Punjabi Kavita
  

Jiwani : Gautam Buddha

ਜੀਵਨੀ : ਗੌਤਮ ਬੁੱਧ

ਬੁੱਧ ਧਰਮ ਗੌਤਮ ਬੁੱਧ (563 ਈਸਾ ਪੂਰਵ – 483 ਈ.ਪੂ.) ਦੀਆਂ ਸਿਖਿਆਵਾਂ ‘ਤੇ ਅਧਾਰਿਤ ਧਰਮ ਹੈ। ਇਹ ਧਰਮ ਨੇਪਾਲ, ਭਾਰਤ ਤੋਂ ਹੁੰਦਾ ਹੋਇਆ ਏਸ਼ੀਆ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆ । ਇਸ ਧਰਮ ਦੀ ਅਸ਼ੋਕ ਅਤੇ ਕਨਿਸ਼ਕ ਵਰਗੇ ਰਾਜਿਆਂ ਨੇ ਵੀ ਸਰਪ੍ਰਸਤੀ ਕੀਤੀ ।ਅੱਜ ਵੀ ਬੁੱਧ ਧਰਮ ਨੂੰ ਮੰਨਣਵਾਲੇ ਕਰੋੜਾਂ ਲੋਕ ਸਾਰੀ ਦੁਨੀਆਂ ਵਿੱਚ ਫੈਲੇ ਹੋਏ ਹਨ ।

ਜਨਮ

ਬੁੱਧ ਧਰਮ ਦੇ ਗ੍ਰੰਥ ਤਿਪਿਟਕ ਮੁਤਾਬਕ ਗੌਤਮ ਬੁੱਧ ਦਾ ਜਨਮ 563 ਈਸਾ ਪੂਰਵ, ਮੌਜੂਦਾ ਨੇਪਾਲ ਦੇ ਰੁਪੰਦੇਹੀ ਜ਼ਿਲੇ (ਜ਼ਿਲਾ ਗੋਰਖਪੁਰ-ਬਸਤੀ, ਯੂ. ਪੀ. ਦੇ ਉੱਤਰ ਵਿਚ) ਵਿੱਚ ਲੁੰਬਿਨੀ ਨਾਂ ਦੀ ਥਾਂ 'ਤੇ ਹੋਇਆ, 'ਤੇ ਪਰਵਰਿਸ਼ ਕਪਿਲਵਸਤੁ (ਮੌਜੂਦਾ ਤਿਲੌਰਾਕੋਟ, ਨੇਪਾਲ) ਵਿੱਚ ਹੋਈ।

ਬਚਪਨ 'ਤੇ ਵਿਆਹ

ਕਹਾਣੀ ਮੁਤਾਬਕ ਗੌਤਮ ਬੁੱਧ ਦੇ ਪਿਤਾ ਦਾ ਨਾਂ ਸ਼ੁੱਧੋਦਨ 'ਤੇ ਮਾਤਾ ਦਾ ਨਾਂ ਮਾਇਆ ਸੀ। ਸ਼ੁੱਧੋਦਨ ਕਪਿਲਵਸਤੁ ਦਾ ਰਾਜਾ ਸੀ (ਜਿਸ ਨੂੰ ਬਾਅਦ ਵਿੱਚ ਉਸ ਤੋਂ ਅਯੋਧਿਆ ਦੇ ਰਾਜਾ ਵਿਰੂਢਕ ਨੇ ਜਿੱਤ ਲਿਆ)। ਬਚਪਨ ਵਿੱਚ ਨਾਂ ਸਿੱਧਾਰਥ ਰਖਿਆ ਗਿਆ, 'ਤੇ ਗੌਤਮ ਇਹਨਾ ਦਾ ਗੋਤ ਸੀ। ਰਾਜਕੁਮਾਰ ਸਿੱਧਾਰਥ ਦੇ ਜਨਮ ਤੋਂ ਬਾਅਦ ਇੱਕ ਜੋਤਸ਼ੀ ਰਾਜਾ ਸ਼ੁੱਧੋਦਨ ਨੁੰ ਜਾਕੇ ਮਿਲਿਆ 'ਤੇ ਭਵਿਖ ਬਾਣੀ ਕੀਤੀ ਕਿ ਸਿੱਧਾਰਥ ਜਾਂ ਤਾਂ ਮਹਾਨ ਰਾਜਾ ਬਣੇਗਾ ਜਾਂ ਇਹ ਭੌਤਿਕ ਸੰਸਾਰ ਤਿਆਗ ਕੇ ਇੱਕ ਸਾਧੂ ਬਣ ਜਾਏਗਾ, ਇਹ ਨਿਰਭਰ ਕਰਦਾ ਏ ਕਿ ਇਹ ਮਹਿਲ ਤੋਂ ਬਾਹਰ ਦੀ ਜ਼ਿੰਦਗੀ ਨੂੰ ਕਿਵੇਂ ਦੇਖਦਾ ਏ।
ਰਾਜਕੁਮਾਰ ਸਿੱਧਾਰਥ ਦੀ ਪਰਵਰਿਸ਼ ਉਸਦੀ ਮਾਸੀ ਪ੍ਰਜਾਵਤੀ ਨੇ ਕੀਤੀ। ਸ਼ੁੱਧੋਦਨ ਆਪਣੇ ਪੁੱਤਰ ਨੂੰ ਰਾਜਾ ਬਣਿਆ ਦੇਖਣਾ ਚਾਹੁੰਦਾ ਸੀ, ਇਸ ਲਈ ਉਸਨੇ ਸਿੱਧਾਰਥ ਦੇ ਮਹਿਲ ਤੋਂ ਬਾਹਰ ਜਾਣ 'ਤੇ ਰੋਕ ਲਗਾ ਦਿੱਤੀ। 16 ਸਾਲ ਦੀ ਉਮਰ ਵਿੱਚ ਆਪਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਨਾਲ ਹੋਇਆ। ਆਪਦੇ ਇੱਕ ਪੁੱਤਰ ਹੋਇਆ ਜਿਸਦਾ ਨਾਂ ਰਾਹੁਲ ਸੀ।

ਤਿਆਗ

29 ਸਾਲ ਦੀ ਉਮਰ ਵਿੱਚ ਸਿੱਧਾਰਥ ਮਹਿਲ ਤੋਂ ਬਾਹਰ ਨਿਕਲਿਆ, ਉਸ ਨੇ ਮਹਿਲ ਤੋਂ ਬਾਹਰ ਚਾਰ ਮੰਜ਼ਰ ਦੇਖੇ - ਜਿਸ ਤੋਂ ਉਹਨਾ ਨੂੰ ਆਮ ਲੋਕਾਂ ਦੇ ਦੁੱਖ ਸਮਝ ਵਿੱਚ ਆਏ। ਉਸਨੇ ਇੱਕ ਬੁੱਢਾ, ਇੱਕ ਬੀਮਾਰ, ਇੱਕ ਲਾਸ਼ ਤੇ ਇੱਕ ਸਾਧੂ ਦੇਖੇ। ਇਸ ਤਜੁਰਬੇ ਤੋਂ ਬਾਅਦ ਸਿੱਧਾਰਥ ਗੌਤਮ ਸ਼ਾਹੀ ਜਿੰਦਗੀ ਤਿਆਗ ਕੇ ਰੂਹਾਨੀ ਤਲਾਸ਼ ਵਿੱਚ ਨਿਕਲ ਗਏ।
ਗੌਤਮ ਸਭ ਤੋਂ ਪਹਿਲਾਂ ਰਾਜਗੀਰ (ਮੌਜੂਦਾ ਜ਼ਿਲਾ ਨਾਲੰਦਾ, ਬਿਹਾਰ) ਗਏ, ਜਿਥੇ ਉਹ ਸਾਧੂ ਬਣਕੇ ਰਹਿਣ ਲੱਗੇ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੇ। ਰਾਜਗੀਰ ਛੱਡ ਕੇ ਉਹ ਬਹੁਤ ਜਗ੍ਹਾ ਘੁੰਮੇ 'ਤੇ ਕਈ ਸਾਧੂਆਂ ਨੂੰ ਆਪਣਾ ਗੁਰੂ ਧਰਿਆ। ਫੇਰ ਗੌਤਮ ਕੌਂਡਿਨ੍ਯ ਦੀ ਮੰਡਲੀ ਨਾਲ ਜੁੜੇ। ਇਹ ਮੰਡਲੀ ਆਤਮ-ਦਮਨ ਰਾਹੀਂ ਰੌਸ਼ਨ ਖ਼ਿਆਲੀ ਲੱਭ ਰਹੀ ਸੀ। ਗੌਤਮ ਛੇ ਸਾਲ ਇਸ ਮੰਡਲੀ ਨਾਲ ਰਹੇ। ਇੱਕ ਦਿਨ ਦਰਿਆ ਵਿੱਚ ਨਹਾਉਂਦੇ ਹੋਏ ਭੁੱਖ ਕਾਰਣ ਗੌਤਮ ਬੇਹੋਸ਼ ਹੋ ਗਏ। ਗੌਤਮ ਨੇ ਆਤਮ-ਦਮਨ ਦੇ ਇਸ ਮਾਰਗ ਤੇ ਨਜ਼ਰ-ਸਾਨੀ ਕੀਤੀ ਤਾਂ ਉਹਨਾ ਨੂੰ ਆਪਣੇ ਬਚਪਨ ਦੀ ਇੱਕ ਘਟਨਾ ਦਾ ਧਿਆਨ ਆਇਆ। ਗੌਤਮ ਨੂੰ ਅਹਿਸਾਸ ਹੋਇਆ ਕਿ ਰੌਸ਼ਨ-ਖ਼ਿਆਲੀ ਲਈ ਧਿਆਨ-ਸਾਧਨਾ ਹੀ ਸਹੀ ਰਸਤਾ ਏ।

ਗਿਆਨ ਪ੍ਰਾਪਤੀ

35 ਸਾਲ ਦੀ ਉਮਰ ਵਿੱਚ, ਵੈਸਾਖੀ ਪੂਰਨਿਮਾ ਦੇ ਦਿਨ, ਸਿਧਾਰਥ ਇੱਕ ਪਿਪਲ ਦੇ ਰੁੱਖ ਦੇ ਹੇਠਾਂ ਧਿਆਨ ਕਰ ਰਹੇ ਸਨ। ਬੁੱਧ ਨੇ ਨਿਰੰਜਨਾ ਨਦੀ ਦੇ ਕੰਢੇ ਬੋਧ ਗਯਾ ਵਿਖੇ ਘੋਰ ਤਪੱਸਿਆ ਕੀਤੀ ਅਤੇ ਸੁਜਾਤਾ ਨਾਂ ਦੀ ਲੜਕੀ ਦੇ ਹੱਥੋਂ ਖੀਰ ਖਾ ਕੇ ਵਰਤ ਤੋੜਿਆ। ਨੇੜਲੇ ਪਿੰਡ ਦੀ ਰਹਿਣ ਵਾਲੀ ਸੁਜਾਤਾ ਨਾਂ ਦੀ ਔਰਤ ਦੇ ਘਰ ਇੱਕ ਪੁੱਤਰ ਹੋਇਆ।ਉਹ ਪਿੱਪਲ ਦੇ ਦਰੱਖਤ ਤੋਂ ਆਪਣੀ ਸੁੱਖਣਾ ਪੂਰੀ ਕਰਨ ਲਈ ਗਾਂ ਦੇ ਦੁੱਧ ਦੀ ਖੀਰ ਨਾਲ ਭਰੀ ਸੋਨੇ ਦੀ ਥਾਲੀ ਲੈ ਕੇ ਪਹੁੰਚੀ। ਸਿਧਾਰਥ ਉੱਥੇ ਬੈਠਾ ਧਿਆਨ ਕਰ ਰਿਹਾ ਸੀ। ਉਸ ਨੇ ਮਹਿਸੂਸ ਕੀਤਾ ਕਿ ਰੁੱਖ ਦਾ ਦੇਵਤਾ ਸਰੀਰ ਧਾਰ ਕੇ ਪੂਜਾ ਲਈ ਬੈਠਾ ਹੈ। ਸੁਜਾਤਾ ਨੇ ਬੜੇ ਆਦਰ ਨਾਲ ਸਿਧਾਰਥ ਨੂੰ ਖੀਰ ਭੇਟ ਕੀਤੀ ਅਤੇ ਗੌਤਮ ਦੇ ਕਹਿਣ ਤੇ ਸੁਜਾਤਾ ਨੇ ਕਿਹਾ- ‘ਜਿਵੇਂ ਮੇਰੀ ਇੱਛਾ ਪੂਰੀ ਹੋਈ ਹੈ, ਉਸੇ ਤਰ੍ਹਾਂ ਤੇਰੀ ਵੀ ਇੱਛਾ ਪੂਰੀ ਹੋਵੇ !’ ਉਸੇ ਰਾਤ ਸਿਮਰਨ ਕਰਨ ਤੋਂ ਬਾਅਦ ਸਿਧਾਰਥ ਦੀ ਸਾਧਨਾ ਸਫਲ ਹੋ ਗਈ। ਉਸ ਨੂੰ ਅਸਲੀ ਅਹਿਸਾਸ ਹੋ ਗਿਆ। ਉਦੋਂ ਤੋਂ ਸਿਧਾਰਥ ਨੂੰ 'ਬੁੱਧ' ਕਿਹਾ ਜਾਣ ਲੱਗਾ। ਪਿਪਲ ਦੇ ਦਰੱਖਤ ਜਿਸ ਦੇ ਹੇਠਾਂ ਸਿਧਾਰਥ ਨੇ ਗਿਆਨ ਪ੍ਰਾਪਤ ਕੀਤਾ ਸੀ ਉਸਨੂੰ ਬੋਧੀ ਰੁੱਖ ਕਿਹਾ ਜਾਂਦਾ ਹੈ ਅਤੇ ਗਯਾ ਦੇ ਨੇੜੇ ਦੀ ਜਗ੍ਹਾ ਬੋਧ ਗਯਾ ਹੈ ।

ਸਿਖਿਆਵਾਂ

ਗੌਤਮ ਦੀਆਂ ਸਿਖਿਆਵਾਂ ਦਾ ਮੂਲ ਹੈ "ਚਾਰ ਆਰੀਆ ਸੱਚ"। ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ (ਪਾਲੀ: ਨਿੱਬਾਨ, ਪ੍ਰਾਕ੍ਰਿਤ: ਣਿੱਵਾਣ) (ਮੁਕਤੀ) ਮਿਲਦਾ ਹੈ।
ਚਾਰ ਆਰੀਆ ਸੱਚ :
1. ਦੁੱਖ
2. ਸਮੁਦਯ
3. ਨਿਰੋਧ
4. ਆਰੀਓ ਅਠੰਗਿਕੋ ਮੱਗੋ (ਸੰਸਕ੍ਰਿਤ: ਆਰੀਆ ਅਸ਼ਟਾਂਗ ਮਾਰਗ) ਬੁਧ ਧਰਮ

ਬੁੱਧ ਮੱਤ/ਧਰਮ : ਡਾ. ਰਤਨ ਸਿੰਘ ਜੱਗੀ

ਮਹਾਤਮਾ ਬੁੱਧ ਦੁਆਰਾ ਚਲਾਏ ਧਰਮ ਅਤੇ ਆਚਾਰ ਮਾਰਗ ਨੂੰ ਬੁੱਧ ਮੱਤ ਕਿਹਾ ਜਾਂਦਾ ਹੈ। ਬੁੱਧ ਕੋਈ ਦਰਸ਼ਨ ਆਚਾਰਯ ਨਹੀਂ ਸਨ ਅਤੇ ਨਾ ਹੀ ਕਿਸੇ ਨਵੇਂ ਦਰਸ਼ਨ ਦੀ ਸਥਾਪਨਾ ਕਰਨਾ ਉਨ੍ਹਾਂ ਦਾ ਉਪਦੇਸ਼ ਸੀ। ਉਨ੍ਹਾਂ ਨੇ ਕੇਵਲ ਮਨੁੱਖ ਦੀ ਜਰਾ–ਮਰਣ ਦੀ ਪ੍ਰਥਮ ਅਤੇ ਪ੍ਰਧਾਨ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਸਾਧਨਾ–ਪੱਧਤੀ ਦਾ ਆਰੰਭ ਕੀਤਾ।

ਬੁੱਧ ਦੇ ਜੀਵਨ ਬਾਰੇ ਉਪਲਬਧ ਮਿਥਕ ਸਾਮੱਗਰੀ ਵਿਚੋਂ ਕੁਝ ਤੱਥ ਲੱਭੇ ਜਾ ਸਕਦੇ ਹਨ। ਉਨ੍ਹਾਂ ਦਾ ਪਹਿਲਾਂ ਨਾਂ ਸਿਧਾਰਥ ਗੌਤਮ ਸੀ ਪਰ ਨਿਰਵਾਣ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦਾ ਨਾਂ ਗੌਤਮ ਬੁੱਧ ਪ੍ਰਸਿੱਧ ਹੋਇਆ। ਸਿਧਾਰਥ ਦਾ ਜਨਮ 448 ਈ. ਪੂਰਬ ਕਪਿਲ ਵਸਤੂ ਦੇ ਛਤ੍ਰੀ ਰਾਜੇ ਸੁਧੋਦਨ ਦੇ ਘਰ ਮਾਯਾ ਦੇਵੀ ਦੀ ਕੁੱਖ ਤੋਂ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਂ ਯਸ਼ੋਧਰਾ ਸੀ, ਜਿਸ ਤੋਂ ਰਾਹੁਲ ਨਾਂ ਦਾ ਇਕ ਪੁੱਤਰ ਪੈਦਾ ਹੋਇਆ। ਬੁੱਧ ਦਾ ਹਿਰਦਾ ਬੜਾ ਕੋਮਲ ਅਤੇ ਸੂਖਮ ਸੀ। ਉਨ੍ਹਾਂ ਤੋਂ ਬਿਰਧ ਅਵਸਥਾ, ਮ੍ਰਿਤੂ ਆਦਿ ਤੋਂ ਹੋਣ ਵਾਲੇ ਦੁੱਖ ਵੇਖੇ ਨਾ ਗਏ। ਭਰ ਜੁਆਨੀ ਵਿਚ ਘਰ ਬਾਰ ਛੱਡ ਕੇ ਉਨ੍ਹਾਂ ਸੰਨਿਆਸ ਲੈ ਲਿਆ। ਇਸ ਦੌਰਾਨ ਉਨ੍ਹਾਂ ਦਾ ਅਨੇਕ ਵਿਦਵਾਨਾਂ, ਸਾਧਾਂ, ਪੰਡਿਤਾਂ ਨਾਲ ਵਿਚਾਰ ਵਟਾਂਦਰਾ ਹੋਇਆ, ਅਨੇਕ ਪ੍ਰਕਾਰ ਦੀ ਕਸ਼ਟਦਾਇਕ ਤਪੱਸਿਆ ਕੀਤੀ। ਅੰਤ ਵਿਚ ਉਨ੍ਹਾਂ ਨੂੰ 40/45 ਵਰ੍ਹਿਆਂ ਦੀ ਆਯੂ ਵਿਚ ਗਯਾ ਦੇ ਨੇੜੇ ਨਿਰੰਜਨਾ ਨਦੀ ਦੇ ਕੰਢੇ ਬੁੱਧਤੑਵ ਦੀ ਪ੍ਰਾਪਤੀ ਹੋਈ ਅਤੇ 80 ਵਰ੍ਹਿਆਂ ਦੀ ਉਮਰੇ ਕੁਸ਼ੀਨਗਰ (ਜ਼ਿਲ੍ਹਾ ਗੋਰਖਪੁਰ) ਵਿਚ ਨਿਰਵਾਣ ਪ੍ਰਾਪਤ ਹੋਇਆ।

ਬੁੱਧ ਦੇ ਉਪਦੇਸ਼ ਮਾਗਧੀ ਭਾਸ਼ਾ ਵਿਚ ਸਨ ਜਿਨ੍ਹਾਂ ਨੂੰ ਬੁੱਧ ਦੇ ਪ੍ਰਮੁੱਖ ਚੇਲਿਆਂ ਨੇ ਬਾਅਦ ਵਿਚ ਇਕੱਠਾ ਕੀਤਾ, ਜੋ ਹੁਣ ‘ਤ੍ਰਿਪਿਟਕ’ ਨਾਂ ਨਾਲ ਪ੍ਰਸਿੱਧ ਹਨ। ‘ਪਿਟਕ’ ਦਾ ਅਰਥ ਹੈ ‘ਟੋਕਰੀ’। ਪਹਿਲੇ ਪਿਟਕ ਦਾ ਨਾਂ ‘ਸੁੱਤ ਪਿਟਕ’ ਹੈ ਜਿਸ ਨੂੰ ਬੁੱਧ–ਮੱਤ ਦਾ ਵੇਦ ਵੀ ਮੰਨਿਆ ਜਾਂਦਾ ਹੈ। ਇਸ ਵਿਚ ਬੁੱਧ ਦੀਆਂ ਸੂਕਤੀਆਂ ਦਾ ਸੰਕਲਨ ਹੋਇਆ ਹੈ। ਦੂਜੇ ਦਾ ਨਾਂ ‘ਵਿਨਯ ਪਿਟਕ’ ਹੈ ਜਿਸ ਵਿਚ ਬੁੱਧ  ਧਰਮ ਦੇ ਆਚਾਰ ਅਤੇ ਅਨੁਸ਼ਾਸਨ ਦੇ ਨਿਯਮਾਂ ਦਾ ਸੰਗ੍ਰਹਿ ਹੋਇਆ ਹੈ। ਤੀਜੇ ਦਾ ਨਾਂ ‘ਅਭਿਧੰਮ ਪਿਟਕ’ ਹੈ ਜੋ ਬੁੱਧ ਦਰਸ਼ਨ ਅਤੇ ਤਤ੍ਵ ਸ਼ਾਸਤ੍ਰ ਦਾ ਆਧਾਰ ਹੈ।

ਬੁੱਧਤੑਵ ਪ੍ਰਾਪਤੀ ਵੇਲੇ ਬੁੱਧ ਨੂੰ ਜਿਨ੍ਹਾਂ ਚਾਰ ਸਚਾਈਆਂ ਦਾ ਬੋਧ ਹੋਇਆ, ਉਹ ‘ਚਾਰ ਆਰਯ ਸਤਿ’ ਦੇ ਨਾਂ ਨਾਲ ਪ੍ਰਸਿੱਧ ਹਨ। ਇਹ ਚਾਰ ਸਤਿ ਹਨ––(1) ਜੀਵਨ ਦੁੱਖਮਯ ਹੈ, (2) ਦੁੱਖ ਦਾ ਕਾਰਣ ਮੌਜੂਦ ਹੈ, (3) ਉਸ ਕਾਰਣ ਦੇ ਨਿਰਵਾਣ ਦੁਆਰਾ ਦੁੱਖ ਦਾ ਅੰਤ ਸੰਭਵ ਹੈ, ਅਤੇ (4) ਇਸ ਦੁੱਖ ਦੀ ਨਿਵ੍ਰਿੱਤੀ ਦਾ ਉਪਾਅ ਅਸ਼ਟਾਂਗ ਮਾਰਗ ਹੈ। ਇਸ ਮਾਰਗ ਦੇ ਅੱਠ ਅੰਗ ਹਨ––(1) ਠੀਕ ਗਿਆਨ (ਵਿਚਾਰ), (2) ਠੀਕ ਸੰਕਲਪ (ਉਦੇਸ਼), (3) ਠੀਕ ਬਚਨ, (4) ਠੀਕ ਕਰਮ (ਪੰਚ ਸ਼ੀਲ––ਅਹਿੰਸਾ, ਅਸਤੇਯ–ਦੂਜੇ ਦਾ ਮਾਲ ਬਿਨਾ ਆਗਿਆ ਨਾ ਲੈਣਾ, ਸਤਿ ਭਾਸ਼ਣ, ਬ੍ਰਹਮਚਰਯ ਅਤੇ ਨਸ਼ਾ ਨਾ ਸੇਵਨ ਕਰਨ), (5) ਠੀਕ ਜੀਵਿਕਾ, (6) ਠੀਕ ਯਤਨ, (7) ਠੀਕ ਸਮ੍ਰਿਤੀ (ਲੋਭ ਅਤੇ ਨਿਰਾਸ਼ਾ ਤੋਂ ਬਚ ਕੇ ਸੰਸਾਰ, ਸ਼ਰੀਰ ਅਤੇ ਮਨ ਨੂੰ ਅਨਿੱਤ ਸਮਝਣਾ) ਅਤੇ (8) ਠੀਕ ਸਮਾਧੀ। ਇਸ ਅਸ਼ਟਾਂਗ ਮਾਰਗ ਉੱਤੇ ਠੀਕ ਤਰ੍ਹਾਂ ਚਲਣ ਨਾਲ ਪ੍ਰਗਿਆ (ਸਹੀ ਗਿਆਨ) ਦਾ ਉਦੈ ਹੁੰਦਾ ਹੈ ਅਤੇ ਨਿਰਵਾਣ ਦੀ ਪ੍ਰਾਪਤੀ ਹੁੰਦੀ ਹੈ। ਇਸ ਨਿਰਵਾਣ ਦੀ ਅਵਸਥਾ ਵਿਚ ਸਾਰੀਆਂ ਵਾਸਨਾਵਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਪੂਰੀ ਸ਼ਾਂਤੀ ਪਸਰ ਜਾਂਦੀ ਹੈ।

ਉਪਰੋਕਤ ਤੱਥਾਂ ਦੇ ਪ੍ਰਕਾਸ਼ ਵਿਚ ਸਪਸ਼ਟ ਹੈ ਕਿ ਮਹਾਤਮਾ ਬੁੱਧ ਨੇ ਇਕ ਨੈਤਿਕ ਧਰਮ ਦਾ ਪ੍ਰਚਾਰ ਕੀਤਾ ਜਿਸ ਵਿਚ ਈਸ਼ਵਰ ਦਾ ਕੋਈ ਸਥਾਨ ਨਹੀਂ ਹੈ। ਉਨ੍ਹਾਂ ਅਨੁਸਾਰ ਸਤਿ ਮਾਰਗ ਉੱਤੇ ਚਲ ਕੇ ਮਨੁੱਖ ਇਸ ਜੀਵਨ ਵਿਚ ਆਪਣੇ ਯਤਨ ਨਾਲ ਦੁੱਖ ਤੋਂ ਨਿਵ੍ਰਿਤੀ ਪ੍ਰਾਪਤ ਕਰ ਸਕਦਾ ਹੈ। ਮੋਕਸ਼ ਲਈ ਕਿਸੇ ਦੂਜੇ ਦੀ ਸਹਾਇਤਾ ਦੀ ਲੋੜ ਨਹੀਂ, ਇਹ ਮਨੁੱਖ ਦੇ ਆਪਣੇ ਦ੍ਰਿੜ੍ਹ ਸੰਕਲਪ, ਭੀਤਰੀ ਯਤਨ ਅਤੇ ਸਾਧਨਾ ਉੱਤੇ ਨਿਰਭਰ ਕਰਦਾ ਹੈ। ਇਹੀ ਬੁੱਧ ਅਨੁਸਾਰ ਮੱਧਮਾਰਗ ਹੈ। ਇਸ ਧਰਮ ਦੇ ਤਿੰਨ ਨਾ ਤਿਆਗੇ ਜਾ ਸਕਣ ਵਾਲੇ ਅੰਗ ਹਨ––ਸ਼ੀਲ, ਸਮਾਧੀ ਅਤੇ ਪ੍ਰਗਿਆ। ਇਨ੍ਹਾਂ ਨੂੰ ‘ਤ੍ਰਿਰਤਨ’ ਵੀ ਕਿਹਾ ਜਾਂਦਾ ਹੈ। ਸ਼ੁੱਧ ਅਤੇ ਸ਼ਾਂਤ ਚਿੱਤ ਸਮਾਧੀ ਲਈ ਉਪਯੋਗੀ ਹੈ। ਚਿੱਤ ਵਿਚ ਸ਼ੁੱਧਤਾ ਅਤੇ ਸ਼ਾਂਤੀਸ਼ੀਲ (right conduct) ਦੁਆਰਾ ਪੈਦਾ ਹੁੰਦੀਆਂ ਹਨ। ਸ਼ਾਂਤ ਚਿੱਤ ਨਾਲ ਸਥਿਰ ਆਸਨ ਉੱਤੇ ਬੈਠ ਕੇ ਸੁਆਸਾਂ ਉੱਤੇ ਨਿਯੰਤਰਣ ਕਰਨਾ ਸਮਾਧੀ (meditation) ਹੈ ਅਤੇ ਇਹ ਸਮਾਧੀ ਦਾ ਸਿੱਖਰ ਪ੍ਰਗਿਆ (right knowledge) ਦਾ ਉਦੈ ਹੋਣਾ ਹੈ ਜਿਸ ਦੇ ਫਲਸਰੂਪ ਨਿਰਵਾਣ ਜਾਂ ਦੁੱਖ ਤੋਂ ਨਿਵ੍ਰਿਤੀ ਮਿਲਦੀ ਹੈ। ‘ਨਿਰਵਾਣ’ ਦਾ ਅਰਥ ਹੈ ਜੀਵਨ ਰੂਪੀ ਜੁਆਲਾ ਦਾ ਬੁਝ ਜਾਣਾ। ਇਹ ਬੁਝਣਾ ਦੇਹਾਂਤ ਨਾਲ ਸੰਬੰਧਿਤ ਨਹੀਂ, ਮ੍ਰਿਤੂ ਤੋਂ ਬਾਅਦ ਵੀ ਜਨਮ ਹੁੰਦਾ ਹੈ ਅਤੇ ਇਹ ਕ੍ਰਮ ਉਦੋਂ ਤਕ ਚਲਦਾ ਰਹਿੰਦਾ ਹੈ, ਜਦੋਂ ਤਕ ਗਿਆਨ ਪ੍ਰਾਪਤ ਨਹੀਂ ਹੁੰਦਾ। ਗਿਆਨ ਦੀ ਪ੍ਰਾਪਤੀ ਚਾਰ ਸੱਚਾਈਆਂ ਨੂੰ ਸਾਖਿਆਤ ਕਰਨਾ ਹੈ ਅਤੇ ਇਸ ਲਈ ਅਸ਼ਟਾਂਗ ਮਾਰਗ ਉੱਤੇ ਚਲਣਾ ਜ਼ਰੂਰੀ ਹੈ।

ਭਾਵੇਂ ਮਹਾਤਮਾ ਬੁੱਧ ਨੇ ਕਿਸੇ ਦਾਸ਼ਨਿਕ ਮੱਤਵਾਦ ਦਾ ਪ੍ਰਚਾਰ/ਪ੍ਰਸਾਰ ਨਹੀਂ ਕੀਤਾ, ਪਰ ਗੰਭੀਰਤਾ ਨਾਲ ਵੇਖਿਆਂ ਉਨ੍ਹਾਂ ਦੇ ਧਰਮ ਅਤੇ ਨੀਤੀ–ਸ਼ਾਸਤ੍ਰ ਦੇ ਮੂਲ ਵਿਚ ਵੀ ਇਕ ਦਾਰਸ਼ਨਿਕ ਮੱਤ ਸਥਿਤ ਹੈ। ਇਸ ਮੱਤ ਦਾ ਸਮੁੱਚਾ ਸਰੂਪ ਹੈ––‘ਸਰਵੰ ਅਨਿਤੑਯੰ’। ਇਸ ਤੋਂ ਭਾਵ ਹੈ––ਸੰਸਾਰ ਦੀ ਕੋਈ ਵਸਤੂ ਵੀ ਸਥਾਈ ਨਹੀਂ ਹੈ। ਹਰ ਇਕ ਦ੍ਰਵੑਯ ਪਰਿਵਰਤਨਸ਼ੀਲ ਹੈ। ਹਰ ਪੁਰਾਣਾ ਛਿਣ ਖ਼ਤਮ ਹੋ ਰਿਹਾ ਹੈ ਅਤੇ ਨਵਾਂ ਜਨਮ ਲੈ ਰਿਹਾ ਹੈ। ਇਹ ਸੰਸਾਰ ਨਦੀ ਦੀ ਧਾਰਾ ਵਾਂਗ ਸਦਾ ਗਤੀਸ਼ੀਲ ਹੈ। ਇਸ ਲਈ ਸਭ ਚੀਜ਼ਾਂ ਛਿਣਭੰਗਰ ਹਨ––‘ਸ਼ਰਵੰ ਕੑਸ਼ਣਿਕੰ’। ਇਸ ਵਾਸਤੇ ਇਸ ਦ੍ਰਿਸ਼ਟੀ ਤੋਂ ਇਹ ਮੱਤਵਾਦ ‘ਕੑਸ਼ਣਿਕਵਾਦ’ ਹੈ। ਬੁੱਧ ਅਨੁਸਾਰ ਹਰ ਇਕ ਵਸਤੂ ਵਿਸ਼ੇਸ਼ ਹੈ, ਇਕ ਵਸਤੂ ਦੇ ਧਰਮ ਨਾਲ ਦੂਜੀ ਵਸਤੂ ਦਾ ਧਰਮ ਬਿਲਕੁਲ ਭਿੰਨ ਹੈ। ਇਸ ਤਰ੍ਹਾਂ ਸਭ ਦਾ ਆਪਣਾ ਲੱਛਣ ਹੈ––‘ਸਰਵੰ ਸ੍ਵਲਕੑਸ਼ਣੰ’। ਇਸ ਤਰ੍ਹਾਂ ਨਾ ਈਸ਼ਵਰ ਹੈ ਅਤੇ ਨਾ ਹੀ ਕੋਈ ਆਤਮਾ। ਅਨਿ¤ਤਯੰ ਹੋਣ ਕਾਰਣ ਆਤਮਾ ਕੋਈ ਸਥਾਈ ਦ੍ਰਵੑਯ ਨਹੀਂ ਹੈ। ਮਨੁੱਖ ਦਾ ਸ਼ਰੀਰ ਪੰਜ ਸਕੰਧਾਂ–ਰੂਪ ਸਕੰਧ, ਵੇਦਨਾ ਸਕੰਧ, ਸੰਗਿਆ ਸਕੰਧ, ਸੰਸਾਰ ਸਕੰਧ ਅਤੇ ਵਿਗਿਆਨ ਸਕੰਧ––ਦੇ ਮੇਲ ਨਾਲ ਹੋਂਦ ਵਿਚ ਆਉਂਦਾ ਹੈ, ਇਸ ਤਰ੍ਹਾਂ ਇਹ ਪੰਜ ਸਕੰਧਾਂ ਦਾ ਸਮੁੱਚ ਹੈ। ਆਤਮਾ ਦੀ ਸੱਤਾ ਨੂੰ ਨਾ ਮੰਨਣ ਦੇ ਬਾਵਜੂਦ ਵੀ ਬੁੱਧ ਦੇਵ ਜਨਮਾਂਤਰ ਵਿਚ ਵਿਸ਼ਵਾਸ ਰੱਖਦੇ ਹਨ। ਜਨਮ–ਜਨਮਾਂਤਰ ਦੀ ਅਰੁਕ ਧਾਰਾ ਚਲਦੀ ਰਹਿੰਦੀ ਹੈ। ਇਸ ਦਾ ਆਧਾਰ ਕਰਮ ਹਨ। ਵਿਅਕਤੀ ਜੋ ਕਰਮ ਕਰਦਾ ਹੈ ਉਸ ਦਾ ਫਲ ਭੋਗਦਾ ਹੈ। ਨਿਰਵਾਣ ਪ੍ਰਾਪਤੀ ਲਈ ਪਹਿਲੀ ਪੌਡੀ ਹੀ ਨਿਸ਼ਕਾਮ/ਸ਼ੁਭ ਕਰਮਾਂ ਦਾ ਕਰਨਾ ਹੈ।

ਮਹਾਤਮਾ ਬੁੱਧ ਤੋਂ ਬਾਅਦ ਉਨ੍ਹਾਂ ਦੇ ਅਨੁਯਾਈਆਂ ਵਿਚ ਅਨੇਕ ਮੱਤ–ਭੇਦ ਪੈਦਾ ਹੋ ਗਏ ਅਤੇ ਬੁੱਧ ਦੇ ਉਪਦੇਸ਼ਾਂ ਦੀ ਵੀ ਵੱਖ ਵੱਖ ਨਾਲ ਵਿਆਖਿਆ ਹੋਣ ਲੱਗੀ। ਫਲਸਰੂਪ ਬੁੱਧ ਦੇ ਅਨੁਯਾਈ ਦੋ ਸ਼ਾਖਾਵਾਂ ਵਿਚ ਵੰਡੇ ਗਏ। ਨਹੀਂ ਸ਼ਾਖਾ ਵਾਲਿਆਂ ਨੇ ਆਪਣੇ ਆਪ ਨੂੰ ਮਹਾਯਾਨ (ਉੱਚਾ ਮਾਰਗ ਜਾਂ ਵਾਹਨ) ਦੇ ਨਾਂ ਨਾਲ ਪ੍ਰਸਿੱਧ ਕੀਤਾ ਅਤੇ ਪੁਰਾਣੇ ਵਿਚਾਰਾਂ ਵਾਲੇ ਅਨੁਯਾਈਆਂ ਨੂੰ ‘ਹੀਨਯਾਨ’ (ਨੀਵਾਂ ਮਾਰਗ ਜਾਂ ਵਾਹਨ) ਨਾਂ ਦਿੱਤਾ ਗਿਆ। ਮਹਾਯਾਨ ਵਾਲੇ ਆਪਣੇ ਆਪ ਨੂੰ ਵੱਡਾ ਯਾਨ ਮੰਨਦੇ ਹਨ ਅਤੇ ਦੂਜੇ ਨੂੰ ਛੋਟਾ, ਕਿਉਂਕਿ ਹੀਨਯਾਨ ਨਿਰਵਾਣ ਨੂੰ ਕੁਝ ਗਿਣੇ ਮਿਥੇ ਬੰਦਿਆਂ ਤਕ ਸੀਮਿਤ ਕਰ ਦਿੰਦਾ ਹੈ। ਮਹਾਯਾਨੀਆਂ ਨੇ ਬੁੱਧ ਦੇ ਉਪਦੇਸ਼ਾਂ ਦੀ ਸੰਸਕ੍ਰਿਤ ਭਾਸ਼ਾਂ ਰਾਹੀਂ ਵਿਆਖਿਆ ਕੀਤਾ ਅਤੇ ਹੀਨਯਾਨੀਆਂ ਨੇ ਪਾਲੀ ਭਾਸ਼ਾ ਵਿਚ ਬੁੱਧ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ। ਇਨ੍ਹਾਂ ਦੋਹਾਂ ਸ਼ਾਖਾਵਾਂ ਦੀਆਂ ਅੱਗੋਂ ਦੋ ਦੋ ਸੰਪ੍ਰਦਾਵਾਂ ਬਣ ਗਈਆਂ। ਵੈਭਾਸ਼ਿਕ ਅਤੇ ਸੌਤ੍ਰਾਂਤਿਮ ਹੀਨਯਾਨ ਦੀਆਂ ਸੰਪ੍ਰਦਾਵਾਂ ਹਨ ਅਤੇ ਯੋਗਾਚਾਰ ਤੇ ਮਾਧਮਿਕ ਮਹਾਯਾਨ ਦੀਆਂ ਸੰਪ੍ਰਦਾਵਾਂ ਹਨ।

ਈਸਵੀ ਪੂਰਬ ਦੂਜੀ ਸਦੀ ਵਿਚ ਕਾਤੑਯਾਯਨੀ ਪੁੱਤਰ ਦੁਆਰਾ ਚਲਾਈ ਵੈਭਾਸ਼ਿਕ ਸੰਪ੍ਰਦਾਇ ਸਰਬ–ਸਾਧਾਰਣ ਯਥਾਰਥਵਾਦ ਉੱਤੇ ਆਧਾਰਿਤ ਹੈ। ਇਸ ਅਨੁਸਾਰ ਮਾਨਸਿਕ ਅਤੇ ਭੌਤਿਕ ਦੋਹਾਂ ਤਰ੍ਹਾਂ ਦੇ ਪਦਾਰਥ ਸਤਿ ਹਨ। ਬਾਹਰਲੇ ਪਦਾਰਥਾਂ ਦਾ ਗਿਆਨ ਸੱਚ ਰਾਹੀਂ ਹੁੰਦਾ ਹੈ, ਇਸ ਲਈ ਇਸ ਨੂੰ ‘ਬਾਹੑਯ ਪ੍ਰਤਕੑਸ਼ਵਾਦ’ ਵੀ ਕਹਿੰਦੇ ਹਨ। ਸੌਤ੍ਰਾਂਤਿਕ ਸੰਪ੍ਰਦਾਇ ਦਾ ਆਰੰਭ ਦੂਜੀ ਸਦੀ ਵਿਚ ਕੁਮਾਰ ਲਾਤ ਨੇ ਕੀਤਾ। ਇਹ ਆਧੁਨਿਕ ਯਥਾਰਥਵਾਦ ਦੇ ਬਹੁਤ ਅਨੁਰੂਪ ਹੈ। ਵੈਭਾਸ਼ਿਕ ਮੱਤ ਵਾਂਗ ਇਸ ਵਿਚ ਵੀ ਮਾਨਸਿਕ ਅਤੇ ਭੌਤਿਕ ਦੋਹਾਂ ਪਦਾਰਥਾਂ ਨੂੰ ਸਤਿ ਮੰਨਿਆ ਜਾਂਦਾ ਹੈ। ਪਰ ਇਸ ਦੀ ਵਿਲੱਖਣਤਾ ਇਸ ਵਿਚ ਹੈ ਕਿ ਬਾਹਰਲੇ ਵਿਸ਼ਿਆਂ ਦਾ ਗਿਆਨ ਪ੍ਰਤੱਖ ਦੁਆਰਾ ਨਹੀਂ, ਸਗੋਂ ਅਨੁਮਾਨ ਦੁਆਰਾ ਹੁੰਦਾ ਹੈ, ਇਸ ਲਈ ਇਸ ਨੂੰ ‘ਬਾਹੑਯਾਨੁਮੇਯਵਾਦ’ ਨਾਂ ਵੀ ਦਿੱਤਾ ਜਾਂਦਾ ਹੈ।

ਤੀਜੀ ਸਦੀ ਵਿਚ ਮੈਤ੍ਰੇਯ ਨੇ ਯੋਗਾਚਾਰ ਸੰਪ੍ਰਦਾਇ ਦੀ ਸਥਾਪਨਾ ਕੀਤੀ। ਇਹ ਮੱਤ ਇਕ ਪ੍ਰਕਾਰ ਦਾ ਵਿਗਿਆਨਵਾਦ ਹੈ। ਇਸ ਅਨੁਸਾਰ ਕੇਵਲ ਮਾਨਸਿਕ ਵਿਗਿਆਨ ਹੀ ਸਤਿ ਹੈ। ਬਾਹਰਲੇ ਪਦਾਰਥ ਕਾਲਪਨਿਕ ਅਤੇ ਮਿਥਿਆ ਹਨ। ਇਨ੍ਹਾਂ ਦੀ ਪ੍ਰਤੀਤੀ ਮਾਯਾ ਤੋਂ ਪੈਦਾ ਹੋਇਆ ਭਰਮ ਹੈ। ਮਾਧਮਿਕ ਸੰਪ੍ਰਦਾਇ ਦੀ ਸਥਾਪਨਾ ਪ੍ਰਸਿੱਧ ਬੋਧੀ ਆਚਾਰਯ ਨਾਗਾਰੁਜਨ ਨੇ ਦੂਜੀ ਸਦੀ ਵਿਚ ਕੀਤੀ। ਬੋਧੀ ਦਰਸ਼ਨ ਵਿਚ ਇਸ ਸ਼ਾਖਾ ਦਾ ਵਿਸ਼ੇਸ਼ ਅਤੇ ਮੁੱਖ ਸਥਾਨ ਹੈ। ਇਸ ਦੇ ਮੱਤ ਅਨੁਸਾਰ ਮਾਨਸਿਕ ਅਤੇ ਭੌਤਿਕ, ਅੰਦਰਲੇ ਅਤੇ ਬਾਹਰਲੇ ਦੋਹਾਂ ਤਰ੍ਹਾਂ ਦੇ ਪਦਾਰਥ ਅਸਤਿ ਅਤੇ ਸ਼ੂਨੑਯ ਹਨ। ਸ਼ੂਨੑਯ ਵਿਚ ਵਿਸ਼ਵਾਸ ਰੱਖਣ ਕਾਰਣ ਇਸ ਮੱਤ ਨੂੰ ਸ਼ੂਨੑਯਵਾਦ (ਸੁੰਨਵਾਦ) ਕਿਹਾ ਜਾਣ ਲੱਗਾ। ਹਰ ਛਿਣ ਬਦਲਣ ਵਾਲੇ ਜਗਤ ਵਿਚ ਕਿਸੇ ਵਸਤੂ ਦਾ ਸਰੂਪ ਦਸ ਸਕਣਾ ਸੰਭਵ ਨਹੀਂ ਹੈ। ਇਸ ਵਾਸਤੇ ਹਰ ਇਕ ਵਸਤੂ ਨਿਰਸਰੂਪ ਹੈ। ਆਧੁਨਿਕ ਬੋਧੀ ਵਿਦਵਾਨਾਂ ਅਨੁਸਾਰ ਜੋ ਸ਼ੂਨੑਯ (ਸੁੰਨ) ਦੇ ਅਰਥ ਅਨਿਰਵਚਨੀਅਤਾ (ਅਕਥਨੀਅਤਾ) ਮੰਨ ਲਿਆ ਜਾਏ ਤਾਂ ਮਾਧਮਿਕਾਂ ਦਾ ਸ਼ੂਨੑਯ ਵੇਦਾਂਤੀਆਂ ਦੇ ‘ਬ੍ਰਹਮ’ ਵਾਂਗ ਹੀ ਸਿੱਧ ਹੁੰਦਾ ਹੈ।

ਉਪਰੋਕਤ ਚਾਰੇ ਬੋਧ ਸੰਪ੍ਰਦਾਵਾਂ ਇਕ ਸਮਾਨ ਨਿਰੀਸ਼ਵਰਵਾਦੀ ਹਨ। ਈਸ਼ਵਰ ਅਤੇ ਆਤਮਾ ਨੂੰ ਮੰਨਣ ਦੇ ਬਾਵਜੂਦ ਵੀ ਬੋਧੀ ਚਿੰਤਕ ਕਰਮ ਸਿਧਾਂਤ ਵਿਚ ਵਿਸ਼ਵਾਸ ਰਖਦੇ ਹਨ।