Punjabi Kavita
  

Kasumbhara Professor Mohan Singh

ਕਸੁੰਭੜਾ ਪ੍ਰੋਫੈਸਰ ਮੋਹਨ ਸਿੰਘ

1. ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ

ਜਦ ਨਜ਼ਰ ਫੁੱਲਾਂ ਦੇ ਨਾਲ ਲੜੀ,
ਖੁਸ਼ਬੂ ਇਹਨਾਂ ਦੀ ਮਗਜ਼ ਚੜ੍ਹੀ,
ਰਹੀ ਹੱਥ ਵਿਚ ਘੁੰਡ ਦੀ ਚੂਕ ਫੜੀ,
ਅਸੀਂ ਏਥੇ ਹੀ ਗਏ ਭੁੱਲ ਸੋਹਣੇ,
ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ ।

ਤੇਰੇ ਘੁੰਡ ਦੀ ਵੇਖ ਬਹਾਰ ਸਜਨ,
ਤੇਰੇ ਮੁਖ ਲਈ ਕੀਤੇ ਤਿਆਰ ਸਜਨ,
ਹੰਝੂਆਂ ਦੇ ਢੋਏ ਹਜ਼ਾਰ ਸਜਨ,
ਸਾਥੋਂ ਰਾਹ ਵਿਚ ਹੀ ਗਏ ਡੁਲ੍ਹ ਸੋਹਣੇ ।
ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ ।

ਹੁਣ ਭਾਵੇਂ ਬੋਲ ਨਾ ਬੋਲ ਸਜਨ,
ਘੁੰਡ ਖੋਹਲ ਭਾਵੇਂ ਨਾ ਖੋਹਲ ਸਜਨ,
ਬਹਿ ਵੰਜੀਏ ਤੇਰੇ ਕੋਲ ਸਜਨ,
ਸਾਨੂੰ ਏਨੀ ਹੀ ਦੇ ਛਡ ਖੁਲ੍ਹ ਸੋਹਣੇ,
ਤੇਰੇ ਘੁੰਡ ਤੇ ਚਿਤਰੇ ਫੁੱਲ ਸੋਹਣੇ ।

2. ਕੁੜੀ ਪੋਠੋਹਾਰ ਦੀ

ਸਿਰ ਤੇ ਚੁੱਕੀ ਪੰਡ ਘਾਹ ਦੀ,
ਪੈਲਾਂ ਪਾਂਦੀ,
ਝੋਲੇ ਖਾਂਦੀ, ਆਈ ਕੁੜੀ ਪੋਠੋਹਾਰ ਦੀ ।
ਸਾਵੇ ਸਾਵੇ ਘਾਹ ਦੇ ਥੱਬੇ,
ਵਿਚ ਵਿਚ ਝਾਕਣ ਨੀਲੇ ਪੀਲੇ
ਫੁੱਲ ਪਟਾਕੀ ਤੇ ਸਰਹੋਂ ਦੇ;

ਹਰੀਆਂ ਹਰੀਆਂ, ਲੰਮੀਆਂ ਲੰਮੀਆਂ,
ਘਾਹ ਦੀਆਂ ਤਣੀਆਂ,
ਲਮਕ ਲਮਕ ਕੇ ਮੂੰਹ ਤੇ ਪਈਆਂ,

ਘੂੰਗਟ ਵਾਂਗੂੰ-
ਐਸਾ ਜਾਲ ਉਹਨਾਂ ਨੇ ਬੁਣਿਆ,
ਝਲਕ ਨਾ ਪਈ ਨੁਹਾਰ ਦੀ ।

ਥਿਗੜੀਆਂ ਵਾਲੀ ਸੁੱਥਣ ਕੁੰਜ ਕੇ
ਫੜ ਕੇ ਮੇਰੀ ਬਾਂਹ,
ਠਿਲ੍ਹ ਪਈ ਸੁਹਾਂ, ਕੁੜੀ ਪੋਠੋਹਾਰ ਦੀ ।

ਗਿੱਟਿਆਂ ਤਾਣੀ, ਗੋਡਿਆਂ ਤਾਣੀ,
ਲੱਕ ਲੱਕ ਤਾਣੀ, ਚੜ੍ਹ ਗਿਆ ਪਾਣੀ;

ਲੱਕ ਲੱਕ ਤਾਣੀ, ਗੋਡਿਆਂ ਤਾਣੀ,
ਗਿੱਟਿਆਂ ਤਾਣੀ, ਲਹਿ ਗਿਆ ਪਾਣੀ;

ਅੰਬੀਂ ਲੁਕੀ ਕੋਇਲ ਵਾਂਗੂੰ,
'ਵੀਰਾ ਜੀਨਾ ਰਹਂੇ' ਆਖ ਕੇ,
ਛਡ ਗਈ ਮੇਰੀ ਬਾਂਹ, ਕੁੜੀ ਪੋਠੋਹਾਰ ਦੀ ।

ਰੇਤੇ ਉਤੇ, ਪੰਛੀਆਂ ਵਾਂਗਰ
ਪੈਰਾਂ ਦੀ ਜ਼ੰਜੀਰ ਟੁਕਦੀ,
ਢੱਕੀ ਤੇ ਚੜ੍ਹ ਗਈ, ਕੁੜੀ ਪੋਠੋਹਾਰ ਦੀ ।

ਲੰਮਾ ਪਤਲਾ ਬੁੱਤ ਓਸ ਦਾ,
ਬ੍ਰਿਛਾਂ ਦੇ ਵਿਚ ਬ੍ਰਿਛ ਹੋ ਗਿਆ,
ਨਾ ਮੈਂ ਤੱਕਿਆ ਮੂੰਹ ਉਸ ਦੇ ਨੂੰ,
ਨਾ ਉਸ ਤੱਕਿਆ ਮੂੰਹ ਮੇਰੇ ਨੂੰ,
ਪਰ ਹਾਲੇ ਨਾ ਭੁੱਲੇ ਮੈਨੂੰ,
ਉਸ ਦੀ ਇਕ ਛੁਹ ਪਿਆਰ ਦੀ ।
ਗ਼ਮਾਂ ਦੁਖਾਂ ਹੰਝੂਆਂ ਦਾ ਪਾਣੀ,
ਚੜ੍ਹਦਾ ਆਵੇ, ਲੱਕ ਲੱਕ ਤਾਣੀ,
ਗਲ ਗਲ ਤਾਣੀ, ਸਿਰ ਸਿਰ ਤਾਣੀ,

ਝੱਗ ਵਗਾਂਦਾ, ਪੈਰ ਉਖੜਾਂਦਾ-
ਸਿਰ ਤੇ ਚੁੱਕੀ ਪੰਡ ਘਾਹ ਦੀ,
ਪੈਲਾਂ ਪਾਂਦੀ,
ਝੋਲੇ ਖਾਦੀ,
'ਵੀਰਾ ਜੀਨਾ ਰਹਂੇ' ਬੁਲਾਂਦੀ,
ਆ ਕੇ ਫੜ ਲਏ ਮੇਰੀ ਬਾਂਹ,
ਤੇ ਧੂੰਹਦੀ ਧੂੰਹਦੀ ਲਾ ਜਾਏ ਮੈਨੂੰ ਪਾਰ,
ਕੁੜੀ ਪੋਠੋਹਾਰ ਦੀ ।

3. ਭਗਤੀ

ਸੁੱਤੇ ਸੁੱਤੇ ਸਰਾਂ ਦੇ ਪਾਣੀਆਂ ਕਿਨਾਰੇ,
ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਛਾਵੇਂ,
ਚੰਗੇ ਤਾਂ ਲਗਦੇ ਮੈਨੂੰ ਭਗਤੀ-ਹੁਲਾਰੇ,
ਗੀਤ ਵਜਦ ਵਿਚ ਗਾਵੇ;

ਪਰ ਜਦ ਮੈਂ ਵੇਖਾਂ ਵਤਨੀ ਪਿਆਰੇ,
ਨੀਵੇਂ, ਨਿਹੱਥੇ, ਨਿਤਾਣੇ,
ਸਦੀਆਂ ਤੋਂ ਚੁੱਕੀ ਗ਼ੁਲਾਮੀ ਦੇ ਭਾਰੇ,
ਦੁੱਖਾਂ ਤੇ ਭੁੱਖਾਂ, ਰੰਜਾਣੇ,

ਪੁੱਛਾਂ ਮੈਂ-ਕੀ ਇਹ ਭਗਤੀ ਹੁਲਾਰੇ ?
ਕੀ ਇਹ ਰਸਮਾਂ ਤੇ ਰੀਤਾਂ ?
ਦੇ ਕੇ ਭਰਾਵਾਂ ਨੂੰ ਸਵਰਗਾਂ ਦੇ ਲਾਰੇ,
'ਕਲੀਆਂ ਅਨੰਤ ਨਾਲ ਪ੍ਰੀਤਾਂ ?

ਕਿਸ ਕੰਮ ਆਖ਼ਰ ਇਹ ਸਾਧਾਂ ਦੇ ਮਨੂੰਏਂ ?
ਕਿਸ ਕੰਮ ਲਿਵਾਂ ਤੇ ਤਾਰਾਂ ?
ਭਿੱਜਣ ਨਾ ਜੇ ਉਹ ਗ਼ਰੀਬਾਂ ਦੇ ਹੰਝੀਂ,
ਟੁੱਟਣ ਨਾ ਸੁਣਕੇ ਪੁਕਾਰਾਂ ?

4. ਆਓ ਨੱਚੀਏ

ਆਓ ਹਿੰਦੀਓ ਰਲ ਛੋਹੀਏ,
ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ ।

ਪਰਦੇ ਚਾਈਏ, ਘੁੰਗਟ ਲਾਹੀਏ,
ਨੱਚੀਏ ਨਾਲੋ ਨਾਲ ਵਲੇ ।

ਦੇਸ਼-ਪਿਆਰ ਦੀ ਮਦਰਾ ਪੀ ਕੇ,
ਹੋਈਏ ਮਸਤ ਬੇਹਾਲ ਵਲੇ ।

ਵਲ ਵਲ ਆਈਏ ਕਲਾਵੇ ਕਰਦੇ,
ਘੁਟ ਘੁਟ ਲਗੀਏ ਨਾਲ ਵਲੇ ।

ਕਾਲੇ ਨੱਚਣ, ਗੋਰੇ ਨੱਚਣ,
ਨੱਚਣ ਅਮੀਰ ਕੰਗਾਲ ਵਲੇ ।

ਹਿੰਦੂ ਨੱਚਣ ਮੁਸਲਿਮ ਨੱਚਣ,
ਕੰਮੀਂ ਤੇ ਚਮਰਾਲ ਵਲੇ ।

ਕੁੜੀਆਂ ਤੇ ਮੁਟਿਆਰਾਂ ਨੱਚਣ,
ਨੱਚਣ ਬੁੱਢੇ ਬਾਲ ਵਲੇ ।

ਚੂੜ੍ਹੀਆਂ ਤੇ ਚਮਰੇਟੀਆਂ ਨੱਚਣ,
ਨੱਚ ਨੱਚ ਹੋਣ ਬੇਹਾਲ ਵਲੇ ।

ਛੱਡ ਮਸੀਤਾਂ ਮੁੱਲਾਂ ਨੱਚਣ,
ਕਰਦੇ ਹਾਲੋ ਹਾਲ ਵਲੇ ।

ਪਾੜ ਬਗਲੀਆਂ ਜ਼ਾਹਦ ਨੱਚਣ,
ਸੂਫ਼ੀ ਮਾਰਨ ਛਾਲ ਵਲੇ ।

ਧੋਤੀ ਟੰਗਦੇ ਬਾਹਮਣ ਨੱਚਣ,
ਢਹਿ ਢਹਿ ਪੈਣ ਚੁਫ਼ਾਲ ਵਲੇ ।

ਭਾਈ ਨੱਚਣ, ਜੋਗੀ ਨੱਚਣ,
ਮਸਤ ਮਲੰਗਾਂ ਦੇ ਹਾਲ ਵਲੇ ।

ਨੱਚਣ ਮਸੀਤਾਂ, ਮੰਦਰ ਨੱਚਣ,
ਨੱਚਣ ਠਾਕਰ ਦਵਾਲ ਵਲੇ ।

ਨੱਚਣ ਗ੍ਰੰਥ, ਕਤੇਬਾਂ ਨੱਚਣ,
ਵੇਦ ਵੀ ਨੱਚਣ ਨਾਲ ਵਲੇ ।

ਨੱਚਣ ਸੰਖ ਤੇ ਬਾਂਗਾਂ ਨੱਚਣ,
ਨੱਚਣ ਟਲ ਘੜਿਆਲ ਵਲੇ ।

ਟਿੱਕੇ ਨੱਚਣ, ਜੰਞੂ ਨੱਚਣ,
ਤਸਬੀ ਤੇ ਜਪਮਾਲ ਵਲੇ ।

ਦੋਜ਼ਖ ਨੱਚਣ, ਜੱਨਤ ਨੱਚਣ,
ਹੂਰਾਂ ਦੇਵਣ ਤਾਲ ਵਲੇ ।

ਨਾਨਕ, ਰਾਮ, ਮੁਹੰਮਦ ਨੱਚਣ,
ਨੱਚਣ ਕ੍ਰਿਸ਼ਨ ਗੁਪਾਲ ਵਲੇ ।

ਜਿਉਂ ਜਿਉਂ ਨਾਚ ਤ੍ਰਿਖਾ ਹੋਵੇ,
ਜਿਉਂ ਜਿਉਂ ਚਮਕੇ ਚਾਲ ਵਲੇ ।

ਸ਼ਹੁ ਸਾਗਰ ਦੀਆਂ ਲਹਿਰਾਂ ਵਾਂਗਰ,
ਬਾਹਾਂ ਖਾਣ ਉਛਾਲ ਵਲੇ ।

ਛਣਕਣ ਚੂੜੇ, ਛਣਕਣ ਬੀੜੇ,
ਛਣਕਣ ਵੰਗਾਂ ਨਾਲ ਵਲੇ ।

ਉੱਡਣ ਚੁੰਨੀਆਂ, ਪਾਟਣ ਬੁਰਕੇ,
ਗਲ ਵਿਚ ਖੁਲ੍ਹਣ ਵਾਲ ਵਲੇ ।

ਉੱਛਲ ਗੰਗਾ ਦੀਆਂ ਲਹਿਰਾਂ ਮਾਰਨ,
ਜ਼ਮਜ਼ਮ ਦੇ ਵਿਚ ਛਾਲ ਵਲੇ ।

ਬਾਹਮਣ ਦੇ ਗਲ ਜੰਞੂ ਹੋਵਣ,
ਚਮਰੇਟੀ ਦੇ ਵਾਲ ਵਲੇ ।

ਟੁੱਟਣ ਲੱਕ ਤੇ ਮੱਚਣ ਗਿੱਧੇ,
ਪੈਰ ਉਠਣ ਇਕ ਤਾਲ ਵਲੇ ।

ਲੱਖ ਨੈਣਾਂ ਦੀ ਸਾਂਝੀ ਚਮਕਣ,
ਬਲੇ ਲੱਖ ਮਸ਼ਾਲ ਵਲੇ ।

ਲੱਖ ਦਿਲਾਂ ਦੀ ਸਾਂਝੀ ਧੜਕਣ,
ਲਿਆਵੇ ਕੋਈ ਭੁਚਾਲ ਵਲੇ ।

ਲੱਖ ਬੁੱਲ੍ਹੀਆਂ ਦਾ ਸਾਂਝਾ ਹਾਸਾ,
ਬਿਜਲੀ ਦਏ ਵਿਖਾਲ ਵਲੇ ।

ਲੱਖ ਜ਼ੁਲਫ਼ਾਂ ਦੀ ਸਾਂਝੀ ਬਣਤਰ,
ਬਣ ਜਾਏ ਸਾਂਝਾ ਜਾਲ ਵਲੇ ।

ਇਕ ਵੇਰਾਂ ਜੇ ਰਲ ਕੇ ਹਿੰਦੀਉ,
ਨੱਚ ਪਉ ਏਦਾਂ ਨਾਲ ਵਲੇ ।

ਕਿਉਂ ਨਾ ਹੋਣ ਫਿਰ ਸੱਚੇ ਤੁਹਾਡੇ,
ਸੁਪਨੇ ਅਤੇ ਖ਼ਿਆਲ ਵਲੇ ।

5. ਕੋਈ ਤੋੜੇ ਵੇ ਕੋਈ ਤੋੜੇ

ਕੋਈ ਤੋੜੇ ਵੇ ਕੋਈ ਤੋੜੇ !
ਮੇਰੀ ਵੀਣੀ ਨੂੰ ਮਚਕੋੜੇ !

ਮੈਂ ਕੱਜਾਂ ਕਿਵੇਂ ਜਵਾਨੀ ?
ਨਹੀਂ ਲੁਕਦੀ ਇਹ ਦੀਵਾਨੀ,
ਮੈਂ ਹੋ ਚਲੀ ਆਂ ਬਉਰਾਨੀ,
ਮੈਨੂੰ ਬਾਗ ਜਾਪਦੇ ਸੌੜੇ,
ਕੋਈ ਤੋੜੇ ਵੇ ਕੋਈ ਤੋੜੇ !

ਮੈਂ ਭਰੀ ਸ਼ਰਾਬ ਸੁਰਾਹੀਆਂ,
ਫੁਟ ਕੇ ਵਗਣ ਤੇ ਆਈਆਂ,
ਛੇਤੀ ਬੁਲ੍ਹੀਆਂ ਤਰਹਾਈਆਂ,
ਕੋਈ ਨਾਲ ਓਸ ਦੇ ਜੋੜੇ;
ਕੋਈ ਤੋੜੇ ਵੇ ਕੋਈ ਤੋੜੇ !

ਵਾਯੂ ਦੇ ਸੁਹਲ ਝੁਲਾਵੇ,
ਤਿਤਲੀ ਦੇ ਨਰਮ ਕਲਾਵੇ,
ਮੇਰੇ ਜੀ ਨੂੰ ਕੋਈ ਨਾ ਭਾਵੇ,
ਮੈਨੂੰ ਸਖ਼ਤ ਹੱਥਾਂ ਦੀ ਲੋੜ ਏ,
ਕੋਈ ਤੋੜੇ ਵੇ ਕੋਈ ਤੋੜੇ !

ਜੋਬਨ ਦਾ ਜੋਸ਼ ਅਖ਼ੀਰਾਂ,
ਮੈਨੂੰ ਕਰ ਰਿਹਾ ਲੀਰਾਂ ਲੀਰਾਂ,
ਮੈਂ ਵਿਚ ਖੇੜਿਆਂ ਹੀਰਾਂ,
ਕੋਈ ਚਾਕ ਮੇਰੇ ਨੂੰ ਮੋੜੇ,
ਕੋਈ ਤੋੜੇ ਵੇ ਕੋਈ ਤੋੜੇ !

ਘਲ ਘਲ ਲਪਟਾਂ ਦੇ ਸੱਦੇ,
ਮੈਂ ਖ਼ਬਰ ਕੀਤੀ ਜਗ ਅੱਧੇ,
ਆ ਗਏ ਸ਼ਾਇਰ ਹੱਥ-ਬੱਧੇ,
ਸਨ ਅਗੇ ਪੁਜਾਰੀ ਥੋਹੜੇ ?
ਕੋਈ ਤੋੜੇ ਵੇ ਕੋਈ ਤੋੜੇ !

ਮੈਂ ਲੱਖ ਪੱਤਿਆਂ ਵਿਚ ਖੱਲੀ,
ਪਈ ਫਿਰ ਵੀ ਮਰਾਂ ਇਕੱਲੀ,
ਮੈਂ ਚੱਲੀ ਵੇ ਮੈਂ ਚੱਲੀ !
ਕੋਈ ਬੌਹੜੇ ! ਵੇ ਕੋਈ ਬੌਹੜੇ !!
ਮੇਰੀ ਵੀਣੀ ਨੂੰ ਮਚਕੋੜੇ !

ਕੋਈ ਤੋੜੇ ਵੇ ਕੋਈ ਤੋੜੇ !

6. ਬੇ ਵੱਡੀ

ਬੈਠੀ ਹੈ ਬੇ ਵੱਡੀ ਮੇਰੀ,
ਮੰਜੇ ਉਤੇ ਮਾਰ ਚੌਕੜੀ;
ਪੈਰਾਂ ਦੇ ਰੱਤ-ਹੀਣ ਨਵ੍ਹਾਂ ਤੋਂ
ਚਾਂਦੀ-ਰੰਗੇ ਕੇਸਾਂ ਤੀਕਰ,
ਛੁਟ ਬੁੱਲ੍ਹਾਂ ਦੀ ਫੁਰ ਫੁਰ ਦੇ,
ਕੋਈ ਅੰਗ ਨਾ ਉਸ ਦਾ ਹਿਲਦਾ ।
ਕਰਮ ਖੰਡਾਂ ਤੇ ਜੋਰ ਖੰਡਾਂ ਤੇ ਸੱਚ ਖੰਡਾਂ ਵਿਚ
ਉੱਡਦਾ ਜਾਪੇ, ਘੁੰਮਦਾ ਜਾਪੇ
ਪੰਛੀ ਉਸ ਦੇ ਦਿਲ ਦਾ ।
ਸ਼ਾਂਤ ਅਡੋਲ ਅਹਿੱਲ ਸਮਾਧੀ
ਵਿਚ ਗਵਾਚੀ,
ਬੈਠੀ ਹੈ ਬੇ ਵੱਡੀ ਮੇਰੀ ।

ਕੋਲ ਪਈ ਹੈ ਬੱਚੀ ਮੇਰੀ,
ਜਿਸ ਦੀਆਂ ਅਤ ਘਣੀਆਂ ਪਲਕਾਂ ਦੀ
ਸੰਘਣੀ ਛਾਵੇਂ,
ਨੱਚਦੇ ਜਾਪਣ, ਹੌਲੇ ਹੌਲੇ, ਪੋਲੇ ਪੋਲੇ
ਨੀਂਦਰ-ਪਰੀਆਂ ਦੇ ਪਰਛਾਵੇਂ ।
ਅੰਮੀਂ ਦੇ ਬਰਫ਼ਾਨੀ ਸੀਨਿਆਂ ਦੀ ਘਾਟੀ ਵਿਚ
ਮਨ ਉਸ ਦਾ ਮੰਡਲਾਂਦਾ ਜਾਪੇ:
ਅੰਮ੍ਰਿਤ-ਸੋਮਿਆਂ, ਮਾਖਿਓਂ-ਸੋਮਿਆਂ ਤੇ ਦੁੱਧ-ਸੋਮਿਆਂ
ਨੂੰ ਚੁੰਘ ਚੁੰਘ ਕੇ
ਬੁੱਲ੍ਹੀਆਂ ਉਸ ਦੀਆਂ ਲੈਣ ਪਚਾਕੇ ।
ਮਾਂ, ਪਿਉ, ਦੁੱਧ, ਤ੍ਰੈ ਰੱਬਾਂ ਦੀ
ਅਤ ਗੂੜ੍ਹ ਸਮਾਧੀ
ਵਿਚ ਗਵਾਚੀ,
ਘੂਕ ਪਈ ਹੈ ਬੱਚੀ ਮੇਰੀ ।

ਅਭੜਵਾਹੇ ਰੀਂ ਰੀਂ ਕਰਦੀ,
ਜਾਗ ਪਈ ਹੈ ਬੱਚੀ ਮੇਰੀ ।
ਬੇ ਵੱਡੀ ਦੇ ਕਪੜੇ ਧੂੰਹਦੀ,
ਉਮਲ੍ਹ ਉਮਲ੍ਹ ਕੇ ਉਸ ਵਲ ਜਾਂਦੀ,
ਦੋਵੇਂ ਉਸ ਦੀਆਂ ਸੁਹਲ ਕਲਾਈਆਂ,
ਰੋਣ-ਪੀੜ ਵਿਚ ਦੋਹਰੀਆਂ ਹੋਈਆਂ ।
ਰੋ ਰੋ ਕੇ ਬੇਹਾਲ ਹੋ ਗਈ,
ਗੱਲ੍ਹਾਂ ਵਿਚੋਂ ਰੱਤ ਚੋ ਗਈ,
ਪਰ ਬੇ ਵੱਡੀ-
ਸ਼ਾਂਤ, ਅਡੋਲ, ਅਹਿਲ ਸਮਾਧੀ
ਵਿਚ ਗਵਾਚੀ,
ਮੂਲ ਨਾ ਬੋਲੀ,
ਅੱਖ ਨਾ ਖੋਹਲੀ ।

7. ਮੇਰੇ ਗੀਤ

ਮੇਰੀ ਹਿੱਕ ਵਿਚ ਹੁਣ ਨਾ ਸੌਂਣ ਗੀਤ,
ਪਏ ਰਾਤ ਦਿਨੇ ਚਿਚਲਾਉਣ ਗੀਤ ।

ਇਹ ਕਿਤਨਾ ਹੀ ਚਿਰ ਸੰਙਦੇ ਰਹੇ,
ਹਿਕ-ਪਿੰਜਰ ਅੰਦਰ ਜੰਗਦੇ ਰਹੇ,
ਖ਼ਬਰੇ ਕਿੱਦਾਂ ਦਿਨ ਲੰਘਦੇ ਰਹੇ,
ਹੁਣ ਪਲ ਵੀ ਪਲਕ ਨਾ ਲਾਉਣ ਗੀਤ ।

ਇਹ ਚਾਹਣ ਨਿਕਲਣਾ ਖੁਲ੍ਹਣਾ ਹੁਣ,
ਝੱਖੜਾਂ ਦੇ ਵਾਂਗਰ ਝੁਲਣਾ ਹੁਣ,
ਤੇ ਨਾਲ ਕਿਸਮਤਾਂ ਘੁਲਣਾ ਹੁਣ,
ਅਰਸ਼ਾਂ ਨਾਲ ਆਢੇ ਲਾਉਣ ਗੀਤ ।

ਇਹ ਗੀਤ ਨਾ ਕਿਸੇ ਸਜਾਦੀ ਦੇ,
ਨਾ ਹੁਸਨ ਇਸ਼ਕ ਦੀ ਵਾਦੀ ਦੇ,
ਇਹ ਤਾਂ ਨਗ਼ਮੇ ਰੂਹ ਫ਼ਰਿਆਦੀ ਦੇ,
ਦਿਲ ਵਾਲਿਆਂ ਨੂੰ ਤੜਪਾਉਣ ਗੀਤ ।

ਇਹ ਸੁੱਤੀ ਚਿਣਗ ਮਘਾਵਣਗੇ,
ਯੁਵਕਾਂ ਦਾ ਲਹੂ ਗਰਮਾਵਣਗੇ,
ਜ਼ੰਜ਼ੀਰਾਂ ਨੂੰ ਹੱਥ ਪਾਵਣਗੇ ।
ਪਏ ਮਸਤੀ ਦੇ ਵਿਚ ਆਉਣ ਗੀਤ ।

ਇਹ ਚਾਹਣ ਨਵਾਂ ਯੁਗ ਰਚਣਾ ਹੁਣ,
ਤਲਵਾਰਾਂ ਨਾਲ ਪਲਚਣਾ ਹੁਣ,
ਚੜ੍ਹ ਸੂਲੀਆਂ ਉੱਤੇ ਨੱਚਣਾ ਹੁਣ,
ਮੇਰੇ ਮਰਨੋਂ ਨਾ ਘਬਰਾਉਣ ਗੀਤ ।

ਜਦ ਤੀਕਰ ਯੁਵਕ ਨਾ ਜਾਗਣਗੇ,
ਮੇਰੇ ਗੀਤ ਨਾ ਗਾਉਣ ਤਿਆਗਣਗੇ,
ਦਿਨ ਰਾਤ ਉਨੀਂਦੇ ਝਾਗਣਗੇ,
ਨਾ ਸੌਂਣ ਦੇਣ ਨਾ ਸੌਂਣ ਗੀਤ ।

ਮੇਰੀ ਹਿੱਕ ਵਿਚ ਹੁਣ ਨਾ ਸੌਂਣ ਗੀਤ,
ਪਏ ਰਾਤ ਦਿਨੇ ਚਿਚਲਾਉਣ ਗੀਤ ।

8. ਲਿਧਰੀ ਨੂੰ

ਚਲ ਚਲ ਨੀ ਮੇਰੀਏ ਸਹੇਲੀਏ,
ਉਹਨਾਂ ਚੀਲ੍ਹਾਂ ਥੱਲੇ ਖੇਲੀਏ !
ਨੀ ਤੂੰ ਬੇਸ਼ਕ ਲਹਿਰਾਂ-ਵੀਣੀਆਂ,
ਮੇਰੇ ਗਲ ਘਤ ਜੁਗ ਜੁਗ-ਜੀਣੀਆਂ !
ਨੀ ਤੂੰ ਬੇਸ਼ਕ ਹਿੱਕ-ਉਭਾਰ ਨੀ,
ਮੇਰੀ ਹਿੱਕ ਨਾਲ ਲਾ ਲਾ ਠਾਰ ਨੀ !
ਮੇਰੇ ਨਾਲ ਤੂੰ ਖੇਡ ਨਿਸ਼ੰਗ ਨੀ,
ਇਹਨਾਂ ਚੀਲ੍ਹਾਂ ਤੋਂ ਨਾ ਸੰਙ ਨੀ !
ਇਹ ਨਹੀਂ ਦੁਨੀਆਂ ਵਾਂਗਰ ਸੜਦੀਆਂ,
ਸਗੋਂ ਪਿਆਰਾਂ ਨੂੰ ਛਾਂ ਕਰਦੀਆਂ !
ਚਲ ਚਲ ਨੀ ਮੇਰੀਏ ਸਹੇਲੀਏ,
ਉਹਨਾਂ ਚੀਲ੍ਹਾਂ ਥੱਲੇ ਖੇਲੀਏ !

(ਲਿਧਰੀ ਇਕ ਨਦੀ ਹੈ ਜੋ ਪਹਿਲਗਾਮ
ਦੀ ਵਾਦੀ ਵਿੱਚੋਂ ਵਗਦੀ ਹੈ)

9. ਤਾਜ ਮਹੱਲ

ਦੁੱਧ-ਚਿੱਟੀਆਂ ਰਗਦਾਰ ਮਰਮਰਾਂ
ਦੇ ਗਲ ਘਤ ਕੇ ਬਾਹੀਂ,
ਸੁਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ,
ਸੁੱਤੀਆਂ ਬੇਪਰਵਾਹੀਂ ।

ਬਿਰਛਾਂ ਬੂਟਿਆਂ ਦੇ ਪਰਛਾਵੇਂ
ਨੱਸ਼ਿਆਂ ਨਾਲ ਗੜੂੰਦੇ,
ਘਾਹ ਦੇ ਸੁਹਲ ਸੀਨਿਆਂ ਉਤੇ
ਸਵਾਦ ਸਵਾਦ ਹੋ ਊਂਘੇ ।

ਲਗ ਟਾਹਣਾਂ ਗਲ ਵੇਲਾਂ ਸੁੱਤੀਆਂ,
ਲਗ ਵੇਲਾਂ ਗਲ ਕਲੀਆਂ,
ਲਗ ਕਲੀਆਂ ਗਲ ਗੰਧਾਂ ਸੁੱਤੀਆਂ,
ਨੀਂਦ ਵਲੇਵੇਂ ਵਲੀਆਂ ।

ਸ਼ਾਂਤ ਸੁੱਤੇ ਜਮਨਾ ਦੇ ਕੰਢੇ,
ਹਰੇ ਭਰੇ ਅਤ ਸਾਵੇ,
ਨੀਂਦ-ਵਿਗੁੱਤੀ ਜਲ-ਧਾਰਾ ਨੂੰ
ਬੰਨ੍ਹੀ ਵਿਚ ਕਲਾਵੇ ।

ਸੁੱਤੇ ਪਾਣੀਆਂ ਦੇ ਵਿਚ ਸੁੱਤਾ,
ਤਾਜ ਮਹੱਲ ਦਾ ਸਾਇਆ,
ਜਾਣੋਂ ਜਮਨਾ ਹਰਨ ਵਾਸਤੇ
ਬੁੱਕਲ ਵਿਚ ਲੁਕਾਇਆ ।

ਐਪਰ ਦੂਰ ਸਾਗਰਾਂ ਵੰਨੀ,
ਨਸਣ ਜਦੋਂ ਉਹ ਲੱਗੀ,
ਨੀਂਦ ਟੂਣਿਆਂ ਦੇ ਜੰਤਰ ਵਿਚ
ਟੋਰ ਓਸ ਦੀ ਬੱਝੀ ।

ਸੁੱਤੇ ਏਸ ਚੁਗਿਰਦੇ ਅੰਦਰ
ਮੈਂ 'ਕੱਲਾ ਇਕ ਜਾਗਾਂ,
ਜਗ ਰਹੀਆਂ ਦੋ ਅੱਖਾਂ ਮੇਰੀਆਂ,
ਚੁੱਪ ਚੁੱਪ ਵਾਂਗ ਚਰਾਗ਼ਾਂ ।

ਗੁੰਬਦ ਦਿਆਂ ਉਭਾਰਾਂ ਉਤੇ
ਮਸਤਾਈਆਂ ਅਲਸਾਈਆਂ,
ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ
ਸੁਹਜ-ਸਵਾਦ ਤਰਿਹਾਈਆਂ ।

ਜਿੱਦਾਂ ਬਰਫ਼-ਦੁੱਧ-ਚੰਨ ਚਿੱਟੇ
ਹਿੱਕ-ਉਭਾਰਾਂ ਉੱਤੇ,
ਫਿਰਨ ਊਂਘਦੇ ਨਾਲ ਸਵਾਦਾਂ,
ਪੋਟੇ ਪਿਆਰ-ਵਿਗੁੱਤੇ ।

ਤੱਕ ਤੱਕ ਕਸਬ ਹੁਨਰ ਮੁਗ਼ਲਾਂ ਦਾ
ਹੈਰਤ ਵਧਦੀ ਜਾਵੇ;
ਸ਼ਾਹ ਜਹਾਨ ਦੇ ਸੁਹਜ-ਸਵਾਦ ਨੂੰ
ਲੂੰ ਲੂੰ ਪਿਆ ਸਲਾਹਵੇ ।

ਏਨੇ ਨੂੰ ਗੁੰਬਦ ਦਾ ਆਂਡਾ
ਟੋਟੇ ਟੋਟੇ ਹੋਇਆ,
ਚੀਕਾਂ ਕੂਕਾਂ ਤੇ ਫ਼ਰਿਆਦਾਂ
ਜਾ ਅੰਬਰ ਨੂੰ ਛੋਹਿਆ ।

ਹੜ੍ਹ ਮਜ਼ਦੂਰਨੀਆਂ ਦਾ ਵਗਿਆ
ਨਾਲ ਮਜ਼ੂਰ ਹਜ਼ਾਰਾਂ,
ਚੁੱਕੀ ਕਹੀਆਂ, ਦੁਰਮਟ, ਤੇਸੇ
ਬੱਝੇ ਵਿਚ ਵਗਾਰਾਂ ।

ਦੁਧੀਆਂ ਨਾਲ ਪਲਮਦੇ ਬੱਚੇ,
ਕੰਮੀਂ ਰੁਝੀਆਂ ਮਾਵਾਂ,
ਅੱਖਾਂ ਦੇ ਵਿਚ ਛਲਕਣ ਅੱਥਰੂ,
ਹਿੱਕਾਂ ਦੇ ਵਿਚ ਆਹਾਂ ।

ਬੋਕਿਆਂ ਵਰਗੇ ਪੇਟ ਉਹਨਾਂ ਦੇ,
ਤੁੱਕਿਆਂ ਵਰਗੇ ਗਾਟੇ,
ਛਾਲੇ ਛਾਲੇ ਹੱਥ ਉਹਨਾਂ ਦੇ,
ਪੈਰ ਬਿਆਈਆਂ ਪਾਟੇ ।
ਫਿਰ ਵੀ ਕੰਮ ਕਰਾਵਣ ਵਾਲੇ
ਮਾਰ ਮਾਰ ਕੇ ਫਾਂਟਾਂ,
ਮਾਸੂਮਾਂ ਦੇ ਪਿੰਡਿਆਂ ਉਤੇ
ਚਾੜ੍ਹੀ ਜਾਣ ਸਲਾਟਾਂ ।

ਏਦਾਂ ਮਜ਼ਦੂਰਾਂ ਦੀ ਝਾਕੀ
ਜਦ ਮੈਨੂੰ ਦਿਸ ਆਈ,
ਨਾਲ ਪੀੜ ਦੇ ਕਲਵਲ ਹੋ ਕੇ
ਰੂਹ ਮੇਰੀ ਕੁਰਲਾਈ-

ਕੀ ਉਹ ਹੁਸਨ ਹੁਸਨ ਹੈ ਸੱਚਮੁਚ
ਯਾ ਉਂਜੇ ਹੀ ਛਲਦਾ,
ਲੱਖ ਗ਼ਰੀਬਾਂ ਮਜ਼ਦੂਰਾਂ ਦੇ
ਹੰਝੂਆਂ ਤੇ ਜੋ ਪਲਦਾ ?

10. ਤਾਰੇ

ਕਲ੍ਹ ਸਨ ਤਾਰੇ ਕਿਹੋ ਜਹੇ ?
ਕਿਹੋ ਜਹੇ !

ਮੇਰੀ ਸ਼ਰਮ-ਤਰੇਲੀ ਵਾਂਗਰ
ਨਿੱਕੇ ਨਿੱਕੇ, ਨਿੱਕੇ ਨਿੱਕੇ !

ਸਿਰ ਗੁੰਦਵਾਈਆਂ ਕਲੀਆਂ ਵਾਂਗਰ
ਚਿੱਟੇ ਚਿੱਟੇ, ਚਿੱਟੇ ਚਿੱਟੇ !

ਢੋਲ ਦੀਆਂ ਬੁੱਲ੍ਹ-ਛੋਹਾਂ ਵਾਂਗਰ,
ਨਿੱਘੇ ਨਿੱਘੇ, ਮਿੱਠੇ ਮਿੱਠੇ !

ਕਲ੍ਹ ਸਨ ਤਾਰੇ ਕਿਹੋ ਜਹੇ ?
ਨਿੱਕੇ ਨਿੱਕੇ,
ਚਿੱਟੇ ਚਿੱਟੇ,
ਮਿੱਠੇ ਮਿੱਠੇ…

ਅਜ ਨੇ ਤਾਰੇ ਕਿਹੋ ਜਹੇ ?
ਕਿਹੋ ਜਹੇ ?

ਡੁਲ੍ਹ ਡੁਲ੍ਹ ਪੈਂਦੇ ਹੰਝੂਆਂ ਵਾਂਗਰ,
ਤੱਤੇ ਤੱਤੇ, ਤੱਤੇ ਤੱਤੇ !

ਸਿਰ ਮੁਰਝਾਈਆਂ ਕਲੀਆਂ ਵਾਂਗਰ
ਫਿੱਕੇ ਫਿੱਕੇ, ਫਿੱਕੇ ਫਿੱਕੇ !

ਟੋਟੇ ਹੋਈਆਂ ਵੰਗਾਂ ਵਾਂਗਰ,
ਟੁੱਟੇ ਟੁੱਟੇ, ਟੁੱਟੇ ਟੁੱਟੇ !

ਅਜ ਨੇ ਤਾਰੇ ਕਿਹੋ ਜਹੇ ?
ਤੱਤੇ ਤੱਤੇ,
ਫਿੱਕੇ ਫਿੱਕੇ,
ਟੁੱਟੇ ਟੁੱਟੇ…

11. ਨਾਨਕੀ ਦਾ ਗੀਤ

ਸਾਡੇ ਵਿਹੜੇ ਆਇਆ ਮਾਏ, ਨੂਰ ਕੋਈ ਰੱਬ ਦਾ,
ਸਾਰੇ ਜਗ ਵੇਖ ਲਿਆ ਸਾਨੂੰ ਕਿਉਂ ਨਾ ਲਭਦਾ ?

ਵੇਖ ਲਿਆ ਦਾਈਆਂ ਤੇ ਪਛਾਣ ਲਿਆ ਪਾਂਧਿਆਂ,
ਮੁੱਲਾਂ ਕੁਰਬਾਨ ਹੋਇਆ ਮੁਖ ਨੂੰ ਤਕਾਂਦਿਆਂ ।

ਮੱਝੀਆਂ ਤੇ ਗਾਈਆਂ ਡਿੱਠਾ ਚੁੱਕ ਚੁੱਕ ਬੂਥੀਆਂ,
ਕੀੜਿਆਂ ਤੇ ਕਾਂਢਿਆਂ ਵੀ ਲਭ ਲਈਆਂ ਖੂਬੀਆਂ ।

ਪੰਛੀਆਂ ਪਛਾਣ ਲਏ ਮਾਏ ਉਹਦੇ ਬੋਲ ਨੀ,
ਚਿਤਰੇ ਤੇ ਸ਼ੇਰ ਸੁੱਤੇ ਮਸਤ ਉਹਦੇ ਕੋਲ ਨੀ ।

ਵਣਾ ਕੀਤੇ ਸਾਏ, ਸੱਪਾਂ ਛੱਜਲੀਆਂ ਖਿਲਾਰੀਆਂ,
ਸਾਗਰਾਂ ਨੇ ਰਾਹ ਦਿੱਤੇ, ਮੱਛਾਂ ਨੇ ਸਵਾਰੀਆਂ ।

ਤੱਕ ਕੇ ਇਸ਼ਾਰੇ ਉਹਦੇ ਮੌਲ ਪਈਆਂ ਵਾੜੀਆਂ,
ਲਗ ਉਹਦੇ ਪੰਜੇ ਨਾਲ ਰੁਕੀਆਂ ਪਹਾੜੀਆਂ ।

ਤੱਕ ਉਹਦੇ ਨੈਣਾਂ ਦੀਆਂ ਡੂੰਘੀਆਂ ਖੁਮਾਰੀਆਂ,
ਭੁੱਲ ਗਈਆਂ ਟੂਣੇ ਕਾਮਰੂਪ ਦੀਆਂ ਨਾਰੀਆਂ ।

ਠੱਗਾਂ ਨੂੰ ਠਗੌਰੀ ਭੁੱਲੀ ਪੈਰੀਂ ਉਹਦੇ ਲੱਗ ਨੀ,
ਤਪਦੇ ਕੜਾਹੇ ਬੁੱਝੇ, ਠੰਢੀ ਹੋਈ ਅੱਗ ਨੀ ।

ਹਿੱਲੀਆਂ ਜਾਂ ਰਤਾ ਮੇਰੇ ਵੀਰ ਦੀਆਂ ਬੁੱਲ੍ਹੀਆਂ,
ਜੋਗੀਆਂ ਨੂੰ ਰਿੱਧਾਂ, ਨਿੱਧਾਂ, ਸਿਧਾਂ ਸਭ ਭੁੱਲੀਆਂ ।

ਇਹ ਕੀ ਏ ਜਹਾਨ, ਸਾਰੇ ਜਗ ਉਹਦੇ ਗੋਲੇ ਨੀ,
ਚੰਦ ਸੂਰ ਗਹਿਣੇ ਅਸਮਾਨ ਉਹਦੇ ਚੋਲੇ ਨੀ ।

ਜਲਾਂ ਥਲਾਂ ਅੰਬਰਾਂ ਅਕਾਸ਼ਾਂ ਉਹਨੂੰ ਪਾ ਲਿਆ,
ਰੇਤ ਦਿਆਂ ਜ਼ੱਰਿਆਂ ਵੀ ਓਸ ਨੂੰ ਤਕਾ ਲਿਆ ।

ਸਾਰੇ ਜਗ ਵੇਖ ਲਿਆ ਸਾਨੂੰ ਕਿਉਂ ਨਾ ਲਭਦਾ ?
ਸਾਡੇ ਵਿਹੜੇ ਆਇਆ ਮਾਏ, ਨੂਰ ਕੋਈ ਰੱਬ ਦਾ ।

12. ਕਸ਼ਮੀਰ

ਪਹਿਲਗਾਮ ਦੀ ਸੁੰਦਰ ਵਾਦੀ,
ਚੀਲਾਂ ਨਾਲ ਸ਼ਿੰਗਾਰੀ;
ਦੋ ਨਦੀਆਂ ਰਲ ਵਗਦੀਆਂ ਜਿੱਥੇ,
ਇਕ ਸੋਹਣੀ ਇਕ ਪਿਆਰੀ ।

ਚਾਰ ਚੁਫੇਰੇ ਪਰਬਤ ਉੱਚੇ,
ਨਾਲ ਘਾਵਾਂ ਦੇ ਕੱਜੇ,
ਏਹਨਾਂ ਨਦੀਆਂ ਦੇ ਮੋਹ-ਬੰਧਨ
ਖੜੇ ਯੁਗਾਂ ਦੇ ਬੱਝੇ ।

ਏਸੇ ਵਾਦੀ ਦੀ ਹਿੱਕ ਉੱਤੇ
ਵਾਂਗ ਸੁਗੰਧੀ ਘੁੰਮਦਾ,
ਹਰਿਆਵਲ ਦੀ ਬੁੱਕਲ ਵਿਚ ਮੈਂ
ਪਲ ਪਲ ਜਾਵਾਂ ਗੁੰਮਦਾ ।

ਲੰਮੀਆਂ ਚੀਲਾਂ ਤਾਈਂ ਕਿਧਰੇ
ਲੈਂਦਾ ਵਿਚ ਕਲਾਵੇ ।
ਕਿਧਰੇ ਧੁੰਦਾਂ ਨਾਲ ਫਿਰਾਂ ਮੈਂ
ਭਰਦਾ ਠੰਢੇ ਹਾਵੇ ।

ਚਰਵਾਹਿਆਂ ਤੋਂ ਸੁਣਦਾ ਜਿਧਰੇ
ਮਿੱਠੇ ਗੀਤ ਪਹਾੜੀ,
ਫੁੱਲ-ਬਹੂਆਂ ਦੇ ਮੂੰਹ ਤੋਂ ਕਿਧਰੇ
ਧੂੰਹਦਾ ਸਾਵੀ ਸਾੜ੍ਹੀ ।

ਚਰ ਚਰ ਹੁਸਨ ਮੇਰੀਆਂ ਅੱਖਾਂ
ਰੱਜੀਆਂ ਨਹੀਂ ਸਨ ਹਾਲਾਂ,
ਜ਼ਹਿਰ-ਮੋਹਰੇ ਪਾਣੀਆਂ ਦੇ ਕੰਢੇ
ਪੈ ਗਈਆਂ ਤਰਕਾਲਾਂ ।

ਪੱਛਮ ਦੇ ਵਲ ਡੁਬਦੇ ਸੂਰਜ
ਵਾਗਾਂ ਤੁਰਤ ਪਰਤੀਆਂ,
ਲੱਗੀ ਅੱਗ ਪਾਣੀ ਦੀ ਹਿੱਕ ਨੂੰ,
ਬਰਫ਼ਾਂ ਹੋਈਆਂ ਰੱਤੀਆਂ ।

ਕੀਲ ਲਿਆ ਦਿਲ ਮੇਰਾ ਆਖ਼ਰ
ਮਸਤ ਨਦੀ ਦੀਆਂ ਚਾਲਾਂ,
ਬਹਿ ਗਿਆ ਇਕ ਸ਼ਿਲਾ ਉੱਤੇ ਮੈਂ
ਰੁੜ੍ਹਿਆ ਵਿਚ ਖ਼ਿਆਲਾਂ ।

ਇਕ ਇਕ ਕਰਕੇ ਕਈ ਝਾਕੀਆਂ
ਦਿਲ ਮੇਰੇ 'ਚੋਂ ਲੰਘੀਆਂ,
ਭੁੱਲੀਆਂ ਯਾਦਾਂ, ਲਗੀਆਂ ਪ੍ਰੀਤਾਂ,
ਕੁਝ ਕਜੀਆਂ ਕੁਝ ਨੰਗੀਆਂ ।

ਬਚਪਨ ਅਤੇ ਜਵਾਨੀ ਦੇ ਫਿਰ
ਆਏ ਯਾਦ ਦਿਹਾੜੇ,
ਰੋਸੇ, ਹਾਸੇ, ਦਮਦਲਾਸੇ,
ਹੰਝੂ, ਹਾਈਂ, ਹਾੜੇ ।

ਜਾਗ ਪਈਆਂ ਮੁੜ ਸੁੱਤੀਆਂ ਪੀੜਾਂ
ਰੂਹ ਮੇਰਾ ਘਬਰਾਇਆ,
ਏਨੇ ਨੂੰ ਫਿਰ ਚੇਤਾ ਮੈਨੂੰ
ਘਰ ਆਪਣੇ ਦਾ ਆਇਆ ।

ਆਈਆਂ ਉਘੜ ਹਨੇਰੇ ਵਿਚੋਂ
ਘਰ ਵਾਲੀ ਦੀਆਂ ਅੱਖੀਆਂ,
ਨਾਲ ਉਡੀਕਾਂ ਥੱਕੀਆਂ ਹੋਈਆਂ
ਨਾਲ ਉਨੀਂਦੇ ਭਖੀਆਂ ।

ਨਿੱਕੀ ਧੀ ਫਿਰ ਚੇਤੇ ਆਈ
ਬੁਲ੍ਹੀਆਂ ਨੂੰ ਡੁਸਕਾਂਦੀ,
ਡੰਡੀਉਂ ਟੁੱਟੀ ਕਲੀ ਵਾਂਗਰਾਂ
ਪਲ ਪਲ ਸੁਕਦੀ ਜਾਂਦੀ ।

"ਭਲਕੇ ਘਰ ਆਪਣੇ ਟੁਰ ਜਾਸਾਂ"
ਧਾਰ ਲਈ ਮੈਂ ਪੱਕੀ,
ਇਹ ਸੋਚ ਕੇ ਉਠਣ ਲਈ ਮੈਂ
ਧੌਣ ਉਤਾਂਹ ਨੂੰ ਚੱਕੀ ।

ਕੀ ਵੇਖਾਂ ਇਕ ਲਹਿਰ ਗ਼ਜ਼ਬ ਦੀ
ਉਛਲ ਨਦੀ 'ਚੋਂ ਆਈ,
ਮੇਰੀ ਖੱਬੀ ਲੱਤ ਦਵਾਲੇ
ਘਤ ਲਈ ਉਸ ਫਾਹੀ ।

ਫੇਰ ਨਦੀ ਦੇ ਕੰਢੇ ਉੱਤੋਂ
ਵੇਲ ਲਥੀ ਇਕ ਤਕੜੀ,
ਗਈ ਉਹਦਿਆਂ ਪੇਚਾਂ ਅੰਦਰ
ਲੱਤ ਦੂਈ ਵੀ ਜਕੜੀ ।

ਬੱਝੇ ਪੈਰ ਛੁਡਾਵਣ ਖ਼ਾਤਰ
ਜ਼ੋਰ ਕਰਾਂ ਮੈਂ ਜਿਉਂ ਜਿਉਂ,
ਮਾਸ ਮੇਰੇ ਵਿਚ ਖੁਭਦੇ ਜਾਵਣ
ਪੇਚ ਉਹਨਾਂ ਦੇ ਤਿਉਂ ਤਿਉਂ ।

ਵੇਖ ਅਜਿਹੀਆਂ ਅਚਰਜ ਗੱਲਾਂ
ਮੈਂ ਡਰਿਆ, ਘਬਰਾਇਆ,
ਏਨੇ ਵਿਚ ਇਕ ਹੋਰ ਅਚੰਭਾ
ਅੱਖਾਂ ਸਾਹਵੇਂ ਆਇਆ ।

ਲੰਮ ਸਲੰਮੀਆਂ ਸੁੰਦਰ ਚੀਲਾਂ
ਥਾਂ ਅਪਣੇ ਤੋਂ ਹਲੀਆਂ,
ਚਕਰ ਬੰਨ੍ਹ ਦਵਾਲੇ ਮੇਰੇ
ਨਾਲ ਨਾਲ ਹੋ ਖਲੀਆਂ ।

ਰਹੀ ਉਹਨਾਂ ਦੇ ਤਣਿਆਂ ਅੰਦਰ
ਵਿਰਲ ਨਾ ਸੂਈ ਜਿਤਨੀ,
ਪਰ ਪੂਰਬ ਦੀ ਬਾਹੀ ਅੰਦਰ
ਖੁਲ੍ਹੀ ਰਹੀ ਇਕ ਭਿਤਨੀ ।

ਇਕ ਇਕ ਕਰ ਕੇ ਸਤ ਮੁਟਿਆਰਾਂ
ਭਿਤਨੀ ਵਿਚੋਂ ਲੰਘੀਆਂ,
ਹੌਲੀ ਹੌਲੀ ਨੇੜੇ ਆਈਆਂ
ਕੁਝ ਖੁਲ੍ਹੀਆਂ ਕੁਝ ਸੰਗੀਆਂ ।

ਗਲ ਉਹਨਾਂ ਦੇ ਲੰਮੇ ਕੁਰਤੇ
ਬਦਲੀ ਵਾਂਗ ਸਲੂਟੇ,
ਪੀਂਘਾਂ ਵਾਂਗਰ ਕੱਦ ਉਨ੍ਹਾਂ ਦੇ
ਟੁਟ ਟੁਟ ਖਾਵਣ ਝੂਟੇ ।

ਸੁਟ ਗੁਤਨੀਆਂ ਸੀਨਿਆਂ ਉੱਤੇ
ਖਲ ਗਈਆਂ ਉਹ ਝੱਬੇ,
ਤਿੰਨ ਮੁਟਿਆਰਾਂ ਸੱਜੇ ਮੇਰੇ
ਤਿੰਨ ਮੁਟਿਆਰਾਂ ਖੱਬੇ ।

ਸਤਵੀਂ ਨੇ ਬੰਨ੍ਹ ਵਾਲ ਉਨ੍ਹਾਂ ਦੇ
ਪੀਂਘਾਂ ਵਾਂਗ ਸ਼ਿੰਗਾਰੇ,
ਫੇਰ ਬਹਾ ਕੇ ਉੱਤੇ ਮੈਨੂੰ
ਲੱਗੀ ਦੇਣ ਹੁਲਾਰੇ ।

ਸੱਤ ਹੁਲਾਰੇ ਦੇ ਕੇ ਮੈਨੂੰ
ਹੱਸ ਪਈਆਂ ਮੁਟਿਆਰਾਂ,
ਕਿਰੇ ਉਨ੍ਹਾਂ ਦੇ ਮੂੰਹ ਦੇ ਵਿਚੋਂ
ਕੇਸਰ ਫੁੱਲ ਹਜ਼ਾਰਾਂ ।

ਸੁੰਘ ਫੁੱਲਾਂ ਦੀ ਤੇਜ਼ ਸੁਗੰਧੀ
ਲੋਰ ਅਜਿਹਾ ਆਇਆ,
ਫੁੱਲ-ਪੱਤੀਆਂ ਦੇ ਨਰਮ ਢੇਰ ਤੇ
ਜਾ ਪਿਆ ਮੈਂ ਨਸ਼ਿਆਇਆ ।

ਬਿਟ ਬਿਟ ਖੁਲ੍ਹੀਆਂ ਅੱਖਾਂ ਮੇਰੀਆਂ
ਸਭ ਨਜ਼ਾਰੇ ਤੱਕਣ,
ਐਪਰ ਹਿਲਣ ਅੰਗ ਨਾ ਮੇਰੇ
ਬੁਲ੍ਹੀਆਂ ਬੋਲ ਨਾ ਸਕਣ ।

ਵਾਂਗ ਚਟਾਨ ਅਹਿੱਲ ਪਿਆ ਮੈਂ
ਉਹ ਨੱਚਣ ਤੇ ਗਾਵਣ,
ਲਹਿਰਾਂ ਵਾਂਗ ਨੱਚਦੀਆਂ ਆਵਣ,
ਛੁਹ ਛੁਹ ਕੇ ਮੁੜ ਜਾਵਣ ।

ਸੁਣ ਕੇ ਗੀਤ ਉਨ੍ਹਾਂ ਦੇ ਆਏ
ਅਰਸ਼ੋਂ ਉਤਰ ਸਿਤਾਰੇ,
ਗਏ ਉਨ੍ਹਾਂ ਦੀਆਂ ਜ਼ੁਲਫਾਂ ਅੰਦਰ
ਜੁਗਨੂੰਆਂ ਵਾਂਗ ਸ਼ਿੰਗਾਰੇ ।

ਏਨੇ ਨੂੰ ਫਿਰ ਚੇਤੇ ਆਈਆਂ
ਘਰ ਵਾਲੀ ਦੀਆਂ ਅੱਖੀਆਂ,
ਨਾਲ ਉਡੀਕਾਂ ਥੱਕੀਆਂ ਹੋਈਆਂ
ਨਾਲ ਉਨੀਂਦੇ ਭਖੀਆਂ ।

ਨਿੱਕੀ ਧੀ ਵੀ ਚੇਤੇ ਆਈ
ਬੁਲ੍ਹੀਆਂ ਨੂੰ ਡੁਸਕਾਂਦੀ,
ਡੰਡੀਉਂ ਟੁੱਟੀ ਕਲੀ ਵਾਂਗਰਾਂ
ਪਲ ਪਲ ਸੁਕਦੀ ਜਾਂਦੀ ।

ਏਦਾਂ ਘਰ-ਮੋਹ ਨੇ ਜਦ ਖਿਚੀਆਂ
ਦਿਲ ਮੇਰੇ ਦੀਆਂ ਤਾਰਾਂ,
ਪਲੋ ਪਲੀ ਵਿਚ ਫਿੱਕੀਆਂ ਪਈਆਂ
ਚੰਨ-ਮੁਖੀਆਂ ਮੁਟਿਆਰਾਂ ।

ਮੁੱਕੀ ਗੰਧ ਕੇਸਰ-ਫੁੱਲਾਂ ਦੀ
ਡੁੱਬੇ ਚੰਨ ਸਿਤਾਰੇ,
ਜ਼ਹਿਰਮੋਹਰਾ ਲਹਿਰਾਂ ਵੇਲਾਂ ਦੇ
ਫੰਧ ਢਿਲਕ ਗਏ ਸਾਰੇ ।

ਮੁੜ ਆਈ ਫਿਰ ਸੱਤਾ ਮੇਰੀ
ਛਾਲ ਮਾਰ ਮੈਂ ਨਸਿਆ,
ਖਿੜ ਖਿੜ ਹਸ ਪਈਆਂ ਮੁਟਿਆਰਾਂ
ਮੀਂਹ ਕੇਸਰ ਦਾ ਵਸਿਆ ।

ਲਕ ਲਕ ਚੜ੍ਹ ਗਏ ਫੁੱਲ ਕੇਸਰ ਦੇ
ਹੜ੍ਹ ਲਪਟਾਂ ਦਾ ਆਇਆ,
ਮੁੜ ਫੁੱਲਾਂ ਦੇ ਨਰਮ ਢੇਰ ਤੇ
ਜਾ ਪਿਆ ਮੈਂ ਨਸ਼ਿਆਇਆ ।

ਹੌਲੀ ਹੌਲੀ ਉੱਘੜ ਆਈਆਂ
ਮੁੜ ਸੱਤੇ ਮੁਟਿਆਰਾਂ,
ਲਹਿਰਾਂ ਵੇਲਾਂ ਨੇ ਫਿਰ ਪਾ ਲਏ
ਪੀਚੇ ਪੇਚ ਹਜ਼ਾਰਾਂ ।

ਨਿੰਮੀਆਂ ਗਾਣ ਨਚਣ ਦੀਆਂ 'ਵਾਜ਼ਾਂ
ਮੁੜ ਅਸਮਾਨੀ ਚੜ੍ਹੀਆਂ,
ਫੇਰ ਸਪਣੀਆਂ ਵਾਂਗ ਸ਼ੂਕੀਆਂ
ਜ਼ੁਲਫਾਂ ਤਾਰੇ ਜੜੀਆਂ ।

ਇਕ ਮੁਟਿਆਰ, ਉਨ੍ਹਾਂ 'ਚੋਂ ਆਈ
ਲਹਿਰ ਵਾਂਗਰਾਂ ਨਚਦੀ,
ਸਿਰ ਮੇਰੇ ਨੂੰ ਲੈ ਗੋਦੀ ਵਿਚ
ਬਹਿ ਗਈ ਨਚਦੀ ਨਚਦੀ ।

ਸਿਰ ਮੇਰਾ ਖਪਿਆ ਝੁੰਜਲਾਇਆ
ਮਾਰ ਮਾਰ ਤਰਪੁਲ੍ਹੀਆਂ,
ਪਰ ਸੁੰਦਰੀ ਨੇ ਬੇਹਿਸ ਕੀਤਾ
ਨਾਲ ਛੁਹਾ ਕੇ ਬੁਲ੍ਹੀਆਂ ।

ਹੋਰ ਦੋਹਾਂ ਦੋ ਬਾਹੀਂ ਬੰਨ੍ਹੀਆਂ
ਜ਼ੁਲਫਾਂ ਕੱਸ ਕਸਾ ਕੇ,
ਹੋਰ ਦੋਹਾਂ ਦੋ ਲੱਤਾਂ ਬੰਨ੍ਹੀਆਂ
ਗੁੱਤਾਂ ਵਿਚ ਵਲਾ ਕੇ ।

ਕੂਕ ਕਿਹਾ ਮੈਂ ਹੇ ਧੀਏ ! ਹੇ ਪਤਨੀਏ ! ਕੋਈ ਆਓ !
ਪਹਿਲਗਾਮ ਦੀਆਂ ਪਰੀਆਂ ਕੋਲੋਂ
ਮੇਰੀ ਜਿੰਦ ਛਡਾਓ !

ਬਹੁੜੋ ਨੀ ਕੋਈ, ਦੌੜੋ ਨੀ ਕੋਈ,
ਮੈਂ ਚਲਿਆ, ਮੈਂ ਚਲਿਆ !
ਲਹਿਰਾਂ, ਵੇਲਾਂ ਤੇ ਮੁਟਿਆਰਾਂ
ਦੇ ਛੱਲਾਂ ਦਾ ਛਲਿਆ ।

ਐਪਰ ਮੇਰੀਆਂ ਚੀਕਾਂ ਕੂਕਾਂ
ਵਿਚੇ ਦੱਬੀਆਂ ਰਹੀਆਂ,
ਏਨੇ ਚਿਰ ਵਿਚ ਅੱਖਾਂ ਮੇਰੀਆਂ
ਸਹਿਜੇ ਹੀ ਖੁਲ੍ਹ ਗਈਆਂ ।

ਕੀ ਵੇਖਾਂ ਕਸ਼ਮੀਰੋਂ ਮੁੜ ਕੇ
ਕੋਠੇ ਤੇ ਹਾਂ ਸੁੱਤਾ,
ਗੋਡੇ ਗੋਡੇ ਸੂਰਜ ਚੜ੍ਹਿਆ
ਪਰ ਮੈਂ ਨੀਂਦ ਵਿਗੁੱਤਾ ।

ਨਿੱਕੀ ਮੇਰੀ ਧੀ ਪਿਆਰੀ
ਕਲੀ ਵਾਂਗ ਮੁਸਕਾਂਦੀ,
ਖਿੱਚ ਖਿੱਚ ਕੇ ਉਂਗਲਾਂ ਮੇਰੀਆਂ
ਮੈਨੂੰ ਪਈ ਜਗਾਂਦੀ ।

ਕਿਰ ਪਈਆਂ ਦੋ ਅੱਖਾਂ ਵਿਚੋਂ
ਕਣੀਆਂ ਤਤੀਆਂ ਤਤੀਆਂ ।
ਚੁੰਮ ਚੁੰਮ ਕੇ ਬੱਚੀ ਦੀਆਂ ਉਂਗਲਾਂ
ਕਰ ਦਿਤੀਆਂ ਮੈਂ ਰਤੀਆਂ ।

13. ਖਨਗਾਹੀਂ ਦੀਵਾ ਬਾਲਦੀਏ

ਖਨਗਾਹੀਂ ਦੀਵਾ ਬਾਲਦੀਏ,
ਕੀ ਲੋਚਦੀਏ ? ਕੀ ਭਾਲਦੀਏ ?
ਕੀ ਰੁਸ ਗਿਆ ਤੇਰਾ ਢੋਲ ਕੁੜੇ ?
ਯਾ ਸੱਖਣੀ ਤੇਰੀ ਝੋਲ ਕੁੜੇ ?
ਯਾ ਸਰਘੀ ਵੇਲੇ ਤੱਕਿਆ ਈ
ਕੋਈ ਡਾਢਾ ਭੈੜਾ ਸੁਫਨਾ ਨੀ ?
ਜੋ ਕਰਦੀ ਮਾਰੋ ਮਾਰ ਕੁੜੇ
ਤੂੰ ਪਹੁੰਚੀ ਵਿਚ ਉਜਾੜ ਕੁੜੇ

ਸਿਰ ਉੱਤੇ ਤੇਰੇ ਉਲਰ ਰਹੀ
ਇਕ ਬੁੱਢ-ਪੁਰਾਣੀ ਬੇਰ ਜਹੀ,
ਜਿਸ ਦੇ ਕੰਡਿਆਂ ਵਿਚ ਫਸ ਰਹੀਆਂ
ਕੁਝ ਲੀਰਾਂ ਵੱਛੇ-ਚਾਪ ਜਹੀਆਂ;
ਤੇ ਪੈਰਾਂ ਦੇ ਵਿਚ ਸ਼ਾਂਤ ਪਿਆ
ਇਕ ਢੇਰ ਗੀਟਿਆਂ ਪੱਥਰਾਂ ਦਾ ।

ਤੂੰ ਅਚਲ, ਅਡੋਲ, ਅਬੋਲ ਖੜੀ,
ਹਿਕ ਤੇਰੀ ਨਾਲ ਯਕੀਨ ਭਰੀ;
ਖ਼ਨਗਾਹ ਦੇ ਉੱਤੇ ਆਣ ਨਾਲ,
ਇਕ ਦੀਵੇ ਦੇ ਟਿਮਕਾਣ ਨਾਲ,
ਸਭ ਸੰਸੇ ਤੇਰੇ ਦੂਰ ਹੋਏ,
ਹਿਕ-ਖੂੰਜੇ ਨੂਰੋ ਨੂਰ ਹੋਏ,
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ ।

ਕੁਝ ਅਜਬ ਇਲਮ ਇਲਮ ਦੀਆਂ ਜਿੱਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ ।
ਮੈਂ ਨਿਸਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ ।
ਗੱਲ ਸੁਣ ਜਾ ਭਟਕੇ ਰਾਹੀ ਦੀ ।
ਇਕ ਚਿਣਗ ਮੈਨੂੰ ਵੀ ਚਾਹੀਦੀ ।

14. ਸੁਫ਼ਨੇ

ਨਾ ਮੈਂ ਵੇਚਾਂ ਕੁੜੀਆਂ ਦੇ ਸੁਫ਼ਨੇ,
ਜਿਨ੍ਹਾਂ ਦੇ ਗਜ਼ ਗਜ਼ ਵਾਲ;
ਨਾ ਮੈਂ ਵੇਚਾਂ ਸਵਰਗਾਂ ਦੇ ਸੁਫ਼ਨੇ,
ਜਿਨ੍ਹਾਂ ਦੀ ਦੁਨੀਆਂ ਨੂੰ ਭਾਲ;
ਨਾ ਮੈਂ ਵੇਚਾਂ ਸੋਨੇ ਦੇ ਸੁਫ਼ਨੇ,
ਨਾ ਮੈਂ ਮੋਤੀਆਂ ਦੇ ਥਾਲ;
ਵੇਚਾਂ ਮੈਂ ਸੋਹਣਿਉਂ ਆਜ਼ਾਦੀ ਦੇ ਸੁਫ਼ਨੇ,
ਹੋਵੇ ਜੇ ਲੈਣ ਦਾ ਖ਼ਿਆਲ ।

ਹੋਰ ਤਾਂ ਸੁਫ਼ਨੇ ਸੁੱਤਿਆਂ ਆਉਂਦੇ,
ਆਉਂਦੇ ਇਹ ਜਾਗਣ ਨਾਲ;
ਪਹਿਲੋਂ ਤਾਂ ਆਉਂਦੇ ਸੰਙਦੇ ਸੰਙਦੇ,
ਪਿੱਛੋਂ ਮਚਾਂਦੇ ਭੁਚਾਲ;
ਇਕ ਵੇਰੀ ਆਉਂਦੇ ਇਹ ਮੁੜ ਕੇ ਨਾ ਜਾਉਂਦੇ,
ਐਸੀ ਇਨ੍ਹਾਂ ਦੀ ਚਾਲ,
ਵੇਚਾਂ ਮੈਂ ਹੀਰਿਉ ਆਜ਼ਾਦੀ ਦੇ ਸੁਫ਼ਨੇ,
ਹੋਵੇ ਜੇ ਲੈਣ ਦਾ ਖ਼ਿਆਲ ।

ਮੁੱਲ ਇਨ੍ਹਾਂ ਦਾ, ਇਨ੍ਹਾਂ ਨੂੰ ਰੱਖਣਾ
ਲਾ ਕੇ ਕਲੇਜੇ ਦੇ ਨਾਲ;
ਤੁਰਨਾ ਹੀ ਤੁਰਨਾ, ਤੁਰਨਾ ਹੀ ਤੁਰਨਾ
ਰਾਤ, ਉਸ਼ੇਰ, ਤਿਕਾਲ;
ਅਕਣਾ ਨਾ ਥਕਣਾ, ਅਕਾਸ਼ਾਂ ਵਲ ਤੱਕਣਾ,
ਅੱਖ ਨਾ ਲਾਣੀ ਰਵਾਲ;
ਵੇਚਾਂ ਮੈਂ ਸੋਹਣਿਉਂ ਆਜ਼ਾਦੀ ਦੇ ਸੁਫ਼ਨੇ,
ਹੋਵੇ ਜੇ ਲੈਣ ਦਾ ਖ਼ਿਆਲ ।

15. ਰਾਣੀ ਸਾਹਿਬ ਕੌਰ

ਸਤਾਰਾਂ ਸੌ ਤਰਿਆਨਵੇਂ ਦੇ ਸਮੇਂ ਨਿਰਾਲੇ,
ਮੱਲੀ ਸਾਹਿਬ ਸਿੰਘ ਨੇ ਗੱਦੀ ਪਟਿਆਲੇ,
ਨੱਢਾ ਸੀ ਉਹ ਕਚਕਰਾ ਮਸ ਫੁਟੀ ਨਾ ਹਾਲੇ,
ਗੋਹਲਾ ਕਰ ਲਿਆ ਓਸ ਨੂੰ ਨਾਨੂੰ ਮਲ ਲਾਲੇ,
ਟੇਟੇ ਚੜ੍ਹ ਦਰਬਾਰੀਆਂ, ਹੋ ਐਸ਼ ਹਵਾਲੇ,
ਭੁੱਲ ਬੈਠਾ ਉਹ ਗੱਭਰੂ ਸਿੰਘਾਂ ਦੇ ਚਾਲੇ,
ਥਾਂ ਸੰਜੋਆਂ ਫਸ ਗਿਆ ਸ਼ੀਂਹ ਜ਼ੁਲਫ-ਜੰਜਾਲੇ,
ਜ਼ੰਗ ਲੱਗਾ ਤਲਵਾਰ ਨੂੰ, ਉਲਿਆਏ ਭਾਲੇ,
ਚਲ ਪਏ ਦੌਰ ਸ਼ਰਾਬ ਦੇ ਮੱਤ ਮਾਰਨ ਵਾਲੇ,
ਤਾਰੂ ਪੰਜ ਦਰਿਆ ਦਾ ਡੁੱਬ ਗਿਆ ਪਿਆਲੇ ।

ਰਲ ਐਸ਼ੀ ਦਰਬਾਰੀਆਂ ਉਹ ਭੜਥੂ ਪਾਇਆ,
ਪਟਿਆਲੇ ਦੇ ਕਣੇ ਨੂੰ, ਫੜ ਜੜ੍ਹੋਂ ਹਲਾਇਆ,
ਕੀਤੀਆਂ ਉਹ ਅਨ-ਹੋਣੀਆਂ, ਉਹ ਕਹਿਰ ਕਮਾਇਆ,
ਬੁੱਤ ਪਟਿਆਲਾ ਰਹਿ ਗਿਆ, ਰੂਹ ਨਿਕਲ ਸਿਧਾਇਆ,
ਉਧਰੋਂ ਹੜ੍ਹ ਮਰਹੱਟਿਆਂ, ਚੜ੍ਹ ਸਿਰ ਤੇ ਆਇਆ,
ਤੱਕ ਤੱਕ ਰਾਜਾ ਡੋਲਿਆ, ਡਰਿਆ, ਘਬਰਾਇਆ,
ਜਿਵੇਂ ਕਬੂਤਰ ਹੋਂਵਦਾ ਬਾਜ਼ਾਂ ਮੂੰਹ ਆਇਆ ।

ਤੱਕ ਮੂੰਹ-ਜ਼ੋਰ ਮੁਸਾਹਿਬਾਂ ਦੀ ਨੀਯਤ ਕਾਣੀ,
ਸਿਰ ਸਿਰ ਚੜ੍ਹਿਆ ਵੇਖ ਕੇ ਫ਼ਿਕਰਾਂ ਦਾ ਪਾਣੀ,
ਰਾਜੇ ਸਾਹਿਬ ਸਿੰਘ ਦੀ ਨਾ ਰਹੀ ਹੈਰਾਨੀ,
ਸਦ ਲਈ ਸਾਹਿਬ ਕੌਰ ਉਸ, ਉਹ ਸੁਘੜ ਸਵਾਣੀ,
ਅਪਣੀ ਵੱਡੀ ਭੈਣ, ਸਿੰਘ ਜੈਮਲ ਦੀ ਰਾਣੀ ।

ਤੱਕ ਵੀਰੇ ਨੂੰ ਫਸਿਆ ਦੁਸ਼ਟਾਂ ਦੇ ਜਾਲੇ,
ਸ਼ੀਂਹਣੀ ਵਾਂਗ ਉਹ ਬਿੱਫਰੀ ਪਹੁੰਚੀ ਪਟਿਆਲੇ,
ਦੜ ਵੱਟੇ ਦਰਬਾਰੀਆਂ, ਮੂੰਹ ਲੱਗੇ ਤਾਲੇ,
ਮੁਕੀਆਂ ਐਸ਼ੀ ਮਹਿਫ਼ਲਾਂ, ਭੱਜ ਗਏ ਪਿਆਲੇ,
ਕਰ ਕਰ 'ਕੱਠੇ ਸੂਰਮੇ ਯੋਧੇ ਕਣ-ਵਾਲੇ,
ਮੁਰਦੇ ਲਸ਼ਕਰ ਵੀਰ ਦੇ ਉਸ ਫੇਰ ਜਿਵਾਲੇ,
ਜ਼ੰਗ ਲੱਥਾ ਤਲਵਾਰ ਦਾ, ਮੁੜ ਲਿਸ਼ਕੇ ਭਾਲੇ ।

ਸੁਣ ਸੁਣ ਸਾਹਿਬ ਸਿੰਘ ਦੀ ਵਧਦੀ ਕਮਜ਼ੋਰੀ,
ਸਾਹਿਬ ਕੌਰ ਨੂੰ ਸਮਝ ਕੇ ਇਕ ਨਾਜ਼ਕ ਛੋਹਰੀ,
ਲਛਮੀ ਰਾਉ ਮਰਹੱਟੇ ਦੀ ਚੜ੍ਹ ਮਚ ਗਈ ਦੋਹਰੀ,
ਅੰਟਾ ਰਾਉ ਵੀ ਰਲ ਪਿਆ ਇਕ ਛਟਿਆ ਖੋਰੀ,
ਉਹ ਲੰਘ ਜਮਨਾ ਨੂੰ ਆ ਗਏ ਢਿੱਲ ਲਾਈ ਨਾ ਭੋਰੀ,
ਉਹ ਵਧੇ ਹੜ੍ਹ ਦੇ ਵਾਂਗਰਾਂ ਕਰ ਧਿੰਙਾ-ਜ਼ੋਰੀ,
ਲਵੇ ਬਰੂਟ ਪੰਜਾਬ ਦੇ ਸਭ ਜਾਵਣ ਰੋਹੜੀ ।

ਲਿਖਿਆ ਸਾਹਿਬ ਕੌਰ ਨੂੰ ਅੰਟਾ ਰਾਉ ਛਲੀਏ,
ਮੰਨ ਜਾ ਸਾਡੀ ਈਨ ਨੀਂ, ਨਈਂ ਅਸੀਂ ਨਾ ਟਲੀਏ,
ਅਸੀਂ ਚੜ੍ਹੀਏ ਨ੍ਹੇਰੀ ਵਾਂਗਰਾਂ, ਹੜ੍ਹ ਵਾਂਗਰ ਚਲੀਏ,
ਅਸੀਂ ਡਿੱਗੀਏ ਬਿਜਲੀ ਵਾਂਗਰਾਂ, ਥੰਮ੍ਹ ਵਾਂਗਰਾਂ ਖਲ੍ਹੀਏ,
ਅਸਾਂ ਦੂਜੇ ਆਲਮਗੀਰ ਦੇ ਫੜ ਕੀਤੇ ਦਲੀਏ,
ਸਾਥੋਂ ਡਰਨ ਫ਼ਰੰਗੀ ਸੂਰਮੇਂ, ਭਾਵੇਂ ਵਲ ਛਲੀਏ,
ਅਸਾਂ ਕੰਡਿਆਂ ਨਾਲ ਨਾ ਖਹਿਬੜੀਂ, ਅਣੀ ਕੋਮਲ-ਕਲੀਏ ।

ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ,
ਮੈਂ ਨਾਗਣ, ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ,
ਮੈਂ ਚੰਡੀ ਗੋਬਿੰਦ ਸਿੰਘ ਦੀ, ਵੈਰੀ ਦਲ-ਖਾਣੀ,
ਮੈਂ ਕਰ ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ,
ਮੈਂ ਚੁੰਘ ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ,
ਮੈਂ ਲੜ ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ,
ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕਲੀ ਨਾ ਜਾਣੀ ।

ਤੱਕ ਰਾਣੀ ਦਾ ਹੌਸਲਾ ਤੇ ਹੱਲਾ-ਸ਼ੇਰੀ,
ਹੋਰ ਕਈ ਸਰਦਾਰਾਂ ਦੀ ਵਧ ਗਈ ਦਲੇਰੀ,
ਉਹ ਘੱਤ ਵਹੀਰਾਂ ਆ ਗਏ ਜਿਉਂ ਚੜ੍ਹੇ ਹਨੇਰੀ,
ਉਹ ਵੱਧੇ ਵਲ ਮਰਹੱਟਿਆਂ ਝਬ ਲਾਈ ਨਾ ਦੇਰੀ,
ਤੇ ਮਰਦਨ ਪੁਰ ਤੇ ਹੋਈਆਂ ਦੋ ਫ਼ੌਜਾਂ ਢੇਰੀ ।

ਥੋਹੜੇ ਸਨ ਪਟਿਆਲੀਏ ਮਰਹੱਟੇ ਹਜ਼ਾਰਾਂ,
ਇਕ ਇਕ ਉਤੇ ਟੁੱਟ ਪਏ ਉਹ ਬਾਰਾਂ ਬਾਰਾਂ,
ਕੁਝ ਚਿਰ ਰਖਿਆ ਹੌਸਲਾ ਸਿੰਘਾਂ ਸਰਦਾਰਾਂ,
ਪੇਸ਼ ਨਦੀ ਦੀ ਜਾਏ ਕੀ ਪਰ ਨਾਲ ਪਹਾੜਾਂ,
ਉਹ ਪਿੱਛੇ ਹੱਟਣ ਲਗ ਪਏ ਵਾਂਹਦੇ ਤਲਵਾਰਾਂ ।

ਤੱਕ ਸਿੰਘਾਂ ਨੂੰ ਨਿਘਰਦਾ ਉਹ ਸਿਦਕੀ ਰਾਣੀ,
ਉਤਰੀ ਹਾਥੀ ਉਪਰੋਂ ਜਿਉਂ ਪਹਾੜੋਂ ਪਾਣੀ,
ਉਹ ਬੁੱਕੀ ਸ਼ੀਂਹਣੀ ਵਾਂਗਰਾਂ, ਧੂਹ ਤੇਗ ਅਲਾਣੀ,
ਤੁਸੀਂ ਸਿੰਘ ਗੁਰੂ ਦਸਮੇਸ਼ ਦੇ ਨਾ ਗਿਲ ਗਵਾਣੀ,
ਤੁਸੀਂ ਬਾਜ਼ ਉਡਾਰੂ ਗ਼ਜ਼ਬ ਦੇ ਉਹ ਚਿੜੀਆਂ ਢਾਣੀ,
ਤੁਸੀਂ ਇਕ ਇਕ ਭਾਰੂ ਲੱਖਾਂ ਤੇ ਕੁਝ ਗ਼ੈਰਤ ਖਾਣੀ,
ਤੁਸਾਂ ਰੱਜ ਰੱਜ ਪੀਤਾ ਸੋਹਣਿਓਂ ਪੰਜਾਬ ਦਾ ਪਾਣੀ,
ਅਜ ਅੰਟਾ ਰਾਉ ਮਰਹੱਟੇ ਤੋਂ ਨਾ ਕੰਡ ਲਵਾਣੀ,
ਤੁਸੀਂ ਆਏ ਬਚਾਂਦੇ ਵੀਰਨੋਂ ਲੱਖ ਭੈਣ ਬਿਗਾਣੀ,
ਅਜ ਕਲਿਆਂ ਛਡ ਕੇ ਭੈਣ ਨੂੰ ਨਾ ਲੀਕ ਲਵਾਣੀ ।

ਕਾਲੀਆਂ ਲਹਿਰਾਂ ਵਾਂਗਰਾਂ ਵੈਰੀ ਘਿਰ ਆਏ,
ਫਸ ਗਈ ਸ਼ੀਂਹਣੀ ਕੱਪਰੀਂ ਕੁਝ ਪੇਸ਼ ਨਾ ਜਾਏ,
ਤੱਕ ਰਾਣੀ ਨੂੰ 'ਕੱਲਿਆਂ ਗੋਬਿੰਦ ਦੇ ਜਾਏ,
ਖਾ ਕੇ ਗ਼ੈਰਤ ਗੱਜਦੇ ਬੱਦਲਾਂ ਜਿਉਂ ਆਏ,
ਉਹ ਟੁੱਟੇ ਬਿਜਲੀ ਵਾਂਗਰਾਂ ਹੜ੍ਹ ਖੂਨ ਵਗਾਏ,
ਉਹਨਾਂ ਵੱਢ ਵੱਢ ਕੀਤੇ ਡੱਕਰੇ ਲੱਖ ਆਹੂ ਲਾਹੇ,
ਉਹਨਾਂ ਲੜ ਲੜ ਸ਼ਾਮਾਂ ਕੀਤੀਆਂ ਨ੍ਹੇਰੇ ਘਿਰ ਆਏ ।

ਦੋਵੇਂ ਫ਼ੌਜਾਂ ਹਟੀਆਂ ਤੱਕ ਰਾਤ-ਹਨੇਰਾ,
ਸਿੰਘਾਂ ਦਾ ਪਰ ਹੋ ਗਿਆ ਸੀ ਘਾਣ, ਘਣੇਰਾ,
ਉਹਨਾਂ ਰਲ ਰਾਣੀ ਨੂੰ ਆਖਿਆ ਚਲ ਚੁੱਕੀਏ ਡੇਰਾ,
ਸਾਥੋਂ ਹੋਰ ਨਾ ਲੜਿਆ ਜਾਂਵਦਾ ਅਗੇ ਮਰੇ ਬਤੇਰਾ,
ਅਸਾਂ ਪਟਿਆਲੇ ਜਾ ਪਹੁੰਚਣਾ ਅਜੇ ਹੋਏ ਮੁਨ੍ਹੇਰਾ ।

ਦਿਤੀ ਸਾਹਿਬ ਕੌਰ ਨੇ ਮੁੜ ਹੱਲਾ-ਸ਼ੇਰੀ,
ਅੱਧਾ ਮਾਰ ਸ਼ਿਕਾਰ ਨੂੰ ਕਿਉਂ ਢਾਵੋ ਢੇਰੀ,
ਜੇ ਪਾਣੀ ਪੀਵੋ ਘੁੱਟ ਵੀ ਪੀਵੋ ਰਤ ਮੇਰੀ,
ਜੇ ਸ਼ਸ਼ਤਰ ਲਾਹੋ ਪਿੰਡਿਓਂ ਲਾਹੋ ਪਤ ਮੇਰੀ,
ਉਹ ਨਾਲ ਥਕੇਵੇਂ ਟੁੱਟ ਕੇ ਹੋਏ ਨੇ ਢੇਰੀ,
ਉਠ ਚਲੋ ਉਹਨਾਂ ਤੇ ਟੁੱਟੀਏ ਚੜ੍ਹ ਵਾਂਗ ਹਨੇਰੀ,
ਉਹ ਨੀਂਦ ਵਿਗੁੱਤੇ ਸੋਹਣਿਓਂ ਹੁਣ ਕਰੋ ਨਾ ਦੇਰੀ,
ਮੁੜ ਮੁੜ ਹੱਥ ਨਹੀਂ ਆਉਣੀ ਇਹ ਰਾਤ ਹਨੇਰੀ ।

ਸੱਪਾਂ ਵਾਂਗੂੰ ਸਿਰਕਦੇ ਸਿੰਘ ਸੂਰੇ ਧਾਏ,
ਮਾਰ ਫੁੰਕਾਰੇ ਗ਼ਜ਼ਬ ਦੇ ਕਈ ਦੀਏ ਬੁਲਾਏ,
ਕੁਝ ਫੱਟੇ, ਕੁਝ ਵੱਢ ਦਿਤੇ, ਕੁਝ ਬੰਨ੍ਹ ਬੰਨ੍ਹਾਏ,
ਜਾਗੋ-ਮੀਟਿਆਂ ਵਿਚ ਹੀ ਕਈ ਪਾਰ ਬੁਲਾਏ,
ਬਿੱਜ ਪਈ ਮਰਹੱਟਿਆਂ ਕੁਝ ਪੇਸ਼ ਨਾ ਜਾਏ,
ਭੱਜ ਉਠੇ ਉਹ ਜਿਧਰ ਨੂੰ ਵੀ ਸਿੰਙ ਸਮਾਏ,
ਏਦਾਂ ਮਾਣ ਪੰਜਾਬ ਦੇ ਵੈਰੀ ਹੱਥ ਆਏ,
ਬੱਚੀ ਪੰਜ-ਦਰਿਆ ਦੀ ਨੇ ਰੱਖ ਵਿਖਾਏ ।

16. ਆੜੂਆਂ ਕੋਲੋਂ ਲੰਘਦਿਆਂ

ਚੇਤ ਮਹੀਨੇ,
ਸਰਘੀ ਵੇਲੇ,
ਲੱਖ ਫੁੱਲਾਂ ਦੇ ਇੰਦਰਜਾਲ
ਤਾਰਿਆਂ ਵਾਂਗ ਦਿਸਨ ਲਟਕੰਦੜੇ,
ਸੁਹਲ ਕੂਲੀਆਂ ਲਗਰਾਂ ਨਾਲ ।
ਖੋਤਿਆਂ ਉੱਤੇ ਤੂੜੀ ਲੱਦੀ,
ਚੁੱਕੀ ਸਿਰਾਂ ਤੇ ਭਾਰ,
ਭੁੱਖ ਗ਼ਰੀਬੀ ਦੇ ਵਿਚ ਜਕੜੇ,
ਕਰਦੇ ਮਾਰੋ ਮਾਰ,
ਵਿਚ ਵਿਚ ਸੁੱਟਦੇ ਚੋਰ-ਧਿਆਨ,
ਕੋਲੋਂ ਲੰਘ ਲੰਘ ਜਾਣ ਕਿਸਾਨ,
ਹੇ ਮੇਰੇ ਭਗਵਾਨ !
ਐਸੇ ਸੁੰਦਰ ਫੁੱਲ ਖਿੜਾ ਕੇ,
ਰੂਪ ਆਪਣੇ ਨੂੰ ਸਾਣ ਚੜ੍ਹਾ ਕੇ,
ਵਿਹਲ ਵੀ ਕਰਿਆ ਕਰ ਕੁਝ ਦਾਨ ।

17. ਜਾਗ ਜਾਗ ਓ ਜਵਾਨਾ

ਐਵੇਂ ਮਾਰ ਨਾ ਘੁਰਾੜੇ,
ਐਡੇ ਨੀਂਦਰ ਦੇ ਗਾੜ੍ਹੇ,
ਜੁਗ ਜੁਗ ਰਹਿੰਦੇ ਲਤਾੜੇ,
ਇਹ ਨਹੀਂ ਸੌਂਣ ਦਾ ਜ਼ਮਾਨਾ ।

ਨਿਰੇ ਵਡਿਆਂ ਦੇ ਗਾਣੇ,
ਪਿਛਲੀ ਸਭਿਅਤਾ ਦੇ ਮਾਣੇ,
ਆਪੂੰ ਹੱਥ ਨਾ ਹਿਲਾਣੇ,
ਇਹ ਨਹੀਂ ਮੰਨਦਾ ਬਗਾਨਾ ।

ਤੇਰੇ ਨਾਲ ਦੇ ਜੋ ਹਾਣੀ,
ਰੂਸੀ, ਤੁਰਕੀ, ਜਾਪਾਨੀ,
ਸਫਲੀ ਕਰ ਗਏ ਜਵਾਨੀ,
ਤੈਨੂੰ ਆਉਂਦੀ ਹਯਾ ਨਾ ।

ਕੋਈ ਸਾਗਰਾਂ ਨੂੰ ਤਰਿਆ,
ਕੋਈ ਅੰਬਰਾਂ ਨੂੰ ਚੜ੍ਹਿਆ,
ਤੇਰੇ ਹੇਠ ਪਰ ਅੜਿਆ,
ਉਹੀਉ ਥੜਾ ਤੇ ਪਲਾਣਾ ।

ਸਾਰੇ ਜਗ ਖੁਸ਼ਹਾਲੀ,
ਹਿੱਸੇ ਤੇਰੇ ਕੰਗਾਲੀ,
ਨੰਗੇ ਬੁੱਤ ਢਿੱਡ ਖਾਲੀ,
ਕਦ ਤਕ ਮੰਨਸੇਂ ਤੂੰ ਭਾਣਾ ।

ਇੰਨੀਆਂ ਮੰਦਰ ਮਸੀਤਾਂ,
ਇੰਨੀਆਂ ਰੱਬ ਨਾਲ ਪ੍ਰੀਤਾਂ,
ਇੰਨੀਆਂ ਰਸਮਾਂ ਤੇ ਰੀਤਾਂ,
ਫਿਰ ਵੀ ਭੁੱਖਾਂ ਤੂੰ ਭਾਣਾ ।

ਸੁਣ ਨਾ ਧਰਮਾਂ ਦੇ ਕਿੱਸੇ,
ਕੀਤੇ ਜੋਸ਼ ਨਾਲ ਮਿੱਸੇ,
ਰਲਿਆ ਗ਼ੈਰ ਨਾਲ ਦਿੱਸੇ,
ਮੈਨੂੰ ਭਾਈ ਤੇ ਮੁਲਾਣਾ ।

ਲਾ ਲੈ ਅਕਲ ਦੀ ਕਸੌਟੀ,
ਮੇਰੀ ਗੱਲ ਇਕ ਮੋਟੀ,
ਜਿਦ੍ਹੀ ਗ਼ੈਰ ਹੱਥ ਰੋਟੀ,
ਉਸ ਕੀ ਧਾਰਮਕ ਸਦਾਣਾ ।

ਮੈਂ ਨਹੀਂ ਧਰਮ ਤੋਂ ਹਟਾਂਦਾ,
ਤੈਨੂੰ ਧਰਮ ਜੋ ਸਿਖਾਂਦਾ,
ਕਰਤਵ ਦਸਵੇਂ ਗੁਰਾਂ ਦਾ,
ਸਭ ਕੁਝ ਅਣਖ ਤੋਂ ਲੁਟਾਣਾ ।

ਐਵੇਂ ਢਾਹ ਨਾ ਤੂੰ ਢੇਰੀ,
ਝੁਲ ਵਾਂਗਰਾਂ ਹਨੇਰੀ,
ਸੌਂ ਜਾਏ ਕਿਸਮਤ ਜੇ ਤੇਰੀ,
ਤਾਂ ਹਲੂਣ ਆਸਮਾਨਾਂ ।

ਬਹਿ ਕੇ ਝੂਰ ਨਾ ਤੂੰ ਬੰਨੇ,
ਪਾ ਲੈ ਸਾਗਰਾਂ ਨੂੰ ਛੰਨੇ,
ਕਿਸਮਤ ਮੰਨੇ ਨਾ ਮੰਨੇ,
ਲੰਘ ਜਾ ਚੀਰ ਕੇ ਤੁਫ਼ਾਨਾਂ ।

ਤੇਰੇ ਹੱਥਾਂ ਦੇ ਛਾਲੇ,
ਅਜ ਕਲ ਚਮਕਣ ਵਾਲੇ,
ਪਰ ਜੇ ਵਕਤ ਨੂੰ ਸੰਭਾਲੇ,
ਕੋਈ ਯੁਵਕਾਂ ਦਾ ਢਾਣਾ !

ਏਦਾਂ ਕਰੇਂਗਾ ਜੇ ਛੋਹਲੀ,
ਇਹ ਕੀ ਦੁਨੀਆਂ ਛਛੋਲੀ,
ਪਾ ਲਏਂ ਚੰਨ ਨੂੰ ਤੂੰ ਡੋਲੀ,
ਬੰਨ੍ਹ ਕੇ ਗਿਟੀਆਂ ਦਾ ਗਾਨਾ ।

18. ਸਾਡੀ ਗਲੀਉਂ ਬਾਹਰ

ਸਾਡੀ ਗਲੀਉਂ ਬਾਹਰ,
ਵੇਚੇ ਉਹ ਕਸ਼ਮੀਰੀ ਨਾਖਾਂ
ਇਕ ਪੈਸੇ ਦੀਆਂ ਚਾਰ ।

ਚੰਨਣ-ਵੰਨਾ ਚੌੜਾ ਮੱਥਾ,
ਨੈਣ ਅਲੌਕਿਕ, ਮੁੱਖ ਸੁਨੱਖਾ,
ਭਾਵੇਂ ਛਜ ਛਜ ਲੀਰਾਂ ਲਮਕਣ
ਜਾਪੇ ਰਾਜ ਕੁਮਾਰ ।

ਲੰਘ ਲੰਘ ਜਾਣ ਕਸੋਹਣੇ, ਕੋਝੇ,
ਪੈਸਿਆਂ ਨਾਲ ਪਰੁੱਚੇ ਬੋਝੇ,
ਤੁਰ ਤੁਰ ਪੱਬਾਂ ਭਾਰ
ਦਿਲ ਉਨ੍ਹਾਂ ਦੇ ਸਖਣੇ ਪੁਖਣੇ,
ਸੀਸ ਭਰੇ ਹੰਕਾਰ ।

ਜਦ ਕੋਈ ਧਰੇ ਧਿਆਨ,
ਉਹ ਨਾਲ ਵੇਚੇ ਮੁਸਕਾਨ,
ਜਿਸਦੇ ਮੁੱਲ ਦਾ ਅਤ ਗ਼ੁਰਬਤ ਵਿਚ
ਰਿਹਾ ਨਾ ਉਨੂੰ ਵਿਚਾਰ,
ਇਹ ਕੀ ਮੇਰੇ ਕਰਤਾਰ ?

ਸਾਡੀ ਗਲੀਉਂ ਬਾਹਰ,
ਵੇਚੇ ਉਹ ਕਸ਼ਮੀਰੀ ਨਾਖਾਂ
ਇਕ ਪੈਸੇ ਦੀਆਂ ਚਾਰ ।

19. ਮੈਂ ਹੁੰਦਾ ਜਾਂ ਕੁਝ ਹੋਰ ਹੋਰ

ਮੈਂ ਹੁੰਦਾ ਜਾਂ ਕੁਝ ਹੋਰ ਹੋਰ,
ਮੇਰੀ ਵਖਰੀ ਜਾਪੇ ਤੋਰ ਤੋਰ ।
ਕੋਈ ਆਉਂਦੀ ਜਾਵੇ ਯਾਦ ਯਾਦ,
ਜਿੰਦ ਹੁੰਦੀ ਜਾਵੇ ਸਵਾਦ ਸਵਾਦ ।
ਲਖ ਬੁਲ੍ਹੀਆਂ ਰੱਖਾਂ ਸੀੜ ਸੀੜ,
ਨਹੀਂ ਲੁਕਦੀ ਦਿਲ ਦੀ ਪੀੜ ਪੀੜ ।
ਅਜ ਅੱਖਾਂ ਕਰਦੀਆਂ ਰੋਣ ਰੋਣ,
ਤੇ ਹਿੱਕ ਕਿਸੇ ਦੀ ਧੋਣ ਧੋਣ ।
ਕੋਈ ਚੜ੍ਹਦਾ ਜਾਵੇ ਰੰਗ ਰੰਗ,
ਮੈਨੂੰ ਦੁਨੀਆਂ ਜਾਪੇ ਤੰਗ ਤੰਗ ।
ਜੀ ਚਾਹੇ ਸਾਗਰ ਤਰਨ ਤਰਨ,
ਜੀ ਚਾਹੇ ਪਰਬਤ ਚੜ੍ਹਨ ਚੜ੍ਹਨ ।
ਜੀ ਲੋਚੇ ਉਡਣਾ ਗਗਨ ਗਗਨ,
ਚੰਨ ਤਾਰਿਆਂ ਦੇ ਗਲ ਲਗਣ ਲਗਣ ।
ਜਿੰਦ-ਤਰਬਾਂ ਉਠੀਆਂ ਲਰਜ਼ ਲਰਜ਼,
ਅਨੀ ਅਕਲੇ ਅਜ ਨਾ ਵਰਜ ਵਰਜ,
ਨੱਚਣ ਦੇ ਅਣੀਏ, ਨਗਨ ਨਗਨ,
ਕੀ ਸਚ ਨੂੰ ਆਖੇ ਕਜਣ ਕਜਣ ।
ਕੋਈ ਚੜ੍ਹਦਾ ਜਾਵੇ ਲੋਰ ਲੋਰ,
ਮੈਂ ਹੁੰਦਾ ਜਾਂ ਕੁਝ ਹੋਰ ਹੋਰ ।

20. ਗੀਤ

ਜੇ ਕੁੜੀਏ ਤੇਰੀਆਂ ਸੱਚੀਆਂ ਹੋਵਣ ਗੱਲਾਂ-
ਜਿੱਤ ਲਵਾਂ ਥਲ ਸਾਗਰ ਪਰਬਤ ਜੰਗਲ ਜੂਹਾਂ ਝੱਲਾਂ,

ਢੋ ਲਿਆਵਾਂ ਕੁਲ ਸੁਹਜ ਜਗਤ ਦਾ ਖ਼ਾਤਰ ਤੇਰੇ ਮਹੱਲਾਂ,
ਪੀਂਘ ਬਣਾਵਾਂ ਅਰਸ਼ੀਂ ਪਾਵਾਂ, ਗੁੰਦ ਸਾਗਰ ਦੀਆਂ ਛੱਲਾਂ,
ਇਕ ਹੁਲਾਰੇ ਦੁਨੀਆਂ ਟਪ ਜਾਂ, ਗਗਨ ਦੇਸ਼ ਜਾ ਮੱਲਾਂ,
ਤੁੰਡ ਅਕਾਸ਼ੋਂ ਚੰਨ ਸਿਤਾਰੇ ਹਿੱਕ ਉਨ੍ਹਾਂ ਦੀ ਸੱਲਾਂ,
ਜਗ ਮਗ ਕਰਦਾ ਹਾਰ ਪਰੋਵਾਂ ਗਲ ਤੇਰੇ ਆ ਵੱਲਾਂ,
ਜੇ ਕੁੜੀਏ ਤੇਰੀਆਂ ਸੱਚੀਆਂ ਹੋਵਣ ਗੱਲਾਂ ।

21. ਜੇ ਚਲਿਆ ਏਂ ਲੜਨ ਪੰਜਾਬੀਆ

ਜੇ ਚਲਿਆ ਏਂ ਲੜਨ ਪੰਜਾਬੀਆ,
ਨਾ ਭੱਜੀਂ ਗਿੱਦੜਾਂ ਵਾਂਗਰਾਂ,
ਉਏ ਸ਼ੇਰਾ ਪੰਜ-ਦਰਿਆ ਦਿਆ ।

ਜੇ ਪਿੱਛਾਂ ਵਲ ਤੂੰ ਪਰਤਿਆ,
ਨਾ ਜਾਣੀ ਜੀਂਦਾ ਬਚ ਗਿਆ,
ਅਤ ਡੂੰਘੇ ਖੱਡ ਪਹਾੜ ਦੇ
ਤੈਨੂੰ ਖਾਵਣਗੇ ਮੂੰਹ ਪਾੜ ਕੇ,

ਤੂਫ਼ਾਨੀ ਛਾਤੀ ਅਟਕ ਦੀ,
ਤੇਰਾ ਸਿਰ ਪੱਥਰਾਂ ਤੇ ਪਟਕਸੀ,
ਤੇ ਟਾਹਣੀ ਇਕ ਇਕ ਰਾਹ ਦੀ
ਤਿਰੀਆਂ ਕਾਇਰ ਅੱਖਾਂ ਚੋਭਸੀ,
ਤੇ ਇਕ ਇਕ ਵੇਲ ਅੰਗੂਰ ਦੀ
ਤੈਨੂੰ ਘੋਪ ਘੋਪ ਕੇ ਮਾਰਸੀ ।

ਜੇ ਇਹਨਾਂ ਤੋਂ ਤੂੰ ਬਚ ਗਿਆ,
ਤਾਂ ਦੇਸ ਤੇਰੇ ਦੀਆਂ ਗੋਰੀਆਂ,
ਅਤ ਮਿੱਠੀਆਂ ਨਾਜ਼ਕ ਛੋਹਰੀਆਂ,
ਤੈਨੂੰ ਮਾਰ ਮਾਰ ਕੇ ਬੋਲੀਆਂ,
ਤੇ ਕਰ ਕਰ ਠੱਠੇ ਟਿਚਕਰਾਂ,
ਤੈਨੂੰ ਜੀਉਂਦੇ ਜੀ ਮਾਰਨਗੀਆਂ ।

ਜੇ ਚਲਿਆ ਏਂ ਲੜਨ ਪੰਜਾਬੀਆ,
ਨਾ ਭੱਜੀਂ ਗਿੱਦੜਾਂ ਵਾਂਗਰਾਂ,
ਉਏ ਸ਼ੇਰਾ ਪੰਜ-ਦਰਿਆ ਦਿਆ ।

22. ਪੰਜਾਬਣ ਦਾ ਗੀਤ

ਮੈਂ ਪੰਜਾਬ ਦੀ ਕੁੜੀ,
ਪੰਜ-ਦਰਿਆਵਾਂ ਦੀ ਪਰੀ ।
ਮੇਰੀਆਂ ਗੋਲ ਗੋਲ ਬਾਹੀਂ
ਲੱਸੀ ਰਿੜਕ ਰਿੜਕ ਬਣੀਆਂ,
ਮੇਰਾ ਪਤਲਾ ਪਤਲਾ ਲੱਕ
ਪੀਂਘਾਂ ਝੂਟ ਝੂਟ ਬਣਿਆਂ,
ਮੇਰਾ ਗੋਰਾ ਗੋਰਾ ਰੰਗ
ਮੱਖਣ-ਪੇੜੇ ਖਾ ਖਾ ਬਣਿਆਂ,
ਮੇਰੀਆਂ ਸਾਫ਼ ਸਾਫ਼ ਅੱਖਾਂ
ਖੁਲ੍ਹੀਆਂ ਪੌਣਾਂ ਭਖ਼ ਭਖ਼ ਬਣੀਆਂ,
ਪਰ ਮੈਂ ਤੇਰੀ ਨਾ ਬਣਾਂ,
ਮੁੰਡਿਆ ਛੱਡ ਦੇ ਮੇਰੀ ਬਾਂਹ ।

ਭਾਵੇਂ ਮੁੰਡਾ ਤੂੰ ਜਵਾਨ,
ਤੇਰੀ ਲੋਹੇ ਵਰਗੀ ਜਾਨ,
ਤੇਰੀ ਛਿੰਜਾਂ ਵਿਚ ਘੁਮਕਾਰ,
ਤੇਰਾ ਪਰ੍ਹਿਆਂ ਵਿਚ ਸਤਿਕਾਰ,
ਤੇਰੀ ਤ੍ਰਿੰਞਣਾਂ ਵਿਚ ਭਿਣਕਾਰ,
ਭਾਵੇਂ ਮਿਲਖਾਂ ਦਾ ਤੂੰ ਵਾਲੀ,
ਤੇਰੀ ਚਾਂਦੀ ਜੜੀ ਪੰਜਾਲੀ,
ਤੇਰੇ ਹੇਠ ਹਜ਼ਾਰੀ ਘੋੜਾ,
ਤੇਰੇ ਪੈਰ ਜ਼ਰੀ ਦਾ ਜੋੜਾ,
ਫਿਰ ਵੀ ਤੇਰੀ ਨਾ ਬਣਾਂ,
ਮੁੰਡਿਆ ਛੱਡ ਦੇ ਮੇਰੀ ਬਾਂਹ ।

ਜਿਸ ਦਿਨ ਬਣੇ ਦੇਸ ਤੇ ਭੀੜ
ਆਵਣ ਵੈਰੀ ਘੱਤ ਵਹੀਰ,
ਜਿਸ ਦਿਨ ਪੰਜ-ਦਰਿਆ ਦਾ ਮਾਣ
ਲੱਗੇ ਹੱਥ ਵੈਰੀ ਦੇ ਜਾਣ,
ਜਿਸ ਦਾ ਪਹਿਲਾ ਖ਼ੂਨ ਕੜ੍ਹੇ
ਜਿਹੜਾ ਪਹਿਲੇ ਪੂਰ ਚੜ੍ਹੇ
ਜਿਹੜਾ ਸਭ ਤੋਂ ਅਗੇ ਲੜੇ,
ਵੇ ਮੈਂ ਓਸ ਦੀ ਬਣਾਂ,
ਵੇ ਮੈਂ ਓਸ ਲਈ ਜੀਆਂ,
ਵੇ ਮੈਂ ਓਸ ਲਈ ਮਰਾਂ ।

ਮੈਂ ਪੰਜਾਬ ਦੀ ਕੁੜੀ,
ਪੰਜ-ਦਰਿਆਵਾਂ ਦੀ ਪਰੀ ।

23. ਮੈਂ ਜੀਵਾਂ ਇਕ ਕੁੜੀ ਲਈ

ਮੈਂ ਜੀਵਾਂ ਇਕ ਕੁੜੀ ਲਈ
ਮੈਂ ਥੀਵਾਂ ਇਕ ਕੁੜੀ ਲਈ !
ਖ਼ਬਰ ਨਹੀਂ ਉਹ ਕਿੱਥੇ ਰਹਿੰਦੀ,

ਸ਼ਾਇਦ ਮੇਰੇ ਅੰਦਰ ਵਾਰ
ਯਾ ਫਿਰ ਸਤ ਸਮੁੰਦਰੋਂ ਪਾਰ,

ਕਿਸੇ ਸੁਨਹਿਰੀ ਟਾਪੂ ਅੰਦਰ
ਰਹੀ ਸੁਗੰਧ ਖਿਲਾਰ ।

ਯਾ ਇਸ ਦੁਨੀਆਂ ਤੋਂ ਵੀ ਦੂਰ,
ਚੰਦ੍ਰਲੋਕ ਯਾ ਸੂਰਯ-ਲੋਕ ਯਾ ਧਰੁਵ-ਲੋਕ,
ਯਾ ਇਹਨਾਂ ਤੋਂ ਵੀ ਹੋਰ,
ਨੱਭ ਦੇ ਪਰਲੇ ਛੋਰ,
ਕਿਸੇ ਅਦਿੱਖ ਸਿਤਾਰੇ ਦੇ ਵਿਚ
ਵੰਡ ਰਹੀ ਉਹ ਨੂਰ ।

ਇਹ ਵੀ ਪਤਾ ਨਾ ਨਾਲੇ,
ਜੰਮੀ ਹੋਈ ਯਾ ਜੰਮਸੀ ਹਾਲੇ,
ਯਾ ਜੰਮੀ ਜੀ ਕੇ ਗੁਜ਼ਰ ਗਈ ।
ਮੈਂ ਜੀਵਾਂ ਉਸ ਕੁੜੀ ਲਈ ।
ਮੈਂ ਥੀਵਾਂ ਉਸ ਕੁੜੀ ਲਈ ।

ਕਦੀ ਕਦੀ ਪਰ ਕਿਸੇ ਕੁੜੀ ਵਿਚ
ਝੌਲੇ ਉਸ ਦੇ ਪੈਣ-
ਫੜਕ ਉਠਣ ਜਿੰਦੜੀ ਦੀਆਂ ਤਾਰਾਂ,
ਲੂੰ ਲੂੰ ਦੇ ਵਿਚ ਕਰਨ ਪੁਕਾਰਾਂ,
ਰੂਹ ਹੋਵੇ ਬੇਚੈਨ;
ਤੜਪ ਤੜਪ ਕੇ ਦਿਨ ਗੁਜ਼ਾਰਾਂ,
ਵਿਲਕ ਵਿਲਕ ਕੇ ਰੈਨ ।

ਪਰ ਜਦ ਢੁਕ ਕੇ ਕੋਲ,
ਸੁਣਾ ਮੈਂ ਉਸ ਦੇ ਬੋਲ,
ਨਾਲੇ ਤੱਕਾਂ ਪਛਾਣਾਂ ਉਸ ਨੂੰ
ਨੈਣ ਨੈਣਾਂ ਵਿਚ ਘੋਲ-
ਨਿਕਲ ਪਵੇ ਉਹ ਹੋਰ ਕੋਈ ।
ਮੈਂ ਜੀਵਾਂ ਇਕ ਕੁੜੀ ਲਈ
ਮੈਂ ਥੀਵਾਂ ਇਕ ਕੁੜੀ ਲਈ !
ਖ਼ਬਰ ਨਹੀਂ ਉਹ ਕਿੱਥੇ ਰਹਿੰਦੀ ?
ਸ਼ਾਇਦ ਮੇਰੇ ਅੰਦਰ ਵਾਰ,
ਯਾ ਫਿਰ ਸਤ ਸਮੁੰਦਰੋਂ ਪਾਰ,

ਕਿਸੇ ਸੁਨਹਿਰੀ ਟਾਪੂ ਅੰਦਰ
ਰਹੀ ਸੁਗੰਧ ਖਿਲਾਰ ।

24. ਦੋ ਤਿਤਲੀਆਂ

ਘੁੰਮਰੇ ਘੁੰਮਰੇ ਟਾਹਣਾਂ ਵਾਲੇ
ਬੋੜ੍ਹ ਪਛਾੜੀ,
ਬਣ ਗੁਲਨਾਰੀ,
ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛੁਪਾਵੇ,
ਆ ਮੇਰੀ ਬਾਰੀ ਦੇ ਸਾਹਵੇਂ,
ਫੁੱਲ-ਪਤੀਆਂ ਦੀ ਪਤਲੀ ਛਾਵੇਂ,
ਫੁਦਕ ਫੁਦਕ ਕੇ,
ਗੁਟਕ ਗੁਟਕ ਕੇ,
ਖੇਲਦੀਆਂ ਦੋ ਤਿਤਲੀਆਂ ।

ਫੈਲਰ ਜਾਵੇ ਜਦੋਂ ਹਨੇਰ,
ਫੁੱਲਾਂ ਹੇਠ,
ਖੰਭ ਵਲ੍ਹੇਟ,
ਬੈਠ ਕਰਨ ਉਹ ਨਿੱਕੀਆਂ ਨਿੱਕੀਆਂ ਗੱਲਾਂ ਢੇਰ ।
ਆਉਂਦੇ ਜੀਵਨ ਦੇ ਮਿੱਠੇ-ਸੁਫ਼ਨੇ
ਤਕ ਤਕ ਕੇ ਵਿਗਸਣ, ਮੁਸਕਾਣ,
ਅਣ-ਮਾਣੇ ਸੁਆਦਾਂ ਪਿਆਰਾਂ ਦੇ
ਮਹਿਲ ਸਵਰਗੀ ਕਈ ਬਨਾਣ,
ਖਿਚ ਉਨ੍ਹਾਂ ਦੇ ਉੱਚੇ ਕਿੰਗਰੇ,
ਧੁਰ ਗਿਟੀਆਂ ਤੀਕਰ ਲੈ ਜਾਣ ।
ਹਾਏ ! ਅਸਲੀ ਜੀਵਨ ਹੁੰਦਾ
ਕਿਤਨਾ ਕੌੜਾ
ਕਿਤਨਾ ਖੌਹਰਾ,
ਕੀ ਜਾਣਨ ਇਹ ਤਿਤਲੀਆਂ

ਹੇ ਮਾਸੂਮ ਭੋਲੀਓ ਜਿੰਦੋ !
ਹੱਸ ਲਵੋ ਨੀ,
ਨੱਸ ਲਵੋ ਨੀ,
ਸੁਫ਼ਨਿਆਂ ਦੇ ਮਿੱਠੇ ਜਗ ਵਿਚ
ਹੋਰ ਚਾਰ ਦਿਨ ਵੱਸ ਲਵੋ ਨੀ,
ਨਾਲੇ ਸੁਣ ਸੁਣਾ ਲਓ ਅੱਜੇ,
ਅਣ-ਮਾਣੇ ਪਿਆਰਾਂ ਦੇ ਕਿੱਸੇ,
ਰਬ ਜਾਣੇ, ਕੁਝ ਸੁਝੇ ਨਾ ਦਿੱਸੇ,
ਕਲ ਕੀ ਆਉਣਾ ਤੁਹਾਡੇ ਹਿੱਸੇ !
ਹਾਏ ! ਅਗੇ ਤੁਹਾਡੇ ਜਹੀਆਂ,
ਮਿਧ ਸੁਟੀਆਂ ਭਾਗਾਂ ਦਿਆਂ ਪਹੀਆਂ,
ਨਾਜ਼ੁਕ ਨਾਜ਼ੁਕ,
ਕੋਮਲ ਕੋਮਲ,
ਲੱਖ ਹਜ਼ਾਰਾਂ ਤਿਤਲੀਆਂ ।

25. ਮੇਰਾ ਰਾਂਝਣ ਮੈਨੂੰ ਮੋੜ ਦੇ

ਮੇਰਾ ਰਾਂਝਣ ਮੈਨੂੰ ਮੋੜ ਦੇ
ਜੇ ਹੀਰੇ ਤੈਨੂੰ ਲੋੜ ਰਾਂਝਣ ਦੀ
ਲੜ ਖੇੜਿਆਂ ਦਾ ਛੋੜ ਦੇ ।

ਤਕ ਤਕ ਖੇੜਿਆਂ ਦੀ ਰੰਗਲੀ ਡੋਲੀ,
ਹੁੰਦੀ ਜਾਵੇਂ ਨੀ ਤੂੰ ਉਨ੍ਹਾਂ ਦੀ ਗੋਲੀ,
ਤੈਨੂੰ ਭੁਲ ਗਏ ਰਿਸ਼ਤੇ ਤੋੜ ਦੇ ।

ਨਾਲੇ ਰਾਂਝਣ ਨਾਲੇ ਰਖਨੀ ਏਂ ਖੇੜੇ,
ਇਹ ਝੇੜੇ ਤੇਰੇ ਕੌਣ ਨਬੇੜੇ ?
ਦੋ ਦਿਲੀਆਂ ਨੂੰ ਛੋੜ ਦੇ ।

ਜੇ ਰਾਂਝਣ ਤੂੰ ਰਖਣਾ ਹੀ ਰਖਣਾ,
ਦਿਲ ਵੇਹੜੇ ਨੂੰ ਕਰ ਕੇ ਸਖਣਾ,
ਕਿਬਰ ਝਨਾਂ ਵਿਚ ਰੋਹੜ ਦੇ ।

ਕਿੰਜ ਹੋਵੇ ਤੈਨੂੰ ਕੁੜੇ ਨਜ਼ਾਰਾ ?
ਰਾਂਝਣ ਕੋਲ ਇਕੋ ਤਖ਼ਤ ਹਜ਼ਾਰਾ,
ਤੇਰੇ ਖੇੜੇ ਲਖ ਕਰੋੜ ਦੇ ।

26. ਨਿਕਾ ਜਿਹਾ ਇਕ ਦੀਵਾ ਟਿਮਕੇ

ਨਿਕਾ ਜਿਹਾ ਇਕ ਦੀਵਾ ਟਿਮਕੇ,
ਹਿਕ ਮੇਰੀ ਵਿਚਕਾਰ ।
ਵਾਲੋਂ ਸੂਖਸ਼ਮ ਜਿਸ ਦੀ ਬੱਤੀ
ਮਸਾਂ ਮਸਾਂ ਰਖਦੀ ਹਿਕ ਤੱਤੀ,
ਨਿਮ੍ਹੀ, ਫਿੱਕੀ ਧੁੰਦਲੀ ਲੋ
ਉਰਾਂ ਉਰਾਂ ਹੀ ਜਾਂਦੀ ਖੋ;
ਬੁਕਲੋਂ ਹੋਏ ਨਾ ਪਾਰ ।

ਚਿਰਾਂ ਚਿਰਾਂ ਤੋਂ ਲਾਲ ਜ਼ੁਹਦੀਆਂ,
ਰਖਿਆ ਇਹਨੂੰ ਸੰਭਾਲ ।
ਉਲਰ ਉਲਰ ਕੇ ਇਸਦੇ ਉੱਤੇ,
ਮੀਂਹ ਕਣੀ ਝਖੜਾਂ ਦੀ ਰੁੱਤੇ,
ਪਾ ਪਾ ਰੱਤ ਮਚਾਈ ਰੱਖੀ,
ਵਾਲੋਂ ਸੂਖਸ਼ਮ ਇਸ ਦੀ ਬੱਤੀ,
ਘੁਟ ਕਲੇਜੇ ਨਾਲ ।

ਪਰ ਜਦ ਵਲ ਗਗਨਾਂ ਮੈਂ ਤਕਿਆ,
ਚੁਕ ਦੀਵੇ ਤੋਂ ਧਿਆਨ-
ਕੀ ਵੇਖਾਂ ਲਖ ਚੰਨ ਸਿਤਾਰੇ,
ਕਰਨ ਯੋਜਨੀਂ ਨੂਰ-ਪਸਾਰੇ,

ਨਾਲੇ, ਸੂਰਜ ਜਹੇ ਅਨੇਕ,
ਸਰਬ-ਸ੍ਰਿਸ਼ਟ ਨੂੰ ਵੰਡਦੇ ਸੇਕ,
ਮੇਉਂਦੇ ਨਾ ਅਸਮਾਨ ।

ਤਕ ਏਦਾਂ ਨੂਰਾਂ ਦੀਆਂ ਕਾਂਗਾਂ,
ਮੈਂ ਹੋਇਆ ਹੈਰਾਨ ।
ਨਾਲ ਸ਼ਰਮ ਮੈਂ ਝੰਵਿਆ, ਝੁਕਿਆ,
ਕੰਬਦੀ ਹੱਥੀਂ ਦੀਵਾ ਚੁਕਿਆ;
ਚੰਨ, ਸੂਰਜ, ਤਾਰਿਆਂ ਦੇ ਸਾਹਵੇਂ,
ਸਮਝ ਨਿਕਾਰਾ ਉਸ ਨੂੰ ਐਵੇਂ,
ਲੱਗਾ ਜਦੋਂ ਬੁਝਾਣ-
ਆਈ ਵਾਜ ਅਕਾਸ਼ਾਂ ਵਿਚੋਂ
ਨਾ ਹੋ ਜੀਵੇਂ ਉਦਾਸ ।
ਜਿਸ ਦੀਵੇ ਨੂੰ ਸਮਝ ਨਿਕੰਮਾ,
ਲੈਣ ਲਗਾ ਤੂੰ ਹਉਕਾ ਲੰਮਾ,
ਓਹੀ ਦੀਪ ਲਭਣ ਲਈ ਬੀਬਾ,
ਚੰਨ, ਸੂਰਜ, ਤਾਰਿਆਂ ਦਾ ਕੀਤਾ,
ਨਭ ਵਿਚ ਮੈਂ ਪਰਕਾਸ਼ ।

27. ਜੇ ਤੂੰ ਬਹਿ ਵੰਞੇਂ ਮੇਰੇ ਕੋਲ

ਜੇ ਤੂੰ ਬਹਿ ਵੰਞੇਂ ਮੇਰੇ ਕੋਲ,
ਸਤ ਬਹਿਸ਼ਤਾਂ ਦੇਣ ਜੇ ਮੈਨੂੰ,
ਛੰਡ ਸੁੱਟਾਂ ਮੈਂ ਝੋਲ ।

ਮੁਖ ਤੇਰੇ ਦੇ ਅਸੀਂ ਵਣਜਾਰੇ,
ਹੋਰ ਨਹੀਂ ਕੁਝ ਮੰਗਦੇ ਪਿਆਰੇ,
ਭਾਵੇਂ ਬੋਲ ਨਾ ਬੋਲ ।

ਤਕ ਤਕ ਤੈਨੂੰ ਫਿਰ ਪਿਆ ਤੱਕਾਂ,
ਤਕਦਿਆਂ ਤਕਦਿਆਂ ਮੂਲ ਨਾ ਥੱਕਾਂ,
ਲਵਾਂ ਨੈਣਾਂ ਵਿਚ ਘੋਲ ।

ਏਦਾਂ ਬਹੀਂ ਮੇਰੇ ਕੋਲ ਪਿਆਰੇ,
ਤਕ ਤਕ ਤਾਰੇ ਭੀ ਕਰਨ ਇਸ਼ਾਰੇ,
ਕੌਣ ਇਹ ਕੋਲੋ ਕੋਲ ?

28. ਮੁਸਕਾਨ

ਹੇ ਗਗਨਾਂ ਦੇ ਸਿਰਜਨਹਾਰ
ਧਰਨ ਲਗਾਂ ਜਦ ਤੇਰਾ ਧਿਆਨ,
ਤਣੇ ਕਿਸੇ ਦੀ ਮਧੁ-ਮੁਸਕਾਨ
ਸੁਬਕ ਸੁਨਹਿਰੀ ਪਰਦੇ ਵਾਂਗਰ, ਤੇਰੇ ਮੇਰੇ ਵਿਚਕਾਰ ।

ਹੇ ਗਗਨਾਂ ਦੇ ਸਿਰਜਨਹਾਰ,
ਯਾ ਵਿਚਕਾਰੋਂ ਇਨੂੰ ਹਟਾ,
ਯਾ ਫਿਰ ਐਸੀ ਬਖ਼ਸ਼ ਨਿਗਾਹ,
ਦੇਖ ਸਕੇ ਜੋ ਇਸ ਵਿਚੋਂ ਦੀ, ਸੁੰਦਰ ਤੇਰੀ ਨੁਹਾਰ ।

ਹੇ ਗਗਨਾਂ ਦੇ ਸਿਰਜਨਹਾਰ,
ਨਹੀਂ ਹਟਦੀ ਤੈਥੋਂ ਮੁਸਕਾਨ,
ਹੁੰਦਾ ਜਾਵੇ ਮੈਨੂੰ ਗੁਮਾਨ,
ਮੇਰੇ ਵਾਂਗਰ ਨਾਲ ਏਸ ਦੇ, ਤੈਨੂੰ ਵੀ ਹੈ ਪਿਆਰ ।

29. ਮੁੜ ਸੁਣਨਾ ਚਾਹਵਾਂ

ਮੁੜ ਸੁਣਨਾ ਚਾਹਵਾਂ-
ਵੰਨ ਸੁਵੰਨੇ ਘਾਹਵਾਂ ਲੱਦੇ
ਹਰੇ ਸੁਹਾਂ ਦੇ ਤੀਰ,
ਉਛਲ ਉਛਲ ਕੇ ਜਿਸ ਨੂੰ ਚੁੰਮਣ,
ਚਾਂਦੀ-ਰੰਗੇ ਨੀਰ,
ਚੰਨ-ਚਾਨਣੀ ਦੇ ਵਿਚ ਧੋਤੇ
ਬਾਜਰਿਆਂ ਦੇ ਸਿਟਿਆਂ ਕੋਲ,
ਲਾ ਕੇ ਕੰਨ ਕਿਸੇ ਦੀ ਹਿਕ ਨੂੰ
ਸੁਣੇ ਕਦੀ ਜੋ ਬੋਲ-
ਮੈਂ ਨਹੀਂ ਕਹਿੰਦਾ ਓਸੇ ਹੀ ਥਾਂ,
ਮੈਂ ਨਹੀਂ ਕਹਿੰਦਾ ਓਸੇ ਹਿਕ 'ਚੋਂ,
ਕੋਈ ਥਾਂ ਹੋਵੇ
ਕੋਈ ਪਲ ਹੋਵੇ
ਕੋਈ ਹਿੱਕ ਹੋਵੇ
ਐਪਰ ਬਿਲਕੁਲ ਬੋਲ ਉਜੇਹੇ,
ਹਿਕ-ਡੂੰਘਾਣਾਂ ਵਿਚੋਂ ਨਿਕਲੇ,
ਮੁੜ ਸੁਣਨਾ ਚਾਹਵਾਂ ।

30. ਨੀ ਜਿੰਦੇ

ਨੀ ਜਿੰਦੇ ਕੰਮ ਤੇਰਾ ਜੀਣਾ,
ਤੈਨੂੰ ਕੋਈ ਜਾਣੇ ਨਾ ਜਾਣੇ;
ਨੀ ਜਿੰਦੇ ਕੰਮ ਤੇਰਾ ਵੰਡੀਣਾ,
ਤੈਨੂੰ ਕੋਈ ਮਾਣੇ ਨਾ ਮਾਣੇ ।
ਨੀ ਜਿੰਦੇ ਕੰਮ ਤੇਰਾ ਖਿੜਨਾ,
ਤੈਨੂੰ ਕੋਈ ਤੱਕੇ ਨਾ ਤੱਕੇ;
ਨੀ ਜਿੰਦੇ ਕੰਮ ਤੇਰਾ ਰਸਣਾ,
ਤੈਨੂੰ ਕੋਈ ਚੱਖੇ ਨਾ ਚੱਖੇ ।

ਲਖ ਫੁੱਲ ਜੰਗਲੀਂ ਖਿੜ, ਰਸ, ਝੜ ਗਏ,
ਹੋ ਗਏ ਪਤੀਆਂ ਪਤੀਆਂ;
ਲਖ ਤਾਰੇ ਅਸਮਾਨੀਂ ਡੁਬ ਗਏ,
ਜੋਤਾਂ ਕਿਸੇ ਨਾ ਤਕੀਆਂ;

ਮਿੱਟੀ ਦੇ ਵਿਚ ਮਿੱਟੀ ਹੋਈਆਂ,
ਲਖ ਰੂਹਾਂ ਰਸ-ਰੰਗ-ਰਤੀਆਂ;
ਤੂੰ ਇਕ ਹੋਰ ਸਹੀ ਨੀ ਜਿੰਦੇ,
ਕਿਉਂ ਰੋਨੀਏਂ ਭਰ ਭਰ ਅਖੀਆਂ ?

31. ਛੋਹ

ਸਵਾਦ ਸਵਾਦ ਮੈਂ ਲੇਟਿਆ
ਤਾਰਿਆਂ ਦੀ ਨਿਮ੍ਹੀ ਨਿਮ੍ਹੀ ਲੋ,

ਅੱਖਾਂ ਭਰੀਆਂ ਸੁਫਨਿਆਂ
ਮੇਰੀ ਹਿੱਕ ਭਰੀ ਖੁਸ਼ਬੋ ।

ਝੁਕ ਝੁਕ ਤਾਰੇ ਅਰਸ ਦੇ
ਲੈਣ ਪਏ ਕਨਸੋ

ਕੀ ਵੇਖੋ ਤੁਸੀਂ ਤਾਰਿਓ ?
ਕੀ ਲਵੋ ਕਨਸੋ ?

ਤੁਸੀਂ ਚੀਜ਼ ਕੋਈ ਅਰਸ਼ ਦੀ
ਮੈਨੂੰ ਲਗੀ ਜ਼ਿਮੀ ਦੀ ਛੋਹ ।

32. ਗੀਤ

ਕੇਹਾ ਨਿਕਾ ਨਿਕਾ ਰਹਿੰਦਾ ਸਰੂਰ-
ਨਾ ਹੀ ਪੂਰੀਆਂ ਹੋਸ਼ਾਂ ਮੈਨੂੰ,
ਨਾ ਮੈਂ ਨਸ਼ੇ ਵਿਚ ਚੂਰ ।

ਨਾ ਹੀ ਸਜਨ ਮੈਨੂੰ ਗਲ ਨਾਲ ਲਾਵੇ,
ਨਾ ਹੀ ਸਜਨ ਮੈਨੂੰ ਬੂਹਿਉਂ ਉਠਾਵੇ,
ਮੈਂ ਨਾ ਰਦ ਨਾ ਮਨਜ਼ੂਰ ।

ਮੰਜ਼ਲ ਇਸ਼ਕ ਦੀ ਦੇਂਦੀ ਝਕਾਵੇ,
ਕਲ ਆ ਜਾਵੇ ਯਾ ਕਦੀ ਵੀ ਨਾ ਆਵੇ,
ਇਹ ਨਾ ਨੇੜੇ ਨਾ ਦੂਰ ।

ਕੇਹਾ ਨਿਕਾ ਨਿਕਾ ਰਹਿੰਦਾ ਸਰੂਰ-
ਨਾ ਹੀ ਪੂਰੀਆਂ ਹੋਸ਼ਾਂ ਮੈਨੂੰ,
ਨਾ ਮੈਂ ਨਸ਼ੇ ਵਿਚ ਚੂਰ ।