Kavitanjali : Dr Amarjit Tanda

ਕਵਿਤਾਂਜਲੀ : ਡਾ. ਅਮਰਜੀਤ ਟਾਂਡਾ

ਤੂੰ ਹੀ ਹੋਵੇਂਗੀ

ਤੂੰ ਹੀ ਹੋਵੇਂਗੀ
ਹੋਰ ਕੌਣ ਹੋ ਸਕਦਾ ਹੈ-ਸੱਜਰੀ ਸਵੇਰ ਵਰਗਾ
ਨੈਣ ਨਕਸ਼ ਸਾਰੇ
ਸੋਹਣੀ ਗ਼ਜ਼ਲ ਵਰਗੇ
ਮਹਿਫ਼ਲ ਸਾਰੀ ਸੁੰਨ ਜੇਹੀ ਹੋ ਗਈ ਸੀ ਤੱਕ ਤੱਕ

ਟੋਰ ਵੀ ਵਧੀਆ ਸ਼ੇਅਰਾਂ ਵਰਗੀ
ਇਕ ਤੋਂ ਇਕ ਵੱਧ ਕਦਮ
ਜਿਵੇਂ ਮੋਰਨੀ ਪੈਲੀਂ ਮਸਤੀ

ਖਬਰੇ ਸਤਰਾਂ ਦੀ ਵਡਿਆਈ
ਸਰਘੀ ਲੈ ਜਿਵੇਂ ਰਿਸ਼ਮਾਂ ਆਈ
ਇਕ ਇਕ ਹਰਫ਼ ਸਿਲਾਈ ਪਾਈ
ਚਾਨਣੀ ਹੋਵੇ ਜਿਵੇਂ ਭਰੀ ਭਰਾਈ

ਓਦਣ ਚੰਨ ਓਹਲੇ ਹੋ ਕੇ ਛੁਪ ਗਿਆ ਸੀ
ਜਦੋਂ ਤੇਰੇ ਆਉਣ ਨਾਲ ਰਾਤ ਖਿੜ੍ਹ ਗਈ ਸੀ

ਸੁਗੰਧੀਆਂ ਦੀ ਬਰਸਾਤ ਹੋਈ
ਤੇਰੇ ਨਾਲ ਪਹਿਲੀ ਮੁਲਾਕਾਤ ਹੋਈ

ਹਰ ਪੱਬ ਤੇ ਨੱਚ ਉੱਠੇ ਸਿਤਾਰੇ
ਪਰਬਤ ਵਾਦੀ ਦੇ ਚੁੱਪ ਨਜ਼ਾਰੇ
ਦੂਰੋਂ ਤੈਨੂੰ ਸੇਕਣ ਸਾਰੇ
ਸੁੱਚੇ ਦਰਪਣ ਅਰਸ਼ ਹੁਲਾਰੇ

ਦਿਲ ਕਰਦਾ
ਇਕ ਰੁੱਖ ਕਹਿੰਦਾ ਸੀ
ਹੱਥ 'ਚ ਤੇਰਾ ਹੱਥ ਘੁੱਟ ਲਵਾਂ
ਤੇ ਭੁੱਲ ਜਾਵਾਂ ਮੈਂ ਆਲਮ ਸਾਰਾ

ਤੇਰੇ ਕੋਲ ਖ਼ਬਰੇ ਕੀ ਮੰਤਰ
ਟੁਰਦੀ ਜਾਵੇਂ ਲੋਅ ਨਿਰੰਤਰ

ਓਸ ਦਿਨ ਪੰਛੀਆਂ ਨੇ ਚੁੱਪ ਧਾਰ ਲਈ ਸੀ
ਤੇਰੇ ਗੀਤ ਸੁਣਨ ਲਈ
ਮੰਤਰਮੁਗਧ ਤੈਂ ਕੀਤੀ ਕਾਇਨਾਤ

ਮਰਮਰ ਦੀ ਕੋਈ ਜਾਪੇਂ ਬੁੱਤ
ਗੋਦੀ ਚੰਨ ਗੋਰਾ ਜੇਹਾ ਪੁੱਤ
ਪਤਝੜ ਉਮਰੇ ਹੁਸਨ ਦੀ ਰੁੱਤ
ਅੰਬਰੀ ਲੱਕ 'ਤੇ ਸੱਪਣੀ ਗੁੱਤ

ਤੂੰ ਆਵੇਂ ਤਾਂ ਪਿੰਡ ਵਸਦਾ ਹੈ
ਹਰ ਰੁੱਖ ਚੰਦਰਾ ਦੁੱਖ ਦੱਸਦਾ ਹੈ

ਫੁੱਲ ਨਵੇਂ ਖਿੜ੍ਹਨ ਗੁਲਾਬੀਂ
ਸੁਰ ਨਵੇਂ ਤਰਨ ਰਬਾਬੀਂ
ਨਜ਼ਮਾਂ ਸਫ਼ੇ ਤੁਰਨ ਕਿਤਾਬੀਂ
ਰੰਗ ਵਟਣੇ ਦੇ ਚੜ੍ਹਣ ਸ਼ਬਾਬੀਂ

ਜੋਬਨ ਡੁੱਲ੍ਹੇ ਰੁੱਤ ਕੁਆਰੀ
ਅੰਗ ਅੰਗ ਨੂੰ ਚੜ੍ਹੀ ਖ਼ੁਮਾਰੀ
ਚੰਨ ਕਿਸੇ ਨੂੰ ਲੱਭਦੀ ਹਾਰੀ
ਖੁਸ਼ਬੂ ਕਿਰਦੀ ਜਾਵੇ ਸਾਰੀ

ਸਿਖ਼ਰ ਦੁਪਹਿਰਾ ਚਾਅ ਅੰਬਾਂ ਦਾ
ਇਸ਼ਕ ਕੋਈ ਲੱਭਦਾ ਰਾਹ ਖੰਭਾਂ ਦਾ

ਆਵੇ ਕੋਈ ਦਿਲ ਜੇਹਾ ਖੋਲ੍ਹੇ
ਮਿਲਣਾ ਚਾਹੇ ਓਹਲੇ ਓਹਲੇ
ਦੁਨੀਆਂ ਨੂੰ ਕੋਈ ਖ਼ਬਰ ਨਾ ਲੱਗੇ
ਇੰਜ ਮਿਲੀਏ ਨੀ ਪਹਿਲੀਏ ਅੱਗੇ

ਮਿਸਰਾ ਆਪੇ ਸ਼ੇਅਰ ਹੈ ਬਣਨਾ
ਜਦ ਬਣ ਸੰਵਰ ਪੱਬ ਬਾਹਰ ਤੂੰ ਧਰਨਾ
ਹੁਸਨ ਨੇ ਜਦ ਛੱਤ 'ਤੇ ਚੜ੍ਹਨਾ
ਵਾਲ ਸਕਾਉਣ ਬਹਾਨਾ ਘੜ੍ਹਨਾ

ਹੁਸਨ ਇਸ਼ਕ ਨੂੰ ਅੱਗ ਨੇ ਖਾਣਾ
ਚਾਨਣੀ ਨੇ ਚੰਨ ਜੰਮਣ ਜਾਣਾ
ਗੱਲਾਂ ਸਨ ਸਭ ਮਿੱਠੀਆਂ ਮਿੱਠੀਆਂ
ਖਬਰੇ ਕਿੱਥੋਂ ਆਈਆਂ ਚਿੱਠੀਆਂ

ਇਹੋ ਜੇਹੀਆਂ ਨਾ ਦਿਸਣ ਹਵਾਵਾਂ
ਭਰ ਭਰ ਡੁੱਲ੍ਹਣ ਪਹਿਲੇ ਚਾਵਾਂ
ਮੱਥੇ ਤਾਰੇ ਰਾਹੀਂ ਛਾਂਵਾਂ
ਡਾਹ ਤੂੰ ਛਾਤੀ ਗੀਤ ਵਿਛਾਵਾਂ

ਗ਼ਜ਼ਲੇ ਨੀ ਓਹਦੇ ਵਰਗੀ ਹੋ ਜਾ
ਪੋਲੇ ਪੱਬ ਧਰ ਹਿੱਕੀਂ ਸਮੋ ਜਾ
ਕੁਝ ਗੰਢਾਂ ਤਾਂ ਗ਼ਮ ਦੀਆਂ ਧੋ ਜਾ
ਸਾਹੀਂ ਡੁੱਲ੍ਹਦਾ ਹੁਸਨ ਪਰੋ ਜਾ

ਪਲ ਉਡੀਕਦੇ ਦਰੋਂ ਹੂੰਝਦੇ
ਉਦਾਸ ਰਾਤ ਦੇ ਹੰਝੂ ਪੂੰਝਦੇ

ਤੂੰ ਆਈ ਤਾਂ ਖੁਸ਼ੀਆਂ ਆਉਣਾ
ਨਵਾਂ ਸੂਟ ਸਮਾਇਆ ਪਾਉਣਾ
ਗ਼ਮ ਚੱਕ ਨਵਾਰੀ ਪਲੰਘ ਹੈ ਡਾਹੁਣਾ
ਫਿਰ ਤੈਨੂੰ ਹੋਠਾਂ ਸੰਗ ਲਾਉਣਾ

ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ

ਚਿੱਠੀਆਂ ਚੁੱਪ ਚਾਪ ਆਉਂਦੀਆਂ ਸਨ
ਸੁਨੇਹੇ ਲੈ ਕੇ ਮੁੜ ਜਾਂਦੀਆਂ ਸਨ

ਅੱਜਕੱਲ੍ਹ
ਚਿੱਠੀਆਂ ਨਹੀਂ ਆਉਂਦੀਆਂ
ਕਿਸੇ ਹੋਰ ਦੇਸ ਟੁਰ ਗਈਆਂ ਹਨ ਸ਼ਾਇਦ
ਨਾ ਹੀ ਖੁæਸ਼ੀ ਲਗਦੀ ਹੈ ਓਸ ਤਰ੍ਹਾਂ ਹਿੱਕ ਨੂੰ ਆ ਕੇ
ਅੱਜਕੱਲ੍ਹ ਫ਼ੋਨ
ਈਮੇਲਾਂ ਜਾਂ ਵਟਸਐਪ ਆਉਂਦੇ ਹਨ
ਨੇੜੇ ਵੀ ਨਹੀਂ ਹੁੰਦੇ
ਕਿ ਸਿਰ 'ਤੇ ਪਿਆਰ ਹੀ ਦੇ ਦੇਈਏ

ਉਹਨਾਂ 'ਚ ਕੋਈ ਦੁੱਖ ਦਰਦ ਨਹੀਂ ਹੁੰਦਾ
ਨਾ ਹੀ ਉਹ ਕਿਤਿਓਂ ਏਨੇ ਜ਼ਖ਼ਮੀਂ ਹੁੰਦੇ ਹਨ
ਤੇ ਨਾ ਹੀ ਬਹੁਤੇ ਲਾਡਲੇ
ਮਾਸੀ ਭੂਆ ਦੇ ਸੁੱਖ ਸੁਨੇਹੇ ਵਰਗੇ

ਫ਼ੋਨ ਈਮੇਲਾਂ ਜਾਂ ਵਟਸਐਪ
'ਚ ਕੁਝ ਵੀ ਨਹੀਂ ਹੁੰਦਾ ਹਿੱਕ ਨੂੰ ਲਾਉਣ ਵਾਲਾ
ਤੇ ਗਲ਼ ਲਾ ਕੇ ਚੁੱਪ ਕਰਾਉਣ ਵਾਲਾ

ਚਿੱਠੀਆਂ 'ਚ ਬਹੁਤ ਕੁਝ ਹੁੰਦਾ ਸੀ
ਚੁੱਕ ਚੁੱਕ ਕੇ ਖਿਡਾਉਣ ਵਰਗਾ
ਸਾਹਾਂ ਵਿਚ ਪਾਉਣ ਵਰਗਾ
ਹਿੱਕ ਨੂੰ ਵਿਰਾਉਣ ਵਰਗਾ

ਚਿੱਠੀਆਂ ਪਹਿਲਾਂ
ਹੱਥ ਸਾਫ਼ ਕਰ ਕੇ ਪੱਲੇ ਨਾਲ ਫ਼ੜੀਆਂ ਜਾਂਦੀਆਂ

ਅਦਬ ਨਾਲ ਸਾਂਭੀਆਂ ਜਾਂਦੀਆਂ ਸਦੀਆਂ ਭਰ
ਸਰ੍ਹਾਣਿਆਂ ਅਲਮਾਰੀਆਂ ਕਿਤਾਬਾਂ 'ਚ

ਅੱਖਾਂ ਪੂੰਝਦੀਆਂ ਚਿੱਠੀਆਂ
ਸੱਲ ਵਿਛੋੜੇ ਹੂੰਝਦੀਆਂ ਚਿੱਠੀਆਂ

ਕਦੇ ਡਾਕੀਏ ਦੀ ਉਡੀਕ ਹੁੰਦੀ ਸੀ
ਅੱਖਾਂ ਵਿਚ ਚੀਸ ਹੁੰਦੀ ਸੀ
ਰਾਤ ਗਿਣਦੀ ਤਾਰੀਕ ਹੁੰਦੀ ਸੀ
ਕੰਧ ਵਾਹੁੰਦੀ ਲੀਕ ਹੁੰਦੀ ਸੀ

ਖ਼ਤਾਂ ਰੁੱਕਿਆਂ ਚਿੱਠੀਆਂ
ਦੇ ਮਰਨ ਨਾਲ ਚਾਅ ਵੀ ਨਹੀਂ ਰਹੇ-
ਆਉਣ ਜਾਣ ਦੇ ਬਹਾਨੇ ਵੀ ਟੁਰ ਗਏ ਕਿਤੇ

ਉਹ ਇਸ਼ਕ ਵੀ ਨਹੀਂ ਰਿਹਾ
ਜੋ ਰੁੱਕਾ ਜਾਂ ਲਿਫ਼ਾਫਾ ਸੁੱਟ ਦੌੜ ਜਾਂਦਾ ਸੀ-
ਮੁਹੱਬਤ ਵਾਲੀ ਕੰਧ ਵੀ ਉੱਚੀ ਹੋ ਗਈ ਹੈ-
ਅੱਡੀਆਂ ਚੱਕ ਚੱਕ ਕਿਹਨੂੰ ਕੋਈ ਸੁੱਟੇ ਚਿੱਠੀਆਂ

ਕਿਹਨੂੰ ਦੱਸਣ ਰੋਸੇ ਚਿੱਠੀਆਂ
ਕਿਹਦੇ ਨਾਲ ਹੱਸਣ ਪੜ੍ਹ ਪੜ੍ਹ ਚਿੱਠੀਆਂ

ਕਿੱਥੇ ਚਲੀਆਂ ਗਈਆਂ ਹਨ
ਚਾਵਾਂ ਨਾਲ ਖਰੀਦ ਕੇ ਲਿਆਦੀਆਂ
ਤਹਾਂ ਲਾ ਲਾ ਬੰਦ ਕੀਤੀਆਂ ਬੁੱਲ੍ਹਾਂ ਦੇ ਪਿਆਰ ਛੁਹ ਨਾਲ
ਲਿਖੀਆਂ ਲਿਖਾਈਆਂ ਚਿੱਠੀਆਂ
ਮਿਨਤਾਂ ਕਰ ਕਰ ਪੜ੍ਹਾਈਆਂ ਚਿੱਠੀਆਂ
ਮੁੜ ਤਹਿ ਲਾ ਲਾ ਰਖਾਈਆਂ ਚਿੱਠੀਆਂ

ਹੁਣ ਕੋਈ ਨਹੀਂ ਉਡੀਕਦਾ ਡਾਕੀਏ ਨੂੰ
ਸੁਨੇਹੇ ਤਾਂ ਪਹਿਲਾਂ ਹੀ ਰੁੱਸੇ ਬੈਠੇ ਹੁੰਦੇ ਹਨ
ਜਾਂ ਫ਼ੋਨ ਸੁਣ ਕੇ -ਨਾ ਆ ਸਕਣ ਦਾ ਬਹਾਨਾ ਸੁਣ ਕੇ
ਜਾਂ ਫਿਰ ਵਟਸਐਪ 'ਚ ਨਰਾਜ਼ਗੀ ਦੀਆਂ ਸਤਰਾਂ ਪੜ੍ਹ ਕੇ
ਜਦੋਂ ਫ਼ੋਨ ਵੀ ਭੰਨਣ ਨੂੰ ਦਿਲ ਕਰਦਾ ਹੈ-
ਮਹਿੰਗਾ ਹੋਣ ਕਰਕੇ ਸੁੱਟਿਆ ਵੀ ਨਹੀਂ ਜਾਂਦਾ

ਮੁੜ ਕੇ ਲਿਆਈਏ ਚਲੋ ਚਿੱਠੀਆਂ ਦਾ ਪਹਿਰ
ਵਸ ਜਾਣ ਉੱਜੜੇ ਘਰ ਅਤੇ ਸ਼ਹਿਰ
ਖੁਸ਼ੀਆਂ ਤੋਂ ਉੱਤਰੇ ਸੁਪਨਿਆਂ ਦੀ ਗਹਿਰ

ਸਦੀਆਂ ਦੀ ਕੁੱਲ ਕਾਲਖ਼ ਧੋ ਕੇ
ਪਰਬਤ ਓਹਲੇ ਸੂਰਜ ਲੁਕੋ ਕੇ
ਬੋਹੜਾਂ ਦੇ ਦੁੱਖਾਂ ਨੂੰ ਰੋ ਕੇ
ਸੁਬਾ੍ਹ ਕਿਤਿਓਂ ਆਵਾਜ਼ ਨਹੀ ਆਈ !
ਖਬਰੇ ਕਿਉਂ ਰਬਾਬ ਨਹੀਂ ਆਈ
ਜਾਂ ਮਰਦਾਨੇ ਨੂੰ ਜਾਗ ਨਹੀਂ ਆਈ
ਮਹਿਕ ਜੁਆਨੀ ਖ਼ਾਬ ਨਹੀਂ ਆਈ

ਪੁਨੂੰ ਪੁਨੂੰ ਕਹਿ ਨਹੀਂ ਸਕਦਾ
ਹਾਸੇ ਤੇਰੇ ਸਹਿ ਨਹੀਂ ਸਕਦਾ
ਸੇਕ ਇਹਨਾਂ ਦੇ ਤੀਰਾਂ ਵਰਗੇ
ਕਿਰਨਾਂ ਦੇ ਕੋਲ ਬਹਿ ਨਹੀਂ ਸਕਦਾ

ਮਾਏ ਨੀ ਮੇਰਾ ਬਚਪਨ ਲੱਭ ਦੇ

ਮਾਏ ਨੀ ਮੇਰਾ ਬਚਪਨ ਲੱਭ ਦੇ
ਹੈਥੇ ਕਿਤੇ ਹੀ ਹੋਣਾ

ਹੋਣਾ ਉਹ ਸੰਦੂਕਾਂ ਓਹਲੇ
ਲੁਕਦਾ ਹੋਣਾ ਪੋਲੇ ਪੋਲੇ
ਲੱਭ ਜਾਣਾ ਜੇ ਝਿੜਕੀਂ ਟੋਲੇ
ਬਾਹਰ ਖੜ੍ਹਾ ਜੇ ਯਾਰ ਕੋਈ ਬੋਲੇ

ਰਹਿ ਗਿਆ ਹੋਣਾ ਬਸਤੇ ਦੇ ਵਿਚ
ਜਾਂ ਕਿਤੇ ਯਾਰਾਂ ਦੇ ਪੈਰਾਂ 'ਚ ਰੁਲਦਾ
ਹੋਰ ਓਹਨੇ ਕਿੱਥੇ ਸੀ ਜਾਣਾ-
ਅਜੇ ਤਾਂ ਲਈ ਸੀ ਕੌਲੀ ਫਿਰਦਾ
ਕਹਿੰਦਾ ਸੀ ਚਾਨਣ ਪਾ ਦਹੀਂ ਖਾਣਾ-

ਜਾਂ ਬਾਪੂ ਦੇ ਫ਼ਿਕਰਾਂ 'ਚ ਗੁਆਚਾ
ਪੱਗ ਦੇ ਲੜ 'ਚ ਰੁਲ ਗਿਆ ਹੋਣਾ-
ਕਿਤਿਓਂ ਕਿਤਿਓਂ ਭੁਰ ਗਿਆ ਹੋਣਾ-

ਲੱਭੀਂ ਨੀ ਮਾਂ ਬਚਪਨ
ਕਦੇ ਕਦੇ ਦੇਖਣ ਨੂੰ ਦਿਲ ਕਰਦਾ
ਰੋਟੀ ਟੁੱਕ ਭਾਂਵੇਂ ਦੇ ਨਾ ਸਾਨੂੰ
ਸਾਡਾ ਇਸ ਚੰਦਰੇ ਬਿਨ ਨਾ ਸਰਦਾ

ਸ਼ਾਇਦ ਮੁੜ ਆਵੇ ਫਿਰ ਰੁੱਖਾਂ ਤੋਂ
ਸਵੇਰ ਦੁਪਹਿਰ ਦੀਆਂ ਭੁੱਖਾਂ 'ਚੋਂ
ਕੰਮ ਸਾਰਦੀ ਮਾਂ ਦੇ ਦੁੱਖਾਂ 'ਚੋਂ
ਘੁੱਗੀ ਵਰਗੀ ਬੋਤਲ
ਤੇ ਮੈਲੇ ਨਿੱਪਲ ਦੇ ਸੁੱਖਾਂ 'ਚੋਂ

ਹੋ ਸਕਦਾ ਕਦੇ ਪਰਤ ਹੀ ਆਵੇ
ਦਾਦੀ ਚੱਕ ਕੇ ਕੁੱਛੜ ਚਾਵੇ

ਬਚਪਨ ਨੂੰ ਓਦੋਂ ਰਾਹ ਬੜੇ ਸਨ
ਟੋਏ ਟਿੱਬੇ ਚਾਅ ਬੜੇ ਸਨ
ਛੂਹਣ ਸਿਲਾਈ ਪਿੱਠੂ ਢਾਹੁੰਦੇ
ਹਿੱਕਾਂ ਦੇ ਵਿਚ ਸਾਹ ਬੜੇ ਸਨ

ਓਸ ਉਮਰ ਦੀ ਜੇਬ ਸੀ ਛੋਟੀ
ਤਾਰੇ ਨਾ ਸਾਂਭੇ ਲੀਕ ਸੀ ਖੋਟੀ

ਬਾਪ ਦੀਆਂ ਸਾਂਵਲੀਆਂ ਅੱਖਾਂ ਮੂਹਰੇ
ਖਿੜਦੇ ਫੁੱਲ ਗਏ ਕੁਮਲਾਏ
ਮਾਂ ਦੇ ਗੁਲਾਬੀ ਬੁਲ੍ਹਾਂ ਉਤੇ
ਕਿਰਦੇ ਰਹੇ ਪੱਤਝੜ ਦੇ ਸਾਏ
ਕੋਂਪਲ ਦੀ ਅੱਖ ਖੁੱਲ੍ਹਣ ਤੱਕ
ਵਿਹੜੇ 'ਚੋਂ ਟੁਰ ਗਏ ਚੰਨ ਆਏ

ਸੂਰਜ ਦੇ ਨਾਲ ਉੱਠ ਸਾਝਰੇ
ਰਿਸ਼ਮਾਂ ਚਾਹ 'ਚ ਭੋਰ ਲੈਂਦੇਂ ਸਾਂ
ਕਾਗਜ਼ ਦੀ ਬੇੜੀ ਬਣਾ ਕੇ
ਉੱਧੜੀ ਉਮਰ ਨੂੰ ਜੋੜ ਲੈਂਦੇਂ ਸਾਂ
ਬੁੱਕਲ ਮਾਰ ਕੇ ਗਾਉਂਦੀ ਰਾਤ ਨੂੰ
ਚੰਨ ਦੁੱਧ 'ਚ ਖ਼ੋਰ ਲੈਂਦੇ ਸਾਂ
ਖ਼ਬਰੇ ਕੀ ਸਨ ਲੱਗਦੇ ਮੇਰੇ
ਤਾਰਾ ਤਾਰਾ ਤੋੜ ਲੈਂਦੇ ਸਾਂ

ਸਤਲੁਜ ਝਨਾਂ ਪਾਣੀ ਓਥੇ
ਦਾਦੀ ਦੀ ਕਹਾਣੀ ਓਥੇ
ਰਾਜਾ ਤੇ ਇੱਕ ਰਾਣੀ ਓਥੇ
ਸੁਫ਼ਨੇ ਮੇਰੇ ਹਾਣੀ ਓਥੇ

ਕਿਤੇ ਲੱਭੇ ਜਾਂ ਫਿਰੇ ਗੁਆਚਾ
ਬਚਪਨ ਨੂੰ ਕਹੋ ਘਰ ਆ ਜਾਵੇ
ਮਲ੍ਹੇ ਬੇਰੀਆਂ ਕੰਡਿਆਂ ਕੋਲੋਂ
ਗੱਭਰੂ ਹੋਏ ਖ਼ਾਬ ਬਚਾਵੇ
ਭੁੱਖਾ ਹੋਣਾ ਜੈ ਵੱਢੇ ਦਾ
ਝਿੜਕ ਤੋਂ ਡਰਦਾ ਘਰ ਨਾ ਆਵੇ

ਦਿਨ ਉੱਜੜ ਗਏ ਰਾਤ ਉੱਜੜ ਗਈ
ਬਚਪਨ ਦੀ ਪਰਭਾਤ ਉੱਜੜ ਗਈ
ਭੁੱਖੇ ਨੰਗੇ ਪੈਰਾਂ ਵਾਲੀ
ਯਾਰਾਂ ਦੀ ਮੁਲਾਕਾਤ ਉੱਜੜ ਗਈ
ਕੁੱਛੜ ਚੜ੍ਹੀ ਸੀ ਮਸਾਂ ਸਮੇਂ ਦੇ
ਨਿਸਚਿੰਤ ਨਿਕਰਮੀ ਬਾਤ ਉੱਜੜ ਗਈ

ਸੌਣ ਦਾ ਵੇਲਾ ਮਾਂ ਉਡੀਕੇ
ਚੰਨ ਸੋਹਣਿਆਂ ਛਾਂ ਉਡੀਕੇ
ਯਾਰਾਂ ਭਰਿਆ ਗਰਾਂ ਉਡੀਕੇ
ਤੇਰੇ ਬਗ਼ੈਰ ਸੁੰਨੀ ਪਈ ਵੇ
ਖੇਡਾਂ ਵਾਲੀ ਥਾਂ ਉਡੀਕੇ

ਜੇ ਕਦੇ ਆਉਣਾ ਹੋਇਆ

ਜੇ ਕਦੇ ਆਉਣਾ ਹੋਇਆ
ਤਾਂ ਖ਼ਤ ਵਾਂਗ ਆਵੀਂ
ਅਚਨਚੇਤ ਜੇਹੀ ਕਿਸੇ ਯਾਦ 'ਚੋਂ ਜਨਮੀਂ
ਉਡੀਕ ਦੀ ਰਾਹ 'ਚ ਤੈਨੂੰ
ਪੱਗ ਦੇ ਲੜ ਨਾਲ ਪੂੰਝ ਕੇ ਫੜਾਂ
ਪਹਿਲਾਂ ਤਾਂ ਹਿੱਕ ਨਾਲ ਲਾਵਾਂ
ਫਿਰ ਓਹਲੇ ਬਹਿ ਬਹਿ ਪੜ੍ਹਾਂ

ਬਹੁਤ ਕੁਝ ਖ਼ੁਰਦਾ ਰਹਿੰਦਾ ਹੈ
ਜਿੰਨਾ ਚਿਰ ਤੇਰਾ ਖ਼ਤ ਨਹੀਂ ਆਉਂਦਾ

ਡਾਕੀਆ ਜਦ ਬਿਨਾਂ ਰੁਕੇ ਲੰਘ ਜਾਂਦਾ ਹੈ
ਖ਼ਬਰੇ ਕਿੰਨੀਆਂ ਉਮੀਦਾਂ ਮਰਦੀਆਂ ਹਨ
ਕਿੰਨੀਆਂ ਸਿਖ਼ਰ ਦੁਪਹਿਰਾਂ ਬੈਠੀਆਂ
ਰਾਹ ਤੇਰੇ 'ਚ ਠਰਦੀਆਂ ਹਨ

ਦਿਲ ਜਿਹਨਾਂ ਦੀਆਂ ਨੁੱਕਰਾਂ 'ਚ
ਕੋਈ ਆਸ ਪੁੰਗਰਦੀ ਹੋਵੇ
ਜਦੋਂ ਉਹ ਆਪਣੀ ਅੱਗ 'ਚ ਮੁਰਝਾਉਂਦੇ ਹਨ
ਕਬਰਾਂ 'ਚੋਂ ਲਾਂਬੂ ਉੱਠਦੇ ਹਨ
ਪਿੰਡਾਂ ਦੀਆਂ ਜੂਹਾਂ 'ਚ ਚੁੱਪ ਸੌਂ ਜਾਂਦੀ ਹੈ

ਤੂੰ ਕਿਹੜਾ ਜਾਣਦੀ ਨਹੀਂ
ਕਿ ਖ਼ਤਾਂ ਦੀ ਉਡੀਕ ਕਿਹੜੀ ਉਮਰ ਨੂੰ ਲੱਗਦੀ ਹੈ
ਕਿਹੜੇ ਵੇਲੇ ਤਰੇੜ ਪੈਂਦੀ ਹੈ ਸ਼ੀਸ਼ੇ ਨੂੰ
ਕਦੋਂ ਬਣਦੇ ਨੇ ਰੰਗ ਬਿਰੰਗੇ ਸੁਪਨੇ ਪਲਕਾਂ 'ਤੇ
ਕਦੋਂ ਰੂਹ ਦੌੜਦੀ ਹੈ ਅੰਦਰ ਤੇ ਓਹਦੇ ਪਿੰਡ ਵੱਲ ਨੂੰ

ਖ਼ਤ ਹੀ ਹੁੰਦਾ ਹੈ
ਜੋ ਕਿਸੇ ਪਿੰਡ 'ਚੋਂ ਛੁਹ ਲੈ ਟੁਰ ਕੇ ਆਉਂਦਾ ਹੈ
ਖ਼ਤ ਹੀ ਬੂਹੀਂ ਅੰਬ ਪੱਤੇ ਲਟਕਾਉਂਦਾ ਹੈ
ਖ਼ਤ ਹੀ ਅੰਗਾਂ ਵਿਚ ਝਰਨਾਟਾਂ ਪਾਉਂਦਾ ਹੈ

ਖ਼ਤ ਸਤਰੀਂ ਟਿਕਿਆ ਅਸਮਾਨ
ਖ਼ਤ ਬਣ ਆਵੇ ਕਿਤੇ ਭਗਵਾਨ
ਖ਼ਤਾਂ ਵਿਚ ਰੀਝਾਂ ਖ਼ਤਾਂ ਵਿਚ ਜਾਨ
ਖ਼ਤ ਸੁਗੰਧੀਆਂ ਖ਼ਤ ਈਮਾਨ
ਖ਼ਤ ਇੰਜ ਮਿਲਣ ਜਿਵੇਂ ਇਨਸਾਨ

ਬੂਹਿਆਂ ਉਤੇ ਜਦ ਖ਼ਤ ਕੋਈ ਆਵੇ
ਉੱਜੜਦਾ ਪਿੰਡ ਨਗਰ ਵਸ ਜਾਵੇ
ਦਰ ਸੁੰਨਾ ਇਤਿਹਾਸ ਕਹਾਵੇ
ਜੇ ਕੋਈ ਦੁੱਖਦਾ ਦਿਲ ਲਿਖਾਵੇ

ਖ਼ਤਾਂ ਨੂੰ ਹੀ ਸਦਾ ਖ਼ਤ ਆਵਣ
ਜਦ ਕੋਈ ਯਾਦਾਂ ਰਾਤਾਂ ਖਾਵਣ
ਮਹਿਕਾਂ ਜੇ ਕਦੇ ਫੁੱਲ ਬਣ ਜਾਵਣ
ਗੋਦੀ ਚੱਕ ਚੱਕ ਚੰਨ ਖਿਡਾਵਣ

ਖ਼ਤ ਆਇਆ ਉਦਾਸ ਵੀ ਹੋਣਾ
ਜੋੜਦਾ ਟੁੱਟੇ ਸਵਾਸ ਵੀ ਹੋਣਾ
ਯਾਰਾਂ ਦਾ ਧਰਵਾਸ ਵੀ ਹੋਣਾ
ਬਾਪ ਵਰਗਾ ਪਰਕਾਸ਼ ਵੀ ਹੋਣਾ

ਆਵੇਗਾ ਕਦੇ ਛਾਂਵਾਂ ਦਾ ਖ਼ਤ
ਵਿਹੜੇ ਫਿਰਦੀਆਂ ਮਾਵਾਂ ਦਾ ਖ਼ਤ
ਨਿੱਕੇ ਵੱਡੇ ਭਰਾਵਾਂ ਦਾ ਖ਼ਤ
ਸੰਗ ਖੇਡਦੀਆਂ ਥਾਵਾਂ ਦਾ ਖ਼ਤ

ਖ਼ਤ ਹੀ ਨੇ ਖ਼ਤਾਂ ਦੇ ਸਾਏ
ਹੱਥਾਂ ਵਿਚ ਜਿਵੇਂ ਚੰਨ ਨੇ ਚਾਏ
ਸੂਹੇ ਬੁਲ੍ਹਾਂ ਲਈ ਚੁੰਮਣ ਆਏ
ਚੱਕ ਚੱਕ ਅੱਡੀਆਂ ਹਿੱਕੀਂ ਲਾਏ

ਸਖ਼ੀਓ ਨੀ ਕੱਲ੍ਹ ਖ਼ਤ ਇੱਕ ਆਇਆ
ਸਾਰਾ ਵਿਹੜਾ ਓਹਨੇਂ ਨੱਚਣ ਲਾਇਆ
ਤਾਰਿਆਂ ਆ ਕੇ ਝੁਰਮਟ ਪਾਇਆ
ਚਾਨਣੀ ਰਾਤ ਕੋਲੋਂ ਅਸਾਂ ਪੜ੍ਹਾਇਆ

ਖ਼ਤ ਕਹਿੰਦਾ ਸੀ ਕਿਸੇ ਨੇ ਆਉਣਾ
ਗਿਆ ਬਦੇਸ਼ੀਂ ਇਕ ਪ੍ਰਾਹੁਣਾ
ਰੰਗ ਸਾਂਵਲਾ ਚੰਨ ਤੋਂ ਸੋਹਣਾ
ਹਾਰ ਪਰੋਅ ਕੇ ਗਲ ਵਿਚ ਪਾਉਣਾ
ਹਰ ਇਕ ਸੁਫ਼ਨਾ ਇੰਜ ਸਜਾਉਣਾ
ਓਦਣ ਵਟਣੇ ਨੇ ਮਹਿੰਦੀ ਦਾ ਹੋਣਾ

ਅਸੀਂ ਤਾਂ ਚਿੜੀਆਂ

ਅਸੀਂ ਤਾਂ ਚਿੜੀਆਂ
ਪਰ ਕੱਟੀਆਂ
ਮੁੱਦਤਾਂ ਤੋਂ ਪਾਈਆਂ ਪਿੰਜਰੇ
ਵੇ ਤੂੰ ਸਾਨੂੰ ਕਾਹਨੂੰ ਮਾਰੇਂ ਜਿੰਦਰੇ

ਸਾਡਾ ਵੀ ਸੀ ਇਕ ਚੰਬਾ
ਸਖ਼ੀਆਂ ਦਾ ਝੁਰਮਟ
ਖੇਡਦਾ ਸੀ ਚੰਨ ਤਾਰਿਆਂ ਨਾਲ
ਜਾਂ ਓਹਦੇ ਲਾਰਿਆਂ ਦੇ ਨਾਲ

ਉਡਣਾ ਚਾਹਿਆ
ਉਡ ਨਾ ਸਕੀਆਂ
ਰਾਹ ਨਾ ਲੱਭੇ
ਸਾਹ ਸਨ ਅੱਧੇ

ਰੀਝਾਂ ਸਨ
ਕਿੱਲੀਆਂ ਤੇ ਟੰਗੀਆਂ ਰਹਿ ਗਈਆਂ
ਹਿੱਕਾਂ ਵਿਚ ਲੁਕੇ ਚਾਅ
ਗੁੱਡੀਆਂ ਪਟੋਲਿਆਂ ਨਾਲ ਖੇਡਦੇ ਰਹਿ ਗਏ
ਵਿਹੜੇ ਦੇ ਫ਼ਰਸ਼ 'ਤੇ
ਕੁਝ ਗੀਟਿਆਂ ਦੇ ਨਿਸ਼ਾਨ ਰਹਿ ਗਏ
ਕੁਝ ਪੋਟਿਆਂ ਦੀਆਂ ਬੋਲੀਆਂ

ਖ਼ਬਰੇ ਕਿਉਂ ਚੰਬਿਆਂ ਨੂੰ ਝਿੜਕਾਂ
ਰੱਖਦਾ ਵੀਰ ਵੱਡਾ ਕਿਉਂ ਬਿੜਕਾਂ

ਅੰਮੜੀ ਦੇ ਹੱਥੋਂ ਮਿਲੀਆਂ ਪੂਣ ਸਲਾਈਆਂ
ਦਸੂਤੀ 'ਤੇ ਕੱਢਣ ਲਈ ਰੰਗ ਬਿਰੰਗੇ ਧਾਗੇ
ਤੇ ਚਿੜੀਆਂ ਮੋਰਾਂ ਲਈ ਰੰਗ

ਓਦੋਂ ਅਜੇ
ਅਸੀਂ ਏਨਾ ਹੀ ਜਾਣਦੀਆਂ ਸਾਂ ਕਿ
ਚੰਨ ਪ੍ਰਾਹੁਣੇ ਹੁੰਦੇ
ਚਾਨਣੀਆਂ ਵਿਚ ਬਹਿੰਦੇ ਲਹਿੰਦੇ
ਛੁਹਾਂ ਨਾਲ ਕੁਝ ਕਹਿੰਦੇ

ਆਂਢ ਗੁਆਂਢ 'ਚ ਕਈ ਚਿੜੀਆਂ ਆਈਆਂ
ਸੂਹੇ ਚੂੜੇ ਪਾ ਕੇ
ਟਿੱਕੇ ਲਾ ਕੇ

ਓਸ ਰੁੱਤੇ ਸਾਡੀਆਂ ਹਥੇਲੀਆਂ ਨੇ ਵੀ
ਮਹਿੰਦੀ ਦਾ ਲਿਆ ਸੁਫ਼ਨਾ ਡਰ ਡਰ ਕੇ
ਅੰਗਾਂ ਨੇ ਵਟਣਾ ਮੰਗਿਆ
ਸੰਗ ਸੰਗ ਅੰਦਰ ਵੜ ਕੇ

ਓਦੋਂ ਅਸਾਂ ਕੁਝ ਚਾਅ ਉਡਾਏ
ਤਾੜ ਤਾੜ ਕੇ ਪਿੰਜਰੇ
ਬੂਹੀਂ ਜਿੰਦਰੇ

ਨਿੱਕੀਆਂ ਨਿੱਕੀਆਂ ਬਾਹੀਂ ਟਹਿਣੀ
ਕੋਂਪਲ ਡੋਡੀਆਂ ਭਰੀਆਂ
ਸੁੱਕੀਆਂ ਰੀਝਾਂ ਚੰਨ ਵੱਲ ਝਾਕਣ ਲਈ
ਹੋ ਗਈਆਂ ਕੁਝ ਕੁਝ ਹਰੀਆਂ
ਸੂਰਜ ਰਿਸ਼ਮੀਂ ਫੁੱਲ ਕਈ ਖਿੜ੍ਹ ਪਏ
ਸਿਖ਼ਰ ਦੁਪਹਿਰਾਂ ਡਰੀਆਂ

ਅੱਖਾਂ ਨੂੰ ਦੇਖਣਾ ਆ ਗਿਆ
ਰੁੱਖ ਮੁੜ ਮੁੜ ਦੇਖਣ ਲੱਗੇ
ਇਹੋ ਜੇਹੀ ਨਜ਼ਰ ਅਵੱਲੀ
ਰਾਤਾਂ ਨੂੰ ਅੱਗ ਸੇਕਣ ਲੱਗੇ

ਵੰਗਾਂ ਛਣਕਣ ਲੱਗੀਆਂ
ਦਿਨਾਂ ਨੂੰ ਰੜਕਣ ਲੱਗੀਆਂ
ਰਾਤਾਂ 'ਚ ਭਟਕਣ ਲੱਗੀਆਂ

ਤਾਰਿਆਂ ਖੌਰੂ ਸੁਣਿਆ
ਸੂਰਜ ਜਗਣੋਂ ਭੁੱਲਣ ਲੱਗੇ
ਚਾਦਰਾਂ ਉੱਤੇ ਕੱਢੇ ਸੁਫ਼ਨੇ
ਦਿਨੇ ਦੁਪਹਿਰੇ ਡੁੱਲ੍ਹਣ ਲੱਗੇ

ਖ਼ਬਰੇ ਪਰ ਕਿੱਧਰੋਂ ਆਏ
ਅੱਖਾਂ ਨੂੰ ਭੁੱਲੀਆਂ ਪਛਾਣਾਂ
ਨਜ਼ਰਾਂ 'ਤੋਂ ਮਸਾਂ ਲਕੋਈਆਂ
ਅੰਗਾਂ 'ਤੇ ਆਈਆਂ ਉਡਾਣਾਂ

ਅਸਾਂ ਤਾਂ ਚਿੜੀਆਂ ਵੇ
ਡਾਰਾਂ ਨਾਲੋਂ ਟੁੱਟੀਆਂ
ਅੱਖਾਂ ਨਾ ਸਾਨੂੰ ਦੇਖਣ ਦੇਵਣ
ਲਾਹ ਚਾਵਾਂ ਨਾਲੋਂ ਸੁੱਟੀਆਂ

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ
ਰਾਤਾ 'ਚ ਅਰਸ਼ ਵਰਗੇ
ਸੁਪਨਿਆਂ ਦੀ ਰੌਸ਼ਨੀ ਸੀ
ਤਾਰਿਆਂ ਨੂੰ ਮੱਥਿਆਂ 'ਤੇ
ਮੜ੍ਹਨ ਵਰਗੀ ਰੀਝ ਸੀ

ਘਰ ਚੁੱਪ ਜੇਹਾ ਹੋ ਗਿਆ ਸੀ
ਮਾਂ ਦੀ ਅਸੀਸ ਨੂੰ ਕੋਈ ਤੌਖਲਾ ਦਿਸਣ ਲੱਗ ਪਿਆ ਸੀ
ਭੈਣਾਂ ਦੇ ਚਾਅ ਨੂੰ ਡੋਬ ਜੇਹੇ ਪੈਣ ਲੱਗ ਪਏ ਸਨ
ਵੀਰ ਭਾਬੀ ਸੁਖੀ ਰਹਿਣ

ਵਿਹੜੇ ਨੇ ਜ਼ੁਬਾਨ ਬੰਦ ਕਰ ਲਈ ਸੀ
ਕਿੱਲੀਆਂ 'ਤੇ ਟੰਗੇ ਕੱਪੜੇ
ਅਣਜਾਣ ਜਿਹੇ ਹੋ ਗਏ ਸਨ
ਰਸੋਈ ਦੀ ਰੌਣਕ ਖੁਰ ਰਹੀ ਸੀ
ਰਜਾਈਆਂ 'ਚੋਂ ਨਿੱਘ ਮਰ ਗਏ ਸਨ

ਬੂਟਿਆਂ ਨੇ ਡਾਲੀਆਂ
ਉੱਚੀਆਂ ਕਰ ਲਈਆਂ ਸਨ
ਬੇਰੀ ਨੂੰ ਲੱਗੇ ਬੇਰ ਕਿਰ ਗਏ ਸਨ
ਪੰਛੀਆਂ ਨੇ ਘਰ ਆਉਣਾ ਛੱਡ ਦਿਤਾ ਸੀ

ਜਿਸ ਤੇ ਪਿੰਡ ਨੂੰ ਮਾਣ ਸੀ
ਉਹ ਵੀ ਛੱਡ ਤੁਰ ਚੱਲਿਆ ਹੈ ਕਿਧਰੇ ਦੂਰ ਬਦੇਸ਼ੀਂ
ਸ਼ਾਮਾਂ ਨੇ ਜਦ ਦੀ ਗੱਲ ਸੁਣੀ ਸੀ
ਬੋਲਣੋਂ ਹਟ ਗਈਆਂ ਸਨ
ਲੈ ਪੁੱਤ ਤੂੰ ਵੀ ਟੁਰ ਚੱਲਿਆਂ ਏਂ
ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੀ
ਅੱਗੇ ਨਿੱਕੇ ਗਏ ਨਹੀਂ ਸੀ ਭੁੱਲੇ
ਹੁਣ ਮੇਰੇ ਪੋਤੇ ਪੋਤੀ ਨੂੰ ਵੀ ਲੈ ਚੱਲਿਆਂ ਏਂ
ਕਿਹਨੂੰ ਦੇਖਣ-ਕਿੱਥੇ ਜਾਇਆ ਕਰਾਂਗੀ ਹੁਣ?

ਕਿਸ ਚੀਜ਼ ਦੀ ਘਾਟ ਸੀ ਤੁਹਾਨੂੰ ਏਥੇ
ਚੰਗੀ ਭਲੀ ਨੌਕਰੀ ਘਰ ਬਾਰ ਸੋਹਣਾ
ਬੀ ਜੀ ਕਿਹਾ ਕਰਦੇ ਸਨ

ਉਹ ਨਹੀਂ ਸੀ ਜਾਣਦੀ ਕਿ
ਚੰਨ ਨੂੰ ਰਾਤ ਦੇ ਹਨ੍ਹੇਰਿਆਂ 'ਚ ਤੱਕਣ ਨੂੰ
ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ
ਅੰਬਰ ਨੂੰ ਪੌੜੀ ਲਾਉਣ 'ਤੇ
ਖਿਸਕਾਉਣ ਵਾਲੇ ਅਨੇਕਾਂ ਸਨ ਏਥੇ
ਸੱਤਾ ਏਨੀ ਵਿਛ ਗਈ ਹੈ ਕਿ
ਬੰਸਰੀ ਦੇ ਛੇਕਾਂ 'ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ

ਕੁਰਸੀਆਂ ਜੇ ਸਜਦੀਆਂ ਹਨ
ਤਾਂ ਪਹਿਲਾਂ ਆਪਣੇ ਨਲਾਇਕ ਪਿਆਦੇ ਬਿਠਾਏ ਜਾਂਦੇ ਹਨ
ਜੋ ਨਿੱਤ ਹਕੂਮਤ ਦੇ ਪਾਵਿਆਂ ਨੂੰ ਸਿਜਦੇ ਕਰਦੇ ਹਨ
ਮੈਰਿਟ ਕਬਰਾਂ ਨੂੰ ਟੁਰ ਗਈ ਹੈ
ਅਦਾਲਤ ਅਪੀਲ ਨਹੀਂ ਸੁਣਦੀ
ਜੇ ਫ਼ੈਸਲਾ ਕਰਦੀ ਹੈ ਤਾਂ ਦਰਬਾਰਾਂ ਨੂੰ ਪੁੱਛ ਕੇ

ਚੱਲ ਯਾਰਾਂ ਵਾਂਗ ਰਹੀਏ

ਚੱਲ ਯਾਰਾਂ ਵਾਂਗ ਰਹੀਏ
ਕੱਚ ਬਣ ਕੀ ਕਰੇਂਗਾ
ਐਵੇਂ ਕਿਤੇ ਤਿੜਕ ਮਰੇਂਗਾ
ਕੱਚ ਦੇ ਕਾਹਦੇ ਰਿਸ਼ਤੇ
ਕਿਹੜੀਆਂ ਦੋਸਤੀਆਂ

ਹੱਥਾਂ 'ਚੋਂ ਡਿੱਗ ਕੇ ਟੁੱਟੇ ਕੱਪ ਵਾਂਗ
ਆਪਸ 'ਚ ਵੀ ਤਿੜਕ ਜਾਵਾਂਗੇ
ਫਿਰ ਨਾ ਤੇਰੀ ਨਜ਼ਰ ਉੱਠਣੀ ਨਾ ਮੇਰੀ
ਤਾਰਿਆਂ ਵਾਂਗ ਖਿੰਡ ਜਾਵਾਂਗੇ
ਫਿਰ ਨਹੀਂ ਰਹਿ ਹੋਣਾ ਅਰਸ਼ 'ਤੇ

ਚਾਹ ਦੇ ਘੁੱਟਾਂ ਵਾਂਗ ਪੀਈਏ ਦੋਸਤੀ ਨੂੰ
ਸਾਹਾਂ ਵਿਚ ਘੋਲੀਏ ਯਾਰੀ ਨੂੰ
ਇਕ ਦੂਸਰੇ ਦੀਆਂ ਪੈੜਾਂ ਲੱਭੀਏ
ਨੀਂਦ ਨਾ ਆਵੇ ਜੇ ਨਾ ਮਿਲੀਏ ਤਾਂ
ਭੁੱਖ ਵਾਂਗ ਤੜਫ਼ੀਏ ਇਕ ਦੂਜੇ ਬਿਨ

ਜੇ ਟੁੱਟ ਗਏ ਇਕ ਦੂਜੇ ਤੋਂ
ਬਹੁਤ ਹੋਵੇਗੀ ਤਕਲੀਫ਼
ਦੋਸਤੀਆਂ ਏਦਾਂ ਨਹੀਂ ਖੁਰਦੀਆਂ ਹੁੰਦੀਆਂ
ਆਪਾਂ ਕਿਹੜੇ ਕੱਪ ਪਲੇਟਾਂ ਕੱਚ ਦੀਆਂ
ਫਿਰ ਇੱਕ ਦੂਜੇ ਦੇ ਘਰ ਵੱਲ ਵੀ ਨਾ ਦੇਖਾਂਗੇ
ਇਕ ਦੂਜੇ ਵੱਲ ਤਾਂ ਕੀ ਤੱਕਣਾ
ਫਿਰ ਪਰਛਾਵੇਂ ਵੱਲ ਵੀ ਨਹੀਂ ਝਾਕਣਾ
ਕਿਸੇ ਨੇ ਇੱਕ ਦੂਸਰੇ ਦੇ
ਇੰਜ਼ ਹੁੰਦਾ ਹੈ
ਜੇ ਤਿੜਕ ਪੈ ਜਾਵੇ ਘੜੇ 'ਚ
ਪਾਣੀ ਨੇ ਤਾਂ ਕੀ ਖੜ੍ਹਨਾ
ਇਸ਼ਕ ਵੀ ਡੁੱਬ ਜਾਂਦੇ ਹਨ
ਕੰਢਿਆਂ ਤੇ ਹੀ ਰਹਿ ਜਾਂਦੀਆਂ ਨੇ
ਤਰਦੀਆਂ ਕਹਾਣੀਆਂ

ਬੂਹੇ ਬੰਦ ਹੋ ਜਾਂਦੇ ਹਨ
ਜੇ ਦੋਸਤੀਆਂ ਖੁਰ ਜਾਣ ਤਾਂ
ਕੋਈ ਨਹੀਂ ਉਡੀਕਦਾ ਕਿਸੇ ਨੂੰ
ਕਿਸੇ ਚੁਰਾਹੇ 'ਤੇ ਖੜ੍ਹ ਕੇ
'ਕੱਲਿਆਂ ਕਿੱਕਲੀ ਵੀ ਨਹੀਂ ਪੈਂਦੀ
ਵਾਰੀ ਦੇਣ ਲਈ ਯਾਰ ਨਹੀਂ ਲੱਭਦੇ
ਰੁੱਖ ਮੋਢਾ ਨਹੀਂ ਕਦੇ ਦਿੰਦੇ
ਟਾਹਣ ਬਾਹਵਾਂ ਨਹੀਂ ਬਣਦੇ
ਕਿਹਨੂੰ ਉਡੀਕੇਂਗਾ ਤਾਸ਼ ਖੇਡਣ ਲਈ
ਕਿਹਦਾ ਕਰੇਂਗਾ ਇੰਤਜ਼ਾਰ ਸ਼ਾਮ ਨੂੰ

ਕਿਹਨੂੰ ਘੱਲੇਂਗਾ ਤੋਹਫ਼ੇ
ਕਿਹਨੂੰ ਸੱਦੇਂਗਾ ਵਿਆਹ ਦੀ ਵਰ੍ਹੇ-ਗੰਢ 'ਤੇ
ਕਿਹਨੂੰ ਪਾਵੇਂਗਾ ਕਾਰਡ ਪੁੱਤ ਦੇ ਵਿਆਹ ਦਾ
ਕਿਹੜੀ ਨੱਚੇਗੀ ਭਾਬੀ ਵਿਹੜੇ ਦਾ ਚਾਅ ਬਣਕੇ
ਕਿਹਦੇ ਨਾਲ ਮਿਲਾਏਂਗਾ ਪੈੱਗ ਭਰਿਆ ਹੰਝੂਆਂ ਦਾ

ਨਾ ਈਦ ਲਈ ਮੁਬਾਰਕ ਜਿਊਂਦੀ ਰਹੇਗੀ
ਨਾ ਹੀ ਹੋਲੀ ਦਿਵਾਲੀ ਲਈ ਸ਼ੁਭ ਕਾਮਨਾਵਾਂ

ਬਸ ਆਵੇਗੀ ਇਕ ਈ-ਮੇਲ
ਤੇਰੀ ਜਾਂ ਮੇਰੀ
ਜਾਂ ਵਟਸਐੱਪ ਤੇ ਸੁਨੇਹਾ
ਪੜ੍ਹ ਲਵੀਂ ਬੈਠਾ ਇਕੱਲਾ

ਕੋਲ ਪਏ ਮੱਛੀ ਦੇ ਪਕੌੜੇ
ਹੋ ਜਾਣਗੇ ਸੀਤ ਠੰਢੇ
ਪੈੱਗ ਹੋ ਜਾਣਗੇ ਖ਼ਤਮ ਯਾਰੀ ਵਾਂਗ
ਪਰ ਉਹ ਸਰੂਰ ਨਹੀਂ ਆਉਣੇ
ਜੋ ਕਦੇ ਬਿਨ ਪੀਤਿਆਂ ਆ ਜਾਂਦੇ ਸਨ
ਕਿਹਨੂੰ ਘੱਲੇਂਗਾ ਨਵੇਂ ਸਾਲ ਦਾ ਕਾਰਡ
ਤੇ ਕਾਜੂ ਵਾਲੀ ਬਰਫ਼ੀ

ਓਦੋਂ ਯਾਦ ਆਵੇਗਾ
ਪਹਿਲੇ ਤੋੜ ਦੀ
ਘਰ ਦੀ ਕੱਢੀ ਦਾਰੂ ਵਰਗਾ ਯਾਰ
ਤੇ ਅੰਬਰ ਵਰਗੀ ਪੁਰਾਣੀ ਜੱਫ਼ੀ ਦਾ ਸੁਆਦ

ਦੇਖੀਂ ਜ਼ਰਾ ਸੋਚਕੇ ਤੋੜੀਂ
ਦਿੱਲ ਨੇ ਚੰਦਰੇ ਤਿੜਕੇ ਨਹੀਂ ਜੁੜਦੇ
ਫੁੱਲ ਨੇ ਟੁੱਟੇ ਨਹੀਂ ਕਦੇ ਲੱਗਦੇ

ਮਾਂ-ਪੁੱਤ ਕਰਨ ਤੇ ਕੀ ਨਾ ਕਰਨ

ਮਾਂ-ਪੁੱਤ ਕਰਨ ਤੇ ਕੀ ਨਾ ਕਰਨ

ਕਿਹਦਾ ਦਿਲ ਕਰਦਾ ਹੈ
ਕਿ ਆਪਣੀ ਖੇਡਣ ਭੋਂ ਨੂੰ ਅਲਵਿਦਾ ਕਹੇ

ਜੇ ਕਿਤੇ ਆਪਣੇ ਹੀ ਪਿੰਡ ਸ਼ਹਿਰ ਜਗਦਾ ਭਵਿੱਖ ਦਿਸਦਾ
ਪੰਜਾਬ ਦੀ ਜਵਾਨੀ ਤੇ ਸ਼ਬਾਬ
ਬਦੇਸ਼ਾਂ ਦੇ ਖੇਤਾਂ ਫ਼ੈਕਟਰੀਆਂ 'ਚ ਨਾ ਰੁਲਦੇ
ਤੇ ਨਾ ਹੀ ਤੂੰ ਮਾਂ ਘਰ 'ਕੱਲੀ
ਖ਼ਤਾਂ ਫ਼ੋਨਾਂ ਦੀ ਉਡੀਕ 'ਚ ਤੜਫ਼ਦੀ
ਨਾ ਹੀ ਬਾਪੂ ਡਿਉੜੀ 'ਚ
ਪੁੱਤਾਂ ਨੂੰ ਉਡੀਕਦਾ ਉਡੀਕਦਾ
ਕਿਸੇ ਦਰਿਆ ਦੀ ਰਾਖ਼ ਬਣ ਤਰਦਾ

ਤੇ ਹਾਂ-ਜਦੋਂ ਵੀਰ ਭੈਣ ਦੇ ਵਿਆਹ 'ਤੇ
ਕਦੇ ਨਹੀਂ ਪਹੁੰਚਿਆ ਸੀ
ਓਸ ਦਿਨ ਰਾਤ ਦਾ ਇਤਿਹਾਸ
ਭੈਣਾਂ ਦੇ ਚਾਵਾਂ 'ਤੋਂ ਕਦੇ ਪੜ੍ਹੀਂ

ਬਾਪੂ ਦੇ ਮੂੰਹ ਦੇਖਣ ਦੇ
ਆਖਰੀ ਸਮੇਂ 'ਤੇ ਪਹੁੰਚਿਆ ਦਿਨ ਹੀ ਦੱਸ ਸਕਦਾ ਹੈ
ਅਲਵਿਦਾ ਕਹਿ ਗਏ ਪਲਾਂ ਦੀ ਕਹਾਣੀ

ਮਾਂ ਅਸੀਂ ਤਾਂ ਨਾ ਆਪਣੀ ਮਿੱਟੀ ਦੇ ਰਹੇ
ਤੇ ਨਾ ਹੀ ਕਿਸੇ ਹੋਰ ਮਿੱਟੀ ਨੇ ਸਾਨੂੰ ਗੋਦ 'ਚ ਲੁਕੋਇਆ

ਕੀ ਦੱਸੀਏ ਕਦ ਲੰਘ ਜਾਂਦੇ ਨੇ
ਦੁਸਹਿਰੇ ਤੇ ਦਿਵਾਲੀਆਂ
ਕਿੱਥੇ ਗੁਆਚ ਗਏ ਹਨ ਭੰਗੜੇ ਤੇ ਗਿੱਧੇ ਵਾਲੇ ਦਿਨ ਰਾਤਾਂ

ਪਿੰਡ ਆਉਂਦੇ ਹਾਂ
ਹੁਣ ਨਾ ਤੂੰ ਦਿਸਦੀਂ ਏਂ
ਤੇ ਨਾ ਸਾਰਾ ਨਿੱਕੇ ਵੱਡੇ ਵੀਰਾਂ ਭੈਣਾਂ ਵਾਲਾ ਵਿਹੜਾ
ਨਾ ਤਾ ਸਾਥੋਂ ਤਾਰੇ 'ਕੱਠੇ ਕਰ ਹੋਏ
ਤੇ ਨਾ ਹੀ ਪਾ ਸਕੇ ਪੀਂਘਾਂ
ਸੱਤਰੰਗੀਆਂ ਅੰਬਰ ਦੇ ਕਿਸੇ ਕਿਨਾਰੇ 'ਤੇ

ਪਿੰਡਾਂ ਸ਼ਹਿਰਾਂ ਨੂੰ ਦੇਖਣ ਦੀ ਤਾਂਘ ਲੈ ਕੇ
ਲੈਂਦੇ ਹਾਂ ਫ਼ਲਾਈਟ
ਯਾਰਾਂ ਦਾ ਸ਼ੁਕਰ ਕਰਕੇ ਰੱਖਦੇ ਹਾਂ
ਪਹਿਲਾ ਪੱਬ ਜਹਾਜ਼ ਦੀ ਪੌੜੀ 'ਤੇ

ਅਸੀਂ ਤਾਂ ਸਦਾ ਅਲਵਿਦਾ ਕਹਿ ਹੀ ਟੁਰਦੇ ਰਹੇ
ਕਦੇ ਦੇਸ਼ ਨੂੰ ਤੇ ਕਦੇ ਬਦੇਸ਼ ਨੂੰ
ਚਾਅ ਸਾਡੇ ਅਜੇ ਵੀ ਅੰਬਰਾਂ 'ਚ ਉੱਡਦੇ ਹਨ
ਬਚਪਨ ਸਾਡਾ ਅਜੇ ਵੀ ਤੇਰੀ ਮਿੱਟੀ 'ਚ ਗੁੰਨ੍ਹਿਆ ਪਿਆ ਹੈ
ਤੋਤਲੇ ਬੋਲ ਅਜੇ ਵੀ ਤੇਰੇ ਵਿਹੜੇ 'ਚ ਡਿੱਗਦੇ ਉੱਠਦੇ ਰਹਿੰਦੇ ਹਨ

ਨੀ ਭੈਣੇਂ ਨਜ਼ਰ ਮਾਰੀਂ ਆਪਣੇ ਸਹੁਰੇ ਘਰੋਂ
ਜ਼ਰਾ ਦੇਖੀਂ ਨੀ ਮਾਂ
ਕਿਤੇ ਚੰਨ ਤੋਂ

ਮਿੱਟੀਏ ਨੀ

ਮਿੱਟੀਏ ਨੀ
ਧਰਤ ਸੁਹਾਗਣੇ
ਤੇਰੀ ਕੁੱਖ ਵਿਚ ਸੂਰਜ ਸੌਂਣ
ਚਮਕਣ ਅਰਸ਼ ਦੇ ਤਾਰੇ
ਚæਵਰ ਕਰਦੀ ਪੌਣ
ਰੁੱਖ ਤੇਰਾ ਟੁੱਕ ਖਾਂਦੇ
ਪੰਛੀ ਡਾਲੀਂ ਗਾਉਣ
ਨੀ ਮਿੱਟੀਏ ਤੈਨੂੰ ਚੱਕ ਮੱਥਿਆਂ 'ਤੇ ਲਾਉਣ

ਤੂੰ ਸਾਡੀ ਮਿੱਟੀ
ਅਸੀਂ ਤੇਰੇ ਰੁੱਖ
ਗੋਦ ਤੇਰੀ ਦੇ ਮਿਣਦੇ ਸੁੱਖ
ਤਾਰਿਆਂ ਵਰਗੀ ਬਣ ਕੇ ਭੁੱਖ
ਜਹਾਨ ਤੇਰੇ ਤੂੰ ਸਾਡੀ ਰੁੱਤ
ਭਿੱਜੇ ਹੰਝੂ ਜਾਵਣ ਸੁੱਕ

ਗਰਭ 'ਚੋਂ ਤੇਰੇ ਤਾਰੇ ਆਏ
ਪਰਬਤ ਪੱਬਾਂ ਹੇਠ ਵਿਛਾਏ
ਸਾਗਰ ਘੁੱਟ ਭਰ ਪਿਆਸ ਬੁਝਾਈ
ਕੱਲ੍ਹ ਇਕ ਰਿਸ਼ਮ ਮਿਲਣ ਨੂੰ ਆਈ

ਹੱਥਾਂ 'ਤੇ ਰੱਖ ਦੁਨੀਆਂ ਸਾਰੀ
ਜੱਗ ਮਾਰੀ ਉੱਚੀ ਕਿੱਲਕਾਰੀ
ਤੂੰ ਹੋ ਗਈ ਸਾਡੀ ਕੱਲ੍ਹ ਸਾਰੀ
ਖੰਭਾਂ ਬਿਨ ਅਸਾਂ ਭਰੀ ਉਡਾਰੀ

ਕਿੱਥੇ ਰਹਿ ਗਈ ਤੇਰੀ ਮਿੱਟੀ
ਕਿੱਥੇ ਮੇਰੀ ਮਿੱਟੀ ਧੁਖ਼ ਜਾਣਾ
ਇਕ ਪਾਸਿਓਂ ਸੂਰਜ ਬਣ ਕੇ
ਦੂਜੇ ਪਾਸੇ ਅਸੀਂ ਛੁਪ ਜਾਣਾ

ਤੂੰ ਮੇਰੀਆਂ ਖੇਡਾਂ ਮਿੱਟੀਏ
ਖੇਡਦਿਆਂ ਅਸੀਂ ਘਰ ਬਣਾਏ
ਜੇੜੇ ਸਾਡੇ ਮਨ ਨਾ ਭਾਏ
ਪੈਰਾਂ ਨਾਲ ਬਣਾ ਕੇ ਢਾਏ
ਹੁਸਨ ਤੇਰੇ ਤੋਂ ਗੀਤ ਲਿਖਾ ਕੇ
ਅੱਜ ਤੇਰੇ ਨਾਲ ਖੇਡਣ ਆਏ

ਕਈ ਬਣਾਈਆਂ ਉੱਡਦੀਆਂ ਚਿੜੀਆਂ
ਹੱਥਾਂ ਦੇ ਵਿਚ ਫੁੱਲ ਬਣ ਖਿੜੀਆਂ
ਰੰਗਲੀਆਂ ਪਾਈਆਂ ਧਰਤ 'ਤੇ ਪਿੜੀਆਂ
ਸਿਖ਼ਰ ਦੁਪਹਿਰੇ ਰੀਝਾਂ ਛਿੜੀਆਂ

ਪਹਾੜ ਤੇ ਚਟਾਨਾਂ ਢਾਹ ਕੇ
ਮੰਜ਼ਿਲਾਂ ਵਿਚ ਤੈਨੂੰ ਵਿਛਾ ਕੇ
ਤੇਰੀ ਮਹਿਕ ਫੁੱਲ ਬਣ ਜਾਵੇ
ਜਦ ਕਣੀ ਕੋਈ ਗਰਭ ਸਮਾਵੇ
ਹਰ ਸੁਗੰਧ ਅੰਬਰ ਬਣ ਛਾਵੇ

ਤੂੰ ਤਾਂ ਮੇਰੀ ਮਾਂ ਵਰਗੀ ਏਂ
ਸੰਘਣੀ ਜੇਹੀ ਛਾਂ ਵਰਗੀ ਏਂ
ਖੇਡਣ ਵਾਲੀ ਥਾਂ ਵਰਗੀ ਏਂ
ਨਵੀਂ ਮੁਹੱਬਤ ਨਾਂਹ ਵਰਗੀ ਏਂ

ਤੂੰ ਏਂ ਕਿਸੇ ਬਹਾਰ ਦੀ ਰੁੱਤ
ਜੰਮਦੀਂ ਚੰਨ ਸਿਤਾਰੇ ਪੁੱਤ

ਇਹ ਮਿਲਣ ਮਿੱਟੀਆਂ ਦੇ ਸਾਰੇ
ਰਹਿ ਜਾਣੇ ਏਥੇ ਚਾਅ ਕੁਆਰੇ
ਜਿਹੜੇ ਅੱਜ ਮਿਲੇ ਸਨ ਹੱਸ ਕੇ
ਉਹ ਭਲਕੇ ਨਹੀ ਮਿਲਣੇ ਤਾਰੇ

ਖੇਡਦਿਆਂ ਦਿਨ ਰਾਤ ਟੁਰ ਜਾਣੇ
ਠੱਲ੍ਹਦਿਆਂ ਕੱਚੇ ਹਿੱਕੀਂ ਖੁਰ ਜਾਣੇ
ਰਹਿ ਜਾਣੇ ਪਏ ਖ਼ਾਬ ਸਰ੍ਹਾਣੇ
ਸੁਫ਼ਨੇ ਆਏ ਤਾਂ ਟੁੱਟਣੇ ਤਾਣੇ

ਕੀ ਤੇਰੀ ਤਕਦੀਰ ਨੀ ਅੜੀਏ
ਖਿੱਚ ਕੋਈ ਲਕੀਰ ਤਾਂ ਪੜ੍ਹੀਏ
ਹਿੱਕ ਤੇਰੀ ਤੋਂ ਅਰਸ਼ੀਂ ਚੜ੍ਹੀਏ
ਰੋਜ਼ ਤੈਨੂੰ ਖ਼ਾਬਾਂ ਵਿਚ ਜੜੀਏ

ਇਹ ਵੇਲਾ ਕੋਈ ਸੁਗੰਧ ਬਣਾਈਏ
ਹਰ ਦਿਨ ਰਾਤ ਦੀ ਅੱਖ 'ਚ ਪਾਈਏ
ਕਣ ਕਣ ਤਾਰੇ ਹੋਰ ਸਜਾਈਏ
ਚੁੱਪ ਹਵਾਵਾਂ ਮਹਿਕ ਬਣ ਜਾਈਏ

ਤੂੰ ਮੇਰੀ ਤਾਰੀਖ਼ ਨਾ ਖੋਲ੍ਹੀਂ
ਐਵੈਂ ਕੁੱਖ ਦੇ ਦੁੱਖ ਨਾ ਫ਼ੋਲੀਂ
ਹੌਲੀ ਬੋਲ ਉੱਚਾ ਨਾ ਬੋਲੀਂ
ਸੱਚ ਜੇ ਹੋਟੀਂ ਘੱਟ ਨਾ ਤੋਲੀਂ

ਏਦਾਂ ਹੀ ਹੁਣ ਵਕਤ ਹੈ ਕਹਿੰਦਾ
ਚੰਨ ਜੇ ਪੱਲੇ ਜ਼ਬਰ ਵੀ ਸਹਿੰਦਾ
ਵਿਚ ਦਰਿਆਵੀਂ ਕੂੜ ਸਭ ਵਹਿੰਦਾ
ਅੰਬਰ ਤਾਂਹੀਂ ਝੜਦਾ ਰਹਿੰਦਾ
ਚੰਨ ਕੋਲ ਤੇਰੇ ਨਾ ਬਹਿੰਦਾ

ਮੈਂ ਤਾਂ ਅਜੇ ਬੀਜ ਨੂੰ

ਮੈਂ ਤਾਂ ਅਜੇ ਬੀਜ ਨੂੰ
ਧਰਤ ਛੁਹਾਈ ਸੀ
ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ 'ਤੇ

ਬੀਜ ਜਾਗਿਆ ਅੱਖਾਂ ਖੋਲ੍ਹੀਆਂ
ਹਿੱਕ 'ਚੋਂ ਪਹਿਲਾਂ ਮੇਰੇ ਲਈ
ਪੌਦਾ ਬਣ ਉੱਗਮਿਆਂ
ਮੈਨੂੰ ਸਾਹ ਬਖਸ਼ਣ ਲੱਗਾ
ਨਿੱਕਾ ਜੇਹਾ ਬੂਟਾ ਬਣ

ਮੇਰੇ ਸਾਹਮਣੇ ਜੁਆਨ ਹੁੰਦਾ ਗਿਆ
ਕਿਤੇ ਨਾ ਜਾਂਦਾ ਆਉਂਦਾ
ਇਕ ਜਗਾ ਤੇ ਹੀ ਖੜ੍ਹਾ ਖੜ੍ਹਾ
ਮੇਰੇ ਲਈ ਪੱਤਿਆਂ ਦਾ ਅੰਬਾਰ ਬਣ
ਝੱਲਣ ਲੱਗਾ ਪੱਖੀਆਂ

ਮੇਰੇ ਕੋਲੋਂ ਉਹ ਪਾਣੀ ਹੀ ਮੰਗਦਾ

ਮੇਰੇ ਵਿਹੜੇ ਦਾ ਸ਼ਿੰਗਾਰ
ਮੋਢਿਆਂ 'ਤੇ ਉਹ ਕਈ ਕਬੀਲਦਾਰੀਆਂ ਚੁੱਕ
ਖੜ੍ਹਾ ਹੋ ਗਿਆ ਮੇਰੇ ਨਾਲ

ਮੇਰੀ ਉਦਾਸੀ ਪਰੇਸ਼ਾਨੀ ਵੇਲੇ
ਕਰੂੰਬਲ ਬਣਨ ਨੂੰ ਕਹੇ
ਰੰਗ ਬਿਰੰਗੇ ਫੁੱਲਾਂ ਨਾਲ ਪਰਚਾਏ ਮੇਰਾ ਦਿਲ

ਮੇਰੇ ਨਾਲ ਹੱਸੇ ਗਾਏ
ਤੋਤਲੀਆਂ ਗੱਲਾਂ ਬੱਚਿਆਂ ਵਾਂਗ
ਚੁੱਪ ਚੁਪੀਤਾ ਕਰੇ
ਹਾਂ ਨਾਂਹ 'ਚ ਪੱਤਿਆਂ ਦੇ ਸਿਰ ਹਿਲਾਵੇ
ਘਰ 'ਚ ਅੰਬਰ ਸੱਦ ਲਿਆਵੇ
ਮੇਰਾ ਨਿੱਕਾ ਜੇਹਾ ਪੌਦਾ ਜਵਾਨ ਹੋ ਗਿਆ ਹੈ

ਤਿੱਖੜ ਦੁਪਹਿਰਾਂ ਝੱਲਦਾ ਵੀ ਦਰਦ ਨਾ ਦੱਸੇ
ਫਿਰ ਵੀ ਮੁਸਕਰਾਏ ਹੱਸੇ
ਮੈਨੂੰ ਮੇਰੀਆਂ ਤੰਗੀਆਂ ਤੁਰਸ਼ੀਆਂ ਪੁੱਛੇ
ਓਹਦੇ ਪੱਤਿਆਂ ਨੇ ਪਵਨ ਸੱਦੀ
ਫੁੱਲਾਂ ਨੇ ਗੁਲਜ਼ਾਰ ਖਿੰਡਾਈ
ਤਨ ਤੋਂ ਤੋੜ ਤੋੜ ਫ਼ਲ ਵੀ ਦਿੰਦਾ
ਇਕ ਪਾਣੀ ਦੇ ਘੁੱਟ ਬਦਲੇ

ਇਕ ਦਿਨ ਕਹਿੰਦਾ
ਜੇ ਚੀਸਾਂ ਘੱਟ ਕਰਨੀਆ ਤਾਂ
ਏਨਾ ਸੱਚ ਦੇ ਨੇੜੇ ਨਾ ਜਾਈਂ
ਜੋ ਕਾਲੇ ਸਾਂਵਲੇ ਚਿਹਰੇ ਦਿਸਦੇ ਨੇ
ਹਿੱਕਾਂ ਇਹਨਾਂ ਦੀਆਂ ਗੋਰੀਆਂ ਸੁੱਚੀਆਂ
ਮੱਥਿਆਂ ਤੇ ਲਿਖੀਆਂ ਮੁਸਕਰਾਟਾਂ 'ਚ
ਸੌ ਸੌ ਹਾਉਕੇ ਹੁੰਦੇ ਨੇ

ਪਾਣੀ ਤੇ ਪਲਦਾ ਹੱਸਦਾ ਬੂਟਾ
ਮੇਰੇ ਨਾਲ ਦੁੱਖ ਸੁੱਖ ਕਰਦਾ ਹੈ
ਕਹਿੰਦਾ ਤੂੰ ਐਂਵੇਂ ਸੌ ਸੌ ਲੋੜਾਂ ਨਾ ਬਣਾ
ਸਾਹਾਂ ਨਾਲ ਇਸ਼ਕ ਕਰ
ਪੈੜਾਂ ਨਾਲ ਮੰਜ਼ਿਲਾਂ ਗਿਣ
ਸੌਂ ਕੇ ਕੀ ਕਰੇਂਗਾ
ਸੁਪਨੇ ਤਾਂ ਬਾਹਰ ਲੱਭ ਰਹੇ ਨੇ ਤੈਨੂੰ

ਕਹਿੰਦਾ ਜਾਗਦਾ ਰਿਹਾ ਕਰ ਕਦੇ ਕਦੇ
ਖ਼ੁਰ ਗਏ ਖ਼ਾਬ
ਮੁੜ ਪਲਕਾਂ 'ਚ ਨਹੀਂ ਪਰਤਦੇ

ਲੈ ਫ਼ੜ੍ਹ ਇਹ ਫੁੱਲ-ਤੇ ਹੱਸ ਕੇ ਵਿਖਾ
ਲੈ ਫ਼ਲ ਖਾ ਸਦੀਆਂ ਦੀ ਭੁੱਖ ਮੁੱਕੇ

ਜਾਹ ਇਕ ਪਾਣੀ ਦਾ ਘੁੱਟ ਪਿਆ ਮੈਨੂੰ ਵੀ
ਥੋੜੀ ਜੇਹੀ ਪਿਆਸ ਲੱਗੀ ਹੈ

ਇਸ ਘਰ ਵਿਚ

ਇਸ ਘਰ ਵਿਚ
ਅੱਜ ਕੀ ਕੀ ਨਹੀਂ ਸੀ ਹੋਣਾ

ਕੰਧਾਂ ਰਸੋਈ ਵਿਹੜਾ ਲਿੱਪਿਆ ਜਾਣਾ ਸੀ
ਸੁਰਗ ਵਾਂਗ
ਸੂਰਜ ਨੂੰ ਨੇੜੇ ਬਿਠਾ
ਗੱਲਾਂ ਕਰਨੀਆਂ ਸਨ ਬਾਪ ਵਾਂਗ

ਇਹ ਉਹ ਸੁੰਨੀ ਰਸੋਈ ਹੈ
ਜੋ ਕਦੇ ਭਾਗਾਂ ਵਾਲੀ ਹੁੰਦੀ ਸੀ
ਜਿੱਥੇ ਪਿੱਤਰਾਂ ਨੇ ਤਾਰੀਖ਼ ਲਿਖੀ ਸੀ
ਇੱਟਾਂ 'ਤੇ ਰੀਝਾਂ ਉੱਕਰੀਆਂ ਸਨ ਕਦੇ

ਜਿੱਥੇ ਪੋਹ ਦਾ ਪਾਲ਼ਾ ਪਲਾਂ 'ਚ ਮਰ ਜਾਂਦਾ ਸੀ
ਮਾਂ ਦੇ ਨਿੱਘ ਨਾਲ
ਬਾਪੂ ਦੀ ਬੁੱਕਲ 'ਚੋਂ
ਅਰਸ਼ ਦਾ ਨਜ਼ਾਰਾ ਦਿਸਦਾ ਸੀ ਕਦੇ
ਭੈਣਾਂ ਦੇ ਚਾਅ ਖਿੜਦੇ ਸਨ
ਦਾਦੀ ਚੂਰੀਆਂ ਦਿੰਦੀ ਸੀ ਕੁੱਟ ਕੁੱਟ
ਕੀ ਨਹੀਂ ਸੀ ਇਸ ਵਿਹੜੇ 'ਚ
ਘਰ ਦੇ ਅੰਬਰ 'ਤੇ
ਹੱਥ ਸੀ ਮਾਲਾ ਵਾਲਾ ਗੁਰੂ ਨਾਨਕ ਦਾ
ਘੋੜੇ 'ਤੇ ਸਵਾਰ ਜਹਾਨ ਸੀ ਪਟਨੇ ਦਾ
ਕਿੱਲੀਆਂ 'ਤੇ ਖੁਸ਼ੀਆਂ ਲਟਕਦੀਆਂ ਸਨ ਸੁਬ੍ਹਾ ਸ਼ਾਮ

ਇਥੇ ਅੱਜ ਸਾਡੇ ਬੀ ਜੀ ਨੇ
ਚਾਵਾਂ ਨਾਲ ਚੁੱਲ੍ਹੇ ਦੁਆਲੇ ਰੌਣਕ ਸੱਦਣੀ ਸੀ
ਚੰਦ ਵਰਗੀਆਂ ਮੱਕੀ ਦੀਆਂ
ਮੇਥਿਆਂ ਵਾਲੀਆਂ ਰੋਟੀਆਂ ਥਪਕ ਥਪਕ
ਦੁਨੀਆਂ ਦੀ ਭੁੱਖ ਮਾਰਨੀ ਸੀ

ਸਵੇਰ ਦੀ ਅਧਰਕ ਵਾਲੀ ਚਾਹ ਦੇ ਘੁੱਟਾਂ 'ਚ
ਲਾਈਨਾਂ ਵਾਲੇ ਬਿਸਕੁਟਾਂ ਨੇ ਡੁੱਬਣਾ ਸੀ

ਪਾਪਾ ਨੇ ਗੜਬੀ 'ਚੋਂ ਭਰ ਭਰ ਪੀਣੇ ਸਨ
ਗਰਮ ਕੱਪ 'ਚੋਂ ਗੀਤਾਂ ਦੇ ਘੁੱਟ
ਚਾਟੀ ਵਿਚੋਂ ਚਿੱਟੇ ਨਗਮੇਂ
ਆਂਢ ਗੁਆਂਢ ਜਾਣੇ ਸੀ ਡੋਲੂਆਂ 'ਚ

ਬਨੇਰਿਆਂ 'ਤੇ ਸਿਤਾਰੇ ਸਜਣੇ ਸਨ ਸ਼ਾਮ ਹੋਣ 'ਤੇ
ਚੰਦ ਨੇ ਪਿੰਡ ਦੀ ਰਾਖੀ ਕਰਨੀ ਸੀ

ਹਰੇ ਸੁਨਹਿਰੀ ਗਾਉਂਦੇ ਖੇਤਾਂ 'ਚੋਂ ਲਿਆਂਦੇ
ਸਾਗ ਦੀਆਂ ਕੂਲੀਆਂ ਕੂਲੀਆਂ ਗੰਦਲਾਂ ਨੇ
ਲੱਜਤ ਬਣਨਾਂ ਸੀ ਸਵਾਦਾਂ ਦੀ
ਗਿੱਧਾ ਪਾਉਣਾ ਸੀ ਮੂਲੀਆਂ ਗੰਨਿਆਂ ਨੇ
ਵਿਹੜੇ ਦੀ ਧਰਤ ਪੱਟ ਪੱਟ

ਵੱਡੇ ਵੱਡੇ ਪਤੀਲਿਆਂ 'ਚ ਰਸ ਭਰੇ ਖੇਤਾਂ 'ਚੋਂ
ਅੰਮ੍ਰਿਤ ਵਰਸਣਾ ਸੀ
ਚਾਵਲਾਂ ਨੇ ਬਣਨਾ ਸੀ ਸੰਸਾਰ ਦਾ ਨਾਸ਼ਤਾ
ਮੱਕੀ ਦੀਆਂ ਛੱਲੀਆਂ ਨੇ ਉੱਬਲ ਉੱਬਲ
ਦੰਦਾਂ ਦੇ ਸਾਜ ਸੁਰ ਕਰਨੇ ਸਨ

ਇਹ ਓਹੀ ਘਰ ਹੈ
ਜਿਸ ਦੇ ਵਿਹੜੇ 'ਚ
ਅੱਜ ਪਿੰਡ ਦੀਆਂ ਮੁਟਿਆਰਾਂ ਨੇ
ਰੰਗ ਬਿਰੰਗੇ ਸੂਟਾਂ 'ਚ ਸੰਵਰ
ਚਿੱਟੇ ਹੱਸਦੇ ਦੰਦਾਂ 'ਚੋਂ
ਗੀਤ ਖਿਲਾਰਨੇ ਸਨ ਗੀਗਿਆਂ ਦੇ
ਸੂਹੇ ਚੂੜਿਆਂ ਨੇ ਗਲੀਆਂ 'ਚ ਰੰਗ ਖੋਰਨੇ ਸਨ
ਅੜ ਅੜ ਲੈਣੀਆ ਸਨ ਲੋਹੜੀਆਂ ਵੰਗਾਂ ਨੇ
ਗੱਭਰੂਆਂ ਨੇ ਨਹੀਂ ਸੀ ਤੁਰਨਾ ਦਰਾਂ ਦੀ ਹਿੱਕ 'ਤੋਂ
ਮੂੰਹ ਮੰਗੀ ਲੋਹੜੀ ਬਗ਼ੈਰ
ਨਿੱਕੀਆਂ ਨਿੱਕੀਆਂ ਟੋਲੀਆਂ ਨੇ
ਗੁੜ੍ਹ ਦਾਣਿਆਂ ਤੇ ਪੈਸਿਆਂ ਨਾਲ ਭਰਨੇ ਸਨ ਝੋਲੇ
ਤੇ ਹੱਸਦਿਆਂ ਹੱਸਦਿਆਂ
ਰੱਜੇ ਘਰ ਵਰਗੀਆਂ ਗੱਲਾਂ ਕਰਨੀਆਂ ਸਨ

ਬਾਪੂ ਨੇ ਡੱਟ ਖੋਲਣਾ ਸੀ
ਕਿਤੇ ਛੁਪਾ ਕੇ ਰੱਖੀ ਵਲੈਤੀ ਬੋਤਲ ਦਾ
ਦਾਰੂ ਦੇ ਲੋਰ ਨੇ ਅੰਬਰ ਨਚਾਉਣਾ ਸੀ
ਬੱਕਰੇ ਦੇ ਮੀਟ ਨੇ ਰਿੱਝ ਰਿੱਝ ਕਮਲਾ ਹੋਣਾ ਸੀ

ਧੂਣੀਆਂ 'ਤੇ ਮਹਿਫਲਾਂ ਲੱਗਣੀਆਂ ਸਨ
ਪਿੰਡ ਦੀ ਰਾਤ ਸਰ੍ਹਾਣੇ
ਗੱਚਕ ਰਿਉੜੀਆਂ ਮੂੰਗਫ਼ਲੀ ਨੇ ਬਦਾਮ ਕਾਜੂ ਬਣਨਾ ਸੀ

ਅੱਜ ਕੀ ਕੀ ਨਹੀਂ ਸੀ ਹੋਣਾ ਇਸ ਘਰ ਵਿਚ

ਗੀਤਾਂ ਦੀ ਭਰਮਾਰ 'ਚ
ਅੱਜ ਫਿਰ ਮੇਰੇ ਪਿੰਡ ਨੇ
ਮੇਰੇ ਬਗ਼ੈਰ ਨੱਚਣਾ ਤੇ ਗਾਉਣਾ ਹੈ
ਹਾਰੇ ਜਵਾਰੀਏ ਨੇ ਬਾਹਰ ਨਿਕਲ
ਮੂੰਹ ਨਹੀਂ ਵਿਖਾਉਣਾ ਕੱਲ ਨੂੰ ਫੇਰ

ਰਾਤੀਂ ਕਿੰਨੇ ਕਿੰਨੇ ਪੈਸੇ ਹਿੱਸੇ ਆਏ
ਕਿੰਨੀ ਪੀਤੀ ਕੌਣ ਕੌਣ ਲੜਿਆ
ਸਵੇਰਾ ਸੱਟਾਂ ਵਿਖਾਏਗਾ ਨਿੱਘੀ ਨਿਕਲੀ ਧੁੱਪ ਨੂੰ
ਦੱਸੇਗਾ ਕਿੱਥੇ ਕਿੱਥੇ ਦਰਦ ਹੁੰਦੀ ਹੈ
ਕਿਹੜਾ ਕਿਹੜਾ ਪਿੰਡ ਥਾਣੇ ਗਿਆ ਹੈ

ਅੱਜ ਕੀ ਕੀ ਨਹੀਂ ਹੋਣਾ ਰਾਤ ਨੂੰ

ਨੀ ਲੋਹੜੀਏ!
ਮੇਰੇ ਪੰਜਾਬ ਦੇ ਪਿੰਡ ਪਿੰਡ ਨੂੰ
ਹਸਾਉਂਦੀ ਗਵਾਉਂਦੀ ਨਚਾਉਂਦੀ ਰਹੀਂ ਹਰ ਵੇਲੇ
ਦੇਖੀਂ ਇਹਦੇ ਕਿਸੇ ਰੁੱਖ ਨੂੰ ਵੀ
ਸੱਟ-ਫੇਟ ਨਾ ਲੱਗੇ
ਧੂਣੀਆਂ ਦੇ ਦੁਆਲੇ ਚੰਦ ਤਾਰੇ ਵੀ ਸੱਦ ਲਈਂ
ਗਿੱਧਿਆਂ ਭੰਗੜਿਆਂ ਨਾਲ ਲੰਘਾਈਂ
ਮੇਰੇ ਪੰਜਾਬ ਦੀ ਰਾਤ

ਅੱਜ ਦੇ ਦਿਨ

ਅੱਜ ਦੇ ਦਿਨ

ਸਵੇਰ ਦਾ ਵੇਲਾ ਹੋਣਾ
ਜਹਾਨ ਨੇ ਸੱਦਿਆ ਸੀ
ਤੇ ਮੈਂ ਇਕ ਕਾਇਨਾਤ ਨੂੰ

ਕਿੰਜ ਹੋ ਗਏ ਇਕ ਦੂਜੇ ਦੇ ਰਾਹ ਇਕ
ਉਡਾਣਾਂ ਅਰਸ਼ ਵਰਗੀਆਂ
ਕਿੱਥੇ ਪਤਾ ਲੱਗਦਾ ਹੈ
ਫੁੱਲ ਬਣੇ ਕਿੰਜ ਅੰਗ
ਕਿੱਧਰੋਂ ਆਈਆਂ ਮਹਿਕਾਂ
ਕਿਹਨੇ ਦਰ ਬੂਹੇ ਸਜਾਏ
ਚੰਨ ਨੇ ਡੋਲ੍ਹੀਆਂ ਕਦ ਸੁਗੰਧੀਆਂ
ਸਰਾ੍ਹਣੇ ਸੁੱਤੀਆਂ ਆ ਕਦ ਰਿਸ਼ਮਾਂ
ਅੰਗ ਅੰਗ ਕਿਸ ਸੱਦੀਆਂ ਤਰੰਗਾਂ ਨਗਮੇਂ
ਰੌਸ਼ਨੀ ਲੈ ਕੇ ਆਇਆ ਕਦ ਸੂਰਜ
ਛੱਤ ਤੇ ਚੰਦ ਰਿਹਾ ਬੈਠਾ ਫ਼ੜ੍ਹ ਤਾਰੇ
ਵਟਣਾ ਮਲ ਦੁਪਹਿਰ ਇਕ ਆਈ
ਗੀਤ ਮਹਿਕਣ ਮਹਿੰਦੀ ਦੇ ਅੰਗਾਂ ਵਿਚ ਸਾਰੇ
ਨੱਥ ਕੋਕੇ ਦੀ ਚਮਕ ਨਾ ਜਾਵੇ ਝੱਲੀ
ਕਲੀਰਿਆਂ ਦੀ ਛਣਕਾਰ
ਕੰਨੀਂ ਜਗਣ ਤਾਰੇ ਦਿਨ ਦੇ ਸੁੱਤੇ
ਕਿੰਜ ਰਾਤ ਇੱਕਮਿਕ ਹੋਈ
ਧੁੱਪਾਂ ਦਾ ਹੀ ਹੋ ਗਿਆ ਸਾਰਾ ਸੰਸਾਰ
ਸੂਰਜ ਕਿੰਜ ਖ਼ੁਰ ਗਿਆ ਬਲ਼ਦਾ ਬਲ਼ਦਾ
ਧਰਤੀ ਕਿੰਜ ਪੀ ਗਈ ਸਾਗਰ
ਸਾਹਾਂ 'ਚ ਸਾਹ ਤੁਰ ਪਏ
ਚੀਸਾਂ ਕਿੰਜ ਗੁਆਚ ਗਈਆਂ ਸਾਹਮਣੇ ਖੜੀਆਂ
ਪਹਿਲੀ ਰਾਤ ਤੇ ਦਿਨ
ਕਿੰਜ ਧੁਰ ਤੱਕ ਸਮਾ ਗਏ ਇਕ ਦੂਜੇ 'ਚ
ਰਾਤ ਨਾ ਸੁੱਤੀ ਤਰੰਗਾਂ ਨਾ ਥੱਕੀਆਂ
ਉਨੀਂਦਰਾ ਦਿਨ ਚੜ੍ਹਿਆ ਅੰਬਰ 'ਤੋਂ
ਤੁਰ ਪਈ ਦੁਨੀਆਂ ਏਦਾਂ ਹੋਰ
ਰਿਮਝਿਮ ਬਿਨ ਘਟਾ ਬਣ ਆਈ
ਹਵਾ ਵਿਚ ਚੁੱਪ ਰਾਤ ਦਾ ਸ਼ੋਰ
ਨੱਚੇ ਸਾਵਣ ਨੱਚੇ ਮੋਰ
ਮਹਿਕਾਂ ਪੱਲੇ ਜ਼ੁਲਫ਼ੀਂ ਚਾਅ
ਬਣਿਆ ਇਸ਼ਕ ਹੁਸਨ ਦਾ ਰਾਹ

ਚੱਲ ਤੂੰ ਨਾ ਵੜ੍ਹਨ ਦੇਵੀਂ ਪੰਜਾਬ 'ਚ

ਚੱਲ ਤੂੰ ਨਾ ਵੜ੍ਹਨ ਦੇਵੀਂ ਪੰਜਾਬ 'ਚ

ਪਰ ਤੂੰ ਕਿੰਜ
ਮਿਟਾ ਦੇਵੇਂਗਾ ਸਾਡੀਆਂ ਨੰਨ੍ਹੀਆਂ ਪੈੜਾਂ
ਵਿਹੜੇ ਗਲੀਆਂ ਤੇ ਰਾਹਾਂ 'ਚੋਂ

ਕੀ ਕਰੇਂਗਾ ਖੋਹ ਕੇ
ਸਾਡੇ ਪਿੰਡ ਦੀ ਛੱਤ ਦਾ ਅੰਬਰ
ਤਾਰਿਆਂ ਨਾਲ ਭਰੀ ਪਰਾਤ

ਅਸੀਂ ਕਿਵੇਂ ਛੱਡਾਂਗੇ ਤੇਰੇ ਲਈ
ਚੋਰ ਸਿਪਾਹੀ
ਚਿੱਟੀ ਨਦੀ ਸਿਤਾਰਿਆਂ ਸੰਗ ਵਗਦੀ
ਪਹਿਲਾਂ ਖੋਹਵਾਂਗੇ
ਧਰੂ ਭਗਤ ਸਿਤਾਰਾ-ਤੈਨੂੰ ਨਹੀਂ ਦਿੰਦੇ

ਨਾਨਕ ਦੇ ਤੜਕਸਾਰ ਦੇ ਬੋਲ
ਪੰਛੀਆਂ ਦੇ ਗੀਤ-ਕਿਵੇਂ ਛੱਡ ਦੇਵਾਂਗਾ ਤੇਰੇ ਕੋਲ

ਤੱਤੇ ਗੁੜ੍ਹ ਦੀ ਤਾਂ ਮਹਿਕ ਮੇਰੀ ਹੈ ਸਾਰੀ
ਇਹ ਕਿੱਥੇ ਮਿਲਦੀ ਮਹਿਲਾਂ 'ਚ

ਬੰਨ੍ਹਿਆਂ 'ਤੇ ਤੁਰਨ ਡਿੱਗਣ ਤੋਂ
ਕਿੰਜ਼ ਰੋਕੇਂਗਾ ਸਾਨੂੰ

ਰੇਤ ਦੇ ਬਣਾਏ ਘਰ ਅਜੇ ਤੱਕ ਸਾਡੇ ਓਥੇ
ਭੁੱਜਦੀਆਂ ਛੱਲੀਆਂ, ਰਸ ਦੇ ਨਿੰਬੂ ਲੱਸੀ ਨਜ਼ਾਰੇ

ਤੂੰ ਖੋਹ ਕੇ ਵਿਖਾਵੀਂ

ਤਾਜੇ ਪੱਟੇ ਮੂੰਗਫਲੀ ਦੇ ਲਾਂਗਰਾਂ ਨੂੰ
ਲੱਗੀਆਂ ਅੱਗਾਂ ਅਜੇ ਭਖ਼ਦੀਆ ਖੇਤਾਂ 'ਚ
ਸਾਡੇ ਕੋਲ ਤਾਂ ਅਜੇ ਵੀ ਪਤੰਗਾਂ ਦੇ ਰੰਗ ਸਾਂਭੇ
ਪਰਛਾਵੇਂ ਫੜੇ ਪੰਛੀਆਂ ਦੇ
ਸੱਪਾਂ ਦੀਆਂ ਲੀਹਾਂ ਦਾ ਡਰ

ਨਾ ਖੋਹਵੀਂ ਸਰ੍ਹੋਂ ਦੇ ਖੇਤਾਂ ਦਾ ਨਜ਼ਾਰਾ
ਸਾਗ ਮੱਕੀ ਦੀ ਰੋਟੀ ਵਾਲੀ ਲੱਜਤ
ਛੋਲਿਆਂ ਦੀਆਂ ਹੋਲਾਂ ਤੇ ਕਾਲੇ ਮੂੰਹ ਬੁੱਲ੍ਹ ਹੱਥ
ਅੱਡੀ ਛੜੱਪੇ, ਅੱਡਾ ਖੱਡਾ
ਛੂਹਣ ਛੁਪਾਈ

ਹੁਣ ਤੱਕ ਤਾਂ ਹਰੀਮੰਦਰ 'ਚ
ਕਿੱਡੀਆਂ ਕਿੱਡੀਆਂ ਹੋ ਗਈਆਂ ਹੋਣੀਆਂ ਸਾਡੀਆਂ
ਪਰਸ਼ਾਦ ਖਾਂਦੀਆਂ ਤਰਦੀਆਂ ਸੁਨਹਿਰੀ ਅੱਖਾਂ

ਚੰਊਂ ਚੰਊਂ ਕਰਦੇ ਰੰਗ ਬਰੰਗੇ
ਮੇਰੀ ਚਿੱਟੀ ਰਾਣੀ ਦੇ ਨਿੱਕੇ ਨਿੱਕੇ ਅੱਖਾਂ ਖੋਲਦੇ ਕਤੂਰੇ
ਨੁੱਕਰ 'ਚੋਂ ਕਿੰਜ਼ ਦੇਵਾਂਗਾ ਤੈਨੂੰ

ਦੱਸ ਕੌਣ ਦੇਵੇਗਾ ਆ ਕੇ ਮੋਢਾ
ਬਾਪੂ ਦੀ ਅਰਥੀ ਨੂੰ
ਕੌਣ ਉਡੀਕੇਗਾ ਮਾਂ ਨੂੰ
ਕਬਰਾਂ ਦੇ ਰੁੱਖਾਂ ਹੇਠ ਬੈਠ ਕੇ ਮੇਰੇ ਬਗੈਰ

ਕਿਵੇਂ ਰੋਕੇਂਗਾ
ਜੰਗਾਲੇ ਜ਼ੰਦਰੇ ਖੋਲ੍ਹਦਿਆਂ
ਸਾਡੇ ਦਰਿਆਵਾਂ ਵਾਂਗ ਵਗਦੇ ਅੱਥਰੂਆਂ ਨੂੰ

ਕਿੰਜ਼ ਵਰਜ਼ ਦੇਵੇਂਗਾ-ਯਾਰਾਂ ਨੂੰ!
ਕਬੱਡੀ ਤੇ ਹੋਰ ਖੇਡਾਂ ਚ
ਜਿੱਤਾਂ ਹਾਰਾਂ ਲੜਾਈਆਂ
ਅਜੇ ਤਾਂ ਅਸੀਂ ਆ ਕੇ
ਕਾਪੀ 'ਚੋਂ ਪਾੜ੍ਹ ਕੇ ਕਾਗਜ਼ ਦੀ
ਬੇੜੀ ਤਾਰਨੀ ਆ ਮੀਂਹ 'ਚ
ਪੱਤਿਆਂ ਦੀਆਂ ਭੰਬੀਰੀਆਂ ਨਾਲ ਖੇਡਣਾ ਅਜੇ

ਪੱਤਿਆਂ ਦੀਆਂ ਐਨਕਾਂ ਲਾ ਲਾ ਧਰਮਿੰਦਰ ਬਣਨਾ
ਬੀਂਡਿਆਂ ਦੇ ਬੋਲ ਫ਼ੜ੍ਹਨੇ ਨੇ
ਸਲਵਾੜਾਂ ਤੋਂ ਤੀਰ ਬਣਾ ਜ਼ਾਲਮ ਦੀਆਂ
ਅੱਖਾਂ 'ਚ ਮਾਰਨੇ ਨੇ
ਪੀਪਣੀਆਂ ਤੇ ਬੀਂਡੇ ਬਣਾ ਬਣਾ ਤਰਜ਼ਾਂ ਬਣਾਉਣੀਆਂ ਨੇ ਨਵੀਆਂ
ਕੱਛਾਂ ਵਜਾ ਵਜਾ ਅਵਾਜ਼ਾਂ ਕੱਢਣੀਆਂ ਅਜੇ 11 ਮਾਰਚ ਨੂੰ

ਅਜੇ ਤਾ ਸਾਡੇ ਓਥੇ
ਮਿੱਟੀ ਦੇ ਬਣਾਏ ਖਿਡੌਣੇ ਨਹੀਂ ਸੁੱਕੇ ਹੋਣੇ
ਖੇਡਣ ਲਈ

ਅਜੇ ਤਾਂ ਅਸੀਂ ਆ ਕੇ
ਬੇਰ ਖਾਣੇ ਨੇ ਪੇਂਦੂ -ਚੋਰੀਂ ਤੋੜ ਤੋੜ ਕੇ ਛੱਤੋ ਦੀ ਬੇਰੀ ਤੋਂ
ਮਲ੍ਹਿਆਂ ਦੇ ਕੰਡੇ ਲਵਾਉਣੇ ਨੇ ਐਤਕੀਂ
ਦਾਤਣ ਕਰਨੀ ਆ ਫ਼ਲਾਅ ਤੇ ਕਿੱਕਰ ਦੀ

ਅਜੇ ਤਾਂ ਸਾਡੇ ਪਸ਼ੂ ਚਰਦੇ ਨੇ ਖੇਤਾਂ 'ਚ
ਉਹਨਾਂ ਨੂੰ ਘਰੀਂ ਲੈ ਕੇ ਆਉਣਾ ਹੈ

ਅਜੇ ਤਾਂ ਅਸੀਂ ਵੱਡੀ ਪਿੰਨੀ ਤੇ
ਵੱਡਾ ਲੱਡੂ ਚੱਕਣਾ ਹੈ ਬੀਜੀ ਦੀ ਥਾਲੀ ਦੇ ਸੰਸਾਰ 'ਚੋਂ

ਅਜੇ ਤਾਂ ਅਸੀਂ ਓਸ ਮਿੱਟੀ ਤੇ ਲਿਟਣਾ ਹੈ
ਤੇ ਤੁਰ ਤੁਰ ਡਿੱਗਣਾ ਹੈ
ਬਾਪੂ ਦੇ ਮੋਢਿਆਂ ਤੇ ਚੜ੍ਹ ਛਿੰਝਾਂ ਦਸਹਿਰੇ ਦੇਖਣੇ ਨੇ
ਸਾਰੇ ਪਿੰਡ ਚ ਨਵਾਬ ਬਣ ਘੁੰਮਣਾ ਹੈ ਅਜੇ
ਤਵੇ ਵਾਲੀ ਮਸ਼ੀਨ ਦੀਆਂ ਸੂਈਆਂ ਕਰਨੀਆਂ ਨੇ ਕੱਠੀਆਂ
ਅਜੇ ਤਾਂ ਸਪੀਕਰ ਟੰਗਣੇ ਨੇ ਮੰਜ਼ਿਆਂ ਬਨ੍ਹੇਰਿਆਂ 'ਤੇ
ਤੇ ਸਤਿਗੁਰ ਨਾਨਕ ਨੂੰ ਸੱਦਣਾ ਹੈ-

ਕੱਲ੍ਹ ਟੁਰ ਗਏ ਜੇੜ੍ਹੇ

ਕੱਲ੍ਹ ਟੁਰ ਗਏ ਜੇੜ੍ਹੇ
ਮੁੜ ਪਰਤ ਨਾ ਆਏ
ਅਸੀਂ ਬੂਹੇ ਨਾ ਢੋਹੇ
ਨਾ ਚਾਅ ਵਿਛਾਏ

ਇੰਜ ਛੱਡ ਉਹਨਾਂ ਜਾਣਾ
ਲਿਖਿਆ ਨਾ ਸੀ ਚੇਤੇ
ਪੁੰਨੂੰ ਟੁਰ ਜਾਣ ਏਦਾਂ
ਤੱਤੇ ਪੈਰੀਂ ਸੀ ਰੇਤੇ

ਕਿੰਜ ਚੰਨ ਨੂੰ ਸੱਦੀਏ
ਉਹਨੇ ਲਾਰੇ ਲਾਏ

ਇਹ ਕੀ ਪਰੀਤਾਂ
ਇਹ ਕੀ ਨੇ ਅੜੀਆਂ
ਇਹ ਕਿਹਨੇ ਲਿਖੀਆਂ
ਕਿਹਨੇ ਕਿਹਨੇ ਪੜ੍ਹੀਆਂ

ਬਿਰਹੋਂ ਗੀਤ ਤਾਂ ਲਿਖ ਲਏ
ਉਮਰੀਂ ਗਏ ਨਾ ਗਾਏ

ਦਰ ਬੈਠੇ ਸੁੰਨੇ
ਵਿਹੜਾ ਗੱਲ ਨਾ ਕਰਦਾ
ਤੇਰੇ ਬਾਂਝੋਂ ਚੰਨੀਏ
ਸੁੰਨਾ ਘਰ ਨਾ ਜਗਦਾ

ਇਹ ਝੱਲ ਕੀ ਜ਼ਿੰਦੜੀ
ਕੇਹੇ ਲੇਖ ਲਿਖਾਏ

ਕੱਲ ਟੁਰ ਗਏ ਜੇੜ੍ਹੇ
ਮੁੜ ਪਰਤ ਨਾ ਆਏ
ਅਸੀਂ ਬੂਹੇ ਵੀ ਨਾ ਢੋਹੇ
ਨਾ ਚਾਅ ਵਿਛਾਏ

ਸਪੀਕਰ ਦੀ ਇਕ ਅਨਾਊਂਸਮੈਂਟ 'ਤੇ

ਸਪੀਕਰ ਦੀ ਇਕ ਅਨਾਊਂਸਮੈਂਟ 'ਤੇ
ਬੱਚਿਆਂ ਨੂੰ ਕੁੱਛੜ ਚੱਕ
ਹਸਦੇ ਵਸਦੇ ਘਰਾਂ ਨੂੰ
ਅਲਵਿਦਾ ਕਹਿਣਾ ਸੌਖਾ ਨਹੀ ਹੁੰਦਾ
ਜੁੱਤੀ ਨੂੰ ਹੱਥ 'ਚ ਫ਼ੜ੍ਹ
ਅਣਜਾਣ ਜੇਹੀ ਮੰਜ਼ਿਲ ਵੱਲ
ਟੁਰ ਪੈਣਾ ਖਬਰੇ ਕਿਥੋਂ ਦੀ ਰੀਤ ਹੈ?
ਕਿਸ ਕਿਤਾਬ ਦਾ ਅਧਿਆਇ ਹੈ?

ਬੇਜਾਨ ਭੁੱਖੇ-ਪਿਆਸੇ ਮਾਲ-ਡੰਗਰ ਨੂੰ
ਖੁਰਲੀਆਂ ਤੇ ਬੱਝਿਆਂ ਵਿਲਕਦੇ ਛੱਡ
ਘਰਾਂ ਵੱਲ ਆਖਿਰੀ ਨਜ਼ਰ ਮਾਰ
ਪਿਆਸੀ ਜੇਹੀ ਰੀਝ
ਲੜ੍ਹ ਬੰਨ੍ਹ ਰਾਹ ਮੱਲ ਲੈਣੇ
ਕਿਸੇ ਦਿਲ ਦੀ ਬਰੂਹ ਤੇ ਨਹੀਂ ਲਿਖਿਆ ਦਿਸਦਾ

ਪਲਕਾਂ ਨੂੰ ਰੋਣ ਵੀ ਨਾ ਦੇਣਾ
ਹੰਝੂਆਂ ਨੂੰ ਚੋਣ ਵੀ ਨਾ ਦੇਣਾ
ਕਿਹੜੇ ਰੁੱਖ ਦੀ ਟਹਿਣੀ 'ਤੇ ਟੰਗਿਆ ਹੈ

ਜੇ ਕਿਤੇ ਹਕੂਮਤ ਇਕ ਦਿਨ ਸੱਤਾ ਛੱਡ ਦੇਵੇ
ਕੁਰਬਾਨ ਹੋ ਜਾਣ ਲੋਕ

ਇਹ ਤਾਂ ਦੱਸ ਕਿ
ਕਿੱਥੇ ਪਨਾਹ ਲੈਣੀ ਸੀ ਮੇਰੇ ਸਕੇ ਭਰਾਵਾਂ ਨੇ
ਕਿਹੜੇ ਪਿੰਡ ਰਾਹ ਭੁੱਖੇ ਪੇਟ ਲਈ ਖੜ੍ਹੇ ਸਨ ਛਾਵਾਂ ਕਰਨ
ਓਸ ਦਿਨ ਕਿਹਨੇ ਪੁੱਛਿਆ ਹੋਵੇਗਾ ਪਾਣੀ ਧਾਣੀ
ਤੇ ਪੱਠਿਆਂ ਦਾ ਰੁੱਗ
ਮੇਰੀਆਂ ਪਿਆਸੀਆਂ ਤਰਿਹਾਈਆਂ ਮੱਝਾਂ ਗਾਵਾਂ ਨੂੰ
ਕਿੱਥੋਂ ਆਇਆ ਹੋਵੇਗਾ ਦੁੱਧ
ਮੇਰੇ ਨਵੇਂ ਜਨਮੇਂ ਵੱਛੇ ਦੀ ਭੁੱਖੀ ਪਿਆਸੀ ਮਾਂ ਦੇ ਥਣਾਂ 'ਚ

ਰੋਂਦੇ ਵਿਲਕਦੇ ਬਾਲ
ਘਰਾਂ ਵੱਲ ਵਾਰ ਵਾਰ ਉਂਗਲੀਆਂ ਕਰ ਕਰ ਤੱਕ ਰਹੇ ਸਨ
ਪੁੱਛ ਰਹੇ ਸਨ
ਬਾਪੂ ਕਿੱਥੇ ਚੱਲੇ ਹੋ?
ਕਿਉਂ ਚੱਲੇ ਹੋ ਘਰਾਂ ਨੂੰ ਛੱਡ ਕੇ?

ਓਸ ਪਲ ਅੰਬਰ ਚੋਇਆ ਸੀ
ਹਨ੍ਹੇਰੀ ਵਗੀ ਸੀ ਕਾਲੀ ਉਹਨਾਂ ਪਿੰਡਾਂ 'ਤੇ
ਜਵਾਨ ਹੋਈਆਂ ਫ਼ਸਲਾਂ ਨੇ ਸਿਸਕੀਆਂ ਭਰੀਆਂ ਸਨ
ਹਾਉਕੇ ਨਹੀਂ ਸੀ ਸਾਂਭੇ ਜਾਂਦੇ ਦੁਪਹਿਰ ਦੇ
ਝੋਨੇ ਦੇ ਰਿਜ਼ਕ ਭਰੇ ਸਿੱਟੇ ਡੁਸਕੇ ਸਨ
ਓਸ ਦਿਨ ਸਿਖ਼ਰ ਦੁਪਹਿਰੇ
ਸੂਰਜ ਮਰਿਆ ਸੀ ਸਾਡੇ ਪਿੰਡ
ਰਾਤ ਨਹੀਂ ਸੀ ਪਈ ਓਸ ਸ਼ਾਮ

ਧੀਆਂ ਪੁੱਤਾਂ ਵਾਂਗ ਪਾਲ਼ੀ ਫ਼ਸਲ ਨੂੰ ਸੱਖਣਾ ਛੱਡ
ਬੇਵਜ੍ਹਾ ਬੇਗੁਨਾਹ ਰਾਹਾਂ ਦੇ ਹਾਣ ਦੇ ਹੋ ਜਾਣਾ
ਜੇ ਕਿਸੇ ਇਤਿਹਾਸ 'ਚ ਲਿਖਿਆ ਹੈ
ਤਾਂ ਮੈਂ ਓਸ ਤਾਰੀਖ਼ ਦੇ ਵਰਕੇ ਪਾੜ ਦੇਵਾਂਗਾ
ਓਸ ਨਿਜ਼ਾਮ ਨਾਲ ਮੈਂ ਲਵਾਂਗਾ ਲੋਹਾ
ਜੋ ਮੇਰੇ ਵਸਦੇ ਖਿੜੇ ਵਿਹੜੇ ਨੂੰ
ਹੁਕਮ ਦਿੰਦਾ ਹੈ
ਪੈਲੀਆਂ ਨੂੰ ਫ਼ੌਜੀ ਬੂਟਾਂ ਦੇ ਹਵਾਲੇ ਕਰਦਾ ਹੈ

ਘਰਾਂ 'ਚ ਜੂਠੇ ਪਏ ਛੰਨੇ ਛੱਡ
ਅਣਸੁੱਕੇ ਕੱਪੜੇ ਲਪੇਟ
ਸੁੱਕੇ ਟੁੱਕ ਬੰਨ੍ਹ ਜੇ ਕਿਸੇ ਨੂੰ ਮਨਜ਼ੂਰ ਹੈ
ਤਾਂ ਮੈਨੂੰ ਨਹੀਂ ਚਾਹੀਦਾ ਇਹੋ ਜੇਹਾ ਨਿਜ਼ਾਮ

ਸਾਨੂੰ ਤਾ ਅਜੇ 1947, 65,71 ਦੇ ਜ਼ਖ਼ਮ ਨਹੀਂ ਭੁੱਲੇ
ਲੜਾਈ ਜਾਂ ਜੰਗ
ਜੇ ਕਿਸੇ ਮਸਲੇ ਦਾ ਹੱਲ ਹੁੰਦੇ ਤਾਂ
ਅੱਜ ਦੁਨੀਆਂ ਨਾ ਵਸਦੀ
ਅੰਬਰਾਂ 'ਤੇ ਸਿਤਾਰੇ ਨਹੀਂ ਸੀ ਹੋਣੇ

ਚੱਲ ਤੈਨੂੰ ਵਿਖਾਵਾਂ
ਘਰੀਂ ਛੱਡ ਕੇ ਆਏ
ਹੱਥ ਛੁਹਾਂ ਨੂੰ ਤਰਸਦੇ ਅਣਮਾਂਜੇ ਬਰਤਨ
ਡੱਠੇ ਮੰਜੇ ਤੇ ਅਣਕੱਠੇ ਕੀਤੇ ਬਿਸਤਰੇ
ਚਾਟੀਆਂ 'ਚ ਰਹਿ ਗਈਆਂ ਅਣਪੀਤੀਆਂ ਲੱਸੀਆਂ
ਕੌਲੀ 'ਚ ਰਹਿ ਗਈ ਅਣਖਾਧੀ ਦਾਲ
ਵਿਹੜੇ 'ਚ ਰੁੜ੍ਹਦਾ ਖਾਲੀ ਗਲਾਸ
ਜਿਸ 'ਚੋਂ ਅਜੇ ਵੀ ਚਾਹ ਦੇ ਘੁੱਟ ਕਿਰ ਰਹੇ ਹਨ

ਅਸਮਾਨ 'ਚ ਕਿਤੇ ਵੀ ਜੰਗ ਦੇ ਬੱਦਲ ਨਹੀਂ ਸਨ
ਪਰ ਲੋਕਾਂ ਦੇ ਮਨਾਂ 'ਚ ਮਣਾਂਮੂੰਹ ਸਹਿਮ ਵਸਾ ਦਿਤਾ
ਸਪੀਕਰ ਦੀ ਇਕ ਅਨਾਊਂਸਮੈਂਟ ਨੇ
ਪਤਾ ਨਹੀਂ ਕਿੰਨਾ ਕੁਝ ਅੰਦਰੋਂ ਗੁਆ ਦਿਤਾ
ਹਰ ਦਰ ਤੇ ਤੌਖਲੇ ਪਾ ਸੁੱਕਣੇ
ਹਰ ਬੂਹਾ ਚੁੱਪ ਕਰਾ ਦਿਤਾ

ਬਹੁਤ ਕੁਝ ਸੀ ਘਰ ਵਿਚ

ਬਹੁਤ ਕੁਝ ਸੀ ਘਰ ਵਿਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ

ਚੌਂਕੇ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ
ਵਿਹੜੇ ਵਿਚ ਰੌਣਕ ਨੱਚਦੀ ਸੀ
ਮਾਸੀ ਵਰਗੀਆਂ ਰਜਾਈਆਂ ਸੁੰਨੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ

ਕਿੱਲੀਆਂ ਜਿਹਨਾਂ 'ਤੇ ਥਕਾਵਟ ਬਦਲਦੇ ਸਾਂ
ਸੋਹਣੇ ਸੋਹਣੇ ਨਵੇਂ ਸਵਾਏ ਝੱਗੇ ਪਜਾਮੇ ਟੰਗਦੇ ਸਾਂ
ਸੁੰਨੀਆਂ ਝਾਕਦੀਆਂ ਹਨ

ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ
ਅਣਵਿਛਿਆ ਤਾਜ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ

ਸਾਈਕਲ ਖ਼æਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ 'ਤੇ ਬਾਪੂ ਨੇ
ਧਰਤ ਤਰੀ ਸੁਬ੍ਹਾ ਸ਼ਾਮ
ਮਾਂ ਦਾ ਚਰਖਾ
ਸਿਲਾਈ ਮਸ਼ੀਨ ਆਟੇ ਵਾਲਾ ਢੋਲ
ਜਿਸ 'ਤੇ ਮਾਂ ਦੇ ਪੋਟਿਆਂ ਦੀ ਛੋਹ ਹੈ
ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ ਬਿਟ ਝਾਕ ਰਹੇ

ਬੇਰੀ ਨੂੰ ਬੇਰ ਲੱਗਦੇ ਨੇ
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ
ਰੀਝਾਂ ਵਰਗੀ ਮੱਕੀ ਦੇ ਟੁੱਕ ਵਰਗੀ ਲੱਜਤ

ਜਿੰਦਰੇ ਲੱਗੇ ਬੂਹਿਆਂ ਉੱਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜੀ ਕਰ ਕਰ ਲੋਹੜੀਆਂ
ਭਿਖਾਰੀ ਵੀ ਨਹੀਂ ਰੁਕਦੇ
ਬੰਦ ਦਰਾਂ ਬੂਹਿਆਂ ਉੱਤੇ

ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ 'ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ

ਘਰ ਇਕੱਲਾ ਵੀ ਕੀ ਕੀ ਕਰੇ
ਕਿਹਨੂੰ ਕਿਹਨੂੰ ਰੋਕੇ ਜਾਣੋ
ਕਿਹਦੀ ਕਿਹਦੀ ਬਾਂਹ ਘੁੱਟ ਫੜੇ
ਇਹ ਸੱਲ ਲੱਗੇ ਸਦੀਆਂ ਨੂੰ ਬੜੇ
ਹਰ ਪਿੰਡ ਦਰਾਂ 'ਤੇ ਖੜ੍ਹੇ
ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ

ਮਾਂ

ਖੁੱਲੀ ਕਿਤਾਬ
ਸੁਰੀਲਾ ਜੇਹਾ ਗੀਤ ਮਾਂ
ਮਾਂ ਪਿੰਡ ਹੈ
ਛਾਂ ਮਾਂ ਹੈ

ਵੱਡਾ ਵਿਹੜਾ ਬੋਹੜ ਦੀ ਸੰਘਣੀ ਛਾਂ
ਅਸੀਸਾਂ ਦਾ ਚਸ਼ਮਾ ਕਲਪ ਬਿਰਖ
ਤਿਆਗ ਮੁਜੱਸਮਾ ਤਪਸਵੀ ਦੁੱਖ ਜਫ਼ਰ ਜਾਲਣੀ
ਵੱਡਾ ਰੱਬ ਪਾਵਨ ਪੁਸਤਕ
ਬਿਰਹੋਂ ਦਾ ਤੀਰਥ
ਸਵਰਗ ਨਾਲੋਂ ਉੱਤਮ ਫਰਿਸ਼ਤਾ ਰੂਪ

ਓਸ ਵਿਹੜੇ ਛਾਂ ਨਹੀਂ ਹੁੰਦੀ
ਜਿਸ ਘਰ ਲੋਕੋ ਮਾਂ ਨਹੀਂ ਹੁੰਦੀ
ਨਿੱਘ ਕੁਰਬਾਨੀ ਅਤੇ ਪਿਆਰ ਦਾ ਅਹਿਸਾਸ ਓਦੋਂ ਹੁੰਦਾ ਹੈ
ਜਦ ਉਹ ਵਿੱਛੜ ਜਾਂਦੀ ਹੈ
ਮਾਂ ਸਭ ਤੋਂ ਵੱਡੀ ਸੰਸਥਾ
ਓਹਦਾ ਇਕ ਚੁੰਮਣ ਵਿਸ਼ਵ ਪ੍ਰਸਿੱਧ ਨਜ਼ਾਰਾ
ਗੁਰੂ ਪੀਰ ਪੈਗ਼ੰਬਰ ਸੰਤ ਭਗਤੀ ਮਾਂ

ਕਹਿੰਦੀ ਹੁੰਦੀ ਸੀ ਹੁਣ ਕਦੋਂ ਆਵੇਂਗਾ ਪੁੱਤ?
ਮਾਂ ਨੂੰ ਕਬਰਾਂ ਦੇ ਰਾਹ ਟੁਰ ਗਈ ਨੂੰ ਸੱਤ ਸਾਲ ਹੋ ਚੁੱਕੇ ਹਨ
ਫ਼ੋਨ ਦੀ ਤਾਰ ਕੱਟੀ ਗਈ ਹੈ
ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ
ਬੰਦ ਹੋ ਗਏ ਹਨ ਹੁਣ
ਦੋਸਤੋ! ਬਹੁਤ ਮੁਸ਼ਕਲ ਹੁੰਦਾ ਏ
ਮੁਖ਼ਾਤਿਬ ਹੋਣਾ ਬੰਦ ਬੂਹਿਆਂ ਨੂੰ

ਤੇ ਜਾਂ ਦਰਾਂ ਦੀ ਉਡੀਕ ਬਣ ਕੇ
ਸਦਾ ਲਈ ਦੂਰ ਤੁਰ ਗਈਆਂ
ਮਾਵਾਂ ਦੇ ਮੂਕ ਰੁਦਨ ਨੂੰ ਸੁਣਨਾ
ਸਭ ਤੋਂ ਵੱਡਾ ਰਹਿਨੁਮਾ ਮਾਰਗ ਦਰਸ਼ਕ
ਪੁੱਤਾਂ ਦੇ ਰਾਹਾਂ 'ਚੋਂ ਕੰਡੇ ਚੁਗ ਕੇ
ਆਪਣੇ ਪੋਟਿਆਂ ਨੂੰ ਪੀੜਾ ਕਰਨ ਵਾਲੀ
ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ
ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ

ਸਭ ਤੋਂ ਵੱਡੀ ਸੁਪਨਸਾਜ਼ ਬੱਚਿਆਂ ਦੀ
ਨੈਣਾਂ ਵਿਚ ਸੁਪਨੇ ਧਰਦੀ
ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ
ਬੱਚਿਆਂ ਦੇ ਚਾਅ ਪੂਰੇ ਕਰਦੀ
ਸਭ ਤੋਂ ਵੱਡੀ ਖ਼ੈਰ-ਖਵਾਹ
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ
ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ
ਬੱਚਿਆਂ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਧਰਤ
ਪਿਆਰ ਹਮਦਰਦੀ ਦੇ ਫ਼ੇਹੇ ਧਰਦੀ ਜ਼ਖ਼ਮਾਂ 'ਤੇ
ਮੋਹ ਦੀਆਂ ਟਕੋਰਾਂ ਕਰਦੀ
ਦਰਦ ਹਰਦੀ ਸਿੰਮਦੀ ਪੀੜ 'ਤੇ

ਕੁਦਰਤ ਦੀ ਮਹਾਨ ਕਿਰਤ
ਤਹਿਜ਼ੀਬ ਦੀ ਅਣਮੋਲ ਦਾਤ
ਧਰਤ ਦੇ ਵਿਹੜੇ 'ਚ ਸਿਤਾਰਿਆਂ ਦੀ ਪਰਾਤ
ਜੋ ਨਿੱਘ ਤਰੌਂਕੇ ਰਿਸ਼ਮਾਂ ਵੰਡੇ
ਸੁਖਨ ਦੀ ਰਿਮਝਿਮ
ਆਪਣਾ ਆਪਾ ਜਾਇਆਂ ਤੋਂ ਵਾਰੇ
ਮੰਜ਼ਲਾਂ ਦੀ ਪ੍ਰਾਪਤੀ ਦਾ ਅਹਿਦ
ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ
ਜੀਵਨ-ਜਾਚ ਦੀ ਪਾਠਸ਼ਾਲਾ
ਜ਼ਿੰਦਗੀ ਦੀ ਸੁਚੱਜੀ ਵਿਚਾਰਧਾਰਾ
ਨਿਮਰਤਾ ਦਾ ਮੁਜੱਸਮਾ

ਉਹ ਹੋਵੇ ਘਰ ਉਡੀਕਣ
ਘੂਰੀਆਂ ਝਿੜਕਾਂ ਦੇ ਪਲ ਮੁੜ ਜਿਊਣ
ਗ਼ੈਰ-ਹਾਜ਼ਰੀ ਵਿਚ ਦਰ ਉਦਾਸ ਹੋ ਜਾਣ
ਉਡੀਕ ਖਤਮ ਹੋ ਜਾਵੇ
ਸਿਵਾ ਸੇਕਣਾ ਵੀ ਨਸੀਬ ਨਾ ਹੋਵੇ
ਮੜ੍ਹੀਆਂ ਦੀ ਰਾਖ਼ ਫਰੋਲਣ ਜੋਗੇ ਰਹਿ ਜਾਣ ਪੁੱਤ

ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ
ਬੁਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ਼ ਜਦ ਟੁਰ ਜਾਵੇ
ਕੰਬਣ ਲੱਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ

ਜਦ ਬੋਲ ਯਾਦ ਆਉਂਦੇ ਨੇ
ਤਾਂ ਮਨ-ਮਮਟੀ 'ਤੇ ਚਿਰਾਗ਼ ਜਗਦਾ ਹੈ
ਪੁੱਤ ਭੁੱਖ ਤਾਂ ਨਹੀਂ ਲੱਗੀ
ਵੇਲੇ ਸਿਰ ਰੋਟੀ ਖਾ ਲਿਆ ਕਰ
ਨੀਂਦ ਪੂਰੀ ਜ਼ਰੂਰ ਕਰਿਆ ਕਰ
ਆਪਣੀ ਸਿਹਤ ਦਾ ਖਿਆਲ ਰੱਖੀਂ

ਧੁਖ਼ਦੀਆਂ ਤਿੱਖੜ ਦੁਪਹਿਰਾਂ ਮਾਵਾਂ ਬਲਦੀਆਂ ਛਾਵਾਂ
ਗ਼ਮ ਅਤੇ ਵਿਗੋਚਿਆਂ 'ਚ
ਮੱਥੇ 'ਤੇ ਉੱਕਰੇ ਦਿਸਹੱਦਿਆਂ ਦਾ ਨਾਮਕਰਨ
ਕਰਮ ਸਾਧਨਾ ਅਚੇਤ ਮਨਾਂ 'ਚ ਉੱਕਰੀ ਵਰਣਮਾਲਾ

ਅਕਲ-ਕਟੋਰਾ
ਅਤੇ ਕੰਨ-ਮਰੋੜਨੀ ਮੋਹ ਭਿੱਜੀ ਘੂਰੀ
ਸਭ ਤੋਂ ਵੱਡੀ ਪਨਾਹ
ਮਿੱਠੀ ਜੇਹੀ ਝਿੜਕ

ਗਡੀਰਾ ਵੀ ਤੇ ਘਨ੍ਹੇੜੀ ਵੀ
ਲੋਰੀ ਪੋਤੜਾ ਚੋਗ ਤੇ ਝਿੜਕ ਵੀ
ਖਿਡੌਣਾ ਸੁਪਨਾ ਰਾਗ ਤੋਤਲੇ ਬੋਲ ਵੀ

ਉਸਦੀ ਬੁੱਕਲ 'ਚ ਕੁਦਰਤ ਪੈਰਾਂ 'ਚ ਸਵਰਗ
ਇਸ ਦਰਬਾਰ 'ਚ ਤਾਜਾਂ ਤਖਤਾਂ ਵਾਲੇ ਵੀ ਸਿਰ ਝੁਕਾਉਣ
ਹਕੂਮਤਾਂ ਨਿਵ ਜਾਣ ਬਾਦਸ਼ਾਹੀਆਂ ਸਲਾਮ ਕਰਨ

ਅੰਬਰਾਂ ਵਰਗੀ ਚਾਹਤ
ਜ਼ਿੰਦਗੀ ਦਾ ਸਭ ਤੋਂ ਸੁੱਚਾ ਸਰੋਕਾਰ
ਹਰਫ਼ਾਂ 'ਚ ਨਾ ਸਮਾ ਸਕਣ ਵਾਲੀ ਇਬਾਦਤ

ਸਾਰੀ ਰਾਤ ਤੁਰਦੀ ਫਿਰਦੀ ਜੰਨਤ
ਮੱਕੀ ਦੇ ਟੁੱਕ ਵਰਗੀ ਲਜ਼ਤ
ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ 'ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ

ਕਦੇ ਵੱਖ ਹੋ ਕੇ ਦੇਖੀਂ

ਕਦੇ ਵੱਖ ਹੋ ਕੇ ਦੇਖੀਂ
ਆਪਣੀ ਨੀਂਹ ਤੇ ਦੀਵਾਰਾਂ 'ਤੋਂ
ਬਾਪੂ ਦੀ ਘਨੇੜੀ ਤੇ ਮਾਂ ਦੀ ਲੋਰੀ 'ਤੋਂ

ਦੇਖੀਂ ਕਿੰਜ ਲਗਦਾ ਹੈ
ਟੋਟੇ ਟੋਟੇ ਹੋਇਆ ਅਸਮਾਨ ਤੇ ਪੂਰਾ ਜਹਾਨ

ਕਦੇ ਸਹੁਰੇ ਆਈ ਮੁਟਿਆਰ ਨੂੰ
ਦੋ ਚਾਅ ਪੁੱਛੀਂ
ਜਿੰਨਾ ਚਿਰ ਰਾਤ ਮਾਹੀ ਦੀਆਂ ਬਾਹਾਂ 'ਚ ਨਹੀਂ ਖੁਰਦੀ
ਪਲਕਾਂ ਤੇ ਜਗਾਇਆ ਚੰਨ ਅੱਖ ਭਰਕੇ ਨਹੀਂ ਤੱਕਦਾ
ਨਿੱਕੀ ਨਿੱਕੀ ਗੱਲ ਤੇ ਦੁਨੀਆਂ ਨਹੀਂ ਹੱਸਦੀ

ਬਾਬਲ ਦੇ ਵਿਹੜੇ ਦਾ ਹਾਉਕਾ
ਤੇ ਗੁੱਡੀਆਂ ਪਟੋਲਿਆਂ ਦਾ
ਵਿਲਕਣਾ ਕਦੇ ਬਨੇਰੇ 'ਤੇ ਚੜ੍ਹ ਕੇ ਤੱਕੀਂ
ਸ਼ਾਮ ਨੂੰ ਪੁੱਛੀਂ ਕਿ ਕਿਉਂ ਨਹੀਂ ਪਏ ਅਜੇ ਅੰਬਾਂ ਨੂੰ ਬੂਰ
ਕਦ ਹੂਕ ਜੇਹੀ ਬਣ ਕੇ
ਕੂਕੇਗੀ ਟਹਿਣੀ 'ਤੇ ਕੋਇਲ ਮਰ ਜਾਣੀ

ਕਦੇ ਯਾਦ ਤਾਂ ਕਰੀਂ
ਵਿਹੜੇ 'ਚ ਖੇਡਿਆ ਅੱਡਾ ਖੱਡਾ
ਤੇ ਦਸੂਤੀ 'ਤੇ ਕੱਢੇ ਮੋਰ ਤੋਤੇ
ਫੁੱਲਾਂ ਦੀ ਮਹਿਕ ਛੱਡ ਕੇ
ਕਿਤਿਓਂ ਹੋਰ ਮਹਿਕਾਂ ਲੱਭਣੀਆਂ
ਹਿਰਨੀਆਂ ਦੀ ਅੱਖਾਂ 'ਚ ਨਹੀਂ ਹੁੰਦਾ
ਬਨੇਰਿਆਂ 'ਤੇ ਰਹਿ ਗਏ
ਜਗਦੇ ਤਾਰਿਆਂ ਦੀ ਲੋਅ 'ਚ ਹੀ
ਰਹਿ ਜਾਂਦੀ ਹੈ ਸਾਰੀ ਰੁੱਤ ਦਾ ਕੱਤਿਆ

ਜਦੋਂ ਕੁਆਰੀ ਹਵਾ ਨੂੰ ਵਟਣਾ ਛੁੰਹਦਾ ਹੈ
ਮਹਿੰਦੀ ਦੀ ਖੁਸ਼ਬੂ
ਤਲੀਆਂ 'ਤੇ ਸ਼ਿੰਗਾਰ ਬਣ ਖਿੜਦੀ ਹੈ
ਅੰਗਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ
ਕਿਸੇ ਨੇੜੇ ਦੇ ਪਿੰਡ ਦੇ ਗੱਭਰੂ 'ਤੇ ਹੂਕ ਦਾ ਪ੍ਰਛਾਵਾਂ

ਕਿਸੇ ਚੰਨ ਜੇਹੇ ਦਾ ਨਾਂ ਲਿਖਿਆ ਜਾਂਦਾ ਹੈ
ਉਨੀਂਦਰੀਆਂ ਰਾਤਾਂ ਦੇ ਸਰ੍ਹਾਣਿਆਂ 'ਤੇ

ਓਦੋਂ ਨਾ ਤਾਂ ਫਿਰ ਰਾਤ ਦੀ ਚੁੱਪ ਸੌਣ ਦਿੰਦੀ ਹੈ
ਨਾ ਹੀ ਅੰਗੜਾਈਆਂ 'ਚੋਂ ਮਿਲਣ ਦਾ ਗੀਤ ਮੁੱਕਦਾ ਹੈ

ਚਾਅ ਤਾਂ ਦੋਨੋਂ ਦਰਾਂ 'ਤੇ ਹੁੰਦੇ ਹਨ
ਗੱਲ ਇਕ ਹੀ ਸ਼ਾਮ ਦੀ
ਪਰਤ ਦਾ ਓਹਲਾ ਹੀ ਹੁੰਦਾ ਹੈ
ਸਿਰ ਤੋਂ ਪਿਛਾਂਹ ਸੁੱਟਿਆ
ਚਿੱਟੇ ਚੌਲ਼ਾਂ ਦਾ ਇਤਿਹਾਸ ਹੀ ਲਿਖਿਆ ਜਾਂਦਾ ਹੈ
ਰਾਹਾਂ 'ਤੇ ਕੁਝ ਬਾਹਾਂ ਤੇ
ਇਕ ਦਰ ਹਾਉਕਿਆਂ ਦੇ ਵਿਛੋੜੇ ਨਾਲ
ਦਿਨ ਕਟੀ ਕਰਦਾ ਹੈ
ਦੂਸਰੀ ਸਰਦਲ
ਨੇੜੇ ਬਹਿ ਭਾਬੀ ਚਾਚੀ ਤੇ ਮਾਮੀ
ਕਹਿਣ ਲਗਦੀ ਹੈ

ਇਕ ਮਾਂ ਪਿਓ ਵਿਯੋਗ ਨੂੰ
ਹਿੱਕ ਤੇ ਰੱਖ ਕੇ ਸੌਂਦਾ ਹੈ
ਦੂਸਰਾ ਕੱਚੇ ਦੁੱਧ ਦੇ ਵਾਰਨੇ ਕਰ ਕਰ
ਜਹਾਨ ਤੋਂ ਖੁਸ਼ੀਆਂ ਕਰਦਾ ਹੈ 'ਕੱਠੀਆਂ
ਦਾਰੂ ਦੇ ਲੋਰ 'ਚ ਵਿਹੜਾ ਪੁੱਟਦਾ ਹੈ
ਕਿਸੇ ਪਿੰਡ ਦੀ ਲਿਆਂਦੀ ਖੁਸ਼ੀ
ਅੰਬਰ ਨੂੰ ਦੱਸ ਦੱਸ ਹੱਸਦਾ ਹੈ
ਵੱਡੇ ਵੱਡੇ ਪਾਉਂਦਾ ਹੈ ਪੈੱਗ ਵਲੈਤੀ ਦਾਰੂ ਦੇ
ਪਿਆਉਂਦਾ ਹੈ ਆਏ ਗਏ
ਯਾਰਾਂ ਰਿਸ਼ਤੇਦਾਰਾਂ ਨੂੰ
ਸ਼ਰੀਕਾਂ ਦੀ ਅੱਖ 'ਚ
ਕਸੀਰ ਵਾਂਗ ਚੁੱਭਦਾ ਹੈ ਹਨੇਰੇ ਸਵੇਰੇ

ਇਕ ਚੁੱਲ੍ਹੇ 'ਤੇ ਰੀਝਾਂ ਪੱਕਦੀਆਂ ਹਨ
ਚਾਅ ਗੁੰਦੇ ਜਾਂਦੇ ਹਨ
ਵਿਹੜੇ 'ਚ ਭੰਗੜਾ ਤੇ ਗਿੱਧਾ ਵਿਛਦਾ ਹੈ

ਦੂਸਰਾ ਘਰ ਧੀ ਦਾਜ ਦੇ ਕੇ ਵੀ
ਨਿੰਵਦਾ ਹੈ ਸਾਰੀ ਉਮਰ
ਧੀ ਦੇ ਪਿੰਡ ਤੋਂ ਇਕ ਠੰਢੀ 'ਵਾ ਦਾ ਬੁੱਲਾ ਮਾਨਣ ਲਈ

ਕੱਲ ਦੇ ਬੇਗਾਨਿਆਂ ਨੂੰ
ਆਪਣਾ ਕਹਿਣਾ ਪੈਂਦਾ ਹੈ
ਨਵੇਂ ਪਿੰਡ ਦਾ ਰਾਹ ਅਪਨਾਉਣਾ ਪੈਂਦਾ ਹੈ

ਪਿੰਡ 'ਚ ਗੱਲਾਂ ਹੁੰਦੀਆਂ ਹਨ ਨਵੀਂ ਬਹੂ ਦੀਆਂ
ਸ਼ਗਨ ਤਾਰੇ ਬਣ ਬਣ ਕਿਰਦੇ ਹਨ
ਸੁਬਾ੍ਹ 'ਚ ਜਪੁਜੀ ਦੇ ਪੰਨੇ ਪਰਤੇ ਜਾਂਦੇ ਹਨ
ਸ਼ਾਮ ਰਹਿਰਾਸ ਨਾਲ ਸੰਤੋਖ਼ੀ ਜਾਂਦੀ ਹੈ

ਦੂਰ ਕਿਤੇ ਮਾਂ ਧੀ ਦੇ ਸੁਖੀ ਵਸਣ ਦੀ
ਅਰਦਾਸ ਕਰਦੀ ਹੈ ਸਭਿਆਚਾਰ ਉੱਸਰਦਾ ਹੈ
ਜੇ ਸੂਰਜ ਕੱਢਦਾ ਰਹੇ ਗੇੜ੍ਹੇ
ਤਾਂ ਜਹਾਨ ਟੁਰਦਾ ਹੈ
ਇਕ ਦੁਨੀਆਂ ਵਸਦੀ ਹੈ
ਤਾਰੀਖ ਬਣਦੀ ਹੈ
ਨਵਾਂ ਘਰ ਖੜ੍ਹਾ ਹੁੰਦਾ ਹੈ
ਆਪਣੀਆਂ ਨੀਹਾਂ ਦੀਵਾਰਾਂ ਪਛਾਣਦਾ ਭਾਲਦਾ ਹੈ
ਰਾਤਾਂ 'ਚੋਂ ਨਵਾਂ ਚੰਨ ਲੱਭਦਾ ਹੈ

ਲੋਰੀਆਂ 'ਚੋਂ ਸੁਹਾਗ ਖਿੜਦੇ ਹਨ
ਗੋਲੂ ਜੇਹੇ ਗੀਗੇ ਦੀ ਆਸ ਬੱਝਦੀ ਹੈ
ਰੋਟ ਵੰਡੇ ਜਾਂਦੇ ਹਨ
ਖਿਡੌਣਿਆਂ ਦੀਆਂ ਭੁੱਖਾਂ ਮੰਗੀਆਂ ਜਾਂਦੀਆਂ ਹਨ
ਕਿੱਲੀਆਂ 'ਤੇ ਸੁੱਖਾਂ ਟੰਗੀਆਂ ਜਾਂਦੀਆਂ ਹਨ

ਸਮੇਂ ਨੇ ਰੱਜ ਕੇ

ਸਮੇਂ ਨੇ ਰੱਜ ਕੇ ਲੁੱਟੀ ਸੀ
ਮਹਿੰਦੀ ਦੀ ਲੋਅ ਤੇ ਚੂੜੇ ਦੀ ਛਣਕਾਰ
ਰਾਤਾਂ ਨਹੀਂ ਸਨ ਸੁੱਤੀਆਂ ਉਹਨਾਂ ਦਿਨਾਂ 'ਚ ਕਈ ਕਈ ਦਿਨ
ਦੋਨੋਂ ਪਾਸੇ ਖੜੀਆਂ ਫ਼ਸਲਾਂ ਬੁੱਕ ਬੁੱਕ ਰੋਈਆਂ ਸਨ
ਬਾਪੂ ਦੱਸਦਾ ਹੁੰਦਾ ਸੀ ਸਾਰੀ ਕਹਾਣੀ ਲਹੂ ਦੀ

ਕਦੇ ਪੰਜ ਪਾਣੀਆ 'ਤੇ
ਇਕ ਅੰਬਰ ਹੁੰਦਾ ਸੀ
ਸਾਹ ਸਾਂਝੇ ਸਨ ਅਜੇ ਉਦੋਂ

ਰੈੱਡਕਲਿਫ ਲਾਈਨ ਨੇ
ਪੰਜਾਬੀਆਂ ਨੂੰ ਏਦਾਂ ਦਾ ਡੰਗ ਮਾਰਿਆ
ਕਿ ਹਰ ਰੁੱਖ ਜ਼ਖ਼ਮੀ ਹੋਇਆ
ਲੋਕ ਹੱਥੀਂ ਜਣੀਆਂ ਦੁਪਹਿਰਾਂ ਲੁਕੋਦੇਂ ਰਹੇ
ਚਾਹ ਦੇ ਗਲਾਸ ਹੱਥੋਂ ਡਿੱਗ ਪਏ ਸਨ
ਭੁੱਖਾਂ ਗੁਆਚ ਗਈਆਂ ਸਨ ਪੇਟੋਂ
ਰਿਜ਼ਕ ਨੂੰ ਦਿਲ ਨਹੀਂ ਸੀ ਕਰਦਾ

ਵਕਤ ਨੂੰ ਇੱਜ਼ਤਾਂ ਦੀ ਪੈ ਗਈ ਸੀ
ਬੰਦਾ ਹੈਵਾਨੀਅਤ ਪਹਿਨ ਵਿਚਰਨ ਲੱਗਾ
ਪਿਆਰ ਭਾਵਨਾਵਾਂ ਉੱਡ ਗਈਆਂ ਸਨ ਸਾਹਵਾਂ 'ਚੋਂ
ਵਿਹੜੇ ਜਿੱਥੇ ਰੌਣਕਾਂ ਨੱਚਦੀਆਂ ਸਨ
ਵੈਣ ਪਾਣ ਲੱਗ ਪਏ ਸਨ
ਚਾਰ ਚੁਫੇਰੇ ਲੋਕ ਲਾਸ਼ਾਂ ਗਿਣਦੇ
ਜਾਂ ਨਫ਼ਰਤ ਡੁੱਲ੍ਹਦੇ ਸੀਨੇ ਮਿਣਦੇ

ਪੱਤੇ ਫੁੱਲ ਟਹਿਣੀਆਂ ਚਿੜੀਆਂ
ਕਦੇ ਨਾ ਮੁੜ ਓਦਣ ਤੋਂ ਖਿੜੀਆਂ
ਨਮਾਜ਼ਾਂ ਆਇਤਾਂ ਨਾ ਬੋਲੀਆਂ
ਸੰਖਾਂ ਨੇ ਬਾਤ ਨਾ ਪੁੱਛੀ

ਪੰਜ ਪਾਣੀ ਹੋਏ ਲਹੂ-ਲੁਹਾਣ
ਆਪਣੇ ਲਹੂ 'ਚ ਲੱਗੇ ਨਹਾਣ
ਇਨਸਾਨਾਂ ਦਾ ਸਿਰ ਫਿਰ ਗਿਆ ਸੀ
ਪੈਰਾਂ 'ਚ ਤਾਰਾ ਤਾਰਾ ਟੁੱਟ ਗਿਰ ਗਿਆ ਸੀ

ਨਗਨ ਹੋ ਗਈਆਂ ਕਾਲੀਆਂ ਰਾਤਾਂ
ਆਟੇ ਲਹੂ ਪਾ ਗੁੰਨ੍ਹਣ ਪਰਾਤਾਂ

ਹਰ ਪੁੱਲ ਪਾਰ ਕਰਨ ਲੱਗਿਆਂ
ਨਫ਼ਰਤ ਦੀ ਅੱਗ ਟੱਪਣੀ ਪੈਂਦੀ ਸੀ
ਸਭਿਆਚਾਰ ਮਰ ਗਿਆ ਸੀ
ਅੰਬਰ ਧਰਤ ਨੂੰ ਦੇਖ ਡਰ ਗਿਆ ਸੀ

ਸੱਲ ਨਾ ਸੀਤੇ ਗਏ
ਆਪਣੇ ਹੀ ਪਿੰਡਾਂ 'ਚੋਂ
ਰੀਝਾਂ ਗੁਆਚੀਆਂ ਨਾ ਲੱਭੀਆਂ
ਮਹਿੰਦੀਆਂ ਖਿੱਲਰ ਗਈਆਂ ਸਨ ਹਥੇਲੀਆਂ 'ਤੋਂ
ਵਟਣੇ ਵਾਲੀਆਂ ਪਰਾਤਾਂ 'ਚ ਖ਼ੂਨ ਦੇ ਛਿੱਟੇ ਆ ਡਿੱਗੇ
ਮਾਂਗਾਂ 'ਚੋਂ ਸੰਧੂਰ ਰੁੜ੍ਹ ਗਏ
ਰੱਬ ਦੇਖਦੇ ਰਹਿ ਗਏ ਸਨ
ਹੈਵਾਨੀਅਤ ਦਾ ਨਗਨ ਨਾਚ
ਮੰਦਿਰਾਂ 'ਚੋਂ ਰੱਬ ਦੌੜ ਕੇ ਮਸਾਂ ਬਚਿਆ
ਅੱਲ੍ਹਾ ਨਾ ਲੱਭਾ ਕਈ ਦਿਨ

ਫ਼ਿਰਕੂ ਫਸਾਦਾਂ ਨੇ ਇਨਸਾਨੀਅਤ ਨੂੰ
ਤਾਰ ਤਾਰ ਕਰ ਕੇ ਰਾਹਾਂ 'ਚ ਵਿਛਾ ਦਿੱਤਾ
ਨਾਨਕ ਬੁੱਲ੍ਹੇ ਸ਼ਾਹ
ਤੇ ਵਾਰਿਸ ਸ਼ਾਹ ਦੇ ਪਿੰਡ ਦੀ ਮਿੱਟੀ
ਖ਼ੂਨੀ ਨਾਟਕ 'ਚ ਖਲਾਰ ਦਿਤੀ ਗਈ

ਸ਼ਰਧਾ ਦੀਆਂ ਅੱਡੀਆਂ ਝੋਲੀਆਂ ਤੋਂ
ਖੋਹ ਲਿਆ ਨਾਨਕ ਤੇ ਨਨਕਾਣਾ

ਸਮੇਂ ਨੇ ਅਕਾਸ਼ ਦੀ ਗਰਦਿਸ਼ 'ਤੇ ਜੰਮੇ ਹੋਏ
ਗਾੜ੍ਹੇ ਖ਼ੂਨ 'ਤੇ ਵੀ ਲੀਕਾਂ ਵਾਹ ਦਿੱਤੀਆਂ

ਘਰ-1

ਕਿੱਥੇ ਬਚਦੇ ਨੇ ਬੰਦਿਆਂ ਬਗੈਰ ਘਰ
ਟੁੱਟ ਜਾਂਦੇ ਹਨ ਖੁਰ ਜਾਂਦੇ ਹਨ
ਹੱਥੀਂ ਬਣਾਏ ਲਿੱਪੇ ਪੋਚੇ ਇਤਿਹਾਸ ਦੇ ਪੰਨੇ

ਨਕਸ਼ ਪਏ ਰਹਿ ਜਾਂਦੇ ਹਨ ਘਰਾਂ 'ਚ
ਹੰਝੂ ਕਿਰੇ ਰਹਿ ਜਾਂਦੇ ਹਨ ਦਰਾਂ 'ਚ

ਛੁਹਾਂ ਰਹਿ ਜਾਂਦੀਆਂ ਹਨ ਜਿੰਦਰਿਆਂ 'ਤੇ
ਮੁੱਖਾਂ 'ਤੇ ਚੁੰਮਣਾਂ ਵਾਂਗ ਪਿਆਰ
ਜਿਵੇਂ ਬੰਸਰੀ ਦੇ ਛੇਕਾਂ 'ਤੇ ਬੁੱਲਾਂ ਦੇ
ਰਾਗ ਸਹਿਕਦੇ ਰਹਿੰਦੇ ਹਨ

ਸਾਰੀ ਉਮਰ ਦਾ ਪਿਆਰ ਸਤੰਭ ਥਾਪਦਾ ਹੈ ਆਦਮੀ
ਹਨ੍ਹੇਰਿਆਂ ਚੋਂ ਮਿੱਟੀ ਦੀਆਂ ਮੁੱਠਾਂ ਭਰ ਭਰ
ਅੱਖਾਂ ਤੇ ਰੱਖ ਰੱਖ ਨਵੇਂ ਨਵੇਂ ਸੁਪਨੇ
ਨਾ ਟੁੱਟਣ ਵਾਲੀਆਂ ਪੱਕੀਆਂ ਪੱਕੀਆਂ
ਇੱਟਾਂ ਦਾ ਓਟ ਆਸਰਾ ਲੈ

ਗੀਤ ਦੀਆਂ ਸਤਰਾਂ ਵਾਂਗ ਚਿਣਦਾ ਹੈ ਖੁਸ਼ੀਆਂ
ਸਾਹਾਂ ਨਾਲ ਮਿਣਦਾ ਹੈ ਉੱਚੀਆਂ ਹੁੰਦੀਆਂ ਆਸਾਂ
ਨਕਸ਼ੇ ਹੱਦਾਂ ਇੱਟਾਂ ਪੱਥਰਾਂ ਦੀ ਲੰਬੀ ਉਮਰ
ਅੰਬਰ ਨੂੰ ਹੱਥ ਲਾਉਣ ਵਾਲੀ ਛੱਤ
ਗੁਰੂਆ ਦੀਆਂ ਤੇ ਆਪਣੀਆਂ ਫ਼ੋਟੋਆਂ ਲਾ ਲਾ ਸਜਾਉਂਦਾ
ਮੋਰ ਬੂਟੇ ਪਾਉਂਦਾ ਹੈ
ਰਸੋਈ ਦੀਵਾਰਾਂ ਦਰਾਂ ਦੇ ਭਵਿੱਖ 'ਤੇ

ਘਰ ਦੀਵਾਰਾਂ
ਗਿੱਧਿਆਂ ਵਿਆਹਾਂ ਪਾਠਾਂ ਅਨੰਦਮਈ ਗੀਤਾਂ
ਕਾਰ ਵਿਹਾਰਾਂ ਡੰਗਰ ਵੱਛੇ ਬਗੈਰ
ਰੁੱਖਾਂ ਦੇ ਰਾਖਿਆਂ ਤੋਂ ਬਾਂਝੇ
ਕਲੇਸ਼ਾਂ, ਸਰਾਪਾਂ, ਹਾਸਿਆਂ ਰੋਸਿਆਂ ਬਿਨ

ਹੌਲੀ ਹੌਲੀ ਤੁਰਦੇ ਘਰ ਬੁੱਢੇ ਹੋ ਜਾਂਦੇ ਹਨ
ਖੁਰਦੇ ਭੁਰਦੇ ਡਿੱਗਣ ਢਹਿਣ ਲੱਗ ਪੈਂਦੇ ਹਨ
ਰੋਸ਼ਨਦਾਨਾਂ ਤੋਂ ਰਿਸ਼ਮਾਂ ਡਰਨ ਲੱਗ ਜਾਂਦੀਆਂ ਹਨ
ਬੰਦ ਬੂਹਿਆਂ 'ਤੋਂ ਓਹੀ ਕੰਜ਼ਕਾਂ ਘਬਰਾ ਕੇ ਲੰਘਦੀਆਂ ਹਨ
ਪ੍ਰਾਹੁਣੇ, ਲਲਕਾਰੇ, ਚਾਅ
ਹਾਉਕਿਆਂ ਦੇ ਪਹਿਰਾਵੇ ਪਹਿਨ ਲੈਂਦੇ ਹਨ

ਸਾਰਾ ਸਾਰਾ ਦਿਨ ਲਿਟਣ ਵਾਲੇ ਯਾਰ
ਕਈ ਕਈ ਦਿਨ ਰਹਿਣ ਵਾਲੀਆਂ ਮਾਸੀਆਂ ਮਾਸੜ
ਭੂਆ ਫੁੱਫੜ ਵੀ ਨਹੀਂ ਵੜ੍ਹਦੇ ਓਸੇ ਘਰ 'ਚ ਫਿਰ

ਚੌਕੀਦਾਰ ਹੋਕਾ ਵੀ ਦੇਣੋ ਹਟ ਜਾਂਦਾ ਹੈ ਨੇੜੇ ਆ ਕੇ
ਨਾਨਕ ਦਾ ਸ਼ਬਦ ਵੀ ਨਹੀਂ ਬੋਲਦਾ
ਜੋ ਤੜਕੇ ਹੀ ਹਨ੍ਹੇਰੇ 'ਚ ਘੁੰਮਣ ਲਗ ਜਾਂਦਾ ਸੀ
ਚਾਟੀਆਂ ਮਧਾਣੀਆਂ ਦੁਆਲੇ
ਖੁਰਲੀਆਂ ਟੋਂਹਦਾ ਵਿਹੜੇ ਸੰਬ੍ਹਰਦਾ
ਰੁੜ੍ਹ ਜਾਂਦੇ ਹਨ ਇਸ ਤਰ੍ਹਾਂ
ਰੰਗਾਂ ਢੰਗਾਂ ਅੱਡੀਆਂ ਚੱਕ ਚੱਕ ਉਸਾਰੇ ਮੀਨਾਰ
ਲੰਬੀਆਂ ਡੋਰਾਂ ਨਾਲ ਉੱਚੇ ਚੜੇ ਪਤੰਗ
ਘਰ ਪਰੇਤਾਂ ਦੇ ਅੱਡੇ ਬਣ ਜਾਂਦੇ ਹਨ

ਬਚਪਨ, ਜਵਾਨੀ ਤੇ ਸਾਰੀਆਂ ਖੇਡਾਂ ਗੁਆਚ ਜਾਂਦੀਆਂ ਹਨ
ਉਹਨਾਂ ਹੀ ਵਿਹੜਿਆਂ ਰਸੋਈਆਂ ਵਿਚ
ਜਿੱਥੇ ਚੰਦ ਸੂਰਜ ਨਾਲ ਬਹਿ ਬਹਿ ਟੁੱਕ ਮਾਣਦੇ ਸਾਂ
ਲੋਹੜੀਆਂ, ਵਿਸਾਖੀਆਂ
ਦੁਸਹਿਰੇ ਨੇੜਿਓਂ ਲੰਘਣੋਂ ਘਬਰਾਉਣ ਲਗਦੇ ਹਨ
ਅੰਦਰ ਤਾਂ ਕੀ ਆਉਣਾ

ਮੀਹਾਂ ਦੀ ਮਾਰ
ਹੱਥੀਂ ਕੀਤੀਆਂ ਕਲੀਆਂ ਤੇ ਰੰਗਾਂ ਦੇ
ਨਕਸ਼ ਵਗਾੜ ਦਿੰਦੀ ਹੈ
ਬੂਹੇ ਚਿਰਾਂ ਵਾਂਗ ਟੱਕਰੇ ਯਾਰਾਂ ਵਾਂਗ
ਮੱਥਿਆਂ ਤੇ ਹੱਥ ਰੱਖ ਰੱਖ ਪਛਾਣਦੇ ਹਨ

ਗਲਵੱਕੜੀਆਂ ਦੀ ਛੁਹ ਬਗੈਰ
ਰਾਤਾਂ ਬਾਤਾਂ ਲੋਰੀਆਂ ਦੇ ਸੰਗੀਤ ਦੇ ਗੁਆਚਣ ਨਾਲ
ਸੁੰਗੜ ,ਸਹਿਮ, ਮਰ ਜਾਂਦੇ ਹਨ ਘਰ
ਕਿਰਲੀਆਂ, ਮੱਕੜੀਆਂ, ਚੂਹਿਆਂ, ਚਾਮਚੜਿਕਾਂ
ਜੋਗੇ ਰਹਿ ਜਾਂਦੇ ਹਨ ਘਰ
ਇੱਕੱਲੇ ਓਦਰੇ, ਰੋਂਦੇ ਵਿਰਲਾਪਦੇ ਇੱਕਲਾਪੇ 'ਚ
ਖੰਡਰਾਤ, ਪਰੇਤ ਵਾਸ ਬਣ ਜਾਂਦੇ ਹਨ ਘਰ

ਸੂਰਜ ਨਹੀਂ ਝਾਕਦੇ ਅਜੇਹੇ ਘਰਾਂ ਵੱਲ
ਚੰਦ ਨਹੀਂ ਨਿਕਲਦੇ ਰਾਤਾਂ ਨੂੰ ਉਹਨਾਂ ਦੀਆਂ ਛੱਤਾਂ ਉਪਰ
ਹਵਾਵਾਂ ਡਰ ਡਰ ਲੰਘਦੀਆਂ ਹਨ
ਭੰਗੜੇ ਗਿੱਧੇ ਡਰਦੇ ਹਨ, ਵਿਹੜਿਆਂ ਡਿਓੜੀਆਂ 'ਤੋਂ

ਹੌਲੀ ਹੌਲੀ ਲੰਗੜਾ ਲੰਗੜਾ ਤੁਰਦੇ, ਚੇਤਿਆਂ ਚੋਂ ਡੁੱਲ ਜਾਂਦੇ ਹਨ
ਸਾਹਾਂ ਚੋਂ ਗੁਆਚ ਜਾਂਦੇ ਹਨ
ਰੌਣਕਾਂ ਤੋਂ ਤਿਲਕ ਜਾਂਦੇ ਹਨ
ਕੱਲੇ ਖੜ੍ਹੇ ਖੜ੍ਹੇ ਘਰ-ਸਾਜਣਵਾਲਿਆਂ ਨੂੰ ਉਡੀਕਦੇ
ਭੁੱਖਾਂ ਪਿਆਸਾਂ ਆਸਾਂ ਸਵਾਦਾਂ ਨੂੰ ਸਾਂਭਦੇ
ਬਚਪਨ ਵੀ ਨਹੀਂ ਖੇਡਣ ਦਿੰਦੇ
ਬੇਰ ਵੀ ਨਹੀਂ ਤੋੜਨ ਦਿੰਦੇ
ਚਿੜੀਆਂ ਕਬੂਤਰਾਂ ਨੂੰ ਵੀ ਪਛਾਣ ਕੇ ਬੈਠਣ ਦਿੰਦੇ ਹਨ
ਕਾਵਾਂ ਨੂੰ ਝੱਟ ਉਡਾ ਦਿੰਦੇ ਹਨ

ਸ਼ਰੀਕ ਸਾਂਭੀ ਬੈਠੇ ਹਨ ਘਰ
ਤਾਰੀਖ ਸਾਂਭੀ ਬੈਠੀ ਹੈ ਘਰ
ਲੀਕ ਸਾਂਭੀ ਬੈਠੀ ਹੈ ਘਰ
ਉਡੀਕ ਸਾਂਭੀ ਬੈਠੀ ਹੈ ਘਰ

ਅੱਖਾਂ 'ਚ ਬੁੱਕ ਬੁੱਕ ਲਟਕਦੇ ਅੱਥਰੂ ਲੈ ਕੇ ਬੈਠੇ ਹਨ ਘਰ

ਘਰ-2

ਘਰ ਸਦੀਆਂ ਲਈ ਸਮਝਿਆ
ਜੋ ਕਦੇ ਬਸੇਰਾ ਸਨ
ਅਗਲੇ ਮਾਲਕਾਂ ਦੀਆਂ ਤਕਦੀਰਾਂ ਬਣ ਗਏ ਹਨ
ਜਿਹਨਾਂ ਨੇ ਉਸਾਰੇ ਸਨ
ਉਹਨਾਂ ਦੇ ਅੰਗੂਠਿਆਂ ਦੇ ਨਿਸ਼ਾਨ ਬਾਕੀ ਨੇ
ਪਏ ਨੇ ਦੇਖਣ ਨੂੰ
ਭਵਿੱਖ ਦੇ ਸਿਰਨਾਵੇਂ ਲਿਖਣ ਨੂੰ

ਬੁੱਢੀਆਂ ਬਾਰੀਆਂ ਬੂਹੇ ਬਣ ਗਏ ਹਨ ਘਰ
ਫ਼ਰੇਮਾਂ 'ਚ ਜੜੀਆਂ ਤਸਵੀਰਾਂ ਰਹਿ ਗਏ ਹਨ
ਕਬਰਾਂ ਦੀ ਪ੍ਰਕਰਮਾ ਕਰ ਰਹੇ ਸੂਰਜ ਨੇ ਘਰ

ਖਾਬਾਂ ਨੂੰ ਲੱਗੇ ਜਾਲੇ ਹਨ ਘਰ
ਯਾਦਾਂ ਤੇ ਮੁਰਾਦਾਂ 'ਚ ਜਾਮ ਹੋਈਆਂ ਬਿਰਧ ਉਮੀਦਾਂ ਹਨ
ਪੱਲੇ 'ਚ ਰਹਿ ਗਏ ਚਾਵਾਂ ਨੂੰ ਵਾਰ ਵਾਰ
ਰਵਾਉਣ ਵਾਲੇ ਪੁਰਾਣੇ ਯਾਰ ਹਨ ਘਰ

ਜੀਵਨ ਰਾਹ ਨੂੰ ਲੱਗੀ ਸਿਉਂਕ ਕਹਿ ਲਓ
ਮੀਂਹਾਂ ਮਾਰੀ ਕਣਕ ਦੀ
ਜਾਂ ਆਖਰੀ ਮਹਿਕ ਵਰਗੇ ਹੋ ਸਕਦੇ ਨੇ ਘਰ

ਹੁਣ ਉਹਨਾਂ ਨੂੰ ਚੇਤਿਆਂ 'ਚ ਵਸਾ ਕੇ
ਦਰਾਂ 'ਤੇ ਤੇਲ ਚੁਆ ਆਉਣਾ ਅਤੀਤ ਦੀ ਨਿੰਦਾ ਹੈ
ਵਰਤਮਾਨ ਨਾਲ ਦਗਾ ਹੈ

ਖਮਖਾਹ ਦੀਵਾਰਾਂ ਥੱਲੇ ਸਿਰ ਦੇਣ ਦਾ ਨਾਟਕ ਹੈ
ਘਰ ਤੰਗੀਆਂ ਤੁਰਸ਼ੀਆਂ 'ਚੋਂ
ਲੰਘਣ ਵਾਲੇ ਅੰਗਿਆਰਾਂ ਦੇ ਢੇਰ ਹਨ

ਅੰਨ ਬਾਲਣ ਦੇ ਵੱਡੇ ਵੱਡੇ ਸਟੋਰ ਹਨ ਘਰ
ਸਿਮਟੇ ਹੋਏ ਚਾਅ ਨੇ ਪੁਰਾਣੇ

ਜੇ ਘਰਾਂ ਤੋਂ ਸੂਰਜ ਚੜ੍ਹਦੇ
ਤਾਂ ਉਪਨਿਸ਼ਦਾਂ ਨੇ ਪੰਨਿਆਂ ਦੇ ਸੀਨੇ ਨਹੀਂ ਸਨ ਖੋਲਣੇ
ਓਪਰੀਆਂ ਉਡੀਕਾਂ 'ਚ ਬੈਠਣ ਵਾਲੇ ਨੇ ਇਹ ਬੁੱਤ
ਉਧਾਰੀਆਂ ਰੌਸ਼ਨੀਆਂ ਤੇ ਜਿਊਣ ਵਾਲੇ ਨੇ ਇਹ ਰੌਸ਼ਨਦਾਨ

ਕਿੰਨੇ ਕੁ ਸਜਾਈਏ ਇਹਨਾਂ ਦੇ ਗੀਤ
ਇਹਨਾਂ ਦੇ ਬਨੇਰਿਆਂ 'ਤੇ ਬੈਠੇ ਗੋਲੇ ਕਬੂਤਰਾਂ ਨੂੰ
ਕਿੰਨੀਆਂ ਕੁ ਕਰੀਏ ਅਰਦਾਸਾਂ
ਕਿੰਨੀ ਕੁ ਦੂਰ ਲੈ ਕੇ ਜਾਣਗੇ ਇਹ ਅਣਪਹੀਏ ਗੱਡੇ
ਬੇਅਰਥ ਨੇ ਇਹਨਾਂ ਦੇ ਚਰਨਾਂ 'ਚ ਹੰਝੂ ਕੇਰਨੇ
ਇਹਨਾਂ ਦੇ ਖੂੰਝਿਆਂ 'ਚੋਂ ਦਾਦੀ ਦੀਆਂ ਝਿੜਕਾਂ ਲੱਭਣੀਆਂ

ਕਿੰਨਾ ਕੁ ਹੁਣ ਆਖੇ ਲਗਦੇ ਰਹੀਏ
ਇਹਨਾਂ ਬੇਜਾਨ ਖੰਡਰਾਤਾਂ ਦੇ
ਜੀਵਨ 'ਚੋਂ ਗੁਆਚੀਆਂ ਬਾਤਾਂ ਦੇ

ਕਿਤੇ ਯਾਦਾਂ ਦੀ ਪਈ ਛੁਹ ਨਹੀਂ ਦਿਸਦੀ
ਅੰਮੜੀ ਦਾਦੀ ਲੋਅ ਨਹੀਂ ਦਿਸਦੀ
ਕੀ ਸੁਣਾਈਏ ਦੀਵਾਰਾਂ ਨੂੰ ਰਾਤ 'ਚ
ਅੱਭੜਵਾਹੇ ਉੱਠੀਆਂ ਚੀਸਾਂ ਨੂੰ

ਬੇਵੱਸ ਬੈਠੇ ਹਨ ਘਰ
ਇਹਨਾਂ ਨਾਲ ਰਿਸ਼ਤੇ ਰੱਖ ਕੇ
ਉਮਰਾਂ ਨਹੀਂ ਲੱਗਣੀਆਂ
ਕੱਦ ਵੀ ਨਹੀਂ ਹੋਣੇ ਵੱਡੇ
ਚੁੱਪ ਰਹਿਣ ਦਿਓ ਇਹਨਾਂ ਨੂੰ ਖੜੇ ਜਾਂ ਸੁੱਤੇ

ਕੁੜੀਆਂ ਜ਼ਨਾਨੀਆਂ ਦੀਆਂ ਤ੍ਰਿੰਝਣਾਂ ਦੇ ਪਰਛਾਵੇਂ ਹਨ ਘਰ
ਨਿੰਦਾ ਬਦਖੋਹੀਆਂ ਦੇ ਬੋਲ ਹਨ ਉੱਜੜੇ ਘਰ
ਮੰਜ਼ਿਲਾਂ ਦੀਆਂ ਪੈੜਾਂ 'ਚ ਕੰਡੇ ਰੋੜੇ ਨੇ ਘਰ
ਬਾਪ ਦਾਦੇ ਦੀਆਂ ਝਿੜਕਾਂ ਦਬਕੇ ਨੇ ਇਹ ਬੂਹੇ
ਬਚਪਨ ਦੇ ਨਾ ਪੂਰੇ ਹੋਏ ਸੁਪਨੇ ਨੇ ਇਹ ਘਰ
ਰਾਂਝਣ ਨੂੰ ਨਾ ਮਿਲਣ ਜਾਣ ਦੇਣ ਵਾਲੇ ਬੰਦ ਦਰਵਾਜ਼ੇ ਨੇ
ਇੱਟਾਂ ਸੀਮਿੰਟ 'ਚ ਲਪੇਟੇ ਤੌਖ਼ਲੇ ਨੇ ਘਰ
ਕੁੜੀਆਂ ਬੱਚਿਆਂ ਦੇ ਆਖ਼ਰੀ ਨਿਰਆਸਰੇ ਨੇ

ਬੇਨਿੱਘ ਓਵਰ ਕੋਟ ਰਜਾਈਆਂ ਬਣ ਬੈਠੇ ਨੇ ਇਹ ਘਰ
ਲੋਕੋ ਇਹਨਾਂ ਨੂੰ ਯਾਦਾਂ 'ਚੋਂ ਝਾੜ ਦਿਓ ਤਾਂ ਚੰਗਾ
ਇਹਨਾਂ ਦਾ ਸਹਿਕਦਾ ਇਤਿਹਾਸ ਸਾੜ ਦਿਓ ਤਾਂ ਚੰਗਾ
ਘਰਾਂ ਦਾ ਇਕ ਇਕ ਵਰਕਾ ਪਾੜ ਦਿਓ ਤਾਂ ਚੰਗਾ
ਚੇਤਨਾ ਸੰਗ ਸੂਰਜ ਰਿਸ਼ਮਾਂ ਕਾੜ੍ਹ ਦਿਓ ਤਾਂ ਚੰਗਾ

ਬੱਚਾ

ਮਾਸੂਮ ਕਿਲਕਾਰੀਆਂ ਦੀ ਮੂਰਤ
ਖ਼ੂਬਸੂਰਤ ਸਿਰਜਣਾ ਪ੍ਰਕਿਰਤਕ ਖੇਡ
ਸੰਧੂਰ ਗੁਲਾਨਾਰੀ

ਅਕਾਸ਼ ਘਰ ਦਾ
ਵਿਹੜੇ 'ਚ ਖੇਡਦਾ ਕ੍ਰਿਸ਼ਨ ਦੁੱਧ ਡੋਲ੍ਹਦਾ
ਮੱਖਣ ਨਾਲ ਮੂੰਹ ਸਿਰ ਲਵੇੜਦਾ

ਅਭਾਸ਼ਾ ਭਾਸ਼ਾ 'ਚ ਸੰਵਾਦ
ਸੰਸਾਰ ਸਿਰਜਕ

ਨੀਰਸ ਤੇ ਵਿਰਾਨ ਹੋ ਜਾਣਾ ਸੀ ਧਰਤ ਨੇ
ਜੇ ਬੱਚਿਆਂ ਦੇ ਗੂੰਜਦੇ ਹਾਸੇ ਰੋਣੇ ਨਾ ਹੁੰਦੇ

ਸੁਹਾਵਣੇ ਨਹੀਂ ਸਨ ਹੋਣੇ ਵਿਹੜੇ ਘਰ
ਨਵੀਂ ਰੀਝ ਤੇ ਖਿੜਿਆ ਗ਼ੁਲਾਬ ਮਹਿਕਾਂ ਵਾਲਾ
ਮਾਂ ਘਰ ਦਾ ਕੁੰਜੀਆਂ ਦਾ ਗੁੱਛਾ
ਸ਼ਿੰਗਾਰ ਘਰ ਦੇ ਖੇੜਿਆਂ ਦਾ
ਦੁੱਧ ਦਾ ਸ਼ੌਕੀਨ ਖਿਡੌਣਿਆਂ ਦਾ ਆਸ਼ਕ
ਮਾਂ ਦਾ ਘਰ 'ਚ ਅੰਬਰ ਰੁਤਬਾ
ਭਰੀ ਪੂਰੀ ਰਹੇ ਮਮਤਾ
ਬਾਪੂ ਦੇ ਕੋਟ ਤੇ ਲੱਗਾ ਪਹਿਲਾ ਤਗ਼ਮਾਂ
ਊਂਘਦਾ ਜਾਗਦਾ ਸੁਪਨਾ
ਪੋਤੜਿਆਂ ਦਾ ਗੀਤ
ਲੋਰੀਆਂ ਦੀਆਂ ਕਣੀਆਂ
ਨਵੀਂ ਸ਼ਰਾਰਤ ਦੀ ਸਕੀਮ

ਇਹਨਾਂ ਮੁਸਕਰਾਹਟਾਂ ਤੇ ਮਸੂਮੀਅਤ ਬਿਨ
ਤਾਰਿਆਂ ਨੇ ਵੀ ਨਹੀਂ ਸੀ ਟਿਮਟਿਮਾਣਾ
ਬਾਦਸ਼ਾਹੀ ਉਮਰ ਨਹੀਂ ਸੀ ਨੱਚਣੀ ਗੋਦਾਂ 'ਚ

ਜੀਆਂ 'ਚ ਪਿਆਰ ਦੁਲਾਰ ਨਹੀ ਸਨ ਦਿਸਣੇ
ਲੋਹੜੀਆਂ ਨੇ ਦੂਰ ਦੀ ਲੰਘ ਜਾਣਾ ਸੀ
ਕਿਸੇ ਨੇ ਨਹੀਂ ਸੀ ਸਜਾਉਣੀ ਦਾਰੂ ਦੀ ਮਹਿਫ਼ਲ
ਇਸ ਗੀਗੇ ਦੇ ਚਮਕਣ ਬਗ਼ੈਰ
ਗਿੱਧੇ ਭੰਗੜੇ ਨੇ ਦਹਿਲੀਜ਼ ਟੱਪ ਅੰਦਰ ਨਹੀਂ ਸੀ ਵੜਨਾ
ਜੇ ਇਹ ਸ਼ਰਾਰਤ ਨਾ ਅੱਖਾਂ ਖੋਲਦੀ ਹੱਥਾਂ 'ਚ

ਰੌਣਕਾਂ ਖਿੱਲਰ ਜਾਣੀਆਂ ਸਨ ਕੱਠੀਆਂ ਹੋਈਆਂ
ਇਹਨਾਂ ਤੋਤਲੇ ਤੋਤਿਆਂ ਬਿਨ
ਸਕੂਨ ਨੇ ਨਹੀ ਸੀ ਮਿਲਣ ਆਉਣਾ

ਬਚਪਨ ਦੀਆਂ ਰਾਂਗਲੀਆਂ ਬਾਤਾਂ
ਨਹੀਂ ਸਨ ਪੈਣੀਆਂ ਰਾਤਾਂ 'ਚ

ਇਹਨਾਂ ਦੀਆਂ ਮਨਮਾਨੀਆਂ
ਮਾਸੂਮ ਸ਼ਰਾਰਤਾਂ ਬਿਨ ਕਿਸੇ ਨੇ ਨਹੀਂ ਸੀ ਦਿਲ ਮੋਹਣੇ
ਵਰ੍ਹਿਆਂ ਨੂੰ ਅਸਲ ਅਰਥ ਨਹੀ ਸਨ ਲੱਭਣੇ
ਪੱਬਾਂ ਭਾਰ ਹੋਇਆ ਰਹਿੰਦਾ ਹੈ ਸਾਰਾ ਪਰਿਵਾਰ
ਇਸ ਬਾਦਸ਼ਾਹ ਦੀ ਸਲਤਨਤ 'ਚ
ਖ਼ੁਸ਼ੀਆਂ ਦੀ ਫ਼ੁਹਾਰ
ਭੋਲਾ ਤੇ ਮਾਸੂਮ
ਬੇਪਰਵਾਹੀ ਦਾ ਆਲਮ ਹੈ ਬੱਚਾ

ਅਕਸ ਰੱਬ ਦਾ
ਮਿੱਟੀ 'ਚ ਖੇਡਦਾ ਚੰਨ
ਛਣਕਾਰ ਤੇ ਮੰਨਦਾ ਰੋਂਦਾ ਖਿਡੌਣਾ
ਮਾਂ ਦੀ ਹਿੱਕ ਦਾ ਢੋਲਣਾ ਤਵੀਤ
ਧਰੂ ਤਾਰਾ ਬਾਪ ਦਾ
ਛੱਤ 'ਤੇ ਚੜ੍ਹਿਆ ਚੌਦਵੀਂ ਦਾ ਚੰਦ

ਮੌਜੀ ਠਾਕਰ
ਹੱਸੇ ਤਾਂ ਦੁਨੀਆਂ ਹੱਸਦੀ
ਬਾਦਸ਼ਾਹ ਸੰਸਾਰ ਦਾ
ਸ਼ਰਾਰਤਬਲੀ ਅਮੀਰ ਦੋਸਤ

ਆਪਮੁਹਾਰੇ ਗੱਲਾਂ ਕਰੇ
ਅਦਭੁੱਤ ਖਿਡਾਉਣੇ ਨਾਲ
ਦਾਦੀਆਂ ਨਾਨੀਆਂ ਤੋਤਲੀਆਂ ਬਣਨ
ਦੁੱਖ ਤਕਲੀਫ਼ਾਂ ਵਿੱਸਰ ਜਾਣ ਸਭ

ਇਹਨਾਂ ਖਿਡਾਉਣਿਆਂ ਨੂੰ ਖੇਡਦਿਆਂ ਤੱਕ
ਖ਼ੁਸ਼ੀ ਵਿੱਚ ਝੂਮਦੀਆਂ ਮਾਵਾਂ ਦਾ ਪੈਰ ਧਰਤ 'ਤੇ ਨਾ ਲੱਗੇ
ਅਸੀਮ ਅਨੇਕਾਂ ਦੁਸ਼ਵਾਰੀਆਂ ਹਰਨ

ਸਾਰੇ ਸੁੱਖ ਆਰਾਮ
ਬੱਚੇ ਤੋਂ ਨਿਛਾਵਰ ਕਰ ਦੇਣ ਜਗ ਜਨਣੀਆਂ

ਮਨ ਮੋਹ ਲਵੇ
ਆਲੀਆਂ ਭੋਲੀਆਂ ਗੱਲਾਂ ਮਾਸੂਮੀਅਤ ਦੀਆਂ

ਖਿੜਖਿੜਾਉਂਦਾ ਹੱਸਦਾ ਖੇਡਦਾ
ਕਿਲਕਾਰੀਆਂ ਮਾਰਦਾ ਬਚਪਨ
ਸਰਸ਼ਾਰ ਕਰਦਾ ਰਹੇ ਮਨਾਂ ਨੂੰ
ਮਹਿਕਦੇ ਰਹਿਣ ਇਹ ਫੁੱਲ
ਘਰ ਘਰ ਦਰ ਦਰ

ਚੋਰੀ

ਪੈਸੇ ਧੇਲੇ ਦੀ
ਤੇ ਦਿਲ ਦੀ ਵੀ ਹੁੰਦੀ ਹੈ

ਜੇ ਕੋਈ ਦਿਲ ਸੋਹਣਾ ਲੱਗੇ
ਪਰ ਹੱਥ ਨਾ ਫ਼ੜਾਵੇ

ਫਿਰ ਦੱਸੋ-
ਈਮਾਨ ਕੀ ਕਹਿੰਦਾ
ਚੀਸਾਂ ਵਿਚ ਅਰਮਾਨ ਕੀ ਕਹਿੰਦਾ
ਏਡਾ ਉੱਚਾ ਅਸਮਾਨ ਕੀ ਕਹਿੰਦਾ
ਸੱਚਾ ਸੁੱਚਾ ਇਨਸਾਨ ਕੀ ਕਹਿੰਦਾ

ਸੌਣ ਨਾ ਦੇਵੇ ਰਾਤਾਂ ਨੂੰ
ਖਿੜਨ ਨਾ ਦੇਵੇ ਪਰਭਾਤਾਂ ਨੂੰ
ਮਿਲਣ ਨਾ ਦੇਵੇ ਮੁਲਾਕਾਤਾਂ ਨੂੰ

ਉਹ ਦਿਲ ਚੋਰੀ ਕਰਨਾ ਪਾਪ ਨਹੀਂ ਹੈ

ਤੂੰ ਤਾਂ ਕਦੇ ਕਦੇ

ਤੂੰ ਤਾਂ ਕਦੇ ਕਦੇ
ਮੈਨੂੰ ਘਰ ਦੀ ਰਾਣੀ ਕਹਿੰਦਾ ਸੀ
ਪੁੱਤ ਪੁੱਤ ਕਹਿ ਕੇ ਬੁਲਾਉਂਦਾ ਹੁੰਦਾ ਸੀ

ਗੁੱਡੀਆਂ ਤਾਂ ਮੇਰੀਆਂ ਹੀ ਸਨ
ਤੇ ਸਾਰੇ ਪਟੋਲੇ ਵੀ ਮੇਰੇ
ਸਾਰੇ ਦੇ ਸਾਰੇ ਤੇਰੇ ਘਰ ਰਹਿ ਗਏ ਵੇ ਬਾਬਲਾ
ਨਾ ਤਾਂ ਮੈਂ ਏਡਾ ਭਾਰ ਲੈ ਕੇ ਜਾ ਸਕੀ
ਤੇ ਨਾ ਤੈਂ ਹੀ ਲੈ ਕੇ ਜਾਣ ਨੂੰ ਕਿਹਾ
ਮੇਰਾ ਬਚਪਨ ਮੇਰੀਆ ਖੇਡਾਂ

ਰੌਣਕ ਤੇ ਮੋਹ ਦੀ ਛਾਂ ਵੀ
ਸਾਰੀ ਤੇਰੇ ਘਰ ਛੱਡ ਗਈ
ਚਾਅ ਤੇ ਰੀਝਾਂ ਦੀ ਪਟਾਰੀ ਸੀ
ਉਹ ਵੀ ਅਲਮਾਰੀ 'ਚ ਪਈ ਰਹਿ ਗਈ

ਮੇਰੀਆਂ ਤਲੀਆਂ 'ਤੇ ਰਹਿ ਗਈ
ਸਿਰਫ਼ ਬਿਖੜੇ ਜੇਹੇ ਪੈਂਡਿਆਂ ਦੀ ਮਲੀ ਮਹਿੰਦੀ
ਤੇ ਕਿਤੇ ਦੂਰ ਅਣਜਾਣ
ਘਰ ਦੇ ਬੂਹੇ ਨੂੰ ਵਹੁਟੀ ਬਣ ਸ਼ਿੰਗਾਰਨ ਦਾ ਫ਼ਰਜ਼

ਤਕਦੀਰ ਦੀ ਝੋਲੀ ਵਿਚ ਪੈ ਗਈਆਂ
ਮਾਏ ਤੇਰੇ ਮੇਰੇ ਹੱਥ ਦੀਆਂ
ਉਣੀਆਂ ਹੋਈਆਂ ਫੁੱਲ ਬੂਟੀਆਂ
ਤੇ ਬਿਨ ਚੀਂ ਚੀਂ ਤੋਂ ਚਿੜੀਆਂ

ਇਹ ਤਾਂ ਦੱਸ ਦਿੰਦੀ ਕਿ
ਦੁਨੀਆਂ 'ਚ ਮੇਰਾ ਦਰ ਘਰ ਕਿਹੜਾ ਸੀ

ਤੂੰ ਇਹ ਕਿਉਂ ਨਾ ਦਿਲ ਦਾ ਭੇਤ ਖੋਲ੍ਹਿਆ ਅੰਮੀਏ?

ਆਪਸੀ ਗੱਲ

ਆਹ ਦੇਖ
ਕਿੰਨੀ ਸੋਹਣੀ ਹੈ ਰਾਤ
ਕਰ ਸਕਦਾ ਕੋਈ
ਚੰਦ ਤੇ ਤਾਰਿਆਂ ਦੀ ਏਨੀ ਖ਼ੂਬਸੂਰਤ ਕਢਾਈ
ਤੇ ਓਹ ਵੀ ਏਡੇ ਅੰਬਰ ਦੀ ਦਸੂਤੀ ਉੱਤੇ
ਹੈਰਾਨ ਨਾ ਹੋ-ਦਿਲ ਤੋਂ ਪੁੱਛ ਕੇ ਦੱਸ?

ਏਡੀ ਵੱਡੀ ਚਾਦਰ ਫੁੱਲ ਕਢਾਈ
ਕੀ ਮੜ੍ਹ ਸਕਦਾ ਕੋਈ
ਤੇਰੇ ਮੁੱਖ ਵਰਗੀ ਲੋਅ
ਏਦਾਂ ਸੋਨ ਸੂਰਜੀ ਰਿਸ਼ਮਾਂ ਦੇ ਧਾਗਿਆਂ ਨਾਲ

ਧਰਤ ਤੇ ਹਰੀ ਘਾਹ
ਬਨਸਪਤੀ ਤੇ ਏਨੇ ਫੁੱਲ ਰੰਗ ਬਿਰੰਗੇ

ਤੇਰੀਆਂ ਵੰਗਾਂ ਵਰਗੇ
ਤੇਰੇ ਦਿਨ ਰਾਤ ਦੇ ਰੰਗਾਂ ਵਰਗੇ
ਤੇ ਤੇਰੀਆਂ ਸੰਗਾਂ ਵਰਗੇ

ਹੱਸਦੀ ਏਂ ਤਾਂ ਫੁੱਲ ਨੇ ਕਿਰਦੇ
ਨੱਚਦੀਂ ਏਂ ਤਾਂ ਅੰਬਰ ਨੱਚੇ
ਤਾਂਹੀਂ ਲਗਦਾ ਜੱਗ ਏ ਹੱਸੇ
ਤੇਰੇ ਸਹਾਰੇ ਦੁਨੀਆਂ ਵਸੇ

ਏਦਾਂ ਹੀ ਮੁਸਕਰਾਹਟਾਂ ਸੁਗੰਧੀਆਂ
ਸੂਹੇ ਹੋਟਾਂ ਤੋਂ ਖਿਲਾਰਦੀ ਰਿਹਾ ਕਰ
ਅਸੀਂ ਚੁਗ ਚੁਗ ਨਹੀਂ ਥੱਕਾਂਗੇ
ਆਪਸੀ ਗੱਲ ਸਈ ਕਿਸੇ ਨੂੰ ਨਹੀਂ ਦੱਸਾਂਗੇ

ਹੁਣੇ ਹੀ ਜਾ ਕੇ ਕੀ ਕਰੇਂਗਾ

ਹੁਣੇ ਹੀ ਜਾ ਕੇ ਕੀ ਕਰੇਂਗਾ
ਅਜੇ ਹੁਣੇ ਤਾਂ ਮਿਲੇ ਸਾ ਆਪਾਂ
ਹੁਣੇ ਹੀ ਤਾਂ ਘਟਾ ਜੇਹੀ ਦੇ ਬੱਦਲ ਆਏ
ਹੁਣੇ ਤਾਂ ਰਿਮਝਿਮ ਨੇ ਟੁਰਨ ਲਗਣਾਂ ਸੀ

ਮਰਜ਼ੀ ਆ ਤੇਰੀ
ਕਿਹੜਾ ਰੋਕ ਸਕਦਾ ਹੈ
ਜਾਣ ਲੱਗਿਆਂ ਨੂੰ ਕੋਈ

ਇਹ ਸੋਚ ਕੇ ਜਾਵੀਂ
ਜਿਹੜੇ ਅੱਜ ਚਾਅ ਮਰਨੇ ਨੇ
ਓਹਨਾਂ ਦਾ ਕੀ ਬਣੂ
ਜਿਹੜੀਆਂ ਰੀਝਾਂ ਨੇ ਖੁਦਕਸ਼ੀ ਕਰਨੀ ਹੈ
ਉਹਨਾਂ ਦੀਆਂ ਭਟਕਦੀਆਂ ਰੂਹਾਂ
ਕਿੰਜ ਲੈਣਗੀਆਂ ਆਰਾਮ
ਕਿੰਜ ਸੌਣਗੀਆਂ ਅੱਧੀ ਰਾਤੇ

ਹੁਣ ਅੱਧੀ ਰਾਤ ਨੂੰ ਨਾ ਜਾਹ
ਹੁਣੇ ਤਾਂ ਅਜੇ ਕੋਂਪਲਾਂ ਜਾਗੀਆਂ ਸਨ
ਹੁਣੇ ਹੀ ਬੰਸਰੀ ਤੜਫ਼ੀ ਸੀ
ਸੁਰ ਨੇ ਨਗਮਾਂ ਫੜਿਆ ਸੀ
ਛੇਕਾਂ 'ਚ ਕੰਪਨ ਵਿਛੀ ਸੀ

ਤਾਰਿਆਂ ਨੇ ਸੇਜ ਸਜਾਈ ਸੀ
ਚਾਨਣੀ ਨੇ ਮਹਿੰਦੀ ਘੋਲੀ ਸੀ
ਅੰਗਾਂ 'ਚ ਤਰੰਨਮ ਜਗੀ ਸੀ
ਕਿਤੇ ਕੋਈ ਪੰਛੀ ਚੁੱਪ ਸੁੱਤਾ ਸੀ
ਕਿਤੇ ਦੋ ਬੋਟ ਰੱਜ ਕੇ ਸੁੱਤੇ ਸਨ

ਕਰੇਂਗਾ ਕੀ ਹੁਣੇ ਹੀ ਜਾਕੇ
ਓਥੇ ਹੈ ਹੀ ਕੀ ਤੇਰਾ
ਏਥੇ ਜੋਬਨ ਖ਼ੁਰ ਰਿਹਾ ਹੈ

ਇਹ ਜੋ ਦਸੂਤੀ 'ਤੇ

ਇਹ ਜੋ ਦਸੂਤੀ 'ਤੇ
ਤਾਰੇ ਕੱਢਦੀਆਂ ਨੇ
ਸੂਈਆਂ ਧਾਗਿਆਂ ਨਾਲ
ਫੁੱਲ ਮੋਰ ਬਣਾ ਦੇਣ
ਬਹੁਤ ਸੂਖ਼ਮ ਨੇ
ਰੀਝਾਂ ਇਹਨਾਂ ਦੀਆਂ
ਡਾਲੀਆਂ ਬਣਾ
ਚਿੜੀਆਂ ਤੋਤਿਆਂ ਨੂੰ ਬੈਠਣ
ਸਾਹ ਲੈਣ ਦਾ ਆਸਰਾ ਦੇਣ

ਧਾਗਿਆਂ ਨਾਲ ਨਵੇਂ ਰਾਹ
ਉਸਾਰ ਕੇ ਦੱਸ ਦਿੰਦੀਆਂ ਨੇ
ਰੰਗਾਂ ਨੂੰ ਵਿਛਾ
ਪੀਘਾਂ ਪਾ ਦੇਣ ਅੰਬਰਾਂ 'ਤੇ

ਕੁੱਖਾਂ 'ਚੋਂ ਨਾਨਕ ਰਿਸ਼ਮਾਂ ਬਖ਼ਸ਼ਣ
ਪੈਦਾ ਕਰਨ ਗੋਬਿੰਦ ਯੋਧੇ

ਕੰਘੀਆਂ ਨਾਲ ਵਾਲ ਸੁਆਰ
ਸਿਰਾਂ ਤੇ ਤਾਜ ਸਜਾ ਦੇਣ
ਨਵੇਂ ਪਾ ਦੇਣ ਡਾਕ ਬੰਗਲੇ

ਇਹ ਸਜਣ ਤਾਂ ਦੁਨੀਆਂ ਸਜਦੀ
ਚੰਗੇ ਲੱਗਣ ਘਰਾਂ ਦੇ ਬੂਹੇ

ਓਦੋਂ ਇਹ ਨਹੀ ਸੀ ਪਤਾ

ਓਦੋਂ ਇਹ ਨਹੀ ਸੀ ਪਤਾ

ਜੇ ਇਹ ਪਤਾ ਹੁੰਦਾ
ਕਿ ਮਾਂ ਵੀ ਗੁਆਚਣ ਵਾਲੀ ਚੀਜ ਹੈ
ਤਾਂ ਮੈਂ ਨੀਲੇ ਬੱਦਲਾਂ 'ਚ ਕਿਤੇ ਸੰਭਾਲ ਲੈਂਦਾ
ਕਿਸੇ ਅਸਮਾਨ ਤੇ ਡਾਹ ਦਿੰਦਾ
ਓਹਦਾ ਸੋਨ ਰੰਗਾ ਮੰਜਾ
ਸੁਪਨਿਆਂ ਦੇ ਹੀਰਿਆਂ ਨਾਲ ਮੜ੍ਹ ਕੇ

ਓਹਦੀਆਂ ਨਸੀਹਤਾਂ ਨੂੰ ਕਿਸੇ
ਸੋਹਣੇ ਜੇਹੇ ਸੁਨਹਿਰੀ ਫ਼ਰੇਮ 'ਚ ਜੜਾ ਲੈਂਦਾ

ਸਾਂਭ ਲੈਂਦਾ ਓਹਦੇ ਗੀਤਾਂ
ਤੇ ਲੋਰੀਆਂ ਨੂੰ ਕਿਸੇ ਮਹਿਫ਼ੂਜ਼ ਸੰਦੂਕ 'ਚ

ਲੁਕੋ ਲੈਂਦਾ ਕਿਤੇ ਓਹਦੇ ਚਰਖ਼ੇ ਦੀ ਘੂਕਰ ਨੂੰ
ਮਧਾਣੀ ਦੇ ਗੀਤਾਂ ਨੂੰ
ਝਾੜੂ ਦੀਆਂ ਨਜ਼ਮਾਂ ਨੂੰ
ਛੱਜ ਦੇ ਹੁਲਾਰਿਆਂ ਨੂੰ
ਧੋ ਹੋ ਰਹੇ ਕੱਪੜਿਆਂ ਸੰਗ ਵੱਜਦੇ ਸਾਜ਼ ਨੂੰ

ਗਰੀ ਦੇ ਤੇਲ ਨਾਲ ਲਿਖੇ ਮੇਰੇ ਵਾਲਾਂ 'ਤੇ
ਪੋਟਿਆਂ ਦੀ ਛੁਹ ਨਾਲ ਆ ਰਹੀ ਨੀਂਦਰ ਨੂੰ
ਕੰਘੀ ਨਾਲ ਸੋਹਣੇ ਸ਼ਿੰਗਾਰੇ
ਜੂੜੇ ਦੀ ਕਲਾ ਤੇ ਨਕਸ਼ਾਂ ਨੂੰ

ਰੋਜ਼ ਆਟਾ ਗੁੰਨ੍ਹਦੀ ਰਸਮ ਨੂੰ
ਮੱਕੀ ਦੀ ਤਰਾਸ਼ਦੀ ਗੋਲ ਰੋਟੀ ਦੀ ਚਿੱਤਰਕਲਾ ਨੂੰ
ਤਵੇ ਤੇ ਸੇਕਦੀ ਚਾਵਾਂ ਨੂੰ
ਪਾਥੀਆਂ ਪੱਥਦੀ ਚਿਣਦੀ ਸਾਜਦੀ ਸੰਸਾਰ ਨੂੰ

ਅੱਗ ਲਾਟਾਂ 'ਚੋਂ ਸ਼ਿੰਗਾਰਦੀ
ਭੁੱਖ ਦੇ ਲੱਗੇ ਦੁੱਖਾਂ ਨੂੰ

ਕੰਧਾਂ ਲਿੱਪ ਲਿੱਪ ਸਾਂਭਦੀ
ਨਿੱਤ ਤਿੜਕਦੀ ਦੁਨੀਆਂ ਨੂੰ

ਤਾਰਾਂ ਤੇ ਧੋ ਧੋ ਖਿਲਾਰਦੀ
ਨੰਗੀ ਹੋ ਰਹੀ ਇਨਸਾਨੀਅਤ ਲਈ
ਰੰਗ ਬਿਰੰਗੇ ਕੱਜਣ

ਓਦੋਂ ਇਹ ਨਹੀ ਸੀ ਪਤਾ
ਕਿ ਇਸ ਛੱਤ ਨੇ ਦੁਨੀਆਂ ਦਾ ਅਰਸ਼ ਬਣਨਾ ਹੈ
ਕਿਸੇ ਚੰਦ ਤੇ ਜਾ ਚਰਖ਼ਾ ਡਾਹੁਣਾ ਹੈ
ਤਾਰਿਆਂ 'ਚ ਜਾ ਸਿਮਟਣਾ ਹੈ
ਹਵਾਵਾਂ 'ਚ ਰੁਮਕਣਾ ਹੈ

ਓਦੋਂ ਇਹ ਨਹੀ ਸੀ ਪਤਾ

ਸੁਬ੍ਹਾ ਸਵੇਰੇ ਜਦੋਂ ਵੀ

ਸੁਬ੍ਹਾ ਸਵੇਰੇ ਜਦੋਂ ਵੀ
ਮੈਂ ਆਪਣੀ ਖਿੜ੍ਹਕੀ ਦਾ ਪਰਦਾ
ਜ਼ਰਾ ਪਰ੍ਹੇ ਕਰਦਾ ਹਾਂ

ਚਾਨਣ ਦਿਸਦਾ
ਨਵੀਂ ਦੁਨੀਆਂ ਉੱਸਰਦੀ
ਸੁੱਤੀਆਂ ਜਾਗੀਆਂ ਸੜਕਾਂ ਤੁਰਦੀਆਂ

ਪੰਛੀ ਉੱਡਦੇ ਗਾਉਂਦੇ
ਰੋਜ਼ੀ ਲਈ ਤਿਆਰ ਹੁੰਦੀਆਂ ਮਿਹਨਤਾਂ

ਰੁੱਖਾਂ ਦੇ ਲਹਿਰਾਉੰਦੇ ਪੱਤੇ ਡਾਲੀਆਂ
ਗੀਤ ਛੇੜਦੇ
ਫ਼ਿਜ਼ਾ 'ਚ ਰੰਗਤ ਵਿਛਦੀ
ਹਵਾਵਾਂ ਤਰੰਗਿਤ ਹੁੰਦੀਆਂ ਰਾਗਾਂ ਨਾਲ
ਚਾਨਣੀ ਨਾਲ ਮੂੰਹ ਹੱਥ ਧੋ ਕੇ
ਤਿਆਰ ਹੋਵੇ ਦਿਨ ਸਵੇਰ

ਕਾਲੀ ਰਾਤ ਹੀ ਨਹੀਂ ਨਿੱਖਰਦੀ
ਬਥੇਰੇ ਲਾਉਂਦਾ ਹਾਂ ਅੰਬਰ ਕਿਨਾਰੀਂ ਤਾਰੇ
ਕਿਤੇ ਕਿਤੇ ਸਿਤਾਰਾ ਝਾਕਦਾ
ਚੰਨ ਥੱਕਿਆ ਰਾਤ ਦਾ
ਹੱਸਦਾ ਹੱਸਦਾ ਮੁੱਖ ਲੁਕਾਉਂਦਾ

ਪੂਰਬ ਤੋਂ ਹੌਲੀ ਹੌਲੀ ਰਿਸ਼ਮਾਂ ਦਾ
ਚਵਰ ਖਿੱਲਰਦਾ ਦਿਸੇ
ਖਬਰੇ ਸੂਰਜ ਪਰਤ ਰਿਹਾ ਹੈ ਕਰਵਟਾਂ

ਛਣ ਛਣ ਲਹਿਰਾਂ ਨੱਚਦੀਆਂ
ਨਦੀ ਗਾਉਣ ਲਗਦੀ

ਮੇਰੀ ਖੁੱਲ੍ਹੀ ਖਿੜਕੀ
ਇਕ ਹੋਰ ਨਵਾਂ ਜਹਾਨ ਸਿਰਜਦੀ
ਅੱਜ ਲਈ ਨਵਾਂ ਸੂਰਜ ਲੱਭਦਾ ਹਾਂ

ਮੈਂ ਤੇ ਨਵਾਂ ਸੂਰਜ ਰਲ ਕੇ
ਹਨ੍ਹੇਰਾ ਪੂੰਝਦੇ ਹਾਂ
ਅਸਮਾਨ ਦੇ ਮੂੰਹ ਤੇ ਤਾਣੀ
ਕਾਲੀ ਚਾਦਰ ਰੋਜ਼ ਉਤਾਰਦੇ ਹਾਂ
ਤੇ ਧੋ ਧੋ ਬਥੇਰੀ ਚਿੱਟੀ ਕਰਦੇ ਹਾਂ ਸਾਗਰ 'ਚ
ਪਰ ਚਾਦਰ ਨਹੀਂ ਨਿੱਖਰਦੀ
ਹਨ੍ਹੇਰਾ ਹੀ ਏਨਾ ਹੋ ਗਿਆ ਹੈ

ਹਨ੍ਹੇਰਾ ਹੂੰਝ ਰਹੇ ਹਾਂ ਦੋਵੇਂ
ਬਜ਼ਾਰਾਂ ਤੇ ਰਾਹਵਾਂ 'ਚੋਂ
ਕਾਲ ਕਲੂਟੀਆਂ ਹਵਾਵਾਂ 'ਚੋਂ
ਜੁਗਾਂ ਜੁਗਾਂਤਰਾਂ ਦੇ ਸਾਹਵਾਂ 'ਚੋਂ
ਦੇਸ ਦਸੰਤਰੀਂ ਬਾਹਵਾਂ 'ਚੋਂ

ਕੁਝ ਤਾਂ ਹਨ੍ਹੇਰਾ ਘੱਟ ਜਰੂਰ ਕਰਾਂਗੇ
ਮੇਰੀ ਖੁੱਲ੍ਹੀ ਖਿੜਕੀ
ਮੈਂ ਨੰਨੇ ਸਿਤਾਰੇ ਚੰਨ
ਤੇ ਨਵਾਂ ਸੂਰਜ

ਕੁਝ ਤਾਂ ਕਰੀਏ
ਘਰਾਂ ਦੀਆਂ ਖਿੜਕੀਆਂ ਹੀ ਖੋਲ੍ਹੀਏ
ਕਿਰ ਪੈਣਗੀਆਂ ਅੰਦਰ
ਰਿਸ਼ਮਾਂ, ਉਮੀਦਾਂ ਤੇ ਲੱਪ ਸੁਫ਼ਨੇ
ਨਵਾਂ ਦਿਨ ਸਜਾਉਣ ਲਈ
ਭਿੱਜੇ ਖ਼ਾਬ ਸੁਕਾਉਣ ਲਈ
ਕੋਈ ਨਵਾਂ ਗੀਤ ਬਨਾਉਣ ਲਈ
ਰਾਗ ਸ਼ਬਦਾਂ ਸੰਗ ਪਰੋਣ ਲਈ

ਕੱਲ੍ਹ ਤੂੰ ਮਿਲੀ

ਕੱਲ੍ਹ ਤੂੰ ਮਿਲੀ
ਜਿਵੇਂ ਬਲਦੀ ਧਰਤ ਠਰ ਗਈ ਹੋਵੇ
ਜਲਦੇ ਰੁੱਖਾਂ ਦੇ ਖਾਬਾਂ ਨੂੰ ਜਿਵੇਂ ਸਕੂਨ ਆਇਆ ਹੋਵੇ
ਕੱਲ੍ਹ ਜਦੋਂ ਤੂੰ ਮਿਲੀ

ਰਾਤ ਚੁੱਪ ਸੀ
ਤੂੰ ਆਈ ਤਾਂ ਸੂਰਜ ਜਾਗਿਆ
ਅੱਖ ਖੁੱਲ੍ਹੀ ਸਰਘੀ ਦੀ
ਜਦੋਂ ਤੂੰ ਮਿਲੀ ਕੱਲ੍ਹ

ਮੇਰੇ ਵਿਹੜੇ ਦੇ ਬੂਟਿਆਂ ਨੂੰ
ਫੁੱæਲਾਂ ਵਰਗਾ ਚਾਅ ਚੜ੍ਹਿਆ
ਵਟਣੇ ਵਰਗਾ ਸੁਪਨਾ ਆਇਆ
ਮਹਿੰਦੀ ਵਰਗੀ ਰੀਝ ਜਾਗੀ
ਕੱਲ੍ਹ ਜਦੋਂ ਤੂੰ ਅੰਦਰ ਵੜੀ

ਮੇਰੇ ਸ਼ਬਦ ਇਕ ਨਜ਼ਮ ਬਣ ਗਏ
ਅਧੂਰੀ ਜੇਹੀ ਕਵਿਤਾ ਨੂੰ ਲਫ਼ਜ਼ ਮਿਲੇ
ਸਿਸਕਦੀਆਂ ਸਤਰਾਂ
ਹਾਉਕਿਆਂ ਤੋਂ ਮੁੱਕਤ ਹੋਈਆਂ

ਪਲਕਾਂ 'ਚ ਸੁਪਨੇ ਉੱਗੇ
ਮਸਾਂ ਦੋ ਚਾਰ ਹੰਝੂ ਸਿੰਮੇ
ਕੱਲ ਜਦੋਂ ਤੂੰ ਦਰ ਤੇ ਪੈਰ ਧਰਿਆ

ਦੇਖ ਏਦਾਂ ਵੀ
ਆ ਜਗਦੇ ਨੇ ਸਿਤਾਰੇ ਦਰਾਂ ਬਨੇਰ੍ਹਿਆਂ ਤੇ
ਮੈਨੂੰ ਨਹੀਂ ਸੀ ਪਤਾ
ਖੁਸ਼ਬੂਆਂ ਏਦਾਂ ਵੀ ਆ ਵਿਛਦੀਆਂ ਨੇ

ਸੁੰਨਿਆਂ ਬੂਹਿਆਂ 'ਤੇ
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ
ਚਾਨਣੀ ਚੌਂਕਾ ਲਿੱਪਦੀ ਫਿਰੇ
ਕੋਂਪਲਾਂ ਡੋਡੀਆਂ ਨੇ ਅੱਖਾਂ ਖੋਲ੍ਹੀਆਂ
ਕੱਲ੍ਹ ਤੇਰੇ ਆਉਣ 'ਤੇ

ਸਾਹਾਂ 'ਚ ਰਾਗ ਛਿੜਿਆ
ਤਰੰਨਮ 'ਚ ਹਵਾ ਗਾਉਂਦੀ ਫਿਰੇ
ਉਦਾਸ ਕੰਧਾਂ ਕਿੱਲੀਆਂ ਨੂੰ ਚਾਅ ਚੜ੍ਹ ਗਏ

ਰਾਹ ਵਗਣ ਲੱਗ ਪਏ
ਗਲੀਆਂ 'ਚ ਰੌਣਕ ਨੱਚਣ ਲੱਗੀ
ਬੂਹਿਆਂ ਤੇ ਸਰੀਂਹ ਦੇ ਪੱਤ ਸਜ ਗਏ

ਘਰ ਘਰ ਦਾ ਕੋਣਾਂ ਕੋਣਾਂ ਮਹਿਕਿਆ
ਸੂਰਜ ਘਰੋਂ ਨਾ ਜਾਵੇ

ਪੰਛੀਆਂ ਨੂੰ ਗੀਤ ਲੱਭੇ
ਮੋਰਾਂ ਨੂੰ ਗੁਆਚੀਆਂ ਪੈਲਾਂ ਮਿਲੀਆਂ
ਕੱਲ੍ਹ ਜਦੋਂ ਤੂੰ ਦਰ ਤੇ ਪੈਰ ਧਰਿਆ

ਉਦਾਸ ਬੈਠਾ ਘਰ ਨੱਚਣ ਲੱਗਾ
ਚਿਰਾਂ ਤੋਂ ਠੰਢਾ ਪਿਆ ਚੁੱਲ੍ਹਾ ਬਲਿਆ
ਬਾਰੀਆਂ 'ਚੋਂ ਰਿਸ਼ਮਾਂ ਅੰਦਰ ਲੰਘੀਆਂ
ਰੌਸ਼ਨੀ ਨੇ ਮਹਿਫ਼ਿਲ ਲਾਈ

ਸਾਹਾਂ 'ਚੋਂ ਨਜ਼ਮ ਪੁੰਗਰੀ
ਕਾਇਨਾਤ ਕਵਿਤਾ ਬਣੀ
ਜਦੋਂ ਤੂੰ ਹੋਟਾਂ ਨੂੰ ਇੱਕ ਚੁੰਮਣ ਬਖਸ਼ਿਆ
ਗਲਵੱਕੜੀ 'ਚ ਦੁਨੀਆਂ ਜੜੀ
ਓਦੋਂ ਕੱਲ੍ਹ ਮੈਂ ਚੁੱਪ ਮਿੱਟੀ ਦੀ ਕਿਤਾਬ ਪੜ੍ਹੀ

ਦੇਖ ਏਦਾਂ ਵੀ ਕਦੇ ਆਉਂਦੀ ਹੈ
ਸਦੀਆਂ ਬਾਅਦ ਕਦੇ ਇਕ ਘੜੀ
ਹੋਵੇ ਜਿਵੇਂ ਰਿਮਝਿਮ ਦੀ ਝੜੀ
ਦਰਾਂ ਮੇਰਿਆਂ 'ਤੇ ਖੜ੍ਹੀ