Kanha Punjabi Kafian
ਕਾਨ੍ਹਾ ਪੰਜਾਬੀ ਕਾਫ਼ੀਆਂ
1. ਅਉਝੜ ਪੰਥੁ ਪ੍ਰੇਮ ਦੇ ਪੈਂਡੇ
ਅਉਝੜ ਪੰਥੁ ਪ੍ਰੇਮ ਦੇ ਪੈਂਡੇ,
ਮੈਂ ਇਕੁ ਇਕੱਲੜੀ ਮੁੱਠੀ ।੧।ਰਹਾਉ।
ਗੁੱਝੀ ਸਾਂਗ ਲਗੀ ਤਨ ਮੇਰੇ,
ਕਰਕ ਕਲੇਜੇ ਨੂੰ ਉੱਠੀ ।੧।
ਜੇ ਸਉ ਆਖੋ ਮੁੜਸਾਂ ਨਾਹੀਂ,
ਜੇ ਕਰਿ ਕਢਹੁ ਖੱਲ ਉਪੱਠੀ ।੨।
ਕਾਨ੍ਹਾ ਕਹੇ ਮੈਂ ਥਲ ਚੜਿ ਕੂਕਾਂ,
ਮੈਂ ਇਸ਼ਕ ਪੁਨੂੰ ਦੇ ਲੁੱਠੀ ।੩।
(ਰਾਗ ਆਸਾਵਰੀ)
2. ਮੇਰੇ ਮਨ ਹਰਿ ਭਜ ਕਰਿ ਪੁਰਖਾਈ
ਮੇਰੇ ਮਨ ਹਰਿ ਭਜ ਕਰਿ ਪੁਰਖਾਈ,
ਬਿਖੈ ਬੈਤਾਲ ਭੂਤ ਜਗ ਲਾਗੋ
ਮਾਰਿ ਕੀਓ ਬਉਰਾਈ ।੧।ਰਹਾਉ।
ਜਿਉ ਨਰ ਕੁੰਚਰ ਤੰਦੂਏ ਅਟਕਿਓ
ਬਾਰਿ ਬਾਰਿ ਲਪਟਾਈ,
ਕਰਿ ਉਦਮ ਨਿਕਸਿਓ ਬਲਿ ਹਰਿ ਕੇ
ਸਾਧ ਸੰਗ ਭਜ ਭਾਈ ।੧।
ਜੋ ਕਛੁ ਆਜੁ ਕਰਨਾ ਸੋ ਅਬਿ ਕਰੁ
ਮਤ ਕਾਲ ਕਾਲਿ ਪਹੁਚਾਈ,
ਤਨ ਕੰਪਿਓ ਜੋਬਨ ਭਇਓ ਛੀਨਾ
ਜਹਾਂ ਰਹਿਓ ਘਰ ਛਾਈ ।੨।
ਇਕ ਪਲ ਹਰਿ ਸਿਮਰੋਈ ਨਾਹੀਂ
ਬਿਰਥਾ ਗਈ ਬਿਹਾਈ,
ਕਾਨ੍ਹਾ ਹਰਿ ਭਜ ਜੋ ਪਲ ਬਿਲਮੈ,
ਧ੍ਰਿਗ ਜੀਵਣ ਅਨਿਆਈ ।੩।
(ਰਾਗ ਬਰਵਾ)