Punjabi Kafian Isar
ਪੰਜਾਬੀ ਕਾਫ਼ੀਆਂ ਈਸਰ
1
ਸਭ ਦਿਨ ਨ ਇਕੋ ਜੇਹੜੇ,
ਵੰਞ ਪੁਛੋ ਤੁਸੀ ਬੇਦਿ ਸਨੇਹੜੇ ।੧।ਰਹਾਉ।
ਕਦੀ ਦਿਸਨਿ ਨਦੀਆਂ ਵਹਿੰਦੀਆਂ,
ਕਦੀ ਭਰਿ ਭਰਿ ਨੀਰ ਗਰਜਦੀਆਂ,
ਕਦੀ ਦਿਸਨ ਰੇਤੂ ਰਹਿੰਦੀਆਂ ।੧।
ਕਦੀ ਦਿਸਨ ਬਿਰਖ ਸੁਹਾਵਣੇ,
ਕਦੀ ਲੈ ਫਲ ਫੂਲ ਝੁਲਾਵਣੇ,
ਕਦੀ ਪਤ੍ਰਾਂ ਦੇ ਬਾਝ ਡਰਾਵਣੇ ।੨।
ਕਦੀ ਫੁਲਪਾਨ ਨਹੀਂ ਭਾਂਵਦੇ,
ਕਦੀ ਗਲੀਏ ਤੁਰੰਗ ਨਚਾਂਵਦੇ,
ਕਦੀ ਦਰਿ ਦਰਿ ਭਿਖ ਨ ਪਾਂਵਦੇ ।੩।
ਕਦੀ ਤੇਰਾ ਸੁੰਦਰ ਰੂਪ ਰਸਾਲ ਹੈ,
ਕਦੀ ਗਜ ਗੱਯਰ ਕੀ ਚਾਲ ਹੈ,
ਕਦੀ ਈਸਰ ਬਿਰਦੁ ਹਵਾਲ ਹੈ ।੪।
(ਰਾਗ ਬਸੰਤੁ)
(ਰੇਤੂ=ਨਿਰਾ ਰੇਤਾ,ਪਾਣੀ ਬਿਨਾਂ,
ਤੁਰੰਗ=ਘੋੜੇ, ਗਜ ਗੱਯਰ=ਮਸਤ ਹਾਥੀ)
2
ਮਾਇਆ ਛੋਡੇ ਤਾਂ ਤੂੰ ਛੁਟਿ ਪਵੇਂ,
ਕਿਉਂ ਜਨਮ ਜਨਮ ਕੇ ਦੁਖ ਸਹੇਂ ।੧।ਰਹਾਉ।
ਫਲ ਨਲਿਨੀ ਊਪਰਿ ਰਾਖਿਆ,
ਉਨ ਸੂਏ ਨਹੀਂ ਪਰਾਖਿਆ,
ਫਿਰਿ ਨਲਨੀ ਗਈ ਤ ਉਲਟਿ ਪਿਆ,
ਖੰਭ ਖੁੱਥੇ ਪਿੰਜਰ ਮੈ ਪਇਆ ।੧।
ਭਰਿ ਮਰਕਟ ਮੁਸਟਿ ਅਨਾਜ ਕੀ,
ਉਨ ਮੂਰਖ ਚਿੱਤ ਨ ਲਾਜ ਕੀ,
ਮੁਠਿ ਛੋਡਿ ਨਾ ਆਪ ਛੁਡਾਇਓ,
ਗਲ ਰਸੜੀ ਪਾਇ ਚਲਾਇਓ ।੨।
ਸਿੰਘ ਅਜਾ ਦੇਖ ਲੁਭਾਇਆ,
ਉਨ ਕਰਕਸ ਆਪ ਬੰਧਾਇਆ,
ਬਨ ਜੂਹ ਸੁਹਾਵੀ ਛੋਡਿ ਕਰ,
ਕਿਉਂ ਫਾਥੋਂ ਮੂੜਿਆ ਆਇ ਕਰ ।੩।
ਜਨ ਈਸਰ ਕੀਟ ਬਿਚਾਰ ਕਹੇ,
ਪੰਡ ਛੋਡ ਜਗਾਤ ਨ ਕੋਇ ਲਹੇ,
ਪੰਡ ਛੋਡੀ ਤਿਨ ਸੁਖ ਪਾਇਆ,
ਨਿਜ ਪਦੁ ਜਾਇ ਸਮਝਾਇਆ ।੪।
(ਰਾਗ ਬਸੰਤੁ)
(ਨਲਨੀ=ਪੰਛੀ ਫੜਨ ਦੀ ਇਕ ਫਾਹੀ,
ਸੂਏ=ਤੋਤੇ ਨੇ, ਪਰਾਖਿਆ=ਵੇਖਿਆ, ਖੁੱਥੇ=
ਤੋੜੇ ਗਏ, ਮਰਕਟ=ਬਾਂਦਰ, ਮੁਸਟਿ=ਮੁੱਠੀ
ਸਿੰਘ=ਸ਼ੇਰ, ਅਜਾ=ਬੱਕਰਾ, ਕਰਕਸ=ਜਾਲ,
ਜਗਾਤ=ਟੈਕਸ)