Punjabi Kavita
  

Jagrate Shareef Kunjahi

ਜਗਰਾਤੇ ਸ਼ਰੀਫ਼ ਕੁੰਜਾਹੀ

1. ਨਾ ਬੀਬਾ

ਕੀ ਹੁਣ ਫਿਰ ਪ੍ਰੀਤਾਂ ਪਾਈਏ ?
ਫਿਰ ਆਸਾਂ ਨੂੰ ਪਾਣੀ ਲਾਈਏ ?
ਫਿਰ ਆਪੇ ਵਿਚ ਰਲ ਮਿਲ ਜਾਈਏ ?
"ਨਾ ਬੀਬਾ ਹੁਣ ਮੈਂ ਨਹੀਂ ਏਨੇ ਜੋਗੀ"
ਹੁਣ ਨਹੀਂ ਇਨ੍ਹਾਂ ਡੂੰਘਿਆਂ ਪੈਂਡਿਆਂ ਦੇ ਵਿਚ ਵੜਨੇ ਜੋਗੀ
ਹੁਣ ਨਹੀਂ ਇਨ੍ਹਾਂ ਬਲਦੀਆਂ ਅੱਗਾਂ ਦੇ ਵਿਚ ਸੜਨੇ ਜੋਗੀ
ਹੁਣ ਨਹੀਂ ਏਨੀ ਮੂਰਖ !

ਆਪਣੀ ਕੱਖਾਂ ਦੀ ਕੁੱਲੀ ਨੂੰ, ਆਪ ਚੁਆਤੀ ਲਾਵਾਂ,
ਪਿਛਲੀਆਂ ਗੱਲਾਂ ਐਵੇਂ ਛੇੜੇਂ,
ਖੇਹਨੂੰ ਵਿਚੋਂ ਲੀਰਾਂ ਨਿਕਲਣ,
ਤੇਰੀਆਂ ਕੀਤੀਆਂ ਯਾਦ ਨੇ ਮੈਨੂੰ
ਭੁਲਦੀਆਂ ਭੁਲਦੀਆਂ ਭੁਲਣ !
ਜਦ ਹੁਣ ਦਿਲੋਂ ਮੁਕਾਈ ਅੜਿਆ ।
ਕੀ ਮੁੜ ਕਰਨੀ ਸੁਣਨੀਂ ।
ਰਾਹ ਭਲਾ ਹੁਣ ਕਾਹਨੂੰ ਪੁੱਛੀਏ ।
ਪਿੰਡ ਨਹੀਂ ਜਦ ਜਾਣਾ ।
ਝੱਟ ਨੂੰ ਭਾਰ ਜੇ ਸੱਟਣਾ ਹੋਵੇ,
ਪਹਿਲਾਂ ਕਾਹਨੂੰ ਚਾਣਾ ।
"ਨਾ ਹੁਣ ਬੀਬਾ ਮੈਂ ਨਹੀਂ ਏਨੇ ਜੋਗੀ"

2. ਕੌਣ ਇਹ ਖੱਖਰ ਛੇੜੇ

ਕਾਹਨੂੰ ਰਾਹ ਜਾਂਦੀ ਨੂੰ ਤੱਕੇਂ ।
ਕਾਹਨੂੰ ਆਸਾਂ ਲਾਏਂ ।
ਗਲੀਆਂ ਪਿਆ ਘਸਾਏਂ ।
ਫੇਰੇ ਪਾ ਪਾ ਥੱਕੇਂ ।
ਤੂੰ ਕਰਮਾਂ, ਭਾਗਾਂ ਵਾਲਾ ।
ਤੂੰ ਉੱਚੀਆਂ ਜਾਗਾਂ ਵਾਲਾ ।
ਚੰਨੋਂ ਵੱਧ ਕੇ ਰੂਪ ਤੇਰੇ ਤੇ, ਮੈਂ ਜਾਣਾਂ ਮੈਂ ਮੰਨਾਂ ।
ਚਰਖੇ ਕੱਤਦੀਆਂ ਕੱਤਦੀਆਂ ਕਰਦੀਆਂ ਗੱਲਾਂ ਤੇਰੀਆਂ ਰੰਨਾਂ ।
ਦਿਲ ਤੇ ਮੇਰਾ ਵੀ ਕਰਦਾ ਏ, ਤੈਨੂੰ ਈ ਪਈ ਤੱਕਾਂ,
ਨਾ ਥੱਕਾਂ ਨਾ ਅੱਕਾਂ ।
ਪਰ ਅੜਿਆ ! ਨਹੀਂ ਦੁਨੀਆਂ ਦੇ ਵਿਚ ਪਿਆਰ ਕਮਾਣਾ ਸੌਖਾ ।
ਛੁਪ ਛੁਪ ਮਿਲਣਾ,
ਮਿਲ ਮਿਲ ਛੁਪਣਾ,
ਤੱਕਣਾ ਤੇ ਨਾ ਤੱਕਣਾ
ਗੱਲ ਕਰਦਿਆਂ ਵੀ ਝਕਣਾ ।
ਸੜਦਿਆਂ ਰਹਿਣਾ ਕੁੜ੍ਹਦਿਆਂ ਰਹਿਣਾ, ਮੂੰਹੋਂ ਬੋਲ ਨਾ ਸਕਣਾ ।
ਗਲ ਇਹ ਕੌਣ ਸਿਆਪੇ ਪਾਏ ।
ਹਾਸੇ ਖੇਡੇ ਰੋਗ ਲੁਆਏ ।
ਕੌਣ ਇਹ ਪਿਟਣੇ ਆਪ ਸਹੇੜੇ,
ਕੌਣ ਇਹ ਖੱਖਰ ਛੇੜੇ ।

3. ਵਣ ਦਾ ਬੂਟਾ

ਮੈਂ ਵਣ ਦਾ ਸੰਘਣਾ ਬੂਟਾ,
ਠੰਢੀਆਂ ਮੇਰੀਆਂ ਛਾਵਾਂ ।
ਮਿੱਠੀਆਂ ਮੇਰੀਆਂ ਪੀਲੂ,
ਵੇ ਤੂੰ ਰਾਹੀਆ ਜਾਂਦਿਆ ।
ਭੁਖਣ-ਭਾਣਿਆ ਮਾਂਦਿਆ ।
ਆ ਝੱਟ ਕੁ ਸਾਹ ਲੈ,
ਮੇਰੀਆਂ ਪੀਲੂ ਖਾ ਲੈ,
ਮੇਰੀ ਛਾਵੇਂ ਬਹਿ ਲੈ ।
ਮੈਂ ਵਣ ਦਾ ਸੰਘਣਾ ਬੂਟਾ,
ਠੰਢੀਆਂ ਮੇਰੀਆਂ ਛਾਵਾਂ ।

ਕੀ ਹੋਇਆ ਪੰਧ ਸਾਰਾ ਅੱਗੇ ।
ਕੀ ਹੋਇਆ ਦਿਨ ਸਿਰ ਤੋਂ ਢਲਿਆ ।
ਜੀਵਨ ਪੈਂਡਾ ਡੂੰਘਾ ਮੁੰਨਿਆ !
ਪਰ ਇੰਜ ਧੁੱਪੇ ਸੜਿਆਂ,
ਧੁੱਦਲ ਫੱਕਿਆਂ ਕੁੱਝ ਨਹੀਂ ਬਣਦਾ,
ਉਹੋ ਝੱਟ ਸੁਹਾਣੇ,
ਜਿਹੜੇ ਛਾਵਾਂ ਹੇਠ ਵਿਹਾਣੇ ।

ਇਹ ਛਾਵਾਂ ਵੀ ਚਾਰ ਦਿਹਾੜੇ,
ਚਾਰ ਦਿਹਾੜੇ ਜੋਬਨ,
ਮੁੜ ਪੱਤਰਾਂ ਨੇ ਝੜਨਾਂ ।
ਅੱਜ ਆ ਕੇ ਬਹਿ ਲੈ ਥੱਲੇ ।

ਮੈਂ ਵਣ ਦਾ ਬੂਟਾ ਸੰਘਣਾ
ਠੰਢੀਆਂ ਮੇਰੀਆਂ ਛਾਵਾਂ

(ਵਣ=ਇੱਕ ਅਰਧ-ਮਾਰੂਥਲੀ
ਰੁੱਖ ਹੈ, ਜਿਸ ਦਾ ਫਲ ਪੀਲਾਂ ਜਾਂ
ਪੀਲੂ ਸੁਆਦੀ ਹੁੰਦੀਆਂ ਹਨ)

4. ਤ੍ਰਿੰਞਣ ਵਿਚ (ਗੀਤ)

ਤ੍ਰਿੰਞਣ ਵਿਚ ਚਰਖ਼ੇ ਡਾਹ ਕੇ,
ਮਾਹੀਆ ਵੇ ਮਾਹੀਆ,
ਹੁਣ ਕੁੜੀਆਂ ਕਰਦੀਆਂ ਗੱਲਾਂ ।

ਮੈਨੂੰ ਸੱਭੇ ਕਰਦੀਆਂ ਟੋਕਾਂ ।
ਮੈਂ ਕਿਵੇਂ ਉਨ੍ਹਾਂ ਨੂੰ ਰੋਕਾਂ ।

ਉਹ ਗੁੱਝੀਆਂ ਰਮਜ਼ਾਂ ਮਾਰਨ ।
ਘੜਿਆਂ ਨੂੰ ਡੋਬਣ ਤਾਰਨ ।

ਸੋਹਣੀ ਦੇ ਕਿੱਸੇ ਛੇੜਨ,
ਸੱਸੀ ਦੀਆਂ ਗਾਵਣ ਝੋਕਾਂ

ਮੈਂ ਕਿਵੇਂ ਉਨ੍ਹਾਂ ਨੂੰ ਰੋਕਾਂ ।

ਸੱਜਣਾ ਵੇ ਸੱਜਣਾ !
ਲੱਗੀਆਂ ਨੂੰ ਔਖਾ ਕੱਜਣਾ,
ਇਕ ਦਿਨ ਸੀ ਘਾਗਾ ਭੱਜਣਾ ।

ਮੈਂ ਕਿਸ ਕਿਸ ਤੋਂ ਮੂੰਹ ਮੋੜਾਂ ।
ਕਿਸ ਕਿਸ ਨਾਲ ਸਾਂਝਾਂ ਤੋੜਾਂ ।
ਮੈਨੂੰ ਜੱਗ ਦੇ ਮਿਹਣੇ ਚੰਨਾਂ ।
ਤ੍ਰਿੰਞਣ ਵਿਚ ਚਰਖ਼ੇ ਡਾਹ ਕੇ
ਹੁਣ ਗੱਲਾਂ ਕਰਦੀਆਂ ਰੰਨਾਂ ।

5. ਬੋਲ ਜਵਾਨ

ਬੋਲ ਜਵਾਨ
ਭਾਈ ਭਾਈ ਸਭ ਇਨਸਾਨ

ਸਾਰੇ ਇਕ ਮਿੱਟੀ ਦੇ ਜਾਏ
ਆਪਣੇ ਕੌਣ ਤੇ ਕੌਣ ਪਰਾਏ ?
ਸਾਰੇ ਧਰਤੀ ਦੀ ਸੰਤਾਨ
ਬੋਲ ਜਵਾਨ
ਭਾਈ ਭਾਈ ਸਭ ਇਨਸਾਨ

ਸਾਂਝੇ ਸੂਰਜ ਚੰਨ ਸਤਾਰੇ ।
ਸਭ ਤੇ ਚਮਕਣ ਪਿਆਰੇ ਪਿਆਰੇ ।
ਸਾਂਝੀ ਧਰਤੀ ਤੇ ਅਸਮਾਨ
ਬੋਲ ਜਵਾਨ
ਭਾਈ ਭਾਈ ਸਭ ਇਨਸਾਨ ।

ਮੁੜ ਕਿਉਂ ਰਲ ਮਿਲ ਚੋਰ ਲੁਟੇਰੇ
ਬਣ ਬਣ ਆਪਣੇ ਆਪ ਵਡੇਰੇ
ਦੂਜਿਆਂ ਤੇ ਪਏ ਕਾਠੀ ਪਾਣ ?
ਬੋਲ ਜਵਾਨ-
ਭਾਈ ਭਾਈ ਸਭ ਇਨਸਾਨ ।

6. ਡੂੰਘੇ ਵਹਿਣ

ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਦ ਝਾਤੀ ਪਾਨਾਂ ।
ਸੋਚਾਂ ਦੇ ਡੂੰਘੇ ਵਹਿਣਾਂ ਵਿਚ ਰੁੜ੍ਹਨਾਂ ਗੋਤੇ ਖਾਨਾਂ ।

ਉੱਚੀ ਦਾਖ ਦੁੱਖਾਂ ਦਾ ਦਾਰੂ ਤੱਕ ਤੱਕ ਕੇ ਲਲਚਾਵਾਂ ।
ਥੂਹ ਕੌੜੀ ਵੀ ਆਖ ਨਾ ਸਕਾਂ, ਕਿਹੜੇ ਪਾਸੇ ਜਾਵਾਂ ।
ਹੀਲੇ ਚਾਰੇ ਕਰਿਆਂ ਵੀ ਕੁੱਝ ਪੈਂਦਾ ਨਹੀਂ ਪਿੜ ਪੱਲੇ ।
ਨਾ ਕਰਿਆਂ ਵੀ ਗੱਲ ਨਾ ਬਣਦੀ ਰੋਗ ਨਾ ਜਾਂਦੇ ਝੱਲੇ ।
ਛਿੱਥਾ ਪੈ ਮੁਹਾਰਾ ਹੱਥੋਂ ਸਿਰ ਸੁੱਟ ਕੇ ਬਹਿ ਜਾਨਾਂ ।
ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਦ ਝਾਤੀ ਪਾਨਾਂ ।
ਸੋਚਾਂ ਦੇ ਡੂੰਘੇ ਵਹਿਣਾਂ ਵਿਚ ਰੁੜ੍ਹਨਾਂ ਗੋਤੇ ਖਾਨਾਂ ।

ਰਿਸ਼ੀ, ਮੁਨੀ, ਅਵਤਾਰ, ਪੈਗ਼ੰਬਰ ਲੱਖਾਂ ਹੋਰ ਸਿਆਣੇ ।
ਵੱਧ ਤੋਂ ਵੱਧ ਸੁਚੀਲੇ, ਦੁਨੀਆਂ ਉੱਤੇ ਆਏ ।
ਇਸ ਜੀਵਨ ਦੇ ਕਿਸੇ ਨਾ ਰੋਗ ਗਵਾਏ,
ਉਹੋ ਕੌਮਾਂ, ਉਹੋ ਬੰਦੇ
ਲੋਭ ਹੰਕਾਰਾਂ ਪੱਟੇ
ਮੋਹ ਮਾਇਆ ਦੇ ਫੱਟੇ ।
ਗੱਲੇ ਕੱਥੇ ਅੱਜ ਵੀ ਉਹੋ ਡਾਂਗੋ ਡਾਂਗੀ ਹੋਣਾ ।
ਸੁਖ ਦੇ ਸੁਫ਼ਨੇ ਲੈ ਲੈ ਕੇ ਜਾਂ ਅੱਖ ਉਘੜੇ ਤਾਂ ਰੋਣਾ ।
ਇਕਲ ਵੰਜੇ ਬਹਿ ਬਹਿ ਸੋਚਾਂ ਕਦ ਪਰਤਣਗੀਆਂ ਰੁੱਤਾਂ ।
ਅਜੇ ਤੇ ਚਾਰ ਚੁਫ਼ੇਰੇ ਤੱਕਾਂ ਉਹੋ ਲੁੱਟ ਘੜੁੱਤਾਂ ।
ਉਹੋ ਬਗਲੇ ਭਗਤਾਂ ਦਾ ਨਦੀਆਂ ਤੇ ਡੇਰਾ ਲਾਣਾ ।
ਉਹੋ ਭੋਲੀਆਂ ਮੱਛੀਆਂ ਦਾ ਭਉਂ ਭਉਂ ਕੇ ਧੋਖਾ ਖਾਣਾ ।
ਦੁੱਖਾਂ ਦਰਦਾਂ ਮਾਰੀ ਦੁਨੀਆ ਵੱਲ ਜਾਂ ਝਾਤੀ ਪਾਨਾਂ ।
ਸੋਚਾਂ ਦੇ ਡੂੰਘੇ ਵਹਿਣਾਂ ਵਿਚ ਰੁੜ੍ਹਨਾਂ ਗੋਤੇ ਖਾਨਾਂ ।

7. ਹੋਰ ਨਾ ਦਿਸੇ ਚੰਨ ਹੀਰਾ (ਗੀਤ)

ਜੱਗਿਆ-ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ,
ਕਾਹਨੂੰ ਚੱਲਿਓਂ ।
ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ ਤੇ ਬੁਢਿਆਂ ਮਾਪਿਆਂ ਨੂੰ,
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

ਗ਼ਮ ਕਰਨ ਭਲਾ ਕਿਉਂ ਮਾਪੇ
ਗ਼ਮ ਕਰਨ
ਗ਼ਮ ਕਰਨ ਭਲਾ ਕਿਉਂ ਮਾਪੇ ਤੇ ਜੰਗ ਜਾਂਦੇ ਪੁੱਤਰਾਂ ਦੇ,
ਭੈਣੇਂ-
ਭੈਣੇਂ-ਤੇ ਆਪਣੇ ਵਤਨ ਲਈ ਦੁਖ ਸਹਿਣੇ ।

ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ,
ਅਸੀਂ ਨਹੀਂ ਹਾਂ
ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ ਤੇ ਮਿੰਨਤਾਂ ਭੈਣ ਕਰਦੀ,
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਮੈਂ ਝਬਦੇ ਘਰਾਂ ਨੂੰ ਆਵਾਂ
ਮੈਂ ਝਬਦੇ
ਮੈਂ ਝਬਦੇ ਘਰਾਂ ਨੂੰ ਆਵਾਂ ਵੈਰੀਆਂ ਦੇ ਨਾਲ ਮਿਕ ਕੇ,
ਭੈਣੇਂ-
ਭੈਣੇਂ-ਨੀ ਨਿਤ ਦੇ ਵਿਛੋੜੇ ਨਹੀਂ ਇਹ ਰਹਿਣੇ ।

ਅਸਾਂ ਕਾਜ ਰਚਾਏ ਹੋਏ
ਅਸਾਂ ਕਾਜ
ਅਸਾਂ ਕਾਜ ਰਚਾਏ ਹੋਏ, ਤੇ ਤੇਰਿਆਂ ਸੇਹਰਿਆਂ ਦੇ,
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

ਅੱਜ ਸੇਹਰੇ ਨਾ ਬੰਨ੍ਹ ਹੋਂਦੇ
ਅੱਜ ਸੇਹਰੇ
ਅੱਜ ਸੇਹਰੇ ਨਾ ਬੰਨ੍ਹ ਹੋਂਦੇ ਤੇ ਬੂਹੇ ਤੇ ਸ਼ਰੀਕ ਗੱਜਦੇ
ਭੈਣੇਂ-
ਭੈਣੇਂ-ਤੇ ਅੱਜ ਤਲਵਾਰਾਂ ਨੇ ਸਾਡੇ ਗਹਿਣੇ ।

ਮੈਨੂੰ ਦੱਸ ਕੇ ਭਰਾਵਾ ਜਾਈਂ
ਮੈਨੂੰ ਦੱਸ ਕੇ
ਮੈਨੂੰ ਦੱਸ ਕੇ ਭਰਾਵਾ ਜਾਈਂ ਤੇ ਪਿੱਛੋਂ ਕਿਹਨੂੰ ਵੀਰ ਆਖਾਂ
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਸਾਂਝੀ ਭਾਰਤ ਮਾਤਾ ਸਭ ਦੀ
ਸਾਂਝੀ ਭਾਰਤ
ਸਾਂਝੀ ਭਾਰਤ ਮਾਤਾ ਸਭ ਦੀ ਤੇ ਸਭੇ ਤੇਰੇ ਵੀਰ ਲੱਗਦੇ
ਭੈਣੇਂ-
ਭੈਣੇਂ-ਤੇ ਮੇਰੇ ਸਾਥੀ ਵੀ ਮੇਰੇ ਜਿਹੇ ਨੇ ।

ਜਿੰਦ ਚੰਦਰੀ ਵਿਛੋੜਿਓਂ ਡਰਦੀ
ਜਿੰਦ ਚੰਦਰੀ
ਜਿੰਦ ਚੰਦਰੀ ਵਿਛੋੜਿਓਂ ਡਰਦੀ ਤੇ ਰੋਕਿਆਂ ਵੀ ਲੀਕ ਲੱਗਦੀ
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਮੱਥੇ ਲਾ ਕੇ ਤਿਲਕ ਸੰਧੂਰੀ,
ਮੱਥੇ ਲਾ ਕੇ
ਮੱਥੇ ਲਾ ਕੇ ਤਿਲਕ ਸੰਧੂਰੀ ਤੇ ਲੱਕ ਤਲਵਾਰ ਬੰਨ੍ਹ ਕੇ
ਭੈਣੇਂ-
ਭੈਣੇਂ-ਤੇ ਚਾਰ ਦਿਨ ਜ਼ਿੰਦਗੀ ਦੇ ਨਹੀਂ ਰਹਿਣੇ ।

ਤੈਨੂੰ ਰੱਬ ਦੇ ਹਵਾਲੇ ਕੀਤਾ,
ਤੈਨੂੰ ਰੱਬ ਦੇ
ਤੈਨੂੰ ਰੱਬ ਦੇ ਹਵਾਲੇ ਕੀਤਾ ਸ਼ਾਲਾ ਤੇਰੀ ਖ਼ੈਰ ਹੋਵੇ
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

8. ਮੌਲਾ ਖ਼ੈਰ ਗੁਜ਼ਾਰੇ

ਮੌਲਾ ਖ਼ੈਰ ਗੁਜ਼ਾਰੇ ਜੰਗਾਂ ਮੁੜ ਛਿੜੀਆਂ ਕਿ ਛਿੜੀਆਂ,
ਕੌਮਾਂ ਮੁੜ ਭਿੜੀਆਂ ਕਿ ਭਿੜੀਆਂ ।
ਦੂਰ ਕਿਤੇ ਗੱਜਦੇ ਨੇ ਜਿਹੜੇ,
ਆ ਵੱਸੇ ਜਦ ਵਿਹੜੇ ।
ਕੀ ਹੋਵੇਗਾ
ਕੀ ਕਰਾਂਗੇ
ਕੀ ਬਣੇਗਾ
ਕਿਧਰ ਜਾਂਗੇ
ਘੁਲ ਮਿਲ ਆਏ ਚਾਰ ਚੁਫ਼ੇਰੇ ਬੱਦਲ ਜਦੋਂ ਸਵਾਹਰੇ ।
ਮੌਲਾ ਖ਼ੈਰ ਗੁਜ਼ਾਰੇ ।

ਦਿਲ ਆਖੇ ਇਹ ਵਸਦੀ ਦੁਨੀਆਂ
ਹੱਸਦੀਆਂ ਰਸਦੀਆਂ ਇਨਸਾਨਾਂ ਦੀਆਂ ਨਸਲਾਂ
ਸੋਹਣੇ ਸੋਹਣੇ ਖਿੜੇ ਖਿੜੇ ਜਿਹੇ ਮੁਖੜੇ ਪਿਆਰੇ ਪਿਆਰੇ
ਰੱਬ ਜਿਹਨਾਂ ਨੂੰ ਸਭ ਤੋਂ ਚੰਗਾ ਸਭ ਤੋਂ ਸੋਹਣਾ ਆਪੇ ਆਖ ਪੁਕਾਰੇ ।
ਕੀ ਇਹ ਆਪੋ ਵਿਚ ਈ ਲੜਕੇ ਮਰ ਜਾਵਣਗੇ ਸਾਰੇ ?
ਮੌਲਾ ਖ਼ੈਰ ਗੁਜ਼ਾਰੇ

ਦਿਲ ਆਖੇ ਇਹ ਨਿਸਰੀਆਂ ਕਣਕਾਂ
ਪੱਕੀਆਂ ਹੋਇਆਂ ਫ਼ਸਲਾਂ
ਤੀਵੀਆਂ ਜਿਨ੍ਹਾਂ ਕੋਲੋਂ,
ਮੰਗਣ ਰੂਪ ਹੁਦਾਰੇ ।
ਮੁੜ ਸਾਉਣੀ ਦੀਆਂ ਕਟਕਾਂ
ਸਿਰੋਂ ਸਿਰੋਂ ਵੀ ਉੱਚੇ ਟਾਂਡੇ
ਲਚਕ ਲਚਕ ਕੇ ਸਰੂਆਂ ਨੂੰ ਸ਼ਰਮਾਂਦੇ
ਆਸੇ ਪਾਸੇ ਲੱਗੀਆਂ ਹੋਈਆਂ,
ਗਿੱਠ ਗਿੱਠ ਨਾਲੋਂ ਲੰਮੀਆਂ ਛੱਲੀਆਂ ।
ਢਾਕੇ ਲਾ ਕੇ ਬਾਲ ਇਆਣੇ
ਹੋਣ ਜਿਵੇਂ ਮੁਟਿਆਰਾਂ ਖੜੀਆਂ ।
ਕੀ ਏਨ੍ਹਾਂ ਤੇ ਅਸਮਾਨਾਂ ਤੋਂ ਵੱਸਣਗੇ ਅੰਗਿਆਰੇ ?
ਮੌਲਾ ਖ਼ੈਰ ਗੁਜ਼ਾਰੇ

ਮੈਂ ਸੋਚਾਂ ਇਨ੍ਹਾਂ ਦੇ ਵਿਚੋਂ ਦਾਣਾ ਨਹੀਂ ਹੈ ਉਹਨਾਂ ਜੋਗਾ,
ਜਿਨ੍ਹਾਂ ਕਿਰਤੀਆਂ ਕਿਰਸਾਨਾਂ ਨੇਂ,
ਜੇਠ ਹਾੜ ਦੀਆਂ ਧੁੱਪਾਂ,
ਪੋਹ ਮਾਘ ਦੇ ਪਾਲੇ,
ਆਪਣੇ ਸਿਰ ਤੇ ਜਾਲੇ ।
ਰੱਤਾਂ ਮੁੜ੍ਹਕੇ ਬਣ ਬਣ ਚੋਈਆਂ
ਮੁੜ੍ਹਕੇ ਨਹਿਰਾਂ ਬਣ ਬਣ ਵੱਗੇ
ਤਾਂ ਇਹ ਫ਼ਸਲਾਂ ਹੋਈਆਂ,
ਤਾਂ ਇਹ ਬੂਟੇ ਲੱਗੇ
ਅੱਜ ਇਨ੍ਹਾਂ ਦਾ ਇੱਕ ਇੱਕ ਸਿੱਟਾ ਇੱਕ ਇੱਕ ਤੀਲਾ
ਸੱਪਾਂ ਦੀਆਂ ਜੀਭਾਂ ਬਣ ਬਣ ਆਵੇ,
ਸ਼ੂਕ ਸ਼ੂਕ ਕੇ ਪਿਆ ਡਰਾਵੇ
ਮੈਂ ਸੋਚਾਂ ਇਨ੍ਹਾਂ ਦਾ ਸਾਨੂੰ ਕੀ ਰੀਝ, ਕੀ ਚਾ
ਕੀ ਇਨ੍ਹਾਂ ਦਾ ਭਾ,
ਇਹ ਸਾਡੇ ਕਿਸ ਕਾਰੇ ?
ਮੁੜ ਵੀ ਖ਼ੌਰੇ ਕਿਹੜੀ ਗੱਲੇ ਲਗਣ ਪਿਆਰੇ ਪਿਆਰੇ ।
ਜੀਵਨ ਜੋਗੇ ਦੇਸ਼ ਦੇ ਸੋਹਣੇ ਹੱਸਦੇ ਹੋਏ ਨਜ਼ਾਰੇ ।
ਤੇ ਮੇਰੇ ਹੋਠਾਂ ਚੋਂ ਨਿਕਲਣ ਲਫ਼ਜ਼ ਇਹ ਆਪ ਮੁਹਾਰੇ,
ਸ਼ਾਲਾ, ਦੂਰ ਰਹਿਣ ਇਨ੍ਹਾਂ ਤੋਂ ਬਿਜਲੀ ਦੇ ਲਿਸ਼ਕਾਰੇ ।
ਮੌਲਾ ਖ਼ੈਰ ਗੁਜ਼ਾਰੇ

9. ਕੌਂਤ ਮੇਰਾ ਘਰ ਆਇਆ

ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਫੁਲਕ ਫੁਲਕ ਕੇ,
ਥੱਬਕ ਥੱਬਕ ਕੇ,
ਸਾਬਣ ਲਾ ਕੇ,
ਸੱਤ ਕੰਮ ਛੱਡ ਕੇ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਭਲਕੇ ਉਹ ਇਹ ਕੱਪੜੇ ਪਾ ਕੇ,
ਬੋਦੇ ਵਾਹ ਕੇ
ਮੈਨੂੰ ਹੱਸ ਹੱਸ ਦੱਸੇਗਾ ।
ਆਸਾਂ ਦੀ ਪੁੰਗਰੀ ਪੈਲੀ ਤੇ ਖ਼ੁਸ਼ੀਆਂ ਦਾ ਬਦਲ ਵੱਸੇਗਾ ।
ਮੈਂ ਜੰਮ ਜੰਮ ਪਈ ਬਲਿਹਾਰਾਂਗੀ ।
ਵਿਚੋ ਵਿਚ ਜਿੰਦੜੀ ਵਾਰਾਂਗੀ ।
ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਉਹ ਚੌਂਹ ਦਿਨਾਂ ਦੀ ਛੁੱਟੀ ਲੈ ਕੇ, ਰੱਬ ਰੱਬ ਕੀਤਾ ਆਇਆ ਏ,
ਮੈਂ ਚਿੱਠੀਆਂ ਲਿਖ ਲੱਖ ਅੱਕੀ ਸਾਂ,
ਮੈਂ ਔਸੀਆਂ ਪਾ ਪਾ ਥੱਕੀ ਸਾਂ,
ਜਿੰਦ ਡਾਢੀ ਹੁਸੜੀ ਰਹਿੰਦੀ ਸੀ,
ਇਹ ਕੁੱਲੀ ਵੱਢਣ ਪੈਂਦੀ ਸੀ ।
ਇੱਕ ਸੌੜ ਦੇ ਅੰਦਰ ਰਹਿੰਦੀ ਸੀ ।
ਲਾਮਾਂ ਦੀਆਂ ਗੱਲਾਂ ਸੁਣ ਸੁਣ ਕੇ ਦਿਲ ਖੂਹ ਵਿਚ ਪੈ ਪੈ ਜਾਂਦਾ ਸੀ ।
ਹੁਣ ਰੱਬ ਰੱਬ ਕੀਤਾ ਛੁੱਟੀ ਲੈ ਕੇ ਕੌਂਤ ਮੇਰਾ ਘਰ ਆਇਆ ਏ ।
ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

10. ਮੇਰੇ ਬੋਲ ਅਵੱਲੇ

ਅੱਜ ਮੈਂ ਭੈੜਾ, ਅੱਜ ਮੈਂ ਝੂਠਾ, ਮੇਰੇ ਬੋਲ ਅਵੱਲੇ ।
ਚੰਗ ਤੁਹਾਡੀ ਹੱਟੀ ਵਿਕਦਾ, ਸੱਚ ਤੁਹਾਡੇ ਪੱਲੇ ।

ਅੱਜ ਵੀ ਜੇ ਮੈਂ ਅੱਖ ਮਟੱਕੇ ਦੇ ਈ ਗੀਤ ਸੁਣਾਵਾਂ ।
ਬਾਲ ਨਾਥ ਦੇ ਚੇਲੇ ਵਾਲੀ ਥਾਂ ਥਾਂ ਨਾਦ ਵਜਾਵਾਂ ।

ਕਿੱਸਿਆਂ ਦੇ ਵਿਚ ਰਾਂਝਾ ਬਣ ਬਣ ਜੇ ਮੈਂ ਵਕਤ ਗੁਜ਼ਾਰਾਂ ।
ਉਸੇ ਘਰ ਦੀਆਂ ਕੁੜੀਆਂ ਕੱਢਾਂ , ਓਥੇ ਈ ਸੰਨ੍ਹ ਮਾਰਾਂ ।

ਰੰਨਾਂ ਦੇ ਜੇ ਇਕ ਇਕ ਕਰ ਕੇ ਸਿਰ ਤੋਂ ਪੈਰਾਂ ਤਾਈਂ ।
ਵਾਰੋ ਵਾਰੀ ਚੱਸਕੇ ਲੈ ਲੈ ਕਰਾਂ ਮੈਂ ਸਿਫ਼ਤ ਸਨਾਈਂ ।

ਤਾਂ ਤੇ ਮੈਨੂੰ ਚੰਗਿਆਂ ਜਾਣੋਂ, ਮੇਰੀਆਂ ਵਾਰਾਂ ਗਾਓ ।
ਮੇਰੇ ਇਕ ਇਕ ਮਿਸਰੇ ਉੱਤੇ ਰਾਲਾਂ ਪਏ ਵਗਾਓ ।

ਜੇ ਮੈਂ ਆਖਾਂ ਅਸੀਂ ਤੁਸੀਂ ਹਾਂ ਇਕ ਆਦਮ ਦੇ ਜਾਏ ।
ਕਿਉਂ ਮੁੜ ਇਕ ਵਗਾਰਾਂ ਕੱਟੇ ਤੇ ਇਕ ਵੇਹਲੀਆਂ ਖਾਏ ।

ਜੇ ਮੈਂ ਆਖਾਂ ਦੁਨੀਆ ਉੱਤੇ ਬੇਘਰ ਕੋਈ ਨਾ ਹੋਵੇ ।
ਜੇ ਮੈਂ ਆਖਾਂ ਬੁੱਢੇ ਵੇਲੇ ਟੋਕਰੀ ਕੋਈ ਨਾ ਢੋਵੇ ।

ਜੇ ਮੈਂ ਆਖਾਂ ਮਿੱਸਾ ਲੂਣਾ ਸਾਰੇ ਰਲ ਕੇ ਖਾਈਏ ।
ਇਕ ਦੂਜੇ ਦੀਆਂ ਬਾਹਵਾਂ ਬਣੀਏ ਨਾਲੇ ਭਾਰ ਵੰਡਾਈਏ ।

ਜੇ ਮੈਂ ਆਖਾਂ ਝਗੜਿਆਂ ਵਾਲੀਆਂ ਸਾਰੀਆਂ ਮਿਸਲਾਂ ਠੱਪੀਏ ।
ਮਾਰ ਮੁਕਾਊ ਗੱਲਾਂ ਦੇ ਵਿਚ ਨਾ ਹਫ਼ੀਏ ਨਾ ਖਪੀਏ ।

ਤਾਂ ਮੈਂ ਭੈੜਾ ਤਾਂ ਮੈਂ ਝੂਠਾ, ਮੇਰੇ ਬੋਲ ਅਵੱਲੇ ।
ਚੰਗ ਤੁਹਾਡੀ ਹੱਟੀ ਵਿਕਦਾ, ਮੰਦਾ ਸਾਡੇ ਪੱਲੇ ।

11. ਮੀਹਟੀ

ਸਿਹਤ ਨਾਲ਼ ਜਹਾਨ ਦੇ ਕੰਮ ਚਲਦੇ,
ਸਿਹਤ ਬਾਝ ਨਾ ਕੋਈ ਵੀ ਕਾਰ ਹੋਵੇ ।
ਐਪਰ ਓਸ ਦੀ ਸਿਹਤ ਕੀ ਹੋ ਸਕਦੀ ,
ਜਿਹੜਾ ਟੁੱਕਰੋਂ ਵੀ ਅਵਾਜ਼ਾਰ ਹੋਵੇ ।
ਦਿਨ ਚੜ੍ਹੇ ਤੇ ਟੋਕਰੀ ਢੋਣ ਲੱਗੇ,
ਸ਼ਾਮੀਂ ਛਿੱਲੜੇ ਦਾ ਰਵਾਦਾਰ ਹੋਵੇ ।
ਆਵੇ ਘਰ ਤੇ ਖਾਣ ਨੂੰ ਕੀ ਲੱਭੇ,
ਰੁੱਖੀ ਰੋਟੀ ਤੇ ਨਾਲ ਅਚਾਰ ਹੋਵੇ ।

ਇਨ੍ਹਾਂ ਪੈਸਿਆਂ ਨਾਲ ਕੀ ਆਪ ਸੋਚੋ,
ਫ਼ੈਲਸੂਫ਼ੀਆਂ ਕਰੇ ਕਿ ਡੰਗ ਟੋਰੇ ।
ਯਖ਼ਨੀ, ਕੋਰਮੇ ਉਹਦੇ ਨਸੀਬ ਕਿੱਥੇ,
ਆਪਣੀ ਰੱਤ ਪੀਵੇ, ਆਪਣੇ ਹੱਡ ਖੋਰੇ ।

ਤੁਸੀਂ ਵਿਚ ਕਿਤਾਬਾਂ ਹਜ਼ਾਰ ਲਿਖੋ,
ਲੋਕੋ ਦੁੱਧ ਪੀਓ, ਲੋਕੋ ਫਲ ਖਾਓ ।
ਹਫ਼ਤਾ-ਸਿਹਤ ਮਨਾਣ ਲਈ ਰੇਡੀਓ ਤੇ,
ਲੱਖ ਵਾਰ ਦੁਹਾਈਆਂ ਪਏ ਪਾਉ ।
ਵਿਟਾਮਿਨ, ਪਰੋਟੀਨ ਦੀਆਂ ਘੁਤਕਲਾਂ ਨਾਲ
ਕਾਲੇ ਵਰਕਿਆਂ ਦੇ ਵਰਕੇ ਕਰੀ ਜਾਓ ।
ਭੁੱਖ ਭੰਗੜੇ ਪਾਉਂਦੀ ਏ ਜੱਗ ਤੇ ਕਿਉਂ,
ਨਾ ਇਹ ਸੋਚੋ ਨਾ ਏਸ ਤੇ ਚਿੱਤ ਲਾਓ ।
ਮੱਤਾਂ ਹੋਵੇ ਜੇ ਨੀਂਦ ਹਰਾਮ ਆਪਣੀ,
ਏਸ ਗੱਲ ਦੇ ਜਾਓ ਨਾ ਮੂਲ ਨੇੜੇ ।
ਰਾਂਝੇ ਰਹਿਣ ਦਿਓ ਮੱਝੀਆਂ ਚਾਰਨੇ ਨੂੰ,
ਹੀਰਾਂ ਲੈ ਜਾਓ ਡੋਲੀਆਂ ਪਾ ਖੇੜੇ ।

ਪਰ ਇਹ ਸਮਝ ਲਓ ਸਦਾ ਜਹਾਨ ਉੱਤੇ,
ਗੁੱਡੀਆਂ ਚੜ੍ਹ ਕੇ ਨਹੀਂ ਅਸਮਾਨ ਗਈਆਂ ।
ਲੈ ਕੇ ਪੂਰੀ ਚਿਰੱਕਲੀ ਡੋਰ ਮੁੜ ਵੀ,
ਅਸਾਂ ਤੱਕੀਆਂ ਨੇ ਥੱਲੇ ਢਹਿ ਪਈਆਂ ।
ਟਿੰਡਾਂ ਖੂਹ ਦੀਆਂ ਵਾਲਾ ਮੁਆਮਲਾ ਏ,
ਭਰੀਆਂ ਜਾਂਦੀਆਂ ਉਹ ਕਦੋਂ ਤੀਕ ਰਹੀਆਂ ।
ਮੁੱਕਦੀ ਗਲ ਜੇ ਹੁਣ ਨਹੀਂ ਜਰਨ ਜੋਗੇ,
ਬੜਾ ਚਿਰ ਜਰੀਆਂ, ਬੜਾ ਚਿਰ ਸਹੀਆਂ ।
ਕਦੋਂ ਤੀਕ ਸਵਾਰੋ ਸਵਾਰ ਚਲਸੀ,
ਓੜਕ ਹੇਠਲੀ ਉੱਤੇ ਵੀ ਆਵਣੀ ਏਂ ।
ਅਸਾਂ ਮੁੱਦਤਾਂ ਦੇ ਹੂਟੇ ਦੇ ਰਹੇ ਆਂ,
ਮ੍ਹੀਟੀ ਲੈ ਕੇ ਖੇਡ ਮੁਕਾਵਣੀ ਏਂ ।

12. ਲੰਮੀਆਂ ਸਿਆਲੀ ਰਾਤਾਂ

ਲੰਮੀਆਂ ਸਿਆਲੀ ਰਾਤਾਂ ਕੱਟੀਆਂ ਨਾ ਜਾਂਦੀਆਂ ।
ਸ਼ੂਕਦੀਆਂ,
ਸਾਂ ਸਾਂ ਕਰ ਕੇ ਡਰਾਂਦੀਆਂ ।
ਬੈਠੀ ਬੈਠੀ ਅਪਣੇ ਈ ਨਾਲ ਦੁੱਖ ਪਈ ਫੋਲਾਂ ।
ਸਬਰ ਦੇ ਕਟੋਰੇ ਭਰਾਂ, ਭਰ ਭਰ ਪਈ ਡੋਲ੍ਹਾਂ ।
ਚੰਦਰੀਆਂ ਸੋਚਾਂ ਦੀਆਂ, ਗੰਢਾਂ ਬੰਨ੍ਹ ਬੰਨ੍ਹ ਖੋਲ੍ਹਾਂ ।
ਕਰਾਂ ਮੈਂ ਹਜ਼ਾਰ ਚਾਰੇ,
ਕਿਸੇ ਤਰ੍ਹਾਂ ਪੈਂਡੇ ਇਹ ਦਲੀਲਾਂ ਵਾਲੇ ਮੁੱਕ ਜਾਣ ।
ਚਿੰਤਾ ਦੇ ਖੋਭੇ ਕਦੇ ਸੁੱਕ ਜਾਣ ।
ਕਦੇ ਡਾਹਵਾਂ ਚਰਖਾ, ਅਟੇਰਾਂ ਕਦੇ ਛੱਲੀਆਂ ।
ਡੋਲੀ ਹੋਈ ਜਿੰਦੜੀ ਨੂੰ ਹੋਣ ਨਾ ਤਸੱਲੀਆਂ ।
ਔਸੀਆਂ ਮੈਂ ਪਾਂਦੀ ਥੱਕੀ,
ਕਾਵਾਂ ਨੂੰ ਉਡਾਂਦੀ ਥੱਕੀ ।
ਚਿੱਠੀਆਂ ਦੇ ਵਿਚ ਸਾਰਾ ਹਾਲ ਮੈਂ ਸੁਣਾਂਦੀ ਥੱਕੀ ।
ਖ਼ਤਾਂ ਵਿਚ ਕਦੇ ਦਿਲ ਪਾ ਕੇ ਜੇ ਘੱਲੇ ਜਾਂਦੇ ।
ਆਪੇ ਵੇਖ ਲੈਂਦੇ ਮੇਰੀ ਬਾਬ ਜੋ ਵਿਛੋੜੇ ਕੀਤੀ ।
ਜੋ ਜੋ ਮੇਰੇ ਨਾਲ ਬੀਤੀ ।
ਏਡਾ ਦਿਲ ਪੱਕਾ ਕੀਤਾ ਕਿਹੜੀ ਗਲੇ ਹਾਣੀਆਂ ?
ਅਸਾਂ ਇਹ ਜੁਦਾਈਆਂ ਕਦੋਂ ਤੀਕ ਨੇ ਹੰਢਾਣੀਆਂ ।
ਆਂਢਣਾ ਗਵਾਂਢਣਾ ਤੇ ਸੇਜਾਂ ਨੂੰ ਸ਼ੰਗਾਰ ਕੇ ।
ਸੌਂਦੀਆਂ ਨੇਂ ਰੋਜ਼ ਗਲਵਕੜੀਆਂ ਮਾਰ ਕੇ ।
ਸਾਡੇ ਹੇਠ ਕਦੋਂ ਤਾਈਂ ਮੰਜੀਆਂ ਅਲਾਣੀਆਂ ।
ਪਈਆਂ ਪਈਆਂ ਹੋਣ ਪਈਆਂ,
ਦਾਜ ਦੀਆਂ ਰੇਸ਼ਮੀ ਰਜ਼ਾਈਆਂ ਵੀ ਪੁਰਾਣੀਆਂ ।
ਮੋੜ ਚਾ ਮੁਹਾਰਾਂ ਹੁਣ,
ਹੋਰ ਨਾ ਤਸੀਹੇ ਦੇਹ ।
ਏਹੋ ਜਹੀਆਂ ਖੱਟੀਆਂ ਦੇ ਸਿਰ ਵਿਚ ਪਈ ਖੇਹ ।
ਅਸੀਂ ਭੁੱਖੇ ਚੰਗੇ ਬੀਬਾ, ਰੱਜਣੇ ਦੀ ਲੋੜ ਨਹੀਂ ।
ਏਥੇ ਵੀ ਰੱਬ ਓਹਾ ਰਿਜ਼ਕੇ ਦੀ ਥੋੜ੍ਹ ਨਹੀਂ ।
ਕੱਟੀਆਂ ਨਾ ਜਾਂਦੀਆਂ ਨੇ ਲੰਮੀਆਂ ਸਿਆਲੀ ਰਾਤਾਂ ।
ਦਸਾਂ ਕੀ ਜੋ ਹੋਂਦੀਆਂ ਨੇ ਦਿਲ ਨਾਲ ਵਾਰਦਾਤਾਂ ।

13. ਉਡੀਕ

ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।

ਅੱਖ ਵਿਚ ਸਿੱਕਾਂ ਦਿਲ ਵਿਚ ਸਿੱਕਾਂ, ਲੂੰ ਲੂੰ ਦੇ ਵਿਚ ਸਿੱਕਾਂ ।
ਲਾ ਲਾ ਬੁਲ੍ਹੀਆਂ ਦੇ ਨਾਲ ਬੁਲ੍ਹੀਆਂ, ਹਿੱਕਾਂ ਦੇ ਨਾਲ ਹਿੱਕਾਂ ।
ਲਾਮ ਤੇ ਜਾਂਦੀ ਵਾਰੀ, ਜਦ ਵੰਡੀਆਂ ਸਨ ਛਿੱਕਾਂ ।
ਦੋ ਦਿਲਾਂ ਦੇ ਜਜ਼ਬਿਆਂ ਦੀ ਉਹ, ਸੌੜ ਉਹ ਆਪ ਮੁਹਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।

ਡੂੰਘੇ ਸਾਹ ਲੈ ਲੈ ਕੇ ਤੇ ਅੱਖੀਆਂ ਵਿਚ ਅੱਖੀਆਂ ਪਾਣਾ ।
ਅੱਖੀਆਂ ਵਿਚ ਅੱਖੀਆਂ ਪਾ ਪਾ ਕੇ, ਤਾਂਘਾਂ ਨੂੰ ਹੋਰ ਜਗਾਣਾ ।
ਕਿਸੇ ਖ਼ਿਆਲੋਂ ਕੰਬ ਕੇ ਮੇਰਾ, ਪਲਕਾਂ ਨੂੰ ਝਪਕਾਣਾ ।
ਨਿਕੇ ਨਿਕੇ ਹਟਕੋਰੇ ਭਰ ਭਰ ਦਸਣੀ ਬੇਕਰਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।

ਗਲ ਲੱਗ ਲੱਗ ਕੇ ਵਿਦਿਆ ਹੋਣਾ, ਰਹਿ ਰਹਿ ਕੇ ਗਲ ਲੱਗਣਾ ।
ਦਿਲ ਦੀਆਂ ਦਿਲ ਵਿਚ ਰਹੀਆਂ ਦਾ, ਮੁੜ ਹੰਝੂ ਬਣ ਬਣ ਵਗਣਾ ।
ਆਪੋ ਵਿਚ ਤਸੱਲੀਆਂ ਦੇ ਦੇ, ਹੱਥੋਂ ਹੋਰ ਵੀ ਠਗਣਾ ।
ਰੱਬ ਹਵਾਲੇ ਇਕ ਦੂਜੇ ਨੂੰ, ਕਰਨਾ ਵਾਰੋ ਵਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।

ਸੁਣਿਆ ਮੁਕ ਪਏ ਹੁਣ ਪੈਂਡੇ, ਸੁਣਿਆ ਮੁੱਕ ਪਈਆਂ ਹੁਣ ਲਾਮਾਂ ।
ਆ ਮਾਹੀ ! ਝੱਬ ਆ ਮੈਂ ਮੰਨੀਆਂ, ਹੋਈਆਂ ਕਈ ਸਲਾਮਾਂ ।
ਨੈਣ ਪਕਾ ਲਏ ਤੇਰਾ ਰਾਹ ਤੱਕ ਤੱਕ ਕੇ ਅਸਾਂ ਗ਼ੁਲਾਮਾਂ ।
ਆ ਮਾਹੀ ਹੁਣ ਭਾਰੀ ਲਗਦੀ, ਇਹ ਬਿਰਹਾ ਦੀ ਖਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।

14. ਖੇਡ ਲੈ

ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।

ਆਪਣੀਆਂ ਜ਼ਿੱਦਾਂ ਅੜੀਆਂ ਵੀ ਮੰਨਵਾ ਲੈ ਚਾਰ ਦਿਹਾੜੇ ।
ਤੇਰਾ ਰਾਹ ਮੱਲ ਬੈਠੇ ਹੋਏ ਨੇ ਕਿੰਨੇ ਵਖ਼ਤ ਪੁਆੜੇ ।
ਕਿੰਨੇ ਲੈ ਦੁਖ ਜੰਜਾਲ ।
ਖੇਡ ਲੈ ਗੁੱਡੀਆਂ ਨਾਲ ।
ਖੇਡ ਲੈ, ਖੇਡ ਲੈ ਛੇਤੀ ਛੇਤੀ ਖੇਡ ਲੈ ਗੁੱਡੀਆਂ ਨਾਲ ।

ਮੈਨੂੰ ਡਰ ਹੈ ਤੇਰਿਆਂ ਹਾਸਿਆਂ ਝੱਬਦੇ ਈ ਝੌਂ ਜਾਣੈਂ ।
ਅੱਖ ਉਘੇੜਨੋਂ ਪਹਿਲਾਂ ਤੇਰੀਆਂ ਸਧਰਾਂ ਨੇ ਸੌਂ ਜਾਣੈਂ ।
ਖੱਖਰ ਵਾਂਙੂ ਛਿੜ ਕੇ ਤੈਨੂੰ ਸੋਚਾਂ ਵਢ ਵਢ ਖਾਣੈਂ ।
ਛਿੱਥਿਆਂ ਸੌੜਾਂ ਤੋਂ ਪੈ ਪੈ ਕੇ ਤੂੰ ਕੁਰਲਾਣੈਂ ।
ਵਗਦੀਆਂ ਨੇ ਇਸ ਜੂਹ ਵਿਚ ਧੀਏ ਤੱਤੀਆਂ ਤੱਤੀਆਂ ਲੋਆਂ ।
ਇਕ ਦੋ ਹੋਣ ਤੇ ਦੱਸਾਂ ਬੁਝਾਂ ਕਿਹੜੀ ਕਿਹੜੀ ਫੋਲਾਂ ।
ਕੋਈ ਕਿਸੇ ਦੀ ਸੁਣਦਾ ਨਾਹੀਂ ਏਥੇ ਕੂਕ ਰਵਾਲ ।
ਅੰਨ੍ਹੇ ਰਾਜੇ ਦੀ ਨਗਰੀ ਉਂਜ ਹਰ ਕੋਈ ਕੁਤਵਾਲ ।
ਵਿਹਲ ਦੇ ਇਹ ਚਾਰ ਦਿਹਾੜੇ ਖੇਡ ਲੈ ਗੁੱਡੀਆਂ ਨਾਲ ।

ਔਰਤ ਜ਼ਾਤ-ਇਹ ਬਿਖੜਾ ਪੈਂਡਾ,
ਥਾਂ ਥਾਂ ਟਿੱਬੇ ਟੋਏ ।
ਥਾਂ ਥਾਂ ਕੰਡੇ ਬੀਜੇ ਹੋਏ ।
ਤੇਰੀ ਬੇਫਿਕਰੀ ਦੇ ਲੀੜੇ ਹੋਸਣ ਲੀਰਾਂ ਲੀਰਾਂ ।
ਪਰ ਉਹ ਵੇਲਾ ਯਾਦ ਆਉਣਾ ਏਂ ਆ ਜਾਣਾ ਏਂ ।
ਅਜ ਕਿਉਂ ਚਿੰਤਾ ਕਰੀਏ ।
ਅਜ ਕਿਉਂ ਹੌਕੇ ਭਰੀਏ ?
ਖੌਰੇ ਓਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾਂ
ਬਦਲਣ ਜੀਵਨ ਚਾਲੇ,
ਇਸ ਕਰ ਕੇ,
ਤੂੰ ਲੰਮੀਆਂ ਸੋਚਾਂ ਲਾਂਭੇ ਧਰ ਕੇ ।
ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।

15. ਸੋਚਨਾਂ

ਸੋਚਨਾਂ ਵਾਂ ਦੁਨੀਆਂ ਨੂੰ ਕੇਹੀ ਵਗ ਗਈ ਏ ।
ਇਕੋ ਜਿਹੀ ਹਰ ਪਾਸੇ ਅੱਗ ਲੱਗ ਗਈ ਏ ।
ਲੋਟੀਆਂ ਨੇ ਵਾਢੀਆਂ ਨੇ ਦੰਗੇ ਨੇ ਫਸਾਦ ਨੇ ।
ਭੈੜ ਦੀਆਂ ਪੱਟੀਆਂ ਦੇ ਸਬਕ ਹੋਏ ਯਾਦ ਨੇ ।
ਬੁਢਿਆਂ ਨੂੰ ਮਾਰਨਾ,
ਬੱਚਿਆਂ ਨੂੰ ਨੇਜਿਆਂ ਤੇ ਚਾੜ੍ਹਨਾ ।
ਭੋਲੇ ਭਾ ਜਾਂਦਿਆਂ ਦਾ,
ਛੁਰੀਆਂ ਦੇ ਨਾਲ ਢਿੱਡ ਪਾੜਨਾ ।
ਕੁੱਲੀਆਂ ਨੂੰ ਫੂਕ ਕੇ ਤੇ ਵਸਦੇ ਉਜਾੜਨਾ ।
ਮਜ੍ਹਬਾਂ ਦੀ ਅੱਗ ਵਿਚ ਮਜ੍ਹਬਾਂ ਨੂੰ ਸਾੜਨਾ ।
ਸੋਚਨਾਂ ਵਾਂ ਹਰ ਕੋਈ ਧੀਆਂ ਭੈਣਾਂ ਵਾਲਾ ਏ ।
ਧੀਆਂ ਭੈਣਾਂ ਦਾ ਹੀ ਹਰ ਪਾਸਿਓਂ ਮੁਕਾਲਾ ਏ ।
ਮੇਰੀ ਏ ਕਿ ਤੇਰੀ ਏ ਧੀ ਮੁੜ ਧੀ ਏ ।
ਧੀਆਂ ਵਿਚ ਦੱਸੋ ਖਾਂ ਨਿਖੇੜ ਭਲਾ ਕੀ ਏ ?
ਧੀਆਂ ਦੇ ਪਏ ਲੰਗ ਲਹਿਣ, ਕੇਹੀ ਝੁੱਲ ਪਈ ਏ ।
ਸੋਚਨਾਂ ਵਾਂ ਦੁਨੀਆਂ ਨੂੰ ਕੇਹੀ ਵਗ ਗਈ ਏ ।

ਹਾਣੀਆਂ ਦਾ ਦਰਦ ਨਾ ਵੱਡਿਆਂ ਦੀ ਸ਼ਰਮ ਏ ।
ਨੱਢੀਆਂ ਤੇ ਮਿਹਰ ਏ ਨਾ ਨੱਢੀਆਂ ਤੇ ਕਰਮ ਏ ।
ਤੀਵੀਆਂ ਦੀ ਸੱਤਰ ਨਾ ਮਾਵਾਂ ਦਾ ਈ ਭਰਮ ਏ ।
ਵੱਖਰਾ ਈ ਕੱਢ ਲਿਆ ਬੰਦਿਆਂ ਨੇ ਧਰਮ ਏ ।
ਇਕੋ ਜਹੀ ਸੱਭਨਾ ਨੇ ਘੋਲ ਪੀ ਲਈ ਏ ।
ਸੋਚਨਾਂ ਵਾਂ ਦੁਨੀਆਂ ਨੂੰ ਕੇਹੀ ਵਗ ਗਈ ਏ ।

16. ਫੁੱਲ ਕਿਉਂ ਹੋਏ ਕੰਡੇ

ਕੇਹੇ ਦਿਲਾਂ ਵਿਚ ਅੜਚ ਪਏ ਨੇ ਤੇ ਕੇਹੀਆਂ ਪਈਆਂ ਗੰਢਾਂ ।
ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ ।
ਖੈਰੀਂ ਮਿਹਰੀਂ ਵਸਦੇ ਰਸਦੇ ਪਤਾ ਨਹੀਂ ਕੀ ਵਰਤੀ ।
ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ ।
ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ ।
ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ ।
ਇਕ ਤੌਣੀ ਤੇ ਜੇ ਸਦਾ ਈ ਮਾਂ ਜਾਏ ਰਲ ਬਹਿੰਦੇ ।
ਕਿਵੇਂ ਇਹ ਖੁੱਲ੍ਹੀ ਦੁਨੀਆਂ ਵਸਦੀ ਕਿਵੇਂ ਨਗਰ ਇਹ ਪੈਂਦੇ ।
ਬਾਂਦਰ ਸਾਣ ਪਨੀਰ ਵੰਡਾਵੇ ਜੋ ਲੱਭਾ ਸੀ ਲੱਭਾ ।
ਸੱਜਾ ਦੱਸ ਕੇ ਡਾਢਾ ਉਹਨਾਂ ਮਾਰਿਆ ਸਾਨੂੰ ਖੱਬਾ ।
ਅਜ ਗੁੜ ਲਾਣੇ ਵਾਲੇ ਹੋ ਗਏ ਗੁੜ ਲਾ ਕੇ ਇਕ ਪਾਸੇ ।
ਇਕਨਾਂ ਛਵੀਆਂ ਲੰਬ ਕਰਾਈਆਂ ਇਕਨਾ ਫੜੇ ਗੰਡਾਸੇ ।
ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ ਤੇ ਵੱਸੇ ।
ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ ।
ਓਥੇ ਲੂਤੀ ਲਾਣ ਵਾਲਿਆਂ ਇੰਜ ਅਜ ਲੂਤੀ ਲਾਈ ।
ਤਾਣੇ ਪੇਟੇ ਵਾਲੀਆਂ ਤੰਦਾਂ ਤੂੰ ਤੂੰ ਨਵੀਂ ਸੁਣਾਈ ।
ਆਪਣੀ ਹੱਥੀਂ ਆਪਣੇ ਮੂੰਹ ਤੇ ਮਾਰਨ ਲੱਗ ਪਏ ਚੰਡਾਂ ।
ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ ।

17. ਉਨੀਂਦਰੇ

ਅੱਖਾਂ ਵਿਚੋਂ ਨੀਂਦਰ ਅਜ ਕਿੱਥੇ ਮੁੜ ਗਈ ਏ ।
ਪਲਕਾਂ ਨੇ ਜਿਵੇਂ ਜੁੜ ਬਹਿਣ ਦੀਆਂ ਸੌਹਾਂ ਪਾ ਲਈਆਂ ਨੇ ।
ਖਿੱਤੀਆਂ ਵੀ ਕਿੱਥੋਂ ਅੱਜ ਕਿੱਥੇ ਆ ਗਈਆਂ ਨੇ ।
ਤਾਰੇ ਕਿਹੜੇ ਵੇਲੇ ਦੇ ਪਏ ਅੱਖਾਂ ਝਮਕਾਂਦੇ ਨੇ ।
ਇਕ ਇਕ ਕਰ ਕੇ ਪਏ ਕਈ ਸੌਂਦੇ ਜਾਂਦੇ ਨੇ ।
ਨਾਲ ਦਿਆਂ ਕੋਠਿਆਂ ਤੇ ਸਭ ਸੁੱਤੇ ਹੋਏ ਨੇ ।
ਜ਼ਿੰਦਗੀ ਦਾ ਦਾਅ ਜਿਵੇਂ ਸਭ ਜਿੱਤੇ ਹੋਏ ਨੇ ।
ਕੇਹੇ ਬੇਫਿਕਰ ਪਏ ਮਾਰਦੇ ਘੁਰਾੜੇ ਨੇ ।
ਸਾਡੇ ਪਲਸੇਟਿਆਂ ਨੇ ਮੌਰ ਪਏ ਦਾੜ੍ਹੇ ਨੇ ।
ਜ਼ਿੰਦਗੀ ਦੀ ਰਾਤ ਅਜ ਇੰਜ ਕਿੰਜ ਲੰਘ ਗਈ ਏ ।
ਪਤਾ ਨਹੀਂ ਬਾਕੀ ਜਿਹੜੀ ਹੈ ਕਹੀ ਜਹੀ ਏ ।
ਲੰਘੀ ਹੋਈ ਵਿਚੋਂ ਈ ਉਨੀਂਦਰੇ ਹੀ ਯਾਦ ਨੇ ।
ਅੱਖੀਆਂ ਦੇ ਦੇਸ ਜਗਰਾਤੇ ਈ ਆਬਾਦ ਨੇ ।
ਨੀਂਦਰਾਂ ਤੇ ਪਤਾ ਨਹੀਂ ਕਿੱਥੇ ਮੁੜ ਗਈਆਂ ਨੇ ।
ਸਾਡੇ ਭਾ ਕੱਚੀਆਂ ਉਬਾਸੀਆਂ ਈ ਪਈਆਂ ਨੇ !!

18. ਲਾਹੌਰ ! ਲਾਹੌਰ ਏ

ਅਧੀ ਰਾਤੀਂ ਏਸ ਵੇਲੇ ਢਾ ਕਿਨ੍ਹੇ ਮਾਰੀ ਏ ?
ਆਹ ਲੈ ! ਭਾਵੇਂ ਜੰਨਤੇ ਦਾ ਮੁੰਡਾ ਮਰ ਗਿਆ ਏ,
ਜ਼ਿੰਦਗੀ ਦੇ ਦੁਖਾਂ ਤੋਂ ਕਿਨਾਰਾ ਕਰ ਗਿਆ ਏ ।
ਰੋਗ ! ਇਹ ਰੋਗ !! ਕੋਈ ਜਾਣ ਵਾਲਾ ਨਹੀਂ ਸੀ,
ਸੋਚਨਾਂ ਵਾਂ ਹੁਣ ਬੁੱਢੀ ਮਾਂ ਕੀ ਕਰੇਗੀ,
ਕਿਹੜੀ ਆਸ ਜੀਵੇਗੀ ਤੇ ਕਿਹੜੀ ਆਸ ਮਰੇਗੀ ।
ਜ਼ਿੰਦਗੀ ਦੇ ਡੰਗ ਵੀ ਮੁਕਾਇਆਂ ਨਹੀਂ ਮੁਕਦੇ,
ਕਰਮਾਂ ਦੇ ਮਾਰੇ ਖੋਭੇ,
ਆਪ ਤੇ ਸੁਕਾਇਆਂ ਨਹੀਂ ਸੁਕਦੇ ।
ਪਿੰਡ ਸਾਰਾ ਜਾਣਦਾ ਏ,
ਜਿਹੜੇ ਹਾਲ ਓਸ ਨੇ ਰੰਡੇਪੇ ਵਿਚ,
ਜੱਫਰ ਜਾਲ ਜਾਲ ਕੇ ਤੇ ਮੁੰਡੇ ਨੂੰ ਪੜ੍ਹਾਇਆ ਸੀ ।
ਫੇਰ ਕਿੰਨੇ ਵਖ਼ਤਾਂ ਤੇ ਖੇਚਲਾਂ ਦੇ ਨਾਲ ਉਹਨੂੰ ਨੌਕਰ ਕਰਾਇਆ ਸੀ ।
ਸਿਹਰੇ ਗਾਨੇ ਬੰਨ੍ਹੇ,
ਜਦੋਂ ਡੋਲੀ ਲੈ ਕੇ ਆਇਆ ਸੀ ।
ਕਿੰਨੇ ਏਸ ਜੰਨਤੇ ਨੂੰ ਚਾ ਅਰਮਾਨ ਸਨ ।
ਬੁਢੀ ਜਹੀ ਜਿੰਦ ਸੀ ਤੇ ਸਧਰਾਂ ਜਵਾਨ ਸਨ ।
ਪਤਾ ਨਹੀਂ ਸੀ ਪੱਕਿਆਂ ਤੇ ਗੜੇ ਪੈ ਜਾਂਦੇ ਨੇ ।
ਰਹਿਮਤਾਂ ਦੇ ਬੱਦਲਾਂ 'ਚ ਕੋਠੇ ਢਹਿ ਜਾਂਦੇ ਨੇ ।
ਅਜ ਪਈ ਬੈਠ ਕੇ ਤੇ ਰੋਂਦੀ ਏ ਨਸੀਬਾਂ ਨੂੰ ।
ਖ਼ੁਸ਼ੀਆਂ ਨਾ ਪਚਦੀਆਂ ਡਿਠੀਆਂ ਗ਼ਰੀਬਾਂ ਨੂੰ ।
ਮੈਨੂੰ ਡਾਢਾ ਯਾਦ ਏ,
ਸਣੇ ਨੂੰਹ ਲਹੌਰ ਜਦੋਂ ਪੁਤ ਕੋਲ ਗਈ ਸੀ,
ਚਿੜੀ ਘਰ, ਅਜੈਬ ਘਰ,
ਮਲਕਾ ਦਾ ਬੁੱਤ ਨਾਲੇ ਦਾਤਾ ਸਾਹਿਬ ਤੱਕਿਆ ।
ਉਹ ਕਿਹੜੀ ਥਾਂ ਸੀ,
ਜਿਹੜੀ ਭੁਲੀ ਰਹੀ ਸੀ ।
ਨਿਤ ਏਹਾ ਕਾਰ ਸੀ,
ਮੁੰਡਾ ਬੜਾ ਸਾਊ,
ਬੱਤਰੀ 'ਚੋਂ ਕੱਢੀ ਹੋਈ ਹਰ ਗੱਲ ਮੰਨਣ ਨੂੰ ਤਿਆਰ ਸੀ ।
ਲਾਹੌਰ ! ਲਾਹੌਰ ਏ,
ਨੂੰਹ ਸੱਸ ਕੋਲ ਜਦੋਂ ਬੈਠਦਾ ਤੇ ਆਂਹਦਾ ਸੀ ।
ਉਹਦਾ ਬੜਾ ਸ਼ੁਕਰ ਏ, ਜੇ,
ਪਿੰਡ ਦਿਆਂ ਫਸਤਿਆਂ ਤੋਂ ਏਥੇ ਟੁਰ ਆਏ ਹਾਂ ।
ਚਲੋ ਕੀ ਹੋਇਆ ਭਾਵੇਂ ਸੌੜਾ ਈ ਮਕਾਨ ਜੇ,
ਨ੍ਹੇਰਾ ਜ਼ਰਾ ਹੈ- ਪਰ,
ਬਿਜਲੀ ਦੇ ਬਟਣੇ 'ਚ ਚਾਨਣੇ ਦੀ ਜਾਨ ਏਂ ।
ਭਾਦਰੋਂ 'ਚ ਪਤਾ ਏ ਜੋ ਪਿੰਡ ਹਾਲ ਹੋਂਦਾ ਏ,
ਹਰ ਕੋਈ ਪਿਤ ਹੱਥੋਂ,
ਖੁਰਕ ਖੁਰਕ ਪਿੰਡਾ ਪਿਆ ਖੋਂਹਦਾ ਏ ।
ਏਥੇ ਪਖੇ ਚਲਦੇ ਨੇ ਸ਼ਾਨ ਜਹੀ ਸ਼ਾਨ ਏ,
ਰੱਬਾ ਤੇਰਾ ਸ਼ੁਕਰ ਜਿਨ੍ਹੇਂ ਏਥੇ ਲੈ ਆਂਦਾ ਏ ।
ਤਾਹੀਏਂ ਪਤਾ ਲੱਗਾ ਜਦੋਂ,
ਇਕ ਦਿਨ ਘਰ ਆ ਕੇ ਆਂਹਦਾ ਏ ।
"ਅਜ ਮੇਰਾ ਪਿੰਡਾ ਕੁਝ ਮਾਂਦਾ ਏ ।"
ਓਸ ਦਿਨ ਮੰਜੀ ਤੇ ਅਜਿਹਾ ਪਿਆ ਫੇਰ ਨਹੀਂ ਉਠਿਆ ।
ਝੂਠੀ ਹਵਾ ਅਤੇ ਝੂਠੇ ਚਾਨਣੇ ਦਾ ਮੁੱਠਿਆ !!

19. ਵਾਹਗੇ ਪਾਰ ਵਸੇਂਦੇ ਇਕ ਸਜਣ ਦੇ ਨਾਂ

ਮੁੜ ਅਜ ਯਾਦ ਕਿਸੇ ਦੀ ਆਈ,
ਆਈ ਯਾਦ ਕਿਸੇ ਦੀ ।
ਲੂੰ ਲੂੰ ਦੇ ਵਿਚ ਧਾਈ ਯਾਦ ਕਿਸੇ ਦੀ ।
ਆਈ ਯਾਦ ਕਿਸੇ ਦੀ ।

ਯਾਦ ਕਿਸੇ ਦੀ ਰਾਸ ਦਿਲੇ ਦੀ,
ਐਸੇ ਰਾਸੋਂ ਵਟਕ ਹੋਈ ਸੀ ਲਟਕ ਕਿਸੇ ਦੀ,
ਏਸੇ ਲਟਕੋਂ ਮੁੜ ਅਜ ਤਰ ਗਈ,
ਡੁਬੀ ਹੋਈ ਰਾਸ ਕਿਸੇ ਦੀ ।
ਰਾਸ ਕਿਸੇ ਦੀ,
ਆਈ ਯਾਦ ਕਿਸੇ ਦੀ ।

ਵਿਛੜੇ ਸਜਣ ਯਾਦ ਜਾਂ ਆਵਣ ।
ਅੱਖਾਂ ਵਿਚ ਅਥਰੂ ਫੇਰੇ ਲਾਵਣ ।
ਹਰ ਅਥਰੂ ਦੇ ਸ਼ੀਸ਼ ਮਹਿਲ ਵਿਚ,
ਦਿਸਣ ਆਸਾਂ ਡੱਕੀਆਂ ਹੋਈਆਂ ।
ਕੈਦਾਂ ਕਟ ਕਟ ਥੱਕੀਆਂ ਹੋਈਆਂ ।
ਉਦਰੇਵੇਂ ਪਏ ਤਰਲੇ ਲੈਂਦੇ ।
ਕਾਹਲਾਂ ਕਰਦੇ ਸੌੜੇ ਪੈਂਦੇ ।
ਇਨ੍ਹਾਂ ਕਾਹਲਾਂ ਸੌੜਾਂ ਹੱਥੋਂ
ਅੱਖ ਝਮਕਣ ਵਿਚ,
ਸ਼ੀਸ਼ ਮਹਿਲ ਪਏ ਢਹਿੰਦੇ ।
ਸੁਜੀਆਂ ਅੱਖਾਂ ।
ਸਿੱਜੀਆਂ ਪਲਕਾਂ,
ਪਲਕਾਂ ਦੇ ਵਿਚ ਰੱਤ ਦੀਆਂ ਡਲ੍ਹਕਾਂ ।
ਬਲਦੇ ਹਾਵੇ,
ਠੰਢੇ ਹੌਕੇ,
ਇਕ ਮਿਕ ਹੁੰਦੇ ਹਾੜ੍ਹ ਤੇ ਸਾਵਣ ।
ਵਿਛੜੇ ਸਜਣ ਯਾਦ ਜਾਂ ਆਵਣ ।
ਮੁੜ ਅਜ ਯਾਦ ਕਿਸੇ ਦੀ ਆਈ,
ਆਈ ਯਾਦ ਕਿਸੇ ਦੀ ।
ਲੂੰ ਲੂੰ ਦੇ ਵਿਚ ਧਾਈ ਯਾਦ ਕਿਸੇ ਦੀ ।
ਆਈ ਯਾਦ ਕਿਸੇ ਦੀ ।

20. ਇੱਕ ਖ਼ਤ

ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ

ਕਦੀ ਨਾ ਲਈ ਜੇ ਵਾਤ ਅਸਾਡੀ, ਨਾ ਕੋਈ ਸੁਖ ਸੁਨੇਹਾ,
ਤੁਸਾਂ ਇਹ ਚੁੱਪ ਦਾ ਰੋਜ਼ਾ ਰੱਖਿਆ, ਦੱਸੋ ਕਿਉਂ ਅਜੇਹਾ ।
ਤੁਸੀਂ ਅਸਾਡੇ ਮਨ ਵਿਚ ਵੱਸੋ, ਅਸੀਂ ਨਾ ਚੇਤੇ ਆਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

ਇਹ ਚੇਤਰ ਦੀਆਂ ਖੁੱਲ੍ਹੀਆਂ ਰੁੱਤਾਂ ਤੇ ਇਹ ਚਾਨਣੀਆਂ ਰਾਤਾਂ ।
ਕਿੰਨੀ ਵਾਰੀ ਬਹਿ ਬਹਿ ਕੱਟੀਆਂ ਕਰ ਕਰ ਗੱਲਾਂ ਬਾਤਾਂ ।
ਦਿਲ ਭੈੜੇ ਨੂੰ ਊਹਾ ਸੱਧਰ ਅੱਜ ਵੀ ਪਈ ਸਤਾਏ ।
ਇਹ ਮੁੜ ਫਿਰ ਉਨ੍ਹਾਂ ਨੂੰ ਢੂੰਡੇ, ਜਿਹੜੇ ਵਕਤ ਵਿਹਾਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

ਕੀ ਹੁਣ ਚੋਖੇ ਪਾ ਬੈਠੇ ਓ ਅਪਣੇ ਗਲ ਵਲਾਵੇਂ ?
ਉਹ ਵਿਹਲ ਦੀਆਂ ਰੁੱਤਾਂ ਲੱਦੀਆਂ, ਢਲ ਗਏ ਉਹ ਪਰਛਾਵੇਂ ।
ਕਿਸ ਦੀ ਕੰਡੀ ਉੱਤੇ ਆਖ਼ਿਰ ਆਏ ਨਹੀਂ ਪਲਾਣੇ ।
ਦੁਨੀਆ ਦੇ ਜੰਜਾਲਾਂ ਵੱਲੋਂ, ਅਸੀਂ ਤੁਸੀਂ ਹਾਂ ਸਾਵੇਂ ।
ਏਨਾ ਵੀ ਕੀ ਹੋਵੇ ਸੱਜਣ, ਸੱਜਣ ਨੂੰ ਭੁੱਲ ਜਾਏ ।
ਦੇਸ ਪਰਾਏ ਕੀ ਜਾ ਬੈਠੇ, ਬਣ ਗਏ ਆਪ ਪਰਾਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

21. ਭੱਤਾ

ਵਿਘਿਆਂ ਦੇ ਵਿਚ ਖਿਲਰੀ ਹੋਈ,
ਨਾਲੀਆਂ ਕਿਣਕੇ ਬੀਜੀ ਹੋਈ ।
ਲਟਕਾਂ ਕਣਕ ਵਿਖਾਵੇ ।
ਵਿਚ ਵਿਚਾਲੇ ਰੁੱਤ ਦੀ ਰਾਣੀ ਸਰ੍ਹਿਓਂ,
ਪੀਲੇ ਪੀਲੇ ਫੁੱਲਾਂ ਥੱਲੇ ਪਤਰ ਸਾਵੇ ਸਾਵੇ ।
ਕੀ ਦੱਸਾਂ ਕਹੀ ਸੋਹਣੀ ਲੱਗੇ ।
ਕਿਡੀ ਮਨ ਨੂੰ ਭਾਵੇ ।
ਕਿਉਂ ਕੋਈ ਗਿੱਧਾ ਪਾਵੇ ।
ਲੰਮ ਸਲੰਮੀਆਂ ਪੈਲੀਆਂ ਦੇ ਵਿਚ, ਸਿਧੇ ਪਧਰੇ ਬੰਨੇ,
ਮਾਂਗ ਕਿਸੇ ਮੁਟਿਆਰ ਦੀ ਪਈ, ਭੌਂ ਭੌਂ ਚੇਤੇ ਆਵੇ ।
ਔਹ ਵੇਖੋ ਖਾਂ ਰਾਹੇ ਰਾਹੇ ਸਿਰ ਤੇ ਭੱਤਾ ਚਾ ਕੇ ।
ਕੌਣ ਪਈ ਏ ਜਾਂਦੀ ?
ਲੈਂਦੀ ਚੱਸ ਫੁੱਲਾਂ ਦੀ ।
ਮਨ ਦੇ ਆਪ ਮੁਹਾਰੇ ਜਹੇ ਕਿਸੇ ਜਜ਼ਬੇ ਦੇ ਵਸ ਹੋ ਕੇ ।
ਝੱਟ ਦਾ ਝੱਟ ਖਲੋ ਕੇ ।
ਪੈਰ ਅਗਾਂਹ ਨੂੰ ਚਾਂਦੀ ।
ਨਾ ਇੰਜ ਪੈਂਡਾ ਖੋਟਾ ਹੋਵੇ ।
ਰੁੱਖਾ ਵੀ ਨਾ ਲੱਗੇ ।
ਇਸ ਭੱਤੇ ਨੇ ਪੁਜਣਾ ਏ ਅਜ ਕਿੰਨੀਆਂ ਪੈਲੀਆਂ ਅੱਗੇ ।
ਜਿਥੇ ਉਸ ਦੇ ਦੇਉਰ ਜੇਠ ਤੇ ਕੰਤ ਨੇ ਗੋਡੀ ਲੱਗੇ ।
ਧੰਨ ਸ਼ਾਵਾ ਧੰਨ ਸ਼ਾਵਾ ਤੇਰੇ, ਸੁਘੜ ਸਿਆਣੀਏਂ ਜੱਟੀਏ,
ਤੇਰੇ ਜੀਵਨ ਚਾਲੇ ਮੈਨੂੰ ਉਹਨਾਂ ਤੋਂ ਵਧ ਭਾਂਦੇ ।
ਜਿਹੜੇ ਸਿਰ ਤੇ ਭੱਤਾ ਚਾ ਕੇ,
ਰਾਹ ਦੀਆਂ ਜੋਬਨ ਜੋਤਾਂ ਕੋਲੋਂ ਅੱਖ ਬਚਾ ਕੇ ।
ਦਗ਼ ਦਗ਼ ਕਰਦੇ ਜਾਂਦੇ ।
ਜਾਂ ਮੁੜ ਇੰਜ ਉਹਨਾਂ ਵਿਚ ਰੁੱਝੇ ।
ਮੰਜ਼ਲ ਤੀਕ ਨਾ ਪੁੱਜੇ ।

22. ਕੀ ਦੱਸਾਂ

ਸਿਰੋਂ ਲਾਹ ਕੇ,
ਲਾਰੀ ਦੇ ਵਿਚ ਬੈਠਾ ਹੋਇਆ,
ਮੰਡੀ ਸਾਂ ਪਿਆ ਜਾਂਦਾ ।
ਲਾਂਭੇ ਕਰ ਕੇ ਬੈਠੀ ਹੋਈ ਇਕ ਮੁਟਿਆਰ ਸੁਆਣੀ,
ਚੰਗੀ ਠੁਲੀ ਠੱਲੀ,
ਉਮਰ ਉਸ ਦੀ ਮੈਂ ਕਿੰਨੀ ਦੱਸਾਂ,

ਸਿਰੋਂ ਢਲਣ ਦੇ ਆਹਰਾਂ ਵਿਚ ਸੀ ਇਸ ਦੀ ਸਿਖਰ ਜਵਾਨੀ ।
ਆਖਣ ਲੱਗੀ, "ਵੀਰ ਏਸੇ ਉਮਰ ਤੇਰੇ ਵਾਲਾਂ ਦਾ ਇਹ ਰੋਲਾ ।

ਸ਼ਹਿਰੀਆਂ ਨੂੰ ਖ਼ੁਸ਼ਬੋਈ ਤੇਲਾਂ ਵਿਚੋਂ ਪਤਾ ਨਹੀਂ ਕੀ ਲੱਭਦਾ ।
ਏਸੇ ਕਰ ਕੇ ਉਮਰੋਂ ਪਹਿਲਾਂ ਚਿੱਟਾ ਝਾਟਾ ਸਭ ਦਾ ।

ਮੈਂ ਕੁੱਝ ਝੇਪ ਗਿਆ ਤੇ ਅੱਗੋਂ ਗੱਲ ਪਰਤਾਂਦਿਆਂ ਕਿਹਾ,
"ਭੈਣੇਂ ਇਹ ਨਜ਼ਲੇ ਦੀਆਂ ਮਾਰਾਂ ਨੇ ਸਿਰ ਚੜ੍ਹੀਆਂ ਹੋਈਆਂ ।"

ਹੋਰ ਮੈਂ ਆਖ ਵੀ ਕੀ ਸਕਦਾ ਸਾਂ, ਅਣਡਿਠਿਆਂ ਅਣਜਾਣੂਆਂ ਅੱਗੇ ।
ਮਹਿਰਮ ਨਾਲ਼ ਤੇ ਦੁੱਖ ਸੁਖ ਕਰਦਾ ਹਰ ਕੋਈ ਚੰਗਾ ਲੱਗੇ ।

ਆਪਣੀ ਕਿਉਂ ਲਹਾਈ ਕਰਦਾ, ਕਿਉਂ ਮੈਂ ਹੀਣਾ ਹੁੰਦਾ ।
ਫੱਟਾਂ ਉਤੋਂ ਫਹੇ ਲਾਹ ਕੇ ਉਹਦੇ ਅੱਗੇ ਰੋਂਦਾ ?

ਆਹੰਦਾ ਮੈਂ ਜੀਵਨ ਦੇ ਥਲ ਵਿਚ ਭੰਬਲ ਭੂਸੇ ਖਾਨਾਂ ।
ਸੋਹਣੀ ਵਾਂਗੂੰ ਸ਼ਹੁ ਦਰਿਆਈਂ ਕੱਚੇ ਘੜੇ ਤਰਾਨਾਂ ।

ਹਭੇ ਵੇਲੇ ਇਹੋ ਚਿੰਤਾ ਗ਼ਰਜ਼ਾਂ ਟੁਰਦੀਆਂ ਜਾਵਣ ।
ਇਨ੍ਹਾਂ ਚਿੰਤਾਂ ਦੇ ਵਿਚ ਮੇਰੀਆਂ ਹੱਡੀਆਂ ਖੁਰਦੀਆਂ ਜਾਵਣ ।

ਹੱਡੀਆਂ ਦੀ ਇਹ ਖੋਰ ਈ ਓੜਕ ਨਜ਼ਲਾ ਬਣ ਬਣ ਵੱਗੇ ।
ਕਾਲੇ ਵਾਲ ਸਿਰੇ ਦੇ ਹੋਂਦੇ ਜਾਂਦੇ ਧੌਲੇ ਬੱਗੇ ।

23. ਗੀਤ-ਮੁੰਡਾ ਮੇਰੇ ਹਾਣ ਦਾ

ਮੁੰਡਾ ਮੇਰੇ ਹਾਣ ਦਾ,
ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ ।

ਗੱਲਾਂ ਕਰੇ ਸੋਹਣੀਆਂ ।
ਕਹੀਆਂ ਮਨ-ਮੋਹਣੀਆਂ ।
ਹੱਸ ਹੱਸ ਬੋਲਦਾ ।
ਨਿੱਕੇ ਨਿੱਕੇ ਬੁਲ੍ਹਾਂ ਵਿਚੋਂ ਰਸ ਪਿਆ ਡੋਲ੍ਹਦਾ।
ਮਾਏ ਨੀ ਕੀ ਦੱਸਾਂ ਡਾਢਾ ਮਿੱਠੜਾ ਜ਼ਬਾਨ ਦਾ ।
ਮੁੰਡਾ ਮੇਰੇ ਹਾਣ ਦਾ,
ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ ।

ਭੋਇੰ ਭਾਂਡੇ ਵਾਲਾ ਮਾਏ,
ਆਪੂੰ ਵਾਹੇ ਆਪ ਖਾਏ ।
ਓਥੇ ਨਾ ਅੜਿਕਾ ਕੋਈ ਸੱਸ ਤੇ ਨਨਾਣ ਦਾ ।
ਮੁੰਡਾ ਮੇਰੇ ਹਾਣ ਦਾ ।
ਮਾਏ ਮੈਨੂੰ ਰੀਝ ਉਹਦੀ ਮੰਗ ਅਖਵਾਣ ਦਾ ।
ਮੁੰਡਾ ਮੇਰੇ ਹਾਣ ਦਾ ।

24. ਜੀਭ ਦਿਆ ਕੱਚਿਆ

ਜੀਭ ਦਿਆ ਕੱਚਿਆ,
ਕੀਤਾ ਕੌਲ ਹਾਰਿਓ ਈ ।
ਮੇਰਾ ਅੱਗਾ ਮਾਰਿਓ ਈ ।
ਛਡਿਓ ਈ ਮੈਨੂੰ ਕਿਸੇ ਪਾਸੇ ਵੀ ਨਾ ਜਾਣ ਜੋਗੀ
ਕਿਸੇ ਨਾ ਜਹਾਨ ਜੋਗੀ,
ਹਾਣ ਦੀਆਂ ਕੁੜੀਆਂ ਨੂੰ ਮੂੰਹ ਦਿਖਲਾਣ ਜੋਗੀ ।
ਤੇਰੇ ਪਿੱਛੇ ਝੱਲੀਆਂ ਮੈਂ ਸੱਭੇ ਬਦਨਾਮੀਆਂ ।
ਘਰ ਦੀਆਂ ਝਿੜਕਾਂ,
ਅਜ ਮੈਨੂੰ ਪਤਾ ਲੱਗਾ,
ਦੁਧ ਦੇ ਭੁਲੇਖੇ ਮੈਂ ਤਾਂ ਪਾਣੀ ਪਈ ਰਿੜਕਾਂ ।
ਝੂਠਿਆ ਜਹਾਨ ਦਿਆ ।
ਤੇਰੇ ਆਖੇ ਲੱਗ ਕੇ ਮੈਂ,
ਮੂੰਹੋਂ ਆਪ ਬੋਲ ਕੇ ਮੈਂ ਮਾਪਿਆਂ ਦੀ ਮੰਗ ਛੱਡੀ ।
ਉਹਨਾਂ ਦੀ ਮੈਂ ਨੱਕ ਵੱਢੀ ।
ਘੋੜੀ ਉਤੇ ਚੜ੍ਹ ਬੈਠੋਂ ਸ਼ਰਮ ਨਾ ਆਂਦੀ ਤੈਨੂੰ,
ਹੁਣ ਦਿਹ ਜਵਾਬ ਮੈਨੂੰ ।
ਸਾਡੇ ਨਾਲੋਂ ਵੱਡਾ ਕੋਈ ਝੁਗਾ ਵੀ ਨਾ ਦੇਖ ਭੁੱਲੋਂ ।
ਭੋਇੰ ਭਾਂਡੇ ਵਲੋਂ ਅਸੀਂ ਕਿਸੇ ਨਾਲੋਂ ਘੱਟ ਨਹੀਂ ਸਾਂ ।
ਅਸੀਂ ਕਿਹੜਾ ਜੱਟ ਨਹੀਂ ਸਾਂ ।
ਥੁਕ ਕੇ ਤੇ ਚੱਟਿਓ ਈ ।
ਰੱਬ ਕੋਲੋਂ ਪਾਏਂ,
ਸ਼ਾਲਾ ਅੱਗੇ ਆਵੇ ਅਪਣੇ ਈਂ ।
ਜਿਹਾ ਸਾਨੂੰ ਪੱਟਿਓ ਈ ।

25. ਗਾਮਾ

ਕਿੰਨੀ ਵਾਰੀ ਗਾਮੇ ਵੱਲੇ ਤੱਕ ਕੇ ਤੇ ਸੋਚਨਾ ਵਾਂ,
ਹਾਸੇ ਤੇ ਖੇੜੇ ਉਹਦੇ ਕਿਹੜੇ ਖੂਹ ਪੈ ਗਏ ।
ਕਿਹੜੀ ਜੂਹ ਰਹਿ ਗਏ ।
ਇਹ ਸਦਾ ਫੁੱਲ ਹਾਰ ਖਿੜਿਆ ਈ ਰਹਿੰਦਾ ਸੀ ।
ਹੱਸ ਹੱਸ ਢਿੱਡੀਂ ਪੀੜਾਂ ਪੈਂਦੀਆਂ ।
ਇਹ ਜਿਥੇ ਝੱਟ ਬਹਿੰਦਾ ਸੀ ।
ਮਹਿਫ਼ਲਾਂ ਦੀ ਜਾਨ ਸੀ ।
ਸੱਜਣਾਂ ਦਾ ਮਾਣ ਸੀ ।
ਗੱਲਾਂ ਇੰਝ ਕਰਦਾ ਸੀ, ਠੰਡ ਪਾ ਦੇਂਦਾ ਸੀ ।
ਦੋਸਤਾਂ ਦੇ ਸਾਹੀਂ ਸਾਹ ਲੈਂਦਾ ਸੀ ।

ਅੱਜ ਉਹਨੂੰ ਤੱਕ ਕੇ ਤੇ ਦਿਲ ਕੰਬ ਜਾਂਦਾ ਏ ।
ਦਿਨਾਂ ਵਿਚ ਗਾਮਾ ਤੇ ਪਛਾਣਿਆਂ ਨਾ ਜਾਂਦਾ ਏ ।
ਹੱਸਣੇ ਨੂੰ ਅੱਜ ਵੀ ਉਹ ਮਿਲ ਕੇ ਤੇ ਹੱਸਦੈ ।
ਅੱਜ ਪਰ ਹਾਸਾ ਉਹਦਾ ਆਪੇ ਪਿਆ ਦੱਸਦੈ ।
ਇਹ ਕਿਸੇ ਝਵੇਂ ਹੋਏ ਫੁੱਲ ਵਾਲਾ ਹਾਸਾ ਏ ।
ਅੱਖਾਂ ਜਿਹਨਾਂ ਵਿਚ ਕਦੇ ਜ਼ਿੰਦਗੀ ਦੀ ਜਾਨ ਸੀ ।
ਚਮਕ ਜਿਹੀ ਚਮਕ ਸੀ ! ਤੇ ਮਸਤੀਆਂ ਦੀ ਕਾਨ ਸੀ ।
ਹੁਣ ਉਹ ਉਜਾੜ ਨੇ ਵੀਰਾਨ ਬੀਆਬਾਨ ਨੇ ।
ਅੱਖਾਂ ਕਿ ਹੰਝੂ ਬਣੀਆਂ ਸੱਧਰਾਂ ਦੇ ਕੋਈ ਗੋਰਸਤਾਨ ਨੇ ।
ਅੱਜ ਦੀਆਂ ਚਿੰਤਾ ਬਖੇੜਿਆਂ ਨੇ ਸੰਘੀ ਨਹੁੰ ਦਿੱਤਾ ਏ ।
ਕੱਲ੍ਹ ਦਿਆਂ ਫ਼ਿਕਰਾਂ ਨੇ
ਹਾਸਿਆਂ ਦਾ ਲਹੂ ਪੀ ਲਿਤਾ ਏ ।
ਨਬਜ਼ਾਂ 'ਚ ਰੱਤ ਦੀ ਉਹ ਪਹਿਲੀ ਜਹੀ ਟੋਰ ਨਹੀਂ ।
ਰੰਗ ਦੇ ਗੁਲਾਬੀ ਦੀ ਟੋਰ ਜਹੀ ਟੋਰ ਨਹੀਂ ।
ਵਖ਼ਤਾਂ ਨੇ ਉਹਨੂੰ ਅੱਜ ਜੂੜ ਪਾ ਲਏ ਨੇ ।
ਇਕੋ ਵਾਰੀ ਸਿਰ ਉੱਤੇ ਭਾਰ ਆ ਪਏ ਨੇ ।
ਗਾਮਾ ਹੁਣ ਗਾਮਾ ਨਹੀਂ, ਹੁਣ ਮਜ਼ਦੂਰ ਏ ।
ਹੁਣ ਉਹ ਵਿਹਲੜਾਂ ਦੀ ਨਗਰੀ ਤੋਂ ਦੂਰ ਏ ।
ਟੋਕਰੀਆਂ ਢੋਇਆਂ ਹਾਸੇ ਆਪ ਮੁੱਕ ਜਾਂਦੇ ਨੇ ।
ਕੰਡ ਤੇ ਪਲਾਣੇ ਆ ਕੇ ਟੀਟਣੇ ਭੁਲਾਂਦੇ ਨੇ ।
ਇਹੋ ਇਕ ਨਹੀਂ, ਏਸ ਵਰਗੇ ਹਜ਼ਾਰਾਂ ਨੇ ।
ਕੱਟਦੇ ਪੈ ਬੁੱਤੀਆਂ ਤੇ ਕਿਧਰੇ ਵਗਾਰਾਂ ਨੇ ।
ਸੋਚਨਾਂ ਵਾਂ ਜ਼ਿੰਦਗੀ ਦੀ ਇਹ ਕੋਈ ਸ਼ਾਨ ਨਹੀਂ ।
ਕੰਮ ਪਿੱਛੋਂ ਵਿਹਲ ਮੰਗੇ, ਕਿਹੜੀ ਭਲਾ ਜਾਨ ਨਹੀਂ ।
ਕੰਮ ਕੋਲੋਂ ਦੁਨੀਆ ਤੇ ਕੋਈ ਨਹੀਂ ਨੱਸਦਾ ।
ਕੰਮਾਂ ਦੇ ਸਹਾਰੇ ਸਾਰਾ ਜੱਗ ਪਿਆ ਵਸਦਾ ।
ਕੰਮ ਉਹ ਕੰਮ ਨਹੀਂ ਜੋ ਰੱਤ ਵੀ ਸੁਕਾ ਦੇਵੇ ।
ਕੰਮ ਕਰਨ ਵਾਲਿਆਂ ਦਾ ਧੰਦਾ ਈ ਮੁਕਾ ਦੇਵੇ ।
ਅੱਕ ਕੰਮ ਕੰਮ ਨਹੀਂ ਅੱਜ ਕੰਮ ਗ਼ਮ ਏ ।
ਜੀਹਦਾ ਕੰਮ ਗ਼ਮ ਉਹਨੂੰ ਹੋਰ ਕਿਹੜਾ ਕੰਮ ਏ ?
ਆਖਦੇ ਨੇ ਵੇਲਾ ਉਹ ਵੀ ਇਕ ਦਿਨ ਆਉਣਾ ਏਂ ।
ਕੰਮ ਦਾ ਨਾ ਮੁੱਲ ਕਿਸੇ ਗ਼ਮ ਜਦੋਂ ਪਾਉਣਾ ਏਂ ।
ਹਰ ਵੇਲੇ ਜਦੋਂ ਕਿਸੇ ਬੀੜਿਆ ਨਾ ਰਹਿਣਾ ਏਂ ।
ਕਿਸੇ ਵੇਲੇ ਸੁਖ ਦਾ ਵੀ ਸਾਹ ਲੈਣ ਬਹਿਣਾ ਏਂ ।
ਢਿੱਡਾਂ ਦੇ ਜਦੋਂ ਏਨੇ ਵਖ਼ਤ ਨਾ ਹੋਣਗੇ ।
ਜ਼ਿੰਦਗੀ ਦੇ ਮੈਲੇ ਪੱਲੇ ਜਦੋਂ ਲੋਕ ਧੋਣਗੇ ।
ਜਦੋਂ ਏਥੇ ਨਿੱਤ ਨਵੇਂ ਜੋਤਰੇ ਨਾ ਰਹਿਣਗੇ ।
ਹਾਲੀਆਂ ਦੇ ਢੱਗੇ ਜਦੋਂ ਧੁਖ ਕੱਢ ਲੈਣਗੇ ।
ਮਹਿਫ਼ਲਾਂ ਦਾ ਹੋਣਾ ਉਦੋਂ ਗਾਮਿਆਂ ਸ਼ਿੰਗਾਰ ਏ ।
ਅੱਜ ਉਹ ਵਿਚਾਰਾ ਭਾਵੇਂ ਜਾਨੋਂ ਅਵਾਜ਼ਾਰ ਏ ।

26. ਅਮਨ ਲਈ

ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।
ਅਜੇ ਤੁਸਾਂ ਕੋਰੀਆ ਦੇ ਵਿਚ ਕੀ ਤੱਕਿਆ ਏ ।
ਅਜੇ ਕਈ ਥਾਵਾਂ ਅਸੀਂ ਕੋਰੀਆਂ ਬਨਾਣੀਆਂ ।
ਅਜੇ ਕਈ ਥਾਵੀਂ ਅਸੀਂ ਲਾਣੀਆਂ ਬੁਝਾਣੀਆਂ ।
ਜ਼ਿਮੀਆਂ ਦੇ ਤਬਕ ਅਜੇ ਕਈ ਅਸਾਂ ਸਾੜਨੇ ।
ਅਜੇ ਅਸਾਂ ਕਈ ਹੀਰੋ ਸ਼ੀਮਾਂ ਨੇ ਉਜਾੜਨੇ ।
ਅਜੇ ਘੁੱਟ ਅਸਾਂ ਖ਼ੌਰੇ ਕਿੰਨਿਆਂ ਦਾ ਭਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

ਟੈਂਕਾਂ ਨਾਲ਼ ਅਜੇ ਅਸਾਂ ਜ਼ਿਮੀਆਂ ਨੇਂ ਵਾਹਣੀਆਂ ।
ਵਾਹ ਕੇ ਫੇਰ ਅਜੇ ਅਸੀਂ ਸੇਆਂ ਕਈਆਂ ਲਾਣੀਆਂ ।
ਪਾਣੀਆਂ ਦੀ ਥਾਂ ਲਹੂ ਨਾਲ ਨੇ ਪਿਆਣੀਆਂ ।
ਅਮਨ ਦੀਆਂ ਸੌਖੀਆਂ ਨਾ ਫ਼ਸਲਾਂ ਉਗਾਣੀਆਂ ।
ਗੋਡੀਆਂ ਦੇ ਵਿਚ ਰੰਬਾ ਕਈਆਂ ਉੱਤੇ ਧਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

ਜੰਗ ਦਿਆਂ ਢੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਬੰਬ ਦਿਆਂ ਗੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਖੰਡਰਾਂ ਤੇ ਖੋਲ਼ਿਆਂ ਤੋਂ ਸੌੜਿਆਂ ਨਾ ਪਿਆ ਜੇ ।
ਅਸਾਂ ਬੜਬੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਅਮਨ ਦੀਆਂ ਬੇੜੀਆਂ ਨੇ ਡੁੱਬ ਕੇ ਈ ਤਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

27. ਪੈਂਡੇ

ਹਾੜ ਦੇ ਦਿਹਾੜੇ ਨੇ ਤੇ ਥਲਾਂ ਦੀ ਦੁਪਹਿਰ ਏ ।
ਵਾਟੇ ਵਾਟੇ ਕਿਤੇ ਇਕ ਰਾਹੀ ਪਿਆ ਜਾਂਦਾ ਏ ।
ਗਰਮੀ ਤੇ ਲੂ ਬੁਰੀ ਬਾਬ ਪਏ ਕਰਦੇ ਨੇ ।
ਪੈਰ ਜਿਥੇ ਧਰਦਾ ਏ ਲੂਸਦੇ ਤੇ ਸੜਦੇ ਨੇ ।
ਵੱਧ ਕੇ ਡਰਾਮੇਂ ਨਾਲੋਂ ਭੋਇੰ ਤਪੀ ਹੋਈ ਏ ।
ਨੇੜੇ ਨੇੜੇ ਕਿਤੇ ਕੋਈ ਰੁੱਖ ਨਹੀਂ ਦਿਸਦਾ ।
ਉਹ ਵੀ ਸਗੋਂ ਉਹਦੇ ਕੋਲੋਂ ਪਿਛਾਂ ਪਿਛਾਂ ਰਹਿੰਦਾ ਏ ।
ਉਸ ਦੇ ਈ ਉਹਲੇ ਪਿਆ ਲੁਕ ਲੁਕ ਬਹਿੰਦਾ ਏ ।
ਰੱਬ ਜਾਣੇ ਕੌਣ ਏ ਤੇ ਕਿਹੜੀ ਥਾਉਂ ਆਇਆ ਏ ।
ਕਿਸੇ ਰੰਗ ਪੁਰ ਵੱਲੋਂ ਖੇੜਿਆਂ ਨੂੰ ਧਾਇਆ ਏ ।
ਜਾਂ ਕੋਈ ਬੁੱਤੀਆਂ ਵਗਾਰ ਪਿਆ ਕਰਦੈ ।
ਵੇਲੇ ਸਿਰ ਪੁੱਜਣੇ ਨੂੰ ਪੰਧ ਪਿਆ ਵਢਦੈ ।
ਖ਼ੌਰੇ ਕਿਹੜੇ ਵਖ਼ਤਾਂ ਨੂੰ ਇਸ ਵਲ ਫੜਿਆ ?
ਇਹੋ ਜਿਹੇ ਵਿਚ ਜਿਹੜਾ ਪੈਂਡਿਆਂ 'ਚ ਵੜਿਆ ।
ਡੂੰਘਾ ਜ਼ਰਾ ਸੋਚੀਏ ਤੇ ਅਸੀਂ ਉਹਦੇ ਨਾਲ ਦੇ ।
ਪੈਂਡਿਆਂ ਦੇ ਵਿਚ ਪਏ ਉਮਰਾਂ ਹਾਂ ਗਾਲਦੇ ।
ਪੈਂਡੇ ਜਿਹਨਾਂ ਪਤਾ ਨਹੀਂ ਕਦੋਂ ਕਿਥੇ ਮੁੱਕਣੈਂ ।
ਕਦੋਂ ਜਾ ਕੇ ਵਖ਼ਤਾਂ ਦੇ ਮੁੜ੍ਹਕਿਆਂ ਸੁੱਕਣੈਂ ।
ਖ਼ੌਰੇ ਕਦੋਂ ਸੁੱਖਾਂ ਵਾਲਾ ਕੋਟ ਕਿਤੇ ਦਿਸਣੈਂ ।
ਮੰਜ਼ਲਾਂ ਨੇ ਖ਼ੌਰੇ ਕਦੋਂ ਸਾਡੇ ਉਤੇ ਵਿਸਣੈਂ।
ਅਜੇ ਤੇ ਨੇ ਹੱਥੋਂ ਦੂਰ ਦੂਰ ਪਈਆਂ ਹੋਂਦੀਆਂ ।
ਪੈਰਾਂ ਦਿਆਂ ਛਾਲਿਆਂ ਨੂੰ ਸੂਲਾਂ ਪਈਆਂ ਟੋਂਹਦੀਆਂ ।
ਵਾਟਾਂ ਨੇ ਅਜੇ ਖ਼ੌਰੇ ਕਿੰਨੀਆਂ ਲੰਮੇਰੀਆਂ ।
ਅੱਕ ਕੇ ਐਵੇਂ ਕਿਤੇ ਢਾ ਨਾ ਦੇਣ ਢੇਰੀਆਂ ।

28. ਗੀਤ-ਅੱਜ ਕਾਗ ਬਨੇਰੇ ਤੇ ਬੋਲੇ

ਅੱਜ ਕਾਗ ਬਨੇਰੇ ਤੇ ਬੋਲੇ ।

ਅੱਜ ਝੱਟੇ ਝੱਟੇ ਕੰਨ ਵੱਜਦੇ ਨੇ
ਅੱਖੀਆਂ ਦੇ ਵਿਹੜੇ ਸਜਦੇ ਨੇ ।

ਦਿਲ ਵਿਚ ਪਈ ਪੋਣੀ ਫਿਰਦੀ ਏ ।
ਸਾਨੂੰ ਤਾਂਘ ਉਡੀਕ ਤੇ ਚਿਰ ਦੀ ਏ ।

ਅੱਖ ਬੂਹੇ ਵਿਚ ਈ ਰਹਿੰਦੀ ਏ ।
ਪਈ ਝੱਟੇ ਝੱਟੇ ਸੂਹ ਲੈਂਦੀ ਏ ।

ਇਹ ਜਦ ਦੇ ਚੰਦਰੇ ਵੱਜੇ ਨੇ ।
ਹੋਠਾਂ ਤੇ ਜੰਦਰੇ ਵੱਜੇ ਨੇ ।

ਇਹ ਬਾਰ ਜੇ ਕੋਈ ਆ ਖੋਲ੍ਹੇ ।
ਅੱਜ ਕਾਗ ਬਨੇਰੇ ਤੇ ਬੋਲੇ ।

29. ਕਿਉਂ ਕਾਗ ਬਨੇਰੇ ਤੇ ਬੋਲੇ

ਕਿਉਂ ਕਾਗ ਬਨੇਰੇ ਤੇ ਬੋਲੇ ।

ਕੋਈ ਦੱਸੇ ਇਹ ਕੀ ਆਂਹਦਾ ਏ ।
ਕਿਉਂ ਹੋਰ ਕਿਤੇ ਨਾ ਜਾਂਦਾ ਏ ।
ਕਿਉਂ ਐਵੇਂ ਕਾਂ ਕਾਂ ਕਰਦਾ ਏ ।
ਸਿਰ ਮੇਰੇ ਇਹ ਝੂਠੇ ਧਰਦਾ ਏ ।

ਨਹੀਂ ਉੱਡਦਾ ਪਿਆ ਉਡਾਇਆਂ ਵੀ ।
ਪਿਆ ਭੁੱਲੇ ਰਾਹੇ ਪਾਇਆਂ ਵੀ ।
ਇਸ ਵਿਹੜੇ ਕਿਨ੍ਹੇ ਆਣਾ ਏਂ ।
ਕਿਸੇ ਏਥੇ ਫੇਰਾ ਪਾਣਾ ਏਂ ।

ਤੂੰ ਕਾਵਾਂ ਕਾਂ ਕਾਂ ਕਰ ਕੇ ।
ਪਿਆ ਐਵੇਂ ਜੀ ਤਰਸਾਨਾ ਏਂ ।
ਨਾ ਬੈਠ ਤੂੰ ਏਸ ਬਨੇਰੇ ਤੇ ।
ਕਿਸੇ ਹੋਰ ਦੇ ਕੋਠੇ ਬਹਿ ਜਾ ਕੇ ।

ਕਰ ਨੇਕੀ ਇਹ ਇਕ ਮੇਰੇ ਤੇ ।
ਕਿਸੇ ਹੋਰ ਨੂੰ ਕਹਿਣੀਆਂ ਕਹਿ ਜਾ ਕੇ ।
ਮੇਰਾ ਜੀ ਨਮਾਣਾ ਮੁੜ ਡੋਲੇ ।
ਕਿਉਂ ਕਾਗ ਬਨੇਰੇ ਤੇ ਬੋਲੇ ।

30. ਗੋਰੀ ਨੂੰ

ਤੇਰਾ ਪਿੰਡਾ ਪੋਰੀ ਤੂਤ ਦੀ,
ਤੇਰੀ ਲਗਰਾਂ ਵਰਗੀ ਬਾਂਹ ।
ਤੇਰੇ ਬੁੱਲ੍ਹ ਨੇ ਫੁੱਲ ਕਰੀਰ ਦੇ,
ਤੇਰਾ ਜੋਬਨ ਵਣ ਦੀ ਛਾਂ ।

ਇਹ ਛਾਵਾਂ ਸਦਾ ਨਾ ਰਹਿਣੀਆਂ,
ਰਹੇ ਸਦਾ ਓੁਸ ਦਾ ਨਾਂ ।
ਅਸੀਂ ਰੱਬ ਸਬੱਬੀਂ ਗੋਰੀਏ,
ਆ ਨਿਕਲੇ ਏਸ ਗਿਰਾਂ ।

ਅਸਾਂ ਝੱਟ ਦੁਪਹਿਰ ਗੁਜ਼ਾਰਨੀ,
ਅਸਾਂ ਬਹੁਤਾ ਨਹੀਂ ਪੜਾ ।
ਅਸਾਂ ਪਿੰਡ ਨਾ ਪਾਣੇ ਜੋਗੀਆਂ,
ਅਸਾਂ ਮੱਲ ਨਾ ਬਹਿਣੀ ਥਾਂ ।

ਕਿਸ ਪੱਕੇ ਪਾਕੇ ਬੈਠਣਾ,
ਇਹ ਦੁਨੀਆ ਇੱਕ ਸਰਾਂ ।
ਤੇਰੇ ਜੋਬਨ ਵਾਂਗੂੰ ਗੋਰੀਏ,
ਅਸੀਂ ਕੁੱਲ ਮੁਸਾਫ਼ਰ ਹਾਂ ।

31. ਗੋਰਿਆ

ਤੂੰ ਬਲਦਾ ਅੱਖੀਂ ਨੂਟ ਲੈ ਤੇ ਸਾਹ ਲੰਮੇਰੇ ਮੰਗ ।
ਹੁਣ ਦਿਲ ਕੱਢ ਜੀਵਨ ਜੋਗਿਆ, ਤੇ ਐਵੇਂ ਨਾ ਪਿਆ ਸੰਗ ।
ਇਹ ਧੁਰ ਦੇ ਲੇਖ ਪੰਜਾਲੀਆਂ, ਕੀ ਇਨ੍ਹਾਂ ਦੇ ਨਾਲ ਜੰਗ ।
ਤੇਰੇ ਲੇਖਾਂ ਦੇ ਨਾਲ ਗੋਰਿਆ! ਦੁਨੀਆਂ ਦੇ ਲੇਖੀਂ ਰੰਗ ।

ਉਹ ਬਲਦ ਨਾ ਨਿੰਦੇ ਜਾਂਵਦੇ , ਜਿਹੜੇ ਫਲ੍ਹਿਆਂ ਦੇ ਵਿਚ ਗਾਹੁਣ ।
ਇਨ੍ਹਾਂ ਗਾਹਾਂ ਵਿਚ ਸੋਈ ਸੋਭਦੇ, ਜਿਹੜੇ ਤਾਰੀ ਬੰਨ੍ਹ ਕੇ ਭੌਣ ।
ਖੁਰ ਕੱਚੇ ਹੋ ਹੋ ਜਾਣ ਪਏ, ਪਰ ਜ਼ਰਾ ਨਾ ਸੌੜੇ ਪੌਣ ।
ਤੂੰ ਵਿਚ ਸ਼ਰੀਕਾਂ, ਗੋਰਿਆ ! ਵਗ ਉੱਚੀ ਰੱਖ ਕੇ ਧੌਣ ।

ਇਨ੍ਹਾਂ ਫ਼ਸਲਾਂ ਵਿਚੋਂ ਮੰਨਿਆਂ, ਤੇਰੇ ਭਾ ਦਾ ਸੁੱਕਾ ਭੋ ।
ਜੱਟ ਭਰੇ ਭੜੋਲੇ ਆਪਣੇ ਤੇ ਦਾਣੇ ਲੈ ਜਾਏ ਢੋ ।
ਇਹ ਗਲ ਦੁਰੇਡੀ ਜਾਂਵਦੀ, ਇਹ ਗੱਲ ਨਾ ਅੜਿਆ ਛੁਹ ।
ਇਸ ਗਲੇ ਖ਼ਲਕ ਖ਼ੁਦਾ ਦੀ, ਨਿੱਤ ਗੁੱਤ ਘਸੁੱਨੀ ਹੋ ।

ਕਿਸੇ ਵਹਿਣ 'ਚ ਵੜਿਓਂ, ਗੋਰਿਆ ! ਤੂੰ ਔਖਾ ਲੱਗਣਾ ਪਾਰ ।
ਲੱਖ ਅੜੀਆਂ ਜ਼ਿੱਦਾਂ ਕਰ ਰਹੇ ਤੇ ਓੜਕ ਬੈਠੇ ਹਾਰ ।
ਇਥੇ ਨੱਥਾਂ, ਖੋਪੇ ਚੱਡੀਆਂ ਤੇ ਕੁੱਲੇ ਕਰਨ ਬੇਜ਼ਾਰ ।
ਤੂੰ ਵਗ ਰਜ਼ਾ ਜਿਉਂ ਖ਼ਸਮ ਦੀ ਤੇ ਉੱਕਾ ਦਮ ਨਾ ਮਾਰ ।

ਇਹ ਗੱਲ ਨਹੀਂ ਜੇ ਭਾਂਵਦੀ ਤੇ ਅਪਣਾ ਆਪ ਵਿਖਾ ।
ਇੰਜ ਅੜਜਾ ਭੰਨ ਪੰਜਾਲੀਆਂ ਤੇ ਨੱਥਾਂ ਲੈ ਤੁੜਾ ।
ਜੱਟ ਫੇਰ ਨਾ ਨੇੜੇ ਆਵਣਾ ਜਦ ਲੈਣੀ ਸੂ ਛੜ ਖਾ ।
ਅੱਜ ਦੁਨੀਆ ਦੇ ਵਿਚ ਗੋਰਿਆ ! ਡਾਢੇ ਵੱਲ ਖ਼ੁਦਾ ।

32. ਚਾਨਣੀਆਂ ਰਾਤਾਂ

ਚਾਨਣੀਆਂ ਰਾਤਾਂ ਵਿਚ ਆਉਂਦਾ ਇਹ ਖ਼ਿਆਲ ਏ ।
ਰੱਬ ਸਾਡਾ ਸਾਡੇ ਉਤੇ ਕਿੰਨਾ ਈ ਦਿਆਲ ਏ ।
ਚਾਨਣੇ ਤੇ ਠੰਢ ਨੂੰ ਨਾ ਕੋਈ ਮੇਲ ਸਕਦਾ ।
ਇੱਕ ਮਿੱਕ ਕਰ ਕੇ ਉਹ ਇੰਜ ਡੋਲ੍ਹ ਦੇਂਦਾ ਏ ।
ਠੰਢੇ ਠੰਢੇ ਨੂਰ ਵਾਲਾ ਸੋਮਾ ਖੋਲ੍ਹ ਦੇਂਦਾ ਏ ।
ਵੱਡਾ ਵੀ ਨਿਹਾਲ ਏ ਤੇ ਛੋਟਾ ਵੀ ਨਿਹਾਲ ਏ ।

ਕੱਚੇ ਕੱਚੇ ਕੋਠਿਆਂ ਤੇ ਉਂਜੇ ਨੂਰ ਵਸਦਾ ।
ਉੱਚਿਆਂ ਚੁਬਾਰਿਆਂ ਤੇ ਜਿਸ ਤਰ੍ਹਾਂ ਰਸਦਾ ।
ਭੁੱਖਿਆਂ ਦੇ ਵਿਹੜਿਆਂ ਤੋਂ ਜ਼ਰਾ ਨਹੀਂ ਸੰਗਦਾ ।
ਮਾੜਿਆਂ ਦੇ ਘਰਾਂ ਨੂੰ ਵਲਾ ਕੇ ਨਹੀਂ ਲੰਘਦਾ ।
ਆਪਣੀਆਂ ਰਿਸ਼ਮਾਂ ਦਾ ਮੁੱਲ ਨਹੀਂ ਮੰਗਦਾ ।
ਜਿਥੇ ਜਿਹੜਾ ਜਾਏ ਓਥੇ ਚੰਨ ਉਹਦੇ ਨਾਲ ਏ ।

ਹਾਠਾਂ ਕਦੇ ਧਰਤੀ ਨੂੰ ਸੁੰਘ ਕੇ ਨਾ ਵੱਸੀਆਂ ।
ਲਿਸਿਆਂ ਦੀ ਪੈਲੀ ਕੋਲੋਂ ਪਰੇ ਨਹੀਂ ਨੱਸੀਆਂ ।
ਡਾਢਿਆਂ ਨਾ ਖਿੱਚ ਲਈਆਂ ਪਾ ਪਾ ਕੇ ਰੱਸੀਆਂ ।
ਇਕੋ ਜਹੀਆਂ ਸਭ ਦੀਆਂ ਉਨ੍ਹਾਂ ਨੇ ਪਿਆਲੀਆਂ ।
ਸੌਣ ਵਿਚ ਭਰ ਦਿੱਤੇ ਟੋਏ ਟਿੱਬੇ ਖਾਲੀਆਂ ।
ਫ਼ਸਲਾਂ ਉਗਾਈਆਂ ਮੁੜ ਪਾਲਾਂ ਦੀਆਂ ਪਾਲੀਆਂ ।
ਵੱਟੇ ਵਿਚ ਮੰਗਿਆ ਨਾ ਕਿਸੇ ਤੋਂ ਰਵਾਲ ਏ ।

ਕਿਰਨਾਂ ਨੇ ਕੀਤੀਆਂ ਨਾ ਵੰਡਾਂ ਕਿਤੇ ਕਾਣੀਆਂ ।
ਫੁੱਲਾਂ ਉੱਤੇ ਵੱਖਰੀਆਂ ਨਹੀਂ ਮੇਹਰਬਾਨੀਆਂ ।
ਮਿੱਟੀ ਨੂੰ ਵੀ ਚੁੰਮਦੀਆਂ ਨੂਰ ਦੀਆਂ ਰਾਣੀਆਂ ।
ਜਿਸ ਤਰ੍ਹਾਂ ਚੌਧਰੀ ਦੇ ਪਿੰਡੇ ਨੂੰ ਸੁਖਾਂਦੀਆਂ ।
ਉਸੇ ਤਰ੍ਹਾਂ ਵਾਹਕ ਨੂੰ ਵੀ ਨਿੱਘ ਨੇ ਪੁਚਾਂਦੀਆਂ ।
ਤੋਲਵਾਂ ਸਲੂਕ ਵਾਹਵਾ ਸਭਸੇ ਦੇ ਨਾਲ ਏ ।

ਰੱਬ ਨੇ ਵੀ ਜ਼ਿਮੀਂ ਤੇ ਇਹ ਸਾਂਝੀ ਈ ਬਣਾਈ ਸੀ ।
ਕਿਸੇ ਇਕ ਟੱਬਰੀ ਦੇ ਨਾਂ ਨਹੀਂ ਲਾਈ ਸੀ ।
ਬੰਦਿਆਂ ਨੇ ਕਰ ਲਈ ਜਿਵੇਂ ਜੀ ਆਈ ਸੀ ।
ਇਸ ਦਾ ਜ਼ਵਾਲ ਇੰਜ ਦੁਨੀਆ ਤੇ ਪਾਇਆ ਏ ।
ਜ਼ਿੰਦਗੀ ਦੇ ਰੌਲੇ ਵਿਚ ਫ਼ਰਕ ਨਾ ਆਇਆ ਏ ।
ਉਹੋ ਬੋੜੀ ਖੋੜੀ ਅਤੇ ਰਾਮ ਦਿਆਲ ਏ ।

ਇਹ ਮੇਰੀ ਵੰਡ ਏ ਤੇ ਔਹ ਤੇਰੀ ਵੰਡ ਏ ।
ਮੇਰੀ ਤੇਰੀ ਵੰਡ ਈ ਤੋਂ ਪਿਆ ਹੋਇਆ ਭੰਡ ਏ ।
ਅਪਣਾ ਈ ਮੂੰਹ ਏ ਤੇ ਆਪਣੀ ਈ ਚੰਡ ਏ ।
ਚੰਡਾਂ ਮਾਰ ਮਾਰ ਮੂੰਹ ਕੀਤਾ ਪਿਆ ਲਾਲ ਏ ।

ਉਹਦੇ ਸਾਂਝੇ ਦਿੱਤਿਆਂ ਨੂੰ ਸਾਂਝਿਆਂ ਨਾ ਜਾਣਦੇ ।
ਨੇਅਮਤਾਂ ਬੇਮੁੱਲੀਆਂ ਦਾ ਮੁੱਲ ਪਏ ਪਾਂਵਦੇ ।
ਰੱਜ ਖਾਣ ਦੇਣ ਦੇ ਨਾ ਆਪ ਰੱਜ ਖਾਂਵਦੇ ।
ਭਾਵੇਂ ਥੱਲੇ ਆਉਣ, ਕੰਧ ਦੂਜਿਆਂ ਦੀ ਢਾਂਵਦੇ ।
ਕਿੰਨੀ ਸੋਹਣੀ ਦੁਨੀਆਂ ਤੇ ਕਿੱਡਾ ਭੈੜਾ ਹਾਲ ਏ ।
ਚਾਨਣੀਆਂ ਰਾਤਾਂ ਵਿਚ ਆਉਂਦਾ ਖ਼ਿਆਲ ਏ ।

33. ਵੀਰ ਤੂੰ ਕੁੰਜਾਹ ਦਾ ਏਂ

ਵੀਰ ਤੂੰ ਕੁੰਜਾਹ ਦਾ ਏਂ ?
ਤੇਰਾ ਨਾਂ ਸ਼ਰੀਫ਼ ਏ ?
ਅੱਗੇ ਈ ਮੈਂ ਆਖਦੀ ਸਾਂ ਲਗਦਾ ਤੇ ਉਹਾ ਏ ।
ਅੱਜ ਕਿਹਾ ਨੇਕ ਦਿਹਾੜਾ ਏ,
ਰੱਬ ਨੇ ਭਰਾ ਮੇਲ ਦਿੱਤਾ ਏ ।
ਮੁੰਡਿਆ ਇਹ ਵੇਖ ਤੇਰਾ ਮਾਮਾ ਏਂ ।
ਮੈਨੂੰ ਤੂੰ ਸਿੰਞਾਣਿਆ ਨਾ ਹੋਵੇਗਾ ।
ਕਦੀ ਨਿੱਕੇ ਹੁੰਦੇ ਰਲ ਕੇ ਤੇ ਅਸੀਂ ਖੇਡਦੇ ਹੁੰਦੇ ਸਾਂ ।
ਮੇਰਾ ਨਾਂ ਨਿਆਮਤੇ ਵੇ ।
ਮਿਹਰ 'ਨੂਰ ਦੀਨ' ਦੀ ਮੈਂ ਦੋਹਤਰੀ ਆਂ ।
ਮਿਲਦਿਆਂ ਦੇ ਸਾਕ ਨੇ ਤੇ ਵਾਂਹਦਿਆਂ ਦੇ ਖੂਹ ਨੇ ।
ਕਦੇ ਵਰ੍ਹਾ ਵਰ੍ਹਾ ਓਥੇ ਜਾ ਕੇ ਰਹਿ ਆਉਂਦੀ ਸਾਂ ।
ਹੁਣ ਉਨ੍ਹਾਂ ਥਾਵਾਂ ਨੂੰ ਵੀ ਤਕਣੇ ਨੂੰ ਸਹਿਕਨੀ ਆਂ । ।
ਮੇਰੇ ਤੋਂ ਪਤਾ ਈ ਜੇ ਮਾਮੀ ਸਾਡੇ ਨਾਲ ਅਫ਼ਸੋਸੀ ਏ ।
ਵੀਰ ਦੱਸ ! ਮੇਰਾ ਇਹਦੇ ਵਿਚ ਕੀ ਕਸੂਰ ਸੀ ?
ਨਾਨਕਿਆਂ ਨਾਲੋਂ ਮੈਨੂੰ ਚੰਗੀ ਥਾਂ ਕਿਹੜੀ ਸੀ ।
ਮਾਪਿਆਂ ਦੇ ਅੱਗੇ ਪਰ ਧੀਆਂ ਨਹੀਂ ਬੋਲਦੀਆਂ ।
ਵੱਜੇ ਹੋਏ ਸ਼ਰਮ ਦੇ ਜੰਦਰੇ ਨਾ ਖੋਲ੍ਹਦੀਆਂ ।
ਉਨ੍ਹਾਂ ਨੂੰ ਜੰਮਿਆਂ ਤੋਂ ਅੱਗੇ ਸ਼ੈ ਕਿਹੜੀ ਏ ?
ਉਨ੍ਹਾਂ ਦਾ ਉਹ ਬੁਰਾ ਕਦੇ ਮੰਗ ਨਹੀਂ ਸਕਦੇ,
ਥੁੜ੍ਹਾਂ ਤਰਸੇਵਿਆਂ 'ਚ ਉਂਜ ਤਿਲਕ ਪਈਦਾ,
ਅੱਖੀਆਂ ਪਿਓ ਨੂੰ ਜਦੋਂ ਹਾਰ ਦੇ ਗਈਆਂ ਸਨ ।
ਦੁੱਖਾਂ ਦੀਆਂ ਸਾਡੇ ਉਤੇ 'ਵਾਈਂ' ਝੁੱਲ ਪਈਆਂ ਸਨ ।
ਨਾਨਕੇ ਵੀ ਕੰਨੀ ਖਿਸਕਾਣ ਲੱਗ ਪਏ ਸਨ ।
ਮਿਲ ਕੇ ਤੇ,
ਖਿੜਨ ਦੀ ਥਾਵੇਂ ਕੁਮਲਾਣ ਲੱਗ ਪਏ ਸਨ ।
ਅਸੀਂ ਕੱਚੀ ਆਵੀ ਸਾਂ ਤੇ ਅੱਗ ਪਈ ਬੁੱਝਦੀ ਸੀ ।
ਓਸ ਵੇਲੇ ਜਦੋਂ ਕੋਈ ਗੱਲ ਵੀ ਨਾ ਸੁੱਝਦੀ ਸੀ ।
ਹਰ ਸ਼ੈ ਛੱਡ ਗਈ ।
ਏਸ ਦੇ ਪਿਓ ਮੇਰੇ ਪਿਓ ਦੀ ਬਾਂਹ ਨੱਪ ਲਈ ।
ਮਰਨ ਲੱਗਾ ਉਸ ਨੂੰ ਜ਼ੁਬਾਨ ਉਹ ਦੇ ਗਿਆ ।
ਠੀਕ ਏ ਜੇ ਮੇਰਾ ਉਹਦਾ ਉਮਰ ਵਿਚ ਹਾਣ ਨਹੀਂ ।
ਪਰ ਵੀਰ ਆਪ ਤੂੰ ਸਿਆਣਾ ਏਂ ।
ਜਿਹੜੀ ਧੀ ਨੂੰ ਮਾਪਿਆਂ ਦੀ ਕੀਤੀ ਦੀ ਪਛਾਣ ਨਹੀਂ ।
ਉਹ ਵੀ ਇਨਸਾਨ ਨਹੀਂ ।
ਮੈਂ ਤੇ ਲੈ ਕੇ ਬਹਿ ਗਈ ਸਾਂ ਏਸ ਖ਼ਿਆਲ ਨੂੰ ।
ਜਾਗ ਲਾਈ,
ਸੌਕਣ ਦੇ ਪੀਤੇ ਹੋਏ ਦੁੱਧ ਦੇ ਹੰਗਾਲ ਨੂੰ ।
ਰੱਬ ਮੇਰਾ ਸਬਰ ਕਬੂਲ ਕਰ ਲੀਤਾ ਏ,
ਮੈਨੂੰ ਇਹ ਚੰਨ ਜਿਹਾ ਪੁੱਤ ਦੇ ਦਿੱਤਾ ਏ ।
ਲੈ ਫੇਰ ਮੈਂ ਤੇ ਹੁਣ ਇਥੇ ਲਹਿ ਜਾਣਾ ਏਂ ।
ਤੂੰ ਵੀ ਅਜ ਕੀ ਹੋਇਆ ਅੱਜ ਏਥੇ ਲਹਿ ਬਹੁ ਖਾਂ ।
ਇਕ ਰਾਤ ਭੁੱਲੀ ਹੋਈ ਭੈਣ ਦੇ ਵੀ ਕੋਲ ਚੱਲ ਰਹੁ ਖਾਂ ।
ਅੱਛਾ ਜੱਗ ਜਿਉਂਦਿਆਂ ਦੇ ਮੇਲ ਨੇ ।
ਮੇਰੇ ਵਲੋਂ ਸਭਨਾਂ ਨੂੰ ਬਹੁਤ ਬਹੁਤ ਪੁਛਣਾਂ ।

34. ਬਗਲੇ ਤੇ ਮੱਛੀਆਂ

ਦਿਨ ਕਿਸੇ ਜਾਗੋ ਮੀਟੀ ਨਾਰ ਮੁਟਿਆਰ ਵਾਂਗ ।
ਕਾਲੇ ਕਾਲੇ ਬਦਲੀ ਦੁਪੱਟੇ ਵਿਚੋਂ ਤੱਕ ਕੇ ।
ਠੰਡੀ ਠੰਡੀ ਵਾ ਦਿਆਂ ਲੋਰਿਆਂ 'ਚ ਆ ਕੇ ।
ਮੁੜ ਲੰਮੀ ਤਾਣਨੇ ਦੇ ਆਹਰਾਂ ਵਿਚ ਪਿਆ ਸੀ ।
ਹਾੜ ਦੀ ਦੁਪਹਿਰ ਸੀ ਤੇ ਸੌਣੇ ਵਾਲਾ ਅੰਗ ਲੱਗ ਰਿਹਾ ਸੀ ।
ਬਦਲ ਇੰਜ ਟਿੱਲੇ ਵੱਲੋਂ ਚੜ੍ਹ ਪਿਆ ਗੱਜਦਾ ।
ਜਿਵੇਂ ਬਾਲ ਨਾਥ ਕੋਲੋਂ,
ਰਾਂਝਾ ਜੋਗ ਲੈ ਕੇ ਤੇ ਨਾਦ ਵਜਾਂਦਾ ਆਵੇ ।
ਪਿੰਡੋਂ ਮੁਕਲੇਰਾ ਐਵੇਂ ਫਿਰਦਿਆਂ ਟੁਰਦਿਆਂ,
ਮੈਂ ਜਦੋਂ ਸੇਮ ਵਾਲੇ ਨਾਲੇ ਉੱਤੇ ਪੁੱਜਿਆ ।
ਬਗਲੇ ਕੀ ਤੱਕਨਾਂ ਜੇ ਅੰਤ ਸ਼ੁਮਾਰ ਨਹੀਂ ।
ਕਾਲੇ ਕਾਲੇ ਬੱਦਲਾਂ ਦੇ ਅੱਗੇ ਪਏ ਉੱਡਦੇ ।
ਚਿੱਟੇ ਚਿੱਟੇ ਖੰਭਾਂ ਨਾਲ ਕਿੱਡੇ ਸੋਹਣੇ ਲੱਗਦੇ ।
ਪੋਲੀ ਪੈਰੀਂ 'ਵਾ ਪਈ ਪਾਣੀਆਂ ਨੂੰ ਲੰਘਦੀ ।
ਬੰਨਿਆਂ ਤੇ ਉਗਿਆਂ ਬਰੂਟਿਆਂ ਨੂੰ ਸੁੰਘਦੀ ।

ਮੱਛੀਆਂ ਪਤਾਲ ਵਿਚੋਂ ਓਸ ਦੀ ਉਮੀਦ ਤੇ ।
ਇੰਜ ਉਤਾਂਹ ਆਉਂਦੀਆਂ ਤੇ ਸਾਹ ਪਈਆਂ ਲੈਂਦੀਆਂ ।
ਚਿੱਕ ਪਿੱਛੋਂ ਜਿਵੇਂ ਨਾਰਾਂ ਹੋਣ ਪਈਆਂ ਵਿੰਹਦੀਆਂ ।
ਫਿੱਟੇ ਹੋਏ ਪਿੰਡ ਦੇ ਮੁੰਡੇ ਨੇ ਵਾਂਗ ਬਗਲੇ ।
ਸਿੱਧੜ ਅਭੋਲ ਜਹੀਆਂ ਮੱਛੀਆਂ ਨੂੰ ਤਾੜਦੇ ।
ਕਦੇ ਏਸ ਦੰਦੇ ਕਦੇ ਉਸ ਪਏ ਜਾਂਦੇ ਨੇ ।
ਆਦਮੀ ਖ਼ਿਆਲ ਦੀ ਨਿਆਈਂ ਏਂ,
ਸੋਚ ਦੀ ਮੁਹਾਰ ਇਕ ਹੋਰ ਪਾਸੇ ਮੁੜ ਗਈ ।
ਕੇਹੀ ਰਾਸਧਾਰੀਏ ਨੇ ਰਾਸ ਰਚਾਈ ਏ ।
ਆਪਣਾ ਈ ਬੱਕਰਾ ਤੇ ਆਪ ਈ ਕਸਾਈ ਏ ।
ਪਾਣੀਆਂ ਤੋਂ ਆਪ ਕਿਤੇ ਸੇਮ ਬਣਾਂਦਾ ਏ ।
ਫੇਰ ਓਸ ਸੇਮ ਵਿਚ ਮੱਛੀਆਂ ਤਰਾਂਦਾ ਏ ।
ਏਸ ਤਰ੍ਹਾਂ ਬਗਲੇ ਨੂੰ ਰਿਜ਼ਕ ਪੁਚਾਂਦਾ ਏ ।
ਬੱਗਲੇ ਵੀ ਤੇਰੇ ਨੇ ਤੇ ਮੱਛੀਆਂ ਵੀ ਤੇਰੀਆਂ ।
ਖੇਡਾਂ ਨੇ ਇਹ ਰੱਬਾ ! ਸਾਡੀ ਸੋਚ ਤੋਂ ਉਚੇਰੀਆਂ ।

35. ਉਸੇ ਪਿੰਡ ਕੋਲੋਂ

ਅੱਜ ਉਸ ਪਿੰਡ ਦੇ ਮੈਂ ਕੋਲੋਂ ਲੰਘ ਚੱਲਿਆਂ ।
ਜਿਥੋਂ ਕਦੇ ਹਿੱਲਣੇ ਤੋਂ ਦਿਲ ਨਹੀਂ ਸੀ ਕਰਦਾ ।
ਜਿਥੇ ਮੈਨੂੰ ਨਿੱਤ ਪਿਆ ਰਹਿੰਦਾ ਕੋਈ ਕੰਮ ਸੀ ।
ਕੰਮ ਕੀ ਸੀ, ਸੱਚੀ ਗੱਲ ਏ ਜਿਥੇ ਤੇਰਾ ਦੰਮ ਸੀ ।
ਤੇਰੇ ਦੰਮ ਨਾਲ ਪਿੰਡ ਹੱਜ ਵਾਲੀ ਥਾਂ ਸੀ ।
ਕਿੱਡਾ ਸੋਹਣਾ ਨਾਂ ਸੀ,
ਉਹਦਾ ਨਾਂ ਸੁਣ ਕੇ ਤੇ ਜਾਨ ਪੈ ਜਾਂਦੀ ਸੀ ।
ਦੀਦ ਉਹਦੀ ਅੱਖੀਆਂ ਨੂੰ ਠੰਡ ਅਪੜਾਂਦੀ ਸੀ ।
ਦੂਰੋਂ ਰੁੱਖ ਤੱਕ ਕੇ ਥਕੇਵੇਂ ਲਹਿ ਜਾਂਦੇ ਸਨ ।
ਬਾਹੀਂ ਮਾਰ ਮਾਰ ਕੇ ਉਹ ਇੰਜ ਪਏ ਬੁਲਾਂਦੇ ਸਨ ।
ਸੁਰਗ ਦਾ ਸੁਆਦ ਆਵੇ ਉਹਨਾਂ ਹੇਠ ਖਲਿਆਂ ।
ਅੱਜ ਜਿਨ੍ਹਾਂ ਰੁੱਖਾਂ ਦੇ ਮੈਂ ਕੋਲੋਂ ਲੰਘ ਚੱਲਿਆਂ ।

ਅੱਜ ਮੇਰੇ ਪੈਰਾਂ ਨੂੰ ਨਾ ਖਿੱਚ ਕੋਈ ਹੋਂਦੀ ਏ ।
ਪਿੰਡ ਵੱਲੋਂ ਆਈ 'ਵਾ ਪਿੰਡੇ ਨੂੰ ਨਾ ਪੋਂਹਦੀ ਏ ।
ਕਿਸੇ ਦਿਆਂ ਚਾਵਾਂ ਮੇਰਾ ਰਾਹ ਨਹੀਂ ਡੱਕਿਆ ।
ਕੋਠੇ ਉੱਤੇ ਚੜ੍ਹ ਕੇ ਤੇ ਕਿਸੇ ਨਹੀਂ ਤੱਕਿਆ ।
ਕਿੱਕਰਾਂ ਦੇ ਓਲ੍ਹੇ ਹੋ ਕੇ ਸਭ ਤੋਂ ਇਕੱਲਿਆਂ ।
ਅੱਜ ਇੰਝ ਪਿੰਡ ਦੇ ਮੈਂ ਕੋਲੋਂ ਲੰਘ ਚੱਲਿਆਂ ।
ਜਿਵੇਂ ਕੋਈ ਕਿਸੇ ਗੁਸਤਾਨ ਕੋਲੋਂ ਲੰਘਦਾ ।

36. ਤੈਨੂੰ ਯਾਦ ਕਰਾਂ

ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਠੰਡੀ ਠੰਡੀ ਫ਼ਜਰ ਦੀ 'ਵਾ ਜਦੋਂ ਵਗਦੀ ।
ਰਾਤ ਵੀ ਤ੍ਰੇਲ ਵਿਚ ਭਿੱਜੀ ਹੋਈ ਲਗਦੀ ।
ਚੰਨ ਨਿੰਮ੍ਹਾ ਹੋ ਜਾਵੇ ।
ਫਿੱਕੀ ਪੈ ਜਾਵੇ ਜਦੋਂ ਤਾਰਿਆਂ ਦੀ ਛਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਕਿਸੇ ਨੂੰ ਨਾ ਦੱਸਿਆ, ਮੈਂ ਤੈਨੂੰ ਵੀ ਨਾ ਦੱਸਿਆ ।
ਜਿਹੜਿਆਂ ਮੈਂ ਖੋਭਿਆਂ ਤੇ ਜਿਲ੍ਹਣਾਂ 'ਚ ਫੱਸਿਆ ।
ਤੇਰੀ ਆਬਰੂ ਵਾਸਤੇ ।
ਹੋਠਾਂ ਉੱਤੇ ਆਇਆ ਹੋਇਆ ਨਾਂ ਪਰਤਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਅੱਜ ਤਾਈਂ ਦਿਲ ਦੇ ਵੀ ਨਾਲ ਨਹੀਂ ਕੀਤੀਆਂ ।
ਜੋ ਜੋ ਪਈਆਂ ਬੀਤੀਆਂ ।
ਘੁੱਟ ਘੁੱਟ ਰੱਖੀਆਂ ਤੇ ਵਿਚੋ ਵਿਚ ਪੀਤੀਆਂ ।
ਹੌਸਲਾ ਨਾ ਪੈਂਦਾ ਏ ਜੋ ਕਿਸੇ ਨੂੰ ਸੁਣਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਸੌੜ ਖਾ ਕੇ ਕਦੇ ਹੋ ਕੇ ਡਾਢਾ ਮਜਬੂਰ ਮੈਂ ।
ਕੀਤਾ ਏ ਤੇ ਏਨਾ ਪਿਆ ਕੀਤਾ ਏ ਜ਼ਰੂਰ ਮੈਂ ।
ਓਲ੍ਹੇ ਇਕਲਵਾਂਝੇ ਹੋ ਕੇ ਸਭਨਾਂ ਤੋਂ ਦੂਰ ਮੈਂ ।
ਕਾਗ਼ਜ਼ ਤੇ ਨਾਂ ਤੇਰਾ ਲਿਖ ਕੇ ਤੇ ਚੁੰਮ ਲਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਰੱਬ ਬਿਨਾਂ ਕਦ ਕਿਸੇ ਦਿਲ ਦੀਆਂ ਬੁੱਝੀਆਂ ।
ਬੁੱਝੇ ਮੁੜ ਕਿਵੇਂ ਕੋਈ ਮੇਰੀਆਂ ਇਹ ਗੁੱਝੀਆਂ ।
ਰੋ ਰੋ ਜਿਦ੍ਹੀ ਯਾਦ ਵਿਚ ਅੱਖੀਆਂ ਨੇ ਸੁੱਜੀਆਂ ।
ਸਮਝ ਨਾ ਆਵੇ ਉਹਨੂੰ ਕੀਕਣ ਜਤਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

37. ਗੀਤ-ਬਖ਼ਤ ਨਾ ਵਿਕਦੇ ਮੁਲ ਵੇ

ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ ।
ਕਦੇ ਬਖ਼ਤ ਨਾ ਵਿਕਦੇ ਮੁੱਲ ਵੇ ।

ਲੈਂਦੇ ਨਾ ਖ਼ਰੀਦ ? ਪਰ ਜੀਵੇਂ ਹਾਣੀਆਂ ।
ਕਰੀਏ ਤੇ ਕਰੀਏ, ਕੀ ਵੇ ਹਾਣੀਆਂ ।
ਕਰਨ ਨਾ ਦਿੰਦੇ ਉੱਚੀ ਸੀ ਵੇ ਹਾਣੀਆਂ ।
ਹੰਝੂ ਚੰਦਰੇ ਨੇ ਪੈਂਦੇ ਡੁੱਲ੍ਹ ਵੇ ।
ਕਿਤੇ ਬਖ਼ਤ ਨਾ ਵਿਕਦੇ ਮੁਲ ਵੇ ।

ਹੱਥ ਆਪਣੇ 'ਚ ਆਪਣੀ ਡੋਰ ਨਹੀਂ ।
ਜਿਹਦੇ ਹੱਥ ਵਿਚ, ਉਸ ਤੇ ਜ਼ੋਰ ਨਹੀਂ ।
ਲਿਖੀ ਧੁਰ ਦੀ ਤੇ ਹੋਂਦੀ ਹੋਰ ਨਹੀਂ ।
ਲੱਖ ਹਫ਼ੀਏ ਪਏ ਘੁਲ ਘੁਲ ਹਾਣੀਆਂ ।
ਰੰਗਾ ਰੰਗ ਨੇ ਕਪਾਹ ਦੇ ਫੁੱਲ ਹਾਣੀਆਂ।

ਮਿੱਟੀ ਢੋਈ ਕਿਸੇ ਚੱਕ ਫੇਰੇ ।
ਕਿਸੇ ਵਗ ਸਿਆਲਾਂ ਦੇ ਛੇੜੇ ।
ਜਦੋਂ ਬਖ਼ਤ ਨਾ ਹੋਣ ਚੰਗੇਰੇ ।
ਰਾਹ ਨੀਲੀਆਂ ਜਾਂਦੀਆਂ ਭੁੱਲ ਵੇ ।
ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ ।
ਕਦੇ ਬਖ਼ਤ ਨਾ ਵਿਕਦੇ ਮੁੱਲ ਵੇ ।

38. ਪਾਣੀ ਭਰਨ ਪਨਿਹਾਰੀਆਂ

ਪਾਣੀ ਭਰਨ ਪਨਿਹਾਰੀਆਂ, ਤੇ ਵੰਨੋ ਵੰਨ ਘੜੇ ।
ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ ।

ਉਹਾ ਲੱਜ ਚਰੱਕਲੀ ਉਹੋ ਖੂਹ ਦਾ ਘੇਰ ।
ਇਕ ਭੰਨੇ ਇਕ ਭਰ ਲਏ, ਇਹ ਲੇਖਾਂ ਦੇ ਫੇਰ ।

ਲੇਖਾਂ ਦੀ ਇਹ ਖੇਡ ਹੈ, ਜਦੋਂ ਇਹ ਦਿੰਦੇ ਹਾਰ ।
ਲੱਖਾਂ ਸੁਘੜ ਸਿਆਣੀਆਂ, ਭੰਨਣ ਅੱਧ ਵਿਚਕਾਰ ।

ਬੁਘਨੇ ਘੁੱਟ ਘੁੱਟ ਬੰਨ੍ਹੀਆਂ, ਤੇ ਨਵੀਂ ਲਿਆਈਆਂ ਲੱਜ ।
ਜਿਸ ਦਾ ਭੱਜਣਾ ਲਿਖਿਆ, ਉਸ ਦਾ ਜਾਣਾ ਭੱਜ ।

ਉਸ ਦੀ ਢਾਕ ਅੱਜ ਸੱਖਣੀ, ਜਿਸ ਨੇ ਭਰਿਆ ਕੱਲ੍ਹ ।
ਅੱਜ ਉਹ ਮੂਰਖ ਹੋ ਗਈ, ਕੱਲ੍ਹ ਜਿਸ ਨੂੰ ਸੀ ਵੱਲ ।

ਤੱਕਿਆ ਮਾਣ ਕਰੇਂਦੀਆਂ, (ਅਸਾਂ) ਘਾਗੇ ਹੱਥ ਫੜੇ ।
ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ ।