Joga Singh
ਜੋਗਾ ਸਿੰਘ

ਪੰਜਾਬੀ ਕਵਿਤਾ ਚ ਦੋ ਜੋਗਾ ਸਿੰਘ ਹੋਏ ਨੇ। ਇੱਕ ਕਾਹਨੇ ਕੇ (ਬਰਨਾਲਾ) ਦਾ ਜੰਮਪਲ ਪ੍ਰੋ. ਜੋਗਾ ਸਿੰਘ ਤੇ ਦੂਸਰਾ ਦਿੱਲੀ ਵਾਲਾ ਜੋਗਾ ਸਿੰਘ ਜਗਿਆਸੂ। ਦੋਵੇਂ ਕਮਾਲ ਦੇ ਸ਼ਾਇਰ ਸਨ।
ਪਰ ਅੱਜ ਅਚਾਨਕ ਪਹਿਲਾ ਜੋਗਾ ਸਿੰਘ ਚੇਤੇ ਆਇਆ। ਪੁੱਜ ਕੇ ਪਿਆਰਾ ਇਨਸਾਨ। ਸਾਦ ਮੁਰਾਦਾ ਸਪਸ਼ਟ ਬੰਦਾ ਜਲਦੀ ਚਲਾ ਗਿਆ। ਐੱਸ ਡੀ ਕਾਲਿਜ ਬਰਨਾਲਾ ਚ ਕੁਝ ਸਮਾਂ ਪੜ੍ਹਾ ਕੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਤੇ ਫੇਰ ਪੰਜਾਬ ਸਕੂਲ ਸਿਖਿਆ ਬੋਰਡ ਚ ਡਿਪਟੀ ਡਾਇਰੈਕਟਰ (ਯੋਜਨਾ ਤੇ ਵਿਕਾਸ) ਬਣ ਗਿਆ। ਸਕੂਲ ਸਿਲੇਬਸ ਵਿਉਂਤਣ ਦਾ ਇੰਚਾਰਜ। 25 ਨਵੰਬਰ 1942 ਚ ਮਾਤਾ ਕਰਤਾਰ ਕੌਰ ਤੇ ਪਿਤਾ ਸ:ਪ੍ਰੀਤਮ ਸਿੰਘ ਦੇ ਘਰ ਜਨਮਿਆ ਜੋਗਾ ਸਿੰਘ ਲਿਧਿਆਣਾ ਨਿਵਾਸੀ ਸ: ਨਿਰੰਜਨ ਸਿੰਘ ਜੀ ਠੇਕੇਦਾਰ ਦੀ ਬੇਟੀ ਤੇਜਿੰਦਰ ਕੌਰ ਨਾਲ ਵਿਆਹਿਆ ਗਿਆ। ਦੋ ਬੱਚਿਆਂ ਬੇਟਾ ਮਨਜੀਤ ਸਿੰਘ ਤੇ ਬੇਟੀ ਚਰਨ ਰੇਸ਼ਮਾਂ ਦਾ ਬਾਬਲ ਬਣਿਆ।
ਜੋਗਾ ਸਿੰਘ ਬਰਨਾਲਾ ਸਕੂਲ ਆਫ ਪੋਇਟਰੀ ਦਾ ਸਮਰੱਥ ਕਵੀ ਸੀ ਜਿਸ ਨੇ ਆਪਣੇ ਵਿਦਿਆਰਥੀ ਪ੍ਰੋ: ਰਵਿੰਦਰ ਭੱਠਲ ਨੂੰ ਵੀ ਆਪਣੇ ਨਾਲ ਨਾਲ ਕਾਵਿ ਖੇਤਰ ਚ ਤੋਰਿਆ। ਜੋਗਾ ਸਿੰਘ ਜੀ ਦੀ ਪਹਿਲੀ ਕਾਵਿ ਪੁਸਤਕ 1964 ਚ ਕਰਕ ਕਲੇਜੇ ਮਾਹਿ ਨਾਮ ਹੇਠ ਛਪੀ ਜਿਸ ਬਾਰੇ ਡਾ: ਅਤਰ ਸਿੰਘ ਤੇ ਜਾਗੀਰ ਸਿੰਘ ਜਗਤਾਰ ਨੇ ਆਦਿ ਬਚਨ ਲਿਖੇ। 1970 ਵਿੱਚ ਦੂਜਾ ਕਾਵਿ ਸੰਗ੍ਰਹਿ ਕੱਚੀ ਮਿੱਟੀ ਪੱਕੀ ਮਿੱਟੀ ਛਪਿਆ ਤੇ 1971 ਵਿੱਚ ਕਾਵਿ ਪੁਸਤਕ ਨਾਇਕ ਪੱਤਝੜ ਤੇ ਸੂਰਜ ਛਪੀ। 1980 ਚ ਅਲਵਿਦਾ ਖ਼ੁਸ਼ਆਮਦੀਦ ਤੇ 1982 ਚ ਵਿਅਕਤੀ ਚਿਤਰਾਂ ਦੀ ਸਮਰੱਥ ਕਿਤਾਬ ਆਪਣੀ ਮਿੱਟੀ ਛਪੀ। 1987 ਚ ਹੁਣ ਉਹ ਵਕਤ ਨਹੀਂ ਰਹੇ ਛਪੀ। ਸਾਲ 2000 ਚ ਉਨ੍ਹਾਂ ਦੀ ਪੁਸਤਕ ਸਬੂਤੀ ਅਲਵਿਦਾ ਡਾ: ਕੇਸਰ ਸਿੰਘ ਕੇਸਰ ਜੀ ਨੇ ਜੋਗਾ ਸਿੰਘ ਦੇ 20 ਜਨਵਰੀ 1999 ਚ ਹੋਏ ਦੇਹਾਂਤ ਮਗਰੋਂ ਸੰਪਾਦਿਤ ਕਰਕੇ ਛਪਵਾਈ। ਸਮਰੱਥ ਕਹਾਣੀਕਾਰ ਤੇ ਜੋਗਾ ਸਿੰਘ ਦੇ ਪਰਮ ਮਿੱਤਰ ਗੁਰਬਚਨ ਸਿੰਘ ਭੁੱਲਰ ਨੇ ਜੋਗਾ ਸਿੰਘ ਦੀ ਸਮੁੱਚੀ ਕਾਵਿ ਰਚਨਾ ਖ਼ੁਦਾ ਹਾਫ਼ਿਜ਼ ਨਾਮ ਅਧੀਨ 2004 ਚ ਸੰਪਾਦਿਤ ਕਰਕੇ ਛਪਵਾਈ।
ਸ: ਜੋਗਾ ਸਿੰਘ ਸਮਰੱਥ ਆਲੋਚਕ, ਅਨੁਵਾਦਕ ਤੇ ਸੰਪਾਦਕ ਸਨ। ਸ੍ਵ: ਅੰਮ੍ਰਿਤਾ ਪ੍ਰੀਤਮ ਜੀ ਨੇ ਉਨ੍ਹਾਂ ਦੇ ਪਟਿਆਲਾ ਨਿਵਾਸ ਬਾਰੇ ਇੱਕ ਕਹਾਣੀ ਜੋਗਾ ਸਿੰਘ ਦਾ ਚੁਬਾਰਾ ਲਿਖੀ ਸੀ। ਜੋਗਾ ਸਿੰਘ ਦੀਆਂ ਕਵਿਤਾਵਾਂ ਵਿੱਚ ਆਮ ਸਾਧਾਰਨ ਬੰਦਾ ਆਪਣੀ ਵਾਰਤਾ ਬੇਬਾਕ ਹੋ ਕੇ ਬੋਲਦਾ ਹੈ। ਪੰਜਾਬੀ ਕਵਿਤਾ ਨੂੰ ਨਵੀਂ ਸ਼ੈਲੀ ਦੇਣ ਦੇ ਨਾਲ ਨਾਲ ਜੋਗਾ ਸਿੰਘ ਨੇ ਆਮ ਸਧਾਰਨ ਬੰਦਿਆਂ ਗੰਡੇ ਕਾ ਲਾਲੂ, ਨੂਰਾਂ ਮਰਾਸਣ, ਬਾਬਾ ਲੀਡਰ, ਲੇਕਿਨ ਬਾਈ, ਬਾਬਾ ਸੌਣਾ, ਪੰਜਾਬੋ, ਮੁਣਸ਼ੀ ਖਾਂ, ਦੀਪ ਰਾਠ, ਦਰਬਾਰਾ ਗਰੰਥੀ, ਹੈੱਡ ਸਾਹਿਬ, ਭੋਲੂ ਬਾਣੀਆ, ਨੰਤਾ ਕਮਲਾ, ਜੁੰਮਾ ਘੁਮਿਆਰ, ਡੁੱਡਾ ਮਜ੍ਹਬੀ, ਲੱਖਾ, ਅਰਜਣ ਪਾਠੀ, ਭੂਰੇ ਕਾ ਬਚਨਾ, ਰੋਡਾ ਕਾਰੀਗਰ ਤੇ ਕਾਰੋ ਨੂੰ ਵਿਸ਼ੇਸ਼ ਵਿਅਕਤੀਆਂ ਵਜੋਂ ਸਿਰਜਿਆ ਹੈ। ਪਹਿਲੀ ਵਾਰ ਹਾਸ਼ੀਆਗ੍ਰਸਤ ਲੋਕ ਸਾਹਿੱਤ ਦੇ ਵਿਚਕਾਰ ਮਾਣਮੱਤੇ ਰੰਗ ਚ ਪੇਸ਼ ਕੀਤੇ ਗਏ ਹਨ। ਜੋਗਾ ਸਿੰਘ ਆਜ਼ਾਦ ਨਜ਼ਮ ਦਾ ਸਮਰੱਥ ਸ਼ੈਲੀਕਾਰ ਸੀ। -ਗੁਰਭਜਨ ਗਿੱਲ

ਜੋਗਾ ਸਿੰਘ ਪੰਜਾਬੀ ਕਵਿਤਾਵਾਂ