Iqbal Shaida
ਇਕਬਾਲ ਸ਼ੈਦਾ

ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਸ਼ੈਦਾ,
ਜਨਮ ਸਥਾਨ-ਫ਼ੈਸਲਾਬਾਦ,
ਵਿਦਿਆ-ਬੀ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਮੋਤੀ ਸੋਚ ਸਮੁੰਦਰ ਦੇ,
ਪਤਾ-ਫ਼ੈਸਲਾਬਾਦ, ਪਾਕਿਸਤਾਨ ।

ਪੰਜਾਬੀ ਗ਼ਜ਼ਲਾਂ (ਮੋਤੀ ਸੋਚ ਸਮੁੰਦਰ ਦੇ 1988 ਵਿੱਚੋਂ) : ਇਕਬਾਲ ਸ਼ੈਦਾ

Punjabi Ghazlan (Moti Soch Samundar De 1988) : Iqbal Shaida



ਜਦ ਬੰਦੇ ਦੀ ਹਿੰਮਤ ਅੱਗੇ

ਜਦ ਬੰਦੇ ਦੀ ਹਿੰਮਤ ਅੱਗੇ, ਹਰ ਜਾਂਦਾ ਏ ਪਾਣੀ । ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ, ਕਰ ਜਾਂਦਾ ਏ ਪਾਣੀ । ਇਸ ਤੋਂ ਵੱਧ ਹਸਾਸ ਕੋਈ ਸ਼ੈ, ਦੁਨੀਆਂ ਵਿਚ ਨਹੀਂ ਵੇਖੀ, ਧੁੱਪੇ ਤਪ ਜਾਂਦਾ ਏ ਛਾਵੇਂ, ਠਰ ਜਾਂਦਾ ਏ ਪਾਣੀ । ਐਨਾ ਕੀ, ਸਭ ਕੌਮ ਦੀ ਗ਼ੈਰਤ, ਦਾਅ ਉੱਤੇ ਲਾ ਦੇਵੇ, ਜਿਸ ਬੇਗ਼ੈਰਤ ਦੀ ਅੱਖ ਵਿਚੋਂ ਮਰ ਜਾਂਦਾ ਏ ਪਾਣੀ । ਧਰਤੀ ਦਾ ਦਿਲ ਡੋਲੇ ਖਾਂਦਾ ਅਰਸ਼ ਅਜ਼ੀਮ ਵੀ ਹਿੱਲਦਾ, ਜਦ ਮਜ਼ਲੂਮਾਂ ਦੀ ਅੱਖ ਅੰਦਰ ਤਰ ਜਾਂਦਾ ਏ ਪਾਣੀ । ਆਪਣੀ ਫ਼ਿਤਰਤ ਕਦੇ ਨਾ ਬਦਲੇ ਇਹ ਖ਼ਾਸੀਅਤ ਇਹਦੀ, ਭਾਵੇਂ ਪੱਥਰ ਕਰ ਲਉ ਓੜਕ ਖਰ ਜਾਂਦਾ ਏ ਪਾਣੀ । ਗੁੱਸੇ ਦੇ ਵਿਚ ਆਵੇ ਤੇ ਇਹ ਵਸਦੇ ਸ਼ਹਿਰ ਉਜਾੜੇ, ਨਹੀਂ ਤੇ ਰੋਜ਼ ਵਸਾ ਕੇ ਲੱਖਾਂ ਘਰ ਜਾਂਦਾ ਏ ਪਾਣੀ । ਕਤਰੇ ਕਤਰੇ ਅੰਦਰ 'ਸ਼ੈਦਾ' ਚਾਨਣ ਤੇ ਹਰਿਆਲੀ, ਜ਼ੱਰੇ-ਜ਼ੱਰੇ ਦੇ ਵਿਚ ਅਮ੍ਰਿਤ ਭਰ ਜਾਂਦਾ ਏ ਪਾਣੀ ।

ਸੂਰਜ ਤੇ ਅੰਗਿਆਰੇ ਵਾਂਗੂੰ

ਸੂਰਜ ਤੇ ਅੰਗਿਆਰੇ ਵਾਂਗੂੰ ਤੇਰੀ ਅਥਰੀ ਪਰੀਤ । ਰੂਹਾਂ ਦਾ ਚਾਨਣ ਤੇ ਹੁੰਦੈ ਸੱਜਣਾ ਠੰਡਾ ਸੀਤ । ਰੱਬ ਜਾਣੇ ਕਿਉਂ ਮੇਰੀਆਂ ਅੱਖੀਆਂ ਦੇ ਸੋਮੇ ਫੁੱਟ ਪੈਣ, ਜਦ ਵੀ ਕੋਈ ਪ੍ਰੇਮੀ ਛੇੜੇ ਪੀਆ ਮਿਲਣ ਦੇ ਗੀਤ । ਸਭ ਆਸਾਂ ਸੱਧਰਾਂ ਲੁਟਵਾ ਕੇ ਇਹ ਦਿਲ ਜਾਪੇ ਇੰਜ, ਉਜੜੇ-ਪੁਜੜੇ ਪਿੰਡ ਦੇ ਅੰਦਰ ਸੁੰਜੀ ਜਿਵੇਂ ਮਸੀਤ । ਜਿਉਂ ਜਿਉਂ ਪੈਰ ਵਧਾਏ ਤੈਂ ਵਲ, ਤਿਉਂ ਤਿਉਂ ਹੋਏ ਦੂਰ, ਨਿੰਮੋਝਾਈਆਂ ਆਸਾਂ ਉੱਤੇ ਗਈ ਹਿਆਤੀ ਬੀਤ । ਵਾਛੜ ਦੇਖ ਕੇ ਦਰਦ ਗ਼ਮਾਂ ਦੀ, ਦਿਲਾ ਨਾ ਤੂੰ ਘਬਰਾ, ਸੋਜ਼ ਬਿਨਾਂ ਤੇ ਅਸਰ ਨਹੀਂ ਕਰਦਾ, ਕਦੇ ਵੀ ਸੁਰ ਸੰਗੀਤ । ਖਿੜਿਆ ਫੁੱਲ ਤੇ ਭੋਰੇ ਲੱਗ ਪਏ, ਆਪਣੀ ਪੀਤ ਜਿਤਾਨ, ਮੁਰਝਾਇਆ ਤੇ ਕਦੀ ਨਾ ਕੀਤੀ ਕਿਸੇ ਵੀ ਪੁੱਛ ਪਰਤੀਤ । ਭੁੱਲਕੇ 'ਸ਼ੈਦਾ' ਸਮਝ ਲਿਆ ਤੂੰ 'ਤੁੰਮੇ' ਨੂੰ 'ਤਰਬੂਜ਼', ਕੌਣ ਕਿਸੇ ਦਾ ਬੇਲੀ ਏਥੇ ਕੌਣ ਕਿਸੇ ਦਾ ਮੀਤ ।

ਮਜਬੂਰੀ ਦੀਆਂ ਸੰਗਲਾਂ ਕੜੀਆਂ ਹੋਈਆਂ ਨੇ

ਮਜਬੂਰੀ ਦੀਆਂ ਸੰਗਲਾਂ ਕੜੀਆਂ ਹੋਈਆਂ ਨੇ । ਦਿਲ ਦੀਆਂ ਰੀਝਾਂ ਦਿਲ ਵਿਚ ਤੜੀਆਂ ਹੋਈਆਂ ਨੇ । ਬਿਨ ਅਹਿਸਾਸ ਤੋਂ ਬੰਦਾ ਵੀ ਕੋਈ ਬੰਦਾ ਏ, ਧਰਤੀ ਤੇ ਤਸਵੀਰਾਂ ਜੜੀਆਂ ਹੋਈਆਂ ਨੇ । ਮੰਜ਼ਿਲ ਦੇ ਰਸਤੇ ਵਿਚ ਰਸਮ-ਰਿਵਾਜ਼ ਦੀਆਂ, ਕਿੰਨੀਆਂ ਹੀ ਦੀਵਾਰਾਂ ਖੜ੍ਹੀਆਂ ਹੋਈਆਂ ਨੇ । ਓਸ ਦਰਖ਼ਤ ਦੇ ਥੱਲੇ ਛਾਂ ਕੀ ਹੋਣੀ ਏ, ਜਿਸ ਦੀਆਂ ਸਾਰੀਆਂ ਸ਼ਾਖ਼ਾਂ ਝੜੀਆਂ ਹੋਈਆਂ ਨੇ । ਮੇਰੇ ਦਿਲ ਦੀਆਂ ਸੱਧਰਾਂ ਦਾ ਕੀ ਪੁੱਛਦੇ ਓ, ਛੱਪੜ ਦੇ ਵਿਚ ਮੱਝਾਂ ਵੜੀਆਂ ਹੋਈਆਂ ਨੇ । ਆਸੇ ਪਾਸੇ ਜਾਪੇ ਰੁੱਤ ਗੁਲਾਬਾਂ ਦੀ, ਸੀਨੇ ਵਿਚ ਕਿਉਂ ਸੂਲਾਂ ਅੜੀਆਂ ਹੋਈਆਂ ਨੇ । ਮੰਡੀ ਦੇ ਵਿਚ ਬਹੁਤੀ ਕੀਮਤ ਪਾਉਣਗੀਆਂ, ਜਿਹੜੀਆਂ ਜਿਣਸਾਂ ਛਟੀਆਂ, ਛੜੀਆਂ ਹੋਈਆਂ ਨੇ । ਮਿੱਟੀ ਦੀ ਬੁਨਿਆਦ ਤੇ 'ਸ਼ੈਦਾ' ਖ਼ਾਲਿਕ ਨੇ, ਸ਼ਕਲਾਂ ਰੰਗ ਬਰੰਗੀਆਂ ਘੜੀਆਂ ਹੋਈਆਂ ਨੇ ।

ਆਪਣੀ ਗੱਲ ਤੂੰ ਆਪੇ ਈ

ਆਪਣੀ ਗੱਲ ਤੂੰ ਆਪੇ ਈ ਰੱਦ ਕਰਦਾ ਏਂ । ਮੂੰਹੋਂ ਜੋ ਕੁੱਝ ਕਹਿੰਦਾ ਏਂ ਉਹ ਕਦ ਕਰਦਾ ਏਂ । ਵੱਖਰੀ ਗੱਲ ਏ ਮੇਰੀਆਂ ਆਸਾਂ ਢਹੀਆਂ ਨਹੀਂ, ਤੂੰ ਤੇ ਸੱਜਣਾਂ ਬੜਾ ਤਰੱਦਦ ਕਰਦਾ ਏਂ । ਸਾਡਾ ਸੱਚ ਵੀ ਤੋੜ ਨਾ ਚੜ੍ਹਿਆ, ਹਰਿਆ ਏ, ਤੇਰਾ ਖੋਟ ਵੀ ਪੁੱਗਦਾ ਏ ਤਦ ਕਰਦਾ ਏਂ । ਨਵਾਂ ਸ਼ਿਕਾਰ ਕਰਨ ਦਾ ਲਗਦਾ ਚਾਰਾ ਏ, ਖ਼ਾਲ, ਨਮਾਇਆ ਹੋਰ ਤਿੱਖੇ ਜਦ ਕਰਦਾ ਏਂ । ਲੋਕੀ ਤੇ ਖੰਭਾਂ ਤੋਂ ਡਾਰ ਬਣਾਉਂਦੇ ਨੇ, ਗੱਲ ਨੂੰ ਗਹੁ ਨਾਲ ਜਾਚਿਆ ਕਰ ਜਦ ਕਰਦਾ ਏਂ । ਕਦ ਤੱਕ ਓੜਕ ਪੱਬਾਂ ਭਾਰ ਖਲੋਵੇਂਗਾ, ਅੱਡੀਆਂ ਚੁੱਕ ਚੁੱਕ ਕਿਉਂ ਉੱਚਾ ਕੱਦ ਕਰਦਾ ਏਂ । ਚੀਕਾਂ ਕਿਧਰੇ ਲਲਕਾਰੇ ਨਾ ਬਣ ਜਾਵਣ, ਸੋਚ ਲਿਆ ਕਰ ਜਦੋਂ ਤਸੱਦਦ ਕਰਦਾ ਏਂ । ਖ਼ੁਦ ਗ਼ਰਜ਼ਾਂ ਤੋਂ ਰੱਖ਼ੇਂ ਆਸ ਵਫ਼ਾਵਾਂ ਦੀ, ਝੱਲਿਆ 'ਸ਼ੈਦਾ' ਤੂੰ ਵੀ ਤੇ ਹੱਦ ਕਰਦਾ ਏਂ ।

ਫ਼ੁਰਕਤ ਵਿਚ ਸਹਾਰੇ ਲੱਗਣ

ਫ਼ੁਰਕਤ ਵਿਚ ਸਹਾਰੇ ਲੱਗਣ ਲੱਗ ਪਏ ਨੇ । ਦਿਲ ਦੇ ਦਾਗ਼ ਪਿਆਰੇ ਲੱਗਣ ਲੱਗ ਪਏ ਨੇ । ਗ਼ਮ ਦੀ ਰਾਤ ਵੀ, ਅੱਖੋਂ ਡਿਗਦੇ ਅੱਥਰੂ ਵੀ ਸੂਰਜ, ਚੰਨ, ਸਿਤਾਰੇ ਲੱਗਣ ਲੱਗ ਪਏ ਨੇ । ਜਿਸ ਵੇਲੇ ਦੀ ਪਿਆਰ ਦੀ ਬਾਜ਼ੀ ਹਾਰੀ ਏ, ਸਾਰੇ ਨਫ਼ੇ ਖ਼ਸਾਰੇ ਲੱਗਣ ਲੱਗ ਪਏ ਨੇ । ਐਨੀ ਹੌਲੀ ਹੋ ਗਈ ਟੋਰ ਹਿਆਤੀ ਦੀ, ਆਪਣੇ ਰੰਗ ਵੀ ਭਾਰੇ ਲੱਗਣ ਲੱਗ ਪਏ ਨੇ । ਫਿੱਕੇ ਪੈ ਗਏ ਜਦ ਦੇ ਰੰਗ ਤਸਵੀਰਾਂ ਦੇ, ਸਾਰੇ ਰੂਪ ਉਧਾਰੇ ਲੱਗਣ ਲੱਗ ਪਏ ਨੇ । ਬਰਫ਼ਾਂ ਵਾਂਗਰ ਭਰਮ ਅਸਾਡਾ ਖੁਰਿਆ ਏ, ਸਾਹਵਾਂ ਵਿਚ ਸ਼ਰਾਰੇ ਲੱਗਣ ਲੱਗ ਪਏ ਨੇ । ਆਪ ਤੋਂ ਅੱਗੇ ਵੇਖ ਕੇ 'ਸ਼ੈਦਾ' ਸਾਥੀ ਨੂੰ, ਰਲ ਨਹੀਂ ਸੱਕੇ ਸਾਰੇ ਲੱਗਣ ਲੱਗ ਪਏ ਨੇ ।

ਤੀਲੇ ਆਸਾਂ ਦੇ ਕੁੱਝ ਬਚ ਗਏ

ਤੀਲੇ ਆਸਾਂ ਦੇ ਕੁੱਝ ਬਚ ਗਏ, ਹੈਸਨ ਪਿਛਲੀਆਂ ਛਾੜਾਂ ਵਿਚ । ਤਾਹੀਉਂ ਬਿਜਲੀ ਅੱਜ ਤੱਕ ਫਿਰਦੀ, ਘਰ ਮੇਰੇ ਦੀਆਂ ਤਾੜਾਂ ਵਿਚ । ਮੀਂਹ ਹੰਝੂਆਂ ਦਾ ਕਰ ਨਹੀਂ ਸਕਦਾ, ਠੰਢੀ ਅੱਗ ਵਿਛੋੜੇ ਦੀ, ਬਾਰਸ਼ ਪੈ ਕੇ ਹੁਸਟਰ ਦੂਣਾ, ਹੋ ਜਾਂਦਾ ਏ ਹਾੜ੍ਹਾਂ ਵਿਚ । ਇਸ ਗੱਲ ਦੀ ਅਜ਼ਮਾਇਸ਼ ਕਾਹਦੀ, ਦਾਨੇ ਸੱਚ ਈ ਕਹਿ ਗਏ ਨੇ, ਕੌਣ ਕਿਸੇ ਦਾ ਸਾਥੀ ਬਣਦੈ, ਯਾਰੋ ਪੈਂਦੀਆਂ ਧਾੜਾਂ ਵਿਚ । ਲੱਭੇ ਅਸੀਂ ਵਿਗਾੜਾਂ ਵਿੱਚੋਂ, ਹੀਲੇ ਸਦਾ ਸਵਾਰਣ ਦੇ, ਸਾਰੀ ਉਮਰੇ ਲਾਉਂਦੇ ਰਹਿ ਗਏ, ਦੂਤੀ ਟਿੱਲ ਵਿਗਾੜਾਂ ਵਿਚ । ਕੀ ਹੋਇਆ ਜੇ ਵੈਰੀਆਂ ਕੀਤੀ, ਰਾਹ ਵਿਚ ਕੰਧ ਵਿਛੋੜੇ ਦੀ, ਪੈਦਾ ਕਰ ਲੈਂਦਾ ਏ ਰਸਤੇ, ਪੁਖਤਾ ਅਜ਼ਮ ਪਹਾੜਾਂ ਵਿਚ । ਅੱਜ ਵੀ ਸਾਡੇ ਦਿਲ ਵਿਚ ਹੈਗਾ ਜਜ਼ਬਾ 'ਖ਼ਾਲਿਦ', 'ਤਾਰਿਕ' ਦਾ, ਗਰਦਿਸ਼ ਕਰਦਾ ਖ਼ੂਨ ਉਨਾਂ ਦਾ, ਅੱਜ ਵੀ ਸਾਡੀਆਂ ਨਾੜਾਂ ਵਿਚ। ਜਾਨ ਇਕੱਲੀ, ਲੱਖਾਂ ਧੰਦੇ, ਮੋਹਲਤ ਚਾਰ ਦਿਹਾੜੇ ਦੀ, ਕੀ ਕਰੀਏ ਤੇ ਕੀ ਨਾ ਕਰੀਏ, 'ਸ਼ੈਦਾ' ਚਾਰ ਦਿਹਾੜਾਂ ਵਿਚ ।

ਇਕ ਅਣਮੁੱਲੀ ਯਾਦ ਦੀਆਂ

ਇਕ ਅਣਮੁੱਲੀ ਯਾਦ ਦੀਆਂ, ਜਾਗੀਰਾਂ ਟੰਗੀਆਂ ਹੋਈਆਂ ਨੇ । ਦਿਲ ਦੀ ਬੈਠਕ ਦੇ ਵਿਚ ਕੁੱਝ, ਤਸਵੀਰਾਂ ਟੰਗੀਆਂ ਹੋਈਆਂ ਨੇ । ਸੱਚ ਦੇ ਬੇਸਿਰ ਜੁੱਸਿਆਂ ਤੇ, ਸਿਰ ਮੁੜਕੇ ਪੰਘਰਣ ਲਗ ਪਏ ਨੇ । ਕੀ ਹੋਇਆ ਜੇ ਸੂਲੀਆਂ ਤੇ ਤਾਅਜ਼ੀਰਾਂ ਟੰਗੀਆਂ ਹੋਈਆਂ ਨੇ । ਕੋਈ ਮੁਸਾਫ਼ਿਰ ਡਰਦਾ ਮਾਰਾ, ਇਸ ਦੀ ਛਾਵੇਂ ਬਹਿੰਦਾ ਨਾ, ਰੁੱਖ ਦੇ ਟਾਹਣੇਂ-ਟਾਹਣੇਂ ਤੇ, ਜੰਜ਼ੀਰਾਂ ਟੰਗੀਆਂ ਹੋਈਆਂ ਨੇ । ਉਦਮੀ ਬੰਦੇ ਅੱਗੇ ਮੰਜ਼ਿਲ, ਆਪੇ ਟੁਰ ਕੇ ਆਉਂਦੀ ਏ, ਹਿੰਮਤ ਦੀ ਟੀਸੀ ਤੇ ਸਭ, ਤਕਦੀਰਾਂ ਟੰਗੀਆਂ ਹੋਈਆਂ ਨੇ । ਨਾਲ ਧਿਆਨ ਪੜ੍ਹੇ ਜੇ ਕੋਈ, ਹੱਕ ਦਾ ਰਸਤਾ ਲੱਭਦਾ ਏ, ਵਿਚ ਫ਼ਿਜ਼ਾ ਦੇ ਸਭ ਅਜ਼ਲੀ, ਤਹਿਰੀਰਾਂ ਟੰਗੀਆਂ ਹੋਈਆਂ ਨੇ । ਐਵੇਂ ਤੇ ਨਹੀਂ ਮਿਲਿਆ ਚਾਨਣ, ਸਾਨੂੰ ਇਹ ਆਜ਼ਾਦੀ ਦਾ, ਨੇਜਿਆਂ ਉੱਤੇ ਖ਼ੂਨ ਦੀਆਂ, ਤਨਵੀਰਾਂ ਟੰਗੀਆਂ ਹੋਈਆਂ ਨੇ । 'ਸ਼ੈਦਾ' ਰਾਤ ਦੀ ਕੁੱਖ ਦੇ ਵਿੱਚੋਂ, ਓੜਕ ਸੂਰਜ ਫੁੱਟਦਾ ਏ, ਖ਼ਾਬਾਂ ਦੀ ਵਲਗਨ ਦੇ ਵਿਚ, ਤਾਅਬੀਰਾਂ ਟੰਗੀਆਂ ਹੋਈਆਂ ਨੇ ।

ਐਤਕੀਂ ਤੇ ਇਸ ਤਰ੍ਹਾਂ ਆਇਆ ਏ

ਐਤਕੀਂ ਤੇ ਇਸ ਤਰ੍ਹਾਂ ਆਇਆ ਏ ਰੇਲਾ ਕਹਿਰ ਦਾ । ਬੱਚਾ-ਬੱਚਾ ਸਹਿਮਿਆ ਲਗਦਾ ਏ ਮੇਰੇ ਸ਼ਹਿਰ ਦਾ । ਉੱਠਣੀ ਏਂ ਕੋਈ ਨੇਰ੍ਹੀ ਇਸ ਸਮੇਂ ਦੀ ਕੁੱਖ ਚੋਂ, ਕਹਿ ਰਿਹਾ ਏ ਰੰਗ ਅਸਮਾਨਾਂ ਤੇ ਛਾਈ ਗਹਿਰ ਦਾ । ਭਾਵੇਂ ਕਿੰਨਾਂ ਜਬਰ ਹੋਵੇ, ਭਾਵੇਂ ਕਿੰਨੀਆਂ ਸਖ਼ਤੀਆਂ, ਮੋੜਨਾ ਰੁਖ ਔਖਾ ਏ ਜ਼ਿਹਨਾਂ ਚੋਂ ਉੱਠੀ ਲਹਿਰ ਦਾ । ਜ਼ੁਲਮ ਦੀ ਹੱਦ ਜਾਪਦੈ ਹੁਣ ਖ਼ਾਤਮੇਂ ਤੇ ਆ ਗਈ, ਲੰਮਾਂ ਪਰਛਾਵਾਂ ਸਦਾ ਹੁੰਦਾ ਏ ਪਿਛਲੇ ਪਹਿਰ ਦਾ । ਰੋਸ਼ਨੀ ਦੀ ਕਿਰਨ ਫੁੱਟੇ ਕੋਈ ਦੀਵਾ ਤੇ ਜਗੇ, ਵੇਖਾਂਗੇ ਫਿਰ ਏਹ ਹਨ੍ਹੇਰਾ ਕਿਸ ਤਰ੍ਹਾਂ ਏ ਠਹਿਰਦਾ । ਹੋਵੇਗੀ ਸੈਰਾਬ 'ਸ਼ੈਦਾ' ਦਿਲ ਦੀ ਧਰਤੀ ਅੰਤ ਨੂੰ, ਜ਼ਾਏ ਪਾਣੀ ਤੇ ਨਹੀਂ ਜਾਣਾ ਹੰਝੂਆਂ ਦੀ ਨਹਿਰ ਦਾ ।