Jaswant Singh Wanta ਜਸਵੰਤ ਸਿੰਘ ਵੰਤਾ

ਜਸਵੰਤ ਸਿੰਘ ਵੰਤਾ (1901/2-1988) ਦਾ ਜਨਮ ਪਿੰਡ ਚੌਂਤਰਾ ਤਹਿਸੀਲ ਪਿੰਡੀ ਘੇਬ ਜ਼ਿਲ੍ਹਾ ਕੈਂਬਲ ਪੁਰ (ਅਟਕ) ਵਿਚ ਹੋਇਆ । ਕੁੱਝ ਅਰਸਾ ਕੈਂਬਲ ਪੁਰ ਵਿਚ ਗੁਜ਼ਾਰਨ ਤੋਂ ਬਾਦ ਉਹ ਰਾਵਲਪਿੰਡੀ ਚਲੇ ਗਏ । ਜਸਵੰਤ ਸਿੰਘ ਵੰਤਾ ਨੇ ਕਾਂਗਰਸ ਤੇ ਖ਼ਿਲਾਫ਼ਤ ਦੀਆਂ ਤਹਿਰੀਕਾਂ ਤੋਂ ਮੁਤਾਸਿਰ ਹੋ ਕੇ ਕੌਮੀ ਤੇ ਮਿਲੀ ਨਜ਼ਮਾਂ ਲਿਖੀਆਂ ਜਿਸ ਕਰਕੇ ਕੁੱਝ ਅਰਸਾ ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ । ਵੰਡ ਤੋਂ ਬਾਦ ਪਟਿਆਲਾ ਆ ਗਏ । ਸਤੰਬਰ ੧੯੮੭ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਣ ਵਾਲੀ ਆਲਮੀ ਪੰਜਾਬੀ ਅਦਬੀ ਕਾਨਫ਼ਰੰਸ ਚ ਸ਼ਿਰਕਤ ਕੀਤੀ ।੧੯੪੭ ਦੀ ਹਿਜਰਤ ਨੇ ਉਨ੍ਹਾਂ ਦੀ ਸ਼ਾਇਰੀ ਤੇ ਡੂੰਘਾ ਅਸਰ ਪਾਇਆ । ਉਨ੍ਹਾਂ ਦੀਆਂ ਕਵਿਤਾ ਦੀਆਂ ਕਿਤਾਬਾਂ ਗੁਲਦਸਤਾ (1923), ਜ਼ਿੰਦਗੀ ਦਾ ਮੋੜ (1929), ਬੱਦਲੀ (1929), ਪਤਝੜ ਦੇ ਫੁੱਲ' (1957), ਕੌਂਕਣ ਬੇਰ (1971), ਵਗਵਗ ਵੇ ਸਵਾਂ ਦੇ ਪਾਣੀਆਂ (1976) ਹਨ ।

ਪੰਜਾਬੀ ਕਵਿਤਾ ਜਸਵੰਤ ਸਿੰਘ ਵੰਤਾ

1. ਛੋਟੇ ਸਾਹਿਬਜ਼ਾਦੇ

ਸੀ ਪੋਹ ਦਾ ਮਹੀਨਾ, ਬੜੀ ਰਾਤ ਕਾਲੀ,
ਕਹਿਰਾਂ ਦੀ ਸਰਦੀ, ਹਵਾ ਦੇ ਝੁਲਾਰੇ।
ਉਹ ਜੰਗਲ ਦੀ ਵਾਦੀ, ਭਿਆਨਕ ਆਵਾਜ਼ਾਂ,
ਜੁਗਲ ਬੋਲਦੇ, ਘੁਘੂ ਭਰਦੇ ਹੁੰਗਾਰੇ।
ਹਵਾ ਦਾ ਫਰਾਟਾ, ਜੋ ਕਾਇਆਂ 'ਚੋਂ ਨਿਕਲੇ,
ਐਸੇ ਸਮੇਂ ਵਿਚ, ਇਸ ਰਾਹ ਦੇ ਅੰਦਰ,
ਭੱਜੇ ਜਾ ਰਹੇ ਕੌਣ, ਬਿ੫ਤਾ ਦੇ ਮਾਰੇ?
ਤੱਕ ਤੱਕ ਜਿਨ੍ਹਾਂ ਨੂੰ, ਸਮਾਂ ਰੋ ਰਿਹਾ ਹੈ,
ਤੇ ਇਕ ਦੂਸਰੇ ਨੂੰ ਪਏ ਕਹਿੰਦੇ ਨੇ ਤਾਰੇ।
ਕਿਆਮਤ ਤੋਂ ਪਹਿਲੇ, ਉੱਠੀ ਹੈ ਕਿਆਮਤ,
ਸੱਜਨ ਜਾ ਰਹੇ, ਦੁਸ਼ਮਨਾਂ ਦੇ ਸਹਾਰੇ।

ਇਹ ਉਹ ਮਾਤਾ 'ਗੁਜਰੀ', ਕਿ ਗੁਜ਼ਰੇ ਸਮੇਂ ਵਿਚ,
ਜਿਹਦੇ ਦਰ ਤੇ ਦੁਨੀਆਂ ਸੀ, ਮਸਤਕ ਝੁਕਾਂਦੀ।
ਜਿਹਦੇ ਘਰ ਦੇ ਕਾਮੇ ਵੀ ਸੁਲਤਾਨ ਜਾਪਣ,
ਜਿਹਦੇ ਦਰ ਤੇ ਲੱਛਮੀ, ਰਹੀ ਬਣ ਕੇ ਬਾਂਦੀ।
ਜਿਹਦੇ ਪੈਰਾਂ ਹੇਠਾਂ ਸੀ ਮਖ਼ਮਲ ਵਿਛੀਂਦਾ,
ਪਵਨ ਜਿਸਦੇ ਸਿਰ ਤੇ ਚੱਵਰ ਸੀ ਝੁਲਾਂਦੀ।
ਅੱਜ ਉਹ ਮਾਤ 'ਗੁਜਰੀ', ਲੈ ਪੁੱਤਰ ਦੇ ਪੁੱਤਰਾਂ ਨੂੰ,
ਜੱਗ ਦੀ ਨਜ਼ਰ ਵਿਚੋਂ, ਹੈ ਬਚ ਬਚਾ ਕੇ ਜਾਂਦੀ।
ਇਹ ਉਹ ਮਾਤ 'ਗੁਜਰੀ', ਜਿਸ ਸਿਰ ਦੇ ਪਤੀ ਦਾ,
ਸੁੱਖ ਜੱਗ ਦੇ ਲੈ ਕੇ, ਜਿਨ੍ਹਾਂ ਨੂੰ ਸੀ ਵੰਡੇ।
ਉਹਨਾਂ ਏਸ 'ਗੁਜਰੀ', ਉੱਤੇ ਕੀ ਗੁਜ਼ਾਰੀ,
ਇਹਦੇ ਰਾਹ 'ਚ ਥਾਂ ਥਾਂ, ਵਿਛਾਏ ਨੇ ਕੰਡੇ।

ਹਨੇਰੇ ਹਨੇਰੇ ਚਲੀ ਜਾ ਰਹੀ ਏ,
'ਮੁਰਿੰਡੇ' ਦੇ ਲਾਗੇ, ਇਕ ਪਿੰਡ ਸੀ ਆਇਆ।
ਇਸ ਘਰ ਦਾ ਮਾਲਕ ਸੀ 'ਗੰਗੂ' ਰਸੋਈਆ,
ਇਸ ਘਰ ਦਾ ਉਸਨੇ ਸੀ ਦਰ ਖਟ-ਖਟਾਇਆ।
ਇਸ ਘਰ 'ਚ 'ਗੁਜਰੀ', ਨੇ ਬੱਚਿਆਂ ਨੂੰ ਚੁੰਮਿਆਂ,
ਤੇ ਇਹ ਆਖ ਕੇ ਸੀ ਦੋਹਾਂ ਨੂੰ ਸੁਲਾਇਆ।
ਅੱਜ ਮੇਰੇ ਬੱਚਿਓ ਭੁੱਖੇ ਹੀ ਸੌਂ ਜਾਉ,
ਅੱਜ ਸਾਡਾ ਲੰਗਰ ਕਿਸੇ ਨਹੀਂ ਪਕਾਇਆ।

ਤਾਂ ਬੁੱਲ੍ਹ ਟੁੱਕ ਕੇ ਹੋਣੀ ਕਿਹਾ ਕਿ ਮਿਲੇਗਾ,
ਅੱਜ ਕਲ ਜਾਂ ਪਰਸੋਂ ਅੱਜ਼ਲ ਦਾ ਪਿਆਲਾ।
ਲਾਲਚ ਵੀ ਮਿਲਸੀ ਤੇ ਘੂਰਾਂ ਵੀ ਮਿਲਸਨ,
ਪਰ ਨਾ ਮਿਲੇਗਾ, ਪਿਤਾ ਕਲਗੀ ਵਾਲਾ।

ਤੱਕ ਰਾਤ ਕਾਲੀ, ਕਿਹਾ ਮਾਤ 'ਗੁਜਰੀ',
ਇਸ ਹੋਣੀ ਚੰਦਰੀ, ਕੀ ਪਾਇਆ ਹਨੇਰਾ।
ਇਸ ਵੱਸਦੇ ਜੱਗ 'ਚ, ਕੀ ਹੈ ਇਸ ਨੂੰ ਭਾਈ,
ਉੱਜੜ ਜਾਣਾ ਸੀ, ਇਕ ਅਨੰਦਪੁਰ ਹੀ ਮੇਰਾ?
ਕਿੰਨਾ ਛੋਟਾ ਪ੍ਰਵਾਰ ਸੀ, ਸਾਡੇ ਘਰ ਦਾ,
ਕਿੰਨੇ ਦੁਸ਼ਮਨਾਂ ਰਲ ਕੇ, ਪਾਇਆ ਸੀ ਘੇਰਾ?
ਕਿੰਨੀ ਤੇਗ਼ ਚਮਕੀ, ਕਿੰਨੇ ਤੀਰ ਸ਼ੂਕੇ,
ਕਿੰਨੀ 'ਸਰਸਾ' ਬਿੱਫਰੀ, ਕਿੰਨਾ ਰੁੜ੍ਹਿਆ ਡੇਰਾ?
ਕਿੰਨੇ ਸਿੰਘ ਸਾਡੇ, ਇਸ ਰਣ 'ਚ ਜੂਝੇ,
ਕਿਤੇ ਘੋੜੇ ਰੁੜ੍ਹ ਗਏ, ਕਿਤੇ ਮੋਇਆ ਫੀਲਾ।
ਪਈ ਐਸੀ ਬਿਜਲੀ, ਜਿਦ੍ਹੀ ਮਾਰ ਵਿਚੋਂ,
ਮੇਰੇ ਆਲ੍ਹਣੇ ਦਾ ਕੋਈ ਬਚਿਆ ਨਾ ਤੀਲਾ?

ਇਨ੍ਹਾਂ ਸੋਚਾਂ ਅੰਦਰ, ਡੁੱਬੀ ਮਾਤ 'ਗੁਜਰੀ',
ਤਾਂ 'ਗੰਗੂ' ਨੇ ਜਾਤਾ ਕਿ ਸੌਂ ਗਈ ਹੈ ਮਾਈ।
ਸਿਆਹ ਦਿਲ ਦੇ ਅੰਦਰ, ਸੁਫ਼ੈਦੀ ਨਹੀਂ ਹੁੰਦੀ,
ਬੁਰੇ ਕਾਲਜੇ ਵਿਚੋਂ, ਉੱਠਦੀ ਬੁਰਾਈ।
ਸਮਾਂ ਵੇਖ 'ਗੰਗੂ' ਨੇ ਖੁਰਜੀ ਫਰੋਲੀ,
ਤੇ ਜਾ ਸੰਪਤੀ ਵੇਖੀ, ਜਦ ਉਸ ਉਠਾਈ।
ਤਾਂ ਆਹਟ ਸੁਣਕੇ, ਕਿਹਾ ਮਾਤ 'ਗੁਜਰੀ',
'ਗੰਗਾ ਰਾਮ ਬੇਟਾ', ਇਹ ਤੈਨੂੰ ਕੀ ਭਾਈ?

'ਤੂੰ ਮੇਰੇ ਤੋਂ ਮੰਗ ਲੈਂਦੋਂ, ਇਹ ਚਾਰ ਛਿੱਲੜ,
ਮੈਂ ਪਹਿਲੇ ਹੀ ਆਈ ਹਾਂ, ਸਭ ਕੁਝ ਲੁਟਾ ਕੇ।
ਵਿਸ਼ਵਾਸ ਦੇ ਕੇ ਸਾਨੂੰ, ਤੂੰ ਏਥੇ ਲੈ ਆਇਆ,
ਹੁਣ ਲੁੱਟ ਰਿਹੈਂ, ਸਾਨੂੰ ਘਰ ਵਿਚ ਬਿਠਾ ਕੇ?
ਤਾਂ 'ਗੰਗੂ' ਕਿਹਾ, ਉਹ ਚਲੇ ਗਏ ਤੁਸਾਂ ਦੇ,
ਆਸਾਂ ਦੀ ਡਾਲੀ ਦੇ, ਸਭ ਬੂਰ ਝੜ ਕੇ,
'ਨੰਦਪੁਰੀ ਦਾ ਕੋਈ, ਇਕ ਘਰ ਵੀ ਨਾ ਬਚਿਆ,
ਕੁਝ ਗਿਰ ਗਏ, ਕੁਝ ਸੁਆਹ ਹੋ ਗਏ ਸੜ ਕੇ।
ਜਿਨ੍ਹਾਂ ਜੋਧਿਆਂ ਤੇ ਸੀ ਮਾਣ ਤੁਸਾਂ ਨੂੰ,
ਉਹ ਟਿੱਬੀ ਤੇ ਮਰ ਗਏ ਨੇ, ਸਾਰੇ ਹੀ ਲੜਕੇ।
ਜੋ ਬਾਕੀ ਬਚੇ, ਭੇਟਾ 'ਸਰਸਾ' ਦੀ ਹੋ ਗਏ,
ਉਹ ਪਾਣੀ ਦੇ ਅੰਦਰ, ਚਲੇ ਗਏ ਨੇ ਹੜ੍ਹ ਕੇ।'

'ਮਾਤਾ ਬਚੀ ਤੂੰ, ਤੇ ਪੋਤੇ ਦੋ ਤੇਰੇ,
ਤਰਸ ਖਾ ਕੇ ਜਿਹੜੇ, ਮੈਂ ਏਥੇ ਲੈ ਆਇਆ।
ਉਹ ਮੇਰੀ ਕਰਨੀ ਤੇ ਇਹ ਤੇਰਾ ਕਹਿਣਾ,
ਅਹਿਸਾਨ ਮੇਰੇ ਦਾ, ਇਹ ਮੁੱਲ ਹੈ ਪਾਇਆ?
ਕਿਹਾ ਮਾਤਾ 'ਗੁਜਰੀ', ਮੈਂ ਬਹੂ ਹਾਂ ਉਨ੍ਹਾਂ ਦੀ,
ਜਿਨ੍ਹਾਂ ਬੋਝ ਹਿੰਦ ਦਾ ਸੀ ਮੋਢੇ ਤੇ ਚਾਇਆ।
ਜਿਨ੍ਹਾਂ ਤੱਤੀਆਂ ਤਵੀਆਂ ਤੇ ਲਾਈ ਸਮਾਧੀ,
ਜਿਨ੍ਹਾਂ ਜਲਨਾਂ ਪਰਵਾਨਿਆਂ ਨੂੰ ਸਿਖਾਇਆ।

ਜਿਨ੍ਹਾਂ ਤੇਗ਼ਾਂ ਚੁੱਕੀਆਂ ਨੇ ਮਜ਼ਬੂਰ ਹੋ ਕੇ,
ਜਿਨ੍ਹਾਂ ਪੈਂਦੇ ਖਾਂ ਨੂੰ, ਸਹੀ ਪੰਧ ਤੇ ਪਾਇਆ।
ਜਿਨ੍ਹਾਂ 'ਚਾਂਦਨੀ ਚੌਂਕ', ਰੌਸ਼ਨ ਹੈ ਕੀਤਾ,
ਜਿਨ੍ਹਾਂ ਚੌਂਕ ਚਾਂਦਨੀ ਵਿਚ ਹੈ ਚੰਨ ਚੜ੍ਹਾਇਆ।

ਅਜੇ ਤਾਜ ਸੂਰਜ ਨਹੀਂ ਸਿਰ ਤੇ ਪਾਇਆ,
ਅਜੇ ਕਿਰਨ ਪਹਿਲੀ ਫ਼ਰਸ਼ ਤੇ ਨਾ ਆਈ।
ਅਜੇ ਕਿਸੇ ਮਸਜਿਦ 'ਚੋਂ ਉੱਠੀ ਅਜ਼ਾਂ ਨਾਂਹ,
ਕਿ ਇਸ ਘਰ ਦੀ ਕੁੰਡੀ, ਕਿਸੇ ਖੱਟ-ਖਟਾਈ।
ਖੁੱਲ੍ਹਾ ਦਰ ਤੇ 'ਗੁਜਰੀ', ਦੀ ਅੱਖਾਂ ਨੇ ਤੱਕਿਆ,
ਕਿ ਆ ਪਹੁੰਚੇ ਸੂਬੇ ਦੇ ਏਥੇ ਸਿਪਾਹੀ।
ਮੱਥਾ ਠਣਕਿਆ, ਮਾਤਾ 'ਗੰਗ੍ਰੂ' ਨੂੰ ਕਹਿੰਦੀ,
ਤੂੰ ਬ੍ਰਾਹਮਣ ਦੇ ਜਾਮੇ 'ਚ ਜੰਮਿਆਂ ਕਸਾਈ।

ਕਰਮ ਆਪੇ ਆਪਣੇ ਹੀ ਰੰਗ ਵਿਚ ਨੇ ਮਿਲਦੇ,
ਕੋਈ ਤੌਕ ਬਣ ਕੇ, ਕੋਈ ਬਣ ਕੇ ਗਹਿਣਾ।
ਜੋ ਦਾਗ਼ ਅੱਜ ਤੈਨੂੰ, ਕਰਮਾਂ ਨੇ ਲਾਇਆ,
ਉਹ ਲੱਖ ਪਰਲੋ ਆਸਨ, ਤੇ ਫਿਰ ਵੀ ਨਹੀਂ ਲਹਿਣਾ।

ਅੱਜ ਹੈਸੀ ਰੌਲਾ, ਸਾਰੇ ਦੇਸ਼ ਅੰਦਰ,
ਫੜੇ ਗਏ ਨੇ ਛੋਟੇ, ਗੁਰੂ ਦੇ ਦੁਲਾਰੇ।
ਅੱਗੇ ਪਿੱਛੇ ਫੌਜਾਂ ਨੇ, ਤੇ ਤੇਗ਼ਾਂ ਦਾ ਪਹਿਰਾ,
ਨਿੱਕੇ ਨਿੱਕੇ ਹੱਥ ਨੇ, ਸੰਗਲ ਨੇ ਭਾਰੇ।
ਇਕ ਕਹਿੰਦੀ, ਕਿਤਨੇ ਨੂਰਾਨੀ ਇਹ ਚਿਹਰੇ,
ਜਿਵੇਂ ਰੱਬ ਫ਼ਰਿਸ਼ਤੇ, ਫ਼ਰਸ਼ ਤੇ ਉਤਾਰੇ।
ਇਕ ਕਹਿੰਦੀ, ਉਸ ਮਾਂ ਤੇ ਕੀ ਬੀਤੀ ਹੋਸੀ,
ਜਿਦ੍ਹੀ ਕੁੱਖ ਦੇ ਜਾਏ, ਜਿਦ੍ਹੀ ਅੱਖ ਦੇ ਤਾਰੇ।

ਇਕ ਸ਼ੇਰ ਖਾਂ, 'ਕੋਟਲੇ' ਦਾ ਸੀ ਕਹਿੰਦਾ,
ਕਿ ਅਮਾਨ ਵਾਲੇ ਸ਼ਰ੍ਹੇ-ਆਮ ਕਹਿੰਦੇ।
ਮਾਸੂਮਾਂ ਨੂੰ ਫੜਨਾਂ, ਕੁੱਫਰ ਨਹੀਂ ਤਾਂ ਕੀ ਏ,
ਇਹਨੂੰ ਦੀਨ ਵਾਲੇ ਨਹੀਂ ਇਸਲਾਮ ਕਹਿੰਦੇ।

ਕਚਹਿਰੀ ਦਾ ਫ਼ਤਵਾ, ਇਹ ਕਾਜ਼ੀ ਸੁਣਾਇਆ,
ਆਓ ਸਿੱਖੋ, ਸਿੱਖੀ ਦਾ ਅੰਜਾਮ ਲੈ ਲਉ।
ਅੱਗੇ ਹੋਵੋ, ਫੜ ਲਉ, ਅੱਜ਼ਲ ਦਾ ਪਿਆਲਾ,
ਜਾਂ ਹੂਰਾਂ ਹੱਥੀਂ ਜ਼ਿੰਦਗੀ ਦਾ ਜਾਮ ਲੈ ਲਉ।
ਕਲਮਾ ਪੜ੍ਹੋ, ਮਿਲੂ ਜੀਵਨ ਤੇ ਜੰਨਤ,
ਜਾਂ ਮੌਤ ਦਾ ਸਾਥੋਂ, ਪੈਗ਼ਾਮ ਲੈ ਲਉ।
ਇਹ ਮਰਜ਼ੀ ਤੁਸਾਂ ਦੀ ਤੇ ਮਾਕੂਫ ਹੁੰਦੈ,
ਚਾਹੇ ਸੁਬ੍ਹਾ ਲੈ ਲਉ, ਚਾਹੇ ਸ਼ਾਮ ਲੈ ਲਉ।

ਹਕੂਮਤ ਦੀ ਤਾਕਤ, ਕਿਆਮਤ ਹੈ ਹੁੰਦੀ,
ਕਿਆਮਤ ਦਾ ਘਰ 'ਚ, ਬੁਲਾਵਾ ਨਹੀਂ ਚੰਗਾ।
ਜੇ ਤੂਫ਼ਾਨ ਵੇਖੋ, ਤਾਂ ਨਿਵ ਕੇ ਗੁਜ਼ਾਰੋ,
ਤੂਫ਼ਾਂ ਨੂੰ ਸੀਨਾ ਵਿਖਾਣਾ ਨਹੀਂ ਚੰਗਾ।

ਜ਼ਰਾ ਤੁਣਕ ਖਾ ਕੇ ਕਿਹਾ 'ਜ਼ੋਰਾਵਰ' ਨੇ,
ਲਹਿਰਾਂ ਦੇ ਆਸ਼ਕ, ਨਹੀਂ ਤੱਕਦੇ ਕਿਨਾਰੇ।
ਇਹ ਤੀਰ, ਤੇਗ਼ਾਂ, ਖੰਜਰ, ਤੁਸਾਂ ਦੇ,
ਨੇ ਪਰਖੇ ਹੋਏ, ਸਾਡੇ ਵੱਡਿਆਂ ਨੇ ਸਾਰੇ।
ਇਹ ਹੂਰਾਂ, ਇਹ ਜੰਨਤ, ਕਿਨ੍ਹਾਂ ਨੂੰ ਹੈਂ ਦੱਸਦਾ,
ਜਿਨ੍ਹਾਂ ਦੇ ਪੱਬਾਂ ਹੇਠ ਅਰਸ਼ਾਂ ਦੇ ਤਾਰੇ।
ਉਨ੍ਹਾਂ ਮਾਂਝੀਆਂ ਨੂੰ ਹੈ ਕਿਸ ਗੱਲ ਦਾ ਖ਼ਤਰਾ,
ਜਿਨ੍ਹਾਂ ਬੇੜੇ ਤੂਫ਼ਾਂ ਦੀ ਹਿੱਕ ਤੋਂ ਗੁਜ਼ਾਰੇ।

ਇਹ ਦੀਨ ਦੁਨੀਆਂ ਮੁਬਾਰਕ ਤੁਸਾਂ ਨੂੰ,
ਜੋ ਹਨ ਸਾਡੇ ਦਿਲ ਵਿਚ ਅਸਾਂ ਕਰਨੀਆਂ ਨੇ।
ਅਣਖ਼ ਦਾ ਮਹਿਲ, ਐਥੇ ਬਣਨਾ ਹੈ "ਵੰਤਾ",
ਅਸਾਂ ਉਸ ਦੀਆਂ ਨੀਂਹਾਂ ਧਰਨੀਆਂ ਨੇ।

2. ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ
ਜਾਂ ਨਾਂ ਲਈਏ ਤਾਂ ਜੀ ਆਖੇ ਜੀਭ ਹੋਠਾਂ ਤੇ ਫੇਰ

ਚੀਚ ਵਹੁਟੀ ਵਾਂਗੂੰ ਸੋਹਣ ਮਿੱਠੇ ਜਿਵੇਂ ਮਖਾਣੇ
ਜਿਸ ਨੇ ਦੀਦ ਨਾ ਕੀਤਾ ਤੇਰਾ ਉਹ ਕਮਲਾ ਕੀ ਜਾਣੇ

ਝੱਜੂ ਝੋਹਨ ਸਾਦੇ ਝਾੜਾਂ ਵਿਚ ਮਾਰਨ ਇਵੇਂ ਲਿਸ਼ਕਾਰੇ
ਜਿਵੇਂ ਮਿਆਦੀ ਰਾਤੀਂ ਚਮਕਣ ਅਰਸ਼ਾਂ ਦੇ ਵਿਚ ਤਾਰੇ

ਕਿਧਰੇ ਕਿਧਰੇ ਵਿਰਲਾ ਕੋਈ ਵਸਦਾ ਏ ਇੰਜ ਪੀਲ਼ਾ
ਜਿਉਂ ਕਰ ਸਬਜ਼ ਪਰੀ ਦੇ ਨੱਕ ਵਿਚ ਹੋਏ ਸੁਨਹਿਰੀ ਤੀਲਾ

ਜਿਵੇਂ ਪਲਛੀ ਦੇ ਰੁੱਖੀਂ ਬੈਠਾਂ ਹੱਸਦੀ ਕੋਈ ਕਨੇਰ
ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

ਅੱਜ ਭਗਵਾਨ ਮੰਤਰੋਂ ਵਾਂਝਾ ਮੰਦਰੋਂ ਦੂਰ ਪੁਜਾਰੀ
ਅੱਜ ਦਾ ਇਸ਼ਕ ਹੁਸਨ ਭੁੱਲ ਬੈਠਾ ਬਹੁਤ ਭੁੱਲਿਆ ਹਥਕਾਰੀ

ਅੱਜ ਦੀ ਮਹਿਫ਼ਲ ਉਜੜੀ ਉਜੜੀ ਨਜ਼ਰ ਨਾ ਆਵੇ ਸਾਕੀ
ਅੱਜ ਮੈਖ਼ਾਨੇ ਤੇ ਕੀ ਵਰਤੀ ਇਕ ਵੀ ਫੂਹੀ ਨਾ ਬਾਕੀ

ਅੱਜ ਨੈਣਾਂ ਵਿਚ ਹੰਝੂ ਭਰ ਕੇ ਟੁਰ ਪਏ ਰਿੰਦ ਪਿਆਸੇ
ਹੁਣ ਕੀ ਖ਼ੈਰ ਫ਼ਕੀਰਾਂ ਮੰਗਣੀ ਤੋੜ ਚਲੇ ਨੇ ਕਾਸੇ

ਅੱਜ 'ਵੰਤੇ' ਤੋਂ ਚਾਨਣ ਰੁੱਸਿਆ ਅੱਜ ਪੈ ਗਿਆ ਹਨੇਰ
ਅੱਜ ਫ਼ਿਰ ਯਾਦ ਆਏ ਨੇ ਵਤਨਾਂ ਤੇਰੇ ਕੌਂਕਣ ਬੇਰ

3. ਪੱਥਰ ਦੀ ਇਮਾਰਤ ਬਣਦੀ ਏ

ਪੱਥਰ ਦੀ ਇਮਾਰਤ ਬਣਦੀ ਏ, ਕੂੰਡੀ, ਸਿਲ, ਪਿਰਚ ਪਿਆਲੀ ਵੀ,
ਜਿਸ ਪੱਥਰ ਦਾ ਭਗਵਾਨ ਬਣੇ, ਉਹ ਪੱਥਰ ਕੰਮ ਨ ਆ ਸਕਿਆ।

ਜੋ ਹੀਰ ਦੀ ਕਬਰ ਦੇ ਉਤੇ ਅੱਜ, ਮਾਂ ਕਹਿ ਕੇ ਪਿਆ ਸਲਾਮ ਕਰੇ,
ਉਹ ਕਾਜ਼ੀ ਜੀਵਨ ਵਿਚ ਉਸ ਨੂੰ ‘ਧੀ’, ‘ਭੈਣ’ ਵੀ ਨਈਂ ਬਣਾ ਸਕਿਆ।

(ਨੋਟ: 'ਵੰਤਾ' ਜੀ ਸੰਬੰਧੀ ਬਹੁਤੀ ਜਾਣਕਾਰੀ ਅਤੇ ਦੂਜੀ ਰਚਨਾ
ਲਹਿੰਦੇ ਪੰਜਾਬ ਤੋਂ ਅਰਸ਼ਦ ਸੀਮਾਬ ਮਲਿਕ ਹੋਰਾਂ ਭੇਜੀ ਹੈ ਜੋ
ਕੈਂਬਲਪੁਰ ਜਿਲ੍ਹੇ ਦੇ ਰਹਿਣ ਵਾਲੇ ਹਨ । ਜਿਸ ਪਾਠਕ ਕੋਲ 'ਵੰਤਾ'
ਜੀ ਦੀਆਂ ਰਚਨਾਵਾਂ ਹੋਣ ਉਹ ਜ਼ਰੂਰ ਭੇਜ ਦੇਣ, ਮਿਹਰਬਾਨੀ ਹੋਵੇਗੀ ।)