Iqbal Zakhmi
ਇਕਬਾਲ 'ਜ਼ਖ਼ਮੀ'

ਨਾਂ-ਮੀਆਂ ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਜ਼ਖ਼ਮੀ,
ਪਿਤਾ ਦਾ ਨਾਂਮੀਆਂ ਫ਼ਜ਼ਲ ਦੀਨ,
ਜਨਮ ਤਾਰੀਖ਼-10 ਸਤੰਬਰ 1941,
ਜਨਮ ਸਥਾਨ-ਮੱਲਾਂ ਵਾਲਾ ਜ਼ਿਲਾ ਫ਼ੀਰੋਜ਼ਪੁਰ,
ਵਿਦਿਆ-ਐਮ. ਏ. ਬੀ. ਐਡ., ਕਿੱਤਾ-ਸੇਵਾ ਮੁਕਤ ਅਧਿਆਪਕ,
ਛਪੀਆਂ ਕਿਤਾਬਾਂ, ਵੰਝਲੀ (ਪੰਜਾਬੀ ਸ਼ਾਇਰੀ), ਲੋਏ ਲੋਏ (ਪੰਜਾਬੀ ਸ਼ਾਇਰੀ), ਧੁੱਪ ਛਾਂ (ਪੰਜਾਬੀ ਸ਼ਾਇਰੀ), ਚੰਨ ਦੇ ਮਹਿਲ ਪਿਛੋਕੜ (ਪੰਜਾਬੀ ਸ਼ਾਇਰੀ),
ਪਤਾ-ਅਦਾਰਾ ਪੰਜਾਬੀ ਲਿਖਾਰੀਆਂ, ਜੀਆ ਮੂਸਾ, ਸ਼ਾਹਦਰਾ, ਲਾਹੌਰ ।

ਪੰਜਾਬੀ ਗ਼ਜ਼ਲਾਂ (ਚੰਨ ਦੇ ਮਹਿਲ ਪਿਛੋਕੜ 1991 ਵਿੱਚੋਂ) : ਇਕਬਾਲ 'ਜ਼ਖ਼ਮੀ'

Punjabi Ghazlan (Chann De Mehal Pichhokar 1991) : Iqbal Zakhmi



ਹੁਣ ਤੇ ਲੱਜ ਨਹੀਂ ਪਾਲੀ ਜਾਂਦੀ

ਹੁਣ ਤੇ ਲੱਜ ਨਹੀਂ ਪਾਲੀ ਜਾਂਦੀ, ਕੀਤੇ ਕੌਲ ਕਰਾਰਾਂ ਦੀ । ਅਫ਼ਰਾ-ਤਫ਼ਰੀ ਦੇ ਇਸ ਦੌਰ 'ਚ, ਨਿਭ ਨਹੀਂ ਸਕਦੀ ਯਾਰਾਂ ਦੀ । ਦੱਸੋ ਲੋਕੋ! ਦੁਨੀਆ ਦਾ ਜੇ ਅਮਨ, ਤਬਾਹ ਨਹੀਂ ਹੁੰਦਾ ਪਿਆ, ਕਿਉਂ ਮੁੜ ਲਹੂ ਨਾਲ ਲਿੱਖੀ ਜਾਪੇ, ਸੁਰਖ਼ੀ ਅੱਜ ਅਖ਼ਬਾਰਾਂ ਦੀ । ਏਸ ਸਦੀ ਦੇ ਲੋਕਾਂ ਨੂੰ ਕੁੱਝ, ਇੰਜ ਮਜਬੂਰੀ ਡੰਗਿਆ ਏ ਰੋਂਦੇ ਹੈਨ ਫ਼ਰਿਸ਼ਤੇ ਦੇਖ ਕੇ, ਹਾਲਤ ਖ਼ੁਦਮੁਖ਼ਤਾਰਾਂ ਦੀ । ਅੱਜ ਵੀ ਹੀਰਾਂ ਲੁੱਟੀਆਂ ਜਾਵਣ, ਰਾਂਝੇ ਕੰਨ ਫੜਵਾਂਦੇ ਨੇ, ਅਦਲੀ ਰਾਜੇ ਕੀਮਤ ਨਹੀਂ ਅੱਜ ਪਾਉਂਦੇ ਕੂਕ-ਪੁਕਾਰਾਂ ਦੀ । ਜੋਬਨ ਉੱਤੇ ਰੱਤਾ ਨਹੀਂ ਤੇ, ਦਿਲ ਦੇ ਵਿਚ ਉਦਾਸੀ ਏ, ਮਰਨਿਉਂ! ਕੋਈ ਗੱਲ ਹੀ ਛੇੜੋ, ਸਾਕੀ ਦੀ ਮੈਖ਼ਾਰਾਂ ਦੀ । ਆਵਣ ਵਾਲਾ ਵੇਲਾ ਮੈਨੂੰ, ਹੋਰ ਵੀ ਔਖਾ ਦਿਸਦਾ ਏ, ਹਾਲੇ ਹੋਰ ਵੀ ਵਧਦੀ ਜਾਪੇ, 'ਜ਼ਖ਼ਮੀ' ਅੱਗ ਬਜ਼ਾਰਾਂ ਦੀ ।

ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ

ਪਿਆਰ-ਸ਼ਿਆਰਾਂ ਵਾਲੀ ਗੱਲ ਅੱਜ, ਹੋ ਗਈ ਬਹੁਤ ਪੁਰਾਣੀ । ਛੱਡ ਪਰੀਆਂ ਦੇ ਕਿੱਸੇ ਬੀਬਾ, ਛੂਹ ਕੋਈ ਨਵੀਂ ਕਹਾਣੀ । ਹੁਣ ਤੇ ਕੋਈ ਸੱਯਦਜ਼ਾਦੀ ਵੀ ਨਹੀਂ ਘੁੰਡ ਕਢੇਂਦੀ, ਹੁਣ ਤੇ ਕੰਮੀਆਂ ਨਾਲ ਪਈ ਨੱਚਦੀ, ਟੀ ਵੀ ਤੇ ਚੁਧਰਾਣੀ । ਛੱਡੋ, ਰੋਜ਼ ਈ ਆਉਂਦੇ ਰਹਿੰਦੇ, ਨਵੇਂ ਖ਼ਤੀਬ ਮਸੀਤੇ, ਦੱਸੋ ਕਿ ਅੱਜ ਵੀ. ਸੀ. ਆਰ ਤੇ, ਕਿਹੜੀ ਫ਼ਿਲਮ ਚਲਾਣੀ । ਹਮਦਰਦੀ ਦੇ ਫੋਕੇ ਬੋਲ ਵੀ, ਕੋਈ ਨਹੀਂ ਬੋਲ ਸੁਣਾਂਦਾ, ਬੰਦਿਆਂ ਵਿੱਚੋਂ ਸ਼ਫ਼ਕਤ ਮੁੱਕੀ, ਮੁਖ਼ਲਸ ਰਹੇ ਨਾ ਹਾਣੀ । ਓਸੇ ਬੂਟੇ ਦੇ ਕੰਡਿਆਂ ਨੇ, ਪਿੰਡਾ ਮੇਰਾ ਪੱਛਿਆ, ਮੈਂ ਜੀਹਨੂੰ ਪਰਵਾਨ ਚੜਾਇਆ, ਹੱਥੀਂ ਦੇ ਦੇ ਪਾਣੀ । ਕੰਨਾਂ ਵਿਚ ਹੁਣ ਰਸ ਨਾ ਘੋਲੇ, ਬੇਲੇ ਕੂਕਦੀ ਵੰਝਲੀ, ਹੁਣ ਤੇ ਦਿਲ ਪਰਚਾਵਣ ਦੇ ਲਈ, ਟੇਪ ਦੁਬਈਉਂ ਆਣੀ । ਇਕ ਵਾਰੀ ਤੇ ਵਿਚ ਸ਼ਰੀਕਾਂ, ਤਰਥੱਲੀ ਪਾ ਦੇਸਾਂ, ਭਾਂਡੇ ਵੇਚ ਕੇ 'ਜ਼ਖ਼ਮੀ' ਭਾਵੇਂ, ਪਵੇ ਕਿਤਾਬ ਛਪਾਣੀ ।

ਦਰ-ਦਰ ਤੋਂ ਠੁਕਰਾਇਆ ਹੋਇਆ

ਦਰ-ਦਰ ਤੋਂ ਠੁਕਰਾਇਆ ਹੋਇਆ, ਜੋ ਮੇਰੇ ਦਰ ਆਇਆ । ਉਹੋ ਦਰਦ ਈ ਤੇ ਹੈ ਮੇਰੇ, ਜੀਵਨ ਦਾ ਸਰਮਾਇਆ । ਰਮਲਿਆਂ ਵਾਂਗੂੰ ਰਾਤੀਂ ਵੀ ਸਨ, ਆਸਾਂ ਟੇਵੇ ਲਾਏ, ਕਿਸੇ ਵੀ ਆਕੇ ਮੇਰੇ ਘਰ ਦਾ, ਬੂਹਾ ਨਾ ਖੜਕਾਇਆ । ਮੇਰੀ ਬੇਵੱਸੀ ਨੂੰ ਦੇਖ ਫ਼ਰਿਸ਼ਤਿਆਂ ਦੇ 'ਪਰ' ਕੰਬੇ, ਐਨਾ ਕਿਉਂ ਮਜਬੂਰ ਏ ਜੀਹਨੂੰ, ਖ਼ੁਦਮੁਖ਼ਤਾਰ ਬਣਾਇਆ । ਮੈਨੂੰ ਵੀ ਤੇ ਚੜ੍ਹਣਾ ਪੈਣੈ, ਹੁਣ ਰੀਤਾਂ ਦੀ ਸੂਲੀ, ਪੱਥਰ ਜੱਗ ਦੀਆਂ ਪੱਥਰ ਰਸਮਾਂ, ਉਹਨੂੰ ਜਦ ਪਥਰਾਇਆ । ਮੇਰੀ ਆਸ ਦੇ ਸੁੱਤੇ ਬਾਲਕ, ਨੂੰ ਨਾ ਛੇੜੋ ਲੋਕੋ, ਮੈਂ ਤੇ ਅੱਗੇ ਈ ਮਰ-ਮਿਟ ਕੇ, ਸੱਧਰਾਂ ਨੂੰ ਵਰਚਾਇਆ । ਅੱਚਨ-ਚੇਤੀ ਅੱਜ ਸਵੇਰੇ ਉਹ ਮੇਰੇ ਘਰ ਆਏ, ਖ਼ਬਰੇ ਮੇਰੀਆਂ ਆਹਾਂ ਰਾਤੀਂ, ਰੱਬ ਦਾ ਅਰਸ਼ ਹਿਲਾਇਆ । ਮੇਰਾ ਨਾਂ ਵੀ 'ਜ਼ਖ਼ਮੀ' ਹੋਸੀਂ, ਉਦੋਂ ਉਹਨੇ ਦੱਸਿਆ, ਬਚਪਨ ਵਿਚ ਇਕ ਪਾਂਡੇ ਨੂੰ ਮੈਂ ਜਦ ਸੀ ਹੱਥ ਵਿਖਾਇਆ ।

ਸੋਚਣ ਵੇਲੇ ਕੁੱਝ ਨਾ ਸੋਚਿਆ

ਸੋਚਣ ਵੇਲੇ ਕੁੱਝ ਨਾ ਸੋਚਿਆ, ਹੁਣ ਕੀ ਸਾਈਆਂ ਸੋਚਾਂ । ਕੀ ਆਈਆਂ ਜੇ ਬੀਤੇ ਵੇਲੇ ਮੈਨੂੰ ਆਈਆਂ ਸੋਚਾਂ । ਕੋਕਾ ਕੋਲਾ ਪੀ ਪੀ ਕੇ ਵੀ ਦਿਲ ਦੀ ਡਾਂਝ ਨਾ ਲੱਥੀ, ਸਿਖ਼ਰ ਦੁਪਹਿਰ ਦੇ ਰਾਹੀ ਵਾਂਗੂੰ, ਨੇ ਤਿਰਹਾਈਆਂ ਸੋਚਾਂ । ਗ਼ਮ ਦੇ ਬੱਦਲ ਗੂਹੜੇ ਹੋ ਕੇ, ਆਏ ਬੰਨ੍ਹ ਘਟਾਵਾਂ, ਜਦ ਵੀ ਮੈਂ ਵੇਲੇ ਦੀ ਧੁੱਪੇ, ਸੁਕਣੀਆਂ ਪਾਈਆਂ ਸੋਚਾਂ । ਚੁਗ਼ਲੀ ਖ਼ੋਰੇ ਕਾਗ਼ਜ਼ ਉੱਤੋਂ, ਅੱਖਰ ਨਾ ਕੋਈ ਪੜ੍ਹ ਲਏ, ਵਾ-ਵਰੋਲਿਆਂ ਉੱਤੇ ਲਿਖ ਕੇ, ਮੈਂ ਅਪੜਾਈਆਂ ਸੋਚਾਂ । ਰਾਤੀਂ ਚਿੱਠੀਆਂ ਲਿਖ-ਲਿਖ ਕੇ ਤੇ, ਕਾਗ਼ਜ਼ ਕਾਲੇ ਕੀਤੇ, ਫ਼ਜਰੀਂ ਉੱਠ ਕੇ ਤੱਕਿਆ ਤੇ ਸੀ ਮੈਂ ਗ਼ਜ਼ਲਾਈਆਂ ਸੋਚਾਂ । ਮੈਂ ਸਾਂ ਕਮਲਾ, ਝੱਲਾ ਪਾਗਲ, ਸੁਰਤ ਵੰਜਾਈ ਫਿਰਦਾ, ਜੀਵੇ ਮੁਰਸ਼ਦ ਕਾਮਿਲ 'ਜ਼ਖ਼ਮੀ' ਜਿਸ ਰੁਸ਼ਨਾਈਆਂ ਸੋਚਾਂ ।

ਤੇਰੇ ਨੈਣਾਂ ਦੇ ਵਿਚ ਐਵੇਂ ਮੈਂ

ਤੇਰੇ ਨੈਣਾਂ ਦੇ ਵਿਚ ਐਵੇਂ ਮੈਂ ਆਪਣੀ ਜ਼ਿੰਦਗੀ ਡੋਬੀ । ਜਿਵੇਂ ਡੋਬੀ ਏ ਬੇੜੀ ਤੂੰ ਕਿਸੇ ਨਈਂ ਇੰਜ ਕਦੀ ਡੋਬੀ । ਨਾ ਛੱਡਿਆ ਦੁਨੀਆ ਜੋਗਾ ਨਾ ਛੱਡਿਆ ਦੀਨ ਦੇ ਕਾਬਿਲ, ਓ ਬੁੱਤਾ! ਕੀ ਕਹਾਂ ਤੈਨੂੰ ਤੂੰ ਮੇਰੀ ਬੰਦਗੀ ਡੋਬੀ । ਸਗੋਂ ਕੁਝ ਭਾਰ ਹੌਲਾ ਕਰ ਗਈ ਏ ਰਾਹਜ਼ਨੀ ਤੇਰੀ, ਮੇਰਾ ਕੀ ਵਿਗੜਿਆ ਜ਼ਾਲਿਮ ਤੂੰ ਆਪਣੀ ਰਾਹਬਰੀ ਡੋਬੀ । ਬੜੀ ਬੇਇਜ਼ਤੀ ਸੀ ਜੇ ਉਲਟ ਜਾਂਦੀ ਕਿਨਾਰੇ ਤੇ, ਮੈਂ ਡੂੰਘੇ ਪਾਣੀਆਂ ਅੰਦਰ ਲਿਜਾ ਕੇ ਬੇਬਸੀ ਡੋਬੀ । ਲਉ ਮਨਜ਼ੂਰ ਹੈ ਦੋਹਾਂ ਧਿਰਾਂ ਦਾ ਫ਼ੈਸਲਾ ਮੈਨੂੰ, ਕਿਸੇ ਦਾ ਹੱਥ ਸੀ ਬਰਸਰ ਮੈਂ ਆਪਣੇ ਆਪ ਈ ਡੋਬੀ । ਜੇ ਹੁਣ ਉਹ ਦੋਸਤੀ ਤੋੜੇ ਕੀ ਆਖਾਂ ਦੋਸਤੋ ਉਸ ਨੂੰ, ਜ੍ਹਿਦੇ ਨੈਣਾਂ ਦੀ ਆਖ਼ਤ ਤੇ ਮੈਂ ਦਿਲ ਦੀ ਦੋਸਤੀ ਡੋਬੀ ।

ਸ਼ਾਲਾ! ਕਦੇ ਨਾ ਵੇਖਾਂ ਉਹਨੂੰ

ਸ਼ਾਲਾ! ਕਦੇ ਨਾ ਵੇਖਾਂ ਉਹਨੂੰ, ਲੱਗਦੀਆਂ ਤੱਤੀਆਂ ਵਾਵਾਂ, ਜਿਹੜੀ ਸੂਰਤ ਬਣ ਗਈ ਮੇਰੀਆਂ, ਨਜ਼ਮਾਂ ਦਾ ਸਿਰਨਾਵਾਂ । ਖ਼ਬਰੈ ਕਿਉਂ ਨੇ ਮੇਰੇ ਦਿਲ ਨੂੰ, ਵਹਿਮਾਂ ਦੇ ਜਿੰਨ ਚਿੰਬੜੇ, 'ਅੱਲ੍ਹਾ' ਜਾਣੇ ਲੰਘ ਆਇਆ ਸਾਂ, ਕਿੱਥੇ ਪੱਕੀਆਂ ਥਾਵਾਂ । ਆਪਣੇ ਬਣਦੇ ਸੁਖ ਵਿਚ ਸਾਂਝੀ, ਦਰਦ ਪਰਾਏ ਵੰਡਣ, ਧੁੱਪਾਂ ਜੁੱਸੇ ਠਾਰਣ ਪਈਆਂ, ਤੱਤੀਆਂ ਲੱਗਣ ਛਾਵਾਂ । ਉਹਦੀਆਂ ਯਾਦਾਂ ਜਦ ਵੀ ਆਵਣ, ਇਕਲਾਪਾ ਜਦ ਡੰਗੇ, ਆਪਣੀਆਂ ਬਾਹਵਾਂ ਨੂੰ ਮੈਂ ਆਪਣੇ ਗ਼ਮ ਦਾ ਹਾਰ ਬਣਾਵਾਂ । ਚੂੜੀ ਭੰਨ ਕੇ ਪਿਆਰ ਕਿਸੇ ਦਾ, ਕੋਈ ਨਾ ਅੱਜ ਕਢੇਂਦੀ, ਨਾ ਕੋਈ ਚੂਰੀ ਪਾਉਂਦੀ ਅੱਜ ਬਨੇਰੇ ਬੈਠਿਆਂ ਕਾਵਾਂ । ਮੇਰੀ ਰਾਹ ਵਿਚ ਉਸੇ ਨੇ ਹਨ, ਕੰਡੇ ਅੱਜ ਖਿਲਾਰੇ, ਜਿਸ ਦੀ ਖ਼ਾਤਰ ਮੈਂ ਆਪਣੇ ਗਲ ਪਾਈਆਂ ਲੱਖ ਬਲਾਵਾਂ । ਮੇਰੇ ਘਰ ਵਿਚ ਹਰ ਸ਼ੈ ਵਾਧੂ, 'ਜ਼ਖ਼ਮੀ' ਥੋੜ ਨਾ ਕੋਈ, ਸੱਕਾਂ, ਸੱਧਰਾਂ, ਆਸਾਂ, ਰੀਝਾਂ, ਹੰਝੂ, ਹੌਕੇ, ਹਾਵਾਂ ।

ਆਪਣੇ ਚਿਹਰੇ ਉੱਤੇ ਮੈਂ ਇਕ

ਆਪਣੇ ਚਿਹਰੇ ਉੱਤੇ ਮੈਂ ਇਕ ਖੌਲ ਚੜ੍ਹਾਈ ਰੱਖਣਾਂ । ਹਾਸਿਆਂ ਥੱਲੇ ਨਫ਼ਰਤ ਦੀ ਮੈਂ ਅੱਗ ਲੁਕਾਈ ਰੱਖਣਾਂ । ਪਾ ਲੈਨਾਂ ਵਾਂ ਆਪਣੇ ਗਲ ਵਿਚ ਆਪਣੀਆਂ ਹੀ ਬਾਹਵਾਂ, ਚੇਤੇ ਕਰ ਕਰ ਉਹਦੀਆਂ ਯਾਦਾਂ ਵਕਤ ਟਪਾਈ ਰੱਖਣਾਂ । ਇੱਕੋ ਏ ਵਰਤਾਰਾ ਸਭ ਥੀਂ ਕੀ ਸੱਜਣ ਕੀ ਬੇਲੀ, ਫੁੱਲਾਂ ਨਾਲ ਯਾਰਾਨਾ ਕੰਡਿਆਂ ਨਾਲ ਅਸ਼ਨਾਈ ਰੱਖਣਾਂ । ਉੱਚੀ ਨੀਵੀਂ ਗੱਲ ਜੇ ਹੋਵੇ ਚੁੱਪ ਕਰ ਕੇ ਸਹਿ ਜਾਨਾਂ, ਏਸ ਤਰ੍ਹਾਂ ਵੀ ਯਾਰਾਂ ਦੇ ਨਾਲ ਸਾਂਝ ਨਿਭਾਈ ਰੱਖਣਾਂ । ਲੀਰ ਕਤੀਰਾਂ ਕਰ ਕੇ ਸੀਵਾਂ ਸੀਕੇ ਲੀਰਾਂ ਕਰਲਾਂ, ਹੰਢਿਆ ਹੋਇਆ ਜੀਵਨ ਮੁੜ ਮੁੜ ਫੇਰ ਹੰਢਾਈ ਰੱਖਣਾਂ । ਰਚ ਗਿਆ ਏ ਸਾਡੇ ਜ਼ਿਹਨਾਂ ਵਿਚ ਕਰਨਾ ਦਿਖਲਾਵਾ, ਝੂਠੀ ਸ਼ੋਭਾ ਦੇ ਲਈ ਸਿਰ ਤੇ ਕਰਜ਼ ਚੜ੍ਹਾਈ ਰੱਖਣਾਂ । ਜਿੱਥੋਂ ਤੀਕਣ ਝੁਕਿਆ ਜਾਵੇ ਝੁਕਦਾ ਰਹਿਣਾ 'ਜ਼ਖ਼ਮੀ', ਨੀਵਾਂ ਹੋ ਕੇ ਉੱਚਿਆ ਤੇਰੀ ਸ਼ਾਨ ਵਧਾਈ ਰੱਖਣਾਂ ।