ਕਾਫ਼ੀਆਂ ਸ਼ਾਹ ਸ਼ਰਫ਼
ਅਗੈ ਜਲੈ ਤਾਂ ਪਾਣੀ ਪਾਈਏ,
ਪਾਣੀ ਜਲੈ ਤਾਂ ਕਾਇ ਬੁਝਾਈਏ,
ਮੈਂ ਤਤੀ ਨੂੰ ਜਤਨ ਬਤਾਈਐ ।੧।
ਮਤਿ ਅਣ-ਮਿਲਿਆਂ ਮਰ ਜਾਈਐ,
ਇਹ ਅਉਸਰ ਬਹੁੜ ਨ ਪਾਈਐ ।੧।ਰਹਾਉ।
ਘਿਣ ਵਖਰ ਲਦਿ ਸਿਧਾਈਐ,
ਦੇਖਿ ਲਾਹਾ ਨਾ ਲੁਭਾਈਐ,
ਸਣ ਵਖਰ ਆਪਿ ਵਿਚਾਈਐ ।੨।
ਸਹੁ ਨੂੰ ਮਿਲਿਆ ਲੋੜੀਏ,
ਮਦ ਮਾਤੇ ਬੰਧਨਿ ਤੋੜੀਏ,
ਸ਼ੇਖ਼ ਸ਼ਰਫ਼ ਨਾ ਮੋਢਾ ਮੋੜੀਏ ।੩।
(ਰਾਗ ਧਨਾਸਰੀ)
ਬਰਖੈ ਅਗਨਿ ਦਿਖਾਵੈ ਪਾਨੀ,
ਰੋਂਦਿਆਂ ਰੈਣਿ ਵਿਹਾਣੀ,
ਤਾਂ ਮੈਂ ਸਾਰ ਵਿਛੋੜੇ ਦੀ ਜਾਣੀ ।੧।
ਮੈਂ ਬਿਰਹੁ ਖੜੀ ਰਿਝਾਨੀਆਂ,
ਮੈਂ ਸਾਰ ਵਿਛੋੜੇ ਦੀ ਜਾਣੀਆਂ ।੧।ਰਹਾਉ।
ਮੇਰੇ ਅੰਦਰਿ ਜਲਨਿ ਅੰਗੀਠੀਆਂ,
ਓਹ ਜਲਦੀਆਂ ਕਿਨੈ ਨ ਡਿਠੀਆਂ,
ਮੈਂ ਦਰਦ ਦਿਵਾਨੇ ਲੂਠੀਆਂ,
ਮੈਂ ਪ੍ਰੇਮ ਬਿਛੋਹੇ ਝੂਠੀਆਂ(ਕੂਠੀਆਂ) ।੨।
ਸਾਨੂੰ ਪੀਰ ਬਤਾਈ ਵਾਟੜੀ,
ਅਸਾਂ ਲੰਘੀ ਅਉਘਟਿ ਘਾਟੜੀ,
ਸ਼ੇਖ਼ ਸ਼ਰਫ਼ ਸਹੁ ਅੰਤਰਿ ਪਾਇਆ,
ਕਰ ਕਰਮ ਦਿਦਾਰੁ ਦਿਖਾਇਆ ।੩।
(ਰਾਗ ਧਨਾਸਰੀ)
ਹਥੀਂ ਛੱਲੇ ਬਾਹੀਂ ਚੂੜੀਆਂ,
ਗਲਿ ਹਾਰ ਹਮੇਲਾਂ ਜੂੜੀਆਂ,
ਸਹੁ ਮਿਲੇ ਤਾਂ ਪਾਉਂਦੀਆਂ ਪੂਰੀਆਂ ।੧।
ਨੈਨ ਭਿੰਨੜੇ ਕਜਲ ਸਾਂਵਰੇ,
ਸਹੁ ਮਿਲਣ ਨੂੰ ਖਰੇ ਉਤਾਵਰੇ ।੧।ਰਹਾਉ।
ਰਾਤੀਂ ਹੋਈਆਂ ਨੀ ਅੰਧੇਰੀਆਂ,
ਚਉਕੀਦਾਰਾਂ ਨੇ ਗਲੀਆਂ ਘੇਰੀਆਂ,
ਮੈਂ ਬਾਝ ਦੰਮਾਂ ਬੰਦੀ ਤੇਰੀਆਂ ।੨।
ਮੈਂ ਬਾਬਲ ਦੇ ਘਰਿ ਭੋਲੜੀ,
ਗਲ ਸੋਹੇ ਊਦੀ ਚੋਲਰੀ,
ਸਹੁ ਮਿਲੇ ਤਾਂ ਵੰਞਾ ਮੈਂ ਘੋਲਰੀ ।੩।
ਮੈਂ ਬਾਬਲਿ ਦੇ ਘਰਿ ਨੰਢੜੀ,
ਗਲਿ ਸੋਹੇ ਸੋਇਨੇ ਕੰਢੜੀ,
ਸਹੁ ਮਿਲੇ ਤਾਂ ਥੀਵਾਂ ਠੰਡੜੀ ।੪।
ਜੇ ਤੂੰ ਚਲਿਓਂ ਚਾਕਰੀ,
ਮੈਂ ਹੋਈਆਂ ਜੋਬਨਿ ਮਾਤੜੀ,
ਸਹੁ ਮਿਲੇ ਤਾਂ ਥੀਵਾਂ ਮੈਂ ਸਾਕਰੀ ।੫।
ਮੇਰੇ ਗਲਿ ਵਿਚਿ ਅਲਕਾਂ ਖੁਲ੍ਹੀਆਂ,
ਮਾਨੋ ਪ੍ਰੇਮ ਸੁਰਾਹੀਆਂ ਡੁਲ੍ਹੀਆਂ,
ਦੁਇ ਨਾਗਨੀਆਂ ਘਰਿ ਭੁਲੀਆਂ ।੬।
ਆਵਹੁ ਜੇ ਕਹੀ ਆਵਣਾ,
ਅਸਾਂ ਦਹੀ ਕਟੋਰੇ ਨਾਵਨਾ,
ਸ਼ੇਖ਼ ਸ਼ਰਫ਼ ਅਸਾਂ ਸਹੁ ਰੀਝਾਵਣਾ ।੭।
(ਰਾਗ ਧਨਾਸਰੀ)
ਇਕ ਪੁਛਦੀਆਂ ਪੰਡਤਿ ਜੋਇਸੀ,
ਕਦਿ ਪੀਆ ਮਿਲਾਵਾ ਹੋਇਸੀ,
ਮਿਲਿ ਦਰਦ ਵਿਛੋੜਾ ਖੋਇਸੀ ।੧।
ਤਪ ਰਹੀਸੁ ਮਾਏ ਮੇਰਾ ਜੀਅ ਬਲੇ,
ਮੈ ਪੀਉ ਨ ਦੇਖਿਆ ਦੁਇ ਨੈਨ ਭਰੇ ।੧।ਰਹਾਉ।
ਨਿਤ ਕਾਗ ਉਡਾਰਾਂ ਬਨਿ ਰਹਾਂ,
ਨਿਸ ਤਾਰੇ ਗਿਣਦੀ ਨ ਸਵਾਂ,
ਜਿਉਂ ਲਵੇ ਪਪੀਹਾ ਤਿਉਂ ਲਵਾਂ ।੨।
ਸਹੁ ਬਿਨ ਕਦ ਸੁਖ ਪਾਵਈ,
ਜਿਉਂ ਜਲ ਬਿਨ ਮੀਨ ਤੜਫਾਵਈ,
ਜਿਉਂ ਬਿਛੜੀ ਕੂੰਜ ਕੁਰਲਾਵਈ ।੩।
ਸ਼ੇਖ਼ ਸ਼ਰਫ਼ ਨ ਥੀਉ ਉਤਾਵਲਾ,
ਇਕਸੇ ਚੋਟ ਨ ਥੀਂਦੇ ਚਾਵਲਾ,
ਮਤ ਭੂਲੇਂ ਬਾਬੂ ਰਾਵਲਾ ।੪।
(ਰਾਗ ਧਨਾਸਰੀ)
ਰਹੁ ਵੇ ਅੜਿਆ ਤੂੰ ਰਹੁ ਵੇ ਅੜਿਆ,
ਬੋਲਨਿ ਦੀ ਜਾਇ ਨਹੀਂ ਵੇ ਅੜਿਆ,
ਜੋ ਬੋਲੇ ਸੋ ਮਾਰੀਏ ਮਨਸੂਰ ਜਿਵੇਂ
ਕੋਈ ਬੁਝਦਾ ਨਾਹੀਂ ਵੇ ਅੜਿਆ ।੧।ਰਹਾਉ।
ਜੈ ਤੈ ਹਕ ਦਾ ਰਾਹ ਪਛਾਤਾ,
ਦਮ ਨਾ ਮਾਰ ਵੇ ਤੂੰ ਰਹੀਂ ਚੁਪਾਤਾ,
ਜੋ ਦੇਵੀ ਸੋ ਸਹੁ ਵੇ ਅੜਿਆ ।੧।
ਕਦਮ ਨਾ ਪਾਛੇ ਦੇਈ ਹਾਲੋਂ,
ਤੋੜੇ ਸਿਰ ਵਖਿ ਕੀਚੈ ਧੜਿ ਨਾਲੋਂ,
ਤਾਂ ਭੀ ਹਾਲ ਨਾ ਕਹੀਂ ਵੇ ਅੜਿਆ ।੨।
ਗੋਰਿ ਨਿਮਾਣੀ ਵਿਚਿ ਪਉਦੀਆਂ ਕਹੀਆਂ,
ਹੂਹੁ ਹਵਾਈ ਤੇਰੀ ਇੱਥੇ ਨਾ ਰਹੀਆਂ,
ਜਾਂਝੀ ਮਾਂਝੀ ਮੁੜਿ ਘਰਿ ਆਏ,
ਮਹਲੀਂ ਵੜਿਆ ਸਹੁ ਵੇ ਅੜਿਆ ।੩।
ਸ਼ੇਖ਼ ਸ਼ਰਫ਼ ਇਹ ਬਾਤ ਬਤਾਈ,
ਕਰਮੁ ਲਿਆ ਲਿਖਿਆ ਭਾਈ,
ਕਰ ਸ਼ੁਕਰਾਨਾ ਬਹੁ ਵੇ ਅੜਿਆ ।੪।
(ਰਾਗ ਆਸਾਵਰੀ)
ਤੂੰ ਕਿਆ ਜਾਣੇ ਸ਼ਰਫ਼ਾ ਖੇਲ ਪ੍ਰੇਮ ਕਾ,
ਪ੍ਰੇਮ ਕਾ ਖੇਲ ਨਹੀਂ ਤੈ ਖੇਲਾ ।੧।ਰਹਾਉ।
ਬਾਤੀ ਹੋਇ ਕੈ ਤਨ ਨਹੀਂ ਜਾਰਾ,
ਲਕੜੀ ਹੋਇ ਜਲ ਭਇਓ ਨ ਅੰਗਾਰਾ,
ਨ ਤੈ ਸਿਰ ਕਲਵਤ੍ਰ ਸਹਾਰਾ ।੧॥
ਨਾ ਤੁਝ ਕੋ ਉਹਿ ਜੋਤ ਸਮਾਣੀ,
ਨਾ ਤੁਧ ਜਾਗਤ ਰੈਣ ਵਿਹਾਣੀ,
ਲੋਹੂ ਉਲਟ ਨ ਕੀਆ ਪਾਣੀ ।੨।
ਨਾ ਤੁਧ ਅੰਗ ਬਿਭੂਤ ਚੜ੍ਹਾਈ,
ਨਾ ਤੁਧ ਕਾਮਣ ਅੰਗ ਲਗਾਈ,
ਐਸੀ ਕੀਨੀ ਤੈ ਲੋਕ ਹਸਾਈ ।੩।
ਸ਼ੇਖ਼ ਸ਼ਰਫ਼ ਤੈਂ ਜੀਵਣ ਖੋਇਆ,
ਪਾਉਂ ਪਸਾਰ ਕਿਆ ਨਿਸ ਭਰ ਸੋਇਆ,
ਪਰੀਤ ਲਗਾਈ ਨਾ ਕਬਹੂੰ ਰੋਇਆ ।੪।
(ਰਾਗ ਆਸਾ)
ਵਿਚਿ ਚਕੀ ਆਪਿ ਪੀਸਾਈਐ,
ਵਿਚ ਰੰਗਨ ਪਾਇ ਰੰਗਾਈਐ,
ਹੋਇ ਕਪੜ ਕਾਛਿ ਕਛਾਈਐ,
ਤਾ ਸਹੁ ਦੇ ਅੰਗ ਸਮਾਈਐ ।੧।
ਇਉਂ ਪ੍ਰੇਮ ਪਿਆਲਾ ਪੀਵਣਾ,
ਜਗਿ ਅੰਦਰਿ ਮਰਿ ਮਰਿ ਜੀਵਣਾ ।੧।ਰਹਾਉ।
ਵਿਚਿ ਆਵੀ ਆਪਿ ਪਕਾਈਐ,
ਹੋਇ ਰੂੰਈ ਆਪਿ ਤੂੰਬਾਈਐ,
ਵਿਚਿ ਘਾਣੀ ਆਪਿ ਪੀੜਾਈਐ,
ਤਾਂ ਦੀਪਕ ਜੋਤਿ ਜਗਾਈਐ ।੨।
ਵਿਚਿ ਆਰਣਿ ਆਪਿ ਤਪਾਈਐ,
ਸਿਰਿ ਘਣੀਅਰ ਮਾਰਿ ਸਹਾਈਐ,
ਕਰਿ ਸਿਕਲ ਸਵਾਰ ਬਨਾਈਐ,
ਤਾਂ ਆਪਾ ਆਪਿ ਦਿਖਾਈਐ ।੩।
ਹੋਇ ਛੇਲੀ ਆਪਿ ਕੁਹਾਈਐ,
ਕਟਿ ਬਿਰਖ ਰਬਾਬ ਬਜਾਈਐ,
ਸ਼ੇਖ਼ ਸ਼ਰਫ਼ ਸਰੋਦ ਸੁਣਾਈਐ ।੪।
(ਰਾਗ ਧਨਾਸਰੀ)
ਤੇਰੀ ਚਿਤਵਨਿ ਮੀਤਿ ਪਿਆਰੇ ਮਨ ਬਉਰਾਨਾ ਮੋਰਾ ਰੇ ।
ਇਸ ਚਿਤਵਨਿ ਪਰ ਤਨੁ ਮਨੁ ਵਾਰਉ ਜੋ ਵਾਰਉ ਸੋ ਥੋਰਾ ਰੇ ।੧।ਰਹਾਉ।
ਪਰੀਤਿ ਕੀ ਰੀਤਿ ਕਠਿਣ ਭਈ ਮਿਤਵਾ ਖਿਨੈ ਬਨਾਵਤ ਰੋਰਾ ਰੇ ।
ਜਬ ਲਾਗਿਓ ਤਬ ਜਾਨਿਓ ਨਾਹੀਂ ਅਬਹਿ ਪਰਿਉ ਜਗਿ ਸੋਰਾ ਰੇ ।੧।
ਜੋ ਪੀਆ ਭਾਵੈ ਸਾਈ ਸੁਹਾਗਣਿ ਕਿਆ ਸਾਵਲ ਕਿਆ ਗੋਰਾ ਰੇ ।
ਬਚਨਿਨਿ ਮੈ ਕਿਛੁ ਪੇਚਿ ਪਰਿਉ ਹੈ ਮਨ ਅਟਕਿਓ ਤਹਿ ਮੋਰਾ ਰੇ ।੨।
ਆਉ ਪਿਆਰੇ ਗਲ ਮਿਲ ਰਹੀਏ ਇਸ ਜਗ ਮਹਿ ਜੀਵਣੁ ਥੋਰਾ ਰੇ ।
ਸ਼ਾਹ ਸ਼ਰਫ਼ ਪੀਆ ਦਰਸਨ ਦੀਜੈ ਮਿਟਹਿ ਜਨਮ ਕੇ ਖੋਰਾ ਰੇ ।੩।
(ਸਿਰੀ ਰਾਗ)
ਪੰਡਿਤ ਪੁਛਦੀ ਮੈਂ ਵਾਟਾ ਭੁਲੇਂਦੀ ਹਾਰੀਆਂ ਮੇਰੀ ਜਾਨਿ ।
ਦਿਲਿ ਵਿਚਿ ਵਸਦਾ ਅਖੀਂ ਨਾਹੀਂ ਦਿਸਦਾ ਬਿਰਹੁ ਤੁਸਾਡੇ ਮਾਰੀਆਂ ਮੇਰੀ ਜਾਨਿ ।੧।ਰਹਾਉ।
ਦਰਸਨ ਤੇਰੇ ਦੀ ਦਰਮਾਂਦੀ ਕਰਸੋ ਮੇਰੀ ਕਾਰੀਆਂ ।੧।
ਸ਼ਾਹ ਸ਼ਰਫ਼ ਪੀਆ ਅਜਬ ਸਹਾਰਾ ਮਿਹਰ ਜਿਨਾਂ ਦੀ ਤਾਰੀਆਂ ।੨।
(ਝੰਝੋਟੀ)
ਚਾਇ ਬਖ਼ਸ਼ੀਂ ਰੱਬਾ ਮੇਰੇ ਕੀਤੇ ਨੂੰ ।੧।ਰਹਾਉ।
ਅਉਗੁਣਿਆਰੀ ਨੂੰ ਕੋ ਗੁਣ ਨਾਹੀ
ਲਾਜ ਪਈ ਤਉ ਮੀਤੇ ਨੂੰ ।੧।
ਦਾਮਨੁ ਲੱਗਿਆਂ ਦੀ ਸਰਮੁ ਤੁਸਾਨੂੰ
ਘਤਿ ਡੋਰੀ ਮੇਰੇ ਚੀਤੇ ਨੂੰ ।੨।
ਤਉ ਬਿਨੁ ਦੂਜਾ ਦ੍ਰਿਸਟਿ ਨ ਆਵੈ
ਢਾਹਿ ਭਰਮ ਦੇ ਭੀਤੇ ਨੂੰ ।੩।
ਸ਼ੇਖ਼ ਸ਼ਰਫ਼ ਹਾਲ ਕੈਨੂੰ ਆਖਾਂ
ਉਮਰਿ ਗਈ ਨਿਸਿ ਬੀਤੇ ਨੂੰ ।੪॥
(ਬਿਲਾਵਲੁ)
ਅਖੀਆਂ ਦੁਖ ਭਰੀ ਮੇਰੀ ਦੇਖਨਿ ਯਾਰ ਤੁਸਾਨੂੰ ।
ਡਿਠੇ ਬਾਝੂੰ ਰਹਿਨ ਨ ਮੂਲੇ ਲੱਗੀ ਚੋਟ ਨੈਣਾਂ ਨੂੰ ।੧।ਰਹਾਉ।
ਜੈ ਤਨ ਲਗੀ ਸੋ ਤਨ ਜਾਣੇ ਗੁਝੜੀ ਵੇਦਨ ਅਸਾਨੂੰ ।੧।
ਸ਼ਾਹੁ ਸ਼ਰਫ਼ ਦਿਲ ਦਰਦੁ ਘਣੇਰੇ ਮਾਲੁਮੁ ਹਾਲ ਮਿਤ੍ਰਾਂ ਨੂੰ ।੨।
(ਕਿਦਾਰਾ)
ਹੋਰੀ ਆਈ ਫਾਗ ਸੁਹਾਈ ਬਿਰਹੁੰ ਫਿਰੈ ਨਿਸੰਗੁ ।
ਉਡ ਰੇ ਕਾਗਾ ਦੇਸੁ ਸੁਦੱਛਣ ਕਬਿ ਘਰਿ ਆਵੈ ਕੰਤ ।੧।
ਹੋਰੀ ਕੋ ਖੇਲੈ ਕੋ ਖੇਲੈ ਜਾਂ ਕੇ ਪੀਆ ਚਲੇ ਪਰਦੇਸੁ ।੧।ਰਹਾਉ।
ਹੋਰੀ ਖੇਲਣਿ ਤਿਨ ਕਉ ਭਾਵੈ ਜਿਨ ਕੇ ਪੀਆ ਗਲ ਬਾਂਹਿ ।
ਹਉ ਬਉਰੀ ਹੋਰੀ ਕੈ ਸੰਗਿ ਖੇਲਊਂ ਹਮ ਘਰਿ ਸਾਜਣ ਨਾਂਹਿ ।੨।
ਅਨ ਜਾਨਤ ਪੀਆ ਗਵਨ ਕੀਓ ਰੀ ਮੈਂ ਭੂਲੀ ਫਿਰਉ ਨਿਹੋਰੀ ।
ਨੈਨ ਤੁਮਾਰੇ ਰਿਦੇ ਚੁਭੇ ਰਹੇ ਮੈਂ ਤਨਿ ਨਾਹਿ ਸਤਿਓ ਰੀ ।੩।
ਜਾਨ ਬੂਝ ਪੀਆ ਮਗਨਿ ਭਏ ਹੈਂ ਬਿਰਹੁ ਕਰੀ ਬਿਧੰਸੁ ।
ਸ਼ਾਹਿ ਸ਼ਰਫ਼ ਪੀਆ ਬੇਗ ਮਿਲਉ ਹੋਰੀ ਖੇਲਉ ਮੈਂ ਅਨਦ ਬਸੰਤੁ ।੪।
(ਰਾਗ ਕਿਦਾਰਾ)
ਹੋਰੀ ਮੈਂ ਕੈਸੇ ਖੇਲੋਂ ਰੁਤਿ ਬਸੰਤ,
ਮੈਂ ਪਾਵੋਂਗੀ ਸਾਜਣ ਕਰੋਂ ਅਨੰਦ ।੧।ਰਹਾਉ।
ਜਬ ਕੀ ਭਈ ਬਸੰਤ ਪੰਚਮੀ,
ਘਰਿ ਨਾਹਿ ਹਮਾਰੋ ਅਪਨੋ ਕੰਤ ।੧।
ਅਉਧ ਬੀਤੀ ਪੀਆ ਅਜਹੂੰ ਨ ਆਏ,
ਹਉ ਖਰੀ ਨਿਹਾਰੋਂ ਪੀਆ ਪੰਥਿ ।੨।
ਖਾਨ ਪਾਨ ਮੁਹਿ ਕਛੂ ਨ ਭਾਵੇ,
ਚਿਤਿ ਫਸਿਓ ਮੋਹਿ ਪ੍ਰੇਮ ਫੰਧਿ ।੩।
ਸ਼ਾਹੁ ਸ਼ਰਫ਼ ਪੀਆ ਪਿਆਰੇ ਬਾਝਹੁ,
ਜੈਸੇ ਚਕੋਰ ਹੈ ਬਿਨ ਚੰਦੁ ।੪।
(ਰਾਗ ਬਸੰਤ)
|