Jivan Pandh : Giani Gurmukh Singh Musafir

ਜੀਵਨ ਪੰਧ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ


ਕਿਥੋਂ ਤੁਰਿਆ ? ਕਦ ਦਾ ਤੁਰਿਆ ? ਪੁਜਣਾ ਕਦੋਂ ਟਿਕਾਣੇ ? ਕਦ ਤਕ ਤੁਰਨਾ ? ਕਿਥੇ ਜਾਣਾ ? ਸੋਚੀਂ ਪਏ ਸਿਆਣੇ। ਜਾਣਨ ਦੀ ਚਿੰਤਾ ਵਿਚ ਕਰ ਰਹੇ, ‘ਜੀਵਨ ਪੰਧ’ ਨੂੰ ਰੁਖਾ; ਪਾਂਧੀ ਦਾ ਕੰਮ ਤੁਰਨਾ, ਅਗੋਂ ਤੋਰਨ ਵਾਲਾ ਜਾਣੇ।

ਬਸੰਤ

ਰੁੱਤ ਬਸੰਤ ਨਵਾਂ ਰਸ ਪਾਇਆ, ਹਰ ਬੂਟੇ ਹਰ ਡਾਲੀ । ਹਰ ਸ਼ੈ ਦੇ ਵਿੱਚ ਜੋਬਨ ਖੇੜਾ, ਹਰ ਸ਼ੈ ਦੇ ਵਿਚ ਲਾਲੀ । ਕਲੀਆਂ ਹਸੀਆਂ, ਗ਼ੁੰਚੇ ਮਹਿਕੇ, ਮੌਲੇ ਜੰਗਲ ਬੇਲੇ; ਪਰ ਸੁੱਕੇ ਉਹ ਰਹੇ ਅਭਾਗੇ, ਜੜ੍ਹ ਨ ਜਿਨ੍ਹਾਂ ਸੰਭਾਲੀ ।

ਮੇਰਾ ਦੇਸ

ਚੌੜਾ, ਸਾਦਾ, ਬੀਰਾਂ ਵਾਲਾ, ਗੁਰੂਆਂ ਵਾਲਾ, ਪੀਰਾਂ ਵਾਲਾ, ਆਸ਼ਕ ਮਸਤ ਫ਼ਕੀਰਾਂ ਵਾਲਾ, ਰਾਂਝਿਆਂ ਵਾਲਾ, ਹੀਰਾਂ ਵਾਲਾ, ਨਦੀਆਂ, ਸੋਹਣਿਆਂ ਨੀਰਾਂ ਵਾਲਾ, ਜੱਨਤ ਜਹੇ ਕਸ਼ਮੀਰਾਂ ਵਾਲਾ, ਵਿੱਚ ਵਲੈਤੀਂ ਧੁਮੀਆਂ ਪਈਆਂ, ਗੱਲਾਂ, ਮੇਰੇ ਦੇਸ ਦੀਆਂ। ਭਰ-ਜੋਬਨ ਮੁਟਿਆਰਾਂ ਕੁੜੀਆਂ, ਸ਼ਰਮ ਹਯਾ ਦੀਆਂ ਬੱਝੀਆਂ ਪੁੜੀਆਂ, ਜੀਵੇ ਮਾਹੀਆ ਮੈਂ ਮਰ ਜਾਵਾਂ, ਸੋਹਣੀਆਂ ਸੋਹਣੀਆਂ ਤਰਨ ਝਨਾਵਾਂ, ਕੁੰਢੀਆਂ ਬੂਰੀਆਂ, ਲਾਖੀਆਂ ਗਾਵਾਂ, ਜੰਗਲ ਬੇਲੇ ਘਣੀਆਂ ਛਾਵਾਂ, ਬਾਗ਼ਾਂ ਨੂੰ ਪਿੱਛੇ ਸੁਟ ਗਈਆਂ, ਝੱਲਾਂ, ਮੇਰੇ ਦੇਸ ਦੀਆਂ। ਕਣਕਾਂ, ਛੋਲੇ, ਮੁੰਜੀਆਂ ਝੋਨਾ, ਖਾਵਣ ਲੋਹਾ ਉਗਲਣ ਸੋਨਾ, ਕਾਠ-ਕਮਾਦਾਂ, ਫੁਟੀਆਂ ਛੱਲੀਆਂ, ਨਿਰੀਆਂ ਨੇ ਚਾਂਦੀ ਦੀਆਂ ਡਲੀਆਂ, ਜੱਟ ਦੇ ਮੁੜ੍ਹਕੇ ਵਿੱਚ ਤਾਸੀਰਾਂ, ਮਿੱਟੀ ਮਾਤ ਕਰੇ ਅਕਸੀਰਾਂ, ਲਾ ਦੇਵਣ ਰਿਜ਼ਕੇ ਦੀਆਂ ਥਹੀਆਂ, ਹੱਲਾਂ, ਮੇਰੇ ਦੇਸ ਦੀਆਂ। ਆਖਣ ਦੀ ਢਿਲ ਸ਼ੇਰਾ ਬਲ੍ਹਿਆ, ਜ਼ੋਰ ਨਾ ਜਾਵੇ ਬਸ ਫਿਰ ਝਲਿਆ, ਜੀਂਵਦਿਆਂ ਤਾਂ ਜਾਨਾਂ ਲਾਵਣ, ਮੁਰਦੇ ਵੀ ਬੇ-ਅਰਥ ਨ ਜਾਵਣ, ਛਾਤੀ ਤੇ ਲਟਕਾਵਣ ਹੱਡੀਆਂ, ਪੈਰਸ ਤੇ ਲੰਡਨ ਦੀਆਂ ਨੱਢੀਆਂ, ਗੋਰੀਆਂ ਦੇ ਗਿੱਟੇ ਢਕ ਰਹੀਆਂ, ਖੱਲਾਂ, ਮੇਰੇ ਦੇਸ਼ ਦੀਆਂ ।

ਪੰਜਾਬ

ਜੰਮੇ, ਪਲੇ, ਖੇਡੇ ਏਸੇ ਧਰਤ ਉੱਤੇ, ਡਾਢੀ ਏਸ ਦੀ ਖਿੱਚ ਪਿਆਰ ਦੀ ਏ । ਛਿੜੀ ਤਾਂਘ ਦੀ ਸਦਾ ਝਰਨਾਟ ਰਹਿੰਦੀ, ਐਸੀ ਵੱਜੇ ਕੋਈ ਤਾਰ ਬੇ-ਤਾਰ ਦੀ ਏ । ਮਾਝਾ, ਮਾਲਵਾ, ਮੈਣ-ਦੁਆਬ ਲੰਮਾ, ਸੁੰਦਰ ਧਰਤ ਦਿਸ ਆਉਂਦੀ ਬਾਰ ਦੀ ਏ । ਸਤਿਲੁਜ, ਬਿਆਸ, ਰਾਵੀ ਤੇ ਝਨਾਂ ਸੁਹਣੇ, ਹੁੰਦੀ ਸਿਫ਼ਤ ਨਾ ਜਿਹਲਮੋਂ ਪਾਰ ਦੀ ਏ । ਪਾਸੇ ਉੱਤਰ ਦੇ ਉੱਤਰੇ ਕੋਈ ਜਾ ਕੇ, ਸੁੱਕੇ ਸੜੇ ਦੀ ਜਾਨ ਵੀ ਹਰੀ ਹੋਵੇ । ਪਾਣੀ ਪੌਣ ਕਸ਼ਮੀਰ ਅਕਸੀਰ ਜਾਣੋ, 'ਮਰੀ' ਗਿਆਂ ਬਚ ਜਾਏ ਜੋ ਮਰੀ ਹੋਵੇ । ਵੇਖੇ ਪਿੰਡਾਂ ਦਾ ਕੋਈ ਪ੍ਰਭਾਤ ਵੇਲਾ, ਵਿਚ ਚਾਟੀਆਂ ਵੱਜਣ ਮਧਾਣੀਆਂ ਜਾਂ । ਲੱਸੀ, ਮੱਖਣ, ਪਰਾਂਉਠੇ, ਛਾਹ ਵੇਲਾ, ਤੁਰਨ ਪੈਲੀਆਂ ਵਲ ਸੁਆਣੀਆਂ ਜਾਂ । ਨਹਿਰਾਂ ਪੈਂਦੀਆਂ, ਲੱਗੀਆਂ ਖ਼ੂਬ ਲਹਿਰਾਂ, ਦਿਸਣ ਖੇਤੀਆਂ ਸੁੰਦਰ ਸੁਹਾਣੀਆਂ ਜਾਂ । ਦਿੱਸੀ ਮੌਜ ਨਾ ਸਾਡਿਆਂ ਪਿੰਡਾਂ ਵਰਗੀ, ਅਸਾਂ ਸਾਰੀਆਂ ਗਲੀਆਂ ਛਾਣੀਆਂ ਜਾਂ । ਦਹੀਂ ਦੁੱਧ ਦੇ ਵਹਿਣ ਦਰਿਆ ਏਥੇ, ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ । ਪਈ ਧਾਂਕ ਪੰਜਾਬੀਆਂ ਜੋਧਿਆਂ ਦੀ, ਯੂਰਪ ਜੰਗ ਅੰਦਰ ਤੇਗ਼ਾਂ ਮਾਰੀਆਂ ਨੇ । ਸੋਹਣੀ ਏਸ ਪੰਜਾਬ ਦੀ ਧਰਤ ਉੱਤੇ, ਨਾਨਕ ਜਹੇ ਹੋਏ ਪੂਰੇ ਪੀਰ ਵੀ ਹਨ । ਚਿਸ਼ਤੀ , ਸ਼ਾਹ ਹੁਸੈਨ, ਗੁਰਦਾਸ, ਛੱਜੂ, ਕਾਹਨੇ ਭਗਤ ਜਿਹੇ ਹੋਏ ਫ਼ਕੀਰ ਵੀ ਹਨ । ਤੀਰਥ ਰਾਮ ਜੀ ਮਸਤ ਅਲਮਸਤ ਹੋਏ, ਅਰਜਨ ਗੁਰੂ ਜਹੇ ਗਹਿਰ-ਗੰਭੀਰ ਵੀ ਹਨ । ਕਲਗੀਧਰ ਤੇ ਸ਼ੇਰਿ-ਪੰਜਾਬ ਵੀ ਹਨ, ਨਲੂਏ, ਭੱਟੀ ਵਰਗੇ ਮਰਦ ਬੀਰ ਵੀ ਹਨ । ਜਲ੍ਹਣ ਜੱਟ, ਸ਼ਾਹ ਫ਼ਜ਼ਲ ਤੇ ਸ਼ਾਹ ਵਾਰਸ, ਬੁਲ੍ਹੇ ਜਿਹੇ ਹਨ ਜਾਦੂ-ਬਿਆਨ ਜਿਸ ਦੇ । ਕਿਉਂ ਨਾ ਏਸ ਪੰਜਾਬ ਤੇ ਫ਼ਖ਼ਰ ਕਰੀਏ, ਕਿੱਕਰ ਸਿੰਘ, ਗ਼ੁਲਾਮ, ਭਲਵਾਨ ਜਿਸ ਦੇ । ਰੱਬੀ ਰਹਿਮਤਾਂ ਖ਼ੂਬੀਆਂ ਹੋਣ ਕਰ ਕੇ, ਸਾਰੇ ਦੇਸ਼ ਦਾ ਕਹਿਣ ਸ਼ਿੰਗਾਰ ਇਸ ਨੂੰ । ਭਾਰਤ ਵਰਸ਼ ਦੀ ਰਾਤ ਦਿਨ ਕਰੇ ਰਾਖੀ, ਤਾਹੀਉਂ ਆਖਦੇ ਨੇ ਪਹਿਰੇਦਾਰ ਇਸ ਨੂੰ । ਰੋਜ਼ੀ ਭੇਜਦਾ ਦੇਸ਼ ਬਦੇਸ਼ ਅੰਦਰ, ਕਹਿਣਾ ਫੱਬਦਾ ਠੀਕ ਦਾਤਾਰ ਇਸ ਨੂੰ । ਚਿੱਟੀ ਦੁੱਧ ਚਾਦਰ ਲੱਗਾ ਦਾਗ਼ ਉੱਤੇ, ਤਾਂ ਜੋ ਹੋ ਨਾ ਜਾਏ ਹੰਕਾਰ ਇਸ ਨੂੰ । ਇਹਦੇ ਪੁੱਤ ਰੰਗੀਲੜੇ ਛੈਲ ਬਾਂਕੇ, ਬੋਲੀ ਆਪਣੀ ਮਨੋਂ ਭੁਲਾਈ ਜਾਂਦੇ । ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ, ਪੰਜ-ਆਬ ਦਾ ਮੋਤੀ ਰੁਲਾਈ ਜਾਂਦੇ ।

ਉੱਚਿਆਂ ਦੀ ਨਿਸ਼ਾਨੀ

ਬੈਠੇ ਇਕਾਂਤ ਜੰਗਲ ਮਨ ਨੂੰ ਹਟਕ ਕੇ ਕੋਈ, ਟਕਰੇ ਸੁਮੇਰ ਸੰਗ ਜਾ ਸਿਰ ਨੂੰ ਪਟਕ ਕੇ ਕੋਈ, ਤਪ, ਜ਼ੁਹਦ, ਤਨ ਨੂੰ ਸਾਧੇ ਕੰਦ੍ਰੀਂ ਅਟਕ ਕੇ ਕੋਈ, ਕਰੜੀ ਕਰੇ ਤਪੱਸਿਆ ਪੱਠਾ ਲਟਕ ਕੇ ਕੋਈ, ਮੰਨਿਆ ਕਿ ਤਨ ਕਿਸੇ ਨੇ ਵਿਚ ਬਰਫ਼ ਜਾ ਗਲਾਇਆ। ਉਸ ਦੇ ਪਰ ਇਸ ਕਰਮ ਤੋਂ ਜਗ ਨੂੰ ਕੀ ਨਿੱਘ ਆਇਆ ! ਉੱਚਾ ਹੋ ਜਾਏ ਬੇਸ਼ਕ ਕਰ ਕੇ ਭਜਨ ਕਮਾਈ, ਅੰਦਰ ਵਸਾ ਲਵੇ ਸਭ ਨੇਕੀ ਤੇ ਪਾਰਸਾਈ, ਪੰਡਿਤ ਹੋ ਜਾਏ ਪੜ੍ਹ ਕੇ ਦੁਨੀਆ ਦੀ ਸਭ ਪੜ੍ਹਾਈ, ਮੁਕਤੀ ਵੀ ਲੈ ਲਵੇ ਕਟ ਆਵਾਗਵਣ ਦੀ ਫਾਹੀ, ਆਪਣੇ ਹੀ ਤਕ ਜੇ ਉਸ ਨੇ ਸਭ ਖੇਡ ਨੂੰ ਮੁਕਾਇਆ; ਭਾਣੇ ਜਗਤ ਦੇ ਜਗ ਤੇ ਆਇਆ ਜਿਹਾ ਨ ਆਇਆ । ਸੂਰਜ ਤੇ ਚੰਨ ਉੱਚੇ, ਚਿਹਰੇ ਵੀ ਹਨ ਨੂਰਾਨੀ, ਚਾਨਣ ਚੁਫੇਰ ਦੇਂਦੇ ਵਿਚ ਬਸਤੀਆਂ ਵੈਰਾਨੀ, ‘ਪਾਣਾ ਤੇ ਫੇਰ ਵੰਡਣਾ’ ਉੱਚਿਆਂ ਦੀ ਇਹ ਨਿਸ਼ਾਨੀ, ਪਰਬਤ ਜ਼ਿਮੀਂ ਤੋਂ ਉੱਚੇ, ਜਲ ਭੇਜਦੇ ਮਦਾਨੀਂ, ਹੈ ਕੌਣ ਜਗ ਤੇ ਚੰਗਾ ? ਪਾਇਆ ਤੇ ਜਿਸ ਲੁਕਾਇਆ ? ਯਾ ਆਪ ਵਰਤ ਜਿਸ ਨੇ ਹੋਰਾਂ ਦੇ ਵਿਚ ਵੰਡਾਇਆ ?

ਬਚਪਨ

ਵਿਚ ਰੰਜ, ਰੰਜ ਵਧਾ ਗਈ, ਮਨ ਧੂਹ ਜਿਹੀ ਇਕ ਪਾ ਗਈ, ਕੁਝ ਕਰਕ ਸੀਨੇ ਲਾ ਗਈ, ਜਦ ਯਾਦ ਬਚਪਨ ਆ ਗਈ। ਵਾਹ ਮਜ਼ਾ ਸੀ ਅਣ-ਜਾਣਿਆਂ, ਬਿਪਤਾ ਪਈ ਜਦ ਜਾਣਿਆ । ਦੰਦੀਆਂ ਕਿਸੇ ਨੂੰ ਵੱਢਣਾ, ਗਾਲ੍ਹਾਂ ਕਿਸੇ ਨੂੰ ਕੱਢਣਾ, ਅੱਡਾ ਕਿਸੇ ਨੂੰ ਮਾਰਨਾ, ਝੱਗਾ ਕਿਸੇ ਦਾ ਪਾੜਨਾ ਕਦੇ ਏਸ ਦੇ ਕਦੇ ਏਸ ਦੇ, ਭੰਨ ਕਲਮ ਪੱਟੀ ਮੇਸ ਦੇ, ਪੀਪਾ ਘਿਓ ਦਾ ਡੋਲ੍ਹ ਕੇ, ਰੇਸ਼ਮ ਮਿੱਟੀ ਵਿਚ ਰੋਲ ਕੇ, ਮੂਰਤ ਦਾ ਸ਼ੀਸ਼ਾ ਤੋੜਨਾ, ਕੱਚੇ ਦੇ ਭਾਂਡੇ ਫੋੜਨਾ, ਖਾ ਕੇ ਚੁਪੇੜਾਂ ਨੱਸਣਾ, ਰੋਣਾ ਤੇ ਛੇਤੀ ਹੱਸਣਾ, ਮਾਰੋ ! ਬੜਾ ਸ਼ੈਤਾਨ ਏ, ਜੀ ਜਾਣ ਦਿਓ, ਅੰਜਾਣ ਏ । ਕਿੰਨੀਆਂ ਸੀ ਮੌਜਾਂ ਹੁੰਦੀਆਂ, ਕੈਦੇ ਨ ਕੁਝ ਪਾਬੰਦੀਆਂ, ਛਲੀਆਂ ਤੋਂ ਦਾਣੇ ਉਘਾੜਦਾ, ਫਿਰਦਾ ਸਾਂ ਫੱਕੇ ਮਾਰਦਾ, ਹੋਵੇ ਮਹੱਲਾ ਜਾਂ ਗਲੀ, ਠੰਢੀ ਸੜਕ, ਅਨਾਰਕਲੀ, ਨੰਗਾ ਫਿਰਾਂ, ਕਜਿਆ ਫਿਰਾਂ, ਹਰ ਹਾਲ ਵਿਚ ਸਜਿਆ ਫਿਰਾਂ, ਬੇ-ਫ਼ਿਕਰ ਬੇ-ਪਰਵਾਹ ਸਾਂ, ਮਨ ਦਾ ਮੈਂ ਸ਼ਹਿਨਸ਼ਾਹ ਸਾਂ, ਕੋਈ ਨ ਸੀ ਲੱਥੀ-ਚੜ੍ਹੀ, ਮੁੜ ਆਉਂਦੀ ਨ ਉਹ ਘੜੀ, ਅੜੀਆਂ ਇਹ ਅਹੁਦੇਦਾਰੀਆਂ, ਬਚਪਨ ਤੋਂ ਸੌ ਸੌ ਵਾਰੀਆਂ । ਕਹਿੰਦਾ ਕੋਈ ਸ਼ੈਤਾਨ ਸੀ, ਕੋਈ ਆਖਦਾ ਹੈਵਾਨ ਸੀ । ਮਾਸੀ ਨੇ ਕਹਿਣਾ ‘ਮੁੱਖਿਆ' ! ਚਰਦਾ ਹੀ ਰਹਿਨੈਂ ਭੁੱਖਿਆ ! ਮਾਰੂੰਗੀ ਮਰਨੇ-ਜੋਗਿਆ ! ਕੈਡਾ ਤੂੰ ਜ਼ਿੱਦੀ ਹੋ ਗਿਆ ! ਭਾਬੀ ਕਹੇ : ਅਮੋੜ ਏ, ਕੈਡਾ ਇਹ ਰੰਡੀ-ਛੋੜ ਏ ! ਗੱਲਾਂ ਮੁਹੱਬਤ ਵਾਲੀਆਂ, ਅਜ ਬਣ ਗਈਆਂ ਨੇ ਗਾਲ੍ਹੀਆਂ । ਗਾਲ੍ਹਾਂ ਇਹ ਕਿਉਂ ਅਖਵਾਂਦੀਆਂ, ਸੀਨੇ ਤੇ ਠੋਕਰ ਲਾਂਦੀਆਂ, ਸੀਨਾ, ਇਹ ਉਹ ਸੀਨਾ ਨਹੀਂ, ਸੀਨਾ ਇਹ ਬਿਨ ਕੀਨਾ ਨਹੀਂ, ਅਣਜਾਣ ਸਾਂ ‘ਗੁਰਮਾ’ ਸਾਂ ਮੈਂ, ਹਰ ਅੱਖ ਦਾ ਸੁਰਮਾ ਸਾਂ ਮੈਂ, ਹੁਣ ਕਿਉਂਕਿ ਜੱਥੇਦਾਰ ਹਾਂ, ਕਈਆਂ ਅੱਖਾਂ ਦਾ ਖ਼ਾਰ ਹਾਂ, ਅਕਲ ਤੇ ਇਹ ਜੋ ਹੋਸ਼ ਹੈ, ਏਸੇ ਦਾ ਸਾਰਾ ਦੋਸ਼ ਹੈ, ਸ਼ੈਤਾਨ ਤੋਂ ਚਿੜ੍ਹਨਾ ਵਾਂ ਮੈਂ, ਭੈੜਾ ਕਹੋ, ਭਿੜਨਾ ਵਾਂ ਮੈਂ, ਕਿਉਂਕਿ ਮੈਂ ਹੁਣ ਬੱਚਾ ਨਹੀਂ, ਬੱਚੇ ਜਿਹਾ ਸੱਚਾ ਨਹੀਂ; ਅੰਨ੍ਹੇ ਨੂੰ ਅੰਨ੍ਹਾ ਕਹਿ ਤਕੋ, ਗੁੱਸਾ ਵੀ ਉਹਦਾ ਸਹਿ ਤਕੋ, ਕਹੋ ਚੋਰ ਨੂੰ ਜੇ ਚੋਰ ਏ, ਮਚ ਜਾਉਂਦਾ ਫਿਰ ਸ਼ੋਰ ਏ। ਬੇਸ਼ਕ ਅੰਞਾਣੇ ਭੁੱਲਦੇ, ਇਕ ਨਾਲ ਦੂਜੇ ਘੁੱਲਦੇ, ਮਾਰਨ ਮਰਨ ਤਕ ਜਾਉਂਦੇ, ਢਹਿੰਦੇ ਕਦੇ ਤੇ ਢਾਹੁੰਦੇ, ਲੜਨਾ ਵੀ ਇਹ ਇਕ ਖੇਲ ਹੈ, ਬਸ ਮਿੰਟ ਦੇ ਵਿਚ ਮੇਲ ਹੈ। ਬੀਰੇ ਨੂੰ ਧੀਰੇ ਮਾਰਿਆ, ਮਾਂ ਏਹਦੀ ਉਹਨੂੰ ਤਾੜਿਆ, ਉਸ ਅਪਣੀ ਮਾਂ ਨੂੰ ਦੱਸਿਆ, ਗਾਲ੍ਹਾਂ ਦਾ ਮੀਂਹ ਬਸ ਵੱਸਿਆ, ਗੁੱਤਾਂ ਤੇ ਪਟੀਆਂ ਪੱਟੀਆਂ, ਲੜ ਭਿੜ ਕੇ ਜਦੋਂ ਹੱਟੀਆਂ ਬੀਰੇ ਦੀ ਮਾਂ ਬੀਰਾ ਲਭੇ, ਧੀਰੇ ਦੀ ਮਾਂ ਧੀਰਾ ਲਭੇ, ਬੀਰੇ ਦੀ ਬਾਂਹ ਧੀਰੇ ਦੇ ਗਲ, ਧੀਰੇ ਦੀ ਬਾਂਹ ਬੀਰੇ ਦੇ ਗਲ, ਓਹ ਆਉਂਦੇ ਨੀਂ ਹੱਸਦੇ, ਦਿਲ ਦੀ ਸਫ਼ਾਈ ਦੱਸਦੇ। ਬੱਚੇ ਨੇ ਇੱਕੋ ਹੋ ਗਏ, ਵਡੀਆਂ ਨੇ ਝਾਟੇ ਖੋਹ ਲਏ, ਚਿਰ ਤਕ ਉਹ ਰਹੀਆਂ ਰੁੱਸੀਆਂ, ਉਹ ਖੇਡਦੇ ਮਿਲ ਖੁਸ਼ੀਆਂ । ਉਹ ਦੌੜਦੇ ਉਹ ਹੱਸਦੇ, ਸੰਗ ਸੈਣਤਾਂ ਦੇ ਦੱਸਦੇ : ਸਿੱਖੋ ਅਸਾਥੋਂ ਹੱਸਣਾ, ਮਿਲ ਬੈਠਣਾ, ਮਿਲ ਵੱਸਣਾ, ਵਾਹ ਬਾਲਪਨ ਦੇ ਜ਼ਮਾਨਿਆ ! ਅਣਜਾਣਿਆਂ ਨਾ ਜਾਣਿਆ। ਹੁਣ ਓਏ ਕੋਈ ਕਹਿੰਦਾ ਨਹੀਂ, ਆਖੇ ਤਾਂ ਮੈਂ ਸਹਿੰਦਾ ਨਹੀਂ, ਝੂਠੀ ਵਡਾਈ ਹੋ ਗਈ, ਦਿਲ ਦੀ ਸਫਾਈ ਧੋ ਗਈ; ਮੂੰਹ ਤੇ ; ਜੀ ਇਹ ਸਰਦਾਰ ਹੈ, ਸਾਡਾ ਇਹ ਜੱਥੇਦਾਰ ਹੈ; ਪਿਛੋਂ : ਇਹ ਮਿੱਤਰਮਾਰ ਹੈ, ਇਸ ਦਾ ਨ ਕੁਝ ਇਤਬਾਰ ਹੈ, ਇਥੋਂ ਸੁਣਾਈ ਏਸ ਨੂੰ, ਇਥੋਂ ਲਗਾਈ ਏਸ ਨੂੰ, ਭਾਂਬੜ ਜਦੋਂ ਬਸ ਮਚ ਗਿਆ, ਵਿਚ ਝੂਠ, ਵਿੱਚੇ ਸੱਚ ਗਿਆ; ਅੱਗ ਈਰਖਾ ਦੀ ਬਲ ਰਹੀ, ਦੁਨੀਆਂ ਹੈ ਇਸ ਵਿਚ ਜਲ ਰਹੀ, ਬੱਚਾ ਹੀ ਇਕ ਉਸਤਾਦ ਹੈ, ਇਸ ਅੱਗ ਤੋਂ ਆਜ਼ਾਦ ਹੈ, ਕੁਝ ਸੁਆਦ ਹੈ, ਕੁਝ ਸੁਆਦ ਹੈ, ਤਾਂ ਹੀ ਤਿ ਬਚਪਨ ਯਾਦ ਹੈ। ਹਾਂ, ਹੋਰ ਵੀ ਇਕ ਰਾਜ਼ ਹੈ, ਦੱਸਣ ਦਾ ਜੋ ਮੁਹਤਾਜ ਹੈ : ਬਾਪੂ ਦੀ ਬੱਚਾ ਜਾਨ ਹੈ, ਬੱਚੇ ਨੂੰ ਉਸ ਤੇ ਮਾਣ ਹੈ, ਉਸ ਮਾਣ ਤੇ ਹੈ ਖੇਲਦਾ, ਨਹੀਂ ਫ਼ਿਕਰ ਹਲਦੀ ਤੇਲ ਦਾ, ਪੱਕੀ ਪਕਾਈ ਮਿਲ ਗਈ, ਤੱਲੀ ਤਲਾਈ ਮਿਲ ਗਈ, ਨਾ ਨੌਕਰੀ ਨਾ ਕਮਾਉਣਾ, ਸੌਣਾ ਤੇ ਪੀਣਾ ਖਾਉਣਾ, ਬਲ ਪੈਣਾ ਨਹੀਂ ਸ਼ਰਮਾਉਣਾ, ਕਰਜ਼ਾ ਨਾ ਮੰਗਣ ਜਾਉਣਾ, ਕੋਈ ਵੀ ਉਸ ਨੂੰ ਫ਼ਿਕਰ ਨਾ, ਕੁਝ ਸੋਚਣੇ ਦਾ ਜ਼ਿਕਰ ਨਾ, ਕੀ ਉਸ ਨੂੰ ਕੁਝ ਲੋੜਾਂ ਨਹੀਂ ? ਲੋੜਾਂ ਦੀਆਂ ਥੋੜਾਂ ਨਹੀਂ ਨਹੀਂ, ਨਹੀਂ ਉਹ ਅਪਣੇ ਆਪ ਤੇ, ਨਿਸਚਾ ਹੈ ਉਸ ਦਾ ਬਾਪ ਤੇ । ਦੁਨੀਆ ਹੈ ਇਕ, ਮਾਲਿਕ ਹੈ ਇਕ, ਸਭਨਾਂ ਲਈ ਪਾਲਿਕ ਹੈ ਇਕ, ਸਾਰਾ ਹੀ ਇਹ ਜੋ ਜੱਗ ਹੈ, ਵਾਗੀ ਇੱਕੋ ਦਾ ਵੱਗ ਹੈ, ਅਕਲਾਂ ਨੇ ਮੁਸ਼ਕਾਂ ਤਣ ਲਈਆਂ, ਵਡਿਆਂ ਨੇ ਹੱਦਾਂ ਬੰਨ੍ਹ ਲਈਆਂ, ਬਖਰੇ ਵਖੇਵੇਂ ਪੈ ਗਏ, ਵਖਰੇ ਰੁਝੇਵੇਂ ਪੈ ਗਏ, ਇਕ ਸਾਗਰੋਂ ਉਰਵਾਰ ਹੈ, ਇਕ ਦੂਜੇ ਬੰਨੇ ਪਾਰ ਹੈ, ਕੀਤੀ ਹੈ ਇਹ ਤਕਸੀਮ ਚਾ, ਯੂਰਪ ਹੈ ਉਹ, ਇਹ ਏਸ਼ੀਆ, ਵੰਡ ਸਾਗਰਾਂ ਦੀ ਹੋਈ ਜਦ, ਫਿਰ ਆਈ ਦਰਿਆਵਾਂ ਦੀ ਹੱਦ, ਇਹ ਚੀਨ, ਉਹ ਜਾਪਾਨ ਹੈ, ਇਹ ਮੇਰਾ ਹਿੰਦੁਸਤਾਨ ਹੈ, ਕੁਝ ਇਸ ਤਰ੍ਹਾਂ ਦਾ ਹਿਸਾਬ ਹੈ, ਯੂ. ਪੀ. ਹੈ, ਇਹ ਪੰਜਾਬ ਹੈ, ਰਾਵੀ ਦਾ ਬੰਨਾ, ਬਾਰ ਹੈ, ਧੰਨੀ ਤੇ ਪਠੋਹਾਰ ਹੈ, ਵਿਚ ਤਣ ਗਿਆ ਇਕ ਜਾਲ ਸਾ, ਮਾਝਾ ਹੈ ਇਹ, ਉਹ ਮਾਲਵਾ, ਜ਼ਿਲਿਆਂ, ਤਸੀਲਾਂ, ਥਾਣਿਆਂ, ਵੰਡਿਆ ਗਿਆ ਜੱਗ ਜਾਣਿਆ, ਮੇਰਾ ਗਿਰਾਂ, ਮੇਰੀ ਗਲੀ, ਥੋੜੀ ਜਹੀ ਬਸ ਥਾਂ ਮਲੀ, ਗਲੀ ਚਿ ਮੇਰਾ ਘਰ ਹੈ, ਇਸ ਤੇ ਹੀ ਨ ਨਿਰਭਰ ਹੈ, ਇਹ ਜੀ ਮੇਰੇ ਭਾਈ ਦੀ, ਇਹ ਹੈ ਮਿਰੀ ਭਰਜਾਈ ਦੀ, ਇਹ ਆਈ ਦੀ, ਇਹ ਝਾਈ ਦੀ, ਇਹ ਹੈਗੀ ਮਾਂ-ਪਿਉ-ਜਾਈ ਦੀ, ਮੇਰੀ, ਮੈਂ ਇਸ ਤੇ ਸੋਵਣਾ, ਇਸ ਵੰਡ ਵਿਚ ਖ਼ੁਸ਼ ਹੋਵਣਾ; ਬਾਲਕ ਦਾ ਕੁਲ ਜਹਾਨ ਹੈ, ਵੱਡੇ ਦਾ ਥੋੜਾ ਥਾਨ ਹੈ, ਚੰਗਾ ਹੀ ਸੀ ਅਣਜਾਣਿਆਂ, ਬਿਪਤਾ ਪਈ ਜਦ ਜਾਣਿਆ, ਬਾਪੂ ਦਾ ਛੋਟਾ ਬਾਲ ਬਣ, ਖ਼ੁਸ਼ਹਾਲ ਬਣ, ਖ਼ੁਸ਼ਸਾਲ ਬਣ।

ਅਰਦਾਸ

ਖੱਸ ਲੈ ! ਤੇਰਾ ਹੀ ਹੈ ਸਾਮਾਨ, ਬੇਸ਼ਕ ਖੱਸ ਲੈ । ਬਖ਼ਸ਼ਿਆ ਤੇਰਾ ਹੀ ਹੈ ਸਨਮਾਨ, ਬੇਸ਼ਕ ਖੱਸ ਲੈ । ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮਿਰੇ ਵਿਚ ਲੁੱਕਿਆ ਅਰਮਾਨ ਬੇਸ਼ਕ ਖੱਸ ਲੈ। ਮਾਲਿਕਾ ! ਸੰਸਾਰ ਤੇਰਾ ਸ੍ਵਰਗ ਨਾਲੋਂ ਘੱਟ ਨਹੀਂ, ਮੌਜਾਂ, ਸੁਆਦਾਂ, ਐਸ਼ ਦੀ ਇਹ ਖਾਣ, ਬੇਸ਼ਕ ਖੱਸ ਲੈ । ਜਾਣਨਾਂ ਮੈਂ ਜਨਮ ਇਹ ਉੱਤਮ ਚੁਰਾਸੀ ਲੱਖ ਤੋਂ, ਬਖ਼ਸ਼ਿਆ ਜਾਮਾ ਤਿਰਾ ਇਨਸਾਨ, ਬੇਸ਼ਕ ਖੱਸ ਲੈ। ਮਾਣ ਹੈ ਮੈਨੂੰ ਮਿਰੀ ਜਾਦੂ-ਬਿਆਨੀ ਤੇ ਬੜਾ, ਬੇ-ਅਸਰ ਕਰ ਦੇ ਬਿਸ਼ਕ ਇਹ ਮਾਣ, ਬੇਸ਼ਕ ਖੱਸ ਲੈ । ਹੁਜਤਾਂ, ਦਲੀਲਾਂ, ਫ਼ਲਸਫ਼ੇ, ਮਰਜ਼ਾਂ ਦਿਮਾਗ਼ੀ ਲੱਗੀਆਂ, ਉਲਟ ਛਡ ਇਹ ਖੋਪਰੀ,ਸਭ ਗਿਆਨ, ਬੇਸ਼ਕ ਖੱਸ ਲੈ। ਮੋਹ ਦੀਆਂ ਕੜੀਆਂ ਦੇ ਵਿਚ ਲੰਮੀ ਉਮਰ ਇਕ ਕੈਦ ਹੈ, ਖੱਸ ਲੈ ਮੇਰੀ ਜਵਾਨੀ, ਪ੍ਰਾਨ, ਬੇਸ਼ਕ ਖੱਸ ਲੈ। ਇਕ ਬਖ਼ਸ਼ ਦੇ ਸਿਰਫ਼ ਇਕ,ਦੌਲਤ ਵਤਨ ਦੇ ਪਿਆਰ ਦੀ, ਫਿਰ ਬਿਸ਼ਕ ਮਰਜ਼ੀ ਤਿਰੀ ਜਿੰਦ ਜਾਨ, ਬੇਸ਼ਕ ਖੱਸ ਲੈ ।

ਅਪਣਾ ਮੂਲ ਪਛਾਣ

ਜੇਕਰ ਫੁੱਲ ਹੈਂ ਤੂੰ ਬਹੁਤ ਮੁੱਲ ਵਾਲਾ, ਲੋਕੀ ਬਣੇ ਆਸ਼ਿਕ ਤੇਰੀ ਮਹਿਕ ਦੇ ਹਨ; ਤੇਰੇ ਰੰਗ ਨੂੰ ਵੇਖ ਕੇ ਦੰਗ ਰਹਿੰਦੇ, ਤੇਰੀ ਹੋਂਦ ਦੇ ਵਾਸਤੇ ਸਹਿਕਦੇ ਹਨ; ਰੌਣਕ ਬਾਗ਼ ਦੀ ਤੇਰੀਆਂ ਬਰਕਤਾਂ ਤੋਂ, ਪੰਛੀ ਆਉਂਦੇ ਗਾਉਂਦੇ ਚਹਿਕਦੇ ਹਨ; ਹੁੰਦਾ ਬਾਗ਼ ਨੂੰ ਫੁੱਲਾਂ ਤੇ ਮਾਣ ਸਾਰਾ, ਬੂਟੇ ਫੁੱਲਾਂ ਬਾਝੋਂ ਕਿਸ ਲੈਕ ਦੇ ਹਨ; ਰੰਗਤ ਮਾਣ ਵਿਚ ਭੋਲਿਆ ਭੁਲੀਂ ਨਾ ਤੂੰ, ਜਿੱਥੋਂ ਮਿਲੀ ਊ ਉਹਨੂੰ ਚਿਤਾਰਿਆ ਕਰ। ਨਿੱਕਾ ਬੀਜ ਸੈਂ ਮਿੱਟੀ 'ਚ ਰੁੱਲਦਾ ਸੈਂ, ਅਪਣੇ ਆਪ ਅੰਦਰ ਝਾਤੀ ਮਾਰਿਆ ਕਰ। ਸੂਹੇ ਰੰਗ ਦਾ ਸੋਹਣਾ ਪਤੰਗ ਹੋ ਕੇ, ਚੜ ਗਿਐਂ ਜੇ ਅੱਧ-ਅਸਮਾਨ ਦੇ ਵਿੱਚ; ਉੱਚਾ ਆਪਣੀ ਆਨ ਤੇ ਸ਼ਾਨ ਕੋਲੋਂ, ਜੇ ਤੂੰ ਸਮਝਦਾ ਨਹੀਂਏਂ ਜਹਾਨ ਦੇ ਵਿੱਚ; ਛੋਟੇ ਸਮਝ ਕੇ ਅਰਸ਼ੀਆਂ ! ਫ਼ਰਸ਼ੀਆਂ ਨੂੰ ਲਾਵੇਂ ਕਿਸੇ ਨੂੰ ਨਾ ਜੇ ਧਿਆਨ ਦੇ ਵਿੱਚ; ਟੁੱਟੀ ਡੋਰ ਤਾਂ ਫੇਰ ਇਹ ਯਾਦ ਰੱਖੀਂ, ਆਣ ਡਿੱਗੇਂਗਾ ਜ਼ਿਮੀਂ ਤੇ ਆਨ ਦੇ ਵਿੱਚ । ਜੀਹਦੇ ਹੱਥ ਦੇ ਵਿੱਚ ਹੈ ਡੋਰ ਤੇਰੀ, ਨਾ ਤੂੰ ਓਸ ਨੂੰ ਕਦੇ ਵਿਸਾਰਿਆ ਕਰ। ਹੋਵੇਂ ਵਿਚ ਅਕਾਸ਼ ਜਾਂ ਧਰਤ ਉੱਤੇ, ਅਪਣੇ ਆਪ ਅੰਦਰ ਝਾਤੀ ਮਾਰਿਆ ਕਰ। ਮਾਲਕ ਲਸ਼ਕਰਾਂ ਅਤੇ ਖ਼ਜ਼ਾਨਿਆਂ ਦਾ, ਹੋਇਆ ਕੀ, ਜੇ ਤੂੰ ਪਾਤਸ਼ਾਹ ਹੋਵੇਂ ; ਤਨ ਤੇ ਗੋਦੜੀ ਕੱਪੜੇ ਭੀਖ ਵਾਲੇ, ਦਰ ਦਰ ਮੰਗਦਾ ਫਿਰੇਂ ਗੱਦਾ ਹੋਵੇਂ, ਪਾਤਸ਼ਾਹ ਹੋਵੇਂ ਜਾਂ ਗੱਦਾ ਹੋਵੇਂ, ਹਉਮੈ ਵਿੱਚ ਸੜਦਾ ਜੇ ਸੁਆਹ ਹੋਵੇਂ; ਰਹੀ ਹਉਂ ਕਾਇਮ ਤਾਂ ਫਿਰ ਕੀ ਰਿਹਾ, ਭਾਵੇਂ ਉਹ ਹੋਵੇਂ, ਭਾਵੇਂ ਆਹ ਹੋਵੇਂ। ਅਸਲ ਵਿੱਚ ਹੈ ਦੋਹਾਂ ਦਾ ਮੂਲ ਇੱਕੋ, ਹਉਮੈ ਮਾਰਿਆ ਕਰ, ਆਪਾ ਵਾਰਿਆ ਕਰ। ਇਹੋ ਵਿਉਂਤ ਹੈ ਅੰਦਰੋਂ ਭਾਲਣੇ ਦੀ, ਆਪਣੇ ਆਪ ਅੰਦਰ ਝਾਤੀ ਮਾਰਿਆ ਕਰ। ਨੇਕੀ, ਸੇਵਾ, ਉਪਕਾਰ ਦੇ ਕਾਰਨਾਮੇ, ਉੱਚੀਆਂ ਸੁਰਾਂ ਦੇ ਨਾਲ ਸੁਣਾਨ ਵਾਲੇ ! ਸਾਰੇ ਜਗ ਦੀਆਂ ਪੜ੍ਹ ਕੇ ਪੋਥੀਆਂ ਨੂੰ, ਲੈਕਚਰ ਦਏਂ ਰੰਗੀਨ ਬਿਆਨ ਵਾਲੇ; ਬਾਹਵਾਂ ਉੱਚੀਆਂ ਕਰ ਕੇ ਸਟੇਜ ਉੱਤੇ, ਓ ਤੂੰ ਜ਼ਿਮੀਂ ਅਸਮਾਨ ਮਿਲਾਣ ਵਾਲੇ ! ਪੱਖ ਰੱਖਨੈਂ ਵੱਡੇ ਸੁਧਾਰਕਾਂ ਵਿਚ, ਸਿੱਧੇ ਰਾਹ ਸੰਸਾਰ ਨੂੰ ਪਾਣ ਵਾਲੇ; ਕੋਈ ਆਪਣੇ ਆਪ ਦਾ ਫ਼ਿਕਰ ਵੀ ਊ ? ਮਨ ਦੌੜਦੇ ਤਾਈਂ ਪੁਚਕਾਰਿਆ ਕਰ। ਜਦੋਂ ਕਿਸੇ ਨੂੰ ਦੇਣ ਉਪਦੇਸ਼ ਲੱਗੇਂ, ਅਪਣੇ ਆਪ ਅੰਦਰ ਝਾਤੀ ਮਾਰਿਆ ਕਰ। ਤੇਰੀ ਤੇਜ਼ ਤਲਵਾਰ ਦਾ ਵਾਰ ਤਿੱਖਾ, ਕਟ ਜਿਸਮ ਮੇਰਾ ਰੱਗ ਰੱਗ ਜਾਵੇ। ਬਾਕੀ ਖ਼ੂਨ ਦਾ ਰਹੇ ਨਾ ਇੱਕ ਕਤਰਾ, ਸਾਰਾ ਜੁੱਸਿਉਂ ਨਿਕਲ ਕੇ ਵੱਗ ਜਾਵੇ। ਮੈਨੂੰ ਆਪਣੇ ਆਪ ਦਾ ਫ਼ਿਕਰ ਕੋਈ ਨਹੀਂ, ਭਾਵੇਂ ਸਿਰ ਹੋ ਧੜੋਂ ਅਲੱਗ ਜਾਵੇ। ਐਪਰ ਇਥੇ ਵੀ ਪਿਆਰਿਆ ! ਤੂੰ ਬੈਠੈਂ, ਤੇਰੀ ਤੈਨੂੰ ਹੀ ਕਿਤੇ ਨਾ ਲੱਗ ਜਾਵੇ। ਮੈਂ ਤੂੰ ਅੰਦਰ, ਤੂੰ ਮੈਂ ਅੰਦਰ, ਯਾਰ ਦੂਈ ਨੂੰ ਦਿਲੋਂ ਦੁਰਕਾਰਿਆ ਕਰ। ਜਦੋਂ ਕਿਸੇ ਦੇ ਦਿਲ ਨੂੰ ਦੁਖਾਣ ਲੱਗੇਂ, ਅਪਣੇ ਆਪ ਅੰਦਰ ਝਾਤੀ ਮਾਰਿਆ ਕਰ।

ਕਿਸਾਨ ਤੇ ਬਸੰਤ

ਆ ਜਾ ਮੇਰੇ ਬਾਗ਼ ਦੀ ਰਾਣੀ, ਦਿਲਦਾਰ, ਮੇਰੇ ਮਨ-ਭਾਣੀ, ਉੱਜੜੇ ਖੇਤੀਂ ਵੱਤਰ-ਪਾਣੀ, ਆ ਜਾ ਮੇਰੀ ਆਸ-ਪੁਜਾਣੀ, ਆ ਜਾ ਆਪਣਾ ਬਾਣਾ ਪਾ ਲੈ ਮੇਰਾ ਪੀਲਾ ਰੰਗ ਵਟਾ ਲੈ ! ਤੇਰੀ ਆਮਦ ਨਫ਼ਿਆਂ ਵਾਲੀ, ਝੁਮ ਝੁਮ ਪੱਤੇ ਮਾਰਨ ਤਾਲੀ, ਤੈਨੂੰ ਸਦ ਰਹੀ ਡਾਲੀ ਡਾਲੀ, ਲਏਂ ਪਲਿੱਖਣ ਦੇਵੇਂ ਲਾਲੀ, ਜਾਗੀ ਬੁਲਬੁਲ, ਜਾਗੇ ਭੰਵਰੇ। ਤੂੰ ਆਈ ਸਭ ਕਾਰਜ ਸੰਵਰੇ ॥ ਉੱਦਮ ਫੱਲ ਅਕਾਸ਼ੋਂ ਡੁੱਲ੍ਹੇ, ਤੁਰ ਪਏ ਹਾਲੀ ਛਡ ਕੇ ਚੁੱਲ੍ਹੇ, ਆਲਸ ਪੰਡ ਉਤਾਰੇ ਜੁੱਲੇ, ਸੀਤ ਨਾਲ ਸੁਕੜੇ ਤਨ, ਖੁਲ੍ਹੇ, ਮੇਰਾ ਵੀ ਉੱਠ ਤੁਰਿਆ ਢੱਗਾ । ਆਸਾਂ ਨੂੰ ਫਲ ਲੱਗਣ ਲੱਗਾ । ਸਿਰ ਗੋਡੀਂ ਦੇ ਕਟੀਆਂ ਰਾਤਾਂ, ਅੱਗਾਂ ਸੇਕਦੀਆਂ ਪਰਭਾਤਾਂ, ਦੇਸ 'ਚ ਬਣੀਆਂ ਕਈ ਜਮਾਤਾਂ, ਕਿਸੇ ਨ ਪੁਛੀਆਂ ਮੇਰੀਆਂ ਵਾਤਾਂ, ਪਾਟੀਆਂ ਪੈਰਾਂ ਦੀਆਂ ਬਿਆਈਆਂ, ਦਿਲ ਪਾਟੇ ਦੀਆਂ ਭਰਨ ਗਵਾਈਆਂ । ਨਾ ਕਦੀ ਜੁੜੀਆਂ ਗਰਮ ਜਰਾਬਾਂ, ਖ਼੍ਵਾਬਾਂ ਵਿਚ ਵੀ ਨਾ ਕਿਮਖ਼ਾਬਾਂ, ਹੁਣ ਮੈਂ ਛਡ ਕੇ ਇਨ੍ਹਾਂ ਹਿਸਾਬਾਂ, ਲੈ ਰਿਹਾ ਸਾਂ ਬਸ ਤੇਰੀਆਂ ਖ਼੍ਵਾਬਾਂ, ਹੋਣ ਲਗਣ ਜਦ ਸੁਪਨੇ ਸੱਚੇ, ਕਿਉਂ ਨਾ ਮਨ ਖ਼ੁਸ਼ੀਆਂ ਵਿਚ ਨੱਚੇ। ਸਦਾ ਬਸੰਤ ਹਟਾਵੇ ਹਾਵੇ, ਪਿਛਲੀ ਯਾਦ ਜੇ ਯਾਦ ਨਾ ਆਵੇ, ਆਉਣ ਵਾਲੀ ਨਾ ਤੜਪਾਵੇ, ਖ਼ੁਸ਼ੀਆਂ ਦੇ ਭਰ ਲਵਾਂ ਕਲਾਵੇ, ਉਹ ਕੀ ਜਾਣਨ ਇਹਦੀਆਂ ਸਾਰਾਂ, ਹੋਣ ਜਿਨ੍ਹਾਂ ਦੇ ਸਦਾ ਬਹਾਰਾਂ।

ਫ਼ਕੀਰ ਬਣ ਕੇ !

ਫੇਰ ਸਮੇ ਦਾ, ਰੀਤ ਪਿਆਰ ਵਾਲੀ, ਨਜ਼ਰ ਆਉਂਦੀ ਮਿਰੀ ਤਕਸੀਰ ਬਣ ਕੇ । ਫੁੱਲਾਂ ਵਾਂਗ ਸੀ ਰੱਖਦੇ ਅੱਖੀਆਂ ਤੇ, ਅਜ ਰੜਕਦਾ ਪਿਐਂ ਕਰੀਰ ਬਣ ਕੇ। ਆਸ ਮੇਲ ਦੀ ਘੜੀ ਪਿਆਰ ਵਾਲੀ, ਨਜ਼ਰ ਆਉਂਦੀ ਛੜੀ ਤਦਬੀਰ ਬਣ ਕੇ । ਸਿਫ਼ਤ ਯੋਗ ਜੋ ਜ਼ੁਲਫ਼ਾਂ ਪਿਆਰੀਆਂ ਸਨ, ਹੋਈਆਂ ਕੈਦ ਦਾ ਕਾਰਨ ਜ਼ੰਜੀਰ ਬਣ ਕੇ । ਹਰ ਪਾਸਿਓਂ ਹੀ ਪਿਆ ਫ਼ਾਲ ਪੁੱਠਾ, ਕਿਸਮਤ ਬਦਲ ਗਈ ਬੁਰੀ ਤਕਦੀਰ ਬਣ ਕੇ । ਕਰਾਂ ਅਮਲ ਹੁਣ ਕਿਹੜੀ ਤਜਵੀਜ਼ ਉੱਤੇ, ਚੁਪ ਕਰ ਬਹਿ ਰਹਾਂ ਨਿਰੀ ਤਸਵੀਰ ਬਣ ਕੇ । ਕਰਾਂ ਨਾਲ ਵਿਛੋੜੇ ਦੇ ਦਿਨ ਪੂਰੇ, ਕੱਟੀ ਜਾਂ ਜਿਉਂ ਕਟੇ ਹਕੀਰ ਬਣ ਕੇ ? ਨਹੀਂ ਇਹ ਸੋਭਦੀ ਗੱਲ ਪ੍ਰੇਮੀਆਂ ਨੂੰ, ਢੂੰਢ ਯਾਰ ਨੂੰ ਭਾਵੇਂ ਫ਼ਕੀਰ ਬਣ ਕੇ ? ਪਾਈ ਕਦੇ ਮੁਰਾਦ ਨ ਆਸ਼ਕਾਂ ਨੇ, ਬੇ-ਸਬਰੀਆਂ ਵਿਚ ਅਧੀਰ ਬਣ ਕੇ। ਇਹ ਹੈ ਦਿਲਾਂ ਦੇ ਉਤੇ ਨਿਰਭਰ ਹੁੰਦਾ, ਕਦੇ ਫੁਲ ਕਲੀਆਂ ਕਦੇ ਤੀਰ ਬਣ ਹੈ। ਕਦੇ ਤੀਰ ਵੀ ਮੇਲ ਦਾ ਰਾਹ ਕੱਢਦੇ, ਦਿੰਦੀ ਜ਼ਹਿਰ ਵੀ ਕੰਮ ਅਕਸੀਰ ਬਣ ਕੇ। ਜਿਸ ਕਿਸਮ ਦਾ ਜਿਵੇਂ ਅਨੁਭਵ ਕਰੀਏ, ਤਿਹਾ ਆਉਂਦਾ ਨਜ਼ਰ ਅਖ਼ੀਰ ਬਣ ਕੇ । ਘਰ ਬੈਠਿਆਂ ਕੰਮ ਨਾ ਤੋੜ ਚੜ੍ਹਦੇ, ਸਫ਼ਰ ਕਟੀਦਾ ਸਦਾ ਰਾਹਗੀਰ ਬਣ ਕੇ। ਨਖ਼ਰਾ ਸਮੇਂ ਦਾ ਨਾਜ਼ ਹੁਸੀਨ ਦਾ ਏ, ਹੁੰਦਾ ਪਾਸ ਜੋ ਸਹੇ ਗੰਭੀਰ ਬਣ ਕੇ। ਫੜੋ ਨੇੜਿਓਂ ਦੂਰ ਕੀ ਜਾਉਂਦੇ ਹੋ, ਮਿਲੀ ਰਾਂਝੇ ਨੂੰ ਹੀਰ ਫ਼ਕੀਰ ਬਣ ਕੇ।

ਅਰਸ਼ੀ ਦੀਵਾਲੀ

(ਅੰਮ੍ਰਿਤ ਸਰੋਵਰ ਤੇ) ੧. ਔਹ ਗਿਣਤੀਓਂ ਬੇਗਿਣਤ ਹੀ, ਦੀਵੇ ਅਕਾਸ਼ੀ ਬਲ ਰਹੇ । ਬਿਨ ਬੱਤੀਓਂ ਬਿਨ ਤੇਲ ਤੋਂ, ਫ਼ਾਨੂਸ ਨੂਰੀ ਜਲ ਰਹੇ । ਕਿਸ ਇੰਤਜ਼ਾਰੀ ਤੜਪ ਵਿਚ, ਜਾਪਣ ਇਹ ਦੀਦੇ ਨੂਰ ਦੇ ? ਮਟਕਾਂ, ਇਸ਼ਾਰੇ, ਸੈਨਤਾਂ ਦੇ, ਨਾਲ ਹਨ ਕਰ ਗਲ ਰਹੇ ! ੨. ਹਾਂ ਨੂਰ ਦਾ ਇਹ ਰੂਪ ਸਭ, ਸਾਰੇ ਨਿਰਾ ਹੀ ਨੂਰ ਨੇ। ਮਾਨੋ ਅਕਾਸ਼ੀ ਰਾਹ ਦੇ, ਇਹ ਜਾਪਦੇ ਕੋਹ-ਤੂਰ ਨੇ। ਹੈ ਸੀਨਿਆਂ ਵਿਚ ਜਲਨ ਕੁਝ, ਦਸਦਾ ਝੁੱਕਾ ਜੇ ਇਨ੍ਹਾਂ ਦਾ : ਅਰਸ਼ੋਂ ਜਿਵੇਂ ਇਹ ਫ਼ਰਸ਼ ਤੇ, ਆਉਣ ਨੂੰ ਫਿਰ ਮਜਬੂਰ ਨੇ। ੩. ਆਕਾਸ਼ ਤੋਂ ਧਰਤੀ ਦੇ ਤਕ, ਤਾਰਾਂ ਜਹੀਆਂ ਵੀ ਤਣ ਗਈਆਂ। ਇਹ ਰੇਸ਼ਮੀ ਰਿਸ਼ਮਾਂ ਦੀਆਂ, ਰੰਗਦਾਰ ਪੀਂਘਾਂ ਬਣ ਗਈਆਂ। ਉੱਚੇ ਅਕਾਸ਼ੀ-ਤਾਰਿਆਂ ਦੀ, ਫ਼ਰਸ਼ ਵੰਨੀ ਖਿੱਚ ਨੇ; ਕੀ ਕੀ ਵਖਾਈਆਂ ਵੰਨਗੀਆਂ, ਕੀ ਕੀ ਵਖਾਈਆਂ ਵੰਨਗੀਆਂ ! ੪. ਜੁਗਨੂੰ ਅਕਾਸ਼ੀ ਚਮਕਦੇ, ਸਭਨਾਂ ਦੇ ਮਨ ਭਰਮਾ ਰਹੇ। ਸੂਖਮ ਜਿਹੀ ਅਣਡਿੱਠਵੀਂ, ਕੋਈ ਚਾਲ ਚਲਦੇ ਆ ਰਹੇ। ਅੰਮ੍ਰਿਤ ਸਰੋਵਰ ਵਿਚ ਉਹ, ਅਸਮਾਨ ਦੂਜਾ ਬਣ ਗਿਆ ; ਓਸੇ ਤਰ੍ਹਾਂ ਇੱਥੇ ਵੀ ਹਨ, ਇਹ ਚਾਨਣੀ ਚਮਕਾ ਰਹੇ। ੫. ਫ਼ਰਸ਼ੀ ਨੂੰ ਆਵੇ ਸਮਝ ਕੀ, ਅਰਸ਼ੀ ਅਨੋਖੇ ਖੇਲ ਦੀ, ਅੰਮ੍ਰਿਤ ਸਰੋਵਰ ਵਿਚ ਮਿਲੇ, ਨੂਰੀ ਦਿਲਾਂ ਦੇ ਮੇਲ ਦੀ। ਹੈ ਅੰਸ਼ ਨਾਰੀ ਮਿਟ ਗਈ, ਹੁਣ ਨੂਰ ਖ਼ਾਲਿਸ ਚਮਕਿਆ; ਇਸ ਰੌਸ਼ਨੀ ਇਸ ਚਮਕ ਨੂੰ, ਨਹੀਂ ਲੋੜ ਤੀਲੀ ਤੇਲ ਦੀ। ੬. ਕੁਦਰਤ ਨੂੰ ਕੇਂਦਰ ਜਾਣਦਾ, ਕੁਦਰਤ ਦੇ ਡੂੰਘੇ ਰਾਜ਼ ਨੇ। ਸਾਮਾਨ ਇਸਦੇ ਅਜਬ ਨੇ, ਇਸਦੇ ਅਨੋਖੇ ਸਾਜ਼ ਨੇ। ਅਰਸ਼ਾਂ ਤੇ ਵੀ ਫ਼ਰਸ਼ਾਂ ਤੇ ਵੀ, ਇੱਕੋ ਜਹੀ ਹੈ ਜਗ ਰਹੀ; ਹਰ ਰੰਗ ਇੱਕੋ ਰੰਗ ਵਿਚ, ਭਰਿਆ ਹੈ ਆਤਸ਼ਬਾਜ਼ ਨੇ ੭. ਅਰਸ਼ੀ ਹਵਾਈਆਂ ਛੁਟੀਆਂ, ਕਈ ਲਾਲ ਲੜੀਆਂ ਟੁੱਟੀਆਂ ਉਹ ਸੋਸਨੀ ਮਹਿਤਾਬੀਆਂ, ਨੇ ਫੁੱਲ-ਝੜੀਆਂ ਸੁੱਟੀਆਂ। ਇੱਕੋ ਸਮਿੱਗਰ ਿਵੇਖ ਲੌ, ਹੈ ਸ਼ਾਨ ਦੂਣੀ ਦਸ ਰਹੀ; ਇਹ ਬੱਤੀਆਂ ਪ੍ਰਭਾਤ ਤਕ, ਨਾ ਘੱਟੀਆਂ ਨਾ ਖੁੱਟੀਆਂ। ੮. ਹੋ ਕੇ ਅਮਰ ਉਹ ਤਰ ਰਹੇ, ਗ਼ੋਤਾ ਲਗਾਇਆ ਜਿਨ੍ਹਾਂ ਨੇ । ਖ਼ੁਸ਼ੀਆਂ ਦੇ ਵਿਚ ਉਹ ਡਲਹਕਦੇ, ਤਨ ਵਿਚ ਵਸਾਇਆ ਜਿਨ੍ਹਾਂ ਨੇ । ਖ਼ਾਲਸ ਚਮਕ ਨੂਰੀ ਮਿਲੀ, ਵਧ ਵਧ ਕੇ ਦੂਣੇ ਹੋ ਗਏ : ਆਪਾ ਸੁਧਾਸਰ ਆਣਕੇ, ਭੇਟਾ ਚੜਾਇਆ ਜਿਨ੍ਹਾਂ ਨੇ । ੯. ਕੁਦਰਤ ਉਤਾਰੇ ਆਰਤੀ, ਅੰਬਰ ਦੀ ਥਾਲੀ ਬਣ ਗਈ । ਜੋਤਾਂ ਜਗਾਈਆਂ ਤਾਰਿਆਂ, ਸ਼ੋਭਾ ਨਿਰਾਲੀ ਬਣ ਗਈ । ਇਹ ਅਰਸ਼ ਦੀ ਸਾਮਿੱਗ੍ਰੀ, ਸਾਮਾਨ ਸਾਰੇ ਅਰਸ਼ ਦੇ ; ਅੰਮ੍ਰਿਤ ਸਰੋਵਰ ਤੇ ਅਜਬ, ਅਰਸ਼ੀ ਦੀਵਾਲੀ ਬਣ ਗਈ ।

ਅਜ਼ਾਦੀ ਕਿ ਬਰਬਾਦੀ

ਖਿੜੇ ਫੁੱਲ ਨੇ ਸਮਝਿਆ ਹੈ ਬਰਕਤ, ਮੇਰੇ ਰੰਗ ਇਸ ਸੂਹੇ ਸਫ਼ੈਦ ਅੰਦਰ । ਘਰੋਂ ਨਿਕਲ ਲੋਕੀ ਪੁਜਦੇ ਬਾਗ਼ ਦੇ ਵਿਚ, ਮੇਰੀ ਮਹਿਕ ਦੀ ਸਹਿਕ ਉਮੈਦ ਅੰਦਰ । ਮੱਖੀ ਮੇਰੇ ਹੀ ਰਸ 'ਚੋਂ ਚੂਸਦੀ ਏ, ਮਿਠਾ-ਪਨ ਜੋ ਆਉਂਦਾ ਸ਼ਹਿਦ ਅੰਦਰ। ਕਿਸੇ ਰਾਜੇ ਦੇ ਤਾਜ ਵਿਚ ਟਿਕਾਂ ਜਾ ਕੇ, ਰਵ੍ਹਾਂ ਕਾਸ ਨੂੰ ਡਾਲੀ ਦੀ ਕੈਦ ਅੰਦਰ । ਟੁੱਟਾ ਸ਼ਾਮ, ਸ਼ੁਕੀਨਾਂ ਨੇ ਸਲ ਸੀਨਾ, ਕੀਤਾ ਸਬਰ ਨ ਭਲਕ ਸਵੇਰ ਉੱਤੇ। ਮਲ ਮਲ ਸੇਜ ਉੱਤੇ ਰਾਤੀਂ ਮਿੱਝ ਕੱਢੀ, ਸੁਬ੍ਹਾ ਸੁਟਿਆ ਰੂੜੀ ਦੇ ਢੇਰ ਉੱਤੇ ।

ਸਹੁਰੇ ਜਾਂਦੀ ਧੀ ਨੂੰ

ਇਸ ਦੇਸ ਦੇ ਇਤਿਹਾਸ ਵਿਚ, ਧੀਆਂ ਹੀ ਇਕ ਵੇਚਾਰੀਆਂ । ਵੇਆਹੀਆਂ ਬੇਗਾਨੀਆਂ ! ਮਾਲਿਕ, ਜਦੋਂ ਤਕ ਕੁਆਰੀਆਂ । ਹਸੀਆਂ ਤੇ ਕੁਦੀਆਂ ਖੇਡੀਆਂ, ਥਾਵਾਂ ਜਿਨ੍ਹਾਂ ਤੇ ਪੱਲੀਆਂ । ਜਦ ਪਰਨੀਆਂ, ਇਕ ਛਿੱਨ ਵਿਚ, ਹਕ ਛੋੜ ਸਾਰੇ ਚੱਲੀਆਂ । ਓਹ ਓਪਰੇ ਕਲ ਤੀਕ ਜੋ, ਜਾਣੂੰ ਨ ਸਨ ਇਸ ਜਾਨ ਦੇ । ਅਜ ਓਹ ਪਿਆਰੇ ਸਭਸ ਤੋਂ, ਪਾਤ੍ਰ ਪ੍ਰੀਤੀ ਮਾਣ ਦੇ। ਓਹ ਚਾਚੀਆਂ ਤੇ ਤਾਈਆਂ, ਭੈਣਾਂ ਅਤੇ ਭਰਜਾਈਆਂ, ਓਹ ਸ੍ਹੇਲੀਆਂ, ਹਮਜੋਲਣਾਂ, ' ਹਮਰਾਜ਼ਣਾਂ, ਹਮਸਾਈਆਂ ; ਮਨ ਭੌਣੀਆਂ, ਓਹ ਸੋਹਣੀਆਂ, ਗੁਡੀਆਂ ਜੋ ਵਿਚ ਅਲਮਾਰੀਆਂ, ਅਜ ਤਕ ਮੁਹੱਬਤ ਪਿਆਰ ਜੋ, ਵੰਡਿਆ ਸੀ ਕੁਝ ਕੁਝ ਸਾਰੀਆਂ। ਸੂਖਮ ਜਿਹੇ ਕੁਝ ਰੂਪ ਵਿਚ, ਸਾਰਾ ਹੈ ਓਹ ਅਜ ਛੋੜਨਾ । ਅਣ-ਬੁੱਝਵਾਂ ਅਣ ਡਿੱਠਵਾਂ, ਪੈਣਾ ਹੈ ਦਾਅਵਾ ਤੋੜਨਾ। ਇਸ ਉਮਰ ਤਕ ਜੋ ਉਪਜਿਆ, ਸਾਰੇ ਦੇ ਸਾਰੇ ਪਿਆਰ ਨੂੰ, ਜਿਸ ਵਿਚ ਉਮੰਗਾਂ ਭੱਰੀਆਂ, ਜਜ਼ਬੇ ਦੇ ਉਸ ਭੰਡਾਰ ਨੂੰ । ਮਰਕਜ਼ ਇਕੇ ਤੇ ਲਿਆਉਣਾ, ਨੁਕਤੇ ਇਕੋ ਤੇ ਰੱਖਣਾ । ਘੁਮਣਾ ਚੁਫੇਰੇ ਉਸੇ ਦੇ, ਉਸੇ ਦੀ ਬਸ ਪਰਦੱਖਣਾ। ਨਾਜ਼ਕ ਕਰੁੱਮਲਾਂ ਕੱਲੀਆਂ, ਸੋਹਿਲ ਮਲੂਕਾਂ ਡਾਲੀਆਂ । ਰਖ ਕੇ ਸੰਭਾਲਾ ਪਾਲਣਾ, ਇਤਨਾ ਹੈ ਕੰਮ ਬਸ ਮਾਲੀਆਂ । ਪਹਿਲਾਂ ਹੈ ਫੁੱਲ ਉਪਜਾਉਂਦਾ, ਫਿਰ ਧਿਆਨ ਰਖਦਾ ਲੋੜ ਦਾ । ਖੁੱਸੇ ਨ ਕਿਉਂ ਦਿਲ ਬਾਗ਼ 'ਚੋਂ, ਜਦ ਫੁੱਲ ਆਪੇ ਤੋੜਦਾ । ਇਹ ਅਜਬ ਹੀ ਕੁਝ ਰੀਤ ਹੈ, ਚਿਤ ਖ਼ੁਸਖ਼ੁਸੀ, ਮਨ ਰਾਗ ਵੀ । ਇਕ ਮੇਲ ਹੈ ਇਕ ਵਿਛੜਨਾ, ਖ਼ੁਸ਼ੀਆਂ ਵੀ ਹਨ ਵੈਰਾਗ ਵੀ । ਵੈਰਾਗ ਦੀ ਇਸ ਤਹਿ ਵਿੱਚ, ਖ਼ੁਸ਼ੀਆਂ ਭਰੀ ਇਕ ਆਸ ਹੈ। ਉਹ ਆਸ ਹੀ ਵਿਛੜਨ ਸਮੇਂ, ਮਾਵਾਂ ਲਈ ਧਰਵਾਸ ਹੈ। ਵੈਰਾਗ ਨੂੰ ਖ਼ੁਸ਼ੀਆਂ ਦੇ ਵਿੱਚ, ਬਦਲਾਉਂਦੀ ਇਹ ਸਹਿਕਣਾ : ‘ਵਿੱਛੜ ਕੇ ਫੁਲ ਨੇ ਬਾਗ਼ 'ਚੋਂ, ਸ਼ਿੰਗਾਰ ਬਣਨਾ ਮਹਿਕਣਾ' । ਜਿਉਂ ਜਿਉਂ ਨਵੇਂ ਪਰਵਾਰ ਵਿਚ, ਇਸ ਮਹਿਕ ਹੈ ਮਹਿਕਾਉਣੀ। ਸ਼ੋਭਾ ਵਡਾਈ ਬਾਗ਼ ਦੀ, ਆਪੇ ਹੈ ਵਧਦੀ ਜਾਉਣੀ। ਸਾਗਰ ਵਤਨ ਨੂੰ ਛੋੜ ਕੇ, ਜਦ ਤਕ ਨ ਬਾਹਿਰ ਆਉਂਦੇ। ਕਿਤਨੇ ਹੀ ਸੁੱਚੇ ਹੋਣ, ਪਰ, ਮੋਤੀ ਕਦਰ ਨ ਪਾਉਂਦੇ। ਨਿੱਖੜ ਕੇ ਪਰਬਤ ਦੇਸ 'ਚੋਂ, ਹੀਰਾ ਜਦੋਂ ਘੜਿਆ ਗਿਆ । ਤਦੋਂ ਹੀ ਉਹ ਮਹਿਬੂਬ ਦੀ, ਮੁੰਦਰੀ ਦੇ ਵਿਚ ਜੜਿਆ ਗਿਆ। ਸਿਰ ਤੇ ਮੁਕਟ ਵਿਚ ਸਜਿਆ, ਉਹੋ ਗਿਆ ਸਤਿਕਾਰਿਆ, ਜਿਸ ਫੁੱਲ ਨੇ ਟੁੱਟ ਡਾਲੀਓਂ, ਪਹਿਲਾਂ ਹੈ ਆਪਾ ਵਾਰਿਆ । ਇਧਰੋਂ ਵਿਛੜ ਮਿਲਣਾ ਉਧਰ, ਇਹ ਜਗਤ ਦਾ ਦਸਤੂਰ ਹੈ। ਸਮਝੋ ਨ ਮੋਤੀ ਵਿਛੜਿਆ, ਮਾਲਾ ਚਿ ਜੋ ਮਨਜ਼ੂਰ ਹੈ। ਪਿਆਰੇ ਦੇ ਗਲ ਵਿਚ ਪੈਂਦੀਆਂ, ਐਵੇਂ ਬਣਨ ਨਾ ਗਾਨੀਆਂ। ਪ੍ਰਵਾਨਗੀ ਦੀ ਤਹਿ ਵਿਚ, ਲੁਕੀਆਂ ਪਈਆਂ ਕੁਰਬਾਨੀਆਂ । ਹੁਣ ਚਜ ਤੇ ਆਚਾਰ ਤੇਰੇ, ਬੋਲ ਤੇਰੀ ਚਾਲ ਨੇ, ਨੀਤੀ, ਸਿਆਣਪ, ਨਿਮ੍ਰਤਾ, ਸ਼ੁਭ ਗੁਣਾਂ ਨੇ ਸ਼ੁਭ ਖ਼ਿਆਲ ਨੇ, ਮਾਤਾ ਪਿਤਾ ਦੀ ਆਸ ਪੂਰੀ, ਕਰਕੇ ਹੈ ਦਿਖਲਾਉਣੀ। ਨਵਿਆਂ ਸਬੰਧਾਂ ਵਿਚ ਜਾ, ਤੂੰ ਪਿਆਰ ਦੀ ਗੰਢ ਪਾਉਣੀ। ਸਾਡੀ ਦਿਲੋਂ ਅਰਦਾਸ ਹੈ, ਪਾਵੇਂ ਵਧੇਰਾ ਨਾਉਂ ਤੂੰ । ਅਪਣੇ ਪਿਆਰੇ ਸਾਈਂ ਦੀ, ਮਾਣੇਂ ਹਮੇਸ਼ਾਂ ਛਾਉਂ ਤੂੰ । ਘੇਰੀ ਰਵ੍ਹੇਂ ਖ਼ੁਸ਼ੀਆਂ ਦੇ ਵਿੱਚ, ਹਸਦੀ ਹੀ ਦਿੱਸੇਂ ਜਾਪਦੀ । ਗੁੱਡੀ ਸਦਾ ਆਕਾਸ਼ ਵਿਚ, ਉੱਡੇ ਤੇਰੇ ਪ੍ਰਤਾਪ ਦੀ। ਮੁੱਕੀ ਉਮਰ ਲਾਡਾਂ ਦੀ ਹੁਣ, ਆਇਆ ਸਮਾ ਵਿਵਹਾਰ ਦਾ । ਬੋਝਾ ਤੂੰ ਅਜ ਤੋਂ ਚੁੱਕਣਾ, ਜੀਵਨ ਦੇ ਭਾਰੇ ਭਾਰ ਦਾ। ਇਸ ਆਸ ਤੇ ਇਸ ਮਾਣ ਤੇ, ਸੋਚਾਂ ਵਿਚਾਰਾਂ ਘੱਟੀਆਂ। ਕੁੰਦਨ ਨੇ ਕੁੰਦਨ ਰਹਿਵਣਾ, ਪਰਖਨ ਪਈਆਂ ਕਸਵੱਟੀਆਂ । ਇਹ ਗ੍ਰਿਸਥ ਸਾਗਰ ਹੈ ਅਥਾਹ, ਪਰ ਲੋੜ ਨਹੀਂ ਹੈ ਡਰਨ ਦੀ। ਵਿਦਿਆ ਦਾ ਚੱਪੂ ਹਥ ਤਿਰੇ, ਤੂੰ ਜਾਚ ਜਾਣੇਂ ਤਰਨ ਦੀ। ਪੱਛਮ ਦੀ ਵਿਦਿਆ ਲੋਰ ਵਿਚ, ਭੁੱਲੀਂ ਗੁਰੂ-ਬਾਣੀ ਨੂੰ ਨਾ । ਮੱਖਣ ਹੈ ਸਿੱਖੀ ਦੁੱਧ ਵਿੱਚ, ਰਿੜਕੀਂ ਕਦੇ ਪਾਣੀ ਨੂੰ ਨਾ।

ਇਨਸਾਨ ਬਣ

ਚੰਗੇ ਪਦਾਰਥ ਪਾਲ ਤਨ ਤੂੰ, ਰਿਸ਼ਟ ਪੁਸ਼ਟ ਜਵਾਨ ਬਣ । ਸਿੱਖ ਕਰਤਬ ਜੰਗ ਵਾਲੇ, ਸੂਰਮਾ ਬਲਵਾਨ ਬਣ । ਪਾ ਉਚੇਰੀ ਵਿੱਦਿਆ ਤੂੰ, ਜੱਗ ਵਿਚ ਵਿਦਵਾਨ ਬਣ। ਕਰ ਪਰਾਪਤ ਹੁਨਰ ਸਾਰੇ, ਹੋ ਨਿਪੁੱਨ ਗੁਣਵਾਨ ਬਣ। ਸੱਤੇ ਵਲੈਤਾਂ ਜਿੱਤ ਲੈ, ਸਭਨਾਂ ਦਾ ਤੂੰ ਸੁਲਤਾਨ ਬਣ । ਕਰ ਕਮਾਈ, ਰੋਕ ਨਹੀਂ, ਲਾਖਾਂ-ਪਤੀ ਧਨਵਾਨ ਬਣ । ਪਾ ਵਧੇਰਾ ਮਾਣ ਇੱਜ਼ਤ, ਕੌਮ ਦੀ ਤੂੰ ਸ਼ਾਨ ਬਣ । ਸਿੱਖ, ਜੈਨੀ, ਪਾਰਸੀ, ਹਿੰਦੂ ਜਾਂ ਮੁਸਲਮਾਨ ਬਣ । ਬਣ, ਜੋ ਮਰਜ਼ੀ ਊ ਬਣ, ਇਨਸਾਨ ! ਪਰ ਇਨਸਾਨ ਬਣ !

ਪ੍ਰੇਮ

ਮੈਂ ਅਜਾਣ ਤਾਈਂ ਆਈ ਸਮਝ ਨਾਹੀਂ, ਹੁੰਦੀ ਪਿਆਰ ਦੀ ਅਸਲ ਪਛਾਣ ਕੀਕਣ । ਪੜ੍ਹੇ ਜਾਉਂਦੇ ਸੋਹਣੇ ਖੁਸ਼ਖੱਤ ਵਾਂਗੂੰ, ਲਿਖੇ ਮੁੱਖ ਤੇ ਖ਼ਤ-ਨਿਸ਼ਾਨ ਕੀਕਣ । ਪਾਸ ਪ੍ਰੇਮੀਆਂ ਦੇ ਕਿਹੜੀ ਵਿੱਦਿਆ ਹੈ, ਛੇਤੀ ਉਨ੍ਹਾਂ ਨੂੰ ਹੋਵੇ ਗਿਆਨ ਕੀਕਣ। ਬੁਝਣ ਅੰਦਰੇ ਦੀ ਬਿਨਾਂ ਗਲ ਕੀਤੇ, ਸਾਰਾ ਹਾਲ ਦਿਲ ਦਾ ਸਮਝ ਜਾਣ ਕੀਕਣ। ਜਾਣੇ ਰੱਬ ਕੀ ਪਲਕ ਵਿਚ ਗਲ ਹੋ ਗਈ, ਭੱਜੀ ਆਉਂਦੀ ਸੀ ਕਹਿਰਵਾਨ ਹੋਈ। ‘ਰਾਂਝੇ ਉਠ ਕੇ ਆਖਿਆ ਵਾਹ ਸੱਜਣ ! ਹੀਰ ਹੱਸ ਕੇ ਤੇ ਮਿਹਰਬਾਨ ਹੋਈ।' ਨੈਣ ਕਹਿਰ ਦੇ ਚਮਕਦੇ ਵਾਂਗ ਬਿਜਲੀ, ਨੱਢੀ ਝੰਗ-ਸਿਆਲ ਦੀ ਕੜਕ ਉੱਠੀ। ਕਿਸੇ ਬ੍ਰਿਹੋਂ ਦੇ ਸੜੇ ਨੂੰ ਸਾੜਦੀ ਸੀ, ਮਾਨੋ ਹੁਸਨ ਦੀ ਅੱਗਨੀ ਭੜਕ ਉੱਠੀ। ਕਿਹਾ : ਸੇਜ ਮੇਰੀ ਉੱਤੇ ਕੌਣ ਸੱਤਾ ? ਛਾਤੀ ਸਾਰੇ ਮਲਾਹਾਂ ਦੀ ਧੜਕ ਉੱਠੀ। ਉੱਚਾ ਉੱਚਾ ਜ਼ਬਾਨ ਥੀਂ ਬੋਲਦੀ ਸੀ, ਐਪਰ ਦਿਲ ਅੰਦਰ ਹੋਰ ਕਰਕ ਉੱਠੀ । ਕਿਸੇ ਭਾ ਨ ਨਖ਼ਰਾ ਤੋਲਦੀ ਸੀ, ਐਸੀ ਮਾਣ-ਮੱਤੀ ਧੋਖਾ ਖਾ ਬੈਠੀ। ਭੱਜੀ ਆਉਂਦੀ ਸੀ ਪਲੰਘ ਖੋਹਣ ਦੇ ਲਈ, ਸਗੋਂ ਆਪਣਾ ਦਿਲ ਖੁਹਾ ਬੈਠੀ। ਬੱਝੀ ਹੁਸਨ ਦੀ ਰੱਸੀ ਦੇ ਵਿੱਚ ਸੱਸੀ, ਬਾਜ਼ੀ ਲਾਉਣੀ ਪਈ ਸੂ ਤਨ ਉੱਤੇ । ਸੋਹਣ-ਪਨ ਨੇ ਸੋਹਣੀ ਦੇ, ਅਸਰ ਸੋਹਣਾ, ਕੀਤਾ ਸੋਹਣੇ ਮਹੀਂਵਾਲ ਦੇ ਮਨ ਉਤੇ । ਲੋਕੀ ਕਹਿਣ ਜ਼ੁਲੈਖ਼ਾ ਚਕੋਰ ਬਣ ਕੇ, ਭੁੱਲੀ ਯੂਸਫ਼ ਦੇ ਮੁੱਖੜੇ ਚੰਨ ਉੱਤੇ। ਮੰਨਦਾ ਸ਼ਰਤਾਂ ਸੀ ਸ਼ੀਰੀਂ ਦੇ ਵਾਸਤੇ ਹੀ, ਕਿਹੜੀ ਬਿਪਤ ਸੀ ਹੋਰ ‘ਕੋਹਕਨ’ ਉੱਤੇ । ਮੰਨੋ ਮਾਰ ਮਜਾਜ਼ੀ ਦੀ ਮੋਏ ਸਾਰੇ, ਸੱਚਾ ਪ੍ਰੇਮ ਨਾ ਸਹੀ ਸੋਹਣੀ ਰੁੜ੍ਹੀ ਦੇ ਵਿੱਚ । ਸੱਯਦ-ਜ਼ਾਦੇ ਉਸ ਆਮਿਰ ਦੇ ਕੀ ਡਿੱਠਾ, ਕਾਲੀ ਲੇਲਾ, ਭਠਿਆਰੀ ਦੀ ਕੁੜੀ ਦੇ ਵਿੱਚ ? ਸੱਚੇ ਪ੍ਰੇਮ ਦੀ ਇਥੇ ਹੈ ਪਹੁੰਚ ਕਿੱਥੇ, ਇਹ ਤਾਂ ਨੱਢਿਆਂ ਮਸਤ ਜਵਾਨਾਂ ਦੀ ਗੱਲ। ਦਿਲ ਨੂੰ ਦੇ ਦੇਣਾ, ਹੁਸਨ ਲੈ ਲੈਣਾ, ਇਹ ਤਾਂ ਸੌਦੇ ਵਿਹਾਰਾਂ ਦੁਕਾਨਾਂ ਦੀ ਗੱਲ। ਮੰਨੇ ਮਨ ਤਾਂ ਸ਼ਾਇਦ ਮੈਂ ਮੰਨ ਜਾਵਾਂ, ਇੱਥੇ ਹੋਵੇ ਜੇ ਸਿਰਫ਼ ਇਨਸਾਨਾਂ ਦੀ ਗੱਲ । ਕਰ ਕੇ ਖ਼ਿਆਲ ਉਸ ਲੈਲਾ ਦੀ ਊਠਣੀ ਦਾ, ਆਈ ਯਾਦ ਹੈ ਮੈਨੂੰ ਹੈਵਾਨਾਂ ਦੀ ਗੱਲ : ਜਾ ਕੇ ਨਜਦ ਦੀ ਜੂਹ ਵਿਚ ਅੜੀ ਐਸੀ, ਤੁਰੀ ਮੂਲ ਨਾ ਮਾਰ ਉਡਾਈ ਨੇ ਖੱਲ । ਲੈਲਾ ਕਿਹਾ ਪੁਕਾਰ ਕੇ : ਰੱਬ ਦੀ ਸਹੁੰ, ਬਸ ਇਹੋ ਜੇ ਮੈਂਡੜੇ ਮਾਹੀ ਦਾ ਥੱਲ । ਪੀਆ ਪੀਆ ਪਪੀਹਾ ਪੁਕਾਰਦਾ ਸੀ, ਲੱਗੀ ਹੋਈ ਸੀ ਸੁਰਤ ਅਕਾਸ਼ ਦੇ ਵਿੱਚ । ਸਾਹ ਸੁੱਕਿਆ ਅੱਖ ਸੀ ਮੇਘ ਵੰਨੀਂ, ਵਿਲਕ ਰਿਹਾ ਸੀ ਬੂੰਦ ਦੀ ਆਸ ਦੇ ਵਿੱਚ । ਕਢ ਕੇ ਜੀਭ ਨੂੰ ਬੁਲ੍ਹਾਂ ਤੇ ਫੇਰਦਾ ਸੀ, ਫੇਰੇ ਜਿਵੇਂ ਪਿਆਸਾ ਕੋਈ ਪਿਆਸ ਦੇ ਵਿੱਚ । ਗੰਗਾ-ਘਾਟ ਸੀ ਥੋੜੀ ਹੀ ਵਾਟ ਉੱਤੇ, ਉਹਨੂੰ ਪਾਣੀ ਦੀ ਵੇਖ ਤਲਾਸ਼ ਦੇ ਵਿੱਚ। ਜਾਂਦੇ ਰਾਹੀ ਉਪਕਾਰੀ ਨੇ ਦਰਦ ਵੰਡਿਆ, ਸੁਟਿਆ ਪਾਕ ਦਰਿਆ ਵਿਚ ਹੂੰ ਕਰ ਕੇ । ਸਾਹ ਘੁੱਟਿਆ ਪਾਣੀ ਨ ਘੁਟ ਪੀਤਾ, ਦਿਤੇ ਪ੍ਰਾਨ ਸੂ ਉਤ੍ਹਾਂ ਨੂੰ ਮੂੰਹ ਕਰ ਕੇ। ਵੇਖੀ ਲਾਸ਼ ਪਪੀਹੇ ਦੀ ਜਦੋਂ ਤਰਦੀ, ਵਗਦੀ ਨਦੀ ਨੇ ਸੋਚਿਆ : ਰੁੱਕ ਜਾਵਾਂ; ਹੁੰਦੀ ਬੂੰਦ ਤਾਂ ਆਸ਼ਕ ਨ ਜਾਨ ਦਿੰਦਾ, ਮੇਰੇ ਵਾਸਤੇ ਚਾਹੀਦਾ ਮੁੱਕ ਜਾਵਾਂ, ਮੈਨੂੰ ਸੂਰਜ ਤੇ ਪਉਣ ਜੇ ਮਦਦ ਦੇਵਣ, ਏਸ ਹੋਂਦ ਕੋਲੋਂ ਚੰਗਾ ਸੁੱਕ ਜਾਵਾਂ; ਦੇਵੇ ਧਰਤ ਜੇ ਵੇਹਲ ਤਾਂ ਧੱਸ ਜਾਵਾਂ, ਨਹੀਂ ਤੇ ਵਿਚ ਅਕਾਸ਼ ਦੇ ਲੁੱਕ ਜਾਵਾਂ। ਪਾਣੀ ਪੌਣ ਦੀ ਪਿੱਠ ਤੇ ਬੈਠ ਤੁਰਿਆ, ਬਹਿੰਦਾ ਰੱਥ ਤੇ ਜਿਵੇਂ ਕੋਈ ਧੁਨੀ ਹੋ ਕੇ। ਉੱਤੋਂ ਮੁੜਿਆ ਪਹਾੜੀ ਚਪੇੜ ਮਾਰੀ, ਸ਼ਰਮ ਨਾਲ ਡਿੱਗਾ ਕਣੀ ਕਣੀ ਹੋ ਕੇ। ਪ੍ਰੇਮ ਰੂਪ ਦਾ ਦੱਸਾਂ ਸਰੂਪ ਕੀ ਏ ? ਇਹੋ ਸਮਝ ਲੌ : ਜਿਹੜਾ ਲੈ ਜਾਏ ਉੱਤੇ; ਵਾਂਗ ਗੇਂਦ ਦੇ ਉੱਛਲੇ ਹੋਏ ਦੂਣਾ, ਤਾਹਨੇ ਮੇਹਣਿਆਂ ਦਬੇ ਦਬਾਏ ਉੱਤੇ; ਮੈਂ ਤੂੰ ਦੇ ਝਗੜਿਆ ਝੇੜਿਆਂ ਤੋਂ, ਜੋ ਬਚਾਏ ਤੇ ਜ਼ਰਾ ਲੈ ਜਾਏ ਉੱਤੇ; ਜੀਹਦੀ ਹੋਂਦ ਬਾਝੋਂ ਜਾਣੋ ਸਚ ਲੋਕੀ; ਲਗੇ ਹੋਏ ਨੇ ਟੱਟੂ ਕਿਰਾਏ ਉੱਤੇ। ਕੋਈ ਗਰਜ਼ ਆਖੇ, ਕੋਈ ਕਹੇ ਕਿਸਮਤ, ਕਈ ਲਗੀ ਦਾ ਹੁਸਨ ਸਬੱਬ ਕਹਿੰਦੇ । ਲਾਇਆਂ ਲੱਗਦਾ ਹੋੜਿਆਂ ਹੱਟਦਾ ਨਹੀਂ, ਆਸ਼ਕ ਇਸੇ ਪ੍ਰੇਮ ਨੂੰ ਰੱਬ ਕਹਿੰਦੇ। ਪ੍ਰੇਮ ਤਾਰ ਹੈ ਮਗਰ ਬੇ-ਤਾਰ ਵੀ ਹੈ, ਏਸ ਤਾਰ ਦੀ ਸਮਝ ਲੌ ਤਾਰ ਕੋਈ ਨਹੀਂ। ਕਿਤੇ ਕਿਤੇ ਤਾਂ ਨਜ਼ਰ ਦੀ ਤਾਰ ਮਿਲਦੀ, ਕਿਤੇ ਕਿਤੇ ਇਹ ਵੀ ਬਰਕਰਾਰ ਕੋਈ ਨਹੀਂ । ਵੇਖੇ ਬਿਨਾਂ, ਸੁਣ ਕੇ ਜਿਹੜਾ ਤਕ ਸਕੇ ਏਸ ਜਿਹੀ ਤਾਂ ਹੋਰ ਵਿਚਾਰ ਕੋਈ ਨਹੀਂ । ਜਿਹੜਾ ਵੇਖੇ ਵੀ ਨਾ ਅਤੇ ਸੁਣੇ ਵੀ ਨਾ, ਮੁਕਦੀ ਗਲ ਉਸ ਜਿਹਾ ਹੁਸ਼ਿਆਰ ਕੋਈ ਨਹੀਂ। ਤਕ ਰਖ ਕੇ ਕਿਸੇ ਅਣਡਿੱਠ ਉੱਤੇ, ਏਸ ਰਾਹੋਂ ਮੁਸਾਫ਼ਿਰਾ ਉੱਕੀਂ ਨਾ ਤੂੰ । ਇਸ਼ਕੋਂ ਸੱਖਣਾ ਹੋ ਸੰਸਾਰ ਉੱਤੇ, ਐਵੇਂ ਪੰਡ ਵਗਾਰ ਦੀ ਚੁੱਕੀਂ ਨਾ ਤੂੰ।

ਨਾਨਕ ਦਾ ਰੱਬ

੧. 'ਇਕ ਨਾਮ ਹੈ ਖ਼ੁਦਾ ਦਾ, ਦੂਜਾ ਰਸੂਲ ਦਾ ਏ । ਮੰਨੇ ਰਸੂਲ ਨੂੰ ਤਾਂ, ਅੱਲਾ ਕਬੂਲਦਾ ਏ ।' ਇਹ ਭਾਵ ਮੀਆਂ ਮਿੱਠੇ, ਤੇਰੇ ਅਸੂਲ ਦਾ ਏ । ਮੇਰਾ ਸਿਧਾਂਤ ਸਿੱਧਾ, ਪੁੱਜੇ ਅਖ਼ੀਰ ਬੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੨. ਆਵੇ* ਜ਼ਰੂਰ ਆਵੇ. ਰਸਤੇ ਕਿਸੇ ਤੋਂ ਆਵੇ । ਪਾਵੇ ਜ਼ਰੂਰ ਪਾਵੇ, ਰਸਤੇ ਕਿਸੇ ਤੋਂ ਪਾਵੇ । ਦਾਹਵਾ ਹੈ ਇੱਕ ਤਅੱਸੁਬ, ਉਲਟਾ ਇਹ ਰਾਹ ਭੁਲਾਵੇ । ਮੋਮਨ ਨ ਸਭ ਸੁਜਾਖੇ, ਹਿੰਦੂ ਨ ਸਾਰੇ ਅੰਨ੍ਹੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । *ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ। ੩. ਗੋਰਾ ਯਾ ਕਾਲਾ ਸੌਂਲਾ, ਇਹ ਰੰਗ ਵੰਨ-ਸੁਵੰਨੇ । ਹਰ ਰੰਗ ਵਿਚ ਉਹ ਵੱਸੇ, ਰਹਿੰਦਾ ਹੈ ਫੇਰ ਬੰਨੇ । ਆਪੇ ਬਣਾਉਂਦਾ ਹੈ, ਆਪੇ ਚਾਹੇ ਤਾਂ ਭੰਨੇ । ਉਹ ਲਭ ਲਿਆ ਸੀ ਵੇਖੋ, ਪੱਥਰ ਦੇ ਵਿਚੋਂ ਧੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੪. ਹੈ ਪਸਰਿਆ ਚੁਫ਼ੇਰੇ, ਉਹਦਾ ਪਸਾਰ ਸਾਰੇ । ਉਹੋ ਹੈ ਹੇਠ ਉੱਤੇ, ਅੰਦਰ ਤੇ ਬਾਹਰ ਸਾਰੇ । ਦੱਸਣ ਉਸੇ ਦੀ ਕੁਦਰਤ, ਜੰਗਲ ਪਹਾੜ ਸਾਰੇ । ਉਹਦੇ ਬਿਨਾਂ ਇਹ ਜਾਣੋ, ਉਜੜੇ ਦੁਆਰ ਬੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੫. ਸ਼ਾਂਤੀ ਦਾ ਘਰ ਹੈ ਮਜ਼ਹਬ, ਮੱਲਾਂ ਦਾ ਨਹੀਂ ਅਖਾੜਾ । ਇੱਥੇ ਨਾ ਪਹੁੰਚ ਸੱਕੇ, ਦੂਈ, ਦਵੈਤ ਸਾੜਾ । ਹਦ ਏਸ ਦੀ ਸਚਾਈ, ਸੱਚ ਏਸ ਦਾ ਹੈ ਵਾੜਾ । ਨਿਸਚਾ ਟਿਕਾ ਕੇ ਟਿੱਕੇ, ਵਹਦਤ ਦੇ ਪੀਵੇ ਛੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੬. ਸਭ ਪੁਤਲੀਆਂ ਨਚਾਂਦਾ, ਇੱਕੋ ਉਹ ਤਾਰ ਵਾਲਾ । ਰਸ ਦੇਂਵਦਾ ਹੈ ਜੜ੍ਹ ਨੂੰ, ਇੱਕੋ ਬਹਾਰ ਵਾਲਾ । ਗੁਣ ਓਸਦੇ ਨੇ ਸਾਰੇ, ਓਹੋ ਭੰਡਾਰ ਵਾਲਾ । ਉਸੇ ਨੇ ਰਸ ਰਸਾਇਆ, ਭਰਿਆ ਜੋ ਵਿੱਚ ਗੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੭. ਹੈ ਬੀਜ ਦੀ ਹੀ ਬਰਕਤ, ਪਰ ਬੀਜ ਕਿਸ ਉਗਾਇਆ ? ਅਕਲਾਂ ਦੇ ਚਮਤਕਾਰੇ, ਪਰ ਅਕਲ ਕਿਸ ਸਿਖਾਇਆ ? ਅਸਲੂੰ ਹੈ ਮੂਲ ਕਿਹੜਾ ? ਆਇਆ, ਕਿ ਜੋ ਲਿਆਇਆ ? ਜੜ੍ਹ ਤੋਂ ਬਗੈਰ ਉਪਜਣ, ਨ ਡਾਲੀਆਂ ਨ ਤੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ । ੮. ਪੰਛੀ ਜਨੌਰ ਸਬਜ਼ੀ, ਕੁਦਰਤ ਬਣਾਏ ਜੋੜਾ । ਇੱਕੇ ਬਿਰਛ ਦੇ ਫਲ ਨੇ, ਮਿੱਠਾ ਤੇ ਕੋਈ ਕੌੜਾ । ਪਰਬਤ ਹੈ ਯਾ ਕਿ ਤੀਲਾ, ਕੋਈ ਨਹੀਂ ਬਿਲੋੜਾ । ਦਰਸਾਉਂਦੇ ਨੇ ਏਹੋ, ਕੁਦਰਤ ਦੇ ਸਭ ਇਹ ਪੰਨੇ । ਜੋ ਇਕ ਅਕਾਲ ਮੰਨੇ, ਮੰਨੇ ਨਾ ਮੈਨੂੰ ਮੰਨੇ ।

ਖੁਸ਼ਾਮਦ

ਖ਼ਲਕਤ ਰੀਝ ਰਹੀ ਤੇਰੇ ਤੇ ਭੌਰ ਬਣ ਕੇ, ਕਿਸੇ ਹੁਸਨ ਦੇ ਬਾਗ਼ ਦੀ ਕਲੀ ਏਂ ਤੂੰ। ਤੇਰੀ ਚਮਕ ਤੇ ਦਮਕ ਹੈ ਵਾਂਗ ਬਿਜਲੀ, ਮਾਨੋ ਕੁੰਦਨ ਦੀ ਪੁਤਲੀ ਢਲੀ ਏਂ ਤੂੰ । ਤੇਰੀ ਜੜ੍ਹ ਨ ਜ਼ਿਮੀਂ ਅਸਮਾਨ ਅੰਦਰ, ਕੌੜੀ ਵੇਲ ਵਾਂਗੂੰ ਠੀਕ ਫਲੀ ਏਂ ਤੂੰ । ਕੈਸੀ ਚੌਧਰ ਦੀ ਪਾ ਪੁਸ਼ਾਕ ਸਜੀ, ਸੱਚੇ ਮੋਮ ਦੇ ਵਿਚ ਹੀ ਢਲੀ ਏਂ ਤੂੰ। ਸੋਹਣੇ ਸ਼ਬਦ ਲਪੇਟਵੇਂ ਜੀਭ ਸਦਕੇ, ਜਾ ਨਾਲ ਸਿਆਣਿਆਂ ਰਲੀ ਏਂ ਤੂੰ। ਲੈਂਦੀ ਛਲ ਛੇਤੀ ਅਕਲ ਵਾਲਿਆਂ ਨੂੰ, ਆਪ ਕਿਸੇ ਤੋਂ ਗਈ ਨ ਛਲੀ ਏਂ ਤੂੰ । ਵੜਿਆ ਦੌੜ ਕੇ ਮੈਂ ਧਰਮਸਾਲ ਅੰਦਰ, ਵਾਤ ਅਡ ਕੇ ਅਗੇ ਹੀ ਖਲੀ ਏਂ ਤੂੰ। ਮੰਦਰ ਟੋਲਿਆ ਫੇਰ ਮਸੀਤ ਡਿੱਠੀ, ਚਰਚ ਵਿਚ ਦੀ ਥਾਉਂ ਵੀ ਮਲੀ ਏ ਤੂੰ। ਕੈਸਾ ਤਣੇਂ ਤਾਣਾ ਸਾਫ਼ ਦਿਲਾਂ ਅੰਦਰ, ਛਲ ਤਾਣੀਆਂ ਦੀ ਠੀਕ ਨਲੀ ਏਂ ਤੂੰ। ਤਾਹਨੇਂ ਮੇਹਣਿਆਂ ਦੀ ਕੀ ਪਰਵਾਹ ਤੈਨੂੰ, ਵੇਚੀ ਸ਼ਰਮ ਪਾਖੰਡਾਂ ਦੀ ਗਲੀ ਏਂ ਤੂੰ । ਡਾਢੇ ਦਾਉ ਤੇ ਪੇਚ ਫ਼ਰੇਬ ਤੇਰੇ, ਬੜੇ ਬਲੀਵਾਨਾਂ ਕੋਲੋਂ ਬਲੀ ਏਂ ਤੂੰ। ਅਕਲ, ਜ਼ੋਰ, ਧਨ, ਰਹੀ ਤਦਬੀਰ ਪਿੱਛੇ, ਕਦਮ ਪੁੱਟ ਅਗਾਂਹ ਨੂੰ ਚਲੀ ਏਂ ਤੂੰ। ਜੇ ਸਵਾਰ ਦੇਵੇਂ ਕੰਮ ਆਸ਼ਕਾਂ ਦੇ, ਸੱਚ ਮੁਚ ਫਿਰ ਮਿਸਰੀ ਦੀ ਡਲੀ ਏਂ ਤੂੰ। ਵੈਸੇ ਉਂਜ ਵੀ ਤੇ ਤੂੰ ਤਾਂ ਨੌਕਰਾਂ ਲਈ, ਗੁਰੂ, ਪੀਰ, ਪੈਗ਼ੰਬਰ ਤੇ ਵਲੀ ਏਂ ਤੂੰ। ਮਸਤ ਬੇ-ਪਰਵਾਹ ਦੀ ਬੜੀ ਵੈਰਨ, ਪੈਂਦੀ ਉਨ੍ਹਾਂ ਨੂੰ ਸਦਾ ਕੁਵੱਲੀ ਏਂ ਤੂੰ। ਅਸਲ ਭੁਲਿਆ ਤੇਰਾ ਜਾਂ ਮੇਲ ਹੋਇਆ, ਸਬਜ਼ ਬਾਗ਼ ਦਿਖੌਣ ਨੂੰ ਭਲੀ ਏਂ ਤੂੰ। ਤੇਰਾ ਨਸ਼ਾ ਸ਼ਰਾਬ ਤੋਂ ਘੱਟ ਨਾਹੀਂ, ਐਪਰ ਆਉਂਦੀ ਜ਼ਰਾ ਸੁਵੱਲੀ ਏਂ ਤੂੰ । ਤੇਰਾ ਮੰਨਿਆ ਲੋਹਾ ਸਿਆਣਿਆਂ ਨੇ, ਲੱਖਾਂ ਯੁਕਤੀਆਂ ਜਿਹੀ ਇਕੱਲੀ ਏਂ ਤੂੰ । ਐਪਰ ਤੇਰੀ ਨ ਲੋੜ 'ਮੁਸਾਫ਼ਰਾਂ’ ਨੂੰ, ਚਲੀ ਜਾਹ ਜਿਧਰੋਂ ਕਿਸੇ ਘੱਲੀ ਏਂ ਤੂੰ। ਚਾਰ ਦਿਨਾਂ ਦੇ ਸਫ਼ਰ ਦੇ ਵਾਸਤੇ ਕਿਉਂ, ਗਲ ਪਾ ਲਈਏ ਵਾਂਗ ਟਲੀ ਏਂ ਤੂੰ ।

ਜੀਵਨ-ਤਤ

੧. ਨਾਲ ਪ੍ਰੇਮ ਦੇ ਸੇਵਾ ਕਰੀਏ, ਪਰਉਪਕਾਰ ਕਮਾਈਏ; ਪੇਟ ਵੀ ਅਪਣਾ ਕਟ ਕੇ ਬੇਸ਼ਕ, ਭੁੱਖਿਆਂ ਤਾਈਂ ਖੁਆਈਏ; ਹੌਲਾ ਕਰੀਏ ਭਾਰ ਬੇਗਾਨਾ, ਸਿਰ ਤੇ ਪੰਡ ਉਠਾਈਏ; ਜੱਸ ਵਡਿਆਈ ਸੋਭਾ ਖਟੀਏ, ਮਾਣ ਵੀ ਕਿਤਨਾ ਪਾਈਏ ; ਲੁਕ ਰਹਿਣੇ ਵਿਚ ਸੁਖ ਹੈ ਫਿਰ ਵੀ, ਤੱਤ ਆਉਂਦਾ ਚਲਿਆ; 'ਬਰਛੀ ਹੈ ਦੋ-ਮੂੰਹੀ ਦੁਨੀਆਂ, ਜੋ ਹਲਿਆ ਸਲਿਆ' । ੨. ਦੁਨੀਆਂ ਦੀ ਤਕੜੀ ਦੇ ਉੱਤੇ, ਔਖਾ ਪੂਰਾ ਤੁਲਣਾ ; ਵਾਂਗ ਲੂਣ ਦੇ ਪਾਣੀ ਅੰਦਰ, ਪੱਥਰਾਂ ਨੇ ਨਹੀਂ ਘੁਲਣਾ ; ਹਾਸਿਦ, ਚੁਗਲ, ਬਖ਼ੀਲ ਵੀ ਇਥੇ, ਰਹਿਣਾ ਮਿਲਣਾ ਜੁਲਣਾ ; ਤਤ ਦੇ ਬਚਨਾਂ ਤਾਈਂ ਹਰਗਿਜ਼, ਨਹੀਂ ਚਾਹੀਦਾ ਭੁੱਲਣਾ : ‘ਗੁਣ ਅਪਣਾ, ਦੂਜੇ ਦਾ ਔਗਣ, ਚਾਹੀਏ ਸਦਾ ਲੁਕਾਣਾ। ਅਪਣੇ ਹੱਕ ਦੇ ਖਾਣੇ ਨੂੰ ਵੀ, ਚਾਹੀਏ ਕਜ ਕੇ ਖਾਣਾ'। ੩. ਗਿਆ ਪਰਖਿਆ ਆਪੇ ਹੀ ਉਹ, ਜੋ ਕੰਡੇ ਚੜ੍ਹ ਤੁਲਿਆ ; ਆਫਰਿਆ, ਜੋ ਭਰਿਆ ਵਧ ਕੇ, ਆਪੇ ਹੀ ਉਹ ਡੁਲ੍ਹਿਆ ; ਕੌਣ ਭਲਾ ਇਸ ਜਗ ਦੇ ਉੱਤੇ ? ਜਿਸ ਦਾ ਭੇਦ ਨਾ ਖੁੱਲ੍ਹਿਆ। ਕਿਹੜਾ ਹੈ ਉਹ ਦਾਨਾ ਬੰਦਾ; ਜੇਹੜਾ ਕਦੇ ਨਾ ਭੁਲਿਆ ? ‘ਭੁੱਲਣਹਾਰ’ ਅਭੁਲ ਨਹੀਂ ਬੰਦਾ, ਇਹ ਗਲ ਚੇਤੇ ਰਖੀਏ। ਫੋਲਣ ਲਗਿਆਂ ਐਬ ਕਿਸੇ ਦੇ, ਅਪਣਾ ਅੰਦਰ ਤਕੀਏ । ੪. ਖਪ-ਖਾਨਾ ਹੈ ਜਗਤ, ਕਿਸੇ ਵੀ ਗਤ ਨਹੀਂ ਇਸ ਦੀ ਪਾਈ। ਸਭਨਾਂ ਪਾਸੋਂ ਆਸ ਦੋਸਤੀ, ਰਖਣਾ, ਮੁਰਖਤਾਈ । ਝਗੜਾ ਰਗੜਾ ਬਣਿਆ ਰਹਿਣਾ, ਮੇਲ ਦਾ ਮੂਲ ਲੜਾਈ । ਮਾਰਨ ਮਰਨ ਤੀਕ ਪੁਜ ਜਾਂਦੇ, ਲੜਦੇ ਲੜਦੇ ਭਾਈ । ਲੜਨੇ ਤੋਂ ਵੀ ਵਧ ਕੇ ਭੈੜਾ, ਦਿਲ ਵਿਚ ਰਖਣਾ ਕੀਨਾ। ਨਹੀਂ ਚਾਹੀਦਾ ਦੁਸ਼ਮਣ ਤੇ ਵੀ, ਕਰਨਾ ਵਾਰ ਕਮੀਨਾ । ੫. ਆਸ ਨਾ ਰੱਖੋ : ਜਗ ਵਿਚ ਰਿਹਾਂ, ਦੁਖ ਤੰਗੀ ਨਾ ਆਵੇ । ਸਿਖਣਾ ਚਾਹੀਏ ਵਲ ਜਿਵੇਂ, ਉਹ ਆਵੇ ਤੇ ਲੰਘ ਜਾਵੇ । ਰੇਲ ਦੀ ਪਟੜੀ ਦੇ ਵਲ ਵੇਖੋ, ਕਿਤਨਾ ਭਾਰ ਉਠਾਵੇ ; ਲੱਖਾਂ ਮਣ ਪੈ ਜਾਵਣ ਸਿਰ ਤੇ, ਸਹਿਜ ਜਿਹੇ ਤਿਲਕਾਵੇ। ਸਫਲਤਾ ਦੀ ਟੀਸੀ ਉੱਤੇ, ਓਹੀ ਚੜ੍ਹਦੇ ਡਿੱਠੇ : ਦਿਲ ਹੋਵਣ ਮਜ਼ਬੂਤ ਜਿਨ੍ਹਾਂ ਦੇ, ਮੂੰਹ ਦੇ ਹੋਵਣ ਮਿੱਠੇ । ੬. ਨਹੀਂ ਜ਼ਰੂਰੀ ਐਸਾ ਹੋਵੇ, ਜੈਸਾ ਨਜ਼ਰੀ ਆਵੇ। ਹਰ ਕੋਈ ਵੱਡਾ ਨਹੀਂ ਜ਼ਰੂਰੀ, ਜਗ ਵਡਿਆਈ ਪਾਵੇ। ਸੱਚੇ ਮੋਤੀ ਡੂੰਘੀ ਤਹਿ ਵਿਚ, ਸਾਗਰ ਸਦਾ ਲੁਕਾਵੇ । ਪਾਰਖ ਬਣਨਾ ਗਲ ਨਹੀਂ ਸੌਖੀ, ਜੀਵਨ-ਤਤ ਸਮਝਾਵੇ : ਚੰਗੀ ਜਾਂ ਮੰਦੀ ਮਸ਼ਹੂਰੀ, ਨਹੀਂ ਕੋਈ ਕਸਵੱਟੀ। ਵਿਕਦੀ ਪਈ ਫਿੱਕੀ ਮਠਿਆਈ, ਵੇਖੀ ਉੱਚੀ ਹੱਟੀ। ੭. ਇਕ ਨੂੰ ਇਕ ਗਲ ਮਾੜੀ ਜਾਪੇ, ਇਕ ਦੇ ਉਹ ਮਨ-ਭਾਣੀ। ਇਕ ਨੂੰ ਇਕ ਵਿਚ ਲਾਭ ਜਾਪਦਾ, ਇਕ ਨੂੰ ਉਸ ਵਿਚ ਹਾਨੀ । ਇਕ ਲਈ ਚੰਗਾ ਇਕ ਲਈ ਮਾੜਾ, ਇੱਕ ਥਾਂ ਦਾ ਪਾਣੀ। ਫ਼ਰਕ ਸੁਭਾਵਾਂ ਰਾਵਾਂ ਦੇ ਵਿਚ, ਹੈ ਫ਼ਿਤਰਤ ਇਨਸਾਨੀ। ਇਕ ਰਾਏ ਦੇ ਸਭ ਹੋ ਜਾਵਣ, ਮਨ ਤੋਂ ਵਹਿਮ ਹਟਾਈਏ। ਮਤ-ਭੇਦ ਨਹੀਂ ਕਾਰਨ ਐਸਾ, ਜਿਸ ਤੋਂ ਵੈਰ ਵਧਾਈਏ । ੮. ਬੇ-ਲੋੜੀ ਆਕੜ ਨੇ ਵੇਖੇ, ਵਸਦੇ ਪਏ ਉਜਾੜੇ। ਤਣਿ ਟਾਹਣਾਂ ਤੇ ਡੱਟੇ ਪੱਤੇ, ਤੇਜ਼ ਹਵਾ ਨੇ ਝਾੜੇ । ਹੜ ਪਾਣੀ, ਜ਼ੋਰਾਂ ਦਾ ਝੱਖੜ, ਵੱਡੇ ਬਿਰਛ ਉਖਾੜੇ । ਬਚ ਜਾਂਦੇ ਸਿਰ ਨੀਵਾਂ ਕਰ ਕੇ, ਘਾਹ ਦੇ ਤਿਨਕੇ ਮਾੜੇ : ਸੋਚ ਵਿਚਾਰ ਸਿਆਣੇ ਲੋਕਾਂ, ਇਹ ਫ਼ਿਕਰਾ ਹੈ ਘੜਿਆ : ਪੇਸ਼ ਨਾ ਜਾਵੇ ਜਿੱਥੇ, ਓਥੇ ਜੋ ਅੜਿਆ ਸੋ ਝੜਿਆ। ੯. ਮਿੱਠੇ ਬੋਲ ਸੰਵਾਰਨ ਕੰਮ ਨੂੰ, ਕੌੜਾ ਮੂਲ ਨਾ ਕਹੀਏ । ਗੁੜ ਦਿਤਿਆਂ ਜੋ ਮਰਦਾ ਹੋਵੇ, ਫਿਰ ਮਹੁਰਾ ਕਿਉਂ ਦੇਈਏ ? ਲੜ ਕੇ ਢਾਹੀਏ ਉਹ ਵੀ ਜਿਤ ਹੈ, ਵੱਡੀ ਜਿਤ ਜੇ ਸਹੀਏ। ਇਸ ਵਿਚ ਡੂੰਘੀ ਤੱਤ ਦੀ ਗਲ ਹੈ, ਇਹ ਚੇਤੇ ਕਰ ਲਈਏ : ਫਲ ਵਾਲੀ ਡਾਲੀ ਵਲ ਵੇਖੋ, ਝੁਕ ਝੁਕ ਭੋਂ ਤੇ ਆਵੇ। ਵੱਟਿਆਂ ਦੇ ਵੱਟੇ ਵਿਚ ਅੱਗੋਂ, ਬੇਰੀ ਬੇਰ ਵਗਾਵੇ । ੧੦. ਐਬ-ਢੂੰਡਣੀ ਆਦਤ ਵਾਲੇ, ਪਾਟੋ ਧਾੜ ਵਧਾਂਦੇ । ਜੋ ਜੈਸੇ ਹਨ ਆਪੇ ਹੀ ਉਹ, ਪਰਗਟ ਹਨ ਹੋ ਜਾਂਦੇ। ਨੀਤੀ-ਵਾਨ ਹਮੇਸ਼ ਸੋਚ ਕੇ, ਕਲਮ, ਜ਼ਬਾਨ ਚਲਾਂਦੇ । ਤੱਤ ਦੀ ਗੱਲ ਸਿਆਣੇ ਬੰਦੇ, ਈਕਣ ਹਨ ਸਮਝਾਂਦੇ : 'ਵੈਰੀ ਦੇ ਵੀ ਗੁਣ ਦੱਸਣ ਵਿਚ, ਕਦੇ ਨ ਹੋਵੇ ਆਰੀ; ਐਪਰ ਨਕਤਾਚੀਨੀ ਵੇਲੇ, ਸੋਚੋ ਸੌ ਸੌ ਵਾਰੀ ।' ੧੧. ਕਰ ਲੌ ਨੁਕਤਾਚੀਨੀ ਬੇਸ਼ਕ, ਜੇ ਰੁਕਦੇ ਨਹੀਂ ਭਾਈ; ਪਰ ਬੰਦੇ ਵਿਚ ਦੋਵੇਂ ਮੁਮਕਿਨ, ‘ਚੰਗਿਆਈ, ਬੁਰਿਆਈ।' ਦਾਗ਼ੀ ਸੂਰਜ ਵੰਨ ਦੇ ਵਿਚ ਹੀ, ‘ਚਾਨਣ ਸੀਤਲਤਾਈ।' ਬੁਰਿਆਈ ਹਰ ਥਾਂ ਬੁਰਿਆਈ, ਚੰਗਿਆਈ, ਚੰਗਿਆਈ । ਮਾੜੇ ਨੂੰ ਆਖੋ ਪਏ ਮਾੜਾ, ਭੈੜੇ ਤਈਂ ਜਣਾਓ । ਆਖਣ ਤੋਂ ਪਹਿਲਾਂ ਪਰ ਝਾਤੀ ਅਪਣੇ ਮਨ ਵਿਚ ਪਾਓ। ੧੨. ਨਾ ਸੁਖ ਵਿੱਚ ਗ਼ਰੀਬੀ ਮਿਲਦਾ, ਨਾ ਬਹੁਤਾ ਧਨ ਪਾਇਆਂ । ਨਾ ਭੁੱਖਿਆਂ ਦਿਨ ਕਟਣ ਦੇ ਵਿਚ, ਨਾ ਸੁਖ ਬਹੁਤਾ ਖਾਇਆਂ। ਪਾਟੀਆਂ ਲੀਰਾਂ ਵਿਚ ਵੀ ਨਹੀਂ ਹੈ, ਨਹੀਂ ਸੁਖ ਪੱਟ ਹੰਢਾਇਆਂ । ਨਾ ਸੁਖ ਮਿਲਦਾ ਗਲੀਂ ਬਾਤੀਂ, ਨਾ ਚੁੱਪੂ ਬਣ ਜਾਇਆਂ । ਦੁਖ ਦਾ ਕਾਰਨ ਦੋਵੇਂ ਸਮਝੋ, ਸ਼ਾਹੀ ਅਤੇ ਕੰਗਾਲੀ । ਸੁਖ ਪਾਇਆ ਉਸ, ਸ਼ਾਂਤੀ ਜਿਸਨੇ ਅਪਣੇ ਮਨ ਵਿਚ ਭਾਲੀ ।

ਵਿਧਵਾ

ਗੱਲਾਂ ਨਾਲ ਭੁਲਾਇਆਂ ਭੁੱਲਦਾ ਨਹੀਂ, ਨਿਰਾ ਟਾਲਿਆਂ ਕਦੇ ਨਾ ਟਲਦਾ ਦੁੱਖ। ਉਹੋ ਉਸ ਨੂੰ ਸਦਾ ਬੇਚੈਨ ਰਖਦਾ, ਹੋਵੇ ਜਿਸ ਨੂੰ ਵੀ ਜਿਹੜੀ ਗਲ ਦਾ ਦੁੱਖ। ਸਦਾ ਸੈਂਕੜੇ ਸਾਲਾਂ ਤੋਂ ਵੱਧ ਸਮਝੋ, ਪਤੀ ਹੀਨ ਦੇ ਵਾਸਤੇ ਪਲ ਦਾ ਦੁੱਖ। ਸੀ ਨ ਕਰੇ, ਸੀਨਾ ਉਹ ਦਾ ਜਾਣਦਾ ਹੈ, ਜੀਹਨੂੰ ਪਤੀ-ਵਿਛੋੜੇ ਦੇ ਸੱਲ ਦਾ ਦੁੱਖ। ਖਾਣ ਲਾਣ ਹੰਡਾਣ ਦਾ ਸੁਖ ਕੀ ਏ, ਉਹਦੇ ਦਿਲ ਨੂੰ ਕਿਸ ਤਰ੍ਹਾਂ ਚੈਨ ਹੋਵੇ ? ਬਲਦੀ ਚਿਖਾ ਦੇ ਵਾਂਗ ਜਵਾਨ ਜੀਹਦੀ, ਬੈਠੀ ਵਿਧਵਾ ਧੀ ਜਾਂ ਭੈਣ ਹੋਵੇ । ਬੁੱਢਾ, ਕੁੱਬਾ, ਬੀਮਾਰ, ਲਾਚਾਰ ਤੁਰਨੋਂ, ਇਕ ਇਕ ਕਦਮ ਉੱਤੇ ਸੌ ਸੌ ਸਾਹ ਲੈਂਦਾ । ਰੋਟੀ ਪਚਦੀ ਨਹੀਂ ਖੰਘ ਹਟਦੀ ਨਹੀਂ, ਵੈਦ ਟੋਲਦਾ, ਫਿਰੇ ਦਵਾ ਲੈਂਦਾ। ਲਾਠੀ ਭਾਰ ਤੁਰਦਾ, ਦਿੱਸੇ ਜਿਵੇਂ ਮਰਦਾ, ਫਿਰ ਵੀ ਓਸ ਦਾ ਅਜੇ ਨਾ ਚਾ ਲਹਿੰਦਾ। ਰਿਹਾ ਤੌਰ ਨਾ ਪੈਸੇ ਦੇ ਜ਼ੋਰ ਉੱਤੇ, ਬਾਰ੍ਹਾਂ ਸਾਲਾਂ ਦੀ ਕੁੜੀ ਵਿਆਹ ਲੈਂਦਾ। ਮੋਇਆ ਆਪ ਵਿਚਾਰੀ ਉਹ ਨਾਲ ਮਰ ਗਈ, ਮਾਰੀ ਮੱਤ ਜੋ ਗਈ ਵਡੇਰਿਆਂ ਦੀ । ਸਾਰੀ ਉਮਰ ਦੇ ਵਲਵਲੇ ਮਾਰ ਬੈਠੀ, ਹੋ ਕੇ ਚੋਰ ਅਬਲਾ ਚਵ੍ਹਾਂ ਫੇਰਿਆਂ ਦੀ। ਸੁੰਦਰ ਜੋਬਨਾਂ ਭਰੀ ਜਵਾਨ ਲੜਕੀ, ਜੀਹਦੇ ਹਾਣ ਦੀਆਂ ਤੇ ਕੰਵਾਰੀਆਂ ਨੇ। ਫੇਰੇ ਲੀਤਿਆਂ ਲੰਘਿਆ ਸਾਲ ਵੀ ਨਹੀਂ, ਨਾ ਹੀ ਮੁੱਕੀਆਂ ਸੱਧਰਾਂ ਸਾਰੀਆਂ ਨੇ। ਸ਼ਗਨਾਂ ਵਾਲੀਆਂ ਸਾਵੀਆਂ ਲਾਲ ਸੂਹੀਆਂ, ਅਜੇ ਚੋਲੀਆਂ ਨਾਹੀ ਉਤਾਰੀਆਂ ਨੇ। ਫੁਲਣ ਫਲਣ ਤੋਂ ਪਹਿਲਾਂ ਹੀ ਸੁੱਕ ਗਈਆਂ, ਹਰੀਆਂ ਖੇਤੀਆਂ ਸਬਜ਼ ਕਿਆਰੀਆਂ ਨੇ। ਦੇ ਕੇ ਵਾਸ਼ਨਾ ਸੋਹਣੀ ਜਹਾਨ ਤਾਈਂ, ਮਿੱਠੇ ਫਲ ਦੇ ਕੇ ਬੇਸ਼ਕ ਮੁੱਕ ਜਾਵਨ। ਪਰ ਅਰਮਾਨ ਰਹਿੰਦਾ ਉਨ੍ਹਾਂ ਗ਼ੁੰਚਿਆਂ ਦਾ, ਫੁਲਣ ਫਲਣ ਤੋਂ ਪਹਿਲਾਂ ਜੋ ਸੁੱਕ ਜਾਵਨ। ਉਧਰੋਂ ਮਾਪਿਆਂ ਨੇ ਧੱਕਾ ਦੇ ਦਿੱਤਾ, ਇਧਰ ਸਹੁਰਿਆਂ ਦੇ ਦੇਵੇ ਢੋਈ ਕੋਈ ਨਾ । ਇਕ ਦੇ ਜਾਣ ਕਰ ਕੇ ਪਸ਼ੇਮਾਨ ਹੋਈ, ਧੀਰਜ ਦੇਣ ਜੋਗਾ ਰਿਹਾ ਕੋਈ, ਕੋਈ ਨਾ । ਸੇਕੋਂ ਸਾਕ ਡਰਦੇ ਨਾਰ ਜਾਣ ਵਿਧਵਾ, ਜੰਮਦੀ ਨਿਜ, ਹੋਈ ਜਿਹੀ ਹੋਈ ਕੋਈ ਨਾ। ਸਾਈਆਂ ਵਾਲੀਓ, ਦੱਸੋ ਕਸੂਰ ਮੇਰਾ, ਜੀਵਨ-ਸੁਖ ਕੋਈ ਨਹੀਂ ਐਵੇਂ ਮੋਈ ਕੋਈ ਨਾ । ਇੱਧਰ ਬੈਠੀ ਜਠਾਣੀ ਪਈ ਨੱਕ ਚਾੜ੍ਹੇ, ਘੂਰੀ ਵੱਟਦੀ ਉਧਰ ਨਨਾਣ ਆਵੇ। ਨਿਕਲਾਂ ਬਾਹਰ ਤਾਂ ਲੋਕਾਂ ਦੀ ਅੱਖ ਕੈਰੀ, ਅੰਦਰ ਵੜੀ ਨੂੰ ਵੇਹੜਾ ਵੀ ਖਾਣ ਆਵੇ। ਮੇਰੀ ਅੰਮੜੀ ਕਿ ਜੀਹਦੀ ਧੀ ਹਾਂ ਮੈਂ, ਨਿੱਕੀ ਹੁੰਦੀ ਨੂੰ ਲਾਡਲੀ ਪਾਲ ਕੇ ਤੇ । ਤੱਤੀ ਹਵਾ ਵੀ ਕਿਤੇ ਨਾ ਲਗੇ ਮੈਨੂੰ, ਇੱਦਾਂ ਰਖਦੀ ਰਹੀ ਸੰਭਾਲ ਕੇ ਤੇ। ਭਾਵੇਂ ਆਪ ਉਨੀਂਦਿਆਂ ਰਹੇ ਮਰਦੀ, ਖ਼ੁਸ਼ੀ ਹੁੰਦੀ ਸੀ ਮੈਨੂੰ ਸੁਆਲ ਕੇ ਤੇ। ਗ਼ਰਜ਼ ਕੀ ਜਿੱਦਾਂ ਉਹ ਤੋਂ ਨਿਭ ਸਕੀ, ਮੈਨੂੰ ਪਾਲਿਆ ਸੂ ਜੱਫ਼ਰ ਜਾਲ ਕੇ ਤੇ। ਉਹੋ ਧੀ ਹਾਂ ਸਿਰੋਂ ਜਾਂ ਹੋਈ ਹੌਲੀ, ਮੈਂ ਸ਼ਰਮਾਉਨੀ ਹਾਂ ਸੱਚੀ ਬਾਤ ਕਹਿ ਕੇ। ਲੱਗਾਂ ਮੂੰਹ ਅਪਸ਼ਗਨ ਵਿਚਾਰਦੀ ਏ, ਜੱਫੀ ਪਾਉਂਦੀ ਸੀ ਜਿਹੜੀ ਝਾਤ ਕਹਿ ਕੇ। ਲੋਕਾਂ ਵਾਸਤੇ ਜਗ ਤੇ ਲੱਖ ਖ਼ੁਸ਼ੀਆਂ, ਰਿਹਾ ਮੈਂ ਤੱਤੀ ਦੇ ਲਈ ਕੱਖ ਨਾਹੀਂ । ਚੰਗਾ ਖਾਣ ਹੰਢਾਣ ਵੀ ਛੱਡ ਦਿੱਤਾ, ਫਿਰ ਵੀ ਛੱਡੇ ਜ਼ਮਾਨੇ ਦੀ ਅੱਖ ਨਾਹੀਂ। ਚਾਉ ਨਹੀਂ ਸਹੇਲੀਆਂ ਵਿਚ ਬੈਠਾਂ, ਦਿਲ ਬੈਠ ਕੇ ਵੀ ਟਿਕੇ ਵੱਖ ਨਾਹੀਂ। ਚਵ੍ਹੀਂ ਪਾਸੀਂ ਅਨ੍ਹੇਰ ਅਨ੍ਹੇਰ ਦਿੱਸੇ, ਮੇਰੇ ਲਈ ਕੋਈ ਚਾਨਣਾ ਪੱਖ ਨਾਹੀਂ । ਸਭੋ ਸਾਈਂ ਦੇ ਨਾਲ ਸ਼ਿੰਗਾਰ ਸਈਓ, ਜੀਹਦਾ ਸਾਈਂ ਨਹੀਂ ਓਸ ਦਾ ਫੇਰ ਕੀ ਏ ? ਚਾਨਣ ਦਿਲ ਦਾ ਜੀਹਦਾ ਅਲੋਪ ਹੋਇਆ, ਉਹਦਾ ਸਕੇ ਸੰਵਾਰ ਸਵੇਰ ਕੀ ਏ ? ਵੈਸੇ ਮਰਦ ਹੀ ਨੇ ਜਿਹੜੇ ਘੜਨ ਕੈਦੇ, ਉਨਤੀ ਦੇਸ਼, ਸਮਾਜ-ਸੁਧਾਰ ਦੇ ਲਈ । ਰੱਖਣ ਆਪਣੇ ਵਾਸਤੇ ਖੁਲ੍ਹ ਖੁਲ੍ਹੀ, ਇਕ, ਦੋ ਜਾਂ ਤਿੰਨ ਜਾਂ ਚਾਰ ਦੇ ਲਈ । ਨੀਯਮ ਪੁਨਰ-ਵਿਵਾਹ ਦਾ ਨਹੀਂ, ਐਪਰ ਪਰ-ਅਧੀਨ ਅਬਲਾ ਵਿਧਵਾ ਨਾਰ ਦੇ ਲਈ। ਮਤ ਨੂੰ ਛੋੜ ਮੱਤਾਂ ਕਿਸ ਨੂੰ ਦੇਂਵਦੇ ਨੇ, ਕੋਈ ਸੋਚੇ ਖਾਂ ਜ਼ਰਾ ਕਰਤਾਰ ਦੇ ਲਈ । ਐ ਇਨਸਾਨ ! ਜੇ ਰੱਬ ਨੇ ਪੁਛ ਕੀਤੀ, ਤੇਰੀ ਵਿਤਕਰੇ-ਭਰੀ ਇਸ ਬਾਤ ਉੱਤੇ । ‘ਬੇ-ਇਨਸਾਫ਼' ਲਿਖਿਆ ਕਾਲੇ ਅੱਖਰਾਂ ਵਿਚ, ਧੱਬਾ ਰਹੇਗਾ ਮਰਦ ਦੀ ਜ਼ਾਤ ਉੱਤੇ । ਕਿਸੇ ਦੇਸ਼ ਅੰਦਰ ਜੇਹੜਾ ਗੁਣ ਹੁੰਦਾ, ਉਹੀ ਹੋਂਵਦੀ ਓਸ ਦੀ ਸ਼ਾਨ ਦੀ ਗਲ । ਕਿਧਰੇ ਜ਼ਿਕਰ ਆਵੇ ਜੇ ਕਰ ਖ਼ੂਬੀਆਂ ਦਾ, ਲੋਕੀ ਦਸਦੇ ਉਹੋ ਪਰਮਾਣ ਦੀ ਗਲ । ਪੜ੍ਹਿਆ, ਸੁਣਿਆ, ਕਿਹਾ ਸਿਆਣਿਆਂ ਦਾ, ਕਿਤੇ ਚਲੀ ਜੇ ਹਿੰਦੁਸਤਾਨ ਦੀ ਗਲ। ਹਿੰਦੀ ਔਰਤਾਂ ਦੀ ਕਹਿੰਦੇ ਵਫ਼ਾਦਾਰੀ, ਹਿੰਦੁਸਤਾਨ ਦੇ ਵਾਸਤੇ ਮਾਣ ਦੀ ਗਲ। ਤੀਵੀਂ ਜ਼ਾਤ ਇਤਨੀ ਵਫ਼ਾਦਾਰ ਦੇ ਸੰਗ, ਹੇ ਇਨਸਾਨ ! ਤੇਰੀ ਬਸ ਵਫ਼ਾ ਹੈ ਇਹ : ਬੱਧੀ ਰਹੇ ਤੇਰੇ ਬਧੇ ਕੈਦਿਆਂ ਵਿਚ, ਉਹਨੂੰ ਵਫ਼ਾਦਾਰੀ ਦੀ ਸਜ਼ਾ ਹੈ ਇਹ। ਮੰਨੀਏ ਗੁਰੂ ਬਾਣੀ, ਤਾਂ ਵੀ ਇਹੋ ਲਿਖਿਆ, ਬਿਨਾਂ ਪਤੀ ਦੇ ਇਸਤ੍ਰੀ ਸੋਭਦੀ ਨਹੀਂ । ਇਕ ਦੂਜੇ ਨੂੰ ਪਕੜ ਕੇ ਤਰੀ ਦਾ ਏ, ਨਦੀ ਪਾਪ ਵਾਲੀ ਫੇਰ ਡੋਬਦੀ ਨਹੀਂ। ਬਾ-ਦਲੀਲ ਹੈ ਕਥਨ ਸਿਆਣਿਆਂ ਦਾ, ਕੋਈ ਗਲ ਵੀ ਏਸ ਵਿਚ ਚੋਭ ਦੀ ਨਹੀਂ । ਜਿਸਤੋਂ ਕੁਦਰਤੀ ਵਲਵਲੇ ਜਾਣ ਕੁਚਲੇ, ਕੋਈ ਲੋੜ ਐਸੇ ਫੋਕੇ ਰੁਹਬ ਦੀ ਨਹੀਂ। ਭੈੜੀ ਰਸਮ ਜੋ ਕਦੇ ਪਰਚਲਤ ਹੋ ਗਈ, ਬਿਨਾਂ ਯਤਨਾਂ ਕਦੇ ਉਹ ਹੱਟਦੀ ਨਹੀਂ। ਇਹ ਹੈ ਜਗਤ-ਸਰਾਏ ਮੁਸਾਫ਼ਿਰਾਂ ਦੀ, ਸਾਥੀ ਬਿਨਾਂ ਮੁਸਾਫ਼ਿਰੀ ਕਟਦੀ ਨਹੀਂ।

ਕੋਇਟੇ ਦਾ ਭੁਚਾਲ

ਕਈ ਵੇਰ ਅਜ਼ਮਾਇਆ, ਚੁਕ ਚੁਕ ਕੇ ਕਾਨੀ । ਲਿਖੀ ਲਫ਼ਜ਼ਾਂ ਵਿਚ ਗਈ ਨਾ ਦਰਦ ਕਹਾਣੀ । ਹੋ ਗਏ ਫਾਟਕ ਕੰਨਾਂ ਦੇ ਸੁਣ ਸੁਣ ਕੇ ਫੀਤੇ । ਦੋਵੇਂ ਬੁਲ੍ਹ ਇਉਂ ਮਿਲ ਗਏ ਮਾਨੋਂ ਨੇ ਸੀਤੇ । ਹਿਰਦੇ ਵਿਚ ਤੁਗਿਆਨੀਆਂ ਜੋ ਘੁੰਮਰ ਪਾਏ। ਅੱਖਾਂ ਪਾਸੋਂ ਗਏ ਅੰਤ ਨ ਭੇਦ ਲੁਕਾਏ । ਸਹਿ ਸਹਿ ਭਾਰੇ ਭਾਰ ਭੋਇੰ ਜੋ ਆਪੇ ਪਾਲੇ। ਸਮਝ ਨ ਆਈ ਨਾਲ ਰੋਹ ਕਿਉਂ ਆਪੇ ਗਾਲੇ। ਮੁਦਤਾਂ ਬੜੀਆਂ ਵਿਚ ਹੋਈ ਸੀ ਜੋਈ ਆਬਾਦੀ । ਵੇਖੋ ਕੁਦਰਤ, ਛਿਨ ਵਿਚ ਕੀਤੀ ਬਰਬਾਦੀ। ਚੂਨੇ-ਗੱਚੀ ਮਾੜੀਆਂ ਪੁੱਜੀਆਂ ਅਸਮਾਨੀਂ । ਢੇਰੀ ਹੋਈਆਂ, ਡਿੱਗੀਆਂ, ਨਹੀਂ ਰਹੀ ਨਿਸ਼ਾਨੀ । ਬਾਗ਼ ਬਗ਼ੀਚੇ ਰੁਲ ਗਏ ਰੁਲੀਆਂ ਫੁਲਦਾਨਾਂ । ਇਕ ਪਲ ਵਿਚ ਫੁਲਵਾੜੀਆਂ ਬਣੀਆਂ ਸ਼ਮਸ਼ਾਨਾਂ। ਇਹ ਨਹੀਂ ਕੋਈ ਦੱਸਦਾ ਕਿਹੜਾ ਮਰ ਗਿਆ। ਕਹਿੰਦੇ ਪੁਛੋ ਭਾਗਵਾਨ ਕੇਹੜਾ ਬੱਚ ਰਿਹਾ। ਰੱਤੇ ਚੂੜੇ ਵਾਲੀਆਂ ਹਾਂ ! ਸਜ-ਵਿਆਹੀਆਂ । ਡੂੰਘੀ ਨੀਂਦਰ ਸੁੱਤੀਆਂ ਸਾਈਆਂ ਗਲਿ ਬਾਹੀਆਂ । ਮਿੰਟ ਨ ਲਗਿਆ ਹੋ ਗਈ ਸਭ ਹੇਰੀ ਫੇਰੀ ! ਵਸਤੀ ਢੇਰੀ ਹੋ ਗਈ, ਕੀ ਮੇਰੀ ਤੇਰੀ ?

ਦੁਹਾਈ

ਸਵੇਰੇ ਉਠਾਂ ਤਾਰਿਆਂ, ਦੀ ਮੈਂ ਛਾਵਾਂ, ਚੜ੍ਹੇ ਦਿਨ ਤੇ ਜਾਵਾਂ ਡੁਬੇ ਦਿਨ ਤੇ ਆਵਾਂ, ਕਮਾਵਾਂ, ਕਮਾਵਾਂ, ਕਮਾਵਾਂ, ਕਮਾਵਾਂ, ਹਾਏ ਫੇਰ ਵੀ ਰੋਟੀ ਰਜਵੀਂ ਨਾ ਖਾਵਾਂ, ਲੁਟੀ ਜਾਉਂਦੀ ਮੇਰੀ ਸਾਰੀ ਕਮਾਈ, ਦੁਹਾਈ, ਦੁਹਾਈ ਦੁਹਾਈ, ਦੁਹਾਈ । ਸੁੰਦਰ ਮੋਟਰਾਂ, ਕਾਰਖ਼ਾਨੇ, ਮਸ਼ੀਨਾਂ, ਧਕੇ, ਜ਼ੋਰ ਸੰਗ ਜੋਈ ਮਲੀਆਂ ਸ਼ੁਕੀਨਾਂ, ਬਣਾਉਣ ਦੇ ਵਿੱਚ ਜੀਹਦਾ ਵਗਿਆ ਪਸੀਨਾ, ਉਸੇ ਨਾਲ ਧੱਕਾ, ਉਸੇ ਨਾਲ ਕੀਨਾ, ਭਲਾਈ ਦਾ ਬਦਲਾ ਹੈ ਮਿਲਦਾ ਬੁਰਾਈ, ਦੁਹਾਈ, ਦੁਹਾਈ, ਦੁਹਾਈ, ਦੁਹਾਈ । ਦਿਨੇ ਰਾਤ ਕਾਨਾਂ ਦੇ ਵਿਚ ਜਾਨ ਗਾਲਾਂ, ਮਿਟੀ, ਰੇਤ ਵਿੱਚੋਂ ਮੈਂ ਸੋਨਾ ਨਿਕਾਲਾਂ, ਜਿਨ੍ਹਾਂ ਵਾਸਤੇ ਐਡੇ ਜੱਫ਼ਰ ਮੈਂ ਜਾਲਾਂ, ਲਖਾਂ ਕਸ਼ਟ ਸਹਿ ਜੀਹਦੇ ਟੱਬਰ ਨੂੰ ਪਾਲਾਂ, ਮੇਰੇ ਬੱਚਿਆਂ ਦੀ ਉਹ ਖੋਂਹਦਾ ਗਰਾਹੀ, ਦੁਹਾਈ, ਦੁਹਾਈ, ਦਹਾਈ, ਦੁਹਾਈ । ਉਹਦੀ ਤੇ ਮੇਰੀ ਨਿਭੇ ਕੀਕੂੰ ਯਾਰੀ, ਹੈ ਉਹਨੂੰ ਜੋ ਕਾਰੀ, ਉਹ ਮੇਰੀ ਖ੍ਵਾਰੀ, ਗ਼ਰੀਬਾਂ ਦੇ ਸੀਨੇ ਸਮਝ ਲੌ ਕਟਾਰੀ ਇਹੋ ਪੂੰਜੀਦਾਰੀ, ਇਹੋ ਪੂੰਜੀਦਾਰੀ, ਹੈ ਮਰਦੀ ਲੁਕਾਈ ਦੀ ਨਕ ਜਾਨ ਆਈ, ਦੁਹਾਈ, ਦੁਹਾਈ, ਦੁਹਾਈ, ਦੁਹਾਈ । ਨਜ਼ਰ ਆਉਂਦੀ ਇਹ ਜੋ ਇੰਜਣ ਦੀ ਭਾਹ ਹੈ, ਸਮਝ ਲੌ ਗ਼ਰੀਬਾਂ ਦੇ ਦਿਲ ਦੀ ਇਹ ਆਹ ਹੈ, ਅਸਾਡੇ ਕੰਨਾਂ ਵਿਚ ਇਹ ਪਾਉਂਦੀ ਸਦਾ ਹੈ : ਦਗ਼ਾ ਹੈ, ਦਗ਼ਾ ਹੈ,ਦਗ਼ਾ ਹੈ, ਦਗ਼ਾ ਹੈ ; ਹੈ ਭਰਦੀ ਸ਼ਹਾਦਤ ਤੇ ਦੇਂਦੀ ਗਵਾਹੀ ; ਦੁਹਾਈ; ਦੁਹਾਈ, ਦੁਹਾਈ, ਦੁਹਾਈ। ਮੈਂ ਹਲ ਪਹਿਲਾਂ ਵਾਹਵਾਂ, ਪਿਛੋਂ ਬੀਜ ਪਾਵਾਂ, ਕਠਨ ਮੇਹਨਤਾਂ ਨਾਲ ਫ਼ਸਲਾਂ ਪਕਾਵਾਂ, ਵਢਾਂ, ਫੂਕਾਂ ਛੰਡਾਂ ਜਦੋਂ ਗਾਹ ਲਿਆਵਾਂ, ਨਵਾਂ ਲਹਿਣੇਦਾਰਾਂ ਦਾ ਹੁੰਦਾ ਹੈ ਨਾਵਾਂ। ਇਹੋ ਮੇਰੀ ਮੇਹਨਤ, ਇਹੋ ਮੇਰੀ ਵਾਹੀ, ਦੁਹਾਈ, ਦੁਹਾਈ, ਦੁਹਾਈ, ਦੁਹਾਈ । ਦਸੋ ਦੋਸਤੋ ਏਸ ਦਾ ਕੀ ਸਬਬ ਹੈ, ਗ਼ਰੀਬਾਂ ਦੇ ਦੁੱਖ ਸੁਣਨ ਵਾਲਾ ਜੋ ਰਬ ਹੈ, ਮੇਰੀ ਵਲ ਨ ਵੇਖੇ ਅਜੱਬ ਹੈ ਅਜੱਬ ਹੈ; ਕਹੋ ਸਾਰੇ ਉਚਾ : ਗ਼ਜ਼ਬ ਹੈ ਗ਼ਜ਼ਬ ਹੈ, ਜੇ ਹੈ ਕੋਈ ਤਾਂ ਉਹਨੂੰ ਵੀ ਨੀਂਦ ਆਈ; ਪੁਜੇ ਓਸ ਤੀਕਣ ਨ ਸਾਡੀ ਦੁਹਾਈ । ਕਾਫ਼ਰ ਬਣਾਂ, ਆਖਾਂ ਕਰਦਾ ਉਹ ਰਈ, ਹੈ ਇਕ ਪਾਸੇ ਦੀ ਕਰ ਰਿਹਾ ਪੈਰਵੱਈ, ਵੱਡਾ ਹੈ ਤੇ ਚਾਂਹਦਾ ਨਹੀਂ ਇਕ-ਮਈ, ਹੈ ਤਾਂ ਸਹੀ ਕੋਈ ਹੈ ਤਾਂ ਸਹੀ, ਜ਼ਿਮੇਂਵਾਰੀ ਸਾਡੀ ਵੀ, ਉਸਨੇ ਸੀ ਚਾਈ, ਇਸੇ ਲਈ ਮੈਂ ਪਾਵਾਂ ਦੁਹਾਈ ! ਦੁਹਾਈ ! ਜਦੋਂ ਤਕ ਗ਼ੁਲਾਮੀ ਦਾ ਗਲ ਵਿਚ ਇਹ ਫਾਹ ਹੈ, ਅਸਾਡੀ ਨ ਆਪਸ ਦੀ ਪਕਦੀ ਸਲਾਹ ਹੈ, ਗ਼ਰੀਬੀ ਦੀ ਜਗ ਤੇ ਜੋ ਫੈਲੀ ਵਬਾ ਹੈ, ਨਾ ਇਹਦਾ ਹੈ ਦਾਰੂ ਨ ਇਹਦੀ ਦਵਾ ਹੈ, “ਕਰੋ ਖੁਲ੍ਹ ਹਾਸਿਲ” ਇਹ ਆਵਾਜ਼ ਆਈ, ਕਿਸੇ ਨ ਫਿਰ ਲੋੜ ਰਹਿਸੀ ਕਰਨ ਇਹ ਦੀ ਦੁਹਾਈ। ਸਲਣ ਵੇਖੋ ਸੀਨਾ, ਕਰਨ ਦੇਣ ਸੀ ਨਾ, ਗ਼ੁਲਾਮੀ ਦਾ ਜੀਣਾ ਵੀ ਹੈ ਕੋਈ ਜੀਣਾ ? ਸੁਣੇ ਲੋਕ ਕਹਿੰਦੇ ਤਈਂ ਪਰ-ਅਧੀਨਾਂ: ਕਮੀਨਾ, ਕਮੀਨਾ, ਕਮੀਨਾ, ਕਮੀਨਾ । ਗ਼ੁਲਾਮਾ ਦੀ ਹੁੰਦੀ ਨ ਕਿਧਰੇ ਸੁਣਾਈ, ਕਰਨ ਕਹਿਣ ਬੇਸ਼ਕ ਦੁਹਾਈ, ਦੁਹਾਈ ! ਹੈ ਅਸਲੋਂ ਤਾਂ ਕਿਰਤੀ ਹੀ ਦੁਨੀਆਂ ਇਹ ਸਾਰੀ, ਮਗਰ ਪੂੰਜੀਦਾਰੀ ਦੀ ਪੈ ਗਈ ਬੀਮਾਰੀ, ਬਿਨਾਂ ਜੱਥੇਬੰਦੀ ਦੇ ਹੋ ਰਹੀ ਖ਼ੁਆਰੀ, ਮਿਲੇ ਤੀਲਾ ਤੀਲਾ ਬਣੇ ਤਾਂ ਬਹਾਰੀ, ਤਕੋ ! ਪੂੰਜੀਦਾਰੀ ਦੀ ਹੁੰਦੀ ਸਫਾਈ, ਦੁਹਾਈ ਬਦਲ ਜਾਏਗੀ ਵਿਚ ਦਵਾਈ।

ਜੀਵਣ-ਯੁਧ

ਗ਼ਮ ਖਾਵਣ ਨੂੰ ਖਾਵੇ ਰਜ ਰਜ, ਖ਼ੂਨ ਜਿਗਰ ਦਾ ਪੀਵੇ । ਜੀਵਣ ਦੀ ਕੋਈ ਰੀਝ ਨ ਬਾਕੀ, ਜੀਵਣ ਦੇ ਲਈ ਜੀਵੇ । ਜਿਸ ਕੰਮ ਤੋਂ ਕੋਈ ਕੰਮ ਨਾ ਸਰਦਾ, ਨਾ ਮਿਲਦਾ ਫਲ ਕੋਈ, ਆਪੇ ਕਮਲਾ ਪਿਆ ਸਦਾਵੇ, ਪਾੜ ਪਾੜ ਜੋ ਸੀਵੇ । ਨਵੀਂ ਰੋਸ਼ਨੀ ਨਵਾਂ ਜ਼ਮਾਨਾ, ਆਖਣ ਚਾਨਣ ਹੋਇਆ, ਅਸਲ ਵਿਚ ਇਹ ਪੱਛਮੀ ਬੋਲੇ, ਉਲਟ ਬੁਝਾਵਨ ਦੀਵੇ । ਓਸ ਸ਼ਿਕਾਰੀ ਨੂੰ ਕੀ ਗ਼ਮ ਹੈ, ਆਪ ਸ਼ਿਕਾਰ ਹੀ ਜਿਸਦਾ, ਜਾਲੀ ਵਿਚ ਬੈਠਾ ਉਂਘਲਾਵੇ, ਜੋ ਥੀਵੇ ਸੋ ਥੀਵੇ । ਉਦਮ ਸਿਆਣਾ, ਆਲਸ ਮੂਰਖ, ਬਿਨ ਜਾਣੇ ਬਿਨ ਸੋਚੇ, ਅਪਣੀ ਛੁਰੀ, ਆਪਣੀ ਗਰਦਨ, ਪਈ ਅਨਭੋਲ ਕਟੀਵੇ । ਛਿੰਜ ਅਖਾੜੇ ਤਤਪਰ ਹੋਣਾ, ਕਿਉਂ ਹੈ ਬੜਾ ਜ਼ਰੂਰੀ ? ਹਾਰ ਗਿਆ ਸੋ ਮੂਰਖ ਹੋਇਆ, ਜਿੱਤਿਆ ਚਤਰ ਸਦੀਵੇ । ਨਿਜ ਨੁਕਸਾਨ ਜਗਤ ਦੇ ਤਾਹਨੇ, ਫੇਲ੍ਹਾਂ ਦੇ ਤਈਂ ਮਿਲਦੇ, ਪਾਸਾਂ ਨੂੰ ਦੁਸ਼ਮਣ ਪਾਸੋਂ ਵੀ, ਪਈ ਮੁਬਾਰਕ ਢੀਵੇ । ਜਾਨ ਬਿਨਾਂ ਸਚ ਜਾਨ ‘ਮੁਸਾਫ਼ਿਰ’ ਤਨ ਖ਼ਾਲੀ ਇਕ ਬੋਝਾ, ਪੱਥਰ ਵਿਚੋਂ ਤੇਲ ਨ ਨਿਕਲੇ, ਲੱਖਾਂ ਵੇਰ ਪੜੀਵੇ।

ਤੇਰੀ ਤਸਵੀਰ

ਅਖੀਓਂ ਓਹਲੇ, ਦਿਲ ਵਿਚ ਵਸ ਗਈ, ਨੈਣ ਅਧੀਰ, ਮਨ ਵਿਚ ਧੀਰ ਔਝੜ, ਦੂਰੀ, ਕੋਈ ਮਜਬੂਰੀ, ਤੋੜ ਨ ਸਕੇ ਪ੍ਰੇਮ ਜ਼ੰਜੀਰ । ਦਰਦਮੰਦ ਆਸ਼ਿਕ ਲਈ ਉਲਟੀ, ਦਰਦਾਂ ਦੀ ਦਾਰੂ ਅਕਸੀਰ। ਹਿਰਦਾ ਚੌਖਟ, ਮਨ ਸ਼ੀਸ਼ੇ ਵਿਚ, ਜਦ ਵੇਖਾਂ, ਤੇਰੀ ਤਸਵੀਰ।

ਰੋੜਾ

ਝੱਖੜ, ਅਨ੍ਹੇਰੀ ਮੀਂਹ ਵਿਚ, ਸਰਦੀ ਦੀ ਰੁੱਤੇ ਸੀਂ ਵਿਚ, ਵੱਟਾ ਮੈਂ ਬਣਿਆ ਵੱਟ ਦਾ, ਰਾਹੇ ਤੇ ਰਾਤਾਂ ਕੱਟਦਾ, ਰੁੱਤਾਂ, ਬਲਾਵਾਂ ਘੱਲੀਆਂ, ਸਭ ਆਪਣੇ ਸਿਰ ਝੱਲੀਆਂ, ਭਾਵੇਂ ਤਪਾਇਆ ਧੁੱਪ ਨੇ, ਮੂੰਹ ਖੋਲ੍ਹਿਆ ਨਾ ਚੁੱਪ ਨੇ, ਹੈਰਾਨ ਹਾਂ, ਵਿਚ ਰਾਹ ਪਿਆ, ਜਿਸ ਨਾਲ ਮੇਰਾ ਵਾਹ ਪਿਆ, ਠੁੱਡਾ ਹੀ ਉਸ ਨੇ ਮਾਰਿਆ। ਧਿਰਕਾਰਿਆ, ਦੁਰਕਾਰਿਆ । ਕੋਈ ਵੀ ਮੇਰਾ ਯਾਰ ਨਹੀਂ, ਕਿਸੇ ਚੁਕ ਕੀਤਾ ਪਿਆਰ ਨਹੀਂ, ਚੁਕਿਆ ਵੀ ਤਾਂ ਮਤਲਬ ਦੇ ਲਈ, ਮਤਲਬ ਵੀ ਬੇਮਤਲਬ ਦੇ ਲਈ, ਛਾਤੀ ਕਿਸੇ ਦੀ ਮਾਰਿਆ, ਮੇਰਾ ਵੀ ਸੀਨਾ ਪਾੜਿਆ, ਸਹਿ ਸਹਿ ਕੇ ਧੱਕੇ ਥਕ ਗਿਆ, ਖਾ ਖਾ ਕੇ ਠੁੱਡੇ ਅੱਕ ਗਿਆ, ਹਾਇ ! ਮਿਰੀ ਜਿੰਦਗਾਨੀਏਂ ! ਬੇਅਰਥ ਹੀ ਪਈ ਜਾਨੀ ਏਂ । ਕਿਹੇ ਸਾਵੇ ਸੂਹੇ ਰੰਗ ਦਾ, ਸੁੰਦਰ ਤੇ ਸਹਿਣੇ ਢੰਗ ਦਾ, ਬਾਲਾਂ ਦਾ ਸਾਂ ਖੇਡਾਉਣਾ, ਜੀ-ਚਾਹੁਣਾ, ਮਨ-ਭਾਉਣਾ, ਸਾਂ ਬੈਠਕਾਂ ਵਿਚ ਸੱਜਦਾ, ਮੇਜ਼ਾਂ ਦੇ ਉੱਤੇ ਫਬਦਾ, ਚੜ੍ਹਦੀ ਕਲਾ ਵਿਚ ਘੂਕਿਆ, ਰਹਿੰਦਾ ਸਾਂ ਛੰਡਿਆ ਫੂਕਿਆ, ਹੱਥੋਂ ਹੁਸੀਨਾਂ ਛੁਟ ਗਿਆ, ਮੈਂ ਮਿਟ ਗਿਆ ਜਾਂ ਟੁਟ ਗਿਆ। ਹੁਣ ਮੈਂ ਤੇ ਮੇਰੀ ਜਾਨ ਹੈ, ਗਲੀ ਮਿਰਾ ਅਸਥਾਨ ਹੈ; ਮੈਂ ਮੇਜ਼ ਤੋਂ ਕੀ ਡਿਗ ਪਿਆ, ਹੈ ਜਾਨ ਚੋਂ ਜੀ ਡਿਗ ਪਿਆ ; ਕੋਈ ਨਾ ਪੁੱਛੇ ਕੀ ਸਾਂ ਮੈਂ, ਸਾਰੇ ਹੀ ਵੇਖਣ ਕੀ ਹਾਂ ਮੈਂ, ਕੋਈ ਖ਼ਾਨਦਾਨੀ ਲਿਹਾਜ਼ ਨਹੀਂ, ਪਿੱਛੇ ਦਾ ਕੋਈ ਨਾਜ਼ ਨਹੀਂ, ਕੋਈ ਯਾਦ ਮੁੜ ਮੁੜ ਟੁੰਬਦੀ, ਸੀਨੇ ਨੂੰ ਜਾਂਦੀ ਤੁੰਬਦੀ, ਦਿਨ ਰਾਤ ਇਹ ਗ਼ਮ ਖਾ ਗਿਆ : 'ਕਿਥੋਂ ਮੈਂ ਕਿਥੇ ਆ ਗਿਆ ?' ਇਕ ਰੋਜ਼ ਰਾਹ ਤੇ ਡੱਟਿਆ, ਠੁੱਡਾ ਵੀ ਖਾ ਨਾ ਹੱਟਿਆ, ਜਿਸ ਮਾਰਿਆ ਉਹ ਜਵਾਨ ਸੀ, ਮੇਰੀ ਵੀ ਕਰੜੀ ਜਾਨ ਸੀ, ਮੈਂ ਚੁੱਭਿਆ ਉਹ ਰੁਕ ਗਿਆ, ਗੋਡੇ ਨੂੰ ਫੜ ਕੇ ਝੁਕ ਗਿਆ, ਪੱਕੜ ਕੇ ਪਟਕਾਰਨ ਲਗਾ, ਗੁੱਸੇ 'ਚ ਫਿਟਕਾਰਨ ਲਗਾ, ਮੇਰੀ ਦੁਹਾਈ ਉਹੋ ਹੀ, ਮੈਂ ਫਿਰ ਸੁਣਾਈ ਉਹੋ ਹੀ : ਅੱਲ੍ਹੜ ਜਵਾਨਾ ਮਾਰ ਨਾ, ਮੈਨੂੰ ਇਸਤਰ੍ਹਾਂ ਫਿਟਕਾਰ ਨਾ, ਮਸਤੀ ਦੀ ਅੱਖ ਨੂੰ ਖੋਲ੍ਹ ਤੱਕ, ਮਿਰੀ ਖ਼ਾਨਦਾਨੀ ਫੋਲ ਤਕ, ਠੀਕਰ ਨ ਤਕ ਪਿਆਲਾ ਸਾਂ ਮੈਂ, ਪੱਤ ਆਬਰੂ ਵਾਲਾ ਸਾਂ ਮੈਂ, ਸਾਰੇ ਸੀ ਮੈਨੂੰ ਪਿਆਰਦੇ, ਸੱਚਾ ਸਮਝ ਸਤਿਕਾਰਦੇ, ਕੀ ਹਾਲ ਦੱਸਾਂ ਪਿਆਰ ਦੇ, ‘ਨਿਤ ਹੋਠ ਚੁੰਮਾਂ ਯਾਰ ਦੇ', ਤੇਰੇ ਜਿਹੇ ਬਰਦੇ ਰਹੇ, ਪਾਣੀ ਮਿਰਾ ਭਰਦੇ ਰਹੇ, ਉਹ ਨਹਾਉਂਦੇ ਲਿਸ਼ਕਾਉਂਦੇ, ਮਿਰੀ ਮੈਲ ਹੱਥੀਂ ਲਾਹੁੰਦੇ, ਜਦ ਯਾਦ ਉਹ ਦਿਨ ਆਉਂਦੇ, ਹੰਝੂ ਮਿਰੇ ਵਗ ਜਾਉਂਦੇ, ਮੇਰੇ ਜਿਹੀਆਂ ਵਡਿਆਈਆਂ, ਅਜ ਤਕ ਕਿਸੇ ਨਹੀਂ ਪਾਈਆਂ । ਕਰਾਂ ਨ ਮੈਂ ਫ਼ਰਯਾਦ ਕਿੰਞ ? ਭੁਲ ਜਾਏ ਪਿਛਲੀ ਯਾਦ ਕਿੰਞ ? ਪਾਣੀ ਦਾ ਠੰਢਾ ਘੜਾ ਸਾਂ, ਸਭ ਨੂੰ ਪਿਆਰਾ ਬੜਾ ਸਾਂ, ਓਹ ਨਰਮ ਨਾਜ਼ਕ ਬਾਹੀਆਂ, ਗਰਦਨ ਦੇ ਵਿਚ ਮੈਂ ਪਾਈਆਂ, ਧੋ ਧਾ ਕੇ ਮੂੰਹ ਤਿੜਿਆ ਫਿਰਾਂ, ਢਾਕਾਂ ਉੱਤੇ ਚੜ੍ਹਿਆ ਫਿਰਾਂ, ਸਤਿਕਾਰ ਦੀ ਗਲ ਕੀ ਕੱਵ੍ਹਾਂ, ਢਾਕੋਂ ਲਵ੍ਹਾਂ ਸਿਰ ਤੇ ਬਵ੍ਹਾਂ, ਰਾਹ ਜਾਂਦਿਆਂ ਪਟਕਾਰਨਾ, ਮੈਨੂੰ ਇਸ ਤਰ੍ਹਾਂ ਫਿਟਕਾਰ ਨਾ, ਹਸਿਆ, ਉਹ ਅਗੋਂ ਬੋਲ ਕੇ, ਮਿਰੇ ਸਾਰੇ ਪਰਦੇ ਫੋਲ ਕੇ, ਠੀਕਰ ਤੇ ਰੋੜਾ ਹੋਇ ਕੇ, ਇਤਨਾ ਬੇਲੋੜਾ ਹੋਇਕੇ, ਚੁੱਭਣਾ, ਤੇ ਆਦਰ ਭਾਲਣਾ, ਇਸ ਤੋਂ ਨਾ ਵਧ ਮੂਰਖਪੁਣਾ, ਜਿਸ ਦਾ ਵੀ ਰਾਹ ਤੂੰ ਰੋਕਣਾ, ਉਸ ਨੇ ਹੈ ਠੁੱਡਾ ਠੋਕਣਾ, ਪਿਆਲਾ, ਘੜਾ ਤੇ ਖਿਡਾਉਣਾ, ਜਦ ਸੈਂ ਤਾਂ ਸੈਂ ਮਨ ਭਾਉਣਾ, ਦੁਨੀਆ ਤਾਂ ਤਕਦੀ ਕੰਮ ਨੂੰ, ਕੋਈ ਪੂਜਦਾ ਨਹੀਂ ਚੰਮ ਨੂੰ, ਕੋਈ ਹੋ ਗਿਆ ਜੇਹੋ ਜਿਹਾ, ਆਦਰ ਪਊ ਓਹੋ ਜਿਹਾ, ਹੁਣ ਠੀਕਰਾ ਫ਼ਰਯਾਦ ਛੱਡ, ਪਿਛਲੀ ਸੁਹਾਣੀ ਯਾਦ ਛੱਡ, ਪਿਸ ਜਾ ਤੇ ਆਪਾ ਵਾਰ ਦੇ, ਚੜ੍ਹ ਚੱਕ ਮੁੜ ਘੁਮਿਹਾਰ ਦੇ, ਫਿਰ ਜਾਏਂਗਾ ਸਤਕਾਰਿਆ, ਜਦ ਰੂਪ ਮੁੜ ਉਹ ਧਾਰਿਆ।

ਪੁਰਾਣਾ ਚੋਲਾ

(ਇਕ ਉਰਦੂ ਕਵਿਤਾ ਦੇ ਅਧਾਰ ਤੇ) ਲਾਹ ਕੇ ਇਕ ਚੋਲਾ ਪੁਰਾਣਾ ਕਲ ਸਵੇਰੇ, ਹੈ ਸੁੱਟਿਆ ਜਿਸ ਘੜੀ ਦਾ ਉਹ ਪਰੇਰੇ, ਉਸੇ ਵੇਲੇ ਦਾ ਸੋਚਾਂ ਵਿਚ ਪਿਆ ਹਾਂ, ਨਾ ਟਿਕਦਾ ਦਿਲ ਪਸ਼ੇਮਾਂ ਹੋ ਰਿਹਾ ਹਾਂ, ਕਿ ਇਹ ਚੋਲਾ ਬਚਾਇਆ ਜਿਸਨੇ ਮੀਂਹ ਤੋਂ, ਹੁਨਾਲੇ ਦੀ ਧੁੱਪੋਂ ਪੋਹ ਮਾਂਹ ਦੇ ਸੀਂ ਤੋਂ, ਪਰ੍ਹਾਂ ਸੁੱਟਿਆ ਜਾਂ ਹੋਇਆ ਇਹ ਪੁਰਾਣਾ, ਮਨੁੱਖ ਹੋ ਕੇ ਚੰਗਾ ਕੀਤੀ ਨੂੰ ਜਾਣਾ, ਹੈ ਇਤਨੇ ਵਿਚ ਹੋਈ ਆਕਾਸ਼ ਬਾਣੀ : 'ਸਮਝ ਮੂਰਖ ! ਤੂੰ ਦਿਲ ਵਿਚ ਕੀ ਇਹ ਠਾਣੀ ?' ਤੇਰਾ ਤਨ ਵੀ ਤਾਂ ਚੋਲਾ ਹੈ ਅੰਞਾਣੇ, ਹੈਂ ਲੁੱਕਿਆ ਏਸ ਵਿਚ, ਤੂੰ ਇਹ ਨਾ ਜਾਣੇਂ ? ਜੇ ਘਟ ਤੂੰ ਪਿਆਰ ਇਸ ਚੋਲੇ ਦਾ ਕਰਸੇਂ, ਤਾਂ ਹੀ ਚੋਲੇ ਨੂੰ ਫੋੜਨ ਤੋਂ ਨਾ ਡਰਸੇਂ"।

ਦੁਖੀ

ਯਾਦ ਮਿਰੀ, ਯਾਦਾਂ ਦੇ ਅੰਦਰ, ਕਿਉਂ ਨ ਅਜ ਰੁਲ ਜਾਵੇ। ਗਿਣਨ ਲਗੇ ਜੇ ਸਲ ਕੋਈ ਮੇਰੇ, ਗਿਣਤੀ ਹੀ ਭੁਲ ਜਾਵੇ । ਮੇਰੀਆਂ ਆਹੀਂ, ਮੇਰੇ ਹੰਝੂ, ਜੇ ਕਰ ਕੋਈ ਸੰਭਾਲੇ ; ਸੜ ਜਾਵੇ ਭੁੱਬਲ ਦੇ ਵਾਂਗੂੰ, ਲੂਣ ਵਾਂਗ ਘੁਲ ਜਾਵੇ ।

ਰੇਲ ਦੀ ਪਟੜੀ

ਲੰਮੀ ਪੈ ਕੇ ਸਾਰਾ ਜੁੱਸਾ, ਧਰਤੀ ਨਾਲ ਲਗਾਇਆ । ਭਾਰ ਮਣਾਂ-ਮੂੰਹ ਅਪਣੇ ਉੱਤੇ, ਦਿਨੇ ਰਾਤ ਲੰਘਵਾਇਆ । ਬਾਰਸ਼, ਹੁੱਸੜ, ਸਰਦੀ, ਗਰਮੀ, ਨੰਗੇ ਸਿਰ ਤੇ ਕੱਟੀ। ਲੰਘੀਆਂ ਗਡੀਆਂ, ਗੁਜ਼ਰੇ ਇੰਜਣ, ਇਹ ਨਹੀਂ ਉੱਕੀ ਅੱਕੀ । ਗੁਣ ਦੀ ਗਲ, ਦ੍ਰਿੜ੍ਹ ਡਟਿਆ ਰਹਿਣਾ, ਭੱਜ ਨਹੀਂ ਕਿਧਰੇ ਜਾਣਾ। ਸ਼ਾਂ ਸ਼ਾਂ, ਸ਼ੂੰ ਸ਼ੂੰ ਕਰਦਾ ਆਵੇ, ਸਿਰ ਅਪਣੇ ਤੇ ਚਾਣਾ। ਐਡੀ ਸ਼ਕਤੀ ਦ੍ਰਿੜ੍ਹਤਾ ਕਿਥੋਂ ? ਇਹ ਗਲ ਸਮਝ ਨ ਆਵੇ; ਐਡਾ ਬੋਝਾ ਰੋਜ਼ ਉਠਾਣਾ, ਵੇਖਦਿਆਂ ਡਰ ਖਾਵੇ । ਉਪਰੋਂ ਕੂਲੀ, ਨਰਮ, ਤਿਲਕਵੀਂ, ਜੋ ਆਵੇ ਤਿਲਕਾਂਦੀ । ਅੰਦਰੋਂ ਕਰੜੀ, ਸਹਿ ਸਕਦੀ ਏ, ਤਾਜੀਓਂ ਨਹੀਂ ਘਬਰਾਂਦੀ।

ਫੁੱਲਾਂ ਦੀ ਬਹਾਰ

(ਇਕ ਹਿੰਦੀ ਕਵਿਤਾ ਦੇ ਅਧਾਰ ਤੇ) ੧. ਮੈਂ ਪਰਦੇਸੀ ਦੂਰੋਂ ਆਇਆ, ਕਿਧਰੇ ਵੀ ਆਰਾਮ ਨ ਪਾਇਆ, ਇਸ ਪਾਸੇ ਮੂੰਹ ਜਦੋਂ ਉਠਾਇਆ, ਨਵਾਂ ਨਜ਼ਾਰਾ ਨਜ਼ਰੀਂ ਆਇਆ ! ਪੈਰ ਨ ਅੱਗੇ ਤੋਰ ਸਕਾਂਗਾ, ਰਜ ਕੇ ਅੱਜ ਬਹਾਰ ਤਕਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ। ੨. ਫੁੱਲ ਬਹਾਰੀ ਫੁੱਲ ਰਹੇ ਨੇ, ਹੌਲੇ ਹੌਲੇ ਝੁੱਲ ਰਹੇ ਨੇ, ਬਾਗ਼ ਦੀਆਂ ਅੱਖਾਂ, ਬਾਗ਼ ਦੇ ਤਾਰੇ, ਮਹਿਕ ਦੇ ਚਲਦੇ ਪਏ ਫੁਹਾਰੇ, ਰੰਗ ਇਨ੍ਹਾਂ ਦਾ ਮੈਂ ਵੇਖਾਂਗਾ, ਪਾਸ ਇਨ੍ਹਾਂ ਦੇ ਮੈਂ ਬੈਠਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ। ੩. ਗਮਲਿਆਂ ਨੇ ਹੈ ਲਾਈ ਪੰਗਤ, ਵਖਰੀ ਵਖਰੀ ਸਭ ਦੀ ਰੰਗਤ, ਹਰਿਆਵਲ ਧਰਤੀ ਤੇ ਛਾਈ, ਵਾਹ ਸੁਖਦਾਈ ! ਵਾਹ ਸੁਖਦਾਈ ! ਬੈਠ ਏਥੇ ਹੀ ਇਹ ਗਾਵਾਂਗਾ, ਕਿਧਰੇ ਹੋਰ ਨਹੀਂ ਜਾਵਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ। ੪. ਲੋਕੀ ਕਲੋਂ ਲੰਘਦੇ ਜਾਂਦੇ, ਇਸ ਪਾਸੇ ਨਹੀਂ ਅੱਖ ਉਠਾਂਦੇ, ਧੰਦਿਆਂ ਦੇ ਵਿਚ ਸਭ ਭੁਲੇ ਨੇ, ਓਹ ਕੀ ਜਾਣਨ ਫੁੱਲ ਖਿਲੇ ਨੇ ! ਨਾਲ ਇਨ੍ਹਾਂ ਦੇ ਮੈਂ ਖੇਡਾਂਗਾ, ਹੋਰ ਵਿਹਾਰ ਵਿਸਾਰ ਛਡਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ। ੫. ਦਿਲ ਭਰ ਜਾਂਦਾ ਵੇਖ ਇਨ੍ਹਾਂ ਨੂੰ, ਕੀ ਕੁਛ ਕਹਿ ਗਿਆ ਯਾਰ ਤਿਨ੍ਹਾਂ ਨੂੰ, ਕਿਸੇ ਪਿਆਰੇ ਦੀ ਯਾਦ ਦਿਲਾਂਦੇ, ਮੈਨੂੰ ਆਪਣਾ ਜਾਣ ਬੁਲਾਂਦੇ, ਪਰਚ ਇਨ੍ਹਾਂ ਸੰਗ ਦੁੱਖ ਭੁਲਾਂਗਾ, ਯਾਦ ਬਿਰਹੋਂ ਵਿਚ ਨਹੀਂ ਰੁਲਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ। ੬. ਹਸ ਹਸ ਏਹਨਾਂ ਮਰ ਜਾਣਾ ਹੈ, ਖਿੜ ਖਿੜ ਆਖ਼ਰ ਮੁਰਝਾਣਾ ਹੈ, ਕੈਸਾ ਜੀਵਨ ! ਕੈਸਾ ਮਰਨਾ ! ਜਦ ਤਕ ਜੀਣਾ ਹੱਸਦੇ ਰਹਿਣਾ ! ਹੱਸ-ਮੁਖਾਂ ਦਾ ਸੰਗ ਕਰਾਂਗਾ, ਹੱਸਣ ਦਾ ਮੈਂ ਪਾਠ ਪੜ੍ਹਾਂਗਾ, ਬਾਗ਼ ਦਾ ਬੂਹਾ ਖੋਲ੍ਹ ਦੇ ਮਾਲੀ, ਮੈਨੂੰ ਸੱਦਦੀ ਡਾਲੀ ਡਾਲੀ।

ਦੀਵਾ

ਨਿੱਕੀ ਜਿੰਦੜੀ ਵੱਡੀ ਕਾਰ, ਲੁਕੀਆਂ ਪਿਆ ਲਭਾਵੇਂ ਯਾਰ। ਲੋਕੀ ਤੈਨੂੰ ਜਲਦਾ ਦਸਣ, ਮੈਂ ਸਮਝਾਂ ਤੂੰ ਲੱਗਾ ਹੱਸਣ । ਜੇਹੜਾ ਤੈਨੂੰ ਤੀਲੀ ਲਾਂਦਾ, ਤੂੰ ਉਸ ਨੂੰ ਰਸਤੇ ਪਾਂਦਾ। ਇਸ ਤੋਂ ਵਧ ਕੀ ਪਰਉਪਕਾਰ ? ਲੁਕੀਆਂ ਪਿਆ ਲਭਾਵੇਂ ਯਾਰ। ਨੈਣ ਗੋਰੀ ਦੇ ਰਸੀਏ ਖੀਵੇ, ਬਿਨ ਬਤੀਓਂ ਨੂਰਾਨੀ ਦੀਵੇ, ਏਨ੍ਹਾਂ ਵਿਚ ਕਜਲੇ ਦੀ ਧਾਰ, ਤੇਰੀਆਂ ਲਾਟਾਂ ਦਾ ਚਮਕਾਰ, ਨੂਰੀ ਨੈਣਾਂ ਨੂੰ ਦਰਕਾਰ, ਨਿੱਕੀ ਜਿੰਦੜੀ, ਵੱਡੀ ਕਾਰ, ਲੁਕੀਆਂ ਪਿਆ ਲਭਾਵੇਂ ਯਾਰ। ਚੰਨੋਂ ਸੋਹਣੀ ਸੂਰਤ ਪਿਆਰੀ, ਤੇਰੇ ਚਾਨਣ ਨਾਲ ਨਿਹਾਰੀ । ਨੈਣਾਂ ਦੇ ਵਿਚ ਨੈਣ ਰਲਾ ਕੇ, ਕੁਝ ਪੀ ਕੇ ਕੁਝ ਰਸ ਪਿਆ ਕੇ, ਦਏ ਬੁਝਾ ਜੇ ਪੱਲਾ ਮਾਰ, ਬੁਝਣਾ ਵੀ ਤੇਰਾ ਉਪਕਾਰ । ਨਿੱਕੀ ਜਿੰਦੜੀ, ਵਡੀ ਕਾਰ, ਲੁਕੀਆਂ ਪਿਆ ਲਭਾਵੇਂ ਯਾਰ । ਭਾਹ ਅਨੋਖੀ ਤੇਰੇ ਦਿਲ ਦੀ, ਪਰਵਾਨੇ ਨੂੰ ਸ਼ਾਂਤੀ ਮਿਲਦੀ । ਜਲਣਾ ਪਹਿਲਾਂ, ਫੇਰ ਜਲਾਣਾ, ਹਸ ਹਸ ਜੀਵਨ-ਤੋਲ ਮੁਕਾਣਾ, ਤੇਰਾ ਦੇਣਾ ਆਪਾ ਵਾਰ, ਰੋਸ਼ਨ ਹੈ ਜਗ ਦੇ ਵਿਚਕਾਰ, ਨਿੱਕੀ ਜਿੰਦੜੀ, ਵਡੀ ਕਾਰ, ਲੁਕੀਆਂ ਪਿਆ ਲਭਾਵੇਂ ਯਾਰ ।

ਸ਼ਾਦੀ

ਵਲਵਲਿਆਂ ਚਾਵਾਂ ਦੀ ਪੁਤਲੀ ਪਰੀ ਅਕਾਸ਼ੋਂ ਆਈ । ਆਸਾਂ ਦੇ ਬਦਲਾਂ ਵਿਚ ਸੁਹਣੀ, ਨੂਰੀ ਝਲਕ ਲੁਕਾਈ। ਚਾਹ ਵਿਚ ਚਾਹ, ਠੰਢ ਠੰਢ ਵਿਚ, ਰਲ ਮਿਲ ਇਕ-ਮਿਕ ਹੋਈ ; ਗਈ ਹਮ-ਜਿਨਸਾਂ ਕਲੀਆਂ ਦੇ ਵਿਚ, ਮਿਲ ਵਾਸ਼ਨਾ ਕੋਈ। ਬਦਲਾਂ ਦੇ ਘੇਰੇ ਵਿਚ ਤਾਰੇ, ਲੁਕ ਲੁਕ ਨਿਕਲਣ ਲਿਸ਼ਕਣ। ਪੱਤਿਆਂ ਦੇ ਪਰਛਾਵੇਂ ਹੇਠਾਂ, ਕਲੀਆਂ ਖਿੜ ਖਿੜ ਹੱਸਣ। ਨਿੱਘੀ ਚੁਪ, ਬੁਲ੍ਹ ਮੀਟੇ, ਜੁੜੀਆਂ ਕਲੀਆਂ ਰਸ ਦੀਆਂ ਭਰੀਆਂ; ਮਿੱਠੀ ਛੁਹ ਗਲਵਕੜੀ ਅੰਦਰ, ਕਿੰਨੀਆਂ ਆਸਾਂ ਧਰੀਆਂ । ਜੋਬਨ ਨਿੱਖਰੇ, ਖਿੜ ਖ਼ੁਸ਼ਬੋਆਂ ਚਿਰ ਤਕ ਮਹਿਕ ਮਹਿਕਾਵਣ, ਸਮਿਓਂ ਪਹਿਲਾਂ ਫਲ ਦੀਆਂ ਰੀਝਾਂ, ਜੇ ਕਰ ਨਾ ਲਲਚਾਵਣ।

ਆਦਰਸ਼

ਤਾਰੇ ਕਾਬੂ ਵਿਚ ਨਹੀਂ ਆਂਦੇ, ਪਰ ਇਹ ਰਾਹ ਦਿਖਾਵਣ ਵਾਲੇ, ਆਗੂ ਦਾ ਕੰਮ ਦੇਂਦੇ ਰਹਿੰਦੇ । ਚਾਨਣ ਨੂੰ ਫੜਿਆ ਨਹੀਂ ਜਾਂਦਾ, ਪਰ ਜਿਨ੍ਹਾਂ ਨੈਣਾਂ ਵਿਚ ਵਸੇ, ਉਹ ਨਹੀਂ ਵਿਚ ਹਨੇਰੇ ਬਹਿੰਦੇ। ਪਉੜੀ ਤੇ ਪਉੜੀ ਫਿਰ ਪਉੜੀ, ਨਜ਼ਰ ਉਚੇਰੀ ਰੱਖਣ ਵਾਲੇ, ਨੀਵੇਂ ਪਾਸੇ ਵਲ ਨਹੀਂ ਢਹਿੰਦੇ। ਮੀਂਹ, ਹਨੇਰੀ ਝੱਖੜ ਝਾਂਜਾ, ਸ਼ਹੁ-ਸਾਗਰ ਵਿਚ ਰਲਣਾ ਜਿਨ੍ਹਾਂ, ਵਹਿੰਦੇ ਰਹਿੰਦੇ, ਵਹਿੰਦੇ ਰਹਿੰਦੇ।

ਕਰਮ ਜਾਤ

ਨਾਉਂ ਕਰਮ ਵਿਵਹਾਰ ਤੇ ਜਾਣ ਰੱਖੇ, ਜਨਮ ਜਾਤ ਦੀ ਚਾਹੀਦੀ ਵੰਡ ਕੋਈ ਨਹੀਂ । ਮੇਰੀ ਜਾਤ ਉੱਚੀ, ਉਹਦੀ ਜਾਤ ਨੀਵੀਂ, ਸੋਭੇ ਕਿਸੇ ਨੂੰ ਵੀ ਇਹ ਘੁਮੰਡ ਕੋਈ ਨਹੀਂ । ਹੋਣਾ ਅੰਤ ਨਿਬੇੜਾ ਤਾਂ ਅਮਲ ਉੱਤੇ, ਕੋਈ ਕਿਸੇ ਦੀ ਚੁੱਕਦਾ ਪੰਡ ਕੋਈ ਨਹੀਂ । ਕਿਸੇ ਪੰਡਤ ਨੂੰ ਤਖ਼ਤ ਬਿਠਾਲਣਾ ਨਹੀਂ, ਅਤੇ ਚੂਹੜੇ ਨੂੰ ਮਾਰਨੀ ਚੰਡ ਕੋਈ ਨਹੀਂ । ਇਕੋ ਜਿਹੇ ਇਨਸਾਨ ਇਨਸਾਨ ਸਾਰੇ, ਨੀਚ ਊਚ ਦਾ ਭੇਦ ਕੋਈ ਰੱਖਿਆ ਨਹੀਂ। ਇਹਦੀ ਜਾਤ ਨੀਵੀਂ, ਉਹਦੀ ਜਾਤ ਉੱਚੀ, ਇਹ ਤਾਂ ਕਿਸੇ ਦੇ ਮਥੇ ਤੇ ਲਿਖਿਆ ਨਹੀਂ ।

ਮਾਂ ਦਾ ਪਿਆਰ

ਘਟਦਾ ਨਹੀਂ, ਵੰਡਿਆ ਨਹੀਂ ਜਾਂਦਾ, ਚੌੜਾ ਇਸ ਦਾ ਬੜਾ ਖਿਲਾਰ। ਧਰਤੀ ਜੇਡਾ ਇਸ ਦਾ ਘੇਰਾ, ਅਣ ਮਿਣਿਆ ਆਕਾਸ਼-ਭੰਡਾਰ ਇਕ ਬੱਚਾ ਗੋਦੀ ਵਿਚ ਹੋਵੇ ਜਾਂ ਹੋਵੇ ਅੱਠਾਂ ਦੀ ਮਾਂ; ਜਿਤਨਾ ਇਕ ਦੇ ਨਾਲ ਪਿਆਰ, ਉਤਨਾ ਉਤਨਾ ਸਭ ਦੇ ਨਾਲ। ਹੱਦੋਂ ਬੰਨਿਓਂ ਪਰੇ ਪਰੇਰੇ ਅਣਡਿੱਠ ਵੱਧੇ ਪੌਣ ਮਸਾਲ। ਫੈਲਿਆਂ ਪਤਲਾ ਪੈਂਦਾ ਨਹੀਂ ਇਹ, ਇਸ ਵਿਚ ਫ਼ਰਕ ਨਾ ਪਾਵਣ ਸਾਲ। ਸੱਠਾਂ ਸੱਤਰਾਂ ਦਾ ਹੋ ਜਾਵੇ, ਮਾਂ ਦੇ ਭਾਣੇ ਜਾਤਕ ਬਾਲ। ਮਹਿੰਗੀ ਜਿਨਸ ਮੁਹੱਬਤ ਮਾਂ ਦੀ, ਫੇਰ ਵੀ ਇਸ ਦਾ ਪਏ ਨਾ ਕਾਲ।

ਜੀਵਣ ਤੇ ਮੌਤ

ਰੌਲਾ ਰੱਪਾ ਸ਼ੋਰ ਸ਼ਰਾਬਾ, ਮਚੀ ਚੁਗਿਰਦ ਦੁਹਾਈ। ਡੂੰਘੀ ਨੀਂਦਰ ਸੁਤਿਆਂ ਕਿਧਰੋਂ, ਜਾਗ ਅੱਖਾਂ ਵਿਚ ਆਈ । ਪੈਰ ਪਸਾਰੇ ਰਚੀਆਂ ਖੇਡਾਂ, ਅਜੇ ਤਮਾਸ਼ਾ ਬਾਕੀ ; ਓਸੇ ਡੂੰਘੀ ਨੀਂਦ ਵਿਚ ਮੁੜ, ਗਈ ਅੱਖ ਨਿੰਦਰਾਈ ।

ਅਣਡਿਠ

......... .........

ਪਿੱਪਲ ਦੇ ਪੱਤੇ

ਡਾਲੀ ਦੇ ਗਲ ਲਗ, ਲੈਣ ਹਵਾ ਵਿਚ ਤਾਰੀਆਂ ; ਸੁਣ ਕੇ ਮੌਤ-ਸੁਨੇਹਾ, ਮਾਰਨ ਤਾੜੀਆਂ। ਅੱਗੇ ਦੀ ਕੋਈ ਤਾਂਘ, ਜਾਪਣ ਜਾਵੰਦੇ ; ਨਿਤਰਨ ਛਾਤੀਆਂ ਤਾਣ, ਜੱਫੀਆਂ ਪਾਵਦੇ। ਵਿਛੜਨ ਦਾ ਨਾ ਗ਼ਮ, ਨ ਰੰਜ ਪਰਦੇਸ ਦਾ, ਜਾਣਨ ਸ਼ਾਇਦ ਭੇਦ, ਵਟਦੇ ਵੇਸ ਦਾ। ਇਕ ਇਕ ਡਿੱਗੇ ਹੇਠ, ਪੌਣ ਇਕੱਠੇ ਕਰ ਦਏ ; ਮੁਢ ਚੁਗਿਰਦੇ ਆਣ, ਰੂੜੀ ਭਰ ਦਏ । ਅੱਖੀਂ ਘਟਾ ਖਿ਼ਜ਼ਾਂ ਦੀ, ਜਾਂਦੇ ਜਾਂਦੇ ਪਾ ਗਏ । ਟੁਟ ਕੇ ਪੱਤੇ ਡਾਲੀਓਂ, ਜੜ ਦੇ ਵਿਚ ਸਮਾ ਗਏ।

ਭਿਖਾਰਣ

ਖਹੁਰੀਆਂ ਸੁਣਦੀ ਪਈ, ਝਿੜਕਾਂ ਨੂੰ ਝੋਲੀ ਪਾਉਂਦੀ । ਟੁੱਕਰ ਦੇ ਚੱਪੇ ਵਾਸਤੇ, ਦਰ ਦਰ ਦੇ ਧੱਕੇ ਖਾਉਂਦੀ। ਲੱਖਾਂ ਅਸੀਸਾਂ ਕੀਮਤੀ, ਧੇਲੇ ਲਈ ਲੁਟਵਾਉਂਦੀ। ਨੈਣਾਂ ਦੇ ਮੋਤੀ ਵੰਡਦੀ, ਮੰਗਤੀ ਹੈ ਫਿਰ ਅਖਵਾਉਂਦੀ । ਜੀਣ ਦਾ ਅਪਣੀ ਵਲੋਂ, ਤਰਲਾ ਵਿਚਾਰੀ ਕਰ ਰਹੀ। ਭੋਲੀ ਨਹੀਂ ਇਹ ਜਾਣਦੀ : 'ਮੰਗਣ ਗਈ ਸੋ ਮਰ ਰਹੀ।'

ਮੁੰਨੀ

ਕੁਲ ਅੱਠਾਂ ਮਹੀਨਿਆਂ ਦੀ, ਹੱਦ ਨਵਾਂ ਦੀ। ਹੇਠਲੇ ਵੇਹੜੇ ਵਾਲੇ, ਜਣਾ, ਤ੍ਰੀਮਤ ਛੜੇ-ਛਾਂਡ ਚੱਕੀ ਰਖਣ ਉਸ ਨੂੰ ਚਾਈਂ ਚਾਈਂ । ਉਤਲੇ ਚੁਬਾਰੇ ਦੇ ਵਿਹੜੇ ਵਿਚੋਂ, ਮੁੰਨੀ ਚੁਕ ਲੈਂਦੀ ਹਰ ਚੀਜ਼ ਦਏ ਵਗਾਹ ਜੰਗਲੇ ਥਾਣੀਂ, ਹੇਠਾਂ ਵੇਖੇ, ਫਿਰ, ਖਿੜ ਖਿੜ ਹੱਸੇ, ਨਾਲ ਉਲਾਰੇ ਬਾਹੀਂ ।

ਨਾਨਕ

ਨਹੀਂ ਵਿਚ ਕੈਦ ਮੰਦਿਰ, ਮਸਜਿਦ, ਧਰਮਸਾਲਾ, ਹਰ ਮਕਾਨ ਅੰਦਰ ਲਾਮਕਾਨ ਸਮਝੋ । ਰੂਪ ਰੰਗ ਉਹਦਾ ਵਰਨ ਚਿਹਨ ਕੋਈ ਨਾ ਰੰਗਾਂ ਸਾਰਿਆਂ ਵਿਚ ਵਰਤਮਾਨ ਸਮਝੋ । ਨਾਤਾ, ਦੋਸਤੀ, ਸਾਥ, ਸ਼ਰੀਕਤਾ ਨਹੀਂ ਸਭ ਤੋਂ ਵੱਖਰਾ ਸਭਸ ਦੀ ਜਾਨ ਸਮਝੋ । ਦੇਸ਼, ਜ਼ਾਤ, ਮਜ਼ਹਬ, ਪੇਸ਼ਾ, ਖ਼ਿਆਲ ਕੋਈ ਹਰ ਇਨਸਾਨ ਦੇ ਤਾਈਂ ਇਨਸਾਨ ਸਮਝੋ । ਜਾਣੋ ਸਭਸ ਵਿਚ ਜੋਤ ਪਰਮਾਤਮਾਂ ਦੀ ਪਹਿਲਾਂ ਦੱਸਿਆ ਇਹੋ ਦਸਤੂਰ ਨਾਨਕ । ਸ਼ਰਧਾ ਨਾਲ ਪਾਇਆ ਸੁਰਮਾ ਏਕਤਾ ਦਾ ਸਭਨਾਂ ਅੱਖੀਆਂ ਵਿਚ ਦਿੱਸੇ ਨੂਰ ਨਾਨਕ । ਸਮਝਣ ਵਾਲਿਆਂ ਨੇ ਕ੍ਰਿਸ਼ਨ ਸਮਝ ਲੈਣਾ ਭਾਵੇਂ ਮੋਹਨ ਕਹਿ ਲੌ ਭਾਵੇਂ ਸ਼ਾਮ ਕਹਿ ਲੌ । ਨੀਯਤ ਵਿਚ ਜੇ ਭਾਵ ਹੈ ਪਿਆਰ ਵਾਲਾ ਫ਼ਤਹਿ, ਬੰਦਗੀ, ਨਮਸਤੇ, ਸਲਾਮ ਕਹਿ ਲੌ । ਨਾਮਾਂ ਸਾਰਿਆਂ ਵਿਚ ਉਹਦਾ ਨਾਮ ਕੋਈ ਨਹੀਂ ਇਸੇ ਲਈ ਉਹਦਾ ਕੋਈ ਨਾਮ ਕਹਿ ਲੌ । ਸਭਨਾਂ ਬੋਲੀਆਂ ਤਾਈਂ ਉਹ ਜਾਣਦਾ ਏ, ਭਾਵੇਂ ਕਹੁ ਅੱਲਾ ਭਾਵੇਂ ਰਾਮ ਕਹਿ ਲੌ । ਐਸੇ ਪ੍ਰੇਮ ਦੇ ਰੰਗ ਵਿਚ ਰੰਗਿਆ ਜੋ, ਉਹਨੇ ਸਮਝਿਆ ਠੀਕ ਜ਼ਰੂਰ ਨਾਨਕ । ਅੰਦਰ ਬਾਹਰ ਉਹਨੂੰ ਨਜ਼ਰੀਂ ਪਿਆ ਆਵੇ ਨੂਰ ਨੂਰ ਨਾਨਕ, ਨੂਰ ਨੂਰ ਨਾਨਕ । ਰਿੱਛਾਂ ਬੰਦਰਾਂ ਦਾ ਪਹਿਲੋਂ ਹੱਕ ਹੁੰਦਾ, ਮਿਲਦਾ ਰੱਬ ਜੇ ਕਰ ਬਾਹਰ ਕੰਦਰਾਂ ਵਿਚ । ਪੰਡਤਾਂ, ਕਾਜ਼ੀਆਂ, ਭਾਈਆਂ ਦਾ ਮਸਲਾ ਜੇ, ਰੱਬ ਵੱਟਿਆਂ ਇੱਟਾਂ ਤੇ ਮੰਦਰਾਂ ਵਿਚ । ਇਹ ਵੀ ਧੋਖਾ ਜੇ ਕਿਤੇ ਨਾ ਸਮਝ ਲੈਣਾ, ਉਹ ਹੈ ਧਨੀਆਂ ਦਸਾਂ ਜਾਂ ਪੰਦਰਾਂ ਵਿਚ । ਨੀਵਾਂ ਸਿਰ ਕਰਕੇ ਮਾਰੇ ਝਾਤ ਜੇਹੜਾ, ਉਹਨੂੰ ਦਿਸੇਗਾ ਸਾਰਿਆਂ ਅੰਦਰਾਂ ਵਿਚ । ਘੜੇ ਆਪਣੇ ਰਹਿਣ ਲਈ ਬੁੱਤ ਉਹਨੇ, ਐਸੇ ਗਿਆਨ ਦੇ ਨਾਲ ਭਰਪੂਰ ਨਾਨਕ । ਨਾਨਕ ਓਸ ਵਿਚ ਹੈ, ਉਹ ਹੈ ਵਿਚ ਨਾਨਕ ਓਸੇ ਨੂਰ ਤੋਂ ਨੂਰ ਇਹ ਨੂਰ ਨਾਨਕ । ਆ ਕੇ ਨਜ਼ਰ ਵੀ ਆਉਂਦਾ ਨਜ਼ਰ ਨਾਹੀਂ, ਕਿੱਸਾ ਜਾਣ ਲੌ ਮੂਸਾ ਤੇ ਤੂਰ ਦਾ ਏ । ਅਪਣੇ ਆਪ ਨੂੰ ਆਪ ਨੇ ਹੈ ਮਿਲਣਾਂ, ਪੈਂਡਾ ਬਹੁਤ ਨੇੜੇ ਫਿਰ ਵੀ ਦੂਰ ਦਾ ਏ । ਪਰਦਾ ਲਾਹ ਕੇ ਵੀ ਰਿਹਾ ਵਿਚ ਪਰਦੇ, ਆਇਆ ਨੂਰ ਉੱਤੇ ਪਰਦਾ ਨੂਰ ਦਾ ਏ । ਜਿਥੇ ਮਿਲਣ ਸੌਦੇ ਕੇਵਲ ਦਿਲਾਂ ਬਦਲੇ, ਓਥੇ ਕੰਮ ਕੀ ਅਕਲ ਸ਼ਊਰ ਦਾ ਏ । ਮਿਲੀਏ ਜਿਨਸ ਵਿਚ ਸਦਾ ਹਮ ਜਿਨਸ ਹੋ ਕੇ ਇਹ ਸਿਧਾਂਤ ਜੇ ਸਿਰਫ਼ ਮਨਜ਼ੂਰ ਨਾਨਕ । ਬੂੰਦ ਵਿਚ ਸਾਗਰ, ਸਾਗਰ ਵਿਚ ਬੂੰਦਾਂ, ਰਲਿਆ ਨੂਰ ਅੰਦਰ ਹੋ ਕੇ ਨੂਰ ਨਾਨਕ ।

ਹੰਝੂ

ਡੁਲ੍ਹਣ ਨਾ, ਉਛਲ ਉਛਲ ਭਰ ਆਈਆਂ ਰੀਝਾਂ, ਰੁਲਣ ਨ ਇਹ ਮਿਟੀ ਵਿਚਕਾਰ। ਡਿਗਣ ਨਾ, ਇਹ ਬਾਲ ਜੁਆਨ ਪਹਿਰੇ ਦਾਰ, ਕਮਾਨਾਂ ਵਿਚੋਂ ਪਏ ਕਰਦੇ ਤੀਰਾਂ ਦੀ ਮਾਰ। ਸਾਗਰ ਦੀ ਕਿਸੇ ਨੀਵੀਂ ਨੁਕਰੋਂ ਸੁਚੇ ਸਾਫ ਚਮਕਦੇ ਮੋਤੀ ਉਲਟ ਪੁਲਟ ਕੋਈ ਹਿਲ ਜੁਲ ਚੋਖੀ ਲੈ ਕੇ ਆਈ ਬਾਹਰ ਵਾਰ । ਡੁੱਲ੍ਹਣ ਨਾ, ਇਹ ਡਿਗਣ ਨਾ, ਰੁਲਣ ਨ ਇਹ ਮਿਟੀ ਵਿਚਕਾਰ । ਇਹ ਅਮੁਲਵੀਂ – ਸਾਂਝੀ ਦੌਲਤ ਬਿਨਾਂ ਖੋਟ ਦੇ। ਖੁਲ੍ਹ ਦੇਵੀ ਲਈ ਭੇਟਾ ਆਈ ? ਮੁਕਤੀ ਦੇ ਲਈ ਹੈ ਇਹ ਤਰਲਾ ? ਜਾ ਕੁਈ ਮੁਕਦਾ ਪਿਆ ਉਧਾਰ । ਕਿਸ਼ਤਾਂ ਮਾਤਾ ਰਹੀ ਉਤਾਰ ਡੁੱਲ੍ਹਣ ਨਾ ਇਹ, ਡਿਗਣ ਨਾ ਇਹ, ਸਚੇ ਮੋਤੀ ਇਨ੍ਹਾਂ ਤੋਂ ਕੋਈ ਸਰਨੀ ਦਾਰ। ਰੁਲਣ ਨਾ ਇਹ, ਰੁਲਣ ਨਾ ਇਹ ਮਿਟੀ ਵਿਚਕਾਰ ਠੰਡੀ ਠੰਡੀ ਤ੍ਰੇਲ ਦੇ ਤੁਪਕੇ ਨੈਣ ਫੁਲਾਂ ਦੀ ਆਬ ਵਧਾਂਦੇ, ਧੋ ਦਿੰਦੇ ਨੇ ਠੀਕ ਸੁਆਰ। ਪਰ ਇਨ੍ਹਾਂ ਦੀ ਗਰਮ ਤਾਸੀਰ ਤਤੀ ਯਾਦ ਕਿਸੇ ਦਾ ਉਬਾਲ ਦਿੰਦੇ ਨਾਜ਼ਕ ਨੈਣ ਉਛਾਲ । ਡੁਲ੍ਹਣ ਨਾ, ਜੇ ਮੁੜ ਨਾ ਆੳਣ ਜੇ ਡੁਲ੍ਹਣ ਤਾਂ ਇਕੇ ਵਾਰ ਜਾਵਣ ਦੁਖ ਦੀ ਯਾਦ ਵਿਸਾਰ। ਜਗ ਜਾਣੇ ਇਹ ਕਿਸ ਦੇ ਹੰਝੂ ਕਿਸ ਦੇ ਨੈਣ ਪਿਆਸੇ ਖੁਲ੍ਹ ਦੇ, ਢੂੰਡਣ ਬੂਟੀ ਅਮ੍ਰਿਤ ਧਾਰ ? ਖੜੇ ਢੁੰਡਾਊ ਪਹਿਰੇ ਦਾਰ।

ਟੈਗੋਰ

ਜੀਭ ਜਿਸ ਦੀ ਜੀਭ, ਹਰ ਇਨਸਾਨ ਦੀ । ਅਖ ਜਿਸ ਦੀ ਅਖ, ਹਿੰਦੁਸਤਾਨ ਦੀ । ਸੋਚ ਜਿਸ ਦੀ ਸੋਚ ਸਭ ਸੰਸਾਰ ਦੀ। ਪੀੜ ਜਿਸ ਦੀ ਪੀੜ ਹਰ ਬੇ-ਜ਼ਾਰ ਦੀ। ਟੁਟ ਗਿਆ ਤਾਰਾ ਸ਼੍ਰੋਮਣਿ ਮਸ਼ਰਕੀ ਅਸਮਾਨ ਦਾ। ਡੁਬ ਗਿਆ ਸੂਰਜ ਚਮਕਦਾ, ਫਲਸਫ਼ੇ ਦਾ ਗਿਆਨ ਦਾ । ਚੰਦਰਮਾਂ ਕੋਮਲ ਹੁਨਰ ਦਾ, ਕਾਵਿ ਦੇ ਆਕਾਸ਼ ਦਾ। *ਸ਼ਾਂਤ ਘਰ' ਦੇ ਚਾਨਣੇ ਤੋਂ, ਚਾਨਣਾ ਪ੍ਰਕਾਸ਼ ਦਾ। ਛੁਪ ਗਈ ਕੇਵਲ ਨਹੀਂ, ਇੱਕ ! ਸ਼ਕਲ ਸੂਰਤ ਜ਼ਾਹਿਰੀ ਰੁਕ ਗਈ ਇਕ ਹਦ ਤੇ, ਸੰਸਾਰ ਭਰ ਦੀ ਸ਼ਾਇਰੀ । * ਸ਼ਾਂਤੀ ਨਿਕੇਤਨ

ਟੈਗੋਰ ਦੀ ਪ੍ਰਾਰਥਨਾ

ਤੂ ਰੰਜ ਮੁਸੀਬਤ ਵਿਚ ਮੇਰੀ ਰਖਿਆ ਨਾ ਕਰ ਪਰ ਚਾਨਣ ਦੇਹ। ਬਦ ਬਖਤੀ ਵਿਚ ਕੋਈ ਬਹੁੜੇ ਨਾ; ਬਾਹਰੋਂ ਨਾ ਕੋਈ ਮਦਦ ਕਰੇ; ਪਰ ਦਿਲ ਦਾ ਹੌਸਲਾ ਨਾ ਟੁਟੇ ਦਮ ਕੈਮ ਰਹੇ ਇਹ ਹਿੰਮਤ ਦੇਹ । ਜਦ ਫੇਰ ਸਮੇਂ ਵਿਚ ਘਿਰ ਜਾਵਾਂ ਹੋਵੇ ਨਾ ਕੋਈ ਸਹਾਰਾ ਵੀ ਹਰਗਿਜ਼ ਮੇਰਾ ਮਨਸ਼ਾ ਇਹ ਨਹੀਂ : ਰਖਿਆ ਮੇਰੀ ਭਗਵਾਨ ਕਰੋ । ਹਾਂ ਆਪਣੇ ਆਪ ਬਚਾ ਲਾਂ ਮੈਂ ਬਲ ਇਤਨਾ ਮੈਨੂੰ ਦਾਨ ਕਰੋ।

ਪਿਆਰਾ ਦੇਸ਼

ਭਾਰਤ ਮਾਤਾ ਤੋਂ ਬਲਿਹਾਰ, ਬੰਧਨਾ ਮੇਰੀ ਸੌ ਸੌ ਵਾਰ। ੧. ਅੰਮ੍ਰਿਤ ਵਰਗਾ ਜਿਸ ਦਾ ਪਾਣੀ, ਮਿਠੇ ਬੋਲ; ਰਸੀਲੀ ਬਾਣੀ। ਚੰਦਨ ਪਰਬਤ ਮਹਿਕ ਫੁਹਾਰੇ, ਦੇਵੇ ਸੀਤਲ ਪਉਣ ਹੁਲਾਰੇ। ਨਿਘੀਆਂ ਹਰੀਆਂ ਫਸਲਾਂ ਖੜੀਆਂ, ਸਾਂਵਲ ਸਾਂਵਲ ਚੜ੍ਹੀਆਂ ਝੜੀਆਂ। ਫਲ ਸੁਆਦੀ, ਭਰੇ ਭੰਡਾਰ ਭਾਰਤ ਮਾਤਾ ਤੋਂ ਬਲਿਹਾਰ, ਬੰਧਨਾ ਮੇਰੀ ਸੌ ਸੌ ਵਾਰ। ੨. ਜਿਸ ਦੀ ਰਾਤ ਚਾਨਣੀ ਪਿਆਰੀ, ਕੁਦਰਤ ਦੀ ਚਿਟੀ ਫੁਲਕਾਰੀ। ਫੁਲਾਂ ਬੂਟਿਆਂ ਨਾਲ ਸੰਵਾਰੀ, ਹਸ ਮੁਖਾਂ ਫੁੱਲਾਂ ਦੀ ਕਿਆਰੀ । ਜਿਸ ਦੀ ਸ਼ੋਭਾ ਨਿਆਰੀ ਨਿਆਰੀ, ਸੁਖ ਦਾਤੀ ਵਰ ਦੇਵਣ ਹਾਰੀ। ਵਡਾ ਜਿਸ ਦਾ ਹੈ ਪਰਵਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ ... ... ... । ੩. ਉਸ ਮਾਤਾ ਨੂੰ ਕਾਹਦੀ ਥੋੜ, ਜਿਸ ਦੇ ਜਾਏ ਚਾਲ੍ਹੀ ਕਰੋੜ। ਅੱਸੀ ਕਰੋੜ ਫਰਕਦਾ ਡੌਲਾ, ਵੈਰੀ ਲਈ ਭਿਆਨਕ ਰੌਲਾ । ਜਿਸ ਦੀ ਪਤਿ ਦੇ ਇਤਨੇ ਰਾਖੇ, ਉਸ ਨੂੰ ਕਿਹੜਾ ਅਬਲਾ ਆਖੇ ? ਖੜਾ ਹਿਮਾਲਾ ਪਹਿਰੇਦਾਰ, ਭਾਰਤ ਮਾਤਾ ਤੋਂ ਬਲਿਹਾਰ ਬੰਧਨਾ ... ... ... । ੪. ਸ਼ਕਤੀ ਦਾਤੀ ਸ਼ਕਤੀਵਾਨ, ਬਲ ਪਾਉਣ ਜਿਸ ਤੋਂ ਬਲਵਾਨ । ਵੈਰੀ ਦਲ ਨੂੰ ਭਾਜੜ ਪਾਵੇ, ਸਾਗਰ ਜਿਸ ਦੇ ਚਰਨ ਧੁਆਵੇ। ਸਾਡੇ ਤਨ ਵਿਚ ਜਿਸ ਦੇ ਪ੍ਰਾਨ, ਹਿਰਦੇ ਵਿਚ ਜੋ ਮੂਰਤ ਮਾਨ । ਪੂਜਾ ਇਸ ਦੀ ਕਰੇ ਉਧਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ ... ... ... । ੫. ਰਿਸ਼ੀਆਂ ਮੁਨੀਆਂ ਦਾ ਜੋ ਟਿਕਾਣਾ, ਹੁਨਰ ਦਾ ਚਸ਼ਮਾਂ ਇਲਮ ਖ਼ਜ਼ਾਨਾ। ਜੜੀਆਂ ਵਿਚ ਜੀਵਨ ਤਾਸੀਰ, ਜਿਸ ਦੀ ਮਿਟੀ ਵਿਚ ਅਕਸੀਰ । ਮਨ ਨਿਰਮਲ ਚਾਂਦੀ ਸਮ ਜਾਣ, ਤਨ ਜਿਸਦਾ ਸੋਨੇ ਦੀ ਖਾਣ। ਗੈਲਾ ਵੇਹੜਾ ਖੁਲ੍ਹਾ ਦੁਆਰ, ਭਾਰਤ ਮਾਤਾ ਤੋਂ ਬਲਿਹਾਰ ਬੰਧਨਾ ... ... ... । ੬. ਜਿਸ ਦੀਆਂ ਨਦੀਆਂ ਜਿਸ ਦੇ ਨਾਲੇ, ਜਿਸ ਦੀ ਜਿਨਸ ਜਗਤ ਨੂੰ ਪਾਲੇ । ਕੁਦਰਤ ਸਾਜ ਸਜਾਈ ਰਾਣੀ । ਪੌਣ ਹੈ ਜਿਸਦਾ ਭਰਦੀ ਪਾਣੀ। ਇਸ ਦੀ ਇਜ਼ਤ ਇਸ ਦੀ ਸ਼ਾਨ, ਕਾਇਮ ਰਖੀਏ ਦੇ ਕੇ ਜਾਨ। ਸਚਿਆਂ ਪੁਤ੍ਰਾਂ ਦੀ ਇਹ ਕਾਰ, ਭਾਰਤ ਮਾਤਾ ਤੋਂ ਬਲਿਹਾਰ । ਬੰਧਨਾ ਮੇਰੀ ਸੌ ਸੌ ਵਾਰ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ