Jameel Malik
ਜਮੀਲ ਮਲਿਕ

ਨਾਂ-ਅਬਦੁਲ ਜਮੀਲ, ਕਲਮੀ ਨਾਂ-ਜਮੀਲ ਮਲਿਕ,
ਜਨਮ ਤਾਰੀਖ਼-12 ਅਗਸਤ 1928,
ਜਨਮ ਸਥਾਨ-ਮੁਹੱਲਾ ਪਰਾਚਿਆਂ ਰਾਵਲਪਿੰਡੀ,
ਵਿਦਿਆ-ਐਮ. ਏ. (ਉਰਦੂ, ਫ਼ਾਰਸੀ) ਬੀ. ਐਡ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਸੱਜਰੀ ਛਾਂ (ਪੰਜਾਬੀ ਸ਼ਾਇਰੀ) ਸਰਦੇ ਚਿਰਾਗ਼ਾਂ (ਉਰਦੂ ਸ਼ਾਇਰੀ), ਤਲੂਹੇ ਫ਼ਰਦਾਂ (ਤਨਕੀਦੀ ਮਜ਼ਮੂਨ), ਪਸੇ ਆਈਨਾ(ਉਰਦੂ ਸ਼ਾਇਰੀ),
ਪਤਾ-ਮੁਹੱਲਾ ਪਰਾਚਿਆਂ, ਰਾਵਲਪਿੰਡੀ ।

ਪੰਜਾਬੀ ਗ਼ਜ਼ਲਾਂ (ਸੱਜਰੀ ਛਾਂ 1987 ਵਿੱਚੋਂ) : ਜਮੀਲ ਮਲਿਕ

Punjabi Ghazlan (Sajjri Chhaan 1987) : Jameel Malik



ਗਲੀਆਂ ਲਹੂਆਂ ਨਾਲ ਨੇ ਭਰੀਆਂ

ਗਲੀਆਂ ਲਹੂਆਂ ਨਾਲ ਨੇ ਭਰੀਆਂ ਵੈਰੀਆਂ ਦੇ ਘਰ ਮਹਿੰਦੀ । ਸੱਜਣਾ ਤੈਨੂੰ ਕੀ ਦੱਸਾਂ ਇਹ ਖ਼ਲਕਤ ਕੀ ਕੁਝ ਕਹਿੰਦੀ । ਖ਼ਵਰੇ ਕੀ ਹੋਵਣ ਵਾਲਾ ਏ ਸਾਰੀ ਰਾਤੀ ਜਾਗਾਂ, ਫੁੱਲਾਂ ਵਰਗੀ ਸੋਹਲ ਹਿਆਤੀ ਰਹਿ ਰਹਿ ਉਠਦੀ ਬਹਿੰਦੀ । ਕੋਈ ਨਾ ਆਇਆ ਲੱਖ ਮੈਂ ਦਿਲ ਦੇ ਬੂਹੇ ਖੁੱਲੇ ਰੱਖੇ, ਅੱਜ ਤੱਕ ਕੋਠੇ ਕੋਠੇ ਧੁੱਪ ਹਿਜਰ ਦੀ ਚੜ੍ਹਦੀ ਲਹਿੰਦੀ । ਕੱਲ ਆਈ ਤੇ ਅੱਜ ਟੁਰ ਚੱਲੀ ਵਹੁਟੀ ਸੱਧਰਾਂ ਵਾਲੀ, ਪਿਆਸੇ ਲੋਕਾਂ ਦੀ ਦੁਨੀਆਂ ਵਿਚ ਹੋਰ ਅਜੇ ਕੁਝ ਰਹਿੰਦੀ । ਮੁਕ ਗਏ ਆਖ਼ਰ ਝਗੜੇ ਝੇੜੇ ਸਾਰੇ ਦਰਦਾਂ ਵਾਲੇ, ਜ਼ਖ਼ਮਾਂ ਨਾਲ ਪਰੋਤੀ ਜ਼ਿੰਦੜੀ ਕਦ ਤੱਕ ਦੁਖੜੇ ਸਹਿੰਦੀ । ਹੋਰ'ਜਮੀਲ' ਕਰੇ ਕੀ ਆਪਣੀ ਕੱਲੀ ਜ਼ਿੰਦ ਨਿਮਾਣੀ, ਮੰਜ਼ਿਲ ਤੱਕ ਤੇ ਲੈ ਆਈ ਏ ਓੜਕ ਢਹਿੰਦੀ ਢਹਿੰਦੀ ।

ਹੱਥਾਂ ਦੇ ਵਿਚ ਹਥਕੜੀਆਂ ਨੇ

ਹੱਥਾਂ ਦੇ ਵਿਚ ਹਥਕੜੀਆਂ ਨੇ ਪੈਰਾਂ ਵਿਚ ਜ਼ੰਜੀਰਾਂ ਨੇ । ਮਾਰਣ ਵਾਲਿਉ ਕੁਝ ਤੇ ਦੱਸੋ ਸਾਡੀਆਂ ਕੀ ਤਕਸੀਰਾਂ ਨੇ । ਚੋਰ ਉਚੱਕੇ ਮੌਜਾਂ ਮਾਰਣ ਸਾਧ ਅੜੰਗੇ ਸੂਲੀ ਤੇ, ਰੱਬਾ ਇਹ ਇਨਸਾਫ਼ ਏ ਕਿਹੜਾ ਇਹ ਕੇਹੀਆਂ ਤਕਦੀਰਾਂ ਨੇ । ਕੱਲ ਦੇ ਮੀਰ ਸ਼ਮੀਰ ਤੇ ਮਿਰਜ਼ੇ ਜੱਟ ਦੀ ਜਾਨ ਦੇ ਲਾਗੂ ਸਨ, ਹੁਣ ਸਹਿਬਾ ਵੀ ਮਾਰ ਮੁਕਾਈ ਅੱਜ ਦੇ ਮੀਰ ਸ਼ਮੀਰਾਂ ਨੇ । ਕੱਲ੍ਹ ਵੀ ਸਾਡੇ ਚਿੱਟੇ ਕਾਲਰ ਜਗ ਨੂੰ ਧੋਖਾ ਦਿੰਦੇ ਰਹੇ, ਅੱਜ ਵੀ ਸਾਡੇ ਦਿਲ ਦੇ ਕੁੜਤੇ ਅੰਦਰੋਂ ਲੀਰਾਂ ਲੀਰਾਂ ਨੇ । ਰਾਂਝੇ ਦੀ ਵੰਝਲੀ ਤੇ ਅੱਜ ਵੀ ਏਹੋ ਕੂਕਦੀ ਰਹਿੰਦੀ ਏ, ਕਾਮੇ ਬੇਲੇ ਬੇਲੇ ਰੁਲਦੇ ਖੇੜਿਆਂ ਦੇ ਵਸ ਹੀਰਾਂ ਨੇ । ਉਹ ਤੇ ਇਨਸਾਨਾਂ ਦੇ ਦਿਲ ਵਿਚ ਪਿਆਰ ਜਗਾਵਣ ਆਏ ਸਨ, ਨਗਰੀ ਨਗਰੀ ਭਾਂਬੜ ਬਾਲੇ ਕਿਉਂ ਬੇਰਹਿਮ ਸਫ਼ੀਰਾਂ ਨੇ । ਦਿਲ ਦੇ ਹੱਥੋਂ ਫੇਰ ਵੀ ਲੋਕੀ ਹਸ ਹਸ ਸੂਲੀ ਚੜ੍ਹਦੇ ਰਹੇ, ਚੰਗਿਆਈ ਤੇ ਕੀ ਕਰਨੀ ਸੀ ਜ਼ੁਲਫ਼ਾਂ ਤੇ ਜ਼ੰਜੀਰਾਂ ਨੇ । ਸਾਡੀ ਕਿਸਮਤ ਦਾ ਤਾਰਾ ਤੇ ਚੜ੍ਹਦਿਆਂ ਹੀ ਡੁੱਬ ਜਾਣਾ ਸੀ, ਪਰ ਉਮਰਾਂ ਦਾ ਸਾਥ ਨਿਭਾਇਆ ਹੱਥੋ-ਹੱਥ ਲਕੀਰਾਂ ਨੇ । ਤਾਰਿਆਂ ਨੇ ਨਾ ਰਸਤਾ ਦੱਸਿਆ ਸਰਘੀ ਬੂਹਾ ਖੋ੍ਹਲਿਆ ਨਈਂ, ਸੂਰਜ ਕੋਲੋਂ ਹੁਣ ਕੀ ਪੁੱਛੀਏ ਕਿੱਥੇ ਉਹ ਤਨਵੀਰਾਂ ਨੇ । ਵੈਰੀ ਦੀ ਤਲਵਾਰ ਦੇ ਕੋਲੋਂ ਅਸੀਂ 'ਜਮੀਲ' ਨਾ ਮਰਦੇ ਸਾਂ, ਸਾਡਾ ਲੂੰ-ਲੂੰ ਪੱਛ ਸੁੱਟਿਆ ਏ ਦਿਲਦਾਰਾਂ ਦਿਆਂ ਤੀਰਾਂ ਨੇ ।

ਰੋਸ਼ਨੀਆਂ ਤੇ ਰੁਸ਼ਨਾਈਆਂ ਦੀ ਕੀ

ਰੋਸ਼ਨੀਆਂ ਤੇ ਰੁਸ਼ਨਾਈਆਂ ਦੀ ਕੀ ਕਰੀਏ ਪੜਚੋਲ । ਅੱਜ ਦਾ ਚੰਨ ਤੇ ਕੱਲ੍ਹ ਦਾ ਸੂਰਜ ਦੋਵੇਂ ਆਪਣੇ ਕੋਲ । ਕਿਉਂ ਨਾ ਧੁਖਦੇ ਬਲਦੇ ਰਹੀਏ ਉਹਦੇ ਸਾਹਵਾਂ ਵਿਚ, ਨਿੰਮੀ ਨਿੰਮੀ ਖ਼ੁਸ਼ਬੂ ਵੱਗੇ ਘੂੰਗਟ ਦੇ ਪਟ ਖੋਲ੍ਹ । ਤਾਂਘ ਮਿਲਣ ਦੀ ਫੇਰ ਕੁਲਹਾਰੇ ਸਾਨੂੰ ਪੈਰਾਂ ਤੇ, ਅਸੀਂ ਵੀ ਡਾਵਾਂਡੋਲ ਸਾਂ ਪਹਿਲਾਂ ਦਿਲ ਵੀ ਡਾਵਾਂਡੋਲ । ਮਿੱਟੀ ਵਿਚ ਰੁਲਕੇ ਈ ਅੱਥਰੂ ਮਾਨਕ ਮੋਤੀ ਹੁੰਦੇ, ਫੁੱਲਾਂ ਜਿਹੀ ਜਿੰਦੜੀ ਨੂੰ ਕਦੀ ਕੰਡਿਆਂ ਤੇ ਵੀ ਰੋਲ । ਚੰਗਾ ਏਂ ਤੇ ਚੰਗਿਆਈ ਦੀ ਵੀ ਗੱਲ ਕੋਈ ਸੋਚ, ਉਠਦਿਆਂ ਬਹਿੰਦਿਆਂ ਲੰਝੇ ਬੋਲੇ ਬੋਲ ਨਾ ਮੂਹੋਂ ਬੋਲ ।

ਮੇਰੇ ਅੱਗੇ ਮੇਰੀਆਂ ਕੀਤੀਆਂ

ਮੇਰੇ ਅੱਗੇ ਮੇਰੀਆਂ ਕੀਤੀਆਂ ਭਾਵੇਂ ਨੱਸਾਂ ਭੱਜਾਂ । ਆਪੇ ਤੱਕ ਤੱਕ ਮੈਂ ਸ਼ਰਮਾਵਾਂ ਕੀ ਖੋਲ੍ਹਾਂ ਕੀ ਕੱਜਾਂ । ਸਾਨੂੰ ਆਪਣੀ ਝੋਲੀ ਪਾ ਲੈ ਸਾਡੀ ਖ਼ੈਰ ਮਨਾ ਲੈ, ਮਾਏ ਨੀ ਹੁਣ ਤੇਰੇ ਹੱਥ ਨੇ ਸਾਡੀਆਂ ਸਾਰੀਆਂ ਲੱਜਾਂ । ਤੇਰੇ ਪਿਆਰ ਵਿਛੋੜੇ ਨੇ ਤੱਕ ਹਾਲ ਮੇਰਾ ਕੀ ਕੀਤਾ, ਅੰਦਰੋਂ ਮੈਂ ਖੋਖੇ ਦਾ ਖੋਖਾ ਬਾਹਰੋਂ ਭਾਵੇਂ ਵੱਜਾਂ । ਦਿਲ ਦੀ ਬਾਰੀ ਖੋਲ੍ਹ ਕੇ ਰੱਖਾਂ ਤੈਨੂੰ ਝਾਤੀਆਂ ਮਾਰਾਂ, ਹੋਰ ਵੀ ਤਰੇਹ ਵਧੇਰੇ ਹੋਵੇ ਤੱਕ ਤੱਕ ਮੈਂ ਨਾ ਰੱਜਾਂ । ਰਾਂਝਾ ਯਾਰ ਨਾ ਆਵੇ ਤੇ ਮੈਂ ਕੀਵੇਂ ਪਿਆਰ ਲੁਟਾਵਾਂ, ਮੈਂ ਕੀਹਦੇ ਲਈ ਹੀਰ ਬਣਾਂ ਤੇ ਮੈਂ ਕੀਹਦੇ ਲਈ ਸੱਜਾਂ ।

ਚੰਨ ਜਦੋਂ ਅਸਮਾਨੀ ਚੜ੍ਹਿਆ

ਚੰਨ ਜਦੋਂ ਅਸਮਾਨੀ ਚੜ੍ਹਿਆ ਦੇਖਿਆ ਸਾਰਿਆਂ ਜੱਗਾਂ । ਕਿਸੇ ਨਾ ਤੱਕਿਆ ਕੌਣ ਬੁਝਾਵੇ ਸਾਡੇ ਦਿਲ ਦੀਆਂ ਅੱਗਾਂ । ਉਨ੍ਹਾਂ ਮੇਰੇ ਦਿਲ ਵਿਚ ਵੱਸੇ ਜਿੰਨਾਂ ਮੈਥੋਂ ਨੱਸੇ, ਉਹਦੇ ਵਲ ਤੱਕਾਂ ਤੇ ਆਪਣੇ ਆਪ ਨੂੰ ਸੋਹਣੀ ਲੱਗਾਂ । ਅੱਜ ਬਾਬੁਲ ਮੇਰੀ ਬਾਂਹ ਫੜ ਕੇ ਡੋਲੀ ਵਿਚ ਬਿਠਾਵੇ ਆਪਣਾ ਘਾਰ ਵਸਾਵਣ ਜਾਵਾਂ ਤੇ ਪਰਦੇਸਨ ਲੱਗਾਂ । ਮੇਰੇ ਮਾਂ ਜਾਏ ਵੀਰਾਂ ਦੇ ਉਚੇ ਰਹਿਵਣ ਸ਼ਿਮਲੇ, ਕਦੀ ਨਾ ਡਿੱਗਣ ਕਦੀ ਨਾ ਰੁਲਣ ਪੈਰਾਂ ਦੇ ਵਿਚ ਪੱਗਾਂ । ਮਿੱਟੀ ਦੇ ਵਿਚ ਮਿਲ ਜਾਵਾਂ ਤੇ ਰੁੱਖਾਂ ਦੇ ਕੰਮ ਆਵਾਂ, ਧਰਤੀ ਦੇ ਵਿਚ ਉਗਦੀਆਂ ਜਾਵਣ ਮੇਰੇ ਤਨ ਦੀਆਂ ਰੱਗਾਂ । ਭੁੱਲਿਆ! ਅੱਜ ਤੇਰੇ ਨਾਲ ਮਿਲ ਕੇ ਅੱਗ ਹੱਡਾਂ ਦੀ ਬਾਲਾਂ, ਜੀਹਨੇ ਮੈਨੂੰ ਠੱਗਿਆ ਉਸ ਠੱਗਾਂ ਦੇ ਠੱਗ ਨੂੰ ਠੱਗਾਂ ।

ਜੇ ਉਹ ਪੁੱਛੇ ਮੇਰੇ ਦਿਲ ਦੀ

ਜੇ ਉਹ ਪੁੱਛੇ ਮੇਰੇ ਦਿਲ ਦੀ ਮੈਂ ਉਹਨੂੰ ਕੀ ਦੱਸਾਂ । ਹੋਰ ਤੇ ਕੁਝ ਵੀ ਕਹਿ ਨਾ ਸੱਕਾਂ ਖਿੜ ਖਿੜ ਕਰਕੇ ਹੱਸਾਂ । ਲਾਸ਼ਾ ਲਾ ਕੇ ਕਜਲੇ ਵਾਲਾ ਉਹਨੇ ਜਾਲ ਵਿਛਾਇਆ, ਜਿੰਨਾਂ ਉਹਦੇ ਕੋਲੋਂ ਨੱਸਾਂ ਉਨਾਂ ਹੋਰ ਵੀ ਫੱਸਾਂ । ਤੈਨੂੰ ਪੱਟ ਦਾ ਮਾਸ ਖਲਾਵਾਂ ਫੇਰ ਵੀ ਤੂੰ ਨਾ ਆਵੇਂ, ਖ਼ਵਰੇ ਕਿੰਨੀਆਂ ਡੂੰਘੀਆਂ ਤੇਰੀਆਂ ਰਾਹਵਾਂ ਦੇ ਵਿਚ ਕੱਸਾਂ । ਉਹਦੇ ਵੱਲ ਨਾ ਤੱਕਾਂ ਜਿਹੜਾ ਦਿਲ ਦੇ ਅੰਦਰ ਵੱਸੇ, ਜਿਹੜਾ ਮੇਰੇ ਹੱਥ ਨਾ ਆਵੇ ਉਹਦੇ ਪਿੱਛੇ ਨੱਸਾਂ । ਫੇਰ ਉਹ ਮੈਨੂੰ ਲੱਭੇ ਤੇ ਮੈਂ ਉਹਦੇ ਹੱਥ ਨਾ ਆਵਾਂ, ਜੀ ਕਰਦਾ ਏ ਇਸਰਾਂ ਉਸ ਨੂੰ ਉਹਦੇ ਕੋਲੋਂ ਖੱਸਾਂ । ਤੂੰ ਇਕ ਖੁੱਲੇ ਸਮੁੰਦਰ ਵਾਂਗੂੰ ਮੈਨੂੰ ਹਿੱਕ ਨਾਲ ਲਾਵੇਂ, ਮੈਂ ਇਕ ਬਦਲੀ ਬਣ ਕੇ ਤੇਰੇ ਕੋਠੇ ਉੱਤੇ ਵੱਸਾਂ । ਕਦੇ ਤੇ ਪੁੰਨੜਾ ਮੋੜ ਮੁਹਾਰਾਂ ਬੈਠੀ ਕਾਗ ਉਡਾਵਾਂ, ਜੇ ਮੁੜ ਆਵੇਂ ਥੱਲਾਂ ਵਿਚ ਵੀ ਹੱਸਾਂ ਵੱਸਾਂ ਰੱਸਾਂ ।

ਚੰਨਾ ਤੇਰੇ ਚਾਰ-ਚੁਫ਼ੇਰੇ ਬਲਦੀਆਂ

ਚੰਨਾ ਤੇਰੇ ਚਾਰ-ਚੁਫ਼ੇਰੇ ਬਲਦੀਆਂ ਰਹਿਣ ਮਸਾਲਾਂ । ਜੇ ਚਾਨਣ ਨਾ ਹੋਵੇ ਤੇ ਮੈਂ ਦਿਲ ਦਾ ਭਾਂਬੜ ਬਾਲਾਂ । ਅੰਦਰੋਂ ਅੰਦਰ ਧੁਖਦਾ ਰਹਵਾਂ ਮੂਹੋਂ ਕੁਝ ਨਾ ਕਹਵਾਂ, ਤਿਉਂ ਤਿਉਂ ਪਾਰਸ ਬਣਦਾ ਜਾਵਾਂ ਜਿੰਦੜੀ ਜੀਵੇਂ ਗਾਲਾਂ । ਤੈਨੂੰ ਕੋਲ ਬੁਲਾਵਾਂ ਯਾ ਮੈਂ ਤੇਰੇ ਕੋਠੇ ਆਵਾਂ, ਮੈਂ ਤੇ ਸਾਰੀ ਰਾਤੀਂ ਘਿਰਿਆ ਰਹਵਾਂ ਵਿਚ ਸਵਾਲਾਂ । ਰਾਹਵਾਂ ਤੱਕਦੇ ਕਿੰਨੀਆਂ ਧੁੱਪਾਂ ਚੜ੍ਹੀਆਂ ਛਾਵਾਂ ਢਲੀਆਂ, ਰੋਜ਼ ਮੈਂ ਕੱਲ੍ਹ ਨੂੰ ਅੱਜ ਤੇ ਅੱਜ ਨੂੰ ਅਗਲੀ ਕੱਲ੍ਹ ਤੇ ਟਾਲਾਂ । ਉਹ ਸੱਧਰ ਵੀ ਵੱਡੀ ਹੋ ਕੇ ਗ਼ੈਰਾਂ ਦੀ ਹੋ ਜਾਵੇ, ਜਿਸ ਸੱਧਰ ਨੂੰ ਵੀ ਮੈਂ ਆਪਣੇ ਸੀਨੇ ਦੇ ਵਿਚ ਪਾਲਾਂ । ਉੱਤੋਂ ਤੇ ਮੈਂ ਚੰਗਾ ਭਲਾ ਭਰਿਆ ਭਰਿਆ ਲੱਗਾਂ, ਵਿੱਚੋਂ ਕਿੰਨਾ ਲੁੱਗਾ ਕੀਤਾ ਤੇਰੇ ਖ਼ਾਬ ਖ਼ਿਆਲਾਂ । ਸੱਤ ਰੰਗੀਆਂ ਪੀਂਘਾਂ ਦੇ ਵਿੱਚੋਂ ਤੇਰੀ ਖ਼ੁਸ਼ਬੂ ਆਵੇ, ਕਿਹੜਾ ਕਿਹੜਾ ਰੰਗ ਚੁਰਾਵਾਂ ਤੇ ਸ਼ਿਅਰਾਂ ਵਿਚ ਢਾਲਾਂ ।

ਉਹ ਬੇਦਰਦੀ ਰੁੱਠਿਆ ਸਾਥੋਂ

ਉਹ ਬੇਦਰਦੀ ਰੁੱਠਿਆ ਸਾਥੋਂ ਛੁਟਿਆ ਸ਼ਹਿਰ ਲਹੌਰ । ਦਿਲ ਇੰਜ ਕੱਲਮ-ਕੱਲਾ ਜੀਵੇਂ ਜੰਗਲ ਦੇ ਵਿਚ ਮੋਰ । ਤੈਨੂੰ ਛੱਡ ਕੇ ਸ਼ੀਸ਼ੇ ਵਿਚ ਕਿੰਜ ਅੱਖ ਨਾਲ ਅੱਖ ਮਿਲਾਵਾਂ, ਜੇ ਇਹ ਦਿਲ ਵੀ ਭੰਵਰਾ ਹੁੰਦਾ ਲੱਭਦਾ ਫੁੱਲ ਕੋਈ ਹੋਰ । ਜੇ ਤੂੰ ਕੋਲ ਨਾ ਹੋਵੇਂ ਤੈਨੂੰ ਲੱਭਾਂ ਸੁਫ਼ਨਿਆਂ ਵਿਚ, ਤੂੰ ਇੰਜ ਦਿਲ ਵਿਚ ਉਤਰੇਂ ਜੀਵੇਂ ਨਵੀਂ ਨਵੇਲੀ ਭੋਰ । ਪਰ੍ਹਿਆ ਵਿਚ ਬਹਿ ਕੇ ਵੀ ਮੇਰੇ ਹੱਥ ਨਾ ਆਵੇਂ ਤੂੰ, ਪਕੜਾਂ ਰਾਤ ਦੇ ਉਹਲੇ ਉਹਲੇ ਤੇਰੇ ਦਿਲ ਦਾ ਚੋਰ । ਮੈਂ ਚੱਲਾਂ ਤੇ ਇਕ ਪੈਲੀ ਵੀ ਪੈਰਾਂ ਹੇਠ ਨਾ ਆਵੇ, ਤੂੰ ਸਭਨਾਂ ਨੂੰ ਮਾਰ ਮੁਕਾਵੇਂ ਆਪਣੀ ਆਪਣੀ ਟੋਰ । ਬਲਦੀਆਂ ਧੁੱਪਾਂ ਦੇ ਵਿਚ ਵੀ ਤੂੰ ਨਸਦੀ ਨਸਦੀ ਆਵੇਂ, ਮੇਰੀਆਂ ਠੰਢੀਆਂ ਗੂੜੀਆਂ ਛਾਵਾਂ ਦੇਖ ਲੈ ਮੇਰਾ ਜ਼ੋਰ । ਬਿਨ ਮਾਂਝੇ ਨੇ ਪੇਚੇ ਪੈਂਦੇ ਹੱਥ ਖ਼ਾਲੀ ਹੀ ਰਹਿਣ, ਉਹਦੀ ਗੁੱਡੀ ਸਭ ਤੋਂ ਉਚੀ ਜੀਹਦੇ ਹੱਥ ਵਿਚ ਡੋਰ । ਸਭ ਨੂੰ ਆਪਣੀ ਆਪਣੀ ਪਈ ਏ ਤੇਰੀ ਕੌਣ ਸੁਣੇ, ਐਥੇ ਦਿਲ ਦਾ ਦਰਦੀ ਕਿਹੜਾ ਨਾ ਕਰ ਐਵੇਂ ਸ਼ੋਰ । ਕਲ ਰਸਤੇ ਵਿਚ ਚਲਦੇ ਚਲਦੇ ਵੇਖਿਆ ਮੈਂ ਇਕ ਝੱਲਾ, ਅੱਜ'ਜਮੀਲ'ਇਹ ਸੋਚਦਾ ਹਾਂ ਉਹ ਮੈਂ ਸੀ ਜਾਂ ਕੋਈ ਹੋਰ ।