Complete Kafian : Miran Shah Jalandhari
ਕਾਫ਼ੀਆਂ : ਮੀਰਾਂ ਸ਼ਾਹ ਜਲੰਧਰੀ
1. ਤੁਸੀਂ ਐਵੇਂ ਮਗਜ਼ ਨ ਮਾਰੋ ਜੀ
1
ਰਖ ਸੌਮ ਸਲਾਤਾਂ ਪੜ੍ਹਦੇ ਹੋ,
ਤੁਸੀਂ ਨਾਲ ਲੋਕਾਂ ਦੇ ਲੜਦੇ ਹੋ,
ਪਾ ਤੇਲ ਕੜਾਹੀ ਸੜਦੇ ਹੋ,
ਕੁਝ ਵਿਚਲੀ ਗੱਲ ਨਿਤਾਰੋ ਜੀ ।
2
ਤੁਸੀਂ ਆਪਣੀ ਆਪ ਨਿਬੇੜੋ ਜੀ,
ਅਣਹੁੰਦੀਆਂ ਕਲਾਂ ਨਾ ਛੇੜੋ ਜੀ,
ਤੁਸੀਂ ਵਿਚੋਂ ਗ਼ੈਰ ਨਿਖੇੜੋ ਜੀ,
ਐਵੇਂ ਲਾ ਹਿਕ ਤਾਣ ਨਾ ਹਾਰੋ ਜੀ ।
3
ਕਰੋ ਸਾਫ਼ੀ ਆਪਣੇ ਅੰਦਰ ਦੀ,
ਤਾਂ ਆਏ ਹਾਥ ਸਮੁੰਦਰ ਦੀ,
ਕਰੋ ਸੁਹਬਤ ਕਿਸੇ ਕਲੰਦਰ ਦੀ,
ਕੋਈ ਪ੍ਰੇਮੀ ਬਾਤ ਵਿਚਾਰੋ ਜੀ ।
4
ਤੁਸੀਂ ਇਸ਼ਕੋਂ ਮਹਿਰਮ ਮੂਲ ਨਹੀਂ,
ਬਿਨ ਇਸ਼ਕੋਂ ਕੁਝ ਹਸੂਲ ਨਹੀਂ,
ਵਿਚ ਇਲਮ ਗ਼ਰੂਰ ਕਬੂਲ ਨਹੀਂ,
ਤੁਸੀਂ ਹਸਤੀ ਖ਼ੁਦੀ ਵਿਸਾਰੋ ਜੀ ।
5
ਕਿਉਂ ਝਗੜੇ ਝੇੜੇ ਕਰਦੇ ਹੋ ?
ਕਿਉਂ ਮੁਫ਼ਤ ਅਜਾਈਂ ਮਰਦੇ ਹੋ ?
ਬਿਨ ਹਾਕਮ ਹਾਲਾ ਭਰਦੇ ਹੋ ?
ਹਲ ਜੋਤੋ ਖੇਤ ਸਵਾਰੋ ਜੀ ।
6
ਕਰ ਮਸਲੇ ਮਗਜ਼ ਖਪਾਇਆ ਹੈ,
ਬਿਨ ਇਸ਼ਕੋਂ ਅੰਤ ਨਾ ਆਇਆ ਹੈ,
ਜਿਨ ਪਾਇਆ ਭੇਤ ਛਪਾਇਆ ਹੈ,
ਸਿਰ ਗੁਰ ਦੀ ਸ਼ਰਨੀ ਵਾਰੋ ਜੀ ।
7
ਦਿਲ ਸਾਫ਼ ਤੇ ਮਿਠੜਾ ਬੋਲੋ ਜੀ,
ਸਪ ਵਾਂਗੂੰ ਜ਼ਹਿਰ ਨਾ ਘੋਲੋ ਜੀ,
ਮਤ ਐਬ ਕਿਸੇ ਦੇ ਫੋਲੋ ਜੀ,
ਤੁਸੀਂ ਲਪ ਗੜਪ ਨਾ ਮਾਰੋ ਜੀ ।
8
ਕਿਉਂ ਇਤਨੀ ਅੱਗ ਭੜਕਾਈ ਹੈ ?
ਕਿਉਂ ਪ੍ਰੇਮੀ ਰਮਜ਼ ਭੁਲਾਈ ਹੈ ?
ਕਿਉਂ ਮਥੇ ਤਿਉੜੀ ਪਾਈ ਹੈ ?
ਤੁਸੀਂ ਖੁਲਕ ਰਸੂਲ ਵਿਚਾਰੋ ਜੀ ।
9
ਕਰ ਮੀਰਾਂ ਸ਼ਾਹ ਜੋ ਦਸਦਾ ਹੈ,
ਕੁਝ ਕਰਿਆਂ ਝੁੱਗਾ ਵਸਦਾ ਹੈ,
ਦਿਲ ਸਿੱਧੇ ਰਾਹੋਂ ਨਸਦਾ ਹੈ,
ਇਸ ਭੁਲ ਨੂੰ ਦਿਲੋਂ ਉਤਾਰੋ ਜੀ ।
2. ਦੇ ਹੋਰ ਨਸੀਹਤ ਮਾਏ, ਇਸ਼ਕੋਂ ਹਟਕ ਨਹੀਂ
ਇਸ਼ਕ ਜਿਹਾ ਨਾ ਹਾਦੀ ਕੋਈ,
ਇਸ਼ਕ ਹੋਵੇ ਤਾਂ ਮਿਲਦੀ ਢੋਈ,
ਭੇਤ ਮਾਹੀ ਦੇ ਪਾਏ, ਇਸ਼ਕੋਂ ਹਟਕ ਨਹੀਂ ।
ਇਸ਼ਕ ਅਸਾਂ ਨੂੰ ਚਾਕ ਮਿਲਾਇਆ,
ਸਾਕੀ ਹੋ ਕੇ ਜਾਮ ਪਿਲਾਇਆ,
ਮਸਤ ਅਲਸਤ ਬਣਾਏ, ਇਸ਼ਕੋਂ ਹਟਕ ਨਹੀਂ ।
ਲੋਕ ਅਸਾਂ ਨੂੰ ਆਖਣ ਜਟੀਆਂ,
ਜਟੀਆਂ ਹਾਂ ਪਰ ਇਸ਼ਕ ਨੇ ਪਟੀਆਂ,
ਨੈਣ ਮਾਹੀ ਸੰਗ ਲਾਏ, ਇਸ਼ਕੋਂ ਹਟਕ ਨਹੀਂ ।
ਚਾਕ ਪਾਇਆ ਅਜ ਮੇਰੀ ਝੋਲੀ,
ਹੀਰ ਹੈ ਗੋਲੀਆਂ ਦੀ ਪੜਗੋਲੀ,
ਖੇੜੇ ਘੋਲ ਘੁਮਾਏ, ਇਸ਼ਕੋਂ ਹਟਕ ਨਹੀਂ ।
ਇਸ਼ਕ ਦੀ ਸਾਰ ਨਾ ਕੋਈ ਜਾਣੇ,
ਮੂਰਖ ਕਰਦੇ ਮਨ ਦੇ ਭਾਣੇ,
ਧਰਮ ਈਮਾਨ ਗਵਾਏ, ਇਸ਼ਕੋਂ ਹਟਕ ਨਹੀਂ ।
ਮੀਰਾਂ ਸ਼ਾਹ ਗੁਰ ਚਿਸ਼ਤੀ ਪਾਇਆ,
ਨਾਲ ਕਰਮ ਦੇ ਦਾਮਨ ਲਾਇਆ,
ਚਰਨੀ ਸੀਸ ਨਿਵਾਏ, ਇਸ਼ਕੋਂ ਹਟਕ ਨਹੀਂ ।
3. ਸਾਨੂੰ ਯਾਰ ਪਵਾ ਦੇ ਬੰਗਲਾ
ਸੋਹਣਾ ਬੰਗਲਾ ਮਨ ਚਿਤ ਭਾਵੇ,
ਦੂਤੀ ਦੁਸ਼ਮਨ ਪਾਸ ਨਾ ਆਵੇ,
ਗਿਰਦੇ ਲਵਾ ਦਈਂ ਜੰਗਲਾ ।
ਰਲ ਮਿਲ ਸਈਆਂ ਤ੍ਰਿੰਞਣ ਲਾਵਾਂ,
ਹਸ ਰਸ ਗੀਤ ਵਸਲ ਦੇ ਗਾਵਾਂ,
ਚਰਖ਼ਾ ਮੰਗਾ ਦੇਈਂ ਰੰਗਲਾ ।
ਇਸ਼ਕ ਦੀ ਹਟੜੀ ਪ੍ਰੇਮ ਦੀਆਂ ਗੁਡੀਆਂ,
ਵਿਚ ਮੰਝੇਰੂ ਪਾਵੇ ਲੁਡੀਆਂ,
ਸਿੱਧਾ ਹੋਵੇ ਵਿਚ ਤਕਲਾ ।
ਐਸਾ ਹਾਰ ਸ਼ਿੰਗਾਰ ਬਣਾਵਾਂ,
ਕਿਵੇਂ ਨੌ ਸ਼ਹੁ ਦੇ ਚਿਤ ਭਾਵਾਂ,
ਆਣ ਲਵੇਂ ਅੰਗ ਸੰਗ ਲਾ ।
ਵਿਚ ਬੰਗਲੇ ਦੇ ਨਜ਼ਰਾਂ ਮਾਰਾਂ,
ਵੇਖ ਪੀਆ ਨੂੰ ਹੋਣ ਬਹਾਰਾਂ,
ਪਾ ਅਖੀਆਂ ਵਿਚ ਕਜਲਾ ।
ਤਾਹੀਓਂ ਬੰਗਲਾ ਖ਼ੂਬ ਸੁਹਾਵੇ,
ਮੀਰਾਂ ਸ਼ਾਹ ਖ਼ੂਬ ਗਲ ਲਾਵੇ,
ਭਰਮ ਰਹੇ ਨਾ ਅਗਲਾ ।
4. ਮਾਹੀ ਕਾਰਣ ਹੀਰ ਸਿਆਲ
ਮਾਹੀ ਕਾਰਣ ਹੀਰ ਸਿਆਲ,
ਰੂਪ ਵਟਾ ਕੇ ਆਇਆ ਹੈ ।
ਸ਼ਕਲ ਨੂਰਾਨੀ ਹੁਸਨ ਕਮਾਲ,
ਅਜ ਲਟਕੇਂਦਾ ਆਇਆ ਹੈ ।
ਸਾਹਿਬ ਤਖ਼ਤ ਹਜ਼ਾਰੇ ਦਾ,
ਮਾਲਕ ਆਲਮ ਸਾਰੇ ਦਾ,
ਹੋਇਆ ਸ਼ੌਕ ਨਜ਼ਾਰੇ ਦਾ,
ਲਏ ਮੁਖ ਨਾਦ ਵਜਾਇਆ ਹੈ ।
ਦੇਖੋ ਸਈਓ ਕਰ ਗੌਰ ਜ਼ਰਾ,
ਜਾਤ ਅਵੱਲਾ ਹੈ ਜ਼ਾਤੇ ਖ਼ੁਦਾ,
ਆਇਆ ਤਾਂ ਮੈਂ ਪਾ ਲਿਆ,
ਰੱਬ ਮਤਲੂਬ ਮਿਲਾਇਆ ਹੈ ।
ਅਲਫ਼ ਲਾਮ ਦੀ ਗਲ ਅਲਫ਼ੀ,
ਪਾ ਮਾਲਾ ਰੂਹੀ ਕਲਬੀ,
ਅੰਗ ਬਿਭੂਤ ਖ਼ਫ਼ੀ ਵਾ ਜਲੀ,
ਭੌਰ ਬਹੁ ਰੰਗੀ ਬਨ ਆਇਆ ਹੈ ।
ਸਿਰ ਪਰ ਤਾਜ਼ ਸ਼ਰੀਅਤ ਦਾ,
ਮਥੇ ਤਿਲਕ ਤਰੀਕਤ ਦਾ,
ਪਹਿਨ ਲਿਬਾਸ ਹਕੀਕਤ ਵਾਲਾ,
ਹੋਤੀ ਬਣ ਆਇਆ ਹੈ ।
ਮੁੱਖ ਪਰ ਘੁੰਗਟ ਨੂਰਾਨੀ,
ਅੰਦਰ ਸੂਰਤ ਰਹਿਮਾਨੀ,
ਬਨ ਤਨ ਰੂਪ ਫ਼ਕੀਰਾਨੀ,
ਆਪੇ ਲੁਕ ਛਿਪ ਆਇਆ ਹੈ ।
ਵਾਹ ਵਾਹ ਚਿਸ਼ਤੀ ਪੀਰ ਕਮਾਲ,
ਮਿਲਿਆ ਚਾਕ ਹੋਈ ਖੁਸ਼ਹਾਲ,
ਮੇਰਾ ਅੰਗ ਸੰਗ ਇਸਦੇ ਨਾਲ,
ਜਿਸ ਨੇ ਮੈਨੂੰ ਗਲ ਲਾਇਆ ਹੈ ।
ਮੀਰਾਂ ਸ਼ਾਹ ਇਹ ਰਮਜ਼ ਪਛਾਣ,
ਕੁਲ ਵਿੱਚ ਨੂਰ ਮੁਹੰਮਦ ਜਾਣ,
ਰੋਜ਼ ਹਸ਼ਰ ਦੀ ਅਮਨ ਅਮਾਨ,
ਉੱਮਤ ਨੂੰ ਬਖ਼ਸ਼ਾਇਆ ਹੈ ।
5. ਸਈਓ ਆਇਆ ਮੇਰਾ ਚਾਕ ਨੀਂ
ਸਈਓ ਆਇਆ ਮੇਰਾ ਚਾਕ ਨੀਂ,
ਮੈਂ ਘੋਲੀ ਜਿੰਦ ਜਾਨ ।
ਓਹਦੇ ਦੇਖਣ ਨੂੰ ਨਿੱਤ ਮਰਦੇ ਸਾਂ,
ਅੱਜ ਕੀਤਾ ਕਰਮ ਰਹਿਮਾਨ ।
ਜਦ ਤਖ਼ਤ ਹਜ਼ਾਰੇ ਵਸਦਾ ਸੀ,
ਕੋਈ ਮੂਲ ਪਤਾ ਨਾ ਲਗਦਾ ਸੀ,
ਹੁਣ ਦਿਸਦਾ ਨਾਮ ਨਿਸ਼ਾਨ ।
ਤੁਸੀਂ ਦੇਖੋ ਨਾਜ਼ ਅਦਾਈਂ,
ਮੈਂ ਮੋਹੀ ਰਮਜ਼ਾਂ ਨਾਲ,
ਹੁਣ ਬੈਠਾ ਲਾ ਮਕਾਨ ।
ਸਿਰ ਧਰਿਆ ਤਾਜ ਲੌਲਾਕੈ ਦਾ,
ਬਣ ਆਦਮ ਵਾਲੀ ਜਾਤ,
ਮੈਂ ਜਾਤਾ ਦੀਨ ਅਮਾਨ ।
ਮੈਂ ਵਿੱਚ ਬੇਲੇ ਨਿਤ ਟੋਲਾਂ,
ਆ ਮਾਹੀ ਮਾਹੀ ਬੋਲਾਂ,
ਜਦ ਸੀ ਮੂਰਖ ਨਾਦਾਨ ।
ਇਹ ਚਲਸਾਂ ਨਾਲ ਚਲੇਂਦਾ ਹੈ,
ਜਾਂ ਬੋਲਾਂ ਨਾਲ ਬੋਲੇਂਦਾ ਹੈ,
ਤੁਸੀਂ ਸਮਝੋ ਨਾ ਇਰਫ਼ਾਨ ।
ਸੇਵਾ ਸਤਵਨ ਅਸੀਂ ਨਿਆਰੇ,
ਉਹ ਆਪੇ ਆਪ ਹੈ ਸਾਰੇ,
ਹਰ ਰੰਗ ਹਰਦਮ ਹਰ ਸ਼ਾਨ ।
ਹੁਣ ਮੀਰਾਂ ਸ਼ਾਹ ਬਲਿਹਾਰੀ,
ਗੁਰ ਚਿਸ਼ਤੀ ਨੇ ਮੈਂ ਤਾਰੀ,
ਅੱਜ ਹੋਇਆ ਵਸਲ ਦਾ ਦਾਨ ।
6. ਸਈਓ ਆਇਆ ਜੋਗੀ ਨੀਂ ਹਜ਼ਾਰੇ ਵਾਲਾ
ਸਈਓ ਆਇਆ ਜੋਗੀ ਨੀਂ ਹਜ਼ਾਰੇ ਵਾਲਾ ।
ਉਹਦੇ ਗਲ ਮਰਗਾਨੇ, ਕੰਨੀ ਸੋਹੇ ਵਾਲਾ ।
ਉਹਦੇ ਇਸ਼ਕ ਅਨੋਖੇ, ਜਗ ਵਹਿਮਾਂ ਪਾਇਆ ।
ਮੇਰੇ ਨਾਲ ਸਿਆਲੀਂ, ਸਈਓ ਅੱਖੀਆਂ ਲਾਈਆਂ,
ਸਿਰ ਕਰਾਂ ਮੈਂ ਸਦਕੇ ਜਿੰਦ ਘੋਲ ਘੁਮਾਈਆਂ,
ਸਿਰ ਤਾਜ਼ ਲੌਲਾਕੀ, ਮੁਖ ਨੂਰ ਉਜਾਲਾ ।
ਸਈਓ ਚਾਕ ਪਿਆਰੇ, ਐਡਾ ਕਿਉਂ ਚਿਰ ਲਾਇਆ,
ਹੋਈਆਂ ਮੈਂ ਬਲਿਹਾਰੀ, ਜਿਨ੍ਹੀਂ ਰਾਹੀਂ ਆਇਆ,
ਅਜ ਹੋਇਆ ਮੈਨੂੰ, ਔਖਾ ਰਾਹ ਸੁਖਾਲਾ ।
ਮੇਰਾ ਹਾਕਮ ਜਿਸਨੂੰ ਪਰਸੇ ਆਲਮ ਸਾਰਾ,
ਸਈਓ ਖ਼ਾਸ ਮਦੀਨਾ ਜਿਹਦਾ ਤਖ਼ਤ ਹਜ਼ਾਰਾ,
ਮੈਂ ਤਾਂ ਪੀਤ ਉਸਦੀ ਦੀ ਨਿਤ ਭਰਦੀ ਮਾਲਾ ।
ਮੀਰਾਂ ਸ਼ਾਹ ਚਲ ਦੇਖਾਂ ਹੋਇਆ ਕਰਮ ਰਹਿਮਾਨੀ,
ਜਿਹਦਾ ਦੋ ਜਗ ਅੰਦਰ, ਕੋਈ ਹੋਰ ਨਾ ਸਾਨੀ,
ਉਹਦੀ ਕਾਲੀ ਭੂਰੀ ਕੀਤਾ ਮਾਤ ਦੁਸ਼ਾਲਾ ।
ਸਈਓ ਆਇਆ ਜੋਗੀ ਨੀਂ ਹਜ਼ਾਰੇ ਵਾਲਾ ।
7. ਸਈਓ ਚਾਕ ਮੇਰੇ ਘਰ ਆਇਆ
ਸਈਓ ਚਾਕ ਮੇਰੇ ਘਰ ਆਇਆ ।
ਮੈਨੂੰ ਉਜੜੀ ਆਣ ਵਸਾਇਆ ।
ਮਾਹੀ ਤਖ਼ਤ ਹਜ਼ਾਰੇ ਵਾਲਾ ਕਾਰਣ ਹੀਰ ਸਿਆਲੇ,
ਕਰਕੇ ਨਾਜ਼ ਨਿਆਜ਼ ਹਜ਼ਾਰਾਂ, ਲੈ ਮੁਖ ਨਾਦ ਵਜਾਇਆ ।
ਰਾਂਝਾ ਮੇਰਾ ਮੈਂ ਰਾਂਝੇ ਦੀ ਫ਼ਰਕ ਨਹੀਂ ਵਿਚ ਰਾਈ,
ਅੱਵਲ ਆਖਿਰ ਜ਼ਾਹਿਰ ਬਾਤਨ, ਲੂੰ ਲੂੰ ਆਣ ਸਮਾਇਆ ।
ਖੇੜੇ ਦੂਤੀ ਕਰਨ ਬਖੇੜੇ, ਪਾਵਨ ਵਿਚ ਜੁਦਾਈਆਂ,
ਕੀਹਨੂੰ ਅਗਲੀ ਪੀੜ ਅਸਾਡੀ, ਮੈਂ ਆਪੀ ਵਰ ਪਾਇਆ ।
ਹੀਰੇ ਕਾਰਣ ਜੋਗੀ ਹੋ ਕੇ ਖੇੜਿਆਂ ਨੂੰ ਉਠ ਧਾਇਆ,
ਹਰ ਘਰ ਦੇ ਵਿਚ ਰਮਜ਼ਾਂ ਮਾਰੇ, ਸੂਰਤ ਦਾ ਭਰਮਾਇਆ ।
ਮੀਰਾਂ ਸ਼ਾਹ ਕਰ ਲਖ ਸ਼ੁਕਰਾਨਾ, ਵਾਹ ਵਾਹ ਭਾਗ ਚੰਗੇਰੇ,
ਵਲੀ ਮੁਹੰਮਦ ਰਹਿਮਤ ਕੀਤੀ, ਰਾਂਝਣ ਯਾਰ ਮਿਲਾਇਆ ।
8. ਆਇਆ ਜੋਗੀ ਪਾਕ ਜ਼ਮਾਲ, ਜੀਹਦਾ ਹੁਸਨ ਨੁਰਾਨੀ
ਆਇਆ ਜੋਗੀ ਪਾਕ ਜ਼ਮਾਲ, ਜੀਹਦਾ ਹੁਸਨ ਨੁਰਾਨੀ ।
ਸਿਰ ਸਦਕੇ ਜਿੰਦ ਉਸ ਤੋਂ ਘੋਲੀ, ਅਰਸ਼ੋਂ ਚੰਦ ਪਿਆ ਮੇਰੀ ਝੋਲੀ,
ਮੈਂ ਡਿੱਠੜਾ ਦੋ ਜਗ ਭਾਲ, ਨੀਂ ਉਸਦਾ ਹੋਰ ਨਾ ਸਾਨੀ ।
ਦੇਖੋ ਨੀਂ ਕੋਈ ਜੀਵਨ ਜੋਗੀ, ਉਹੋ ਮੇਰਾ ਰਾਂਝਾ ਜੋਗੀ,
ਚਲ ਆਪ ਤੁਸਾਡੇ ਨਾਲ, ਨੀਂ ਦੇਖੋ ਦਿਲਬਰ ਜਾਨੀ ।
ਸਾਹਿਬ ਤਖ਼ਤ ਹਜ਼ਾਰੇ ਵਾਲਾ, ਕੰਨੀ ਮੁੰਦਰਾਂ ਗਲ ਵਿੱਚ ਮਾਲਾ,
ਮਾਲਕ ਹੀਰ ਸਿਆਲ, ਨੀਂ ਜਾਂ ਕੋਈ ਹੋਰ ਨਿਸ਼ਾਨੀ ।
ਉਹ ਜੱਟੀ ਦੇ ਭਾਗ ਚੰਗੇਰੇ, ਜੋਗੀ ਕਦਮ ਪਾਇਆ ਵਿੱਚ ਵਿਹੜੇ,
ਇਹ ਗੌਂਸ ਕੁਤਬ ਅਬਦਾਲ, ਨੀਂ ਹੋਈਆਂ ਦੇਖ ਦੀਵਾਨੀ ।
ਅਹਿਦ ਤੇ ਜਦ ਅਹਿਮਦ ਹੋਇਆ, ਦੇ ਦੀਦਾਰ ਜਗਤ ਉਸ ਮੋਹਿਆ,
ਨਹੀਂ ਉਸਦੀ ਹੋਰ ਮਿਸਾਲ, ਨੀਂ ਵਿੱਚ ਦੋਹੀਂ ਜਹਾਨੀ ।
ਸੱਸ ਨਣਾਨਾਂ ਮਾਰਨ ਬੋਲੀ, ਰੋਜ਼ ਅਜ਼ਲ ਦੇ ਮੈਂ ਉਹਦੀ ਗੋਲੀ,
ਆਇਆ ਕਰਨ ਵਸਾਲ, ਨੀਂ ਦੇਖੋ ਪ੍ਰੀਤ ਪੁਰਾਣੀ ।
ਮੇਰਾ ਉਸ ਦਾ ਦੁੱਖ ਸੁਖ ਸਾਂਝਾ ਜੇ ਹੋਵੇ ਮੇਰਾ ਉਹੋ ਰਾਂਝਾ,
ਮੈਂ ਸਰ ਚਸ਼ਮਾ ਦੇ ਨਾਲ, ਨੀਂ ਸੇਵਾਂ ਪੀਰ ਜਿਲਾਨੀ ।
ਮੀਰਾਂ ਸ਼ਾਹ ਚਲ ਹਾਸਿਲ ਪਹਿਰੀ, ਤਨ ਮਨ ਲੈ ਸਿਰ ਹਾਜ਼ਰ ਕਰਹੀ,
ਦੇਖ ਨੈਣ ਨੈਣਾਂ ਦੇ ਨਾਲ, ਨੀਂ ਹੋਇਆ ਫ਼ਜ਼ਲ ਰਹਿਮਾਨੀ ।
9. ਸਦ ਜਿੰਦੜੀ ਓ ਯਾਰ ਤੇਰੇ ਦੇਖਣ ਨੂੰ
ਸਦ ਜਿੰਦੜੀ ਓ ਯਾਰ ਤੇਰੇ ਦੇਖਣ ਨੂੰ ।
ਸਦਾ ਜਿੰਦ ਤਰਸੇ ਓ ਯਾਰ ।
ਆਪੀ ਸਾਨੂੰ ਚੇਟਕ ਲਾਇਆ, ਪ੍ਰੇਮ ਝਰੋਖੇ ਇਹ ਸਮਝਾਇਆ,
ਦਿਲ ਦਾ ਸਭ ਇਸਰਾਰ, ਸਦਾ ਜਿੰਦ ਤਰਸੇ ਓ ਯਾਰ ।
ਹਿਜਰ ਤੇਰਾ ਦਿਨ ਰਾਤ ਸਤਾਵੇ, ਤੈਂ ਬਾਝੋਂ ਕੁਝ ਮਨ ਨਾ ਭਾਵੇ,
ਜਾਣੇ ਸਭ ਸੰਸਾਰ, ਸਦਾ ਜਿੰਦ ਤਰਸੇ ਓ ਯਾਰ ।
ਮੈਂ ਸਿਆਲਾਂ ਦੀ ਨੀਚ ਨਿਕਾਰੀ, ਤੈਨੂੰ ਸੇਵੇ ਖ਼ਲਕਤ ਸਾਰੀ,
ਲੌਲਾਕੇ ਸਿਰਦਾਰ, ਸਦਾ ਜਿੰਦ ਤਰਸੇ ਓ ਯਾਰ ।
ਹਾਲ ਦਿਲਾਂ ਦਾ ਸੁਣ ਮੀਆਂ ਰਾਂਝਾ, ਦੋ ਜਗ ਦਾ ਮੈਂ ਛਡਿਆ ਲਾਂਝਾ,
ਕਾਰਣ ਦਰਸ ਦੀਦਾਰ, ਸਦਾ ਜਿੰਦ ਤਰਸੇ ਓ ਯਾਰ ।
ਮੀਰਾਂ ਸ਼ਾਹ ਭੀਖ ਸੁਨਾਵਾਂ, ਹੋ ਜੋਗਨ ਦਰ ਅੱਲਖ ਜਗਾਵਾਂ,,
ਵਿਚ ਘੁੜਾਮ ਦੁਆਰ, ਸਦਾ ਜਿੰਦ ਤਰਸੇ ਓ ਯਾਰ ।
10. ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ, ਨੀਂ ਬਦਲੇ ਰਾਂਝਣ ਦੇ
ਮੇਰੀਆਂ ਹੋਣ ਇਸ਼ਕ ਦੀਆਂ ਗੱਲਾਂ, ਨੀਂ ਬਦਲੇ ਰਾਂਝਣ ਦੇ ।
ਏਸ ਇਸ਼ਕ ਦੇ ਕਠਨ ਪੁਆੜੇ, ਬੱਡ ਬਡੇਰੇ ਸੂਲੀ ਚਾੜ੍ਹੇ,
ਹੋਰ ਲੁਹਾਈਆਂ ਖੱਲਾਂ, ਨੀਂ ਬਦਲੇ ਰਾਂਝਣ ਦੇ ।
ਮੂਰਖ ਰਲ ਮਿਲ ਕਰਨ ਵਿਚਾਰਾਂ, ਮੇਰੀਆਂ ਮਾਹੀ ਨਾਲ ਬਹਾਰਾਂ,
ਮੈਂ ਲੱਖ ਤਾਅਨੇ ਸਿਰ ਝੱਲਾਂ, ਨੀਂ ਬਦਲੇ ਰਾਂਝਣ ਦੇ ।
ਇਸ਼ਕ ਮਾਹੀ ਦੇ ਧੁੰਮਾਂ ਪਾਈਆਂ, ਨਿੱਤ ਫਿਰਦੀ ਸਾਂ ਵਾਂਗ ਸ਼ੁਦਾਈਆਂ,
ਹੀਰ ਢੂੰਡੇਦੀ ਝੱਲਾਂ, ਨੀਂ ਬਦਲੇ ਰਾਂਝਣ ਦੇ ।
ਇਸ਼ਕ ਸੁਖਾਲਾ ਲੋਕਾਂ ਭਾਣੇ, ਜਿਸ ਤਨ ਵਰਤੇ ਸੋਈਓ ਜਾਣੇ,
ਮੈਂ ਘਾਇਲ ਕੀਤੀ ਸੱਲਾਂ, ਨੀਂ ਬਦਲੇ ਰਾਂਝਣ ਦੇ ।
ਮੁਦਤਾਂ ਹੋਈਆਂ ਚਾਕ ਨਾ ਆਇਆ, ਬਾਬਲ ਮੇਰੇ ਕਾਜ ਰਚਾਇਆ,
ਮੈਂ ਆਪ ਹਜ਼ਾਰੇ ਚੱਲਾਂ, ਨੀਂ ਬਦਲੇ ਰਾਂਝਣ ਦੇ ।
ਅੱਜ ਕੋਈ ਦਰਦੀ ਪੀਆ ਵੱਲ ਜਾਵੇ, ਹਾਲ ਅਸਾਡਾ ਜਾ ਸੁਣਾਵੇ,
ਮੈਂ ਕਿਹੜਾ ਕਾਸਦ ਘੱਲਾਂ, ਨੀਂ ਬਦਲੇ ਰਾਂਝਣ ਦੇ ।
ਮੀਰਾਂ ਸ਼ਾਹ ਧਨ ਇਹ ਦਿਲ ਭਾਵੇ, ਜੇ ਸਾਬਰ ਮੇਰੀ ਆਸ ਪੁਚਾਵੇ,
ਮੈਂ ਦਰ ਉਸਦਾ ਜਾ ਮੱਲਾਂ, ਨੀਂ ਬਦਲੇ ਰਾਂਝਣ ਦੇ ।
11. ਲਾਕੇ ਨੈਣ ਨੈਣਾਂ ਦੇ ਨਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ
ਲਾਕੇ ਨੈਣ ਨੈਣਾਂ ਦੇ ਨਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਐਸੀ ਗੁੱਝੜੀ ਰਮਜ਼ ਚਲਾਈ, ਤਨ ਮਨ ਦੀ ਸਭ ਸੁਰਤ ਭੁਲਾਈ,
ਪਾਇਆ ਪ੍ਰੇਮ ਜੰਜਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਚਾਕ ਅਸਾਡਾ ਅਪਰਮ ਅਪਾਰਾ, ਦੋ ਜਗ ਅੰਦਰ ਤਾਰਨਹਾਰਾ,
ਨਜ਼ਰੋ ਨਜ਼ਰ ਨਿਹਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਐਸੇ ਨਾਜ਼ੋ ਨਿਆਜ਼ ਦਿਖਾਏ, ਰਾਜ਼ ਨੇਹਾ ਸਭ ਖੋਲ੍ਹ ਸੁਝਾਏ,
ਆਣ ਕੀਨੀ ਖੁਸ਼ਹਾਲ , ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਐਸਾ ਚੜ੍ਹਿਆ ਸੁਘੜ ਸਿਆਣਾ, ਵਹਿਦਤ ਦਾ ਤਨ ਲਾਇਆ ਬਾਨਾ,
ਮੋਹੇ ਹੀਰ ਸਿਆਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਹੀਰੇ ਕਾਰਣ ਚਾਕ ਸਦਾਇਆ, ਮੈਂ ਮੂਲੀ ਨਾ ਉਸਨੂੰ ਪਾਇਆ,
ਰਹੀ ਆਂ(ਨਾ) ਸੁਰਤ ਸੰਭਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
ਮੀਰਾਂ ਸ਼ਾਹ ਕਰ ਗੁਰ ਦੀ ਪੂਜਾ, ਜੋ ਕੁਝ ਸੂਝਾ ਉਸ ਦੀ ਸੂਝਾ,
ਮੈਂ ਪਾਇਆ ਪੀਰ ਕਮਾਲ, ਮੈਂ ਮੁੱਠੀਆਂ ਚਾਕ ਪਿਆਰੇ ਨੇ ।
12. ਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ੍ਹ ਪੜ੍ਹ ਨਾ ਹੋ ਨਾਖ਼ਾਂ ਕਾਜ਼ੀ
ਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ੍ਹ ਪੜ੍ਹ ਨਾ ਹੋ ਨਾਖ਼ਾਂ ਕਾਜ਼ੀ ।
ਇਲਮ ਲਦੁੱਨੀ ਇਲਮ ਹੈ ਨਿਆਰਾ, ਬਾਤਨ ਦਾ ਇਹ ਖੇਲ ਹੈ ਸਾਰਾ,
ਦੋ ਜੱਗ ਅੰਦਰ ਤਾਰਨਹਾਰਾ, ਰਾਂਝਾ ਸਾਡਾ ਈਮਾਨ ਕਾਜ਼ੀ ।
ਰਾਂਝਾ ਸਾਡਾ ਸਭ ਦਾ ਸਾਂਝਾ, ਬਿਨ ਸਿਰ ਦਿੱਤਿਆਂ ਮੂਲ ਨਾ ਲੱਭਦਾ,
ਤੂੰ ਨਹੀਂ ਮਹਿਰਮ ਏਸ ਸਬੱਬ ਦਾ, ਸਮਝ ਗੁਰਾਂ ਤੋਂ ਗਿਆਨ ਕਾਜ਼ੀ ।
ਅੱਵਲ ਆਖਰ ਜ਼ਾਹਰ ਬਾਤਨ, ਅਮਰ ਉਸਦੀ ਤੋਂ ਮੂਲ ਨਾ ਬਾਹਰ,
ਮੁੱਖ ਮੋੜਾਂ ਤਾਂ ਹੋਵਾਂ ਕਾਫ਼ਰ, ਸ਼ਾਹਦ ਜਾਮਨ ਕੁਰਾਨ ਕਾਜ਼ੀ ।
ਮੀਰਾਂ ਸ਼ਾਹ ਮੈਂ ਖ਼ੂਬ ਪਛਾਤਾ, ਰਾਂਝਾ ਮੇਰਾ ਜੱਗ ਦਾ ਦਾਤਾ,
ਇਸ਼ਕ ਸ਼ਰਾ ਦਾ ਮੂਲ ਨਾ ਨਾਤਾ, ਤੂੰ ਖੋਲ੍ਹ ਨਾ ਇਤਨੀ ਜ਼ਬਾਨ ਕਾਜ਼ੀ ।
13. ਨਾਲ ਪੀਆ ਦੇ ਅੱਖੀਆਂ, ਨੀਂ ਮੇਰੀਆਂ ਲੱਗ ਰਹੀਆਂ
ਨਾਲ ਪੀਆ ਦੇ ਅੱਖੀਆਂ, ਨੀਂ ਮੇਰੀਆਂ ਲੱਗ ਰਹੀਆਂ ।
ਏਸ ਸ਼ਿਕ ਦੇ ਅਜਬ ਹੁਲਾਰੇ, ਚਾਕ ਮਾਹੀ ਦੇ ਤਾਅਨੇ ਸਾਰੇ,
ਮੈਂ ਸਰ ਚਸ਼ਮਾਂ ਤੇ ਰਖਾਂ, ਨੀਂ ਮੇਰੀਆਂ ਲੱਗ ਰਹੀਆਂ ।
ਏਸ ਇਸ਼ਕ ਦੀ ਸਿਫ਼ਤ ਨਾ ਕੋਈ ਜੋ ਕੁਛ ਨਾਲ ਅਸਾਡੇ ਹੋਈ,
ਮੈਂ ਮੂਲ ਕਿਸੇ ਨਾ ਦੱਸਾਂ, ਨੀਂ ਮੇਰੀਆਂ ਲੱਗ ਰਹੀਆਂ ।
ਰਾਂਝੇ ਨਾਲ ਅਜ਼ਲ ਦਾ ਨਾਤਾ, ਰੱਬ ਰਸੂਲ ਅਸਾਂ ਕਰ ਜਾਤਾ,
ਸੌ ਹੀਲੇ ਸੌ ਵੱਖਾਂ, ਨੀਂ ਮੇਰੀਆਂ ਲੱਗ ਰਹੀਆਂ ।
ਨਾਲ ਮਾਹੀ ਦੇ ਅਜਬ ਬਹਾਰਾਂ, ਸਤ ਬਹਿਸ਼ਤ ਮੈਂ ਉਸ ਤੋਂ ਵਾਰਾਂ,
ਕਿਹੜਾ ਦੋਜ਼ਖ ਘੱਤਾਂ, ਨੀਂ ਮੇਰੀਆਂ ਲੱਗ ਰਹੀਆਂ ।
ਚਾਕ ਮਾਹੀ ਦੇ ਪਾਕ ਦਿਲਾਸੇ, ਕੁਫ਼ਰ ਇਸਲਾਮੋ ਪਰਲੇ ਪਾਸੇ,
ਮੈਂ ਕੀਤੇ ਨਾਲ ਬਿਲਕਾਂ, ਨੀਂ ਮੇਰੀਆਂ ਲੱਗ ਰਹੀਆਂ ।
ਜਾਂ ਰਾਂਝੇ ਤੋਂ ਮਹਿਰਮ ਹੋਈ, ਹਰ ਸੂਰਤ ਵਿੱਚ ਹੋਰ ਨਾ ਕੋਈ,
ਮੈਂ ਹੁਣ ਕੀ ਹੋਰ ਪਰਖਾਂ, ਨੀਂ ਮੇਰੀਆਂ ਲੱਗ ਰਹੀਆਂ ।
ਜਾਂ ਸਤਿਗੁਰ ਦੀ ਪੂਜਾ ਕੀਤੀ, ਮੀਰਾਂ ਸ਼ਾਹ ਮੱਦ ਬੇਸ਼ੱਕ ਪੀਤੀ,
ਮੈਂ ਨਾਲ ਸਾਕੀ ਦਿਆਂ ਹੱਥਾਂ, ਨੀਂ ਮੇਰੀਆਂ ਲੱਗ ਰਹੀਆਂ ।
14. ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ
ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਪਹਿਲਾਂ ਸੈਂ ਤੂੰ ਲੁਕ ਛਿਪ ਰਹਿੰਦਾ, ਵਿਚ ਸਿਆਲੀਂ ਉੱਠਦਾ ਬਹਿੰਦਾ,
ਆਇਆ ਲੈਣ ਨਜ਼ਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਲਗੜਾ ਇਸ਼ਕ ਹੋਇਆ ਮਤਵਾਲਾ, ਹਰ ਸੂਰਤ ਵਿੱਚ ਨੂਰ ਉਜਾਲਾ,
ਕੀਤਾ ਐਡ ਪਸਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਦਿਲ ਸਾਡੇ ਨੂੰ ਕੁੰਡੀਆਂ ਪਾਈਆਂ, ਚੂਚਕ ਦੇ ਘਰ ਮਿਲਣ ਵਧਾਈਆਂ,
ਮਿਲਿਆ ਚਾਕ ਪਿਆਰਾ, ਤਖ਼ਤ ਹਜ਼ਾਰੇ ਦਿਆ, ਚਤਰ ਸੁਘੜ ਸਰਦਾਰਾ ।
ਸ਼ੋਰ ਪਿਆ ਵਿੱਚ ਆਲਮ ਸਾਰੇ, ਹੀਰ ਦੇ ਲਗੜੇ ਲੈਣ ਨਜ਼ਾਰੇ,
ਕਿਹੜਾ ਕੌਣ ਨਕਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਮਾਹੀ ਮਾਹੀ ਸਭ ਕੋਈ ਕਰਦਾ, ਇਸ਼ਕ ਅਨੋਖਾ ਉਸ ਦਿਲਬਰ ਦਾ,
ਚੜ੍ਹਿਆ ਮਾਰ ਨਕਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਸੱਸ ਨਣਦ ਨਿੱਤ ਮਿਹਣਾ ਲਾਵੇ, ਇਸ਼ਕ ਰੰਝੇਟੇ ਦਾ ਨਹਿ ਜਾਵੇ,
ਕਰਸਾਂ ਸ਼ੁਕਰ ਖ਼ੁਦਾ ਦਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
ਮੀਰਾਂ ਸ਼ਾਹ ਕਿਉਂ ਚਾਕ ਭੁਲਾਇਆ, ਦੁਨੀਆਂ ਨਾਲ ਕੇਹਾ ਨਿਹੁੰ ਲਾਇਆ,
ਛਡਦੇ ਪਕੜ ਕਿਨਾਰਾ, ਤਖ਼ਤ ਹਜ਼ਾਰੇ ਦਿਆ, ਸੁਘੜ ਚਤਰ ਸਰਦਾਰਾ ।
15. ਮੈਂ ਇਸ਼ਕ ਤੇਰੇ ਨੇ ਜਾਲੀ
ਮੈਂ ਇਸ਼ਕ ਤੇਰੇ ਨੇ ਜਾਲੀ,
ਵੇ ਸੱਜਣਾ ਸਾਰ ਲਈਂ ।
ਰੋਜ਼ ਅਜ਼ਲ ਦਾ ਤੂੰ ਹੈਂ ਸਾਈਂ,
ਦੋ ਜਗ ਦੇ ਵਿੱਚ ਦੂਜਾ ਨਾਹੀਂ,
ਸਿਰ ਸਾਡੇ ਦਾ ਵਾਲੀ,
ਵੇ ਸੱਜਣਾ ਸਾਰ ਲਈਂ ।
ਦਰਦ ਦੁੱਖਾਂ ਦੇ ਕਰਦੀ ਝੇੜੇ,
ਪੈਰ ਪਸਾਰ ਪਈ ਵਿੱਚ ਵਿਹੜੇ,
ਸਿਰ ਪੁਰ ਤਾਣ ਨਿਹਾਲੀ,
ਵੇ ਸੱਜਣਾ ਸਾਰ ਲਈਂ ।
ਅੰਬੜੀਆ ਸਾਨੂੰ ਨਿੱਤ ਬਰਜੇਂਦੀ,
ਨਾਲ ਸਈਆਂ ਰਲ ਤਾਅਨਾ ਦੇਂਦੀ,
ਨਿਹੁੰ ਲਾਇਆ ਸੰਗ ਪਾਲੀ,
ਵੇ ਸੱਜਣਾ ਸਾਰ ਲਈਂ ।
ਸੁਣ ਬਾਈ ਤੂੰ ਠੱਗ ਨਾ ਮੈਨੂੰ,
ਉਸ ਮਾਹੀ ਦੀ ਸਾਰ ਨਾ ਤੈਨੂੰ,
ਕਾਮਲ ਰੁਤਬਾ ਆਲੀ,
ਵੇ ਸੱਜਣਾ ਸਾਰ ਲਈਂ ।
ਮੁਰਲੀ ਨਾਜ਼ ਨਿਆਜ਼ਾਂ ਵਾਲੀ,
ਆਣ ਵਜਾਈ ਹੋਕਰ ਪਾਲੀ,
ਮੈਂ ਮੁੱਠੀਆਂ ਹੀਰ ਸਿਆਲੀ,
ਵੇ ਸੱਜਣਾ ਸਾਰ ਲਈਂ ।
ਢੂੰਡ ਫਿਰੀ ਮੈਂ ਵਾਂਗ ਸ਼ੁਦਾਈਆਂ,
ਨਾ ਮਾਹੀ ਨਾ ਮੱਝੀ ਆਈਆਂ,
ਮੈਂ ਬਹੁਤ ਕੀਤੀ ਪੜਤਾਲੀ,
ਵੇ ਸੱਜਣਾ ਸਾਰ ਲਈਂ ।
ਮੀਰਾਂ ਸ਼ਾਹ ਦਿਲ ਮੇਰੇ ਭਾਵੇ,
ਭੀਖ ਪੀਆ ਜਾਂ ਲੈ ਗਲ ਲਾਵੇ,
ਮੈਂ ਤਾਂ ਹੋਵਾਂ ਖੁਸ਼ਹਾਲੀ,
ਵੇ ਸੱਜਣਾ ਸਾਰ ਲਈਂ ।
16. ਮੇਰੀਆਂ ਲੱਗੀਆਂ ਨੂੰ ਨਾ ਮੋੜ
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਸੁਣ ਬਾਈ ਗੱਲ ਪ੍ਰੇਮ ਨਗਰ ਦੀ,
ਸਿਰ ਦਿਤਿਆਂ ਗੱਲ(ਬਿਨ) ਮੂਲ ਨਾ ਸਰਦੀ,
ਇਹੋ ਇਸ਼ਕ ਦਾ ਜ਼ੋਰ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਬਾਬਲ ਦਰ ਖੇੜਿਆਂ ਦਾ ਲੋੜੇ,
ਜੇ ਕੋਈ ਸਾਡੀਆਂ ਲੱਗੀਆਂ ਮੋੜੇ,
ਉਹੋ ਸ਼ਰਾ ਦਾ ਚੋਰ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਉਹ ਸਾਹਿਬ ਮੈਂ ਉਸਦੀ ਬਰਦੀ,
ਹਰਦਮ ਸਿੱਜਦਾ ਉਸ ਵੱਲ ਕਰਦੀ,
ਹੱਥ ਰਾਂਝਣ ਦੇ ਡੋਰ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਰੋਜ਼ ਅਜ਼ਲ ਦੇ ਲਈਆਂ ਲਾਵਾਂ,
ਜੇ ਮੁਖ ਮੋੜਾਂ ਦੋਜ਼ਖ ਜਾਵਾਂ,
ਨਾ ਹੋਰ ਕਿਸੇ ਦੀ ਲੋੜ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਅਲਸਤ ਕਿਹਾ ਜਦ ਹੋਇਆ ਨਾਤਾ,
ਰਸੂਲ ਸਹੀ ਕਰ ਜਾਤਾ,
ਹੁਣ ਕੀ ਆਖਾਂ ਹੋਰ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਖੇੜੇ ਕਰਦੇ ਕੌੜੀਆਂ ਬਾਤਾਂ,
ਮੇਰੀਆਂ ਵਿੱਚ ਵਹਿਦਤ ਦੇ ਖਾਤਾਂ,
ਨਹੀਂ ਦੂਈ ਦਾ ਸ਼ੋਰ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
ਮੀਰਾਂ ਸ਼ਾਹ ਛੱਡ ਚੂਚਕ ਭੈੜਾ,
ਲੋਕ ਕਰੇਂਦਾ ਝਗੜਾ ਝੇੜਾ,
ਤੂੰ ਨੈਣ ਨੈਣਾਂ ਨਾਲ ਜੋੜ,
ਮੇਰੀਆਂ ਲੱਗੀਆਂ ਨੂੰ ਨਾ ਮੋੜ ।
17. ਤੂੰ ਆਵੀਂ ਵੇ ਰਾਂਝਣਾ
ਤੂੰ ਆਵੀਂ ਵੇ ਰਾਂਝਣਾ ।
ਉੱਚੇ ਚੜ੍ਹਕੇ ਮਾਰਾਂ ਚਾਂਗਾਂ,
ਹਿਜਰ ਤੇਰੇ ਦੀਆਂ ਸੀਨੇ ਸਾਂਗਾਂ,
ਦਰਸ ਦਿਖਾਵੀਂ ਵੇ ਰਾਂਝਣਾ ।
ਬਾਤਨ ਨੈਣ ਨੈਣਾਂ ਨਾਲ ਜੋੜੀਂ,
ਜ਼ਾਹਰ ਸਾਥੋਂ ਮੁੱਖ ਨਾ ਮੋੜੀਂ,
ਨਾ ਤਰਸਾਵੀਂ ਵੇ ਰਾਂਝਣਾ ।
ਔਗੁਣਹਾਰੀ ਗੁਣ ਨਹੀਂ ਕੋਈ,
ਨਾਮ ਖ਼ੁਦਾ ਦੇ ਮੰਨ ਅਰਜ਼ੋਈ,
ਆ ਗਲ ਲਾਵੀਂ ਵੇ ਰਾਂਝਣਾ ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,
ਇਸ਼ਕ ਤੇਰੇ ਵਿੱਚ ਲਥੀਆ ਲੋਈ,
ਤੂੰ ਆਵੀਂ ਵੇ ਰਾਂਝਣਾ ।
ਰੋਜ਼ ਅਜ਼ਲ ਦੀਆਂ ਅੱਖੀਆਂ ਲਾਈਆਂ,
ਹੁਣ ਕਿਸ ਗੱਲੋਂ ਮਨੋ ਭੁਲਾਈਆਂ,
ਤੋੜ ਨਿਭਾਵੀਂ ਵੇ ਰਾਂਝਣਾ ।
ਮੀਰਾਂ ਸ਼ਾਹ ਮੈਂ ਬਿਰਹੋਂ ਘੇਰੀ,
ਭੀਖ ਪੀਆ ਦੇ ਦਰ ਦੀ ਚੇਰੀ,
ਪਾਰ ਲੰਘਾਵੀਂ ਵੇ ਰਾਂਝਣਾ ।
18. ਸੁਣ ਪਾਂਧਿਆ ਪੱਤਰੀ ਵਾਲਿਆ
ਸੁਣ ਪਾਂਧਿਆ ਪੱਤਰੀ ਵਾਲਿਆ,
ਕਿਤੇ ਮਾਹੀ ਸਾਡਾ ਦੱਸ ਵੇ ।
ਕੱਢ ਪੱਤਰੀ ਦੇਖ ਸਿਤਾਰਾ,
ਕਦੋਂ ਆਵੇ ਚਾਕ ਪਿਆਰਾ,
ਕਰ ਰਹੀਆਂ ਯਤਨ ਹਜ਼ਾਰ ਵੇ,
ਨਹੀਂ ਚਲਦਾ ਸਾਡਾ ਵਸ ਵੇ ।
ਕੋਈ ਕਾਸਦ ਉਸ ਵੱਲ ਜਾਵੇ,
ਸਭ ਦੁਖ ਸੁਖ ਜਾ ਸੁਣਾਵੇ,
ਕਿਤੇ ਲੰਘ ਗਿਆ ਨਦੀਓਂ ਪਾਰ ਵੇ,
ਸਾਨੂੰ ਕਿਤੇ ਨਾ ਪੈਂਦੀ ਦੱਸ ਵੇ ।
ਨਿਹੁੰ ਜਾਲੇ ਤਨ ਮਨ ਮੇਰਾ,
ਕਰ ਨਾਮ ਖ਼ੁਦਾ ਦੇ ਫੇਰਾ,
ਸਾਨੂੰ ਵਿਸਰ ਗਿਆ ਘਰ ਬਾਹਰ ਵੇ,
ਗਿਆ ਕਿਤ ਗੁਣ ਸਾਥੋਂ ਨੱਸ ਵੇ ।
ਲੱਖ ਨਕਸ਼ ਨਜੂਮੀਆਂ ਬੀਹੀਆਂ,
ਘਰ ਆਵੇ ਸਾਡਾ ਪੀਆ,
ਮੈਂ ਤਨ ਮਨ ਦੇਸਾਂ ਵਾਰ ਵੇ,
ਜਦ ਗਲ ਲਾਵਾਂ ਹੱਸ ਰਸ ਵੇ ।
ਰਲ ਦੋਨਾ ਮਨ ਪਰਚਾਵੇ,
ਹੁਣ ਸਾਡੇ ਬਿਨਾ ਕੌਣ ਹੋਰ ਵੇ,
ਅੱਜ ਮੂਲ ਨਾ ਲੈਂਦਾ ਸਾਰ ਵੇ,
ਲਾ ਤੀਰ ਜ਼ਿਗਰ ਵਿੱਚ ਕੱਸ ਵੇ ।
ਇਹੋ ਮੀਰਾਂ ਸ਼ਾਹ ਗੱਲ ਸਰਦੀ,
ਮੈਂ ਬਰਦੀ ਹਾਂ ਸਾਬਰ ਦੀ,
ਦਰ ਕਰਸਾਂ ਜਾ ਪੁਕਾਰ ਵੇ,
ਜਾ ਦੇਖਾਂ ਪਾਕ ਦਰਸ ਵੇ ।
19. ਉੱਠ ਖੋਲ੍ਹ ਨਣਾਨੇ ਕੁੰਡੜਾ
ਉੱਠ ਖੋਲ੍ਹ ਨਣਾਨੇ ਕੁੰਡੜਾ,
ਕੋਈ ਹੋਰ ਨਹੀਂ ਹੁਣ ਕੋਲ ।
ਜਾਂ ਮੈਂ ਦਿਲ ਦੀ ਸਰੋਤ ਜਮਾਈ,
ਹੁਸਨ ਅਜ਼ਲ ਦੀ ਚਮਕ ਦਿਖਾਈ,
ਜਾਗ ਉੱਠੀ ਅਣਭੋਲ ਨੀਂ,
ਕੋਈ ਹੋਰ ਨਹੀਂ ਹੁਣ ਕੋਲ ।
ਵਾਹ ਵਾਹ ਅੱਧੜੀ ਰਾਤ ਸੁਹਾਈ,
ਰਹਿਮਤ ਕੀਤੀ ਸਾਨੂੰ ਮਾਹੀ,
ਕਰਦੇ ਸਾਂ ਨਿੱਤ ਟੋਲ ਨੀਂ,
ਕੋਈ ਹੋਰ ਨਹੀਂ ਹੁਣ ਕੋਲ ।
ਉਹ ਆਇਆ ਜਿਸ ਲਈਆਂ ਲਾਵਾਂ,
ਪਾਣੀ ਦੇ ਪਜ ਉਸ ਵੱਲ ਜਾਵਾਂ,
ਸਿਰ ਗਾਗਰ ਹੱਥ ਡੋਲ ਨੀਂ,
ਕੋਈ ਹੋਰ ਨਹੀਂ ਹੁਣ ਕੋਲ ।
ਨਾਲ ਲੈ ਚਲਸਾਂ ਸਖੀਆਂ ਸਈਆਂ,
ਇਸ਼ਕ ਜਿਥੇ ਉਥੇ ਸ਼ਰਮਾਂ ਕੇਹੀਆਂ,
ਖ਼ਾਸ ਮੇਰਾ ਹਮਜੋਲ ਨੀਂ,
ਕੋਈ ਹੋਰ ਨਹੀਂ ਹੁਣ ਕੋਲ ।
ਮੀਰਾਂ ਸ਼ਾਹ ਧਨ ਭਾਗ ਹੈ ਮੇਰੇ,
ਮਾਹੀ ਆਇਆ ਸਾਡੇ ਵਿਹੜੇ,
ਮੁੱਖੋਂ ਨਾ ਮੰਦੜਾ ਬੋਲ ਨੀਂ,
ਕੋਈ ਹੋਰ ਨਹੀਂ ਹੁਣ ਕੋਲ ।
20. ਦੇਖੋ ਨੀਂ ਕੇਹੀ ਮਾਹੀ ਨੇ
ਦੇਖੋ ਨੀਂ ਕੇਹੀ ਮਾਹੀ ਨੇ,
ਗੁਝੜੀ ਸਾਂਗ ਚਲਾਈ ।
ਸੁੱਧ ਬੁੱਧ ਮੇਰੀ ਸੱਭ ਉੱਠ ਗਈਆ,
ਐਸੇ ਆਣ ਦਿਖਾਈ ।
ਰਲਕੇ ਸਈਆਂ ਦੇਵਨ ਤਾਅਨੇ,
ਮੈਂ ਇਸ਼ਕ ਨੇ ਫੂਕ ਜਲਾਈ ।
ਰਾਂਝਾ ਮੇਰਾ ਮੈਂ ਰਾਂਝੇ ਦੀ,
ਫਰਕ ਨਹੀਂ ਵਿੱਚ ਰਾਈ ।
ਰਾਂਝਾ ਮਾਹੀ ਉਸ ਨੂੰ ਮਿਲਦਾ,
ਜਿਸ ਦਿਲ ਤੋਂ ਦੂਜ ਗਵਾਈ ।
ਆਣ ਸਿਆਲੀਂ ਮੁਰਲੀ ਵਾਹੀ,
ਮੈਂ ਸੁਣ ਈਮਾਨ ਲਿਆਈ ।
ਆਣ ਹਜ਼ਾਰਿਓਂ ਨਾਲ ਕਰਮ ਦੇ,
ਮੈਂ ਆਜ਼ਜ਼ ਲੈ ਗਲ ਲਾਈ ।
ਮੀਰਾਂ ਸ਼ਾਹ ਗੁਰ ਆਪਣੇ ਤੋਂ,
ਮੈਂ ਜਿੰਦੜੀ ਘੋਲ ਘੁਮਾਈ ।
21. ਮੇਰਾ ਮਨ ਮੋਹਿਆ ਨੀਂ
ਮੇਰਾ ਮਨ ਮੋਹਿਆ ਨੀਂ,
ਮੁਰਲੀ ਚਾਕ ਬਜਾਈ ।
ਦੇਖੋ ਨੀਂ ਉਸ ਮੁਰਲੀ ਦੇ ਕਾਰੇ,
ਖ਼ਾਕੀ ਨੂਰੀ ਨਾਰੀ ਸਾਰੇ,
ਤਨ ਮਨ ਧਨਕ ਸਮਾਈ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
ਅਰਸ਼, ਫਰਸ਼, ਚੰਨ,
ਸੂਰਜ, ਤਾਰੇ, ਉਨਸ ਮਲਾਇਕ ਦੋ ਜਗ ਸਾਰੇ,
ਮੁਰਲੀ ਧੂਮ ਮਚਾਈ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
ਇਸ ਮੁਰਲੀ ਨੇ ਸਭ ਜਗ ਮੋਹਿਆ,
ਜਾਂ ਸ਼ਾਲਾ ਵਿੱਚ ਆਣ ਖਲੋਇਆ,
ਅਲਸਤ ਅਵਾਜ਼ ਸੁਣਾਈ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
ਤਖ਼ਤ ਹਜ਼ਾਰਿਉਂ ਮਾਹੀ ਆਇਆ,
ਮੈਂ ਆਜ਼ਿਜ਼ ਨੂੰ ਦਰਸ਼ ਦਿਖਾਇਆ,
ਜਾਂ ਹੋਇਆ ਫਜ਼ਲ ਇਲਾਹੀ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
ਇਸ ਮਾਹੀ ਦੇ ਕੀ ਗੁਣ ਗਾਵਾਂ,
ਇਸਮ ਸਿਫ਼ਤ ਦਾ ਅੰਤ ਨਾ ਪਾਵਾਂ,
ਆਲਮ ਦੀ ਵਡਿਆਈ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
ਮੀਰਾਂ ਸ਼ਾਹ ਮੈਂ ਤਨ ਵਾਰਾਂ,
ਆਣ ਦਿਖਾਈਆਂ ਚਾਕ ਬਹਾਰਾਂ,
ਤਾਂ ਦਿਸੀਐ ਸਭ ਖ਼ੁਦਾਈ,
ਮੇਰਾ ਮਨ ਮੋਹਿਆ ਮੁਰਲੀ ਚਾਕ ਬਜਾਈ ।
22. ਮੈਨੂੰ ਹਰਦਮ ਰਹਿੰਦਾ ਚਾਅ
ਮੈਨੂੰ ਹਰਦਮ ਰਹਿੰਦਾ ਚਾਅ,
ਸੱਜਣ ਦੇ ਸ਼ੋਖ ਨਜ਼ਾਰੇ ਦਾ ।
ਬਿਰਹੋਂ ਕੀਤਾ ਮੈਂ ਵੱਲ ਫੇਰਾ,
ਹਾਰ ਸ਼ਿੰਗਾਰ ਪਿਆ ਭੱਠ ਮੇਰਾ,
ਮੇਰੇ ਸੀਨੇ ਰੜਕੇ ਸਾਂਗ,
ਗੁੱਝੜਾ ਇਸ਼ਕ ਪਿਆਰੇ ਦਾ ।
ਸੱਸ ਨਣਾਨਾ ਮਾਰਨ ਬੋਲੀ,
ਅੱਵਲ ਆਖ਼ਰ ਇਸਦੀ ਗੋਲੀ,
ਮੈਂ ਦੋ ਜਗ ਰਖਦੀ ਮਾਣ,
ਮਾਹੀ ਸੋਹਣੇ ਸਾਰੇ ਦਾ ।
ਉਸ ਨੂੰ ਨੈਣਾਂ ਦੀ ਸਿਰਦਾਰੀ,
ਪਲ ਪਲ ਸੁਨੀਵੇ ਖ਼ਲਕਤ ਸਾਰੀ,
ਮੈਂ ਰੱਖੀ ਆ ਜਾਣ ਪਛਾਣ,
ਜ਼ਾਮਨ ਹਸ਼ਰ ਦਿਹਾੜੇ ਦਾ ।
ਨਾ ਆਦਮ ਨਾ ਹਵਾ ਆਹੀ,
ਉਸ ਦਿਨ ਦਾ ਮੈਂ ਜਾਤਾ ਮਾਹੀ,
ਜਦ ਆਇਆ ਵਾਹਿਦ ਆਪ,
ਬਣਕੇ ਰੂਪ ਸਿਤਾਰੇ ਦਾ ।
ਤਖ਼ਤ ਹਜ਼ਾਰਿਓਂ ਮਾਹੀ ਆਇਆ,
ਉਨਸ ਮਲਾਇਕ ਸੀਸ ਨਿਵਾਇਆ,
ਉਸ ਰਖਿਆ ਅਹਿਮਦ ਨਾਮ,
ਹਾਮੀ ਆਲਮ ਸਾਰੇ ਦਾ ।
ਮੀਰਾਂ ਸ਼ਾਹ ਤਨ ਬਿਭੂਤ ਰਮਾਵਾਂ,
ਸਾਬਰ ਦੇ ਦਰ ਅਲੱਖ ਜਗਾਵਾਂ,
ਮੇਰਾ ਓਹੋ ਹੈ ਗ਼ਮਖ਼ਾਰ,
ਆਜਿਜ਼ ਨੀਚ ਨਿਕਾਰੇ ਦਾ ।
23. ਸਈਓ ਨੀ ਮੈਂ ਢੂੰਡ ਫਿਰੀ
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
ਸਭ ਕਰ ਰਹੀਆਂ ਯਤਨ ਬਤੇਰੇ,
ਔਗੁਣਹਾਰੀ ਵੱਸ ਨਾ ਮੇਰੇ,
ਕਾਦਰ ਆਪ ਮਿਲਾਵੇ,
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
ਮਾਹੀ ਤਖ਼ਤ ਹਜ਼ਾਰੇ ਵਾਲਾ,
ਭਰ ਭਰ ਦੇਂਦਾ ਪ੍ਰੇਮ ਪਿਆਲਾ,
ਜਿਸਨੂੰ ਮੈਂ ਚਿਤ ਲਾਵੇ,
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
ਬਾਝ ਮਾਹੀ ਦੇ ਹੋਰ ਨਾ ਬੇਲੀ,
ਜਾ ਕਹੋ ਕੋਈ ਅੰਗ ਸਹੇਲੀ,
ਕਦੀ ਤਾਂ ਦਰਸ ਦਿਖਾਵੇ,
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
ਢੂੰਡ ਫਿਰੀ ਵਿਚ ਜੰਗਲ ਬੇਲੇ,
ਸਭ ਸਖੀਆਂ ਵਿਚ ਮਾਹੀ ਖੇਲੇ,
ਲਖਿਆ ਮੂਲ ਨਾ ਜਾਵੇ,
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
ਮੀਰਾਂ ਸ਼ਾਹ ਤੂੰ ਛਡ ਚਤਰਾਈ,
ਮੈਂ ਮਾਰੇ ਤਾਂ ਮਿਲਦਾ ਮਾਹੀ,
ਜੇ ਗੁਰ ਭੇਤ ਬਤਾਵੇ,
ਸਈਓ ਨੀ ਮੈਂ ਢੂੰਡ ਫਿਰੀ,
ਮੈਨੂੰ ਮਾਹੀ ਨਜ਼ਰ ਨਾ ਆਵੇ ।
24. ਅੱਜ ਪਿਆ ਵਿਛੋੜਾ ਯਾਰ
ਅੱਜ ਪਿਆ ਵਿਛੋੜਾ ਯਾਰ (ਦਾ),
ਦੱਸ ਰਾਂਝਾ ਹੁਣ ਕੀ ਕਰੀਏ ।
ਸਾਡੇ ਟੁਟੜੇ ਕੌਲ ਕਰਾਰ,
ਦੱਸ ਰਾਂਝਾ ਹੁਣ ਕੀ ਕਰੀਏ ।
ਪਹਿਲਾਂ ਇਸ਼ਕ ਤੇਰੇ ਨੇ ਸਾੜੀ,
ਹੁਣ ਬਾਬਲ ਨੇ ਡੋਲੀ ਚਾੜ੍ਹੀ,
ਕੀਤਾ ਕਹਿਰ ਕਹਾਰ,
ਦੱਸ ਰਾਂਝਾ ਹੁਣ ਕੀ ਕਰੀਏ ।
ਸੁਣ ਰਾਂਝਾ ਮੇਰੀ ਮੰਨ ਅਰਜ਼ੋਈ,
ਹੀਰ ਨਿਮਾਣੀ ਦਾ ਵੱਸ ਨਾ ਕੋਈ,
ਜੋ ਲਿਖਿਆ ਕਰਤਾਰ,
ਦੱਸ ਰਾਂਝਾ ਹੁਣ ਕੀ ਕਰੀਏ ।
ਤੈਂ ਬਾਝੋਂ ਮੈਂ ਮੂਲ ਨਾ ਜੀਵਾਂ,
ਜੇ ਮੁੱਖ ਮੋੜਾਂ ਕਾਫ਼ਰ ਥੀਵਾਂ,
ਜ਼ਾਮਨ ਆਪ ਸਿਤਾਰ,
ਦੱਸ ਰਾਂਝਾ ਹੁਣ ਕੀ ਕਰੀਏ ।
ਟਿੱਲੇ ਜਾਕੇ ਕੰਨ ਪੜਵਾਵੇਂ,
ਤਾਹੀਓਂ ਸਾਨੂੰ ਦਰਸ ਦਿਖਾਵੇਂ,
ਜਾ ਹਤਿਓ ਹੋਗ ਓਹਾਰ,
ਦੱਸ ਰਾਂਝਾ ਹੁਣ ਕੀ ਕਰੀਏ ।
ਮੀਰਾਂ ਸ਼ਾਹ ਜਾਂ ਖੇੜੀਂ ਜਾਵਾਂ,
ਲਿਖ ਲਿਖ ਚਿੱਠੀਆਂ ਰੋਜ਼ ਪੁਚਾਵਾਂ,
ਤੂੰ ਜੰਮ ਜੰਮ ਆਵੇਂ ਯਾਰ,
ਦੱਸ ਰਾਂਝਾ ਹੁਣ ਕੀ ਕਰੀਏ ।
25. ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ
ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ,
ਹੁਣ ਮਾਈ ਸਮਝ ਸੁਰਤ ਸੰਭਾਲ ।
ਲੋਕਾਂ ਭਾਣੇ ਚਾਕ ਨਿਥਾਵਾਂ
ਮੈਂ ਜਿਤ ਵਲ ਦੇਖਾਂ ਉਤ ਵੱਲ ਪਾਵਾਂ,
ਮਨ ਮੋਹਿਆ ਉਹਦੀ ਲਟਕ ਚਾਲ ।
ਖੇੜੇ ਕਰਦੇ ਜ਼ੋਰ ਧਿੰਗਾਣਾ,
ਮੈਂ ਉੱਠ ਤਖ਼ਤ ਹਜ਼ਾਰੇ ਨੂੰ ਜਾਣਾ,
ਮੈਂ ਵਰ ਪਾਇਆ ਦੇਖ ਭਾਲ ।
ਭੇਦ ਦਿਲਾਂ ਦੇ ਕੌਣ ਪਛਾਣੇ,
ਰਮਜ਼ ਇਸ਼ਕ ਦੀ ਆਸ਼ਕ ਜਾਣੇ,
ਪਾਇਆ ਜਿਸਦੇ ਗਲ ਜੰਜਾਲ ।
ਚਾਕ ਮਾਹੀ ਦੀ ਪ੍ਰੀਤ ਚਰੋਕੀ,
ਅਰਸ਼ ਫਰਸ਼ ਨਾ ਤੀਨ ਤ੍ਰਲੋਕੀ,
ਵਾਹਦ ਮਤਲਕ ਬੇ ਮਿਸਾਲ ।
ਮੀਰਾਂ ਸ਼ਾਹ ਪੀ ਤਨ ਮਨ ਵਸਦਾ,
ਜਿਸ ਵੱਲ ਵੇਖਾਂ ਮਾਹੀ ਵਸਦਾ,
ਹਰ ਰੰਗ ਦੇ ਵਿੱਚ ਹੈ ਵਸਾਲ ।
26. ਸਾਰੀ ਰੈਣ ਦੁੱਖਾਂ ਨਾਲ ਬੀਤ ਗਈ
ਸਾਰੀ ਰੈਣ ਦੁੱਖਾਂ ਨਾਲ ਬੀਤ ਗਈ,
ਵੇ ਆ ਰਾਂਝਾ ਮੇਰੀ ਸਾਰ ਲਈਂ ।
ਦੇ ਨਾ ਜਾਈਂ ਵਿਛੋੜੇ ਦੀ ਪੀੜ ਸਹੀ,
ਵੇ ਆ ਰਾਂਝਾ ਮੇਰੀ ਸਾਰ ਲਈਂ ।
ਖੇੜਿਆਂ ਦੇ ਸਾਨੂੰ ਪਏ ਕਜੀਏ,
ਉੱਠ ਚਲ ਤਖ਼ਤ ਹਜ਼ਾਰੇ ਰਹੀਏ,
ਮੈਂ ਹਰਦਮ ਤੈਨੂੰ ਆਖ ਰਹੀ,
ਵੇ ਆ ਰਾਂਝਾ ਮੇਰੀ ਸਾਰ ਲਈਂ ।
ਸ਼ਕਲ ਦਿਖਾਵੀਂ ਆ ਅਸਾਂ ਨੂੰ,
ਮੈਂ ਬੇਗੁਣ ਦੀ ਸ਼ਰਮ ਤੁਸਾਂ ਨੂੰ,
ਮੈਂ ਨਿੱਤ ਦੇ ਦੁੱਖਾਂ ਨੇ ਘੇਰ ਲਈ,
ਵੇ ਆ ਰਾਂਝਾ ਮੇਰੀ ਸਾਰ ਲਈਂ ।
ਇਸ਼ਕ ਅਸਾਂਨੂੰ ਚੈਨ ਨਾ ਦੇਂਦਾ,
ਸ਼ੌਕ ਤੇਰਾ ਮੈਨੂੰ ਹਰਦਮ ਰਹਿੰਦਾ,
ਨਹੀਂ ਇਕ ਪਲ ਨੈਣੀ ਨੀਂਦ ਪਈ,
ਵੇ ਆ ਰਾਂਝਾ ਮੇਰੀ ਸਾਰ ਲਈਂ ।
ਮੀਰਾਂ ਸ਼ਾਹ ਮੈਂ ਕਿਸਨੂੰ ਆਖਾਂ,
ਵਿਚ ਪਰਦੇਸਾਂ ਦਿਤੜੀ ਸਾਕਾਂ,
ਮੈਂ ਤਾਂ ਸ਼ਕਲ ਤੇਰੀ ਨਾ ਦੇਖ ਲਈ,
ਵੇ ਆ ਰਾਂਝਾ ਮੇਰੀ ਸਾਰ ਲਈਂ ।
27. ਮੈਂ ਹੋਈ ਆਂ ਮਸਤ ਦੀਵਾਨੀ
ਮੈਂ ਹੋਈ ਆਂ ਮਸਤ ਦੀਵਾਨੀ,
ਮਾਹੀ ਆਣ ਮਿਲੇ ।
ਕੀ ਕਰਾਂ ਕੁਛ ਵੱਸ ਨਹੀਂ ਚਲਦਾ,
ਬਾਣ ਇਸ਼ਕ ਦਾ ਸੀਨਾ ਸਲਦਾ,
ਹੋਈਆਂ ਆਜ਼ਜ਼ ਖ਼ਾਕ ਨਿਮਾਣੀ,
ਮਾਹੀ ਆਣ ਮਿਲੇ ।
ਇਸ਼ਕ ਮਾਹੀ ਦਾ ਜਾਂ ਚੜ੍ਹ ਆਇਆ,
ਹੀਰ ਸਲੇਟੀ ਨੇ ਸਿਰ ਚਾਇਆ,
ਉੱਡੀ ਆ ਜਗਤ ਕਹਾਣੀ,
ਮਾਹੀ ਆਣ ਮਿਲੇ ।
ਮਾਹੀ ਤਖ਼ਤ ਹਜ਼ਾਰੇ ਵਾਲਾ,
ਹੁਸਨ ਉਸਦਾ ਜਗਤ ਉਜਾਲਾ,
ਖੇੜਾ ਕੌਣ ਤੂਫ਼ਾਨੀ,
ਮਾਹੀ ਆਣ ਮਿਲੇ ।
ਨਿੱਤ ਉੱਠ ਰੋ ਰੋ ਹੀਰ ਪੁਕਾਰੇ,
ਕਰਮ ਕਰੇ ਤਾਂ ਪਲ ਵਿਚ ਤਾਰੇ,
ਹਜ਼ਰਤ ਸ਼ਾਹ ਜੀਲਾਨੀ,
ਮਾਹੀ ਆਣ ਮਿਲੇ ।
ਅਲਸਤ ਕਿਹਾ ਤਾਂ ਲੱਗੜੀ ਬਾਜੀ,
ਲੋਕਾਂ ਭਾਣੇ ਇਸ਼ਕ ਮਜਾਜ਼ੀ,
ਸਾਨੂੰ ਲੱਗੜਾ ਇਸ਼ਕ ਹਕਾਨੀ,
ਮਾਹੀ ਆਣ ਮਿਲੇ ।
ਗੁੱਝੜੀ ਰਮਜ਼ ਦਿਲਾਂ ਵਿੱਚ ਲਾਵੇ,
ਜਾਂ ਦੇਖਾਂ ਤਾਂ ਨਜ਼ਰ ਚੁਰਾਵੇ,
ਕਿਉਂ ਕਰਦਾ ਵੱਲ ਛੱਲ ਜਾਨੀ,
ਮਾਹੀ ਆਣ ਮਿਲੇ ।
ਉਹਲੇ ਬਹਿ ਬਹਿ ਨਜ਼ਰਾਂ ਮਾਰੇ,
ਵਿਚ ਬੇਲੇ ਦੇ ਮੱਝੀਆਂ ਚਾਰੇ,
ਮੇਰਾ ਉਹੋ ਦਿਲਬਰ ਜਾਨੀ,
ਮਾਹੀ ਆਣ ਮਿਲੇ ।
ਹਜ਼ਰਤ ਸਾਬਰ ਪੀਰ ਪਿਆਰੇ,
ਮੀਰਾਂ ਸ਼ਾਹ ਦਰਬਾਰ ਪੁਕਾਰੇ,
ਸੁਣੀਓ ਪ੍ਰੇਮ ਕਹਾਣੀ,
ਮਾਹੀ ਆਣ ਮਿਲੇ ।
28. ਜਿਸ ਲਗਦਾ ਇਸ਼ਕ ਤਮਾਚਾ ਹੈ
ਜਿਸ ਲਗਦਾ ਇਸ਼ਕ ਤਮਾਚਾ ਹੈ,
ਉਸ ਰਹਿੰਦੀ ਖ਼ਬਰ ਨਾ ਕਾਈ ਰੇ ।
ਸਭ ਤਨ ਮਨ ਜਲ ਬਲ ਖ਼ਾਕ ਹੋਇਆ,
ਫਿਰ ਹੱਸਦੀ ਦੇਖ ਲੁਕਾਈ ਰੇ ।
ਜੋ ਇਸ਼ਕ ਤਮਾਚਾ ਸਹਿੰਦਾ ਹੈ,
ਉਹ ਵਿਚ ਹਜ਼ੂਰੀ ਹੁੰਦਾ ਹੈ,
ਬਨ ਸਮ ਬੁਕਮ ਬਹਿੰਦਾ ਹੈ,
ਨਾ ਰਹੀਆ ਚੂੰ ਚਰਾਈ ਰੇ ।
ਜੋ ਇਸ਼ਕ ਸਨਮ ਮਨਜ਼ੂਰ ਹੋਇਆ,
ਉਹ ਵਿਚ ਦਰਗਾਹ ਫਗਫ਼ੂਰ ਹੋਇਆ,
ਬੇਜ਼ਾਮ ਵਸਲ ਮਖ਼ਮੂਰ ਹੋਇਆ,
ਇਸ ਹਸਤੀ ਮਾਰ ਗਵਾਈ ਰੇ ।
ਸੁਣ ਕਾਜ਼ੀ ਮਸਲੇ ਕਰਦਾ ਹੈ,
ਸਿਰ ਬੰਦ ਦੋ ਜਾਈਂ ਧਰਦਾ ਹੈ,
ਕਿਉਂ ਹਿਰਸ ਤਮ੍ਹਾਂ ਵਿਚ ਮਰਦਾ ਹੈ,
ਕੇਹੀ ਗ਼ਫ਼ਲਤ ਮੌਤ ਭੁਲਾਈ ਰੇ ।
ਸਾਡਾ ਸ਼ੀਸ਼ਾ ਰਾਂਝਾ ਮਾਹੀ ਹੈ,
ਵਿਚ ਦਰਸ਼ਨ ਜਾਤ ਇਲਾਹੀ ਹੈ,
ਅਲ ਇਨਸਾਨ ਖ਼ਬਰ ਦਿਖਾਈ ਹੈ,
ਜਾਂ ਦੇਖਾਂ ਹਦੀਸ ਗਵਾਹੀ ਰੇ ।
ਜਿਸ ਦਿਨ ਦਾ ਰਾਂਝਾ ਯਾਰ ਹੋਇਆ,
ਵਾ ਫ਼ੀਅਨ ਫ਼ਕਮ ਇਜ਼ਹਾਰ ਹੋਇਆ,
ਦੋ ਜਗ ਵਿੱਚ ਦਿਲਦਾਰ ਹੋਇਆ,
ਹੁਣ ਸ਼ਾਦੀ ਗ਼ਮੀ ਨਾ ਕਾਈ ਰੇ ।
ਸਾਨੂੰ ਆਪਣਾ ਅਸਲ ਹਸੂਲ ਹੋਇਆ,
ਜਾਂ ਮਾਹੀ ਵਸੂਲ ਹੋਇਆ,
ਵਿਚ ਜ਼ਾਮਨ ਆਪ ਰਸੂਲ ਹੋਇਆ,
ਜਿਨ ਰਾਂਝੇ ਨਾਲ ਨਕਾਈ ਰੇ ।
ਜਦ ਕੁੰਨ ਦੀ ਹੋਈ ਮਨਾਦੀ ਹੈ,
ਉਸ ਦਿਨ ਦਾ ਰਾਂਝਾ ਹਾਦੀ ਹੈ,
ਸਾਡੀ ਪ੍ਰੀਤ ਦੋਹਾਂ ਦੀ ਆਦੀ ਹੈ,
ਜਦ ਮੁਰਲੀ ਆਣ ਬਜਾਈ ਰੇ ।
ਚਲ ਮੀਰਾਂ ਸ਼ਾਹ ਇਜ਼ਹਾਰ ਕਰਾਂ,
ਉਥੇ ਤਨ ਮਨ ਤੇ ਸਿਰ ਵਾਰ ਕਰਾਂ,
ਦਰ ਸਾਬਰ ਦੇ ਦੀਦਾਰ ਕਰਾਂ,
ਜਿਸ ਮੰਨਦੀ ਕੁਲ ਖ਼ੁਦਾਈ ਰੇ ।
29. ਰਾਂਝਾ ਸਾਡਾ ਪੀਰ ਨੀਂ
ਰਾਂਝਾ ਸਾਡਾ ਪੀਰ ਨੀਂ
ਕਿਉਂ ਚਾਕ ਕਹੀਂਦਾ ।
ਸਖੀਓ ਨੀਂ ਸਖੀਓ ਉਸ ਰਾਂਝੇ ਨੂੰ
ਚਾਕ ਨਾ ਕਹੀਓ,
ਹੋ ਰਹੇ ਦਾਮਨਗੀਰ ਨੀਂ,
ਕਿਉਂ ਚਾਕ ਕਹੀਂਦਾ ।
ਤਖ਼ਤ ਹਜ਼ਾਰੇ ਦਾ ਮਹਿਰਮ ਸਾਈਂ,
ਉਹਦੇ ਜੇਹਾ ਮੈਨੂੰ ਦਿਸਦਾ ਨਾਹੀਂ,
ਮੈਂ ਨਿਪਟ ਕਮੀਨੀ ਹੀਰ ਨੀਂ,
ਕਿਉਂ ਚਾਕ ਕਹੀਂਦਾ ।
ਉਹ ਉਸਦਾ ਕੁਰਬ ਕਮਾਲੀ,
ਜ਼ਾਤ ਸਫ਼ਾਤੋਂ ਰੁਤਬਾ ਆਲੀ,
ਦੇਖੋ ਲਾ- ਨਜ਼ੀਰ ਨੀਂ,
ਕਿਉਂ ਚਾਕ ਕਹੀਂਦਾ ।
ਮੈਂ ਇਸ ਮੁੱਠੀਆਂ ਪਹਿਲੀ ਘਾਤੋਂ,
ਕਿਸ ਗੱਲ ਤੋਂ ਇਹ ਵਿਛੜਿਆ ਸਾਤੋਂ,
ਸਾਨੂੰ ਮੁਆਫ਼ ਕਰੀਂ ਤਕਸੀਰ ਨੀਂ,
ਕਿਉਂ ਚਾਕ ਕਹੀਂਦਾ ।
ਪਹਿਲਾਂ ਸੀ ਇਹ ਚੁਪ ਚੁਪਾਤਾ,
ਜਾਂ ਗੁਰ ਫੜਿਆ ਤਾਂ ਮੈਂ ਜਾਤਾ,
ਚਿਸ਼ਤੀ ਅਹਿਲ ਫ਼ਕੀਰ ਨੀਂ,
ਕਿਉਂ ਚਾਕ ਕਹੀਂਦਾ ।
ਮੀਰਾਂ ਸ਼ਾਹ ਤਨ ਮਨ ਬਲਿਹਾਰੇ,
ਬਾਝ ਰੰਝੇਟੇ ਯਾਰ ਪਿਆਰੇ,
ਕੌਣ ਬੰਨਾਵੇ ਧੀਰ ਨੀਂ,
ਕਿਉਂ ਚਾਕ ਕਹੀਂਦਾ ।
ਰਾਂਝਾ ਸਾਡਾ ਪੀਰ ਨੀਂ…
30. ਆ ਮਾਹੀ ਮੇਰੇ ਰਮਜ਼ਾਂ ਵਾਲੇ
ਆ ਮਾਹੀ ਮੇਰੇ ਰਮਜ਼ਾਂ ਵਾਲੇ,
ਤੇਰੇ ਹਿਜਰ ਨੇ ਆਣ ਸਤਾਇਆ ਏ ।
ਬਾਲ ਚੁਆਤੀ ਤੇਰੇ ਇਸ਼ਕ ਅਨੋਖੇ,
ਮੇਰਾ ਤਨ ਮਨ ਫੂਕ ਜਲਾਇਆ ਏ ।
ਬੇਖ਼ੁਦ ਸੁਤੀਆਂ ਮੈਂ ਬਾਬਲ ਵਿਹੜੇ,
ਮੈਨੂੰ ਸੁਫ਼ਨੇ ਆਣ ਜਗਾਇਆ ਏ ।
ਜ਼ੁਲਫ਼ ਕਮਾਨਾਂ ਤੇ ਤੀਰ ਨੈਣਾਂ ਦਾ,
ਮੇਰੇ ਵਿਚ ਜਿਗਰ ਦੇ ਲਾਇਆ ਏ ।
ਢੂੰਡ ਫਿਰੀ ਵਿਚ ਬੇਲੇ ਕਾਹੀ,
ਮੈਂ ਤਾਂ ਕਮਲੀ ਨਾਮ ਸਦਾਇਆ ਏ ।
ਰੋਜ਼ ਅਜ਼ਲ ਦਾ ਸਾਕ ਅਸਾਡਾ,
ਐਵੇਂ ਖੇੜਿਆਂ ਸ਼ੋਰ ਮਚਾਇਆ ਏ ।
ਛਡ ਸਈਆਂ ਮੈਨੂੰ ਮੁੜ ਘਰ ਗਈਆਂ,
ਉਨਾਂ ਖਾਵੰਦ ਲੈ ਗਲ ਲਾਇਆ ਏ ।
ਕਰ ਕਰ ਨਾਜ਼ ਨਿਆਜ ਹਜ਼ਾਰਾਂ,
ਮੈਂ ਨਾਲ ਤੇਰੇ ਨਿਹੁੰ ਲਾਇਆ ਏ ।
ਮੀਰਾਂ ਸ਼ਾਹ ਕੀ ਦੋਸ਼ ਕਿਸੇ ਨੂੰ,
ਅਸਾਂ ਜੋ ਲਿਖਿਆ ਭਰ ਪਾਇਆ ਏ ।
31. ਆਹੋ ਨੀਂ ਹਰਦਮ ਰਹਿੰਦਾ ਰਾਂਝਾ
ਆਹੋ ਨੀਂ ਹਰਦਮ ਰਹਿੰਦਾ ਰਾਂਝਾ,
ਨੀਂ ਮੇਰੇ ਸਾਹਮਣੇ ।
ਅਹਿਦ ਹੋ ਕੇ ਬੀਨ ਬਜਾਈ,
ਅਹਿਮਦ ਹੋ ਕੇ ਸ਼ਕਲ ਦਿਖਾਈ,
ਆਹੋ ਨੀਂ ਚਲਿਆ ਇਸ਼ਕ ਦਾ ਜਹਾਂ ਜਹਾਨੀ,
ਮੇਰੇ ਸਾਹਮਣੇ ।
ਆਣ ਇਸ਼ਕ ਦੀਆਂ ਚੜ੍ਹੀਆਂ ਫੌਜਾਂ,
ਵਹਿਦਤ ਵਾਲਿਆਂ ਮਾਰੀਆਂ ਮੌਜ਼ਾਂ,
ਆਹੋ ਨੀਂ ਹੋਇਆ ਸਾਡਾ ਮਹਨਜ਼ਾਨੀ,
ਮੇਰੇ ਸਾਹਮਣੇ ।
ਜਿਤ ਵਲ ਦੇਖਾਂ ਮਾਹੀ ਵੱਸਦਾ,
ਹਰ ਰੰਗ ਦੇ ਵਿਚ ਆਪੇ ਰਸਦਾ,
ਆਹੋ ਨੀਂ ਇਕ ਸਬਹਾਨ ਦਾ ਸ਼ਾਹਜਹਾਨੀ,
ਮੇਰੇ ਸਾਹਮਣੇ ।
ਮੀਰਾਂ ਸ਼ਾਹ ਗੁਰ ਕਾਮਲ ਫੜਿਆ,
ਜੋ ਤੈਂ ਰਾਂਝਾ ਸਿਰ ਪਰ ਧਰਿਆ,
ਆਹੋ ਨੀਂ ਛੱਡ ਦੁਨੀਆਂ ਦਾ ਲਾ- ਜਹਾਨੀ,
ਮੇਰੇ ਸਾਹਮਣੇ ।
32. ਦੇਖੋ ਇਸ਼ਕ ਅਨੋਖਾ ਆਇਆ ਮਾਰ ਨਕਾਰਾ
ਦੇਖੋ ਇਸ਼ਕ ਅਨੋਖਾ ਆਇਆ ਮਾਰ ਨਕਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਬਿਰਹੋਂ ਫੂਕ ਜਲਾਇਆ ਮੇਰਾ ਤਨ ਸਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਉਹਦੇ ਨਿੱਤ ਦੇ ਵਿਛੋੜੇ ਕੀਤੀ ਖ਼ਾਕ ਨਿਮਾਣੀ,
ਉਹ ਤਾਂ ਸੁਘੜ ਸਿਆਣਾ ਮੈਂ ਹਾਂ ਬਾਲ ਇਆਣੀ,
ਨਹੀਂ ਉਸਦੇ ਬਾਝੋਂ ਕੋਈ ਹੋਰ ਸਹਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਕੂਚਾ ਕਲੇਰ ਵਾਲਾ ਸਈਓ ਅਰਸੋ ਬਾਲਾ,
ਜੀਵੇ ਕਿਸਮਤ ਵਾਲਾ, ਪੀਵੇ ਪ੍ਰੇਮ ਪਿਆਲਾ,
ਮੈਂ ਤਾਂ ਔਗੁਣਹਾਰੀ ਕੋਈ ਉਜਰ ਨਾ ਚਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਸਈਓ ਗੰਜ ਸ਼ਕਰ ਉਹਦਾ ਖ਼ਾਸ ਖ਼ਲੀਫਾ,
ਮੇਰਾ ਸੰਝ ਸੁਬਾਹੀ ਉਹਦਾ ਨਾਮ ਵਜੀਫ਼ਾ,
ਮੇਰਾ ਕਾਅਬਾ ਕਿਬਲਾ ਉਹਦਾ ਪਾਕ ਦਵਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਸਈਓ ਨਾਮ ਖ਼ੁਦਾ ਦੇ ਕੋਈ ਜਾਏ ਸੁਣਾਏ,
ਸੁਹਣਾ, ਦਾਮਨ ਲਾਕੇ ਮੇਰੀ ਤੋੜ ਨਿਭਾਵੇ,
ਉਹਦੇ ਦਰਸ਼ਨ ਕਾਰਣ ਹੋਇਆ ਜੀਵਨ ਭਾਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
ਮੀਰਾਂ ਸ਼ਾਹ ਮੈਂ ਮਾਰੀ ਉਹਦੇ ਨਿੱਤ ਦੇ ਹਾਵੇ,
ਸਦਕਾ ਗੰਜ ਸ਼ਕਰ ਦਾ ਮੈਨੂੰ ਦਰਸ਼ ਦਿਖਾਵੇ,
ਸਈਓ ਚੰਦ ਸੂਰਜ ਥੀਂ ਉਹਦਾ ਰੂਪ ਨਿਆਰਾ,
ਕਦੇ ਸਾਬਰ ਪਿਆਰਾ ਦੇਵੇ ਆਣ ਨਜ਼ਾਰਾ ।
33. ਆ ਵੇ ਪ੍ਰੀਤਮ ਪਿਆਰੇ
ਆ ਵੇ ਪ੍ਰੀਤਮ ਪਿਆਰੇ,
ਐਡਾ ਕਿਉਂ ਚਿਰ ਲਾਇਆ ।
ਤੋੜੀ ਪ੍ਰੀਤ ਪੁਰਾਣੀ ਸਾਨੂੰ ਚਾਹੇ ਭੁਲਾਇਆ,
ਖੋਲ੍ਹੇ ਵਾਲ ਸਿਰੇ ਦੇ ਤਨ ਬਭੂਤ ਰਮਾਇਆ,
ਤੇਰੇ ਦਰਸ਼ਨ ਕਾਰਨ ਮੈਂ ਤਾਂ ਜੋਗ ਕਮਾਇਆ ।
ਇਹੋ ਰਸਮ ਕਦੀਮੀ ਪੀਆ ਬੇਦਰਦਾਂ ਦੀ,
ਮਨ ਮੋਹ ਕਰ ਲੈਂਦੀ ਨਹੀਂ ਸਾਰ ਦਿਲਾਂ ਦੀ,
ਮੈਂ ਤਾਂ ਬਾਝ ਦਮਾਂ ਦੇ ਹੋਈਆਂ ਤੇਰੀ ਬਾਂਦੀ,
ਪੀਆ ਓੜ ਨਿਭਾਵੀਂ ਲਗੀ ਪ੍ਰੀਤ ਧੁਰਾਂ ਦੀ ।
ਜਾਂ ਅਲਸਤ ਵਾਲੀ ਪੀਆ ਬੋਲੀ ਬੋਲੀ,
ਕਹਿਕੇ ਕਾਲੂ ਬਿਲਾ ਮੈਂ ਜਿੰਦ ਤੈਂ ਪਰ ਘੋਲੀ,
ਮੇਰੀ ਉਮਰ ਇਆਣੀ ਕੂਕਾਂ ਦੇਸ ਬਦੇਸਾਂ,
ਮਾਰੀ ਹਿਜ਼ਰ ਤੇਰੇ ਨੇ ਦੱਸ ਕੀ ਮੈਂ ਕਰੇਸਾਂ ।
ਤੇਰਾ ਮੁੱਖ ਦੇਖਣ ਨੂੰ ਮੇਰੀ ਜਿੰਦ ਤਰਸੇਂਦੀ,
ਪੀਆ ਮੁੱਦਤਾਂ ਹੋਈਆਂ ਨੇ ਰੋ ਰੋ ਯਾਦ ਕਰੇਂਦੀ,
ਕੰਨੀ ਧਨਕ ਵਸਲ ਦੀ ਕਦੇ ਮੂਲ ਨਾ ਪੈਂਦੀ,
ਲਗੀ ਭਾਹ ਹਿਜ਼ਰ ਦੀ ਮੇਰੀ ਜਾਨ ਜਲੇਂਦੀ ।
ਗਲ ਪਲੜਾ ਪਾ ਕਰ ਚਲਾਂ ਸਾਬਰ ਦੁਆਰੇ,
ਉਹਨੂੰ ਜਰਮ ਕਰਮ ਦੇ ਆਖਾਂ ਦੁੱਖ ਸਾਰੇ,
ਸਦਕਾ ਗੰਜ ਸ਼ਕਰ ਦਾ ਸਾਨੂੰ ਪਾਰ ਉਤਾਰੇ,
ਦੇਖਾਂ ਦਰਸ ਪੀਆ ਦਾ ਮੀਰਾਂ ਸ਼ਾਹ ਬਲਿਹਾਰੇ ।
34. ਸਈਓ ਘਰ ਆਇਆ ਮੇਰਾ ਯਾਰ ਨਹੀਂ
ਸਈਓ ਘਰ ਆਇਆ ਮੇਰਾ ਯਾਰ ਨਹੀਂ ।
ਕਰਦਾ ਬੇਪਰਵਾਹੀਆਂ ਲੈਂਦਾ ਸਾਰ ਨਹੀਂ ।
ਉਹਦੇ ਨਿੱਤ ਦੇ ਵਿਛੋੜੇ ਮੈਂ ਤਾਂ ਫੂਕ ਜਲਾਈ,
ਸੁਝੇ ਉਸਦੇ ਬਾਝੋਂ ਦੂਜਾ ਦੁਆਰ ਨਹੀਂ ।
ਸਈਓ ਨਾਮ ਖ਼ੁਦਾ ਦੇ ਆਖੋ ਜਾਕੇ ਕੋਈ,
ਲਾਕੇ ਸਾਂਗ ਹਿਜ਼ਰ ਦੀ ਪੀਆ ਮਾਰ ਨਹੀਂ ।
ਇਕਨਾ ਭਾਗ ਚੰਗੇਰੇ ਲੈਂਦਾ ਕੰਤ ਕਲਾਵੇ,
ਮੈਨੂੰ ਰੋਵਨ ਬਾਝੋਂ ਕੋਈ ਕਾਰ ਨਹੀਂ ।
ਕਦੇ ਆ ਮਿਲ ਪਿਆਰਿਆ ਆਈ ਜਾਨ ਲਬਾਂ ਤੇ,
ਅਜਰਾਈਲ ਖਲੋਤਾ ਲੈਂਦਾ ਦਾਰ ਨਹੀਂ ।
ਲਗੀ ਪ੍ਰੀਤ ਕਦੀਮੀ ਪੀਆ ਓੜ ਨਿਭਾਵੀਂ,
ਇਸ ਫ਼ਾਨੀ ਦਮ ਦਾ ਇਤਬਾਰ ਨਹੀਂ ।
ਮੀਰਾਂ ਸ਼ਾਹ ਸਿਰ ਵਾਰਾਂ ਜਾਕੇ ਸਾਬਰ ਦੁਆਰੇ,
ਐਸਾ ਕੌਣ ਹੈ ਜਿਸਨੂੰ ਦਿੱਤਾ ਤਾਰ ਨਹੀਂ ।
35. ਕਦੀ ਤੂੰ ਆ ਵੇ, ਪੀਆ ਚੰਦ ਚਲੀ
ਕਦੀ ਤੂੰ ਆ ਵੇ, ਪੀਆ ਚੰਦ ਚਲੀ ।
ਪੀਆ ਨਿੱਤ ਰਹਿੰਦੀ ਨਜ਼ਾਰੇ ਦੀ ਤਾਂਘ,
ਮਿਲਣ ਦੀ ਆਸ ।
………………………………
ਤੇਰੀ ਮੇਰੀ ਪ੍ਰੀਤ ਧੁਰਾਂ ਦੀ,
ਕੌਣ ਪਛਾਣੇ ਰਮਜ਼ ਦਿਲਾਂ ਦੀ,
ਮੈਂ ਨਿੱਤ ਵਿਛੋੜੇ ਸਲੀ, ਪੀਆ ਚੰਦ ਚਲੀ ।
ਇਸ਼ਕ ਤੇਰੇ ਨੇ ਵਲ ਵਲ ਕੁੱਠੀਆਂ,
ਸੂਰਤ ਤੇਰੀ ਨੇ ਮੈਂ ਮੁੱਠੀਆਂ,
ਮੈਂ ਹੋਈ ਦੀਵਾਨੀ ਝੱਲੀ, ਪੀਆ ਚੰਦ ਚਲੀ ।
ਮੇਰੇ ਨਾਲ ਦੀਆਂ ਸਭ ਸਈਆਂ,
ਨੋਸ਼ੁਹ ਆਣ ਕਲਾਵੇ ਲਈਆਂ,
ਮੈਂ ਆਜ਼ਿਜ਼ ਰਹਿ ਗਈ ਇਕੱਲੀ, ਪੀਆ ਚੰਦ ਚਲੀ ।
ਬਿਸਰ ਗਈਆਂ ਜ਼ਾਤ ਸਫ਼ਾਤਾਂ,
ਰੋਜ਼ ਉਡੀਕਾਂ ਤੇਰੀਆਂ ਵਾਟਾਂ,
ਮੈਂ ਘਰ ਛੱਡ ਰੋਹੀ ਮੱਲੀ, ਪੀਆ ਚੰਦ ਚਲੀ ।
ਮੁੱਲਾਂ ਪੰਡਤ ਵੈਦ ਘਨੇਰੇ,
ਪੁਛ ਪੁਛ ਹਾਰੀ ਮੈਂ ਸੰਝ ਸਵੇਰੇ,
ਤੈਂ ਖ਼ਬਰ ਕਦੇ ਨਾ ਘਲੀ, ਪੀਆ ਚੰਦ ਚਲੀ ।
ਜਾਓ ਸਈਓ ਕੋਈ ਮੋੜ ਲਿਆਓ,
ਮੀਰਾਂ ਸ਼ਾਹ ਨੂੰ ਦਰਸ ਦਿਖਾਓ,
ਤਾਂ ਜੋ ਬਾਤ ਸੁਲੇ, ਪੀਆ ਚੰਦ ਚਲੀ ।
36. ਮੈਂ ਹੋ ਗਈ ਰੇ ਸੱਜਣ ਬਲਿਹਾਰ
ਮੈਂ ਹੋ ਗਈ ਰੇ ਸੱਜਣ ਬਲਿਹਾਰ ।
ਮੈਂ ਬਰਦੀ ਤੂੰ ਸਾਹਿਬ ਮੇਰਾ,
ਜਾਂ ਮੈਂ ਦੇਖਾਂ ਦਰਸ਼ਨ ਤੇਰਾ,
ਹੋਵਾਂ ਸ਼ੁਕਰ ਗੁਜਾਰ,
ਹੋ ਗਈ ਰੇ ਸੱਜਣ ਬਲਿਹਾਰ ।
ਬਿਰਹੋਂ ਚਿਣਗ ਪਈ ਤਨ ਮੇਰੇ,
ਮੈਂ ਮਰ ਚੁੱਕੀਆਂ ਔਰ ਬਹੇੜੇ,
ਹੁਣ ਲੈ ਮੇਰੀ ਸਾਰ,
ਹੋ ਗਈ ਰੇ ਸੱਜਣ ਬਲਿਹਾਰ ।
ਚਲ ਜਿਉੜਾ ਜਿਥੇ ਪ੍ਰੀਤਮ ਵਸਦਾ,
ਪ੍ਰੀਤਮ ਬਾਝੋਂ ਨਿਹੁੰ ਨਾ ਰਸਦਾ,
ਕਰੀਏ ਯਤਨ ਹਜ਼ਾਰ,
ਹੋ ਗਈ ਰੇ ਸੱਜਣ ਬਲਿਹਾਰ ।
ਜਲ ਬਲ ਹੋਈ ਆਂ ਭਸਮ ਦੀ ਢੇਰੀ,
ਗੰਜ ਸ਼ਕਰ ਪੀਆ ਤੇਰੀ ਚੇਰੀ,
ਆਣ ਪਈ ਦਰਬਾਰ,
ਹੋ ਗਈ ਰੇ ਸੱਜਣ ਬਲਿਹਾਰ ।
ਪ੍ਰੀਤਮ ਕਾਰਣ ਜੋਗਨ ਹੋਵਾਂ,
ਸਾਬਰ ਦੇ ਦਰ ਜਾਏ ਖਲੋਵਾਂ,
ਰੋਵਾਂ ਜ਼ਾਰੋ ਜ਼ਾਰ,
ਹੋ ਗਈ ਰੇ ਸੱਜਣ ਬਲਿਹਾਰ ।
ਮੀਰਾਂ ਸ਼ਾਹ ਦੀ ਮੰਨ ਅਰਜ਼ੋਈ,
ਔਗੁਣਹਾਰੀ ਗੁਣ ਨਹੀਂ ਕੋਈ,
ਸ਼ਹੁ ਭੀਖ ਲੰਘਾਵੇ ਪਾਰ,
ਹੋ ਗਈ ਰੇ ਸੱਜਣ ਬਲਿਹਾਰ ।
37. ਸਈਓ ਨੀਂ, ਮੇਰੇ ਪਿਆਰੇ ਬਹੁਤ ਦਿਨ ਲਾਏ
ਸਈਓ ਨੀਂ, ਮੇਰੇ ਪਿਆਰੇ ਬਹੁਤ ਦਿਨ ਲਾਏ ।
ਰੋਵਤ ਰੋਵਤ ਮੈਂ ਨੈਣ ਗਵਾਏ ।
ਕਿਹੜੇ ਦੇਸ ਕੀਤਾ ਵਾਸਾ,
ਸਾਨੂੰ ਦਮ ਦਾ ਨਹੀਂ ਭਰਵਾਸਾ,
ਨਾਲ ਕਰਮ ਦੇ ਆ ਗਲ ਲਾਏ ।
ਆਪੀਂ ਸਾਨੂੰ ਅਪਣੇ ਕੀਤਾ,
ਨਾਲ ਅਦਾਈਂ ਮਨ ਚਿਤ ਲੀਤਾ,
ਹੁਣ ਕਿਉਂ ਸਾਨੂੰ ਨੈਣ ਛੁਪਾਏ ।
ਹੈ ਕੋਈ ਐਸੀ ਚਤਰ ਸਿਆਣੀ,
ਜਾਏ ਕਹੋ ਮੇਰੀ ਪ੍ਰੇਮ ਕਹਾਣੀ,
ਆਪੇ ਲਾਈਆਂ ਤਾਂ ਆਪ ਨਿਭਾਏ ।
ਮੇਰੇ ਜਹੀਆਂ ਲੱਖ ਹਜ਼ਾਰਾਂ,
ਜੋ ਮਨ ਭਾਵਣ ਕਰਨ ਬਹਾਰਾਂ,
ਇਲਮ ਅਕਲ ਦੀ ਪੇਸ਼ ਨਾ ਜਾਏ ।
ਵਾਹ ਵਾਹ ਉਸਦੀ ਬੇਪ੍ਰਵਾਹੀ,
ਇਕਨਾ ਉਲਟੀ ਖੱਲ ਲੁਹਾਈ,
…………………………
ਮੀਰਾਂ ਸ਼ਾਹ ਮੈਂ ਹਰ ਗੁਣ ਗਾਵਾਂ,
ਦਮ ਦਮ ਸਾਬਰ ਪੀਰ ਮਨਾਵਾਂ'
ਜਿਸ ਨੂੰ ਆਲਮ ਸੀਸ ਨਿਵਾਏ ।
38. ਮੈਂ ਤੇਰੇ ਬਲਿਹਾਰ ਵੇ ਪਿਆਰਿਆ
ਮੈਂ ਤੇਰੇ ਬਲਿਹਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਮੈਂ ਹਾਂ ਔਗੁਣਹਾਰ ਨਿਥਾਵੀਂ,
ਪਰ ਤੂੰ ਸਾਨੂੰ ਨਾ ਭੁਲਾਵੀਂ,
ਆਣ ਦੇਵੀਂ ਦੀਦਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਅੰਬੜੀ ਝਿੜਕੇ ਬਾਬਲ ਹੋੜੇ,
ਮੈਂ ਤਾਂ ਨੈਣ ਨੈਣਾਂ ਨਾਲ ਜੋੜੇ,
ਤਾਅਨੇ ਦੇਣ ਹਜ਼ਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਵਾਹ ਵਾਹ ਤੇਰੇ ਨਾਜ਼ ਅਨੋਖੇ,
ਸਾਨੂੰ ਲੁੱਕ ਛਿੱਪ ਦੇਂਦਾ ਧੋਖੇ,
ਤੋੜੇ ਕੌਲ ਕਰਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਹਰਦਮ ਇਹੋ ਅਰਜ਼ ਅਸਾਡੀ,
ਜੇ ਮੈਂ ਮਰੇ ਤਾਂ ਭੀ ਭਾਂਡੀ,
ਕਰਮ ਤੇਰਾ ਦੀਦਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਇਸ਼ਕ ਤੇਰੇ ਦੀ ਰਮਜ਼ ਪਛਾਣੀ,
ਸਿਰੀ ਕਲਬੀ ਹੋਰ ਰੂਹਾਨੀ,
ਹੈ ਤੇਰਾ ਚਮਕਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਆ ਪੀਆ ਬਾਹਰ ਦੇ ਵੇ ਨਜ਼ਾਰਾ,
ਸਿਰ ਪੈ ਵਜਦਾ ਮੌਤ ਨਕਾਰਾ,
ਇਹ ਦੁਨੀਆਂ ਦਿਨ ਚਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
ਮੀਰਾਂ ਸ਼ਾਹ ਚਲ ਹਾਲ ਸੁਨਾਵਾਂ,
ਤਨ ਮਨ ਜਿਉੜਾ ਘੋਲ ਘੁਮਾਵਾਂ,
ਸਾਬਰ ਦੇ ਦਰਬਾਰ ਵੇ ਪਿਆਰਿਆ,
ਮੈਂ ਤੇਰੇ ਬਲਿਹਾਰ ।
39. ਮੁੱਦਤਾਂ ਹੋਈਆਂ ਮਹਿਰਮ ਯਾਰ
ਮੁੱਦਤਾਂ ਹੋਈਆਂ ਮਹਿਰਮ ਯਾਰ,
ਵੇ ਆ ਹੁਣ ਦਰਸ ਦਿਖਾ ।
ਇਸ਼ਕ ਤੇਰੇ ਦੀ ਉਹ ਵਾਹ ਵਡਿਆਈ,
ਤਨ ਮੇਰੇ ਭਾਂਬੜ ਲਾਈ,
ਦਿਤੀਆਂ ਫੂਕ ਜਲਾ,
ਵੇ ਆ ਹੁਣ ਦਰਸ ਦਿਖਾ ।
ਉੱਚੀ ਚੜ੍ਹਕੇ ਮਾਰਾਂ ਚਾਂਗਾਂ,
ਹਿਜ਼ਰ ਤੇਰੇ ਦੀਆਂ ਸੀਨੇ ਸਾਂਗਾਂ,
ਦਿੱਤੜੀ ਸੁਰਤ ਭੁਲਾ,
ਵੇ ਆ ਹੁਣ ਸਾਨੂੰ ਦਰਸ ਦਿਖਾ ।
ਮੁੱਖੜਾ ਤੇਰਾ ਕੁਤਬ ਸਿਤਾਰਾ,
ਦੇਵੀਂ ਸਾਨੂੰ ਆਣ ਨਜ਼ਾਰਾ,
ਪਿਆਰਿਆ ਨਾਮ ਖ਼ੁਦਾ ਦਾ,
ਆ ਹੁਣ ਸਾਨੂੰ ਦਰਸ ਦਿਖਾ ।
ਸੂਲ ਦੁੱਖਾਂ ਨੇ ਪਾਏ ਘੇਰੇ,
ਤੂੰ ਲਟਕੇਂਦਾ ਆ ਵੜ ਵਿਹੜੇ,
ਕਰਸਾਂ ਜਾਨ ਫ਼ਿਦਾ,
ਵੇ ਆ ਹੁਣ ਸਾਨੂੰ ਦਰਸ ਦਿਖਾ ।
ਹਿਜ਼ਰ ਤੇਰੇ ਜਿੰਦ ਜਾਲੀ ਮੇਰੀ,
ਸੂਰਤ ਨਜ਼ਰ ਨਾ ਆਵੇ ਤੇਰੀ,
ਮੈਂ ਰੋਵਾਂ ਕਿਸ ਦਰ ਜਾ,
ਵੇ ਆ ਹੁਣ ਸਾਨੂੰ ਦਰਸ ਦਿਖਾ ।
ਮੀਰਾਂ ਸ਼ਾਹ ਮੈਂ ਪ੍ਰੇਮ ਸਤਾਇਆ,
ਦਿਲ ਪਰ ਬਾਦਲ ਗ਼ਮ ਦਾ ਛਾਇਆ,
ਨੈਣ ਰਹੇ ਝੜ ਲਾ,
ਵੇ ਆ ਹੁਣ ਸਾਨੂੰ ਦਰਸ ਦਿਖਾ ।
40. ਤੁਸੀਂ ਦੇਖੋ ਨਾਜ਼ ਪਿਆਰੇ ਦੇ
ਤੁਸੀਂ ਦੇਖੋ ਨਾਜ਼ ਪਿਆਰੇ ਦੇ,
ਜਗ ਮੋਹਿਆ ਨਾਲ ਨਜ਼ਾਰੇ ਦੇ ।
ਸਾਨੂੰ ਥਾਨ ਮੁਕਾਮ ਨਾ ਦਸਦਾ ਹੈ,
ਖ਼ੁਦ ਹਰ ਹਰ ਜਾ ਵਿਚ ਵੱਸਦਾ ਹੈ,
ਕਿਤੇ ਹੱਸਦਾ ਹੈ ਕਿਤੇ ਨੱਸਦਾ ਹੈ,
ਸਈਓ ਦੇਖੋ ਤੌਰ ਅਵਾਰੇ ਦੇ ।
ਕਿਤੇ ਨਜ਼ਰੋ ਨਜ਼ਰ ਨਿਹਾਲ ਹੋਇਆ,
ਕਿਤੇ ਗੌਂਸ ਕੁਤਬ ਅਬਦਾਲ ਹੋਇਆ,
ਕਿਤੇ ਚਾਕਰ ਹੀਰ ਸਿਆਲ ਹੋਇਆ,
ਕਿਤੇ ਦੇਂਦਾ ਪਤੇ ਹਜ਼ਾਰੇ ਦੇ ।
ਕੇਹਾ ਵਲ ਛਲ ਖੇਲ ਰਚਾਇਆ ਹੈ,
ਸਾਨੂੰ ਇਸ਼ਕ ਅਨੋਖਾ ਲਾਇਆ ਹੈ,
ਲਾ ਅੱਲਾਹ ਇਨਸਾਨ ਸਰ ਮਨਾਇਆ ਹੈ,
ਫੰਦ ਦੇਖੋ ਸੋਹਣੇ ਸਾਰੇ ਦੇ ।
ਕਿਤੇ ਹੱਸ ਹੱਸ ਆ ਗਲ ਲਾਏਂਦਾ,
ਕਿਤੇ ਮੁਖੜਾ ਆਣ ਛੁਪਾਏਂਦਾ,
ਕਿਤੇ ਸਾਨੂੰ ਹਿਜ਼ਰ ਸਤਾਏਂਦਾ,
ਨਹੀਂ ਸੁਣਦਾ ਦੁੱਖ ਦੁਖਿਆਰੇ ਦੇ ।
ਕਿਤੇ ਸ਼ਾਹ ਜੀਲਾਨੀ ਪੀਰ ਹੋਇਆ,
ਕਿਤੇ ਚਿਸ਼ਤੀ ਅਹਿਲ ਫ਼ਕੀਰ ਹੋਇਆ,
ਕਿਤੇ ਮੈਂ ਵੀ ਦਾਮਨਗੀਰ ਹੋਇਆ,
ਵਿੱਚ ਜਾਕੇ ਹਸ਼ਰ ਦਿਹਾੜੇ ਦੇ ।
ਜਦ ਮੀਰਾਂ ਸ਼ਾਹ ਫ਼ਹਿਮੀਦ ਹੋਈ,
ਮੁੱਖ ਮੁਰਸ਼ਦ ਵਿੱਚ ਦੀਦ ਹੋਈ,
ਜਾਂ ਦੀਦ ਹੋਈ ਤਾਂ ਈਦ ਹੋਈ,
ਅੱਜ ਜਾਗੇ ਭਾਗ ਨਿਕਾਰੇ ਦੇ ।
41. ਮੇਰੇ ਨੈਣ ਪੀਆ ਸਿਉਂ ਲਗੇ
ਮੇਰੇ ਨੈਣ ਪੀਆ ਸਿਉਂ ਲਗੇ,
ਵਿਸਰ ਗਈ ਲਾਜ ਸ਼ਰਮ ।
ਮੈਂ ਜੱਟੀ ਤਾਕ ਨਿਖੁੱਟੜੀ,
ਵਹਿਮ ਖ਼ਿਆਲ ਪਲਕ ਵਿਚ ਤਿੜੇ,
ਉੱਠ ਗਿਆ ਸਾਰਾ ਭਰਮ,
ਵਿਸਰ ਗਈ ਲਾਜ ਸ਼ਰਮ ।
ਚਾਰ ਨੈਣਾਂ ਦੀ ਹੋਈ ਲੜਾਈ,
ਹਸਤੀ ਮੇਰੀ ਫੂਕ ਜਲਾਈ,
ਦੇਖੋ ਨੈਣਾਂ ਦਾ ਸਿਤਮ,
ਵਿਸਰ ਗਈ ਲਾਜ ਸ਼ਰਮ ।
ਨੈਣ ਦਿਖਾਏ ਗਿਆ ਚਮਕਾਰੇ,
ਮੈਂ ਕੋਹਤੂਰ ਨੈਣਾਂ ਤੋਂ ਵਾਰੇ,
ਦਿਲ ਤੋਂ ਖੋਇਆ ਹੈ ਗ਼ਮ,
ਵਿਸਰ ਗਈ ਲਾਜ ਸ਼ਰਮ ।
ਪ੍ਰੇਮ ਬਿਨਾ ਮੈਨੂੰ ਮੈਂ ਅੰਧੇਰਾ,
ਨੈਣ ਲੱਗੇ ਤਾਂ ਯਾਰ ਪਛਾਤਾ,
ਮੈਂ ਸਮਝੇ ਰਾਜ਼ ਅਹਿਮ,
ਵਿਸਰ ਗਈ ਲਾਜ ਸ਼ਰਮ ।
ਮੈਂ ਘੋਲੀ ਮੇਰੀ ਜਾਨ ਸਦਕੜੇ,
ਯਾਰ ਦਿਖਾਏ ਨੈਣ ਚਮਕੜੇ,
ਹੋਇਆ ਅੱਲਾਹ ਦਾ ਕਰਮ,
ਵਿਸਰ ਗਈ ਲਾਜ ਸ਼ਰਮ ।
ਨੈਣ ਨੈਣਾਂ ਦਾ ਖੁਲ੍ਹਿਆ ਪਰਦਾ,
ਹੁਣ ਬੋਲਣ ਨੂੰ ਚਿਤ ਨਹੀਂ ਕਰਦਾ,
ਉਸਦੇ ਨੈਣਾਂ ਦੀ ਕਸਮ,
ਵਿਸਰ ਗਈ ਲਾਜ ਸ਼ਰਮ ।
ਵਾਹ ਵਾਹ ਸਾਡੇ ਭਾਗ ਚੰਗੇਰੇ,
ਮੀਰਾਂ ਸ਼ਾਹ ਅੱਜ ਆਏ ਵਿਹੜੇ,
ਯਾਰ ਸੋਹਣੇ ਦੇ ਕਦਮ,
ਵਿਸਰ ਗਈ ਲਾਜ ਸ਼ਰਮ ।
42. ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਐਸਾ ਨਾਜ ਨਿਆਜ਼ ਦਿਖਾਇਆ,
ਕਰ ਉਹਲਾ ਮੁੱਖ ਦਿਲ ਭਰਮਾਇਆ,
ਪਾਏ ਪ੍ਰੇਮ ਬਖੇੜੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਵਾਹ ਪਿਆਰਿਆ ਬੇਪ੍ਰਵਾਹੀਆਂ,
ਕੋਲ ਵਸੇ ਤਾਂ ਕਰੇ ਜੁਦਾਈਆਂ,
ਮੈਂ ਸੰਝ ਸਵੇਰੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਅੱਵਲ ਆਖ਼ਰ ਬਾਤਨ ਜ਼ਾਹਰ,
ਤੇਰੇ ਤੋਂ ਮੈਂ ਮੂਲ ਨਾ ਬਾਹਰ,
ਖ਼ਾਸ ਦਿਲਾਂ ਵਿਚ ਡੇਰੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਜਾਂ ਆਦਮ ਦਾ ਰੂਪ ਬਣਾਇਆ,
ਅੰਸ਼ ਮਲਾਇਕ ਸੀਸ ਨਿਵਾਇਆ,
ਬਿਰਲਾ ਸੁਘੜ ਨਿਖੇੜੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਮੈਂ ਬਰਦੀ ਤੂੰ ਸਾਹਿਬ ਸਾਡਾ,
ਵੱਸੇ ਨੇੜੇ ਰਹੇ ਦੁਰਾਡਾ,
ਇਹ ਦੁੱਖ ਕੌਣ ਨਿਬੇੜੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਜਾਂ ਸਤਿਗੁਰ ਨੇ ਭਰਮ ਚੁਕਾਇਆ,
ਮੈਂ ਨਿਕਲੀ ਤਾਂ ਮਨ ਵਿੱਚ ਪਾਇਆ,
ਮੁਕ ਗਏ ਝਗੜੇ ਝੇੜੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
ਮੀਰਾਂ ਸ਼ਾਹ ਮੈਂ ਮਰ ਕੇ ਮੋਈ,
ਜਾਂ ਸਾਬਰ ਦੀ ਰਹਿਮਤ ਹੋਈ,
ਮੈਂ ਕੀਤੀ ਦੂਰੋਂ ਨੇੜੇ,
ਹੁਣ ਮੈਂ ਮੋਹੀਆਂ ਵੇ ਨਾਜ਼ ਤੇਰੇ ਨੇ ।
43. ਤਾਂਘ ਨਜ਼ਾਰੇ ਦੀ ਸੁਣ ਪਿਆਰੇ ਮੀਆਂ ਵੇ
ਤਾਂਘ ਨਜ਼ਾਰੇ ਦੀ ਸੁਣ ਪਿਆਰੇ ਮੀਆਂ ਵੇ,
ਸਾਨੂੰ ਤੁਹਾਡੀ ਹਰਦਮ ਰਹਿੰਦੀ,
ਤਾਂਘ ਨਜ਼ਾਰੇ ਦੀ ।
ਦੇਸ਼ ਪੀਆ ਦੇ ਜੇ ਕੋਈ ਜਾਵੇ,
ਨਾਮ ਖ਼ੁਦਾ ਦੇ ਖ਼ਬਰ ਲਿਆਵੇ,
ਸੋਹਣੇ ਸਾਰੇ ਦੀ ।
ਇਸ਼ਕ ਪੀਆ ਦਾ ਚੈਨ ਨਾ ਦੇਂਦਾ,
ਸ਼ਾਮ ਸੁੰਦਰ ਕਿਤੇ ਸਾਰ ਨਾ ਲੈਂਦਾ,
ਮੈਂ ਦੁਖਿਆਰੇ ਦੀ ।
ਮੁੱਖ ਦੇਖਣ ਬਿਨ ਹੋਈਆਂ ਦੀਵਾਨੀ,
ਸਲੇ ਅਲੀ ਤੇਰਾ ਹੁਸਨ ਨੂਰਾਨੀ,
ਚਮਕ ਸਿਤਾਰੇ ਦੀ ।
ਮੀਰਾਂ ਸ਼ਾਹ ਕਹੋ ਭੀਖ ਪੀਆ ਨੂੰ,
ਦੋਹੀਂ ਜਹਾਨੀ ਲਾਜ ਤੁਸਾਂ ਨੂੰ,
ਮੈਂ ਭਿਖਿਆਰੇ ਦੀ ।
44. ਦਸਿਓ ਕੋਈ ਸੁਘੜ ਸਿਆਣੀ
ਦਸਿਓ ਕੋਈ ਸੁਘੜ ਸਿਆਣੀ,
ਕਬ ਘਰ ਆਵੇਗਾ ਯਾਰ ਮੇਰਾ ।
ਤਾਂਘ ਪੀਆ ਦੀ ਮੈਨੂੰ ਹਰਦਮ ਰਹਿੰਦੀ,
ਸਾਂਗ ਵਿਛੋੜੇ ਦੀ ਮੈਂ ਦਿਲ ਵਿਚ ਸਹਿੰਦੀ,
ਬਿਨ ਦੇਖੇ ਮੈਂ ਹੋਈ ਆਂ ਦੀਵਾਨੀ,
ਕਬ ਘਰ ਆਵੇਗਾ ਯਾਰ ਮੇਰਾ ।
ਮੁੱਦਤਾਂ ਹੋਈਆਂ ਪਿਆਰਾ ਮੂਲ ਨਾ ਆਇਆ,
ਮੈਂ ਦੁਖਿਆਰੀ ਰੋ ਰੋ ਜਨਮ ਗਵਾਇਆ,
ਨਜ਼ਰ ਨਾ ਆਵੇ ਉਸਦੀ ਸ਼ਕਲ ਨੂਰਾਨੀ,
ਕਬ ਘਰ ਆਵੇਗਾ ਯਾਰ ਮੇਰਾ ।
ਜਾ ਕਹੋ ਕੋਈ ਅੰਗ ਸਹੇਲੀ,
ਬਾਝ ਪੀਆ ਦੇ ਮੇਰਾ ਹੋਰ ਨਾ ਬੇਲੀ,
ਆਵਣ ਦੀ ਕੋਈ ਭੇਜ ਨਿਸ਼ਾਨੀ,
ਕਬ ਘਰ ਆਵੇਗਾ ਯਾਰ ਮੇਰਾ ।
ਔਗੁਣ ਵਸਦੀ ਮੇਰਾ ਉਜਰ ਨਾ ਕੋਈ,
ਜੋ ਚਿਤ ਚਾਹੇ ਪੀਆ ਕਰਦਾ ਸੋਈ,
ਲੜ ਲਗੀਆਂ ਦੀ ਕਦਰ ਨਾ ਜਾਣੀ,
ਕਬ ਘਰ ਆਵੇਗਾ ਯਾਰ ਮੇਰਾ ।
ਮੀਰਾਂ ਸ਼ਾਹ ਪੀਆ ਸੋਈਓ ਜਾਣੇ,
ਇਸ ਮਰਨੇ ਤੋਂ ਪਹਿਲੇ ਜੋ ਮਰ ਜਾਵੇ,
ਰਹਿਮ ਕਰੇ ਪਿਆਰਾ ਆਪ ਰਹਿਮਾਨੀ,
ਕਬ ਘਰ ਆਵੇਗਾ ਯਾਰ ਮੇਰਾ ।
45. ਸਈਓ ਤਾਂਘ ਸੱਜਣ ਦੀ ਰਹਿੰਦੀ
ਸਈਓ ਤਾਂਘ ਸੱਜਣ ਦੀ ਰਹਿੰਦੀ,
ਦਰਸ਼ਨ ਦੇਖਣ ਨੂੰ ।
ਜੇ ਸਾਜਨ ਮੇਰੇ ਵਿਹੜੇ ਆਵੇ,
ਜਰਮ ਕਰਮ ਦਾ ਸਭ ਦੁੱਖ ਜਾਵੇ,
ਮੈਂ ਲੱਖ ਲੱਖ ਸ਼ੁਕਰ ਕਰੇਂਦੀ,
ਦਰਸ਼ਨ ਦੇਖਣ ਨੂੰ ।
ਨਾਲ ਸੱਜਣ ਦੇ ਲਈਆਂ ਲਾਵਾਂ,
ਕਿਸਨੂੰ ਦਿਲ ਦਾ ਹਾਲ ਸੁਣਾਵਾਂ,
ਜਾਨ ਜੁਦਾਈਆਂ ਸਹਿੰਦੀ,
ਦਰਸ਼ਨ ਦੇਖਣ ਨੂੰ ।
ਦੇਖੋ ਸਈਓ ਸੱਜਣ ਦੇ ਕਾਰੇ,
ਪਕੜ ਗੁਲਾਮਾਂ ਦਿਲ ਵੱਲ ਮਾਰੇ,
ਜਾਨ ਜੁਦਾਈਆਂ ਸਹਿੰਦੀ,
ਦਰਸ਼ਨ ਦੇਖਣ ਨੂੰ ।
ਸਿਰ ਸਦਕੇ ਤੇ ਜਿੰਦ ਕੁਰਬਾਨੀ,
ਜੇ ਦੇਵੇ ਕੋਈ ਭੇਜ ਨਿਸ਼ਾਨੀ,
ਮੈਂ ਜਾਵਾਂ ਉੱਠਦੀ ਬਹਿੰਦੀ,
ਦਰਸ਼ਨ ਦੇਖਣ ਨੂੰ ।
ਮੀਰਾਂ ਸ਼ਾਹ ਜੇ ਸਾਜਣ ਪਾਵਾਂ,
ਹਾਰ ਸ਼ਿੰਗਾਰ ਅਨੂਪ ਬਣਾਵਾਂ,
ਹੱਥੀਂ ਲਾਵਾਂ ਮਹਿੰਦੀ,
ਦਰਸ਼ਨ ਦੇਖਣ ਨੂੰ ।
46. ਹੋ ਪੀਆ ਘਰ ਆ
ਹੋ ਪੀਆ ਘਰ ਆ,
ਜਿੰਦ ਤਰਸੇ ਤੇਰੇ ਦਰਸ਼ਨ ਨੂੰ ।
ਮੈਂ ਕੀਤੀ ਤੇਰੇ ਇਸ਼ਕ ਦੀਵਾਨੀ,
ਹੈ ਕੋਈ ਤੇਰਾ ਹੋਰ ਨਾ ਸਾਨੀ ਹੋ ਪੀਆ ।
……………………………
ਹਿਜਰ ਤੇਰੇ ਦੀ ਪੀੜ ਘਨੇਰੀ,
ਵਿਸਰ ਗਈ ਸਭ ਸੁੱਧ ਬੁੱਧ ਮੇਰੀ,
ਇਤਨਾ ਨਾ ਤਰਸਾ,
ਹੋ ਪੀਆ ਘਰ ਆ ਜਿੰਦ ਤਰਸੇ ।
ਰੋਜ਼ ਅਜ਼ਲ ਦੇ ਅੱਖੀਆਂ ਲਾਈਆਂ,
ਹੁਣ ਕਿਉਂ ਕਰਦਾ ਯਾਰ ਜੁਦਾਈਆਂ,
ਲਗੀਆਂ ਦੀ ਓੜ ਨਿਭਾਹ,
ਹੋ ਪੀਆ ਘਰ ਆ ਜਿੰਦ ਤਰਸੇ ।
ਮੀਰਾਂ ਸ਼ਾਹ ਜੋ ਮੈਂ ਸੰਗ ਬੀਤੀ,
ਐਸੀ ਨਾਲ ਕਿਸੇ ਨਾ ਕੀਤੀ,
ਦਿਤੀਆਂ ਫੂਕ ਜਲਾ,
ਹੋ ਪੀਆ ਘਰ ਆ ਜਿੰਦ ਤਰਸੇ ।
47. ਪੀਆ ਸਾਨੂੰ ਮੰਦੜੇ ਬੋਲ ਨਾ ਬੋਲ
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ,
ਮੈਂ ਜਾਨ ਕਰਾਂ ਬਲਿਹਾਰ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
ਔਗੁਣਹਾਰੀ ਨਿੱਪਟ ਕਮੀਨੀ,
ਜਾਨ ਸਦਕੜੇ ਮੈਂ ਤੈਂ ਪਰ ਕੀਨੀ,
ਵਰ ਪਾਇਆ ਜਗ ਟੋਲ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
ਤੂੰ ਚਤਰਾ ਮੈਂ ਬਾਲ ਇਆਣੀ,
ਇਸ਼ਕ ਤੇਰੇ ਦੀ ਸਾਰ ਨਾ ਜਾਣੀ,
ਨਿਹੁੰ ਲਾਇਆ ਅਣਭੋਲ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
ਅਲਸਤ ਬਿਰ ਬਿਕਮ ਦੀ ਮਨ ਬੋਲੀ,
ਕਰ ਸਿਜਦਾ ਮੈਂ ਤੈਂ ਪਰ ਘੋਲੀ,
ਕਿਉਂ ਕਰਦਾ ਹੁਣ ਰੋਲ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
ਲਾਹੂਤੇ ਨਾਸੂਤੀ ਹੋਕੇ,
ਉਮਰ ਗਵਾਈਆ ਤੈਂ ਬਿਨ ਰੋ ਕੇ,
ਆਵੀਂ ਅਸਾਡੇ ਕੋਲ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
ਮੀਰਾਂ ਸ਼ਾਹ ਮੈਂ ਲੱਗੜੀ ਦਾਮਨ,
ਕਸਮ ਖ਼ੁਦਾ ਦੇ ਸਾਬਰ ਜ਼ਾਮਨ,
ਤੂੰ ਮੇਰਾ ਹਮਜੋਲ,
ਪੀਆ ਸਾਨੂੰ ਮੰਦੜੇ ਬੋਲ ਨਾ ਬੋਲ ।
48. ਆ ਵੇ ਪੀਆ ਸਾਨੂੰ ਦੇ ਵੇ ਨਜ਼ਾਰਾ
ਆ ਵੇ ਪੀਆ ਸਾਨੂੰ ਦੇ ਵੇ ਨਜ਼ਾਰਾ,
ਮੈਂ ਵਾਰੀ ਨਿੱਤ ਰਹਿੰਦਾ ਦੇਖਣ ਦਾ ਚਾਅ ।
ਇਸ਼ਕ ਤੇਰੇ ਨੇ ਘਾਇਲ ਕੀਤੀ,
ਕਿਸਨੂੰ ਆਖਾਂ ਜੋ ਦਿਲ ਬੀਤੀ,
ਹੋਰ ਕਿਸੇ ਦਾ ਉਜਰ ਨਾ ਚਾਰਾ,
ਮੈਂ ਵਾਰੀ ਆਪੇ ਲਾਈਆਂ ਤੇ ਨਿਭਾਹ ।
ਅਵਗੁਣਹਾਰੀ ਮੇਰਾ ਮਾਣ ਨਾ ਕੋਈ,
ਕਸਮ ਤੇਰੀ ਮੈਂ ਤੇਰੀ ਹੋਈ,
ਨਾਮ ਖ਼ੁਦਾ ਦੇ ਪੀਤ ਨਾ ਤੋੜੀਂ,
ਸਾਡੇ ਨੈਣਾਂ ਦੀ ਨੀਤ ਪਹੁੰਚਾ ।
ਦੋ ਜਗ ਛੱਡ ਕੇ ਮੈਂ ਤੇਰੀ ਹੋਈ,
ਦੀਨ ਮਜ਼ਹਬ ਦੀ ਖ਼ਬਰ ਨਾ ਕੋਈ,
ਨਿੱਪਟ ਕਮੀਨੀ ਮਨੋ ਨਾ ਵਿਸਾਰੀਂ,
ਸਾਨੂੰ ਕਦੇ ਤਾਂ ਲੈ ਗਲ ਲਾ ।
ਮੈਂ ਜੇਹੇ ਬਰਦੇ ਹੋਰ ਘਨੇਰੇ,
ਮੈਂ ਲੱਗੜੀ ਪੀਆ ਦਾਮਨ ਤੇਰੇ,
ਤੂੰ ਹਾਕਮ ਮੈਂ ਰਈਅਤ ਤੇਰੀ,
ਕਦੇ ਮੁੱਖੋਂ ਤਾਂ ਬੋਲ ਜਰਾ ।
ਤੈਂ ਬਿਨ ਮੈਨੂੰ ਚੈਨ ਨਾ ਆਵੇ,
ਮੈਂ ਮਾਰੀ ਤੇਰੇ ਨਿੱਤ ਦੇ ਹਾਵੇ,
ਵਿਚ ਸੀਨੇ ਦੇ ਭੜਕਣ ਭਾਹੀਂ,
ਮੈਂ ਨਿਮਾਣੀ ਨੂੰ ਨਾ ਤਰਸਾ ।
ਮੀਰਾਂ ਸ਼ਾਹ ਦੀ ਆਸ ਪੁਚਾਵੀਂ,
ਨਾਲ ਕਰਮ ਦੇ ਝਾਤੀ ਪਾਵੀਂ,
ਇਹ ਦੁਨੀਆਂ ਦਿਨ ਚਾਰ ਦਿਹਾੜੇ,
ਅਸੀਂ ਫਾਨੀ ਤੂੰ ਆਪ ਬਕਾਅ ।
49. ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ
ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ ।
ਇਸ ਘੁੰਗਟ ਨੇ ਕੀਤੇ ਕਾਰੇ,
ਆਲਮ ਫ਼ਾਜ਼ਲ ਰੋਂਦੇ ਸਾਰੇ,
ਗਏ ਬਤੇਰਾ ਟੋਲ ।
ਹਰਦਮ ਅਪਣਾ ਕਰਮ ਕਮਾਵੀਂ,
ਔਗੁਣ ਮੇਰੇ ਚਿਤ ਨਾ ਲਾਵੀਂ,
ਆ ਵੇ ਅਸਾਡੜੇ ਕੋਲ ।
ਮੁੱਖੜਾ ਤੇਰਾ ਕੁਤਬ ਸਿਤਾਰਾ,
ਖੋਲ੍ਹ ਘੁੰਗਟ ਨੂੰ ਦੇ ਵੇ ਨਜ਼ਾਰਾ,
ਤਨ ਮਨ ਦੇਸਾਂ ਘੋਲ ।
ਦਰਦ ਦੁੱਖਾਂ ਨੇ ਘਾਇਲ ਕੀਤੀ,
ਸ਼ੁਕਰ ਕੀਤਾ ਮੈਂ ਜੋ ਸਿਰ ਬੀਤੀ,
ਤੂੰ ਮੁੱਖੋਂ ਨਾ ਮੰਦੜਾ ਬੋਲ ।
ਮੀਰਾਂ ਸ਼ਾਹ ਮੈਂ ਘੋਲ ਘੁਮਾਈ,
ਰੋਜ਼ ਅਜ਼ਲ ਦੀ ਪੀੜ ਜੋ ਲਾਈ,
ਹੁਣ ਕਿਉਂ ਕਰਦਾ ਰੋਲ ।
50. ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ,
ਮੈਂ ਕੁਚੱਜੜੀ ਨੂੰ ਲੈ ਗਲ ਲਾਵੀਂ ।
ਆਪੇ ਨੈਣ ਨੈਣਾਂ ਨਾਲ ਜੋੜੇ,
ਹੁਣ ਕਿਉਂ ਕਰਦਾ ਤੋੜ ਵਿਛੋੜੇ,
ਮੈਂ ਤੱਤੜੀ ਨੂੰ ਨਾ ਤਰਸਾਵੀਂ,
ਪੀਆ ਜੀ ਤੈਂ ਲਾਈਆਂ ਤਾਂ ਓੜ ਨਿਭਾਵੀਂ ।
ਦੋ ਜਗ ਦੀ ਮੈਂ ਪੀਤ ਭੁਲਾਈ,
ਮਾਂ ਬਾਬਲ ਦੀ ਰੀਤ ਗੁਆਈ,
ਤੂੰ ਤਖ਼ਤ ਹਜ਼ਾਰੇ ਨਾ ਜਾਵੀਂ,
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ ।
ਨਿਹੁੰ ਨਵਾਂ ਨਹੀਂ ਆਦਿ ਕਦੀਮੀ,
ਜੇ ਤੂੰ ਕਰੇਂ ਪੀਆ ਕਰਮ ਕਰੀਮੀ,
ਸਾਨੂੰ ਮਨੋ ਨਾ ਭੁਲਾਵੀਂ,
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ ।
ਤੇਰੇ ਜਿਹਾ ਨਾ ਆਲਮ ਸਾਰੇ,
ਮੈਂ ਮਾਰੀ ਤੇਰੇ ਨਿੱਤ ਦੇ ਹਾਵੇ,
ਬਿਰਹੋਂ ਜਲੀ ਨੂੰ ਨਾ ਜਲਾਵੀਂ,
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ ।
ਮੀਰਾਂ ਸ਼ਾਹ ਮੈਂ ਨਿੱਤ ਦੀ ਬਰਦੀ,
ਹਰ ਦਮ ਸਜਦਾ ਤਹਿਦਿਲ ਕਰਦੀ,
ਔਗੁਣਹਾਰੀ ਦੀ ਆਸ ਪੁਜਾਵੀਂ,
ਜੇ ਤੈਂ ਲਾਈਆਂ ਤਾਂ ਓੜ ਨਿਭਾਵੀਂ ।
51. ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ
ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ,
ਤਰਸ ਰਹੀ ਜਿੰਦ ਤੇਰੇ ਵੇਖਣ ਨੂੰ ।
ਰਾਤ ਦਿਨੇ ਤੇਰਾ ਪੰਧ ਉਡੀਕਾਂ,
ਇਸ਼ਕ ਤੇਰੇ ਨੇ ਲਾਈਆਂ ਲੀਕਾਂ,
ਆਣ ਲਈਂ ਮੇਰੀ ਸਾਰ ਵੇ, ਗਵਾਨੜਾ ਯਾਰ ।
ਜਾਂ ਮੈਂ ਇਕ ਦਿਨ ਗ਼ਾਫ਼ਲ ਥੀਵਾਂ,
ਬਾਬਲ ਦੇਸ ਮੂਲ ਨਾ ਜੀਵਾਂ,
ਵਰਤੇ ਕਹਿਰ ਕਹਾਰ ਵੇ, ਗਵਾਨੜਾ ਯਾਰ ।
ਸਾਂਗ ਹਿਜ਼ਰ ਦੀ ਸੀਨਾ ਸਲਦੀ,
ਲਿਖ ਲਿਖ ਚਿੱਠੀਆਂ ਮੈਂ ਤੈਨੂੰ ਘਲਦੀ,
ਆਣ ਦੇਵੀਂ ਦੀਦਾਰ ਵੇ, ਗਵਾਨੜਾ ਯਾਰ ।
ਆਦਿ ਕਦੀਮੀ ਮੈਂ ਔਗੁਣਹਾਰੀ,
ਜ਼ਾਤ ਤੇਰੀ ਹੈ ਜ਼ਾਤ ਸਤਾਰੀ,
ਤੂੰ ਓੜਕ ਬਖ਼ਸ਼ਣਹਾਰ ਵੇ, ਗਵਾਨੜਾ ਯਾਰ ।
ਜੇ ਤੂੰ ਆਪਣਾ ਕਰਮ ਕਮਾਵੇਂ,
ਚਿਕੜ ਪਈਆਂ ਨੂੰ ਲੈ ਗਲ ਲਾਵੇਂ,
ਕੀ ਇਤਬਾਰ ਸਨਕਾਰ ਵੇ, ਗਵਾਨੜਾ ਯਾਰ ।
ਮੀਰਾਂ ਸ਼ਾਹ ਮੈਂ ਬਿਰਹੋਂ ਮਾਰੀ,
ਖਵਾਜ਼ਾ ਪੀਰ ਕਰੀ ਜੀ ਯਾਰੀ,
ਚਿਸ਼ਤ ਕਮਾਲ ਦੁਆਰ ਵੇ, ਗਵਾਨੜਾ ਯਾਰ ।
ਕਦੇ ਆਵੀਂ ਵੇ ਗਵਾਨੜਾ ਯਾਰ ਮੇਰਾ ।
52. ਆ ਪੀਆ ਲੈ ਸਾਰ ਮੇਰੀ
ਆ ਪੀਆ ਲੈ ਸਾਰ ਮੇਰੀ,
ਸੀਨੇ ਨਾਲ ਲਗਾਕੇ,
ਹੁਣ ਤੂੰ ਸਾਤੋਂ ਕਾਹਨੂੰ ਲੁਕਦਾ,
ਪਹਿਲੇ ਦਾਮਨ ਲਾਕੇ ।
ਜਾਂ ਮੈਂ ਮੁਲਕ ਆਦਮ ਨੂੰ ਆਈ,
ਤੇਰੀ ਤਰਫ਼ ਮੈਂ ਤਾਂਘ ਲਾਈ,
ਸੁਖਨ ਅਕਰਬ ਆਪੇ ਦੱਸੇ,
ਬੈਠਾ ਮੁੱਖ ਛਿਪਾ ਕੇ ।
ਮੈਂ ਕਦੀਮੀ ਬਾਲ ਇਆਣੀ,
ਵਸਲ ਹਿਜ਼ਰ ਦੀ ਸੁੱਧ ਨਾ ਜਾਣੀ,
ਮੈਂ ਤੇਰੇ ਨਾਲ ਪ੍ਰੀਤ ਲਾਈ,
ਪੰਜੇ ਪੀਰ ਮਨਾ ਕੇ ।
ਰਲਕੇ ਸਈਆਂ ਮਾਰਨ ਬੋਲੀ,
ਮੈਂ ਤੇਰੇ ਤੋਂ ਜਾਨ ਹੈ ਘੋਲੀ,
ਹੁਣ ਕਿਉਂ ਕਰਦਾ ਹੈਂ ਜੁਦਾਈਆਂ,
ਆਪੇ ਦਿਲ ਭਰਮਾ ਕੇ ।
ਬਿਰਹੋਂ ਲਾਈ ਸੀਨੇ ਕਾਨੀ,
ਆ ਪੀਆ ਮੈਂ ਹੋਈਆਂ ਦੀਵਾਨੀ,
ਖ਼ਾਕ ਕੀਤੀ ਇਸ਼ਕ ਤੇਰੇ,
ਪਿਆਰਿਆ ਫੂਕ ਜਲਾਕੇ ।
ਮੀਰਾਂ ਸ਼ਾਹ ਚਲ ਭੀਖ ਦੁਆਰੇ,
ਭੇਦ ਆਖਾਂ ਦਿਲ ਦੇ ਸਾਰੇ,
ਪੂਰੇ ਹੋਵਨ ਸਭ ਮੁਤਾਲਬ,
ਉਸਦੇ ਦਰ ਪਰ ਜਾਕੇ ।
53. ਕੁਛ ਨੇਕ ਅਮਲ ਕਰ ਬੈਠ ਕੁੜੇ
ਕੁਛ ਨੇਕ ਅਮਲ ਕਰ ਬੈਠ ਕੁੜੇ,
ਤੈਂ ਦੇਸ ਪਰਾਏ ਜਾਣਾ ਏ ।
ਜਾਂ ਲਾਗੀ ਦਰ ਪਰ ਆਵਣਗੇ,
ਸਭ ਘਰ ਦੇ ਕਾਜ ਰਚਾਵਣਗੇ,
ਜਦ ਪਾ ਡੋਲੀ ਲੈ ਜਾਵਣਗੇ,
ਮੁੜ ਏਥੇ ਫੇਰ ਨਾ ਆਉਣਾ ਏ ।
ਕਰ ਅਪਣਾ ਆਪ ਸਬੂਤ ਕੁੜੇ,
ਬਹਿ ਕੱਤ ਲੈ ਨਿੱਕੜਾ ਸੂਤ ਕੁੜੇ,
ਸਭ ਦਾਜ ਕਰੇ ਮਜਬੂਤ ਕੁੜੇ,
ਜਿਸ ਕਾਰਨ ਤੈਨੂੰ ਚਾਹਣਾ ਏ ।
ਤੈਂ ਜਾਣਾ ਦੇਸ ਬਗਾਨੇ ਨੀ,
ਸਭ ਛੱਡ ਦੇ ਉਜਰ ਬਹਾਨੇ ਨੀ,
ਸੱਸ ਨਣਦਾਂ ਮਾਰਨ ਤਾਅਨੇ ਨੀ,
ਕੀ ਹੋਰ ਕਿਸੇ ਦਾ ਜਾਣਾ ਏ ।
ਉਥੇ ਨਾ ਕੋਈ ਅੰਗ ਸਹੇਲੀ ਹੈ,
ਬਿਨ ਖਾਵੰਦ ਹੋਰ ਨਾ ਬੇਲੀ ਹੈ,
ਇਕ ਤੇਰੀ ਜਾਨ ਇਕੇਲੀ ਹੈ,
ਸਭ ਅਕਲ ਫਿਕਰ ਉੱਠ ਜਾਣਾ ਏ ।
ਸਭ ਸਈਆਂ ਸੁਘੜ ਸੁਚਾਰ ਕੁੜੇ,
ਬਹਿ ਲਾਵਣ ਹਾਰ ਸ਼ਿੰਗਾਰ ਕੁੜੇ,
ਤੇਰਾ ਖੇਡਣ ਨਾਲ ਵਿਹਾਰ ਕੁੜੇ,
ਤੈਂ ਮੂਰਖ ਨਾਰ ਕਹਾਣਾ ਏ ।
ਰਲ ਸਈਆਂ ਤ੍ਰਿੰਜਣ ਲਾਇਆ ਹੈ,
ਜਿਨ ਕੀਤਾ ਦਾਜ ਰੰਗਾਇਆ ਹੈ,
ਤੈਂ ਚਰਖੇ ਤੰਦ ਨਾ ਪਾਇਆ ਹੈ,
ਹੁਣ ਦੱਸ ਕੀ ਨਾਲ ਲੈ ਜਾਣਾ ਏ ।
ਕਿਉਂ ਮੀਰਾਂ ਸ਼ਾਹ ਰੰਗ ਪੀਲਾ ਹੈ,
ਸ਼ਹੁ ਸੁਹਣਾ ਛੈਲ ਛਬੀਲਾ ਹੈ,
ਜਦ ਖ਼ਾਸ ਰਸੂਲ ਵਸੀਲਾ ਹੈ,
ਤੈਂ ਫਿਰ ਕਿਸ ਤੋਂ ਗ਼ਮ ਖਾਣਾ ਏ ।
54. ਜਿਨ੍ਹਾਂ ਨੂੰ ਯਾਰ ਮਿਲੇ
ਜਿਨ੍ਹਾਂ ਨੂੰ ਯਾਰ ਮਿਲੇ,
ਭਾਗ ਉਨ੍ਹਾਂ ਦੇ ਅੱਛੇ ।
ਜਦ ਮੈਂ ਸੀ ਤਾਂ ਦਿਲਬਰ ਨਾ ਸੀ,
ਮੈਂ ਨਿਕਲੀ ਪੀਆ ਸਭ ਘਰ ਬਾਸੇ,
ਖ਼ਸਮ ਮੇਰੇ ਬਸੇ,
ਜਿਨ੍ਹਾਂ ਨੂੰ ਯਾਰ ਮਿਲੇ ।
ਮੈਂ ਤੇ ਮਾਰ ਪਿਛਾਂਹ ਸਿੱਟੀਆਂ,
ਪ੍ਰੇਮ ਨਗਰ ਚੜ੍ਹ ਸੇਜੇ ਸੁਤੀਆਂ,
ਗ਼ੈਰ ਕੋਈ ਨਾ ਦਿੱਸੇ,
ਜਿਨ੍ਹਾਂ ਨੂੰ ਯਾਰ ਮਿਲੇ ।
ਚਾਦਰ ਫੂਕ ਸ਼ਰਮ ਦੀ ਸੇਕੇ,
ਅੱਖੀਆਂ ਖੋਲ੍ਹ ਤਮਾਸ਼ੇ ਦੇਖੇ,
ਰਮਜ਼ੀ ਯਾਰ ਪਰਖੇ,
ਜਿਨ੍ਹਾਂ ਨੂੰ ਯਾਰ ਮਿਲੇ ।
ਸਹੁਰ ਪੀਉਰ ਮਾਰ ਗਵਾਵੇ,
ਸੁਰਤ ਸੁਹਾਗਨ ਸ਼ਹੁ ਚਿਤ ਲਾਵੇ,
ਉਹ ਨਾਰ ਸਦਾ ਸੁਖੀ ਵਸੇ,
ਜਿਨ੍ਹਾਂ ਨੂੰ ਯਾਰ ਮਿਲੇ ।
ਖੋਜਤ ਖੋਜਤ ਉਮਰ ਗਵਾਈ,
ਜਾਂ ਵਿਚ ਘਰ ਦੇ ਝਾਤੀ ਪਾਈ,
ਯਾਰ ਬੁਕਲ ਮਹਿ ਬਸੇ,
ਜਿਨ੍ਹਾਂ ਨੂੰ ਯਾਰ ਮਿਲੇ ।
ਪੜ੍ਹ ਪੜ੍ਹ ਦੇਖ ਕਿਤਾਬਾਂ ਚਾਰੇ,
ਮੀਰਾਂ ਸ਼ਾਹ ਬਿਨ ਸਤਿਗੁਰ ਪਿਆਰੇ,
ਭੇਦ ਕੋਈ ਨਾ ਦੱਸੇ,
ਜਿਨ੍ਹਾਂ ਨੂੰ ਯਾਰ ਮਿਲੇ ।
55. ਵੇ ਗ਼ੁਮਾਨੀ ਚੀਰੇ ਵਾਲੜਿਆ
ਵੇ ਗ਼ੁਮਾਨੀ ਚੀਰੇ ਵਾਲੜਿਆ,
ਵਤਨਾਂ ਨੂੰ ਮੋੜ ਮੁਹਾਰਾਂ ।
ਤੇਰੇ ਚੀਰੇ ਦੇ ਵਾਰੀ ਵੇ ਲਟਕ ਚੰਗੇਰੀ,
ਜਾਂ ਮੈਂ ਦੇਖਾਂ ਵੇ ਸਿਰ ਵਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਮੈਂ ਨਿੱਤ ਮੱਲਿਆ ਬਾਬਲ ਦੁਆਰਾ,
ਤੁਸੀਂ ਵੇ ਚੰਬੇ ਦੀਆਂ ਧਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,
ਮੈਂ ਜਿਹੀਆਂ ਲਾਖ ਹਜ਼ਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਸਾਡੇ ਹਾਣ ਦੀਆਂ ਸਭ ਉੱਠ ਗਈਆਂ,
ਜਿਉਂ ਵੇ ਕੂੰਜਾਂ ਦੀਆਂ ਡਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਔਸੀਆਂ ਪਾਵਾਂ ਤੇ ਕਾਗ ਉਡਾਵਾਂ,
ਆਣ ਲਈਂ ਮੇਰੀਆਂ ਸਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਮੀਰਾਂ ਸ਼ਾਹ ਚਲ ਕਹਿ ਭੀਖ ਪੀਆ ਨੂੰ,
ਤੈਂ ਬਿਨ ਕਿਸ ਦਰ ਜਾ ਪੁਕਾਰਾਂ,
ਵੇ ਗ਼ੁਮਾਨੀ ਚੀਰੇ ਵਾਲੜਿਆ ।
ਵਤਨਾਂ ਨੂੰ ਮੋੜ ਮੁਹਾਰਾਂ ।
56. ਖੋਲ੍ਹ ਘੁੰਗਟ ਨੂੰ ਦੇਖ ਪਿਆਰੇ
ਖੋਲ੍ਹ ਘੁੰਗਟ ਨੂੰ ਦੇਖ ਪਿਆਰੇ,
ਮੈਂ ਤਾਲਬ ਦੀਦਾਰ ਦੀ ਹਾਂ ।
ਇਕ ਪਲ ਦੇ ਮੁੱਖ ਦੇਖਣ ਕਾਰਨ,
ਤੈਂ ਪਰ ਸੌ ਸਿਰ ਵਾਰਦੀ ਹਾਂ ।
ਅੱਵਲ ਆਖਰ ਬਾਤਨ ਤੇਰਾ,
ਜ਼ਾਹਰ ਦੇ ਵਿਚ ਢੂੰਡਾਂ ਕਿਹੜਾ,
ਇਹ ਦੁਨੀਆਂ ਹੈ ਰੈਣ ਬਸੇਰਾ,
ਮੈਂ ਅਗਲੀ ਬਾਤ ਬਚਾਰਦੀ ਹਾਂ ।
ਇਕਨਾ ਹੱਸ ਹੱਸ ਲੈ ਗਲ ਲਾਵੇਂ,
ਇਕਨਾ ਕਰ ਕਰ ਨਾਜ਼ ਦਿਖਾਵੇਂ,
ਮੈਂ ਵੇ ਗਈ ਨੂੰ ਮੁੱਖ ਨਾ ਲਾਵੇਂ,
ਮੈਂ ਨੀਚ ਬੰਦੀ ਕਿਸ ਕਾਰ ਦੀ ਹਾਂ ।
ਸਹੁਰ ਪੀਉਰ ਦੋਨੋ ਖੋਹਕੇ,
ਕੀ ਖੱਟਿਆ ਮੈਂ ਤੇਰੀ ਹੋਕੇ,
ਦਰਸ਼ਨ ਦੇਵੇਂ ਪਾਸ ਖਲੋਕੇ,
ਮੈਂ ਤੈਂ ਵਲ ਬਾਂਹ ਪਸਾਰਦੀ ਹਾਂ ।
ਮੇਰੇ ਨਾਲ ਦੀਆਂ ਸਭ ਸਈਆਂ,
ਨਾਲ ਕੰਤਾਂ ਚੜ੍ਹ ਸੇਜੇ ਪਈਆਂ,
ਔਗੁਣਹਾਰੀ ਮੈਂ ਇਕੱਲੜੀ ਰਹੀਆਂ,
ਰੋ ਰੋ ਆਹੀਂ ਮਾਰਦੀ ਹਾਂ ।
ਨਿਪਟ ਕਮੀਨੀ ਔਗੁਣਹਾਰੀ,
ਹਿਜ਼ਰ ਤੇਰੇ ਦੀ ਹੋਈ ਬੀਮਾਰੀ,
ਆ ਪਿਆਰਿਆ ਹੁਣ ਕਰ ਕਿਛ ਚਾਰਾ,
ਮੈਂ ਆਪਣਾ ਤਨ ਮਨ ਸਾੜਦੀ ਹਾਂ ।
ਮੀਰਾਂ ਸ਼ਾਹ ਚਲ ਦਰਸ਼ਨ ਪਾਵਾਂ,
ਸਿਰ ਸਦਕੇ ਜਿੰਦ ਘੋਲ ਘੁਮਾਵਾਂ,
ਕਰਮ ਕਰੇ ਤਾਂ ਲੈ ਗਲ ਲਾਵਾਂ,
ਮੈਂ ਬਾਂਦੀ ਇਸ ਦਰਬਾਰ ਦੀ ਹਾਂ ।
57. ਵਾਹ ਵਾਹ ਇਸ਼ਕ ਪੀਆ ਦਾ ਜ਼ੋਰ
ਵਾਹ ਵਾਹ ਇਸ਼ਕ ਪੀਆ ਦਾ ਜ਼ੋਰ,
ਮੈਂ ਦਿਲ ਆਇਆ ਕਰਕੇ ਸ਼ੋਰ,
ਟੁੱਟੀ ਅਕਲ ਫਿਕਰ ਦੀ ਡੋਰ,
ਬਾਝੋਂ ਯਾਰ ਨਾ ਸੁੱਝਦਾ ਹੋਰ ।
ਬਿਰਹੁੰ ਬਾਲ ਭੰਬੂਕਾ ਲਾਇਆ,
ਮੇਰਾ ਤਨ ਮਨ ਫੂਕ ਜਲਾਇਆ,
ਕੇਹਾ ਗੁੱਝੜਾ ਤੀਰ ਚਲਾਇਆ,
ਬਾਝੋਂ ਪਿਆਰੇ ਤਲਬ ਨਾ ਹੋਰ ।
ਏਸ ਇਸ਼ਕ ਦੀ ਕਿਆ ਅਸ਼ਨਾਈ,
ਮੈਂ ਤੂੰ ਵਾਲੀ ਸੁਰਤ ਭੁਲਾਈ,
ਪਰ ਇਕ ਸਾਨੂੰ ਰਮਜ਼ ਸੁਝਾਈ,
ਬਾਝੋਂ ਪਿਆਰੇ ਗ਼ੈਰ ਨਾ ਹੋਰ ।
ਦੇਖੋ ਏਸ ਇਸ਼ਕ ਦੇ ਕਾਰੇ,
ਭੁੱਲੇ ਇਲਮ ਕਿਤਾਬਾਂ ਸਾਰੇ,
ਸਭ ਹੀ ਕਰ ਚੁਤਰਾਈ ਹਾਰੇ,
ਵਿਚ ਬਗਲ ਦੇ ਰਹਿੰਦਾ ਚੋਰ ।
ਜਾਂ ਮੈਂ ਆਇਆ ਇਸ਼ਕ ਮੈਦਾਨ,
ਭੁੱਲ ਗਿਆ ਸਭ ਨਾਮੋ ਨਿਸ਼ਾਨ,
ਹੁਣ ਮੈਂ ਪਿਆਰਿਆ ਲਿਆ ਪਛਾਣ,
ਆਪੇ ਲੁਕ ਛਿਪ ਖਿਚਦਾ ਡੋਰ ।
ਮਹਿਲ ਇਸ਼ਕ ਵਿਚ ਤਾੜੀ ਲਾਈ,
ਜਾਤ ਸਫ਼ਾਤ ਨਾ ਰਹੀਆ ਕਾਈ,
ਜਾਂ ਦਿਲ ਅੰਦਰ ਝਾਤੀ ਪਾਈ,
ਆਪੀ ਆਪ ਨਹੀਂ ਕੋਈ ਹੋਰ ।
ਮੀਰਾਂ ਸ਼ਾਹ ਸ਼ਹੁ ਤੋਂ ਬਲਿਹਾਰ,
ਮੇਰੀ ਆਣ ਲਈ ਹੁਣ ਸਾਰ,
ਦਿਲ ਦੇ ਖੋਲ੍ਹੇ ਸਭ ਅਸਰਾਰ,
ਜਦੋਂ ਲਗਾਈ ਇਸ਼ਕ ਟਕੋਰ ।
58. ਬਿਨ ਦਰਸ਼ਨ ਬਹੁਤ ਦਿਨ ਬੀਤੇ
ਬਿਨ ਦਰਸ਼ਨ ਬਹੁਤ ਦਿਨ ਬੀਤੇ,
ਵੇ ਪਿਆਰਿਆ ਆ ਮਿਲ ।
ਭਾਹ ਇਸ਼ਕ ਦੀ ਤਨ ਮਨ ਭੜਕੇ,
ਬਿਰਹੋਂ ਸਾਂਗ ਸੀਨੇ ਵਿਚ ਰੜਕੇ,
ਸੁਖ ਛੱਡ ਅਸਾਂ ਦੁੱਖ ਲੀਤੇ,
ਵੇ ਪਿਆਰਿਆ ਆ ਮਿਲ ।
ਹਿਜ਼ਰ ਤੇਰੇ ਮੇਰੀ ਸੁੱਧ ਬਿਸਰਾਨੀ,
ਤੜਪ ਤੜਪ ਸਾਰੀ ਰੈਣ ਬਿਹਾਨੀ,
ਸਾਡੇ ਨੈਣ ਨੈਣਾਂ ਨਾਲ ਸੀਤੇ,
ਵੇ ਪਿਆਰਿਆ ਆ ਮਿਲ ।
ਸੁਣ ਪਿਆਰਿਆ ਮੈਂ ਹੋਈ ਆਂ ਦੀਵਾਨੀ,
ਲੜ ਲਗਿਆਂ ਦੀ ਤੈਂ ਕਦਰ ਨਾ ਜਾਣੀ,
ਝੂਠੇ ਕੌਲ ਧਰਮ ਕਾਹਨੂੰ ਕੀਤੇ,
ਵੇ ਪਿਆਰਿਆ ਆ ਮਿਲ ।
ਪੁੱਛ ਪੁੱਛ ਹਾਰੇ ਮੈਂ ਵੈਦ ਸਿਆਣੇ,
ਇਸ਼ਕ ਦੇ ਦਾਰੂ ਵਿਰਲਾ ਹੀ ਜਾਣੇ,
ਜਿਨ੍ਹਾਂ ਪ੍ਰੇਮ ਪਿਆਲੇ ਪੀਤੇ,
ਵੇ ਪਿਆਰਿਆ ਆ ਮਿਲ ।
ਅੱਧੜੀ ਰਾਤ ਕੁਵੇਲੜੇ ਵੇਲੇ,
ਢੂੰਡ ਫਿਰੀ ਵਿਚ ਜੰਗਲ ਬੇਲੇ,
ਤੁਸੀਂ ਕਿਨ ਸੌਤਨ ਸੰਗ ਮੀਤੇ,
ਵੇ ਪਿਆਰਿਆ ਆ ਮਿਲ ।
ਮੀਰਾਂ ਸ਼ਾਹ ਚਲ ਸੀਸ ਨਿਵਾਵਾਂ,
ਭੀਖ ਪੀਆ ਨੂੰ ਹਾਲ ਸੁਣਾਵਾਂ,
ਹਮ ਹਾਰੇ ਤੁਮ ਜੀਤੇ,
ਵੇ ਪਿਆਰਿਆ ਆ ਮਿਲ,
ਬਿਨ ਦਰਸ਼ਨ ਬਹੁਤ ਦਿਨ ਬੀਤੇ ।
59. ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ
ਰਲ ਮਿਲ ਚਲੋ ਸਹੇਲੀਓ ਮੇਰੇ ਨਾਲ ਜ਼ਰੂਰ,
ਢੂੰਡ ਲਿਆਈਏ ਢੋਲ ਨੂੰ ਜਿਸਦਾ ਸਭ ਜ਼ਹੂਰ ।
ਇਸ਼ਕ ਅਨੋਖੇ ਢੋਲ ਨੇ ਕੀਤੀ ਚਕਨਾ ਚੂਰ,
ਮੈਂ ਉਹਦੇ ਹਿਜਰ ਫ਼ਿਰਾਕ ਨੇ ਜਾਲੀ ਵਾਂਗ ਕੋਹਤੂਰ ।
ਪਹਿਲੇ ਕੁੰਨ ਫ਼ਯਕੁੰਨ ਤੂੰ ਕੀਤਾ ਢੋਲ ਕਬੂਲ,
ਮੈਂ ਕਲਮਾ ਪੜ੍ਹਿਆ ਜਾਣਕੇ ਉਸਨੂੰ ਪਾਕ ਰਸੂਲ ।
ਵਿਚ ਮਦੀਨੇ ਸ਼ਹਿਰ ਦੇ ਕੀਤਾ ਆਣ ਨਾਜ਼ੂਲ,
ਸਈਓ ਸੱਮੀ ਅੋਗੁਣਹਾਰ ਨੂੰ ਹੋਇਆ ਜ਼ਮਾਲੇ ਹਜ਼ੂਰ ।
ਜਾਂ ਚੜ੍ਹ ਦੇਖਾਂ ਢੋਲ ਨੂੰ ਜਾਂਦਾ ਹੋ ਅਸਵਾਰ,
ਉਹ ਮੈਂ ਵੱਲ ਮੁੱਖ ਨਾ ਮੋੜਦਾ ਕਰਦੀ ਹਾਲ ਪੁਕਾਰ ।
ਸਈਓ ਅਰਸ਼ ਫਰਸ਼ ਦਾ ਬਾਦਸ਼ਾਹ, ਨਬੀਆਂ ਦਾ ਸਰਦਾਰ,
ਉਸੇ ਰਾਤ ਮਿਰਾਜ਼ ਨੂੰ ਜਾਸੀ ਹਾਂ ਬਲਿਹਾਰ ।
ਮੈਂ ਰੋਜ਼ ਉਡੀਕਾਂ ਢੋਲ ਨੂੰ, ਰੋ ਰੋ ਆਹੀਂ ਮਾਰ,
ਕਰਦਾ ਬੇ-ਪ੍ਰਵਾਹੀਆਂ ਮੂਲ ਨਾ ਲੈਂਦਾ ਸਾਰ ।
ਨੀ ਮੈਂ ਜਾਲੀ ਉਸਦੇ ਪ੍ਰੇਮ ਨੇ ਜਾਣੇ ਕੁਲ ਸੰਸਾਰ,
ਸਈਓ ਨਿਪਟ ਕਮੀਨੀ ਜਾਣਕੇ ਦੇਂਦਾ ਨਾ ਦੀਦਾਰ ।
ਸੂਰਤ ਮੇਰੇ ਢੋਲ ਦੀ ਸੂਰਤ ਜ਼ਾਤ ਰਹਿਮਾਨ,
ਉਹੋ ਹੁਸਨ ਕਦੀਮ ਹੈ ਚਮਕੇ ਹਰ ਹਰ ਸ਼ਾਨ ।
ਸਈਓ ਕੀਤਾ ਉਹਲੇ ਆਪ ਨੂੰ ਵਿਚ ਹਜ਼ਰਤ ਇਨਸਾਨ,
ਢੋਲੇ ਦੇ ਇਸ ਨਾਜ਼ ਨੇ ਜਾਲਿਆ ਤਨ ਮਨ ਜਾਨ ।
ਸੁਣਿਓ ਅੰਗ ਸਹੇਲੀਓ ਮੇਰੇ ਦਿਲ ਦੇ ਬੈਨ,
ਬਾਝ ਪਿਆਰੇ ਢੋਲ ਦੇ ਆਵੇ ਮੂਲ ਨਾ ਚੈਨ ।
ਸੀਨੇ ਸਾਂਗ ਫ਼ਿਰਾਕ ਦੀ ਸਲਦੀ ਹੈ ਦਿਨ ਰੈਨ,
ਕੋਈ ਮਿਲਾਵੇ ਢੋਲ ਨੂੰ ਸਿਰ ਦੇਣਾ ਜੇ ਲੈਣ ।
ਮੀਰਾਂ ਸ਼ਾਹ ਮੈਂ ਢੋਲ ਦਾ ਦੇਖਾਂ ਜਾ ਜਮਾਲ,
ਵਿਚ ਅਜਮੇਰ ਸ਼ਰੀਫ਼ ਦੇ ਚਿਸ਼ਤੀ ਪੀਰ ਕਮਾਲ ।
ਹਾਲ ਸੁਣਾਵਾਂ ਰੋਏ ਕੇ ਅਜਿਜ਼ ਨਿਆਜ਼ਾਂ ਨਾਲ,
ਤਾਂਹੀਓਂ ਹੋਵੇ ਢੋਲ ਦਾ ਮੇਰੇ ਨਾਲ ਵਸਾਲ ।
60. ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ,
ਕਦੇ ਆਵੇਂ ਤੈਂ ਪਰ ਵਾਰੀਆਂ ।
ਲਗੀ ਪ੍ਰੀਤ ਕਦੀਮੀ ਪਾਲੀ ਏ,
ਕਾਹਨੂੰ ਮੋਇਆਂ ਦੀ ਜਿੰਦ ਜਾਲੀ ਏ,
ਕਿਹੜੀ ਗੱਲ ਤੋਂ ਮਨੋ ਵਿਸਾਰੀਆਂ,
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ ।
ਸਭੇ ਹੱਸਕੇ ਲੈ ਗਲ ਲਾਈਆਂ,
ਇਕ ਮਹੀਓਂ ਨਿਮਾਣੀ ਬਹਾਲੀਆਂ,
ਹੋਰ ਸੁਖ ਵੱਸਦੀਆਂ ਸਾਰੀਆਂ,
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ ।
ਆਵੀਂ ਰੱਬ ਦੇ ਵਾਸਤੇ ਪਿਆਰਿਆ,
ਤੈਂ ਪਰ ਦੋਨੋ ਜਹਾਨਾ ਨੂੰ ਵਾਰਿਆ,
ਮੈਂ ਵਿਚ ਜੁਦਾਈਆਂ ਮਾਰੀਆਂ,
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ ।
ਕੀਤਾ ਕੌਲ ਨਾ ਪਿਆਰਿਆ ਪਾਲਿਆ,
ਆਵੀਂ ਗੁੱਝੀਆਂ ਰਮਜ਼ਾਂ ਵਾਲਿਆ,
ਸੀਨੇ ਲਾਇਕੇ ਪ੍ਰੇਮ ਕਟਾਰੀਆਂ,
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ ।
ਮੀਰਾਂ ਸ਼ਾਹ ਮੈਂ ਦਾਸ ਕਦੀਮ ਦੀ,
ਤੈਨੂੰ ਕਸਮ ਹੈ ਨਬੀ ਕਰੀਮ ਦੀ,
ਦੇ ਦੀਦਾਰ ਮੈਂ ਹੋਈ ਬਲਹਾਰੀਆਂ,
ਤੇਰੇ ਇਸ਼ਕ ਨੇ ਪਿਆਰਿਆ ਮਾਰੀਆਂ ।
61. ਪਿਆਰਿਆ ਹੋਈਆਂ ਵੇ
ਪਿਆਰਿਆ ਹੋਈਆਂ ਵੇ
ਤੇਰੇ ਨੈਣਾਂ ਤੋਂ ਨਿਸਾਰ ।
ਜਾਂ ਤੈਂ ਲਾਇਆ ਪ੍ਰੇਮ ਨਜ਼ਾਰਾ,
ਪਰਗਟ ਹੋਇਆ ਆਲਮ ਸਾਰਾ,
ਖੁਲ੍ਹ ਗਏ ਸਭ ਅਸਰਾਰ ।
ਕੇਹੇ ਨੈਣਾਂ ਨੇ ਕੀਤੇ ਕਾਰੇ,
ਚਮਕ ਦੇਖਣ ਨੂੰ ਤਰਸਣ ਸਾਰੇ,
ਮੈਂ ਜੇਹੇ ਲਾਖ ਹਜ਼ਾਰ ।
ਜਾਂ ਤੈਂ ਲਾਇਆ ਨੈਣ ਚਮਕੜਾ,
ਇਸ਼ਕ ਅਸਾਨੂੰ ਤਾਹੀਂਓਂ ਲਗੜਾ,
ਤੂੰ ਹੈਂ ਨਿਬਾਰਣ ਹਾਰ ।
ਖੋਲ੍ਹ ਘੁੰਗਟ ਨੂੰ ਦਰਸ ਦਿਖਾ ਵੇ,
ਨਾਲ ਕਰਮ ਦੇ ਨਾ ਤਰਸਾ ਵੇ,
ਮੈਂ ਮੁਰਦੀ ਔਗੁਣਹਾਰ ।
ਕਰਕੇ ਨਾਜ਼ ਤੂੰ ਹੋਇਓਂ ਨਿਰਾਲਾ,
ਅਸੀਂ ਪ੍ਰਦੇਸੀ ਤੂੰ ਦੇਸਾਂ ਵਾਲਾ,
ਲਈਂ ਨਿਮਾਣੀ ਦੀ ਸਾਰ ।
ਮੀਰਾਂ ਸ਼ਾਹ ਕੋਈ ਹੋਰ ਨਹੀਂ ਹੀਲਾ,
ਭੀਖ ਪੀਆ ਦਾ ਖ਼ਾਸ ਵਸੀਲਾ,
ਮੈਂ ਕਰਸਾਂ ਜਾ ਪੁਕਾਰ ।
62. ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ
ਪੀਆ ਦੇ ਮਿਲਣ ਦੀ ਤਾਂਘ ਨੈਣਾਂ ਨੂੰ,
ਰਾਤ ਦਿਨੇ ਨੀ ਸਈਓ ਰਹਿੰਦੀ ।
ਸਾਂਗ ਹਿਜ਼ਰ ਦੀ ਦਿਲ ਦੇ ਅੰਦਰ,
ਮੈਂ ਦੁਖਿਆਰੀ ਨਿਤ ਬਹਿੰਦੀ,
ਕਦੀ ਕਦਾਈਂ ਪਿਆਰਾ ਸੁਪਨੇ ਆਵੇ,
ਮੈਂ ਲੱਖ ਲੱਖ ਸ਼ੁਕਰ ਕਰੇਂਦੀ ।
ਜੇ ਜਾਗਾਂ ਤਾਂ ਪਾਸ ਨਾ ਮੇਰੇ,
ਹਾਲ ਪੁਕਾਰ ਕਰੇਂਦੀ,
ਕਿੰਨ ਸੌਤਨ ਨੇ ਦਿਲ ਭਰਮਾਇਆ,
ਮੈਂ ਪਾਂਧੜੇ ਰੋ ਰੋ ਪੁਛੇਂਦੀ ।
ਦਿਨ ਸਾਰਾ ਸਈਓ ਔਸੀਆਂ ਪਾਵਾਂ,
ਮੈਂ ਖੜੀਆਂ ਰਾਤ ਗਣੇਂਦੀ,
ਸੇਜ ਸੁੰਞੀ ਸਾਨੂੰ ਮੂਲ ਨਾ ਭਾਵੇ,
ਮੈਂ ਨਜ਼ਰ ਨਿਆਜ਼ ਮਨੇਂਦੀ ।
ਲਿਖ ਲੈ ਮੰਦੜੇ ਲੇਖ ਅਸਾਡੇ,
ਮੈਂ ਦੋਸ਼ ਕਿਸੇ ਨਾ ਦੇਂਦੀ,
ਮੀਰਾਂ ਸ਼ਾਹ ਹੁਣ ਕਲੇਰ ਜਾਵਾਂ,
ਮੈਂ ਸਾਬਰ ਸਾਬਰ ਕਹਿੰਦੀ ।
63. ਤਰਸਣ ਅੱਖੀਆਂ ਦਰਸ਼ਨ ਦੇਖਣ ਨੂੰ
ਤਰਸਣ ਅੱਖੀਆਂ ਦਰਸ਼ਨ ਦੇਖਣ ਨੂੰ,
ਆਣ ਦੇਵੀਂ ਦੀਦਾਰ ।
ਜੇ ਪਿਆਰਿਆ ਮੈਂ ਬੁਰੀਆਂ ਮੰਦੀਆਂ,
ਓੜਕ ਮੈਂ ਤੇਰੀ ਬੰਦੀਆਂ,
ਦਿਲ ਤੋਂ ਨਾ ਬਿਸਾਰ ।
ਆਓ ਨੀ ਕੋਈ ਅੰਗ ਸਹੇਲੀ,
ਜਾ ਕਹੋ ਕੋਈ ਸਾਡੇ ਬੇਲੀ,
ਮੈਂ ਕਰਸਾਂ ਜਾਨ ਨਿਸਾਰ ।
ਸਭ ਸਖੀਆਂ ਘਰ ਕੰਤ ਸੁਹਾਵੇ,
ਪੀਤਮ ਸਾਨੂੰ ਮਨ ਨਹੀਂ ਭਾਵੇ,
ਕਰ ਰਹੇ ਯਤਨ ਹਜ਼ਾਰ ।
ਇਸ਼ਕ ਪੀਆ ਦਾ ਵਲ ਵਲ ਘੇਰੇ,
ਹਾਲ ਹਕੀਕਤ ਦਿਲ ਦੀ ਮੇਰੇ,
ਜਾਏ ਕਰੋ ਇਜ਼ਹਾਰ ।
ਸੁਣ ਪਿਆਰਿਆ ਮੈਂ ਆਜ਼ਿਜ਼ ਹੋਈ,
ਕਿਧਰੇ ਮੂਲ ਨਾ ਮਿਲਦੀ ਢੋਈ,
ਬਾਝ ਤੇਰੇ ਦਰਬਾਰ ।
ਮੀਰਾਂ ਸ਼ਾਹ ਚਲ ਭੀਖ ਮਨਾਈਏ,
ਦੀਨ ਦੁਨੀ ਦਾ ਮਤਲਬ ਪਾਈਏ,
ਚਿਸ਼ਤੀ ਹੈ ਸਰਕਾਰ ।
64. ਸਾਨੂੰ ਕਦੇ ਤਾਂ ਮੁੱਖ ਦਿਖਾਵੀਂ
ਸਾਨੂੰ ਕਦੇ ਤਾਂ ਮੁੱਖ ਦਿਖਾਵੀਂ,
ਪੀਆ ਨਿੱਤ ਰਹਿੰਦਾ ਤੇਰਾ ਚਾਅ ।
ਤੈਨੂੰ ਨਬੀ ਕਰੀਮ ਦਾ ਵਾਸਤਾ ਈ,
ਨਿਹੁੰ ਲਾਇਕੇ ਓੜ ਨਿਭਾਅ,
ਪੀਆ ਆਤਸ਼ ਫ਼ਿਰਾਕ ਮੈਂ ਦਿਲ,
ਜਲਾ ਨਾ ਦਿਲ ਜਲਾ ।
ਬਲਬਮ ਰਸੀਦ ਜਾਨੇ ਮਨ,
ਐਨ ਵਕਤੇ ਹਸ਼ਰ ਵਪਾ,
ਤੈਂਡਾ ਭਲਾ ਥੀਵੇ ਸ਼ਾਲਾ ਕਦੇ ਵੇਖੇ,
ਰੋ ਰੋ ਕੂਕਦੀ ਘਤ ਖਾਹ ।
ਮੋਰੇ ਨੈਣਾਂ ਮੇਂ ਨੀਂਦ ਨਾ ਆਵਤ ਹੈ,
ਤੋਰੇ ਪੀਆ ਪੜੂੰ ਚਿਤ ਲਾ,
ਵਲ ਸ਼ਮਸ਼ ਵਾਉਲ ਕਮਰ ਹੈ,
ਰੁਖ ਨੂਰ ਸਲ ਅੱਲਾਹ ।
ਖ਼ਵਾਜਾ ਗਾਨ ਦੀ ਗੋਲੜੀ ਮੁੱਢ ਦੀਆਂ,
ਫਿਕਰ ਨਾ ਦੇਵੋ ਵਲਾ,
ਮੀਰਾਂ ਸ਼ਾਹ ਨੂੰ ਆਸ ਕਦੀਮ ਦੀ,
ਪੀਆ ਸ਼ੌਕ ਦਾ ਜਾਮ ਪਿਲਾ ।
65. ਤੇਰੀ ਮੇਰੀ ਪ੍ਰੀਤ ਪੁਰਾਣੀ
ਤੇਰੀ ਮੇਰੀ ਪ੍ਰੀਤ ਪੁਰਾਣੀ,
ਸੋ ਜਾਣੇ ਜੋ ਸੁਘੜ ਸਿਆਣੀ,
ਜਿਨ ਲਗੜੀ ਬਿਰਹੋਂ ਦੀ ਵਾ,
ਵੇ ਬੀਬਾ ਤੇਰੀ ਬੰਦੀਆਂ,
ਤੂੰ ਤਾਂ ਆਪਣਾ ਕਰਮ ਕਮਾਅ,
ਵੇ ਬੀਬਾ ਤੇਰੀ ਬੰਦੀਆਂ ।
ਇਸ਼ਕ ਤੇਰਾ ਦਿਨ ਰੈਣ ਸਤਾਵੇ,
ਡਿਠਿਆਂ ਬਾਝੋਂ ਚੈਨ ਨਾ ਆਵੇ,
ਮੈਂ ਰਹੀ ਆਂ ਮਨ ਸਮਝਾ,
ਵੇ ਬੀਬਾ ਤੇਰੀ ਬੰਦੀਆਂ ।
ਮੈਂ ਜੇਹੀਆਂ ਕਈ ਨੀਚ ਨਿਕਾਰੇ,
ਤੈਂ ਜੇਹਾ ਨਹੀਂ ਆਲਮ ਸਾਰੇ,
ਮੈਂ ਡਿੱਠੜਾ ਹਰ ਹਰ ਜਾ,
ਵੇ ਬੀਬਾ ਤੇਰੀ ਬੰਦੀਆਂ ।
ਇਸ਼ਕ ਤੇਰੇ ਨੇ ਘਾਇਲ ਕੀਤੀ,
ਮੁੜ ਪਿਆਰਿਆ ਤੈਂ ਸਾਰ ਨਾ ਲੀਤੀ,
ਐਵੇਂ ਗਈ ਬਿਹਾ,
ਵੇ ਬੀਬਾ ਤੇਰੀ ਬੰਦੀਆਂ ।
ਮੀਰਾਂ ਸ਼ਾਹ ਦੀ ਸ਼ਰਮ ਤੁਸਾਂ ਨੂੰ,
ਦਰਸ਼ਨ ਦੇਵਨ ਆਣ ਅਸਾਂ ਨੂੰ,
ਇਹੋ ਦਿਲ ਵਿਚ ਚਾਅ,
ਵੇ ਬੀਬਾ ਤੇਰੀ ਬੰਦੀਆਂ ।
66. ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ
ਆਵੀਂ ਵੇ ਸੱਜਣ ਕਦੇ ਆ ਗਲੇ ਲਾਵੀਂ,
ਤੇਰੇ ਬਾਝੋਂ ਮੇਰਾ ਕੋਈ ਨਾ ਸਹਾਰਾ ।
ਮੇਰੀਆਂ ਤਰਸਣ ਅੱਖੀਆਂ ਮੁੱਖ ਵੇ ਦੇਖਣ ਨੂੰ,
ਨਾਮ ਅੱਲਾਹ ਦੇ ਸਾਨੂੰ ਦੇਵੀਂ ਵੇ ਨਜ਼ਾਰਾ ।
ਨਿੱਤ ਦੇ ਉਲਾਮੇ ਤੇਰੇ ਸਿਰ ਪਰ ਝੱਲ੍ਹਦੀ,
ਮੈਂ ਨਿਮਾਣੀ ਕੋਈ ਉਜ਼ਰ ਨਾ ਚਾਰਾ ।
ਤੇਰਾ ਇਸ਼ਕ ਅਨੋਖਾ ਸਾਨੂੰ ਚੈਨ ਨਾ ਦੇਂਦਾ,
ਫੂਕ ਜਲਾਇਆ ਮੇਰਾ ਤਨ ਮਨ ਸਾਰਾ ।
ਇਕਨਾ ਦੇ ਨਾਲ ਵੇ ਤੂੰ ਹੱਸਦਾ ਵੇ ਰਹਿੰਦਾ,
ਕਿਸਮਤ ਸਾਡੀ ਤੇਰਾ ਨਿੱਤ ਦਾ ਵੇ ਲਾਰਾ ।
ਮੀਰਾਂ ਸ਼ਾਹ ਚਲ ਅੱਜ ਕਲੇਰ ਨਗਰੇ,
ਜਿਥੇ ਵੇ ਵੱਸੇ ਮੇਰਾ ਸਾਬਰ ਪਿਆਰਾ ।
ਤੂੰ ਆਵੀਂ ਵੇ ਸੱਜਣਾ ।
67. ਲਿਖੀਂ ਨਾਲ ਪਿਆਰ ਦੇ ਕਾਤਬਾ ਵੇ
ਲਿਖੀਂ ਨਾਲ ਪਿਆਰ ਦੇ ਕਾਤਬਾ ਵੇ,
ਚਿੱਠੜੀ ਝੱਬ ਅਸਾਡੇ ਯਾਰ ਦੀ ਜੀ ।
ਲਿਖੀਂ ਬਾਅਦ ਖ਼ਤਾਬ ਅਲਕਾਬ ਮੀਆਂ,
ਸਾਨੂੰ ਸਿੱਕ ਹੈ ਇਕ ਦੀਦਾਰ ਦੀ ਜੀ ।
ਫੇਰ ਬਾਅਦ ਦੁਆ ਸਲਾਮ ਕਹਿਣਾ,
ਲਈਂ ਸਾਰ ਵਿਆਰ ਬਿਮਾਰ ਦੀ ਜੀ ।
ਖੁਲ੍ਹੇ ਵਾਲ ਬਿਹਾਲ ਮੈਂ ਨਾਲ ਗ਼ਮ ਦੇ,
ਉਚੀ ਬੈਠ ਕੇ ਕਾਗ ਉਡਾਰ ਦੀ ਜੀ ।
ਸਾਡੀ ਖ਼ੈਰ ਬਦ-ਖ਼ੈਰ ਨਾ ਮੂਲ ਲਿਖੀਂ,
ਉਹਦੀ ਖ਼ੈਰ ਦੇ ਸ਼ਗਨ ਵਿਚਾਰ ਦੀ ਜੀ ।
ਨਿਹੁੰ ਲਾਕੇ ਫੇਰ ਨਾ ਸਾਰ ਲਈ ਆ,
ਕੋਈ ਗੱਲ ਕਰੀਂ ਇਤਬਾਰ ਦੀ ਜੀ ।
ਭਾਵੇਂ ਜਾਣ ਨਾ ਜਾਣ ਦਿਲਦਾਰ ਮੇਰੇ,
ਤੇਰੇ ਕਦਮਾਂ ਤੋਂ ਸੀਸ ਨੂੰ ਵਾਰ ਦੀ ਜੀ ।
ਮਿਹਣਾ ਜਗ ਜਹਾਨ ਦਾ ਝੱਲਨੀ ਹਾਂ,
ਨਾਲ ਪੀੜ ਵਿਛੋੜੇ ਮਾਰ ਦੀ ਜੀ ।
ਮੈਂ ਤਾਂ ਹਿਜਰ ਫ਼ਿਰਾਕ ਨੇ ਮਾਰ ਸੁੱਟੀ,
ਚਲੇ ਜਾਨ ਮੇਰੀ ਤੈਥੋਂ ਵਾਰ ਸੁੱਟੀ ।
ਤੇਰਾ ਮੁੱਖ ਨੂਰੀ ਸਾਨੂੰ ਖ਼ਾਨਾ ਕਾਅਬਾ,
ਜੇ ਤੂੰ ਆਵੇਂ ਤਾਂ ਯਾਰ ਤੁਆਫ਼ ਕਰ ਲੈ ।
ਮੇਰੇ ਜਹੇ ਗਰੀਬ ਮੁਹਤਾਜ਼ ਦੀ ਜੀ,
ਕੋਈ ਹੋਵੇ ਤਕਸੀਰ ਮੁਆਫ਼ ਕਰ ਲੈ ।
ਕਦੇ ਆਵੀਂ ਵੇ ਦਿਲਬਰਾ ਵਾਸਤਾ ਈ,
ਤੈਨੂੰ ਕਸਮ ਹੈ ਰੱਬ ਗਫ਼ਾਰ ਦੀ ਜੀ ।
ਮੀਰਾਂ ਸ਼ਾਹ ਕਦੀਮ ਦੀ ਗੋਲੜੀ ਹਾਂ
ਪਾਕ ਪਟਨ ਵਾਲੀ ਸਰਕਾਰ ਦੀ ਜੀ ।
68. ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ
ਤੂੰ ਘਰ ਆ ਜਾ ਵੇ ਸ਼ਾਮਾਂ ਮਹਿਕੀਆਂ ।
ਸੇਜ ਸੁੱਤੀ ਨੈਨਣ ਨੀਂਦ ਨਾ ਆਵੇ,
ਤੈਂ ਬਾਝੋਂ ਕੁਝ ਮੂਲ ਨਾ ਭਾਵੇ,
ਮੈਂ ਘਰ ਛੱਡ ਰੋਹੀਆਂ ਮਲੀਆਂ ।
ਸੱਸ ਨਿਣਾਨ ਉਲ੍ਹਾਮਾ ਕਰਦੀ,
ਮੈਂ ਬੋਲਾਂ ਕੁਛ ਮੂਲ ਨਾ ਡਰਦੀ,
ਮੈਂ ਇਸ਼ਕ ਤੇਰੇ ਨੇ ਸਲੀਆਂ ।
ਪਾਂਧੀ ਪੰਡਤ ਰੋਜ਼ ਪੁਛੇਂਦੀ,
ਦੱਸ ਪੀਆ ਦੀ ਮੂਲ ਨਾ ਪੈਂਦੀ,
ਤੈਂ ਖ਼ਬਰਾਂ ਨਾ ਘਲੀਆਂ ।
ਗਲ ਮਾਲਾ ਤਨ ਬਭੂਤ ਰਮਾਕੇ,
ਜੋਗਨ ਵਾਲਾ ਭੇਸ ਵਟਾਕੇ,
ਮੈਂ ਤੈਨੂੰ ਢੂੰਡਣ ਚਲੀਆਂ ।
ਇਕਨਾ ਨੂੰ ਲਾ ਗਲ ਮਾਹੀ ਹੱਸਦਾ,
ਇਕਨਾ ਨੂੰ ਛੱਡ ਪਿੱਛਾਹਾਂ ਨੱਸਦਾ,
ਕਿਉਂ ਕਰਦਾ ਏ ਛਲ-ਛੱਲੀਆਂ ।
ਜਾ ਮਖ਼ਦੂਮ ਅਲਾ-ਉਲ ਦੀਨਾ,
ਦੁੱਖ ਸੁਖ ਹੈ ਪਰ ਜ਼ਾਹਰ ਕੀਨਾ,
ਤੂੰ ਨਜ਼ਰਾਂ ਫੇਰ ਸਵਲੀਆਂ ।
ਹਜ਼ਰਤ ਸ਼ਾਹ ਘੁੜਾਮੀ ਪਿਆਰੇ,
ਰੋਸ਼ਨ ਨਾਮ ਤੇਰਾ ਜਗ ਸਾਰੇ,
ਹੁਣ ਲੈ ਸਾਰ ਵਲਲੀਆਂ ।
ਮੀਰਾਂ ਸ਼ਾਹ ਪੀ ਕਿੰਨ ਗੁਣ ਪਾਵਾਂ,
ਸਾਜਣ ਦੇ ਮਨ ਮੂਲ ਨਾ ਭਾਵਾਂ,
ਮੈਂ ਕੋਝੀ ਰੂਪ ਕਵਲੀਆਂ ।
69. ਤੇਰੇ ਇਸ਼ਕ ਸਤਾਈਆਂ ਪਿਆਰਿਆ ਵੇ
ਤੇਰੇ ਇਸ਼ਕ ਸਤਾਈਆਂ ਪਿਆਰਿਆ ਵੇ,
ਹੁਣ ਲੈ ਸਾਰ ਸੁਦਾਈਆਂ ਪਿਆਰਿਆ ਵੇ ।
ਤੇਰੇ ਸੰਗ ਮੇਰਾ ਨਿਹੁੰ ਚਰੋਕਾ,
ਦਰਸ਼ਨ ਦੇਵੀਂ ਜੀਵਨ ਜੋਗਾ,
ਕਿਉਂ ਆਜ਼ਜ਼ ਤਰਸਾਈਆਂ ਪਿਆਰਿਆ ਵੇ ।
ਕਦੇ ਅਸਾਂ ਵੱਲ ਵਾਗਾਂ ਮੋੜੀਂ,
ਨਾਮ ਖ਼ੁਦਾ ਦੇ ਪੀਤ ਨਾ ਤੋੜੀਂ,
ਯਾਦ ਕਰੀਂ ਜਦ ਲਾਈਆਂ ਪਿਆਰਿਆ ਵੇ ।
ਆਖ ਗਿਆ ਫਿਰ ਮੂਲ ਨਾ ਆਇਆ,
ਕਿਸ ਸੌਤਨ ਨੇ ਦਿਲ ਭਰਮਾਇਆ,
ਮੈਂ ਜਿਸ ਕਾਰਨ ਬਿਸਰਾਈਆਂ ਪਿਆਰਿਆ ਵੇ ।
ਕਦੇ ਅਸਾਂ ਵੱਲ ਫੇਰਾ ਪਾਈਂ,
ਕਸਮ ਖ਼ੁਦਾ ਦੀ ਭੁੱਲ ਨਾ ਜਾਵੀਂ,
ਪ੍ਰਦੇਸ਼ ਦੀਆਂ ਵਸਾਰੀਆਂ ਪਿਆਰਿਆ ਵੇ ।
ਢੂੰਡਾਂ ਤੈਨੂੰ ਦੇਸ ਬਦੇਸਾਂ,
ਗਲ ਵਿੱਚ ਪੱਲੜਾ ਅਰਜ਼ ਕਰੇਸਾਂ,
ਕੀ ਤੇਰੇ ਮਨ ਆਈਆਂ ਪਿਆਰਿਆ ਵੇ ।
ਬਿਰਹੋਂ ਭਾਹ ਪਈ ਤਨ ਭੜਕੇ,
ਸਾਂਗ ਹਿਜ਼ਰ ਦੀ ਸੀਨੇ ਰੜਕੇ,
ਸੁੱਤੜੀਆਂ ਆਣ ਜਗਾਈਆਂ ਪਿਆਰਿਆ ਵੇ ।
ਭੀਖ ਪੀਆ ਮੈਂ ਤੇਰੀ ਚੇਰੀ,
ਲਾਜ ਸ਼ਰਮ ਰਖ ਲੀਜੋ ਮੇਰੀ,
ਤੈਂ ਪਰ ਘੋਲ ਘੁਮਾਈਆਂ ਪਿਆਰਿਆ ਵੇ ।
ਮੀਰਾਂ ਸ਼ਾਹ ਨੂੰ ਇਸ਼ਕ ਸਤਾਇਆ,
ਕਾਮਲ ਪੀਰ ਵਲੀ ਮੈਂ ਪਾਇਆ,
ਜਿਸਨੇ ਚਰਨੀ ਲਾਈਆਂ ਪਿਆਰਿਆ ਵੇ ।
70. ਦਰਸ਼ਨ ਦੇ ਜਾ, ਮੈਂ ਵਾਰੀ ਰਸੀਆ
ਦਰਸ਼ਨ ਦੇ ਜਾ, ਮੈਂ ਵਾਰੀ ਰਸੀਆ ।
ਮਨਮੋਹਨ ਹਮ ਸੰਗ ਕਿਆ ਕੀਨੀ,
ਅੰਚਰਾ ਪਕੜ ਚੁੰਨੜੀਆ ਛੀਨੀ,
ਸਾਸ ਨਣਦ ਮੋਹੇ ਗਾਲੀਆਂ ਦੀਨੀ,
ਸੁਰਤ ਵਿਸਾਰੀ ਮੈਂ ਵਾਰੀ ਰਸੀਆ ।
ਪ੍ਰੀਤਮ ਹਮ ਸੰਗ ਛਲ ਵਲ ਕੀਨਾ,
ਕਰਵਾ ਸੇ ਮਨ ਵੱਸ ਕਰ ਲੀਨਾ,
ਫਿਰ ਮੋਹੇ ਅਪਨਾ ਦਰਸ ਨਾ ਦੀਨਾ,
ਰੋਵਤ ਹਾਰੀ ਮੈਂ ਵਾਰੀ ਰਸੀਆ ।
ਜਬ ਸੇ ਪੀਆ ਪ੍ਰਦੇਸ ਸਧਾਰੇ,
ਢੂੰਡ ਫਿਰੀ ਮੈਂ ਜਮਨਾ ਕਿਨਾਰੇ,
ਚਲੋ ਰੀ ਸਖੀ ਅਬ ਹਰਿ ਕੇ ਦੁਆਰੇ,
ਨਿੱਤ ਭਿਖਾਰੀ ਮੈਂ ਵਾਰੀ ਰਸੀਆ ।
ਜਾਂ ਮੈਂ ਅਪਨਾ ਪੀਤਮ ਪਾਉਂ,
ਸਾਥ ਸਖੀ ਮਿਲ ਮੰਗਲ ਗਾਉਂ,
ਸੀਸ ਪੀਆ ਕੇ ਚਰਨੀ ਲਾਉਂ,
ਹਉਂ ਬਲਹਾਰੀ ਮੈਂ ਵਾਰੀ ਰਸੀਆ ।
ਮੀਰਾਂ ਸ਼ਾਹ ਚਲ ਭੀਖ ਦੁਆਰੇ,
ਕਰ ਕਿਰਪਾ ਮੋਹਿ ਪਾਰ ਉਤਾਰੇ,
ਦਰਸ਼ਨ ਦੇਖਾਂ ਰੀ ਵਣਜਾਰੇ,
ਸਦਾ ਮਤਵਾਰੀ ਮੈਂ ਵਾਰੀ ਰਸੀਆ ।
71. ਸੱਯਦ ਭੀਖ ਕਰੇ ਜਾਂ ਕਿਰਪਾ
ਸੱਯਦ ਭੀਖ ਕਰੇ ਜਾਂ ਕਿਰਪਾ,
ਇਸ਼ਕ ਦਿਲੋਂ ਰਹਿ ਜਾਵੇ,
ਤੈਂ ਸੰਗ ਅੱਖੀਆਂ ਲੱਗੀਆਂ,
ਵੇ ਤੂੰ ਲੁਕ ਨਾ ਰਸੀਆ ।
ਬਾਤਨ ਦੇ ਵਿਚ ਰਮਜ਼ ਚਲਾਵੇਂ,
ਜ਼ਾਹਰ ਆਪਣਾ ਆਪ ਛੁਪਾਵੇਂ,
ਏਸ ਵਿਛੋੜੇ ਨੇ ਫੱਟੀਆਂ,
ਵੇ ਤੂੰ ਲੁਕ ਨਾ ਰਸੀਆ ।
ਇਸ਼ਕ ਤੇਰੇ ਵਿਚ ਲੱਥੀਆ ਲੋਈ,
ਤਾਅਨੇ ਦੇਂਦਾ ਹੈ ਸਭ ਕੋਈ,
ਤੈਨੂੰ ਆਖ ਨਾ ਸਕੀਆਂ,
ਵੇ ਤੂੰ ਲੁਕ ਨਾ ਰਸੀਆ ।
ਤਨ ਮਨ ਜਾਨ ਤੇਰੇ ਤੋਂ ਘੋਲਾਂ,
ਤੇਰੀ ਬੋਲੀ ਤੇ ਮੈਂ ਬੋਲਾਂ,
ਤੈਂ ਸ਼ਰਮਾਂ ਕਿਉਂ ਰੱਖੀਆਂ,
ਵੇ ਤੂੰ ਲੁਕ ਨਾ ਰਸੀਆ ।
ਸੁਖਨ ਅਕਰਬ ਕੋ ਲੈ ਬਸਦਾ,
ਵਫ਼ੀ ਇਨ ਫ਼ਿਕਮ ਹੱਸਦਾ ਰਸਦਾ,
ਆਪੇ ਖ਼ਬਰਾਂ ਦੱਸੀਆਂ,
ਵੇ ਤੂੰ ਲੁਕ ਨਾ ਰਸੀਆ ।
ਜੋ ਕਰਸੇਂ ਸੋ ਸਿਰ ਪਰ ਸਹਿਣਾ,
ਬਾਝੋਂ ਸ਼ੁਕਰ ਨਹੀਂ ਕੁਛ ਕਹਿਣਾ,
ਇਹ ਪੱਤੀਆਂ ਨਹੀਂ ਕੱਚੀਆਂ,
ਵੇ ਤੂੰ ਲੁਕ ਨਾ ਰਸੀਆ ।
ਮੀਰਾਂ ਸ਼ਾਹ ਗੁਰ ਤੋਂ ਬਲਿਹਾਰੀ,
ਬੋਲੇ ਸਰਾਂ ਵਿਚ ਨਾਰੀ,
ਜਿਹੜੀਆਂ ਨਿਹੁੰ ਵਿਚ ਪੱਕੀਆਂ,
ਵੇ ਤੂੰ ਲੁਕ ਨਾ ਰਸੀਆ ।
72. ਦੇਖੋ ਨੀ ਜਾਤ ਇਸ਼ਕ ਦੀ
ਦੇਖੋ ਨੀ ਜਾਤ ਇਸ਼ਕ ਦੀ,
ਜਿਸ ਘਰ ਦੇ ਵਿਚ ਆਵੇ,
ਗੈਬੋਂ ਆਤਸ਼ ਪਕੜ ਚਵਾਤੀ,
ਪਲ ਵਿਚ ਆਣ ਜਲਾਵੇ
ਦੀਨ ਦੁਨੀ ਦੀ ਖ਼ਬਰ ਨਾ ਰਹਿੰਦੀ,
ਬੇਖ਼ੁਦ ਮਸਤ ਬਣਾਵੇ ।
ਅੱਵਲ ਇਸ਼ਕ ਜਾਤ ਨਾ ਹੋਇਆ,
ਕੁਨ ਫ਼ਯਕੁਨ ਕਹਾਇਆ,
ਜੋ ਕੁਛ ਬਾਤਨ ਦੇ ਆਹਾ,
ਪ੍ਰਗਟ ਕਰ ਦਿਖਲਾਇਆ,
ਲੈ ਘੁੰਗਟ ਨੂਰਾਨੀ ਮੁੱਖ ਪਰ,
ਅਹਿਮਦ ਨਾਮ ਦੁਹਰਾਵੇ ।
ਬਿਰਹੋਂ ਚਿਣਗ ਨੱਪੀ ਵਿਚ ਸੀਨੇ,
ਖ਼ਾਬ ਜੁਲੈਖ਼ਾਂ ਆਈ,
ਨਾਜ਼ਾਂ ਵਾਲੀ ਸ਼ਕਲ ਨੂਰਾਨੀ,
ਯੂਸਫ ਦੀ ਦਿਸ ਆਈ,
ਦੇਖਣ ਕਾਰਨ ਹੁਸਨ ਸੱਜਣ ਦਾ,
ਮਰੋੜ ਕੈਦ ਕਰਾਵੇ ।
ਇਸ਼ਕ ਲੈਲਾ ਦਾ ਸ਼ੋਰ ਕਰੇਂਦਾ,
ਜਾਂ ਮਜਨੂੰ ਵਲ ਆਇਆ,
ਬਾਦਸ਼ਾਹੀ ਛੱਡ ਆਜ਼ਜ਼ ਹੋਇਆ,
ਤਨ ਮਨ ਖ਼ਾਕ ਰਲਾਇਆ,
ਕਾਰਨ ਆਪਣੇ ਯਾਰ ਜੰਗਲ ਵਿਚ,
ਸੀਨੇ ਦੱਭ ਜਮਾਵੇ ।
ਇਸ਼ਕ ਸ਼ਰਾਬ ਪਿਆਲਾ ਭਰਕੇ,
ਜਾਂ ਮਨਸੂਰ ਪਿਲਾਇਆ,
ਕਰ ਸ਼ਰਸ਼ਾਰ ਅਨਲਹਕ,
ਉਸਦੇ ਮੁੱਖ ਤੋਂ ਚਾ ਕਹਾਇਆ,
ਫ਼ਾਰਗ ਜਾਤ ਸਫ਼ਾਤੋਂ ਕਰਕੇ,
ਚਾਅ ਸੰਗਸਾਰ ਕਰਾਵੇ ।
ਰਾਂਝਾ ਤਖ਼ਤ ਹਜ਼ਾਰਿਓਂ ਆਇਆ,
ਬਣ ਸੂਰਤ ਮਤਵਾਲੀ,
ਵਹਿਦਤ ਵਾਲੀ ਮੁਰਲੀ ਵਾਹੀ,
ਮੋਹੀ ਹੀਰ ਸਿਆਲੀ,
ਚਾਕਾਂ ਵਾਲੀ ਸ਼ਕਲ ਬਣਾ ਕੇ,
ਮੱਝਾਂ ਚਾਰਨ ਜਾਵੇ ।
ਬਾਝੋਂ ਇਸ਼ਕ ਨਾ ਖਾਲੀ ਕੋਈ,
ਕੀ ਕਮਲੀ ਕੀ ਸਿਆਣੇ,
ਕਿਸੇ ਮਜਾਜ਼ੀ ਕਿਸੇ ਹਕੀਕੀ,
ਅਕਲ ਫਿਕਰ ਉੱਠ ਜਾਵੇ ।
ਇਸ਼ਕ ਅਵਲੜਾ ਮੀਤ ਪੀਆ ਦਾ,
ਦੁੱਖਾਂ ਸੂਲਾਂ ਵਾਲਾ,
ਬਿਨ ਸਿਰ ਦਿੱਤਿਆਂ ਨਾਹੀਂ ਲੱਭਦਾ,
ਗੁੱਝੜਾ ਭੇਦ ਨਿਰਾਲਾ,
ਤਨ ਮਨ ਜਾਨ ਕਰੇ ਕੁਰਬਾਨੀ,
ਪ੍ਰੇਮ ਨਗਰ ਸੁਖ ਪਾਵੇ ।
ਮੀਰਾਂ ਸ਼ਾਹ ਦਰਬਾਰ ਇਲਾਹੀ,
ਅਰਜ਼ ਕਰੇਂਦਾ ਦਾਇਮ,
ਇਸ਼ਕ ਅਸਾਂ ਵਲ ਮੁਰਸ਼ਦ ਵਾਲਾ,
ਰਹੇ ਹਮੇਸ਼ਾ ਕਾਇਮ,
……………………।
73. ਗਏ ਮੀਤ ਪੀਆ ਪ੍ਰਦੇਸ
ਗਏ ਮੀਤ ਪੀਆ ਪ੍ਰਦੇਸ,
ਜੀਆ ਚਲ ਉੱਠ ਚਲੀਏ ।
ਜਹਾਂ ਮੀਤ ਵਸਾਇਓ ਦੇਸ,
ਜੀਆ ਚਲ ਉੱਠ ਚਲੀਏ ।
ਉੱਡ ਰੇ ਕਾਗਾ ਖ਼ਬਰ ਲਿਆਓ,
ਸੀਸ ਪੀਆ ਕੇ ਚਰਨੀ ਲਾਓ,
ਮੁੱਖ ਸੇ ਅਦੇਸ,
ਜੀਆ ਚਲ ਉੱਠ ਚਲੀਏ ।
ਅਲਸਤ ਦੀਆਂ ਜਦੋਂ ਹਮਾਂ ਪਾਈਆਂ,
ਹੋ ਮੁਹਕਮ ਵਿਚ ਅੱਖੀਆਂ ਲਾਈਆਂ,
ਜਦ ਮੈਂ ਬਾਲ ਵਰੇਸ,
ਜੀਆ ਚਲ ਉੱਠ ਚਲੀਏ ।
ਤਨ ਮਨ ਜਾਲ ਬਿਭੂਤ ਰਮਾਉਂ,
ਨਿਸ ਦਿਨ ਸਾਬਰ ਪੀਰ ਮਨਾਉਂ,
ਗਲ ਵਿਚ ਡਾਰੂੰ ਕੇਸ,
ਜੀਆ ਚਲ ਉੱਠ ਚਲੀਏ ।
ਵਹਾਂ ਜਾਉਂ ਜਹਾਂ ਮੀਤ ਪਿਆਰਾ,
ਜਿਹਨੂੰ ਪਰਸੇ ਆਲਮ ਸਾਰਾ,
ਗੰਜ ਸ਼ਕਰ ਦੇ ਦੇਸ,
ਜੀਆ ਚਲ ਉੱਠ ਚਲੀਏ ।
ਮੀਰਾਂ ਸ਼ਾਹ ਸਭ ਮਤਲਬ ਪਾਵਾਂ,
ਜਾਂ ਮੈਂ ਸਤਿਗੁਰ ਭੀਖ ਮਨਾਵਾਂ,
ਕਰ ਜੋਗਨ ਦਾ ਭੇਸ,
ਜੀਆ ਚਲ ਉੱਠ ਚਲੀਏ ।
74. ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ
ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ,
ਕੈਸੇ ਫਾਗ ਮੇਂ ਹੋਰੀ ਖੇਲੂੰਗੀ ।
ਜਹੀ ਦਿਲ ਮੇਂ ਠਨੀ ਕਰੂੰ ਔਰ ਯਤਨ,
ਗਲ ਪਾ ਅਲਫ਼ੀ ਛੋੜੂੰ ਅਪਨਾ ਵਤਨ,
ਜਹਾਂ ਸ਼ਾਮ ਵਸੇ ਵਹਾਂ ਜਾਊਂਗੀ ।
ਐਸੀ ਆਗ ਲਗੀ ਤਨ ਭੀ ਜਲਾ,
ਸੁੱਧ ਬੁੱਧ ਭੀ ਗਈ ਪੀਤਮ ਨਾ ਮਿਲਾ,
ਅਬ ਸਾਬਰ ਕੇ ਦਰ ਜਾਊਂਗੀ ।
ਚਲ ਮੀਰਾਂ ਸ਼ਾਹ ਦਰ ਸਾਬਰ ਦੇ,
ਹੋਰੀ ਵਹਾਂ ਖੇਲੂੰ ਜਹਾਂ ਸ਼ਾਮ ਮਿਲੇ,
ਸਭੀ ਰੰਗ ਬਨਾ ਛੜਕਾਊਂਗੀ ।
75. ਅਬ ਜੇ ਪੀਆ ਮੋਰੇ ਆਂਗਨ ਆਵੇ
ਅਬ ਜੇ ਪੀਆ ਮੋਰੇ ਆਂਗਨ ਆਵੇ,
ਸਾਥ ਸਖੀ ਮਿਲ ਮੰਗਲ ਗਾਊਂ ।
ਸਰਨ ਪਰੂੰ ਔਰ ਤਨ ਮਨ ਵਾਰੂੰ,
ਬੇਨਤੀ ਕਰੂੰ ਮੁੱਖ ਮੈਂ ਮਨਾਊਂ ।
ਪਲ ਪਲ ਛਿਨ ਛਿਨ ਦਰਸ਼ਨ ਕਾਰਨ,
ਮੈਂ ਬਾਉਰੀ ਸ਼ਹੁ ਭੀਖ ਮਨਾਊਂ ।
ਅਗਰ ਚਨਨ ਕੀ ਚਿਖਾ ਬਨਾਊਂ,
ਆਪ ਚੜ੍ਹਉਂ ਤਨ ਬਭੂਤ ਰਮਾਊਂ ।
ਚਲੋ ਰੀ ਸਖੀ ਹਉ ਹਰਿ ਜੀ ਕੇ ਦੁਆਰੇ,
ਕਰ ਜੋਰੂੰ ਪਗ ਸੀਸ ਨਿਵਾਊਂ ।
ਅਬ ਕੇ ਸਮੇਂ ਮੈਂ ਤੋ ਨਣਦ ਸੇ ਚੋਰੀ,
ਅੰਚਰਾ ਪਕੜ ਪੀਆ ਲੈ ਗਲ ਲਾਊਂ ।
ਮੀਰਾਂ ਸ਼ਾਹ ਜਹਾਂ ਮੀਤ ਵਸਤ ਹੈ,
ਜੋਗਨ ਹੋ ਕਰ ਅਬ ਵਹਾਂ ਜਾਊਂ ।
76. ਮੈਂ ਤੋਰੀ ਬਲਿਹਾਰ ਪ੍ਰਭ ਜੀ
ਮੈਂ ਤੋਰੀ ਬਲਿਹਾਰ ਪ੍ਰਭ ਜੀ,
ਮੈਂ ਤੋਰੀ ਬਲਿਹਾਰ ।
ਤੁਮ ਠਾਕਰ ਹਮ ਦਾਸੇ ਤੇਰੇ,
ਤੁਝ ਕਿਰਪਾ ਬਿਨ ਗਤ ਨਹੀਂ ਮੋਰੇ,
ਤੇਰਾ ਨਾਮ ਅਧਾਰ ।
ਤੂੰਹੀਂ ਸਾਹਿਬ ਧਰਤ ਆਕਾਸ਼ਾ,
ਤੇਰਾ ਹਰ ਮੰਦਰ ਮੇਂ ਵਾਸਾ,
ਬਡੋ ਮਹਾਂ ਕਰਤਾਰ ।
ਪ੍ਰਥਮ ਪ੍ਰੇਮ ਅਗਨ ਜਬ ਲਾਗੇ,
ਅਗੰਮ ਖਾਨੇ ਪਰਗਟ ਜਾਗੇ,
ਅਹਿਮਦ ਤਵ ਅਵਤਾਰ ।
ਅੰਧ ਨਗਰ ਜਬ ਦੇਵਤ ਜਾਰਾ,
ਤਬ ਵਹਿਦਤ ਮੋ ਵਜਾ ਨਕਾਰਾ,
ਕੀਨੋ ਸਭ ਸੰਸਾਰ ।
ਤੀਨ ਤਲੋਕੇ ਪੂਜਾ ਕੀਨੇ,
ਦਯਾ ਧਰਮ ਕੀ ਸੋਭਾ ਦੀਨੇ,
ਲੌਲਾਕੇ ਸਰਦਾਰ ।
ਜਿਨ ਲੋਕੋ ਸਤਿਗੁਰ ਕਰ ਮਾਨਾ,
ਹਰ ਮੰਦਰ ਕੀਨੋ ਇਸ਼ਨਾਨਾ,
ਕੀਨੋ ਦੁਖ ਸੁਖ ਹਾਰ ।
ਜੋ ਕਉ ਅਪਨਾ ਆਪ ਪਰੀਖੇ,
ਮਹਾਂ ਮੂਰਤ ਕਾ ਮੇਲਾ ਦੇਖੇ,
ਜੀਤ ਸਦਾ ਨਹੀਂ ਹਾਰ ।
ਆਪ ਮਰੇ ਗੁਰ ਮਾਰਗ ਪਾਵੇ,
ਨਿਸ ਦਿਨ ਪਾਂਚੋ ਚਿਸ਼ਤ ਮਨਾਵੇ,
ਲਗੇ ਭੀਖ ਦੁਆਰ ।
ਮੀਰਾਂ ਸ਼ਾਹ ਕੋ ਅਪਨਾ ਜਾਨੋ,
ਔਗੁਣ ਹਮਰੇ ਮਨ ਕਰ ਮਾਨੋ,
ਤਬ ਨਈਆ ਹੋ ਪਾਰ,
ਪ੍ਰਭੂ ਜੀ ਮੈਂ ਤੋਰੀ ਬਲਿਹਾਰ ਪ੍ਰਭ ਜੀ ।
77. ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ
ਮੋਹੇ ਪੀਆ ਬਿਨ ਪਲਕ ਪਰਤ ਨਾ ਚੈਨ,
ਸਖੀ ਕੌਣ ਸੁਨੇ ਮਨ ਕੇ ਬੈਨ ।
ਪ੍ਰੀਤਮ ਨਾਹੇ ਲਗੇ ਕੋਉ ਪਤੀਆ,
ਜਾ ਕਹੋ ਸਖੀ ਹਮਰੀ ਬਤੀਆ,
ਤਰਸਤ ਹੈ ਦਰਸ਼ਨ ਕੋ ਨੈਨ ।
ਮੀਰਾਂ ਸ਼ਾਹ ਕਛੁ ਬਨ ਨਹੀ ਆਵੇ,
ਘੜੀ ਪਲ ਛਿਨ ਮੋਹੇ ਨੀਂਦ ਨਾ ਆਵੇ,
ਤੜਪ ਤੜਪ ਮੋਹਿ ਸੁਕੇ ਨੈਨ ।
78. ਬਿਨ ਮੋਹਨ ਜੀਅਰਾ ਭਟਕ ਰਹਿਓ ਰੀ
ਬਿਨ ਮੋਹਨ ਜੀਅਰਾ ਭਟਕ ਰਹਿਓ ਰੀ ।
ਮਨਮੋਹਨ ਮਨ ਬਸ ਕਰ ਲੀਨਾ,
ਮਨ ਬਸ ਕਰ ਮੋਹਿ ਦਰਸ਼ਨ ਦੀਨਾ,
ਚਿਤਵਾ ਮਹਿ ਚੋਰਵਾ ਕਟਕ ਰਹਿਓ ਰੀ ।
ਸ਼ਾਮ ਸੁੰਦਰ ਜਬ ਬੀਨ ਬਜਾਈ,
ਵਾ ਕੀ ਧਨਕ ਮੋਰੀ ਸੁੱਧ ਬਿਸਰਾਈ,
ਕਾਨੋ ਮਹਿ ਮੁੰਦਰਾਂ ਲਟਕ ਰਹਿਓ ਰੀ ।
ਸ਼ਾਮ ਬਿਨਾ ਮੋਰਾ ਜੀਅਰਾ ਜਲਤ ਹੈ,
ਰੈਨ ਦਿਨ ਮੋਹਿ ਕਲ ਨਾ ਪਰਤ ਹੈ,
ਛਤੀਆ ਮੇਂ ਸਾਂਸ ਅਟਕ ਰਹਿਓ ਰੀ ।
ਜਾਓ ਰੀ ਸਖੀ ਕੋਉ ਹਰ ਸੰਗ ਰਹੀਓ,
ਇਤਨੀ ਬਿਨਤੀ ਤੁਮ ਹਮਰੀ ਕਹੀਓ,
ਪੀਆ ਬਿਨ ਜਿਉਰਾ ਸਿਸਕ ਰਹਿਓ ਰੀ ।
ਨੈਨਣ ਮੋ ਮੋਰੇ ਜਗਤ ਹਨੇਰਾ,
ਪੀਆ ਕੇ ਮਿਲਨ ਕਾ ਚਾਓ ਘਨੇਰਾ,
ਪਲ ਪਲ ਪਲਕ ਫਰਕ ਰਹਿਓ ਰੀ ।
ਮੀਰਾਂ ਸ਼ਾਹ ਜੀ ਪ੍ਰੀਤਮ ਆਵੇ,
ਰਾਮ ਕਰੇ ਕਹੁ ਦਰਸ ਦਿਖਾਵੇ,
ਮੁੱਖ ਪਰ ਨੂਰ ਚਮਕ ਰਹਿਓ ਰੀ ।
79. ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ
ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ ।
ਕੀ ਕਰਾਂ ਮੈਂਡੀ ਜਿੰਦ ਨਾ ਰਹਿੰਦੀ,
ਕਦੀ ਤਾਂ ਦਰਸ ਦਿਖਾ ।
ਸਾਸ ਨਣਦ ਬੀਪਤ ਕਰ ਖੇਰੀ,
ਦੇਖਣ ਕਾਰਨ ਜਿੰਦ ਤਰਸੇ ਮੇਰੀ,
ਰੋਵਤ ਰੈਣ ਬਿਹਾ ।
ਹੋ ਰਹੇ ਨੈਨ ਨੈਨਾਂ ਦੇ ਬਰਦੇ,
ਪਲ ਛਿਨ ਨਿੱਤ ਦਰਸ਼ਨ ਨੂੰ ਮਰਦੇ,
ਨੈਨੋ ਸੇ ਨੈਨ ਮਿਲਾ ।
ਪੀਤਮ ਕਉ ਜਾਏ ਸੁਨਾਵੇ,
ਤੜਪ ਤੜਪ ਸਾਰੀ ਰੈਨ ਬਿਹਾਵੇ,
ਲਾਈਆਂ ਦੀ ਓੜ ਨਿਭਾ ।
ਮੀਰਾਂ ਸ਼ਾਹ ਮੈਂ ਹਰਦਮ ਚੇਰੀ,
ਖ਼ਾਸ ਗੁਲਾਮ ਕਦੀਮੀ ਤੇਰੀ,
ਜ਼ਾਮਨ ਭੀਖ ਪੀਆ,
ਹੋ ਪੀਆ ਮੈਨੂੰ ਤੇਰੇ ਮਿਲਣ ਦਾ ਚਾਅ ।
80. ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ
ਮੋਹੇ ਪੀਆ ਬਿਨ ਤੜਪਤ ਰੈਨ ਬਿਹਾਵੇ ।
ਲਾਖ ਯਤਨ ਕਰ ਬਹੀਆ ਬਾਉਰੀ,
ਐਸੋ ਚਤਰ ਕਉ ਜਾ ਸੁਨਾਵੇ ।
ਕੌਣ ਸੁਨੇ ਮੋਰੀ ਮਨ ਕੀ ਬਤੀਆ,
ਸੁਲਘੇ ਰੈਨ ਮੋਰੀ ਧੜਕਤ ਛਤੀਆ,
ਸੇਜ ਸੂਨੀ ਮੋਹਿ ਪੀਆ ਡਰ ਪਾਵੇ ।
ਖ਼ਵਾਜਾ ਮਈਓਦੀਨ ਕੇ ਦਰ ਜਾਉਂ
ਸਰਨ ਪਰੂੰ ਔਰ ਸੀਸ ਨਿਵਾਉਂ,
ਅਪਨੇ ਕਰਮ ਸੇ ਧੀਰ ਬੰਧਾਵੇ ।
ਪੀਆ ਕੇ ਦਰਸ਼ਨ ਬਿਨ ਜੀਅ ਤਰਸਤ ਹੈ,
ਮੀਰਾਂ ਸ਼ਾਹ ਪਲ ਕਲ ਨਾ ਪਰਤ ਹੈ,
ਬਹੀਆਂ ਪਕੜ ਮੋਹੇ ਲੈ ਗਲ ਲਾਵੇ ।
81. ਪੁੱਛੋ ਨੀ ਪੀਆ ਮੋਹੇ ਮਗਨ ਕਿਉਂ ਕੀਆ
ਪੁੱਛੋ ਨੀ ਪੀਆ ਮੋਹੇ ਮਗਨ ਕਿਉਂ ਕੀਆ,
ਸੀਸ ਚਰਨ ਧਰ ਤਨ ਮਨ ਦੀਆ ।
ਮਨਮੋਹਨ ਨੇ ਮਨ ਹਰ ਲੀਨਾ,
ਕਿਤ ਔਗੁਣ ਮੋਹਿ ਦਰਸ ਨਾ ਦੀਨਾ,
ਪੀਤ ਕਰਤ ਮਨ ਬਸ ਕਰ ਲੀਆ ।
ਹਾਰ ਸ਼ਿੰਗਾਰ ਕਰਨ ਸਭ ਸਈਆਂ,
ਪੀ ਕਾਰਨ ਮੈਂ ਬੇਕਲ ਬਹੀਆਂ,
ਜਾਏ ਬਦੇਸ ਵਤਨ ਤਜ ਦੀਆ ।
ਕੌਣ ਸੁਨੇ ਮੋਰੇ ਮਨ ਕੀ ਬਤੀਆ,
ਭਰ ਭਰ ਆਵੇ ਹਮਰੀ ਛਤੀਆ,
ਆਗ ਲਗੀ ਤਨ ਤੜਪਤ ਜੀਆ ।
ਬਿਨ ਪੀਤਮ ਮੈਂ ਤੋ ਭਈ ਆਂ ਦੀਵਾਨੀ,
ਸ਼ਾਮ ਪੀਆ ਮੋਰੀ ਕਦਰ ਨਾ ਜਾਣੀ,
ਐਸੇ ਚਤਰ ਕਉ ਖੇਲ ਖਲਈਆ ।
ਮੀਰਾਂ ਸ਼ਾਹ ਪੀਆ ਨਜ਼ਰ ਨਾ ਆਵੇ,
ਹਾਥ ਧਰੂੰ ਕਹੀਂ ਹਾਥ ਨਾ ਆਵੇ,
ਪ੍ਰੇਮ ਨਗਰ ਕੇ ਪਾਸ ਬਸੀਆ ।
82. ਕੈਸੇ ਖੇਲੂੰਗੀ ਫਾਗ ਬਿਨ ਸ਼ਾਮ ਮੋਰੇ
ਕੈਸੇ ਖੇਲੂੰਗੀ ਫਾਗ ਬਿਨ ਸ਼ਾਮ ਮੋਰੇ ।
ਸੁਣੋ ਰੇ ਸਖੀ ਤਨ ਭੜਕਨ ਭਾਹੀਂ,
ਆਈ ਬਸੰਤ ਪੀਆ ਘਰ ਨਾਹੀ,
ਕਮੀਨੇ ਹਮਰੇ ਭਾਗ ।
ਇਤਰ ਅਬੀਰ ਗੁਲਾਲ ਰਲਾਉਂ,
ਜੇ ਪੀਆ ਆਵੇ ਸਭ ਛੜਕਾਉਂ,
ਗਾਉਂ ਮੈਂ ਹੱਸ ਹੱਸ ਰਾਗ ।
ਸਾਸ ਸਦਾ ਬੈਰਨੀਆ ਮੋਰੀ,
ਸਬ ਮੋਰੀ ਚੂੜੀਆਂ ਹਾਥ ਕੀ ਫੋੜੀ,
ਨਣਦ ਕਰਤ ਹੈ ਲਾਡ ।
ਮੀਰਾਂ ਸ਼ਾਹ ਜੇ ਪੀਤਮ ਪਾਵਾਂ,
ਸਾਥ ਸਖੀ ਮਿਲ ਮੰਗਲ ਗਾਵਾਂ,
ਸੋਈਉ ਰੈਨ ਸੁਹਾਗ ।
ਰੇ ਬਿਨ ਸ਼ਾਮ ਪਿਆਰੇ ਕੈਸੇ ਖੇਲੂੰਗੀ ਫਾਗ ।
83. ਮੈਂ ਤੋ ਪਾਇਨ ਪਰਤ ਮਨਾਊਂ
ਮੈਂ ਤੋ ਪਾਇਨ ਪਰਤ ਮਨਾਊਂ,
ਪਿਆਰੇ ਰੁਸੋ ਨਾ ।
ਅਬ ਕੀ ਬਾਰ ਪੀਆ ਜੇ ਮਾਨੇ,
ਮੁਝ ਬਿਰਹਨ ਕੋ ਚੇਰੀ ਜਾਨੇ,
ਤਨ ਮਨ ਘੋਲ ਘੁਮਾਊਂ,
ਪਿਆਰੇ ਰੁਸੋ ਨਾ ।
ਤੁਮ ਬਿਨ ਪਲ ਛਿਨ ਚੈਨ ਨਾ ਆਵੇ,
ਸਹੁਰ ਪੀਅਰ ਮਨ ਨਹੀਂ ਭਾਵੇ,
ਪੀ ਸੰਗ ਬੈਨ ਸੁਣਾਊਂ,
ਪਿਆਰੇ ਰੁਸੋ ਨਾ ।
ਔਰਨ ਕੇ ਸੰਗ ਫਾਗ ਰਚਾਇਓ,
ਸੋਈ ਸੁਹਾਗਨ ਜਿਨ ਚਿਤ ਲਾਇਓ,
ਮੈਂ ਕੈਸੇ ਮਨ ਸਮਝਾਊਂ,
ਪਿਆਰੇ ਰੁਸੋ ਨਾ ।
ਬਾਤਮ ਹਮਰਾ ਮਨ ਚਿਤ ਛੀਨਾ,
ਫਿਰ ਕਿਤ ਔਗੁਣ ਮੁੜ ਤਜ ਦੀਨਾ,
ਤੁਮਰੀ ਦਾਸ ਕਹਾਊਂ,
ਪਿਆਰੇ ਰੁਸੋ ਨਾ ।
ਮੀਰਾਂ ਸ਼ਾਹ ਅਬ ਮਨ ਚਿਤ ਭਾਵੇ,
ਸ਼ਾਮ ਸੁੰਦਰ ਮੋਰੀ ਆਂਗਨ ਆਵੇ,
ਮੈਂ ਅੰਗ ਸੋ ਅੰਗ ਲਗਾਊਂ,
ਪਿਆਰੇ ਰੁਸੋ ਨਾ ।
84. ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਨੂੰ ਮਿਲਿਆ
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਨੂੰ ਮਿਲਿਆ ।
ਕੀਤਾ ਤਨ ਮਨ ਘੋਲ ਘੁਮਾਈਂ, ਮੈਨੂੰ ਮਿਲਿਆ ।
ਜਾਂ ਇਹ ਚਾਕ ਮੇਰੇ ਘਰ ਆਇਆ,
ਦੁੱਖ ਗਿਆ ਸੁੱਖ ਨਜ਼ਰੀਂ ਆਇਆ,
ਅਬਲੀਆਂ ਪਾਗਲ ਬਾਹੀਂ, ਮੈਨੂੰ ਮਿਲਿਆ ।
ਸੋਹਣਾ ਵਿਚ ਸਿਆਲੀਂ ਆਇਆ,
ਸਾਨੂੰ ਜਾਮ ਵਸਲ ਪਿਲਾਇਆ,
ਮੈਂ ਕਰਦੀ ਸ਼ੁਕਰ ਅਦਾਈਂ, ਮੈਨੂੰ ਮਿਲਿਆ ।
ਮਾਹੀ ਸਾਡੇ ਨਾਲ ਜੁ ਹੱਸਦਾ,
ਬਹਿਕੇ ਭੇਦ ਦਿਲਾਂ ਦੇ ਦਸਦਾ,
ਕਰਕੇ ਨਾਜ਼ ਅਦਾਈਂ, ਮੈਨੂੰ ਮਿਲਿਆ ।
ਮੀਰਾਂ ਸ਼ਾਹ ਅਸੀਂ ਕੌਣ ਵਿਚਾਰੇ,
ਭੀਖ ਬਿਨਾ ਕੌਣ ਪਾਰ ਉਤਾਰੇ,
ਮੈਂ ਕਰਦੀ ਸ਼ੁਕਰ ਅਦਾਈਂ, ਮੈਨੂੰ ਮਿਲਿਆ ।
ਕਰਕੇ ਲੰਮੀਆਂ ਬਾਹੀਂ, ਮੈਨੂੰ ਮਿਲਿਆ ।
85. ਮੈਂ ਨਹੀਂ ਮੁੜਦੀ
ਮੈਂ ਨਹੀਂ ਮੁੜਦੀ,
ਮਿਲਣਾ ਮਾਹੀ ਜ਼ਰੂਰ ।
ਮਾਹੀ ਸਾਡਾ ਰੰਗ ਰੰਗੀਲਾ,
ਦੋਹੀਂ ਜਹਾਨੀ ਖ਼ਾਸ ਵਸੀਲਾ,
ਰਹੇ ਦਿਲਾਂ ਦੇ ਹਜ਼ੂਰ ।
ਰਹੋ ਮਾਹੀ ਕੁਛ ਆਖ ਨਾ ਮੈਨੂੰ,
ਐਸ ਗੱਲੋਂ ਕੀ ਹਾਸਲ ਤੈਨੂੰ,
ਮੁੜ ਨਾ ਕੁਫ਼ਰ ਕਸੂਰ ।
ਮੈਂ ਜਹੀਆਂ ਲੱਖ ਹੀਰਾਂ ਹੋਈਆਂ,
ਮਿਲਦਾ ਨਹੀਂ ਬਿਨ ਲੱਥਿਆਂ ਲੋਈਆਂ,
ਵਾਂਗ ਮੀਆਂ ਮਨਸੂਰ ।
ਜਾਂ ਇਹ ਚਾਕ ਸਿਆਲੋਂ ਆਇਆ,
ਜਰਾ ਹੁਸਨ ਮਾਹੀ ਦਾ ਪਾਇਆ,
ਮੈਂ ਜਲ ਗਈ ਵਾਂਗ ਕੋਹਤੂਰ ।
ਮੀਰਾਂ ਸ਼ਾਹ ਚਲ ਹਾਲ ਸੁਨਾਵਾਂ,
ਦੀਨ ਦੁਨੀ ਦਾ ਮਤਲਬ ਪਾਵਾਂ,
ਭੀਖ ਪੀਆ ਦੇ ਹਜ਼ੂਰ ।
86. ਇਸ਼ਕ ਮਾਹੀ ਦੇ ਕੇਹਾ ਸ਼ੋਰ ਮਚਾਇਆ
ਇਸ਼ਕ ਮਾਹੀ ਦੇ ਕੇਹਾ ਸ਼ੋਰ ਮਚਾਇਆ ।
ਜਾਂ ਇਸ ਕਾਹਨ ਦੀ ਮੁਰਲੀ ਵਾਹੀ,
ਸੁੱਤੜੀ ਆਣ ਜਗਾਇਆ,
ਕਾਲੀ ਜ਼ੁਲਫ਼ ਸੋਹੇ ਕੰਨ ਵਾਲਾ,
ਮੁੱਖ ਪਰ ਨੂਰ ਸਵਾਇਆ ।
ਕਮਲੇ ਲੋਕ ਕਰਨ ਬੁਰਿਆਈਆਂ,
ਲੋਕਾਂ ਮਿਹਣਾ ਲਾਇਆ,
ਬਿਰਹੋਂ ਮੇਰੀ ਸੁੱਧ ਬੁੱਧ ਖੋਹੀ,
ਗੁੱਝੜਾ ਤੀਰ ਚਲਾਇਆ ।
ਰਹੋ ਮਾਹੀ ਹੁਣ ਵਰਜ ਨਾ ਮੈਨੂੰ,
ਜਿਨ ਢੂੰਡਿਆ ਤਿਨ ਪਾਇਆ,
ਬਾਬਲ ਖੇੜੀਂ ਕਾਹਨੂੰ ਵਤਿਆ,
ਅਬ ਕੀ ਦਿਲ ਤੇ ਆਇਆ ।
ਦੱਸ ਮਾਹੀ ਹੁਣ ਕੀ ਗੁਣ ਕਰ ਲੈ,
ਲਾਗੀ ਦਰ ਤੇ ਆਇਆ,
ਹਾਰ ਸ਼ਿੰਗਾਰ ਪਿਆ ਭੱਠ ਮੇਰਾ,
ਕਾਹਨੂੰ ਸੀਸ ਗੁੰਦਾਇਆ ।
ਇਥੇ ਉਥੇ ਦੋਹੀਂ ਜਹਾਨੀਂ,
ਮੈਂ ਮਾਹੀ ਦਰ ਪਾਇਆ,
ਕਾਰਣ ਮਾਹੀ ਚਾਕ ਪਿਆਰੇ,
ਖ਼ਵਾਜਾ ਪੀਰ ਮਨਾਇਆ ।
ਜਿਸਦਾ ਲੋਕ ਉਲ੍ਹਾਮਾਂ ਦੇਂਦੇ,
ਉਹੋ ਸਿਰ ਦਾ ਸਾਇਆ,
ਮੀਰਾਂ ਸ਼ਾਹ ਚਲ ਤਖ਼ਤ ਹਜ਼ਾਰੇ,
ਕਿਉਂ ਇਥੇ ਚਿਰ ਲਾਇਆ ।
87. ਦੇਖੋ ਨੀ ਮਾਹੀ ਰੂਪ ਵਟਾਇਆ
ਦੇਖੋ ਨੀ ਮਾਹੀ ਰੂਪ ਵਟਾਇਆ,
ਕਾਰਨ ਹੀਰ ਸਿਆਲ ਸਈਓ ।
ਖੇੜੀਂ ਦਰ ਦਰ ਅਲੱਖ ਜਗਾਇਆ,
ਕਾਰਨ ਹੀਰ ਸਿਆਲ ਸਈਓ ।
ਜੇ ਕੋਈ ਇਸਨੂੰ ਭਿੱਛਿਆ ਪਾਵੇ,
ਪਾਪ ਕੱਟੇ ਬੁੱਧ ਸੁੱਧ ਹੋ ਜਾਵੇ,
ਕਰਕੇ ਸਿਦਕ ਜੋ ਦਰਸ਼ਨ ਪਾਵੇ,
ਸੋਈਓ ਹੋਗ ਨਿਹਾਲ ਸਈਓ ।
ਵਾਹ ਵਾਹ ਉਸਦਾ ਹੁਸਨ ਨੂਰਾਨੀ,
ਕੁਛ ਅਬਦੀ ਕੁਛ ਤੂਰ ਰਹਿਮਾਨੀ,
ਪਾ ਗਲ ਅਲਫ਼ੀ ਉਲ ਨਿਸ਼ਾਨੀ,
ਨਜ਼ਰੋ ਨਜ਼ਰ ਨਿਹਾਲ ਸਈਓ ।
ਆਸ਼ਕ ਹੋਕੇ ਸਿਆਲੀਂ ਆਇਆ,
ਵਹਿਦਤ ਵਾਲਾ ਨਾਦ ਵਜਾਇਆ,
ਤਾਹੀਉਂ ਸਾਡਾ ਦਿਲ ਭਰਮਾਇਆ,
ਮੈਨੂੰ ਉਸਦੀ ਭਾਲ ਸਈਓ ।
ਦੇਖੋ ਉਸਦੀ ਰਮਜ਼ ਨਿਆਰੀ,
ਆਪੇ ਨੂਰੀ ਆਪੇ ਨਾਰੀ,
ਕਦਰ ਬੁਲੰਦ ਬਡਾ ਫੰਦਕਾਰ,
ਹੁੰਦਾ ਮੇਰੇ ਨਾਲ ਸਈਓ ।
ਮੀਰਾਂ ਸ਼ਾਹ ਹੁਣ ਤਨ ਮਨ ਵਾਰਾਂ,
ਮਾਹੀ ਨੇ ਹੁਣ ਲਈਆਂ ਸਾਰਾਂ,
ਨਫ਼ਲ ਪੜ੍ਹਾਂ ਲੱਖ ਸ਼ੁਕਰ ਗ਼ੁਜ਼ਾਰਾਂ,
ਪੁੱਛਦਾ ਸਾਡਾ ਹਾਲ ਸਈਓ ।
88. ਆ ਮਾਹੀ ਸਾਨੂੰ ਦਰਸ ਦਿਖਾ
ਆ ਮਾਹੀ ਸਾਨੂੰ ਦਰਸ ਦਿਖਾ,
ਵੇ ਸਦਕਾ ਮੱਝੀਆਂ ਦਾ ।
ਸਾਂਗ ਹਿਜ਼ਰ ਦੀ ਸੀਨਾ ਸਲਦੀ,
ਮੈਂ ਰੋਜ਼ ਸੁਨੇਹੇ ਲੱਖ ਲੱਖ ਘਲਦੀ,
ਆਣ ਗਲੇ ਲਗ ਜਾ ।
ਤੂੰ ਵੱਸਦਾ ਵਿਚ ਤਖ਼ਤ ਹਜ਼ਾਰੇ,
ਮੈਂ ਨਿੱਤ ਢੂੰਡਾਂ ਆਲਮ ਸਾਰੇ,
ਇਤਨਾ ਫ਼ਰਕ ਨਾ ਪਾ ।
ਫ਼ੀ ਉਨ ਫ਼ਕਮ ਖ਼ੁਦ ਫ਼ਰਮਾਵੇ,
ਜਾਂ ਦੇਖਾਂ ਤਾਂ ਨਜ਼ਰ ਨਾ ਆਵੇ,
ਇਤਨਾ ਨਾ ਤਰਸਾ ।
ਜਿਸ ਦਿਨ ਦੀ ਮੈਂ ਸੁਰਤ ਸੰਭਾਲੀ,
ਦਰ ਤੇਰੇ ਪਰ ਰਹੀ ਸਵਾਲੀ,
ਖ਼ੈਰ ਵਸਲ ਦਾ ਪਾ ।
ਜੇ ਦੇਵੇਂ ਤੂੰ ਆਣ ਦਿਖਾਲੀ,
ਖ਼ਾਕ ਮਝੇਂਦੀ ਕਦਮਾਂ ਵਾਲੀ,
ਸਾਨੂੰ ਖ਼ਾਕ ਸਫ਼ਾ ।
ਕੰਤ ਕਿੰਨ ਜਨ ਮਖ਼ਫ਼ੀ ਹੋਕੇ,
ਮੁਰਲੀ ਵਾਹੀ ਪਾਸ ਖੜੋਕੇ,
ਫਿਰ ਲਈ ਭਰਮਾ ।
ਮੀਰਾਂ ਸ਼ਾਹ ਨਿੱਤ ਭੀਖ ਮਨਾਵਾਂ,
ਸਾਬਰ ਦੇ ਦਰ ਅਰਜ਼ ਸੁਨਾਵਾਂ,
ਬਖ਼ਸ਼ੋ ਸਬਰ ਰਜ਼ਾ ।
89. ਆਇਆ ਕਾਰਨ ਹੀਰ ਸਿਆਲੀ
ਆਇਆ ਕਾਰਨ ਹੀਰ ਸਿਆਲੀ,
ਨੀਂ ਜੋਗੀ ਰਮਜ਼ਾਂ ਵਾਲਾ ।
ਜਿਸ ਰਾਹੋਂ ਇਹ ਜੋਗੀ ਆਇਆ,
ਉਸ ਰਾਹੋਂ ਸਿਰ ਘੋਲ ਘੁਮਾਇਆ,
ਮੈਨੂੰ ਹਰਦਮ ਉਸਦੀ ਭਾਲ,
ਨੀਂ ਜੋਗੀ ਰਮਜ਼ਾਂ ਵਾਲਾ ।
ਮੇਰੀ ਉਸਦੀ ਪੀਤ ਧੁਰਾਂ ਦੀ,
ਦੇਖੋ ਗੁੱਝੜੀ ਖਿਚ ਦਿਲਾਂ ਦੀ,
ਕਿਤੜਾ ਖ਼ਾਕ ਜਮਾਲ,
ਨੀਂ ਜੋਗੀ ਰਮਜ਼ਾਂ ਵਾਲਾ ।
ਤਖ਼ਤ ਹਜ਼ਾਰੇ ਚੁੱਪ ਚਪਾਤਾ,
ਜਾਂ ਅਲਸਤ ਕਿਹਾ ਤਾਂ ਮੈਂ ਜਾਤਾ,
ਜਦ ਆਇਆ ਝੰਗ ਸਿਆਲ,
ਨੀਂ ਜੋਗੀ ਰਮਜ਼ਾਂ ਵਾਲਾ ।
ਹੀਰੇ ਕਾਰਨ ਜੋਗੀ ਹੋਇਆ,
ਲੇਖ ਜੱਟੀ ਦਾ ਜਾਬਰ ਹੋਇਆ,
ਅੱਜ ਆਇਆ ਕਰਨ ਵਸਾਲ,
ਨੀਂ ਜੋਗੀ ਰਮਜ਼ਾਂ ਵਾਲਾ ।
ਮੱਥੇ ਤਿਲਕ ਨੂਰਾਨੀ ਲਾਇਆ,
ਖੇੜਿਆਂ ਨੂੰ ਲਟਕੇਂਦਾ ਆਇਆ,
ਉਹੋ ਇਸ਼ਕ ਕਦੀਮੀ ਚਾਲ,
ਨੀਂ ਜੋਗੀ ਰਮਜ਼ਾਂ ਵਾਲਾ ।
ਚਲੋ ਸਈਓ ਚਲ ਦਰਸ਼ਨ ਪਾਈਏ,
ਨੈਣ ਨਾਲ ਨੈਣਾਂ ਦੇ ਲਾਈਏ,
ਮੈਂ ਹੋਵਾਂ ਦੇਖ ਨਿਹਾਲ,
ਨੀਂ ਜੋਗੀ ਰਮਜ਼ਾਂ ਵਾਲਾ ।
ਮੀਰਾਂ ਸ਼ਾਹ ਚਲ ਹਾਜ਼ਰ ਹੋਵਾਂ,
ਦਿਲ ਤੋਂ ਦਾਗ ਹਿਜ਼ਰ ਦਾ ਧੋਵਾਂ,
ਮੈਂ ਮਿਲਸਾਂ ਲੈ ਗਲ ਨਾਲ,
ਨੀਂ ਜੋਗੀ ਰਮਜ਼ਾਂ ਵਾਲਾ ।
90. ਮੈਂ ਹਿਜ਼ਰ ਪੀਆ ਦੇ ਕੁੱਠੀ
ਮੈਂ ਹਿਜ਼ਰ ਪੀਆ ਦੇ ਕੁੱਠੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
ਬੇਖ਼ੁਦ ਸੁੱਤੀਆਂ ਖੁਆਬ ਅਦਮ ਦੇ,
ਮੁਰਲੀ ਵਾਹੀ ਚਾਕ ਅਗੰਮ ਦੇ,
ਮੈਂ ਜਾਂ ਜਾਗੀ ਤਾਂ ਲੁੱਟੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
ਪੀਆ ਦੇ ਘਰ ਬਾਲ ਇਆਣੀ,
ਮੈਂ ਕੁਛ ਨਿਹੁੰ ਦੀ ਸਾਰ ਨਾ ਜਾਣੀ,
ਮੈਂ ਇਸ਼ਕ ਲਗਾਕੇ ਮੁੱਠੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
ਸੀਨੇ ਲਾ ਸੱਜਣ ਨੂੰ ਸੋਈ,
ਇਕ ਦਮ ਜਾਂ ਮੈਂ ਗਾਫ਼ਲ ਹੋਈ,
ਮੈਂ ਸੇਜ ਸੁਨੀ ਨਾ ਡਿੱਠੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
ਭੁੱਲ ਗਏ ਸਭ ਸਿਆਲ ਨਿਕਾਹੀ,
ਛੱਡ ਗਿਆ ਵਿਚ ਦੇਸ ਬਗਾਨੇ,
ਮੈਂ ਨਾ ਜਾਗੀ ਨਾ ਸੁੱਤੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
ਨਿਪਟ ਕਮੀਨੀ ਆਜ਼ਜ਼ ਹੋਈ,
ਜਿਸ ਘਰ ਕੰਤ ਸੁਹਾਗਨ ਸੋਈ,
ਮੈਂ ਸੂਰਤ ਰੱਜ ਨਾ ਡਿੱਠੀ ।
ਮੀਰਾਂ ਸ਼ਾਹ ਮੈਂ ਇਸ਼ਕ ਸਤਾਈ,
ਭੀਖ ਪੀਆ ਜਦ ਸੀਨੇ ਲਾਈ,
ਤਾਂ ਜਾਨ ਅਜ਼ਾਬੋਂ ਛੁੱਟੀ,
ਕੁੜੇ ਕੋਈ ਦੱਸੇ ਪੀਆ ਦਾ ਦੇਸ ।
91. ਕਦ ਆਵੇ ਮਹਿਰਮ ਯਾਰ ਸਈਓ
ਕਦ ਆਵੇ ਮਹਿਰਮ ਯਾਰ ਸਈਓ,
ਮੇਰੀ ਲਵੇ ਨਿਮਾਣੀ ਦੀ ਸਾਰ ਸਈਓ ।
ਵਾਹ ਵਾਹ ਭਾਗ ਨਸੀਬ ਉਨ੍ਹਾਂ ਦੇ,
ਘਰ ਵਿਚ ਆਵਣ ਕੰਤ ਜਿਨ੍ਹਾਂ ਦੇ,
ਮੰਦੜੇ ਤਾਂ ਸਾਡੇ ਲੇਖ ਧੁਰਾਂ ਦੇ,
ਵਰਤੀ ਵਿਚ ਸੰਸਾਰ ਸਈਓ ।
ਅੱਜ ਕੋਈ ਪਾਸ ਪੀਆ ਦੇ ਜਾਵੇ,
ਪ੍ਰੇਮ ਕਹਾਣੀ ਬੈਠ ਸੁਣਾਵੇ,
ਬਿਨ ਦੇਖੇ ਸਾਨੂੰ ਚੈਨ ਨਾ ਆਵੇ,
ਬਾਝੋਂ ਦਰਸ ਦੀਦਾਰ ਸਈਓ ।
ਜਾ ਕਹੋ ਕੋਈ ਪੀਤਮ ਪਿਆਰੇ,
ਜੋ ਸਰਵਰ ਨੇ ਦੁੱਖ ਸੁਖ ਸਾਰੇ,
ਜੋ ਦੇਵੇ ਸਾਨੂੰ ਪਾਕ ਨਜ਼ਾਰੇ,
ਜਾਨ ਕਰੇ ਬਲਿਹਾਰ ਸਈਓ ।
ਆਤਸ਼ ਇਸ਼ਕ ਨੱਪੀ ਨਿੱਤ ਭੜਕੇ,
ਬਿਰਹੋਂ ਸਾਂਗ ਹਿਜ਼ਰ ਵਿਚ ਰੜਕੇ,
ਹੋਵਾਂ ਤਨ ਮਨ ਕੋਲਾ ਸੜਕੇ,
ਰੋਵਾਂ ਕੂਕ ਪੁਕਾਰ ਸਈਓ ।
ਬੇਦਰਦੀ ਕੁਛ ਦਰਦ ਨਾ ਕੀਤਾ,
ਸੁੱਤੜੀ ਛੱਡ ਗਿਆ ਮਨ ਮੀਤਾ,
ਮੈਂ ਕਮਲੀ ਨੇ ਪੁੱਛ ਨਾ ਲੀਤਾ,
ਕਰਮਾਂ ਵਰਤੀ ਹਾਰ ਸਈਓ ।
ਜੋ ਕੁਛ ਸਾਡੇ ਸਿਰ ਪਰ ਬੀਤੀ,
ਐਸੀ ਨਾਲ ਕਿਸੇ ਨਾ ਕੀਤੀ,
ਨਾਲ ਕਰਮ ਦੇ ਸਾਰ ਨਾ ਲੀਤੀ,
ਦਿੱਤੀਆਂ ਮਨੋ ਵਿਸਾਰ ਸਈਓ ।
ਮੀਰਾਂ ਸ਼ਾਹ ਅਸੀਂ ਕੌਣ ਵਿਚਾਰੇ,
ਆਲਮ ਫ਼ਾਜ਼ਲ ਦੇਂਦੀ ਸਾਰੇ,
ਹਰ ਪੈਗ਼ੰਬਰ ਢੋਰਨਹਾਰ,
ਛੱਡ ਗਏ ਘਰ ਬਾਹਰ ਸਈਓ ।
92. ਪਿਆਰੇ ਛੱਡ ਦੁਨੀਆਂ ਦਾ ਮਾਣਾ
ਪਿਆਰੇ ਛੱਡ ਦੁਨੀਆਂ ਦਾ ਮਾਣਾ,
ਮੇਲਾ ਦਮ ਦਾ ਈ ।
ਇਹ ਜਗ ਫ਼ਾਨੀ ਸਮਝ ਪਿਆਰੇ,
ਛੱਡ ਦੇਵੀਂ ਸਭ ਕੂੜ ਪਸਾਰੇ,
ਓੜਕ ਖ਼ਾਕ ਸਮਾਣਾ,
ਮੇਲਾ ਦਮ ਦਾ ਈ ।
ਛੋੜ ਖ਼ੁਦੀ ਬੇਖ਼ੁਦ ਹੋ ਜਾਵੀਂ,
ਗੁਰ ਦਾ ਕਹਿਣਾ ਦਿਲ ਵਿਚ ਲਾਵੀਂ,
ਜੋ ਤੇਰੇ ਕੰਮ ਆਵਣਾ,
ਮੇਲਾ ਦਮ ਦਾ ਈ ।
ਭਰਮ ਭੁਲਾਇਆ ਫਿਰੇ ਅੰਧੇਰੀ,
ਵਹਿਮ ਖ਼ਿਆਲ ਦੀ ਛੱਡੇਂ ਝੇੜੀ,
ਦਿਲਬਰ ਦੇ ਵਿਚ ਪਾਵਣਾ,
ਮੇਲਾ ਦਮ ਦਾ ਈ ।
ਛੱਡ ਗਫ਼ਲਤ ਕੁਛ ਅਮਲ ਕਮਾਵੀਂ,
ਤਾਂ ਮੁੱਖ ਲੈ ਕਰ ਸ਼ਹੁ ਦੇ ਆਵੀਂ,
ਇਕ ਦਿਨ ਤੈਂ ਮਰ ਜਾਣਾ,
ਮੇਲਾ ਦਮ ਦਾ ਈ ।
ਆਪ ਮਰੇ ਤਾਂ ਸਭ ਜਗ ਮਾਰੇ,
ਆਪ ਹਰੇ ਹਰ ਨਾਥ ਵਿਸਾਰੇ,
ਮੁੜਕੇ ਫੇਰ ਨਾ ਆਵਣਾ,
ਮੇਲਾ ਦਮ ਦਾ ਈ ।
ਦਾਹਵਾ ਕਰ ਕਰ ਸਭੋ ਹਾਰੇ,
ਓੜਕ ਕਬਰੀਂ ਜਾ ਸਿਧਾਰੇ,
ਕਰਕੇ ਢੀਮ ਸਿਰਹਾਣਾ,
ਮੇਲਾ ਦਮ ਦਾ ਈ ।
ਜੇ ਪਾਵੇਂ ਤੂੰ ਦਿਲਬਰ ਜਾਨੀ,
ਇਹ ਮਰਦਾਂ ਦੀ ਖ਼ਾਸ ਨਿਸ਼ਾਨੀ,
ਜਿਊਂਦਿਆਂ ਮਰ ਜਾਣਾ,
ਮੇਲਾ ਦਮ ਦਾ ਈ ।
ਮੀਰਾਂ ਸ਼ਾਹ ਪੀ ਪ੍ਰੇਮ ਪਿਆਲਾ,
ਕਲਮਾ ਆਖ ਮੁਹੰਮਦ ਵਾਲਾ,
ਜਿਸ ਨੇ ਪਾਰ ਲੰਘਾਣਾ,
ਮੇਲਾ ਦਮ ਦਾ ਈ ।
93. ਸ਼ਾਮ ਚੁੱਕ ਘੁੰਡੜਾ ਦਰਸ ਦਿਖਾ
ਸ਼ਾਮ ਚੁੱਕ ਘੁੰਡੜਾ ਦਰਸ ਦਿਖਾ ।
ਇਕਨਾ ਨਾਲ ਤੂੰ ਹੱਸਦਾ ਰਸਦਾ,
ਇਕਨਾ ਵੇਖ ਪਿਛਾਹਾਂ ਨਸਦਾ,
ਸ਼ਾਮ ਪੀਆ ਨਾ ਸਾਨੂੰ ਤਰਸਾ ।
ਮਾਪੇ ਛੋੜ ਲੱਗੀ ਲੜ ਤੇਰੇ,
ਮੁੱਢ ਕਦੀਮਾਂ ਦੇ ਦੁਸ਼ਮਣ ਜਿਹੜੇ,
ਸ਼ਾਮ ਲੈ ਜਾਈਂ ਡੋਲੀ ਪਾ ।
ਆ ਮਿਲ ਪਿਆਰਿਆ ਮੈਂ ਬਲਿਹਾਰੀ,
ਨਿੱਤ ਦੇ ਵਿਛੋੜੇ ਨੇ ਮੈਂ ਮਾਰੀ,
ਸ਼ਾਮ ਸਾਡੇ ਆਂਗਣ ਫੇਰਾ ਪਾ ।
ਅਲਸਤ ਕਿਹਾ ਤਾਂ ਅੱਖੀਆਂ ਲਾਈਆਂ,
ਹੁਣ ਕਿਸ ਗੱਲੋਂ ਮਨੋ ਭੁਲਾਈਆਂ,
ਸ਼ਾਮ ਸਾਡੀ ਲੱਗੜੀ ਤੋੜ ਨਿਭਾ ।
ਕਿੰਨ ਸੌਤਨ ਨੇ ਮਨ ਚਿਤ ਮੋਹਿਆ,
ਤੈਂ ਬਿਨ ਜੀਵਨ ਮੁਸ਼ਕਲ ਹੋਇਆ,
ਸ਼ਾਮ ਮੈਨੂੰ ਉੱਜੜੀ ਆਣ ਵਸਾ ।
ਇਸ ਦੁਨੀਆਂ ਦਾ ਕੂੜਾ ਬਾਜ਼ਾ,
ਓੜਕ ਸਾਡਾ ਖ਼ਾਕ ਟਿਕਾਣਾ,
ਸ਼ਾਮ ਸਾਨੂੰ ਹੱਸਕੇ ਮੁੱਖ ਦਿਖਾ ।
ਤੂੰ ਸਾਹਿਬ ਮੈਂ ਬਰਦੀ ਤੇਰੀ,
ਇਸ਼ਕ ਤੇਰੇ ਨੇ ਦਿਲਬਰ ਘੇਰੀ,
ਸ਼ਾਮ ਸਾਡੇ ਦਿਲ ਦੀ ਆਸ ਪੁਜਾ ।
ਮੀਰਾਂ ਸ਼ਾਹੁ ਵੱਲ ਮੋੜ ਮੁਹਾਰਾਂ,
ਦਰਸ ਦੇਵੇ ਤਾਂ ਹੋਣ ਬਹਾਰਾਂ,
ਸ਼ਾਮ ਤੇਰੇ ਡਿੱਠਿਆਂ ਸਭ ਦੁੱਖ ਜਾ ।
94. ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ
ਸਈਓ ਪੀਤਮ ਮੇਰਾ ਕਿਹੜੇ ਦੇਸ ਗਿਆ ਨੀਂ,
ਛੱਡ ਔਗੁਣਹਾਰੀ ਪ੍ਰਦੇਸ ਲਿਆ ਨੀਂ ।
ਉਹਦੇ ਇਸ਼ਕ ਅਨੋਖੇ ਮੇਰੀ ਜਾਨ ਜਲਾਈ,
ਸਈਓ ਮੁਦਤਾਂ ਹੋਈਆਂ ਕੋਈ ਖ਼ਬਰ ਨਾ ਆਈ,
ਸਾਰੀ ਉਮਰ ਵਿਛੋੜਾ ਮੇਰੇ ਪੇਸ਼ ਪਿਆ ਨੀਂ ।
ਮੈਨੂੰ ਬਾਝ ਦਮਾਂ ਦੇ ਕੋਈ ਨੌਕਰ ਲਾਵੇ,
ਉਹਦੇ ਖ਼ਾਸ ਵਤਨ ਦੀ ਕੋਈ ਖ਼ਬਰ ਲਿਆਵੇ,
ਉਹਨੂੰ ਕਿੰਨ ਸੌਤਨ ਨੇ ਭਰਮਾਇਆ ਨੀਂ ।
ਮੇਰੀ ਉਮਰ ਇਆਣੀ ਪਏ ਦੁੱਖ ਘਨੇਰੇ,
ਪਾਲੀ ਖੁਵੇਸ ਕਬੀਲੇ ਹੋਏ ਦੁਸ਼ਮਣ ਮੇਰੇ,
ਪਹਿਲਾਂ ਮਨ ਚਿਤ ਲਾਕੇ ਹੁਣ ਕੇਹਾ ਨੀਂ ।
ਗਲ ਅਲਫ਼ੀ ਪਾਵਾਂ ਤਨ ਖ਼ਾਕ ਰਮਾਵਾਂ,
ਸਈਓ ਪ੍ਰੀਤਮ ਪਿਆਰਾ ਕਿਤੇ ਢੂੰਡ ਲਿਆਵਾਂ,
ਮੈਂ ਤਾਂ ਜੋਗਨ ਵਾਲਾ ਕਰ ਭੇਸ ਲਿਆ ਨੀਂ ।
ਚਲਾਂ ਭੀਖ ਦੁਆਰੇ ਦੱਸਾਂ ਗੱਲ ਉਨ੍ਹਾਂ ਨੂੰ,
ਕਦੇ ਜੀਵਨ ਜੋਗਾ ਦੇਵੇ ਦਰਸ ਅਸਾਨੂੰ,
ਮੀਰਾਂ ਸ਼ਾਹ ਨਹੀਂ ਸਾਨੂੰ ਕੋਈ ਉਸ ਜਿਹਾ ਨੀਂ ।
95. ਪਾਂਧੀਆ ਦੱਸ ਜਾ ਵੇ
ਪਾਂਧੀਆ ਦੱਸ ਜਾ ਵੇ,
ਪੀਆ ਦਾ ਵਤਨ ਜ਼ਰੂਰ ।
ਜੇ ਤੂੰ ਚਲਿਆ ਸ਼ਹੁ ਦੇ ਦਵਾਰੇ,
ਜ਼ਾਹਰ ਕਰੀਂ ਦੁੱਖ ਜ਼ਾਹਰ ਸਾਰੇ,
ਕਿੱਤ ਗੁਣ ਛੱਡਿਆ ਦੂਰ ।
ਬਿਰਹੋਂ ਸਾਂਗ ਸੀਨੇ ਵਿਚ ਲਾਈ,
ਬੇਖ਼ੁਦ ਸੁੱਤੜੀ ਆਣ ਜਗਾਈ,
ਮੈਂ ਵਿਚ ਕੀ ਵੇ ਕਸੂਰ ।
ਆਪ ਨਾ ਆਵੇ ਨਾ ਲਿਖ ਭੇਜੇ,
ਮੈਂ ਕੱਲੜੀ ਨਾ ਸੁੱਤੀਆਂ ਸੇਜੇ,
ਹਰਗ਼ਿਜ਼ ਬਾਝ ਹਜ਼ੂਰ ।
ਲਾ ਮਨ ਲਾਕੇ ਹੁਣ ਮੈਂ ਭੁੱਲੀ,
ਇਸ਼ਕ ਤੇਰੇ ਦੀ ਛਲੀਆਂ ਸੂਲੀ,
ਵਾਂਗ ਮੀਆਂ ਮਨਸੂਰ ।
ਮੈਂ ਕੁਝ ਨਿਹੁੰ ਦੀ ਸਾਰ ਨਾ ਜਾਤੀ,
ਇਸ਼ਕ ਤੇਰੇ ਨੇ ਲਾ ਚੁਆਤੀ,
ਮੈਂ ਜਾਲੀ ਵਾਂਗ ਕੋਹਤੂਰ ।
ਪੀਤਮ ਆਣ ਲਵੇ ਹੁਣ ਸਾਰਾਂ,
ਤਨ ਮਨ ਘੋਲਾਂ ਤੇ ਜਿੰਦ ਵਾਰਾਂ,
ਜੇ ਹੋਵੇ ਮਨਜੂਰ ।
ਮੀਰਾਂ ਸ਼ਾਹ ਤਾਂ ਰਾਜੀ ਥੀਵਾਂ,
ਜਾਂ ਮੈਂ ਜਾਮ ਵਸਲ ਦਾ ਪੀਵਾਂ,
ਹੋ ਰਹਾਂ ਮਾਮੂਰ ।
96. ਸਾਡੀ ਲੱਗੀ ਪੀਤ ਨਾ ਤੋੜੀਂ
ਸਾਡੀ ਲੱਗੀ ਪੀਤ ਨਾ ਤੋੜੀਂ,
ਵੇ ਗ਼ੁਲਾਮ ਤੇਰੀ ਆਂ ।
ਤੂੰ ਹਾਕਮ ਅਸੀਂ ਰਈਅਤ ਤੇਰੀ,
ਸੁਖ ਗਏ ਦੁੱਖ ਪਏ ਘਨੇਰੀ,
ਪਕੜੀ ਬਾਂਹ ਨਾ ਛੋੜੀਂ,
ਵੇ ਗ਼ੁਲਾਮ ਤੇਰੀ ਆਂ ।
ਮੇਰੇ ਜਿਹੇ ਕਈ ਨੀਚ ਨਕਾਰੇ,
ਤੇਰੇ ਜਿਹਾ ਵਿਚ ਆਲਮ ਸਾਰੇ,
ਨਾ ਲਭਦਾ ਲਾਖ ਕਰੋੜੀਂ,
ਵੇ ਗ਼ੁਲਾਮ ਤੇਰੀ ਆਂ ।
ਜਿਸ ਵੇਲੇ ਰੱਬ ਰਾਜ਼ੀ ਹੋਵੇ,
ਬਾਹੋਂ ਪਕੜ ਫ਼ਰਿਸ਼ਤਾ ਢੋਵੇ,
ਉਥੇ ਵੇ ਸਾਨੂੰ ਲੋੜੀਂ,
ਵੇ ਗ਼ੁਲਾਮ ਤੇਰੀ ਆਂ ।
ਇਸ਼ਕ ਤੇਰੇ ਮੇਰੀ ਸੁਧ ਬਿਸਰਾਈ,
ਹਰ ਦਮ ਸੁਰਤ ਤੇਰੇ ਵਲ ਲਾਈ,
ਤੂੰ ਨੈਣ ਨੈਣਾਂ ਨਾਲ ਜੋੜੀਂ,
ਵੇ ਗ਼ੁਲਾਮ ਤੇਰੀ ਆਂ ।
ਮੀਰਾਂ ਸ਼ਾਹ ਚਲ ਭੀਖ ਦੁਆਰੇ,
ਦੁਖ ਸੁਖ ਫੋਲਾਂ ਦਿਲ ਦੇ ਸਾਰੇ,
ਮੁੱਖੜਾ ਮੂਲ ਨਾ ਮੋੜੀਂ,
ਵੇ ਗ਼ੁਲਾਮ ਤੇਰੀ ਆਂ ।
97. ਮਨ ਮੂਰਖ ਕੁਝ ਸਮਝ ਵਿਚਾਰ
ਮਨ ਮੂਰਖ ਕੁਝ ਸਮਝ ਵਿਚਾਰ,
ਹਰ ਕਾ ਨਾਮ ਭੁਲਾਇਆ ਕਿਉਂ ।
ਝੂਠੇ ਵਾਅਦੇ ਕਰਕੇ ਯਾਰ,
ਆਪਨਾ ਆਪ ਗੁਆਇਆ ਕਿਉਂ ।
ਮਰਨਾ ਤੈਨੂੰ ਯਾਦ ਨਹੀਂ,
ਕੁਛ ਦਮ ਦੀ ਬੁਨਿਆਦ ਨਹੀਂ,
ਕੌਣ ਹੈ ਜੋ ਬਰਬਾਦ ਨਹੀਂ
ਤੈਂ ਵਿਚ ਦੁਨੀਆਂ ਚਿਤ ਲਾਇਆ ਕਿਉਂ ।
ਪਿਆਰੇ ਇਹ ਦੁਨੀਆਂ ਦਿਨ ਚਾਰ,
ਸਮਝ ਸਹੀ ਕਰ ਆਪਨਾ ਯਾਰ,
ਹਿਰਸ ਤਮ੍ਹਾਂ ਵਿਚ ਪੈਰ ਪਸਾਰ,
ਅਪਣਾ ਆਪ ਰੁਲਾਇਆ ਕਿਉਂ ।
ਕੂੜ ਕਪਟ ਸਭ ਛੱਡਦੇ ਯਾਰ,
ਮਰਨੇ ਨੂੰ ਸੋਚ ਵਿਚਾਰ,
ਬੀਤ ਗਈ ਜਬ ਰਹੀ ਨਾ ਸਾਰ,
ਫਿਰ ਪਾਛੇ ਪਛਤਾਇਆ ਕਿਉਂ ।
ਰਲ ਸਤਿਗੁਰ ਸੰਗ ਹਮ ਰਾਜ਼,
ਪਕੜ ਹਕੀਕਤ ਛੋੜ ਮਜ਼ਾਜ,
ਸ਼ਾਹਬਾਜਾਂ ਦਾ ਹੋ ਕਰ ਯਾਰ,
ਚਿੜੀਆਂ ਖੇਤ ਲੁਟਾਇਆ ਕਿਉਂ ।
ਸ਼ਾਹਬਾਜਾ ਇਕ ਰਾਂਝਾ ਹੈ,
ਅਪਨੀ ਮੌਜ ਮੇਂ ਮਾਂਝਾ ਹੈ,
ਇਕ ਸਭਨਾ ਵਿਚ ਸਾਂਝਾ ਹੈ,
ਤੈਂ ਮਾਟੀ ਲਾਲ ਛੁਪਾਇਆ ਕਿਉਂ ।
ਮੀਰਾਂ ਸ਼ਾਹ ਹਰ ਚਿਤ ਧਰ ਲੈ,
ਜੋ ਕਰਨਾ ਸੋ ਅਬ ਕਰ ਲੈ,
ਨਾਲ ਨਫ਼ੀ(ਨਬੀ) ਦੇ ਦਮ ਭਰ ਲੈ,
ਤੈਂ ਚਿਸ਼ਤੀ ਨਾਮ ਰਖਾਇਆ ਕਿਉਂ ।
98. ਸਾਨੂੰ ਕਿਧਰੇ ਮੂਲ ਨਾ ਪੈਂਦੀ ਨੀਂ
ਸਾਨੂੰ ਕਿਧਰੇ ਮੂਲ ਨਾ ਪੈਂਦੀ ਨੀਂ,
ਦੱਸ ਪਿਆਰੇ ਚਾਕ ਦੀ ।
ਪਾਂਧੇ ਪੰਡਤ ਪੁੱਛ ਪੁੱਛ ਹਾਰੀ,
ਇਸ਼ਕ ਪੀਆ ਦਾ ਮੁਸ਼ਕਲ ਭਾਰੀ,
ਖੋਲ੍ਹ ਜਟਾਂ ਸਿਰ ਪਾਵਾਂ ਨੀਂ,
ਸਈਓ ਮੁੱਠੀ ਖ਼ਾਕ ਦੀ ।
ਜਮ ਜਮ ਵਸਿਓ ਮੇਰੀਓ ਸਈਓ,
ਘਰ ਕੌਂਤਾਂ ਦੇ ਰਲਮਿਲ ਬਹੀਓ,
ਸਾਨੂੰ ਵੀ ਕੋਈ ਦੱਸੋ ਨੀਂ,
ਗੱਲ ਸਾਡੇ ਸਾਕ ਦੀ ।
ਵਾਹ ਚੰਗੇਰੇ ਭਾਗ ਉਨ੍ਹਾਂ ਦੇ,
ਘਰ ਵਿਚ ਆਵਣ ਕੰਤ ਜਿਨ੍ਹਾਂ ਦੇ,
ਕਦੀ ਮੈਂ ਪਰ ਰਹਿਮਤ ਹੋਏ ਨੀਂ,
ਸਾਹਿਬ ਲੌਲਾਕ ਦੀ ।
ਮੀਰਾਂ ਸ਼ਾਹ ਮੈਂ ਆਜ਼ਜ ਹੋਈ,
ਬਿਨ ਹਾਦੀ ਮੇਰਾ ਹੋਰ ਨਾ ਕੋਈ,
ਬਾਝ ਦਮਾਂ ਦੇ ਚੇਰੀ ਨੀਂ,
ਮੈਂ ਤਾਂ ਚਿਸ਼ਤੀ ਪਾਕ ਦੀ ।
99. ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ ਵੇ ਰਾਂਝਣਾ
ਵੇ ਮਾਰ ਨੈਣ ਨੈਣਾਂ ਦੀਆਂ ਸਾਂਗਾਂ ਵੇ ਰਾਂਝਣਾ ।
ਅੱਧੜੀ ਰਾਤ ਕੁਵਲੜੇ ਵੇਲੇ,
ਕਾਰਨ ਤੇਰੇ ਜੰਗਲ ਬੇਲੇ,
ਸੁੱਤੜੇ ਸ਼ੇਰ ਉਲੰਘਾਂ, ਵੇ ਰਾਂਝਣਾ ਵੇ ।
ਬਿਰਹੋਂ ਬਿਜਲੀ ਕੜਕ ਡਰਾਵੇ,
ਰਾਤ ਅੰਧੇਰੀ ਨਜ਼ਰ ਨਾ ਆਵੇ,
ਨਿਕਲ ਗਈਆਂ ਮੇਰੀਆਂ ਚਾਂਘਾਂ, ਵੇ ਰਾਂਝਣਾ ਵੇ ।
ਆਣ ਕਰੀਂ ਤੂੰ ਸ਼ਾਦ ਦਿਲਾਂ ਨੂੰ,
ਰਾਤ ਦਿਨੇ ਨਿੱਤ ਰਹਿਣ ਅਸਾਂ ਨੂੰ,
ਹਰਦਮ ਤੇਰੀਆਂ ਤਾਂਘਾਂ, ਵੇ ਰਾਂਝਣਾ ਵੇ ।
ਕਰ ਕਮਲੀ ਨੂੰ ਛੱਡ ਨਾ ਜਾਵੀਂ,
ਸੰਝ ਪਈ ਤੂੰ ਮੁੜ ਘਰ ਆਵੀਂ,
ਸ਼ਹਿਰ ਮੇਂ ਮਿਲ ਗਈਆਂ ਬਾਂਗਾਂ, ਵੇ ਰਾਂਝਣਾ ਵੇ ।
ਮੀਰਾਂ ਸ਼ਾਹ ਜੀ ਪਾਰ ਸੁਣੀਂਦਾ,
ਬਾਝ ਪੱਤਨ ਦਰਿਆ ਦੱਸੇਂਦਾ,
ਉਥੇ ਪੈਣ ਬਿਰਹੋਂ ਦੀਆਂ ਕਾਂਗਾਂ, ਵੇ ਰਾਂਝਣਾ ਵੇ ।
100. ਆ ਮੇਰੇ ਬਾਲਮ ਤੁਮ ਸੰਗ ਹਮਨੇ
ਆ ਮੇਰੇ ਬਾਲਮ ਤੁਮ ਸੰਗ ਹਮਨੇ,
ਪੀਤ ਲਗਾ ਕਰ ਕਿਆ ਹੈ ਲੀਆ ।
ਫੂਕ ਦੀਆਂ ਮੋਹੇ ਪ੍ਰੇਮ ਅਗਨ ਮੋ,
ਫ਼ਰਕਤ ਗ਼ਮ ਨੇ ਖ਼ਾਕ ਕੀਆ ।
ਨਾ ਮੋਹੇ ਚੈਨਾ ਨਾ ਮੋਹੇ ਨੈਨਾ,
ਰੋਵਤ ਹਾਰੀ ਕਰ ਕਰ ਬੈਨਾ,
ਦੇਰ ਹੋਈ ਹੈ ਕਸਮ ਖ਼ੁਦਾ ਕੀ,
ਰਾਂਝੋ(ਰੰਜੋ) ਆਲਮ ਨੇ ਮਾਰ ਲੀਆ ।
ਤੁਮ ਸੰਗ ਹਮਰੀ ਪਲਕਨ ਲਾਗੀ,
ਜਬ ਮੋਹੇ ਜਾਗ ਲਗੀ ਤੋ ਜਾਗੀ,
ਪੀ ਤੋਰੇ ਮੋਰੇ ਸੁਰਤ ਤਿਆਗੀ,
ਆਗ ਹਿਜ਼ਰ ਨੇ ਫੂਕ ਦੀਆ ।
ਕੌਣ ਨਗਰ ਬਾਰਮ ਰਹੇ ਬਾਲਮ,
ਢੂੰਡਤ ਢੂੰਡਤ ਜਗ ਮੋ ਹਾਰੀ,
ਹੋ ਤੋ ਲਾਕੇ ਸਰਨ ਤੁਮਹਾਰੀ,
ਤੁਮ ਬਿਨ ਜਾਵਤ ਨਿਕਸ ਜੀਆ ।
ਬਿਰਹੋਂ ਨੇ ਹਮਰੀ ਸੁੱਧ ਬੁੱਧ ਹਾਰੀ,
ਮਾਤ ਪਿਤਾ ਕੀ ਲਾਜ ਬਿਸਾਰੀ,
ਆ ਮੋਰੇ ਪੀਤਮ ਕਰ ਕੁਛ ਕਾਰੀ,
ਮਨ ਕੀ ਮਨ ਮੈਂ ਬਾਤ ਰਹੀਆ ।
ਸੀਸ ਮੇਰਾ ਔਰ ਸ਼ਰਨ ਤੁਮਹਾਰੀ,
ਆ ਮੋਰੇ ਬਾਲਮ ਆ ਮੋਰੇ ਪਿਆਰੇ,
ਦਰਸ ਦਿਖਾ ਵੇ ਹਉ ਬਲਿਹਾਰੀ,
ਰੋਵਤ ਹੂੰ ਕਰ ਪੀਆ ਪੀਆ ।
ਮੀਰਾਂ ਸ਼ਾਹ ਚਲ ਚਿਸ਼ਤ ਨਗਰੀਆ,
ਵੋਹ ਭਰ ਦੇਂਗੇ ਮੋਰੀ ਗਗਰੀਆ,
ਡੁਬਤ ਹੈ ਜਾਂ ਭੀਖ ਨਵਈਆ,
ਆਪਨੇ ਕਰਮ ਸੇ ਪਾਰ ਲਗਾ ।
101. ਮਨ ਮੇਂ ਲਾਗੀ ਸਾਂਗ ਸਾਬਰ ਪੀਆ
ਮਨ ਮੇਂ ਲਾਗੀ ਸਾਂਗ ਸਾਬਰ ਪੀਆ,
ਮਨ ਮੇਂ ਲਾਗੀ ਸਾਂਗ ।
ਕਿਆ ਕਰੂੰ ਕਿਤ ਜਾ ਕਹੂੰ,
ਮੋਰੇ ਮਨ ਮੇਂ ਲਾਗੀ ਸਾਂਗ ।
ਪੀਤਮ ਗੋਕੁਲ ਕੋਉ ਜਾ ਸੁਨਾਵੇ,
ਬਿਨ ਪੀਤਮ ਮੋਹੇ ਚੈਨ ਨਾ ਆਵੇ,
ਕਰ ਜੋੜੂੰ ਪਗ ਸੀਸ ਧਰੂੰ,
ਮੋਰੇ ਮਨ ਮੇਂ ਲਾਗੀ ਸਾਂਗ ।
ਹਉਂ ਸਖੀ ਕੋਈ ਯਤਨ ਕਰੋ,
ਤਨ ਭਬੂਤ ਮਲੂੰ ਜੋਗਨ ਭੀ ਬਨੂੰ,
ਗੰਜ ਸ਼ਕਰ ਦਰ ਸੀਸ ਧਰੂੰ,
ਮੋਰੇ ਮਨ ਮੇਂ ਲਾਗੀ ਸਾਂਗ ।
ਮੀਰਾਂ ਸ਼ਾਹ ਮੋਰੇ ਮਨ ਮੇਂ ਭਾਵੇ,
ਔਰ ਯਤਨ ਕਊ ਬਨ ਨਹੀਂ ਆਵੇ,
ਸਾਬਰ ਕੇ ਦਰ ਜਾ ਰਹੂੰ,
ਮੋਰੇ ਮਨ ਮੇਂ ਲਾਗੀ ਸਾਂਗ ।
102. ਹਿਜਰ ਕੀਆ ਹੀ ਕਰੂੰ, ਕਿਤ ਜਾ ਕਹੂੰ
ਹਿਜਰ ਕੀਆ ਹੀ ਕਰੂੰ, ਕਿਤ ਜਾ ਕਹੂੰ,
ਸ਼ਾਮ ਬਿਨ ਬੀਤੀ ਜਾਤ ਬਹਾਰ,
ਸਖੀ ਰੇ ਫਾਗਨ ਬਿਨ ਚਾਓ ।
ਜਿਨ ਕੇ ਸਖੀ ਘਰ ਸ਼ਾਮ ਵਸਤ ਹੈ,
ਹੱਸ ਹੱਸ ਰੰਗ ਸੇ ਹੋਰੀ ਖੇਲਤ ਹੈ,
ਸੋਈ ਸੁਹਾਗਨ ਨਾਰ,
ਸ਼ਾਮ ਬਿਨ ਬੀਤੀ ਜਾਤ ਬਹਾਰ ।
ਹਮਰੇ ਪੀਆ ਪ੍ਰਦੇਸ ਸਧਾਰੇ,
ਇਤਰ ਅਵੇਰ ਦੋਹੇ ਰੰਗ ਡਾਰੇ,
ਬਿਰਹੋਂ ਨੇ ਦੀਨੀ ਜਾਰ,
ਸ਼ਾਮ ਬਿਨ ਬੀਤੀ ਜਾਤ ਬਹਾਰ ।
ਆ ਬਨਬਾਰੀ ਮੂਲੀ ਸਰਸੋਂ ਫੂਲੀ,
ਸ਼ਾਮ ਬਿਨਾ ਮੋਰੀ ਸੁੱਧ ਬੁੱਧ ਭੂਲੀ,
ਜਲ ਗਿਓ ਬਾਗ਼ ਬਹਾਰ,
ਸ਼ਾਮ ਬਿਨ ਬੀਤੀ ਜਾਤ ਬਹਾਰ ।
ਸਾਸ ਨਣਦ ਬੈਰਨੀਆ ਮੋਰੀ,
ਬਹੀਆਂ ਪਕੜ ਮੋਰੀ ਚੂੜੀਆਂ ਫੋੜੀ,
ਛੀਨਾ ਗਲੇ ਕਾ ਹਾਰ,
ਸ਼ਾਮ ਬਿਨ ਬੀਤੀ ਜਾਤ ਬਹਾਰ ।
ਮੀਰਾਂ ਸ਼ਾਹ ਯਹ ਮਨ ਮੇਂ ਆਵੇ,
ਅਬਕੇ ਫਾਗਨ ਪੀਆ ਲੈ ਗਲ ਲਾਵੇ,
ਸੀਸ ਕਰੂੰ ਬਲਿਹਾਰ,
ਸ਼ਾਮ ਬਿਨ ਬੀਤੀ ਜਾਤ ਬਹਾਰ ।
103. ਕਿਤ ਚਿਤ ਲਾਇਓ ਸ਼ਾਮ ਸਲੋਨੀ
ਕਿਤ ਚਿਤ ਲਾਇਓ ਸ਼ਾਮ ਸਲੋਨੀ,
ਮੁਝ ਬਿਰਹਨ ਕੀ ਸਾਰ ਨਾ ਲੀਨੀ ।
ਸ਼ਾਮ ਬਿਨ ਕੁਛ ਮਨ ਨਹੀਂ ਆਵੇ,
ਤੜਪਤ ਸਗਲੀ ਰੈਨ ਵਿਹਾਵੇ,
ਵਹਾਂ ਕੀ ਲਗਨ ਮੋਰੀ ਸੁੱਧ ਬੁੱਧ ਛੀਨੀ,
ਕਿਤ ਚਿਤ ਲਾਇਓ ਸ਼ਾਮ ਸਲੋਨੀ ।
ਰੈਨ ਦਿਨਾ ਮੋਹੇ ਚੈਨ ਨਾ ਆਵੇ,
ਸ਼ਾਮ ਪੀਆ ਮੋਰਾ ਮਨ ਤਰਸਾਵੇ,
ਰੋਵਤ ਰੋਵਤ ਅੱਖੀਆਂ ਬੀਨੀ,
ਕਿਤ ਚਿਤ ਲਾਇਓ ਸ਼ਾਮ ਸਲੋਨੀ ।
ਪ੍ਰੇਮ ਅਗਨ ਮੋਰੀ ਸੁਰਤਿ ਤਿਆਗੇ,
ਪਲਕ ਲਾਗੀ ਤਬ ਪਲਕ ਨਾ ਲਾਗੇ,
ਕੌਣ ਸੁਨੇ ਜੋ ਹਮ ਸੰਗ ਕੀਨੀ,
ਕਿਤ ਚਿਤ ਲਾਇਓ ਸ਼ਾਮ ਸਲੋਨੀ ।
ਮੀਰਾਂ ਸ਼ਾਹ ਕੋਈ ਰੰਗ ਡਾਰੀਂ,
ਬੇਨਤੀ ਕਰੂੰ ਅਬ ਸਾਬਰ ਦੁਆਰੇ,
ਕਿਤ ਔਗੁਣ ਮੈਂ ਤਜ ਦੀਨੀ,
ਕਿਤ ਚਿਤ ਲਾਇਓ ਸ਼ਾਮ ਸਲੋਨੀ ।
104. ਮੋਰੇ ਲਾਗੇ ਪੀਆ ਸਿਉਂ ਨੈਨ
ਮੋਰੇ ਲਾਗੇ ਪੀਆ ਸਿਉਂ ਨੈਨ ।
ਇਸ਼ਕ ਪੀਆ ਦੇ ਘਾਇਲ ਕੀਤੀ,
ਭੁਲ ਗਈ ਸੁਖ ਚੈਨ ਮੋਰੇ ।
ਦਿਲ ਕੀ ਲਾਗੀ ਦਿਲ ਹੀ ਜਾਨੈ,
ਕੌਣ ਸੁਨੇ ਦੁਖ ਬੈਨ ਮੋਰੇ ।
ਜਬ ਲਾਗੀ ਤਬ ਸਾਰ ਨਾ ਜਾਣੀ,
ਅਬ ਲਾਗੀ ਦੁਖ ਦੇ ਮੋਰੇ,
ਹਿਜਰ ਪੀਆ ਦੀ ਫੂਕ ਜਲਾਈ,
ਸੁਰਤ ਨਹੀ ਦਿਨ ਰੈਨ ਮੋਰੇ ।
ਜਾਓ ਰੀ ਸਖੀ ਕੋਈ ਪੀ ਸੇ ਕਹੀਓ,
ਸਾਰ ਕਦੀ ਆ ਲਈਂ ਮੋਰੇ,
ਦੋ ਜਗ ਅੰਦਰ ਹਾਮੀ ਮੋਰੇ,
ਹਜ਼ਰਤ ਹਸਨ ਹੁਸੈਨ ਮੋਰੇ ।
ਮੀਰਾਂ ਸ਼ਾਹ ਚਲ ਸਾਬਰ ਦੁਆਰੇ,
ਸੀਸ ਅਲੀ ਮੋਰੇ,
ਮੋਰੇ ਲਾਗੇ ਪੀਆ ਸਿਉਂ ਨੈਨ ।
105. ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ
ਪੁੱਛੋ ਨੀ ਮੇਰਾ ਬਾਲਮ ਕਬ ਘਰ ਆਵੇ,
ਤਪਦੀ ਸਕੇਂਦੀ ਜਿੰਦ ਨੂੰ ਤਰਸਾਏ ।
ਢੂੰਡਤ ਢੂੰਡਤ ਸੁੱਧ ਬੁੱਧ ਹਾਰੀ,
ਨਜ਼ਰ ਨਾ ਆਵੇ ਉਹਦੀ ਸੂਰਤ ਪਿਆਰੀ,
ਨਿਪਟ ਕਮੀਨੀ ਬੰਦੀ ਨੂੰ ਲੈ ਗਲ ਲਾਵੇ ।
ਸੁਘੜ ਚਤਰ ਕੋਉ ਉਸ ਵਲ ਜਾਵੇ,
ਪਾਉ ਪਕੜ ਕਰ ਇਹ ਸਮਝਾਵੇ,
ਪੀਤ ਪੁਰਾਣੀ ਨੂੰ ਨਾ ਭੁਲਾਵੇ ।
ਮੀਰਾਂ ਸ਼ਾਹ ਚਲ ਦਰਸ਼ਨ ਪਾਵਾਂ,
ਸਦਾ ਸੁਹਾਗਨ ਨਾਮ ਦਸਾਵਾਂ,
ਹਾਰ ਸ਼ਿੰਗਾਰ ਮੇਰੇ ਮਨ ਭਾਵੇ ।
106. ਸੁਘੜ ਚਤਰ ਸਰਦਾਰ
ਸੁਘੜ ਚਤਰ ਸਰਦਾਰ,
ਪੀਆ ਮਨ ਮੋਹੇ ਦਰਸ ਨਾ ਦੀਨਾ ।
ਛੈਲ ਛਬੀਲੇ ਛਲ-ਵੱਲ ਕੀਨਾ,
ਪੀਤ ਕਰਤ ਮੇਰਾ ਮਨ ਚਿੱਤ ਛੀਨਾ,
ਕਬੂੰ ਨਾ ਲੀਨੀ ਸਾਰ ।
ਸਹੁਰ ਪੀਅਰ ਮਨ ਨਹੀਂ ਭਾਵੇ,
ਰੈਨ ਦਿਨਾ ਮੋਹੇ ਚੈਨ ਨਾ ਆਵੇ,
ਤਜਿਓ ਸਭ ਸੰਸਾਰ ।
ਸਭ ਸਖੀਅਨ ਸਿਉਂ ਫਾਗ ਰਚਾਇਓ,
ਅਤਰ ਅਬੇਰ ਗੁਲਾਬ ਰਲਾਇਓ,
ਛਿੜਕਤ ਬਾਰਾਂ ਬਾਰ ।
ਪਲ ਪਲਕ ਨਹੀਂ ਲਾਗਤ ਮੋਰੀ,
ਜੇ ਪੀਆ ਆਵੇ ਮੈਂ ਖੇਲੂੰ ਹੋਰੀ,
ਬੀਤੀ ਜਾਤ ਬਹਾਰ ।
ਇਹ ਦੁੱਖ ਲਗ ਰਹਿਓ ਮਨ ਮਾਹੀਂ,
ਆਈ ਬਸੰਤ ਪੀਆ ਘਰ ਨਾਹੀਂ,
ਕੈ ਸੰਗ ਕਰੂੰ ਪੁਕਾਰ ।
ਮੀਰਾਂ ਸ਼ਾਹ ਚਲ ਫਾਗਵਾ ਮਾਂਗੂੰ,
ਬੇਨਤੀ ਕਰੂੰ ਔਰ ਪਾਇ ਲਾਗੂੰ,
ਸਾਬਰ ਕੇ ਦਰਬਾਰ ।
107. ਜਿਨ ਆਪਣਾ ਆਪ ਪਛਾਤਾ ਹੈ
ਜਿਨ ਆਪਣਾ ਆਪ ਪਛਾਤਾ ਹੈ,
ਸੁਖ ਚੈਨ ਸਦਾ ਬੁੱਧ ਪਾਤਾ ਹੈ ।
ਛੱਡ ਕਸਰਤ ਜੋ ਖੁਰਸੰਦ ਹੋਇਆ,
ਵਿਚ ਵਹਿਦਤ ਜਾ ਅਨੰਦ ਹੋਇਆ,
ਉਹ ਗੁਰ ਕੀ ਨਜ਼ਰ ਪਸੰਦ ਹੋਇਆ,
ਉਸ ਦੁਨੀਆਂ ਨਾਲ ਕੀ ਨਾਤਾ ਹੈ ।
ਜਿਨ ਜਾਤਾ ਪੁਰਖ ਅਲੇਖਾ ਹੈ,
ਉਨ ਦੂਜਾ ਹੋਰ ਨਾ ਦੇਖਾ ਹੇ,
ਖ਼ੁਦ ਹਰ ਰੰਗ ਵਿਚ ਉਹ ਭੀਖਾ ਹੈ,
ਉਹ ਆਪਣਾ ਆਪ ਹੀ ਦਾਤਾ ਹੈ ।
ਜਿਨ ਬੂਝਾ ਹੈ ਕੋ ਹੋਰ ਨਹੀਂ,
ਉਥੇ ਮੈਂ ਤੂੰ ਦਾ ਕੁਛ ਸ਼ੋਰ ਨਹੀਂ,
ਸਭ ਸਿਧ ਸਾਧੂ ਕੋਈ ਚੋਰ ਨਹੀਂ,
ਉਹ ਰਹਿੰਦਾ ਚੁੱਪ ਚਪਾਤਾ ਹੈ ।
ਜਿਸ ਅੱਛਾ ਜਾਪ ਜਪਾਇਆ ਹੈ,
ਉਹ ਗੁਰ ਸੂਰਤ ਬਣ ਆਇਆ ਹੈ,
ਹਰ ਹਰ ਵਿਚ ਰੂਪ ਦਖਾਇਆ ਹੈ,
ਕੁਛ ਲਗਨ ਛਿੰਨ ਵਿਚ ਖਾਤਾ ਹੈ ।
ਹੁਣ ਮੀਰਾਂ ਸ਼ਾਹ ਬਲਿਹਾਰ ਹੋਇਆ,
ਜਾਂ ਯਾਰ ਯਾਰਾਂ ਦਾ ਯਾਰ ਹੋਇਆ,
ਦੋ ਅੱਖੀਆਂ ਦੇ ਵਿਚਕਾਰ ਹੋਇਆ,
ਅੱਜ ਇਕੋ ਦਿਨ ਔਰ ਰਾਤਾ ਹੈ ।
108. ਰੰਗ ਸੇ ਹੋਰੀ ਖੇਲੂੰਗੀ
ਰੰਗ ਸੇ ਹੋਰੀ ਖੇਲੂੰਗੀ
ਸਾਬਰ ਕੇ ਦਰਬਾਰ ।
ਕੇਸਰ ਘੋਲ ਰੰਗ ਬਣਾਊਂ,
ਭਰ ਪਿਚਕਾਰੀ ਪੀ ਪਰ ਪਾਊਂ,
ਦੇਖੂੰ ਮੈਂ ਅਜਬ ਬਹਾਰ,
ਰੰਗ ਸੇ ਹੋਰੀ ਖੇਲੂੰਗੀ ।
ਅਤਰ ਅਵੇਰ ਗੁਲਾਬ ਰਲਾਊਂ,
ਪੰਚੋ ਚਿਸ਼ਤ ਜਹਾਂ ਮੈਂ ਪਾਊਂ,
ਛਿੜਕੂੰ ਮੈਂ ਬਾਰ ਬਾਰ,
ਰੰਗ ਸੇ ਹੋਰੀ ਖੇਲੂੰਗੀ ।
ਸੁਨ ਰੇ ਰੰਗੀਲੇ ਛੈਲ ਲਲਰੀਆ,
ਪੀਆ ਕੀ ਬਸੰਤੀ ਰੰਗ ਦੇ ਪਗੜੀਆ,
ਮੈਂ ਤੋਰੇ ਬਲਿਹਾਰ,
ਰੰਗ ਸੇ ਹੋਰੀ ਖੇਲੂੰਗੀ ।
ਮੀਰਾਂ ਸ਼ਾਹ ਚਲ ਹਰ ਜੀ ਕੇ ਦੁਆਰੇ,
ਖ਼ਵਾਜਾ ਮਈਓਦੀਨ ਸਭ ਰੰਗ ਡਾਰੇ,
ਐਸੋ ਚਤਰ ਖਲਾਰ,
ਰੰਗ ਸੇ ਹੋਰੀ ਖੇਲੂੰਗੀ ।
109. ਮੇਰੇ ਸਾਬਰ ਪਿਆਰੇ ਸਾਬਰੀਆ
ਮੇਰੇ ਸਾਬਰ ਪਿਆਰੇ ਸਾਬਰੀਆ,
ਮੁਝ ਬਿਰਹਨ ਕੋ ਦਰਸ ਦਿਖਾਏ ।
ਗੋਕਲ ਮਥਰਾ ਢੂੰਡ ਫਿਰੀ,
ਅਬ ਆਣ ਪੜੀ ਕਲੇਰ ਨਗਰੀ,
ਦਇਆ ਕਰੋ ਮਖ਼ਦੂਮ ਪਿਆਰੇ,
ਬੇਨਤੀ ਕਰਤ ਹੂੰ ਬਾਵਰੀਆ ।
ਹਉਂ ਤੋ ਚੇਰੀ ਦਾਸ ਤੁਮਹਾਰੀ,
ਕਬੂੰ ਨਾ ਲੀਨੀ ਸਾਰ ਹਮਾਰੀ,
ਰੋਵਤ ਰੈਨ ਬਹਾਵਤ ਸਾਰੀ,
ਨੈਨੋ ਸੇ ਨਿਕਸੋ ਕਜ਼ਰੀਆ ।
ਮੀਰਾਂ ਸ਼ਾਹ ਤੁਮ ਪਰ ਬਲਿਹਾਰੀ,
ਪਲ ਛਿਨ ਜਾਂ ਮਖ਼ਦੂਮ ਪਿਆਰੇ,
ਦੋ ਜਗਤ ਕੇ ਤਾਰਨਹਾਰੇ,
ਪਾਰ ਕਰੋ ਮੋਰੀ ਨਾਵਰੀਆ ।
110. ਬਣ ਜੋਗੀ ਆਇਆ ਚਾਕ
ਬਣ ਜੋਗੀ ਆਇਆ ਚਾਕ,
ਮੈਂਡੀ ਸਿਕਦੀ ਜਿੰਦ ਨਿੱਤ ਦਰਸ ਨੂੰ,
ਫੇਰ ਸਲੇਟੀ ਦੇ ਭਾਗ ।
ਦੇਖੋ ਉਸਦੀ ਖ਼ਾਸ ਨਿਸ਼ਾਨੀ,
ਬਭੂਤ ਰਮਾਇਆ ਅੱਲਾਹ ਨਿਸ਼ਾਨੀ,
ਸਿਰ ਪਰ ਤਾਜ ਲੌਲਾਕ ।
ਪਾਕ ਮੰਜ਼ਲੇ ਜ਼ਾਤ ਸਫ਼ਾਤੋਂ,
ਮੈਂ ਦਿੱਤੀਆ ਹਰ ਗੁੱਝੜੀ ਖਾਤੋ,
ਮੈਂਡਾ ਕਦੀਮਾਂ ਦਾ ਸਾਕ ।
ਵਾਹ ਵਾਹ ਉਸਦਾ ਪ੍ਰੇਮ ਨਿਆਰਾ,
ਹਰ ਘਰ ਦੇਂਦਾ ਆਪ ਨਜ਼ਾਰਾ,
ਸਮਝੋ ਚਤਰ ਚਲਾਕ ।
ਮੀਰਾਂ ਸ਼ਾਹ ਮੈਂ ਘੋਲ ਘੁਮਾਈ,
ਖ਼ਵਾਜਾ ਪੀਰ ਦੇ ਦਾਮਨ ਲਾਈ,
ਕਿਉਂ ਹੋਵਾਂ ਗ਼ਮਨਾਕ ।
111. ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ
ਆਵੀਂ ਮਹਿਰਮ ਪਿਆਰੇ ਜਗ ਟੋਲ ਥਕੀ,
ਜਿੰਦ ਘੋਲ ਘਤੀ ਕਦੇ ਦਰਸ ਦਿਖਾ ।
ਪੀਆ ਇਸ਼ਕ ਤੇਰਾ ਪਿਆ ਪੇਸ਼ ਮੇਰੇ,
ਨਿੱਤ ਹਿਜ਼ਰ ਤੇਰੇ ਦਿੱਤਾ ਫੂਕ ਜਾਨੀ,
ਰੱਖੀਂ ਯਾਦ ਮੇਰੇ, ਸੁਣ ਫਰਿਆਦ ਮੇਰੇ,
ਦੇਵੀਂ ਦਾਦ ਮੇਰੇ ਪੀਆ ਓੜ ਨਿਭਾਹ ।
ਤੇਰੇ ਇਸ਼ਕ ਕੁੱਠੇ, ਲਾਕੇ ਨੈਣ ਮੁੱਠੇ,
ਸੀਨੇ ਕਰਕ ਉੱਠੀ, ਦਾਰੂ ਵਸਲ ਪਿਲਾ ।
ਕੂਕਾਂ ਕੂਕ ਕਬੇਲੇ, ਕਦੇ ਹੋਵਣ ਮੇਲੇ,
ਪਿਆਰਿਆ ਆਣ ਸਵੇਲੇ,, ਸਾਨੂੰ ਲੈ ਗਲ ਲਾ ।
ਬੈਠੀ ਔਸੀਆਂ ਪਾਵਾਂ ਕਿਹਨੂੰ ਹਾਲ ਸੁਣਾਵਾਂ,
ਤੱਤੀ ਕਿਸ ਦਰ ਜਾਵਾਂ ਪੀਆ ਤੇਰੇ ਸਿਵਾ,
ਕਦੀ ਆ ਮਿਲ ਸਾਈਆਂ, ਕਿਥੇ ਮੁੱਦਤਾਂ ਲਾਈਆਂ,
ਤਾਹਨੇ ਦੇਣ ਪਰਾਈਆਂ, ਦਿੱਤੀ ਸ਼ਰਮ ਗਵਾ ।
ਪੀਆ ਇਸ਼ਕ ਤੇਰਾ ਜਿਹਦੇ ਪੇਸ਼ ਪਿਆ,
ਕੇਹੀ ਸ਼ਰਮ ਹਿਆ, ਦਿੱਤਾ ਖ਼ਾਕ ਰਲਾ ।
ਪਿਆਰਿਆ ਮੰਨ ਅਰਜੋਈ, ਮੈਂ ਤਾਂ ਆਜ਼ਜ ਹੋਈ,
ਜਾਵੇ ਪੇਸ਼ ਨਾ ਕੋਈ ਜਿਉੜਾ ਨਾ ਤਰਸਾ ।
ਮੀਰਾਂ ਸ਼ਾਹ ਸਰਵਰ ਚਿਸ਼ਤੀ ਪੀਰ ਪੁਕਾਰਾਂ,
ਜਿਹਨੇ ਲੱਖ ਹਜ਼ਾਰਾਂ ਦਿੱਤੇ ਪਾਰ ਲੰਘਾ ।
112. ਅੱਜ ਸੁੱਤੜੇ ਜਾਗੇ ਭਾਗ ਨੀਂ ਸਈਓ
ਅੱਜ ਸੁੱਤੜੇ ਜਾਗੇ ਭਾਗ ਨੀਂ ਸਈਓ,
ਸ਼ਹੁ ਆਇਆ ਮੇਰੇ ਪਾਸ ।
ਜ਼ਾਹਰ ਬਾਤਨ ਪੀਤਮ ਹੋਇਆ,
ਸ਼ਰਕ ਕੁਫ਼ਰ ਜਾਂ ਦਿਲ ਤੋਂ ਖੋਇਆ,
ਜਾਂ ਮੈਂ ਗਈ ਸ਼ਹੁ ਤਨ ਮਨ ਹੋਇਆ,
ਕੀਤਾ ਦੂਈ ਦਾ ਨਾਸ ।
ਕਦਮ ਮੁਬਾਰਕ ਵਿਹੜੇ ਪਾਇਆ,
ਜਾਮ ਵਸਲ ਦਾ ਆਣ ਪਿਲਾਇਆ,
ਸਦਾ ਸੁਹਾਗਣ ਨਾਮ ਧਰਾਇਆ,
ਰਹਿੰਦੀ ਸਾਂ ਮੈਂ ਉਦਾਸ ।
ਸ਼ਹੁ ਮੇਰਾ ਮੈਂ ਸ਼ਹੁ ਦੀ ਹੋਈ,
ਅੱਵਲ ਆਖਰ ਹੋਰ ਨਾ ਕੋਈ,
ਜਿਤ ਵੱਲ ਦੇਖਾਂ ਦਿਸਦਾ ਸੋਈ,
ਢੂੰਡ ਫਿਰੀ ਬਨਵਾਸ ।
ਨਾ ਸ਼ਹੁ ਕਾਅਬੇ ਨਾ ਬੁੱਤ ਖ਼ਾਨੇ,
ਨਾ ਸ਼ਹੁ ਵਿਚ ਨਿਮਾਜ਼ ਦੁਗਾਨੇ,
ਨਾ ਸ਼ਹੁ ਜਾਪ ਚੈਨ ਵਿਚ ਮਾਨੇ,
ਹਰ ਹਰ ਵਿਚ ਨਿਵਾਸ ।
ਨਾ ਸ਼ਹੁ ਵਿਚ ਪੈਂਦਾ ਜਾਤ ਸਫ਼ਾਤਾਂ,
ਨਾ ਮੁਕੇਂਦੀਆਂ ਲੰਮੀਆਂ ਵਾਟਾਂ,
ਨਾ ਸ਼ਹੁ ਰਾਜੀ ਜਾਗਣ ਰਾਤਾਂ,
ਮਤਲਬ ਨੂਰੀ ਰਾਸ ।
ਸ਼ਹੁ ਦੇ ਮਿਲਣ ਦੀ ਰੀਤ ਨਿਆਰੀ,
ਅਪਣੀ ਹਸਤੀ ਖੋ ਦੇ ਸਾਰੀ,
ਚਿਸ਼ਤੀ ਪੀਰ ਕਰੇ ਜੇ ਕਾਰੀ,
ਪੂਰੇ ਹੋਣ ਦੀ ਆਸ ।
ਮੀਰਾਂ ਸ਼ਾਹ ਮੈਂ ਕਵਨ ਕਹਾਵਾਂ,
ਜਿਤ ਦੇਖਾਂ ਉਤ ਸ਼ਹੁ ਨੂੰ ਪਾਵਾਂ,
ਨਾਲ ਅਸਾਡੇ ਲਈਆਂ ਲਾਵਾਂ,
ਹੋਈਆਂ ਦਿਲ ਤੋਂ ਵਾਸ ।
113. ਮੈਂ ਗ਼ੁਲਾਮ ਤੇਰੀ ਸਦਾ
ਮੈਂ ਗ਼ੁਲਾਮ ਤੇਰੀ ਸਦਾ,
ਸਾਈਂ ਜਾਣਦਾ ਪਿਆਰਿਆ,
ਭਾਵੇਂ ਜਾਣ ਨਾ ਜਾਣ ।
ਮੇਰੀਆਂ ਤੇਰੇ ਨਾਲ ਬਹਾਰਾਂ,
ਰਲਮਿਲ ਤਾਅਨੇ ਦੇਣ ਹਜ਼ਾਰਾਂ,
ਮੇਰਾ ਦੀਨ ਈਮਾਨ ।
ਰੋਜ਼ ਅਜ਼ਲ ਦੇ ਪ੍ਰੀਤੀਆਂ ਲਾਈਆਂ,
ਵਾਹ ਵਾਹ ਪਿਆਰਿਆ ਖ਼ੂਬ ਨਿਭਾਈਆਂ,
ਜਾਣ ਲਿਆ ਤਨ ਮਨ ਜਾਨ ।
ਤੂੰਹੀਉਂ ਤੂੰਹੀ ਮੈਂ ਕੁਝ ਨਾਹੀਂ,
ਜ਼ਾਹਰ ਬਾਤਨ ਹਰ ਹਰ ਜਾਈਂ,
ਤੇਰਾ ਨਾਮ ਨਿਸ਼ਾਨ ।
ਮੀਰਾਂ ਸ਼ਹੁ ਤੋਂ ਤੇਰੀ ਆਸਾ,
ਤੇਰਾ ਕਲੇਰ ਦੇ ਵਿਚ ਵਾਸਾ,
ਦੇਵੀਂ ਨਿਹੁੰ ਦਵਾਨ ।
114. ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ
ਮੇਰੇ ਬਾਂਕੇ ਸਿਪਾਹੀਅੜਾ ਮੈਂ ਵਾਰ ਸੁੱਟੀ,
ਕਦੇ ਵਾਗ ਅਸਾਂ ਵੱਲ ਮੋੜੀਂ ।
ਅਲਸਤ ਕਿਹਾ ਤਾਂ ਅੱਖੀਆਂ ਲਾਈਆਂ,
ਹੁਣ ਨਹੀਂ ਸਹਿੰਦੀ ਜਾਨ ਜੁਦਾਈਆਂ,
ਤੂੰ ਨੈਣ ਨੈਣਾਂ ਨਾਲ ਜੋੜੀਂ ।
ਤੇਰੇ ਘੋੜੇ ਦਾ ਰੂਪ ਨਿਰਾਲਾ,
ਖ਼ਾਸ ਬੁਰਾਕ ਹੈ ਜਨਤ ਵਾਲਾ,
ਨਾ ਲੱਭਦਾ ਲੱਖ ਕਰੋੜੀਂ ।
ਹੋਇ ਸਵਾਰ ਆਦਮ ਤੇ ਆਇਆ,
ਸ਼ਹਿਰ ਮਦੀਨਾ ਆਣ ਸੁਹਾਇਆ,
ਤੂੰ ਦਾਮਨ ਨਾ ਛੋੜੀਂ ।
ਮੀਰਾਂ ਸ਼ਾਹ ਦਰਬਾਰ ਪੁਕਾਰੇ,
ਵੋਹ ਉੱਮਤ ਦੀ ਜਾਨ ਛੁੱਟਕਾਰੇ,
ਤੂੰ ਉਥੇ ਨਾ ਸਾਨੂੰ ਤੋੜੀਂ ।
115. ਮੋਰੇ ਸਾਬਰ ਪੀਆ ਨਹੀਂ ਆਵੇ ਹੋ
ਮੋਰੇ ਸਾਬਰ ਪੀਆ ਨਹੀਂ ਆਵੇ ਹੋ,
ਸਖੀ ਕਵਨ ਯਤਨ ਕਰ ਢੂੰਡ ।
ਮੇਰੇ ਪੀਆ ਬਹੁਤ ਦਿਨ ਲਾਏ,
ਮੈਂ ਤੇ ਪਤੀਆਂ ਲਿਖਤ ਕਰ ਹਾਰੀ,
ਵਾਹ ਤੂੰ ਕੌਣ ਸੌਤਨ ਭਰਮਾਏ ।
ਨਿੱਤ ਰੋਵਤ ਬੇਨਤੀ ਕਰਤ ਹੂੰ,
ਕੋਉ ਸੁਘੜ ਚਤਰ ਸੁਝਾਏ ।
ਮੋਰੀ ਸੁਰਤ ਮੋਹਨ ਸੰਗ ਲਾਗੀ,
ਮੋਹੇ ਕਬੀ ਤੂੰ ਦਰਸ ਦਿਖਾਏ ।
ਮੀਰਾਂ ਸ਼ਾਹ ਮੇਰਾ ਮਨ ਛੀਨਾ,
ਜਬ ਨੈਨੋਂ ਸੇ ਨੈਨ ਮਿਲਾਏ ।
116. ਜਾਓ ਸਈਓ ਕੋਈ ਪਾਸ ਸੱਜਣ ਦੇ
ਜਾਓ ਸਈਓ ਕੋਈ ਪਾਸ ਸੱਜਣ ਦੇ,
ਹਾਲ ਕਰੋ ਇਜ਼ਹਾਰ ਮੇਰਾ,
ਮੁੱਦਤਾਂ ਹੋਈਆਂ ਨਜ਼ਰ ਨਾ ਆਇਆ,
ਕਿਉਂ ਸੋਹਣਾ ਦਿਲਦਾਰ ਮੇਰਾ ।
ਇਸ਼ਕ ਸੱਜਣ ਦੇ ਕਮਲੀ ਕੀਤੀ,
ਹਾਲ ਤੋਂ ਮੈਂ ਬੇਹਾਲ ਹੋਈ,
ਜੇ ਇਕ ਵਾਰੀ ਸ਼ਕਲ ਦਿਖਾਵੇ,
ਤਨ ਮਨ ਜਾਊ ਬਲਿਹਾਰ ਮੇਰਾ ।
ਰਲ ਮਿਲ ਸਈਆਂ ਮਾਰਨ ਬੋਲੀ,
ਤਾਅਨੇ ਦੇਂਦੇ ਵੀਰ ਮੇਰੇ,
ਦੇਖੋ ਸਈਓ ਇਸ ਨਿਹੁੰ ਦੇ ਬਦਲੇ,
ਦੁਸ਼ਮਣ ਸਭ ਸੰਸਾਰ ਮੇਰਾ ।
ਨਾਲ ਪਰਾਈਆਂ ਹੱਸਦਾ ਰਸਦਾ,
ਮੂਲ ਨਾ ਲੈਂਦਾ ਸਾਰ ਮੇਰੀ,
ਜੀਵਨ ਜਾਨੀ ਤਿਉਂ ਤੋਂ ਨਿਭਾਂਦੀ,
ਪੀਤ ਮੇਰਾ ਗ਼ਮਖ਼ਾਰ ਮੇਰਾ ।
ਬਿਰਹੋਂ ਨੇ ਮੈਂ ਫੂਕ ਜਲਾਈਆਂ,
ਕੋਈ ਨਾ ਸੁਣਦਾ ਬੈਨ ਮੇਰੇ,
ਨਿੱਤ ਤਰਸੇਂਦੀ ਜਿੰਦ ਬਚ ਜਾਵੇ,
ਜੇ ਘਰ ਆਵੇ ਯਾਰ ਮੇਰਾ ।
ਮੀਰਾਂ ਸ਼ਾਹ ਮੈਂ ਕੁਝ ਨਾ ਜਾਣਾ,
ਭੀਖ ਪੀਆ ਨੂੰ ਲਾਜ ਮੇਰੀ,
ਰੋਜ਼ ਹਸ਼ਰ ਦੇ ਦਾਮਨ ਲਾਵੇ,
ਹੋਰ ਨਹੀਂ ਕੁਝ ਕਾਰ ਮੇਰਾ ।
117. ਕਲੇਰ ਦੇ ਵਾਸੀ ਲਓ ਖ਼ਬਰ
ਕਲੇਰ ਦੇ ਵਾਸੀ ਲਓ ਖ਼ਬਰ ।
ਮੁਝ ਬਿਰਹਨੀਆ ਕੀ ਪੱਤ ਰਾਖੋ,
ਨਿਰਤ ਸੁਰਤ ਕਾ ਮਤ ਡਰ ਲਾਗੋ,
ਤੁਮ ਸਾਹਿਬ ਹਮ ਦਾਸੇ ।
ਇਹ ਬਿਪਤਾ ਤੁਮ ਕਾਟੋ ਮੋਰੀ,
ਦੋ ਜਗਤ ਤੋਂ ਆਸਾ ਹੈ ਤੋਰੀ,
ਕੀਜੋ ਕਪਟ ਕੇ ਨਾਸੇ ।
ਸਾਧੂ ਸੰਤਾਂ ਦਰਸ਼ਨ ਚਾਹੇ,
ਜੋਗੀ ਭੋਗੀ ਸਭ ਗੁਨ ਗਾਵੇ,
ਜੰਗਮ ਔਰ ਸਨਿਆਸੇ ।
ਰੈਨ ਦਿਨਾ ਮੋਹੇ ਸਾਦ ਤੁਹਾਰੋ,
ਹਮਰੀ ਨਈਆ ਪਾਰ ਉਤਾਰੋ,
ਮਹਿਰਮ ਧਰਤ ਆਕਾਸੇ ।
ਮੀਰਾਂ ਸ਼ਾਹ ਜੋ ਤੁਮ ਚਿਤ ਲਾਗੇ,
ਕਾਲ ਕਰਮ ਕੀ ਦੂਤੀਆਂ ਭਾਗੇ,
ਗਾਓ ਰਾਗੁ ਪਲਾਸੇ ।
118. ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ
ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ,
ਪਰ ਇਸ਼ਕ ਅਕਲ ਦਾ ਵੈਰ ।
ਮਾਹੀ ਨੇ ਸਾਨੂੰ ਸਬਕ ਪੜ੍ਹਾਇਆ,
ਕੁਫ਼ਰ ਇਸਲਾਮੋ ਜਾਗ ਉਠਾਇਆ,
ਕੀ ਕਾਅਬਾ ਕੀ ਦੈਰ ।
ਰਹੀਓ ਮਾਈ ਤੂੰ ਮਾਰ ਨਾ ਬੋਲੀ,
ਚਾਕ ਪਿਆ ਅੱਜ ਮੇਰੀ ਝੋਲੀ,
ਦੇ ਪਰ ਦਰਗਾਹੋਂ ਖ਼ੈਰ ।
ਕੀ ਲੈਣਾ ਮੈਂ ਖੇੜੀਂ ਘੱਲਕੇ,
ਵਿਚ ਅਜਮੇਰ ਦੇ ਦੋਵੇਂ ਰਲਕੇ,
ਜਾਏ ਕਰਾਂਗੇ ਸੈਰ ।
ਏਸ ਇਸ਼ਕ ਦੇ ਇਹੀਓ ਚਾਲੇ,
ਮਾਹੀ ਚਾਕ ਰੰਝੇਟੇ ਵਾਲੇ,
ਸਿਰ ਮੇਰੇ ਤੇ ਪੈਰ ।
ਮੀਰਾਂ ਸ਼ਾਹ ਮੈਂ ਇਹ ਜਾਣੀ,
ਰਾਂਝੇ ਬਾਝੋਂ ਦੋਹੀਂ ਜਹਾਨੀ,
ਕੋਈ ਨਾ ਵੱਸਦਾ ਗ਼ੈਰ ।
119. ਸਈਓ ਲਗ ਰਹੀਆਂ
ਸਈਓ ਲਗ ਰਹੀਆਂ
ਦਿਲ ਮੇਰੇ ਤਾਂਘਾਂ ਯਾਰ ਦੀਆਂ ।
ਦਿਲਬਰ ਦਿਲ ਦਾ ਭੇਦ ਨਾ ਦੱਸਦਾ,
ਪੀਤ ਲਗਾਕੇ ਹੁਣ ਕਿਉਂ ਨੱਸਦਾ,
ਸਾਡੇ ਕਰੋ ਨਬੇੜੇ ।
ਆ ਸੱਜਣ ਹੋਈ ਦੇਰ ਬਥੇਰੀ,
ਜਲ ਬਲ ਹੋਈਆਂ ਖ਼ਾਕ ਦੀ ਢੇਰੀ ,
ਮੈਂ ਰਾਹ ਉਡੀਕਾਂ ਤੇਰੇ ।
ਪਾਂਧੀ ਪੰਡਤ ਬੈਦ ਮੰਗਾਵਾਂ,
ਸੱਦ ਨਜ਼ੂਮੀ ਫ਼ਾਲ ਖੁਲ੍ਹਾਵਾਂ,
ਮੈਂ ਦੇਖਾਂ ਬੈਠ ਬਨੇਰੇ ।
ਕਰਮ ਕਰੇ ਜੇ ਪੀਰ ਅਜਮੇਰੀ,
ਸੁੱਤੜੀ ਕਿਸਮਤ ਜਾਗੇ ਮੇਰੀ,
ਸਾਜਣ ਆਵੇ ਵਿਹੜੇ ।
ਦਿਲਬਰ ਦਾ ਮੈਨੂੰ ਇਸ਼ਕ ਸਤਾਵੇ,
ਉਸ ਜਿਹਾ ਕੋਈ ਨਜ਼ਰ ਨਾ ਆਵੇ,
ਮੈਂ ਦੇਖਾਂ ਚਾਰ ਚੁਫੇਰੇ ।
ਹਰਦਮ ਸਾਬਰ ਪੀਰ ਮਨਾਵਾਂ,
ਰੋ ਰੋ ਦਿਲ ਦਾ ਹਾਲ ਸੁਣਾਵਾਂ,
ਦੂਰ ਕਰੇ ਦੁੱਖ ਮੇਰੇ ।
ਮੀਰਾਂ ਸ਼ਾਹ ਮੈਂ ਨਿੱਤ ਗੁਣ ਗਾਵਾਂ,
ਗੁਰ ਚਿਸ਼ਤੀ ਦਾ ਦਰਸ਼ਨ ਪਾਵਾਂ,
ਜੇ ਆਵੇ ਅੱਜ ਵਿਹੜੇ ।
120. ਤੇਰੀਆਂ ਪਲ ਛਿਨ ਲੱਗ ਰਹੀਆਂ
ਤੇਰੀਆਂ ਪਲ ਛਿਨ ਲੱਗ ਰਹੀਆਂ,
ਤਾਂਘਾਂ ਹੋ ਯਾਰ ।
ਇਸ਼ਕ ਤੇਰੇ ਨੇ ਕੀ ਕੀਤੇ ਕਾਰੇ,
ਮਾਰ ਸੁੱਟੀ ਤੇਰੇ ਨਿੱਤ ਦੇ ਲਾਰੇ,
ਬਿਸਰ ਗਿਆ ਘਰ ਬਾਹਰ ।
ਵਾਹ ਵਾਹ ਹੁਸਨ ਅਜ਼ਲ ਦੀਆਂ ਦਮਕਾਂ,
ਹਰ ਸੂਰਤ ਵਿਚ ਮਾਰੇ ਚਮਕਾਂ,
ਇਹੋ ਮਹਿਬੂਬਾਂ ਦਾ ਕਾਰ ।
ਤੈਂ ਬਾਝੋਂ ਮੇਰੀ ਕੌਣ ਨਬੇੜੇ,
ਨਾਮ ਖ਼ੁਦਾ ਦੇ ਆ ਵੜ ਵਿਹੜੇ,
ਜਾਨ ਕਰਾਂ ਬਲਿਹਾਰ ।
ਹੁਸਨ ਤੇਰੇ ਨੇ ਦਿਲ ਨੂੰ ਛਲਿਆ,
ਜ਼ੁਲਫ ਕੁੰਡਲ ਨੇ ਆਲਮ ਵਲਿਆ,
ਸਮਝ ਲਿਆ ਅੰਧਕਾਰ ।
ਮੀਰਾਂ ਸ਼ਾਹ ਮੈਂ ਕੀ ਗੁਣ ਗਾਵਾਂ,
ਹਰ ਦਮ ਸਤਿਗੁਰ ਚਿਸ਼ਤ ਧਿਆਵਾਂ,
ਉਹੋ ਮੇਰਾ ਗ਼ਮਖ਼ਾਰ ।
121. ਮੈਂ ਬਰਦੀ ਹਾਂ ਸਾਬਰ ਪੀਆ ਰੇ
ਮੈਂ ਬਰਦੀ ਹਾਂ ਸਾਬਰ ਪੀਆ ਰੇ,
ਨਾਮ ਅੱਲਾਹ ਦੇ ਸਾਨੂੰ ਦਰਸ ਦਿਖਾਵੀਂ ।
ਸ਼ਹਿਰ ਮਦੀਨਾ ਕਲੇਰ ਤੇਰਾ,
ਤਰਫ਼ ਤੇਰੀ ਨਿੱਤ ਸਿਜਦਾ ਮੇਰਾ,
ਨਿਪਟ ਕਮੀਨੀ ਬੰਦੀ ਦਾਮਨ ਲਾਵੀਂ ।
ਸੁਪਨੇ ਅੰਦਰ ਦਰਸ ਦਿਖਾਵੇਂ,
ਜਾਂ ਜਾਗਾਂ ਤਾਂ ਨਜ਼ਰ ਨਾ ਆਵੇਂ,
ਔਗੁਣਹਾਰੀ ਸਾਈਆਂ ਨਾ ਤਰਸਾਵੀਂ ।
ਆਣ ਪੜੀ ਤੇਰੇ ਕਲੇਰ ਦੁਆਰੇ,
ਮੇਰੇ ਜਿਹੀਆਂ ਤੇ ਸੀ ਲੱਖ ਨਾਰੀ,
ਵਹਿਦਤ ਵਾਲਾ ਮੈਨੂੰ ਜਾਮ ਪਿਆਵੀਂ ।
ਤੇਰੇ ਕਾਰਨ ਮੈਂ ਜੋਗ ਕਮਾਇਆ,
ਗਲ ਅਲਫ਼ੀ ਤਨ ਬਭੂਤ ਰਮਾਇਆ,
ਗੰਜ ਸ਼ਕਰ ਵਾਲਾ ਫ਼ੈਜ਼ ਬੁਲਾਵੀਂ ।
ਮੀਰਾਂ ਸ਼ਾਹ ਵੱਲ ਮੋੜ ਮੁਹਾਰਾਂ,
ਕਰਮ ਕਰੇ ਤਾਂ ਹੋਣ ਬਹਾਰਾਂ,
ਦਾਮਨ ਲੱਗੀਆਂ ਦੀ ਓੜ ਨਿਭਾਵੀਂ ।
122. ਮੈਂ ਬਾਝ ਦਮਾਂ ਦੇ ਬਰਦੀ
ਮੈਂ ਬਾਝ ਦਮਾਂ ਦੇ ਬਰਦੀ,
ਤੂੰ ਝਿੜਕਾਂ ਨਾ ਦੇ ਯਾਰ ।
ਰਲ ਮਿਲ ਸਈਆਂ ਮਾਰਨ ਬੋਲੀ,
ਸੂਰਤ ਤੇਰੀ ਤੋਂ ਮੈਂ ਘੋਲੀ,
ਦਰਸ਼ਨ ਦੇਖਣ ਨੂੰ ਮਰਦੀ ।
ਤਨ ਮਨ ਦੇ ਵਿਚ ਡੇਰਾ ਤੇਰਾ,
ਤੁਹੀਓਂ ਕਾਅਬਾ ਕਿਬਲਾ ਮੇਰਾ,
ਮੈਂ ਝੁਕ ਸਿਜਦੇ ਕਰਦੀ ।
ਵਾਹ ਵਾਹ ਤੇਰੀਆਂ ਬੇਪਰਵਾਹੀਆਂ,
ਕਿਤੇ ਤੋੜੇਂ ਕਿਤੇ ਓੜ ਨਿਭਾਈਆਂ,
ਗੱਲ ਕੋਈ ਸਰਦੀ ।
ਮੈਂ ਮੁੱਠੀਆਂ ਤੇਰੇ ਨਾਜ਼ ਨਿਆਜ਼ਾਂ,
ਸਿਰ ਕਟਵਾਏ ਮਹਿਰਮ ਰਾਜ਼ਾਂ,
ਮੈਂ ਬੇਪਰਵਾਹੀਉਂ ਡਰਦੀ ।
ਮੀਰਾਂ ਸ਼ਾਹ ਮੈਂ ਤਨ ਮਨ ਵਾਰਾਂ,
ਭੀਖ ਪੀਆ ਹੁਣ ਮੋੜ ਮੁਹਾਰਾਂ,
ਮੈਂ ਬਾਂਦੀ ਤੇਰੇ ਦਰਦੀ ।
123. ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ
ਮੈਂ ਤੇਰੇ ਨਾਮ ਤੋਂ ਜਿੰਦ ਵਾਰਸਾਂ,
ਝਬ ਆਵੀਂ ਤੂੰ ਕਲੇਰ ਵਾਲਿਆ ।
ਸਿਕ ਪ੍ਰੇਮ ਦੀ ਤਨ ਮਨ ਫੂਕਦੀ,
ਨਿੱਤ ਸਾਬਰ ਸਾਬਰ ਕੂਕਦੀ,
ਤੇਰੇ ਇਸ਼ਕ ਮੇਰਾ ਜੀ ਜਾਲਿਆ ।
ਲਵੀਂ ਸਾਰ ਨਿਮਾਣੀ ਦੀ ਆਣਕੇ,
ਔਗੁਣਹਾਰ ਨੂੰ ਗੋਲੜੀ ਜਾਣਕੇ,
ਕੇਹਾ ਮੇਰੇ ਵੱਲੋਂ ਚਿਤ ਚਾਅ ਲਿਆ ।
ਤੈਨੂੰ ਵਾਸਤਾ ਚਿਸ਼ਤੀ ਫ਼ਰੀਦ ਦਾ,
ਮੈਨੂੰ ਸ਼ੌਕ ਲਗਾ ਤੇਰੀ ਦੀਦ ਦਾ,
ਜੱਗ ਟੋਲ ਤੇਰਾ ਦਰ ਪਾ ਲਿਆ ।
ਮੈਨੂੰ ਲਗੀਆਂ ਤਾਂਘਾਂ ਤੇਰੀਆਂ,
ਮੇਰੇ ਜਿਹੀਆਂ ਹੋਰ ਬਤੇਰੀਆਂ,
ਆਵੀਂ ਮਸਤ ਸਦਾ ਮਤਵਾਲਿਆ ।
ਮੈਨੂੰ ਹਾਰ ਸ਼ਿੰਗਾਰ ਨਾ ਭਾਂਵਦਾ,
ਤੇਰੇ ਨਾਮ ਦਾ ਵਿਰਦ ਸੁਹਾਂਵਦਾ,
ਜੋ ਕੁਝ ਪਾਉਣਾ ਸੀ ਸੋ ਪਾ ਲਿਆ ।
ਮੈਨੂੰ ਕਸਮ ਹੈ ਜ਼ਾਤ ਗ਼ਾਫੂਰ ਦੀ,
ਮੀਰਾਂ ਸ਼ਾਹ ਗ਼ੁਲਾਮ ਹਜ਼ੂਰ ਦੀ,
ਮੈਂ ਤਾਂ ਨਿਹੁੰ ਤੇਰੇ ਸੰਗ ਲਾ ਲਿਆ ।
124. ਕਿਉਂ ਕਰਦਾ ਮੰਦਾ ਬਹਾਨਾ ਹੋ
ਕਿਉਂ ਕਰਦਾ ਮੰਦਾ ਬਹਾਨਾ ਹੋ,
ਕਰ ਸੁਰਤ ਜਗ ਹੋ ਸਿਆਣਾ ਹੋ,
ਕਰ ਅਪਨਾ ਯਾਦ ਠਿਕਾਣਾ ਹੋ,
ਜਿਥੇ ਨਾਲ ਕਿਸੇ ਨਾ ਜਾਣਾ ਹੋ ਯਾਰ ।
ਸਭ ਛੱਡ ਦੇ ਖਾਹਿਸ਼ ਮੰਦੀ ਹੋ,
ਰਖ ਦਿਲ ਵਿਚ ਤਾਂਘ ਸੱਜਣ ਦੀ ਹੋ,
ਕਰ ਤੂੰ ਪੀਤ ਮਨ ਮੋਹਨ ਦੀ ਹੋ,
ਵੱਤ ਨਾ ਕਰ ਜੋਰ ਧਿੰਗਾਣਾ ਹੋ ਯਾਰ ।
ਵਿਚ ਕਸਰਤ ਕਿਉਂ ਚਿਰ ਲਾਇਆ ਹੈ,
ਤੈਂ ਅਸਲੀ ਦੇਸ ਭੁਲਾਇਆ ਹੈ,
ਕਿਉਂ ਭਰਮ ਦਿਲ ਵਿਚ ਪਾਇਆ ਹੈ,
ਕੁਛ ਕਰ ਲੈ ਸੋਚ ਨਿਦਾਨਾ ਹੋ ਯਾਰ ।
ਜੇ ਸਤਿਗੁਰ ਦੇ ਗੁਣ ਗਾਵੇਂ ਤੂੰ,
ਤਾਂ ਰਮਜ਼ ਹਕੀਕੀ ਪਾਵੇਂ ਤੂੰ,
ਹੋ ਬੇਖ਼ੁਦ ਖ਼ੁਦ ਹੋ ਜਾਵੇਂ ਤੂੰ,
ਜੇ ਸਮਝੇ ਕੌਲ ਤਰਾਨਾ ਹੋ ਯਾਰ ।
ਦੱਸ ਕਿਹੜਾ ਗ਼ੈਰ ਸਮਾਇਆ ਹੈ,
ਬਿਨ ਤੇਰੇ ਹੋਰ ਨਾ ਆਇਆ ਹੈ,
ਬਿਨ ਸੂਰਤ ਭੇਤ ਛੁਪਾਇਆ ਹੈ,
ਕਰ ਹੁਕਮ ਨਮਾਜ਼ ਦੋਗਾਨਾ ਹੋ ਯਾਰ ।
ਬਿਨ ਆਸ਼ਕ ਇਸ਼ਕ ਕਮਾਵੇਂ ਤੂੰ,
ਫਿਰ ਨਾਜ਼ ਮਸ਼ੂਕੀ ਪਾਵੇਂ ਤੂੰ,
ਮੁੱਖ ਜਾਮ ਸ਼ਰਾਬ ਜੇ ਲਾਵੇਂ ਤੂੰ,
ਹੋ ਪੀ ਪੀ ਮਸਤ ਦੀਵਾਨਾ ਹੋ ਯਾਰ ।
ਮੀਰਾਂ ਸ਼ਾਹ ਜੀ ਆਸਾ ਤੇਰੀ ਹੈ,
ਹੁਣ ਹੋਈ ਦੇਰ ਬਥੇਰੀ ਹੈ,
ਚਿਸ਼ਤੀ ਚਿਸ਼ਤੀ ਪੀਰ ਅਜਮੇਰੀ ਹੈ,
ਚਲ ਉੱਠ ਦਰਬਾਰ ਜੇ ਜਾਣਾ ਹੋ ਯਾਰ ।
125. ਅੱਖੀਆਂ ਲਗ ਗਈਆਂ, ਚਿਸ਼ਤੀ ਸਾਬਰ ਦੁਆਰੇ
ਅੱਖੀਆਂ ਲਗ ਗਈਆਂ, ਚਿਸ਼ਤੀ ਸਾਬਰ ਦੁਆਰੇ ।
ਸਈਓ ਕਲੇਰ ਜਾਵਾਂ, ਰੋ ਰੋ ਹਾਲ ਸੁਣਾਵਾਂ,
ਦਿਲ ਦਾ ਮਤਲਬ ਪਾਵਾਂ, ਚਿਸ਼ਤੀ ਸਾਬਰ ਦੁਆਰੇ ।
ਖ਼ਵਾਜਾ ਗੰਜ ਸ਼ਕਰ ਦਾ, ਉਥੇ ਫ਼ੈਜ਼ ਮਦਾਮ,
ਕਰਸਾਂ ਜਾ ਗ਼ੁਲਾਮੀ ਚਿਸ਼ਤੀ ਸਾਬਰ ਦੁਆਰੇ ।
ਵਿਚ ਕਨਜ਼ ਕਦੂਰੀ, ਪੈਂਦੀ ਮੂਲ ਨਾ ਪੂਰੀ,
ਹੁੰਦੀ ਖ਼ਾਸ ਹਜ਼ੂਰੀ, ਚਿਸ਼ਤੀ ਸਾਬਰ ਦੁਆਰੇ ।
ਜਾਂਦੇ ਕਿਸਮਤ ਵਾਲੇ, ਆਸ਼ਕ ਹੋ ਮਤਵਾਲੇ,
ਪੀਂਦੇ ਪ੍ਰੇਮ ਪਿਆਲੇ, ਚਿਸ਼ਤੀ ਸਾਬਰ ਦੁਆਰੇ ।
ਮੀਰਾਂ ਸ਼ਾਹ ਬਲਿਹਾਰੀ, ਪਾਏ ਵਸਲ ਹਲਾਰੀ,
ਲਾਕੇ ਨੈਣ ਨਜ਼ਾਰੇ, ਚਿਸ਼ਤੀ ਸਾਬਰ ਦੁਆਰੇ ।
126. ਤੈਨੂੰ ਰੱਬ ਕਰੀਮ ਦਾ ਵਾਸਤਾ ਹੈ
ਤੈਨੂੰ ਰੱਬ ਕਰੀਮ ਦਾ ਵਾਸਤਾ ਹੈ,
ਆਵੀਂ ਵੇ ਦਿਲਬਰ ਪਿਆਰਿਆ ।
ਛੋੜ ਅਸਾਂ ਕਿਹੜਾ ਵਸਾਇਆ,
ਭਾਗ ਚੰਗੇਰੇ ਜਿਹਨੂੰ ਲੈ ਗਲ ਲਾਇਆ,
ਕਿਤ ਗੁਣ ਸਾਨੂੰ ਵਿਸਾਰਿਆ ।
ਔਗੁਣਹਾਰੀ ਤੱਤੀ ਦਿਆ ਸਾਈਆਂ,
ਯਾਦ ਕਰ ਜਦ ਅੱਖੀਆਂ ਲਾਈਆਂ,
ਆ ਮਿਲ ਸੁਹਣਿਆ ਸਾਰਿਆ ।
ਘੋਲ ਘੱਤੀ ਤੇਰੀ ਇਕ ਫੇਰੀ ਤੋਂ,
ਬਾਬਲ ਦੀ ਸਹੁੰ ਨਾਮ ਤੇਰੇ ਤੋਂ,
ਦੋਨਾਂ ਜਹਾਨਾ ਨੂੰ ਵਾਰਿਆ ।
ਦਿਲ ਦਾ ਹਾਲ ਸੁਣਾਵਾਂ ਕਿਸ ਨੂੰ,
ਨਿਪਟ ਕਮੀਨੀ ਜਾਣਕੇ ਮੈਨੂੰ,
ਵਿਚ ਜੁਦਾਈਆਂ ਮਾਰਿਆ ।
ਤੇਰੇ ਕਾਰਣ ਮੈਂ ਜੋਗ ਕਮਾਇਆ,
ਗਲ ਅਲਫ਼ੀ ਤਨ ਬਭੂਤ ਰਮਾਇਆ,
ਦਰ ਦਰ ਅਲੱਖ ਪੁਕਾਰਿਆ ।
ਹਜ਼ਰਤ ਸੱਯਦ ਪੀਰ ਘੜਾਮੀ,
ਮਤਲਬ ਪੂਰੇ ਹੋਣ ਮਦਾਮੀ,
ਤੈਂ ਪਰ ਤਨ ਮਨ ਵਾਰਿਆ ।
ਮੀਰਾਂ ਸ਼ਾਹ ਮੈਂ ਘੋਲ ਘੁਮਾਇਆ,
ਜੇ ਕੋਈ ਦਰ ਤੇਰੇ ਪੁਰ ਆਇਆ,
ਜ਼ਾਹਰ ਬਾਤਨ ਤਾਰਿਆ ।
127. ਮੁੱਦਤਾਂ ਹੋਈਆਂ ਜਿੰਦ ਤਰਸੇ
ਮੁੱਦਤਾਂ ਹੋਈਆਂ ਜਿੰਦ ਤਰਸੇ,
ਦੇਖਾਂ ਕਦ ਘਰ ਆਵੇ ਯਾਰ ਮੇਰਾ,
ਸਈਓ ਰੋਜ਼ ਅਜ਼ਲ ਦੀ ਪੀਤ ਮੇਰੀ,
ਆਖੋ ਓੜ ਨਿਭਾਵੇ ਯਾਰ ਮੇਰਾ ।
ਕੋਈ ਖ਼ਬਰ ਨਹੀਂ ਕਿਹੜੇ ਦੇਸ ਗਿਆ,
ਉਹਨੂੰ ਕਿੰਨ ਸੌਤਨ ਨੇ ਘੇਰ ਲਿਆ,
ਸਈਓ ਨਿੱਤ ਦਾ ਵਿਛੋੜਾ ਪੇਸ਼ ਪਿਆ,
ਕਦੀ ਆ ਗਲ ਲਾਵੇ ਯਾਰ ਮੇਰਾ ।
ਉਹਦੇ ਇਸ਼ਕ ਅਨੋਖੇ ਸਤਾਈਆਂ ਮੈਂ,
ਸੁੱਤੀ ਖ਼ੁਆਬ ਆਦਮ ਤੋਂ ਜਗਾਈਆਂ ਮੈਂ,
ਵਿਚ ਕਸਰਤ ਆਣ ਰਲਾਈਆਂ ਮੈਂ,
ਮੈਨੂੰ ਦਰਸ ਦਿਖਾਵੇ ਯਾਰ ਮੇਰਾ ।
ਨਾ ਕੋਈ ਨਾਲ ਕਰਮ ਦੇ ਖ਼ਬਰ ਘਲੀ,
ਸਈਓ ਢੂੰਡੇਂਦੀ ਫਿਰੀ ਮੈਂ ਰਾਹ ਗਲੀ,
ਆਇਆ ਸ਼ਹਿਰ ਮਦੀਨਾ ਖ਼ਫੀ-ਓ-ਜਲੀ,
ਅਹਿਮਦ ਨਾਮ ਦੁਹਰਾਵੇ ਯਾਰ ਮੇਰਾ ।
ਸਾਨੂੰ ਲਾਮਕਾਨੀ ਦਸਦਾ ਹੈ,
ਦੇਖੋ ਵਿਚ ਅਜਮੇਰ ਦੇ ਵੱਸਦਾ ਹੈ,
ਕਿਤੇ ਸਾਬਰ ਤੋਂ(ਹੋ) ਦਿਲ ਖ਼ਸਦਾ ਹੈ,
ਅਪਣਾ ਭੇਤ ਛੁਪਾਵੇ ਯਾਰ ਮੇਰਾ ।
ਮੀਰਾਂ ਸ਼ਾਹ ਅਸੀਂ ਉਹਦੇ ਬਰਦੇ ਹਾਂ,
ਉਹਦਾ ਮੁੱਖ ਦੇਖਣ ਨੂੰ ਮਰਦੇ ਹਾਂ,
ਨਿੱਤ ਰੋਜ਼ ਉਡੀਕਾਂ ਕਰਦੇ ਹਾਂ,
ਆਕੇ ਦਾਮਨ ਲਾਵੇ ਯਾਰ ਮੇਰਾ ।
128. ਆਵੀਂ ਦਿਲਬਰ ਪਿਆਰੇ ਨਾ ਤਰਸਾ
ਆਵੀਂ ਦਿਲਬਰ ਪਿਆਰੇ ਨਾ ਤਰਸਾ ।
ਜਾਂ ਤੂੰ ਤਖ਼ਤ ਹਜ਼ਾਰਿਓਂ ਆਇਆ,
ਝੰਗ ਸਿਆਲੀ ਨਾਦ ਬਜਾਇਆ,
ਲਾਏ ਪ੍ਰੇਮ ਨਜ਼ਾਰੇ ।
ਅਲਸਤ ਬਿਰ ਬਿਕੁਮ ਨਾਜ਼ਿਲ ਕੀਤਾ,
ਹੀਰ ਨਿਮਾਣੀ ਦਾ ਦਿਲ ਖ਼ਸ ਲੀਤਾ,
ਕਾਲੂ ਬਿਲਾ ਨਿਰਵਾਰੇ ।
ਵਾਹ ਵਾਹ ਇਸ਼ਕ ਤੇਰੇ ਦੀਆਂ ਝੋਕਾਂ,
ਕਮਲੀ ਕੀਤੀ ਮੂਰਖ ਲੋਕਾਂ,
ਲੈ ਚਲ ਤਖ਼ਤ ਹਜ਼ਾਰੇ ।
ਨਾਲ ਅਸਾਂ ਕਰ ਨਾਜ਼ ਕਰੇਂਦਾ,
ਚਿਸ਼ਤ ਨਗਰ ਵਿਚ ਲੁਕ ਛਿੱਪ ਰਹਿੰਦਾ,
ਢੂੰਡਾਂ ਆਲਮ ਸਾਰੇ ।
ਦੇਖੋ ਸਈਓ ਨਿਹੁੰ ਲਗੜਾ ਡਾਹਢਾ,
ਚਾਕ ਕੀਤਾ ਦਿਲ ਚਾਕ ਅਸਾਡਾ,
ਆਖੋ ਸਾਬਰ ਦੁਆਰੇ ।
ਮੈਂ ਬਰਦੀ ਹਾਂ ਅਹਿਦ ਕਦੀਮੀ,
ਇਤ ਵੱਲ ਕਰੀਏ ਨਜ਼ਰ ਕਰੀਮੀ,
ਜੇ ਕੋਈ ਤਨ ਮਨ ਵਾਰੇ ।
ਵਿਚ ਕਲੇਰ ਦੇ ਅਜਬ ਬਹਾਰਾਂ,
ਮੀਰਾਂ ਸ਼ਾਹ ਸਭ ਛਡ ਦੇ ਕਾਰਾਂ,
ਜਿਥੇ ਸੈ ਲੱਖ ਤਾਰੇ ।
129. ਇਸ਼ਕ ਨਿਖੁੱਟੀ ਆਂ ਮੈਂ ਸੂਰਤ ਮੁੱਠੀਆਂ
ਇਸ਼ਕ ਨਿਖੁੱਟੀ ਆਂ ਮੈਂ ਸੂਰਤ ਮੁੱਠੀਆਂ,
ਆ ਮਿਲ ਯਾਰ ਗੁਮਾਨੀ ਚੀਰੇ ਵਾਲੜਿਆ ।
ਹਿਜ਼ਰ ਤੇਰੇ ਵਿਚ ਜਲੀਆਂ ਬਲੀਆਂ,
ਗਲੀਆਂ ਮੇਰੀਆਂ ਬਿਰਹੋਂ ਮੱਲੀਆਂ,
ਬਿਸਰ ਗਿਆ ਘਰ ਬਾਹਰ,
ਗੁਮਾਨੀ ਚੀਰੇ ਵਾਲੜਿਆ ।
ਤੂੰਹੀਓਂ ਤੂੰ ਹੈ ਨਾ ਕੁਝ ਮੇਰਾ,
ਹਰ ਮਜ਼ਹਬ ਵਿਚ ਜਲਵਾ ਤੇਰਾ,
ਮੈਂ ਦੇਖ ਹੋਈ ਬਲਿਹਾਰ,
ਗੁਮਾਨੀ ਚੀਰੇ ਵਾਲੜਿਆ ।
ਤੇਰੀ ਯਾਰੀ ਨੇ ਮੈਂ ਮਾਰੀ,
ਨਾਮ ਖ਼ੁਦਾ ਦੇ ਆ ਕਰ ਕਾਰੀ,
ਮੈਂ ਫ਼ਰਮਾ ਬਰਦਾਰ,
ਗੁਮਾਨੀ ਚੀਰੇ ਵਾਲੜਿਆ ।
ਰੋਜ਼ ਉਡੀਕਾਂ ਪੰਧੜੇ ਤੇਰੇ,
ਚਿਸ਼ਤ ਨਗਰ ਦਿਆ ਆ ਵੜ ਵਿਹੜੇ,
ਆਣ ਦੇਵੀਂ ਦੀਦਾਰ,
ਗੁਮਾਨੀ ਚੀਰੇ ਵਾਲੜਿਆ ।
ਆ ਮਿਲ ਗੁੱਝੀਆਂ ਰਮਜ਼ਾਂ ਵਾਲੇ,
ਇਸ਼ਕ ਤੇਰੇ ਨੇ ਕਈ ਘਰ ਗਾਲੇ,
ਅਜ਼ਬ ਤੇਰਾ ਅਸਰਾਰ,
ਗੁਮਾਨੀ ਚੀਰੇ ਵਾਲੜਿਆ ।
130. ਜਬ ਸੇ ਗਏ ਮੋਹਿ ਛੋੜ ਵਤਨ
ਜਬ ਸੇ ਗਏ ਮੋਹਿ ਛੋੜ ਵਤਨ,
ਸਖੀ ਸਾਬਰੀਆ ਨਹੀਂ ਆਏ ।
ਸਾਸ ਨਣਦ ਮੋਹੇ ਕਰਤ ਠਠੋਲੀ,
ਲਾਜ ਕੇ ਮਾਰੇ ਮੈਂ ਤੋ ਨਾ ਬੋਲੀ,
ਐਸੀ ਲਗੀ ਹੈ ਰੇ ਦਿਲ ਕੋ ਲਗਨ ।
ਘੜੀ ਪਲ ਛਿਨ ਮੋਹੇ ਚੈਨ ਨਾ ਆਵੇ,
ਬਿਰਹੋਂ ਅਗਨ ਮੋਰਾ ਜੀਅਰਾ ਜਲਾਵੇ,
ਮੋਹ ਲਈਓ ਪੀਆ ਕੌਣ ਸੌਤਨ ।
ਅਬ ਕੈਸੇ ਮੈਂ ਤੋ ਕਲੇਰ ਜਾਵਾਂ,
ਸਾਬਰ ਪੀਰ ਕੋ ਬੈਨ ਸੁਨਾਵਾਂ,
ਛੋਡ ਦਿਓ ਮੋਹੇ ਕਿਤ ਔਗੁਣ ।
ਗੰਜ ਸ਼ਕਰ ਮੋਹੇ ਦਾਮਨ ਲਾਵੀਂ,
ਮੀਰਾਂ ਸ਼ਾਹ ਕੀ ਧੀਰ ਬਨਾਂਈਂ,
ਬਾਰ ਡਾਰੂੰ ਅਪਨਾ ਤਨ ਮਨ ।
131. ਮੈਂ ਹਾਜ਼ਰ ਬੰਦੀ ਤੇਰੀ ਆਂ
ਮੈਂ ਹਾਜ਼ਰ ਬੰਦੀ ਤੇਰੀ ਆਂ,
ਆ ਲੈ ਮੇਰੀ ਸਾਰ ।
ਬਾਂਵਰੀ ਭਈਆਂ ਨਾਲ ਨਾ ਗਈਆਂ,
ਰਹੀਆਂ ਮੈਂ ਪਾਇ ਖੜੋ,
ਮੰਦਾ ਹਿਜ਼ਰ ਤੇਰਾ ਕਦੇ ਪਾ ਫੇਰਾ,
ਮੈਂ ਤਾਂ ਜਾਨ ਕਰਾਂ ਬਲਿਹਾਰ ।
ਮੁੱਠੀਆਂ ਨਾਜ਼ ਅਵੱਲੜੇ ਤੇਰੇ,
ਆ ਮੇਰੇ ਦਿਲਦਾਰ,
ਤੇਰੇ ਇਸ਼ਕ ਨੇ ਫੂਕ ਜਲਾ ਦਿੱਤੀ,
ਮੈਨੂੰ ਭੁੱਲ ਗਿਆ ਘਰ ਬਾਰ ।
ਮਨ ਮੋਹ ਲਿਆ ਦਿਲ ਖੋ ਲਿਆ,
ਹੋਰ ਮੁੱਠੀਆਂ ਸਭ ਸਰ ਪਾਰ,
ਤੇਰੇ ਨੈਣਾਂ ਨੇ ਮਾਰ ਕੇ ਕੁੱਠੀਆਂ,
ਮੈਂ ਲੁਟੀਆਂ ਵਿਚ ਬਜ਼ਾਰ ।
ਪੀਆ ਅਹਿਦ ਕਦੀਮੀ ਬੰਦੀ ਹਾਂ,
ਜੇ ਮੈਂ ਮੰਦੀਆਂ ਓੜ ਨਿਭਾਹ,
ਮੈਨੂੰ ਤੇਰੇ ਜਿਹਾ ਨਹੀਂ ਹੋਰ ਕੋਈ,
ਮੇਰੇ ਜਿਹੀਆਂ ਲੱਖ ਹਜ਼ਾਰ ।
ਮੀਰਾਂ ਸ਼ਾਹੁ ਦਾ ਪਾਉਣਾ ਬਹੁਤ ਔਖਾ,
ਚਿਸ਼ਤੀ ਪੀਰ ਦੀ ਬਾਝ ਨਿਗਾਹ,
ਉਹ ਵੀ ਹਿਜ਼ਰ ਤੇ ਵਸਲ ਮਨਜ਼ੂਰ ਨਹੀਂ,
ਕਿਥੇ ਆਰਿਫ਼ਾਂ ਦਾ ਅਸਰਾਰ ।
132. ਸਈਓ ਚੈਨ ਨਹੀਂ ਬਿਨ ਡਿੱਠਿਆਂ
ਸਈਓ ਚੈਨ ਨਹੀਂ ਬਿਨ ਡਿੱਠਿਆਂ,
ਕਦੇ ਆਵੇ ਦਿਲਬਰ ਪਿਆਰਾ ।
ਕੋਈ ਜਾ ਸੁਨਾਵੇ ਉਸਨੂੰ,
ਸਾਨੂੰ ਦੇਵੇ ਪਾਕ ਨਜ਼ਾਰਾ ।
ਨਿੱਤ ਫ਼ਾਲ ਨਜ਼ੂਮ ਖੁਲ੍ਹਾਵਾਂ,
ਕਿਹਨੂੰ ਦਿਲ ਦਾ ਹਾਲ ਸੁਣਾਵਾਂ,
ਕੋਈ ਉਸ ਦਾ ਅੰਤ ਨਾ ਪਾਵਾਂ,
ਜਿਹਨੂੰ ਲੱਭਦਾ ਆਲਮ ਸਾਰਾ ।
ਅਸੀਂ ਬਰਦੇ ਉਸਦੇ ਦਰ ਦੇ,
ਸਿਰ ਦੇਂਦੇ ਉਜਰ ਨਾ ਕਰਦੇ,
ਉਹਦਾ ਮੁੱਖ ਦੇਖਣ ਨੂੰ ਮਰਦੇ,
ਨਿਹੁੰ ਜਾਲਿਆ ਤਨ ਮਨ ਸਾਰਾ ।
ਕਦੀ ਆ ਤੱਤੀ ਦਿਆ ਸਾਈਂਆਂ
ਅਸੀਂ ਤੈਨੂੰ ਅੱਖੀਆਂ ਲਾਈਆਂ,
ਤੇਰੇ ਇਸ਼ਕ ਨੇ ਖ਼ਾਕ ਰਲਾਈਆਂ,
ਕਾਹਨੂੰ ਲਾਵੇਂ ਝੂਠਾ ਲਾਰਾ ।
ਮੈਂ ਔਗੁਣਹਾਰ ਨਿਥਾਵੀਂ,
ਤੂੰ ਤਾਂ ਵਸਦਾ ਸ਼ਹਿਰ ਗਰਾਂਵੀਂ,
ਕਦੀ ਝਾਤ ਅਸਾਂ ਨੂੰ ਪਾਵੀਂ,
ਤੇਰਾ ਦੋ ਜਗ ਸ਼ੋਰ ਪਕਾਰਾ ।
ਸਈਓ ਉਸਦਾ ਕੁਰਬ ਸਵਾਇਆ,
ਜਿਨ ਸ਼ਹੁ ਨੂੰ ਸੀਸ ਨਿਵਾਇਆ,
ਮੈਂ ਤਾਂ ਰੋ ਰੋ ਜਨਮ ਗਵਾਇਆ,
ਮੇਰਾ ਲਿਖਿਆ ਲੇਖ ਨਿਕਾਰਾ ।
ਸਈਓ ਗੰਜ ਸ਼ਕਰ ਦੇ ਜਾਵਾਂ,
ਸਭ ਦਿਲ ਦਾ ਹਾਲ ਸੁਣਾਵਾਂ,
ਮੀਰਾਂ ਸ਼ਾਹ ਮੈਂ ਘੋਲ ਘੁਮਾਵਾਂ,
ਉਹੋ ਪਾਰ ਲੰਘਾਵਣ ਹਾਰਾ ।
133. ਕੋਈ ਨਹੀਂ ਇਤਬਾਰ ਉਸ ਯਾਰ ਦਾ
ਕੋਈ ਨਹੀਂ ਇਤਬਾਰ ਉਸ ਯਾਰ ਦਾ,
ਕਦੀਮੀ ਬੇਪਰਵਾਹ ।
ਇਕਨਾ ਨਾਜ਼ ਅਦਾ ਦਿਖਲਾਵੇ,
ਇਕਨਾ ਹੱਸਕੇ ਦਰਸ ਦਿਖਾਵੇ,
ਸੋਈਓ ਕਰਦਾ ਜੋ ਮਨ ਭਾਵੇ,
ਇਕਨਾ ਵਿਚ ਜੁਦਾਈਆਂ ਮਾਰਦਾ ।
ਦੇਖੋ ਸਈਓ ਵਾਹ ਸ਼ਹੁ ਦੇ ਕਾਰੇ,
ਇਕਨਾ ਮਿਲਦਾ ਇਕਨਾ ਲਾਰੇ,
ਮਿਲ ਮਿਲ ਬਹਿੰਦਾ ਆਪੇ ਸਾਰੇ,
ਲੱਭਦਾ ਬਹੁਤ(ਖੋਜ) ਨਹੀਂ ਦਿਲਦਾਰ ਦਾ ।
ਸ਼ਾਹ ਸਮਸ਼ ਦਾ ਪੋਸ਼ ਲੁਹਾਵੇਂ,
ਸਰਮਦ ਦਾ ਸਿਰ ਚਾਅ ਕਟਵਾਵੇਂ,
ਆਪ ਅਨਲਹੱਕ ਬੋਲ ਸੁਣਾਵੇਂ,
ਸ਼ਾਹ ਮਨਸੂਰ ਸੂਲੀ ਪਰ ਚਾੜ੍ਹਦਾ ।
ਸ਼ਾਹ ਹੁਸੈਨ ਦਾ ਕੁਰਬ ਵਧਾਇਆ,
ਕਰਬਲਾ ਦੇ ਵਿਚ ਕਤਲ ਕਰਾਇਆ,
ਕਤਰੇ ਪਾਣੀ ਤੋਂ ਤਰਸਾਇਆ,
ਉੱਮਤ ਦੀ ਉਹ ਨਿਜ਼ਾਤ ਪੁਕਾਰਦਾ ।
ਦੇਖੋ ਸਈਓ ਕੇਹੇ ਦੇਂਦਾ ਧੋਖੇ,
ਕਿਤੇ ਚਿਸ਼ਤੀ ਕਿਤੇ ਕਾਦਰੀ ਹੋਕੇ,
ਘਰ ਘਰ ਫ਼ੈਜ਼ ਦੇਂਦਾ ਮਨ ਮੋਹਕੇ,
ਲੁਕ ਛਿਪ ਸਾਂਗ ਨੈਣਾਂ ਦੇ ਮਾਰਦਾ ।
ਨਾਲ ਮੂਸੇ ਫਿਰਔਨ ਲੜਾਇਆ,
ਇਬਰਾਹੀਮ ਖਿੱਚ ਵਿਚ ਪਾਇਆ,
ਜ਼ਕਰੀਆ ਆਰੇ ਹੇਠ ਚਰਾਇਆ,
ਕਰੇ ਕੀ ਇਤਬਾਰ ਪਿਆਰ ਦਾ ।
ਮੀਰਾਂ ਸ਼ਾਹ ਕੁਝ ਅੰਤ ਨਾ ਆਵੇ,
ਜੋ ਸਿਰ ਦੇਵੇ ਸੋਈਓ ਪਾਵੇ,
ਨਿਹੁੰ ਲਾਵੇ ਤਾਂ ਸੌ ਗ਼ਮ ਖਾਵੇ,
ਜੀਤ ਉਸਦੀ ਜੋ ਕੋਈ ਹਾਰਦਾ ।
134. ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ
ਇਸ਼ਕ ਅਵੱਲੜੇ ਦੇ ਸਾਂਗ ਅਵੱਲੜੇ,
ਜਿਸ ਤਨ ਲਾਗੇ ਸੋ ਤਨ ਜਾਣੇ ।
ਪੀਤ ਇਸ਼ਕ ਦੀ ਆਸ਼ਕ ਸਹਿੰਦੇ,
ਬਿਨ ਸਿਰ ਦਿੱਤਿਆਂ ਮੂਲ ਨਾ ਰਹਿੰਦੇ,
ਸੂਲੀ ਚੜ੍ਹਦੇ ਹੋਗ ਨਿਤਾਣੇ ।
ਇਸ਼ਕ ਕਰੇਂਦਾ ਨਾਜ਼ ਅਦਾਈਆਂ,
ਪਕੜ ਚਵਾਤੀ ਫੂਕ ਜਲਾਈਆਂ,
ਇਸ਼ਕ ਸੁਖਾਲਾ ਲੋਕਾਂ ਭਾਣੇ ।
ਰੋਜ਼ ਉਡੀਕਾਂ ਆ ਮਿਲ ਸਾਈਆਂ,
ਉਚੇ ਚੜ੍ਹਕੇ ਦੇਵਾਂ ਦੁਹਾਈਆਂ,
ਲੁੱਟੀਆਂ ਕਰਕੇ ਜੋਰ ਧਿੰਗਾਣੇ ।
ਜਿਹੜੇ ਨਾਜ਼ ਮਾਸ਼ੂਕਾਂ ਵਾਲੇ,
ਆਸ਼ਕ ਬਾਝੋਂ ਕੋਈ ਨਾ ਭਾਲੇ,
ਭਾਵੇਂ ਹੋਵਣ ਲੱਖ ਸਿਆਣੇ ।
ਮੀਰਾਂ ਸ਼ਾਹ ਜੋ ਗੁਰ ਚਿਤ ਲਾਵੇ,
ਰਮਜ਼ ਇਸ਼ਕ ਦੀ ਸੋਈਓ ਪਾਵੇ,
ਜੋ ਕੋਈ ਆਪਣਾ ਆਪ ਪਛਾਣੇ ।
135. ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ
ਕਿਸਨੂੰ ਮੈਂ ਆਖਾਂ ਸਈਓ ਜਿੰਦ ਗਈ,
ਨੀਂ ਨਿੱਤ ਦੇ ਵਿਛੋੜੇ ਨੇ ਮਾਰ ਲਈ ।
ਇਸ਼ਕ ਦੀ ਭਾਹ ਸੀਨੇ ਵਿਚ ਭੜਕੇ,
ਸਾਂਗ ਹਿਜ਼ਰ ਦੀ ਜਿਗਰ ਵਿਚ ਰੜਕੇ,
ਜੋ ਕੁਝ ਬੀਤੀ ਸੋਈ ਸਿਰ ਸਹੀ ਨੀਂ ।
ਚਾਕ ਮਾਹੀ ਨੇ ਦਰਦ ਨਾ ਕੀਤਾ,
ਰੋਂਦੀ ਨੂੰ ਛੱਡ ਗਿਆ ਮਨ ਮੀਤਾ,
ਔਗੁਣਹਾਰੀ ਕਲੜੀ ਮੈਂ ਰਹੀ ਨੀਂ ।
ਦਿਹਾਜ਼ ਇਸ਼ਕ ਦੀ ਮੈਂ ਦਿਆਂ ਦੁਹਾਈ,
ਦਿਲਬਰ ਕੁੱਠੀਆਂ ਵਾਂਗ ਕਸਾਈ,
ਦਿਲ ਦੀ ਆਸ ਦਿਲੇ ਵਿਚ ਰਹੀ ਨੀਂ ।
ਮੀਰਾਂ ਸ਼ਾਹ ਮੈਂ ਕਲੇਰ ਜਾਵਾਂ,
ਰੋ ਰੋ ਦਿਲ ਦਾ ਹਾਲ ਸੁਣਾਵਾਂ,
ਸਾਬਰ ਪੀਰ ਦਾ ਨਾਮ ਸਹੀ ਨੀਂ ।
136. ਮੁੱਦਤਾਂ ਗੁਜ਼ਰ ਗਈਆਂ
ਮੁੱਦਤਾਂ ਗੁਜ਼ਰ ਗਈਆਂ,
ਆਵੀਂ ਮਹਿਰਮ ਯਾਰ ।
ਬਿਰਹੋਂ ਜਲੀ ਨੂੰ ਨਾ ਜਲਾਵੀਂ,
ਆਣ ਅਸਾਂ ਨੂੰ ਦਰਸ ਦਿਖਾਵੀਂ,
ਜਾਨ ਕਰਾਂ ਬਲਿਹਾਰ ।
ਇਸ਼ਕ ਤੇਰੇ ਨੇ ਫੂਕ ਜਲਾਇਆ,
ਮੈਂ ਤੱਤੜੀ ਨਾ ਗਲ ਲਾਇਆ,
ਕਰਸਾਂ ਯਤਨ ਹਜ਼ਾਰ ।
ਔਗੁਣਹਾਰੀ ਨੂੰ ਲੈ ਗਲ ਲਾਵੀਂ,
ਅਹਿਦ ਕਦੀਮੀ ਪੀਤ ਨਿਭਾਵੀਂ,
ਤੇਰੀ ਜਾਤ ਸਤਾਰ ।
ਹੋਰਨਾ ਨਾਲ ਤੂੰ ਹੱਸਦਾ ਰਸਦਾ,
ਨਿੱਪਟ ਕਮੀਨੀ ਤੋਂ ਕਿੱਤ ਨੱਸਦਾ,
ਰੋਵਾਂ ਜ਼ਾਰੋ ਜ਼ਾਰ ।
ਮੀਰਾਂ ਸ਼ਾਹ ਚਲ ਸੀਸ ਨਿਵਾਈਏ,
ਹਾਲ ਦਿਲਾਂ ਦਾ ਆਖ ਸੁਣਾਈਏ,
ਸਾਬਰ ਦੇ ਦਰਬਾਰ ।
137. ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ
ਜਾਇ ਕਹੋ ਕੋਈ ਸ਼ਾਮ ਸੁੰਦਰ ਸਿਉਂ,
ਦਰਸ ਦਖਣ ਦੀ ਤਾਂਘ ਸਦਾ ।
ਨਿੱਤ ਦੇ ਵਿਚੋੜੇ ਨੇ ਫੂਕ ਜਲਾਈ,
ਬਸ ਕਰ ਸੱਜਣਾ ਮੁੱਖ ਦਿਖਲਾਹ ।
ਨਾਮ ਸਾਬਰ ਦੇ ਬਖ਼ਸ਼ ਬੇਅਦਬੀ,
ਜਾਤ ਤੇਰੀ ਹੈ ਰਹਿਮਾਨੀ,
ਮੈਂ ਆਜਿਜ਼ ਦੀ ਪੀਤ ਪੁਰਾਣੀ,
ਜਿਉਂ ਜਾਨੇ ਤਿਉਂ ਓੜ ਨਿਭਾਹ ।
ਮੁੱਦਤਾਂ ਹੋਈਆਂ ਆ ਮਿਲ ਸਾਈਆਂ,
ਆਈ ਲਬਾਂ ਤੇ ਜਾਨ ਮੇਰੀ,
ਵਾਹ ਵਾਹ ਤੇਰੇ ਨਾਜ਼ ਅਨੋਖੇ,
ਹਿਜ਼ਰ ਕਿਤੇ, ਕਿਤੇ ਵਸਲ ਤੇਰਾ ।
ਝੱਬ ਮੁੜ ਆਵੀਂ ਨਾ ਤਰਸਾਵੀਂ,
ਐਬ ਨਿਮਾਣੀ ਦੇ ਕੱਜ ਸੱਜਣਾ,
ਜੋ ਕੁਝ ਬੀਤੀ ਨਾਲ ਅਸਾਡੇ,
ਕਿਸਨੂੰ ਆਖਾਂ ਤੇਰੇ ਸਿਵਾ ।
ਮੀਰਾਂ ਸ਼ਾਹ ਨੂੰ ਆਸ ਮਿਲਣ ਦੀ,
ਪਲ ਪਲ ਦਿਲ ਨੂੰ ਲੱਗ ਰਹੀ ਹੈ,
ਤਨ ਮਨ ਤੈਂ ਪਰ ਘੋਲ ਘੁਮਾਇਆ,
ਆ ਪਿਆਰਿਆ ਤੂੰ ਲੈ ਗਲ ਲਾ ।
138. ਮੈਂ ਬਰਦੀ ਹਾਂ ਤੇਰੀ ਵੇ ਸੱਜਣਾ
ਮੈਂ ਬਰਦੀ ਹਾਂ ਤੇਰੀ ਵੇ ਸੱਜਣਾ,
ਦਰਸ ਦਿਖਾ ਇਕ ਵੇਰੀ ।
ਤਲਬ ਦੇਖਣ ਦੀ ਹਰਦਮ ਰਹਿੰਦੀ,
ਚੋਟ ਜੁਦਾਈਆਂ ਦੀ ਜਿੰਦ ਸਹਿੰਦੀ,
ਮੈਂ ਹੋਈ ਆਂ ਖ਼ਾਕ ਦੀ ਢੇਰੀ ।
ਹੋਰਨਾ ਨਾਲ ਤੂੰ ਹੱਸਦਾ ਰਸਦਾ,
ਸਾਨੂੰ ਦਿਲ ਦਾ ਭੇਤ ਨਾ ਦੱਸਦਾ,
ਨਿੱਤ ਤਰਸੇ ਜਿੰਦ ਮੇਰੀ ।
ਵਾਹ ਵਾਹ ਤੇਰੇ ਨਾਜ਼ ਅਵੱਲੜੇ,
ਜਿਸਨੇ ਜਾਤੇ ਉਸ ਸਵੱਲੜੇ,
ਮੈਂ ਕਰ ਰਹੀ ਢੂੰਡ ਬਥੇਰੀ ।
ਜਾਂ ਨੈਣਾਂ ਦੀ ਚਮਕ ਦਿਖਾਈ,
ਭੁੱਲ ਗਈ ਸੁੱਧ ਬੁੱਧ ਤੇ ਚਤਰਾਈ,
ਮੈਂ ਇਸ਼ਕ ਤੇਰੇ ਨੇ ਘੇਰੀ ।
ਫ਼ਾਨੀ ਦਮ ਦਾ ਕੀ ਭਰਵਾਸਾ,
ਇਸ ਦੁਨੀਆਂ ਦਾ ਕੂੜਾ ਵਾਸਾ,
ਜੀਵਨ ਜੋਗੀ ਦੀ ਫੇਰੀ ।
ਨਿੱਪਟ ਕਮੀਨੀ ਔਗੁਣਹਾਰੀ,
ਬਾਬਲ ਦੀ ਸਹੁੰ ਤੈਂ ਪਰ ਵਾਰੀ,
ਲਾਜ ਰਖੀਂ ਤੂੰ ਮੇਰੀ ।
ਮੀਰਾਂ ਸ਼ਾਹ ਜਾਂ ਆਵੇ ਵਿਹੜੇ,
ਵਿਚ ਚਸ਼ਮਾ ਦੇ ਲਾਵੇ ਡੇਰੇ,
ਮੈਂ ਬਾਝ ਦਮਾਂ ਦੇ ਚੇਰੀ ।
139. ਕਿਸ ਕਾਰਨ ਤੂੰ ਆਇਆ ਪਿਆਰੇ
ਕਿਸ ਕਾਰਨ ਤੂੰ ਆਇਆ ਪਿਆਰੇ,
ਵੇਲਾ ਯਾਦ ਨਹੀਂ ।
ਇਥੇ ਪਲਕ ਝਲਕ ਦਾ ਮੇਲਾ,
ਭਰਮ ਭੁਲਾਇਆ ਫਿਰੇਂ ਇਕੇਲਾ,
………………………।
ਸੂਫ਼ੀ ਸ਼ੇਖ ਮੁਸ਼ਾਇਖ ਕਹਾਵੇਂ,
ਕਰ ਕਰ ਬਾਤਾਂ ਦਿਲ ਪਰਚਾਵੇਂ,
ਅਨਹਦ ਭੇਦ ਨਾ ਪਾਇਆ ।
ਪਿਆਰੇ ਆਪਣੀ ਕਰ ਪੜਤਾਲੀ,
ਸਤਿਗੁਰ ਵਾਲੀ ਰਮਜ਼ ਨਿਰਾਲੀ,
ਤੈਂ ਬਿਨ ਕਿਹੜਾ ਆਇਆ ।
ਐਨ ਹਕੀਕਤ ਮਨ ਚਿਤ ਲਾਵੇ,
ਅੰਤ ਕੇ ਵੇਲੇ ਕਿਉਂ ਪਛਤਾਵੇ,
ਦਮ ਆਇਆ ਨਾ ਆਇਆ ।
ਹਿਰਸ ਤਮ੍ਹਾਂ ਵਿਚ ਉਮਰ ਗਵਾਈ,
ਹੁੱਬ ਵਤਨ ਦੀ ਆਣ ਭੁਲਾਈ,
ਮੂਰਖ ਜਗਤ ਕਹਾਇਆ ।
ਕੈ ਲਈ ਆਇਓਂ ਕੀ ਲਈ ਜਾਣਾ,
ਛੋੜ ਖ਼ੁਦੀ ਨੂੰ ਹੋ ਸਿਆਣਾ,
ਦਿਲ ਵਿਚ ਗੌਂਸ ਸਮਾਇਆ ।
ਜੇ ਤੂੰ ਸ਼ਹੁ ਦੀ ਰਮਜ਼ ਪਛਾਣੇ,
ਕਸਰਤ ਵਹਿਦਤ ਇਕ ਕਰ ਜਾਣੇ,
ਤਾਹੀਂਓਂ ਤੈਂ ਸ਼ਹੁ ਪਾਇਆ ।
ਦੇਖ ਪਿਆਰੇ ਪੀ ਦੇ ਕਾਰੇ,
ਅੰਦਰ ਬਾਹਰ ਆਪੇ ਸਾਰੇ,
ਲੈਣ ਨਜ਼ਾਰੇ ਆਇਆ ।
ਮੀਰਾਂ ਸ਼ਾਹ ਮੈਂ ਘੋਲ ਘੁਮਾਇਆ,
ਗੁਰ ਚਿਸ਼ਤੀ ਦੇ ਦਾਮਨ ਲਾਇਆ,
ਨਾਲ ਕਰਮ ਸਮਝਾਇਆ ।
140. ਸਾਨੂੰ ਭੁੱਲ ਗਈਆਂ ਤਦਬੀਰਾਂ
ਸਾਨੂੰ ਭੁੱਲ ਗਈਆਂ ਤਦਬੀਰਾਂ,
ਪੀਆ ਵੇ ਲਗ ਰਹੀਆਂ ਇਸ਼ਕ ਦੀਆਂ ਪੀੜਾਂ ।
ਨਾਲ ਅਸਾਡੇ ਲਾਰਾ ਲਾਇਆ,
ਚੱਕ ਮੁੱਖੜਾ ਨਾ ਦਰਸ ਦਿਖਾਇਆ,
ਕਿਉਂ ਕਰਦਾ ਤਕਦੀਰਾਂ ।
ਕਸਮ ਖ਼ੁਦਾ ਦੀ ਮੈਂ ਤੈਂ ਪਰ ਘੋਲੀ,
ਜੇ ਪਿਆਰਿਆ ਮੈਂ ਮੰਦੜਾ ਬੋਲੀ,
ਤੂੰ ਮੁਆਫ਼ ਕਰੀਂ ਤਕਸੀਰਾਂ ।
ਸੁਣ ਮਾਹੀ ਤੇਰੇ ਨਿਹੁੰ ਵਿਚ ਸੜੀਆਂ,
ਦਰ ਤੇਰੇ ਕਰ ਆਸਾਂ ਖੜੀਆਂ,
ਮੈਂ ਜੇਹੀਆਂ ਸੈ ਹੀਰਾਂ ।
ਇਸ਼ਕ ਤੇਰੇ ਵਿਚ ਸੁਣ ਮੀਆਂ ਰਾਂਝਾ,
ਦੀਨ ਦੁਨੀ ਦਾ ਛੱਡਿਆ ਲਾਂਝਾ,
ਮੈਂ ਹੋਈਆਂ ਹਾਲ ਫ਼ਕੀਰਾਂ ।
ਇਸ਼ਕ ਤੇਰੇ ਮਨ ਬਸ ਕਰ ਲੀਤਾ,
ਦਿਲ ਮੇਰੇ ਨੂੰ ਪੁਰਜੇ ਕੀਤਾ,
ਜਿਉਂ ਦਰਜੀ ਦੀਆਂ ਲੀਰਾਂ ।
ਕਰਮ ਕਰੀਂ ਕਲੇਰ ਦਿਆ ਸਾਈਂਆਂ,
ਨਾਲ ਫਜ਼ਲ ਦੇ ਪਾਰ ਲਗਾਈਆਂ,
ਤੈਂ ਸੈ ਲੱਖ ਦਾਮਨਗੀਰਾਂ ।
ਮੀਰਾਂ ਸ਼ਾਹ ਮੈਂ ਤੇਰੀ ਹੋਈ,
ਤੈਂ ਬਿਨ ਦੂਜਾ ਹੋਰ ਨਾ ਕੋਈ,
ਮੈਂ ਡਿੱਠੜਾ ਨਾਲ ਜ਼ਮੀਰਾਂ ।
141. ਇਕ ਪਲ ਟਿਕਣ ਨਾ ਦੇਂਦਾ
ਇਕ ਪਲ ਟਿਕਣ ਨਾ ਦੇਂਦਾ,
ਵੇ ਸੱਜਣਾ ਇਸ਼ਕ ਤੇਰਾ ।
ਬੇਖ਼ੁਦ ਮਸਤ ਅਲਮਸਤ ਬਣਾਵੇ,
ਮਾਏਂ ਵਹਿਦਤ ਦਾ ਜਾਮ ਪਿਲਾਵੇ,
ਜਦ ਸਾਕੀ ਹੋਕੇ ਬਹਿੰਦਾ ।
ਜਿਸ ਆਜਜ਼ ਦੇ ਦਿਲ ਚੜ੍ਹ ਆਵੇ,
ਹਿਜਰ ਵਸਲ ਦੀ ਅੱਗ ਭੜਕਾਵੇ,
ਤਨ ਮਨ ਖ਼ਾਕ ਕਰੇਂਦਾ ।
ਜ਼ਾਲਮ ਖੂਨੀ ਫਿਰਨ ਅਵਾਰੇ,
ਇਸ਼ਕ ਝੋਣੇ ਕਰ ਕਰ ਮਾਰੇ,
ਕੀ ਕੀ ਅਦਲ ਕਰੇਂਦਾ ।
ਇਕਨਾ ਹੱਸ ਹੱਸ ਯਾਰ ਮਿਲਾਵੇ,
ਇਕਨਾ ਦਾ ਨਿੱਤ ਜੀ ਤਰਸਾਵੇ,
ਇਕ ਪਲ ਸਾਰ ਨਾ ਲੈਂਦਾ ।
ਮੀਰਾਂ ਸ਼ਾਹ ਹੁਣ ਮੈਂ ਦਿਲ ਧਾਇਆ,
ਵਹਿਮ ਖ਼ੁਦੀ ਦਾ ਭਰਮ ਉਠਾਇਆ,
ਹਰਦਮ ਵਿਚ ਰੜਕੇਂਦਾ ।
142. ਅਬ ਲੈ ਸਾਰ ਮੇਰੇ ਸਾਬਰ ਯਾਰ
ਅਬ ਲੈ ਸਾਰ ਮੇਰੇ ਸਾਬਰ ਯਾਰ,
ਸ਼ਰਨ ਪਰੂੰ ਤਨ ਮਨ ਬਲਿਹਾਰ,
ਮੋਰੇ ਸਾਬਰੀਆ ਅਬ ਨਾ ਬਿਸਾਰ ।
ਘੜੀ ਪਲ ਛਿਨ ਮੋਹੇ ਜੀਅ ਤਰਸਤ ਹੈ,
ਤੁਮਰੇ ਦਰਸ ਬਿਨ ਕਲ ਨਾ ਪਰਤ ਹੈ,
ਭੂਲ ਗਇਓ ਸੰਸਾਰ ਮੋਰੇ ਸਾਬਰੀਆ ।
ਬਾਉਰੀ ਭਈਆਂ ਘਰ ਕੰਤ ਨਾ ਆਇਓ,
ਸਭ ਸਖੀਆਂ ਮਿਲ ਫਾਗ ਰਚਾਇਓ,
ਆਈ ਬਸੰਤ ਬਹਾਰ ਮੋਰੇ ਸਾਬਰੀਆ ।
ਸਾਬਰ ਪੀਆ ਹਮ ਦਾਸੀ ਤੋਰੀ,
ਆਉ ਖੇਲ੍ਹੋ ਮੀਰਾਂ ਸ਼ਾਹ ਹੋਰੀ,
ਆਣ ਪੜੀ ਦਰਬਾਰ ਮੋਰੇ ਸਾਬਰੀਆ ।
143. ਹਮਦ ਇਲਾਹੀ ਸਿਫ਼ਤ ਮੁਹੰਮਦ
(ਕਾਫ਼ੀ ਬਰ ਬਜ਼ਨ ਗ਼ਜ਼ਲ)
ਹਮਦ ਇਲਾਹੀ ਸਿਫ਼ਤ ਮੁਹੰਮਦ,
ਦਿਲ ਦੇ ਵਿਚਕਾਰ ਮੇਰੇ ।
ਤਨ ਮਨ ਖ਼ਾਕ ਦੇ ਬਲ ਬਲ ਜਾਵਾਂ,
ਹਾਮੀ ਚਾਰੋਂ ਯਾਰ ਮੇਰੇ ।
ਚਿਸ਼ਤੀ ਖ਼ਾਸ ਤਰੀਕ ਬਹਿਸ਼ਤੀ,
ਰੋਸ਼ਨ ਕੁਰਬ ਕਮਾਲ ਹੋਇਆ ।
ਗੰਜ ਸ਼ਕਰ ਤੇਰਾ ਦਰਸ਼ਨ ਪਾਵਣ,
ਮੈਂ ਆਈ ਦਰਬਾਰ ਤੇਰੇ ।
ਖ਼ਾਸ ਖ਼ਲੀਫ਼ੇ ਦੋਨੋ ਤੇਰੇ,
ਸਾਬਰ ਤੇ ਮਹਿਬੂਬ ਖ਼ੁਦਾ ।
ਸ਼ਹਿਨ ਸ਼ਾਹ ਦੋ ਆਲਮ ਦੋਹੀ,
ਮਾਲਕ ਅਨਾ ਮੁਖ਼ਤਿਆਰ ਤੇਰੇ ।
ਜ਼ਾਹਰ ਬਾਤਨ ਮਸ਼ਰਕ ਮਗ਼ਰਬ,
ਫ਼ਰਦ ਆਲਮ ਤੇਰਾ ਫ਼ੈਜ਼ ਹੋਇਆ ।
ਪਾਕ ਮੰਜ਼ਲੇ ਸ਼ੇਰ-ਉਲ-ਅਕਬਰ,
ਮਨਤ ਤੇ ਗ਼ਮਖ਼ਾਰ ਮੇਰੇ ।
ਨਾਮ ਸਾਬਰ ਦੇ ਪਾਇਮ ਇਕ ਫੇਰੀ,
ਆਣ ਫ਼ਰੀਦਾ ਸਾਰ ਲੈ ਮੇਰੀ ।
ਦੇਵੀਂ ਸ਼ੌਕ ਸ਼ਰਾਬ ਪਿਆਲਾ,
ਮੈਂ ਆਜ਼ਜ਼ ਬਲਿਹਾਰ ਤੇਰੇ ।
ਛੱਤੀ ਵਰਸਾਂ ਜੁਹਦ ਕਮਾਇਆ,
ਖ਼ਵਾਜਾ ਕੁਤਬ ਸਿਉਂ ਫ਼ੈਜ਼ ਉਠਾਇਆ ।
ਮੈਂ ਆਜਿਜ਼ ਤੇਰੇ ਰੋਜ਼ੇ ਆਇਆ,
ਦਿਲ ਨੂੰ ਹੋਗ ਕਰਾਰ ਮੇਰੇ ।
ਪਾਕ ਦੀਵਾਨ ਹੈ ਯੂਸਫ਼ ਸਾਨੀ,
ਸੱਯਦ ਮੁਹੰਮਦ ਹੈ ਲਾਸਾਨੀ ।
ਰੌਸ਼ਨ ਹੋਵੇ ਦੋਹੀਂ ਜਹਾਨੀ,
ਹਾਸਲ ਸਭ ਇਸਰਾਰ ਤੇਰੇ ।
ਮੀਰਾਂ ਸ਼ਾਹ ਮਸਕੀਨ ਵਿਚਾਰਾ,
ਗੰਜ ਸ਼ਕਰ ਤੇਰਾ ਸੇਵਨਹਾਰਾ ।
ਹੁਣ ਆਜਿਜ਼ ਨੂੰ ਦਾਮਨ ਲਾਓ,
ਤਾਲਿਬ ਲੱਖ ਹਜ਼ਾਰ ਤੇਰੇ ।
144. ਆਵੀਂ ਵੇ ਢੋਲਣ ਦਰਸ ਦਿਖਾਵੀਂ
ਆਵੀਂ ਵੇ ਢੋਲਣ ਦਰਸ ਦਿਖਾਵੀਂ,
ਜਮ ਜਮ ਆਵੀਂ ਸਾਨੂੰ ਲੈ ਗਲ ਲਾਵੀਂ ।
ਤੇਰੇ ਨਜ਼ਾਰੇ ਦੀ ਨਿੱਤ ਸਿਕ ਰਹਿੰਦੀ,
ਪਾਂਧਿਆਂ ਜੋਤਸੀਆਂ ਪੰਧ ਪੁਛੇਂਦੀ,
ਨਾਮ ਅੱਲਾਹ ਦੇ ਸਾਡੀ ਓੜ ਨਿਭਾਵੀਂ ।
ਸੁਣ ਵੇ ਢੋਲਣ ਖੜਕਾ ਮਨ ਪਾਈ,
ਜਾਤ ਸਫ਼ਾਤ ਦੀ ਲਾਡੋ ਲਾਈ,
ਬਿਰਹੋਂ ਦੀ ਜਲੀ ਨੂੰ ਨਾ ਜਲਾਵੀਂ ।
ਇਸ਼ਕ ਤੇਰੇ ਵਿਚ ਜੋਗਣ ਹੋਈ,
ਸਹੁਰ ਪੀਅਰ ਦੀ ਲਾਜ ਨਾ ਕੋਈ,
ਆਣ ਮੰਦੀ ਦੀ ਇੱਛ ਪੁਜਾਵੀਂ ।
ਆਵੀਂ ਵੇ ਢੋਲਣ ਕਦੇ ਮੋੜ ਮੁਹਾਰਾਂ,
ਮੈਂ ਮਰ ਚੁੱਕੀ ਬਾਈ ਲੈ ਹੁਣ ਸਾਰਾਂ,
ਤਪਦੀ ਸਕੇਂਦੀ ਨੂੰ ਨਾ ਤਰਸਾਵੀਂ ।
ਮੀਰਾਂ ਸ਼ਾਹ ਬੰਦੀ ਨਿੱਤ ਅਰਜ਼ ਕਰੇਂਦੀ,
ਨਾਮ ਸਾਬਰ ਦਾ ਮੈਂ ਹਰਦਮ ਲੈਂਦੀ,
ਔਗੁਣਹਾਰੀ ਨੂੰ ਦਾਮਨ ਲਾਵੀਂ ।
145. ਆਵੀਂ ਵੇ ਯਾਰ ਦੇਵੀਂ ਦੀਦਾਰ
ਆਵੀਂ ਵੇ ਯਾਰ ਦੇਵੀਂ ਦੀਦਾਰ,
ਹੋਈ ਨਿਸਾਰ ਮੈਂ ਵਾਰੀ ਆਂ ਵੇ ।
ਮੋੜੀਂ ਮੁਹਾਰ ਨਿਭਾਵੀਂ ਹੋ ਯਾਰ,
ਤੂੰ ਕੌਲ ਇਕਰਾਰ ਮੈਂ ਵਾਰੀ ਆਂ ਵੇ ।
ਮੁੱਦਤਾਂ ਹੋਈਆਂ ਮੁੱਖੜਾ ਡਿੱਠਿਆਂ,
ਅੱਖੀਆਂ ਨੀਂਦ ਹਰਾਮ,
ਹੋਵੇ ਵਸਲ ਤਾਂ ਹੋਵਾਂ ਨਿਹਾਲ,
ਜੇ ਦੇਖਾਂ ਜਾਮਨ ਮੈਂ ਵਾਰੀ ਆਂ ਵੇ ।
ਰੋਜ਼ ਮਸ਼ੂਕ ਦੀ ਪੀਤ ਸਾਈਂਆਂ,
ਜੀਵੀ ਜਾਨ ਨੂੰ ਜਾਵੀਂ ਨਾ ਤੋੜ,
ਆਵੀਂ ਦਿਲਦਾਰ ਮੇਰੇ ਗ਼ਮਖ਼ਾਰ,
ਹੋਈ ਬੀਮਾਰ ਮੈਂ ਵਾਰੀ ਆਂ ਵੇ ।
ਕਿਤੇ ਸਾਨੂੰ ਦੱਸ ਪੈਂਦੀ ਨਾਹੀਂ,
ਮੈਂ ਢੂੰਡ ਫਿਰੀ ਸਭ ਦੇਸ,
ਇਕ ਜਾਨ ਹੋ ਯਾਰ ਤੇ ਦੁੱਖ ਹਜ਼ਾਰ,
ਨਾ ਮੋਇਆਂ ਨੂੰ ਮਾਰ ਮੈਂ ਵਾਰੀ ਆਂ ਵੇ ।
ਕਲੇਰ ਵਾਲਾ ਪੀਰ ਮਖ਼ਦੂਮ,
ਸੁਣੇ ਮੀਰਾਂ ਸ਼ਾਹ ਦੀ ਜਾਰ ਪੁਕਾਰ,
ਔਗੁਣਹਾਰੀ ਆਈ ਦਰਬਾਰ,
ਤੂੰ ਚਿਸ਼ਤੀ ਸਰਕਾਰ ਮੈਂ ਵਾਰੀ ਆਂ ਵੇ ।
146. ਆਵੀਂ ਤਖ਼ਤ ਹਜ਼ਾਰੇ ਦਿਆ ਸਾਈਂਆਂ
ਆਵੀਂ ਤਖ਼ਤ ਹਜ਼ਾਰੇ ਦਿਆ ਸਾਈਂਆਂ,
ਵੇ ਨਿੱਤ ਤਰਸੇ ਹੀਰ ਸਿਆਲੀ ।
ਆ ਸਿਆਲੀਂ ਨਾਦ ਵਜਾਇਆ,
ਮੈਨੂੰ ਸੁੱਤੜੀ ਆਣ ਜਗਾਇਆ,
ਜਿੰਦ ਇਸ਼ਕ ਨੇ ਜਾਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਕਰ ਨਾਮ ਖ਼ੁਦਾ ਦੇ ਪਾ ਫੇਰਾ,
ਮੈਂ ਦੇਖਾਂ ਦਰਸ਼ਨ ਤੇਰਾ,
ਮੇਰੀ ਜਾਨ ਜੁਦਾਈਆਂ ਜਾਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਜਦੋਂ ਅਲਫ਼ੋਂ ਮੀਮ ਸੰਭਾਲੀ,
ਘਰ ਘਰ ਵਿਚ ਹੋਈ ਖੁਸ਼ਹਾਲੀ,
ਕੇਹੀ ਗੁੱਝੜੀ ਰਮਜ਼ ਦਿਖਾਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਤਨ ਨੂਰੀ ਅਜ਼ਬ ਪੁਸ਼ਾਕੀ,
ਸਿਰ ਸੋਹੇ ਛਤਰ ਲੌਲਾਕੀ,
ਸਾਰੀ ਉੱਮਤ ਦਾ ਤੂੰ ਵਾਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਖ਼ੁਦ ਲੈਣ ਨਜ਼ਾਰਾ ਆਇਆ,
ਕਿਉਂ ਤੂੰ ਆਪਣਾ ਆਪ ਛੁਪਾਇਆ,
ਤੇਰੀ ਸ਼ਾਨ ਜਲਾਲ ਜਮਾਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਕਦੇ ਆ ਵਿਹੜੇ ਛੱਡ ਲਾਰਾ,
ਤੈਨੂੰ ਸੇਵੇ ਆਲਮ ਸਾਰਾ,
ਤੇਰਾ ਕਾਮਲ ਰੁਤਬਾ ਆਲੀ,
ਵੇ ਨਿੱਤ ਤਰਸੇ ਹੀਰ ਸਿਆਲੀ ।
ਮੀਰਾਂ ਸ਼ਾਹ ਚਲ ਭੀਖ ਦੁਆਰੇ,
ਜਿਸਤੇ ਲਏ ਮੁਰਾਦਾਂ ਸਾਰੇ,
ਉਥੇ ਫ਼ੈਜ਼ ਮਿਲੇ ਸ਼ਹੁ ਯਾਰ,
ਵੇ ਨਿੱਤ ਤਰਸੇ ਹੀਰ ਸਿਆਲੀ ।
147. ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ
ਮੇਰਾ ਮਾਹੀ ਆਣ ਮਿਲਾਇਓ ਸਈਓ ਨੀਂ,
ਮੈਂ ਮਾਹੀ ਬਾਝ ਨਾ ਜੀਵਾਂਗੀ ।
ਕੋਹੀ ਕੋਹੀ ਅਸੀਂ ਮਾਹੀ ਪਾਇਆ,
ਚਾਇ ਹਲੀਮੀ ਘਰ ਮੂਲ ਨਾ ਆਇਆ,
ਮੁੜ ਬੇਲੇ ਢੂੰਡਣ ਜਾਓ ਸਈਓ ।
ਨਾਲ ਕੌਂਤਾਂ ਤੁਸੀਂ ਖੁਸ਼ੀਆਂ ਮਾਣੋ,
ਇਸ਼ਕ ਲੱਗੇ ਤਾਂ ਇਹ ਗੱਲ ਜਾਣੋ,
ਜਾਂ ਆਪਣਾ ਆਪ ਗਵਾਓ ਸਈਓ ।
ਸੁਣ ਦੂਤਾਂ ਦੇ ਤਾਅਨੇ ਸੜਿਆ,
ਛੱਡ ਮੱਝੀਆਂ ਕਿਸੇ ਜੰਗਲ ਵੜਿਆ,
ਹੁਣ ਰੁੱਠੜਾ ਪੀਰ ਮਨਾਓ ਸਈਓ ।
ਜਾਓ ਸਈਓ ਚਲ ਕਲੇਰ ਦੁਆਰੇ,
ਆਖੋ ਸਾਬਰ ਪੀਰ ਪਿਆਰੇ,
ਖ਼ੈਰ ਖਜ਼ਾਨਿਓ ਪਾਓ ਸਈਓ ।
ਮੀਰਾਂ ਸ਼ਾਹ ਕਹੋ ਮਾਹੀ ਮੇਰੇ,
ਜੰਮ ਜੰਮ ਪਛੀਆ ਆਣ ਨਖੇੜੇ,
ਮੈਨੂੰ ਉਜੜੀ ਆਣ ਵਸਾਇਓ ਸਈਓ ।
148. ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ
ਤੇਰੇ ਇਸ਼ਕ ਨੇ ਪਿਆਰੇ ਕੈਸੀ ਧੂਮ ਮਚਾਈ,
ਜੈਸੇ ਪਵਨ ਜਲ ਆਗ ਲਗਾਈ ।
ਪ੍ਰੇਮ ਪਵਨ ਜੋ ਪਰਗਟ ਹੋਈ,
ਅੰਸ਼ ਮਲਾਇਕ ਖਲਮਿਲ ਹੋਈ,
ਵਾਹ ਪਿਆਰਿਆ ਤੇਰੇ ਨੈਣ ਨਜ਼ਾਰੇ,
ਚਮਕੇ ਵਹਿਦਤ ਦੇ ਨਜ਼ਾਰੇ,
ਮਚ ਗਈ ਚੌਦਾਂ ਤਬਕ ਮੇਂ ਦੁਹਾਈ ।
ਜਿਸ ਤਨ ਤੇਰਾ ਇਸ਼ਕ ਸਮਾਵੇ,
ਸੋਈਓ ਸੁਘੜਾ ਲੱਖੀ ਲਖਾਵੇ,
ਸਤਿਗੁਰ ਜਿਸਨੂੰ ਰਮਜ਼ ਸਮਝਾਈ ।
ਮੀਰਾਂ ਸ਼ਾਹ ਗੁਰ ਗਿਆਨ ਬਚਾਰੋ,
ਹਿਜਰ ਵਸਲ ਦਾ ਵਹਿਮ ਉਤਾਰੋ,
ਏਕਤ ਜਾਨੋ ਨਹੀਂ ਦੂਜ ਨਾ ਕਾਈ ।
149. ਸੁਹਣਾ ਪੀਤ ਲਗਾਕੇ ਛਲ ਗਿਆ ਨੀਂ
ਸੁਹਣਾ ਪੀਤ ਲਗਾਕੇ ਛਲ ਗਿਆ ਨੀਂ,
ਸੇਜ ਸੁੱਤੀ ਨੈਨਣ ਜਾਗ ਨਾ ਆਈ,
ਨਾਲ ਹੋਤਾਂ ਦੇ ਰਲ ਗਿਆ ਨੀਂ ।
ਜਾਓ ਨੀਂ ਕੋਈ ਮੋੜ ਲਿਆਓ,
ਜਾ ਕਦਮਾਂ ਤੇ ਸੀਸ ਨਿਵਾਓ,
ਕਿਹੜੀ ਗੱਲੋਂ ਸਾਥੋਂ ਟਲ ਗਿਆ ਨੀਂ ।
ਬੈਠ ਬਨੇਰੇ ਕਾਗ ਉਡਾਵਾਂ,
ਜੇ ਘਰ ਆਵੇ ਸੁਹਣਾ ਲੈ ਗਲ ਲਾਵਾਂ,
ਖ਼ਬਰ ਨਹੀਂ ਕਿਹੜੀ ਵੱਲ ਗਿਆ ਨੀਂ ।
ਛੋਡ ਅਸਾਂ ਕਿਹੜਾ ਦੇਸ ਵਸਾਇਆ,
ਮੈਂ ਰੋ ਰੋ ਜਰਮ ਗਵਾਇਆ,
ਤੀਰ ਜੁਦਾਈ ਦਾ ਸਲ ਗਿਆ ਨੀਂ ।
ਐਸੇ ਇਸ਼ਕ ਚਵਾਤੀ ਲਾਈ,
ਭੁਲ ਗਈ ਸੁੱਧ ਨੀ ਚਤਰਾਈ,
ਤਨ ਮਨ ਮੇਰਾ ਜਲ ਗਿਆ ਨੀਂ ।
ਮੀਰਾਂ ਸ਼ਾਹ ਮੈਂ ਉਸਦੀ ਗੋਲੀ,
ਮੁੱਖੋਂ ਨਾ ਮੰਦੜਾ ਬੋਲ ਮੈਂ ਬੋਲੀ,
ਕਰਕੇ ਦਿਲਾਂ ਨੂੰ ਬੇਦਿਲ ਗਿਆ ਨੀਂ ।
150. ਮੈਂ ਰੋਜ਼ ਸੁਨੇਹੇ ਘਲਦੀ
ਮੈਂ ਰੋਜ਼ ਸੁਨੇਹੇ ਘਲਦੀ
ਵੇ ਨਾ ਚਿਰ ਲਾਵੀਂ ਸੱਜਣਾ ।
ਮੈਂ ਤੇਰੇ ਸੰਗ ਪੀਤ ਜੇ ਲਾਈ,
ਐਵੀਂ ਰੋ ਰੋ ਉਮਰ ਗਵਾਈ,
ਨਾ ਜਾਨ ਜੁਦਾਈਆਂ ਸੰਭਾਲ ਦੀ,
ਵੇ ਨਾ ਚਿਰ ਲਾਵੀਂ ਸੱਜਣਾ ।
ਇਸ਼ਕ ਤੁਸਾਡਾ ਜਿਤ ਵੱਲ ਧਾਵੇ,
ਜਰਮ ਕਰਮ ਦੀ ਸੁਰਤ ਭੁਲਾਵੇ,
ਪੇਸ਼ ਨਾ ਜਾਵੇ ਅਕਲ ਦੀ,
ਵੇ ਨਾ ਚਿਰ ਲਾਵੀਂ ਸੱਜਣਾ ।
ਇਸ਼ਕ ਤੇਰੇ ਵਿਚ ਲੱਥੀਆ ਲੋਈ,
ਸਹੁਰ ਪੀਅਰ ਦੀ ਲਾਜ ਨਾ ਕੋਈ,
ਮੈਂ ਨਿੱਤ ਦੇ ਉਲਾਂਭੇ ਝੱਲਦੀ,
ਵੇ ਨਾ ਚਿਰ ਲਾਵੀਂ ਸੱਜਣਾ ।
ਤੈਂ ਬਾਝੋਂ ਮੇਰਾ ਹੋਰ ਨਾ ਕੋਈ,
ਦੋਵੀਂ ਜਹਾਨੀ ਤੇਰੀ ਹੋਈ,
ਕਸਮ ਮੈਨੂੰ ਬਾਬਲ ਦੀ,
ਵੇ ਨਾ ਚਿਰ ਲਾਵੀਂ ਸੱਜਣਾ ।
ਵਾਹ ਵਾਹ ਤੇਰੇ ਨਾਜ਼ ਅਵੱਲੜੇ,
ਜਿਸ ਮਿਲਦਾ ਤਿਸ ਭਾਗ ਸਵੱਲੜੇ,
ਮੈਂ ਵਾਂਗ ਚਿਖਾ ਦੇ ਜਲਦੀ,
ਵੇ ਨਾ ਚਿਰ ਲਾਵੀਂ ਸੱਜਣਾ ।
ਨਾਮ ਅੱਲ੍ਹਾ ਦੇ ਦਾਮਨ ਲਾਵੀਂ,
ਮੀਰਾਂ ਸ਼ਾਹ ਦੀ ਆਸ ਪੁਚਾਵੀਂ,
ਤਾਂਘ ਦਿਲਾਂ ਨੂੰ ਵਸਲ ਦੀ,
ਵੇ ਨਾ ਚਿਰ ਲਾਵੀਂ ਸੱਜਣਾ ।
151. ਕੋਈ ਪੁੱਛੋ ਨੀ ਅੰਦਰ ਕੌਣ ਵਸਦਾ
ਕੋਈ ਪੁੱਛੋ ਨੀ ਅੰਦਰ ਕੌਣ ਵਸਦਾ,
ਖੋਲ੍ਹ ਘੁੰਗਟ ਸਾਨੂੰ ਪੀਤ ਨਾ ਦਸਦਾ ।
ਅੰਦਰ ਬਾਹਰ ਸਭੀ ਉਸਦਾ,
ਕਿਸ ਗੱਲ ਤੋਂ ਇਹ ਸਾਤੋਂ ਲੁਕਦਾ,
ਦਿਲ ਮੇਰਾ ਕਾਸ ਨੂੰ ਖੱਸਦਾ ।
ਦੇਖੋ ਸਈਓ ਕੇਹੇ ਨਾਜ਼ ਕਰੇਂਦਾ,
ਜਾਂ ਮੈਂ ਚਲਸਾਂ ਨਾਲ ਚਲੇਂਦਾ,
ਜਾਂ ਹੱਸਦੀ ਨਾਲ ਹੱਸਦਾ ।
ਹਰਮਨ ਰਹਿੰਦਾ ਨਾਲ ਇਹ ਰਲਿਆ,
ਅਹਿਮਦ ਬਣਕੇ ਦਿਲ ਨੂੰ ਛਲਿਆ,
ਸ਼ਹਿਰ ਮਦੀਨਾ ਵੱਸਦਾ ।
ਆਪੇ ਸਾਨੂੰ ਚੇਟਕ ਲਾਇਆ,
ਮੀਰਾਂ ਸ਼ਾਹ ਦਾ ਦਿਲ ਭਰਮਾਇਆ,
ਹੁਣ ਕਿਉਂ ਸਾਤੋਂ ਨੱਸਦਾ ।
152. ਪੀਆ ਤੇਰੇ ਦਮ ਦੇ ਖਾਤਰ
ਪੀਆ ਤੇਰੇ ਦਮ ਦੇ ਖਾਤਰ,
ਮੈਂ ਸਾਰੇ ਜਗਤ ਦੀ ਗੋਲੀ ।
ਤੇਰੀ ਮੇਰੀ ਪੀਤ ਧੁਰੇ ਦੀ,
ਕੁਨ-ਫ਼ੈਕੁਨ ਨੂੰ ਇਸ਼ਕ ਤੇਰੇ ਦੀ,
ਚੰਦ ਪਏ ਵਿਚ ਝੋਲੀ ।
ਪਹਿਲੇ ਸਾਡਾ ਦਿਲ ਭਰਮਾਇਆ,
ਹੁਣ ਕਿਉਂ ਆਪਣਾ ਆਪ ਛੁਪਾਇਆ,
ਮੈਂ ਮੰਦੜਾ ਮੂਲ ਨਾ ਬੋਲੀ ।
ਤੂੰ ਹਾਕਮ ਮੈਂ ਰਈਅਤ ਤੇਰੀ,
ਦਰਸ ਦਿਖਾਈਂ ਜੀ ਇਕ ਵੇਰੀ,
ਤਾਂ ਸਿਰ ਸਦਕੇ ਜਿੰਦ ਘੋਲੀ ।
ਸੁਣ ਮਾਏਂ ਮੇਰੀ ਅਜ਼ਲ ਗਵਾਹੀ,
ਨਾ ਆਦਮ ਨਾ ਹੱਵਾ ਇਲਾਹੀ,
ਨੀਂ ਚਾਕ ਪਿਆ ਮੇਰੀ ਝੋਲੀ ।
ਮੀਰਾਂ ਸ਼ਹੁ ਦਾ ਸ਼ੁਕਰ ਮਨਾਇਆ,
ਵਿਚ ਕਲੇਰ ਦੇ ਰਾਂਝਣ ਪਾਇਆ,
ਮੈਂ ਸਾਰੀ ਦੁਨੀਆਂ ਟੋਲੀ ।
153. ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ
ਤੂੰ ਘਰ ਆਵੀਂ ਕਮਲੀ ਦਿਆ ਸਾਈਂਆਂ ਵੇ,
ਮਾਰ ਸੁੱਟੀ ਤੇਰੇ ਨਿੱਤ ਦੇ ਵਿਛੋੜੇ ।
ਰਾਤ ਦਿਨੇ ਤੇਰਾ ਪੰਧ ਮੈਂ ਉਡੀਕਾਂ,
ਰਲ ਮਿਲ ਸਈਆਂ ਲਾਵਣ ਲੀਕਾਂ,
ਪ੍ਰੇਮ ਤੇਰੇ ਨੇ ਜਦ ਧੁੰਮਾਂ ਪਾਈਆਂ ਵੇ ।
ਤੋੜ ਨਾ ਯਾਰਾ ਪੀਤ ਪੁਰਾਣੀ,
ਇਸ਼ਕ ਤੇਰੇ ਵਿਚ ਹੋਈ ਦੀਵਾਨੀ,
ਓੜ ਨਿਭਾਵੀਂ, ਜਿਵੇਂ ਅੱਖੀਆਂ ਲਾਈਆਂ ਵੇ ।
ਮੁੱਦਤਾਂ ਹੋਈਆਂ ਮੂਲ ਨਾ ਆਇਆ,
ਬਿਰਹੋਂ ਮੈਨੂੰ ਫੂਕ ਜਲਾਇਆ,
ਮੋੜ ਮੁਹਾਰਾਂ ਹੋਈ ਹਾਲ ਸੁਦਾਈਆਂ ਵੇ ।
ਇਸ਼ਕ ਤੇਰੇ ਵਿਚ ਤਨ ਮਨ ਜਾਲਿਆ,
ਦਰਸ ਦਿਖਾਵੀਂ ਕਦੇ ਕਲੇਰ ਵਾਲਿਆ,
ਮੈਂ ਔਗੁਣਹਾਰੀ ਤੇਰੇ ਦੁਆਰੇ ਆਈਆਂ ਵੇ ।
ਮੈਂ ਤੇਰੀ ਨਿੱਤ ਤਾਂਘ ਸਤਾਈਆਂ,
ਮੀਰਾਂ ਸ਼ਾਹ ਨੂੰ ਆ ਮਿਲ ਸਾਈਆਂ,
ਨਾਮ ਤੇਰੇ ਤੋਂ ਮੈਂ ਘੋਲ ਘੁਮਾਈਆਂ ਵੇ ।