Jiwani : Bawa Balwant

ਜੀਵਨੀ : ਬਾਵਾ ਬਲਵੰਤ

ਬਾਵਾ ਬਲਵੰਤ (1915-1972) : ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਪ੍ਰਸਿਧ ਕਵੀ ਬਾਵਾ ਬਲਵੰਤ ਦਾ ਜਨਮ ਅਗਸਤ 1915 ਨੂੰ ਠਾਕੁਰ ਦੀਨਾ ਨਾਥ ਦੇ ਘਰ, ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ । ਬਾਵਾ ਬਲਵੰਤ ਅਜੇ ਚਾਰ ਸਾਲ ਦਾ ਹੋਵੇਗਾ ਜਦੋਂ ਉਸ ਦੇ ਪਿਤਾ ਨੇ ਅੰਮ੍ਰਿਤਸਰ ਵਿਖੇ 'ਸ਼ਾਹੀ ਵੈਦਿਕ ਸਫ਼ਾਖ਼ਾਨਾ ਪੰਜਾਬ' ਨਾਮੀ ਹਿਕਮਤ ਦੀ ਦੁਕਾਨ ਸ਼ੁਰੂ ਕੀਤੀ ।
ਪਿਤਾ ਨੇ ਬਾਵਾ ਬਲਵੰਤ ਵਿੱਚ ਪੜ੍ਹਨ ਦੀ ਰੁਚੀ ਪ੍ਰਫੁਲਿਤ ਹੁੰਦੀ ਵੇਖ ਕੇ ਉਹਨਾਂ ਨੂੰ ਫ਼ਾਰਸੀ ਦੀਆਂ ਵਧੀਆ ਪੁਸਤਕਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਅਤੇ ਮਾਤਾ ਹਿੰਦੀ ਵਿੱਚ ਧਾਰਮਿਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੰਦੀ ਰਹੀ ।

ਬਾਵਾ ਬਲਵੰਤ ਬਚਪਨ ਤੋਂ ਹੀ ਅਲਮਸਤ ਸੁਭਾਅ ਦਾ ਸੀ । ਸੰਸਾਰਕ ਕਾਰੋਬਾਰੀ ਸੁਭਾਅ ਦੇ ਬਿਲਕੁਲ ਉਲਟ ਕਲਾਤਮਿਕ ਬਿਰਤੀ ਦਾ ਮਾਲਕ ਸੀ । ਇਸੇ ਕਰ ਕੇ ਬਾਵਾ ਬਲਵੰਤ ਨੇ ਕਈ ਪੇਸ਼ੇ ਅਪਣਾਏ, ਰੋਜ਼ੀ ਲਈ ਕਈ ਜ਼ਫ਼ਰ ਜਾਲੇ ਪਰ ਸਾਰੀ ਉਮਰ ਫਾਕਾਮਸਤੀ ਵਿੱਚ ਗੁਜ਼ਾਰੀ । ਪਰ ਟੈਂ ਕਿਸੇ ਦੀ ਨਹੀਂ ਮੰਨੀ ।
ਬਾਵਾ ਬਲਵੰਤ ਸਿਰੇ ਦਾ ਸ੍ਵੈ-ਮਾਣ ਭਰਪੂਰ ਅਤੇ ਈਮਾਨਦਾਰ ਸੀ । ਨਾ ਲਾਲਚ, ਨਾ ਧੋਖਾ, ਨਾ ਅਧੀਨਗੀ ਤੇ ਨਾ ਖ਼ੌਫ਼ । ਇਹੀ ਉਸ ਦੀ ਕਾਵਿਕ-ਬੁਲੰਦੀ ਦਾ ਰਾਜ਼ ਹੈ । ਸ਼ੁਧ ਮਾਨਵੀ ਲਗਾਉ, ਸੁਹਿਰਦ ਹਿਰਦੇ ਦੀ ਪਾਕ ਅਵਾਜ਼ ਅਤੇ ਬੇਪਨਾਹ ਨੈਤਿਕ ਦਲੇਰੀ ਉਸ ਦੀ ਕਵਿਤਾ ਦੇ ਸੋਮੇ ਹਨ । ਵਿਅਕਤੀ ਤੋਂ ਤਾਂ ਕੀ, ਨਾ ਉਹ ਸਟੇਟ ਤੋਂ ਡਰਿਆ, ਨਾ ਧਰਮਾਂ ਦੇ ਖੂੰ-ਖਾਰ ਸ਼ਕਤੀ ਰੂਪਾਂ ਤੋਂ ਤੇ ਨਾ ਜ਼ਮਾਨੇ ਦੀਆਂ ਸ਼ਾਤਰ ਚਾਲਾਂ ਤੋਂ । ਅਟੰਕ ਆਪਣੀ ਕਲਾਤਮਿਕ ਬਿਰਤੀ ਤਹਿਤ ਜੀਵਿਆ ਅਤੇ ਵਿਚਰਿਆ ।

ਰੋਜ਼ੀ ਖਾਤਰ ਬਾਵਾ ਬਲਵੰਤ ਨੇ ਮੁਨੀਮੀ ਕੀਤੀ ਪਰ ਛੱਡ ਬੈਠਾ । ਗੱਤੇ ਦੇ ਡੱਬੇ ਬਣਾਏ, ਲਿਫ਼ਾਫ਼ੇ ਬਣਾਏ, ਸੂਤਰ ਰੰਗਾਈ ਦਾ ਕੰਮ ਕੀਤਾ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ, ਕਪੜੇ ਠੇਕਣ ਦਾ ਧੰਦਾ ਕੀਤਾ ਪਰ ਬਾਵਾ ਬਲਵੰਤ ਦੀ ਫ਼ਕੀਰਾਨਾ ਤਰਬੀਅਤ ਨੂੰ ਕੋਈ ਧੰਦਾ ਰਾਸ ਨਾ ਆਇਆ । ਅੰਤ ਕਸਰਤ ਕਰਨ ਤੇ ਕਵਿਤਾ ਲਿਖਣ ਦੇ ਸ਼ੌਕ ਨੂੰ ਹੀ ਸਾਹਾਂ ਨਾਲ ਪਾਲਿਆ । ਵਿੱਚ-ਵਿਚਕਾਰ ਸੰਗੀਤ ਨਾਲ ਮਿੱਤਰਤਾ ਪਾਲ ਲਈ ਅਤੇ ਰੰਗਾਂ ਦੀ ਦੁਨੀਆ ਦੇ ਭੇਤ ਪਾਏ ।
ਜਲ੍ਹਿਆਂ ਵਾਲਾ ਬਾਗ਼ ਦੇ ਸਾਕੇ ਦੇ ਦਿਨਾਂ ਵਿੱਚ ਬਾਵੇ ਦੀ ਨੇੜਤਾ ਅੰਮ੍ਰਿਤਸਰ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਵਧੀ । ਬਾਵਾ ਬਲਵੰਤ ਇਨਕਲਾਬੀ ਕਵਿਤਾਵਾਂ ਲਿਖਦਾ ਤੇ ਦੇਸ਼ ਭਗਤੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਰਿਹਾ । ਕਾਂਗਰਸ ਦੀ ਸੁਤੰਤਰਤਾ ਲਹਿਰ ਵਿੱਚ ਸਰਗਰਮੀ ਕੀਤੀ ਤਾਂ ਗਰਿਫ਼ਤਾਰੀ ਵਾਰੰਟ ਜਾਰੀ ਹੋ ਗਏ । ਬਾਵਾ ਨੂੰ ਪਕੜਨ ਲਈ ਘਰੇ ਪੁਲਿਸ ਦਾ ਛਾਪਾ ਪਿਆ ਤਾਂ ਉਹ ਖਿਸਕ ਗਿਆ ਤੇ ਰੂਪੋਸ਼ ਹੋਇਆ ਰਿਹਾ । ਇਹਨਾਂ ਦਿਨਾਂ ਵਿੱਚ ਹੀ ਉਸ ਦੀ ਉਰਦੂ ਸ਼ੇਰੇ-ਹਿੰਦ (1930) ਪੁਸਤਕ ਛਪੀ ਤੇ ਸਰਕਾਰ ਨੇ ਜ਼ਬਤ ਕਰ ਲਈ । ਇਸੇ ਸਮੇਂ ਬਾਵਾ ਬਲਵੰਤ ਨੇ ਮਹਾਨ ਇਨਕਲਾਬੀ ਸਾਹਿਤ ਅਤੇ ਫ਼ਲਸਫ਼ੇ ਦਾ ਨਿਠ ਕੇ ਮੁਤਾਲਿਆ ਕੀਤਾ । ਸੁਤੰਤਰਤਾ ਲਹਿਰ ਵਿੱਚ ਸ਼ਮੂਲੀਅਤ ਕੀਤੀ । ਮਾਰਚ 1931 ਵਿੱਚ ਹੋਏ ਗਾਂਧੀ ਇਰਵਨ ਸਮਝੌਤੇ ਪਿੱਛੋਂ ਬਾਵਾ ਬਲਵੰਤ ਦੇ ਗਰਿਫ਼ਤਾਰੀ ਵਾਰੰਟ ਮਨਸੂਖ਼ ਹੋਏ ।

ਜੀਵਨ ਦੇ ਇਸ ਪੜਾਅ ਤੇ ਬਾਵਾ ਬਲਵੰਤ ਦਾ ਵਿਆਹ ਹੋਇਆ ਪਰ ਠੱਗ ਜ਼ਮਾਨੇ ਮੁਤਾਬਕ ਵਿਆਹ ਵਿੱਚ ਠੱਗੀ ਹੀ ਹੋਈ । ਕੁੜੀ, ਉਸ ਮੌਕੇ ਦੇ ਰਿਵਾਜ ਮੁਤਾਬਕ ਬਾਵਾ ਬਲਵੰਤ ਦੇ ਛੋਟੇ ਭਰਾ ਨੂੰ ਵਿਖਾਈ ਗਈ । ਵਿਆਹ ਹੋਇਆ, ਡੋਲੀ ਘਰ ਆਈ ਤਾਂ ਭਰਾ ਮੁਤਾਬਕ ਕੋਈ ਹੋਰ ਕੁੜੀ ਵਿਆਹ ਕੇ ਤੋਰ ਦਿਤੀ ਗਈ । ਬਾਵਾ ਰਾਤੋ-ਰਾਤ ਭੱਜ ਨਿਕਲਿਆ । ਲੁਕ ਗਿਆ । ਕੁੜੀ ਵਾਲੇ ਤਕੜੇ ਸਨ । ਅੰਤ ਦਬਾਅ ਪੈਣ ਤੇ ਸਮਝੌਤਾ ਹੋਇਆ । ਕੁੜੀ ਤੋਂ ਖਹਿੜਾ ਛੁਟਿਆ । ਮੁੜ ਬਾਵੇ ਵਿਆਹ ਦਾ ਨਾਂ ਨਹੀਂ ਲਿਆ । ਇਕੱਲਿਆਂ ਜ਼ਿੰਦਗੀ ਗੁਜ਼ਾਰੀ । ਜੀਵਨ ਦੇ ਇੱਕ ਪੜਾਅ ਤੇ ਬਾਵਾ ਨੂੰ ਇੱਕ ਸੁਹਣੀ ਸਿੰਧਣ ਕੁੜੀ ਕ੍ਰਿਸ਼ਨਾ ਨਾਲ ਇਸ਼ਕ ਹੋ ਗਿਆ ।
ਬਾਵਾ ਬਲਵੰਤ ਦੇ ਇਸ ਸੱਚੇ ਇਸ਼ਕ ਦੇ ਸ਼ਿਦਤੀ ਅਹਿਸਾਸ ਉਸ ਦੀ ਸ਼ਾਇਰੀ ਵਿੱਚ ਬਹੁਤ ਸੁੰਦਰ ਅੰਦਾਜ਼ ਵਿੱਚ ਪ੍ਰਗਟ ਹੋਏ ਹਨ । ਉਸ ਨੇ ਪਿਆਰ ਨੂੰ ਜੀਵਨ-ਸ੍ਰੋਤ, ਜਜ਼ਬਿਆਂ ਦੀ ਪਾਕਿ ਬੁਲੰਦੀ ਅਤੇ ਮਾਨਵੀ ਸ਼ਕਤੀ ਦਾ ਸ੍ਰੋਤ ਮੰਨਿਆ ਤੇ ਦਰਸਾਇਆ ਹੈ, ਇੱਕ ਮੂਲ, ਪਵਿੱਤਰ, ਸ਼ਕਤੀਸ਼ਾਲੀ ਅਤੇ ਪ੍ਰੇਰਕ ਜਜ਼ਬਾ ਤੇ ਰਿਸ਼ਤਾ ਤਸੱਵਰ ਕੀਤਾ ਹੈ ।
ਅੰਮ੍ਰਿਤਸਰ ਰਹਿੰਦਿਆਂ ਬਾਵਾ ਬਲਵੰਤ ਦਾ ਸਾਹਿਤਿਕ ਸਰਕਲ ਕਾਫ਼ੀ ਵਧੀਆ ਬਣਦਾ ਗਿਆ । ਪਰ ਅਜ਼ਾਦੀ ਉਪਰੰਤ ਨੇੜਲੇ ਮਿੱਤਰ ਦਿਲੀ ਵਲ ਤੁਰ ਗਏ ਤਾਂ ਬਾਵਾ ਵੀ ਅੰਮ੍ਰਿਤਸਰੋਂ ਉਪਰਾਮ ਹੋ ਦਿੱਲੀ ਜਾ ਪਹੁੰਚਿਆ । ਉਹਨਾਂ ਪੁਰਾਣੇ ਮਿੱਤਰਾਂ ਸੰਗ-ਦਿੱਲੀ ਦੀਆਂ ਸਾਹਿਤਿਕ ਮਹਿਫ਼ਲਾਂ ਵਿੱਚ ਵਿਚਰਨ ਲਗਾ । ਰੋਜ਼ੀ ਲਈ ਪਾਪੜ ਵੇਲਦਾ ਰਿਹਾ, ਮੁਸ਼ਕਤ ਕਰਦਾ ਰਿਹਾ ਪਰ ਕਲਾ ਦੇ ਸ਼ੌਕ ਨੂੰ ਸਿਰੇ ਤੱਕ ਪਾਲਿਆ ।

ਸ਼ੇਰੇ-ਹਿੰਦ ਬਾਵਾ ਬਲਵੰਤ ਦੀ ਪਹਿਲੀ ਕਾਵਿ-ਪੁਸਤਕ ਹੈ ਜੋ ਉਰਦੂ ਵਿੱਚ 1930 ਵਿੱਚ ਛਪੀ । ਇਸ ਵਿੱਚ ਇਨਕਲਾਬੀ ਭਾਵਾਂ ਵਾਲੀਆਂ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਸ਼ਾਮਲ ਸਨ ਜਿਨ੍ਹਾਂ ਰਾਹੀਂ ਬਾਵਾ ਬਲਵੰਤ ਨੇ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ ਤੋਂ ਖ਼ੁਲਾਸੀ ਅਤੇ ਸੁਤੰਤਰਤਾ ਦੀ ਭਾਵਨਾ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕੀਤਾ । ਇਹ ਉਸ ਵੇਲੇ ਦੀ ਅੰਗਰੇਜ਼ੀ ਸਰਕਾਰ ਨੇ ਜ਼ਬਤ ਕਰ ਲਈ ।
ਮਹਾਂਨਾਚ ਬਾਵਾ ਬਲਵੰਤ ਦੀ 1941 ਵਿੱਚ ਛਪੀ ਪਹਿਲੀ ਪੰਜਾਬੀ ਕਾਵਿ-ਪੁਸਤਕ ਸੀ । ਇਸ ਪੁਸਤਕ ਦੇ ਛਪਣ ਨਾਲ ਇਕਦਮ ਹੀ ਬਾਵਾ ਬਲਵੰਤ ਦੀ ਸਮਰੱਥ, ਪ੍ਰਪੱਕ ਅਤੇ ਨਿਪੁੰਨ ਕਵੀ ਵਜੋਂ ਪ੍ਰਸਿਧੀ ਅਤੇ ਪ੍ਰਵਾਨਗੀ ਸਾਰੇ ਪੰਜਾਬੀ ਸੰਸਾਰ ਵਿੱਚ ਹੋ ਗਈ । ਉਸ ਦੀ ਕਾਵਿ- ਸੋਝੀ, ਪ੍ਰਗਤੀਵਾਦੀ ਵਿਚਾਰਧਾਰਾ, ਵਿਚਾਰਾਂ ਦੀ ਪੁਖ਼ਤਗੀ, ਪ੍ਰਚੰਡ ਮਾਨਵੀ ਲਗਾਉ, ਮਨਮੋਹਕ ਸੰਬੋਧਨੀ ਸ਼ੈਲੀ, ਭਾਵਾਂ ਦੀ ਰਵਾਨਗੀ, ਤੁਕਾਂਤ ਦੀ ਸੂਰਬੀਰਤਾ ਅਤੇ ਨਜ਼ਮ ਦੀ ਇੱਕਸੁਰ ਪ੍ਰਗੀਤਕਤਾ ਨੇ ਪੰਜਾਬੀ ਵਿਦਵਾਨਾਂ ਤੇ ਆਮ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ । ਇਸ ਸੰਗ੍ਰਹਿ ਦੀ ਪਹਿਲੀ ਨਜ਼ਮ ਹੀ ਬਾਵਾ ਬਲਵੰਤ ਦੀਆਂ ਹੀ ਨਹੀਂ ਸਗੋਂ ਪੰਜਾਬੀ ਦੀਆਂ ਕਲਾਸਿਕ ਨਜ਼ਮਾਂ ਵਿੱਚ ਉੱਤਮ ਦਰਜਾ ਰੱਖਦੀ ਹੈ । ਨਜ਼ਮ ਦਾ ਨਾਂ ਹੈ 'ਬਾਗ਼ੀ` । ਇਸ ਦੇ ਮੁਢਲੇ ਬੋਲ ਇਉਂ ਹਨ :

ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ ।
ਮੈਂ ਇੱਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ ।
ਮੈਂ ਦੁਨੀਆ ਦੀ ਹਰ ਇੱਕ ਬਗ਼ਾਵਤ ਦਾ ਬਾਨੀ
ਮੈਂ ਹਰਕਤ, ਮੈਂ ਸਤਾ, ਮੈਂ ਚੇਤਨ ਜਵਾਨੀ ।

ਇੱਕ ਗਹਿਰਾ ਦਾਰਸ਼ਨਿਕ ਭਾਵ-ਬੋਧ, ਇੱਕ ਪ੍ਰਚੰਡ ਭਾਵਨਾਗਤ ਅਹਿਸਾਸ, ਇੱਕ ਵੇਗਮਈ ਸੰਗੀਤਕ ਲੈਅ, ਇੱਕ ਨਿਰੰਤਰ ਭਾਵ-ਪ੍ਰਬੰਧ ਦਾ ਕ੍ਰਮਿਕ ਵਿਕਾਸ, ਇੱਕ ਕਦੀਮੀ ਮਾਨਵੀ ਇੱਛਾ ਇਸ ਨਜ਼ਮ ਦਾ ਹਾਸਲ ਹੈ ਜੋ ਬਾਵਾ ਬਲਵੰਤ ਦੀ ਕਵਿਤਾ ਦਾ ਹੀ ਨਹੀਂ, ਆਧੁਨਿਕ ਪੰਜਾਬੀ ਕਵਿਤਾ ਦਾ ਵੱਡਾ ਹਾਸਲ ਹੋ ਨਿਬੜੀ । ਬੰਦਰਗਾਹ, ਸੁਗੰਧ-ਸਮੀਰ ਉਸ ਦੇ ਹੋਰ ਕਾਵਿ ਸੰਗ੍ਰਹਿ ਹਨ ।
ਸਮਾਜਵਾਦ, ਫੇਰ ਪਾਰੋ ਨੇ ਕਿਹਾ, ਸਾਗ ਵਾਲੀ, ਊਠਾਂ ਵਾਲੇ, ਜਹਾਜ਼ਰਾਨ, ਸਾਹਿਤਕਾਰ, ਬੰਦਰਗਾਹ, ਊਸ਼ਾ, ਮੁਹਬੱਤ ਆਦਿ ਉਸ ਦੀਆਂ ਚਰਚਿਤ ਨਜ਼ਮਾਂ ਹਨ । ਮਿਸਾਲ ਵਜੋਂ :

-ਖ਼ੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਣ ਦੇ ਲਈ-
ਇੱਕ ਨਵੀਂ ਉਗਦੀ ਹੋਈ ਆਸਾਂ ਦੀ ਕੋਮਲ ਵੇਲ ਨੂੰ
ਜ਼ੁਲਮ ਦੇ ਪੈਰਾਂ 'ਚ ਰੋਲਣ ਤੇ ਦਬਾਵਣ ਦੇ ਲਈ-
ਖ਼ੂਬ ਹੋਈਆਂ ਕੋਸ਼ਿਸ਼ਾਂ ਮੈਨੂੰ ਮਿਟਾਵਣ ਦੇ ਲਈ-
(ਸਮਾਜਵਾਦ)

ਖੇਤ ਤੇਰੇ ਹੋਣ ਵਾਲੇ ਨੇ ਅਧੀਨ,
ਦੇਸ਼ ਤੇਰਾ ਹੋਣ ਵਾਲਾ ਏ ਗ਼ੁਲਾਮ,
ਜਾਗ ਜੀਵਨ ਦੀ ਕਲਾ ਦੇ ਇੰਤਕਾਮ ।
ਕਰ ਲਿਆ ਤੂੰ ਆਤਮਾ ਦੀ ਗੋਦ ਵਿੱਚ ਕਾਫੀ ਆਰਾਮ,
ਖੂਨ ਦੀ ਹਰਕਤ 'ਚ ਕਿਧਰੇ ਬੈਠ ਨਾ ਜਾਏ ਹਰਾਮ ।
ਔਣ ਵਾਲੀ ਏ ਤੇਰੇ ਪਰਬਤ ਤੇ ਸ਼ਾਮ... ।
(ਫੇਰ ਪਾਰੋ ਨੇ ਕਿਹਾ)

ਬਾਵਾ ਬਲਵੰਤ ਨੇ ਕਾਵਿ-ਸਿਰਜਣਾ ਤੋਂ ਇਲਾਵਾ ਵਾਰਤਕ ਵਿੱਚ ਵੀ ਮਹੱਤਵਪੂਰਨ ਰਚਨਾ ਕੀਤੀ ਹੈ । ਕਿਸ-ਕਿਸ ਤਰ੍ਹਾਂ ਦੇ ਨਾਚ ਵਾਰਤਕ ਦੀ ਪਹਿਲੀ ਪੁਸਤਕ ਸੀ ।
ਬਾਵਾ ਬਲਵੰਤ ਦੀ ਚੋਣਵੀਂ ਗੱਦ-ਰਚਨਾ ਨੂੰ ਗੁਰਮੁਖ ਸਿੰਘ ਨੇ ਪੰਜ ਭਾਗਾਂ ਵਿਚ ਵੰਡਿਆ ਹੈ । ਰਾਗ ਤੇ ਰੰਗ ਦਾ ਨੂਰ ਤੇ ਹੋਰ ਲੇਖ ਬਾਵਾ ਬਲਵੰਤ ਦੇ ਲੇਖਾਂ ਦੇ ਸੰਗ੍ਰਹਿ ਹਨ ਜਿਨ੍ਹਾਂ ਨੂੰ ਗੁਰਮੁਖ ਸਿੰਘ ਨੇ ਸੰਪਾਦਿਤ ਕੀਤਾ ਹੈ ।
ਬਾਵਾ ਬਲਵੰਤ ਦੀ ਕਾਵਿ ਸੋਝੀ ਤ੍ਰੈ-ਕਾਲਕ ਹੈ । ਸਮਕਾਲੀ ਮਨੁੱਖੀ ਸਥਿਤੀ ਦੀ ਇਤਿਹਾਸਿਕ ਨਿਰੰਤਰਤਾ ਦੇ ਦ੍ਵੰਦਾਤਮਿਕ ਪਸਾਰਾਂ ਤੋਂ ਉਹ ਜਾਗਰੂਕ ਹੈ । ਇਹ ਤ੍ਰੈ-ਕਾਲਕ ਸੋਝੀ ਹੀ ਉਸ ਨੂੰ ਇਸ ਸਮਰੱਥ ਬਣਾਉਂਦੀ ਹੈ ਕਿ ਉਹ ਵਰਤਮਾਨ ਸਮਾਜੀ ਮਨੁੱਖੀ ਵਿਵਸਥਾ ਅਤੇ ਮਨੁੱਖੀ ਜ਼ਿੰਦਗੀ ਦੇ ਯਥਾਰਥ ਅਤੇ ਸੱਚ ਨੂੰ ਸਮਝਣ ਵੱਲ ਤੁਰਦਾ ਹੈ । ਰਾਜਸੀ ਆਰਥਿਕ ਸਥਿਤੀਆਂ ਪ੍ਰਤਿ ਸਤਰਕ ਰਹਿੰਦਾ ਹੈ ਪਰ ਨਾਲੋ-ਨਾਲ ਉਸ ਦੀ ਇਤਿਹਾਸਿਕ ਸੋਝੀ ਦਾ ਮੁੱਲਵਾਨ ਪਹਿਲੂ ਇਹ ਵੀ ਹੈ ਕਿ ਉਹ ਭੂਤ ਕਾਲ ਦੀ ਇਤਿਹਾਸਿਕ ਵਿਰਾਸਤ ਪ੍ਰਤਿ ਵੀ ਚੇਤੰਨ ਰਹਿੰਦਾ ਹੈ । ਇਸ ਤੇ ਜਾਇਜ਼ ਮਾਣ ਕਰਦਾ ਹੈ ਅਤੇ ਗ਼ਲਤ ਪਰੰਪਰਾ ਦੀ ਤਿੱਖੀ ਸੁਰ ਵਿੱਚ ਨਿੰਦਿਆ ਕਰਦਾ ਹੋਇਆ ਬਦਲਣ ਦਾ ਤਰਕ ਉਸਾਰਦਾ ਹੈ । ਭੂਤ ਅਤੇ ਵਰਤਮਾਨ ਦੀ ਇਹ ਨਿਆਰੀ ਇਤਿਹਾਸਿਕ ਸੋਝੀ ਹੀ ਉਸ ਨੂੰ ਭਵਿਖ ਮੁਖੀ ਸ਼ਾਇਰ ਬਣਾਉਂਦੀ ਹੈ । ਆਖ਼ਰ ਉਹ ਵਿਵਸਥਾ ਵਿੱਚ ਤਬਦੀਲੀ ਕਿਉਂ ਚਾਹੁੰਦਾ ਹੈ ? ਉਹ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਕਿਉਂ ਪ੍ਰਤਿਬੱਧ ਹੈ ? ਉਹ ਇਹਨਾਂ ਉਸਰੇ ਮਨੁੱਖੀ ਜੀਵਨ ਲਈ ਘਾਤਕ ਪ੍ਰਬੰਧਾਂ ਨੂੰ ਕਿਉਂ ਨੇਸੱਤ-ਨਾਬੂਦ ਕਰਨਾ ਚਾਹੁੰਦਾ ਹੈ ? ਸਿਰਫ਼ ਤੇ ਸਿਰਫ਼ ਇਸ ਲਈ ਕਿ ਅੱਜ ਨਹੀਂ ਕੱਲ੍ਹ ਮਨੁੱਖ ਆਪਣੇ ਮਾਨਵੀ ਸ੍ਰੋਤ ਨੂੰ ਹਾਸਲ ਕਰ ਸਕੇ ਅਤੇ ਆਪਣੀ ਮਾਨਵਤਾ ਦੇ ਹਮਵਾਰ ਸਮੁੱਚੀ ਸਮਾਜਿਕ, ਰਾਜਸੀ, ਆਰਥਿਕ ਪੁਨਰ-ਸਿਰਜਣਾ ਕਰਦਾ ਰਹੇ । ਬਾਵਾ ਬਲਵੰਤ ਦੀ ਇਹ ਆਸਵੰਦ, ਭਵਿਖਮੁੱਖੀ ਮਾਨਵ ਕਲਿਆਣਕਾਰੀ ਜੀਵਨ ਦ੍ਰਿਸ਼ਟੀ ਉਸ ਦੀ ਸਾਹਿਤਕਤਾ ਦਾ ਅਮਰ ਤੱਤ ਹੈ ਜਿਸ ਦੀ ਅਜੋਕੇ ਸਮਾਜ ਅਤੇ ਮਨੁੱਖ ਨੂੰ ਵੱਡੀ ਲੋੜ ਹੈ ।
ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਗਤੀਵਾਦੀ ਦੌਰ ਦਾ ਸ਼ਾਇਦ ਬਾਵਾ ਬਲਵੰਤ ਇੱਕੋ ਇੱਕ ਸ਼ਾਇਰ ਹੈ ਜਿਸਦੀ ਸਾਹਿਤਿਕ ਸੰਵੇਦਨਾ ਵਿੱਚ ਕਲਾ, ਪਿਆਰ ਤੇ ਕ੍ਰਾਂਤੀ ਇੱਕ ਭੱਖਦੇ ਅਤੇ ਜੀਵੰਤ ਸਮਤੋਲ ਵਿੱਚ ਹਾਜ਼ਰ ਹਨ । ਉਸ ਲਈ ਕਲਾ ਹੀ ਜੀਵਨ ਦੀ ਸੋਝੀ ਤੇ ਪੂਰਨਤਾ ਦਾ ਮਾਣਯੋਗ ਸਾਧਨ ਹੈ । ਪਿਆਰ ਵੀ ਮਨੁੱਖੀ ਜੀਵਨ ਦੀ ਪਵਿਤਰਤਾ ਤੇ ਉੱਚ ਇਨਸਾਨੀ ਕੀਮਤਾਂ ਦਾ ਸਾਕਾਰੀ- ਕਰਨ ਹੈ ਤੇ ਕ੍ਰਾਂਤੀ ਵੀ ਇਸੇ ਮਨੁੱਖੀ ਚਾਹਤ ਦੀ ਸੈਆਂ ਸੁਪਨਿਆਂ, ਸੈਆਂ ਮੁਸੀਬਤਾਂ ਸਮੇਤ ਮਾਨਵੀ ਲੋਚਾ । ਇਹੀ ਕਾਰਨ ਹੈ ਕਿ ਬਾਵਾ ਬਲਵੰਤ ਦੀ ਸ਼ਾਇਰੀ ਵਿੱਚ ਪਿਆਰ ਇੱਕ ਉਜਵਲ ਮਾਨਵੀ ਰਿਸ਼ਤੇ, ਪਾਕ ਮਨੁੱਖੀ ਕੀਮਤਾਂ ਅਤੇ ਉੱਦਾਤ ਭਾਵਕ ਹੁਲਾਰੇ ਦਾ ਹੀ ਰੂਪ ਹੈ । ਉਹ ਪਿਆਰ ਨੂੰ ਜ਼ਿੰਦਗੀ ਦੇ ਇਸ ਸਫ਼ਰ ਦੀ ਇੱਕ ਖ਼ੁਸ਼ਗਵਾਰ ਤੇ ਲਾਜ਼ਮੀ ਹਕੀਕਤ ਮੰਨਦਾ ਹੈ :

- ਹੇ ਮੁਹੱਬਤ ਤੇਰੀ ਛੋਹ ਤੋਂ ਹੀ ਕਦੀ
ਆਦਮੀ ਹੋਵੇਗਾ ਪੂਰਨ ਆਦਮੀ । -ਮੁਹੱਬਤ

-ਪ੍ਰੇਮ ਨੇ ਸਮਝਾਇਆ ਆ ਕੇ
ਜ਼ਿੰਦਗੀ ਦੇ ਰਾਜ਼ ਨੂੰ ।
- ਜੋ ਨਾ ਜਗਾਏ ਫੇਰ ਦਿਨ, ਦਿਲ ਦੀ ਉਹ ਆਵਾਜ਼ ਕੀ ?
ਜੇ ਨਹੀਂ ਜ਼ਿੰਦਗੀ ਲਈ, ਕਵਿਤਾ ਕਲਾ ਦਾ ਸਾਜ਼ ਕੀ ?
- ਕਵਿਤਾ

ਕਾਵਿਕ ਸਿਰਜਣਾ ਦੇ ਪ੍ਰਸੰਗ ਵਿੱਚ ਉਸ ਨੇ ਨਜ਼ਮ, ਗ਼ਜ਼ਲ, ਗੀਤ, ਸੌਨਟ ਅਤੇ ਬੋਲੀਆਂ ਦੀ ਕਾਵਿ ਰੂਪਾਕਾਰਾਂ ਵਿੱਚ ਸਿਰਜਣਾ ਕੀਤੀ ।
ਪੰਜਾਬੀ ਦੇ ਸਮਰੱਥ ਅਤੇ ਗੌਰਵਸ਼ੀਲ ਸ਼ਾਇਰ ਅਤੇ ਪ੍ਰਬੀਨ ਵਾਰਤਕ ਲੇਖਕ ਬਾਵਾ ਬਲਵੰਤ ਨੇ ਜ਼ਿੰਦਗੀ ਦੀਆਂ ਤਲਖ਼ੀਆਂ, ਤੁਰਸ਼ੀਆਂ ਅਤੇ ਪਹਾੜਾਂ ਜਿਡੀਆਂ ਮੁਸੀਬਤਾਂ ਨੂੰ ਝੱਲਦਿਆਂ ਵੀ ਵੱਡੀ ਘਾਲਣਾ ਘਾਲੀ । ਬੇਅੰਤ ਥੁੜ੍ਹਾਂ ਵਾਲੀ ਜ਼ਿੰਦਗੀ ਗੁਜ਼ਾਰਦਿਆਂ ਵੀ ਮਨੁੱਖ ਦੀ ਗੌਰਵ ਗਾਥਾ ਸਿਰਜੀ, ਉਸ ਲਈ ਸੁਚੱਜੇ ਸਮਾਜ, ਸੁਘੜ ਇਨਸਾਨ ਅਤੇ ਸੱਚੀਆਂ-ਸੁੱਚੀਆਂ ਮਾਨਵੀ ਕੀਮਤਾਂ ਦੇ ਨਵੇਂ ਦਿਸਹੱਦੇ ਖੋਲ੍ਹੇ ਹਨ । ਅਜਿਹੇ ਸਾਹਿਤਕਾਰ ਤੇ ਹਰੇਕ ਪੰਜਾਬੀ ਨੂੰ ਹੀ ਨਹੀਂ, ਹਰੇਕ ਇਨਸਾਨ ਨੂੰ ਹੱਕੀ ਮਾਣ ਰਹੇਗਾ ।

ਲੇਖਕ : ਜਸਵਿੰਦਰ ਸਿੰਘ (ਬਾਲ ਵਿਸ਼ਵਕੋਸ਼-ਭਾਸ਼ਾ, ਸਾਹਿਤ ਅਤੇ ਸੱਭਿਆਚਾਰ) ਵਿੱਚੋਂ

2. ਊਸ਼ਾ ਦੀ ਲਾਲੀ ਵਰਗਾ ਬਾਵਾ ਬਲਵੰਤ

ਭਲਵਾਨੀ ਕੱਦ-ਕਾਠ, ਗੋਰੇ ਚਿੱਟੇ ਰੰਗ ਤੇ ਘੁੰਗਰਾਲੇ ਵਾਲਾਂ ਵਾਲਾ ਬਲਵੰਤ ਕਦੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਰਹਿੰਦਾ ਸੀ। ਉਹ ਤਰਨ ਤਾਰਨ ਦੇ ਪਿੰਡ ਨੇਸ਼ਟਾ ਵਿੱਚ 21 ਅਗਸਤ 1906 ਨੂੰ ਮਾਤਾ ਗਿਆਨ ਦੇਈ ਤੇ ਹਕੀਮ ਠਾਕੁਰ ਦੀਨਾ ਨਾਥ ਦੇ ਘਰ ਪੈਦਾ ਹੋਇਆ। ਢਾਈ ਕੁ ਜਮਾਤਾਂ ਪੰਜਾਬੀ ਲੰਡੇ ਪੜ੍ਹ ਕੇ ਨਾਲ ਮੁਨੀਮੀ ਦੀ ਵਿੱਦਿਆ ਹਾਸਲ ਕੀਤੀ ਪਰ ਸਵੈਮਾਨੀ ਮਨ ਦਾ ਮਾਲਕ, ਅਮਰੇ, ਖੇਸ, ਚਾਦਰਾਂ ਅਤੇ ਰੁਮਾਲਾਂ ਉੱਤੇ ਲੱਕੜੀ ਦੇ ਠੱਪਿਆਂ ਨਾਲ ਛਾਪੇ ਲਾਉਂਦਾ ਉਹ ਆਪਣੀ ਰੋਟੀ ਦਾ ਜੁਗਾੜ ਕਰਦਾ ਸੀ। ਕੰਮ ਕਰਦੇ-ਕਰਦੇ ਉਹ ਉਰਦੂ ਦੇ ਸ਼ਿਅਰ ਗੁਣਗੁਣਾਉਂਦੇ ਰਹਿੰਦੇ। ਇਸੇ ਗੁਣਗੁਣਾਹਟ ਵਿੱਚ ਕਦੇ-ਕਦੇ ਉਹ ਕਵਿਤਾ ਵੀ ਲਿਖ ਲੈਂਦੇ। ਦੋਸਤਾਂ-ਮਿੱਤਰਾਂ ਨਾਲ ਛਿੰਝਾਂ ਮੇਲਿਆਂ ਦੀ ਰੌਣਕ ਵਧਾਉਣੀ ਤੇ ਕਵੀਸ਼ਰੀ ਸੁਣਨਾ ਉਨ੍ਹਾਂ ਦਾ ਸ਼ੌਕ ਸੀ। ਇੱਕ ਵਾਰ ਉਹ ਦੋਸਤਾਂ ਨਾਲ ਰਾਮਲੀਲਾ ਦੇਖਣ ਗਏ। ਉੱਥੇ ਔਰਤਾਂ ਲਈ ਬੈਠਣ ਦੀ ਥਾਂ ਅਰਧ ਚੱਕਰ ਵਾਲੀ ਸਟੇਜ ਦੇ ਨਾਲ ਹੀ ਸੀ। ਔਰਤਾਂ ਦੇ ਪਿੱਛੇ ਆਦਮੀ ਖੜ੍ਹੇ ਹੁੰਦੇ ਸਨ। ਉਨ੍ਹਾਂ ਖੜ੍ਹੇ ਆਦਮੀਆਂ ਵਿੱਚ ਇਹ ਮੁਸਾਫ਼ਿਰ ਵੀ ਆਪਣੇ ਹਾਣੀਆਂ ਨਾਲ ਖੜ੍ਹਾ ਸੀ।
‘‘ਓ ਬਲਵੰਤ, ਉਹ ਦੇਖ ਲੱਖਪਤੀਆਂ ਦੀ ਧੀ ਸ਼ਾਇਦ ਤੈਨੂੰ ਲੱਭਦੀ ਹੈ?’’ ਨਾਲ ਦੇ ਸਾਥੀ ਨੇ ਮੁਸਾਫ਼ਿਰ ਦੇ ਕੰਨ ਵਿੱਚ ਹੌਲੀ ਜਿਹੇ ਕਹਿੰਦਿਆਂ ਹੱਥ ਨਾਲ ਓਧਰ ਨੂੰ ਇਸ਼ਾਰਾ ਕੀਤਾ। ਬਲਵੰਤ ਨੇ ਉਸ ਕੁੜੀ ਵੱਲ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ‘‘ਵਾਹ, ਇਹ ਤਾਂ ਚੌਦ੍ਹਵੀਂ ਦਾ ਚੰਦ ਜ਼ਮੀਨ ਉੱਤੇ ਉਤਰਿਆ ਹੋਇਆ ਹੈ,’’ ਆਪ-ਮੁਹਾਰੇ ਬਲਵੰਤ ਰਾਏ ਸ਼ਰਮਾ ਦੇ ਮੂੰਹੋਂ ਨਿਕਲਿਆ। ਦੱਸਣ ਵਾਲਾ ਆਪ ਤਾਂ ਰਾਮਲੀਲਾ ਦੇਖਣ ਲੱਗ ਪਿਆ ਪਰ ਬਲਵੰਤ ਰਾਏ ਦੀ ਨਜ਼ਰ ਉਸ ਕੁੜੀ ਦੇ ਚਿਹਰੇ ਤੋਂ ਨਾ ਹਟੀ। ਉਹ ਕੁੜੀ ਬਲਵੰਤ ਦੇ ਦਿਲ ਵਿੱਚ ਵਸ ਗਈ। ਬਲਵੰਤ ਉਸੇ ਦਾ ਹੋ ਕੇ ਰਹਿ ਗਿਆ। ਇਸ ਗੱਲ ਦੀ ਹਾਮੀ ਕੁਲਬੀਰ ਸਿੰਘ ਕਾਂਗ ਆਪਣੀ ਕਿਤਾਬ ‘ਦੁੱਧ ਦੇ ਦਰਿਆ’ ਵਿੱਚ ਕੁਝ ਇਸ ਤਰ੍ਹਾਂ ਭਰਦੇ ਹਨ: ਉਨ੍ਹਾਂ ਦਿਨਾਂ ਵਿੱਚ ਕਾਂਗਰਸ ਨੇ ਵਾਲੰਟੀਅਰਾਂ ਦੀ ਟਰੇਨਿੰਗ ਲਈ ਜਲ੍ਹਿਆਂਵਾਲੇ ਬਾਗ਼ ਵਿੱਚ ਕੈਂਪ ਲਾਇਆ। ਬਲਵੰਤ ਹੁਰਾਂ ਨੇ ਉਹ ਕੈਂਪ ਅਟੈਂਡ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਟਰੇਨਿੰਗ ਨਾਲ ਕੋਈ ਮਤਲਬ ਨਹੀਂ ਸੀ। ਉਹ ਸਿਰਫ਼ ਇਸ ਕਰਕੇ ਜਾਂਦੇ ਕਿ ਦੋ ਵਾਰ ਪ੍ਰੇਮਿਕਾ ਦੇ ਘਰ ਅੱਗਿਓਂ ਲੰਘਣ ਦਾ ਸਬੱਬ ਬਣਦਾ ਸੀ ਤੇ ਦੀਦਾਰ ਹੋਣ ਦੀ ਆਸ਼ਾ ਬਣੀ ਰਹਿੰਦੀ ਸੀ।
ਕਈ ਲੋਕ ਬਲਵੰਤ ਨੂੰ ਘੁੰਗਰਾਲੇ ਵਾਲ ਹੋਣ ਕਰ ਕੇ ‘ਬਾਵਾ’ ਵੀ ਕਹਿੰਦੇ ਸਨ। ਬਾਅਦ ਵਿੱਚ ਇਹ ਦੋਵੇਂ ਨਾਂ ਇੱਕ ਹੋ ਕੇ ਬਾਵਾ ਬਲਵੰਤ ਬਣ ਗਿਆ। ਬਾਵਾ ਮੁਨਿਆਰਾਂ ਵਾਲੇ ਬਾਜ਼ਾਰ ਵਿੱਚ ਆਪਣੇ ਕੰਮ ’ਚ ਰੁੱਝੇ ਹੋਏ ਸਨ ਕਿ ਉਨ੍ਹਾਂ ਦੀ ਪ੍ਰੇਮਿਕਾ ਦਰਵਾਜ਼ੇ ’ਤੇ ਆ ਖੜ੍ਹੀ ਹੋਈ। ਬਾਵਾ ਨੂੰ ਬਾਕੀ ਦੁਨੀਆਂ ਭੁੱਲ ਗਈ। ਬਾਵਾ ਨੇ ਉਸ ਦਾ ਨਾਂ ਪਤਾ ਕਰ ਲਿਆ ਸੀ। ਕ੍ਰਿਸ਼ਨਾ ਰੁਮਾਲ ਲੈ ਕੇ ਆਈ ਸੀ ਛਪਵਾਉਣ ਲਈ। ਉਨ੍ਹਾਂ ਨੇ ਬੜੇ ਚਾਅ ਨਾਲ ਕ੍ਰਿਸ਼ਨਾ ਤੋਂ ਰੁਮਾਲ ਲੈ ਕੇ ਰੱਖ ਲਏ ਤੇ ਉਸ ਨੂੰ ਕੱਲ੍ਹ ਲੈ ਜਾਣ ਲਈ ਕਿਹਾ। ਉਨ੍ਹਾਂ ਨੇ ਸਾਰਾ ਕੰਮ ਛੱਡ ਕੇ ਪਹਿਲਾਂ ਕ੍ਰਿਸ਼ਨਾ ਦੇ ਰੁਮਾਲਾਂ ਉੱਤੇ ਬੜੀ ਰੀਝ ਨਾਲ ਛਪਾਈ ਕੀਤੀ ਤੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਹੇਜ ਕੇ ਰੱਖਿਆ ਤੇ ਕ੍ਰਿਸ਼ਨਾ ਦੀ ਉਡੀਕ ਹੋਣ ਲੱਗੀ। ਉਡੀਕਦਿਆਂ ਦੁਪਹਿਰਾ ਹੋ ਗਿਆ। ਜਦੋਂ ਉਹ ਆਈ ਤਾਂ ਬਾਵਾ ਬਲਵੰਤ ਨੇ ਰੁਮਾਲ ਆਪਣੇ ਦੋਵਾਂ ਹੱਥਾਂ ਉੱਤੇ ਰੱਖ ਕੇ ਇਸ ਤਰ੍ਹਾਂ ਪੇਸ਼ ਕੀਤੇ ਜਿਵੇਂ ਕਿਸੇ ਨੂੰ ਬਹੁਤ ਹੀ ਕੀਮਤੀ ਤੇ ਪਵਿੱਤਰ ਚੀਜ਼ ਪੇਸ਼ ਕੀਤੀ ਜਾਂਦੀ ਹੈ। ‘‘ਕਿੰਨੇ ਪੈਸੇ ਇਨ੍ਹਾਂ ਦੇ?’’ ਕ੍ਰਿਸ਼ਨਾ ਦੇ ਬੁੱਲ੍ਹ ਫਰਕੇ।
‘‘ਕੋਈ ਪੈਸਾ ਨਹੀਂ,’’ ਬਾਵਾ ਨੇ ਸਹਿਜ ਨਾਲ ਕਿਹਾ।
‘‘ਨਹੀਂ ਮੈਂ ਇਨ੍ਹਾਂ ਦੇ ਪੈਸੇ ਜ਼ਰੂਰ ਦੇਣੇ ਹਨ,’’ ਕ੍ਰਿਸ਼ਨਾ ਦੇ ਲਹਿਜ਼ੇ ਵਿੱਚ ਜ਼ਿੱਦ ਸੀ। ਉਸ ਨੇ ਪੈਸੇ ਵਾਲਾ ਹੱਥ ਮੁੱਠ ਖੋਲ੍ਹ ਕੇ ਬਾਵਾ ਬਲਵੰਤ ਦੇ ਅੱਗੇ ਕਰ ਦਿੱਤਾ। ਉਨ੍ਹਾਂ ਨੇ ਦੇਖਿਆ ਕਿ ਕ੍ਰਿਸ਼ਨਾ ਦੇ ਹੱਥ ਨੂੰ ਪਸੀਨਾ ਆਇਆ ਹੋਇਆ ਸੀ ਤੇ ਪਸੀਨੇ ਨਾਲ ਪੈਸਾ ਭਿੱਜਾ ਹੋਇਆ ਸੀ।
‘‘ਦੇਖੋ ਇਹ ਪੈਸਾ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦਾ, ਇਸ ਕਰ ਕੇ ਰੋ ਰਿਹਾ ਹੈ।’’ ਪਰ ਕ੍ਰਿਸ਼ਨਾ ਨੇ ਕੋਈ ਜੁਆਬ ਨਾ ਦਿੱਤਾ, ਖੁੱਲ੍ਹਾ ਹੱਥ ਅਜੇ ਵੀ ਉਨ੍ਹਾਂ ਦੇ ਅੱਗੇ ਉਸੇ ਤਰ੍ਹਾਂ ਸੀ। ਬਹੁਤ ਚਿਰ ਜਦੋਂ ਹੱਥ ਪਿੱਛੇ ਨਾ ਹਟਿਆ ਤਾਂ ਬਾਵਾ ਬਲਵੰਤ ਨੇ ਪੈਸਾ ਚੁੱਕ ਲਿਆ ਤੇ ਇੱਕ ਕੱਪੜੇ ਵਿੱਚ ਬੰਨ੍ਹ ਕੇ ਕ੍ਰਿਸ਼ਨਾ ਦੀ ਯਾਦ ਵਜੋਂ ਆਪਣੀ ਸੰਦੂਕੜੀ ਵਿੱਚ ਰੱਖ ਲਿਆ। ਉਹ ਪੈਸਾ ਸਾਰੀ ਉਮਰ ਉੱਥੇ ਹੀ ਪਿਆ ਰਿਹਾ। ਜਦੋਂ ਤਕ ਬਾਵਾ ਬਲਵੰਤ ਅੰਮ੍ਰਿਤਸਰ ਰਹੇ।

ਬਾਵਾ ਦੇ ਦੋਸਤਾਂ ਵਿੱਚ ਪ੍ਰਿੰ. ਸੁਜਾਨ ਸਿੰਘ, ਈਸ਼ਵਰ ਚਿੱਤਰਕਾਰ, ਡਾ. ਹਰਭਜਨ ਸਿੱਘ, ਚਿੱਤਰਕਾਰ ਅਬਦੁਰ ਰਹਿਮਾਨ ਚੁਗਤਾਈ ਤੇ ਅਮਰ ਸਿੰਘ ਆਦਿ ਸ਼ਾਮਲ ਸਨ। ਬਾਵਾ ਨੇ ਜੋ ਰਚਨਾ ਕੀਤੀ ਉਹ ਸਮੇਂ ਤੋਂ ਕਾਫ਼ੀ ਅੱਗੇ ਸੀ। ਇਸ ਗੱਲ ਦਾ ਜ਼ਿਕਰ ਪ੍ਰਿੰ. ਸੁਜਾਨ ਸਿੰਘ ਨੇ ਬਾਵਾ ਦੀ ਕਿਤਾਬ ‘ਬੰਦਰਗਾਹ’ ਦੀ ਭੂਮਿਕਾ ਵਿੱਚ ਖ਼ਾਸ ਤੌਰ ’ਤੇ ਕੀਤਾ ਹੈ। ਇਸੇ ਗੱਲ ਦਾ ਜ਼ਿਕਰ ਅਮਰ ਸਿੰਘ ਨੇ ‘ਮੁਕੱਦਮਾ’ ਸਿਰਲੇਖ ਹੇਠ ਕੀਤਾ ਹੈ।
ਬਾਵਾ ਬਲਵੰਤ ਦੇ ਦਿਲ ਵਿੱਚ ਕ੍ਰਿਸ਼ਨਾ ਦੇ ਪਿਆਰ ਦਾ ਦਰਦ ਕੋਸਾ-ਕੋਸਾ ਕਾਇਮ ਸੀ। ਇੱਕ ਤਾਂ ਕ੍ਰਿਸ਼ਨਾ ਲੱਖਪਤੀਆਂ ਦੀ ਧੀ ਸੀ ਤੇ ਦੂਜਾ ਪ੍ਰੇਮ ਦਾ ਮਘਦਾ ਕੋਲਾ ਬਾਵਾ ਦੇ ਦਿਲ ਵਿੱਚ ਹੀ ਸੀ। ਇੱਕ ਵਾਰ ਬਾਵਾ ਦੁਕਾਨ ’ਤੇ ਬੈਠੇ ਕੰਮ ਕਰ ਰਹੇ ਸਨ, ਕਿਸੇ ਨੇ ਆ ਕੇ ਦੱਸਿਆ, ‘‘ਕ੍ਰਿਸ਼ਨਾ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਫਲਾਣੇ ਰਸਤੇ ਘਰ ਨੂੰ ਜਾ ਰਹੀ ਹੈ।’’ ਇਹ ਸੁਣਦਿਆਂ ਹੀ ਬਾਵਾ ਜੀ ਨੰਗੇ ਪੈਰੀਂ ਧੁੱਪ ਵਿੱਚ ਘੰਟਾ ਘਰ ਜਾ ਪਹੁੰਚੇ, ਦੀਦਾਰ ਕੀਤੇ। ਕ੍ਰਿਸ਼ਨਾ ਨੇ ਓਪਰਿਆਂ ਵਾਂਗੂ ਦੇਖਿਆ ਤੇ ਅੱਗੇ ਨਿਕਲ ਗਈ। ਬਾਵਾ ਵਿੱਚੋ-ਵਿੱਚ ਹੁੰਦੇ ਹੋਏ ਅਗਲੇ ਮੋੜ ’ਤੇ ਜਾ ਪਹੁੰਚੇ ਤੇ ਦੀਦਾਰ ਕੀਤੇ। ਕ੍ਰਿਸ਼ਨਾ ਨੇ ਫਿਰ ਕੋਈ ਹੁੰਗਾਰਾ ਨਾ ਭਰਿਆ ਤੇ ਅੱਗੇ ਲੰਘ ਗਈ। ਬਾਵਾ ਬਲਵੰਤ ਤੀਜੇ ਚੌਕ ਵਿੱਚ ਜਾ ਖੜ੍ਹੇ ਹੋਏ। ਕ੍ਰਿਸ਼ਨਾ ਨੇ ਉਲ੍ਹਾਮੇ ਦੀ ਨਜ਼ਰ ਨਾਲ ਦੇਖਿਆ ਜਿਵੇਂ ਕਹਿ ਰਹੀ ਹੋਵੇ, ਹੁਣ ਤਾਂ ਹੱਦ ਹੋ ਗਈ, ਬੜਾ ਢੀਠ ਹੈਂ, ਮੁੜ ਜਾ ਏਥੋਂ। ਬਾਵਾ ਜੀ ਨੇ ਨਿਰਾਸ਼ਾ ਵਿੱਚ ਉੱਥੋਂ ਵਾਪਸੀ ਕਰ ਲਈ ਪਰ ਇਸ ਨਿਰਾਸ਼ਾ ਦੇ ਅਹਿਸਾਸ ਨੇ ਬੰਦਰਗਾਹ ਨੂੰ ਜਨਮ ਦਿੱਤਾ ਜੋ ਉਨ੍ਹਾਂ ਦੀ ਸਭ ਤੋਂ ਵਧੀਆ ਰਚਨਾ ਸਾਬਤ ਹੋਈ।

ਜਹਾਜ਼ ਵਾਲੇ! ਸਦਾ ਜੈ ਤੇਰੇ ਨਿਸ਼ਾਨਾਂ ਦੀ,
ਜਹਾਜ਼ ਵਾਲੇ! ਸਦਾ ਜੈ ਤੇਰੇ ਬਾਦਬਾਨਾਂ ਦੀ।
ਤੂੰ ਆਪਣੇ ਮੌਨ ਸਿਪਾਹੀਆਂ ਦੇ ਦਿਲਾਂ ’ਚ ਦਰਦ ਜਗਾ,
ਕਹਿ ਦੇ ਕਹਿ ਦੇ ਸੁਪਨਕਾਰ ਤੂੰ ਹੈ ਸਭ ਤੋਂ ਜੁਦਾ।

ਬਾਵਾ ਬਲਵੰਤ ਨੇ ਕ੍ਰਿਸ਼ਨਾ ਦੀ ਯਾਦ ਨਾਲ ਹੀ ਵਿਆਹ ਕਰਵਾ ਲਿਆ ਤੇ ਉਸ ਦੀ ਯਾਦ ਵਿੱਚ ਹੀ ਲਿਖਦੇ ਰਹੇ। ਬੇਸ਼ੱਕ ਕ੍ਰਿਸ਼ਨਾ ਉਨ੍ਹਾਂ ਨੂੰ ਫਿਰ ਕਦੇ ਨਹੀਂ ਮਿਲੀ।
ਮਨ ਦੀ ਮਲਿਕਾ ਕਨੀਜ਼ ਨਈ ਰਹਿੰਦੀ, ਜਾਨ ਦਿਲ ਤੋਂ ਅਜ਼ੀਜ਼ ਨਈ ਰਹਿੰਦੀ।
ਤੂੰ ਤੁਸੀਂ ਓ ਸੋਹਣਿਓਂ ਪਿਆਰ ਵਿੱਚ ਇਹ ਤਮੀਜ਼ ਨਈ ਰਹਿੰਦੀ।

ਬਾਵਾ ਬਲਵੰਤ ਨੂੰ ਪਤਾ ਲੱਗਾ ਕਿ ਕ੍ਰਿਸ਼ਨਾ ਸ਼ਾਇਦ ਵਿਆਹ ਹੋ ਕੇ ਦਿੱਲੀ ਚਲੀ ਗਈ ਹੈ। ਬਾਵਾ ਨੇ ਵੀ ਅੰਮ੍ਰਿਤਸਰ ਛੱਡਿਆ ਤੇ ਦਿੱਲੀ ਆ ਡੇਰਾ ਲਾਇਆ। ਫਿਰ ਛੇਕ ਹੋਏ ਜੁੱਤੀਆਂ ਦੇ ਤਲਿਆਂ ਨਾਲ ਦਿੱਲੀ ਦੀਆਂ ਸੜਦੀਆਂ ਸੜਕਾਂ ਨਾਪੀਆਂ। ਬੇਸ਼ੱਕ ਦਿੱਲੀ ਵੀ ਕਾਫ਼ੀ ਦੋਸਤ ਬਣ ਗਏ ਸਨ ਪਰ ਉਨ੍ਹਾਂ ਦੇ ਰਹਿਣ ਦਾ ਟਿਕਾਣਾ ਸਾਰਿਆਂ ਨੂੰ ਨਹੀਂ ਸੀ ਪਤਾ। ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਵੀ ਕੋਈ ਪੱਕਾ ਟਿਕਾਣਾ ਨਹੀਂ ਸੀ। ਕਿਤੇ ਕਵਿਤਾ ਛਪੀ ਤੋਂ ਦੋ ਪੈਸੇ ਮਿਲ ਗਏ ਤਾਂ ਠੀਕ ਹੈ, ਦੋ-ਚਾਰ ਦਿਨ ਸੌਖੇ ਲੰਘ ਗਏ, ਨਾ ਮਿਲੇ ਤਾਂ ਵੀ ਅੱਲਾ ਬੇਲੀ। ਕਿਸੇ ਨੂੰ ਕਹਿਣਾ ਕੁਝ ਨਹੀਂ। ਯਾਰਾਂ ਦੋਸਤਾਂ ਨੇ ਆਪਣੇ ਵਸੀਲੇ ਨਾਲ ਪੈਨਸ਼ਨ ਲੁਆਈ ਸੀ ਪਰ ਉਸ ਨਾਲ ਵੀ ਗੁਜ਼ਾਰਾ ਮੁਸ਼ਕਿਲ ਹੀ ਹੁੰਦਾ ਸੀ।

ਪਹਿਲਾਂ ਪਹਿਲ ਜਦੋਂ ਉਹ ਦਿੱਲੀ ਆਏ ਤਾਂ ਅਮਰ ਸਿੰਘ ਕੇਸਰੀ ਹੋਟਲ ਵਿੱਚ ਰਹਿੰਦਾ ਸੀ। ਉਸ ਕੋਲ ਵੀ ਇੱਕ ਹੀ ਮੰਜਾ ਸੀ। ਬਾਵਾ ਬਲਵੰਤ ਨੇ ਉੱਥੇ ਹੀ ਫ਼ਰਸ਼ ਉੱਤੇ ਚਾਦਰ ਵਿਛਾ ਲਈ। ਉੱਥੇ ਰੋਟੀ ਦੀ ਵੀ ਸਮੱਸਿਆ ਸੀ। ਇਸ ਕਰਕੇ ਉੱਥੋਂ ਡੇਰਾ ਚੁੱਕਿਆ ਤੇ ਇੱਕ ਪ੍ਰਕਾਸ਼ਕ ਰਘਵੀਰ ਸਿੰਘ ਦੇ ਗੁਦਾਮ ਵਿੱਚ ਇੱਕ ਮੰਜੀ ਦੀ ਥਾਂ ਮਿਲ ਗਈ। ਇੱਕ ਮੰਜੀ-ਬਿਸਤਰਾ, ਇੱਕ ਟਰੰਕ, ਇੱਕ ਸੁਰਾਹੀ ਅਤੇ ਇੱਕ ਸੰਦੂਕੜੀ ਉਨ੍ਹਾਂ ਦੀ ਸਾਰੀ ਜਾਇਦਾਦ ਸੀ। ਉੱਥੇ ਵੀ ਥੋੜ੍ਹਾ ਚਿਰ ਹੀ ਨਿਕਲਿਆ ਤਾਂ ਰੇਡੀਓ ਦੇ ਇੱਕ ਕੰਟਰੈਕਟ ਨੇ ਉੱਥੋਂ ਵੀ ਡੇਰਾ ਚੁਕਵਾ ਦਿੱਤਾ। ਹੋਈ ਇਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਕਿਸੇ ਕੰਟਰੈਕਟ ਕਰ ਕੇ ਬਾਵਾ ਬਲਵੰਤ ਦੀ ਰੇਡੀਓ ਸਟੇਸ਼ਨ ਵਾਲਿਆਂ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਅੱਗੋਂ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਣਗੇ। ਇਸ ਗੱਲ ਨੂੰ ਕਈ ਸਾਲ ਨਿਕਲ ਗਏ।
ਬਾਵਾ ਦੀ ਪੈਸੇ ਵੱਲੋਂ ਹਾਲਤ ਢਿੱਲੀ ਹੀ ਸੀ ਤੇ ਰੇਡੀਓ ਸਟੇਸ਼ਨ ’ਤੇ ਅਨਾਊਂਸਰ ਅੰਮ੍ਰਿਤਾ ਪ੍ਰੀਤਮ ਸੀ। ਉਸ ਨੇ ਸੋਚਿਆ ਬਾਵਾ ਬਲਵੰਤ ਦੋ-ਚਾਰ ਕਵਿਤਾਵਾਂ ਪੜ੍ਹ ਜਾਣਗੇ ਤਾਂ ਉਨ੍ਹਾਂ ਦੀ ਕੁਝ ਮਦਦ ਹੋ ਜਾਏਗੀ। ਉਸ ਨੇ ਪਹਿਲਾਂ ਤਾਂ ਕਿਸੇ ਦੇ ਹੱਥ ਫਾਰਮ ਸਾਈਨ ਕਰਨ ਲਈ ਭੇਜਿਆ, ਬਾਵਾ ਨੇ ਮੋੜ ਦਿੱਤਾ। ਫਿਰ ਉਹ ਆਪ ਆਈ ਤਾਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਾ ਆਪ ਆ ਰਹੀ ਹੈ ਤਾਂ ਉਹ ਪਿਛਲੇ ਬੂਹਿਓਂ ਖਿਸਕ ਗਏ। ਇਸ ਤਰ੍ਹਾਂ ਉਹ ਟਿਕਾਣਾ ਵੀ ਖੁੱਸ ਗਿਆ।

ਬਾਵਾ ਬਲਵੰਤ ਦਾ ਅਗਲਾ ਤੇ ਆਖ਼ਰੀ ਟਿਕਾਣਾ ਬਣਿਆ ਪ੍ਰੇਮਿਕਾ ਦੇ ਨਾਮ ਵਾਲੇ ਕ੍ਰਿਸ਼ਨ ਨਗਰ ਦੀ ਇੱਕ ਘਰ ਦੀ ਮਿਆਨੀ ਜਿਸ ਵਿੱਚ ਆਮ ਕੱਦ ਦਾ ਆਦਮੀ ਵੀ ਸਿੱਧਾ ਨਹੀਂ ਸੀ ਖੜ੍ਹਾ ਹੋ ਸਕਦਾ। ਇੱਕੋ ਮੰਜੀ ਉਸ ਵਿੱਚ ਬੜੇ ਯਤਨ ਨਾਲ ਡਾਹੀ ਗਈ ਸੀ। ਟਰੰਕ, ਸੰਦੂਕੜੀ ਵਗੈਰਾ ਮੰਜੀ ਦੇ ਹੇਠਾਂ ਰੱਖੇ ਸਨ। ਜਦੋਂ ਲਿਖਣ ਦਾ ਵੇਲਾ ਆਉਂਦਾ ਤਾਂ ਸੰਦੂਕੜੀ ਮੰਜੇ ਦੇ ਉੱਤੇ ਰੱਖ ਲਈ ਜਾਂਦੀ। ਇਸ ਮਿਆਨੀ ਦੇ ਮਾਲਕ ਬਹੁਤ ਭਲੇ ਸਨ। ਉਹ ਬਾਵਾ ਬਲਵੰਤ ਨੂੰ ਆਪਣੇ ਬਜ਼ੁਰਗਾਂ ਵਾਂਗੂ ਮੰਨਦੇ, ਇੱਜ਼ਤ ਤੇ ਸੇਵਾ ਕਰਦੇ ਸਨ। ਇਹ ਮਿਆਨੀ ਉਨ੍ਹਾਂ ਦਾ ਆਖਰੀ ਰੈਣ-ਬਸੇਰਾ ਬਣੀ। ਉਨ੍ਹਾਂ ਦੀ ਇੱਕ ਬੜੀ ਪਿਆਰੀ ਰਚਨਾ ਯਾਦ ਆ ਗਈ:

ਊਸ਼ਾ ਦੀ ਲਾਲੀ ਦਾ ਹੋਇਆ ਹੈ ਉੱਚਾ ਸਿਰ ਏਨਾ
ਕਿ ਸਿਰ ਝੁਕਾ ਕੇ ਪਏ ਤਾਜ਼ਦਾਰ ਲੰਘਦੇ ਨੇ।
ਊਂਘਦੀ ਪਰਲੋ ਨੂੰ ਨਾ ਕਿਤੇ ਜਾਗ ਆ ਜਾਏ
ਇਹ ਪੈਰ ਛੋਪਲੇ ਤੇਰਾ ਬਾਜ਼ਾਰ ਲੰਘਦੇ ਨੇ।

ਲੇਖਕ : ਭੁਪਿੰਦਰ ਉਸਤਾਦ

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬਲਵੰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ