Kach Sach : Professor Mohan Singh

ਕਚ ਸਚ : ਪ੍ਰੋਫੈਸਰ ਮੋਹਨ ਸਿੰਘ

1. ਖੰਭ ਮੇਰੇ ਹੁਣ

ਖੰਭ ਮੇਰੇ ਹੁਣ ਖੋਲ੍ਹ ਪਿਆਰੀ
ਸਦ ਪਈ ਮੈਨੂੰ ਆਵੇ,
ਚੌੜੇ ਗਗਨਾਂ ਦੇ ਵਿਚ ਉਡਣਾ
ਰੂਹ ਮੇਰਾ ਹੁਣ ਚਾਹਵੇ ।

ਕਈ ਹਨੇਰੇ ਬਣੇ ਸਵੇਰੇ
ਕਈ ਸੂਰਜ ਚੜ੍ਹ ਢੱਲੇ,
ਰਾਤ ਸਮਝ ਮੈਂ ਰਿਹਾ ਊਂਘਦਾ
ਤੇਰੀਆਂ ਜ਼ੁਲਫਾਂ ਥੱਲੇ ।

ਲਹੂ-ਲਹਿਰਾਂ ਮੇਰੀਆਂ ਦੇ ਫਨੀਅਰ
ਪਿਆਰ ਤੇਰੇ ਨੇ ਕੀਲੇ,
ਭੌਰ ਵੰਜਾਏ ਡੰਗ ਇਨ੍ਹਾਂ ਦੇ
ਅਤ ਜ਼ਹਿਰੀ ਅਣਖੀਲੇ ।

ਹਿੱਕ ਤੇਰੀ ਦੇ ਸੁਹਲ ਆਹਲਣੇ
ਪੈਣ ਮੈਨੂੰ ਹੁਣ ਸੌੜਾਂ,
ਬਿੱਛੂ-ਡੰਗੇ ਰਾਹਾਂ ਤੇ ਹੁਣ
ਖੰਭ ਫਟਕਾਣੇ ਲੋੜਾਂ ।

ਨਸ਼ਾ ਨਾ ਪੂਰਾ ਕਰੇ ਪਿਆਰੀ
ਪਿਆਰ-ਘੁਟ ਹੁਣ ਤੇਰਾ,
ਕਿਸੇ ਵਡੇਰੇ ਤਲਖ਼ ਨਸ਼ੇ ਨੂੰ
ਤਾਂਘੇ ਬੰਦ ਬੰਦ ਮੇਰਾ ।

2. ਜਾਇਦਾਦ

ਬੂਹੇ ਦੇ ਵਿਚ ਚੁਪ ਖੜੀ ਸੀ ਜਾਇਦਾਦ
ਕੋਲ ਮਾਲਕ ਓਸਦਾ
ਸਾਹਵੇਂ ਆਸ਼ਕ ਓਸਦਾ ।

ਬੂਹੇ ਦੇ ਵਿਚ ਚੁਪ ਖੜੀ ਸੀ ਜਾਇਦਾਦ
ਚਿੱਟੀ ਸੰਗ ਮਰਮਰ ਦੀ ਥੰਮ੍ਹੀ ਵਾਂਗਰਾਂ
ਸੀਨੇ ਜਿਉਂ ਹਿਮ-ਬੱਧ ਹੋਏ ਪੰਖਨੂ
ਅੱਖੀਆਂ ਜਿਉਂ ਸੈਲ ਪੱਥਰ ਜੁੱਗਨੂੰ
ਹੋਠ ਜਿਉਂ ਯਾਕੂਤ ਦੋ ਚੁਪ ਤੇ ਹਰਾਨ
ਖ਼ਤਮ ਹੋਇਆ ਕੂਣ, ਧੜਕਣ, ਮੁਸਕਰਾਣ ।
ਹਾਏ ਵਿਰਸੇ ਦੀ ਇਹ ਪਥਰਾ ਦੇਣੀ ਛਾਂ !
ਹਾਏ ਚੌਗਿਰਦੇ ਦਾ ਇਹ ਲਹੂ ਪੀਣਾ ਦੇਉ !
ਹਾਏ ਉਸ ਦੀ ਮਾਂ ਦੀ ਮਾਂ ਦੀ ਮਾਂ ਦੀ ਮਾਂ !
ਹਾਏ ਉਸਦੇ ਪਿਉ ਦੇ ਪਿਉ ਦੇ ਪਿਉ ਦਾ ਪਿਉ !

ਕੋਲ ਮਾਲਕ ਓਸਦਾ
ਆਖੇ ਜਾਇਦਾਦ ਦੇ ਮੋਢੇ ਨੂੰ ਫੜ:
ਮੇਰੀ ਹੈ ਇਹ ਜਾਏਦਾਦ
ਮੈਂ ਹਾਂ ਮਾਲਕ ਏਸਦਾ
ਮਨੂੰ ਦਾ ਕਾਨੂੰਨ ਵੀ ਮੇਰੀ ਤਰਫ਼
ਵੇਲੇ ਦੀ ਸਰਕਾਰ ਵੀ
ਪੈਸੇ ਦੀ ਛਣਕਾਰ ਵੀ
ਧਰਮ ਲੋਕਾਚਾਰ ਵੀ
ਦਿਲ ਨਹੀਂ ਤੇ ਨਾ ਸਹੀ
ਦੇਖਾਂਗਾ ਪਰ ਕਿਸ ਤਰ੍ਹਾਂ ਸੋਹਣਾ ਇਹ ਮਹਿਲ
ਮੈਨੂੰ ਉਹਲਾ ਦੇਣ ਤੋਂ ਕਰਦਾ ਹੈ ਨਾਂਹ
ਵਿਚ ਸਿਆਲੇ ਕਿਸ ਤਰ੍ਹਾਂ ਦੇਂਦਾ ਨ ਨਿੱਘ
ਵਿਚ ਹੁਨਾਲੇ ਕਿਸ ਤਰ੍ਹਾਂ ਕਰਦਾ ਨਾ ਛਾਂ ।
ਕਿੱਦਾਂ ਸੋਨਾ ਪਾਇਆਂ ਸਜਦਾ ਨਹੀਂ,
ਕਿੱਦਾਂ ਰੇਸ਼ਮ ਕੱਜਿਆਂ ਫਬਦਾ ਨਹੀਂ ।

ਸਾਹਵੇਂ ਆਸ਼ਕ ਓਸਦਾ
ਨਾਲ ਦਿੜ੍ਹਤਾ ਸੋਚਦਾ,
ਹੋਇਆ ਕੀ ਜੇ ਬਣ ਗਈ ਇਹ ਜਾਇਦਾਦ
ਹੋਇਆ ਕੀ ਜੇ ਸੈਲ ਪੱਥਰ ਹੋ ਗਈ
ਹੋਇਆ ਕੀ ਜੇ ਜਵਾਲਾ ਮੇਰੇ ਇਸ਼ਕ ਦੀ
ਇਸਨੂੰ ਅਜ ਪਿਘਲਾ ਸਕਣ ਜੋਗੀ ਨਹੀਂ
ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ
ਜੁਗ ਪਲਟ ਕੇ ਫਿਰ ਕਦੀ ਆਵਾਂਗਾ ਮੈਂ
ਰਾਮ ਵਾਂਗੂੰ ਇੱਕੋ ਛੋਹ-ਲੂੰਬੇ ਦੇ ਨਾਲ
ਇਸ ਅਹਿਲਿਆ ਨੂੰ ਲਵਾਂਗਾ ਫਿਰ ਜਿਵਾਲ ।

3. ਆਖਦਾ ਸਾਂ

ਆਖਦਾ ਸਾਂ ਪਿਆਰ ਰਲਕੇ ਜੀਵਣਾ
ਜ਼ਹਿਰ ਯਾ ਅੰਮ੍ਰਿਤ ਇਕਠਿਆਂ ਪੀਵਣਾ
ਆਖਦੀ ਸੈਂ ਆਤਮਾ ਦੀ ਪਿਆਰ ਗਲ
ਨਹੀਂ ਜ਼ਰੂਰੀ ਦੋ ਬੁਤਾਂ ਨੂੰ ਸੀਵਣਾ ।

ਆਖਦਾ ਸਾਂ ਪਿਆਰ ਬਲ ਤੇ ਤ੍ਰਾਣ ਹੈ,
ਆਖਦਾ ਸਾਂ ਪਿਆਰ ਸਵੈ-ਪ੍ਰਗਟਾਣ ਹੈ,
ਆਖਦੀ ਸੈਂ ਕਰ ਕੇ ਪਲਕਾਂ ਗਿੱਲੀਆਂ,
ਪਿਆਰ ਨਹੀਂ ਕਬਜ਼ਾ ਸਗੋਂ ਪਹਿਚਾਣ ਹੈ ।

ਆਖਦਾ ਸਾਂ ਆਖਦੀ ਏਂ ਠੀਕ ਤੂੰ
ਹੈ ਇਹ ਸੁਖ-ਰਹਿਣਾ ਅਤੇ ਸੋਹਣਾ ਖ਼ਿਆਲ
ਪਰ ਖਲੋ ਰਹਿਣਾ ਨਿਰੀ ਪਹਿਚਾਣ ਤੇ
ਪਿਆਰ ਸੱਚੇ ਦੇ ਪੰਧਾਊ ਨੂੰ ਮੁਹਾਲ

ਹੁਣ ਨਾ ਮੈਂ ਕੁਝ ਆਖਦਾ ਨਾ ਵੇਖਦਾ
ਪਿਆਰ-ਪੈਂਡੇ ਤੇ ਪਿਆ ਬੇਹੋਸ਼ ਹਾਂ
ਸ੍ਰਾਪਿਆ ਹੋਵੇ ਜੋ ਕਾਇਰ ਪਿਆਰ ਦਾ
ਓਸ ਪੱਥਰ ਵਾਂਗਰਾਂ ਖ਼ਾਮੋਸ਼ ਹਾਂ ।

4. ਇਕ ਤੀਵੀਂ ਨੂੰ

ਤੇਰੀ ਸੁਹਲ ਸੁੰਦਰਤਾ ਤੋਂ ਇਨਕਾਰ ਨਾ ਕੋਈ,
ਨਾ ਮੈਂ ਆਖਾਂ ਤੇਰੇ ਦਿਲ ਵਿਚ ਪਿਆਰ ਨਾ ਕੋਈ ।

ਸੁੰਦਰਤਾ ਨਾ ਚਾਂਹ ਇਤਨਾ ਰਸ-ਹੀਣ ਨਹੀਂ ਹਾਂ,
ਦਿਲ ਦੀ ਕਦਰ ਨਾ ਪਾਂ ਇਤਨਾ ਦਿਲ-ਹੀਣ ਨਹੀਂ ਹਾਂ ।

ਅੱਖੀਂ ਤੇਰੀ ਛਲਕ ਰਹੇ ਇਕਰਾਰ ਉਵੇਂ ਹੀ,
ਹੋਠੀਂ ਤੇਰੀ ਵਿਲਕ ਰਹੇ ਹਨ ਪਿਆਰ ਉਵੇਂ ਹੀ ।

ਫੇਰ ਮਲਕੜੇ ਦਿਲ ਵਿਚ ਕੋਈ ਵੜਦਾ ਜਾਵੇ,
ਫੇਰ ਕੋਈ ਜਾਦੂ ਮੇਰੇ ਸਿਰ ਚੜ੍ਹਦਾ ਜਾਵੇ ।

ਅਕਲ ਵੀ ਆਖੀ ਜਾਵੇ ਇਸ ਵਿਚ ਹਰਜ ਨਾ ਕੋਈ,
ਖ਼ਬਰੇ ਦਰਦ ਪੁਰਾਣਾ ਏਦਾਂ ਹੀ ਵਲ ਹੋਈ ।

ਐਪਰ ਦਿਲ ਦਰਮਾਂਦਾ ਹੋ ਲਾਚਾਰ ਪਿਆ ਏ,
ਦਮ ਇਤਨਾ ਮੈਦਾਨ ਇਸ਼ਕ ਵਿਚ ਹਾਰ ਗਿਆ ਏ ।

ਮੁਲਕਾਂ ਖ਼ਾਤਰ ਜੰਗ ਕਈ ਲੜਨੇ ਨੇ ਮੁਮਕਨ,
ਹਵਸ-ਪ੍ਰਸਤੀ ਵਿਚ ਵੀ ਚੰਗੀ ਮੁੜ ਕੇ ਉਲਝਨ,

ਪਰ ਇੱਕੋ ਹੀ ਜੰਗ ਇਸ਼ਕ ਵਿਚ ਲੜ ਸਕਦੇ ਹਾਂ,
ਦਿਲ ਤਗੜਾ ਜੇ ਹੋਏ ਤਾਂ ਅਰਸ਼ੀਂ ਚੜ੍ਹ ਸਕਦੇ ਹਾਂ ।

ਐਪਰ ਅਕਸਰ ਅੰਤ ਹਾਰ ਹੀ ਹੋਵੇ ਜਿਸ ਦਾ,
ਆਮ ਤੌਰ ਤੇ ਪੀਣਾ ਪੈਂਦਾ ਪਿਆਲਾ ਵਿਸ ਦਾ ।

ਹਾਰ ਤਾਈਂ ਮੰਨ ਹਾਰ ਕੋਈ ਆਪੇ ਟਲ ਜਾਂਦਾ,
ਮੰਨ ਹਾਰ ਨੂੰ ਜਿੱਤ ਕੋਈ ਦਿਲ ਨੂੰ ਬਹਿਲਾਂਦਾ ।

ਹਾਂ ਪਰ ਤਿਰੀ ਸੁੰਦਰਤਾ ਤੋਂ ਇਨਕਾਰ ਨਾ ਕੋਈ,
ਨਾ ਮੈਂ ਆਖਾਂ ਤੇਰੇ ਦਿਲ ਵਿਚ ਪਿਆਰ ਨਾ ਕੋਈ ।

5. ਲੋਹਾ

ਲੋਹਾ ਸਾਡਾ ਪਿਉ
ਅਸੀਂ ਲੋਹੇ ਦੇ ਪੁੱਤਰ,
ਲੋਹਾ ਸਾਡੀ ਮਾਂ
ਅਸੀਂ ਲੋਹੇ ਦੇ ਜਾਏ ।

ਲੋਹਾ ਸਾਡਾ ਇਸ਼ਟ
ਅਸੀਂ ਲੋਹੇ ਦੇ ਪੁਜਾਰੀ,
ਲੋਹਾ ਸਾਡੀ ਪਤ
ਅਸੀਂ ਲੋਹੇ ਪਰਣਾਏ ।

ਲੋਹੇ ਦੇ ਬੇਲੀ ਅਸੀਂ
ਸੋਨੇ ਦੇ ਹਡ-ਵੈਰੀ,
ਭਾਉਂਦਾ ਨਾ ਸਾਨੂੰ ਜਿਹੜਾ
ਲੋਹੇ ਨੂੰ ਨਾ ਭਾਏ ।

ਲੋਹੇ ਦੇ ਡੌਲੇ ਸਾਡੇ
ਲੱਤਾਂ ਈਸਪਾਤ ਦੀਆਂ,
ਦਿਲ ਹੈ ਫ਼ੌਲਾਦੀ ਸਾਡਾ
ਇਹਨੂੰ ਕੌਣ ਢਾਏ ।

ਲੋਹਾ ਬਣੋ ਚਾਂਦੀ ਦੀਆਂ
ਜੁਤੀਆਂ ਲਿਤਾੜਿਉ,
ਲੋਹੇ-ਬੰਦ ਹੋ ਕੇ ਅਸੀਂ
ਆਏ ਕਿ ਆਏ ।

ਲੋਹੇ ਦੇ ਸਹਾਰੇ ਅਸਾਂ
ਜਿਤ ਲਏ ਖੰਡ ਸਾਰੇ,
ਲੋਹੇ ਦੇ ਹੁਲਾਰੇ ਅਸੀਂ
ਅੰਬਰਾਂ ਤੇ ਛਾਏ ।

ਇਕ ਹੱਥ ਦਾਤੀ ਅਤੇ
ਦੂਸਰੇ ਹਥੌੜਾ ਸਾਡੇ,

ਲੋਹੇ ਦੇ ਨਿਸ਼ਾਨ ਅਸੀਂ
ਜੱਗ ਤੇ ਝੁਲਾਏ ।

6. ਗੀਤ

ਭਿੰਨਾ ਭਿੰਨਾ ਹੁੰਦਾ ਮੁਢ ਪਿਆਰ ਦਾ ਵੇ ਅੜਿਆ
ਇਕ ਤਕਣੀ ਤੋਂ ਬੰਦਾ ਸੈ ਜਿੰਦ ਵਾਰਦਾ ਵੇ ਅੜਿਆ
ਇਕ ਹਾਸੇ ਤੋਂ ਸਵਰਗ ਸਤੇ ਬਲਿਹਾਰਦਾ ਵੇ ਅੜਿਆ
ਹਰ ਦਮ ਰਹਿੰਦਾ ਚੜ੍ਹਿਆ ਰੰਗ ਬਹਾਰ ਦਾ ਵੇ ਅੜਿਆ
ਦਿਲ ਖੰਭਾਂ ਬਿਨ ਗਗਨੀ ਫਿਰ ਉਡਾਰਦਾ ਵੇ ਅੜਿਆ
ਚੰਨ ਸੂਰਜ ਦੇ ਗਲੀਂ ਕਲਾਵੇ ਮਾਰਦਾ ਵੇ ਅੜਿਆ
ਮੈਂ ਕੀ ਜਾਣਾ ਅੰਤ ਭੋਏਂ ਪਟਕਾਰਦਾ ਵੇ ਅੜਿਆ
ਨਾ ਫਿਰ ਜੀਵਣ ਦੇਂਦਾ ਤੇ ਨਾ ਫਿਰ ਮਾਰਦਾ ਵੇ ਅੜਿਆ
ਨਾ ਲਾਂਦਾ ਉਰਵਾਰ ਨਾ ਪਾਰ ਉਤਾਰਦਾ ਵੇ ਅੜਿਆ
ਰੱਤ ਪੀਂਦਾ ਦਿਨ ਰਾਤ ਹੱਡਾਂ ਨੂੰ ਖਾਰਦਾ ਵੇ ਅੜਿਆ
ਪਤਾ ਹੁੰਦਾ ਜੇ ਮੈਨੂੰ ਪਹਿਲੋਂ ਹੀ ਹਾਰਦਾ ਵੇ ਅੜਿਆ
"ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ ।"

7. ਗੀਤ

ਦੇਖ ਮਹਿੰਦੀ ਦੇ ਪੱਤਰ ਸੱਜਨਾ
ਕਿਵੇਂ ਰਖਦੇ ਰੰਗ ਲੁਕੋ,
ਬੁੱਕਲ ਦੇ ਵਿਚ ਬੰਨ੍ਹ ਕੇ ਰਖਦੀ
ਡੋਡੀ ਕਿੰਜ ਖੁਸ਼ਬੋ,
ਦੇਖ ਚੰਨ ਦਾ ਜੋਬਨ ਸੱਜਨਾ
ਉਜਲਾ ਤੇ ਅਣਛੋਹ ।

ਜੇ ਰੰਗ ਅੰਦਰ ਹੋਵੇ ਸਜਨੀ
ਰਖਿਆ ਨਾ ਜਾਏ ਲੁਕੋ,
ਭੰਨ ਪਰਦੇ ਜੇ ਬਾਹਰ ਨਾ ਨਿਕਲੇ
ਕਾਹਦੀ ਉਹ ਖੁਸ਼ਬੋ,
ਚੰਨ ਗਗਨੀ ਅਣਛੋਹਿਆ ਸਜਨੀ
ਮੈਨੂੰ ਲਗੀ ਜ਼ਿਮੀਂ ਦੀ ਛੋਹ ।

8. ਇਕ ਗੱਲ

"ਮੈਂ ਤੁਹਾਡੀ ਮਿੱਤਰ ਹਾਂ
ਮੈਂ ਤੁਹਾਡੀ ਦੋਸਤ ਹਾਂ
ਤੁਸੀਂ ਹੋਰ ਕੀ ਚਾਂਹਦੇ ਹੋ ?"

"ਮੈਂ ਹੋਰ ਕੀ ਚਾਹਣਾ ਏਂ
ਮੈਂ ਹੋਰ ਕੀ ਕਹਿਣਾ ਏਂ
ਇਹ ਬੋਲ ਪਿਆਰੇ ਨੇ
ਨਿਰਛੋਹ ਤੇ ਕੰਵਾਰੇ ਨੇ
ਪਰ ਇਹਨਾਂ ਦੇ ਬਲ ਤੇ
ਥੀਣਾ ਤੇ ਸੌਖਾ ਏ
ਔਖਾ ਏ ਜੀ ਸਕਣਾ ।"

9. ਗੀਤ

ਕਰ ਜੇਰਾ ਪਹੁੰਚ ਸ਼ਤਾਬ ਜਿੰਦੇ
ਬਿਨ ਜੇਰਿਉਂ ਇਸ਼ਕ ਅਜਾਬ ਜਿੰਦੇ ।

ਨਹੀਂ ਚੰਗਾ ਜਿੰਦ ਨੂੰ ਗਾਲਣਾ ਨੀ
ਕੰਚਨ ਦੇਹੀ ਨੂੰ ਢਾਲਣਾ ਨੀ
ਦੁਖ ਚੁਪ ਚੁਪੀਤਿਆਂ ਜਾਲਣਾ ਨੀ
ਅਤੇ ਭੁਜਣਾ ਵਾਂਗ ਕਬਾਬ ਜਿੰਦੇ ।

ਇਹ ਇਸ਼ਕ ਨਾ ਨਿਰਾ ਵਿਰਾਗਣਾ ਨੀ
ਦਿਨ ਰਾਤ ਉਨੀਂਦੇ ਝਾਗਣਾ ਨੀ
ਹੈ ਇਸ਼ਕ ਤਾਂ ਡਰ ਨੂੰ ਤਿਆਗਣਾ ਨੀ
ਅਤੇ ਛੱਡਣ ਕੁਲ ਹਿਸਾਬ ਜਿੰਦੇ ।

ਕਦੀ ਡੱਕੀਂ ਵਹਿਣ ਵੀ ਰੁਕਦਾ ਨੀ ?
ਕਦੀ ਕੱਖੀਂ ਭਾਂਬੜ ਲੁਕਦਾ ਨੀ ?
ਕਦੀ ਇਸ਼ਕ ਦਾ ਸਿਰ ਵੀ ਝੁਕਦਾ ਨੀ ?
ਬਿਨ ਨਸ਼ਿਉਂ ਨਹੀਂ ਸ਼ਰਾਬ ਜਿੰਦੇ ?

ਕੀ ਵਾ ਨੂੰ ਕਹਿਣ ਜ਼ੰਜੀਰਾਂ ਨੀ,
ਨਹੀਂ ਖੁਸ਼ਬੂ ਬਝਦੀ ਲੀਰਾਂ ਨੀ,
ਕਦੀ ਗੁਝੀਆਂ ਰਹੀਆਂ ਹੀਰਾਂ ਨੀ,
ਕਦੀ ਘੁੰਡੀਂ ਲੁਕੇ ਸ਼ਬਾਬ ਜਿੰਦੇ ।

ਇਥੇ ਗ਼ਮ ਨਾ ਗੱਲਾਂ ਹੁਗੀਆਂ ਦਾ,
ਇਥੇ ਕੰਮ ਨਾ ਹੋਸ਼ਾਂ ਸੁਘੀਆਂ ਦਾ,
ਇਥੇ ਕੰਮ ਨਾ ਚਿੜੀਆਂ ਘੁਗੀਆਂ ਦਾ,
ਇਥੇ ਬਣਨਾ ਪਏ ਉਕਾਬ ਜਿੰਦੇ ।

ਕਰ ਜੇਰਾ ਪਹੁੰਚ ਸ਼ਤਾਬ ਜਿੰਦੇ
ਬਿਨ ਜੇਰਿਉਂ ਇਸ਼ਕ ਅਜਾਬ ਜਿੰਦੇ ।

10. ਗੀਤ

ਅਜ ਜਿੰਦ ਜਿੰਦ ਦੀ ਮਹਿਮਾਨ ਵੇ,
ਅਜ ਇਸ਼ਕ ਹੁਸਨ ਦੇ ਹਾਣ ਵੇ ।

ਰਿਹਾ ਫਰਸ਼ ਅਰਸ਼ ਵਿਚ ਭੇਦ ਨਾ,
ਕਹੀ ਧਰਤੀ ਕਿਹਾ ਅਸਮਾਨ ਵੇ ।

ਜਿੰਦ ਚੜ੍ਹੀ ਹੁਸਨ ਦੀਆਂ ਟੀਸੀਆਂ,
ਅਤੇ ਝੂਣ ਸੁਟੇ ਸਭ ਡਾਹਣ ਵੇ ।

ਬਨ-ਵਾਲੀਂ ਫਿਰਦੀਆਂ ਉਂਗਲਾਂ,
ਰਾਹ-ਗੁਜ਼ਰੂ ਜਿਵੇਂ ਹਰਾਨ ਵੇ ।

ਕਿਉਂ ਦਿਲ ਫਿਰ ਖੋਰੂ ਪਾਉਂਦਾ ?
ਕਿਉਂ ਜਜ਼ਬੇ ਉੱਡ ਉੱਡ ਜਾਣ ਵੇ ?

ਕਿਉਂ ਖੁਲ੍ਹਦੀਆਂ ਮਿਚਦੀਆਂ ਮੁਠੀਆਂ ?
ਕਿਉਂ ਚੜ੍ਹਦੇ ਢਹਿੰਦੇ ਪ੍ਰਾਣ ਵੇ ?

ਸਭ ਪੜਦੇ ਲੰਘੀਆਂ ਅਖੀਆਂ,
ਅਜੇ ਹੋਰ ਕੀ ਖੁਲ੍ਹਣ ਖੁਲ੍ਹਾਣ ਵੇ ?

ਪਿਆ ਹੜ੍ਹ ਨਸ਼ਿਆਂ ਦਾ ਵਗਦਾ,
ਫਿਰ ਬੁਲ੍ਹ ਕਿਉਂ ਸੁਕ ਸੁਕ ਜਾਣ ਵੇ ?

ਕਹੇ ਹੁਸਨ ਮੈਂ ਸਭ ਕੁਝ ਦੇ ਦਿੱਤਾ ?
ਕਿਉਂ ਇਸ਼ਕ ਨਾ ਰਜੇ ਨਦਾਨ ਵੇ ?

ਮੌਹਰੇ ਦੀਆਂ ਗਿਝੀਆਂ ਬੁਲ੍ਹੀਆਂ,
ਅੰਮ੍ਰਿਤ ਨਾ ਸਕਣ ਪਛਾਣ ਵੇ ।

ਅਜ ਜਿੰਦ ਜਿੰਦ ਦੀ ਮਹਿਮਾਨ ਵੇ,
ਅਜ ਇਸ਼ਕ ਹੁਸਨ ਦੇ ਹਾਣ ਵੇ ।

11. ਗੁਰੂ ਨਾਨਕ ਨੂੰ

ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ।

'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।

ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ,
ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ ।

ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ,
ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ।

ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ ।

ਜੁੱਗਾਂ ਦੀ ਸਾਂਝੀ ਸੱਭਿਤਾ ਪੈਰੀਂ ਲਿਤੜ ਗਈ,
ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ ।

ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,
ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ ।

ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ,
ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ ।

ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪਤ ਗਈ
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ ।

ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ ।

ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ,
ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ ।

ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ ।

ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ ।

ਮੁੜ ਭਾਗੋਆਂ ਦੇ ਚਾਦਰੀਂ ਛਿੱਟੇ ਨੇ ਖ਼ੂਨ ਦੇ,
ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ ।

ਫਿਰ ਉਚਿਆਂ ਦੇ ਮਹਿਲਾਂ ਤੇ ਸੋਨਾ ਮੜ੍ਹੀ ਰਿਹਾ,
ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ ।

'ਉਸ ਸੂਰ ਉਸ ਗਾਉਂ' ਦਾ ਹੱਕ ਨਾਹਰਾ ਲਾਇਆ ਤੂੰ
ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ ।

ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ ।

ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
"ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ ।"

12. ਸੁਣਦੇ ਸਾਂ

ਸੁਣਦੇ ਸਾਂ ਆਜ਼ਾਦੀ ਦਾ ਚਰਚਾ ਬੜਾ,
ਹਾਲੇ ਤੇ ਪੁੱਜਾ ਹੈ ਪਹਿਲਾ ਹੀ ਪੜਾ ।

ਅੰਬਰੋਂ ਉਤਰੀ ਅਜ਼ਾਦੀ ਦੀ ਪਰੀ,
ਬਿਰਲਿਆਂ ਤੇ ਦਲਮੀਆਂ ਨੇ ਬੋਚ ਲਈ ।

ਦਿਸਦੀਆਂ ਜ਼ੰਜੀਰਾਂ ਬੇਸ਼ਕ ਲੱਥੀਆਂ,
ਪਰ ਅਦਿਖ ਕੜੀਆਂ ਅਜੇ ਪਲਿਅੱਥੀਆਂ ।

ਨਾਲ ਅਜ਼ਾਦੀ ਜੋ ਸਧਰਾਂ ਜਾਗੀਆਂ,
ਖਾ ਕੇ ਧੱਫਾ ਫੇਰ ਪਿੱਛੇ ਜਾ ਪਈਆਂ ।

ਮੰਨਿਆਂ ਚਾਨਣ ਨੇ ਭਰ ਦਿੱਤਾ ਅਕਾਸ਼,
ਧਰਤ ਪਹਿਲੇ ਵਾਂਗ ਹੀ ਚੁਪ ਤੇ ਉਦਾਸ ।

ਮੰਨਿਆਂ ਲੋ ਨਾਲ ਮੁਨਾਰੇ ਸਜੇ,
ਪਰ ਹਨੇਰੇ ਛੰਨਾਂ ਤੇ ਢਾਰੇ ਅਜੇ ।

ਕੁੱਝ ਸੌ ਟੱਬਰ ਤੇ ਹੋਇਆ ਏ ਖੁਸ਼ਹਾਲ
ਬਾਕੀਆਂ ਦਾ ਪਹਿਲੇ ਤੋਂ ਵੀ ਮੰਦਾ ਹਾਲ ।

ਕੁੱਝ ਸੌ ਮੂੰਹਾਂ ਦੇ ਉੱਤੇ ਰੌਣਕਾਂ,
ਬਾਕੀ ਪਹਿਲੇ ਤੋਂ ਵੀ ਮਰੀਅਲ ਸੂਰਤਾਂ ।॥

ਕੁੱਝ ਸੌ ਜਿਹਲਾਂ ਤੋਂ ਮਹਿਲਾਂ ਤੇ ਚੜ੍ਹੇ,
ਬਾਕੀਆਂ ਤੇ ਉਹੀਉ ਪਲਾਣੇ ਥੜੇ ।

ਪੁੱਛੇਂ ਕੀ ਆਜ਼ਾਦੀ ਬਾਰੇ ਸਾਥੀਆ,
ਹਾਲੇ ਤਾਂ ਪੁੱਜਾ ਹੈ ਪਹਿਲਾ ਹੀ ਪੜਾ ।

13. ਅਪਹੁੰਚ

ਲੱਖਾਂ ਕੁੰਜਾਂ ਬਦਲ ਕੇ
ਲੱਖਾਂ ਜੂਨਾਂ ਦੀ ਕੁਠਾਲੀ ਢੱਲ ਕੇ
ਲੱਖਾਂ ਯੋਜਨ ਚਲ ਕੇ ਆਇਆ ਹਾਂ ਮੈਂ.
ਦੂਰੋਂ ਤਕ ਕੇ ਮਦ-ਭਰੇ ਤੇਰੇ ਕਲਸ਼
ਜਾਣਿਆ ਮੁੱਕਣ ਤੇ ਆਈ ਵਾਟ ਹੁਣ
ਤੇ ਤਿਹਾਇਆ ਪੁੱਜਿਆ ਹੈ ਘਾਟ ਹੁਣ ।

ਪਰ ਜਦੋਂ ਇਹ ਤੜਪਦੀ ਅਣੂਆਂ ਦੀ ਮੁਠ
ਜਿਸਨੂੰ ਕਹਿੰਦੇ ਨੇ ਮਨੁੱਖ
ਪੁੱਜੀ ਤੇਰੇ ਦੁਆਰ ਤੇ,
ਬੰਨ੍ਹ ਕੇ ਅੱਖਾਂ ਪੁਜਾਰੀ ਵਾਂਗਰਾਂ
ਫੇਰ ਕੇ ਮੰਦਰ-ਗੁਫ਼ਾਵਾਂ ਵਿੱਚ ਦੀ
ਨ੍ਹੇਰੇ ਵਿੱਚੋਂ ਨ੍ਹੇਰੇ ਵਿਚ ਫਿਰ ਖਿੱਦਿਆ ।

ਜਾਣਿਆਂ ਸੀ ਤੀਵੀਂ ਤੋਂ ਕੁਝ ਵੱਧ ਤੂੰ
ਸਮਝਿਆ ਸੀ ਤੀਵੀਂ ਤੋਂ ਕੁਝ ਘੱਟ ਤੂੰ
ਪਰ ਤੂੰ ਪੂਰੀ ਪੂਰੀ ਤੀਵੀਂ ਨਿਕਲੀ-
ਬ੍ਰਹਮ-ਅੱਗੀ, ਮਾਯਾ ਜਿਸਨੂੰ ਆਖਦੇ,
ਧਰਤ-ਅੰਬਰ ਦੀ ਪਹਿਲੀ ਧੀ,
ਪਹਿਲੀ ਪਤਨੀ, ਪਹਿਲੀ ਮਾਂ,
ਪਹਿਲੀ ਮੋਹਣੀ ਕਾਮਣੀ,
ਚਤਰ-ਭੁੱਜੀ, ਤ੍ਰਿਕੁਟ-ਨੈਣੀ,
ਵਿਹੁ-ਅੰਮ੍ਰਿਤ ਵੰਡਣੀ,
ਮਧ ਸਮੇਂ ਦੀ ਦਵੰਦ੍ਰ-ਗਰ ਨੀ,
ਦੋ ਧਿਰਾਂ ਨੂੰ, ਦੋ ਪਿੜਾਂ ਨੂੰ,
ਦਵੰਦ ਵਿਚ ਜੋ ਰੱਖਦੀ,
ਡਾਢੀ ਚਾਤਰ ਤੇ ਜਵਾਰਨ,
ਦੋ ਦਿਲਾਂ ਨੂੰ, ਦੋ ਸਿਰਾਂ ਨੂੰ,
ਅਪਣੇ ਤ੍ਰੀਮਤ-ਪਨ ਦੀ ਚੋਪਟ
ਉਤੇ ਜਿਹੜੀ ਜੋੜਦੀ,
ਪਤੀ-ਪ੍ਰੇਮੀ ਦੇ ਵਿਚਾਲੇ
ਵੀਰ-ਪ੍ਰੇਮੀ ਦੇ ਵਿਚਾਲੇ
ਕਾਮ-ਕਲਾ ਦੇ ਵਿਚਾਲੇ
ਮਿਹਰਾਂ, ਸਾਹਿਬਾਂ, ਰਤੀ ਵਾਂਗੂੰ
ਦਾਅ ਲਵਾਈ ਰੱਖਦੀ,
ਹਾਰ ਜਿੱਤ ਦੇ ਜਜ਼ਬਿਆਂ ਨੂੰ
ਨਿਤ ਮਘਾਈ ਰਖਦੀ,
ਡਾਹਢੀ ਚਾਤਰ ਤੇ ਸਿਆਣੀ
ਆਪਣੇ ਤ੍ਰੀਮਤ-ਪਨ ਦੀ ਕਚਿਆਈ
ਨੂੰ ਜਿਹੜੀ ਜਾਣਦੀ,
ਰੂਪ ਦੀ ਖਣ-ਜੀਵਤਾ ਨੂੰ ਸਮਝਦੀ,
ਤਾਹੀਏਂ ਇੱਕੋ ਵਾਰ ਇਹ ਨਾ ਖੋਹਲਦੀ
ਆਪਣੇ ਤ੍ਰੀਮਤ-ਪਨ ਦੀ ਸਾਰੀ ਸੰਪਤੀ-
ਕਿਸੇ ਨੂੰ ਦੇਂਦੀ ਸਰੀਰ
ਸੱਭੇ ਨਿੱਘਾਂ ਤੇ ਸੁਗੰਧਾਂ ਦੇ ਸਮੇਤ
ਪਰ ਨਾ ਦਸਦੀ ਆਤਮਾ ਦਾ ਕੋਈ ਭੇਤ,
ਕਿਸੇ ਨੂੰ ਆਤਮ-ਗੁਫਾਵਾਂ ਵਿੱਚ ਦੀ
ਅੰਨ੍ਹਿਆਂ ਤੇ ਗੁੰਗਿਆਂ ਕਰ ਮਾਰਦੀ,
ਕਿਸੇ ਨੂੰ ਇਕ ਮੁਸਕਣੀ ਦੀ ਪੰਖੜੀ,
ਕਿਸੇ ਨੂੰ ਇਕ ਤੱਕਣੀ ਦੀ ਡੰਗਣੀ,
ਯਾ ਕਦੀ ਇਕ ਘੁੱਟਣੀ,
ਇਕ ਪੁੱਟਣੀ, ਇਕ ਲੁੱਟਣੀ,
ਹਾਂ ਕਦੀ ਜਾਗਣ ਕਿਸੇ ਦੇ ਜੇ ਨਸੀਬ,
ਤੇ ਲਿਜਾਵੇ ਲਾਹ ਸੱਭੇ ਪੌੜੀਆਂ,
ਉਸਨੂੰ ਅਪਣੇ ਡੂੰਘੇ ਤ੍ਰੀਮਤ-ਪਨ ਦੀਆਂ,
ਅਗਲੇ ਹੀ ਪਲ, ਤੋਲ ਕੇ ਪਰਛੱਲ ਤੇ
ਸੁੱਟੇ ਕੰਢੇ ਉੱਤੇ ਘੋਗੇ ਵਾਂਗਰਾਂ ।

14. ਹੁਸਨ ਤੇ ਇਸ਼ਕ

ਤੇਰੇ ਰੂਪ ਦੀ ਰਤੀ ਦਾ ਮੁਲ ਕੀ ਏ
ਜੇ ਕੋਈ ਹੋਏ ਨਾ ਅੱਗੋਂ ਸਿਞਾਣ ਵਾਲਾ ।

ਕਿਹੜੇ ਕੰਮ ਨੇ ਜ਼ੁਲਫ਼ਾਂ ਦੇ ਪੇਚ ਤੇਰੇ,
ਜੇ ਕੋਈ ਹੋਏ ਨਾ ਦਿਲ ਨੂੰ ਫਸਾਣ ਵਾਲਾ ।

ਆਪੇ ਲਥਦੀ ਹੁਸਨ ਦੀ ਕਾਂਗ ਚੜ੍ਹ ਚੜ੍ਹ,
ਜੇ ਕੋਈ ਨਿੱਤਰੇ ਨਾ ਜਿੰਦੜੀ ਰੁੜ੍ਹਾਨ ਵਾਲਾ ।

ਤੇਰਾ ਰੂਪ ਜੇ ਇਤਨਾ ਹੈ ਮਾਣ-ਮੱਤਾ,
ਮੇਰਾ ਇਸ਼ਕ ਵੀ ਘਟ ਨਾ ਗੁਮਾਨ ਵਾਲਾ ।

ਹੁਸਨ ਬਿਨਾਂ ਵੀ ਇਸ਼ਕ ਦਾ ਜੀਣ ਮੁਮਕਨ,
ਇਸ਼ਕ ਬਾਝ ਪਰ ਹੁਸਨ ਕੁਮਲਾਣ ਵਾਲਾ ।

ਮਚਣਾ ਭਖਣਾ ਇਸ਼ਕ ਦੇ ਵਸ ਅਪਣੇ,
ਸ਼ੋਹਦਾ ਹੁਸਨ ਤਾਂ ਚਿਣਗ ਹੀ ਲਾਣ ਵਾਲਾ ।

ਤੇਰੇ ਹੁਸਨ ਦੇ ਨਾਲ ਜੇ ਜੱਗ ਰੌਸ਼ਨ,
ਮੇਰਾ ਇਸ਼ਕ ਹੈ ਜੱਗ ਨੂੰ ਚਲਾਣ ਵਾਲਾ ।

ਹੁਸਨ ਬਾਝ ਤਾਂ ਜੱਗ ਬਸ ਵਿਲਕਦਾ ਹੀ,
ਇਸ਼ਕ ਬਾਝ ਪਰ ਜੱਗ ਮਰ ਜਾਣ ਵਾਲਾ ।

ਹੋਇਆ ਕੀ ਜੇ ਹੀਰ ਤੋਂ ਘੱਟ ਨਾ ਤੂੰ,
ਤੈਨੂੰ ਮਹੀਏਂ ਆਂ ਹੀਰ ਬਣਾਣ ਵਾਲਾ ।

ਕਦੀ ਦੇਊ ਸਾਂ ਇਸ਼ਕ ਨੂੰ ਹੁਸਨ ਬਦਲੇ,
ਹੁਣ ਇਹ ਇਸ਼ਕ ਨਾ ਹੁਸਨੋ ਵਟਾਣ ਵਾਲਾ ।

ਏਨਾ ਥੋੜਾ ਏ ਹੋ ਗਿਆਂ ਇਸ਼ਕ ਸਦਕਾ
ਵਾਰੇ ਸ਼ਾਹ ਦੇ ਰੰਗ ਵਿਚ ਗਾਣ ਵਾਲਾ ।

15. ਇਕ ਸਵਾਲ

ਪਿਆਰ ਅਸਾਡਾ ਸੀ ਇਕ ਸੁਫ਼ਨਾ
ਸਮਝ ਲਵਾਂ ਕੀ ਪਿਆਰੀ
ਦੋ ਪਲ ਰਹਿ ਕੇ ਖ਼ਤਮ ਹੋ ਗਈ
ਲੀਲ੍ਹਾ ਜਿਸ ਦੀ ਨਿਆਰੀ ?

ਤਿਲ ਤਿਲ ਕਰ ਕੇ ਰੀਝ ਮੇਰੀ ਨੇ
ਜੋ ਸੀ ਮਹਿਲ ਬਣਾਇਆ
ਕੀ ਸਚ ਮੁਚ ਸੀ ਇਕ ਛਲਾਵਾ
ਦਿਲ ਮੇਰੇ ਦੀ ਮਾਇਆ ?

ਮੰਨ ਲਵਾਂ ਕੀ ਸਨ ਇਕ ਧੋਖਾ
ਨੈਨ ਤੇਰੇ ਮਦਮੱਤੇ
ਨਾਲੇ ਹੈਸਨ ਮਿਥਿਆ ਮੇਰੇ
ਹੰਝੂ ਤੱਤੇ ਰੱਤੇ ?

ਮੰਨ ਲਵਾਂ ਕੀ ਜੁਗ ਜੁਗ ਤੁਰ ਕੇ
ਜੋ ਪੈਂਡਾ ਮੈਂ ਵਢਿਆ
ਜਿਥੋਂ ਤੁਰਿਆ ਉਥੇ ਹੀ ਹਾਂ
ਇਕ ਕਦਮ ਨਾ ਵਧਿਆ ?

ਅਕਲ ਆਖਦੀ ਮੰਨ ਲੈ ਮੰਨ ਲੈ
ਮੰਨਣ ਵਿਚ ਸੁਖਾਲ ਏ
ਗਲ ਓਸ ਦੀ ਠੀਕ ਵੀ ਜਾਪੇ
ਦਿਲ ਨਹੀਂ ਮੰਨਦਾ ਹਾਲੇ ।

16. ਮਾਣ ਲੈ

ਮਾਣ ਲੈ, ਮਾਣ ਲੈ ਵੇ,
ਜੀਵਨ ਮਾਣਨਾ ਈਂ,
ਜਾਣ ਲੈ, ਜਾਣ ਲੈ ਵੇ,
ਵੇਲਾ ਜਾਵਣਾ ਈਂ ।

ਕੱਜ ਨਾ, ਕੱਜ ਨਾ ਵੇ,
ਕੱਜਿਆਂ ਤਰੱਕਦਾ ਈ,
ਵੰਡ ਲੈ, ਵੰਡ ਲੈ ਵੇ,
ਪਿਆਲਾ ਛਲਕਦਾ ਈ ।

ਤੱਕ ਲੈ, ਤੱਕ ਲੈ ਵੇ,
ਦੀਵਾ ਟਿਮਕਦਾ ਈ,
ਚੱਖ ਲੈ, ਚੱਖ ਲੈ ਵੇ,
ਭਾਵੇਂ ਬਿੱਖ ਹੀ ਸਹੀ ।

ਰੰਗ ਲੈ, ਰੰਗ ਲੈ ਵੇ,
ਕੋਰੀ ਜਿੰਦੜੀ ਕੀ !
ਰੰਗ ਮਜੀਠ ਨਾ ਸਹੀ,
ਰੰਗ ਕੁਸੰਭ ਹੀ ਸਹੀ ।

ਲੰਘ ਜਾ, ਲੰਘ ਜਾ ਵੇ,
ਰਾਹ ਅਣ-ਲੰਘਣੇ ਵੇ,
ਅਜੇ ਚਾਨਣਾ ਫਿਰ
ਨ੍ਹੇਰੇ ਸੰਘਣੇ ਵੇ ।

17. ਵਾਟ

ਜਾਣਾ ਏਸ ਕਦੀ ਨਾ ਮੁਕਣਾ
ਫਿਰ ਵੀ ਤੁਰਦਾ ਜਾਵਾਂ,
ਜਾਣਾ ਔਝੜ ਵਲ ਲਈ ਜਾਵੇ
ਭੈ ਨਾ ਫਿਰ ਵੀ ਖਾਵਾਂ ।

ਜਾਣਾ ਹੋਰ ਕਈ ਨੇ ਰਸਤੇ
ਮੈਥੋਂ ਮੂਲ ਨਾ ਭੁੱਲੇ,
ਐਪਰ ਇਤਨੀ ਦੂਰ ਪਹੁੰਚ ਕੇ
ਕੌਣ ਪਿਛਾਂਹ ਹੁਣ ਜੁੱਲੇ ।

ਜਾਣਾ ਛੱਡੀ ਜਾਵਣ ਸਾਥੀ
ਹੁੰਦਾ ਜਾਵਾਂ ਕੱਲਾ,
ਇਕੋ ਦਿਲ ਮੇਰੇ ਦਾ ਮਹਿਰਮ
ਉਸ ਵੀ ਛੱਡਿਆ ਪੱਲਾ ।

ਮੈਥੋਂ ਮੂਲ ਨਾ ਭੁੱਲੇ ਯਾਰਾ
ਸੁਖ ਪੜਾਵਾਂ ਵਾਲੇ,
ਵੱਸੋਂ ਤੇ ਪਰ ਕਿੱਦਾਂ ਰੀਝਣ
ਔਝੜ ਦੇ ਮਤਵਾਲੇ ।

ਇਸ਼ਕ ਦੀਆਂ ਪਧਰਾਈਆਂ ਤਕੀਆਂ
ਇਸ਼ਕ ਦੀਆਂ ਉਚਿਆਈਆਂ,
ਦਿਲ ਮੇਰਾ ਹੁਣ ਲਥਣਾ ਚਾਹੇ
ਇਸ਼ਕ ਦੀਆਂ ਡੂੰਘਾਈਆਂ ।

ਪਧਰਾਈਆਂ ਤੇ ਉਚਿਆਈਆਂ ਵਿਚ
ਦਿਸਿਆ ਨਾ ਜੋ ਆਪਾ,
ਡੂੰਘਾਈਆਂ ਦੇ ਨ੍ਹੇਰੇ ਅੰਦਰ
ਸ਼ਾਇਦ ਜਾਏ ਸਿੰਞਾਤਾ ।

18. ਹੁਣ

ਜੰਮਿਆਂ ਪੂਰਬ ਦੀ ਕੁੱਖੋਂ ਸਵਰਣ-ਬਾਲ
ਵਿਛ ਗਿਆ ਦਿਸ-ਹੱਦੇ ਤੀਕਰ ਰੂਪ-ਜਾਲ
ਹੋ ਗਏ ਪੰਛੀ, ਪਸ਼ੂ, ਵਣ ਤ੍ਰਿਣ ਨਿਹਾਲ
ਜਾਣ ਦੇ ਪਿਛਲੇ ਖ਼ਿਆਲ

ਭੁੱਲ ਜਾ ਹਿਜਰਾਂ ਦੇ ਸਾਲ
ਹੋਣਾ ਕੀ ? ਇਸ ਨੂੰ ਵੀ ਟਾਲ
ਏਨਾ ਕੀ ਥੋਹੜਾ ਏ ਸਜਨੀ
ਤੁਰ ਰਹੇ ਹਾਂ ਨਾਲੋ ਨਾਲ ।

ਕਿਸਦੇ ਭਾਗੀਂ ਜ਼ਿੰਦਗੀ ਦਾ
ਭੋਰਾ ਭੋਰਾ ਮਾਣਨਾ ?
ਕੌਣ ਜਿਸ ਦੇ ਜੀਉਣ-ਪੰਧ ਦਾ
ਸਾਰਾ ਪੈਂਡਾ ਚਾਨਣਾ ?

ਕਿਸ ਨੇ ਬੰਨ੍ਹਿਆ ਪਿਆਰ ਨੂੰ ਸਜਨੀ
ਜੇ ਬੰਨ੍ਹ ਸਕੀਏ ਅਸੀਂ ?
ਕਿਹੜਾ ਭਜਿਆ ਗ਼ਮ ਤੋਂ ਹੇ ਪਿਆਰੀ
ਜੇ ਭਜ ਸਕੀਏ ਅਸੀਂ ?

ਜ਼ਿੰਦਗੀ ਦੋ ਪਲ ਹੀ ਹੁੰਦੀ
ਬਾਕੀ ਇਸ ਦੀ ਯਾਦ ਹੀ,
ਪਿਆਰ ਦੋ ਘੜੀਆਂ ਹੀ ਹੁੰਦਾ
ਬਾਕੀ ਇਸਦਾ ਸਵਾਦ ਹੀ ।

ਜਾਣ ਲੈ ਸਜਨੀ
ਇਹ ਸਚ ਤੂੰ ਜਾਣ ਲੈ,
ਹੁਣ ਦੀਆਂ ਘੜੀਆਂ ਨੂੰ
ਰਜ ਰਜ ਮਾਣ ਲੈ ।

ਭੁੱਲ ਜਾ ਪਿਛਲੇ ਖ਼ਿਆਲ
ਭੁੱਲ ਜਾ ਹਿਜਰਾਂ ਦੇ ਸਾਲ
ਹੋਣਾ ਕੀ ? ਇਸ ਨੂੰ ਵੀ ਟਾਲ
ਏਨਾ ਕੀ ਥੋਹੜਾ ਏ ਸਜਨੀ
ਤੁਰ ਰਹੇ ਹਾਂ ਨਾਲੋ ਨਾਲ ।

19. ਉਡੀਕ

ਪੱਛਮ ਵਿਚ ਸੂਰਜ ਦੀ ਟਿੱਕੀ
ਵਾਂਗ ਸੋਨੇ ਦੇ ਢੱਲੀ,
ਉੱਗ ਪਈ ਅਸਮਾਨਾਂ ਉੱਤੇ
ਕਿਰਗਟੀਆਂ ਦੀ ਛੱਲੀ,

ਘਿਰਦੇ ਆਵਣ ਘੇਰ ਹਨੇਰੇ
ਜਿੰਦ ਮੇਰੀ ਦੇ ਦਵਾਲੇ,
ਲੈ ਯਾਰਾ, ਇਕ ਹੋਰ ਦਿਹਾੜੀ
ਕੰਡ ਸਾਨੂੰ ਦੇ ਚੱਲੀ ।

20. ਅਜ ਹਨੇਰਾ ਸੰਘਣਾ

ਅਜ ਹਨੇਰਾ ਸੰਘਣਾ ਤੇ ਸੁਹਲ ਹੈ,
ਝੀਲ ਦਾ ਕੰਢਾ ਤੇ ਜਿੰਦੜੀ ਕੋਲ ਹੈ ।

ਕੀ ਕਰਾਂ ਜੇ ਗਗਨ ਸਖਣੇ ਤਾਰਿਉਂ,
ਮੇਰੀ ਤਾਂ ਚਾਨਣ-ਭਰੀ ਅਜ ਝੋਲ ਹੈ ।

ਜੁੱਗਾਂ ਤੋਂ ਮੁੰਦੇ ਕੰਵਲ ਨੇ ਖਿੜ ਪਏ,
ਜਜ਼ਬਿਆਂ ਦੀ ਹੋ ਰਹੀ ਬੰਨ੍ਹ-ਖੋਲ੍ਹ ਹੈ ।

ਫਿਰ ਕਿਸੇ ਦੀ ਅੱਖ ਅਜ ਮਸਤਾਨੜੀ,
ਮਧੂ ਵਿਚ ਦਾਰੂ ਰਿਹਾ ਕੋਈ ਘੋਲ ਹੈ ।

ਫਿਰ ਕਿਸੇ ਦੇ ਬੁਲ੍ਹਾਂ ਉੱਤੇ ਬਿਜਲੀਆਂ,
ਫਿਰ ਕਿਸੇ ਦੇ ਆਹਲਣੇ ਦੀ ਟੋਲ ਹੈ ।

ਚਿਰ-ਵਿਛੁੰਨੇ ਸਵਾਸ ਸਾਂਝੇ ਹੋ ਰਹੇ,
ਘੁਟ ਕੇ ਲੱਗਾ ਬੋਲ ਦੇ ਗਲ ਬੋਲ ਹੈ ।

ਕੂੜ ਕਹਿੰਦੇ ਪਾਣੀ ਅਗ ਦਾ ਮੇਲ ਨਾ,
ਹੁਸਨ ਬੈਠਾ ਢੁਕ ਇਸ਼ਕ ਦੇ ਕੋਲ ਹੈ ।

ਅਜ ਹਨੇਰਾ ਸੰਘਣਾ ਤੇ ਸੁਹਲ ਹੈ,
ਝੀਲ ਦਾ ਕੰਢਾ ਤੇ ਜਿੰਦੜੀ ਕੋਲ ਹੈ ।

21. ਜਿੰਦੇ

ਜਿੰਦੇ ਕਦੋਂ ਤਕ ਰਹੇਂਗੀ ਸੈਲ ਪੱਥਰ,
ਜ਼ਰਾ ਆ ਅਜ ਪਿਘਲੀਏ ਢਲੀਏ ਨੀ ।

ਰਾਤ ਮੌਜ ਵਿਚ ਆਣ ਕੇ ਦੇਖ ਤਾਂ ਸਹੀ,
ਨਾਲ ਕੰਢਿਆਂ ਚਮੜ ਨਾ ਝਲੀਏ ਨੀ ।

ਜਿੰਦ ਉੱਤੋਂ ਵਲਿਅਸਾਂ ਨੂੰ ਦੂਰ ਕਰੀਏ,
ਸਗੋਂ ਹੋਰ ਨਾ ਪਏ ਕੜਵਲੀਏ ਨੀ ।

ਦਗੜ ਦਗੜ ਕੇ ਮੋਏ ਹਜ਼ਾਰ ਗ਼ਾਜ਼ੀ,
ਝਗੜ ਝਗੜ ਕੇ ਮੋਏ ਟਰਪਲੀਏ ਨੀ ।

ਉਥਲ ਪੁਥਲ ਜਹਾਨ ਦੀ ਬੜੀ ਦੇਖੀ,
ਆ ਅਜ ਦਿਲ ਦਾ ਵਰਕਾ ਉਥਲੀਏ ਨੀ ।

ਏਨਾ ਧੰਦਿਆਂ ਵਿਚ ਆਪਾ ਰਿਨ੍ਹਿਆਂ ਈ,
ਕੁਝ ਇਸ਼ਕ ਕੁਠਾਲੀ ਵੀ ਗਲੀਏ ਨੀ ।

ਦੀਵੇ ਅਕਲ ਦੇ ਲਖ ਮਿਟਕਾ ਦੇਖੇ,
ਪੈ ਇਸ਼ਕ ਭੜਮੱਚੇ ਵੀ ਬਲੀਏ ਨੀ ।

ਵਿਚ ਧੰਦਿਆਂ ਗਾਲ ਕੇ ਉਮਰ ਸਾਰੀ,
ਮੱਖੀ ਵਾਂਗਰਾਂ ਹੱਥ ਨਾ ਮਲੀਏ ਨੀ ।

ਖੋਪੇ ਲਾਹ ਕੇ ਸਿੱਧਾ ਵੀ ਕੁਝ ਤੁਰੀਏ,
ਕੋਹਲੂ ਚਕਰੀਂ ਨਿਤ ਨਾ ਚਲੀਏ ਨੀ ।

ਨਿਕਲ ਪੱਥਰ ਪ੍ਰਸਤੀ ਦੀ ਸੁੰਝ ਵਿਚੋਂ,
ਦਿਲ ਵਾਲਿਆਂ ਦੇ ਟੋਲੇ ਰਲੀਏ ਨੀ ।

22. ਧਰਤ ਬਣਸੀ ਲੋਹੇ ਦੀ

ਪੂੰਜੀਦਾਰਾਂ ਦੇ ਸਹਾਰੇ
ਅੱਜ ਦੀ ਸਰਕਾਰ ਹੈ,
ਜੱਟ ਦੀ ਚਮੜੀ ਤੇ ਚਿੱਚੜ
ਵਾਂਗ ਸ਼ਾਹੂਕਾਰ ਹੈ,
ਜੱਟ ਅੱਗੋਂ ਚੂਹੜਿਆਂ
ਚਮੀਆਂ ਤੋਂ ਲੈਂਦਾ ਕਾਰ ਹੈ,
ਚੂਹੜਾ ਕੁਟ ਕੁਟ ਡੰਗਰਾਂ ਨੂੰ
ਬਾਬ ਕਰਦਾ ਭੋਹੇ ਦੀ,
ਕੀਟਾਂ ਅੰਦਰ ਕੀਟ ਵਾਲੀ
ਗੱਲ ਨਾ ਹੁਣ ਹੋਏਗੀ ।
ਪੂੰਜੀਦਾਰਾ ਮੰਨਿਆਂ ਤੂੰ
ਜੇਹਲਖ਼ਾਨੇ ਭਰ ਦਿੱਤੇ,
ਬਾਕੀ ਦੇ ਕਿਰਸਾਨ ਕਿਰਤੀ
ਧਰਤੀ ਥੱਲੇ ਕਰ ਦਿੱਤੇ,
ਆਉਣ ਵਾਲੀ ਪਰ ਕਿਆਮਤ
ਹੋਣ ਵਾਲੀ ਹੋਏਗੀ,
ਤਾਂਬੇ ਦਾ ਅਸਮਾਨ ਬਣਸੀ
ਧਰਤ ਬਣਸੀ ਲੋਹੇ ਦੀ ।
ਤੀਵੀਆਂ ਦੀ ਪਤ ਨੂੰ
ਮਿੱਟੀ ਦੇ ਵਿਚ ਤੂੰ ਰੋਲਿਆ,
ਬਚਿਆਂ ਨੂੰ ਤ੍ਰੰਡ ਦੁਧੋਂ,
ਲੋਹੇ ਅੱਗੇ ਜੋ ਲਿਆ,
ਕਿਰਤੀਆਂ ਦਾ ਖ਼ੂਨ ਤੂੰ
ਬੇ ਕਿਰਕ ਹੋ ਕੇ ਚੋ ਲਿਆ,
ਹੱਡੀਆਂ ਨੂੰ ਚੂੰਡਿਆ ਤੂੰ
ਜੀਭ ਰੇਤੀ ਲੋਹੇ ਦੀ,
ਹੱਡੀਆਂ ਦੀ ਰਗੜ ਤੋਂ ਹੁਣ
ਅੱਗ ਪੈਦਾ ਹੋਏਗੀ ।

ਉੱਠਣਾ ਜਨਤਾ ਦਾ ਹੜ
ਹਾਥੀ ਜਿਵੇਂ ਚਿੰਘਾੜਨਾ,
ਧੁੱਸ ਜਿਸ ਨੇ ਮਾਰ ਕੇ
ਤੇਰਾ ਅਡੰਬਰ ਪਾੜਨਾ,
ਝੂਠੇ ਤੇਰੇ ਮਾਣ ਨੂੰ
ਪੈਰਾਂ ਦੇ ਵਿੱਚ ਲਿਤਿਆੜਨਾ,
ਅੱਗ ਧਰਤੀ ਤੋਂ ਉਠੇਗੀ,
ਅੰਬਰਾਂ ਨੂੰ ਛੋਹੇਗੀ ।
ਸੋਨੇ ਦੀ ਲੰਕਾ ਇਹ ਤੇਰੀ
ਭਸਮ ਆਖਰ ਹੋਏਗੀ ।

ਧਰਮ ਗ੍ਰੰਥਾਂ, ਠਾਕਰਾਂ ਦਿਆ
ਕਰਤਿਆ ਤੇ ਧਰਤਿਆ,
ਮੰਦਰਾਂ ਤੇ ਮਸਜਦਾਂ ਨੂੰ
ਰੱਜ ਕੇ ਤੂੰ ਵਰਤਿਆ,
ਟੁਟਿਆ ਜਾਦੂ ਤੇਰਾ
ਧਰਤੀ ਨੇ ਪਾਸਾ ਪਰਤਿਆ,
ਖੱਲ ਤੈਨੂੰ ਫੂਕੇਗੀ
ਮਾਸੂਮ ਬਕਰੇ ਕੋਹੇ ਦੀ,
ਸ਼ਾਂਤੀ ਦੀ ਹੁਣ ਗਲ ਮੁੱਕੀ
ਗਲ ਹੋਣੀ ਰੋਹੇ ਦੀ ।

ਸੋਨੇ ਚਾਂਦੀ ਨਾਲ ਤੂੰ
ਬਰਦਾ ਬਣਾਇਆ ਜੱਗ ਨੂੰ,
ਰੱਜ ਕੇ ਤੂੰ ਮੁੰਨਿਆਂ
ਆਲੇ ਤੇ ਭੋਲੇ ਵੱਗ ਨੂੰ,
ਉਠਣਾ ਸੀ ਅੰਤ ਮਜ਼ਦੂਰਾਂ
ਨੇ ਆਪਣੀ ਪੱਗ ਨੂੰ,
ਗਲ ਆਖ਼ਰ ਚਲਣੀ ਈ
ਹੋਏ ਤੇ ਅਣਹੋਏ ਦੀ,
ਸੋਨੇ ਗਿੱਚੀ ਸਟਣੀ
ਜਦ ਚੰਡ ਪੈਣੀ ਲੋਹੇ ਦੀ ।

23. ਝਨਾਂ

ਉਂਜ ਤਾਂ ਵਸਦਾ ਪਿਆ ਜਹਾਨ ਸਾਰਾ,
ਦੇਸ਼ਾਂ ਵਿਚੋਂ ਪਰ ਦੇਸ ਝਨਾਉਂ ਦਾ ਏ ।

ਡਾਹਢੀ ਭਰਵੀਂ ਦਰਿਆ ਦੀ ਲਹਿਰ ਪੈਂਦੀ,
ਘਾਹਾਂ ਪਠਿਆਂ ਅੰਤ ਨਾ ਆਉਂਦਾ ਏ ।

ਜੂਹਾਂ ਜੰਗਲਾਂ ਨੇ ਕਿਤੇ ਝਿੜੀ ਬੱਧੀ,
ਵਣ ਤ੍ਰਿਣ ਮੌਲਿਆ ਕਿਧਰੇ ਸੁਹਾਉਂਦਾ ਏ ।

ਬੇਲੇ ਸੰਘਣੇ ਤ੍ਰੰਘਣੇ ਬਹੁਤ ਔਖੇ,
ਸਪ ਲੰਘਦਾ ਕੁੰਜ ਲੁਹਾਉਂਦਾ ਏ ।

ਕਿਤੇ ਕੰਧੀਆਂ ਤੇ ਵੱਡੇ ਨਗਰ ਵੱਸੇ,
ਮੋੜ੍ਹਾ ਨਿਕੜਾ ਕਿਧਰੇ ਸੁਹਾਉਂਦਾ ਏ ।

ਕਿਧਰੇ ਖੂਹਾਂ ਝਲਾਰਾਂ ਨੇ ਮੌਜ ਲਾਈ,
ਕਿਧਰੇ ਡੂੰਘਲੀ ਜਟ ਵਹਾਉਂਦਾ ਏ ।

ਖੁਰਲੀ ਰੌਣਕਾਂ, ਕੋਠੀਆਂ ਕਣਕ ਭਰੀਆਂ,
ਪੁੱਤੀਂ ਖੇਡਦਾ ਦੁੱਧੀਂ ਨਹਾਉਂਦਾ ਏ ।

ਲੋਕੀਂ ਤਗੜੇ ਪਸ਼ੂ ਵੀ ਜ਼ੋਰ ਵਾਲੇ,
ਦਬ ਕੇ ਵਾਹੁੰਦਾ ਤੇ ਰੱਜ ਕੇ ਖਾਉਂਦਾ ਏ ।

ਸਾਰਾ ਦੇਸ਼ ਖੁਸ਼ਹਜਾਲ ਤੇ ਲੋਕ ਰਾਜ਼ੀ,
ਸਿੱਕਾ ਚਲਦਾ ਅਕਬਰ ਦੇ ਨਾਉਂ ਦਾ ਏ ।

ਏਸੇ ਸੋਹਣੇ ਦੇਸ ਦੀ ਇਕ ਗੁੱਠੇ,
ਪਿੰਡ ਇਕ ਤਖ਼ਤ ਹਜ਼ਾਰੇ ਦੇ ਨਾਉਂ ਦਾ ਏ ।

ਧੀਦੋ ਰਾਂਝਣੇ ਦਾ ਜਿੱਥੇ ਜਨਮ ਹੋਇਆ,
ਮੱਕਾ ਇਸ਼ਕ ਦਾ ਜਿਹੜਾ ਸਦਾਉਂਦਾ ਏ ।

24. ਧੀਦੋ ਦੀ ਜਵਾਨੀ

ਆਈ ਰੁਤ ਜਵਾਨੀ ਦੀ ਰਾਂਝਣੇ ਤੇ
ਨੱਢਾ ਹੋ ਗਿਆ ਹੋਰ ਦਾ ਹੋਰ ਮੀਆਂ ।

ਛੱਤੇ ਕੱਕਿਆਂ ਤੋਂ ਕਾਲੇ ਸ਼ਾਹ ਹੋਏ,
ਨਿੱਕੀ ਮੱਸ ਫੁੱਟੀ ਪੇਹਲੀ-ਤੋਰ ਮੀਆਂ ।

ਭਰੇ ਮਾਖਿਓਂ ਨੈਣਾਂ ਕਟੋਰਿਆਂ ਵਿਚ,
ਦਾਰੂ ਕਿਸੇ ਉਲੱਦਿਆ ਹੋਰ ਮੀਆਂ ।

ਚੱਲੀ ਭੱਠੀਆਂ ਦੇ ਉੱਤੇ ਗਲ ਉਹਦੀ,
ਪਿਆ ਪਨਘਟਾਂ ਦੇ ਉਤੇ ਸ਼ੋਰ ਮੀਆਂ ।

ਚੱਕੀ-ਹਾਨਿਆਂ ਤੇ ਉਹਦਾ ਜ਼ਿਕਰ ਹੋਇਆ,
ਵੱਧੀ ਤ੍ਰਿੰਞਣੀ ਘੋਰ ਮਸੋਰ ਮੀਆਂ ।

ਕੰਨੀ ਬੁੰਦੜੇ ਵੰਝਲੀ ਕੱਛ ਉਹਦੀ,
ਗਲੀਆਂ ਵਿਚ ਨਿਤ ਫਿਰਦਾ ਲਟੋਰ ਮੀਆਂ ।

ਘਰ ਪੁਟਣੇ ਓਸ ਦੇ ਤੌਰ ਹੋਏ,
ਬਲਦ-ਮੂਤਣੀ ਓਸ ਦੀ ਤੋਰ ਮੀਆਂ ।

ਭਲਾ ਵੇਖ ਮੁਟਿਆਰਾਂ ਤੇ ਉਜੜਨਾ ਸੀ,
ਵੇਖ ਅਧਖੜਾਂ ਵੀ ਹੋਈਆਂ ਚੌੜ ਮੀਆਂ ।

ਟੋਟਾ ਕਾਲਜੇ ਦਾ ਚਾਨਣ ਅੱਖੀਆਂ ਦਾ,
ਨਹੀਂ ਸੀ ਭਾਬੀਆਂ ਦਾ ਨਿਰਾ ਦਿਉਰ ਮੀਆਂ ।

25. ਮਾਹੀਆ ਵੇ

ਮਾਹੀਆ ਵੇ ਸਾਡੇ ਨਾਲ ਕਹੀਆਂ ਕੀਤੀਆਂ ।
ਅੱਖਾਂ ਚਾਰ ਕਰ ਗਲਾਂ ਦੋ ਵੀ ਨਾ ਕੀਤੀਆਂ ।

ਛਿਜ ਛਿਜ ਜਾਣ ਸਾਡੇ ਹਾੜ ਤੇ ਸਿਆਲ ਵੇ,
ਗੁੜ ਹੋਵੇ ਵੰਡਾਂ ਕਿਹੜਾ ਗ਼ਮ ਦਾ ਭਿਆਲ ਵੇ,
ਹੋਰ ਨਾ ਵਿਹਾਵੇ ਜੀਵੇਂ ਬੀਤੀਆਂ ਸੋ ਬੀਤੀਆਂ ।

ਮਾਹੀਆ ਵੇ ਭੈੜੀ ਹਵਾ ਕਹੀ ਵਗਦੀ,
ਲੱਖ ਮਾਰਾਂ ਗੰਢਾਂ ਮੈਥੋਂ ਖੁਸ਼ਬੂ ਨਾ ਬਝਦੀ,
ਕੱਖਾਂ ਨਾਲ ਜੀਵੇਂ ਅੱਗਾਂ ਹੋਣ ਨਾ ਚੁਪੀਤੀਆਂ ।

ਸੁਟਿਆ ਈ ਮਾਹੀ ਕਿਹਾ ਝਲ ਵਿਚ ਵਾਂਡਾ ਵੇ,
ਸਾਂਭ ਨਾ ਇਹ ਵੱਥ ਸਕੇ ਹਉਂ ਵਾਲਾ ਭਾਂਡਾ ਵੇ,
ਜ਼ਹਿਰ ਪੀਤਾ ਜੀਵੇਂ ਜਿਨ੍ਹਾਂ ਪੀਤੀਆਂ ਪਰੀਤੀਆਂ ।

ਦੰਦੀ ਤੇ ਖਲੋਤੀ ਮਾਹੀਆ ਨਿਕੜੀ ਇਹ ਜਿੰਦ ਵੇ,
ਟਿਕੀ ਜਿਉਂ ਕਰੀਰ ਉੱਤੇ ਪਾਣੀਏ ਦੀ ਬਿੰਦ ਵੇ,
ਜਿਵੇਂ ਜਾਣੇ ਮਾਹੀਆ ਤੋੜ ਚਾੜ੍ਹ ਜਾ ਪਰੀਤੀਆਂ ।

ਮਾਹੀਆ ਵੇ ਸਾਡੇ ਨਾਲ ਕਹੀਆਂ ਕੀਤੀਆਂ ।
ਅੱਖਾਂ ਚਾਰ ਕਰ ਗਲਾਂ ਦੋ ਵੀ ਨਾ ਕੀਤੀਆਂ ।

26. ਕੋਈ ਮੋੜੇ

ਕੋਈ ਮੋੜੇ ਦਿਲੇ ਦੀਆਂ ਵਾਗਾਂ ਵੇ ।

ਅਜ ਦੁਨੀਆਂ ਕਲ ਈਮਾਨ ਵੇ,
ਅਜ ਦਿਲ ਕਲ ਜਿੰਦ ਤੇ ਜਾਨ ਵੇ,
ਨਿਤ ਹੁਸਨ ਮੰਗੇਦਾ ਲਾਗਾਂ ਵੇ ।

ਰਤਾ ਜਿੰਦ ਨੂੰ ਆਵੇ ਹੋਸ਼ ਜੇ,
ਝਟ ਹੁਸਨ ਕਰੇ ਬੇਹੋਸ਼ ਵੇ,
ਕਦੀ ਆਉਣ ਨਾ ਦੇਂਦਾ ਜਾਗਾਂ ਵੇ ।

ਸੁੰਞੀ ਰਾਤ ਵਿਛੋੜੇ ਦੀ ਆ ਗਈ,
ਮੇਰੀ ਜਿੰਦ ਤੇ ਕਾਲਖ ਛਾ ਗਈ,
ਜਿਵੇਂ ਖੰਭ ਕਲੂਟੇ ਕਾਗਾਂ ਵੇ ।

ਭਾਵੇਂ ਬੋਲ ਭਾਵੇਂ ਨਾ ਬੋਲ ਵੇ,
ਝਟ ਬਹਿਣ ਦੇ ਹੁਸਨਾ ਕੋਲ ਵੇ,
ਚਮਕਾ ਲਈਏ ਦਿਲ ਦਿਆਂ ਦਾਗ਼ਾਂ ਵੇ ।

ਮਤਾਂ ਬੇੜੀ ਕੰਢੇ ਲਗ ਪਵੇ,
ਮਤਾਂ ਜਿੰਦ ਗਵਾਚੀ ਲਭ ਪਵੇ,
ਰਤਾ ਜਗਣ ਦੇ ਨੈਣ ਚਰਾਗ਼ਾਂ ਵੇ ।

27. ਸਤਵਾਂ ਰੰਗ

ਕੀੜਾ ਸਾਂ ਮੈਂ ਧਰਤ ਦਾ
ਕੋਝਾ ਤੇ ਅੰਜਾਣ,
ਖਲ ਅਪਣੀ ਦੀ ਨਿੱਘ ਵਿਚ
ਮੱਤਾ ਤੇ ਗ਼ਲਤਾਨ,
ਅੱਚਨ ਚੇਤੀ ਦਿਸ ਪਈ,
ਪੀਂਘ ਪਈ ਅਸਮਾਨ ।

ਲੂੰ ਲੂੰ ਬਿੱਜਾਂ ਕੂੰਦੀਆਂ
ਚੜ੍ਹਿਆ ਜਿੰਦ ਨੂੰ ਵੇਠ,
ਤੜਪ ਤੜਪ ਮੈਂ ਹੁੱਟਿਆ,
ਪੀਂਘ ਨਾ ਉਤਰੀ ਹੇਠ,
ਏਸੇ ਖਿੱਚੋਤਾਣ ਵਿਚ
ਮੇਰੇ ਉੱਗ ਪਏ ਖੰਭਲੇਟ ।

ਭੋਂ ਦੀਆਂ ਪਕੜਾਂ ਟੁੱਟੀਆਂ
ਚੜ੍ਹਿਆ ਮੈਂ ਅਸਮਾਨ,
ਜਿਉਂ ਜਿਉਂ ਉੱਡਾਂ ਪੀਂਘ ਦੇ
ਰੰਗ ਨਿਖਰਦੇ ਜਾਣ,
ਰੰਗ-ਵਿਹੂਣੇ ਖੰਭ ਮੇਰੇ
ਲਗ ਪਏ ਝਿਲਮਿਲਿਆਣ ।

ਰੰਗ-ਲੀਲ੍ਹਾ ਨੂੰ ਦੇਖ ਕੇ,
ਤੱਸੀ ਮੇਰੀ ਜਿੰਦ,
ਪੀਂਘ ਕਲਾਵੇ ਵੜ ਗਈ
ਅਟਕੀ ਇਕ ਨਾ ਬਿੰਦ,
ਕੀ ਛੱਡੇ ਤੇ ਕੀ ਫੜੇ
ਇਹਨੂੰ ਸੱਤੇ ਰੰਗ ਪਸਿੰਦ ।

ਰੰਗ ਤੱਕੇ ਦੋ ਏਸ ਨੇ
ਰੰਗ ਲਏ ਦੋ ਫੜ,
ਦੋ ਰੰਗ ਚੱਖੇ ਏਸ ਨੇ
ਹੋਠ ਹੋਠਾਂ ਤੇ ਜੜ,
ਸਤਵੇਂ ਵਲ ਪਰ ਵਧੀ ਜਾਂ
ਖੰਭ ਪਏ ਸੂ ਝੜ ।

ਡਿੱਗੀ ਫੇਰ ਜ਼ਮੀਨ ਤੇ
ਜਿੰਦ ਮੇਰੀ ਨਾਦਾਨ,
ਵਿਚ ਹਨੇਰਿਆਂ ਭਟਕਦੀ
ਗਾਂਹਦੀ ਫਿਰੇ ਜਹਾਨ,
ਸ਼ਾਇਦ ਲਭ ਪਏ ਧਰਤ ਚੋਂ
ਸਤਵਾਂ ਰੰਗ ਮਹਾਨ ।

ਛਡ ਦੇ ਜਿੰਦੇ ਕਮਲੀਏ
ਸਤਵੇਂ ਰੰਗ ਦੀ ਭਾਲ,
ਸਿਖਰ ਦੁਪਹਿਰ ਨਾ ਲਭਿਆ
ਕੀ ਲਭਣਾ ਤਰਕਾਲ,
"ਲਭਸਾਂ, ਲਭਸਾਂ, ਲਭਸਾਂ,
ਮੇਰੀ ਆਸ ਨਾ ਟੁੱਟੀ ਹਾਲ ।"

28. ਦੋ ਟੋਟਿਆਂ ਦੇ ਵਿਚ ਭੋਂ ਟੁੱਟੀ

ਦੋ ਟੋਟਿਆਂ ਦੇ ਵਿਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ,
ਦੋ ਧੜਿਆਂ ਵਿਚ ਖ਼ਲਕਤ ਵੰਡੀ,
ਇਕ ਲੋਕਾਂ ਦਾ ਇਕ ਜੋਕਾਂ ਦਾ ।

ਕੋਈ ਵੇਲਾ ਸੀ ਵੰਡਕਾਰਾਂ ਨੇ,
ਦੁਨੀਆਂ ਨੂੰ ਪਾੜਿਆ ਵੰਡਿਆ ਸੀ
ਵਿੱਥਾਂ ਵਿਚ ਵਿੱਥਾਂ ਹੋਰ ਵਧਾ,
ਵਿੱਥਾਂ ਨੂੰ ਡਾਢਾ ਤ੍ਰੰਡਿਆ ਸੀ ।

ਕੁਝ ਪਾਈਆਂ ਵਿੱਥਾਂ ਵਰਨ ਦੀਆਂ
ਕੁਝ ਵਾਹੀਆਂ ਲੀਕਾਂ ਧਰਮ ਦੀਆਂ,
ਫਿਰ ਕੰਧਾਂ ਕਰਮ ਕੁਕਰਮ ਦੀਆਂ,
ਫਿਰ ਧੁੰਧਾਂ ਅੰਨ੍ਹੇ ਭਰਮ ਦੀਆਂ ।

ਫਿਰ ਵਿੱਥਾਂ ਲਿਪੀ ਜ਼ਬਾਨ ਦੀਆਂ,
ਫਿਰ ਪਹਰਾਵੇ ਤੇ ਵੇਸ ਦੀਆਂ,
ਫਿਰ ਸਭਿਤਾ, ਸਭਿਆਚਾਰ ਦੀਆਂ,
ਫਿਰ ਦੇਸ ਅਤੇ ਪਰਦੇਸ ਦੀਆਂ ।

ਜਨਤਾ ਨੂੰ ਥਹੁ ਨਾ ਲਗਣ ਦਿਤਾ
ਇਨ੍ਹਾਂ ਜਾਦੂਗਰ ਵਿਥਕਾਰਾਂ ਨੇ,
ਅਸਲੀਅਤ ਵਿਚ ਨੇ ਦੋ ਵਿੱਥਾਂ,
ਬਾਕੀ ਸਭ ਕੂੜੀਆਂ ਪਾੜਾਂ ਨੇ ।

ਕੁਝ ਚੇਤਨ ਸ਼ੇਰ-ਜਵਾਨਾਂ ਨੇ,
ਵਿਥਕਾਰਾਂ ਤਾਈਂ ਵੰਗਾਰਿਆ ਜਦ,
ਛਾਈਂ ਮਾਈਂ ਕਰ ਵਿੱਥਾਂ ਨੂੰ,
ਅਸਲੀਅਤ ਤਾਈਂ ਉਘਾੜਿਆ ਜਦ;

ਤਦ ਕਿਰਤੀ ਤੇ ਕਿਰਸਾਨ ਉਠੇ,
ਕਾਲੀ ਤੇ ਬੋਲੀ ਰਾਤ ਮੁਕੀ,
ਗਲ ਗਈ ਮਨੀਜੀ ਲੋਕਾਂ ਦੀ
ਤੇ ਸਾਮਰਾਜ ਦੀ ਬਾਤ ਮੁਕੀ ।

29. ਇਕ ਸਵੇਰ

ਪੂਰਬ ਵਿਚ ਸੂਰਜ-ਰਥ ਦੀਆਂ
ਦੁੱਧ-ਰੰਗੀਆਂ ਧੂੜਾਂ ਧੁੰਮ ਗਈਆਂ,
ਸੂਰਜ-ਕਿਰਨਾਂ ਤ੍ਰੇਲਾਂ-ਭਿਜੀਆਂ
ਘਾਹ-ਪਤੀਆਂ ਦਾ ਮੂੰਹ ਚੁੰਮ ਗਈਆਂ ।

ਕੁਝ ਧੋਬੀ ਢਾਬੇ ਵਿਚ ਖੜੇ
ਠਰੀਆਂ ਕਿਰਨਾਂ ਵਿਚ ਕੰਬ ਰਹੇ,
ਕੁਝ ਧੋਬਣਾਂ ਬੈਠੀਆਂ ਕੰਢਿਆਂ ਤੇ
ਫਟੀਆਂ ਸੁਥਣਾਂ ਨੂੰ ਤਰੁਮ ਰਹੀਆਂ ।

ਭਠਿਆਂ ਚੋਂ ਧੂਆਂ ਨਿਕਲ ਰਿਹਾ
ਕੁਝ ਖੋਤੇ, ਬੰਦੇ ਲੰਘ ਰਹੇ,
ਉਹ ਅੜਦੇ ਇਹ ਅੜਦੇ ਵੀ ਨਾ,
ਇੰਨੀਆਂ ਹੀ ਹੋਸ਼ਾਂ ਗੁੰਮ ਗਈਆਂ ।

ਇਕ ਮੁਸਲਮਾਨ ਦੇ ਖੂਹ ਅੱਗੇ
ਦੋ ਦੇਸੀ ਢੱਗੇ ਜੁੱਪੇ ਨੇ,
ਇਸ ਸਾਮਰਾਜ ਦੀ ਸਾਜ਼ਸ਼ ਤੇ
ਖ਼ਬਰੇ ਕਿਉਂ ਟਾਹਲੀਆਂ ਝੁੰਮ ਰਹੀਆਂ ।

ਖੂਹਾਂ ਵਿਚ ਪਾਣੀ ਢੇਰ ਅਜੇ
ਟਿੰਡਾਂ ਲਾਣੇ ਕਈ ਗੇੜ ਅਜੇ,
ਕੁਝ ਹੋਰ ਵੀ ਹੋਵਣ ਵਾਲਾ ਹੈ
ਐਵੇਂ ਨਹੀਂ ਖਿਤੀਆਂ ਘੁੰਮ ਰਹੀਆਂ ।

ਸ਼ਰਨਾਰਥੀਆਂ ਦੀਆਂ ਝੁਗੀਆਂ ਵਿਚ
ਮੁੜ ਨਵੀਆਂ ਕਲੀਆਂ ਟਹਿਕ ਪਈਆਂ
ਕੀ ਗਲ, ਜੇ ਕਾਤੀਆਂ ਅਜਲ ਦੀਆਂ
ਕੁਝ ਪਕੀਆਂ ਫ਼ਸਲਾਂ ਲੁੰਮ ਗਈਆਂ ।

30. ਮੌਲੀ ਮੁੜ ਕੇ ਧਰਤ ਚੀਨ ਦੀ

ਕਾਲੀਆਂ ਅਤੇ ਕਰੂਰ ਤਾਕਤਾਂ
ਲਾਇਆ ਜ਼ੋਰ ਬਥੇਰਾ,
ਚੀਨ ਦਿਆਂ ਅਸਮਾਨਾਂ ਤੇ ਮੁੜ
ਚਮਕਿਆ ਸੋਨ-ਸਵੇਰਾ ।

ਨਾਲ ਹਫ਼ੀਮਾਂ ਪਿੱਲੀ ਕੀਤੀ,
ਚੀਨ ਦੀ ਧਰਤ ਨਰੋਈ,
ਮੁੜ ਲੋਹਾਰਾਂ ਦੰਮ ਮਾਰ ਕੇ
ਕੀਤੀ ਲਾਖੀ ਲੋਹੀ ।

ਲੋਕਾਂ ਦਾ ਪਿੜ ਬੱਧਾ ਐਸਾ
ਮਾਉ ਜ਼ੇ ਤੁੰਗ ਮਦਾਰੀ,
ਤੀਹ ਹਜ਼ਾਰ ਸੱਪਾਂ ਦੀਆਂ ਸਿਰੀਆਂ
ਚਿਥੀਆਂ ਇੱਕੋ ਵਾਰੀ ।

ਬੁੱਢੇ ਕੋਟ ਚਿਆਂਗ-ਸ਼ਾਹੀ ਦੇ
ਧੜ ਧੜ ਢੱਠਣ ਲੱਗੇ,
ਜੋਕਾਂ ਭਲਾ ਖਲੋਣਾ ਕੀ ਸੀ
ਲੋਕਾਂ ਦੇ ਹੜ ਅੱਗੇ ।

ਭਜ ਉੱਠੇ ਜਨਤਾ ਦੇ ਦੁਸ਼ਮਨ
ਟਾਪੂਆਂ ਵਿਚ ਜਾ ਲੁੱਕੇ ।
ਉਹ ਕੀ ਜਾਣਨ ਤੀਰ ਲੋਕਾਂ ਦੇ
ਹੁਣ ਨਹੀਂ ਬਣਨੇ ਤੁੱਕੇ ।

ਜਿੱਥੇ ਵੂਹਨ ਹੰਗਚੂ ਡਿੱਗੇ,
ਚੁੰਗਕਿੰਗ ਅਤੇ ਸ਼ੰਘਾਈ,
ਉਥੇ ਫ਼ਾਰਮੋਸਾ ਦਾ ਟਾਪੂ
ਕਿਸ ਗਿਣਤੀ ਵਿਚ ਭਾਈ ।

ਸਾਮਰਾਜ ਦਾ ਰਾਵਣ ਚਾਹੇ
ਮੁੜ ਇਕ ਲੰਕ ਬਣਾਣੀ,
ਹਰ ਕਿਰਤੀ ਅੱਜ ਪੁਤ ਪੌਣ ਦਾ
ਇਹ ਗਲ ਉਸ ਨਾ ਜਾਣੀ ।

"ਸ਼ਾਂਤ ਸਾਗਰ ਹੈ ਸਾਡਾ ਸਾਗਰ,"
ਈਜ਼ਕ ਸੀ ਚਿਚਲਾਣਾ ।
ਸਭ ਸਾਗਰ ਲੋਕਾਂ ਦੇ ਸਾਗਰ
ਜੋਕਾਂ ਚਿੱਕੜ ਖਾਣਾ ।

ਵੀਹ ਸਾਲਾ ਅੱਤ ਖ਼ੂਨੀ ਮਾਰੂ
ਯੁੱਧ ਘਰੋਗੀ ਮੁਕਿਆ,
'ਚਾਲ੍ਹੀ-ਸਦੀਏ ਕਿਰਸਾਨਾਂ' ਨੇ
ਭਾਰ ਸਿਰੋਂ ਲਾਹ ਸੁਟਿਆ ।

ਦਸ ਸਾਲ ਲੋਕਾਂ ਨੇ ਕੀਤਾ
ਵਢਣਾ, ਟੁਕਣਾ, ਢਾਹਣਾ,
ਤਾਂ ਜੇ ਯੁੱਗਾਂ ਤਕ ਕਰ ਸੱਕਣ
ਸੋਚਣਾ ਅਤੇ ਬਣਾਣਾ ।

ਮੌਲਿਆ ਮੁੜ ਯੰਗਸੀ ਦਾ ਬੇਲਾ
ਚੀਨੀ ਬਨੀਏ ਜਿੱਥੇ,
ਢਾਈ ਵੀਹਾਂ ਸੂਦ ਮਾਹਵਾਰੀ
ਲੈਂਦੇ ਸਨ ਸੌ ਪਿੱਛੇ ।

ਮੌਲੀ ਮੁੜ ਕੇ ਧਰਤ ਚੀਨ ਦੀ,
ਖਿੰਡੀ ਜਗ ਖੁਸ਼ਬੋਈ,
ਮੌਲੇ ਮੁੜ ਧਰਤੀ ਦੇ ਪੁੱਤਰ,
ਚਮਕੀ ਰੱਤ ਨਰੋਈ ।

31. ਹੁਣ ਦੇ ਅੰਦਰ ਜੀਵਣਾ

ਪਿੱਛੇ ਵਲ ਤਕਣਾ ਹੈ ਕੰਮ ਵਿਦਵਾਨ ਦਾ,
ਅੱਗੇ ਵਲ ਤਕਣਾ ਹੈ ਕੰਮ ਅਵਤਾਰ ਦਾ,
ਦੋਹਾਂ ਕਾਲਾਂ ਤੋਂ ਉਚੇਰਾ ਉੱਠ ਕੇ
ਹੁਣ ਦੇ ਅੰਦਰ ਜੀਵਣਾ ਕੰਮ ਪਿਆਰ ਦਾ ।

ਪਿੱਛੇ ਦੇ ਮੈਲੇ ਤੇ ਕਾਲੇ ਥੈਲਿਓਂ
ਲੱਭਿਆ ਆਖ਼ਰ ਕੀ ਹੈ ਵਿਦਵਾਨ ਨੂੰ,
ਹੁਣ ਦੀ ਸੌੜੀ ਬੁੱਕਲੀ ਵਿਚ ਬੈਠ ਕੇ
ਲੱਭਿਆ ਨਾ ਜੋ ਨਿਹੁੰ ਨਾਦਾਨ ਨੂੰ ।

ਅੱਗੇ ਦੀ ਰੰਗ-ਹੀਣ ਖੱਖੀ ਸੁੰਝ ਵਿਚ
ਰੰਗ ਕਿਹੜੇ ਤਕ ਲਏ ਅਵਤਾਰ ਨੇ,
ਨੇਹੁੰ ਦੇ ਇਕ ਖੰਨੀਓਂ ਨਿੱਕੇ ਪੱਲ ਵਿਚ
ਸਾਜੇ ਨਾ ਜੋ ਪਿਆਰ ਦੇ ਕਰਤਾਰ ਨੇ ?

ਪਿੱਛੇ ਦੇ ਸੈ ਕੌੜੇ ਮਿੱਠੇ ਤਜਰਬੇ,
ਅੱਗੇ ਦੇ ਸੁਫ਼ਨੇ ਵੀ ਲੱਖਾਂ ਪਿਆਰੀਏ,
ਨਾਲੇ ਦੋ ਕਾਲਾਂ ਦੀ ਦੌਲਤ ਸੋਹਣੀਏਂ,
ਹੁਣ ਦੀ ਇਕ ਖੰਨੀ ਦੇ ਉੱਤੋਂ ਵਾਰੀਏ ।

32. ਮੈਨੂੰ ਅਜ ਕਿਸੇ ਨੇ ਦਸਿਆ

ਮੈਨੂੰ ਅਜ ਕਿਸੇ ਨੇ ਦਸਿਆ
ਉਹ ਤੈਨੂੰ ਨਾ ਚਾਹਵੇ,
ਲੰਘੇ ਮੇਰੇ ਸਿਰ ਦੇ ਉੱਤੋਂ
ਸਤ ਸਮੁੰਦਰ ਖਾਰੇ,
ਬੁੱਝੇ ਹੋਏ ਚਰਾਗ਼ਾਂ ਵਾਂਗੂੰ
ਜਾਪੇ ਮੈਨੂੰ ਤਾਰੇ
ਇਉਂ ਲੱਗੇ ਜਿਉਂ ਅੰਦਰ ਮੇਰੇ
ਸਿੱਕਾ ਢਲਦਾ ਜਾਵੇ ।

ਸੁਫ਼ਨ-ਮਹਿਲ ਮੇਰੇ ਨੂੰ ਜਾਣੋ,
ਆਣ ਕਿਸੇ ਨੇ ਢਾਹਿਆ,
ਨੱਚਣ ਲੱਗੇ ਚਾਰ ਚੁਫ਼ੇਰੇ
ਅੰਨ੍ਹੇ ਘੋਰ-ਹਨ੍ਹੇਰੇ,
ਜਾਣੋ ਲੱਖ ਕਾਲੀਆਂ ਬਾਹਾਂ
ਪਕੜ ਜਕੜ ਅੰਗ ਮੇਰੇ,
ਨਿਮਨ-ਚੇਤਨਾ ਦੀ ਖੱਡ ਅੰਦਰ
ਮੈਨੂੰ ਚੁਕ ਵਗਾਇਆ ।

ਨਿਕਲ ਅਚੇਤ ਗੁਫ਼ਾਵਾਂ ਵਿਚੋਂ
ਭਾਵ ਹਜ਼ਾਰਾਂ ਦੱਬੇ,
ਕਾਲੀਆਂ ਜ਼ਹਿਰੀ ਜੀਭਾਂ ਕੱਢੀ,
ਜਿੰਦ ਮੇਰੀ ਵਲ ਧਾਏ,
ਲੱਖ ਕਰੋੜ ਯਾਦਾਂ ਦੇ ਟੋਟੇ
ਹੜ ਵਾਂਗੂੰ ਲਹਿਰਾਏ,
ਸੁੱਟੇ ਜਿਨ੍ਹਾਂ ਸੁਤਨ-ਮਹਿਲ ਚੋਂ
ਤਰੁੰਡ ਸੁਨਹਿਰੀ ਛੱਬੇ ।

ਐਪਰ ਲਹਿਰ ਘ੍ਰਿਣਾ ਦੀ ਉੱਠੀ
ਤਗੜੀ ਜੀਵਨ-ਦਾਤੀ,
ਮਨ-ਡੂੰਘਾਣਾਂ ਵਿਚੋਂ ਜਿਹੜੀ
ਉੱਪਰ ਤਾਰ ਲਿਆਈ,
ਕਾਲੀ, ਕੌੜੀ, ਕੋਝੀ ਨਫ਼ਰਤ
ਦਿਲ ਕੀਤਾ ਸੌਦਾਈ,
ਦੂਣੀ ਚੌਣੀ ਭੜਕ ਉੱਠੀ ਫਿਰ
ਜਿੰਦ ਇਹ ਗਈ ਗਵਾਤੀ ।

ਐਪਰ ਅਜੇ ਨਾ ਪਿੱਛਾ ਛਡਦੇ
ਚੰਚਲ ਪਿਆਰ-ਛਲਾਵੇ,
ਘੋਰ-ਘ੍ਰਿਣਾ ਦੇ ਨ੍ਹੇਰੇ ਪਿੱਛੋਂ
ਫਿਰ ਕੋਈ ਮੁਸਕਾਵੇ,
ਘੋਰ-ਘ੍ਰਿਣਾ ਦੇ ਰੌਲੇ ਪਿੱਛੋਂ
ਫਿਰ ਕੋਈ ਪਿਆ ਬੁਲਾਵੇ,
ਬੇਬਸ ਹੋ ਫਿਰ ਜਿੰਦ ਨਿਮਾਣੀ
ਹਾਰ ਮੰਨਦੀ ਜਾਵੇ ।

33. ਸੋਨ ਸੁਰਾਹੀ



ਦਿਹ ਇਕ ਬੂੰਦ ਸੁਰਾਹੀਓਂ ਸਾਨੂੰ
ਅਸੀਂ ਜੁਗਾਂ ਦੇ ਪਿਆਸੇ,
ਅਕਲ ਫਿਕਰ ਜੋ ਸਾੜ ਵੰਜਾਏ
ਪੈਂਦੀਉ ਸਾਡੇ ਕਾਸੇ ।

ਚਿਰ ਹੋਇਆ ਅਗਲੀ ਦੁਨੀਆਂ ਦਾ
ਖ਼ਿਆਲ ਅਸਾਂ ਸੁਟ ਪਾਇਆ,
ਇਸ ਦੁਨੀਆਂ ਦਾ ਵੀ ਸੁਟ ਪਾਈਏ
ਹੋਏਂ ਜੇ ਸਾਡੇ ਪਾਸੇ ।



ਦਿਹ ਇਕ ਬੂੰਦ ਸੁਰਾਹੀਓਂ ਸਾਨੂੰ
ਚਾਹੜੇ ਐਸੀ ਮਸਤੀ,
ਜੱਗ ਪਏ ਅਸਮਾਨਾਂ ਵਾਂਗੂੰ
ਸੁੰਝੀ ਸਾਡੀ ਹਸਤੀ ।

ਮੰਨਿਆਂ ਅਸੀਂ ਚਿਰਾਂ ਤੋਂ ਲਿਤੜੇ
ਨੀਵੇਂ ਅਤੇ ਨਿਤਾਣੇ,
ਝੱਟ ਤੇ ਅਰਸ਼ਾਂ ਨੂੰ ਹੱਥ ਪਾਈਏ
ਭੁਲ ਕੇ ਅਪਣੀ ਪਸਤੀ ।



ਜੇ ਤੈਨੂੰ ਇਕ ਬੂੰਦ ਨਾ ਜੁੜਦੀ
ਅੱਧੀ ਹੀ ਦੇ ਯਾਰਾ,
ਅੱਧੀ ਦਾ ਵੀ ਦੇਖੀਂ ਕਿਧਰੇ
ਲਾ ਨਾ ਛੱਡੀਂ ਲਾਰਾ ।

ਦੋਏ ਜਹਾਨ ਛਡਣ ਤਕ ਪਹੁੰਚੀ
ਬੇਨਿਆਜ਼ੀ ਸਾਡੀ,
ਐਪਰ ਤੇਰਾ ਲੜ ਛੱਡਣ ਦਾ
ਪਏ ਨਾ ਅਜੇ ਸਹਾਰਾ ।



ਜੋ ਦੇਣਾ ਈ ਏਥੇ ਹੀ ਦੇ ਦੇ
ਸੁੱਟ ਨਾ ਅੱਗੇ ਉੱਤੇ,
ਖਬਰੇ ਫਿਰ ਮਿਲੀਏ ਨਾ ਮਿਲੀਏ,
ਏਸ ਜਹਾਨੋਂ ਘੁੱਥੇ ।

ਅੱਜੋ ਦੇ ਦੇ ਹੁਣੀਏ ਦੇ ਦੇ
ਜੋ ਦੇਣਾ ਈਂ ਸਾਨੂੰ,
ਕਿੱਥੇ ਨਸ਼ਾ ਪਵਾਣਾ ਹੋਇਆ,
ਜਦ ਕਾਸਾ ਹੀ ਤਰੁੱਟੇ ।



ਨਸ਼ਿਆਂ ਦਾ ਮੁਹਤਾਜ ਨਾ ਮਹੀਉਂ
ਨਸ਼ਿਆਂ ਬੱਧੇ ਸਾਰੇ,
ਕੀ ਧਰਤੀ ਦੇ ਅਣੂ ਪ੍ਰਮਾਣੂ
ਕੀ ਗਗਨਾਂ ਦੇ ਤਾਰੇ ।

ਜਿਸ ਦਮ ਏਸ ਸੁਰਾਹੀ ਵਿਚੋਂ
ਨਸ਼ਾ ਵੀਟਿਆ ਸਾਰਾ,
ਝੁਲ ਪੈਣਾ ਪਰਲੋ ਦਾ ਝੱਖੜ
ਛਾ ਜਾਣੇ ਅੰਧਿਆਰੇ ।



ਭਾਵੇਂ ਦੇਹ ਨਾ ਬੂੰਦ ਅਸਾਨੂੰ
ਪਿੱਛੋਂ ਕਹੀਂ ਨਾ ਨੱਚਿਆ,
ਭਾਵੇਂ ਲਾ ਨਾ ਚਿਣਗ ਅਸਾਨੂੰ
ਪਿੱਛੋਂ ਕਹੀਂ ਨਾ ਮੱਚਿਆ ।

ਮੰਨਿਆਂ ਬੁੱਝੇ ਪਰਬਤ ਵਾਂਗੂੰ
ਅਸੀਂ ਖਮੋਸ਼ ਤੇ ਸੁੱਤੇ,
ਅਜੇ ਵੀ ਨੱਚਣ ਤੇ ਮੱਚਣ ਦੀ
ਸਾਡੇ ਅੰਦਰ ਸਤਿਆ ।



ਪੁੱਛ ਨਾ ਧਰਤੀ ਕਿਵੇਂ ਖਲੋਤੀ
ਕਿਵੇਂ ਖਲੋਤੇ ਤਾਰੇ,
ਇਹ ਵੀ ਪੁਛ ਨਾ ਕਿਉਂ, ਕਦ, ਕਿੱਦਾਂ,
ਹੋਏ ਏਡ ਪਸਾਰੇ ।

ਸਾਕੀ ਦੇ ਨਿੱਕੇ ਹਥਾਂ ਚੋਂ
ਮੰਗ ਇਕ ਵੱਡਾ ਪਿਆਲਾ,
ਹੈਰਤ ਵਾਲੇ ਰਸਤੇ ਪੈ ਕੇ
ਤੂੰ ਕੀ ਲੈਣਾ ਪਿਆਰੇ ।



ਭਰ ਕੇ ਸੋਨ-ਸੁਰਾਹੀ ਵਿਚੋਂ
ਦੇ ਸਾਨੂੰ ਇਕ ਪਿਆਲਾ,
ਨਾੜਾਂ ਦੇ ਵਿਚ ਪੱਥਰ ਹੋਇਆ
ਖਾਵੇ ਲਹੂ ਉਛਾਲਾ ।

ਇਸ ਜੀਵਨ ਦੇ ਪੈਂਡੇ ਉੱਤੇ
ਤੱਕੇ ਬਹੁਤ ਬਖੇੜੇ,
ਬਾਕੀ ਰਹਿੰਦਾ ਪੰਧ ਅਸਾਡਾ
ਕੁਝ ਤਾਂ ਬਣੇ ਸੁਖਾਲਾ ।



ਅੱਧਾ ਮਸਤ ਬਣਾਉਣ ਨਾਲੋਂ
ਨਾ ਹੀ ਬਣਾਂਦੋਂ ਯਾਰਾ,
ਦੇਣਾ ਈਂ ਤਾਂ ਦੇਹ ਅਸਾਨੂੰ
ਪੂਰਾ ਕਦੀ ਹੁਲਾਰਾ ।

ਲੈ ਚਲ ਸਾਨੂੰ ਸ਼ਹੁ ਦਰਿਆ ਦੇ
ਐਨ ਵਿਚਾਲੇ ਤੀਕਰ,
ਕਿਹਾ ਸਵਾਦ ਰੁੜ੍ਹਨ ਦਾ ਜੀਵੇਂ
ਜੋ ਦਿਸਦਾ ਰਿਹਾ ਕਿਨਾਰਾ ।

੧੦

ਜੀਵੇ ਤੇਰੀ ਸੋਨ-ਸੁਰਾਹੀ
ਝਬਦੇ ਘੁਟ ਪਿਲਾਈਂ,
ਜੁਗਾਂ ਜੁਗਾਂ ਦੇ ਹਾਰੇ ਹੁੱਟੇ
ਏਸ ਮੁਸਾਫ਼ਰ ਤਾਈਂ ।

ਏਦੂੰ ਉੱਚੇ ਪੜਾਵਾਂ ਉੱਤੇ
ਕੀ ਲੈਣਾ ਏਂ ਜਾ ਕੇ,
ਨਸ਼ੇ-ਪੜਾ ਉੱਤੇ ਹੀ ਜੀਵੇਂ
ਕਰ ਕੇ ਮਸਤ ਬਹਾਈਂ ।

੧੧

ਲੋਕਾਂ ਵਾਂਗ ਨਾ ਸਾਨੂੰ ਦੇਵੀਂ
ਵਿਚ ਪਿਆਲੇ ਪਾ ਕੇ,
ਪੀਵਣ ਦੇਵੀਂ ਅਜ ਅਸਾਨੂੰ
ਬੁਲ੍ਹ ਸੁਰਾਹੀਂ ਲਾ ਕੇ ।

ਕਿਸੇ ਵਡੇਰੇ ਤਲਖ਼ ਨਸ਼ੇ ਨੂੰ
ਤਾਂਘੇ ਬੰਦ ਬੰਦ ਮੇਰਾ,
ਰੂਹ ਸਾਡੀ ਦੀ ਨਿਸ਼ਾ ਨਾ ਹੋਣੀ
ਐਵੇਂ ਚੱਖ ਚਖਾ ਕੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ