Kaag Samein Da Bolia : Tera Singh Chan

ਕਾਗ ਸਮੇਂ ਦਾ ਬੋਲਿਆ : ਤੇਰਾ ਸਿੰਘ ਚੰਨ
ਹੇ ਪਿਆਰੀ ਭਾਰਤ ਮਾਂ

ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਨਿਵਾਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ । ਸਾਨੂੰ ਲੋਰੀਆਂ ਦਿੱਤੀਆਂ ਮਾਂ, ਤੇਰੇ ਗਿੱਧਿਆਂ ਦੀ ਬੋਲੀ ਨੇ। ਸਾਨੂੰ ਹੱਸਣਾ ਦੱਸਿਆ ਮਾਂ, ਤੇਰੇ ਭੰਗੜੇ ਦੀ ਟੋਲੀ ਨੇ । ਅਸੀਂ ਡਿੱਗ ਡਿੱਗ ਹੋਏ ਜਵਾਨ, ਨਾ ਸਮਝੇ ਸਾਨੂੰ ਕੋਈ ਨਾਦਾਨ, ਅਗਾਂਹ ਨੂੰ ਕਦਮ ਵਧਾਂਦੇ ਹਾਂ । ਸਾਨੂੰ ਟੁਰਨਾ ਦੱਸਿਆ ਮਾਂ, ਤੇਰੇ ਵਗਦੇ ਦਰਿਆਵਾਂ ਨੇ। ਸਾਨੂੰ ਨੱਚਣਾ ਦੱਸਿਆ ਮਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ। ਤੇਰੀ ਮਿੱਠੜੀ ਮਸਤ ਹਵਾ, ਸਾਨੂੰ ਅਰਸ਼ੀਂ ਦਏ ਪੁਚਾ ਸੁਰਗ ਨੂੰ ਕੋਲ ਬੁਲਾਂਦੇ ਹਾਂ । ਸਾਨੂੰ ਹਿੰਮਤ ਦਿੱਤੀ ਮਾਂ, ਤੇਰੇ ਇਸ ਉੱਚ ਹਿਮਾਲੇ ਨੇ। ਸਾਨੂੰ ਦਿੱਤਾ ਸੱਚ ਨਿਆਂ, ਗੰਗਾ ਦੇ ਇੱਕ ਉਛਾਲੇ ਨੇ। ਤੇਰੇ ਹਰੇ-ਭਰੇ ਨੇ ਖੇਤ, ਕਿ ਤੇਰੀ ਸੋਨੇ ਵਰਗੀ ਰੇਤ ਮੱਥੇ 'ਤੇ ਧੂੜੀ ਲਾਂਦੇ ਹਾਂ । ਸਾਨੂੰ ਜਿਉਣਾ ਦੱਸਿਆ ਮਾਂ, ਤੇਰੀਆਂ ਮਸਤ ਬਹਾਰਾਂ ਨੇ। ਸਾਨੂੰ ਮਰਨਾ ਦੱਸਿਆ ਮਾਂ, ਭਗਤ ਸਿੰਘ ਜਹੇ ਸਰਦਾਰਾਂ ਨੇ। ਸਾਨੂੰ ਬੁੱਧ ਵਰਗੇ ਭਗਵਾਨ, ਤੇ ਸਾਡੇ ਗਾਂਧੀ ਜਹੇ ਇਨਸਾਨ ਉਹਨਾਂ ਤੋਂ ਸਿੱਖਿਆ ਪਾਂਦੇ ਹਾਂ । ਅਸੀਂ ਸਹੁੰ ਖਾਂਦੇ ਹਾਂ ਮਾਂ, ਭਗਤ ਸਿੰਘ ਦੀ ਕੁਰਬਾਨੀ ਦੀ। ਅਸੀਂ ਸਹੁੰ ਖਾਂਦੇ ਹਾਂ ਮਾਂ, ਤੇਰੀ ਝਾਂਸੀ ਦੀ ਰਾਣੀ ਦੀ। ਵੱਲ ਤੇਰੇ ਜਿਹੜਾ ਤੱਕੇਗਾ, ਉਹ ਸਾਥੋਂ ਬਚ ਨਹੀਂ ਸਕੇਗਾ, ਅਸੀਂ ਇਹ ਕਸਮਾਂ ਖਾਂਦੇ ਹਾਂ ।

ਕਾਗ ਸਮੇਂ ਦਾ ਬੋਲਿਆ

ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਮਾਖਿਓਂ ਵਰਗੀ ਮਸਤੀ ਜਿਸ ਕਣ-ਕਣ ਵਿੱਚ ਘੋਲੀ ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ ਮੋਰ ਤੇ ਤਿੱਤਰ ਇਹਦਿਆਂ ਖੰਭਾਂ 'ਤੇ ਪਾਵੋ ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ ਧਰਤੀ ਉਤੇ ਏਸ ਨੇ ਮਿਹਰਾਂ ਬਰਸਾਈਆਂ ਜਿਵੇਂ ਫੁਲੇਰਾ ਉਲਟ ਦਏ ਫੁੱਲਾਂ ਦੀ ਝੋਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਦੇਸ ਦੇਸ ਵਿਚ ਦਿੱਤਾ ਨੀ ਇਸ ਅਮਨ ਸੁਨੇਹਾ ਮੂੰਹ ਲੋਕਾਂ ਦਾ ਲਿਸ਼ਕਿਆ ਸੁਣ ਸੋਨੇ ਜੇਹਾ ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ ਝਬਦੇ ਲਿਆਵੋ ਧਰਤ 'ਤੇ ਸ਼ਗਨਾਂ ਦੀ ਡੋਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉਤੋਂ ਲਹਿਣੇ ਵਰੀ ਸੂਹੀ ਦੀ ਪੋਟਲੀ ਉਸ ਵਿਹੜੇ ਵਿਚ ਖੋਲ੍ਹੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ ਇਸ ਦੀ ਨਜ਼ਰੋਂ ਰਹੀ ਨਾ ਇਕ ਵਿਥ ਵੀ ਲੁੱਗੀ ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਰੱਖੜੀ

ਵੇ ਵੀਰਾ ਉਜੜੇ ਬਾਗਾਂ ਨੂੰ ਸਾਵਣ ਨੇ ਆਣ ਵਸਾਇਆ ਏ । ਤੇ ਕੋਇਲਾਂ ਜਾਂਦੇ ਰਾਹੀ ਨੂੰ ਇਕ ਮਿਠੜਾ ਰਾਗ ਸੁਣਾਇਆ ਏ । ਬਦਲ ਪਏ ਗੜ ਗੜ ਕਰਦੇ ਨੇ, ਬਿਜਲੀ ਪਈ ਚਮਕ ਵਿਖਾਂਦੀ ਏ । ਪਿਆ ਸਾਵਣ ਛਮ ਛਮ ਵਸਦਾ ਏ ਦੁਨੀਆਂ ਪਈ ਖੁਸ਼ੀ ਮਨਾਂਦੀ ਏ । ਪਰ ਆਪਣੇ ਦੇਸ਼ ਦੀ ਖ਼ਾਤਰ ਤੂੰ , ਪਿਆ ਆਪਣੀ ਜਾਨ ਲੜਾਉਨਾ ਏਂ । ਇੱਕ ਹੋਰ ਹੀ ਸਾਵਣ ਵਿੱਚ ਵੀਰਾ ਤੂੰ ਮੈਨੂੰ ਨਜ਼ਰੀਂ ਆਉਨਾ ਏਂ: ਬੱਦਲਾ ਦੀਆਂ ਛਾਵਾਂ ਸਾਡੇ 'ਤੇ , ਤੇਰੇ 'ਤੇ ਛਾਂ ਤਲਵਾਰਾਂ ਦੀ । ਬਿਜਲੀ ਦੀਆਂ ਲਿਸ਼ਕਾਂ ਏਧਰ ਨੇ ਓਧਰ ਹੈ ਲਿਸ਼ਕ ਕਟਾਰਾਂ ਦੀ। ਕੋਈ ਵਿਛੜਿਆ ਜੋੜਾ ਮਿਲਣ ਤੇ ਗੱਲ ਬਾਤ ਹੈ ਕਰਦਾ ਰਾਜ਼ਾਂ ਦੀ, ਪਰ ਤੇਰੇ ਕੰਨ ਪਏ ਸੁਣਦੇ ਨੇ ਵੀਰਾ ਘੁਮਕਾਰ ਜਹਾਜ਼ਾਂ ਦੀ । ਅੰਬਾਂ ਦੀ ਟਹਿਣੀ ਟਹਿਣੀ 'ਤੇ ਕੋਇਲਾਂ ਦੀਆਂ ਗੂੰਜੀਆਂ ਕੂਕਾਂ ਨੇ। ਪਰ ਤੈਨੂੰ ਅੱਜ ਸੁਣਾਇਆ ਹੈ ਇੱਕ ਮਿੱਠਾ ਰਾਗ ਬੰਦੂਕਾਂ ਨੇ। ਜਦ ਭਾਬੀ ਮੇਰੀ ਤੱਕਦੀ ਏ ਸਾਵਣ ਵਿਚ ਮੌਜਾਂ ਬਣੀਆਂ ਨੂੰ। ਤੇ ਕਿਸੇ ਸੁਭਾਗੀ ਜੋੜੀ ਤੇ ਤਕ ਕਿਣ ਮਿਣ ਪੈਂਦੀਆਂ ਕਣੀਆਂ ਨੂੰ। ਉਠਦੀ ਏ ਹੂਕ ਕਲੇਜੇ 'ਚੋਂ ਉਹਨੂੰ ਤੇਰੀ ਯਾਦ ਸਤਾਂਦੀ ਏ । ਉਹ ਚੋਰੀ ਚੋਰੀ ਲੁਕ ਲੁਕ ਕੇ ਸਾਵਣ ਸੰਗ ਸ਼ਰਤਾਂ ਲਾਂਦੀ ਏ । ਪਰ ਵੀਰਾ ਇਹਨਾਂ ਗੱਲਾਂ ਤੋਂ ਨਾ ਗ਼ਲਤ ਅੰਦਾਜ਼ਾ ਲਾ ਬੈਠੀਂ । ਨਾ ਮੈਨੂੰ ਆਪਣੇ ਦਿਲ ਅੰਦਰ ਇੱਕ ਬੁਜ਼ਦਿਲ ਭੈਣ ਬਣਾ ਬੈਠੀਂ । ਮੈਂ ਤਾਂ ਇਹ ਵੀ ਕਹਿਨੀ ਆਂ ਤੇਰੀ ਜਿੰਦ ਲੇਖੇ ਲੱਗ ਜਾਵੇ । ਤੇਰਾ ਲਹੂ ਪੈ ਕੇ ਜੇ ਵੀਰਾ ਭਾਰਤ ਦਾ ਦੀਵਾ ਜਗ ਜਾਵੇ । ਵੀਰਾ ! ਅੱਜ ਰੱਖੜੀ ਆਈ ਏ ਭੈਣਾਂ ਮਨ ਖੁਸ਼ੀਆਂ ਆਈਆਂ ਨੇ। ਵੀਰਾਂ ਦੇ ਹੱਥੀਂ ਬੰਨ੍ਹਣ ਲਈ ਭੈਣਾਂ ਤੱਕ ਸਭ ਸਧਰਾਈਆਂ ਨੇ । ਕੋਈ ਬੰਨ੍ਹ ਕੇ ਰੱਖੜੀ ਵੀਰੇ ਨੂੰ ਪਈ ਦਸ ਰੁਪਏ ਮੰਗਦੀ ਏ । ਗੱਲ ਕੀ ਕਿ ਇਕ ਵੀ ਭੈਣ ਨਹੀਂ ਜਿਹੜੀ ਕਿ ਮੰਗ ਸੰਗਦੀ ਏ । ਵੇ ਵੀਰਾ ਰੱਖੜੀ ਤੇਰੇ ਲਈ ਮੈਂ ਵੀ ਇਹ ਅੱਜ ਬਣਾਈ ਏ । ਪਰ ਮੇਰੇ ਦਿਲ ਵਿੱਚ ਵੱਖਰੀ ਈ ਇਹ ਸਧਰ ਉਠ ਕੇ ਆਈ ਏ: ਤੂੰ ਵੀ ਅੱਜ ਆਖੇਂ ਆ ਕੇ ਜੇ ਬੰਨ੍ਹ ਰੱਖੜੀ ਮੈਂ ਸਧਰਾਇਆ ਹਾਂ ਮੈਂ ਆਪਣੇ ਦੇਸ਼ ਦੀ ਭੈਣੇ ਨੀ ਆਜ਼ਾਦੀ ਲੈ ਕੇ ਆਇਆ ਹਾਂ। ਇਹ ਟਕ ਟਕ ਕਾਹਦੀ ਹੋਈ ਏ? ਇਹ ਬੂਹਾ ਕਿਸ ਖੜਕਾਇਆ ਏ? ਮੈਂ ਬੂਹਾ ਖੋਹਲ ਜ਼ਰਾ ਤੱਕਾਂ ਕਿਹੜਾ ਏ ਜਿਹੜਾ ਆਇਆ ਏ? ਹੈਂ ! ਇਹ ਕੀ ਮੰਜੀ ਉਤੇ ਵੇ ਹੈਂ ! ਲਾਸ਼ ਹੈ ਮੇਰੇ ਵੀਰੇ ਦੀ ਰਤਾ ਕਰ ਦਿਉ ਨੰਗੀ ਚਾਦਰ ਚੋਂ ਵੀਣੀ ਇਸ ਕੌਮ ਦੇ ਹੀਰੇ ਦੀ। ਮੈਂ ਰੱਖੜੀ ਏਸ ਨੂੰ ਬੰਨ੍ਹਾਂਗੀ ਇਹ ਰੱਖੜੀ ਬੰਨ੍ਹਣ ਆਇਆ ਏ । ਦੇਵਣ ਲਈ ਮੈਨੂੰ ਭਾਰਤ ਦੀ ਆਜ਼ਾਦੀ ਨਾਲ ਲਿਆਇਆ ਏ । ਵਾਹ, ਕਿਹੀ ਸੋਹਣੀ ਲਗਦੀ ਏ ਹੀਰੇ ਦੇ ਵਾਂਗਰ ਦਮਕੇ ਪਈ। ਦਸਣ ਲਈ ਰਾਹ ਗੁਲਾਮਾਂ ਨੂੰ ਇਹ ਚੰਨ ਦੇ ਵਾਂਗਰ ਚਮਕੇ ਪਈ। (1943)

ਉਹ ਮੈਨੂੰ ਤੱਕ ਕੇ ਕਿਉਂ ਹੱਸੀ

ਮੈਂ ਡਿੱਠੀ ਇਕ ਸੋਹਲ ਜਵਾਨੀ ਕੋਠੇ 'ਤੇ ਪਈ ਕੇਸ ਸੁਕਾਂਦੀ ਮੁਠ ਵਿੱਚ ਘੁੱਟ ਕੇ ਵਾਲ ਨਚੋੜੇ ਨਾਲ ਬਦਲੀਆਂ ਸ਼ਰਤਾਂ ਲਾਂਦੀ ਚੜ੍ਹ ਕੇ ਪੀਂਘ-ਜਵਾਨੀ ਉੱਤੇ ਹੁਸਨ ਹੁਲਾਰੇ ਲੈਂਦਾ ਤਕਿਆ ਨੈਂ ਪਿਆਰ ਦੀ ਵਗਦੀ ਡਿੱਠੀ ਜੋਬਨ ਡੁਲ੍ਹ ਡੁੱਲ੍ਹ ਪੈਂਦਾ ਤਕਿਆ ਵੱਟ ਕਮੀਜ਼ ਦੇ ਜਾਪਣ ਏਦਾਂ ਹੁਸਨ ਦਾ ਸਾਗਰ ਠਾਠਾਂ ਮਾਰੇ ਕੁਦਰਤ ਦੀ ਉਹ ਮੂਰਤ ਮੋਹਣੀ ਜਾਂਦੇ ਰਾਹੀਆਂ ਨੂੰ ਖਲ੍ਹਿਆਰੇ ਕਰ ਗੁਸਤਾਖ਼ੀ ਚਿਹਰੇ ਉੱਤੇ ਆਵਣ ਵਾਲ ਜੋ ਨਖ਼ਰਿਆਂ ਵਾਲੇ ਜਾਪਣ ਦੁੱਧ ਦੇ ਸਾਗਰ ਅੰਦਰ ਤਰਦੇ ਨਾਗ ਜ਼ਰੀਲੇ ਕਾਲੇ ਤੱਕ ਕੇ ਮੈਨੂੰ ਇੰਜ ਖਲੋਤਾ ਮੁਸਕਾਈ ਉਹ ਘੁੱਟ ਕੇ ਬੁੱਲ੍ਹੀਆਂ ਝੱਟ ਪਿਛੋਂ ਉਹ ਬੁੱਲ੍ਹੀਆਂ ਖੁਲ੍ਹੀਆਂ ਅਣਬੁਝੀਆਂ ਕੁਝ ਰਮਜ਼ਾਂ ਡੁਲ੍ਹੀਆਂ ਲਾਲ ਲਾਲ ਹੋਠਾਂ ਦੇ ਵਿਚੋਂ ਇੰਜ ਦਿੱਤੇ ਉਹ ਦੰਦ ਵਿਖਾਲੀ: ਜਿਵੇਂ ਗੁਲਾਬ 'ਚ ਪਿਉਂਦ ਲਗਾਈ ਮੋਤੀਏ ਦੀ ਕਿਸੇ ਸੋਹਣੇ ਮਾਲੀ ਮੇਰੇ ਦਿਲ ਵਿਚ ਖਿਆਲ ਇਹ ਆਇਆ ਉਹ ਮੈਨੂੰ ਤੱਕ ਕੇ ਕਿਉਂ ਹਸੀ? ਸੁੱਕੇ ਚਮਨ 'ਤੇ ਬਦਲੀ ਵੱਸੀ ਜਾਂ ਹੈ ਨਾਗਣ ਬਣ ਕੇ ਡੱਸੀ ਪੁੱਛਣ ਲਈ ਹੱਸਣ ਦਾ ਕਾਰਣ ਆਪਣੀ ਨਜ਼ਰ ਮੈਂ ਉਤ੍ਹਾਂ ਉਠਾਈ । ਉਸ ਉਂਗਲਾਂ ਵਿਚ ਉਂਗਲਾਂ ਪਾ ਕੇ ਤੱਕ ਕੇ ਮੈਨੂੰ ਲਈ ਅੰਗੜਾਈ ਅੰਗੜਾਈ ਲਈ ਉੱਚੀਆਂ ਬਾਹਾਂ ਖੁਲ੍ਹੇ ਵਾਲ ਤੇ ਮਸਤ ਜਵਾਨੀ ਜਾਪੇ ਹੁਣੇ ਹੈ ਉੱਡਣ ਲੱਗੀ ਵਲ ਗਗਨ ਦੇ ਇੰਦਰ ਰਾਣੀ ‘ਊਸ਼ਾ’ ਦੀ ਆਵਾਜ਼ ਇੱਕ ਆਈ ‘ਆਈ ਮਾਂ’ ਕਹਿ ਹੇਠਾਂ ਲਹਿ ਗਈ ਮੈਂ ਉਸ ਕੋਲੋਂ ਪੁਛਦਾ ਰਹਿ ਗਿਆ ਉਹ ਬਿਨ ਬੋਲੇ ਸਭ ਕੁਝ ਕਹਿ ਗਈ ਦੂਜੇ ਦਿਨ ਸਵੇਰੇ ਘਰ 'ਚੋਂ ਬਾਹਰ ਨਿਕਲ ਕੇ ਨ੍ਹਾਤਾ ਧੋਤਾ ਧੜਕਣ ਜਿਹੀ ਇਕ ਲੈ ਕੇ ਦਿਲ ਵਿੱਚ ਉਸੇ ਥਾਂ ਮੈਂ ਜਾ ਖਲੋਤਾ ਝੱਟ ਪਿੱਛੋਂ ਉਸ ਘਰ ਦੇ ਵਿਚੋਂ ਦਿਲ ਚੀਰਵੀਂ ਚੀਕ ਇਕ ਆਈ, ਚੀਕ ਪਿੱਛੋਂ ਉਸ ਘਰ ਦੇ ਅੰਦਰ ਪਲੋ ਪਲੀ ਮਚ ਗਈ ਦੁਹਾਈ ਮੈਂ ਪੁਛਿਆ ਇੱਕ ਮਾਈ ਕੋਲੋਂ ਵਰਤ ਗਿਆ ਕੀ ਏਥੇ ਭਾਣਾ ਰੋਂਦੇ ਰੋਂਦੇ ਨੇੜੇ ਹੋ ਕੇ ਸ਼ੁਰੂ ਕੀਤਾ ਉਸ ਇੰਜ ਸੁਣਾਣਾ : “ਪੰਦਰਾਂ ਕੁ ਸਾਲਾ ਦੇ ਲਗ ਪਗ” ਇਨ੍ਹਾਂ ਦੀ ਸੀ ਧੀ ਵਿਚਾਰੀ ਖਾ ਕੇ ਜ਼ਹਿਰ ਇਸ ਦੁਨੀਆਂ ਵਿੱਚੋਂ ਅੱਜ ਹੈ ਉਹ ਪ੍ਰਲੋਕ ਸਿਧਾਰੀ ਪੈਸਿਆਂ ਦੇ ਲਾਲਚ ਦੇ ਪਿੱਛੇ ਇਹਦੇ ਮਾਪਿਆਂ ਜ਼ੁਲਮ ਕਮਾਇਆ ਸੱਤਰ ਕੁ ਵਰ੍ਹਿਆਂ ਦੇ ਬੁੱਢੇ ਨਾਲ ਸੀ ਇਹਨੂੰ ਚੁੱਕ ਮੰਗਾਇਆ ਸੁਣ ਕੇ ਇਹ ਗੱਲ ਕੁੜੀ ਵਿਚਾਰੀ ਮਾਪਿਆਂ ਅੱਗੇ ਜਾ ਕੁਰਲਾਈ ਪਰ ਨਾ ਉਹਨਾਂ ਇੱਕ ਵੀ ਮੰਨੀ ਸੋਹਲ ਕਲੀ ਚੁਕ ਅੱਗ ਵਿੱਚ ਪਾਈ ਅੱਜ ਸ਼ਾਮ ਨੂੰ ਜੰਝ ਸੀ ਆਉਣੀ ਕਲ ਪੈਣਾ ਸੀ ਡੋਲੀ ਅੰਦਰ ਪਰ ਹੁਣ ਸਭ ਦੁਖਾਂ ਤੋਂ ਛੁੱਟ ਕੇ ਬਹਿ ਗਈ ਮੌਤ ਦੀ ਝੋਲੀ ਅੰਦਰ ਕੀ ਨਾਂ ਸੀ ਉਸ ਕੁੜੀ ਦਾ ਮਾਤਾ ਜਿਸਨੇ ਹੈ ਇਹ ਕਾਰ ਕਮਾਈ? “ਊਸ਼ਾ ਸੀ ਨਾਂ ਉਸ ਦਾ ਬਚਿਆ” ਇਹ ਕਹਿਕੇ ਝਟ ਟੁਰ ਗਈ ਮਾਈ ਉਸ ‘ਊਸ਼ਾ' ਦੀ ਯਾਦ ਪਿਆਰੀ ਮੇਰੇ ਦਿਲ ਦੇ ਅੰਦਰ ਵਸ ਗਈ ਕਿਉਂ ਹਸੀ ਸੀ ਮੈਨੂੰ ਤੱਕ ਕੇ ਇਸ ਬਾਰੇ ਮੈਨੂੰ ਕੁਝ ਨਾ ਦੱਸ ਗਈ। (1943)

ਮੈਂ ਇਸ ਨੂੰ ਕੋਈ ਪਾਪ ਨਾ ਜਾਣਾ

(1) ਇੱਕ ਮਜ਼ਦੂਰ ਨੂੰ ਅੱਖ ਦਾ ਤਾਰਾ, ਟਿਮਕ ਟਿਮਕ ਕੇ ਬੁਝਦਾ ਜਾਪੇ ਮਰਦਾ ਦਿਸੇ ਅਖਾਂ ਸਾਹਵੇਂ ਜਿਸ ਦਮ ਉਸਨੂੰ ਪੁੱਤ ਪਿਆਰਾ । ਉਹ ਘਬਰਾ ਕੇ ਭੱਜਿਆ ਜਾਵੇ, ਕਿਸੇ ਸਿਆਣੇ ਵੈਦ ਦੇ ਬੂਹੇ, ਕੋਲ ਨਾ ਹੋਵੇ ਇੱਕ ਵੀ ਧੇਲਾ ਫ਼ੀਸ ਦੇ ਕਾਰਨ ਧੱਕੇ ਖਾਵੇ । ਜਦ ਦਿਸੇ ਨਾ ਕੋਈ ਟਿਕਾਣਾ ਚੋਰੀ ਕਰਕੇ ਫੀਸ ਉਹ ਤਾਰੇ ਬਚ ਜਾਵੇ ਉਹ ਬਾਲ ਇਆਣਾ ਮੈਂ ਇਸਨੂੰ ਕੋਈ ਪਾਪ ਨਾ ਜਾਣਾ (2) ਜੇ ਕੋਈ ਮੁਟਿਆਰ ਵਿਚਾਰੀ ਜਕੜੀ ਹੋਵੇ ਵਿਧਵਾ ਬਣਕੇ, ਸ਼ਰਮ ਹਯਾ ਦੇ ਸੰਗਲਾਂ ਅੰਦਰ ਮਾਰ ਸਕੇ ਨਾ ਕਿਤੇ ਉਡਾਰੀ। ਆਵਣ ਜਦ ਸਾਵਣ ਦੇ ਦਿਹਾੜੇ ਕੋਈ ਸੁਹਾਗਣ ਪ੍ਰੀਤਮ ਦੇ ਗਲ ਬਾਹਾਂ ਪਾ ਕੇ ਮੌਜਾਂ ਮਾਣੇ ਤੱਕ ਤੱਕ ਵਿਧਵਾ ਛਾਤੀ ਸਾੜੇ । ਤੋੜ ਕੇ ਸ਼ਰਮ ਹਯਾ ਦਾ ਤਾਣਾ ਚੁਣ ਕੇ ਦੂਜਾ ਸਾਥੀ ਆਪਣਾ, ਜੀਵਣ ਜੇ ਉਹ ਚਾਹੇ ਬਿਤਾਣਾ ਮੈਂ ਇਸਨੂੰ ਕੋਈ ਪਾਪ ਨਾ ਜਾਣਾ । (3) ਕੋਈ ਸ਼ਿਕਾਰੀ ਵਿੱਚ ਬਹਾਰਾਂ ਗਾਣ ਨਾ ਦੇਵੇ ਗੀਤ ਕਿਸੇ ਨੂੰ ਪਿੰਜਰੇ ਅੰਦਰ ਡੱਕੀ ਜਾਵੇ ਬਾਗ ਦੀਆਂ ਮਾਸੂਮ ਗੁਟਾਰਾਂ। ਸੁਖ ਦੀ ਨੀਂਦੇ ਸੌਣ ਨਾ ਦੇਵੇ, ਬੋਲਣ ਤੇ ਜੀਭਾਂ ਨੂੰ ਜੰਦਰੇ ਉੱਡਣ ਤੇ ਖੰਭਾਂ ਨੂੰ ਸਾਡੇ, ਰੋਵਣ ਤੇ ਕੁਰਲੌਣ ਨਾ ਦੇਵੇ । ਤੱਕ ਕੇ ਉਹਦਾ ਜ਼ੁਲਮ ਕਮਾਣਾ ਮਾਰ ਦਏ ਜੇ ਉਸਨੂੰ ਕੋਈ ਉਸ ਤੋਂ ਡਾਢਾ ਇੱਕ ਜਰਵਾਣਾ ਮੈਂ ਇਸਨੂੰ ਕੋਈ ਪਾਪ ਨਾ ਜਾਣਾ (4) ਜੇਕਰ ਇੱਕ ਡਾਕੂ ਦੇ ਅੱਗੇ, ਆਪਣੀ ਜਾਨ ਬਚਾਵਣ ਦੇ ਲਈ ਕੋਈ ਮੁਸਾਫਰ ਭਜਿਆ ਆਵੇ, ਉਹਦੇ ਤਨ ਚੋਂ ਮੁੜ੍ਹਕਾ ਵਗੇ। ਰਾਹ ਅੰਦਰ ਇੱਕ ਸੰਤ ਦੇ ਡੇਰੇ ਲੁਕ ਜਾਵੇ ਉਹ ਅੰਦਰ ਵੜ ਕੇ ਡਾਕੂ ਆ ਕੇ ਸੰਤ ਨੂੰ ਪੁਛੇ: ਆਇਆ ਏ ਕੋਈ ਅੰਦਰ ਤੇਰੇ?" ਜਿੰਦ ਉਹਦੀ ਉਹ ਚਾਹੇ ਬਚਾਣਾ ਨਹੀਂ ਕਹਿ ਦੇਵੇ ਝੂਠ ਬੋਲ ਕੇ, ਡਾਕੂ ਨੂੰ ਜੇ ਸੰਤ ਸਿਆਣਾ ਮੈਂ ਇਸਨੂੰ ਕੋਈ ਪਾਪ ਨਾ ਜਾਣਾ । (5) ਪਿਆਰ ਦਾ ਭੁੱਖਾ ਬ੍ਰਹਿਮਣ ਕੋਈ, ਇਕ ਚਮਿਆਰਨ ਨੂੰ ਦਿਲ ਦੇ ਕੇ, ਪਾ ਬੈਠੇ ਉਹ ਇਸ਼ਕ ਦੇ ਪੇਚੇ ਊਚ ਨੀਚ ਦੀ ਲਾਹ ਕੇ ਲੋਈ, ਜਗ ਵਾਲੇ ਉਹਨੂੰ ਜੀਣ ਨਾ ਦੇਵਣ ਆਖਣ, “ਧਰਮ ਦੇ ਮੱਥੇ ਉੱਤੇ ਲਾਇਆ ਏਸ ਕਲੰਕ ਦਾ ਟਿੱਕਾ” ਹੁੱਕਾ ਪਾਣੀ ਪੀਣ ਨਾ ਦੇਵਣ, ਤੋੜ ਕੇ ਆਪਣਾ ਮਜ਼੍ਹਬ ਪੁਰਾਣਾ ਬਣ ਕੇ ਜੇ ਉਹ ਸੱਚਾ ਪ੍ਰੇਮੀ ਛੋੜ ਦਏ ਬ੍ਰਹਿਮਣ ਅਖਵਾਣਾ ਮੈਂ ਇਸਨੂੰ ਕੋਈ ਪਾਪ ਨਾ ਜਾਣਾ। (1943)

ਮਜ਼ਦੂਰ ਹੁਸਨ

ਢਲਦੀ ਜਵਾਨੀ ਵਾਂਗ ਹੀ, ਦਿਨ ਦੀ ਜਵਾਨੀ ਢਲ ਪਈ ਝਟ ਪਟ ਹੀ ਲਹਿੰਦੇ ਵੱਲ ਨੂੰ, ਸੂਰਜ ਦੀ ਝਾਣੀ ਬਲ ਪਈ ਝਾਣੀ ਜਦੋਂ ਠੰਡੀ ਹੋਈ, ਅਗ ਦੀ ਉਹ ਲਾਲੀ ਲਹਿ ਗਈ ਕੋਲੇ ਦੀ ਕਾਲਖ ਵਾਂਗਰਾਂ ਹਰ ਥਾਂ ਤੇ ਕਾਲਖ ਬਹਿ ਗਈ ਉਸ ਮੌਤ ਉੱਤੇ ਦੇਵਤੇ, ਹੰਝੂ ਵਸਾਵਣ ਲਗ ਪਏ ਉਹ ਟਿਮ ਟਿਮਾ ਕੇ ਗਗਨ ਵਿੱਚ ਤਾਰੇ ਸਦਾਵਣ ਲਗ ਪਏ ਕੁਝ ਇਸ ਤਰਾਂ ਦੀ ਰਾਤ ਸੀ ਦਿਲ ਸੀ ਮੇਰਾ ਸੜਿਆ ਹੋਇਆ ਮੈਂ ਟੁਰ ਪਿਆ ਇਕ ਸੜਕ ਤੇ, ਤਕਦੀਰ ਸੰਗ ਲੜਿਆ ਹੋਇਆ ਬਿਜਲੀ ਦੇ ਖੰਬੇ ਹੇਠ ਇੱਕ ਮਜ਼ਦੂਰ ਬੈਠਾ ਵੇਖਿਆ ਪਾਟੀਆਂ ਲੀਰਾਂ ਦੇ ਵਿੱਚ ਕੋਹਨੂਰ ਬੈਠਾ ਵੇਖਿਆ ਪਲਕਾਂ ਤੇ ਸਨ ਅੱਥਰੂ, ਚਾਨਣ 'ਚ ਇੰਜ ਪਏ ਡਲ੍ਹਕਦੇ ਸੀਨੇ ਤੇ ਲਗੀ ਸੱਟ ਕੁਝ ਕੁਝ ਦਰਦ ਦਿਲ 'ਚੋਂ ਉੱਠਿਆ ਮੈਂ ਕੋਲ ਜਾ ਕੇ ਬਹਿ ਗਿਆ ਤੇ ਹਾਲ ਏਦਾਂ ਪੁਛਿਆ: "ਵੀਰਾ ਜਵਾਨਾ ਦਸ ਖਾਂ” ਅੱਖਾਂ 'ਚ ਪਾਣੀ ਕਿਸ ਲਈ? ਰੋ ਰੋ ਸੁਣਾਨਾਂ ਪਿਆ ਏਂ, ਆਪਣੀ ਕਹਾਣੀ ਕਿਸ ਲਈ? ਤੈਨੂੰ ਤਾਂ ਕਿਧਰੇ ਇਸ਼ਕ ਦਾ ਨਹੀਂ ਨਾਗ ਜ਼ਹਿਰੀ ਡੱਸ ਗਿਆ? ਜ਼ੁਲਫ਼ਾਂ ਦੇ ਸੰਘਣੇ ਜਾਲ ਵਿੱਚ ਦਿਲ ਤਾਂ ਨਹੀਂ ਤੇਰਾ ਫਸ ਗਿਆ?" ਪੂੰਝੀਆਂ ਅੱਖਾਂ ਤੇ ਅਗੋਂ ਇਸ ਤਰ੍ਹਾਂ ਉਹ ਬੋਲਿਆ:- “ਮੇਰੀ ਕਹਾਣੀ ਪੁੱਛ ਕੇ ਲੈਣਾ ਏਂ ਕੀ ਤੂੰ ਭੋਲਿਆ ਨਾ ਛੇੜ ਚੁੱਪ ਹੀ ਰਹਿਣ ਦੇ, ਦਿਲ ਚੀਰਵੇਂ ਇਸ ਸਾਜ਼ ਨੂੰ ਦਿਲ ਵਿੱਚ ਹੀ ਦਬਿਆ ਰਹਿਣ ਦੇ, ਦੁਖਾਂ ਭਰੇ ਇਸ ਰਾਜ਼ ਨੂੰ ਇਸ ਅੱਗ ਨੂੰ ਨਾ ਦੇ ਹਵਾ, ਵੇਖੀਂ ਨਾ ਕਿਧਰੇ ਮਘ ਪਵੇ ਉਸਰੇ ਜ਼ੁਲਮ ਦੇ ਮਹਿਲ ਨੂੰ ਨਾ ਅੱਗ ਕਿਧਰੇ ਲਗ ਪਵੇ ਉਹ ਵੇਖ ! ਮੇਰੇ ਸਾਹਮਣੇ ਕੋਠੀ ਖੜੀ ਊ ਲਾਲ ਜਿਹੀ ਲਾਲੀ ਇਹ ਮੇਰੇ ਦਿਲ 'ਚ ਹੈ ਅਗ ਵਾਗੂੰ ਬਲ ਰਹੀ ਦੋ ਤਿੰਨ ਮਹੀਨੇ ਹੋਏ ਨੇ ਜਦ ਇਹ ਬਣਾਈ ਗਈ ਸੀ। ਚੂਨੇ ਦੇ ਵਿੱਚ ਪਾਣੀ ਦੀ ਥਾਂ ਜਦ ਰੱਤ ਰਲਾਈ ਗਈ ਸੀ ਮੈਂ ਤੇ ਮੇਰੀ ਨਾਰ ਇਸ ਥਾਂ ਟੋਕਰੀ ਢੋਂਦੇ ਰਹੇ ਦੁੱਖਾਂ ਤੇ ਹਸਦੇ ਰਹੇ ਸਦਾ, ਸੁੱਖਾਂ ਲਈ ਰੋਂਦੇ ਰਹੇ ਜਦ ਹੁਸਨ ਨੂੰ ਮੈਂ ਇਸ ਤਰ੍ਹਾਂ ਮਜ਼ਦੂਰ ਹੋਇਆ ਵੇਖਿਆ ਜ਼ਾਲਮ ਅਮੀਰੀ ਸਾਹਮਣੇ, ਮਜਬੂਰ ਹੋਇਆ ਵੇਖਿਆ ਮੈਂ ਰੱਬ ਨੂੰ ਏਦਾਂ ਆਖਿਆ-“ਇਹਨੂੰ ਬਣਾਵਣ ਵਾਲਿਆ ਇਸ ਸੋਹਲ ਜਿਹੀ ਮੁਟਿਆਰ ਤੋਂ ਇੱਟਾਂ ਢੁਵਾਵਣ ਵਾਲਿਆ ਕੁਝ ਸ਼ਰਮ ਕਰ ਵੇ ਆਦਲਾ, ਦਸ ਅੱਗ ਤੇ ਫੁੱਲ ਦਾ ਮੇਲ ਕੀ ਸ਼ੀਸ਼ੇ ਤੇ ਵੱਟੇ ਨਾਲ ਤੂੰ ਪਿਆ ਖੇਡਨਾ ਏਂ ਖੇਲ੍ਹ ਕੀ? ਭੁੱਖ ਤੇ ਗਰੀਬੀ ਜਿਸ ਵਕਤ ਅੱਖਾਂ ਦੇ ਸਾਹਵੇਂ ਬਹਿ ਗਈ ਸਭ ਜੋਸ਼ ਠੰਡਾ ਹੋ ਗਿਆ, ਸਾਰੀ ਖੁਮਾਰੀ ਲਹਿ ਗਈ ਕੋਠੀ ਦਾ ਮਾਲਕ ਉਸਦੀ, ਚੜ੍ਹਦੀ ਜਵਾਨੀ ਵੇਖ ਕੇ ਦੌਲਤ ਦੀ ਕਾਲਖ ਮੱਚ ਪਈ, ਸੂਰਤ ਨੂਰਾਨੀ ਵੇਖ ਕੇ ਇੱਕ ਦਿਨ ਕੀ ਭਾਣਾ ਵਰਤਿਆ, ਤਾਪ ਮੈਨੂੰ ਚੜ੍ਹ ਗਿਆ ਟੋਕਰੀ ਸਿਰ ਚੁਕ ਇੱਕਲਾ ਹੁਸਨ ਘਰ 'ਚੋਂ ਨਿਕਲਿਆ ਉਹਨੂੰ ਇੱਕਲਾ ਵੇਖ ਕੇ ਮਾਲਕ ਉਹ ਅੰਨ੍ਹਾ ਬਣ ਗਿਆ ਅੰਨ੍ਹੇ ਨੂੰ ਆਉਂਦਾ ਵੇਖ ਕੇ ਸ਼ੀਹਣੀ ਦਾ ਸੀਨਾ ਤਣ ਗਿਆ ਉਸ ਸ਼ੇਰਨੀ ਨੇ ਆਪਣੀ ਇਸਮਤ ਬਚਾਵਣ ਵਾਸਤੇ ਉਸ ਭੇੜੀਏ ਤੋਂ ਆਪਣੀ ਇੱਜ਼ਤ ਬਚਾਵਣ ਵਾਸਤੇ ਤੇਸਾ ਜ਼ਮੀਨੋਂ ਚੁਕ ਕੇ, ਸਿਰ ਵਿੱਚ ਉਠਾ ਕੇ ਮਾਰਿਆ ਉਸ ਖ਼ੂਨ ਦੇ ਕੇ ਆਪਣਾ ਮਾਲਕ ਦਾ ਸੀਨਾ ਠਾਰਿਆ ਮੈਨੂੰ ਵਿਖਾਏ ਬਿਨਾਂ ਹੀ ਉਹਨੂੰ ਜਲਾਇਆ ਗਿਆ ਸੀ “ਪੌੜੀ ਤੋਂ ਢਹਿ ਕੇ ਮਰ ਗਈ,” ਮੈਨੂੰ ਸੁਣਾਇਆ ਗਿਆ ਸੀ ਤੂੰ ਹੀ ਭਲਾ ਦੱਸ ਮੈਂ ਏਸ ਥਾਂ ਬੈਠ ਕੇ ਰੋਵਾਂ ਕਿ ਨਾ ਹੁਣ ਹੰਝੂਆਂ ਦੇ ਨਾਲ ਮੈਂ ਲਾਲੀ ਇਹਦੀ ਧੋਵਾਂ ਕਿ ਨਾ” ਉਸਦੀ ਕਹਾਣੀ ਸੁਣ ਕੇ, ਵਹਿਣਾ ਦੇ ਅੰਦਰ ਵਹਿ ਗਿਆ ਮੈਂ ਓਸ ਥਾਂ ਬੈਠਾ ਰਿਹਾ, ਤੇ ਕਹਿਣ ਵਾਲਾ ਕਹਿ ਗਿਆ। (1944)

ਮੇਰਾ ਫ਼ਰਮਾਨ

ਸਿਆਹੀ ਦੀ ਜਗ੍ਹਾ ਹੁਣ ਕਲਮ ਮੇਰੀ, ਜ਼ਹਿਰ ਉਗਲੇਗੀ। ਮੇਰੀ ਦਿਲ ਨਹਿਰ ਦੀ ਹਰ ਲਹਿਰ, ਮੂੰਹ 'ਚੋਂ ਕਹਿਰ ਉਗਲੇਗੀ। ਮੈਂ ਲਿਖਾਂਗਾ ਗ਼ਰੀਬਾਂ ਲਈ, ਮਰਨ ਤੇ ਜੀਣ ਦੇ ਕਿੱਸੇ । ਬਦੇਸ਼ੀ ਹਾਕਮਾਂ ਦਾ ਖ਼ੂਨ ਸੱਜਰਾ ਪੀਣ ਦੇ ਕਿੱਸੇ । ਮੈਂ ਲਿਖਣੇ ਬੰਦ ਕੀਤੇ ਕੁਝ ਸਮੇਂ ਲਈ ਪਿਆਰ ਦੇ ਕਿੱਸੇ । ਸੁਰਾਹੀ ਦਾਰ ਗਰਦਨ ਦੇ ਅਤੇ ਰੁਖ਼ਸਾਰ ਦੇ ਕਿੱਸੇ । ਕਿਸੇ ਦੀ ਅੱਖ ਮਸਤਾਨੀ ਦੇ ਕਾਲੀ ਧਾਰ ਦੇ ਕਿੱਸੇ । ਮੈਂ ਲਿਖਾਂਗਾ ਗ਼ੁਲਾਮਾਂ ਲਈ, ਸਿਰਫ਼ ਤਲਵਾਰ ਦੇ ਕਿੱਸੇ । ਮੇਰੇ ਨੈਣਾਂ ਦੇ ਵਿੱਚ ਨਕਸ਼ੇ ਨਹੀਂ ਬਿਲਕੁਲ ਮਸ਼ੂਕਾਂ ਦੇ। ਕਿਸੇ ਦੇ ਹਿਜਰ ਅੰਦਰ ਉੱਠੀਆਂ ਦਿਲਚੀਰ ਹੂਕਾਂ ਦੇ। ਥਲਾਂ ਵਿੱਚ ਮਰ ਰਹੀ ਸਸੀ ਦੀਆਂ ਬੇ-ਆਸ ਕੂਕਾਂ ਦੇ । ਪਤਾ ਨਹੀਂ ਕਿਉਂ ਨਜ਼ਰ ਆਉਂਦੇ ਨੇ ਮੂੰਹ ਛਵੀਆਂ ਬੰਦੂਕਾਂ ਦੇ । ਸਿਖਾਣੀ ਖੇਡ ਹੈ ਬਚਿਆਂ ਨੂੰ ਮੈਂ, ਸਤੀਰਾਂ ਤੇ ਨੱਚਣ ਦੀ। ਗ਼ੁਲਾਮੀ ਦੀ ਥਿੜਕਦੀ ਛੱਤ ਦੇ ਤੀਰਾਂ ਤੇ ਨਚਣ ਦੀ। ਜਗਾ ਕੇ ਮੁਰਦਿਆਂ ਨੂੰ ਚਿਖਾ ਵਿੱਚੋਂ ਮੈਂ ਲੜਾਵਾਂਗਾ । ਮੈਂ ਗਾਣੇ ਜ਼ਿੰਦਗੀ ਦੇ ਮੌਤ ਦੇ ਮੂੰਹ 'ਚੋਂ ਸੁਣਾਵਾਂਗਾ। ਮੈਂ ਬਿਜਲੀ ਬਣ ਕੇ ਕੜਕਾਂਗਾ, ਮਹੱਲਾਂ ਦੀ ਉਚਾਈ ਤੇ । ਮੈਂ ਅੱਗ ਦੇ ਵਾਂਗ ਵੱਸਾਂਗਾ, ਅਮੀਰੀ ਦੀ ਖ਼ੁਦਾਈ ਤੇ । ਮੈਂ ਹੱਸਾਂਗਾ ਜਬਰ ਦੀ ਤੜਫਦੀ ਹੋਈ ਲਾਸ਼ ਦੇ ਉਤੇ । ਜ਼ੁਲਮ ਨੂੰ ਚੁਕ ਵਗ੍ਹਾਵਾਂਗਾ ਕਿਸੇ ਆਕਾਸ਼ ਦੇ ਉੱਤੇ। ਮੈਂ ਖਿਲਰੇ ਸਾਮਰਾਜੀ ਜਾਲ ਸਾਰੇ ਪਾੜ ਸੁਟਣੇ ਨੇ । ਮੈਂ ਕਰ ਕੇ ਤਖਤੇ ਤਖਤਾਂ ਦੇ, ਸਦਾ ਲਈ ਸਾੜ ਸੁਟਣੇ ਨੇ। ਮੈਂ ਹੰਝੂ ਮੱਚ ਰਹੇ ਅੰਗਾਰਿਆਂ ਵਿੱਚ ਢਾਲ ਦੇਵਾਂਗਾ । ਕਿਸੇ ਮੁਟਿਆਰ ਦੀ ਉਠਦੀ ਜਵਾਨੀ ਵਿਕਣ ਨਹੀਂ ਦੇਣੀ । ਬੰਗਾਲਣ ਮਾਂ ਦੀ ਪੁੱਤਰ-ਨਿਸ਼ਾਨੀ ਵਿਕਣ ਨਹੀਂ ਦੇਣੀ । ਮਿਟਾਣਾ ਹੈ ਮੈਂ ਭਾਰਤ 'ਚੋਂ ਹਨੇਰੇ ਦੇ ਵਪਾਰੀ ਨੂੰ। ਖ਼ਰੀਦੇਗਾ ਨਾ ਦਾਣਾ ਚੌਲ ਦਾ, ਇਸਮਤ ਕੰਵਾਰੀ ਨੂੰ । ਜਿਨ੍ਹਾਂ ਨੂੰ ਖ਼ੂਨ ਦੇ ਦਰਿਆ ਵਿੱਚ ਤਰਨਾ ਨਹੀਂ ਆਉਂਦਾ। ਉਹਨਾਂ ਨੂੰ ਦੇਸ਼ ਤੇ ਲੋਕਾਂ ਲਈ ਮਰਨਾ ਨਹੀਂ ਆਉਂਦਾ।

ਮੇਰੀ ਜਨਤਾ

ਮੇਰੀ ਜਨਤਾ ਮੈਂ ਆਇਆ ਹਾਂ ਵੰਗਾਰਨ ਵਾਸਤੇ ਤੈਨੂੰ ਅਤੇ ਇੱਕ ਗ਼ਲਤ ਫ਼ਹਿਮੀ 'ਚੋਂ ਉਭਾਰਨ ਵਾਸਤੇ ਤੈਨੂੰ ਜੇ ਪੜਦਾ ਤੇਰੀਆਂ ਨਜ਼ਰਾਂ 'ਤੇ ਹੈ ਮੈਂ ਚਾਕ ਕਰਨਾ ਹੈ ਬਗ਼ਾਵਤ ਦਾ ਲਹੂ ਮੁੜ ਤੇਰੀਆਂ ਨਾੜਾਂ 'ਚ ਭਰਨਾ ਹੈ ਉਹ ਜਿਹੜਾ ਬਾਗ਼ਬਾਂ ਕਲ ਤੀਕ ਤੇਰੇ ਦਰ ਤੇ ਭੌਂਦਾ ਸੀ ਤੇਰੀ ਤਾਕਤ ਤੇ ਜੋ ਸੱਯਾਦ ਨੂੰ ਅੱਖਾਂ ਵਿਖੌਂਦਾ ਸੀ । ਜਿਦ੍ਹੇ ਆਖੇ ਵਤਨ ਦੇ ਬਾਗ਼ ਲਈ ਤੂੰ ਰੱਤ ਦਿੱਤੀ ਸੀ ਭਗਤ ਸਿੰਘ ਸ਼ੇਰ ਦਿੱਤਾ ਸੀ ਤੇ ਲਾਜ ਪੱਤ ਦਿਤੀ ਸੀ। ਅੱਜ ਉਸ ਨੇ ਝੂਠੀ ਮੂਠੀ ਬਾਗ਼ 'ਚੋਂ ਸੱਯਾਦ ਨੂੰ ਕੱਢ ਕੇ ਉਸ ਕਾਤਲ ਬੁਲਬੁਲਾਂ ਦੇ ਭੇੜੀਏ ਜੱਲਾਦ ਨੂੰ ਕਢਕੇ ਬਦਲ ਕੇ ਰੂਪ ਆਪਣਾ ਆਪ ਹੋ ਸਯਾਦ ਬਣ ਬੈਠਾ ਤੇਰੇ ਤੇ ਆਪਣੇ ਵਿਚਕਾਰ ਇਕ ਪੜਦਾ ਹੈ ਤਣ ਬੈਠਾ ਤੇਰੇ ਪਿੰਜਰੇ ਦੀਆਂ ਸੀਖਾਂ ਉਸ ਉਲਟਾ ਹੋਰ ਕਸੀਆਂ ਨੇ ਜ਼੍ਹਿਦੇ ਆਲੇ ਦੁਆਲੇ ਰੰਗ ਬਰੰਗੀਆਂ ਢੇਰ ਰਸੀਆਂ ਨੇ ਫ਼ਰਕ ਬਿਲਕੁਲ ਨਹੀਂ ਜਨਤਾ ਉਹ ਚਿੱਟਾ ਹੈ ਇਹ ਕਾਲਾ ਹੈ ਸਿਰਫ਼ ਆਪਣੇ ਬਿਗਾਨੇ ਦਾ ਵਿਚਾਲੇ ਇਕ ਵਿਖਾਲਾ ਹੈ ਦੋਹਾਂ ਦਾ ਕੰਮ ਹੈ ਤੈਨੂੰ ਹਮੇਸ਼ਾ ਲਈ ਦਬਾ ਦੇਣਾ ਤੇਰੇ ਅਰਮਾਨ ਸਾਰੇ ਸਾੜ ਕੇ ਕੋਲੇ ਬਣਾ ਦੇਣਾ ਬੜਾ ਕੋਝਾ ਹੈ ਰੂਪ ਰਾਣੀ ਦੇਸ਼ ਭਗਤੀ ਦਾ ਗਦਾਰੀ ਦੀ ਅੰਗੂਠੀ 'ਤੇ, ਹੈ ਪਾਣੀ ਦੇਸ਼ ਭਗਤੀ ਦਾ ਮੇਰੀ ਜਨਤਾ ! ਮੈਂ ਇਹ ਪਾਣੀ ਇਹਦੇ 'ਤੇ ਰਹਿਣ ਨਹੀਂ ਦੇਣਾ ਕਿਸੇ ਵੀ ਗਲਤ ਫਹਿਮੀ ਵਿੱਚ ਮੈਂ ਤੈਨੂੰ ਰਹਿਣ ਨਹੀਂ ਦੇਣਾ ਮੇਰੀ ਜਨਤਾ ਤੂੰ ਅੱਜ ਜੇਕਰ ਜ਼ਰਾ ਹੁਸ਼ਿਆਰ ਹੋ ਜਾਵੇਂ ਜੇ ਤੂੰ ਤੂਫਾਨ ਬਣ ਕੇ ਵਧਣ ਲਈ ਤੱਯਾਰ ਹੋ ਜਾਵੇਂ ਜੇ ਮਹਿੰਦੀ ਦੀ ਜਗ੍ਹਾ ਤੇ ਖ਼ੂਨ ਮਲ ਕੇ ਰਾਸ ਰਚੇਂਗੀ ਜੇ ਫੁੱਲਾਂ ਦੀ ਜਗ੍ਹਾ ਅੰਗਿਆਰਾਂ ਉਪਰ ਨਾਚ ਨੱਚੇਂਗੀ ਜੇ ਢਿੱਡਾਂ ਮੋਟੀਆਂ 'ਤੇ ਤੇਰਾ ਭਾਰੀ ਪੈਰ ਹੋਵੇਗਾ ਲੁਟੇਰੇ ਹਾਕਮਾਂ ਦੇ ਨਾਲ ਤੇਰਾ ਵੈਰ ਹੋਵੇਗਾ ਤਾਂ ਪਿਆਰੇ ਦੇਸ਼ ਦੀ ਹਰ ਸ਼ੈ ਤੇ ਤੇਰਾ ਰਾਜ ਹੋਵੇਗਾ ਖੁਸ਼ਹਾਲੀ ਦਾ ਤੇਰੇ ਸਿਰ ਤੇ ਸੁਨਹਿਰੀ ਤਾਜ ਹੋਵੇਗਾ ਕੰਗਾਲੀ ਤੇਰਿਆਂ ਪੈਰਾਂ ਦੇ ਹੇਠਾਂ ਜਾਨ ਤੋੜੇਗੀ ਹਕੂਮਤ ਦੀ ਹਵਸ ਭੈੜੀ ਕੋਈ ਥਾਂ ਹੋਰ ਲੋੜੇਗੀ ਮੇਰੀ ਜਨਤਾ ! ਮੈਂ ਆਇਆ ਹਾਂ ਵੰਗਾਰਨ ਵਾਸਤੇ ਤੈਨੂੰ ਅਤੇ ਇਸ ਗ਼ਲਤ ਫ਼ਹਿਮੀ 'ਚੋਂ ਉਭਾਰਨ ਵਾਸਤੇ ਤੈਨੂੰ (1948)

ਕੌਣ ਰੋਕੇਗਾ ਮੇਰੇ ਕਦਮਾਂ ਨੂੰ

ਆਖਰ ਅੱਜ ਤੰਗ ਆ ਕੇ ਤੰਗੀਆਂ ਤੋਂ ਵਲਗਣਾਂ ਤੋੜ ਕੇ ਝਾੜ ਕੇ ਕੰਨੀਆਂ ਮੈਂ ਨਿਕਲ ਆਇਆ ਹਾਂ ਆਪਣੀ ਕੁੱਲੀ 'ਚੋਂ । ਭੁਖੇ ਬੱਚਿਆਂ ਦੇ ਵਿਲਕਦੇ ਹੰਝੂ ਬਣ ਕੇ ਅੰਗਿਆਰ ਰਾਹ ਤੇ ਲੇਟ ਗਏ। ਰੋਂਦੀ ਵਹੁਟੀ ਦੇ ਪਾਟੇ ਭੋਛਣ 'ਚੋਂ ਨਿਕਲ ਨਿਕਲ ਕੇ ਕਾਲੀਆਂ ਲਿੱਟਾਂ ਮੈਨੂੰ ਰੋਕਣ ਲਈ ਜਾਲ ਵੀ ਬਣੀਆਂ ਜ਼ਹਿਰੀ ਨਾਗਣਾਂ ਵਾਂਗ ਵੀ ਤਣੀਆਂ ਪਰ ਮੈਂ ਮਿਧਦਾ ਆ ਗਿਆ ਸਪਾਂ ਦੇ ਫ੍ਹੰਨ ਦਾਤੀ ਪਾੜਦਾ ਜਾਲ ਨਿਕਲ ਆਇਆ ਹਾਂ ਕੌਣ ਰੋਕੇਗਾ ਮੇਰੇ ਕਦਮਾਂ ਨੂੰ ... ... ... ... ਮੈਂ ਰਲਣ ਚਲਿਆਂ ਹਾਂ ਉਸ ਲਸ਼ਕਰ ਵਿੱਚ ਜਿਹੜਾ ਕਿ ਮੇਰੇ ਵਰਗਿਆਂ ਦਾ ਹੈ । ਅਤੇ ਜੋ ਵੱਧ ਰਿਹਾ ਹੈ ਤੇਜ਼ੀ ਨਾਲ ਭੁੱਖੇ ਬੱਚਿਆਂ ਲਈ ਖੋਹਣ ਨੂੰ ਰੋਟੀ ਕਿਸੇ ਜਾਬਰ ਦੇ ਖ਼ੂਨੀ ਪੰਜਿਆਂ 'ਚੋਂ ਜਿਸ ਨੇ ਜੀਵਣ ਨੂੰ ਮੌਤ ਕੀਤਾ ਹੈ । ਸੱਜ ਵਿਆਹੀਆਂ ਦੇ ਪਾੜ ਕੇ ਸਾਲੂ ਆਪਣੀ ਰਾਣੀ ਲਈ ਸੂਟ ਸੀਤੇ ਨੇ । ਏਸ ਲਸ਼ਕਰ ਨੂੰ ਕੌਣ ਰੋਕੇਗਾ ਉਸ ਜਾਬਰ ਦੇ ਖ਼ੂਨੀ ਪੰਜੇ ਨੂੰ ਜਿਹੜਾ ਛਿਣ ਵਿੱਚ ਮਰੋੜ ਦੇਵੇਗਾ। ਏਸ ਲਸ਼ਕਰ ਨੂੰ ਕੌਣ ਰੋਕੇਗਾ ਜੋ ਕਿ ਵਧ ਰਿਹਾ ਹੈ ਤੇਜ਼ੀ ਨਾਲ ਲੈ ਕੇ ਹੱਥ ਵਿੱਚ ਅਮਨ ਦਾ ਝੰਡਾ ਐਟਮ ਬੰਬਾਂ ਨੂੰ ਮਿਧਦਾ, ਟਪਦਾ ਗਾਹੁੰਦਾ ਡਾਲਰ ਦੀ ਮੌਤਵਾਦੀ ਨੂੰ ਲੈ ਕੇ ਬੁੱਲ੍ਹਾਂ ਤੇ ਹਾਸੇ ਫੁੱਲਾਂ ਦੇ ਭਰ ਕੇ ਅੱਖਾਂ 'ਚ ਇਕ ਹੋਣ ਦੀ ਰੀਝ ਏਸ ਦੁਨੀਆਂ ਦੇ ਕੋਨੇ ਕੋਨੇ ਤੇ ਜਿਹੜਾ ਛੇਤੀ ਹੀ ਛਾਣ ਵਾਲਾ ਹੈ। ਮੇਰੇ ਕਦਮਾਂ ਨੂੰ ਕੌਣ ਰੋਕੇਗਾ, ਜਿਨ੍ਹਾਂ ਵਿੱਚ ਆ ਗਿਆ ਹੈ ਤੂਫਾਨ ਦਾ ਜੋਸ਼ ਲਗੇ ਮੋਢਿਆਂ ਨੂੰ ਖੰਭੇ ਬਿਜਲੀ ਦੇ ਅਮਨ ਸਾੜੂ ਤੋਪਾਂ ਦੀ ਕੋਈ ਵੀ ਕੰਧ ਕਾਲੇ ਬਾਰੂਦ ਦੇ ਕਾਲੇ ਦਿਉ ਬੱਦਲ ਕੋਈ ਵੀ ਖਿੱਚ ਰਿਸ਼ਤੇਦਾਰਾਂ ਦੀ ਮੇਰੇ ਕਦਮਾਂ ਨੂੰ ਰੋਕ ਨਹੀਂ ਸਕਦੀ। ਆਖ਼ਰ ਅੱਜ ਤੰਗ ਆ ਕੇ ਤੰਗੀਆਂ ਤੋਂ ਵਲਗਣਾਂ ਤੋੜ ਕੇ ਝਾੜ ਕੇ ਕੰਨੀਆਂ ਮੈਂ ਨਿਕਲ ਆਇਆ ਹਾਂ ਆਪਣੀ ਕੁੱਲੀ 'ਚੋਂ ਤੇ ਰਲਣ ਚਲਿਆਂ ਹਾਂ ਉਸ ਲਸ਼ਕਰ ਵਿੱਚ । ਜਿਹੜਾ ਕਿ ਮੇਰੇ ਵਰਗਿਆਂ ਦਾ ਹੈ। ਕੌਣ ਰੋਕੇਗਾ ਮੇਰੇ ਕਦਮਾਂ ਨੂੰ ਕੌਣ ਰੋਕੇਗਾ ਉਸ ਲਸ਼ਕਰ। (1948)

ਸੁਆਗਤ

ਅਜ ਸੁਆਗਤ ਕਰਨ ਲਈ, ਉਸ ਵਧ ਰਹੇ ਤੂਫਾਨ ਦਾ ਖੜਕੀਆਂ ਟੁੱਟਣ ਲਈ, ਪੈਰਾਂ 'ਚੋਂ ਜੰਜੀਰਾਂ ਕਈ। ਮੂੰਹ ਹਥਕੜੀਆਂ ਦੇ ਆਪਣੇ ਆਪ ਖੁਲ੍ਹਦੇ ਨੇ ਪਏ ਲਾਲ ਝੰਡੇ ਬਣ ਰਹੀਆਂ ਨੇ ਪਾਈਆਂ ਲੀਰਾਂ ਕਈ । ਉਸ ਰੰਗੀਲੇ ਰਾਂਝਣ ਦੇ ਦੀਦ ਦੀ ਖ਼ਾਤਰ ਘਰੋਂ ਨਿਕਲ ਆਈਆਂ ਤੋੜ ਕੇ ਪਾਬੰਦੀਆਂ ਹੀਰਾਂ ਕਈ। ਸਾਮਰਾਜੀ ਤੋਪ ਦੀ, ਨਾਲੀ ਦੇ ਹੇਠਾਂ ਸੁੱਤੀਆਂ ਜਾਗੀਆਂ ਸਪਣੀ ਦੇ ਵਾਂਙੂੰ ਲਾਲ ਸ਼ਮਸ਼ੀਰਾਂ ਕਈ। ਨਿਕਲ ਆਈਆਂ ਪੈਲੀਆਂ 'ਚੋਂ ਨਚਦੀਆਂ ਤੇ ਗਾਂਦੀਆਂ ਲਾਲ ਚੂੜੇ ਵਾਲੜੇ ਹੱਥਾਂ 'ਚ ਫੜੀਆਂ ਦਾਤੀਆਂ । ਫ਼ੈਕਟਰੀ ਦੀ ਚਾਰ ਦੀਵਾਰੀ 'ਚੋਂ ਉੱਚਾ ਉਛਲ ਕੇ ਅੱਜ ਹਥੌੜਾ ਮਾਰਦਾ ਹੈ ਸਿਰ ਉਠਾ ਕੇ ਝਾਤੀਆਂ । ਉਸਦੇ ਕਦਮਾਂ ਦੀ ਧਮਕ ਨੂੰ ਸੁਣ ਕੇ ਕੰਨੀਂ ਗੂੰਜਦਾ ਤੋਪ ਦੀ ਮਾਰੋਂ ਉਭਰ ਕੇ ਨਿਕਲ ਆਈਆਂ ਛਾਤੀਆਂ । ਦਫ਼ਤਰਾਂ ਵਿੱਚ ਸਦੀਆਂ ਕਲਮਾਂ ਨੇ ਚੁੰਝਾਂ ਚੁਕੀਆਂ ਬਣ ਰਹੀਆਂ ਨੇ ਵੈਰੀਆਂ ਦੇ ਵਾਸਤੇ ਉਹ ਕਾਤੀਆਂ। ਹੰਝੂ ਮਜ਼ਲੂਮਾਂ ਦੇ ਖਿੜ ਕੇ ਫੁੱਲ ਖੁਸ਼ੀ ਵਿੱਚ ਬਣ ਗਏ ਰੂਪ ਹਰ ਪੱਤੀ ਬਦਲ ਕੇ ਧਾਰਿਆ ਤਲਵਾਰ ਦਾ। ਭੜਕ ਉੱਠੀ ਧੁਖ ਰਹੀ ਅਗਨੀ ਦਿਲਾਂ ਦੀ ਜੋਸ਼ ਵਿੱਚ ਹਰ ਦਾਗ਼ ਤੇ ਹੁੰਦਾ ਹੈ ਧੋਖਾ ਦਘ ਰਹੇ ਅੰਗਿਆਰ ਦਾ । ਹੱਥ ਫੈਲਾਏ ਹੋਏ ਭੁਖਿਆਂ ਦੇ ਮੰਗਣ ਵਾਸਤੇ ਵਧ ਰਹੇ ਸੰਘ ਘੁਟਣ ਲਈ ਅੱਜ ਕਿਸੇ ਜ਼ਰਦਾਰ ਦਾ । ਸ਼ੂਕਦਾ ਸਪਣੀ ਦੇ ਵਾਂਙੂ ਤਲਮਲਾ ਕੇ ਬੁੜ੍ਹਕਿਆ ਬਦਲਾ ਸੀਨੇ ਦੇ ਵਿੱਚੋਂ ਜੋਬਨ-ਲੁਟੀ ਮੁਟਿਆਰ ਦਾ। ਏਸ਼ੀਆ ਦਾ ਮੂੰਹ ਖੁਸ਼ੀ ਵਿੱਚ ਲਾਲ ਸੂਹਾ ਹੋ ਗਿਆ ਚੀਨ ਦੇ ਚਿਹਰੇ ਤੇ ਚੜ੍ਹੀਆਂ ਗਿੱਠ ਗਿੱਠ ਅੱਜ ਲਾਲੀਆਂ। ਖ਼ੂਨ ਪਾ ਕੇ ਆਪਣਾ ਜਨਤਾ ਬੁਲਾਂਦੀ ਹੈ ਪਈ ਸਾਮਰਾਜੀ ਰਾਖਸ਼ਾਂ ਜੋ ਹੈਨ ਅੱਗਾਂ ਬਾਲੀਆਂ। ਲੋਕ ਮੇਰੇ ਦੇਸ਼ ਦੇ ਵੀ ਉਠ ਖਲੋਤੇ ਉਸ ਲਈ ਪੂਰੀਆਂ ਹੋਈਆਂ ਕਿ ਹੋਈਆਂ ਜੋ ਉਮੀਦਾਂ ਪਾਲੀਆਂ । ਬਦਲ ਲੁਕਾ ਸਕਦੇ ਨਹੀਂ ‘ਚੰਨ’ ਨੂੰ ਹਮੇਸ਼ਾ ਦੇ ਲਈ ਕੌਣ ਰਖੇਗਾ ਸਦਾ ਲਈ ਕਾਇਮ ਰਾਤਾਂ ਕਾਲੀਆਂ । (ਯੋਲ ਕੈਂਪ ਜਿਹਲ 1949)

ਬਰਫ਼

ਪਰਸੋਂ ਸਨ ਖਲੋਤੇ ਪਰਬਤ ਆਪਣੇ ਸੀਨੇ ਤਾਣ ਕੇ ਕਾਲੇ ਭਰਵੇਂ ਭਰਵੇਂ ਉਭਰੇ ਉਭਰੇ ਅਣਖੀਲੇ ਤੇ ਹਿੰਮਤਾਂ ਵਾਲੇ । ਸੂਰਜ ਦੀਆਂ ਲਾਲ ਸ਼ੁਆਵਾਂ ਖਾ ਕੇ ਅਗਨੀ ਵਾਂਗ ਮਘਦੇ ਜਿਉਂ ਤਾਂਬੇ ਦੇ ਪੱਤਰੇ ਪੈ ਕੇ ਭੱਠੀ ਦੇ ਵਿੱਚ ਲਟ ਲਟ ਦਘਦੇ। ਪਤਲੇ ਕਾਲੇ ਘੁੰਡ ਦੇ ਥੱਲੇ, ਜਿਉਂ ਨੈਣਾਂ ਦੇ ਦੀਵੇ ਜਗਦੇ । ਅੰਦਰੋਂ ਬਾਹਰ ਆਉਣ ਨੂੰ ਕਾਹਲੇ, ਈਕਣ ਸਨ ਅਰਮਾਨ ਹਜ਼ਾਰਾਂ ਜਿਉਂ ਮਾਤਾ ਦੇ ਸੀਨੇ ਵਿੱਚੋਂ ਅਣਜੰਮੇ ਬੱਚੇ ਲਈ ਧਾਰਾਂ । ਕੱਲ੍ਹ ਕੀ ਹੋਇਆ ਉਹਨਾਂ ਉੱਤੇ, ਬੱਦਲ ਛਾ ਗਏ ਧੂੰ ਦੇ ਵਾਂਙੂੰ । ਡਿੱਗਣ ਲਗ ਪਈ ਬਰਫ਼ ਉਹਨਾਂ ਤੇ ਹੌਲੇ ਹੌਲੇ ਰੂੰ ਦੇ ਵਾਂਙੂੰ । ਚੂਸ ਲਈ ਝੱਟ ਉਸ ਚੰਦਰੀ ਨੇ, ਉਹਨਾਂ ਦੇ ਮੂੰਹਾਂ ਦੀ ਲਾਲੀ ਜਿਵੇਂ ਬੁਢੇਪਾ ਮਲ ਲੈਂਦਾ ਹੈ, ਜੋਬਨ ਦੀ ਥਾਂ ਕਰ ਕੇ ਖ਼ਾਲੀ। ਅਣਪੁੱਗੇ ਅਰਮਾਨ ਹਜ਼ਾਰਾਂ, ਸੀਨਿਆਂ ਅੰਦਰ ਦਬੇ ਰਹਿ ਗਏ ਭਰਵੇਂ ਭਰਵੇਂ ਉਭਰੇ ਉਭਰੇ ਸਭ ਅਣਖੀਲੇ ਜਜ਼ਬੇ ਬਹਿ ਗਏ । ਉਸਦੇ ਭਾਰੇ ਟਾਹਣ ਨਿਤਾਣੇ, ਬਿਰਛਾਂ ਨਾਲੋਂ ਹੇਠਾਂ ਲਹਿ ਗਏ ਪਰ ਅਕੜਾ ਕੇ ਧੌਣਾਂ ਅਣਖੀ, ਸਿਰ ਅਪਣੇ ਦੇ ਉੱਪਰ ਸਹਿ ਗਏ । ਕੁਝ ਕੁ ਪੱਥਰ ਟੁੱਟ ਕੇ ਥਾਂ ਤੋਂ, ਨੀਵਾਣਾਂ ਵੱਲ ਹੇਠਾਂ ਢਹਿ ਗਏ ਰੁੜ੍ਹਦੇ ਜਾਂਦੇ ਵੀ ਉਹ ਐਪਰ, ਇਤਨੀ ਕੁ ਗਲ ਸਭ ਨੂੰ ਕਹਿ ਗਏ:- ਸਬਰ ਕਰੋ, ਹੁਣ ਹੇਠਾਂ ਜਾ ਕੇ, ਅਗ ਬਦਲੇ ਦੀ ਬਾਲ ਦਿਆਂਗੇ ਲਾਟਾਂ ਬਣ ਬਣ ਵਧ ਵਧ ਉੱਪਰ, ਇਸਨੂੰ ਉੱਕਾ ਢਾਲ ਦਿਆਂਗੇ।" ਅੱਜ ਤੱਕੀਆਂ ਨੀਵਾਣਾਂ ਵਿੱਚੋਂ ਉਠਦੀਆਂ ਉੱਪਰ ਦੇ ਵਲ ਲਾਟਾਂ ਵਧਦੀਆਂ ਹੌਲੇ ਹੌਲੇ ਜੀਕਰ ਅਗਨੀ ਦੇ ਸਾਗਰ ਦੀਆਂ ਠਾਠਾਂ। ਉੱਤਰ ਦੱਖਣ, ਪੂਰਬ ਪੱਛਮ, ਇਸ ਅਗਨੀ 'ਚੋ ਲਾਲ ਅੰਗਾਰੇ ਵਧ ਵਧ ਅਗੇ ਘੇਰ ਰਹੇ ਨੇ, ਇਸ ਵੈਰਨ ਦੇ ਪਾਸੇ ਚਾਰੇ। ਤੀਰਾਂ ਵਾਂਙੂੰ ਵਿਨ੍ਹ ਰਹੀਆਂ ਨੇ, ਸੂਰਜ ਦੀਆਂ ਲਾਲ ਸ਼ੁਆਵਾਂ ਲਿਸ਼ਕ ਰਹੀਆਂ ਨੇ ਸੋਨੇ ਵਾਙੂੰ, ਬਰਫ਼ੇ ਤੋਂ ਖ਼ਾਲੀ ਕਿੰਨੀਆਂ ਥਾਵਾਂ । ਪਹਿਲਾਂ ਤਾਂ ਦਿਸਦੇ ਸਨ ਦੂਰੋਂ ਚਿੱਟੀ ਚਾਦਰ ਵਿੱਚ ਫੁਲ ਕਾਲੇ ਐਪਰ ਕਾਲੀ ਚਾਦਰ ਦੇ ਵਿੱਚ ਚਿੱਟੇ ਫੁੱਲ ਹੁਣ ਦੇਣ ਵਿਖਾਲੇ । ਭਲਕੇ ਵੇਖ ਲਿਆ ਜੇ ਇਹ ਵੀ, ਫੁੱਲ ਚਿੱਟੇ ਨਹੀਂ ਉੱਕਾ ਰਹਿਣੇ ਢਲ ਜਾਣੇ ਨੇ, ਮੋਮ ਦੇ ਵਾਙੂੰ ਜ਼ੰਜੀਰਾਂ ਚਾਂਦੀ ਦੇ ਗਹਿਣੇ। ਅਗ ਦੀ ਲਾਲੀ ਹੋ ਕੇ ਠੰਡੀ, ਕੋਨੇ ਕੋਨੇ ਛਾ ਜਾਏਗੀ ਸੂਰਜ ਦੀ ਹਰ ਕਿਰਨ ਸੁਨਿਹਰੀ ਇਸ ਨੂੰ ਹੋਰ ਵੀ ਲਿਸ਼ਕਾਏਗੀ। ਬਿਰਛਾਂ ਦੇ ਸਿਰ ਤੋਂ ਵੀ ਉੱਕਾ ਭਾਰ ਜਬਰ ਦਾ ਢਲ ਜਾਏਗਾ। ਹਰ ਇੱਕ ਬੂਟਾ ਤਾਣ ਕੇ ਸੀਨਾ, ਕਰ ਸਿਰ ਉੱਚਾ ਖਲ ਜਾਏਗਾ । ਕਿਸੇ ਅਨੋਖੀ ਸਾਂਝ ਦੇ ਅੰਦਰ, ਪਰਬਤ ਆਪਣੇ ਚੀਰ ਕੇ ਸੀਨੇ ਇਸ ਦੁਨੀਆ ਦੇ ਹਰ ਬੰਦੇ ਲਈ ਉਗਲਣਗੇ ਅਨਮੋਲ ਖ਼ਜ਼ੀਨੇ। ਭਲਕ ਦੀ ਦੁਨੀਆਂ ਅੱਜ ਦੇ ਨਾਲੋਂ, ਹਰ ਨੁਕਤੇ ਤੋਂ ਵਖ ਹੋਵੇਗੀ ਹਰ ਬੂਟੇ, ਪੱਥਰ ਨੂੰ ਵੇਖਣ, ਵਾਲੀ ਇਕੋ ਅੱਖ ਹੋਵੇਗੀ। (ਯੋਲ ਕੈਪ, ਜਿਹਲ 1949)

ਜਿਹਲ ਦੀ ਕਾਲੀ ਕੋਠੀ ਦੇ ਵੱਲ

ਜਿਹਲ ਦੀ ਕਾਲੀ ਕੋਠੀ ਦੇ ਵੱਲ ਵਧ ਰਿਹਾ ਹੈ ਸੁਰਖ ਸਵੇਰਾ ਕੁੰਢੀਆਂ ਮੁੱਛਾਂ ਨਾ ਕਰ ਸਿੱਧੀਆਂ ਪਿੰਜਰੇ ਵਿੱਚ ਜਕੜੇ ਹੋਏ ਸ਼ੇਰਾ। ਹਸਦਾ ਰਹੁ ਸੀਖਾਂ ਦੇ ਉੱਤੇ ਹੇ ਅਣਖੀਲੇ ਬੀਰ ਦਲੇਰਾ। ਅਖਾਂ ਵਿੱਚ ਮਘਦੀ ਰਹੇ ਲਾਲੀ, ਮਘਦਾ ਰੱਖੀਂ ਚਾਰ ਚੁਫੇਰਾ। ਤੰਗ ਦਿਲੀ ਵਿਚ ਹੋਰ ਨਾ ਤੰਗ ਕਰ, ਇਸ ਪਿੰਜਰੇ ਦਾ ਸੌੜਾ ਘੇਰਾ। ਉੱਠ ਜਾਵੇਗਾ, ਕੁਝ ਚਿਰ ਹੀ ਹੈ, ਇਸ ਥਾਂ ਕਾਲੀ ਰਾਤ ਦਾ ਡੇਰਾ । ਅਹੁ ਦਿਸਦੀ ਏ ਤੇਰੀ ਮੰਜ਼ਿਲ, ਅਹੁ ਆਉਂਦਾ ਏ ਸੁਰਖ਼ ਸਵੇਰਾ। ਕਾਲੀ ਰਾਤ ਦੀ ਰੌਣਕ ਹੈ ਸਨ, ਗੋਰੇ ਚਿੱਟੇ ਕਈ ਸਿਤਾਰੇ । ਪਰ ਮੰਗਵੀਂ ਚਾਦਰ ਦੇ ਹੇਠਾਂ, ਕਦ ਤਕ ਕੋਈ ਪੈਰ ਪਸਾਰੇ । ਉਹ ਦਿਸ-ਹੱਦੇ ਤੋਂ ਉਠਦੇ ਨੇ, ਉੱਪਰ ਦੇ ਵੱਲ ਸ਼ੋਖ ਅੰਗਾਰੇ । ਉਹਨਾਂ ਦੀ ਗਰਮੀ ਤੋਂ ਢਲ ਕੇ, ਟੁਟ ਜਾਣੇ ਨੇ ਸਾਰੇ ਤਾਰੇ । ਔਹ ਦਿਨ ਚੜ੍ਹਿਆ ਉੱਡੀ ਕਾਲਖ, ਹੋਰ ਲਿਸ਼ਕਿਆ ਪੀਲਾ ਚਿਹਰਾ ਇਸ ਦੁਨੀਆਂ ਦੀ ਹਰ ਨੁੱਕਰ ਵਿੱਚ ਛਾ ਜਾਵੇਗਾ ਸੁਰਖ਼ ਸਵੇਰਾ । ਬਰਫ਼ਾਂ ਢਕੇ ਪਰਬਤ ਤੇ ਜਦ, ਬਦਲੀ ਕੋਈ ਛਾ ਜਾਂਦੀ ਏ । ਮੰਨਿਆਂ ਉਹਨੂੰ ਤੱਕ ਕੇ ਤੈਨੂੰ ਯਾਦ ਕਿਸੇ ਦੀ ਆ ਜਾਂਦੀ ਏ । ਤਦ ਫੌਲਾਦੀ ਹਿੰਮਤ ਤੇਰੀ, ਕੁਝ ਕੁਝ ਝੋਲੇ ਖਾ ਜਾਂਦੀ ਏ । ਲੱਖਾਂ ਮਾਵਾਂ ਭੈਣਾਂ ਦੀ ਵੀ, ਭੁਖ ਨੰਗ ਦਾ ਜੋ ਦੁੱਖ ਹੈ ਤੇਰਾ ਜਿਸ ਨੂੰ ਦੂਰ ਕਰਨ ਲਈ ਹਰ ਥਾਂ ਫੈਲ ਰਿਹਾ ਹੈ ਸੁਰਖ਼ ਸਵੇਰਾ। ਕਾਲੀ ਕੋਠੀ ਦੇ ਵਿੱਚ ਤੇਰਾ ਹੋਣਾ ਵੀ ਤਾਂ ਸ਼ੇਰਾ ਜੰਗ ਹੈ । ਰਾਜ ਜਬਰ ਦਾ ਮੇਟਣ ਵਾਲੀ, ਦੁਨੀਆਂ ਭਰ ਦੀ ਜੰਗ ਦਾ ਅੰਗ ਹੈ। ਤੇਰੀ ਏਸ ਲੜਾਈ ਕਰ ਕੇ, ਦੁਨੀਆਂ ਦਾ ਅੱਜ ਹੋਰ ਹੀ ਢੰਗ ਹੈ। ਔਹ ਤੱਕ ਚੀਨ ਦੀ ਧਰਤੀ ਉੱਤੇ ਝੁਲਦੇ ਝੰਡੇ ਦਾ ਕੀ ਰੰਗ ਹੈ? ਇਸ ਝੰਡੇ ਤੋਂ ਤਕ ਲਿਸ਼ਕਾਰੇ ਕੰਬ ਉਠਿਆ ਹੈ ਘੁੱਪ ਹਨੇਰਾ ਜਿਹਲ ਦੀ ਕਾਲੀ ਕੋਠੀ ਦੇ ਵੱਲ, ਵਧ ਰਿਹਾ ਹੈ ਸੁਰਖ ਸਵੇਰਾ । (ਯੋਲ ਕੈਂਪ ਜ੍ਹੇਲ 1949)

ਮੇਰੇ ਮਹਿਬੂਬ ! ਹੁਣ ਮੈਂ ਰਾਜ਼ੀ ਹਾਂ

ਇਹ ਕੀ ਹੋਇਆ ਹੈ? ਮੇਰੀ ਮਹਿਬੂਬ ! ਕਿ ਅੱਜ ਐਵੇਂ ਹੀ ਹੌਲੇ ਹੌਲੇ ਸਾਹ ਘੁੱਟੀ ਤੇਰੇ ਕੋਮਲ ਹੱਥ ਮੇਰੇ ਭੜਕੇ ਹੋਏ ਖ਼ਿਆਲਾਂ ਦੀ ਸਖ਼ਤ ਧਰਤੀ ਤੇ ਰੀਂਗਦੇ, ਚੁੱਪ ਚਾਪ ਘਿਸੜਦੇ ਆ ਪਹੁੰਚੇ ਨੇ ਕਿਸੇ ਬਾਗ਼ੀ ਦੇ ਸੁਲਗਦੇ ਹੋਏ ਸੀਨੇ ਵਾਂਗ ਦਘਦੇ ਮੇਰੇ ਮੱਥੇ ਤੇ । ਖਿੰਡ ਗਈ ਝੱਟ ਮੇਰੇ ਅੰਦਰ ਦੇ ਹਰ ਖੂੰਜੇ ਵਿੱਚ ਤੇਰੇ ਹੱਥਾਂ ਦੀਆਂ ਉਂਗਲਾਂ ਦੀ ਨਸ਼ੀਲੀ ਛੋਹ ਬਣ ਕੇ ਮਿਜ਼ਰਾਬ ਉਹਨੇ ਛੇੜਿਆ ਦਿਲ ਤਾਰਾਂ ਨੂੰ ਉਸ ਲੈ ਤੇ ਮੇਰੀ ਕਲਮ ਵੀ ਨੱਚਣ ਲਗ ਪਈ ਤੇ ਉਹਦੇ ਪੈਰਾਂ ਦੀ ਹਰ ਚਾਪ ਨੇ ਚਿਤਰ ਦਿੱਤੇ ਤੇਰੀਆਂ ਜ਼ੁਲਫਾਂ ਚੋਂ ਉਠਦੀ ਹੋਈ ਘਟਾ ਦੇ ਕਿੱਸੇ ਤੇਰੀਆਂ ਗੱਲਾਂ ਦੇ ਗੁਲਾਬਾਂ ਦੀ ਵੀ ਦਘਦੀ ਲਾਲੀ ਤੇਰਿਆਂ ਨੈਣਾਂ ਦੀ ਡੂੰਘਾਈ ਵਿੱਚ ਛਪੀਆਂ ਹੋਈਆਂ ਨੀਲੀਆਂ ਝੀਲਾਂ 'ਚੋਂ ਉਭਰੇ ਹੋਏ ਕੰਵਲਾਂ ਦੇ ਹੁਲਾਰੇ। ਮੇਰੀ ਮਹਿਬੂਬ ! ਪਰ ਇਸ ਝੂਠ ਜਹੇ ਸੱਚ ਦੀ ਉਮਰ ਥੋੜੀ ਸੀ ਹਾਂ ਥੋੜੀ ਸੀ, ਬਹੁਤ ਥੋੜੀ ਸੀ, ਥੋੜੀ ਸੀ। ਯਕ-ਬਯਕ ਤੇਰੀ ਸ਼ਕਲ, ਤੇਰਾ ਹੁਸਨ ਹੋਰ ਵੀ ਤਕਿਆ ਮੈਨੇ ਪਾਟੀਆਂ ਲੀਰਾਂ ਵਿੱਚੋਂ ਫੁਟਦਾ ਹੋਇਆ ਡੁੱਲ੍ਹਦਾ ਹੋਇਆ ਜ਼ਖ਼ਮ ਖਾਂਦੀ ਹੋਈ ਜ਼ਿੰਦਗੀ ਦਾ ਝਪਟਦਾ ਗ਼ੁੱਸਾ ਏਦਾਂ ਦਾ ਜਿਵੇਂ ਕੋਈ ਸ਼ੇਰਨੀ ਕੁਦ ਕੇ ਦੁਧ ਚੁੰਘਦੇ ਹੋਏ ਬੱਚੇ ਦੇ ਕਾਤਲ ਤੇ ਝਪਟ ਪੈਂਦੀ ਹੈ। ਲੀਰਾਂ ਵਿੱਚ ਲਿਪਟੀ ਹੋਈ ਨੰਗੀ, ਅੱਧ-ਕੱਜੀ ਉੱਭਰੀ ਹੋਈ ਵੀਣੀ ਵਿੱਚ ਪਕੜੀ ਹੋਈ ਦਾਤੀ ਦਾਤੀ ਦੇ ਹਰ ਦੰਦੇ ਵਿੱਚ ਲਟਕੇ ਹੋਏ ਫੰਦੇ ਫੰਦਿਆਂ ਵਿੱਚ ਹਿਟਲਰ ਕਈ ਜਾਬਰ ਜਰਵਾਣੇ ਧੌਣਾਂ ਨੂੰ ਨਿਵਾ ਦੰਦੀਆਂ ਵਿਖਾਂਦੇ ਹੋਏ ਵੇਖੇ ਖੁੱਲ੍ਹੇ ਅਤੇ ਖਿਲਰੇ ਹੋਏ ਸਦੀਆਂ ਤੋਂ ਪਿਆਸੇ ਰੁੱਖ਼ੇ ਅਤੇ ਖਰਵੇਂ ਜਿਹੇ ਵਾਲਾਂ ਦੀ ਗ਼ਜ਼ਬਨਾਕ ਨਜ਼ਰ। ਹਰ ਵਾਲ ਤੇਰਾ ਬਦਲਿਆ ਤੀਰਾਂ ਤੇ ਕਟਾਰਾਂ ਦੀ ਸ਼ਕਲ ਵਿੱਚ ਜੇ ਕੋਈ ਪੰਜਾ ਕਿਸੇ ਆਦਮ ਦੇ ਸ਼ਿਕਾਰੀ ਦਾ ਤੇਰੇ ਵਾਲਾਂ ਵਲ ਝਪਟੇ ਤਾਂ ਹਮੇਸ਼ਾ ਲਈ ਕੱਟ ਜਾਏ । ਉੱਠੀ ਹੋਈ ਗਗਨ ਵੱਲ ਤੇਰੀ ਖਬੀ ਬਾਂਹ ਤੇ ਝੰਡੇ ਦੀ ਤਰ੍ਹਾਂ ਲਿਪਟਿਆ ਤੇਰਾ ਲਾਲ ਦੋਪੱਟਾ ਬਲਕਿ ਉਡਦਾ ਹੋਇਆ ਏਦਾਂ ਜਿਵੇਂ ਘੜੀਆਂ ਪਲਾਂ ਵਿੱਚ ਛਾ ਜਾਏਗਾ ਝੱਟ ਸਾਰੇ ਜ਼ਮਾਨੇ ਦੀ ਫ਼ਜ਼ਾ ਤੇ। ਇਹ ਵੇਖ ਕੇ ਸਭ ਮੇਰੀ ਕਲਮ ਨੱਚਣ ਦੀ ਥਾਂ ਉਛਲੀ ਲਹਿਰਾਂਦੇ ਹੋਏ ਝੰਡੇ ਤੇ ਉਹ ਝਟ ਲਿਖਣ ਲੱਗ ਪਈ:- ਹੇ ਭਾਰਤ ਦੇ ਲਿਤਾੜੇ ਤੇ ਦਬਾਏ ਹੋਏ ਲੋਕੋ: “ਨਵੇਂ ਹਿਟਲਰਾਂ ਦੇ ਮੁਖਾਲਫ਼ ਉੱਠੋ ਅਮਨ ਚਾਹੁਣ ਵਾਲੀ ਜ਼ਮਾਨੇ ਦੀ ਸੈਨਾ 'ਚ ਜਾ ਮਿਲੋ ।” ਮੇਰੀ ਮਹਿਬੂਬ ਤੇਰੇ ਹੱਥਾਂ ਦੀ ਘੁਟਣ ਜੁਲਫ਼ਾਂ ਦੀ ਘਟਾ ਦੀ ਹਕੀਕਤ ਕੀ ਹੈ? ਮੇਰੀ ਦੁਨੀਆ ਦੀ ਮਨੁੱਖਤਾ ਦੇ ਦਿਲੋਂ ਬਿਫਰੀ ਹੋਈ ਬਗ਼ਾਵਤ ਦੀ ਹਕੀਕਤ ਅੱਗੇ । ਧੋਖਾ ਕਦ ਜੀਂਦਾ ਹੈ ਹਕੀਕਤ ਦੀ ਫਜ਼ਾ ਵਿੱਚ । ਹੁਣ ਮੇਰੇ ਮੱਥੇ ਨੂੰ ਤੇਰੇ ਹੱਥਾਂ ਦੀ ਜ਼ਰੂਰਤ ਹੀ ਨਹੀਂ ਬੰਦ ਕੀਤੀ ਹੈ ਮੇਰੀ ਕਲਮ ਵੀ ਹੁਣ ਕੈ ਕਰਨੀ ਉਹ ਵੀ ਬੀਮਾਰ ਨਹੀਂ ਉਹ ਵੀ ਹੁਣ ਰਾਜ਼ੀ ਹੈ । (ਯੋਲ ਕੈਂਪ ਜਿਹਲ 1949)

‘ਟਿਲ ਫਰਦਰ ਆਰਡਰ’

ਮੇਰੀ ਨਜ਼ਰਬੰਦੀ ਦੇ ਦਿਨ, ਵਧਾਕੇ ਖੁਸ਼ ਨਾ ਹੋ ਇਤਨਾ ਇਹ ਫ਼ਿਕਰ ਕਰ ਕਿ ਤੇਰੇ ਜੀਣ ਦੇ ਦਿਨ ਥੋੜੇ ਨੇ । ਰਹਿ ਗਈ ਇੱਕੋ ਦਵਾ, ਇਹਨਾਂ ਦੀ ਬਾਕੀ ਮੌਤ ਹੀ ਨਾਸੂਰ ਬਣ ਚੁਕੇ ਤੇਰੇ ਜਿਸਮ ਦੇ ਕੁਲ ਫੋੜੇ ਨੇ । ਜੋ ਮਹਲਾਂ ਨੂੰ ਹੈ ਲਾਈ ਮੈਂ ਕਲਮ ਦੀ ਤੀਲੀ ਨਾਲ ਅੱਗ ਉਹ ਹੁਣ ਤੇਰੀਆਂ ਫੂਕਾਂ ਤੋਂ ਬੁਝ ਸਕਦੀ ਨਹੀਂ। ਉਸ ਅਗਨੀ ਤੋਂ ਬਚਣ ਦੇ ਵਾਸਤੇ ਸੂਰਤ ਗੋਲੀਆਂ, ਜਿਹਲਾਂ ਬਗੈਰ ਤੈਨੂੰ ਸੁਝ ਸਕਦੀ ਨਹੀਂ। ਪਰ ਇਹ ਗੋਲੀਆਂ ਤੇ ਫਾਂਸੀਆਂ ਮੇਰੇ ਲਈ, ਕੋਈ ਨਹੀਂ ਨਵੀਆਂ ਪਿਆਲਾ ਨੇ ਸਗੋਂ ਸੁਕਰਾਤ ਦਾ। ਮੈਨੂੰ ਦਿਸਦਾ ਹੈ ਯੂਨਾਨੀ ਜਿਹਲ 'ਚੋਂ ਫੁਟਦਾ ਹੋਇਆ ਲਹੂ ਵਿਚ ਰੰਗਿਆ, ਨਜ਼ਾਰਾ ਦਘ ਰਹੀ ਪਰਭਾਤ ਦਾ। ਅੱਜ ਤਲੰਗਾਨਾ ਦੇ ਹਰੇ ਖੇਤਾਂ ਦੇ ਵਿਚ ਨਚਦੀ ਹੋਈ ਨਾਜ਼ੀਅਤ ਨੇ ਹਰ ਗਲੀ ਹਰ ਥਾਂ ਤੇ ਅਗਾਂ ਬਾਲੀਆਂ । ਲਹੂ-ਲਿਬੜੇ ਮੂੰਹਾਂ ਵਿਚੋਂ ਸੁਣ ਕੇ ਫਾਂਸੀ ਦੀ ਸਜ਼ਾ ਤਕ ਰਿਹਾ ਹਾਂ ਕਾਲਿਆਂ ਮੂੰਹਾਂ ਤੇ ਚੜ੍ਹੀਆਂ ਲਾਲੀਆਂ । ਦਸਤਖਤ ਮੇਰੀ ਨਜ਼ਰ ਬੰਦੀ ਤੇ ਕਰਵਾਏ ਨਹੀਂ ਕਰ ਸਕ ਦੇ ਆਪਣੀ ਹੀ ਮੌਤ ਦੇ ਕਾਗਜ਼ ਤੇ ਕਰਵਾਏ ਨੇ ਤੂੰ ਮੇਰੀ ਕਲਮ ਵਿਚ ਅੜ ਕੇ ਟੁਟ ਜਾਸੀ ਹਮੇਸ਼ਾ ਦੇ ਲਈ ਜ਼ੁਲਮ ਦੀ ਸ਼ਮਸ਼ੀਰ ਜਿਸਦੇ ਜੌਹਰ ਦਿਖਲਾਏ ਨੇ ਤੂੰ । (ਯੋਲ ਕੈਂਪ ਜਿਹਲ 1949)

ਅਗਸਤ 1947 ਦੀ ਵਾਰ

ਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ । ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ। ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ ਵਿਚ ਬਾਲੀ। ਕਿ ਹੋ ਗਈ ਗੋਰੇ ਜੁਲਮ ਦੀ, ਦੇਹ ਸੜ ਕੇ ਕਾਲੀ । ਚਿਰ-ਸੁੱਤੀਆਂ ਅਣਖਾਂ ਜਾਗ ਕੇ ਆ ਵਾਗ ਸੰਭਾਲੀ। ਪਈਆਂ ਖੇਤੀਂ ਉਗ ਦਲੇਰੀਆਂ, ਸਿੱਟਿਆਂ ਤੇ ਲਾਲੀ। ਪਏ ਪਕੜਨ ਉਠ ਸੱਯਾਦ ਨੂੰ ਬਾਗਾਂ ਦੇ ਮਾਲੀ। ਸਨ ਕਲਮਾਂ ਚੁੰਜਾਂ ਚੁਕੀਆਂ, ਲਜ ਆਪਣੀ ਪਾਲੀ। ਓਦੋਂ ਸਾਗਰ ਆਪਣੀ ਤਹਿ 'ਚੋਂ ਸੀ ਅੱਗ ਉਛਾਲੀ। ਪਏ ਲੰਬੂ ਭੜਕ ਚੁਫੇਰਿਓ, ਕੀ ਕਰੂ ਪਰਾਲੀ। ਜਦ ਦਿੱਤੀ ਗੋਰੇ ਹਾਕਮਾਂ ਨੂੰ ਮੌਤ ਵਿਖਾਲੀ। ਉਹਨਾਂ ਆਪਣੀ ਜਿੰਦ ਬਚਾਣ ਲਈ ਇਹ ਵਿਉਂਤ ਬਣਾ ਲੀ । ਉਹਨਾਂ ਚੋਣਵੇਂ ਲੀਡਰ ਦੇਸ਼ ਦੇ, ਦਿੱਲੀ ਬੁਲਵਾਏ । ਉਹਨਾਂ ਕਿਹਾ: ਤੁਹਾਨੂੰ ਲੀਡਰੋ ਕੋਈ ਕੀ ਸਮਝਾਵੇ? ਜਿਹੜੇ ਲੋਕੀਂ ਸਾਡੇ ਲਹੂ ਦੇ ਫਿਰਦੇ ਤਰਹਿਆਏ । ਨਹੀ ਹੁੰਦੇ ਮਿੱਤਰ ਕਿਸੇ ਦੇ ਸੱਪਾਂ ਦੇ ਜਾਏ । ਜੋ ਦਿਨ ਦਿਨ ਕਾਂਗ, ਬਗਾਵਤਾਂ ਦੀ ਚੜ੍ਹਦੀ ਜਾਏ । ਇਹ ਤੁਹਾਨੂੰ ਸਾਡੇ ਨਾਲ ਹੀ ਨਾ ਡੋਬ ਮੁਕਾਏ । ਆਉ ਬਹਿ ਤਦਬੀਰਾਂ ਸੋਚੀਏ, ਕੋਈ ਕਰੋ ਉਪਾਏ । ਭੜ ਭੜ ਮਚਦੀ ਅੱਗ ਤੇ ਘੁੱਟ ਪਾਣੀ ਪਾਏ । ਬੰਦ ਕਰਕੇ ਬੂਹੇ-ਬਾਰੀਆਂ ਉਹਨਾਂ ਮਜਲਿਸ ਜੋੜੀ। ਉਹਨਾਂ ਅੰਦਰੋਂ ਅੰਦਰ ਭੰਨ ਲਈ, ਬੁੱਕਲ ਵਿੱਚ ਰੋੜੀ। ਉਹਨਾਂ ਲੱਜਾਂ ਸਭੇ ਰੋਲੀਆਂ, ਲੱਜ ਕੰਢੇ ਤੋੜੀ। ਉਹਨਾਂ ਆਈ ਆਜ਼ਾਦੀ ਆਪਣੇ ਬੂਹੇ ਤੋਂ ਮੋੜੀ। ਉਹਨਾਂ ਕੰਢੇ ਉੱਤੇ ਆਣ ਕੇ ਸੀ ਬੇੜੀ ਬੋੜੀ। ਉਹਨਾਂ ਵੇਚੀਆਂ ਕੁੱਲ ਕੁਰਬਾਨੀਆਂ ਤੇ ਰੱਤ ਨਚੋੜੀ। ਜੱਦ ਸਹੀਆਂ ਖ਼ਾਤਰ ਲੀਡਰਾਂ, ਹੱਥ ਆਪਣੇ ਚੁਕੇ । ਤਾਂ ਕੁਲ ਸ਼ਹੀਦਾਂ ਜਾਗ ਕੇ ਵੱਟ ਲੀਤੇ ਮੁੱਕੇ। ਉਹ ਸ਼ੇਰਾਂ ਵਾਂਗਰ ਉਹਨਾਂ ਦੇ ਮੂਹਰੇ ਬੁੱਕੇ: ਹੈ ਕਿਹੜਾ ਸਾਡੀਆਂ ਦਾਹੜੀਆਂ ਵਿਚ ਜਿਹੜਾ ਥੁੱਕੇ? ਤਾਂ ਬੋਲਿਆ ਸੂਰਾ ਭਗਤ ਸਿੰਘ, ਹਥ ਰੱਸਾ ਫੜਿਆ ਕੀ ਏਸ ਆਜ਼ਾਦੀ ਲਈ ਸਾਂ ਮੈਂ ਫਾਂਸੀ ਚੜ੍ਹਿਆ? ਕੀ ਸਤਲੁਜ ਕੰਢੇ ਇਸੇ ਲਈ, ਮੈਂ ਜਾ ਕੇ ਸੜਿਆ? ਕੀ ਇਸ ਲਈ ਵੈਰੀ ਨਾਲ ਮੈਂ ਹਿੱਕ ਡਾਹਕੇ ਲੜਿਆ? ਤੁਸਾਂ ਅੱਗੇ ਅੱਗੇ ਕਰ ਲਏ, ਕੁਲ ਮੋਟੇ ਮੋਟੇ। ਤੇ ਪੈਰਾਂ ਮੂਹਰੇ ਸੁਟ ਲਏ, ਕੁਲ ਛੋਟੇ ਛੋਟੇ । ਹੈ ਵੱਸੀ ਪ੍ਰੀਤ ਪੰਜਾਬ ਦੀ, ਮੇਰੇ ਪੋਟੇ ਪੋਟੇ । ਨਾ ਕਰਨਾ ਇਸ ਦੇ ਪਾਪੀਉ ਅੱਜ ਟੋਟੇ ਟੋਟੇ । ਫਿਰ ਜੱਲ੍ਹਿਆਂ ਵਾਲਾ ਬੋਲਿਆ, ਗੁੱਸੇ ਵਿੱਚ ਬਲਿਆ: ਸੀ ਮੇਰੇ ਇਕ ਇਕ ਲੂੰ ਨੂੰ ਜਿਸ ਗੋਰੇ ਸੱਲਿਆ। ਜਿਸ ਮੇਰੀ ਪੱਤ ਨੂੰ ਰੋਲਿਆ, ਪੈਰਾਂ ਵਿੱਚ ਦਲਿਆ । ਅਜੇ ਓਹਦੇ ਨਾਲ ਬਿਹਾਲੀਆਂ, ਦਿਲ ਰਤਾ ਨਾ ਹੱਲਿਆ? ਉਸ ਸਾਂਝੇ ਵੀਟੇ ਲਹੂ ਦੀ, ਲਜ ਪਾਲ ਵਿਖਾਲੋ । ਨਾ ਦਸਖ਼ਤ ਕਰ ਕੇ ਮੌਤ ਤੇ, ਮੇਰੀ ਗਿਲ ਗਾਲੋ। ਰੱਤ ਦੇ ਕੇ ਮੇਰੀ, ਕੁਰਸੀਆਂ, ਨਾ ਆਪ ਸੰਭਾਲੋ। ਨਾ ਮੇਰੇ ਦੇਸ਼ ਪੰਜਾਬ ਦੀ ਇੰਜ ਮਿੱਟੀ ਬਾਲੋ। ਫਿਰ ਬੋਲੇ ਬਜ ਬਜ ਘਾਟੀਏ ਤੇ ਗਦਰੀ ਸੂਰੇ । ਜਿਨ੍ਹਾਂ ਸਹਿ ਸਹਿ ਗੋਰੇ ਜ਼ੁਲਮ ਨੂੰ ਲੱਕ ਕਰ ਲਏ ਦੂਹਰੇ । ਲਹੂ ਅੰਦਰ ਭਿਜੀਆਂ ਦਾਹੜੀਆਂ, ਸਿਰ ਚਿੱਟੇ ਭੂਰੇ: ਤੁਸਾਂ ਲਿਆ ਲੁਕੋ ਅੰਗ੍ਰੇਜ਼ ਨੂੰ ਖ਼ੁਦ ਹੋ ਕੇ ਮੂਹਰੇ। ਸਾਡੇ ਜੁਸੇ ਤੇ ਹਰ ਡਾਂਗ ਪਈ, ਅਜ ਜਿਸ ਨੂੰ ਘੂਰੇ । ਨਾ ਮਾਰੋ ਸਾਡੇ ਮੂੰਹ ਤੇ ਹੁਣ ਏਦਾਂ ਹੂਰੇ । ਮੁੜ ਅਗੇ ਹੋ ਜਹਾਜ਼ੀਆਂ, ਇਉਂ ਬੋਲੀ ਬਾਣੀ: ਅਸਾਂ ਰੰਗਿਆ ਆਪਣੇ ਲਹੂ ਨਾਲ ਸਾਗਰ ਦਾ ਪਾਣੀ । ਪਰ ਸਾਡੀ ਵੀਟੀ ਰੱਤ ਨਾ ਅੱਜ ਵੇਚ ਕੇ ਖਾਣੀ । ਸਾਡੇ ਸੁਲਗੇ ਹੋਏ ਬਾਰੂਦ ਤੇ ਨਾ ਮਿਟੀ ਪਾਣੀ। ਜਦ ਲੰਘ ਗਏ ਕੁਲ ਸ਼ਹੀਦ ਉਹਨਾਂ ਦੇ ਮੂਹਰਿਓ ਆ ਕੇ । ਉਹਨਾਂ ਦੂਜੇ ਕੰਨ 'ਚੋਂ ਕੱਢਿਆ, ਇਕ ਕੰਨ 'ਚੋਂ ਪਾ ਕੇ । ਉਹਨਾਂ ਗੋਰੇ ਦੇ ਵਲ ਵੇਖਿਆ ਰਤਾ ਬੁਲ੍ਹ਼ ਮੁਸਕਾ ਕੇ । ਮੁੜ ਝੁਕੇ ਦਸਖ਼ਤਾਂ ਕਰਨ ਲਈ , ਕਲਮਾਂ ਨੂੰ ਚਾ ਕੇ । ਇਉਂ ਕਾਗਜ਼ ਉੱਤੇ ਦਸਖ਼ਤਾਂ ਲਈ ਕਲਮਾਂ ਟੁਰੀਆਂ। ਜਿਉਂ ਫਿਰੀਆਂ ਮੇਰੇ ਦੇਸ਼ ਦੇ, ਸੀਨੇ ਵਿਚ ਛੁਰੀਆਂ । ਤਾਂ ਢਹਿ ਗਈ ਛਤ ਇਨਸਾਫ਼ ਦੀ, ਤੇ ਨੀਹਾਂ ਖੁਰੀਆਂ। ਪੈ ਗਈਆਂ ਆ ਤਹਿਜ਼ੀਬ ਦੇ ਚਿਹਰੇ ਤੇ ਝੁਰੀਆਂ। ਜਦ ਲਿਖੀਆਂ ਸਾਡੇ ਲੀਡਰਾਂ, ‘ਖ਼ੂਨੀਂ’ ਤਹਿਰੀਰਾਂ। ਤਾਂ ਟੋਟੇ ਕੀਤੇ ਧਰਮ ਦੇ, ਫ਼ਿਰਕੂ ਸ਼ਮਸ਼ੀਰਾਂ। ਸਾਡੀ ਕੁਲ ਪੁਰਾਣੀ ਸਭਯਤਾ ਹੋਈ ਲੀਰਾਂ ਲੀਰਾਂ। ਇਉਂ ਵੰਡੀਆਂ ਗਈਆਂ ਸਾਡੀਆਂ ਥਾਂ ਥਾਂ ਤਕਦੀਰਾਂ। ਇਕ ਪਾਸੇ ਰਾਂਝੇ ਡੁਸਕਦੇ, ਇੱਕ ਪਾਸੇ ਹੀਰਾਂ। ਜਦ ਵੰਡੀਆਂ ਗੋਰੇ ਗੋਲੀਆਂ ਦੇ ਨਾਲ ਬੰਦੂਕਾਂ । ਤਾਂ ਉੱਠੀਆਂ ਮੇਰੇ ਦੇਸ਼ ਦੇ ਸੀਨੇ 'ਚੋਂ ਹੂਕਾਂ। ਉਸ ਲਾ ਕੇ ਆਪੇ ਮਾਰੀਆਂ, ਬਲਦੀ ਨੂੰ ਫੂਕਾਂ। ਆ ਸਧਰਾਂ ਦੇ ਸਾਹ ਘੁਟ ਲਏ, ਵੈਣਾਂ ਤੇ ਕੂਕਾਂ । ਇਉਂ ਰੋ ਰੋ ਭੁੱਬਾਂ ਮਾਰੀਆਂ, ਰਲ ਪੰਜ ਦਰਿਆਵਾਂ । ਹਾਏ ਕਿਸ ਚੰਦਰੇ ਨੇ ਤੋੜੀਆਂ, ਅਜ ਸਾਡੀਆਂ ਬਾਹਵਾਂ। ਕਿਨ ਸੇਹ ਦਾ ਤਕਲਾ ਗੱਡਿਆ, ਅਜ ਵਿਚ ਭਰਾਵਾਂ। ਕਿਸ ਵੈਰੀ ਕੋਲੇ ਵੇਚੀਆਂ, ਅਜ ਸਾਡੀਆਂ ਛਾਵਾਂ। ਸਾਡੇ ਅੰਦਰੋਂ ਬਲ ਬਲ ਉੱਠੀਆਂ, ਅੱਜ ਠੰਡੀਆਂ ਆਹਵਾਂ। ਛੱਡ ਆਏ ਫ਼ਸਲਾਂ ਪੱਕੀਆਂ ਧਰਤੀ ਦੇ ਜਾਏ। ਰਹੇ ਸਿੱਟੇ ਪੱਲੇ ਪਕੜਦੇ, ਪਰ ਕੌਣ ਮਨਾਏ । ਪਰ ਦਾਣਿਆਂ ਜੇਡੇ ਅੱਥਰੂ, ਨੈਣਾਂ ਵਿਚ ਆਏ । ਲੈ ਟੁਰ ਪਏ ਖ਼ਾਲੀ ਕੰਨੀਆਂ, ਇਉਂ ਭਰੇ ਭਰਾਏ । ਪਰ ਅੱਜ ਉਸ ਵਗੀ ਰੱਤ 'ਚੋਂ ਕਈ ਲਾਟਾਂ ਬਲੀਆਂ । ਅੰਗ ਟੁਟੇ ਮੌਲਣ ਲਗ ਪਏ, ਮੁੜ ਬਾਹਵਾਂ ਹਲੀਆਂ। ਸਿਰ ਉੱਤੇ ਕੁਲ ਮੁਸੀਬਤਾਂ, ਲੋਕਾਂ ਨੇ ਝੱਲੀਆਂ । ਹੁਣ ਧੋਖੇ ਭਰੀ ਆਜ਼ਾਦੀਓਂ, ਲੀਰਾਂ ਲਹਿ ਚਲੀਆਂ। ਲਗ ਗਈਆਂ ਅੱਜ ਕਿਸਾਨ ਦੀ ਦਾਤੀ ਨੂੰ ਬਲੀਆਂ। ਅਜ ਉੱਠੇ ਪੈਰ ਮਾਨੁਖ ਦੇ, ਨਾ ਲਗਣ ਤਲੀਆਂ। ਮੁੜ ਜਾਗ ਕੇ ਨੀਂਦੇ ਸੁਪਨਿਆਂ ਨੇ ਅੱਖਾਂ ਮਲੀਆਂ। ਅੱਜ ਲੋਕਾਂ ਦੇ ਹੱਥ ਹੋਣੀਆਂ, ਜੋ ਕਦੇ ਨਾ ਟਲੀਆਂ । (1950)

ਭਗਤ ਸਿੰਘ ਦੀ ਵਾਰ

ਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ। ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ। ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ । ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ। ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ । ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ, ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ । ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ। ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ ਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ। ਉਸ ਕਿਹਾ ਕੰਗਾਲੀ ਦੇਸ਼ ਦੀ ਅਸਾਂ ਜੜ੍ਹੋਂ ਮੁਕਾਣੀ। ਸੁਣ ਉਹਦੀਆਂ ਬੜ੍ਹਕਾਂ ਕੰਬ ਗਈ, ਲਹੂ ਪੀਣੀ ਢਾਣੀ। ਉਹਨਾਂ ਇਹਦਾ ਦਾਰੂ ਸੋਚ ਕੇ, ਇਕ ਮੌਤ ਪਛਾਣੀ। ਉਹਦੀ ਵੇਖ ਜਵਾਨੀ ਦਘ ਰਹੀ, ਫਾਂਸੀ ਕੁਮਲਾਣੀ। ਉਦੋਂ ਰੋ ਰੋ ਖਾਰੇ ਹੋ ਗਏ, ਸਤਲੁਜ ਦੇ ਪਾਣੀ। ਉਸ ਸੀਨੇ ਦੇ ਵਿਚ ਘੁੱਟ ਲਏ, ਚਾ ਭਰੇ ਹੁਲਾਰੇ। ਨਾ ਵਾਗਾਂ ਭੈਣਾਂ ਗੁੰਦੀਆਂ, ਨਾ ਜੌਂ ਹੀ ਚਾਰੇ। ਲਾ ਕ ਨਾ ਗਾਨਾ ਕਿਸੇ ਨੇ ਬੰਨ੍ਹਿਆ, ਨਾ ਚੜ੍ਹਿਆ ਖਾਰੇ। ਨਾ ਸਗਣਾਂ ਵਾਲੀਆਂ ਮਹਿੰਦੀਆਂ, ਕੋਈ ਹੱਥ ਸ਼ਿੰਗਾਰੇ । ਨਾ ਡੋਲੀ ਉੱਤੇ ਮਾਂ ਨੇ, ਉੱਠ ਪਾਣੀ ਵਾਰੇ । ਜਦੋਂ ਡੁਬਿਆ ਚੰਨ ਪੰਜਾਬ ਦਾ, ਡੁਬ ਗਏ ਸਿਤਾਰੇ। ਜਦ ਫਾਂਸੀ ਚੁੰਮੀ ਸ਼ੇਰ ਨੇ, ਉਹਦੇ ਬੁੱਲ ਮੁਸਕਾਏ । ਉਹਦੇ ਸੀਨੇ ਵਿਚੋਂ ਉਠ ਪਏ, ਅਰਮਾਨ ਦਬਾਏ । ਉਹ ਚੁੱਪ ਚੁਪੀਤੇ ਉਹਦਿਆਂ ਬੁੱਲ੍ਹਾਂ ਤੇ ਆਏ: “ਸ਼ਾਲਾ ਮੇਰੀ ਨੀਦਰ ਦੇਸ਼ ਨੂੰ ਹੁਣ ਜਾਗ ਲਿਆਏ । ਨਾ ਮੇਰੇ ਪੰਜ ਦਰਿਆ ਨੂੰ ਕੋਈ ਵੈਣ ਸੁਣਾਵੇ । ਨਾ ਪੈਲੀਆਂ ਵਿਚ ਥਾਂ ਦਾਣਿਆਂ, ਕੋਈ ਭੁੱਖ ਉਗਾਏ । ਨਾ ਵੇਖਣ ਹੱਲਾਂ ਰੋਂਦੀਆਂ, ਧਰਤੀ ਦੇ ਜਾਏ ।” ਉਸ ਕਿਹਾ, "ਹੇ ਰੋਂਦੇ ਤਾਰਿਓ, ਤੁਸੀਂ ਦਿਓ ਗਵਾਹੀ। ਮੈਂ ਹਸਦੇ ਹਸਦੇ ਮੌਤ ਨੂੰ ਹੈ ਜੱਫੀ ਪਾਈ। ਮੈਂ ਜੁਲਮ ਜਬਰ ਦੇ ਸਾਹਮਣੇ, ਨਹੀਂ ਧੌਣ ਨਿਵਾਈ। ਮੈਂ ਆਖ਼ਰੀ ਟੇਪਾ ਖੂਨ ਦਾ ਪਾ ਸ਼ਮ੍ਹਾਂ ਜਗਾਈ। ਮੇਰੇ ਸਿਰ ਤੇ ਸਿਹਰੇ ਦੀ ਜਗ੍ਹਾ ਫਾਂਸੀ ਲਹਿਰਾਈ। ਮੈਂ ਮਾਂ ਦੇ ਪੀਤੇ ਦੁਧ ਨੂੰ ਨਹੀਂ ਲੀਕ ਲਗਾਈ।” “ਮੇਰੀ ਸੁਖਾਂ ਲਧੜੀ ਮਾਂ ਵੀ ਨਾ ਹੰਝੂ ਕੇਰੇ । ਨਾ ਡੋਲਣ ਮੇਰੇ ਪਿਓ ਦੇ ਫੌਲਾਦੀ ਜੇਰੇ। ਅਜੇ ਮੇਰੇ ਜਿਹੇ ਪੰਜਾਬ ਦੇ ਨੇ ਪੁੱਤ ਬਥੇਰੇ। ਜੋ ਚੁਕਣਗੇ ਇਸ ਦੇਸ਼ ਚੋਂ ਦੁਖਾਂ ਦੇ ਡੇਰੇ । ਕੀ ਹੋਇਆ ਮੈਨੂੰ ਨਿਗਲਿਆ, ਅੱਜ ਘੋਰ ਹਨੇਰੇ । ਪਰ ਇਸ ਦੀ ਕੁੱਖ ਚੋਂ ਜੰਮਣੇ ਨੇ ਸੁਰਖ਼ ਸਵੇਰੇ ।” ਸਤਲੁਜ ਕੰਢੇ ਆਣ ਕੇ ਜਦ ਬਲੀਆਂ ਅੱਗਾਂ, ਵਧ ਕੇ ਗਰਮੀ ਘੁੱਟ ਲਈਆਂ ਸਤਲੁਜ ਦੀਆਂ ਰੱਗਾਂ । ਉਹਦੇ ਮੂੰਹ ਚੋਂ ਵਗ ਕੇ ਆ ਗਈਆਂ ਛਾਤੀ ਤੇ ਝੱਗਾਂ। ਉਦੋਂ ਲਹਿ ਕੇ ਗਲ ਵਿਚ ਪੈ ਗਈਆਂ ਪੰਜਾਬੀ ਪੱਗਾਂ । (1952)

ਹੈਰਾਨੀ ਦੂਰ ਹੋਈ ਹੈ

ਬੜਾ ਚਿਰ ਸੋਚਿਆ ਕੱਲ੍ਹ ਤਕ ਕਿਸੇ ਸਿੱਟੇ ਤੇ ਨਾ ਪੁਜਿਆ ਕਿ ਕੀਕੂੰ ਇਕ ਲਹੂ ਤੇ ਮਾਸ ਦਾ ਮੇਰੇ ਜਿਹਾ ਬੰਦਾ ਜਬਰ ਦੇ ਤੇਜ਼ ਆਰੇ ਹੇਠ ਅਪਣਾ ਤਨ ਚਿਰਾਂਦਾ ਹੈ ਉਹਦੀ ਹਿੰਮਤ ਕਿਉਂ ਨਹੀਂ ਡੋਲਦੀ, ਕਿਉਂ ਦਰਦ ਨਹੀਂ ਹੁੰਦਾ ਉਹਦਾ ਮੁਖੜਾ ਦੋ ਹਿੱਸਿਆਂ ਵਿਚ ਪਿਆ ਵੀ ਮੁਸਕਰਾਂਦਾ ਏ । ਕਿਵੇਂ ਫੁੱਲਾਂ ਜਿਹੇ ਦੋ ਬਾਲ ਨੀਹਾਂ ਵਿਚ ਚਿਣੀਂਦੇ ਵੀ ਖਲੋਤੇ ਜਾਬਰਾਂ ਦੇ ਸਾਹਮਣੇ ਖਿੜ ਖਿੜ ਕੇ ਹਸਦੇ ਨੇ ਕਿਵੇਂ ਪੁੱਤਰ ਪਿਉ ਨੂੰ ਟੋਰ ਦੇਂਦਾ ਹੈ ਸ਼ਹੀਦੀ ਲਈ ਕਿਵੇਂ ਪਿਉ ਆਪਣੇ ਬਚਿਆਂ ਨੂੰ ਮਰਨ ਦੀ ਜਾਚ ਦਸਦਾ ਏ । ਕਿਵੇਂ ਬੰਦ ਬੰਦ ਕਟਾ ਕੇ ਵੀ ਕਿਸੇ ਨੇ ਸੀ ਨਹੀਂ ਕੀਤੀ ਕਿਵੇਂ ਚੜ੍ਹ ਕੇ ਚਰਖੜੀ ਤੇ ਕੋਈ ਅਪਣਾ ਪਾਠ ਨਹੀਂ ਭੁਲਿਆ ਕਿਵੇਂ ਮਾਵਾਂ ਪਰੋ ਕੇ ਆਂਦਰਾ ਵਿਚ ਫੁੱਲ ਬਚਿਆਂ ਦੇ ਗਲਾਂ ਵਿਚ ਹਾਰ ਪਾਏ ਫਿਰ ਵੀ ਇਕ ਹੰਝ ਨਹੀਂ ਡੁਲ੍ਹਿਆ । ਉਹ ਕਿਹੜੀ ਲਗਨ ਸੀ ਜਿਸ ਵਿਚ ਸਾਧਾਰਨ ਬੰਦਿਆਂ ਜਾ ਕੇ ਕਿਵੇਂ ਬੀ.ਟੀ ਦੀਆਂ ਡਾਂਗਾਂ ਤੋਂ ਆਪਣੇ ਹੱਡ ਤੁੜਾਏ ਸਨ ਉਹ ਕਿਹੜਾ ਨਸ਼ਾ ਸੀ ਜਿਸ ਵਿਚ ਭਗਤ ਸਿੰਘ ਚੜ੍ਹ ਗਿਆ ਫਾਸੀ ਖਲੋ ਕੇ ਜਿਸਨੇ ਤਖ਼ਤੇ ਤੇ ਵਤਨ ਦੇ ਗੀਤ ਗਾਏ ਸਨ। ਕਿਵੇਂ ਹੁਣ ਵੀ ਜ਼ੁਲਮ ਤੇ ਜਬਰ ਸਾਹਵੇਂ ਨਿਤ ਖੜੀ ਹੋ ਕੇ ਲੁਕਾਈ ਤੰਨ ਤੇ ਖਾ ਕੇ ਲਾਠੀਆਂ ਖਿੜ ਖਿੜ ਕੇ ਹਸਦੀ ਏ ਕੋਈ ਮਾਈ ਬਸੰਤੀ ਚੰਦ ਕੌਰਾਂ ਅੱਜ ਵੀ ਖੇਤੀ ਜਿਸਮ ਤੇ ਗੋਲੀਆਂ ਖਾ ਕੇ ਮਰਨ ਦੀ ਜਾਚ ਦਸਦੀ ਏ । ਬੜਾ ਚਿਰ ਸੋਚਿਆ ਕੱਲ੍ਹ ਤਕ, ਕਿਸੇ ਸਿੱਟੇ ਤੇ ਨਾ ਪੁਜਿਆ । ਮਗਰ ਅੱਜ ਮਿਟ ਗਏ ਸ਼ੰਕੇ ਹੈਰਾਨੀ ਦੂਰ ਹੋਈ ਏ ਜਦੋਂ ਅਜ ਨਜ਼ਰ ਮੇਰੀ ਨੇ ਨਜ਼ਾਰਾ ਅਜਬ ਡਿੱਠਾ ਏ ਕੋਈ ਸੂਰਤ ਨੂਰਾਨੀ ਖੌਲਦੇ ਪਾਣੀ 'ਚ ਬੈਠੀ ਏ ਮਗਰ ਚਿਹਰੇ ਤੇ ਹਾਸਾ ਹੈ, ਤੇ ਭਾਣਾ ਰੱਬ ਦਾ ਮਿੱਠਾ । ਉਹੋ ਸੂਰਤ ਮੈਂ ਅੱਗ ਦੇ ਵਾਂਗ ਹੀ ਲੋਹ ਤੇ ਵੀ ਵੇਖੀ ਅੰਗਾਰੇ ਰੇਤ ਬਲਦੀ ਦੇ, ਉਹਦੇ ਜੁਸੇ ਤੇ ਢਹਿੰਦੇ ਨੇ ਉਹ ਉਸ ਮਾਲੀ ਦੇ ਵਾਂਗ ਛਾਲਿਆਂ ਨੂੰ ਤੱਕ ਕੇ ਹਸਦਾ ਏ ਜਿਦ੍ਹੇ ਲਾਏ ਹੋਏ ਬੂਟੇ ਨੂੰ ਆਖ਼ਰ ਫੁਲ ਪੈਂਦੇ ਨੇ । ਮੈਂ ਉਸਦੇ ਹਸਦਿਆਂ ਨੈਣਾਂ 'ਚੋਂ ਆਖ਼ਰ ਰਾਜ਼ ਇਹ ਪੜ੍ਹਿਆ: ਅਣਖ ਲਈ ਜਾਨ ਦੇ ਕੇ ਆਦਮੀ ਜ਼ਿੰਦਗੀ ਨੂੰ ਪਾਉਂਦਾ ਏ ਇਸੇ ਲਈ ਜ਼ੁਲਮ ਦੀ ਅਗਨੀ ਦੇ ਅੰਦਰ ਬੈਠ ਕੇ ਕੋਈ ਜਬਰ ਦੀ ਅਕਲ ਉੱਤੇ ਫੁਲ ਵਾਂਗਰ ਮੁਸਕਰਾਉਂਦਾ ਹੈ । ਕੋਈ ਵੀ ਤੇਗ ਫਾਂਸੀ ਉਬਲਦੀ ਹੋਈ ਦੇਗ, ਲੋਹ ਤਪਦੀ ਮਨੁੱਖ ਨੂੰ ਆਪਣੇ ਜੀਵਨ ਲਕਸ਼ ਤੋਂ ਹੋੜ ਨਹੀਂ ਸਕਦੀ ਕੋਈ ਆਰਾ ਕਿਸੇ ਦੇ ਜਿਸਮ ਨੂੰ ਤਾਂ ਚੀਰ ਸਕਦਾ ਹੈ ਮਗਰ ਰੂਹ ਦੀ ਅਣਖ ਨੂੰ ਕੋਈ ਹਕੂਮਤ ਤੋੜ ਨਹੀਂ ਸਕਦੀ। (1952)

ਨਾਨਕ ਦੇ ਇਕ ਸ਼ਰਧਾਲੂ ਨੂੰ

ਉਏ ਵੀਰਾ ਇਹ ਕੀ ਕਹਿੰਦਾ ਏਂ, ਨਾਨਕ ਅਜ ਏਥੇ ਆਵੇਗਾ ਤੇਰੇ ਇਹਨਾਂ ਉੱਚਿਆਂ ਮਹਿਲਾਂ ਤੇ ਉਹ ਆ ਕੇ ਫੇਰਾ ਪਾਵੇਗਾ ਤੂੰ ਭੁਲਦਾ ਏ, ਤੈਨੂੰ ਪਤਾ ਨਹੀਂ ਉਹ ਰੋਜ਼ ਹੀ ਏਥੇ ਆਉਂਦਾ ਸੀ ਤੇਰੀ ਜਗਮਗ ਕਰਦੀ ਕੋਠੀ ਦੇ ਬੂਹੇ ਨੂੰ ਉਹ ਆ ਕੇ ਨਿਤ ਖੜਕਾਉਂਦਾ ਸੀ: ਸਿਆਲੇ ਦੀ ਰਾਤ ਹਨੇਰੀ ਵਿਚ, ਜਦ ਪਾਣੀ ਜੰਮਦਾ ਜਾਂਦਾ ਸੀ ਤੇ ਇੰਦਰ ਦਿਉਤਾ ਅਰਸ਼ਾਂ ਤੋਂ ਕਹਿਰਾਂ ਦਾ ਮੀਂਹ ਵਰਸਾਂਦਾ ਸੀ ਕੱਕਰਾਂ ਦੇ ਮਾਰੇ ਕੰਬਦੇ ਨੇ, ਉਸ ਬੂਹਾ ਆ ਖੜਕਾਇਆ ਸੀ ਤੂੰ ਜਾਤਾ ਵਾ ਦਾ ਬੁਲ੍ਹਾ ਏ, ਤੇ ਬੂਹਾ ਮੂਲ ਨਾ ਲਾਹਿਆ ਸੀ। ਅਜ ਉਸ ਲਈ ਫੇਰ ਉਚੇਚ ਹੈ ਕਿਉਂ, ਕਿਉਂ ਉਸ ਲਈ ਨਰਮ ਵਿਛਾਈ ਏ? ਜਿਸ ਤੇਰੇ ਬੂਹੇ ਠੁਰ ਠੁਰ ਕੇ ਸਾਰੀ ਰਾਤ ਲੰਘਾਈ ਏ । ਮੰਨਿਆ ਅੱਜ ਉਸ ਦੀ ਖ਼ਾਤਰ ਤੂੰ ਇਹ ਲੰਗਰ ਖ਼ੂਬ ਚਲਾਇਆ ਏ ਉਹ ਖਾਣਾ ਕਿਹੜਾ ਏ ਦੁਨੀਆਂ ਤੇ, ਜਿਹੜਾ ਤੂੰ ਨਹੀਂ ਬਣਾਇਆ ਏ । ਕਾਰਾਂ ਤੇ ਟਾਂਗੇ ਆਏ ਨੇ, ਤੇਰੇ ਘਰ ਅਜ ਅਮੀਰਾਂ ਦੇ ਬਸ ਇਕੇ ਉਹਦੀ ਖ਼ਾਤਰ ਈ, ਤੂੰ ਬੰਦੇ ਕਈ ਦੌੜਾਏ ਨੇ ਜਿਹੜੇ ਕਿ ਖ਼ਾਲੀ ਹੱਥ ਮੁੜੇ ਇਹ ਉੱਤਰ ਲੈ ਕੇ ਆਏ ਨੇ। ਉਸ ਗਾਰਾ ਢੋਂਦੇ ਕਿਹਾ ਏ, ਤੇਰੇ ਘਰ ਕੀਕਣ ਆਵਾਂ ਮੈਂ? ਇਕ ਸਾਲ ਦਾ ਕੱਠਾ ਭੋਜਨ ਦੱਸ ਇੱਕੋ ਦਿਨ ਕੀਕਣ ਖਾਵਾਂ ਮੈਂ? ਮੇਰੇ ਤਨ ਦੀਆਂ ਪਾਟੀਆਂ ਲੀਰਾਂ ਚੋਂ ਪਿਆ ਚਿੱਕੜ ਚੋਂਦਾ ਢਹਿੰਦਾ ਏ ਕਦੇ ਕੋਈ ਮਜ਼ਦੂਰ ਗਲੀਚੇ ਤੇ ਜਾ ਕੇ ਵੀ ਸਿੱਖਾ ਬਹਿੰਦਾ ਏ ! ਹਾਂ ਫਰਜ਼ ਕਰੋ ਜੇ ਘਰ ਤੇਰੇ , ਮਿਹਰਾਂ ਦਾ ਸਾਂਈ ਆ ਜਾਵੇ ਸਚਿਆਂ ਦਾ ਆਸ਼ਕ ਭੁਲਕੇ ਜੇ, ਤੇਰੇ ਬੂਹੇ ਅਲਖ ਜਗਾ ਜਾਵੇ । ਕਿਹੜੀ ਹੈ ਵਸਤੂ ਜਿਹੜੀ ਤੂੰ ਉਸ ਅਗੇ ਭੇਂਟ ਚੜਾਵੇਂਗਾ? ਇਹ ਸੱਖਣੀਆਂ ਅੱਖਾਂ, ਖੋਖਲਾ ਦਿਲ ਉਸ ਅੱਗੇ ਜਾ ਟਿਕਾਵੇਂਗਾ ! ਜਿਸ ਦਿਲ ਦੇ ਆਖੇ ਲਗ ਕੇ ਤੂੰ ਕਈਆਂ ਦੇ ਆਹੂ ਲਾਹੇ ਨੇ ਕਈਆਂ ਦੇ ਦੀਵੇ ਗੱਲ ਕਰ ਕੇ, ਆਪਣੇ ਘਰ ਬਲਬ ਜਗਾਏ ਨੇ। ਤੇਰੇ ਇਸ ਤਾਣੇ ਬਾਣੇ ਤੋਂ, ਉਸ ਉੱਕਾ ਧੋਖਾ ਖਾਣਾ ਨਹੀਂ ਤੂੰ ਉਸ ਨੂੰ ਨਹੀਂ ਭੁਚਲਾ ਸਕਦਾ, ਉਹ ਤੇਰੇ ਭਾ ਦਾ ਨਿਆਣਾ ਨਹੀਂ । ਉਹ ਆਵੇਗਾ ਉਹ ਆਵੇਗਾ, ਉਹ ਪਿਆਰ ਦਾ ਭੁਖਾ ਆਵੇਗਾ ਭਾਗੋ ਦੇ ਪੂੜੇ ਛਡ ਕੇ ਉਹ, ਲਾਲੋ ਦਾ ਕੋਧਰਾ ਖਾਵੇਗਾ। (1952)

ਤਾਂਘਦੇ ਨੈਣਾਂ ਦੀ ਧਰਤੀ ਨੂੰ ਨਿਵਾਜੋ ਸਾਥੀਉ

(ਜਿਹਲਾਂ 'ਚੋਂ ਅਤੇ ਗੁਪਤਵਾਸ ਤੋਂ ਬਾਹਰ ਆਏ ਕਮਿਊਨਿਸਟ ਲੀਡਰਾਂ ਦੇ ਸੁਆਗਤ ਵਿਚ) ਹੇ ਪੰਜਾਬੀ ਹੀਰਿਓ, ਹਿੰਦੀ ਗਗਨ ਦੇ ਤਾਰਿਓ, ਹੇ ਬਗਾਵਤ ਉਗਲਦੇ, ਦੁਸ਼ਮਣ ਲਈ ਅੰਗਾਰਿਓ। ਹੇ ਖੁਸ਼ਹਾਲੀ ਵੰਡਦੀ ਦਾਤੀ ਦੇ ਦਿਲ ਦੀ ਧੜਕਣੋਂ, ਡੌਲਿਆਂ ਚੋਂ ਉਬਲ ਰਹੀਆਂ, ਇਨਕਲਾਬੀ ਫੜਕਣੋਂ । ਲਹਿ ਲਹਾਂਦੇ ਸਿਟਿਆਂ ਵਿਚ ਮੁਸਕਰਾਂਦੇ ਦਾਣਿਉਂ, ਕਾਰਖ਼ਾਨੇ ਦੀ ਫਜ਼ਾ ਵਿਚ ਗੁਣ ਗੁਣਾਂਦੇ ਗਾਣਿਉਂ। ਆਉ ਸਾਡੇ ਦਿਲ ਦੀ ਕੁੱਲੀ ਵਿਚ ਬਿਰਾਜੋ ਸਾਥੀਉ, ਤਾਂਘਦੇ ਨੈਣਾਂ ਦੀ ਧਰਤੀ ਨੂੰ ਨਿਵਾਜੋ ਸਾਥੀਉ । ਭੁੱਖ ਹੜਤਾਲਾਂ ਨੂੰ ਖਾ ਖਾ ਪੇਟ ਭਰ ਕੇ ਆਏ ਹੋ, ਲਾਠੀਆਂ ਦੀਆਂ ਭਾਰੀ ਭਰੀਆਂ ਪਿੱਠੀਂ ਧਰ ਕੇ ਆਏ ਹੋ । ਦਿਨ ਦਿਹਾੜੇ ਪੁਲਸ ਨੂੰ ਤਾਰੇ ਵਿਖਾ ਕੇ ਆਏ ਹੋ, ਹਰ ਕਦਮ ਹਰ ਮੋੜ ਤੇ ਬੁੱਧੂ ਬਣਾ ਕੇ ਆਏ ਹੋ। ਸ਼ਹਿਨਸ਼ਾਹ ਨਹਿਰੂ ਦੀ ਮਹਿਬੂਬਾ ਪੁਲਸ ਹੈ ਸੋਚਦੀ, ਕਿਥੋਂ ਟਪਕੇ ਹੋ ਵਿਚਾਰੀ ਜਾਣਨਾ ਹੈ ਲੋਚਦੀ? ਤੁੱਰ੍ਹਾ ਥਾਣੇਦਾਰ ਦਾ ਵੀ ਲਿਫ ਕੇ ਹੇਠਾਂ ਬਹਿ ਗਿਆ, ਤੱਕ ਤੁਹਾਨੂੰ ਉਹਦੀਆਂ ਮੁੱਛਾਂ ਦਾ ਮਾਵਾ ਲਹਿ ਗਿਆ। ਲਟਕਦੇ ਪਸਤੌਲ ਦੀ ਨਾਲੀ ਨੂੰ ਆਈਆਂ ਤਰੇਲੀਆਂ, ਨਾਲ ਉਹਦੇ ਕਿਸੇ ਵੀ ਮੁਲਜ਼ਮ ਨਾ ਅੱਖਾਂ ਮੇਲੀਆਂ। ਪਰ ਇਨ੍ਹਾਂ ਨੂੰ ਕੀ ਪਤਾ, ਖ਼ਿਆਲਾਂ ਨੂੰ ਕੀਹਨੇ ਜਕੜਿਆ, ਮਹਿਕ ਦੇ ਫੁੱਲਾਂ ਦੀ ਖੁਸ਼ਬੂ ਨੂੰ ਹੈ ਕਿਸ ਨੇ ਪਕੜਿਆ । ਤੁਸੀਂ ਰਹੇ ਹੋ ਧੜਕਦੇ ਲੋਕਾਂ ਦੀ ਹਰ ਧੜਕਣ ਦੇ ਨਾਲ, ਪੈਦਾ ਕਦੇ ਹੁੰਦਾ ਨਹੀਂ ਸਾਹਾਂ ਨੂੰ ਸੰਗਲ ਦਾ ਸਵਾਲ। ਜਿਹਲਾਂ ਅੰਦਰ ਬਿਜਲੀਆਂ ਨੂੰ ਕੈਦ ਰੱਖਣਾ ਨਹੀਂ ਅਸਾਨ। ਚਾਰ ਦੀਵਾਰੀ ਦੇ ਅੰਦਰ ਬੰਦ ਰਹਿਣਾ ਨਹੀਂ ਤੂਫ਼ਾਨ। ਲੋਕਾਂ ਦੀਆਂ ਮੰਗਾਂ ਉਮੰਗਾਂ ਵਿਚ ਤੁਸੀਂ ਵਸਦੇ ਰਹੇ, ਲੋਕ ਘੋਲਾਂ ਦੀਆਂ ਤਲੀਆਂ ਤੁਸੀਂ ਝਸਦੇ ਰਹੇ । ਮਿਟ ਗਏ ਜਿਹੜੇ ਵੀ ਜਨਤਾ ਨੂੰ ਮਿਟਾਵਣ ਲਈ ਉਠੇ, ਸੜ ਗਏ ਖ਼ੁਦ ਆਪ ਜਿਹੜੇ ਅੱਗ ਲਾਵਣ ਲਈ ਉਠੇ। ਕਹਿ ਦਿਉ ਪੰਡਤ ਨੂੰ ਹੁਣ ਓਹ ਠੱਪ ਦਏ ਆਪਣੀ ਕਿਤਾਬ, ਫੁਟ ਰਿਹਾ ਹੈ ਸੀਨੇ ਸੀਨੇ 'ਚੋਂ ਰੰਗੀਲਾ ਇਨਕਲਾਬ। (1952)

ਸਤਾਲਿਨ : ਚੰਨ ਇਕੋ ਸੀ

ਚੰਨ ਇਕੋ ਸੀ ਕਿ ਜਿਹੜਾ ਰਾਤ ਕਾਲੀ ਨਿਗਲਿਆ, ਤਾਰੇ ਲਖਾਂ ਨੇ ਕਿ ਜਿਹੜੇ, ਕੁਝ ਕੁ ਚਿਰ ਪਥਰਾ ਗਏ। ਫੁੱਲ ਇਕੋ ਸੀ ਕਿ ਜਿਸ ਨੂੰ ਹੈ ਖਿਜ਼ਾਂ ਨੇ ਝੁਲਸਿਆ, ਭੌਰੇ ਲੱਖਾਂ ਨੇ ਕਿ ਜਿਹੜੇ, ਇਕ ਘੜੀ ਕੁਮਲਾ ਗਏ । ਰਾਤ ਦੇ ਮੋਢੇ ਨੂੰ ਫੜ ਕੇ ਮੌਤ ਆਈ ਸਹਿਮਦੀ ਕੰਬਦਿਆਂ ਹੱਥਾਂ 'ਚ ਉਸਨੇ ਘੁੱਟ ਲਿਆ ਚੰਨ ਨੂੰ ਅਡੋਲ ਸਿਰ ਪਕੜ ਕੇ ਬਹਿ ਗਈ ਉਹ ਵੇਖ ਕੇ ਆਪਣਾ ਸ਼ਿਕਾਰ ਬੁੱਲ੍ਹ ਡੁਸਕੇ, ਪੈਰ ਥਿੜਕੇ ਹੋਸ਼ ਵੀ ਚਕਰਾ ਗਏ । ਕੁਝ ਚਿਰ ਉਡਦੇ ਸਮੇਂ ਦੇ ਪੈਰ ਬੋਝਲ ਹੋ ਗਏ ਉਹਦੀਆਂ ਨਜ਼ਰਾਂ ਦੇ ਮੂਹਰੇ ਰਾਹ ਕਾਲਾ ਪੈ ਗਿਆ ਛਿਣ ਕੁ ਉਹ ਰੁਕਿਆ ਤੇ ਮੁੜ ਕੇ ਉਸ ਪਿਛਾਂਹ ਨੂੰ ਵੇਖਿਆ ਓਹਦੀਆਂ ਪਥਰੀਲੀਆਂ ਅੱਖਾਂ 'ਚ ਹੰਝੂ ਆ ਗਏ। ਵਧ ਰਹੀ ਜ਼ਿੰਦਗੀ ਦੇ ਕਦਮਾਂ ਨੂੰ ਝਟਕਾ ਲੱਗਿਆ ਉਸਦੇ ਸਿਰ ਤੋਂ ਲਹਿ ਗਿਆ ਸੂਹਾ ਦੁਪੱਟਾ ਤਿਲਕ ਕੇ ਉਹਦੀਆਂ ਵੰਗਾਂ ਦੇ ਗੀਤਾਂ ਚੋਂ ਵੀ ਹਉਕੇ ਵਹਿ ਤੁਰੇ ਉਸ ਦੇ ਵੀ ਬਾਗ਼ੀ ਇਰਾਦੇ, ਕੁਝ ਕੁ ਝੋਲਾ ਖਾ ਗਏ । ਇਕ ਘੜੀ ਮਜ਼ਦੂਰ ਦਾ ਉਠਿਆ ਹਥੌੜਾ ਰੁਕ ਗਿਆ ਕੁਝ ਸਮਾਂ ਦਾਤੀ ਦੇ ਦੰਦਿਆਂ ਨੇ ਵੀ ਧੌਣਾਂ ਸੁੱਟੀਆਂ ਕੁਝ ਕੁ ਚਿਰ ਲਈ ਜਮ ਗਿਆ ਮਨੁੱਖ ਦੀਆਂ ਨਾੜਾਂ 'ਚ ਲਹੂ ਆਸ ਦੀ ਗੋਦੀ 'ਚ ਸੁਪਨੇ ਸਹਿਮ ਗਏ, ਘਬਰਾ ਗਏ । ਅਜ ਕਰੋੜਾਂ ਨੀਲੀਆਂ ਝੀਲਾਂ ਨੇ ਤਾਰੇ ਉਗਲ ਕੇ ਚੰਨ ਦੀਆਂ ਪੈੜਾਂ ਤੇ ਢੇਰੀ ਕਰ ਦਿੱਤੇ ਦੁੱਧ ਚੁੰਘਦੇ ਬੱਚਿਆਂ ਦੇ ਮੂੰਹੋਂ ਛੁੱਟੀਆਂ ਛਾਤੀਆਂ ਮਾਵਾਂ ਦੀਆਂ ਰੀਝਾਂ ਦੇ ਸਿਰ ਤੇ ਆ ਕੇ ਬਦਲ ਛਾ ਗਏ । ਚੰਨ ਚਾਨਣ ਵਿਚ ਮਲਾਇਆ ਦੀ ਕਿਸੇ ਮੁਟਿਆਰ ਨੇ ਸਿੱਧੀ ਕੀਤੀ ਸੀ ਅਜੇ ਰਾਈਫ਼ਲ ਕਿਸੇ ਅੰਗ੍ਰੇਜ਼ ਵਲ ਰੁਕ ਗਈ ਘੋੜੇ ਨੂੰ ਦਬਦੀ ਉੱਗਲ ਉਹਦੀ ਚਾਣਚੱਕ ਚੰਨ ਦੇ ਡੁਬਦੇ ਹੀ ਨ੍ਹੇਰੇ ਉਸ ਨੂੰ ਡੋਬੂ ਪਾ ਗਏ। ਕੋਰੀਆ ਦੇ ਸੜ ਚੁਕੇ ਪਿੰਡਾਂ ਦੇ ਖੇਤਾਂ ਦੇ ਦਿਲੋਂ ਹੂਕ ਉਠੀ ਏ ਕਿ ਹੁਣ ਕਿਹੜਾ ਲਿਆਵੇਗਾ ਬਹਾਰ? ਕੌਮੀ ਆਜ਼ਾਦੀ ਦੇ ਝੰਡੇ ਪੀਡੀਆਂ ਮੁਠਾਂ ਦੇ ਵਿਚੋਂ ਇਕ ਘੜੀ ਲਈ ਝੁਕੇ ਤੇ ਉਠ ਕੇ ਵਾ ਦੇ ਵਿਚ ਲਹਿਰਾ ਗਏ । ਲਾਸ਼ ਇਕ ਪਸਰੀ ਪਈ ਏ, ਇਸ ਭਰੀ ਕਾਇਨਾਤ ਤੇ ਜਿਸਨੂੰ ਮੋਢਾ ਦੇਣ ਲਈ ਅਰਬਾਂ ਹੀ ਮੋਢੇ ਉੱਠ ਪਏ । ਜ਼ੱਰਾ ਜ਼ੱਰਾ ਜਿਸਨੂੰ ਵੇਖਣ ਲਈ ਹੈ ਅੱਖਾਂ ਹੋ ਗਿਆ ਜਿਸ ਨੂੰ ਚੁੰਮਣ ਲਈ ਅਨੇਕਾਂ ਦਿਲ ਉਮਡ ਕੇ ਆ ਗਏ । ਮਾਣ ਮਤੀਆਂ ਕਾਲੀਆਂ ਕੁਝ ਤਾਕਤਾਂ ਨੇ ਅਜ ਖੁਸ਼ ਉਹਨਾਂ ਇਹ ਜਾਤਾ ਹਨੇਰੇ ਦਾ ਹੈ ਦੁਸ਼ਮਣ ਸੌਂ ਗਿਆ ਓਹਨਾਂ ਨਹੀਂ ਤਕਿਆ ਕਿ ਉਸਦੀ ਚਾਨਣੀ ਨੂੰ ਕਿਸ ਤਰ੍ਹਾਂ ਸਾਂਭ ਕੇ ਤਾਰੇ ਚੌਤਰਫ਼ੀ ਕਾਲਖਾਂ ਵਲ ਧਾ ਗਏ । ਗ਼ਮ 'ਚ ਡੁੱਬੀ ਚਾਨਣੀ ਵੀ ਹੋ ਗਈ ਕਿਤਨੀ ਗੰਭੀਰ ਉਡ ਤੁਰੀ ਓਹਦੀ ਦਲੇਰੀ ਮੰਜ਼ਲਾਂ ਵਲ ਉਡ ਤੁਰੀ ਹੋਰ ਮਘ ਕੇ ਲਾਲ ਹੋ ਗਏ ਓਹਦੀਆਂ ਕਿਰਨਾਂ ਦੇ ਮੂੰਹ ਕਾਲਖਾਂ ਨੂੰ ਓਹਦੇ ਜਜ਼ਬੇ ਹੋਰ ਝੋਰਾ ਲਾ ਗਏ । ਚੰਨ ਇੱਕੋ ਸੀ ਕਿ ਜਿਸ ਨੂੰ ਰਾਤ ਕਾਲੀ ਨਿਗਲਿਆ ਤਾਰੇ ਲੱਖਾਂ ਨੇ ਜਿਨ੍ਹਾਂ ਹੈ ਸਾਂਭੀ ਉਸ ਦੀ ਚਾਨਣੀ ਫੁੱਲ ਇਕੋ ਸੀ ਜਿਸਨੂੰ ਹੈ ਖ਼ਜ਼ਾਂ ਨੇ ਝੁਲਸਿਆ ਭੌਰੇ ਲੱਖਾਂ ਨੇ ਜਿਨ੍ਹਾਂ ਹੈ ਮਹਿਕ ਉਸਦੀ ਮਾਨਣੀ । (1953)

ਦੇਸ਼ ਦੇਸ਼ ਦੇ ਜਵਾਨ

ਦੇਸ਼ ਦੇਸ਼ ਦੇ ਜੁਆਨ, ਹੋ ਗਏ ਨੇ ਇਕ ਜਹਾਨ ਲਹਿਰ ਲਹਿਰ ਸਾਗਰਾਂ ਦੀ ਜਿਸ ਤਰ੍ਹਾਂ ਬਣੇ ਤੂਫ਼ਾਨ। ਲੈ ਕੇ ਆਏ ਸੀਨਿਆਂ 'ਚ ਵਲਵਲੇ ਪਿਆਰ ਦੇ ਤੇ ਅੱਖੀਆਂ 'ਚ ਖ਼ਾਬ ਲੈ ਕੇ, ਰੰਗਲੀ ਬਹਾਰ ਦੇ ਬੁੱਲ੍ਹੀਆਂ ਤੇ ਚੁੰਮਣਾਂ ਦੇ ਲੈ ਕੇ ਮਹਿਕਦੇ ਨਿਸ਼ਾਨ ਦੇਸ਼ ਦੇਸ਼ ਦੇ ... ... ਹੈ ਡੌਲਿਆਂ 'ਚ ਖ਼ੂਨ ਜ਼ਿੰਦਗੀ ਦੇ ਗੀਤ ਗਾ ਰਿਹਾ ਜਵਾਨੀ ਨਾਚ ਨੱਚ ਰਹੀ ਹੈ ਹੁਸਨ ਪੈਲਾਂ ਪਾ ਰਿਹਾ ਤੇ ਮੁਸਕਰਾਂਦੇ ਨੈਣ ਹੋ ਰਹੇ ਨੇ ਨੈਣਾਂ ਦੇ ਮਹਿਮਾਨ ਦੇਸ਼ ਦੇਸ਼ ਦੇ ... ... ਇਰਾਦਿਆਂ ਦੇ ਪੈਰਾਂ ਹੇਠ ਨੇਰ੍ਹਿਆਂ ਦੀ ਲਾਸ਼ ਹੈ ਦਲੇਰੀਆਂ ਦੀ ਚੜ੍ਹਤ ਮੂਹਰੇ ਝੁਕ ਰਿਹਾ ਆਕਾਸ਼ ਹੈ ਤੇ ਤਾਰੇ ਬਣ ਰਹੇ ਨੇ ਆਦਮੀ ਦੇ ਪੈਰਾਂ ਦੇ ਨਿਸ਼ਾਨ ਦੇਸ਼ ਦੇਸ਼ ਦੇ ... ... ਅਮਨ ਦੇ ਖੰਭ ਲਗ ਗਏ ਜੁਆਨੀਆਂ ਦੇ ਜੋਸ਼ ਨੂੰ ਜ਼ੰਜੀਰਾਂ ਕੌਣ ਪਾ ਸਕੇ ਸਵੇਰਿਆਂ ਦੀ ਹੋਸ਼ ਨੂੰ ਹਰ ਕਲਮ ਬਣੀ ਹੈ ਛੈਣੀ ਮੁੱਕੇ ਬਣ ਗਏ ਵਦਾਨ ਦੇਸ਼ ਦੇਸ਼ ਦੇ ... ... ਨੱਚ ਰਹੇ ਨੇ ਪੈਰ, ਪੀਲੇ ਗੋਰੇ ਕਾਲੇ ਰੰਗ ਦੇ ਜ਼ਿੰਦਗੀ ਤੇ ਛਾ ਸਕਣਗੇ ਕਿਵੇਂ ਹਨੇਰ ਜੰਗ ਦੇ ਲੈ ਜ਼ਿਮੀਂ ਤੇ ਸੂਰਜਾਂ ਨੂੰ ਆ ਗਿਆ ਹੈ ਆਸਮਾਨ ਦੇਸ਼ ਦੇਸ਼ ਦੇ ... ... (1953)

ਜਾਗ ਮੇਰੇ ਲਾਲ

ਲਾਲ ਮੇਰੇ ਉਠ ਫੜ ਕੇ ਪੀ ਲੈ ਦੁੱਧ ਦੀ ਭਰੀ ਕਟੋਰੀ। ਸ਼ਾਲਾ ਹੋਰ ਲਮੇਰੀ ਹੋਵੇ ਉਮਰ ਤੇਰੀ ਦੀ ਡੋਰੀ। ਜਾਗ ਪਿਆ ਸੂਰਜ ਦਾ ਬਚਪਨ, ਖੋਲ੍ਹ ਲਈਆਂ ਉਸ ਅੱਖਾਂ । ਉਹਦੀਆਂ ਬੁੱਲ੍ਹੀਆਂ ਚੋਂ ਮੁਸਕਾਨਾਂ, ਡੁੱਲ੍ਹ ਡੁੱਲ੍ਹ ਪਈਆਂ ਲੱਖਾਂ । ਤੂੰ ਵੀ ਦੁੱਧ ਵਿਚ ਬੁੱਲ੍ਹੀਆਂ ਭਿਉਂ ਕਿ ਭਰ ਦੇ ਗੀਤ ਹਜ਼ਾਰਾਂ, ਚੰਨ ਦੀਆਂ ਰਿਸ਼ਮਾਂ ਇਸ ਦੇ ਅੰਦਰ ਰਾਹੀਂ ਮਿਸ਼ਰੀ ਖੋਰੀ। ਵੇਖ ਨਾ ਦੁੱਧ 'ਚ ਖਿੜ ਖਿੜ ਹੱਸੇ, ਤੇਰੇ ਵਰਗਾ ਚਿਹਰਾ। ਮੈਂ ਤੇਰੇ ਬੰਦ ਨੈਣਾਂ ਅੰਦਰ ਵੇਖਾਂ ਸੋਨ ਸਵੇਰਾ। ਉਸਰਨ ਏਸ ਸਵੇਰੇ ਅੰਦਰ, ਤੇਰੀਆਂ ਆਸਾਂ ਸਧਰਾਂ, ਜਾਗ ਨਾ ਕਿਧਰੇ ਇਸ ਤੇ ਧੂੜੇ ਰਾਤ ਸਿਹਾਈ ਚੋਰੀ। ਦੁਧ ਚੋਂ ਆਏ ਤੇਰੇ ਪਿਓ ਦੇ, ਮੁੜ੍ਹਕੇ ਦੀ ਖੁਸ਼ਬੋਈ। ਹੁਣ ਤਾਂ ਉਹਦੀਆਂ ਹੱਡੀਆਂ ਵਿਚ ਵੀ ਬੂੰਦ ਰਹੀ ਨਹੀਂ ਕੋਈ । ਉਹਦੀਆਂ ਨਜ਼ਰਾਂ ਤੈਨੂੰ ਨਾਪਣ, ਸਰਘੀ ਖੇਤੀਂ ਜਾਂਦੇ, ਉਹਦੀ ਹਿੰਮਤ ਟੋਲ ਰਹੀ ਏ, ਹੁਣ ਤਾਂ ਕੋਈ ਡੰਗੋਰੀ। ਔਹ ਤਕ ਬੈਠਾ ਕਾਂ ਬੇਰੀ ਤੇ, ਆਹਲਣੇ ਵਲ ਪਿਆ ਘੂਰੇ। ਆਹਲਣੇ ਵਿਚਲੇ ਬੋਟਾਂ ਦੇ ਹੁਣ ਦਿਨ ਦਿਸਦੇ ਨੇ ਪੂਰੇ । ਦੇਰ ਨਾ ਕਰ ਹੁਣ ਛੇਤੀ ਉਠ ਕੇ, ਗਟ ਗਟ ਕਰ ਕੇ ਪੀ ਜਾ, ਇਹ ਵੀ ਇੱਲ ਕੋਈ ਡੋਲ੍ਹ ਨਾ ਦੇਵੇ ਮਾਰ ਝਪੁੱਟੀ ਚੋਰੀ। (1953)

ਅਕਤੂਬਰ ਇਨਕਲਾਬ

ਚੰਨ ਵੇਖ ਕੇ ਜ਼ਿਮੀਂ ਤੇ ਚੌਦ੍ਹਵੀਂ ਦਾ, ਵੇਲਾ ਯਾਦ ਆ ਗਿਆ ਹਨੇਰਿਆਂ ਦਾ। ਕਿਵੇਂ ਕੜ੍ਹ ਹਨੇਰੇ ਦਾ ਪਾਟਿਆ ਸੀ, ਤਕਿਆ ਮੂੰਹ ਸੀ ਕਿਵੇਂ ਸਵੇਰਿਆਂ ਦਾ। ਤਾਰੇ ਮਿਹਨਤ ਦੇ ਵਾਲਾਂ 'ਚ ਚਮਕ ਉੱਠੇ, ਪਿਆ ਮੁੱਲ ਮਨੁੱਖ ਦੇ ਜੇਰਿਆਂ ਦਾ। ਖਿੜਿਆ ਫੁੱਲ ਖ਼ਜ਼ਾਂ ਦੀ ਕਬਰ ਉੱਤੇ, ਖਾਰਾਂ ਰੂਪ ਵਟਾ ਲਿਆ ਸੇਹਰਿਆਂ ਦਾ। ਕਦੇ ਕਦੇ ਪਹਿਲਾਂ ਘਟਾਂ ਕਾਲੀਆਂ ਚੋਂ, ਬਿਜਲੀ ਵਾਂਗ ਚਾਨਣ ਝਾਤਾਂ ਮਾਰਦਾ ਸੀ। ਜਿਵੇਂ ਲੀਰਾਂ ਦੇ ਹਿਲਣ ਤੇ ਲਿਸ਼ਕ ਪੈਂਦਾ, ਜੋਬਨ ਕਿਸੇ ਗ਼ਰੀਬ ਮੁਟਿਆਰ ਦਾ ਸੀ। ਪਹਿਲੀ ਵਾਰ ਜ਼ਮੀਨ ਦੀ ਗੋਦ ਅੰਦਰ, ਉਤਰੀ ਅਰਸ਼ ਤੋਂ ਰੂਹ ਜਵਾਨੀਆਂ ਦੀ। ਪਹਿਲੀ ਵਾਰ ਜ਼ਮਾਨੇ ਨੂੰ ਮਿਲੀ ਉਜਰਤ, ਥਾਂ ਥਾਂ ਕੀਤੀਆਂ ਕਈ ਕੁਰਬਾਨੀਆਂ ਦੀ। ਪਹਿਲੀ ਵਾਰ ਸਰਮਾਏ ਦੀ ਹਿੱਕ ਉੱਤੇ, ਰੱਖੀ ਨੀਂਹ ਮਿਹਨਤ ਹੁਕਮਰਾਨੀਆਂ ਦੀ। ਪਹਿਲੀ ਵਾਰ ਜਮਹੂਰ ਦੇ ਹੱਥ ਆਈ ਵਾਗ ਸ਼ਾਹੀਆਂ ਅਤੇ ਸੁਲਤਾਨੀਆਂ ਦੀ। ਪਾ ਕੇ ਝਾਂਜਰਾਂ ਪੈਰਾਂ 'ਚ ਦਾਤਰੀ ਨੇ, ਪਹਿਲੀ ਵਾਰ ਬਹਾਰਾਂ ਦਾ ਨਾਚ ਨਚਿਆ। ਪਹਿਲੀ ਵਾਰ ਹਥੌੜਿਆਂ ਬੰਨ੍ਹ ਸਿਹਰੇ, ਪੁੰਗਰੇ ਸੋਹਲ ਪਿਆਰਾਂ ਦਾ ਨਾਚ ਨਚਿਆ । ਆਸਾਂ ਟਹਿਕੀਆਂ, ਸੁਪਨਿਆਂ ਛਿੰਜ ਪਾਈ, ਕਾਸੇ ਟੁਟ ਗਏ ਹਥੋਂ ਸੁਆਲੀਆਂ ਦੇ । ਜਮ ਕੇ ਖੁਸ਼ੀ 'ਚ ਅਥਰੂ ਬਣੇ ਮੁੱਕੇ, ਸੂਹੇ ਮੂੰਹ ਹੋ ਗਏ ਕੰਗਾਲੀਆਂ ਦੇ । ਚੜ੍ਹਤ ਵੇਖ ਕੇ ਚਾਨਣੇ ਲਸ਼ਕਰਾਂ ਦੀ, ਤਖ਼ਤ ਡੋਲ ਗਏ ਤਾਕਤਾਂ ਕਾਲੀਆਂ ਦੇ। ਝੰਡੇ ਕੌਮੀ ਆਜ਼ਾਦੀ ਦੇ ਏਸ਼ੀਆ ਚੋਂ, ਲੈ ਕੇ ਉਭਰੇ ਚਿੰਨ੍ਹ ਖੁਸ਼ਹਾਲੀਆਂ ਦੇ। ਮੂੰਹ ਹਾਕਮਾਂ ਦੇ ਝੁਰ ਝੁਰ ਹੋਏ ਬੱਗੇ, ਨੈਣ ਲਿਸ਼ਕ ਉਠੇ ਨੌਆਬਾਦੀਆਂ ਦੇ। ਸੀਨੇ ਸੀਨੇ ਬਗ਼ਾਵਤਾਂ ਸੁਲਗ ਪਈਆਂ, ਨਾਹਰੇ ਲਾਏ ਗੁਲਾਮਾਂ ਆਜ਼ਾਦੀਆਂ ਦੇ। ਓਸੇ ਚੰਨ ਨੂੰ ਦੇਣ ਸਲਾਮੀਆਂ ਅੱਜ, ਥਾਂ ਥਾਂ ਤਾਰਿਆਂ ਵਾਂਗ ਅਵਾਮ ਉੱਠੇ। ਨੈਣਾਂ ਵਿਚ ਸਵੇਰ ਲੈ ਜ਼ਿੰਦਗੀ ਦੀ, ਹਥਾਂ ਵਿਚ ਲੈ ਜਬਰ ਦੀ ਸ਼ਾਮ ਉੱਠੇ। ਵੀਅਤਨਾਮ ਮਲਾਇਆ ਦੇ ਦੇਸ਼ ਸੂਰੇ ਲੈ ਕੇ ਹੱਥ ਬਗ਼ਾਵਤ ਦੇ ਜਾਮ ਉੱਠੇ। ਅੱਜ ਲੈਨਿਨ ਮਹਾਨ ਦੇ ਮਕਬਰੇ ਤੇ, ਨਜ਼ਰਾਂ ਝੁਕੀਆਂ ਕੁਲ ਜਹਾਨ ਦੀਆਂ । ਸੌਹਾਂ ਰੱਤੀਆਂ ਖਾ ਕੇ ਲੋਕ ਉੱਠੇ, ਜੜ੍ਹਾਂ ਪੁਟਣ ਲਈ ਬਾਕੀ “ਸ਼ੈਤਾਨ” ਦੀਆਂ। (1954)

ਅਸੀਂ ਰਾਖੇ ਅਮਨ - ਅਮਾਨ ਦੇ

ਅਸੀਂ ਰਾਖੇ ਅਮਾਨ ਅਮਾਨ ਦੇ, ਅਸਾਂ ਹੋਣ ਨਹੀ ਦੇਣੀ ਜੰਗ । ਸਾਡੇ ਦਿਲ 'ਚ ਤੜਫਣ ਬਿਜਲੀਆਂ, ਸਾਡਾ ਲੋਹੇ ਵਰਗਾ ਰੰਗ। ਸਾਡੇ ਹੱਥ ਵਿਚ ਝੰਡਾ ਅਮਨ ਦਾ, ਸਾਡੇ ਪੈਰੀਂ ਧਰਤੀ ਤੰਗ। ਹੁਣ ਟੁੱਟਣੀ ਇਕ ਵੀ ਵੀਣੀਓਂ ਨਹੀਂ ਸਗਣਾ ਵਾਲੀ ਵੰਗ। ਅਜੇ ਪਿਛਲੀ ਜੰਗ ਦੇ ਸੁਲਗਦੇ, ਸਾਡੇ ਸੀਨੇ ਦੇ ਵਿਚ ਦਾਗ਼। ਕਈ ਵੈਣਾਂ ਦੇ ਵਿਚ ਵਟ ਗਏ, ਸਾਡੇ ਨਚਦੇ ਟੱਪਦੇ ਰਾਗ। ਕਈ ਸੜ ਕੇ ਕੋਲੇ ਹੋ ਗਏ, ਸਾਡੇ ਸਜ ਵਿਆਹੇ ਭਾਗ। ਪਰ ਅਜ ਉਹ ਲਾਸ਼ਾਂ ਸੁਤੀਆਂ, ਵੱਟ ਮੁੱਕੇ ਪਈਆਂ ਜਾਗ। ਪਏ ਜੰਗਬਾਜ਼ਾਂ ਨੂੰ ਘੂਰਦੇ ਲਹੂ ਚੋਂਦੇ ਸਾਡੇ ਨੈਣ। ਜੰਗਬਾਜਾਂ ਕੁਖੋਂ ਜੰਮਦੀ ਜੰਗ ਬੰਦੇ ਖਾਣੀ ਡੈਣ । ਜਿਹੜੇ ਦੇਣ ਆਜ਼ਾਦੀ ਮਰਨ ਦੀ, ਨਾਲੇ ਵੰਡਦੇ ਫਿਰਦੇ ਵੈਣ। ਜਿਹੜੇ ਚੌਂਹ ਸਾਲਾਂ ਦੇ ਬਾਲ ਦੀ ਹੱਥ ਖੜੇ ਤਲਾਸ਼ੀ ਲੈਣ । ਨਹੀਂ ਡਾਲਰ ਦੇ ਸੰਗ ਤੁਲਣੀ, ਸਾਡੀ ਸੂਹੀ ਸੂਹੀ ਰੱਤ। ਨਹੀਂ ਮੰਡੀਆਂ ਖ਼ਾਤਰ ਵੇਚਣੀ ਅਸੀਂ ਲੱਖਾਂ ਵਰਗੀ ਪੱਤ। ਕਿਹੜਾ ਮੋਤੀ ਮੋਤੀ ਕਰੇਗਾ ਸਾਡੀ ਮੋਤੀਆਂ ਲੱਦੀ ਨੱਥ। ਸਾਡੀ ਦਾਤੀ ਵਾਲੀ ਬਾਂਹ, ਫੜੂ ਕਿਸ ਸ਼ੈਤਾਨ ਦਾ ਹੱਥ । ਸਾਡੇ ਨਾਲ ਨੇ ਕਲਮਾਂ ਸਾਰੀਆਂ ਸਾਡੇ ਨਾਲ ਨੇ ਕੁਲ ਦਿਮਾਗ਼ । ਸਾਡੇ ਨਾਲ ਸਮੇਂ ਦਾ ਸੱਚ ਹੈ, ਸਾਡੇ ਨਾਲ ਸਮੇਂ ਦਾ ਰਾਗ । ਸਾਡੇ ਨਾਲ ਮਨੁਖਤਾ ਜੂਝਦੀ, ਜਿਦ੍ਹੇ ਹੱਥ ਸਮੇਂ ਦੀ ਵਾਗ। ਹੈ ਜੰਗ ਲਈ ਨੀਂਦਰ ਮੌਤ ਵੀ ਅੱਜ ਮਾਨੁੱਖਤਾ ਦੀ ਜਾਗ। ਸਾਡੀ ਧਰਤੀ ਮਾਂ ਦੀ ਹਿੱਕ ਨੂੰ, ਅੱਜ ਸਕਦਾ ਕੌਣ ਲਿਤਾੜ। ਹਨ ਤਾਣ ਖਲੋਤੇ ਛਾਤੀਆਂ, ਸਾਡੇ ਜਿਗਰੇ ਜੇਡ ਪਹਾੜ। ਰਾਹ ਮੱਲੀ ਬੈਠੇ ਖਾਣ ਨੂੰ, ਸਾਡੇ ਖੇਤਾਂ ਵਿਚ ਸਿਆੜ। ਸਾਡੇ ਡੰਗਰਾਂ ਸੁੱਟਣੇ ਕੁੱਦਕੇ, ਜੰਗਬਾਜ਼ਾਂ ਦੇ ਢਿੱਡ ਪਾੜ। ਇਹ ਅੱਗ 'ਚ ਹਾਂਡੀ ਕਾਠ ਦੀ, ਕਦੇ ਚੜ੍ਹਨੀ ਨਹੀਂ ਇਸ ਵਾਰ । ਅਸਾਂ ਰਹਿਣ ਨਹੀਂ ਦੇਣੀ ਜੱਗ ਤੇ, ਕੋਈ ਜੰਗਬਾਜ਼ ਸਰਕਾਰ । ਪਿਆ ਚਾਰ ਚੁਫੇਰੇ ਮਹਿਕਦਾ, ਸਾਡਾ ਜ਼ਿੰਦਗੀ ਨਾਲ ਪਿਆਰ । ਅਸੀਂ ਅਮਨ ਸਥਾਪਤ ਕਰਾਂਗੇ, ਸਾਡੀ ਮੰਗਣ ਤੋਂ ਇਨਕਾਰ। (1953)

ਮਈ ਦਿਹਾੜਾ

ਅੱਜ ਜਦੋਂ ਕਿ ਦੁਨੀਆਂ ਦੇ ਵਿੱਚ, ਫੈਲ ਰਿਹਾ ਹੈ ਸੁਰਖ ਸਵੇਰਾ । ਲੁਕ ਲੁਕ ਵਿੰਹਦਾ ਪਿੱਛੇ ਦੇ ਵਲ, ਖਿਸਕੀ ਜਾਵੇ ਘੁੱਪ ਹਨੇਰਾ । ਦਮਕ ਰਿਹਾ ਹੈ ਸੂਰਜ ਵਾਂਙੂੰ, ਅੱਜ ਸੁੱਚੀ ਮਿਹਨਤ ਦਾ ਚਿਹਰਾ। ਜੀਵਣ ਦੀ ਹਰ ਨੁਕਰ ਵਿੱਚੋਂ, ਉਠਦਾ ਜਾਵੇ ਰਾਤ ਦਾ ਡੇਰਾ । ਅੱਜ ਜਦ ਉਠੀਆਂ ਬਾਹਾਂ ਅੰਦਰ, ਆਈ ਜਾਵੇ ਚਾਰ ਚੁਫੇਰਾ । ਥਾਂ ਥਾਂ ਉੱਤੇ ਝੁਲਦਾ ਜਾਵੇ, ਮਜ਼ਦੂਰਾਂ ਦਾ ਲਾਲ ਫਰੇਰਾ। ਅਜ ਜਦੋਂ ਇਕ ਲੜੀ ਦੇ ਅੰਦਰ, ਕੁਲ ਮਜ਼ਦੂਰ ਨੇ ਗਏ ਪਰੋਤੇ। ਤਾਜਾਂ ਦੀ ਹੈਂਕੜ ਦੇ ਸਾਹਵੇਂ, ਕਾਮੇ ਛਾਤੀਆਂ ਤਾਣ ਖਲੋਤੇ। ਅੱਜ ਜਦੋਂ ਚਿਮਨੀ ਦਾ ਧੂਆਂ, ਲਾਲੀ ਦੀ ਭਾਹ ਮਾਰ ਰਿਹਾ ਹੈ । ਹਰ ਇਕ ਦੇਸ਼ ਦੇ ਵਿਹਲੜ ਤਾਂਈਂ, ਹਰ ਕਾਮਾ ਲਲਕਾਰ ਰਿਹਾ ਹੈ। ਅੱਜ ਜਦ ਅਧੀ ਦੁਨੀਆਂ ਉੱਤੇ, ਮਿਹਨਤ ਖਿੜ ਖਿੜ ਹੱਸ ਰਹੀ ਹੈ। ਲਹਿ ਲਹਿ ਕਰਦੇ ਸਿੱਟਿਆਂ ਅੰਦਰ, ਮੋਤੀ ਬਣ ਕੇ ਵੱਸ ਰਹੀ ਹੈ। ਅੱਜ ਦੇ ਦਿਨ ਲਹਿਰਾ ਕੇ ਨਿਕਲੇ, ਕਾਮੇ ਹਰ ਥਾਂ ਲਾਲ ਫਰੇਰੇ। ਆਪਣੇ ਹੱਕਾਂ ਲਈ ਨਿੱਤਰੇ ਨੇ, ਜਸ਼ਨ ਮਨਾਂਦੇ ਚਾਰ ਚੁਫੇਰੇ । ਅੱਜ ਕਰੈਮਲਿਨ ਦੇ ਤਾਰੇ ਦੀ ਚਮਕੀ ਜੋਤੀ ਹੋਰ ਵਧੇਰੇ । ਉਜਲਾਂਦੀ ਲਿਸ਼ਕਾਂਦੀ ਜਾਵੇ, ਮਜ਼ਦੂਰਾਂ ਦੇ ਸੂਹੇ ਚਿਹਰੇ । ਅਜ ਦੀ ਦੁਨੀਆਂ ਵੇਖ ਕੇ ਮੈਨੂੰ ਚੇਤੇ ਆਈ ਯਾਦ ਪੁਰਾਣੀ। ਅੱਖਾਂ ਦੇ ਵਿੱਚ ਆਕੇ ਨੱਚੀ, ਲਹੂ ਵਿਚ ਭਿੱਜੀ ਦਰਦ-ਕਹਾਣੀ । ਪਹਿਲੀ ਵਾਰੀ ਸ਼ਹਿਰ ਸ਼ਿਕਾਗੋ, ਵੇਖੇ ਸਨ ਕੁਝ ਅਜਬ ਨਜ਼ਾਰੇ। ਖਾਣਾਂ 'ਚੋਂ ਸੜਕਾਂ ਤੇ ਆਏ, ਕਾਮੇ ਜੱਦ ਸਾਰੇ ਦੇ ਸਾਰੇ । ਆਪਣੇ ਹੱਕਾਂ ਦੀ ਖ਼ਾਤਰ ਉਹ, ਆਪਣੇ ਸੀਨੇ ਤਾਣ ਕੇ ਨਿਕਲੇ । ਦੁਸ਼ਮਣ ਦਾ ਦਮ ਵੇਖ ਕੇ ਨਿਕਲੇ, ਜੋ ਹੋਣਾ ਉਹ ਜਾਣ ਕੇ ਨਿਕਲੇ । ਮਾਂ ਦੀ ਸਧਰ, ਚਾਅ ਵਹੁਟੀ ਦਾ ਅਪਣੇ ਪੱਲਿਉਂ ਝਾੜ ਕੇ ਨਿਕਲੇ । ਅੱਜ ਦਾ ਯੁੱਗ ਜੁਲਮ ਦੀ ਚੱਕੀ, ਦੋ ਨੈਣਾਂ ਵਿਚ ਹਾੜ ਕੇ ਨਿਕਲੇ । ਇਕ ਧਿਰ ਮਜ਼ਦੂਰਾਂ ਦੇ ਸੀਨੇ, ਦੂਜੇ ਵੱਲ ਬੰਦੂਕਾਂ ਤਣੀਆਂ । ਮੀਂਹ ਗੋਲੀ ਦਾ ਝਲਣ ਦੇ ਲਈ, ਛਾਤੀਆਂ ਏਧਰ ਢਾਲਾਂ ਬਣੀਆਂ। ਵਹਿ ਨਿਕਲੇ ਗਲੀਆਂ ਦੇ ਅੰਦਰ, ਮਜ਼ਦੂਰਾਂ ਦੇ ਖ਼ੂਨ ਦੇ ਧਾਰੇ । ਹਰ ਕਾਮੇ ਦੀਆਂ ਨਾੜਾਂ ਦੇ ਵਿਚ ਲੈਂਦਾ ਓਹੀ ਲਹੂ ਹੁਲਾਰੇ । ਅੱਜ ਤੱਕ ਸੱਜਰਾ ਸੱਜਰਾ ਦਿਸਦਾ, ਗਲੀਆਂ ਚੋਂ ਉਹ ਖ਼ੂਨ ਨਹੀਂ ਸੁਕਿਆ। ਮੁਕ ਜਾਵੇਗਾ ਛੇਤੀ ਹੀ ਪਰ ਪੂਰਾ ਪੈਂਡਾ ਜੋ ਨਹੀਂ ਮੁਕਿਆ । ਅਜ ਵੀ ਉਹੋ ਖ਼ੂਨੀ ਪੰਜਾ ਕੋਰੀਆ ਉੱਤੇ ਅੱਗ ਵਸਾਵੇ । ਹਸਦੀ ਗੋਦੀ ਝੁਲਸੀ ਜਾਵੇ, ਫੁੱਲਾਂ ਨੂੰ ਅੱਗ ਲਾਈ ਜਾਵੇ । ਐਪਰ ਅਜ ਲੋਕਾਂ ਦਾ ਏਕਾ, ਮੂੰਹ ਜਬਰ ਦਾ ਮੋੜ ਦਏਗਾ । ਮਿਹਨਤ ਦਾ ਫ਼ੌਲਾਦੀ ਪੰਜਾ, ਖ਼ੂਨੀ ਪੰਜਾ ਤੋੜ ਦਏਗਾ । ਅੱਜ ਸ਼ਿਕਾਗੋ ਸ਼ਹਿਰ ਦੀਆਂ ਮੈਂ, ਲਹੂ-ਭਿਜੀਆਂ ਗਲੀਆਂ ਨੂੰ ਚੁੰਮਾਂ। ਰਹਿਣ ਸਦਾ ਇਹ ਜਸ਼ਨ ਮਨੀਂਦੇ, ਕਾਇਮ ਹਮੇਸ਼ਾ ਰਹਿਣ ਇਹ ਧੁੰਮਾਂ। (1953)

ਰੋਜ਼ਨਬਰਗ ਜੋੜੇ ਦਾ ਕਤਲ

ਮਿਰਕਣ ਸਾਮਰਾਜ ਦਾ ਪੰਜਾ, ਅਜ ਹੋਇਆ ਅਰਕਾਂ ਤਕ ਲਾਲ। ਨਹੁੰਆਂ ਚੋਂ ਲਹੂ ਤ੍ਰਿਪ ਤ੍ਰਿਪ ਚੋਂਦਾ, ਰੱਤੋ ਰੱਤ ਉਹਦਾ ਹਰ ਵਾਲ। ਅੱਖਾਂ ਚੋਂ ਚੰਗਿਆੜੇ ਫੁਟਦੇ, ਚਿਹਰਾ ਜਿਉਂ ਬਲਦਾ ਸ਼ਮਸ਼ਾਨ। ਮਥੇ ਵਿਚ ਡਾਲਰ ਦੀ ਕਾਲਖ, ਬੁੱਲ੍ਹਾਂ ਤੇ ਜ਼ਹਿਰੀ ਮੁਸਕਾਨ। ਬੂਟਾਂ ਹੇਠ ਪਵਿੱਤਰ ਹਾਸੇ, ਕੱਚੇ ਦੁੱਧ ਵਰਗੇ ਅਰਮਾਨ। ਚਾਰ ਚੁਫੇਰੇ ਲਾਸ਼ਾਂ ਖਿੰਡੀਆਂ ਸੱਧਰਾਂ ਹੋਈਆਂ ਲਹੂ ਲੁਹਾਨ। ਹਾਰਾਂ ਖਾ ਖਾ ਛਿੱਥਾ ਹੋਇਆ ਦੰਦ ਕਰੀਚੇ ਟੁੱਕੇ ਹੋਠ। ਡਾਲਰ ਅੰਦਰ ਮੌਤ ਗਲੇਫੀ, ਕਰਦਾ ਚਾਰ ਚੁਫੇਰੇ ਸੋਟ। ਸੱਚ ਨੂੰ ਇਸ ਸੂਲੀ ਤੇ ਟੰਗਿਆ, ਦਿੱਤਾ ਹੱਕ ਇਨਸਾਫ਼ ਨੂੰ ਫਾਹ। ਇਸ ਜਰਵਾਣੇ ਦਿਨੇ ਹੀ ਪੀਤੇ ਰੋਜ਼ਨ ਬਰਗ ਜੋੜੇ ਦੇ ਸਾਹ। ਕੰਨਾਂ ਵਿਚ ਐਟਮ ਬੰਬ ਤੁੰਨੇ, ਸੁਣਿਆ ਨਾ ਲੋਕਾਂ ਦਾ ਸ਼ੋਰ । ਦਾੜ੍ਹਾਂ ਹੇਠ ਚਬਾ ਲਏ ਦੋਵੇਂ ਏਸ ਚਕੋਰੀ ਅਤੇ ਚਕੋਰ। ਇਹਦੇ ਕੋਲੋਂ ਲੋਕ-ਅਪੀਲਾਂ ਦੋ ਜਿੰਦਾਂ ਦੀ ਮੰਗੀ ਖ਼ੈਰ । ਲੂਹ ਦਿੱਤੇ ਦੋ ਫੁਲ ਗੁਲਾਬੀ ਜ਼ੁਲਮ ਜਬਰ ਦੀ ਸਿਖਰ ਦੋਪਹਿਰ । ਦੂਰ ਅਸਾਥੋਂ ਟੁਰ ਗਏ ਭਾਵੇਂ ਸੀਨੇ ਘੁੱਟ ਅੱਖਾਂ ਦੇ ਖ਼ਾਬ । ਵਾਰ ਕੇ ਜਾਨਾਂ ਕਰ ਗਏ ਨੇੜੇ ਦੂਰ ਸੁਣੀਂਦਾ ਇਨਕਲਾਬ। ਘੁੱਗੀ ਦੇ ਖੰਭਾਂ ਵਿੱਚ ਭਰ ਗਏ, ਲੁਸ ਲੁਸ ਕਰਦਾ ਸ਼ੋਖ ਸ਼ਬਾਬ । ਕਰ ਗਏ ਸਿਰ ਲਿੰਕਨ ਦਾ ਉੱਚਾ, ਦੇ ਗਏ ਹੱਕ ਇਨਸਾਫ਼ ਨੂੰ ਆਬ। ਕਾਲਖ ਦੇ ਤਬੂਤ ਦੇ ਅੰਦਰ, ਠੁੱਕ ਗਈਆਂ ਦੋ ਮੇਖਾਂ ਹੋਰ । ਪੈ ਗਈ ਢਿੱਲੀ ਕੂੜ ਕਪਟ ਦੇ ਸਾਹਾਂ ਦੀ ਅੱਜ ਕੱਸੀ ਡੋਰ। ਮਾਨੁਖਤਾ ਦੀ ਗੋਦੀ ਅੰਦਰ ਸੌਂਪ ਗਏ ਦੋ ਆਪਣੇ ਲਾਲ । ਦੁਨੀਆਂ ਦੀ ਹਰ ਮਾਂ ਨੇ ਲੀਤੇ, ਆਪਣੇ ਨੈਣਾਂ ਵਿਚ ਸੰਭਾਲ । ਧੜਕਣਗੇ ਹੁਣ ਤੋਂ ਇਹ ਬੱਚੇ, ਹਰ ਦਿਲ ਦੀ ਧੜਕਣ ਦੇ ਨਾਲ। ਫੜੂ ਬਗ਼ਾਵਤ ਦੀ ਹੁਣ ਉਂਗਲ ਇਹਨਾਂ ਦਾ ਹਰ ਜੰਮਦਾ ਖਿਆਲ। ਮਾਪਿਆਂ ਦੇ ਕਾਤਲ ਨੂੰ ਇਹਨਾਂ, ਹੁਣ ਤੋਂ ਲਿਆਏ ਖ਼ੂਬ ਪਛਾਣ। ਕਾਤਲ ਤੋਂ ਬਦਲੇ ਦਾ ਜਜ਼ਬਾ, ਸ਼ਾਲਾ ਛੇਤੀ ਹੋਏ ਜਵਾਨ। ਬਦਲਾ ਜਿਹੜਾ ਧੜਕ ਰਿਹਾ ਹੈ, ‘ਪਾਲ’ ਦਿਆਂ ਗੀਤਾਂ ਵਿਚਕਾਰ । ‘ਹਾਵਰਡ-ਫ਼ਾਸਟ’ ਦੀ ਕਲਮੋਂ ਜਿਸ ਦੀ, ਗੂੰਜ ਰਹੀ ਬਾਗ਼ੀ ਲਲਕਾਰ। ਕੋਰੀਆ ਦੇ ਅੱਧ ਝੁਲਸੇ ਬੱਚੇ, ਜਿਸ ਬਦਲੇ ਲਈ ਰਹੇ ਵੰਗਾਰ । ਸੜ ਚੁੱਕੇ ਖੇਤਾਂ ਚੋਂ ਜਿਹੜਾ, ਜਨਮ ਰਿਹਾ ਬਣ ਕੇ ਅੰਗਿਆਰ । ਬਦਲੇ ਦੀ ਇਸ ਭੱਠੀ ਅੰਦਰ, ਸੜ ਜਾਵੇਗਾ ਅਤਿਆਚਾਰ । ਬਹਿ ਜਾਏਗੀ ਪਾਣੀ ਬਣਕੇ, ਲਹੂ ਚੋਂਦੀ ਖ਼ੂਨੀ ਤਲਵਾਰ । ਡਾਲਰ ਦੇ ਸੜਦੇ ਲਿਸ਼ਕਾਰੇ, ਪਾ ਨਹੀਂ ਸਕਣਾ ਕਿਤੇ ਹਨੇਰ। ਉਭਰ ਰਹੀ ਹੈ ਜਦ ਕਿ ਹਰ ਥਾਂ ਚਾਰੇ ਪਾਸੇ ਨਵੀਂ ਸਵੇਰ। (1953)

ਏਕਤਾ

ਸ਼ਬਦ ਏਕੇ ਦਾ ਚਮਕਿਆ ਚੰਨ ਵਾਂਙੂ, ਝੁਰਮਟ ਪੈ ਗਿਆ ਗਿਰਦ ਸਿਤਾਰਿਆਂ ਦਾ । ਨਾਚ ‘ਥਰਕਿਆ’ ਨੈਣਾਂ ਦੇ ਪੱਤਣਾਂ ਤੇ, ਸਾਂਝੇ ਘੋਲਾਂ ਲਈ ਬਾਗ਼ੀ ਨਜ਼ਾਰਿਆਂ ਦਾ। ਦਾਗ਼ ਡਾਂਗਾਂ ਦੇ ਦੇਸ਼ ਦੀ ਲਾਜ ਉੱਤੇ, ਖਿੜਿਆ ਬਾਗ ਜਿਉਂ ਫੁੱਲਾਂ ਹਜ਼ਾਰਿਆਂ ਦਾ। ਉਠਿਆ ਸੂਰਮਾ ਸਤਲੁਜ ਦੇ ਪਾਣੀਆਂ ਚੋਂ , ਹਾਰ ਪਾ ਕੇ ਸੁਰਖ਼ ਅੰਗਾਰਿਆਂ ਦਾ। ਬਾਗ਼ ਜੱਲ੍ਹਿਆਂ ਵਾਲੇ ਦੇ ਫੁੱਲ ਸੂਹੇ ਸਾਂਝੇ ਲਹੂ ਦੀ ਰੂਹ ਸਮੋਈ ਬੈਠੇ । ਹਿੰਦੂਆਂ , ਮੋਮਨਾਂ, ਸਿੱਖਾਂ ਦੀ ਘਾਲ ਸਾਂਝੀ , ਆਪਣੇ ਸੀਨਿਆਂ ਵਿੱਚ ਲਕੋਈ ਬੈਠੇ । ਕਿਸੇ ਚੰਦਰੇ ਘੂਰ ਕੇ ਲਾਈ ਤੀਲੀ, ਮੇਰੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੂੰ। ਲਹਿਰਾਂ ਸਾਰੇ ਪੰਜਾਬ ਤੇ ਛਾ ਗਈਆਂ, ਪੱਲੇ ਵਿੱਚ ਲੈ ਬਲਦੀਆਂ ਝਾਣੀਆਂ ਨੂੰ। ਗੱਡਿਆ ਸਿਹ ਦਾ ਤੱਕਲਾ ਗਿਆ ਵਿਹੜੇ, ਜਿਸ ਨੇ ਪਾੜਿਆ ਹਾਣੀਆਂ ਹਾਣੀਆਂ ਨੂੰ । ਵੰਗਾਂ ਵੀਣੀ ਦੇ ਨਾਲੋਂ ਤਰੁੰਡ ਲਈਆਂ, ਦੁੱਧੋਂ ਤੋੜਿਆ ਜਿਵੇਂ ਮਧਾਣੀਆਂ ਨੂੰ। ਕੰਡੇ ਪੁੜੇ ਬਹਾਰਾਂ ਦੇ ਪੋਟਿਆਂ ਵਿੱਚ ਬੁਲਬੁਲ ਕਿਸੇ ਪਾਸੇ ਫੁੱਲ ਕਿਸੇ ਪਾਸੇ । ਗੀਤ ਅੱਧ ਵਿਚਾਲਿੳਂੁ ਟੁੱਟ ਗਿਆ, ਵੰਝਲੀ ਕਿਸੇ ਪਾਸੇ ਬੁੱਲ੍ਹ ਕਿਸੇ ਪਾਸੇ । ਜੁੜੇ ਹੋਏ ਭਰਾਵਾਂ ਨੂੰ ਵੇਖ ਹੱਸੇ, ਫੁੱਟ ਵਾਘੇ ਦੀ ਖ਼ੂਨੀ ਦਿਵਾਰ ਵਿੱਚੋਂ । ਫੁੱਲ ਟਹਿਣੀਓਂ ਤੋੜ ਕੇ ਖ਼ਾਰ ਕੀਤੇ, ਮੋਤੀ ਬਣੇ ਪਥਰ ਟੁੱਟ ਕੇ ਹਾਰ ਵਿੱਚੋਂ । ਸਾਂਝੀ ਆਬ ਪੰਜਾਬ ਦੀ ਲੂਹ ਘੱਤੀ, ਅੱਗ ਛੁਰੇ ਤਰਸੂਲ ਤਲਵਾਰ ਵਿੱਚੋਂ । ਟੰਗੀ ਗਈ ਮਨੁਖਤਾ ਨੇਜ਼ਿਆਂ ਤੇ, ਨੰਗਾ ਨਿਕਲਿਆ ਹੁਸਨ ਬਜ਼ਾਰ ਵਿਚੋਂ । ਲੀਰੋ ਲੀਰ ਹਯਾ ਦੀ ਹੋਈ ਚਾਦਰ, ਲੀਰਾਂ ਕਿਸੇ ਪਾਸੇ ਲੀਰਾਂ ਕਿਸੇ ਪਾਸੇ । ਬਚਿਆ ਇਸ਼ਕ ਨਾ ਫੁੱਟ ਦੀ ਛੁਰੀ ਕੋਲੋਂ, ਰਾਂਝੇ ਕਿਸੇ ਪਾਸੇ ਹੀਰਾਂ ਕਿਸੇ ਪਾਸੇ । ਤੀਜਾ ਗਿਆ ਵਿਛੋੜਿਆ ਜ਼ਬਰਦਸਤੀ, ਰਹਿ ਗਏ ਸਹਿਕਦੇ ਪੁੱਤ ਪੰਜਾਬ ਦੇ ਦੋ । ਹਿੰਦੂ ਸਿੱਖ ਦੇ ਨੈਣ ਮਨੁਖਤਾ ਦੇ, ਇੱਕ ਟਹਿਣੀ ਤੇ ਫੁੱਲ ਗੁਲਾਬ ਦੇ ਦੋ । ਲਿਖੀ ਗਈ ਜੋ ਦਿਲਾਂ ਦੇ ਵਰਕਿਆਂ ਤੇ, ਵਰਕੇ ਹੈਨ ਇਹ ਉਸੇ ਕਿਤਾਬ ਦੇ ਦੋ । ਘੁੰਗਰੂ ਇਕੋ ਪੰਜੇਬ ਦੇ ਹੈਨ ਦੋਵੇਂ, ਤਾਰ ਤੁਣਕਦੇ ਇਕੋ ਰਬਾਬ ਦੇ ਦੋ । ਟਹਿਕੀ ਰਹੇ ਅਨਾਰ ਦੀ ਕਲੀ ਓਧਰ, ਤੱਤੀ ਵਾ ਨਾ ਓਹਨੂੰ ਕੁਮਲਾ ਸਕੇ । ਏਧਰ ਦੋਵਾਂ ਭਰਾਵਾਂ ਵਿਚ ਫੁੱਟ ਭੈੜੀ, ਖ਼ੂਨੀ ਨਾਚ ਨਾ ਫੇਰ ਦੁਹਰਾ ਸਕੇ । ਏਕਾ ਏਸੇ ਲਈ ਦੋਵਾਂ 'ਚ ਚਾਹੀਦਾ ਸੀ, ਕਿਉਂ ਜੋ ਦੋਹਾਂ ਦੇ ਮੂੰਹਾਂ ਤੇ ਨੂਰ ਕੋਈ ਨਹੀਂ। ਸੁੰਝੀਆਂ ਮਿਹਨਤਾਂ ਇਨ੍ਹਾਂ ਦੀ ਮਾਂਗ ਅੰਦਰ, ਅੱਜੇ ਧੂੜਿਆ ਕਿਸੇ ਸੰਧੂਰ ਕੋਈ ਨਹੀਂ । ਸਿੱਟੇ ਦਾਣਿਆਂ ਦੇ ਬਾਝੋਂ ਝੂਰਦੇ ਨੇ, ਪੇਟ ਉਨ੍ਹਾਂ ਦੇ ਅਜੇ ਭਰਪੂਰ ਕੋਈ ਨਹੀਂ । ਅਜੇ ਜ਼ਿੰਦਗੀ ਦੇ ਸਾਡੇ ਬੂਟੜੇ ਤੇ, ਆਇਆ ਮਾਸਾ ਖੁਸ਼ਹਾਲੀ ਦਾ ਬੂਰ ਕੋਈ ਨਹੀਂ । ਜੰਮੀ ਭੁੱਖ ਸਿਆੜਾਂ ਦੀ ਕੁੱਖ ਵਿੱਚੋਂ, ਲੰਮੀ ਵਾਂਗਰਾਂ ਉਹ ਧਰੇਕ ਹੋ ਗਈ। ਤਾਲ ਗਿੱਧਿਆਂ ਦੇ ਪੀੜੋ ਪੀੜ ਹੋਏ, ਹਿੱਕ ਵੰਝਲੀ ਦੀ ਛੇਕ-ਛੇਕ ਹੋ ਗਈ। ਖ਼ੈਰ ਏਕੇ ਦੀ ਮੰਗਦੇ ਸਾਰਿਆਂ ਤੋਂ, ਅੱਡੇ ਹੱਥ ਪੰਜਾਬ ਦੇ ਵਾਲੀਆਂ ਦੇ। ਤਾਂ ਜੋ ਦਾਤਰੀ ਪੈਰਾਂ 'ਚ ਬੰਨ੍ਹ ਸਿੱਟੇ, ਗਾਵੇ ਝੂਮ ਕੇ ਗੀਤ ਖੁਸ਼ਹਾਲੀਆਂ ਦੇ। ਭਰ ਸਕਣ ਨਾ ਢਿੱਡ ਹੁਣ ਮਾਲੀਏ ਦੇ, ਗੋਰੇ ਲਾਖੇ ਪੰਜਾਬ ਦੇ ਹਾਲੀਆਂ ਦੇ । ਜੰਮੇ ਸਰਘੀਆਂ ਰਾਤ ਦੀ ਕੁੱਖ ਕਾਲੀ, ਸੂਹੇ ਮੂੰਹ ਹੋ ਜਾਣ ਕੰਗਾਲੀਆਂ ਦੇ । ਏਕੇ ਬਿਨਾ ਨਾ ਕਦੇ ਵੀ ਇਕ ਹੋਣੀ, ਖਿੰਡੀ ਹੋਈ ਤਕਦੀਰ ਪੰਜਾਬੀਆਂ ਦੀ। ਏਕੇ ਨਾਲ ਹੀ ਤਖ਼ਤ ਤੇ ਬੈਠਣੀ ਹੈ, ਬੋਲੀ ਮਿੱਠੜੀ ਹੀਰ ਪੰਜਾਬੀਆਂ ਦੀ। (1953)

ਮੋਰਚੇ ਦੀ ਚੜ੍ਹਤ

ਲੋਕਾਂ ਨੇ ਲਾਇਆ ਮੋਰਚਾ ਹੈ ਹਾਕਮਾਂ ਦੇ ਸੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ । ਵਜਿਆ ਹੈ ਢੋਲ ਛਿੰਝ ਦਾ, ਹੋਈ ਚਲੋ ਚਲੀ । ਪਿੰਡਾਂ ਦੇ ਪਿੰਡ ਜਾਗ ਪਏ ਜਾਗੀ ਗਲੀ ਗਲੀ । ਵਿੱਥਾਂ 'ਚ ਨੂਰ ਪਹੁੰਚਿਆ, ਜਦ ਦੀ ਸ਼ਮ੍ਹਾ ਬਲੀ । ਤਕ ਕੇ ਇਹ ਨੂਰ ਹਾਕਮਾਂ ਦਾ ਪੀਲਾ ਹੋਇਆ ਰੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ। ਧਰਤੀ ਨੂੰ ਚੁੰਮ ਕੇ ਝੂਮਦੇ ਕਿਰਸਾਣ ਟੁਰ ਪਏ । ਬੱਚੇ ਤੇ ਬੁੱਢੇ, ਤੀਵੀਆਂ, ਜਵਾਨ ਟੁਰ ਪਏ । ਇਕ ਇਕ ਜਵਾਨ ਨਾਲ ਕਈ ਜਹਾਨ ਟੁਰ ਪਏ। ਕੜਕੀ ਹੈ ਬਿਜਲੀ ਵਾਂਗਰਾਂ, ਸੀਨੇ ਦੀ ਹਰ ਉਮੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ । ਸਿਹਰੇ ਸਜਾ ਕੇ ਲਾਲਾਂ ਨੂੰ ਮਾਵਾਂ ਨੇ ਟੋਰਿਆ। ਵੀਰਾਂ ਨੂੰ ਪਿੜ 'ਚ, ਭੈਣਾਂ ਦੇ ਚਾਵਾਂ ਨੇ ਟੋਰਿਆ । ਦਘਦੇ ਅੰਗਾਰਿਆਂ ਨੂੰ ਹੈ, ਹਵਾਵਾਂ ਨੇ ਟੋਰਿਆ । ਸੜਨੇ ਨੇ ਇਸ 'ਚ ਵੇਖਣਾ, ਜ਼ਹਿਰੀ ਜਬਰ ਦੇ ਡੰਗ। ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ। ਮੱਥੇ ਤੇ ਤਿਲਕ ਲਾਏ ਨੇ, ਚੜ੍ਹਦੇ ਸਵੇਰਿਆਂ। ਫੁੱਲਾਂ ਦੇ ਮੀਂਹ ਵਸਾਏ ਨੇ, ਉਮਡੇ ਬਨੇਰਿਆਂ । ਸਿਰ ਤੇ ਛਤਰ ਝੁਲਾਏ ਨੇ, ਝੁੱਲਦੇ ਫਰੇਰਿਆਂ। ਘੁਲ ਗਏ ਨੇ ਵਿੱਚ ਫਿਜ਼ਾ ਦੇ, ਸੂਹੇ ਤੇ ਨੀਲੇ ਰੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ। ਇਹ ਗ਼ਦਰੀ ਸੂਰਬੀਰਾਂ ਦੀ ਧਰਤੀ ਦੇ ਲਾਲ ਨੇ । ਬਬਰ ਅਕਾਲੀਆਂ ਦੇ ਇਹ ਨੌਨਿਹਾਲ ਨੇ । ਇਹ ਭਗਤ ਸਿੰਘ, ਸਰਾਭੇ ਦੀ ਰੂਹ ਦੇ ਜਲਾਲ ਨੇ। ਟੈਕਸਾਂ ਦੀ ਇਹ ਜ਼ੰਜੀਰ ਹੈ, ਇਹਨਾਂ ਲਈ ਕੱਚੀ ਵੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ। ਇਹ ਇਨਕਲਾਬੀ ਭੱਠੀਆਂ ਦੇ ਵਿੱਚ ਢਲੇ ਹੋਏ । ਘੋਲਾਂ ਦੇ ਗੀਤ, ਲੋਰੀਆਂ ਸੁਣ ਸੁਣ ਪਲੇ ਹੋਏ । ਗੁਸੇ ਦੀ ਅੱਗ 'ਚ ਇਹਨਾਂ ਦੇ ਲੂੰ ਲੂੰ ਬਲੇ ਹੋਏ। ਇਹਨਾਂ ਦੇ ਪੈਰਾਂ ਸਾਹਮਣੇ ਧਰਤੀ, ਅਕਾਸ਼ ਤੰਗ, ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ ਲੋਕਾਂ ਦੇ ਮਸਤ ਹਾਥੀ ਨੇ ਆਖ਼ਰ ਚੰਘਾੜਨਾ। ਜੋਕਾਂ ਨੂੰ ਜਿਸਨੇ ਆਪਣੇ ਪੈਰੀਂ ਲਿਤਾੜਨਾ । ਜਿਸ ਪੁਲਸ ਜੇਲ੍ਹਾਂ, ਲਾਠੀਆਂ ਦਾ ਦਲ ਪਛਾੜਨਾ । ਸੱਚ ਦਾ ਇਹ ਯੱਗ ਨਾ ਕਰ ਸਕੇਗਾ ਕੋਈ ਦੁਸ਼ਟ ਭੰਗ, ਛਿੜ ਪਈ ਹੈ ਫੇਰ ਕੌਰਵਾਂ ਤੇ ਪਾਂਡਵਾਂ ਦੀ ਜੰਗ। (1959)

ਕਿਵੇਂ ਪਿਆਰਾਂ ਦੀ ਗੱਲ ਛੇੜਾਂ

ਤੁਸੀਂ ਚਾਹੁੰਦੇ ਹੋ ਕਿ ਮੈਂ ਹੁਸਨ ਤੇ ਪਿਆਰਾਂ ਦੀ ਗੱਲ ਛੇੜਾਂ। ਲਹੂ ਚੋਂਦਾ ਚੋਗਿਰਦਾ ਭੁੱਲ ਕੇ, ਮੁਟਿਆਰਾਂ ਦੀ ਗੱਲ ਛੇੜਾਂ। ਤੁਹਾਡੇ ਦਿਲ ਦੇ ਵਿਹੜੇ ਵਿੱਚ ਮੈਂ ਕੋਈ ਸੁੰਦਰੀ ਨਚਾ ਦੇਵਾਂ। ਤੁਹਾਨੂੰ ਨੀਲੀਆਂ ਝੀਲਾਂ 'ਚ ਮੈਂ ਤਰਨਾ ਸਿਖਾ ਦੇਵਾਂ। ਕਿ ਚਾਹੁੰਦੇ ਹੋ ਤੁਹਾਨੂੰ ਜ਼ੁਲਫ਼ ਨਸ਼ਿਆਈ ਸੁੰਘਾ ਦੇਵਾਂ। ਕਿਸੇ ਦੇ ਮਸਤ ਬੁੱਲ੍ਹਾਂ 'ਚੋਂ ਨਿਰੀ ਮਸਤੀ ਪਿਲਾ ਦੇਵਾਂ। ਜੋ ਮੈਂ ਉਂਗਲਾਂ ਨੂੰ ਆਖਾਂ ਰਵਾਂਅ ਫਲੀਆਂ ਤੁਸੀਂ ਖੁਸ਼ ਹੋ। ਜੇ ਮੈਂ ਬੁੱਲ੍ਹਾਂ ਨੂੰ ਆਖਾਂ ਖੰਡ ਦੀਆਂ ਡਲੀਆਂ ਤੁਸੀਂ ਖੁਸ਼ ਹੋ। ਕਿਸੇ ਗੁੱਤ ਨੂੰ ਜੇ ਮੈਂ ਸਪਣੀ ਬਣਾ ਦੇਵਾਂ ਤੁਸੀਂ ਖੁਸ਼ ਹੋ। ਦੁਪਹਿਰਾਂ ਨੂੰ ਜੇ ਮੈਂ ਤਾਰੇ ਵਿਖਾ ਦੇਵਾਂ ਤੁਸੀਂ ਖੁਸ਼ ਹੋ । ਮਗਰ ਜੋ ਕੁਝ ਤੁਸੀਂ ਚਾਹੁੰਦੇ ਹੋ, ਮੇਰੀ ਕਲਮ ਨਹੀਂ ਚਾਹੁੰਦੀ। ਅਜਿਹੀ ਅੱਜ ਕੁੜੀ ਪਿੰਡਾਂ ’ਚ ਮੈਨੂੰ ਨਜ਼ਰ ਨਹੀਂ ਆਉਂਦੀ। ਕਿ ਜੋ ਗਲੀਆਂ ’ਚ ਹਥੀਂ ਪਾ ਕੇ ਵੰਗਾਂ ਲਾਲ ਛਣਕਾਏ। ਕਿ ਜੋ ਜ਼ੁਲਫ਼ਾਂ ਲਹਿਰਾਵੇ, ਸਾਰੇ ਚੋਗਿਰਦੇ ਨੂੰ ਮਹਿਕਾਏ। ਉਹਦੇ ਗੋਹੇ ਭਰੇ ਹੱਥਾਂ ਤੇ ਮੈਂ ਮਹਿੰਦੀ ਕਿਵੇਂ ਲਾਵਾਂ। ਬਿਆਈਆਂ ਪਾਟਿਆਂ ਪੈਰਾਂ ’ਚ ਮੈਂ ਝਾਂਜਰ ਕਿਵੇਂ ਪਾਵਾਂ ਉਹਦੇ ਉਲਝੇ ਹੋਏ ਵਾਲਾਂ ਚੋਂ ਜੁਲਫਾਂ ਕਿੰਜ ਉਡਾ ਦੇਵਾਂ ਉਹਦੇ ਭੁੱਖ ਨਾਲ ਤਿੜਕੇ ਬੁਲ੍ਹਾਂ 'ਤੇ ਫੁੱਲ ਕਿੰਜ ਖਿੜਾ ਦੇਵਾਂ। ਇਹੋ ਹੀ ਨਹੀਂ ਉਹਦਾ ਅੱਜ ਰੂਪ ਮੈਂ ਕੁਝ ਹੋਰ ਤਕਿਆ ਹੈ । ਉਹਨੂੰ ਗਲੀਆਂ ’ਚ ਧੂੰਦਾ ਮੈਂ ਜਬਰ ਦਾ ਜ਼ੋਰ ਤਕਿਆ ਹੈ। ਤੁਹਾਨੂੰ ਜਿਸ ਲਹਿਰਾਂਦੀ ਗੁੱਤ ਦੀ ਮਸਤੀ ਚੜ੍ਹੀ ਹੋਈ ਏ। ਅੱਜ ਇਸ ਸੀਤਾ ਦੀ ਉਹ ਗੁੱਤ ਰਾਉਣ ਦੇ ਪੰਜੇ ਫੜੀ ਹੋਈ ਏ। ਤੁਹਾਡੀ ਸੂਝ ਜਿਸ ਵੰਗਾਂ ਭਰੀ ਵੀਣੀ ਨੇ ਬੋੜੀ ਹੈ । ਉਹ ਵੀਣੀ ਪੁਲਸ ਦੇ ਡੰਡਿਆਂ ਸਣੇ ਵੰਗਾਂ ਦੇ ਤੋੜੀ ਹੈ। ਇਸੇ ਲਈ ਉਸ ਦੇ ਸੀਨੇ ਦੀ ਅੱਜ ਅਗਨੀ ਭੜਕ ਉੱਠੀ ਹੈ । ਉਹਦੇ ਬੁੱਲ੍ਹਾਂ ਦੀ ਹਾਸੀ ਬਣਕੇ ਬਿਜਲੀ ਕੜਕ ਉੱਠੀ ਹੈ। ਇਹ ਆਪਣੇ ਵੀਰ, ਬਾਪੂ ਤੇ ਪਤੀ ਦੇ ਸੁਖ ਲਈ ਉੱਠੀ ਹੈ। ਜਿਨ੍ਹੇ ਇਸ ਦਾ ਹੁਸਨ ਖਾਧਾ ਕੰਗਾਲੀ ਭੁਖ ਲਈ ਉੱਠੀ ਹੈ । ਮੇਰੇ ਪੰਜਾਬ ਦੀ ਧੀ ਨੇ ਪੰਜਾਬੀ ਅਣਖ ਪਾਲੀ ਏ । ਜੁਲਮ ਤੇ ਜਬਰ ਦੀ ਮਿੱਟੀ ਜਿਹਨੇ ਪਿੰਡ ਪਿੰਡ 'ਚ ਬਾਲੀ ਏ । ਇਹ ਦੁਰਗਾ ਅੱਜ ਸਬਰ ਦੀ ਤੇਗ ਲੈ ਕੇ ਰਣ 'ਚ ਆਈ ਏ । ਇਹ ਝਾਂਸੀ ਦੀ ਰਾਣੀ ਹੈ ਮਾਈ ਭਾਗੋ ਦੀ ਜਾਈ ਏ। ਇਹ ਤੁਹਾਨੂੰ ਆਖਦੀ ਹੈ ਕਿ ਸਮੇਂ ਦੀ ਲੋੜ ਨੂੰ ਸਮਝੋ । ਜਬਰ ਦੀ ਚਾਲ ਨੂੰ ਸਮਝੋ, ਜ਼ੁਲਮ ਦੇ ਰੋੜ੍ਹ ਨੂੰ ਸਮਝੋ। ਉਠੋ ਤੇ ਉਠ ਕੇ ਲਹੂ ਚੋਂਦੇ ਚੋਗਿਰਦੇ ਦਾ ਲਹੂ ਪੂੰਝੋ। ਅਤੇ ਜੀਵਨ ਦੇ ਵਿਹੜੇ ਚੋਂ ਜਬਰ ਦੇ ਕੋਹੜ ਨੂੰ ਹੂੰਜੋ । ਉਦੋਂ ਫਿਰ ਗੱਲ ਕਰਾਂਗੇ, ਹੁਸਨ ਤੇ ਸੁੱਚੇ ਪਿਆਰਾਂ ਦੀ। ਅਤੇ ਮਹਿਕੇ ਚੁਗਿਰਦੇ ਵਿਚ, ਪ੍ਰੀਤਾਂ ਦੀ ਬਹਾਰਾਂ ਦੀ। (1959)

ਲੋਕਾਂ ਦਾ ਗ਼ਮ

ਇਸ਼ਕ ਮੇਰੇ ਦੀ ਕਹਾਣੀ ਤਾਂ ਪੁਰਾਣੀ ਹੈ ਬੜੀ। ਮੈਂ ਨਵੀਂ ਕਰਦਾ ਰਿਹਾ ਹਾਂ ਏਸ ਨੂੰ ਪਰ ਹਰ ਘੜੀ। ਵੇਖਦੀ ਰਹੀ ਮੁਸਕਰਾ ਕੇ ਹਰ ਨਵੇਲੇ ਹੁਸਨ ਨੂੰ, ਇਕ ਨਵੀਂ ਸੂਰਤ ਮੇਰੇ ਦਿਲ ਦੇ ਬਨੇਰੇ ਤੇ ਖੜੀ। ਇਸ਼ਕ ਮੇਰੇ ਹਰ ਸਮੇਂ ਹਰ ਰੁੱਤ ਬਹਾਰਾਂ ਮਾਣੀਆਂ, ਹਰ ਘੜੀ ਹੋਂਦੀ ਰਹੀ ਇਹਦੇ ਤੇ ਹੁਸਨਾਂ ਦੀ ਝੜੀ। ਦੂਣੀ ਹੋਈ ਇਸਦੀ ਹਿੰਮਤ ਹੋਰ ਪੱਕੀ ਹੋ ਗਈ, ਜਦ ਕਦੇ ਵੀ ਜ਼ੁਲਮ ਦੀ ਭੱਠੀ ਦੇ ਅੰਦਰ ਇਹ ਸੜੀ। ਕਿਤਨੀ ਵਾਰੀ ਮੈਂ ਸਮਾਜੀ ਕਾਜ਼ੀਆਂ ਨੂੰ ਝੂਣਿਆਂ, ਤੇ ਝਨਾਵਾਂ ਨਾਲ ਮੇਰੀ ਅਣਖ ਵੀ ਡਟ ਕੇ ਲੜੀ। ਇਹ ਇਸ਼ਕ ਹੀ ਹੈ ਜੋ ਪੀ ਕੇ ਜ਼ਹਿਰ ਵੀ ਜੀਂਦਾ ਰਿਹਾ, ਮੌਤ ਨੇ ਉਲਟਾ ਵਧਾਈ ਇਸ ਦੇ ਸੁਆਸਾਂ ਦੀ ਲੜੀ । ਰਾਤ ਦੀ ਪੈਲੀ ਚੋਂ ਚੁਣਕੇ ਤਾਰਿਆਂ ਦੀਆਂ ਫੁੱਟੀਆਂ, ਖੇੜਿਆਂ ਨਾ’ ਭਰ ਲਈ ਮੈਂ ਹਿਜਰ ਦੀ ਹਰ ਰਾਤੜੀ। ਹੁਸਨ ਦਾ ਚਾਨਣ ਅਜ਼ਲ ਤੋਂ ਹੈ ਹਸ਼ਰ ਤੱਕ ਰਹੇਗਾ, ਭਰਨ ਵਾਲੇ ਭਰ ਹੀ ਲੈਂਦੇ ਨੇ ਇਹਦੇ ਨਾਲ ਝੋਲੜੀ । ਗਮ ਨਹੀਂ ਜੇ ਕੱਟ ਦਿੱਤੀ ਇਕ ਸਮੇਂ ਦੀ ਡੋਰ ਨੇ, ਹੋਰ ਇੱਕ ਗੁੱਡੀ ਮੇਰੇ ਦਿਲ ਦੇ ਅਕਾਸ਼ਾਂ ਤੇ ਚੜ੍ਹੀ। ਹੋਇਆ ਕੀ ਜੇ ਖੋਹ ਲਈ ਇਕ ਹੀਰ ਜਗ ਦੇ ਕੈਦੋਆਂ, ਦਿਲ ਦੇ ਸ਼ੀਸ਼ੇ ਵਿਚ ਗਈ ਤਸਵੀਰ ਸੋਹਣੀ ਦੀ ਜੜੀ। ਗ਼ਮ ਤਾਂ ਹੈ ਕਿ ਛੁਟ ਗਈ ਕੰਨੀ ਕਿਸੇ ਦੇ ਸਾਥ ਦੀ, ਪਰ ਮੈਂ ਅਜ ਲੋਕਾਂ ਦੇ ਗ਼ਮ ਦੀ ਸੋਚ ਕੇ ਕੰਨੀ ਫੜੀ। (1959)

ਇਹ ਕਲੇਜੇ ਚੋਂ ਹੂਕ ਉਠਦੀ ਹੈ

(ਇਕ ਇਨਕਲਾਬੀ ਦੇ ਵਿਛੋੜੇ 'ਤੇ) ਕਿਤਨੀ ਅਣਜਾਣ ਤੇ ਬੇਸਮਝ ਹੈ ਮੌਤ ! ਕੇਵਲ ਇਕ ਛਿਣ ਕੁ ਲਈ ਜੀਣ ਲਈ ਹਸਦੀ ਹੈ, ਜਦ ਵੀ ਉਹ ਜ਼ਿੰਦਗੀ ਦੇ ਕਿਸੇ ਆਸ਼ਕ ਨੂੰ ਲਹੂ-ਗੜੁਚੀਆਂ ਦਾਹੜ੍ਹਾਂ 'ਚ ਦਬਾ ਲੈਂਦੀ ਹੈ । ਦੂਜੇ ਹੀ ਛਿਣ ਪਰ ਖੋਹ ਲੈਂਦੀ ਹੈ ਵਾਲ ਆਪਣੇ ਸਿਰ ਦੇ ਜਦੋਂ ਫਿਰ ਉਸੇ ਹੀ ਬਹਾਦਰ ਆਸ਼ਕ ਦੀ ਸ਼ਕਲ ਤਕਦੇ ਤਕਦੇ ਹੀ ਉਹਦੀਆਂ ਨਜ਼ਰਾਂ ਮੂਹਰੇ ਜੀ ਉਠਦੀ ਹੈ ਬਿਫਰ ਪੈਂਦੀ ਹੈ । ਕਿਤਨਾ ਅਣਜਾਣ ਤੇ ਬੇਸਮਝ ਹੈ ਅੰਬਰ! ਖਿੜ ਖਿੜ ਉਠਦਾ ਕੇਵਲ ਛਿਣ ਲਈ ਜਦ ਕੋਈ ਤਾਰਾ ਉਹ ਆਪਣੀ ਝੋਲੀ ਚੋਂ ਧਰਤੀ ਉਤੇ ਪਟਕ ਕੇ ਸੁਟਦਾ ਹੈ ਨਚ ਉਠਦਾ ਹੈ ਮਾਰ ਕੇ ਤਾੜੀ ! ਪਿਛੋਂ ਪਰ ਹੁੰਦਾ ਹੈ ਪਿਟ ਪਿਟ ਕੇ ਨੀਲਾ, ਜਦੋਂ ਤਕਦਾ ਹੈ ਆਪਣੇ ਹਰ ਪਾਸੇ ਖਿੜੀ ਤਾਰਿਆਂ ਦੀ ਫੁਲਵਾੜੀ। ਕਿਤਨੀ ਅਣਜਾਣ ਤੇ ਬੇਸਮਝ ਹੈ ਰਾਤ! ਨਿਗਲ ਕੇ ਚਮਕਦਾ ਦਮਕਦਾ ਸੂਰਜ ਖੁਸ਼ੀ 'ਚ ਤਾਰੇ ਖਿਲੇਰ ਦੇਂਦੀ ਹੈ। ਝੱਟ ਹੀ ਪਰ ਉਸਦੀ ਛਾਤੀ ਤੇ ਚੰਦਰਮਾ ਚੜ੍ਹਕੇ ਬਹਿ ਜਾਂਦਾ ਹੈ, ਸਵੇਰ ਤਾਰਿਆਂ ਦੇ ਰੋੜ ਹੂੰਝਣ ਲਈ ਰਾਤ ਦੇ ਵਿਹੜੇ 'ਚ ਬਹੁਕਰ ਫੇਰ ਦੇਂਦੀ ਹੈ। ਪਰ ਮੇਰੇ ਮਿੱਤਰੋ, ਮੇਰੇ ਯਾਰੋ, ਮੇਰੇ ਲੋਕੋ, ਇਸ ਸਚਾਈ ਤੋਂ ਕੌਣ ਮੁਨਕਰ ਹੈ- ਜ਼ਿੰਦਗੀ ਦੇ ਕਿਸੇ ਆਸ਼ਕ ਦੇ ਵਿਛੜ ਜਾਵਣ ਤੇ ਅੰਬਰ ਤੋਂ ਕਿਸੇ ਤਾਰੇ ਦੇ ਟੁੱਟਣ ਤੇ ਚਮਕਦੇ ਦਮਕਦੇ ਸੂਰਜ ਦੇ ਅਸਤਣ ਤੇ ਦਿਲ ਹੀ ਤਾਂ ਹੈ ਜੋ ਰੋ ਪੈਂਦਾ ਹੈ । ਸਮੇਂ ਦੇ ਨੈਣੋਂ ਵੀ ਲਹੂ ਚੋਂ ਪੈਂਦਾ ਹੈ। ਇਹ ਕਲੇਜੇ ਚੋਂ ਹੂਕ ਉਠਦੀ ਹੈ:- ਕਦੇ ਇਹ ਜ਼ਿੰਦਗੀ ਦਾ ਆਸ਼ਕ ਕੁਝ ਸਮੇਂ ਲਈ ਹੀ ਹੋਰ ਜੀ ਜਾਂਦਾ । ਤਾਂ ਜ਼ਖ਼ਮ ਜ਼ਿੰਦਗੀ ਦੇ ਹੋਰ ਸੀ ਜਾਂਦਾ। ਜ਼ਹਿਰ ਜੀਵਣ ਦਾ ਹੋਰ ਪੀ ਜਾਂਦਾ। ਜੇ ਕਦੇ ਇਹ ਤਾਰਾ ਅੰਬਰ ਤੇ ਕੁਝ ਸਮੇਂ ਲਈ ਹੀ ਹੋਰ ਰਹਿ ਜਾਂਦਾ। ਗੜ੍ਹ ਹਨੇਰੇ ਦਾ ਹੋਰ ਢਹਿ ਜਾਂਦਾ। ਨੂਰ ਧਰਤੀ ਤੇ ਹੋਰ ਵਹਿ ਜਾਂਦਾ। ਜੇ ਕਦੇ ਇਹ ਚਮਕਦਾ ਸੂਰਜ ਹੋਰ ਗਰਮੀ ਦੇ ਤੀਰ ਵਰਸਾਂਦਾ ਬਰਫ਼ ਜੰਮੀ ਨੂੰ ਹੋਰ ਪਿਘਲਾਂਦਾ ਚਿਹਰਾ ਧਰਤੀ ਦਾ ਹੋਰ ਰੁਸ਼ਨਾਂਦਾ ! ਇਹ ਕਲੇਜੇ ਚੋਂ ਹੂਕ ਉਠਦੀ ਹੈ ! (1962)

ਪੰਜਾਬ ਦਾ ਗਿਲਾ

ਹੇ ਮੇਰੀ ਹਿਕੜੀ ਤੇ ਖੇਡਣ ਮੁਸਕਰਾਵਣ ਵਾਲਿਓ। ਹੈ ਕਲਾ ਦੇ ਸਾਜ਼ ਦੇ ਨਗਮੇ ਸੁਨਾਵਣ ਵਾਲਿਓ। ਛੱਡਕੇ ਧਰਤੀ ਨੂੰ ਅਰਸ਼ੀਂ ਪੀਂਘ ਪਾਵਣ ਵਾਲਿਓ। ਕਲਪਣਾ ਦੀ ਪੀ ਕੇ ਮੈ ਹੋਸ਼ਾਂ ਭੁਲਾਵਣ ਵਾਲਿਓ। ਅੱਜ ਤੁਹਾਡੇ ਇਸ ਭਰੇ ਦਰਬਾਰ ਵਿਚ ਆਇਆ ਹਾਂ ਮੈਂ । ਇਕ ਗਿਲਾ ਲੈ ਕੇ ਬੜੇ ਸਤਿਕਾਰ ਵਿਚ ਆਇਆ ਹਾਂ ਮੈਂ । ਅਜ਼ਲ ਤੋਂ ਨਗਮੇ ਤੁਹਾਡੇ ਰੂਹ ਮਿਰੀ ਸੁਣਦੀ ਰਹੀ। ਕਲਮ ਦੀ ਚੁੰਝ ਚੋਂ ਖਲੇਰੇ ਲਾਲ ਇਹ ਚੁਣਦੀ ਰਹੀ। ਵੇਦ-ਮੰਤਰ ਸੁਣ ਕੇ ਸਿਰ ਅਪਣਾ ਸਦਾ ਧੁਣਦੀ ਰਹੀ। ਦੁੱਧ ਤੇ ਪਾਣੀ ਨੂੰ ਪੋਣੇ ਨਜ਼ਰ ਦੇ ਪੁਣਦੀ ਰਹੀ। ਸੂਫੀਆਂ ਤੋਂ ਮਸਤੀਆਂ ਦੇ ਜਾਮ ਮੈਂ ਪੀਂਦਾ ਰਿਹਾ। ਆਤਮਾਂ ਦੀ ਗੋਦ ਵਿਚ ਬਹਿ ਕੇ ਬੜਾ ਜੀਂਦਾ ਰਿਹਾ । ਨਾਲ ਮੇਰੇ ਜੁਲਮ ਆ ਕੇ ਕੋਈ ਟਕਰਾਇਆ ਜਦੋਂ। ਕੀ ਯੂਨਾਨੀ ਕੀ ਤੂਰਾਨੀ ਚੜ੍ਹਕੇ ਸੀ ਆਇਆ ਜਦੋਂ । ਮੇਰੇ ਬੱਚਿਆਂ ਨੂੰ ਤਸੀਹੇ ਦੇ ਕੇ ਤੜਪਾਇਆ ਜਦੋਂ। ਅੰਗਅੰਗ ਮੇਰਾ ਤੜਪ ਕੇ ਰੋ ਕੇ ਕੁਰਲਾਇਆ ਜਦੋਂ। ਝਟ ਕੋਈ ਅੰਬਰਾਂ ਤੋਂ ਲਹਿਕੇ ਧਰਤ ਉੱਤੇ ਆ ਗਿਆ। ਖ਼ੂਨ ਦੇ ਸੁਹਲੇ ਸੁਣਾ ਜ਼ਖ਼ਮਾਂ ਤੇ ਮਲ੍ਹਮ ਲਾ ਗਿਆ। ਫਿਰ ਜਦੋਂ ਪੱਛਮ ਤੋਂ ਮੇਰੇ ਤੇ ਜੁਲਮ ਵਧਦਾ ਰਿਹਾ। ‘ਦਰਦ ਮੇਰੇ ਦੇ ਸੁਨੇਹੇ’ ਜਗ ਨੂੰ ਕੋਈ ਦਸਦਾ ਰਿਹਾ। ਜਬਰ ਨੂੰ ਕੋਈ ‘ਸਬਰ ਦਾ ਬਾਣਾਂ’ ਦੇ ਸੰਗ ਡਸਦਾ ਰਿਹਾ। ਕਲਮ ਉਹਨਾਂ ਦੀ ਬੇਸ਼ਕ ਕੜੀਆਂ ਦੇ ਵਿਚ ਜਕੜੀ ਗਈ। ਜ਼ੁਲਮ ਤੋਂ ਪਰ ਜੀਭ ਉਸਦੀ ਨਾ ਕਦੇ ਪਕੜੀ ਗਈ। ਪਰ ਤੁਹਾਡੀ ਕਲਮ ਚੋਂ ਉਹ ਚਾਲ ਉੱਕਾ ਰੁਕ ਗਈ। ਮੁੱਕ ਗਈ ਉਸ ਚੋਂ ਉਹ ਸਚ ਆਖਣ ਦੀ ਹਿੰਮਤ ਮੁੱਕ ਗਈ। ਝੁੱਕ ਗਈ ਉਹ ਰਾਜ ਦੀ ਤਲਵਾਰ ਸਾਹਵੇਂ ਝੁੱਕ ਗਈ। ਸੁੱਕ ਗਈ ਮੇਰੇ ਲਈ ਉਸ ਦੀ ਸਿਆਹੀ ਸੁੱਕ ਗਈ। ਮੇਰੇ ਮੈਦਾਨਾਂ ਪਹਾੜਾਂ ਦਾ ਜ਼ਿਕਰ ਕਰਦੀ ਨਹੀਂ । ਵੇਖ ਕੇ ਮੈਨੂੰ ਦੁਖੀ ਹੌਕਾ ਵੀ ਇਕ ਭਰਦੀ ਨਹੀਂ । ਪਲ ਨਾ ਕਦੇ ਇਸ ਮੇਰੇ ਦਰਿਆਵਾਂ 'ਚ ਲਾਈਆਂ ਤਾਰੀਆਂ। ਨਾ ਕਦੇ ਇਸ ਬੇਲਿਆਂ, ਰੁੱਖਾਂ 'ਚ ਮੱਝਾਂ ਚਾਰੀਆਂ। ਨਾ ਕਦੇ ਇਸ ਮੇਰਿਆਂ ਖੂਹਾਂ 'ਚ ਚੁਬੀਆਂ ਮਾਰੀਆਂ। ਜੇ ਮੇਰੀ ਤਸਵੀਰ ਚਿਤਰੀ ਤਾਂ ਬਿਲਕੁਲ ਓਪਰੀ। ਕਲਪਣਾ ਦਾ ਧੜ ਬੇ-ਮੇਚਾ ਉਸ ਤੋਂ ਉਲਟੀ ਖੋਪਰੀ। ਪੈਰੋਂ ਵਾਹਣੀ ਮੇਰੀ ਧੀ ਪਿੰਡਾਂ 'ਚ ਚੱਕਰ ਲਾ ਰਹੀ। ਪਰ ਤੁਹਾਡੀ ਕਲਮ ਉਹਨੂੰ ਝਾਂਜਰਾਂ ਹੈ ਪਾ ਰਹੀ। ਚੁੱਕ ਚੁੱਕ ਭਰੀਆਂ ਉਹਦੇ ਵਾਲਾਂ ਦੀ ਲਿਟ ਕੁਮਲਾ ਰਹੀ। ਪਰ ਤੁਹਾਡੀ ਕਲਮ ਉਸ ਦੀ ਜ਼ੁਲਫ਼ ਹੈ ਸੁਲਝਾ ਰਹੀ। ਝਾਂਜਰਾਂ ਕੈਂਠੇ ਮੇਰੇ ਬੱਚਿਆਂ ਦੇ 'ਡਾਕੂ' ਲੈ ਗਏ । ਮਾਲੀਏ ਦੇ ਭੁੱਖੇ ਢਿੱਡ ਵਿੱਚ ਉਹ ਚਰੋਕੇ ਪੈ ਗਏ । ਕਲ੍ਹ ਅਜੇ ਅੰਨ੍ਹੇ ਜਬਰ ਨੇ, ਮੂੰਹ ਸੀ ਆਪਣਾ ਖੋਲ੍ਹਿਆ। ਪੈਲੀਆਂ ਵਿੱਚ ਰੱਤ ਡੋਲੀ, ਪਤ ਨੂੰ ਪੈਰੀਂ ਰੋਲਿਆ। ਗਜ਼ਬ ਹੈ ਤੁਹਾਡੇ ਚੋਂ ਇਕ ਵੀ ਕਵੀ ਨਾ ਬੋਲਿਆ। ਤੁਫ਼ ਤੁਹਾਡੀ ਕਲਮ ਤੇ, ਜਿਸ ਇਕ ਨਾ ਹੰਝੂ ਡੋਲ੍ਹਿਆ। ਮੈਂ ਇਹ ਚਾਹੁੰਦਾ ਹਾਂ ਤੁਸੀਂ ਪੱਥਰ ਤੋਂ ਹੁਣ ਪਾਰਸ ਬਣੋ। ਨਾਨਕ ਨੇ ਗਾਏ ਖ਼ੂਨ ਦੇ ਸੁਹਲੇ ਉਦ੍ਹੇ ਵਾਰਿਸ ਬਣੋ। (1963)

ਪੰਡਤ ਨਹਿਰੂ

ਮੈਂ ਰਸਮੀ ਗੱਲ ਨਹੀਂ ਕਰਦਾ ਮੈਂ ਦਿਲ ਦੀ ਤਹਿ 'ਚੋਂ ਕਹਿੰਦਾ ਹਾਂ । ਇਹਨਾਂ ਪਿਛਲੇ ਦਿਨਾਂ ਵਿਚ ਤੂੰ ਬੜਾ ਹੀ ਯਾਦ ਆਇਆ ਏਂ । ਮੇਰੇ ਦਿਲ ਦੇ ਬਨੇਰੇ ਤੇ ਤੂੰ ਮੁਸਕਾਇਆ ਏ ਫੁੱਲ ਵਾਂਗੂੰ ਅਤੇ ਇਕ ਵਾਸ਼ਨਾ ਬਣ ਕੇ ਮੇਰੇ ਸਭ ਕੁਝ ਤੇ ਛਾਇਆ ਏਂ । ਤੂੰ ਆਪਣੀ ਸੋਚਣੀ ਦਾ ਬਾਗ਼ ਜਿਹੜਾ ਲਾ ਕੇ ਟੁਰਿਆ ਸੈਂ ਉਹਦੇ ਫੁੱਲਾਂ ਦੇ ਸੌਦੇ ਅਜ ਸਮੁੰਦਰੋਂ ਪਾਰ ਹੁੰਦੇ ਨੇ ਉਹਨਾਂ ਵਲ ਹਥ ਵਧਦੇ ਨੇ ਜਦੋਂ ਗੋਰੇ ਵਪਾਰੀ ਦੇ ਅਣਖ ਦੀ ਲਾਜਵੰਤੀ ਦੇ ਛਮਾ-ਛਮ ਨੈਣ ਰੋਂਦੇ ਨੇ ਹੈ ਜੰਮਿਆ ਅੰਨ ਦੇ ਸੰਕਟ ਦੀ ਕੁਖੋਂ ਅਣਖ ਦਾ ਸੰਕਟ ਉਦੋਂ ਮੰਗਤੇ ਵੀ ਸਾਡੇ ਨੇੜਿਉਂ ਲੰਘਣ ਤੋਂ ਸੰਗਦੇ ਨੇ ਵਲੈਤਾਂ ਵਿਚ ਬਦੇਸ਼ੀ ਬਾਲ ਹਥੀਂ ਪਕੜ ਕੇ ਠੂਠੇ ਜਦੋਂ ਸਾਡੇ ਲਈ ਸੜਕਾਂ ਤੇ ਫਿਰ ਕੇ ਦਾਨ ਮੰਗਦੇ ਨੇ । ਮੈਂ ਬਹੁਤੀ ਗੱਲ ਨਹੀਂ ਕਰਦਾ ਅਮੀਰੀ ਬਾਤ ਪਾਂਦਾ ਹਾਂ ਤੇਰੇ ਸਾਂਝੇ ਸਮਾਜੀ ਢੰਗ ਦਾ ਕੀ ਰੰਗ ਹੋਇਆ ਹੈ? ਉਹ ਸ਼ਾਇਰ ਜਿਸ ਤੇਰੀ ਗੋਰੀ ਦੇ ਪੈਂਰੀ ਝਾਂਜਰਾਂ ਪਾਈਆਂ ਉਹ ਆਖਰ ਭੁਖ ਦੇ ਦੁੱਖੋਂ, ਖੂਹੇ ਵਿੱਚ ਡੁੱਬ ਕੇ ਮੋਇਆ ਏ । ਮੈਂ ਰਸਮੀ ਗਲ ਨਹੀਂ ਕਰਦਾ, ਮੈਂ ਦਿਲ ਦੀ ਤਹਿ 'ਚੋਂ ਕਹਿੰਦਾ ਹਾਂ ਇਹਨਾਂ ਪਿਛਲੇ ਦਿਨਾਂ ਵਿਚ ਤੂੰ ਬੜਾ ਹੀ ਯਾਦ ਆਇਆ ਏਂ । ਮੇਰੇ ਦਿਲ ਦੇ ਬਨੇਰੇ ਤੇ, ਤੂੰ ਮੁਸਕਾਇਆ ਏਂ ਫੁੱਲ ਵਾਂਗੂੰ ਅਤੇ ਇਕ ਵਾਸ਼ਨਾ ਬਣ ਕੇ, ਮੇਰੇ ਸਭ ਕੁਝ ਤੇ ਛਾਇਆ ਏਂ । (1965)

ਆਵਾਜ਼ਾਂ ਦਾ ਇਕ ਝੁਰਮਟ

ਮੈਂ ਕੱਲ੍ਹ ਆਵਾਜ਼ਾਂ ਦੇ ਇਕ ਝੁਰਮਟ ਦੇ ਵਿਚ ਖਲੋਤਾ ਇਹ ਸੋਚਦਾ ਸਾਂ ਜੇ ਇਹ ਅਵਾਜ਼ਾਂ ਨਾ ਬੰਦ ਹੋਈਆਂ ਤਾਂ ਦੇਸ਼ ਮੇਰੇ ਦਾ ਕੀ ਬਣੇਗਾ? ਇਨ੍ਹਾਂ ਅਵਾਜ਼ਾਂ ਦੇ ਲਹਿਜਿਆਂ ਵਿਚ ਥੁੜਾਂ ਦਾ ਫਨੀਅਰ ਜੋ ਰੀਂਗਦਾ ਹੈ ਉਹ ਮੇਰੇ ਦਿਲ ਤੇ ਜ਼ਮੀਰ ਉੱਤੇ ਵਿਉਹਲਾ ਫੰਨ੍ਹ ਕੀ ਸਦਾ ਤਣੇਗਾ? ਅਵਾਜ਼ ਬੋਲੀ: ਮਸ਼ੀਨ ਹਾਂ ਮੈਂ, ਪੁੱਛਦੀ ਹਾਂ ਤੇਰੇ ਕੋਲੋਂ, ਜੋ ਆਪਣੀ ਮਿਹਨਤ ਦਾ ਪਾ ਕੇ ਬਾਲਣ ਵਤਨ ਦੀ ਸਨਅਤ ਦਾ ਭੱਠ ਝੋਕੇ ਪਰ ਉਸਦੇ ਜੀਵਨ ਦੀ ਪੇਟ-ਭੱਠੀ ਰਹੇ ਕਿਉਂ ਠੰਡੀ, ਭਰੇ ਕਿਉਂ ਹੌਕੇ? ਸਿਆੜ ਬੋਲੇ: ਕੋਈ ਇਹ ਤਾਂ ਦੱਸੋ ਨਿਆਂ ਕਿਹਾ ਹੈ ! ਜੋ ਮੇਰੇ ਬੁੱਲ੍ਹਾਂ 'ਚ ਰੱਤ ਪਾਏ ਹਨੇਰ ਹੈ ਪਰ ਆਪਣੀ ਹੀ ਰੱਤ ਦੇ ਉਹ ਬਣੇ ਦਾਣੇ ਵੀ ਖਾ ਨਾ ਸਕੇ ਪਰ, ਕੋਈ ਬਿਹਲੜ, ਮਹੱਲਾਂ ਅੰਦਰ ਹੜੱਪੀ ਜਾਏ ਤੇ ਮੁਸਕਰਾਏ । ਤੇ ਕਲਮ ਬੋਲੀ: ਜ਼ਬਾਨ ਮੇਰੀ ਤੇ ਕੋਈ ਨਾਨਕ ਜੇ ਬਹਿ ਕੇ ਰਚਦਾ ਹੈ ‘ਬਾਬਰ ਬਾਣੀ’ ਤੇ ਪੰਜ ਸਦੀਆਂ ਦਾ ਲੰਘ ਪੈਂਡਾ ਜੇ ਸੱਚ ਦੀ ਖ਼ਾਤਰ ਹੈ ਜੀਭ ਹਿੱਲਦੀ ਤਾਂ ਉਸਨੂੰ ਨਾਨਕ ਦੇ ਵਾਂਗ ਯਾਰੋ ਗਜ਼ਬ ਹੈ ਅਜ ਵੀ ਹੈ ਜੇਲ੍ਹ ਮਿਲਦੀ ! ਇਹੋ ਜਿਹੀਆਂ ਅਨੇਕ ਵਾਜਾਂ ਦੀ ਭੀੜ ਸੰਘਣੀ ਦੇ ਵਿਚ ਖਲੋਤਾ ਮੈਂ ਸੋਚਦਾ ਸਾਂ ਜੇ ਇਹ ਅਵਾਜ਼ਾਂ ਨਾ ਬੰਦ ਹੋਈਆਂ ਤਾਂ ਦੇਸ਼ ਮੇਰੇ ਦਾ ਕੀ ਬਣੇਗਾ? ਤੇ ਕੀ ਥੁੜਾਂ ਦਾ ਜ਼ਹਿਰੀਲਾ ਫਨੀਅਰ ਸਦਾ ਹੀ ਮੇਰੇ ਤੇ ਫੰਨ ਤਣੇਗਾ? ਪਰ ਅੱਜ ਇਹ ਕਿਧਰੋਂ ਅਵਾਜ਼ ਆਈ ਜੋ ਕੁਲ ਅਵਾਜ਼ਾਂ ਤੇ ਛਾ ਗਈ ਏ । ਤੇ ਉਸਦੇ ਗੰਭੀਰ ਲਹਿਜੇ ਮੇਰੀ ਹੈ ਸੋਚ ਮੁਢੋਂ ਝੰਜੋੜ ਸੁਟੀ ਉਹ ਅੱਤ ਦੇ ਗੁੱਸੇ 'ਚ ਤਲਮਲਾਈ ਜਿਉਂ ਸ਼ੇਰਨੀ ਕੋਈ ਜ਼ਖ਼ਮ ਖਾ ਕੇ ਸ਼ਿਕਾਰੀ ਉੱਤੇ ਹੈ ਝਪਟ ਪੈਂਦੀ। ਅਵਾਜ਼ ਬੋਲੀ: ਮੈਂ ਦੇਸ਼ ਤੇਰੇ ਦੀ ਉਹ ਹਾਂ ਸੀਮਾ ਜੋ ਇਕ ਗੁਆਂਢੀ ਨਾਪਾਕ ਕੀਤੀ ਕਿਸੇ ਪਰਾਏ ਦੀ ਚੁੱਕ ਉੱਤੇ ਵਿਸਾਹਘਾਤਕ ਲਹੂ 'ਚ ਲਿਬੜੇ ਅਨੇਕਾਂ ਬੂਟਾਂ ਨੇ ਮੇਰੀ ਛਾਤੀ ਹੈ ਦਰੜ ਸੁੱਟੀ ਤੇ ਮੇਰੀ ਵਰ੍ਹਿਆਂ ਤੋਂ ਸਾਂਭੀ ਹੋਈ ਹੈ ਪੱਤ ਲੁੱਟੀ। ਇਹ ਵਾਜ ਸੁਣਦੇ ਹੀ ਮੇਰੇ ਮੂੰਹੋਂ ਅਬੜਵਾਹੇ ਨਿਕਲ ਗਿਆ ਹੈ: ਇਹ ਵਾਜ ਤਾਂ ਹੈ ਮੇਰੀ ਮਾਂ ਦੀ ਅਵਾਜ਼ ਵਰਗੀ ਜਾਂ ਮੇਰੀ ਮਾਂ-ਜਾਈ, ਮੈਨੂੰ ਵੰਗਾਰਦੀ ਹੈ ਜਾਂ ਮੇਰੇ ਬੱਚੇ ਦੀ ਮਾਂ ਹੀ ਮੈਨੂੰ ਪੁਕਾਰਦੀ ਹੈ। ਵੰਗਾਰ ਸੁਣਦੇ ਹੀ ਮੇਰੇ ਅੰਦਰੋਂ ਜ਼ਮੀਰ ਬੋਲੀ: ਤੂੰ ਬਹੁੜਿਆ ਨਾ ਜੇ ਇਹ ਆਵਾਜ਼ ਸੁਣ ਕੇ ਤਾਂ ਫਟਦੇ ਬੰਬਾਂ ਦੀ ਗਰਜ ਅੰਦਰ ਸੰਗੀਤ ਉਣਦੀ ਮਸ਼ੀਨ ਦਾ ਵੀ ਜਾਏਗਾ ਸੰਘ ਘੁਟਿਆ ਅਤੇ ਬਾਰੂਦੀ ਧੂੰਏਂ ਦੇ ਅੰਦਰ ਕਿਸੇ ਵੀ ਹਲ ਦਾ ਕੋਈ ਵੀ ਫਾਲਾ ਨਾ ਮੂੰਹ ਸਿਆੜਾਂ ਦਾ ਚੁੰਮ ਸਕੇਗਾ ਤੇ ਕਲਮ ਮੇਰੀ ਦੀ ਜੀਭ ਅੰਦਰ ਕਟਾਰ ਖੁਭੇਗੀ ਦੁਸ਼ਮਣਾਂ ਦੀ। ਫਿਰ ਅਣਖ ਬੋਲੀ: “ਮੈਂ ਜੱਲ੍ਹਿਆਂ ਵਾਲੇ ਦੇ ਸੁਰਖ਼ ਫੁੱਲਾਂ ਦੀ ਹਾਂ ਜਵਾਲਾ ਤੇ ਮੈਂ ਹੀ ਸਤਲੁਜ ਦੀ ਲਹਿਰ ਦੀ ਹਾਂ ਕਟਾਰ ਤਿੱਖੀ ਤੇ ਮੈਂ ਸਰਾਭੇ ਦੇ ਪਿੰਡ ਦੀ ਹਾਂ ਧੂੜੀ ਬਰੂਦ ਸੁੱਕਾ” ਅਣਖ ਦੀ ਗਜਵੀਂ ਅਵਾਜ਼ ਸੁਣ ਕੇ ਪ੍ਰਣ ਲਿਆ ਮੈਂ, ਮੈਂ ਜੱਲ੍ਹਿਆਂ ਵਾਲੇ ਦੀ ਅੱਗ ਲੈ ਕੇ ਤੇ ਸਤਲੁਜ ਦੇ ਹੱਥੋਂ ਕਟਾਰ ਫੜ ਕੇ ਅਤੇ ਸਰਾਭੇ ਦੇ ਪਿੰਡ ਦੀ ਧੂੜੀ ਦਾ ਘੁੱਟ ਕੇ ਮੁੱਠ ਵਿਚ ਬਰੂਦ ਸੁੱਕਾ ਮੈਂ ਉਸ ਗੁਆਂਢੀ ਤੇ ਟੁੱਟ ਪਵਾਂਗਾ ਹੈ ਜਿਸਨੇ ਮੇਰੇ ਵਤਨ ਦੀ ਸੁੱਚੀ ਤੇ ਪਾਕ ਸੀਮਾ ਨਾਪਾਕ ਕੀਤੀ ਮੈਂ ਉਸਤੋਂ ਆਪਣੀ ਛੁਡਾ ਕੇ ਧਰਤੀ ਹੀ ਦਮ ਲਵਾਂਗਾ ਅਤੇ ਅਵਾਜ਼ਾਂ ਜੋ ਕਲ੍ਹ ਮੈਂ ਸੁਣੀਆਂ ਉਹਨਾਂ ਦੀ ਪੂਰਨ ਤ੍ਰਿਪਤੀ ਖ਼ਾਤਰ ਜੇ ਪਰਤ ਆਇਆ ਤਾਂ ਫਿਰ ਲੜਾਂਗਾ ਨਹੀਂ ਤਾਂ ਮੇਰਾ ਕੋਈ ਹੋਰ ਸਾਥੀ ਉਹਨਾਂ ਅਵਾਜ਼ਾਂ ਨੂੰ ਤ੍ਰਿਪਤ ਕਰਕੇ ਹੀ ਸਾਹ ਲਵੇਗਾ ਪਰ ਹੁਣ ਮੈਂ ਸੀਮਾਂ ਤੇ ਨਿਪਟ ਆਵਾਂ । (1965)

ਲੂਨਾ : ਇਹ ਕਿਹਾ ਅਲੌਕਿਕ ਪੰਛੀ

ਇਹ ਤਾਂ ਸੁਣਿਆ ਸੀ ਕਈ ਪੰਛੀ ਇਸ ਧਰਤੀ ਦੇ ਕਿਸੇ ਦੇਸ਼ ਚੋਂ ਉਡਦੇ ਪਰਬਤ ਟਪਦੇ, ਸਾਗਰ ਲੰਘਦੇ ਦੂਰ ਦੁਰੇਡੇ, ਇਸ ਧਰਤੀ ਦੇ ਕਿਸੇ ਦੂਸਰੇ ਦੇਸ਼ ਦੇਸ਼ਾਂਤਰ ਵਿਚ ਜਾ ਪੁਜਦੇ, ਓਥੋਂ ਦਾ ਜਾ ਦਾਣਾ ਚੁਗਦੇ। ਉਸ ਦੇਸ਼ ਦਾ ਪਾਣੀ ਪੀ ਕੇ, ਵਾਯੂ ਫਕ ਕੇ ਉਥੋਂ ਉਡ ਕੇ, ਆਪਣੇ ਆਹਲਣੇ ਮੁੜ ਆ ਬਹਿੰਦੇ ਦੂਜੇ ਦੇਸ਼ ਚੋਂ ਚੁਗ ਕੇ ਲਿਆਂਦਾ ਦਾਣਾ ਦੁਣਕਾ, ਆਪਣੇ ਬਚਿਆਂ ਦੇ ਮੂੰਹ ਪਾਉਂਦੇ। ਪਰ, ਇਹ ਕਿਹਾ ਅਲੌਕਿਕ ਪੰਛੀ ਜਿਹੜਾ, ਇਸ ਧਰਤੀ ਤੇ _ ਮਾਤਲੋਕ ਤੋਂ ਉਡਕੇ ਕਿਸੇ ਦੁਸਰੀ ਧਰਤੀ _ ਚੰਦਰ ਲੋਕ ਜਾ ਪੁਜਿਆ, ਚੁਗ ਕੇ ਦਾਣਾ ਦੁਣਕਾ ਓਥੋਂ ਆਪਣੇ ਆਹਲਣੇ ਵਿਚ ਮੁੜ ਆਇਆ । ਇਹ ਤਾਂ ਕੋਈ ਅਲੌਕਿਕ ਪੰਛੀ: ਜਿਹੜਾ, ਆਪਣੇ ਸਿਰਜਣਹਾਰ ਮਨੁਖ ਦੇ ਹਥ ਤੋਂ ਚੰਦਰ ਲੋਕ ਵਲ ਉਡਿਆ ਨਜ਼ਰ ਆਪਣੀ ‘ਮਾਲਕ' ਦੀਆਂ ਨਜ਼ਰਾਂ ਵਿਚ ਗੱਡੀ, ਉਦ੍ਹੇ ਇਸ਼ਾਰਿਆਂ ਉਤੇ ਉਡਦਾ ਗਗਨਾਂ ਦੇ ਕਈ ਸਾਗਰ ਤਰਦਾ -ਅੱਗ ਦੇ ਸਾਗਰ ਹਿੰਮ ਦੇ ਸਾਗਰ _ ਆਪਣੇ ਪਹੁੰਚਿਆਂ ਵਿਚ ‘ਮਾਲਕ’ ਦੀ ਪਾਈ ਝਾਂਜਰ ਨੂੰ ਛਣਕਾਉਂਦਾ ਸਾਰੇ ਜੱਗ ਨੂੰ ਗੀਤ ਸੁਣਾਉਂਦਾ, ਚੰਦਰ ਲੋਕ ਦੀ ਧਰਤੀ ਉਤੇ ਮਲਕੜੇ ਜਿਹੇ ਇੰਜ ਜਾ ਬੈਠਾ ਜਿਵੇਂ ਕੰਵਾਰੇ ਨੈਣਾਂ ਦੇ ਵਿਚ ਪਿਆਰ ਦਾ ਸਜਰਾ ਮਿੱਠਾ ਸੁਪਨਾ ਸਹਿਜੇ ਚੁਪ-ਚੁਪੀਤੇ ਆ ਬਹਿੰਦਾ ਹੈ । ਉਧਰ ਚੰਨ ਦੀ ਧਰਤੀ ਉਤੇ ਇਸ ਪੰਛੀ ਨੇ ਪੈਲਾਂ ਪਾਈਆਂ ਏਧਰ ਮਾਤ-ਲੋਕ ਵਿਚ ਇਸਦੇ ਸਿਰਜਣਹਾਰ ਮਨੁਖ ਦੇ, ਮਾਨਵਤਾ ਦੇ, ਨੈਣ ਖੁਸ਼ੀ ਵਿਚ ਮੱਚ ਨੱਚ ਉਠੇ। ਫਿਰ ਇਸ ਪੰਛੀ, ਆਪਣੇ ‘ਮਾਲਕ’ ਦੀ ਸੈਨਤ ਮਨ ਆਪਣੇ ਪਹੁੰਚਿਆਂ ਨਾਲ ਚੰਨ ਦੀ ਹਿਕ ਨੂੰ ਗੁਦਗੁਦਾਇਆ ਚੰਨ ਦੀ ਧੂੜੀ ਆਪਣੇ ਪੰਜਿਆਂ ਦੇ ਵਿੱਚ ਘੁੱਟੀ ਪਹੁੰਚੇ ਸੀਨੇ ਨਾਲ ਦਬਾ ਕੇ ਸਹਿਜੇ ਸਹਿਜੇ ਚੰਨ ਧਰਤੀ ਤੋਂ ਉਠਿਆ ਤੇ ਫਿਰ, ਜਿਧਰੋਂ ਆਇਆ ਸੀ, ਉਸ ਪਾਸੇ ਮਾਤ-ਲੋਕ ਵੱਲ ਭਰੀ ਉਡਾਰੀ ਚੰਨ ਦੀ ਧੂੜੀ ਆਪਣੇ ਸੀਨੇ ਦੇ ਸੰਗ ਘੁੱਟੀ ਆਪਣੇ ਪੌਂਚਿਆਂ ਵਿਚ ਇੰਜ ਸਾਂਭੀ ਜੀਕਣ ਮਾਵਾਂ ਆਪਣੇ ਬਚਿਆਂ ਤਾਈਂ ਸੰਭਾਲਣ ਤੱਤੀ ਵਾ ਨਾ ਲਗਣ ਦੇਵਣ। ਫਿਰ ਉਹ ਆਪਣੇ ‘ਮਾਲਕ’ ਦੀ ਦੱਸੀ ਥਾਂ ਉਤੇ ਇੰਜ ਆ ਬੈਠਾ ਜਿਵੇਂ ਕੋਈ ਫੁੱਲ ਪੂਰਾ ਖਿੜਿਆ ਸਹਿਜੇ ਜਿਹੇ ਡਾਲ ਤੋਂ ਹੇਠਾਂ ਭੋਏਂ ਉਪਰ ਆ ਟਿਕ ਜਾਏ ਫਿਰ ਇਸ ਪੰਛੀ ਆਪਣੇ ਪੰਜਿਆਂ ਦੇ ਵਿੱਚ ਮਿੱਟੀ ਚੰਨ ਦੀ ਧੂੜੀ ਦੀ ਇਕ ਚੁਟਕੀ ਆਪਣੇ ਸਿਰਜਣਹਾਰ ਮਨੁੱਖ ਦੇ ਮੱਥੇ ਲਾਈ, ਮੱਥੇ ਚੋਂ ਚਾਨਣ ਦੀਆਂ ਕਿਰਨਾਂ ਇਸ ਧਰਤੀ ਦਾ ਕਿਣਕਾ ਕਿਣਕਾ ਜਗਮਗ ਕੀਤਾ ਮਾਨਵਤਾ ਦੇ ਨੈਣਾਂ ਅੰਦਰ ਨੂਰ ਲਿਸ਼ਕਿਆ ਤੇ ਹੁਣ ਇਹ ਪੰਛੀ, ਆਪਣੇ ਸਿਰਜਣਹਾਰ ਮਨੁਖ ਦਾ ਆਗਿਆਕਾਰ ਸਪੁੱਤਰ ਝਾਕ ਰਿਹਾ ਹੈ, ਗਗਨਾਂ ਦੇ ਵਲ, ਗਗਨਾਂ ਅੰਦਰ ਦਗ ਦਗ ਕਰਦੇ ਸ਼ੁਕਰ ਦੇ ਵਲ ਮੰਗਲ ਦੇ ਵਲ, ਅਣਖੋਜੇ ਕਿਤਨੇ ਗ੍ਰਹਿਆਂ ਵੱਲ। (1968)

ਦੋ ਲਾਸ਼ਾਂ

ਪਹਿਲੀ ਲਾਸ਼ : ਲਾਸ਼ ਜਿਦ੍ਹੇ 'ਚੋਂ ਬਦਬੂ ਆਵੇ ਢਾਕੇ ਸ਼ਹਿਰ ਦੇ ਇਕ ਚੁਰਾਹੇ ਵਿਚ ਪਈ ਹੈ, ਨੰਗ ਮੁਨੰਗੀ ਬਿਨਾਂ ਕਫਨ ਦੇ । ਕੋਈ ਨਾ ਉਸਦੇ ਨੇੜਿਉਂ ਲੰਘੇ ਜੋ ਵੀ ਲੰਘੇ ਦੂਰੋਂ ਨੱਕ ਤੇ ਕਪੜਾ ਰਖ ਕੇ ਲੰਘੇ । ਉਸ ਲਾਸ਼ ਦੇ ਅੰਗ ਅੰਗ ਅੰਦਰ ਕੁਰਬਲ ਕੁਰਬਲ ਕਰਦੇ ਕੀੜੇ । ਕਦੇ ਕਦੇ ਕੋਈ ਉਸ ਤੇ ਥੁੱਕੇ, ਠੁੱਡਾ ਮਾਰੇ ਫਿਰ ਆਪਣੀ ਜੁੱਤੀ ਵਲ ਵੇਖੇ ਫਿਰ ਉਸ ਨੂੰ ਪਦਮਾ ਦੇ ਸੁੱਚੇ ਜਲ ਸੰਗ ਧੋਵੇ ਉਸ ਦੇ ਨੇੜੇ ਇਕ ਛਿੰਨ ਲਈ ਨਾ ਹੋਰ ਖਲੋਵੇ । --- ਬੜੀ ਕੁਢਬੀ ਦੈਂਤਾਂ ਵਰਗੀ । ਗਿਠ ਗਿਠ ਲੰਮੇ ਦੰਦ ਜੰਗਾਲੇ ਵਾਛਾਂ ਨ੍ਹੇਰੀਆਂ ਖੱਡਾਂ ਜਿਹੀਆਂ । ਕਾਲੇ ਫ਼ੌਜੀ ਬੂਟ ਏਸਨੇ ਪੈਰੀਂ ਕਸੇ ਤਲਿਆਂ ਦੇ ਵਿਚ ਮੇਖਾਂ ਠੁਕੀਆਂ ਗਾੜ੍ਹੀ ਰੱਤ ਉਹਨਾਂ ਤੇ ਜੰਮੀ ਮਾਸੂਮਾਂ ਦੀ। ਲਹੂ ਲਿਬੜੇ ਹੱਥਾਂ ਵਿੱਚ ਇਸਨੇ ਅਜੇ ਵੀ ਘੁੱਟ ਕੇ ਹੈ ਫੜ ਰੱਖੀ ਕੰਜ ਕੰਵਾਰੀ ਦੀ ਗੁੱਤ ਸੁੱਚੀ, ਕਾਲੇ ਸ਼ਾਹ ਵਾਲਾਂ ਦੇ ਗੁੱਛੇ ਏਸ ਭਿਅੰਕਰ ਦੁਰਗੰਧ ਛਡਦੀ ਲਾਸ਼ ਨੂੰ ਤਕ ਕੇ ਮੇਰਾ ਦਿਲ ਮੇਰੇ ਤੋਂ ਪੁੱਛੇ: ਲਾਸ਼ ਕਿਦ੍ਹੀ ਹੈ? ਆਵੋ ਇਸ ਦੀ ਵੀਣੀ ਤਕੀਏ ਹੋ ਸਕਦਾ ਹੈ ਉਹਦੇ ਤੇ ਕੁਝ ਲਿਖਿਆ ਹੋਵੇ; ਕੀ ਲਿਖਿਆ ਹੈ? “ਇਕ ਫ਼ੌਜੀ ਡਿਕਟੇਟਰਸ਼ਾਹੀ ਦਾ ਇਖ਼ਲਾਕ ਉਕਰਿਆ । ਤਾਂ ਤੇ ਇਸ ਤੇ ਹੋਰ ਵੀ ਥੁੱਕੋ ਇਸਨੂੰ ਹੋਰ ਵੀ ਠੁੱਡੇ ਮਾਰੋ ਇਸ ਦੇ ਫ਼ੌਜੀ ਬੂਟ ਵੀ ਸਾੜੋ ਇਸ ਦੇ ਜ਼ਹਿਰੀ ਦੰਦ ਵੀ ਪੁੱਟੋ ਭਾਵੇਂ ਨੱਕ ਤੇ ਕੱਪੜਾ ਬੰਨ੍ਹੋ ਹੱਥਾਂ ਤੇ ਦਸਤਾਨੇ ਚਾੜ੍ਹੋ ! ਗਲੀ ਸੜੀ ਇਸ ਲਾਸ਼ ਨੂੰ ਐਪਰ ਆਪਣੀ ਪਾਕ ਜ਼ਿੰਮੀ ਤੋਂ ਚੁੱਕੋ ਅਤੇ ਏਸ ਨੂੰ ਸਤਵੇਂ ਬੇੜੇ ਵਿੱਚ ਜਾ ਸੁੱਟੋ। ਸਤਵਾਂ ਬੇੜਾ, ਜਿਹੜਾ ਆਪਣਾ ਮੂੰਹ ਲਟਕਾਈ ਸ਼ਰਮ 'ਚ ਪਾਣੀ ਪਾਣੀ ਹੋਇਆ ਨੱਕ ਡੁਬੋ ਕੇ ਹਿੰਦ ਸਾਗਰ ਵਿਚ ਲੁਕਦਾ ਜਾਵੇ । ਆਖੋ, ਆਪਣੀ ਚੀਜ਼ ਤੁਸੀਂ ਹੁਣ ਆਪ ਹੀ ਸਾਂਭੋ ਜਾਂ ਨਿਕਸਨ ਦੀ ਭੇਟ ਚੜ੍ਹਾਉ ਇਸ ਦੇ ਬਦਲੇ ਉਸ ਤੋਂ ਆਪਣਾ ਰੈਂਕ ਵਧਾਉ। - - - ਦੂਜੀ ਲਾਸ਼ : ਲਾਸ਼, ਜਿਦ੍ਹੇ ਚੋਂ ਆਏ ਸੁਗੰਧੀ ਥੋੜ੍ਹੀ ਦੂਰ ਇਕ ਹੋਰ ਚੁਰਾਹੇ ਵਿਚ ਪਈ ਹੈ। ਮਹਿਕ ਇਹਦੀ ਪ੍ਰਕਰਮਾ ਕਰਦੀ। ਜੋ ਵੀ ਆਵੇ ਇਸਨੂੰ ਆਪਣਾ ਸੀਸ ਝੁਕਾਵੇ ਗੰਗਾ ਜਲ ਇਹਦੇ ਤੇ ਛਿੜਕੇ, ਫੁੱਲ ਚੜ੍ਹਾਵੇ । ਮਹਿੰਦੀ ਦੀ ਥਾਂ ਇਸ ਦੇ ਹੱਥੀਂ ਰੱਤ ਲਗੀ ਹੈ । ਭਾਵੇਂ ਇਸ ਦੀ ਛਾਤੀ ਤੇ ਦੋ ਫੁਲ ਟਹਿਕਦੇ ਕਿਸੇ ਦਰਿੰਦੇ ਤਰੁੰਡ ਲਏ ਨੇ ਪਰ ਖੁਸ਼ਬੋਆਂ ਦਾ ਕੋਈ ਕਾਤਲ ਅਜੇ ਨਾ ਜੰਮਿਆ । ਵਸਤਰਹੀਣ ਤੇ ਪੱਛਿਆ ਹੋਇਆ ਜੁੱਸਾ ਇਸਦਾ ਵਿਥਿਆ ਦੱਸੇ ਓਸ ਜਬਰ ਦੀ ਜਿਸਦੀ, ਇਸਦੇ ਨੇੜੇ ਟੈਂਕ ਖਲੋਤਾ ਦਏ ਗਵਾਹੀ। ਟੈਂਕ ਜਿਹਦੇ ਤੇ ਠੱਪਾ ਲੱਗਾ “ਮੇਡ ਇਨ ਚਾਇਨਾ”। ਏਸ ਟੈਂਕ ਦੇ ਢਿੱਡ ਦੇ ਅੰਦਰੋਂ ਇਹ ਹੱਵਾ ਦੀ ਬੇਟੀ, ਮਾਂ ਈਸਾ ਦੀ, ਜਨਕ ਦੁਲਾਰੀ ਇਸ ਦੇ ਪੁੱਤਰਾਂ, ਇਸਦੇ ਵੀਰਾਂ ਤੇ ਹਮਸਾਇਆਂ ਚਹੁੰ ਖੂਨੀ ਪੰਜਿਆਂ ਚੋਂ ਖੋਹ ਕੇ ਬਾਹਰ ਹੈ ਕੱਢੀ। ਹੁਣ ਇਹ ਮਾਂ ਧਰਤੀ ਦੀ ਗੋਦੀ ਲੇਟੀ ਇਹ ਗੰਗਾ ਤੇ ਪਦਮਾ ਦੇ ਜਲ ਵਾਂਗ ਪਵਿੱਤਰ। ਆਓ ਇਸ ਨੂੰ ਸਤ ਸ਼ਰਮ ਦੇ ਵਸਤਰ ਪਾਈਏ ਇਸ ਸਤਵੰਤੀ ਨੂੰ ਜਿੰਦ ਆਪਣੀ ਭੇਟ ਚੜ੍ਹਾਈਏ ਇਸ ਨੂੰ ਆਪਣੇ ਅੰਗ ਲਗਾਈਏ । ਇਸ ਨੂੰ ਏਸ ਚੁਰਾਹੇ ਵਿਚੋਂ ਚੁਕ ਕੇ ਆਪਣੇ ਮੋਢਿਆਂ ਉੱਤੇ ਆਪਣੇ ਢੱਠੇ ਖੋਲਿਆਂ ਵਿਚ ਲੈ ਜਾਈਏ । ਇਸ ਦੇਵੀ ਦੀ ਪੂਜਾ ਕਰੀਏ ਕਿਉਂ ਜੋ ਇਸ ਨੇ ਇਜ਼ਤ ਆਪਣੀ, ਜਾਨ ਪਿਆਰੀ ਸਾਡੀ ਖ਼ਾਤਰ ਦੇਸ ਆਪਣੇ ਤੋਂ ਟੁਕ ਟੁਕ ਵਾਰੀ।

ਨਵੀਂ ਰੁੱਤ

ਖਿਜ਼ਾਂ ਦੀ ਮੌਤ ਨੀਂਦਰ ਚੋਂ ਬਹਾਰਾਂ ਜਾਗ ਉਠੀਆਂ ਨੇ । ਫੁਲਾਂ ਤੋਂ ਸੋਹਲ ਹੱਥਾਂ ਤੇ ਖਿੜਾ ਕੇ ਬਾਗ਼ ਉਠੀਆਂ ਨੇ । ਉਹ ਪੰਛੀ ਜਿਨ੍ਹਾਂ ਦੇ ਸੰਘਾਂ 'ਚ ਕੰਡਿਆਂ ਸੱਲ ਪਾਏ ਸਨ ਬਹਾਰਾਂ ਲੈ ਕੇ ਉਹਨਾਂ ਲਈ ਸੁਰੀਲੇ ਰਾਗ ਉਠੀਆਂ ਨੇ। ਖਿਜ਼ਾਂ ਝੁਲਸੇ ਹੋਏ ਫੁੱਲਾਂ ਦੇ ਸੀਨੇ ਚਮਕ ਉੱਠੇ ਨੇ । ਹਰ ਇੱਕ ਪੱਤੀ ਦੀ ਛਾਤੀ ਤੇ ਨਗੀਨੇ ਦਮਕ ਉੱਠੇ ਨੇ । ਜੁਲਮ ਦੇ ਵਾਂਗ ਅੰਨ੍ਹੀ ਤੇ ਹਨੇਰੀ ਰਾਤ ਦੀ ਕੁੱਖ 'ਚੋਂ ਸਵੇਰੇ ਮੁਸਕਰਾਏ ਨੇ ਤੇ ਅੱਖਾਂ ਝਮਕ ਉੱਠੇ ਨੇ । ਜ਼ਿਮੀਂ ਤੇ ਟੁੱਟ ਕੇ ਡਿਗੀਆਂ ਟਹਿਣੀਆਂ 'ਚੋਂ ਨੂਰ ਫੁਟਿਆ ਏ । ਕੋਇਲ ਦੇ ਤਾਂਘਦੇ ਨੈਣਾਂ ਦੀ ਹਿੱਕ ਤੇ ਬੂਰ ਫੁੱਟਿਆ ਏ । ਹੁਸਨ ਨੂੰ ਖੰਭ ਲੱਗੇ ਨੇ ਇਸ਼ਕ ਵਿਚ ਜਾਨ ਰੁਮਕੀ ਏ ਕਿ ਹਰ ਡੇਢੇ ਤੇ ਫੁੱਲ ਬਣ ਕੇ ਕੋਈ ਮਨਸੂਰ ਫੁੱਟਿਆ ਏ । ਸੁੱਕੇ ਬਿਰਖਾਂ ਦੀਆਂ ਨਾੜਾਂ 'ਚ ਮੁੜ ਕੇ ਖ਼ੂਨ ਚਲਿਆ ਹੈ । ਜਿਵੇਂ ਤਾਰਾਂ ਦੀ ਹਿਕੜੀ 'ਚੋਂ ਚੁਪੀਤਾ ਰਾਗ ਹਲਿਆ ਹੈ । ਕਿਸੇ ਦੀਪਕ ਨੂੰ ਗਾ ਗਾ ਕੇ ਕਲੇਜੇ ਸਾੜ ਪਾ ਲਏ ਨੇ ਮਗਰ ਮਲਹਾਰ ਦੇ ਬੱਦਲਾਂ ਨੂੰ ਵਸਣੋਂ ਕਿਸ ਨੇ ਠੱਲ੍ਹਿਆ ਏ? ਖ਼ਿਜ਼ਾਂ ਦੇ ਵੈਣ ਸੁਣ ਕੇ ਬੁਲਬੁਲਾਂ ਨੇ ਗੀਤ ਗਾਏ ਨੇ। ਚਿਰਾਂ ਤੋਂ ਡੁਸਕਦੇ ਨੈਣਾਂ 'ਚੋਂ ਹਾਸੇ ਮੁਸਕਰਾਏ ਨੇ। ਜਿਵੇਂ ਕੋਈ ਰਾਤ ਦਾ ਪੱਲਾ ਸਰਕ ਕੇ ਦਿਨ ਚੜ੍ਹਾ ਦੇਵੇ, ਇਉਂ ਭੌਰਾਂ ਨੇ ਕਲੀਆਂ ਦੇ ਮੂੰਹਾਂ ਤੋਂ ਘੁੰਡ ਚਾਏ ਨੇ। ਜਗੀਰਾਂ ਕਟ ਰਹੀ ਦਾਤੀ ਦੇ ਦਿਲ 'ਚੋਂ ਹੁਸਨ ਵਸਿਆ ਹੈ । ਹਰ ਇਕ ਸਿੱਟੇ ਦੇ ਹਰ ਦਾਣੇ ਦੇ ਅੰਦਰ ਜੋਸ਼ ਰਸਿਆ ਹੈ । ਜਿਉਂ ਵੰਗਾਂ ਦੇ ਛਣਕਣ ਤੇ ਖੰਘੂਰਾ ਗੁਣ ਗੁਣਾ ਉਠਦੈ ਤਿਵੇਂ ਖਿੜੀਆਂ ਬਹਾਰਾਂ ਵੇਖ ਕੇ ਕਿਰਸਾਨ ਹੱਸਿਆ ਹੈ। ਸਿਆੜਾਂ ਆਪਣੀਆਂ ਕੁੱਖਾਂ 'ਚੋਂ ਅੱਗਾਂ ਇੰਜ ਮਘਾਈਆਂ ਨੇ । ਜਿਵੇਂ ਚਕਮਾਕ ਦੇ ਸੀਨੇ 'ਚੋਂ ਅੱਗਾਂ ਬਾਹਰ ਆਈਆਂ ਨੇ । ਜਿਵੇਂ ਭੱਤੇ ਨੂੰ ਤੱਕ ਕੇ ਹਾਲੀਆਂ ਦੇ ਨੈਣ ਹਸਦੇ ਨੇ ਤਿਵੇਂ ਹੱਲਾਂ ਦੇ ਢਿੱਡ ਵਿਚ ਆਂਦਰਾਂ ਅਜ ਮੁਸਕਰਾਈਆਂ ਨੇ । ਬਹਾਰਾਂ ਵੇਖ ਕੇ ਲਿਤੜੇ ਹੋਏ ਅਰਮਾਨ ਗਾਉਂਦੇ ਨੇ । ਇਰਾਦੇ ਇਸ ਤਰ੍ਹਾਂ ਡਿਗੀਆਂ ਪਈਆਂ ਧੌਣਾਂ ਉਠਾਉਂਦੇ ਨੇ । ਨਵੀਂ ਵਹੁਟੀ ਦੇ ਮਹਿੰਦੀ ਰੰਗਲੇ ਪੈਰਾਂ ਦੀ ਛੋਹ ਪਾ ਕੇ, ਜਿਵੇਂ ਗਲੀਆਂ ਦੇ ਤੀਲੇ ਤਾਰਿਆਂ ਦਾ ਰੂਪ ਪਾਉਂਦੇ ਨੇ । ਦਲੇਰੀ ਉਭਰ ਕੇ ਕਮਜ਼ੋਰੀਆਂ ਤੇ ਇੰਜ ਖਲੋਤੀ ਏ । ਜਿਵੇਂ ਜ਼ਿੰਦਗੀ ਘਗਲਾਂ ਪੂੰਝੀਆਂ ਨ੍ਹਾਤੀ ਤੇ ਧੋਤੀ ਏ । ਖੁਸ਼੍ਹਾਲੀ ਅਮਨ ਵੰਡਦੀ ਰੁਤ ਦੇ ਗਲ ਹਾਰ ਪਾਵਣ ਨੂੰ ਲੜੀ ਅਜ ਇਨਕਲਾਬਾਂ ਦੀ ਮਨੁੱਖਤਾ ਨੇ ਪਰੋਤੀ ਏ । ਜਗ੍ਹਾ ਭੁਖ ਦੀ ਸਿਆੜਾਂ ਵਿਚ ਖ਼ੁਸ਼੍ਹਾਲੀ ਪਲਣ ਵਾਲੀ ਏ । ਅਤੇ ਚਿਮਨੀ ਦੇ ਨੈਣਾਂ ਵਿਚ ਦਿਵਾਲੀ ਬਲਣ ਵਾਲੀ ਏ । ਨਵੀਂ ਰੁੱਤ ਦੇ ਸੁਆਗਤ ਲਈ ਨਵਾਂ ਇਨਸਾਨ ਉਠਿਆ ਏ ਭਲਾ ਹੋਣੀ ਮਨੁਖਤਾ ਦੀ ਕਦੇ ਹੁਣ ਟਲਣ ਵਾਲੀ ਹੈ। (1968)

ਨਵੀਂ ਸੋਚ

ਮੇਰੇ ਖ਼ਿਆਲਾਂ ਦੀ ਰਾਤ ਅੰਦਰ, ਇਹ ਕੌਣ ਆਇਆ ਹੈ ਅੱਜ ਸਵੇਰੇ। ਕਿ ਜਿਸ ਨੂੰ ਵਿੰਹਦੇ ਹੀ ਦੜ ਗਏ ਨੇ, ਮਹੀਨ ਵਿਥਾਂ ’ਚ ਘੁੱਪ ਹਨੇਰੇ । ਸੰਭਲ ਸੰਭਲ ਕੇ ਉਹ ਪਬ ਟਿਕਾਂਦੀ, ਨਜ਼ਰ ਬਚਾ ਕੇ ਪਿਛਾਂਹ ਨੂੰ ਵਿੰਹਦੀ, ਕਦਮ ਕਦਮ ਤੇ ਜ਼ਮੀਂ ਦੇ ਬੁੱਲ੍ਹਾਂ 'ਚ ਚਾਪ ਜਿਸ ਦੀ ਨੇ ਗੀਤ ਕੇਰੇ। ਉਡੀਕ ਮੇਰੀ ਦੇ ਬੰਦ ਬੂਹੇ ਤੇ ਕਿਸੇ ਨੇ ਆ ਕੇ ਖੜਾਕ ਕੀਤਾ, ਕਿ ਜਿਸਨੂੰ ਸੁਣਦੇ ਹੀ ਖੁੱਲ੍ਹ ਗਏ ਨੇ, ਉਮੀਦ ਮੇਰੀ ਦੇ ਦਰ ਚੁਫੇਰੇ। ਸਮੇਟਿਆ ਜਿਸ ਨੇ ਰਾਤ ਮੇਰੀ ਨੂੰ, ਆਪਣੇ ਵਾਲਾਂ 'ਚ ਮੁਸਕਰਾ ਕੇ, ਤੇ ਹੋ ਕੇ ਕੁਰਬਾਨ ਜਿਸ ਦੇ ਕਿਰਨਾਂ, ਲਏ ਨੇ ਝੁਕ ਝੁਕ ਹਜ਼ਾਰ ਫੇਰੇ। ਨਜ਼ਰ ਛੁਹਾ ਕੇ ਇਹ ਮੇਰੇ ਰਾਹਾਂ ਦੇ, ਕੰਡੇ ਕਿਸ ਨੇ ਆ ਫੁੱਲ ਬਣਾਏ, ਜਿਨ੍ਹਾਂ ਤੇ ਟੁਰ ਕੇ ਇਹ ਪੈਰ ਮੇਰੇ, ਜ਼ਿਮੀਂ ਤੋਂ ਗਜ਼ ਗਜ਼ ਹੋਏ ਉਚੇਰੇ। ਰੰਗੀਨ ਉਂਗਲੀ ਦੇ ਇਕ ਇਸ਼ਾਰੇ ਦੇ ਨਾਲ ਕਾਲਖ ਵਿਖਾਈ ਜਗ ਦੀ, ਇਹ ਉਸ ਦਾ ਚਿਹਰਾ ਹੈ, ਜਿਸਦੀ ਲੋਅ ਵਿਚ, ਮੈਂ ਵੇਖੇ ਲੱਖਾਂ ਬੇਨੂਰ ਚਿਹਰੇ । ਮੈਂ ਉਸਦੇ ਮੋਢੇ ਦੀ ਫੜ ਡੰਗੋਰੀ, ਜਹਾਨ ਸਾਰੇ ਨੂੰ ਫਿਰ ਲਿਆ ਹੈ, ਜਗ੍ਹਾ ਜਗ੍ਹਾ ਤੇ ਸਵੇਰਿਆਂ ਦੇ, ਹਨੇਰਿਆਂ ਨੂੰ ਪਏ ਨੇ ਘੇਰੇ। (1968)

ਬਹਾਰ ਆਈ

ਇਹ ਕਿਸਨੇ ਮੈਨੂੰ ਆਵਾਜ਼ ਦਿੱਤੀ, ਕਿ ਬੂਹੇ ਤੇਰੇ ਬਹਾਰ ਆਈ। ਚਮਨ ਚਮਨ ਨੂੰ ਸੰਵਾਰ ਆਈ, ਕਲੀ ਕਲੀ ਨੂੰ ਨਿਖਾਰ ਆਈ। ਛੁਹਾ ਕੇ ਮਸਤੀ 'ਚ ਬੁੱਲ੍ਹ ਸੂਹੇ, ਹੈ ਕਿਸ ਨੇ ਪਾਣੀ ਸ਼ਰਾਬ ਕੀਤਾ। ਤੇ ਇਸ ਚੰਬੇਲੀ ਨੂੰ ਖ਼ੂਨ ਆਪਣਾ, ਪਿਲਾ ਕੇ ਸੂਹਾ ਗੁਲਾਬ ਕੀਤਾ। ਗੋਬਿੰਦ ਸਾਗਰ ਦੇ ਜਲ ਪਵਿੱਤਰ ਚੋਂ, ਇਹ ਹੁਣੇ ਹੈ ਨਹਾ ਕੇ ਆਈ। ਇਹ ਸਿਹਰਾ ਨਹਿਰਾਂ ਦਾ ਹੈ, ਵਤਨ ਦੇ ਵਿਸ਼ਾਲ ਮੱਥੇ ਸਜਾ ਕੇ ਆਈ। ਖਿੜੇ ਭਲਾਈ ਦੇ ਬਾਗ਼ ਵਿੱਚੋਂ, ਹੈ ਦਘਦੇ ਲੋਹੇ ਦੇ ਫੁੱਲ ਲਿਆਈ। ਇਹ ਚਿਮਨੀਆਂ ਦੇ ਧੂੰਏ ਦੇ ਬੱਦਲ, ਅਕਾਸ਼ ਤੇ ਹੈ ਸਜਾ ਕੇ ਆਈ। ਕੁੰਡੀ ਅੰਦਰੋਂ ਕਿਉਂ ਲਾ ਕੇ ਬੈਠਂੈ, ਖੋਲ੍ਹ ਬੂਹਾ ਦੀਦਾਰ ਕਰ ਲੈ। ਇਹ ਕਰਕੇ ਸੋਲਾਂ ਸਿੰਗਾਰ ਆਈ, ਤੂੰ ਉਠ ਕੇ ਇਸ ਨੂੰ ਪਿਆਰ ਕਰ ਲੈ। ਇਹ ਵਾਜ ਮੇਰੇ ਲਈ ਓਪਰੀ ਨਹੀਂ, ਜੋ ਕਈਆਂ ਵਰ੍ਹਿਆਂ ਤੋਂ ਆ ਰਹੀ ਏ । “ਬਹਾਰ ਆਈ ਬਹਾਰ ਆਈ”, ਇਹ ਮੈਨੂੰ ਚਿਰ ਤੋਂ ਸੁਣਾ ਰਹੀ ਏ । ਗੱਲ ਖੁਸ਼ੀ ਦੀ ਹੈ ਗੋਬਿੰਦ ਸਾਗਰ ਦੇ ਪਾਕ ਪਾਣੀ 'ਚ ਇਹਦਾ ਨਹਾ ਕੇ ਆਉਣਾ। ਖੁਸ਼ੀ ਦੀ ਗੱਲ ਹੈ ਭਿਲਾਈ ਵਿੱਚੋਂ, ਦਘਦੇ ਲੋਹੇ ਦੇ ਫੁੱਲ ਲਿਆਉਣਾ। ਖੁਸ਼ੀ ਦੀ ਗੱਲ ਹੈ ਚਿਮਨੀਆਂ ਦੇ ਧੂਏਂ ਦੇ ਬੱਦਲ ਪਏ ਵਸਾਉਣਾ। ਖੁਸ਼ੀ ਦੀ ਗੱਲ ਹੈ ਵਤਨ ਦੇ ਮੱਥੇ ਇਹ ਸਿਹਰਾ ਨਹਿਰਾਂ ਦਾ ਇੰਜ ਸਜਾਉਣਾ। ਪਰ ਇਸ ਖੁਸ਼ੀ 'ਚ ਜਦ ਵੀ ਬੁੱਲ੍ਹ, ਮੇਰੇ ਨੇ ਮੁਸਕਰਾਣ ਲਗਦੇ। ਤਾਂ ਉਸ ਸਮੇਂ ਹੀ, ਕਈ ਅਵਾਜ਼ਾਂ ਦੇ ਤੀਰ ਕੰਨੀ ਨੇ ਆਣ ਵਜਦੇ : “ਕਿਹੋ ਜਿਹੀ ਹੈ ਬਹਾਰ ਜਿਸ ਵਿੱਚ ਕਿ ਬੁਲਬੁਲਾਂ ਦਾ ਸ਼ਿਕਾਰ ਹੁੰਦੈ । ਅਨੇਕ ਕਲੀਆਂ ਦਾ ਲਹੂ ਨੁਚੜਦਾ ਤੇ ਕੁਝ ਕੁ ਫੁਲੀਂ ਨਿਖਾਰ ਹੁੰਦੈ"। ਗੋਬਿੰਦ ਸਾਗਰ ਦੇ ਜਲ ਪਵਿੱਤਰ ਦੀ ਦੇ ਰਹੇ ਹੋ ਕਿਉਂ ਦੁਹਾਈ। ਪੰਜਾਬ ਸਾਡੇ ਦੀ ਰੱਤ ਸੂਹੀ ਗਈ ਹੈ ਜਿਸਦੇ ਵਿਚ ਰਲਾਈ ।” “ਕਿਸਾਨ ਧੀਆਂ ਦਾ ਖ਼ੂਨ ਤੱਤਾ, ਅੱਜ ਨਹਿਰਾਂ 'ਚ ਵਗ ਰਿਹਾ ਹੈ । ਭਿਲਾਈ ਮਘਦੀ ਹੈ ਫਿਰ ਵੀ ਪਾਲਾ, ਵਤਨ ਦੇ ਬਾਲਾਂ ਨੂੰ ਲਗ ਰਿਹਾ ਹੈ ।” ਇਨ੍ਹਾਂ ਆਵਾਜ਼ਾਂ ਦੀ ਚੀਸ ਬੁੱਲ੍ਹੀਆਂ ਦੀ ਮੁਸਕਣੀ ਨੂੰ ਹੈ ਚੂਸ ਲੈਂਦੀ। ਫਿਰ ਆਪਣੇ ਘਰ ਤੇ ਹੀ ਨਜ਼ਰ ਮੇਰੀ, ਉਦਾਸ ਹੋ ਕੇ ਹੈ ਆਣ ਪੈਂਦੀ। ਉਹ ਮੇਰੀ ਵਹੁਟੀ ਹੈ ਜਿਸ ਦੇ ਚਿਹਰੇ ਤੇ ਨੂਰ ਤਕਿਆਂ ਵਰ੍ਹੇ ਨੇ ਬੀਤੇ । ਕਦੇ ਵੀ ਅਰਮਾਨ ਉਸ ਦੇ ਦਿਲ ਦੇ, ਹਾਏ ਮੇਰੀ ਥੁੜ੍ਹ ਨੇ ਨਾ ਪੂਰੇ ਕੀਤੇ । ਉਹ ਮੇਰੀ ਬੱਚੀ ਹੈ ਜਿਸ ਦੇ ਪੈਰਾਂ 'ਚ ਸੁਣ ਰਿਹਾ ਹਾਂ ਮੈਂ ਨਾਚ ਰੋਂਦਾ । ਮੈਂ ਨਾਚ ਉਸ ਨੂੰ ਸਿਖਾ ਨਹੀਂ ਸਕਿਆ, ਹੈ ਉਸ ਦੇ ਨੈਣਾਂ ਚੋਂ ਖ਼ੂਨ ਚੋਂਦਾ। ਅਵਾਜ਼ ਵਾਲੇ, ਬਹਾਰ ਆਈ ਨੂੰ ਆਖ ਜਾ ਕੇ, ਕਿ ਉਹਦੇ ਸਨਮੁਖ ਮੈਂ ਆ ਨਹੀਂ ਸਕਣਾ । ਉਹਦੇ ਸੁਆਗਤ 'ਚ ਝੂਠਾ ਹਾਸਾ ਮੈਂ ਆਪਣੇ ਮੂੰਹ ਤੇ ਲਿਆ ਨਹੀਂ ਸਕਣਾ। ਅਜੇ ਅਵਾਜ਼ਾਂ ਜੋ ਮੇਰੇ ਕੰਨਾਂ 'ਚ ਪੈ ਰਹੀਆਂ ਨੇ ਉਹ ਰੁਕ ਤਾਂ ਜਾਵਣ। ਤੇ ਮੇਰੀ ਬੱਚੀ ਦੇ ਨੈਣਾਂ ਅੰਦਰ ਜੋ ਹੰਝੂ ਅਟਕੇ ਨੇ ਸੁਕ ਤਾਂ ਜਾਵਣ। ਮੈਂ ਅਪਣੀ ਵਹੁਟੀ ਦੇ ਚਿਹਰੇ ਉੱਤੇ ਖੁਸ਼ੀ ਦਾ ਸੁੱਚਾ ਦੀਦਾਰ ਕਰ ਲਾਂ । ਚਿਰਾਂ ਤੋਂ ਉਹਦੀ ਉਦਾਸ ਰੂਹ ਚੋਂ ਰਤਾ ਮੈਂ ਚਾਨਣ ਦਾ ਘੁੱਟ ਭਰ ਲਾਂ । ਉਦੋਂ ਮੈਂ ਆਵਾਂਗਾ ਨਚਦਾ ਨਚਦਾ, ਹਰੇਕ ਸ਼ੈ ਨੂੰ ਨਚਾ ਦਿਆਂਗਾ । ਤੇਰੇ ਸੁਆਗਤ 'ਚ ਦਿਲ ਦੀ ਦੌਲਤ ਮੈਂ ਤੇਰੇ ਕਦਮੀਂ ਲੁਟਾ ਦਿਆਂਗਾ । (1968)

ਅਰੋਰਾ ਦੀ ਪਹਿਲੀ ਸ਼ਲਕ

ਅਰੋਰਾ ਦੀ ਮੈਂ ਉਸ ਪਹਿਲੀ ਸ਼ਲਕ ਨੂੰ ਸਿਰ ਝੁਕਾਂਦਾ ਹਾਂ ਜਿਦ੍ਹੇ ਚੋਂ ਨਿਕਲ ਕੇ ਚਿਣਗਾਂ ਜਦੋਂ ਨੇਵਾ ਦੇ ਵਿਚ ਡਿੱਗੀਆਂ । ਤਾਂ ਲਹਿਰਾਂ ਉਸ ਦੀਆਂ ਬਣਕੇ ਜਵਾਲਾ ਲਪਕੀਆਂ ਸਨ ਸੀਤ-ਮਹਿਲਾਂ ਵਲ। ਜਿਨ੍ਹਾਂ ਦੀ ਅੱਗ ਨੇ ਸਦੀਆਂ ਤੋਂ ਜੰਮੀ ਜ਼ਾਰਸ਼ਾਹੀ ਦੀ ਬਰਫ ਨੂੰ ਗਾਲ ਦਿੱਤਾ ਸੀ। ਬਰਫ ਜਿਸ ਨੇ ਕਿ ਆਪਣੇ ਹੇਠ ਝੁੱਗੀਆਂ ਢਾਰਿਆਂ ਦੀ ਜਿੰਦ ਦੱਬੀ ਸੀ; ਜਦੋਂ ਪਿਘਲੀ, ਤਾਂ ਮੂੰਹ ਲਿਸ਼ਕੇ ਸਿਆੜਾਂ ਦੇ ਪਹਾੜਾਂ ਦੇ ਬਰਫ ਦੇ ਭਾਰ ਹੇਠੋਂ ਉਭਰ ਕੇ ਤੀਲੇ ਚਮਕ ਉਠੇ । ਅਰੋਰਾ ਦੀ ਮੈਂ ਉਸ ਪਹਿਲੀ ਸ਼ਲਕ ਨੂੰ ਸਿਰ ਝੁਕਾਂਦਾ ਹਾਂ ਜਿਦ੍ਹੀ ਆਵਾਜ਼ ਵਰਗੀ ਵਾਜ ਇਸ ਦੁਨੀਆ 'ਚ ਪਹਿਲੀ ਵਾਰ ਗੂੰਜੀ ਸੀ। ਜਿਦੀ ਗੁੰਜਾਰ ਸੁਣ ਕੇ ਕੰਨ ਜ਼ਮਾਨੇ ਦੇ ਖੜੇ ਹੋਏ । ਹਥੌੜੇ ਮੁਸਕਰਾਏ, ਦਾਤੀਆਂ ਨੂੰ ਲਾਲੀਆਂ ਚੜ੍ਹੀਆਂ ਮਸ਼ੀਨਾਂ ਗੁਣਗੁਣਾਈਆਂ, ਸਿਟਿਆਂ ਨੇ ਝੂਮ ਕੇ ਗਾਇਆ: “ਅਸਾਡਾ ਯੁਗ ਹੈ ਆਇਆ, ਅਸਾਡਾ ਯੁਗ ਹੈ ਆਇਆ।” ਕਰੈਮਿਲਿਨ ਜੋ ਕਿ ਜ਼ਾਰਾਂ ਦੇ ਜਬਰ ਕਾਰਨ ਸ਼ਰਮਸਾਰੀ 'ਚ ਡੁਬਿਆ ਸੀ ਅਰੋਰਾ ਦੀ ਸ਼ਲਕ ਦੀ ਗੂੰਜ ਸੁਣਦੇ ਸਾਰ ਉਸਨੇ ਸਿਰ ਚੁਕਿਆ ਤੇ ਸਿਖਰਾਂ ਉਸਦੀਆਂ ਨੇ ਹੋ ਕੇ ਉਚਿਆਂ ਗਗਨ ਜਾ ਛੋਹਿਆ। ਜਦੋਂ ਇਹ ਗੂੰਜ ਪਹੁੰਚੀ, ਸਾਮਰਾਜੀ ਜਕੜ ਵਿਚ ਜਕੜੇ ਹੋਏ ਲੋਕਾਂ ਦੇ ਕੰਨਾਂ ਵਿਚ ਤਾਂ ਹਥਕੜੀਆਂ ਕੜਕ ਉਠੀਆਂ ਜ਼ੰਜੀਰਾਂ ਟੁਟਣ ਨੂੰ ਕੁਦੀਆਂ ਪਹਾੜਾਂ ਸਾਗਰਾਂ ਨੂੰ ਚੀਰਦੀ ਇਹ ਗੂੰਜ ਹਰ ਨੁਕਰ 'ਚ ਜਾ ਪਹੁੰਚੀ ਅਤੇ ਇਸ ਰੂਹ ਆਜ਼ਾਦੀ ਦੀ ਹਰ ਇਕ ਸੀਨੇ 'ਚ ਜਾ ਫੂਕੀ ਕਿੰਨੇ ਵਰ੍ਹਿਆਂ ਤੋਂ ਗੂੰਜੀ ਹੋਈ ਲਲਕਾਰ ਉੱਕਾ ਬੰਦ ਨਹੀਂ ਹੋਈ, ਇਹਦੀ ਆਵਾਜ਼ ਅਜ ਵੀ ਗੂੰਜਦੀ ਹੈ ਸਾਰੇ ਜਗ ਉਤੇ ਕਿਤੇ ਸੰਗੀਤ ਉਣਦੀ ਹੈ ਮਸ਼ੀਨਾਂ ਵਿਚ, ਕਿਤੇ ਵੰਗਾਰ ਭਰਦੀ ਹੈ ਸੰਗੀਨਾਂ ਵਿਚ । ਕਿਤੇ ਵੀਅਤਨਾਮ ਦੇ ਜੰਗਲਾਂ 'ਚ ਬਣਕੇ ਸ਼ੇਰ ਗਜਦੀ ਹੈ । ਅਰੋਰਾ ਦੀ ਸ਼ਲਕ ਚੋਂ ਅਗ ਜੋ ਨਿਕਲੀ ਉਹਦੀ ਗਰਮੀ ਅਜੇ ਤਕ ਕਾਇਮ ਹੈ, ਧਰਤੀ ਅਤੇ ਅਸਮਾਨ ਦੋਹਾਂ ਤੇ । ਕਿਤੇ ਇਹ ਮਿਸਰ ਦੇ ਥਲ ਚੋਂ ਨਿਕਲਦੇ ਤੇਲ ਨੂੰ ਤਾਵੇ । ਕਿਤੇ ਕਿਊਬਾ ਦੇ ਠੰਡੇ ਸਾਗਰਾਂ ਨੂੰ ਅਗ ਇਹ ਲਾਵੇ। ਉਸੇ ਹੀ ਸ਼ਲਕ ਦੀ ਅੱਗ ਬਲ ਰਹੀ ਹੈ। ਅਜ ਭੀਲਾਈ ਵਿਚ ਜਿਦ੍ਹੇ ਵਿਚ ਦੋਸਤੀ ਫੌਲਾਦ ਵਰਗੀ ਢਲ ਰਹੀ ਹੈ। ਜਿਦ੍ਹੇ ਬਾਰੂਦ ਵਿਚੋਂ ਲੈ ਕੇ ਇਕ ਚੁਟਕੀ ਸਪੂਤਨਕ ਗਗਨ ਵਿਚ ਚਮਕਦੇ ਹੋਏ ਤਾਰਿਆਂ ਦੇ ਹਾਣ ਹੋਇਆ ਸੀ ਅਰੋਰਾ ਦੀ ਮੈਂ ਉਸ ਪਹਿਲੀ ਸ਼ਲਕ ਨੂੰ ਸਿਰ ਝੁਕਾਂਦਾ ਹਾਂ। (1968)

ਇਹ ਕੁਲ ਕ੍ਰਿਸ਼ਮੇ, ਇਹ ਸਭ ਸੁਗਾਤਾਂ

ਇਹ ਵਾ ਦਾ ਬੁੱਲਾ ਭਿਲਾਈ ਵਲੋਂ ਜੋ ਪੰਡ ਲਿਆਇਆ ਹੈ ਵਾਸ਼ਨਾ ਦੀ ਇਹਦੇ 'ਚ ਖੁਸ਼ਬੋ ਹੈ ਉਸ ਵਤਨ ਦੀ ਜਿਦ੍ਹੇ ਚੋਂ ਲੈਨਿਨ, ਮਹਾਨ ਲੈਨਿਨ ਨੇ ਜ਼ਾਰਸ਼ਾਹੀ ਦਾ ਬੋਹੜ ਪੁਟ ਕੇ ਮੁਹੱਬਤਾਂ ਦੇ ਸੀ ਬਾਗ ਲਾਏ ਤੇ ਕਿਰਤ ਸੁੱਚੀ ਦੇ ਫੁਲ ਖਿੜਾਏ। ਨਿਰਾਸ਼ ਸਿੱਥਲ ਚੌਫਾਲ ਡਿੱਗੇ ਹਥੌੜਿਆਂ ਨੂੰ ਛੁਹਾ ਕੇ ਉਂਗਲਾਂ ਮਹਾਨ ਲੈਨਿਨ ਨੇ ਜਾਨ ਪਾਈ, ਜਿਨ੍ਹਾਂ ਨੇ ਧਰਤੀ ਦੇ ਪੰਜਵੇਂ ਹਿਸੇ ਨੂੰ ਪੂੰਜੀਵਾਦੀ ਜ਼ੰਜੀਰਾਂ ਕੱਟ ਕੇ ਆਜ਼ਾਦ ਕੀਤਾ। ਭਿਲਾਈ ਅੰਦਰ ਫੌਲਾਦ ਢਲਦਾ ਹੈ ਦੋਸਤੀ ਦਾ ਗੁਲਾਬ ਸੂਹਾ ਜੋ ਮੇਰੀ ਧਰਤੀ ਨੇ ਆਪਣੇ ਵਾਲਾਂ 'ਚ ਟੁੰਗ ਲਿਆ ਹੈ। ਫੌਲਾਦ ਜੋ ਅਜ ਗੁਲਾਬ ਬਣਿਆ ਇਹ ਓਸੇ ਨੀਤੀ ਦਾ ਹੈ ਕ੍ਰਿਸ਼ਮਾਂ ਜੋ ਦੱਬੇ ਕੁਚਲੇ ਗੁਲਾਮ ਦੇਸ਼ਾਂ ਦੇ ਲਈ ਆਰੰਭ ਵਿਚ ਮਹਾਨ ਲੈਨਿਨ ਨੇ ਸੀ ਉਲ੍ਹੀਕੀ। ਇਹ ਓਸੇ ਨੀਤੀ ਦਾ ਹੈ ਕ੍ਰਿਸ਼ਮਾ ਕਿ ਮੇਰੀ ਧਰਤੀ ਤੇ ਲਹਿਲਹਾਂਦੇ ਕਣਕ ਦੇ ਖੇਤਾਂ ਦੇ ਦਾਣਿਆਂ ਵਿਚ ਸੁਗੰਧ ਲੈਨਿਨ ਦੇ ਦੇਸ਼ ਦੀ ਹੈ ਸੂਰਤਗੜ੍ਹ ਹੈ ਜਿਹਦੀ ਗਵਾਹੀ, ਜਿਦ੍ਹੇ ਥੱਲਾਂ ਵਿਚ ਬਹਾਰ ਪੈਰਾਂ 'ਚ ਬੰਨ੍ਹ ਕੇ ਸਿੱਟੇ ਹੈ ਝੂਮ ਉਠੀ। ਇਹ ਪੈਰ ਲੈਨਿਨ ਦੇ ਦੇਸ਼ ਵਿਚੋਂ ਜੋ ਉਡ ਕੇ ਆਉਂਦੇ ਨੇ ਟੂਣੇਹਾਰੇ ਤੇ ਮੇਰੀ ਧਰਤੀ ਦੇ ਦਿਲ ਨੂੰ ਆ ਕੇ ਨੇ ਗੁਦਗੁਦਾਂਦੇ ਸਰੂਰ ਵੰਡਦੇ ਤੇ ਠੰਡ ਪਾਉਂਦੇ। ਇਹ ਪੈਰ ਉਹ ਨੇ ਜਿਨ੍ਹਾਂ 'ਚ ਪਈਆਂ ਜ਼ੰਜ਼ੀਰਾਂ ਕਟ ਕੇ ਉਹਨਾਂ ਨੂੰ ਨੱਚਣਾ ਮਹਾਨ ਲੈਨਿਨ ਨੇ ਖੁਦ ਸਿਖਾਇਆ ਤੇ ਆਪ ਇਹਨਾਂ ਦੇ ਪੱਬਾਂ ਉਤੇ ਕਲਾ ਹੁਨਰ ਦੀ ਸੀ ਮਹਿੰਦੀ ਲਾਈ ਤੇ ਓਸੇ ਮਹਿੰਦੀ ਦੀ ਭਿੰਨੀ ਭਿੰਨੀ ਸੁਗੰਧ ਮਿਠੀ ਜਹਾਨ ਸਾਰੇ ਤੇ ਖਿੰਡ ਗਈ ਹੈ । ਇਹ ਦੇਸ਼ ਮੇਰੇ ਦੇ ਨੀਲੇ ਅੰਬਰੀਂ ਜੋ ਮਿੱਗ ਉਡਦੇ ਨੇ ਖੰਭ ਪਸਾਰੀ ਤੇ ਕਰਦੀ ਰਾਖੀ ਨੇ ਦੇਸ਼ ਮੇਰੇ ਦੀ ਹਰ ਸਰਹੱਦ ਦੀ, ਇਹ ਮਿੱਗ ਤਕ ਕੇ ਹੈ ਚੇਤੇ ਆਉਂਦੀ ਉਹ ਲਾਲ ਸੈਨਾ ਮਹਾਨ ਲੈਨਿਨ ਜੋ ਆਪ ਸਾਜੀ ਤੇ ਆਪ ਥਾਪੀ । ਇਹ ਲਾਲ ਸੈਨਾ ਹੈ ... ਉਹ ਕਿ ਜਿਸਨੇ ਬੁਥਾੜ ਭੰਨੇ ਸੀ ਹਿਟਲਰਾਂ ਦੇ ਤੇ ਕੁਲ ਮਨੁੱਖਤਾ ਨੂੰ ਜੰਗ ਦੀ ਭੱਠੀ ਦੇ ਵਿਚ ਸੜਨੋਂ ਸੀ ਜਿਸ ਬਚਾਇਆ। ਤੇ ਅਜ ਵੀ ਜਿਹੜੀ ਬਚਾ ਰਹੀ ਹੈ। ਇਹ ਮਿੱਗ ਲੈਨਿਨ ਦੀ ਓਸੇ ਨੀਤੀ ਦੇ ਹਨ ਪੈਅੰਬਰ ਜੋ ਸਾਡੇ ਵਰਗੇ ਆਜ਼ਾਦ ਦੇਸ਼ਾਂ ਨੂੰ ਮੁੜ ਗੁਲਾਮੀ 'ਚ ਜਕੜੇ ਜਾਣੋਂ ਨੇ ਨਿੱਤ ਬਚਾਉਂਦੇ ਤੇ ਅੱਗ ਵਰ੍ਹਾਉਂਦੇ ਨੇ ਦੁਸ਼ਮਣਾਂ ਤੇ (ਅਮਨ ਦੇ ਦੁਸ਼ਮਣ, ਮਨੁੱਖ ਦੇ ਦੁਸ਼ਮਣ) ਤੇ ਫੁਲ ਵਸਾਉਂਦੇ ਨੇ ਦੋਸਤਾਂ ਦੇ (ਅਮਨ ਦੇ ਦੋਸਤ, ਮਨੁੱਖ ਦੇ ਦੋਸਤ)। ਅਮਨ ਜਿਦ੍ਹੇ ਲਈ ਮਹਾਨ ਲੈਨਿਨ ਨੇ ਸਭ ਤੋਂ ਪਹਿਲਾਂ ਸੀ ਆਪਣਾ ਫਰਮਾਨ ਜਾਰੀ ਕੀਤਾ। ਭਿਲਾਈ ਅੰਦਰ ਫੌਲਾਦ ਢਲਦੇ ਦਾ ਲਾਲ ਸੂਹਾ ਗੁਲਾਬ ਬਣਦਾ, ਤੇ ਸੂਰਤਗੜ੍ਹ ਦੇ ਥਲਾਂ ਦੇ ਅੰਦਰ ਬਹਾਰ ਹਸਦੀ, ਤੇ ਮੇਰੇ ਅੰਬਰਾਂ 'ਚ ਮਿਗ ਉਡਦੇ ਜੋ ਦੁਸ਼ਮਣਾਂ ਤੇ ਨੇ ਅੱਗ ਵਰ੍ਹਾਉਂਦੇ, ਤੇ ਦੋਸਤਾਂ ਤੇ ਨੇ ਫੁਲ ਵਸਾਉਂਦੇ ਤੇ ਮੇਰੀ ਧਰਤੀ ਦੀ ਹਿਕੜੀ ਨੂੰ ਮਹਾਨ ਲੈਨਿਨ ਦੇ ਦੇਸ਼ ਵਿਚੋਂ ਜੋ ਪੈਰ ਆ ਕੇ ਨੇ ਗੁਦਗੁਦਾਉਂਦੇ ਇਹ ਕੁਲ ਕ੍ਰਿਸ਼ਮੇ, ਇਹ ਸਭ ਸੁਗਾਤਾਂ ਮਹਾਨ ਲੈਨਿਨ ਦੀ ਖੁਦ ਉਲੀਕੀ ਜਿਹੀ ਖੁਦ ਚਲਾਈ ਮਹਾਨ ਨੀਤੀ ਦੀ ਹੀ ਸੁਗੰਧ ਹਨ। ਤੇ ਇਹ ਸੁਗੰਧੀ ਮਹਾਨ ਲੈਨਿਨ ਦੇ ਪੈਰ-ਚਿਤਰਾਂ ਚੋਂ ਜੋ ਹੈ ਉਗਮੀ ਇਹ ਸਿਰਫ ਮੇਰੇ ਹੀ ਦੇਸ਼ ਵਿਚ ਨਹੀਂ ਇਹ ਉਹਨਾਂ ਸਾਰੇ ਹੀ ਦੇਸ਼ਾਂ ਅੰਦਰ ਪਸਰ ਰਹੀ ਹੈ ਜਿਨ੍ਹਾਂ ਦੇ ਅੰਦਰ, ਅਮਨ ਦੀ ਇੱਛਾ ਹੈ ਰਾਜ ਕਰਦੀ । (1975)

ਹੋਲੀ

ਭੁੱਖੀਆਂ ਆਸਾਂ ਰੋਂਦੇ ਜਜ਼ਬੇ ਕੁਝ ਚਿਰ ਤਾਂ ਮੁਸਕਾ ਲੈਂਦੇ ਨੇ । ਬਚਿਆਂ ਵਾਗੂੰ ਖੇਡ ਕੇ ਹੋਲੀ ਆਪਣਾ ਜੀ ਪਰਚਾ ਲੈਂਦੇ ਨੇ। ਪਿੰਜਰੇ ਵਿਚ ਡੱਕੀ ਹੋਈ ਬੁਲਬੁਲ ਨੱਚ ਪੈਂਦੀ ਏ ਵੇਖ ਬਹਾਰਾਂ, ਉਸਦੇ ਸੀਤੇ ਬੁਲ੍ਹਾਂ ਤੇ ਵੀ ਨਗਮੇ ਰੰਗ ਜਮਾ ਲੈਂਦੇ ਨੇ । ਪਾਟੀ ਚੁੰਨੀ ਤੇ ਚਿਹਰੇ ਤੇ ਚੜ੍ਹ ਜਾਂਦੀ ਏ ਗਿੱਠ ਗਿੱਠ ਲਾਲੀ, ਲੰਮੇ ਚਿਰ ਤੋਂ ਮੈਲੇ ਪਟਕੇ, ਆਪਣਾ ਮੂੰਹ ਲਿਸ਼ਕਾ ਲੈਂਦੇ ਨੇ । ਬੁਲ੍ਹੀਆਂ ਤੇ ਗੀਤਾਂ ਦੀ ਡੁਸਕਣ ਪੀ ਜਾਂਦੇ ਨੇ ਨੈਣ ਪਿਆਸੇ, ਰੰਗ ਬਰੰਗਾ ਪਾਣੀ ਪਾਕੇ, ਬਲਦੀ ਅੱਗ ਬੁਝਾ ਲੈਂਦੇ ਨੇ । ਕੁਝ ਚਿਰ ਜ਼ਖਮਾਂ ਦੇ ਮੂੰਹਾਂ ਤੇ ਸਿੰਮ ਸਿੰਮ ਕੇ ਲਹੂ ਜਮ ਜਾਂਦਾ ਏ ਖ਼ੂਨ ਦੀ ਜੰਮੀ ਤਹਿ ਤੇ ਛਿਣਪਲ, ਹਾਸੇ ਜਿਹੇ ਚਿਪਕਾ ਲੈਂਦੇ ਨੇ । ਮੁੜ੍ਹਕੇ ਤੇ ਹੰਝੂਆਂ ਦਾ ਪਾਣੀ, ਭਰ ਕੇ ਓਹ ਪਿਚਕਾਰੀ ਅੰਦਰ ਘੋਲ ਕੇ ਉਸ ਵਿਚ ਖ਼ੂਨ ਦਿਲਾਂ ਦਾ ਰਾਹਾਂ ਵਿਚ ਖਿੰਡਾ ਲੈਂਦੇ ਨੇ । ਆਪਣੇ ਪੀਲੇ ਜੁਸਿਆਂ ਉਤੇ ਮਲ ਲੈਂਦੇ ਨੇ ਰੰਗ ਅਨੇਕਾਂ ਕਬਰਾਂ ਉਤੇ ਸਾਲ ਦੇ ਪਿਛੋਂ ਦੀਵੇ ਜਹੇ ਜਗਾ ਲੈਂਦੇ ਨੇ । ਮੁਰਝਾਇਆ ਕੁਮਲਾਇਆ ਜੀਵਨ ਪਲਾਂ-ਛਿਣਾਂ ਲਈ ਖਿੜ ਪੈਂਦਾ ਏ ਦਿਲ ਦੀਆਂ ਟੁੱਟੀਆਂ ਤਾਰਾਂ ਗੰਢ ਕੇ ਦੋ ਦਿਨ ਕੁਝ ਤਾਂ ਗਾ ਲੈਂਦੇ ਨੇ। ਗ਼ਮ ਦੀ ਕਾਲੀ ਰਾਤ ਦੇ ਅੰਦਰ ਭੁੱਲ ਨਾ ਜਾਵੇ ਕਿਤੇ ਸਵੇਰਾ ਕਦੇ ਕਦੇ ਉਹ ਰਾਤ ਦੇ ਮੂੰਹ ਤੋਂ ਘੁੰਡ ਜ਼ਰਾ ਸਰਕਾ ਲੈਂਦੇ ਨੇ ।

ਦੀਵਾਲੀ

ਜਗਾ ਕੇ ਘਰ 'ਚ ਦੀਵੇ ਆਪਣੇ ਘਰ ਦਾ ਹਾਲ ਵੇਖਾਂਗੇ । ਜੋ ਪਿਛਲੇ ਸਾਲ ਤਕਿਆ ਸੀ, ਉਹੋ ਇਸ ਸਾਲ ਵੇਖਾਂਗੇ । ਬਨੇਰੇ ਤੇ ਅਸੀਂ ਬਾਲਾਂਗੇ ਲੰਮੀਂ ਪਾਲ ਬਤੀਆਂ ਦੀ ਤੇ ਫਿਰ ਬਾਲਾਂ ਦੇ ਨੈਣਾਂ ਹੰਝੂਆਂ ਦੀ ਪਾਲ ਵੇਖਾਂਗੇ। ਸਿਰਫ ਅਜ ਦੇ ਦਿਹਾੜੇ ਹੀ ਖਿੜੇਗਾ ਬਾਗ ਚਾਨਣ ਦਾ ਵਰ੍ਹਾ ਭਰ ਜ਼ਿੰਦਗੀ ਦੇ ਫੇਰ ਖਾਲੀ ਡਾਲ ਵੇਖਾਂਗੇ । ਜਗਾ ਕੇ ਮੋਮਬਤੀ ਗੋਰੀ ਆਪਣਾ ਹੁਸਨ ਵੇਖੇਗੀ ਜਵਾਨੀ ਵਿਚ ਬੁੜੇਪੇ ਦੀ ਅਸੀਂ ਤਰਕਾਲ ਵੇਖਾਂਗੇ । ਇਹ ਬੁਕਲ ਮਾਰ ਕੇ ਚਾਨਣ ਦੀ ਕਾਲੀ ਰਾਤ ਆਈ ਏ ਲਹੇਗੀ ਕਲ੍ਹ ਨੂੰ ਇਹ ਮੁੜ ਨੇਰ੍ਹਿਆਂ ਦਾ ਜਾਲ ਵੇਖਾਂਗੇ । ‘ਨਜ਼ਾਰੇ' ਗੋਲੀ ਚਲਣ ਦੇ ਵਰ੍ਹਾ ਪੂਰਾ ਤਾਂ ਵੇਖੇ ਨੇ ਚਲੋ ਅਜ ਰਾਤ ਗੋਲੇ ਚੱਲਣ ਦੇ ਵੀ ਨਾਲ ਵੇਖਾਂਗੇ। ਘੜੀ ਪਲ ਲਈ ਖੁਸ਼ੀ ਦਾ ਨੂਰ ਦਿਲ ਨੂੰ ਜਗਮਗਾਏਗਾ ਇਸੇ ਚਾਨਣ 'ਚ ਦਿਲ ਦੇ ਜ਼ਖਮ ਦਗਦੇ ਲਾਲ ਵੇਖਾਂਗੇ ।

ਗ਼ਜ਼ਲਾਂ

ਬਹਿ ਕੇ ਥਲਾਂ 'ਚ ਘਰ ਸੋਂ ਫੁਹਾਰੇ ਨਾ ਟੋਲੀਏ

ਬਹਿ ਕੇ ਥਲਾਂ 'ਚ ਘਰ ਸੋਂ ਫੁਹਾਰੇ ਨਾ ਟੋਲੀਏ । ਕਹਿ ਕੇ ਮੁਕਾਉ ਕਿੱਸਾ, ਹੁੰਗਾਰੇ ਨਾ ਟੋਲੀਏ । ਜੋ ਢਹਿ ਪਏ ਨੇ ਅਰਸ਼ ਤੋਂ ਹਿਮਤ ਨੂੰ ਹਾਰ ਕੇ ਰਾਹਾਂ ਦੀ ਧੂੜ ਬਣ ਚੁਕੇ ਤਾਰੇ ਨਾ ਟੋਲੀਏ । ਵਧੋ ਤੇ ਵਧ ਕੇ ਚੁਕ ਲਵੋ, ਸਾਗਰ ਨੂੰ ਮੈਕਸ਼ੋ ਸਾਕੀ ਦੀ ਚੁਪ ਨਜ਼ਰ ਦੇ ਇਸ਼ਾਰੇ ਨਾ ਟੋਲੀਏ। ਛਾਤੀ ਦਾ ਤਾਣ ਡੌਲਿਆਂ ਦਾ ਖ਼ੂਨ ਤੇਜ਼ ਕਰ ਕੰਢੇ ਦੀ ਆਸ ਰੱਖ ਕੇ ਸਹਾਰੇ ਨਾ ਟੋਲੀਏ । ਔਹ ਟੁਰ ਪਿਆ ਏ ਕਾਫਲਾ, ਔਹ ਦਿਸਪਈ ਮੰਜ਼ਲ ਰਲਣਾ ਹੈ ਨਾਲ ਰਲ ਪਵੇ, ਲਾਰੇ ਨਾ ਟੋਲੀਏ । ਹੰਝੂਆਂ ਨੂੰ ਹੀ ਬਦਲ ਕੇ ਹੁਣ ਸ਼ੋਹਲੇ ਬਣਾ ਲਵੋ ਹੰਝੂਆਂ 'ਚ ਡੁਬ ਕੇ ਐਵੇਂ ਅੰਗਾਰੇ ਨਾ ਟੋਲੀਏ ।

ਖੁਦਾ ਦੇ ਹੋਂਦਿਆਂ ਵੇਦਾਂ ਤੇ ਕੁਰਆਨਾਂ ਤੇ ਕੀ ਬੀਤੀ

ਖੁਦਾ ਦੇ ਹੋਂਦਿਆਂ ਵੇਦਾਂ ਤੇ ਕੁਰਆਨਾਂ ਤੇ ਕੀ ਬੀਤੀ। ਵਿਚਾਲੇ ਲੜ ਪਈਆਂ ਲਹਿਰਾਂ ਤਾਂ ਤੁਫਾਨਾਂ ਤੇ ਕੀ ਬੀਤੀ। ਲਹੂ ਨੀਲਾਮ ਹੁੰਦਾ ਵੇਖਿਆ ਬੁਲਬੁਲ ਜਾਂ ਫੁਲਾਂ ਦਾ ਤਾਂ ਉਹਦੇ ਮਚਲਦੇ ਸੀਨੇ 'ਚ ਅਰਮਾਨਾਂ ਤੇ ਕੀ ਬੀਤੀ। ਇਹ ਮੰਨਿਆ ਸਚ ਕਿ ਪਤਝੜ ਚਮਨ ਨੂੰ ਝੁਲਸਿਆ, ਐਪਰ ਨਾ ਪੁਛੋ ਜੱਦ ਬਹਾਰ ਆਈ ਤਾਂ ਇਨਸਾਨਾਂ ਤੇ ਕੀ ਬੀਤੀ। ਅਰਸ਼ ਵਲ ਹਥ ਉਠਾਏ ਹਾਰ ਕੇ ਧਰਤੀ ਤੇ ਆ ਡੁਸਕੇ ਵਕਤ ਸਿਰ ਬਾਹੁੜਿਆ ਇਕ ਵੀ ਨਾ ਭਗਵਾਨਾਂ ਤੇ ਕੀ ਬੀਤੀ। ਪਿਆਸੇ ਬੁਲ੍ਹ ਜਦੋਂ ਬੇੜੀ ਦੇ, ਕੰਢਾ ਚੁਮਣ ਵਾਲੇ ਸਨ ਬਦਲ ਗਏ ਝਟ ਮਲਾਹ ਉਹਨਾਂ ਦੇ ਈਮਾਨਾਂ ਤੇ ਕੀ ਬੀਤੀ।

ਦਿਲ 'ਚੋਂ ਸੁੱਤੀਆਂ ਜਾਗ ਪਈਆਂ ਨੇ

ਦਿਲ 'ਚੋਂ ਸੁੱਤੀਆਂ ਜਾਗ ਪਈਆਂ ਨੇ ਯਾਦਾਂ ਲੈ ਅੰਗੜਾਈ ਹੋ । ਯਾਦਾਂ ਦੀ ਗੋਦੀ 'ਚੋਂ ਜਾਗੀ, ਪ੍ਰੀਤ ਮੇਰੀ ਅਲਸਾਈ ਹੋ। ਪਲਕਾਂ ਦੇ ਕੰਡਿਆਂ 'ਤੇ ਖਿੜ ਪਈ ਹੰਝੂਆਂ ਦੀ ਫੁਲਵਾੜੀ ਸਬਰ ਮੇਰੀ ਦੀ ਤਾਕਤ ਵੀ ਗਈ ਦੋ ਨੈਣਾਂ 'ਚ ਤਾੜੀ ਹੋ। ਲਿਸ਼ਕ ਪਏ ਅੱਖੀਆਂ ਦੇ ਅੰਦਰ, ਸੁੰਨੇ ਪਏ ਬਨੇਰੇ ਆਣ ਵਿਖਾਏ ਨੈਣ ਮਮੋਲੇ, ਇਕ ਮੁਸਕਾਂਦੇ ਚਿਹਰੇ ਦੂਰ ਖਲੋ ਕੇ ਪੀੜ ਪੁਰਾਣੀ, ਰਮਜ਼ਾਂ ਵਿਚ ਸਮਝਾਈ ਹੋ। ਤਾਘਾਂ ਦੇ ਦਰਵਾਜ਼ੇ ਅੰਦਰੋਂ, ਚਮਕ ਪਈਆਂ ਨੇ ਝੀਤਾਂ ਦਿਲ ਦੇ ਸਾਰੇ ਭੇਦ ਸੁਣਾਏ, ਚੁਪ ਬੁਲ੍ਹੀਆਂ ਦੇ ਗੀਤਾਂ ਸ਼ਾਲਾ ਉੱਕਾ ਬੰਦ ਨਾ ਹੋਵੇ, ਵਜਦੀ ਇਹ ਸ਼ਹਿਨਾਈ ਹੋ। ਵਾ ਦੀ ਉਂਗਲ ਚੰਨ ਦੇ ਮੂੰਹ ਤੋਂ ਬੱਦਲ ਪਰ੍ਹਾਂ ਹਟਾਏ ਦੁਧ ਦੇ ਭਰੇ ਕਟੋਰੇ ਅੰਦਰ, ਦੀਵੇ ਆਣ ਜਗਾਏ ਲੋ ਜਿਨ੍ਹਾਂ ਦੀ ਦਿਲ ਮੇਰੇ ਦੀ ਹਰ ਨੁਕਰੇ ਰੁਸ਼ਨਾਈ ਹੋ । ਵੰਗਾਂ ਵਾਂਗੂੰ ਕੰਨਾ ਅੰਦਰ, ਹਸਿਆ ਖਿੜ ਖਿੜ ਹਾਸਾ ਰੋਮ ਰੋਮ ਵਿਚ ਰਸਿਆ ਜੀਕੂੰ ਪਾਣੀ ਵਿਚ ਪਤਾਸਾ ਸਾਵੀ ਛੱਲੀ ਦੇ ਹਰ ਦਾਣੇ ਜਿਉਂ ਰਸ ਗਈ ਦੁਧਿਆਈ ਹੋ। ਨਿਗਲ ਰਹੀ ਸੀ ਰਾਤ ਹਨੇਰੀ, ਟਿਮ ਟਿਮ ਕਰਦੇ ਤਾਰੇ ਚੰਨ ਚੜ੍ਹਿਆ ਤੇ ਚਮਕ ਪਏ ਨੇ, ਮੁੜ ਸਾਰੇ ਦੇ ਸਾਰੇ । ਮੰਜ਼ਲ ਦੇ ਵਲ ਮੇਰੇ ਕਦਮਾਂ ਆਪਣੀ ਤੋਰ ਵਧਾਈ ਹੋ।

ਮੁਹਬਤ ਆਪਣੀ ਨੂੰ ਮੈਂ ਕਲਮ ਵਿਚ ਘੋਲ ਦਿੱਤਾ ਹੈ

ਮੁਹਬਤ ਆਪਣੀ ਨੂੰ ਮੈਂ ਕਲਮ ਵਿਚ ਘੋਲ ਦਿੱਤਾ ਹੈ। ਇਹਨੇ ਲਿਖਿਆ ਹੈ ਉਹੋ ਜੋ ਸਮੇਂ ਨੇ ਬੋਲ ਦਿੱਤਾ ਹੈ। ਮੇਰੀ ਗੁੰਗੀ ਮੁਹਬਤ ਨੂੰ ਵੀ ਆਖਿਰ ਜੀਭ ਲੱਗੀ ਹੈ ਮੈਂ ਹਰ ਅਰਮਾਨ ਦਾ ਸੀਨਾ ਤੈਹਆਂ ਤੱਕ ਫੋਲ ਦਿੱਤਾ ਹੈ । ਹਰਿਕ ਤਾਰੇ ਦੇ ਮੁੱਢ ਬਹਿ ਕੇ ਨਜ਼ਰ ਤਾਰੇ ਖਿੰਡਾ ਆਈ ਹਨੇਰੀ ਰਾਤ ਨੂੰ ਮੈਂ ਚਾਨਣੀ ਵਿਚ ਝੋਲ ਦਿੱਤਾ ਹੈ । ਕਪਾਹ ਦੇ ਵਾਂਗ ਖਿੜ ਪਏ ਰਾਹ ਨਜ਼ਰ ਟਹਿਕੀ ਉਡੀਕਾਂ ਦੀ ਬਾਹਾਰ ਉਹ ਮਿਲ ਪਈ ਜਿਸ ਲਈ ਜ਼ਮਾਨਾ ਟੋਲ ਦਿੱਤਾ ਹੈ । ਮੈਂ ਜੀਵਨ ਦੇ ਇਸ਼ਕ ਨੂੰ ਹੁਸਨ ਦਿੱਤਾ ਹੈ ਜ਼ਮਾਨੇ ਦਾ, ਮੈਂ ਅੱਜ ਫੁਲਾਂ ਦੇ ਪਲੜੇ ਸ਼ੋਹਲਿਆਂ ਨੂੰ ਤੋਲ ਦਿੱਤਾ ਹੈ । ਕਿਸੇ ਦੇ ਰੂਪ ਦਾ ਮੈਂ ਕਣਕ ਨੂੰ ਹਾਂ ਰੰਗ ਦੇ ਬੈਠਾ । ਕਿਸੇ ਦੇ ਬੰਦ ਬੁਲ੍ਹਾਂ ਨੂੰ ਸਰ੍ਹੋਂ ਤੇ ਖੋਹਲ ਦਿੱਤਾ ਹੈ । ਮੇਰੇ ਵਿਸ਼ਵਾਸ ਤੋਂ ਮੁਨਕਰ ਕਿਵੇਂ ਹੁੰਦੇ ਨੇ ਉਹ ਜੱਦ ਕਿ ਮੈਂ ਚੰਨ ਦੇ ਸਾਹਮਣੇ ਤੇ ਤਾਰਿਆਂ ਦੇ ਕੋਲ ਦਿੱਤਾ ਹੈ ।

ਮਿਰੇ ਦਿਲ ਦੇ ਪੱਕੇ ਇਰਾਦੇ ਤੋਂ ਪੱਕਾ

ਮਿਰੇ ਦਿਲ ਦੇ ਪੱਕੇ ਇਰਾਦੇ ਤੋਂ ਪੱਕਾ ਨਾ ਬਣਿਆ ਅਜੇ ਤਕ ਕੋਈ ਕੈਦਖਾਨਾ। ਉਹ ਬਿਜਲੀ ਸਦਾ ਲਈ ਬਰਫ ਬਣ ਗਈ ਹੈ ਜਿਨ੍ਹੇ ਸਾੜਨਾ ਸੀ ਮਿਰਾ ਆਸ਼ਿਆਨਾ । ਯੂਨਾਨੀ ਤੇ ਰੂਮੀ ਗੁਲਾਮੀ ਦੇ ਸੰਗਲ ਮਿਰੇ ਵਧ ਰਹੇ ਕਦਮ ਨਹੀਂ ਰੋਕ ਸਕੇ, ਮੈ ਤਲਵਾਰ ਦੀ ਧਾਰ ਦੇ ਨਾਚ ਕੀਤਾ ਆਜ਼ਾਦੀ ਦਾ ਸੂਲੀ ਤੇ ਗਾਇਆ ਤਰਾਨਾ । ਮਿਰੇ ਜਿਸਮ ਨੇ ਚਾਬਕਾਂ ਕੋੜਿਆਂ ਨੂੰ ਬੜਾ ਚੁੰਮਿਆ, ਚਟਿਆ ਬੜਾ, ਪਿਆਰ ਕੀਤਾ। ਤੇ ਸਿਕਿਆਂ ਦੇ ਦਗ੍ਹਦੇ ਹੋਏ ਬੋਸਿਆਂ ਦਾ ਬੜਾ ਚਿਰ ਲੁਟਾਂਦਾ ਰਿਹਾ ਹਾਂ ਖ਼ਜ਼ਾਨਾ। ਤੇ ਧੀਆਂ ਦੀ ਇਸਮਤ ਲੁਟਦੀ ਵੀ ਤਕ ਕੇ ਮਿਰੇ ਹੌਸਲੇ ਢਹਿ ਕੇ ਢੇਰੀ ਨਹੀਂ ਹੋਏ ਰਿਹਾ ਹੋਰ ਕਰਦਾ ਮਿਰੀ ਚਾਲ ਤਿੱਖੀ ਮਿਰੇ ਹਾਕਮਾਂ ਦਾ ਜ਼ੁਲਮ ਵਹਿਸ਼ੀਆਨਾ । ਮੈਂ ਮਿੱਲਾਂ ਤੇ ਖੇਤਾਂ ਚੋਂ ਤੂਫ਼ਾਨ ਬਣ ਕੇ ਹਾਂ ਬਿਜਲੀ ਦੇ ਵਾਙੂੰ ਜ਼ਮਾਨੇ ਤੇ ਛਾਇਆ ਕਬਰ ਪੁੱਟ ਲਈ ਹੈ, ਹੁਣੇ ਦੱਬ ਦਿਆਂਗਾ ਇਹ ਸਰਮਾਇਆਦਾਰੀ ਦਾ ਮੁਰਦਾ ਜ਼ਮਾਨਾ । ਦਮਕਦੇ ਹੋਏ ਲਾਲ ਤਾਰੇ ਦੀ ਲੋਅ 'ਚੋਂ ਔਹ ਮੰਜ਼ਿਲ ਖੜੀ ਸਾਹਮਣੇ ਦਿਸ ਰਹੀ ਏ, ਸ਼ਮ੍ਹਾਂ ਉਹ ਹੈ, ਜਿਸ ਤੇ ਪਤੰਗੇ ਨਹੀਂ ਸੜਦੇ ਜਿਥੇ ਹਰ ਕੋਈ ਆਪਣਾ ਨਹੀਂ ਕੋਈ ਬਿਗਾਨਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਤੇਰਾ ਸਿੰਘ ਚੰਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ