਂ ?

ਮੇਰੇ ਸਿਆਹ ਸਫੈਦ ਤੇ ਜਦ ਤੇਰਾ ਅਖਤਿਆਰ ਹੈ,
ਫਲ ਨਾਲ ਕੀ ਮੇਰਾ ਵਾਸਤਾ ? ਮੈਂ ਹੀ ਜਵਾਬਦਾਰ ਕਿਉਂ ?

ਮੈਂ ਜੂ ਹਾਂ ਤੇਰੀ ਤਲਾਸ਼ ਵਿਚ, ਤੂੰ ਭੀ ਮੇਰੀ ਉਡੀਕ ਵਿਚ,
ਐਡੀਆਂ ਕਾਹਲੀਆਂ ਕਿਸ ਲਈ ? ਹੋਵਾਂ ਹੁਣੇ ਤਿਆਰ ਕਿਉਂ ?

ਮੈਂ ਜੂ ਤੇਰੀ ਸ਼ਾਨ ਹਾਂ, ਤੂੰ ਮੇਰੀ ਆਬਰੂ ਬਣਾ,
ਕੱਲਾ ਤੂੰ ਬੇਨਿਆਜ਼ ਕਿਉਂ ? ਕੱਲਾ ਮੈਂ ਗੁਨਹਗਾਰ ਕਿਉਂ ?

23. ਸਮੇਂ ਦੀ ਬਹਾਰ

(ਗੀਤ)

ਨਵੀਓਂ ਨਵੀਂ ਬਹਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

1

ਨਵੇਂ ਸਮੇਂ ਦੇ ਨਵੇਂ ਨਜ਼ਾਰੇ,
ਨਵੀਂ ਜਵਾਨੀ, ਨਵੇਂ ਹੁਲਾਰੇ,
ਨਵੇਂ ਬਜ਼ਾਰ, ਤਮਾਸ਼ੇ, ਮੇਲੇ,
ਨਵੇਂ ਹੁਸੀਨ, ਨਵੇਂ ਅਲਬੇਲੇ,
ਨਵੀਂ ਨਸ਼ੇ ਦੀ ਤਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

2

ਪਿਛਲੀ ਹੋ ਗਈ ਗੱਲ ਪੁਰਾਣੀ,
ਨਵਿਆਂ ਛੋਹੀ ਨਵੀਂ ਕਹਾਣੀ ।
ਪਿਛਲੇ ਲੀਹਾਂ ਨਾਲ ਖਲੋ ਗਏ,
ਨਵੇਂ ਨਿਸ਼ਾਨ ਅਗੇਰੇ ਹੋ ਗਏ,
ਬਦਲ ਗਿਆ ਸੰਸਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

3

ਕੁਦਰਤ ਅਦਲ ਬਦਲ ਤੇ ਹੱਸੀ,
ਨਵੀਂ ਸੜਕ ਨਵਿਆਂ ਨੂੰ ਦੱਸੀ ।
ਸਹਿਮ ਗ਼ੁਲਾਮੀ ਅੰਦਰ ਵੜ ਗਈ,
ਆਜ਼ਾਦੀ ਕੋਠੇ ਤੇ ਚੜ੍ਹ ਗਈ,
ਲਿਆ ਮੋਰਚਾ ਮਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

4

ਰਹੇ ਪੁਰਾਣੇ ਰੌਲਾ ਪਾਂਦੇ,
ਨਵੇਂ ਵਧ ਗਏ ਹਸਦੇ ਗਾਂਦੇ ।
ਨੱਚ ਖਲੋਤੀ ਫਿਰਕੇਦਾਰੀ,
ਮਚਲਾ ਹੋ ਗਿਆ ਚਤੁਰ ਮਦਾਰੀ,
ਲੱਗਾ ਦੇਣ ਪਿਆਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

5

ਬਾਬਾ ! ਰਾਹੋਂ ਲਾਂਭੇ ਹੋ ਜਾ,
ਜਾਂ ਨਵਿਆਂ ਦੇ ਨਾਲ ਖਲੋ ਜਾ ।
ਪਿਛਲੀਆਂ ਲਹਿਰਾਂ ਕਿੱਥੇ ਗਈਆਂ,
ਇਹ ਹੁਣ ਹੰਭਲੇ ਮਾਰਨ ਪਈਆਂ,
ਅਗਲੀਆਂ ਹੋਰ ਤਿਆਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

6

ਤੱਤੇ ਠੰਢੇ ਸਮੇਂ ਸਮੋਏ,
ਵਕਤ ਨਜਿੱਠਣ ਕੱਠੇ ਹੋਏ ।
ਜੁਗ ਜੁਗ ਚਕ੍ਰ ਕਾਲ ਦਾ ਚੱਲੇ,
ਔਖੇ, ਹੁੰਦੇ ਜਾਣ ਸੁਖੱਲੇ,
ਤੁਰੀ ਰਹੇ ਰਫ਼ਤਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

24. ਸ਼ਾਵਾ ਸ਼ੇ !

1

ਦੁਨੀਆਂ ਦੀ ਦੌੜੋਂ ਪਛੜ ਗਏ-
ਪਾਂਧੀ ! ਹਿੰਮਤ ਨਹੀਂ ਹਾਰੀ ਦੀ,
ਸ਼ੇਰਾਂ ਨੂੰ ਝੁਰਨਾ ਕੀ ਆਖੇ,
ਢੇਰੀ ਨਹੀਂ ਢਾਹੀ ਉਸਾਰੀ ਦੀ ।

2

ਕਿਸਮਤ ਨੂੰ ਬਹਿ ਬਹਿ ਯਾਦ ਨ ਕਰ,
ਨਾਕਾਮੀ ਦੀ ਫ਼ਰਯਾਦ ਨ ਕਰ,
ਤਾਕਤ ਨੂੰ ਇਉਂ ਬਰਬਾਦ ਨ ਕਰ,
ਹਾਜਤ ਨਹੀਂ ਗਿਲਹ ਗੁਜ਼ਾਰੀ ਦੀ ।

3

ਜਿਸ ਦਿਲ ਨੂੰ ਪਿਆ ਡੁਲਾਂਦਾ ਹੈਂ,
ਫ਼ਿਕਰਾਂ ਵਿਚ ਗੋਤੇ ਖਾਂਦਾ ਹੈਂ,
ਏਸੇ ਨੂੰ ਰਬ ਨੇ ਸੌਂਪੀ ਹੈ,
ਸਰਦਾਰੀ ਦੁਨੀਆਂ ਸਾਰੀ ਦੀ ।

4

ਦਿਲ ਊੜਾ ਹੈ ਅਫ਼ਸਾਨੇ ਦਾ,
ਵਰਤਾਵਾ ਹੈ ਮੈਖ਼ਾਨੇ ਦਾ,
ਦਿਲ ਨੇ ਹੀ ਆ ਕੇ ਹਰਕਤ ਵਿਚ,
ਛੇੜੀ ਸੀ ਖੇਡ ਮਦਾਰੀ ਦੀ ।
5

ਦਿਲ ਮੁਰਦਾ ਰੂਹਾਂ ਜਿਵਾ ਸਕਦਾ ਏ,
ਦਿਲ ਪੱਥਰਾਂ ਨੂੰ ਪੰਘਰਾ ਸਕਦਾ ਏ,
ਦੁਨੀਆਂ ਉਲਟਾ ਪਲਟਾ ਸਕਦਾ ਏ,
ਬਣ ਔਖਧਿ ਹਰ ਬੀਮਾਰੀ ਦੀ ।

6

ਪ੍ਰਹਿਲਾਦ ਦੇ ਦਿਲ ਦਾ ਚੇਤਾ ਕਰ,
ਫ਼ਰਿਹਾਦ ਦੇ ਦਿਲ ਦਾ ਚੇਤਾ ਕਰ,
ਦਿਲ ਨੇ ਹੀ ਨਹੀਂ ਸੀ ਲਾਜ ਰਖੀ ?
ਇਕ ਨੰਗੀ ਹੋ ਰਹੀ ਨਾਰੀ ਦੀ ।

7

ਜਦ ਦਿਲ ਤੇਰਾ ਤੁਲ ਜਾਵੇਗਾ,
ਤਾਰੇ ਭੀ ਤੋੜ ਲਿਆਵੇਗਾ,
ਇਸ ਦਿਲ ਥੀਂ ਉਠੇ ਇਰਾਦੇ ਤੇ
ਬਰਸੇਗੀ ਰਹਿਮਤ ਬਾਰੀ ਦੀ ।

8

ਉਠ, ਹਿੰਮਤ ਕਰ, ਤੇ ਤਣ ਜਾ ਫਿਰ,
ਜੋ ਬਣਨਾ ਚਾਹੇਂ ਬਣ ਜਾ ਫਿਰ,
ਚਾਹੇ ਬਹਿ ਜਾ ਰਾਜ-ਸਿੰਘਾਸਣ ਤੇ,
ਚਾਹੇ ਕਫ਼ਨੀ ਪਹਿਨ ਭਿਖਾਰੀ ਦੀ ।

25. ਭਾਰਤ ਵਾਲੇ !

ਉਜੜੇ ਪੁਜੜੇ ਭਾਰਤ ਵਾਲੇ !
ਰਸਤੇ ਸਿਰ ਭੀ ਆਇਆ ਕਰ !
ਅਪਣੀ ਹਾਲਤ ਤੇ, ਬੇ ਕਿਰਕਾ !
ਤਰਸ ਕਦੀ ਤੇ ਖਾਇਆ ਕਰ !

ਠੇਡੇ ਖਾਂਦਿਆਂ ਧੌਲੇ ਆ ਗਏ,
ਹੁਣ ਤਾਂ ਹੋਸ਼ ਟਿਕਾਣੇ ਕਰ,
ਵਿਗੜੀ ਹੋਈ ਤਾਣੀ ਨੂੰ ਭੀ
ਬੈਠ ਕਦੀ ਸੁਲਝਾਇਆ ਕਰ !

ਘਰ ਦੀ ਲੰਕਾ ਫੂਕ ਫੁਕਾ ਕੇ,
ਹਸਨਾ ਏਂ ਬਹਿ ਰੂੜੀ ਤੇ,
ਉਜੜੀ ਖੇਪ ਸੰਭਾਲਣ ਦੀ ਭੀ
ਬਣਤਰ ਕੋਈ ਬਣਾਇਆ ਕਰ !

ਕੀ ਕੀ ਸ਼ਾਨ ਸ਼ਹਾਨਾ ਤੇਰੀ,
ਕੀ ਕਰਤੂਤ ਖਿਲਾਰੀ ਊ ?
ਦੋਸਤ ਦੁਸ਼ਮਣ ਪਰਖਣ ਦਾ ਭੀ
ਦਿਲ ਨੂੰ ਸਬਕ ਸਿਖਾਇਆ ਕਰ !

ਦੀਨ ਧਰਮ ਦੀਆਂ ਵੱਟਾਂ ਪਾ ਪਾ,
ਕੱਛਾਂ ਬੜੀਆਂ ਮਾਰੇਂ ਤੂੰ
ਫ਼ਿਰਕੇਦਾਰੀ ਨੂੰ ਫੋੜੇ ਤੇ
ਰਗੜ ਰਗੜ ਕੇ ਲਾਇਆ ਕਰ !

ਹਿੱਸੇ ਬਖ਼ਰੇ ਵੰਡਣ ਵਿਚ ਤਾਂ
ਹੋ ਗਿਓਂ ਬਹੁਤ ਸਿਆਣਾ ਤੂੰ,
ਮਿਲ ਬੈਠਣ ਦੀ ਬਰਕਤ ਦੀ ਭੀ
ਕੀਮਤ ਕੋਈ ਪਾਇਆ ਕਰ !

ਪੁਣ ਛਾਣਾਂ ਵਿਚ ਆਟਾ ਕਿਰ ਗਿਆ,
ਰੋ ਬਹਿ ਬਹਿ ਕੇ ਲੇਖਾਂ ਨੂੰ,
ਬਾਲ ਬਚੇ ਨੂੰ ਫਾਹੇ ਦੇ ਕੇ
ਫੋਕੇ ਸੰਖ ਵਜਾਇਆ ਕਰ !

ਇਕਸੇ ਬੂਟੇ ਦੇ ਫੁਲ ਹੋ ਕੇ
ਖਾਣੀ ਖ਼ਾਰ ਨ ਚੰਗੀ ਏ,
ਅਪਣੇ ਵੀਰਾਂ ਕੋਲੋਂ, ਪਾਗ਼ਲ !
ਡਰ ਡਰ ਨਾ ਘਬਰਾਇਆ ਕਰ !

ਕਰ ਕਰ ਘੋਲ, ਚੁਰਾਹੇ ਦੇ ਵਿਚ
ਹਾਂਡੀ ਤੇਰੀ ਭਜਦੀ ਏ,
ਦੇ ਦੇ ਪੱਗ ਪਰਾਏ ਹੱਥੀਂ,
ਅਹਿਮਕ ਨਾ ਅਖਵਾਇਆ ਕਰ !

26. ਜੀਉਂਦਾ ਰੱਬ

1

ਓ ਰਾਮ ਪਿਆਰੇ ! ਓ ਅੱਲਾ ਵਾਲੇ !
ਓ ਸਾਈਂ ਲੋਕਾ ! ਓ ਭੋਲੇ ਭਾਲੇ !
ਤੂੰ ਵਿਚ ਹਨੇਰੇ, ਕੀ ਖੂੰਜਾਂ ਫੋਲੇਂ ?
ਕੀ ਪਾਣੀ ਰਿੜਕੇਂ, ਤੇ ਮੱਖਣ ਟੋਲੇਂ ?
ਕੀ ਰਗੜ ਚਨਾਠੀ, ਪਿਆ ਤਿਲਕ ਲਗਾਵੇਂ ?
ਕਿਸ ਰਬ ਦੇ ਕੰਨਾਂ ਵਿਚ ਸੰਖ ਵਜਾਵੇਂ ?
ਭੁਗਤਾਵੇਂ ਲੇਖੇ ਕੀ ਫੜ ਫੜ ਮਾਲਾ ?
ਕੀ ਜੋਤ ਜਗਾ ਕੇ ਪਿਆ ਕਰੇਂ ਉਜਾਲਾ ?
ਤੂੰ ਰਬ ਨੂੰ ਭਾਲੇਂ ਕਿਉਂ ਵਿਚ ਹਨੇਰੇ ?
ਨਹੀਂ ਉਨ੍ਹ ਸੁਖਾਂਦੇ ਏਹ ਵਲਗਣ ਘੇਰੇ ।
ਉਹ ਤੰਗ ਮਕਾਨੀਂ, ਨਹੀਂ ਲੁਕ ਲੁਕ ਬਹਿੰਦਾ,
ਕਲਬੂਤਾਂ ਅੰਦਰ, ਨਹੀਂ ਤੜਿਆ ਰਹਿੰਦਾ ।
ਉਹ ਜੀਵੇ ਜਾਗੇ, ਤੇ ਹੱਸੇ ਗਾਵੇ,
ਵਿਚ ਖੁਲ੍ਹੇ ਮਦਾਨਾਂ ਦੇ ਰਾਸਾਂ ਪਾਵੇ ।
ਆ ਬਾਹਰ ਚਲ ਕੇ ਇਕ ਝਾਤੀ ਪਾਈਏ,
ਇਸ ਜੀਉਂਦੇ ਰੱਬ ਦਾ ਅਣਦਾਜ਼ਾ ਲਾਈਏ ।

2

ਤਕ ਅਰਸ਼ੀ ਤੰਬੂ, ਤੇ ਜੜੇ ਸਤਾਰੇ,
ਤਕ ਤ੍ਰੇਲ ਉਤਰ ਕੇ, ਪਈ ਠੰਢ ਪਸਾਰੇ !
ਤਕ ਭਿੰਨੀ ਭਿੰਨੀ ਵਾ ਪੈਲਾਂ ਪਾਂਦੀ,
ਤੇ ਸੁਤੀਆਂ ਕਲੀਆਂ ਨੂੰ ਹੁਣ ਜਗਾਂਦੀ ।
ਤਕ ਚੜ੍ਹਦੇ ਪਾਸੇ, ਪਹੁ ਫੁਟਦੀ ਲਾਲੀ,
ਰਬ ਹਸ ਹਸ ਇਸ ਵਿਚ ਪਿਆ ਦੇਇ ਦਿਖਾਲੀ ।
ਇਕ ਟੰਗ ਸਹਾਰੇ, ਤਕ ਬਿਰਛ ਖਲੋਤੇ,
ਤਕ ਕੂਲੇ ਪੱਤਰ, ਕਿਆ ਨ੍ਹਾਤੇ ਧੋਤੇ !
ਫੁਲ ਰੰਗ ਬਰੰਗੇ, ਤਕ ਖਿੜ ਖਿੜ ਹਸਦੇ !
ਤਕ ਫਲ ਤੇ ਮੇਵੇ, ਪਏ ਪਕਦੇ ਰਸਦੇ !
ਔਹ ਦੇਖ ਉਚੇਰੇ, ਕੀ ਪੰਛੀ ਗਾਂਦੇ ?
ਇਸ ਜੀਉਂਦੇ ਰਬ ਦੀ, ਪਏ ਸਿਫਤ ਸੁਣਾਂਦੇ !
ਇਹ ਓਸੇ ਰਬ ਨੇ-ਹੈ ਰੌਣਕ ਲਾਈ,
ਤੂੰ ਜਿਸ ਨੂੰ ਲਭਦਾ ਹੋ ਗਿਓਂ ਸੁਦਾਈ ।

3

ਇਸ ਮੂੰਹ ਹਨੇਰੇ ਤਕ ਪਿੰਡ ਦੀਆਂ ਜੂਹਾਂ,
ਹਲ ਵਾਹੁਣ ਚਲੀਆਂ ਨੀਂ ਰਬ ਦੀਆਂ ਰੂਹਾਂ ।
ਤਕ ਕਿਲ੍ਹਦੇ ਢੱਗੇ, ਭੁਇੰ ਧਸਦੇ ਫਾਲੇ,
ਤੇ ਸ਼ੇਰ ਖ਼ੁਦਾ ਦਾ ਪਿਆ ਚਰਬੀ ਢਾਲੇ ।
ਇਹ ਵਾਹੇ ਬੀਜੇ, ਗਾਹ ਢੇਰ ਲਗਾਵੇ,
ਭਰ ਭਰ ਕੇ ਗੱਡੇ, ਸਭ ਸ਼ਹਿਰ ਪੁਚਾਵੇ ।
ਇਹ ਲਹੂ ਚੁਆ ਕੇ, ਸਭ ਦੁਨੀਆਂ ਪਾਲੇ,
ਪਰ ਆਪ ਨਿਮਾਣਾ, ਨਿਤ ਜੱਫਰ ਜਾਲੇ ।
ਨਾ ਚਜ ਦਾ ਲੀੜਾ, ਨਾ ਚਜ ਦਾ ਖਾਣਾ,
ਪਰਭਾਤੇ ਜਾਣਾ, ਦਿਨ ਲੱਥੇ ਆਣਾ ।
ਪਰ ਜਦ ਭੀ ਵੇਖੋ, ਇਹ ਹਸਦਾ ਗਾਂਦਾ,
ਨਹੀਂ ਝੋਰੇ ਝੁਰਦਾ, ਨਹੀਂ ਚਿੰਤਾ ਲਾਂਦਾ ।
ਇਹ ਸਾਬਰ ਸੀਨਾ ਹੈ ਰਬ ਦਾ ਮੰਦਰ,
ਇਸ ਮੱਥੇ ਉੱਤੇ, ਇਸ ਦਿਲ ਦੇ ਅੰਦਰ,
ਰਬ ਮੂੰਹੋਂ ਬੋਲੇ ਤੇ ਖਿੜ ਖਿੜ ਹੱਸੇ,
ਸਚ ਮੁਚ ਦਾ ਜੀਊਂਦਾ ਰਬ ਏਥੇ ਵੱਸੇ ।

4

ਆ ਵੇਖਣ ਚਲੀਏ, ਕੁਝ ਹੋਰ ਅਗੇਰੇ,
ਔਹ ਛਪਰਾਂ ਛੰਨਾਂ ਵਿਚ ਵੇਖ ਪਥੇਰੇ !
ਕੋਈ ਕਹੀ ਚਲਾਵੇ, ਕੋਈ ਪਾਣੀ ਢੋਵੇ,
ਕੋਈ ਇੱਟਾਂ ਪੱਥੇ, ਕੋਈ ਮਿੱਟੀ ਗੋਵੇ ।
ਸਭ ਜੋੜੀ ਜਾਂਦੇ, ਪਾਲਾਂ ਦੀਆਂ ਪਾਲਾਂ,
ਪਹੁ ਫੁਟੀਓਂ ਛੋਂਹਦੇ, ਪਾ ਦੇਣ ਤਿਕਾਲਾਂ ।
ਏਹ ਮਹਿਲ-ਮੁਨਾਰੇ ਸਭ ਏਹੋ ਬਣਾਂਦੇ,
ਪਰ ਆਪ ਉਜਾੜਾਂ ਵਿਚ ਉਮਰ ਲੰਘਾਂਦੇ ।
ਕਿਸਮਤ ਤੇ ਸ਼ਾਕਰ ਰਖ ਸਿਦਕ ਸਬੂਰੀ,
ਖਾ ਰੁੱਖੀ ਮਿੱਸੀ, ਨਿੱਤ ਕਰਨ ਮਜੂਰੀ ।
ਨਾ ਉਚੀਆਂ ਹਿਰਸਾਂ, ਨਾ ਗਿਲਹ ਗੁਜ਼ਾਰੀ,
ਨਾ ਪੋਚਾਪਾਚੀ, ਨਾ ਦੁਨੀਆਂਦਾਰੀ ।
ਨਿਤ ਹਸਦੇ ਮੱਥੇ ਤੇ ਨੂਰ ਇਲਾਹੀ,
ਸੰਤੁਸ਼ਟ ਕਲੇਜਾ ਤੇ ਬੇਪਰਵਾਹੀ ।
ਇਸ ਵਖਰੀ ਦੁਨੀਆਂ ਦਾ ਵੇਖ ਨਜ਼ਾਰਾ,
ਇਸ ਭੋਲੇ ਦਿਲ ਵਿਚ, ਰਬ ਲਿਆ ਉਤਾਰਾ ।

5

ਆ ਉਰਲੇ ਪਾਸੇ, ਅਸਟੇਸ਼ਨ ਉੱਤੇ,
ਤਕ ਮਿਹਨਤ ਹੁੰਦੀ, ਗਰਮੀ ਦੀ ਰੁੱਤੇ ।
ਔਹ ਤਕ ਦੋ ਗਾਡੀ ਪਏ ਬਿੱਦਾਂ ਢੋਂਦੇ,
ਤਕ ਚਰਬੀ ਢਲਦੀ ਤੇ ਮੁੜ੍ਹਕੇ ਚੋਂਦੇ ।
ਏਹ ਲੱਠੇ ਖਾਸੇ ਤੇ ਗਰੀ ਛੁਹਾਰੇ,
ਸਭ ਲੋਕਾਂ ਜੋਗੇ ਪਏ ਢੋਣ ਵਿਚਾਰੇ ।
ਏਹ ਲਿਆ ਸਕਦੇ ਨਂੇ, ਪਰ ਪਾ ਨਹੀਂ ਸਕਦੇ,
ਏਹ ਛੁਹ ਸਕਦੇ ਨੇਂ, ਪਰ ਖਾ ਨਹੀਂ ਸਕਦੇ ।
ਨਹੀਂ ਚੀਜ਼ ਅਮਾਨਤ ਵਲ ਧਿਆਨ ਇਨ੍ਹਾਂ ਦਾ,
ਵਿਚਕਾਰ ਖਲੋਤਾ, ਈਮਾਨ ਇਨ੍ਹਾਂ ਦਾ ।
ਜੇ ਪੌਲੇ ਧੇਲੀ ਦੀ ਕਾਰ ਕਰਨਗੇ ।
ਉਹ ਹੱਕ-ਹਲਾਲੀ, ਖਾ ਪੇਟ ਭਰਨਗੇ ।
ਜਦ ਬਾਲ ਬਚੇ ਨੂੰ ਆ ਛਾਤੀ ਲਾਂਦੇ,
ਸਭ ਫੱਟ ਥਕੇਵੇਂ ਦੇ ਸੀਤੇ ਜਾਂਦੇ ।
ਨੈਣਾਂ ਵਿਚ ਲਿਸ਼ਕਣ ਨੂਰਾਨੀ ਤਾਰੇ,
ਮਥਿਆਂ ਤੇ ਖੇੜਾ ਪਿਆ ਜਿੰਦਾਂ ਠਾਰੇ ।
ਇਸ ਕੁੱਲੇ ਅੰਦਰ ਰਬ ਨੱਠਾ ਆਵੇ,
ਦਿਲਬਰੀਆਂ ਦੇਵੇ ਤੇ ਦਰਦ ਵੰਡਾਵੇ ।
ਇਸ ਜੀਉਂਦੇ ਰਬ ਨੂੰ ਕੋਈ ਜੀਉਂਦਾ ਤੱਕੇ,
ਪਰ ਮੋਏ ਮਨਾਂ ਨੂੰ ਇਹ ਪੋਹ ਨ ਸੱਕੇ ।

6

ਤੂੰ ਮੋਏ ਰਬ ਦੇ ਪਿਆ ਮੂੰਹ ਵਲ ਤੱਕੇਂ,
ਪਰ ਜੀਉਂਦੇ ਰਬ ਨੂੰ ਪਰਚਾਇ ਨ ਸੱਕੇਂ,
ਆ ਇਨ੍ਹਾਂ ਗ਼ਰੀਬਾਂ ਦਾ ਰੱਬ ਧਿਆਈਏ,
ਕੁਝ ਪੂਜਾ ਕਰੀਏ, ਕੋਈ ਭੇਟ ਚੜ੍ਹਾਈਏ ।
ਨਾਸੂਰ ਇਨ੍ਹਾਂ ਦੇ, ਕੁਝ ਪਾ ਕੇ ਭਰੀਏ,
ਇਹ ਔਖੀ ਘਾਟੀ, ਕੁਝ ਹੌਲੀ ਕਰੀਏ ।
ਜੇ ਆਸੇ ਪਾਸੇ ਦੀ ਅੱਗ ਨ ਬੁੱਝੀ,
ਸਾੜੇਗੀ ਸਾਨੂੰ ਭੀ ਗਰਮੀ ਗੁੱਝੀ ।
ਜਦ ਤੀਕ ਚੁਫੇਰੇ ਦੀ ਵਾ ਨਹੀਂ ਠਰਦੀ,
ਨਹੀਂ ਸੀਤਲ ਹੋਣੀ ਵਾ ਤੇਰੇ ਘਰ ਦੀ ।
ਤੂੰ ਚੌੜਾ ਹੋ ਜਾ, ਰਬ ਚੌੜੇ ਅੱਗੇ,
ਤਾਂ ਮਿੱਠੀ ਮਿੱਠੀ ਇਹ ਦੁਨੀਆਂ ਲੱਗੇ ।

27. ਦੋਹੜਾ

ਜਿਉਂ ਜਿਉਂ
ਸਬਕ ਪੜ੍ਹਾਵੇਂ
ਮੁੱਲਾਂ !
(ਸਾਨੂੰ) ਪਿਛਲਾ ਭੁਲਦਾ ਜਾਵੇ,
ਚੜ੍ਹਿਆਂ ਸਾਣ
ਅਕਲ ਹੋਈ ਖੁੰਢੀ
(ਸਾਨੂੰ) ਭਰਮਾਂ ਦੇ ਵਿਚ ਪਾਵੇ ।
ਕਿਉਂ ਨਹੀਂ
ਇੱਕੋ ਅਲਫ ਰਟਾਂਦਾ,
(ਜਿਹਨੂੰ) ਸਾਰੀ ਦੁਨੀਆਂ ਵਾਚੇ,
ਨਵੀਆਂ ਨਵੀਆਂ
ਵੇਖ ਕਿਤਾਬਾਂ,
(ਮਤੇ) ਇਕ ਵੀ ਹੱਥ ਨ ਆਵੇ ।

28. ਦੋਹੜਾ

ਜਗ ਵਿਚ ਜਿਸ ਨੂੰ,
ਜੁੜ ਜਾਂਦੀ ਹੈ
ਖੰਨੀ ਮੰਨੀ ਖਾਣ ਲਈ,
ਕੁੱਲੀ ਬਹਿਣ ਬਹਾਣ ਲਈ
ਤੇ
ਜੁੱਲੀ ਰਾਤ ਲੰਘਾਣ ਲਈ,
ਬਰਦਾ ਨਹੀਂ ਕਿਸੇ ਦਾ
ਤੇ ਨਾ
ਹੁਕਮ ਕਿਸੇ ਤੇ ਕਰਦਾ ਹੈ,
ਕਹੁ ਸੂ
ਖੁਸ਼ੀਆਂ ਮਾਣ,
ਕਿ
ਕਾਫ਼ੀ ਹੈ ਇਹ ਉਮਰ ਬਿਤਾਣ ਲਈ ।

(ਉਮਰ ਖ਼ਿਆਮ)

29. ਕ੍ਰਿਸਾਣ ਨੂੰ

1

ਚੌਧਰੀ ਬਹਾਦਰਾ !
ਤੂੰ ਗੀਟੀਆਂ ਕੀ ਗਾਲਨਾ ਏਂ ?
ਕਿਹੜੇ ਦੁੱਖ ਨਾਲ ਹੈ ਬਿਤਾਲਾ ਜਿਹਾ ਤਾਲ ਤੇਰਾ ?
ਮਿਲਖਾਂ-ਜਗੀਰਾਂ ਦਿਆ ਮਾਲਕਾ !
ਤੂੰ ਲੱਕ ਬੰਨ੍ਹ,
ਢਿੱਗੀ ਕੇਹੀ ਢਾਈ ?
ਕਿੱਧਰ ਜਾ ਪਿਆ ਖ਼ਿਆਲ ਤੇਰਾ ?
ਝੂਰੇ ਤੇਰਾ ਛਿੱਤਰ, ਤੇ ਹੁੱਸੜੇ ਬਲਾ ਤੇਰੀ,
ਜੰਮਿਆ ਏ ਕੌਣ ਵਿੰਗਾ ਕਰਨ ਵਾਲਾ ਵਾਲ ਤੇਰਾ ?

2

ਸਰ ਤੇ ਵਜ਼ੀਰ ਤੇਰੇ,
ਕੌਂਸਲਾਂ ਦੇ ਮੀਰ ਤੇਰੇ,
ਜੱਜ ਤੇ ਸਫੀਰ ਤੇਰੇ,
ਰਾਜੇ, ਸਰਦਾਰ ਤੇਰੇ,
ਮਲਕ ਤੇ ਨਵਾਬ ਤੇਰੇ,
ਤਕਮੇ ਤੇ ਖ਼ਿਤਾਬ ਤੇਰੇ,
ਖ਼ਾਨ, ਸੁਲਤਾਨ, ਕਪਤਾਨ, ਸੂਬੇਦਾਰ ਤੇਰੇ,
ਰਬ ਦੀ ਜ਼ਮੀਨ ਤੇਰੀ,
ਅੰਨ ਦੇ ਅੰਬਾਰ ਤੇਰੇ,
ਦੇਸ ਦੀ ਆਬਾਦੀ ਵਿਚ ਪੰਜਾਂ ਵਿੱਚੋਂ ਚਾਰ ਤੇਰੇ,
ਕੁੰਜੀ ਤੇਰੇ ਹਥ,
ਦਰਬਾਰ ਤੇਰੀ ਮੁੱਠ ਵਿੱਚ,
ਹੁਕਮ ਤੇਰਾ, ਜ਼ੋਰ ਤੇਰਾ, ਹੁੱਦੇ-ਅਖ਼ਤਿਆਰ ਤੇਰੇ ।

3

ਰੱਬ ਲਾਇਆ ਭਾਗ, ਤੇਰੇ ਬਾਗ਼ ਤੇ ਬਹਾਰ ਆਈ,
ਤਾਰੇ ਵਾਂਗ ਜਾਪੇ ਤੇਰੀ ਗੁੱਡੀ ਅਸਮਾਨ ਵਿਚ,
ਉੱਜਲਾ ਏ ਦੇਸ, ਤੇਰੀ ਜੋਤ ਦੇ ਉਜਾਲੇ ਨਾਲ,
ਸੋਨਾਂ ਨਿੱਤ ਉੱਗੇ ਤੇਰੇ ਖੇਤਰਾਂ ਦੀ ਖਾਨ ਵਿਚ,
ਲੋਹੇ, ਲੂਣ ਬਾਝੋਂ ਦਸ ਹੋਰ ਭੀ ਹੈ ਚੀਜ਼ ਕੋਈ ?
ਪੈਦਾ ਜੋ ਨਾ ਹੋਵੇ ਤੇਰੇ ਆਪਣੇ ਚੁਗਾਨ ਵਿਚ,
ਪੈਂਚਾ ਪਰਮੇਸ਼ਰਾ ! ਇਮਾਨ ਨਾਲ ਸੱਚ ਆਖੀਂ,
ਅਜ ਤੇਰਾ ਸਾਨੀ ਕੋਈ ਹੈਗਾ ਏ ਜਹਾਨ ਵਿਚ ?

4

ਘਾਲ ਤਾਂ ਹੈ ਪੂਰੇ ਸੋਲਾਂ ਆਨਿਆਂ ਦੀ ਤੇਰੀ, ਪਰ
ਫੁੱਟ ਗਿਆਂ ਲੇਖਾਂ ਉੱਤੇ ਤੇਰਾ ਅਖ਼ਤਿਆਰ ਨਹੀਂ ਊਂ,
ਰਾਜੇ ਤੋਂ ਭਿਖਾਰੀ ਤੀਕ ਖ਼ੈਰ ਤੇਰੀ ਮੰਗਦੇ ਨੇਂ
ਵਿੱਚੋਂ ਪਰ ਸੱਚੀ ਪੁੱਛੇਂ, ਕੋਈ ਤੇਰਾ ਯਾਰ ਨਹੀਂ ਊਂ,
ਤੇਰੀਆਂ ਹੀ ਬੋਟੀਆਂ ਤੇ ਦੰਦ ਹੈਨੀਂ ਸਾਰਿਆਂ ਦੇ,
ਕੋਈ ਤਰਸ ਖਾਣ ਵਾਲਾ ਤੇਰੇ ਤੇ ਤਿਆਰ ਨਹੀਂ ਊਂ,
ਆਪਣੇ ਹੀ ਪੈਰੀਂ ਜਦੋਂ ਉੱਠ ਸੱਕੇਂ, ਉੱਠ ਬਹੀਂ,
ਹੋਰ ਕਿਸੇ ਯਾਰ ਉੱਤੇ ਸਾਨੂੰ ਇਤਬਾਰ ਨਹੀਂ ਊਂ ।

5

ਕੋਈ ਬਾਹੋਂ ਫੜਨ ਤੇ ਉਠੌਣ ਵਾਲਾ, ਭੋਲਿਆ ਉਇ !
ਤੈਨੂੰ ਇਹ ਜਾਪਦਾ ਏ ਜੱਫਾ ਇਹ ਪਿਆਰਾਂ ਦਾ,
ਤੇਰੇ ਮਿੱਠੇ ਲਹੂ ਉੱਤੇ ਜੋਕਾਂ ਪਈਆਂ ਪਲਦੀਆਂ ਨੇਂ,
ਕਿਨੂੰ ਕੌੜਾ ਲੱਗਦਾ ਏ ਮਾਸ ਜ਼ਿਮੀਦਾਰਾਂ ਦਾ ?
ਤੇਰੇ ਉੱਲੂ ਹੋਣ ਨਾਲ ਉੱਲੂ ਸਿੱਧਾ ਹੋ ਰਿਹਾ ਏ,
ਦੇ ਦੇ ਕੇ ਫੁਲੌਣੀਆਂ ਨਚਾਉਣ ਵਾਲੇ ਯਾਰਾਂ ਦਾ,
ਸੱਜਣ ਤੇ ਵੈਰੀ ਦੀ ਪਛਾਣ ਕਰ ਹੋਸ਼ ਨਾਲ,
ਵੇਖ ਕਿੱਧਰ ਜਾ ਰਿਹਾ ਏ ਪਾਣੀ ਇਨ੍ਹਾਂ ਧਾਰਾਂ ਦਾ ।

30. ਸੰਧਿਆ

1

ਸੰਧਿਆ ਸੁਹਾਉਣੇ ਸਮਾਨ ਹੈ ਸਜਾ ਰਹੀ,
ਵਿੱਛੁੜੇ ਮਿਲਾਣ ਦੀਆਂ ਬਣਤਰਾਂ ਬਣਾ ਰਹੀ ।
ਚਾਨਣਾ ਹਨੇਰੇ ਨਾਲ ਜੱਫੀਆਂ ਹੈ ਪਾ ਰਿਹਾ,
ਇੱਕ ਦੂਆ ਜਾਪਦਾ ਹੈ ਰਾਜ ਨੂੰ ਵਟਾ ਰਿਹਾ ।
ਮੱਥੇ ਅਸਮਾਨ ਦੇ ਤੇ ਭਖ਼ਦੀਆਂ ਨੇਂ ਲਾਲੀਆਂ,
ਆਤਸ਼ੀ ਵਟਾਏ ਵੇਸ, ਬੱਦਲੀਆਂ ਕਾਲੀਆਂ ।
ਝੋਲਾ ਜਿਹਾ ਰਹਿ ਗਿਆ ਏ ਧੁੱਪ ਦੀ ਨੁਹਾਰ ਦਾ,
ਨਿੱਕਾ ਜਿਹਾ ਚੰਦ, ਵਿੱਚੋਂ ਝਾਤੀਆਂ ਏ ਮਾਰਦਾ ।
ਪੰਛੀਆਂ ਨੇ ਆਲ੍ਹਣੇ ਨੂੰ ਮਾਰੀਆਂ ਉਡਾਰੀਆਂ,
ਝੁੱਗੀ ਵੱਲ ਕੀਤੀਆਂ ਮਜੂਰ ਨੇ ਤਿਆਰੀਆਂ ।
ਹਿੱਕ ਲਿਆ ਵੱਗ ਨੂੰ ਚਰਾਂਦ ਵਿੱਚੋਂ ਪਾਲੀਆਂ,
ਤੋਰ ਲਿਆ ਖੁਰਲੀਆਂ ਨੂੰ, ਢੱਗਾ ਵੱਛਾ ਹਾਲੀਆਂ ।
ਪਿੰਡ ਦੇ ਦੁਆਲੇ ਧੂੜ ਡੰਗਰਾਂ ਧੁਮਾਈ ਏ,
ਮੰਦਰੀਂ ਪੁਜਾਰੀਆਂ ਨੇ ਟੱਲੀ ਖੜਕਾਈ ਏ ।
ਰਾਹੀਆਂ, ਟਿਕਾਣਿਆਂ ਤੇ, ਥਾਵਾਂ ਆਣ ਮੱਲੀਆਂ,
ਹੱਟੀਆਂ ਤੋਂ ਸੌਦੇ ਦੀਆਂ ਚੁੰਗਾਂ ਮੁੱਕ ਚੱਲੀਆਂ ।
ਭੱਠੀਆਂ ਤੇ ਨੱਢੀਆਂ ਦੀ ਭੀੜ ਮੱਠੀ ਹੋ ਗਈ,
ਭੌਣੀਆਂ ਦੀ ਚੀਕਚਾਕ ਖੂਹਾਂ ਤੇ ਖਲੋ ਗਈ ।
ਪੱਤਣੀਂ ਮਲਾਹਾਂ ਬੰਨ੍ਹ ਦਿੱਤੀਆਂ ਨੇ ਬੇੜੀਆਂ,
ਮਿੱਠੀਆਂ ਮਹੀਨ ਸੁਰਾਂ ਨਦੀਆਂ ਨੇ ਛੇੜੀਆਂ ।
ਅੰਬਰ ਤੇ ਨੂਰ ਦੀਆਂ ਖੁੱਲ੍ਹੀਆਂ ਪਟਾਰੀਆਂ,
ਪਾਣੀ ਵਿੱਚ ਲੀਤੀਆਂ ਨੇ ਤਾਰਿਆਂ ਨੇ ਤਾਰੀਆਂ ।

2

ਪਿਆਰ ਤੇ ਮਿਲਾਪ ਦੀਆਂ ਖੁੱਲ੍ਹ ਗਈਆਂ ਬਾਰੀਆਂ,
ਕੰਮ-ਧੰਧੇ ਛੱਡ ਦਿੱਤੇ ਕਾਰੀਆਂ ਵਿਹਾਰੀਆਂ ।
ਪ੍ਰੇਮੀਆਂ ਨੂੰ ਪ੍ਰੀਤਮਾਂ ਦੀ ਯਾਦ ਹੈ ਸਤਾ ਰਹੀ,
ਰੂਹਾਂ ਦੀਆਂ ਰੂਹਾਂ ਨਾਲ ਗੱਲਾਂ ਹੈ ਕਰਾ ਰਹੀ ।
ਸੱਧਰਾਂ ਨੇ ਖਾ ਲਏ ਨਂੇ ਕੰਨ ਇੰਤਜ਼ਾਰ ਦੇ,
ਅੱਖਾਂ ਵਿਚ ਝਲਕਦੇ ਨੇ ਅੱਥਰੂ ਪਿਆਰ ਦੇ ।
ਇੱਕ ਮੁਟਿਆਰ ਨੇ ਦਲੀਜਾਂ ਆਣ ਮੱਲੀਆਂ,
ਪਿਆਰੇ ਦੀ ਉਡੀਕ ਵਿੱਚ ਲੱਤਾਂ ਸੁੱਕ ਚੱਲੀਆਂ ।
ਧੜਕਦੇ ਕਲੇਜੇ ਦੀ ਦੀ ਤਾਂ ਓਹੋ ਤਿੱਖੀ ਚਾਲ ਹੈ,
ਸੁੱਧ ਬੁੱਧ ਭੁੱਲੀ ਬੈਠਾ ਹੋਰ ਵਾਲ ਵਾਲ ਹੈ ।
ਯਕਾਯਕ ਮੁੱਕੀਆਂ ਉਡੀਕ ਦੀਆਂ ਸਾਇਤਾਂ,
ਨੈਣਾਂ ਅੱਗੇ ਨੈਣਾਂ ਨੇ ਲਗਾਈਆਂ ਸ਼ਿਕਾਇਤਾਂ ।
ਮੋਤੀਏ ਦੇ ਹਾਰ, ਅੱਗੇ ਹੋ ਕੇ ਠੰਢ ਪਾਈ ਏ,
ਗ਼ੁੱਸੇ ਤੇ ਲਚਾਰੀ ਦੀ ਸਫ਼ਾਈ ਕਰਵਾਈ ਏ ।
ਵੱਟੀਆਂ ਦਲੀਜਾਂ ਨਾਲ ਪਲੰਘ ਨਿਵਾਰੀ ਦੇ,
ਡੁੱਲ੍ਹ ਪਏ ਹਾਸੇ, ਐਨੀ ਲੰਮੀ ਇੰਤਜ਼ਾਰੀ ਦੇ ।
ਰੱਬ ਰੱਖੇ ਕਾਇਮ ਕਲੇਜੀਂ ਪਈ ਠੰਢ ਨੂੰ,
ਘੁੱਟ ਘੁੱਟ ਰੱਖਣ ਮੁਹੱਬਤਾਂ ਦੀ ਗੰਢ ਨੂੰ ।

31. ਬੇਨਤੀ

(ਗ਼ਜ਼ਲ ਕੱਵਾਲੀ)

ਮੇਰੇ ਕਾਇਨਾਤ ਦੇ ਮਾਲਿਕਾ !
ਮੇਰੇ ਮਨ ਦੀ ਮੈਲ ਉਤਾਰ ਦੇ,
ਕੋਈ ਪਾ ਕੇ ਨੀਝ ਮਿਹਰ ਭਰੀ,
ਮੇਰੀ ਵਿਗੜੀ ਪੈਜ ਸੁਆਰ ਦੇ ।

1

ਮੇਰੇ ਸਾਜ਼ ਦੀ ਹੈਂ ਸਦਾ ਤੂੰਹੇਂ,
ਮੇਰੇ ਦਰਦ ਦੀ ਹੈਂ ਦਵਾ ਤੂੰਹੇਂ,
ਤੂੰਹੇਂ ਲਾਈ, ਆ ਕੇ ਬੁਝਾ ਤੂੰਹੇਂ,
ਮੇਰੇ ਤਪਦੇ ਸੀਨੇ ਨੂੰ ਠਾਰ ਦੇ ।

2

ਮੇਰੀ ਹਰ ਗਈ ਤਾਂ ਤੂੰਹੇਂ ਜਿਤਾ,
ਮੇਰੀ ਰੁੜ੍ਹ ਗਈ ਤਾਂ ਤੂੰਹੇਂ ਬਚਾ,
ਜਿਵੇਂ ਬਣਦਾ ਈ ਮੇਰਾ ਕੁਝ ਬਣਾ,
ਮੇਰੇ ਡਿਗਦੇ ਦਿਲ ਨੂੰ ਉਸਾਰ ਦੇ ।

3

ਤੂੰ ਬਿਸੁਰਤ ਸੁਰਤ ਜਗਾ ਮੇਰੀ,
ਤੂੰ ਹਿਲਾ ਕੇ ਤਰਬ ਬੁਲਾ ਮੇਰੀ,
ਨਿਗਹ ਪਾ ਕੇ, ਕਰ ਦੇ ਜਿਲਾ ਮੇਰੀ,
ਕੋਈ ਹੋਸ਼ ਵਾਲਾ ਖ਼ੁਮਾਰ ਦੇ ।

4

ਮੇਰਾ ਘਰ ਨਹੀਂ, ਮੇਰਾ ਦਰ ਨਹੀਂ,
ਮੇਰਾ ਕੁਝ ਨਹੀਂ, ਕੋਈ ਡਰ ਨਹੀਂ,
ਮੇਰਾ ਤੂੰ ਤੇ ਹੈਂ, ਤੇਰਾ ਫ਼ਜ਼ਲ ਹੈ,
ਮੈਨੂੰ ਬਸ ਨੇਂ ਤਕਵੇ ਪਿਆਰ ਦੇ ।

5

ਜੇ ਮੈਂ ਤਰ ਗਿਆ, ਤਾਂ ਭੀ ਖ਼ੈਰ ਹੈ,
ਜੇ ਮੈਂ ਹਰ ਗਿਆ, ਤਾਂ ਭੀ ਖ਼ੈਰ ਹੈ,
ਤੂੰ ਜਨਾਬ ਅਪਣੀ ਦੀ ਸੋਚ ਲੈ,
ਕੋਈ ਦੂਤੀ ਲੋਹੜ ਨ ਮਾਰ ਦੇ ।

6

ਮੈਨੂੰ ਯਾਦ ਹੈਂ, ਮੇਰੇ ਪਾਸ ਹੈਂ,
ਮੇਰਾ ਜਿਸਮ ਹੈਂ, ਮੇਰੇ ਸਾਸ ਹੈਂ,
ਮੇਰੇ ਦੀਦਿਆਂ ਦਾ ਕਸੂਰ ਹੈ,
ਕੋਈ ਦਾਰੂ ਦੇ ਕੇ ਨਿਖਾਰ ਦੇ ।

7

ਤੂੰਹੇਂ ਮਸਜਿਦੀਂ ਤੂੰਹੇਂ ਮੰਦਿਰੀਂ,
ਤੂੰਹੇਂ ਜੰਗਲੀਂ, ਤੂੰਹੇਂ ਅੰਦਰੀਂ,
ਜਿਨ੍ਹੇ ਜਿਸ ਜਗਹ ਭੀ ਪੁਕਾਰਿਆ,
ਬੂਹੇ ਖੁਲ੍ਹ ਗਏ ਤੇਰੇ ਪਿਆਰ ਦੇ ।

8

ਤੇਰੇ ਰੰਗ ਝਲਕਦੇ ਥਾਂ ਬ ਥਾਂ,
ਕੋਈ ਫੁਲ ਨਹੀਂ ਤੇਰੀ ਬੂ ਬਿਨਾਂ,
ਜਿਹੜਾ ਪਰਦਾ ਪਰਤ ਕੇ ਵੇਖਿਆ,
ਮਿਲੇ ਨਕਸ਼ ਤੇਰੀ ਨੁਹਾਰ ਦੇ ।

32. ਹੇ ਇਨਸਾਨ !

1

ਤੂੰ ਨਹੀਂ ਉਹ ਹਸਤੀ ? ਜਿਸਨੇ-
ਧਰਤੀ ਉੱਤੇ ਪੈਰ ਜਮਾ ਕੇ,
ਪੱਧਰ, ਪਰਬਤ, ਸਾਗਰ ਟੋਹੇ,
ਆਸ ਪਾਸ ਦੀ ਰੌਣਕ ਦੇਖੀ,
ਫਿਰ ਅਖੀਆਂ ਨੂੰ ਉਤ੍ਹਾਂ ਉਠਾਇਆ,
ਤਾਰਿਆਂ ਦਾ ਅਣਦਾਜ਼ਾ ਲਾਇਆ,
ਵੇਖ ਚੁੜਿੱਤਣ ਕਾਇਨਾਤ ਦੀ,
ਲਗ ਪਿਓਂ ਹੋਣ ਹਿਰਾਨ ।

2

ਤੂੰਹੇਂ ਨਹੀਂ ਉਹ ਹਸਤੀ ? ਜਿਸਨੇ-
ਕੱਲੇ ਬੈਠਿਆਂ ਸੋਚਾਂ ਕਰ ਕਰ-
ਰਬ ਦਾ ਹੁਲੀਆ ਡੌਲ ਮਾਰਿਆ,
ਅਪਣੇ ਵਰਗਾ ਚਿਹਰਾ ਮੁਹਰਾ,
ਸਭ ਤੋਂ ਸਿਆਣਾ, ਹਸਮੁਖ ਗੋਰਾ,
ਧੋਤੀ, ਤਿਲਕ, ਬਿਜੰਤੀ ਮਾਲਾ,
ਲੰਮੀਆਂ ਬਾਹਾਂ, ਚੌੜੀ ਛਾਤੀ,
ਸਾਰਿਆਂ ਤੋਂ ਬਲਵਾਨ ।

3

ਤੂੰਹੇਂ ਨਹੀਂ ਉਹ ਹਸਤੀ ? ਜਿਸਨੇ-
ਰਬ ਦੇ ਦਿਲ ਵਿਚ, ਆਪੇ ਬਹਿ ਕੇ,
ਉਸ ਦੇ ਮੂੰਹੋਂ ਕਹਾਈਆਂ ਗੱਲਾਂ ।
ਓਸੇ ਦੇ ਹਿਰਦੇ ਵਿਚ ਧਰੀਆਂ-
ਜੱਗ, ਹਵਨ, ਭਗਤੀ ਦੀਆਂ ਲੋੜਾਂ,
ਰਿਸ਼ੀ, ਮੁਨੀ, ਉਸ ਤੋਂ ਸਜਵਾ ਕੇ
ਰਚ ਲਏ ਵੇਦ ਪੁਰਾਣ ।

4

ਤੂੰਹੇਂ ਨਹੀਂ ? ਜਿਨ ਦਿਉਤੇ ਥਾਪੇ,
ਕੋਈ ਹਸੌਣਾ, ਕੋਈ ਡਰੌਣਾ,
ਕੋਈ ਦਿਆਲੂ, ਕੋਈ ਗੁਸੈਲਾ,
ਸਭ ਦੇ ਅੱਗੇ, ਮੱਥੇ ਰਗੜੇ,
ਸੁੱਖਣਾਂ ਸੁੱਖੀਆਂ, ਬਚੜੇ ਮੰਗੇ,
ਮੇਵੇ, ਦਾਣੇ, ਦੌਲਤ, ਕਪੜੇ ।
ਆਪੇ ਦਾਤ ਵਰਾਹੀਆਂ ਕੀਤੀਆਂ,
ਆਪੇ ਮੰਗਿਆ ਦਾਨ ।

5

ਤੂੰਹੇਂ ਨਹੀਂ ? ਜਿਨ ਅਣਡਿੱਠਿਆਂ ਦੀ-
ਮੇਰੇ ਨਾਲ ਪਛਾਣ ਕਰਾਈ,
ਸਿਫ਼ਤ ਸੁਣਾ ਕੇ, ਲਗਨ ਲਗਾਈ ।
ਇਸ ਨਾਟਕ ਦੇ ਪਾਤਰ ਸਾਰੇ-
ਲੀਲ੍ਹਾ ਕਰਦੇ ਬੜੀ ਮਨੋਹਰ ।
ਪਰ, ਏਨ੍ਹਾਂ ਦੇ ਪਿਛਲੇ ਪਾਸੇ-
ਤੇਰੀ ਰੂਹ ਖਲੋਤੀ ਭਾਸੇ ।
ਬੜਾ ਜ਼ਹੀਨ ਚਿਤੇਰਾ ਹੈਂ ਤੂੰ,
ਹੈਂ ਓੜਕ ਇਨਸਾਨ ।

33. ਤਰਸੇਵਾਂ

(ਗੀਤ)

ਦਿਲ ਭੁੱਜਦਾ ਏ ਵਾਂਗ ਕਬਾਬ ਦੇ ।
ਵਧ ਵਧ ਅਗ੍ਹਾਂ ਖਲੋਂਦੇ ਕਿਉਂ ਨਹੀਂ,
ਰਾਠ ਮੇਰੇ ਪੰਜਾਬ ਦੇ ।

1

ਸੀਤੇ ਗਏ ਲੰਗਾਰ ਨ ਪਾਟੇ,
ਮਜ਼ਲ ਮੇਰੀ ਰਹਿ ਗਈ ਅਧਵਾਟੇ,
ਡੋਲਣ ਲਗ ਪਏ ਖ਼ਾਬ ਸੁਨਹਿਰੀ,
ਕੀ ਬਣਸੀ ਵਕਤ ਹਿਸਾਬ ਦੇ ।

2

ਘਰ ਨਹੀਂ ਉਣਿਆ ਤੰਦ ਨ ਤਾਣੀ,
ਪਾਰ ਦੁਰਾਡਾ, ਡੂੰਘਾ ਪਾਣੀ,
ਸੁੱਟੀ ਬੈਠੇ ਵੰਝ ਮੁਹਾਣੇ,
(ਅਜੇ) ਕੰਢੇ ਖੜੇ ਸੁਰਾਬ ਦੇ ।

3

ਰਿਹਾ ਨ ਸਾਹਸਤ ਉਤ੍ਹਾਂ ਚੜ੍ਹਨ ਦਾ,
ਭੁੱਲ ਗਿਆ ਵੱਲ ਤਕਦੀਰ ਘੜਨ ਦਾ,
ਹੱਡੀਂ ਰਚ ਗਈ ਬੇਵਿਸਵਾਸੀ,
ਗਏ ਵਰਕੇ ਉਲਟ ਕਿਤਾਬ ਦੇ ।

4

ਉਠ ਬਹੁ, ਮੇਰਿਆ ਗੱਭਰੂ ਸ਼ੇਰਾ !
ਅਪਣੇ ਬਲ ਤੇ ਕੋਈ ਕਰ ਜੇਰਾ,
ਭੁਇੰ ਤੇ ਰੁਲਨਾ ਸਹਿ ਨਹੀਂ ਸਕਦੇ,
ਜਿਨ੍ਹਾਂ ਦਾਈਏ ਰਖੇ ਉਕਾਬ ਦੇ ।

34. ਕੀ ਹੋਇਆ ?

ਜੇ ਤੂੰ ਬਹੁਤ ਰੁਪਏ ਕਮਾਏ, ਤਾਂ ਕੀ ਹੋਇਆ ?
ਮਹਿਲ ਉਸਾਰੇ, ਬਾਗ਼ ਲੁਆਏ, ਤਾਂ ਕੀ ਹੋਇਆ ?
ਜੇ ਤੂੰ ਹੋ ਗਿਆ ਵਡ ਪਰਵਾਰੀ, ਤਾਂ ਕੀ ਹੋਇਆ ?
ਭਗਤ, ਗਿਆਨੀ, ਸੁਘੜ, ਬਪਾਰੀ, ਤਾਂ ਕੀ ਹੋਇਆ ?
ਬਚਿਆਂ ਨੂੰ ਤਾਲੀਮ ਦਿਵਾਈ, ਤਾਂ ਕੀ ਹੋਇਆ ?
ਸਾਕੀਂ ਅੰਗੀਂ ਸੋਭਾ ਪਾਈ, ਤਾਂ ਕੀ ਹੋਇਆ ?
ਆਪਣਿਆਂ ਨੂੰ ਕੰਮੀਂ ਲਾਇਆ, ਤਾਂ ਕੀ ਹੋਇਆ ?
ਮਣਸਿਆ ਪੂਜਿਆ, ਧਰਮ ਕਮਾਇਆ, ਤਾਂ ਕੀ ਹੋਇਆ ?
ਇਹ ਤਾਂ ਆਮ ਕਹਾਣੀ ਹੋਈ,
ਹੋਰ ਅਨੋਖੀ ਗਲ ਕਰ ਕੋਈ ।
ਭਲਾ ਬਿਗਾਨਿਆਂ ਦਾ ਕੋਈ ਕੀਤਾ ? ਸੋਚ ਰਿਹਾ ਹੈਂ,
ਫੱਟ ਕਲੇਜੇ ਦਾ ਕੋਈ ਸੀਤਾ ? ਸੋਚ ਰਿਹਾ ਹੈਂ,
ਖੁਸ਼ ਕੀਤਾ ਈ ਹਕ ਹਮਸਾਇਆ ? ਸੋਚ ਰਿਹਾ ਹੈਂ,
ਮੁਲਕੀ ਕਾਜ਼ ਲਈ ਕੁਝ ਲਾਇਆ ? ਸੋਚ ਰਿਹਾ ਹੈਂ,
ਵਿਦਯਾ ਦੇ ਪਰਚਾਰ ਲਈ ਕੁਝ ? ਸੋਚ ਰਿਹਾ ਹੈਂ,
ਰੋਗੀਆਂ ਦੇ ਉਪਚਾਰ ਲਈ ਕੁਝ ? ਸੋਚ ਰਿਹਾ ਹੈਂ,
ਉਠਿਆ ਈ ਕੋਈ ਪ੍ਰੇਮ-ਉਛਾਲਾ ? ਸੋਚ ਰਿਹਾ ਹੈਂ,
ਸੀਤਲ ਕੀਤਾ ਈ ਆਲ ਦੁਆਲਾ ? ਸੋਚ ਰਿਹਾ ਹੈਂ,
ਸੋਚਣ ਵਿਚ ਨਾ ਉਮਰ ਗੁਆ ਤੂੰ,
ਭਲੇ ਅਰਥ ਵਲ ਭੀ ਕੁਝ ਲਾ ਤੂੰ ।

35. ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ

(ਗੀਤ)

1

ਭਸਮ ਰਮਾਈ, ਧੂਣੀ ਤਾਈ,
ਜੋਗੀ ਜੋੜ ਜਮਾਤ ਬਣਾਈ,
ਬੁੱਤਾਂ ਅਗੇ ਡੰਡੌਤਾਂ ਕਰਦਿਆਂ
ਕੁੜਕ ਉਠੀ ਕਮਰੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

2

ਵੀਣਾ ਦੀਆਂ ਤੂੰ ਤਰਬਾਂ ਜੋੜੇਂ,
ਕਿਸੇ ਨੂੰ ਗੰਢੇਂ, ਕਿਸੇ ਨੂੰ ਤੋੜੇਂ,
ਸਾਜ਼ ਤੇਰਾ ਪਰ ਸੁਰ ਨਹੀਂ ਹੋਇਆ,
ਕਿੱਲੀਆਂ ਜ਼ਰਾ ਮਰੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

3

ਕੱਠੇ ਕਰੇਂ ਸਮੁੰਦਰੀ ਮੋਤੀ,
ਮਾਲਾ ਗਈ ਨ ਸਾਫ ਪਰੋਤੀ,
ਨਿੱਕੇ ਤੇ ਮੋਟੇ ਦਾਣਿਆਂ ਦਾ,
ਹਟਿਆ ਨਹੀਂ ਅਜੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

4

ਮੁੰਦਰਾਂ ਲਾਹੀਆਂ, ਭੇਖ ਵਟਾਇਆ,
ਮੰਡਲੀ ਨਾਲ ਪਿਆਰ ਘਟਾਇਆ,
ਆਪਣਿਆਂ ਨੂੰ ਸੀਧਾ ਵੰਡਿਆ,
ਓਪਰੇ ਦਿੱਤੇ ਮੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

5

ਭੁੱਖੇ ਭਗਤ ਜੇ ਰਹਿ ਗਏ ਤਕਦੇ,
ਮੁਕਤੀ ਦੇ ਦਰ ਖੁਲ੍ਹ ਨਹੀਂ ਸਕਦੇ,
ਥੁੱਕਾਂ ਨਾਲ ਵੜੇ ਨਹੀਂ ਪਕਦੇ,
ਤਿਆਗ ਦੀ ਭਾਰੀ ਲੋੜ,
ਜੋਗੀ ! ਤੇਰਾ ਜੋਗ ਨ ਚੜ੍ਹਿਆ ਤੋੜ ।

36. ਹੱਥ ਨ ਲਾਈਂ ਕਸੁੰਭੜੇ

(ਕਾਫ਼ੀ)

1

ਸੁਣ ਪਰਵਾਨਿਆਂ ! ਭੁਜ ਭੁਜ ਮਰਨਾ,
ਖੇਡ ਨਹੀਂ ਦਾਨਾਈ ਦੀ,
ਇਸ਼ਕ-ਝਨਾਂ ਦੀਆਂ ਲਹਿਰਾਂ ਫੜ ਫੜ,
ਤਾਕਤ ਨਹੀਂ ਅਜ਼ਮਾਈ ਦੀ ।

2

ਮੁੜ ਮੁੜ ਪਰਦਾ ਪਰੇ ਹਟਾ ਨਾ,
ਸ਼ਰਾ ਅਦਬ ਦੀ ਨੂੰ ਹਥ ਪਾ ਨਾ,
ਕੱਚੀਆਂ ਤੰਦਾਂ ਬੰਨ੍ਹ ਬੰਨ੍ਹ ਮਟਕੀ
ਖੂਹ ਵਿਚ ਨਹੀਂ ਪਲਮਾਈ ਦੀ ।

3

ਇਸ ਮਕਤਬ ਦਾ ਸਬਕ ਨਿਰਾਲਾ,
ਭੁਲ ਜਾਏ ਬਹੁਤਾ ਘੋਖਣ ਵਾਲਾ,
ਵਸਲ ਦੀਆਂ ਮਠਿਆਈਆਂ ਨਾਲੋਂ,
ਚੰਗੀ ਏ ਕੌੜ ਜੁਦਾਈ ਦੀ ।

4

ਮਨਸੂਰੇ ਨੂੰ ਪੁਛ ਲੈ ਜਾ ਕੇ,
ਕੀ ਲਭਿਓ ਸੂ ਚਿਲਮਨ ਚਾ ਕੇ ?
ਮਿਲਦਿਆਂ ਸਾਰ ਸਲਾਮੀ ਮਿਲ ਗਈ,
ਇਸ ਸੂਰਤ-ਅਸਨਾਈ ਦੀ ।

37. ਗ੍ਰਿਹਸਥ ਆਸ਼੍ਰਮ

1

ਕੁਦਰਤ ਸੁੰਨ-ਸਮਾਧ ਤੋਂ ਜਦ ਅੱਖ ਉਘੇੜੀ,
ਛੱਟੇ ਮਾਰ ਹਯਾਤ ਦੇ, ਫੁਲਵਾੜੀ ਖੇੜੀ ।
ਅੰਬਰ ਨੂੰ ਲਿਸ਼ਕਾਇਆ, ਧਰਤੀ ਪੁੰਗਰਾਈ,
ਜੀ-ਜੰਤਾਂ ਦੇ ਸੀਨਿਆਂ ਵਿਚ ਜੋਤ ਜਗਾਈ ।
ਉੱਤਮ ਜੂਨ ਮਨੁੱਖ ਨੂੰ ਸਰਦਾਰ ਬਣਾਇਆ,
ਦੀਵਾ ਬਾਲ ਗਿਆਨ ਦਾ ਸਿਰ ਵਿੱਚ ਟਿਕਾਇਆ ।
ਦਿਲ ਵਿਚ ਦਰਦ ਪਿਆਰ ਦੀ ਇਕ ਚਿਣਗ ਭਖਾਈ,
ਅੱਖੀਂ ਦੀਦ ਵਸਾਇ ਕੇ, ਮੂੰਹ ਮਿੱਠਤ ਪਾਈ ।

2

ਵੇਖ ਵਿਧਾਤਾ ਵੱਸਿਆ, ਸੁਹਜਾਂ ਦਾ ਖੇੜਾ,
ਰੱਬੀ ਕਲਾ ਚਲਾਣ ਨੂੰ, ਇਕ ਦਿੱਤਾ ਗੇੜਾ ।
ਨਰ ਨਾਰੀ ਦੀਆਂ ਜੋੜੀਆਂ ਕਰ ਆਹਰੇ ਲਾਇਆ,
ਪਹਿਲਾ ਜੋੜ ਸੁਲੱਖਣਾ ਦਿਨ ਰਾਤ ਬਣਾਇਆ ।
ਦਿਨ ਨੂੰ ਜੀਵਨ ਸੌਂਪਿਆ, ਉੱਦਮ, ਗਰਮਾਈ,
ਮਿੱਠੀ ਗੋਦ ਅਰਾਮ ਦੀ ਚਾ ਰਾਤ ਬਣਾਈ ।

3

ਸਾਇਤ ਵੇਖ ਸੁਲੱਖਣੀ ਫਿਰ ਜੋੜ ਜੁੜਾਏ,
ਤੀਵੀਂ ਮਰਦ ਬਹਾਲ ਕੇ ਪੈਮਾਨ ਕਰਾਏ ।
ਹੱਥ ਵਧਾ ਕੇ ਮਰਦ ਨੇ ਲਈ ਜ਼ਿੰਮੇਵਾਰੀ,
ਫੜ ਕੇ ਬਾਂਹ ਸਹਾਇਤਾ ਲਈ ਤੁਰ ਪਈ ਨਾਰੀ ।
ਪ੍ਰੇਮ, ਸਿਦਕ, ਸਤਕਾਰ ਨੇ ਆ ਲੀਤਾ ਵਾਸਾ,
ਦੁਹਾਂ ਦਿਲਾਂ ਵਿਚ ਵਿਤਕਰਾ ਨਾ ਜਾਪੇ ਮਾਸਾ ।
ਸਾਂਝਾ ਦੋਹਾਂ ਤਾਕਤਾਂ ਨੇ ਮਾਰ ਉਛਾਲਾ,
ਔਖੇ ਜੀਉਣ-ਪੰਧ ਨੂੰ ਕਰ ਲਿਆ ਸੁਖਾਲਾ ।

4

ਸੰਗਮ ਜਿਉਂ ਦਿਨ ਰਾਤ ਦਾ ਪਰਭਾਤ ਖਿੜਾਵੇ,
ਕੁਦਰਤ ਭਰ ਭਰ ਝੋਲੀਆਂ, ਮਹਿਕਾਰ ਲੁਟਾਵੇ ।
ਬੋਲੇ ਮੁਰਦਾ ਤੂੰਬੜੀ, ਗਜ਼ ਤਰਬ ਮਿਲਾਇਆਂ,
ਦੋ ਤਾਰਾਂ ਬਿਜਲੀ ਦੀਆਂ ਰਲ ਪਲਟਣ ਕਾਇਆਂ ।
ਗੱਡੀ ਤਿਵੇਂ ਗ੍ਰਿਹਸਥ ਦੀ ਇਤਫਾਕ ਚਲਾਵੇ,
ਏਕਾ ਰੱਬੀ ਬਰਕਤਾਂ ਨੂੰ ਖਿੱਚ ਲਿਆਵੇ ।
ਪ੍ਰੇਮ-ਨਸ਼ੇ ਵਿਚ ਮੱਤਿਆਂ ਨੂੰ ਪੋਹਣ ਨ ਪਾਲੇ,
ਔਘਟ ਘਾਟ ਸਲੂਕ ਥੀਂ ਹੋ ਜਾਣ ਸੁਖਾਲੇ ।

5

ਸੂਖਮ, ਪੁਤਲੀ ਨੂਰ ਦੀ, ਉਪਕਾਰਣ ਨਾਰੀ,
ਬੂਹੇ ਖੋਲ ਪਿਆਰ ਦੇ, ਸਾਂਭੀ ਦਿਲਦਾਰੀ ।
ਦੁਖੀਏ, ਥੱਕੇ, ਓਦਰੇ ਦਾ ਜੀ ਪਰਚਾਣਾ,
ਆਪੂੰ ਸੇਕ ਸਹਾਰ ਕੇ ਠੰਢਕ ਪਹੁੰਚਾਣਾ ।
ਛਾਤੀ ਠੋਕ ਮਨੁੱਖ ਨੇ ਦਿਲਬਰੀ ਬਨ੍ਹਾਈ,
ਮੇਰੇ ਬੈਠਿਆਂ, ਕਰੀਂ ਨਾ ਤੂੰ ਚਿੰਤਾ ਰਾਈ ।
ਦੁਖ-ਸੁਖ ਝੱਖੜ-ਝੋਲਿਆਂ ਵਿਚ ਸਾਥੀ ਤੇਰਾ,
ਕੋਲ ਖਲੋਤਾ ਸੁਣ ਰਿਹਾ ਪਰਮੇਸ਼ਰ ਮੇਰਾ ।

6

ਰੱਬ ਦੁਹਾਂ ਵਿਚ ਵੱਸਿਆ ਕੀਤੇ ਸ਼ੁਕਰਾਨੇ,
ਦੁਨੀਆਂ ਸੁਰਗ ਬਣਾਣ ਵਿਚ ਹੋਏ ਮਸਤਾਨੇ ।
ਮਿੱਠਤ, ਸੇਵਾ, ਨਿਮ੍ਰਤਾ, ਨੇਕੀ, ਸਚਿਆਈ,
ਦਯਾ, ਗ਼ਰੀਬੀ, ਪ੍ਰੇਮ ਦੀ ਮਹਿਕਾਰ ਖਿੰਡਾਈ ।
ਕਿਰਤ ਕਮਾਈ ਧਰਮ ਦੀ, ਸਾਈਂ ਤੇ ਡੋਰੀ,
ਸਿਦਕੋਂ ਡੋਲ ਨ ਡਿੱਗਣਾ, ਹੋ ਪੋਰੀ ਪੋਰੀ ।
ਪਰਉਪਕਾਰ ਕਮਾਉਂਦੇ, ਹੋ ਬੇਰੀ ਨੀਵੀਂ,
ਜ਼ੀਨਤ ਬਣੇ ਜਹਾਨ ਦੀ, ਭਰਤਾ ਤੇ ਤੀਵੀਂ ।

38. ਹਾਇ ਜਵਾਨੀ !

1

ਪ੍ਰੇਮ-ਨਸ਼ੇ ਦੀ ਤਾਰ ਜਵਾਨੀ,
ਫਬੀ ਹੋਈ ਗੁਲਜ਼ਾਰ ਜਵਾਨੀ ।
ਹਰੀ ਹਰੀ, ਨਿਸਰੀ ਹੋਈ ਡਾਲੀ,
ਨਾਲ ਅਦਾਵਾਂ ਝੂਮਣ ਵਾਲੀ ।
ਅਖੀਆਂ ਨਾਲ ਵੰਗਾਰਨ ਵਾਲੀ,
ਝਿਪ ਝਿਪ ਛੁਰੀਆਂ ਮਾਰਨ ਵਾਲੀ ।
ਸ਼ੋਖ ਸਲੋਨੀ, ਭਰ ਮਸਤਾਨੀ,
ਹਾਇ ਜਵਾਨੀ ! ਹਾਇ ਜਵਾਨੀ ।

2

ਨਦੀ ਹੜਾਂ ਵਿਚ ਆਈ ਹੋਈ,
ਚੜ੍ਹੀ ਹੋਈ, ਇਤਰਾਈ ਹੋਈ ।
ਉਛਲੇ, ਸ਼ੂਕੇ, ਠਾਠਾਂ ਮਾਰੇ,
ਚੌੜੇ ਕਰਦੀ ਜਾਏ ਕਿਨਾਰੇ ।
ਰਾਹ ਖਹਿੜਾ ਨਾ ਕੋਈ ਤੱਕੇ,
ਧੱਕਿਆਂ ਨਾਲ ਹਟਾਏ ਡੱਕੇ ।
ਸੰਭਲੀ ਜਾਏ ਨ ਤੇਜ਼ ਰਵਾਨੀ,
ਹਾਇ ਜਵਾਨੀ ! ਹਾਇ ਜਵਾਨੀ ।

3

ਬੇਪਰਵਾਹ, ਮੂੰਹਜ਼ੋਰ ਵਛੇਰੀ,
ਚੜ੍ਹੀ ਹੋਈ ਹੰਕਾਰ ਹਨੇਰੀ ।
ਛੁਲਕੇ ਪਾਰੇ ਵਾਂਗ ਮੁਤਾਣੀ,
ਚੰਚਲ ਚਿਣਗ, ਮੁਆਤੇ ਲਾਣੀ ।
ਤਣੀਆਂ ਹੋਈਆਂ ਹੁਸਨ-ਤਣਾਵਾਂ,
ਆਕੜ ਭਰੀਆਂ, ਉਚੀਆਂ ਵ੍ਹਾਵਾਂ ।
ਉਭਰੀ ਛਾਤੀ, ਗਰਬ ਗੁਮਾਨੀ,
ਹਾਇ ਜਵਾਨੀ ! ਹਾਇ ਜਵਾਨੀ ।

4

ਢਲ ਗਈ ਹਾਇ ! ਦੁਪਹਿਰ ਹੁਸਨ ਦੀ,
ਝਉਂ ਗਈ ਹਾਇ ! ਬਹਾਰ ਚਮਨ ਦੀ ।
ਹੋਈਆਂ ਹਰਨ, ਹਰਨ ਦੀਆਂ ਛਾਲਾਂ,
ਜੋਤ ਬੁਝਾਈ ਆਣ ਤਿਕਾਲਾਂ ।
ਸ਼ੂਕਾਂ ਠਾਠਾਂ ਰਾਹੇ ਪਈਆਂ,
ਸੀਨੇ ਵਿਚ ਸਧਰਾਂ ਰਹਿ ਗਈਆਂ ।
ਨਿਕਲ ਗਿਆ ਉਹ ਰੋੜ੍ਹ ਤੁਫ਼ਾਨੀ,
ਹਾਇ ਜਵਾਨੀ ! ਹਾਇ ਜਵਾਨੀ ।

5

ਹਾਇ ਜਵਾਨੀ ! ਹਾਇ ਜਵਾਨੀ !!
ਕਿਧਰ ਗਈ ਉਹ ਆਕੜਖ਼ਾਨੀ !
ਲੈ ਗਈ ਹਿੰਮਤ, ਦੇ ਗਈ ਝੋਰੇ,
ਰਜ ਰਜ ਮਾਰਨ ਹਟਕੋਰੇ ।
ਮੋੜ ਲਿਆ ਦੇਵੇ ਜੇ ਕੋਈ,
ਜੋ ਮੁਲ ਮੰਗੇ, ਲੈ ਲਏ ਸੋਈ ।
ਦੀਨ ਦੁਨੀ ਕਰ ਦਿਆਂ ਕੁਰਬਾਨੀ,
ਹਾਇ ਜਵਾਨੀ ! ਹਾਇ ਜਵਾਨੀ ।

39. ਆ ! ਰਲ ਮਿਲ ਕੇ…

1

ਆ ਭਈ ਸਜਣਾ !
ਕੱਠਿਆਂ ਬਹੀਏ,
ਦੁਖ-ਸੁਖ ਫੋਲ, ਘੜੀ ਪੈ ਰਹੀਏ ।
ਮੈਂ ਤੇ ਦੂਰ ਬੜੀ ਹੈ ਜਾਣਾ,
ਤੇਰਾ ਕਿਧਰੋਂ ਹੋਇਆ ਆਣਾ ?
ਧੋ ਲੈ ਪੈਰ,
ਥਕੇਵਾਂ ਲਾਹ ਲੈ,
ਐਥੇ ਈ ਪੈ ਜਾ,
ਮੰਜੀ ਡਾਹ ਲੈ,
ਗੱਲ ਕਰ ਕੋਈ, ਜੀ ਪਰਚਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

2

ਤੂੰ ਡਾਢਾ ਹਸਮੁਖ ਹੈਂ ਯਾਰਾ !
ਕੇਡਾ ਲਗਨਾ ਏਂ ਪਿਆਰਾ ਪਿਆਰਾ ।
ਖਬਰੇ ਕੀ ਤੂੰ ਜਾਦੂ ਕੀਤਾ,
ਦੋ ਗੱਲਾਂ ਵਿਚ ਮਨ ਮੋਹ ਲੀਤਾ ।
ਰੋਟੀ ਸਾਡੇ ਪਾਸ ਬੜੀ ਹੈ,
ਤੇਰੀ ਭੀ ਹੈ, ਮੇਰੀ ਭੀ ਹੈ ।
ਕੋਲੋ ਕੋਲੀ ਬਹਿ ਕੇ ਖਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

3

ਛਡ ਦੇ ਖਹਿੜਾ ਸ਼ਰਾ ਧਰਮ ਦਾ,
ਬੈਠ ਮੁਕਾਈਏ ਕਿੱਸਾ ਗ਼ਮ ਦਾ ।
ਮੈਂ ਬਾਹਮਣ, ਤੂੰ ਸੱਯਦ ਹੋਵੇਂ,
ਅੰਤ ਅਸੀਂ ਪਾਂਧੀ ਹਾਂ ਦੋਵੇਂ ।
ਤੂੰ ਮੈਨੂੰ, ਮੈਂ ਤੈਨੂੰ ਸਹਿਣਾ,
ਦਿਨ ਚੜ੍ਹਿਆਂ ਬਹਿ ਤੇ ਨਹੀਂ ਰਹਿਣਾ ।
ਹਾਲੀ ਹਸ ਹਸ ਜੀ ਪਰਚਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

4

ਏਸ ਸਰਾਂ ਵਿਚ ਡੇਰਾ ਪਾ ਕੇ,
ਤੁਰ ਜਾਂਦੇ ਹਨ, ਲੋਕੀਂ ਆ ਕੇ ।
ਹਰ ਕੋਈ ਰਹਿੰਦਾ ਰਾਹ ਵਿਚ ਮਿਲਦਾ,
ਕੋਈ ਕੋਈ ਲਭਦਾ ਮਹਿਰਮ ਦਿਲ ਦਾ ।
ਸਵੀਏਂ ਧਰ ਕੇ ਬਾਂਹ ਸਰ੍ਹਾਣੇ,
ਦਿਨ ਚੜ੍ਹਦੇ ਨੂੰ ਸਾਈਂ ਜਾਣੇ-
ਕਿਸ ਪਾਸੇ ਵਲ ਮੂੰਹ ਪਰਤਾਈਏ,
ਆ ! ਰਲ ਮਿਲ ਕੇ ਰਾਤ ਲੰਘਾਈਏ ।

40. ਅਯਾਲੀ

ਅਸ਼ਕੇ ਤਿਰੇ ਅਯਾਲੀ ਬਾਬਾ !
ਧੰਨ ਤੂੰ ਧੰਨ ਤੇਰਾ ਦਾਬਾ ।
ਭੇਡਾਂ ਤੇਰੀਆਂ ਚਰਨ ਹਜ਼ਾਰਾਂ,
ਬੁਢੀਆਂ, ਨਢੀਆਂ ਤੇ ਮੁਟਿਆਰਾਂ ।
ਕੋਈ ਚਿੱਟੀ ਤੇ ਕੋਈ ਕਾਲੀ,
ਕੋਈ ਘੋਨੀ ਕੋਈ ਵਾਲਾਂ ਵਾਲੀ ।
ਤਾੜ ਤੇਰੀ ਹੈ ਸਭ ਦੇ ਉੱਤੇ,
ਘੇਰੀ ਰਖਦੇ ਤੇਰੇ ਕੁੱਤੇ ।
ਆ ਗਈ ਕਿਧਰੋਂ ਰੱਬ ਸਬੱਬੀ,
ਕਾਬੂ ਤੇਰੇ ਰੰਗ ਦੀ ਡੱਬੀ ।
ਸਭ ਨੂੰ ਠੱਪੇ ਲਾਈ ਜਾਵੇਂ
ਅਪਣਾ ਰੰਗ ਚੜ੍ਹਾਈ ਜਾਵੇਂ ।
ਲਗ ਗਈ ਤੇਰੀ ਜਿਹਨੂੰ ਨਿਸ਼ਾਨੀ,
ਹੋ ਨਹੀਂ ਸਕਦੀ ਫੇਰ ਬਿਗਾਨੀ ।
ਇਧਰ ਉਧਰ ਜੇ ਹੋ ਭੀ ਜਾਵੇ,
ਬਿੱਲਾ ਤੇਰਾ ਤੁਰਤ ਫੜਾਵੇ ।
ਜਾਦੂ ਤੇਰੀ ਲੰਮੀ ਛੜ ਦਾ,
ਦੂਰੋਂ ਪਿਆ ਸੰਭਾਲਾਂ ਕਰਦਾ ।
ਸੁਣਨ ਜਦੋਂ ਸ਼ਿਸ਼ਕਾਰ ਤੇਰਾ,
ਜੋੜ ਜੋੜ ਸਿਰ ਘੱਤਣ ਘੇਰਾ ।
ਨਾ ਕੋਈ ਹਿੱਲੇ, ਨਾ ਕੋਈ ਬੋਲੇ,
ਨਾ ਕੋਈ ਨੱਸਣ ਦਾ ਰਾਹ ਟੋਲੇ ।
ਜੋ ਕੁਝ ਕਹੇਂ, ਕਮਾਈ ਜਾਵਣ,
ਜੋ ਕੁਝ ਦੇਵੇਂ, ਖਾਈ ਜਾਵਣ,
ਵਧਦਾ ਜਾਏ ਇੱਜੜ ਤੇਰਾ,
ਵਾੜਾ ਹੁੰਦਾ ਜਾਏ ਚੁੜੇਰਾ ।
ਸਮਾਂ ਵੇਖ ਤੂੰ ਕੈਂਚੀ ਵਾਹੇਂ,
ਫੜ ਫੜ ਉੱਨ ਸਭਸ ਦੀ ਲਾਹੇਂ ।
ਪਈਆਂ ਪਾਉਣ ਚੀਕ ਚਿਹਾੜਾ,
ਤੂੰ ਝਾੜੀ ਜਾ ਅਪਣਾ ਝਾੜਾ ।
ਏਹੋ ਹੀ ਰੁਜ਼ਗਾਰ ਹੈ ਤੇਰਾ,
ਉੱਨ ਦੀ ਖ਼ਾਤਰ ਪਿਆਰ ਹੈ ਤੇਰਾ ।

41. ਸਾਉਣ

(ਗੀਤ)

ਉਠ ਕੇ ਛੇੜ ਸਤਾਰ, ਜੋਗਣੇ ! ਉਠ ਕੇ ਛੇੜ ਸਤਾਰ ।
ਸਹਿਕ ਸਹਿਕ ਕੇ ਸਾਵਣ ਆਇਆ, ਛੋਹ ਦੇ ਦੇਸ ਮਲ੍ਹਾਰ, ਜੋਗਣੇ !

1

ਕਾਲਾ ਕਟਕ ਘਟਾਂ ਦਾ ਆਇਆ,
ਘੁੱਪ ਹਨੇਰਾ ਚੁਪਾਸੀਂ ਛਾਇਆ,
ਮਸਤੇ ਮੋਰਾਂ ਸ਼ੋਰ ਮਚਾਇਆ,
ਛਿੜੀ ਬਰੀਕ ਫੁਹਾਰ,
ਜੋਗਣੇ ! ਉਠ ਕੇ ਛੇੜ ਸਤਾਰ ।

2

ਰਜ ਰਜ, ਗਜ ਗਜ ਬੱਦਲ ਵਰ੍ਹਿਆ,
ਜੰਗਲ ਬੇਲਾ ਹੋ ਗਿਆ ਹਰਿਆ,
ਜੱਟ ਦਾ ਵੇਖ ਕਲੇਜਾ ਠਰਿਆ,
ਬੇੜਾ ਹੋ ਗਿਆ ਪਾਰ,
ਜੋਗਣੇ ! ਉਠ ਕੇ ਛੇੜ ਸਤਾਰ ।

3

ਘਾਹ ਨੇ ਧਰਤੀ ਨੂੰ ਢਕ ਲੀਤਾ,
ਬੂਟਿਆਂ ਵੇਸ ਨਵਾਂ ਅੱਜ ਕੀਤਾ,
ਲਗਰਾਂ ਪ੍ਰੇਮ-ਨਸ਼ਾ ਕੋਈ ਪੀਤਾ,
ਝੂਮਣ ਧੌਣ ਉਲਾਰ,
ਜੋਗਣੇ ! ਉਠ ਕੇ ਛੇੜ ਸਤਾਰ ।

4

ਬਾਗ਼ਾਂ ਦੇ ਵਿਚ ਜੁੜੀਆਂ ਸਈਆਂ,
ਅੰਬਾਂ ਥੱਲੇ ਪੀਂਘਾਂ ਪਈਆਂ,
ਜੋਬਨ ਵਿਚ ਠਾਠਾਂ ਆ ਗਈਆਂ,
ਖੁਲ ਗਿਆ ਹੁਸਨ-ਬਜ਼ਾਰ,
ਜੋਗਣੇ ! ਉਠ ਕੇ ਛੇੜ ਸਤਾਰ ।

5

ਕੋਈ ਹੱਸੇ, ਕੋਈ ਗਾਵੇ,
ਕੋਈ ਨੱਚੇ, ਕੋਈ ਗਿੱਧਾ ਪਾਵੇ,
ਕੋਈ ਕਿਸੇ ਨੂੰ ਗੁਝੀਆਂ ਲਾਵੇ,
ਅਖ ਦੀ ਸੈਨਤ ਮਾਰ,
ਜੋਗਣੇ ! ਉਠ ਕੇ ਛੇੜ ਸਤਾਰ ।

6

ਸੁੱਤੀਆਂ ਸੁਰਤਾਂ ਸੌਣ ਜਗਾਈਆਂ,
ਸਜਣਾਂ ਨਾਲ ਪਰੀਤਾਂ ਲਾਈਆਂ,
ਸੌਹਾਂ ਸੁਗੰਧਾਂ ਚੇਤੇ ਆਈਆਂ,
ਬਿਹਬਲ ਹੋ ਗਿਆ ਪਿਆਰ,
ਜੋਗਣੇ ! ਉਠ ਕੇ ਛੇੜ ਸਤਾਰ ।

7

ਛੇੜ ਸਤਾਰ, ਸਰੂਰ ਲਿਆ ਦੇ,
ਨਵਾਂ ਜਿਹਾ ਕੋਈ ਦੇਸ ਵਸਾ ਦੇ,
ਝੋਕੇ ਆਉਣ ਮਸਤ ਹਵਾ ਦੇ,
ਡੁਲ੍ਹ ਡੁਲ੍ਹ ਪਏ ਖ਼ੁਮਾਰ,
ਜੋਗਣੇ ! ਉਠ ਕੇ ਛੇੜ ਸਤਾਰ ।

8

ਭਰ ਭਰ ਜਾਮ ਪਿਆਵੇ ਸਾਕੀ,
ਹਸਰਤ ਕੋਈ ਨ ਰਹਿ ਜਾਏ ਬਾਕੀ,
ਰਬ ਤੋਂ ਭੀ ਹੋ ਬਹੀਏ ਆਕੀ,
ਆਵੇ ਐਸੀ ਤਾਰ,
ਜੋਗਣੇ ! ਉਠ ਕੇ ਛੇੜ ਸਤਾਰ ।

42. ਮਨ-ਸਮਝਾਵਾ

ਆ, ਬਹਿ ਜਾ ਦਿਲ !
ਹੁਣ ਚੁਪ ਕਰ ਕੇ,
ਬਸ ਕਰ, ਇਸ ਮਾਰਾਮਾਰੀ ਨੂੰ,
ਮੈਂ ਤਾੜ ਲਿਆ,
ਉਹਲੇ ਬਹਿ ਕੇ,
ਤੇਰੀ ਚਤੁਰਾਈ ਸਾਰੀ ਨੂੰ ।

1

ਬਾਹਰ ਕੁਝ ਮਕਰ ਖਿਲਾਰੇਂ ਤੂੰ,
ਅੰਦਰ ਕੁਝ ਲੋਹੜੇ ਮਾਰੇਂ ਤੂੰ,
ਆ ਟਲ ਜਾ,
ਪੁਠੀਆਂ ਚਾਲਾਂ ਤੋਂ,
ਛਡ ਦੇ ਇਸ ਦੁਨੀਆਂਦਾਰੀ ਨੂੰ ।

2

ਤੇਰਾ ਮੂੰਹ ਕਿਆ ਭੋਲਾ ਭੋਲਾ ਹੈ,
ਪਰ ਦਿਲ ਤੂਫ਼ਾਨੀ ਗੋਲਾ ਹੈ,
ਕਦ ਤੀਕਰ
ਪੋਚੀ ਜਾਵੇਂਗਾ ?
ਇਸ ਬੇਬੁਨਿਆਦ ਉਸਾਰੀ ਨੂੰ ।

3

ਜੁਗੜੇ ਹੋ ਗਏ ਨੀਂ ਖਪਦੇ ਨੂੰ,
ਪਿੜ ਬੰਨ੍ਹ ਬੰਨ੍ਹ ਨਚਦੇ ਟਪਦੇ ਨੂੰ,
ਦਸ ਖਾਂ,
ਕੁਝ ਹਥ ਭੀ ਆਇਆ ਈ ?
ਕਰ ਕਰ ਕੇ ਲੋਕਾਚਾਰੀ ਨੂੰ ।

4

ਚੁਕ ਪੜਦਾ, ਹੁਣ ਜ਼ਾਹਰ ਹੋ ਜਾ,
ਜੋ ਅੰਦਰੋਂ ਹੈਂ, ਬਾਹਰ ਹੋ ਜਾ,
ਕੀ ਫੈਦਾ ?
ਏਸ ਤਮਾਸ਼ੇ ਦਾ,
ਦਸ ਦੇ ਲੁਕਵੀਂ ਬੀਮਾਰੀ ਨੂੰ ।

5

ਜੇ ਜਾਨ ਘੁਮਾਣੋਂ ਡਰਦਾ ਹੈਂ,
ਤਦ ਇਸ਼ਕ ਇਸ਼ਕ ਕੀ ਕਰਦਾ ਹੈਂ ?
ਛਡ ਖਹਿੜਾ
ਮਕਰ ਦਿਖਾਵੇ ਦਾ,
ਮੰਨ ਲੈ ਅਪਣੀ ਲਾਚਾਰੀ ਨੂੰ ।

6

ਮੋਮਨ ਨਹੀਂ, ਤਾਂ ਕਾਫ਼ਿਰ ਹੀ ਰਹੁ,
ਪਰ ਤਸਬੀ ਫੜ ਫੜ ਕੇ ਨਾ ਬਹੁ,
ਪਾਪੀ ਭੀ
ਪਾਰ ਲਗਾਣ ਦੀਆਂ
ਤੌਫ਼ੀਕਾਂ ਨੇ ਉਸ ਬਾਰੀ ਨੂੰ ।

43. ਜੋਗੀ

ਟੁਕ ਸੁੰਨ-ਸਮਾਧ ਹਟਾ ਜੋਗੀ !
ਕੋਈ ਰਾਗ ਰਸੀਲਾ ਗਾ ਜੋਗੀ !

1

ਚੁਪ ਸਾਧੀ ਊ ਢੇਰ ਜ਼ਮਾਨੇ ਦੀ,
ਕੁਝ ਸੁਧ ਭੀ ਲੈ ਬੁਤਖ਼ਾਨੇ ਦੀ,
ਛਡ ਝਾਕ ਜਹਾਨ ਬਿਗਾਨੇ ਦੀ,
ਕੁਟੀਆ ਵਿਚ ਜੋਤ ਜਗਾ ਜੋਗੀ ।

2

ਤੇਰਾ ਦਿਲ ਦੁਨੀਆਂ ਤੋਂ ਨਸਦਾ ਹੈ,
ਗੁੰਝਲਾਂ ਵਿਚ ਜਾ ਜਾ ਫਸਦਾ ਹੈ,
ਪਰ ਰਬ ਤਕ ਤਕ ਕੇ ਹਸਦਾ ਹੈ,
ਇਹ ਤੇਰਾ ਅਜਬ ਸੁਦਾ ਜੋਗੀ ।

3

ਰਬ ਫੜਨਾ ਜੀ ਤਾਂ ਚਾਹੁੰਦਾ ਹੈ,
ਪਰ ਰਬ ਵੀ ਫੜਿਆ ਜਾਂਦਾ ਹੈ ?
ਜੋ ਘਰ ਘਰ ਹਸਦਾ ਗਾਂਦਾ ਹੈ,
ਉਸ ਜੀਉਂਦੇ ਰਬ ਨੂੰ ਪਾ ਜੋਗੀ ।
4

ਤੂੰ ਚੰਦਨ ਘਸ ਘਸ ਲਾਂਦਾ ਹੈਂ,
ਪਰ ਗਿਰਦੇ ਝਾਤ ਨ ਪਾਂਦਾ ਹੈਂ,
ਠੰਢਕ ਨੂੰ ਪੋਹਣ ਨ ਦੇਂਦੀ ਹੈ-
ਬਾਹਰ ਦੀ ਗਰਮ ਹਵਾ ਜੋਗੀ ।

5

ਉਠ ਦੇਖ ਕਿਧਰ ਛਾਂ ਢਲਦੀ ਹੈ,
ਵਾ ਕਿਸੇ ਪਾਸੇ ਦੀ ਚਲਦੀ ਹੈ,
ਜੋ ਅਗਨ ਚੁਫੇਰੇ ਬਲਦੀ ਹੈ,
ਕਰ ਉਸ ਦਾ ਕੋਈ ਉਪਾ ਜੋਗੀ ।

6

ਜਿਸ ਘਰ ਦੀ ਲਛਮੀ ਰੁਸ ਗਈ ਏ,
ਮਤ ਮੁਸ ਗਈ, ਜ਼ੀਨਤ ਖੁਸ ਗਈ ਏ,
ਕੁਲ ਚਾਲ, ਰੀਤ ਸਭ ਘੁਸ ਗਈ ਏ,
ਉਸ ਦੀ ਕੁਝ ਬਣਤ ਬਣਾ ਜੋਗੀ ।

7

ਔਹ ਦੇਖ, ਭਗਤ ਕੀ ਕਰਦੇ ਨੀਂ,
ਟੁਕਰਾਂ ਤੋਂ ਲੜ ਲੜ ਮਰਦੇ ਨੀਂ,
ਤੇਰੇ ਰਬ ਤੋਂ ਭੀ ਨਾ ਡਰਦੇ ਨੀਂ,
ਏਨ੍ਹਾਂ ਨੂੰ ਕੁਝ ਸਮਝਾ ਜੋਗੀ ।

8

ਇਕ ਰਬ, ਤੇ ਪੰਥ ਹਜ਼ਾਰਾਂ ਨੇਂ,
ਸਭ ਦੇ ਹਥ ਵਿਚ ਤਲਵਾਰਾਂ ਨੇਂ,
ਸੁਰਗਾਂ ਦਿਆਂ ਠੇਕੇਦਾਰਾਂ ਨੇ,
ਹੋਲੀ ਜਹੀ ਛਡੀ ਮਚਾ ਜੋਗੀ ।

9

ਉਠ, ਤਕੜਾ ਹੋ ! ਕਰ ਖ਼ਿਆਲ ਜ਼ਰਾ,
ਪੜ੍ਹ ਮੰਤਰ, ਰੂਹਾਂ ਉਠਾਲ ਜ਼ਰਾ,
ਭਗਤਾਂ ਦਾ ਖ਼ੂਨ ਉਛਾਲ ਜ਼ਰਾ,
ਮਰ ਕੇ ਜੀਉਣਾ ਸਿਖਲਾ ਜੋਗੀ ।

10

ਜਦ ਅਪਣਾ ਆਪ ਘੁਮਾਵੇਂਗਾ,
ਰਬ ਦੇ ਰਾਹ ਵਿਚ ਕੰਮ ਆਵੇਂਗਾ,
ਤਦ ਹੀ ਤੂੰ ਮੁਕਤੀ ਪਾਵੇਂਗਾ,
ਸੁਆਰਥ ਦੀ ਭੇਟ ਚੜ੍ਹਾ ਜੋਗੀ ।

44. ਪ੍ਰੇਮ-ਝਰਨਾਟਾਂ

(ਗੀਤ)

ਮੁਸਮੁਸੀਆਂ ਝਰਨਾਟਾਂ,
ਸਖੀਓ ! ਪ੍ਰੇਮ ਦੀਆਂ । (ਟੇਕ)

1

ਰੋਜ਼ ਅਜ਼ਲ ਦੀਆਂ ਕਲਮਾਂ ਵਗੀਆਂ,
ਦਿਲਬਰ ਨਾਲ ਪਰੀਤਾਂ ਲਗੀਆਂ,
ਜਗਣ ਜਿਗਰ ਵਿਚ ਲਾਟਾਂ,
ਸਖੀਓ ! ਪ੍ਰੇਮ ਦੀਆਂ ।

2

ਏਸ ਨਸ਼ੇ ਦੀ ਅਜਬ ਖ਼ੁਮਾਰੀ,
ਜੀਉਣੋਂ ਲਗਦੀ ਮੌਤ ਪਿਆਰੀ,
ਮਾਖਿਓਂ ਮਿੱਠੀਆਂ ਚਾਟਾਂ,
ਸਖੀਓ ! ਪ੍ਰੇਮ ਦੀਆਂ ।

3

ਪ੍ਰੇਮ-ਨਗਰ ਦਾ ਪੈਂਡਾ ਚੋਖਾ,
ਕਦਮ ਕਦਮ ਤਿਲਕਣ ਦਾ ਧੋਖਾ,
ਦੂਰ ਦੁਰਾਡੀਆਂ ਵਾਟਾਂ,
ਸਖੀਓ ! ਪ੍ਰੇਮ ਦੀਆਂ ।

4

ਇਸ ਚੇਟਕ ਵਿਚ ਲੁਛਦੇ ਰਹੀਏ,
ਦੁਖ ਸਹੀਏ, ਪਰ 'ਸੀ' ਨਾ ਕਹੀਏ,
ਗੁਝੀਆਂ ਪੈਣ ਤਰਾਟਾਂ,
ਸਖੀਓ ! ਪ੍ਰੇਮ ਦੀਆਂ ।

5

ਘੁਟ ਘੁਟ ਲੜ ਤਾਂਘਾਂ ਦਾ ਫੜੀਏ,
ਬੇਬਸੀਆਂ ਦੇ ਨਾਲ ਨ ਲੜੀਏ,
ਸਬਰ ਸਹੇ ਸੁਰਲਾਟਾਂ,
ਸਖੀਓ ! ਪ੍ਰੇਮ ਦੀਆਂ ।

45. ਢੋਲ ਸਿਪਾਹੀ

ਨੀ ਮੇਰੀਏ-
ਹੀਰੇ ਸਲੇਟੀਏ !
ਰਾਜੇ ਦੀਏ ਬੇਟੀਏ !
ਉੱਠ ਕੇ ਮੇਰੇ ਲਈ ਰੋਟੀ ਪਕਾ,
ਨੌਕਰੀ ਮੇਰੀ,
ਫਰੰਗੀ ਦੇ ਬੰਗਲੇ,
ਛੇਤੀ ਜਾ ਅਪੜਾਂ, ਦੇਰੀ ਨਾ ਲਾ ।

ਵੇ ਮੇਰਿਆ-
ਢੋਲਣਾ ਮਾਹੀਆ !
ਬਾਂਕੇ ਸਿਪਾਹੀਆ !
ਐਡੀਆਂ ਕਾਹਲੀਆਂ ਹਾਲੀ ਨਾ ਪਾ ।
ਸਾਉਣ ਮਾਂਹ ਦੀਆਂ
ਝੜੀਆਂ ਤੇ ਮੁੱਕਣ ਦੇ,
ਸਾਡਾ ਤੇ ਕੋਈ ਵੀ ਲੱਥਾ ਨਹੀਂ ਚਾ ।

ਨੀ ਮੇਰੀਏ-
ਭੋਲੀਏ ਰਾਣੀਏ !
ਸੁਘੜ ਸਿਆਣੀਏ !
ਕਰ ਕਰ ਕੇ ਅੜੀਆਂ ਨਾ ਧੁੱਪਾਂ ਚੜ੍ਹਾ ।
ਗੋਰੇ ਦੀਆਂ ਘੁਰਕੀਆਂ,
ਜਾਵਣ ਨਾ ਝੱਲੀਆਂ,
ਗੁੱਸੇ ਵਿਚ ਦੇਂਦਾ ਈ ਤਲਬਾਂ ਘਟਾ ।

ਵੇ ਸੋਹਣਿਆ-
ਸਦਕੇ ਕਰ ਸੁੱਟਾਂ
ਫਰੰਗੀ ਦੀ ਨੌਕਰੀ,
ਅੱਜੋ ਮੈਂ ਲੈਨੀਆਂ ਨਾਵਾਂ ਕਟਵਾ ।
ਕਾਲਿਆਂ ਬੱਦਲਾਂ,
ਲਾਈਆਂ ਬਹਾਰਾਂ ਨੇਂ,
ਵਗਦੀ ਏ ਠੰਢੀ ਤੇ ਭਿੰਨੜੀ ਵਾ ।
ਖੱਬਲਾਂ ਘਾਵਾਂ ਤੇ
ਅੰਬਾਂ ਦੀ ਛਾਵੇਂ ਮੈਂ
ਦੇਨੀ ਆਂ ਦਿਲ ਦਾ ਵਿਛੌਣਾ ਵਿਛਾ ।
ਬਾਗ਼ਾਂ ਵਿਚ ਕੋਇਲਾਂ
ਮੋਰਾਂ ਦੀਆਂ ਬੋਲੀਆਂ,
ਪਿੱਪਲਾਂ ਹੇਠ
ਮੁਟਿਆਰਾਂ ਦੀਆਂ ਟੋਲੀਆਂ,
ਨਦੀਆਂ ਦੇ ਕੰਢੇ
ਬੇਰੁੱਤੀਆਂ ਹੋਲੀਆਂ,
ਰੌਣਕਾਂ ਛੱਡ ਕੇ ਨੱਠਾ ਨਾ ਜਾ ।

ਨੀ ਮੇਰੀਏ-
ਦਰਦਣੇ ਨਾਰੀਏ !
ਸਾਈਂ ਸੁਆਰੀਏ !
ਭਰ ਭਰ ਕੇ ਅੱਖਾਂ ਨਾ ਜਿਗਰਾ ਡੁਲਾ ।
ਵੱਡੇ ਦਿਨਾਂ ਦੀਆਂ
ਛੁੱਟੀਆਂ ਨੇੜੇ ਨੇਂ
ਚੜ੍ਹਦੇ ਸਿਆਲੇ ਮੈਂ ਪਹੁੰਚਾਂਗਾ ਆ ।

ਵੇ ਮੇਰਿਆ-
ਗਰਬ ਗੁਮਾਨੀਆ !
ਪੈਸੇ ਦਿਆ ਮਿੱਤਰਾ !
ਕਰ ਕਰ ਕੇ ਟਾਲੇ ਨਾ ਭਾਂਬੜ ਮਚਾ ।
ਪ੍ਰੇਮ ਦੀਆਂ ਖੇਡਾਂ ਤੇ
ਕੱਚ ਦੀਆਂ ਵੰਗਾਂ ਨੀਂ,
ਲਾ ਲਾ ਕੇ ਠੋਕਰਾਂ ਤੋੜੀ ਨਾ ਜਾ ।
ਜਾਣੇਂ ਨਾ ਵੇਦਨ,
ਵਿਛੋੜੇ ਦੀਆਂ ਪੀੜਾਂ ਦੀ,
ਹੱਸ ਕੇ ਛੱਡੀ ਊ ਗੱਲ ਗੁਆ ।
ਸੀਵਾਂਗੀ ਬਹਿ ਬਹਿ
ਕਲੇਜੇ ਦਿਆਂ ਫੱਟਾਂ ਨੂੰ
ਜਾ ਕੇ ਤੂੰ ਆਪਣਾ ਪਹਿਰਾ ਵਜਾ ।

46. ਇਕ ਤੂੰ ਹੋਵੇਂ
(ਕਾਫ਼ੀ-ਭੀਮ)

ਪ੍ਰੀਤਮ ਅੱਜ ਦਿਲ ਖ਼ੁਸ਼ ਤਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।
ਵੱਖਰੀ ਜਹੀ ਕੋਈ ਥਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

1
ਮਾਂਹ ਸੌਣ, ਪੁਰੇ ਦੀ ਵਾ ਹੋਵੇ,
ਉਚੀ ਟਿੱਬੀ ਤੇ ਗਿੱਠ ਗਿੱਠ ਘਾ ਹੋਵੇ,
ਉਤੇ ਸੰਘਣੀ ਸੰਘਣੀ ਛਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

2
ਵਰ੍ਹ ਕੇ ਲੰਘ ਗਈ ਬਦਲੀ ਹੋਵੇ,
ਕੁਦਰਤ ਖਿੜ ਖਿੜ ਹਸਦੀ ਹੋਵੇ,
ਇਕ ਚਸ਼ਮਾਂ ਕੋਲ ਰਵਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

3
ਹੋਵੇ ਰੰਗਣ ਤਖ਼ਤ ਹਜ਼ਾਰੇ ਦੀ,
ਅਤੇ ਸੇਜ ਚਨਾਬ-ਕਿਨਾਰੇ ਦੀ,
ਆਸੀਂ ਪਾਸੀਂ ਚੁਪ ਚਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

4
ਦਿਲ ਦੋਹਾਂ ਦਾ ਧੜਕ ਰਿਹਾ ਹੋਵੇ,
ਵਿਚਕਾਰ ਨਾ ਸੰਗ ਸੰਗਾ ਹੋਵੇ,
ਮੇਰੇ ਗਲ ਵਿਚ ਤੇਰੀ ਬਾਂਹ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

5
ਤੂੰ ਭਰ ਭਰ ਦੇਂ ਮੈਂ ਪੀ ਜਾਵਾਂ,
ਪੀ ਪੀ ਕੇ ਖੀਵਾ ਥੀ ਜਾਵਾਂ,
ਕੋਈ ਵਰਜਣ ਵਾਲਾ ਨਾ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

6
ਤੇਰੇ ਨੈਣ ਨਸ਼ੀਲੇ ਤੱਕ ਤੱਕ ਕੇ,
ਇਕ ਅਰਜ਼ ਕਰਾਂ ਮੈਂ ਝਕ ਝਕ ਕੇ,
ਸੌ ਸੌ ਵਲ ਪਾ ਕੇ *ਹਾਂ* ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

7
ਮੇਰੇ ਦਿਲ ਦੀ ਦੁਨੀਆਂ ਵਸ ਜਾਵੇ,
ਗ਼ਮ ਫ਼ਿਕਰ ਜਹਾਨੋਂ ਨੱਸ ਜਾਵੇ,
ਵਿਛੁੜਨ ਦਾ ਫੇਰ ਨਾ ਨਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

47. ਨਾਰੀ

(ਕਾਲੰਗੜਾ)

1

ਮੇਰੀਏ ਪ੍ਰੇਮ-ਚਮਨ ਦੀਏ ਮਾਲਣੇ !
ਮੇਰੀਏ ਧੁਰ ਦੀਏ ਮਹਰਮ ਹਾਲਣੇ !
ਦੁਖ-ਸੁਖ ਦੀਏ ਭਾਈਵਾਲਣੇ !
ਤੂੰ ਤਾਂ ਪੁਤਲੀ ਏਂ ਰਬ ਦੇ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

2

ਜਦੋਂ ਕੁਦਰਤ ਖੇਲ ਰਚਾਇਆ,
ਮੈਨੂੰ ਤੇਰਾ ਹੀ ਸਾਥ ਮਿਲਾਇਆ,
ਤੂੰਹੇਂ ਆਣ ਕੇ ਸੁੰਞ ਹਟਾਇਆ,
ਤੂੰਹੇਂ ਛੇੜੀ ਤਰਬ ਸਤਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

3

ਤੇਰੀ ਚਾਲ ਤੇ ਢਾਲ ਕਮਾਲ ਸੀ,
ਦੁਨੀਆਂ ਫਬਦੀ ਹੀ ਤੇਰੇ ਨਾਲ ਸੀ,
ਅੱਖੀਂ ਨੂਰ ਤੇ ਮੂੰਹ ਤੇ ਜਲਾਲ ਸੀ,
ਅੰਦਰ ਪ੍ਰੀਤ ਸੀ ਠਾਠਾਂ ਮਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

4

ਜਾਂ ਤੂੰ ਹੱਸੀਓਂ ਤਾਂ ਜਗ ਹੱਸਿਆ,
ਜਾਂ ਤੂੰ ਵੱਸੀਓਂ ਤਾਂ ਜਗ ਰਸਿਆ,
ਤੂੰਹੇਂ ਭੇਦ ਖ਼ੁਸ਼ੀ ਦਾ ਦੱਸਿਆ,
ਤੂੰਹੇਂ ਖੋਲ੍ਹੀ ਗੰਢ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

5

ਜਿੱਧਰ ਵੇਖਿਆ, ਤੇਰੀ ਹੀ ਸ਼ਾਨ ਸੀ,
ਜੋ ਕੁਝ ਲੱਭਿਆ, ਤੇਰਾ ਹੀ ਦਾਨ ਸੀ,
ਤੇਰੇ ਦਮ ਥੀਂ ਵੱਸਦਾ ਜਹਾਨ ਸੀ,
ਤੂੰਹੇਂ ਜਾਨ ਸੈਂ ਇਸ ਗੁਲਜ਼ਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

6

ਜਾਂ ਤੂੰ ਆਣ ਬਰੂਹਾਂ ਸਜਾਈਆਂ,
ਸੱਭੇ ਬਰਕਤਾਂ ਘਰ ਵਿਚ ਆਈਆਂ,
ਮੂੰਹੋਂ ਮੰਗੀਆਂ ਦੌਲਤਾਂ ਪਾਈਆਂ,
ਆਈ ਖ਼ਿਜ਼ਾਂ ਤੇ ਸ਼ਾਨ ਬਹਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

7

ਮੇਰੀ ਗੁੱਡੀ ਨੂੰ ਤੂੰਹੇਂ ਚੜ੍ਹਾਇਆ,
ਮੈਨੂੰ ਜਗ ਵਿਚ ਅਮਰ ਬਣਾਇਆ,
ਮੇਰੀ ਆਬ ਨੂੰ ਤੂੰ ਚਮਕਾਇਆ,
ਰਹੀਓਂ ਅੰਦਰ ਬਾਹਰ ਸ਼ਿੰਗਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

8

ਤੂੰਹੇਂ ਥਾਂ ਥਾਂ ਖੇਡਾਂ ਖਿਲਾਰੀਆਂ,
ਤੇਰੇ ਨਾਲ ਨੇ ਸਾਂਝਾਂ ਸਾਰੀਆਂ,
ਸਾਕਾਦਾਰੀਆਂ, ਕੁੜਮਾਚਾਰੀਆਂ,
ਤੂੰਹੇਂ ਰੌਣਕ ਇਸ ਸੰਸਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

9

ਤਪ ਖਪ ਕੇ ਜਦ ਮੈਂ ਆਇਆ,
ਤੇਰੇ ਪ੍ਰੇਮ ਨੇ ਕੌਲ ਖਿੜਾਇਆ,
ਸਾਰਾ ਫ਼ਿਕਰ ਪਰੇ ਸੁੱਟ ਪਾਇਆ,
ਡਿੱਠੀ ਸੂਰਤ ਜਦ ਗ਼ਮਖਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

10

ਜਿੱਥੇ ਹਿੰਮਤ ਢਾਹੀਆਂ ਢੇਰੀਆਂ,
ਤੂੰਹੇਂ ਦਿੱਤੀਆਂ ਹੱਲਾ ਸ਼ੇਰੀਆਂ,
ਤੂੰਹੇਂ ਦਿਲ ਦੀਆਂ ਕੁੰਜੀਆਂ ਫੇਰੀਆਂ,
ਰਹੀਓਂ ਡੁਬਦੀਆਂ ਬੇੜੀਆਂ ਤਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

11

ਜਾਂ ਮੈਂ ਰਣ ਵੱਲ ਪੈਰ ਵਧਾਇਆ,
ਸਗਨਾਂ ਨਾਲ ਤੂੰ ਖੜਗ ਫੜਾਇਆ,
ਮੇਰਾ ਜਿਗਰਾ ਸ਼ੇਰ ਬਣਾਇਆ,
ਜਾ ਜਾ ਨਾਲ ਰਹੀਓਂ ਲਲਕਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

12
ਪੈਰ ਥਿੜਕਿਆ ਜਦ ਭਲਿਆਈਓਂ,
ਤੂੰਹੇਂ ਰਾਹਬਰ ਬਣ ਕੇ ਆਈਓਂ,
ਦਿੱਤਾ ਡੋਲਣ ਨਾ ਸਚਿਆਈਓਂ,
ਰਹੀਓਂ ਵਿਗੜੀ ਪੈਜ ਸੁਆਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

13
ਆਇਆ ਜਦ ਕੋਈ ਕਿਸਮਤ ਮਾਰਿਆ,
ਤੈਨੂੰ ਧਰਮ ਦੇ ਨਾਂ ਤੇ ਵੰਗਾਰਿਆ,
ਤੈਥੋਂ ਗਿਆ ਨਾ ਸੇਕ ਸਹਾਰਿਆ,
ਰਹੀਓਂ ਧੁਖਦੀਆਂ ਆਂਦਰਾਂ ਠਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

14

ਹਰੀਚੰਦ ਨੇ ਬੋਲ ਜਾਂ ਹਾਰਿਆ,
ਤੇਰੀ ਅਣਖ ਨੇ ਮਿਹਣਾ ਮਾਰਿਆ,
ਆਪਾ ਵੇਚ ਤੂੰ ਨਾਵਾਂ ਤਾਰਿਆ,
ਰਹੀਓਂ ਸਾਬਤ ਕੌਲ ਕਰਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

15

ਜਾਂ ਕੋਈ ਕਾਂਗ ਦੁਖਾਂ ਦੀ ਆਉਂਦੀ,
ਦੁਨੀਆਂ ਸਾਰੀ ਸੀ ਲੜ ਖਿਸਕਾਉਂਦੀ,
ਤੂੰਹੇਂ ਦਿਸੀਓਂ ਸਾਥ ਨਿਭਾਉਂਦੀ,
ਬਾਹੋਂ ਫੜ ਫੜ ਪਾਰ ਉਤਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

16

ਜਦੋਂ ਰੋਗ-ਬਿਮਾਰੀਆਂ ਆਈਆਂ,
ਡਰ ਡਰ ਸੱਜਣਾਂ ਅੱਖਾਂ ਚੁਰਾਈਆਂ,
ਤੂੰਹੇਂ ਬਹਿ ਬਹਿ ਰਾਤਾਂ ਕਟਾਈਆਂ,
ਰਹੀਓਂ ਮੇਰੇ ਤੋਂ ਜਿੰਦੜੀ ਵਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

17

ਜਦ ਮੈਂ ਕੌੜੀਆਂ ਫਿੱਕੀਆਂ ਬੋਲਿਆ,
ਤੂੰ ਨਾ ਸਾਹਮਣੇ ਮੂੰਹ ਕਦੀ ਖੋਲ੍ਹਿਆ,
ਆਇਆ ਗੱਚ ਤੇ ਰੁਕ ਕੇ ਰੋ ਲਿਆ,
ਬੱਧੀ ਪ੍ਰੀਤ ਦੀ ਦੁਖੜੇ ਸਹਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

18

ਖੋਟੇ ਰਾਹਾਂ ਤੇ ਜਦ ਮੈਂ ਚੱਲਿਆ,
ਤੇਰਾ ਸੁਹਲ ਕਲੇਜਾ ਸੱਲਿਆ,
ਤੂੰ ਨਾ ਫੇਰ ਵੀ ਪੜਦਾ ਉਥਲਿਆ,
ਭੁੱਲਾਂ ਮੇਰੀਆਂ ਰਹੀਓਂ ਵਿਸਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

19

ਤੇਰੇ ਰੂਪ ਨੂੰ ਮੈਂ ਨਾ ਪਛਾਣਿਆ,
ਤੈਨੂੰ ਮਿੱਟੀ ਦੀ ਬਾਜੀ ਜਾਣਿਆ,
ਤੈਨੂੰ ਬਾਂਦੀਆਂ ਵਾਂਗਰ ਮਾਣਿਆ,
ਪਾਈ ਕਦਰ ਨ ਤੇਰੇ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

20

ਰੱਬੀ ਬਰਕਤਾਂ ਨਾਲ ਸ਼ਿੰਗਾਰੀਏ !
ਠੰਢੀ ਛਾਂ ਸਤਵੰਤੀਏ ਨਾਰੀਏ !
ਬਹਿ ਜਾ ਅੱਖਾਂ 'ਚਿ ਰਾਮ ਸੁਆਰੀਏ !
ਹੋ ਗਈ ਹੱਦ ਤੇਰੇ ਉਪਕਾਰ ਦੀ,
ਨੀ ਮੈਂ ਸਾਰ ਸਮਝ ਲਈ ਨਾਰ ਦੀ

48. ਦੋਹੜਾ

ਦਿਲ ਦਰਯਾ ਵਿਚ
ਲੋਹੜ ਲਿਆਂਦਾ,
ਲਹਿਰਾਂ ਵਾਂਗ, ਉਮੰਗਾਂ,

ਪਾਗਲ ਕੀਤਾ,
ਇਸ ਪਾਪੀ ਜੀਉੜੇ,
ਨਿਤ ਨਵੀਆਂ ਕਰ ਕਰ ਮੰਗਾਂ,

ਇਸ ਦੀ ਖ਼ਾਤਰ,
ਮੈਂ ਦਰ ਦਰ ਪਿੰਨਿਆ,
ਖੂਹ ਵਿਚ ਸੁਟ ਸੁਟ ਸੰਗਾਂ,

ਫੇਰ ਨ ਪਰਚੇ
ਤਾਂ ਦੱਸੋ ਲੋਕੋ,
ਇਹਨੂੰ ਕਿਸ ਸੂਲੀ ਤੇ ਟੰਗਾਂ ?

49. ਤੇਰਾ ਮੇਰਾ ਪਿਆਰ

(ਗੀਤ)

ਤੇਰਾ ਮੇਰਾ ਪਿਆਰ
ਪਿਆਰੀ !
ਤੇਰਾ ਮੇਰਾ ਪਿਆਰ।
ਧੁਰ ਦੀਆਂ ਗੰਢਾਂ ਪਈਆਂ ਹੋਈਆਂ,
ਕਰ ਕਰ ਕੌਲ ਕਰਾਰ
ਪਿਆਰੀ !
ਤੇਰਾ ਮੇਰਾ ਪਿਆਰ ।

1

ਅਸੀਂ ਤੁਰੇ ਸਾਂ ਬਹੁਤ ਸਵੇਰੇ,
ਮੇਰੀ ਬਾਂਹ ਸੀ ਹਥ ਵਿਚ ਤੇਰੇ,
ਤੂੰ ਰਚ ਮਿਚ ਕੇ ਅੰਦਰ ਮੇਰੇ
ਖੜਕਾਂਦੀ ਸਏਂ ਤਾਰ
ਪਿਆਰੀ !
ਤੇਰਾ ਮੇਰਾ ਪਿਆਰ ।

2

ਤੂੰ ਸਏਂ ਹਸਦੀ, ਮੈਂ ਸਾਂ ਗਾਂਦਾ,
ਤੂੰ ਨਚਦੀ, ਮੈਂ ਭੰਗੜੇ ਪਾਂਦਾ,
ਜੋਬਨ ਹੁਸਨ ਹੁਲਾਰੇ ਖਾਂਦਾ,
ਲਕ ਵਿਚ ਸੀ ਲਚਕਾਰ
ਪਿਆਰੀ !
ਤੇਰਾ ਮੇਰਾ ਪਿਆਰ ।

3

ਅਸਾਂ ਦੁਹਾਂ ਸਨ ਪ੍ਰੀਤਾਂ ਲਾਈਆਂ,
ਕੱਠਿਆਂ ਰਹਿਣ ਦੀਆਂ ਪਕਿਆਈਆਂ,
ਬਹਿ ਕੇ ਸਵ੍ਹਾਂ ਸੁਗੰਧਾਂ ਪਾਈਆਂ,
ਰਬ ਨੂੰ ਰਖ ਵਿਚਕਾਰ
ਪਿਆਰੀ !
ਤੇਰਾ ਮੇਰਾ ਪਿਆਰ ।

4

ਰਾਹ ਸੀ ਸਾਡਾ ਬਹੁਤ ਉਖੇਰਾ,
ਤਕ ਤਕ ਜੀ ਕੰਬਦਾ ਸੀ ਮੇਰਾ,
ਪਰ ਤੂੰ ਕਰ ਕੇ ਭਾਰਾ ਜੇਰਾ,
ਚੁਕ ਲਿਆ ਸਿਰ ਤੇ ਭਾਰ
ਪਿਆਰੀ !
ਤੇਰਾ ਮੇਰਾ ਪਿਆਰ ।

5

ਸਾਂਝੀ ਦੁਨੀਆਂ ਅਸਾਂ ਵਸਾਈ,
ਹਸਦਿਆਂ ਰਸਦਿਆਂ ਮਜ਼ਲ ਮੁਕਾਈ,
ਰਾਹ ਵਿਚ ਆਈ ਜੋ ਕਠਨਾਈ,
ਲੰਘ ਗਏ ਹੰਭਲੇ ਮਾਰ
ਪਿਆਰੀ !
ਤੇਰਾ ਮੇਰਾ ਪਿਆਰ ।

6

ਆ, ਹੁਣ ਬਹਿ ਕੇ ਰੌਣਕ ਲਾਈਏ,
ਏਥੇ ਈ ਨਵਾਂ ਬਹਿਸ਼ਤ ਬਣਾਈਏ,
ਕੱਠੇ ਕਰ ਕੇ ਆਂਢ ਗੁਆਂਢੀ,
ਕਰੀਏ ਮੌਜ ਬਹਾਰ,
ਪਿਆਰੀ !
ਤੇਰਾ ਮੇਰਾ ਪਿਆਰ ।

50. ਕਦੋਂ ਦਾ

(ਗ਼ਜ਼ਲ)

ਉਲਝਣ ਦੇ ਵਿਚ ਹੈ ਆਪ ਦਾ ਅਸਰਾਰ ਕਦੋਂ ਦਾ ।
ਹੈ ਲਟਕ ਰਿਹਾ ਮਿਲਣ ਦਾ ਇਕਰਾਰ ਕਦੋਂ ਦਾ ।

ਵੇਂਹਦੇ ਭੀ ਹੋ ਤੇ ਫੇਰ ਭੀ ਪਸੀਜਦੇ ਨਹੀਂ ?
ਹੈ ਸਿਸਕ ਰਿਹਾ ਮੇਰਾ ਇੰਤਜ਼ਾਰ ਕਦੋਂ ਦਾ ।

ਵਸਦੇ ਤਾਂ ਹੋ ਨਜ਼ੀਕ, ਪਰ ਉਹਲਾ ਹੈ ਗ਼ਜ਼ਬ ਦਾ,
ਹੈ ਡਾਵਾਂਡੋਲ ਹੋ ਰਿਹਾ ਇਤਬਾਰ ਕਦੋਂ ਦਾ ।

ਸਦਕੇ ਮੈਂ ਏਸ ਹੁਸਨ ਦੇ, ਜਿਸ ਦੀ ਬਹਾਰ ਤੇ,
ਦੇਖੇ ਬਿਨਾਂ ਹੀ ਵਿਕ ਚੁਕਾ ਹੈ ਪਿਆਰ ਕਦੋਂ ਦਾ ।

ਪਲ ਭਰ ਹੀ ਬਹਿ ਕੇ ਸਾਹਮਣੇ, ਦੇ ਜਾਂਦੇ ਦਿਲਬਰੀ,
ਸੀਨੇ ਦੇ ਵਿਚ ਖਟਕ ਰਿਹਾ ਏ ਖ਼ਾਰ ਕਦੋਂ ਦਾ ।

ਵਹਿਸ਼ਤ ਮੇਰੀ ਤੇ ਦੋਸਤਾਂ ਹੈਰਾਨ ਹੋ ਕਿਹਾ,
ਤੂੰ ਲਾ ਲਿਆ ਏ ਯਾਰ ! ਇਹ ਆਜ਼ਾਰ ਕਦੋਂ ਦਾ ?

ਦਾਰੂ ਬਿਅੰਤ ਦੇ ਦੇ ਸਿਆਣੇ ਭੀ ਥਕ ਗਏ,
ਮੰਜੇ ਪਿਆ ਹੈ ਆਪ ਦਾ ਬੀਮਾਰ ਕਦੋਂ ਦਾ ।

ਇਕ ਝਾਤ ਪਾ ਕੇ ਤਾਂਘ ਮੇਰੀ ਪੂਰੀ ਕਰ ਛਡੋ,
ਮੈਂ ਲੈ ਰਿਹਾ ਹਾਂ ਖ਼ਾਬ ਮਜ਼ੇਦਾਰ ਕਦੋਂ ਦਾ ।

51. ਕਿਸ ਵਾਸਤੇ ?

ਫਿਕਰ ਵਿਚ ਘੁਲ ਘੁਲ ਮਰਾਂ, ਕਿਸ ਵਾਸਤੇ ?
ਡਰਦਿਆਂ ਹਰ ਹਰ ਕਰਾਂ, ਕਿਸ ਵਾਸਤੇ ?

ਜ਼ਿੰਦਗੀ ਦੀ ਜਦ ਹਕੀਕਤ ਖੁਲ ਗਈ,
ਮੌਤ ਤੋਂ ਸਹਿਮਾਂ, ਡਰਾਂ ਕਿਸ ਵਾਸਤੇ ?

ਤਕਵਿਆਂ ਦਾ ਮਹਿਲ ਤਾਂ ਹੈ ਬਣ ਚੁਕਾ,
ਫੋਕੀਆਂ ਨੀਹਾਂ ਧਰਾਂ, ਕਿਸ ਵਾਸਤੇ ?

ਕਰਤਾ ਭੀ ਤਾਂ ਬਹਿਰ ਦੀ ਇਕ ਮੌਜ ਹੈ,
ਬਹਿਰ ਦੀ ਤਾਰੀ ਤਰਾਂ, ਕਿਸ ਵਾਸਤੇ ?

ਆ ਗਿਆ ਹਾਂ ਰਾਹ ਤੇ, ਤਦ ਖ਼ੈਰ ਹੈ,
ਪਹੁੰਚਣੇ ਹਿਤ ਘਾਬਰਾਂ, ਕਿਸ ਵਾਸਤੇ ?

ਮੁੱਠ ਮੇਰੀ ਵਿੱਚ ਨੇਂ ਜਦ ਬਿਜਲੀਆਂ,
ਆਲ੍ਹਣੇ ਦਾ ਗ਼ਮ ਕਰਾਂ, ਕਿਸ ਵਾਸਤੇ ?

ਕਰ ਸਕਾਂ ਆਬਾਦ ਜਦ ਦੁਨੀਆਂ ਨਵੀਂ,
ਛੁਟ ਗਈ ਦਾ ਦੁਖ ਜਰਾਂ, ਕਿਸ ਵਾਸਤੇ ?

ਮੈਂ ਤਾਂ ਮੁਹਕਮ ਵਾਅਦਿਆਂ ਵਿਚ ਮਸਤ ਹਾਂ,
ਵਸਲ ਹਿਤ ਹੌਕੇ ਭਰਾਂ, ਕਿਸ ਵਾਸਤੇ ?

ਬੀ ਤਾਂ *ਹਾਸਿਲ* ਵਿਚ ਹੈ ਅਗਲੇ ਖ਼ਾਬ ਦਾ,
ਫਿਰ ਨਵੇਂ ਸੁਪਨੇ ਘੜਾਂ, ਕਿਸ ਵਾਸਤੇ ?

ਸੱਧਰਾਂ ਜਦ ਜੀਉਂਦੀਆਂ ਨੇ ਮੇਰੀਆਂ,
ਹਸਰਤਾਂ ਲੈ ਲੈ ਮਰਾਂ, ਕਿਸ ਵਾਸਤੇ ?

ਵੱਸਣੋਂ ਜੇ ਵਰਜਦੇ ਹੋ ਦੋਸਤੋ !
ਹੈ ਏ ਦੁਨੀਆਂ ਦੀ ਸਰਾਂ, ਕਿਸ ਵਾਸਤੇ ?

52. ਜ਼ਰਾ ਖਲੋ ਜਾ

ਲਟ ਲਟ ਕਰਦੇ ਅਰਸ਼ੀ ਤਾਰੇ !
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।
ਭੁਲਦਿਆਂ ਨੂੰ ਰਾਹ ਪਾਵਣ ਹਾਰੇ !
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

1

ਨਾ ਕਰ ਕਾਹਲ, ਇਕਲ ਦੇ ਸਾਥੀ !
ਨਾਲ ਤੇਰੇ ਜੀ ਪਰਚ ਰਿਹਾ ਸੀ,
ਰਾਤ ਨਿਕਲ ਗਈ, ਪਲ ਹਨ ਬਾਕੀ,
ਲਗੀ ਖੜੀ ਹੈ ਨਾਉ ਕਿਨਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

2

ਤ੍ਰੇਲ ਛਮਾ ਛਮ ਬਰਸ ਚੁਕੀ ਹੈ,
ਬਨਰਾਈ ਨ੍ਹਾ ਧੋ ਬੈਠੀ ਹੈ,
ਜਾਗ ਕਲੀ ਨੂੰ ਔਣ ਲਗੀ ਹੈ,
ਖਾ ਖਾ ਸੀਤਲ ਪੌਣ ਹੁਲਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

3

ਭਰ ਕੇ ਨੀਂਦ ਸੌਂ ਚੁਕਾ ਪੰਛੀ,
ਵਾਟ ਤਕ ਰਿਹਾ ਹੈ ਊਸ਼ਾ ਦੀ,
ਕਰਨ ਲਗਾ ਹੈ ਸ਼ੁਰੂ ਹੁਣੇ ਹੀ,
ਸ਼ੁਕਰਾਨੇ ਦੇ ਗੀਤ ਪਿਆਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

4

ਉਚਟ ਗਈ ਨੀਨੀ ਬਾਲਾਂ ਦੀ,
ਟੋਲ ਰਹੇ ਹਨ ਛਾਤੀ ਮਾਂ ਦੀ,
ਸੁਣ ਸੁਣ ਕੇ ਠਿਣਕਾਰ ਇਨ੍ਹਾਂ ਦੀ,
ਉੱਸਲਵਟ ਲੈਂਦੇ ਹਨ ਸਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

5

ਡੋਲ ਖੂਹਾਂ ਤੇ ਖੜਕ ਪਏ ਨੇਂ,
ਹਾਲੀ ਘਰ ਤੋਂ ਨਿਕਲ ਰਹੇ ਨੇਂ,
ਜੋਤ ਪੁਜਾਰੀ ਬਾਲ ਚੁਕੇ ਨੇਂ,
ਮੁੱਲਾਂ ਪਿਆ ਮਸੀਤ ਬੁਹਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

6

ਰਾਤ ਪੁਸ਼ਾਕ ਵਟਾਣ ਲਗੀ ਹੈ,
ਦਿਨ ਨੂੰ ਗਲੇ ਲਗਾਣ ਲਗੀ ਹੈ,
ਕੁਦਰਤ ਰਾਸ ਰਚਾਣ ਲਗੀ ਹੈ,
ਵੇਖ ਕੇ ਤੁਰੀਂ ਤਮਾਸ਼ੇ ਸਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

53. ਤੇਰਾ ਕੋਈ ਨਹੀਂ

1

ਜਦ ਖ਼ਾਬ ਸੁਨਹਿਰੀ ਲੈ ਲੈ ਕੇ,
ਬਾਹਰ ਵਲ ਧਿਆਨ ਦੁੜਾਇਆ ਮੈਂ,
ਕੋਈ ਸੰਗੀ ਸਾਥੀ ਭਾਲਣ ਨੂੰ,
ਦੁਨੀਆਂ ਦੇ ਪਿੜ ਵਿਚ ਆਇਆ ਮੈਂ,
ਅੰਦਰ ਦੀ ਤੜਪ ਮਿਟਾਣ ਲਈ,
ਦਿਲ ਫੋਲ ਫੋਲ ਦਿਖਲਾਇਆ ਮੈਂ,
ਪਰ ਹਰ ਪਾਸਿਓਂ ਆਵਾਜ਼ ਮਿਲੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

2

ਘਬਰਾ ਕੇ ਏਸ ਇਕਲ ਤੋਂ ਮੈਂ,
ਸਦਵਾਇਆ ਮਿਤਰਾਂ ਯਾਰਾਂ ਨੂੰ ।
ਇੱਜ਼ਤ ਦੇ ਭਾਈਵਾਲਾਂ ਨੂੰ,
ਕਰਵਾਇਆ ਯਾਦ ਪਿਆਰਾਂ ਨੂੰ,
ਸਖਣੀ ਥਾਂ ਦਿਲ ਦੀ ਭਰਨ ਲਈ
ਖੜਕਾਇਆ ਗੁਝੀਆਂ ਤਾਰਾਂ ਨੂੰ,
ਪਰ ਇਕ ਇਕ ਤਰਬ ਪੁਕਾਰ ਉਠੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

3

ਹੋ ਡਾਵਾਂਡੋਲ ਪਰਾਇਆਂ ਤੋਂ,
ਅਪਣਾ ਪਰਵਾਰ ਸਦਾਇਆ ਮੈਂ,
ਔਲਾਦ ਦੁਆਲੇ ਜੋੜ ਲਈ,
ਤੀਵੀਂ ਨੂੰ ਪਾਸ ਬਹਾਇਆ ਮੈਂ,
ਮੰਗਵਾ ਕੇ ਭੈਣਾਂ ਭਾਈਆਂ ਨੂੰ,
ਸੀਨੇ ਦਾ ਸੁੰਞ ਵਿਖਾਇਆ ਮੈਂ,
ਸਭ ਦਿਲ ਦੇ ਅੰਦਰੋਂ ਕਹਿਣ ਲਗੇ-
ਤੂੰ ਜਗ ਵਿਚ ਕੱਲਮਕੱਲਾ ਹੈਂ ।

4

ਅਪਣੇ ਬੇਗਾਨੇ ਪਰਖ ਪਰਖ,
ਜੰਗਲ ਵਲ ਕੀਤੀ ਧਾਈ ਮੈਂ,
ਕੱਲਿਆਂ ਬਹਿ ਪੋਥੀ ਕੁਦਰਤ ਦੀ,
ਫੜ ਵਰਕ ਵਰਕ ਉਲਟਾਈ ਮੈਂ,
ਜੰਗਲ ਪਰਬਤ ਤੇ ਨਦੀਆਂ ਨੂੰ
ਅਪਣੀ ਬੇਬਸੀ ਸੁਣਾਈ ਮੈਂ,
ਸਭ ਥਾਓਂ ਗੁਪਤ ਅਵਾਜ਼ ਮਿਲੀ-
ਤੂੰ ਜਗ ਵਿਚ ਕੱਲਮਕੱਲਾ ਹੈਂ ।

5

ਆਸਾਂ ਦਾ ਲੱਕ ਤੁੜਾ ਓੜਕ
ਰਬ ਦੇ ਦਰਵਾਜ਼ੇ ਆਇਆ ਮੈਂ,
ਦੱਸ ਤੋਤਾਚਸ਼ਮੀ ਦੁਨੀਆਂ ਦੀ,
ਦਿਲ ਛੇਕੋ ਛੇਕ ਦਿਖਾਇਆ ਮੈਂ,
ਆਵਾਜ਼ ਮਿਲੀ, ਤੇਰੇ ਹੀ ਲਈ ਤਾਂ
ਤੈਨੂੰ ਇੰਞ ਬਣਾਇਆ ਮੈਂ,
ਤੂੰ ਅਪਣਾ ਆਪ ਬਣਾਣ ਲਈ
ਹੀ ਜਗ ਵਿਚ ਕੱਲਮਕੱਲਾ ਹੈਂ ।

54. ਵਿਸਾਖੀ ਦਾ ਮੇਲਾ

(ਇਹ ਮੇਲਾ ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਮਨਾਇਆ ਜਾਂਦਾ
ਹੈ; ਮਾਝੇ ਵਿਚ ਇਸ ਦੀ ਰੌਣਕ ਖਾਸ ਤੌਰ ਤੇ ਵੇਖਣ ਵਾਲੀ ਹੁੰਦੀ ਹੈ ।)

1

ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

2 ਦੂਰ ਦੂਰ ਥਾਓਂ ਵਣਜਾਰੇ ਆਏ ਨੇਂ,
ਸੁਹਣੇ ਸੁਹਣੇ ਕੁੰਜਾਂ ਤੇ ਫ਼ੀਤੇ ਲਿਆਏ ਨੇਂ ।
ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ,
ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ।
ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ,
ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ।
ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

3

ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇਂ,
ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇਂ ।
ਵੰਝਲੀ, ਲੰਗੋਜਾ, ਕਾਂਟੋ, ਤੂੰਬਾ ਵੱਜਦੇ,
ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ।
ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ,
ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ।
ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

4

ਬਾਲ, ਬੁੱਢੇ, ਗੱਭਰੂ, ਮੇਲੇ 'ਚਿ ਆਏ ਨੇਂ,
ਟੁੰਬ ਟੁੰਬ ਰੀਝਾਂ ਨੇ ਸਾਰੇ ਜਗਾਏ ਨੇਂ ।
ਭਾਤੋ ਭਾਂਤ ਦਿਲ ਭਾਤੋ ਭਾਂਤ ਮਾਲ ਨੇਂ,
ਟੋਲ ਰਹੇ ਆਪੋ ਆਪਣਾ ਖ਼ਿਆਲ ਨੇਂ ।
ਮੇਲੇ ਦੀ ਬਹਾਰ ਏ ਤਿਕਾਲਾਂ ਤੀਕ ਏ,
ਸੌਦਾ ਲੈ ਵਿਹਾਝ, ਜਿਦ੍ਹੀ ਜੋ ਤਫ਼ੀਕ ਏ ।
ਪਲੋ ਪਲੀ ਵਿੱਚ, ਹੋਣੀ ਚੱਲੋ ਚੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

55. ਮੇਰੀ ਦੁਨੀਆਂ

ਕੋਈ ਕਹਿ ਛਡੇ, ਇਹ ਖ਼ਿਆਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

1

ਏ ਦੁਨੀਆਂ ਤੇ ਮੈਂ ਹੀ ਵਸਾਈ ਹੋਈ ਹੈ,
ਬੜੇ ਜਤਨ ਕਰ ਕਰ ਸਜਾਈ ਹੋਈ ਹੈ,
ਗ਼ਲਤ ਹੈ, ਕਿ ਸੁਹਜਾਂ ਤੋਂ ਖ਼ਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

2

ਜੇ ਖੋਟੀ ਹੈ, ਮੈਂ ਇਸ ਨੂੰ ਸਮਝਾ ਲਵਾਂਗਾ,
ਜੇ ਟਿਕਦੀ ਨਹੀਂ, ਤਾਂ ਮੈਂ ਅਟਕਾ ਲਵਾਂਗਾ,
ਪਿਆਰਾਂ ਤੇ ਵਿਛ ਜਾਣ ਵਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

3

ਤਿਆਗੀ ! ਏ ਮੇਰੇ ਤੇ ਮੂੰਹ ਲਗ ਚੁਕੀ ਹੈ,
ਜਵਾਨੀ ਦੀ ਛੁਹ, ਪਰਖ ਲੈ, ਐਬ ਕੀ ਹੈ ?
ਹੁਸੀਨਾਂ ਦੇ ਨੈਣਾਂ ਦੀ ਲਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

4

ਮੈਂ ਕਿਸਮਤ ਦੇ ਨਾਵੇਂ ਨਵੇਂ ਲਿਖ ਲਵਾਂਗਾ,
ਨ ਸੁਣੀਆਂ ਸੁਣਾਈਆਂ ਤੇ ਫੁਲ ਫੁਲ ਬਹਾਂਗਾ ।
ਬੜੀ ਵਾਰ ਡਿਗ ਡਿਗ ਸੰਭਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

5

ਜੇ ਚੋਲਾ ਵਟਾ ਕੇ ਨਹੀਂ ਮੂੰਹ ਵਿਖਾਣਾ,
ਮੈਂ ਕਰਨਾ ਹੈ ਕੀ ਸੁਰਗ ਪਾਟਾ ਪੁਰਾਣਾ,
ਮੈਂ ਸੁੱਤੀ ਹੋਈ ਫਿਰ ਉਠਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

6

ਮੈਂ ਮੁਕਤੀ ਭੀ ਛੱਡੀ ਅਜ਼ਾਦੀ ਦਾ ਸਦਕਾ,
ਸੁਨੇਹਾ ਹੈ ਇਹ ਤੇ ਨਵੀਂ ਜ਼ਿੰਦਗੀ ਦਾ,
ਜਵਾਨਾਂ ਨੇ ਮਰ ਮਰ ਕੇ ਭਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

7

ਇਦ੍ਹੇ ਕੋਲੋਂ ਕਮਜ਼ੋਰ ਡਰਦੇ ਨੇ ਐਵੇਂ,
ਹਕੀਕਤ ਨੂੰ ਬਦਨਾਮ ਕਰਦੇ ਨੇ ਐਵੇਂ,
ਅਸਲ ਵਿਚ ਤੇ ਡਾਢੀ ਸੁਖਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

8

ਕੋਈ ਲਏ ਉਡਾਰੀ, ਸਹਾਰਾ ਦਿਆਂਗਾ,
ਚੜ੍ਹੇ ਪੀਂਘ ਤੇ, ਮੈਂ ਹੁਲਾਰਾ ਦਿਆਂਗਾ,
ਅਕਾਸ਼ੋਂ ਉਚੇਰੀ ਬਹਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

56. ਤੁਰਿਆ ਚਲ

ਤੁਰਿਆ ਚਲ ਇਕਸਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।
ਬੰਦ ਨ ਕਰ ਰਫ਼ਤਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

1

ਰਾਹ ਤੇਰਾ ਹੈ ਬੜਾ ਲਮੇਰਾ,
ਤੁਰਿਆ ਚਲ ਪਰ, ਕਰ ਕੇ ਜੇਰਾ,
ਜਿਸ ਥਾਂ ਤੇ ਪੈ ਜਾਏ ਹਨੇਰਾ,
ਤੁਰ ਪਉ ਰਾਤ ਗੁਜ਼ਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

2

ਤੋਰ ਤੇਰੀ ਹੈ ਮੱਠੀ ਮੱਠੀ,
ਰਾਹ ਦੀ ਰਾਸ ਕਰੀ ਜਾ ਕੱਠੀ,
ਜੋ ਸ਼ੈ ਵੇਖੇਂ ਡਿੱਗੀ ਢੱਠੀ,
ਉਸ ਨੂੰ ਲਈਂ ਸੁਆਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

3

ਕੰਡੇ, ਕੂੜਾ, ਤਿਲਕਣ, ਗਾਰਾ,
ਹੂੰਝੀ ਜਾ ਰਸਤੇ ਚੋਂ ਸਾਰਾ,
ਜਿਸ ਥਾਂ ਦੇਖੇਂ ਗੰਦ ਖਿਲਾਰਾ,
ਕੱਢ ਦੇ ਝਾੜੂ ਮਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

4

ਫ਼ਰਜ਼ ਤੇਰਾ ਹੈ ਮਜ਼ਲ ਮੁਕਾਣਾ,
ਭੁਲਦਿਆਂ ਨੂੰ ਰਾਹ ਦੱਸੀ ਜਾਣਾ,
ਨਾਲ ਦਿਆਂ ਨੂੰ ਤੋੜ ਪੁਚਾਣਾ,
ਵੰਡ ਉਨ੍ਹਾਂ ਦਾ ਭਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

5

ਰਾਹੀਆਂ ਦੇ ਨਾਸੂਰ ਪੁਰਾਣੇ,
ਤੂੰ ਹਨ ਲਾ ਕੇ ਮਲ੍ਹਮ ਹਟਾਣੇ,
ਜੋ ਬੇਖ਼ਬਰ ਇਲਾਜ ਨ ਜਾਣੇ,
ਦੱਸੀਂ ਨਾਲ ਪਿਆਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

57. ਪੇਂਡੂ ਜੀਵਨ

ਪਠਾਨਕੋਟ ਦੇ ਲਾਗੇ *ਸ਼ਾਹਪੁਰ ਕੰਢੀ* ਨਾਮ ਦਾ ਕਸਬਾ ਰਾਵੀ ਦੇ
ਕਿਨਾਰੇ ਉੱਚੇ ਟਿੱਲੇ ਤੇ ਵਸਦਾ ਹੈ ।ਏਥੇ ਜੰਮੂ, ਚੰਬਾ ਤੇ ਅੰਗ੍ਰੇਜ਼ੀ ਰਾਜ
ਦੀਆਂ ਹੱਦਾਂ ਰਲਦੀਆਂ ਹਨ । ਇਸ ਤੋਂ ਚਾਰ ਮੀਲ ਉਰੇ ਮਾਧੋਪੁਰ
ਹੈਡ ਹੈ, ਜਿਥੋਂ ਰਾਵੀ ਵਿਚੋਂ ਦੋ ਵਡੀਆਂ ਨਹਿਰਾਂ ਨਿਕਲਦੀਆਂ ਹਨ
ਤੇ ਬਾਕੀ ਦਾ ਪਾਣੀ ਆਪਣੇ ਕੁਦਰਤੀ ਰਾਹ ਤੇ ਤੁਰਿਆ ਜਾਂਦਾ ਹੈ ।
ਇਸ ਕਵਿਤਾ ਵਿਚ ਸ਼ਾਹਪੁਰ ਦੀ ਸੀਨਰੀ ਭੀ ਸ਼ਾਮਲ ਹੈ ।

1

ਪਰਬਤ ਦੀਆਂ ਭੂਲਭੁਲਾਈਆਂ ਤੋਂ,
ਰਾਵੀ ਨੇ ਜਾਨ ਛੁਡਾਈ ਹੈ,
ਕੰਢੀ ਦੇ ਖੁਲ੍ਹੇ ਮਦਾਨਾਂ ਵਿਚ,
ਲੇਟਣ ਲਈ ਦੇਹ ਪਸਰਾਈ ਹੈ ।
ਆਸੀਂ ਪਾਸੀਂ ਹਰਿਆਉਲ ਨੇ,
ਜੰਗਲ ਵਿਚ ਮੰਗਲ ਲਾਇਆ ਹੈ,
ਫਸਲਾਂ ਤੇ ਵੱਖਰ ਵਾੜੀ ਨੇ
ਕੰਢੀ ਦਾ ਕੁਰਬ ਵਧਾਇਆ ਹੈ ।
ਇਕ ਸ਼ਾਹਜਹਾਨੀ ਕੋਟ ਜਿਹੇ ਦਾ,
ਖੰਡਰ ਖੜਾ ਕਿਨਾਰੇ ਤੇ,
ਟਿਕਦੇ ਨੇਂ ਕਦੀ ਸ਼ਿਕਾਰੀ ਆ,
ਜੀਉਂਦਾ ਹੈ ਇਸੇ ਸਹਾਰੇ ਤੇ ।
ਇਕ ਪਾਸੇ ਪੈਰ ਹਿਮਾਲਾ ਦੇ,
ਇਕ ਪਾਸੇ ਸਿਰ ਡੂੰਘਾਈ ਦਾ,
ਇਕ ਬੋਹੜ ਤਲੇ ਸਿਰ ਜੁੜਦਾ ਹੈ,
ਉਤਰਾਈ ਨਾਲ ਚੜ੍ਹਾਈ ਦਾ ।

2

ਇਸ ਸਦਾ ਸੁਹਾਈ ਧਰਤੀ ਦੇ
ਟਿੱਲੇ ਤੇ ਕੁਦਰਤ ਵਸਦੀ ਹੈ,
ਕਚਿਆਂ ਕੁਲਿਆਂ ਵਿਚ ਜੀਵਨ-ਰੌ,
ਘੁੰਡਾਂ ਦੇ ਉਹਲੇ ਹਸਦੀ ਹੈ ।
ਭੋਲੇ ਤੇ ਭਰਵੇਂ ਚਿਹਰਿਆਂ ਨੂੰ,
ਰਬ ਵਿਹਲਿਆਂ ਬਹਿ ਬਹਿ ਘੜਦਾ ਹੈ,
ਕੰਗਾਲੀ ਪੜਦੇ ਪਾਂਦੀ ਹੈ,
ਪਰ ਫੁਟ ਫੁਟ ਹੁਸਨ ਉਘੜਦਾ ਹੈ ।
ਜੋਬਨ ਦੀ ਹਿੱਕ ਉਭਰਦੀ ਤਕ,
ਰਸ-ਭਰੇ ਨੈਣ ਮੁਸਕਾਂਦੇ ਨੇਂ,
ਕੋਈ ਲਹਿਰ ਉਗਲਦੀ ਮੋਤੀ ਹੈ,
ਪਰ ਸਿੱਪ ਸੰਭਾਲੀ ਜਾਂਦੇ ਨੇਂ ।
ਲਕ ਲਚਕਾਂ ਖਾ ਖਾ ਦਸਦਾ ਹੈ,
ਪਾਣੀ ਢੋਂਦੀਆਂ ਮੁਟਿਆਰਾਂ ਦਾ,
ਇਹ ਖੇੜਾ ਜੰਗਲੀ ਫੁੱਲਾਂ ਦਾ,
ਮੁਹਤਾਜ ਨਹੀਂ ਸ਼ਿੰਗਾਰਾਂ ਦਾ ।

3

ਸਾਉਣ ਮਾਂਹ ਨ੍ਹਾ ਧੋ ਬੈਠਾ ਹੈ,
ਸਬਜ਼ੇ ਨੇ ਵੇਸ ਵਟਾਇਆ ਹੈ,
ਚਰ੍ਹੀਆਂ ਮੱਕੀਆਂ ਨੂੰ ਬੂਰ ਪਿਆ,
ਘਾਹ ਫੁਟ ਫੁਟ ਬਾਹਰ ਆਇਆ ਹੈ ।
ਚਰ ਚੁਗ ਕੇ ਪੇਟ ਭਰੇ ਪਸੂਆਂ,
ਮਤਵਾਲੇ ਹੋ ਉਂਘਲਾਂਦੇ ਨੇਂ,
ਵਾਗੀ ਮੁੰਡੇ, ਬੋਹੜਾਂ ਦੀ ਛਾਂ-
ਹੇਠਾਂ ਲੈ ਆਣ ਬਹਾਂਦੇ ਨੇਂ ।
ਕੋਈ ਹਸਦਾ ਹੈ, ਕੋਈ ਗਾਂਦਾ ਹੈ,
ਕੋਈ ਮੁਰਲੀ ਪਿਆ ਵਜਾਂਦਾ ਹੈ ।
ਕੋਈ ਫੜ ਫੜ ਟਾਹਣ ਹਿਲਾਂਦਾ ਹੈ,
ਕੋਈ ਖਹਿ ਖਹਿ ਜ਼ੋਰ ਵਿਖਾਂਦਾ ਹੈ ।
ਨੀਂਦਰ ਤੇ ਮਿਨਤਾਂ ਕਰਦੀ ਹੈ
ਪਰ ਕੌਣ ਉਦ੍ਹੇ ਵਲ ਤਕਦਾ ਹੈ,
ਇਸ ਮਹਿਫ਼ਲ ਦੇ ਵਿਚ ਮੁਰਦਾ ਭੀ,
ਆ ਕੇ ਨਾ ਚੁਪ ਰਹਿ ਸਕਦਾ ਹੈ ।

4

ਸੂਰਜ ਭੀ ਢਲਦਾ ਜਾਂਦਾ ਹੈ,
ਡੰਗਰ ਭੀ ਕਾਹਲੇ ਪੈ ਗਏ ਨੇਂ ।
ਵਾਗੀ ਚੜ੍ਹ ਬੈਠੇ ਮਹੀਆਂ ਤੇ,
ਨਾਲੇ ਵਿਚ ਨ੍ਹਾਉਣ ਲੈ ਗਏ ਨੇਂ ।
ਨ੍ਹਾਂਦੇ ਨੇਂ ਰੀਝਾਂ ਲਾਹ ਲਾਹ ਕੇ
ਪਾਣੀ ਪੀ ਪੀ ਕੇ ਰਜਦੇ ਨੇਂ,
ਤਿਰਕਾਲੀਂ ਘਾਟੀ ਚੜ੍ਹਦੇ ਨੇਂ,
ਤੇ ਖੁਰਲੀ ਦੇ ਵਲ ਭਜਦੇ ਨੇਂ ।
ਮੂੰਹ ਚੁਕ ਚੁਕ ਵੱਛੀਆਂ ਕੱਟੀਆਂ
ਮਾਂ ਮਾਂ ਕਰ ਖੌਰੂ ਪਾਇਆ ਹੈ,
ਦਿਨ ਭਰ ਦੇ ਵਿਛੁੜੇ ਹੋਇਆਂ ਦਾ,
ਸੰਧਿਆ ਨੇ ਮੇਲ ਕਰਾਇਆ ਹੈ ।
ਇਹ ਸੰਧਿਆ ਕਿਹੀ ਨਿਰਾਲੀ ਹੈ,
ਜਿਸ ਵਿਚ ਨਹੀਂ ਲਸ ਉਦਰੇਵੇਂ ਦੀ,
ਨਿਰਮਲ ਅਕਾਸ਼ ਹੈ ਖ਼ੁਸ਼ੀਆਂ ਦਾ,
ਸੀਤਲ ਹੈ ਜਾਨ ਥਕੇਵੇਂ ਦੀ ।

5

ਸਾਈਆਂ ! ਇਸ ਸੁਹਣੇ ਜੀਵਨ ਨੂੰ,
ਤੂੰ ਮੈਥੋਂ ਕਾਹਨੂੰ ਖੋਹ ਲੀਤਾ ?
ਜਿਸਦੀ ਭੋਲੀ ਨਿਰਛਲਤਾ ਨੇ,
ਅਜ ਭੀ ਮੇਰਾ ਮਨ ਮੋਹ ਲੀਤਾ ।
ਸਾਦੀ ਜਿਹੀ ਮੂਰਤ, ਮਿੱਟੀ ਦੀ-
ਲਿਬੜੀ ਹੋਈ ਬਾਹਰੋਂ ਲਗਦੀ ਹੈ,
ਇਸ ਭਸਮ ਤਲੇ, ਪਰ ਜੀਵਨ ਦੀ-
ਚੰਗਿਆੜੀ ਕੋਈ ਮਘਦੀ ਹੈ ।
ਰਬ ਨੇ ਏਹ ਰੂਹਾਂ ਘੜ ਘੜ ਕੇ,
ਕੁਦਰਤ ਦੀ ਗੋਦੇ ਪਾਈਆਂ ਨੇਂ,
ਆਜ਼ਾਦ ਹਵਾ ਨੇ, ਬੇਫ਼ਿਕਰੀ ਦੀ-
ਲੋਰੀ ਦੇ ਪਰਚਾਈਆਂ ਨੇਂ ।
ਕੁਝ ਨਾ ਹੁੰਦਿਆਂ ਭੀ ਸਭ ਕੁਝ ਹੈ,
ਜੀ ਠੰਢਾ, ਚਿਹਰਾ ਹਸਦਾ ਹੈ,
ਬੇਦਾਗ਼ ਦਿਲਾਂ ਦੇ ਮੰਦਿਰ ਵਿਚ,
ਧੰਨੇ ਦਾ ਠਾਕੁਰ ਵਸਦਾ ਹੈ ।

58. ਮੇਰਾ ਭੀ ਯਾਰ ਹੁੰਦਾ

(ਗ਼ਜ਼ਲ)

ਦੁਨੀਆਂ ਤੇ ਕੋਈ ਸਾਈਆਂ ! ਮੇਰਾ ਭੀ ਯਾਰ ਹੁੰਦਾ,
ਮੇਰਾ ਭੀ ਜਿਊਂਦਿਆਂ ਵਿਚ, ਕੁਝ ਦਿਨ ਸ਼ੁਮਾਰ ਹੁੰਦਾ ।

ਨਿਰਛਲ, ਨਿਰੋਲ, ਨਿਰਮਲ, ਖ਼ੁਦਗ਼ਰਜ਼ੀਆਂ ਤੋਂ ਲਾਂਭੇ,
ਦਿਖਲਾਵਿਆਂ ਤੋਂ ਖ਼ਾਲੀ, ਸਚਮੁਚ ਦਾ ਪਿਆਰ ਹੁੰਦਾ ।

ਮੈਨੂੰ ਪਛਾਣਦਾ ਉਹ, ਮੈਂ ਓਸ ਨੂੰ ਸਮਝਦਾ,
ਸੁਣੀਆਂ ਸੁਣਾਈਆਂ ਦੇ ਸਿਰ ਤੇ ਨ ਭਾਰ ਹੁੰਦਾ ।

ਐਬਾਂ ਸਮੇਤ ਮੈਨੂੰ ਅਪਣਾ ਕੇ ਗਲ ਲਗਾਂਦਾ,
ਮੇਰੀਆਂ ਖ਼ੁਨਾਮੀਆਂ ਨੂੰ ਕੱਜਣ ਨੂੰ ਤਿਆਰ ਹੁੰਦਾ ।

ਜਿਸ ਸਿਦਕ ਦੇ ਸਹਾਰੇ, ਠਿਲ੍ਹਦਾ ਇਹ ਪ੍ਰੇਮ-ਬੇੜਾ,
ਓਵੇਂ ਹੀ ਰਹਿ ਕੇ ਸਾਬਤ, ਲਹਿਰਾਂ ਤੋਂ ਪਾਰ ਹੁੰਦਾ ।

ਜੇ ਜਾਨ ਮੰਗਦਾ ਉਹ, ਮੈਂ ਹਸ ਕੇ ਪੇਸ਼ ਕਰਦਾ,
ਉਸ ਦੀ ਖ਼ੁਸ਼ੀ ਦੀ ਖ਼ਾਤਿਰ ਸਭ ਕੁਝ ਨਿਸਾਰ ਹੁੰਦਾ ।

ਉਹ ਮੇਰੀ ਸ਼ਾਨ ਹੁੰਦਾ, ਮੈਂ ਉਸ ਦੀ ਸ਼ਾਨ ਹੁੰਦਾ,
ਉਹ ਰੋਮ ਰੋਮ ਹੁੰਦਾ, ਮੈਂ ਤਾਰ ਤਾਰ ਹੁੰਦਾ ।

ਇਸ ਜੋੜ ਨੂੰ ਖ਼ੁਦਾ ਭੀ ਆ ਕੇ ਨ ਤੋੜ ਸਕਦਾ,
ਰੋਸਾ ਅਤੇ ਮਨੇਵਾ ਨਾ ਬਾਰ ਬਾਰ ਹੁੰਦਾ ।

59. ਤੂੰ ਲਾਸਾਨੀ ਹੈਂ

(ਗ਼ਜ਼ਲ)

ਬਾਗ਼ੋਂ ਹਵਾ ਵਿਚ ਫੈਲਦੀ ਮਹਿਕ ਵਾਂਗਰ,
ਫਿਰੇ ਭਟਕਦਾ ਤੇਰਾ ਖ਼ਿਆਲ ਕਾਹਨੂੰ ?
ਤੂੰ ਤੇ ਸੁਹਜ ਸੁਣ੍ਹੱਪ ਸੰਸਾਰ ਦਾ ਹੈਂ,
ਹੋਵੇ ਫੇਰ ਤੇਰਾ ਮੰਦਾ ਹਾਲ ਕਾਹਨੂੰ ?

ਤੇਰੇ ਨਾਲ ਜਹਾਨ ਦੀਆਂ ਬਣਤਰਾਂ ਨੇਂ,
ਬੇਨਿਸ਼ਾਨ ਦਾ ਤੂੰਹੇਂ ਨਿਸ਼ਾਨ ਜਾਪੇਂ,
ਰਾਜ਼ਦਾਰ ਹੋ ਕੇ ਰੱਬੀ ਕੁਦਰਤਾਂ ਦਾ,
ਫਿਰੇਂ ਲਟਕਦਾ ਵਹਿਮਾਂ ਦੇ ਨਾਲ ਕਾਹਨੂੰ ?

ਤੈਨੂੰ ਯਾਦ ਨਹੀਂ ਕਿ ਤੇਰੀ ਕਰਮ ਖੇਤੀ,
ਤੇਰੇ ਹਥਾਂ ਹੀ ਨੇਪਰੇ ਚਾੜ੍ਹਨੀ ਹੈ,
ਨਿਕਲ ਬਾਹਰ ਬੇਖ਼ਬਰੀ ਦੇ ਜਾਲ ਵਿੱਚੋਂ,
ਅੰਨ੍ਹੇ ਖੂਹਾਂ ਵਿਚ ਮਾਰਨਾ ਏਂ ਛਾਲ ਕਾਹਨੂੰ ?

ਜਾ ਜਾ ਬੂਹੀਂ ਬਿਗਾਨੀਂ ਕੀ ਲਿਲ੍ਹਕਨਾ ਏਂ ?
ਕਿੱਥੇ ਗਿਆ ਤੇਰਾ ਬੇਮਿਸਾਲ ਆਪਾ ?
ਆਪਣੇ ਜਲਵਿਆਂ ਤੋਂ ਕਰ ਲੈ ਨੂਰ ਪੈਦਾ,
ਤੈਥੋਂ ਵੱਖਰੀ ਹੋਵੇ ਮਸ਼ਾਲ ਕਾਹਨੂੰ ?

ਦੁਨੀਆਂ ਜਾਗ ਉੱਠੇ ਤੇਰੇ ਨਾਅਰਿਆਂ ਥੀਂ,
ਆਪਣੇ ਵਾਕ ਵਿਚ ਐਸੀ ਤਸੀਰ ਭਰ ਦੇ,
ਬਰਕਤ ਵਰ੍ਹੇ ਇਸ ਬਾਗ਼ ਦੇ ਬੂਟਿਆਂ ਤੇ,
ਤੇਰੀ ਸ਼ਾਨ ਨੂੰ ਆਵੇ ਜ਼ਵਾਲ ਕਾਹਨੂੰ ?

60. ਅੱਲਾ ਦੇ ਵਾਸਤੇ

(ਕੱਵਾਲੀ)

ਅੱਲਾ ਦੇ ਵਾਸਤੇ ਹੀਰ ਨੂੰ,
ਪ੍ਰੇਮ ਤੋਂ ਨਾ ਹਟਾ ਨੀ ਮਾਂ !
ਮਾਹੀ ਦੇ ਮੁੱਖੜੇ ਮੋਹੀਆਂ,
ਅੱਖੀਆਂ ਨਾ ਫਿਰਾ ਨੀ ਮਾਂ !

1

ਪ੍ਰੇਮ ਤੇ ਰੱਬ ਦੀ ਜ਼ਾਤ ਹੈ,
ਪ੍ਰੇਮ ਹੀ ਕਾਇਨਾਤ ਹੈ,
ਮੈਨੂੰ ਤੇ ਸਾਫ਼ ਝਲਕਦਾ,
ਬੁਤ ਦੇ ਵਿਚ ਖ਼ੁਦਾ ਨੀ ਮਾਂ !

2

ਖੋਲ ਕੇ ਅੰਦਰੋਂ ਬਾਰੀਆਂ,
ਪ੍ਰੇਮ ਨੇ ਝਾਤੀਆਂ ਮਾਰੀਆਂ,
ਲੱਗ ਕੇ ਫੇਰ ਨਾ ਬੁੱਝ ਸਕੇ,
ਪ੍ਰੇਮ ਦੀ ਗੁੱਝੜੀ ਭਾਹ ਨੀ ਮਾਂ !

3

ਲੋਕਾਂ ਨੂੰ ਲੂਤੀਆਂ ਲੌਣ ਦੇ,
ਪ੍ਰੇਮ ਨੂੰ ਰੰਗ ਚੜ੍ਹੌਣ ਦੇ,
ਮੈਂ ਤੇ ਮੁਹੱਬਤਾਂ ਲਾਈਆਂ,
ਰੱਬ ਨੂੰ ਵਿਚ ਬਹਾ ਨੀ ਮਾਂ !

4

ਜਿਨ੍ਹਾਂ ਨੇ ਲੱਭ ਕੇ ਇਹ ਝਨਾਂ,
ਰੱਜ ਨਾ ਲੀਤੀਆਂ ਤਾਰੀਆਂ,
ਓਨ੍ਹਾਂ ਨੂੰ ਕੀ ਪਤਾ ਭਲਾ,
ਪ੍ਰੇਮ ਹੈ ਕੀ ਬਲਾ ਨੀ ਮਾਂ !

5

ਪਿਛ੍ਹਾਂ ਮੁੜਨ ਦਾ ਦਮ ਨਹੀਂ,
ਦੋਜ਼ਖ਼ੀਂ ਜਾਣ ਦਾ ਗ਼ਮ ਨਹੀਂ,
ਵਿੱਚ ਥਲਾਂ ਦੇ ਤੜਫਣਾ,
ਪ੍ਰੇਮ ਦੇ ਵਿੱਚ ਰਵਾ ਨੀ ਮਾਂ !

6

ਮੇਰਾ ਇਮਾਨ ਬਣ ਚੁਕਾ,
ਮੇਰਾ ਜਹਾਨ ਬਣ ਚੁਕਾ,
ਸੱਧਰਾਂ ਸੁੱਟੀਆਂ ਸਭ ਲੁਟਾ,
ਕਾਸ ਦਾ ਲੁਕ ਲੁਕਾ ਨੀ ਮਾਂ !

7

ਬੀਤ ਗਈ ਦੀ ਸਚ ਕੀ,
ਅੱਗੇ ਦੀ ਦੇਖੀ ਜਾਇਗੀ,
ਮੈਨੂੰ ਤੇ ਅੱਜ ਦੇ ਰੋਜ਼ ਦੀ,
ਮਿਲ ਗਈ ਦਵਾ ਨੀ ਮਾਂ !

61. ਵਿਜੋਗਣ

(ਬਹੁਤ ਲੰਮੀ ਹੇਕ ਵਾਲੇ ਜ਼ਨਾਨੇ ਗਾਉਣਾਂ ਦੀ ਲੈਅ ਵਿਚ)

1

ਸੋਣਿਆ ਪੰਛੀਆ !
ਬੀਬੇ ਕਬੂਤਰਾ !
ਉੱਡੀ ਖਾਂ,
ਉੱਡ ਕੇ ਚੜ੍ਹ ਜਾ ਅਕਾਸ਼ ।
ਮੋਤੀ ਚੁਗਾਵਾਂਗੀ,
ਝਾਂਜਰਾਂ ਪਾਵਾਂਗੀ,
ਇਕ ਵਾਰੀ ਜਾਵੇਂ
ਜੇ ਢੋਲਣ ਦੇ ਪਾਸ ।
ਸਰਵੀ ਪਹਾੜੀ ਊ,
ਫੱਬੀ ਹੋਈ ਮਾੜੀ ਊ,
ਆਲੇ ਦੁਆਲੇ ਈ
ਫੁੱਲਾਂ ਦੀ ਬਾਸ ।
ਸੂਰਮਾ, ਸੁਘੜ,
ਸਲੋਨਾ, ਗੁਮਾਨੀ ਉਹ
ਕਰਦਾ ਈ ਕੂਲ੍ਹੇ ਦੇ ਕੰਢੇ ਤੇ ਵਾਸ ।

2

ਆਖੀਂ ਸੂ,
ਚੰਗੀਆਂ ਚਾਈਆਂ ਮੁਹਾਰਾਂ ਨੀਂ,
ਕੀਤਿਆਂ ਸੁਖ਼ਨਾਂ ਨੂੰ ਛਡਿਆ ਵਿਸਾਰ,
ਦਰਸ਼ਨ ਦੀਆਂ ਤਾਂਘਾਂ ਮੁਕਾਈਆਂ ਨਾ ਆਣ ਕੇ,
ਦਰ ਤੇ ਖਲੋਤੀ ਆਂ ਪੱਬਾਂ ਦੇ ਭਾਰ ।
ਭਿਊਂ ਭਿਊਂ ਨਚੋੜਾਂ,
ਸਰਪੱਲੂ ਦੀਆਂ ਕੰਨੀਆਂ,
ਭਰ ਭਰ ਕੇ ਡੁਲ੍ਹਦਿਆਂ-
ਨੈਣਾਂ ਦੀ ਧਾਰ ।
ਆਸਾਂ ਉਮੈਦਾਂ ਦੀਆਂ
ਕਲੀਆਂ ਕੁਮਲਾ ਗਈਆਂ,
ਟੁਟ ਟੁਟ ਪੈਂਦੀ ਏ
ਸਾਸਾਂ ਦੀ ਤਾਰ ।

3

ਆਖੀਂ-
ਪਰਦੇਸਾਂ ਦੀ ਖੱਟੀ ਕੀ ਕਰਨੀ ਏ ?
ਜਿੰਦੜੀ ਜੇ ਨਿਕਲ ਗਈ
ਹੌਕਿਆਂ ਨਾਲ ।
ਗਰਮੀ ਵੀ ਗੁਜ਼ਰੀ
ਬਰਸਾਤਾਂ ਵੀ ਬੀਤੀਆਂ,
ਸੁੱਖਣਾਂ ਸੁਖਦਿਆਂ
ਆਇਆ ਸਿਆਲ ।
ਠੰਢੀਆਂ, ਸੁੰਞੀਆਂ
ਲੰਮੀਆਂ ਰਾਤਾਂ ਨੇਂ,
ਅੱਖਾਂ ਵਿਚ ਕੱਟਣੀਆਂ
ਹੋਈਆਂ ਮੁਹਾਲ ।
ਕੌਲਾਂ ਦਿਆ ਕੱਚਿਆ !
ਕਾਹਨੂੰ ਤੜਫਾਨਾ ਏਂ ?
ਕੁਸਦੇ ਕਲੇਜੇ ਨੂੰ-
ਆ ਕੇ ਸੰਭਾਲ ।

62. ਪਿਆਰੀ ਦੀ ਯਾਦ

(ਇਕ ਪਰਦੇਸੀ ਦੇ ਦਿਲ ਦੀ ਹਾਲਤ)

1

ਮੇਰੇ ਦਿਲ ਦੀਆਂ ਸੁੰਞੀਆਂ ਵਾਦੀਆਂ ਵਿਚ,
ਜੀਵਨ-ਜੋਤ ਵਾਂਗਰ ਵੱਸਣ ਵਾਲੀਏ ਨੀ !
ਫ਼ਿਕਰਾਂ ਗ਼ਮਾਂ ਦੀਆਂ ਕਾਲੀਆਂ ਘਟਾਂ ਅੰਦਰ,
ਬਿਜਲੀ ਵਾਂਗ ਖਿੜ ਖਿੜ ਹੱਸਣ ਵਾਲੀਏ ਨੀ !
ਸੋਚ-ਸਾਗਰਾਂ ਦੀਆਂ ਡੂੰਘਾਈਆਂ ਨੂੰ,
ਮਛਲੀ ਵਾਂਗ ਮਿਣ ਮਿਣ ਦੱਸਣ ਵਾਲੀਏ ਨੀ !
ਚੰਚਲ ਚਿੱਤ ਦੀਆਂ ਸ਼ੋਖ਼ ਮੂੰਹਜ਼ੋਰੀਆਂ ਨੂੰ,
ਪ੍ਰੇਮ-ਬੰਨ੍ਹਣਾਂ ਵਿਚ ਕੱਸਣ ਵਾਲੀਏ ਨੀ !
ਜਦ ਇਕਾਂਤ ਦੀਆਂ ਉੱਚੀਆਂ ਚੋਟੀਆਂ ਤੇ,
ਨਗ਼ਮੇ ਛਿੜਨ ਸ਼ੀਰੀਂ ਤੇਰੀ ਯਾਦ ਵਾਲੇ,
ਪੁੰਗਰ ਪੈਣ ਉਮੰਗਾਂ ਦੇ ਖ਼ੁਸ਼ਕ ਬੂਟੇ,
ਆਉਣ ਜੋਸ਼ ਵਿਚ ਵਹਿਣ ਫ਼ਰਿਹਾਦ ਵਾਲੇ ।

2

ਤੇਰੇ ਛੁਲਕਦੇ ਸ਼ਰਬਤੀ ਛੰਨਿਆਂ ਚੋਂ,
ਪੀ ਪੀ ਪ੍ਰੇਮ-ਤਾੜੀ ਸਿਰ ਹਿਲਾਣ ਵਾਲਾ,
ਤੇਰਾ ਫੁੱਲ ਵਰਗਾ ਚਿਹਰਾ ਦਿਸਦਿਆਂ ਹੀ,
ਹੌਲਾ ਫੁੱਲ ਹੋ ਕੇ ਠੰਢਕ ਪਾਣ ਵਾਲਾ,
ਭੋਲੇ ਮੂੰਹੋਂ ਮਿੱਠੇ ਮਿੱਠੇ ਬੋਲ ਸੁਣ ਕੇ,
ਅਰਸ਼ੀ ਪੀਂਘ ਚੜ੍ਹਿਆ, ਝੂਟੇ ਖਾਣ ਵਾਲਾ,
ਨਿਰਛਲ ਪਿਆਰ ਤੇਰੇ ਦੀ ਬਹਾਰ ਤਕ ਤਕ,
ਖੀਵਾ ਹੋਣ ਵਾਲਾ, ਸਦਕੇ ਜਾਣ ਵਾਲਾ,
ਤੈਨੂੰ ਯਾਦ ਹੈ ? ਅੱਜ ਉਹ ਢੋਲ ਤੇਰਾ,
ਘੁੱਟ ਸਬਰ ਦੇ ਕਿਸ ਤਰ੍ਹਾਂ ਪੀ ਰਿਹਾ ਏ ?
ਏਨ੍ਹਾਂ ਕਾਲਿਆਂ ਕੋਹਾਂ ਤੇ ਪਹੁੰਚ ਕੇ ਭੀ,
ਤੇਰੀ ਯਾਦ ਦੇ ਆਸਰੇ ਜੀ ਰਿਹਾ ਏ ।

3

ਹਟ ਕੇ ਕੰਮ ਤੋਂ, ਜਦ ਕੱਲਾ ਆਣ ਬੈਠਾਂ,
ਤੇਰੀ ਯਾਦ ਆ ਕੇ ਜੀ ਪਰਚਾਉਂਦੀ ਏ,
ਅੱਖਾਂ ਮਿਟਦਿਆਂ, ਇਕ ਤਾਕੀ ਖੁਲ੍ਹਦੀ ਏ,
ਤੇਰੀ ਸ਼ਕਲ ਨੱਸੀ ਨੱਸੀ ਆਉਂਦੀ ਏ,
ਮੱਖਣ-ਗੁੰਨ੍ਹੀਆਂ, ਗਜਰਿਆਂ ਨਾਲ ਭਰੀਆਂ-
ਬਾਹਾਂ ਅਗ੍ਹਾਂ ਕਰ ਕੇ ਮੁਸਕਰਾਉਂਦੀ ਏ,
ਤੇਰੀਆਂ ਲਿਟਾਂ ਉਹਲੇ ਹਿਲਦੇ ਦੁਰਾਂ ਦੀ ਸਹੁੰ,
ਮੈਨੂੰ ਦੀਨ ਦੁਨੀਆਂ ਸਭ ਭੁਲਾਉਂਦੀ ਏ ।
ਏਸੇ ਲੋਰ ਅੰਦਰ ਜੁੱਗਾਂ ਜੁੱਗਾਂ ਦੇ ਦਿਨ
ਪੈਰਾਂ ਹੇਠ ਮਲ ਮਲ ਕੇ ਲੰਘਾਈ ਜਾਨਾਂ,
ਟੁਟਦੇ ਹੌਸਲੇ ਨੂੰ ਗਾਂਢੇ ਲਾਈ ਜਾਨਾਂ,
ਗੱਡੀ ਫ਼ਰਜ਼ ਦੀ ਹਸ ਹਸ ਚਲਾਈ ਜਾਨਾਂ ।

4

ਤੇਰੀਆਂ ਮਸਤ, ਸੁਰਮੀਲੀਆਂ ਅੱਖੀਆਂ ਦੀ,
ਮਿੱਠੀ ਯਾਦ ਜੇ ਨਾ ਮੇਰੇ ਨਾਲ ਹੁੰਦੀ,
ਤ੍ਰੇਲ-ਕਣੀ ਵਾਂਗੂੰ ਪਲਟ ਪਲਟ ਜੂਨਾਂ,
ਦੁਨੀਆਂ ਗਾਹੁਣੀ ਡਾਢੀ ਮੁਹਾਲ ਹੁੰਦੀ,
ਨਾ ਕੋਈ ਲਟਕ ਹੁੰਦੀ, ਨਾ ਕੋਈ ਰੀਝ ਹੁੰਦੀ,
ਨਾ ਕੋਈ ਭਾਲ ਹੁੰਦੀ, ਨਾ ਕੋਈ ਘਾਲ ਹੁੰਦੀ,
ਪਾਣੀ ਪ੍ਰੇਮ ਦਿਆਂ ਸਰਾਂ ਦਾ ਸੁੱਕ ਜਾਂਦਾ,
ਕੁਦਰਤ ਨਾਲ ਨਾ ਕੋਈ ਬੋਲਚਾਲ ਹੁੰਦੀ ।
ਤੂੰਹੇਂ ਕਲੀ ਹੈਂ ਮੇਰੀਆਂ ਸੱਧਰਾਂ ਦੀ,
ਦੁਨੀਆਂ ਵੱਸਦੀ ਏ ਤੇਰੇ ਨਾਲ ਮੇਰੀ,
ਮੇਰੀ ਸ਼ਾਨ ਤੂੰਹੇਂ, ਮੇਰੀ ਜਾਨ ਤੂੰਹੇਂ,
ਨੇਕੀ ਬਦੀ ਦੀ ਤੂੰ ਭਾਈਵਾਲ ਮੇਰੀ ।

63. ਦੋਹੜਾ

ਪਿੱਛਾ ਰਿਹਾ ਪਿਛਾਂਹ,
ਅਗੇਤਾ ਦੂਰ ਬੜੀ ਹੈ,
ਹੁਣ ਦੀ ਕਰ ਸੰਭਾਲ,
ਕੰਮ ਦੀ ਇਹੋ ਘੜੀ ਹੈ ।

64. ਫਿਰਕੇਬਾਜ਼ ਨੂੰ

(ਰਾਗ ਭੀਮ)

ਬਾਬਾ ਜੀ ! ਹੁਣ ਤੇ ਜਾਣ ਦਿਓ,
ਕੋਈ ਸੁਖ ਦਾ ਸਾਹ ਭੀ ਆਣ ਦਿਓ । ਟੇਕ

1

ਤੁਸੀਂ ਮਸਲੇ ਘੜਦੇ ਓ ਬਹਿ ਬਹਿ ਕੇ,
ਉੱਜੜ ਗਈ ਖ਼ਲਕਤ ਖਹਿ ਖਹਿ ਕੇ,
ਔਝੜ ਵਲ ਹੋਰ ਘਸੀਟੋ ਨਾ,
ਸਾਨੂੰ ਅਸਲੀ ਮਜ਼ਲ ਮੁਕਾਣ ਦਿਓ ।
ਬਾਬਾ ਜੀ ! ਹੁਣ ਤੇ……

2

ਮੱਤ ਮਾਰੀ ਗਈ ਏ ਸੁਣ ਸੁਣ ਕੇ,
ਮਰ ਲੱਥੇ (ਹਾਂ) ਸੂਲਾਂ ਚੁਣ ਚੁਣ ਕੇ,
ਹੁਣ ਹੋਰ ਪੁਆੜੇ ਫੇਰ ਸਹੀ,
ਸਾਨੂੰ ਅਗਲਾ ਕੰਮ ਭੁਗਤਾਣ ਦਿਓ ।
ਬਾਬਾ ਜੀ ! ਹੁਣ ਤੇ……

3

ਸਾਨੂੰ ਨਵੇਂ ਸਲੋਕ ਸਿਖਾਓ ਨਾ,
ਭਾਈਆਂ ਦੇ ਸਿਰ ਪੜਵਾਓ ਨਾ,
ਏਹ ਮਿਰਚ ਮਸਾਲੇ ਰਹਿਣ ਦਿਓ,
ਦੁਨੀਆਂ ਨੂੰ ਖਾਣ ਕਮਾਣ ਦਿਓ ।
ਬਾਬਾ ਜੀ ! ਹੁਣ ਤੇ……

4

ਫ਼ਿਰਕੇਦਾਰੀ ਤੋਂ ਮੋੜ ਨਹੀਂ,
ਪਰ ਅਜਕਲ ਇਸ ਦੀ ਲੋੜ ਨਹੀਂ,
ਏਨੂੰ ਫੇਰ ਕਦੇ ਲਈ ਸਾਂਭ ਛਡੋ,
ਸਾਨੂੰ ਘੁੱਟ ਘੁੱਟ ਜੱਫੀਆਂ ਪਾਣ ਦਿਓ ।
ਬਾਬਾ ਜੀ ! ਹੁਣ ਤੇ……

5

ਕੁਝ ਤਰਸ ਕਰੋ, ਇਨਸਾਫ਼ ਕਰੋ,
ਖ਼ਲਕਤ ਨੂੰ ਹੁਣ ਤੇ ਮਾਫ਼ ਕਰੋ,
ਸਾਨੂੰ ਪਾੜ ਪਾੜ ਕੇ ਨਾ ਮਾਰੋ,
ਕਿਤੇ ਕੱਠਿਆਂ ਬਹਿ ਕੇ ਖਾਣ ਦਿਓ ।
ਬਾਬਾ ਜੀ ! ਹੁਣ ਤੇ……

6

ਜਿਸ ਰਬ ਨੇ ਪਾਟਕ ਪਾਇਆ ਹੈ,
ਜਿਨ ਨਫ਼ਰਤ ਕਰਨ ਸਿਖਾਇਆ ਹੈ,
ਓਨੂੰ ਡੋਬ ਸਮੁੰਦਰ ਖਾਰੇ ਵਿਚ,
ਸਾਨੂ ਸਾਂਝਾ ਤੰਬੂ ਤਾਣ ਦਿਓ ।
ਬਾਬਾ ਜੀ ! ਹੁਣ ਤੇ……

7

ਜੋ ਸਾਈਂ ਸਭ ਵਿਚ ਵਸਦਾ ਹੈ,
ਜੋ ਦਿਲ ਵਸ ਕਰਨੇ ਦਸਦਾ ਹੈ,
ਸਾਨੂੰ ਓਸ ਪ੍ਰੇਮ ਦੀ ਮੂਰਤ ਦੇ
ਬੂਹੇ ਤੇ ਸੀਸ ਝੁਕਾਣ ਦਿਓ ।
ਬਾਬਾ ਜੀ ! ਹੁਣ ਤੇ……

65. ਆ ਬਹਿ ਜਾ

(ਕਾਫ਼ੀ-ਕੱਵਾਲੀ)

ਆ ਬਹਿ ਜਾ, ਹੁਣ ਅਟਕਾ ਕੀ ਏ ?
ਕਰ ਖੁਲ ਕੇ ਗੱਲ, ਹਯਾ ਕੀ ਏ ? ਟੇਕ

1

ਪਾ ਤ੍ਰੇਲ ਨ ਉਠਦਿਆਂ ਚਾਵਾਂ ਤੇ,
ਸੁਟ ਲੂਣ ਨ ਅੱਲਿਆਂ ਘਾਵਾਂ ਤੇ,
ਲੁਕ ਲੁਕ ਕੇ ਲੋਹੜੇ ਮਾਰਨ ਦੀ,
ਤੂੰ ਸਿਖ ਲਈ ਨਵੀਂ ਅਦਾ ਕੀ ਏ ?

2

ਇਹ ਦਿਲ ਤੇ ਦੌਲਤ ਰੱਬ ਦੀ ਏ,
ਏਥੇ ਲੁਕ ਛਿਪ ਮੂਲ ਨ ਫਬਦੀ ਏ,
ਬਸ ਕਰ ਇਸ ਪਰਦੇਦਾਰੀ ਨੂੰ-
ਚਿਲਮਨ ਦੇ ਪਾਰ ਵਿਖਾ, ਕੀ ਏ ?

3

ਤੈਨੂੰ ਸਹੁੰ ਈ ਨਰਮ ਕਲਾਈਆਂ ਦੀ,
ਗੰਢ ਖੋਲ ਇਸ਼ਕ ਦੀਆਂ ਫਾਹੀਆਂ ਦੀ,
ਪਈ ਕੀਕਰ ਕੰਧ ਜੁਦਾਈਆਂ ਦੀ ?
ਕੁਝ ਮਤਲਬ ਭੀ ਸਮਝਾ, ਕੀ ਏ ?

4

ਅਸਾਂ ਅਲਫ਼ੀ ਨਵੀਂ ਰੰਗਾ ਲਈ ਏ,
ਇਕ ਦੁਨੀਆਂ ਹੋਰ ਵਸਾ ਲਈ ਏ,
ਤੇਰੇ ਦਰ ਤੇ ਧੂਣੀ ਪਾ ਲਈ ਏ,
ਹੁਣ ਰਹਿ ਗਿਆ ਸੰਗ ਸੰਗਾ ਕੀ ਏ ?

5

ਉਡ ਜਾਣਾ ਦਿਲ ਹੁਣ ਟਲਦਾ ਨਹੀਂ,
ਕੋਈ ਜਾਦੂ ਟੂਣਾ ਚਲਦਾ ਨਹੀਂ,
ਨਹੀਂ ਤਾਬ ਕਰਾਰ ਮਦਾਰਾਂ ਦੀ,
ਤੇਰੇ ਤੋਂ ਜਾਨ ਲੁਕਾ ਕੀ ਏ ?

66. ਹੋ ਚੁਕੀ

(ਗ਼ਜ਼ਲ ਕੱਵਾਲੀ)

ਹੋ ਚੁਕੀ, ਸਾਡੀ ਸਫ਼ਾਈ ਹੋ ਚੁਕੀ,
ਏਸ ਟਿੱਲੇ ਦੀ ਚੜ੍ਹਾਈ ਹੋ ਚੁਕੀ ।
ਜਾਣ ਦੇ, ਬਾਬਾ ! ਸਫ਼ਾਈਆਂ ਰਹਿਣ ਦੇ,
ਤੈਥੋਂ ਸਾਡੀ ਰਾਹਨੁਮਾਈ ਹੋ ਚੁਕੀ ।
ਹੋਣਗੇ ਓਹ ਬੈਠੇ, ਲੁਕ ਛਿਪ ਕੇ ਕਿਤੇ,
ਸਾਡੀ ਓਥੋਂ ਤਕ ਰਸਾਈ ਹੋ ਚੁਕੀ ।
ਬੱਸ ਕਰ ਨੁਸਖ਼ੇ ਮਸੀਹਾ ! ਵਰਤਣੇ,
ਇਸ਼ਕ ਦੀ ਤੈਥੋਂ ਦਵਾਈ ਹੋ ਚੁਕੀ ।
ਠੱਪ ਲੈ ਉਸਤਾਦ ! ਇਲਮਾਂ ਦੀ ਕਿਤਾਬ,
ਇਸ ਮਦਰਸੇ ਦੀ ਪੜ੍ਹਾਈ ਹੋ ਚੁਕੀ ।
ਮਕਰ ਦੀ ਮਾਲਾ ਨਹੀਂ ਫਿਰ ਸੱਕਣੀ,
ਰੇਤ ਦੇ ਉੱਤੇ ਚਿਣਾਈ ਹੋ ਚੁਕੀ ।
ਕੁਫ਼ਰ ਦੇ ਫ਼ਤਵੇ ਜੜੀ ਜਾ ਮੁਫ਼ਤੀਆ !
ਸਾਡੇ ਕੋਲੋਂ ਪਾਰਸਾਈ ਹੋ ਚੁਕੀ ।
ਦੋ ਦਿਨਾਂ ਦੀ ਮੌਜ ਹੈ, ਦੋ ਦਿਨ ਸਹੀ,
ਸਾਥੋਂ ਅੱਗੇ ਦੀ ਬਿਆਈ ਹੋ ਚੁਕੀ ।
ਪੈਸੇ ਭਰ ਕੇ ਕਿੱਥੋਂ ਸੁਰਗ ਵਿਹਾਝੀਏ ?
ਖਰਚ ਸਾਡੀ ਪਾਈ ਪਾਈ ਹੋ ਚੁਕੀ ।
ਕੌਣ ਪੜਦੇ ਪਾ ਕੇ ਅੰਦਰ ਬਹਿ ਰਹੇ,
ਹੋਣ ਵਾਲੀ ਜਗ-ਹਸਾਈ ਹੋ ਚੁਕੀ ।
ਬਖ਼ਸ਼ ਦਾ ਦਰ ਖੁਲ ਗਿਆ ਤਾਂ ਖੁਲ ਗਿਆ,
ਹੋਰ ਚਾਤ੍ਰਿਕ ਤੋਂ ਕਮਾਈ ਹੋ ਚੁਕੀ ।

67. ਸੰਭਲ ਕੇ

(ਗ਼ਜ਼ਲ)

ਸੰਭਲ ਕੇ ਪੈਰ ਧਰ, ਪਾਂਧੀ !
ਏ ਧਰਤੀ ਊ ਅਜ਼ਾਬਾਂ ਦੀ,
ਅਜ਼ਾਬਾਂ ਬੇਹਿਸਾਬਾਂ ਦੀ,
ਏ ਦੁਨੀਆਂ ਇਨਕਲਾਬਾਂ ਦੀ ।

ਚਮਕਦੇ ਜ਼ੱਰਿਆਂ ਨੂੰ ਚਾ ਕੇ-
ਧਰਤੀ ਤੋਂ, ਹਵਾ ਹੱਸੀ,
ਏ ਮਿੱਟੀ ਉਡ ਖਲੋਤੀ ਹੈ,
ਬੁਝੇ ਹੋਏ ਆਫ਼ਤਾਬਾਂ ਦੀ ।

ਗਲੇਡੂ ਭਰ, ਖ਼ਿਜ਼ਾਂ ਬੋਲੀ,
ਦਊਦੀ ਤੇ ਹਜ਼ਾਰੇ ਨੂੰ,
ਚਲੋ, ਕਰੀਏ ਚਮਨ ਖ਼ਾਲੀ,
ਬਹਾਰ ਆਈ ਗੁਲਾਬਾਂ ਦੀ ।

ਖ਼ੁਦੀ ਦੇ ਲੋਰ ਵਿਚ, ਦੁਨੀਆਂ-
ਨਹੀਂ ਦਿਸਦੀ ਦਿਵਾਨੇ ਨੂੰ,
ਕੋਈ ਦਿਨ ਦੀ ਪਰਹੁਣੀ ਹੈ,
ਏ ਬਦਮਸਤੀ ਸ਼ਰਾਬਾਂ ਦੀ ।

ਸਿਕੰਦਰ ਦੀ ਤਲੀ ਖ਼ਾਲੀ,
ਕਹੀ ਜਾਂਦੀ ਸੀ ਖ਼ਲਕਤ ਨੂੰ,
ਨ ਦੇਵੇ ਸਾਥ, ਤੁਰਦੀ ਵਾਰ,
ਦੌਲਤ ਕਾਮਯਾਬਾਂ ਦੀ ।

ਹਰੇ ਹੋਏ ਪਾਂਡਵਾਂ ਦੇ ਦਿਨ-
ਫਿਰੇ ਤਕ ਕੇ, ਕਜ਼ਾ ਕੂਕੀ,
ਏ ਸ਼ਾਹੀ ਭੀ, ਬਣੀ ਰਹਿ ਜਾਇਗੀ-
ਜ਼ੀਨਤ ਕਿਤਾਬਾਂ ਦੀ ।

ਹੁਸਨ ਤੇ ਇਸ਼ਕ ਦੀਆਂ ਛੇੜਾਂ,
ਖੜੀ ਤਕਦੀਰ ਤਕਦੀ ਸੀ,
ਉਡੇਗੀ ਖ਼ਾਕ, ਓੜਕ ਨੂੰ,
ਦੁਹਾਂ ਖ਼ਾਨਾਖ਼ਰਾਬਾਂ ਦੀ ।

ਮੈਂ ਜ਼ਾਹਿਦ-ਰਿੰਦ, ਦਾਨਾ-ਮੂੜ੍ਹ,
ਸੂਫ਼ੀ-ਮਸਤ ਸਭ ਕੁਝ ਜੇ,
ਨ ਫੋਲੋ ਦੋਸਤੋ ! ਬੁਚਕੀ-
ਮੇਰੇ ਐਬਾਂ ਸਵਾਬਾਂ ਦੀ ।

68. ਪੇਟ ਦੇ ਪੁਜਾਰੀਆ !

ਪੇਟ ਦੇ ਪੁਜਾਰੀਆ ! ਓ ਰੱਬ ਦਿਆ ਝੋਟਿਆ !
ਭੱਠ ਵਾਂਗ ਭੁੱਖੜਾ ! ਭੜੋਲੇ ਵਾਂਗ ਮੋਟਿਆ !
'ਦੇਈਂ ਦੇਈਂ ਦੇਈਂ' ਦੀ ਦੁਹਾਈ ਪਾਣ ਵਾਲਿਆ !
ਰੱਬ ਨੂੰ ਵੀ ਲੁੱਟ ਲੁੱਟ ਖਾਈ ਜਾਣ ਵਾਲਿਆ !
ਮੰਦਰੇ, ਮਸੀਤੇ, ਧਰਮਸਾਲ ਜਦੋਂ ਜਾਏਂ ਤੂੰ,
ਨੱਕ ਗੋਡਾ ਏਸੇ ਪੇਟ ਵਾਸਤੇ ਘਸਾਏਂ ਤੂੰ ।
ਅੱਗੇ ਤੋਂ ਅਗੇਰੇ, ਹੱਥ ਹਿਰਸ ਦਾ ਵਧਾਨਾ ਏਂ,
ਪਾਣੀ ਉੱਤੇ ਤੇਲ ਵਾਂਗ ਪੱਸਰਦਾ ਜਾਨਾ ਏਂ ।
ਅੱਜ ਘੋੜਾ ਗੱਡੀ ਏ, ਤੇ ਕੱਲ ਮੰਗੇਂ ਕਾਰ ਤੂੰ,
ਤੀਜੇ ਦਿਨ ਏਸ ਤੋਂ ਭੀ ਹੋਵੇਂ ਅਵਾਜ਼ਾਰ ਤੂੰ ।
ਮਿੰਬਰੀ ਤੋਂ ਕੌਂਸਲ, ਤੇ ਕੌਂਸਲੋਂ ਅਸੰਬਲੀ,
ਭਾਰੀ ਹੁੰਦੀ ਜਾਏ, ਜਿੰਨੀ ਭਿੱਜੇ ਤੇਰੀ ਕੰਬਲੀ ।
ਰੱਬ ਜਾਣੇ, ਕੇਡਾ ਤੇਰੀ ਹਿਰਸ ਦਾ ਮੁਨਾਰਾ ਏ,
ਕਿੱਥੇ ਤੇਰੀ ਕਾਮਨਾ ਦੇ ਸਿੰਧੁ ਦਾ ਕਿਨਾਰਾ ਏ ।
ਜਿਹੜਾ ਤੇਰੇ ਲਾਗੇ ਲੱਗਾ, ਓਹੋ ਗਿਆ ਰੰਗਿਆ,
ਚਸਕਿਆਂ ਦੇ ਨਾਗ ਨੇ ਕਬੀਲਾ ਸਾਰਾ ਡੰਗਿਆ ।
ਤੀਵੀਂ ਏ ਤੇ ਫ਼ੈਸਨਾਂ ਦੇ ਥੱਲੇ ਗਈ ਘੁੱਟੀ ਏ,
ਭੋਲੀ ਭਾਲੀ ਦੇਵੀ ਦੀ ਤੂੰ ਆਬ ਰੋਲ ਸੁੱਟੀ ਏ ।
ਦਿਲ ਉਹਦਾ ਰੱਬ ਦੇ ਪਿਆਰ ਦਾ ਖ਼ਜ਼ਾਨਾ ਏ,
ਤੈਨੂੰ ਉਹਦੇ ਮਾਣਨ ਦਾ ਮਿਲ ਗਿਆ ਬਹਾਨਾ ਏ ।
ਭੰਨ ਤੋੜ ਸੁੱਟਿਆ ਤੂੰ ਕੁਦਰਤੀ ਸੁਗ਼ਾਤ ਨੂੰ,
ਝੋਕ ਦਿੱਤਾ ਅੱਗ ਵਿਚ ਉਹਦੇ ਜਜ਼ਬਾਤ ਨੂੰ ।
ਬੱਚਿਆਂ ਨੂੰ ਚੰਦਰੀਆਂ ਚਾਟਾਂ ਤੂੰ ਲਗਾਈਆਂ,
ਦੇਸਾਂ ਪਰਦੇਸਾਂ ਦੀਆਂ ਚੌੜਾਂ ਚੰਬੜਾਈਆਂ ।
ਤਰਸ ਤਰਸ ਲੋਕ ਜਿਨ੍ਹਾਂ ਨਯਾਮਤਾਂ ਨੂੰ ਪਾਂਦੇ ਨੇਂ,
ਤੇਰੇ ਨੌਨਿਹਾਲ ਚੱਖ ਚੱਖ ਥੁੱਕੀ ਜਾਂਦੇ ਨੇਂ ।
ਤੁਰਨ ਜੋਗੇ ਛੱਡੇ ਨਹੀਂ ਊਂ ਨਾਲ ਸੰਸਾਰ ਦੇ,
ਹੋ ਗਏ ਸ਼ਿਕਾਰ ਤੇਰੇ ਫੁੱਕਲੇ ਪਿਆਰ ਦੇ ।
ਟਾਹਣੀ ਵਾਂਗ ਕੂਲਾ ਸੀ ਮਸੂਮ ਦਿਲ ਬਾਲਾਂ ਦਾ,
ਖਾ ਗਏ ਫਟਾਕਾ ਤੇਰੇ ਆਤਸ਼ੀ ਖ਼ਿਆਲਾਂ ਦਾ ।
ਦੇਸ ਤੇ ਬਹਾਰ ਸੀ ਲਿਆਣੀ ਜਿਨ੍ਹਾਂ ਫੁੱਲਾਂ ਨੇ,
ਝੁਲਸ ਦਿੱਤਾ ਉਨ੍ਹਾਂ ਨੂੰ ਅਯਾਸ਼ੀ ਦੇ ਪੜੁੱਲਾਂ ਨੇ ।
ਅੱਠੇ ਪਹਿਰ ਮਰਨਗੇ ਤਾਂ ਰੀਝਾਂ ਮਸਾਂ ਲਾਹਣਗੇ,
ਕਿਹੜੀ ਘੜੀ ਭੰਨ ਕੇ, ਓਹ ਦੇਸ਼ ਨੂੰ ਬਚਾਣਗੇ ?
ਛਟੀ ਦਿਆ ਭੁੱਖਿਆ ! ਏ ਚੰਗੇ ਰੰਗ ਲਾਏ ਨੀਂ,
ਹਿਰਸ ਦੇ ਪਹਾੜ ਕੇਡੇ ਉੱਚੇ ਚਾ ਬਣਾਏ ਨੀਂ ।
ਹੋ ਜਾ ਅੱਖੋਂ ਦੂਰ, ਐਵੇਂ ਗੁੱਸਾ ਕੀ ਚੜ੍ਹਾਨਾ ਏਂ,
ਰੱਬ ਨੂੰ ਵੀ ਮੂਰਖਾ ! ਤੂੰ ਅੰਨ੍ਹਿਆਂ ਬਣਾਨਾ ਏਂ ?
ਸੌ ਨੂੰ ਭੁੱਖਾ ਮਾਰ, ਤੈਨੂੰ ਕੱਲੇ ਨੂੰ ਰਜਾਏਗਾ ?
ਕਿੰਨਾ ਚਿਰ ਤੇਰਾ ਉਹ ਲਿਹਾਜ਼ ਕਰੀ ਜਾਏਗਾ ?
ਰੱਬ ਨੂੰ ਜੇ ਸੱਚ ਮੁੱਚ ਰੱਬ ਹੀ ਪਛਾਣਦੋਂ,
ਫੇਰ ਦਾਤ ਓਸਦੀ ਨੂੰ ਵਰਤਣਾ ਭੀ ਜਾਣਦੋਂ ।
ਖਾਂਦੋਂ ਕੁਝ ਆਪ, ਕੁਝ ਹੋਰਾਂ ਨੂੰ ਖੁਆਉਂਦੋਂ,
ਸੱਧਰਾਂ ਦੇ ਢੇਰ ਵੇਖ ਚਾ ਕੇ ਬਣਾਉਂਦੋਂ ।
ਰੱਬ ਤੇਰੇ ਭਾਣੇ ਪਰ ਜੀਉਂਦਾ ਹੀ ਮਰ ਗਿਆ,
ਧਰਤਿ ਦੀ ਹਕੂਮਤ ਹਵਾਲੇ ਤੇਰੇ ਕਰ ਗਿਆ ।

69. ਕਿਉਂ ?

(ਕਾਫ਼ੀ)

ਫਸ ਕੇ ਖ਼ਿਆਲੀ ਗੋਰਖਧੰਦੀਂ,
ਫਾਹੀਆਂ ਗਲ ਵਿਚ ਪਾਨਾ ਏਂ ਕਿਉਂ ?
ਖੁਲ੍ਹੀ ਸੜਕ ਜਰਨੈਲੀ ਹੁੰਦਿਆਂ,
ਪਗਡੰਡੀਆਂ ਵਲ ਜਾਨਾ ਏਂ ਕਿਉਂ ?

1

ਇਕ ਬੂਹੇ ਜੇ ਬਹਿ ਜਾਏਂ ਡਟ ਕੇ,
ਸੁਰਤ ਤੇਰੀ ਕਿਉਂ ਥਾਂ ਥਾਂ ਭਟਕੇ,
ਦੇਖ ਪਰਾਈਆਂ ਗੰਢ ਗੁਥਲੀਆਂ,
ਜੀ ਅਪਣਾ ਤਰਸਾਨਾ ਏਂ ਕਿਉਂ ?

2

ਦੁਨੀਆਂ ਨਾਲ ਨ ਰੁਸ ਰੁਸ ਬਹੁ ਤੂੰ,
ਲੀਹਾਂ ਨਾਲ ਨ ਉਲਝਿਆ ਰਹੁ ਤੂੰ,
ਰੱਬ ਦੀਆਂ ਚਸ਼ਮਾਂ ਦੇ ਵਿਚ ਵੱਸ ਕੇ,
ਅੱਖੀਆਂ ਪਿਆ ਚੁਰਾਨਾ ਏਂ ਕਿਉਂ ?

3

ਸਚਿਆਈ ਦਾ ਪੱਲਾ ਫੜ ਕੇ,
ਬੈਠਾ ਏਂ ਮੂੰਹ ਤੇ ਜੰਦਰਾ ਜੜ ਕੇ,
ਤਕ ਕੇ ਪਿਆ ਹਨੇਰ ਚੁਫੇਰੇ,
ਚਮਕਣ ਤੋਂ ਘਬਰਾਨਾ ਏਂ ਕਿਉਂ ?

4

ਹਿੰਮਤ ਤੇਰੀ ਨਦੀਆਂ ਮੋੜੇ,
ਅਕਲ ਤੇਰੀ ਤਕਦੀਰਾਂ ਜੋੜੇ,
ਸਾਰੇ ਜਗ ਦੀ ਜ਼ੀਨਤ ਹੋ ਕੇ,
ਅਪਣਾ ਆਪ ਲੁਕਾਨਾ ਏਂ ਕਿਉਂ ?

5

ਹਥ ਤੇ ਸਰਹੋਂ ਉਗਾ ਕੇ ਦਸ ਦੇ,
ਨਵਾਂ ਬਹਿਸ਼ਤ ਬਣਾ ਕੇ ਦਸ ਦੇ,
ਚੰਨਣ-ਬੂਟਾ ਬਣ ਵਿਚ ਹੋ ਕੇ,
ਮਹਿਕਣ ਤੋਂ ਸ਼ਰਮਾਨਾ ਏਂ ਕਿਉਂ ?

6

ਤੂੰ ਦੁਨੀਆਂ ਦਾ, ਦੁਨੀਆਂ ਤੇਰੀ,
ਜੋ ਹੈਗਾ ਈ ਕਰ ਦੇ ਢੇਰੀ,
ਪਰਵਾਨੇ ਦੀ ਜੂਨੇ ਪੈ ਕੇ,
ਖੇਖਨ ਪਿਆ ਬਣਾਨਾ ਏਂ ਕਿਉਂ ?

7

ਪ੍ਰੇਮ-ਗਲੀ ਵਿਚ ਖ਼ੂਨ ਵਹਾ ਦੇ,
ਬਿਜਲੀ ਵਾਂਗ ਕਰੰਟ ਦੁੜਾ ਦੇ,
ਭਰੀ ਸੁਰਾਹੀ ਨੂੰ ਉਲਟਾ ਦੇ,
ਚੁਲੀ ਚੁਲੀ ਵਰਤਾਨਾ ਏਂ ਕਿਉਂ ?

8

ਤਰਦਾ ਰਹੁ, ਨ ਢੂੰਡ ਕਿਨਾਰਾ,
ਦੂਜਿਆਂ ਦੇ ਕੰਮ ਆ ਜਾ ਸਾਰਾ,
ਖ਼ਾਰ ਚੁਭਣ ਦੇ ਮਹਿਕ ਲੁਟਾਂਦਿਆਂ,
ਫੁਲ ਦਾ ਫ਼ਰਜ਼ ਭੁਲਾਨਾ ਏਂ ਕਿਉਂ ?

70. ਗਿਲੇ ਗੁਜ਼ਾਰਸ਼ਾਂ

(ਗ਼ਜ਼ਲ)

ਕਿਉਂ ਜੀ ! ਸਾਡਾ ਸਬਰ ਕਦ ਤਕ-ਆਜ਼ਮਾਈ ਜਾਓਗੇ ?
ਖ਼ਸਤਾ ਦਿਲ ਨੂੰ ਠੋਕਰਾਂ ਕਿੰਨੀਆਂ ਕੁ ਲਾਈ ਜਾਓਗੇ ?

ਐਡੇ ਚੰਗੇ ਹੋ ਕੇ, ਇਹ ਬੇਤਰਸੀਆਂ ਨਹੀਂ ਫਬਦੀਆਂ,
ਮਾੜਿਆਂ ਦਾ, ਕਿੰਨਾ ਚਿਰ, ਚੇਤਾ ਭੁਲਾਈ ਜਾਓਗੇ ?

ਵੇਂਹਦਿਆਂ ਵਾਟਾਂ ਨੂੰ, ਹੁਣ ਤੇ ਨੀਝ ਭੀ ਪਥਰਾ ਗਈ,
ਲੰਘਦੇ ਲੰਘਦੇ, ਇਕ ਨਿਗਹ, ਏਧਰ ਭੀ ਪਾਈ ਜਾਓਗੇ ?

ਸੱਧਰਾਂ ਨੂੰ ਸਿੰਜਦਿਆਂ, ਪਾਣੀ ਸਰਾਂ ਦਾ ਸੁੱਕ ਗਿਆ,
ਮਿਹਰ ਦਾ ਮੀਂਹ, ਖ਼ੁਸ਼ਕ ਵਾੜੀ ਤੇ ਵਰ੍ਹਾਈ ਜਾਓਗੇ ?

ਮੰਨ ਲੀਤਾ, ਏਧਰੋਂ ਹੋਈਆਂ ਨੇਂ ਬੜੀਆਂ ਖ਼ਾਮੀਆਂ,
ਪਰ ਤੁਸੀਂ ਭੀ, ਅਪਣੀਆਂ ਸਿਫ਼ਤਾਂ ਲੁਕਾਈ ਜਾਓਗੇ ?

ਭੁੱਲਾਂ ਤਾਂ ਅਣਗਿਣਤ ਨੇ, ਪਰ ਜਾਣ ਕੇ ਨਹੀਂ ਕੀਤੀਆਂ,
ਬੇਵਸੇ ਦਿਲ ਨੂੰ, ਕਿਵੇਂ ਬੁਰਿਆਂ ਬਣਾਈ ਜਾਓਗੇ ?

ਬੇਖ਼ੁਦੀ ਵਿਚ ਕੀ ਪਤਾ, ਕੀ ਖ਼ੁਨਾਮੀ ਹੋ ਗਈ,
ਪਿਆਰ ਦਾ ਭੀ, ਕੀ ਤੁਸੀਂ ਗ਼ੁੱਸਾ ਮਨਾਈ ਜਾਓਗੇ ?

71. ਘੁੰਡ ਵਾਲਿਓ !

(ਗੀਤ)

ਜ਼ਰਾ ਨਿਗਹ ਭੁਆਓ ਜੀ !
ਤੁਸੀਂ ਕਿਉਂ ਨਹੀਂ ਘੁੰਡ ਉਤਾਰਦੇ ?
ਹੋਰ ਕੁਝ ਨਹੀਂ ਚਾਹੀਦਾ,
ਤਾਲਿਬ ਹਾਂ ਇਕ ਝਲਕਾਰ ਦੇ । ਜ਼ਰਾ…

1

ਸੁਪਨਿਆਂ ਦਾ ਸੰਸਾਰ ਵਸਾ ਕੇ,
ਅਸਾਂ ਜੀਉਂਦੀ ਰੱਖੀ ਆਸਾ,
ਦਿਲ ਦੀ ਤਾਂਘ ਲਟਕਦੀ ਰਹਿ ਗਈ,
ਤੁਸੀਂ ਲੰਘ ਗਏ ਦੇ ਕੇ ਪਾਸਾ,
ਏਨ੍ਹਾਂ ਸੁਕਦੀਆਂ ਸੱਧਰਾਂ ਤੇ,
ਤੁਸੀਂ ਝਾਤੀ ਤੇ ਇਕ ਮਾਰਦੇ । ਜ਼ਰਾ…

2

ਹਰਜਾਈਆਂ ਦੀ ਰੀਤ ਨਿਆਰੀ,
ਜੇੜ੍ਹੇ ਥਾਂ ਬਦਲਾਂਦੇ ਰਹਿੰਦੇ,
ਸਾਡੇ ਕੋਲ ਜਿ ਇਕ ਪਲ ਬਹਿੰਦੇ,
ਅਸੀਂ ਉਜੜੇ ਭੀ ਵਸ ਪੈਂਦੇ,
ਕੁਝ ਦੁਖੜੇ ਦਸ ਲੈਂਦੇ,
ਕੁਝ ਸੁਣ ਲੈਂਦੇ ਸਰਕਾਰ ਦੇ । ਜ਼ਰਾ…

3

ਦਿਲ ਦੀ ਘੁੰਡੀ, ਘੁੰਡ ਖਿਸਕਾ ਕੇ,
ਨਹੀਂ ਦਸਦੇ, ਨਾ ਦੱਸੋ,
ਅਸੀਂ ਤੁਹਾਡੇ ਨਾ ਸਹੀ ਕੋਈ,
ਜਮ ਜਮ ਵੱਸੋ ਰੱਸੋ,
ਪਰ ਪਾਰੋਂ ਹੀ ਤਕ ਛਡਦੇ,
ਅਸੀਂ ਕੰਢੇ ਖੜੇ ਉਰਾਰ ਦੇ । ਜ਼ਰਾ…

72. ਮਤਵਾਲਾ ਜੋਗੀ

(ਗੀਤ ਕੱਵਾਲੀ)

1

ਕੁੜੀਓ ਨੀ ! ਮਤਵਾਲਾ ਜੋਗੀ,
ਰੱਤਿਆਂ ਨੈਣਾਂ ਵਾਲਾ ਜੋਗੀ,
ਸੇਲੀਆਂ ਮੁੰਦਰਾਂ ਵਾਲਾ ਜੋਗੀ,
ਖੇੜੀਂ ਆ ਗਿਆ ਲੱਗੇ,
ਕੁੜੇ ! ਮਤਵਾਲਾ ਜੋਗੀ ।

2

ਸੁਣਾਂ ਜਦੋਂ ਦਾ ਰੌਲਾ ਗੌਲਾ,
ਫਿਰਦਾ ਏ ਤ੍ਰਿੰਞਣੀਂ ਔਲਾ ਮੌਲਾ,
ਵੰਝਲੀ ਵਾਲੇ ਦਾ ਹੀ ਝੌਲਾ,
ਫਿਰਦਾ ਏ ਅੱਖੀਆਂ ਅੱਗੇ,
ਕੁੜੇ ! ਮਤਵਾਲਾ ਜੋਗੀ ।

3

ਕਰਦਾ ਫਿਰਦਾ ਏ ਛਾਲੇ ਤਾਲੇ,
ਧੜਕੰਦੜਾ ਦਿਲ ਲਖ ਗਿਆ ਚਾਲੇ,
ਓਹੋ ਏ ਜਿਸ ਨੇ ਨੈਣ ਮੇਰੇ ਸਨ-
ਪਲੰਘੇ ਬੈਠਿਆਂ ਠੱਗੇ,
ਕੁੜੇ ! ਮਤਵਾਲਾ ਜੋਗੀ ।

4

ਇਸ਼ਕ ਨੂੰ ਕਿਉਂ ਹੁਣ ਫਿਰੇ ਲੁਕੌਂਦਾ ?
ਪੜਦਾ ਕਿਉਂ ਨਹੀਂ ਪਰੇ ਹਟੌਂਦਾ ?
ਏਹੋ ਸੂ ਤਤੜੀ ਹੀਰ ਦਾ ਵੇਹੜਾ,
ਜੋਤ ਜਿੱਥੇ ਉਹਦੀ ਜੱਗੇ,
ਕੁੜੇ ! ਮਤਵਾਲਾ ਜੋਗੀ ।

73. ਪਿਆਰ ਦੀਆਂ ਗੰਢਾਂ

(ਗੀਤ ਕੱਵਾਲੀ)

ਪਿਆਰ ਦੀਆਂ ਗੰਢਾਂ ਨਾ ਖਿਸਕਾ ।
ਓੜਕਛੋਹਾ ਦਿਲ ਦਾ ਸ਼ੀਸ਼ਾ,
ਠੋਕਰ ਦੇਈਂ ਨ ਲਾ,
ਪਿਆਰ ਦੀਆਂ……

1

ਤੇਰਾ ਮੇਰਾ ਪਿਆਰ ਪਿਆ ਸੀ,
ਇਸ ਨੂੰ ਜਤਨਾਂ ਨਾਲ ਲਿਆ ਸੀ,
ਡਾਢੇ ਮਹਿੰਗੇ ਭਾ,
ਪਿਆਰ ਦੀਆਂ……

2

ਵੇਖੀਂ ਕਿਤੇ ਹਨੇਰ ਨ ਪਾਈਂ,
ਹਸਦਾ ਹਸਦਾ ਤਿਲਕ ਨ ਜਾਈਂ,
ਨੈਣ ਨੈਣਾਂ ਵਿਚ ਪਾ,
ਪਿਆਰ ਦੀਆਂ……

3

ਬੜੇ ਚਿਰਾਂ ਦੀਆਂ ਪ੍ਰੀਤਾਂ ਲਗੀਆਂ,
ਸੀਨਿਆਂ ਅੰਦਰ ਲਾਟਾਂ ਜਗੀਆਂ,
ਦੇਈਂ ਨ ਕਿਤੇ ਬੁਝਾ,
ਪਿਆਰ ਦੀਆਂ……

4

ਪ੍ਰੀਤ ਨਿਭਾਣੀ ਬੜੀ ਉਖੇਰੀ,
ਬੇਪਰਵਾਹ ਤਬੀਅਤ ਤੇਰੀ,
ਮੇਰਾ ਸੁਹਲ ਸੁਭਾ,
ਪਿਆਰ ਦੀਆਂ ਗੰਢਾਂ ਨਾ ਖਿਸਕਾ ।

74. ਓ ਕੌਮ ਦੇ ਸਿਪਾਹੀਓ !

1

ਓ ਨੌਜਵਾਨ ਦੂਲਿਓ ! ਜੁਸ਼ੀਲਿਓ ! ਬਹਾਦੁਰੋ !
ਓ ਕੌਮ ਦੇ ਸਿਪਾਹੀਓ ! ਬੁਲੰਦ ਸ਼ਾਨ ਵਾਲਿਓ !
ਸਮਾਂ ਚਲਾ ਗਿਆ ਏ ਸੌਣ ਦਾ, ਉਠੋ,ਉਠੋ,ਉਠੋ,
ਮਦਾਨ ਵਿਚ ਸਾਵਧਾਨ ਹੋ ਕੇ ਹੁਣ ਨਿਕਲ ਪਓ,
ਚਲੇ ਗਏ ਨੇਂ ਦੂਰ ਦੂਸਰੇ, ਤੁਸੀਂ ਭਿ ਚਲ ਪਓ ।

2

ਬੜੀ ਅਜ਼ੀਮ ਹੈ ਮੁਹਿਮ, ਤੇ ਹਲ ਬੜਾ ਮੁਹਾਲ ਹੈ,
ਮੁਕਾਬਲੇ ਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ,
ਨ ਅਕਲ ਹੈ, ਨ ਇਲਮ ਹੈ, ਨ ਜ਼ੋਰ ਹੈ, ਨ ਮਾਲ ਹੈ,
ਗ਼ੁਲਾਮੀਆਂ ਦੀ ਨੀਂਦ ਦਾ ਖ਼ੁਮਾਰ ਹੋਸ਼ ਲੈ ਗਿਆ,
ਤੇ ਵਾਸਤਾ ਅਜੀਬ ਮੁਸ਼ਕਿਲਾਂ ਦੇ ਨਾਲ ਪੈ ਗਿਆ ।

3

ਤੁਸਾਂ ਈ ਹੁਣ ਬਚਾਉਣੀ ਏ ਆਨ ਸ਼ਾਨ ਕੌਮ ਦੀ,
ਤੁਸੀਂ ਓ ਖ਼ੂਨ ਕੌਮ ਦਾ, ਤੁਸੀਂ ਓ ਜਾਨ ਕੌਮ ਦੀ,
ਤੁਸੀਂ ਬਣੋ ਅਵਾਜ਼, ਏਸ ਬੇਜ਼ਬਾਨ ਕੌਮ ਦੀ,
ਦਿਲਾਂ ਨੂੰ ਬਾਦਬਾਨ ਵਾਂਗ ਚੌੜਿਆਂ ਬਣਾ ਦਿਓ,
ਤੇ ਕੌਮ ਦਾ ਜਹਾਜ਼ ਮੁਸ਼ਕਿਲਾਂ ਤੋਂ ਪਾਰ ਲਾ ਦਿਓ ।

4

ਅਵਿੱਦਿਆ ਦੇ ਭਾਰ ਨੇ ਹੈ ਆਤਮਾ ਦਬਾ ਰਖੀ,
ਜਹਾਲਤਾਂ ਦੀਆਂ ਘਟਾਂ ਜ਼ਮੀਰ ਹੈ ਲੁਕਾ ਰਖੀ,
ਬਿਕਾਰੀਆਂ ਨੇ ਬੁੱਧ ਭੀ ਮਲੀਨ ਹੈ ਬਣਾ ਰਖੀ,
ਹੈ ਦਿਉਤਿਆਂ ਦੀ ਭੋਂ ਸ਼ਿਤਾਨ ਦੇ ਅਧੀਨ ਹੋ ਰਹੀ,
ਕੰਗਾਲ ਦਿਲ ਤਿਆਰ ਨੇਂ ਇਮਾਨ ਵੇਚਣੇ ਲਈ ।

5

ਹੈ ਫਿਰਕਿਆਂ ਨੇ ਬੰਦ ਬੰਦ ਦੇਸ ਦਾ ਨਖੇੜਿਆ,
ਮੁਲਾਣਿਆਂ ਤੇ ਪੰਡਤਾਂ ਨੇ ਰਾਗ ਹੈ ਓਹ ਛੇੜਿਆ,
ਕਿ ਪ੍ਰੇਮ ਤੇ ਸਲੂਕ ਨੂੰ ਹੈ ਮੂਲ ਤੋਂ ਉਖੇੜਿਆ,
ਤਅੱਸਬਾਂ ਤੇ ਸਵਾਰਥਾਂ ਦਾ ਭੂਤ ਸਿਰ ਤੇ ਚੜ੍ਹ ਗਿਆ,
ਅੰਗੂਰ ਸੱਭਤਾ ਦਾ ਗਰਮ ਲੋ ਦੇ ਨਾਲ ਸੜ ਗਿਆ ।

6

ਖ਼ੁਦੀ ਤਕੱਬਰੀ ਦਿਮਾਗ਼ ਚਾੜ੍ਹਿਆ ਅਕਾਸ਼ ਤੇ,
ਜੁਟੇ ਨੇਂ ਇਕ ਦੂਸਰੇ ਦਾ ਖ਼ੂਨ ਪੀਣ ਵਾਸਤੇ,
ਮਿਲਾਪ ਸਾਲਸੀ ਦੇ ਬੰਦ ਹੋ ਗਏ ਨੇਂ ਰਾਸਤੇ,
ਗ਼ੁਲਾਮੀਆਂ ਦੇ ਸੰਗਲਾਂ ਨੂੰ ਸ਼ੇਰ ਹਨ ਵਧਾ ਰਹੇ,
ਸ਼ਹੀਦ ਗ਼ਾਜ਼ੀਆਂ ਦੇ ਸਾਂਗ ਸੂਰਮੇ ਸਜਾ ਰਹੇ ।

7

ਹੈ ਜ਼ੋਰ ਜ਼ਰ ਲੁਟੀ ਰਿਹਾ, ਇਮਾਰਤਾਂ ਬਣਾਣ ਤੇ,
ਦਿਮਾਗ਼ ਖ਼ਰਚ ਹੋ ਰਿਹਾ ਸ਼ਰਾਰਤਾਂ ਉਠਾਣ ਤੇ,
ਮਨੁੱਖਤਾ ਨੂੰ ਮਾਣ ਹੈ ਚੁਆਤੀਆਂ ਲਗਾਣ ਤੇ,
ਨ ਖੁਲ੍ਹ ਹੈ ਖ਼ਿਆਲ ਦੀ, ਨ ਜੀਭ ਹੀ ਅਜ਼ਾਦ ਹੈ,
ਨ ਜੀਉਣ ਦਾ ਸੁਆਦ ਹੈ, ਨ ਮਰਨ ਦਾ ਸੁਆਦ ਹੈ ।

8

ਜਵਾਨ ਹਿੰਦ ਵਾਲਿਓ ! ਏ ਦੇਖਦੇ ਭਿ ਹੋ ਕਿ ਨਾ,
ਕਿ ਹੋ ਰਹੀ ਏ ਆਬਰੂ ਖ਼ੁਆਰ ਕਿਸ ਬੁਰੀ ਤਰਾਂ,
ਜੇ ਅੱਖੀਆਂ ਉਘੇੜ ਕੇ ਨ ਸਾਰ ਹੁਣ ਲਈ ਤੁਸਾਂ,
ਤਾਂ ਸੂੰਦੀਆਂ ਹੀ ਜਾਣੀਆਂ ਨੇਂ ਗੁੰਝਲਾਂ ਤੇ ਮੁਸ਼ਕਿਲਾਂ,
ਤੁਸੀਂ ਜੇ ਫ਼ੈਸਨਾਂ ਦੀ ਤਿਲਸਮਾਤ ਵਿਚ ਫਸੇ ਰਹੇ,
ਤਾਂ ਕੌਣ ਆ ਕੇ ਬੰਦ ਕਟ ਸਕੇਗਾ ਏਸ ਦੇਸ਼ ਦੇ ?

75. ਜੀਵਨ-ਪੰਧ

ਕਮਰ ਕਸ ਪਾਂਧੀ ਓ ਬੇਗ਼ਮ ਨਗਰ ਦੇ !
ਖੜਾ ਹੋ ਜਾ, ਪਿਆਸੇ ਪ੍ਰੇਮ-ਸਰ ਦੇ !
ਸਫ਼ਰ ਹੈ ਦੂਰ ਦਾ, ਤੱਯਾਰ ਹੋ ਜਾ,
ਨਿਕਲ ਗਿਆ ਕਾਫਲਾ ਹੁਸ਼ਯਾਰ ਹੋ ਜਾ ।
ਚੜ੍ਹਾਈ ਹੈ ਬੜੀ ਦੁਸ਼ਵਾਰ ਤੇਰੀ,
ਹੈ ਮੰਜ਼ਿਲ ਤਾਰਿਆਂ ਤੋਂ ਭੀ ਉਚੇਰੀ ।
ਨ ਕੋਈ ਭਾਰ ਮੋਢੇ ਤੇ ਉਠਾਵੀਂ,
ਚਮਨ ਦੀ ਮਹਿਕ ਤਕ ਨਾ ਨਾਲ ਚਾਵੀਂ ।
ਸੁਆਰਥ ਹੋਇਗਾ ਜੇ ਨਾਲ ਤੇਰੇ,
ਉਠਾਣੇ ਪੈਰ ਕਰ ਦੇਗਾ ਉਖੇਰੇ ।
ਮੁਕਾ ਦੇ ਦੁਖ ਸੁਖਾਂ ਦੀ ਚਾਹਨਾ ਨੂੰ,
ਚੁਕਾ ਦੇ ਕਰਮ-ਫਲ ਦੀਆਂ ਕਾਮਨਾਂ ਨੂੰ ।
ਹਵਾੜਾਂ ਵਾਂਗ ਹੌਲਾ ਹੋ ਕੇ ਚੜ੍ਹ ਜਾ,
ਮਿਟਾ ਘੇਰੇ ਨੂੰ, ਨੁਕਤੇ ਵਤ ਸੁਕੜ ਜਾ ।
ਪਰ ਇਸ ਨੁਕਤੇ ਦੀ ਹਸਤੀ ਨਾ ਮਿਟਾਵੀਂ,
ਕਿਸੇ ਮੁਲ ਤੋਂ ਭੀ ਇਸ ਨੂੰ ਨਾ ਗੁਆਵੀਂ ।
ਜੇ ਤੂੰ ਹੋਇਓ ਤਾਂ ਹੈ ਸੰਸਾਰ ਤੇਰਾ,
ਹੈ ਤੇਰਾ ਮਰਤਬਾ ਸਭ ਤੋਂ ਉਚੇਰਾ ।
ਤੂੰ ਜਦ ਤਕ ਜੁਜ਼ ਹੈਂ ਕੁਲ ਦਾ ਹੈਂ ਨਜ਼ਾਰਾ,
ਹੈ ਕਤਰੇ ਵਿਚ ਸਮੁੰਦਰ ਕੈਦ ਸਾਰਾ ।
ਦਲੀਜਾਂ ਵਿਚ ਖੜਾ ਰਖ ਤਾਂਘ ਜਾਰੀ,
ਇਹੋ ਹੈ ਬੰਦਗੀ ਦੀ ਪਾਸਦਾਰੀ ।

76. ਦੋਹੜਾ

ਦਿਲ ਚੰਦਰੇ ਨੂੰ,
ਕਿਹਾ ਬੁਤੇਰਾ,
(ਵੇ ਤੂੰ) ਨਾ ਮੰਗ ਨੈਣ ਨਿਲੱਜੇ,

ਸਾਰੀ ਦੁਨੀਆਂ
(ਜਿਨ੍ਹਾਂ) ਤਕ ਤਕ ਝਪ ਲਈ,
(ਪਰ) ਉਡਣੇ ਅਜੇ ਨ ਰੱਜੇ,

ਅਮ੍ਰਿਤ ਦੇ ਵਿਚ
ਮਹੁਰਾ ਘੋਲਣ,
(ਅਤੇ) ਮੈਲ ਨਿਖਾਰਨ ਨੂਰੋਂ,

ਐਸੇ ਗਏ ਗੁਆਤਿਆਂ ਹਥੋਂ
(ਮੇਰੇ) ਸਾਈਂ ਪੜਦੇ ਕੱਜੇ ।

77. ਪ੍ਰੀਤਮ ਨੂੰ

ਪ੍ਰੀਤਮ ! ਤੈਨੂੰ ਹੈ ਯਾਦ ?
ਕਿ ਤੈਨੂੰ ਪਿਆਰ ਕਰਾਂ ਮੈਂ,
ਅਪਣਾ ਸਭ ਕੁਝ
ਉਸ ਪਿਆਰ ਦੇ ਸਿਰੋਂ ਨਿਸਾਰ ਕਰਾਂ ਮੈਂ ।
ਉਹ ਪਿਆਰ,
ਜੁ ਸਦਾ ਉਡੀਕੇ ਤੇਰਾ ਪ੍ਰੇਮ-ਦਿਲਾਸਾ,
ਡੁਲ੍ਹ ਡੁਲ੍ਹ ਪੈਂਦੇ ਨੈਣ-ਅਮ੍ਰਿਤ
ਦਾ ਜੋ ਰਹੇ ਪਿਆਸਾ ।
ਉਹ ਪਿਆਰ ਕਿ ਜਿਸ ਦੀ ਤਾਰ
ਰੂਹਾਂ ਨੂੰ ਰਖੇ ਪਰੋਈ,
ਦੋ ਦਿਲਾਂ ਵਿਚਾਲੇ
ਰਹਿਣ ਨ ਦੇ ਜੋ ਪਰਦਾ ਕੋਈ ।
ਉਹ ਪਿਆਰ ਕਿ ਜਿਦ੍ਹਾ ਸਰੂਰ
ਰਖੇ ਵਿਸਮਾਦ ਬਣਾਈ,
ਜਿਸ ਨੂੰ ਮਿਲਾਪ ਦੀ ਲਟਕ
ਜੁਗਾਂ ਤਕ ਰਖੇ ਜਿਵਾਈ ।
ਉਹ ਪਿਆਰ, ਜੁ
ਰਬ ਦੇ ਘੜੇ ਹੁਸਨ ਤੇ ਸਦਕੇ ਜਾਵੇ,
ਜ਼ਾਹਰ ਬਾਤਨ ਦੇ ਜਲਵੇ
ਤਕ ਤਕ ਜਾਨ ਘੁਮਾਵੇ ।
ਉਹ ਪਿਆਰ, ਜਿਦ੍ਹੇ ਵਿਚ,
ਸਦਾ ਵਸੇ ਇਕ-ਰਸੀ ਜਵਾਨੀ,
ਫ਼ਾਨੀ ਜਹਾਨ ਜਿਸ ਨਾਲ,
ਬਣ ਰਿਹਾ ਹੈ ਲਾਫ਼ਾਨੀ ।
ਉਹ ਪਿਆਰ, ਜਿਦ੍ਹਾ ਪਰਸੇਉ
ਟਪਾਵੇ ਨਾੜ ਨਾੜ ਨੂੰ,
ਛੁਹ ਜਿਦ੍ਹੀ ਕਰੇ ਸਰਸਬਜ਼,
ਸੀਨਿਆਂ ਦੀ ਉਜਾੜ ਨੂੰ ।
ਉਹ ਪਿਆਰ, ਜਿਹਨੂੰ ਨਹੀਂ ਲੋੜ
ਕਿਸੇ ਉਤਲੇ ਸ਼ਿੰਗਾਰ ਦੀ,
ਜ਼ਾਹਰਦਾਰੀ ਵਲ
ਜਿਦ੍ਹੀ ਨਿਗਹ ਨਹੀਂ ਝਾਤੀ ਮਾਰਦੀ ।
ਉਹ ਪਿਆਰ,
ਜਿਦ੍ਹੇ ਮਸਤਕ ਤੇ ਕੋਈ ਕਲੰਕ ਨਹੀਂ ਹੈ,
ਡਰ ਮੇਹਣਿਓਂ, ਗ਼ਾਲ ਉਲ੍ਹਾਮਿਓਂ
ਵਖਰੀ ਜਿਦ੍ਹੀ ਜ਼ਿਮੀਂ ਹੈ ।
ਉਹ ਪਿਆਰ,
ਜਿਹਨੂੰ ਹੈ ਤਾਂਘ ਨਿਰੇ ਅਪਣਾਏ ਜਾਣ ਦੀ,
ਫਿਰ ਰਖਦਾ ਹੈ ਤੌਫ਼ੀਕ,
ਸਿਦਕ ਲਮਕਾਏ ਜਾਣ ਦੀ ।

78. ਮੇਰੇ ਗੀਤ

(ਗ਼ਜ਼ਲ)

1

ਮੇਰੇ ਗੀਤ ਨੇ ਰੰਗਾ ਰੰਗ ਦੇ,
ਕਦੇ ਭੁੜਕ ਉੱਠਣ, ਕਦੇ ਸੰਗਦੇ ।
ਕਦੇ ਉੱਠਾਂ, ਕਦੇ ਬਹਾਲਦੇ,
ਕਦੇ ਡਿਗ ਪਾਂ, ਕਦੇ ਸੰਭਾਲਦੇ ।
ਕਦੇ ਖੀਵੀ ਹੋ ਹੋ ਗਾਨੀ ਆਂ,
ਕਦੇ ਅਪਣਾ ਆਪ ਲੁਕਾਨੀ ਆਂ ।
ਕਦੇ ਚੁੱਪ ਕਰਨ ਕਦੇ ਧੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

2

ਮੇਰੇ ਗੀਤ ਨੇ ਭਰ ਭਰ ਡੁਲ੍ਹਦੇ,
ਮੈਂ ਭੁੱਲਾਂ, ਇਹ ਨਹੀਂ ਭੁੱਲਦੇ ।
ਕੀ ਜਾਣਾਂ, ਕਿੱਥੋਂ ਆਏ ਨੇਂ,
ਕਿਸ ਨਾਲ ਮੇਰੇ ਚੰਬੜਾਏ ਨੇਂ ।
ਮੈਂ ਸਿਖਰੇ ਚੜ੍ਹ ਗਈ ਥੱਲਿਓਂ,
ਪਰ ਭਰਮ ਨ ਖੁਲ੍ਹੇ ਪੱਲਿਓਂ ।
ਕੋਈ ਗੁੱਝੇ ਭਾਂਬੜ ਭੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

3

ਕਦੇ ਉਠਨੀ ਆਂ ਹੰਭਲਾ ਮਾਰ ਕੇ,
ਘਰ ਵੇਖਾਂ ਕੂਚ ਬਹਾਰ ਕੇ ।
ਮੈਨੂੰ ਆਖਣ ਹੂੰਝ ਦੁਆਲਿਓਂ,
ਪਰ ਡਰਨੀ ਆਂ ਅਪਣੇ ਪਾਲਿਓਂ ।
ਮੈਂ ਬਾਹਰ ਬਥੇਰਾ ਪੋਚਿਆ,
ਪਰ ਅੰਦਰ ਨਹੀਂ ਖਰੋਚਿਆ ।
ਮੁੜ ਮੁੜ ਹਨ ਡੌਲੇ ਫੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

4

ਚਾ ਮੁੜ ਮੁੜ ਉੱਠੇ ਗਾਣ ਦਾ,
ਕੁਝ ਪਰਖਣ ਤੇ ਪਰਖਾਣ ਦਾ ।
ਮੈਂ ਕਈ ਦਲੀਲਾਂ ਮੇਲੀਆਂ,
ਪਰ ਠੱਠਾ ਕਰਨ ਸਹੇਲੀਆਂ ।
ਸਹੁਰੇ ਨਹੀਂ ਜਾਣਾ ਝੱਲੀਏ ?
ਆ ਲਾਰੀ ਵੇਖਣ ਚੱਲੀਏ ।
ਚਲ ਬੈਠ ਕਿਨਾਰੇ ਸੜਕ ਦੇ,
ਮੇਰੇ ਗੀਤ ਕਲੇਜੇ ਰੜਕਦੇ ।

5

ਤੂੰ ਯਾਦ ਬੜਾ ਹੈਂ ਆਉਂਦਾ,
ਜੀ ਮਿਲਣ ਲਈ ਨਿਤ ਚਾਹੁੰਦਾ ।
ਪਰ ਘਰ ਨਹੀਂ ਛੱਡਣਾ ਜਾਣ ਕੇ,
ਤੂੰ ਆ, ਤੇ ਲੈ ਜਾ ਆਣ ਕੇ ।
ਤੈਨੂੰ ਸੋਹਣੇ ਗੀਤ ਸੁਣਾਉਸਾਂ,
ਚਾ ਸਾਰੇ ਖੋਲ੍ਹ ਵਿਖਾਉਸਾਂ ।
ਕੀ ਢੋਲ ਨੇਂ ਅੰਦਰ ਖੜਕਦੇ,
ਮੇਰੇ ਗੀਤ ਕਲੇਜੇ ਰੜਕਦੇ ।

79. ਆ ਪ੍ਰੀਤਮੇ !

1
ਆ ਪ੍ਰੀਤਮੇ ! ਆ ਮਹਿਰਮੇ !
ਜੀਵਨ-ਮਰਨ ਦੀਏ ਸਾਥਣੇ !
ਆ, ਉਠ ਕੇ ਤੁਰ ਚਲੀਏ ਕਿਤੇ,
ਦੂਰੋਂ ਪਰੇ, ਉਹਲੇ ਜਿਹੇ,
ਸੁਨਸਾਨ ਤੇ ਏਕਾਂਤ ਵਿਚ,
ਪਸਰੀ ਚੁਫੇਰੇ ਸ਼ਾਂਤ ਵਿਚ
ਇਕ ਤੂੰ ਤੇ ਮੈਂ ਹੀ ਹੋਵੀਏ ।

2

ਚੁਪ ਚਾਂ ਦੇ ਉਸ ਚੌਗ਼ਾਨ ਵਿਚ,
ਗੁੰਬਦ-ਨੁਮਾ ਅਸਥਾਨ ਵਿਚ,
ਮੱਠਾ ਜਿਹਾ, ਮਿੱਠਾ ਜਿਹਾ,
ਇਕ ਪ੍ਰੀਤ-ਨਗਮਾ ਛੇੜੀਏ-
ਨਾਜ਼ਕ ਜਿਹੀ ਇਕ ਤਰਬ ਤੇ ।
ਉਸ ਤਰਬ ਵਲ ਜ਼ਖ਼ਮਾ ਵਧੇ,
ਜ਼ਖ਼ਮਾ ਛੁਹੇ, ਪਰ ਮਲਕੜੇ ।
ਬਸ ਛੁਹ ਕੇ ਹਟ ਜਾਏ ਪਰੇ,
ਉਹ ਤਰਬ ਛੁਹ ਨੂੰ ਛੁਹ ਲਏ,
ਇਕ ਗੂੰਜ ਕੋਮਲ ਛਿੜ ਪਏ ।

3

ਇਹ ਧੁਨ ਰਸੀਲੀ ਗੂੰਜਦੀ-
ਖਿਰਨਾਂ ਦੇ ਛੱਲੇ ਪਾਉਂਦੀ-
ਲਹਿਰਾਂ ਦੇ ਤੀਰ ਚਲਾਉਂਦੀ,
ਆਕਾਸ਼ ਵਲ ਜਾਵੇ ਚੜ੍ਹੀ ।
ਉਡ ਉਡ ਕੇ ਤੀਰ ਸਰੂਰ ਦੇ,
ਜਾ ਅਪੜਨ ਵਿਚ ਨੂਰ ਦੇ ।
ਤਾਰੇ ਨਸ਼ੇ ਵਿਚ ਪੇਲਦੇ,
ਲਹਿ ਪੈਣ ਵਾਂਗਰ ਤ੍ਰੇਲ ਦੇ ।
ਜ਼ੱਰੇ ਹਵਾ ਵਿਚ ਫਿਰ ਰਹੇ-
ਵਿਚ ਤ੍ਰੇਲ ਦੇ ਨ੍ਹਾਤੇ ਹੋਏ,
ਮਹਿਕਾਂ ਦੀ ਦੁਨੀਆਂ ਵਲ ਝੁਕੇ,
ਲਹਿਰਾਂ ਦੀ ਲੈ ਨੂੰ ਸੁਣ ਰਹੇ,
ਫੁੱਲਾਂ ਦੇ ਉਤਦੀ ਲੰਘਦੇ-
ਗੁਤਕਣ ਨਦੀ ਦੇ ਰਾਗ ਵਿਚ ।

4

ਠੰਢਕ, ਤਰੱਨਮ, ਨੂਰ ਦਾ,
ਮਹਿਕਾਂ ਦੇ ਨਾਲ ਸਰੂਰ ਦਾ,
ਪੰਚਾਮਰਿਤ ਤੱਯਾਰ ਹੋ,
ਸਾਡੇ ਦਿਲਾਂ ਨੂੰ ਲੈ ਤੁਰੇ-
ਐਸੇ ਨਵੇਂ ਸੰਸਾਰ ਵਲ-
ਭੁਲ ਜਾਏ ਜਿੱਥੇ ਇਹ ਜਗਤ ।
ਇਸ ਖ਼ੁਸ਼ੀ ਦੇ ਲੋਰ ਵਿਚ,
ਅਨ-ਅੰਤ ਰਸ ਨੂੰ ਮਾਣਦੇ,
ਓਥੇ ਹੀ ਰਹਿ ਪਈਏ, ਅਸੀਂ-
ਦੋਵੇਂ, ਹਮੇਸ਼ਾ ਵਾਸਤੇ ।

80. ਚਸ਼ਮੇ ਨੂੰ

ਉਛਲ ਉਛਲ ਕੇ ਡੁਲ੍ਹਦਿਆ ਚਸ਼ਮਿਆ !
ਤੂੰ ਕਿਤ ਦੁਖ ਰੁੜ੍ਹਦਾ ਜਾਵੇਂ ?
ਦਿਲ ਦੀ ਤਹੀਂ ਵਲ੍ਹੇਟੀਆਂ ਸੱਧਰਾਂ,
ਕਢ ਕਢ ਢੇਰੀਆਂ ਲਾਵੇਂ,
ਕਿਸ ਦਿਲਬਰ ਦੀਆਂ ਹਿਜਰ-ਤਰਾਟਾਂ,
(ਤੇਰੇ) ਅੰਦਰ ਫੇਰਨ ਕਾਤੀ ?
ਰਗ ਰਗ ਵਿੱਚੋਂ ਖੂਨ ਧਰੂਹੇਂ,
(ਅਤੇ) ਅਖੀਆਂ ਰਾਹੀਂ ਵਹਾਵੇਂ ।

(ਉਤ੍ਰ)

ਅਰਸ਼ੋਂ ਪਟਕ, ਪਿਆ ਪਰਬਤ ਤੇ,
(ਉਨ) ਸਿਰ ਤੇ ਚੁੱਕ ਬਹਾਇਆ,
ਅਪਣਾ ਆਪ ਘੁਲਾ ਕੇ, ਏਥੋਂ
(ਉਹਦੀ) ਨਸ ਨਸ ਵਿੱਚ ਸਮਾਇਆ ।
ਘੁੱਪ ਹਨੇਰਾ (ਅਤੇ) ਅਰਸ਼ ਵਿਛੋੜਾ,
(ਮੈਥੋਂ) ਗਏ ਨ ਮੂਲ ਸਹਾਰੇ,
ਕਿਰਨਾਂ ਰਾਹੀਂ ਚੜ੍ਹਨ ਉਤਾਂਹ ਨੂੰ
(ਮੈਂ) ਕੁਦ ਕੁਦ ਬਾਹਰ ਆਇਆ ।

81. ਪੰਜਾਬੀ

ਸ਼ਾਵਾ ਉਇ ਪੰਜਾਬੀ ਸ਼ੇਰਾ !
ਜੰਮਣਾ ਹੀ ਜਗ ਵਿਚ ਹੈ ਤੇਰਾ ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਕਮਾਈ ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆਂ ਪਲਦੀ ।
ਮੂੰਹ ਤੇਰੇ ਤੇ ਨੂਰ ਖ਼ੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ ।
ਜੇਠ ਹਾੜ ਦੇ ਵਾ-ਵਰੋਲੇ,
ਸਾਉਣ ਮਾਂਹ ਦੇ ਝੱਖੜ ਝੋਲੇ ।
ਰਾਤ ਹਨੇਰੀ, ਪੋਹ ਦੇ ਪਾਲੇ,
ਹਸ ਹਸ ਕੇ ਤੂੰ ਜੱਫਰ ਜਾਲੇ ।
ਸੌਂਚੀ, ਬੁਗਦਰ, ਛਾਲਾਂ, ਵੀਣੀ,
ਹਰ ਇਕ ਖੇਡ ਤੇਰੀ ਸਾਹ-ਪੀਣੀ ।
ਹਿੰਮਤ ਤੇਰੀ ਦਾ ਕੀ ਕਹਿਣਾ,
ਬਿਨਾਂ ਖ਼ੁਰਾਕੋਂ ਜੁੱਟਿਆ ਰਹਿਣਾ ।
ਛੋਲੇ ਚੱਬ ਤੂੰ ਕਹੀ ਚਲਾਵੇਂ,
ਛਾਹ ਪੀ ਕੇ ਤੂੰ ਲਹੂ ਵਹਾਵੇਂ ।
ਜਿਸ ਮੁਹਿੱਮ ਦੇ ਸਿਰ ਤੂੰ ਚੜ੍ਹਿਓਂ,
ਸਰ ਕੀਤੇ ਬਿਨ ਘਰ ਨਾ ਵੜਿਓਂ ।
ਜਸ ਹੁੰਦਾ ਏ ਹਰ ਥਾਂ ਤੇਰਾ,
ਸ਼ਾਵਾ ਉਇ ਪੰਜਾਬੀ ਸ਼ੇਰਾ !

82. ਚੱਲ ਚੱਲੀਏ ਔਸ ਕਿਨਾਰੇ

(ਗੀਤ)

1

ਇਸ ਪਾਸੇ ਦੀ ਮੌਜ ਬੜੀ ਹੈ,
ਪਰ ਤਕ ਤਕ ਕੇ ਭਰ ਗਿਆ ਜੀ ਹੈ-
ਮੁੜ ਮੁੜ ਉਹੋ ਨਜ਼ਾਰੇ,
ਚੱਲ ਚੱਲੀਏ ਔਸ ਕਿਨਾਰੇ ।

2

ਪਾਰ ਚਲਣ ਵਿਚ ਕਾਹਦਾ ਡਰ ਹੈ ?
ਓਧਰ ਕੋਈ ਬਿਗਾਨਾ ਘਰ ਹੈ ?
ਜਾਂਦੇ ਪਏ ਹਨ ਸਾਰੇ,
ਚੱਲ ਚੱਲੀਏ ਔਸ ਕਿਨਾਰੇ ।

3

ਖਬਰੇ ਓਧਰ ਕੀ ਲਭਦਾ ਹੈ ?
ਜੋ ਜਾਂਦਾ ਹੈ, ਟਿਕ ਜਾਂਦਾ ਹੈ,
ਪਿਛ੍ਹਾਂ ਨ ਝਾਤੀ ਮਾਰੇ,
ਚੱਲ ਚੱਲੀਏ ਔਸ ਕਿਨਾਰੇ ।

4

ਨਵੇਂ ਜਗਤ ਦੀਆਂ ਨਵੀਆਂ ਬਾਤਾਂ,
ਖ਼ਬਰੇ ਕੀ ਕੀ ਮਿਲਣ ਸੁਗ਼ਾਤਾਂ,
ਵਿਛੜੇ ਹੋਏ ਪਿਆਰੇ,
ਚੱਲ ਚੱਲੀਏ ਔਸ ਕਿਨਾਰੇ ।

5

ਭਾਰ ਕਿਸੇ ਤੇ ਮੂਲ ਨ ਪਾਂ ਗੇ,
ਹੌਲੀ ਹੌਲੀ ਤੁਰੇ ਚਲਾਂ ਗੇ,
ਅਪਣੇ ਆਪ ਸਹਾਰੇ,
ਚੱਲ ਚੱਲੀਏ ਔਸ ਕਿਨਾਰੇ ।

6

ਪਰਲੇ ਪਾਸੇ ਤੁਰ ਫਿਰ ਲਾਂ ਗੇ,
ਦੇਖ ਦਿਖਾ ਕੇ ਮੁੜ ਆ ਜਾਂ ਗੇ,
ਭਲਕੇ ਇਸੇ ਕਿਨਾਰੇ,
ਚੱਲ ਚੱਲੀਏ ਔਸ ਕਿਨਾਰੇ ।

83. ਕੀ ਲੈਣਾ ਈ ਓਧਰ ਜਾ ਕੇ ?

(ਗੀਤ)

1

ਮੈਨੂੰ ਤਾਂ ਕੋਈ ਫ਼ਰਕ ਨ ਭਾਸੇ,
ਵੇਖ ਚੁਕੇ ਹਾਂ ਦੋਵੇਂ ਪਾਸੇ,
ਸੌ ਵਾਰੀ ਪਰਤਾ ਕੇ,
ਕੀ ਲੈਣਾ ਈ ਓਧਰ ਜਾ ਕੇ ?

2

ਇੱਕ ਕਿਨਾਰਿਓਂ ਦੂਆ ਕਿਨਾਰਾ,
ਸਮਝਦੀਆਂ ਹਨ ਪਿਆਰਾ ਪਿਆਰਾ,
ਅੱਖੀਆਂ ਧੋਖਾ ਖਾ ਕੇ,
ਕੀ ਲੈਣਾ ਈ ਓਧਰ ਜਾ ਕੇ ?

3

ਓਥੇ ਈ ਪਿਛਲੀ ਵਾਰ ਗਏ ਸਾਂ,
ਫੇਰ ਇਧਰ ਹੀ ਆਣ ਰਹੇ ਸਾਂ,
ਰੌਲਿਆਂ ਤੋਂ ਘਬਰਾ ਕੇ,
ਕੀ ਲੈਣਾ ਈ ਓਧਰ ਜਾ ਕੇ ?

4

ਅਜ਼ਮਾਈਆਂ ਨੂੰ ਕਿਉਂ ਅਜ਼ਮਾਈਏ ?
ਆ ਕੋਈ ਸਜਰੀ ਪੀਂਘ ਚੜ੍ਹਾਈਏ,
ਨਵਾਂ ਹਿੰਡੋਲਾ ਪਾ ਕੇ,
ਕੀ ਲੈਣਾ ਈ ਓਧਰ ਜਾ ਕੇ ?

5

ਐਥੇ ਈ ਵੱਸੀਏ, ਐਥੇ ਈ ਰਹੀਏ,
ਪਾਰਲਿਆਂ ਨੂੰ ਭੀ ਸਦ ਲਈਏ,
ਸਾਂਝੀ ਰੌਣਕ ਲਾ ਕੇ,
ਕੀ ਲੈਣਾ ਈ ਓਧਰ ਜਾ ਕੇ ?

6

ਪਾਰ ਗਿਆਂ ਜੋ ਜੋ ਸਨ ਲੱਭੇ,
ਐਥੇ ਈ ਆ ਮਿਲਨੇ ਹਨ ਸੱਭੇ,
ਚੋਲੇ ਹੋਰ ਵਟਾ ਕੇ,
ਕੀ ਲੈਣਾ ਈ ਓਧਰ ਜਾ ਕੇ ?

84. ਤੇਰਾ ਖੋਜ

(ਗੀਤ)

ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

1

ਵਲ ਪਾ ਪਾ ਮਗਰ ਭਜਾਈ ਜਾ,
ਜਿੰਨਾ ਜੀ ਕਰੇ ਖਪਾਈ ਜਾ,
ਏਥੇ ਨਹੀਂ, ਅਗਲੇ ਪਿੰਡ ਸਹੀ,
ਓਥੇ ਨਹੀਂ ਓਦੂੰ ਦੂਰ ਕਿਤੇ,
ਕੁਝ ਹੋਰ ਪਰੇ, ਕੁਝ ਹੋਰ ਪਰੇ,
ਤੇਰਾ ਖੁਰਾ ਗੁਆਚਣ ਵਾਲਾ ਨਹੀਂ,
ਅਜ ਨਹੀਂ, ਕਲ, ਪਰਸੋਂ ਚੌਥ ਸਹੀ,
ਭਉਂ ਝਉਂ ਤੂੰ ਕਾਬੂ ਆਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

2

ਕੋਈ ਕਹਿੰਦਾ ਏ, ਤੂੰ ਹੁਣ ਲਭਣਾ ਨਹੀਂ,
ਤੇਰੀ ਸ਼ਕਲ ਪਛਾਤੀ ਜਾਣੀ ਨਹੀਂ,
ਬੇਸ਼ਕ ਤੂੰ ਹੋਰ ਗੁਆਚਾ ਰਹੁ,
ਨਿਤ ਨਵੇਂ ਵੇਸ ਬਦਲਾਂਦਾ ਰਹੁ,
ਜੇ ਦਿਨੇ ਨਹੀਂ ਤਾਂ ਰਾਤ ਸਹੀ,
ਜੇ ਸੰਝ ਨਹੀਂ ਪਰਭਾਤ ਸਹੀ,
ਮਿਲ ਜਾਣਾ ਤੇਰਾ ਟਿਕਾਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

3

ਤੂੰ ਜੀਉਂਦਾ ਹੈਂ, ਮੈਂ ਜੀਣਾ ਹੈ,
ਤੈਨੂੰ ਲਭ ਕੇ ਪਾਣੀ ਪੀਣਾ ਹੈ ।
ਜੇ ਤੇਰੀ ਚਾਲ ਤਿਖੇਰੀ ਹੈ,
ਮੇਰੀ ਭੀ ਮਜ਼ਲ ਲਮੇਰੀ ਹੈ,
ਇਕ ਦਿਨ ਐਸਾ ਆ ਜਾਣਾ ਹੈ,
ਤੈਨੂੰ ਆਪ ਸ਼ਰਮ ਪਈ ਆਵੇਗੀ,
ਮੈਨੂੰ ਹਫਿਆ ਤਕ ਕੇ ਹੱਸ ਪਏਂਗਾ,
ਹਸ ਹਸ ਕੇ ਗਲੇ ਲਗਾਣਾ ਹੈ,
ਤੂੰ ਨਸ, ਭਜ, ਲੁਕ ਛਿਪ ਬੇਸ਼ਕ ਲੈ,
ਓੜਕ ਤੂੰ ਫੜਿਆ ਜਾਣਾ ਹੈ ।

85. ਭੈੜਾ ਜੀ

1

ਇਸ ਜੀ ਭੈੜੇ ਦਾ ਕੀ ਕਰੀਏ ?
ਜਿਸ ਨੂੰ ਕੋਈ ਦਾਰੂ ਪਚਦਾ ਨਹੀਂ,
ਭੱਠ ਪਏ ਚਣੇ ਸੜ ਜਾਣੇ ਨੂੰ,
ਕੋਈ ਜੀ-ਪਰਚਾਵਾ ਜਚਦਾ ਨਹੀਂ,
ਮੈਂ ਸਾਰੇ ਪਾਪੜ ਵੇਲ ਚੁਕਾ,
ਪਰ ਚੌ ਕਰਕੇ ਨਾ ਬੈਠਾ ਜੀ ।

2

ਇਸ ਪਾਪੀ ਦੇ ਪਰਚਾਣ ਲਈ,
ਸੌ ਸੌ ਸ਼ਤਰੰਜ ਖਿਲਾਰੀ ਮੈਂ,
ਕੋਈ ਸੀਤਲ ਕੁਟੀਆ ਭਾਲਦਿਆਂ,
ਗਾਹ ਮਾਰੀ ਦੁਨੀਆਂ ਸਾਰੀ ਮੈਂ,
ਸਾਗਰ, ਪਰਬਤ, ਜੰਗਲ ਛਾਣੇ
ਪਰ ਚੌ ਕਰਕੇ ਨਾ ਬੈਠਾ ਜੀ ।

3

ਇੰਦਰ ਦੀ ਮਹਿਫ਼ਲ ਲਾ ਲਾ ਕੇ,
ਪਰੀਆਂ ਦੇ ਨਾਚ ਵਿਖਾਏ ਮੈਂ,
ਹਲਵੇ ਪਕਵਾਨ ਖੁਆਏ ਮੈਂ,
ਅੰਗੂਰੀ ਜ਼ਾਮ ਪਿਆਏ ਮੈਂ,
ਕੋਈ ਹਸਰਤ ਬਾਕੀ ਨਾ ਛੱਡੀ,
ਪਰ ਚੌ ਕਰਕੇ ਨਾ ਬੈਠਾ ਜੀ ।

4

ਇਸ ਲੋਭੀ ਖ਼ਾਤਰ ਲੁੱਟ ਲੁੱਟ ਕੇ,
ਸੋਨੇ ਦੇ ਢੇਰ ਲਗਾਏ ਮੈਂ,
ਮਿਤਰਾਂ ਦੇ ਲਹੂ ਨਿਚੋੜੇ ਮੈਂ,
ਭਾਈਆਂ ਦੇ ਗਲ ਕਟਵਾਏ ਮੈਂ ।
ਜਿਸ ਜਤਨ ਜੁੜੀ, ਮੈਂ ਲੈ ਆਂਦੀ,
ਪਰ ਚੌ ਕਰਕੇ ਨਾ ਬੈਠਾ ਜੀ ।

5

ਮੈਂ ਇਸ ਦੀ ਸ਼ਾਨ ਵਧਾਣ ਲਈ,
ਪਹੁੰਚਾਇਆ ਰਾਜ-ਦੁਆਰਾਂ ਵਿਚ,
ਲਖਪਤੀਆਂ ਨੂੰ ਖੜਿਆਂ ਕੀਤਾ,
ਇਸ ਦੇ ਜੋੜੇ-ਬਰਦਾਰਾਂ ਵਿਚ,
ਨੱਵਾਬਾਂ ਦੇ ਸਿਰ ਖ਼ਮ ਕੀਤੇ,
ਪਰ ਚੌ ਕਰਕੇ ਨਾ ਬੈਠਾ ਜੀ ।

6

ਇਸ ਵਹਿਸ਼ੀ ਖ਼ਾਤਰ ਜਾ ਧਸਿਆ,
ਮੈਂ ਖੜਕਦੀਆਂ ਤਲਵਾਰਾਂ ਵਿਚ,
ਸੰਗਿਆ ਨਾ ਪਰਬਤ ਚੀਰਨ ਤੋਂ,
ਕੁੱਦ ਪਿਆ ਤੁਫ਼ਾਨੀ ਧਾਰਾਂ ਵਿਚ,
ਜੋ ਨਾਚ ਨਚਾਏ, ਨਚਿਆ ਮੈਂ,
ਪਰ ਚੌ ਕਰਕੇ ਨਾ ਬੈਠਾ ਜੀ ।

7

ਚੰਚਲ ਪਾਰੇ ਨੂੰ ਬੰਨ੍ਹਣ ਲਈ,
ਚਤੁਰਾਈ ਸਾਰੀ ਘੋਲੀ ਮੈਂ,
ਸੂਫ਼ੀ ਦੇ ਖੀਸੇ ਟੋਹੇ ਮੈਂ,
ਗਯਾਨੀ ਦੀ ਗੰਢੜੀ ਫੋਲੀ ਮੈਂ,
ਕੀੜਾ ਬਣ ਗਿਆ ਕਿਤਾਬਾਂ ਦਾ,
ਪਰ ਚੌ ਕਰਕੇ ਨਾ ਬੈਠਾ ਜੀ ।

8

ਜਾਂ ਵਸਤੀ ਵਿਚ ਜੀ ਨਾ ਟਿਕਿਆ,
ਮੈਂ ਅਜ਼ਮਾਇਆ ਵੀਰਾਨੇ ਨੂੰ,
ਸੀਨੇ ਵਿਚ ਜੋਤ ਜਗਾ ਦਿੱਤੀ,
ਇਸ ਬੇ ਸਿਦਕੇ ਪਰਵਾਨੇ ਨੂੰ,
ਜਲਵੇ ਦਿਖਲਾਏ ਤੂਰਾਂ ਦੇ,
ਪਰ ਚੌ ਕਰਕੇ ਨਾ ਬੈਠਾ ਜੀ ।

9

ਬਾਜ਼ਾਰ ਹੁਸਨ ਦੇ ਮੈਂ ਲਾਏ,
ਜੋਬਨ ਦੇ ਜਾਮ ਚੜ੍ਹਾਏ ਮੈਂ,
ਨਾਗਾਂ ਨੂੰ ਕੀਲਣ ਮੈਂ ਸਿੱਖਿਆ,
ਹਰਨਾਂ ਨੂੰ ਸੰਗਲ ਪਾਏ ਮੈਂ,
ਮੈਂ ਕਾਮਨ ਪਾਏ ਕਲੀਆਂ ਨੂੰ,
ਪਰ ਚੌ ਕਰਕੇ ਨਾ ਬੈਠਾ ਜੀ ।

10

ਦੌਲਤ ਦੇ ਦਾਮ ਖਿਲਾਰੇ ਮੈਂ,
ਮਿਹਨਤ ਦੇ ਮਹਿਲ ਪੁਆਏ ਮੈਂ,
ਪਰਭਾਤ, ਦੁਪਹਿਰ, ਤਿਕਾਲਾਂ ਦੇ,
ਗਹੁ ਨਾਲ ਮਜ਼ੇ ਅਜ਼ਮਾਏ ਮੈਂ,
ਗਰਮੀ ਦੇਖੀ, ਸਰਦੀ ਦੇਖੀ,
ਪਰ ਚੌ ਕਰਕੇ ਨਾ ਬੈਠਾ ਜੀ ।

11
ਕੁਝ ਨਾ ਹੁੰਦਿਆਂ ਭੀ ਹੋ ਜਾਵਣ ਲਈ,
ਸੌ ਸੌ ਸਾਂਗ ਉਤਾਰੇ ਮੈਂ,
ਕਦੀ ਆਹ ਬਣਿਆ, ਕਦੀ ਔਹ ਬਣਿਆ,
ਲੈ ਲੈ ਕੇ ਖੰਭ ਉਧਾਰੇ ਮੈਂ,
ਸਭ ਕੁਝ ਬਣ ਕੇ ਜਦ ਕੁਝ ਨ ਰਿਹਾ,
ਤਦ ਚੌ ਕਰਕੇ ਜਾ ਬੈਠਾ ਜੀ ।

86. ਦੋਹੜਾ

ਅੰਦਰ ਵੜ ਵੜ ਡੁਸਕਦਿਆ !
(ਤੂੰ) ਕੀ ਗਲ ਪਾ ਲਏ ਝੇੜੇ ?

ਲੰਮੀਆਂ ਮਜ਼ਲਾਂ (ਦੇ) ਲੰਮੇ ਗੇੜੇ,
(ਤੈਥੋਂ) ਜਾਣੇ ਨਹੀਂ ਨਿਬੇੜੇ ।

ਉਠ, ਚਲ ਬਹੀਏ, ਇੱਕਲਵਾਂਜੇ,
(ਜਿਥੇ) ਪਹੁੰਚ ਨ ਸਕਣ ਬਖੇੜੇ ।

ਪਿਛਾਂਹ ਅਗਾਂਹ ਦੀਆਂ ਰਹਿਣ ਨ ਝਾਕਾਂ,
(ਤੈਨੂੰ) ਦੋਵੇਂ ਜਾਪਣ ਨੇੜੇ ।

87. ਜੀਵਨ ਜੋਤ

(ਗ਼ਜ਼ਲ)

ਜਗਤ ਵਿਚ ਜੀ ਕੇ, ਜਿਊਂਦਾ ਰਹਿਣ ਦੇ ਸਾਮਾਨ ਪੈਦਾ ਕਰ,
ਜੋ ਮਰ ਕੇ ਭੀ ਅਮਰ ਹੋ ਜਾਇ, ਐਸੀ ਜਾਨ ਪੈਦਾ ਕਰ ।

ਸਮੁੰਦਰ ਤੋਂ ਨਿਖੜ ਕੇ ਭੀ, ਤੂੰ ਕਤਰਾ ਹੈਂ ਸਮੁੰਦਰ ਦਾ,
ਉਛਾਲਾ ਮਾਰ ਕੇ ਇਸ ਵਿਚ, ਕੋਈ ਤੂਫ਼ਾਨ ਪੈਦਾ ਕਰ ।

ਤੂੰ ਜੀਵਨ ਹੈਂ ਜਹਾਨਾਂ ਦਾ, ਨ ਬਹੁ ਬੇਜਾਨ ਬੁਤ ਬਣ ਕੇ,
ਜੋ ਨਕਸ਼ਾ ਪਲਟ ਦੇ ਦੁਨੀਆਂ ਦਾ, ਉਹ ਘਮਸਾਨ ਪੈਦਾ ਕਰ ।

ਤੇਰਾ ਇਸ ਤੰਗ ਧਰਤੀ ਤੇ, ਗੁਜ਼ਾਰਾ ਹੈ ਬੜਾ ਮੁਸ਼ਕਿਲ,
ਸਤਾਰਾ ਬਣ ਕੇ, ਚਮਕਣ ਵਾਸਤੇ ਅਸਮਾਨ ਪੈਦਾ ਕਰ ।

ਨ ਬਣਿਆ ਬੇ-ਹਕੀਕਤ ਰਹੁ, ਹਕੀਕਤ-ਆਸ਼ਨਾ ਹੋ ਜਾ,
ਓ ਸੂਖਮ ! ਆਪਣੇ ਫੈਲਣ ਲਈ ਮੈਦਾਨ ਪੈਦਾ ਕਰ ।

ਸ਼ਮਾ ਬਣ ਕੇ, ਭਖਾ ਮਹਿਫ਼ਲ, ਜਗਾ ਦੇ ਜੋਤ ਦੁਨੀਆਂ ਤੇ,
ਕਲੀ ਦੀ ਜੂਨ ਛਡ ਦੇ, ਖਿੜ ਕੇ ਚਮਨਿਸਤਾਨ ਪੈਦਾ ਕਰ ।

ਤੜਪ ਹੈ ਤੇਰੇ ਅੰਦਰ ਉਹ, ਮਚਾ ਦੇਵੇ ਕਿਆਮਤ ਜੋ,
ਕੋਈ ਕਰਤਬ ਵਿਖਾਲਣ ਨੂੰ, ਨਵਾਂ ਚੌਗਾਨ ਪੈਦਾ ਕਰ ।

ਨ ਸਿੱਪੀ ਵਾਂਗ, ਇਕ ਇਕ ਬੂੰਦ ਦੀ ਖ਼ਾਤਿਰ, ਤੜਪਦਾ ਰਹੁ,
ਤੂੰ ਦਿਲ-ਦਰਯਾ ਦੇ ਅੰਦਰ, ਮੋਤੀਆਂ ਦੀ ਖਾਨ ਪੈਦਾ ਕਰ ।

ਤੇਰੇ ਹੀ ਕਰਮ ਫਲ ਕੇ, ਕਿਸਮਤਾਂ ਦਾ ਬਾਗ਼ ਲਾਉਣਗੇ,
ਤੂੰ ਜਿਗਰੇ ਨਾਲ, ਤਾਕਤ ਆਪਣੀ ਦਾ ਗਯਾਨ ਪੈਦਾ ਕਰ ।

ਤੇਰੀ ਬੰਸੀ ਦੇ ਅੰਦਰ, ਆਪ ਮੋਹਨ ਫੂਕ ਭਰਦਾ ਹੈ,
ਗੁੰਜਾ ਦੇ ਜੋ ਜ਼ਿਮੀਂ ਅਸਮਾਨ, ਐਸੀ ਤਾਨ ਪੈਦਾ ਕਰ ।

ਜਿਨ੍ਹਾਂ ਨੇ ਜੋੜ ਕੇ ਤਿਣਕੇ, ਜਹਾਨ ਆਬਾਦ ਕੀਤੇ ਸਨ,
ਜੇ ਹਿੰਮਤ ਹੈ, ਤਾਂ ਐਸੇ ਸੂਰਮੇ ਬਲਵਾਨ ਪੈਦਾ ਕਰ ।

88. ਜਾਗ

(ਗੀਤ)

1

ਜਾਗ ਮੇਰੇ ਨੌ ਨਿਹਾਲ ! ਉਠ ਕੇ ਬੈਠ ਹੋਸ਼ ਨਾਲ ।
ਜਾਗ ਮੇਰੇ ਦੂਲੇ ਸ਼ੇਰ, ਜਾਗ, ਹੋ ਗਈ ਸਵੇਰ ।
ਫੈਲਿਆ ਚੁਫੇਰੇ ਨੂਰ, ਹੋਇਆ ਅੰਧਕਾਰ ਦੂਰ ।
ਜ਼ਿੰਦਗੀ ਨੇ ਛੋਹੇ ਰਾਗ, ਜਾਗ ਮੇਰੇ ਲਾਲ ! ਜਾਗ ।

2

ਜਾਗ ਮੇਰੇ ਨੌਜਵਾਨ ! ਜਾਗਦਾ ਹੈ ਸਭ ਜਹਾਨ ।
ਹੋ ਚੁਕੇ ਨੇਂ ਸਾਵਧਾਨ, ਚੀਨ, ਰੂਸ ਤੇ ਇਰਾਨ ।
ਲਗ ਪਏ ਨੇਂ ਖੁਣਸ ਖਾਣ, ਤੁਰਕ, ਅਰਬ ਤੇ ਪਠਾਣ ।
ਸੌਂ ਉਠੇ ਨੇਂ ਸਭ ਦੇ ਭਾਗ, ਜਾਗ ਮੇਰੇ ਲਾਲ ! ਜਾਗ ।

3

ਜਾਗ, ਉਠ ਕੇ ਮਾਰ ਝਾਤ, ਵਟ ਗਈ ਹੈ ਕਾਇਨਾਤ ।
ਖੁਲ ਗਏ ਨਵੇਂ ਬਜ਼ਾਰ, ਹੋ ਰਹੀ ਏ ਢਾ ਉਸਾਰ ।
ਮਰ ਕੇ ਜੀ ਉਠੇ ਜਵਾਨ, ਤੁਰ ਪਏ ਨੇਂ ਕਾਰਵਾਨ ।
ਤੂੰ ਭੀ ਉਠ ਕੇ ਮੋੜ ਵਾਗ, ਜਾਗ ਮੇਰੇ ਲਾਲ ! ਜਾਗ ।

4

ਤੇਰੀ ਜਾਗ ਦੀ ਉਡੀਕ, ਹੋ ਰਹੀ ਏ ਦੂਰ ਤੀਕ ।
ਦੇਖ ਦੇਖ ਤੇਰੀ ਝੋਕ, ਤਲਮਲਾ ਰਹੇ ਨੇਂ ਲੋਕ ।
ਡਰ ਹੈ ਤੇਰੀ ਨੀਂਦ ਨਾਲ, ਰੁਕ ਨ ਜਾਇ ਸਭ ਦੀ ਚਾਲ ।
ਛੂ ਨ ਜਾਇ ਤੇਰੀ ਲਾਗ਼, ਜਾਗ ਮੇਰੇ ਲਾਲ ! ਜਾਗ ।

5

ਉਠ ਕੇ ਦੇਖ ਘਰ ਦਾ ਹਾਲ, ਉਡ ਰਹੀ ਏ ਕੀ ਗੁਲਾਲ ।
ਚਲ ਰਹੀ ਏ ਛੁਰੀ ਕਟਾਰ, ਸਾੜ, ਫੂਕ, ਮਾਰ ਮਾਰ ।
ਬੰਦ ਨੇ ਅਮਨ ਦੇ ਰਾਹ, ਰੁਕ ਗਏ ਨੇਂ ਸਭ ਦੇ ਸਾਹ ।
ਹੋ ਗਿਆ ਵਿਰਾਨ ਬਾਗ਼, ਜਾਗ ਮੇਰੇ ਲਾਲ ! ਜਾਗ ।

6

ਦੀਨ ਧਰਮ ਦੀ ਲੈ ਓਟ, ਪਲ ਰਹੇ ਨੇਂ ਕਰੜ ਝੋਟ ।
ਆਇਆ ਮਜ਼ਹਬੀ ਜਨੂਨ, ਹੋ ਗਏ ਸੁਫ਼ੈਦ ਖੂਨ ।
ਸਿਰ ਤੇ ਭੂਤ ਹੈ ਸਵਾਰ, ਵਗ ਗਈ ਖ਼ੁਦਾ ਦੀ ਮਾਰ ।
ਸਭ ਦੇ ਫਿਰ ਗਏ ਦਿਮਾਗ਼, ਜਾਗ ਮੇਰੇ ਲਾਲ ! ਜਾਗ ।

89. ਕਿੱਥੇ ਲੁਕ ਗਿਆ ਰਾਂਝਣ ਮਾਹੀ !

1

ਭੱਠੀਆਂ ਬੁੱਝੀਆਂ, ਸ਼ਾਮਾਂ ਪਈਆਂ,
ਘਰੋ ਘਰੀ ਕੁੜੀਆਂ ਤੁਰ ਗਈਆਂ,
ਚੁਲ੍ਹਿਆਂ ਦਾ ਧੂੰ ਅੰਬਰ ਚੜ੍ਹਿਆ,
ਮਾਲ ਹਵੇਲੀਆਂ ਵਿਚ ਜਾ ਵੜਿਆ,
ਰਾਹੋ ਰਾਹ ਨਿਮਾਜ਼ੀ ਪੈ ਗਏ,
ਰਾਹੀ ਮੁਸਾਫ਼ਰ ਦਾਇਰੀਂ ਬਹਿ ਗਏ,
ਉਡਦੇ ਜਾਂਦੇ, ਆਲ੍ਹਣਿਆਂ ਵਲ-
ਪੰਛੀ ਵਾਹੋ ਦਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

2

ਜੂਹ ਵਿਚ ਉਡਦਾ ਗਰਦਾ ਬਹਿ ਗਿਆ,
ਸੂਰਜ ਲਹਿੰਦਾ ਲਹਿੰਦਾ, ਲਹਿ ਗਿਆ ।
ਖਿਲਰ ਪੁਲਰ ਗਏ ਬੱਦਲ-ਟੋਟੇ,
ਵਡੇ ਵਡੇ ਹੋਏ ਛੋਟੇ ਛੋਟੇ ।
ਖ਼ਾਨਗਾਹ ਵਿਚ ਦੀਵੇ ਜਗ ਪਏ,
ਮੋਟੇ ਤਾਰੇ, ਝਮਕਣ ਲਗ ਪਏ ।
ਐਰੀ ਐਰੇ, ਘੁਲਮਿਲ ਗਈਆਂ-
ਲਾਲੀ ਅਤੇ ਸਿਆਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

3

ਵਰਤੀ ਸੁੰਞ ਮਸੁੰਞ ਚੁਫੇਰੇ,
ਚਾਨਣ ਨੂੰ ਵਲ ਲਿਆ ਹਨੇਰੇ ।
ਸੁੱਕੇ ਖੁੰਘ ਤੇ ਉੱਲੂ ਹੂਕੇ,
ਵਾ ਤਿੱਖੀ ਤੇ ਬੇਲਾ ਸੂਕੇ ।
ਸਰਕੜਿਆਂ ਦੇ ਪੱਛ ਪਏ ਚੋਂਦੇ,
ਦੱਭ ਦੇ ਸੂਏ, ਪੈਰ ਪਰੋਂਦੇ,
ਭਿਣਖ ਨ ਪਏ, ਨ ਸੋ ਕੋਈ ਦੱਸੇ-
ਪਾਰੋਂ ਆਉਂਦਾ ਰਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

4

ਸੁਰਤ ਉਖੜ ਗਈ, ਦਿਸਣੋਂ ਰਹਿ ਗਿਆ,
ਕਿਸਮਤ ਰੁਸ ਪਈ, ਜਿਗਰਾ ਢਹਿ ਗਿਆ,
ਸੁਕ ਗਏ ਸਾਹ, ਅੰਦੇਸ਼ਿਆਂ ਘੇਰੀ,
ਕਿਰਦੀ ਜਾਏ ਸੁਪਨਿਆਂ ਦੀ ਢੇਰੀ,
ਕਾਂਗ ਝਨਾਂ ਦੀ, ਚੜ੍ਹਦੀ ਆਵੇ,
ਨਿਹੁੰ ਭੀ, ਲੈਣ ਲਗਾ (ਏ) ਪਰਤਾਵੇ,
ਕੀ ਗਲ ਸੂ, ਜਿ ਹੁਣੇ ਆ ਬਹੁੜੇ,
ਸੱਚ ਦੀ ਭਰਨ ਗਵਾਹੀ,
ਕਿੱਥੇ ਲੁਕ ਗਿਆ ਰਾਂਝਣ ਮਾਹੀ !

5

ਕਿਉਂ ਚੰਨੀਏ ! ਤੂੰ ਕੀ ਸਏਂ ਲੱਭਦੀ ?
ਮੈਂ ਤੇ ਏਥੇ ਈ ਸਾਂ, ਸਹੁੰ ਰੱਬ ਦੀ ।
ਤੁਰਿਆ ਈ ਸਾਂ ਮੈਂ, ਤੂੰ ਆ ਗਈਓਂ,
ਏਨੇ ਈ ਵਿਚ ਦਹਿਸ਼ਤ ਖਾ ਗਈਓਂ ?
ਇਸ਼ਕ ਦੀ ਮਜ਼ਲ ਤੇ ਬੜੀ ਪਈ ਹੈ,
ਰੱਬ ਜਾਣੇ, ਦਿੱਸਣਾ ਕੀ ਕੀ ਹੈ ।
ਰਹਿਮਤ ਨਾਲ ਸਿਦਕ ਦੀ ਬੇੜੀ,
ਜਾਣੀ ਏ ਤੋੜ ਨਿਬਾਹੀ,
ਤੇਰੇ ਪਾਸ ਹੈ ਰਾਂਝਣ ਮਾਹੀ !

6

ਇਸ਼ਕ ਨੇ ਸੌਂਪੀਆਂ, ਔਖੀਆਂ ਕਾਰਾਂ,
ਰਾਹ ਵਿਚ ਵਿਛੀਆਂ, ਤਿੱਖੀਆਂ ਧਾਰਾਂ,
ਕੱਚੀਆਂ ਤੰਦਾਂ, ਰੇਤ ਦੀ ਝਜਰੀ,
ਪ੍ਰੀਤ ਕਿਤੇ ਸਾਡੀ ਜਾਏ ਨਾ ਨਜ਼ਰੀ,
ਮੂੰਹਾਂ ਤੇ ਜੜੇ ਸ਼ਰਾ ਦੇ ਜੰਦਰੇ,
ਜੀਉਣ ਨ ਦੇਂਦੇ, ਦੂਤੀ ਚੰਦਰੇ ।
ਮੇਰੀ ਤੇ ਇੱਕੋ ਦੁਨੀਆਂ ਏ ਵੱਸਦੀ,
ਤੇਰੀ ਨੂੰ ਰੱਖੇ ਇਲਾਹੀ,
ਤੇਰੇ ਪਾਸ ਹੈ ਰਾਂਝਣ ਮਾਹੀ !

90. ਦੋਹੜਾ

ਬੇਕਦਰਾਂ ਦੇ ਵੱਸ, ਦਿਲ ਪਾ ਕੇ,
(ਅਸਾਂ) ਸੱਲ ਸਹਾਰੇ ਚੋਖੇ,
ਨੈਣਾਂ ਤੱਤਿਆਂ ਦਾ ਕੀ ਕਰੀਏ,
(ਜਿਹੜੇ) ਮੁੜ ਮੁੜ ਖਾਵਣ ਧੋਖੇ,
ਨਾ ਦਰਵਾਜ਼ੇ ਖੁਲ੍ਹਦੇ ਸਾਨੂੰ,
(ਨਾ) ਹੋਵਣ ਬੰਦ ਝਰੋਖੇ,
ਮਰਨ ਜੀਉਣ ਦੀ ਵਿਚਲੀ ਜੂਨੇ,
(ਅਸਾਂ) ਵੇਖੇ ਚੁਹਲ ਅਨੋਖੇ ।

91. ਮੈਂ ਤੇਰੀਆਂ ਅੱਖੀਆਂ ਦਾ ਨੂਰ

(ਕਾਫ਼ੀ)

ਐਡੇ ਪਿਉ ਦਾ ਪੁੱਤਰ ਹੋ ਕੇ,
ਕਿਉਂ ਨ ਚੜ੍ਹਿਆ ਰਹੇ ਸਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

1

ਤੂੰਹੇਂ ਮੇਰਾ ਵਜੂਦ ਬਣਾਇਆ,
ਤੇਰਾ ਈ ਘੱਲਿਆ, ਏਥੇ ਆਇਆ,
ਤੇਰੇ ਈ ਸਿਰ ਤੇ, ਰਾਜ ਕਮਾਇਆ,
ਇਸੇ ਮਾਣ ਤੇ ਹਾਂ ਮਗ਼ਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

2

ਤੂੰ ਪਰਬਤ, ਮੈਂ ਕਿਣਕਾ ਤੇਰਾ,
ਤੈਥੋਂ ਵਖਰਾ ਕੀ ਹੈ ਮੇਰਾ ?
ਮੈਂ ਨਿਕੜਾ, ਤੂੰ ਬਹੁਤ ਵਡੇਰਾ,
ਹਰ ਥਾਂ ਅੰਦਰ ਤੂੰ ਭਰਪੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

3

ਮੈਂ ਅਸਰਾਰ ਤੇਰੇ ਕੀ ਜਾਣਾਂ ?
ਤੇਰਾ ਈ ਪੇਟਾ, ਤੇਰਾ ਈ ਤਾਣਾ,
ਤੈਨੂੰ ਈ ਸ਼ਰਮਾਂ, ਤੂੰਹੇਂ ਪੁਚਾਣਾ,
ਮਜ਼ਲ ਹੈ ਭਾਵੇਂ ਕਿੰਨੀ ਦੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

4

ਤੇਰੇ ਹੀ ਹਥ ਨੇਂ ਕੁੰਜੀਆਂ ਜੰਦਰੇ,
ਜ਼ਾਹਰ ਹੋ, ਯਾ ਲੁਕ ਰਹੁ ਅੰਦਰੇ,
ਖ਼ੂਨ ਤੇਰਾ ਜਿਸ ਦਿਨ ਵੀ ਪੰਘਰੇ,
ਪੁਜਣਾ ਏ ਤੇਰੇ ਕੋਲ ਜ਼ਰੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

5

ਮੈਂ ਫਿਰਾਂ ਲੱਭਦਾ, ਤੂੰ ਫਿਰੇਂ ਲੁਕਦਾ,
ਲਹੂ ਮੇਰਾ ਹਰ ਦਮ ਰਹੇ ਸੁੱਕਦਾ,
ਇਹ ਮਿਹਣਾ ਤੈਨੂੰ ਨਹੀਂ ਢੁੱਕਦਾ,
ਮੈਨੂੰ ਵੀ ਇਹ ਗਲ ਨਹੀਂ ਮਨਜ਼ੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

6

ਹੋ ਕੇ ਤੇਰੇ ਹਥ ਦਾ ਘੜਿਆ,
ਜੇ ਮੈਂ, ਗ਼ਲਤੀਆਂ ਵਿਚ ਜਾ ਵੜਿਆ,
ਮੈਂ ਕੱਲਿਆਂ ਨਹੀਂ ਜਾਣਾ ਫੜਿਆ,
ਦੋਵੇਂ ਈ ਹੋਵਾਂਗੇ ਮਸ਼ਹੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

7

ਜੇ ਮੈਂ ਹੋ ਗਿਆ ਅੰਨ੍ਹਾ ਕਾਣਾ,
ਤੂੰ ਮੈਨੂੰ, ਸੁੱਟ ਤੇ ਨਹੀਂ ਪਾਣਾ,
ਤੈਨੂੰ ਈ, ਪੈ ਜਾਣਾ ਏ ਗਲ ਲਾਣਾ,
ਵੱਡਿਆਂ ਦਾ ਏਹੋ ਦਸਤੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

8

ਜੇ ਤੂੰ ਰਿਹੋਂ ਤਮਾਸ਼ੇ ਤੱਕਦਾ,
ਆਖਣ ਨੂੰ ਤੇ ਜੀ ਹੈ ਝੱਕਦਾ,
ਪਰ ਮੂੰਹ ਚੰਦਰਾ, ਰਹਿ ਨਹੀਂ ਸੱਕਦਾ,
ਕਦ ਤਕ ਮਚਿਆ ਰਹੂ ਫ਼ਤੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

9

ਜੇ ਤੂੰ ਸਦਾ ਲੁਕੇ ਹੀ ਰਹਿਣਾ,
ਮੈਂ ਫਿਰ ਵੀ ਮੁੱਕਰ ਨਹੀਂ ਪੈਣਾ,
ਲੜ ਉਡੀਕ ਦਾ, ਛੱਡ ਨਹੀਂ ਬਹਿਣਾ,
ਜਦ ਚਾਹੇਂਗਾ ਕਰੀਂ ਜ਼ਹੂਰ,
ਮੈਂ ਤੇਰੀਆਂ ਅੱਖੀਆਂ ਦਾ ਨੂਰ ।

92. ਜੰਗਲ ਦਾ ਫੁੱਲ

1

ਓ ਭੌਂ ਭੌਂ ਕੇ ਤਕਦੇ ਪਏ ਰਾਹੀਆ !
ਗਲੇਡੂ ਭਰੀ, ਕਿਉਂ ਹੈ ਤੂੰ ਜਾ ਰਿਹਾ ?
ਕੀ ਫੜਨਾ ਏਂ ਕੁਦਰਤ ਦੀਆਂ ਗ਼ਲਤੀਆਂ ?
ਕੀ ਗਿਣਨਾ ਏਂ ਕਿਸਮਤ ਦੀਆਂ ਸਖ਼ਤੀਆਂ ?
ਤੂੰ ਕੀ ਸਮਝਿਆ ? ਰੂਪ ਜੋਬਨ ਮੇਰਾ-
ਉਜਾੜਾਂ 'ਚਿ ਮਾਣੇ ਬਿਨਾਂ ਰੁਲ ਗਿਆ ?
ਦਿਲੀ ਵਲਵਲੇ ਸੌਂ ਗਏ ਜਾਗ ਕੇ ?
ਨਿਗਹ ਭਰ ਕੇ ਝਾਤੀ ਨ ਪਾਈ ਕਿਸੇ ?
ਨ ਦਿਲਬਰ ਦਾ ਢੋਆ ਬਣਾਇਆ ਕਿਸੇ ?
ਨ ਲਿਟ ਦੀ ਬਗ਼ਲ ਵਿਚ ਬਹਾਇਆ ਕਿਸੇ ?
ਕਿਸੇ ਸੁੰਦਰੀ ਦੀ ਸਜੀ ਸੇਜ ਤੇ-
ਮਜ਼ੇ ਨ ਲਏ ਰਾਤ ਭਰ ਲੇਟ ਕੇ ?
ਨ ਮੰਦਰ ਕਿਸੇ ਵਿਚ ਚੜ੍ਹਾਇਆ ਗਿਆ ?
ਕਿਸੇ ਕਬਰ ਤੇ ਨਾ ਵਿਛਾਇਆ ਗਿਆ ?

2

ਸਜਨ ! ਐਡੀ ਛੇਤੀ ਨ ਹੋ ਜਾ ਦੁਖੀ,
ਕਿ ਦੁਨੀਆਂ ਹੈ ਮੇਰੀ ਅਨੋਖੀ ਜਿਹੀ ।
ਕੀ ਫੁਲ ਰਹਿ ਕੇ, ਜੰਗਲ ਦੇ ਵਿਚ ਫੁਲ ਨਹੀਂ ?
ਕੀ ਯੂਸੁਫ਼ ਦਾ ਖੂਹ ਵਿਚ ਕੋਈ ਮੁਲ ਨਹੀਂ ?
ਕੀ ਦਿਲ ਵਿਚ ਲੁਕੀ ਕੋਈ ਦੌਲਤ ਨਹੀਂ ?
ਇਰਾਦੇ ਦੇ ਵਿਚ ਕੋਈ ਤਾਕਤ ਨਹੀਂ ?
ਮੇਰੇ ਸੁਪਨਿਆਂ ਵਿਚ ਹੈ ਉਹ ਵਲਵਲਾ,
ਜਿਹਨੂੰ ਰਾਸ ਆਈ ਹੈ ਜੰਗਲ ਦੀ ਵਾ ।
ਮੇਰੇ ਸਾਜ਼ ਵਿਚੋਂ ਉਹ ਸੁਰ ਗੂੰਜਦਾ,
ਜਿਹਨੂੰ ਮੈਂ ਹੀ ਸਕਦਾ ਹਾਂ ਸੁਣ ਤੇ ਸੁਣਾ ।
ਮੇਰੇ ਤੋਂ ਨਹੀਂ ਦੂਰ ਹਾਸਿਲ ਮੇਰਾ,
ਸਮੁੰਦਰ ਹੈ ਕਤਰੇ 'ਚਿ ਸੁੱਤਾ ਪਿਆ ।
ਓ ਜ਼ੱਰਾ ਝੁਰੇ ਕਿਉਂ ? ਜਿਦ੍ਹਾ ਆਫ਼ਤਾਬ-
ਘਰ ਆ ਕੇ ਨਿਵਾਜਣ ਨੂੰ ਹੋਵੇ ਬਿਤਾਬ ।
ਮੇਰੀ ਜੇਬ ਵਿਚ ਰਾਤ ਹੈ ਵਸਲ ਦੀ,
ਨਹੀਂ ਮੈਨੂੰ ਹੀ ਪਰ ਉਤਾਉਲ ਕੋਈ ।
ਖ਼ਿਆਲਾਂ ਦੀ ਦੁਨੀਆਂ ਨੂੰ ਦਿਲ ਵਿਚ ਲਈ,
ਲੰਘਾਈ ਗਿਆ ਹਾਂ ਮੈਂ ਜੁਗੜੇ ਕਈ ।
ਮੈਂ ਜਾ ਜਾ ਕੇ ਔਂਦਾ ਹਾਂ ਮੁੜ ਏਸ ਥਾਂ,
ਮਜ਼ਲ ਦੀ ਲਮਾਈ ਤੋਂ ਨਾ ਘਾਬਰਾਂ ।
ਮੇਰੇ ਰਾਹ ਵਿਚ ਖ਼ਾਰ ਹੋਸਣ ਹਜ਼ਾਰ,
ਤਸੱਵਰ ਹੈ ਪਰ ਮੇਰਾ ਉਹ ਜ਼ੋਰਦਾਰ-
ਕਿ ਜੰਗਲ ਮੇਰਾ ਬਾਗ਼ ਬਣ ਜਾਇਗਾ,
ਸਜਨ ਤੁਰ ਕੇ ਖ਼ੁਦ ਮੇਰੇ ਘਰ ਆਇਗਾ ।

93. ਦੋਹੜਾ

ਤਾਂਘ ਵਸਲ ਦੀ,
ਜਦ ਦੀ ਚੰਬੜੀ,
(ਮੈਨੂੰ) ਠੰਢ ਨ ਪਈ ਕਲੇਜੇ ।

ਆਉਂਦੇ ਜਾਂਦੇ
ਰਾਹੀਆਂ ਹੱਥੀਂ,
(ਮੈਂ) ਕਈ ਸਨੇਹੇ ਭੇਜੇ ।

ਆਉਂਦੇ ਨਹੀਂ, ਤਾਂ
ਸੱਦ ਹੀ ਲੈਂਦੇ,
ਕੁਝ ਸੁਣਦੇ, ਕੁਝ ਦਸਦੇ,

ਮਾਣ ਕਰਨ ਦੇ
ਪਲ ਮਿਲ ਜਾਂਦੇ,
ਛੁਹ ਸੁਹਣੇ ਦੀ ਸੇਜੇ ।

94. ਦੋਹੜਾ

ਚੰਗਿਆਂ ਭਲਿਆਂ
ਗਲ ਲਗਿਆਂ ਨੂੰ,
(ਤੁਸਾਂ) ਧੁਰ ਥੱਲੇ ਪਟਕਾਇਆ,

ਦੁਨੀਆਂ ਇਧਰੋਂ
ਔਧਰ ਹੋ ਗਈ,
(ਤੁਸਾਂ) ਨਕਸ਼ਾ ਹੀ ਪਲਟਾਇਆ ।

ਹੌਲੀ ਹੌਲੀ,
ਉਤਾਂਹ ਚੜ੍ਹਨ ਦਾ,
(ਅਸਾਂ) ਤ੍ਰਾਣ ਬੁਤੇਰਾ ਲਾਇਆ,
ਠੇਡੇ ਖਾਂਦਿਆਂ,
ਮਜ਼ਲ ਨ ਮੁੱਕੀ,
(ਤੁਸਾਂ) ਚੰਗਾ ਸਫ਼ਰ ਛੁਹਾਇਆ ।

95. ਖ਼ੁਦਾਯਾ ! ਪਾਏ ਨੀਂ ਕੀ ਕੀ ਪੁਆੜੇ ?

1

ਜਿਧਰ ਵੇਖੀਏ, ਰਹਿਮਤਾਂ ਦੀ ਝੜੀ ਹੈ,
ਕੋਈ ਨਾ ਕੋਈ ਛੇੜਖਾਨੀ ਖੜੀ ਹੈ,
ਸਿਆਪੇ ਗੀ ਜੜ ਹੈ, ਏ ਦੁਨੀਆਂ ਭੀ ਕੀ ਹੈ,
ਲੜਾਈਆਂ, ਝਮੇਲੇ, ਉਜਾੜੇ, ਪੁਜਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

2

ਰਿਜ਼ਕ ਦੇ ਅਡੰਬਰ, ਭਰਾਵਾਂ ਦੀ ਦਾਰੀ,
ਉਲਾਦਾਂ ਦੇ ਦੁਖ, ਮੁਲਕ ਦੀ ਜ਼ਿੰਮੇਂਵਾਰੀ,
ਖ਼ੁਦਾ ਦੀ ਇਬਾਦਤ, ਅਗਾਂਹ ਦੀ ਤਿਆਰੀ,
ਜ਼ਰਾ ਜਿੰਨੀ ਜ਼ਿੰਦੜੀ ਤੇ ਐਨੇ ਪਥਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

3

ਜਵਾਨੀ ਦੀ ਵਹਿਸ਼ਤ, ਖ਼ੁਦੀ ਦੀ ਖ਼ੁਮਾਰੀ,
ਨਵਾਬੀ ਦਾ ਚਾ, ਮੁਫ਼ਤਖ਼ੋਰਾਂ ਦੀ ਯਾਰੀ,
ਅਯਾਸ਼ੀ ਦੀ ਧੁਨ, ਫ਼ੈਸਨਾਂ ਦੀ ਬਿਮਾਰੀ,
ਬੁਰਾ ਹਾਲ ਓੜਕ ਤੇ ਬੌਂਕੇ ਦਿਹਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

4

ਅਮੀਰਾਂ ਦੇ ਧੱਕੇ, ਮਜੂਰਾਂ ਦੀ ਕਲਕਲ,
ਮੁਥਾਜਾਂ ਦੀ ਦੇ ਦੇ, ਬਖ਼ੀਲਾਂ ਦੀ ਚਲ ਚਲ,
ਕੰਗਾਲੀ ਦਾ ਰੋਣਾ ਤੇ ਕਰਜ਼ੇ ਦੀ ਦਲਦਲ,
ਬਿਕਾਰੀ ਦੇ ਹੌਕੇ, ਗ਼ਰੀਬੀ ਦੇ ਹਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

5

ਪੜ੍ਹਾਈ ਦੇ ਵੈਦੇ, ਵਿਕਨਸੀ ਦੇ ਹਾਵੇ,
ਸਿਫ਼ਾਰਸ਼ ਦੀ ਟੋਹ, ਦਰਦੀਆਂ ਦੇ ਦਿਖਾਵੇ,
ਮੁਕੂਫ਼ੀ ਦਾ ਡਰ, ਅਫ਼ਸਰਾਂ ਦੇ ਡਰਾਵੇ,
ਰਿਡਕਸ਼ਨ ਤੇ ਛਾਂਟੀ ਦੇ ਰੌਲੇ ਅਵਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

6

ਫ਼ਸਾਦਾਂ ਦੇ ਘਮਸਾਨ, ਮਜ਼੍ਹਬੀ ਤਰੇੜਾਂ,
ਨਿਗੂਣੀਆਂ ਕਿਰੜਾਂ, ਨਿਕੰਮੀਆਂ ਛੇੜਾਂ,
ਚੁਆਤੀਆਂ ਚੇੜਾਂ, ਉਖੇੜਾਂ, ਦਰੇੜਾਂ,
ਭਰਾਵਾਂ ਦੇ ਝਗੜੇ, ਨਖੇੜੇ ਤੇ ਪਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

7

ਵਿਖਾਲੇ ਦੇ ਹੰਝੂ ਤੇ ਫ਼ਰਜ਼ੀ ਡਰਾਮੇ,
ਸੁਲਹ ਦੇ ਬਹਾਨੇ ਤੇ ਦੰਗੇ ਹੰਗਾਮੇ,
ਕਦਾਰੇ, ਮੁਕੰਦੇ, ਮਰ੍ਹਾਜੇ ਤੇ ਗਾਮੇ,
ਅਮਨ ਦੇ ਮੁਦਈਆਂ ਦੇ ਜੰਗੀ ਅਖਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

8

ਪੁਜਾਰੀ ਦੀ ਛੂਹ, ਮੌਲਵੀ ਦੀ ਮਲਾਮਤ,
ਹਕੂਮਤ ਦਾ ਡਰ, ਫ਼ਿਰਕੇਦਾਰੀ ਦੀ ਲਾਨਤ,
ਅਜ਼ਾਦੀ ਦੇ ਸੁਪਨੇ, ਗ਼ੁਲਾਮੀ ਦੀ ਸ਼ਾਮਤ,
ਪਰਾਈ ਪਰ੍ਹੇ ਦੁਸ਼ਮਨਾਂ ਦੇ ਦੁਗਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

9

ਨਮਾਇਸ਼ ਦੇ ਟਿੱਕੇ ਤੇ ਦਿਲ ਕਾਲੇ ਕਾਲੇ,
ਫ਼ਰਿਸ਼ਤੇ ਦੀ ਸੂਰਤ, ਕਸਾਈਆਂ ਦੇ ਚਾਲੇ,
ਬਗਲ ਵਿਚ ਛੁਰੀ, ਸਿਰ ਤੇ ਦੂਹਰੇ ਦਮਾਲੇ,
ਸ਼ਿਤਾਨੀ ਅਮਲ ਤੇ ਸ਼ਰਈਆਂ ਦੇ ਦਾੜ੍ਹੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

96. ਬਹਾਰ ਦਾ ਸਨੇਹਾ

1

ਪੱਤਝੜੀ ਨੇ ਬਿਸਤਰਾ ਗੋਲ ਕੀਤਾ,
ਤੇ ਬਹਾਰ ਨੇ ਅੱਖੀਆਂ ਖੋਲ੍ਹੀਆਂ ਨੇਂ,
ਸਾਂਭੀ ਗੈਂਦੇ ਹਜ਼ਾਰੇ ਨੇ ਗੰਢ-ਗੁਥਲੀ,
ਤੇ ਗੁਲਾਬ ਨੇ ਬੁਚਕੀਆਂ ਫੋਲੀਆਂ ਨੇਂ,
ਵਿਛੀਆਂ ਪੀਲੀਆਂ ਚਾਦਰਾਂ ਪੈਲੀਆਂ ਤੇ,
ਭਰ ਭਰ ਝੋਲੀਆਂ ਕਰਨੇ ਨੇ ਡੋਲ੍ਹੀਆਂ ਨੇਂ,
ਬੂਹੇ ਖੁਲ੍ਹ ਗਏ ਮਹਿਕ ਦੇ ਠੇਕਿਆਂ ਦੇ,
ਭੌਰੇ ਭੌਣ ਲੱਗੇ ਬੰਨ੍ਹ ਬੰਨ੍ਹ ਟੋਲੀਆਂ ਨੇਂ,
ਕੁਦਰਤ-ਹੀਰ ਸਿਆਲ ਤੋਂ ਬਾਹਰ ਨਿਕਲੀ,
ਰੰਗਾਰੰਗ ਦੇ ਵੇਸ ਵਟਾ ਕੇ ਤੇ,
ਸੁੱਤੇ ਮਾਹੀ ਦਾ ਕਾਲਜਾ ਟੁੰਬਿਆ ਸੂ,
ਅੱਖਾਂ ਰੱਤੀਆਂ ਦਾ ਜਾਦੂ ਪਾ ਕੇ ਤੇ ।

2

ਜਾਗ, ਤਖ਼ਤ ਹਜ਼ਾਰੇ ਦਿਆ ਚਾਨਣਾ ਉਇ !
ਛਡ ਦੇ ਝਾਕ ਹੰਕਾਰਨਾਂ ਭਾਬੀਆਂ ਦੀ,
ਬੇਲੇ ਝੰਗ ਦੇ ਵਿਚ, ਤੇਰੀਆਂ ਕਿਸਮਤਾਂ ਨੇ,
ਕੁੰਜੀ ਸਾਂਭ ਰੱਖੀ ਕਾਮਯਾਬੀਆਂ ਦੀ,
ਹੱਡ ਭੰਨ ਕੇ ਮੱਝੀਆਂ ਚਾਰ ਜੀਵੇਂ,
ਤਾਂਹੀਏਂ ਵੇਖਸੇਂ ਸ਼ਾਨ ਨੱਵਾਬੀਆਂ ਦੀ,
ਤੇਰੀ ਵੰਝਲੀ ਦੇ ਵਿੱਚੋਂ ਗੂੰਜਣੀ ਏ,
ਦੱਬੀ ਹੋਈ ਆਵਾਜ਼ ਪੰਜਾਬੀਆਂ ਦੀ,
ਕਿਸਮਤ ਆਪਣੀ, ਸੋਹਣਿਆਂ ! ਢਾਲ ਆਪੇ,
ਇਉਂ ਨਹੀਂ ਬਹੀ ਦਾ ਢੇਰੀਆਂ ਢਾਹ ਕੇ ਤੇ,
ਤੇਰੇ ਮੱਥੇ ਤੇ ਫਤੇ ਹੈ ਲਿਖੀ ਹੋਈ,
ਹਿੰਮਤ ਵੇਖ ਤੇ ਸਹੀ ਅਜ਼ਮਾ ਕੇ ਤੇ ।

3

ਉਠ ਬਹੁ ਨਵੀਂ ਬਹਾਰ ਦਿਆ ਲਾਲ ਫੁੱਲਾ !
ਜੀਵਨ ਆਪਣਾ ਜ਼ਰਾ ਮਹਿਕਾ ਮਾਹੀਆ !
ਤੇਰੇ ਖਿੜੇ ਬਾਝੋਂ ਠੰਢੀ ਹੋਵਣੀ ਨਹੀਂ,
ਆਸ ਪਾਸ ਦੀ ਤੱਤੀ ਹਵਾ ਮਾਹੀਆ !
ਤੇਰੇ ਮੂੰਹ ਵਲ ਪਈ ਦੁਨੀਆਂ ਤੱਕਦੀ ਏ,
ਚਿਣਗ ਪਿਆਰ ਦੀ ਦਿਲਾਂ ਵਿਚ ਲਾ ਮਾਹੀਆ !
ਜੇ ਬਹਿਸ਼ਤ ਦੇ ਬਾਗ਼ ਵਿਚ ਪਹੁੰਚਣਾ ਈ,
ਤਾਂ ਇਸ ਬਾਗ਼ ਦੀ ਸ਼ਾਨ ਚਮਕਾ ਮਾਹੀਆ !
ਜਿਹੜੇ ਰਾਂਝਣੇ ਮਸਤ ਨੇਂ ਛੱਤਿਆਂ ਤੇ,
ਓਹ ਨਹੀਂ ਹੀਰ ਲਈ ਕੰਨ ਪੜਵਾ ਸਕਦੇ,
ਜਿਹੜੇ ਸ਼ੇਰ ਨਹੀਂ ਤੜਪਦੇ ਜੰਗਲਾਂ ਨੂੰ,
ਓਹ ਨਹੀਂ ਪਿੰਜਰੇ ਤੋਂ ਬਾਹਰ ਆ ਸਕਦੇ ।

97. ਬੁਲਬੁਲ ਨੂੰ

(ਲੰਮੀ ਹੇਕ ਦਾ ਗੀਤ)

1

ਫੁੱਲਾਂ ਦੀ ਪ੍ਰੇਮਣ ਬੁਲਬੁਲੇ !
ਰੰਗ ਰੱਤੀਏ ਮਤਵਾਲੀਏ !
ਬਹਿ ਬਹਿ ਲੁਸ ਲੁਸ ਕਰਦੀਆਂ-
ਲਗਰਾਂ ਤੇ ਝੂਮਣ ਵਾਲੀਏ !
ਜਜ਼ਬੇ ਤਿਰੇ ਕੋਮਲ ਜਿਹੇ,
ਸੂਰਤ ਤਿਰੀ ਭੋਲੀ ਜਿਹੀ,
ਪਿਆਰਾਂ ਦਾ ਸੋਮਾ ਦਿਲ ਤਿਰਾ,
ਦਰਦਾਂ ਭਰੀ ਬੋਲੀ ਤੇਰੀ ।
ਜੁਗੜੇ ਗੁਜ਼ਰ ਗਏ ਗਾਵਿਆਂ,
ਪਿੰਜਰੇ ਵਿਚ ਜਦ ਦੀ ਤੜੀ,
ਉਡ ਉਡ, ਖੁਲ੍ਹੇ ਆਕਾਸ਼ ਵਿਚ,
ਆਈ ਨ ਚਹਿਕਣ ਦੀ ਘੜੀ ।
ਲਾ ਲਾ ਕੇ ਟਕਰਾਂ ਤੀਲੀਆਂ ਨੂੰ,
ਸਿਰ ਤੂੰ ਅਪਣਾ ਖੋਹ ਲਿਆ,
ਥਾਂ ਥਾਂ ਖਰੀਂਡ ਨੇਂ ਜਮ ਗਏ,
ਐਨਾ ਲਹੂ ਤੂੰ ਡੋਲ੍ਹਿਆ ।

2

ਰੰਗਤ ਲਿਆਇਆ ਸਬਰ ਤੇਰਾ,
ਜੁਗ ਨਵਾਂ ਪਲਟਾਇਆ,
ਖਿੜਕੀ ਤੇਰੀ ਨੂੰ, ਵਾ ਨੇ-
ਧੱਕਾ ਮਾਰ ਕੇ ਖਿਸਕਾਇਆ ।
ਪਹੁਪੰਧ ਹੋ ਗਏ ਮੋਕਲੇ,
ਹੁਣ ਬਹਿ ਕੇ ਖੰਭ ਸੁਆਰ ਲੈ,
ਫੁੱਲਾਂ ਦੇ ਗਲ ਮਿਲ ਚਹਿਕ ਲੈ,
ਅਰਸ਼ੀ ਉਡਾਰੀ ਮਾਰ ਲੈ ।
ਗਾ ਗਾ ਕੇ ਗੀਤ ਸੁਹਾਉਣੇ,
ਗੁੰਜਾਰ ਦੇ ਸੰਸਾਰ ਨੂੰ,
ਬਾਹਰ ਨਿਕਲ ਕੇ ਵਲਗਣੋਂ,
ਜੀਵਾ ਲੈ ਸਵੈ ਸਤਿਕਾਰ ਨੂੰ ।
ਪਰ ਬੋਲ ਬੋਲੀ ਓਪਰੀ,
ਵੱਟਾ ਨ ਲਾਵੀਂ ਸ਼ਾਨ ਨੂੰ,
ਪੰਜਾਬ ਦੀ ਰਾਣੀ ਰਹੀਂ,
ਵਿਸਰੀਂ ਨ ਹਿੰਦੁਸਤਾਨ ਨੂੰ ।

98. ਜੁੜਿਆ ਰਹੁ ਹਰ ਹਾਲ, ਮਬੂਬਾ !

1

ਸੁਪਨੇ ਵਿਚ ਤੈਨੂੰ ਕਈ ਵਾਰ ਡਿੱਠਾ,
ਡਾਢਾ ਲਗਿਓਂ ਪਿਆਰਾ ਤੇ ਮਿੱਠਾ,
ਸੱਧਰਾਂ ਉਠੀਆਂ-ਬਾਹਾਂ ਵਧਾ ਕੇ-
ਚੰਬੜ ਜਾਂ ਗਲ ਨਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

2

ਜਦ ਦੀਆਂ ਮੇਰੀਆਂ ਖੁਲ੍ਹੀਆਂ ਅੱਖੀਆਂ,
ਤੇਰੀਆਂ ਯਾਦਾਂ ਦਿਲ ਵਿਚ ਰੱਖੀਆਂ,
ਸਹੁੰ ਕਰਵਾ ਲੈ, ਸਾਰੀ ਜ਼ਿੰਦਗੀ-
ਕਰਦੀ ਰਹੀ ਤੇਰੀ ਭਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

3

ਕਈ ਵਾਰੀ ਪਟਕੀ, ਕਈ ਵਾਰੀ ਹੰਭਲੀ,
ਕਈ ਵਾਰੀ ਸੰਭਲੀ ਗਈ ਨ ਕੰਬਲੀ,
ਜਦ ਜਦ ਤੇਰਾ ਚੇਤਾ ਆਇਆ
ਦਿਲ ਨੂੰ ਲਿਆ ਸੰਭਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

4

ਚਿੱਕੜ ਭਰਿਆ ਆਲ ਦੁਆਲਾ,
ਬਾਹਰ ਉਜਲਾ, ਅੰਦਰ ਕਾਲਾ,
ਤੈਨੂੰ ਈ ਸ਼ਰਮਾਂ, ਤੇਰਾ ਈ ਤਕਵਾ,
ਤਿਲਕ ਨ ਪਵਾਂ ਚੁਫਾਲ ।
ਮਬੂਬਾ ! ਜੁੜਿਆ ਰਹੁ ਹਰ ਹਾਲ,

99. ਕਿੱਥੇ ਤੁਰ ਚੱਲਿਆ ਏਂ ਕੱਲਿਆਂ…

(ਗੀਤ)

1

ਜੋ ਰਿਹੋਂ ਕਹਿੰਦਾ, ਸੋ ਰਹੀ ਕਰਦੀ,
ਹਰਦਮ ਤੇਰਾ ਦਮ ਰਹੀ ਭਰਦੀ,
ਤੈਥੋਂ ਕੋਈ ਨਾ ਉਹਲਾ ਰੱਖਿਆ,
ਦਸਦੀ ਰਹੀ ਕਲੇਜਾ ਕੱਢ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

2

ਜਦ ਤੂੰ ਅਪਣਾ ਜੀ ਉਦਰਾਇਆ,
ਸਭ ਕੁਝ ਤੇਰੀ ਭੇਟ ਚੜ੍ਹਾਇਆ,
ਪੱਲਾ ਫੜ ਫੜ ਜਾਣ ਨ ਦਿੱਤਾ,
ਸੌ ਸੌ ਵਾਰੀ ਦੰਦੀਆਂ ਅੱਡ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

3

ਕਈ ਵਾਰੀ ਤੂੰ ਫੇਰੀਆਂ ਅੱਖੀਆਂ,
ਕਈ ਵਾਰੀ ਤੂੰ ਸ਼ਰਮਾਂ ਰੱਖੀਆਂ,
ਹੁਣ ਵੀ ਨਾ ਕਰ ਸੁੰਞਾ ਵਿਹੜਾ,
ਅਰਮਾਨਾਂ ਦਾ ਬੂਟਾ ਵੱਢ ਕੇ ।
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

4

ਤੇਰੇ ਬਿਨ ਮੈਂ ਕੌਡੀਓਂ ਖੋਟੀ,
ਕਿਸੇ ਨਹੀਂ ਮੈਨੂੰ ਪੁਛਣੀ ਰੋਟੀ,
ਖੰਭ ਜੇ ਮੇਰੇ ਖੋਹ ਸੁੱਟਿਓ ਨੀਂ,
ਕੀ ਲਭ ਲਏਂਗਾ ਪਿੱਛੋਂ ਸੱਦ ਕੇ ?
ਕਿੱਥੇ ਤੁਰ ਚੱਲਿਆ ਏਂ ਕੱਲਿਆਂ ਛੱਡ ਕੇ ?

100. ਪੁਰਾਣੀ ਪ੍ਰੀਤ

(ਗੀਤ)

ਤੇਰੀ ਮੇਰੀ ਪ੍ਰੀਤ ਪੁਰਾਣੀ,
ਤੇਰੀ ਮੇਰੀ ਪ੍ਰੀਤ ।

1

ਤੂੰ ਤੇ ਮੈਂ ਸਾਂ ਭਾਈ ਭਾਈ,
ਪਤਾ ਨਹੀਂ, ਕਿਨ ਲੂਤੀ ਲਾਈ,
ਬੈਠੇ ਬੈਠਿਆਂ, ਵਹਿਸ਼ਤ ਆਈ,
ਖੋਟੀ ਹੋ ਗਈ ਨੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

2

ਹਮਸਾਏ ਸਾਂ ਮਾਂ ਪਿਉ ਜਾਏ,
ਕੱਠਿਆਂ ਅਸਾਂ ਯਰਾਨੇ ਪਾਏ,
ਇਕਸੇ ਥਾਂ ਸਨ ਦੁਹਾਂ ਬਣਾਏ-
ਮੰਦਰ ਅਤੇ ਮਸੀਤ, ਚੌਧਰੀ !
ਤੇਰੀ ਮੇਰੀ ਪ੍ਰੀਤ ।

3

ਰੱਬ ਦੀ ਭੋਂ ਸੀ ਵੱਸਦੀ ਆਈ,
ਤੇਰੀ ਮੇਰੀ ਰਹੀ ਸਫ਼ਾਈ,
ਜਦ ਦੀ ਅਸਾਂ ਇਮਾਰਤ ਲਾਈ,
ਲਗ ਪਈ ਹੋਣ ਪਲੀਤ, ਸਜਨ ਜੀ !
ਤੇਰੀ ਮੇਰੀ ਪ੍ਰੀਤ ।

4

ਰੱਬ ਸੀ ਸਾਡੇ ਅੰਦਰੀਂ ਰਹਿੰਦਾ,
ਮੈਂ ਤੈਨੂੰ ਕੁਝ ਨਹੀਂ ਸਾਂ ਕਹਿੰਦਾ,
ਤੂੰ ਸੈਂ ਮੇਰੀਆਂ ਸਾਰੀਆਂ ਸਹਿੰਦਾ,
ਉਡ ਗਈ ਕਿਉਂ ਪਰਤੀਤ ? ਭਰਾਵਾ !
ਤੇਰੀ ਮੇਰੀ ਪ੍ਰੀਤ ।

5

ਇਹ ਦੁਨੀਆਂ ਤੇ ਨਹੀਂ ਸੀ ਮਾੜੀ,
ਅਸਾਂ ਦੁਹਾਂ ਨੇ ਸ਼ਾਨ ਵਿਗਾੜੀ,
ਸਿਰ ਸਾਡੇ ਵਿਚ ਘੂਕੀ ਚਾੜ੍ਹੀ,
ਪਾ ਕੇ ਕਿਸੇ ਤਵੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

6

ਆ, ਹੁਣ ਵੀ ਕੁਝ ਰੱਬ ਤੋਂ ਡਰੀਏ,
ਚੰਗੇ ਭਲੇ, ਕਿਉਂ ਖਹਿ ਖਹਿ ਮਰੀਏ ?
ਮਤਲਬ ਦੀ ਕੋਈ ਗਲ ਵੀ ਕਰੀਏ,
ਉਮਰ ਚਲੀ ਹੈ ਬੀਤ, ਭਰਾਵਾ !
ਤੇਰੀ ਮੇਰੀ ਪ੍ਰੀਤ ।

7

ਜਾਣ ਜਾਣ ਜੋ ਛੇੜਾਂ ਛੇੜੇ,
ਉਸਦਾ ਝਗੜਾ ਕੌਣ ਨਿਬੇੜੇ ?
ਗਲ ਪਾ ਲਏ ਰਾਹ ਜਾਂਦੇ ਝੇੜੇ,
ਅੰਦਰੋਂ ਸੀ ਬਦਨੀਤ, ਸਜਨ ਜੀ !
ਤੇਰੀ ਮੇਰੀ ਪ੍ਰੀਤ ।

8

ਉਠ ਖਾਂ, ਰਲ ਕੇ ਜੱਫੀਆਂ ਪਾਈਏ,
ਵਾ ਵਗਦੀ ਵਲ ਮੂੰਹ ਪਰਤਾਈਏ,
ਚੌੜਾਂ ਛੱਡੀਏ, ਟੁਕੜਾ ਖਾਈਏ,
ਗਾਈਏ ਸਾਂਝੇ ਗੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

101. ਜੁਗ-ਗਰਦੀ

(ਗ਼ਜ਼ਲ)

ਮੇਰੇ ਵੇਂਹਦੇ ਵੇਂਹਦਿਆਂ ਹੀ ਚਮਨ !
ਤੇਰਾ ਰੂਪ ਰੰਗ ਬਦਲ ਗਿਆ,
ਰਬ ਜਾਣੇ, ਓਸ ਬਹਾਰ ਤੇ,
ਕੋਈ ਜਾਦੂ ਟੂਣਾ ਕੀ ਚਲ ਗਿਆ ।

ਕੋਈ ਐਸੀ ਉਲਟੀ ਹਵਾ ਚਲੀ,
ਕਿਸੇ ਐਸੀ ਬਿਜਲੀ ਦੀ ਛੁਹ ਲਗੀ,
ਕਿ ਪੁਕਾਰ ਪੰਛੀਆਂ ਦੀ ਉਠੀ-
ਹਾਇ ! ਵਸਦਾ ਆਲ੍ਹਣਾ ਜਲ ਗਿਆ ।

ਨਾ ਓਹ ਦੌਰ ਹੈ, ਨ ਖ਼ੁਮਾਰ ਹੈ,
ਨਾ ਹਿੰਡੋਲ ਹੈ, ਨ ਮਲ੍ਹਾਰ ਹੈ,
ਨਾ ਓਹ ਹੁਸਨ ਹੈ, ਨ ਨਿਖ਼ਾਰ ਹੈ,
ਤੇਰਾ ਰੰਗਲਾ ਜੋਬਨ ਢਲ ਗਿਆ ।

ਕੋਈ ਦਿਨ ਸੀ, ਤੇਰੀ ਉਠਾਨ ਸੀ,
ਤੇਰਾ ਘਰ, ਤੇ ਘਰ ਦਾ ਨਿਸ਼ਾਨ ਸੀ,
ਤੇਰੀ ਸ਼ਾਨ ਤਕਦਾ ਜਹਾਨ ਸੀ,
ਓ ਸੁਨਹਿਰੀ ਵੇਲਾ ਹੀ ਛਲ ਗਿਆ ।

ਨਾ ਓ ਹੰਸ ਨੇਂ, ਨਾ ਓ ਮਾਨਸਰ,
ਨਾ ਓ ਮਹਿਫ਼ਲਾਂ, ਨਾ ਓ ਸੁਖ਼ਨਵਰ,
ਨਾ ਓ ਸਿਰ ਤੇ ਨਾ ਓ ਸਲਾਮੀਆਂ,
ਓ ਤੇ ਕਾਫ਼ਲਾ ਹੀ ਨਿਕਲ ਗਿਆ ।

102. ਜੀਵਨ-ਆਦਰਸ਼

(ਗ਼ਜ਼ਲ)

ਹੇ ਮੇਰੀ ਜੀਵਨ-ਆਦਰਸ਼ ਮਲਿਕਾ !
ਤੂੰ ਖੋਲ੍ਹ ਬੂਹੇ, ਨਿਸ਼ੰਗ ਹੋ ਕੇ,
ਉਜਾੜ ਨੂੰ ਘਰ ਬਣਾ ਲਿਆ ਹੈ,
ਮੈਂ ਏਸ ਰੌਣਕ ਤੋਂ ਤੰਗ ਹੋ ਕੇ ।

ਜਿਨ੍ਹਾਂ ਉਮੈਦਾਂ ਦੇ ਸਿਰ ਤੇ ਮੇਰੀ-
ਅਕਾਸ਼ ਗੁੱਡੀ ਚੜ੍ਹੀ ਹੋਈ ਸੀ,
ਉਭਰ ਉਭਰ ਕੇ ਓ ਬੈਠ ਗਈਆਂ,
ਗ਼ਮਾਂ ਤੇ ਖ਼ੁਸ਼ੀਆਂ ਦਾ ਜੰਗ ਹੋ ਕੇ ।

ਬਣਾ ਬਣਾ ਕੇ ਸੁਨਹਿਰੀ ਸੁਪਨੇ,
ਅਬਾਦ ਸੀ ਏਸ ਦਿਲ ਦੀ ਦੁਨੀਆਂ,
ਉਜੜ ਗਈ ਹੈ ਉਹ ਖੇਪ ਸਾਰੀ,
ਬੁਝੀ ਹੋਈ ਮਨ-ਤਰੰਗ ਹੋ ਕੇ ।

ਤੂੰ ਕੋਈ ਸੂਰਤ ਬਣਾ ਦੇ ਐਸੀ,
ਮੈਂ ਤੇਰਾ ਹੋ ਜਾਂ, ਤੂੰ ਮੇਰੀ ਹੋਵੇਂ,
ਮੇਰੇ ਕਲੇਜੇ ਦਾ ਖ਼ੂਨ ਝਲਕੇ,
ਤੇਰੇ ਕਪੋਲਾਂ ਦਾ ਰੰਗ ਹੋ ਕੇ ।

ਜਗਾ ਦੇ ਅੰਦਰ ਹੀ ਜੋਤ ਐਸੀ,
ਉਧਾਰੇ ਚਾਨਣ ਨੂੰ ਜੀ ਨ ਤਰਸੇ,
ਗੁਆਚ ਜਾਵੇ, ਉਡੀਕ ਦਿਲ ਦੀ,
ਇਸੇ ਸ਼ਮਾ ਦਾ ਪਤੰਗ ਹੋ ਕੇ ।

103. ਪ੍ਰੋਹਤ ਨੂੰ

1

ਭਲਿਆ ਲੋਕਾ ! ਪਿਛ੍ਹਾਂ ਖਲੋਤਾ,
ਝੁਰ ਝੁਰ ਕੇ, ਕੀ ਤਕਦਾ ਹੈਂ ?
ਤੇਰੇ ਸਾਥੀ ਅਗ੍ਹਾਂ ਨਿਕਲ ਗਏ ?
ਕਦੇ ਕਦੇ ਉਹ ਕੰਡ ਭੁਆ ਕੇ,
ਤੇਰੇ ਵੱਲ ਇਸ਼ਾਰੇ ਕਰ ਕੇ,
ਹਸ ਹਸ ਦੂਹਰੇ ਹੁੰਦੇ ਜਾਵਣ,
ਫੇਰ, ਬੜੀ ਬੇ ਗੌਲੀ ਅੰਦਰ
ਰਾਹ ਅਪਣੇ ਪੈ ਜਾਣ ।

2

ਔਖਾ ਨਾ ਹੋ, ਕੁੜ੍ਹਨਾ ਛਡ ਦੇ,
ਤੁਰ ਗਏ ਨੇਂ, ਤਾਂ ਤੁਰੇ ਜਾਣ ਦੇ,
ਤੇਰੇ ਪਾਸੋਂ, ਕਿਸੇ ਤਰ੍ਹਾਂ ਵੀ-
ਚਾਲ ਇਨ੍ਹਾਂ ਦੀ, ਰੁਕ ਨਹੀਂ ਸਕਣੀ ।
ਹਾਂ, ਪਰ ਏਨਾ ਆਪ ਸੋਚ ਲੈ,
ਜਿਨ੍ਹਾਂ ਉੱਤੇ, ਪੱਛੋ ਤਾ ਕੇ-
ਪਰਤ ਪੈਣ ਦੀ ਆਸ਼ਾ ਕਰਨਾ ਏਂ,
ਉਨ੍ਹਾਂ ਤਿਲਾਂ ਵਿਚ, ਤੇਲ ਦੇਣ ਦਾ-
ਹੈ ਕੁਝ ਬਾਕੀ ਤ੍ਰਾਣ ?

3

ਜਿਨ੍ਹਾਂ ਦਿਉਤਿਆਂ, ਮੂਰਤੀਆਂ ਦਾ,
ਮਠਾਂ ਮੰਦਰਾਂ ਤੇ ਕਬਰਾਂ ਦਾ-
ਰੁਅਬ ਦਿਖਾ ਕੇ ਧਮਕੀਆਂ ਦੇਵੇਂ,
ਓਹ, ਮਿੱਟੀ ਦੇ ਮਾਧੋ ਹੀ ਨੇਂ ?
ਯਾ ਓਨ੍ਹਾਂ ਵਿਚ, ਵਰ-ਸਰਾਪ ਦਾ,
ਹੈ ਕੋਈ ਨੈਣ ਪਰਾਣ ?

4

ਭੋਲੇ ਸਜਣਾ ! ਸਮੇਂ ਬਦਲ ਗਏ,
ਮੁੱਕ ਗਿਆ ਦੌਰ ਜਹਾਲਤ ਵਾਲਾ ।
ਆ ਗਏ ਸੋਚਾਂ ਖੋਜਾਂ ਵਾਲੇ,
ਤਪ-ਬਲ ਤੇਰਾ ਖੀਣ ਹੋ ਗਿਆ,
ਡਰ ਭਉ ਸਾਰਾ ਲਹਿੰਦਾ ਜਾਵੇ ।
ਸਾਰੇ ਤੇਰੇ ਉਡਦੇ ਜਾਵਣ,
ਖੀਰ ਪੂੜੀਆਂ, ਹਲਵੇ ਮੰਡੇ ।
ਹੌਲੀ ਹੌਲੀ, ਮੁਕਦੇ ਜਾਂਦੇ-
ਸ਼ਰਧਾਲੂ ਜਜਮਾਨ ।

5

ਏਨ੍ਹਾਂ ਦੇ ਵਿਚ ਜੇ ਕੋਈ ਹੁੰਦੀ-
ਨੇਕ ਨੀਯਤੀ, ਯਾ ਸਚਿਆਈ,
ਤਦ ਤੇਰਾ ਕੁਝ ਵਸ ਵੀ ਚਲਦਾ ।
ਪਰ ਹੁਣ ਤੇ ਕਲਬੂਤ ਰਹਿ ਗਿਆ,
ਸਾਹਸਤ ਹੀਣਾ, ਅੰਦਰੋਂ ਪੋਲਾ ।
ਹੁਣ ਤੂੰ ਆਸ ਪਰਾਈ ਛਡ ਦੇ,
ਅਪਣੀ ਹਿੰਮਤ ਨਾਲ ਕੋਈ ਦਿਨ
ਤੋਰੀ ਚਲ ਗੁਜ਼ਰਾਨ ।

104. ਨਾਲੇ ਨੂੰ

(ਗੀਤ)

ਬਰਫ਼ੀ ਟਿੱਲਿਓਂ ਲੱਥਿਆ ਨਾਲਿਆ !
ਉਤਰੀਂ ਧੀਰਜ ਨਾਲ,
ਕਾਹਲੀ ਅੱਗੇ ਟੋਏ ਕਹਿੰਦੇ,
ਰਖ ਮਸਤਾਨੀ ਚਾਲ ।

1

ਬੜੇ ਕਠਿਨ ਹਨ ਰਸਤੇ ਤੇਰੇ,
ਘੁਲਨੇ ਹਨ ਤੂੰ ਘੋਲ ਬੁਤੇਰੇ,
ਪੈਰ ਮਲਕੜੇ ਧਰਦਾ ਜਾਈਂ,
ਮਿਲੇ ਜਿਧਰ ਦੀ ਢਾਲ,
ਨਾਲਿਆ !
ਉਤਰੀਂ ਧੀਰਜ ਨਾਲ ।

2

ਨਿਰਮਲ ਸੀਤਲ ਜਲ ਦੇ ਪਿਆਸੇ,
ਜੁੜ ਰਹੇ ਤੇਰੇ ਆਸੇ ਪਾਸੇ,
ਦੂਰ ਦੁਰਾਡੀਆਂ ਫੇਰ ਸਹੀ,
ਕਰ ਨੇੜੇ ਦੀ ਸੰਭਾਲ,
ਨਾਲਿਆ !
ਉਤਰੀਂ ਧੀਰਜ ਨਾਲ ।

3

ਜਦ ਤਕ ਹਈ ਨਰੋਆ ਪਾਣੀ,
ਮਿੱਠਤ ਤੇਰੀ ਨਿਭਦੀ ਏ ਜਾਣੀ,
ਗੰਧਲੇ ਪਾਣੀਆਂ ਦੇ ਵਿਚ ਰਲ ਕੇ,
ਆਪਾ ਲਈਂ ਨ ਗਾਲ,
ਨਾਲਿਆ !
ਉਤਰੀਂ ਧੀਰਜ ਨਾਲ ।

105. ਨਿਗਹ ਦਾ ਤੀਰ

(ਗ਼ਜ਼ਲ)

ਛਾਨਣੀ ਕੀਤਾ ਕਲੇਜਾ,
ਕਿਸ ਨਿਗਹ ਦੇ ਤੀਰ ਨੇ ?
ਖੋਹ ਲਿਆ ਜਿਗਰਾ, ਕਿਦ੍ਹੀ-
ਭੋਲੀ ਜਿਹੀ ਤਸਵੀਰ ਨੇ ?

ਜੋਗੀਆ ! ਸੂਰਤ ਵਟਾ ਕੇ,
ਕਿਉਂ ਭੁਲਾਵੇ ਦੇ ਰਿਹੋਂ ?
ਤਾੜ ਲੀਤਾ ਤੋਰ ਤੋਂ,
ਰਾਂਝਣ ਰੰਗੀਲਾ ਹੀਰ ਨੇ ।

ਨਾ ਬੁਲਾ, ਨਾ ਬੋਲ,
ਨਾ ਪੜਦਾ ਹਟਾ, ਨਾ ਝਾਤ ਪਾ,
ਬੇ ਅਸਰ ਕਦ ਤਕ ਰਹਿਣਗੇ-
ਮੇਰੇ ਹਾੜੇ ਕੀਰਨੇ ।

ਸਹੁੰ ਕਰਾ ਲੈ, ਹੋਰ ਕੋਈ-
ਏਸ ਘਰ ਆਇਆ ਨਹੀਂ,
ਤੇਰੇ ਹੱਥਾਂ ਦੇ ਘੜੇ ਹੋਏ,
ਏਹ ਸਭ ਜ਼ੰਜੀਰ ਨੇਂ ।

ਚਾਰਾਗਰ ਕਹਿੰਦਾ ਹੈ :
ਪੀ ਕੇ ਬੇਖ਼ੁਦੀ ਦੀ ਲੇਟ ਜਾ ।
ਪਰ ਕਿਆਮਤ ਤਕ ਅਸਰ-
ਕਰਨਾ ਹੈ ਇਸ ਅਕਸੀਰ ਨੇ ।

106. ਅਰਦਾਸ

1

ਨੂਰ ਦੇ ਭੰਡਾਰੇ !
ਸੁਖ-ਸ਼ਾਨਤੀ ਦੇ ਦਵਾਰੇ, ਪ੍ਰਭੋ !
ਮਹਿਕ ਵਾਂਗ, ਸਾਰੇ ਦਿਲਾਂ ਅੰਦਰ ਸਮਾਏ ਹੋਏ !
ਨੇਕੀਆਂ ਦੇ ਦਾਤੇ !
ਅਸਾਂ ਸਾਰਿਆਂ ਦੇ ਸਾਂਝੇ ਪਿਤਾ !
ਕਾਉਂ ਅਤੇ ਹੰਸ, ਦੋਵੇਂ ਤੇਰੇ ਨੇਂ ਬਣਾਏ ਹੋਏ ।
ਪਿਆਰ ਤੇਰਾ ਰਾਉ ਅਤੇ ਰੰਕ ਨਾਲ ਇੱਕੋ ਜਿਹਾ,
ਊਚ ਨੀਚ ਵਾਸਤੇ ਤੂੰ ਡੌਲੇ ਨੇਂ ਫੈਲਾਏ ਹੋਏ ।
ਢੱਕ ਲਵੇਂ, ਬਖ਼ਸ਼ ਵਾਲੇ ਹੱਥਾਂ ਹੇਠ, ਸਾਰਿਆਂ ਨੂੰ,
ਠਾਰ ਦੇਵੇਂ ਸੀਨੇ, ਤੂੰ ਕੁਰਾਹਾਂ ਵੱਲ ਆਏ ਹੋਏ ।

2

ਪਿਆਰੇ ਪਿਤਾ !
ਸਾਰੇ ਤੇਰੇ ਬੱਚਿਆਂ ਦੇ ਦਿਲਾਂ ਉੱਤੇ,
ਬਰਕਤਾਂ ਦੀ ਬਾਰਸ਼ ਤੇ ਪ੍ਰੇਮ ਦਾ ਉਤਾਰਾ ਹੋਵੇ,
ਸ਼ਾਨਤੀ ਦਾ ਰਾਜ ਹੋਵੇ,
ਸੀਤਲ ਸਮਾਜ ਹੋਵੇ,
ਨੇਕੀ ਤੇ ਪਿਆਰ ਦਾ ਜਹਾਨ ਤੇ ਪਸਾਰਾ ਹੋਵੇ,
ਚਾਨਣੇ ਹੋ ਜਾਣ ਦਿਲ,
ਜਾਗ ਉਠੇ ਭਾਈ ਬੰਦੀ,
ਦੇ ਰਿਹਾ ਉਛਾਲੇ, ਮੇਲ ਗੇਲ ਦਾ ਫੁਹਾਰਾ ਹੋਵੇ,
ਬੰਦੇ ਅਸੀਂ ਤੇਰੇ,
ਆਗਯਾਕਾਰ ਬਾਲ ਬਣੇ ਰਹੀਏ,
ਸਾਰਿਆਂ ਨੂੰ-
ਤੇਰੇ ਹੀ ਦੁਆਰੇ ਦਾ ਸਹਾਰਾ ਹੋਵੇ ।

107. ਭਉਰੇ ਨੂੰ

ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

1

ਜਗ ਰਚਨਾ ਤੋਂ ਵੀ ਪ੍ਰੀਤ ਪੁਰਾਣੀ,
ਜੁਗ ਜੁਗ ਤੁਰਦੀ ਰਹੀ ਕਹਾਣੀ,
ਕਈ ਵਰੀ ਉਪਜੇ, ਕਈ ਵਾਰੀ ਨਿਪਜੇ,
ਚੰਦ ਸੂਰਜ ਦੇ ਗੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

2

ਕੰਵਲੇ ਨਾਲ ਤੂੰ ਪ੍ਰੀਤ ਲਗਾਈ,
ਕੰਵਲੇ ਨੂੰ ਸੂਰਜ ਦੀ ਰੁਸ਼ਨਾਈ,
ਸੰਝ ਸੁਆਲ, ਸਵੇਰ ਜਗਾ ਕੇ,
ਅੱਖੀਆਂ ਦੇਵੇ ਉਘੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

3

ਲੈ ਪਰਲੇ ਦੀਆਂ ਲੰਮੀਆਂ ਰਾਤਾਂ,
ਪ੍ਰੀਤ ਨੇ ਛੋਹੀਆਂ ਗੁਝੀਆਂ ਬਾਤਾਂ,
ਕਹਿ ਕਹਿ , ਸੁਣ ਸੁਣ, ਥਕ ਗਈ ਦੁਨੀਆਂ,
ਕੋਈ ਨ ਸਕਿਆ ਨਬੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

4

ਰਾਗਣੀ ਅਪਣੀ ਛੇੜੀ ਜਾਵੀਂ,
ਛੋਹਿਆ ਪੰਧ ਨਬੇੜੀ ਜਾਵੀਂ,
ਵੇਖੀ ਜਾਹ ਤੂੰ ਰਾਹ ਵਿਚ ਹੁੰਦੇ,
ਮੌਤ ਜੀਵਨ ਦੇ ਭੇੜ,
ਭੰਵਰਿਆ ! ਪ੍ਰੀਤ ਦੀ ਰਾਗਣੀ ਛੇੜ ।

108. ਮਸਕੀਨ ਦਾ ਦਿਲ

(ਕਾਫ਼ੀ)

ਸੰਭਲ ਸੰਭਲ ਚਲ ਦੌਲਤਵੰਦਾ !
ਦਿਲ ਮਸਕੀਨ ਦੁਖਾਵੀਂ ਨਾ,
ਨਾਜ਼ਕ ਸ਼ੀਸ਼ਾ ਤਿੜਕ ਨ ਜਾਵੇ,
ਪੈਰਾਂ ਵਿਚ ਠੁਕਰਾਵੀਂ ਨਾ ।

ਸੱਧਰਾਂ ਦੀ ਫੁਲਵਾੜੀ ਊ,
ਇਹ, ਅਰਮਾਨਾਂ ਦੀ ਨਗਰੀ ਊ,
ਵੇਖੀਂ, ਕੱਚੀਆਂ ਕਲੀਆਂ ਨੀਂ,
ਕੋਈ ਤਾ ਦੇ ਕੇ ਤੜਫਾਵੀਂ ਨਾ ।

ਜੇ ਸ਼ੁਹਦੇ ਦੀ ਕਿਸਮਤ ਥਕ ਕੇ,
ਦੁੰਹ ਘੜੀਆਂ ਲਈ ਸੌਂ ਗਈ ਏ,
ਤਾਂ ਕੀ ਡਰ ਹੈ, ਟਿਕੀ ਰਹਿਣ ਦੇ !
ਠੇਡਿਆਂ ਨਾਲ ਸਤਾਵੀਂ ਨਾ ।

ਸੋਹਣਾ ਨਹੀਂ, ਮਲੂਕ ਨਹੀਂ,
ਚਾਟੂ, ਚਾਤੁਰ, ਚਾਲਾਕ ਨਹੀਂ,
ਜੀ ਵਿਚ ਰੱਬ ਦਾ ਭਉ ਤਾਂ ਹੈ,
ਬਸ ਕਾਫ਼ੀ ਹੈ, ਘਬਰਾਵੀਂ ਨਾ ।

ਕੀ ਹੋਇਆ, ਜੇ ਵਲ ਛਲ ਕਰ ਕਰ,
ਮਾਇਆ ਇਸ ਨੇ ਜੋੜੀ ਨਹੀਂ,
ਦਿਲ ਦੀ ਦੌਲਤ ਦਇਆ-ਗ਼ਰੀਬੀ-
ਦੀ ਕੀਮਤ ਭੁਲ ਜਾਵੀਂ ਨਾ ।

ਸੂਰਜ, ਚੰਦ, ਹਵਾ ਤੇ ਪਾਣੀ,
ਤੇਰੇ ਕੋਈ ਹੋਰ ਨਹੀਂ,
ਇਕਸੇ ਪਿਉ ਦੀ ਪੂੰਜੀ ਤੋਂ,
ਦੁਰ ਦੁਰ ਕਰ ਦੂਰ ਹਟਾਵੀਂ ਨਾ ।

ਸਿਦਕੀ ਜੀਵ ਨੂੰ ਕੁਝ ਨਾ ਕਹੁ,
ਤੇ ਭੋਲੇ ਦਿਲੋਂ ਅਸੀਸਾਂ ਲੈ,
ਪਾਕ ਰੂਹਾਂ ਦੀ ਆਂਦਰ ਨੂੰ,
ਕਲਪਾ ਕੇ ਕਹਿਰ ਕਮਾਵੀਂ ਨਾ ।

ਢੇਰ ਸੁਆਹ ਦਾ ਸਮਝੀਂ ਨਾ,
ਏਹ ਦਬੇ ਹੋਏ ਚੰਗਿਆੜੇ ਨੀਂ,
ਵੇਖੀਂ ਝੱਲ ਖਿਲਾਰੀਂ ਨਾ,
ਤੁਖਣਾਂ ਦੇ ਦੇ ਕੇ ਭੜਕਾਵੀਂ ਨਾ ।

ਚਾਬਕ ਤੇਰੇ ਜਾਏ ਸਹਾਰੀ,
ਡਰਦਾ ਅੱਖ ਉਠਾਂਦਾ ਨਹੀਂ,
ਵਕਤ ਉਡੀਕ ਰਿਹਾ ਹੈ ਕੋਈ,
ਸੱਚੀਆਂ ਮੂੰਹੋਂ ਕਢਾਵੀਂ ਨਾ ।
ਇਕ ਦਿਨ ਆਵੇਗਾ ਜਦ ਦੋਵੇਂ,
ਜੋਖੇ ਜਾਚੇ ਜਾਓਗੇ,
ਮਸਕੀਨੀ ਦੇ ਨਾਲ ਅਮੀਰੀ,
ਉਤਰ ਸਕੇਗੀ ਸਾਵੀਂ ਨਾ ।

109. ਵਿਧਵਾ ਦੇ ਹਟਕੋਰੇ

1

ਰੱਬਾ ਵੇ ਰੱਬਾ ! ਤੂੰ ਸਭਨਾਂ ਦਾ ਰਾਖਾ ਏਂ,
ਭੁੱਖੇ ਤੇ ਨੰਗੇ ਦਾ ਦਾਤਾ ਅਖਵਾਨਾ ਏਂ,
ਪਾਪੀ ਤੇ ਪੁੰਨੀ ਤੇ ਮੇਹਰਾਂ ਬਰਸਾਨਾ ਏਂ,
ਵਿਧਵਾ ਦੀ ਵਾਰੀ ਤੂੰ ਕਿੱਥੇ ਸੌਂ ਜਾਨਾ ਏਂ ?
ਘੁੱਟੇ ਹੋਏ ਦਿਲ ਦੇ ਅਰਮਾਨਾਂ ਵਲ ਤਕਦਾ ਨਹੀਂ,
ਟੁੱਟੇ ਹੋਏ ਫੁੱਲਾਂ ਨੂੰ ਪਾਣੀ ਨਾ ਪਾਨਾ ਏਂ,
ਭਰਿਆਂ ਹੀ ਥਾਵਾਂ ਨੂੰ ਭਰਨਾ ਤੂੰ ਪੜ੍ਹਿਆ ਏਂ ?
ਸੱਖਣਿਆਂ ਕੋਲੋਂ ਕਿਉਂ ਕੰਨੀ ਕਤਰਾਨਾ ਏਂ ?

2

ਚੇਤਾ ਈ ? ਜਿੱਦਿਨ ਇਹ ਚੰਨਣ ਦੀ ਗੇਲੀ ਤੂੰ,
ਸੁੱਭਰ ਤੇ ਚੋਲੇ ਪਾ, ਚਾੜ੍ਹੀ ਸੀ ਡੋਲੇ ਤੇ ।
ਪੇਕੇ ਤੇ ਸਹੁਰੇ ਘਰ ਆਦਰ ਹੀ ਆਦਰ ਸੀ,
ਸਦਕੇ ਕੋਈ ਜਾਂਦਾ ਸੀ ਚਿਹਰੇ ਇਸ ਭੋਲੇ ਤੇ,
ਪੁਛਦਾ ਨਹੀਂ ਕੋਈ ਹੁਣ ਟੁੱਟੀ ਹੋਈ ਟਾਹਣੀ ਨੂੰ,
ਭਖਦੀ ਨਹੀਂ ਲਾਲੀ ਅਜ ਬੁਝੇ ਹੋਏ ਕੋਲੇ ਤੇ,
ਸੱਕਾ ਸੈਂ ਤੂੰ ਭੀ ਤਾਂ ਵਸਦੇ ਦਰਵਾਜ਼ੇ ਦਾ,
ਪੈਂਦੀ ਨਹੀਂ ਝਾਤੀ ਹੁਣ ਢੱਠੇ ਹੋਏ ਖੋਲੇ ਤੇ ।

3

ਉੱਜੜ ਗਈ ਵਾੜੀ ਦਾ ਵਾਲੀ ਕੋਈ ਬਣਦਾ ਨਹੀਂ,
ਸਾਥੀ ਇਸ ਦੁਖੀਆ ਦੇ, ਝੋਰੇ ਤੇ ਹਾਵੇ ਨੇਂ,
ਦਿਉਰਾਂ ਤੇ ਜੇਠਾਂ ਨੇਂ, ਛਡ ਦਿੱਤੇ ਦਾਵੇ ਨੇਂ,
ਪੇਕੇ ਘਰ ਵੱਲੋਂ ਭੀ ਫੋਕੇ ਪਰਚਾਵੇ ਨੇਂ,
ਲਮਕਦੀਆਂ ਲੀਰਾਂ ਨੇਂ, ਖੁੱਥਾ ਇਹ ਝਾਟਾ ਏ,
ਫ਼ਿਕਰਾਂ ਤੇ ਚਿੰਤਾਂ ਦੇ ਹੁੰਦੇ ਪਏ ਧਾਵੇ ਨੇਂ,
ਚੰਦਰਿਆਂ ਲੇਖਾਂ ਵੀ ਲੀਤੇ ਪਰਤਾਵੇ ਨੇਂ,
ਜਿੱਧਰ ਮੈਂ ਤਕਨੀ ਆਂ, ਭਖਦੇ ਪਏ ਆਵੇ ਨੇਂ ।

4

ਰੀਝਾਂ ਤੇ ਚਾਵਾਂ ਨੂੰ ਚੂਲੀ ਤਾਂ ਪਾਈ ਸੀ,
ਭੁੱਖੇ ਇਸ ਟੋਏ ਨੂੰ ਕੇਹੜੇ ਖੂਹ ਪਾਵਾਂ ਮੈਂ ?
ਚਰਖ਼ਾ ਤੇ ਚਕੀ ਵੀ ਚੁੱਕੇ ਗਏ ਦੁਨੀਆਂ ਤੋਂ,
ਠੂਠਾ ਫੜ ਮੰਗਣ ਤੋਂ ਆਪੂੰ ਸ਼ਰਮਾਵਾਂ ਮੈਂ,
ਚੌਧਰੀਆਂ ਅੱਗੇ ਭੀ ਹਾੜੇ ਮੈਂ ਪਾ ਹਾਰੀ,
ਹੁਣ ਕਿਸ ਦੇ ਬੂਹੇ ਤੇ ਪਿੱਟਣ ਨੂੰ ਜਾਵਾਂ ਮੈਂ ।
ਹੱਸਣ ਤੇ ਪਹਿਨਣ, ਸਭ ਕਾਸੇ ਤੋਂ ਵੰਜੀ ਗਈ,
ਟੁੱਕਰ ਦੇ ਹੱਥੋਂ ਵੀ ਮਹੁਰਾ ਹੁਣ ਖਾਵਾਂ ਮੈਂ ?

5

ਭੋਲੇ, ਵਡਿਆਈਆਂ ਦੇ ਭੁੱਖੇ ਖੜਪੈਂਚਾਂ ਨੂੰ,
ਸੁੱਝੇ ਨਾ ਵਾ ਕਿਹੜੇ ਪਾਸੇ ਦੀ ਵਹਿੰਦੀ ਏ,
ਕਾਂ, ਕੁੱਤੇ, ਕੀੜੇ ਤਾਂ ਪਲਦੇ ਨੇਂ ਏਨ੍ਹਾਂ ਤੇ,
ਆਦਮ ਦੀ ਬੱਚੀ ਹਟਕੋਰੇ ਪਈ ਲੈਂਦੀ ਏ,
ਜਲਸੇ, ਕਰਤੂਤਾਂ, ਤੇ ਮਹਿਫ਼ਲ ਦੀ ਮਸਤੀ ਵਿਚ,
ਪੈਰਾਂ ਵਿਚ ਬਲਦੀ ਦੀ ਸੋਝੀ ਨਾ ਪੈਂਦੀ ਏ,
ਦੁਨੀਆਂ ਦੀ ਰੋਟੀ ਦੇ ਜ਼ਾਮਨ ਇਸ ਭਾਰਤ ਦੀ,
ਛਾਤੀ ਤੇ ਆਵੀ ਤਾਂ ਧੁਖਦੀ ਹੀ ਰਹਿੰਦੀ ਏ ।

110. ਬੁਲਬੁਲ

(ਗ਼ਜ਼ਲ)

ਖ਼ਿਜ਼ਾਂ ਨੂੰ ਵੇਖ ਕੇ, ਰੋ ਰੋ ਨਾ ਸਿਰ ਖਪਾ, ਬੁਲਬੁਲ !
ਬਹਾਰ ਆਈ ਖੜੀ ਹੈ, ਨ ਜੀ ਡੁਲਾ, ਬੁਲਬੁਲ !

ਸਰੂਰ ਵਸਲ ਦਾ ਲੈ ਲੈ ਕੇ, ਝੂਮਦੇ ਦਿਲ ਨੂੰ,
ਮਜ਼ਾ ਉਡੀਕ ਦੇ ਦਰਦਾਂ ਦਾ ਭੀ ਚਖਾ, ਬੁਲਬੁਲ !

ਜੇ ਤਲਕੇ ਰਾਨ ਦੀ ਮਛਲੀ ਕਦੇ ਖੁਆਲੀ ਸੀ,
ਫੜਾ ਕੇ ਕੱਚਾ ਘੜਾ, ਤਰਨ ਭੀ ਸਿਖਾ, ਬੁਲਬੁਲ !

ਲਗਾ ਦਿਖਾਈ ਏ ਬਾਜ਼ੀ, ਜਿਨ੍ਹਾਂ ਨੇ ਸਿਰ ਧੜ ਦੀ,
ਉਨ੍ਹਾਂ ਨੂੰ ਦਾਰ ਤੇ ਭੀ, ਦਿਸ ਪਿਆ ਖ਼ੁਦਾ, ਬੁਲਬੁਲ !

ਦਿਖਾ ਕੇ ਸਾੜ ਕਲੇਜੇ ਦੇ ਪ੍ਰੀਤ ਕਿਉਂ ਭੰਡੇਂ ?
ਏ ਦਾਗ਼ ਇਸ਼ਕ ਦੀ ਚਾਦਰ ਤੇ ਨਾ ਲਗਾ, ਬੁਲਬੁਲ !

111. ਦੋਹੜਾ

ਲੱਖ ਹੱਟੀਆਂ ਤੇ ਲੱਖ ਬਪਾਰੀ,
ਕਰਨ ਉਥੱਲ ਪਥੱਲੇ ।
ਸੌਦੇ ਵੇਚਣ, ਨਵੇਂ ਵਿਹਾਝਣ,
ਮਹਿੰਗੇ ਅਤੇ ਸਵੱਲੇ ।
ਕਈਆਂ ਖਟ ਖਟ ਬੋਝੇ ਭਰ ਲਏ,
ਕਈਆਂ ਮੂਲ ਗੁਆਇਆ,
ਓਹੋ ਖੱਟੀ ਖੱਟੀ ਸਮਝੀਂ,
ਜੇੜ੍ਹੀ ਤੁਰਦਿਆਂ ਰਹਿ ਜਾਏ ਪੱਲੇ ।

112. ਕਸਤੂਰਾ ਹਰਨ

(ਗ਼ਜ਼ਲ)

ਮੇਰੇ ਰਫ਼ੀਕੋ ਵਧਾਈ ਹੋਵੇ,
ਕਿ ਮੇਰੀ ਕਾਇਆਂ ਪਲਟ ਗਈ ਹੈ,
ਦੁਸ਼ਾਲਿਆਂ ਵਿਚ ਲੁਕੀ ਕਲੀ ਤੋਂ,
ਨਸੀਮ ਪਰਦਾ ਉਲਟ ਗਈ ਹੈ ।

ਹੈ ਖੁਲ ਗਈ ਬੇਸੁਧੀ ਦੀ ਨੀਂਦਰ,
ਨਵਾਂ ਜਹਾਨ ਇਕ ਅਬਾਦ ਹੋਇਆ,
ਬਿਸੁਰਤ ਤਰਬਾਂ ਨੂੰ ਹੋਸ਼ ਆਈ,
ਘਟਾ ਹਨੇਰੀ ਓ ਫਟ ਗਈ ਹੈ ।

ਮੈਂ ਇਕ ਮਜ਼ੇ ਦੀ ਮਹਿਕ ਦਾ ਮੁੱਠਾ,
ਭਟਕਦਾ ਫਿਰਦਾ ਸਾਂ ਬੂਹੇ ਬੂਹੇ,
ਕਪਾਟ ਇਕ ਖੁਲ ਗਿਆ ਅਚਾਨਕ,
ਤੇ ਬੇਕਰਾਰੀ ਓ ਹਟ ਗਈ ਹੈ ।

ਮੇਰੇ ਹੀ ਅੰਦਰ ਓ ਜੋਤ ਜਾਗੇ,
ਜਹਾਨ ਜਿਸ ਨਾਲ ਜਗ ਰਿਹਾ ਹੈ,
ਇਸੇ ਸਮੁੰਦਰ ਤੋਂ ਭਾਫ਼ ਬਣ ਬਣ,
ਬਹਾਰੀ ਬੂੰਦਾਂ 'ਚਿ ਵਟ ਗਈ ਹੈ ।

ਮੇਰੇ ਹੀ ਨਾਫ਼ੇ ਦੀ ਮਹਿਕ ਉਠ ਉਠ,
ਕਲੇਜੇ ਕਲੀਆਂ ਦੇ ਜਾ ਲੁਕੀ ਸੀ,
ਓ ਫੁੱਲਾਂ ਤਾਈਂ ਹਸਾ ਖਿਡਾ ਕੇ,
ਮੇਰੇ ਹੀ ਅੰਦਰ ਸਿਮਟ ਗਈ ਹੈ ।

113. ਦੋਹੜਾ

ਨਜ਼ਰ-ਫ਼ਰੇਬ
ਪਰੀਤਮ ਬਣ ਗਿਆ,
ਨਾ ਲੱਭਾ, ਨਾ ਡਿੱਠਾ ।

ਜਿਸ ਨੂੰ ਪੁਛਿਆ,
ਓਹੋ ਆਖੇ,
ਮਿੱਠਾ,
ਮਿੱਠਿਓਂ ਮਿੱਠਾ ।

ਐਡੇ ਸੋਹਣੇ
ਦਿਲਬਰ ਦੇ ਜੇ,
ਅੱਖੀਆਂ ਕੰਨ ਵੀ ਦਿਸਦੇ,

ਤਰਲਾ ਪਾ,
ਪੁੰਝਵਾ ਤੇ ਲੈਂਦੇ,
ਕਾਲਾ ਕੀਤਾ ਚਿੱਠਾ ।

114. ਦੋਹੜਾ

ਜਿਸ ਰਾਹ ਤੇ,
ਤੂੰ ਤੁਰਨ ਲਗਾ ਹੈਂ,
ਜਮ ਜਮ ਕਦਮ ਉਠਾ ਲੈ,

ਪਰ, ਪੈਂਡੇ ਨੂੰ
ਮਿਣ ਸੱਕੇਂਗਾ ?
ਇਹ ਤਖ਼ਮੀਨਾ ਲਾ ਲੈ ।

ਜਿਸ ਇਸ ਸ਼ਹੁ ਵਿਚ
ਟੁਭਕੀ ਮਾਰੀ,
ਮੁੜ ਕੇ ਉਤਾਂਹ ਨ ਆਇਆ,

ਜੋ ਕੁਝ ਤੈਥੋਂ
ਬਣ ਸਕਦਾ ਹੈ,
ਬਾਹਰੇ ਬੈਠ ਬਣਾ ਲੈ ।

115. ਦੋਹੜਾ

ਜੋ ਆਇਆ,
ਏਥੇ ਹੀ ਆਇਆ,
ਏਥੋਂ ਈ ਡਿੱਠਾ, ਜਾਂਦਾ,

ਏਸੇ ਖੇਤ,
ਰਿਹਾ ਹਰ ਕੋਈ,
ਬੀਜ ਬੀਜ, ਫਲ ਖਾਂਦਾ,

ਦੂਰ ਦੁਰਾਡੀ
ਗੱਲ
ਜਿ ਤੈਨੂੰ
ਚੇਤੇ ਹੈ, ਤਾਂ ਦਸ ਦੇ,

ਮੈਂ ਤੇ,
ਨਾ ਡਿੱਠਾ,
ਨਾ ਸੁਣਿਆ,
ਗਿਆ ਪਰਤ ਕੇ ਆਂਦਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਲਾਲਾ ਧਨੀ ਰਾਮ ਚਾਤ੍ਰਿਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ