Irshad Khokhar
ਇਰਸ਼ਾਦ ਖੋਖਰ

ਨਾਂ-ਇਰਸ਼ਾਦ ਖੋਖਰ, ਕਲਮੀ ਨਾਂ-ਇਰਸ਼ਾਦ,
ਪਿਤਾ ਦਾ ਨਾਂ-ਪਿਆਰਾ ਮਸੀਹ ਖੋਖਰ
ਜਨਮ ਸਥਾਨ-ਖਾਲਾ ਸ਼ਾਹ ਕਾਕੂ, ਜ਼ਿਲਾ ਸ਼ੇਖ਼ੂਪੁਰਾ,
ਵਿਦਿਆ-ਦਸਵੀਂ, ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ, ਦਿਲ ਦੀ ਬਿਨਤੀ (ਪੰਜਾਬੀ ਸ਼ਾਇਰੀ),
ਹਾਸੇ ਹਾਸੇ ਵਿਚ-(ਮਜ਼ਾਹੀਆ ਸ਼ਾਇਰੀ), ਪਤਾ-ਲਾਹੌਰ ਕਾਲਜ ਯੂਨੀਵਰਸਿਟੀ, ਸ਼ਾਦਮਾਨ, ਲਾਹੌਰ ।

ਪੰਜਾਬੀ ਗ਼ਜ਼ਲਾਂ (ਦਿਲ ਦੀ ਬਿਨਤੀ 2008 ਵਿੱਚੋਂ) : ਇਰਸ਼ਾਦ ਖੋਖਰ

Punjabi Ghazlan (Dil Di Binati 2008) : Irshad Khokhar



ਇਕ-ਦੂਜੇ ਤੋਂ ਅਸੀਂ ਉਕਤਾਈ ਜਾਨੇਆਂ

ਇਕ-ਦੂਜੇ ਤੋਂ ਅਸੀਂ ਉਕਤਾਈ ਜਾਨੇਆਂ । ਇਕ-ਦੂਜੇ ਨੂੰ ਵਾਅ ਵੀ ਲਾਈ ਜਾਨੇਆਂ । ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀ ਏ, ਅਪਣਿਆਂ ਉੱਤੇ ਬੰਬ ਚਲਾਈ ਜਾਨੇਆਂ । ਗ਼ੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿਚ ਰਹਿ ਕੇ, ਮਾਂ ਬੋਲੀ ਨੂੰ ਆਪ ਭੁਲਾਈ ਜਾਨੇਆਂ । ਜਿਹੜਾ ਇੱਕ ਨਜ਼ਰ ਵੀ ਸਾਨੂੰ ਦੇਖੇ ਨਾ, ਉਹਦੀ ਰਾਹ ਵਿਚ ਨੈਣ ਵਿਛਾਈ ਜਾਨੇਆਂ । ਨਫ਼ਰਤ ਜਿੰਨੀ ਬਹੁਤੀ ਹੁਣ ਉਹ ਕਰਦਾ ਏ, ਅਸੀਂ ਵੀ ਬਹੁਤਾ ਪਿਆਰ ਵਧਾਈ ਜਾਨੇਆਂ । ਏਸ ਕਲਹਿਣੀ ਦੌਲਤ ਲਈ 'ਇਰਸ਼ਾਦ' ਅਸੀਂ, ਲਹੂ ਦੇ ਰਿਸ਼ਤੇ ਸਭ ਮੁਕਾਈ ਜਾਨੇਆਂ ।

ਲਾਲ ਤੋਂ ਚਿੱਟੇ ਹੋਏ ਨੇ

ਲਾਲ ਤੋਂ ਚਿੱਟੇ ਹੋਏ ਨੇ ਅਜ-ਕਲ ਲਹੂ ਭਰਾਵਾਂ ਦੇ । ਦੁਨੀਆਂ ਦਾਰੀ ਸੀਨੇ ਲਾਉਂਦੇ ਰਹਿ ਗਏ ਰਿਸ਼ਤੇ ਨਾਵਾਂ ਦੇ । ਬੀਵੀ ਤੇ ਬੱਚਿਆਂ ਦੀ ਖ਼ਾਤਰ ਇਕ ਦੂਜੇ ਨੂੰ ਮਾਰਣ ਪਏ, ਗ਼ੈਰਾਂ ਤੋਂ ਵੀ ਗ਼ੈਰ ਹੋਏ ਨੇ ਪੁੱਤਰ ਸਕੀਆਂ ਮਾਵਾਂ ਦੇ । ਭੈਂਣ ਭਰਾ ਦਾ ਪਿਆਰ ਮੁਕਾ ਕੇ ਬਣੇ ਨੇ ਦੁਸ਼ਮਣ ਜਾਨਾਂ ਦੇ, ਗਜ਼ ਗਜ਼ ਥਾਂ ਦੀ ਖ਼ਾਤਰ ਯਾਰੋ ਭੁੱਲਣ ਰਿਸ਼ਤੇ ਸਾਹਵਾਂ ਦੇ । ਆਪਸ ਦੇ ਵਿਚ ਲੜ-ਲੜ ਐਵੇਂ ਕੱਖੋਂ ਹੌਲੇ ਹੋ ਗਏ ਆਂ, ਕੱਲ੍ਹ ਤੱਕ ਜਿਹੜੇ ਥੰਮ ਸਨ ਯਾਰੋ ਇਕ ਦੂਜੇ ਦੀਆਂ ਬਾਹਵਾਂ ਦੇ । ਇਕ ਦੂਜੇ ਦੀਆਂ ਖ਼ੈਰਾਂ ਜਿਹੜੇ ਰੱਬ ਸੱਚੇ ਤੋਂ ਮੰਗਦੇ ਸਨ, ਰੋੜੇ ਬਣ ਗਏ ਨੇ 'ਇਰਸ਼ਾਦ'ਉਹ ਇਕ ਦੂਜੇ ਦੀਆਂ ਰਾਹਵਾਂ ਦੇ ।

ਹਾਲ ਕੁਚੱਜੇ ਬੰਦੇ ਨੂੰ ਵੀ

ਹਾਲ ਕੁਚੱਜੇ ਬੰਦੇ ਨੂੰ ਵੀ ਕੰਜਰਾਂ ਵਾਂਗ ਨਚਾਂਦੇ ਨੇ । ਕੰਮ ਜਿਹੜਾ ਨਹੀਂ ਕਰਨਾ ਚਾਹੁੰਦਾ ਉਹ ਵੀ ਕੰਮ ਕਰਾਂਦੇ ਨੇ । ਵੇਲੇ ਉੱਤੇ ਜ਼ੋਰ ਨਾ ਚੱਲੇ ਵੱਡੇ ਵੱਡੇ ਬੰਦਿਆਂ ਦਾ, ਸ਼ੇਰਾਂ ਨੂੰ ਵੀ ਵੇਲੇ ਅਜ-ਕੱਲ ਬਕਰੀਆਂ ਨਾਲ ਬਿਠਾਂਦੇ ਨੇ । ਸੱਪ ਦਾ ਡੰਗਿਆ ਬਚ ਜਾਵੇ ਹਾਲਾਤ ਦਾ ਡੰਗਿਆ ਮੁਸ਼ਕਿਲ ਏ, ਦੁਨੀਆਂ ਤੇ ਫਿਰਦੇ ਬੰਦੇ ਨੂੰ ਕਬਰਾਂ ਵਿਚ ਲੈ ਜਾਂਦੇ ਨੇ । ਰੱਬ ਕਿਸੇ ਵੈਰੀ ਨੂੰ ਵੀ ਹੁਣ ਭੁੱਖਾਂ ਦੇ ਵਸ ਪਾਵੇ ਨਾ, ਭੁੱਖੇ ਬੱਚੇ ਰੋਂਦੇ ਦੇਖ ਕੇ ਮਾਪੇ ਜ਼ਹਿਰ ਵੀ ਖਾਂਦੇ ਨੇ । ਦੁਨੀਆਂ ਦਾਰੀ ਛੱਡ ਕੇ ਜਿਹੜੇ ਕਰਦੇ ਕੰਮ ਭਲਾਈਆਂ ਦੇ, ਜੰਨਤ ਵਿਚ 'ਇਰਸ਼ਾਦ' ਉਹ ਲੋਕੀ ਆਪਣਾ ਘਰ ਬਣਾਂਦੇ ਨੇ ।

ਜ਼ੁਲਮ ਤੇ ਜ਼ੁਲਮ ਈ ਹੋਈ ਜਾਂਦੈ

ਜ਼ੁਲਮ ਤੇ ਜ਼ੁਲਮ ਈ ਹੋਈ ਜਾਂਦੈ । ਹਰ ਬੰਦਾ ਈ ਰੋਈ ਜਾਂਦੈ । ਵੇਖ ਲਵੋ ਜੀ ਮਾੜੇ ਕੋਲੋਂ, ਤਕੜਾ ਖ਼ੁਸ਼ੀਆਂ ਖੋਈ ਜਾਂਦੈ । ਬਾਗ਼ਾਂ ਵਿਚ ਉਦਾਸੀ ਛਾਈ, ਮਾਲੀ ਫੁੱਲ ਮਧੋਈ ਜਾਂਦੈ । ਥਾਂ-ਥਾਂ ਡਾਕੇ ਵੱਜਦੇ ਪਏ ਨੇ, ਸਾਡਾ ਹਾਕਮ ਸੋਈ ਜਾਂਦੈ । ਵੇਖ ਕੇ ਮੇਰੀ ਪਤਲੀ ਹਾਲਤ, ਯਾਰ ਵੀ ਬੂਹਾ ਢੋਈ ਜਾਂਦੈ । ਉਹ ਭੋਰਾ ਵੀ ਤਰਸ ਨਹੀਂ ਕਰਦਾ, ਬੱਕਰੇ ਵਾਂਗੂੰ ਕੋਹੀ ਜਾਂਦੈ । ਮੈਂ ਪਿਆਰਾਂ ਦੇ ਬੂਟੇ ਲਾਵਾਂ, ਉਹ ਨਫ਼ਰਤ ਹੀ ਬੋਈ ਜਾਂਦੈ । ਝੂਠ ਇਰਸ਼ਾਦ ਅੱਜ ਸਾਰੇ ਬੋਲਣ, ਸੱਚ ਦੁਨੀਆ ਤੇ ਮੋਈ ਜਾਂਦੈ ।

ਜੀਣ ਦਾ ਹੁਨਰ ਸਿਖਾਦੇ ਯਾਰਾ

ਜੀਣ ਦਾ ਹੁਨਰ ਸਿਖਾਦੇ ਯਾਰਾ । ਸੁੱਤੀ ਨਬਜ਼ ਚਲਾਦੇ ਯਾਰਾ । ਸੁੱਤੇ ਲੇਖ ਵੀ ਜਾਗਣ ਮੇਰੇ, ਦਿਲ ਦੀ ਝੋਲੀ ਪਾਦੇ ਯਾਰਾ । ਆਪਣੇ ਨਖ਼ਰੇ ਨਾਜ਼ ਦੇ ਪਾਰੋਂ, ਉਜੜੀ ਸੇਜ ਸਜਾਦੇ ਯਾਰਾ । ਦਿਲ ਦੇ ਖ਼ਾਲੀ ਗਮਲੇ ਅੰਦਰ, ਸੋਹਣੇ ਫੁੱਲ ਉਗਾਦੇ ਯਾਰਾ । ਬਹਿ ਕੇ ਨੇੜੇ ਦੋ ਘੜੀਆਂ ਤੱਕ, ਪੂਰੀ ਗ਼ਜ਼ਲ ਕਰਾਦੇ ਯਾਰਾ । ਸੀਨੇ ਨਾਲ 'ਇਰਸ਼ਾਦ' ਨੂੰ ਲਾ ਕੇ, ਜਿੰਦ ਦੇ ਰੋਗ ਮੁਕਾਦੇ ਯਾਰਾ ।

ਜ਼ੁਲਮਾਂ ਨਾਲ ਟਕਰਾਣਾ ਸਿੱਖ

ਜ਼ੁਲਮਾਂ ਨਾਲ ਟਕਰਾਣਾ ਸਿੱਖ । ਆਪਣੀ ਜਾਨ ਬਚਾਣਾ ਸਿੱਖ । ਯਾਰ ਹਿਆਤੀ ਚਾਰ ਦਿਹਾੜੇ, ਕੰਮ ਕਿਸੇ ਦੇ ਆਣਾ ਸਿੱਖ । ਦਿਲ ਚੋਂ ਨਫ਼ਰਤ ਕੱਢ ਕੇ ਸਾਰੀ, ਦਿਲ ਵਿਚ ਪਿਆਰ ਵਸਾਣਾ ਸਿੱਖ । ਦੁੱਖਾਂ ਕੋਲੋਂ ਬਚਣਾ ਜੇ ਤੂੰ, ਹੱਕ-ਹਲਾਲੀ ਖਾਣਾ ਸਿੱਖ । ਜੰਨਤ ਵਿਚ ਘਰ ਮਿਲ ਜਾਵੇਗਾ, ਵਿਛੜੇ ਲੋਕ ਮਿਲਾਣਾ ਸਿੱਖ । ਜਿੰਦ ਕੱਲਿਆਂ 'ਇਰਸ਼ਾਦ' ਨਾ ਲੰਘੇ, ਰੁੱਸਿਆ ਯਾਰ ਮਨਾਣਾ ਸਿੱਖ ।