Kambdi Kalai : Bhai Vir Singh

ਕੰਬਦੀ ਕਲਾਈ : ਭਾਈ ਵੀਰ ਸਿੰਘ

1. ਕੰਬਦੀ ਕਲਾਈ

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।

2. ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ
ਕਲੀਆਂ ਦੀ ਸੁਗੰਧਿ ਸਦੱਕੜੇ !

ਅੱਜ ਨਸੀਮ ਜਦੋਂ ਕਲੀਆਂ ਨੂੰ ਆ ਕੇ ਗੱਲ ਸੁਣਾਈ:-
'ਗੁਰ ਨਾਨਕ ਪ੍ਰੀਤਮ ਕਲ ਆਸਣ, ਪੱਕੀ ਇਹ ਅਵਾਈ' ।
ਸੁਣ ਕਲੀਆਂ ਭਰ ਚਾਉ ਆਖਿਆ:-'ਸਹੀਓ ਅੱਜ ਨ ਖਿੜਨਾ,
ਕਲ ਪ੍ਰੀਤਮ ਦੇ ਆਯਾਂ ਕੱਠੀ ਦੇਈਏ ਮੁਸ਼ਕ ਲੁਟਾਈ' ।

3. ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ
ਨੁਛਾਵਰ ਤ੍ਰੇਲ

'ਪੌਣ ਲੁਕੇ ਪਾਣੀ' ਨੇ ਸਹੀਓ ! ਜਾਂ ਇਹ ਗੱਲ ਸੁਣ ਪਾਈ:
'ਗੁਰ ਨਾਨਕ ਪ੍ਰੀਤਮ ਕਲ ਆਸਣ, ਪਯਾਰ ਛਹਿਬਰਾਂ ਲਾਈ' ।
ਪੌਣ ਕੁੱਛੜੋਂ ਤਿਲਕ ਰਾਤ ਨੂੰ, ਸ਼ਬਨਮ ਰੂਪ ਬਣਾਕੇ
ਵਿਛ ਗਯਾ ਸਾਰਾ ਧਰਤੀ ਉੱਤੇ:-'ਚਰਨ ਧੂੜ ਮੁਖ ਲਾਈ' ।

4. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ-ਫੁੱਲ

'ਅਜ ਗੁਰ ਨਾਨਕ ਆਸਣ, ਕਹਿੰਦੀ ਮਾਲਣ ਗਈ ਬਗੀਚੇ,
ਫੁੱਲਾਂ ਨੂੰ ਸੁਣ ਚਾਉ ਚੜ੍ਹ ਗਿਆ:-'ਆਪਾ ਭੇਟਾ ਦੀਚੇ' ।
ਇਕ ਇਕ ਤੋਂ ਵਧ ਚੜ੍ਹ ਪਏ ਆਖਣ 'ਤੋੜ ਸਾਰਿਆਂ ਲੈ ਚਲ
ਸੋਹਣਿਆਂ ਦੇ ਸਰਦਾਰ ਸਾਹਮਣੇ ਨਜ਼ਰ ਅਸਾਨੂੰ ਕੀਚੇ' ।

5. ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ
ਬੁਲਬੁਲਾਂ ਦੀ ਅਭਿਲਾਖ

ਚੜ੍ਹ ਅਸਮਾਨੀਂ ਚੰਦ ਕੂਕਿਆ:- 'ਗੁਰ ਨਾਨਕ ਕਲ ਆਸਣ' ।
ਝੁਰਮਟ ਘੱਤ ਬੁਲਬੁਲਾਂ ਧਾਈਆਂ ਕਰਦੀਆਂ ਵਾਕ ਬਿਲਾਸਨ:-
'ਗੁਰ ਨਾਨਕ ਕੀਰਤਨ ਦੇ ਪਯਾਰੇ ਕੀਰਤਨ ਚਲੋ ਸੁਣਾਈਏ,
ਤਰੁੱਠ ਪਏ ਤਾਂ ਨਾਲ ਆਪਣੇ ਅਰਸ਼ਾਂ ਨੂੰ ਲੈ ਜਾਸਣ' ।

6. ਪਰਦੇਸੀਂ ਗਈ ਕੋਇਲ ਦੀ ਅਰਜ਼ੋਈ

ਮੈਂ ਸਦਕੇ ਮੈਂ ਸਦਕੇ ਸਾਰੀ ਸੁਹਣਿਆਂ ਦੇ ਸੁਲਤਾਨ !
ਤੁਸੀਂ ਔਣਾ, ਸਾਨੂੰ ਸਮੇਂ ਫਿਰੰਦੇ ਤੋਰਿਆ ਹੋਰ ਜਹਾਨ !
ਕੋਇਲ ਕੂਕ ਵਿਲਕ ਇਕ ਮੇਰੀ ਸਦਾ ਲਵਾਂ ਤੁਧ ਨਾਮ !
ਦਰਸ਼ਨ ਨਹੀਂ ਤਾਂ 'ਲਿਵ ਨਾ ਟੁੱਟੇ' ਕੋਇਲ ਮੰਗਦੀ ਦਾਨ !

(ਪਰਦੇਸ=ਗੁਰੂ ਨਾਨਕ ਗੁਰਪੁਰਬ ਕੱਤਕ ਵਿਚ ਹੁੰਦਾ ਹੈ,
ਸਰਦੀਆਂ ਵਿਚ ਕੋਇਲ ਪੰਜਾਬੋਂ ਪਰਵਾਸ ਕਰ ਜਾਂਦੀ ਹੈ)

7. ਗੁਰ ਨਾਨਕ ਗੁਰ ਨਾਨਕ ਤੂੰ

ਨਦੀ ਕਿਨਾਰੇ ਕੂਕ ਪੁਕਾਰਾਂ,
ਉੱਮਲ ਉੱਮਲ ਬਾਂਹ ਉਲਾਰਾਂ,
'ਸਾਈਆਂ' 'ਸਾਈਆਂ' ਹਾਕਾਂ ਮਾਰਾਂ,
ਤੂੰ ਸਾਜਨ ਅਲਬੇਲਾ ਤੂੰ ।

'ਤਰ ਕੇ ਆਵਾਂ' ਜ਼ੋਰ ਨ ਬਾਹੀਂ,
ਸ਼ੂਕੇ ਨਦੀ ਕਾਂਗ ਭਰ ਆਹੀ,
'ਤੁਰ ਕੇ ਆਵਾਂ' ਰਾਹ ਨ ਕਾਈ,
ਸਾਜਨ ਸਖਾ ਸੁਹੇਲਾ ਤੂੰ ।

ਤੁਲਹਾ ਮੇਰਾ ਬਹੁਤ ਪੁਰਾਣਾ,
ਘਸ ਘਸ ਹੋਇਆ ਅੱਧੋਰਾਣਾ,
ਚੱਪੇ ਪਾਸ ਨ, ਕੁਈ ਮੁਹਾਣਾ,
ਚੜ੍ਹ ਕੇ ਪਹੁੰਚ ਦੁਹੇਲਾ ਊ ।

ਬੱਦਲਵਾਈ, ਕਹਿਰ ਹਵਾਈ,
ਉਡਨ ਖਟੋਲੇ ਵਾਲੇ ਭਾਈ,
ਧੂਮ ਮਚਾਈ, ਦਏ ਦੁਹਾਈ:-
"ਏ ਨਾ ਉੱਡਣ ਵੇਲਾ ਊ" ।

ਤੂੰ ਸਮਰੱਥ ਸ਼ਕਤੀਆਂ ਵਾਲਾ,
ਜੇ ਚਾਹੇਂ ਕਰ ਸਕੇਂ ਸੁਖਾਲਾ,
ਫਿਰ ਤੂੰ ਮਿਹਰਾਂ ਤਰਸਾਂ ਵਾਲਾ,
ਕਰ ਛੇਤੀ 'ਮਿਲ-ਵੇਲਾ' ਊ ।

8. ਗੁਰ ਨਾਨਕ ਦਾ ਥੀ

ਅਪਣਾ ਕੋਈ ਨਹੀਂ ਹੈ ਜੀ,
ਅਪਣਾ ਕੋਈ ਨਹੀਂ ਹੈ ਜੀ,
ਗੁਰ ਨਾਨਕ ਦਾ ਥੀ ਵੇ ਬੰਦਿਆ !
ਗੁਰ ਨਾਨਕ ਦਾ ਥੀ ।੧।

ਅਪਣੇ ਸੁਖ ਨੂੰ ਮਿਲਦੇ ਸਾਰੇ,
ਘੋਲੀ ਸਦਕੇ ਜਾਂਦੇ ਵਾਰੇ,
ਦੁੱਖ ਪਿਆਂ ਕੋਈ ਆਇ ਨ ਦਵਾਰੇ,
ਸਭ ਛਡ ਭਜਦੇ ਬੁੱਢੇ ਵਾਰੇ,
ਅਪਣਾ ਕੋਈ ਨਹੀਂ ਹੈ ਜੀ,
ਅਪਣਾ ਕੋਈ ਨਹੀਂ ਹੈ ਜੀ,
ਗੁਰ ਨਾਨਕ ਦਾ ਥੀ ਵੇ ਬੰਦਿਆ !
ਗੁਰ ਨਾਨਕ ਦਾ ਥੀ ।੨।

ਦਰਦ ਰੰਞਾਣਿਆਂ ਦਾ ਉਹ ਮੇਲੀ,
ਬੁੱਢੇ ਠੇਰਿਆਂ ਦਾ ਉਹ ਬੇਲੀ,
ਪੁੱਕਰ ਪੈਂਦਾ ਔਖੇ ਵੇਲੀਂ,
ਖੇੜ ਦਏ ਜਿਉਂ ਫੁੱਲ ਚੰਬੇਲੀ,
ਅਪਣਾ ਕੋਈ ਨਹੀਂ ਹੈ ਜੀ,
ਅਪਣਾ ਕੋਈ ਨਹੀਂ ਹੈ ਜੀ,
ਗੁਰ ਨਾਨਕ ਦਾ ਥੀ ਵੇ ਬੰਦਿਆ !
ਗੁਰ ਨਾਨਕ ਦਾ ਥੀ ।੩।

'ਧੰਨ ਗੁਰ ਨਾਨਕ' ਲਲ ਲਗਾਈਂ,
'ਧੰਨ ਗੁਰ ਨਾਨਕ' ਦਈਂ ਦੁਹਾਈ,
'ਗੁਰ ਨਾਨਕ' 'ਗੁਰ ਨਾਨਕ' ਗਾਈਂ,
ਕਦੇ ਨਾ ਤੈਨੂੰ ਉਹ ਛਡ ਜਾਈ,
ਗੁਰ ਨਾਨਕ ਦਾ ਥੀ ਵੇ ਬੰਦਿਆ !
ਗੁਰ ਨਾਨਕ ਦਾ ਥੀ ।੪।

9. ਪੀਲੀਆਂ ਪਰੀਆਂ

ਥਲ ਸੁੱਕੇ ਸਨ, ਬਨ ਬੀ ਸੁੱਕ ਗਏ; ਜੂਹਾਂ ਹੋਈਆਂ ਹਰੀਆਂ ।
ਖਿੜ ਖੜੋਤੀਆਂ ਸਰ੍ਹੋਂ ਸੁਹਣੀਆਂ ਮਾਨੋ ਪੀਲੀਆਂ ਪਰੀਆਂ-
ਕਲਗ਼ੀਆਂ ਵਾਲੇ ਦੇ ਰਾਹ ਉੱਤੇ ਦਰਸ-ਤਾਂਘ ਦੀਆਂ ਭਰੀਆਂ,
ਆਪਾ ਵਾਰਨ ਨੂੰ ਹਨ ਖੜੀਆਂ ਹਥ ਤੇ ਜਿੰਦਾਂ ਧਰੀਆਂ ।

10. ਪਯਾਰੇ ਦੇ ਅੰਕ ਸਮਾਵੇਂ

ਮੈਲਿਆਂ ਨੂੰ ਧੋਵੇ ਤੇ ਰੰਗ ਚੜ੍ਹਾਵੇ
ਤੇ ਰੰਗਿਆਂ ਦਾ ਮੁੱਲ ਪੁਆਵੇ,
ਮੁੱਲ ਪਿਆਂ ਨੂੰ ਜੋ ਹਾਜ਼ਰ ਹਜ਼ੂਰੀ
ਹਾਂ ਵਿਚ ਹਜ਼ੂਰੀ ਪੁਚਾਵੇ ।
ਸ਼ਰਣ ਲਈਂ ਉਸ ਕਲਗ਼ੀਆਂ ਵਾਲੇ ਦੀ
ਆਪਾ ਚਾ ਭੇਟ ਚੜ੍ਹਾਵੀਂ,
ਜੋ ਫ਼ਰਸ਼ ਤੋਂ ਉੱਠੇਂ ਤੇ ਅਰਸ਼ ਤੇ ਜਾਵੇਂ
ਤੇ ਪਯਾਰੇ ਦੇ ਅੰਕ ਸਮਾਵੇਂ ।

11. ਗੁਰ ਨਾਨਕ ਆਇਆ

ਟੇਕ-ਸਹੀਓ ਨੀ ! ਗੁਰੁ ਨਾਨਕ ਆਇਆ ।
ਗੁਰੁ ਨਾਨਕ ਗੁਰੁ ਨਾਨਕ ਆਇਆ ।
ਨਾਦ ਉਠਯੋ: 'ਗੁਰੁ ਨਾਨਕ ਆਯਾ' ।
ਸ਼ਬਦ ਹੁਯੋ: 'ਗੁਰੁ ਨਾਨਕ ਆਯਾ' ।੧।

ਮੁਸ਼ਕ ਉਠੇ ਮੇਰੇ ਬਨ ਤੇ ਬੇਲੇ,
ਖਿੜ ਪਏ ਬਾਗੀਂ ਫੁੱਲ ਰੰਗੀਲੇ ।
ਸਭ ਨੇ ਅਨਹਤ ਰਾਗ ਅਲਾਯਾ :
'ਗੁਰੁ ਨਾਨਕ ਗੁਰੁ ਨਾਨਕ ਆਯਾ' ।੨।

ਜਾਗ ਪਏ ਪੰਛੀ ਅਖ ਖੋਲ੍ਹਣ
ਗਾਵਣ ਗੀਤ ਰੰਗੀਲੇ ਬੋਲਣ :-
'ਦੇਖੋ ਅਹੁ ਗੁਰੁ ਨਾਨਕ ਆਯਾ',
'ਗੁਰੁ ਨਾਨਕ ਗੁਰੁ ਨਾਨਕ ਆਯਾ' ।੩।

ਤਪੀਆਂ ਜੁਗਾਂ ਦਿਆਂ ਅਖ ਖੋਲ੍ਹੀ
ਤਯਾਗੀ ਮੌਨ, ਬੋਲ ਪਏ ਬੋਲੀ:-
'ਅਹੁ ਤੱਕੋ ਗੁਰੁ ਨਾਨਕ ਆਯਾ',
'ਗੁਰੁ ਨਾਨਕ ਗੁਰੁ ਨਾਨਕ ਆਯਾ' ।੪।

ਦੁਖੀਆਂ ਕੰਨੀਂ ਪਈ ਬਲੇਲ:-
ਦੁਖਾਂ ਨੂੰ ਜੋ ਕਰੇ ਦਬੇਲ ।
'ਅਹੁ ਗੁਰੁ ਨਾਨਕ ਨਾਨਕ ਆਯਾ',
ਸੁੱਖ ਸਬੀਲੀ ਨਾਲ ਲਿਆਯਾ' ।੫।

ਕੂਕ ਉਠੀ ਦੁਨੀਆਂ ਪਈ ਗਾਵੇ,
ਮਸਤ ਅਲਸਤੀ ਤਾਨਾਂ ਲਾਵੇ:-
'ਧੁੰਦ ਹਨੇਰੇ ਹੋਏ ਦੂਰ
ਫੈਲ ਗਿਆ ਹੈ ਨੂਰੋ ਨੂਰ
'ਸਹੀਓ ਨੀ ਗੁਰੁ ਨਾਨਕ ਆਯਾ',
'ਗੁਰੁ ਨਾਨਕ ਗੁਰੁ ਨਾਨਕ ਆਯਾ' ।੬।

ਮੇਰਾ ਮੇਰਾ ਮੇਰਾ ਅਪਨਾ,
ਕਿਸੇ ਨਾ ਓਪ੍ਰਾ ਸਭ ਦਾ ਅਪਨਾ,
ਉਹ ਗੁਰੁ ਨਾਨਕ ਨਾਨਕ ਆਯਾ
'ਸਹੀਓ ਨੀ ਗੁਰੁ ਨਾਨਕ ਆਯਾ' ।੭।

12. ਬਾਬਾ ਨਾਨਕ ! ਏ ਤੇਰਾ ਕਮਾਲ

ਬਾਬਾ ਨਾਨਕ ! ਏ ਤੇਰਾ ਕਮਾਲ, ਰੂਹਾਂ ਟੁੰਬ ਜਗਾਈਆਂ ।
ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ ।

ਦੇਸ਼ ਬਦੇਸ਼ੀਂ ਤੂੰ ਫੇਰੇ ਚਾ ਪਾਏ,
ਨਾਦ ਇਲਾਹੀ ਤੂੰ ਦਰ ਦਰ ਵਜਾਏ,
ਸੁੱਤੇ ਦਿੱਤੇ ਤੂੰ ਟੁੰਬ ਉਠਾਲ,
ਨਵੀਆਂ ਜਿੰਦੀਆਂ ਪਾਈਆਂ ।
ਬਾਬਾ ਨਾਨਕ ! ਏ ਤੇਰਾ ਕਮਾਲ, ਰੂਹਾਂ ਟੁੰਬ ਜਗਾਈਆਂ ।
ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ ।

ਭਰਮਾਂ ਦੇ ਛੌੜ ਦਿਲਾਂ ਚੋਂ ਚਾ ਕੱਟੇ,
ਉਤੋਂ ਪਾਏ ਖੁੱਲ੍ਹੇ ਨਾਮ ਦੇ ਛੱਟੇ,
ਵਿਛੜੇ ਮੇਲੇ ਤੂੰ ਸਾਈਂ ਦੇ ਨਾਲ,
ਲਿਵ ਦੀਆਂ ਡੋਰਾਂ ਲਗਾਈਆਂ ।
ਬਾਬਾ ਨਾਨਕ ! ਏ ਤੇਰਾ ਕਮਾਲ, ਰੂਹਾਂ ਟੁੰਬ ਜਗਾਈਆਂ ।
ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ ।

ਸੰਗਤ ਸਾਰੀ ਦੀ ਹੈ ਏ ਦੁਹਾਈ,
ਸਾਨੂੰ ਵੀ ਖ਼ੈਰ ਓ ਨਾਮ ਦੀ ਪਾਈਂ,
ਲਾ ਲਈਂ ਆਪਣੇ ਚਰਨਾਂ ਦੇ ਨਾਲ,
ਬਖ਼ਸ਼ੀਂ ਸਾਡੀਆਂ ਉਕਾਈਆਂ ।
ਬਾਬਾ ਨਾਨਕ ! ਏ ਤੇਰਾ ਕਮਾਲ, ਰੂਹਾਂ ਟੁੰਬ ਜਗਾਈਆਂ ।
ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ ।

13. ਬੁੱਢਣ ਸ਼ਾਹ ਦੀ ਅਰਜ਼ੋਈ

ਸੁੱਤੇ ਨੂੰ ਆ ਜਗਾਕੇ, ਹਿਰਦੇ ਪਰੀਤ ਪਾਕੇ,
ਮੋਏ ਨੂੰ ਜੀ ਜਿਵਾਕੇ, ਢੱਠੇ ਨੂੰ ਗਲ ਲਗਾਕੇ,
ਅਪਨਾ ਬਨਾ ਕੇ ਸਾਈਂ, ਸਾਨੂੰ ਨ ਛੱਡ ਜਾਈਂ,
ਮਿਲਕੇ ਅਸਾਂ ਗੁਸਾਈਂ ਬਿਰਹੋਂ ਨ ਹੁਣ ਦਿਖਾਈਂ,
ਚਰਨੀਂ ਜਿ ਆਪ ਲਾਯਾ, ਰਸ ਪ੍ਰੇਮ ਦਾ ਚਖਾਯਾ,
ਦਾਸ ਆਪਣਾ ਬਨਾਯਾ, ਵਿੱਛੁੜ ਨ ਹੁਣ ਗੁਸਾਈਂ !

14. ਸੱਚੇ ਤਬੀਬ ਦਾ ਮਾਣ

ਮੈਂ ਬੀਮਾਰ ਰੋਗ ਅਤਿ ਭਾਰੀ,
ਕਾਰੀ ਕਰੇ ਨ ਕੋਈ,
ਸਾਫ਼ ਜਵਾਬ ਸਿਆਣਿਆਂ ਦਿੱਤੇ,
ਫਾਹਵੀ ਹੋ ਹੋ ਰੋਈ ।
ਆ ਢੱਠੀ ਗੁਰ ਨਾਨਕ ਦਵਾਰੇ
ਵੈਦ ਅਰਸ਼ ਦਾ ਤੂੰਹੀਓਂ !
ਹਾਂ ਬੀਮਾਰ ਖ਼ੁਸ਼ੀ ਪਰ ਡਾਢੀ
ਪਾ ਤੇਰੇ ਦਰ ਢੋਈ ।

15. ਕਰ ਦਿਓ ਦਰਸ਼ਨਾਂ ਨਾਲ ਨਿਹਾਲ

ਕਲਗੀਆਂ ਵਾਲਿਆ, ਸੁਹਣਿਆਂ, ਦੂਲਿਆ !
ਕਰ ਦਿਓ ਦਰਸ਼ਨਾਂ ਨਾਲ ਨਿਹਾਲ !

ਤਰੁੱਠ ਪਉ ਤਰੁੱਠ ਪਉ ਮੌਜ ਦੇ ਮਾਲਕਾ !
ਫੇਰਾ ਇਕ ਫੇਰ ਚਾ ਪਾਓ ਖਾਂ ਦਯਾਲ !

ਨੀਲਾ ਤ੍ਰਪਾਉਂਦੇ, ਠੁਮਕ ਠੁਮਕਾਉਂਦੇ,
ਚਲਦੇ ਅਠਖੇਲੀਆਂ ਵਾਲੜੀ ਚਾਲ,

ਉਗਮਦੇ ਸੂਰਜ ਦੇ ਤੇਜ ਜਿਉਂ ਚਮਕਦੇ,
ਝੂਮਦੀ ਲਿਸ਼ਕਦੀ ਕਲਗ਼ੀ ਦੇ ਨਾਲ,

ਤੇਜ ਪਰਤਾਪ ਦੇ ਰੰਗ ਰੰਗੀਲੜੇ
ਨੈਣੋਂ ਵਰਸਾਉਂਦੇ ਰੱਬੀ ਜਲਾਲ,

ਆ ਜਾਓ ਆ ਜਾਓ ਹੁਣ ਦੇਰ ਨਾ ਲਾਉਣੀ,
ਆ ਜਾਓ ਛੇਤੀ, ਹੇ ਬੇਟੇ ਅਕਾਲ !

ਖਾਲਸਾ ਖੜਾ ਉਡੀਕਾਂ ਪਿਆ ਕਰਦੈ,
ਬੀਤਦੇ ਜਾਂਦੇ ਹਨ ਸਦੀਆਂ ਤੇ ਸਾਲ ।

ਦੇਰ ਨਾ ਲਾਓ, ਹੁਣ ਆ ਜਾਓ ਪਿਆਰੇ
ਕਰ ਦਿਓ ਦਰਸ਼ਨਾਂ ਨਾਲ ਨਿਹਾਲ ।

16. ਸੰਗਤ ਦਾ ਸੰਦੇਸ਼

ਰਾਹੀਆ ਜਾਂਦਿਆ ਪਯਾਰੇ ਦੇ ਦੇਸ਼ ਨੂੰ !
ਦੇਈਂ ਸੁਹਣੇ ਨੂੰ ਮੇਰਾ ਸੰਦੇਸ਼ ਤੂੰ:-
ਪਈ ਜੱਫ਼ਰਾਂ ਨੂੰ ਨਿੱਤ ਜਾਲਦੀ,
ਕਲਗ਼ੀ ਵਾਲੇ ਨੂੰ ਨਿੱਤ ਸੰਮ੍ਹਾਲਦੀ ।੧।

ਵਿੱਥਾਂ ਬਿਰਹੋਂ ਨੇ ਡਾਢੀਆਂ ਪਾਈਆਂ,
ਘਟਾਂ ਉਮਡ ਉਦਾਸੀ ਦੀਆਂ ਆਈਆਂ,
ਜਿੰਦ ਗ਼ਮਾਂ ਦੇ ਵਿਚ ਪਈ ਗਾਲਦੀ,
ਕਲਗ਼ੀ ਵਾਲੇ ਨੂੰ ਨਿੱਤ ਸੰਮ੍ਹਾਲਦੀ ।੨।

ਦਿਨੇ ਚੈਨ ਨਾ ਨੀਂਦਰਾਂ ਰਾਤ ਨੂੰ,
ਰਹੇ ਸਿੱਕਣੀ ਸੰਝ ਪਰਭਾਤ ਨੂੰ,
ਘਾਲਾਂ ਦਰਸ਼ਨਾਂ ਵਾਸਤੇ ਘਾਲਦੀ,
ਕਲਗ਼ੀ ਵਾਲੇ ਨੂੰ ਨਿੱਤ ਸੰਮ੍ਹਾਲਦੀ ।੩।

ਨਿੱਕੀ ਰਿਵੀਏ ! ਸੰਦੇਸੜਾ ਲੈ ਜਈਂ
ਕਲਗ਼ੀ ਵਾਲੇ ਦੇ ਚਰਨੀਂ ਅਪੜਾ ਦਈਂ,
ਸਹੀਏ ! ਖ਼ਬਰ ਦੇਈਂ ਮੇਰੇ ਹਾਲ ਦੀ,
ਕਲਗ਼ੀ ਵਾਲੇ ਨੂੰ ਨਿੱਤ ਸੰਮ੍ਹਾਲਦੀ ।੪।

ਦਰਦਾਂ ਤੇਰੇ ਫ਼ਿਰਾਕਾਂ ਨੇ ਲਾਈਆਂ,
ਤੇਰੇ ਦਰਸ਼ਨ ਹੀ ਹੈਨ ਦਵਾਈਆਂ,
ਤਾਹੀਓਂ ਦਰਸ਼ਨਾਂ ਨੂੰ ਪਈ ਭਾਲਦੀ,
ਕਲਗ਼ੀ ਵਾਲੇ ਨੂੰ ਨਿੱਤ ਸੰਮ੍ਹਾਲਦੀ ।੫।

17. ਦੇ ਜਾ ਦਰਸ਼ਨ ਦਿਦਾਰੇ

ਦੇ ਜਾ ਦਰਸ਼ਨ ਦਿਦਾਰੇ, ਬੈਠੇ ਤੇਰੇ ਹਾਂ ਦਵਾਰੇ,
ਆਸਾਂ ਕਦ ਦੀਆਂ ਧਾਰੇ, ਕਲਗ਼ੀਆਂ ਵਾਲੇ ਪਯਾਰੇ !

ਆ ਜਾ ਆ ਜਾ ਪਿਆਰੇ, ਆ ਜਾ ਰੱਬ ਦੇ ਸੁਆਰੇ,
ਦੇ ਜਾ ਦਰਸ਼ਨ ਦਿਦਾਰੇ, ਕਲਗ਼ੀਆਂ ਵਾਲੇ ਪਯਾਰੇ !

ਤੇਰੇ ਰੰਗ ਰੰਗਾਰੇ ਤਰਸਨ ਨੈਨ ਵਿਚਾਰੇ,
ਸਿੱਕੀਂ ਸਾਲ ਗੁਜ਼ਾਰੇ, ਕਲਗ਼ੀਆਂ ਵਾਲੇ ਪਯਾਰੇ !

ਕੂੰਜਾਂ ਮੁੜ ਮੁੜ ਆਈਆਂ, ਨਦੀਆਂ ਪਰਤ ਪਰਤਾਈਆਂ,
ਤੂੰ ਭੀ ਮੋੜ ਮੁਹਾਰੇ, ਕਲਗ਼ੀਆਂ ਵਾਲੇ ਪਯਾਰੇ !

ਬਾਗੀਂ ਬੁਲਬੁਲ ਬੋਲੇ, ਬ੍ਰਿਹੋਂ ਦਿਲਾਂ ਨੂੰ ਝੰਝੋਲੇ,
ਤੀਰ ਅਣਿਯਾਲੇ ਮਾਰੇ, ਕਲਗ਼ੀਆਂ ਵਾਲੇ ਪਯਾਰੇ !

ਅੰਦਰ ਧੋ ਵੇ ਬਨਾਯਾ, ਤੇਰਾ ਨਾਮ ਵਿਛਾਯਾ,
ਉਠਦੇ ਯਾਦ ਹੁਲਾਰੇ, ਕਲਗ਼ੀਆਂ ਵਾਲੇ ਪਯਾਰੇ !

ਤੂੰ ਮੁੜ ਫੇਰਾ ਨਾ ਪਾਯਾ, ਚਰਨੀਂ ਆ ਨ ਲਗਾਇਆ,
ਬਿਰਹੋਂ ਚੁਭਣ ਕਟਾਰੇ, ਕਲਗ਼ੀਆਂ ਵਾਲੇ ਪਯਾਰੇ !

ਖ਼ੈਰ ਦਰਸ਼ਨ ਦੀ ਪਾਈਂ, ਨੈਣੀਂ ਆ ਕੇ ਸਮਾਈਂ,
ਕਰਦੇ ਠੰਢ ਠੰਢਾਰੇ, ਕਲਗ਼ੀਆਂ ਵਾਲੇ ਪਯਾਰੇ !

ਸਿਕਦਯਾਂ ਉਮਰਾ ਹੋ ਬੀਤੀ, ਤੂੰ ਆ ਸਾਰ ਨ ਲੀਤੀ,
ਔਗੁਣ ਮੇਰੇ ਨੀ ਸਾਰੇ, ਕਲਗ਼ੀਆਂ ਵਾਲੇ ਪਯਾਰੇ !

ਵਾਂਗੂੰ ਕੂੰਜ ਕੁਰਲਾਵਾਂ 'ਕੋਇਲ ਕੂਕਾਂ' ਮੈਂ ਪਾਵਾਂ,
ਰੋਵਾਂ ਖੜੀਓ ਦੁਆਰੇ, ਕਲਗ਼ੀਆਂ ਵਾਲੇ ਪਯਾਰੇ !

ਚਾਤ੍ਰਿਕ ਵਾਂਗ ਉਦਾਸੀ, ਬਨ ਬਨ ਫਿਰਾਂ ਮੈਂ ਪਿਆਸੀ,
ਮੇਰੇ ਭਾਗ ਨਿਆਰੇ, ਕਲਗ਼ੀਆਂ ਵਾਲੇ ਪਯਾਰੇ !

ਰੁਣ ਝੁਣ ਮੋਰਾਂ ਨੇ ਲਾਈ, ਮੇਘਾਂ ਵਾਂਙੂ ਤੂੰ ਆਈਂ,
ਸਿਕਦੀ ਅਰਜ਼ ਗੁਜ਼ਾਰੇ, ਕਲਗ਼ੀਆਂ ਵਾਲੇ ਪਯਾਰੇ !

ਆਜਾ ਆਜਾ ਗੁਸਾਈਂ ! ਆਜਾ ਅਰਸ਼ਾਂ ਦੇ ਸਾਈਂ !
ਆਜਾ ਰੱਬ ਦੇ ਸੁਆਰੇ, ਕਲਗ਼ੀਆਂ ਵਾਲੇ ਪਯਾਰੇ !

ਸਾਨੂੰ ਸੋਝੀ ਨ ਕੋਈ, ਕਿਧਰੇ ਮਿਲਦੀ ਨ ਢੋਈ,
ਅਪਣਾ ਬਿਰਦ ਵਿਚਾਰੇਂ, ਕਲਗ਼ੀਆਂ ਵਾਲੇ ਪਯਾਰੇ !

ਅੱਡੀ ਝੋਲੀ ਤਕਾਈਂ, ਖ਼ੈਰ ਦਰਸ਼ਨ ਦੀ ਪਾਈਂ,
ਦੇ ਕੇ ਸੁਹਣੇ ਦੀਦਾਰੇ, ਕਲਗ਼ੀਆਂ ਵਾਲੇ ਪਯਾਰੇ !

ਆਜਾ ਆਜਾ ਪਿਆਰੇ, ਦੇ ਜਾ ਦਰਸ਼ਨ ਦਿਦਾਰੇ,
ਬੈਠੇ ਤੇਰੇ ਹਾਂ ਦਵਾਰੇ, ਕਲਗ਼ੀਆਂ ਵਾਲੇ ਪਯਾਰੇ !

18. ਨਸੀਰਾਂ-ਆਪਣੇ ਪਯਾਰਿਆਂ ਦੇ ਵਿਯੋਗ ਵਿਚ

ਫੁੱਲ ਖਿੜੇ ਫੁਲਵਾੜੀ ਸਹੀਓ !
ਅੰਬ ਸ਼ਗੂਫ਼ੇ ਨਾਲ ਭਰੇ ।
ਬੁਲਬੁਲ ਭੌਰੇ ਆਣ ਜੁੜੇ ਹਨ,
ਕੋਇਲ ਕੂ ਕੂ ਕੂਕ ਕਰੇ ।
ਦੋਵੇਂ ਲਾਲ ਅੱਖ ਦੇ ਤਾਰੇ
ਨਜ਼ਰ ਨ ਆਵਣ ਸੁੰਞ ਪਈ,
ਅੰਮੀਂ ਜਾਇਆ ਵੀਰ ਨ ਦਿੱਸੇ,
ਨੈਣੋਂ ਨੀਰ ਅਸਾਰ ਝਰੇ ।

(ਨਸੀਰਾਂ=ਪੀਰ ਬੁੱਧੂ ਸ਼ਾਹ ਜੀ ਦੀ ਧਰਮ
ਪਤਨੀ ਅਤੇ ਸੱਯਦ (ਸੈਦ) ਖਾਂ ਦੀ ਭੈਣ ਸੀ)

19. ਨਸੀਰਾਂ-ਕਲਗ਼ੀਧਰ ਜੀ ਦੇ ਪ੍ਰੇਮ ਵਿਚ,
ਸੀਸ ਦੇਣ ਵੇਲੇ

ਸਹੀਓ ਨੀ ਅੱਜ ਫਾਗ ਮਚਯਾ ਜੇ,
ਸੁਹਣੇ 'ਆਪ' ਮਚਾਇਆ ।
'ਰੱਤੂ' ਦਾ ਰੰਗ ਅੱਜ ਉਡੇਗਾ,
ਹੋਰ ਰੰਗ ਨਹੀਂ ਭਾਇਆ ।
'ਸੀਸ' ਕੁਮਕੁਮੇ ਅੱਜ ਚਲਣਗੇ,
ਅਤਰ 'ਉਲਾਦ' ਖਿਲਾਇਆ ।
'ਆਪਾ-ਵਾਰ' ਗੁਲਾਲ ਉਡੇਗਾ,
ਆਟਾ ਨਹੀਂ ਉਡਾਇਆ ।
ਆਓ ਸਹੀਓ ! ਰਲ ਹੋਲਾ ਖੇਡੋ,
'ਸ਼ਹੁ' ਖੇਡਣ ਨੂੰ ਆਇਆ ।

20. ਨਸੀਰਾਂ-ਆਪਾ ਵਾਰਨ ਵੇਲੇ

ਚਲ ਵੇ ਦਿਲਾ ! ਕੱਰ ਸੁਹਣੇ ਦਾ ਲਾਹੀਏ,
ਸਿਰ ਦੇ ਸ਼ੁਕਰ ਮਨਾਈਏ ।
ਸਿਰ ਦਾ ਭਾਰ ਗਰਦਨੋਂ ਉਤਰੇ,
ਪੰਡ ਫ਼ਿਕਰਾਂ ਦੀ ਲਾਹੀਏ ।
ਭੌਰੇ ਵਾਂਗ ਸੁਤੰਤਰ ਹੋ ਕੇ,
ਕਮਲਾਪੁਰਿ ਨੂੰ ਜਾਈਏ,
ਪਾ ਗੁੰਜਾਰ ਦੁਆਲੇ ਕਮਲਾਂ,
ਸਦਕੇ ਹੋ ਹੋ ਜਾਈਏ ।

21. ਪੀਰ ਬੁੱਧੂ ਸ਼ਾਹ ਦੀ ਅਰਜ਼ੋਈ

ਸੁਹਣਿਆਂ ਦੇ ਸੁਲਤਾਨ ਸ਼ਾਹ ਜੀ ! ਨਜ਼ਰ ਫ਼ਕੀਰਾਂ ਵੱਲ ਕਰੋ ।
ਕੰਗਲਿਆਂ ਦਿਲ-ਸੜਿਆਂ ਉੱਤੇ ਰਹਿਮਤ ਅਪਣੀ ਨਾਲ ਢਰੋ ।

ਇਸ ਦਰਵੇਸ਼ ਨਿਮਾਣੇ ਦਾ ਦਿਲ ਤਰਸੇ ਨਦਰ ਤੁਹਾਡੀ ਨੂੰ,
ਕਾਲੀ ਮਸਤ ਅੱਖ ਤੋਂ ਅਪਣੀ ਦਿਓ ਮਟੱਕਾ ਪੀੜ ਹਰੋ ।

ਜੇ ਕਰ ਚੰਦ ਗੱਪ ਇਹ ਮਾਰੇ:-'ਤੇਰੇ ਜੇਹਾ ਸੁਹਣਾ ਮੈਂ',
ਮੁਖ ਦਿਖਲਾਕੇ ਉਸ ਨੂੰ ਅਪਣਾ ਸ਼ੋਭਾ ਉਸ ਦੀ ਸਗਲ ਹਰੋ ।

ਤੂੰ ਹੈਂ ਸਰੂ ਚਾਲ ਜਿਸ ਸੁਹਣੀ, ਬਾਗੋਂ ਇਸ ਦਮ ਆਪ ਟੁਰੋ,
ਦੋ ਸੌ ਪੜਦੇ ਪਾੜ 'ਚੰਦ ਜੀ !' ਮਜਲਸ ਸਾਡੀ ਆਨ ਵੜੋ ।

ਸ਼ਮਾਂ, ਗੁਲਾਬ, ਪਤੰਗੇ, ਬੁਲਬੁਲ ਸਾਰੇ ਏਥੇ ਆਨ ਜੁੜੇ,
ਆ ਹੁਣ ਬੇਲੀ ਪਾਸ ਇਕੱਲਿਆ, 'ਇਕਲ' ਸਾਡੀ ਤੇ ਰਹਿਮ ਕਰੋ ।

ਦਿਲ ਦੇ ਚੁਕਿਆਂ ਪਰ ਕੀ ਧੱਕਾ, ਕਦ ਤਕ ਮਿਲਣ ਜੁਦਾਈਆਂ ਜੀ,
ਰੱਬ ਵਾਸਤੇ ਮਾਰ ਜੁਦਾਈਆਂ ਸਮਾਂ ਬਿਰਦ ਦਾ ਪਾਲ ਵਰੋ ।

ਦੂਤੀ ਦੁਸ਼ਮਨ ਦੀ ਹੁਣ ਲੂਤੀ ਰੱਬ ਵਾਸਤੇ ਸੁਣਨੀ ਨਾ,
ਅਪਨਾਏ ਕੰਗਲੇ 'ਹਾਫ਼ਜ਼' ਨੂੰ ਲੜ ਲਾਓ ਲਜ-ਪਾਲ ਵਰੋ ।

(ਇਹ ਰਚਨਾ ਕਵੀ ਹਾਫ਼ਜ਼ ਦੀ ਫ਼ਾਰਸੀ ਗ਼ਜ਼ਲ-'ਐ ਖ਼ੁਸਰਵੇ
ਖ਼ੂਬਾਂ ਨਜ਼ਰੇ ਸੂਏ ਗਦਾ ਕੁਨ' ਦਾ ਅਨੁਵਾਦ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ