Iqbal Rahat
ਇਕਬਾਲ ਰਾਹਤ

ਨਾਂ-ਮੁਹੰਮਦ ਇਕਬਾਲ, ਕਲਮੀ ਨਾਂ-ਇਕਬਾਲ ਰਾਹਤ,
ਪਿਤਾ ਦਾ ਨਾਂ-ਜਨਾਬ ਮੁਹੰਮਦ ਦੀਨ,
ਜਨਮ ਤਾਰੀਖ਼-25 ਅਗਸਤ 1943,
ਜਨਮ ਸਥਾਨ-ਗਰਮੂ ਚੱਕ ਨੰਬਰ 169 ਜ਼ਿਲਾ ਸ਼ੇਖ਼ੂਪੁਰਾ,
ਉਸਤਾਦ-ਸਾਗ਼ਰ ਵੱਟ,
ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਸੱਜਰਾ ਚੰਨ (ਪੰਜਾਬੀ ਸ਼ਾਇਰੀ), ਨੂਰ ਦੀ ਖ਼ੈਰਾਤ (ਪੰਜਾਬੀ ਸ਼ਾਇਰੀ), ਨੈਣ ਪਿਆਲੇ ਛਲਕੇ (ਪੰਜਾਬੀ ਸ਼ਾਇਰੀ), ਹਿਜਰ ਅਜ਼ਾਬ (ਪੰਜਾਬੀ ਸ਼ਾਇਰੀ),
ਪਤਾ-ਮਕਾਨ ਨੰਬਰ 26 ਏ, ਮੁਹੰਮਦ ਅਲੀ ਸਟਰੀਟ ਨੰਬਰ 5, ਨਾਸਿਰ ਪਾਰਕ, ਬਿਲਾਲ ਗੰਜ, ਲਾਹੌਰ ।

ਪੰਜਾਬੀ ਗ਼ਜ਼ਲਾਂ (ਸੱਜਰਾ ਚੰਨ 1995 ਵਿੱਚੋਂ) : ਇਕਬਾਲ ਰਾਹਤ

Punjabi Ghazlan (Sajjra Chann 1995) : Iqbal Rahat



ਦਿਲ ਦੀ ਧੜਕਣ, ਵਧਦੀ ਵਧਦੀ

ਦਿਲ ਦੀ ਧੜਕਣ, ਵਧਦੀ ਵਧਦੀ ਬੁੱਲ੍ਹੀਂ ਆਈ ਅਖ਼ੀਰ । ਸੋਚਾਂ ਦੇ ਵਿੱਚ ਤੇਰੀਆਂ ਯਾਦਾਂ, ਅੱਖਾਂ ਵਿਚ ਤਸਵੀਰ । ਅੱਖਾਂ ਦੇ ਵਿਚ ਅੱਖਾਂ ਪਾ ਕੇ, ਤੈਨੂੰ ਜਦ ਮੈਂ ਤੱਕਿਆ, ਫੱਟੜ ਕਰ ਦਿੱਤਾ ਤੂੰ ਦਿਲ ਨੂੰ, ਲਾ ਨੈਣਾਂ ਦੇ ਤੀਰ । ਮੈਂ ਤੇ ਤੇਰੇ ਪਿਆਰ ਦੇ ਮੋਹ ਵਿਚ, ਜਿੰਦੜੀ ਦਿੱਤੀ ਡੋਬ, ਤੂੰ ਤੇ ਮੇਰੀ ਅੱਖੀਉਂ ਵਗਦੇ, ਪੂੰਝ ਸਕੀ ਨਾ ਨੀਰ । ਤੇਰੇ ਹੁਸਨਾ ਦਾ ਹੜ੍ਹ ਤੱਕ ਕੇ, ਡੁੱਬ ਡੁੱਬ ਜਾਵੇ ਦਿਲ, ਮੇਰੇ ਸੁਫ਼ਨੇ ਗੱਭਰੂ ਹੋਏ, ਕਰ ਕੋਈ ਤਦਬੀਰ । ਮੇਰੇ ਪਿਆਰ ਤੇ ਝੱਲੇ ਲੋਕੀ, ਐਵੇਂ ਖਿੱਲੀਆਂ ਪਾਣ, ਡੂੰਘੇ ਹੈਨ ਸਮੁੰਦਰ ਤੋਂ ਵੀ, ਮੇਰੇ ਦਿਲ ਦੇ ਚੀਰ । ਦੁੱਖਾਂ ਨੂੰ ਸੀਨੇ ਨਾਲ ਲਾ ਕੇ, ਲਾਜ ਪਿਆਰ ਦੀ ਰੱਖੀ, ਦਾਮਨ ਆਪਣਾ ਕਰ ਛੱਡਿਆ ਏ, 'ਰਾਹਤ' ਲੀਰੋ ਲੀਰ ।

ਇਸ ਧਰਤੀ ਤੇ ਹਾਲੀ ਤੱਕ ਤੇ

ਇਸ ਧਰਤੀ ਤੇ ਹਾਲੀ ਤੱਕ ਤੇ ਕੋਈ ਵੀ ਮੇਰਾ ਯਾਰ ਨਹੀਂ । ਮੈਂ ਲੋਕਾਂ ਦੀਆਂ ਪੀੜਾਂ ਵੰਡਾਂ, ਮੇਰਾ ਕੋਈ ਗ਼ਮਖ਼ਾਰ ਨਹੀਂ । ਪੰਧ ਹਿਆਤੀ ਵਾਲਾ ਲਾਰਿਆਂ ਬੁੱਤਿਆਂ ਵਿਚ ਲੰਘ ਚੱਲਿਆ ਏ, ਦਿਲ ਵਿਚ ਲੱਖਾਂ ਸੱਧਰਾਂ ਨੇ ਕੋਈ ਕਰਦਾ ਕੌਲ ਕਰਾਰ ਨਹੀਂ । ਜਦ ਕਿਧਰੇ ਉਹ ਚੇਤੇ ਆਵੇ, ਦਿਲ ਵਿਚ ਭਾਂਬੜ ਮੱਚਦਾ ਏ, ਲੱਖ ਹੰਝੂਆਂ ਦੀ ਬਾਰਿਸ਼ ਵੱਸੇ, ਠਰਦਾ ਪਰ ਅੰਗਿਆਰ ਨਹੀਂ । ਲੋਕੋ ਜ਼ੁਲਮ ਦੀਆਂ ਕੰਧਾਂ ਨੂੰ ਉੱਚਿਆਂ ਹੋਰ ਉਸਾਰੋ ਨਾ, ਤਲੀਆਂ ਉੱਤੇ ਸਰੋਂ ਜਮਾਵੇਂ, ਕਰਦਾ ਰੱਬ ਉਧਾਰ ਨਹੀਂ । ਹੋ ਸਕਿਆ ਤੇ ਚੰਨ ਦੇ ਵਾਂਗਰ ਠੰਢੀਆਂ ਰਿਸਮਾਂ ਵੰਡਾਂਗਾ, ਮੈਂ ਧਰਤੀ ਦਾ ਸੀਨਾ ਸਾੜਾਂ, ਇਹ ਮੇਰਾ ਕਿਰਦਾਰ ਨਹੀਂ । ਜਦ ਫੁੱਲਾਂ ਤੇ ਜੋਬਨ ਹੋਵੇ, ਚੁੱਕਦੇ ਧੌਣ ਨੇ ਟੋਹਰਾਂ ਨਾਲ, ਵਿੱਚ ਖ਼ਿਜ਼ਾਂ ਦੇ ਲੰਘੀ ਹੋਈ, ਭੁੱਲਦੀ ਕਦੀ ਬਹਾਰ ਨਹੀਂ । ਬੁੱਕਲ ਵਿਚ ਸਿਰ ਦੇ ਕੇ 'ਰਾਹਤ', ਭਾਵੇਂ ਹੰਝੂ ਕੇਰ ਲਵਾਂ, ਹੁਣ ਉਹਦੇ ਪੈਰੀਂ ਨਹੀਂ ਪੈਣਾ, ਕਰਨਾ ਵੀ ਇਜ਼ਹਾਰ ਨਹੀਂ ।

ਭਾਵੇਂ ਇਕ ਨਾ ਹੰਝੂ ਪੂੰਝੀ

ਭਾਵੇਂ ਇਕ ਨਾ ਹੰਝੂ ਪੂੰਝੀ, ਨਾਹੀਂ ਦਵੀਂ ਦਿਲਾਸਾ । ਤੱਕ ਤੇ ਲੈ ਇਕ ਵਾਰੀ ਸੱਜਣਾ ਪਰਤ ਕੇ ਐਧਰ ਪਾਸਾ । ਪਿਆਰ ਦੀਆਂ ਇਹ ਮਿੱਠੀਆਂ ਸੂਲਾਂ ਰੜਕਣ ਵਿਚ ਕਲੇਜੇ, ਡਰਦਾ ਮਾਰਾ 'ਵਾਜ਼ ਨਾ ਕੱਢਾਂ, ਬਣ ਨਾ ਜਾਵਾਂ ਹਾਸਾ । ਦੇਖਣ ਦੇ ਲਈ ਸੁੱਖ ਸੱਜਣਾ ਦਾ, ਕਿਹੜਾ ਪੱਜ ਬਣਾਵਾਂ । ਮਜਨੂੰ ਬਣ ਕੇ ਜਾਣਾ ਪੈਣਾ ਉੜਕ ਲੈ ਕੇ ਕਾਸਾ । ਉਹ ਰੁੱਸੇ ਮੈਂ ਮਿਨਤਾਂ ਕਰ ਕਰ ਤਰਲਿਆਂ ਨਾਲ ਮਨਾਵਾਂ । ਮੈਂ ਰੁੱਸਾਂ ਤੇ ਇਕ ਵਾਰੀ ਵੀ, ਉਹ ਨਾ ਦਵੇ ਦਿਲਾਸਾ । ਕੋਈ ਦਰਦਾਂ ਮਾਰਾ ਰੋਵੇ, ਹੰਝੂ ਉਸ ਦੇ ਪੂੰਝਾ, ਮੈਂ ਰੋਵਾਂ ਤੇ ਲੋਕਾਂ ਭਾਣੇਂ, ਬਣਾ ਮੈਂ ਖੇਡ ਤਮਾਸ਼ਾ । ਟੁੱਟਿਆ ਹੋਇਆ ਦਿਲ ਕੋਈ 'ਰਾਹਤ' ਪਣੇ ਨਾਲ ਜੁੜੇ ਤੇ, ਹੱਸ ਕੇ ਉਹਦੀ ਝੋਲੀ ਪਾਵਾਂ, ਪਿਆਰ ਦਾ ਮਾਸਾ-ਮਾਸਾ ।

ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ

ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ, ਸੁਖ ਧਰਤੀ ਦੇ ਲੋਕ । ਐਪਰ ਇਹ ਬੇਕਿਰਕ ਵੰਜਾਰੇ, ਦੁੱਖੜੇ ਦਿੰਦੇ ਥੋਕ । ਦਿਲ ਦੇ ਬਾਰੀਆਂ ਬੂਹੇ ਮੈਂ ਤਾਂ, ਘੁੱਟ-ਘੁੱਟ ਕੀਤੇ ਬੰਦ, ਬੰਨ੍ਹ ਮਾਰੇ ਪਰ ਅੱਖੀਆਂ ਵਾਲਾ, ਹੜ੍ਹ ਨਾ ਸਕਿਆ ਰੋਕ । ਪਵੇ ਤਰਾਟ ਕਲੇਜੇ ਦੇ ਵਿਚ, ਨੈਣਾਂ ਉੱਸਲ-ਵੱਟੇ, ਯਾਦਾਂ ਇਉਂ ਪਈਆਂ ਫੱਟ ਲਾਵਣ, ਜਿਉਂ ਬਰਛੀ ਦੀ ਨੋਕ । ਕਿਧਰੇ ਕੁਈ ਨਾ ਸੱਜਣ ਦਿਸਦਾ, ਜਿਹੜਾ ਵੰਡੇ ਪੀੜ, ਝੱਲਿਆਂ ਵਾਂਗਰ ਗਲੀਆਂ ਦੇ ਵਿਚ, ਦਿੰਦਾ ਫਿਰਨਾਂ ਹੋਕ । ਤਾਅਨੇ-ਮਿਹਣੇ ਲੋਕਾਂ ਨੇ ਤਾਂ, ਇੰਜ ਹੀ ਦੇਣੇ ਰੋਜ਼, ਉੱਠ ਉਏ ਝੱਲਿਆ ਦਿਲਾ ਨਿਮਾਣਿਆ, ਚੱਲ ਸੱਜਣਾ ਦੀ ਝੋਕ । ਵਾਂਗ ਮੱਕੀ ਦੀਆਂ ਛੱਲੀਆਂ ਖ਼ਵਰੇ, ਖਿੜ ਪਏ ਤੇਰਾ ਪਿਆਰ, ਤੂੰ ਰੀਝਾਂ ਦੀ ਭੱਠੀ ਹੇਠਾਂ, ਜਤਨ ਦਾ ਬਾਲਣ ਝੋਕ । 'ਰਾਹਤ' ਫ਼ਜਰ ਦੀਆਂ ਤਾਂਘਾਂ ਵਿੱਚ, ਹੋਰ ਘੜੀ ਕੂ ਜਾਗ, ਰਹਿੰਦੀ ਰਾਤ ਦੇ ਮੁੱਕਣ ਤਾਈਂ, ਆਉਂਦੀ ਜਾਂਦੀ ਝੋਕ ।

ਵਿੱਚ ਹਨੇਰੇ ਬਲਦੀ ਪਈ ਏ

ਵਿੱਚ ਹਨੇਰੇ ਬਲਦੀ ਪਈ ਏ ਇਕ ਦੀਵੇ ਦੀ ਲਾਟ । ਜਿਉਂ-ਜਿਉਂ ਨੇੜੇ ਢੁਕਣਾ ਵਾਂ ਤੇ ਹੋਏ ਲਮੇਰੀ ਵਾਟ । ਤੇਰੇ ਪਿਆਰ ਦੀ ਖ਼ਾਤਰ ਚੁੱਕੀ, ਮਿਹਣਿਆਂ ਦੀ ਮੈਂ ਪੰਡ, ਮੇਰੀ ਅਣਖ ਦੇ ਮੂੰਹ ਤੇ ਮਾਰੀ ਤੇਰੀ ਚੁੱਪ ਨੇ ਚਾਟ । ਇਕਲਾਪੇ ਵਿਚ ਜਦੋਂ ਕਦੀ ਵੀ ਤੇਰੀਆਂ ਯਾਦਾਂ ਆਵਣ, ਚੀਰ ਕਲੇਜਾ ਸੁੱਟਦੀ ਮੇਰਾ, ਐਸੀ ਪਵੇ ਤਰਾਟ । ਸੱਧਰਾਂ ਦਾ ਹੁਣ ਸੂਰਜ ਡੁੱਬਾ, ਵਰਤੀ ਗ਼ਮ ਦੀ ਸ਼ਾਮ, ਖ਼ਵਰੇ ਕਾਲਖ ਦੇ ਸ਼ੌਹ ਅੰਦਰ, ਮਿਲਣੀ ਕਿਹੜੀ ਘਾਟ । ਮੰਜ਼ਿਲ ਨੂੰ ਮੈਂ ਲੱਭਦਾ-ਲੱਭਦਾ, ਆਪ ਗਵਾਚ ਗਿਆ ਵਾਂ, ਛੱਡ ਗਿਆ 'ਰਾਹਤ' ਪਿਆਰ ਦਾ ਸਾਥੀ, ਮੰਜ਼ਿਲ ਦੇ ਅਧਰਾਟ ।

ਪਿੱਛੇ ਰਹਿ ਜਾਏ ਕਰਮਾਂ ਮਾਰੀ

ਪਿੱਛੇ ਰਹਿ ਜਾਏ ਕਰਮਾਂ ਮਾਰੀ ਭੁੱਖ ਤੋਂ ਅੱਗੇ ਲੰਘੋ । ਚਾਵਾਂ ਦਾ ਕੋਈ ਸ਼ਹਿਰ ਵਸਾਉ ਦੁਖ ਤੋਂ ਅੱਗੇ ਲੰਘੋ । ਖ਼ੁਦਦਾਰੀ ਨਾਲ ਜੀਵਨ ਦਾ ਵੱਲ ਸਿੱਖੋ ਦੁਨੀਆਂ ਉੱਤੇ, ਪੈਰੀਂ ਪੈਂਖੜ ਪਾਏ ਜੋ ਉਸ ਸੁੱਖ ਤੋਂ ਅੱਗੇ ਲੰਘੋ । ਸੈ ਵਰ੍ਹਿਆਂ ਦੇ ਬਾਅਦ ਵੀ ਅੱਜ ਏ ਖ਼ਾਲਮ-ਖ਼ਾਲੀ ਝੋਲੀ, ਸਮੇਂ ਦੇ ਬਾਂਝਪੁਣੇ ਦੀ ਸੱਖਣੀ ਕੁੱਖ ਤੋਂ ਅੱਗੇ ਲੰਘੋ । ਹੰਝੂਆਂ ਦਾ ਦੇ ਦੇ ਕੇ ਪਾਣੀ ਪਾਲਿਆ ਏ ਰੁੱਖ ਜਿਹੜਾ, ਠੰਢੀ ਛਾਂ ਨਾ ਦੇ ਤਾਂ ਫਿਰ ਉਸ ਰੁੱਖ ਤੋਂ ਅੱਗੇ ਲੰਘੋ । ਜਿੱਥੇ ਹਾਸੇ ਕਰਨ ਸਵਾਗਤ ਓਸ ਨਗਰ ਜਾ ਵੱਸੋ, 'ਰਾਹਤ ਜੀ' ਇਸ ਨਫ਼ਰਤ ਦੀ ਦੁਖਦੁਖ ਤੋਂ ਅੱਗੇ ਲੰਘੋ ।

ਜੀਵਨ ਖ਼ਾਬ ਸੁਹਾਣਾ ਲੰਘਿਆ ਉਹਦੇ ਨਾਲ

ਜੀਵਨ ਖ਼ਾਬ ਸੁਹਾਣਾ ਲੰਘਿਆ ਉਹਦੇ ਨਾਲ । ਮੇਰਾ ਇਕ ਜ਼ਮਾਨਾ ਲੰਘਿਆ ਉਹਦੇ ਨਾਲ । ਕਿਸਰਾਂ ਭੁੱਲ ਜਾਵਾਂ ਹੁਣ ਉਹਦੀਆਂ ਯਾਦਾਂ ਨੂੰ, ਚੋਖਾ ਵਕਤ ਪੁਰਾਣਾ ਲੰਘਿਆ ਉਹਦੇ ਨਾਲ । ਕਿਉਂ ਵੇਲੇ ਨੇ ਅੱਗਾਂ ਲਾਈਆਂ ਸੋਚਾਂ ਨੂੰ, ਅਜ ਇਕ ਹੋਰ ਫ਼ਸਾਨਾ ਲੰਘਿਆ ਉਹਦੇ ਨਾਲ । ਆਈਆਂ ਦਿਲ ਦੇ ਸ਼ੀਸ਼ੇ ਵਿਚ ਤਰੇੜਾਂ ਨੇ, ਜਦ ਦਾ ਇਕ ਬੇਗਾਨਾ ਲੰਘਿਆ ਉਹਦੇ ਨਾਲ । ਧੁੱਪਾਂ-ਛਾਵਾਂ ਦੀ ਨਾ ਸੀ ਪਰਵਾਹ ਕੋਈ, ਕਿੰਨਾਂ ਅਜਬ ਯਾਰਾਨਾ ਲੰਘਿਆ ਉਹਦੇ ਨਾਲ । 'ਰਾਹਤ' ਅਜ ਉਹ ਮਨਜ਼ਰ ਖ਼ਾਲਮ ਖ਼ਾਲੀ ਏ, ਕਦੀ ਸੀ ਦਿਲ ਦੀਵਾਨਾ ਲੰਘਿਆ ਉਹਦੇ ਨਾਲ ।

ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ!

ਉਂਜ ਤੇ ਦਰਦੀ ਯਾਰ ਵਧੇਰੇ ਲੱਗਦੇ ਨੇ! ਦੁਖੜੇ ਫਿਰ ਵੀ ਚਾਰ-ਚੁਫ਼ੇਰੇ ਲੱਗਦੇ ਨੇ!! ਚੌਧਵੀਂ ਰਾਤ ਦਾ ਚੰਨ ਤੇ ਕੰਢਾ ਰਾਵੀ ਦਾ, ਇਹ ਤੇ ਸੁਫ਼ਨੇ ਤੇਰੇ ਮੇਰੇ ਲੱਗਦੇ ਨੇ! ਰੰਗਤ ਉੱਡੀ-ਉੱਡੀ ਲੱਗੇ ਫੁੱਲਾਂ ਦੀ, ਬਾਗ਼ਾਂ ਦੇ ਵਿਚ ਵੜੇ ਫੁਲੇਰੇ ਲੱਗਦੇ ਨੇ! ਬੁਝੇ ਬੁਝੇ ਚਿਹਰੇ ਤੇ ਘੁੱਟੇ ਘੁੱਟੇ ਸਾਹ, ਵਿੱਚ ਦਿਲਾਂ ਦੇ ਘੁੱਪ ਹਨੇਰੇ ਲੱਗਦੇ ਨੇ! ਤੇਰੇ ਘਰ ਦੀ 'ਸਰਦਲ' 'ਤੇ ਵੀ ਅੱਪੜ ਕੇ, ਹਾਲਾਂ ਪੈਂਡੇ ਬਹੁਤ ਲਮੇਰੇ ਲੱਗਦੇ ਨੇ! ਇਸ ਬਸਤੀ ਦਾ ਹੁਣ ਤੇ ਰੱਬ ਈ ਰਾਖਾ ਏ, ਏਥੇ ਰਾਖੇ ਆਪ ਲੁਟੇਰੇ ਲੱਗਦੇ ਨੇ! 'ਰਾਹਤ' ਦਿਲ ਦਰਿਆ ਵਿੱਚ ਛੱਲਾਂ ਉੱਡੀਆਂ ਨੇ, ਫੇਰ ਕਿਸੇ ਨੇ ਅੱਥਰੂ ਕੇਰੇ ਲੱਗਦੇ ਨੇ!

ਅਥਰੀਆਂ ਹੋਈਆਂ ਅੱਜ ਸਮੇਂ ਦੀਆਂ ਟੋਰਾਂ ਨੇ

ਅਥਰੀਆਂ ਹੋਈਆਂ ਅੱਜ ਸਮੇਂ ਦੀਆਂ ਟੋਰਾਂ ਨੇ । ਉੱਚਾ ਵੇਖਣ ਵਾਲਿਉ ਹੇਠਾਂ ਗੋਰਾਂ ਨੇ । ਕਟਦੇ ਰਹੇ ਜਗਰਾਤਾ ਪਹਿਰਾ ਦਿੰਦੇ ਰਹੇ, ਅੱਖ ਲੱਗੀ ਤੇ ਸੰਨ੍ਹਾਂ ਲਾਈਆਂ ਚੋਰਾਂ ਨੇ । ਪਾਣੀ ਦੀ ਥਾਂ ਰੱਤ ਪਿਆਈ ਜੀਹਨਾਂ ਨੂੰ, ਛਾਂ ਉਨ੍ਹਾਂ ਰੁੱਖਾਂ ਦੀ ਮਾਨੀ ਹੋਰਾਂ ਨੇ । ਜਦ ਇਕਲਾਪੇ ਵਿੱਚ ਹਨ੍ਹੇਰਾ ਡੰਗਦਾ ਏ, ਕੰਨੀ ਭਿਣਕਾਂ ਪਾਉਂਦੀਆਂ ਉਹਦੀਆਂ ਟੋਰਾਂ ਨੇ । ਅੱਜ ਵੇਲੇ ਦੀ ਹਿੱਕ ਤੇ ਅੱਖਰ ਲਿਖ 'ਰਾਹਤ', ਨਹੀਂ ਤੇ ਕੱਲ ਨੂੰ ਯਾਦ ਨਹੀਂ ਕਰਨਾਂ ਹੋਰਾਂ ਨੇ ।

ਦਿਨ ਚੜ੍ਹਦਾ ਤੇ ਧਰਤੀ ਉੱਤੇ

ਦਿਨ ਚੜ੍ਹਦਾ ਤੇ ਧਰਤੀ ਉੱਤੇ, ਆਪਣਾ ਨਕਸ਼ ਖਰੋਚਾਂ ਮੈਂ । ਰਾਤ ਪਵੇ ਤੇ ਸ਼ਾਇਰ ਬਣ ਕੇ, ਬੜੀਆਂ ਸੋਚਾਂ ਸੋਚਾਂ ਮੈਂ । ਚੰਨ ਚੌਧਵੀ ਦੂਰ ਖਲੋ ਕੇ, ਮੇਰੇ ਵਲ ਪਿਆ ਤੱਕਦਾ ਏ, ਮੇਰਾ ਦਿਲ ਵੀ ਏਹੋ ਚਾਹੁੰਦਾ, ਡਿੱਗ ਪਵੇ ਤੇ ਬੋਚਾਂ ਮੈਂ । ਮੇਰੇ ਵਿਹੜੇ ਵਿੱਚ ਖਿੜੇ ਹੋਏ, ਫੁੱਲ ਜਵਾਨੀ ਮਾਨਣ ਪਏ, ਮੈਲੀਆਂ ਕਰਕੇ ਵੇਖੇ ਜਿਹੜਾ, ਉਹਦੀਆਂ ਅੱਖਾਂ ਨੋਚਾਂ ਮੈਂ । ਮੈਂ ਝੱਲਾ ਤੇ ਕਮਲਾ ਵਹਿਸੀ, ਕਾਹਦਾ ਡਰ ਰੁਸ ਵਾਈ ਦਾ, ਭਾਵੇਂ ਮੈਨੂੰ ਇੱਟਾਂ ਮਾਰੋ, ਕਰਾਂ ਨਾ ਗਾਲ ਗਲੋਚਾਂ ਮੈਂ । ਅੱਤ ਗ਼ਮਾਂ ਦੇ ਬਲਦੇ ਥਲ ਵਿਚ, ਮਰ ਸਾਂ ਆਪਣੀ ਸੱਸੀ ਨਾਲ, ਅੱਗ ਵਸਾਇਉ ਅਸਮਾਨੋਂ ਜੇ, ਨੱਸਾਂ ਵਾਂਗ ਬਲੋਚਾਂ ਮੈਂ । ਅੰਦਰੋਂ ਖੋਲਾ ਹੋਈਆਂ ਭਾਵੇਂ, ਕੰਧਾਂ ਨੇ ਘਰ ਬਾਰ ਦੀਆਂ, ਮਜਬੂਰੀ ਨੂੰ ਢਕਣ ਦੇ ਲਈ, ਬਾਹਰੋ ਲਿੱਪਾਂ ਪੋਚਾਂ ਮੈਂ । ਜੀਹਦੇ ਢਿੱਡੋਂ ਜਨਮ ਲਿਆ ਸੀ, ਭੁੱਲ ਗਏ ਉਹਦੀ ਅਜ਼ਮਤ ਨੂੰ, ਕਿਉਂ ਲੋਕੀ ਬੇਹਿੱਸੇ ਹੋ ਗਏ 'ਰਾਹਤ' ਇਹੋ ਸੋਚਾਂ ਮੈਂ ।