Jogan : Babu Firoz Din Sharaf

ਜੋਗਨ : ਬਾਬੂ ਫ਼ੀਰੋਜ਼ਦੀਨ ਸ਼ਰਫ਼

ਜੋਗਣ

ਜੋਗਣ ਦੇ ਦੁਆਰੇ ਆਇਆ,
ਰਾਜੇ ਨੇ ਭੇਸ ਵਟਾਇਆ।

ਜੋਗਣ ਦੇ ਰਸ ਭਿੰਨੇ ਦੀਦੇ,
ਕਹਿਣ ਲਗੇ ਮੁਸਕਾਕੇ।
ਸੁਣ ਤੂੰ ਮੇਰੇ ਭੋਲੇ ਰਾਜਾ।
ਕਿਉਂ ਅੰਗ ਭਬੂਤ ਰਮਾਕੇ,
ਚੰਦ ਬਦਲੀ ਵਿਚ ਛੁਪਾਇਆ,
ਜੋਗਣ ਦੇ ਦੁਆਰੇ ਆਇਆ,
… … …

ਦੇਖ ਨੈਣਾਂ ਦੀ ਰਮਜ਼ ਨਿਰਾਲੀ,
ਨੈਣ ਰਾਜੇ ਦੇ ਬੋਲੇ।
ਦਾਨ ਮੁਹੱਬਤ ਦਾ ਦੇਹ ਸਾਨੂੰ,
ਮੰਗਣ ਆਏ ਭੋਲੇ।
ਨੈਣਾਂ ਨੇ ਬਾਨ ਲਗਾਇਆ।
ਜੋਗਣ ਦੇ ਦੁਆਰੇ ਆਇਆ,
… … …

ਜੋਗਨ ਬੋਲੀ ਖਾਲੀ ਝੋਲੀ,
ਦਾਨ ਕਦੀ ਨਹੀਂ ਮਿਲਦਾ।
ਖ਼ਾਕ ਅੰਦਰ ਜਦ ਮਿਲਦਾ ਦਾਣਾ,
ਗੁਲਸ਼ਨ ਬਣ ਕੇ ਖਿਲਦਾ।
ਨਹੀਂ ਸ਼ਾਨ ਗ਼ੁਮਾਨ ਭੁਲਾਇਆ,
ਕਿਉਂ ਰਾਜੇ ਭੇਸ ਵਟਾਇਆ?
ਜੋਗਣ ਦੇ ਦੁਆਰੇ ਆਇਆ,
… … …

ਸਿੱਪੀ ਦੇ ਵਿਚ ਮੋਤੀ ਵੇਖੀਂ,
ਲੈਂਦਾ ਪਿਆ ਹੁਲਾਰੇ।
ਚੰਦ ਅਸਮਾਨੀ ਝੁਗੀਆਂ ਅੰਦਰ,
ਰਿਸ਼ਮਾਂ ਪਿਆ ਖਿਲਾਰੇ,
ਰਬ ਗੁਰਬਤ ਵਿਚ ਸਮਾਇਆ।
ਜੋਗਣ ਦੇ ਦੁਆਰੇ ਆਇਆ,
… … …

ਜੇ ਤੂੰ ਦਾਨ ਮੁਹੱਬਤ ਲੈਣਾ,
ਬਣ ਜੋਗਨ ਦਾ ਜੋਗੀ।
ਜੋਗੀ ਜੋਗੀ ਆਖਣ ਤੈਨੂੰ,
ਮੈਂ ਹੋਵਾਂ ਤੇਰੇ ਜੋਗੀ।
ਰੱਬ ਸਭ ਨੇ ਨਿਉਂ ਕੇ ਪਾਇਆ।
ਜੋਗਣ ਦੇ ਦੁਆਰੇ ਆਇਆ,
… … …

ਅੱਖੀਆਂ

ਘਾਇਲ ਮੈਨੂੰ ਕਰ ਗਈਆਂ ਅੱਖੀਆਂ।
ਬਾਜ਼ੀ ਅਕਲ ਦੀ ਹਰ ਗਈਆਂ ਅੱਖੀਆਂ।

ਦਿਲ ਨੂੰ ਲਗੀ ਸ਼ਕਲ ਪਿਆਰੀ,
ਅੱਖੀਆਂ ਦੇ ਗਲ ਫਿਰ ਗਈ ਆਰੀ,
ਮੌਤ ਕਿਸੇ ਦੀ ਮਰ ਗਈਆਂ ਅੱਖੀਆਂ।
ਘਾਇਲ ਮੈਨੂੰ ਕਰ ਗਈਆਂ ਅੱਖੀਆਂ।

ਪਹਿਲੇ ਹੈਸਨ ਬੜੀਆਂ ਰੋਈਆਂ,
ਤੜਫ ਤੜਫ ਹੁਣ ਠੰਢੀਆਂ ਹੋਈਆਂ,
ਦੁਖ ਹਿਜਰ ਦਾ ਜਰ ਗਈਆਂ ਅੱਖੀਆਂ।
ਘਾਇਲ ਮੈਨੂੰ ਕਰ ਗਈਆਂ ਅੱਖੀਆਂ।

ਪੀੜ ਹਿਜਰ ਦੀ ਉਠ ਖਲੋਤੀ,
ਕੇਰ ਕੇਰ ਕੇ ਨਾਜ਼ਕ ਮੋਤੀ,
ਝੋਲੀ ਮੇਰੀ ਭਰ ਗਈਆਂ ਅੱਖੀਆਂ।
ਘਾਇਲ ਮੈਨੂੰ ਕਰ ਗਈਆਂ ਅੱਖੀਆਂ।

ਹੁਸਨ ਨਦੀ ਪਈ ਠਾਠਾਂ ਮਾਰੇ,
ਦਿਸਦੇ ਹੈਸਨ ਦੂਰ ਕਿਨਾਰੇ।
ਬੇੜੀਆਂ ਬਣ ਬਣ ਤਰ ਗਈਆਂ ਅੱਖੀਆਂ।
ਘਾਇਲ ਮੈਨੂੰ ਕਰ ਗਈਆਂ ਅੱਖੀਆਂ।

ਮਹਿੰਦੀ

ਮਹਿੰਦੀ ਏ ਨੀ ਮਹਿੰਦੀ ਏ,
ਕੀ ਮਹਿੰਦੀ ਤੇਰੀ ਕਹਿੰਦੀ ਏ।

ਕਦੀ ਚੱਕੀ ਦੇ ਵਿਚ ਪਿਸਦੀ ਏ।
ਕਦੀ ਪਈ ਕਟੋਰੇ ਦਿਸਦੀ ਏ।
ਕਿਉਂ ਦੁਖੜੇ ਐਡੇ ਸਹਿੰਦੀ ਏ,
ਕੀ ਮਹਿੰਦੀ ਤੇਰੀ ਕਹਿੰਦੀ ਏ।

ਇਹ ਸੂਹਾ ਰੰਗ ਚੜ੍ਹਾਵੇ ਨੀ।
ਇਹ ਅੱਗ ਪਾਣੀ ਵਿਚ ਲਾਵੇ ਨੀ।
ਕਦੀ ਹੱਥਾਂ ਤੇ ਚੜ੍ਹ ਬਹਿੰਦੀ ਏ,
ਕੀ ਮਹਿੰਦੀ ਤੇਰੀ ਕਹਿੰਦੀ ਏ।

ਅਸਾਂ ਹੰਝੂ ਪਾ ਪਾ ਪਾਲੀ ਨੀ।
ਸਾਡੇ ਲਹੂ ਦੀ ਇਸ ਵਿਚ ਲਾਲੀ ਨੀ।
ਸਾਡੇ ਮਗਰੋਂ ਅਜੇ ਨ ਲਹਿੰਦੀ ਏ,
ਕੀ ਮਹਿੰਦੀ ਤੇਰੀ ਕਹਿੰਦੀ ਏ।

ਗਾਗਰ

ਗਾਗਰ ਏ ਮੇਰੀ ਭਾਰੀ,
ਤੇ ਲੱਕ ਮੇਰਾ ਪਤਲਾ ਜਿਹਾ।
ਮੈਂ ਖਿੱਚ ਖਿੱਚ ਡਰੀ ਹਾਰੀ,
ਤੇ ਲੱਕ ਮੇਰਾ ਪਤਲਾ ਜਿਹਾ।

ਹਥ ਮੇਰੇ ਨੇ ਕੂਲੇ ਕੂਲੇ,
ਪਟ ਦੇ ਲਛੇ ਰੇਸ਼ਮੀ ਪੂਲੇ।
ਮਹਿੰਦੀ ਲਹਿ ਗਈ ਸਾਰੀ,
ਤੇ ਲੱਕ ਮੇਰਾ ਪਤਲਾ ਜਿਹਾ।
ਗਾਗਰ ਏ ਮੇਰੀ ਭਾਰੀ,
ਤੇ ਲੱਕ ਮੇਰਾ ਪਤਲਾ ਜਿਹਾ।

ਮੇਰੀ ਗਾਗਰ ਚੋ ਗਈ ਸਾਰੀ,
ਮੇਰੇ ਹੰਝੂ ਹੋ ਗਏ ਜਾਰੀ।
ਮੇਰੀ ਚੋਲੀ ਭਿਜ ਗਈ ਸਾਰੀ,
ਤੇ ਲੱਕ ਮੇਰਾ ਪਤਲਾ ਜਿਹਾ।

ਨਹੀਂ ਗਾਗਰ ਚੁੱਕੀ ਜਾਂਦੀ,
ਮੇਰੀ ਢਾਕ ਮਰੋੜੇ ਖਾਂਦੀ।
ਮੈਂ ਵਾਂਗ ਪਟੋਲੇ ਨਾਰੀ,
ਤੇ ਲੱਕ ਮੇਰਾ ਪਤਲਾ ਜਿਹਾ।
ਗਾਗਰ ਏ ਮੇਰੀ ਭਾਰੀ।

ਚੋਟਾਂ

ਚੋਟਾਂ ਤੇਰੇ ਇਸ਼ਕ ਦੀਆਂ ਸਹੀਆਂ,
ਗੱਲਾਂ ਦਿਲ ਦੀਆਂ ਦਿਲ ਵਿਚ ਰਹੀਆਂ।

ਤਿਖੇ ਨੈਣਾਂ ਦੇ ਤੀਰ ਚਲਾ ਕੇ ਤੂੰ,
ਮੈਨੂੰ ਜ਼ੁਲਫਾਂ ਦੇ ਕੁੰਡਲ ਪਾ ਕੇ ਤੂੰ,
ਮੇਰੀ ਸੁਧ ਬੁਧ ਹੋਸ਼ ਗੰਵਾ ਕੇ ਤੂੰ,
ਮੇਰੀਆਂ ਖਬਰਾਂ ਨ ਮੂਲ ਤੂੰ ਲਈਆਂ,
ਚੋਟਾਂ ਤੇਰੇ ਇਸ਼ਕ ਦੀਆਂ ਸਹੀਆਂ,
ਗੱਲਾਂ ਦਿਲ ਦੀਆਂ ਦਿਲ ਵਿਚ ਰਹੀਆਂ।

ਅਸੀਂ ਵਾਂਗ ਸੁਦਾਈਆਂ ਰੋਨੇ, ਆਂ,
ਗੂੜ੍ਹਾ ਰੰਗ ਜਵਾਨੀ ਦਾ ਧੋਨੇ, ਆਂ,
ਨਾਲੇ, ਹੰਝੂਆਂ, ਦੇ ਹਾਰ ਪਰੋਨੇ ਆਂ,
ਨਾ ਤੂੰ ਸੁਣੀਆਂ ਤੇ ਨਾ ਅਸਾਂ ਕਹੀਆਂ।
ਚੋਟਾਂ ਤੇਰੇ ਇਸ਼ਕ ਦੀਆਂ ਸਹੀਆਂ,
ਗੱਲਾਂ ਦਿਲ ਦੀਆਂ ਦਿਲ ਵਿਚ ਰਹੀਆਂ।

ਸੀਨੇ ਪ੍ਰੇਮ ਮੁਆਤਾ ਬਲਦਾ ਏ,
ਸਾਨੂੰ ਵਾਂਗ ਮੱਛੀ ਦੇ ਤਲਦਾ ਏ,
ਸਾਡੇ ਨੈਣਾਂ ਦਾ ਨੀਰ ਨ ਠਲ੍ਹਦਾ ਏ,
ਸਾਡੀਆਂ ਅਕਲਾਂ ਉਡ ਪੁਡ ਗਈਆਂ।
ਚੋਟਾਂ ਤੇਰੇ ਇਸ਼ਕ ਦੀਆਂ ਸਹੀਆਂ,
ਗੱਲਾਂ ਦਿਲ ਦੀਆਂ ਦਿਲ ਵਿਚ ਰਹੀਆਂ।

ਫੁੱਲ

ਇਹ ਕਲੀਆਂ ਫੁੱਲ ਪਿਆਰੇ,
ਇਹ ਬਾਗ਼ਾਂ ਦੇ ਵਣਜਾਰੇ।

ਰੰਗ ਬਰੰਗੇ ਸੁੰਦਰ ਸੋਹਣੇ,
ਮਹਿਕਣ ਟਹਿਕਣ ਦਿਲ ਨੂੰ ਮੋਹਣੇ,
ਜੋਬਣ ਨਾਲ ਸ਼ਿੰਗਾਰੇ,
ਇਹ ਬਾਗ਼ਾਂ ਦੇ ਵਣਜਾਰੇ।

ਰਿਮ ਝਿਮ ਬਰਸੇ ਅਰਸ਼ੋਂ ਪਾਣੀ,
ਜ਼ੁਲਫ਼ਾਂ ਛੰਡੇ ਬਰਖਾ ਰਾਣੀ,
ਮੋਤੀ ਬਰਸਣ ਨਿਆਰੇ।
ਇਹ ਕਲੀਆਂ ਫੁੱਲ ਪਿਆਰੇ।
ਇਹ ਬਾਗ਼ਾਂ ਦੇ ਵਣਜਾਰੇ।

ਠੰਡੀ ਵਾ ਦੇ ਠੰਡੇ ਝੋਲੇ,
ਪੀ ਪੀ ਪਿਆ ਪਪੀਹਾ ਬੋਲੇ,
ਕੋਇਲ ਕੂਕ, ਪੁਕਾਰੇ।
ਇਹ ਕਲੀਆਂ ਫੁੱਲ ਪਿਆਰੇ।
ਇਹ ਬਾਗ਼ਾਂ ਦੇ ਵਣਜਾਰੇ।

ਮੁੰਦਰੀ

ਘੜੀਂ ਸੁਨਿਆਰਿਆ ਖ਼ਿਆਲ ਨਾਲ ਮੁੰਦਰੀ।
ਸੋਹਣੇ ਨੂੰ ਮੈਂ ਘੱਲਣੀ ਰੁਮਾਲ ਨਾਲ ਮੁੰਦਰੀ।
ਵਟਾ ਸੱਟਾ ਹੋ ਗਿਆ ਨਸ਼ਾਨੀਆਂ ਦਾ ਦੋਹੀਂ ਪਾਸੀਂ,
ਘੱਲੀ ਅੱਜ ਓਹਨੇ ਭੀ ਰੁਮਾਲ ਨਾਲ ਮੁੰਦਰੀ ।
ਹੁਕਮ ਹੋਇਆ ਨਾਲ ਇਹ ਅਚੱਚੀ ਮੇਰੀ ਚੀਚੀ ਦੀ ਏ,
ਗ਼ੈਰਾਂ ਵਿੱਚ ਰਖਨੀ ਖ਼ਿਆਲ ਨਾਲ ਮੁੰਦਰੀ ।
ਪਟੀ ਜਹੀ ਪੜ੍ਹਾਈ ਓਹਨੂੰ ਵੈਰੀਆਂ ਤੇ ਦੂਤੀਆਂ ਨੇ,
ਲੈਣ ਲਗਾ ਫੇਰ ਏਸ ਚਾਲ ਨਾਲ ਮੁੰਦਰੀ ।
ਮੋੜ ਮੇਰੀ ਮੁੰਦਰੀ ਤੇ ਸਾਂਭ ਲੈ ਇਹ ਵਰਾਸੋਈ,
ਲਾਹ ਮਾਰੀ ਹਥੋਂ ਮੇਰੀ ਕਾਹਲ ਨਾਲ ਮੁੰਦਰੀ ।
ਜੋੜ ਜੋੜ ਹਥ ਫੇਰ ਤੋੜਿਆਂ ਵਛੋੜਿਆਂ ਵਿੱਚ,
ਪਾਈ ਓਹਦੇ ਹਥ ਬੁਰੇ ਹਾਲ ਨਾਲ ਮੁੰਦਰੀ ।
ਨਿਕੀ ਜਿਹੀ ਵਚੋਲੜੀ ਪਿਆਰ ਤੇ ਮੁਹੱਬਤਾਂ ਦੀ,
ਮੇਲ ਦਿੱਤਾ ਦੋਹਾਂ ਨੂੰ ਸੁਖਾਲ ਨਾਲ ਮੁੰਦਰੀ ।
ਮੇਰੇ ਕਾਬੂ ਰਖਦੀ ਏ ਮੇਰੇ ਓਸ ਪਿਆਰ ਨੂੰ ਏਹ,
ਮੋਹਰਾ ਸੁਲੇਮਾਨੀ ਲੱਭਾ ਘਾਲ ਨਾਲ ਮੁੰਦਰੀ ।
ਮੈਥੋਂ ਭਾਵੇਂ ਦੂਰ ਦੂਰ ਰਹੇ ਉਹ ਨਗੀਨਾ ਮੇਰਾ,
ਰਵੇ ਓਹਦੀ ਨਿੱਤ ਮੇਰੇ ਨਾਲ ਨਾਲ ਮੁੰਦਰੀ ।
ਖੋਹਕੇ ਫ਼ੀਰੋਜ਼ੀ ਥੇਵਾ ਸੀਨੇ ਵਿੱਚ ਰਖਦੀ ਏ,
ਰੱਖੇ ਐਡਾ ਹੇਜ ਓਹਦੇ ਖ਼ਾਲ ਨਾਲ ਮੁੰਦਰੀ ।
"ਸ਼ਰਫ਼" ਏਸ ਸਮੇਂ 'ਚ ਵਟਾਉਂਦਾ ਏ ਕੌਣ ਭਲਾ,
ਲਿੱਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ।

ਪਪੀਹਾ

ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।
ਪੀਆ ਨਹੀਂ ਮੇਰਾ ਕੋਲ ਵੇ,
ਹਾਇ ! ਪਾਪੀ ਪਪੀਹਾ।

ਪੀ ਪੀ ਦੀ ਜਿਹੜੀ ਪੁਕਾਰ ਤੂੰ ਪਾਈ,
ਸੀਨੇ ਮੇਰੇ ਵਿਚ ਅੱਗ ਹੈ ਲਾਈ,
ਦਿਤੇ ਜ਼ਖਮ ਪੁਰਾਣੇ ਖੋਲ੍ਹ ਵੇ,
ਹਾਇ ! ਪਾਪੀ ਪਪੀਹਾ।
ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।

ਬਹੁਤਾ ਸਤਾਇਆ ਵੇ ਜੇਕਰ ਤੂੰ ਮੈਨੂੰ,
ਤੀਰ ਇਕ ਆਹ ਦਾ ਮਾਰਾਂਗੀ ਤੈਨੂੰ,
ਸੁੱਟਾਂਗੀ ਧਰਤੀ ਤੇ ਰੋਲ ਵੇ,
ਹਾਇ ! ਪਾਪੀ ਪਪੀਹਾ।
ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।

(ਦੋਹਿਰਾ)
ਮੈਂ ਦੁਖਿਆਰੀ ਜਨਮ ਦੀ,
ਮੇਰੇ ਲੇਖ ਨ ਲਿਖਿਆ ਸੁਖ।
ਡਰਦੀ ਛਾਂ ਨ ਮਾਣਦੀ,
ਮਤਾਂ ਸੜ ਨ ਜਾਵੇ ਰੁਖ।
ਹਾਇ ! ਪਾਪੀ ਪਪੀਹਾ।
ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।

ਕੋਲ ਹੁੰਦਾ ਜੇ ਮਾਹੀ ਮੇਰਾ,
ਸਗਨ ਮਨਾਉਂਦੀ ਮੈਂ ਸੌ ਸੌ ਤੇਰਾ,
ਤੇਰੇ ਲਗਦੇ ਮਿਠੜੇ ਬੋਲ ਵੇ,
ਹਾਇ ! ਪਾਪੀ ਪਪੀਹਾ।
ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।

ਰੋ ਰੋ ਕੇ ਸਾਰੀ ਹੈ ਬਰਖਾ ਲੰਘਾਈ,
'ਸ਼ਰਫ਼' ਮਾਹੀ ਨਾ ਸ਼ਕਲ ਦਿਖਾਈ,
ਦਸਾਂ ਦੁਖੜੇ ਮੈਂ ਕਿਸ ਨੂੰ ਫੋਲ ਵੇ,
ਹਾਇ ! ਪਾਪੀ ਪਪੀਹਾ।
ਪੀ ਪੀ ਦੀ ਬੋਲੀ ਨਾ ਬੋਲ ਵੇ,
ਹਾਇ ! ਪਾਪੀ ਪਪੀਹਾ।

(ਦੋਹਿਰਾ ਕਿਸੇ ਨਾ ਮਾਲੂਮ ਕਵੀ ਦਾ ਹੈ)

ਮੁਖੜਾ

ਕਿਆ ਭੋਲਾ ਭਾਲਾ ਮੁਖੜਾ ਏ,
ਤੇਰਾ ਮੁਖੜਾ ਚੰਨ ਦਾ ਟੁਕੜਾ ਏ।

ਰੰਗ ਗੋਰਾ ਮੁਖ ਉਨਾਬੀ ਏ,
ਜਗ ਪਾਣੀ ਵਿਚ ਮਤਾਬੀ ਏ,
ਤੇਰਾ ਜੋਬਨ ਫੁਲ ਗੁਲਾਬੀ ਏ,
ਤੇਰਾ ਕੱਦ ਸਰੂ ਦਾ ਰੁਖੜਾ ਏ,
ਤੇਰਾ ਮੁਖੜਾ ਚੰਨ ਦਾ ਟੁਕੜਾ ਏ।

ਜਦੋਂ ਲੁਕ ਛਿਪ ਝਾਤੀਆਂ ਪਾਵੇਂ ਤੂੰ,
ਸੀਨੇ ਗੁਝੀਆਂ ਛੁਰੀਆਂ ਲਾਵੇਂ ਤੂੰ,
ਮੇਰੇ ਦਿਲ ਨੂੰ ਪਿਆ ਭੜਫਾਵੇਂ ਤੂੰ,
ਮੈਨੂੰ ਏਹੋ ਡਾਢਾ ਦੁਖੜਾ ਏ,
ਤੇਰਾ ਮੁਖੜਾ ਚੰਨ ਦਾ ਟੁਕੜਾ ਏ।

ਦਿਨ ਯਾਦ ਤੇਰੀ ਵਿਚ ਲਾਹਵਾਂ ਮੈਂ,
ਤਾਰੇ ਗਿਣ ਗਿਣ ਰਾਤ ਲੰਘਾਵਾਂ ਮੈਂ,
ਪਾਵਾਂ ਔਸੀਆਂ ਕਾਗ ਉਡਾਵਾਂ ਮੈਂ,
ਤੇਰੇ ਦਰਸ਼ਨ ਦਾ ਦਿਲ ਭੁਖੜਾ ਏ,
ਤੇਰਾ ਮੁਖੜਾ ਚੰਨ ਦਾ ਟੁਕੜਾ ਏ।

ਸੱਲ

ਮਾਹੀ ਰੁਸ ਨੀ ਗਿਆ ਮੈਂ ਮਨਾਉਂਦੀ ਰਹੀ।

ਮੈਨੂੰ ਵਲ ਛਲ ਕਰ ਕੇ ਛਲ ਉਹ ਗਿਆ,
ਸਗੋਂ ਤੱਤੜੀ ਦਾ ਕਾਲਜਾ ਸੱਲ ਉਹ ਗਿਆ,
ਮੇਰੀ ਸੁਣਕੇ ਵੀ ਕੋਈ ਨਹੀਂ ਗੱਲ ਉਹ ਗਿਆ,
ਮੈਂ ਰੱਬ ਦੇ ਵਾਸਤੇ ਵੀ ਪਾਉਂਦੀ ਰਹੀ,
ਮਾਹੀ ਰੁਸ ਨੀ ਗਿਆ ਮੈਂ ਮਨਾਉਂਦੀ ਰਹੀ।

ਮੇਰੇ ਸ਼ਗਨਾਂ ਦਾ ਗਜਰਾ ਟੁਟ ਨੀ ਗਿਆ,
ਮੇਰਾ ਬੂਟਾ ਜੜਾਂ ਤੋਂ ਪੁਟ ਨੀ ਗਿਆ,
ਮੈਨੂੰ ਮਾਰ ਕੇ ਠੇਡਾ ਉਹ ਸੁੱਟ ਨੀ ਗਿਆ,
ਮੈਂ ਰੋਂਦੀ ਰਹੀ ਕੁਰਲਾਉਂਦੀ ਰਹੀ,
ਮਾਹੀ ਰੁਸ ਨੀ ਗਿਆ ਮੈਂ ਮਨਾਉਂਦੀ ਰਹੀ।

ਜੱਗ ਕੋਲੋਂ ਵਧ ਕੇ ਦੁਖੀ ਆਂ ਮੈਂ ਹੋਈ,
ਮੌਤ ਦੇ ਮੂੰਹ ਵਿਚ 'ਸ਼ਰਫ਼' ਹਾਂ ਢੋਈ,
ਜਾਣੀ ਮੇਰੀ ਉਨ੍ਹੇ ਕਦਰ ਨ ਕੋਈ,
ਜੋੜੇ ਝਾੜਦੀ ਅਤਰ ਲਗਾਉਂਦੀ ਰਹੀ,
ਮਾਹੀ ਰੁਸ ਨੀ ਗਿਆ ਮੈਂ ਮਨਾਉਂਦੀ ਰਹੀ।

ਬਦਲੀ

ਮਾਹੀ ਨਹੀਂ ਘਰ ਮੇਰਾ ਨੀ ਬਦਲੀਏ ਨਾ ਬਰਸੀਂ!

ਅੱਗੇ ਗ਼ਮਾਂ ਨੇ ਮਾਰ ਮੁਕਾਈ,
ਤੀਲੂ ਵਾਂਗਰ ਜਾਨ ਸੁਕਾਈ,
ਅੱਗ ਲਾਵੇ ਬਰਸਨਾ ਤੇਰਾ ਨੀ ਬਦਲੀਏ ਨਾ ਬਰਸੀਂ!
ਮਾਹੀ ਨਹੀਂ ਘਰ ਮੇਰਾ ਨੀ ਬਦਲੀਏ ਨਾ ਬਰਸੀਂ!

ਮੋਈ ਮਰੀ ਨੂੰ ਕਿਉਂ ਕਲਪਾਵੇਂ,
ਕਾਹਨੂੰ ਲਹਿੰਦਿਉਂ ਚੜ੍ਹ ਚੜ੍ਹ ਆਵੇਂ,
ਕਾਹਨੂੰ ਕਰੇਂ ਹਨੇਰਾ ਨੀ ਬਦਲੀਏ ਨਾ ਬਰਸੀਂ!
ਮਾਹੀ ਨਹੀਂ ਘਰ ਮੇਰਾ ਨੀ ਬਦਲੀਏ ਨਾ ਬਰਸੀਂ!

ਤੂੰ ਕੀ ਦਸੇਂ ਰਿਮ ਝਿਮ ਲਾ ਕੇ,
ਚਾਰ ਚੁਫੇਰਿਓਂ ਦੁਖਾਂ ਆ ਕੇ,
ਪਾਇਆ ਮੇਰੇ ਤੇ ਘੇਰਾ ਨੀ ਬਦਲੀਏ, ਨਾ ਬਰਸੀਂ!
ਮਾਹੀ ਨਹੀਂ ਘਰ ਮੇਰਾ ਨੀ ਬਦਲੀਏ, ਨਾ ਬਰਸੀਂ!

'ਸ਼ਰਫ਼' ਮਾਹੀ ਜਦੋਂ ਘਰ ਆਵੇ,
ਹਿਜਰ ਹਟਾਵੇ ਸੀਨੇ ਲਾਵੇ,
ਫੇਰ ਪਾਈਂ ਤੂੰ ਫੇਰਾ ਨੀ ਬਦਲੀਏ ਨਾ ਬਰਸੀਂ!
ਮਾਹੀ ਨਹੀਂ ਘਰ ਮੇਰਾ ਨੀ ਬਦਲੀਏ ਨਾ ਬਰਸੀਂ!

ਤ੍ਰਿੰਞਣ

ਲਗੀਆਂ ਤ੍ਰਿੰਞਣਾਂ ਦੀਆਂ,
ਮੈਨੂੰ ਯਾਦ ਗੱਡੀ ਵਿਚ ਆਈਆਂ।

ਵਿਛੜੇ ਵਤਨ ਦੇ ਮਹਿਲ ਮੁਨਾਰੇ,
ਵਿਛੜੇ ਨੇ ਮੈਥੋਂ ਸੱਜਣ ਪਿਆਰੇ,
ਵਿਛੜੀਆਂ ਨੇ ਮਾਂ ਪਿਓ ਜਾਈਆਂ,
ਲਗੀਆਂ ਤ੍ਰਿੰਞਣਾਂ ਦੀਆਂ,
ਮੈਨੂੰ ਯਾਦ ਗੱਡੀ ਵਿਚ ਆਈਆਂ।

ਜੇ ਮੈਂ ਜਾਣਾ ਏਥੋਂ ਹੈ ਜਾਣਾ,
ਫੇਰ ਨਹੀਂ ਸੀ ਪਿਆਰ ਵਧਾਣਾ,
ਹਾਇ ! ਭੁਲ ਕੇ ਪ੍ਰੀਤਾਂ ਲਾਈਆਂ,
ਲਗੀਆਂ ਤ੍ਰਿੰਞਣਾਂ ਦੀਆਂ,
ਮੈਨੂੰ ਯਾਦ ਗੱਡੀ ਵਿਚ ਆਈਆਂ।

ਰੂਪ ਹੁਸਨ ਹੈ ਵਹੁਟੀਆਂ ਤੇ ਚੜ੍ਹਦਾ,
ਸ਼ੌਕ ਖ਼ੁਸ਼ੀ ਵਿਚ ਜੋਬਨ ਬੜ੍ਹਦਾ,
ਮੇਰੇ ਮੂੰਹ ਤੇ ਜ਼ਰਦੀਆ ਛਾਈਆਂ,
ਲਗੀਆਂ ਤ੍ਰਿੰਞਣਾਂ ਦੀਆਂ,
ਮੈਨੂੰ ਯਾਦ ਗੱਡੀ ਵਿਚ ਆਈਆਂ।

ਭਾਹ ਹਿਜਰ ਦੀ ਭੜਕ ਖਲੋਤੀ,
ਖੁਲ੍ਹ ਗਈਆਂ ਡਬੀਆਂ ਡੁਲ੍ਹ ਗਏ ਮੋਤੀ,
ਆ ਚੋਂਭੜਾ 'ਸ਼ਰਫ਼' ਲਗਾਈਆਂ,
ਲਗੀਆਂ ਤ੍ਰਿੰਞਣਾਂ ਦੀਆਂ,
ਮੈਨੂੰ ਯਾਦ ਗੱਡੀ ਵਿਚ ਆਈਆਂ।

ਦੁਹਾਈ

ਸੁਣ ਲਓ ਲੋਕੋ ਮੇਰਾ ਕਹਿਣਾ,
ਪ੍ਰੀਤ ਨ ਕਰਨੀ ਦੁਖ ਨਾ ਸਹਿਣਾ।

ਖਬਰ ਹੁੰਦੀ ਮੈਂ ਕਦੇ ਨ ਫੜਦੀ,
ਨਾਜ਼ਕ ਜਿੰਦੜੀ ਕਾਹਨੂੰ ਸੜਦੀ,
ਮੈਂ ਸਮਝੀ ਸਾਂ ਇਸ਼ਕ ਟਟਹਿਣਾ,
ਸੁਣ ਲਓ ਲੋਕੋ ਮੇਰਾ ਕਹਿਣਾ,
ਪ੍ਰੀਤ ਨ ਕਰਨੀ ਦੁਖ ਨਾ ਸਹਿਣਾ।

ਹੁਸਨ ਜਵਾਨੀ ਖ਼ਾਕ ਰੁਲਾਏ,
ਹਾਰ ਹੰਝੂ ਦੇ ਗਲ ਵਿਚ ਪਾਏ,
ਦੇ ਗਿਆ ਮਾਹੀ ਸੋਗ ਦਾ ਗਹਿਣਾ,
ਸੁਣ ਲਓ ਲੋਕੋ ਮੇਰਾ ਕਹਿਣਾ,
ਪ੍ਰੀਤ ਨ ਕਰਨੀ ਦੁਖ ਨਾ ਸਹਿਣਾ।

ਨਾਲ ਕਿਸੇ ਦੇ ਉਲਫ਼ਤ ਲਾਉਣੀ,
ਚੈਨ ਗਵਾਉਣਾ ਨੀਂਦ ਗਵਾਉਣੀ,
ਹਉਕੇ ਭਰਨੇ ਉਠ ਉਠ ਬਹਿਣਾ,
ਸੁਣ ਲਓ ਲੋਕੋ ਮੇਰਾ ਕਹਿਣਾ,
ਪ੍ਰੀਤ ਨ ਕਰਨੀ ਦੁਖ ਨਾ ਸਹਿਣਾ।

'ਸ਼ਰਫ਼' ਦੁਖਾਂ ਦੇ ਸਾਗਰ ਤਰਨੇ,
ਹਸ ਹਸ ਜਗ ਦੇ ਤਾਨ੍ਹੇ ਜਰਨੇ,
ਸੜਦਿਆਂ ਰਹਿਣਾ ਕੁੜ੍ਹਦਿਆਂ ਰਹਿਣਾ,
ਸੁਣ ਲਓ ਲੋਕੋ ਮੇਰਾ ਕਹਿਣਾ,
ਪ੍ਰੀਤ ਨ ਕਰਨੀ ਦੁਖ ਨਾ ਸਹਿਣਾ।

ਲਗਨ

ਪ੍ਰੇਮ ਲਗਨ ਦੀ ਅਗਨ ਨਿਰਾਲੀ,
ਲਗੀ ਨ ਬੁਝਦੀ, ਜਾਇ ਨ ਬਾਲੀ।

ਤੂੰ ਤੂੰ ਹਰਦਮ ਕਰਦੀ ਰਹਿੰਦੀ,
ਅੱਗ ਹਿਜਰ ਦੀ ਜਰਦੀ ਰਹਿੰਦੀ,
ਸੜ ਬਲ ਹੋ ਗਈ ਕੋਇਲ ਕਾਲੀ,
ਪ੍ਰੇਮ ਲਗਨ ਦੀ ਅਗਨ ਨਿਰਾਲੀ।

ਕਲੀ ਕਲੀ ਤੇ ਸ਼ਬਨਮ ਰੋਵੇ,
ਜਿਗਰ ਫੁਲਾਂ ਦਾ ਪੁਰਜ਼ੇ ਹੋਵੇ,
ਹਸਦੇ ਗੁੰਚੇ ਰੋਂਦਾ ਏ ਮਾਲੀ,
ਪ੍ਰੇਮ ਲਗਨ ਦੀ ਅਗਨ ਨਿਰਾਲੀ।

ਸੋਨੇ ਤਾੱ ਹੈ ਇਕ ਵੇਰ ਸਹਿਣਾ,
ਏਥੇ ਹਰਦਮ ਸੜਦਿਆਂ ਰਹਿਣਾ,
'ਸ਼ਰਫ਼' ਬੁਰੀ ਹੈ ਹਿਜਰ ਕੁਠਾਲੀ।
ਪ੍ਰੇਮ ਲਗਨ ਦੀ ਅਗਨ ਨਿਰਾਲੀ।

ਪਰਵਾਨੇ

ਕਿਉਂ ਸ਼ਮਾਅ ਤੇ ਸੜਦੇ ਪਰਵਾਨੇ,
ਕੋਈ ਕੀ ਸਮਝੇ, ਕੋਈ ਕੀ ਜਾਨੇ।

ਕਿਉਂ ਭੌਰ ਫੁੱਲਾਂ ਤੇ ਭਉਂਦਾ ਏ?
ਕਿਉਂ ਰਾਗ ਪਪੀਹਾ ਗਉਂਦਾ ਏ?
ਕਿਉਂ ਅੰਬਰ ਝੜੀਆਂ ਲਉਂਦਾ ਏ?
ਕੀ ਕਰਦੇ ਫਿਰਨ ਇਹ ਦੀਵਾਨੇ।
ਕੋਈ ਕੀ ਸਮਝੇ, ਕੋਈ ਕੀ ਜਾਨੇ।

ਕਿਉਂ 'ਰਾਂਝੇ' ਕੰਨ ਪੜਵਾਏ ਨੇ?
'ਮਹੀਂਵਾਲ' ਕਬਾਬ ਬਣਾਏ ਨੇ?
ਕਿਉਂ 'ਸਾਹਿਬਾਂ' ਹਾੜੇ ਪਾਏ ਨੇ?
ਕਿਉਂ ਰੁਲਨ ਥਲਾਂ ਦੇ ਵਿਚ ਗਾਨੇ?
ਕੋਈ ਕੀ ਸਮਝੇ, ਕੋਈ ਕੀ ਜਾਨੇ।

ਕਿਉਂ ਪਿਆਰ ਕਿਸੇ ਦੇ ਭੁਲਦੇ ਨਹੀਂ?
ਕਿਉਂ ਭੇਤ ਨਿਰਾਲੇ ਖੁਲ੍ਹਦੇ ਨਹੀਂ?
ਕਿਉਂ ਹੰਝੂ ਅਖੀਓਂ ਡੁਲ੍ਹਦੇ ਨਹੀਂ?
ਜਿੰਦ ਸੁਕ ਸੁਕ ਹੋ ਗਈ ਕਿਉਂ ਕਾਨੇ?
ਕੋਈ ਕੀ ਸਮਝੇ, ਕੋਈ ਕੀ ਜਾਨੇ।

ਚਾਲ

ਪ੍ਰੇਮ ਦੀ ਉਲਟੀ ਚਾਲ ਸਖੀ ਨੀ!
ਖੇਡ ਨਾ ਇਹਦੇ ਨਾਲ ਸਖੀ ਨੀ!

ਜਾਮ ਖੁਸ਼ੀ ਦੇ ਪੀਵੇ ਕੋਈ,
ਫੱਟ ਦਿਲਾਂ ਦੇ ਸੀਵੇ ਕੋਈ,
ਕਿਸੇ ਦਾ ਮੰਦੜਾ ਹਾਲ ਸਖੀ ਨੀ!
ਪ੍ਰੇਮ ਦੀ ਉਲਟੀ ਚਾਲ ਸਖੀ ਨੀ!

ਕੋਈ ਅਤਰ ਫੁਲੇਲ ਲਗਾਉਂਦਾ ਏ,
ਕੋਈ ਹਾਰ ਫੁਲਾਂ ਦੇ ਪਾਉਂਦਾ ਏ,
ਕਿਸੇ ਦੇ ਖੁਲੜੇ ਵਾਲ ਸਖੀ ਨੀ!
ਪ੍ਰੇਮ ਦੀ ਉਲਟੀ ਚਾਲ ਸਖੀ ਨੀ!

ਕਿਤੇ ਰੋਂਦੇ ਨੈਣ ਪਿਆਸੇ ਨੇ,
ਕਿਤੇ ਫੁਲ ਖਿੜਾਉਂਦੇ ਹਾਸੇ ਨੇ,
ਏਹ ਅਨੋਖਾ ਜਾਲ ਸਖੀ ਨੀ!
ਪ੍ਰੇਮ ਦੀ ਉਲਟੀ ਚਾਲ ਸਖੀ ਨੀ!

ਪੰਜਾਬ ਦਾ ਗੀਤ

ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ !
ਜਿਵੇਂ ਫੁੱਲਾਂ ਅੰਦਰ,
ਫੁੱਲ ਗੁਲਾਬ ਨੀ ਸਈਓ !

ਰਲਮਿਲ ਬਾਗ਼ੀਂ ਪੀਂਘਾਂ ਝੂਟਣ,
ਕੁੜੀਆਂ ਨਾਗਰ ਵੇਲਾਂ ।
ਜੋਸ਼ ਜੁਆਨੀ ਠਾਠਾਂ ਮਾਰੇ,
ਲਿਸ਼ਕਣ ਹਾਰ ਹਮੇਲਾਂ ।
ਪਹਿਨਣ ਹੀਰੇ ਮੋਤੀ,
ਮੁਖ ਮਤਾਬ ਨੀ ਸਈਓ !
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ !

ਜੁੜ ਮੁਟਿਆਰਾਂ ਤ੍ਰਿੰਞਣ ਅੰਦਰ,
ਚਰਖੇ ਬੈਠ ਘੁਕਾਵਣ !
ਨਾਜ਼ਕ ਬਾਂਹ ਉਲਾਰ ਪਿਆਰੀ,
ਤੰਦ ਚਰਖੜੇ ਪਾਵਣ ।
ਸੀਨੇ ਅੱਗਾਂ ਲਾਵਣ ।
ਹੋਠ ਉਨਾਬ ਨੀ ਸਈਓ ।
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ !

ਹੀਰ ਸ਼ਹਿਜ਼ਾਦੀ ਬੇੜੇ ਬੈਠੀ,
ਸਈਆਂ ਖੇਡਣ ਪਈਆਂ !
ਚੰਦ ਦੁਆਲੇ ਤਾਰੇ ਚਮਕਣ,
ਹੀਰ ਦੁਆਲੇ ਸਈਆਂ !
ਝੱਲੀ ਜਾਏ ਨਾਹੀਂ,
ਉਹਦੀ ਤਾਬ ਨੀ ਸਈਓ ।
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ !

ਮੌਜ ਲਾਈ ਦਰਿਆਵਾਂ ਸੋਹਣੀ,
ਬਾਗ਼ ਜ਼ਮੀਨਾਂ ਫਲਦੇ !
'ਸ਼ਰਫ਼' ਪੰਜਾਬੀ ਧਰਤੀ ਉੱਤੇ
ਠੁਮਕ ਠੁਮਕ ਪਏ ਚਲਦੇ !
ਸਤਲੁਜ, ਰਾਵੀ, ਜੇਹਲਮ,
ਅਟਕ, ਚਨਾਬ ਨੀ ਸਈਓ ।
ਸੋਹਣਿਆਂ ਦੇਸਾਂ ਅੰਦਰ,
ਦੇਸ ਪੰਜਾਬ ਨੀ ਸਈਓ !

ਮਾਹੀਆ

ਬੂਟੇ ਨੇ ਝਾੜਾਂ ਦੇ,
ਮੇਰੇ ਦਿਲੋਂ ਆਹ ਨਿਕਲੇ,
ਸੀਨੇ ਸੜਦੇ ਪਹਾੜਾਂ ਦੇ ।

ਕੜਛੇ ਨਸੀਬਾਂ ਦੇ,
ਆਸ਼ਕਾਂ ਦੀ ਨਬਜ਼ ਡਿੱਠੀ,
ਹੱਥ ਸੜ ਗਏ ਤਬੀਬਾਂ ਦੇ ।

ਤਾਰੇ ਪਏ ਗਿਣਨੇ ਆਂ,
ਗਜ਼ ਲੈ ਕੇ ਹਉਕਿਆਂ ਦੇ,
ਦਿਨ ਉਮਰਾਂ ਦੇ ਮਿਣਨੇ ਆਂ ।

ਰੋਂਦਾ ਹਸਾ ਜਾਵੀਂ,
ਚੰਨਾਂ ! ਰਾਤਾਂ ਚਾਨਣੀਆਂ,
ਲੁਕ ਛਿਪ ਕੇ ਤੂੰ ਆ ਜਾਵੀਂ ।

ਇਸ਼ਕ ਮਜਾਜ਼ੀ ਏ,
ਸੰਭਲ ਕੇ ਚਲ ਸੱਜਣਾ,
ਇਹ ਤਿਲਕਣ ਬਾਜ਼ੀ ਏ ।

ਅੱਖ ਵੀ ਜੇ ਲੜ ਜਾਵੇ,
ਜ਼ਰਾ ਵੀ ਨਾ ਧੂੰ ਨਿਕਲੇ,
ਭਾਵੇਂ ਤਨ ਮਨ ਸੜ ਜਾਵੇ ।

ਜਿੰਦੜੀ ਮੁਕਦੀ ਏ,
ਇਸ਼ਕ ਨਾ ਛਿਪਦਾ ਏ,
ਕੱਖੀਂ ਅੱਗ ਵੀ ਨਾ ਲੁਕਦੀ ਏ ।

ਰਾਹ ਭੁੱਲ ਗਏ ਟਿਕਾਣੇ ਦੇ,
ਇਸ਼ਕੇ ਦੀ ਜੂਹ ਵੜ ਕੇ,
ਹੋ ਗਏ ਚੋਰ ਜ਼ਮਾਨੇ ਦੇ ।

ਮਰਦ ਨਾ ਭੱਜਦੇ ਨੇ,
ਫੁੱਲ ਪਿਛੋਂ ਟੁਟਦਾ ਏ,
ਪਹਿਲੋਂ ਕੰਡੜੇ ਵਜਦੇ ਨੇ ।

'ਸ਼ਰਫ਼' ਇਹ ਕਹਿੰਦਾ ਏ,
ਆਸ਼ਕਾਂ ਦੀ ਮੌਤ ਚੰਗੀ,
ਨਾਂ ਦੁਨੀਆਂ ਤੇ ਰਹਿੰਦਾ ਏ ।

ਜਲਵੇ

ਆ ਅਗਨ ਲਗਨ ਦੀ ਲਾ ਲਈਏ,
ਇਕ ਦੁਨੀਆਂ ਨਵੀਂ ਵਸਾ ਲਈਏ ।

ਇਕ ਹੁਸਨ ਤੇ ਸੌ ਸੌ ਅੱਖ ਹੋਵੇ,
ਹਰ ਅੱਖ ਵਿਚ ਜਲਵਾ ਲੱਖ ਹੋਵੇ,
ਸ਼ਬਨਮ ਦੇ ਸ਼ੀਸ਼ੇ ਚੁਣ ਚੁਣ ਕੇ-
ਸ਼ੀਸ਼ ਮਹੱਲ ਬਣਾ ਲਈਏ ।
ਇਕ ਦੁਨੀਆਂ ਨਵੀਂ ਵਸਾ ਲਈਏ ।

ਜਿਥੇ ਪ੍ਰੇਮ ਦੀ ਵਰਖਾ ਵਸਦੀ ਰਹੇ,
ਜਿਥੇ ਖ਼ੁਸ਼ੀ ਫੁੱਲਾਂ ਵਿਚ ਹਸਦੀ ਰਹੇ,
ਜਿਥੇ ਖੌਫ਼ ਨਾ ਹੋਵੇ ਮਾਲੀ ਦਾ-
ਡੇਰੇ ਓਥੇ ਪਾ ਲਈਏ ।
ਇਕ ਦੁਨੀਆਂ ਨਵੀਂ ਵਸਾ ਲਈਏ ।

ਸਾਡੀ ਸੁਬਹ ਦੀ ਕਦੀ ਨਾ ਸ਼ਾਮ ਹੋਵੇ,
ਸਾਡੀ ਖ਼ੁਸ਼ੀ ਦਾ ਖਤਮ ਨਾ ਜਾਮ ਹੋਵੇ,
ਅਸੀਂ ਦੋ ਪਰਵਾਨੇ ਰਲ ਮਿਲ ਕੇ-
ਪਿਆਰ ਦੀ ਜੋਤ ਜਗਾ ਲਈਏ ।
ਇਕ ਦੁਨੀਆਂ ਨਵੀਂ ਵਸਾ ਲਈਏ ।

ਚਕੋਰ

ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ,
ਤਦੇ ਲੱਡੂ ਹਾਸਿਆਂ ਦੇ ਭੋਰਦੀਆਂ ਅੱਖੀਆਂ ।

ਅੱਜ ਮੇਰੇ ਰੋਣ ਤੇ ਵੀ ਹੱਸ ਹੱਸ ਪੈਂਦੀਆਂ ਨੇ,
ਤੇਰੇ ਜਹੇ ਬੇ ਰਹਿਮ ਤੇ ਕਠੋਰ ਦੀਆਂ ਅੱਖੀਆਂ ।
ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ ।

ਦਿਲ ਮੇਰਾ ਖੋਹਣ ਵਾਲੇ ਨੀਵੀਂ ਨਿਗ੍ਹਾ ਕਹੇ ਤੇਰੀ,
ਸਾਹਵੇਂ ਕਦੀ ਹੁੰਦੀਆਂ ਨਹੀਂ ਚੋਰ ਦੀਆਂ ਅੱਖੀਆਂ ।
ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ ।

ਤਾੜੀ ਇੰਞ ਲੱਗਦੀ ਏ ਮਾਹੀ ਤੇਰੇ ਮੁਖੜੇ ਤੇ,
ਵਿੰਹਦੀਆਂ ਨੇ ਚੰਨ ਜਿਉਂ ਚਕੋਰ ਦੀਆਂ ਅੱਖੀਆਂ ।
ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ ।

ਸਦਾ ਤੇਰੇ ਰਾਹ ਉੱਤੇ ਲੱਗੀਆਂ ਹੀ ਰਹਿੰਦੀਆਂ ਨੇ,
'ਸ਼ਰਫ਼' ਜਿਹੇ ਬਾਵਰੇ, ਲਟੋਰ ਦੀਆਂ ਅੱਖੀਆਂ ।
ਵੇਖ ਲਈਆਂ ਤੁਸਾਂ ਕਿਸੇ ਹੋਰ ਦੀਆਂ ਅੱਖੀਆਂ ।

ਦੁੱਖ

ਤੇਰੇ ਸਾਹਮਣੇ ਬੈਠ ਕੇ ਰੋਣਾ,
ਤੇ ਦੁਖ ਤੈਨੂੰ ਨਹੀਂ ਦੱਸਣਾ।
ਰੋ ਰੋ ਅੱਖੀਆਂ ਦਾ ਖ਼ੂਨ ਹੈ ਚੋਣਾ,
ਤੇ ਦੁਖ ਤੈਨੂੰ ਨਹੀਂ ਦੱਸਣਾ।

ਦਿਲ ਨੂੰ ਤੇਰੀ ਉਲਫ਼ਤ ਵਲੋਂ,
ਐਸਾ ਹੈ ਹੁਣ ਧੋਤਾ।
ਜਿਥੇ ਵੀ ਤੂੰ ਨਜ਼ਰੀਂ ਆਵੇਂ,
ਮੈਨੂੰ ਕਿਤੇ ਖਲੋਤਾ।

ਹਿਜਰ ਮੁਸੀਬਤ ਤੇਰੀ ਜਰਨੀ,
ਨਾਲ ਤੇਰੇ ਕੋਈ ਗੱਲ ਨਹੀਂ ਕਰਨੀ,
ਦਿਲ ਵਿਚ ਤੇਰੀ ਸੂਰਤ ਧਰਨੀ,
ਉਂਜ ਮੁਖੜਾ ਮੋੜ ਖਲੋਣਾ,
ਤੇ ਦੁਖ ਤੈਨੂੰ ਨਹੀਂ ਦੱਸਣਾ।

ਨਾਜ਼ ਨਿਹੋਰੇ ਕਰ ਕਰ ਦਿਲ ਨੂੰ,
ਜੇ ਤੂੰ ਸਖਤ ਬਣਾਇਆ।
'ਸ਼ਰਫ਼' ਮੈਨੂੰ ਵੀ ਦਿਲ ਮੇਰੇ ਨੇ,
ਹੁਣ ਇਹ ਸਬਕ ਪੜ੍ਹਾਇਆ।

ਰਖਾਂਗੇ ਹੁਣ ਦਰਦ ਛੁਪਾ ਕੇ,
ਆਣ ਅਣਖ ਦੀ ਸੂਈ ਬਣਾ ਕੇ,
ਧਾਗਾ ਵਿਚ ਸਬਰ ਦਾ ਪਾ ਕੇ,
ਹੰਝੂਆਂ ਦਾ ਹਾਰ ਪਰੋਣਾ,
ਤੇ ਦੁਖ ਤੈਨੂੰ ਨਹੀਂ ਦੱਸਣਾ।

ਖ਼ੁਆਰੀ

ਕੱਚੀ ਟੁਟ ਗਈ ਜਿਨ੍ਹਾਂ ਦੀ ਯਾਰੀ,
ਮੰਦਰਾਂ ਤੇ ਰੋਣ ਖੜੀਆਂ।

ਰੋ ਰੋ ਦੀਦੇ ਜਲ ਵਿਚ ਜਲ ਗਏ,
ਲਾ ਕੇ ਪ੍ਰੀਤਾਂ ਪ੍ਰੀਤਮ ਚਲ ਗਏ,
ਕੌਣ ਕਰੇ ਦਿਲਦਾਰੀ?
ਮੰਦਰਾਂ ਤੇ ਰੋਣ ਖੜੀਆਂ।
ਕੱਚੀ ਟੁਟ ਗਈ ਜਿਨ੍ਹਾਂ ਦੀ ਯਾਰੀ।

ਬੇ ਸਮਝੀ ਵਿਚ ਸਮਝ ਨਾ ਆਈ,
ਸੁਖ ਬਦਲੇ ਸੀ ਪ੍ਰੀਤ ਲਗਾਈ,
ਪੈ ਗਈ ਹੋਰ ਖ਼ੁਆਰੀ-
ਮੰਦਰਾਂ ਤੇ ਰੋਣ ਖੜੀਆਂ।
ਕੱਚੀ ਟੁਟ ਗਈ ਜਿਨ੍ਹਾਂ ਦੀ ਯਾਰੀ।

ਸਬਰ ਚੁਰਾ ਲਿਆ ਦਿਲ ਦਿਆਂ ਚੋਰਾਂ,
ਰਹਿ ਗਈਆਂ ਹੱਥ 'ਚ ਫੜੀਆਂ ਡੋਰਾਂ,
ਮਾਰ ਗਏ ਬਾਜ਼ ਉਡਾਰੀ-
ਮੰਦਰਾਂ ਤੇ ਰੋਣ ਖੜੀਆਂ।
ਕੱਚੀ ਟੁਟ ਗਈ ਜਿਨ੍ਹਾਂ ਦੀ ਯਾਰੀ।

ਬਦਲੀ ਵਾਂਗੂੰ ਆਏ ਤੇ ਵਸ ਗਏ,
ਕਿਹੜੀ ਗੱਲ ਤੋਂ ਮਾਹੀ ਨਸ ਗਏ,
ਨਾ ਦਸ ਗਏ ਜਾਂਦੀ ਵਾਰੀ-
ਮੰਦਰਾਂ ਤੇ ਰੋਣ ਖੜੀਆਂ।
ਕੱਚੀ ਟੁਟ ਗਈ ਜਿਨ੍ਹਾਂ ਦੀ ਯਾਰੀ।

ਮਾਹੀਆ

ਮੌਸਮ ਆਏ ਬਹਾਰਾਂ ਦੇ,
ਰੱਬ ਸਚੇ ਮੇਲ ਕੀਤੇ,
ਅੱਜ ਵਿਛੜਿਆਂ ਯਾਰਾਂ ਦੇ।

ਮੀਂਹ ਫਜ਼ਲ ਦੇ ਵਸਦੇ ਨੇ,
ਕਲੀਆਂ ਦੇ ਘੁੰਡ ਲਹਿ ਗਏ,
ਫੁਲ ਟਾਹ ਟਾਹ ਹੱਸਦੇ ਨੇ।

ਇਸ਼ਕ ਦਾ ਹੱਟ ਖੁਲ੍ਹਿਆ,
ਨੈਣਾਂ ਵਾਲੀ ਤਕੜੀ ਬਣੀਂ,
ਵਿਚ ਦਿਲ ਨਾਲ ਦਿਲ ਤੁਲਿਆ।

ਗੁਲਸ਼ਨ ਖਿਲ ਗਏ ਨੇ,
ਅਜ਼ਲ ਦੇ ਵਿਛੜੇ ਹੋਏ,
ਰੂਹ ਦੁਨੀਆਂ ਤੇ ਮਿਲ ਗਏ ਨੇ।

ਪੇਚ ਇਸ਼ਕ ਦੇ ਡਾਢੇ ਮੁਸ਼ਕਲ,
ਲਾਹਿਆਂ ਮੂਲ ਨ ਲਹਿੰਦੇ।
ਇਕ ਵਲ ਖੋਲ੍ਹਾਂ ਦੋ ਵਲ ਪੈਂਦੇ,
ਦੋ ਖੋਲ੍ਹਾਂ ਪੰਜ ਪੈਂਦੇ।

ਪਾਨਾਂ ਦੀ ਵਲ ਮਾਹੀਆ।
ਵਲ ਪਿਆ ਇਸ਼ਕੇ ਦਾ,
ਨਹੀਂ ਕਢਣੇ ਦਾ ਵੱਲ ਮਾਹੀਆ।

ਮਤਲਬੀ

ਛਡ ਕੈ ਮੈਦਾਨ ਨੱਸ ਗਏ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ

ਜਗੀ ਸ਼ਮਾਅ ਪਰਵਾਨੇ ਆਏ,
ਮੇਲਾ ਇਕ ਲਗ ਗਿਆ।
ਆਈ ਫੂਕ ਬੁਝਾ ਗਈ ਦੀਵਾ,
ਚਾਨਣ ਮੂਲ ਨ ਰਿਹਾ।
ਉੱਡ ਗਏ ਪਰਵਾਨੇ ਸਾਰੇ,
ਸ਼ੋਰ ਪੁਕਾਰਾ ਪਿਆ।
ਓਸ ਵੇਲੇ ਸੀ ਸ਼ਮਾਅ ਵਿਚਾਰੀ,
ਰੋ, ਰੋ ਕੇ ਇਹ ਕਿਹਾ
ਕੀ?
ਛਡ ਕੈ ਮੈਦਾਨ ਨੱਸ ਗਏ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ

ਆਈ ਰੁੱਤ ਬਗੀਚੇ ਅੰਦਰ,
ਖਿੜ ਗਏ ਫੁੱਲ ਸੁਹਾਰੇ।
ਬੁਲਬੁਲ ਮੱਖੀਆਂ ਭੌਰੇ ਆ ਕੇ,
ਜਾਵਣ ਲਗੇ ਵਾਰੇ।
ਪਤ ਝੜ ਵਰਗੇ ਸੁੰਞੇ ਬੂਟੇ,
ਆਸ਼ਕ ਉਡ ਗਏ ਸਾਰੇ।
ਉਸ ਵੇਲੇ ਇਹ ਆਖਣ ਲਗੇ
ਰੋ ਬੂਟੇ ਦੁਖਿਆਰੇ
ਕੀ?
ਛਡ ਕੈ ਮੈਦਾਨ ਨੱਸ ਗਏ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ

ਵੇਖ ਜਵਾਨੀ ਕੰਜਰੀ ਵਾਲੀ,
ਆਸ਼ਿਕ ਬਣੇ ਹਜ਼ਾਰਾਂ।
ਕੋਈ ਕਹੇ ਮੈਂ ਸਦਕੇ ਜਾਵਾਂ,
ਕੋਈ ਕਹੇ ਜਿੰਦੜੀ ਵਾਰਾਂ ।
ਹੁਸਨ ਜਵਾਨੀ ਲਦ ਗਏ ਆਖਿਰ,
ਉਜੜ ਗਈਆਂ ਗੁਲਜ਼ਾਰਾਂ।
ਗੋਡੇ ਤੇ ਸਿਰ ਰਖ ਕੇ ਕੰਜਰੀ,
ਕਰਦੀ ਇਹ ਪੁਕਾਰਾਂ-
ਕੀ?
ਛਡ ਕੈ ਮੈਦਾਨ ਨੱਸ ਗਏ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ

ਦੌਲਤ ਮੰਦ ਦੇ ਖੁਲ੍ਹੇ ਤੋੜੇ,
ਲਖਾਂ ਬਣਦੇ ਗੋਲੇ।
ਹਥੀਂ ਛਾਵਾਂ ਕਰਦੇ ਆ ਕੇ,
ਸੌ ਯਾਰਾਂ ਦੇ ਟੋਲੇ।
ਮੁਕੀ ਦੌਲਤ ਦੋਸਤ ਖਿਸ ਕੇ,
ਮਿਲਣ ਨਾ ਕੱਚੇ ਛੋਲੇ।
'ਸ਼ਰਫ਼' ਪਿਆਰੇ ਮੁਫਲਸ ਹੋ ਕੇ
ਦੌਲਤਮੰਦ ਇਹ ਬੋਲੇ-
ਕੀ
ਛਡ ਕੈ ਮੈਦਾਨ ਨੱਸ ਗਏ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ

ਝਿੜਕਾਂ

ਮੈਨੂੰ ਸਾਰੇ ਟੱਬਰ ਦੀਆਂ ਝਿੜਕਾਂ
ਇਕ ਤੇਰੇ ਦਮ ਬਦਲੇ,

ਕਰਕੇ ਗੁਤਾਵਾ ਮੱਝੀਆਂ ਨੂੰ ਪਾਵਾਂ,
ਸੱਸ ਸਹੁਰੇ ਦੀ ਟਹਿਲ ਕਮਾਵਾਂ,
ਚੱਕੀ ਪੀਹਾਂ ਤੇ ਦੁਧ ਰਿੜਕਾਂ-
ਇਕ ਤੇਰੇ ਦਮ ਬਦਲੇ,
ਮੈਨੂੰ ਸਾਰੇ ਟੱਬਰ ਦੀਆਂ ਝਿੜਕਾਂ

ਕਦੀ ਕਹੇ ਮੈਨੂੰ ਭਾਬੀ ਭਾਬੀ,
ਕਦੀ ਕਹੇ ਮੈਨੂੰ ਫੁੱਲ ਗੁਲਾਬੀ,
ਮੈਂ ਛੋਟੇ ਦਿਓਰ ਨਾਲ ਤਿੜਕਾਂ-
ਇਕ ਤੇਰੇ ਦਮ ਬਦਲੇ,
ਮੈਨੂੰ ਸਾਰੇ ਟੱਬਰ ਦੀਆਂ ਝਿੜਕਾਂ

ਸੱਸ ਦੇਵੇ ਗਾਲ੍ਹੀਂ ਉਠਦੀ ਬਹਿੰਦੀ,
ਤਾਨ੍ਹੇ ਨਣਾਨਾਂ ਦੇ ਨਿੱਤ ਹਾਂ ਸਹਿੰਦੀ,
'ਸ਼ਰਫ਼' ਨਾ ਤਦ ਵੀ ਬਿੜਕਾਂ-
ਇਕ ਤੇਰੇ ਦਮ ਬਦਲੇ,
ਮੈਨੂੰ ਸਾਰੇ ਟੱਬਰ ਦੀਆਂ ਝਿੜਕਾਂ

ਭਾਰਤ

ਅਸੀਂ ਭਾਰਤ ਦੇ ਗੁਣ ਗਾਵਾਂਗੇ
ਅਸੀਂ ਜੀਵਨ ਸੁਫਲ ਬਣਾਵਾਂਗੇ

ਸੋਹਣੀਆਂ ਸੋਹਣੀਆਂ ਥਾਵਾਂ,
ਠੰਡੀਆਂ ਸਰਦ ਹਵਾਵਾਂ।
ਗੂੜ੍ਹੀਆਂ ਸੁੰਦਰ ਛਾਵਾਂ
ਮਾਣਾਂਗੇ ਉਮਰ ਵਧਾਵਾਂਗੇ
ਅਸੀਂ ਭਾਰਤ ਦੇ ਗੁਣ ਗਾਵਾਂਗੇ

ਇਹਦੇ ਪਿਆਰ ਦੀ ਦੁਨੀਆਂ ਪਿਆਰੀ ਏ
ਕਿਤੇ ਹੁਸਨ ਨੇ ਚੋਗ ਖਿਲਾਰੀ ਏ
ਕਿਤੇ ਫਾਹੀ ਇਸ਼ਕ ਸਵਾਰੀ ਏ
ਕਿਤੇ 'ਰਾਂਝੇ' ਨੇ ਕਿਤੇ 'ਹੀਰਾਂ' ਨੇ
ਕਹੀਆਂ ਲਿਖੀਆਂ ਰਬ ਤਸਵੀਰਾਂ ਨੇ
ਦਿਲ ਦੇਖ ਦੇਖ ਪਰਚਾਵਾਂਗੇ
ਅਸੀਂ ਭਾਰਤ ਦੇ ਗੁਣ ਗਾਵਾਂਗੇ

ਏਥੇ 'ਕ੍ਰਿਸ਼ਨ' ਦੀ ਬੰਸੀ ਵੱਜਦੀ ਏ
ਬਾਬੇ 'ਨਾਨਕ' ਦੀ ਭਗਤੀ ਗੱਜਦੀ ਏ
'ਬੁਲ੍ਹੇ ਸ਼ਾਹ' ਦੀ ਕਾਫੀ ਸਜਦੀ ਏ
ਸਭ ਜਗ ਨੂ ਆਖ ਸੁਣਾਵਾਂਗੇ
ਅਸੀਂ ਜੀਵਨ ਸੁਫਲ ਬਣਾਵਾਂਗੇ
ਅਸੀਂ ਭਾਰਤ ਦੇ ਗੁਣ ਗਾਵਾਂਗੇ

ਡੋਲੀ

ਡੋਲੀ ਚੁਕ ਲਓ ਕਹਾਰੋ ਮੇਰੀ,
ਰੋਂਦਿਆਂ ਨੂੰ ਰੋਣ ਦਿਓ!

ਕਮਲੇ ਮਾਪੇ ਐਵੇਂ ਰੋਵਣ,
ਕਰ ਕਰ ਝੂਠ ਬਹਾਨੇ।
ਛਡ ਛਡ ਕੇ ਕੂੜੇ ਦਾਵੇ,
ਚੱਲੀ ਅਸਲ ਟਿਕਾਣੇ,
ਹੱਸ ਹੱਸ ਵਿਦਿਆ ਹੋਣ ਦਿਓ!
ਡੋਲੀ ਚੁਕ ਲਓ … …

ਨਾਲ ਜਿਨ੍ਹਾਂ ਦੇ ਹੱਸੀ ਖੇਡੀ,
ਕਿਥੇ ਨੇ ਉਹ ਸਈਆਂ!
ਚੋਗਾ ਚੁਗ ਚੁਗ ਵਾਰੋ ਵਾਰੀ,
ਮਾਰ ਉਡਾਰੀ ਗਈਆਂ
ਕਿਤੇ ਨ ਮੈਨੂੰ ਖਲੋਣ ਦਿਓ!
ਡੋਲੀ ਚੁਕ ਲਓ … …

'ਸ਼ਰਫ਼' ਉਡੀਕਾਂ ਹੈਸਨ ਜਿਦ੍ਹੀਆਂ,
ਅੱਜ ਉਹ ਸਮਾਂ ਸੁਹਾਇਆ!
ਸਿਹਰੇ ਬੰਨ੍ਹਕੇ ਸਿਰ ਦਾ ਸਾਈਂ,
ਲੈਣ ਮੈਨੂੰ ਖੁਦ ਆਇਆ-
ਮੈਨੂੰ ਹਸ ਹਸ ਹਾਰ ਪਰੋਣ ਦਿਓ!
ਡੋਲੀ ਚੁਕ ਲਓ … …

ਰਾਤਾਂ

ਚੰਨਾ ਵੇ ! ਰਾਤਾਂ ਚਾਨਣੀਆਂ, ਲਗ ਰਹੀਆਂ।

ਘੜੀ ਵਿਚ ਮਾਸੇ ਘੜੀ ਵਿਚ ਤੋਲੇ,
ਠੂਹ ਠਾਹ ਹਿਜਰ ਦੇ ਪੈਂਦੇ ਨੇ ਗੋਲੇ,
ਤੋਪਾਂ ਆਹਾਂ ਦੀਆਂ ਦਗ ਰਹੀਆਂ।
ਚੰਨਾ ਵੇ ! ਰਾਤਾਂ ਚਾਨਣੀਆਂ, ਲਗ ਰਹੀਆਂ।

ਹਾਰ ਸ਼ਿੰਗਾਰ ਸਈਆਂ ਨੇ ਲਾਏ,
ਲਾਲੀਆਂ ਚੜ੍ਹੀਆਂ ਰੂਪ ਵਧਾਏ,
ਸਾਡੀਆਂ ਨੇ ਹੰਝੂ ਵਗ ਰਹੀਆਂ।
ਚੰਨਾ ਵੇ ! ਰਾਤਾਂ ਚਾਨਣੀਆਂ, ਲਗ ਰਹੀਆਂ।

ਨਿਮ੍ਹੀ ਨਿਮ੍ਹੀ ਚਾਨਣੀ ਚਮਕਣ ਤਾਰੇ,
ਬਾਗੀਂ ਚਮਕੇ ਟਟਹਿਣੇ ਪਿਆਰੇ,
ਨੂਰੀ ਕੰਦੀਲਾਂ ਜਗ ਰਹੀਆਂ।
ਚੰਨਾ ਵੇ ! ਰਾਤਾਂ ਚਾਨਣੀਆਂ, ਲਗ ਰਹੀਆਂ।

ਬਾਗ ਬਗੀਚੇ ਸਈਆਂ ਨੇ ਲਾਏ,
'ਸ਼ਰਫ਼' ਖੁਸ਼ੀ ਵਿਚ ਵੇਹੜੇ ਸਜਾਏ,
ਮੈਂ ਬੂਟਾ ਹਿਜਰ ਦਾ ਖਗ ਰਹੀਆਂ।
ਚੰਨਾ ਵੇ ! ਰਾਤਾਂ ਚਾਨਣੀਆਂ, ਲਗ ਰਹੀਆਂ।

ਵੀਰ

ਭੈਣਾਂ ਦੇ ਚੰਦ, ਭਰਾ
ਭੈਣਾਂ ਨੂੰ ਸ਼ਕਲ ਵਿਖਾ

ਅੰਬੜੀ ਜਾਇਆ ਪਾਵੇ ਫੇਰਾ,
ਅੰਗਣ ਆਣ ਸਜਾਵੇ ਮੇਰਾ।
ਸੁਹਣੀ ਵਹੁਟੀ ਨਾਲ ਲਿਆਵੇ,
ਜੋੜੀ ਹੰਸਾਂ ਦੀ ਜਿਉਂ ਆਵੇ।

ਭਾਬੀ ਨੂੰ ਮੈਂ ਪੀੜ੍ਹਾ ਦੇਵਾਂ,
ਉਹਨੂੰ ਦਵਾਂ ਪਲੰਘ ਵਿਛਾ।
ਭੈਣਾਂ ਦੇ ਚੰਦ, ਭਰਾ
ਭੈਣਾਂ ਨੂੰ ਸ਼ਕਲ ਵਿਖਾ

ਜੇਠ ਮੇਰਾ ਪਰਦੇਸੋਂ ਆਵੇ,
ਸਸੂ ਆਦਰ ਨਾਲ ਬਿਠਾਵੇ।
ਘੁੰਡ ਲੰਮਾ ਮੈਂ ਕੱਢ ਵਿਖਾਵਾਂ,
ਨੁਕਰ ਦੇ ਵਿਚ ਪੀਹੜਾ ਡਾਹਵਾਂ।

ਸਸੂ ਮੈਨੂੰ ਪੁਛਣਾ ਕਰਦੀ,
ਬਹਾਂ ਸਿਰ ਦੀ ਪੀੜ ਜਗਾ।
ਭੈਣਾਂ ਦੇ ਚੰਦ, ਭਰਾ
ਭੈਣਾਂ ਨੂੰ ਸ਼ਕਲ ਵਿਖਾ

ਬਾਰਾਂ ਮਾਹ

ਚੇਤਰ ਚੈਨ ਨਾ ਆਵੇ ਦਿਲ ਨੂੰ, ਤੇਰੇ ਬਾਝੋਂ ਪਿਆਰੇ ਜੀ ।
ਮੈਂ ਹਾਂ ਤੇਰੇ ਦਰ ਦੀ ਬਰਦੀ, ਮੱਲੇ ਤੇਰੇ ਦੁਆਰੇ ਜੀ ।
ਤੇਰੇ ਬਾਝੋਂ ਡੁਬਦੀ ਬੇੜੀ, ਕਿਹੜਾ ਮੇਰੀ ਤਾਰੇ ਜੀ ।
'ਸ਼ਰਫ਼' ਬੰਦੀ ਦੀ ਆਸ ਪੁਜਾਈਂ, ਦੇਵੀਂ ਝੱਬ ਦੀਦਾਰੇ ਜੀ ।

ਚੜ੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ ।
ਸੇਜ ਫੁੱਲਾਂ ਦੀ ਸੀਨੇ ਅੰਦਰ, ਸੌ ਸੌ ਸੂਲਾਂ ਲਾਂਦੀ ਏ ।
ਸੂਲ ਸੂਲ ਵਿਚ ਸੌ ਸੌ ਸੂਲੀ, ਜਿਗਰੋਂ ਰੱਤ ਚਲਾਂਦੀ ਏ ।
ਦਿਨ ਰੋਵੇ ਇਹ 'ਸ਼ਰਫ਼' ਵਿਚਾਰੀ ਰਾਤੀਂ ਹਾਲ ਵੰਜਾਂਦੀ ਏ ।

ਜੇਠ ਜਿਗਰ ਦੀ ਰੱਤ ਵਗਾ ਕੇ, ਲਿਖ ਲਿਖ ਨਾਮੇਂ ਘੱਲੇ ਜੀ ।
ਕੀਕਰ ਪਹੁੰਚਾ ਕਦਮਾਂ ਅੰਦਰ, ਜ਼ਰ ਨਾ ਮੇਰੇ ਪੱਲੇ ਜੀ ।
ਖੰਭ ਮਿਲਣ ਜੇ ਕਿਧਰੋਂ ਮੈਨੂੰ, ਆਵਾਂ ਕਰ ਕੇ ਹੱਲੇ ਜੀ ।
ਤੇਰੇ ਬਾਝੋਂ 'ਸ਼ਰਫ਼' ਬੰਦੀ ਨੂੰ, ਕੋਈ ਪਾਸਾ ਨਾ ਝੱਲੇ ਜੀ ।

ਹਾੜ ਮਹੀਨੇ ਹੌਕੇ ਭਰ ਭਰ, ਤਰਲੇ ਕਰਦੀ ਰਹਿੰਦੀ ਹਾਂ ।
ਆਵੀਂ ਮਾਹੀ, ਆਵੀਂ ਮਾਹੀ, ਪੜ੍ਹਦੀ ਉਠਦੀ ਬਹਿੰਦੀ ਹਾਂ ।
ਦੁੱਖ ਵਿਛੋੜਾ ਤੇਰਾ ਦਿਲਬਰ, ਮਰ ਮਰ ਕੇ ਪਈ ਸਹਿੰਦੀ ਹਾਂ ।
ਵਕਤ ਸੁਬਹ ਦੇ ਹਾਲ ਹਵਾ ਨੂੰ, 'ਸ਼ਰਫ਼' ਬੰਦੀ ਮੈਂ ਕਹਿੰਦੀ ਹਾਂ ।

ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸਿੰਗਾਰ ਲਗਾਏ ਨੇ ।
ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ ।
ਮਿੱਠੇ ਮਿੱਠੇ ਗੀਤ ਮਾਹੀ ਦੇ, ਸਭਨਾਂ ਰਲ ਮਿਲ ਗਾਏ ਨੇ ।
'ਸ਼ਰਫ਼' ਵਿਚਾਰੀ ਦੁਖਿਆਰੀ ਨੇ, ਰੋ ਰੋ ਨੀਰ ਚਲਾਏ ਨੇ ।

ਭਾਦੋਂ ਭਾਹ ਹਿਜਰ ਦੀ ਭੜਕੇ, ਸੱਜਣਾ ਮੇਰੇ ਸੀਨੇ ਹੁਣ ।
ਝੋਲੀਆਂ ਅੱਡੀਆਂ ਰਗੜਾਂ ਅਡੀਆਂ, ਬਖਸ਼ੋ ਦੀਦ-ਖ਼ਜੀਨੇ ਹੁਣ ।
ਦਿਲ ਮੇਰੇ ਦੀ ਮੁੰਦਰੀ ਅੰਦਰ, ਜੜਦੇ ਨੂਰ-ਨਗੀਨੇ ਹੁਣ ।
ਗੁਜ਼ਰ ਗਏ ਨੇ 'ਸ਼ਰਫ਼' ਬੰਦੀ ਦੇ, ਰੋ ਰੋ ਛੇ ਮਹੀਨੇ ਹੁਣ ।

ਅੱਸੂ ਆਸ ਨਾ ਹੋਈ ਪੂਰੀ, ਪਾਏ ਲੱਖ ਵਸੀਲੇ ਮੈਂ ।
ਜਿੰਦੜੀ ਮੁੱਕੀ ਤਾਂਘ ਨਾ ਚੁੱਕੀ, ਹੋ ਗਈ ਸੁੱਕ ਕੇ ਤੀਲੇ ਮੈਂ ।
ਚੋ ਚੋ ਖ਼ੂਨ ਜਿਗਰ ਦਾ ਸਾਰਾ, ਕੀਤੇ ਨੈਣ ਰੰਗੀਲੇ ਮੈਂ ।
'ਸ਼ਰਫ਼' ਸੱਜਣ ਹੁਣ ਮੁਖੜਾ ਤੇਰਾ, ਵੇਖਾਂ ਕਿਹੜੇ ਹੀਲੇ ਮੈਂ ?

ਕੱਤਕ ਕਟਕ ਦੁੱਖਾਂ ਦੇ ਆਏ, ਹੋ ਗਏ ਦਿਲ ਦੇ ਬੇਰੇ ਨੇ ।
ਦੁਨੀਆਂ ਸਾਰੀ ਮੌਜ ਉਡਾਵੇ, ਭਾਗ ਨਕਰਮੇ ਮੇਰੇ ਨੇ ।
ਕਲਮਲ ਆਈ ਜਾਨ ਵਿਚਾਰੀ, ਪਾ ਲਏ ਦੁਖਾਂ ਨੇ ਘੇਰੇ ਨੇ ।
'ਸ਼ਰਫ਼' ਬੰਦੀ ਹੈ ਕੋਝੀ ਸਾਈਆਂ, ਤੇਰੇ ਸ਼ਾਨ ਉਚੇਰੇ ਨੇ ।

ਮੱਘਰ ਮੌਜਾਂ ਮਾਰ ਮੁਕਾਇਆ, ਰਾਖਾ ਰੱਬ ਸਫ਼ੀਨੇ ਦਾ ।
ਕੀਕਰ ਪਾਵਾਂ ਪਾਕ ਹਜ਼ੂਰੀ, ਵੱਲ ਨਾ ਕਿਸੇ ਕਰੀਨੇ ਦਾ ।
ਦੋਜ਼ਖ਼ ਵਾਂਗ ਨਾ ਠੰਡਾ ਹੋਵੇ, ਭਾਂਬੜ ਮੇਰੇ ਸੀਨੇ ਦਾ ।
'ਸ਼ਰਫ਼' ਘੜੀ ਇਕ ਚੈਨ ਨਾ ਦੇਂਦਾ, ਬ੍ਰਿਹੋਂ ਓਸ ਨਗੀਨੇ ਦਾ ।

ਪੋਹ ਨਾ ਪੋਂਹਦਾ ਦਾਰੂ ਕੋਈ, ਲਾਏ ਟਿੱਲ ਤਬੀਬਾਂ ਨੇ ।
ਕਰਨ ਦੁਆਵਾਂ ਦੇਣ ਦਵਾਵਾਂ, ਲਾਏ ਜ਼ੋਰ ਹਬੀਬਾਂ ਨੇ ।
ਹਾਲ ਮੇਰੇ ਤੇ ਹੁੰਝੂ ਕੇਰੇ, ਰੋ ਰੋ ਕੁੱਲ ਰਕੀਬਾਂ ਨੇ ।
ਮਰਜ਼ ਇਸ਼ਕ ਦੀ ਐਸੀ ਲਾਈ, ਮੈਨੂੰ 'ਸ਼ਰਫ਼' ਨਸੀਬਾਂ ਨੇ ।

ਮਾਘ ਮਿਲੇ ਜੇ ਮਾਹੀ ਮੇਰਾ, ਤਨ ਮਨ ਆਪਣਾ ਵਾਰਾਂ ਮੈਂ ।
ਫੁੱਲ ਤੌਹੀਦੀ ਸ਼ਕਲ ਵਿਖਾਈ, ਬੁਲਬੁਲ ਵਾਂਗ ਪੁਕਾਰਾਂ ਮੈਂ ।
ਰਾਤ ਵਸਲ ਦੀ ਚੁਣ ਕੇ ਸਈਓ, ਸੋਹਣੀ ਸੇਜ ਸਵਾਰਾਂ ਮੈਂ ।
'ਸ਼ਰਫ਼' ਮਿਲੇ ਜੇ ਜਾਮ ਵਸਲ ਦਾ, ਲੱਖਾਂ ਸ਼ੁਕਰ ਗੁਜ਼ਾਰਾਂ ਮੈਂ ।

ਫੱਗਣ ਫੁੱਲੇ ਗੁਲਸ਼ਨ ਮੇਰੇ, ਮਿਲੀਆਂ ਆਣ ਨਵੀਦਾਂ ਨੇ ।
ਵਾਂਗੂੰ ਕਲੀਆਂ ਟਾਹ ਟਾਹ ਕਰਕੇ, ਖਿੜੀਆਂ ਕੁਲ ਉਮੀਦਾਂ ਨੇ ।
ਬਾਂਕੇ ਮਾਹੀ, ਢੋਲ ਸਿਪਾਹੀ, ਆਣ ਕਰਾਈਆਂ ਦੀਦਾਂ ਨੇ ।
ਰਾਤ ਬਰਾਤ 'ਸ਼ਰਫ਼' ਹੈ ਮੇਰੀ, ਦਿਨ ਦੇ ਵੇਲੇ ਈਦਾਂ ਨੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਫ਼ੀਰੋਜ਼ਦੀਨ ਸ਼ਰਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ