Jai Mir : Professor Mohan Singh

ਜੈ ਮੀਰ : ਪ੍ਰੋਫੈਸਰ ਮੋਹਨ ਸਿੰਘ

1. ਇਕ ਟਾਪੂ ਦੇ ਡੁੱਬਣ ਉਤੇ

ਟਾਪੂ ਉਤੇ
ਅਰਗ਼ਵਾਨੀ ਸ਼ਾਮ ਉਤਰੀ-
ਪਰਬਤਾਂ ਦੀਆਂ ਚੋਟੀਆਂ,
ਤਰਦੀਆਂ ਬਦਲੋਟੀਆਂ,
ਚਰਦੀਆਂ ਭੇਡਾਂ ਅਤੇ ਬਕਰੋਟੀਆਂ,
ਵਾਦੀਆਂ 'ਚੋਂ ਮੱਝੀਆਂ ਗਊਆਂ ਦੇ ਵੱਗ,
ਲੇਵੇ ਦੀ ਅਕੜੇਸ ਵਿਚ ਮੱਤੇ ਹੋਏ
ਮੁੜਦੇ ਪਏ,

ਨਾਲ ਤੱਟ ਟਕਰਾਂਦੀਆਂ ਲਹਿਰਾਂ ਦੀ ਝੱਗ,
ਕੰਢਿਆਂ ਦੇ ਨਾਲ ਨਾਲ
ਨਾਰੀਅਲ-ਬਿਰਛਾਂ ਦੀ ਪਾਲ
ਦੌੜਦੇ ਘੋੜੇ ਦੀ ਲਹਿਰਾਂਦੀ ਅਯਾਲ,
ਝੀਲਾਂ ਦੇ ਟਿਕਵੇਂ ਕਟੋਰੇ,
ਨਦੀਆਂ ਦੀ ਬੇਚੈਨ ਤੋਰ,
ਤਰਦੀਆਂ ਮੁਰਗ਼ਾਬੀਆਂ
ਤੇ ਚੁੱਗਦੇ ਫਿਰਦੇ ਚਕੋਰ-

ਰੰਗ ਦਿੱਤੇ ਅਰਗ਼ਵਾਨੀ ਸ਼ਾਮ ਨੇ
ਦਾਰੂ ਦੇ ਮਟ ਵਿਚ ਡੁਬੋ,
ਡੁੱਬਦੇ ਸੂਰਜ ਦੀ ਲੋ
ਆਖ਼ਰੀ ਭੜਮੱਚੇ ਵਾਂਗੂੰ
ਮੱਚ ਕੇ ਹੈ ਬੁਝ ਗਈ,
ਰਾਤ ਦੇ ਛੱਤੇ 'ਚੋਂ ਕਾਲਾ ਸ਼ਹਿਦ ਚੋ
ਨੀਂਦ ਨੇ ਲੋਕਾਂ ਦੀ ਅੱਖੀਂ
ਪਾਈਆਂ ਸੀਤਲ ਸਲਾਈਆਂ,
ਅੰਨ ਦੇ ਅਜ਼ਲੀ ਨਸ਼ੇ ਸੇਜਾਂ ਹੰਢਾਈਆਂ
ਘੁਰਨਿਆਂ ਵਿਚ ਸ਼ੇਰ ਸੁੱਤੇ
ਟਹਿਣੀਆਂ ਵਿਚ ਪੰਖਣੂ,
ਜਾਗਦੀ ਪਈ ਕੇਵਲ ਜੁਗਨੂੰ ਦੀ ਅੱਖ
ਜਾਂ ਕਵੀ ਦੀ ਚੇਤਨਾ ।

ਅੰਬਰਾਂ ਦੀ ਗੁਫ਼ਾ ਵਿੱਚੋਂ
ਕਿਸੇ ਰਾਕਸ਼ ਨੇ ਚਲਾਇਆ
ਅਣੂ-ਬਾਣ,
ਆਦਮੀ ਦੀ ਭ੍ਰਸ਼ਟ ਬੁੱਧੀ ਦਾ ਕ੍ਰਿਸ਼ਮਾ,
ਧਰਤ ਦਾ ਸਤ ਭੰਗ ਹੋਇਆ,
ਖੱਖੜੀ ਦੇ ਵਾਂਗ ਟਾਪੂ ਪਾਟਿਆ
ਮਿੱਟੀ, ਧੂੰਏਂ, ਅੱਗ ਦੇ ਰਲਵੇਂ ਵਰੋਲੇ
ਚੋਟੀ ਵਾਲੇ ਜਿੰਨ ਵਾਂਗੂੰ
ਅੰਬਰਾਂ ਦੇ ਵਲ ਉਠੇ,
ਤਾਰਿਆਂ ਦੀਆਂ ਅੱਖਾਂ ਵਿਚੋਂ
ਕੌੜਾ ਪਾਣੀ ਨਿਕਲਿਆ,

ਧਰਤ ਦੇ ਵੱਡੇ ਲਿਆਟੇ
ਸੁੱਕਿਆਂ ਪੱਤਰਾਂ ਦੇ ਵਾਂਗ
ਪਾਣੀ ਦੀ ਹਿਕ ਤੇ ਤਰੇ,
ਡੋਲੇ ਆਸਨ ਪਰਬਤਾਂ ਦੇ
ਯੁੱਗਾਂ ਦੀ ਟੁੱਟੀ ਸਮਾਧੀ
ਵਲ ਪਤਾਲਾਂ ਦੇ ਰੁੜ੍ਹੇ ।
ਉੱਚੀ ਖਿਲੀ ਮਾਰ ਰਾਕਸ਼ ਹੱਸਿਆ,
ਜੰਮੂ ਦੇਆਂ ਪਰਬਤਾਂ ਤੋਂ
ਰੋੜ੍ਹ ਕੇ ਹਾਥੀ ਜਿਵੇਂ
ਹੱਸਦਾ ਸੀ ਮਿਹਰਗੁੱਲ ।

ਹੌਲੀ ਹੌਲੀ ਟਾਪੂ ਜਾਵੇ ਨਿਘਰਦਾ,
ਵਿੱਚ ਸਾਗਰ ਦੀ ਗੁਫ਼ਾ,
ਜਿਸ ਦੇ ਕਾਲੇ ਸੰਘਣੇ ਅੰਧਕਾਰ ਨੂੰ
ਤੋੜਦੀ ਕੇਵਲ ਅਗਨ-ਮੱਛੀਆਂ ਦੀ ਲੋ ।
ਬਾਲ ਛੋਟੇ ਤੇ ਅੰਜਾਣੇ
ਪਏ ਲਹਿਰਾਂ ਤੇ ਪੰਘੂੜੇ ਝੂਟਦੇ,
ਹੋਠਾਂ ਤੇ ਮੁਸਕਾਨ ਸੁੱਤੀ
ਸੁਪਨਿਆਂ ਦੇ ਵਿਚ ਕੋਈ ਸੁੰਦਰੀ ਵਿਗੁੱਤੀ,
ਜੋਬਨਾਂ ਉਤੇ ਨਾ ਪਰਦਾ
ਵਿਚ ਸੁਰਾਹੀਆਂ ਜਾਂਵਦਾ
ਲਾਵਣਯ ਭਰਦਾ,

ਤਰ ਰਿਹਾ ਕੋਈ ਸੁਹਲ ਹੱਥ,
ਘੁੰਮ ਰਹੀ ਸੋਹਾਗ-ਨੱਥ,
ਮਸਤ ਅਲਬੇਲੇ ਜਵਾਨ
ਲੱਖ ਜਲ-ਪਰੀਆਂ ਜਗਾਣ
ਅੱਖੀਆਂ ਨਾ ਖੋਲ੍ਹਦੇ, ਨਾ ਬੋਲਦੇ ।

ਛਾਤੀਆਂ ਦੇ ਟੋਏ ਵਿਚ ਨਿੱਕਾ ਕੁਰਾਨ
ਜਾਪਦੀ ਕੋਈ ਮੁਸਲਮਾਨ,
ਕਿਸੇ ਗਲ ਨਿੱਕੀ ਸਲੀਬ,
ਕਿਸੇ ਦੇ ਮੱਥੇ ਤੇ ਟਿੱਕਾ
ਦਿੱਸੇ ਦੋ-ਜਨਮਾਂ ਕੋਈ,
ਲੂਣੀ ਦੁਨੀਆਂ ਵਿੱਚ ਆ ਕੇ
ਪਰ ਰਿਹਾ ਨਾ ਭੇਦ ਭਾਵ ।

ਚਾਰੇ ਪਾਸੇ ਨ੍ਹੇਰ ਘੁਪ
ਛਾ ਰਹੀ ਹੈ ਘੋਰ ਚੁਪ
ਟਾਪੂ ਦੇ ਡੁੱਬਣ ਦੇ ਬਾਦ
ਹੋ ਗਏ ਜੋ ਭੰਵਰ ਪੈਦਾ
ਸਿਰਫ਼ ਕੰਨੀਂ ਪੈ ਰਿਹਾ
ਉਹਨਾਂ ਦਾ ਨਾਦ-

ਜਾਗੋ ਜਗ ਦਿਉ ਅਮਨ-ਪਸੰਦੋ
ਹੋ ਨਾ ਜਾਏ ਅਖ਼ੀਰ
ਜੈ ਮੀਰ !

ਸਾਮਰਾਜ ਯਮਰਾਜ ਵਿਚਾਲੇ
ਰਹੀ ਨਾ ਕੋਈ ਲਕੀਰ
ਜੈ ਮੀਰ !

ਹਿਟਲਰ, ਐਟੀਲਾ, ਚੰਗੇਜ਼ ਖਾਂ
ਜਾਗੇ ਕਬਰਾਂ ਚੀਰ
ਜੈ ਮੀਰ !

ਪ੍ਰਭੁਤਾ ਦਾ ਮਦ ਸਿਰ ਨੂੰ ਚੜ੍ਹਿਆ
ਪੱਥਰ ਹੋਈ ਜ਼ਮੀਰ
ਜੈ ਮੀਰ !

ਜੁੜੋ ਜਗਤ ਦੇ ਅਮਨ-ਪਸੰਦੋ
ਬੱਝੇ ਜਗ ਦੀ ਧੀਰ
ਜੈ ਮੀਰ !

ਰਾਕਸ਼ ਕੋਈ ਝਰੀਟ ਨਾ ਸੁੱਟੇ
ਧਰਤ ਦਾ ਸੁਹਲ ਸਰੀਰ
ਜੈ ਮੀਰ !

ਜੀਵਨ ਦੀ ਅਦਭੁਤ ਫੁਲਕਾਰੀ
ਹੋਏ ਨਾ ਲੀਰੋ ਲੀਰ
ਜੈ ਮੀਰ !

ਮੁੜ ਨਾੜਾਂ ਵਿਚ ਖ਼ੂਨ ਨਾ ਸੁੱਕੇ
ਦੁਧੀਆਂ ਦੇ ਵਿਚ ਸ਼ੀਰ
ਜੈ ਮੀਰ !

ਮੁੜ ਕੋਈ ਸੈਦਾ ਲੈ ਨਾ ਜਾਵੇ
ਝੰਗ ਸਿਆਲੋਂ ਹੀਰ
ਜੈ ਮੀਰ !

ਮੁੜ ਕੋਈ ਦੁਰਯੋਧਨ ਨਾ ਲਾਹੇ
ਭੋਂ-ਦ੍ਰੋਪਤ ਦੇ ਚੀਰ
ਜੈ ਮੀਰ !

ਧਰਤੀ-ਮਾਂ ਦੇ ਚੀਰ ਜੇ ਲਥੇ
ਲਾਵਾ ਪਰਤਾਂ ਚੀਰ
ਜੈ ਮੀਰ !

ਭਸਮ ਕਰੇਗਾ ਧਰਤੀ ਸਾਰੀ
ਸਾਗਰ ਦਾ ਸਭ ਨੀਰ
ਜੈ ਮੀਰ !

ਉਠੋ ਜਗ ਦਿਉ ਅਮਨ-ਪਸੰਦੋ
ਪਹੁੰਚੋ ਘੱਤ ਵਹੀਰ
ਜੈ ਮੀਰ !

ਰਾਕਸ਼ ਦੇ ਮੂੰਹ ਖੱਬੀ ਪਾਉ
ਪੈਰਾਂ ਵਿਚ ਜ਼ੰਜੀਰ
ਜੈ ਮੀਰ !

ਖੱਸ ਲਉ ਉਸ ਦੇ ਹੱਥਾਂ ਵਿਚੋਂ
ਅੱਤ ਖ਼ੂਨੀ ਸ਼ਮਸ਼ੀਰ
ਜੈ ਮੀਰ !

ਕੱਢ ਲਉ ਉਸ ਦੇ ਭੱਥੇ ਵਿਚੋਂ
ਕੁਲ-ਛੇਦੀ ਅਣੂ-ਤੀਰ
ਜੈ ਮੀਰ !

ਮੁੜ ਕੇ ਬਣ ਜਾਵੇ ਇਹ ਦੁਨੀਆਂ
ਸੁਰਗਾਂ ਦੀ ਤਸਵੀਰ
ਜੈ ਮੀਰ !

ਵਗਣ ਦੁੱਧ ਸ਼ਹਿਦ ਦੀਆਂ ਨਦੀਆਂ
ਸੁਖ ਦੀ ਝੁਲੇ ਸਮੀਰ
ਜੈ ਮੀਰ !

ਬਣ ਜਾਵੇ ਦੁਨੀਆਂ ਇਕ ਟੱਬਰ
ਗਾਵਣ ਭੈਣਾਂ ਵੀਰ
ਜੈ ਮੀਰ !
ਜੈ ਮੀਰ ! !
ਜੈ ਮੀਰ ! ! !

2. ਪਹਿਲਾ ਕਦਮ

ਲੋਹ-ਗਰੁੜ ਤੇ ਸਵਾਰ
ਵਿਸ਼ਨੂੰ ਪਹੁੰਚਿਆ ਪੁਲਾੜ ।
ਵਿਚ ਅਗਮ ਤੇ ਅਗੋਚਰ
ਕੰਬੇ ਪੰਛੀ ਦੇ ਲੋਹ-ਪਰ ।
ਲੋਹ-ਪਰਾਂ ਦੀ ਗੁੰਜਾਰ
ਨਾਲ ਜਾਗਿਆ ਪੁਲਾੜ ।

ਘਲਦਾ ਰਿਹਾ ਅਸਮਾਨ
ਵਿਚ ਸਾਡੇ ਜਹਾਨ
ਕਈ ਨਬੀ ਅਵਤਾਰ ।
ਯੁਗਾਂ ਪਿੱਛੋਂ ਪਹਿਲੀ ਵਾਰ
ਵਿਚ ਅਲਖ ਤੇ ਅਪਾਰ
ਘਲਿਆ ਅਸਾਂ ਅਵਤਾਰ ।
ਵਿਹੜੇ ਗਗਨਾਂ ਦੇ ਵੜਿਆ
ਅਜ ਧਰਤੀ ਦਾ ਜਣਿਆ
ਅੰਤਰ-ਖੰਡੀ ਮਨੁੱਖ
ਅੰਤਰ-ਮੰਡਲੀ ਬਣਿਆ ।

ਅਣ-ਵੰਡਿਆ ਖਿਲਾਰ,
ਅਣ-ਲੀਕਿਆ ਪੁਲਾੜ
ਲੱਖ ਸਾਗਰਾਂ ਤੋਂ ਡੂੰਘਾ
ਜਿਸ ਦਾ ਵੱਡਾ ਵਿਸਤਾਰ
ਲੱਖ ਭੂ-ਥਲਾਂ ਤੋਂ ਚੌੜਾ
ਬੇਅੰਤ ਤੇ ਅਪਾਰ
ਚਿਹਨ ਚਕ੍ਰ-ਹੀਨ ਚੁੱਪ
ਰੇਖ ਭੇਖ-ਹੀਣ ਘੁੱਪ
ਰੂਪ ਰੰਗ-ਹੀਣ ਭੈ
ਕਊ ਕਹਿ ਨਾ ਸਕਤ ਕਹਿ
ਲੋਹ-ਗਰੁੜ ਉਤੋਂ ਲਹਿ
ਏਸ ਯੁਗ ਦੇ ਆਦਮ
ਪੁਟਿਆ ਪਹਿਲਾ ਕਦਮ ।

3. ਆਦਮੀ

ਲੱਖਾਂ ਹੀ ਸਭਿਤਾਵਾਂ
ਢਾਹ ਕੇ ਉਸਾਰ ਬੈਠਾ
ਕਿਉਂ ਆਦਮੀ ਦਾ ਪੁੱਤਰ
ਜਿੱਤ ਕੇ ਵੀ ਹਾਰ ਬੈਠਾ ?

ਘੁੰਡ ਕਹਿਕਸ਼ਾਂ ਦਾ ਇਸ ਨੇ
ਅੰਬਰ ਦੇ ਉਤੋਂ ਲਾਹਿਆ
ਕੰਡ ਚੰਦਰਮਾ ਦੀ ਤੱਕੀ
ਨਾਲੇ ਪੁਲਾੜ ਗਾਹਿਆ ।

ਪੁੱਜਾ ਪਤਾਲ ਤੀਕਰ
ਲੇਅ ਲਾਹ ਕੇ ਪ੍ਰਿਥਮੀ ਦੇ
ਲਾਹੇ ਕਦੀ ਗਏ ਸਨ
ਜਿਉਂ ਚੀਰ ਦਰੋਪਤੀ ਦੇ ।

ਰਾਹ ਚਾਨਣੇ ਦੇ ਭਾਵੇਂ
ਇਸ ਨੇ ਹਜ਼ਾਰ ਖੋਲ੍ਹੇ
ਫਿਰ ਵੀ ਹਨੇਰਿਆਂ ਵਿਚ
ਦੇਂਦਾ ਫਿਰੇ ਗਰੋਲੇ ।

ਭਗਵਾਨ ਬੁੱਧ ਵਰਗਾ
ਮੁੜ ਕੋਈ ਆ ਨਾ ਸਕਿਆ
ਜੋ ਦੁਖ ਘਟਾ ਤਾਂ ਸਕਿਆ
ਪਰ ਦੁੱਖ ਮਿਟਾ ਨਾ ਸਕਿਆ ।

ਜੰਮਿਆ ਜੇ ਕੋਈ ਬਾਪੂ
ਜੰਮ ਪੈਣ ਨਾਲ ਉਸ ਦੇ
ਕਿਉਂ ਐਟੀਲਾ ਤੇ ਹਿਟਲਰ
ਚੰਗੇਜ਼ ਤੇ ਹਲਾਕੂ ?

ਜਦ ਵੀ ਬ੍ਰਿੱਛ ਕੋਈ
ਛਾਂ ਦੇਣ ਜੋਗਾ ਹੋਇਆ
ਜ਼ਾਲਿਮ ਕਿਸੇ ਕੁਹਾੜੇ
ਜਿੰਦ ਓਸ ਦੀ ਨੂੰ ਕੋਹਿਆ ।

ਲੱਖ ਰਾਤ ਆਦਮੀ ਨੇ
ਵਿਚ ਜਾਗਰੇ ਲੰਘਾਣੀ
ਮੁੱਕਣ ਦੇ ਵਿਚ ਨਾ ਆਈ
ਪਰ ਭੁੱਖ ਦੀ ਕਹਾਣੀ ।

ਕੱਖਾਂ ਦੇ ਥਲੇ ਦੱਬੀ
ਮੁੜ ਮਘ ਰਹੀ ਚਿੰਗਾਰੀ
ਭੜਮੱਚਾ ਬਲ ਨਾ ਉਠੇ
ਕਰਿਉ ਵੇ ਕੋਈ ਕਾਰੀ ।

ਛੱਤਾ ਗਗਨ ਦਾ ਨੀਲਾ
ਵਿਹੁ ਨਾਲ ਫੇਰ ਭਰਿਆ ।
ਹੈ ਨੀਲ-ਕੰਠ ਕਿਹੜਾ
ਪੀ ਜਾਵੇ ਇਸ ਨੂੰ ਜਿਹੜਾ ?

4. ਦਲੀਜ਼

ਮੈਂ ਨਾ ਹਰਨਾਕਸ਼ ਕੋਈ
ਵਿਚ ਦਲੀਜ਼ਾਂ ਦੇ ਜਿਨੂੰ
ਚੁੱਕ ਕੇ ਨਰ ਸਿੰਘ ਪੁੱਛੇ-
ਦਿਨ ਹੈ ਜਾਂ ਰਾਤ ਹੈ ?
ਭੋਂ ਤੇ ਹੈਂ ਜਾਂ ਗਗਨ ਤੇ ?
ਬਾਹਰ ਜਾਂ ਅੰਦਰ ਹੈਂ ਤੂੰ ?

ਵਿਚ ਦਲੀਜ਼ਾਂ ਉਹ ਖੜੋਵੇ
ਜਿਸ ਦਾ ਨਿਸਚਿਤ ਪੱਥ ਨਹੀਂ:
ਜੋ ਕਦੀ ਤੁਰਦਾ ਕਦੀ ਹੈ ਅਟਕਦਾ
ਵਿਚ ਖ਼ਲਾਅ ਦੇ ਮਨ ਜਿਦ੍ਹਾ ਹੈ ਲਟਕਦਾ
ਇਸ਼ਕ ਤੇ ਘਿਰਣਾ ਵਿਚਾਲੇ ਭਟਕਦਾ ।
ਮੈਂ ਤਾਂ ਹਾਂ ਐਸਾ ਸਿਤਾਰਾ
ਜਿਸ ਦਾ ਨਿਸਚਿਤ ਪੱਥ ਹੈ
ਹਿਰਦੇ ਤੇ ਬੁਧੀ ਦੇ ਘੋੜੇ
ਵਾਲਾ ਜਿਸ ਦਾ ਰੱਥ ਹੈ ।

ਅਣੂ ਤੋਂ ਬ੍ਰਹਿਮੰਡ ਤੀਕਰ
ਕਰਨੀ ਹੈ ਜਿਸ ਯਾਤਰਾ ।
ਅੱਧਾ ਪੈਂਡਾ ਹੈ ਮੁਕਾਇਆ
ਅੱਧਾ ਬਾਕੀ ਹੈ ਪਿਆ ।
ਭੂਤ ਦੇ ਕਾਲੇ ਹਨੇਰੇ
ਕੀਤੇ ਲੀਰੋ ਲੀਰ ਨੇ
ਪਰ ਭਵਿੱਸ਼ ਦੇ ਉੱਜਲੇ
ਅੰਧਕਾਰ ਹਾਲੀ ਚੀਰਨੇ ।
ਮਿੱਥਿਆ ਪੈਂਡਾ ਮੇਰਾ
ਤੇ ਮਿੱਥਿਆ ਆਦਰਸ਼ ਵੀ
ਜਿਸ ਲਈ ਸੋਚਾਂਗਾ ਵੀ
ਤੇ ਕਰਾਂਗਾ ਸੰਘਰਸ਼ ਵੀ ।
ਇਸ਼ਕ ਨਾ ਮੇਰਾ ਅਵਾਰਾ
ਇਸ਼ਟ ਤੋਂ ਮੁੜ ਜਾਏ ਜੋ ।
ਮੈਂ ਨਾ ਉਹ ਮੂਰਖ ਸਿਤਾਰਾ
ਟੁੱਟ ਕੇ ਸੜ ਜਾਏ ਜੋ ।

5. ਵਿਦਰੋਹ

ਅਤ ਉੱਚਾ ਪਰਬਤ ਅਭਿਮਾਨੀ
ਪਹਿਨ ਜ਼ਿਰਾ ਬਕਤਰ ਬਰਫ਼ਾਨੀ
ਰਤਨਾਂ ਮਣੀਆਂ ਦੀ ਗਲ ਮਾਲਾ
ਸਨਦਬੱਧ ਹੋ ਨਾਲ ਪਰੰਪਰਾ
ਨਿੱਕੀ ਜਿਹੀ ਜਲ-ਧਾਰਾ ਤਾਈਂ
ਡੂੰਘੇ ਭੋਰੇ ਦੇ ਵਿਚ ਪਾਈਂ
ਉਪਰ ਸੁੱਟ ਅਤੁਲਵਾਂ ਭਾਰ
ਬੈਠਾ ਵੱਡਾ ਆਸਨ ਮਾਰ ।

"ਸਤ ਪਤਾਲੀਂ ਭੋਰਾ ਮੇਰਾ
ਅਗੜ ਪਿਛੜ ਸਤ ਕੋਠੜੀਆਂ-
ਪਹਿਲੀ ਕੋਠੀ ਸ਼ਰਮ ਦਾ ਪਹਿਰਾ
ਘੁੰਢ ਕਢ ਬੈਠਣ ਵਹੁਟੜੀਆਂ,
ਦੂਜੀ ਕੋਠੀ ਧਰਮ ਦਾ ਪਹਿਰਾ
ਪਤਿ ਪਰਮੇਸ਼ਰ ਘੋਟੜੀਆਂ,
ਤੀਜੀ ਕੋਠੀ ਭਰਮ ਦਾ ਪਹਿਰਾ
ਭਰਮ ਭੁਲੇਖੇ ਕੋਟੜੀਆਂ,
ਚੌਥੀ ਕੋਠੀ ਕਰਮ ਦਾ ਪਹਿਰਾ
ਲਿਖੀਆਂ ਜਾਣ ਨਾ ਧੋਤੜੀਆਂ,
ਪੰਜਵੀਂ ਕੋਠੀ ਜ਼ੋਰ ਦਾ ਪਹਿਰਾ
ਜ਼ੋਰੋਂ ਜੋਰੂ ਜੋਟੜੀਆਂ,
ਛੇਵੀਂ ਕੋਠੀ ਸਹਸ ਸਿਆਣਪਾਂ
ਗੁੰਦਦੀਆਂ ਲੱਖ ਗੋਟੜੀਆਂ,
ਸਤਵੀਂ ਕੋਠੀ ਮਦ ਦੇ ਮਟਕੇ
ਬੋਟੜੀਆਂ ਤੇ ਰੋਟੜੀਆਂ ।"

ਇਕ ਦਿਨ ਜਾਗ ਉਠੀ ਜਲ-ਧਾਰਾ
ਚੋਲੀ ਵਿਚੋਂ ਆਈ ਸੁਗੰਧ
ਦਿਲ-ਸਾਗਰ ਨੇ ਲਏ ਉਛਾਲੇ
ਭੋਰੇ ਵਿਚ ਲਟਕੰਦੜੇ ਚੰਦ-
"ਇਹ ਕੈਸੀ ਕੂੜਾਂ ਦੀ ਪਾਲ !
ਇਹ ਕੈਸੀ ਭਰਮਾਂ ਦੀ ਕੰਧ !
ਮੈਂ ਤਾਂ ਲਟਬੌਰੀ ਮਸਤਾਨੀ
ਦੁਰਗਾ ਚੰਡੀ ਅਤੇ ਭਵਾਨੀ
ਰਹਿ ਨਾ ਸਕਾਂ ਹੋਰ ਮਿਆਨੀਂ
ਮੈਂ ਤਾਂ ਪੈਣਾਂ ਲੰਮੜੇ ਪੰਧ ।"

ਵੱਜਾ ਚਾਨਣੇ ਦਾ ਗੁਰਜ
ਢੱਠੇ ਨ੍ਹੇਰਿਆਂ ਦੇ ਬੁਰਜ
ਭੱਜੇ ਭੋਰਿਆਂ ਦੇ ਭਿੱਤ
ਹੋਈ ਚੇਤਨਾ ਦੀ ਜਿੱਤ
ਹੋਇਆ ਮੂਰਛਤ ਪਹਾੜ,
ਮਾਰ ਆਖ਼ਰੀ ਚੰਘਾੜ
ਵੱਖੀ ਉਸ ਦੀ ਨੂੰ ਪਾੜ
ਵਗੀ ਜ਼ਿੰਦਗੀ ਦੀ ਧਾਰ ।

"ਮੈਂ ਚਾਨਣਿਆਂ ਦੀ ਪੁੱਤਰੀ
ਮੈਂ ਨ੍ਹੇਰੇ ਛਾਨਣੀਆਂ
ਦਿਨੇ ਧੁੱਪਾਂ ਪੀਵਾਂ ਡੀਕ ਲਾ
ਰਾਤੀਂ ਮਾਣਾਂ ਚਾਨਣੀਆਂ
ਮੇਰੇ ਮੱਥੇ ਚੰਦ ਲਟਕੰਦੜੇ
ਗਲ ਤਾਰਿਆਂ ਗਾਨਣੀਆਂ,
ਮੇਰੀਆਂ ਭਵਾਂ ਕਮਾਨਾਂ ਕੱਸੀਆਂ
ਤੇ ਪਲਕਾਂ ਕਾਨਣੀਆਂ,
ਮੇਰੇ ਹੋਠੀਂ ਕੁੱਜੇ ਸ਼ਹਿਦ ਦੇ
ਮੇਰੇ ਰੰਗ ਵਿਚ ਲਾਵਣੀਆਂ
ਮੇਰੀ ਜੀਭ ਤੇ ਜਾਦੂ ਨੱਚਦੇ
ਲੱਖ ਟੂਣੇ ਕਾਮਣੀਆਂ,
ਮੈਂ ਜਗ ਵਿਚ ਪ੍ਰੀਤਾਂ ਵੰਡਣੀਆਂ
ਠੰਡਾਂ ਵਰਤਾਵਣੀਆਂ ।"

6. ਨਾਮ

ਸਾਗਰ-ਗੋਰੀ ਦੀ
ਜ਼ਮੁਰਦੀ ਗਰਦਨ ਦਵਾਲੇ
ਰੰਗ-ਬਿਰੰਗੇ ਦੇਸਾਂ ਦੇ ਮੋਤੀ ਪਰੁੱਚੇ
ਹੀਰੇ, ਪੰਨੇ, ਲਾਲ ਤੇ ਪੁਖਰਾਜ
ਪ੍ਰਕਿਰਤੀ ਦੇ ਮੀਨਾਕਾਰ ਦੀ ਅਦਭੁਤ ਰਚਨਾ
ਹਿਰਦਿਆਂ ਦੇ ਮਾਣਕ ਮੋਤੀ "ਠਾਹਣ ਮੂਲ ਮਚਾਂਗਵਾ"
ਇਕ ਵੀ ਕੱਚ ਨਾ ।

ਇਸ ਦੇਸ-ਮਾਲਾ ਦੇ ਐਨ ਵਿਚਕਾਰ
ਇਕ ਨਾਮ ਰਿਹਾ ਲਿਸ਼ਕਾਂ ਮਾਰ
ਜਿਸ ਦੇ ਖੁਲ੍ਹੇ ਮਦਾਨਾਂ
ਦੁਰਗਮ ਪਰਬਤੀ ਚੱਟਾਨਾਂ
ਅਦਭੁਤ ਤੇ ਰਮਣੀਕ ਮਕਾਨਾਂ
ਭਰੀਆਂ ਭਕੁਨੀਆਂ ਦੁਕਾਨਾਂ
ਨੂੰ ਮੱਕਾ ਜਾਣ ਕੇ
ਗਿਰਝਾਂ ਦੇ ਹਾਜੀ ਪਏ ਆਣ
ਸਾਗਰਾਂ ਦੇ ਰੇਤੜਾਂ ਨੂੰ ਛਾਣ ਕੇ

ਪਦ-ਪ੍ਰਕਰਮਾਂ ਦੀ ਥਾਂ
ਪਵਨ-ਪ੍ਰਕਰਮਾਂ ਕਦੇ
ਧਰਤੀ ਦੇ ਗਰਭ ਨੂੰ
ਸਿੱਕੇ ਦੇ ਬੀਜਾਂ ਨਾਲ ਪਏ ਭਰਦੇ
ਪੱਕੇ ਤੇ ਹੰਢੇ ਹੋਏ ਹਾਜੀ
ਨਾਮ ਦੀ ਟੁਕੜੀ ਦੇ ਦਵਾਲੇ ਘੁੰਮਦੇ
ਹੱਥੀਂ ਸਾੜ ਕੇ ਬਣਾਏ
ਹਜਰ-ਉਲ-ਅਸਵਦਾਂ ਨੂੰ ਚੁੰਮਦੇ ।
ਸਾਰੇ ਛੋਟਾ ਹੱਜ ਕਰਨਾ ਲੋੜਦੇ
ਨਾਮ ਦੀ ਟੁੱਕੜੀ ਨੂੰ ਲੁੱਟਣ ਦਾ
ਰੂਮੀ ਦੀ ਗੱਲ ਕੋਈ ਨਾ ਸੁਣਦਾ
ਵੀਤਨਾਮ ਦੇ ਵਾਸੀ ਕਿਸੇ
ਗਿਣਤੀ ਵਿਚ ਨਾ
ਉਨ੍ਹਾਂ ਦੇ ਦਿਲਾਂ ਨੂੰ ਜਿੱਤਣ ਦਾ
ਵੱਡਾ ਹੱਜ ਕੋਈ ਨਾ ਕਰਨਾ ਮੰਗਦਾ
ਸਾਰੇ ਧਰਤੀ ਨੂੰ ਚੱਕ ਮਾਰਨ ਵਾਲੇ
ਮਿੱਟੀ ਖਾਣੇ ਰਾਕਸ਼
ਮਨੁੱਖਤਾ ਦੇ ਮੱਥੇ ਨੂੰ ਚੁੰਮਣ
ਵਾਲਾ ਅਜ ਕੋਈ ਨਾ ।

(ਨਾਮ=ਨਾਮ-ਹਾਰ ਜਾਂ ਮਾਲਾ ਦਾ ਕੇਂਦਰੀ
ਪੱਥਰ, ਠਾਹਣ ਮੂਲ ਮਚਾਂਗਵਾ=ਇਨ੍ਹਾਂ ਨੂੰ
ਤੋੜਨਾ ਉੱਕਾ ਚੰਗਾ ਨਹੀਂ, ਹਜਰ-ਉਲ-ਅਸਵਦ=
ਖ਼ਾਨਾ ਕਾਅਬੇ ਦੀ ਕੰਧ ਵਿਚਲਾ ਕਾਲੇ ਰੰਗ ਦਾ
ਪੱਥਰ ਜੋ ਹਾਜੀ ਚੁੰਮਦੇ ਹਨ, ਰੂਮੀ=ਮੌਲਾਨਾ ਰੂਮੀ
ਜਿਨ੍ਹਾਂ ਦਾ ਸ਼ਿਅਰ ਹੈ:
ਦਿਲ ਬਦੁਸਤ ਆਵੁਰ ਕਿ ਹੱਜੇ ਅਕਬਰ ਅਸਤ
ਵਜ਼ ਹਜ਼ਾਰਾਂ ਕਾਅਬਾ ਯਕ ਦਿਲ ਬਿਹਤਰ ਅਸਤ
ਭਾਵ; ਦਿਲ ਨੂੰ ਜਿਤਣ ਦੀ ਕੋਸ਼ਿਸ਼ ਕਰੋ ਕਿਉਂਕਿ
ਇਹ ਵੱਡਾ ਹੱਜ ਹੈ ਅਤੇ ਹਜ਼ਾਰਾਂ ਕਾਅਬਿਆਂ ਨਾਲੋਂ
ਇਕ ਦਿਲ ਚੰਗੇਰਾ ਹੈ)

7. ਯੋਧਾ

ਪੱਤਝੜ ਦੀ ਇਕ ਸ਼ਾਮ
ਸੂਰਜ ਦੀਆਂ ਆਖਰੀ ਕਿਰਨਾਂ
ਪਤਰਾਂ ਦੇ ਮੁਰਝਾਏ ਹੋਠੀਂ
ਰੰਗਲੀਆਂ ਮੁਸਕਾਨਾਂ ਪਾਣ ।

ਪਰ ਇਕ ਛਿੱਜਿਆ ਨਿਰਬਲ ਪੱਤਾ
ਮੁਰਝਾਇਆ ਤੇ ਪੀਲਾ
ਟਹਿਣੀ ਨਾਲ ਚਮੁਟੇ ਰਹਿਣ ਦਾ
ਕਰਦਾ ਜਾਪੇ ਹੀਲਾ ।
ਵਗਦੀ 'ਵਾ ਨੇ ਉਸਦੇ ਕੰਨੀਂ
ਸਮੇ-ਸੁਨੇਹਾ ਪਾਇਆ ।
ਪੱਤਰ ਨੂੰ ਕੰਧਾੜੇ ਚਾਇਆ ।
ਆਥਣੀ ਰੰਗਾਂ ਦੀ ਨੈਂ ਵਗਦੀ
ਵਿੱਚੋਂ ਪਾਰ ਲੰਘਾਇਆ ।

ਉਛਲ ਉਛਲ ਕੇ 'ਵਾ ਦੇ ਮੋਢੇ
ਨਿੱਕੇ ਜਿਹੇ ਛਿੱਜੇ ਪੱਤਰ ਨੇ
ਕਰ ਦਿਤੇ ਨੇ ਨੀਲੇ ਘਾਹ
ਭੋਰ ਭੋਰ ਅਪਣੇ ਕੰਢੇ ਵੀ
ਸੁੱਟੀ ਜਾਂਦਾ ਏ ਵਿਚ ਰਾਹ
ਲੰਬੀਆਂ ਉਂਗਲਾਂ ਨਾਲ ਜਿਨ੍ਹਾਂ ਨੂੰ
ਰੰਗ ਕੇ ਸੂਰਜ ਦਾ ਸੁਨਿਆਰਾ
ਚਾੜ੍ਹੇ ਪਿਆ ਅਨੋਖੀ ਪਾਹ ।

ਰਾਵਣ ਮੋਢੇ ਸੀਤਾ ਬੈਠੀ
ਪਾਂਦੀ ਜਾਵੇ ਰਾਮ-ਦੁਹਾਈ
ਨਾਲੇ ਛਾਪਾਂ ਛੱਲੇ ਲਾਹ ਲਾਹ
ਸੁਟਦੀ ਜਾਵੇ ਪੈੜ-ਲਭਾਈ
ਪਰ ਕਰਤਵ ਵਿਚ ਬੱਝੀ 'ਵਾ
ਭੱਜੀ ਜਾਵੇ ਵਾਹੋ ਦਾਹ
ਆਥਣ ਦੇ ਮਿੱਸੇ ਰੰਗਾਂ ਦਾ ਦੇਸ ਚੀਰਦੀ
ਊਦੇ ਨੀਲੇ ਪਰਦੇਸਾਂ ਵਲ ਉਡਦੀ ਜਾਂਦੀ
ਪੱਤਾ ਨਿਰਬਲ ਅਤੇ ਨਿਤਾਣਾ
ਜੀਣ ਲਈ ਵਾਹ ਲਾਈ ਜਾਂਦਾ
ਅੰਤਿਮ ਸਾਹ ਲਮਕਾਈ ਜਾਂਦਾ
ਕਰਦਾ ਜਾਪੇ ਵੱਡ ਕਹਾਣਾ ।
ਤੱਕ ਰਹੀਆਂ ਨੇ ਮੇਰੀਆਂ ਅੱਖਾਂ
ਨ੍ਹੇਰੇ ਵਿਚ ਗੁੰਮ ਹੁੰਦੇ ਜਾਂਦੇ
ਇਕ ਯੋਧੇ ਦਾ ਅਮਰ ਚਲਾਣਾ ।

8. ਮਨੁੱਖ

ਧਰਤੀ ਦੇ ਹਨੇਰੇ
ਅਕਾਸ਼ ਦੇ ਚਾਨਣੇ ਵਿਚਾਲੇ
ਜੁਲਾਹੇ ਦੀ ਨਲੀ ਵਾਂਗ ਦੌੜਦਾ ਰਹਿੰਦਾ
ਆਸ ਅਤੇ ਨਿਰਾਸ ਦੀਆਂ
ਚਿੱਟੀਆਂ ਤੇ ਕਾਲੀਆਂ ਤੰਦਾਂ ਜੋੜਦਾ ਰਹਿੰਦਾ ।

ਕੰਵਲ ਦਾ ਬੂਟਾ
ਅੱਧਾ ਚਿਕੜ ਦੇ ਗਰਭ ਵਿਚ
ਅੱਧਾ ਚਾਨਣੇ ਦੀ ਸੁਖਾਵੀਂ ਝੋਲ ਵਿਚ
ਅੱਧਾ ਸੁੱਤਾ ਅੱਧਾ ਕਲੋਲ ਵਿਚ
ਅਕਾਸ਼ ਤੇ ਪਤਾਲ
ਦੋਹਾਂ ਦਿਸ਼ਾਵਾਂ ਵਿਚ
ਹੱਥ ਮਾਰਦਾ ਰਹਿੰਦਾ
ਕਦੀ ਧਰਤੀ ਦੀ ਹਿੱਕ ਉਤੇ
ਪਰਬਤਾਂ ਦੇ ਵਕਸ਼ਥਲਾਂ ਵਿਚਾਲੇ ਸੈਂਦਾ
ਕਦੀ ਕਹਿਕਸ਼ਾਂ ਦੇ ਪੰਘੂੜੇ ਪੈਂਦਾ

ਚਾਨਣ ਦੇ ਗਾਰੇ ਵਿਚ ਲੱਤਾਂ ਮਾਰ ਮਾਰ
ਘਾਣੀ ਤਿਆਰ ਕਰਦਾ
ਮਿੱਟੀ ਦੀਆਂ ਇੱਟਾਂ ਉਤੇ ਇੱਟਾਂ ਜਾਵੇ ਜੜਦਾ-
ਚਾਹੇ ਸੁਫ਼ਨਿਆਂ ਦਾ ਭਵਨ ਉਸਾਰਨਾ
ਪੁਲਾੜਾਂ ਦੇ ਅਮੁਕ ਸਾਗਰਾਂ ਉਤੇ
ਇਕ ਪੁਲ ਖਲਿਆਰਨਾ
"ਪੁਲਾੜੇਸ਼ਵਰਮ" ਕੈਸਾ ਨਾਮ ਹੈ ?
ਪ੍ਰਸੰਨ ਕਿਤਨਾ ਰਾਮ ਹੈ ।
ਬਾਨਰ-ਸੈਨਾ ਦੀ ਮਰਯਾਦਾ ਨੂੰ , ਅੱਗੇ ਚਾਹੇ ਤੋਰਨਾ
ਖੰਡਾਂ ਨੂੰ ਜੋੜਨ ਮਗਰੋਂ
ਬ੍ਰਹਿਮੰਡਾਂ ਨੂੰ ਲੋੜੇ ਜੋੜਨਾ
ਵਰਭੰਡਾਂ ਦੇ ਤਾਰੇ ਤੋੜਨਾ
ਯੁਗਾਂ ਤੋਂ ਲਟਕਿਆ ਇਹ ਤ੍ਰਿਸ਼ੰਕੂ
ਜਿਸ ਦੇ ਮਸਤਕ ਉਤੇ
ਅੱਗੇ ਵਧਣ ਦਾ ਸਰਾਪ ਹੈ ।

9. ਨੀਲ-ਕੰਠ

ਇਹ ਬੁੱਢਾ ਅਸਮਾਨ
ਬਿਰਧ ਝਿੰਮਣੀਆਂ ਝਮਕਾਂਦਾ
ਅੱਖਾਂ ਮੀਚ ਮੀਚ ਨੀਝ ਪਿਆ ਲਾਂਦਾ
ਆਪਣੇ ਕੁੱਬ ਉਤੇ ਬਾਂਹ ਰੱਖੀ
ਕੀ ਪਿਆ ਟੋਲਦਾ-
ਕਿਸੇ ਵਿਅਕਤੀ ਨੂੰ ?
ਕਿਸੇ ਵਾਦ ਨੂੰ ?
ਕਿਸੇ ਦੇਸ ਨੂੰ ?
ਜਾਂ ਫਿਰ ਸਮਸਤ ਭੂ-ਖੰਡ ਨੂੰ ?

ਇਹ ਬੁੱਢਾ ਅਸਮਾਨ
ਗਗਨਾਂ ਦੇ ਘੁੰਮਦੇ ਚੱਕ ਉਤੇ
ਮੁੜ ਚੰਨ ਦੀ ਫਾਂਕ ਨੂੰ ਤੇਜ਼ ਪਿਆ ਕਰਦਾ
ਕਿਹੜੀ ਭੇਡ ਨੂੰ ਜਿਬ੍ਹਾ ਕਰਨ ਲਈ ?

ਇਹ ਬੁੱਢਾ ਅਸਮਾਨ
ਆਪ ਤੋਂ ਉਚੇਰੇ ਅਸਮਾਨਾਂ ਨਾਲ
ਕੀ ਘੋਰ ਮਸੋਰੇ ਪਿਆ ਕਰਦਾ
ਕਦੀ ਹੋਠਾਂ ਤੇ ਰੱਖੇ ਉਂਗਲੀ
ਕਦੀ ਕੰਨਾਂ ਤੇ ਹੱਥ ਪਿਆ ਧਰਦਾ
ਕਿਹੜੀ ਸਾਜ਼ਸ਼ ਤੇ ਪਾਣਾ ਚਾਹੇ ਪਰਦਾ ?

ਇਹ ਬੁੱਢਾ ਅਸਮਾਨ
ਆਪਣੇ ਹਸ਼ਤ-ਪਹਿਲੂ
ਸਹਸਰਾਂ ਘਰਾਂ ਵਾਲੇ ਛੱਤੇ ਨੂੰ
ਸ਼ਹਿਦ ਦੀ ਥਾਂ ਜ਼ਹਿਰ ਨਾਲ ਪਿਆ ਭਰਦਾ
ਮੂੰਹ ਮੂੰਹ ਭਰਿਆ ਤੇ ਆਫ਼ਰਿਆ
ਇਕ ਡੰਗ ਨਾਲ ਭਸਮ ਕਰਨਾ ਲੋੜੇ
ਖ਼ੂਨ ਦੇ ਦੇ ਸਿੰਜੇ
ਨਵੇਂ ਆਦਰਸ਼ਾਂ, ਨਵੇਂ ਸੁਫ਼ਨਿਆਂ ਤੇ ਨਵੀਆਂ ਕੀਮਤਾਂ ਨੂੰ ।

ਹੈ ਕੋਈ ਨੀਲ-ਕੰਠ
ਜੋ ਲਾ ਕੇ ਇਕੋ ਲੰਬੀ-ਡੀਕ
ਪੀ ਜਾਵੇ ਇਸ ਦੇ ਜ਼ਹਿਰ ਨੂੰ ?

10. ਆਵਾਜ਼ਾਂ

ਲਹਿ ਆ ਪੌੜੀਆਂ
ਭਾਵੇਂ ਝਿੱਕੀਆਂ ਤੇ ਭਾਵੇਂ ਸੌੜੀਆਂ
ਲਹਿ ਆ ਪੌੜੀਆਂ ।
ਬਾਹਰ ਜ਼ਿੰਦਗੀ ਦਾ ਬੜਾ ਸ਼ੋਰ ਵੇ
ਦੌੜਨ ਅੱਥਰੇ ਘੋੜੇ ਕਰੋੜ ਵੇ
ਨਾ ਸ਼ਿਸ਼ਕਾਰ ਤੇ ਨਾ ਮਰੋੜ ਵੇ ।
ਮਿਧਿਆ ਜਾਏਂਗਾ ਲੱਗਾ ਜੇ ਪੌੜ ਵੇ
ਅੰਦਰ ਵੜ ਕੇ ਸ਼ਹਿਦ ਨਚੋੜ ਵੇ
ਛੱਡ ਵਿਹੁਲੀਆਂ ਗੰਦਲਾਂ ਕੌੜੀਆਂ
ਲਹਿ ਆ ਪੌੜੀਆਂ ।

ਚੜ੍ਹ ਆ ਪੌੜੀਆਂ
ਭਾਵੇਂ ਉਚੀਆਂ ਤੇ ਭਾਵੇਂ ਚੌੜੀਆਂ
ਚੜ੍ਹ ਆ ਪੌੜੀਆਂ ।
ਨਿਕਲ ਆਪੇ 'ਚੋਂ ਮਾਰ ਕੇ ਛਾਲ ਵੇ
ਅਪਣੀ ਹਉਂ ਨੂੰ ਕਰ ਵਿਸ਼ਾਲ ਵੇ ।
ਗਾਹ ਧਰਤ ਅਕਾਸ਼ ਪਤਾਲ ਵੇ
ਹੋਰ ਰੱਥ ਨੂੰ ਤੇਜ਼ ਭਜਾਲ ਵੇ
ਜੋ ਕਿ ਦੇਸ਼ ਤੇ ਕਾਲ ਦੀਆਂ ਘੋੜੀਆਂ
ਚੜ੍ਹ ਆ ਪੌੜੀਆਂ ।

ਲਹਿ ਆ ਪੌੜੀਆਂ
ਭਾਵੇਂ ਕਾਲੀਆਂ ਤੇ ਭਾਵੇਂ ਸੌੜੀਆਂ
ਲਹਿ ਆ ਪੌੜੀਆਂ ।
ਅੰਦਰ ਕਿੰਗਰੀ ਬਾਜੇ ਅਨੂਪ ਵੇ
ਧੁਖੇ ਸੁਖਦ ਹਨੇਰੇ ਦੀ ਧੂਪ ਵੇ
ਰੂਪੋਂ ਵਧ ਕੇ ਸੁੰਦਰ 'ਅਰੂਪ' ਵੇ
ਜੇ ਤੂੰ ਤੱਕਣਾ ਲੋੜੇਂ ਸਰੂਪ ਵੇ
ਘੜੀਆਂ ਵਰਤ ਲੈ ਮਹਿੰਗੀਆਂ ਥੁਹੜੀਆਂ
ਲਹਿ ਆ ਪੌੜੀਆਂ ।

ਚੜ੍ਹ ਆ ਪੌੜੀਆਂ
ਭਾਵੇਂ ਔਖੀਆਂ ਤੇ ਭਾਵੇਂ ਔੜੀਆਂ
ਚੜ੍ਹ ਆ ਪੌੜੀਆਂ ।
ਚਿੱਕੜ ਵਿਚ ਜੀਵੇਂ ਸੌ ਤੇ ਲੇਟ ਨਾ
ਵਿਚ ਜੁਜ਼ ਦੇ ਕੁਲ ਨੂੰ ਲਪੇਟ ਨਾ
ਵਿਚ ਬਿੰਦ ਦੇ ਦਰਿਆ ਸਮੇਟ ਨਾ
ਐਵੇਂ ਅਪਣੀ ਖ਼ੁਦੀ ਨੂੰ ਮੇਟ ਨਾ
ਕਿਸੇ ਕੰਮ ਨਾ ਰੂਹਾਂ ਸੰਗੋੜੀਆਂ
ਚੜ੍ਹ ਆ ਪੌੜੀਆਂ ।

ਲਹਿ ਵੀ ਪੌੜੀਆਂ
ਚੜ੍ਹ ਵੀ ਪੌੜੀਆਂ
ਭਾਵੇਂ ਝਿੱਕੀਆਂ ਤੇ ਭਾਵੇਂ ਉੱਚੀਆਂ
ਭਾਵੇਂ ਖੁਲ੍ਹੀਆਂ ਤੇ ਭਾਵੇਂ ਸੌੜੀਆਂ ।
ਅੰਦਰ ਬਾਹਰ ਵਿਚ ਫ਼ਰਕ ਪਛਾਣ ਨਾ
ਚਾਨਣ ਅਤੇ ਹਨੇਰੇ ਨੂੰ ਛਾਣ ਨਾ
ਵਖਰਾ ਭੂਤ ਭਵਿੱਸ਼ ਭਵਾਨ ਨਾ
ਟੋਟੇ ਕਰ ਕੇ ਵੇਖ ਜਹਾਨ ਨਾ ।
ਖੁਸ਼ਬੂ ਧਰਤ ਦੇ ਗਰਭ ਵਿਚ ਪਲਦੀ
ਜੜ੍ਹੋਂ, ਟਹਿਣੀਆਂ, ਫੁੱਲਾਂ ਤਕ ਚੱਲਦੀ
ਦੇਸ਼ ਮੋਕਲੇ ਅੰਤ ਨੂੰ ਮੱਲਦੀ ।
ਹਉਂ ਤੇ ਪਰ ਵਿਚ ਨਹੀਂ ਅਨਜੋੜ ਵੇ
ਬਾਤਨ ਹੋਰ ਤੇ ਜ਼ਾਹਿਰ ਨਾ ਹੋਰ ਵੇ
ਦੋਹਾਂ ਪਾਟੀਆਂ ਵਾਜ਼ਾਂ ਨੂੰ ਜੋੜ ਵੇ
ਖੰਡਿਤ ਸੋਚਣੀ ਲਾਵੇ ਨਾ ਤੋੜ ਵੇ
ਰਾਹ ਜ਼ਿੰਦਗੀ ਦੇ ਮੁੜ ਕੇ ਲੋੜ ਵੇ
ਜੋ ਕੇ ਅਕਲ ਤੇ ਇਸ਼ਕ ਦੀਆਂ ਜੋੜੀਆਂ
ਲਹਿ ਵੀ ਪੌੜੀਆਂ
ਚੜ੍ਹ ਵੀ ਪੌੜੀਆਂ ।

11. ਹਮਸਾਇਆ

ਕਈ ਹਜ਼ਾਰ ਵਰ੍ਹੇ ਤੋਂ ਬੈਠਾ
ਚਿੱਟਿਆਂ ਖੰਭਾਂ ਵਾਲਾ ਬਾਸ਼ਾ
ਭਾਰਤੀਆਂ ਦੀ ਪੱਤ ਦਾ ਰਾਖਾ
ਸਮੇਂ-ਬਿਰਛ ਦੀ ਟਹਿਣੀ ਉੱਤੋਂ
ਕਿਸ ਨੇ ਆਣ ਉਡਾਇਆ ?
ਇਕ ਮੂਰਖ ਹਮਸਾਇਆ ।

ਕਈ ਸਹਸਰਾਂ ਯੋਜਨ ਲੰਬਾ
ਦੁੱਧੋਂ ਚਿੱਟਾ ਬੱਬਰ ਸ਼ੇਰ,
ਪਹੁੰਚਿਆਂ ਉਤੇ ਥੁੰਨੀ ਸੁੱਟੀ
ਯੁਗਾਂ ਯੁਗਾਂ ਤੋਂ ਹੋਇਆ ਢੇਰ
ਕੱਕਰ ਵਰਗੀਆਂ ਸੀਤ ਹਵਾਵਾਂ
ਜਿਸ ਦੀਆਂ ਬਗੀਆਂ ਨਾਸਾਂ ਵਿਚੋਂ
ਮਾਰੂ ਸ਼ੁਅਲੇ ਬਣ ਬਣ ਨਿਕਲਣ ;
ਜਿਸ ਦੀ ਚਿੱਟੀ ਦੁੱਧ ਅਯਾਲ
ਨਿਤ ਸੂਰਜ ਦਾ ਚਤਰ ਚਿਤੇਰਾ
ਰੰਗੇ ਅਪਣੀਆਂ ਕਿਰਨਾਂ ਨਾਲ;

ਜਿਸ ਦਾ ਚੌੜਾ ਚਕਲਾ ਮਥਾ
ਈਸਪਾਤ ਦੀ ਢਾਲ
ਮਾਰੂ ਕਾਨੀਆਂ ਭਰਿਆ ਭੱਥਾ
ਇਕ ਇਕ ਮੁੱਛ ਦਾ ਵਾਲ
ਇਕ ਇਕ ਅੱਖ
ਬਲਣ ਮਸ਼ਾਲਾਂ ਲੱਖ;
ਜਿਸ ਦੇ ਬਿਫ਼ਰੇ ਪਿੰਡੇ ਉਤੇ
ਸਦੀਆਂ ਹੋਈਆਂ ਢੇਰ
ਬੁੱਧ ਨੇ ਉਂਗਲਾਂ ਫੇਰ
ਕਿਹਾ ਸੀਗ ਤਿੰਨ ਵੇਰ-
ਸ਼ਾਂਤੀ, ਸ਼ਾਂਤੀ, ਸ਼ਾਂਤੀ,
ਸ਼ਾਂਤੀ ਹੀ ਮਹਾਂ ਕਰਾਂਤੀ-
ਦੁੱਧੋਂ ਚਿੱਟੇ ਏਸ ਸ਼ੇਰ ਨੂੰ
ਕਿਸ ਨੇ ਆਣ ਜਗਾਇਆ ?
ਇਕ ਮੂਰਖ ਹਮਸਾਇਆ ।

ਹਿਮਆਲੇ ਦੇ ਉੱਤਰ
ਯੁਗਾਂ ਯੁਗਾਂ ਤੋਂ ਖੇਲ ਰਿਹਾ ਬ੍ਰਹਮ ਪੁੱਤਰ ।
ਉੱਚੀਆਂ ਪਰਬਤ-ਧਾਰਾਂ ਵਿਚੋਂ
ਪਟਕ ਪਟਕ ਸਿਰ ਲੰਘਦਾ,
ਜਿੱਦਾਂ ਬਾਲਕ ਵਕਸ਼-ਥਲਾਂ 'ਚੋਂ
ਮਾਰ ਧੁਸ ਦੁੱਧ ਮੰਗਦਾ;
ਕੋਹਾਂ ਤੀਕਰ ਜਿਸ ਦਾ ਕੁੰਡਲ
ਈਸਪਾਤ ਦਾ ਸੰਗਲ
ਬੁੱਢ-ਸਿਆਣੇ ਨਾਗ ਵਾਂਗਰਾਂ
ਮਿੱਤਰ ਨੂੰ ਅਮਿਉ
ਤੇ ਵੈਰੀ ਨੂੰ ਵਿਹੁ
ਮੱਥੇ ਜਿਸ ਦੇ ਮਣੀ ਚਮਕਦੀ
ਦੇਖ ਕਿਨ੍ਹੇ ਹੱਥ ਪਾਇਆ ?
ਇਕ ਲੋਭੀ ਹਮਸਾਇਆ ।

12. ਜਵਾਹਰ

ਰੱਥ ਕਦੀ ਨਾ ਅਟਕਿਆ ਇਤਿਹਾਸ ਦਾ,
ਇਕ ਪਹੀਆ ਨਾਸ ਦਾ, ਇਕ ਆਸ ਦਾ ।

ਭੂਤ ਦੇ ਕਾਲੇ ਹਨੇਰੇ ਪਾੜਦਾ,
ਵਰਤਮਾਨੀ ਚਾਨਣੇ ਲਤਿਆੜਦਾ ।

ਯੁੱਗਾਂ ਤੋਂ ਇਹ ਰੱਥ ਚਲਦਾ ਆ ਰਿਹਾ,
ਵਲ ਭਵਿੱਸ਼ ਦੇ ਨਿੱਤ ਵਧਦਾ ਜਾ ਰਿਹਾ ।

ਰਾਤ ਦਿਹੁੰ ਦੇ ਘੋੜੇ ਰਹਿੰਦੇ ਦੌੜਦੇ,
ਜਾਣ ਜੀਵਨ ਦੀ ਸਮਿੱਗਰੀ ਜੋੜਦੇ ।

ਕਾਲ ਦਾ ਰੱਥਵਾਨ ਹਿੱਕੀ ਜਾ ਰਿਹਾ,
ਇਕ ਇਕ ਘਟਨਾ ਨੂੰ ਟਿੱਕੀ ਜਾ ਰਿਹਾ ।

ਲੱਖਾਂ ਸਭਿਆਚਾਰ ਉਗਦੇ ਨਿਸਰਦੇ,
ਫੇਰ ਮਿਟਦੇ ਨਾਸ ਹੁੰਦੇ, ਵਿਸਰਦੇ ।

ਜਮਨਾ ਕੰਢੇ ਰੱਥ ਅਚਾਨਕ ਰੁੱਕਿਆ,
ਜਾਣੋ ਪੈਂਡਾ ਓਸ ਦਾ ਅੱਜ ਮੁੱਕਿਆ ।

ਉਤਰਿਆ ਰੱਥਵਾਨ ਸਾਦਰ ਝੁੱਕਿਆ,
ਇਕ ਜਵਾਹਰ ਓਸ ਨੇ ਹੈ ਚੁੱਕਿਆ ।

ਬੋਲਿਆ, "ਚਿਰ ਤੋਂ ਸਾਂ ਇਸ ਨੂੰ ਭਾਲਦਾ,
ਜਗ ਵਿਚ ਨਾ ਹੋਰ ਜਿਸ ਦੇ ਨਾਲ ਦਾ ।

ਵਿਚ ਭਵਿੱਸ਼ ਦੇ ਬਣਨਾ ਇਕ ਸ਼ਾਂਤੀ-ਭਵਨ,
ਜਿਸ ਲਈ ਦਰਕਾਰ ਸੀਗਾ ਇਹ ਰਤਨ ।

ਅੱਜ ਇਹ ਦੁਰਲੱਭ ਰਤਨ ਮੈਂ ਪਾ ਲਿਆ ।"
ਆਖ ਇਹ ਉਸ ਰੱਥ ਫਿਰ ਦੌੜਾ ਲਿਆ ।

ਰੱਥ ਕਦੀ ਨਾ ਅਟਕਿਆ ਇਤਿਹਾਸ ਦਾ,
ਇਕ ਪਹੀਆ ਨਾਸ ਦਾ, ਇਕ ਆਸ ਦਾ ।

13. ਲਾਲ

ਕੀ ਹੋਇਆ ਜੇ ਕਾਲ
ਨਿਸਚਿਤ ਪੱਥ ਤੇ ਤੁਰਦਿਆਂ
ਠੰਡੇ ਹੱਥਾਂ ਨਾਲ
ਟੀਹਸੀ ਦਾ ਫੁੱਲ ਤੋੜਿਆ ।

ਕੀ ਹੋਇਆ ਜੇ ਰੱਤ
ਕਰਨੋ ਹਟ ਗਈ ਯਾਤਰਾ
ਕੀ ਹੋਇਆ ਜੇ ਸੱਤ
ਹੋਇਆ ਖਤਮ ਸਰੀਰ ਦਾ ।

ਕੀ ਹੋਇਆ ਜੇ ਅੱਤ
ਕੋਮਲ ਪੱਤੀਆਂ ਝੜ ਗਈਆਂ
ਜੁੜਨ ਨਾ ਡਾਲੀਂ ਵੱਤ
ਦੁੱਧਾ ਥਣੀਂ ਨਾ ਆਵਈ ।

ਐਪਰ ਫੁੱਲ ਦੀ ਬਾਸ
ਫੈਲ ਗਈ ਵਿਚ ਏਸ਼ੀਆ
ਮਹਿਕੇ ਧਰਤ ਅਕਾਸ਼
ਅਮਰ ਸੁਗੰਧਾਂ ਹੁੱਲੀਆਂ ।

ਚੱਲਣਹਾਰ ਸਰੀਰ,
ਅਮਰ ਅਜੈ ਪਰ ਆਤਮਾ
ਖ਼ੁਸ਼ਬੂ ਨੂੰ ਜ਼ੰਜੀਰ,
ਪਾ ਨਾ ਸਕਿਆ ਕੋਈ ਵੀ ।

ਕਲ ਤੇ ਨਾਰਦ ਵਾਂਗ
ਰਾਕਸ਼ ਆਦਮ-ਭੱਖਣੇ
ਰਚ ਕੇ ਨਵੇਂ ਸਵਾਂਗ
ਵੱਤ ਰਹੇ ਸੀ ਹਾਬੜੇ ।

ਲਾਲ ਬਹਾਦਰ ਆਣ
ਲਾ ਕੇ ਬਾਜ਼ੀ ਜਿੰਦ ਦੀ
ਫੜ ਸ਼ਾਂਤੀ ਦੀ ਢਾਲ
ਲਾਜ ਰਖ ਲਈ ਹਿੰਦ ਦੀ ।

ਪਾੜੇ ਹਿੰਦ ਤੇ ਪਾਕ
ਕੁਲਹਾੜੇ ਸਾਮਰਾਜ ਦੇ
ਸੀ ਗਈ ਵਡਾ ਚਾਕ
ਨਿੱਕੀ ਸੂਈ ਨਿਮਾਨੜੀ ।

ਮਾਖਿਉਂ ਮਾਝਾ ਦੁੱਧ,
ਸ਼ੱਕਰ ਖੰਡ ਨਬਾਤ ਗੁੜ
ਲਾਲ ਨਾ ਪੁੱਜਣ ਤੁੱਧ
ਵਿਚ ਮਿੱਠਤ ਤੇ ਨਿਮਰਤਾ ।

14. ਗ਼ਜ਼ਲਾਂ
1.

ਹੈ ਦਿਲ ਦੇ ਪੰਛੀ ਨੇ
ਗਗਨਾਂ ਤੇ ਆਲ੍ਹਣਾ ਪਾਇਆ ।
ਮਨੁੱਖ ਬਣ ਗਿਆ
ਚੰਨ ਸੂਰਜਾਂ ਦਾ ਹਮਸਾਇਆ ।

ਰਹੱਸ ਸੁਰਗਾਂ ਦਾ
ਆਦਮ ਦੇ ਪੁੱਤ ਨੇ ਲਭਿਆ,
ਨਕਾਬ ਕਹਿਕਸ਼ਾਂ ਦਾ
ਪਲਟਿਆ ਤੇ ਮੁਸਕਾਇਆ ।

ਜੋ ਫੁੰਡ ਕੇ ਕੁਤਬ ਦੀ
ਕਿੱਲੀ ਨੂੰ ਲੰਘ ਗਿਆ ਅੱਗੇ
ਫ਼ਲਕ ਤੇ ਦੋਸਤੋ ਇਹ
ਕਿਹੜਾ ਸ਼ਾਹਸਵਾਰ ਆਇਆ ?

ਜ਼ਿਮੀਂ ਤੋਂ ਪਹੁੰਚ ਗਿਆ
ਕਿਹੜਾ ਏਥੇ ਖ਼ੁਮ-ਆਸ਼ਾਮ
ਖ਼ੁਮ ਆਸਮਾਨ ਦਾ
ਜਿਸ ਆਣ ਸਾਰ ਉਲਟਾਇਆ ?

ਸ਼ਰਾਬ ਰਿੰਦ ਨੇ ਪੀਤੀ
ਹੈ ਕਿਹੜੇ ਠੇਕੇ ਤੋਂ
ਕਿ ਧੁੱਸ ਦੇ ਕੇ ਬਹਿਸ਼ਤਾਂ
ਦੇ ਵਿਚ ਲੰਘ ਆਇਆ ?

ਹੈ ਛਾਈ ਜਾਂਵਦੀ ਅਜ
ਸੱਤਾਂ ਅਸਮਾਨਾਂ ਤੇ
ਹੈ ਕਿਸ ਆਦਰਸ਼ ਨੇ
ਧਰਤੀ ਦਾ ਖ਼ੂਨ ਗਰਮਾਇਆ ?

2.

ਅਸਾਂ ਵੀ ਦੋਸਤੋ ਕੁਝ ਤਾਂ
ਮੁਕਾਈਆਂ ਬੂੰਦਾਂ
ਕੀ ਹੋਇਆ ਜ਼ਹਿਰ ਜੇ ਸਾਰਾ
ਨਾ ਸਾਥੋਂ ਪੀ ਹੋਇਆ ।

ਅਸਾਂ ਵੀ ਆਪਣੇ ਹਿੱਸੇ
ਨੇ ਲਾਏ ਕੁਝ ਟਾਂਕੇ,
ਕੀ ਹੋਇਆ ਚਾਕ ਜੇ ਸਾਰਾ
ਨਾ ਸਾਥੋਂ ਸੀ ਹੋਇਆ ।

ਅਸਾਂ ਵੀ ਪਾੜਛੇ ਲਾਹੇ
ਨੇ ਉੱਚੇ ਪਰਬਤ ਦੇ
ਜੇ ਸਾਡੇ ਤੇਸ਼ੇ ਦਾ ਘੁੰਡ
ਮੁੜ ਗਿਆ ਤਾਂ ਕੀ ਹੋਇਆ ।

ਕਿਤੇ ਕਿਤੇ ਤਾਂ ਅਸਾਡੇ
ਜਨੂੰ ਦੀ ਪੈੜ ਵੀ ਹੈ,
ਜੇ ਸਾਰਾ ਥਲ ਨ ਅਸੀਂ
ਗਾਹ ਸਕੇ ਤਾਂ ਕੀ ਹੋਇਆ ।

ਹਿਜਾਬ ਯਾਰ ਦਾ ਮੁਕਿਆ
ਨਾ ਬਾਦਸ਼ਾਹ ਦਾ ਅਤਾਬ
ਹੈ ਫਿਰ ਵੀ ਜੀ ਲਿਆ ਯਾਰੋ
ਜਿਵੇਂ ਹੈ ਜੀ ਹੋਇਆ ।

3.

ਅਸਾਂ ਸੀ ਜਾਣਿਆਂ
ਹੋਈ ਖਤਮ ਪਿਆਰ ਦੀ ਗੱਲ ।
ਧੜਕਦਾ ਦਿਲ ਹੈ ਕਿਉਂ
ਫੇਰ ਸੁਣ ਕੇ ਯਾਰ ਦੀ ਗੱਲ ।

ਅਜੇ ਵੀ ਰੰਗਾਂ ਸੁਗੰਧਾਂ
ਦੇ ਵਿਚ ਡੁੱਬ ਜਾਈਏ,
ਜਦੋਂ ਵੀ ਯਾਦ ਪਵੇ
ਲੰਘ ਚੁਕੀ ਬਹਾਰ ਦੀ ਗੱਲ ।

ਰਿੜਕ ਕੇ ਗੱਲਾਂ ਦੇ ਸ਼ਹੁ ਨੂੰ
ਨਿਕਲੀਆਂ ਦੋ ਗੱਲਾਂ,
ਹੈ ਇਕ ਯਾਦ ਦੀ ਗੱਲ
ਦੂਸਰੀ ਹੈ ਦਾਰ ਦੀ ਗੱਲ ।

ਹੈ ਮਿਹਰਬਾਨੀ ਉਨ੍ਹਾਂ ਦੀ
ਜੋ ਭੇਜ ਦੇਂਦੇ ਨੇ
ਪਿਆਲਾ ਯਾਦ ਦਾ ਛੋਹੀਏ
ਜਦੋਂ ਵੀ ਹਾਰ ਦੀ ਗੱਲ ।

ਅਜੇ ਵੀ ਮਿਲਣ ਤਾਂ
ਗੱਲ ਧੀਮੀਂ, ਅੱਖੀਆਂ ਝਿੱਕੀਆਂ
ਦਸਾਂ ਮੈਂ ਦੋਸਤ ਕੀ
ਓਸ ਸ਼ਰਮਸਾਰ ਦੀ ਗੱਲ ।

ਮੈਂ ਕਰ ਕੇ ਚੰਮ ਦੀਆਂ
ਜੁੱਤੀਆਂ ਪਵਾਵਾਂ ਉਸ ਪੈਰੀਂ,
ਕੋਈ ਜੇ ਮੋੜ ਲਿਆਵੇ
ਉਹ ਪਹਿਲੀ ਵਾਰ ਦੀ ਗੱਲ ।

4.

ਕਰੀਏ ਅਸੀਂ ਇਲਾਜ ਕੀ
ਉਸ ਮਿਹਰਬਾਨ ਦਾ,
ਗ਼ਮ ਸਾਡੇ ਪੇਟੇ ਪਾ ਗਿਆ
ਸਾਰੇ ਜਹਾਨ ਦਾ ।

ਮੁੱਕਿਆ ਨਾ ਇਕ ਪਿਆਲਾ ਵੀ
ਕੀ ਧਰਤ ਵਿਚ ਨਸ਼ਾ,
ਇੱਕੋ ਹੀ ਡੀਕੇ ਪੀ ਗਏ
ਮੱਟ ਆਸਮਾਨ ਦਾ ।

ਆਦਮ ਦੇ ਪੁੱਤ ਨੇ ਬਦਲਿਆ
ਨਾ ਆਪਣਾ ਸੁਭਾਅ,
ਹੋ ਕੇ ਮਕਾਨੀ ਪੁੱਛਦਾ
ਰਾਹ ਲਾ ਮਕਾਨ ਦਾ ।

ਪਾਣੀ 'ਚੋਂ ਧਰਤ ਪੁਜਿਆ
ਧਰਤੋਂ ਹਵਾਵਾਂ ਵਿਚ,
ਹੁਣ ਪਹੁੰਚਿਆ ਪੁਲਾੜਾਂ ਵਿਚ
ਰੱਥ ਕਾਰਵਾਨ ਦਾ ।

ਕੀ ਏਨਾ ਥੁਹੜਾ
ਲੰਘ ਗਈ ਏ ਰਾਤ ਹਿਜਰ ਦੀ,
ਹੁੰਦਾ ਹੈ ਹੋਰ ਫਾਇਦਾ
ਕੀ ਦਾਸਤਾਨ ਦਾ ।

5.

ਭਾਰਤ ਹੈ ਵਾਂਗ ਮੁੰਦਰੀ
ਵਿਚ ਨਗ ਪੰਜਾਬ ਦਾ ।
ਭਾਰਤ ਹੈ ਜੇ ਸ਼ਰਾਬ
ਇਹ ਨਸ਼ਾ ਸ਼ਰਾਬ ਦਾ ।

ਆਵਣ ਨੂੰ ਤਾਂ ਜਵਾਨੀਆਂ
ਹਰ ਇਕ ਤੇ ਆਉਂਦੀਆਂ
ਪਰ ਹੋਰ ਹੀ ਹਿਸਾਬ ਹੈ
ਸਾਡੇ ਸ਼ਬਾਬ ਦਾ ।

ਗੰਗਾ ਬਣਾਵੇ ਦੇਵਤੇ
ਤੇ ਜਮਨ ਦੇਵੀਆਂ
ਆਸ਼ਕ ਮਗਰ ਬਣਾ ਸਕੇ
ਪਾਣੀ ਚਨ੍ਹਾਬ ਦਾ ।

ਪੰਜਾਬੀਉ ਨਾ ਨੀਵੀਆਂ
ਗੱਲਾਂ ਦੀ ਤਕ ਰੱਖੋ
ਹੁੰਦਾ ਕਦੀ ਨਾ ਆਲ੍ਹਣਾ
ਝਿੱਕਾ ਉਕਾਬ ਦਾ ।

ਭਾਈਆਂ ਤੇ ਪੰਡਤਾਂ ਦੀਆਂ
ਗੱਲਾਂ ਤੇ ਨਾ ਖਪੋ
ਕੀਤਾ ਇਨ੍ਹਾਂ ਨੇ ਕੰਮ ਕਦੋਂ
ਸੀ ਸਵਾਬ ਦਾ ।

ਮਿਟ ਜਾਣ ਆਪੇ ਬੋਲੀਆਂ
ਵਰਨਾਂ ਦੇ ਵਿਤਕਰੇ,
ਮਰਦਾਨੇ ਵਾਂਗ ਛੇੜੀਏ
ਜੇ ਸੁਰ ਰਬਾਬ ਦਾ ।

ਉਠੋ ਕਿ ਉੱਠ ਕੇ ਦੇਸ਼ ਦਾ
ਮੂੰਹ ਮੱਥਾ ਡੌਲੀਏ ।
ਮੁੜ ਕੇ ਪੰਜਾਬ ਸਾਜੀਏ
ਨਾਨਕ ਦੇ ਖ਼ਾਬ ਦਾ ।

ਪਾਤਾਲਾਂ 'ਚੋਂ ਲਿਆਈਏ
ਮੁੜ ਕੱਢ ਕੇ ਮਣੀ,
ਅਸਮਾਨਾਂ ਉਤੋਂ ਲਾਹੀਏ
ਰਤਨ ਆਫ਼ਤਾਬ ਦਾ ।

ਪੱਤਝਾੜ ਤੋਂ ਬਚਾਈਏ
ਧਰਤੀ ਪੰਜਾਬ ਦੀ
ਖੇੜੇ ਦੇ ਵਿਚ ਲਿਆਈਏ
ਮੁੜ ਫੁੱਲ ਗੁਲਾਬ ਦਾ ।

6.

ਹਜ਼ਾਰ ਆਖੀਆਂ ਗੱਲਾਂ
ਪਰ ਇਕ ਕਹਿ ਨਾ ਸਕੇ,
ਹਜ਼ਾਰ ਝਾਗੀਆਂ ਪੀੜਾਂ
ਪਰ ਇਕ ਸਹਿ ਨਾ ਸਕੇ ।

ਚੱਟਾਨ ਵਾਂਗਰਾਂ ਖੁਰ ਖੁਰ ਕੇ
ਮਿਟ ਗਏ ਭਾਵੇਂ,
ਅਸੀਂ ਸਮਾਜ ਦੇ ਵਹਿਣਾਂ
ਦੇ ਵਿਚ ਵਹਿ ਨਾ ਸਕੇ ।

ਜੇ ਰਲਦੇ ਭੀੜ ਦੇ ਵਿਚ
ਇਕ ਦੋ ਭੋਰੇ ਲੈ ਮਰਦੇ,
ਅਸੀਂ ਆਦਰਸ਼ ਦੀ ਚੋਟੀ
ਤੋਂ ਥੱਲੇ ਲਹਿ ਨਾ ਸਕੇ ।

ਹਵਾ ਦੇ ਵਾਂਗਰਾਂ
ਖੜਕਾ ਕੇ ਬੂਹਾ ਲੰਘਦੇ ਰਹੇ
ਅਸਾਡਾ ਦੋਸ਼ ਹੈ
ਬੂਹੇ ਤੇ ਬੱਝ ਕੇ ਬਹਿ ਨਾ ਸਕੇ ।

ਸੀ ਤੋਬਾ ਪੱਕੀ ਮਗਰ
ਤੱਕ ਕੇ ਮੌਲਿਆ ਵਣ ਤ੍ਰਿਣ,
ਅਸੀਂ ਸੁਰਾਹੀ ਨੂੰ ਮੂੰਹ
ਲਾਏ ਬਾਝ ਰਹਿ ਨਾ ਸਕੇ ।

7.

ਚਿਰਾਂ ਤੋਂ ਭੇੜਿਆ ਹੋਇਆ
ਹੈ ਦਿਲ ਦਾ ਭਿੱਤ ਖੁਲ੍ਹਿਆ ।
ਉਨ੍ਹਾਂ ਦੀ ਯਾਦ ਨੂੰ ਅਜ
ਫੇਰ ਕਿਧਰੋਂ ਰਾਹ ਭੁੱਲਿਆ ।

ਕਿਵੇਂ ਹੈ ਹਾਰ ਦਾ ਕੌੜਾ
ਤੇ ਤੇਜ਼ ਘੁਟ ਪੀਤਾ ?
ਇਹ ਜ਼ਹਿਰ ਸੀ ਕਿਸੇ ਤਗੜੀ
ਸ਼ਰਾਬ ਵਿਚ ਘੁਲਿਆ ।

ਹੈ ਕੁਝ ਨਾ ਕੁਝ ਅਜੇ
ਰਿਸ਼ਤਾ ਪਿਆਰ ਦਾ ਬਾਕੀ,
ਉਨ੍ਹਾਂ ਦੇ ਹਿੱਸੇ ਦਾ ਅਜ
ਉਛਲ ਕੇ ਹੈ ਘੁਟ ਡੁੱਲ੍ਹਿਆ ।

ਲਗਾਈ ਫਿਰਦੇ ਹਾਂ
ਹਿੱਕ ਨਾਲ ਆਪਣੇ ਦਿਲ ਨੂੰ,
ਕਦੀ ਸੀ ਨੈਣਾਂ ਦੀ ਤੱਕੜੀ
ਤੇ ਇਹ ਰਤਨ ਤੁਲਿਆ ।

8.

ਅਜੇ ਵੀ ਹੁਸਨ ਦੀ ਨਗਰੀ
ਨਾ ਏਤਨੀ ਬੇਦਾਦ ।
ਕਦੀ ਕਦਾਈਂ ਤਾਂ ਉਹ
ਭੇਜ ਦੇਂਦੇ ਯਾਦ ।

ਪਹਾੜ ਰਾਤ ਦਾ ਹਰ ਰੋਜ਼
ਕੱਟਦੇ ਹਾਂ ਅਸੀਂ,
ਸੀ ਇੱਕੋ ਵਾਰ ਹੀ
ਪਰਬਤ ਨੂੰ ਕੱਟਿਆ ਫ਼ਰਿਹਾਦ ।

"ਰੁਕੋ ਨਾ ਬੂਹੇ ਤੇ ਆ ਕੇ
ਨਾ ਏਥੇ ਹੋਰ ਕੋਈ,
ਜਾਂ ਹੈ ਖ਼ਿਆਲ ਤੁਹਾਡਾ
ਜਾਂ ਹੈ ਤੁਹਾਡੀ ਯਾਦ ।"

ਤੁਹਾਡੀ ਰੀਸੇ ਅਸਾਂ ਵੀ
ਹੈ ਇਕ ਜ਼ੁਲਮ ਕੀਤਾ,
ਉਜਾੜ ਹਵਸ ਨੂੰ ਕੀਤਾ
ਤੁਹਾਡਾ ਗ਼ਮ ਆਬਾਦ ।

ਹੈ ਰੋਟੀ ਟੁਕ ਦੇ ਝਗੜੇ
ਜਹਾਨ ਜਿੱਚ ਕੀਤਾ,
ਨਾ ਹੁਸਨ ਦਾ ਉਹ ਨਜ਼ਾਰਾ
ਨਾ ਇਸ਼ਕ ਦਾ ਉਹ ਸਵਾਦ ।

9.

ਛੱਡੋ ਲਾਲਾ ਅਤੇ ਗੁਲਾਬ ਦੀ ਗੱਲ,
ਕਰੋ ਕੋਹਸਾਰ ਤੇ ਉਕਾਬ ਦੀ ਗੱਲ ।

ਨਾੜਾਂ ਵਿਚ ਖ਼ੂਨ ਹੈ ਜੰਮਣ ਲੱਗਾ,
ਛੇੜੋ ਠੇਕੇ ਅਤੇ ਸ਼ਰਾਬ ਦੀ ਗੱਲ ।

ਬਾਝ ਰਿੰਦੀ ਦੇ ਹੁਣ ਨਹੀਂ ਸਰਨੀ,
ਨੱਚੋ ਮੱਚੋ ਛੱਡੋ ਹਜਾਬ ਦੀ ਗੱਲ ।

ਮਾਰੋ ਗਗਨਾਂ ਦੇ ਮੱਟ ਤੇ ਵੱਟੇ,
ਬਹੁਤ ਕਰ ਬੈਠੇ ਹਾਂ ਅਦਾਬ ਦੀ ਗੱਲ ।

ਦਾਰੂ ਵਿਚ ਸ਼ੈਖ਼ ਨੂੰ ਦਿਉ ਗੋਤੇ,
ਸੁਣ ਚੁਕੇ ਹਾਂ ਬਹੁਤ ਜਨਾਬ ਦੀ ਗੱਲ ।

ਹੂਰੋ ਗ਼ਿਲਮਾਨ, ਕੌਸਰੋ ਤਸਨੀਮ,
ਇਹ ਨਿਰੀ ਜਾਪਦੀ ਕਿਤਾਬ ਦੀ ਗੱਲ ।

ਕੋਈ ਤਾਬੀਰ ਜਾਂ ਕਰੋ ਤਦਬੀਰ,
ਨਾ ਕਰੀ ਜਾਉ ਖ਼ਾਲੀ ਖ਼ਾਬ ਦੀ ਗੱਲ ।

ਨੀਂਦ-ਪਾਣੀ ਹੈ ਮਾਹਤਾਬ ਦੀ ਗੱਲ,
ਖ਼ੂਨ-ਗਰਮਾਣੀ ਹੈ ਆਫ਼ਤਾਬ ਦੀ ਗੱਲ ।

ਸਵਾਰ ਤਕ ਅਮਨ ਨੂੰ ਪਵੇ ਕਰਨੀ,
ਜ਼ੀਨ, ਹੰਨੇ ਅਤੇ ਰਕਾਬ ਦੀ ਗੱਲ ।

ਬੇੜਾ ਜਦ ਜ਼ੁਲਮ ਦਾ ਭਰਨ ਲੱਗੇ,
ਆਪੇ ਚਲ ਪੈਂਦੀ ਇਨਕਲਾਬ ਦੀ ਗੱਲ ।

ਭਾਵੇਂ ਕਾਫ਼ਿਰ ਹਾਂ ਫਿਰ ਭੀ ਮੰਨਦਾ ਹਾਂ,
ਰੋਜ਼ੇ ਮਹਿਸ਼ਰ ਅਤੇ ਹਿਸਾਬ ਦੀ ਗੱਲ ।

15. ਅੰਤਿਮ ਅਲਵਿਦਾ

(ਡਾਕਟਰ ਜੋਜ਼ੇ ਰਿਜ਼ਾਲ ਦੀ ੨੯ ਦਸੰਬਰ ੧੮੯੬ ਵਾਲੇ
ਦਿਨ ਲਿਖੀ ਗਈ ਸਪੇਨੀ ਕਵਿਤਾ ਦਾ ਅਨੁਵਾਦ, ਇਸ
ਕਵਿਤਾ ਰਾਹੀਂ ਉਨ੍ਹਾਂ ਨੇ ਆਪਣੀ ਸ਼ਹੀਦੀ ਤੋਂ ੨੪ ਘੰਟੇ
ਪਹਿਲਾਂ ਆਪਣੇ ਦੇਸ਼ ਵਾਸੀਆਂ ਨੂੰ ਅੰਤਿਮ ਅਲਵਿਦਾ
ਕਹੀ । ਉਨ੍ਹਾਂ ਦੀ ਸ਼ਹੀਦੀ ਤੋਂ ੫੦ ਸਾਲ ਬਾਦ ਉਨ੍ਹਾਂ
ਦਾ ਦੇਸ਼ ਫਿਲਿਪੀਨ ਆਜ਼ਾਦ ਹੋਇਆ ।)

ਦੇਸ਼ ਮੇਰੇ ਅਲਵਿਦਾ ! ਹੇ ਦੇਸ਼ ਮੇਰੇ ਅਲਵਿਦਾ !
ਮੈਂ ਹਾਂ ਤੈਨੂੰ ਪਿਆਰ ਕਰਦਾ, ਜਿੱਦਾਂ ਸੂਰਜ ਚੰਦ ਵੀ !
ਪੂਰਬੀ ਸਾਗਰ ਦੇ ਵਿਚ ਜੜਿਆ ਨਗੀਨੇ ਵਾਂਗ ਤੂੰ,
ਅਦਨ ਤੈਥੋਂ ਸਦਕੜੇ ਤੇ ਸੁਰਗ ਤੈਥੋਂ ਵਾਰਨੇ !
ਲੈ ਕੇ ਇਸ ਮਜ਼ਬੂਰ ਤੇ ਮਾਯੂਸ ਜਿੰਦ ਨੂੰ ਰੋਜ਼ ਹੀ
ਤੇਰੇ ਚਰਨਾਂ ਵਿਚ ਢੋਆ ਧਰਨ ਲਈ ਜਾਂਦਾ ਹਾਂ ਮੈਂ !
ਹੁੰਦੀ ਜੇ ਇਹ ਵਧ ਤਾਜ਼ਾ, ਵਧ ਹਰੀ ਤੇ ਵਧ ਭਰੀ
ਫੇਰ ਵੀ ਹੇ ਦੇਸ਼ ਪਿਆਰੇ, ਹੱਸ ਕੇ ਤੈਥੋਂ ਵਾਰਦਾ ।

ਖੰਦਕਾਂ ਵਿਚ ਲੜਦੇ, ਰਣ ਤੱਤੇ ਦੇ ਅੰਦਰ ਜੂਝਦੇ
ਹੋਰਨਾਂ ਵੀ ਤੈਥੋਂ ਜਾਨਾਂ ਵਾਰੀਆਂ, ਬੇਸ਼ੱਕ ਨਿਝੱਕ ।
ਕਿੰਜ ਮਰੇ, ਕਿੱਥੇ ਮਰੇ, ਥਾਂ ਤੇ ਵਿਧੀ ਦਾ ਸੁਆਲ ਨਾ
ਫਾਂਸੀ ਦੇ ਤਖ਼ਤੇ ਤੇ ਯਾ ਕਿ ਘੋਰ ਰਣ ਤੱਤੇ ਦੇ ਵਿਚ,
ਵੇਲਣੇ ਵਿਚ ਯਾ ਤਸੀਹੇ ਦੇ ਪਿੜੇ ਪੱਛੀ ਦੇ ਵਾਂਗ-
ਸੱਭੋ ਕੁਝ ਇਕੋ ਜਿਹਾ ਹੈ, ਵਤਨ ਜਦ ਵੰਗਾਰਦਾ ।

ਮੁਕ ਗਈ ਹੈ ਰਾਤ ਕਾਲੀ, ਲਗ ਪਈ ਸਰਘੀ ਦੀ ਲੋਅ,
ਘੜੀ ਮੇਰੇ ਮਰਨ ਦੀ, ਗਈ ਢੁੱਕ ਕੇ ਨੇੜੇ ਖਲੋ,
ਫਿਰ ਵੀ ਜੇ ਤੂੰ ਲੋਚਦਾ ਏਂ ਰੰਗਣਾਂ ਇਸ ਪਰਭਾਤ ਨੂੰ,
ਡੋਹਲ ਮੇਰੇ ਖ਼ੂਨ ਨੂੰ ਤੇ ਵਰਤ ਇਸ ਸੌਗ਼ਾਤ ਨੂੰ ।
ਰੰਗ ਲੈ ਪਰਭਾਤ ਦੀ ਪਹਿਲੀ ਕਿਰਨ ਨੂੰ ਸੋਹਣਿਆਂ ।

ਏਹੋ ਮੇਰਾ ਸੁਪਨਾ ਸੀ ਜਦ ਕਿ ਸਾਂ ਮੈਂ ਮਸ-ਭਿੰਨੜਾ,
ਏਹੋ ਮੇਰਾ ਖ਼ਾਬ ਸੀ ਜਦ ਹੋਇਆ ਸਾਂ ਮੈਂ ਭਰ ਜਵਾਨ,
ਦੇਖ ਲਾਂ ਇਕ ਦਿਨ ਮੈਂ ਤੈਨੂੰ ਹੀਰਿਆ ਪੂਰਬ ਦਿਆ,
ਹੰਝੂਆਂ ਤੋਂ ਮੁਕਤ ਅੱਖੀਆਂ, ਉੱਚਾ ਮੱਥਾ ਮੋਕਲਾ,
ਬੇਫ਼ਿਕਰ, ਬੇਦਾਗ਼ ਜਿਉਂ ਪਾਸੇ ਦਾ ਸੋਨਾ ਚਮਕਦਾ ।

ਮੇਰੇ ਪ੍ਰਾਣਾਧਾਰ ! ਮੇਰੇ ਪਿਆਰ ! ਹੇ ਮੇਰੇ ਖ਼ਿਆਲ !
ਹੁਣ ਕਿ ਜਦ ਮੈਂ ਗੁੰਮਣ ਵਾਲਾ, ਵਿਚ ਅਦਮ ਦੇ ਮਾਰ ਛਾਲ,
ਆਖ਼ਰੀ ਆਵਾਜ਼ ਮੇਰੀ ਰੂਹ ਦੀ ਹੈ ਅੱਤ ਮਿੱਠੜੇ,
ਡਿਗਾਂ ਤਾਂ ਜੇ ਤੂੰ ਖਲੋਵੇਂ, ਮਰਾਂ ਤਾਂ ਜੇ ਤੂੰ ਜੀਏਂ,
ਥੱਲੇ ਤੇਰੀ ਧਰਤ ਹੋਵੇ, ਜੁੱਗਾਂ ਤੱਕ ਸੁੱਤਾ ਰਹਾਂ,
ਉੱਤੇ ਗਗਨਾਂ ਦਾ ਚੰਦੋਆ, ਤਾਰੇ ਚੰਨ ਨਿੱਤ-ਡਿੱਠੜੇ ।

ਕਿਸੇ ਦਿਨ, ਜੇ ਅਚਨਚੇਤੀ ਵੇਖੇਂ ਮੇਰੀ ਗੋਰ ਤੇ
ਉਚਿਆਂ ਘਾਹਾਂ ਦੇ ਵਿਚ ਜੇ ਫੁੱਲ ਸ਼ੁਹਰਤ ਦਾ ਕੋਈ,
ਅਪਣੇ ਹੋਠਾਂ ਨਾਲ ਚੁੰਮ ਕੇ, ਟੁੰਬੀਂ ਮੇਰੀ ਰੂਹ ਨੂੰ,
ਕਬਰ ਦੀ ਅਤ ਸੀਤ ਤਖ਼ਤੀ ਵਿਚੋਂ ਲੰਘਦਾ ਸਾਹ ਤੇਰਾ,
ਸੁਹਲ, ਨਿੱਘਾ, ਸ਼ੁਅਲੇ ਵਰਗਾ, ਕਰ ਲਵਾਂ ਪਰਤੀਤ ਮੈਂ ।

ਆਖ ਪਤਲੇ ਸੁਹਲ ਚੰਨ ਨੂੰ, ਮੇਰੇ ਤੇ ਪਹਿਰਾ ਦਏ,
ਆਖ ਸਰਘੀ ਨੂੰ ਕਿ ਛਿੜਕਾਏ ਉਡੰਦੜੇ ਚਾਨਣੇ,
ਆਖ ਵਾ ਨੂੰ ਡੂੰਘੇ ਤੇ ਗ਼ਮਨਾਕ ਡਸਕੋਰੇ ਭਰੇ,
ਜੇ ਕੋਈ ਪੰਛੀ ਉਤਰ ਥੱਲੇ, ਕਬਰ ਦੀ ਸਿਲ ਤੇ ਬਹੇ,
ਆਖ ਉਹਨੂੰ ਗਾ ਤਰਾਨੇ, ਸੁਖ, ਅਮਨ ਤੇ ਪਿਆਰ ਦੇ ।

ਆਖ ਮੀਹਾਂ ਨੂੰ ਕਿ ਸ਼ੁਅਲੇ ਰੰਗੀ ਧੁੱਪ ਵਿਚ ਘੁਲਣ ਬਾਦ,
ਨਿਥਰ ਕੇ ਜਦ ਮੁੜਨ ਗਗਨੀਂ, ਮੇਰਾ ਸੰਦੇਸ਼ਾ ਲਿਜਾਣ,
ਆਖ ਮਿੱਤਰਾਂ ਨੂੰ ਮੇਰੀ ਅਣਿਆਈ ਉਤੇ ਵੈਣ ਪਾਣ,
ਨਿਖਰੀਆਂ ਸ਼ਾਮਾਂ ਨੂੰ ਕੋਈ ਮੰਗਣ ਲੱਗੇ ਜਦ ਦੁਆ,
ਤੂੰ ਵੀ ਏਹੋ ਮੰਗ ਦੁਆ, ਮੈਂ ਰੱਬ ਵਿਚ ਜਾਵਾਂ ਸਮਾ ।

ਮੰਗ ਉਹਨਾਂ ਲਈ ਦੁਆ, ਹੋਣੀ ਜਿਨ੍ਹਾਂ ਨੂੰ ਮਾਰਿਆ,
ਉਹਨਾਂ ਲਈ ਜੋ ਚਰਖੜੀ ਤੇ ਵਾਂਗ ਰੂੰ ਪਿੰਜੇ ਗਏ,
ਉਹਨਾਂ ਮਾਵਾਂ ਲਈ ਵੀ ਜੋ ਛੱਜੀਂ ਝੁਆਈਂ ਰੁੰਨੀਆਂ,
ਉਹਨਾਂ ਵਿਧਵਾਵਾਂ, ਯਤੀਮਾਂ ਵਾਸਤੇ ਵੀ ਜੋੜ ਹੱਥ,
ਜਬਰ ਦੇ ਤਹਿਖ਼ਾਨਿਆਂ ਵਿਚ ਜੋ ਤਸੀਹੇ ਪਾ ਰਹੇ;
ਨਾਲੇ ਅਪਣੀ ਮੁਕਤੀ ਤੇ ਕਲਿਆਣ ਲਈ ਵੀ ਹੱਥ ਉਠਾ ।

ਕਾਲੀਆਂ ਰਾਤਾਂ ਦੇ ਵਿਚ ਛੁਪਦਾ ਹੈ ਕਬਰਸਤਾਨ ਜਦ,
ਤੇ ਜਦੋਂ ਮੁਰਦੇ ਤੇ ਕੇਵਲ ਮੁਰਦੇ ਹੀ ਹਨ ਜਾਗਦੇ,
ਰਖ ਪਵਿੱਤਰ ਸ਼ਾਂਤੀ ਨੂੰ ਤੇ ਰਖ ਪਵਿੱਤਰ ਭੇਦ ਨੂੰ,
ਇਸ ਸਮੇਂ ਜੋ ਤੇਰੇ ਕੰਨੀਂ ਭਿਣਕ ਗਾਣੇ ਦੀ ਪਵੇ,
ਤਰਬ ਤੰਬੂਰੇ ਦੀ ਜਾਂ ਭਜਨਾਵਲੀ ਦੀ ਤੁਕ ਕੋਈ,
ਮੈਂ ਹਾਂ ਪਿਆਰੇ ਵਤਨ, ਮੈਂ ਹਾਂ ਗੀਤ ਤੇਰੇ ਗਾ ਰਿਹਾ ।

ਤੇ ਜਦੋਂ ਇਹ ਗੋਰ ਮੇਰੀ ਭੁੱਲ ਜਾਏ ਪੂਰੀ ਤਰ੍ਹਾਂ,
ਨਾ ਰਹੇ ਤਖ਼ਤੀ ਨਾ ਢੇਰੀ ਦਾ ਹੀ ਰਹਿ ਜਾਏ ਨਿਸ਼ਾਨ,
ਓਸ ਧਰਤੀ ਵਿਚ ਧਸਾ ਕੇ ਤਿੱਖੀਆਂ ਹੱਲ-ਨਹੁੰਦਰਾਂ,
ਏਸ ਤੋਂ ਪਹਿਲਾਂ ਕਿ ਮੇਰੀ ਸੁਆਹ ਖਿੰਡ ਜਾਏ ਕਿਤੇ-
ਮੇਰੀ ਸੁਆਹ ਤੇ ਬੇਲ-ਬੂਟੇ, ਵੰਨ-ਸੁਵੰਨੇ ਵਾਹ ਕੇ,
ਕੀਮਤੀ ਕਾਲੀਨ ਵਾਂਗੂੰ, ਅਪਣੇ ਪੈਰੀਂ ਲੈ ਵਿਛਾ ।

ਵਿਸਮ੍ਰਿਤੀ ਦੇ ਆਲੇ ਵਿਚ ਜੇ ਫਿਰ ਦਿਓ ਮੈਨੂੰ ਟਿਕਾ,
ਭੋਰਾ ਭਰ ਅਰਮਾਨ ਵੀ, ਨਾ ਡਰ ਫੇਰ ਮੈਨੂੰ ਰਹੇਗਾ,
ਵਿੱਚ ਫ਼ਜ਼ਾਵਾਂ ਤੇਰੀਆਂ ਤੇ ਵਿੱਚ ਤਿਰੀਆਂ ਵਾਦੀਆਂ,
ਰੱਥ ਮੇਰੇ ਸਵੈਮਾਨ ਦਾ ਲੰਘੇਗਾ ਘੂਕਰ ਘੱਤਦਾ,
ਇਕ ਤਗੜਾ ਅਤ ਨਰੋਆ, ਬੋਲ ਤੈਨੂੰ ਸੁਣੇਗਾ,
ਰੰਗ, ਚਾਨਣ ਤੇ ਸੁਗੰਧੀ ਗੀਤ, ਸਰਗੋਸ਼ੀ ਤੇ ਆਹ,
ਵਾਰੋ ਵਾਰੀ ਨਿਸਚੇ ਮੇਰੇ ਦੀ ਕਹਾਣੀ ਕਹਿਣਗੇ ।

ਹੇ ਵਤਨ ! ਹੇ ਇਸ਼ਟ ! ਹੇ ਮੇਰੇ ਗ਼ਮਾਂ 'ਚੋਂ ਵੱਡੇ ਗ਼ਮ !
ਹੇ ਪ੍ਰਿਯ ਫਿਲਿਪੀਨ ਸੁਣ ਲੈ, ਮੇਰੀ ਅੰਤਿਮ ਅਲਵਿਦਾ,
ਸੌਂਪਦਾ ਹਾਂ ਤੈਨੂੰ ਅਪਣਾ ਪਿਆਰ ਤੇ ਪਰਵਾਰ ਵੀ,
ਚੱਲਿਆ ਹਾਂ ਮੈਂ ਉੱਥੇ ਜਿੱਥੇ ਦਾਸ ਤੇ ਨਾ ਦਾਸਤਾ,
ਜਾਬਰਾਂ ਜਰਵਾਣਿਆਂ ਦੇ ਨਾਲ ਨਾ ਕੋਈ ਵਾਸਤਾ,
ਮੌਤ ਨਾ ਨਿਸਚੇ ਨੂੰ, ਤੇ ਖਸਮਾਣਾ ਜਿਥੇ ਰੱਬ ਦਾ ।

ਅਲਵਿਦਾ ਹੇ ਮਾਪਿਓ ਤੇ ਅਲਵਿਦਾ ਹੇ ਭਾਈਓ
ਆਤਮਾ ਮੇਰੀ ਦੇ ਹੇ ਟੋਟਿਓ, ਹਮਰਾਹੀਓ !
ਹੇ ਪੁਰਾਣੇ ਮਿੱਤਰੋ, ਹੇ ਬਚਪਨੇ ਦੇ ਸਾਥੀਓ !
ਰਲ ਕਰੋ ਸ਼ੁਕਰਾਨਾ, ਦਿਨ ਦੀ ਖੇਡ ਤੋਂ ਮਿਲਿਆ ਹੈ ਸਾਹ !
ਨਾਲੇ ਤੁਹਾਨੂੰ ਅਲਵਿਦਾ, ਹੇ ਮਿੱਠਿਓ ਪਰਦੇਸੀਓ !
ਨਾਲੇ ਤੁਹਾਨੂੰ ਅਲਵਿਦਾ, ਜਿਹੜੇ ਹੋ ਰਚਨਾ ਪਿਆਰ ਦੀ,
ਕਾਲਜੇ ਦੇ ਟੋਟਿਓ, ਤੇ ਅੱਖੀਆਂ ਦੇ ਚਾਨਣੋਂ,
ਅਲਵਿਦਾ, ਹਾਂ ਅਲਵਿਦਾ ਕਿ ਮੌਤ ਹੀ ਆਨੰਦ ਹੈ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ