Jaimal Phatte Di Vaar Tara Chand (T.C.) Gujrati
ਜੈਮਲ ਫੱਤੇ ਦੀ ਵਾਰ ਤਾਰਾ ਚੰਦ (ਟੀ. ਸੀ.) ਗੁਜਰਾਤੀ
ਬੀਰਮ ਦੇਵ ਰਾਜਾ ਜੋਧਪੁਰ
ਬੀਰਮ ਦੇਵ ਇਕ ਨਾਮ ਸੀ, ਸੂਰਬੀਰ ਬਲਵਾਨ ।
ਛਤ੍ਰੀ ਰਾਜਾ ਕੌਮ ਦਾ, ਰਾਜਪੂਤ ਬਲਵਾਨ ।
ਗਿਰਦ-ਨਵਾਹ ਵਸਨੀਕ ਜੋ, ਰਾਜੇ ਉਸ ਦੇ ਹੋਰ ।
ਸਭਨਾਂ ਵਿਚ ਪ੍ਰਸਿਧ ਸੀ, ਉਹ ਬੜਾ ਸ਼ਾਹਜ਼ੋਰ ।
ਫੌਜ ਸਿਪਾਹੀ ਓਸ ਦੇ, ਮਾਲ ਖ਼ਜ਼ਾਨੇ ਢੇਰ ।
ਦੁਸ਼ਮਨ ਨੂੰ ਇੰਜ ਦੇਖਦਾ, ਜਿਉਂ ਬੱਕਰੀ ਨੂੰ ਸ਼ੇਰ ।
ਪੂਰਾ ਪੂਰਾ ਜ਼ੋਰ ਸੀ, ਉਸ ਦਾ ਹਰ ਇਕ ਜਾ ।
ਕੋਈ ਬਿਗਾਨਾ ਆਪਣਾ, ਅੱਖ ਨ ਸਕੇ ਚਾ ।
ਐਪਰ ਚਾਰਾ ਮੌਤ ਥੀਂ, ਨਹੀਂ ਕਿਸੇ ਦਾ ਕਾ।
ਜੋ ਆਵੇ ਇਸ ਸਾਮ੍ਹਣੇ, ਦੇਵੇ ਸੀਸ ਝੁਕਾ।
ਪੂਰੇ ਹੋਏ ਦਿਯੋਂ (ਦਿਹੁੰ) ਜਾਂ, ਮੌਤ ਆ ਕੀਤੀ ਵਾਰ ।
ਟੁਰ ਪਏ ਬੀਰਮ ਦੇਵ ਜੀ, ਸੁੰਞਾ ਛੱਡ ਦਰਬਾਰ ।
ਮਾਲ ਦੇਵ
ਮਰਨੇ ਪਿਛੋਂ ਵਾਰ ਸੀ, ਪੁੱਤਰ ਉਸ ਦੇ ਚਾਰ।
ਚਾਰੇ ਉਮਰ ਛੋਟੇਰੜੀ, ਰਹਿ ਗਏ ਵਿਚ ਪਰਵਾਰ।
ਵੱਡਾ ਜੈਮਲ ਨਾਮ ਸੀ, ਆਹਾ ਜੋ ਹੁਸ਼ਿਆਰ।
ਐਪਰ ਰਾਜ ਸੰਭਾਲਣਾ, ਬੜੀ ਕਠਨ ਹੈ ਕਾਰ ।
ਚਾਚਾ ਇਕ ਉਨ੍ਹਾਂਦੜਾ, ਮਾਲ ਦੇਵ ਸੀ ਨਾਮ ।
ਉਸ ਨੇ, ਅੰਤ ਸੰਭਾਲਿਆ, ਕਾਰੋਬਾਰ ਤਮਾਮ ।
ਦੇਖ ਭਤੀਜੇ ਛੋਟੜੇ, ਬਣਿਆ ਖੁਦ ਮੁਖਤਾਰ ।
ਆਪ ਉਨਾਂ ਦੇ ਨਾਮ ਤੇ, ਕਰਨ ਲੱਗਾ ਦਰਬਾਰ ।
ਅਕਬਰ ਬਾਦਸ਼ਾਹ
ਜਿਸ ਵੇਲੇ ਇਸ ਮੌਤ ਥੀਂ, ਹੋਏ ਲੋਕ ਆਗਾਹ।
ਆਣ ਚੜ੍ਹਾਈ ਮੁਲਕ ਤੇ, ਕੀਤੀ ਅਕਬਰ ਸ਼ਾਹ।
ਜੁੱਧ ਮਚਾਇਆ ਆਣ ਕੇ, ਉਸਨੇ ਆਂਵਦੇ ਸਾਰ ।
ਕੀਤਾ ਸਾਰੇ ਮੁਲਕ ਨੂੰ, ਡਾਢਾ ਆ ਲਾਚਾਰ ।
ਮਲਦੇਵ ਦੀ ਓਸ ਥੀਂ, ਪੇਸ਼ ਗਈ ਨਾ ਕਾ ।
ਫ਼ਿਕਰ ਸਗੋਂ ਦਿਲ ਆਪਣੀ, ਪਿਆ ਜਾਨਦਾ ਆ ।
ਮਾਲਦੇਵ ਘਰ ਪੋਤਰੀ, ਆਹੀ ਇਕ ਜੁਆਨ।
ਸਾਕ ਉਸ ਦੇਕੇ ਓਸਦਾ, ਲੀਤੀ ਮੰਗ ਅਮਾਨ।
ਐਪਰ ਹੋਈ ਖ਼ਬਰ ਇਹ, ਜੈਮਲ ਤਾਂਈ ਜਾਂ ।
ਸੁਣ ਕੇ ਉਸ ਦਾ ਮੂਲ ਨਾ, ਰਹਿਆ ਕਲੇਜਾ ਥਾਂ ।
ਹੋਕੇ ਬੇਅਖ਼ਤਿਆਰ ਤੇ, ਉਠਿਆ ਗ਼ੁੱਸਾ ਖਾ ।
ਨਾਲ ਉਸ ਚਾਚੇ ਆਪਣੇ, ਦਿੱਤਾ ਜੰਗ ਮਚਾ ।
ਥੋੜੀ ਜਿਹੀ ਪਰ ਫੌਜ ਸੀ, ਬਣ ਨਾ ਆਈ ਕਾ।
ਉਲਟਾ ਆਪਣੇ ਦੇਸ ਨੂੰ, ਛੱਡਣਾ ਓਸ ਪਿਆ ।
ਸੋਹਲ ਦੇ ਮਹੱਲ
ਜੈਮਲ ਦਾ ਹੁਣ ਹਾਲ ਮੈਂ, ਅੱਗੋਂ ਕਰਾਂ ਬਿਆਨ ।
ਪਰ ਕੁੱਝ ਮਨ ਚਿੱਤ ਲਾਇਕੇ, ਸੁਨਣਾ ਨਾਲ ਧਿਆਨ ।
ਰਾਣੀ ਤੇ ਉਹ ਆਪਣੀ, ਮਾਤਾ ਤਾਈਂ ਲੈ ।
ਸਿੱਧਾ ਕੋਹਿ ਨੂਰ ਨੂੰ, ਗਇਆ ਵਿਚਾਰਾ ਹੈ ।
ਓਥੇ ਮਾਮਾ ਓਸ ਦਾ, ਸੀ ਇਕ ਸੋਹਲ ਨਾਮ ।
ਉਸ ਦੇ ਕੋਲ ਉਸ ਆਪਣਾ, ਕੀਤਾ ਜਾ ਮਕਾਮ ।
ਥੋੜੇ ਦਿਨ ਪਰ ਓਸ ਨੂੰ, ਅਜੇ ਵਿਹਾਏ ਜਾਂ ।
ਕਰਨੀ ਉਸ ਭਗਵਾਨ ਦੀ, ਅੱਗੋਂ ਦੇਖੋ ਤਾਂ ।
ਉੱਤਰ ਪਈਆਂ ਬਸ ਹੋਲੀਆਂ, ਆਯਾ ਫੱਗਣ ਮਾਹ ।
ਉੜਦੇ ਦਿੱਸਣ ਕੁਮਕੁਮੇ, ਜਿੱਤ ਵਲ ਪਵੇ ਨਿਗਾਹ ।
ਰਾਜ ਮਹੱਲਾਂ ਵਿਚ ਭੀ, ਉੱਡਣ ਲਗਾ ਗੁਲਾਲ ।
ਖੇਡਣ ਲੱਗੀਆਂ ਰਾਣੀਆਂ, ਖੁਸ਼ੀ ਖੁਸ਼ੀ ਦੇ ਨਾਲ ।
ਸ਼ੀਸ਼ੇ ਹੱਥ ਗੁਲਾਬ ਦੇ, ਸੋਹਣ ਗੂਹੜੇ ਰੰਗ ।
ਅਤਰ ਅੰਬੀਰ ਉਡਾਂਦੀਆਂ, ਇਕ ਦੂਜੇ ਦੇ ਸੰਗ ।
ਖੇਡਣ ਕੁਲ ਸਹੇਲੀਆਂ, ਰੱਲ ਮਿਲ ਹਿੱਕੋ ਹਾਣ ।
ਇਕੋ ਜਹੀਆਂ ਸਾਰੀਆਂ, ਅੱਲ੍ਹੜ ਉਮਰ ਜੁਆਨ ।
ਜੈਮਲ ਕਿਧਰੋਂ ਆਣ ਜੇ, ਡਿੱਠਾ ਝਾਤੀ ਪਾ ।
ਛੋਟੀ ਉਮਰ ਨਦਾਨ ਸੀ, ਜੋਸ਼ ਗਇਆ ਦਿਲ ਆ ।
ਭਰ ਪਿਚਕਾਰੀ ਰੰਗ ਦੀ, ਲੈਂਦਾ ਝੱਟ ਉਠਾ ।
ਉਹ ਭੀ ਵਿਚ ਉਨ੍ਹਾਂਦੜੇ, ਰਲਿਆ ਉਵੇਂ ਜਾ ।
ਤਾਅਨਾ
ਰਤਨ ਸਿੰਘ ਇਕ ਨਾਮ ਸੀ, ਰਾਣੀ ਉਸ ਦੀ ਜੋ ।
ਡਿੱਗ ਪੈਂਦੀ ਤਕਦੀਰ ਥੀਂ, ਖਾ ਪਿਚਕਾਰੀ ਉਹ ।
ਤਾਅਨਾ ਐਪਰ ਮਾਰਦੀ, ਉਹ ਇਕ ਉਠਦੇ ਸਾਰ ।
ਜਾ ਰਾਜਾ ਹੱਟ ਦੂਰ ਹੋ, ਨਾ ਪਚਕਾਰੀ ਮਾਰ ।
ਭੁੱਸ ਜੁਆਨੀ ਤੁਧ ਦੀ, ਛੱਡ ਆਇਉਂ ਤੂੰ ਦੇਸ ।
ਟੁਕੜੇ ਖਾਲੀ ਖਾਣ ਨੂੰ, ਆ ਮੱਲਿਓ ਪਰਦੇਸ ।
ਤੁਹੋਂ ਦਸ ਚਾ ਤੁਧ ਨੂੰ, ਇਹ ਗੱਲ ਪੁੱਛਾਂ ਮੈਂ।
ਇਹ ਫੱਗਣ ਦਿਨ ਹੋਲੀਆਂ, ਕੀਕਣ ਸੁੱਝਣ ਤੈਂ ?
ਕਰੀਏ ਤੇਰੀ ਪਾਲਣਾ, ਟੁਕੜੇ ਅਸੀਂ ਖਵਾ ।
ਤੈਨੂੰ ਇਸ ਮਖੌਲ ਥੀਂ, ਆਇਆ ਨਾ ਹਯਾ ।
ਜਾ ਵਸਾ ਥਾਂ ਵਤਨ ਨੂੰ, ਰਾਜਪੂਤ ਤੂੰ ਤਾਂ ।
ਜਿਸ ਭੂਮੀ ਅਜ 'ਤਾਰਿਆ', ਵੱਸਣ ਚਿੜੀਆਂ ਕਾਂ ।
ਉਦਾਸੀ
ਤਾਅਨਾ ਸੀ ਇਹ ਕਾਹਦਾ, ਇੰਜ ਲੱਗਾ ਜਿਉਂ ਤੀਰ ।
ਇਕ ਪੱਲ ਅੰਦਰ ਓਸਦਾ, ਗਇਆ ਕਲੇਜਾ ਚੀਰ ।
ਭੁੱਲ ਗਇਆ ਬਸ ਓਸਹਾ, ਤਨ ਮਨ ਇਕ ਸਵਾਰ ।
ਐਪਰ ਨਾਲ ਕ੍ਰੋਧ ਦੇ, ਕਹਿੰਦਾ ਇੰਜ ਪੁਕਾਰ ।
ਜਿਸ ਰਾਣੀ ਦਾ ਕੰਤ ਮੈਂ, ਐਸੀ ਸੁੰਦਰ ਨਾਰ ।
ਤੇਰੇ ਜਹੀਆਂ ਓਸਦਾ, ਪਾਣੀ ਭਰਨ ਹਜ਼ਾਰ ।
ਤੇਰੇ ਦਿਲ ਵਿਚ ਗੁਜ਼ਰਿਆ, ਦੱਸ ਖਾਂ ਕੀ ਖ਼ਿਆਲ ।
ਦਿਲ ਵਿਚ ਤੂੰ ਜੇ ਆਪਣੇ, ਆਂਦਾ ਐਡ ਮਲਾਲ ।
ਕਵੀ ਦਾ ਕਥਨ
ਦਿੱਤਾ ਤੇ ਸਹੀ ਓਸਨੇ, ਬੇਸ਼ਕ ਇਹ ਜਵਾਬ ।
ਪਰ ਉਹ ਬੋਲੀ ਓਸਦਾ, ਕਰ ਗਈ ਜਿਗਰ ਕਬਾਬ।
ਗ਼ਮ ਥੀਂ ਵਿਚ ਸਰੀਰ ਦੇ, ਲਹੂ ਰਿਹਾ ਨਾ ਕਾ ।
ਜ਼ਰਦੀ ਵਰਤੀ ਓਸਦੇ, ਚੇਹਰੇ ਉੱਤੇ ਆ ।
ਯਾਦ ਪਿਆ ਘਰ ਆਪਣਾ, ਹੋਇਆ ਚਿੱਤ ਉਦਾਸ ।
ਕੁੰਭਨੀਰ ਉਸ ਵਤਨ ਦੀ, ਲਾਹੀ ਦਿਲ ਥੀਂ ਆਸ ।
ਜੈਮਲ ਅਤੇ ਸੋਹਲ
ਓਥੋਂ ਜਾਂ ਉਹ ਆਪਣੇ, ਆਇਆ ਮਾਮੇ ਕੋਲ ।
ਕਹਿੰਦਾ ਇੰਜ ਜ਼ਬਾਨ ਥੀਂ, ਮਾਮਾ ਉਸ ਨੂੰ ਬੋਲ ।
ਕਿਉਂ ਹੈਰਾਨ ਅਜ ਜੈਮਲਾ, ਹੋਇਉਂ ਬਰਖ਼ੁਰਦਾਰ ।
ਕਿਉਂ ਇਹ ਰੰਗ ਅੱਜ ਤੁੱਧਦਾ, ਹੋਇਆ ਜ਼ਰਦ ਵਸਾਰ ।
ਕਿਸ ਤੈਨੂੰ ਕੁਝ ਆਖਿਆ, ਗੁੱਸੇ ਤਲਖ਼ੀ ਨਾਲ ।
ਕਿਸ ਦੇ ਬੋਲ ਕਬੋਲ ਨੇ, ਦਿੱਤਾ ਅੰਦਰ ਜਾਲ ।
ਡਿੱਠਾ ਗਹਿਰੀ ਅੱਖ ਭੀ, ਜੇ ਕਿਸੇ ਇੱਕ ਵਾਰ ।
ਇਕਦਮ ਉਸ ਕਮਬਖ਼ਤ ਦਾ, ਦੇਵਾਂ ਸੀਸ ਉਤਾਰ ।
ਦਸ ਬੱਚਾ ਗਲ ਮੁਝ ਨੂੰ, ਜੋ ਕੁਝ ਗੁਜ਼ਰੀ ਤੈਂ ।
ਵਾਰ ਦਿਆਂ ਸੱਭ ਤੁੱਧ ਤੋਂ, ਰਾਜ ਭਾਗ ਭੀ ਮੈਂ ।
ਇਹ ਗਲ ਸੁਣਕੇ ਆ ਗਇਆ, ਜਲ ਅੱਖਾਂ ਵਿਚਕਾਰ ।
ਨੀਵਾਂ ਸਰ ਕਰ ਆਖਦਾ, ਜੈਮਲ ਇੰਜ ਪੁਕਾਰ ।
ਰਤਨ ਸਿੰਘ ਸਰਦਾਰ ਦੀ, ਰਾਣੀ ਜੋ ਇਸ ਜਾ ।
ਮਾਮਾ ਬੋਲੀ ਓਸ ਨੇ, ਮਾਰੀ ਮੈਨੂੰ ਚਾ ।
ਐਪਰ ਬੋਲੀ ਝੂਠ ਨਾ, ਸੱਚੀ ਇਹ ਗਲ ਜਾਣ ।
ਸੋਹਲ ! "ਉਨਾਂ ਕੀ ਹੋਲੀਆਂ, ਦੇਸ ਜਿਨ੍ਹਾਂ ਛੁਟ ਜਾਣ ?"
ਰਾਣੀ ਰਤਨ ਕੰਵਰ ਅਥਵਾ ਜੈਮਲ ਦੀ ਮਾਤਾ
ਤਿਵੇਂ ਮਾਤਾ ਓਸ ਦੀ, ਰਤਨ ਕੰਵਰ ਜੋ ਨਾਮ ।
ਨਾਲ ਗ਼ੁੱਸੇ ਦੇ ਆਣ ਕੇ, ਕਹਿੰਦੀ ਇਹ ਕਲਾਮ ।
ਖ਼ਬਰੇ ਪੁੱਤਰ ਜੈਮਲਾ ! ਜੰਮਿਉਂ ਕਿਹੜੇ ਵਾਰ ?
ਜਿਸ ਦਿਨ ਦਾ ਤੂੰ ਜੰਮਿਉਂ, ਪੈ ਗਏ ਬਖਤ ਹਜ਼ਾਰ ।
ਦਿਨ ਦਿਨ ਮੈਨੂੰ ਸਖ਼ਤੀਆਂ, ਨਵੇਂ ਨਵੇਂ ਆਜ਼ਾਰ ।
ਕਿਹੜੇ ਖੂਹ ਵਿਚ ਜਾ ਪਵਾਂ, ਮੈਂ ਤੱਤੀ ਦੁਖਿਆਰ ।
ਨਿੱਜ ਘਰ ਜੰਮਦੋਂ ਮੁੱਝ ਦੇ, ਤੂੰ ਬੱਚਾ ! ਨਿਰਭਾਗ ।
ਪੂਰਾ ਪੁੱਤਰ ਹੋ ਰਹਿਆ, ਮੇਰਾ ਅੱਜ ਸੁਹਾਗ ।
ਤੂੰ ਰਲ ਨਾਲ ਸੁਹਾਗਣਾਂ, ਹੋਲੀ ਲੱਗੋਂ ਮਚਾਣ ।
ਦਿਲ ਵਿਚ ਆਪਣੀ ਕਦਰ ਦਾ, ਕੀਤੋਈ ਨ ਧਿਆਨ ।
ਮੈਂ ਦਿਨ ਕੱਟਾਂ ਆਪਣੇ, ਲੁਕ ਲੁਕ ਅੰਦਰ ਵਾਰ ।
ਤੈਨੂੰ ਸੁੱਝਣ ਹੋਲੀਆਂ, ਫੱਗਣ ਰੁੱਤ ਬਹਾਰ ।
ਛੇੜ ਪਰਾਈ ਨਾਰ ਨੂੰ, ਲੀਤਾ ਕੀ ਹੁਣ ਤੈਂ।
ਤੇਰੇ ਹੱਥੋਂ ਜੈਮਲਾ, ਖਾ ਮਰਾਂ ਕੁੱਝ ਮੈਂ।
ਮੇਹਣਾ ਲੈ ਕੇ ਵਤਨ ਨੂੰ, ਜਾਸਾਂ ਕਿਹੜੇ ਮੂੰਹ ।
ਚੰਗੇ ਪੁੱਤਰ ਧੋਵਣੇ, ਧੋਵਣ ਲੱਗੋਂ ਹੁਣ ਤੂੰ ।
ਘਰ ਬਿਗਾਨੇ ਆਣ ਤੂੰ, ਘੋਲੀ ਕੀ ਕਰਤੂਤ ।
ਨੱਕ ਵਢਾਇਓ ਜੈਮਲਾ, ਚੰਗਾ ਤੂੰ ਸਪੂਤ ।
ਏਥੇ ਭੀ ਹੁਣ ਹੋਵਣੀ, ਗੁਜ਼ਰ ਅਸਾਡੀ ਨਾਂ ।
ਤੇਰੇ ਹਥੋਂ ਜੈਮਲਾ ! ਮੈਂ ਕਿੱਥੇ ਜਾ ਬਹਾਂ ?
ਹਰੀ ਸਿੰਘ ਦੀਵਾਨ
ਹਰੀ ਸਿੰਘ ਇਕ ਨਾਮ ਸੀ, ਜੈਮਲ ਦਾ ਦੀਵਾਨ ।
ਉਹ ਫਿਰ ਆ ਕੇ ਆਖਦਾ, ਸੁਣ ਮੇਰੇ ਸੁਲਤਾਨ ।
ਸਖ਼ਤੀ ਦੇ ਦਿਨ ਆਪਣੇ, ਕੱਟੋ ਨੀਵੇਂ ਹੋ ।
ਝਾਗੋ ਹੁਣ ਨਾਲ ਹੌਸਲੇ, ਪਈ ਸਿਰੇ ਤੇ ਜੋ ।
ਕਰੋ ਗੁਜ਼ਾਰਾ ਆਪਣਾ, ਹੋ ਕੇ ਪਰ-ਅਧੀਨ ।
ਨਾਰ ਪਰਾਈ ਦੁੱਖ ਹੈ, ਰਾਜਨ ਕਰੋ ਯਕੀਨ ।
ਖ਼ਾਤਰ ਇਕ ਦਰੋਪਤਾ, ਐਸਾ ਹੋਇਆ ਹਾਲ ।
ਖੱਪਰ ਭਰਿਆ ਖ਼ੂਨ ਥੀਂ, ਜ਼ਿਮੀਆਂ ਹੋਈਆਂ ਲਾਲ ।
ਪਰ ਨਾਰੀ ਨੂੰ ਛੇੜ ਕੇ, ਪਏ ਫ਼ਿਕਰ ਵਿਚ ਜਾਨ ।
ਰਾਵਣ ਜਹੇ ਦੇ ਢੂੰਡਿਆਂ, ਮਿਲਦੇ ਨਹੀਂ ਨਿਸ਼ਾਨ ।
ਇਨ੍ਹੀਂ ਕੰਮੀਂ ਕੰਵਰ ਜੀ, ਚੰਗਾ ਕਹੇ ਨਾ ਕੋ ।
ਮੰਦੀ ਕੰਮੀਂ ਅੰਤ ਨੂੰ, ਸਰਪਰ ਮੰਦਾ ਹੋ ।
ਜੈਮਲ ਦੀ ਰਾਣੀ
ਰਾਣੀ ਨੇ ਫਿਰ ਓਸਦੀ, ਸੁਣਿਆ ਜਾਂ ਇਹ ਹਾਲ ।
ਆਈ ਨਿਕਲ ਮਹੱਲ ਥੀਂ, ਓਵੇਂ ਗ਼ੁੱਸੇ ਨਾਲ ।
ਜੈਮਲ ਦੇ ਝੱਟ ਆਣ ਕੇ, ਸਨਮੁੱਖ ਗਈ ਖਲੋ ।
ਕਹਿਣ ਲੱਗੀ ਸਿਰ ਫੇਰ ਕੇ, ਇੰਜ ਗੱਲਾਂ ਇਕ ਦੋ ।
ਤੂੰ ਤੇ ਕੰਤਾ ! ਮਰਦ ਏਂ, ਮੈਂ ਇਕ ਤੇਰੀ ਨਾਰ ।
ਐਪਰ ਮੇਰੀ ਗਲ ਦੀ, ਕਰਨੀ ਤੁੱਧ ਵਿਚਾਰ ।
ਸ਼ਿਕਰੇ, ਇੱਲਾਂ, ਬਾਜ਼ ਤੇ, ਰਹਿਣ ਜੰਗਲ ਵਿਚ ਕਾਂ ।
ਚਿੜੀਆਂ ਭੀ ਪਰ ਆਲ੍ਹਣੇ, ਰੱਖਣ ਓਸੇ ਥਾਂ ।
ਚਿੜੀਆਂ ਦਾ ਤੱਕ ਹੌਂਸਲਾ, ਐਧਰ ਆਪਣੇ ਵੱਲ ।
ਕੀ ਤੇਰੀ ਮਰਦਾਨਗੀ, ਕੀ ਇਹ ਤੇਰੀ ਗਲ ?
ਪਹਿਲੇ ਆਪਣਾ ਵਤਨ ਕਿਉਂ, ਛੱਡ ਆਇਉਂ ਇਸ ਜਾ ।
ਭੜਕ ਪਿਉਂ ਪਰ-ਨਾਰ ਦਾ, ਤਾਅਨਾ ਜੇ ਹੁਣ ਖਾ ।
ਕਰ ਕੇ ਹੁਣ ਭੀ ਹੌਂਸਲਾ, ਬੰਨ੍ਹੋਂ ਕਮਰਾਂ ਜੇ ।
ਵਤਨ ਵਸਾਣਾ ਆਪਣਾ, ਨਹੀਂ ਕੋਈ ਦੂਰ ਅਜੇ ।
ਦਿਨ ਦਾ ਭੁਲਾ ਆ ਵੜੇ, ਜੇ ਘਰ ਆਪਣੇ ਰਾਤ ।
ਭੁੱਲਾ ਉਹ ਨਾ ਜਾਣੀਏ, ਕਹੀ ਦਾਨਾਵਾਂ ਬਾਤ ।
ਪਰ ਜੇ ਦਿਲ ਵਿਚ ਤੁੱਧ ਦੇ, ਰੰਜ ਨਾ ਆਵੇ ਕਾ ।
ਘੋੜੇ ਦੀ ਤਾਂ ਵਾਗ ਤੂੰ, ਮੇਰੇ ਹੱਥ ਫੜਾ ।
ਪੱਗ ਉਰਾਂ ਕਰ ਆਪਣੀ, ਸਾਲੂ ਲੈ ਲੈ ਤੂੰ ।
ਕੱਢ ਲਵਾਂ ਕੁੱਝ ਆਪਣੇ, ਮੈਂ ਭੀ ਦਿਲ ਦਾ ਧੂੰ ।
ਮਾਰ ਲਿਆ ਜੇ ਜਾਇ ਮੈਂ, ਮਾਲਦੇਵ ਬਲਵੰਤ ।
ਤਾਂ ਛਤਰਾਣੀ ਮੁੱਝ ਨੂੰ, ਜਾਣੀ ਮੇਰੇ ਕੰਤ ।
ਦੇਹ ਇਕ ਵਾਰੀ ਆਗਿਆ, ਤੂੰ ਪਿੱਛੇ ਹਟ ਰਹੁ ।
ਜੇ ਕਰ ਪਿੱਛੇ ਮੈਂ ਰਹਾਂ, ਲਾਅਨਤ ਮੈਨੂੰ ਕਹੁ ।
ਮਾਰਾਂ ਸਾਰੀ ਫੌਜ ਨੂੰ, ਮੈਂ ਸਣ-ਰਾਜੇ ਜਾ ।
ਰਣ ਵਿਚ ਘੋੜਾ ਫੇਰ ਕੇ, ਸਭ ਨੂੰ ਦਿਆਂ ਮੁਕਾ ।
ਜਿੱਨੇ ਜੋਧੇ ਸੂਰਮੇ, ਗਿਣ ਗਿਣ ਮਾਰਾਂ ਮੈਂ।
ਭੁੱਲੇ ਰੁੱਤ ਬਹਾਰ ਦੀ, ਫੱਗਣ ਮਾਂਹ ਦੀ ਤੈਂ ।
ਐਸੀ ਹੋਲੀ ਜਾਇ ਕੇ, ਓਥੇ ਮੈਂ ਰਚਾਂ ।
ਲੱਖਾਂ ਖੱਪਰ ਭਰ ਦਿਆਂ, ਇਕ ਦੋਂਹ ਦਾ ਕੀ ਨਾਂ ?
ਉਹ ਨਿਕਲਣ ਪਿਚਕਾਰੀਆਂ, ਉੱਡਣ ਉਹ ਗੁਲਾਲ ।
ਛਿਨ ਮਾਤਰ ਵਿਚ ਕਰ ਦਿਆਂ, ਧਰਤੀ ਸਾਰੀ ਲਾਲ ।
ਰਾਜਪੂਤ ਦੀ ਅੰਸ ਥੀਂ, ਛਤਰੀ ਦੀ ਮੈਂ ਜਾਂ (ਜਾਈ) ।
ਦੇਹ ਪੱਗ ਬੇਸ਼ਕ ਮੁਝ ਨੂੰ, ਸਿਰਦੇ ਪਤੀ ਸੁਹਾਗ ।
ਘਰ ਵਿਚ ਓਥੇ ਆਪਣੇ, ਖੇਡਾਂਗੇ ਚਲ ਫਾਗ ।
ਛੱਡ ਘਰ ਜੇਕਰ ਆਪਣਾ, ਆਣ ਵੜੇ ਇਸ ਥਾਂ ।
ਬੋਲੀ ਇਸ ਕਮਜ਼ਾਤ ਦੀ, ਸਹਿਣੀ ਪੈ ਗਈ ਤਾਂ ।
(ਇਹ ਰਚਨਾ ਅਜੇ ਅਧੂਰੀ ਹੈ)