Kausar Siddiqui
ਕੌਸਰ ਸਿੱਦੀਕੀ

ਨਾਂ-ਕੌਸਰ ਸਿੱਦੀਕੀ, ਕਲਮੀ ਨਾਂ-ਕੌਸਰ ਸਿੱਦੀਕੀ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਉਡੀਕ ਦੇ ਪਰਛਾਵੇਂ (ਪੰਜਾਬੀ ਸ਼ਾਇਰੀ), ਡਾਰੋਂ ਵਿੱਛੜੀ (ਪੰਜਾਬੀ ਸ਼ਾਇਰੀ),
ਪਤਾ- ਲਾਹੌਰ ।

ਪੰਜਾਬੀ ਗ਼ਜ਼ਲਾਂ (ਡਾਰੋਂ ਵਿਛੜੀ 1990 ਵਿੱਚੋਂ) : ਕੌਸਰ ਸਿੱਦੀਕੀ

Punjabi Ghazlan (Daaron Vichhadi 1990) : Kausar Siddiqui



ਰਾਤੀਂ ਸੁਫ਼ਨੇ ਅੰਦਰ ਕੌਸਰ

ਰਾਤੀਂ ਸੁਫ਼ਨੇ ਅੰਦਰ ਕੌਸਰ ਰੋਂਦੀ ਵੇਖੀ ਧਰਤੀ । ਦੂਰ ਗਿਆਂ ਨੂੰ 'ਵਾਜ਼ਾਂ ਮਾਰੇ ਕਰਮਾਂ ਮਾਰੀ ਧਰਤੀ । ਆਖ਼ਰਕਾਰ ਮੈਂ ਇ੍ਹਦਾ ਪਿਆਰ ਇਬਾਦਤ ਕਿਉਂ ਨਾ ਸਮਝਾਂ, ਦੂਜਾ ਰੂਪ ਏ ਮਾਂ ਮੇਰੀ ਦਾ ਮੇਰੀ ਸੋਹਣੀ ਧਰਤੀ । ਲਗਦਾ ਏ ਪਈ ਖ਼ਵਰੇ ਜੱਗ ਤੇ ਕੋਈ ਵੀ ਨਾ ਜਾਣੇ, ਸਾਹਵਾਂ ਰਾਹੀਂ ਅਸਮਾਨਾ ਵਲ ਉਡਦੀ ਜਾਂਦੀ ਧਰਤੀ । ਕਿਹੜੀ ਗੱਲੋਂ ਅੱਖਾਂ ਲਾ ਕੇ ਸੁੱਤੀ ਰਹੀ ਵਿਚਾਰੀ, ਸੂਰਜ ਲੱਖ ਬੂਹਾ ਖੜਕਾਇਆ ਪਰ ਨਾ ਜਾਗੀ ਧਰਤੀ । ਫਟ ਜਾਣਾ ਸੀ ਇਹਦਾ ਸੀਨਾ ਐਨੇ ਦੁਖੜੇ ਸਹਿ ਕੇ, ਅਸਮਾਨਾਂ ਦੇ ਸੀਨੇ ਲੱਗ ਕੇ ਜੇ ਨਾ ਰੋਂਦੀ ਧਰਤੀ । ਧੰਨ ਹੌਸਲਾ ਇਹਦਾ ਸਾਨੂੰ ਸੀਨੇ ਲਾਈ ਰੱਖੇ, ਆਪਣੇ ਸਿਰ ਤੇ ਰੋਗ ਅਨੋਖੇ ਚੁੱਕੀ ਫਿਰਦੀ ਧਰਤੀ । ਏਹੋ ਮੇਰਾ ਅੱਵਲ ਆਖ਼ਰ ਏਹੋ ਦੀਨ ਈਮਾਨ, 'ਕੌਸਰ' ਮੈਨੂੰ ਜਾਨ ਤੋਂ ਪਿਆਰੀ ਏਹੋ ਆਪਣੀ ਧਰਤੀ ।

ਰਾਹਵਾਂ ਉੱਤੇ ਧੂੜ ਗ਼ਮਾਂ ਦੀ

ਰਾਹਵਾਂ ਉੱਤੇ ਧੂੜ ਗ਼ਮਾਂ ਦੀ ਵੇਲਾ ਹੱਥ ਨਾ ਆਵੇ । ਦੂਰ ਦੁਰਾਡੇ ਸੁੱਖ ਦੇ ਮੌਸਮ, ਦਿਲ ਸਾਡਾ ਪਛਤਾਵੇ । ਸੁੱਕਿਆ ਲਹੂ ਹਰ ਟਹਿਣੀ ਦਾ ਇਹ ਵੇਖਕੇ ਮੌਸਮ ਪੀਲਾ, ਕੀਵੇਂ ਪੁੰਗਰਨ ਸੁੱਕੇ ਮੌਸਮ ਦੇ ਵਿਚ ਪੱਤੇ ਸਾਵੇ । ਮਤਲਬ ਦੀ ਇਸ ਦੁਨੀਆਂ ਅੰਦਰ ਕੌਣ ਵਫ਼ਾ ਕਰਦਾ ਏ, ਜਾਣਦੇ ਬੁਝਦੇ ਬੰਦਾ ਖ਼ਵਰੇ ਫੇਰ ਕਿਉਂ ਧੋਖਾ ਖਾਵੇ । ਨਾਗਨ ਜਏ ਵਲ ਖਾਂਦੇ ਰਿਸ਼ਤੇ, ਤੂੰ ਦਰਦੀ ਏ ਕਿਹੜਾ, ਪਿਆਰ ਦੇ ਜ਼ਹਿਰੀਲੇ ਡੰਗਾਂ ਤੋਂ ਕੋਈ ਨਾ ਘਬਰਾਵੇ । 'ਕੌਸਰ' ਚੈਨ ਜਿਹਾ ਆ ਜਾਵੇ ਦੇਖਕੇ ਰੰਗਲੇ ਮੌਸਮ, ਰੰਗ ਬਦਲਦਾ ਹੋਇਆ ਹਰ ਇਕ ਮੌਸਮ ਜੀਅ ਪਰਚਾਵੇ ।

ਗ਼ੈਰਤ ਤੇ ਇੱਜ਼ਤ ਦਾ ਰਾਖਾ

ਗ਼ੈਰਤ ਤੇ ਇੱਜ਼ਤ ਦਾ ਰਾਖਾ ਏ ਮੇਰਾ ਪੰਜਾਬ । ਉੱਚੀਆਂ ਸ਼ਾਨਾਂ ਵਾਲਿਆਂ ਲੋਕਾਂ ਦਾ ਡੇਰਾ ਪੰਜਾਬ । ਸਾਰੀ ਦੁਨੀਆਂ ਫਿਰਕੇ ਦੇਖੀ ਫੇਰ ਇਹ ਫ਼ੈਸਲਾ ਕੀਤਾ, ਧਰਤੀ ਦੇ ਹਰ ਖਿੱਤੇ ਨਾਲੋ ਚੰਗੇਰਾ ਪੰਜਾਬ । ਅੱਖਾਂ ਵਾਲਿਆਂ ਲਈ ਤੇ ਹੈ ਇਹ ਸੱਜਣਾ ਚਾਨਣ ਨਗਰੀ, ਜਿਹੜੇ ਆਪੇ ਅੰਨ੍ਹੇ ਨੇ ਉਨ੍ਹਾਂ ਲਈ ਨ੍ਹੇਰਾ ਪੰਜਾਬ । ਵੈਰੀਆਂ ਨੂੰ ਫਿਰ ਨੱਸਣ ਲਈ ਵੀ ਕੋਈ ਰਾਹ ਨਾ ਲੱਭੇ, ਪਾ ਲੈਂਦਾ ਏ ਜਿਸ ਵੇਲੇ ਕਿਧਰੇ ਘੇਰਾ ਪੰਜਾਬ । ਇਸ ਧਰਤੀ ਨੂੰ ਲਹੂ ਦੇ ਨਾਲ ਸੰਵਾਰੀਏ ਰਲ-ਮਿਲ ਆਪਾਂ, ਸਭ ਦਾ ਸਾਂਝਾ 'ਕੌਸਰ' ਇਹ ਮੇਰਾ ਤੇਰਾ ਪੰਜਾਬ ।

ਫੁੱਲਾਂ ਦੀ ਥਾਂ ਰਾਹਵਾਂ ਦੇ ਵਿਚ

ਫੁੱਲਾਂ ਦੀ ਥਾਂ ਰਾਹਵਾਂ ਦੇ ਵਿਚ ਨੈਣ ਵਿਛਾਂਦੀ । ਉਹ ਮੇਰੇ ਘਰ ਆਉਂਦਾ ਤੇ ਮੈਂ ਸ਼ਗਨ ਮਨਾਂਦੀ । ਖ਼ੁਦਗ਼ਰਜ਼ਾਂ ਦੀ ਦੁਨੀਆਂ ਅੰਦਰ ਦਰਦੀ ਕਿਹੜਾ, ਕੋਈ ਤੇ ਹੁੰਦਾ ਜੀਹਨੂੰ ਦਿਲ ਦਾ ਹਾਲ ਸੁਣਾਂਦੀ । ਆਪਣੇ ਈ ਲਿਸ਼ਕਾਰੇ ਤੇ ਜਦ ਪਿਆ ਭੁਲੇਖਾ, ਕਿਹੜੀ ਥਾਂ ਫਿਰ ਕੱਲਿਆਂ ਉਹਨੂੰ ਲੱਭਣ ਜਾਂਦੀ । ਆਪਣੀ ਕੰਡ ਤੇ ਧੁੱਪ ਜਿਹੇ ਹਰ ਗ਼ਮ ਨੂੰ ਸਹਿਕੇ ਕਾਹਦੇ ਲਈ ਸੁੱਖ ਦੇਵਣ ਦਾ ਅਹਿਸਾਸ ਜਤਾਂਦੀ । ਸੁੱਖਾਂ ਦੀ ਮੰਜ਼ਿਲ ਤੇ ਮੈਂ ਅਪੜਾਂਗੀ ਕੀਵੇਂ, 'ਕੌਸਰ' ਰਾਹ ਨਾ ਦੇਵੇ ਮੈਨੂੰ ਭੀੜ ਗ਼ਮਾਂ ਦੀ ।

ਖ਼ਵਰੇ ਹੁਣ ਕੀ ਕੁੱਝ ਹੋਵੇਗਾ

ਖ਼ਵਰੇ ਹੁਣ ਕੀ ਕੁੱਝ ਹੋਵੇਗਾ ਸੋਚ ਰਹੀ ਆਂ । ਤੋੜ ਹਿਆਤੀ ਦਿਲ ਰੋਵੇਗਾ ਸੋਚ ਰਹੀ ਆਂ । ਵਰ੍ਹਿਆਂ ਦੀ ਜੰਮੀ ਹੋਈ ਏ ਕਾਲਖ ਸ਼ੱਕ ਦੀ, ਕੀਵੇਂ ਉਹ ਦਿਲ ਨੂੰ ਧੋਵੇਗਾ ਸੋਚ ਰਹੀ ਆਂ । ਜੇ ਮੈਂ ਆਪਣੇ ਹੰਝੂਆਂ ਉੱਤੇ ਪਹਿਰੇ ਲਾਏ, ਫੇਰ ਅੱਖਾਂ ਚੋਂ ਲਹੂ ਚੋਵੇਗਾ ਸੋਚ ਰਹੀ ਆਂ । ਸੋਚਿਆ ਨਹੀਂ ਸੀ ਹੱਥੋਂ ਬੁਰਕੀ ਖੋਹਵਣ ਵਾਲਾ, ਇੰਜ ਮੇਰੇ ਸਾਹ ਵੀ ਖੋਹਵੇਗਾ ਸੋਚ ਰਹੀ ਆਂ । ਕਾਲੀ ਰਾਤ ਦਾ ਦਮ ਟੁੱਟਿਆ ਹੋਣਾ ਏ 'ਕੌਸਰ', ਸੂਰਜ ਜਦ ਨਬਜ਼ਾਂ ਟੋਹਵੇਗਾ ਸੋਚ ਰਹੀ ਆਂ ।

ਅੱਖਾਂ ਅੱਗੇ ਜਦ ਵੀ ਉਹਦਾ ਚਿਹਰਾ ਆਵੇ

ਅੱਖਾਂ ਅੱਗੇ ਜਦ ਵੀ ਉਹਦਾ ਚਿਹਰਾ ਆਵੇ । ਸੀਨੇ ਵਿੱਚੋਂ ਪੀੜਾਂ ਉੱਠਣ ਦਿਲ ਘਬਰਾਵੇ । ਬੱਦਲ ਜਦ ਵੀ ਗੂਹੜੀ ਨੀਲੀ ਰਾਤ ਦਾ ਸੋਚੇ, ਅਸਮਾਨਾਂ ਤੇ ਖਿਲਰੀ ਬਿਜਲੀ ਤੋਂ ਸ਼ਰਮਾਵੇ । ਲ਼ੱਖ ਤਿਰਹਾਏ ਧੁੱਪਾਂ ਦੇ ਰੋਹੀ ਵਿਚ ਫਿਰਦੇ, ਮੀਂਹ ਵੱਸੇ ਤੇ ਵਿਹੜਾ ਅੱਖਾਂ ਦਾ ਭਰ ਜਾਏ । ਪੇਸ਼ੀਆਂ ਭੁਗਤ-ਭੁਗਤ ਕੇ ਦਰਦ ਅਦਾਲਤ ਅੰਦਰ, ਓੜਕ ਇਕ ਦਿਨ ਚੁੱਪ-ਚੁਪੀਤਾ ਦਿਲ ਮਰ ਜਾਏ । ਉਹਨੂੰ ਛੱਡ ਕੇ ਫੇਰ ਕਿਤੇ ਨਾ ਜਾਵਾਂ 'ਕੌਸਰ', ਇਕ ਵਾਰੀ ਜੇਕਰ ਉਹੋ ਮੈਨੂੰ ਕੋਲ ਬੁਲਾਵੇ ।

ਜਿਹੜੇ ਹੈ ਸਨ ਸਾਨੂੰ

ਜਿਹੜੇ ਹੈ ਸਨ ਸਾਨੂੰ ਜਾਨ ਤੋਂ ਪਿਆਰੇ ਵੈਰੀ । ਕਿਹੜੀ ਗੱਲੋਂ ਹੋ ਗਏ ਨੇ ਉਹੋ ਸਾਰੇ ਵੈਰੀ । ਇਹ ਕਿਉਂ ਸੋਚਾਂ ਅੱਜ ਮੁਕਾਬਿਲ ਆ ਕੇ ਉਹਦੇ, ਮੈਂ ਜਿੱਤਾਂ ਨਾ ਜਿੱਤਾਂ ਪਰ ਨਾ ਹਾਰੇ ਵੈਰੀ । ਕੱਚੇ ਉੱਤੇ ਬਹਿ ਕੇ ਸੋਹਣੀ ਏਹੋ ਸੋਚੇ, ਇਕ ਵਾਰੀ ਜੇ ਮੈਨੂੰ ਪਾਰ ਉਤਾਰੇ ਵੈਰੀ । ਮੈਨੂੰ ਆਪਣਾ ਬਚਪਨ ਚੇਤੇ ਆ ਜਾਂਦਾ ਏ, ਜਦ ਵੀ ਟੁੱਟੀ ਪੀਂਘ ਨੂੰ ਦੇਣ ਹੁਲਾਰੇ ਵੈਰੀ । ਦਿਲ ਦੀ ਝੋਲੀ ਰੋਗ ਅਵੱਲੇ ਪਾ ਕੇ ਦੇਖੋ, ਖੋਹ ਲੈਂਦੇ ਨੇ 'ਕੌਸਰ' ਸਭ ਸਹਾਰੇ ਵੈਰੀ ।

ਤੋੜ ਹਿਆਤੀ ਇੱਕੋ ਸੱਧਰ

ਤੋੜ ਹਿਆਤੀ ਇੱਕੋ ਸੱਧਰ ਸੀਨੇ ਲਾਈ ਰੱਖੀ । ਪੱਕੀ ਡੋਰੀ ਯਾਦ ਕਿਸੇ ਦੀ ਨ੍ਹੇਰੀ ਤੋੜ ਨਾ ਸੱਕੀ । ਬਾਝ ਨਸੀਬਾਂ ਮੇਲ ਕੁਵੇਲੇ ਕੀਵੇਂ ਹੋ ਸਕਦੇ ਨੇ, ਲੋਕੀ ਆਖਣ ਰੇਤ ਥਲਾਂ ਦੀ ਐਵੇਂ ਤੂੰ ਫਿਰ ਫੱਕੀ । ਖ਼ੁਸ਼ੀਆਂ ਦੇ ਹਰ ਪਲ ਦੇ ਬਦਲੇ ਲੱਖਾਂ ਸਿਜਦੇ ਕਰਦਾ, ਜੀਹਨੇ ਵੀ ਇਸ ਦੂਨੀਆਂ ਅੰਦਰ ਰੱਤ ਗ਼ਮਾਂ ਦੀ ਚੱਖੀ । ਸਾਹਵਾਂ ਦੇ ਬੁੱਕ ਹੌਲੀ-ਹੌਲੀ ਵੇਲੇ ਦੇ ਹੱਥ ਦੇਵਾਂ, ਕਣਕਾਂ ਵਾਂਗੂੰ ਜੁੱਸਾ ਮੇਰਾ ਪਿਸਦਾ ਏ ਵਿਚ ਚੱਕੀ । ਅੱਤ ਅਜ਼ਾਬੀਂ ਜਿੰਦੜੀ ਆਈ ਪੈਂਡਾ ਛਾਲੋ-ਛਾਲੀ, ਇਸ਼ਕ ਦੇ ਲੰਮੇ ਪੈਂਡੇ ਕੋਲੋਂ 'ਕੌਸਰ' ਤੂੰ ਨਾ ਅੱਕੀ ।

ਪੁੱਤਰ ਨੇ ਜਿਹੜੇ ਪੰਜਾਬਣ ਮਾਵਾਂ ਦੇ

ਪੁੱਤਰ ਨੇ ਜਿਹੜੇ ਪੰਜਾਬਣ ਮਾਵਾਂ ਦੇ । ਰੁੱਖ ਪਰਤਾ ਦਿੰਦੇ ਨੇ ਉਹ ਦਰਿਆਵਾਂ ਦੇ । ਜਿਹੜੇ ਸੜਦੀਆਂ ਧੁੱਪਾਂ ਵਿਚ ਲੈ ਆਏ ਨੇ, ਲਾਏ ਹੋਏ ਰੋਗ ਨੇ ਠੰਢੀਆਂ ਛਾਵਾਂ ਦੇ । ਜਿਸ ਵੇਲੇ ਖ਼ੁਦਗ਼ਰਜ਼ੀ ਵਿਹੜੇ ਆ ਵੜਦੀ, ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ । ਉਹ ਕੀ ਜਾਨਣ ਘਰ ਦੇ ਕੀ ਸੁੱਖ ਹੁੰਦੇ ਨੇ, ਵੱਸਣ ਵਾਲੇ ਜਿਹੜੇ ਲੋਕ ਸਰਾਵਾਂ ਦੇ । 'ਕੌਸਰ' ਉਹੋ ਸੱਜਣਾ ਨਾਲੋਂ ਚੰਗਾ ਏ, ਆਪਣੇ ਦੁਸ਼ਮਨ ਨੂੰ ਤੂੰ ਅੱਜ ਦੁਆਵਾਂ ਦੇ ।