Jawala Mukhi : Bawa Balwant
ਜਵਾਲਾ ਮੁਖੀ : ਬਾਵਾ ਬਲਵੰਤ
1. ਦੇਸ
ਉਹ ਹੈ ਦੇਸ ਮਹਾਨ ਜੋ ਆਪਣੇ ਵੇਲੇ ਸਿਰ ਬੀਜੇ, ਵਾਹੇ ਖੇਤ, ਸੁੰਨ ਮਸਾਨ ਉਜਾੜਾਂ ਫੇਰ ਬਣਾਏ ਖੇਤ । ਮਿੱਠੇ, ਅਤ ਮਿੱਠੇ ਗੀਤਾਂ ਦੀ ਛਾਂ ਹੇਠਾਂ ਹਲ ਦੀ ਨੋਕ ਤੋਂ ਬਦਲੇ ਕੱਲਰਾਂ ਦੀ ਤਸਵੀਰ । ਮਿਹਨਤ ਤੋਂ ਆਪਣੀ ਬਦਲੇ ਆਪਣੀ ਤਕਦੀਰ, ਹੋਵੇ ਮਿਹਨਤ ਦਾ ਪੁਤਲਾ ਹਰ ਜੀਵ ਕਿਸਾਨ । ਉਹ ਹੈ ਦੇਸ ਮਹਾਨ ਦਿਲ ਵਿਚ ਹਰ ਦਾਣੇ ਦਾ ਹੋਵੇ ਪਿਆਰ ਅਪਾਰ, ਤਾਰੇ ਡੁੱਬਣ ਤੋਂ ਪਹਿਲਾਂ ਪਹਿਲਾਂ ਜਲ-ਧਾਰ ਹਰਿਆਂ ਖੇਤਾਂ ਦੇ ਵਿਚ ਦਰਪਨ ਰੂਪ ਫਿਰੇ ਖੁਸ਼ ਹੋਵਣ ਫ਼ਸਲਾਂ ਆਪਣੀ ਹੀ ਸੂਰਤ ਤੇ, ਹੀਰੇ ਵੰਗ ਹੋਵਣ ਘਰ ਅੰਦਰੋਂ ਬਾਹਰੋਂ ਸਾਫ਼, ਇਕ ਦੂਜੇ ਦੀ ਗ਼ਲਤੀ ਨੂੰ ਕਰ ਦੇਵਣ ਮਾਫ਼, ਜੇ ਖੇਤਾਂ ਦੇ ਰਾਖੇ ਐਸੇ ਹੋਣ ਜਵਾਨ, ਤਾਂ ਹੈ ਦੇਸ ਮਹਾਨ । ਉਹ ਹੈ ਦੇਸ ਮਹਾਨ ਕੱਚੇ ਖੇਤ ਨਾ ਹੋਵਣ ਜਿਸ ਦੇ ਰੋਜ਼ ਨਿਲਾਮ, ਸੂਦ ਦੀਆਂ ਲੀਕਾਂ ਦੇ ਜੋ ਨਾ ਹੋਣ ਗ਼ੁਲਾਮ, ਜਿਸ ਨੂੰ ਹੋਸ਼ ਰਹੇ ਕਲ੍ਹ ਪੈ ਸਕਦਾ ਏ ਕਾਲ, ਜਿਸ ਦੀ ਅਣਖ ਤੁਰੇਗੀ ਆਪਣਾ ਆਪ ਸੰਭਾਲ, ਉਹ ਹੈ ਦੇਸ ਮਹਾਨ ਉਹ ਹੈ ਸਵਰਗ ਸਮਾਨ । ਹਮਸਾਏ ਦੇਸਾਂ ਤੇ ਜਿਸ ਥਾਂ ਦੇ ਬਲਵਾਨ ਨਸਲ ਦੀਆਂ ਗ਼ਾਰਾਂ 'ਚੋਂ ਛਿਣਕਣ ਨਾ ਅਪਮਾਨ; ਆਪਣੇ ਹੱਕਾਂ ਨੂੰ ਜੋ ਖੋਹਣ ਨਾ ਦੇਵਣ ਵੀਰ, ਹਮਸਾਇਆਂ ਨੂੰ ਉਡਦੇ ਦੇਖ ਨਾ ਮਾਰਨ ਤੀਰ; ਸਹਿਣਾ ਜ਼ੁਲਮ ਵੀ ਹੋਵੇ ਜਿਸ ਦੀ ਸਮਝ 'ਚ ਪਾਪ, ਕੋਈ ਦੂਸਰਿਆਂ ਤੇ ਜ਼ੁਲਮ ਕਰੇ ਨਾ ਆਪ; ਹਰ ਦਿਲ ਵਿਚ ਹੋਵੇ ਮਾਨਵ ਸ਼ਕਤੀ ਦਾ ਰੂਪ, ਇਕ ਬੱਚੇ ਵਿਚ ਨਜ਼ਰ ਨਾ ਆਏ ਕੋਹਜ ਕਰੂਪ, ਹਰ ਇਕ ਵਾਸੀ ਆਏ ਹਸਦਾ ਨਜ਼ਰ ਅਰੋਗ, ਉਸ ਧਰਤੀ ਦਾ ਏ ਹਰ ਜ਼ੱਰਾ ਪੂਜਨ-ਯੋਗ; ਜਿਸ ਥਾਂ ਦੇਸ-ਵਿਰੋਧੀ ਇਕ ਨਹੀਂ ਇਨਸਾਨ, ਧਰਤੀ ਮਾਤਾ ਨੂੰ ਜੋ ਪੂਜਣ ਰੱਬ ਸਮਾਨ, ਉਹ ਹੈ ਦੇਸ ਮਹਾਨ ।
2. ਸਜ਼ਾ
ਅੱਗ ਇਸ ਪਾਣੀ ਤੋਂ ਬੁਝ ਸੱਕੀ ਨਹੀਂ ਸਦੀਆਂ ਤੋਂ ਹੈ ਬਲਦੀ ਪਈ ਮੰਦਰ 'ਚ ਜੋ । ਇਸ ਤੋਂ ਮਘੀ ਏ ਹੋਰ ਵੀ, ਸੀਨੇ ਦੀ ਅੱਗ, ਬਦਲੇ ਦੀ ਅੱਗ । ਏਸ ਪਾਣੀ ਤੋਂ ਹੀ ਰੁੜ੍ਹ ਆਇਆ ਏ ਸਭ, ਸਦਰ ਦਰਵਾਜ਼ੇ ਦੇ ਕੋਲ, ਸੈਂਕੜੇ ਸਦੀਆਂ ਦਾ ਪਾਪ । ਇਨਸਾਫ਼ ਦੇ ਸੋਮੇ 'ਚੋਂ ਜੋ, ਤੇਗ਼ ਦੇ ਚਸ਼ਮੇ 'ਚੋਂ ਬਲਕਿ ਹੁਕਮ ਦੇ ਝਰਨੇ 'ਚੋਂ ਜੋ ਵਗ ਰਹੀ ਏ ਜਲ ਦੀ ਧਾਰ ਦਾਗ਼ ਕੋਈ ਧੋ ਨਹੀਂ ਸੱਕੀ ਅਜੇ । ਦਾਗ਼ ਧੋ ਸਕਦੀ ਨਹੀਂ, ਸਾਫ਼ ਕਰ ਸਕਦੀ ਨਹੀਂ, ਆਦਮੀ ਦੇ ਗ਼ਮ ਦੀ ਜੋ ਚਾਦਰ 'ਚ ਏ । ਉਡ ਰਹੇ ਨੇ ਕਲਸ 'ਚੋਂ ਸ਼ੁਹਲੇ ਜਹੇ, ਲਾਲ ਪੀਲਾ ਏ ਬੜੇ ਗੁੱਸੇ 'ਚ ਕਲਸ । ਸਦਰ ਦਰਵਾਜ਼ੇ ਤੋਂ ਇਸ ਮੰਦਰ 'ਚ ਪਰ ਸੁਟ ਰਹੇ ਨੇ ਦੁਖ ਦੀਆਂ ਲਾਸ਼ਾਂ ਦਾ ਤੇਲ, ਭੁੱਖ ਦੀਆਂ ਹੱਡੀਆਂ ਦਾ ਢੇਰ । ਝੁਲਸ ਚੁੱਕੇ ਨੇ ਪੁਰਾਣੇ ਬੁਤ ਜਹੇ, ਪਿਘਲ ਚੁੱਕੇ ਨੇ ਪੁਰਾਣੇ ਰੰਗ ਵੀ, ਹੋ ਗਈ ਮੁੱਦਤ ਉਹ ਤਸਵੀਰਾਂ ਨਹੀਂ, ਨਾਜ਼ ਕਰ ਸਕਦਾ ਸੀ ਜਿਸ ਤੇ ਕੋਈ ਦੇਸ ! ਇਸ ਪਰੀ ਦੀ ਬਾਦਸ਼ਾਹੀ ਏ ਅਜੀਬ ! ਕਿਉਂ ਕੋਈ ਕਰਦਾ ਏ ਜੁਰਮ ? ਕਿਉਂ ਕੋਈ ਕਰਦਾ ਏ ਧੋਖਾ ਤੇ ਫ਼ਰੇਬ ? ਪੁੱਛ ਤਕ ਕੋਈ ਨਹੀਂ । ਇਸ ਦੇ ਸਾਏ ਤੋਂ ਹੈ ਜੰਗ, ਝੁੱਗੀਆਂ ਵਿਚ ਖੇਤ ਵਿਚ । ਫਾਂਸੀਆਂ ਤੋਂ ਕਤਲ ਹਟ ਸੱਕੇ ਨਹੀਂ, ਹੋਰ ਵੀ ਵਧਦੇ ਗਏ । ਚਾਰ ਪਾਸੇ ਫੌਜ ਦਾ ਪਹਿਰਾ ਰਹੇ, ਪੁਰ ਫੁਲਾਦਾਂ ਦੇ ਬੂਹੇ ਸੂਲਾਂ ਦੇ ਨਾਲ, ਲੁੱਟੇ ਜਾਂਦੇ ਨੇ ਖ਼ਜ਼ਾਨੇ ਫੇਰ ਵੀ ! ਇਸ ਸਜ਼ਾ ਤੋਂ ਕੁਝ ਵੀ ਰੁਕ ਸਕਿਆ ਨਹੀਂ ਜੋ ਹਟਾਏ ਉਹ ਵਧੇ । ਐਸਾ ਇਹ ਨਸ਼ਤਰ ਹੈ ਜਿਸ ਤੋਂ ਹੋਰ ਵੀ ਹੁੰਦੇ ਰਹਿੰਦੇ ਨੇ ਨਵੇਂ ਫੋੜੇ ਕਈ । ਅੱਗ ਇਸ ਪਾਣੀ ਤੋਂ ਬੁਝ ਸੱਕੀ ਨਹੀਂ ਸਦੀਆਂ ਤੋਂ ਹੈ ਬਲਦੀ ਪਈ ਮੰਦਰ 'ਚ ਜੋ !
3. ਟ੍ਰਾਟਸਕੀ
(ਜਨਮ ੧੮੭੭ ਤੇ ਮੌਤ ੧੯੪੦ । ਰੂਸ ਦਾ ਜ਼ਬਰਢਸਤ ਜੁਗ-ਪਲਟਾਊ ਲੀਡਰ ਸੀ । ਆਪਣੇ ਸਮੇਂ ਲੈਨਿਨ ਦਾ ਸੱਜਾ ਹੱਥ ਮੰਨਿਆਂ ਜਾਂਦਾ ਰਿਹਾ ਹੈ । ਇਹ ਲਾਲ ਫੌਜਾਂ ਦਾ ਸਭ ਤੋਂ ਵੱਡਾ ਸਰਦਾਰ ਰਿਹਾ ਸੀ । ਸਿਧਾਂਤਾਂ ਕੋਲੋਂ ਬਹੁਤਾ ਅਮਲ ਤੋ ਭਰੋਸਾ ਰੱਖਦਾ ਸੀ । ਬੜਾ ਧੜੱਲੇਦਾਰ ਇਨਕਲਾਬੀ ਲਿਖਾਰੀ ਸੀ । ਇਸ ਦਾ ਜੀਵਨ ਬੜੀ ਕਸ਼ਮਕਸ਼ ਵਿਚ ਬੀਤਿਆ । ਖਿਆਲਾਂ ਦੀ ਮੁਖਾਲਫਤ ਹੋਣ ਕਰਕੇ ਇਸ ਨੂੰ ਰੂਸੋਂ ਬਾਹਰ ਕੱਢਿਆ ਗਿਆ ਪਰ ਕਿਸੇ ਵੀ ਹਕੂਮਤ ਨੇ ਇਸ ਨੂੰ ਤੇ ਇਸ ਦੇ ਖਿਆਲਾਂ ਨੂੰ ਨਾ ਝੱਲਿਆ । ਇਸ ਦੇ ਜੀਵਨ ਤੇ ਵਿਰੋਧੀਆਂ ਨੇ ਕਈ ਹਮਲੇ ਕੀਤੇ । ਇਸ ਦਾ ਇਕ ਪੁੱਤਰ ਰੂਸ ਤੇ ਦੂਜਾ ਫਰਾਂਸ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ । ਇਸ ਦੀ ਹੋਣਹਾਰ ਤੇ ਬਹੁਤ ਅਹਿਸਾਸ ਵਾਲੀ ਧੀ ਰੋਜ਼ ਦੀਆਂ ਤੰਗੀਆਂ ਤੋਂ ਅੱਕ ਕੇ ਖੁਦਕਸ਼ੀ ਕਰ ਗਈ । ੫ਰ ਇਹ ਸੂਰਬੀਰ ਦੁਨੀਆ ਦੀ ਬਿਹਤਰੀ ਦਾ ਸੰਗ੍ਰਾਮ ਇਕੱਲਾ ਤੇ ਨਿਹੱਥਾ ਲੜਦਾ ਰਿਹਾ । ਅੰਤਲਾ ਹਮਲਾ ਮੈਕਸੀਕੋ ਵਿਚ ਹੋਇਆ ਜਿਸ ਤੋਂ ਇਹ ਬਚ ਨਾ ਸਕਿਆ ।) ਤੇਰੇ ਦਿਨ ਉਜਾਗਰ, ਤੇਰੀ ਰਾਤ ਜਾਗੀ, ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ । ਤੂੰ ਉਸ ਨਾਮ ਤੋਂ ਬਿਨ ਮਸਾਲੇ ਤੋਂ ਬਣਿਆ, ਉਹ, ਜਿਸ ਨੇ ਖ਼ੁਦਾ ਨੂੰ ਤੇ ਸ਼ਕਤੀ ਨੂੰ ਜਣਿਆ ਤੂੰ ਤੀਖਣ ਜਵਾਲਾ ਦੀ ਬੇਦਾਰ ਰੂਹ ਹੈਂ, ਅਗਮ ਨਾਚ ਹੈ ਤੂੰ, ਸ਼ੂਰੂ ਤੋਂ ਸ਼ੁਰੂ ਹੈਂ । ਤੂੰ ਦੈਵੀ ਅਗਨ-ਯੋਗ ਦਾ ਤੇਜ਼ ਧਾਰਾ, ਤੂੰ ਹਠ-ਯੋਗ ਦਾ ਇਕ ਚਮਕਦਾ ਸਿਤਾਰਾ । ਤੂਫ਼ਾਨਾਂ ਦਾ ਮੰਬਾ, ਭੂਚਾਲਾਂ ਦਾ ਸੋਤਾ, ਤੂੰ ਸੋਮਾਂ ਲਹੂ ਦਾ, ਬਿਜਲੀਆਂ ਦਾ ਦਰਿਆ । ਤੂੰ ਬਦਲੀ ਦਾ ਜੌਹਰ, ਨਵੇਂ ਯੁਗ ਦਾ ਬਾਨੀ, ਲਿਖਣ ਤੇਰੀ ਚੰਦਾਂ ਦੇ ਅੱਖਰ ਕਹਾਣੀ । ਮਹਾਂਬੀਰ, ਰੁਸਤਮ ਤੇਰੇ ਸਾਹਮਣੇ ਕੀ ? ਸਿਕੰਦਰ ਤੇ ਨੈਪੋਲੀਅਨ ਵੀ ਨੇ ਮਿੱਟੀ । ਤੂੰ ਜਿੱਤਾਂ ਨੂੰ ਵੀ ਹੇਚ ਬੇਕਾਰ ਜਾਣੇ, ਕਰਨਗੇ ਕਦੋਂ ਪੈਂਦਾ ਤੈਨੂੰ ਜ਼ਮਾਨੇ ? ਜ਼ਮਾਨੇ ਨੂੰ ਕੰਬ ਗਈ ਇਕ ਵਾਰੀ ਤੇਰੇ ਦਿਲ ਦੀ ਤਾਕਤ, ਤੇਰੀ ਬੇ-ਕਰਾਰੀ । ਕੀ ਹੱਥ ਆਇਆ ਮਿੱਟੀ ਨੂੰ ਬਰਬਾਦ ਕਰ ਕੇ ? ਗਿਆ ਬਲਕਿ ਉਹ ਤੈਨੂੰ ਆਜ਼ਾਦ ਕਰ ਕੇ । ਮਿਲੀ ਰਾਖ ਮਿੱਟੀ 'ਚ ਬੇਸ਼ਕ ਹੈ ਤੇਰੀ, ਤੇਰੇ ਸ਼ੌਕ ਦੀ ਆਏਗੀ ਪਰ ਹਨੇਰੀ । ਖਿਆਲਾਂ ਨੂੰ ਤੇਰੇ ਮਿਟਾਏਗਾ ਕਿਹੜਾ ? ਤੇਰੇ ਸੁਪਨਿਆਂ ਨੂੰ ਉਡਾਏਗਾ ਕਿਹੜਾ ? ਖਿਆਲਾਂ ਦੀ ਬਿਜਲੀ ਦਿਲਾਂ ਵਿਚ ਰਹੇਗੀ। ਜੋ ਦੁਨੀਆਂ ਨੂੰ ਸੰਦੇਸ਼-ਜੀਵਨ ਦਏਗੀ । ਤੇਰੀ ਕਦਰ ਮਾਨਵ ਦੀ ਸਰਜੀਵ ਰੂਹ ਨੂੰ, ਤੇਰੀ ਕਦਰ ਹੈ ਜ਼ਿੰਦਗੀ ਦੇ ਲਹੂ ਨੂੰ । ਤੂੰ ਅਗਨੀ ਤੋਂ ਹੋਇਆ ਹੈਂ ਪ੍ਰਚੰਡ ਜਵਾਲਾ, ਤੂੰ ਜ਼ਿੰਦਾ ਰਿਹਾ ਮੌਤ ਦਾ ਪੀ ਕੇ ਪਿਆਲਾ । ਅਵਾਰਾ ਰਿਹਾ ਤੂੰ, ਰਿਹਾ ਦਰ-ਬ-ਦਰ ਤੂੰ, ਬਣਾਈ ਨਾ ਕੁੱਲੀ, ਵਸਾਏ ਨਗਰ ਤੂੰ । ਕਿਤੇ ਮਰ ਗਏ ਕਿਉਂ ਤਾਰੀਖਾਂ ਦੇ ਜਾਣੂ ? ਕਿਸੇ ਨੇ ਵੀ ਅਪਣਾ ਸਮਝਿਆ ਨਾ ਤੈਨੂੰ । ਕੜਕੀਆਂ ਨੇ ਪਿੰਜਰ ਤੇ ਤੇਰੇ ਬਿਜਲੀਆਂ, ਕਈ ਵ' ਅੱਗਾਂ ਵੀ ਤੇਰੇ ਤੇ ਵਰ੍ਹੀਆਂ । ਤੇਰੀ ਜੀਭ ਨੂੰ ਲਾਏ ਤਾਲੇ ਹਜ਼ਾਰਾਂ, ਤੇਰੀ ਕਲਮ ਤੇ ਆਈਆਂ ਛੁਰੀਆਂ, ਕਟਾਰਾਂ । ਕਦੀ ਪਰ ਕਦਮ ਨਾ ਤੇਰਾ ਥਰਥਰਾਇਆ, ਦੁਖਾਂ ਨੇ ਸਤਾਇਆ, ਸੁਖਾਂ ਨੇ ਸਤਾਇਆ । ਕੋਈ ਹੁੰਦਾ ਗ਼ੈਰਤ, ਸ਼ਰਮ, ਆਨ ਵਾਲਾ ਨਾ ਦਿੰਦਾ ਤੇਰੇ ਪੈਰ ਵਿਚ ਪੈਣ ਛਾਲਾ । ਇਹ ਨੀਯਤ ਜ਼ਮਾਨੇ ਦੀ ਕੀ ਕੋਈ ਨਾਪੇ ? ਕਿ ਪੁੱਤਰ ਹੀ ਕਹਿੰਦੇ ਨੇ ਮਰ ਜਾਣ ਮਾਪੇ ! ਇਹ ਜ਼ਾਲਮ ਹਵਸ ਦਾ ਤਕਾਜ਼ਾ ਨਿਕਲਿਆ ! ਇਹ ਇਨਸਾਨੀਅਤ ਦਾ ਜਨਾਜ਼ਾ ਨਿਕਲਿਆ ! ਤੂੰ ਬੇਦਾਰ ਜੀਵਨ, ਤੂੰ ਪੂਰਨ ਅਜ਼ਾਦੀ, ਤੂੰ ਖੁੱਦ-ਦਾਰ, ਤੂੰ ਬੇਧੜਕ ਆਸ਼ਾਵਾਦੀ । ਤੂੰ ਜੰਗਾਂ ਦੀ ਇਕ ਮੌਤ ਹੈਂ ਮੌਤ ਖਾ ਕੇ, ਤੂੰ ਹੋ ਕਾਸ਼ ਪੈਦਾ ਮੇਰੇ ਦੇਸ ਆ ਕੇ ! ਤੁਹੀਂ ਹੋਣ ਵਾਲਾ ਹੈਂ ਮਹਿੰਦੀ ਪੈਗ਼ੰਬਰ, ਤੇਰੀ ਪੈਰਵਾਈ ਨੂੰ ਝੁਕਿਆ ਹੈ ਅੰਬਰ । ਤੂੰ ਸਭ ਨੂੰ ਉਠਾਇਆ, ਤੂੰ ਸਭ ਨੂੰ ਜਗਾਇਆ, ਨਹੀਂ ਦੋਸ਼ ਤੇਰਾ ਜੇ ਦੁਨੀਆ ਨਾ ਜਾਗੀ । ਤੂੰ ਬਾਗ਼ੀ, ਤੇਰੇ ਪੈਰ ਦੇ ਚਿੰਨ੍ਹ ਬਾਗ਼ੀ ।
4. ਤੇਰੀ ਕੌਣ ਸੁਣੇ
ਹੁਣ ਤੇਰੀ ਕੌਣ ਸੁਣੇ ? ਨਫ਼ਿਆਂ ਦੀ ਅਗਨੀ ਵਿਚ ਸੜ ਗਏ ਦੇਸ ਦਿਸੌਰ, ਸਭਿੱਤਾ ਦੇ ਰੌਲੇ ਤੋਂ ਕਖ ਨਾ ਸਕਿਆ ਸੌਰ। ਕੌਮਾਂ ਦੇ ਮਾਲਕ ਨਾ ਖੋਲ੍ਹਣ ਦਿਲ ਦੇ ਰਾਜ਼, ਤਕਸੀਮਾਂ ਜ਼ਰਬਾਂ ਵਿਚ ਡੋਬੀ ਜਾਣ ਜਹਾਜ਼। ਹਰ ਇਕ ਸ੍ਵਰਨ-ਚਿੜੀ ਲਈ ਲੱਖ ਲੱਖ ਜਾਲ ਬੁਣੇ, ਤੇਰੀ ਕੌਣ ਸੁਣੇ ? ਆਪਾ-ਧਾਪੀ ਦਾ ਹੈ ਜਗ-ਰਾਹਾਂ ਤੇ ਸ਼ੋਰ, ਜੀਵਨ ਕੀ ਮੌਲੇਗਾ ਤਲਵਾਰਾਂ ਦੇ ਜ਼ੋਰ? ਵੰਡਾਂ ਦੇ ਪਾਣੀ ਤੋਂ ਫਲ ਗਿਆ ਅਤਿਆਚਾਰ; ਕੌਮਾਂ ਨੂੰ ਮੇਟੇਗਾ ਅਪਣਾ ਹੀ ਪਰਚਾਰ। ਜੇਬਾਂ ਵਿੱਚ ਚਾਹੁੰਦੇ ਹਨ ਧਰਤੀ ਅਰਸ਼ ਹੁਣੇ। ਹੁਣ ਤੇਰੀ ਕੌਣ ਸੁਣੇ? ਬੈਂਕਾਂ ਦੇ ਰੰਗਾਂ ਵਿਚ ਡੁੱਬ ਗਏ ਸੋਹਣੇ ਖੇਤ, ਕਰਜ਼ 'ਚ ਵਿਕ ਜਾਏ ਤੇਰੇ ਸਾਗਰ ਦੀ ਰੇਤ। ਧਰਤੀ ਦੇ ਫਾਕੇ ਦਾ ਜੰਗ ਤੋਂ ਹੱਲ ਮੁਹਾਲ, ਨਿਸ ਦਿਨ ਵਧਣ ਪਏ ਨਵ ਦੁੱਖਾਂ ਦੇ ਜੰਜਾਲ। ਜਗਤ ਮਿਟਾਉਣ ਪਏ ਧਨੀਆਂ ਦੇ ਬਾਲ-ਪੁਣੇ- ਦਸ ਤੇਰੀ ਕੌਣ ਸੁਣੇ? ਹੁਣ ਤੇਰੀ ਕੌਣ ਸੁਣੇ ? ਤਖ਼ਤਾਂ ਦੀ ਰਾਖੀ ਨੇ ਕੀਤਾ ਜੀਣ ਹਰਾਮ, ਤਾਜਾਂ ਦੀ ਸ਼ੁਹਰਤ ਦਾ ਹੁਕਮ ਰਿਹਾ ਕਤਲਾਮ। ਗਿਰਜੇ ਦੀ ਟੀਸੀ ਤੇ ਹੋਈ ਦਰਦ ਬਿਹੋਸ਼, ਗੌਤਮ ਦੇ ਬੁੱਤਾਂ ਦੀ ਉਡ ਗਈ ਨਿਰਮਲ ਹੋਸ਼, ਈਸਾ ਦੇ ਹੱਥਾਂ 'ਚੋਂ ਚੋ ਪਿਆ ਮੁੜ ਕੇ ਖੂਨ, ਅਪਣੇ ਲਾਲਾਂ ਦੀ ਇੰਜ ਦੇਖ ਕੇ ਬਦਲੀ ਜੂਨ! ਹਰ ਇਕ ਅਪਣੇ ਤੋਂ ਸੋਹਣੀ ਹੀ ਚੀਜ਼ ਚੁਣੇ। ਹੁਣ ਤੇਰੀ ਕੌਣ ਸੁਣੇ? ਟੁੱਟਦੇ ਜਾਂਦੇ ਨੇ ਅਧਗੁੰਦੇ ਹਾਰ ਜਹੇ, ਜ਼ਖਮੀ ਤੜਪ ਰਹੇ ਨੇ ਅੱਲੇ ਪਿਆਰ ਜਹੇ। ਹਰ ਪਾਸਾ ਜਾਪੇ ਕੁਝ ਧੁੰਦ ਗੁਬਾਰ ਜਿਹਾ, ਹਰ ਚਿਹਰੇ ਤੇ ਹੈ ਨਫ਼ਰਤ-ਪਾਸਾਰ ਜਿਹਾ। ਆਉੱਦੀ ਜਾਪੇ ਸਭ ਨੂੰ ਅਪਣੀ ਮੌਤ ਹੁਣੇ- ਹੁਣ ਤੇਰੀ ਕੌਣ ਸੁਣੇ?
5. ਜਵਾਨੀ
ਮੌਤ ਦੀ ਕਾਲੀ ਭਿਆਨਕ ਗ਼ਾਰ ਤਕ। ਉਤਰਦੀ ਪੌੜੀ ਹੈ ਇਹ; ਭੁੱਖ ਦੇ ਜੰਗਲ ਨੂੰ ਜਾਂਦਾ ਇਕ ਰਾਹ, ਇਕ ਪਗ-ਡੰਡੀ ਜਹੀ ਨਾ-ਉਮੀਦੀ ਦੇ ਕਿਸੇ ਪਰਦੇਸ ਨੂੰ; ਇਕ ਪੁਲ ਜਾਂਦਾ ਥਕਾਵਟ ਦੇ ਹਨੇਰੇ ਦੇਸ਼ ਨੂੰ- ਇਹ ਜਵਾਨੀ ਹੈ ਮੇਰੀ। ਇਹ ਜਵਾਨੀ, ਪੱਥਰੀ ਕੱਲਰੀ ਜ਼ਮੀਨਾਂ ਦੇ ਲਈ ਜਾਂ ਮਸ਼ੀਨਾਂ ਦੇ ਲਈ; ਵਕਤ ਤੋਂ ਪਹਿਲਾਂ ਹੀ ਡੁਬਦਾ ਦਿਨ ਜਿਹਾ, ਸ਼ਾਮ ਵੇਲੇ ਟੁੱਟਦਾ ਤਾਰਾ ਕੋਈ; ਅੱਧ ਉਸਰਨ ਤੇ ਹੀ ਢਹਿ ਜਾਂਦਾ ਮਹੱਲ- ਇਹ ਜਵਾਨੀ ਹੈ ਮੇਰੀ। ਉਤਰਦੀ ਪੌੜੀ ਹੈ ਇਹ; ਮੌਤ ਦੀ ਕਾਲੀ ਭਿਆਨਕ ਗ਼ਾਰ ਤਕ। ਮੈਂ ਨਵੀਂ ਈਜਾਦ ਦੀ ਜੱਨਤ 'ਚ ਵੀ ਹੋ ਨਹੀਂ ਸਕਿਆ ਜਵਾਨ। ਤੜਪ ਹੁੰਦੀ ਏ ਜਵਾਨੀ ਵਿਚ ਕੋਈ ਐਸ਼ ਦੀ, ਆਰਾਮ ਦੀ, ਆਨੰਦ ਦੀ। ਖੂਨ ਹੁੰਦਾ ਏ ਤੁਫਾਨੀ ਵੇਗ ਇਕ, ਨਜ਼ਰ ਹੁੰਦੀ ਏ ਕਿਸੇ ਦੇ ਦਿਲ ਤੋਂ ਪਾਰ, ਫੇਰ ਹੁੰਦਾ ਏ ਪਿਆਰ ਕਿਸੇ ਹਮਸਾਈ ਗਵਾਂਢਣ ਨਾਲ ਵੀ, ਦੂਰ ਨੇੜੇ ਦੀ ਜਾਂ ਕੋਈ ਰਿਸ਼ਤੇਦਾਰ, "ਭੈਣ" ਦੇ ਇਕ ਸ਼ਬਦ ਵਿਚ ਹੁੰਦਾ ਏ ਪਿਆਰ! ਤੜਪ ਹੁੰਦੀ ਏ ਜਵਾਨੀ ਵਿਚ ਕੋਈ। ਪਰ ਜਵਾਨੀ ਨੂੰ ਮੇਰੀ ਐਸ਼ ਦੀ, ਆਰਾਮ ਦੀ, ਆਨੰਦ ਦੀ, ਆਸ ਤਕ ਕੋਈ ਨਹੀਂ! ਤੜਪਣਾ ਮੇਰਾ ਏ ਸੀਜ਼ਨ ਦੇ ਲਈ, ਕਾਰ ਦੇ ਹਨ ਛੇ ਮਹੀਨੇ ਸਾਲ ਵਿਚ, ਛੇ ਮਹੀਨੇ ਠੋਕਰਾਂ ਵਿਚ, ਭਾਲ ਵਿਚ, ਤੁਰਦਾ ਰਹਿੰਦਾ ਏ ਮੇਰਾ ਪਿੰਜਰ ਜਿਹਾ। ਹੈ ਜਵਾਨੀ ਹੀ ਬੁੜ੍ਹਾਪੇ ਦਾ ਸ਼ੁਰੂ, ਝੁੱਰੀਆਂ ਦਾ ਜਾਲ ਚਿਹਰੇ ਤੇ ਮੇਰੇ! ਇਸ ਨਵੀਂ ਈਜਾਦ ਦੀ ਜੱਨਤ 'ਚ ਵੀ ਜੋ ਬਣੀ ਏਂ ਮੇਰੇ ਪਰਸੀਨੇ ਤੋਂ, ਮੇਰੇ ਖ਼ੂਨ ਤੋਂ, ਹੋ ਨਹੀਂ ਸਕਿਆ ਜਵਾਨ! ਇਹ ਜਵਾਨੀ ਏ ਕਿ ਪਤ-ਝੜ ਦੀ ਬਹਾਰ, ਬਰਫ਼-ਬਾਰੀ ਤੋਂ ਤਬਾਹ ਹੋਇਆ ਦਰਖ਼ਤ, ਦਿੱਕ ਦਾ ਬੀਮਾਰ ਜਾਂ ਹੈ ਸਿੱਲ ਦਾ ਰੋਗੀ ਕੋਈ- ਇਹ ਜਵਾਨੀ ਏ ਮੇਰੀ! ਇਹ ਜਵਾਨੀ ਜਾਂ ਬੁੜ੍ਹਾਪਾ ਇਹ ਮੇਰਾ ਉੱਚੇ ਲੰਮੇਂ ਪੁਤਲੀ ਘਰ ਦੇ ਸਾਹਮਣੇ ਤੜਪਦਾ ਫਿਰਦਾ ਏ ਸੀਜ਼ਨ ਦੇ ਲਈ! ਆਸ ਹੋ ਸਕਦੀ ਏ ਕੀ ਐਸ਼ ਵੀ, ਆਰਾਮ ਦੀ, ਆਨੰਦ ਦੀ? ਕੀ ਜਵਾਨੀ ਏ ਮੇਰੀ! ਮੌਤ ਦੀ ਕਾਲੀ ਭਿਆਨਕ ਗ਼ਾਰ ਤਕ ਉਤਰਦੀ ਪੌੜੀ ਹੈ ਇਹ! ਮੈਂ ਨਵੀਂ ਈਜਾਦ ਦੀ ਜੱਨਤ 'ਚ ਵੀ ਹੋ ਨਹੀਂ ਸਕਿਆ ਜਵਾਨ!
6. ਤਰੱਕੀ
ਤਰੱਕੀ ਕੁਝ ਨਹੀਂ ਹੋਈ। ਭਿਆਨਕ ਅਕਲ ਦੇ ਨਿਸ ਦਿਨ ਹਨੇਰੇ ਵਧਦੇ ਜਾਂਦੇ ਨੇ; ਨਵੇਂ ਗੁੰਝਲ, ਨਵੇਂ ਫੰਦੇ ਪਏ ਜੀਵਨ ਤੇ ਛਾਂਦੇ ਨੇ। ਲੁਟੇਰੇ ਬਦਲ ਕੇ ਆਏ ਨੇ ਹੁਣ ਪਹਿਲੇ ਲਬਾਸ ਅਪਣੇ। ਕਲਮ ਦੀ ਸ਼ਕਲ ਵਿਚ ਰਖਦੇ ਨੇ ਹੁਣ ਤਲਵਾਰ ਪਾਸ ਅਪਣੇ। ਕਦੀ ਲੁੱਟਾਂ ਉਜਾੜਾਂ ਵਿਚ, ਕਦੀ ਲੁੱਟਾਂ ਬਜ਼ਾਰਾਂ ਵਿਚ, ਕਤਲ ਕਰਦੇ ਨੇ ਦਿਨ ਵੇਲੇ ਕਦੀ ਕਰਦੇ ਰਹੇ ਰਾਤੀਂ । ਤਰੱਕੀ ਕੁਝ ਨਹੀਂ ਹੋਈ। ਫਰੇਬਾਂ ਦੇ ਕਿਲੇ ਵਾਲੇ ਅਜੇ ਬੋਲਣ ਨਹੀਂ ਦੇਂਦੇ, ਇਹ ਹਥਿਆਰਾਂ ਦੇ ਬੰਦੇ ਮਿਲ ਕੇ ਦੁਖ ਫੋਲਣ ਨਹੀਂ ਦੇਂਦੇ। ਨਵੇਂ ਨਾਦਰ, ਨਵੇਂ ਜਾਫਰ ਨਜ਼ਰ ਆਉਂਦੇ ਨੇ ਹਰ ਪਾਸੇ; ਫ਼ਕੀਰੀ ਵੀ ਵਟਾ ਆਈ ਨਵੇਂ ਖੱਪਰ, ਨਵੇਂ ਕਾਸੇ । ਨਵੇਂ ਦੀਵੇ ਜਗੇ ਹਨ ਪਰ ਅਚਾਨਕ ਮੌਤ ਨੈਣਾਂ ਦੀ।। ਤਰੱਕੀ ਕੁਝ ਨਹੀਂ ਹੋਈ। ਨਵੇਂ ਵਿਗਿਆਨ ਦੀ ਜ਼ਾਦੂਗਰੀ ਨਿਕਲੀ ਹੈ ਬਰਬਾਦੀ; ਬਣੀ ਹੈ ਕੈਦ ਦੁਨੀਆਂ ਦੀ ਨਵੀਂ ਨੀਤੀ ਦੀ ਆਜ਼ਾਦੀ। ਨਹੀਂ ਨਿਕਲੀ ਭਿਆਨਕ ਕੈਦ-ਗ਼ਮ 'ਚੋਂ ਜ਼ਿੰਦਗੀ ਹਾਲੇ; ਹਨੇਰੇ ਵਿਚ ਅਜੇ ਤਕ ਹੈ ਸਮੇਂ ਦਾ ਆਦਮੀ ਹਾਲੇ। ਹਜ਼ਾਰਾਂ ਰੂਪ ਬਦਲੇ ਹਨ, ਨਹੀਂ ਪਰ ਨੀਚਤਾ ਬਦਲੀ- ਤਰੱਕੀ ਕੁਝ ਨਹੀਂ ਹੋਈ। ਬਣੀ ਨਾ ਕੋਈ ਜ਼ਖਮੀ ਆਦਮੀਅਤ ਦੀ ਦਵਾ ਹਾਲੇ; ਉਤਰਿਆ ਹੀ ਨਹੀਂ ਅਪਣੀ ਚਲਾਕੀ ਦਾ ਨਸ਼ਾ ਹਾਲੇ; ਅਜੇ ਤਕ ਉਮਰ ਦੇ ਪੈਰਾਂ 'ਚ ਹਨ ਰੋਟੀ ਲਈ ਛਾਲੇ। ਕਿਸੇ ਨੇ ਵੀ ਬਣਾਈ ਨਾ ਨਵੀਂ ਇਕ ਲਹਿਰ ਸਾਗਰ ਦੀ। ਅਜੇ ਓਹੋ ਪੁਆੜੇ ਹਨ ਸੁਖੱਲਾ ਸਾਹ ਨਹੀਂ ਕੋਈ- ਤਰੱਕੀ ਕੁਝ ਨਹੀਂ ਹੋਈ।
7. ਹਰਾਮੀ
ਗ਼ਮ ਨਹੀਂ, ਇਸ ਪੁਰਾਣੇ ਬੋਲ ਦਾ ਕੁਝ ਗ਼ਮ ਨਹੀਂ। ਇਸ ਪੁਰਾਣੇ ਬੋਲ ਵਿਚ ਅਗਨੀ ਨਹੀਂ, ਬੁਝ ਕੇ ਹੈ ਕੋਲਾ ਜਿਹਾ। ਅਸਰ ਇਸ ਵਿਚ ਉਹ ਨਹੀਂ ਕਿ ਜਿਸ ਤੋਂ ਮੈਂ ਮਾਰ ਦੇਵਾਂ ਛਾਲ ਪਾਣੀ ਵਿਚ ਕਿਤੇ। ਮੈਂ ਵੀ ਹੁਣ ਰਖਦਾ ਹਾਂ ਇਕ ਰੌਸ਼ਨ ਦਮਾਗ਼, ਇਸ ਪੁਰਾਣੇ ਬੋਲ ਦਾ ਕੁਝ ਗ਼ਮ ਨਹੀਂ। ਅੱਜ ਤਕ ਇਤਹਾਸ ਦੀ ਕਾਰਾਗਰੀ ਮਹਿਨਿਆਂ ਦੇ ਜਾਲ ਵਿਚ ਜਕੜੇ 'ਸ਼ਲੋਕ; ਕੈਦ ਵਿਚ ਅਸ਼ਲੋਕ ਦੇ ਮਤਲਬ ਕਈ। 'ਕਰਨ' ਦਾ ਅਸਲੀ ਪਿਤਾ ਦਸਦੇ ਨਹੀਂ। ਉਹ ਸ਼ਰਮ ਜਾਂਦੇ ਨੇ ਕਿਉਂ? ਵਰ ਤੋਂ ਹੀ ਦਸਦੇ ਨੇ ਸੂਰਜ ਦੇਵ ਦੇ। ਕਿੰਨਾ ਅਸਲੀਅਤ ਤਂੋ ਖਾਲੀ ਏ ਖਿਆਲ? ਫੇਰ ਵੀ ਏ ਕਰਨ ਹੁਣ ਤਕ ਦਾਨ-ਵੀਰ; ਦੇਵਤਾ ਵੀ ਹੈ ਸਦਾ। ਠੀਕ ਹੋਵੇਗਾ ਪਿਤਾ ਬੁਜ਼ਦਿਲ ਮੇਰਾ, ਡਰ ਗਿਆ ਹੋਸੀ ਸਮਾਜੀ ਭੂਤ ਤੋਂ, ਗ਼ਮ ਨਹੀਂ। ਇਸ ਪੁਰਾਣੇ ਬੋਲ ਦਾ ਕੁਝ ਗ਼ਮ ਨਹੀਂ। ਰਾਮ ਚੰਦਰ ਦਾ ਮਹਾਂ ਸੈਨਾਪਤੀ ਪਵਨ-ਪੁੱਤਰ ਬਣ ਕੇ ਲੁਕ ਸਕਦਾ ਨਹੀਂ। ਕੌਣ ਹੈ ਸੀਤਾ ਦੀ ਮਾਂ? ਕੌਣ ਹੈ ਉਸ ਦਾ ਪਿਤਾ? ਕੀ ਪਤਾ! ਪਰ ਹੈ ਉਹ ਦੇਵੀ ਸਦਾ। ਫੇਰ ਈਸਾ ਦਾ ਪਿਤਾ ਕੋਈ ਨਹੀਂ, ਜਾਂ ਪਤਾ ਕੋਈ ਨਹੀਂ। ਫੇਰ ਵੀ ਅਵਤਾਰ, ਪੈਗ਼ੰਬਰ ਹੈ ਉਹ ਠੀਕ ਹੋਵੇਗਾ ਪਿਤਾ ਬੁਜ਼ਦਿਲ ਮੇਰਾ ਕਰਨ, ਈਸਾ ਦੇ ਪਿਤਾ ਦੇ ਵਾਂਗ ਹੀ ਡਰ ਗਿਆ ਹੋਸੀ ਸਮਾਜੀ ਭੂਤ ਤੋਂ। ਮੈਂ ਵੀ ਹੋ ਸਕਦਾ ਹਾਂ ਦੁਨੀਆ 'ਚ ਕੁਝ ਕਰਨ ਜਾਂ ਈਸਾ ਕਦੀ। ਦਿਲ 'ਚ ਬਦਲੇ ਦੀ ਅਗਨ ਬਲ ਰਹੀ ਏ ਰਾਤ ਦਿਨ ਜਿਸ ਤਰ੍ਹਾਂ ਜਵਾਲਾ-ਮੁਖੀ ਧਰਤ ਦੇ ਅੰਦਰ ਕਦੀ, ਬਾਹਰ ਕਦੀ। ਕੌਣ ਕਹਿ ਸਕਦਾ ਹੈ ਕੀ ਕਰਨਾ ਹੈ ਮੈਂ? ਮੇਰੀ ਹਿੰਮਤ ਪਰ ਬਗ਼ਾਵਤ ਦੇ ਲਈ ਤੜਪਦੀ ਏ ਰਾਤ ਦਿਨ। ਜਾਣਦਾ ਹਾਂ ਮੈਂ ਕਿ ਅਪਣਾ ਹੀ ਕਰਮ ਤੋੜ ਸਕਦਾ ਏ, ਬਣਾ ਸਕਦਾ ਏ ਕੁਝ ਅਮਲ ਨੂੰ ਮੇਰੇ ਕਦੀ। ਉਸ ਪਿਤਾ ਦੀ ਕੰਧ ਡੱਕ ਸਕਦੀ ਨਹੀਂ, ਨੀਚ ਕੋਈ ਜਨਮ ਤੋਂ ਹੁੰਦਾ ਨਹੀਂ। ਅੱਜ ਨਹੀਂ ਧੋਖੇ 'ਚ ਮੇਰੀ ਜ਼ਿੰਦਗੀ; ਹੁਣ ਪੁਰਾਣੇ ਵਹਿਮ ਦਾ ਕੁਝ ਗ਼ਮ ਨਹੀਂ।
8. ਨੌਕਰ
ਨੀਂਦ 'ਚੋਂ ਜਾਗ ਉਠਦਾ ਹਾਂ ਸੁਪਨ 'ਚ ਆਉਂਦੀ ਏ ਆਵਾਜ਼: 'ਇਕ ਪਾਣੀ ਦਾ ਗਿਲਾਸ।' ਅਜੇ ਸੁੱਤਾ ਵੀ ਨਹੀਂ ਹੋ ਗਿਆ ਏ ਦਿਨ ਖਬਰੇ। 'ਇਕ ਪਾਣੀ ਦਾ ਗਿਲਾਸ' ਵਹਿਮ ਮੇਰਾ ਹੀ ਸਹੀ, ਨੀਂਦ ਤਾਂ ਉਡ ਜਾਂਦੀ ਏ। ਰਾਤ ਅੱਧੀ ਨੂੰ ਜਿਵੇਂ ਪੈਂਦੀ ਏ ਕਾਤਲ ਨੂੰ ਅਵਾਜ਼, ਧੜਕ ਜਾਂਦਾ ਏ ਜਵਾਨ, ਉਸ ਤਰ੍ਹਾਂ ਨੀਂਦ 'ਚੋਂ ਜਾਗ ਉਠਦਾ ਹਾਂ ਜਿਸ ਤਰ੍ਹਾਂ ਭੂਤ ਨਜ਼ਰ ਆਏ ਕਿਸੇ ਸੋਹਣੀ ਨੂੰ। ਜਿਸ ਤਰ੍ਹਾਂ ਮੇਰਾ ਲਹੂ ਖੂਨ ਨਹੀਂ; ਇਕ ਪਲ ਚੈਨ ਮੇਰਾ ਸਭ ਦੇ ਸੀਨੇ 'ਚ ਹੈ ਇਕ ਸੂਲ ਜਹੀ। ਇਸ ਤਰ੍ਹਾਂ ਮਿਲਦੀ ਏ ਰੋਟੀ ਕਿ ਗਰੀਬਾਂ ਨੂੰ ਖਰੈਤ। ਕਦੀ ਸਿਰ-ਦਰਦ ਜੇ ਹੋਵੇ ਤਾਂ ਬਹਾਨਾ ਸਮਝਣ। ਕਦੀ ਆ ਜਾਂਦਾ ਏ ਗੁੱਸਾ ਕਿ ਮੈਂ ਨਸ ਜਾਵਾਂ ਕਿਤੇ ਮਾਇਆ ਤੇ ਜ਼ੇਵਰ ਲੈ ਕੇ- ਏਸ ਚੋਰੀ ਦੇ ਲਈ ਨੀਂਦ 'ਚੋਂ ਜਾਗ ਉਠਦਾ ਹਾਂ। ਛਲਕਦੇ ਰੇਸ਼ਮ ਦੇ ਲਬਾਸ, ਅਕਸ ਲਹਿਰਾਂ ਤੇ ਹੈ ਨੀਲੋਫਰ ਦਾ, ਸੰਦਲੀ ਜ਼ੁਲਫਾਂ ਦਾ ਸ਼ਿੰਗਾਰ, ਮਖ਼ਮਲੀ ਸੀਨੇ ਦਾ ਉਭਾਰ, ਰਾਤ ਦਿਨ ਖੁਸ਼ਬੂ ਦੀ ਬਹਾਰ ਜਿਵੇਂ ਹਸਦੇ ਨੇ ਗੁਲਾਬ, ਵੇਖ ਕੇ ਅਧਨੰਗੇ ਬਦਨ ਨੀਤ ਹੁੰਦੀ ਏ ਖਰਾਬ; ਉਹ ਸਮਝਦੇ ਹੀ ਨਹੀਂ-ਮੈਂ ਵੀ ਤਾਂ ਦਿਲ ਰਖਦਾ ਹਾਂ! ਰਾਤ ਨੂੰ ਜਾਗ ਉਠਦਾ ਹਾਂ। ਪੀ ਲਵਾਂ ਨੈਣਾਂ ਦੀ ਸ਼ਰਾਬ ਜੋ ਅਜੇ ਸੁਪਨ ਦੀ ਮਧੂਸ਼ਾਲਾ 'ਚ ਢਲਦੀ ਏ ਪਈ; ਚੁੰਮ ਲਵਾਂ ਬੁਲ੍ਹ ਕੋਈ, ਘੁੱਟ ਲਵਾਂ ਸੀਨਾ ਕੋਈ ਜਿਸ ਤੋਂ ਫਿਰਦੀ ਏ ਮੇਰੇ ਖ਼ੂਨ 'ਚ ਬਿਜਲੀ ਹਰਦਮ, ਖੋਲ੍ਹ ਦਿਆਂ ਵਾਲ ਕੋਈ, ਜਾਣ ਕੀ ਸਕਦਾ ਏ ਸੀਨੇ ਦਾ ਮੇਰੇ ਹਾਲ ਕੋਈ- ਰਾਤ ਅੱਧੀ ਨੂੰ ਵੀ ਰੋ ਪੈਂਦਾ ਏ ਬਾਲ ਕੋਈ; ਫੇਰ ਆਉਂਦੀ ਏ ਅਵਾਜ਼: 'ਇਕ ਪਾਣੀ ਦਾ ਗਲਾਸ!' ਇਕ ਪਾਣੀ ਦਾ ਗਲਾਸ ਡੋਬ ਦੇਂਦਾ ਏ ਮੇਰੇ ਆਸਰੇ ਖ਼ਾਬਾਂ ਦਾ ਜਹਾਜ਼। ਦੇ ਦਿਆਂ ਕਿਉਂ ਨਾ ਜਵਾਬ? ਫੇਰ ਆਉਦਾ ਏ ਖਿਆਲ- ਹੋਰ ਜ਼ਰਦਾਰ ਵੀ ਇਨ੍ਹਾਂ ਦੇ ਭਰਾ ਹੋਵਣਗੇ!
9. ਆਸ ਕਿਰਨ
(ਮਹਾਂ ਕਵੀ ਇਕਬਾਲ ਦੀ ਇਹ ਕਵਿਤਾ 'ਸ਼ੁਆ-ਏ-ਉਮੀਦ' ਉਨ੍ਹਾਂ ਦੀਆਂ ਅੰਤਲੀਆਂ ਨਜ਼ਮਾਂ ਵਿਚੋਂ ਇਕ ਹੈ । ਇਸ ਕਵਿਤਾ ਵਿੱਚ ਉਨ੍ਹਾਂ ਦਾ ਆਪਣੇ ਵਤਨ ਲਈ ਪਿਆਰ ਡੁਲ੍ਹ ਡੁਲ੍ਹ ਪੈ ਰਿਹਾ ਹੈ ।ਉਨ੍ਹਾਂ ਦੀ ਪ੍ਰਬਲ ਖਾਹਸ਼ ਹੈ ਕਿ ਹਿੰਦੁਸਤਾਨ ਦਾ ਕੋਨਾ ਕੋਨਾ ਚਮਕ ਜਾਏ ਤੇ ਹਰ ਕਿਸਮ ਦੀ ਜਹਾਲਤ ਦਾ ਹਨੇਰਾ ਹਮੇਸ਼ਾਂ ਲਈ ਦੂਰ ਹੋ ਜਾਏ। ਇਹ ਖਿਆਲ ਉਨ੍ਹਾਂ ਇਕ ਕਿਰਨ ਦੀ ਜ਼ਬਾਨ ਤੋਂ ਕਹਾਏ ਹਨ।ਆਪਣੇ ਵਤਨ ਦੀ ਮਿੱਟੀ ਨੂੰ ਉਹ ਚੰਦ ਤੇ ਸਿਤਾਰਿਆਂ ਤੋਂ ਕੀਮਤੀ ਸਮਝਦੇ ਹਨ ਤੇ ਇਸੇ ਲਈ ਉਹ ਆਖ਼ਰੀ ਦਮ ਤਕ ਆਪਣੇ ਵਤਨ ਨੂੰ ਪਿਆਰਦੇ ਤੇ ਉਸਦੀ ਤਰੱਕੀ ਲਈ ਯਤਨ ਕਰਦੇ ਰਹੇ। ਇਹ ਕਵਿਤਾ ਉਨ੍ਹਾਂ ਦੇ ਆਪਣੇ ਬਹਿਰ ਵਿਚ ਹੀ ਅਨੁਵਾਦ ਕੀਤੀ ਗਈ ਹੈ ਤੇ ਮੇਰੇ ਵਲੋਂ ਇਹ ਯਤਨ ਰਿਹਾ ਹੈ ਕਿ ਉਨ੍ਹਾਂ ਦੇ ਭਾਵਾਂ ਤੇ ਜਜ਼ਬਿਆਂ ਦੀ ਰੂਹ ਇੰਨ-ਬਿੰਨ ਪੰਜਾਬੀ ਕਾਵ-ਪ੍ਰੇਮੀਆਂ ਦੇ ਸਾਹਮਣੇ ਰੱਖੀ ਜਾ ਸਕੇ।) ਸੂਰਜ ਨੇ ਹੁਕਮ ਲੁੱਛਦੀਆਂ ਕਿਰਨਾਂ ਨੂੰ ਸੁਣਾਇਆ: 'ਇਹ ਦੁਨੀਆ ਅਜਬ ਚੀਜ਼ ਏ ਦਿਨ ਰਾਤ ਦੀ ਮਾਇਆ। 'ਉਮਰਾਂ ਤੋਂ ਅਵਾਰਾ ਹੋ ਤੁਸੀਂ ਅਰਸ਼ ਦੇ ਹੇਠਾਂ 'ਪਰ ਵਕਤ ਦੇ ਚੱਕਰ ਨੇ ਸਤਾਇਆ ਹੀ ਸਤਾਇਆ। 'ਨਾ ਰੇਤ ਤੇ ਚਮਕਣ ਦਾ ਹੀ ਜੀਵਨ ਨੂੰ ਮਜ਼ਾ ਏ, 'ਫੁੱਲਾਂ ਦੇ ਮਗਰ ਫਿਰ ਕੇ ਵੀ ਆਨੰਦ ਨਾ ਪਾਇਆ। 'ਹੁਣ ਆਓ ਮੇਰੇ ਦਰਦ-ਭਰੇ ਦਿਲ 'ਚ ਸਮਾਓ, 'ਬਾਗ਼ਾਂ ਤੇ ਬੀਆਬਾਨਾਂ 'ਚੋਂ ਨਜ਼ਰਾਂ ਨੂੰ ਹਟਾਓ।' ਵਿਛੜੇ ਹੋਏ ਅਸਲੇ ਨੂੰ ਮਿਲਣ ਉਠੀਆਂ ਨੇ ਕਿਰਨਾਂ, ਮੁੜ ਦਿਲ 'ਚ ਸਮਾ ਚੱਲੀਆਂ ਨੇ ਰਾਗੀ ਦੀਆਂ ਖਿਰਨਾਂ। ਇਕ ਰੌਲਾ ਏ: 'ਪਛਮ 'ਚ ਨ ਹੁਣ ਹੋਵੇ ਉਜਾਲਾ, 'ਦਿਲ ਇਸਦਾ ਮਸ਼ੀਨਾਂ ਦੇ ਧੂੰਏ ਨਾਲ ਹੈ ਕਾਲਾ। 'ਅੰਦਰ ਦੇ ਨਜ਼ਾਰੇ ਤੋਂ ਜੇ ਕੁਝ ਜਾਣੂ ਏ ਹਿੰਦੀ। 'ਪਰ ਅਸਲ 'ਚ ਨ ਤਾਰਾ ਏ, ਨ ਜੁਗਨੂੰ ਏ ਹਿੰਦੀ। 'ਸੁਰਰਾਜ ਤੂੰ ਸੀਨੇ ਦੇ ਹੀ ਚਾਨਣ 'ਚ ਲੁਕਾ ਲੈ, 'ਕਰ ਮਿਹਰ ਤੇ ਗਰਦਸ਼ ਦਿਆਂ ਜਾਲਾਂ 'ਚੋਂ ਛੁਡਾ ਲੈ।' ਇਕ ਤੇਜ਼ ਕਿਰਨ ਹੂਰ-ਨਜ਼ਰ, ਛਲਕਦਾ ਪਾਰਾ, ਆਰਾਮ ਤੋਂ ਅਨਜਾਣ, ਤੜਪਦਾ ਹੋਇਆ ਧਾਰਾ, ਬੋਲੀ ਕਿ ਤੂੰ ਦੇ ਹਿੰਦ 'ਚ ਚਮਕਣ ਦੀ ਇਜਾਜ਼ਤ ਜਦ ਤਕ ਕਿ ਚਮਕ ਜਾਏ ਨ ਤਮ-ਏਸ਼ੀਆ ਸਾਰਾ। ਛੱਡਾਂਗੀ ਨ ਮੈਂ ਹਿੰਦ 'ਚ ਹੁਣ ਕਾਲੀ ਬਲਾ ਨੂੰ, ਹਰ ਦਿਲ 'ਚੋਂ ਹਟਾਵਾਂਗੀ ਮੈਂ ਪਸਤੀ ਦਾ ਖਿਲ਼ਾਰਾ। ਜੇ ਤੇਰਾ ਕਰਮ ਹੋਵੇ ਮੇਰੇ ਇਸ਼ਕ 'ਚ ਸ਼ਾਮਲ ਹੋ ਜਾਏਗਾ ਪੂਰਬ ਵੀ ਚਮਕਦਾ ਹੋਇਆ ਤਾਰਾ। 'ਇਕਬਾਲ' ਦੇ ਰੋਵਣ ਤੋਂ ਹੀ ਤਰ ਹੋਇਆ ਏ ਭਾਰਤ; ਪੂਰਬ ਦੀ ਵੀ ਹਰ ਆਸ ਦਾ ਘਰ ਹੋਇਆ ਏ ਭਾਰਤ। ਸੂਰਜ ਦੀਆਂ ਅੱਖਾਂ ਵੀ ਨੇ ਇਸ ਖ਼ਾਕ ਤੋਂ ਰੌਸ਼ਨ, ਇਹ ਚੰਦ ਦਾ ਸੁਰਮਾ ਏ ਤਾਂ ਕੋਹਨੂਰ ਦਾ ਜੀਵਨ। ਇਸ ਖ਼ਾਕ ਤੋਂ ਹੋਏ ਨੇ ਉਹ ਇਨਸਾਨ ਉਜਾਗਰ ਇਕ ਛਾਲ 'ਚ ਟੱਪ ਜਾਣ ਜੋ ਸੰਸਾਰ ਦੇ ਸਾਗਰ। ਜਿਸ ਸਾਜ਼ ਤੋਂ ਹਰਕਤ ਸੀ ਦਿਲਾਂ ਵਿਚ, ਪਰ ਉਹ ਸਾਜ਼ ਉਜੜੀ ਹੋਈ ਮਹਿਹਫਲ 'ਚ ਹੈ ਰੁਲਦਾ ਬਿਨਾਂ ਆਵਾਜ਼। ਮੰਦਰ 'ਚ ਬਰਾਹਮਣ ਵੀ ਤੜਪਦਾ ਏ ਬਿਨਾਂ ਆਨ; ਤਕਦੀਰ ਨੂੰ ਰੋਂਦੇ ਨੇ ਮਸੀਤਾਂ 'ਚ ਮੁਸਲਮਾਨ! ਪੱਛਮ ਤੋਂ ਨਾ ਤੂੰ ਡਰ, ਕਦੀ ਪੂਰਬ ਤੋਂ ਨਾ ਤੂੰ ਡਰ; ਕੁਦਰਤ ਦਾ ਇਸ਼ਾਰਾ ਏ ਕਿ ਹਰ ਰਾਤ ਨੂੰ ਦਿਨ ਕਰ।
10. ਨਾਚੀ
ਜਿਸਮ ਤੇਰਾ ਪਰ ਕਿਸੇ ਕਾਬਲ ਨਹੀਂ; ਰੰਗ ਪੌਡਰ ਤੋਂ ਵੀ ਲੁਕ ਸਕਿਆ ਨਹੀਂ। ਤੌੜੀਆਂ ਦੇ ਸ਼ੋਰ ਵਿਚ, ਬਿਜਲੀਆਂ ਦੇ ਨੂਰ ਵਿਚ, ਸਾਜ਼ ਦੀ ਆਵਾਜ਼ ਦੇ ਪਰਦੇ 'ਚ ਵੀ ਜਿਸਮ ਤੇਰਾ, ਜਿਸਮ ਲੁਕ ਸਕਿਆ ਨਹੀਂ। ਹੋ ਰਹੀ ਏ ਅੰਗ ਮੋੜਨ ਦੀ ਤਰੀਫ; ਅੰਗ ਮੋੜਨ ਤੋਂ ਪਿਛਾਂਹ ਪਰਦੇ ਤੇ ਵੀ ਬਣ ਰਹੇ ਨੇ ਕੁਝ ਅਜੰਤਾ ਦੇ ਖ਼ਿਆਲ। ਪਰ ਮੈਂ ਤੱਕਦਾ ਹੀ ਰਿਹਾ ਤੇਰਾ ਬਦਨ, ਦਿਲ ਨੂੰ ਖਿਚ ਸਕਦਾ ਨਹੀਂ ਜੁੱਸਾ ਤੇਰਾ। ਹੋਲੀਆਂ ਵਿਚ ਜਿਸ ਤਰ੍ਹਾਂ ਕੋਈ ਪੂਰਬ ਦਾ ਮਰਦ ਬਣ ਕੇ ਕੁੜੀ ਨਦ ਰਿਹਾ ਹੈ ਮੋਚੀਆਂ ਦੇ ਸਾਹਮਣੇ ਗਿੱਲੇ ਘਾ-ਮੰਡੀ ਦੇ ਉਸ ਮੈਦਾਨ ਵਿਚ, ਉਸ ਤੋਂ ਵਧ ਕੁਝ ਵੀ ਨਹੀਂ। ਨਾਚ ਤੇਰਾ ਉਸ ਤੋਂ ਵਧ ਕੁਝ ਵੀ ਨਹੀਂ। ਨਾਚ ਤੇਰਾ ਕੀ ਬੁਝਾ ਸਕਦਾ ਪਿਆਸ ਲਗ ਰਹੀ ਏ ਰਾਤ ਦਿਨ ਰਗ ਰਗ ਨੂੰ ਜੋ? ਨਾਚ ਤੇਰਾ ਕੀ ਬੁਝਾ ਸਕਦਾ ਅਗਨ ਹੈ ਮੇਰੇ ਸੀਨੇ 'ਚ ਜੋ? ਲੈ ਕੇ ਇਹ ਆਇਆ ਸਾਂ ਇਕ ਚਸ਼ਮੇ ਤੇ ਮੈਂ। ਹਾਏ ! ਪਰ ਚਸ਼ਮਾ ਤੇਰਾ ਪਿਆਸ ਨੈਣਾਂ ਦੀ ਬੁਝਾ ਸਕਿਆ ਨਹੀਂ! ਅੱਗ ਮੇਰੀ ਨੂੰ ਲੁਕਾ ਸਕਿਆ ਨਹੀਂ; ਆਸ ਮੇਰੀ ਤੇ ਵੀ ਛਾ ਸਕਿਆ ਨਹੀਂ। ਪੈਰ ਨੱਚੇ, ਅੰਗ ਨੱਚੇ ਨੇ ਤੇਰੇ, ਮੇਰਾ ਨੱਚਿਆ ਦਿਲ ਨਹੀਂ! ਜਿਸਮ ਤੇਰਾ ਪਰ ਕਿਸੇ ਕਾਬਲ ਨਹੀਂ; ਰੰਗ ਤੇਰਾ, ਜਿਸਮ ਤੇਰਾ ਕੁਝ ਨਹੀਂ; ਨਾਚ ਤੇਰਾ ਕੁਝ ਨਹੀਂ ਮੇਰੇ ਲਈ।
11. ਰੈਲਫ਼ ਫ਼ੌਕਸ
(ਇਹ ਨੌਜਵਾਨ ਸਾਹਿਤਕਾਰ ਹੈਲੀਫੈਕਸ (ਇੰਗਲਿਸਤਾਨ) ਵਿਚ ੧੯੦੦ ਨੂੰ ਪੈਦਾ ਹੋਇਆ । ਇਸ ਨੇ ਔਕਸਫ਼ੋਰਡ ਵਿਚ ਵਿਦਿਆ ਪ੍ਰਾਪਤ ਕੀਤੀ । ਰੂਸੀ ਇਨਕਲਾਬ ਦਾ ਇਸ ਤੇ ਬਹੁਤ ਅਸਰ ਹੋਇਆ । ਇਸੇ ਤਰ੍ਹਾਂ ਦੇ ਨੌਜਵਾਨ, ਜਿਹੜੇ ਸਾਰੀਆਂ ਕੌਮਾਂ ਨੂੰ ਇਕ ਕੁਨਬਾ ਸਮਝਦੇ ਹਨ ਅਤੇ ਰੰਗ, ਨਸਲ ਤੇ ਦੇਸ ਦਾ ਵਿਤਕਰਾ ਨਾ ਰਖਦੇ ਹੋਏ, ਦੂਸਰੇ ਦੇਸਾਂ ਲਈ ਆਪਣੀ ਜਾਨ ਤਕ ਵੀ ਵਾਰ ਦਿੰਦੇ ਹਨ, ਇਸ ਦੁਨੀਆਂ ਵਿਚ ਸਹੀ ਸਾਂਝੀ-ਵਾਲਤਾ ਲਿਆ ਕੇ ਦੁਨੀਆ ਦੇ ਕਲਿਆਣ ਦਾ ਸਾਧਨ ਹੋ ਸਕਦੇ ਹਨ।ਇਹ ਸਾਂਝੀ-ਵਾਲਤਾ ਦਾ ਪੁਜਾਰੀ ਸਪੇਨ ਦੀ ਅਜਾਦੀ ਲਈ ਲੜਦਾ ਹੋਇਆ ੨ ਫਰਵਰੀ ੧੯੩੭ ਨੂੰ ਸ਼ਹੀਦ ਹੋ ਗਿਆ।) ਆਉਣ ਵਾਲੀਂ ਨਵੀਂ ਦੁਨੀਆ ਦਾ ਸਫ਼ੀਰ, ਇਕ ਨਵੀਂ ਜਾਗ ਦਾ ਬੇਦਾਰ ਤੁਰਮ, ਮੇਲ-ਆਦਮ ਦੀ ਮਹਾਂ ਮੰਜ਼ਲ ਨੂੰ ਅਮਲ ਦਾ ਇਕ ਉਠਦਾ ਕਦਮ। ਜ਼ਿੰਦਗੀ ਰੂਹ ਦੀ ਬੇਦਾਰੀ ਏ, ਕੌਮ ਦੀ ਬੇਦਾਰੀ ਨਹੀਂ; ਮੁਲਕ ਦੀ ਹੁਸ਼ਿਆਰੀ ਨਹੀਂ। ਜਾਗ੍ਰਤ ਉਹ ਕਿ ਜਗਾਏ ਸਭ ਨੂੰ। ਮੁਲਕ ਦੇ ਜੋਸ਼ ਨੇ ਪਰ, ਕੌਮ ਦੀ ਜਾਗ ਨੇ ਪਰ ਦੂਸਰੀ ਦੁਨੀਆ ਸੁਆਈ ਹੁਣ ਤਕ। ਜੀਭ ਤੇ ਆਪਣੀ ਖ਼ੁਦਾਈ ਹੁਣ ਤਕ; ਜੰਗ ਲੜਾਈ ਹੁਣ ਤਕ। ਜਾਲ ਇਹ ਪੁਖ਼ਤਾ ਕਈ ਸਦੀਆਂ ਦਾ ਤੋੜ ਕੇ ਤੁਰ ਹੀ ਪਿਆ ਜਾਗਦਾ ਮਨ, ਆਉਣ ਵਾਲੀ ਨਵੀਂ ਦੁਨੀਆ ਦਾ ਸਫ਼ੀਰ। ਦੂਸਰੇ ਦੇਸ ਲਈ, ਕੌਮ ਲਈ ਦੇਣ ਬਲੀਦਾਨ ਅਪਣਾ ਹੋ ਗਈ ਅਮਰ ਜੁਆਨੀ ਇਸਦੀ। ਆਉਣ ਵਾਲੀ ਨਵੀਂ ਰਗ ਰਗ 'ਚ ਕਹਾਣੀ ਇਸਦੀ ਖ਼ੂਨ ਬਣ ਜਾਏਗਾ ਜ਼ਿੰਦਗਾਨੀ ਦਾ। ਤੜਪ ਦੇਵੇਗਾ ਸਰਬ-ਸਾਂਝ ਲਈ ਇਹ ਬਲੀ-ਕੁੰਡ ਸਪੇਨ। ਰੋਣਗੇ ਲੱਖਾਂ ਫ੍ਰਾਂਕੂ ਬੇਦੀਨ ਆਪਣੀ ਤਲਵਾਰ ਦੀ ਗ਼ੱਦਾਰੀ ਤੇ, ਗ਼ੈਰ ਦੀ ਹੁਸ਼ਿਆਰੀ ਤੇ। ਜ਼ਿੰਦਗੀ ਰੂਹ ਦੀ ਬੇਦਾਰੀ ਏ, ਸਾਂਝ ਦੀ ਇਸ 'ਚੋਂ ਹਵਾ ਜਾਰੀ ਏ। ਜਿਸਮ-ਸੰਸਾਰ ਦੇ ਸਭ ਅੰਗ ਨੇ ਦੇਸ, ਅੰਗ ਬੁਰਾ ਕੋਈ ਨਹੀਂ। ਕੋਈ ਕਮਜ਼ੋਰ ਵੀ ਹੋਵੇ ਤਾਂ ਜਿਸਮ ਹੈ ਦੁਖੀਆ, ਨਾ-ਮੁਕੰਮਲ ਏ ਜੁਆਨੀ ਇਸ ਦੀ, ਜ਼ਿੰਦਗਾਨੀ ਇਸ ਦੀ। ਪੈਰ ਨੂੰ ਲਗਦੀ ਏ ਠੋਕਰ ਜਦ ਵੀ ਸਿਰ ਤੋਂ ਸੁਖ-ਤਾਜ ਉਲਟ ਜਾਂਦਾ ਏ। ਜ਼ਿੰਦਗੀ ਮੌਤ ਹੈ ਬੇਮੇਲ ਜਹੀ; ਹੋ ਗਈ ਸਦੀਆਂ ਹੀ ਇਹ ਖੇਲ੍ਹ ਜਹੀ। ਦੇਸ ਦੀ ਕੰਧ, ਨਸਲ ਦੀ ਦੀਵਾਰ ਚੀਰ ਕੇ ਲੰਘ ਗਿਆ ਹੈ ਇਹ ਤੀਰ- ਆਉਣ ਵਾਲੀਂ ਨਵੀਂ ਦੁਨੀਆ ਦਾ ਸਫ਼ੀਰ। ਇਸ ਤੇ ਇੰਗਲੈਂਡ ਨਹੀਂ, ਨਾਜ਼ ਹੈ ਦੁਨੀਆ ਨੂੰ ਹਜ਼ਾਰ! ਕਲਮ, ਤਲਵਾਰ ਦੀ ਤੇਜ਼ੀ ਦਾ ਧਨੀ, ਦਰਦ ਦਾ, ਦੁਖ ਦਾ ਧਨੀ, ਰੂਹ ਦਾ ਧਨੀ। ਹੋ ਗਈ ਅਮਰ ਜੁਆਨੀ ਇਸ ਦੀ। ਦਿਲ 'ਚ ਦਿਲ ਬਣ ਕੇ ਰਹੇਗੀ ਹਰਦਮ ਇਹ ਸ਼ਹੀਦੀ, ਇਹ ਜੁਆਨੀ ਇਸ ਦੀ, ਕੁਰਬਾਨੀ ਇਸ ਦੀ। ਜ਼ਿੰਦਗੀ ਰੂਹ ਦੀ ਬੇਦਾਰੀ ਏ। ਯਾਦ ਆਏਗਾ ਜ਼ਮਾਨੇ ਨੂੰ ਸਦਾ ਆਉਣ ਵਾਲੀ ਨਵੀਂ ਦੁਨੀਆ ਦਾ ਸਫ਼ੀਰ।
12. ਭੂਮ-ਕੇਤੂ
ਇਕ ਕੁਨਬਾ ਨਹੀਂ, ਇਕ ਜਨਮ ਤੋਂ ਸੰਸਾਰ ਅਜੇ; ਜ਼ਿੰਦਗੀ ਆਪਣੇ ਖ਼ਿਆਲਾਂ ਤੇ ਹੈ ਇਕ ਭਾਰ ਅਜੇ। ਹੱਕ ਦਾ ਨੂਰ ਦਬਾ ਰਖਦਾ ਏ ਪਰਚਾਰ ਅਜੇ; ਕਲਮ ਦੇ ਸੰਘ 'ਚ ਅੜ ਜਾਂਦੀ ਏ ਤਲਵਾਰ ਅਜੇ; ਤੇਰੇ ਦਰਸ਼ਨ ਦੀ ਜ਼ਰੂਰਤ ਏ ਕਈ ਵਾਰ ਅਜੇ। ਨਾ ਬੁਝੀ ਖ਼ੂਨ ਤੋਂ ਕਾਲੀ ਦੀ ਮਹਾਂ ਪਿਆਸ ਅਜੇ; ਪ੍ਰਿਥਮ ਤਾਲਾਂ 'ਚ ਹੀ ਨਚਦਾ ਏ ਮਹਾਂ-ਨਾਚ ਅਜੇ। ਲੀਕ ਸ਼ੀਸ਼ੇ ਤੋਂ ਅਮਿਟ ਮੌਤ ਦਾ ਵਿਸ਼ਵਾਸ ਅਜੇ; ਸਾਂਝ ਦਾ ਨੂਰ ਕੁਬੇਰਾਂ ਨੂੰ ਨਹੀਂ ਰਾਸ ਅਜੇ; ਤੇਰੇ ਉਪਜਨ ਤੋਂ ਹੈ ਦੁਨੀਆ ਨੂੰ ਬੜੀ ਆਸ ਅਜੇ। ਅਕਲ ਹੈ ਆਪਣੇ ਚੌਰਾਹੇ ਤੇ ਹੀ ਪਰਕਾਰ ਅਜੇ; ਆਪਣੇ ਪਾਣੀ 'ਚ ਮਰੇ ਹੋਸ਼ ਦਾ ਸੰਸਾਰ ਅਜੇ। ਗੀਤ ਬੇਹੋਸ਼ ਅਜੇ, ਸਾਜ਼ ਹੈ ਬੇਤਾਰ ਅਜੇ; ਇਕ ਜ਼ੱਰੇ ਤੇ ਉਮਰ-ਫ਼ਲਸਫ਼ਾ ਬੇਕਾਰ ਅਜੇ; ਤੇਰਾ ਪਹਿਲੂ ਵੀ ਕੋਈ ਹੋਇਆ ਨਾ ਬੇਦਾਰ ਅਜੇ। ਤਾਂਡਵ-ਅਸਥਲ 'ਚ ਨਹੀਂ ਉਠਿਆ ਕੋਈ ਸ਼ੋਰ ਅਜੇ; ਨਾਚ ਨੂੰ ਤਰਸਦਾ ਮਰ ਜਾਂਦਾ ਏ ਦਿਲ-ਮੋਰ ਅਜੇ। ਹੁਸਨ-ਪੰਛੀ ਦਾ ਜਕੜ-ਬੰਦ ਹੈ ਜਗ-ਡੋਰ ਅਜੇ; ਵਕਤ-ਪਹੀਏ ਦੀ ਨਹੀਂ ਬਦਲੀ ਕੋਈ ਤੋਰ ਅਜੇ; ਤੇਰੇ ਚਮਕਣ ਦੀ ਜ਼ਰੂਰਤ ਹੈ ਬੜੀ ਹੋਰ ਅਜੇ। ਆਦਮੀ ਤੋਂ ਹੈ ਮਨੁੱਖਤਾਈ ਬੜੀ ਦੂਰ ਅਜੇ; ਅੱਖ-ਵਿਗਿਆਨ 'ਚ ਜਚਿਆ ਹੀ ਨਹੀਂ ਨੂਰ ਅਜੇ। ਇਕ ਰੋਜ਼ੀ ਤੋਂ ਨੇ ਅੰਦਰ ਕਈ ਘਮਸਾਣ ਅਜੇ; ਚੀਖ਼ਦਾ ਰੋਜ਼ ਕਵੀ ਉਲਟਦਾ ਅਸਮਾਨ ਅਜੇ। ਭੂਮਕੇਤੂ ਤੂੰ ਵਿਖਾ ਹੋਰ ਜ਼ਰਾ ਸ਼ਾਨ ਅਜੇ!
13. ਉਸਤਾਦ
(ਨਰਬਦਾ ਪ੍ਰਸਾਦ ਆਸੀ ਗਿਆਵੀ ਹਿੰਦੁਸਤਾਨ ਦੇ ਹੋਣਹਾਰ ਸਾਹਿਤਕਾਰ ਹੋਏ ਹਨ। ਆਪ ਪ੍ਰਸਿਧ ਨਾਟਕ-ਕਾਰ ਦੇ ਇਲਾਵਾ ਕਵੀ ਵੀ ਸਨ। 'ਮਾਇਆ ਮਛੰਦਰ' ਤੇ 'ਜਲਤੀ ਨਿਸ਼ਾਨੀ' ਆਪ ਦੇ ਦੋ ਪ੍ਰਸਿਧ ਡਰਾਮੇ ਹਿੰਦੁਸਤਾਨ ਭਰ ਵਿਚ ਸਤਿਕਾਰੇ ਜਾਂਦੇ ਹਨ। ਇਸ ਨੌਜਵਾਨ ਦੀ ਯਾਦ ਵਿਚ, ਉਸਦੀ ਇਕ ਕਵਿਤਾ ਦੀਆਂ ਕੁਝ ਤੁਕਾਂ ਦੇ ਅਧਾਰ ਤੇ, ਇਹ ਕਵਿਤਾ ਲਿਖੀ ਗਈ ਹੈ।) ਰੋਜ਼ ਸਿਖਦੀ ਏ ਮੇਰੇ ਤੋਂ ਗੀਤ ਉਹ, ਰਾਗ ਉਹ, ਸਾਜ਼ ਉਹ, ਹੁਣ ਪਈ ਏ ਜਾਗ ਉਹ, ਹੁਣ ਕਰੇਗੀ ਪ੍ਰੀਤ ਉਹ; ਰੋਜ਼ ਸਿਖਦੀ ਏ ਮੇਰੇ ਤੋਂ ਗੀਤ ਉਹ। ਸਾਜ਼ ਲੈ ਕੇ ਹੁਣ ਜਦੋਂ ਗਾਉਂਦੀ ਏ ਉਹ, ਮੇਰੇ ਹੀ ਜਾਦੂ ਤੋਂ ਮੇਰੇ ਦਿਲ ਨੂੰ ਤੜਪਾਉਂਦੀ ਏ ਉਹ! ਬਿਜਲੀਆਂ ਦਾ ਇਕ ਤੂਫ਼ਾਨ ਆਪਣੀ ਮਿੱਠੀ ਸੁਰ ਦੇ ਨਾਲ ਲੈ ਕੇ ਮੇਰੇ ਖ਼ੂਨ ਵਿਚ ਆਉਂਦੀ ਏ ਉਹ! ਸਬਕ ਵੇਲੇ ਸ਼ਰਮ ਜਾਂਦੀ ਏ ਜਦੋਂ, ਝੁਕ ਜਾਂਦੀ ਏ ਜਦੋਂ, ਨੀਵੀਆਂ ਨਜ਼ਰਾਂ ਦੇ ਨਾਲ ਮੇਰੀ ਹਾਂ ਵਿਚ ਹਾਂ ਮਿਲਾਉਂਦੀ ਏ ਜਦੋਂ, ਮੇਰੀਆਂ ਉਂਗਲਾਂ 'ਚੋਂ ਗੋਰੇ ਹੱਥ ਬਚਾਉਂਦੀ ਏ ਜਦੋਂ, ਓਸ ਵੇਲੇ ਹੋਰ ਵੀ ਲਗਦੀ ਏ ਪਿਆਰੀ, ਹੋਰ ਵੀ! ਸਬਕ ਵੇਲੇ ਸਬਕ ਦੀ ਪਰਵਾਹ ਨਹੀਂ! ਦੇਖਦਾ ਹਾਂ ਉਸ ਦੇ ਵਾਲ ਜੋ ਸਵਾਰੇ ਨੇ ਹੁਣੇ, ਉੱਚੇ ਉੱਚੇ ਸਿੱਧੇ ਸਿੱਧੇ, ਰੇਸ਼ਮੀ ਬਾਰੀਕ ਵਾਲ। ਦੇਖਦਾ ਹਾਂ ਉਸ ਦਾ ਚਿਹਰਾ ਹਰ ਘੜੀ; ਕਿੰਨੀ ਕੀਮਤ, ਕਿੰਨੀ ਮਿਹਨਤ ਨਾਲ ਖ਼ਬਰੇ ਓਸ ਨੇ ਨਕਸ਼ ਦੇ ਹੀਰੇ ਤਰਾਸ਼ੇ ਨੇ ਕਮਾਲ! ਹਲਕਾ ਹਲਕਾ ਰੇਸ਼ਮੀ ਸੁਰਖ਼ੀ ਦਾ ਰੰਗ, ਇਕ ਬਣੌਟੀ ਤਿਲ ਜਿਹਾ ਠੋਡੀ ਦੇ ਕੋਲ, ਤੇਜ਼ ਹੈ ਬੁਲ੍ਹਾਂ ਦੀ ਲਾਲੀ ਖ਼ੂਬ ਪਰ ਜੀ 'ਚ ਆਉਂਦਾ ਹੈ ਕਿ ਗਲ ਲਾਵਾਂ ਹੁਣੇ! ਪਰ ਹੁਣੇ ਵੇਲਾ ਨਹੀਂ, ਲੋੜ ਹੈ ਪੰਜ ਦਸ ਮੁਲਾਕਾਤਾਂ ਦੀ ਹੋਰ। ਇਹ ਕੋਈ ਮੁਸ਼ਕਲ ਨਹੀਂ; ਰੋਜ਼ ਸਿਖਦੀ ਏ ਮੇਰੇ ਤੋਂ ਗੀਤ ਉਹ। ਦਸ ਰਿਹਾ ਏ ਉਸ ਦਾ ਚਿਹਰਾ ਦਿਲ ਦਾ ਭੇਤ ਅਖ ਮਿਲਦੀ ਏ ਜਦੋਂ ਨਿੰਮ੍ਹਾ ਨਿੰਮ੍ਹਾ ਮੁਸਕ੍ਰਾ ਦੇਂਦੀ ਏ ਉਹ। ਆਸ ਮੇਰੀ ਦਾ ਜਹਾਨ ਨਜ਼ਰ ਤਿਰਛੀ ਤੋਂ ਵਸਾ ਦੇਂਦੀ ਏ ਉਹ! ਸਬਕ ਵੇਲੇ ਸਬਕ ਦੀ ਪਰਵਾਹ ਨਹੀਂ। ਦੇਖਦਾ ਹਾਂ ਉਸ ਦਾ ਰੰਗ, ਉਸ ਦਾ ਜਿਸਮ ਜਿਸ ਤਰ੍ਹਾਂ ਬੋਤਲ 'ਚ ਕੇਸਰ ਦੀ ਸ਼ਰਾਬ! ਦੇਖਦਾ ਹਾਂ ਨਿਤ ਨਵੇਂ ਕੋਰੇ ਲਬਾਸ ਜਿਸ ਤਰ੍ਹਾਂ ਬੇਦਾਗ਼ ਤੇ ਸੋਹਣੀ ਹੈ ਉਹ! ਦੇਖਦਾ ਹਾਂ ਲਿਸ਼ਕਦੇ ਜ਼ੇਵਰ ਕਦੀ ਜਾਣਗੇ ਜੋ ਉਸ ਦੇ ਨਾਲ। ਲੋੜ ਹੈ ਪੰਜ ਦਸ ਮੁਲਕਾਤਾਂ ਦੀ ਹੋਰ, ਮੰਨ ਜਾਏਗੀ ਜ਼ਰੂਰ। ਕਹਿ ਰਹੀ ਏ ਹਰ ਅਦਾ: ਦੌੜ ਜਾਵਾਂਗੇ ਅਸੀਂ। ਮੰਨਦੀ ਏ ਗਲ ਮੇਰੀ। ਦਸ ਰਿਹਾ ਹੈ ਉਸ ਦਾ ਚਿਹਰਾ ਦਿਲ ਦਾ ਭੇਤ ਹੁਣ ਕਰੇਗੀ ਪ੍ਰੀਤ ਉਹ, ਰੋਜ਼ ਸਿਖਦੀ ਏ ਮੇਰੇ ਤੋਂ ਗੀਤ ਉਹ!
14. ਨੌਜਵਾਨ ਨੌਜਵਾਨ ਨੂੰ
ਨਾ ਦੇਖ ਦੇਖ ਕੇ ਡਰ ਰੋਜ਼ ਇਨਕਲਾਬਾਂ ਨੂੰ, ਕੋਈ ਕੀ ਜਾਣੇ ਸਮੇਂ ਦੇ ਅਚੰਭਾ ਖ਼ਾਬਾਂ ਨੂੰ ? ਨਾ ਦੇਖ ਦੇਖ ਕੇ ਡਰ ਤੜਪਦੇ ਜਵਾਨਾਂ ਨੂੰ; ਮਿਟਣ ਦੇ ਮੁਰਦਾ ਸਮਾਜਾਂ ਦੇ ਸਭ ਨਿਸ਼ਾਨਾਂ ਨੂੰ । ਵਿਲਕ ਰਹੀ ਏ ਸਰਵ-ਸਾਂਝ ਜ਼ਿੰਦਗੀ ਦੇ ਲਈ; ਤੜਪ ਰਿਹਾ ਏ ਜ਼ਮਾਨਾ ਵੀ ਆਦਮੀ ਦੇ ਲਈ । ਨਿਕਲ ਰਹੀ ਏ ਗ਼ਰੀਬੀ ਜ਼ੁਲਮ ਦੀ ਸਰਦੀ 'ਚੋਂ; ਖ਼ੁਸ਼ੀ ਨੇ ਰੰਗ ਵਿਖਾਇਆ ਗ਼ਮਾਂ ਦੀ ਜ਼ਰਦੀ 'ਚੋਂ । ਬੜੇ ਹਨੇਰ 'ਚੋਂ ਮਿਹਨਤ ਤੁਰੀ ਏ ਮੰਜ਼ਲ ਨੂੰ, ਜਗਾ ਰਹੀ ਏ ਨਵੀਂ ਆਸ ਹਰ ਦੁਖੇ ਦਿਲ ਨੂੰ । ਮੇਰੇ ਕਰਮ ਦੀ ਬਗਾਵਤ ਨਹੀਂ ਲਹੂ ਦੇ ਲਈ, ਮੇਰੀ ਆਵਾਜ਼ ਹੈ ਹਰ ਆਤਮਾ ਦੇ ਰੂਹ ਦੇ ਲਈ । ਮੇਰੀ ਇਹ ਤੇਗ਼-ਜਵਾਨੀ ਨਹੀਂ ਕਤਲ ਦੇ ਲਈ; ਮੇਰਾ ਇਕੱਠ ਨਹੀਂ ਖ਼ੂਨੀਆਂ ਦੇ ਦਲ ਦੇ ਲਈ । ਮੇਰੀ ਨਜ਼ਰ 'ਚ ਹੈ ਸੰਸਾਰ ਦਾ ਪਰੀਵਰਤਨ; ਮੇਰੇ ਖਿਆਲ 'ਚ ਜੀਵਣ ਲਈ ਹੈ ਹਰ ਜੀਵਨ । ਅਮਨ ਅਮਾਨ 'ਚ ਚਾਹੁੰਦਾ ਹਾਂ ਯੁਗ ਬਦਲ ਜਾਏ; ਬਗ਼ੈਰ ਖ਼ੂਨ ਦੇ ਕਤਰੇ ਤੋਂ ਮੁੜ ਬਹਾਰ ਆਏ । ਮੈਂ ਛਾਲ ਅਗਨ 'ਚ ਮਾਰਾਂ ਕਿ ਬਾਗ ਬਣ ਜਾਏ; ਮੇਰੇ ਖਿਆਲ ਦੀ ਮਹਿੰਦੀ ਸੁਹਾਗ ਬਣ ਜਾਏ । ਹਮੇਸ਼ ਵਾਸਤੇ ਚਾਹਾਂ ਫ਼ਰੇਬ ਮਰ ਜਾਏ; ਇਹ ਅਪਣੀ ਅਪਣੀ ਖ਼ੁਸ਼ੀ ਦਾ ਸਮਾਂ ਗੁਜ਼ਰ ਜਾਏ । ਫ਼ਰੇਬਕਾਰ ਇਹ ਰਾਜੇ, ਅਮੀਰ ਧਨ ਵਾਲੇ, ਕਦਮ ਕਦਮ ਮੇਰਾ ਰੋਕਣਗੇ ਇਹ ਯਤਨ ਵਾਲੇ । ਨਹੱਥਿਆਂ ਤੇ ਚਲਾਵਣਗੇ ਤੇਜ਼ ਤਲਵਾਰਾਂ; ਮੇਰੇ ਲਹੂ ਦੀਆਂ ਹਰ ਥਾਂ ਵਗਣਗੀਆਂ ਧਾਰਾਂ । ਦਬਾਇਆ ਜਾਏਗਾ ਸਾਨੂੰ, ਮਿਟਾਇਆ ਜਾਏਗਾ; ਅਸਾਂ ਨੂੰ ਫੇਰ ਵੀ ਖ਼ੂਨੀ ਬਣਾਇਆ ਜਾਏਗਾ । ਅਸੀ ਜੋ ਚਾਹੁੰਦੇ ਹਾਂ ਹਰਦਮ ਅਮਨ ਜ਼ਮਾਨੇ ਤੇ, ਅਸੀਂ ਜੋ ਚਾਹੁੰਦੇ ਹਾਂ ਇਨਸਾਫ਼ ਦਾਣੇ ਦਾਣੇ ਤੇ, ਹੁਕਮ ਦੀ ਜੀਭ ਤੋਂ ਪਾਪੀ ਬਣਾਇਆ ਜਾਏਗਾ; ਸਦਾ ਗ਼ਰੀਬ ਨੂੰ ਦੋਸ਼ੀ ਬਣਾਇਆ ਜਾਏਗਾ । ਮੇਰੀ ਪੁਕਾਰ ਦੀ ਹਲਚਲ ਮਨੁੱਖਤਾ ਦੇ ਲਈ, ਮੇਰੀ ਤਲਾਸ਼ ਦਾ ਰੌਲਾ ਵੀ ਹੈ ਦਵਾ ਦੇ ਲਈ । ਨਾ ਦੇਖ ਦੇਖ ਕੇ ਡਰ ਮੇਰੇ ਨਾਲ ਆ ਕੇ ਦੇਖ; ਅਲੋਪ ਸ਼ਕਤੀ ਦਾ ਆਖ਼ਰ ਕਮਾਲ ਆ ਕ ਦੇਖ । ਨਾ ਦੇਖ ਦੇਖ ਕੇ ਡਰ ਹੁੰਦੇ ਇਨਕਲਾਬਾਂ ਨੂੰ ; ਕੋਈ ਕੀ ਜਾਣੇ ਸਮੇਂ ਦੇ ਅਚੰਭਾ ਖ਼ਾਬਾਂ ਨੂੰ ?
15. ਫੈਸਲਾ
ਇਹ ਤੇਰੀ ਉਠਦੀ ਜੁਆਨੀ ਦਾ ਸਿਆਲ ਮੇਰੀ ਅਗਨੀ ਦੇ ਲਈ ਕਾਫ਼ੀ ਏ । ਧੁੱਪ ਇਹ ਤੇਗ਼ ਜਹੀ, ਤੀਰ ਜਹੀ, ਬਾਦਸ਼ਾਹਾਂ ਦਿਆਂ ਤਾਜਾਂ ਦੀ ਦੁਪਹਿਰ; ਅੱਗ ਇਹ ਆਲ-ਦੁਆਲੇ ਦੀ ਕਿ ਜਿਸ ਤੋਂ ਹਰਦਮ ਅੰਗ ਗਲੀ ਜਾਂਦੇ ਨੇ, ਨੈਣ ਢਲੀ ਜਾਂਦੇ ਨੇ, ਹੋਰ ਵੀ ਤੇਜ਼ ਹੈ ਖੁਰਦੇ ਹੋਏ ਅੰਗਾਂ ਦੀ ਪਿਆਸ । ਏਸ ਤੰਗੀ 'ਚ ਵੀ ਪਰ ਆਸ ਇਕ ਤੇਰੀਆਂ ਬਾਹਾਂ 'ਚ ਨਜ਼ਰ ਆਉਂਦੀ ਏ । ਮੇਰੀ ਅਗਨੀ ਦੇ ਲਈ ਕਾਫ਼ੀ ਏ ਇਹ ਤੇਰੀ ਉਠਦੀ ਜੁਆਨੀ ਦਾ ਸਿਆਲ । ਮੋਮ-ਬੱਤੀ ਏ ਕਿ ਸ਼ੀਸ਼ੇ 'ਚ ਜਗੀ ਜਾਂਦੀ ਏ, ਕੁਝ ਪਤੰਗੇ ਨੇ ਕਿ ਉਹ ਬਾਹਰ ਮਰੀ ਜਾਂਦੇ ਨੇ, ਲਾਟ ਦੇ ਕੋਲ ਪਹੁੰਚਦੇ ਵੀ ਨਹੀਂ, ਇਸ ਤਰ੍ਹਾਂ ਜਜ਼ਬੇ ਮੇਰੇ ਬਾਹਰ ਮਰੀ ਜਾਂਦੇ ਨੇ ਮਖ਼ਮਲੀ ਸੀਨੇ ਦੀ ਜੋਤੀ ਤੇ ਨਾ ਜਾਏ ਕੋਈ, ਇਕ ਚਾਂਦੀ ਦਾ ਹੈ ਸ਼ੀਸ਼ਾ ਜਿਸ ਨੇ ਰੋਕ ਲੀਤਾ ਏ ਪਤੰਗੇ ਨੂੰ ਤੜਪਦੀ ਲੋ ਤੋਂ । ਲੋ ਵੀ ਰੋਂਦੀ ਏ, ਪਤੰਗਾ ਵੀ ਪਿਆ ਰੋਂਦਾ ਏ; ਜ਼ੋਰ ਦੋਹਾਂ ਦੇ ਤੋਂ ਸ਼ੀਸ਼ਾ ਅਜੇ ਟੁਟਦਾ ਵੀ ਨਹੀਂ, ਅਜੇ ਹਟਦਾ ਵੀ ਨਹੀਂ । ਮੋਮ-ਬੱਤੀ ਏ ਵਿਚਾਰੀ ਕਿ ਪਿਘਲ ਜਾਏਗੀ; ਫੈਸਲੇ ਦੀ ਇਹ ਘੜੀ ਆਪ ਹੀ ਟਲ ਜਾਏਗੀ । ਕੀ ਤੇਰੀ ਉਠਦੀ ਜੁਆਨੀ ਦਾ ਸਿਆਲ ? ਜ਼ਿੰਦਗੀ ਐਸ਼ ਨਹੀਂ, ਰੋਸ ਨਹੀਂ । ਦੇਸ ਦੇ ਖ਼ੂਨ 'ਚ ਬੇਦਾਰੀ ਏ; ਬੁਝ ਰਹੀ ਕੌਮ ਦੇ ਜਾਗੇ ਨੇ ਖ਼ਿਆਲ । ਤੇਜ਼ ਛੈਣੀ ਕੋਈ ਕੜੀਆਂ ਤੇ ਧਰੀ ਜਾਂਦਾ ਏ । 'ਗ਼ੈਰ' ਦੇ ਹਥ ਦੀ ਉਨਤੀ ਦਾ ਅਨੋਖਾ ਜੰਜਾਲ, ਪੂਰਬ ਦੇ ਕਿਸੇ ਕੋਨੇ ਤੋਂ, ਹਿੰਮਤੀ ਕੋਈ ਕੁਤਰਦਾ ਏ ਪਿਆ । ਹੌਸਲੇ ਫੇਰ ਜਵਾਨਾਂ ਦੇ ਕਿਤੇ ਨੀਂਹ ਨਵੇਂ ਮਹਿਲ ਦੀ ਰਖਦੇ ਨੇ ੫ਏ । ਕਿਉਂ ਨਾ ਇਸ ਕਾਰ 'ਚ ਕੁਝ ਕਾਰ ਕਰਾਂ ? ਜ਼ਿੰਦਗਾਨੀ ਏ ਸਦਾ ਬਣਦੀ ਇਮਾਰਤ ਐਸੀ ਅਰਸ਼ ਤੋਂ ਪਾਰ ਵੀ ਜਾ ਕੇ ਜੋ ਅਧੂਰੀ ਹੀ ਰਹੇ । ਜ਼ਿੰਦਗੀ ਐਸ਼ ਨਹੀਂ, ਰੋਸ ਨਹੀਂ । ਫੈਸਲਾ ਇਹ ਵੀ ਨਹੀਂ ਮੇਰੀ ਨਫਸ ਨੂੰ ਮਨਜੂਰ ।
16. ਆਇਨ ਸਟਾਈਨ
(ਆਇਨ ਸਟਾਈਨ ਆਧੁਨਿਕ ਜਰਮਨੀ ਦਾ ਸਭ ਤੋਂ' ਵੱਡਾ ਸਾਇੰਸਦਾਨ ਤੇ ਫਿਲਾਸਫਰ ਮੰਨਿਆ ਜਾਂਦਾ ਹੈ । ਆਪਣੀਆਂ ਵਿਗਿਆਨਕ ਖੋਜਾਂ ਤੇ ਫਲਸਫੇ ਦੇ ਸਿਟਿਆਂ ਨੂੰ ਸੰਸਾਰ ਦੇ ਫਾਇਦੇ ਲਈ ਵਰਤੇ ਜਾਣ ਦੇ ਉਹ ਹੱਕ ਵਿਚ ਸੀ । ਸਰਬ-ਸਾਂਝ ਦੇ ਹੱਕ ਵਿਚ ਤੇ ਜੰਗਾਂ ਦੇ ਵਿਰੁਧ ਉਸ ਨੇ ਆਵਾਜ਼ ਉਠਾਈ । ਨਾਜ਼ੀ ਵਿਚਾਰ ਇਸ ਨਾਲ ਟਕਰਾਉਂਦੇ ਸਨ । ਇਸ ਲਈ ਉਸ ਨੂੰ ਦੇਸ ਛਡ ਕੇ ਅਮ੍ਰੀਕਾ ਜਾਣਾ ਪਿਆ ।) ਜਰਮਨੀ, ਹੇ ਜਰਮਨੀ, ਜਾਂਦਾ ਹਾਂ ਮੈਂ ; ਤੇਰੇ ਰਾਹ ਤੋਂ ਆਪਣੇ ਰਾਹ ਜਾਂਦਾ ਹਾਂ ਮੈਂ । ਜੋ ਮੇਰੀ ਮਿਹਨਤ ਨੇ ਕੀਤਾ ਸੀ ਤਿਆਰ ਸਾਰੀ ਦੁਨੀਆ ਦੇ ਲਈ ਬੰਦ ਉਹ ਰਸਤਾ ਏ ਹੁਣ ਮੇਰੇ ਲਈ ! ਏਸ ਕਾਰਾਗਾਰ 'ਚੋਂ ਜਾਂਦਾ ਹਾਂ ਮੈਂ । ਨਾਜ਼ੀਆਂ ਦੀ ਚਾਰ-ਦੀਵਾਰੀ ਲਈ ਮੇਰੇ ਤਜਰਬੇ, ਇਲਮ ਮੇਰਾ ਨਹੀਂ । ਮੈ ਨਹੀਂ ਰਖਦਾ ਕੋਈ ਕੰਜੂਸ ਦਿਲ , ਮੈਂ ਨਹੀਂ ਰਖਦਾ ਕੋਈ ਮੁਰਸਾ ਦਿਮਾਗ਼ ; ਜਾਲ ਤੋਂ ਆਜ਼ਾਦ ਰਖਦਾ ਹਾਂ ਜ਼ਮੀਰ , ਕੌਮ ਦਾ ਇਹ ਜਾਲ , ਜਾਂ ਮੁਲਕਾਂ ਦਾ ਜਾਲ । ਰੋਹਬ ਦੇ ਸਾਇਆਂ ਚ ਰਹਿ ਸਕਦੇ ਨਹੀਂ ਮੇਰੇ ਖਿਆਲ । ਇਲਮ ਮੇਰਾ ਸਾਰੀ ਦੁਨੀਆਂ ਦੇ ਲਈ, ਅਸਲੀਅਤ ਬਦਲੇ, ਸਚਾਈ ਦੇ ਲਈ । ਜਰਮਨੀ, ਹੇ ਜਰਮਨੀ, ਜਾਂਦਾ ਹਾਂ ਮੈਂ ! ਹਕ ਦੇ ਸੀਨੇ ਤੇ ਨਚਦੇ ਨੇ ਫਰੇਬ ਪੱਥਰਾਂ ਤੇ ਪੈ ਰਿਹਾ ਏ ਗਰਮ ਖ਼ੂਨ ਉਸ ਤੇ ਨਾ ਕੁਝ ਅਸਰ ਨਾ ਕੁਝ ਇਸ ਦਾ ਫਲ । ਰਾਖ ਵਿਚ ਇਨਸਾਫ਼ ਹੈ ਰੁਲਦਾ ਪਿਆ ਫੌਜੀਆਂ ਦੇ ਬੂਟਾਂ ਦਾ ਸ਼ੋਰ ਦਬ ਰਿਹਾ ਹੈ ਉਸ ਦੀ ਹਰ ਇਕ ਚੀਖ ਨੂੰ ! ਕਹਿਣ ਦੀ ਜਿਸ ਥਾਂ ਅਜ਼ਾਦੀ ਤਕ ਨਹੀਂ ਫੇਰ ਹੈ ਜਿਸਦਾ ਕਾਨੂੰਨ ਅਪਣੀ ਮਰਜ਼ੀ, ਅਪਣੀ ਤਾਕਤ , ਅਪਣੀ ਤੇਗ਼ ; ਸੈਂਕੜੇ ਜੀਵਨ-ਕਲਾਕਾਰਾਂ ਦੀ ਮੌਤ ਖੇਡ ਹੈ ਜਿਸ ਦੇਸ ਵਿਚ , ਉਸ 'ਚ ਰਹਿਣਾ ਹੈ ਹਰਾਮ, ਚਾਹੇ ਉਹ ਹੋਏ ਮੁਲਕ ਅਪਣਾ ਵਤਨ । ਲਾਹਨਤ ਇਸ ਆਪਣੀ ਹਕੂਮਤ ਨੂੰ ਹਜ਼ਾਰ ! ਜਿਸ 'ਚ ਮੇਰੀ ਗੱਲ ਸੁਣ ਸਕਦੇ ਨਹੀਂ ਜਾਂ ਰਿਹਾ ਹਾਂ ਉਸ ਸੁਨਹਿਰੀ ਗੁੰਝਲਾਂ ਦੇ ਦੇਸ 'ਚੋਂ । ਜਰਮਨੀ, ਹੇ ਜਰਮਨੀ, ਜਾਂਦਾ ਹਾਂ ਮੈਂ । ਹੁਨਰ ਹੈ ਮੇਰਾ ਵਿਕਾਸ , ਕਰਮ ਹੈ ਮੇਰਾ ਵਿਕਾਸ ; ਜੰਗ ਤੋਂ ਪਰ ਹੋ ਨਹੀਂ ਸਕਦੀ ਕਦੀ ਪੂਰੀ ਇਹ ਆਸ ! ਜੰਗ ਦੁਨੀਆ ਵੀ ਤਬਾਹੀ ਦੇ ਲਈ; ਫ਼ਲਸਫ਼ਾ ਮੇਰਾ ਹੈ ਪਰ ਸਾਰੇ ਆਲਮ ਵੀ ਰਿਹਾਈ ਦੇ ਲਈ । ਹੁਣ ਮੈਂ ਰਹਿ ਸਕਦਾ ਨਹੀਂ । ਆਤਮਾ ਦੀ ਮੌਤ ਦੇ ਬਾਜ਼ਾਰ ਵਿਚ । ਕੀ ਹਕੂਮਤ ਅਪਣੀ, ਅਪਣੇ ਦਸ ਦੀ ? ਇਸ ਤੋਂ ਬਿਹਤਰ ਜ਼ਿੰਦਗੀ ਪਰਦੇਸ ਦੀ । ਜਰਮਨੀ, ਹੇ ਜਰਮਨੀ, ਜਾਂਦਾ ਹਾਂ ਮੈਂ ! ਤੇਰੇ ਰਾਹ ਤੋਂ ਅਪਣੇ ਰਾਹ ਜਾਂਦਾ ਹਾਂ ਮੈਂ !
17. ਲਖਸ਼
ਅੰਦਰ ਹੀ ਅੰਦਰ ਕਈ ਜੀਵਨ ਮਿਟਦੇ ਬਣਦੇ ਜਾਵਣ, ਅੰਦਰ ਹੀ ਅੰਦਰ ਸਾਗਰ ਹੋਰ ਬਣਾਵਣ । ਸੀਨੇ 'ਚੋਂ ਇਕ ਲਾਟ ਨਿਕਲ ਕੇ ਬ੍ਰਹਿਮੰਡ ਨਾਪਣ ਜਾਏ, ਸੁੰਨਤਾਈ ਦੀ ਇਕ ਇਕ ਤਹਿ ਨੂੰ ਉਲਟਾਏ ਪਲਟਾਏ । ਤਾਰਾ-ਗਣ ਵਿਚ ਨਾਚ ਕਰਾਂ ਜਾ ਲੈ ਅਪਣਾ ਇਕਤਾਰਾ, ਅੰਤ ਸੁਰਾਂ ਵਿੱਚ ਜਾਗ ਪਵੇ ਇਕ ਪਰਲੋ-ਮਥਨ ਖਿਲਾਰਾ ਲਖਸ਼ ਲਈ ਅਰਸ਼ਾਂ ਦੇ ਬੂਹੇ ਤੋੜ ਤੋੜ ਲੰਘ ਜਾਵਾਂ ; ਧੁਰ-ਦਰਗਾਹ-ਖੰਡਰ ਤੇ ਅਪਣਾ ਤਾਂਡਵ-ਨਾਚ ਵਿਖਾਵਾਂ । ਘੋਰ ਨਰਕ ਦਾ ਅਗਨੀ-ਸਾਗਰ ਪੀ ਜਾਵਾਂ ਇਕ ਸਾਹੇ ; ਨਜ਼ਰ ਮੇਰੀ ਦੀ ਹਰਕਤ ਤੀਖਣ ਬਿਜਲੀ ਨੂੰ ਤੜਪਾਏ । ਬਾਲ ਦਿਆਂ ਕੋਨੇ ਕੋਨੇ ਵਿੱਚ ਪਦਮ ਸੁਹਾਗ-ਚਿਤਾਵਾਂ, ਲਖ ਸੜਦੇ ਤੂਫ਼ਾਨਾਂ ਦੇ ਮੂੰਹ ਹੋਵਣ ਠੰਡੀਆਂ ਛਾਵਾਂ । ਕੰਬਣੀਆਂ ਦੇ ਹੜ ਲੈ ਦੌੜਾਂ, ਭੂਚਾਲਾਂ ਦੀ ਧੜਕਣ ; ਇੱਕ ਇੱਕ ਸਾਹ ਮੇਰੇ ਤੋਂ ਜਗ ਦੇ ਟਾਹਣ-ਹਿਮਾਲਾ ਕੜਕਣ । ਨੈਣਾਂ ਦੇ ਪਾਣੀ ਵਿਚ ਡੋਬਾਂ ਉਜਲੇ ਉਜਲੇ ਤਾਰੇ ; ਧਰਤ ਅਕਾਸ਼ ਦਾ ਨਕਸ਼ ਮਿਟਾਵਣ ਦਿਲ ਸ਼ਕਤੀ ਦੇ ਧਾਰੇ । ਸੁਪਨੇ ਅਪਣੇ ਰੱਖ ਤਲੀ ਤੇ ਚੁੱਪਤਾ ਨੂੰ ਪੀ ਜਾਵਾਂ, ਅਪਣੇ ਹੀ ਨਾਚਾਂ ਵਿਚ ਉਸ ਦੀ ਹੋਣੀ ਤੇ ਜੀ ਜਾਵਾਂ । ਲਖਸ਼ ਲਈ ਸੰਗਲਾਖ ਸਮੇਂ ਦੇ ਫੂਕਾਂ ਨਾਲ ਉਡਾਵਾਂ ; ਪਰੀਵਰਤਨ ਦੇ ਸ਼ੋਲ੍ਹੇ ਲੈ ਕੇ ਵਾਯੂ-ਤੁਰਮ ਵਜਾਵਾਂ । ਪਤੀਆਂ 'ਚੋਂ ਲੱਖ ਅੰਬਰ ਡੇਗਾਂ, ਸ਼ਾਖੋਂ ਖੂਨ ਫਵਾਰੇ ; ਧਰਤੀ ਦੀ ਭੁੱਬਲ ਜਾ ਸਾੜੇ ਸੂਰਜ ਰੂਪ ਕਿਆਰੇ । ਜਦ ਲੈ ਜਾਏ ਕੁੰਡ-ਬਲੀ ਵਲ ਸਿਰ ਅਪਣਾ ਦੀਵਾਨਾ, ਉਸ ਦੀ ਠੋਕਰ ਤੇ ਆ ਲੋਟੇ ਉਸ ਦਾ ਗੁੰਮ ਨਿਸ਼ਾਨਾ । ਤਸਵੀਰਾਂ ਦੀ ਦੁਨੀਆ ਅੰਦਰ ਕੀ ਅਰਮਾਨ ਨਿਕਲਣਾ ? ਲੱਕੜ ਦੀ ਕੁਠਿਆਲੀ ਦੇ ਵਿਚ ਦਿਲ ਸੋਨਾ ਕੀ ਢਲਣਾ ? ਕਵਿਤਾ ਵਿਚ ਆਰਾਮ ਕਰੇ ਕੀ ਮੇਰੀ ਤਲਖ ਜਵਾਨੀ ? ਇਹ ਬੂਟਾ ਬਸ ਲੋਚ ਰਿਹਾ ਹੈ ਤਲਵਾਰਾਂ ਦਾ ਪਾਣੀ । ਇਸ ਦੁਨੀਆ ਨੇ ਖੂਬ ਉਡਾਇਆ ਅਸਲੀਅਤ ਦਾ ਹਾਸਾ ; ਲਖਸ਼ ਲਈ ਹੁਣ ਮੈਂ ਉਲਟਾਂਗਾ ਪਰਕਿਰਤੀ ਦਾ ਪਾਸਾ ।
18. ਝੂਠ
ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ ਹਰ ਸਵੇਰੇ ਜਿਸ ਤਰ੍ਹਾਂ ਆ ਕੇ ਚਮਕਾਉਂਦਾ ਏ ਸੂਰਜ ਸ਼ੀਸ਼ਿਆਂ ਦੀ ਜ਼ਿੰਦਗੀ ਸਾਡੇ ਸ਼ੋ-ਕੇਸਾਂ ਤੇ ਜੋ ਹਨ ਸਾਇਆਦਾਰ ; ਚਮਕਦੀ ਏ ਚੀਜ਼ ਹਰ ਇਕ ਧੁੱਪ ਤੋਂ ਜਿਸ ਤਰ੍ਹਾਂ ਸੋਨੇ ਦੇ ਜ਼ੇਵਰ ਹੋ ਕੇ ਆਏ ਨੇ ਜਿਲਾ । ਚਮਕ ਜਾਏ ਗ਼ਮ ਮੇਰਾ, ਲਿਸ਼ਕ ਜਾਏ ਨਫਸ ਮੇਰੀ ਦੀ ਦੁਕਾਨ, ਤੂੰ ਵੀ ਸੂਰਜ ਦੀ ਤਰ੍ਹਾਂ ਪਰ ਸ਼ਾਮ ਨੂੰ, ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ ! ਰੋਜ਼ ਹੀ ਦੇਖਾਂਗੇ ਰਸਤੇ ਦਾ ਪਹਾੜ ਉੱਡ ਵੀ ਸਕਦਾ ਏ ਫੂਕਾਂ ਨਾਲ ਕੀ ? ਝਾਕਦਾ ਏ ਜੋ ਸਵੇਰਾ ਜ਼ਿੰਦਗੀ ਦੀ ਰਾਤ 'ਚੋਂ ਕਿਸ ਤਰ੍ਹਾਂ ਆਏਗਾ ਉਹ ? ਰੋਕਦੇ ਨੇ ਉਸ ਨੂੰ ਜੋ ਸਾਏ ਜਹੇ ਉਹ ਹਟਣਗੇ ਕਿਸ ਤਰ੍ਹਾਂ ? ਇਹ ਸਿਰਾਂ ਤੇ ਦੂਸਰੀ ਦੁਨੀਆ ਦਾ ਭਾਰ, ਝੁੱਰੀਆਂ ਦਾ ਭਾਰ, ਕੁਝ ਹੱਡੀਆਂ ਦਾ ਭਾਰ, ਹੈ ਜਵਾਨਾਂ ਦੇ ਸਿਰਾਂ ਤੇ ਕਿਸ ਲਈ ? ਕੁਝ ਨਾ ਕੁਝ ਹੋਵੇਗਾ ਹੌਲਾ ਭਾਰ ਇਹ ਤੇਰੀਆਂ ਗੱਲਾਂ ਦੇ ਨਾਲ ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ ! ਬਾਗ਼ ਵਿਚ ਜਦ ਤਕ ਹੈ ਸਾਇਆ ਗ਼ੈਰ ਦਾ, ਜਾਲ ਮਿਟਿਆਲੇ ਵਿਛੇ ਨੇ ਫ਼ਰਸ਼ ਤੇ, ਜੰਗ ਦੇ ਧੂੰਏਂ ਤੋਂ ਬੱਦਲ ਅਰਸ਼ ਤੇ ; ਫੇਰ ਜਦ ਤਕ ਹਾਂ ਅਸੀ ਬੇਰੂਹ ਜਹੇ, ਕੇ ਇਕ ਗੀਤ ਗਾ ਸਕਦੇ ਨਹੀਂ ; ਕਿਧਰੇ ਜਾ ਸਕਦੇ ਨਹੀਂ, ਲੈਣ ਸੌਦਾ ਤੇ ਕਦੀ ਮੋੜਨ ਕਦੀ, ਮੁੜ ਕੇ ਜਿੱਦਾਂ ਫੇਰ ਆ ਜਾਂਦੀ ਹੈ ਲਹਿਰ, ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ ! ਜਾਣਦਾ ਹਾਂ ਮੈਂ ਤੇਰੇ ਸੀਨੇ ਦਾ ਦਰਦ ਜੋ ਬਜ਼ੁਰਗਾਂ ਦੇ ਲਈ ਕੁਝ ਵੀ ਨਹੀਂ ; ਇਕ ਬਦੀ ਤੇ ਇਕ ਸ਼ਤਾਨੀ ਤੋਂ ਸਿਵਾ ਸਾਫ਼ ਕਹਿਣਾ ਜ਼ੁਲਮ ਹੈ ਇਸ ਦੇਸ ਵਿਚ । ਝੂਠ ਤੇ ਸਾਡੀ ਇਮਾਰਤ ਹੈ ਖੜੀ. ਕੂੜ ਹੀ ਤੇ ਖੁਸ਼ ਰਹੇ ਸਾਡਾ ਸਮਾਜ, ਝੂਠ ਹੀ ਤੇ ਖੁਸ਼ ਹੈ ਸਾਡੇ ਤੇ ਧਰਮ; ਅਜ ਬਹਾਨੇਬਾਜ਼ ਹੀ ਬੇਟੀ ਹੈ ਠੀਕ, ਅੱਜ ਧੋਖੇਬਾਜ਼ ਪੁੱਤਰ ਧਰਮ-ਰਾਜ ! ਸੱਚ ਕਹਿ ਕੇ ਘਰ ਤੋਂ ਆ ਸਕਦੀ ਨਹੀਂ; ਨਿਤ ਨਵਾਂ ਕੋਈ ਬਹਾਨਾ ਸੋਚ ਤੂੰ- ਹੈ ਬਹਾਨਾ ਹੀ ਮਿਲਾਪ - ਝੂਠ ਤੇ ਹੀ ਜਦ ਕਿ ਹੈ ਘਰ ਬਾਰ ਖੁਸ਼, ਬੋਲਿਆ ਜਾਏ ਨਾ ਕਿਉਂ ? ਲੈਣ ਸੌਦਾ ਤੇ ਕਦੀ ਬਦਲਣ ਕਦੀ ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ ! ਝੁੱਰੀਆਂ ਦਾ ਭਾਰ ਕੁਝ ਹੱਡੀਆਂ ਦਾ ਭਾਰ, ਦੂਸਰੀ ਦੁਨੀਆ ਦਾ ਭਾਰ ਸਿਰ ਤੋਂ ਜੋ ਸਾਡੇ ਅਜੇ ਡਿਗਦਾ ਨਹੀਂ, ਅਪਣੇ ਦਿਲ ਦਾ ਭਾਰ ਹੌਲਾ ਹੀ ਸਹੀ । ਹਰ ਸਵੇਰੇ ਜਿਸ ਤਰਾਂ ਆ ਕੇ ਚਮਕਾਉਂਦਾ ਏ ਸੂਰਜ ਦੇਵ ਹੱਟੀ ਨੂੰ ਮੇਰੀ- ਚਮਕ ਜਾਏ ਗ਼ਮ ਮੇਰਾ, ਲਿਸ਼ਕ ਜਾਏ ਨਫਸ ਮੇਰੀ ਦੀ ਦੁਕਾਨ - ਤੂੰ ਵੀ ਸੂਰਜ ਦੀ ਤਰ੍ਹਾਂ ਪਰ ਸ਼ਾਮ ਨੂੰ ਰੋਜ਼ ਆਇਆ ਕਰ ਮੇਰੀ ਹੱਟੀ ਤੇ ਤੂੰ !
19. ਅਨੋਖਾ ਖ਼ੁਦਾ
ਪੀ ਪੀ ਕੇ ਰੋਜ਼ ਖ਼ੂਨ ਪਿਆਸਾ ਰਿਹਾ ਅਜੇ ਮਹਿੰਗਾ ਸਤਾਰਿਆਂ ਤੋਂ ਵੀ ਇਨਸਾਨ ਦਾ ਲਹੂ ! ਹੋਈ ਕਬੂਲ ਕੋਈ ਨਾ ਇਨਸਾਨ ਦੀ ਆਵਾਜ਼ ! ਉਹੋ ਨਰਕ ਰਿਹਾ; ਬੇੜਾ ਮਨੁੱਖਤਾ ਦਾ ਗ਼ਰਕ ਸੀ, ਗ਼ਰਕ ਰਿਹਾ । ਕੋਈ ਆਸਰਾ ਨਹੀਂ; ਖ਼ਲਕਤ ਦਾ ਦੁਖ ਹਰਨ ਨੂੰ ਕੋਈ ਵੀ ਖ਼ੁਦਾ ਨਹੀਂ ! ਸਦੀਆਂ ਤੋਂ ਬਾਦ ਅੱਜ ਵੀ ਬੰਦਾ ਏ ਜਾਨਵਰ ! ਖ਼ਲਕਤ ਦਾ ਲਾਲ ਸਾਫ਼ ਲਹੂ ਹੁਣ ਵੀ ਰਾਤ ਦਿਨ ਪੀਂਦਾ ਏ ਪਰ ਪਿਆਸਾ ਏ ਸੋਨੇ ਦਾ ਇਹ ਖ਼ੁਦਾ ! ਖਪਰ ਪੁਜਾਰੀਆਂ ਦੇ ਨਕੋਨਕ ਭਰੇ ਪਏ, ਚੜ੍ਹਦੀ ਏ ਰੋਜ਼ ਭੇਟ ਜੁਆਨੀ ਦੀ ਪੈਰ ਤੇ, ਕੁਰਬਾਨ ਰੋਜ਼ ਹੁੰਦਾ ਏ ਔਰਤ ਦਾ ਜਿਸਮ ਵੀ, ਰਖਦਾ ਏ ਬੁਲ੍ਹ ਖ਼ੁਸ਼ਕ ਹੀ ਇਹ ਚਮਕਦਾ ਖ਼ੁਦਾ ! ਸਦੀਆਂ ਤੋਂ ਬਾਦ ਕੋਈ ਤਰੱਕੀ ਨਹੀਂ ਅਜੇ । ਬਾਹਰ ਦਾ ਇਹ ਵਿਕਾਸ ਵੀ ਖ਼ਲਕਤ ਲਈ ਨਹੀਂ; ਇਸ ਤੋਂ ਵਧੀ ਏ ਹੋਰ ਵੀ ਤੰਗੀ ਜਹਾਨ ਦੀ । ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ! ਹੈ ਆਦਮੀ ਦਾ ਅਸਲ 'ਚ ਦਾਰੂ ਹੀ ਆਦਮੀ । ਸਭ ਦੇਵਤੇ ਫ਼ਰੇਬ ਨੇ ਇਕ ਅਮਨ ਤੋਂ ਬਿਨਾਂ । ਤਲਵਾਰ ਦਾ ਹੀ ਰਾਜ ਹੈ ਜਦ ਤਕ ਜਹਾਨ ਤੇ, ਹਰਦਮ ਮੁਸੀਬਤਾਂ ਹੀ ਨੇ ਖ਼ਲਕਤ ਦੀ ਜਾਨ ਤੇ । ਔਰਤ ਹੈ ਬੇਨਸੀਬ ਹੀ ਬੱਚੇ ਜਣਨ ਲਈ ! ਜਦ ਤਕ ਹੈ ਜੰਗ ਜ਼ਖ਼ਮੀ ਰਹੇਗੀ ਮਨੁੱਖਤਾ । ਹੋਵੇਗਾ ਤਨ ਮਨੁੱਖ ਦਾ ਬੀਮਾਰੀਆਂ ਦਾ ਘਰ; ਆਵੇਗੀ ਸਮਝ ਵੀ ਨਾ ਕਦੀ ਅਪਣੇ ਆਪ ਦੀ । ਸਦੀਆਂ ਤੋਂ ਬਾਦ ਜੰਗ ਦਾ ਹਟਿਆ ਹਨੇਰ ਨਾ; ਉਹੋ ਨਰਕ ਰਿਹਾ ! ਬੇੜਾ ਮਨੁੱਖਤਾ ਦਾ ਗ਼ਰਕ ਸੀ, ਗ਼ਰਕ ਰਿਹਾ ! ਜਦ ਤਕ ਹੈ ਜੰਗ-ਜਾਲ 'ਚ ਬੰਦਾ ਹੈ ਜਾਨਵਰ !
20. ਸੁਭਾਸ਼ ਬਾਬੂ ਦੇ ਗੁੰਮ ਹੋ ਜਾਣ ਤੇ
ਇਹ ਕਹਿ ਰਹੇ ਨੇ ਕਿ ਗੁੰਮ ਹੋ ਗਿਆ ਏ ਦਿਲ ਕੋਈ, ਇਹ ਕਹਿ ਰਹੇ ਨੇ ਕਿ ਉਸ ਦਾ ਪਤਾ ਹਵਾ 'ਚ ਨਹੀਂ । ਤੂੰ ਆਦਮੀ ਨੂੰ ਕਦੇ ਤਾਂ ਆਵਾਜ਼ ਦੇ, ਮੰਜ਼ਲ, 'ਕਿ ਰੋਕ ਕੋਈ ਮੁਸਾਫਰ, ਅਮਲ ਦੇ ਰਾਹ 'ਚ ਨਹੀਂ।' ਇਹ ਦਰਦ ਉਹ ਹੈ ਕਿ ਹਰ ਥਾਂ ਤੇ ਨਾਲ ਜਾਏਗੀ ਜੋ ਦਿਲ ਦੀ ਪੀੜ 'ਚ ਜੀਵਨ ਹੈ ਉਹ ਦਵਾ 'ਚ ਨਹੀਂ । ਤੜਪ ਤੇ ਚੈਨ ਦੀ ਰੰਗਤ ਚੜ੍ਹੇਗੀ ਪਰ, ਸਾਥੀ, ਜੋ ਰੰਗ ਖੂਨ 'ਚ ਅਪਣੇ ਹੈ ਉਹ ਹਿਨਾ 'ਚ ਨਹੀਂ । ਮਿਟਾਏ ਆਸ-ਪਰੀ ਜਾਂ ਸ਼ਰੀਕ ਜ਼ੁਲਮ ਕਰੇ, ਕਦੀ ਵੀ ਕਰਦੇ ਪਰ ਆਸ਼ਕ ਫਰਕ ਵਫ਼ਾ 'ਚ ਨਹੀਂ । ਨਾਕਾਮੀਆਂ ਦੇ ਹਿਮਾਲਾ ਤੇ ਚੜ੍ਹ ਕੇ ਹੈ ਮੰਜ਼ਲ, ਸਮੇਂ ਦੀ ਰੋਕ ਦਾ ਕੀ ਡਰ ਜੇ ਫਰਕ ਚਾ 'ਚ ਨਹੀਂ । ਜੋ ਮਾਂ ਦੀ ਗੋਦ 'ਚ ਹਾਸਲ ਹੈ ਉਹ ਗਗਨ 'ਚੋਂ ਨਹੀਂ ; ਜੋ ਲੋਕ-ਪੂਜਾ 'ਚ ਆਨੰਦ ਹੈ ਖ਼ੁਦਾ 'ਚ ਨਹੀਂ ।
21. ਕਫ਼ਨ
(ਮੁਨਸ਼ੀ ਪ੍ਰੇਮਚੰਦ ਦੀ ਪ੍ਰਸਿਧ ਕਹਾਣੀ 'ਕਫ਼ਨ' ਦੇ ਅਧਾਰ ਤੇ ਕਾਵ-ਨਾਟ ਦੀ ਸੰਖੇਪ ਕਹਾਣੀ ਇਹ ਹੈ : ਇਕ ਪਿੰਡ ਵਿਚ ਦੋ ਗਰੀਬ ਚਮਾਰ ਰਹਿੰਦੇ ਸਨ । ਪਿਉ ਦੀ ਨੂੰਹ ਤੇ ਪੁੱਤਰ ਦੀ ਪਤਨੀ ਕਿਸੇ ਬਿਮਾਰੀ ਨਾਲ ਗੁਜ਼ਰ ਜਾਂਦੀ ਹੈ । ਪਿੰਡ ਵਾਲੇ ਕਫ਼ਨ ਲੈ ਆਉਣ ਲਈ ਕੁਝ ਪੈਸੇ ਚੰਦਾ ਉਗਰਾਹ ਕੇ ਉਹਨਾਂ ਨੂੰ ਦਿੰਦੇ ਹਨ । ਰਾਹ ਵਿਚ ਉਹਨਾ ਦੀ ਗੱਲਬਾਤ ਇਸ ਤਰ੍ਹਾਂ ਦੀ ਹੈ: ) ਪਿਤਾ- ਪੀਓ, ਸ਼ਰਾਬ ਪੀਓ! ਹਾਂ ਪੀਓ, ਸ਼ਰਾਬ ਪੀਓ! ਮਰ ਗਈ ਮਰਨ ਵਾਲੀ ਭੱਜ ਗਈ ਜਿਵੇਂ ਪਿਆਲੀ; ਦੋ ਘੜੀ ਤੁਸੀ ਤਾਂ ਜੀਓ; ਪੀਓ, ਸ਼ਰਾਬ ਪੀਓ ! ਪੁੱਤਰ- ਮਿਲੇ ਨੇ ਪੈਸੇ ਜੋ ਇਹ ਕੁਝ ਨਵੇਂ ਕਫ਼ਨ ਦੇ ਲਈ ਜੇ ਖਾ ਲਏ ਤਾਂ ਖਫ਼ਾ ਹੋਣਗੇ ਗਰਾਂ ਵਾਲੇ। ਉਜਾੜ ਦੇਣਗੇ ਕੁੱਲੀ ਵੀ ਇਹ ਘਰਾਂ ਵਾਲੇ । ਦਵਾਰ ਬੰਦ ਨਜ਼ਰ ਆਉਣਗੇ ਯਤਨ ਦੇ ਲਈ। ਸੜੇਗੀ ਲਾਸ਼ ਵਿਚਾਰੀ ਪਈ ਕਫ਼ਨ ਦੇ ਲਈ । ਪਿਤਾ- ਨਾ ਲੀਰ ਜਿਸ ਨੂੰ ਮਿਲੀ ਜ਼ਿੰਦਗੀ 'ਚ ਤਨ ਦੇ ਲਈ ਨਵੇਂ ਕਫ਼ਨ ਦੀ ਜ਼ਰੂਰਤ ਕੀ ਉਸ ਬਦਨ ਦੇ ਲਈ । ਪੀਓ ਸ਼ਰਾਬ, ਕਰੋ ਪੂਰੀਆਂ ਹਜ਼ਮ ਨਾਲੇ, ਕਫ਼ਨ ਦੇ ਵਾਸਤੇ ਮੁੜ ਦੇਣਗੇ ਘਰਾਂ ਵਾਲੇ । ਤਰਸ ਰਹੀ ਹੈ ਉਮਰ ਪੇਟ ਭਰ ਕੇ ਰੋਟੀ ਨੂੰ, ਅਨੰਦ ਖ਼ੂਬ ਲਵੋ ਇਸ ਕਫ਼ਨ ਦੇ ਚੰਦੇ ਤੋਂ । ਲੁਕਾਓ ਮੂੰਹ ਨਾ ਜ਼ਰਾ ਹੁਣ ਕਿਸੇ ਵੀ ਬੰਦੇ ਤੋਂ । ਖੜਾਂਗੇ ਨੰਗੀ ਹੀ ਤਕਦੀਰ ਆਪਣੀ ਖੋਟੀ ਨੂੰ । ਮਰ ਗਈ ਮਰਨ ਵਾਲੀ, ਹੋ ਗਈ ਜਗ੍ਹਾ ਖਾਲੀ ਅਰਾਮ-ਰਾਤ ਲਈ ! ਬਸ ਕਬਰ 'ਚ ਪੈ ਕੇ ਜੀਓ ਪੀਓ ਸ਼ਰਾਬ ਪੀਓ ! ਪੁੱਤਰ- ਇਹ ਚੰਦਾ ਪਹਿਲਾਂ ਹੀ ਮਿਲਦਾ ਦਵਾ ਹੀ ਕਰ ਲੈਂਦੇ, ਇਹ ਮਰਨ ਵਾਲੀ ਜਵਾਨੀ ਗ਼ਰੀਬ ਬਚ ਜਾਂਦੀ । ਇਸੇ ਚਿੰਗਾਰੀ ਤੋਂ ਅਗਨੀ-ਉਮੀਦ ਮਚ ਜਾਂਦੀ । ਇਹ ਪੈਸੇ ਪਹਿਲਾਂ ਹੀ ਦੇਂਦੇ ਤਾਂ ਠੰਡ ਤੋਂ ਸ਼ਾਇਦ, ਮਲੂਕ ਜਿੰਦ ਦਾ ਕੋਈ ਬਚਾ ਹੀ ਕਰ ਲੈਂਦੇ ! ਗਵਾਂਢੀਆਂ ਦਾ ਹੈ ਚੰਦਾ ਕਿ ਬੋ ਨਿਕਲ ਜਾਏ, ਨਗਰ ਦੇ ਰਸਤੇ 'ਚੋਂ ਇਹ ਮੌਤ-ਛੁਹ ਨਿਕਲ ਜਾਏ ! ਇਸੇ ਦਾ ਨਾਮ ਹੈ ਜੇ ਦੂਸਰੇ ਦੀ ਹਮਦਰਦੀ, ਤਾਂ ਲਗ ਜਾਏ ਜ਼ਮਾਨੇ ਨੂੰ ਮੌਤ ਦੀ ਸਰਦੀ ! ਹਜ਼ਾਰ ਲਾਹਨਤਾਂ ਇਸ ਬੇਕਰਾਰ ਧਨ ਦੇ ਲਈ ! ਹਜ਼ਾਰ ਲਾਹਨਤਾਂ ਉਸ ਬੇਦਰਦ ਵਤਨ ਦੇ ਲਈ ਕਿ ਜਿਸ 'ਚ ਹੁੰਦਾ ਏ ਚੰਦਾ ਕਿਸੇ ਕਫ਼ਨ ਦੇ ਲਈ ! ਮਰ ਗਈ ਮਰਨ ਵਾਲੀ, ਜ਼ਖਮ ਸੀਓ ਨਾ ਸੀਓ ! ਪਰ ਸ਼ਰਾਬ ਖੂਬ ਪੀਓ ! ਪਿਤਾ- ਜੀਆਂਗੇ ਖ਼ੂਬ ਗ਼ਲਤ ਜ਼ਿੰਦਗੀ ਦਾ ਗ਼ਮ ਕਰ ਕੇ, ਅਨੰਦ ਜੀਣ ਦਾ ਆਏਗਾ ਪੇਟ ਨੂੰ ਭਰ ਕੇ । ਖਿਆਲ ਭੁੱਖ ਦਾ ਪਹਿਲਾਂ ਹੈ ਮੌਤ ਦਾ ਮਗਰੋਂ । ਹਯਾ ਦੀ ਭੁੱਖ ਨੂੰ ਬਸ ਜਰ ਗਈ ਜਰਨ ਵਾਲੀ ! ਕਫ਼ਨ ਦਾ ਗ਼ਮ ਨਾ ਕਰੋ, ਅੱਜ ਸ਼ਰਾਬ ਖੂਬ ਪੀਓ ! ਇਹ ਕਹਿ ਕੇ ਦੋਵੇਂ ਹੀ ਪੀ ਪੀ ਕੇ ਹੋਏ ਮਸਤਾਨੇ, ਸ਼ਰਾਬ-ਖਾਨੇ 'ਚ ਨੱਚੇ ਉਹ ਖ਼ੂਬ ਦੀਵਾਨੇ ! ਠੂਠੀਆਂ ਚੜ੍ਹਾ ਕੇ ਉਹ, ਪੂਰੀਆਂ ਨੂੰ ਖਾ ਕੇ ਉਹ, ਗੀਤ ਕੋਈ ਗਾ ਕੇ ਉਹ, ਬੇਹੋਸ਼ੀਆਂ ਦੇ ਮਹਾਂ-ਸੁਪਨਿਆਂ 'ਚ ਲੇਟ ਗਏ ਸ਼ਰਾਬ-ਖਾਨੇ ਵਿਚ ।
22. ਵੇਸਵਾ
ਹੁਣ ਮੇਰੇ ਦਰ ਤੇ ਤੜਪਦੇ ਨੇ ਧਰਮਰਾਜ ਕਈ ਮੈਂ ਕਿਸੇ ਸ਼ਕਲ ਨੂੰ ਮਨਜ਼ੂਰ ਕਰਾਂ । ਹਰ ਕੋਈ ਸ਼ਕਲ ਬਣਾ ਆਇਆ ਏ ਦਿਲ ਖੁਹਣ ਲਈ, ਮਨ ਨੂੰ ਮੇਰੇ ਮੋਹਣ ਲਈ ! ਦੇਵ-ਦੌਲਤ ਮੇਰੇ ਕਜਲੇ ਦੀਆਂ ਧਾਰਾਂ ਦੇ ਲਈ ਠੋਕਰਾਂ ਦਰ ਤੇ ਮੇਰੇ ਖਾਏ ਕਰਾਰਾਂ ਦੇ ਲਈ । ਅੱਜ ਉਹ ਰੁਹਬ ਤਰਸਦੇ ਨੇ ਗ਼ੁਲਾਮੀ ਦੇ ਲਈ, ਮੇਰੀ ਗ਼ੁਲਾਮੀ ਦੇ ਲਈ ਕਲ੍ਹ ਹੀ ਪ੍ਰੀਤ ਨੂੰ ਦਾਸੀ ਨਾ ਬਣਾਇਆ ਜਿਸ ਨੇ । ਹੁਣ ਮੇਰੇ ਦਰ ਤੇ ਤੜਪਦੇ ਨੇ ਧਰਮਰਾਜ ਕਈ ਕਿ ਕਿਸੇ ਮਹਿਲ ਦੀ ਮੈਂ ਰਾਣੀ ਬਣਾ । ਸਾਹਮਣੇ ਤੋੜਦੀ ਏ ਅੰਗ ਜਵਾਨੀ ਆ ਕੇ ; ਰਾਤ ਦਿਨ ਮਿੰਨਤਾਂ ਕਰਦੇ ਨੇ ਜਵਾਨਾਂ ਦੇ ਖਿਆਲ ਵਿਲਕਦੀ ਰੂਹ ਨੂੰ ਜ਼ੁਲਫਾਂ 'ਚ ਲੁਕਾਵਣ ਦੇ ਲਈ, ਪਿਆਸ ਬੁਝਾਵਣ ਦੇ ਲਈ । ਦੂਰ ਹੀ ਸਭ ਤੋਂ ਮੇਰਾ ਹੁਨਰ ਹੈ ਪਰ । ਹੁਣ ਕਿਸੇ ਕੌਮ, ਕਿਸੇ ਧਰਮ ਦੀ ਦਾਸੀ ਕਿਉਂ ਬਣਾ ਜਦ ਕਿ ਠੁਕਰਾਈ ਗਈ ਜ਼ਾਤ ਮੇਰੀ ? ਹੁਣ ਮੇਰੇ ਪੈਰਾਂ 'ਚ ਧਰਦੇ ਨੇ ਬਦਨ ਦੀ ਮਖ਼ਮਲ, ਕਲ੍ਹ ਗੱਲਾਂ ਜੋ ਬਣਾਂਦੇ ਰਹੇ ਰੋਟੀ ਦੇ ਲਈ । ਅੱਜ ਕਾਲੀਨ ਲਈ ਆਉਂਦਾ ਏ ਬੇਕਾਰ ਸਮਾਜ । ਹੈ ਬੜਾ ਸੋਹਣਾ ਰਵਾਜ ! ਤੇਰੀ ਤਕਦੀਰ ਹੀ ਖੋਟੀ ਹੈ ਸੁਹਾਗਣ, ਖਬਰੇ ! ਤੇਰੇ ਬੱਚੇ ਦੀ ਗਵਾਂਢੀ ਨੂੰ ਕੋਈ ਫਿਕਰ ਨਹੀਂ ! ਮੇਰੀ ਬੱਚੀ ਦਾ ਬੜਾ ਫਿਕਰ ਹੈ ਜ਼ਰਦਾਰਾਂ ਨੂੰ, ਕੌਮ ਦੇ ਸਰਦਾਰਾਂ ਨੂੰ ! ਹੁਣ ਮੇਰਾ ਪੈਰ ਵੀ ਧਰਤੀ ਤੇ ਨਾ ਲਗ ਜਾਏ ਕਿਤੇ, ਹਰ ਕਿਸੇ ਨਜ਼ਰ 'ਚ ਫੁਲਾਂ ਤੋਂ ਵੀ ਕੋਮਲ ਹਾਂ ਮੈਂ । ਕਿਉਂ ਕਿਸੇ ਘਰ ਦੀ ਮੈਂ ਰਾਣੀ ਹੋਵਾਂ ? ਫੇਰ ਮੈਂ ਅਪਣੇ ਨਸੀਬਾਂ ਨੂੰ ਪਈ ਕਿਉਂ ਰੋਵਾਂ ? ਵੇਸਵਾ ਬਣ ਕੇ ਮਜ਼ਾ ਆਇਆ ਏ ਇਸ ਜੀਵਨ ਦਾ, ਨੂਰ ਦੌਲਤ ਦਾ ਹੈ ਮੁਹਤਾਜ ਮੇਰੇ ਚਾਨਣ ਦਾ । ਹੁਣ ਮੇਰੇ ਦਰ ਤੇ ਤੜਪਦੇ ਨੇ ਧਰਮਰਾਜ ਕਈ। ਵੇਚਦੇ ਕੌਮ ਨੇ ਆਰਾਮ ਦੀ ਰੋਟੀ ਦੇ ਲਈ ; ਰੋਜ਼ ਹਰ ਹਟ ਤੇ ਵਿਕਦਾ ਏ ਧਰਮ, ਰੋਜ਼ ਖੁਦਾ; ਮਿਹਨਤੀ ਰੋਜ਼ ਲਹੂ ਵੇਚ ਕੇ ਰਹਿ ਜਾਂਦਾ ਏ । ਕੋਈ ਕਰਦਾ ਹੀ ਨਹੀਂ ਅਪਣੇ ਗੁਨਾਹਾਂ ਤੇ ਵਿਚਾਰ - ਅਪਣੇ ਕਰਮ ਠੀਕ ਨੇ ਸਭ- ਮੈਂ ਹੀ ਬਦਨਾਮ ਹਾਂ ਕਿਉਂ ? ਪਾਸ ਜੋ ਕੁਝ ਹੈ ਮੇਰੇ ਉਸ ਨੂੰ ਮੈਂ ਵੇਚਾਂ ਕਿਉਂ ਨਾ ਅਪਣੇ ਗੁਜ਼ਾਰੇ ਦੇ ਲਈ ? ਰੂਪ ਦੀ ਜੋਤ ਹੈ ਬਸ ਮੇਰੇ ਸਹਾਰੇ ਦੇ ਲਈ । ਵੇਸਵਾ ਬਣ ਕੇ ਬਣੀ ਸਭ ਦੀ ਮੈਂ ਫੂਲਾਂ-ਰਾਣੀ ! ਸੈਂਕੜੇ ਖਾਲੀ ਨੇ ਹੁਣ ਦਿਲ ਦੇ ਤਖ਼ਤ ਮੇਰੇ ਲਈ ; ਹੁਣ ਮੇਰੀ ਸੁਰ ਨੂੰ ਵਿਲਕਦੇ ਨੇ ਨਵੇਂ ਸਾਜ਼ ਕਈ- ਹੁਣ ਮੇਰੇ ਦਰ ਤੇ ਤੜਪਦੇ ਨੇ ਧਰਮਰਾਜ ਕਈ ।
23. ਮਜਬੂਰੀ
ਤੇਰਾ ਮੇਰਾ ਪਿਆਰ ਇਹ ਲੁਕਿਆ ਰਹੇ, ਦੱਬਿਆ ਰਹੇ, ਉਸ ਜਵਾਲਾ ਵਾਂਗ ਜੋ ਪਹਾੜਾਂ ਦੀ ਹਨੇਰੀ ਗ਼ਾਰ ਵਿਚ । ਪਿਆਰ ਵੀ ਲੁਕਿਆ ਰਹੇ ਜਿਸ ਤਰ੍ਹਾਂ ਲੱਕੜ 'ਚ ਘੁਣ ; ਮੇਰੇ ਅੰਦਰ ਨੂੰ ਸਦਾ ਖਾਂਦਾ ਰਹੇ, ਇਸ ਦੀ ਕੁਝ ਪਰਵਾਹ ਨਹੀਂ । ਮੇਰਾ ਹਾਸਾ, ਮੇਰਾ ਸੁਖ ਜਾਂਦਾ ਰਹੇ ਜਿਸ ਤਰ੍ਹਾਂ ਇਕ ਫੁਲ ਖਿੜਿਆ ਹੀ ਨਹੀਂ, ਜਿਸ ਤਰ੍ਹਾਂ ਮੈਨੂੰ ਨਹੀਂ ਹੱਸਣ ਦੀ ਜਾਚ । ਜ਼ਿੰਦਗੀ ਭੁਰ ਭੁਰ ਕੇ ਇਕ ਬੂਰਾ ਬਣੇ; ਪਿਆਰ ਦਾ ਘੁਣ ਲੱਖਾਂ ਆਸਾਂ ਦਾ ਸ਼ਤੀਰ ਅੰਦਰੋ ਅੰਦਰ ਸਦਾ ਖਾਂਦਾ ਰਹੇ । ਅੰਗ ਹਰ ਖੁਰਦਾ ਰਹੇ, ਗਲਦਾ ਰਹੇ ਸਾਰਾ ਬਦਨ, ਪਿਆਰ ਤੇਰਾ ਪਰ ਸਦਾ ਲੁਕਿਆ ਰਹੇ ! ਤੇਰਾ ਮੇਰਾ ਪਿਆਰ ਇਹ ਲੁਕਿਆ ਰਹੇ ਜਿਸ ਤਰਾਂ ਲੁਕਿਆ ਰਿਹਾ ਹੁਣ ਤਕ ਖ਼ੁਦਾ । ਮੁਸਕਾਉਂਦੀ ਹੁਣ ਨਾ ਆਇਆ ਕਰ ਕਦੀ । ਅਪਣੇ ਨੈਣਾਂ ਨੂੰ ਬਚਾ ਜ਼ਾਹਰ ਹੋ ਜਾਏ ਨਾ ਕੁਝ ਬਾਜ਼ਾਰ ਵਿਚ । ਫੇਰ ਤੇਰੇ ਘਰ ਨਾ ਲਗ ਜਾਏ ਪਤਾ, ਤੇਰਾ ਕੁਝ ਜਾਣਾ ਨਹੀਂ, ਮੇਰਾ ਘਰ ਬਰਬਾਦ ਹੋ ਜਾਏਗਾ ਸਭ । ਇਸ ਲਈ ਚਾਹੁੰਦਾ ਹਾਂ ਮੈਂ ਲੁਕਿਆ ਰਹੇ, ਤੇਰਾ ਮੇਰਾ ਪਿਆਰ ਇਹ ਲੁਕਿਆ ਰਹੇ ਦਿੱਕ ਦੇ ਜਿੱਦਾਂ ਕਟਾਣੂੰ ਖੂਨ ਵਿਚ । ਹੌਲੀ ਹੌਲੀ ਜਿਸਮ ਇਕ ਪਿੰਜਰ ਬਣੇ; ਪਿਆਰ ਤੇਰਾ ਵੀ ਜਰਾਸੀਮਾਂ ਦੇ ਵਾਂਗ ਚਾਹੇ ਮੇਰੀ ਖੂਬ ਬਰਬਾਦੀ ਕਰੇ, ਇਸ ਦੀ ਕੁਝ ਪਰਵਾਹ ਨਹੀਂ। ਜ਼ਾਹਰ ਨਾ ਹੋਵੇ ਮੁਹੱਬਤ ਪਰ ਤੇਰੀ, ਤੇਰਾ ਕੁਝ ਜਾਣਾ ਨਹੀਂ ; ਮੇਰੇ ਘਰ ਰੋਟੀ ਨਹੀਂ, ਦਾਣਾ ਨਹੀਂ ; ਨੌਕਰੀ ਤੇਰੀ, ਤੇਰੇ ਸਰਦਾਰ ਦੀ ਜਿਸ ਤੇ ਬਸ ਜੀਂਦਾ ਹਾਂ ਮੈਂ ; ਫੇਰ ਜੀਂਦਾ ਏ ਮੇਰਾ ਘਰ ਬਾਰ ਵੀ । ਜਿਸ ਲਈ ਕੀਤੀ ਸੀ ਵਾਲਾਂ ਦੀ ਤਰੀਫ਼, ਜਿਸ ਲਈ ਤੇਰਾ ਸਲਾਹਿਆ ਮੈਂ ਬਦਨ, ਤੇਰੇ ਕਜਲੇ ਨੂੰ ਕਦੀ ਜਾਦੂ ਕਿਹਾ, ਅੱਖ ਤੋਂ ਵਾਰੇ ਗਏ ਜੀਵਨ-ਜਹਾਜ਼, ਤੋਰ ਤੋਂ ਘੋਲੇ ਗਏ ਮੋਰਾਂ ਦੇ ਦਿਲ, ਮੋਰਾਂ ਦੀਆਂ ਪੈਲਾਂ ਵੀ ਸਭ, ਜਿਸ ਲਈ ਸਭ ਕੁਝ ਮੈਂ ਇਹ ਕਰਦਾ ਰਿਹਾ, ਆਸ ਉਹ ਹੋਈ ਨਹੀਂ ਪੂਰੀ ਅਜੇ ! ਇਸ ਲਈ ਕਹਿੰਦਾ ਹਾਂ ਮੈਂ ਲੁਕਿਆ ਰਹੇ, ਪਿਆਰ ਇਹ ਲੁਕਿਆ ਰਹੇ, ਰਹਿਮ ਇਹ ਲੁਕਿਆ ਰਹੇ, ਤੇਰੇ ਦਿਲ ਵਿਚ ਜੋ ਵੀ ਏ ਮੇਰੇ ਲਈ । ਮੁਸਕ੍ਰਾਉਂਦੀ ਹੁਣ ਨਾ ਆਇਆ ਕਰ ਕਦੀ, ਅਪਣੇ ਨੈਣਾਂ ਨੂੰ ਲੁਕਾ ਕੇ ਰਖ ਅਜੇ । ਬੁਝ ਨਹੀਂ ਸੱਕੀ ਅਜੇ ਅੰਗਾਂ ਦੀ ਪਿਆਸ ! ਜ਼ਖ਼ਮ ਇਹ ਲੁਕਿਆ ਰਹੇ, ਦਾਗ਼ ਇਹ ਲੁਕਿਆ ਰਹੇ । ਕੋਹੜ ਵਾਂਗੂ ਬਾਹਰ ਨਾ ਆਏ ਨਜ਼ਰ, ਪਿਆਰ ਇਹ ਲੁਕਿਆ ਰਹੇ । ਪਿਆਰ ਤੇਰਾ ਵੀ ਜਰਾਸੀਮਾਂ ਦੇ ਵਾਂਗ, ਸਿੱਲ ਦੇ ਮਾਰੂ ਜਰਾਸੀਮਾਂ ਦੇ ਵਾਂਗ, ਜ਼ਿੰਦਗੀ ਖਾਂਦਾ ਰਹੇ ! ਹਾਏ ਪਰ ਰੋਟੀ ਵੀ ਮੈਂ ਖਾਂਦਾ ਰਹਾਂ ।
24. ਗਰਮੀ
ਲੱਖ ਯੋਜਨ ਹੇਠਾਂ ਅੱਜ ਆਣ ਕੇ ਸੂਰਜ ਦੇਵ ਅਗਨੀ ਕੁੰਡ 'ਚੋਂ ਲੈ ਕੇ ਮਾਰੇ ਸੜਦੇ ਤੀਰ ; ਇਕ ਇਕ ਨੋਕ ਰਹੀ ਏ ਧਰਤੀ ਦਾ ਦਿਲ ਚੀਰ, ਧਰਤੀ ਦਾ ਸੀਨਾ ਪਰ ਤਾਂ ਵੀ ਸਬਰ ਕਰੇ, ਹੋਈ ਇਸ ਅਗਨੀ ਤੋਂ ਤਾਂਬਾ ਰੰਗ ਜ਼ਮੀਨ । ਵਰ੍ਹਦੀ ਜਵਾਲਾ ਏ ਪਰ ਖੇਤੀ ਵਾਹੁਣ 'ਚ ਲੀਨ ਹੁਣ ਵੀ ਹੈਨ ਕਿਸਾਨ, ਸਾਡੀ ਕਾਇਆਂ ਦੇ ਇਹ ਜੀਵਨ ਰੂਪ ਪਰਾਣ; ਅਗਨੀ ਦੇ ਦਰਿਆ 'ਚੋਂ ਬੇੜੀ ਹਲ ਲੈ ਕੇ ਮਾਨਵਤਾ ਦੀ ਖਾਤਰ ਡੁਬਦੇ ਤਰਦੇ ਜਾਣ । ਮੈਂ ਬੇਦਰਦ ਇਨਸਾਨ ਬਰਫ਼ਾਂ ਤੇ ਪਖਿਆਂ ਵਿਚ ਆਖਾਂ ਖੋਲ੍ਹ ਜ਼ਬਾਨ : ਅਜ ਅਤਿ ਗਰਮੀ ਏ ! ਇਸ ਅਤਿ ਗਰਮੀ ਦੇ ਵਿਚ ਕਿੰਨੇ ਵੀਰ ਲੁਹਾਰ ਭੱਠੀ ਨਰਕ 'ਚ ਅਪਣੀ ਜਾਨ ਰਹੇ ਨੇ ਗਾਲ ; ਵਰ੍ਹਦੇ ਅੰਗਿਆਰਾਂ ਵਿਚ ਕਿੰਨੇ ਮਹਿਲ ਉਸਾਰ ਸਾੜ ਰਹੇ ਨੇ ਅਪਣੀ ਜੀਵਨ ਰੂਪ ਬਹਾਰ, ਮਿੱਲਾਂ ਦੀ ਭੱਠੀ ਵਿਚ ਅਪਣਾ ਖੂਨ ਨਚੋੜ, ਫਾਕੇ ਦੇ ਸੜਦੇ ਦਰਿਆ ਵਿਚ ਬੇੜੀ ਰੋੜ੍ਹ ! ਬੂਟੇ ਤੋੜ ਰਹੇ ਨੇ ਧੁੱਪਾਂ ਦੇ ਤੂਫ਼ਾਨ ; ਹੜ ਪਰਸੀਨੇ ਦੇ ਰੋੜ੍ਹਨ ਸਬਰਾਂ ਦੇ ਸ਼ਹਿਰ । ਧਰਤੀ ਆਕਾਸ਼ਾਂ ਦੇ ਮਿਹਨਤ ਜ਼ੁਲਮ ਜਰੇ ; ਕਿਰਤੀ ਦਾ ਦਿਲ ਤਾਂ ਵੀ ਹਰਦਮ ਸਬਰ ਕਰੇ। ਪਰ ਮੈਂ ਠੰਢੀਆਂ ਛਾਵਾਂ ਠੰਢੀਆਂ ਥਾਵਾਂ ਤੇ ਆਖ ਰਿਹਾ ਹਾਂ, ਅਜ ਕਿੰਨੀ ਅੱਤ ਗਰਮੀਏਂ ! ਭਾਲੀ ਅੰਦਰ ਦੇ ਸਾੜੇ ਦੀ ਦਵਾਈ ਨਾ : ਦਿਲ ਵਿਚ ਅਪਣੇ ਸੀਤਲ ਦਰਦ ਵਸਾਈ ਨਾ । ਨਫਸ ਦੀ ਗਰਮੀ ਨੇ ਖੋਜੀ ਨਾ ਹਵਾ ਕਿਧਰੇ, ਦੱਬੀ ਅਗਨੀ ਦਾ ਕਿਉਂ ਜਾਂਵਦਾ ਤਾ ਕਿਧਰੇ ? ਅਪਣੇ ਹੀ ਗੁੱਸੇ ਦਾ ਆਤਸ਼ਗੀਰ ਪਹਾੜ ਨਿਸ ਦਿਨ ਫਟਦਾ ਏ, ਜਾਂਦਾ ਏ ਜੀਵਨ ਸਾੜ ; ਅਪਣੇ ਹੀ ਨੈਣਾਂ ਦੇ ਮਘਦੇ ਮਘਦੇ ਤੀਰ ਜਾਵਣ ਸਬਰ ਸਿਦਕ ਦੀ ਕੋਮਲ ਆਸ਼ਾ ਚੀਰ ; ਆਪੇ ਘਰ ਅਪਣੇ ਨੂੰ ਦੋਜ਼ਖ਼ ਦੀ ਅੱਗ ਠੇਲ੍ਹ, ਆਪੇ ਆਖ ਰਿਹਾ ਹਾਂ : ਅਜ ਅੱਤ ਗਰਮੀ ਏ । ਅੱਤ ਗਰਮੀ ਤੋਂ ਬਾਦ ਮੰਗ-ਕਿਸਾਨਾਂ ਦੀ ਆ ਸਕਦੀ ਏ ਬਰਸਾਤ । ਜ਼ੁਲਮ ਦੇ ਦਿਨ ਦੀ ਵੀ ਹੋ ਸਕਦੀ ਏ ਆਖ਼ਰ ਰਾਤ । ਧਨੀਆਂ ਦੀ ਅਗਨੀ ਤੋਂ ਇਕ ਦਿਨ ਇਹ ਮਜ਼ਦੂਰ ਹੋ ਸਕਦੇ ਹਨ ਦੂਰ । ਪਰੀਵਰਤਨ ਹੋ ਕੇ ਜਗ ਹੋ ਸਕਦਾ ਏ ਹੋਰ, ਪਰ ਕੀ ਬਦਲੇਗੀ ਦਿਲ ਦੇ ਸਾੜੇ ਦੀ ਤੋਰ ? ਮੇਰੀ ਗਰਮੀ ਵਿਚ ਆਏਗੀ ਠੰਢ ਕਦੀ ? ਮੇਰੇ ਭਾਗਾਂ ਵਿਚ ਖਬਰੇ ਬਰਸਾਤ ਨਹੀਂ। ਜੀਵਨ ਤਕ ਆਖਾਂਗਾ : ਅਜ ਅੱਤ ਗਰਮੀ ਏ ।
25. ਰੱਬ ਦਾ ਹੁਕਮ(ਫ਼ਰਿਸ਼ਤਿਆਂ ਨੂੰ)
(ਕੌਮਾਂਤਰੀ ਕਵੀ ਇਕਬਾਲ ਦੀ ਕਵਿਤਾ ਦਾ ਅਨੁਵਾਦ) ਉਠੋ, ਮੇਰੀ ਦੁਨੀਆਂ ਦੇ ਗ਼ਰੀਬਾਂ ਨੂੰ ਜਗਾਓ; ਧਨੀਆਂ ਦਿਆਂ ਮਹਿਲਾਂ ਦੇ ਬੂਹੇ, ਕੰਧਾਂ ਹਿਲਾਓ । ਗਰਮਾ ਦਿਓ ਦਾਸਾਂ ਦਾ ਲਹੂ ਸੋਜ਼-ਸਿਦਕ ਨਾਲ; ਸੰਗ ਬਾਜ਼ਾਂ ਦੇ ਬੇਤਾਣੀਆਂ ਚਿੜੀਆਂ ਨੂੰ ਲੜਾਓ । ਖ਼ਲਕਤ ਦੀ ਹਕੂਮਤ ਦਾ ਦਾ ਸਮਾਂ ਆਇਆ ਏ ਨੇੜੇ ਜੋ ਚਿੰਨ੍ਹ ਪੁਰਾਣਾ ਨਜ਼ਰ ਆਉਂਦਾ ਏ ਮਿਟਾਓ । ਜਿਸ ਖੇਤ 'ਚੋਂ ਲੱਭੇ ਨ ਕਿਸਾਨਾਂ ਨੂੰ ਹੀ ਰੋਟੀ ਉਸ ਖੇਤ ਦੇ ਹਰ ਕਣਕ ਦੇ ਸਿੱਟੇ ਨੂੰ ਜਲਾਓ । ਕਿਉਂ ਰੱਬ ਤੇ ਲੋਕਾਂ 'ਚ ਰਹੇ ਪਰਦਾ ਹੀ ਤਣਿਆ ? ਹੁਣ ਗਿਰਜੇ 'ਚੋਂ ਗਿਰਜੇ ਦੇ ਮਹੰਤਾਂ ਨੂੰ ਉਠਾਓ । ਕੀ ਬੁੱਤ ਦੇ ਗੇੜੇ ਨੇ ਤੇ ਕੀ ਹੱਕ ਨੂੰ ਸਲਾਮਾਂ ? ਚੰਗਾ ਏ ਸ਼ਮ੍ਹਾ ਮੱਕੇ ਤੇ ਮੰਦਰ ਦੀ ਬੁਝਾਓ । ਮੈਂ ਦੂਧੀਆ ਪੱਥਰ ਤੇ ਕੋਈ ਖ਼ੁਸ਼ ਤਾਂ ਨਹੀਂ ਹਾਂ, ਘਰ ਮਿੱਟੀ ਦਾ ਮੇਰੇ ਲਈ ਕੋਈ ਹੋਰ ਬਣਾਓ । ਤਹਿਜ਼ੀਬ ਨਵੀਂ ਕਾਰ ਹੈ ਬਸ ਸ਼ੀਸ਼ਾਗਰਾਂ ਦੀ; ਵਹਿਸ਼ਤ ਦਾ ਅਦਬ ਪੂਰਬੀ ਕਵੀਆਂ ਨੂੰ ਸਿਖਾਓ ।
26. ਸਮਾਜ ਦਾ ਬੁੱਤ
ਕੋਈ ਹੁਣ ਮੈਨੂੰ ਆਣ ਮਿਟਾਏ ! ਦਿਲ ਚਾਹੁੰਦਾ ਏ ਆਖ ਦਿਆਂ ਸਭ ਧੁਰ ਅੰਦਰ ਦੇ ਸਾਏ, ਜ਼ਮਾਨਾ ਮੁੜ ਆਏ ਨਾ ਆਏ । ਦਿਲ ਕਰਦਾ ਹੈ ਪੱਥਰ-ਰੇਖਾ ਮੋਮ ਬਣੇ ਵਗ ਜਾਏ, ਕਦੋਂ ਤਕ ਕੈਦੀ ਰੂਹ ਘਬਰਾਏ ? ਲਖ ਸਮਿਆਂ ਦੇ ਪਾਣੀ ਬਦਲੇ, ਸਾਗਰ ਦੀ ਤਹਿ ਬਦਲੀ, ਨਾਚਾਂ ਦਾ ਹਰ ਤਾਲ ਬਦਲਿਆ, ਰਾਗਾਂ ਦੀ ਲੈ ਬਦਲੀ, ਅਜੇ ਤਕ ਹੋਸ਼ ਨਾ ਮੈਨੂੰ ਆਏ । ਸਨਮੁਖ ਮੇਰੇ ਲੱਖਾਂ ਪ੍ਰੇਮੀ ਤੜਪ ਤੜਪ ਕੇ ਮੋਏ ! ਚੁਪ ਮੇਰੀ ਨੇ ਖੂਬ ਮਿਟਾਇਆ ਉਹ ਕਿਸਮਤ ਨੂੰ ਰੋਏ । ਰੋਸ਼ਨੀਆਂ ਪੀ ਪੀ ਕੇ ਆਏ ਹਸਦੇ ਹਸਦੇ ਤਾਰੇ, ਗਏ ਉਮੀਦਾਂ ਤੋੜ ਕੇ ਆਖਰ ਮੇਰੇ ਸੰਗ-ਦਵਾਰੇ । ਮੈਂ ਖਬਰੇ ਲੱਖਾਂ ਦੀਪ ਬੁਝਾਏ - ਕੋਈ ਹੁਣ ਮੈਨੂੰ ਆਣ ਮਿਟਾਏ ! ਦਰਦ-ਭਰੇ ਗੀਤਾਂ ਦੀ ਭੇਟਾ ਕੀਤਾ ਨਾ ਇਕ ਮੋਤੀ ; ਲਾਹਨਤ ਨੂਰ ਖੁਦਾਈ ਮੇਰੀ ! ਲਾਹਨਤ ਮੇਰੀ ਜੋਤੀ ! ਬੇਗਿਣ ਰੇਸ਼ਮੀ ਖੁਲ੍ਹੀਆਂ ਜ਼ੁਲਫ਼ਾਂ ਰਾਹ ਮੇਰੇ ਵਿਚ ਰੁਲੀਆਂ, ਦਰਦ ਮੁਹੱਬਤ ਭਰੀਆਂ ਸਨਮੁਖ ਲਖ ਅਦਾਵਾਂ ਡੁਲ੍ਹੀਆਂ, ਅਧੀ ਅਧੀ ਰਾਤੀਂ ਕੋਮਲ ਹੱਥਾਂ ਮੈਨੂੰ ਆਣ ਮਨਾਇਆ, ਕਿਸੇ ਵਿਲਕਣੀ ਤੇ ਪਰ ਮੈਨੂੰ ਤਰਸ ਕਦੀ ਨਾ ਆਇਆ, ਪਿਆਰ ਦੇ ਲਟ ਲਟ ਕਰਦੇ ਸ਼ੋਲ੍ਹੇ ਮੈਂ ਦਿਨ ਰਾਤ ਬੁਝਾਏ। ਕੋਈ ਹੁਣ ਮੈਨੂੰ ਆਣ ਮਿਟਾਏ ! ਤੋੜ ਤੋੜ ਕੇ ਪਰੀਆਂ ਦੇ ਪਰ ਪੀਤੇ ਖੂਨ ਪਿਆਲੇ, ਅਪਣੇ ਕਾਲੇ ਖੂਹ ਅੰਦਰ ਮੈਂ ਲਖ ਫਰਿਸ਼ਤੇ ਗਾਲੇ, ਸਾਗਰ-ਮੌਤ 'ਚ ਮੈਂ ਡੋਬੀ ਹੈ ਹਰ ਸੁਪਨੇ ਦੀ ਬੇੜੀ, ਮੇਰੇ ਕੂੜ-ਪੁਜਾਰੀ ਜਗ ਵਿਚ ਛਡੀ ਕਸਰ ਹੈ ਕਿਹੜੀ ? ਲਗਦੀ ਰਹੀ ਪਿਆਸ ਵਧੇਰੇ ਪੀ ਪੀ ਬੁਲ੍ਹ-ਸੁਰਾਹੀਆਂ ; ਲੁਕੀਆਂ ਹੀ ਰਹੀਆਂ ਹਰ ਵੇਲੇ ਹਾਸੇ ਹੇਠ ਤਬਾਹੀਆਂ । ਭਾਈ ਨਹੀਂ ਅਜ਼ਾਦੀ ਮੈਨੂੰ ਲਖ ਕੋਈ ਪਰ ਤੋੜੇ ; ਮੇਰੀ ਹੀ ਦੀਵਾਰ ਨੇ ਲੱਖਾਂ ਮਿਲਣ ਨਾ ਦਿਤੇ ਜੋੜੇ ! ਹੋਣ ਨਾ ਦਿੱਤੀ ਮੈਂ ਦੁਨੀਆ ਦੇ ਜੀਵਨ ਵਿਚ ਰੁਸ਼ਨਾਈ, ਪਰ ਮੇਰੇ ਤਕ ਗੁਰਜ ਕਿਸੇ ਦੀ ਤਲਖ ਅਵਾਜ਼ ਨਾ ਆਈ ! ਮਨ ਕਹਿੰਦਾ ਏ ਧੁਰ ਅੰਦਰ ਦੇ ਚੀਰ ਕੇ ਰਖ ਦੇ ਸਾਏ, ਜ਼ਮਾਨਾ ਮੁੜ ਆਏ ਨਾ ਆਏ । ਕੋਈ ਹੁਣ ਮੈਨੂੰ ਆਣ ਮਿਟਾਏ !
27. ਕਦਰ
(ਮਹਾਂ ਕਵੀ ਇਕਬਾਲ ਦੀ ਕਬਰ ਉਤੇ ਲਾਉਣ ਵਾਸਤੇ, ਕਾਬਲ ਦੀ ਹਕੂਮਤ ਨੇ ਆਪਣਾ ਚਾਲੂ ਤਿੰਨ ਲੱਖ ਸਿੱਕਾ ਖਰਚ ਕੇ ਤੇ ਅਫ਼ਗ਼ਾਨਿਸਤਾਨ ਦੇ ਅਤਿ ਉੱਚੇ ਹੁਨਰਵੰਦਾਂ ਕੋਲੋਂ ਬਣਵਾ ਕੇ, ਅਤਿ ਸੁਹਣੇ ਪੱਥਰ ਭੇਜੇ ਸਨ । ਇਹ ਗਲ ਸੁਣ ਕੇ ਹੇਠਲੀ ਕਵਿਤਾ ਵਜੂਦ ਵਿਚ ਆਈ ।) ਜਿਗਰ 'ਚੋਂ ਉਮਡੀ ਏ ਪੱਥਰ ਦੇ ਇੰਜ ਕਦਰਦਾਨੀ, ਨਿਕਲ ਪਿਆ ਏ 'ਫਰੀਕਾ ਦੀ ਅੱਗ 'ਚੋਂ ਪਾਣੀ । ਕਦਰ ਕਵੀ ਦੀ ਨਾ ਜਦ ਅਪਣੇ ਦੇਸ਼ ਨੇ ਜਾਣੀ, ਤਾਂ ਲੈ ਕੇ ਆਇਆ ਹੈ ਸ਼ਰਧਾ ਪਿਆਰ ਅਫ਼ਗ਼ਾਨੀ । ਮੁਲਕ 'ਚ ਲਾਜ ਨਹੀਂ ਜਦ ਕਫਨ ਕਵੀ ਦੇ ਲਈ ! ਕਦੋਂ ਇਹ ਤੜਪੇਗਾ ਪੱਥਰ ਕਿਸੇ ਖੁਦੀ ਦੇ ਲਈ ? ਕੋਈ ਚੁਕਾਏਗਾ ਕੀ ਇਸ ਅਹਿਸਾਨ ਦਾ ਬਦਲਾ ? ਰਹੇਗਾ ਹਿੰਦ ਦੇ ਸਿਰ ਤੇ ਅਹਿਸਾਨ ਕਾਬਲ ਦਾ । ਉਹ ਜਿਸ ਨੇ ਮੁਰਦਾ ਮੁਲਕ ਨੂੰ ਜਗਾਇਆ ਦਿਨ ਰਾਤੀਂ, ਉਹ ਨਗ਼ਮਾ ਨੂਰ ਦਾ ਜਿਸ ਨੇ ਸੁਣਾਇਆ ਦਿਨ ਰਾਤੀਂ, ਉਹ ਜਿਸ ਦੀ ਖ਼ਾਕ ਨੇ ਕੀਤੀ ਹੈ ਤਾਰਿਆਂ ਤੇ ਜਿਲਾ, ਉਹ ਜਿਸ ਦੀ ਜ਼ਿੰਦਾ ਖ਼ੁਦੀ ਨੇ ਮਨਾਇਆ ਏ ਖ਼ੁਦਾ, ਬਲੰਦ ਕੀਤਾ ਏ ਜਿਸ ਨੇ ਮੁਲਕ ਦਾ ਸਿਰ ਆਖਰ, ਰਹੇਂਗਾ ਓਸ ਤੋਂ ਗਾਫ਼ਲ ਤੂੰ ਕਿੰਨਾ ਚਿਰ ਆਖਰ ? ਕਵੀ ਤੇ ਕਰ ਗਏ ਪਰਦਾ ਕਦਰ ਦਾ ਅਫ਼ਗ਼ਾਨੀ ; ਅਜ਼ਾਦੀਆਂ 'ਚ ਹੈ ਜ਼ਿੰਦਾ ਅਜੇ ਮੁਸਲਮਾਨੀ । ਰਹੇਗੀ ਦੇਸ ਤੇਰੀ ਆਨ ਪਰ ਹਰਨ ਕਦ ਤਕ ? ਜਗੂ ਨਾ ਕਦਰ ਦੀ ਜੋੜੀ ਤੋਂ ਤੇਰਾ ਮਨ ਕਦ ਤਕ ? ਕੋਈ ਨਾ ਨਿਕਲਿਆ ਖੁੱਦਾਰ ਅਪਣੀ ਮਹਿਫਲ 'ਚੋਂ, ਖ਼ੁਦੀ ਦੀ ਜੋਤ ਜਗੀ ਪਰ ਪਹਾੜ ਦੇ ਦਿਲ 'ਚੋਂ । ਉਹ ਜਿਸ ਨੇ ਜ਼ਿੰਦਗੀ ਲਾਈ ਮਨੁੱਖਤਾ ਦੇ ਲਈ, ਉਹ ਦੇਵਤਾ ਜੋ ਕਿ ਆਇਆ ਸੀ ਏਸ਼ੀਆ ਦੇ ਲਈ, ਉਹ ਜਿਸ ਦੀ ਤੜਪ ਹਮੇਸ਼ਾਂ ਏ ਜ਼ਿੰਦਗੀ ਦੇ ਲਈ, ਸਦਾ ਹੀ ਖੂਨ ਛਿਣਕਿਆ ਹੈ ਆਦਮੀ ਦੇ ਲਈ। ਬੜਾ ਅਸਾਨ ਹੈ ਮਸ਼ਹੂਰ ਚੰਦ, ਰਵੀ ਹੋਣਾ ; ਬੜਾ ਮੁਹਾਲ ਹੈ ਪਰ ਫ਼ਲਸਫ਼ੀ ਕਵੀ ਹੋਣਾ । ਚਿਰਾਂ ਤੋਂ ਬਾਦ ਹੀ ਇਕਬਾਲ ਆਏਗਾ ਸ਼ਾਇਦ, ਇਹ ਹਿੰਦ ਫੇਰ ਵੀ ਨਾ ਕਦਰ ਪਾਏਗਾ ਸ਼ਾਇਦ ! ਜ਼ਬਾਨ ਅਪਣੀ ਏ ਫੋਕੀ ਕਹਾਣੀਆਂ ਦੇ ਲਈ ; ਅਮਲ ਤਾਂ ਮੌਤ ਹੈ ਬਸ ਹਿੰਦੀ-ਬਾਣੀਆਂ ਦੇ ਲਈ !
28. ਰੂਸ
ਸੀ ਯੁੱਗਾਂ ਤੋਂ ਕਲਪਨਾ ਇਨਸਾਨ ਦੀ । ਕਲਪਨਾ ਅਗਨੀ ਹੈ ਉਹ ਜਨਮ ਦਿੰਦੀ ਏ ਤਰੱਕੀ ਦੀ ਜੋ ਹਰ ਇਕ ਲਾਟ ਨੂੰ ; ਕਲਪਨਾ ਸੋਤਾ ਹੈ ਜਿਸ 'ਚੋਂ ਰਾਤ ਦਿਨ ਵਗ ਰਹੇ ਨੇ ਨਿਤ ਨਵੇਂ ਦਰਿਆ ਕਈ, ਹੁੰਦੇ ਰਹਿੰਦੇ ਨੇ ਅਬਾਦ ਕਾਲੇ ਮਾਰੂ-ਥਲ ਕਈ, ਜੰਗਲ ਕਈ । ਕਲਪਨਾ ਮੰਜ਼ਲ 'ਚ ਹੈ ਐਸੀ ਕਸ਼ਿਸ਼ ਖਿੱਚਦੀ ਰਹਿੰਦੀ ਏ ਜੋ ਦਿਲ ਨੂੰ ਸਦਾ, ਪੈਰ ਉਠਦੇ ਨੇ ਅਮਲ ਦੇ ਰਾਹ ਤੇ, ਕਰਮ ਨੂੰ ਫਿਰ ਰੋਕ ਦੀ ਪਰਵਾਹ ਨਹੀਂ, ਰੋਕਦਾ ਰਸਤਾ ਕੋਈ ਦਰਿਆ ਨਹੀਂ । ਕਲਪਨਾ ਅਗਨੀ ਹੈ ਉਹ ਮੁਸ਼ਕਲਾਂ ਨੂੰ, ਬੰਧਨਾਂ ਨੂੰ ਫੂਕਦੀ ਤੁਰਦੀ ਰਹਿੰਦੀ ਏ ਸੁਨਹਿਰੀ ਸੁਪਨ ਦੇ ਪਰਕਾਸ਼ ਵਿਚ । ਸੀ ਯੁਗਾਂ ਤੋਂ ਕਲਪਨਾ ਇਨਸਾਨ ਦੀ : ਐਸਾ ਇਕ ਹੋਵੇ ਬਹਿਸ਼ਤ ਜਿਸ 'ਚ ਹੋਵੇ ਆਦਮੀ ਹਰ ਆਦਮੀ ; ਕੁਹਜ ਨਾ ਆਏ ਨਜ਼ਰ, ਭੁੱਖ ਨਾ ਆਏ ਨਜ਼ਰ, ਰੂਹ ਨਾ ਪਿਆਸੀ ਰਹੇ । ਆਤਮਾ ਨਾ ਲੋੜ ਤੋਂ ਹੋਵੇ ਉਦਾਸ । ਆਏ ਕੋਈ ਆਸ ਨਾ ਮਰਦੀ ਨਜ਼ਰ । ਨਾ ਕੋਈ ਵੇਚੇ ਜ਼ਮੀਰ । ਨਜ਼ਰ ਨਾ ਆਏ ਕਿਤੇ ਕੋਈ ਫ਼ਕੀਰ । ਹੱਕ ਦੇ ਸੂਰਜ ਨੂੰ ਨਾ ਉੱਚੇ ਮਕਾਨ ਰੋਕ ਰੱਖਣ ਝੁੱਗੀਆਂ ਵਲ ਜਾਣ ਤੋਂ। ਕੋਈ ਬੀਜੇ, ਫਲ ਨਾ ਖਾ ਜਾਏ ਕੋਈ; ਰਾਜ ਹੋਵੇ ਆਦਮੀਅਤ ਦਾ ਸਦਾ । ਸੀ ਯੁਗਾਂ ਤੋਂ ਕਲਪਨਾ ਇਨਸਾਨ ਦੀ: ਐਸਾ ਇਕ ਹੋਵੇ ਬਹਿਸ਼ਤ ਜਿਸ 'ਚ ਹੋਵੇ ਆਦਮੀ, ਹਰ ਆਦਮੀ । ਇਸ ਲਈ ਅਵਤਾਰ ਵੀ ਆਏ ਕਈ, ਲੈ ਕੇ ਪਰ ਤਲਵਾਰ ਵੀ ਆਏ ਕਈ, ਆਦਮੀ ਦੀ ਕਲਪਨਾ ਦਾ ਇਹ ਬਹਿਸ਼ਤ ਅੰਬਰਾਂ ਵਿਚ ਜਾਂ ਦਮਾਗ਼ਾਂ ਵਿਚ ਰਿਹਾ । ‘ਮਾਰਕਸ' ਵਿਚ ਫੇਰ ਜਾਗੀ ਕਲਪਨਾ। ਸੋਚਿਆ ਉਸ ਨੇ ਕਿ ਹਰ ਇਕ ਕਲਪਨਾ ਪੂਰੀ ਹੋਈ ਏ ਸਦਾ ਇਨਸਾਨ ਦੀ ਪਰ ਅਧੂਰੀ ਇਹ ਅਜੇ ਤਕ ਕਿਉਂ ਰਹੀ ? ਭੁੱਖ ਦਾ ਇਲਾਜ ਨਾ ਕੀਤਾ ਕਦੀ, ਪੇਟ ਦੇ ਦੁਖ ਦੀ ਬਣਾਈ ਨਾ ਦਵਾ । ਖ਼ੂਬ ਹੀ ਖਾਂਦਾ ਰਿਹਾ ਜਗ ਨੂੰ ਵਪਾਰ, ਖੂਬ ਰਤ ਪੀਂਦਾ ਰਿਹਾ ਜ਼ਾਲਮ ਵਿਆਜ । ਪੈਣ ਨਾ ਦਿਤਾ ਸਚਾਈ ਦਾ ਰਵਾਜ ਲੱਛਮੀ ਦੇ ਪੁੱਤਰਾਂ ਨੇ ਹੀ ਸਦਾ । ਧਰਮ ਦਾ ਹਥਿਆਰ ਲੈ ਕੇ ਧਨ-ਕੁਬੇਰ ਆਮ ਖ਼ਲਕਤ ਦੇ ਗਲੇ ਕਟਦਾ ਰਿਹਾ ਕਿਸ ਤਰ੍ਹਾਂ ਬਣਦਾ ਬਹਿਸ਼ਤ ? ਆਦਮੀ ਨੂੰ ਆਦਮੀ ਖਾਂਦਾ ਰਿਹਾ ! ਦੇਖ ਕੇ ਦੁਨੀਆ ਤੇ ਪਹਿਲਾ ਹੀ ਹਨੇਰ, ਦੇਖ ਕੇ ਧਰਤੀ ਤੇ ਜ਼ੁਲਮ, ਮਾਰਕਸ ਵਿਚ ਫੇਰ ਜਾਗੀ ਕਲਪਨਾ : ਐਸਾ ਇਕ ਹੋਵੇ ਬਹਿਸ਼ਤ ਜਿਸ 'ਚ ਹੋਵੇ ਆਦਮੀ ਹਰ ਆਦਮੀ। ਏਹੋ ਦੁਨੀਆ ਅਰਸ਼ ਦਾ ਹੋਵੇ ਬਹਿਸ਼ਤ, ਫਰਸ਼ ਦਾ ਹੋਵੇ ਬਹਿਸ਼ਤ । ਕਲਪਨਾ ਲਿਖਦਾ ਗਿਆ, ਕਹਿੰਦਾ ਗਿਆ ; ਅਮਲ ਕਰਦਾ ਸਖਤੀਆਂ ਸਹਿੰਦਾ ਰਿਹਾ । ਲੱਖ ਦਬਾਏ ਵੀ ਗਏ ਉਸ ਦੇ ਖਿਆਲ, ਲੱਖ ਲੁਕਾਏ ਰੇਸ਼ਮੀ ਪਰਦੇ ਦੇ ਨਾਲ । ਕਲਪਨਾ ਅਗਨੀ ਹੈ ਉਹ ਪਰਬਤਾਂ ਹੇਠਾਂ ਵੀ ਲੁਕ ਸਕਦੀ ਨਹੀਂ, ਬਣ ਕੇ ਆਉਂਦੀ ਏ ਭੁਚਾਲ । ਫੇਰ ਜਾਗੋ ਮਾਰਕਸ ਦੇ ਸਭ ਖਿਆਲ ਅਪਣੇ ਦੇਸੋਂ ਪਾਰ ਜਾ ਕੇ ਰੂਸ ਵਿਚ । ਹੱਲ ਹੋਣਾ ਹੀ ਸੀ ਦੁਨੀਆ ਦਾ ਸੁਆਲ ; ਜਾਗਿਆ ਸਭ ਰੂਸ ਦਮ ਲੈਨਿਨ ਦੇ ਨਾਲ । ਸੀ ਯੁਗਾਂ ਤੋਂ ਕਲਪਨਾ ਇਨਸਾਨ ਦੀ ਹੋ ਗਈ ਸਾਕਾਰ ਆ ਕੇ ਰੂਸ ਵਿਚ । ਏਸ਼ੀਆ ਯੂਰਪ ਦਾ ਹੈ ਜਿਸ ਥਾਂ ਤੇ ਮੇਲ, ਦੋਹਾਂ ਬੱਰਾਆਜ਼ਮਾਂ ਦੇ ਦਰਮਿਆਨ ਹੋ ਗਿਆ ਪੈਦਾ ਬਹਿਸ਼ਤ ਜਿਸ 'ਚ ਹੋਇਆ ਆਦਮੀ ਫਿਰ ਆਦਮੀ ! ਭੁੱਖ ਨੂੰ ਕੋਈ ਨ ਥਾਂ ਬਾਕੀ ਰਹੀ ; ਸਾਂਝਤਾ ਦਾ ਵੀ ਉਜਾਲਾ ਹੋ ਗਿਆ । ਜਿਸ ਤੋਂ ਵਿਕਦੀ ਸੀ ਜ਼ਮੀਰ ਤਾਪ ਉਹ ਜਾਂਦਾ ਰਿਹਾ । ਆਦਮੀ ਇਸ ਥਾਂ ਨਹੀਂ ਦੁਖ ਦੇ ਲਈ ; ਹੁਣ ਪੁਰਾਣੀ ਹੱਡੀਆਂ ਦਾ ਭਾਰ ਵੀ ਸਿਰ ਤੇ ਨਹੀਂ । ਹਾਲੇ ਮਾਨਵਤਾ ਦੀ ਆਈ ਸੀ ਬਹਾਰ, ਹਾਏ ! ਪਰ ਦੌਲਤ ਦਿਆਂ ਭੂਤਾਂ ਨੂੰ ਇਹ ਭਾਈ ਨਹੀਂ ! ਰਿੜਕ ਕੇ ਦੁੱਖਾਂ ਦਾ ਸਾਗਰ ਨਿਕਲਿਆ ਅੰਮ੍ਰਿਤ ਸੀ ਇਹ, ਰਾਖਸ਼ਸ ਪਰ ਆ ਗਏ ਨੇ ਖੁਹਣ ਨੂੰ ! ਫੇਰ ਵੀ ਲੱਖਾਂ ਨੇ ਸਾਨੂੰ ਹੌਸਲੇ ਦੇਵਤੇ ਹੀ ਪੀਣਗੇ ਇਸ ਨੂੰ ਸਦਾ ; ਕੋਈ ਰਾਕਸ਼ ਇਸ ਨੂੰ ਪੀ ਸਕਦਾ ਨਹੀਂ, ਅਮਰ ਹੋ ਸਕਦੇ ਨਹੀਂ ਇਹ ਪੀ ਕੇ ਭੂਤਾਂ ਦੇ ਖਿਆਲ । ਦਿਲ 'ਚ ਲੱਖਾਂ ਆਸਰੇ ਰਖਦਾ ਹਾਂ ਮੈਂ, ਮਰ ਨਹੀਂ ਸਕਦਾ ਬਹਿਸ਼ਤ, ਮਰ ਨਹੀਂ ਸਕਦੇ ਖਿਆਲ । ਆਦਮੀ ਮਰ ਜਾਣ ਕੁਝ ਪਰਵਾਹ ਨਹੀਂ, ਕੋਈ ਦੁਨੀਆ ਦਾ ਜ਼ੁਲਮ ਬੰਦ ਕਰ ਸਕਦਾ ਅਮਲ ਦਾ ਰਾਹ ਨਹੀਂ । ਹੈ ਯੁਗਾਂ ਤੋਂ ਕਲਪਨਾ ਇਨਸਾਨ ਦੀ ਐਸਾ ਇਕ ਹੋਵੇ ਬਹਿਸ਼ਤ ਜਿਸ 'ਚ ਹੋਵੇ ਆਦਮੀ ਹਰ ਆਦਮੀ । ਇਕ ਵਾਰ ਆਇਆ ਕਈ ਵਾਰ ਆਏਗਾ ਆਦਮੀ ਦੀ ਕਲਪਨਾ ਦਾ ਇਹ ਬਹਿਸ਼ਤ । *** ਲਖ ਦੀਵੇ ਬਾਲੇ ਇਹ ਦੀਵਾ, ਰਾਈ ਨੂਰ ਘਟੇ ਨ ਇਸ ਦਾ ।