Javed Arif
ਜਾਵੇਦ ਆਰਿਫ਼

ਨਾਂ-ਰਾਣਾ ਜਾਵੇਦ ਰਓਫ਼ ਖ਼ਾਂ, ਕਲਮੀ ਨਾਂ-ਜਾਵੇਦ ਆਰਿਫ਼,
ਜਨਮ ਤਾਰੀਖ਼-3 ਮਾਰਚ 1958, ਜਨਮ ਸਥਾਨ, ਉਕਾੜਾ ਪੰਜਾਬ,
ਪਿਤਾ ਦਾ ਨਾਂ-ਅਬਦੁਲ ਰਊਫ਼ ਖ਼ਾਂ,
ਵਿਦਿਆ ਬੀ. ਏ., ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਅੱਥਰੂ ਆਪ ਦਲੀਲਾਂ (ਪੰਜਾਬੀ ਸ਼ਾਇਰੀ),
ਪਤਾ-ਮਕਾਨ ਨੰਬਰ 146 ਗਲੀ ਨੰਬਰ 2 ਗ਼ਾਜ਼ੀ ਆਬਾਦ, ਉਕਾੜਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਅੱਥਰੂ ਆਪ ਦਲੀਲਾਂ 2010 ਵਿੱਚੋਂ) : ਜਾਵੇਦ ਆਰਿਫ਼

Punjabi Ghazlan (Atthru Aap Daleelan 2010) : Javed Arif



ਆਪ ਤੇ ਸਿਰ ਨੂੰ ਨੀਵਾਂ ਕਰਕੇ ਲੰਘੀ ਜਾਂਦੇ

ਆਪ ਤੇ ਸਿਰ ਨੂੰ ਨੀਵਾਂ ਕਰਕੇ ਲੰਘੀ ਜਾਂਦੇ । ਸਾਨੂੰ ਚੁੱਕ ਕੇ ਸੱਚ ਦੀ ਸੂਲੀ ਟੰਗੀ ਜਾਂਦੇ । ਜੰਮਦਿਆਂ ਕੋਈ ਭੈੜਾ ਹੁੰਦਾ ਝੂਠੀ ਗੱਲ ਏ, ਭੈੜੇ ਲੋਕੀ ਆਪਣੇ ਰੰਗ ਵਿਚ ਰੰਗੀ ਜਾਂਦੇ । ਵੱਡੇ ਢਿੱਡਾਂ ਵਾਲੇ ਉੱਕਾ ਸ਼ੁਕਰ ਨਹੀਂ ਕਰਦੇ, ਵੇਖੋ ਬੁਕ ਬਣਾ ਕੇ ਹੋਰ ਵੀ ਮੰਗੀ ਜਾਂਦੇ । ਡਰਦੇ ਮਾਰਿਆਂ ਦੁੱਧ ਪਿਆਲੇ ਭਰ ਭਰ ਰੱਖੇ, ਫੇਰ ਵੀ ਮੌਕਾ ਮਿਲਦਿਆਂ ਸਾਨੂੰ ਡੰਗੀ ਜਾਂਦੇ । ਪਿਛਲੇ ਪੈਰੀਂ ਲਿੱਤਰ ਖਾ ਕੇ ਭੱਜਦੇ ਦੇਖੇ, ਡਾਢੇ ਦੇ ਘਰ ਜਿਹੜੇ ਵਾਂਗ ਮਲੰਗੀ ਜਾਂਦੇ । ਸਾਡੇ ਵਸਲ ਦਿਹਾੜੇ ਕਿੰਨੇ ਤਾਪ 'ਚ ਭੁੱਜ ਗਏ, ਬਾਕੀ ਬੂਹੇ ਅੱਗਿਉਂ ਲੰਘਦੇ ਖੰਘੀ ਜਾਂਦੇ । ਵੱਖਰੇ ਰਸਤੇ ਛੱਡ ਦੇ 'ਆਰਿਫ਼' ਜੇ ਕਰ ਜੀਣਾ, ਉੱਧਰ ਟੁਰ ਪੈ ਜਿੱਧਰ ਸਾਰੇ ਸੰਗੀ ਜਾਂਦੇ ।

ਆਖਣ ਨੂੰ ਤੇ ਸ਼ਾਇਰ ਹੋਰ ਵਧੇਰੇ ਨੇ

ਆਖਣ ਨੂੰ ਤੇ ਸ਼ਾਇਰ ਹੋਰ ਵਧੇਰੇ ਨੇ । ਮੈਂ ਕਾਗ਼ਜ਼ ਤੇ ਸੱਚੇ ਹਰਫ਼ ਉਕੇਰੇ ਨੇ । ਮੈਂ ਲਫ਼ਜ਼ਾਂ ਨੂੰ ਆਪਣੇ ਗ਼ਮ ਵਿਚ ਗੁੰਨਿਆ ਏ, ਇਹਦੇ ਵਿਚ ਮੈਂ ਦਿਲ ਦੇ ਅੱਥਰੂ ਕੇਰੇ ਨੇ । ਅੱਜ ਦੀ ਨਹੀਂ ਇਹ ਸਦੀਆਂ ਤੋਂ ਜੰਗ ਜਾਰੀ ਏ, ਪਰ ਹੁਣ ਵੈਰੀਆਂ ਡਾਢੇ ਪਾਏ ਘੇਰੇ ਨੇ । ਦਿਲ ਦੀਆਂ ਅੱਖਾਂ ਨਾਲ ਈ ਰਸਤਾ ਲੱਭਣਾ ਏ, ਸੱਜਣਾ ਚਾਰੇ ਪਾਸੇ ਘੁੱਪ ਹਨੇਰੇ ਨੇ । ਚੰਗੇ ਰਹਿਸੋ ਰੋਕ ਲਵੋ ਜੇ ਪ੍ਰਦੇਸੀ, ਸਾਡੇ ਏਥੇ ਜੋਗੀਆਂ ਵਾਲੇ ਫੇਰੇ ਨੇ । ਭੀੜ ਪਈ ਤੇ ਕੋਈ ਨੇੜੇ ਲਗਦਾ ਨਈਂ, ਉਂਜ ਤੇ 'ਆਰਿਫ਼' ਸੱਜਣ ਯਾਰ ਵਧੇਰੇ ਨੇ ।

ਬੱਦਲ ਚੋਖਾ ਗੜ੍ਹਕੇ ਤੇ ਡਰ ਜਾਨਾਂ ਵਾਂ

ਬੱਦਲ ਚੋਖਾ ਗੜ੍ਹਕੇ ਤੇ ਡਰ ਜਾਨਾਂ ਵਾਂ । ਬਿਜਲੀ ਕੜ ਕੜ ਕੜਕੇ ਤੇ ਡਰ ਜਾਨਾਂ ਵਾਂ । ਹਰ ਪਾਸੇ ਈ ਖ਼ੌਫ਼ ਦੀਆਂ ਜਾਗੀਰਾਂ ਨੇ, ਪੱਤਾ ਵੀ ਜੇ ਖੜਕੇ ਤੇ ਡਰ ਜਾਨਾਂ ਵਾਂ । ਇੰਜ ਡਰਾਇਆ ਹੋਇਆ ਹਾਂ ਮੈਂ ਯਾਰਾਂ ਦਾ, ਜੇ ਕੋਈ ਆ ਜਾਏ ਤੜਕੇ ਤੇ ਡਰ ਜਾਨਾਂ ਵਾਂ । ਸੁਣਦਾ ਹਾਂ ਕੋਈ ਨਵੀਂ ਮੁਸੀਬਤ ਆਉਂਦੀ ਏ, ਅੱਖ ਜ਼ਰਾ ਵੀ ਭੜਕੇ ਤੇ ਡਰ ਜਾਨਾਂ ਵਾਂ । ਖਿੜ ਖਿੜ ਹਸਦਾ ਦੇਖ ਕੇ ਦਿਲ ਲਲਚਾਉਂਦਾ ਏ, ਜੇਕਰ ਜਿਉੜਾ ਧੜਕੇ ਤੇ ਡਰ ਜਾਨਾਂ ਵਾਂ । ਅਜਬ ਕਹਾਣੀ ਮੇਰੀ ਮੇਰਿਆਂ ਯਾਰਾਂ ਦੀ, ਕੋਈ ਨੇੜੇ ਫੜਕੇ ਤੇ ਡਰ ਜਾਨਾਂ ਵਾਂ । ਕੀ ਦੱਸਾਂ ਮੈਂ ਕੀਵੇਂ ਰਾਤਾਂ ਕਟਦਾ ਵਾਂ, ਸਾਹ ਆਉਂਦਾ ਅੜ ਅੜ ਕੇ ਤੇ ਡਰ ਜਾਨਾਂ ਵਾਂ । ਹਿਜਰ ਵਿਛੋੜਾ ਅੱਗ ਏ 'ਆਰਿਫ਼' ਜਾਵੀਂ ਨਾ, ਇਹ ਭਾਂਬੜ ਜਦ ਭੜਕੇ ਤੇ ਡਰ ਜਾਨਾਂ ਵਾਂ ।

ਮਜ਼ਲੂਮਾਂ ਦੇ ਦਰਦ ਵੰਡਾਉਣੇ

ਮਜ਼ਲੂਮਾਂ ਦੇ ਦਰਦ ਵੰਡਾਉਣੇ ਛੱਡ ਨਾ ਜਾਵਣ । ਸਾਡੀ ਬਸਤੀ ਲੋਕ ਸਿਆਣੇ ਛੱਡ ਨਾ ਜਾਵਣ । ਰੋਜ਼ ਗ਼ਮਾਂ ਦੀ ਨਵੀਂ ਕਹਾਣੀ ਕੀਹ ਕਰਨਾ ਏਂ, ਵੇਖੀ ਸੱਜਣ ਸਾਥ ਨਿਭਾਣੇ ਛੱਡ ਨਾ ਜਾਵਣ । ਉੱਚੀਆਂ ਗੱਲਾਂ ਲੰਮੇ ਹੱਥ ਨੇ ਬੀਬਾ ਤੇਰੇ, ਸਾਡੇ ਵਰਗੇ ਸਾਕ ਨਿਮਾਣੇ ਛੱਡ ਨਾ ਜਾਵਣ । ਜੇਕਰ ਸੱਜਣਾ ਖੇਡ ਦਿਲਾਂ ਦੇ ਨਾਲ ਨਾ ਛੱਡੀ, ਹੋ ਕੇ ਆਸ਼ਿਕ ਨਿੰਮੋਝਾਣੇ ਛੱਡ ਨਾ ਜਾਵਣ । ਆਣਾ, ਜਾਣਾ, ਮਿਲਣਾ, ਜੁਲਣਾ ਛੱਡ ਬੈਠਾ ਏਂ, ਭੈਣ ਭਰਾ ਤੇ ਯਾਰ ਪੁਰਾਣੇ ਛੱਡ ਨਾ ਜਾਵਣ । ਕੌੜੀ ਫ਼ਿੱਕੀ ਸਹਿਕੇ ਜਿਹੜੇ ਮੁੜ ਮੁੜ ਆਉਂਦੇ, ਸੋਚ ਲਵੀਂ ਉਹ ਨਾਜ਼ ਉਠਾਣੇ ਛੱਡ ਨਾ ਜਾਵਣ । ਇਨ੍ਹਾਂ ਦੇ ਨਾ ਤੇਰੀ ਜਾਣ ਪਛਾਣ ਏ ਸੱਜਣਾ, ਸ਼ਹਿਰ ਤੇਰੇ ਨੂੰ ਇਹ ਦੀਵਾਨੇ ਛੱਡ ਨਾ ਜਾਵਣ । ਉਦੋਂ ਤਾਈਂ ਦਿਲ ਦਾ ਬੂਹਾ ਖੁੱਲ੍ਹਾ ਰਹਿਣਾ, ਜਦ ਤੱਕ 'ਆਰਿਫ਼' ਯਾਰ ਧਗਾਣੇ ਛੱਡ ਨਾ ਜਾਵਣ ।

ਓੜਕ ਇਕ ਦਿਨ ਸਬਰ ਪਿਆਲਾ

ਓੜਕ ਇਕ ਦਿਨ ਸਬਰ ਪਿਆਲਾ ਭਰ ਜਾਣਾ ਈ । ਆਖ਼ਰ ਤੂੰ ਵੀ ਬਾਹਵਾਂ ਖੜ੍ਹੀਆਂ ਕਰ ਜਾਣਾ ਈ । ਤੈਥੋਂ ਨਹੀਉਂ ਹਿਜਰ ਹਲੂਣਾ ਝੱਲਿਆ ਜਾਣਾ, ਮੈਂ ਤੇ ਡਿਗਦੇ-ਢਹਿੰਦੇ ਇਹਨੂੰ ਜਰ ਜਾਣਾ ਈ । ਦਿਲ ਨਾ ਲਾਵੀਂ ਬਾਜ਼ਾਰਾਂ ਦੀ ਰੌਣਕ ਦੇ ਵਿਚ, ਮੁੜ ਖੁੜ ਓਸੇ ਉਜੜੇ ਪੁਜੜੇ ਘਰ ਜਾਣਾ ਈ । ਉਹਨੇ ਧੱਕੇ ਦੇ ਕੇ ਜਿੱਥੋਂ ਤੈਨੂੰ ਕੱਢਿਆ, ਨੀਤ ਨਮਾਜ਼ਾਂ ਮੁੜ ਕੇ ਉਸੇ ਦਰ ਜਾਣਾ ਈ । ਇਹ ਫ਼ਿਰਓਨਾਂ ਵਾਲਾ ਰੌਅਬ ਹਿਆਤੀ ਤਾਈਂ, ਫ਼ਿਰਓਨਾਂ ਦੇ ਵਾਂਗੂੰ ਤੂੰ ਵੀ ਮਰ ਜਾਣਾ ਈ । ਪਹੁੰਚ ਗਇਉਂ ਜੇ ਓਸ ਦਵਾਰੇ ਤੇ ਕੀ ਕਹਿਣੇ, ਲੱਖਾਂ ਉੱਥੇ ਤਰ ਗਏ ਤੂੰ ਵੀ ਤਰ ਜਾਣਾ ਈ । ਆਖਿਆ ਸੀ ਨਾ ਗ਼ਮ ਨੂੰ ਦਿਲ ਦਾ ਰਾਹ ਨਾ ਦੇਵੀਂ, ਨਹੀਂ ਤੇ ਪਿੰਡਾ ਹੌਲੇ ਹੌਲੇ ਖਰ ਜਾਣਾ ਈ । ਐਵੇਂ ਉੱਚੀਆਂ ਗੱਲਾਂ 'ਆਰਿਫ਼' ਕਿਉਂ ਕਰਦਾ ਏਂ, ਕਿਹੜਾ ਜਿੱਤਿਆ ਦਿਲ ਦੀ ਬਾਜ਼ੀ, ਹਰ ਜਾਣਾ ਈ ।

ਦਿਲ ਨੂੰ ਖੇਡ ਖਿਡਾਵਣ ਲੱਗਿਆ

ਦਿਲ ਨੂੰ ਖੇਡ ਖਿਡਾਵਣ ਲੱਗਿਆ ਸੋਚ ਲਵੀਂ । ਅੱਖੀਆਂ ਨੂੰ ਪਰਚਾਵਣ ਲੱਗਿਆ ਸੋਚ ਲਵੀਂ । ਮਿਠੜੇ ਬੋਲਾਂ ਲੂੰ ਲੂੰ ਦੇ ਵਿਚ ਰਚ ਜਾਣਾ, ਉਹਨੂੰ ਗੱਲੀਂ ਲਾਵਣ ਲੱਗਿਆ ਸੋਚ ਲਵੀਂ । ਕੌਲਾਂ ਹਾਰੇ ਜਿਉਂਦੀ ਜਾਨੇ ਮਰ ਜਾਂਦੇ, ਬਹੁਤੀਆਂ ਕਸਮਾਂ ਖਾਵਣ ਲੱਗਿਆ ਸੋਚ ਲਵੀਂ । ਪਿਆਰ ਦਾ ਅੰਤ ਅਖ਼ੀਰ ਨਹੀਂ ਸੱਜਣਾ ਦੇਖੀ ਦਾ, ਮੌਤ ਦੇ ਮੂੰਹ ਵਿਚ ਜਾਵਣ ਲੱਗਿਆ ਸੋਚ ਲਵੀਂ । ਮਰ ਜਾਵਣ ਦਾ ਸਿੱਟਾ ਅੰਤ ਵਿਛੋੜਾ ਈ, ਗਲ ਵਿਚ ਫਾਹਾ ਪਾਵਣ ਲੱਗਿਆ ਸੋਚ ਲਵੀਂ । 'ਆਰਿਫ਼' ਝੱਲਿਆ ਨਿੰਮਾ ਨਿੰਮਾ ਖੇਡੀ ਜਾ, ਪਿਆਰ ਦਾ ਭਾਰਾ ਚਾਵਣ ਲੱਗਿਆ ਸੋਚ ਲਵੀਂ ।

ਹੋਰ ਕੋਈ ਮਜਬੂਰੀ ਏ ਤੇ ਰਹਿਣ ਦਿਓ

ਹੋਰ ਕੋਈ ਮਜਬੂਰੀ ਏ ਤੇ ਰਹਿਣ ਦਿਓ । ਦਿਲ ਦੀ ਨਹੀਂ ਮਨਜ਼ੂਰੀ ਏ ਤੇ ਰਹਿਣ ਦਿਓ । ਕੱਲ੍ਹ ਪਰਸੋਂ ਆ ਜਾਣਾ ਅਸੀਂ ਤੇ ਆਦੀ ਆਂ, ਕੋਈ ਕੰਮ ਜ਼ਰੂਰੀ ਏ ਤੇ ਰਹਿਣ ਦਿਓ । ਜਾਮ ਵਿਸਾਲ ਦਾ ਏ ਕਿ ਛੱਡਣਾ ਚੰਗਾ ਨਈਂ, ਇਸ਼ਕ ਦੀ ਸ਼ਰਤ ਜੇ ਦੂਰੀ ਏ ਤੇ ਰਹਿਣ ਦਿਓ । ਪੀਲਕ ਸਾਡੇ ਮੂੰਹ ਤੇ ਚੰਗੀ ਲਗਦੀ ਏ, ਉਹਦਾ ਰੰਗ ਸੰਧੂਰੀ ਏ ਤੇ ਰਹਿਣ ਦਿਓ । ਜਾਨ ਲੜਾਉਣਾ, ਸਾਥ ਨਿਭਾਉਣਾ ਸੌਖਾ ਨਹੀਂ, ਯਾਰੋ ਜੇ ਮਾਜ਼ੂਰੀ ਏ ਤੇ ਰਹਿਣ ਦਿਓ । 'ਆਰਿਫ਼' ਜਾਨ ਤਲੀ ਤੇ ਲੈਕੇ ਫਿਰਦਾ ਏ, ਇਹ ਮੰਦੀ ਮਸ਼ਹੂਰੀ ਏ ਤੇ ਰਹਿਣ ਦਿਓ ।

ਦਿਲ ਨੂੰ ਖੇਡ ਖਿਡਾਲੈ ਤੇ ਫਿਰ

ਦਿਲ ਨੂੰ ਖੇਡ ਖਿਡਾਲੈ ਤੇ ਫਿਰ ਸੌਂ ਲਈਂ ਯਾਰ । ਉਜੜੀ ਝੋਂਕ ਵਸਾਲੈ ਤੇ ਫਿਰ ਸੌਂ ਲਈਂ ਯਾਰ । ਆਪਣੇ ਦਿਲ ਦੇ ਮੌਸਮ ਦੀ ਰਖਵਾਲੀ ਲਈ, ਅੰਦਰ ਝਾਤੀ ਪਾਲੈ ਤੇ ਫਿਰ ਸੌਂ ਲਈਂ ਯਾਰ । ਖੁੰਝਿਆ ਵੇਲਾ ਹੱਥ ਨਹੀਂ ਆਉਂਦਾ ਮੈਂ ਆਖਾਂ, ਨੱਚ ਕੇ ਯਾਰ ਮਨਾਲੈ ਤੇ ਫਿਰ ਸੌਂ ਲਈਂ ਯਾਰ । ਅੱਜ ਕੱਲ ਸੱਜਣਾ ਚੋਰ ਲੁਟੇਰੇ ਹਾਕਮ ਨੇ, ਅੰਦਰੋਂ ਕੁੰਡੀ ਲਾਲੈ ਤੇ ਫਿਰ ਸੌਂ ਲਈਂ ਯਾਰ । ਲੰਮੀਆਂ ਕਾਲੀਆਂ ਰਾਤਾਂ ਘੁੱਪ ਹਨੇਰੇ ਨੇ, ਸਾਨੂੰ ਕੋਲ ਬਿਠਾਲੈ ਤੇ ਫਿਰ ਸੌਂ ਲਈਂ ਯਾਰ । ਪਿਆਰ ਪ੍ਰੀਤ ਦੇ ਜ਼ਖ਼ਮ ਤੇ ਤੇਰੇ ਗਹਿਣੇ ਨੇ, ਇਨ੍ਹਾਂ ਨੂੰ ਚਮਕਾਲੈ ਤੇ ਫਿਰ ਸੌਂ ਲਈਂ ਯਾਰ । ਤੇਰੀਆਂ ਵੱਖਰੀਆਂ ਗੱਲਾਂ ਪਿਆਰ 'ਚ ਰੋਕਾਂ ਨੇ, ਇਹ ਦੀਵਾਰ ਹਟਾਲੈ ਤੇ ਫਿਰ ਸੌਂ ਲਈਂ ਯਾਰ । 'ਆਰਿਫ਼' ਕਦ ਉਹ ਰੋਜ਼ ਖ਼ਬਰ ਨੂੰ ਆਉਂਦਾ ਏ, ਦਿਲ ਦੇ ਵਿਚ ਬਿਠਾਲੈ ਤੇ ਫਿਰ ਸੌਂ ਲਈਂ ਯਾਰ ।

ਛੁੱਪ-ਚੁਪੀਤੇ ਅੰਦਰੋ-ਅੰਦਰੀ ਮਰਦਿਆਂ ਰਹਿਣਾ

ਛੁੱਪ-ਚੁਪੀਤੇ ਅੰਦਰੋ-ਅੰਦਰੀ ਮਰਦਿਆਂ ਰਹਿਣਾ । ਸਬਰ ਪਿਆਲਾ ਪੀਣਾ ਦੁਖੜੇ ਜਰਦਿਆਂ ਰਹਿਣਾ । ਹਾਰੀ ਜਾਣਾ ਰੋਜ਼ ਹਿਆਤੀ ਵਾਲਾ ਪੈਂਡਾ, ਕੱਚੀਆਂ ਕੰਧਾਂ ਵਾਂਗੂੰ ਪਲ ਪਲ ਖਰਦਿਆਂ ਰਹਿਣਾ । ਯਾਰ ਸਿਆਣੇ ਜੇ ਨਹੀਂ ਮੰਨਦੇ ਤੇ ਕੀ ਹੋਇਆ, ਸਾਡਾ ਕੰਮ ਏ ਸੱਚੀਆਂ ਗੱਲਾਂ ਕਰਦਿਆਂ ਰਹਿਣਾ । ਓੜਕ ਬੀਬਾ ਰਹਿਮ ਉਨ੍ਹਾਂ ਨੂੰ ਖਾਣਾ ਪੈਣੈਂ, ਤੇਰਾ ਕੰਮ ਏ ਠੰਢੇ ਹੌਕੇ ਭਰਦਿਆਂ ਰਹਿਣਾ । 'ਆਰਿਫ਼' ਹੁਣ ਤੇ ਜਾ ਵੜਣਾ ਏਂ ਰੋਜ਼ ਮਸੀਤੇ, ਚੰਗੀ ਗੱਲ ਏ ਪਿਛਲੀ ਉਮਰੇ ਡਰਦਿਆਂ ਰਹਿਣਾ ।

ਬਹੁਤੀ ਗੱਲ ਵਧਾ ਬੈਠਾ ਤੇ

ਬਹੁਤੀ ਗੱਲ ਵਧਾ ਬੈਠਾ ਤੇ ਫੇਰ ਕੀ ਕਰ ਸੀ । ਬਾਹਵਾਂ ਗਲ ਵਿਚ ਪਾ ਬੈਠਾ ਤੇ ਫੇਰ ਕੀ ਕਰ ਸੀ । ਤੂੰ ਏਂ ਸੋਹਣੀਆਂ ਆਸਾਂ ਲਾ ਕੇ ਬੈਠਾ ਹੋਇਆ, ਜੇ ਉਹ ਗੱਲ ਭੁਲਾ ਬੈਠਾ ਤੇ ਫੇਰ ਕੀ ਕਰ ਸੀ । ਮੇਰੇ ਨਾਲ ਈ ਤੇਰੇ ਦਿਲ ਦੀ ਰੌਣਕ ਸੱਜਣਾ, ਮੈਂ ਵੀ ਕਿਧਰੇ ਜਾ ਬੈਠਾ ਤੇ ਫੇਰ ਕੀ ਕਰ ਸੀ । ਦਿਲ ਦੇ ਸਿਰ ਤੇ ਪੈਲਾਂ ਪਾਉਂਦਾ ਫਿਰਨਾਂ ਏਂ ਤੂੰ, ਉਹਦੇ ਨਾਵੇਂ ਲਾ ਬੈਠਾ ਤੇ ਫੇਰ ਕੀ ਕਰ ਸੀ । 'ਆਰਿਫ਼' ਥੋੜੀਆਂ ਅਣਕਹੀਆਂ ਵੀ ਛੱਡ ਲੈ ਯਾਰਾ, ਸਾਰੇ ਦੁੱਖ ਸੁਣਾ ਬੈਠਾ ਤੇ ਫੇਰ ਕੀ ਕਰ ਸੀ ।