Iqbal Deewana   ਇਕਬਾਲ ਦੀਵਾਨਾ

ਪੰਜਾਬੀ ਗ਼ਜ਼ਲਾਂ ਇਕਬਾਲ ਦੀਵਾਨਾ

੧. ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ

ਸਾਉਣ ਮਹੀਨੇ ਕਾਲੇ ਬੱਦਲ, ਮੁੜਕੇ ਫੇਰ ਨੇ ਔੜੇ । ਮੈਂ 'ਦੀਨਾਰ' 'ਰਿਆਲ' ਕੀ ਕਰਨੇ, ਪਾ ਵਤਨਾਂ ਵਲ ਮੋੜੇ । ਚੰਨ ਉਨ੍ਹਾਂ ਦੇ ਪੈਰਾਂ ਹੇਠਾਂ, ਜਿਹੜੇ ਉਦਮ ਕਰਦੇ, ਹਿੱਕ ਤੋਂ ਬੇਰ ਨੂੰ ਚੁੱਕ ਨਾ ਸੱਕਣ, ਧੁਰ ਦਰਗਾਹੋਂ ਕੋੜ੍ਹੇ । ਪਰੇਮ ਨਗਰ ਦੇ ਕਾਇਦੇ-ਕੁੱਲੇ, ਦੁਨੀਆਂ ਨਾਲੋਂ ਵੱਖਰੇ, ਗੂੜ੍ਹੀ ਹੁੰਦੀ ਹੋਰ ਮੁਹੱਬਤ, ਪੈਂਦੇ ਜਦੋਂ ਵਿਛੋੜੇ । ਇਸ਼ਕ ਸਮੁੰਦਰ ਦੇ ਵਿੱਚ ਬੀਬਾ, ਸੋਚ ਸਮਝ ਕੇ ਉੱਤਰੀਂ, ਉੱਘ-ਸੁੱਘ ਇਹਦੀ ਕਿਤੇ ਨਾ ਲੱਭੀ, ਕਿੰਨੇ ਪੂਰ ਨੇ ਰੋੜ੍ਹੇ । ਅੱਗੇ ਈ ਜ਼ਖ਼ਮੋਂ-ਜ਼ਖ਼ਮ 'ਦੀਵਾਨਾ' ਪੱਥਰ ਹੋਰ ਨਾ ਮਾਰੋ, ਜੇ ਅਪਣਾ ਝੱਸ ਪੂਰਾ ਕਰਨੈਂ, ਮਾਰੋ ਰੂੰ ਦੇ ਗੋਹੜੇ ।

੨. ਡੂੰਘੇ ਸਾਗਰ ਵਿੱਚ ਉਤਰ ਕੇ, ਵਾਹ ਤੇ ਲਾਉਂਦੇ ਸੱਭੇ

ਡੂੰਘੇ ਸਾਗਰ ਵਿੱਚ ਉਤਰ ਕੇ, ਵਾਹ ਤੇ ਲਾਉਂਦੇ ਸੱਭੇ । ਇਕਨਾਂ ਦੇ ਹੱਥ ਖ਼ਾਲੀ ਸਿੱਪੀਆਂ, ਇਕਨਾਂ ਮੋਤੀ ਲੱਭੇ । ਸਾਡੇ ਵੇਲੇ ਪਿਉ ਨੂੰ ਸਾਰੇ, ਘਰ 'ਚੋਂ ਵੱਡਾ ਕਹਿੰਦੇ, ਏਸ ਦੌਰ ਦੇ ਪੁੱਤਰ ਵੱਡੇ, ਛੋਟੇ ਹੋ ਗਏ ਅੱਬੇ । ਨੌਕਰੀਆਂ ਦੇ ਅੰਦਰ ਯਾਰੋ, ਇੱਜ਼ਤ ਨਫ਼ਸ ਨਹੀਂ ਰਹਿੰਦਾ, ਮੈਂ ਤੇ ਦੰਦੀਆਂ ਕੱਢਦੇ ਦੇਖੇ, ਜਿਹੜੇ ਡਾਢੇ ਕੱਬੇ । ਅਪਣੇ ਯਾਰਾਂ ਦਾ ਮੂੰਹ ਤੱਕ ਕੇ, ਮੈਨੂੰ ਤੇ ਇੰਜ ਲੱਗਾ, ਵਿੱਚੋਂ ਕਿਸੇ ਅੰਗੂਰ ਨੇ ਖਾਧੇ, ਖ਼ਾਲੀ ਰਹਿ ਗਏ ਡੱਬੇ । ਜਦ ਗੁਲਸ਼ਨ ਨੂੰ ਲੋੜ ਸੀ ਉਦੋਂ, ਕਿੱਥੇ ਸਨ ਇਹ ਲੋਕੀ, ਅੱਜ ਗੁਲਸ਼ਨ ਵਿੱਚ ਬਹਿਕੇ ਜਿਹੜੇ, ਸਾਨੂੰ ਮਾਰਣ ਦੱਬੇ ।

੩. ਮੈਨੂੰ ਪਤਾ ਏ ਅੱਜ ਕੱਲ੍ਹ ਜ਼ਾਲਮ, ਕਿਉਂ ਕਸਦਾ ਏ ਤੋੜੇ

ਮੈਨੂੰ ਪਤਾ ਏ ਅੱਜ ਕੱਲ੍ਹ ਜ਼ਾਲਮ, ਕਿਉਂ ਕਸਦਾ ਏ ਤੋੜੇ । ਮਿਲੇ ਖਿਡੌਣੇ ਚਾਬੀ ਵਾਲੇ, ਭੁਲ ਗਏ ਘੁੱਗੂ-ਘੋੜੇ । ਲੰਮੇ ਲੰਮੇ ਸਿਜਦੇ ਕਰਕੇ, ਤੂੰ ਨਹੀਂ ਬਖ਼ਸ਼ਿਆ ਜਾਣਾ, ਉਹਨਾਂ ਕੋਲੋਂ ਮਾਫ਼ੀ ਮੰਗ ਲੈ, ਜਿਹਨਾਂ ਦੇ ਦਿਲ ਤੋੜੇ । ਜੀਵੇ, ਜਾਗੇ ਸਾਰੀ ਦੁਨੀਆਂ, ਇਹ ਮੇਰੇ ਕਿਸ ਕੰਮ ਦੀ, ਮੇਰਾ ਇਕ ਤੂਹੀਉਂ ਹੈਂ, ਤੂੰ ਨਾ, ਐਨੇ ਮਾਰ ਮਰੋੜੇ । ਪੱਥਰ ਦਿਲ ਦੇ ਨਾਲ ਕਿਸੇ ਦਾ ਵਾਹ ਨਾ ਰੱਬਾ ਪਾਵੀਂ, ਰੋਂਦੇ ਛੱਡ ਕੇ ਤੁਰ ਗਿਆ ਜ਼ਾਲਮ, ਮੈਂ ਤਾਂ ਹੱਥ ਵੀ ਜੋੜੇ । ਤੇਰੀ ਬੇਪਰਵਾਹੀ ਨੇ ਦਿਲ, ਟੁਕੜੇ ਟੁਕੜੇ ਕੀਤਾ, ਹੁੰਦਾ ਦਰਦ ਅਵੱਲਾ ਧੋਬੀ, ਕਪੜਾ ਜਿਵੇਂ ਨਚੋੜੇ ।

੪. ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ

ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ । ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ । ਰੂਪ ਜਵਾਨੀ ਅਤੇ ਸੁਹੱਪਣ, ਮੂੰਹ ਧੋਇਆਂ ਨਹੀਂ ਲਹਿੰਦਾ, ਇਕਨਾਂ ਨੂੰ ਨਾ ਜਚਦਾ ਰੇਸ਼ਮ, ਇਕ ਨੂੰ ਖੱਦਰ ਫੱਬੇ । ਗੁਣਗੀਣਾਂ ਖਾਵਣ ਵਾਲੇ ਨੂੰ, ਫ਼ਰਕ نہیں ਕੁੱਝ ਪੈਂਦਾ, ਢਿਡੀਂ ਪੀੜਾਂ ਹੋਵਣ ਜੀਹਨੇ, ਕੱਚੇ ਛੋਲੇ ਚੱਬੇ । ਨੰਦਾ ਨੌਂ ਦਿਨ, ਨੰਦੇ ਦੇ ਨੌਂ, ਲੇਖਾ ਇੱਕੋ ਜੇਹਾ, ਮੰਜੀ 'ਤੇ ਸਿਰ ਕਿਧਰੇ ਕਰ ਲਓ, ਲੱਕ ਆਉਂਦਾ ਏ ਗੱਭੇ । ਖ਼ੌਰੇ ਇਸ ਨੂੰ ਕਿਹੜਾ ਦੁੱਖ ਹੈ, ਕਿਸ ਗੱਲ ਦਾ ਪਛਤਾਵਾ, ਯਾਰੋ ਇਸ ਨੂੰ ਪਿਆਰ ਕਰੋ ਜੇ, ਕਿਤੇ 'ਦੀਵਾਨਾ' ਲੱਭੇ ।