ਬਾਰਾਂਮਾਹ-ਸੱਸੀ ਕਰੀਮ ਬਖ਼ਸ਼

Baranmah-Sassi Karim Bakhsh

ਚੇਤਰ ਚਿਤ ਅੱਲ੍ਹਾ ਵਲ ਕੀਤਾ, ਅਕਲੋਂ ਦੀਵਾ ਬਲਿਆ
ਇਸ਼ਕ ਉਖੇਰਾ ਸੂਲੀ ਨਾਲੋਂ, ਜਾਣੇ ਜਿਹੜਾ ਚੜ੍ਹਿਆ
ਪਹਿਲਾਂ ਇਸ਼ਕ ਯੁਸਫ਼ ਦੇ ਸੀ, ਆਣ ਕਬੀਲੇ ਰਲਿਆ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਇਸ਼ਕ ਛੁਰੀ ਸਿਰ ਧਰਿਆ ।੧।

ਵਿਸਾਖ ਮਹੀਨੇ ਲੱਗੀ ਸੀਨੇ, ਸੱਸੀ ਹੌਕਾ ਭਰਿਆ
ਜ਼ਾਲਮ ਬਿਰਹੋਂ ਟਿਕਣ ਨਾ ਦੇਂਦਾ, ਸੇਕ ਜਿਗਰ ਨੂੰ ਚੜ੍ਹਿਆ
ਵਿਚ ਵਿਰਾਗ ਰੋਂਵਦੀ ਸੱਸੀ, ਪੁੰਨੂੰ ਮੇਰਾ ਖੜਿਆ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਆਣ ਦੁਖਾਂ ਲੜ ਫੜਿਆ ।੨।

ਜੇਠ ਮਹੀਨੇ ਰੋਂਦੀ ਸੱਸੀ, ਮਾਂ ਤੋਂ ਬਹਿ ਕੇ ਲਾਹਮੇਂ
ਇਕ ਵਿਛੋੜਾ ਮਾਂ ਪਿਉ ਵਾਲਾ, ਲੋਕਾਂ ਮਾਰੇ ਤਾਹਨੇ
ਇਹ ਮੁਸੀਬਤ ਭਾਰੀ ਬਣ ਗਈ, ਸਹਿ ਲੈ ਮੇਰੀਏ ਜਾਨੇ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਭੱਠ ਘੱਤਾਂ ਚੂੜੇ ਜਾਮੇ ।੩।

ਹਾੜ ਮਹੀਨਾ ਮਾਰੂ ਚੜ੍ਹਿਆ, ਚੜ੍ਹਿਆ ਇਸ਼ਕ ਜਵਾਨੀ
ਇਕ ਫ਼ਰਯਾਦ ਰੱਬ ਦੇ ਅਗੇ, ਕਬਰੀਂ ਨਿਕਲੇ ਸਾਮੀਂ
ਲੂੰ ਲੂੰ ਅੰਦਰ ਪੀੜਾਂ ਹਿਲੀਆਂ, ਐਸੀ ਕਰ ਗਿਆ ਜਾਨੀ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਪੁੰਨੂੰ ਟੁਰ ਗਿਆ ਸ਼ਾਮੀ ।੪।

ਚੜ੍ਹਦੇ ਸਾਵਨ ਮੀਂਹ ਵਸਾਵਨ, ਛੰਭੀਂ ਖਲੇ ਨੇ ਪਾਣੀ
ਕਿਤ ਵਲ ਢੂੰਢਾਂ ਯਾਰ ਪੁੰਨੂੰ ਨੂੰ, ਵਖ਼ਤੀਂ ਪਈ ਸਵਾਣੀ
ਇਸ਼ਕ ਲਗਾ ਤਨ ਡਾਢਾ ਮੇਰੇ, ਡਿਗੀ ਹੋ ਨਿਤਾਣੀ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਪੁੰਨੂੰ ਟੁਰ ਗਿਆ ਜਾਨੀ ।੫।

ਭਾਦਰੋਂ ਭੜਕੀ ਲਗੀ ਸੀਨੇ, ਪੁੰਨੂੰ ਪੁੰਨੂੰ ਕੂਕਾਂ
ਲੋਕਾਂ ਭਾਣੇ ਇਸ਼ਕ ਸੁਖੇਰਾ, ਲਾਂਦਾ ਅੱਗ ਮਸ਼ੂਕਾਂ
ਇਸ਼ਕੋਂ ਗੋਲੀ ਲੱਗੀ ਮੈਨੂੰ, ਦਾਰੂ ਬਾਝ ਬੰਦੂਕਾਂ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਇਸ਼ਕ ਵਿਖਾਈਆਂ ਘੂਕਾਂ ।੬।

ਅੱਸੂ ਆਸ ਰਖਾਂ ਮੈਂ ਤੇਰੀ, ਪੁੰਨੂੰ ਰੱਬ ਮਿਲਾਏ
ਬਾਜ਼ੂਬੰਦ ਬਹੁਟੇ ਕੁੜੀਆਂ, ਰੋਂਦੀ ਸੱਭੇ ਲਾਹੇ
ਐਸਾ ਦਰਦੀ ਕਿਹੜਾ ਹੋਵੇ, ਪੁੰਨੂੰ ਯਾਰ ਮਿਲਾਏ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਰੱਬ ਤਗਾਦੇ ਪਾਏ ।੭।

ਕੱਤੇ ਕੌਂਤ ਨਹੀਂ ਘਰ ਮੇਰਾ, ਹੋਇਆ ਰੱਬ ਦਾ ਭਾਣਾ
ਤਖ਼ਤੋਂ ਵਖ਼ਤ ਪਿਆ ਅੱਜ ਮੈਨੂੰ, ਦਿਲੋਂ ਦਲਿਦਰ ਜਾਣਾ
ਯਾਦ ਪਿਆ ਤਾਂ ਜੰਮਾਂ ਉਹਨੂੰ, ਪੁੰਨੂੰ ਯਾਰ ਅਞਾਣਾ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਮਗਰ ਬਲੋਚਾਂ ਜਾਣਾ ।੮।

ਮੱਘਰ ਮਾਰ ਮੁਕਾਇਆ ਮੈਨੂੰ, ਯਾਦ ਹਕੀਕਤ ਆਈ
ਪਹਿਲਾਂ ਸਾਂ ਮੈਂ ਬਾਦਸ਼ਾਹਜ਼ਾਦੀ, ਘੱਤ ਸੰਦੂਕ ਰੁੜ੍ਹਾਈ
ਦਾਣਾ ਪਾਣੀ ਕਿਸਮਤ ਸੇਤੀ, ਘਰ ਅੱਤੇ ਦੇ ਆਈ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਧੋਬਣ ਮੇਰੀ ਮਾਈ ।੯।

ਚੜ੍ਹਦੇ ਪੋਹ ਪੈਂਦੀਆਂ ਬਰਫ਼ਾਂ, ਰੋਂਦੇ ਨੈਣ ਇਕੱਲੇ
ਜਾਂ ਜਾਂ ਸੁਹਣਾ ਯਾਦ ਆਂਵਦਾ, ਤਾਰ ਇਸ਼ਕ ਦੀ ਹੱਲੇ
ਜਿਸ ਦੀ ਖ਼ਾਤਰ ਬਾਗ਼ ਲਵਾਇਆ, ਬੂਟੇ ਦੁਖਾਂ ਮੱਲੇ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਮੈਂ ਜੀਵਾਂ ਕਿਹੜੀ ਗੱਲੇ ।੧੦।

ਚੜ੍ਹਦੇ ਮਾਘ ਨਹੀਂ ਘਰ ਮਾਹੀ, ਦਿਆਂ ਸੁਨੇਹੜੇ ਰਾਹੀਆਂ
ਸੁਹਣਿਆਂ ਮੁਖਾਂ ਮਿਟੀ ਪਾਂਦੀ, ਬੇਲੇ ਫੁਲੀਆਂ ਕਾਹੀਆਂ
ਕਿਤ ਵਲ ਗਿਆ ਏ ਪੁੰਨਣ ਮੇਰਾ, ਕਿਉਂ ਮੁਹੱਬਤਾਂ ਲਾਈਆਂ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ, ਮੈਨੂੰ ਪਾ ਗਿਆ ਫਾਹੀਆਂ ।੧੧।

ਚੜ੍ਹਦੇ ਫੱਗਣ ਕੰਧੀਂ ਲੱਗਣ, ਯਾਰ ਵਿਛੋੜਾ ਪਾਇਆ
ਵਿਚ ਕਚਾਵੇ ਸੁੱਤਾ ਜਾਂਦਾ, ਨੀਂਦਰ ਦਾ ਘਬਰਾਇਆ
ਧੋਬਣ ਜਾਤ ਕਮੀਨਣ ਕਰ ਕੇ, ਚਾਇ ਸ਼ਰਾਬ ਪਿਵਾਇਆ
ਕਰੀਮ ਬਖ਼ਸ਼ ਫ਼ਕੀਰ ਸੱਸੀ ਦਾ, ਬਾਰਾਂਮਾਹ ਬਣਾਇਆ ।੧੨।