Jandre : Professor Mohan Singh

ਜੰਦਰੇ : ਪ੍ਰੋਫੈਸਰ ਮੋਹਨ ਸਿੰਘ

1. ਜੰਦਰੇ

ਤਕਿਆ ਜਵਾਨੀ ਨੇ
ਘਰ ਇਕ ਸੁਹਣਾ
ਚਾਤਰ ਕਿਸੇ ਬਣਾਇਆ
ਲਾ ਲਾ ਰੀਝਾਂ
ਸਾਰੀ ਉਮਰਾਂ
ਵਾਂਗ ਬਹਾਰ ਸਜਾਇਆ ।

ਕਹੀ ਸੋਨੇ ਦੀ
ਚਾਂਦੀ ਦਾ ਦਸਤਾ
ਟਕ ਕਸਾਈਆਂ ਲਾਇਆ ।
ਨਾਲ ਜ਼ਲਜ਼ਲੇ
ਡੋਲੀ ਧਰਤੀ
ਘਰ ਹੋ ਗਿਆ ਪਰਾਇਆ ।

ਵਿਹੜੇ ਦੀ ਇਕ
ਨੁਕਰੇ ਉਗੀਆਂ
ਅੱਤ ਕੋਮਲ ਦੋ ਪਤੀਆਂ ।
ਬੇਘਰ ਹੋਈ
ਕੋਹੀ ਜਵਾਨੀ
ਫੇਰ ਨਾ ਮੁੜ ਕੇ ਤਕੀਆਂ ।

ਘਰ ਉਦਾਸ
ਬੇਆਸ ਜਵਾਨੀ
ਗਾਂਹਦੀ ਫਿਰੀ ਉਜਾੜਾਂ ।
ਹੌਲੀ ਹੌਲੀ
ਵਟਦੀਆਂ ਰਹੀਆਂ
ਪਤਝੜ ਵਿਚ ਬਹਾਰਾਂ ।

ਹੋਈ ਸਿਆਣੀ
ਪੀੜ ਅੰਝਾਣੀ
ਮਾਣ ਜਵਾਨੀ ਦਾ ਟੁੱਟਾ ।
ਮੁੜ ਕੇ ਅਪਣਾ
ਘਰ ਦੇਖਣ ਦਾ
ਜਾਗਿਆ ਸੁਪਨਾ ਸੁੱਤਾ ।

ਘਰ ਗੰਭੀਰ
ਚੁਪ, ਪਰ ਸੁਹਣਾ,
ਅਪਣਾ, ਮਗਰ ਪਰਾਇਆ ।
ਡੂੰਘੇ ਪਾਣੀ
ਵਾਂਗ ਠਹਿਰਿਆ
ਬੇਘਰ, ਘਰ ਤਕ ਆਇਆ ।

ਦੋ ਪਤੀਆਂ
ਦੋ ਫੁਲ ਬਣ ਚੁਕੀਆਂ
ਟਹਿਕਣ ਬਾਹਰ ਤੇ ਅੰਦਰੇ ।
ਜਾਣੋ ਘਰ ਦੇ
ਹੋਠੀਂ ਵਜੇ
ਫੁਲਾਂ ਦੇ ਦੋ ਜੰਦਰੇ ।

ਮਿਹਰਬਾਨ ਘਰ
ਖੁਲ੍ਹੇ ਬੂਹੇ
ਮੁੜ ਕੇ ਕਿਥੋਂ ਲੋੜਾਂ ।
ਫੁਲਾਂ ਦੇ ਜੰਦਰੇ
ਨਾ ਟੁਟਣ
ਲੋਹੇ ਦੇ ਹੋਣ ਤਾਂ ਤੋੜਾਂ ।

2. ਗੁਲਮੋਹਰ

ਗੁਲਮੋਹਰ ਦਾ ਬੂਟਾ
ਖੜਾ ਸੁਹਾਵਣਾ
ਧੁਰ ਪਾਤਾਲੋਂ ਆਇਆ
ਧਰਤ-ਪਰਾਹੁਣਾ ।

ਅਧਭੁਤ ਵਿੰਗ ਵਲੇਵੇਂ
ਖਾਧੇ ਡਾਲੀਆਂ
ਨਜ਼ਰਾਂ ਦੇ ਪੰਖੇਰੂ
ਫਸ ਗਏ ਜਾਲੀਆਂ ।

ਰਾਤ ਦਾ ਭੋਛਨ ਕਾਲਾ
ਮੁਸ਼ਕੀ, ਊਦੀਆ
ਪੱਥ-ਬੱਤੀਆਂ ਦਾ ਚਾਨਣ
ਡੁਲ੍ਹੇ ਦੁਧੀਆ ।

ਨ੍ਹੇਰ ਦਾ ਅਥਰਾ ਸੰਢਾ
ਬੜ੍ਹਕਾਂ ਮਾਰਦਾ
ਪੱਥ-ਬੱਤੀਆਂ ਦੇ ਚਾਨਣ
ਅੱਗੇ ਹਾਰਦਾ ।

ਤਣਾ ਚਮਕਦਾ,ਕਾਰ
ਜਦੋਂ ਕੋਈ ਲੰਘਦੀ
ਫੁੱਲਾਂ ਤੇ ਪਿਚਕਾਰੀ
ਪੈਂਦੀ ਰੰਗ ਦੀ ।

ਸੂਹੇ ਫੁਲ ਸੰਧੂਰੀ
ਗੂੜ੍ਹੇ ਕੇਸਰੀ
ਟੂਣੇ ਦੇ ਵਿਚ ਜਕੜੀ
ਜਾਪੇ ਇਹ ਘੜੀ ।

3. ਮਨਸੂਰ

ਇਕ ਵਾਰੀ ਵਿਚ ਨੀਲ ਦੇ
ਆਈ ਤੁਗ਼ਿਆਨੀ
ਚੜ੍ਹਿਆ ਕੰਢੇ ਤੋੜ ਕੇ
ਧਰਤੀ ਤੇ ਪਾਣੀ ।

ਕਹਿਰੀ ਛਲਾਂ ਲੰਘੀਆਂ
ਟਪ ਹੱਦਾਂ ਬੰਨੇ
ਮਸਤ ਹਾਥੀਆਂ ਹੇੜ੍ਹ ਜਿਉਂ
ਦਰ ਕਿਲ੍ਹਿਆਂ ਭੰਨੇ ।

ਵੜਿਆ ਅੰਦਰ ਸ਼ਹਿਰ ਦੇ
ਧੁਸ ਕੇ ਪਾਣੀ
ਤਕਦਿਆਂ ਤਕਦਿਆਂ ਡੁਬ ਗਈ
ਸਾਰੀ ਰਾਜਧਾਨੀ ।

ਲੈ ਗਿਆ ਪਾਣੀ ਹੂੰਝ ਕੇ
ਜਾਗੇ ਤੇ ਸੁਤੇ
ਬਚ ਗਏ ਜੋ ਚੜ੍ਹ ਗਏ
ਅਹਿਰਮਾਂ ਉਤੇ ।

ਚੋਟੀ ਤੇ ਅਹਿਰਾਮ ਦੀ
ਇਕ ਬਿਰਧ ਪੁਰਾਣਾ
ਸਿਰ ਲੋਕਾਂ ਦੇ ਵਰਤਿਆ
ਤਕ ਏਡ ਕਹਾਣਾ ।

ਬੋਲਿਆ: "ਅਮਕੀ ਗੁਫ਼ਾ ਵਿਚ
ਕੋਈ ਝਬਦੇ ਜਾਉ
ਕਿੱਲੀ ਤੋਂ ਮਨਸੂਰ ਦਾ
ਚੋਲਾ ਲਾਹ ਲਿਆਉ ।"

ਬੁਢੇ ਹਥ ਮਨਸੂਰ ਦਾ
ਜਦ ਚੋਲਾ ਆਇਆ
ਚੁੰਮ ਕੇ ਅੱਖਾਂ ਅਪਣੀਆਂ
ਤੇ ਉਸਨੇ ਲਾਇਆ ।

ਸੁਟ ਦਿਤਾ ਫਿਰ ਨੀਲ ਦੀ
ਛਾਤੀ ਦੇ ਉਤੇ
ਬਿਫਰੇ ਪਾਣੀ ਨੀਲ ਦੇ
ਇਕ ਪਲ ਵਿਚ ਸੁਤੇ ।

ਹੇ ਸਾਗਰ ਤੀਰ ਵਸੰਦੀਏ,
ਛਲਾਂ ਦੇ ਚੋਜ ਤਕੰਦੀਏ,
ਮਹਿਕਾਂ ਦੇ ਵਣਜ ਕਰੰਦੀਏ,
ਤੇ ਮੋਤੀਆਂ ਚੋਗ ਚੁਗੰਦੀਏ,
ਜੇ ਦਿਲ ਤੇਰੇ ਦੇ ਸ਼ਹੁ ਵਿਚ
ਮੁੜ ਉਠਣ ਕਦੀ ਉਛਾਲ ਫਿਰ
ਲਹਿਰਾ ਉਠੇ ਮੁੜ ਵੇਗ ਵਿਚ
ਦਿਲ ਦੀ ਨੁਕਰਈ ਅਯਾਲ ਫਿਰ-
ਤਾਂ ਚੋਲਾ ਮੇਰੇ ਪਿਆਰ ਦਾ
ਜੋ ਲਾਹ ਕੇ ਤੂੰ ਹੈ ਸੁਟਿਆ
ਸੁਟ ਤੂਫ਼ਾਨਾਂ ਦੀ ਹਿਕ ਤੇ
ਤੂੰ ਜਜ਼ਬੇ ਸ਼ਾਂਤ ਕਰਾ ਲਵੀਂ
ਤੇ ਤੁਗ਼ਿਆਨੀ ਨੂੰ ਲਾਹ ਲਵੀਂ ।

ਤਕ ਸਚ ਕਿਵੇਂ ਹੈ ਪੁਗਦਾ ।
ਮਨਸੂਰ ਹਾਂ ਮੈਂ ਇਸ ਯੁੱਗ ਦਾ ।

4. ਵਣਜਾਰਨ

ਪਹਿਲੀ ਵਾਰ ਵਣਜਾਰਨ ਆਈ
ਸਿਰ ਖੁਸ਼ੀਆਂ ਦੀ ਖਾਰੀ
ਹੋਠ ਉਨਾਬੀ
ਨੈਣ ਸ਼ਰਾਬੀ
ਖਾਰੀ ਉਸ ਦੀ ਭਾਰੀ
ਇਕ ਖੁਸ਼ੀ ਦੇ
ਮੈਂ ਨਹੀਂ ਦੇਣੀ
ਲੈਣੀਆਂ ਤਾਂ ਲੈ ਲੈ ਸਾਰੀ ।

ਦੂਜੀ ਵਾਰ ਵਣਜਾਰਨ ਆਈ
ਖਾਰੀ ਓਸ ਉਤਾਰੀ
ਅਧੀਆਂ ਖੁਸ਼ੀਆਂ
ਅਧੀਆਂ ਗ਼ਮੀਆਂ
ਮਿੱਸੀ ਉਸਦੀ ਖਾਰੀ
ਖੁਸ਼ੀਆਂ ਦੇ ਜਾ
ਗ਼ਮੀਆਂ ਲੈ ਜਾ
ਇਹ ਨਹੀਂ ਹੋਣਾ ਵਾਰੀ ।

ਤੀਜੀ ਵਾਰ ਵਣਜਾਰਨ ਆਈ
ਸਿਰ ਦੁੱਖਾਂ ਦੀ ਖਾਰੀ
ਉੱਠਣ ਛੱਲਾਂ
ਬਣਨ ਨਾ ਗੱਲਾਂ
ਖਾਰੀ ਨਾ ਜਾਏ ਉਤਾਰੀ
ਸਿਰ ਨਿਹੁੜਾ
ਮੈਂ ਅੱਗੇ ਵਧਿਆ
ਖਾਰੀ ਲਹਾ ਲਈ ਸਾਰੀ ।

5. ਇਕ ਆਥਣ

ਪੱਛਮ ਦੇ ਵਿਚ ਸੂਰਜ ਡੁੱਬਾ
ਠੀਕਰ ਵਿਚ ਅੰਗਿਆਰੇ ਪਾਈ
ਸ਼ਿਵ ਦਾ ਜਿਵੇਂ ਪੁਜਾਰੀ ।

ਏਧਰ ਦਿਲ ਦੀ ਧਰਤੀ ਸੁੰਝੀ
ਓਸ ਔਂਤਰੀ ਬੇਟ ਵਾਂਗਰਾਂ
ਜਿਥੋਂ ਕਦੀ ਸ਼ੂਕਰਾਂ ਪਾਂਦਾ
ਲੰਘ ਚੁਕਾ ਹੋਵੇ ਦਰਿਆ ।

ਰੰਗ ਬਿਰੰਗੀਆਂ ਅਚਰਜ ਰੇਖਾਂ ਵਾਲੇ ਗੀਟੇ
ਉਹਨਾਂ ਪੁਤਰਾਂ ਵਾਂਗ ਪਏ ਨੇ
ਜਿਨ੍ਹਾਂ ਨੂੰ ਮਾਂ ਜੰਮ ਕੇ ਜਾਵੇ ਸੁਟ ਮਸੀਤੇ ।

ਕੰਢਿਆਂ ਉਤੇ ਉਗੇ ਸਰਕੜੇ
ਬੁੰਬਲ ਝੂਮਣ ਵਿਚ ਹਵਾਵਾਂ
ਪਤਾ ਨਾ ਲਗਦਾ ਇਹ ਕਲਗੀਆਂ
ਕਿਹੜੇ ਤਾਜ ਵਿਚ ਲਾਵਾਂ ।

'ਰੀਸਾਂ ਨਹੀਂ ਝਨਾਂ ਦੀਆਂ
ਭਾਵੇਂ ਸੁਕੀ ਹੋਵੇ,-
ਇਹ ਗੱਲ ਜਾਪੇ ਕੂੜ
ਤੇ ਆਖਣ ਵਾਲਾ ਮੂੜ੍ਹ ।

ਖੁਲ੍ਹੇ ਪਾਣੀਆਂ ਦਾ ਤਾਰੂ ਦਿਲ
ਪਾਣੀ ਦੀ ਇਕ ਤਿਪ ਨੂੰ ਤਰਸੇ
ਤਲ ਅਪਣੇ ਵਿਚ ਡੂੰਘੇ ਟੋਏ ਮਾਰੇ
ਪੱਛਮ ਦੇ ਵਿਚ ਬੁਝ ਗਏ ਅੰਗਿਆਰੇ ।

6. ਆਥਣ ਨੂੰ

ਗਲ ਸੁਣ ਆਥਣੇ ਨੀ
ਮੇਰੀਏ ਸਾਥਣੇ ਨੀ
ਵਰਕੇ ਜਿੰਦੜੀ ਦੇ ਚਿੱਟੇ
ਸੁਟ ਜਾ ਰੰਗ ਦੇ ਦੋ ਛਿੱਟੇ ।

ਆ ਨੀ ਕਾਲੀਏ ਰਾਤੇ
ਬਹਿ ਜਾ ਦਿਲ ਦੀ ਸਬਾਤੇ
ਕਰ ਦੇ ਨ੍ਹੇਰਿਆਂ ਦੀ ਛਾਇਆ
ਚਿੱਟੇ ਚਾਨਣਾਂ ਅਕਾਇਆ ।

ਸੁਣੋ ਤਾਰਿਓ ਭਰਾਵੋ
ਨਾਲ ਆਪਣੇ ਰਲਾਵੋ
ਲਾਵੋ ਧੜਕਣਾਂ ਨੂੰ ਛੋਹ
ਚੱਲੀ ਜ਼ਿੰਦਗੀ ਖਲੋ ।

ਗਲ ਸੁਣ ਪੂਰਿਆ ਚੰਨਾਂ
ਭਰਿਆ ਦੁੱਧ ਨਾਲ ਛੰਨਾਂ
ਸੁੱਤਾ ਦਿਲ ਅਸਗਾਹ
ਕੋਈ ਲਹਿਰ ਚਾ ਉਠਾ ।

ਆ ਨੀ ਸਰਘੀਏ ਭੈਣੇ
ਪਾ ਕੇ ਚਾਨਣੇ ਦੇ ਗਹਿਣੇ
ਝੜੀ ਚਾਨਣੇ ਦੀ ਲਾ
ਸੁਤੀਆਂ ਧੜਕਣਾਂ ਜਗਾ ।

7. ਰੁਤ ਕਣੀਆਂ ਦੀ

ਰੁਤ ਕਣੀਆਂ ਦੀ ਆਈ ਆ
ਨਾ ਕਰ ਅੱਤੜੇ ਵੇ ।
ਕਣੀਆਂ ਠੰਢੀਆਂ ਵੇ ਮਾਹੀਆ
ਹੰਝੂ ਤੱਤੜੇ ਵੇ ।

ਨੀਲੇ ਊਦੇ ਅਤੇ ਮੁਸ਼ਕੀ
ਘੋੜੇ ਅੱਥਰੇ ਵੇ ।
ਰੱਥ ਬੱਦਲਾਂ ਦੇ ਧੂੰਹਦੇ
ਕਰਦੇ ਚੱਤੜੇ ਵੇ ।
ਆ ਜਾ ਕਣੀਆਂ ਦੀ ਰੁੱਤੇ
ਨਾ ਕਰ ਅੱਤੜੇ ਵੇ ।
ਹੰਝੂ ਤੱਤੜੇ ਵੇ ।

ਲੱਖਾਂ ਕਾਲੇ ਧੂਤ ਹਾਥੀ
ਮੱਦਾਂ ਮੱਤੜੇ ਵੇ ।
ਖੌਰੂ ਪਾਉਂਦੇ ਤੇ ਹਿਲਾਉਂਦੇ
ਗਗਨ ਛੱਤੜੇ ਵੇ ।
ਦੇ ਜਾ ਮਦ ਦੀ ਪਿਆਲੀ
ਜਿੰਦੜੀ ਮੱਤੜੇ ਵੇ
ਕਣੀਆਂ ਠੰਢੀਆਂ ਵੇ ਮਾਹੀਆ
ਹੰਝੂ ਤੱਤੜੇ ਵੇ ।

ਵੱਡਾ ਮੱਝੀਆਂ ਦਾ ਖੰਧਾ
ਗਗਨੀਂ ਵੱਤੜੇ ਵੇ ।
ਸਿੰਙ ਸਿੰਙਾਂ ਵਿਚ ਫਾਥੇ
ਲੇਵੇ ਲੱਥੜੇ ਵੇ ।
ਰੁਤ ਕਣੀਆਂ ਦੀ ਜੀਵੇਂ
ਛੱਡ ਦੇ ਚੱਤੜੇ ਵੇ ।
ਕਣੀਆਂ ਠੰਢੀਆਂ ਵੇ ਮਾਹੀਆ
ਹੰਝੂ ਤੱਤੜੇ ਵੇ ।

ਵੱਡਾ ਮੇਘਲੇ ਦਾ ਚਰਖਾ
ਘੂਕਰ ਘੱਤੜੇ ਵੇ ।
ਗਗਨੋਂ ਧਰਤ ਤੀਕ ਲੰਮੀਆਂ
ਤੰਦਾਂ ਕੱਤੜੇ ਵੇ ।
ਕਣੀਆਂ ਬਣ ਗਈਆਂ ਅਣੀਆਂ
ਪੀੜਾਂ ਅੱਤੜੇ ਵੇ ।
ਛਿੱਟਾਂ ਚਿੱਟੀਆਂ ਵੇ ਮਾਹੀਆ
ਹੰਝੂ ਰੱਤੜੇ ਵੇ ।

ਘਟਾਂ ਮੇਘ ਵਲ ਤੁਰੀਆਂ
ਚੁਕ ਚੁਕ ਭੱਤੜੇ ਵੇ ।
ਲੌਂਗ ਬਿਜਲੀ ਦੇ ਲਿਸ਼ਕਣ
ਮੋਤੀ ਨੱਥੜੇ ਵੇ ।
ਅੱਜ ਤਾਂ ਕੱਚੜੇ 'ਕਰਾਰ
ਕਰ ਜਾ ਸੱਚੜੇ ਵੇ ।
ਬੂੰਦਾਂ ਚਿੱਟੀਆਂ ਵੇ ਮਾਹੀਆ
ਹੰਝੂ ਰੱਤੜੇ ਵੇ ।

8. ਜਿੰਦੇ ਮੇਰੀਏ

ਮੈਂ ਖਿੱਚ ਖਿੱਚ ਰਾਸਾਂ ਹਾਰ ਗਿਆ, ਜਿੰਦੇ ਮੇਰੀਏ ।

ਮੈਂ ਫੜ ਫੜ ਰਿਹਾ ਧਰੀਕ ਆਥਣ ਦਾ ਪੱਲਾ,
ਰੰਗਾਂ ਦੀ ਧੂੜ ਖਿਲਾਰ ਗਿਆ, ਜਿੰਦੇ ਮੇਰੀਏ ।

ਫਿਰ ਚੁਕ ਗੋਦੀ ਵਿਚ ਚਿਤਕਬਰਾ ਹਿਰਨੋਟਾ
ਤਰਕਾਲਾਂ ਦਾ, ਪੁਚਕਾਰ ਰਿਹਾ, ਜਿੰਦੇ ਮੇਰੀਏ ।

ਪਰ ਚੁਗਣ ਚਾਨਣ-ਨ੍ਹੇਰੇ ਦੀ ਮਿੱਸੀ ਖੇਤੀ,
ਬਾਹਾਂ 'ਚੋਂ ਚੁੰਗੀ ਮਾਰ ਗਿਆ, ਜਿੰਦੇ ਮੇਰੀਏ ।

ਔਹ ਫੜ ਨ੍ਹੇਰੇ ਦੀਆਂ ਲਾਸਾਂ ਰਾਤ ਹੈ ਉਤਰੀ,
ਲੰਘ ਵੇਲਾ ਪੱਬਾਂ ਭਾਰ ਰਿਹਾ, ਜਿੰਦੇ ਮੇਰੀਏ ।

ਲਖ ਤਾਰਿਆਂ ਵਿਚੋਂ ਘੁੰਮ ਕੇ ਪਰਤ ਵੀ ਆਇਆ,
ਮੈਂ ਕਦ ਸਾਂ ਅੰਦਰੋਂ ਬਾਹਰ ਗਿਆ, ਜਿੰਦੇ ਮੇਰੀਏ ।

ਬੰਨ੍ਹ ਸਮਾਂ ਪੈਰਾਂ ਦੇ ਵਿਚ ਤਾਰਿਆਂ ਦੀ ਝਾਂਜਰ,
ਧਰਤੀ ਤੇ ਅੱਡੀ ਮਾਰ ਰਿਹਾ, ਜਿੰਦੇ ਮੇਰੀਏ ।

ਗਈ ਮੁੜ ਸਰਘੀ ਦੀ ਵਾ ਵੀ ਦਸਤਕ ਦੇ ਕੇ
ਕਿਹੜਾ ਜਿੰਦ ਨੂੰ ਜੰਦਰੇ ਮਾਰ ਗਿਆ, ਜਿੰਦੇ ਮੇਰੀਏ ।

9. ਸਖਣੀ ਘੜੀ

ਲਹਿੰਦੇ ਦੇ ਝਿੱਕੇ ਪਤਣਾਂ ਤੇ
ਰੰਗਾਂ ਦੀ ਅਦਭੁਤ ਭੀੜ ਜੁੜੀ ।
ਲਹਿਰਾਣ ਸਹਸਰਾ ਰੰਗ-ਪੱਲੇ
ਕੰਧੀ ਤੇ ਆਥਣ ਨਾਰ ਖੜੀ ।
ਹਾਂ ! ਇਹ ਵੀ ਸਖਣੀ ਗਈ ਘੜੀ ।

ਔਹ, ਚੋਪੜੇ ਸਿੰਙਾਂ ਵਾਲੀ ਰਾਤ
ਜਿੰਦ ਦੇ ਵਿਹੜੇ ਵਿਚ ਆਣ ਵੜੀ ।
ਭਰਿਆ ਲੇਵਾ, ਵੱਗਣ ਧਾਰਾਂ
ਮੂਰਖ ਨੇ ਦੁਹਣੀ ਨਹੀਂ ਭਰੀ ।
ਹਾਂ ! ਇਹ ਵੀ ਸਖਣੀ ਗਈ ਘੜੀ ।

ਸਿਰ ਵਿਚ ਗੁੰਦੀ ਅਧ-ਰੈਣੀ ਨੇ
ਕਣੀਆਂ ਮਣੀਆਂ ਦੀ ਚਮਕ ਲੜੀ ।
ਵਿਚਕਾਰੇ ਸੱਗੀ ਚੰਨੇ ਦੀ,
ਪਾਸੀਂ ਚਾਨਣ ਦੇ ਫੁਲ ਜੜੀ ।
ਹਾਂ ! ਇਹ ਵੀ ਸਖਣੀ ਗਈ ਘੜੀ ।

ਚੜ੍ਹਦੇ ਦੇ ਉਚਿਆਂ ਟਿਬਿਆਂ ਤੇ
ਕਿਰਨਾਂ ਦੀ ਅਦਭੁਤ ਭੀੜ ਜੁੜੀ ।
ਬੁਲ੍ਹੀਂ ਹਾਸੇ, ਕੇਸੀਂ ਕੇਸਰ,
ਢੱਕੀ ਤੇ ਧੁਪ ਮੁਟਿਆਰ ਚੜ੍ਹੀ ।
ਹਾਂ ! ਇਹ ਵੀ ਸਖਣੀ ਗਈ ਘੜੀ ।

10. ਬਿਰਛ

ਅੰਗਣ ਮੇਰੇ ਉੱਗਿਆ
ਇਕ ਬਿਰਛ ਅਨੋਖਾ ।
ਕੰਡਿਆਂ ਲੱਦੇ ਪਤਰੇ
ਤੇ ਡੰਠਲ ਖੋਖਾ ।

ਜੰਗਲੀ ਥੋਹਰ ਵਾਂਗਰਾਂ
ਪਿਆ ਫੈਲੇ ਲੋਕਾ ।
ਰਾਤ ਦਿਹੁੰ ਪਿਆ ਵਧਦਾ
ਨਾ ਜਾਣੇ ਸੋਕਾ ।

ਛਿੱਟ ਪਾਣੀ ਦੀ ਪੀਏ ਨਾ
ਲਹੂ ਪੀਵੇ ਚੋਖਾ ।
ਪਤਾ ਨਹੀਂ ਇਹ ਬਿਰਛ ਹੈ
ਜਾਂ ਬਿਰਛ ਦਾ ਧੋਖਾ ।

11. ਟਿਕਾਉ

ਤਾਰ ਵਾਂਗੂੰ ਕੰਬਿਆ ਮੈਂ
ਜਿੰਦੜੀ ਦੀਆਂ ਨਿਮਨ-ਤਰਬਾਂ
ਨਿੱਕੇ ਨਿੱਕੇ ਬੰਨ੍ਹ ਘੁੰਗਰੂ ਨੱਚੀਆਂ
ਦਾਰੂ ਦੇ ਕੌੜੇ ਪਿਆਲੇ
ਵਿਚੋਂ ਚਿਣਗਾਂ ਮੱਚੀਆਂ
ਲੱਖਾਂ ਪੀੜਾਂ ਜਾਗੀਆਂ
ਕੁਝ ਸੱਚੀਆਂ ਕੁਝ ਕੱਚੀਆਂ
ਜਿੰਦੜੀ ਦੀ ਚਰੱਖੜੀ 'ਤੇ
ਜਜ਼ਬਿਆਂ ਖਾਧੀ ਭਵਾਂਟੀ
ਹਰ ਭਵਾਂਟੀ ਵਿਚ ਨਸ਼ਾ
ਹੱਥੀਂ ਸਹੇੜੀ ਪੀੜ ਦਾ
ਜਜ਼ਬਿਆਂ ਦਾ ਆਰਾ-ਕਸ਼
ਚੰਦਨ ਦੀ ਗੇਲੀ ਚੀਰਦਾ ।
ਥੱਕ ਕੇ ਜਿੰਦੜੀ ਡਿਗੀ
ਮੰਗਦੀ ਸੱਤਾਂ ਸੁਰਾਂ ਦੇ
ਰਲਵੇਂ ਬਝਵੇਂ ਨਾਦ ਨੂੰ
ਇਕੋ ਸੁਰ ਵਿਚ
ਅੰਤ, ਹੁਣ ਤੇ ਆਦਿ ਨੂੰ ।
ਲਹਿਰ ਵਾਂਗੂੰ ਉਛਲਿਆ ਮੈਂ
ਪਾ ਕਈ ਥੁੜ-ਜੀਵੀਆਂ ਲਹਿਰਾਂ
ਦੇ ਹੱਥਾਂ ਵਿਚ ਹੱਥ
ਨੱਚਿਆ ਤੇ ਮੱਚਿਆ
ਝੱਗ ਦਾ ਅਦਭੁਤ ਅਡੰਬਰ ਰੱਚਿਆ
ਗੰਢੇ ਦੀ ਛਿਲ ਨਾਲੋਂ ਪਤਲੇ
ਝਗ ਦੇ ਸਿਲਕੀ ਪਰਦਿਆਂ 'ਚੋਂ
ਅਤਿ ਸਧਾਰਨ ਰੰਗਾਂ ਤਾਈਂ
ਗਰਮ ਲਹੂ ਦੀ ਪਾਹ ਦੇ ਕੇ
ਅਣ-ਸਧਾਰਨ ਦੇਖਿਆ
ਇਕ ਇਕ ਤੁਬਕੇ ਦੇ ਵਿਚ
ਬ੍ਰਹਿਮੰਡ ਸਾਰਾ ਪੇਖਿਆ
ਰਹਿ ਗਿਆ ਫਿਰ ਵੀ ਬਹੁਤ
ਅਣ-ਦੇਖਿਆ ਅਣ-ਲੇਖਿਆ ।
ਜਿੰਦੜੀ ਹੈ ਮੰਗਦੀ
ਸਾਗਰ ਦੀ ਹੁਣ ਗੰਭੀਰਤਾ
ਤਹਿ ਦਾ ਅਣ-ਵੰਡਿਆ ਟਿਕਾਉ ।

12. ਕਸੁੰਭੜਾ

ਕੇਸੂ ਦਾ ਇਕ ਰੁਖ
ਉਗਿਆ ਵਿਚ ਉਜਾੜ ਦੇ
ਪੰਛੀ ਅਤੇ ਮਨੁੱਖ
ਲਾਗੇ ਚਾਗੇ ਕੋਈ ਨਾ ।

ਨਾ ਪਗਡੰਡੀ ਰਾਹ,
ਉਸ ਤੀਕਰ ਕੋਈ ਅਪੜਦਾ
ਕੇਵਲ ਇਕ ਨਿਗਾਹ
ਕਰ ਸਕਦੀ ਏ ਯਾਤਰਾ ।

ਧਰਤੀ ਹਿੱਕ ਹੰਗਾਲ
ਰਤਨ ਲਿਆਇਆ ਕੌਣ ਇਹ ?
ਅੱਗ-ਰੰਗੇ ਫੁਲ ਲਾਲ
ਹੁਸਨ ਮਸ਼ਾਲਾਂ ਬੱਲੀਆਂ ।

ਹਸ ਰਹੇ ਲੱਖ ਬਾਲ
ਸੂਹੀਆਂ ਬੁਲ੍ਹੀਆਂ ਖੋਹਲ ਕੇ
ਮੇਰੇ ਮਨ ਸਵਾਲ,
ਸਹਿਜ ਸੁਭਾ ਇਹ ਉਠਿਆ ।

ਕਿਉਂ ਉਗਿਆ ਬੇਕਾਰ
ਓਝੜ ਵਿਚ ਕਸੁੰਭੜਾ ?
ਖੋਲ੍ਹੀ ਵਿਚ ਉਜਾੜ
ਰੰਗ ਪਟਾਰੀ ਏਸ ਕਿਉਂ ?

ਰਹੀਆਂ ਖੇਡ ਗੁਲਾਲ
ਕ੍ਰਿਸ਼ਨ ਬਿਨਾ ਕਿਉਂ ਗੋਪੀਆਂ ?
ਬਾਝੋਂ ਕਿਸੇ ਪਿਆਲ,
ਮਦ-ਭਰੀਆਂ ਕਿਉਂ ਮਟਕੀਆਂ ?

ਹਾਏ ਇਹ ਅਨਜਾਣ
ਸਾਲੂ ਲਿਪਟੀਆਂ ਵਹੁਟੀਆਂ
ਆਵਣ ਤੇ ਤੁਰ ਜਾਣ
ਅਣ-ਤਕੀਆਂ, ਅਣ-ਮਾਣੀਆਂ ।

ਇਹ ਤੇਰਾ ਅਭਿਮਾਨ
ਉਠਿਆ ਬੋਲ ਕਸੁੰਭੜਾ,
ਕਿ ਕੇਵਲ ਇਨਸਾਨ
ਹੀ ਹੈ ਰਸੀਆ ਰੂਪ ਦਾ ।

ਤੂੰਹੇਂ ਜਗ ਦਾ ਮੂਲ
ਬਾਕੀ ਪੱਤਰ ਟਾਹਣੀਆਂ,
ਦਵਾਲੇ ਤੇਰੀ ਚੂਲ
ਘੁੰਮ ਰਿਹਾ ਬ੍ਰਹਿਮੰਡ ਹੈ ।

ਮੈਂ ਤਾਂ ਬਿਰਛ ਮਹਾਨ
ਰੰਗਲਾ ਅਤੇ ਸੁਹਾਵਣਾ
ਬਿਰਥਾ ਮੂਲ ਨਾ ਜਾਣ
ਅਣੂ-ਖੰਡ ਵੀ ਧਰਤ ਦਾ ।

ਬੱਝੀ ਵਿਚ ਕਰਤਵ
ਹਰ ਵਸਤੂ ਬ੍ਰਹਿਮੰਡ ਦੀ ।
ਪਰ ਤੈਨੂੰ ਅਨੁਭਵ
ਏਸ ਹਕੀਕਤ ਦਾ ਨਹੀਂ ।

ਨਿਕਿਉਂ ਨਿਕੀ ਸ਼ੈ
ਦਾ ਵੀ ਨਿਸ਼ਚਿਤ ਪੱਥ ਹੈ
ਤੁਰਦੇ ਅੰਦਰ ਭੈ
ਚੰਨ, ਸੂਰਜ ਤੇ ਪ੍ਰਿਥਮੀ ।

ਹਿੱਸੇ ਵੰਡੀ ਘਾਲ
ਮੈਨੂੰ ਵੀ ਸੌਂਪੀ ਗਈ ।
ਭਰ ਦਿਆਂ ਰੰਗਾਂ ਨਾਲ
ਝੋਲੀ ਏਸ ਉਜਾੜ ਦੀ ।

ਬੇਸ਼ਕ ਮੇਰਾ ਰੰਗ
ਥੁੜ-ਜੀਵੀ ਤੇ ਕੱਚੜਾ ।
ਬੇਸ਼ਕ ਮੇਰਾ ਕੰਮ
ਅਤ ਨਿੱਕਾ, ਪਰ ਸੱਚੜਾ ।

ਤੈਨੂੰ ਹੈ ਅਭਿਮਾਨ
ਵੱਡੇ ਤੇਰੇ ਕੰਮ ਨੇ
ਪਰ ਹੈ ਮੈਨੂੰ ਗਿਆਨ
ਨਿੱਕੇ ਵਡੇ ਸਮ ਨੇ ।

ਐਸਾ ਬਲੀਆ ਕੌਣ
ਸਾਰਾ ਕੰਮ ਮੁਕਾ ਲਵੇ ?
ਕਿਹੜੀ ਕੱਲੀ ਧੌਣ
ਬ੍ਰਹਿਮੰਡ ਨੂੰ ਜੋ ਚਾ ਲਵੇ ?

ਮੈਂ ਨਿਕਾ ਕਲਿਆਨ
ਮੇਰੀ ਨਿੱਕੇ ਕੰਮ ਵਿਚ ।
ਸੂਰ ਜਿਹਾ ਬਲਵਾਨ
ਰੰਗੇ ਅੱਧੀ ਧਰਤ ਹੀ ।

13. ਗ਼ਜ਼ਲਾਂ
1.

ਅਜ ਦਿਲ ਸਾਡਾ ਫੇਰ ਆਕੀ ਹੈ,
ਆਪੇ ਪੀ ਲਾਂਗੇ ਜੇ ਨਾ ਸਾਕੀ ਹੈ ।

ਦੇਸ ਨੂਰਾਨੀਆਂ ਦੇ ਪਹੁੰਚ ਗਿਆ,
ਹੋਇਆ ਕੀ ਆਦਮੀ ਜੇ ਖ਼ਾਕੀ ਹੈ ।

ਇਕ ਪੁਰਾਣਾ ਅਖਾਣ ਸੱਚ ਹੋਇਆ,
ਲਾਈ ਬੰਦੇ ਗਗਨ ਨੂੰ ਟਾਕੀ ਹੈ ।

ਸਾਡੇ ਵਿਚੋਂ ਹੀ ਰਿੰਦ ਕੋਈ ਜਾਪੇ,
ਨੀਲੇ ਤੇ ਮਾਰੀ ਜਿਸ ਪਲਾਕੀ ਹੈ ।

ਮੋਮਨਾ ਜਾਗ ! ਇਕ ਕਾਫ਼ਿਰ ਨੇ,
ਤੇਰੇ ਜੰਨਤ ਦੀ ਭੰਨੀ ਤਾਕੀ ਹੈ ।

ਖੱਸ ਨਾ ਹਥੋਂ ਪਿਆਲਾ ਤ੍ਰੈ-ਅੱਗਾ,
ਮੇਰੇ ਵਿਚ ਜਾਨ ਹਾਲੇ ਬਾਕੀ ਹੈ ।

2.

ਹਾਲੇ ਉਸਦਾ ਖ਼ਿਆਲ ਬਾਕੀ ਹੈ,
ਵਿਚ ਬਦਖ਼ਸ਼ਾਂ ਦੇ ਲਾਲ ਬਾਕੀ ਹੈ ।

ਜ਼ੋਰ ਤਲਵਾਰ ਦਾ ਹਾਂ ਦੇਖ ਚੁਕੇ,
ਢਾਲ ਅਮਨਾਂ ਦੀ ਹਾਲ ਬਾਕੀ ਹੈ ।

ਮੰਨਿਆਂ ਅਕਲ ਦੀ ਹੈ ਪਹੁੰਚ ਬੜੀ,
ਨਾ ਗਗਨ ਨਾ ਪਤਾਲ ਬਾਕੀ ਹੈ ।

ਪਰ ਅਜੇ ਤਾਂ ਅਦੇਸ਼ ਕਛਣਾ ਹੈ,
ਪਰ ਅਜੇ ਤਾਂ ਅਕਾਲ ਬਾਕੀ ਹੈ ।

ਕੀ ਹੈ ? ਬੇਸ਼ੱਕ ਕੁਝ ਹਾਂ ਜਾਣ ਸਕੇ,
ਕਿਉਂ ਹੈ ? ਪਰ ਇਹ ਸਵਾਲ ਬਾਕੀ ਹੈ ।

ਪਛੜ ਕੇ ਪੁੱਜੇ ਹਾਂ ਬਹੁਤ ਯਾਰੋ,
ਦੇਖਣਾ ਜੇ ਰਵਾਲ ਬਾਕੀ ਹੈ ।

3.

ਕਿਹੜਾ ਲਭ ਸਿਰਾ ਸਕਿਆ
ਜ਼ਿੰਦਗੀ ਦੇ ਰਾਹਵਾਂ ਦਾ ।
ਹਰ ਪੜਾ ਸੁਨੇਹਾ ਹੈ
ਅਗਲਿਆਂ ਪੜਾਵਾਂ ਦਾ ।

ਤੋੜ ਲੰਘ ਗਿਆ ਦੇਖੋ
ਧਰਤ ਦੀ ਤੜਾਗੀ ਨੂੰ
ਕੋਈ ਹਦ ਬੰਨਾ ਹੈ
ਇਸ਼ਕ ਦੇ ਸ਼ੁਦਾਵਾਂ ਦਾ ?

ਧਰਤ ਜਿੱਥੇ ਮੁਕ ਜਾਂਦੀ
ਰੰਗਾਂ ਦੀ ਝਨਾਂ ਵਹਿੰਦੀ
ਪਰ ਕੋਈ ਰੰਝੇਟਾ ਹੀ
ਪਾਵੇ ਮੁਲ ਝਨਾਵਾਂ ਦਾ ।

ਜਿਹੜੇ ਹਿੰਮਤਾਂ ਵਾਲੇ
ਚੀਰਦੇ ਪੁਲਾੜਾਂ ਨੂੰ
ਚੰਨ ਦਾ ਟੁਕ ਖਾਂਦੇ ਨੇ
ਭਰ ਕੇ ਘੁਟ ਸ਼ੁਆਵਾਂ ਦਾ ।

ਤਾਰਿਆਂ ਦੇ ਤਖ਼ਤ ਉਤੇ
ਮਾਣ ਨਾਲ ਬਹਿੰਦੇ ਨੇ
ਸਿਰ ਦੇ ਉੱਤੇ ਧਰਦੇ ਨੇ
ਤਾਜ ਕਹਿਕਸ਼ਾਵਾਂ ਦਾ ।

ਕੱਢ ਲਏ ਨੇ ਸਾਗਰ 'ਚੋਂ
ਕਿਰਤੀਆਂ ਰਤਨ ਚੌਦਾਂ
ਹੋਰ ਚੌਦਾਂ ਕੱਢ ਲੈਣੇ
ਮਥ ਕੇ ਸ਼ਹੁ ਖਲਾਵਾਂ ਦਾ ।

ਛੱਡ ਕੇ ਧਰਤ ਦਾ ਕੰਢਾ
ਕੁੱਦੇ ਜੋ ਪੁਲਾੜਾਂ ਵਿਚ
ਉਠ ਕੇ ਲੈਣ ਜੋਗਾ ਹੈ
ਨਾਂ ਉਨ੍ਹਾਂ ਮਲਾਹਵਾਂ ਦਾ ।

4.

ਮੱਠੀ ਜੋ ਜਾਪਦੀ ਏ ਇਸ਼ਕ ਦੀ ਦੌੜ,
ਤੀਰ ਦੇ ਨਾਲ ਖੰਭ ਉਕਾਬ ਦਾ ਜੋੜ ।

ਆਹ ਦੇ ਵਿਚ ਰਲਾ ਕੋਈ ਸ਼ੁਅਲਾ,
ਹੰਝੂਆਂ ਵਿਚ ਹੋਰ ਖ਼ੂਨ ਨਚੋੜ ।

ਤਿਲ੍ਹਕ ਕੇ ਦਿਹੁੰ ਨਿਕਲ ਗਿਆ ਹੱਥੋਂ,
ਲੰਘ ਗਈ ਰਾਤੜੀ ਵੀ ਢਾਕ ਮਰੋੜ ।

ਮਿਠਾ ਦ੍ਰਿਸ਼ ਕੋਈ ਨਾ ਤਕਣ ਦੇਂਦਾ,
ਰਾਤ ਦਿਹੁੰ ਦਾ ਇਹ ਘੋੜਾ ਅਥਰਾ ਕੌੜ ।

ਰੰਗਲੀ ਧਰਤੀ ਸੁਹਾਵਣਾ ਆਕਾਸ਼,
ਮਾਣ ਮਤਿਆ ਘੜੀ ਤਾਂ ਮਾਣ ਨੂੰ ਛੋੜ ।

ਨਾ ਸਹੀ ਫੁੱਲ, ਕੋਈ ਪਤ ਹੀ ਸਹੀ,
ਉਮਰ ਦੀ ਟਹਿਣੀ ਨੂੰ ਹੈ ਕੁਝ ਤਾਂ ਲੋੜ ।

ਆਖਣੀ ਬੁਲ੍ਹੇ ਦੀ ਹੈ ਠੀਕ, ਮਗਰ,
ਕੌਣ ਸਕਿਆ ਦਿਲੇ ਦੀ ਵਾਗ ਨੂੰ ਮੋੜ ।

5.

ਚੜ੍ਹ ਮੇਘਲੇ ਦੀ ਘੋੜੀ ਤੇ
ਕਣੀਆਂ ਦੀ ਜੋੜ ਜੰਞ,
ਧਰਤੀ ਨੂੰ ਵਰਨ ਆ ਗਿਆ
ਸਾਵਣ ਸੁਹਾਵਣਾ ।

ਕਣੀਆਂ ਨੇ ਨਾਲ ਮਣੀਆਂ ਦੇ,
ਬੁਕ ਫੁੱਲਾਂ ਦੇ ਭਰੇ,
ਅਜ ਵੀ ਨਾ ਆਇਉਂ ਜ਼ਾਲਿਮਾ
ਫਿਰ ਕਦ ਈ ਆਵਣਾ ।

ਖ਼ੁਮ 'ਚੋਂ ਸੁਰਾਹੀ ਵਿਚ,
ਸੁਰਾਹੀਓਂ ਪਿਆਲੇ ਵਿਚ,
ਏਨੇ ਵਸੀਲੇ ਪਾ ਕੇ ਕੀ
ਪੀਣਾ ਪਿਲਾਵਣਾ ।

ਨਿਥਰੀ ਨਹੀਂ ਤਾਂ ਆਉਣ ਦੇ
ਸਣਗੁੱਦੜੀ ਸ਼ਰਾਬ,
ਹਛਿਆ, ਨਾ ਹੱਛਾ ਹੱਛੇ ਕੰਮ
ਵਿਚ ਦੇਰ ਲਾਵਣਾ ।

ਔਹ ਮੇਘਲੇ ਨੂੰ ਕਪ ਗਈ
ਬਿਜਲੀ ਦੀ ਦਾਤਰੀ,
ਸਾਡੇ ਗ਼ਮਾਂ ਦੀ ਫ਼ਸਲ ਨੇ
ਕਦ ਮੁਸਕਰਾਵਣਾ ?

ਆਵੇ ਤੇ ਆਉਣ ਸਾਰ ਹੀ
ਗਲ ਜਾਣ ਦੀ ਕਰੇ,
ਆਖ਼ਰ ਉਨ੍ਹਾਂ ਦੀ ਯਾਦ ਨੇ
ਉਹਨਾਂ ਤੇ ਜਾਵਣਾ ।

6.

ਆਪੇ ਹੀ ਗਲ ਚਲਾਈ ਜੇ
ਸਾਵਣ ਤੇ ਫੂਹਰ ਦੀ,
ਰਾਹ ਵਿਚ ਨਾ ਤਾਰ ਤੋੜਨੀ
ਸਾਡੇ ਸਰੂਰ ਦੀ ।

ਅੱਖਾਂ ਦੇ ਵਿਚ ਹੰਝੂ ਤੇ
ਹੋਠਾਂ ਤੇ ਮੁਸਕਰਾਨ,
ਅਗੇ ਕਿਸ ਤਰ੍ਹਾਂ ਸਤਾਣ ਦੀ
ਮਰਜ਼ੀ ਹਜ਼ੂਰ ਦੀ ?

ਮੁੜ ਮਿਹਰਬਾਨ ਤਕਣੀਆਂ
ਤੇ ਸ਼ਹਿਦ-ਭਿੱਜੇ ਬੋਲ,
ਅੱਲਾ ਨੇ ਸ਼ਾਨ ਰੱਖ ਲਈ
ਸਾਡੇ ਗ਼ਰੂਰ ਦੀ ।

ਵਿਛੜਨ ਦੇ ਵਾਂਗ ਮਿਲਣ ਵੀ
ਰਹਿੰਦਾ ਹੈ ਬੇ-ਕਰਾਰ,
ਵਿੱਥ ਮੇਟ ਦਿੱਤੀ ਇਸ਼ਕ ਨੇ
ਨੇੜੇ ਤੇ ਦੂਰ ਦੀ ।

ਇਕ ਇਕ ਤਜੱਲੀ ਉਤੇ
ਸੌ ਸੌ ਵਾਰ ਹਾਂ, ਮਰੇ,
ਹੁੱਗਣ ਨੂੰ ਹੁਗ ਗਈ ਏ ਗਲ
ਮੂਸਾ ਤੇ ਤੂਰ ਦੀ ।

ਨਾਬਰ ਹੈ ਕੌਣ ਦਿਲ ਤੋਂ ਪਰ
ਅਥਰਾ ਹੈ ਇਹ ਜਨੌਰ,
ਪਾ ਲੈਣੀ ਇਸ ਤੇ ਚੰਗੀ ਏ
ਕਾਠੀ ਸ਼ਊਰ ਦੀ ।

7.

ਥਾਂ ਆਪਣੀ ਤੇ ਚੰਗੀਆਂ
ਨੇ ਮਿਹਰਬਾਨੀਆਂ,
ਮੁੜ ਮੁੜ ਕੇ ਯਾਦ ਆਂਦੀਆਂ
ਨਾ-ਮਿਹਰਬਾਨੀਆਂ ।

ਕਿਉਂ ਹੋ ਗਏ ਨੇ ਲੋੜ ਤੋਂ
ਵਧ ਮਿਹਰਬਾਨ ਬੋਲ ?
ਕਿਉਂ ਜ਼ਹਿਰ ਦੀ ਥਾਂ ਸ਼ਹਿਦ
ਵਿਚ ਭਿਜੀਆਂ ਨੇ ਕਾਨੀਆਂ ?

ਸੁਣਿਆ, ਸਿਆਣੀ ਗੱਲ ਦਾ
ਵੀ ਮੁੱਲ ਹੈ ਬੜਾ,
ਪਰ ਮੁੱਲੋਂ ਸਨ ਪਰੇਡੀਆਂ
ਅੱਲ੍ਹੜ ਨਦਾਨੀਆਂ ।

ਕਿਹੜਾ ਲਿਆਵੇ ਮੋੜ ਕੇ
ਘੜੀਆਂ ਜਨੂੰ ਦੀਆਂ ?
ਕਿਥੋਂ ਵਿਛਾਈਏ ਪੈਰਾਂ ਵਿਚ
ਅਣਮੁਕ ਵੀਰਾਨੀਆਂ ?

ਸਾਨੂੰ ਤਾਂ ਮੁੜ ਪਿਆਓ ਇਕ
ਜੀਵਨ ਦਾ ਕੌੜਾ ਘੁਟ,
ਆਵਣ ਤਬੀਅਤਾਂ ਦੇ ਵਿਚ
ਮੁੜਕੇ ਜੌਲਾਨੀਆਂ ।

ਕਿਨ੍ਹਾਂ ਬੁਲੰਦੀਆਂ ਤੋਂ ਕਿੱਥੇ
ਆਣ ਹਾਂ ਡਿਗੇ,
ਰਿੰਦੀ ਦੀ ਓਜ ਕਿੱਥੇ,
ਕਿੱਥੇ ਰਾਜ਼ਦਾਨੀਆਂ ।

ਹੋਵੇਗਾ ਸਹਿਜ ਪ੍ਰੀਤ ਦਾ
ਦਰਜਾ ਵੀ ਕੁਝ ਜ਼ਰੂਰ
ਅੰਬਾਂ ਦੀ ਭੁੱਖ ਅੰਬਾਕੜੀ
ਲਾਹਵੇ ਨ ਜਾਨੀਆਂ ।

8.

ਮਾਰੂ ਨ੍ਹੇਰੀ ਬਿਰਹੋਂ ਦੀ ਚੱਲਦੀ ਏ ।
ਲਾਟ ਜਿੰਦੜੀ ਦੀ ਫਿਰ ਵੀ ਬਲਦੀ ਏ ।

ਦਿਲ ਉਨ੍ਹਾਂ ਦਾ ਅਜੇ ਨਹੀਂ ਢਲਿਆ
ਟਿੱਕੀ ਸੂਰਜ ਦੀ ਰੋਜ਼ ਢਲਦੀ ਏ ।

ਠੱਪ ਦਿੱਤੀ ਏ ਜ਼ਿੰਦਗੀ ਦੀ ਕਿਤਾਬ
ਯਾਦ ਕਿਉਂ ਵਰਕੇ ਫਿਰ ਉਥੱਲਦੀ ਏ ?

ਆ ਕੇ ਬੋਲੇ, "ਮੈਂ ਆਖਿਆ ਤਕ ਆਂ
ਬੁਝ ਗਈ ਅੱਗ ਯਾ ਕਿ ਬਲਦੀ ਏ ।"

ਜਿੰਦ ਇਕ, ਭਾਰ ਦੋ ਜਹਾਨਾਂ ਦਾ
ਤੰਦ ਪਈ ਪਰਬਤਾਂ ਨੂੰ ਝੱਲਦੀ ਏ ।

ਭਾਵੇਂ ਟੁਟਿਆਂ ਵਰ੍ਹੇ ਨੇ ਬੀਤ ਗਏ
ਪਰ ਨਜ਼ਰ ਆਵੇ ਗੱਲ ਕੱਲ੍ਹ ਦੀ ਏ ।

ਗਲੇ ਇਕ ਵਾਰ ਲੱਗ ਕੇ ਰੋਏ ਸਾਂ,
ਸਾਨੂੰ ਬਸ ਲਾਜ ਇਕੋ ਗਲ ਦੀ ਏ ।

ਸਾਡਾ ਕੰਮ ਹੈ ਸੰਵਾਰਨਾ ਘਰ ਨੂੰ
ਆਪੇ ਆ ਜਾਣਗੇ ਕੀ ਜਲਦੀ ਏ ।

9.

ਨਾ ਮੁਕ ਜਾਵੇ ਬੁਤਾਂ ਤਕ ਅਪੜ ਕੇ
ਪਿਆਰ ਦਾ ਰਾਹ ।
ਬੜਾ ਅਗਮ ਤੇ ਅਗੋਚਰ ਹੈ
ਇੰਤਜ਼ਾਰ ਦਾ ਰਾਹ ।

ਬਹੁਤ ਹੀ ਨੇੜੇ ਦੀ ਹੈ ਚੀਜ਼
ਕੂਏ ਯਾਰ ਦਾ ਰਾਹ ।
ਹੈ ਇਸ ਤੋਂ ਬਹੁਤ ਅਗੇਰੇ
ਰਸਨ ਤੇ ਦਾਰ ਦਾ ਰਾਹ ।

ਹੈ ਪੁੱਜਾ ਇਸ਼ਕ ਬਹੁਤ ਦੂਰ
ਅਪਣੇ ਪੈਂਡੇ ਤੇ
ਮਗ਼ਰ ਅਜੇ ਵੀ ਪਿਆ ਓਸ ਨੂੰ
ਵੰਗਾਰਦਾ ਰਾਹ ।

ਬੜਾ ਹੀ ਸੌੜਾ ਜਗਤ
ਰੰਗਾਂ ਤੇ ਸੁਗੰਧਾਂ ਦਾ
ਉਕਾਬ ਜਾਣਦਾ ਕੀ ਹੁੰਦਾ
ਕੋਹਸਾਰ ਦਾ ਰਾਹ ।

ਜੇ ਬਿਖੜਾ ਪੈਂਡਾ ਬਹੁਤ ਸੀ
ਜਨੂੰ ਤੇ ਮਸਤੀ ਦਾ
ਨਾ ਘਟ ਕਟੀਲਾ ਤੇ ਦੁਰਗਮ ਹੈ
ਹੋਸ਼ਿਆਰ ਦਾ ਰਾਹ ।

ਅਜੇ ਤਾਂ ਤੋੜਨੇ ਬਾਕੀ ਨੇ
ਦੁਰਗ ਗਗਨਾਂ ਦੇ,
ਅਜੇ ਤਾਂ ਲੋੜਨਾ ਬਾਕੀ ਹੈ
ਗਗਨੋਂ ਪਾਰ ਦਾ ਰਾਹ ।

ਜੋ ਫੁੰਡ ਕੇ ਕੁਤਬ ਦੀ ਕਿੱਲੀ ਨੂੰ
ਅੱਗੇ ਲੰਘ ਜਾਵੇ
ਜਹਾਨ ਦੇਖੇ ਪਿਆ ਓਸ
ਸ਼ਾਹ ਸਵਾਰ ਦਾ ਰਾਹ ।

10.

ਹਾਲੇ ਵੀ ਦਿਲ ਨਾ ਛੋੜਦਾ
ਪੱਲਾ ਮੁਰਾਦ ਦਾ ।
ਕਰੀਏ ਅਸੀਂ ਇਲਾਜ ਕੀ
ਇਸ ਨਾਮੁਰਾਦ ਦਾ ।

"ਖ਼ਾਲੀ ਪਿਆਲਾ ਹੋਰਾਂ ਨੂੰ
ਤੈਨੂੰ ਦਿੱਤੀ ਸ਼ਰਾਬ"
ਮੁਲ ਤਾਰਿਆ ਨਾ ਜਾਂਵਦਾ
ਉਹਨਾਂ ਦੀ ਦਾਦ ਦਾ ।

ਹੋਇਆ ਹਨੇਰ ਸੰਘਣਾ
ਜਿਉਂ ਢੋਡ ਕਾਂ ਦੀ ਅੱਖ,
ਭਰ ਕੇ ਕੋਈ ਪਿਆਲਾ ਦੇ
ਯਾਰਾ ਸੁਆਦ ਦਾ ।

ਗੁਸਤਾਖ਼ੀ ਸਾਥੋਂ ਹੋ ਗਈ
ਅਜ ਪੀ ਕੇ ਚਾਰ ਘੁਟ,
ਫੜ ਕੇ ਅਸਾਂ ਹੈ ਚੁੰਮ ਲਿਆ
ਮੂੰਹ ਤੇਰੀ ਯਾਦ ਦਾ ।

ਤੇਰੀ ਸਲਾਹ ਹੈ 'ਹਾਲ' ਵੀ
ਅਪਣਾ ਗੰਵਾ ਲਵਾਂ,
ਕਜ਼ੀਆ ਲਮੇਰਾ ਛੇੜ ਕੇ
ਮੈਂ ਅੰਤ ਆਦ ਦਾ ।

11.

ਆਖ਼ਰ ਸੀ ਅਸਰ ਹੋਵਣਾ
ਕੁਝ ਤਾਂ ਬਹਾਰ ਦਾ,
ਸਾਡੇ ਵੀ ਵਿਹੜੇ ਖਿੜ ਪਿਆ
ਫੁਲ ਇੰਤਜ਼ਾਰ ਦਾ ।

ਜੀਵਨ ਸੀ ਇੱਕੋ, ਪਹਿਲੀ ਹੀ
ਬਾਜ਼ੀ 'ਚ ਹਾਰਿਆ,
ਹਾਏ ! ਜੇ ਹੋਰ ਹੋਵੰਦੇ
ਰੱਜ ਕੇ ਤਾਂ ਹਾਰਦਾ ।

ਬੇਚੈਨ ਨਗ਼ਮੇਂ ਸੌਂ ਗਏ
ਇਕ ਛੁਹ ਨੂੰ ਤਰਸਦੇ,
ਸਾਜ਼ਿੰਦਾ ਮੁੜ ਨਾ ਪਰਤਿਆ
ਜਿੰਦ ਦੀ ਸਿਤਾਰ ਦਾ ।

ਖਾ ਕੇ ਹਜ਼ਾਰ ਝਟਕੇ ਵੀ
ਹਾਲੀ ਨਾ ਟੁਟਿਆ,
ਹਾਂ ਸੋਚਦਾ ਕਿ ਕੈਸਾ ਇਹ
ਰਿਸ਼ਤਾ ਪਿਆਰ ਦਾ ।

ਫੁਲ-ਹਿੱਕ ਵਿਚ ਜਮੀ ਪਲੀ
ਖੁਸ਼ਬੂ ਜਾਂ ਉਡ ਗਈ,
ਇਹਸਾਸ ਹੋਇਆ ਫੁੱਲ ਨੂੰ
ਰੰਗਾਂ ਦੇ ਭਾਰ ਦਾ ।

12.

ਚਾਹਾਂ ਤਾਂ ਪਾਵੇ ਨਾਲ ਅਪਣੇ
ਮੈਂ ਬੰਨ੍ਹ ਕੇ ਕਾਲ ਬਹਾਲ ਲਵਾਂ ।
ਇਸ ਚਪਲ ਸਮੇਂ ਦੇ ਘੋੜੇ ਤੇ
ਜੇ ਤੈਨੂੰ ਕਿਵੇਂ ਬਿਠਾਲ ਲਵਾਂ ।

ਜਦ ਵੀ ਹੈ ਤੇਰੀ ਗਲ ਛਿੜਦੀ,
ਧੜਕਣ ਵਧ ਜਾਂਦੀ ਹੈ ਦਿਲ ਦੀ,
ਡਕ ਲਾਂ ਭਾਵੇਂ ਦਰਿਆਵਾਂ ਨੂੰ
ਤੇ ਮੁੱਠੀ ਵਿਚ ਭੁਚਾਲ ਲਵਾਂ ।

ਮੈਂ ਕਿਹਾ ਕੀਮੀਆਗਰ ਹੋਇਆ
ਜੋ ਤੈਨੂੰ ਨਾ ਪਿਘਲਾ ਸਕਿਆ,
ਭਾਵੇਂ ਦਿਲ ਦੀ ਕੁਠਿਆਲੀ ਵਿਚ
ਚੰਨ ਸੂਰਜ ਨੂੰ ਪੰਘਰਾਲ ਲਵਾਂ ।

ਬਹਿ ਗਿਆ ਹਾਰ ਕੇ ਕੰਢੇ ਤੇ
ਜਦ ਦਿਲ ਦੀ ਹਾਥ ਨਾ ਲੈ ਸਕਿਆ,
ਉਂਜ ਮਥ ਕੇ ਸੱਤ ਸਮੁੰਦਰਾਂ ਨੂੰ
ਮੈਂ ਚੌਦਾਂ ਰਤਨ ਨਿਕਾਲ ਲਵਾਂ ।

ਗਗਨਾਂ ਦੇ ਘੁੰਮਦੇ ਚਕ ਉਤੋਂ
ਘੁਮਿਆਰ ਨੇ ਭਾਂਡਾ ਲਾਹ ਧਰਿਆ,
ਆਥਣ ਨੇ ਲਾਲ ਸ਼ਰਾਬ ਭਰੀ,
ਜੇ ਹੋਵੇਂ ਨਾਲ ਪਿਆਲ ਲਵਾਂ ।

ਮੰਨਿਆਂ ਸ਼ੋਭਾ ਤ੍ਰੈਲੋਕੀ ਦੀ
ਇਸ ਹੁਣ ਦੇ ਵਿਚ ਹੈ ਆਣ ਜੁੜੀ,
ਇਸ ਹੁਣ ਦੀ ਘੜੀ ਸੁਲੱਖਣੀ ਨੂੰ
ਮੈਂ ਕੱਲਿਆਂ ਕਿਵੇਂ ਸੰਭਾਲ ਲਵਾਂ ।

14. ਮਦਨ ਤੇ ਕਾਮਦੀ

(ਇਕ ਫਾਰਸੀ ਕਵਿਤਾ ਦਾ ਖੁਲ੍ਹਾ ਅਨੁਵਾਦ)

ਰੰਗ ਮਹਿਫ਼ਲ ਦਾ ਬੱਝਿਆ,
ਸੁਣ ਸ਼ਾਹੀ ਫ਼ਰਮਾਨ,
ਨਾਲ ਖੁਸ਼ੀ ਦੇ ਹੋ ਗਏ ਪੁਲਕਿਤ ਸਭ ਮਹਿਮਾਨ ।

ਗੀਤ ਖੁਸ਼ੀ ਤੇ ਪ੍ਰੇਮ ਦੇ
ਲੱਗੇ ਗਾਣ ਕਵਾਲ,
ਸ਼ਾਹੀ ਧੌਲਰ ਗੂੰਜਿਆ ਸਾਜ਼ਾਂ ਦੀ ਧੁਨ ਨਾਲ ।

ਸਹਿਕ ਸਿਕੰਦੜਾ ਆ ਗਿਆ
ਦਿਨ ਉਹ ਅਖ਼ਰਕਾਰ,
ਜਿਸ ਦਿਨ ਮਦਨ ਕਵਾਲ ਨੇ ਮਹਿਫ਼ਲ ਦੇ ਵਿਚਕਾਰ,

ਚੰਚਲ ਪੁਤਲੀ ਨਾਚ ਦੀ,
ਸ਼ੋਖ਼ ਕਾਮਦੀ ਨਾਲ,
ਨਾਚ ਅਤੇ ਸੰਗੀਤ ਦੇ ਦਸਣੇ ਸੀਗ ਕਮਾਲ,

ਦਿਲ ਦੀ ਗੁੱਝੀ ਭਾਹ ਦੀ
ਚਾੜ੍ਹ ਕਲਾ ਤੇ ਪਾਹ,
ਕਿਉਂਕਿ ਕਲਾ ਤੇ ਇਸ਼ਕ ਦੇ ਨਹੀਂਗੇ ਵਖਰੇ ਰਾਹ ।

ਖ਼ਬਰੇ ਕੀ ਹੈ ਹੋਵਣਾ,
ਦਰਸ਼ਕ ਕਰਨ ਖ਼ਿਆਲ,
ਨੈਣ ਉਨ੍ਹਾਂ ਦੇ ਰੰਗਲੇ ਨਿੰਮ੍ਹੇ ਚਾਨਣ ਨਾਲ ।

ਸਖਣਾ ਕੀਤਾ ਮਦਨ ਨੇ
ਪਹਿਲਾ ਹੀ ਜਦ ਜਾਮ,
ਅਦਭੁਤ ਕਿਸੇ ਜਹਾਨ ਵਿਚ ਕੀਤਾ ਓਸ ਮਕਾਮ ।

ਕੁੱਠਾ ਹੀ ਕੋਈ ਪ੍ਰੇਮ ਦਾ
ਪੁਜਦਾ ਜਿਥੋਂ ਤੀਕ,
ਸੂਖਮ ਜਿਸਦੀ ਆਤਮਾ ਜਿਉਂ ਚਾਨਣ ਦੀ ਲੀਕ ।

ਆਖ਼ਰ ਉਠ ਕੇ ਖੜ ਗਿਆ
ਗਾਇਕਾਂ ਦਾ ਸਰਦਾਰ,
ਤਾਂ ਜੇ ਆਪਣੇ ਕਸਬ ਦਾ ਦਿਖਲਾਵੇ ਚਮਕਾਰ ।

ਮਹਿਫ਼ਲ ਦੇ ਵਿਚ ਖਲਾ ਉਹ
ਸੂਤੀ ਜਿਵੇਂ ਕਟਾਰ,
ਜਾਣੋ ਕਿਸੇ ਗੰਧਰਬ ਨੇ ਕੀਤਾ ਆਣ ਉਤਾਰ ।

ਦੋਹਾਂ ਦੇ ਵਲ ਮੁੜੇ ਸਨ
ਸਭ ਅੱਖਾਂ ਤੇ ਕੰਨ,
ਜਾਣੁ ਬੁਤ ਤੇ ਜੁੜੇ ਸਨ ਮਹਿਮਾਨਾਂ ਦੇ ਮਨ ।

ਲੰਬਾ ਬੁਤ ਛਰੀਟਕਾ
ਜਿੱਦਾਂ ਜੰਗਲੀ ਨਾੜ,
ਰਾਸ ਓਸ ਦੇ ਰੂਪ ਦੀ ਕੋਈ ਨਾ ਸੱਕੇ ਹਾੜ ।

ਸ਼ਾਹ ਦੇ ਸਨਮੁਖ ਖੜਾ ਸੀ
ਮੌਤ ਜਿਹੀ ਚੁਪ ਧਾਰ,
ਚਲਦੀ ਨਜ਼ਰ ਨਾ ਆਉਂਦੀ ਸਵਾਸਾਂ ਦੀ ਵੀ ਤਾਰ ।

ਫਿਰ ਵੀ ਉਸ ਨੇ ਰਖਿਆ
ਸਾਹ ਸਭਨਾਂ ਦਾ ਬੰਦ,
ਭਾਵੇਂ ਅਜੇ ਸੰਗੀਤ ਦੀ ਛੁੱਥੀ ਇਕ ਨਾ ਤੰਦ ।

ਏਦਾਂ, ਵਿਚ ਲਟਕਾਓ ਦੇ
ਦਰਸ਼ਕ ਰਹੇ ਉਡੀਕ,
ਕਦ ਨਿਕਲੇ ਸੁਰ ਰਾਗ ਦੀ ਕੋਮਲ ਅਤੇ ਬਰੀਕ ।

ਨਾਲ ਚੁਪ ਕਿਉਂ ਉਨ੍ਹਾਂ ਦਾ
ਸਬਰ ਰਿਹਾ ਅਜ਼ਮਾ ?
ਕਿਹੜੇ ਟੂਣੇ ਵਿਚ ਉਹ ਮਹਿਫ਼ਲ ਰਿਹਾ ਵਲਾ ?

ਛਾਇਆ ਉੱਪਰ ਦਰਸ਼ਕਾਂ
ਇਕ ਵਚਿੱਤਰ ਭੈ,
ਐਸਾ ਅਚਲ, ਅਹਿੱਲ ਉਹ, ਐਸਾ ਅਗਤ, ਅਲੈ ।

ਆਖ਼ਰ ਕੱਢੀ ਓਸ ਨੇ,
ਤੱਤੀ ਇਕ ਹਵਾੜ,
ਛੱਤ, ਕੰਧਾਂ ਤੇ ਫ਼ਰਸ਼ ਨੂੰ ਦਿਤਾ ਜਿਸ ਨੇ ਸਾੜ ।

ਸ਼ੁਅਲੇ ਵਾਂਗੂੰ ਭੜਕਦੀ
ਤੱਤੀ ਉਸ ਦੀ ਆਹ,
ਸਾਰੇ ਰੰਗਲੇ ਮਹਿਲ ਨੂੰ ਗਈ ਚਵਾਤੀ ਲਾ ।

ਆਖ਼ਰ ਖੋਲ੍ਹੇ ਮਦਨ ਨੇ
ਕੋਮਲ ਅਪਣੇ ਬੁਲ੍ਹ,
ਜਾਪਿਆ ਝੱਖੜ ਜ਼ੋਰ ਦਾ ਗਿਆ ਸਿਰਾਂ ਤੇ ਝੁਲ ।

ਏਥੋਂ ਤਾਈਂ ਹੋ ਗਏ
ਦਰਸ਼ਕ ਸਭ ਹੈਰਾਨ,
ਜਾਣੋ ਡੋਲੀ ਪਿਰਥਮੀ, ਝੂਲ ਗਏ ਅਸਮਾਨ ।

ਦੂਜੀ ਵਾਰੀ ਓਸ ਨੇ
ਖੋਲ੍ਹੇ ਹੋਠ ਗੁਲਾਬ,
ਜਾਣੋ ਸੱਚਾ ਹੋ ਗਿਆ ਮਹਿਮਾਨਾਂ ਦਾ ਖ਼ਾਬ ।

ਗਾ ਸਕਿਆ ਨਾ ਕੋਈ ਵੀ
ਅਜ ਤਕ ਓਸ ਸਮਾਨ,
ਇਉਂ ਲੱਗਾ ਇਕ ਵਾਰਗੀ ਕਈ ਜਣੇ ਪਏ ਗਾਣ ।

ਲੱਗੇ ਉਸ ਦੀ ਆਤਮਾ
ਨਿਰਾ ਪੁਰਾ ਸੰਗੀਤ,
ਰੋਮ ਰੋਮ ਸੀ ਓਸ ਦਾ ਵਿੱਝਾ ਵਿੱਚ ਪਰੀਤ ।

ਹਰ ਇਕ ਉਸ ਦੀ ਤਾਨ ਸੀ
ਵਖਰਾ ਇਕ ਜਹਾਨ,
ਮਸਤ ਸਰੋਤੇ ਝੂਮਦੇ ਉਡ ਚੜ੍ਹੇ ਅਸਮਾਨ ।

ਜਿਉਂ ਜਿਉਂ ਤਾਰਾਂ ਚੰਗ ਦੀਆਂ
ਉਤੋਂ ਫੇਰੇ ਹੱਥ,
ਲਗੇ, ਉਡਾਈ ਜਾ ਰਿਹਾ ਜਿਉਂ ਜਾਦੂ ਦਾ ਰੱਥ ।

ਸੁੰਦਰ ਤਾਰਾਂ ਪਟ ਦੀਆਂ
ਬਾਝੋਂ ਕਿਸੇ ਸ਼ੁਮਾਰ
ਜਿੰਦ ਸਭਨਾਂ ਦੀ ਬੰਨ੍ਹ ਲਈ ਟੂਣੇ ਦੇ ਵਿਚਕਾਰ ।

ਹੋਠ ਉਹਦੇ ਮੁਸਕਾਉਂਦੇ
ਦੇਣ ਵਚਿੱਤਰ ਲੋ,
ਹਰ ਕੋਈ ਹੰਝੂ ਖੁਸ਼ੀ ਦੇ ਅੱਖੀਂ ਰਿਹਾ ਪਰੋ ।

ਮੁਖ ਓਸ ਦੇ ਖੇਡਦੀ
ਜਦ ਕੋਈ ਮੁਸਕਾਨ,
ਗੁੰਬਦ ਅਗਮ ਪੁਲਾੜ ਦੇ, ਨਾਲ ਉਹਦੇ ਗੁੰਜਰਾਨ ।

ਫਿਰ ਤੰਬੂਰਾ ਛੇੜਿਆ
ਸਭ ਨੂੰ ਲੱਗਾ ਠੀਕ,
ਤਗੜਾ ਘਨਹਰ ਗਜਿਆ ਸੁਟ ਚਾਂਦੀ ਦੀ ਲੀਕ ।

ਐਸੇ ਸ਼ੁਅਲੇ ਰਾਗ ਦੇ
ਭੜਕੇ ਉਹਦੀ ਹਿੱਕ,
ਜਿਨ੍ਹਾਂ ਬਣਾਇਆ ਮਹਿਲ ਨੂੰ ਬਲਦੀ ਭਠੀ ਇੱਕ ।

ਐਸਾ ਉਹਦੀ ਅੱਗ ਨੇ
ਦਿੱਤਾ ਸੇਕ ਖਿਲਾਰ,
ਹੋਸ਼ ਸਰੋਤਾਗਣਾਂ ਦੀ ਸੜ ਕੇ ਹੋ ਗਈ ਛਾਰ ।

ਕੱਥ ਨਾ ਸੱਕੇ ਲੇਖਣੀ
ਲੋਕਾਂ ਦਾ ਉਤਸ਼ਾਹ,
ਤਖ਼ਤੋਂ ਉਠਦਾ ਦੇਖਿਆ ਜਦ ਉਨ੍ਹਾਂ ਨੇ ਸ਼ਾਹ ।

ਗਲ ਅਪਣੇ 'ਚੋਂ ਤਰੁੰਡ ਕੇ
ਜਗ ਮਗ ਕਰਦਾ ਹਾਰ,
ਸਕਿਆ ਕੋਈ ਨਾ ਅਜ ਲਾ ਜਿਸਦਾ ਮੁਲ ਨਤਾਰ,

ਸੁੰਦਰ ਮਣੀਆਂ ਜਿਸ ਦੀਆਂ,
ਜਿਨ੍ਹਾਂ ਵਰਗੀਆਂ ਹੋਰ,
ਨਾ ਧਰਤੀ ਦੀ ਕੁਖ ਵਿਚ, ਨਾ ਵਿਚ ਸਿੰਧ ਅਛੋਰ,

ਚਾਉ ਨਾਲ ਸੀ ਪਹਿਨਦਾ
ਸ਼ਾਹ ਖ਼ੁਦ ਜਿਹੜਾ ਹਾਰ,
ਪਾਇਆ ਗਲ ਕਲੌਂਤ ਦੇ ਹੋ ਗਈ ਛਬੀ ਅਪਾਰ ।

ਗੂੰਜੇ ਗੁੰਬਦ ਮਹਿਲ ਦੇ
ਉੱਚੀ ਵਾਹ ਵਾਹ ਨਾਲ,
ਛਤ ਖੜੀ ਕਿੰਜ ਰਹਿ ਗਈ ਆਇਆ ਏਡ ਭੁਚਾਲ ।

ਐਪਰ ਸੁੰਦਰ ਕਾਮਦੀ
ਪਈ ਉਚੇਚੀ ਖਿੱਚ,
ਅਦਭੁਤ ਚਾਨਣ ਲਟਕਿਆ ਦੋ ਨੈਣਾਂ ਦੇ ਵਿੱਚ ।

ਜਾਦੂਗਰ ਕੱਵਾਲ ਵਲ
ਦੇਖ ਰਹੀ ਇਕ ਸਾਰ,
ਦਿਲ ਉਸਦੇ ਨੂੰ ਟੁੰਬਦੀ ਜਾਵੇ ਇਕ ਇਕ ਤਾਰ ।

ਰਾਗ ਕਲਾ ਵਿਚ ਮਦਨ ਤੋਂ
ਵਧ ਕੇ ਚਤਰ ਸੁਜਾਨ,
ਨਹੀਂ ਸੀ ਕੋਈ ਜੀਉਂਦਾ ਓਦੋਂ ਵਿੱਚ ਜਹਾਨ ।

ਮੁੱਲ ਓਸ ਦੇ ਕਸਬ ਦਾ
ਰਹੀ ਕਾਮਦੀ ਪਾ,
ਕਿਉਂਕਿ ਉਸ ਲੈ ਲਈ ਸੀ ਦਿਲ ਉਹਦੇ ਦੀ ਥਾਹ ।

ਐਸਾ ਮਦਨ ਕਵਾਲ ਨੇ
ਜਾਦੂ ਦਿੱਤਾ ਧੂੜ,
ਇਕ ਅਲੌਕਿਕ ਨਸ਼ੇ ਵਿਚ ਹੋਈ ਕਾਮਦੀ ਚੂਰ ।

ਸੁੰਦਰ ਪਲਕਾਂ ਉਸਦੀਆਂ
ਲੰਬੀਆਂ ਅਤੇ ਬਰੀਕ,
ਉਚੀਆਂ ਝਿੱਕੀਆਂ ਹੁੰਦੀਆਂ ਰਹੀਆਂ ਓਦੋਂ ਤੀਕ,

ਜਦ ਤਕ ਮਦਨ ਕਵਾਲ ਦੇ
ਦਿਲ ਵਿਚ ਲੁੱਕੀ ਭਾਹ,
ਨਾਲ ਉਨ੍ਹਾਂ ਦੇ ਝਲ ਦੇ ਹੋਈ ਨਾ ਦੂਣ ਸਵਾ ।

ਜਦ ਵੀ ਜੁੜਦੀਆਂ ਇਸ ਤਰ੍ਹਾਂ
ਸੂਖਮ ਜਿੰਦਾਂ ਦੋ,
ਘੁਲ ਕੇ ਇਕ ਹੋ ਜਾਵੰਦੀ ਦੋਹਾਂ ਦੀ ਖੁਸ਼ਬੋ ।

ਐਸਾ ਉਸ ਦੇ ਰਾਗ ਨੇ
ਬੰਨ੍ਹਿਆ ਅਚਰਜ ਰੰਗ,
ਵਿੱਝੀ ਸੁੰਦਰ ਕਾਮਦੀ ਤੇਜ਼ ਇਸ਼ਕ ਦੇ ਡੰਗ ।

ਸੁੱਤੀ ਉਸ ਦੀ ਕਲਪਨਾ
ਇਸਕ-ਮਵਾਤੇ ਨਾਲ,
ਜਾਗੀ, ਮੱਥਾ ਓਸਦਾ ਦਗਿਆ ਚਾਨਣ ਨਾਲ ।

ਉਠ ਕੇ ਮਦਨ ਕਵਾਲ ਵਲ
ਵੱਧੀ ਉਹ ਅਖ਼ੀਰ,
ਉਡਦਾ ਜਿਵੇਂ ਕਮਾਨ 'ਚੋਂ ਖੰਭਾਂ ਵਾਲਾ ਤੀਰ ।

ਬਿਜਲੀ ਵਾਂਗੂੰ ਲਰਜ਼ਦਾ
ਇਕ ਇਕ ਉਹਦਾ ਅੰਗ,
ਅੱਧ-ਨੰਗਾ ਬੁਤ ਓਸਦਾ ਨੱਚਣ ਲਗਾ ਨਸੰਗ ।

ਚਮਕੇ ਪਿੰਡਾ ਓਸਦਾ
ਚੰਨ ਦੇ ਟੋਟੇ ਹਾਰ,
ਪਲ ਵਿਚ ਦਰਸ਼ਕ ਹੋ ਗਏ ਉਸ ਉਤੋਂ ਬਲਿਹਾਰ ।

ਝੁੱਕੀ ਜਿਵੇਂ ਕਟਾਰ ਉਹ
ਕਰ ਕੇ ਇਕੋ ਵਾਰ,
ਮਹਿਮਾਨਾਂ ਦੇ ਸੀਸ ਉਸ ਜਾਣੋ ਲਏ ਉਤਾਰ ।

ਉਚੀਆਂ ਝਿੱਕੀਆਂ ਹੁੰਦੀਆਂ
ਪਲਕਾਂ ਦੀ ਗਤਿ ਨਾਲ,
ਖ਼ੂਨ ਜੰਮਾਉਂਦੀ ਕਦੀ ਉਹ, ਦੇਂਦੀ ਕਦੀ ਪਘਾਲ ।

ਮੁਖ ਉਹਦਾ ਮੁਸਕਾਉਂਦਾ
ਸਰਘੀ ਪੈਂਦੀ ਮਾਤ,
ਗੋਰੇ ਰੰਗ ਤੇ ਲਾਲੀਆਂ ਰੰਗ-ਵਰੀ ਪਰਭਾਤ ।

ਕੋਲੋਂ ਦੀ ਲੰਘ ਜਾਵੰਦੀ
ਨਚਦੀ ਕਦੀ ਨਿਸੰਗ,
ਜਿਉਂ ਧੁਪ-ਧੋਤੀ ਕੂਲ੍ਹ ਵਿਚ ਉੱਠਣ ਅਨਕ ਤਰੰਗ ।

ਜਦ ਉਹ ਘੁੰਮਰ ਪਾਉਂਦੀ
ਕਢ ਲਿਜਾਂਦੀ ਜਾਨ,
ਕਾਫ਼ਰ ਨੂੰ ਵੀ ਦਿਸ ਦੇ ਘੁੰਮ ਰਹੇ ਅਸਮਾਨ ।

ਕਦੀ ਕਦੀ ਉਹ ਘੁੰਮਦੀ
ਇਤਨੀ ਤੇਜ਼ੀ ਨਾਲ,
ਧੋਖਾ ਲਗਦਾ ਨਜ਼ਰ ਨੂੰ ਜਿਉਂ ਲਾਟੂ ਦਾ ਹਾਲ ।

ਪਤਲੀ ਨਾਜ਼ਕ ਛਿੰਗ ਉਹ
ਬੱਤੀ ਜਿਵੇਂ ਕਪੂਰ,
ਅਪਣੇ ਚਾਨਣ ਨਾਲ ਹੀ ਹੋਈ ਪਈ ਭਰਪੂਰ ।

ਉਡਦੀ ਪਿਛੇ ਓਸਦੇ
ਕਿਰਨਾਂ ਦੀ ਛਹਿਬਾਰ,
ਤਿੱਤਲੀਆਂ ਦੀ ਭੀੜ ਜਿਉਂ ਝਿਲਮਿਲ ਰੰਗ ਹਜ਼ਾਰ ।

ਅੱਗੇ ਹਰ ਮਹਿਮਾਨ ਦੇ
ਵਖ ਵਖ ਮੁਦਰਾ ਧਾਰ,
ਨੱਚੀ ਸੁੰਦਰ ਕਾਮਦੀ, ਲੋਕ ਹੋਏ ਬਲਿਹਾਰ ।

ਹਥ ਵਧਾਇਆ ਓਸ ਨੇ
ਇਕ ਪਰਾਹੁਣੇ ਵੱਲ,
ਚਮਕ ਉਠੀ ਮਣਿ-ਮਾਲ ਜੋ ਪਈ ਓਸਦੇ ਗਲ ।

ਏਦਾਂ ਹਰ ਮਹਿਮਾਨ ਵਲ
ਵੱਧੇ ਉਸ ਦੇ ਹੱਥ,
ਭੋਰਾ ਭੋਰਾ ਵੰਡਦੇ ਹੁਸਨ ਇਸ਼ਕ ਦੀ ਵੱਥ ।

ਆਖ਼ਰ ਸੁਟੇ ਫੂਕ ਕੇ
ਆਮ ਖ਼ਾਸ ਮਹਿਮਾਨ,
ਕੁੱਝ ਓਸਦੇ ਗ਼ਮਜ਼ਿਆਂ, ਕੁਝ ਉਹਦੀ ਮੁਸਕਾਨ ।

ਏਦਾਂ ਸਭ ਹੀ ਰਾਖ ਦਾ
ਬਣਿਆਂ ਸੀ ਜੋ ਢੇਰ,
ਉਸ ਵਿਚ ਕੇਵਲ ਕਾਮਦੀ ਚਮਕੇ ਜਿਵੇਂ ਸਵੇਰ ।

ਟਕ ਬੰਨ੍ਹੀ ਵਲ ਓਸਦੇ
ਮਦਨ ਰਿਹਾ ਸੀ ਦੇਖ,
ਕਹੇ ਕ੍ਰਿਸ਼ਮੇ ਕਰ ਰਹੀ ਚਾਨਣ ਦੀ ਇਹ ਰੇਖ ।

ਕਿਹੜਾ ਪਾਵੇ ਮੁਲ ਉਹ
ਨਿਰਤ ਕਲਾ ਦੀ ਝੋਲ ?
ਕਿੱਦਾਂ ਦੱਸੇ ਓਸਨੂੰ ਦਿਲ ਅਪਣਾ ਉਹ ਖੋਹਲ ?

ਆਖ਼ਰ ਲਾਹ ਕੇ ਗਲ 'ਚੋਂ
ਮਣੀਆਂ ਦਾ ਉਹ ਹਾਰ,
ਦਿਤਾ ਸੀ ਜੋ ਸ਼ਾਹ ਨੇ ਵਿਚ ਭਰੇ ਦਰਬਾਰ,

ਅੱਖਾਂ ਦੇ ਵਿਚ ਲਟਕਦੇ
ਸੁਫ਼ਨੇ ਲਖ ਹਜ਼ਾਰ,
ਨਾਚੀ ਪੈਰੀਂ ਰਖਿਆ ਓਸ ਨਾਲ ਸਤਿਕਾਰ ।

ਕੀ ਜਾਣੇ ਉਹ ਕਰ ਰਿਹਾ
ਕਿਤਨੀ ਵੱਡੀ ਭੁੱਲ,
ਝੱਖੜ ਸ਼ਾਹੀ ਕ੍ਰੋਧ ਦਾ ਪੈਣਾ ਸਿਰ ਤੇ ਝੁੱਲ ।

ਨਾਰੀ ਵਲ ਮੂੰਹ ਮੋੜ ਕੇ
ਬੋਲਿਆ ਆਖ਼ਰਕਾਰ,
"ਇਹ ਹਾਰ ਜੋ ਸ਼ਾਹ ਨੇ ਦਿਤਾ ਮੈਥੋਂ ਵਾਰ,

ਮੇਰੇ ਗੁਣ ਦੀ ਕਦਰ ਵਿਚ,
ਮੇਰਾ ਹੈ ਇਹ ਚਾਅ,
ਪੈਰ ਅਪਣੇ ਦੀਆਂ ਝਾਂਜਰਾਂ ਇਹਦੇ ਨਾਲ ਸਜਾ ।

ਜੀ ਚਾਹੇ ਜਿੰਦ ਆਪਣੀ
ਤੈਥੋਂ ਘੋਲ ਘੁਮਾਂ,
ਪਰ ਲਾਇਕ ਇਸ ਮਾਣ ਦੇ ਖ਼ਬਰੇ ਹਾਂ ਕਿ ਨਾਂਹ ।"

ਲੋਹਾ ਲਾਖਾ ਹੋ ਗਿਆ
ਸ਼ਾਹ ਹੈਰਾਨੀ ਨਾਲ,
ਉਤਰਿਆ ਅੱਖੀਂ ਓਸਦੇ ਅੱਤ ਮਾਰੂ ਖੰਕਾਲ ।

ਮੱਥੇ ਉਤੇ ਓਸਦੇ
ਪਈ ਭਿਆਨਕ ਘੂਰ,
ਮੁਖ ਸੁੰਦਰ ਜੋ ਓਸਦਾ ਪਲ ਵਿਚ ਗਈ ਵਲੂਹਰ ।

ਖਾ ਗੁੱਸਾ ਉਹ ਕੰਬਿਆ,
ਗੁੱਸਾ ਏਡ ਚੰਡਾਲ,
ਕੋਈ ਨਾ ਸਕਦਾ ਓਸਨੂੰ ਦੁਨੀਆਂ ਦੇ ਵਿਚ ਟਾਲ ।

ਉੱਚੇ ਸ਼ਾਹੀ ਮਾਣ ਨੂੰ
ਐਸੀ ਵੱਜੀ ਸੱਟ,
ਕਾਰਵਾਈ ਸਭ ਜਸ਼ਨ ਦੀ ਗਈ ਵਲ੍ਹੇਟੀ ਝੱਟ ।

"ਕਿਦਾਂ ਸਭ ਤੋਂ ਨਿਘਰਿਆ
ਇਹ ਕਮੀਨਾ ਭੱਟ,
ਇਸ ਸ਼ਾਹਾਂ ਦੇ ਸ਼ਾਹ ਦੀ ਦਿਹਲੀ ਆਇਆ ਟੱਪ ?

ਮੇਰੇ ਫੱਟੜ ਮਾਣ ਦਾ
ਬਦਲਾ ਚੁਕਦਾ ਤਾਂ,
ਏਸੇ ਥਾਂ ਜੇ ਏਸਦੇ ਡਕਰੇ ਚਾਰ ਕਰਾਂ ।

ਜਾਂ ਸੂਲੀ ਤੇ ਟੰਗ ਕੇ
ਫਾਹੇ ਇਸ ਨੂੰ ਲਾਂ,
ਜਾਂ ਗੱਡ ਕੇ ਵਿਚ ਧਰਤ ਦੇ ਕੁਤਿਆਂ ਤੋਂ ਪੜਵਾਂ ।

ਪਰ ਆਖ਼ਰ ਹਾਂ ਸ਼ਾਹ ਮੈਂ,
ਦਿਆਲੂ ਮੇਰਾ ਸੁਭਾਉ,
ਮੇਰੀਆਂ ਅੱਖਾਂ ਅਗਿਓਂ ਦੂਰ ਇਹਨੂੰ ਲੈ ਜਾਉ ।

ਮੋਹਰੇ ਨਗਰ-ਦਵਾਰ ਦੇ
ਖ਼ੂਬ ਕੋੜਿਆਂ ਨਾਲ,
ਲਾਹ ਕੇ ਚਮੜੀ ਏਸਦੀ ਦੇਵੋ ਦੇਸ-ਨਿਕਾਲ ।

ਜੇ ਇਹ ਅਟਕੇ ਜ਼ਰਾ ਵੀ
ਖਾ ਪਿੱਛੇ ਦੀ ਖਿੱਚ,
ਵੱਢ ਸਿਰ ਇਹਦਾ ਸੁਟ ਦਿਉ ਇਹਦਿਆਂ ਪੈਰਾਂ ਵਿਚ ।

ਦਿੱਤੀ ਇਸ ਗ਼ੱਦਾਰ
ਜੇਕਰ ਕਿਸੇ ਪਨਾਹ,
ਜਾਂ ਹਮਦਰਦੀ ਕਰਨ ਦਾ ਕੀਤਾ ਕਿਸੇ ਗੁਨਾਹ ।

ਜਾਨ ਅਪਣੀ ਤੋਂ ਓਸ ਨੂੰ,
ਧੋਣੇ ਪੈਣੇ ਹੱਥ,
ਹਰ ਹਾਲਤ ਵਿਚ ਪੂਰਨੀ ਅਸਾਂ ਆਪਣੀ ਕੱਥ ।"

ਕਿਹੜਾ ਸਕਦਾ ਸ਼ਾਹ ਦੀ
ਆਖੀ ਤਾਈਂ ਮੋੜ,
ਹਰ ਇਕ ਮੂੰਹ ਤੇ ਲਗ ਗਈ, ਖ਼ਾਮੋਸ਼ੀ ਦੀ ਮੁਹਰ ।

ਹਰ ਇਕ ਦੀ ਇਹ ਚਾਹ ਸੀ
ਸ਼ਾਹ ਤੋਂ ਨਜ਼ਰ ਬਚਾ,
ਨੱਸੇ ਸ਼ਾਹੀ ਮਹਿਲ 'ਚੋਂ ਸਿਰ ਤੇ ਪੈਰ ਟਿਕਾ ।

ਕੁਝ ਸਿਪਾਹੀ ਛੀਟਕੇ
ਏਨੇ ਚਿਰ ਵਿਚਕਾਰ,
ਜਿਨ੍ਹਾਂ ਉਤੇ ਸ਼ਾਹ ਦਾ ਪੂਰਾ ਸੀ ਇਤਬਾਰ ।

ਝਪਟੇ ਉਤੇ ਮਦਨ ਦੇ
ਪਾ ਮੱਥੇ ਤੇ ਵੱਟ,
ਜਿੱਦਾਂ ਦੇਖ ਸ਼ਿਕਾਰ ਨੂੰ ਬਾਜ ਕਰੇਂਦਾ ਛੱਟ ।

ਕੀਤੇ ਉਹਨਾਂ ਮਦਨ ਦੇ
ਕਪੜੇ ਲੀਰੋ ਲੀਰ,
ਘੱਟੇ ਵਿਚ ਘਸੀਟਦੇ ਲੈ ਗਏ ਉਹਨੂੰ ਅਖ਼ੀਰ ।

ਅਗਿਣਤ ਸੱਟਾਂ ਓਸਨੂੰ
ਲੱਗੀਆਂ ਥਾਂ ਪਰ ਥਾਉਂ,
ਹਉਕਾ ਭਰਿਆ ਓਸ ਨੇ "ਨਿਜ ਜਣੇਂਦੀ ਮਾਉਂ !"

ਮਹਿਲ ਖੁਸ਼ੀ ਦਾ ਹਾਏ ਕਿੰਜ
ਇਸ ਜ਼ਾਲਿਮ ਮਗ਼ਰੂਰ,
ਇਕੋ ਹੀ ਸੱਟ ਮਾਰ ਕੇ ਕੀਤਾ ਚਕਨਾ ਚੂਰ ।

ਵਜਿਆ ਏਨੇ ਜ਼ੋਰ ਦੀ
ਬਦਨਾਮੀ ਦਾ ਢੋਲ,
ਡਮ ਡਮ ਦੇ ਵਿਚ ਡੁਬ ਗਏ ਕੋਮਲ ਮਿੱਠੇ ਬੋਲ ।

ਜਿਉਂ ਜਿਉਂ ਅੱਗੇ ਗਿਆ ਉਹ
ਤਿਉਂ ਤਿਉਂ ਉਸ ਦੇ ਨੈਣ,
ਜਿਥੇ ਦੇਖੀ ਕਾਮਦੀ ਮੁੜ ਮੁੜ ਓਥੇ ਪੈਣ ।

ਚੁਭਣ ਪੈਰੀਂ ਓਸਦੇ
ਜਿਉਂ ਜਿਉਂ ਜੰਗਲੀ ਖਾਰ,
ਤਿਉਂ ਤਿਉਂ ਉਸ ਦੀ ਹਿੱਕ ਵਿਚ ਮਾਰੇ ਚੀਸ ਪਿਆਰ ।

ਛੱਡ ਆਇਆ ਉਹ ਕਾਮਦੀ
ਕਿਹੜੀ ਸ਼ਕਤੀ ਨਾਲ,
ਇੰਜ ਵਿਛੜਨ ਦਾ ਓਸ ਨੂੰ ਆਇਆ ਕਿੰਝ ਖ਼ਿਆਲ !

ਕਾਸ਼ ਕਦੇ ਉਹ ਕਰ ਸਕੇ
ਫੇਰ ਓਸਦੀ ਦੀਦ !
ਚਾਹੇ ਪੈਰੀਂ ਓਸਦੇ ਜ਼ਾਲਮ ਕਰਨ ਸ਼ਹੀਦ !

ਮੁਕ ਚੁਕੀ ਸੀ ਓਸ 'ਚੋਂ
ਪਰ ਜੀਵਨ ਦੀ ਲੋ,
ਚਾਹੇ ਪਿਛਾਂਹ ਵਲ ਤਕਦਾ, ਸਕਿਆ ਨਹੀਂ ਖਲੋ ।

ਪੱਛੀਆਂ ਤਲੀਆਂ aਹਦੀਆਂ
ਹੋਈਆਂ ਪੀੜੋ ਪੀੜ,
ਪੱਛੀ ਵਾਂਗੂੰ ਦੁਖਾਂ ਨੇ ਸੁਟਿਆ ਲਹੂ ਨਪੀੜ ।

ਰੋਟੀ ਉਹਦੀ ਰਹਿ ਗਈ
ਮਲ੍ਹਿਆਂ ਦੇ ਕੁਝ ਬੇਰ,
ਪਾਣੀ ਪੀਵੇ ਤ੍ਰੇਲ ਦਾ ਆਥਣ ਅਤੇ ਸਵੇਰ ।

ਝੰਮਿਆਂ ਨਾਲ ਥਕੇਵਿਆਂ
ਟੁਟਿਆ ਪੈਂਡੇ ਮਾਰ,
ਨੇੜੇ ਅਪਣੇ ਇਸ਼ਟ ਦੇ ਪੁਜਿਆ ਆਖ਼ਰਕਾਰ ।

ਸੁਕਿਆ ਪਿੰਜਰ ਓਸਦਾ
ਲੰਮੀਆਂ ਭੁਖਾਂ ਝਾਗ,
ਆਖ਼ਰ 'ਪਾਕ ਖਜੂਰ' ਦੇ ਪਹੁੰਚ ਗਿਆ ਉਹ ਲਾਗ ।

ਦੇਸ਼ ਕਾਲ ਦੇ ਬੰਧਨਾਂ
ਵਿਚੋਂ ਆਖ਼ਰ ਛੁਟ,
ਪਾਈ 'ਪਾਕ ਖਜੂਰ' ਨੂੰ ਗਲਵਕੜੀ ਉਸ ਘੁਟ ।

ਹੇਠਾਂ ਪਾਕ ਖਜੂਰ ਦੇ
ਬਹਿ ਪਰਛਾਵੇਂ ਹਾਰ,
ਨਿੱਤ ਦੁਆਵਾਂ ਮੰਗਦਾ ਕਰ ਅੱਖਾਂ ਜਲਿਹਾਰ ।

ਹੇਠਾਂ ਪਾਕ ਖਜੂਰ ਦੇ
ਢਹਿ ਕੇ ਮੂੰਹ ਦੇ ਭਾਰ,
ਡੁਸਕਿਆ-"ਲੇਖਾਂ ਮੇਰਿਆਂ ਦਿਤੀ ਡਾਢੀ ਹਾਰ ।"

ਚੀਰ ਅਪਣੇ ਗਲਵਾਣ ਨੂੰ
ਕਰ ਲੰਮੀ ਫਰਿਆਦ,
ਮੰਗੀ ਪਾਕ ਖਜੂਰ ਤੋਂ ਅਪਣੀ ਓਸ ਮੁਰਾਦ ।

ਰੂਹਾਂ ਮਾਰੂ ਥਲ ਦੀਆਂ
ਉਸਨੂੰ ਦੇਖ ਰੰਜੂਲ,
ਕੀਤਾ ਉਸਦੀ ਰੂਹ ਵਿਚ ਸਭਨਾਂ ਆਣ ਹਲੂਲ ।

ਘੜੀ ਘੜੀ ਉਹ ਡਿਗਦਾ
ਹੋ ਬੇ-ਸੁਰਤ ਬੇਹੋਸ਼,
ਜਾਣੋ ਫਿਰਦਾ ਖੋਲ੍ਹਦਾ ਦਿਲ ਦੇ ਗੁੱਝੇ ਕੋਸ਼ ।

ਬੇਹੋਸ਼ੀ ਦੇ ਵਿਚ ਸੀ
ਪੈਂਦਾ ਉਹ ਬਰੜਾ-
ਹਾਏ ਸੁੰਦਰ ਕਾਮਦੀ, ਕਦੀ ਤਾਂ ਮਿਲਸਾਂ ਆ ।

ਦੇਖ ਪਿਆਰੀ ਖੜਾ ਹਾਂ
ਮੈਂ ਕਿੰਜ ਤੇਰੇ ਕੋਲ,
ਨਾਲ ਅਪਣੀ ਮੁਸਕਾਣ ਦੇ ਭਰ ਦੇ ਮੇਰੀ ਝੋਲ ।

ਜਦ ਵੀ ਪਤ ਖਜੂਰ ਦੇ
ਕਰਦੇ ਕੁਝ ਖੜਕਾਰ,
ਬੁਤ ਓਸਦਾ ਕੰਬਦਾ ਸੁਕੇ ਪੱਤਰ ਹਾਰ ।

ਹਰਨ ਜੇ ਕੋਈ ਲੰਘਦਾ
ਕੋਲੋਂ ਚੁੰਗੀ ਮਾਰ,
ਪਕੜ ਕਲੇਜਾ ਆਪਣਾ ਕਹਿੰਦਾ ਮਦਨ ਪੁਕਾਰ-

"ਮੇਰੀ ਪਿਆਰੀ ਕਾਮਦੀ
ਕਿਉਂ ਤੂੰ ਭੱਜੇਂ ਇੰਜ,
ਕੀ ਕੋਈ ਡਰ ਹੈ ਤੁਧ ਨੂੰ, ਕੀ ਹੋਈ ਏਂ ਰਿੰਜ ?"

ਜੰਗਲ ਜੂਹਾਂ ਕੱਛਦਾ
ਏਦਾਂ ਰਾਤ ਦਿਹਾੜ,
ਕਾਮਦੀ, ਕਾਮਦੀ, ਕਾਮਦੀ, ਕਰਦਾ ਫਿਰੇ ਪੁਕਾਰ ।

ਜਪਿਆ ਉਸਨੇ ਕਾਮਦੀ
ਦਾ ਨਾਂ ਏਨੀ ਵਾਰ,
ਨਾਲ ਕਾਮਦੀ ਭਰ ਗਈ ਪੰਛੀਆਂ ਦੀ ਚਹਿਕਾਰ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ