Kaya : Paramjit Sohal

ਕਾਇਆ : ਪਰਮਜੀਤ ਸੋਹਲ



ਸ੍ਵੈ-ਕਥਨ

ਸਮੁੰਦਰ ਦੇ ਪਿਆਰ ਵਿਚ ਬਾਂਵਰੀਆਂ ਹੋਈਆਂ ਨਦੀਆਂ, ਬਿਰਖਾਂ ਦੇ ਕੂਲ਼ੇ ਪੱਤਰਾਂ ਨੂੰ ਚੁੰਮ ਚੁੰਮ ਕੇ ਮਹਿਕਣ ਲਾ ਦੇਣ ਵਾਲੀਆਂ ਹਵਾਵਾਂ, ਧਰਤੀ ਦੇ ਕਣ ਕਣ ਨੂੰ ਸਪਰਸ਼ ਕਰਦੀਆਂ ਸੂਰਜ ਦੀਆਂ ਕਿਰਨਾਂ ਤੇ ਚੰਦਰਮਾ ਦੀਆਂ ਰਿਸ਼ਮਾ, ਆਕਾਸ਼ ਵੱਲ ਬਾਹਾਂ ਪਸਾਰਦੀਆਂ ਅਗਨ ਦੀਆਂ ਲਪਟਾਂ, ਸੁਬ੍ਹਾ-ਸ਼ਾਮ ਬਿਰਖਾਂ 'ਤੇ ਛਿੜਦਾ ਪੰਛੀਆਂ ਦਾ ਕਲਰਵ, ਮੁਹੱਬਤ ਨਾਲ ਲਬਰੇਜ਼ ਮਾਸੂਮ ਬਾਲ਼ਾਂ ਦੇ ਦਿਲ - ਇਹ ਸਭ ਇਸ ਕਵਿਤਾ 'ਚ ਘੁਲ਼ੇ-ਮਿਲੇ ਆਕਾਰ ਨੇ। ਇਹ ਉਹ ਅਹਿਸਾਸ ਹੈ ਜੋ ਕਿਸੇ ਯੋਗੀ ਦੇ ਮਸਤਕ 'ਚ ਸ਼ਿਵ- ਸ਼ਕਤੀ ਦਾ ਯੋਗ ਬਣਦਾ ਹੈ, ਜੋ ਕਿਸੇ ਬ੍ਰਹਮ-ਗਿਆਨੀ ਲਈ ਪਰਮ-ਤੱਤ ਦੀ ਅਨੁਭੂਤੀ ਦਾ ਨੂਰੀ ਕ੍ਰਿਸ਼ਮਾ ਹੈ, ਜੋ ਮਹਾਂ-ਸ਼ਕਤੀ ਨਾਲ ਯੋਗੇਸ਼ਵਰ ਦਾ ਸਾਮਰਸਯਾ ਹੈ। ਇਹ ਆਦਿ-ਸੱਚ ਹੈ, ਜਿਸ ਦੇ ਪ੍ਰਕਾਸ਼ ਲਈ ਮਹਿਜ਼ ਮਾਧਿਅਮ ਹਾਂ ਮੈਂ... ਇਹ 'ਕਾਇਆ' ਕੁਦਰਤ ਦੇ ਤੇਜ ਨੂੰ ਸ਼ਬਦਾਂ ਦੇ ਨਿੱਕੇ-ਨਿੱਕੇ ਬੁੱਕਾਂ 'ਚ ਸਾਂਭਣ ਦੀ ਨਿਮਾਣੀ ਕੋਸ਼ਿਸ਼ ਹੈ, ਜੋ ਅਮਰ, ਅਕਾਲ ਅਨੁਭੂਤੀ ਦੇ ਅਨਹਦੀ ਸੰਗੀਤ ਨੂੰ ਸ੍ਰਵਣ ਕਰਨ ਦੀ ਲਿਵ 'ਚੋਂ ਉਪਜੀ ਹੈ। ਜੇ ਕਿਧਰੇ ਹਮਾਕਤ 'ਚੋਂ ਨਾ ਬੋਲ ਰਿਹਾ ਹੋਵਾਂ ਤਾਂ ਇਹ 'ਰੂਹ ਦੀ ਰੰਗਲੀ ਬਾਣੀ' ਕਾਦਰ ਤੇ ਕੁਦਰਤ ਦਾ 'ਮੈਂ' ਦੀ ਬੋਲੀ 'ਚ ਸਿਮਰਨ ਹੈ...

ਧੰਨਵਾਦ

ਮੇਰਾ ਦਿਲ ਅੰਬਰ ਦਾ ਰਿਣੀ ਹੈ ਕਿ ਉਸਨੇ ਇਸਨੂੰ ਆਪਣੇ ਜਿਹਾ ਬਣਾ ਲਿਆ ਹੈ ਧਰਤੀ ਦਾ ਰਿਣੀ ਹੈ ਕਿ ਉਸ ਨੇ ਭਰੀ ਇਸ 'ਚ ਹਲੀਮੀ ਬਿਰਖਾਂ ਦਾ ਰਿਣੀ ਹੈ ਕਿ ਉਨ੍ਹਾਂ ਸਿਖਾਇਆ ਹਰ ਮੌਸਮ ਨਾਲ ਖ਼ੁਸ਼ ਰਹਿਣਾ ਤੇ ਸਬਰ ਕਰਨਾ ਪੰਛੀਆਂ ਦਾ ਰਿਣੀ ਹੈ ਕਿ ਉਨ੍ਹਾਂ ਤੋਂ ਸਿਖਿਆ ਇਸਨੇ ਚਹਿਕਣਾ ਤੇ ਗਾਉਣਾ ਬੱਚਿਆਂ ਦਾ ਰਿਣੀ ਹੈ ਕਿ ਉਨ੍ਹਾਂ ਤੋਂ ਲਈ ਇਸ ਨੇ ਮਾਸੂਮੀਅਤ ਤੇ ਭੋਲ਼ੇਪਣ ਦੀ ਗੁੜ੍ਹਤੀ ਸਿੱਧੇ-ਸਾਧੇ ਲੋਕਾਂ ਦਾ ਰਿਣੀ ਹੈ ਕਿ ਉਨ੍ਹਾਂ ਸਿਖਾਇਆ ਬਹੁਤ ਕੁਝ ਜ਼ਿੰਦਗੀ ਵਰਗਾ ਕਿਸ ਕਿਸ ਦਾ ਧੰਨਵਾਦ ਕਰਾਂ ਸਗਲੀ ਕੁਦਰਤ ਦਾ ਆਭਾਰੀ ਹਾਂ ਤੇ ਸ਼ੁਕਰਗੁਜ਼ਾਰ ਹਾਂ ਰੱਬ ਦਾ ਕਿ ਉਹ ਮੈਨੂੰ ਮੌਤ ਵਾਂਗ ਯਾਦ ਰਹਿੰਦਾ ਹੈ ਤੇ ਮੇਰੇ ਸਾਹਾਂ ਨਾਲ਼ ਸਾਹ ਲੈਂਦਾ ਹੈ

ਆਦਿ ਇੱਛਾ

ਮੈਂ ਹਰ ਦਿਲ ਅੰਦਰ ਇੱਕ ਦੈਵੀ ਰੌਸ਼ਨੀ ਦੇਖਣੀ ਲੋਚਦਾ ਹਾਂ ਤੇ ਮਨੁੱਖਾਂ, ਰੁੱਖਾਂ, ਪਸ਼ੂਆਂ, ਪਦਾਰਥਾਂ, ਦਿਨਾਂ-ਰਾਤਾਂ ਅਤੇ ਧੁੱਪਾਂ-ਛਾਵਾਂ 'ਚ ਸਦੀਵੀ ਏਕਤਾ ਬਾਰੇ ਸੋਚਦਾ ਹਾਂ ਮੈਂ ਘਾਹ ਹਾਂ ਮਨੁੱਖਤਾ ਦੇ ਪੇਰਾਂ 'ਚ ਵਿਛਣ ਲਈ ਜ਼ਮੀਨ ਹਾਂ ਸੱਚੀ-ਸੁੱਚੀ ਸ਼ਰਧਾ ਦੇ ਉਪਜਣ ਲਈ ਆਕਾਸ਼ ਹਾਂ ਸ਼ਬਦਾਂ ਦੀਆਂ ਕੂੰਜਾਂ ਦੇ ਉੱਡਣ ਲਈ ਮੇਰੇ ਨਾਲ ਰਲ਼ ਕੇ ਪੰਛੀ ਸਮੂਹ-ਗਾਣ ਗਾਉਂਦੇ ਨੇ ਆਜ਼ਾਦ ਪੌਣਾਂ ਨੂੰ ਮੇਰੇ ਨਾਲ਼ ਤਾਲ਼ ਮਿਲਾ ਕੇ ਨੱਚਣ ਦੀ ਵਾਦੀ ਹੈ ਧੁੱਪਾਂ-ਛਾਵਾਂ ਨੂੰ ਮੇਰੇ ਨਾਲ ਖੇਲਣ ਦਾ ਚਾਅ ਹੈ ਚੰਨ-ਤਾਰੇ ਮੇਰੇ ਹਾਣੀ ਨੇ ਸਾਰੇ ਇੰਞ ਪ੍ਰਕ੍ਰਿਤੀ ਨਾਲ਼ ਇੱਕ-ਮਿੱਕ ਹੋ ਕੇ ਮੈਂ ਰੱਬੀ ਹੁਕਮ ਪੂਰਦਾ ਹਾਂ ਇੰਞ ਮੈਂ ਆਪ ਨਹੀਂ ਕਰਦਾ ਕੁਝ ਆਪ ਹੀ ਰੂਹ 'ਤੇ ਅਦੁੱਤੀ ਰੰਗ ਉਤਰ ਆਉਂਦਾ ਹੈ ਆਦਿ, ਅਨੀਲ ਯੁੱਗਾਂ ਤੋਂ ਨਿਰੰਤਰ ਵਹਿ ਰਹੀ ਅਕਾਲ ਧਾਰਾ ਪ੍ਰਾਣਾਂ 'ਚ ਘੁਲ਼ਦੇ ਸਵਰਗਾਂ ਦੇ ਅਦਭੁਤ ਰਸ ਪ੍ਰਕ੍ਰਿਤੀ ਦੀ ਨਾਭੀ 'ਚੋਂ ਟਪਕਦਾ ਆਨੰਦ ਵਿਸਮਾਦੀ ਛਿਣਾਂ 'ਚ ਖਿੜਦੀ ਆਤਮਾ ਮੇਰੀ ਸੁਰਤਿ ਅੰਦਰ ਜੋ ਬਣਦਾ ਹੈ ਵਿਵੇਕ ਉਸਨੂੰ ਮੇਰੇ ਕਣ ਕਣ ਦਾ ਸਿਜਦਾ ਹੈ ਇਹ ਕਵਿਤਾਵਾਂ ਧਰਤੀ ਦੇ ਸਫ਼ੇ ਦੀਆਂ ਰਿਣੀ ਹਨ ਇਹ ਬੋਲ ਅੰਬਰੀ ਨੀਲੱਤਣ ਦੇ ਆਭਾਰੀ ਹਨ ਕੁਦਰਤ ਦੀਆਂ ਲੰਮੀਆਂ ਸਤਰਾਂ 'ਚੋਂ ਮੈਨੂੰ ਇਕ ਅਗੰਮੀ ਨਾਦ ਸੁਣਦਾ ਹੈ ਮੈਂ ਰੱਬੀ ਮਿਹਰ ਦੇ ਗੀਤ ਦਾ ਖੁੱਲ੍ਹਾ ਜਿਹਾ ਅਨੁਵਾਦ ਹਾਂ...

ਤੂੰ ਜੋਤਿ, ਤੂੰ ਅੰਧਕਾਰ

ਕੁਦਰਤ ਦੀ ਕਾਇਆ ਦੇ ਅੰਦਰ ਕਿਸ ਦਾ ਪਿਆਰ? ਕਿਸ ਦੀ ਬੂੰਦ ਬਣੀ ਹੈ ਮੋਤੀ? ਲਿਸ਼ਕੇ ਪਾਣੀ ਖਾਣੀ ਸਾਰੇ ਜਲ-ਥਲ ਸਗਲ ਆਕਾਰ ਨਾਦ ਰੂਹਾਨੀ ਚੁੱਪ ਸਦੀਵੀ ਨਦੀਆਂ ਗਾਵਣ ਗੀਤ ਬਣਦਾ ਮਿਟਦਾ ਪੰਜ-ਭੂਤਕ ਸੰਸਾਰ ਸਿਰਜ ਸਿਰਜ ਤੂੰ ਆਪਣਾ ਆਪਾ ਆਪ ਕਰੇਂ ਮਿਸਮਾਰ ਮਾਇਆ ਛਾਇਆ ਪਰਮ-ਤੱਤ ਦਾ ਬੀਜ ਅਮਰ ਹੈ ਤੂੰ ਜੋਤਿ, ਤੂੰ ਅੰਧਕਾਰ

ਅਨੰਤ ਵੱਲ

ਅਨੰਤ ਵੱਲ ਖੋਲ੍ਹ ਦਿੰਦਾ ਹਾਂ ਦੁਆਰ ਮਨ ਦੇ ਤੇ ਉੱਡ ਜਾਣ ਦਿੰਦਾ ਹਾਂ ਰੂਹ ਨੂੰ ਕਿ ਮੇਰੀ ਹੋਂਦ ਲਈ ਉੱਡਣਾ ਹੀ ਗ਼ਨੀਮਤ ਹੈ ਬਿੰਦੂ ਤੋਂ ਅਸੀਮ ਹੋ ਜਾਣਾ ਹੀ ਸ੍ਰਿਸ਼ਟੀ ਹੈ ਮੇਰੀ ਤੇ ਮੁੜ ਕੇ ਫਿਰ ਤੋਂ ਉਹੀਓ ਨੁਕਤਾ ਹੋਣਾ ਸਫ਼ਰ ਹੈ ਅਨੰਤ ਦਾ ਇਸ ਲਈ ਵਾਰ ਵਾਰ ਜਾਂਦਾ ਹਾਂ ਜਿਸਮ ਤੇ ਮਨ ਤੋਂ ਪਾਰ ਤੇ ਖੋਲ੍ਹ ਦਿੰਦਾ ਹਾਂ ਸਦੀਆਂ ਤੋਂ ਬੰਦ ਪਏ ਦੁਆਰ...

ਤਖ਼ਲੀਕੀ ਅਮਲ

ਨਿਰਾਕਾਰੀ ਤੇਜ ਨੂੰ ਢਲਣ ਦੇ ਸ਼ਬਦਾਂ ਅੰਦਰ ਸ਼ਬਦ ਹੀ ਨੇ ਬਿੰਦੂ ਦਾ ਵਿਸਤਾਰ ਅਰਥ ਦਾ ਕੋਈ ਦੂਸਰਾ ਸਿਰਾ ਨਹੀਂ ਹੁੰਦਾ ਮੱਥੇ ਤੋਂ ਪਾਰ ਲਿਖੀ ਜਾਂਦੀ ਮੈਂ-ਹੀਣ ਕਵਿਤਾ ਅਲੌਕਿਕ ਧੁਨਾਂ 'ਚ ਗਾਇਆ ਜਾਂਦਾ ਕਾਲ-ਹੀਣ ਗੀਤ ਅਮਰ ਹੋਣ ਦੀ ਅਨੁਭੂਤੀ 'ਚੋਂ ਉੱਗਦਾ ਸ਼ੁੱਧ-ਕਾਵਿ

ਇੱਕ ਨੁਕਤੇ 'ਤੇ

ਮੇਰੇ ਕੋਲ਼ ਜੋ ਕੁਝ ਵੀ ਹੈ ਪ੍ਰਕ੍ਰਿਤੀ ਦਾ ਹਿੱਸਾ ਹੈ ਮੇਰੀ ਆਤਮਾ ਨਿਰਾਕਾਰ ਬ੍ਰਹਮ ਦੀ ਅਮਾਨਤ ਹੈ ਨਾਂ ਦਾ ਕੀ ਏ? ਇਹ ਤਾਂ ਹੌਲ਼ੀ-ਹੌਲ਼ੀ ਵਕਤ ਦੇ ਸਫ਼ਿਆਂ ਤੋਂ ਮਿਸਮਾਰ ਹੋ ਜਾਣਾ ਹੈ ਮੇਰੇ ਕੋਲ਼ ਕਾਲਹੀਣ ਪ੍ਰਾਣ ਹੈ ਤੇ ਉਹ ਵੀ ਕਹਿਣ ਨੂੰ ਹੀ ਮੇਰਾ ਹੈ ਦਰਅਸਲ ਕੁਝ ਵੀ ਨਹੀਂ ਹੈ ਜਿਸ ਨੂੰ ਆਪਣੀ 'ਮੈਂ' ਨਾਲ ਜੋੜ ਸਕਾਂ ਇੱਕ ਨੁਕਤੇ 'ਤੇ ਜਾ ਕੇ ਸਭ ਕੁਝ 'ਨਿਰ-ਮੈਂ' ਹੋ ਜਾਂਦਾ ਹੈ

ਕਵਿਤਾ ਕਾਇਆ

ਅਕਹਿ ਆਨੰਦ ਅਵਤਾਰ ਧਾਰਦਾ ਸ਼ਬਦਾਂ ਅੰਦਰ ਤੇ ਸ਼ਬਦਾਂ ਦੀਆਂ ਰੂਹਾਂ ਅਮਰ ਹੋ ਜਾਂਦੀਆਂ ਹਨ ਅਜਿਹੇ ਵੇਲ਼ੇ ਕਵਿਤਾ ਦੀ ਕਾਇਆ ਅਨਹਦ ਨਾਦ ਹੁੰਦੀ ਹੈ ਮੈਂ ਜਿਸ ਨੂੰ ਇਕਸੁਰ ਹੋਇਆ ਸੁਣਦਾ ਹਾਂ

ਆਮਦ

ਰੂਹ ਦੇ ਪਰਲੇ ਪਾਰ ਤੋਂ ਚੁੱਪ ਦਾ ਲਿਬਾਸ ਪਹਿਨ ਕੇ ਮਨ 'ਚ ਉਤਰਦੇ ਸ਼ਬਦ ਨਾਦ ਅਸੰਖਾਂ ਦੀ ਗੂੰਜ ਅੰਦਰ ਖ਼ਬਰ ਪਹੁੰਚਦੀ ਕਿ ਆ ਰਹੇ ਨੇ ਉਹ ਸੁਆਗਤ ਲਈ ਕਾਇਨਾਤ ਖਲੋ ਜਾਂਦੀ ਕਵਿਤਾ ਦੀਆਂ ਸਤਰਾਂ 'ਚ ਨਿਰ-ਮੈਂ ਜਿਹਾ ਕੁਦਰਤੀ ਸਹਿਜ ਦਾ ਮੁਕਤ ਸੱਚ ਰਚ ਜਾਂਦਾ ਦਿਲ 'ਚੋਂ ਇੱਕ ਅਬਾਬੀਲ ਉੱਡਦੀ ਸਮੁੰਦਰੋਂ ਪਾਰ ਚਲੇ ਜਾਂਦੀ ਅਸੀਮ ਆਕਾਸ਼ ਦੇ ਖੁੱਲ੍ਹੇਪਣ ਅੰਦਰ ਹਵਾ ਚੁੰਮਦੀ ਜਿਸਦੇ ਪਰ ਕੌਣ ਆਉਂਦਾ ਕਲਪਨਾ ਅੰਦਰ ਕੁਝ ਪਤਾ ਨਹੀਂ ਲਗਦਾ ਬੱਸ ਜ਼ਰਾ ਕੁ ਰੂਹ ਦੀ ਟਹਿਣੀ ਹਿੱਲਦੀ ਤੇ ਆਪ-ਮੁਹਾਰੇ ਕੋਈ ਗੀਤ ਬਣ ਜਾਂਦਾ ਹੈ...

ਵਿਰਦ

ਸ਼ਬਦ ਦੇ ਅਣਗਿਣਤ ਪਾਸਾਰ ਰੂਹਾਂ ਦੇ ਖੇਤਾਂ 'ਚ ਉੱਗੇ ਦਾਣੇ ਅਕਾਲ ਸਮਿਆਂ ਅੰਦਰ ਫ਼ਸਲ ਲਹਿਰਾਉਂਦੀ ਨੂਰਾਨੀ ਰਮਜ਼ਾਂ ਦੀ ਜੋਗਣੀਆਂ ਵਹਿੰਦੀਆਂ ਨਦੀਆਂ ਸੁਰਿ-ਮੁਨਿ ਗਾਉਂਦੇ ਨੀਰ ਹਵਾਵਾਂ ਦੇ ਸਾਜ਼ ਵੱਜਦੇ ਪੰਜੇ ਤੱਤ ਪਿਆਰ ਬਣਦੇ ਇਹ ਤੇਰਾ ਵਿਰਦ ਹੈ ਸਰਵ-ਕਾਲੀ ਸਮਾਧੀ ਆਪ ਪਾਰਬ੍ਰਹਮ ਸ਼ਬਦ ਅੰਦਰ ਸ਼ਬਦ ਜੋ ਨਿਰਾਕਾਰ ਦੀ ਅਸੀਮ ਰੌਸ਼ਨੀ ਆਪਣੇ ਆਪ ਲਿਖਿਆ ਜਾਂਦਾ ਹੈ

ਕਰਤਾਰੀ ਕਲਾ

ਮੈਂ-ਰੂਪ ਅੱਖਰਾਂ ਦਾ ਹੜ੍ਹ ਬ੍ਰਹਮ ਦੀ ਸਾਰੀ ਸਿਰਜਣਾ ਗੁਰਸ਼ਬਦੀ ਅਕਾਲਤਾ ਦੀ ਸੋਨ-ਗੁਫ਼ਾ ਵਿਚ ਸਹਿਜ ਸੁਰਤਿ ਦਾ ਚਾਨਣਾ ਦੈਵੀ ਪ੍ਰਸਾਦਿ ਦੇ ਮਾਨਸਰੋਵਰ ਇਸ਼ਨਾਨ ਕਰਦੀਆਂ ਹੰਸਣੀਆਂ ਅੰਮ੍ਰਿਤ ਦੀ ਅਲੱਖਤਾ ਬੇ-ਬਿਆਨ ਸ਼ਬਦਾਂ ਦੀਆਂ ਪਹੀਆਂ 'ਚ ਭੋਲ਼ੇ ਪ੍ਰਿੰਦਿਆਂ ਦਾ ਗੁਣ-ਚੁਗਣਾ ਅਪਾਰ ਧਿਆਨੀ ਨਿਰਵਾਣਤਾ 'ਚੋਂ ਸੂਰਜਾਂ ਦੇ ਸੂਰਜ ਉਗਮਦੇ ਬ੍ਰਹਿਮੰਡਾਂ ਦਾ ਦਿਨ ਚੜ੍ਹਦਾ ਅਗੰਮ ਦਾ ਸ਼ੰਖ-ਨਾਦ ਮੈਂ-ਹੀਣ ਗਾਉਂਦਾ ਆਪ ਅਨੰਤ ਸ਼ਬਦ, ਤੇਜ, ਕਾਗਜ਼, ਕਲ਼ਮ ਲਿਖਣਹਾਰਤਾ ਜੋਤਿ, ਬਾਣੀ, ਅਰਥ, ਭਾਵ ਆਪ ਸਿਰਜਣਹਾਰਤਾ

ਤੇਰੀ ਖ਼ੁਦਾਈ

ਹੇ ਖ਼ੁਦਾ! ਬੰਦਾ ਹਾਂ ਤੇਰਾ ਤੇ ਇਹ ਤੇਰਾ ਪਿਆਰ ਹੈ ਕਿ ਮੈਂ ਨਹੀਂ ਕਰਦਾ ਕਦੇ ਕੁਝ ਇਹ ਤੇਰੀ ਇੱਛਾ ਦਾ ਹੀ ਵਿਸਤਾਰ ਹੈ 'ਕੁਦਰਤ ਨੇਕੀਆ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ' ਹੈ ਰਹਿਮਤ ਹੈ ਤੇਰੀ ਕਿ ਮੈਂ ਇਨਸਾਨ ਹਾਂ ਬੱਚਿਆਂ ਵਰਗਾ ਹੈ ਮੇਰਾ ਦਿਲ ਜੇਕਰ ਏਸ ਵਿਚ ਮੇਰਾ ਭਲਾ ਕੀ ਰੋਲ ਹੈ? ਜੋ ਵੀ ਤੂੰ ਮੈਨੂੰ ਸਿਖਾਇਆ ਮੈਂ ਤਾਂ ਓਹੀਓ ਸਿਖਿਆ ਹੈ ਪੰਛੀਆਂ ਦੀ ਚਹਿਕ ਵਾਂਙ ਜੇ ਕਦੇ ਕਰਦਾ ਹਾਂ ਗੱਲਾਂ ਤੇਰੀਆਂ ਏਸ ਵਿਚ ਵੀ ਕੀ ਹੈ ਮੇਰੀ ਯੋਗਤਾ? ਵਗਦੀਆਂ ਨਦੀਆਂ, ਹਰੇ ਰੁੱਖਾਂ, ਪਹਾੜਾਂ ਵਾਂਙ ਹੀ ਮੈਂ ਵੀ ਹਾਂ ਤੇਰੀ ਖ਼ੁਦਾਈ ਇਹ ਤੇਰੀ ਬਖ਼ਸ਼ਿਸ਼ ਤੇਰਾ ਪ੍ਰਸਾਦਿ ਹੈ

ਸਹਿਜ ਸਮਰਪਣ

ਭੁੱਲ ਰਿਹਾਂ ਆਪਣੀ 'ਮੈਂ' ਨੂੰ ਸਗਲ ਬ੍ਰਹਿਮੰਡਾਂ ਅੰਦਰ ਵਿਆਪਤ ਰੂਹਾਨੀਅਤ ਦੇ ਸਨਮੁਖ ਫ਼ੈਲ ਰਿਹਾਂ ਪਿਆਰ ਬਣ ਕੇ ਕਣ ਕਣ ਅੰਦਰ ਮੇਰੇ ਸੰਗ ਖੇਲਦੀ ਕੁਦਰਤ ਮੇਰੀ ਸੀਮਤ ਹੋਂਦ ਤੋਂ ਪਾਰ ਦੈਵੀ ਰੌਸ਼ਨੀ ਦੇ ਵਿਹੜੇ 'ਚ ਲੀਨ ਹੋ ਰਹੀ ਸੁਰਤਿ ਅਨੰਤ ਆਕਾਸ਼ ਅੰਦਰ ਕਾਲਹੀਣ ਪ੍ਰਾਣ ਦੀ ਜੋਤਿ ਜਗਦੀ ਲਗ ਰਹੀ ਸਮਾਧੀ ਅਸੀਮਤਾ ਅੰਦਰ ਆਪਣੀ ਹਉਮੈ ਤੋਂ ਖ਼ਾਲੀ ਹੋ ਰਿਹਾਂ ਭਰਨ ਲਈ ਪਿਆਰ ਨਾਲ਼ ਕਰ ਰਿਹਾਂ ਸਹਿਜ ਸਮਰਪਣ

ਸ਼ਾਸ਼ਵਤ ਦਾ ਦੇਸ਼

ਉਚੇਰੇ ਦਿੱਬ-ਮੰਡਲ ਦੀ ਮਹਾਂ-ਪੁਸਤਕ 'ਚੋਂ ਮੇਰੀ ਰੂਹ ਚਾਨਣ ਦੇ ਹਰਫ਼ ਪੜ੍ਹਦੀ ਹੈ ਸੱਚ ਦੀਆਂ ਅਮਿੱਟ ਪੈੜਾਂ 'ਤੇ ਤੁਰ ਕੇ ਮੈਂ ਪਰਮ-ਤੱਤ ਦੀ ਸਿਖਰ 'ਤੇ ਪੁੱਜਣਾ ਹੈ ਇਥੋਂ ਹੀ ਜੀਣ-ਮਰਨ ਤੋਂ ਪਾਰ ਦੀ ਸਥਿਰ ਅਵਸਥਾ ਦਾ ਬਿੰਦੂ ਦਿਸਦਾ ਹੈ ਇਹ ਸ਼ਾਸ਼ਵਤ ਦਾ ਦੇਸ਼ ਹੈ ਜੋ ਮਹਾਂ-ਆਨੰਦ ਦੇਣ ਵਾਲ਼ੇ ਅਮਿਉਂ ਰਸ ਨੂੰ ਪੀਣ ਲਈ ਆਮੰਤ੍ਰਿਤ ਕਰਦਾ ਹੈ ਇੱਥੇ ਰੁੱਖ ਬਿਨ ਬਹਾਰ ਤੋਂ ਮੌਲ੍ਹਦੇ ਹਨ ਤੇ ਪੌਣਾਂ ਸਦਾ 'ਬਸੰਤ' ਗਾਉਂਦੀਆਂ ਹਨ ਇੱਥੇ ਖੰਡਾਂ-ਬ੍ਰਹਿਮੰਡਾਂ ਨੂੰ ਆਲੋਕਿਤ ਕਰਦੇ ਪਾਰਬ੍ਰਹਮ ਦੇ ਚਰਨ ਕਮਲ ਹਨ ਮੈਂ ਇਨ੍ਹਾਂ ਚਰਨ ਕਮਲਾਂ 'ਚ ਝੁਕ ਕੇ ਸਦੀਵੀ ਪਿਆਰ ਲਈ ਮੁਤਲਾਸ਼ੀ ਬਣ ਗਿਆ ਹਾਂ ਅਸੀਮ ਚਾਨਣ ਦੀ ਵਰਖਾ ਹੋ ਰਹੀ ਹੈ ਤੇ ਮੇਰੀ ਰੂਹ ਮਹਾਂ-ਆਨੰਦ 'ਚ ਖਿੜ ਉੱਠੀ ਹੈ

ਆਦੇਸ਼

ਸਾਹਾਂ ਅੰਦਰ ਅਜਪਾ ਜਾਪ ਕੁਦਰਤ ਦੇ ਸਹਿਜ 'ਚੋਂ ਹੋ ਰਿਹੈ ਆਪਣੇ ਆਪ ਪ੍ਰਾਣ ਪ੍ਰਜਲਵਿਤ ਜੋਤਾਂ ਅਕਾਲ ਸਮਿਆਂ ਦੀਆਂ ਦੈਵੀ ਪ੍ਰਭਾਮੰਡਲ ਯੁੱਗਾਂ ਦੀ ਸਾਧਨਾ ਪਹਾੜ ਧੀਰਜਵਾਨ ਜੋਗੀਜਨ ਸਾਧਨਾ 'ਚ ਲੀਨ ਸਾਗਰ ਰੁੱਖ ਦਰਵੇਸ਼ ਆਦਿ-ਕਾਲ ਦੇ ਤੇ ਨਦੀਆਂ ਨਿਰੀਆਂ ਭਗਤਣੀਆਂ ਕੁਦਰਤ ਦੇ ਸਹਿਜ 'ਚੋਂ ਮਿਲ ਰਿਹੈ ਗੁਰਮੰਤ੍ਰ 'ਹੇ ਆਤਮਾ, ਆਦੇਸ਼ ਹੈ ਤੇਰੇ ਲਈ ਕਿ ਨੂਰੋ-ਨੂਰ ਹੋ ਜਾ'

ਰੂਹ ਦਾ ਚੰਬਾ

ਜਦੋਂ ਰੂਹ ਦਾ ਚੰਬਾ ਮਹਿਕਦਾ ਹੈ ਅਸੀਮਤਾ ਉਤਰਦੀ ਹੈ ਕਾਇਆ ਅੰਦਰ ਭਰ ਜਾਂਦੀ ਹੈ ਚੁਗਿਰਦੇ 'ਚ ਖ਼ੁਸ਼ਬੂ ਤੇ ਅਸੀਂ ਲੱਗ ਤੁਰਦੇ ਹਾਂ ਉਸਦੇ ਮਗਰ ਜਦੋਂ ਦੈਵੀ ਸੰਗੀਤ ਸਾਡੇ ਸਾਹਾਂ 'ਚੋਂ ਝਰਦਾ ਹੈ ਜਦੋਂ ਰੂਹਾਨੀ ਗੁਲਦਸਤਾ ਸਾਡੇ ਹੱਥਾਂ 'ਚ ਹੁੰਦਾ ਹੈ ਐਨ ਉਦੋਂ ਹੀ ਸਾਰਥਕ ਹੁੰਦੀ ਹੈ ਇਹ ਜ਼ਿੰਦਗੀ ਉਦੋਂ ਸੱਚਮੁੱਚ ਹੀ ਜੀਣ 'ਚ ਮਜ਼ਾ ਆਉਂਦਾ ਹੈ

ਚੁੱਪ ਦਾ ਸਾਜ਼

ਨਿਸ਼ਬਦ ਹੋਣ ਲਈ ਹਜ਼ਾਰਾਂ ਸ਼ਬਦ ਬੋਲੇ ਬੇਕਾਰ ਤੇ ਹੁਣ ਸੁਣਿਆ ਅਸੀਮ 'ਚੋਂ ਲਗਾਤਾਰ ਕੁਝ ਰਮਣੀਕ ਸਾਜ਼ ਵਾਂਗ ਗੂੰਜਦਾ ਸੁਣਨ ਲੱਗਾ ਮੈਂ ਚੁੱਪ ਹੋ ਗਿਆ ਹਾਂ ਜਾਪਿਆ - ਹੁਣ ਤੀਕ ਐਵੇਂ ਹੀ ਨੇਰ੍ਹੇ 'ਚ ਟੱਕਰਾਂ ਮਾਰਦਾ ਰਿਹਾ ਚੁੱਪ ਦੇ ਬੂਹੇ 'ਤੇ ਦਸਤਕ ਦੇਣ ਤੋਂ ਬਿਨਾਂ ਹੀ ਪਰਤ ਜਾਂਦਾ ਰਿਹਾ ਹੁਣ ਬੇ-ਆਵਾਜ਼ ਅੰਦਰ ਚਲਾ ਆਇਆ ਹਾਂ ਤੇ ਸੁਣਨ ਲੱਗਾ ਹਾਂ ਆਪਣੇ ਸਾਹਾਂ ਨਾਲ਼ ਮੁੱਢ-ਕਦੀਮ ਤੋਂ ਵੱਜ ਰਹੇ ਸਾਜ਼ ਨੂੰ...

ਝਰਨਾ

ਰੂਹ 'ਚ ਆਪ-ਮੁਹਾਰਾ ਅਗੰਮੀ ਸੰਗੀਤ ਦਾ ਇੱਕ ਝਰਨਾ ਵਹਿੰਦਾ ਹੈ ਤੇ ਮੇਰਾ ਮਨ ਜਿਸ 'ਚੋਂ ਕੁਝ ਘੁੱਟਾਂ ਨਿਰਮਲ ਨੀਰ ਦੀਆਂ ਪੀ ਲੈਂਦਾ ਹੈ...

ਸ਼ਬਦਾਂ ਦੀ ਵਾਪਸੀ

ਅਸੀਮ ਰੌਸ਼ਨੀ ਨੂੰ ਛੁਹ ਕੇ ਸ਼ਬਦ ਪਰਤ ਆਏ ਨੇ ਮਨ ਵਿਚਕਾਰ ਜਿਸ ਤਰ੍ਹਾਂ ਪਰਤ ਆਉਂਦੀਆਂ ਕੂੰਜਾਂ ਸਾਲ ਮਗਰੋਂ ਆਪਣੇ ਬੱਚਿਆਂ ਕੋਲ਼ ਸੱਤ ਸਮੁੰਦਰੋਂ ਪਾਰ ਜਿਸ ਤਰ੍ਹਾਂ ਪਰਤ ਆਉਂਦਾ ਘਰ ਸ਼ਾਮੀਂ ਖੇਤਾਂ 'ਚੋਂ ਥੱਕਿਆ-ਟੁੱਟਿਆ ਕਿਸਾਨ ਜਿਸ ਤਰ੍ਹਾਂ ਪਰਤ ਆਉਂਦੇ ਝੁੱਗੀਆਂ 'ਚ ਮਛੇਰੇ ਰਾਤੀਂ ਪੱਤਣਾਂ ਤੋਂ ਸਮੇਟ ਕੇ ਆਪਣੇ ਜਾਲ਼ ਅਸੀਮਤਾ ਨੂੰ ਆਪਣੇ ਅੰਦਰ ਭਰ ਕੇ ਸ਼ਬਦ ਪਰਤ ਆਏ ਨੇ ਮੇਰੇ ਕੋਲ਼ ਕਿ ਲਿਖ ਲਵਾਂ ਸਫ਼ਿਆਂ 'ਤੇ

ਪੰਜ ਬੀਜ ਨਜ਼ਮਾਂ

1. ਮੌਤ ਸ਼ਬਦ ਨੂੰ ਸਾਹਾਂ 'ਚ ਘੋਲ਼ ਕੇ ਸਿਰਜ ਰਹੇ ਜੋ 'ਵਾਦ' ਉਨ੍ਹਾਂ ਨੂੰ ਪੜ੍ਹਾ ਦੇਣੀਆਂ ਨਜ਼ਮਾਂ ਜਿਨ੍ਹਾਂ 'ਚ ਅਨੰਤ ਚਮਕਦਾ ਆਪਣੀ ਪੂਰਨ ਦਿੱਬਤਾ ਸਮੇਤ 2. ਅਰਥ ਜੋ ਪ੍ਰਾਣਾਂ 'ਚ ਗੂੰਜਦਾ ਉਸਨੂੰ ਵੇਖ ਲੈਣਾ ਆਕਾਸ਼-ਗੰਗਾਵਾਂ 'ਚ ਫੈਲਦਾ ਇੱਕ ਸਤਰ ਵੀ ਮਰ ਨਹੀਂ ਸਕਦੀ ਜਿੰਨਾ ਚਿਰ ਹੱਸ ਤੇ ਰੋ ਸਕਦਾ ਹਾਂ ਮੈਂ... 3. ਦੇਖਦਾਂ ਆਪਣੇ ਅੰਦਰ ਆਪਣੇ ਤੋਂ ਪਾਰ ਜਾਂਦੀ ਚੇਤਨਾ 4. ਅਜੋਕੇ ਸਮਿਆਂ 'ਚ ਵੀ ਵੇਦਾਂ ਦੇ ਹਰਫ਼ ਜੀਉਂਦੇ ਨੇ ਬ੍ਰਹਿਮੰਡ ਦੇ ਮਸਤਕ 'ਤੇ ਫਿਰ ਤੋਂ ਲਿਖੇ ਜਾਣ ਲਈ 5. ਪਿਆਰ ਮੇਰੀ ਸੁਰਤਿ 'ਚ ਵਿਸਮਾਦ ਬਣ ਕੇ ਉਤਰਦਾ ਤੇ ਕੋਈ ਅਗੰਮੀ ਭੇਦ ਮੇਰੀ ਬੁੱਧੀ ਦਆਂ ਤਰਬਾਂ ਜਗਾ ਜਾਂਦਾ...

ਅਨਾਮ

ਅਨਾਮ ਹਾਂ ਮੈਂ ਰੂਹਾਂ ਦੇ ਦੇਸ਼ ਦਾ ਬਾਸ਼ਿੰਦਾ ਨਿਰਵਾਣ ਦਾ ਪਾਂਧੀ ਪ੍ਰੇਮ-ਸਾਧਨਾ 'ਚ ਲੀਨ ਯੋਗੀ ਮੇਰੇ ਮਸਤਕ 'ਚੋਂ ਕੁਦਰਤ ਦਾ ਸਹਿਜ ਟਪਕਦਾ ਆਪ-ਮੁਹਾਰੇ ਮੈਂ ਕਾਲ-ਮੁਕਤ ਚੇਤਨਾ ਅਸੀਮ, ਅਗੰਮ, ਸ਼ੁੱਧ ਸੰਕਲਪ, ਪ੍ਰਣਵ ਮੇਰਾ ਕੋਈ ਨਾਮ ਨਹੀਂ ਅਨਾਮ ਹਾਂ ਮੈਂ...

ਖਿੜ ਉੱਠਾਂਗਾ

ਖਿੜ ਉੱਠਾਂਗਾ ਸਹੰਸਰਾਰ ਪ੍ਰਕਾਸ਼ ਕਿਰਨਾਂ 'ਚ ਪ੍ਰਣਵ ਬਣਕੇ ਤੇ ਮੁਕਤ ਹੋ ਜਾਵਾਂਗਾ ਸੰਕਲਪਾਂ-ਵਿਕਲਪਾਂ ਤੋਂ ਅੰਤਹਕਰਣ 'ਚ ਸਮਾਧੀ ਲਾਵਾਂਗਾ ਤੇ ਆਦਿ-ਜੋਗੀ ਬਣਾਂਗਾ ਆਪਣੇ ਆਪ 'ਚੋਂ ਖਿੜ ਉੱਠਾਂਗਾ ਆਤਮਤਵ, ਸ੍ਵੈ-ਪ੍ਰਕਾਸ਼, ਪ੍ਰਣਵ ਬਣਕੇ...

ਧਿਆਨ-ਪੀਠਿਕਾ

ਸਾਫ਼ ਕਰਾਂ ਮਨ ਨੂੰ ਪਵਿੱਤਰ ਵਿਚਾਰਾਂ ਨਾਲ਼ ਸਿਰਜਾਂ ਆਪਣੇ ਅੰਦਰ ਨਿਰਵਿਕਲਪ ਧਿਆਨ-ਪੀਠਿਕਾ ਸੂਰਜ ਦਾ ਸ਼ੁਕਰੀਆ ਹੈ ਕਿ ਉਸਨੇ ਮੇਰੀ ਕਾਇਆ ਦੇ ਕਣਾਂ ਨੂੰ ਚਮਕਾਇਆ ਹੈ ਰਿਣੀ ਹਾਂ ਭਾਗਵਤ ਗਿਆਨ ਦਾ ਕਿ ਉਸਨੇ ਮੈਨੂੰ ਆਪਣੇ ਆਪ ਨਾਲ਼ ਮਿਲਾਇਆ ਹੈ...

ਰੂਹਾਨੀ ਪਿਆਰ

ਅਬਦਲ, ਅਮਿੱਟ, ਅਕਾਲ ਰੌਸ਼ਨੀ ਹੈ ਰੱਬੀ ਗਿਆਨ ਦੀ ਕਿਸ ਦਾ ਡਰ ਹੈ ਭਲਾਂ ਇਸਨੂੰ? ਇਸ ਦੇ ਮੁਤਲਾਸ਼ੀ ਲਈ ਕੋਈ ਵੀ ਦੂਸਰਾ ਨਹੀਂ ਹੈ ਇਸ ਨਾਲ਼ ਰੌਸ਼ਨ ਹੋ ਕੇ ਵਿਚਰਨ ਵਾਲ਼ਾ ਸਾਰੀ ਦੁਨੀਆ ਨੂੰ ਪਿਆਰ ਨਾਲ਼ ਚੁੰਮ ਲੈਂਦਾ ਹੈ...

ਡੰਡਉਤ ਬੰਦਨਾ

ਨੱਤ ਮਸਤਕ ਹਾਂ ਉਨ੍ਹਾਂ ਅੱਖਰਾਂ ਅੱਗੇ ਜਿਨ੍ਹਾਂ 'ਚ ਦੈਵੀ ਗਿਆਨ ਦੀ ਲੋਅ ਹੈ... ਬਾਰੰਮਬਾਰ ਉਨ੍ਹਾਂ ਨੂੰ ਲਿਖਣਹਾਰਿਆਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ ਹੈ ਡੰਡਉਤ ਬੰਦਨਾ ਕਰਦਾ ਹਾਂ ਅਨਿਕ ਬਾਰ ਅਜਿਹੀਆਂ ਰੂਹਾਂ ਦੇ ਦੁਆਰ ਤੇ ਜਾਂਦਾ ਹਾਂ ਆਤਮ-ਸਾਖ਼ਸ਼ਾਤਕਾਰ ਕਰਨ ਵਾਰ ਵਾਰ ਹਰਫ਼ ਲਿਖਦਾ ਹਾਂ ਨੂਰੀ ਪਿਆਰ ਦੇ ਤੇ ਗੀਤ ਗਾਉਂਦਾ ਹਾਂ ਕੁਦਰਤ ਦੇ

ਪ੍ਰਣਵ

ਹੇ ਪ੍ਰਣਵ! ਅਵਤਰਿਤ ਹੋਣ ਦੇ ਮੇਰੇ ਅੰਦਰ ਆਪਣੀ ਸ਼ਕਤੀ ਜਿਵੇਂ ਤੱਤਾਂ ਨਾਲ਼ ਮਿਲ ਕੇ ਤੱਤ ਸਿਰਜਦੇ ਕਾਇਆ ਕਾਇਆ ਦੀ ਸ਼ਕਤੀ ਹੈ ਪ੍ਰਾਣ ਤੇ ਪ੍ਰਾਣ ਹਿੱਸਾ ਬ੍ਰਹਮ ਦਾ... ਹੇ ਪਰਮ! ਤੂੰ ਸੂਖਮ ਤੋਂ ਸੂਖਮ ਤੇ ਵਿਰਾਟ ਤੋਂ ਵਿਰਾਟ ਗਤੀਮਾਨ ਹੈ ਹਰ ਕਿਤੇ ਤੇਰੀ ਸ਼ਕਤੀ ਹੇ ਸਦਾਸ਼ਿਵ! ਆਕਾਸ਼ ਤੇਰੀ ਖੋਪਰੀ ਪਰਬਤ ਹੱਡੀਆਂ ਹਵਾ ਪ੍ਰਾਣ ਨਦੀਆਂ ਨਾੜੀਆਂ ਜੜ੍ਹ ਪਦਾਰਥ ਨਹੁੰ ਤੇ ਮਾਸ ਬਿਰਖ-ਬੂਟੀਆਂ ਵਾਲ਼ ਹੇ ਮਹਾਂ ਸਰੂਪ! ਤੇਰਾ ਨਿਰਛਲ ਪਿਆਰ ਤੂੰ ਭਾਗਵਤ ਜੋਤਿ ਸ੍ਵੈ-ਪ੍ਰਕਾਸ਼ ਆਕਾਰ-ਨਿਰਾਕਾਰ ਅਨਹਦ ਝੁਨਕਾਰ

ਰਾਧਾ-ਕ੍ਰਿਸ਼ਨ

ਰਾਧਾ ਕਮਲੀ ਹੈ ਤੇ ਕ੍ਰਿਸ਼ਨ ਲਾ-ਪ੍ਰਵਾਹ ਬ੍ਰਿੰਦਾਬਨ ਦੀਆਂ ਕੁੰਜ-ਗਲੀਆਂ ਤੇ ਜਮਨਾ ਦੇ ਤੀਰ ਅੱਜ ਵੀ ਉਸੇ ਤਰ੍ਹਾਂ ਉਡੀਕ ਰਹੇ ਨੇ ਦੁਆਪਰ ਤੋਂ ਕਲਜੁਗ ਤੀਕ ਕਿੰਨਿਆਂ ਕੁ ਸਾਹਾਂ ਦਾ ਫ਼ਾਸਿਲਾ? ਰਾਸ ਲਈ ਤਿਆਰ ਨੇ ਗੋਪੀਆਂ ਬੰਸਰੀ ਹੋਠਾਂ ਨੂੰ ਤਰਸਦੀ ਹੈ ਕਣ ਕਣ ਉਡੀਕਦਾ ਹੈ ਪੱਤਾ ਪੱਤਾ ਵਿਆਕੁਲ ਹੈ ਥਿਰਕਣ ਲਈ ਹਵਾ ਉਤਾਵਲੀ ਹੋ ਰਹੀ ਹੈ ਤੇ ਰੁੱਤਾਂ ਬੇਚੈਨ ਪੁੱਛ ਰਹੀਆਂ ਸਖੀਆਂ: 'ਕਦ ਆਵੇਗਾ ਰਾਧੇ ਤੇਰਾ ਮੋਹਨ ਪਿਆਰਾ?' ਖਿੜੇ ਫੁੱਲਾਂ 'ਚੋਂ ਮਹਿਕ ਆ ਰਹੀ ਹੈ ਹਰ ਦਿਸ਼ਾ ਪੁੱਛਦੀ ਹੈ: 'ਕਿਉਂ ਨਹੀਂ ਆਇਆ ਕ੍ਰਿਸ਼ਨ ਅਜੇ ਤੱਕ?' ਰਾਧਾ ਕਮਲੀ ਹੈ ਤੇ ਕ੍ਰਿਸ਼ਨ ਲਾ-ਪ੍ਰਵਾਹ

ਸਖੀ ਆਖਦੀ...1

ਹੇ ਕਾਨ੍ਹਾ, ਮੇਰੇ ਅੰਦਰ ਸੁੱਤੀਆਂ ਸੱਪਣੀਆਂ ਤੇਰੀ ਧੁਨ 'ਤੇ ਮਸਤ ਹੋ ਨ੍ਰਿਤ ਕਰਨ ਲਗਦੀਆਂ ਕਾਇਆ ਅੰਦਰ ਰਾਸ ਪੈਂਦੀ ਗਾ ਉੱਠਦਾ ਨਭ-ਮੰਡਲ ਤੂੰ ਮੇਰੀਆਂ ਤਾਰਾਂ ਨੂੰ ਅਨੰਤ ਸੰਗੀਤ ਬਖ਼ਸ਼ਦਾ ਤੇ ਨ੍ਰਿਤ ਕਰਨ ਲਾ ਦਿੰਦਾ ਮੇਰੇ ਪਾਣੀਆਂ ਨੂੰ ਤੇਰੀ ਆਮਦ 'ਤੇ ਮੈਂ ਬਚਦੀ ਹੀ ਕਿੱਥੇ ਹਾਂ? ਸਾਲਮ ਦੀ ਸਾਲਮ ਤੇਰੇ ਸਾਂਚੇ 'ਚ ਢਲ਼ ਜਾਂਦੀ ਹਾਂ...

ਸਖੀ ਆਖਦੀ...2

ਹੇ ਕਾਨ੍ਹਾ, ਮੈਂ ਤੇਰੀ ਬੰਸਰੀ ਹਾਂ ਜਿਵੇਂ ਤੂੰ ਵਜਾਉਂਦਾ ਏਂ ਓਵੇਂ ਹੀ ਵੱਜਦੀ ਹਾਂ ਤੂੰ ਮੇਰੇ 'ਚੋਂ ਆਪਣੀ ਮਰਜ਼ੀ ਦੀਆਂ ਸੁਰਾਂ ਕੱਢ ਤੇ ਆਪਣੀ ਮਰਜ਼ੀ ਦਾ ਗੀਤ ਗਾ ਮੈਂ ਤੇਰੇ ਬੋਲਾਂ ਦੀ ਲੈਅ ਹਾਂ ਮੈਂ ਤੇਰੇ ਪ੍ਰੇਮ ਦਾ ਭਾਵ ਹਾਂ ਮੈਂ ਤੇਰੇ ਦਿਲ ਦੀ ਆਵਾਜ਼ ਹਾਂ ਮੈਂ ਤੇਰੀ ਬੰਸਰੀ ਹਾਂ ਕਾਨ੍ਹਾ!

ਸਖੀ ਆਖਦੀ...3

ਹੇ ਕਾਨ੍ਹਾ, ਤੇਰੀਆਂ ਯਾਦਾਂ ਦੀਆਂ ਘੁੱਗੀਆਂ ਘੂੰ-ਘੂੰ-ਘੂੰ, ਘੂੰ-ਘੂੰ-ਘੂੰ ਬੋਲ਼ਦੀਆਂ ਕੰਨੀਂ ਰਸ ਘੋਲ਼ਦੀਆਂ ਠੁਮ੍ਹਕ ਠੁਮ੍ਹਕ ਚੱਲਦੀਆਂ ਮਨ ਦੀ ਪਹੀ 'ਚ ਤੇਰੀਆਂ ਗੱਲਾਂ ਦਿਲ ਤੇਰਾ ਵਿਰਦ ਕਰਦਾ ਤੇ ਅਹਿਸਾਨਮੰਦ ਹੁੰਦਾ ਕਿ ਤੂੰ ਮੈਨੂੰ ਦਿੰਦਾ ਏਂ ਪਿਆਰ ਬੰਦਗੀ ਹੈ - ਤੇਰੇ ਪਿਆਰ 'ਚ ਮਸਤ ਰਹਿਣਾ ਤੇਰਾ ਨਾਮ ਜਪਣਾ ਰੱਬ ਦੇ ਨਾਮ ਵਾਂਙ

ਸਖੀ ਆਖਦੀ...4

ਹੇ ਕਾਨ੍ਹਾ, ਮੈਂ ਅਨੁਭਵ ਕੀਤਾ ਕਿ ਪਿਆਰ ਆਤਮਾ 'ਚ ਕਿਵੇਂ ਖਿੜਦਾ ਹੈ ਹੰਝੂਆਂ ਦੇ ਲੂਣੇ ਲੂਣੇ ਸਵਾਦ 'ਚੋਂ ਵੇਦਨਾ ਦੀ ਮੱਠੀ ਮੱਠੀ ਟੀਸ 'ਚੋਂ ਤਾਂਘ ਦੀ ਨਿਰੰਤਰ ਗਤੀ 'ਚੋਂ ਤੇ ਡੁੱਬਦੀ ਜਾਂਦੀ ਦਿਲ ਦੀ ਧੜਕਣ 'ਚੋਂ ਮਹਿਸੂਸ ਕੀਤਾ ਪਿਆਰ ਮੈਂ ਜਾਣਿਆ ਆਪਣੇ ਅੰਤਹਾਕਰਣ ਤੇ ਸਾਰੇ ਬ੍ਰਹਿਮੰਡ ਅੰਦਰ ਇਕਸਾਰ ਫੈਲੀ ਰੌਸ਼ਨੀ ਨੂੰ ਮੈਂ ਤੇਰੇ ਦਿਲ ਨੂੰ ਛੁਹ ਕੇ ਤੇਰੀ ਆਤਮਾ ਦੀ ਮਹਿਕ ਨੂੰ ਆਪਣੀ ਆਤਮਾ ਨਾਲ਼ ਆਲਿੰਗਣ ਕਰਨ ਦਿੱਤਾ ਹੈ ਇਸ ਤਰ੍ਹਾਂ ਪਾਇਆ ਤੈਨੂੰ ਤੇਰੀ ਅਨੁਕੰਪਾ ਨਾਲ਼

ਸਖੀ ਆਖਦੀ...5

ਹੇ ਕਾਨ੍ਹਾ, ਰਾਤੀਂ ਚੰਨ ਦੀ ਚਾਨਣੀ ਘੁਲ਼ਦੀ ਰਹੀ ਜਮਨਾ ਦੇ ਪਾਣੀਆਂ 'ਚ ਅੰਮ੍ਰਿਤ ਵੇਲ਼ੇ ਮੈਂ ਚਾਨਣੀ ਨਾਲ਼ ਇਸ਼ਨਾਨ ਕੀਤਾ ਤੇ ਤੇਰੇ ਪਿਆਰ 'ਚੋਂ ਘੁੱਟ ਭਰਿਆ...

ਸਖੀ ਆਖਦੀ...6

ਹੇ ਕਾਨ੍ਹਾ, ਮੈਂ 'ਮੈਂ' ਤੋਂ ਮੁਕਤ ਤੇਰੇ ਅੰਦਰ ਟਿਕੀ ਹਾਂ ਕਿਉਂ ਲੱਭਾਂ ਫਿਰ ਤੈਨੂੰ ਆਪਣੇ ਤੋਂ ਬਾਹਰ? ਮੈਂ ਤੇਰੀ ਰਾਧਿਕਾ ਹਰ ਪਲ਼ ਤੇਰੇ ਨਾਲ਼ ਹਾਂ ਮੇਰੇ ਮੋਹਨ ਪਿਆਰੇ! ਮੈਂ ਹੁੰਦੀ ਹੀ ਨਹੀਂ ਕਦੇ ਤੈਥੋਂ ਬਗ਼ੈਰ...

ਸਖੀ ਆਖਦੀ...7

ਜਦੋਂ ਤੂੰ ਮੈਨੂੰ ਪਿਆਰ ਕਰਦਾ ਏਂ ਮੋਹਨ, ਉਦੋਂ ਮੈਂ ਪਰਮ-ਅਨੰਦ 'ਚ ਹੁੰਦੀ ਹਾਂ ਤੇਰੇ ਵਜੂਦ 'ਚ ਘੁਲ਼ੀ-ਮਿਲੀ ਐਨ ਤੇਰੇ ਜਿਹੀ ਆਤਮਾ ਉਦੋਂ ਸਮਰਪਣ ਕਰ ਦਿੰਦੀ ਹਾਂ ਆਪਣਾ ਆਪ ਤੇ ਆਪਣੀ 'ਮੈਂ' ਤੋਂ ਮੁਕਤ ਹੁੰਦੀ ਹਾਂ ਜਦੋਂ ਤੂੰ ਮੈਨੂੰ ਯਾਦ ਕਰਦਾ ਏਂ ਮੋਹਨ, ਮੈਂ ਤੇਰੇ ਦਿਲ 'ਚ ਹੁੰਦੀ ਹਾਂ ਜਿਵੇਂ ਕੋਈ ਨੀਂਦ 'ਚੋਂ ਪੋਲ਼ੇ ਜਿਹੇ ਸੁੱਤਾ ਪਿਆ ਉੱਠਦਾ ਹੈ - ਇਸ ਗੱਲ ਦਾ ਖ਼ਿਆਲ ਕਰਕੇ ਕਿ ਉਸਦੇ ਜਾਗਣ ਨਾਲ਼ ਜਾਗ ਨਾ ਪਵੇ ਕਿਤੇ ਕੋਈ ਹੋਰ ਜਦੋਂ ਤੂੰ ਮੈਨੂੰ ਮਿਲਦਾ ਏਂ ਮੋਹਨ, ਮੈਂ ਸਾਰੇ ਜੱਗ ਨੂੰ ਮਿਲ ਲੈਂਦੀ ਹਾਂ ਤੇਰੀਆਂ ਗੱਲਾਂ 'ਚ ਪੂਰੀ ਦੀ ਪੂਰੀ ਸ਼ਾਮਿਲ ਹੋ ਕੇ ਮੈਂ ਆਪਦੇ ਆਪ ਤੋਂ ਜਾਣੂੰ ਹੁੰਦੀ ਹਾਂ ਮਹਿਜ਼ ਤੇਰੀ ਆਵਾਜ਼ ਦੀ ਗਤੀ ਬਣਕੇ ਮੈਂ ਤੇਰੇ ਸੀਨੇ 'ਚ ਧੜਕਦੀ ਹਾਂ ਮੋਹਨ! ਤੇਰੇ ਵੱਲੋਂ ਆਉਂਦੀ ਹਵਾ 'ਚ ਮੇਰਾ ਨਾਮ ਸ਼ਾਮਿਲ ਹੈ...

ਹੇ ਨਟਵਰ!

ਤੇਰੇ ਪੈਰਾਂ 'ਚ ਰਾਸ ਹੱਥਾਂ 'ਚ ਬੰਸਰੀ ਹੋਠਾਂ 'ਤੇ ਅਗੰਮੀ ਗੀਤ ਕਾਇਆ 'ਚ ਅਸੀਮ ਰੌਸ਼ਨੀ ਵਣ-ਤ੍ਰਿਣ ਪੈਂਦਾ ਹੈ ਮਉਲ਼ ਸੂਰਜ-ਕਿਰਨਾਂ ਧਰਤ ਦੇ ਵਾਲ਼ਾਂ 'ਚ ਕੰਘੀ ਕਰਦੀਆਂ ਤੇਰਾ ਸ਼ਬਦ ਗੂੰਜਦਾ ਚਾਰੇ ਪਾਸੇ ਪੌਣਾਂ ਤੇਰੀ ਰਜ਼ਾ 'ਚ ਭ੍ਰਮਣ ਕਰਦੀਆਂ ਬੱਦਲਾਂ ਦੀ ਚਾਦਰ ਨਾਲ਼ ਅਸਮਾਨ ਢਕਿਆ ਜਾਂਦਾ ਰਾਤ ਹੁੰਦੀ ਦਿਨ ਚੜ੍ਹਦਾ ਸਾਰਾ ਸੰਸਾਰ ਨ੍ਰਿਤ ਕਰਦਾ ਮੱਥੇ 'ਤੇ ਮੋਰ-ਪੰਖ ਗਲ਼ ਪੁਸ਼ਪ-ਮਾਲ਼ਾ ਉਂਗਲਾਂ 'ਚ ਦੈਵੀ ਸੰਗੀਤ ਤੇਰਾ ਪ੍ਰੇਮ ਹਰ ਕਿਤੇ ਰਿਮਝਿਮ ਰਿਮਝਿਮ ਬਰਸਦਾ

ਉਡੀਕ

ਉਡੀਕ ਹੋ ਰਹੀ ਹੈ ਕਿ ਰੂਹ ਦੇ ਕੋਰੇ ਕਾਗਜ਼ 'ਤੇ ਪਿਆਰ ਦੀ ਲਿਖੀ ਜਾਣ ਵਾਲ਼ੀ ਕਵਿਤਾ ਹੋ ਸਕੇ ਪੂਰੀ ਛਿੜ ਸਕੇ ਅਗੰਮੀ ਨਾਦ ਨਸ ਨਸ ਅੰਦਰ ਧੜਕ ਸਕੇ ਨਾਭੀ ਦੀ ਵੀਣਾ ਬੇ-ਆਵਾਜ਼ ਤੇ ਇਸ 'ਤੇ ਗਾਇਆ ਜਾ ਸਕੇ ਮੁਕਤ ਲੈਅ 'ਚ ਦੈਵੀ ਗੀਤ ਉਡੀਕ ਹੋ ਰਹੀ ਹੈ ਕਿ ਤੂੰ ਆਵੇਂ ਹਵਾ ਵਾਂਙ ਸਹਿਜ ਜਿਹੇ ਮਹਿਕ ਵਾਂਙ ਚੁੱਪ-ਚਾਪ ਘੁਲ਼ ਜਾਵੇਂ ਧੁਰ ਅੰਦਰ ਤੀਕ ਸਪਰਸ਼ ਕਰ ਸਕਾਂ ਤੈਨੂੰ ਹਿਰਦੇ ਦੀ ਗਹਿਰੀ ਚੁੱਪ ਅੰਦਰ ਤੇਰੇ ਚਰਨਾਂ ਦੀ ਪਵਿੱਤਰ ਛੋਹ ਲਈ ਤੜਪਦੀ ਰਾਧਾ ਦੇਖ ਰਹੀ ਵਾਟ ਸਮਾਂ-ਹੀਣ ਸਾਹ ਚੱਲਦਾ ਇਸ ਰੁਕੇ ਹੋਏ ਆਕਾਸ਼ ਦੇ ਸੰਧੀ ਵੇਲ਼ੇ ਉਡੀਕ ਹੋ ਰਹੀ ਹੈ...

ਤੇਰੇ ਆਗ਼ਮਨ 'ਤੇ

ਮਹਿਕ ਪਰਤ ਰਹੀ ਹੈ ਸਾਹਾਂ 'ਚ ਧੜਕਣ 'ਚ ਉਤਰ ਰਹੀ ਹੈ ਹਵਾ ਨਦੀ ਵਹਿਣ ਲੱਗ ਪਈ ਸੀਨੇ 'ਚ ਆਪਣੀ ਪਿਆਸ ਦਾ ਰਿਸ਼ਤਾ ਤੇਰੀ ਅੱਗ ਨਾਲ ਕਰਕੇ ਮੈਂ ਮੁਕਤ ਹਾਂ ਪਿਆਰ ਦੀ ਨੀਲੱਤਣ 'ਚ ਅਸੀਮਤਾ ਸਿਮਟ ਰਹੀ ਹੈ ਜੋਗੀ ਪਰਤ ਆਇਆ ਸੁਮੇਰ ਪਰਬਤ ਤੋਂ ਗਲ਼ੀਆਂ 'ਚ ਗੋਪੀਆਂ ਨੱਚਦੀਆਂ ਹਨ ਘਰ 'ਚ ਕ੍ਰਿਸ਼ਨ ਗਾਉਂਦਾ ਹੈ ਮੇਰੇ ਵਿਹੜੇ ਤੂੰ ਆਇਆ ਏਂ ਤੇਰੇ ਆਗ਼ਮਨ 'ਤੇ ਮੈਨੂੰ ਭੁੱਲ ਗਏ ਸੁਆਗਤੀ ਬੋਲ ਰੋਵਾਂ ਨਦੀਆਂ ਕਿ ਸਮੁੰਦਰ ਹੋ ਜਾਂਦਾ ਏਂ ਤੂੰ ਦਿਲ ਭਰ ਗਿਆ ਤੇਰੇ ਪਿਆਰ ਨਾਲ਼ ਹੁਣ ਇਹ ਪਾਣੀ ਧਰਤੀ 'ਤੇ ਬਰਸੇਗਾ ਗਾਉਣਗੇ ਪੰਛੀ ਜੀਵਨ ਦੇ ਅਮਰ ਗੀਤ

ਕ੍ਰਿਸ਼ਨ ਬਾਣੀ...1

ਹੇ ਰਾਧੇ! ਜਦੋਂ ਤੂੰ ਨਦੀ ਹੁੰਦੀ ਏਂ ਮੈਂ ਤੇਰੀ ਰੇਤ ਹੁੰਦਾ ਹਾਂ ਜਦੋਂ ਤੂੰ ਰੇਤ ਹੁੰਦੀ ਏਂ ਮੈਂ ਤੇਰਾ ਸੇਕ ਹੁੰਦਾ ਹਾਂ ਜਦੋਂ ਤੂੰ ਸੇਕ 'ਚ ਬਦਲਦੀ ਏਂ ਮੈਂ ਮੇਘ ਬਣ ਕੇ ਵਰ੍ਹਦਾ ਹਾਂ ਤੇਰੀਆਂ ਇੱਛਾਵਾਂ ਨੂੰ ਤ੍ਰਿਪਤਾਣ ਲਈ...

ਕ੍ਰਿਸ਼ਨ ਬਾਣੀ...2

ਹੇ ਰਾਧੇ! ਜਿਵੇਂ ਓਮ ਦੀ ਧੁਨੀ ਫੈਲੀ ਹੋਈ ਹੈ ਬ੍ਰਹਿਮੰਡਾਂ ਅੰਦਰ ਇਸੇ ਦਾ ਇੱਕ ਹਿੱਸਾ ਬਣ ਕੇ ਮੇਰੇ ਅੰਦਰ ਫੈਲੀ ਹੋਈ ਏਂ ਤੂੰ ਤੇਰੇ ਅੰਦਰ ਪ੍ਰਾਣਵਾਨ ਮੈਂ... ਨਾ ਤੂੰ, 'ਤੂੰ' ਏਂ ਨਾ ਮੈਂ, 'ਮੈਂ' ਹਾਂ ਦੋਹਾਂ ਦਾ 'ਯੋਗ' ਹੈ ਹਰ ਕਿਤੇ... ਇੱਥੇ ਸਭ ਕੁਝ ਕਿਸੇ ਨਾ ਕਿਸੇ ਤਰ੍ਹਾਂ ਇੱਕ ਦੂਜੇ ਨਾਲ਼ ਜੁੜਿਆ ਹੋਇਆ ਏ

ਕ੍ਰਿਸ਼ਨ ਦੀ ਬੰਸਰੀ

ਬੰਸਰੀ ਨੇ ਜਨਮ ਲਿਆ ਬਾਂਸ 'ਚੋਂ ਧੁੱਪਾਂ-ਛਾਵਾਂ, ਗਰਮੀ-ਸਰਦੀ ਮੀਂਹਾਂ-ਝੱਖੜਾਂ ਨੂੰ ਝੱਲਿਆ ਬਾਂਸ ਦੇ ਕੀਤੇ ਗਏ ਪੋਰ ਪੋਰ ਅੱਗ 'ਚ ਸਾੜਿਆ ਗਿਆ ਫਿਰ ਕੀਤੇ ਗਏ ਛੇਕ ਤਾਂ ਕਿਤੇ ਜਾ ਕੇ ਕਾਨ੍ਹ ਗਵੱਈਏ ਦੇ ਬੁੱਲ੍ਹ ਜੁੜੇ ਹੁਣ ਬੰਸਰੀ ਪਿਆਰ ਵਾਲ਼ੀ ਫੂਕ ਨਾਲ਼ ਰਾਧਾ ਦਾ ਵਿਰਦ ਗਾਉਂਦੀ ਹੈ...

ਗਾਵਣ

ਤੂੰ ਗਾ ਰਾਧਾ ਦੀ ਮੁਹੱਬਤ ਸੀਤਾ ਦੀ ਪਾਵਨਤਾ ਮੀਰਾ ਦੀ ਲਗਨ ਤੂੰ ਗਾ ਬ੍ਰਿੰਦਾਬਨ ਦੀਆਂ ਕੁੰਜ-ਗਲੀਆਂ 'ਚ ਪੰਚਵਟੀ ਦੀਆਂ ਪਹੀਆਂ 'ਚ ਜਮਨਾ ਦੇ ਤੱਟ 'ਤੇ ਸ਼ਹਿਰ ਸ਼ਹਿਰ ਪਿੰਡ ਪਿੰਡ ਕਿਤੇ ਵੀ... ਤੂੰ ਗਾ ਕਿ ਵਿਸਮਾਦ ਅੰਦਰ ਕੁਦਰਤ ਖਿੜਦੀ ਹੈ ਧਰਤੀ ਸੁਹਾਗਣ ਹੁੰਦੀ ਹੈ ਤੇ ਆਨੰਦ ਦੀ ਛਹਿਬਰ ਲਗਦੀ ਹੈ... ਤੂੰ ਗਾ ਮੇਰੇ ਪ੍ਰੇਮ ਆਪਣੇ ਆਪ ਨੂੰ ਸਭ ਲਈ...

ਜੈ ਦੇਵ

ਜੈ ਦੇਵ, ਤੂੰ 'ਗੀਤ ਗੋਵਿੰਦ' ਵੀ ਰਚੀ ਤੇ 'ਬਾਣੀ' ਵੀ ਪਦਮਾਵਤੀ ਨੇ ਤੇਰੇ ਦਿਲ 'ਚ ਏਨਾ ਭਰ ਦਿੱਤਾ ਸੀ ਪਿਆਰ ਕਿ ਰਾਧਾ-ਮੋਹਨ ਸਦੀਵ ਕਾਲ ਲਈ ਪਿਆਰ ਦੇ ਪ੍ਰਤੀਕ ਬਣ ਗਏ...

ਇਸ ਤਰ੍ਹਾਂ ਲਿਖਦਾ ਹਾਂ...

ਪ੍ਰਾਣਾਂ ਦੀ ਚੁੱਪ ਅੰਦਰ ਅਸੀਮਤਾ ਉਤਾਰ ਕੇ ਬੋਲ਼ ਦਿੰਦਾ ਹਾਂ ਕੋਈ ਬੋਲ਼ ਛੇੜ ਦਿੰਦਾ ਹਾਂ ਹਵਾ ਦਾ ਸਾਜ਼ ਪਾਣੀਆਂ ਦਾ ਗੀਤ ਕੋਈ ਕਿ ਮੇਰੀ ਕਵਿਤਾ ਰਾਧਾ ਦੀ ਹੂਕ ਬਣ ਜਾਂਦੀ ਹੈ... ਮੈਂ ਨਹੀਂ ਹੁੰਦਾ ਕਵੀ ਕੁਝ ਆਪਣੇ ਆਪ ਗੂੰਜ ਉੱਠਦਾ ਸੀਨੇ ਅੰਦਰ ਆਪ-ਮੁਹਾਰੇ ਨੱਚ ਉੱਠਦੇ ਪੈਰ ਮੇਰੇ ਭਾਵਾਂ ਦੇ...

ਸਮੂਹ-ਗਾਣ

ਨਦੀ ਗਾਉਂਦੀ ਹੈ ਸਮੁੰਦਰ ਦੀ ਮੁਹੱਬਤ ਬਿਰਖ ਪੌਣਾਂ ਦਾ ਨਾਂ ਜਪਦੇ ਹਨ ਪਾਕ ਦਿਲ 'ਚੋਂ ਫ਼ਕੀਰ ਗਾਉਂਦੇ ਰੱਬ ਨੂੰ ਧਰਤੀ ਆਕਾਸ਼ ਦਾ ਪਿਆਰ ਗਾਉਂਦੀ ਹੈ ਰਾਤ ਗਾਉਂਦੀ ਹੈ ਸੂਰਜ ਦੀ ਆਰਤੀ ਮਾਇਆ ਗਾਉਂਦੀ ਬ੍ਰਹਮ ਦਾ ਵਿਸਤਾਰ ਮੈਂ ਗਾਵਾਂ ਤੈਨੂੰ... ਮੇਘ ਗਾਉਂਦੇ ਧਰਤ ਦੀ ਪਿਆਸ ਰੁੱਤਾਂ ਗਾਉਣ ਅਨੰਤ ਚੱਕਰ ਸਗਲ ਜੀਵ, ਪਦਾਰਥ ਸਾਰੇ ਇੱਕ ਅਕਾਲ ਬਿੰਦੂ ਨੂੰ ਗਾਉਂਦੇ ਸੁੰਨ-ਸਮਾਧੀ ਲਾਉਣੀ ਚਾਹੁੰਦੇ ਸਭ ਕੁਝ ਗਾਉਂਦਾ ਨਾਮਾਂ ਤੇ ਰੂਪਾਂ ਅੰਦਰ ਸਾਰੀ ਕੁਦਰਤ ਸਦੀਵੀ ਚੁੱਪ ਨੂੰ ਗਾਉਂਦੀ ਤੇਰੇ 'ਚੋਂ ਉਪਜਦੀ ਤੇਰੇ 'ਚ ਸਮਾਉਂਦੀ

ਵਿਸਮਾਦੀ ਛਿਣਾਂ 'ਚ

ਵਿਸਮਾਦੀ ਛਿਣਾਂ 'ਚ ਕਾਇਆ ਕਾਇਨਾਤ ਹੁੰਦੀ ਦਿਲ 'ਚੋਂ ਸੁਣਦੀ ਧਰਤ ਦੀ ਧੜਕਣ ਮੱਥੇ 'ਚੋਂ ਦਿਸਦਾ ਨੀਲ ਗਗਨ ਰਗਾਂ 'ਚ ਰਵਾਨੀ ਨਦੀਆਂ ਦੀ ਰੋਮ ਰੋਮ ਵਣ ਹਰਿਆਵਲਾ ਅੰਦਰ ਖੰਡ-ਬ੍ਰਹਿਮੰਡ ਸਾਰੇ ਸਾਹ ਲੈਂਦੀ ਸ੍ਰਿਸ਼ਟੀ ਪੁਲਕਿਤ ਹੁੰਦੇ ਭਾਵ ਅਹਿਸਾਸ ਵਿਗਸਦੇ ਗਾਉਂਦੇ ਜਜ਼ਬਾਤ ਸਦਾ ਬਹਾਰ ਰੁੱਖ ਗਿਆਨ ਦੇ ਅੰਤਹਾਕਰਣ 'ਚ ਸਦੀਵੀ ਵਿਸਮਾਦ ਜਿਵੇਂ ਸਮੁੰਦਰ 'ਚ ਅਗਨ ਸ਼ਾਂਤ ਹੁੰਦੀ ਟਿਕ ਜਾਂਦੇ ਵਿਕਾਰ ਸੱਭੇ ਹਿਰਦੇ ਦਾ ਕਮਲ ਫੁੱਲ ਖਿੜਦਾ ਧੁੱਪ ਵਾਂਙ ਚਮਕਦਾ ਲਲਾਟ ਦਾ ਜੋਤੀ-ਕਲਸ਼ ਪਰਮਾਤਮਾ ਦੀ ਮੌਜ ਅੰਦਰ ਆਨੰਦਿਤ ਹੁੰਦੀ ਆਤਮਾ ਵਿਸਮਾਦੀ ਛਿਣਾਂ 'ਚ ਨਿਹਾਰਦੀ ਨਿਰਤ 'ਨਦਰੀ ਨਦਰਿ ਨਿਹਾਲ'

ਮੇਰੇ ਨੈਣਾਂ 'ਚ ਦੇਖ

ਦੇਖ ਦੁਮੇਲ 'ਤੇ ਜਿਵੇਂ ਬੱਦਲਾਂ ਦੀਆਂ ਸੁਨਹਿਰੀ ਕੰਨੀਆਂ ਫੈਲ ਜਾਂਦੀਆਂ ਜਿਵੇਂ ਹਵਾ ਫੁੱਲ-ਪੱਤੀਆਂ ਨਾਲ਼ ਖੇਡਦੀ ਜਿਵੇਂ ਮੀਂਹ ਦੀਆਂ ਕਣੀਆਂ 'ਚ ਰੁੱਖਾਂ ਦੀਆਂ ਟੀਸੀਆਂ 'ਤੇ ਬਹਿ-ਬਹਿ ਭਿੱਜਦੇ ਪੰਛੀ ਖ਼ੁਸ਼ੀ ਨਾਲ ਬਰਸਾਤ ਨੂੰ ਜਿਵੇਂ ਮਹਿੰਦੀ ਦੀ ਮਹਿਕ ਰਚ ਤੁਰਦੀ ਪੌਣਾਂ 'ਚ ਜਿਵੇਂ ਪਾਣੀ ਵਹਿ ਤੁਰਦਾ ਨਿਵਾਣਾਂ ਨੂੰ... ਕੁਝ ਇਸ ਤਰ੍ਹਾਂ ਦੇ ਦ੍ਰਿਸ਼ ਮੇਰੇ ਨੈਣਾਂ 'ਚ ਦੇਖ...

ਉਮੰਗ

ਹਰਫ਼ਾਂ ਦੇ ਮਾਸੂਮ ਪ੍ਰਿੰਦਿਆਂ ਨੂੰ ਉਡ ਜਾਣ ਦਿੰਦਾ ਹਾਂ ਜਿੱਧਰ ਵੀ ਉਹ ਜਾਣਾ ਚਾਹੁੰਦੇ ਹਨ ਮੈਂ ਬਣ ਜਾਣਾ ਚਾਹੁੰਦਾ ਹਾਂ ਅਸੀਮ ਅਕਾਸ਼ ਜਿਹਾ ਜਿਸ ਦੀ ਨੀਲੱਤਣ 'ਚ ਪ੍ਰਿੰਦਿਆਂ ਦੀ ਪਰਵਾਜ਼ ਲਿਖੀ ਹੁੰਦੀ ਹੈ...

ਚੰਗਾ ਚੰਗਾ ਲਗਦਾ ਹੈ

ਹਾਂ ਮੈਨੂੰ ਚੰਗਾ ਚੰਗਾ ਲਗਦਾ ਹੈ ਭਾਦੋਂ ਦੀ ਧੁੱਪੇ ਸਬਜ਼ ਘਾਹ 'ਤੇ ਉੱਡਦੀ ਕਿਸੇ ਤਿਤਲੀ ਪਿੱਛੇ ਦੌੜਨਾ ਪੱਛਮੀ ਆਕਾਸ਼ 'ਤੇ ਸੂਰਜ ਦੇ ਅਸਤਣ ਤੋਂ ਕੁਝ ਪਲ ਪਹਿਲਾਂ ਤੇ ਸੂਰਜ ਦੇ ਅਸਤਣ ਤੋਂ ਕੁਝ ਪਲ ਬਾਅਦ ਤਿੱਤਰ-ਖੰਭੀ ਬੱਦਲੀਆਂ ਦੀ ਕੈਨਵਸ 'ਤੇ ਆਪ-ਮੁਹਾਰੇ ਬਣਦੀਆਂ ਸੁਨਹਿਰੀ ਕੰਨੀਆਂ ਵਾਲ਼ੀਆਂ ਅਦਭੁਤ ਕਲਾ-ਕਿਰਤਾਂ ਨੂੰ ਮਾਨਣਾ ਕਿਸੇ ਸਾਂਵਲੀ ਜਿਹੀ ਨਦੀ ਦੇ ਪਾਣੀਆਂ 'ਤੇ ਹਵਾ ਦੇ ਰੁਮਕਣ ਨਾਲ਼ ਬਣਦੀਆਂ ਮਿਟਦੀਆਂ ਲਹਿਰਾਂ 'ਚ ਗੁੰਮ ਜਾਣਾ ਪਿਆਰ ਅੰਦਰ ਸਾਰੀ ਕਾਇਨਾਤ ਦੀ ਸੁਹੱਪਣ ਨੂੰ ਰੂਹ 'ਚ ਰਚਾ ਕੇ ਜੀਣਾ ਤੇ ਆਪਣੇ ਅੰਦਰਲੀ ਇਕਾਂਤ 'ਚ ਉਤਰ ਜਾਣਾ ਹਾਂ ਮੈਨੂੰ ਚੰਗਾ ਚੰਗਾ ਲਗਦਾ ਹੈ...

ਤੂੰ ਕਦੇ

ਤੂੰ ਕਦੇ ਬੱਦਲਾਂ ਨਾਲ਼ ਭਰੇ ਅਸਮਾਨ 'ਚੋਂ ਵਰ੍ਹਦੀਆਂ ਕਣੀਆਂ ਦਾ ਨਾਦ ਸੁਣ ਪਾਣੀ ਦਾ ਨਿਵਾਣ ਵੱਲ ਨ੍ਰਿਤ ਕਰਦੇ ਵਹਿਣਾ ਵੇਖ ਅੱਗ ਦਾ ਭਬਕਣਾ ਤੱਕ ਤੇ ਮਿੱਟੀ ਦਾ ਮੂਕ ਹੋਣਾ ਕਦੇ ਜਾਣ ਤਾਂ ਸਹੀ ਕਿ ਤੇਰੇ ਸਾਹਾਂ 'ਚ ਕੌਣ ਨੱਚਦਾ ਹੈ ਇਸ ਨਾਲ਼ ਤਾਲ਼ ਮਿਲਾ ਕੇ ਨੱਚਣ ਦੀ ਕਲਾ ਸਿਖ ਜ਼ਰਾ ਆਪਣੇ ਅੰਦਰ ਉਤਰ ਕੇ ਸੁਣ ਕਿ ਕੁਦਰਤ ਦੀ ਸਿਤਾਰ 'ਤੇ ਕਿਸ ਦੇ ਸੁਨਹਿਰੀ ਪੋਟੇ ਫਿਰ ਰਹੇ ਨੇ ਕੌਣ ਸੂਰਜ, ਚੰਨ, ਤਾਰਿਆਂ ਸਮੇਤ ਬ੍ਰਹਿਮੰਡਾਂ ਨੂੰ ਗਤੀਮਾਨ ਰਖਦਾ ਹੈ? ਤੇਰੇ ਵਰਕਿਆਂ 'ਤੇ ਲਿਖੇ ਸ਼ਬਦਾਂ 'ਚ ਪ੍ਰੇਮ ਦੇ ਭਾਵ ਕੌਣ ਭਰਦਾ ਹੈ? ਜ਼ਰਾ ਆਪਣੀ ਹਉਂ ਤੋਂ ਮੁਕਤ ਹੋ ਕੇ ਵੇਖ ਕਿ ਲਗਾਤਾਰ ਬਰਸਾਤ ਦੀ ਰਾਤ ਅੰਦਰ ਟੋਭਿਆਂ, ਛੱਪੜਾਂ 'ਚ ਡੱਡੀਆਂ ਕੀ ਗਾਉਂਦੀਆਂ ਹਨ? ਕੰਧਾਂ, ਖੁੰਦਰਾਂ, ਵਿਰਲ਼ਾਂ 'ਚ ਬੈਠੀਆਂ ਟਿੱਡੀਆਂ ਤੇ ਕੀਟ ਪਤੰਗ ਕਿਸ ਦਾ ਵਿਰਦ ਕਰਦੇ ਹਨ? ਇਹ ਸਾਰੇ ਜੀਅ-ਜੰਤ ਕਿਸ ਦੀ ਆਰਤੀ ਉਤਾਰਦੇ ਹਨ? ਜ਼ਰਾ ਆਪਣੀ ਹਉਂ ਤੋਂ ਮੁਕਤ ਹੋ ਕੇ ਵੇਖ ਸਭਨਾਂ 'ਚ ਤੈਨੂੰ ਇੱਕ ਸਾਂਝਾ ਦਿਲ ਧੜਕਦਾ ਸੁਣਾਈ ਦੇਵੇਗਾ

ਮਹਿਸੂਸ ਕਰ

ਤੂੰ ਕਦੇ ਬਿਰਖ ਦੀਆਂ ਸਿਖਰਾਂ ਨਾਲ਼ ਹਵਾ ਨੂੰ ਕਲੋਲਾਂ ਕਰਦੇ ਤੱਕਿਆ ਹੈ? ਤੂੰ ਕਦੇ ਧਿਆਨ ਨਾਲ ਸੁਣਿਆ ਹੈ ਉਹ ਜੋ ਪੱਤੇ ਪੱਤੇ ਦੇ ਕੰਨ 'ਚ ਜਾ ਕੇ ਕਹਿੰਦੀ ਹੈ? ਤੂੰ ਕਦੇ ਉਸਦੀ ਪਾਰਦਰਸ਼ੀ ਦੇਹ 'ਚੋਂ ਖਿੜਦੇ ਪ੍ਰੇਮ ਦੇ ਫੁੱਲਾਂ ਦਾ ਸੁਹੱਪਣ ਮਾਣਿਆ ਹੈ? ਤੇ ਕਦੇ ਜਾਣਿਆ ਹੈ ਦਿਲ ਅੰਦਰ ਕਿ ਕਿਵੇਂ ਉਹ ਪੋਲ਼ੇ ਜਿਹੇ ਬੜਾ ਚਿਰ ਰੁਕ-ਰੁਕ ਕੇ ਉਨ੍ਹਾਂ ਦੇ ਤਣਿਆਂ ਨੂੰ ਬੇਸੁਧ ਹੋਈ ਚੁੰਮਦੀ ਰਹਿੰਦੀ ਹੈ ਮਹਿਸੂਸ ਕਰ ਕਿ ਬਿਰਖਾਂ 'ਚ ਵੀ ਤੇਰੇ ਜਿਹੇ ਅਹਿਸਾਸ ਰਚੇ ਹੋਏ ਨੇ ਹਵਾਵਾਂ ਵਿਚ ਵੀ ਤੇਰੀ ਖੁਸ਼ੀ ਰੁਮਕ ਰਹੀ ਹੈ ਇਂਞ ਜੁੜ ਸਭ ਕਾਸੇ ਨਾਲ਼ ਕਿ ਤੇਰੇ ਅੰਦਰ ਇੱਕੋ ਵੇਲ਼ੇ ਬਿਰਖ ਵੀ ਗਾਉਣ ਤੇ ਹਵਾਵਾਂ ਵੀ ਰੁਮਕ ਪੈਣ...

ਬਦਲੋਟੀਆਂ

ਸਾਉਣ ਦੇ ਮਹੀਨੇ ਪੁੰਨਿਆਂ ਦੀ ਚਾਨਣੀ 'ਚ ਚਾਂਦੀ ਦੇ ਵਰਕਾਂ ਵਾਂਗ ਚਮਕਦੀਆਂ ਬਦਲੀਆਂ ਨਾਲ਼ ਘੁਲ਼-ਮਿਲ ਜਾਂਦੀ ਮੇਰੀ ਰੂਹ ਮੇਰੇ ਅੰਦਰਲੇ ਆਕਾਸ਼ 'ਤੇ ਫੈਲ ਜਾਂਦੀਆਂ ਰਿਸ਼ਮਾਂ ਪੁੰਨਿਆ ਦੇ ਚੰਨ ਦੀਆਂ ਮੈਂ ਨਿਹਾਰਦਾ ਰਹਿੰਦਾ ਹਾਂ ਪਹਿਰਾਂ ਤੀਕ ਅੰਦਰਲੇ ਆਕਾਸ਼ ਨੂੰ ਕਿੰਨੇ ਮਿਲਦੇ ਨਕਸ਼ ਅੰਦਰਲੇ ਆਕਸ਼ ਦੇ ਬਾਹਰਲੇ ਆਕਾਸ਼ ਨਾਲ਼ ਬਦਲੋਟੀਆਂ ਨਾਲ਼ ਰਾਸ ਰਚਾਉਂਦਾ ਚੰਨ ਮੈਨੂੰ ਆਪਣਾ ਆਪ ਲਗਦਾ ਤੇ ਕੁੱਲ ਆਕਾਸ਼ ਲਗਦਾ ਬ੍ਰਿੰਦਾਬਨ ਜਿਹਾ

ਸ੍ਰਿਸ਼ਟੀ

ਇੱਕ ਤਾਰਾ ਨਾਲ਼-ਨਾਲ਼ ਤੁਰਦਾ ਚੰਦਰਮਾ ਦੇ ਕਈ ਵਾਰ ਹੈਰਾਨ ਹੁੰਦਾ ਹਾਂ ਅਨੰਤ ਸਫ਼ਰਾਂ 'ਤੇ ਟੁਰ ਰਹੇ ਬ੍ਰਹਿਮੰਡਾਂ ਬਾਰੇ ਕਿਆਸ ਕੇ ਗਤੀ 'ਚ ਘੁੰਮ ਰਿਹਾ ਸਭ ਕੁਝ ਜ਼ਿੰਦਗੀ ਤੇ ਮੌਤ- -ਕਾਲ ਦੇ ਧਾਗੇ ਦੇ ਦੋ ਸਿਰੇ ਤੇ ਨਾਲ ਬੱਝੀ ਸ੍ਰਿਸ਼ਟੀ ਸਾਰੀ ਕ੍ਰਿਸ਼ਨ ਦੀ ਰਾਸ ਵਾਂਙ ਸ਼ਿਵ ਦੇ ਤਾਂਡਵ ਵਾਂਙ ਅਜਬ ਰਚਨਾ ਹੋ ਰਹੀ ਸਗਲ ਸੰਸਾਰ ਦੀ...

ਟਿਕੀ ਹੋਈ ਰਾਤ

ਟਿਕੀ ਹੋਈ ਰਾਤ ਉੱਗਦੇ ਸਿਆਲ਼ ਦੀ ਰਾਤ ਚੰਨ ਇਕਾਦਸ਼ੀ ਦਾ ਭਰ ਰਿਹਾ ਚਾਂਦਨੀ ਨਾਲ਼ ਕਾਲ਼ੰਬਰ ਧੋ ਰਿਹਾ ਧਰਤੀ ਦਾ ਮੁੱਖ ਤੇ ਪੂੰਝ ਰਿਹਾ ਰਿਸ਼ਮਾਂ ਦੇ ਪਰਨੇ ਨਾਲ਼ ਅੰਬਰੀ ਬਦਨ 'ਤੇ ਲਿਸ਼ਕਣ ਤਾਰੇ ਸੁਰਤਿ ਮੇਰੀ ਵਿਚ ਨਾਦ ਗਾ ਰਿਹਾ ਝਰਨਾ ਸੌਂ ਰਹੇ ਰੁੱਖ ਦੇਵਦਾਰ ਟਿਕੀ ਹੋਈ ਰਾਤ ਮੌਨ ਪਰਬਤ ਧੌਲ਼ਾਧਾਰ

ਓ ਮੇਰੇ ਅੰਦਰਲੇ ਕਵੀ

ਓ ਮੇਰੇ ਅੰਦਰਲੇ ਕਵੀ ਨਾ ਲਿਖ ਜੰਗਲ ਦੀ ਕਵਿਤਾ ਜੇ ਤੂੰ ਬਣ ਸਕਦਾ ਏਂ 'ਕੱਲੇ-'ਕੱਲੇ ਰੁੱਖ ਲਈ 'ਵਾ ਬਣ ਜਾ ਮੀਂਹ-ਕਣੀ ਬਣ ਜਾ ਮਿੱਟੀ ਜਾਂ ਧੁੱਪ ਬਣ ਜਾ ਆਪਣੇ ਆਪ ਛਪ ਜਾਵੇਗੀ ਪੱਤਿਆਂ 'ਤੇ ਕਵਿਤਾ ਸ਼ਬਦ ਹੀ ਕਵਿਤਾ ਨਹੀਂ ਹੁੰਦੇ ਕਵਿਤਾ ਹੁੰਦੇ ਨੇ ਜੰਗਲ ਦੇ ਰੁੱਖ ਵੀ ਰੁੱਖਾਂ ਦੇ ਪੰਛੀ ਵੀ ਪੰਛੀਆਂ ਦੇ ਗੀਤ ਵੀ ਜਿਥੋਂ ਤੂੰ ਚੋਰੀ ਕਰ ਲੈਂਦਾ ਏਂ ਬਿੰਬ ਤੇ ਪ੍ਰਤੀਕ ਜੰਗਲ ਚੁੱਪ ਨਹੀਂ ਰਹੇਗਾ ਇਕ ਦਿਨ ਤੇਰਾ ਭੇਤ ਦਏਗਾ ਖੋਲ੍ਹ ਇਸ ਲਈ ਨਾ ਲਿਖ ਜੰਗਲ ਦੀ ਕਵਿਤਾ...

ਇਜਾਜ਼ਤ

ਇਜਾਜ਼ਤ ਚਾਹੁੰਦਾ ਹਾਂ ਕਿ ਭੋਲ਼ੇ ਪ੍ਰਿੰਦਿਆਂ ਨੂੰ ਮੇਰੇ ਭਾਵਾਂ ਦੀ ਚੋਗ ਚੁਗ ਲੈਣ ਦੇਣੀ ਮੈਨੂੰ ਬਿਰਖਾਂ ਤੇ ਹਵਾਵਾਂ ਦੇ ਗਲ਼ ਲੱਗ ਕੇ ਮਿਲ ਲੈਣ ਦੇਣਾ ਧੁੱਪ ਨੂੰ ਪਾ ਲੈਣ ਦੇਣਾ ਮੇਰੇ ਸੀਨੇ 'ਤੇ ਆਲ੍ਹਣਾ ਤੇ ਮੈਨੂੰ ਆਕਾਸ਼ ਦੀ ਨੀਲੱਤਣ ਦਾ ਗੀਤ ਗਾ ਲੈਣ ਦੇਣਾ... ਇਜਾਜ਼ਤ ਚਾਹੁੰਦਾ ਹਾਂ ਕਿ ਭੋਲ਼ੇ ਪ੍ਰਿੰਦਿਆਂ ਨੂੰ ਮੇਰੇ ਭਾਵਾਂ ਦੀ ਚੋਗ ਚੁਗ ਲੈਣ ਦੇਣੀ...

ਜਲ ਦਰਪਣ

ਜਲ ਵਿਚ ਕਮਲ ਤਰਦੇ ਚਿਹਰਾ ਵੀ ਨਜ਼ਰ ਆਉਂਦਾ ਜਲ ਨਿਰਛਲ ਚਿਹਰਾ ਛਲੀਆ ਜਲ ਤਾਂ ਦਰਪਣ ਹੈ ਪ੍ਰਤੀਬਿੰਬ ਮੋੜ ਦਿੰਦਾ...

ਸ਼ੂਕਦੀਆਂ ਪੌਣਾਂ-1

ਮਾਰਚ ਦੇ ਅੰਤਲੇ ਦਿਨਾਂ ਦੀਆਂ ਸ਼ੋਰੀਲੀਆਂ ਪੌਣਾਂ ਸਫ਼ੈਦਿਆਂ ਨੂੰ ਗਾਉਣ ਲਾ ਰਹੀਆਂ ਅਨੰਤ ਰਾਗਣੀਆਂ ਨਦੀ ਦਾ ਜਲ ਨ੍ਰਿਤ ਕਰਦਾ ਹੈ ਪੌਣਾਂ ਨੇ ਨਦੀ ਨੂੰ ਨ੍ਰਤਕੀ ਬਣਾ ਦਿੱਤਾ ਹੈ ਪਹੀ 'ਚ ਖੜ੍ਹਾ ਮੈਂ ਸ਼ੂਕਦੀਆਂ ਪੌਣਾਂ 'ਚ ਗਾ ਰਿਹਾਂ ਕੋਈ ਗੀਤ ਦੂਰ ਤੀਕ ਲਹਿਰਾਉਂਦੀਆਂ ਸੁਕ ਰਹੀਆਂ ਸੋਨ-ਰੰਗੀ ਕਣਕਾਂ 'ਚ ਮੇਲ੍ਹਦੀ ਫਿਰਦੀ ਹਵਾ ਨੀਲ ਆਕਾਸ਼ ਮੇਰੇ ਰੋਮ ਰੋਮ ਹਵਾ ਦਾ ਸਪਰਸ਼ ਅਹਿਸਾਸ ਕਰਾਉਂਦਾ ਕਿ ਮੈਂ ਵੀ ਇਸ ਦਾ ਇਕ ਅੰਗ ਹਾਂ ਕਾਦਰ ਦੀ ਕੁਦਰਤ ਦਾ ਰੰਗ ਹਾਂ

ਸ਼ੂਕਦੀਆਂ ਪੌਣਾਂ-2

ਸੰਘਣੇ ਸਫ਼ੈਦਿਆਂ ਨੂੰ ਮਹਾਂ-ਆਵਾਜ਼ 'ਚ ਬਦਲ ਰਹੀਆਂ ਸ਼ੂਕਦੀਆਂ ਪੌਣਾਂ ਝੱਖੜ ਬਣਦੀਆਂ ਦਾਣਾ-ਦੁਣਕਾ ਧੂੜ-ਮਿੱਟੀ ਗਰਦ-ਰੇਤਾ ਉਡਾ ਕੇ ਲੈ ਜਾਂਦੀਆਂ ਦੂਰ ਦੂਰ ਤੀਕ... ਅਸਮਾਨ ਨੂੰ ਚੜ੍ਹਦੀ ਮਿੱਟੀ ਤੇਜ਼ ਹਵਾਵਾਂ ਨਾਲ਼ ਕੀ ਇਹ 'ਅਨਹਦ ਨਾਦ' ਨਹੀਂ ਹੈ? ਮੇਰੀ ਆਵਾਜ਼ ਅੱਖਰਾਂ 'ਚ ਸਿਮਟੀ ਹੋਈ ਕਵਿਤਾ 'ਚ ਬੋਲਦੀ ਹੈ ਕਿਹੜੀ ਰੂਹ ਪਾਣੀਆਂ ਨੂੰ ਨ੍ਰਿਤਮਈ ਬਣਾ ਰਹੀ ਪੱਤਿਆਂ ਦੇ ਸਾਜ਼ ਨੂੰ ਵਜਾ ਰਹੀ ਅਪ੍ਰੈਲ ਦੀ ਦੱਖਣੀ ਹਵਾ ਇਹ ਕੀ ਗਾ ਰਹੀ? ਮੈਂ ਕਿਉਂ ਬਚਦਾ ਹਾਂ ਨ੍ਹੇਰੀਆਂ ਤੋਂ? ਕਿਉਂ ਨਹੀਂ ਸੁਣਦਾ ਇਸ ਦੇ ਸ਼ੋਰੀਲੇ ਸ੍ਵਰ? ਕਿਉਂ ਆਪਣੇ ਆਪ 'ਚ ਉਲਝਿਆ ਹੋਇਆ ਹਾਂ? ਕੀ ਮੈਂ ਨ੍ਹੇਰੀ ਸੰਗ ਨ੍ਹੇਰੀ ਨਹੀਂ ਬਣ ਸਕਦਾ? ਕੀ ਮੈਂ ਨਹੀਂ ਗਾ ਸਕਦਾ ਪੱਤਿਆਂ ਦੇ ਨਾਲ਼ ਨਾਲ਼? ਵਗਦੀ ਨ੍ਹੇਰੀ ਦੇ ਸਨਮੁਖ ਮੈਂ ਆਪਣੇ ਆਪ ਨੂੰ ਕਰ ਰਿਹਾਂ ਕਿੰਨੇ ਸੁਆਲ...

ਸ਼ੂਕਦੀਆਂ ਪੌਣਾਂ-3

ਪੌਣਾਂ ਸ਼ੂਕਦੀਆਂ ਬਿਰਖਾਂ 'ਚ ਬਹਿ ਕੇ ਟਾਹਣੀਆਂ 'ਤੇ ਗਾਉਂਦੇ ਪੰਛੀ ਨਦੀ ਦੀਆਂ ਲਹਿਰਾਂ ਸੱਪ ਵਾਂਙ ਮੇਲ੍ਹਦੀਆਂ ਹੇ ਕੁਦਰਤ, ਤੈਨੂੰ ਮਾਣਦਾ ਹਾਂ ਤੇ ਤੇਰੇ ਸਿਰਜਣਹਾਰ ਨੂੰ ਨਮਸਕਾਰਦਾ ਹਾਂ

ਪਿਆਰ ਬੰਧਨ 'ਚ

ਮੈਂ ਪਹਾੜਾਂ ਦੀ ਚੁੱਪ ਤੇ ਦਰਿਆਵਾਂ, ਝਰਨਿਆਂ ਦੇ ਨਾਦ ਸੁਣਨ ਜਾਂਦਾ ਹਾਂ ਬਿਰਖਾਂ ਨਾਲ਼ ਹਵਾ ਦੀਆਂ ਖਰਮਸਤੀਆਂ ਮਾਣਦਾ ਹਾਂ ਰੇਤਲੇ ਟਿੱਬਿਆਂ 'ਤੇ ਧੁੱਪ ਦੀਆਂ ਲੰਮੀਆਂ ਕੰਨੀਆਂ ਵਾਲ਼ੀਆਂ ਚਾਦਰਾਂ ਨੂੰ ਵਿਛਦੇ ਦੇਖਦਾ ਹਾਂ ਪੰਛੀਆਂ ਦੇ ਗੀਤਾਂ ਨੂੰ ਫ਼ਿਜ਼ਾਵਾਂ 'ਚ ਰਸ ਬਣਕੇ ਘੁਲ਼ਦੇ ਦੇਖਦਾ ਹਾਂ ਸੰਧਿਆ ਨੂੰ ਬੱਦਲਾਂ ਦੇ ਪਿੰਡੇ 'ਤੇ ਗੁਲਾਲ ਸੁੱਟਦੇ ਦੇਖਦਾ ਹਾਂ ਰਾਤ ਦੀ ਖ਼ਾਮੋਸ਼ੀ ਨੂੰ ਸਾਰੇ ਜੀਵਾਂ, ਨਿਰਜੀਵਾਂ 'ਤੇ ਲਿਪਟਦੀ ਦੇਖਦਾ ਹਾਂ ਮੈਂ ਸਵੇਰ ਦੀਆਂ ਕੰਜ-ਕੁਆਰੀਆਂ ਕਿਰਨਾਂ ਨੂੰ ਖ਼ੁਸ਼ੀ ਵਿਚ ਝੁੰਮਰ ਪਾਉਂਦੀਆਂ ਨੂੰ ਦੇਖਦਾ ਹਾਂ ਇਂਞ ਪ੍ਰਕ੍ਰਿਤੀ ਨਾਲ਼ ਸਹਿਮਤ ਹੁੰਦਾ ਹਾਂ ਤੇ ਉਸ ਨੂੰ ਆਪਣੇ ਨਾਲ ਪਿਆਰ ਬੰਧਨ 'ਚ ਆਜ਼ਾਦ ਜਿਹੀ ਮਹਿਸੂਸ ਕਰਦਾ ਹਾਂ

ਸੰਧਿਆ-1

ਸੰਧਿਆ ਹੋ ਗਈ ਹੈ ਪਾਰਕ 'ਚ ਲੱਗੇ ਰੁੱਖਾਂ 'ਤੇ ਆ ਕੇ ਗਾਉਣ ਲੱਗ ਪਏ ਪੰਛੀਆਂ ਦੇ ਝੁੰਡ ਬਜ਼ੁਰਗ ਆ ਗਏ ਸੈਰ ਲਈ ਘਟ ਗਿਆ ਰੌਲ਼ੇ ਦਾ ਵਹਾਅ ਬੱਚੇ ਖੇਲ ਰਹੇ ਨੇ ਛੂਹਣ-ਛੁਹਾਈ ਇਹ ਸਭ ਕੁਝ ਨਾਲ਼ੋ-ਨਾਲ਼ ਹੋ ਰਿਹੈ ਪਾਰਕ 'ਚ ਘਾਹ 'ਤੇ ਬੈਠਾ ਮੈਂ ਦੇਖਦਾਂ ਆਪਣੇ ਪੈਰਾਂ 'ਚ ਘਾਹ 'ਚੋਂ ਰਸਤਾ ਬਣਾਈ ਜਾ ਰਹੀ ਭੂਰੇ ਕੀੜਿਆਂ ਦੀ ਕਤਾਰ ਕਦੇ ਕਦੇ ਮੰਦ ਜਿਹੀ ਪੌਣ ਵਗਦੀ ਤੇ ਪਾਰਕ 'ਚ ਲੱਗੇ ਫੁੱਲ-ਬੂਟਿਆਂ ਦੀ ਮਹਿਕ ਮੇਰੇ ਅੰਦਰ ਰਚਦੀ ਟਿਕੇ ਹੋਏ ਬਿਰਖ ਜਿਵੇਂ ਹੋਣ ਸੌਣ ਲਈ ਤਿਆਰ-ਬਰ-ਤਿਆਰ ਮੇਰੇ ਜ਼ਿਹਨ 'ਚ ਕਿੰਨਾ ਕੁਝ ਜਾ ਰਿਹੈ ਟਿਕਾਅ ਵੱਲ ਸ਼ਾਂਤ ਹੋ ਰਿਹਾ ਹਾਂ ਮੈਨੂੰ ਸੰਧਿਆ ਬਹੁਤ ਪਿਆਰੀ ਲੱਗਦੀ ਹੈ ਦੂਰ ਦੁਮੇਲਾਂ 'ਤੇ ਘੁਲ਼ ਗਏ ਸੰਧੂਰੀ ਰੰਗ ਮੈਂ ਖੋ ਜਾਵਾਂ ਰੰਗਾਂ 'ਚ ਤੇ ਛੱਡ ਦੇਣਾ ਸੋਚਣਾ ਘਰ ਬਾਰੇ...

ਸੰਧਿਆ-2

ਇਸ ਦੀਆਂ ਅੱਖਾਂ 'ਚ ਨੀਂਦ ਉਤਰ ਰਹੀ ਹੈ ਸੌਂ ਜਾਵੇਗੀ ਰਾਤ ਦੀ ਚੁੰਨੀ ਨਾਲ਼ ਮੂੰਹ ਢਕ ਕੇ ਤੇ ਫਿਰ ਅੰਗੜਾਈਆਂ ਲੈਂਦੀ ਉੱਠੇਗੀ ਸਵੇਰ ਹੋ ਕੇ...

ਤਾਰਿਆਂ ਦੀ ਛਾਵੇਂ

ਤਾਰਿਆਂ ਦੀ ਛਾਵੇਂ ਜੋਗੀਜਨ ਸਮਾਧੀ ਲੀਨ ਤਾਰਿਆਂ ਦੀ ਛਾਵੇਂ ਤੁਰ ਰਿਹਾ ਚੇਤਾ ਤੇਰਾ ਤਾਰਿਆਂ ਦੀ ਛਾਵੇਂ ਲਿਖ ਰਿਹਾਂ ਕਵਿਤਾ ਮੈਂ 'ਕੱਲੇ-'ਕੱਲੇ ਤਾਰੇ ਦਾ ਮੂੰਹ ਚੁੰਮਦਾ ਹਾਂ... ਕੀ ਲਗਦਾ ਹਾਂ? ਖਿੜੀ ਸਰੋਂ ਤੇ ਪੌਣ ਇੱਕ ਦੂਜੀ ਨੂੰ ਗਲ਼ ਲੱਗ ਕੇ ਮਿਲਦੀਆਂ ਇਕ ਤਿਤਲੀ ਧੁੱਪ 'ਚ ਖੰਭ ਫੈਲਾਉਂਦੀ ਫੁੱਲਾਂ ਨੂੰ ਚੁੰਮ ਗਈ ਮੈਂ ਨਜ਼ਰਾਂ ਨਾਲ ਛੋਹੇ ਸਰੋਂ ਦੇ ਫੁੱਲ ਤੇ ਤਿਤਲੀ ਦੇ ਖੰਭ ਤੇ ਹੋ ਗਿਆ ਹਵਾ ਜਿਹਾ ਹਲਕਾ ਲੰਘਦੇ ਸਿਆਲ਼ ਦੀ ਕੋਸੀ-ਕੋਸੀ ਧੁੱਪੇ ਕਵਿਤਾ ਲਿਖਦਾ

ਕੀ ਲੱਗਦਾ ਹਾਂ

ਮੈਂ ਕੀ ਲੱਗਦਾ ਹਾਂ ਸਰੋਂ ਦੇ ਫੁੱਲਾਂ ਦਾ ਪੌਣ ਦਾ ਤਿਤਲੀ ਦਾ ਤੇ ਧੁੱਪ ਦਾ...

ਧੁੱਪ-1

ਧੁੱਪ ਕਿੰਨੀ ਸਹਿਜ ਹੈ! ਧੁਰ ਲਹੂ 'ਚ ਉਤਰ ਜਾਂਦੀ ਇੱਛਾਵਾਂ 'ਚ ਚਮਕਦੀ ਸੰਕਲਪਾਂ 'ਚ ਚਾਨਣ ਕਰਦੀ ਧੁੱਪ ਕਿੰਨੀ ਨੇੜੇ ਹਰ ਖ਼ਿਆਲ 'ਚ ਤਪਦੀ ਤੇ ਸਾੜਦੀ ਅਗਿਆਨਤਾ ਰੋਮਾਂ ਦੀਆਂ ਜੜ੍ਹਾਂ 'ਚ ਪਾਣੀਹਾਰ ਰਚਦੀ ਅੰਨ ਨਾਲ਼ ਪਚਦੀ ਨਾਭੀ ਕੋਲ਼ ਘੁੰਮਦੀ ਘੁੰਮਣਘੇਰ ਮੱਥੇ 'ਚ ਚਹਿਲ-ਕਦਮੀ ਕਰਦੀ ਬਾਹਰ ਨਹੀਂ ਅੰਦਰ ਵੀ ਮੇਰੇ ਖਿੜਦੀ ਤਪਦੀ

ਧੁੱਪ-2

ਵਰਕਿਆਂ 'ਤੇ ਪੈਂਦੀ ਧੁੱਪ ਚੁੰਮ ਰਹੀ ਅੱਖਰਾਂ ਨੂੰ ਜੋ ਮੈਂ ਹੁਣੇ-ਹੁਣੇ ਲਿਖੇ ਜਿਵੇਂ ਰੁੱਖਾਂ ਨਾਲ਼ ਸਾਂਝ ਪੌਣਾਂ ਦੀ ਵਰਕਿਆਂ ਨਾਲ਼ ਗੂੜ੍ਹਾ ਪਿਆਰ ਆਦਿ ਤੋਂ ਧੁੱਪ ਦਾ ਅੱਖਰਾਂ ਦਾ ਸਿਆਹੀ ਨਾਲ਼ ਸਿਆਹੀ ਦਾ ਕਲਮ ਨਾਲ਼ ਕਲਮ ਦਾ ਹੱਥਾਂ ਨਾਲ਼ ਕੋਈ ਮੁੱਢ-ਕਦੀਮੀ ਰਿਸ਼ਤਾ ਹੈ ਰਿਸ਼ਤੇ ਦੇ ਬਣ ਕੇ ਟੁੱਟਣ ਤੀਕ ਲਿਖ ਕੁਝ ਜਿਹੋ ਜਿਹਾ ਜੋ ਧੁੱਪ ਵਿਚ ਅੱਖਰਾਂ ਹਾਰ ਸਲਾਮਤ ਰਹੇ ਸਦਾ ਲਈ

ਨਦੀਆਂ

ਨਦੀਆਂ ਸੱਚਮੁਚ ਝੱਲੀਆਂ ਹੁੰਦੀਆਂ ਨੇ ਇਹ ਸੋਚ ਕੇ ਨਹੀਂ ਵਗਦੀਆਂ ਸਿੰਜਦੀਆਂ ਕੰਢਿਆਂ 'ਤੇ ਲੱਗੇ ਰੁੱਖ ਰਾਹਗੀਰ ਪਿਆਸਿਆਂ ਨੂੰ ਭੇਟ ਕਰ ਦਿੰਦੀਆਂ ਨੀਰ ਵਿਤਕਰਾ ਨਹੀਂ ਕਰਦੀਆਂ ਇਹਨਾਂ ਦਾ ਨਾ ਕੋਈ ਆਪਣਾ, ਨਾ ਪਰਾਇਆ ਇਹਨਾਂ ਹਰ ਇੱਕ ਨੂੰ ਸਦਾ ਗਲ਼ ਨਾਲ਼ ਲਾਇਆ ਵੇਗ ਆਪਣੇ 'ਚ ਮਸਤ ਚਲਦੀਆਂ ਸੋਚ ਕੇ ਨਹੀਂ ਵਗਦੀਆਂ ਝੱਲੀਆਂ ਨਦੀਆਂ

ਵਗਦੇ ਪਾਣੀਆਂ 'ਤੇ

ਵਗਦੇ ਪਾਣੀਆਂ 'ਤੇ ਨਾਂ ਲਿਖਦਾ ਹਾਂ ਤੇ ਪਾਣੀਹਾਰ ਵਹਿ ਜਾਂਦਾ ਹਾਂ ਹਵਾਵਾਂ ਦੀ ਛੋਹ ਨਾਲ਼ ਲਰਜ਼ ਉੱਠਦੇ ਪਾਣੀ ਰੂਹ ਤੀਕ ਉਤਰ ਜਾਂਦੀ ਕੰਬਣੀ ਮੇਰੇ ਮੱਥੇ 'ਚੋਂ ਪੱਤੇ ਝੜਦੇ ਪਾਣੀਆਂ 'ਤੇ ਗਿਰ ਕੇ ਵਹਿ ਜਾਂਦੇ ਦੂਰ ਕਿਤੇ...

ਇਂਞ ਹੋ ਜਾਣਾ ਕਾਲ-ਮੁਕਤ

ਵਹਿ ਤੁਰਨਾ ਮਹਿਕਾਂ ਨਾਲ਼ ਰਚ ਤੁਰਨਾ ਪੌਣਾਂ 'ਚ ਤੇ ਪੁੰਗਰਨਾ ਅੰਤਰਮਨ 'ਚੋਂ ਜਿਵੇਂ ਧਰਤੀ ਦੀ ਕੁੱਖ 'ਚੋਂ ਅੰਕੁਰ ਕੁਦਰਤੀ ਇਕਾਂਤ 'ਚ ਆਪਣੇ ਆਪ ਨੂੰ ਮਿਲਣਾ ਇਂਞ ਹੋ ਜਾਣਾ ਕਾਲ-ਮੁਕਤ ਅਸੀਮਤਾ ਨੂੰ ਛੋਹ ਕੇ ਬਿੰਦੂ ਤੋਂ ਬ੍ਰਹਿਮੰਡ ਹੋ ਜਾਣਾ ਤੇ ਪਿਆਰ ਨਾਲ਼ ਲਬਾਲਬ ਹੋ ਕੇ ਜੀਣਾ...

ਸਾਧਨਾ

ਯੁੱਗਾਂ-ਯੁੱਗਾਂ ਦੇ ਜੋਗੀ ਰੁੱਖ ਦਿਆਰਾਂ ਦੇ ਤੇ ਚੀਲ਼ਾਂ ਸਾਧਣੀਆਂ ਪਰਬਤੀ ਉੱਚਾਣਾਂ 'ਤੇ ਆਪਣੀ ਕਰਨ ਸਾਧਨਾ ਡੰਡਉਤ ਬੰਦਨਾ ਅਨਿਕ ਬਾਰ ਉੱਗਦਾ ਸੂਰਜ ਕਿਰਨਾਂ ਪਲ਼ਮਦੀਆਂ ਹਜ਼ਾਰ ਪੱਤੀਆਂ ਸਤਰੰਗੀ ਖਿੜਦਾ ਰਾਤੀਂ ਚੰਦਰਮਾ ਦਾ ਸ਼ਵੇਤ ਕਮਲ ਮਹਿਕਦੀ ਚਾਂਦਨੀ ਭਰ ਜੋਬਨ ਦੀ ਨਾਰ ਟਿਕਦਾ ਮੇਰੇ ਅੰਦਰ ਪਰਮਾਨੰਦ ਅੰਦਰਬਾਰ ਖੁੱਲ੍ਹਦਾ ਮੋਖ-ਦੁਆਰ

ਘੋਲ਼ ਦੇ

ਹਵਾ ਨੂੰ ਰੂਪ ਦੇ ਪਾਣੀ ਦਾ ਪਾਣੀ ਨੂੰ ਅਗਨ ਦਾ ਅਗਨ ਨੂੰ ਮਿੱਟੀ ਦਾ ਤੇ ਮਿੱਟੀ ਨੂੰ ਆਕਾਸ਼ ਦਾ ਘੋਲ਼ ਦੇ ਸਾਰੇ ਦੇ ਸਾਰੇ ਤੱਤ ਇੱਕ ਦੂਸਰੇ ਅੰਦਰ ਤੇ ਬਾਕੀ ਬਚਿਆ ਰਹਿਣ ਦੇ ਪਿਆਰ ਜੋ ਮੁਕਤ ਕਰਦਾ ਹੈ...

ਹਵਾ ਨੂੰ ਕਹਿਣਾ...

ਮੈਂ ਆਦਮੀ ਹਵਾ ਦੇ ਘਰ ਨਹੀਂ ਗਿਆ ਆਦਮੀ ਤੋਂ ਦਰਿਆ ਹੋ ਗਿਆ ਕਿ ਹਵਾ ਮੇਰੇ ਪਾਣੀ ਪ੍ਰੇਸ਼ਾਨ ਕਰਨ ਲੱਗ ਪਈ ਅੱਧੀ ਅੱਧੀ ਰਾਤੀਂ ਸੁੰਨੇ ਪਾਣੀ ਰੋਂਦੇ ਜਿੱਥੇ ਜਿੱਥੇ ਮਿਲਦੀ ਦਰਿਆ ਨੂੰ ਹਵਾ ਉੱਥੇ ਉੱਥੇ ਭਟਕਦੀ ਦਰਿਆ ਦੀ ਬਿਰਤੀ ਦਰਿਆ ਦੀ ਸਮਾਧੀ ਭੰਗ ਹੁੰਦੀ ਹੈ ਹਵਾ ਨੂੰ ਕਹਿਣਾ ਆਪ ਵਗਦੀ ਰਹੇ ਤੇ ਮੈਨੂੰ ਵਗਦਾ ਰਹਿਣ ਦੇਵੇ ਵਾਰ ਵਾਰ ਮੇਰੀ ਸਮਾਧੀ ਭੰਗ ਨਾ ਕਰਿਆ ਕਰੇ ਮੈਨੂੰ ਆਦਮੀ ਤੋਂ ਦਰਿਆ ਹੋਏ ਨੂੰ ਤੰਗ ਨਾ ਕਰਿਆ ਕਰੇ

ਅੱਗ

ਕਿੰਨੇ ਸੋਹਣੇ ਸੋਹਣੇ ਜਿਸਮਾਂ ਨੂੰ ਅੱਗ ਚੁੰਮਦੀ ਹੈ ਕੁਝ ਨਹੀਂ ਬਚਦਾ ਪਿੱਛੇ ਇਕ ਕਾਲ਼ੀ ਜਿਹੀ ਸੁਆਹ ਤੋਂ ਬਿਨਾਂ ਸੁਆਹ ਵੀ ਪੌਣਾਂ 'ਚ ਉੱਡ ਜਾਂਦੀ ਹੈ ਪਾਣੀ 'ਚ ਵਹਿ ਜਾਂਦੀ ਹੈ ਤੇ ਮਿੱਟੀ 'ਚ ਰਲ਼ ਜਾਂਦੀ ਹੈ... ਹਿਸਾਬ ਲਾਉਂਦਾ ਹਾਂ ਤਾਂ ਦੁਨੀਆ ਭਰ ਦੇ ਅੰਕੜੇ ਮੁੱਕ ਜਾਂਦੇ ਹਨ ਯਾਦ ਕਰਦਾ ਹਾਂ ਤਾਂ ਸੁਰਤ ਸੁੰਨ ਹੋ ਜਾਂਦੀ ਹੈ ਦੇਖਦਾ ਹਾਂ ਤਾਂ ਅੱਖਾਂ 'ਚ ਤੱਤੀ ਸੁਆਹ ਭਰ ਜਾਂਦੀ ਹੈ ਕੁਝ ਨਹੀਂ ਬਚਦਾ ਪਿੱਛੇ ਇਕ ਮੱਧਮ ਜਿਹੀ ਸੋਗੀ ਲਕੀਰ ਤੋਂ ਬਿਨਾਂ ਤੇ ਲਕੀਰ ਵੀ ਹੌਲ਼ੀ-ਹੌਲ਼ੀ ਮਿਟ ਜਾਂਦੀ ਹੈ ਆਖ਼ਰ... ਪਿੱਛੇ ਸਿਰਫ਼ ਅੱਗ ਬਚਦੀ ਹੈ ਜੋ ਜਗਦੀ ਰਹਿੰਦੀ ਹੈ ਸਦੀਵ ਕਾਲ ਦੇ ਗਰਭ ਅੰਦਰ ਅੱਗ ਜੋ ਇੱਕੋ ਵੇਲ਼ੇ ਵਿਨਾਸ਼ ਵੀ ਕਰਦੀ ਹੈ ਤੇ ਪਵਿੱਤਰ ਸਿਰਜਣਾ ਵੀ...

ਜਲ ਪਿਤਾ

ਜਲ ਪਿਤਾ ਪਾਲਣਹਾਰ ਪੁਰਖਿਆਂ ਵਰਗਾ ਜਲ ਕਰਦਾ ਸ੍ਰਿਸ਼ਟੀ ਦੀ ਸ਼ੁੱਧੀ ਮਨੁੱਖ ਜਲ ਨੂੰ ਗੰਧਲਾਉਂਦਾ... ਮਨੁੱਖ ਦੀਆਂ ਅੱਖਾਂ 'ਚ ਔੜ ਮਰੀ ਹੋਈ ਆਸ ਦਾ ਪਿੰਜਰ ਸੁੱਕੇ ਕੋਏ ਜਲ ਭਰਦਾ ਟੋਏ ਮਨੁੱਖ ਖ਼ਾਲੀ ਕਰਦਾ ਖੂਹਾਂ ਦੇ ਖੂਹ ਸੂਏ, ਨਦੀਆਂ, ਦਰਿਆ, ਸਮੁੰਦਰ ਧਰਤੀ 'ਚ ਸਮਾਅ ਜਾਂਦਾ ਜਲ ਫਿਰ ਪ੍ਰਕ੍ਰਿਤੀ ਨੂੰ ਬਖਸ਼ਦਾ ਬਲ ਜਲ ਪਿਤਾ ਪਾਲਣਹਾਰ

ਮੀਂਹ-1

ਮੀਂਹ ਆਕਾਸ਼ ਦਾ ਵੀਰਜ ਧਰਤੀ ਦੀ ਕੁੱਖ 'ਹਰੀ' ਕਰਦਾ ਮੀਂਹ ਤ੍ਰਿਪਤਾਉਂਦਾ 'ਜਗਤ ਜਲੰਦੇ' ਨੂੰ ਭਿਉਂ ਦਿੰਦਾ ਸਭ ਕੁਝ ਮੀਂਹ ਰਿਮਝਿਮ ਵਰ੍ਹਦਾ ਜਲ-ਤਰੰਗ ਛੇੜਦਾ ਰਲ਼ ਜਾਂਦਾ ਜਿਸਦਾ ਸੁਰ ਪੰਛੀਆਂ ਦੇ ਗੀਤਾਂ ਨਾਲ਼ ਮੀਂਹ 'ਚ ਪੈਲ਼ਾਂ ਪਾਉਣ ਲੱਗਦਾ ਮਨ ਦਾ ਮੋਰ ਝਾਮ੍ਹਲਦੇ ਬਾਲ਼ ਖੇਲਦੇ ਗਲ਼ੀਆਂ, ਛੱਪੜਾਂ ਦੇ ਪਾਣੀ ਨਾਲ਼ ਬਰਸਾਤ ਨੂੰ ਪੀਂਦਾ ਸਵਾਂਤੀ ਬੂੰਦ ਪਹੀਹਾ 'ਰਿਮਝਿਮ ਵਰ੍ਹਦਾ ਮੇਘਲਾ' ਗੋਰੀ ਗੀਤ ਗਾਉਂਦੀ ਸਾਵਣ ਦੇ ਰਿੱਝਦੀਆਂ ਖੀਰਾਂ, ਫ਼ਸਲਾਂ ਨਿੱਸਰਦੀਆਂ ਮੀਂਹ 'ਚ ਬਹੁਤ ਕੁਝ ਹੁੰਦਾ ਜੋ ਮਨ ਦਾ ਰੱਜ ਬਣਦਾ ਧਰਤੀ ਲਈ, ਖੇਤਾਂ ਲਈ, ਮਨੁੱਖਾਂ, ਜੀਵਾਂ, ਪੰਛੀਆਂ ਲਈ ਬਿਰਖਾਂ-ਬੂਟਿਆਂ ਸਭ ਲਈ ਨਿਆਮਤ ਹੁੰਦਾ ਮੀਂਹ ਬਦੋ-ਬਦੀ ਭਿਉਂ ਦਿੰਦਾ ਰੱਖਦਾ ਨਹੀਂ ਕਿਸੇ ਦਾ ਲਿਹਾਜ ਮੀਂਹ ਤਾਂ ਮੀਂਹ ਹੁੰਦਾ

ਮੀਂਹ-2

ਮੀਂਹ ਵਿਚ ਭਿੱਜਣ ਤੋਂ ਡਰਦਿਆਂ ਵਹੀਕਲ ਤੇਜ਼ ਚਲਾਉਂਦੇ ਲੋਕ ਮੀਂਹ ਫਿਰ ਵੀ ਭਿਉਂ ਦਿੰਦਾ ਉਨ੍ਹਾਂ ਨੂੰ ਮੈਂ ਸ਼ਬਦਾਂ ਦੀ ਬਾਰਿਸ਼ ਨਾਲ਼ ਕਿਸ ਨੂੰ ਭਿਉਂ ਰਿਹਾ ਹਾਂ? ਕੀ ਮੇਰੇ ਸ਼ਬਦ ਹਮੇਸ਼ਾ ਕਣੀਆਂ ਬਣਦੇ ਨੇ? ਕੀ ਕਰਦਾ ਹਾਂ ਮੈਂ ਆਪਣੇ ਅੰਦਰ ਚੜ੍ਹ ਚੜ੍ਹ ਆਉਂਦੀਆਂ ਘਟਾਵਾਂ ਦਾ? ਕੀ ਕਰਦਾ ਹਾਂ ਕਿਸੇ 'ਤੇ ਉਪਕਾਰ? ਰੁੱਖਾਂ, ਪ੍ਰਿੰਦਿਆਂ, ਪਸ਼ੂਆਂ, ਬੰਦਿਆਂ ਨਾਲ਼ ਕਿਹੋ ਜਿਹਾ ਹੈ ਮੇਰਾ ਵਿਵਹਾਰ? ਕੀ ਕਰਦਾ ਹਾਂ ਮੈਂ ਕਰਮ ਮੀਂਹ ਜਿਹਾ ਸਦਾ? ਕਿੰਨੇ ਹੀ ਸੁਆਲ ਤੇ ਮੈਂ ਨਿਰਉੱਤਰ ਹਰ ਵਾਰ...

ਖੂਹ

ਖੂਹ ਹੁਣ ਪੂਰ ਦਿੱਤੇ ਗਏ ਨੇ ਹੁਣ ਹਲ਼ਟੀ ਨਹੀਂ ਗਿੜ੍ਹਦੀ ਨਾ ਟਿੰਡਾਂ ਹੀ ਭਰ-ਭਰ ਆਉਂਦੀਆਂ ਨੇ ਫਿਰ ਵੀ ਬਚਿਆ ਹੋਇਆ ਹੈ ਖੂਹ ਮੇਰੇ ਚੇਤਿਆਂ 'ਚ ਆਪਣੇ ਠੰਡੇ-ਠਾਰ ਪਾਣੀਆਂ ਸਮੇਤ 'ਖੂਹ ਪਰ ਨੂੰ' ਜਾਣ ਦੀ ਗੱਲ ਮੈਨੂੰ ਖੇਤਾਂ ਦਾ ਚੇਤਾ ਕਰਾਉਂਦੀ ਹੈ ਪੁਆਧ ਦੇ ਪਛੜੇ ਹੋਏ ਪਿੰਡਾਂ 'ਚ ਅਜੇ ਵੀ ਬਚੇ-ਖੁਚੇ ਹੋਣਗੇ ਟਾਂਵੇ-ਵਿਰਲ਼ੇ ਖੂਹ ਮੇਰੇ ਅੰਦਰ ਕਿੰਨੇ ਖ਼ਾਲੀ ਹੋਏ ਪਏ ਨੇ ਖੂਹ ਜਿਨ੍ਹਾਂ ਨੂੰ ਮੈਂ ਸ਼ਬਦਾਂ ਨਾਲ਼ ਭਰਨ ਲੱਗਾ ਹਾਂ ਕਾਸ਼! ਮੇਰੇ ਚੇਤਿਆਂ ਦੇ ਖੂਹ 'ਤੇ ਫਿਰ ਆਉਣ ਹੁਸਨਾਂ ਦੇ ਝੁੰਡ ਕਿਸੇ ਮਲਕੀ ਕੋਲੋਂ ਕੀਮਾ ਫਿਰ ਮੰਗੇ ਦੋ ਘੁੱਟ ਪਾਣੀ ਤੇ ਟਾਲ਼ ਦੇਵੇ ਮਲਕੀ ਉਸਨੂੰ... ਕਾਸ਼! ਖੂਹ ਬੋਲ਼ੇ ਨਾ ਹੋਣ ਬਚੇ ਰਹਿਣ ਆਪਣੇ ਠੰਡੇ-ਠਾਰ ਪਾਣੀਆਂ ਸਮੇਤ ਮੇਰੀਆਂ ਕਵਿਤਾਵਾਂ 'ਚ

ਕਾਸ਼! ਮੈਂ ਪਾਣੀ ਹੁੰਦਾ

ਕਿੰਨੇ ਚਾਵਾਂ ਨਾਲ਼ ਛੇਵੀਂ ਜਮਾਤ ਦੇ ਜੁਆਕ ਸਿੰਜ ਰਹੇ ਫੁੱਲ-ਬੂਟਿਆਂ ਨੂੰ ਖਿੜ ਉੱਠੇ ਕਿਆਰੀਆਂ ਦੇ ਫੁੱਲ-ਬੂਟੇ ਹਸ ਰਹੇ ਨੇ ਜੁਆਕ ਤੇ ਮੈਂ ਦੇਖ ਰਿਹਾਂ ਤੇ ਸੋਚ ਰਿਹਾਂ 'ਕਾਸ਼! ਮੈਂ ਪਾਣੀ ਹੁੰਦਾ ਤੇ ਫੁੱਲ-ਬੂਟਿਆਂ ਨੂੰ ਲੱਗ ਜਾਂਦਾ...'

ਕੋਇਲ ਦੀ ਆਵਾਜ਼

ਮਈ ਦੇ ਮਹੀਨੇ ਬਿਰਖਾਂ 'ਤੇ ਬੋਲਦੀ ਕੋਇਲ ਦੀ ਕੂਹੂ-ਕੂਹੂ ਮੈਨੂੰ ਧੂਹ ਪਾਉਂਦੀ ਹੈ ਤੇ ਮੈਂ ਛਾਵੇਂ ਬੈਠਾ ਕਿਤਾਬ ਪੜ੍ਹਨੀ ਭੁੱਲ ਜਾਂਦਾ ਹਾਂ ਦੇਖੋ! ਮੇਰੀ ਕਵਿਤਾ ਵਿਚ ਧੜਕ ਰਹੀ ਹੈ ਕੋਇਲ ਦੀ ਆਵਾਜ਼ ਤੇ ਧੂਹ ਪਾਉਣ ਲੱਗੀ ਹੈ ਤੁਹਾਡੇ ਦਿਲ ਨੂੰ ਕੀ ਤੁਸੀਂ ਵੀ ਛੱਡ ਦਿਓਗੇ ਆਪਣਾ ਕੰਮ-ਕਾਜ? ਤੇ ਸੁਣਨ ਲਗ ਜਾਵੋਗੇ ਕੋਇਲ ਦੀ ਕੂਹੂ-ਕੂਹੂ

'ਕੁਦਰਤ' ਕਿਤਾਬ ਤੇ ਕਾਟੋ

ਪੜ੍ਹ ਰਿਹਾਂ 'ਕੁਦਰਤ' ਕਿਤਾਬ ਤੇ ਦੇਖ ਰਿਹਾਂ ਕੋਲ਼ ਮੇਰੇ ਸਿੰਜੀ ਹੋਈ ਕਿਆਰੀ ਦੀ ਗਿੱਲ 'ਚ ਸੁਸਤਾ ਰਹੀ ਕਾਟੋ ਇੱਕ ਆਪਣੀ ਤਿੱਖੀ ਨਿਗਾਹ ਆਪਣੇ ਤਿੱਖੇ ਕੰਨ ਮੇਰੇ ਵੱਲ ਲਾਈ ਸੁਸਤਾ ਰਹੀ ਤੇ ਕੀ-ਕੀ ਜਗਾ ਰਹੀ ਮੇਰੇ ਜ਼ਿਹਨ 'ਚ ਦੇਖ ਰਿਹਾਂ ਕਾਟੋ ਨੂੰ ਮੈਂ ਭੋਲ਼ੇ ਭਾਅ ਤੇ ਕਰਨ ਲੱਗ ਪਿਆ ਗੱਲਾਂ ਉਹਦੇ ਨਾਲ਼ ਛੱਡ ਕੇ ਵਰਿੰਦਰ ਪਰਿਹਾਰ ਦੀ 'ਕੁਦਰਤ' ਕਿਤਾਬ

ਸਦਾ ਨਾ ਤੂਤ ਹਰਿਆਵਲਾ

ਤੂਤ ਦਾ ਇਕ ਪੀਲਾ ਪੱਤਾ ਚੁੱਕ ਕੇ ਮੈਂ ਵੇਖਿਆ ਪਤਾ ਨਹੀਂ ਕਿੱਧਰ ਉੱਡ ਗਈ ਓਸ 'ਚੋਂ ਕਲੋਰੋਫਿਲ ਹੁਣ ਉਹ ਖਾਦ ਬਣ ਜਾਵੇਗਾ ਕਿਸੇ ਹੋਰ ਰੁੱਖ ਲਈ ਹਵਾ ਨਾਲ਼ ਉੱਡ ਕੇ ਜਾ ਟਿਕੇਗਾ ਐਨ ਉਸ ਦੀਆਂ ਜੜ੍ਹਾਂ ਕੋਲ਼ ਤੇ ਗਲ਼ ਕੇ 'ਰੇਹ' ਹੋ ਜਾਵੇਗਾ

ਕਿਸੇ ਨਹੀਂ ਦੇਖਿਆ

ਕਿਸੇ ਨਹੀਂ ਦੇਖਿਆ ਤੂਤ ਦੇ ਪੁੰਗਰਦੇ ਪੱਤਿਆਂ ਨੂੰ ਸਿਰਫ਼ ਧੁੱਪ, ਹਵਾ ਤੇ ਪਾਣੀ ਲੈਂਦੇ ਰਹੇ ਸਾਰ ਉਨ੍ਹਾਂ ਦੀ ਗਾਉਂਦੇ ਰਹੇ ਤੂਤ ਦੇ ਪੱਤੇ ਹਰ ਹਾਲ਼ 'ਸਬਜ਼ ਮੰਦਰ' ਬਣੇ ਤੇ ਰਾਹੀਆਂ ਨੂੰ ਛਾਵੇਂ ਬਹਿਣ ਲਈ ਮਾਰਦੇ ਰਹੇ ਹਾਕਾਂ ਫਿਰ ਝੁੱਲੀਆਂ ਹਨੇਰੀਆਂ ਝੜ ਗਏ ਤੂਤ ਦੇ ਪੱਤੇ ਉੱਡ-ਪੁੱਡ ਗਏ ਕਿਧਰੇ ਨੰਗ-ਮੁਨੰਗੀਆਂ ਟਾਹਣੀਆਂ 'ਤੇ ਕਿਸੇ ਨੇ ਧੀਰਜ ਦਾ ਹੱਥ ਨਹੀਂ ਫੇਰਿਆ ਪੰਛੀ ਹੀ ਸਹਿਲਾਉਂਦੇ ਰਹੇ ਵਿਚਾਰੀਆਂ ਨੂੰ ਨਵੀਂ ਰੁੱਤੇ ਫਿਰ ਭਰ ਜਾਣਗੀਆਂ ਉਹ ਪੁੰਗਾਰਿਆਂ ਨਾਲ਼ ਫਿਰ ਸਬਜ਼ ਪੱਤੇ ਹਵਾ ਨਾਲ਼ ਨ੍ਰਿਤ ਕਰਨਗੇ ਤੇ ਆਖ਼ਰ ਝੜ ਜਾਣਗੇ

ਬਹਾਰ ਆਵੇਗੀ...

ਭਾਵੇਂ ਕਿੰਨੀ ਵੀ ਕਹਿਰਵਾਨ ਕਿਉਂ ਨਾ ਹੋਵੇ ਪਤਝੜ ਦੀ ਰੁੱਤ ਮੇਰੇ ਬਾਗ਼ ਦਿਓ ਬਿਰਖੋ! ਉਦਾਸ ਨਾ ਹੋਣਾ ਬਹਾਰ ਆਏਗੀ...

ਬਸੰਤ ਦੀ ਆਹਟ

ਫਰਵਰੀ ਦੇ ਆਖ਼ਰੀ ਸਾਤੇ ਦੇ ਦਿਨ ਨੇ ਪੰਛੀਆਂ ਵਾਂਙ ਮੈਂ ਵੀ ਸੁਣ ਲਈ ਹੈ ਬਸੰਤ ਦੀ ਆਹਟ ਤੂਤਾਂ ਦੀਆਂ ਨੰਗ-ਮੁਨੰਗੀਆਂ ਟਾਹਣੀਆਂ ਨੇ ਪਹਿਨ ਲਈ ਹੈ ਕੂਲ਼ੇ-ਕੂਲ਼ੇ ਪੱਤਿਆਂ ਦੀ ਪੁਸ਼ਾਕ ਤੂਤਾਂ ਨੂੰ ਨਵੇਂ ਪੱਤਿਆਂ ਦੀ ਖ਼ੁਸ਼ੀ ਨੇ ਭੁਲਾ ਦਿੱਤੇ ਪਤਝੜ ਦੇ ਦਿਨ ਹੁਣ ਇਹ ਪੱਤੇ ਮੇਰੀ ਨਜ਼ਰ ਨੂੰ ਵੰਡ ਰਹੇ ਨੇ ਤਰਾਵਟ ਹੋਰ ਕੁਝ ਦਿਨਾਂ ਤੀਕ ਇਨ੍ਹਾਂ ਦੀਆਂ ਛਾਵਾਂ ਮੈਨੂੰ ਹਾਕਾਂ ਮਾਰਨਗੀਆਂ ਬਿੰਦ ਕੁ ਰੁਕਣ ਲਈ...

ਬਿਰਖ ਨੇ ਕਿਹਾ

ਬਿਰਖ ਨੇ ਕਿਹਾ: 'ਹੇ ਥੱਕੇ-ਹਾਰੇ ਆਦਮੀ ਆ ਮੇਰੀ ਛਾਵੇਂ ਬੈਠ ਜਾ' ਆਦਮੀ ਕਾਹਲ਼ਾ ਸੀ ਮੱਥੇ 'ਚ ਅੰਤਾਂ ਦੀ ਭੀੜ ਹੋਣ ਕਾਰਨ ਪ੍ਰੇਸ਼ਾਨ ਹੋ ਗਿਆ ਸੀ ਰੁਕ ਨਾ ਸਕਿਆ ਤੇ ਆਖ਼ਰ ਹਫ਼ਦਾ ਹੋਇਆ ਹਾਰ ਕੇ ਧੁੱਪੇ ਹੀ ਮਰ ਗਿਆ

ਸਵਾਰਥ

ਮੈਂ ਕਿੰਨਾ ਖ਼ੁਦਗਰਜ਼ ਹਾਂ ਰੁੱਖਾਂ ਤੋਂ ਬਣੇ ਕਾਗਜ਼ਾਂ 'ਤੇ ਕਵਿਤਾ ਲਿਖਦਾ ਹਾਂ ਤੇ ਆਪਣੇ ਨਾਂ ਹੇਠ ਛਪਵਾਉਂਦਾ ਹਾਂ

ਤੂਤ ਦੀ ਛਾਵੇਂ

ਗੁਟਾਰ ਕੀ ਸੋਚਦੀ ਕੋਲ਼ ਬੈਠੀ ਮੇਰੇ ਜੋ ਥੋੜ੍ਹੀ ਜਿਹੀ ਵਿੱਥ ਤੇ ਚੁੱਪ-ਕੀਤੀ ਭਾਲ਼ ਰਹੀ ਹੈ ਉਹ ਕਿਆਰੀਆਂ 'ਚੋਂ ਚੋਗ... ਆਪਣੀ ਗਰਦਨ ਅਕੜਾ ਅਕੜਾ ਕੇ ਦੂਜੀ ਗੁਟਾਰ ਨੂੰ ਵੰਗਾਰਦੀ... ਇੱਕ ਡੂੰਮਣੇ ਦੀ ਮੱਖੀ ਮੇਰੇ ਕੰਨਾਂ ਨਾਲ ਛੇੜਖ਼ਾਨੀ ਕਰਦੀ ਆਪਣੇ ਖੰਭਾਂ 'ਚੋਂ ਤੇਜ਼ ਫੜਫੜਾਹਟ ਪੈਦਾ ਕਰਕੇ ਡਰਾਉਣ ਜਿਹਾ ਲੱਗੀ ਹੈ ਮੈਨੂੰ ਤੇ ਤੂਤ ਦੀ ਛਾਵੇਂ ਬੈਠਾ ਮੈਂ ਸੋਚ ਰਿਹਾਂ ਆਪਣੇ ਬਾਰੇ...

ਰੁੱਖ ਬੋਲਦੇ...

ਮੈਂ ਸੁਣਿਆ ਏ ਕਿ ਭਲ਼ੇ ਸਮਿਆਂ 'ਚ ਰੁੱਖ ਬੋਲਿਆ ਕਰਦੇ ਸਨ ਬੰਦਿਆਂ ਵਾਂਙ ਰੁੱਖ ਬੋਲਦੇ ਤਾਂ ਹੁਣ ਵੀ ਨੇ ਬੱਸ ਸੁਣਨ ਵਾਲ਼ੇ ਹੀ ਨਹੀਂ ਸੁਣਦੇ ਸ਼ਾਇਦ ਸਾਨੂੰ ਰੁੱਖਾਂ ਦੀ ਭਾਸ਼ਾ ਸਮਝਣ ਦੀ ਜਾਚ ਭੁੱਲ ਗਈ ਹੈ ਅਸੀਂ ਜਿਨ੍ਹਾਂ ਈਜਾਦ ਕਰ ਲਏ ਮਾਇਕ੍ਰੋਫੋਨ, ਵਾਇਰਲੈਸ, ਮੋਬਾਈਲ ਕਿੱਥੇ ਹੈ ਫ਼ੁਰਸਤ ਹੁਣ ਸਾਨੂੰ ਰੁੱਖਾਂ ਨਾਲ਼ ਗੱਲਾਂ ਕਰਨ ਦੀ ਰੁੱਖ ਤਾਂ ਰੋਜ਼ ਗਾਉਂਦੇ ਨੇ ਰੋਜ਼ ਪੌਣਾਂ ਪੱਤਿਆਂ ਦੇ ਸਾਜ਼ ਵਜਾਉਂਦੀਆਂ ਰੋਜ਼ ਪੰਛੀ ਟਹਿਣੀਆਂ 'ਤੇ ਛੇੜਦੇ ਲੱਖਾਂ ਸੁਰ ਰੋਜ਼ ਅਸਮਾਨ ਨੂੰ ਰੁੱਖਾਂ ਦਾ ਰਹੇ ਆਸਰਾ ਜਿਵੇਂ ਰੁੱਖਾਂ ਨੂੰ ਓਟ ਧਰਤੀ ਦੀ ਕਾਸ਼! ਮੈਂ ਆਪਣੀ ਕਵਿਤਾ 'ਚ ਕੋਈ ਰੁੱਖ ਹੁੰਦਾ ਪੱਤਝੜਾਂ, ਬਹਾਰਾਂ, ਝੱਖੜਾਂ, ਬਾਰਸ਼ਾਂ 'ਚ ਲਗਾਤਾਰ ਬੋਲਦਾ...

ਗੁਲਮੋਹਰ : ਇੱਕ

ਅੱਗ ਜਿਹੇ ਸ਼ੋਖ਼ ਫੁੱਲਾਂ ਨਾਲ਼ ਲੱਦਿਆ ਮੇਰੀਆਂ ਅੱਖਾਂ 'ਚ ਰਮਣੀਕ ਅਹਿਸਾਸ ਵਾਂਗ ਟਿਕ ਗਿਆ ਗੁਲਮੋਹਰ ਰੁੱਖ ਨਹੀਂ ਮੈਂ ਗੁਲਮੋਹਰ ਦਾ ਇਹ ਤਾਂ ਉੱਗਿਆ ਬਿਗਾਨੇ ਵਿਹੜੇ ਪਰ ਮੈਨੂੰ ਫਿਰ ਵੀ ਚੰਗਾ ਚੰਗਾ ਲੱਗਦਾ... ਆਪਣੇ ਘਰ ਦੇ ਕਮਰੇ ਦੀ ਤਾਕੀ 'ਚੋਂ ਤੱਕਦਾ ਹਾਂ ਗੁਲਮੋਹਰ ਦਾ ਨਗਨ ਜੋਬਨ ਆਪਣੀ ਅੱਗ ਦੀ ਰੁੱਤੇ ਕੀ ਮੈਂ ਗੁਲਮੋਹਰ ਨਹੀਂ ਸਾਂ? ਗੁਲਮੋਹਰ ਹੋਣਾ ਤੇ ਬਿਗਾਨੇ ਵਿਹੜੇ 'ਚ ਖਿੜਨਾ ਦੋਵੇਂ ਗੱਲਾਂ ਚੰਗੀਆਂ

ਗੁਲਮੋਹਰ: ਦੋ

ਬਹਾਰ ਦੇ ਫੁੱਲਾਂ ਨਾਲ ਲੱਦਿਆ ਹਵਾ ਵਿਚ ਖੜ੍ਹਾ ਝੂਮਦਾ ਗੁਲਮੋਹਰ ਉਹ ਲੱਗਦਾ ਜ਼ਮੀਨ ਨੂੰ ਘੁੱਟ ਕੇ ਫੜਨ ਜਦੋਂ ਰੇਲਵੇ ਲਾਈਨ 'ਤੋਂ ਲੰਘਦੀ ਤੇਜ਼ ਸ਼ੋਰ ਖਿੰਡਾਉਂਦੀ ਕੋਈ ਟਰੇਨ ਕਿੰਨੀਆਂ ਟਰੇਨਾਂ ਆ ਆ ਕੇ ਲੰਘ ਗਈਆਂ ਤੇ ਕਿੰਨੀਆਂ ਲੰਘਣੀਆਂ ਨੇ ਹਾਲ਼ੇ ਹੋਰ ਤੇ ਇੱਕ ਦਿਨ ਸੁੱਕ ਜਾਣਾ ਉਹ ਗੁਲਮੋਹਰ ਫਿਰ ਉਹਦੇ 'ਤੇ ਕਦੇ ਬਹਾਰ ਨਹੀਂ ਆਉਣੀ ਲੰਘਦੀਆਂ ਰਹਿਣਗੀਆਂ ਟਰੇਨਾਂ ਪਰ ਫਿਰ ਉਹ ਰੁੱਖ ਨਹੀਂ ਮਿਲਣਾ ਬਹਾਰ ਦੇ ਫੁੱਲਾਂ ਨਾਲ ਲੱਦਿਆ ਓਵੇਂ ਜਿਵੇਂ ਹੁਣ ਉਹ ਲੱਗਾ ਏ ਰੇਲਵੇ ਲਾਈਨ ਦੇ ਲਾਗੇ ਫਿਰ ਉਹ ਰੁੱਖ ਨਹੀਂ ਮਿਲਣਾ...

ਗੁਲਮੋਹਰ: ਤਿੰਨ

ਹਾਏ! ਮੈਂ ਇਹਦੇ ਫੁੱਲਾਂ ਨੂੰ ਅੱਖਾਂ ਥਾਣੀਂ ਕਿਵੇਂ ਚਾਹ ਰਿਹਾਂ... ਦਿਲ ਮੇਰੇ ਵਿਚ ਫੁੱਲਾਂ ਦਾ ਅੰਬਾਰ ਲਗ ਗਿਆ ਕਿੰਨੇ ਭਾਵ ਖ਼ੁਸ਼ ਕਰ ਗਏ ਮੈਨੂੰ ਖਿੜੇ ਹੋਏ ਗੁਲਮੋਹਰ ਨੂੰ ਤੱਕ ਕੇ...

ਤਿੱਖੜ ਦੁਪਹਿਰ

ਕਦੇ ਕੋਇਲ ਕੂਕਦੀ ਅਲਾਪਦੀ ਆਪਣਾ ਰਾਗ ਕਦੇ ਕੋਈ ਘੁੱਗੀ ਦੀ ਘੂੰ-ਘੂੰ-ਘੂੰ ਕਦੇ ਕੋਈ ਪਰਵਾਸੀ ਪੰਛੀ ਬਿਰਖਾਂ ਦੇ ਪੱਤਿਆਂ 'ਚ ਛੁਪ ਕੇ ਹਾੜ ਦੀ ਤਿੱਖੜ ਦੁਪਹਿਰ ਨੂੰ ਧੂੜਦਾ ਆਪਣੀ ਆਵਾਜ਼ ਦਾ ਜਾਦੂ ਸਕੂਲ ਦੀਆਂ ਕਿਆਰੀਆਂ ਨੂੰ ਪਾਣੀ ਲਾਉਂਦਾ ਕਾਸ਼ੀ ਰਾਮ ਆਪ-ਮੁਹਾਰੇ ਰੀਸ ਲਾਉਂਦਾ ਕੋਇਲ ਦੀ, ਕਦੀ ਘੁੱਗੀ ਦੀ ਮੈਂ ਸ਼ਬਦਾਂ 'ਚ ਸਾਂਭਣ ਦੀ ਕੋਸ਼ਿਸ਼ 'ਚ ਹਾਂ ਇਸ ਤਿੱਖੜ ਦੁਪਹਿਰ ਨੂੰ ਜਿਸ ਵਿਚ ਸਾਰਾ ਕੁਝ ਹੋ ਰਿਹੈ ਆਪਣੇ ਹੀ ਢੰਗ ਨਾਲ਼ ਆਪਣੀ ਹੀ ਲੈਅ 'ਚ ਲਗਾਤਾਰ...

ਕਾਇਨਾਤ-1

ਡੇਕ 'ਤੇ ਤਿੱਖੜ ਦੁਪਹਿਰੇ ਬੋਲਦੀ ਘੁੱਗੀ ਇੱਕ ਤੇ ਛਾਵੇਂ ਬੈਠਾ ਮੈਂ ਲਿਖ ਰਿਹਾਂ ਕਵਿਤਾ ਘਾਹ 'ਚ ਇਕ ਗੁਟਾਰ ਚੁਗਦੀ ਕੋਲ ਫਿਰਦੀ ਕਾਟੋ ਇੱਕ ਜਦ ਕਦੇ ਪੌਣ ਰੁੱਖ ਦੇ ਪੱਤਿਆਂ ਨੂੰ ਛੇੜਦੀ ਮੇਰੇ ਪੈਰਾਂ 'ਚ ਚਿਤਕੱਬਰੀ ਛਾਂ ਮੇਲ੍ਹਦੀ ਮੈਂ ਇਕੱਲਾ ਕਿੱਥੇ ਹਾਂ? ਸਾਰੀ ਦੀ ਸਾਰੀ ਕਾਇਨਾਤ ਮੇਰੇ ਕੋਲ਼ ਹੈ ਮੇਰੇ ਉਲਝੇ ਹੋਏ ਮਸਤਕ ਸਮੇਤ ਕਿਸੇ ਅਗੰਮੀ ਲੈਅ 'ਚ ਇਹ ਧਰਤੀ, ਅਸਮਾਨ ਮੇਰੇ ਸਾਹਾਂ 'ਚ ਧੜਕਦੇ ਕਾਗ਼ਜ਼ ਮੇਰੇ ਬਿਰਖਾਂ ਦੇ ਪੱਤਿਆਂ ਨਾਲ਼ ਗੁਫ਼ਤਗੂ ਕਰਦੇ ਮੈਂ ਇਕੱਲਾ ਕਿੱਥੇ ਹਾਂ? ਲਿਖ ਰਿਹਾਂ ਕਵਿਤਾ ਜਿਸ ਵਿਚ ਮੇਰੇ ਸਮੇਤ ਕਾਇਨਾਤ ਪੂਰੀ

ਕਾਇਨਾਤ-2

ਕਾਇਨਾਤ ਦੇ ਸਾਹਾਂ 'ਚ ਮੈਂ ਆਪਣਾ ਆਪ ਘੋਲ਼ ਦਿੰਦਾ ਹਾਂ ਨਜ਼ਰ ਵਾਰ ਵਾਰ ਸਬਜ਼ ਸਫ਼ੈਦਿਆਂ ਦੀਆਂ ਸਿਖਰਾਂ ਚੁੰਮਦੀ ਹੈ ਡੇਕ 'ਤੇ ਗੁਟਾਰਾਂ ਅਤੇ ਘੁੱਗੀਆਂ ਦੇ ਬੋਲ ਗ਼ਲੇ ਮਿਲਦੇ ਹਨ ਧੁੱਪ ਵਿਛ ਜਾਂਦੀ ਹੈ ਮੇਰੇ 'ਤੇ ਅਤੇ ਸ਼ਬਦ ਕਾਗ਼ਜ਼ 'ਤੇ ਕਾਇਨਾਤ ਧੜਕ ਉੱਠਦੀ ਮੇਰੇ ਅੰਦਰ ਹੁਣੇ-ਹੁਣੇ ਮੈਂ ਪੀਰੀਅਡ ਲਾ ਕੇ ਹਟਿਆ ਹਾਂ ਤੇ ਸ਼ਬਦਾਂ ਦੀ ਵੇਈਂ 'ਚ ਉਤਰਿਆ ਹਾਂ ਜਿਵੇਂ ਇਸ਼ਨਾਨ ਕਰਨ ਲੱਗਾ ਹੋਵਾਂ ਮੇਰੇ ਅੰਦਰ ਕਿੰਨੀਆਂ ਭਾਵਨਾਵਾਂ ਹਵਾ 'ਚ ਹਿੱਲਦੇ ਪੱਤਿਆਂ ਵਾਂਙ ਜਿਨ੍ਹਾਂ ਲਈ ਸ਼ਬਦ ਨਹੀਂ ਜੁੜਦੇ ਕਵਿਤਾ ਵਿਚ ਰਚ-ਮਿਚ ਜਾਣ ਲਈ ਵਿਆਕੁਲ ਨੇ ਜੋ... ਕਾਇਨਾਤੀ ਰੂਪ ਇਖ਼ਤਿਆਰ ਕਰਨ ਲਈ ਕਲ਼ਮ ਕੋਲ਼ ਖ਼ੁਦ-ਬ-ਖ਼ੁਦ ਆ ਜਾਂਦੇ ਅੱਖਰ ਤੇ ਜਜ਼ਬਾਤ ਕਵਿਤਾ ਦੀਆਂ ਸਤਰਾਂ 'ਚ ਪਹੀ 'ਚ ਭਰੀਆਂ 'ਚੋਂ ਆਗਾਂ ਵਾਂਙ ਕਿਰ ਜਾਂਦੇ ਕਾਇਨਾਤ ਖ਼ੁਦ-ਬ-ਖ਼ੁਦ ਲਿਖਦੀ ਆਪਣੀ ਕਵਿਤਾ

ਰਾਹਤ

ਭਾਵੇਂ ਕਿੰਨੇ ਵੀ ਰੁੱਝੇ ਹੋਵੋ ਤੁਸੀਂ ਆਪਣੀ ਤੇਜ਼-ਤਰਾਰ ਜ਼ਿੰਦਗੀ 'ਚ ਕਿਤੇ ਨਾ ਕਿਤੇ, ਕਦੇ ਨਾ ਕਦੇ ਤੁਹਾਨੂੰ ਧੂਹ ਪਾਵੇਗੀ ਕੁਦਰਤ ਕੋਇਲ ਦੀ ਕੂਹੂ-ਕੂਹੂ ਮੋਰਾਂ ਦੀ ਕਿਆਊਂ-ਕਿਆਊਂ ਘੁੱਗੀਆਂ ਦੀ ਘੂੰ-ਘੂੰ-ਘੂੰ ਕਬੂਤਰਾਂ ਦੀ ਗੁੰਟਰ-ਗੂੰ, ਗੁੰਟਰ-ਗੂੰ ਗੁਟਾਰਾਂ, ਚਿੜੀਆਂ, ਕਾਵਾਂ ਤੇ ਬੁਲਬਲਾਂ ਦਾ ਬੋਲਣਾ ਕਿਸੇ ਕਤੂਰੇ ਦਾ ਚਿਉਂਕਣਾ ਕਿਸੇ ਗਾਂ, ਮੱਝ ਦਾ ਰਿੰਙਣਾ ਕਿਸੇ ਖੋਤੇ ਦਾ ਹਿਣਕਣਾ ਤੇ ਬੱਚਿਆਂ ਦਾ ਕਿਲਕਾਰੀਆਂ ਮਾਰਨਾ ਟੁੰਬ ਹੀ ਜਾਵੇਗਾ ਤੁਹਾਨੂੰ ਕਿਸੇ ਫੁੱਲ ਦਾ ਟਹਿਕਣਾ ਕਿਸੇ ਤਿਤਲੀ ਦਾ ਉੱਡਣਾ ਕਿਸੇ ਰੁੱਖ ਦਾ ਝੂਮਣਾ ਅਸਮਾਨੀਂ ਬੱਦਲਾਂ ਦਾ ਗਰਜਣਾ ਕਿਸੇ ਨਦੀ ਦੇ ਪਾਣੀਆਂ 'ਤੇ ਲਹਿਰਾਂ ਦਾ ਮਚਲਣਾ ਖਿੱਚ ਹੀ ਲਵੇਗਾ ਤੁਹਾਡਾ ਧਿਆਨ ਦੂਰ ਦੁਮੇਲਾਂ 'ਤੇ ਸੂਰਜ ਦਾ ਛਿਪਣਾ ਸਰਦ ਪੁੰਨਿਆ ਦੀ ਰਾਤੇ ਚੰਨ ਦੀ ਚਾਨਣੀ ਦਾ ਬਿਖਰਨਾ ਮੀਂਹਾਂ ਪਿਛੋਂ ਪਹਾੜੀਆਂ ਨਾਲ਼ ਚਿਤਕਬਰੀ ਧੁੱਪ ਦਾ ਲੁਕਣ-ਮੀਟੀ ਖੇਡਣਾ ਤੇ ਕਿਸੇ ਪਹਾੜੀਏ ਦਾ ਭੇਡਾਂ-ਬੱਕਰੀਆਂ ਚਾਰਦੇ ਹੋਏ ਟੱਪੇ ਗਾਉਣਾ ਜਚ ਹੀ ਜਾਵੇਗਾ ਤੁਹਾਨੂੰ ਭਾਵੇਂ ਕਿੰਨੇ ਵੀ ਰੁੱਝੇ ਹੋਵੋ ਤੁਸੀਂ ਆਪਣੇ ਕੰਮਾਂ-ਕਾਰਾਂ 'ਚ ਫਿਰ ਵੀ ਕੁਦਰਤ ਰਾਹਤ ਦੇ ਦੇਵੇਗੀ ਤੁਹਾਨੂੰ...

ਹੇ ਕੁਦਰਤ

ਹੇ ਕੁਦਰਤ ਰੁੱਖ, ਪਰਿੰਦੇ, ਨਦੀਆਂ, ਪਸ਼ੂ ਸਭਨਾਂ 'ਚ ਸਹਿਜ ਹੈ ਤੇ ਮੈਂ ਸਦਾ ਅਸਹਿਜ ਹੁੰਦਾ ਹਾਂ ਇਹ ਸਭ ਮੇਰੇ ਵਾਂਙ ਦਾਅਵੇ ਨਹੀਂ ਕਰਦੇ ਫਿਰਦੇ ਪਿਆਰ ਅੰਦਰ ਗਾਉਂਦੇ ਹਨ ਦੁੱਖ ਅੰਦਰ ਰੋਂਦੇ ਹਨ ਜੀਊਂਦੇ ਤੇ ਮਰਦੇ ਹਨ ਤੇ ਮੈਂ ਮਰਦਾ ਹਾਂ ਅਸਹਿਜ ਹੋ ਕੇ ਆਪਣੇ ਸਵਾਰਥ ਨਾਲ਼ ਦੁਖੀ ਹੁੰਦਾ ਹਾਂ ਮੇਰੀ ਲਾਲਸਾ ਸ੍ਵੈ-ਸਿਰਜੀ ਕੈਦ ਹੈ ਇਹ ਸੰਸਾਰ ਮੇਰੀਆਂ ਇੱਛਾਵਾਂ ਦੀ ਅਤ੍ਰਿਪਤੀ ਹੈ ਹੇ ਕੁਦਰਤ! ਮੈਂ ਤੈਥੋਂ ਕਿੰਨਾ ਦੂਰ ਹਾਂ ਮੇਰੇ ਅੰਦਰ ਅਸੰਤੁਲਨ ਬੁੱਧੀ ਦਾ ਦਖ਼ਲ ਮੈਂ ਕਬਜ਼ੇ ਕਰਾਂ ਤੇਰੇ 'ਤੇ ਤੂੰ ਹੱਸਦੀ ਮੇਰੇ 'ਤੇ

ਬਿਜੜੇ

ਬਰਸਾਤ ਤੋਂ ਪਹਿਲਾਂ ਹੀ ਘਰ ਬਣਾ ਲੈਂਦੇ ਹਨ ਬਿਜੜੇ ਬਿਜੜੇ ਹਰ ਰੁੱਖ ਨੂੰ ਆਲ੍ਹਣੇ ਪਾਉਣ ਲਈ ਨਹੀਂ ਚੁਣਦੇ ਭਾਗਾਂ ਵਾਲ਼ੇ ਹੁੰਦੇ ਹਨ ਉਹ ਰੁੱਖ ਜਿਨ੍ਹਾਂ ਦੀਆਂ ਟਹਿਣੀਆਂ 'ਤੇ ਬਿਜੜੇ ਵਸਾਉਂਦੇ ਨੇ ਆਪਣਾ ਪਿੰਡ ਸਰਕੜਿਆਂ ਦੇ ਲੰਮੇ-ਲੰਮੇ ਕਸੀਰਾਂ ਨੂੰ ਚੀਰ-ਚੀਰ ਬਿਜੜੇ ਬੁਣਦੇ ਆਲ੍ਹਣੇ ਜੋ ਝੂਮਦੇ ਰਹਿੰਦੇ ਨੇ ਰੁੱਖਾਂ ਦੀਆਂ ਟਹਿਣੀਆਂ 'ਤੇ ਝੂਲਿਆਂ ਹਾਰ ਆਪੋ ਆਪਣੇ ਆਲ੍ਹਣੇ ਨੂੰ ਇੱਕ ਦੂਜੇ ਤੋਂ ਸੁੰਦਰ ਬੁਣਦੇ ਆਪਣੇ ਘਰਾਂ ਦੇ ਦਰਾਂ 'ਤੇ ਬੈਠ ਕੇ 'ਚੀਂ-ਚਿਉਂ, ਚੀਂ-ਚਿਉਂ ਦਾ ਰਾਗ ਅਲਾਪਦੇ ਚੌਧਰ ਲਈ ਆਪਸ 'ਚ ਲੜਦੇ ਪਰ ਪਿੰਡ ਨਹੀਂ ਛੱਡਦੇ ਆਪਣਾ ਆਪਣੀ ਸਮਝ ਅਨੁਸਾਰ ਬਚਦੇ ਝੱਖੜਾਂ ਤੋਂ, ਝਾਂਬਿਆਂ ਤੋਂ ਮੀਂਹਾਂ ਤੋਂ, ਫਾਂਡਿਆਂ ਤੋਂ ਪਾਲ਼ਦੇ ਬੋਟ ਆਪਣੇ ਤੇ ਫਿਰ ਛੱਡ ਜਾਂਦੇ ਪਿੰਡ ਆਪਣਾ ਅਗਲੀ ਰੁੱਤੇ ਕਿਸੇ ਨਵੇਂ ਰੁੱਖ 'ਤੇ ਰੌਣਕਾਂ ਲਾਉਣ ਲਈ ਬਿਜੜੇ ਛੱਡ ਜਾਂਦੇ ਪਿੰਡ ਆਪਣਾ...

ਨਿਸ਼ਬਦਾ ਸੱਚ

ਨਹੀਂ, ਨਹੀਂ, ਹਰਗਿਜ਼ ਨਹੀਂ ਮੈਂ ਨਦੀਆਂ, ਪਹਾੜਾਂ, ਬਿਰਖਾਂ, ਹਵਾਵਾਂ ਤੋਂ ਕਿਧਰੇ ਦੂਰ ਨਹੀਂ ਜਾਣਾ ਮੁੜ ਮੁੜ ਆਵਾਂਗਾ ਮੈਂ ਪ੍ਰਿੰਦਿਆਂ ਦੇ ਕੋਲ਼ ਕੋਲ਼ ਧਰਤੀ ਨੂੰ ਨਹੀਂ ਛੱਡ ਸਕਦਾ ਮੈਂ ਹਾਂ, ਮੈਂ ਪੈਸੇ ਦੀ ਅੰਨ੍ਹੀ ਦੌੜ 'ਚ ਸ਼ਾਮਿਲ ਨਹੀਂ ਹੋਣਾ... ਮੈਂ ਤਾਂ ਡੇਕ 'ਤੇ ਬੈਠੇ ਤੋਤਿਆਂ ਨਾਲ਼ ਗੱਲਾਂ ਕਰਾਂਗਾ ਜੰਗਲਾਂ, ਪਹਾੜਾਂ ਵੱਲ ਤੁਰਾਂਗਾ ਤੇ ਆਪਣੇ ਅੰਦਰ ਵੱਲ ਮੁੜਾਂਗਾ ਮੈਂ ਹਮੇਸ਼ਾ ਧੁੱਪਾਂ-ਛਾਵਾਂ ਸੰਗ ਰਹਿਣਾ ਹੈ ਤੇ ਪਾਣੀਆਂ ਸੰਗ ਪਾਣੀ ਹੋ ਕੇ ਵਹਿਣਾ ਹੈ ਜਿਵੇਂ ਤਰਦਾ ਨਦੀ ਦੇ ਪਾਣੀਆਂ 'ਤੇ ਬਿਰਖ ਤੋਂ ਝੜਿਆ ਪੱਤਾ ਮੈਂ ਵੀ ਇਂਞ ਹੀ ਕਰਾਂਗਾ ਸਾਂਭ ਲਵਾਂਗਾ ਆਪਣੀਆਂ ਕਵਿਤਾਵਾਂ 'ਚ ਕੁਦਰਤ ਦੇ ਸਾਹ ਤੇ ਮਸਤਕ ਦੇ ਕੰਪਿਊਟਰ 'ਚ 'ਸੇਵ' ਕਰਾਂਗਾ ਇਂਞ 'ਵੈਬ-ਸਾਈਟ' ਬਣਾਵਾਂਗਾ ਆਪਣੀ ਜ਼ਿੰਦਗੀ ਦੀ ਹਾਂ, ਮੈਂ ਕਿਸੇ ਅੰਨ੍ਹੀ ਦੌੜ 'ਚ ਸ਼ਾਮਿਲ ਨਹੀਂ ਹੋਣਾ... ਮੈਂ ਤਾਂ ਕਾਇਨਾਤ ਦੇ ਅੰਗ-ਸੰਗ ਰਹਿਦਾ ਹੈ ਮੈਂ ਤਾਂ ਨਿਸ਼ਬਦਾ ਸੱਚ ਕਹਿਣਾ ਹੈ...

ਪਿਆਰ ਕਵਿਤਾਵਾਂ ਦੀ ਭੂਮਿਕਾ

ਇਹ ਕਵਿਤਾਵਾਂ ਤੇਰੇ ਪਿਆਰ ਦਾ ਹੁੰਗਾਰਾ ਨੇ ਇਹਨਾਂ ਅੱਖਰਾਂ 'ਚ ਤੇਰਾ ਹੀ ਵਿਸਤਾਰ ਹੈ ਸਤਰਾਂ ਅੰਦਰ ਖ਼ੁਸ਼ੀ ਦੀਆਂ ਲਗਰਾਂ ਮਹਿਕਦੀਆਂ ਭਾਵਾਂ ਅੰਦਰ ਵਗਦੀਆਂ ਨਦੀਆਂ ਤੇਰਾ ਹੀ ਵਿਰਦ ਕਰਦੀਆਂ ਮੈਂ ਤਾਂ ਪਿਆਰ ਦੀਆਂ ਨਜ਼ਮਾਂ ਦਾ ਮਹਿਜ਼ ਕਾਤਬ ਹਾਂ ਵਾਰ ਵਾਰ ਤੈਨੂੰ ਸਜਦਾ ਕਰਦਾ ਹਾਂ ਤੇਰੇ ਅੱਗੇ ਦਰੀ ਵਾਂਙ ਵਿਛ ਜਾਂਦਾ ਹਾਂ ਕਿਤਾਬ ਵਾਂਙ ਖੁੱਲ੍ਹ ਜਾਂਦਾ ਹਾਂ ਤੇ ਅਰਦਾਸ ਵਾਂਙ ਹੋ ਜਾਂਦਾ ਹਾਂ

ਪਿਆਰ ਅੰਦਰ

ਵਾਲਟ ਵਿਟ੍ਹਮੈਨ ਪਾਬਲੋ ਨੈਰੂਦਾ ਨਾਜ਼ਮ ਹਿਕਮਤ ਖ਼ਲੀਲ ਜ਼ਿਬਰਾਨ ਆ ਖਲੋਤੇ ਕੋਲ਼ ਮੇਰੇ ਮੈਂ ਜਦ ਲਿਖਣ ਲੱਗਾ ਤੇਰੇ ਲਈ ਪਿਆਰ ਰਾਬੀਆ ਵੀ ਯਾਦ ਆਈ ਮੀਰਾ ਵੀ ਰਾਧਾ ਵੀ ਤੇਰਾਂ ਨਾਂ ਲੈਣ ਲੱਗਿਆਂ... ਪਲਕਾਂ ਬੰਦ ਕਰਕੇ ਸੌਣ ਲਗਦਾਂ ਤੇਰੀ ਗੋਦ 'ਚ ਕਵਿਤਾ ਦੇ ਹਰਫ਼ਾਂ ਨੂੰ ਅਲਵਿਦਾ ਕਹਿ ਕੇ...

ਕਵੀ ਤੇ ਕਵਿਤਾ

ਨੈਣਾਂ ਦੀ ਨੀਝ ਨਾਲ਼ ਪੜ੍ਹਦੀ ਤੂੰ ਅੱਖਰ ਜਿਨ੍ਹਾਂ ਦੀ ਕਵਿਤਾ ਬਣੀ ਇਹ ਸ੍ਰਿਸ਼ਟੀ ਅੱਖਰਾਂ ਦਾ ਵਿਸਤਾਰ ਕਿ ਤੇਰਾ ਪਿਆਰ ਬਣੀ ਤੇਰੀਆਂ ਗੱਲਾਂ ਦੀ ਆਪੇ ਬਣ ਜਾਂਦੀ ਕਵਿਤਾ ਮੈਂ ਸਿਰਫ਼ ਤੇਰਾ ਕਾਤਬ ਤੂੰ ਸਤਰ ਸਤਰ ਸ਼ਬਦ ਸ਼ਬਦ ਹਰ ਇਕ ਭਾਵ ਰਿਣੀ ਤੇਰਾ ਤੇਰੇ ਤੁਰਨ ਨਾਲ਼ ਵਾਕ ਮਿਲੇ ਹੱਸਣ ਨਾਲ਼ ਲੈਅ ਇਕਮਿਕ ਹੋ ਗਏ ਤੇਰੇ ਪਿਆਰ ਨਾਲ਼ ਸਾਰੇ ਭਾਵ ਇਂਞ ਹੋ ਜਾਂਦੀ ਕਵਿਤਾ ਜਿਸ ਦਾ ਮੈਂ ਕਵੀ ਹੁੰਦਾ ਹਾਂ...

ਝਰਨਾਹਟ

ਮਹਿਸੂਸ ਕਰ ਕਿ ਮੇਰਾ ਪਿਆਰ ਹਰ ਕਿਤੇ ਹੈ ਮੇਰੀ ਛੋਹ ਨੂੰ ਆਪਣੇ ਜਿਸਮ ਦੀ ਪੂਰਨਤਾ 'ਚ ਮਹਿਸੂਸ ਕਰ ਆਨੰਦ ਮਾਣ ਮੇਰੇ ਨਾਲ਼ ਤੇ ਭੁੱਲ ਜਾਹ ਕਿ ਆਪਾਂ ਇੱਕ ਦੂਜੇ ਤੋਂ ਅਲੱਗ ਹਾਂ ਮੈਂ ਤੇਰੇ ਜਿਸਮ ਵਿਚ ਝਰਨਾਹਟ ਬਣ ਕੇ ਉਤਰਦਾ ਹਾਂ ਰੋਮ ਰੋਮ ਅੰਦਰ ਕਮਲ ਬਣ ਕੇ ਖਿੜਦਾ ਹਾਂ ਤੇਰੇ ਅੰਦਰਲੇ ਟੋਏ ਭਰਦਾ ਹਾਂ ਅਨਾਦੀ ਸੰਗੀਤ ਨਾਲ਼ ਜਿਸ ਦਾ ਵੇਗ ਲੈ ਤੁਰੇ ਪਰਮ ਅਨੰਦ ਵੱਲ ਤੂੰ ਉਸ ਝਰਨਾਹਟ ਨੂੰ ਆਪਣੇ ਅੰਦਰ ਮਹਿਸੂਸ ਕਰ ਤੇ ਮੈਨੂੰ ਇਂਞ ਲਿਪਟ ਜਾ ਜਿਵੇਂ ਕਿਸੇ ਰੁੱਖ ਨੂੰ ਕੋਈ ਵੇਲ਼ ਲਿਪਟ ਜਾਂਦੀ ਹੈ...

ਸਿਰਫ਼ ਇਕ ਪਿਆਰ ਭਰੀ ਤੱਕਣੀ

ਸਿਰਫ਼ ਇਕ ਪਿਆਰ ਭਰੀ ਤੱਕਣੀ ਸਭ ਕੁਝ ਬਦਲ ਦਿੰਦੀ ਹੈ ਕਰਾਮਾਤਾਂ ਇਵੇਂ ਹੀ ਹੁੰਦੀਆਂ ਹਨ ਪਿਆਰ ਦਾ ਰੰਗ ਹੀ ਅਜਿਹਾ ਹੈ ਜਿਸ ਨੂੰ ਵੀ ਚੜ੍ਹਦਾ ਹੈ ਉਤਰਨ ਦਾ ਨਾਂ ਨਹੀਂ ਲੈਂਦਾ ਕਦੇ ਖ਼ੁਦ ਨੂੰ ਤਿਆਰ ਤਾਂ ਹੋਣ ਦਿਓ ਪਿਆਰ ਦੇ ਰੰਗ 'ਚ ਰੰਗੇ ਜਾਣ ਲਈ ਖਿੜਨ ਦਿਓ ਆਪਣੇ ਅੰਦਰਲੀ ਕਲੀ ਕਿ ਮਹਿਕ ਉੱਠੇ ਕਾਇਨਾਤ ਸਾਰੀ ਰੂਹਾਂ ਨੂੰ ਪਿਆਰ ਪਿਆਰ ਹੋ ਕੇ ਇੱਕ ਦੂਜੇ 'ਚ ਸਮਾਅ ਜਾਣ ਦਿਓ ਦਿਲ ਨੂੰ ਆਕਾਸ਼ ਵਾਂਙ ਵਿਸ਼ਾਲ ਹੋਣ ਦਿਓ ਤੇ ਖ਼ਿਆਲਾਂ ਦੇ ਪ੍ਰਿੰਦਿਆਂ ਨੂੰ ਇਸ ਅੰਦਰ ਪ੍ਰਵਾਜ਼ ਭਰਨ ਦਿਓ ਇਂਞ ਭਰ ਜਾਵੇਗਾ ਪਿਆਰ ਤੁਹਾਡੇ ਅੰਦਰ ਤੇ ਬਾਹਰ ਹਰ ਕਿਤੇ...

ਹੁਸਨ ਦੀ ਬੀਨ

ਜਿਸਮ ਦੀ ਰੇਤ ਨੂੰ ਬਿਖਰਨ ਨਾ ਦੇ ਨਦੀ ਨੂੰ ਸਾਂਭ ਕੇ ਰੱਖ ਕਿਨਾਰਿਆਂ 'ਚ ਅਗਨ ਨੂੰ ਬਾਲ਼ ਨਾ ਏਨਾ ਕਿ ਦੂਰ ਦੂਰ ਤੀਕ ਪਹੁੰਚ ਜਾਵੇ ਸੇਕ ਬੁਲਾ ਨਾ ਕੋਲ਼ ਮੈਨੂੰ ਆਪਣੇ ਤੂੰ ਜਗਾ ਨਾ ਮੇਰੇ ਅੰਦਰ ਸੁੱਤੀਆਂ ਨਾਗਣਾਂ ਆਪਣੇ ਹੁਸਨ ਦੀ ਬੀਨ ਜ਼ਰਾ ਧੀਮੀ ਵਜਾ ਤੂੰ...

ਨਦੀ ਦਾ ਦਿਲ

ਉਹ ਨਦੀ ਮੈਨੂੰ ਪਿਆਰ ਕਰਦੀ ਚੰਚਲ, ਸ਼ੋਖ਼, ਫ਼ੁਰਤੀਲੀ ਮੇਰੀ ਬੁੱਕਲ 'ਚ ਸਿਮਟਣੋਂ ਡਰਦੀ ਪਰ ਮੇਰੇ 'ਤੇ ਮਰਦੀ ਮੈਂ ਉਸ ਦੀਆਂ ਅੱਖਾਂ 'ਚ ਡੁੱਬ ਜਾਣਾ ਚਾਹੁੰਦਾਂ ਉਤਰਨਾ ਚਾਹੁੰਦਾਂ ਉਤਾਵਲੇ ਪਾਣੀਆਂ 'ਚ ਤੇ ਧੁਰ ਅੰਦਰ ਤੀਕ ਛੁਹ ਕੇ ਦੇਖਣਾ ਚਾਹੁੰਦਾਂ ਨਦੀ ਦਾ ਦਿਲ

ਕਿਉਂ ਲਿਖਦਾ ਹਾਂ?

ਉਸ ਲਈ ਕਿੰਨੀ ਰੀਝ ਨਾਲ਼ ਨਾਂ ਲਿਖਦਾ ਹਾਂ ਉਸਦਾ ਹੰਝੂ ਤੀਕ ਕੋਮਲ ਹੋ ਕੇ ਢਲ਼ ਜਾਂਦਾ ਹਾਂ ਉਹਦੇ ਨਾਂ ਦੇ ਅੱਖਰਾਂ ਦੀਆਂ ਗੋਲਾਈਆਂ 'ਚ ਡੁੱਬ ਜਾਂਦਾ ਹਾਂ 'ਕੱਲੇ-'ਕੱਲੇ ਅੱਖਰ 'ਚ ਤੇ ਭੁੱਲ ਜਾਂਦਾ ਹਾਂ ਆਪਣਾ ਆਪ ਪਰ ਉਸ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਹਾਏ ਰੱਬਾ! ਕਿਉਂ ਲਿਖਦਾ ਹਾਂ ਮੈਂ ਉਸ ਲਈ ਦਿਲ ਆਪਣਾ ਬਾਰਮਬਾਰ

ਐਵੇਂ ਤਾਂ ਨਹੀਂ ਗਾਉਂਦਾ ਮੈਂ

ਮੀਰਾ ਨੂੰ ਕੌਣ ਦੱਸਦਾ ਰਾਸ ਰਚਾਉਣੀ? ਕੌਣ ਦਿੰਦਾ ਸਿੱਧੀਆਂ-ਸਾਦੀਆਂ ਕੁੜੀਆਂ ਨੂੰ ਪਿਆਰ ਦੇ ਗੁਰਮੰਤ੍ਰ ਹੀਰ ਐਵੇਂ ਤਾਂ ਨਹੀਂ ਅਮਰ ਹੋ ਜਾਂਦੀ ਸੱਸੀ ਐਵੇਂ ਤਾਂ ਨਹੀਂ ਥਲਾਂ 'ਚ ਭੁੱਜ ਮਰਦੀ ਤੇ ਸੋਹਣੀ ਝਨਾਂ 'ਚ ਡੁੱਬ ਕੇ ਵੀ ਤਰਦੀ ਕੌਣ ਦੱਸਦਾ ਰੂਹਾਂ ਨੂੰ ਸਭ ਕੁਝ ਐਵੇਂ ਤਾਂ ਨਹੀਂ ਗਾਉਂਦਾ ਮੈਂ ਪਿਆਰ 'ਚੋਂ ਦਿਲ ਆਪਣਾ

ਤੇਰੇ ਕੋਲ਼

ਇਉਂ ਬੈਠਾਂਗਾ ਤੇਰੇ ਕੋਲ਼ ਜਿਵੇਂ ਨਿੱਕੀ ਬੱਚੀ ਸੋਮਿਆ ਬੈਠੀ ਹੈ ਮੇਰੇ ਕੋਲ਼ ਨਿਰਾ ਪਿਆਰ ਬਣ ਕੇ ਇਉਂ ਬੈਠਾਂਗਾ ਜਿਵੇਂ ਓਸ ਬੈਠੀ ਘਾਹ ਦੀਆਂ ਪੱਤੀਆਂ 'ਤੇ ਜਿਵੇਂ ਪੰਛੀ ਬੈਠੇ ਟਹਿਣੀਆਂ 'ਤੇ ਜਿਵੇਂ ਸ਼ਹਿਦ ਦੀ ਮੱਖੀ ਬੈਠੀ ਫੁੱਲ 'ਤੇ ਜਿਵੇਂ ਬਜ਼ੁਰਗ ਬੈਠੇ ਸਿਆਲ਼ ਨੂੰ ਧੁੱਪੇ ਇਉਂ ਬੈਠਾਂਗਾ ਤੇਰੇ ਕੋਲ਼...

ਅਡੋਲ ਖੜ੍ਹਾ

ਅਡੋਲ ਖੜ੍ਹਾ ਤੇਰੇ ਕੋਲੋਂ ਲੈਂਦਾ ਪਿਆਰ ਤੇ ਹਵਾ ਹਾਰ ਹਲਕਾ ਮਹਿਸੂਸ ਕਰਦਾ ਹਾਂ ਤੇਰੇ ਬੋਲਾਂ 'ਚ ਘੋਲ਼ ਦਿੰਦਾ ਹਾਂ ਆਪਣਾ ਆਪ ਤੇਰੇ ਸੀਨੇ 'ਚ ਧੜਕਦਾ ਤੇਰਾ ਖ਼ਾਬ ਹਾਂ ਮੈਂ ਤੇਰੀਆਂ ਰਾਤਾਂ ਦੀ ਨੀਂਦ ਨੂੰ ਗੂੜ੍ਹੀ ਕਰਨ ਲਈ ਤੈਨੂੰ ਅਸੀਮ ਖ਼ੁਸ਼ੀ ਨਾਲ਼ ਲਬਾਲਬ ਭਰਨ ਲਈ ਤੇਰੇ ਪਿਆਰ ਦੀ ਗਲ਼ੀ 'ਚੋਂ ਲੰਘਦਾ ਹਾਂ ਤੂੰ ਮੈਨੂੰ ਕਿਸੇ ਲੋਕਗੀਤ ਵਾਂਗ ਗੁਣਗੁਣਾ ਤੇ ਫੇਰ ਬੱਸ ਭੁੱਲ ਜਾਹ...

ਗੋਲ਼ ਛੋਹ

ਤੂੰ ਛੋਹਿਆ ਤਾਂ ਲਰਜ਼ ਗਿਆ ਮੇਰੀ ਰਗ ਰਗ ਪਾਣੀ ਚਿਰਾਂ ਤੋਂ ਰੁਕਿਆ ਦਰਿਆ ਵਗ ਪਿਆ ਤੇ ਕੰਢਿਆਂ 'ਤੇ ਉੱਗੇ ਭਾਵਾਂ ਦੇ ਸੁੱਕਦੇ ਰੁੱਖ-ਬੂਟੇ ਸਿੰਜਦਾ ਚਲੇ ਗਿਆ ਕੁਝ ਸੁਕੋਮਲ ਜਿਹਾ ਧੜਕਿਆ ਤੇ ਚਿਰਾਂ ਤੋਂ ਅਹਿਲ ਪਿਆ ਜਿਸਮ ਰੂਹ ਦੀ ਖ਼ੁਸ਼ੀ ਨਾਲ਼ ਗਾ ਉੱਠਿਆ ਤੂੰ ਛੋਹਿਆ ਤਾਂ ਅੰਦਰਲਾ ਸੇਕ ਚੂਲ਼ੀਆਂ ਭਰ-ਭਰ ਹੋਠੀਂ ਲਾਇਆ ਜਨਮ-ਜਨਮਾਂਤਰਾਂ ਦੀ ਪਿਆਸ ਬੁਝੀ ਰੂਹ ਨੂੰ ਰੱਜ ਮਿਲਿਆ ਦੈਵੀ ਅਗਨ ਸੁਲ਼ਗੀ ਤੇ ਬਲ਼ ਕੇ ਪ੍ਰਕਾਸ਼ਿਤ ਕਰਨ ਲੱਗੀ ਅੰਦਰਲੇ ਕੋਨੇ ਮੈਂ ਦਿਨ ਹੋ ਗਿਆ ਪਹਿਲੀ ਵਾਰ ਤੇਰੀ ਗੋਲ਼ ਛੋਹ ਦੇ ਸੂਰਜ ਨੂੰ ਮੈਂ ਕਾਮਨਾ ਦਾ ਪਾਣੀ ਅਰਘਿਆ

ਇਂਞ ਹੀ ਹੋਣਾ ਸੀ ਸ਼ਾਇਦ

ਇਂਞ ਹੀ ਹੋਣਾ ਸੀ ਸ਼ਾਇਦ ਅਚਨਚੇਤ ਲੱਗਣੀ ਸੀ ਠੋਹਕਰ ਤੇ ਟੁੱਟਣਾ ਸੀ ਦਿਲ ਨੇ ਇਂਞ ਹੀ ਹੋਣਾ ਸੀ ਸ਼ਾਇਦ ਕਿ ਬਲ਼ ਪੈਣੇ ਸਨ ਨਦੀਆਂ ਦੇ ਨੀਰ ਜੰਮ ਜਾਣੀ ਸੀ ਸੀਨੇ ਵਿਚਲੀ ਅੱਗ ਰੁਕ ਜਾਣੇ ਸਨ ਸਾਰੇ ਚਾਅ ਇੱਕ ਬਿੰਦੂ 'ਤੇ ਚੁੱਪ ਫੈਲ ਜਾਣੀ ਸੀ ਧੁਰ ਅੰਦਰ... ਤੇਰੇ ਲਈ ਖਿੜ ਪੈਣੇ ਸਨ ਕਦੇ ਵੀ ਨਾ ਮੁਰਝਾਉਣ ਲਈ ਹੰਝੂਆਂ ਦੇ ਫੁੱਲ ਪਰ ਤੂੰ ਕਦੇ ਨਹੀਂ ਸੀ ਮਾਨਣੀ ਇਹਨਾਂ ਦੀ ਮਹਿਕ ਇਂਞ ਹੀ ਹੋਣਾ ਸੀ ਸ਼ਾਇਦ ਵਕਤ ਨੇ ਦੋ-ਚਾਰ ਮੇਰੇ ਨਾਲ਼...

ਕਰਜ਼

ਮੈਂ ਅਕਾਰਣ ਵਹਿ ਤੁਰਿਆ ਝਰਨੇ ਹਾਰ ਤੂੰ ਸੁਣ ਲਈ ਮੇਰੇ ਦਰਦ ਦੀ 'ਕਲ-ਕਲ' ਹੁਣ ਇਹ ਵਹਾਅ ਜੰਮ ਗਿਆ ਆਕਾਸ਼ ਦੀ ਛਾਤੀ 'ਚ ਜਦੋਂ ਵਰ੍ਹਦੇ ਨੇ ਮੇਘ ਮੇਰੇ ਹੰਝੂਆਂ ਦਾ ਕਰਜ਼ ਉਤਰਦਾ ਹੈ...

ਸੰਥਾ

ਕੱਚੇ ਧਾਗੇ ਨਾਲ਼ ਵੀ ਖੂਹ 'ਚੋਂ ਬਾਹਰ ਆਇਆ ਜਾ ਸਕਦਾ ਹੈ ਇਹ ਮੈਂ ਗੋਰਖ ਨਾਥ ਤੋਂ ਨਹੀਂ ਤੇਰੇ ਪਿਆਰ ਤੋਂ ਸਿੱਖਿਆ ਹੈ...

ਮਿਟ ਲੈਣ ਦੇ

ਸਿਰਫ਼ ਇੱਕ ਵਾਰ ਮੈਨੂੰ ਛੋਹ ਲੈਣ ਦੇ ਆਪਣੇ ਜਿਸਮ 'ਚੋਂ ਆਤਮਾ ਦੀਆਂ ਗ਼ੁਲਾਬ-ਪੱਤੀਆਂ ਜਿਨ੍ਹਾਂ ਦੀ ਮਹਿਕ ਦੈਵੀ ਹੈ ਇੱਕ ਵਾਰ ਭੁੱਲ ਜਾਣ ਦੇ ਆਪਣਾ ਆਪ ਧੜਕ ਲੈਣ ਦੇ ਕਿਸੇ ਸਿਤਾਰ ਦੀ ਤਾਰ ਵਾਂਙ ਝੂਮ ਲੈਣ ਦੇ ਬਿਰਖ ਦੀਆਂ ਟਹਿਣੀਆਂ ਵਾਂਙ ਤੇ ਉੱਡ ਲੈਣ ਦੇ ਅੰਤਹਕਰਣ ਦੇ ਅੰਦਰਵਾਰ ਜਿਵੇਂ ਪੰਛੀ ਅੰਬਰੀਂ ਪਰਵਾਜ਼ ਭਰਦੇ ਨੇ ਸਿਰਫ਼ ਇੱਕ ਵਾਰ ਮੈਨੂੰ ਇਉਂ ਪਿਆਰ ਅੰਦਰ ਮਿਟ ਲੈਣ ਦੇ...

ਬਿੰਦੂਆਂ ਤੋਂ ਪਾਰ

ਸ਼ੁਰੂਆਤ ਕਿਤੋਂ ਵੀ ਹੋਵੇ ਤੇ ਕੋਈ ਵੀ ਕਰੇ -ਮੈਂ ਜਾਂ ਤੂੰ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਆਪਾਂ ਇੱਕ ਦੂਜੇ ਦੇ ਸਾਹੀਂ ਸਮਾਉਣਾ ਹੈ ਤੇ ਫੈਲ ਜਾਣਾ ਹੈ ਬਿੰਦੂਆਂ ਤੋਂ ਪਾਰ ਅਸੀਮ ਅਨੰਤ ਤੀਕ

ਇਕ ਸਵਾਲ

ਤੂੰ ਸਮੁੰਦਰ ਜਿੰਨਾ ਕਿਵੇਂ ਕਰ ਲੈਂਦੀ ਏਂ ਪਿਆਰ? ਮੈਥੋਂ ਤਾਂ ਨੈਣਾਂ 'ਚ ਦੋ ਬੂੰਦਾਂ ਬਣ ਕੇ ਵੀ ਠਹਿਰ ਨਹੀਂ ਹੁੰਦਾ...

ਸਵੀਕਾਰ ਤੋਂ ਬਾਅਦ

ਤੂੰ ਮੇਰੇ ਪਾਣੀਆਂ ਅੰਦਰ ਕਿਵੇਂ ਪੈਰ ਪਾ ਲਿਆ? ਕਿਵੇਂ ਕਰ ਲਿਆ ਅੰਦਰਲੀ ਚੁੱਪ ਦਾ ਸ਼ਹੁ ਦਰਿਆ ਪਾਰ? ਜਦ ਕਿ ਮੈਂ ਜਾਣਦਾ ਹਾਂ ਕਿ ਨਾ ਮੇਰੇ ਪਾਣੀਆਂ ਨੂੰ ਠਹਿਰਨਾ ਆਉਂਦਾ ਹੈ ਤੇ ਨਾ ਤੇਰੀ ਅੱਲ੍ਹੜ ਉਮਰ ਨੂੰ ਤੈਰਨਾ ਤੇਰੀ ਛੋਹ 'ਚ ਜੋ ਨ੍ਰਿਤ ਸੀ ਉਹ ਮੇਰੀ ਆਤਮਾ ਦੇ ਪੈਰਾਂ 'ਚ ਰਚ ਗਿਆ ਤੇ ਮੇਰੇ ਕੋਲ਼ ਤੇਰੀਆਂ ਇੱਛਾਵਾਂ ਦੇ ਹਾਣ ਦਾ ਅਜੇ ਤੀਕ ਮਨ ਹੀ ਨਹੀਂ ਹੈ ਮੇਰੀ ਮਾਸੂਮੀਅਤ ਬੱਚਿਆਂ ਜਿਹੀ ਅਣਜਾਣਤਾ ਨੂੰ ਕਿਵੇਂ ਸਵੀਕਾਰ ਲਿਆ ਤੂੰ? ਤੇ ਤ੍ਰਿਪਤਾਣ ਲਈ ਮੇਰੀ ਪਿਆਸ ਦੇ ਜਲਦੇ ਹੋਠਾਂ ਨੂੰ ਆਪਣੇ ਪਿਆਰ ਦੇ ਨੱਕੇ ਖੋਲ੍ਹ ਦਿੱਤੇ ਮੇਰੀ ਤਾਂ ਸਮਝ ਤੋਂ ਬਾਹਰ ਹੈ ਇਹ ਸਭ ਕੁਝ...

ਇੱਕ ਹੋਣ ਦੇ ਛਿਣ

ਤੇਰੇ ਰਾਹੀਂ ਮੈਂ ਆਪਣੇ ਆਪ ਨੂੰ ਮਿਲਦਾ ਹਾਂ ਜਿਵੇਂ ਤੂੰ ਮਿਲਦੀ ਏਂ ਮੇਰੇ ਰਾਹੀਂ ਆਪਣੇ ਅੰਦਰਲੀ ਔਰਤ ਨੂੰ ਹਰ ਵਾਰ ਇਹ ਇੱਕ ਹੋਣ ਦੇ ਛਿਣ ਕਾਲਹੀਣ ਹੋ ਜਾਂਦੇ ਨੇ...

'ਆਹ ਕੋ ਚਾਹੀਏ...'

ਪਤਾ ਨਹੀਂ ਕਿਉਂ ਤੇਰੇ ਲਈ ਰੋ ਪਿਆ ਦਿਲ ਜਦ ਕਿ ਮੇਰੀ ਪਿਆਸ ਨੇ ਕਦੇ ਤੇਰਾ ਰੱਜ ਨਹੀਂ ਬਣਨਾ ਤੇ ਤੇਰੀ ਅਗਨ ਨੇ ਕਦੇ ਮੇਰਾ ਨਿੱਘ ਨਹੀਂ ਹੋਣਾ ... ... ... ਤੇਰੇ ਸੀਨੇ ਵਿਚਲੇ ਪੱਥਰਾਂ ਨੂੰ ਮੈਂ ਆਪਣੇ ਹੰਝੂਆਂ ਨਾਲ਼ ਪੰਘਰਾ ਨਹੀਂ ਸਕਿਆ ... ... ... ਚਲੇ ਆਇਆ ਤੇਰੇ ਕੋਲ਼ੋਂ ਟੁੱਟੀਆਂ ਹੋਈਆਂ ਚੂੜੀਆਂ ਜਿਹਾ ਦਿਲ ਲੈ ਕੇ...

ਨਿਸ਼ਾਨੀ

ਤੇਰੇ ਪਿਆਰ ਦੇ ਨਾਂ ਕਵਿਤਾ ਲਿਖਦਾ ਹਾਂ ਇਹ ਮੇਰੀ ਤੈਨੂੰ ਦਿੱਤੀ ਪ੍ਰੇਮ-ਨਿਸ਼ਾਨੀ ਹੈ ਚੁੰਮਣਾਂ ਦੀ ਬਰਸਾਤ ਤੋਂ ਲੈ ਕੇ ਮੌਨ ਦੇ ਸਮੁੰਦਰ 'ਚ ਸਾਹਾਂ ਦੀ ਨਦੀ ਦੇ ਸਮਾਅ ਜਾਣ ਤੀਕ ਮੰਤਰ-ਮੁਗਧ ਯੋਗੀ ਵਾਂਙ ਫਿਰ ਰਹੀਆਂ ਸਿਮਰਤੀਆਂ ਮੇਰੀਆਂ ਗ਼ੁਲਾਬ ਦੀਆਂ ਪੱਤੀਆਂ ਤੋਂ ਤਿਲ੍ਹਕ ਗਿਆ ਹੌਲ਼ੀ-ਦੇਣੀ ਤ੍ਰੇਲ-ਤੁਪਕਾ ਤੇ ਸੂਰਜ ਦੀ ਰੌਸ਼ਨੀ ਨਾਲ਼ ਆਕਾਸ਼ ਵੱਲ ਉੱਡ ਤੁਰਿਆ ... ... ... ਮੈਂ ਤੇਰੇ ਮਸਤਕ ਦੀ ਪਰਿਕਰਮਾ ਕਰਕੇ ਤੇਰੇ ਅੰਦਰ ਲੀਨ ਹੁੰਦਾ ਹਾਂ...

ਮੁਹੱਬਤ ਦੇ ਨਕਸ਼

ਜਿਸਮ ਦੀ ਆਖ਼ਰੀ ਤਹਿ ਤੀਕ ਪਿਆਰ ਅੰਦਰ ਭਿੱਜੀ ਹੋਈ ਤੂੰ ਮੇਰੇ ਨਾਲ਼ ਲੱਗ ਕੇ ਪੂਰੀ ਦੀ ਪੂਰੀ ਕਾਇਨਾਤ ਹੋ ਜਾ ਆ, ਮੇਰੇ ਪਿਆਰ ਦੀਆਂ ਵਿਸ਼ਾਲ ਬਾਹਾਂ 'ਚ ਤੇ ਮੇਰੀ ਰੂਹ 'ਚ ਰਚ ਜਾ ਮੈਂ ਤੈਨੂੰ ਪੂਰੇ ਜਿਸਮ, ਮਨ ਤੇ ਰੂਹ ਨਾਲ਼ ਪਾ ਲਵਾਂ ਜਿਵੇਂ ਮੈਂ ਆਪਣੀ ਹਉਂ ਤੋਂ ਮੁਕਤ ਹੁੰਦਾ ਹਾਂ ਪਿਆਰ ਅੰਦਰ ਤੂੰ ਵੀ ਮੁਕਤ ਹੋ ਜਾਵੇਂ...

ਇਂਞ ਕਰ

ਇਨ੍ਹਾਂ ਪ੍ਰਿੰਦਿਆਂ ਨੂੰ ਥੋੜ੍ਹਾ ਚਿਰ ਮੇਰੇ ਹੱਥਾਂ 'ਚ ਹੀ ਰਹਿਣ ਦੇ ਮੈਂ ਪਲੋਸਣਾ ਚਾਹੁੰਦਾ ਹਾਂ ਇਨ੍ਹਾਂ ਦੇ ਮੁਲਾਇਮ ਖੰਭ ਛੋਹ ਕੇ ਵਾਰ ਵਾਰ ਇਨ੍ਹਾਂ ਤੇ ਚਿਤਰ ਦੇਣੇ ਚਾਹੁੰਦਾ ਹਾਂ ਆਪਣੀ ਮੁਹੱਬਤ ਦੇ ਨਕਸ਼ ਇਨ੍ਹਾਂ ਪੰਖੜੀਆਂ ਨੂੰ ਖਿੜ ਲੈਣ ਦੇ ਪੂਰੀ ਤਰ੍ਹਾਂ ਫਿਰ ਮੈਂ ਇਨ੍ਹਾਂ ਦਾ ਰਸ ਆਪਣੇ ਹੋਠਾਂ ਸੰਗ ਪੀ ਕੇ ਰਚਾ ਲਵਾਂਗਾ ਆਪਣੇ ਅੰਦਰ ਫਿਰ ਤੇਰੀ ਮਹਿਕ ਪੌਣਾਂ ਨੂੰ ਦੇ ਦੇਵਾਂਗਾ ਅਜੇ ਤੂੰ ਮੈਨੂੰ ਟੁੱਟ ਕੇ ਮੁਹੱਬਤ ਕਰ...

ਕੂੰਜਾਂ ਨੂੰ!

ਨੀ ਕੂੰਜੋ! ਦੇ ਲੈਣ ਦਿਓ ਮੈਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਪਿਆਰ ਦੇ ਹਵਨ-ਕੁੰਡ ਅੰਦਰ ਤੇ ਕਰਨ ਦਿਓ ਯੱਗ ਸੰਪੂਰਨ ਮੈਂ ਹੁਣ ਪਿਆਰ ਪਿਆਰ ਹੋ ਗਿਆ ਹਾਂ...

ਇਜ਼ਹਾਰ

ਮੁਹੱਬਤ ਦੇ ਵੇਗ 'ਚ ਪਿੱਪਲ ਦੇ ਪੱਤਿਆਂ 'ਤੇ ਕਣੀਆਂ ਦੇ ਜਲ-ਤਰੰਗ ਜਿਹਾ ਤੇਰੇ ਕੋਲ਼ ਆਪਣੀ ਇੱਛਾ ਦਾ ਪ੍ਰਗਟਾਅ ਕਰਨਾ ਕਾਇਆ 'ਚ ਛੇੜ ਸੁੱਤੀਆਂ ਨਾਗਣਾਂ ਗਾ ਅਨਹਦ ਖੁਸ਼ੀ ਦਾ ਗਾਵਣ ਤੇ ਮੁਕਤ ਹੋ ਜਾ ਪਿਆਰ ਖ਼ੁਦ-ਬ-ਖ਼ੁਦ ਕਰ ਦੇਵੇਗਾ ਸ਼ਾਂਤ ਖੌਲਦੇ ਸਮੁੰਦਰ ਭਟਕਦੀਆਂ ਲਾਲਸਾਵਾਂ ਬੇਚੈਨ ਇੰਦਰੀਆਂ

ਦੇਖ...

ਦੇਖ...ਮੇਰੇ ਦਿਲ ਦਾ ਤੜਪਣਾ ਮਰਨ ਲੱਗੀ ਤਿਤਲੀ ਇਸੇ ਤਰ੍ਹਾਂ ਆਖ਼ਰੀ ਵਾਰ ਸਮੇਟਦੀ ਹੋਵੇਗੀ ਆਪਣੇ ਖੰਭ ਦੇਖ...ਮੇਰੀ ਨਬਜ਼ ਦਾ ਬੰਦ ਹੋਣਾ ਇਸੇ ਤਰ੍ਹਾਂ ਡੁੱਬਦਾ ਹੋਵੇਗਾ ਸਮੁੰਦਰ ਦੇ ਗਹਿਰੇ ਪਾਣੀਆਂ 'ਚ ਕੋਈ ਜਹਾਜ਼ ਜਾਂ ਅਸਤ ਜਾਂਦਾ ਹੋਵੇਗਾ ਪਿਆਰ ਦਾ ਸੂਰਜ ਕਿਤੇ...

ਸ਼ੁਰੂਆਤ

ਜਗਣ ਦੇ ਦੂਧੀਆ ਜੋਤੀ ਮਨ ਵਿਚਕਾਰ ਪੱਸਰ ਜਾਣ ਦੇ ਅਨੰਤ ਤਰੰਗਾਂ ਮੈਂ ਤੇਰੇ ਬਦਨ 'ਚ ਤੇਰੀ ਇੱਛਾ ਦਾ ਹੁੰਗਾਰਾ ਹੋਵਾਂਗਾ ਚੁੱਪ-ਚਾਪ ਮੇਰੇ ਨਾਲ਼ ਗੱਲਾਂ ਕਰ ਅੱਖਾਂ ਨਾਲ਼ ਛੋਹਣ ਦੇ ਹੱਥਾਂ ਨੂੰ ਪਰਬਤੀ ਗੋਲ਼ਾਈਆਂ ਜਿਨ੍ਹਾਂ 'ਚ ਪਰਮ ਸੁੰਦਰਤਾ ਹੈ ਘੁਲ਼ ਜਾਣ ਦੇ ਦੁਮੇਲ ਦੇ ਰੰਗਾਂ ਵਾਂਙ ਦਿਲ 'ਚ ਖ਼ੁਸ਼ੀ ਹਰ ਵਾਰ ਮੇਰੇ ਨਾਲ ਇਂਞ ਹੀ ਸ਼ੁਰੂ ਕਰ...

ਉਦੈ-ਅਸਤ

ਮੈਂ ਤੇਰੇ ਦਿਲ 'ਚੋਂ ਅਸਤ ਰਿਹਾਂ... ਇਹ ਜੋ ਤੇਰੇ ਚਿਹਰੇ 'ਤੇ ਲਾਲੀ ਹੈ ਇਹ ਪੂਰਬ ਦੀ ਨਹੀਂ...ਪੱਛਮ ਦੀ ਹੈ ਹੌਲ਼ੀ-ਹੌਲ਼ੀ ਤੇਰੇ ਦਿਲ 'ਚ ਫੈਲ ਜਾਵੇਗਾ ਅੰਧਕਾਰ ਅੰਧਕਾਰ ਵੀ ਮਾੜਾ ਨਹੀਂ ਹੁੰਦਾ ਜੇਕਰ ਆਉਂਦੀ ਹੋਵੇ ਕਲਾ ਅੰਧਕਾਰ 'ਚ ਆਪਣੇ ਆਪ ਨਾਲ਼ ਗੱਲਾਂ ਕਰਨ ਦੀ ਤੇ ਅੰਧਕਾਰ ਹਮੇਸ਼ਾ ਨਹੀਂ ਰਹਿੰਦਾ ਹੁੰਦਾ ਫਿਰ ਕੋਈ ਸੂਰਜ ਉਦੈ ਹੋਵੇਗਾ ਤੇਰੇ ਦਿਲ 'ਚੋਂ ਤੂੰ ਉਸਦੀ ਰੌਸ਼ਨੀ 'ਚ ਖੁਸ਼ ਹੋਵੀਂ ਆਪਣੇ ਆਪ ਨੂੰ ਮਿਲੀਂ ਤੇ ਚਾਨਣ ਨਾਲ਼ ਭਰ ਜਾਵੀਂ...

ਏਸ ਵੇਲ਼ੇ

ਏਸ ਵੇਲ਼ੇ ਕੌਣ ਛੇੜ ਰਿਹੈ ਵਗ ਰਹੀ ਨਦੀ ਦੇ ਨੀਰ ਏਸ ਵੇਲ਼ੇ ਗਾ ਰਿਹੈ ਕੋਈ ਫ਼ਕੀਰ ਸੌਂ ਰਹੀ ਹੈ ਭੀੜ ਅਤੇ ਜਾਗਦੀ ਇਕਾਂਤ ਲਿਖ ਰਿਹਾਂ ਸਹਿਜ ਗੀਤ ਇੱਕ ਅਗੰਮੀ ਧੁਨ 'ਤੇ ਨ੍ਰਿਤ ਕਰਨ ਲੱਗ ਪਿਆ ਬ੍ਰਹਿਮੰਡ ਸਾਰਾ ਬਹੁਤ ਗਹਿਰੇ ਹੋ ਗਏ ਨੇ ਭਾਵ ਤੇ ਸੂਖ਼ਮ ਖ਼ਿਆਲ ਜੀਅ ਕਰਦੈ ਛੋਹ ਕੇ ਵੇਖਾਂ ਦਿਲ ਤੇਰਾ ਏਸ ਵੇਲ਼ੇ...

ਕਾਮਨਾ

ਮੈਨੂੰ ਇੰਨੀ ਦਿਮਾਗ਼ ਦੀ ਨਹੀਂ ਜਿੰਨੀ ਦਿਲ ਦੀ ਲੋੜ ਹੈ ਇਸੇ ਤਰ੍ਹਾਂ ਮੈਨੂੰ ਪਿਆਰ ਚਾਹੀਦੈ ਜ਼ਿੰਦਗੀ ਦੀਆਂ ਬਾਹਾਂ 'ਚ ਨਚਿੰਤ ਹੋ ਕੇ ਸੌਣ ਲਈ ਭਾਵ ਹੀ ਬਹੁਤ ਹਨ ਕਵਿਤਾ ਰਚਣ ਲਈ ਬਹੁਤ ਹਨ ਥੋੜ੍ਹੇ ਜਿਹੇ ਸ਼ਬਦ ਜਿਵੇਂ ਜੀਊਂਦੇ ਰਹਿਣ ਲਈ ਥੋੜ੍ਹਾ ਜਿਹਾ ਅੰਨ-ਜਲ ਹੀ ਬਹੁਤ ਹੁੰਦੈ ਇਸੇ ਤਰ੍ਹਾਂ ਮੈਨੂੰ ਪਿਆਰ ਚਾਹੀਦੈ...

ਤੇਰੀ ਆਮਦ ਨਾਲ਼

ਤੇਰੀ ਆਮਦ ਇਸ ਤਰ੍ਹਾਂ ਜਿਵੇਂ ਗਰਮੀ ਦੇ ਹੁੱਟ ਪਿੱਛੋਂ ਪੈਂਦਾ ਮੀਂਹ ਤੇਰੀ ਆਮਦ ਇਸ ਤਰ੍ਹਾਂ ਜਿਵੇਂ ਮਹਿਕਦਾ ਅੰਬਾਂ ਦਾ ਬੂਰ ਤੇਰੀ ਆਮਦ ਇਸ ਤਰ੍ਹਾਂ ਜਿਵੇਂ ਮੁੱਦਤ ਤੋਂ ਲੱਦਿਆ ਜਾਨ ਤੋਂ ਕੋਈ ਬੋਝ ਲਹਿ ਜਾਵੇ ਝੂਮ ਉੱਠੀ ਜ਼ਿੰਦਗੀ ਤੇਰੀ ਆਮਦ ਨਾਲ਼ ਚਿਰਾਂ ਪਿੱਛੋਂ ਤੇਰੇ ਨਾਂ ਮੈਂ ਕਵਿਤਾ ਲਿਖੀ ਹੁਣ ਦੇਖਦਾਂ ਕਦੇ ਤੈਨੂੰ ਕਦੇ ਕਵਿਤਾ 'ਚ ਤੇਰੇ ਅਕਸ ਨੂੰ ਤੇਰੀ ਆਮਦ ਨਾਲ਼ ਮੈਂ ਫਿਰ ਤੋਂ ਜੀਣ ਜੋਗਾ ਹੋ ਗਿਆ...

ਤੇਰੇ ਚੁੰਮਣਾਂ ਦੀ ਬਰਸਾਤ 'ਚ

ਤੇਰੇ ਚੁੰਮਣਾਂ ਦੀ ਬਰਸਾਤ 'ਚ ਭਿੱਜਦਾ ਹਾਂ ਰੂਹ ਤੀਕ ਕਿ ਮੈਨੂੰ ਇਂਞ ਹੀ ਭਿੱਜਣਾ ਚੰਗਾ ਲਗਦਾ ਹੈ ਰੋਜ਼ ਮੇਰੇ ਅੰਦਰਲੇ ਟੋਏ ਭਰਦਾ ਤੇਰਾ ਪਿਆਰ ਹਰ ਵਾਰ ਲਬਰੇਜ਼ ਹੁੰਦਾ ਹਾਂ ਤੇਰੇ ਪਿਆਰ ਨਾਲ਼...

ਅੰਤਿਕਾ

ਕੌਣ ਚਾਹੁੰਦਾ ਹੈ ਕਿ ਪਿਆਰ ਦੀ ਕਵਿਤਾ ਪੂਰੀ ਹੋ ਜਾਵੇ ਨਹੀਂ...ਮੈਥੋਂ ਨਹੀਂ ਹੁੰਦਾ ਇਂਞ ਕਰ ਪਿਆਰ ਦਾ ਇਜ਼ਹਾਰ ... ... ... ਏਨੇ ਸ਼ਬਦ ਲਿਖ ਕੇ ਵੀ ਲਗਦਾ ਹੈ ਕਿ ਰਹਿ ਗਿਆ ਬਹੁਤ ਕੁਝ ਲਿਖਣ ਲਈ...

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਰਮਜੀਤ ਸੋਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ