Punjabi Poetry Justice Syed Asif Shahkar
ਪੰਜਾਬੀ ਕਲਾਮ ਜਸਟਿਸ ਸੱਯਦ ਆਸਿਫ਼ ਸ਼ਾਹਕਾਰ
1. ਗੀਤ-ਕਸਮ ਏ ਆਪਣੇ ਹੋਵਣ ਦੀ
ਕਸਮ ਏ ਆਪਣੇ ਹੋਵਣ ਦੀ
ਜੇਕਰ ਤੁਹਾਡੇ ਮੱਥਿਆਂ ਉੱਤੇ
ਲੱਖ ਲੱਖ ਠੀਕਰ ਭਜ ਪਏ ਨੇ ਮੈਂ ਕੀ ਜਾਣਾ
ਓ ਸ਼ਹਿਰ ਮੇਰੇ ਦੇ ਜੰਮਦੇ ਬੁੱਢੇ
ਦਾਨਿਸ਼ਵਰੋ
ਮੈਂ ਤੇ ਲਿਖਸਾਂ
ਚੰਨ ਜੀ !
ਮੇਰੀ ਇਕ ਮਜਬੂਰੀ ਇਹ ਵੇ ਕਿ
ਮੈਂ ਮੌਸੀਕਾਰ ਨਈਂ ਆਂ
ਨਈਂ ਤੇ ਮੈਂ
ਸੁੱਤੇ ਦੇਸ਼ਾਂ ਦੇ ਕੋਲੋਂ —
ਨ੍ਹਾਤੀਆਂ ਧੋਤੀਆਂ ਖਿੜੀਆਂ ਹੋਈਆਂ ਸਵੇਰਾਂ
ਖੋਂਹਦਾ
ਤੇ ਰੁੱਠੇ ਲੋਕਾਂ ਦੇ ਕੋਲੋਂ
ਚੁਪ ਚੁਪੀਤੀਆਂ ਚਾਨਣੀਆਂ ਲੈਂਦਾ
ਸ਼ਾਮ ਸਮੇਂ ਨੂੰ ਵਾਪਿਸ ਆਓਂਦੇ ਪੱਖੂਆਂ ਕੋਲੋਂ
ਪਿਆਰ ਮੁਹੱਬਤ ਮੰਗਦਾ –
ਨਖ਼ਰੀਲੇ ਦਰਿਆਵਾਂ ਤੇ ਸਮੁੰਦਰਾਂ ਦੀਆਂ
ਅਦਾਵਾਂ ਚੁਣਦਾ
ਸਾਵਣ ਮਾਂਹ ਦੀ ਰਿਮ-ਝਿਮ ਦੀ ਉਦਾਸੀ ਲੈਂਦਾ
ਰੁੱਤ ਬਹਾਰ ਦੇ ਮਸਤੇ ਹੋਏ ਗੁਲਾਬਾਂ ਦੀਆਂ
ਝੋਲੀਆਂ ਭਰ ਕੇ —
ਅਸਮਾਨਾਂ ਤਾਈਂ ਉੱਸਰੇ ਹੋਏ ਪਹਾੜਾਂ ਦੀਆਂ
ਕਹਾਣੀਆਂ ਲੈ ਕੇ
ਗੀਤ ਬਣਾਂਦਾ
ਚੰਨ ਜੀ ਤੇਰੇ ਲਈ !
ਵੇਲੇ ਦੀ ਰਫਤਾਰ ਨੂੰ ਡੱਕ ਕੇ ਗਾਉਂਦਾ–
ਤੇਰੇ ਲਈ
ਪਰ ਮੇਰੀ ਮਜਬੂਰੀ ਇਹ ਵੇ ਕਿ
ਮੈਂ ਮੌਸੀਕਾਰ ਨਹੀਂ ਆਂ
ਮੇਰੀ ਇਕ ਮਜਬੂਰੀ ਇਹ ਵੇ ਕਿ
ਮੈਂ ਇਕ ਫ਼ਨਕਾਰ ਚਿੱਤਕਾਰ ਨਈਂ ਆਂ
ਨਈਂ ਤੇ ਸੋਹਣਿਆਂ !
ਅੱਖ ਆਪਣੀ ਵਿਚ ਵਸਦਾ ਸਾਰਾ ਹੁਸਨ ਇੱਕਠਾ ਕਰਕੇ
ਮੈਂ ਤੇਰੀ ਤਸਵੀਰ ਬਣਾਂਦਾ
ਪੁਹ ਫੁੱਟਣ ਦੇ ਸੱਜਰੇ ਚਾਨਣ
ਤੇ ਸ਼ਾਮ ਸਮੇਂ ਦੀ ਲਾਲੀ ਦੇ ਰੰਗ ਭਰਦਾ
ਤੇ ਵੱਤ ਪੂਰੇ ਜਗ ਦੇ ਇਕ ਇਕ ਇੰਚ ਤੇ ਵੰਜ ਟੰਗਦਾ
ਤੇ ਦੁਨੀਆ ਦਾ ਨਾਂ ਬਦਲ ਕੇ ਰਖਦਾ
ਹਾਂ, ਮਾਹੀ ਬੱਸ ਤੇਰਾ ਨਾਂ
ਪਰ ਮੇਰੀ ਮਜਬੂਰੀ ਇਹ ਏ ਵੇ
ਮੈਂ ਤੇ ਬੱਸ ਇਕ ਸ਼ਾਇਰ ਆਂ ।
ਰਮਜ਼ਾਂ , ਸੋਚਾਂ ਤੇ ਲਫਜ਼ਾਂ ਦੀ ਦੁਨੀਆ
ਦੁਨੀਆ ਮੇਰੀ
ਤੈਨੂੰ ਕਿਹੜੀ ਰਮਜ਼ ਬਣਾਵਾਂ ?
ਤੇ ਕਿਹੜੀ ਅਬਦੀ ਸੋਚ ਵਿਚ ਸੋਚਾਂ ?
ਮੇਰੇ ਲਫਜ਼ਾਂ ਦੀ ਕੁਲ ਖ਼ੁਦਾਈ
ਉਂਜ ਥੋੜ੍ਹੀ ਏ
ਹਾਂ, ਮਾਹੀ ਮੈਂ ਤੈਨੂੰ ਆਪਣੇ ਸਾਰੇ ਜਜ਼ਬਿਆਂ ਵਿਚ
ਵਸਾ ਸਕਦਾ ਹਾਂ
ਦੱਸ ਨਈਂ ਸਕਦਾ
ਇਹ ਵੀ ਇਕ ਮਜਬੂਰੀ ਮੇਰੀ
ਕਸਮ ਏ ਆਪਣੇ ਹੋਵਣ ਦੀ ।
2. ਜੀਣ ਦੀ ਬਾਜ਼ੀ
ਜੰਨਤ ਜੰਨਤ ਹਰ ਕੋਈ ਕਰਦਾ
ਜੰਨਤ ਇੱਕ ਭੁਲੇਖਾ ਏ
ਤੇਰਾ ਸੰਗ ਹੋਏ
ਭਾਂਵੇਂ ਦੋਜ਼ਖ਼ ਹੋਵੇ
ਇਹੋ ਈ ਤੇ ਜੰਨਤ ਏ
ਆਨੰਦ ਦੇ ਵਿਚ ਹਰ ਸ਼ੈ ਰੰਗੀ
ਹਰ ਪਲ ਜੀਣ ਦੀ ਬਾਜ਼ੀ
3. ਮੁਸੱਰਤ ਨਾਹੀਦ ਦੇ ਨਾਂ
(ਇੱਕ ਪੰਜਾਬਣ ਸ਼ਾਇਰਾ ਜੋ ਇੱਕ ਪਰਾਈ
ਬੋਲੀ ਵਿਚ ਆਪਣੇ ਦੁੱਖੜੇ ਫੋਲਦੀ ਏ)
ਕੂਕ ਨੀ ਕੁੜੀਏ ਕੂਕ
ਤੇਰੀ ਕਿਸੇ ਨਹੀਂ ਸੁਣਨੀ ਹੂਕ
ਕੋਈ ਆਬ ਆਬ ਕਰੇਂਦਾ ਮੋਇਆ
ਮਾਂ ਤੱਤੜੀ ਨੂੰ ਇਲਮ ਨਾ ਹੋਇਆ
ਤੂੰ ਵੀ ਆਬ ਦਾ ਵਿਰਦ ਕਰੇਨੀ ਐਂ
ਤੇਰੀ ਕਿਸੇ ਨਹੀਂ ਸੁਣਨੀ ਹੂਕ
ਕੂਕ ਨੀ ਕੁੜੀਏ ਕੂਕ
ਦੁੱਖ ਤੇ ਹੁੰਦੇ ਵੰਡਣ ਲਈ
ਜਿਹਨੂੰ ਸੁਣ ਕੇ ਅੰਦਰੋਂ ਆਹ ਨਿਕਲੇ
ਇਹ ਕੋਈ ਸੁਹਾਣਾ ਗੀਤ ਨਹੀਂ
ਜਿਹਨੂੰ ਸੁਣ ਕੇ ਅੰਦਰੋਂ ਵਾਹ ਨਿਕਲੇ
ਤੂੰ ਠੂਠਾ ਫੜ ਕੇ ਵਾਹ ਵਾਹ
ਮੰਗਦੀ ਫਿਰਨੀ ਐਂ
ਤੇਰੀ ਕਿਸੇ ਨਹੀਂ ਸੁਣਨੀ ਹੂਕ
ਕੂਕ ਨੀ ਕੁੜੀਏ ਕੂਕ
ਦੁੱਖ ਤੇ ਫੋਲਣ ਮਾਂਵਾਂ ਧੀਆਂ
ਪੀੜਾਂ ਵੰਡਣ ਕਦ ਮਤਰੇਈਆਂ
ਗਲ ਨੂੰ ਆਉਂਦੀਆਂ ਟੁੱਟੀਆਂ ਬਾਹਵਾਂ
ਕਿਉਂ ਗ਼ੈਰਾਂ ਅੱਗੇ ਰੋਨੀ ਐਂ
ਕਿਉਂ ਮੋਤੀ ਹੰਝੂਆਂ ਹਾਵਾਂ ਦੇ
ਪਈ ਮੁੰਜ ਦੇ ਵਿਚ ਪਰੋਨੀ ਐਂ
ਤੇਰੀ ਕਿਸੇ ਨਹੀਂ ਸੁਣਨੀ ਹੂਕ
ਕੂਕ ਨੀ ਕੁੜੀਏ ਕੂਕ
4. ਠਰਕੀ ਬਾਬਾ
ਬਾਬਾ ਇਸ਼ਕ ਦੀ ਗੱਲ ਨਾ ਕਰ
ਇਹ ਤੇਰਾ ਕੰਮ ਨਹੀਂ
ਇਸ਼ਕ ਕਰਨ ਲਈ ਲਾਈਸੰਸ ਜ਼ਰੂਰੀ
ਬਗ਼ੈਰ ਲਾਈਸੰਸਾ ਇਸ਼ਕ
ਗ਼ੈਰਕਾਨੂੰਨੀ, ਗ਼ੈਰ ਇਸਲਾਮੀ, ਗ਼ੈਰ ਸਮਾਜੀ, ਗ਼ੈਰ ਇਖ਼ਲਾਕੀ
ਇਹ ਲਾਈਸੰਸ ਲੈਣ ਲਈ
ਜੋਬਨ ਲਾਜ਼ਮੀ ਏ
ਬਾਬੇ ਲਈ ਮਨਾਹੀ ਏ
ਨਹੀਂ ਤੇ ਠਰਕੀ ਬਾਬੇ ਦੀ ਛੇੜ
ਲੱਖ ਲਾਹਨਤ
ਚਿੱਟਾ ਝਾਟਾ ਆਟਾ ਖ਼ਰਾਬ
ਵਾਂਗ ਮੁਕੱਦਰ ਇਹਦੇ ਗਲ ਪੈ ਜਾਂਦੇ ਨੇ
ਇਹ ਚਾਹਵੇ ਨਾ ਚਾਹਵੇ
ਪਰ ਇਹਨੂੰ ਇਸ਼ਕ ਦੀ ਨਗਰੀ ’ਚੋਂ
ਦੇਸ ਨਿਕਾਲਾ ਦੇ ਕੇ
ਕਾਲੇ ਪਾਣੀ ਵਾਂਗੂੰ
ਤਸਬੀਹ ਲੋਟਾ ਇਹਦੇ ਹੱਥ ਫੜਾ ਕੇ
ਮਸਜਿਦ ਦੇ ਵੱਲ ਘਲ ਦਿੰਦੇ ਨੇ
ਇਹ ਕਾਲੇ ਪਾਣੀ ਜਾ ਕੇ ਬਹਿ ਜਾਂਦਾ ਏ