Kaudi Baadi Di Gulel : Charan Puadhi

ਕੌਡੀ ਬਾਡੀ ਦੀ ਗੁਲੇਲ : ਚਰਨ ਪੁਆਧੀ

ਗਿਆਨ ’ਚ ਸ਼ਕਤੀ

ਪੜ੍ਹੋ ਬਚਿਓ !ਗਿਆਨ ਲਵੋ।
ਗਿਆਨ ’ਚ ਸ਼ਕਤੀ ਜਾਣ ਲਵੋ।

ਹਰ ਵਿਸ਼ੇ ਤੇ ਧਿਆਨ ਲਗਾਉਣਾ।
ਆਪਣਾ ਪੂਰਾ ਤਾਣ ਲਗਾਉਣਾ।
ਮੈਰਿਟ ਪਾਉਣੀ ਠਾਣ ਲਵੋ।
ਗਿਆਨ ’ਚ ਸ਼ਕਤੀ..........

ਪੜ੍ਹਨਾ ਸੋਚਣਾ ਗੱਲ ਚੰਗੀ ਹੈ।
ਰੱਟਾ ਲਗਾਉਣਾ ਗੱਲ ਬੁਰੀ ਹੈ।
ਪੜ੍ਹੋ ਮਾਨ-ਸਨਮਾਨ ਲਵੋ।
ਗਿਆਨ ’ਚ ਸ਼ਕਤੀ.........

ਸਮਾਂ ਸੁਨਹਿਰੀ ਇਹ ਤੁਹਾਡਾ।
ਜ਼ਿੰਦਗੀ ਵਿੱਚ ਕੰਮ ਆਊ ਡਾਹਢਾ।
ਬਾਤ ‘ਚਰਨ’ ਕੀ ਮਾਨ ਲਵੋ।
ਗਿਆਨ ’ਚ ਸ਼ਕਤੀ.......

ਇੱਕ ਹੋ ਜਾਓ

ਭੈਣੋ ਭਰਾਓ, ਇੱਕ ਹੋ ਜਾਓ।
ਭਾਰਤ ਦੇਸ਼ ਨੂੰ ਸੁਰਗ ਬਣਾਓ।
ਸੁੰਦਰ ਲਿਖਣਾ, ਚੰਗਾ ਲਿਖਣਾ।
ਅੱਡ ਤੁਸੀਂ ਸਭਨਾਂ ਤੋਂ ਦਿਖਣਾ।
ਸੀਮਿਤ ਖਾਓ, ਸਕੂਲੇ ਜਾਓ।
ਪੜ੍ਹੋ ਕਿਤਾਬਾਂ, ਗਿਆਨ ਵਧਾਓ।
ਮੰਨੋ ਕਹਿਣਾ, ਚਲਦੇ ਰਹਿਣਾ।
ਵਿਦਿਆ ਹੈ, ਜ਼ਿੰਦਗੀ ਦਾ ਗਹਿਣਾ।
ਬੁਰੀ ਲੜਾਈ, ਬੁਰੀ ਗਲਾਈ।
ਸਭ ਤੋਂ ਬੁਰੀ ਏ ਹੱਥੋ-ਪਾਈ।
ਰਾਤ ਨਾ ਝਾਗੋ, ਆਲਸ ਤਿਆਗੋ।
ਛੇਤੀ ਸੋਵੋ ਤੇ ਛੇਤੀ ਜਾਗੋ।
ਹਸਣਾ ਗਾਉਣਾ, ਅਹੁਦਾ ਪਾਉਣਾ।
ਮਾਤ-ਪਿਤਾ ਦੀ ਸੇਵ ਕਮਾਉਣਾ।
ਵਧਦੇ ਜਾਓ, ਮੰਜ਼ਿਲਾਂ ਪਾਓ।
ਮਾਂ ਬਾਪ ਦਾ ਨਾਂ ਚਮਕਾਓ।

ਆਈ ਬਸੰਤ

ਸਰਦੀ ਦੇ ਵਿੱਚ ਰਿਹਾ ਨਾ ਤੰਤ।
ਆਈ ਬਸੰਤ, ਆਈ ਬਸੰਤ।

ਪੀਲੇ ਫੁੱਲ ਸਰ੍ਹੋਂ ਦੇ ਖਿੜਗੇ।
ਅੰਬ-ਬੂਰ ਦੇ ਗੁੱਛੇ ਭਿੜਗੇ।
ਕੋਇਲ ਕੂਕੀ ਰਾਗ ਨੇ ਛਿੜਗੇ।
ਟਹਿਕ ਰਿਹਾ ਏ ਜੀਆ-ਜੰਤ।
ਆਈ ਬਸੰਤ..............

ਕੱਚੀ ਧੁੱਪ ਪਿਆਰੀ ਲਗਦੀ।
ਮਹਿਕਾਂ ਭਰੀ ਹਵਾ ਏ ਵਗਦੀ।
ਮੌਸਮ ਬਦਲੀ ਦਿਲ ਨੂੰ ਠੱਗਦੀ।
ਨਵੀਂ ਵਿਆਹੁਲੀ ਨੂੰ ਜਿਉਂ ਕੰਤ।
ਆਈ ਬਸੰਤ..............

ਨਿੱਘ ਸ਼ੁਰੂ ਹੋਈ ਛਟ ਗਿਆ ਪਾਲ਼ਾ।
ਸੋਹਣਾ ਹੋ ਗਿਆ ਆਲ਼ਾ-ਦੁਆਲ਼ਾ।
ਗਰਮੀ ਮਾਰਨ ਲੱਗੀ ਉਛਾਲ਼ਾ।
ਸਰਦੀ ਦਾ ਹੁਣ ਹੋ ਗਿਆ ਅੰਤ।
ਆਈ ਬਸੰਤ...................

ਸੱਚੇ ਬੋਲ

ਧਰਤੀ ਸਾਡੀ ਗੋਲ-ਮਟੋਲ।
ਸਦਾ ਹੀ ਬੋਲੋ ਮਿੱਠੇ ਬੋਲ।
ਘੁੰਮੋ ਚਾਹੇ ਦੇਸ਼-ਵਿਦੇਸ਼।
ਯਾਦ ਮਾਂ ਬੋਲੀ ਰੱਖੋ ਹਮੇਸ਼।
ਕੱਟੋ ਹੱਸਕੇ ਭੀੜ-ਸਘੀੜ।
ਆਪਣੀ ਜਾਣੋ ਸਭ ਦੀ ਪੀੜ।
ਰੱਖੋ ਸਭ ਨਾਲ ਮੇਲ-ਸੁਮੇਲ।
ਇੱਛਾਵਾਂ ਨੂੰ ਪਾਓ ਨੁਕੇਲ।
ਰਹੋ ਨਾ ਬਣਕੇ ਗੁੰਨ-ਮਟੁੰਨ।
ਸਫਲ ਬਣਾਉਂਦੀ ਪੱਕੀ ਧੁਨ।
ਖੜੇ ਕਰੋ ਨਾ ਵਾਦ-ਵਿਵਾਦ।
ਰੱਬ ਤੇ ਮੌਤ ਨੂੰ ਰੱਖੋ ਯਾਦ।
ਨਾ ਅਪਣਾਓ ਸੂਰ-ਕਸੂਰ।
ਸਦਾ ਬਦੀ ਤੋਂ ਰਹਿਣਾ ਦੂਰ।
ਕਰੋ ਤਰੱਕੀ ਦਿਨ-ਬ-ਦਿਨ।
ਜ਼ਿੰਦਗੀ ਨਾ ਕੁਸ਼ ਵਿਦਿਆ ਬਿਨ।
ਰੱਖੋ ਨਾ ਮਨ ਵਿੱਚ ਮੈਲ-ਕੁਚੈਲ।
ਸੱਚ ਆਖਦਾ ‘ਚਰਨਾ’ ਰੈਹਲ।

ਇਮਲੀ

ਡੈਡੀ ਕਹਿੰਦਾ ਬੇਟਾ ਨਾ ਖਾ ਤੂੰ ਇਮਲੀ।
ਮੈਂ ਕਿਹਾ ਡੈਡੀ ਕਿਉਂ ਨਾ ਖਾਵਾਂ ਇਮਲੀ।
ਕਹਿੰਦਾ ਬੇਟੇ ਇਮਲੀ ਜੇ ਤੂੰ ਖਾਵੇਂਗਾ।
ਫੇਰ ਤੇਰੇ ਦੰਦ ਖੱਟੇ ਹੋ ਜਾਣਗੇ।
ਦੰਦ ਖੱਟ ਹੋਗੇ ਰੋਟੀ ਖਾ ਨਾ ਸਕੇਂਗਾ।
ਰੋਟੀ ਜੇ ਨਾ ਖਾਧੀ ਫੇਰ ਭੁੱਖਾ ਰਹਿਜੇਂਗਾ।
ਜੇ ਭੁੱਖਾ ਰਿਹਾ ਤੈਥੋਂ ਕੰਮ ਹੋਣਾ ਨੀ।
ਕੰਮ ਨਾ ਕੀਤਾ ਤੈਨੂੰ ਮੈਡਮ ਕੁੱਟੂਗੀ।
ਮੈਡਮ ਜੇ ਕੁੱਟੂਗੀ ਤਾਂ ਰੋਣ ਲੱਗੇਗਾ।
ਰੋਵੇਂਗਾ ਜੇ ਤੂੰ ਸਾਰੇ ਬੱਚੇ ਹੱਸਣਗੇ।
ਏਸੇ ਲਈ ਕਹਿਨਾ ਕਿ ਤੂੰ ਇਮਲੀ ਨਾ ਖਾ।
ਹਰ ਚੀਜ਼ ਖਾ ਲੈ ਏਹ ਨੂੰ ਮੂੰਹ ਲਾਈ ਨਾ।
ਡੈਡੀ ਕਹਿੰਦਾ ਬੇਟੇ ਇਮਲੀ ਖਾਈ ਨਾ।

ਲਾਡੋ

ਛੋਟੀ ਜਿਹੀ ਮੇਰੀ ਇੱਕ ਭੈਣ ਲਾਡੋ ਆ।
ਹਰ ਵੇਲੇ ਉਹ ਹਸਦੀ ਹੀ ਰਹਿੰਦੀ ਆ।
ਮੈਂ ਚਾਹ ਪੀਵਾਂ ਉਹ ਚਾਹ ਮੰਗੂਗੀ।
ਮੈਂ ਰੋਟੀ ਖਾਵਾਂ ਉਹ ਰੋਟੀ ਮੰਗੂਗੀ।
ਮੈਂ ਪਾਣੀ ਪੀਵਾਂ ਉਹ ਪਾਣੀ ਪੀਊਗੀ।
ਮੈਂ ਸਕੂਲੇ ਜਾਵਾਂ ਉਹ ਨਾਲ ਭੱਜੂਗੀ।
ਮੰਮੀ ਉਹਨੂੰ ਮਸਾਂ ਫੜ ਫੜ ਕੇ ਰੱਖਦੀ।
ਪਰ ਉਹ ਹੱਥੋਂ ਛੁੱਟ-ਛੁੱਟ ਭੱਜਦੀ।
ਜਦ ਮੈਂ ਸਕੂਲ ਵਿਚ ਆਵਾਂ ਪੜ੍ਹਕੇ।
ਉਹ ਮੇਰਾ ਬੈਗ ਫੜ ਲੈਂਦੀ ਭੱਜਕੇ।
ਕਾਪੀਆਂ ਦੇ ਉੱਤੇ ਕਾਟੇ-ਮਾਟੇ ਮਾਰਦੀ।
ਮੈਂ ਕਹਾਂ ਉਹਨੂੰ ਲਾਡੜੇ-ਘਟਾਡੜੇ।
ਡੈਡੀ ਕੋਲੇ ਤੇਰੀ ਮੈਂ ਸ਼ਕੈਤ ਲਾਉਂਗਾ।
ਪਰ ਉਹ ਨਹੀਂ ਮੇਰੇ ਵਾਂਗ ਡਰਦੀ।
ਜੇ ਘੂਰੀਏ ਤਾਂ ਖਿੜ-ਖਿੜ ਹਸਦੀ।
ਛੋਟੀ ਜਿਹੀ ਮੇਰੀ..................।

ਛੁੱਟੀ ਦੀ ਘੰਟੀ

ਵੱਜਗੀ ਏ ਘੰਟੀ ਵੀਰੋ ਛੁੱਟੀ ਹੋ ਗਈ।
ਚਲੋ ਬੈਗ ਚੁੱਕ ਕੇ ਘਰਾਂ ਨੂੰ ਭੱਜੀਏ।
ਰੁਕਣ ਦਾ ਏਥੋਂ ਹੁਣ ਕੋਈ ਕੰਮ ਨੀ,
ਕਿਤੇ ਫੇਰ ਲੈਣ ਨਾ ਬਿਠਾ ਮੈਡਮਾਂ।
ਛੇਤੀ-ਛੇਤੀ ਲੰਘ ਜਾਈਂ ਬੜੇ ਗੇਟ ਚੋਂ।
ਇੱਕ ਦੂਜੇ ਨਾਲੋਂ ਮੂਹਰੇ ਭੱਜ ਕੇ।
ਬੜੇ ਰੋਡ ਉੱਤੇ ਜਾਣ ਕਾਰਾਂ ਮੋਟਰਾਂ,
ਅਸੀਂ ਨਹੀਂ ਇਕ ਦਮ ਪਾਰ ਕਰਨਾ।
ਟੋਏ ਕੋਲੋਂ ਜਿੱਥੇ ਗੱਡੀ ਹੌਲੀ ਹੁੰਦੀ ਆ,
ਉਥੋਂ ਪਾਰ ਕਰਕੇ ਘਰੇ ਜਾ ਵੜਨਾ।
ਘਰ ਜਾ ਕੇ ਅਸੀਂ ਰੋਟੀ ਖਾ ਕੇ ਖੇਡਣਾ,
ਥੱਕਗੇ ਆ ਹੁਣ ਅਸੀਂ ਨਹੀਂ ਪੜ੍ਹਨਾ।
ਵੱਜਦੀ ਏ ਘੰਟੀ................

ਪੁੱਪ ਕਾ ’ਜਾ

ਪੁੱਪ ਕਾ ’ਜਾ ਪੁੱਪ ਕਾ ’ਜਾ।
ਲਾਜੇ ਬੇਟੇ ਪੁੱਪ ਕਾ ’ਜਾ।

ਲੋਈ ਦਾ ਨੀ ਬਈ ਲੋਈ ਦਾ ਨੀ।
ਲੋ ਕੇ ਕਦੀ ਵੀ ਥੋਈ ਦਾ ਨੀ।
ਖੁਸ਼ ਹੋ ਹੂਲਾ-ਹੁੱਪ ਕਾ ’ਜਾ।
ਪੁੱਪ ਕਾ ’ਜਾ ................!

ਊਂਆਂ ਊਂਆਂ ਊਂ ਬੇਟਾ।
ਕੱਲ੍ਹ ਦਾ ਛੂਲਜ ਤੂੰ ਬੇਟਾ।
ਨ੍ਹੇਲ ਭਜਾ ਕੇ ਧੁੱਪ ਕਾ ’ਜਾ।
ਪੁੱਪ ਕਾ ’ਜਾ.................!

ਅਊਂਆਂ ਆਂ ਅਊਂਆਂ ਆਂ।
ਤਿੰਨਾ ਥੋਹਣਾ ਤੇਲਾ ਨਾ।
ਝਾਤੀ ਕਹਿਕੇ ਛੁਪ ਕਲ ਜਾ।
ਪੁੱਪ ਕਾ ’ਜਾ ................!

ਚੰਗਾ ਲੱਗਦੈ

ਸੌਖ ਨਾਲ ਵਿੱਦਿਆ ਦਾ ਦਾਨ ਮਿਲ ਜਾਵੇ, ਚੰਗਾ ਲੱਗਦੈ।
ਖੇਡ-ਖੇਡ ਵਿੱਚ ਜੇ ਗਿਆਨ ਮਿਲ ਜਾਵੇ, ਚੰਗਾ ਲੱਗਦੈ।

ਇਉਂ ਕਰਨਾ ਏ ਇਉਂ ਨਹੀਂ ਕਰਨਾ, ਏਸ ਗੱਲੋਂ ਅੱਕਗੇ।
ਘਰਾਂ ਤੋਂ ਮਾਸਟਰਾਂ ਕੋਲੋਂ ਸੁਣਕੇ, ਸਾਡੇ ਕੰਨ ਪੱਕਗੇ।
ਮਨੋਰੰਜਨ ’ਚ ਅਕਲ ਨੂੰ ਜਾਨ ਮਿਲ ਜਾਵੇ, ਚੰਗਾ ਲੱਗਦੈ।
ਖੇਡ-ਖੇਡ ਵਿੱਚ .............।

ਕੰਧਾਂ ਉੱਤੇ ਜੇ ਰੰਗਦਾਰ ਹੋਣ ਚਿੱਤਰ, ਮਨ ਨੂੰ ਟੁੰਬਦੇ।
ਚਿੱਤਰਕਾਰੀ ’ਚ ਬੱਚਾ ਜਾਂਦੈ ਨਿੱਤਰ, ਫਿਜ਼ਾ ਵਿੱਚ ਸ਼ੋਭਦੇ।
ਸਿਆਣਿਆਂ ਤੋਂ ਇਹ ਅਹਿਸਾਨ ਮਿਲ ਜਾਵੇ, ਚੰਗਾ ਲੱਗਦੈ।
ਖੇਡ-ਖੇਡ ਵਿੱਚ .............।

ਵਰਗ ਪਹੇਲੀ, ਕਰੋ ਪੂਰਾ ਚਿੱਤਰ, ਰੰਗੋ ਅੰਤਾਕਸ਼ਰੀ।
ਅੰਕ ਕੱਟੋ, ਸਹੀ ਮੇਲੋ, ਛੁਪੇ ਅੱਖਰ, ਦੀ ਐ ਸ਼ਾਨ ਵੱਖਰੀ।
ਰਾਹ ਲੱਭੋ, ਚੀਜ਼ ਗਿਣੋ ਸਮਾਨ ਮਿਲ ਜਾਵੇ, ਚੰਗਾ ਲੱਗਦੈ।

ਬੀਬੇ ਬੱਚੇ

ਇੱਕੜਮ-ਤਿਕੜਮ ਬੱਲੇ ਬੂ।
ਬੱਚੇ ਸਕੂਲ ਨੂੰ ਚੱਲੇ ਬੂ।
ਬੱਲਬ-ਸ਼ੱਲਬ ਲਗਦੇ ਬੂ।
ਕਿੰਨੇ ਸੋਹਣੇ ਲਗਦੇ ਬੂ।
ਬਾਂਦੇ ਡੋਰ ਪਰਾਂਦੇ ਬੂ।
ਛਾਲਾਂ ਮਾਰਦੇ ਜਾਂਦੇ ਬੂ।
ਊਂਠੇ ਪੌਂਚੇ ਢੌਂਚੇ ਬੂ।
ਸਹੀ ਸਮੇਂ ਤੇ ਪਹੁੰਚੇ ਬੂ।
ਚੀਚਮ ਚੋਲ ਮਚੌਂਦੇ ਬੂ।
ਗੁਰੁ ਜਨਾ ਕੋਲ ਆਉਂਦੇ ਬੂ।
ਰਿਦਮ ਸਿਦਮ ਗਾਉਂਦੇ ਬੂ।
ਚਰਨੀਂ ਸੀਸ ਨਿਵਾਉਂਦੇ ਬੂ।
ਲਗਨ ਮਗਨ ਬਰਦੇ ਬੂ।
ਸੋਹਣਾ ਲਿਖਦੇ ਪੜ੍ਹਦੇ ਬੂ।
ਟਿਮਕ-ਟਿਮਕ ਤਾਰੇ ਬੂ।
ਸਭ ਨੂੰ ਲਗਦੇ ਪਿਆਰੇ ਬੂ।

ਫੱਟੀ ਬਸਤਾ

ਹੱਥ ਚ ਫੱਟੀ ਬਸਤਾ ਚਾਇਆ।
ਨਾਨਕ ਅੱਜ ਮਦਰੱਸੇ ਆਇਆ।

ਨਾਨਕੀ ਸੋਹਣੇ ਬਸਤਰ ਪਾਏ।
ਤ੍ਰਿਪਤਾ ਫੁਲਕੇ ਬੰਨ ਪਕੜਾਏ।
ਮੋਢਿਆਂ ਤੇ ਕਾਲੂ ਨੇ ਉਠਾਇਆ।
ਨਾਨਕ ਅੱਜ......................।

ਪਾਧੇ ਦੇ ਪੈਰੀਂ ਹੱਥ ਲਾ ਕੇ।
ਬੈਠਾ ਬੱਚਿਆਂ ਦੇ ਵਿੱਚ ਜਾ ਕੇ।
ਪਾਧੇ ਪਹਿਲਾ ਸਬਕ ਸਿਖਾਇਆ।
ਨਾਨਕ ਅੱਜ.. ..................।

ਪਾਧਾ ਦੱਸਦਾ ਸੁਣਦਾ ਜਾਂਦਾ।
ਨਾਨਕ ਪੁੱਛਦਾ-ਗੁਣਦਾ ਜਾਂਦਾ।
ਪੜ੍ਹਨ ਦਾ ਛੇਤੀ ਕੰਮ ਮੁਕਾਇਆ।
ਨਾਨਕ ਅੱਜ........................।

ਅੱਲਾ ਪੜ੍ਹਿਆ ਰਾਮ ਵੀ ਪੜ੍ਹਿਆ।
ਦੋਹਾਂ ਦਾ ਫਿਰ ਅਧਿਐਨ ਕਰਿਆ।
ਹੈ ਉਹ ਇਕ ਓਂਕਾਰ ਬਤਾਇਆ।
ਨਾਨਕ ਅੱਜ.......................।

ਬੱਚਿਓ ਨਾਨਕ ਵਰਗਾ ਪੜ੍ਹਨਾ।
ਨਾ ਦੁਈ ਦੀ ਅੱਗ 'ਚ ਸੜਨਾ।
"ਚਰਨ" ਸੱਚ ਨੇ ਮਾਣ ਹੈ ਪਾਇਆ।
ਨਾਨਕ ਅੱਜ......................।

ਜੰਗਲਾਂ ਦੇ ਫਾਇਦੇ

ਤੋੜਨਾ ਨਾ ਜੋ ਕੁਦਰਤ ਦੇ ਕਾਨੂੰਨ ਤੇ ਕਾਇਦੇ ਨੇ।
ਨਾ ਕੱਟੋ ਜੀ ਜੰਗਲਾਂ ਦੇ ਸਾਨੂੰ ਬੜੇ ਹੀ ਫਾਇਦੇ ਨੇ।

ਇਸ ਦੀ ਲੱਕੜੀ ਤੋਂ ਸਾਰਾ ਫਰਨੀਚਰ ਬਣਦਾ ਹੈ।
ਬਾਲਣ ਵਾਸਤੇ ਲੱਕੜੀ ਤੇ ਪੂਰਾ ਘਰ ਬਣਦਾ ਹੈ।
ਰੋਗਾਂ ਦੇ ਇਲਾਜ ਇਨ੍ਹਾਂ ਤੋਂ ਨਹੀਂ ਇਲਾਹਿਦੇ ਨੇ।
ਨਾ ਕੱਟੋ ਜੀ.......................................।

ਜੜੀਆਂ-ਬੂਟੀਆਂ ਮਿਲਣ ਜਿਨ੍ਹਾਂ ਤੋਂ ਬਣਨ ਦਵਾਈਆਂ ਜੀ।
ਪੰਛੀ ਕਰਨ ਬਸੇਰਾ ਪਸ਼ੂਆਂ ਰੌਣਕਾਂ ਲਾਈਆਂ ਜੀ।
ਧਰਤੀ ਸਵਰਗ ਬਣਾਉਣ ਦੇ ਇਨ੍ਹਾਂ ਦੇ ਵਾਇਦੇ ਨੇ।
ਨਾ ਕੱਟੋ ਜੀ.........................................।

ਕਾਗਜ਼, ਦੀਆ-ਸਿਲਾਈ, ਤੇਲ ਤੇ ਚਾਰਾ ਮਿਲਦਾ ਏ।
ਗਰਮੀ ਧੁੱਪ ਤੋਂ ਰਾਹਤ ਤੇ ਮੀਂਹ ਭਾਰਾ ਮਿਲਦਾ ਹੈ।
ਛੱਡਦੇ ਨੇ ਆਕਸੀਜਨ ਕੇਂਦੂ ਚਾਹੇ ਸਫੈਦੇ ਨੇ।
ਨਾ ਕੱਟੋ ਜੀ...................................।

ਵਣ ਮਹਾਂ ਉਤਸਵ

ਮੀਂਹ ਪੈ ਰਿਹਾ ਸੀ ਅਗਸਤ ਜਦੋਂ ਆਇਆ।
ਸਕੂਲ ਸਾਡੇ ਅਸੀਂ ਵਣ-ਮਹੋਤਸਵ ਮਨਾਇਆ।

ਸਕੂਲ ਦੇ ਸਟੇਡੀਅਮ 'ਚ ਰਸਮ ਅਦਾ ਕੀਤੀ।
ਜਿਲ੍ਹੇ ਦੇ ਸਿੱਖਿਆ ਅਫ਼ਸਰ ਨੇ ਸ਼ਿਰਕਤ ਕੀਤੀ।
ਇਸ ਦਿਨ ਦੀ ਮਹਾਨਤਾ ਉੱਤੇ ਚਾਨਣਾ ਪਾਇਆ।
ਸਕੂਲ ਸਾਡੇ ਅਸੀਂ..................................।

ਸਰੂੰ ਦੇ ਪੌਦੇ ਗੇਟ ਦਿਆਂ ਪਾਸਿਆਂ ਤੇ ਲਾਏ।
ਸਫੈਦੇ ਟੋਏ-ਪੁੱਟ ਕੰਧਾਂ ਕੋਲ ਸੀ ਸਜਾਏ।
ਅੰਬ ਅਮਰੂਦ ਕੇਲਾ ਪਾਰਕ ’ਚ ਲਾਇਆ।
ਸਕੂਲ ਸਾਡੇ ਅਸੀਂ........................।

ਸ਼ਿੰਗਾਰ ਪੌਦੇ ਚੰਪਾ ਕਲੀ ਡੇਲੀਆਂ ਲਗਾਈਆਂ।
ਗੁਲਮੋਹਰ ਬੋਗਨਬਿਲਾ ਕੇਲੀਆਂ ਲਗਾਈਆਂ।
ਕਰਨਾ ਜੋ ਚਾਹੀਦਾ ਹੈ ਕਰ ਕੇ ਦਿਖਾਇਆ।
ਸਕੂਲ ਸਾਡੇ ਅਸੀਂ.........................।

ਜੇਜੀ ਰਾਮ

ਜੇਜੀ ਰਾਮ ਬਣਾਦੇ ਕਾਮ।
ਚੀਜ਼ਾਂ ਦੇ ਲੈ ਨਾ ਦਾਮ।
ਜੀਵਨ ਖਾਨ, ਬਣਾ ਲੈ ਸ਼ਾਨ।
ਰੋਟੀ ਪਾਣੀ ਕਰ ਦੇ ਦਾਨ।
ਬਿੱਟੂ ਲਾਲ ਕਰੀਂ ਕਮਾਲ।
ਰੋਟੀ ਮਿਲਗੀ ਦੇਦੇ ਦਾਲ।
ਸਿੱਪੀ ਦਾਸ ਬੁਝਾ ਦੇ ਪਿਆਸ।
ਪਾਣੀ ਦੇ ਜੋ ਤੇਰੇ ਪਾਸ।
ਬੀਜੇ ਸੇਠ ਵਧਾ ਨਾ ਪੇਟ।
ਥੋੜ੍ਹਾ ਉੱਠ ਤੇ ਥੋੜ੍ਹਾ ਬੈਠ।
ਟੀਟੂ ਸਿੰਘ ਪਵਾ ਲੈ ਰਿੰਗ।
ਧੂੰਆਂ ਛੱਡ ਨਾ ਲੱਗੂ ਹਿੰਗ।
ਟੂਟੀ ਮੱਲ ਪਰੌਠੇ ਥੱਲ।
ਸੁਣ ਕੇ ਜਾਈਂ ਮੇਰੀ ਗੱਲ।
ਐਂਂਡੀ ਦੇਵ ਕਮਾਲੈ ਸੇਵ।
ਨੋਟਾਂ ਦੇ ਨਾਲ ਭਰਦੇ ਜੇਭ।
ਕੋਕੇ ਸ਼ਾਹ ਤੂੰ ਹਰ ਗੁਣ ਗਾ।
ਨਾ ਕਿਸੇ ਦਾ ਕਰੀਂ ਵਿਸਾਹ।
ਜੇ ਟੀ ਜੱਟ ਘੁਲਾੜੀ ਪੱਟ।
ਹਾੜੀ ਵੱਢ ਤੇ ਬੇੜਾਂ ਵੱਟ।

ਸ਼ਿਕਾਇਤਾਂ

ਭੈਣਜੀ ਹਟਦਾ ਨੀ ਭੂੰਡੀ।
ਲੱਤ ਮੇਰੀ ਤੇ ਵੱਢੇ ਚੂੰਡੀ।
ਠੂਲੀ ਝੋਲਾ ਫਿਰੇ ਘੜੀਸੀ।
ਮੇਸ਼ੀ ਨੇ ਮੇਰੀ ਫੱਟੀ ਚੁੱਕੀ।
ਕਾਲੂ ਨੇ ਮੇਰੀ ਸ਼ਾਹੀ ਡੋਲ੍ਹੀ।
ਲੀਲੂ ਨੇ ਮੇਰੀ ਗਾਚੀ ਖੋਹਲੀ।
ਜੈਬ ਨੇ ਥੱਲਿਓਂ ਤੱਪੜ ਖਿੱਚਿਆ।
ਮੂੰਹ ਪਰਨੇ ਮੈਨੂੰ ਭੁੰਜੇ ਸੁਟਿਆ।
ਪੁੰਨੋ ਸੜੰਨੋ ਤੋੜਗੀ ਕਾਨੀ।
ਬੱਤੀ ਮੇਰੀ ਖਾ ਗਿਆ ਭਾਨੀ।
ਜੀਤੇ ਮੇਰੀ ਸਲੇਟ ਲੁਕੋਲੀ।
ਤਾਹੀਓ ਡੋ-ਡੋ ਕਰਦਾ ਗੋਹਲੀ।
ਗੰਜੀ ਨੇ ਮੇਰੇ ਖਾਏ ਪਕੌੜੇ।
ਪੋਣੇ ਦੇ ਵਿੱਚ ਬੰਨ੍ਹ ’ਤੇ ਰੋੜੇ।
ਸਾਂਗਾਂ ਮੇਰੀਆਂ ਲਾਵੇ ਭੀਚਾਂ।
ਜੀਭਾਂ ਕੱਢਣ ਤੇਜੀ ਮ੍ਹੀਚਾ।
ਮੱਲ੍ਹੀ ਵੀ ਮੇਰੇ ਕੂਹਣੀਆਂ ਮਾਰੇ।
ਪੇਸ਼ ਪਏ ਮੇਰੇ ਬੱਚੇ ਸਾਰੇ।
ਮੇਰਾ ਰੱਖੋ ਖਿਆਲ ਭੈਣ ਜੀ।
ਸਦਾ ਈ ਰੱਖੋ ਨਾਲ ਭੈਣ ਜੀ।
ਤਾਹੀਂਓਂ ਤਾਂ ਮੈਂ ਪੜ੍ਹ ਸਕਦਾ ਹਾਂ।
ਅਨਪੜ੍ਹਤਾ ਨਾਲ ਲੜ ਸਕਦਾ ਹਾਂ।
ਹਾੜਾ!ਤਰਸ ਮੇਰੇ ਤੇ ਖਾ ਲਓ।
ਮੈਂ ਡੁੱਬਦਾ ਜਾਵਾਂ ਬਚਾ ਲਓ।

ਸ਼ਹਿਰ ਗਏ ਸੀ

ਸ਼ਹਿਰ ਗਏ ਸੀ ਤੁਰ-ਤੁਰ ਕੇ।
ਘੁੰਮੇ ਸੀ ਵਿੱਚ ਫਿਰ-ਫਿਰ ਕੇ।
ਦੁਕਾਨ ਦੇ ਅੱਗੇ ਖੜ੍ਹ-ਖੜ੍ਹ ਕੇ।
ਬੋਰਡ ਸੀ ਦੇਖੇ ਪੜ੍ਹ-ਪੜ੍ਹ ਕੇ।
ਘੇਰਦੇ ਸੀ ਕਈ ਵਲ਼-ਵਲ਼ ਕੇ।
ਲੰਘੇ ਉਨ੍ਹਾਂ ਤੋਂ ਟਲ਼-ਟਲ਼ ਕੇ।
ਗਏ ਲੰਘਦੇ ਉਡ-ਉਡ ਕੇ।
ਕਰੀ ਤਸੱਲੀ ਮੁੜ-ਮੁੜ ਕੇ।
ਵਿੱਚ ਦੁਕਾਨਾਂ ਵੜ-ਵੜ ਕੇ।
ਸੌਦਾ ਲਿਆ ਸੀ ਅੜ-ਅੜ ਕੇ।
ਬੋਲਦੇ ਸੀ ਮੁੱਲ ਚੜ੍ਹ-ਚੜ੍ਹ ਕੇ।
ਰਹੇ ਤੁੜਾਉਂਦੇ ਲੜ-ਲੜ ਕੇ।
ਸੌਦਾ ਲਿਆ ਸੀ ਮਿਣ-ਮਿਣ ਕੇ।
ਨੋਟ ਦਿੱਤੇ ਸੀ ਗਿਣ ਗਿਣ ਕੇ।
ਝੋਲੇ ਲਿਆਂਦੇ ਭਰ-ਭਰ ਕੇ।
ਪਹੁੰਚੇ ਸੀ ਪਿੰਡ ਮਰ-ਮਰ ਕੇ।

ਟੰਗ ਟਵਿੱਟਰ

ਟੈੱਨ ਟਵੰਟੀ ਟਿਕੇ ਟਨਾ-ਟਨ ਟੁਕੜੇ ਟੰਗ ਟਵਿੱਟਰ।
ਤੇਤੀ ਤੇਰੇ ਕੋਲ ਤੋਤੀਆਂ-ਤੋਤੇ ਤੇ ਤਰਤਾਲੀ ਤਿੱਤਰ।

ਖੀਵੇ ਖਾਨ ਨੇ ਖਾਈ ਖੱਖੜੀ ਖਿੱਲੂ ਖੇਲ੍ਹਣੇ ਖਾਣੇ।
ਨੰਨ੍ਹੇ ਨੋਨੀ ਨੌਂ ਨਨਾਣਾਂ ਨਾਲ ਨਾਨਕੇ ਜਾਵੇ।

ਥਰਥਰਾਉਂਦਾ ਥਾਣੇਦਾਰ ਥਾ ਥੈਲਾ ਥਪਥਪਾਉਂਦਾ।
ਗੱਗੂ ਗੋਗੀ ਗੈਲ ਗਿਆ ਤਾ ਗਾਣੇ ਗੁਣ ਗੁਣਾਉਂਦਾ।

ਹਰੋ ਹੀਰ ਨੇ ਹਾਰੇ ਹਰੀ ਤੋ ਹਰੇ-ਹਰੇ ਹਦਵਾਣੇ।
ਮਾਮਾ ਮਾਮੀ ਮਾਣੀ ਮੰਮੀ ਮੌਜ ਮੇਲੇ ਮਾ ਮਾਣੇ।

ਕੂੜੇ-ਕਰਕਟ ਕੋਲੇ ਖੇਲਣ ਕਾਲੇ ਕੁੱਕੜ ਕ੍ਰਿਕਟ।
ਤੀਨ ਤਤਈਏ ਤਬਲਾ ਥਾਪਣ ਤਿਨ ਤਿਨ ਤਾਗੇ ਤ੍ਰਿਕਟ।

ੜੀਕੇ-ਫੜੀਕੇ ਅੜੀ-ਥੁੜੀ ਤੇ ਤੋੜ-ਤੜੀਕੀ ਮਾੜੀ।
ਬੱਬੂ ਬਾਬੇ ਬੰਬੋ ਬੇਬੇ ਦੀ ਬੰਬੀ ਵੱਲ ਬਾੜੀ।

ਲਾਭੀ ਕੀ ਵੰਡ ਣਾਣੀ ਦੀ ਜੰਞੇ ਵੰਞੀ ਙੋਰੀ।
ਝੰਡੂ ਝਾਲ ਨਾ ਝੱਲੇ ਝੱਲੀ ਦੀ ਝੁਰ ਝੁਰਾ ਗਿਆ ਝੋਰੀ।

ਠਾਠਾ ਬੱਧਾ ਠਾਠ ਠੁਠੇ ਦੇ ਕਰਦਾ ਠੋਰਾ-ਠੋਰੀ।
ਢੰਗੂ ਢੋਲੀ ਢੋਲ-ਢਮੱਕਾ ਢੱਡ ਵਜਾਵੇ ਚੋਰੀ।

ਚੋਰ ਚੁਰਾਸੀ ਚਲੇ ਚੀਨ ’ਚੋਂ ਪਹੁੰਚੇ ਬੀਚ ਚਰਾਸੋਂ।
ਉਮਰ ਅਠਾਰਾ ਏਕ ਅਪਸਰਾ ਉਤਰੀ ਅੱਜ ਅਕਾਸ਼ੋਂ।

ਘੱਗਰ ਘਾਟ ਤੇ ਘੁੰਗਟ ਘਾਲੇ ਘਿਰਗੀ ਘਪਲੋ ਘੋਲੀ।
ਭੁੱਲ-ਭੁਲੇਖੇ ਭੱਠ `ਚ ਭੁੱਜੀ ਭਾਂਡਿਆਂ ਭਰੀ ਭੜੋਲੀ।

ਸੰਤਾ ਸਿੰਘ ਨੇ ਸਰਸਿਓ ਲੈ ਲੈ ਸਸਤੇ-ਸਸਤੇ ਸੀਸੇ।
ਰੇੜਾ-ਰੋੜਦਾ ਰੋਜ਼ ਰੌਣਕੀ ਰਾਮ ਕੀ ਰੀਸੇ-ਰੀਸੇ।

ਡੁੱਡਾ ਡੁੱਡੀ ਡੋ-ਡੋ ਕਰਦੇ ਡੋਡੀ ਡੰਡਾ ਡੁੱਕੇ।
ਥਥਲੂ-ਥਥਲੋ ਥੇ ਥਥਲਾਉਂਦੇ ਥੂ-ਥੂ ਕਰਦੇ ਥੁੱਕੇ।

ਛੱਜੂ ਛੱਜ ਛਲਕਾਉਂਦਾ ਛੱਡੇ ਛਾਵੇਂ ਛੇ-ਛੇ ਛਾਲਾਂ।
ਲਾਲ-ਪੀਲਾ ਜਿਹਾ ਲਾਲੂ ਲਾਲਾ ਹੈ ਲਮਕਾਉਂਦਾ ਲਾਲਾਂ।

ਦਾਦੀ ਦੇ ਦੰਦਾਂ ਦੀ ਦਾਰੂ ਵੈਦ ਦੇਖ ਲੋ ਦਿੰਦਾ।
ਛਮ-ਛਮ ਕਰਦਾ ਛਾਛ ਦਾ ਛੰਨਾ ਗਿਆ ਛਲਕਾਉਂਦਾ ਛਿੰਦਾ।

ਕਰੇ ਯਾਤਰਾ ਯੂ ਪੀ ਵਾਲਾ ਯਾਦੋ ਯੂ, ਈ, ਯੂ. ਕੇ.
ਫੜ-ਫੜ ਫਲ ਦੇ ਫੁੱਲ ਲਿਫਾਫੇ ਫਿਰਕੋ ਫਾਫਾਂ ਫੂਕੇ।

ਪੱਪਾ ਪੱਪੀ ਪੋਪੀ ਪੋਪਾ ਪਰਲੇ ਪੁੱਲ ਪਾ ਪਹੁੰਚੇ।
ਧੀਰੇ ਦੀ ਧਿਰ ਧਕ-ਧਕ ਧੜਕੇ ਧਮਕੇ ਧੌਲੇ ਧੌਂਸੇ।

ਵਗੇ ਵਾਲ਼ ਦਾ ਵਾ-ਵਰੋਲ਼ਾ ਵੀਰੋ ਵਾਰੋ-ਵਾਰੀ।
ਜੇ ਜਹਾਜੇਂ ਜਾਊਗਾ ਜੇਜੀ ਜੰਗੇ ਦੀ ਜੰਗ-ਜਾਰੀ।

ਓ ਆਏ ਸੀ ਹੱਕ ਖਾ ਗਏ ਜਾਙਘੀ ਛਿਞਝੇ ਪਰਚੇ।
ਚੱਚਾ ਚਰਨੇ ਚਾਚਾ-ਚਾਚੀ ਚਾਹੁੰਦੇ ਤੇਰੇ ਚਰਚੇ।

ਜੰਗਲ ਬਣਾਉਣ ਸਵਰਗ

ਜੰਗਲਾਂ ਦੀ ਭਰਮਾਰ ਧਰਤ ਨੂੰ ਸਵਰਗ ਬਣਾਉਂਦੀ ਹੈ।
ਪੌਦਿਆਂ ਦੀ ਅਣਹੋਂਦ ਬੜੇ ਨੁਕਸਾਨ ਪਹੁੰਚਾਉਂਦੀ ਹੈ।

ਵਧ ਜਾਂਦੀ ਏ ਗਰਮੀ ਵਰਖਾ ਬਿਲਕੁਲ ਪੈਂਦੀ ਨਹੀਂ।
ਜਲਵਾਯੂ ਦੇ ਵਿੱਚ ਜ਼ਰਾ ਵੀ ਤਾਕਤ ਰਹਿੰਦੀ ਨਹੀਂ।
ਦਰਿਆਵਾਂ ਵਿੱਚ ਹੜ੍ਹਾਂ ਦੀ ਆਮਦ ਕਹਿਰ ਮਚਾਉਂਦੀ ਹੈ।
ਪੌਦਿਆਂ ਦੀ ਅਣਹੋਂਦ.........................।

ਜੰਗਲ ਕੱਟੇ ਜਾਵਣ ਜੰਗਲੀ ਜਾਨਵਰ ਮਰ ਜਾਂਦੇ।
ਧਰਤੀ ਦੀ ਜੋ ਰੌਣਕ ਮਿਟਕੇ ਸੁੰਨਾ ਕਰ ਜਾਂਦੇ।
ਜੀਵਨ ਫਿਕਾ ਹੋ ਜਾਂਦਾ ਇਹ ਬਪਤਾ ਆਉਂਦੀ ਏ।
ਪੌਦਿਆਂ ਦੀ ਅਣਹੋਂਦ.........................।

ਵਾਯੂ ਮੰਡਲ ਪ੍ਰਦੂਸ਼ਿਤ ਹੋ ਜਾਂਦੇ ਝੱਟ ਬਈ।
ਘਟ ਜਾਂਦੀ ਆਕਸੀਜਨ ਵਧਦੇ ਦੂਸ਼ਿਤ ਤੱਤ ਬਈ।
ਧਰਤੀ ਤੇ ਹਰਿਆਲੀ ਵੇਖਣ ਵਿੱਚ ਨਾ ਆਉਦੀ ਏ।
ਪੌਦਿਆਂ ਦੀ ਅਣਹੋਂਦ.........................।

ਰੁੱਖਾਂ ਦਾ ਤਿਓਹਾਰ
ਵਣ ਮਹਾਂਉਤਸਵ

ਧਰਤੀ ਮਾਂ ਨੂੰ ਸਵਰਗ ਬਣਾਓ।
ਰੁੱਖਾਂ ਦਾ ਤਿਓਹਾਰ ਮਨਾਓ।

ਵਣ ਮਹਾਂਉਤਸਵ ਨਾਮ ਹੈ ਜਿਸਦਾ।
ਬੜਾ ਮਹੱਤਵ ਅੱਜ ਹੈ ਇਸਦਾ।
ਖਾਲੀ ਥਾਵਾਂ ਵਿੱਚ ਰੁੱਖ ਲਗਾਓ।
ਰੁੱਖਾਂ ਦਾ..........................।

ਇਕ ਬਣਾਓ ਕਰਨੀ ਕਹਿਣੀ।
ਲਾ ਕੇ ਪੰਚਵਟੀ ਤ੍ਰਿਵੈਣੀ।
ਜੁੱਗਾਂ ਤੀਕਰ ਨਾਮ ਕਮਾਓ।
ਰੁੱਖਾਂ ਦਾ.........................।

ਸੜਕਾਂ ਕੰਢੇ ਖੇਤਾਂ ਦੁਆਲੇ।
ਗਮਲਿਆਂ ਦੇ ਵਿੱਚ ਪਿੰਡ ਵਿਚਾਲੇ।
ਹਰਿਆਵਲ ਵਿੱਚ ਹਿੱਸਾ ਪਾਓ।
ਰੁੱਖਾਂ ਦਾ .........................।

ਲਾਉਣਾ ਰੁੱਖ ਤੇ ਪਾਉਣਾ ਪਾਣੀ।
ਛਾਂਗ ਛੰਗਾਈ ਵੀ ਅਪਣਾਉਣੀ।
ਚਾਰ-ਚੰਨ ਕੁਦਰਤ ਨੂੰ ਲਾਓ।
ਰੁੱਖਾਂ ਦਾ.........................।

ਹਥਣੀ ਦਾ ਚਰਖਾ

ਜੰਗਲ ਦੇ ਵਿੱਚ ਹੋਈ ਚਰਚਾ।
ਹੱਥਣੀ ਰਾਣੀ ਲਿਆਂਦਾ ਚਰਖਾ।
ਕੱਢ ਕੇ ਦਿਲ ਦੇ ਵਿੱਚੋਂ ਸੀ ਡਰ।
ਦੇਖਣ ਆਏ ਸਾਰੇ ਜਾਨਵਰ।
ਹਥਣੀ ਦੇ ਹੋਏ ਆਲੇ ਦੁਆਲੇ।
ਕਹਿੰਦੇ ਹੋਗੇ ਅੱਜ ਕਮਾਲੇ।
ਹਥਣੀ ਨੂੰ ਪਏ ਦੇਣ ਵਧਾਈਆਂ।
ਦੱਸ ਕਿੱਥੋਂ ਇਹ ਦਾਤਾਂ ਪਾਈਆਂ?
ਕਹਿੰਦੀ ਮੇਰੇ ਮਾਪਿਆਂ ਦਿੱਤਾ।
ਮੇਰੇ ਤੇ ਉਪਕਾਰ ਹੈ ਕੀਤਾ।
ਕਹਿੰਦੇ ਧੀਏ ਰਹੀਂ ਨਾ ਵੇਹਲੀ।
ਕਾਮੇ ਦਾ ਹੈ ਅੱਲਾ ਬੇਲੀ।
ਚੰਗਾ ਹੁਣ ਮੈਂ ਚਰਖਾ ਡਾਹਲਾਂ।
ਕੱਤਾਂ ਪੂਣੀ ਗਲੋਟੇ ਲਾਹ ਲਾਂ।
ਜਦ ਹਥਣੀ ਨੇ ਦਿੱਤੀ ਗੇੜੀ।
ਜੰਗਲ ਦੇ ਵਿੱਚ ਆਈ ਹਨੇਰੀ।
ਗੂੰਜ ਪਈ ਜਦ ਚਾੜ੍ਹੀ ਤੰਦ।
ਕੰਨ ਹੋਏ ਸਭਨਾਂ ਦੇ ਬੰਦ।
ਅੱਗੇ ਪਿੱਛੇ ਭੱਜੀ ਜਾਵਣ।
ਇੱਕ ਦੂਜੇ ਵਿੱਚ ਵੱਜੀ ਜਾਵਣ।
ਸਾਰੇ ਮੱਚਗੀ ਹਾਹਾਕਾਰ।
ਬਖਸ਼ੀਂ ਦੇਵੀ ਕਰਨ ਪੁਕਾਰ।
ਹਥਣੀ ਨੇ ਜਦ ਰੋਕੀ ਬਾਂਹ।
ਸਭ ਦੇ ਆਏ ਸਾਹ ਵਿੱਚ ਸਾਹ।

ਗਿਣਤੀ ਦਾਦਾ-ਦਾਦੀ ਦੀ

ਇੱਕ ਦੋ ਤਿੰਨ ਨਾਲ ਲੜਿਆ ਚਾਰ।
ਪੰਜ ਛੇ ਨੂੰ ਚੜ੍ਹ ਗਿਆ ਬੁਖਾਰ।
ਦਾਦੀ ਮੇਰੀ ਤਾਜ ਮਹਿਲ,
ਦਾਦਾ ਮੇਰਾ ਕੁੱਤਬ ਮੀਨਾਰ।
ਸੱਤ ਅੱਠ ਨੌਂ ਨੇ ਖੇਡੀ ਤਾਸ।
ਦਸ ਗਿਆਰਾਂ ਸੀ ਬੈਠੇ ਪਾਸ।
ਦਾਦੀ ਮੇਰੀ ਸਰਸਵਤੀ,
ਦਾਦਾ ਮੇਰਾ ਵੇਦ ਵਿਆਸ।
ਬਾਰਾਂ ਤੇਰਾਂ ਮਾਂ ਜਾਏ ਵੀਰ।
ਚੌਦ੍ਹਾਂ ਪੰਦਰ੍ਹਾਂ ਨੇ ਖੰਡ-ਖੀਰ।
ਦਾਦਾ ਮੇਰਾ ਰਾਵੀ ਦਰਿਆ,
ਦਾਦੀ ਮੇਰੀ ਗੰਗਾ ਨੀਰ।
ਸੋਲ੍ਹਾਂ ਸਤਾਰ੍ਹਾਂ ਮਾਂ ਦੇ ਚੰਦ।
ਅਠਾਰਾਂ ਉੱਨੀ ਵੀਹ ਨੇ ਫਰਜੰਦ।
ਦਾਦਾ ਮੇਰਾ ਹਿਮਾਲਾ ਪਰਬਤ।
ਦਾਦੀ ਮੇਰੀ ਚੀਨ ਦੀ ਕੰਧ।

ਬੱਬਰ ਸ਼ੇਰ ਦੀ ਸ਼ਾਦੀ

ਬੱਬਰ ਸ਼ੇਰ ਦੀ ਸ਼ਾਦੀ ਸੀ।
ਸਭਨਾਂ ਦੀ ਬਰਬਾਦੀ ਸੀ।
ਕਿਉਂਕਿ ਉਸਦਾ ਔਡਰ ਸੀ।
ਟੁੱਟਣੀ ਸਭ ਦੀ ਚੌਧਰ ਸੀ।
ਲਾ ’ਤਾ ਉਸਨੇ ਪਰਚਾ ਸੀ।
ਸਭ ਨੇ ਕਰਨਾ ਖਰਚਾ ਸੀ।
ਖਰਚਾ ਵੀ ਬੜਾ ਭਾਰੀ ਸੀ।
ਮਰਨਾ ਜੇ ਇਨਕਾਰੀ ਸੀ।
ਸਭ ਦੇ ਪਿੱਸੂ ਪੈਗੇ ਸੀ।
ਡਰਕੇ ਖੂੰਜੇ ਬਹਿਗੇ ਸੀ।
ਜ਼ਿਰਾਫ ਭੇੜੀਆ ਗਿੱਦੜ ਸੀ।
ਚੀਤਾ ਭਾਲੂ ਲੂੰਬੜ ਸੀ।
ਗੈਂਡਾਂ ਬਾਘ ਤੇ ਬਾਂਦਰ ਸੀ।
ਪੰਡਾ ਕੰਗਾਰੂ ਸੂਅਰ ਸੀ।
ਸਾਰੇ ਕੱਠੇ ਹੋਏ ਸੀ।
ਸ਼ਾਹੂਕਾਰ ਕੋਲ ਰੋਏ ਸੀ।
ਉੱਚੀ ਭੁੱਬਾਂ ਮਾਰਦੇ ਸੀ।
ਕਰਜ਼ਾ ਦਿਉ ਪੁਕਾਰਦੇ ਸੀ।
ਤਰਸ ਲਾਲੇ ਨੂੰ ਆ ਗਿਆ ਸੀ।
ਹਾਂ ਵਿੱਚ ਸਿਰ ਹਿਲਾ ਗਿਆ ਸੀ।
ਸ਼ੇਰ ਸ਼ਰਾਬੀ ਹੋਇਆ ਸੀ।
ਆਪਣਾ ਆਪਾ ਖੋਇਆ ਸੀ।
ਵਿੱਚ ਗਰਿੱਡ ਦੇ ਵੜ ਗਿਆ ਸੀ।
ਲਾਈਟ ਲੱਗ ਕੇ ਸੜ ਗਿਆ ਸੀ।
ਆਏ ਮਕਾਣ ਤੇ ਸਾਰੇ ਸੀ।
ਲਾਲਾ ਖੜਾ ਪੁਕਾਰੇ ਸੀ।
ਕਹਿੰਦਾ ਕਰਜ਼ਾ ਲੈ ਲਓ ਬਈ।
ਆ ਕੇ ਨੋਟ ਗਿਣਾ ਲਓ ਬਈ।
ਕਹਿੰਦੇ ਸ਼ੇਰ ਤਾਂ ਮਰ ਗਿਆ ਜੀ।
ਹੁਣ ਤਾਂ ਸਾਡਾ ਸਰ ਗਿਆ ਜੀ।

ਕੇਲਾ ਪ੍ਰਧਾਨ

ਦੇਖ ਬਦਰੰਗੀ ਫਲ ਫੁੱਲ ਸੜੀ ਜਾਣ।
ਕਰੇਲੇ ਦੀ ਸ਼ਾਦੀ ਵਿੱਚ ਕੇਲਾ ਪ੍ਰਧਾਨ।

ਭਿੰਡੀ ਕਹੇ ਟਿੰਡੀਏ ਨੀ! ਸਾਡੀ ਕੀ ਔਕਾਤ।
ਆਲੂਆ-ਕਚਾਲੂਆ ਵੇ! ਆਗੀ ਗੈਰ ਜਾਤ।
ਮਟਰਾਂ-ਟਮਾਟਰਾਂ ਦੇ ਟੁਟਗੇ ਨੇ ਮਾਣ।
ਕਰੇਲੇ ਦੀ ਸ਼ਾਦੀ........................

ਖੁੰਭੀਆਂ ਅਰਬੀਆਂ ਦਾ ਗੁੱਸਾ ਨੀ ਜੇ ਘੱਟ।
ਗਾਜਰਾਂ ਪਿਆਜਰਾਂ ਨੇ ਪਾਏ ਮੱਥੇ ਵੱਟ।
ਮੂੰਗਰੀਆਂ ਸੀਂਗਰੀਆਂ ਗੀਤ ਨਾ ਕੋਈ ਗਾਣ।
ਕਰੇਲੇ ਦੀ ਸ਼ਾਦੀ........................

ਫੁੱਲ ਗੋਭੀ ਬੰਦ ਗੋਭੀ ਨ੍ਹਾਸਾਂ ਫੁਰਕਾਉਣ।
ਤੋਰੀਆਂ ਤੇ ਖੀਰਿਆਂ ਦੀ ਸੁੱਧ ਲਵੇ ਕੌਣ।
ਅਦਰਕਾਂ ਪਾਲਕਾਂ ਨੇ ਛੱਡ ਦਿੱਤਾ ਖਾਣ।
ਕਰੇਲੇ ਦੀ ਸ਼ਾਦੀ........................

ਸਬਜੀਆਂ ਭਾਜੀਆਂ ਦਾ ਖੇਹ ਹੋਇਆ ਖੇਲ੍ਹ।
ਸਾਰੇ ਕਹਿੰਦੇ ਕੇਲੇ ਤੇ ਕਰੇਲੇ ਦਾ ਕੀ ਮੇਲ।
ਚੁਕੰਦਰ ਤੇ ਜ਼ਿਮੀਂਕੰਦ ਆਣ ਸਮਝਾਣ।
ਕਰੇਲੇ ਦੀ ਸ਼ਾਦੀ...........................

ਕੌਡੀ ਬਾਡੀ ਦੀ ਗੁਲੇਲ

ਕੌਡੀ ਬਾਡੀ ਦੀ ਗੁਲੇਲ।
ਭੰਨਾਂ ਗੋਡੇ ਲਾਵਾਂ ਤੇਲ।
ਛੱਡਾਂ ਖੇਲ ਅੰਗਰੇਜ਼ੀ,
ਸਦਾ ਖੇਲਾਂ ਦੇਸੀ ਖੇਲ੍ਹ।
ਬੈਟ ਬੌਲ ਤੇ ਵਿਕਟ।
ਛੱਡਾਂ ਖੇਲ ਕ੍ਰਿਕਟ।
ਖਾਵਾਂ ਵਧੀਆ ਖੁਰਾਕ।
ਬਣਾ ਸਿਰੇ ਦਾ ਦੌੜਾਕ।
ਪੀਵਾਂ ਦੁੱਧ ਘੀ ਬਦਾਮ।
ਬਣ ਜਾਵਾਂ ਪਹਿਲਵਾਨ।
ਕਰਾਂ ਯੋਗਾ ਕਸਰਤ।
ਬਣਾ ਰਿਸ਼ਟ-ਪੁਸ਼ਟ।
ਖਾਵਾਂ ਫਲ ਤੇ ਸਲਾਦ।
ਰਹਾਂ ਰੋਗਾਂ ਤੋਂ ਆਜ਼ਾਦ।
ਰੱਖਾਂ ਮਨ 'ਚ ਵਤਨ।
ਲਵਾਂ ‘ਭਾਰਤ ਰਤਨ'।
ਲੋਕੀਂ ਕਹਿਣ ਬਿੰਦ ਬਿੰਦ।
ਜੈ ਹਿੰਦ! ਜੈ ਹਿੰਦ! ਜੈ ਹਿੰਦ!!

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਪੁਆਧੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ