Jaimal Singh Padda ਜੈਮਲ ਸਿੰਘ ਪੱਡਾ
ਸ਼ਹੀਦ ਜੈਮਲ ਸਿੰਘ ਪੱਡਾ ਇਨਕਲਾਬੀ ਸੋਚ ਧਾਰਾ ਦਾ ਕਵੀ ਸੀ ਜੋ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ’ਚ ਜਨਮਿਆ।
ਉਸ ਨੂੰ ਦਹਿਸ਼ਤਗਰਦਾਂ ਨੇ 17 ਮਾਰਚ 1988 ਨੂੰ ਮਾਰ ਮੁਕਾਇਆ। ਪਾਸ਼ ਤੋਂ ਪੂਰੇ ਛੇ ਦਿਨ ਪਹਿਲਾਂ। ਚਾਰ ਦਸੰਬਰ 1943 'ਚ
ਮਾਤਾ ਚੰਨਣ ਕੌਰ ਦੀ ਕੁਖੋਂ ਜਨਮੇ ਇਸ ਸ਼ਾਇਰ ਦੀ ਸ਼ਹਾਦਤ ਉਪਰੰਤ ਦਰਸ਼ਨ ਖਟਕੜ ਨੇ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਨਾਮ
ਹੇਠ ਸ: ਗੁਰਸ਼ਰਨ ਸਿੰਘ ਨਾਟਕਕਾਰ ਵੱਲੋਂ ਸਥਾਪਤ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ ਰਾਹੀਂ ਛਪਵਾਈ। ਭਾਵੇਂ
1978 ਚ ਉਸ ਦੀ ਇੱਕ ਨਿੱਕੀ ਜੇਹੀ ਕਿਤਾਬ ਛਪੀ ਪਰ ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਨ ਕਾਰਨ ਕਵਿਤਾ ਪਿੱਛੇ ਰਹਿ ਗਈ।
ਜੈਮਲ ਸਿੰਘ ਪੱਡਾ ਦੇ ਪਰਿਵਾਰ ਚ ਪਹਿਲਾਂ ਹੀ ਕਵਿਤਾ ਸੀ। ਉਸ ਦੇ ਪਿਤਾ ਜੀ ਸ: ਸੰਤੋਖ ਸਿੰਘ ਮਸਤਾਨਾ ਦੋਆਬੇ ਦੇ
ਪ੍ਰਸਿੱਧ ਕਵੀਸ਼ਰ ਸਨ। ਲੁੱਟ ਤੰਤਰ ਦੇ ਖਿਲਾਫ਼ ਪੱਡਾ ਨੇ ਕਲਮ ਨੂੰ ਹਥਿਆਰ ਵਾਂਗ ਵਰਤਿਆ। ਆਪਣੇ ਗੀਤਾਂ ਨੂੰ ਉਹ ਬਹੁਤ ਵਧੀਆ ਗਾ ਕੇ
ਪੇਸ਼ ਕਰਦੇ ਸਨ। ਨਾਟਕ ਮੰਡਲੀ ਬਣਾ ਕੇ ਪਿੰਡਾਂ ’ਚ ਲੋਕ ਚੇਤਨਾ ਲਹਿਰ ਚਲਾਉਂਦੇ। ਮਿੱਠਬੋਲੜੇ , ਸਹਿਜ ਸੁਭਾਈ ਇਸ ਸ਼ਹੀਦ ਕਵੀ ਨੇ
ਕਦੇ ਵਿਰੋਧੀ ਲਈ ਵੀ ਮੰਦਾ ਬੋਲ ਨਹੀਂ ਸੀ ਬੋਲਿਆ। ਉਸ ਦੇ ਕਤਲ ਵੇਲੇ ਉਸ ਦਾ ਬੇਟਾ ਜਸਬੀਰ ਸਿੰਘ ਪੱਡਾ ਨਾਰਵੇ ਰਹਿੰਦਾ ਸੀ। ਆਪਣੀ
ਮਾਤਾ ਦੇ ਨਾਮ ਉਸ ਦੀ ਚਿੱਠੀ ਨੂੰ ਵੀ ਦਰਸ਼ਨ ਖਟਕੜ ਨੇ ਪੁਸਤਕ 'ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ' ਚ ਸ਼ਾਮਿਲ ਕੀਤਾ ਹੈ। ਅਜਮੇਰ ਸਿੱਧੂ
ਨੇ ਵੀ ਨਕਸਲੀ ਸ਼ਹੀਦ ਜੈਮਲ ਪੱਡਾ ਦੇ ਜੀਵਨ ਤੇ ਰਚਨਾ ਨਾਮੀ ਪੁਸਤਕ ਵੀ ਸੰਪਾਦਿਤ ਕੀਤੀ ਹੈ। ਜੈਮਲ ਸਿੰਘ ਪੱਡਾ ਦੀਆਂ ਲਿਖਤਾਂ ਹੀ ਹੁਣ
ਸਾਡੇ ਕੋਲ ਰਾਹ ਦਿਸੇਰਾ ਅਮਾਨਤ ਵਾਂਗ ਹਨ। — ਗੁਰਭਜਨ ਗਿੱਲ