Punjabi Ghazals Kaleem Shahzad

ਪੰਜਾਬੀ ਗ਼ਜ਼ਲਾਂ ਕਲੀਮ ਸ਼ਹਿਜ਼ਾਦ

1. ਤੇਰੇ ਨੈਣਾਂ ਦੀ ਜੂਹ ਅੰਦਰ ਸਵੇਰੇ ਜਾਗਦੇ ਰਹਿੰਦੇ

ਤੇਰੇ ਨੈਣਾਂ ਦੀ ਜੂਹ ਅੰਦਰ ਸਵੇਰੇ ਜਾਗਦੇ ਰਹਿੰਦੇ।
ਤੇਰੇ ਵਾਲਾਂ ਦੀ ਛਾਂ ਹੇਠਾਂ ਹਨੇਰੇ ਜਾਗਦੇ ਰਹਿੰਦੇ।

ਕਦੀ ਤੇ ਉਹਦਿਆਂ ਦੇਸਾਂ 'ਚੋਂ ਆਏਗਾ ਕੋਈ ਪੰਛੀ,
ਦਿਨੇ ਰਾਤੀਂ ਉਡੀਕਾਂ ਦੇ ਬਨੇਰੇ ਜਾਗਦੇ ਰਰਿੰਦੇ।

ਬੜੀ ਤਰਥੱਲ ਮਚਦੀ ਏ ਮੇਰੇ ਖ਼ਾਬਾਂ 'ਚ ਰਹਿ ਰਹਿ ਕੇ,
ਸੁਲਾਵਾਂ ਦਰਦ ਮੈਂ ਜਿੰਨੇ ਵਧੇਰੇ ਜਾਗਦੇ ਰਹਿੰਦੇ।

ਮੇਰੇ ਦਿਲ ਵਿਚ ਗ਼ ਮਾਂ ਦੀ ਟੀਸ ਇੰਜੇ ਜਾਗਦੀ ਰਹਿੰਦੀ,
ਜਿਵੇਂ ਪਾਣੀ ਦੀ ਤਹਿ ਉੱਤੇ ਘਤੇਰੇ ਜਾਗਦੇ ਰਹਿੰਦੇ।

'ਕਲੀਮ' ਇਸ ਦਰਦ ਦਾ ਦਾਰੂ ਹੈ ਸੁਖ ਦੀ ਨੀਂਦ ਦਾ ਆਉਣਾ,
ਕਿਵੇਂ ਸੌਵਾਂ ਬੜੇ ਫ਼ਨੀਅਰ ਚੁਫੇਰੇ ਜਾਗਦੇ ਰਹਿੰਦੇ।

2. ਤੂੰ ਵੀ ਨਾਲ ਏਂ ਫਿਰ ਵੀ ਕ੍ਹਾਨੂੰ ਇਕਲਾਪੇ ਦੇ ਕੈਦੀ ਆਂ

ਤੂੰ ਵੀ ਨਾਲ ਏਂ ਫਿਰ ਵੀ ਕ੍ਹਾਨੂੰ ਇਕਲਾਪੇ ਦੇ ਕੈਦੀ ਆਂ।
ਰੋਗ ਮੁਸ਼ੱਕਤ ਦਾ ਕਟਦੇ ਆਂ ਜਗਰਾਤੇ ਦੇ ਕੈਦੀ ਆਂ।

ਐਵੇਂ ਤਖ਼ਤ ਹਜ਼ਾਰਾ ਛਡਕੇ ਪਰਦੇਸਾਂ ਵਿਚ ਬੈਠੇ ਨਈਂ,
ਝੰਗ ਸਿਆਲੀਂ ਰਿਸ਼ਮਾਂ ਵੰਡਦੇ ਇਕ ਮੁਖੜੇ ਦੇ ਕੈਦੀ ਆਂ।

ਤੇਰੇ ਸ਼ਹਿਰ 'ਚ ਸਾਡੇ ਉੱਤੇ ਇਹ ਵੀ ਵੇਲਾ ਆਇਆ ਏ,
ਗ਼ਮਾਂ ਦੀ ਚੱਕੀ ਝੋਂਦੇ ਪਏ ਆਂ ਪਰ ਹਾਸੇ ਦੇ ਕੈਦੀ ਆਂ।

ਲੇਖਾਂ ਵਾਂਗੂੰ ਮੰਜ਼ਿਲ ਨੇ ਵੀ ਖ਼ਬਰੇ ਉਲਝਣ ਪਾਈ ਏ,
ਸਦੀਆਂ ਟੁਰਦੇ ਟੁਰਦੇ ਹੰਭੇ ਪਰ ਪੈਂਡੇ ਦੇ ਕੈਦੀ ਆਂ।

ਪਲਕਾਂ ਉੱਤੇ ਤਾਰੇ ਲੈਕੇ ਵੰਡੀਆਂ ਨੇ ਰੁਸ਼ਨਾਈਆਂ ਵੀ,
ਪਰ ਇਸ ਗੱਲ ਦੀ ਸਮਝ ਨਾ ਆਈ ਕਿਉਂ ਨੇਰ੍ਹੇ ਦੇ ਕੈਦੀ ਆਂ।

ਜੁਰਮ 'ਕਲੀਂਮ' ਵਫ਼ਾ ਦਾ ਕੀਤਾ ਅਪਣੀ ਝੋਲੀ ਪਾਇਆ,
ਵੇਖਣ ਨੂੰ ਆਜ਼ਾਦੀ ਏ ਪਰ ਬੇਦੋਸੇ ਦੇ ਕੈਦੀ ਆਂ।

3. ਪੈਰ ਪੈਰ 'ਤੇ ਹੌਕੇ ਭਰਦੀਆਂ ਵੇਖਾਂ ਮੈਂ

ਪੈਰ ਪੈਰ 'ਤੇ ਹੌਕੇ ਭਰਦੀਆਂ ਵੇਖਾਂ ਮੈਂ।
ਆਸ ਦੀਆਂ ਮੁਟਿਆਰਾਂ ਮਰਦੀਆਂ ਵੇਖਾਂ ਮੈਂ।

ਕਿੰਨਾ ਜੀ ਕਰਦਾ ਸੀ ਤੇਰੀਆਂ ਉਂਗਲਾਂ ਨੂੰ,
ਜ਼ਖ਼ਮਾਂ ਉੱਤੇ ਮਰਹਮ ਧਰਦੀਆਂ ਵੇਖਾਂ ਮੈਂ।

ਸਿਰ ਦੇ ਉੱਤੇ ਧੁੱਪ ਦੀ ਚਾਦਰ ਤਾਣੀ ਏਂ,
ਫਿਰ ਵੀ ਏਥੇ ਸਧਰਾਂ ਠਰਦੀਆਂ ਵੇਖਾਂ ਮੈਂ।

ਤੇਰਾ ਚੇਤਾ ਆ ਜਾਵੇ ਜੇ ਰਾਤਾਂ ਨੂੰ,
ਦਿਲ ਦੇ ਉੱਤੇ ਰਿਸ਼ਮਾਂ ਵਰ੍ਹਦੀਆਂ ਵੇਖਾਂ ਮੈਂ।

ਇਕਲਾਪੇ ਦੀ ਧੁੱਪ ਤੋਂ ਕਿਵੇਂ ਬਚਾਵਾਂ ਮੈਂ,
ਸਧਰਾਂ ਬਰਫ਼ਾਂ ਵਾਂਗਰ ਖਰਦੀਆਂ ਵੇਖਾਂ ਮੈਂ।

ਉਹਨੂੰ ਲੋ ਦੀ ਲੋੜ ਪਈ ਏ ਫੇਰ 'ਕਲੀਮ',
ਕੜੀਆਂ ਬਾਲਕੇ ਅਪਣੇ ਘਰਦੀਆਂ ਵੇਖਾਂ ਮੈਂ।

4. ਫੁੱਲ ਦੇ ਮੱਥੇ ਤਰੇਲੀ ਆ ਗਈ

ਫੁੱਲ ਦੇ ਮੱਥੇ ਤਰੇਲੀ ਆ ਗਈ।
ਵੇਖ ਕੇ ਮੈਨੂੰ ਕਲੀ ਘਬਰਾ ਗਈ।

ਜ਼ਿਹਨ ਦੇ ਅੰਬਰ 'ਤੇ ਪੀਂਘਾਂ ਜਿਸ ਤਰ੍ਹਾਂ,
ਸੋਚ ਉਸਦੀ ਰੰਗ ਜਿਹੇ ਬਿਖਰਾ ਗਈ।

ਆ ਗਿਆ ਏ ਓਸਨੂੰ ਚੇਤਾ ਕਿਵੇਂ,
ਗੱਲ ਕਿਹੜੀ ਓਸਨੂੰ ਬਦਲਾ ਗਈ।

ਸਾਂਝ ਸੀ ਉਮਰਾਂ ਦੀ ਵਾਅਦੇ ਹਸ਼ਰ ਦੇ,
ਅੱਥਰੀ ਦੁਨੀਆਂ ਜੁਦਾਈਆਂ ਪਾ ਗਈ।

ਮੈਂ ਤਾਂ ਨੀਵੀਂ ਪਾਕੇ ਸਾਂ ਬੈਠਾ ਰਿਹਾ,
ਅੱਖ ਉਹਦੀ ਕਾਸ ਨੂੰ ਸ਼ਰਮਾ ਗਈ।

ਖੋਖਲਾ ਕੀਤਾ ਮੇਰਾ ਜੁੱਸਾ 'ਕਲੀਮ',
ਯਾਦ ਉਹਦੀ ਘੁਣ ਦੇ ਵਾਂਗੂੰ ਖਾ ਗਈ।

5. ਬੋਲੀਆਂ

ਤੇਰਾ ਚਰਖ਼ਾ ਸ਼ੀਸ਼ਿਆਂ ਵਾਲ਼ਾ, ਕੱਤਦੀ ਦਾ ਮੂੰਹ ਤੱਕਦਾ
ਤੰਦ ਪਾਉਂਦੀ ਦਾ ਚੂੜਾ ਛਣਕੇ, ਚਾਵਾਂ ਵਾਲ਼ੇ ਮੋਰ ਨੱਚਦੇ
ਦੋਵਾਂ ਤੱਕਿਆ ਗਲ਼ੀ ਵਿੱਚ ਦੂਰੋਂ, ਨੈਣਾਂ ਦੀਆਂ ਪੈਣ ਜੱਫੀਆਂ
ਇਕ ਤੇਰਾ ਰਪੂ ਲਿਸ਼ਕੇ ਉੱਤੋਂ ਸਾਉਣ ਦਾ ਮਹੀਨਾ ਆਇਆ
ਤੇਰੇ ਨੈਣਾਂ ਦੇ ਗੁਲਾਬੀ ਡੋਰੇ, ਨਸ਼ਿਆਂ ਦੀ ਹੱਦ ਮੁੱਕ ਗਈ
ਤੇਰੇ ਨੱਕ ਦਾ ਲੌਂਗ ਰੰਗੀਲਾ, ਧੁੱਪ ਵਿੱਚ ਰੰਗ ਵੰਡਦਾ
ਤੇਰੇ ਸਾਹਵਾਂ ਦੀ ਮਹਿਕ ਉਧਾਰੀ, ਸੱਧਰਾਂ ਦੇ ਫੁੱਲ ਮੰਗਦੇ
ਜ਼ੁਲਫਾਂ ਦੀ ਲੱਟ ਤੱਕ ਕੇ, ਮੱਚੇ ਅੰਬਰਾਂ ਤੇ ਬਦਲੀ ਕਾਲ਼ੀ
ਕਿਹੜਾ ਖ਼ਾਬਾਂ ਵਿੱਚ ਨਜ਼ਰੀਂ ਆਵੇ ਬੁੱਲ੍ਹੀਆਂ ਤੇ ਹਾਸਾ ਖਿੰਡਿਆ
ਤੇਰੀ ਗਾਨੀ ਦੇ ਗਾਉਂਦੇ ਮਣਕੇ ਜਾਂਦੇ ਜਾਂਦੇ ਰਾਹੀ ਭੁਲਦੇ
ਤੇਰੇ ਪੈਰਾਂ ਵਿੱਚ ਪਾਜ਼ੇਬਾਂ ਤੱਕ ਕੇ, ਰਾਗੀਆਂ ਨੂੰ ਸੁਰ ਲੱਭਦੇ