Kant Maheli-Baranmah : Bhai Vir Singh

ਕੰਤ ਮਹੇਲੀ-ਬਾਰਾਂਮਾਹ : ਭਾਈ ਵੀਰ ਸਿੰਘ

ਚੇਤ

ਚੜ੍ਹ ਪਿਆ ਚੇਤਰ ਸੁਹਾਵਾ,
ਮਿੱਠੀਆਂ ਵਗਣ ਹਵਾਈਂ,
ਬਾਗ਼ੀਂ ਖਿੜੀਆਂ ਬਹਾਰਾਂ,
ਖ਼ੁਸ਼ੀਆਂ ਡੁਲ੍ਹ ਡੁਲ੍ਹ ਪਈਆਂ ।

ਕੰਤੇ ਆਣ ਸੁਣਾਈ
ਕੋਈ ਕੂਚ ਤਿਆਰੀ,
ਉਡ ਗਏ ਹੱਥਾਂ ਦੇ ਤੋਤੇ,
ਦਿਲ ਦੀਆਂ ਦਿਲ ਵਿਚ ਰਹੀਆਂ ।

ਹਾਏ ! ਚੇਤਰ ਮਹੀਨੇ
ਕੰਤੇ ਕੀਤੀ ਤਿਆਰੀ;
ਲੀਤੇ ਤਰਲੇ ਬਥੇਰੇ
ਪੇਸ਼ ਕੋਈ ਨ ਗਈਆ ।

ਚੜ੍ਹ ਪਯਾ ਘੋੜੇ ਤੇ ਮਾਹੀ
ਬਣਕੇ ਢੋਲ ਸਿਪਾਹੀ,
ਤੁਰ ਗਯਾ ਦੂਰ ਮੁਹਿੰਮੀਂ,
ਮੈਂ ਵਿਚ ਡੋਬਾਂ ਦੇ ਪਈਆਂ ।

ਵਿਸਾਖ

ਰੋਂਦਿਆਂ ਆ ਗਈ ਵਿਸਾਖੀ
ਸਾਨੂੰ ਚਾਉ ਨ ਕੋਈ,
ਘਰ ਘਰ ਸੀਰੇ ਤੇ ਮੰਡੇ,
ਚੁਲ੍ਹੇ ਅੱਗ ਨ ਪਈਆ ।

ਜੇਠ

ਚੜ੍ਹ ਪਿਆ ਜੇਠ, ਵੇ ਕੰਤਾ !
ਤਪੀਆਂ ਭੋਆਂ ਤੇ ਵਾਵਾਂ,
ਅੰਦਰ ਧੁਖਦਾ ਵਿਛੋੜੇ
ਸੇਜੇ ਲੁਛ ਲੁਛ ਰਹੀਆਂ ।

ਲੋਆਂ ਮੈਨੂੰ ਚਾ ਘੱਲੀਂ,
ਜੇਠਾ ! ਅਰਜ਼ਾਂ ਹਾਂ ਕਰਦੀ,
ਤੱਤੀ ਵਾਉ ਦਾ ਝੋਲਾ
ਲੱਗੇ ਸਾਈਂ ਨ ਦੇਹੀਆਂ ।

ਹਾੜ੍ਹ

ਚੜ੍ਹਿਆ ਹਾੜ੍ਹੋਂ ਮਹੀਨਾ,
ਬਾਰਾਂ ਭੱਠ ਤਪੇਂਦੇ,
ਲੌਂਦੇ ਕਾਵਾਂ ਤੇ ਚਿੜੀਆਂ,
ਮੈਂ ਵਧ ਸਹਿਕਦੀ ਪਈਆਂ ।

ਹਿਕ ਦੁਖ ਅਪਣਾ ਵਿਛੋੜਾ,
ਦੂਜੇ ਮਾਹੀ ਦੀ ਚਿੰਤਾ,
ਘੁੱਟ ਸਬਰਾਂ ਦੇ ਪੀ ਪੀ
ਵਿਚ ਹਾਵਯਾਂ ਦੇ ਪਈਆਂ ।

ਤੇਰੇ ਵੀਰਾਂ ਤੇ ਛਾਤੇ
ਜਦੋਂ ਜਾਂਦੇ ਨੀ ਧੁੱਪੇ,
ਤੈਨੂੰ ਤੁਰਦਯਾਂ ਨੂੰ ਛਤਰੀ
ਕਾਹਨੂੰ ਲੈ ਮੈਂ ਨ ਦਈਆ ।

ਸੂਰਜ ! ਤਪੀਓ ਨ ਓਥੇ
ਜਿੱਥੇ ਪੀਆ ਗਿਆ ਵੇ ।
ਲੂਓ ! ਠੰਢੀਆਂ ਹੋ ਵਗਣਾ
ਜਿਥੇ ਜਿੰਦੀ ਮੈਂ ਗਈਆਂ ।

ਛਾਇਆ ਮਿਹਰਾਂ ਦੀ ਪਾਈਂ,
ਮੇਰੇ ਸੁਹਣਿਆਂ ਰੱਬਾ !
'ਮਾਹੀ-ਦੇਸ਼' ਜੇ ਗਰਮੀ
ਪੈਂਦੀ ਲੈ ਲੈ ਕੇ ਝਈਆਂ ।

ਸਾਵਣ

ਚੜ੍ਹਿਆ ਸਾਵਣ ਮਹੀਨਾ
ਸਹੀਆਂ ਪੀਂਘਾਂ ਨੇ ਪਾਈਆਂ ।
ਸੂਲਾਂ ਵੱਜਣ ਕਲੇਜੇ
ਝਿੱਕੀ ਮੰਜੀ ਤੇ ਪਈਆਂ ।

ਸਹੀਆਂ ਟੁੰਬਦੀਆਂ ਆ ਆ
'ਉਠ ਨੀ ਸਾਵੇਂ ਨੀ ਆਏ' ;
ਅਨੀਓ ! ਮਾਹੀ ਵਿਹੂਣੀ
ਦੁੱਖਾਂ ਮਾਰ ਮੁਕਈਆਂ ।

ਟੁਰ ਗਿਆ ਦੇਸ ਬਿਦੇਸੀਂ
ਛੱਡ ਕੇ ਹਾਇ ਇਕੱਲੀ ;
ਰੋ ਰੋ ਹੋਈ ਹਾਂ ਝੱਲੀ
ਜੀਉਂਦੀ ਕਾਹਨੂੰ ਹਾਂ ਰਹੀਆਂ ।

ਭਾਦਰੋਂ

ਆ ਗਿਆ ਭਾਦੋਂ ਮਹੀਨਾ
ਰਾਤਾਂ ਕਾਲੀਆਂ ਆਈਆਂ,
ਉਠਦੇ ਬੱਦਲ ਬੀ ਕਾਲੇ,
ਕੜਕਾਂ ਬਿਜਲੀ ਦੀਆਂ ਪਈਆਂ ।

ਤੈਨੂੰ ਸਾਂਈਂ ਦੀਆਂ ਰੱਖਾਂ,
ਜਿਥੇ ਹੋਵੇਂ ਤੂੰ ਕੰਤਾ !
ਹੁਣ ਪਰ ਮੋੜ ਮੁਹਾਰਾਂ
ਮਾਰ ਦਰਦਾਂ ਨੇ ਲਈਆਂ ।

ਅੱਸੂ

ਚੜ੍ਹਿਆ ਅੱਸੂ ਮਹੀਨਾ
ਰਾਤਾਂ ਠਰਦੀਆਂ ਜਾਵਣ,
ਧੁੱਪਾਂ ਡਾਢੀਆਂ ਦਿਨ ਨੂੰ,
ਤੇਰੇ ਫਿਕਰੀਂ ਮੈਂ ਪਈਆਂ ।

ਜੇੜ੍ਹੇ ਦੇਸੀਂ ਮੈਂ ਮਾਹੀ
ਸ਼ਾਲਾ ਧੁੱਪਾਂ ਨ ਪਾਵੀਂ !
ਮਾਹੀਆ ! ਮੋੜ ਲੈ ਵਾਗਾਂ,
ਸਾਰੀ ਸਦਕੇ ਹੋ ਰਹੀਆਂ ।

ਆਜਾ ਆਜਾ ਵੇ ਕੰਤਾ !
ਆ ਕੇ ਦੇਖ ਪਿਆਰੀ
ਤੇਰੇ ਗ਼ਮ ਨੇ ਨਿਚੋੜੀ
ਰੱਤੀ ਰੱਤ ਨ ਰਹੀਆਂ ।

ਕੱਤਕ

ਚੜ੍ਹਿਆ ਕੱਤਕ ਮਹੀਨਾ
ਘਰ ਘਰ ਜਗਦੇ ਨੇ ਦੀਵੇ ;
ਰੋ ਰੋ ਭਿਜਦੀ ਏ ਅੰਗੀ
ਤਾਨ੍ਹੇ ਦੇਂਦੀਆਂ ਸਹੀਆਂ ।

'ਤੇਰਾ ਕੰਤ ਅਨੋਖਾ
ਨੀ ਪਰਦੇਸ ਗਿਆ ਏ !
ਕਈਆਂ ਹੋਰਾਂ ਦੇ ਗਏ ਨੇ
ਖੇਡਣ ਸਾਰੀਆਂ ਪਈਆਂ' ।

ਕਿਸ ਨੂੰ ਆਖ ਸੁਣਾਵਾਂ,
ਮੇਰੀ ਪ੍ਰੀਤਿ ਅਵੱਲੀ,
ਵਿੱਛੜ ਜੀਉ ਹੀ ਨ ਸੱਕਾਂ,
ਦਿੱਸਦੀ ਜਿਉਂਦੀ ਕਿਉਂ ਪਈਆਂ ।

ਸੁਹਣੀ ਰੁੱਤ ਗੁਲਾਬੀ
ਖਾਵਣ ਪੀਵਣ ਹੰਢਾਵਣ
ਭਾਵੇਂ ਸਭ ਕੁਝ ਚੰਗੇਰਾ
ਮਾਣਨ ਸਾਰੀਆਂ ਸਹੀਆਂ ।

ਮੈਨੂੰ ਭਾਵੇ ਨ ਮੂਲੋਂ
ਬਾਝੋਂ ਕੰਤ ਪਿਆਰੇ,
ਖਿੱਚਾਂ ਪੈਣ ਅਗੰਮੀ,
ਹੂਲਾਂ ਹੌਲਾਂ ਖਾ ਗਈਆਂ ।

ਮੱਘਰ

ਰੋਂਦਿਆਂ ਮੱਘਰ ਆ ਪਹੁੰਚਾ,
ਰੁੱਤਾਂ ਠੰਢੀਆਂ ਆਈਆਂ,
ਭ੍ਰਾਏ ਲੇਫ ਤੁਲਾਈਆਂ
ਕੰਤਾਂ ਵਾਲੀਆਂ ਸਹੀਆਂ ।

ਢੱਠੀ ਕੂੰਜ ਜਿਉਂ ਡਾਰੋਂ
ਆਪਣੇ ਕੰਤੋਂ ਵਿਛੁੰਨੀ
ਲੁੱਛਾਂ ਤੜਫਾਂ ਤੇ ਲੁੱਛਾਂ
ਕੂਕਾਂ ਕੂਕ ਕੁਰਲਈਆਂ ।

ਪੋਹ

ਆਇਆ ਪੋਹ ਦਾ ਮਹੀਨਾ,
ਰੋ ਰੋ ਭਿੱਜੇ ਨੀ ਭੋਛਣ ।
ਪਾਲਾ ਭੰਨਦਾ ਏ ਹੱਡ ਹੁਣ
ਜਿੰਦਾਂ ਸੂਸਦੀਆਂ ਪਈਆਂ ।

ਕੇਹੜੇ ਦੇਸ ਗਿਓਂ ਵੇ !
ਛੱਡ ਕੇ ਹਾਇ ਇਕੱਲੀ !
ਆਪੂੰ ਕੀਹ ਪਿਆ ਕਰਨੈਂ ?
ਕੋਈ ਸਾਰ ਨ ਪਈਆ ।

ਪੋਹ ਦੀਆਂ ਬੀਤਣ ਨ ਰਾਤਾਂ
ਲੰਮੀਆਂ ਪੰਧ ਪਹਾੜੀਂ,
ਦਿੱਸਣ ਚੰਦ ਨ ਤਾਰੇ,
ਡਰ ਡਰ ਉਠਦੀ ਹਾਂ ਪਈਆਂ ।

ਸਹੀਆਂ ਸੱਦਣੇ ਆਈਆਂ :-
'ਚੱਲ ਨੀ ਲੋਹੀ ਵਿਖਾਈਏ
ਗੰਨੇ ਵੇਖ ਨੀ ਚਲਦੇ
ਠਾਹ ਠਾਹ ਗੋਲੀ ਦੀ ਠਹੀਆਂ ।

ਪਾਲਾ ਮਾਰ ਮੁਕਾਈਏ
ਪੋਹ ਨੂੰ ਖੋਹ ਕੇ ਭਜਾਈਏ
ਸਾਰੇ ਫੂਕ ਕੇ ਚਰਖੇ
ਨਿੱਘਾਂ ਮੋੜ ਲਿਅਈਆਂ' ।

ਕੰਤ ! ਤੇਰੇ ਬਿਨਾਂ ਹੈ
ਸੁੰਞਾ ਵੇਹੜਾ ਤੇ ਖੇੜਾ,
ਹੋਇਆ ਦੇਸ਼ ਬਿਗਾਨਾ,
ਵਿਛੜੀ ਵਿਲਪਦੀ ਪਈਆਂ ।

ਹਾਏ, ਕੰਤਾ ਪਿਆਰੇ !
ਮੈਂ ਬਿਨ ਤੈਨੂੰ, ਮੈਂ ਸਾਈਆਂ !
ਕਦੇ ਓਦਰ ਉਦਾਸੀ
ਦੱਸ ਪਈਆ ਨ ਪਈਆ ?

ਮਾਘ

ਚੜ੍ਹ ਪਿਆ ਮਾਘੋਂ ਮਹੀਨਾ
ਸੁੱਕੇ ਨੈਣ ਨ ਸਾਡੇ
ਬੱਦਲ ਭਰਿਆਂ ਦੇ ਵਾਂਙੂ
ਅੱਖਾਂ ਭਰੀਆਂ ਹੀ ਰਹੀਆਂ ।

ਝਾੜੇ ਪਾਲੇ ਨੇ ਖੰਭ ਨੇ
ਰੁੱਤਾਂ ਨ੍ਹਾਵਣ ਦੀ ਆਈਆਂ
ਬੇਲਾਂ ਬੂਟਯਾਂ ਦੀਆਂ ਅੱਖਾਂ
ਹੁਣ ਤਾਂ ਭਰ ਭਰ ਆਈਆਂ ।

ਐਪਰ ਰੋਇਆ 'ਵਿਛੋੜਾ'
ਸਾਡਾ ਅੱਖੀਂ ਨ ਭਰਕੇ,
ਨੈਣ ਸੁਕਦੇ ਨ ਸਾਡੇ
ਰੋਂਦੀ ਬੁੱਕੀਂ ਹਾਂ ਰਹੀਆਂ ।

ਸੁਕ ਸੁਕ ਹੋਈ ਹਾਂ ਤੀਲਾ,
ਆ ਕੇ ਵੇਖ ਖਾਂ ਕੰਤਾ !
ਤੇਰੇ ਬਾਝੋਂ ਪਿਆਰੇ !
ਹੁਣ ਤਾਂ ਮੁੱਕੀ ਹੀ ਪਈਆਂ ।

ਆ ਕੇ ਵੇਖ ਖਾਂ ਬੂਟਾ
ਛੱਡ ਗੁਲਾਬ ਗਿਓਂ ਵੇ,
ਰਹਿ ਗਈ ਸੁੱਕੀ ਏ ਡਾਲੀ
ਸਾਰੀ ਝੰਬੀ ਮੈਂ ਪਈਆਂ ।

ਫੱਗਣ

ਰੁੱਤ ਫਿਰ ਪਈ ਸੁਹਾਵੀ,
ਪਹੁੰਚ ਬਸੰਤ ਪਿਆ ਵੇ
ਆ ਗਿਆ ਫੱਗਣ ਮਹੀਨਾ
ਪੀਲੀ ਹੋਈ ਮੈਂ ਪਈਆਂ ।

ਸਹੀਆਂ ਫਾਗ ਰਚਾਏ
ਸਾਨੂੰ ਸੱਦਣੇ ਆਈਆਂ
ਮੇਹਣੇ ਦੇਂਦੀਆਂ ਤਾਨ੍ਹੇ
ਨਾਲੇ ਲਾਡ ਲਡਈਆਂ ।

'ਉਠਕੇ ਚਲ ਪਉ ਖਾਂ ਭੈਣੀ !
ਦੇਖਣ ਕਾਣ ਹੀ ਟੁਰ ਪਉ,
ਭਲਾ ਦਿਲ ਪਰਚੀਵੀ
ਧਯਾਨ ਹੋਰ ਥੇ ਪਈਆਂ' ।

ਹਾਇ ਕੰਤ ਪਿਆਰੇ !
ਹਾਇ ਜਿੰਦ ਦੀਏ ਜਿੰਦੇ !
ਹਾਇ ਕਿੱਥੇ ਗਿਆ ਏਂ ?
ਕੋਈ ਦੱਸ ਨ ਪਈਆ ।

ਫੱਗਣ ਬੀਤਣ ਤੇ ਆਇਆ
ਸਾਈਂ ਸੋਇ ਨ ਆਈ ;
ਸੱਥਰ ਲੱਥੀਆਂ ਸਾਈਆਂ !
ਸੱਥਰ ਹੋਈ ਮੈਂ ਪਈਆਂ ।

ਹੋਸ਼ ਚੱਲੀਊ, ਸਾਈਆਂ !
ਤੇਰੇ ਮਗਰੇ ਹੀ ਢੂੰਡਣ
ਸੱਥਰ ਲੱਥੀਆਂ ਸਾਈਆਂ !
ਸੱਥਰ ਹੋਈ ਮੈਂ ਪਈਆਂ ।

ਫੱਗਣ ਦਾ ਅੰਤ

ਬੈਠਾ ਕੌਣ ਸਿਰ੍ਹਾਣੇ
ਹੱਥ ਮੱਥੇ ਤੇ ਧਰਿਆ
ਜਿੰਦ ਰੁਮਕੇ ਏ ਲਾਂਦਾ,
ਜੀਉ ਜੀਉ ਰੱਬਾ ਮੈਂ ਪਈਆਂ ।

ਝੁਕ ਝੁਕ ਕੌਣ ਏ ਵੇਂਹਦਾ ?
ਏਹ ਤਾਂ ਨੈਣ ਪਿਆਰੇ,
ਇਹ ਤਾਂ ਮਾਹੀ ਦੀਆਂ ਝਾਤਾਂ,
ਝਾਤਾਂ ਮਾਹੀ ਦੀਆਂ ਪਈਆਂ ।

ਆਹੋ ਆਹੋ ਨੀ ਸਹੀਓ !
ਆ ਗਿਆ ਮਾਹੀ ਨੀ ਮੇਰਾ ।
ਤੇਰੇ ਬਾਝੋਂ ਮੈਂ ਮਾਹੀ !
ਮੈਂ ਤਾਂ ਮੈਂ ਹੀ ਨ ਰਹੀਆਂ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ