Punjabi Kavita
  

Inquilaab Di Raah Darshan Singh Awara

ਇਨਕਲਾਬ ਦੀ ਰਾਹ (ਕਾਵਿ ਸੰਗ੍ਰਹਿ) ਦਰਸ਼ਨ ਸਿੰਘ ਅਵਾਰਾ

ਗਰਮ ਜਿਹੀਆਂ !

੧.

ਮੰਦਰੀਂ ਬੈਠ ਕੇ ਨਿੱਤ,
ਚੌਰ ਝੁਲਾਂਦੇ ਰੱਬਾ
ਮਖ਼ਮਲਾਂ ਪਹਿਨਦੇ,
ਕਮਖ਼ਾਬ ਹੰਡਾਂਦੇ ਰੱਬਾ !
ਚੂਰਮੇ, ਰੋਟ, ਕੜਾਹ,
ਖੀਰ ਉਡਾਂਦੇ ਰੱਬਾ !
ਪੈ ਕੇ ਪੰਘੂੜਿਆਂ ਵਿਚ,
ਮੁਠੀਆਂ ਭਰਾਂਦੇ ਰੱਬਾ !

ਚਿਰ ਤੋਂ ਕਹਿੰਦਾ ਰਿਹਾਂ;
ਹਥ ਬੰਨ੍ਹ ਕੇ ਤੈਨੂ ਨਰਮ ਜਹੀਆਂ।
ਅਜ ਮੈਂ ਕੁਝ ਗਰਮ ਹਾਂ,
ਆਖਾਂਗਾ ਵੀ ਕੁਝ ਗਰਮ ਜਹੀਆਂ।

੨.

ਕਿਹੜੇ ਕੰਮ ਰੁਝਿਆ ਏਂ?
ਗਊਆਂ ਨੂੰ ਚਰਾਨਾਂ ਏਂ ਪਿਆ?
ਬੈਠਾ ਏਂ ਸਖੀਆਂ ਦੇ ਵਿਚ?
ਰਾਸ ਰਚਾਨਾਂ ਏਂ ਪਿਆ?
ਅਤੇ ਲੇਖ ਲਿਖਨੈਂ ਪਿਆ?
ਇਲਹਾਮ ਸੁਣਾਨਾਂ ਏਂ ਪਿਆ?
ਠੇਕਾ ਕੋਈ ਲੈ ਲਿਆ ਈ?
ਟੈਂਕ ਬਣਾਨਾਂ ਏਂ ਪਿਆ?

ਸਾਡੇ ਸੀਨੇ ਉਹ ਲਗੀ ਏ,
ਜੋ ਨਹੀਂ ਬੁਝਦੀ ਏ!
ਤੈਨੂੰ ਪੰਘੂੜਿਆਂ ਤੇ,
ਨੀਂਦ ਪਈ ਸੁਝਦੀ ਏ?

੩.

ਬਾਹਰ ਮੰਦਰਾਂ 'ਚੋਂ ਨਿਕਲ,
ਤਕ ਜ਼ਰਾ ਸੰਸਾਰ ਦਾ ਹਾਲ ।
ਵੇਖ ‘ਮਾਨੁਖਤਾ ਕਿਵੇਂ
ਹੋਈ ਏ ਚੌਤਰਫ਼ ਨਿਢਾਲ !
ਆ ਪਈ ਸਦੀਆਂ ਦੀ ਤਾਹਜ਼ੀਬ
ਜ਼ਿਮੀਂ ਤੇ ਚੌਫ਼ਾਲ ।
ਥਲਾਂ, ਮੈਦਾਨਾਂ 'ਚ
ਚਿੱਕੜ ਏ ਮਨੁਖੀ ਰਤ ਨਾਲ ।

ਰਾਜ ਹੈ ਤੇਗ ਦਾ,
ਬਾਹਾਂ ਦਾ ਅਤੇ ਜ਼ੋਰਾਂ ਦਾ ।
ਨਰਕ ਹੈ ਜਿਊਣਾ,
ਭਲੇ ਮਾਣਸਾਂ, ਕਮਜ਼ੋਰਾਂ ਦਾ।

੪.

ਭੁਲ ਗਿਐ ਜੀਵਣਾ
ਇਨਸਾਨ ਨੂੰ ਇਨਸਾਨਾਂ ਵਾਂਗ ।
ਡੁਬ ਗਈ 'ਸਾਂਝ'
ਸਿਰੋਂ ਚੜ੍ਹ ਗਈ ਏ “ਗਰਜ਼’ ਦੀ ਕਾਂਗ।
'ਪ੍ਰੀਤ' ਦੇ ਢਿੱਡ ’ਚ ਛੁਰਾ,
'ਸਭਿਅਤਾ' ਦੇ ਸਿਰ ਵਿਚ ਡਾਂਗ ।
'ਸੱਚ' ਦਿਸਦਾ ਨਹੀਂ,
ਹੈ ਚਾਰ ਤਰਫ਼ ਸ੍ਵਾਂਗ ਹੀ ਸ੍ਵਾਂਗ ।

ਮਥੇ ਮਹਿਰਾਬ ਹੈ,
ਹਥ ਗੁਟਕਾ ਹੈ, ਗਲ ਮਾਲਾ ਹੈ ।
ਸ਼ਕਲ ਬੀਬੀ ਹੈ,
ਅਮਲ ਤਕ ਤੇ ਸ਼ਾਹ-ਕਾਲਾ ਹੈ ।

੫.

ਉੱਜੜੇ ਸ਼ਹਿਰ ਕਿਤੇ,
ਲਾਸ਼ਾਂ ਦੇ ਅੰਬਾਰ ਕਿਤੇ,
ਜ਼ਖ਼ਮੀਂ ਲੁਛਦੇ ਨੇ ਕਿਤੇ,
ਤੜਫ਼ਦੇ ਬੀਮਾਰ ਕਿਤੇ ।
ਸ਼ੋਹਲੇ ਉਠਦੇ ਨੇ ਕਿਤੋਂ,
ਵਸਦੇ ਨੇ ਅੰਗਿਆਰ ਕਿਤੇ ।
ਛੱਤ ਡਿਗਦੀ ਏ ਕਿਤੇ,
ਫਟਦੀ ਏ ਦੀਵਾਰ ਕਿਤੇ ।
ਇਹ ਤੇਰੀ ਕਿਰਤ ਏ,
ਜਿਸ ਤੇ ਪਿਆ ਇਤਰਾਨਾ ਏ ?
ਤੋਬਾ ! ਇਹ ਦੁਨੀਆ ਏ,
ਯਾ ਕੋਈ ਜ਼ਬਹ-ਖ਼ਾਨਾ ਏ ?

੬.

ਜ਼ੁਲਮ ਨੂੰ, ਪਾਪ ਨੂੰ,
ਅਨਿਆਂ ਨੂੰ ਏਨੀ ਲੰਮੀ ਡੋਰ ?
ਹੋਣ ਦਿੱਤਾ ਗਿਆ ਏ,
ਜ਼ੋਰ ਨੂੰ ਏਨਾਂ ਮੂੰਹ-ਜ਼ੋਰ ?
ਹੋ ਗਿਐ ਨਕਸ਼ਾ ਹੀ, ਹਾਇ,
ਦੁਨੀਆ ਦਾ ਕੁਝ ਹੋਰ ਦਾ ਹੋਰ ।
ਦਿਲ ਇਹ ਪੁਛਦਾ ਏ,
"ਕਿਧਰ ਲੈ ਗਏ ਨੇ ਰੱਬ ਨੂੰ ਚੋਰ ?"

ਜ਼ੁਲਮ ਸਹਿੰਦੇ ਹਾਂ ਪਏ,
ਚਿਰ ਤੋਂ ਖ਼ਸਮ-ਮੋਇਆਂ ਵਾਂਗ ।
ਤੂੰ ਤਾਂ ਹੈਂ ਸਾਡੇ ਲਈ,
ਹੋਇਆ ਵੀ ਨਾ ਹੋਇਆਂ ਵਾਂਗ।

੭.

ਜ਼ੁਲਮ ਦੀ ਧਾੜ ਨੂੰ,
ਸਕਦਾ ਜੇ ਨ ਸੈਂ ਬੰਨਾ ਪਾ ।
ਜਬਰ ਹੱਥੋਂ ਜੇ ਨਹੀਂ,
ਦੁਖੀਆਂ ਨੂੰ ਸਕਦਾ ਸੈਂ ਛੁਡਾ ।
ਜੇ ਤੂੰ ਪ੍ਰਬੰਧ ਦੀ ਕਿਰਿਆ,
ਨਹੀਂ ਸਕਦਾ ਸੈਂ ਨਿਭਾ ।
ਕਿਹੜੇ ਭੜੂਏ ਨੇ ਕਿਹਾ ਸਈ,
ਇਹ ਸਿਆਪੇ ਗਲ ਪਾ ?

ਰਚ ਕੇ ਸੰਸਾਰ,
ਜੇ ਇਉਂ ਮਸ਼ਟ ਮਾਰ ਬਹਿਣਾ ਸਈ ।
ਪਹਿਲੇ ਵਾਂਗਰ ਹੀ
ਨਿਰਾਕਾਰ ਟਿਕਾ ਰਹਿਣਾ ਸਈ ।

੮.

ਅੱਤ ਹੋ ਚੁਕੀ ਏ,
ਠੰਡਾ ਤਾਂ ਪਿਆ ਕੜ੍ਹਦਾ ਨਹੀਂ ?
ਜ਼ੁਲਮ ਨੂੰ ਗ਼ਜ਼ਬ ਤੇਰਾ,
ਗਿੱਚੀਓਂ ਕਿਉਂ ਫੜਦਾ ਨਹੀਂ ?
ਸਾਡੇ ਤੇ ਚੜ੍ਹਦਾ ਈ ਰੋਹ,
ਡਾਢੇ ਤੇ ਕਿਉਂ ਚੜ੍ਹਦਾ ਨਹੀਂ ?
ਸੱਚਾ ਏਂ, ਸੜਦੀ ਏ ਦੁਨੀਆ,
ਤੇਰਾ ਕੁਝ ਸੜਦਾ ਨਹੀਂ ।

ਸੰਨ੍ਹ ਤੇ ਚੋਰ ਨਹੀਂ ?
ਮੌਕੇ ਤੇ ਕਾਤਿਲ ਨਹੀਂ ਏ ?
ਕਿਉਂ ਨਹੀਂ ਫੜਦਾ ?
ਤੇਰਾ ਵਸ ਨਹੀਂ ਜਾਂ ਦਿਲ ਨਹੀਂ ਏ ?

੯.

ਕੱਛਾ ਲਾਂਹਦੇ ਨੂੰ ਸਜ਼ਾ,
ਬੰਬ ਵਰ੍ਹਾਂਦੇ ਨੂੰ ਮਾਫ਼ ।
ਰੋਜ਼ਾ ਭੁਲਦੇ ਤੇ ਵਬਾ,
ਖ਼ੂਨ ਵਹਾਂਦੇ ਨੂੰ ਮਾਫ਼ ।
ਪਾਠ ਖੁੰਝਦੇ ਤੇ ਸਿਤਮ,
ਸ਼ਹਿਰ ਉਡਾਂਦੇ ਨੂੰ ਮਾਫ਼ ।
ਜੰਞੂ ਲਾਂਹਦੇ ਤੇ ਗ਼ਜਬ,
ਅੱਗਾਂ ਲਗਾਂਦੇ ਨੂੰ ਮਾਫ਼ ।

ਤੇਰੇ ਮਈਆਰ ਨਿਰਾਲੇ,
ਤੇਰੇ ਪੁੰਨ ਪਾਪ ਅਜੀਬ ।
ਪਰ ਅਜਬ ਇਹਦੇ 'ਚ ਕੀ,
ਜਦ ਕਿ ਹੈਂ ਤੂੰ ਆਪ ਅਜੀਬ ।

੧੦

ਹੋਵੇਂ ਜੇ ਸਾਡੀ ਤਰਾਂ,
ਤੂੰ ਵੀ ਬਾਲ-ਬੱਚੇ-ਦਾਰ ।
ਜੁੜਿਆ ਹੋਂਦਾ ਜੇ,
ਤੇਰੇ ਗਿਰਦ ਵੀ ਖਿੜਿਆ ਪਰਵਾਰ ।
ਓਸ ਦੇ ਰਹਿਣ ਨੂੰ,
ਹੋਂਦਾ ਕੋਈ ਸੋਹਣਾ ਘਰ ਬਾਰ ।
ਜਿਸ ਦੀਆਂ ਇਟਾਂ ਦੇ ਨਾਲ,
ਹੋਂਦਾ ਤੇਰਾ ਰਜਵਾਂ ਪਿਆਰ ।

ਬੰਬ ਵਰ੍ਹ ਪੈਂਦੇ,
ਤੇ ਸੁਤਿਆਂ ਤੇ ਹੀ ਛਤ ਬਹਿ ਜਾਂਦਾ ।
ਕਹੁ ਧਰਮ ਨਾਲ,
ਕੀ ਸਾਬਤ ਤੇਰਾ ਦਿਲ ਰਹਿ ਜਾਂਦਾ ?

੧੧.

ਤੂੰ ਵੀ ਭੋਂ ਆਪਣੀ ਜੇ,
ਹਡ ਤੋੜ ਕੇ ਵਾਹੀ ਹੋਂਦੀ ।
ਕੱਕਰੀਂ ਠਰ ਕੇ,
ਸੁਹਾਗੀ ਤੇ ਕਰਾਹੀ ਹੋਂਦੀ ।
ਸਿਕਦਿਆਂ ਪੱਕੀ ਫ਼ਸਲ
ਧੁੱਪਾਂ 'ਚ ਗਾਹੀ ਹੋਂਦੀ ।
ਫਿਰ ਤੇਰੇ ਤਕਦਿਆਂ,
ਅੱਗ ਨਾਲ ਤਬਾਹੀ ਹੋਂਦੀ ।

ਗ਼ਜ਼ਬ ਚੜ੍ਹਦੋ ਈ ਕਿ ਨਾ ?
ਝੋਲਦੋਂ ਤੂਫ਼ਾਨ ਕਿ ਨਾ ?
ਪੁਛਦਿਆਂ ਤੈਥੋਂ,
ਡੇਰਾ ਡੋਲਦਾ ਈਮਾਨ ਕਿ ਨਾ ?

੧੨.

ਲਿੱਸਿਆਂ ਵਾਸਤੇ ਤਾਂ,
ਬਣ ਗਿਆ ਏਂ 'ਨਾਢੂ ਖ਼ਾਨ'।
'ਕਰਨ-ਕਾਰਨ', 'ਪਰੀ-ਪੂਰਨ'
ਤੇ 'ਸ੍ਰਵ-ਸ਼ਕਤੀਮਾਨ' ।
ਛਾਂਟਦਾ ਰਹਿਨਾ ਏਂ,
ਇਲਹਾਮਾਂ ਦੇ ਵਿਚ ਗੂੜ੍ਹ-ਗਿਆਨ ।
ਅਰਸ਼ ਤੇ ਬੈਠਾ,
ਚੜ੍ਹਾਨਾ ਏ ਨਿਤ ਨਵੇਂ ਫ਼ਰਮਾਨ ।

'ਸਜਦੇ ਨਾ ਕੀਤੇ ਤਾਂ ਮੈਂ
'ਨਰਕਾਂ 'ਚ ਸੁਟਵਾ ਦਿਆਂਗਾ ?
'ਖੋਹ ਕੇ ਇਹ ਜਾਮਾ
ਕਿਸੇ ਜੂਨ ਦੇ ਵਿਚ ਪਾ ਦਿਆਂਗਾ ।

੧੩.

ਦਸੀ ਜਦ ਜ਼ੋਰਾਂ-ਵਰਾਂ,
ਪਾ ਕੇ ਤੈਨੂੰ ਇਕ ਪੂਰੀ ।
ਵੇਖਦਾ ਉਦੋਂ ਕੋਈ,
ਆਹ ! ਤੇਰੀ ਮਜਬੂਰੀ
ਝੜ ਗਏ ਖੰਭ ਤੇਰੇ,
ਵਿਸਰ ਗਈ ਮਗਰੂਰੀ ।
ਪਿੰਜਰਾ ਮਿਲਿਆ ਤੈਨੂੰ ਮੰਦਰ ਦਾ,
ਚੜ੍ਹਾਵਾਂ 'ਚੂਰੀ' ।

ਉਡ ਗਿਆ ਰੋਹਬ ਤੇਰਾ,
ਰਹਿ ਗਿਆ ਬਸ ਨਾਮ ਹੀ ਨਾਮ ।
ਸ਼ੇਰ ਲਿਸਿਆਂ ਤੇ ਹੈਂ,
ਪਰ ਡਾਢਿਆਂ ਲਈ 'ਗੰਗਾ-ਰਾਮ' ।

੧੪.

ਅਸੀ ਹਸੀਏ ਵੀ ਤਾਂ,
ਦਸਨਾਂ ਏ ਸਾਨੂੰ ਕੁੰਭੀ ਨਰਕ ।
ਘੂਰ ਕੇ ਕਹਿਨੇਂ "ਸਹੋ ਹਸ ਕੇ,
ਹਰਿਕ ਟੀਸ ਤੇ ਕਰਕ ।"
ਆਹ ਜੇ ਭਰੀਏ ਤਾਂ ਕਹੇਂ,
"ਆਉਂਦਾ ਏ ਭਾਣੇ ਵਿਚ ਫਰਕ ।"
ਸਾਡਾ ਤਾਂ ਕੀਤੈ ਇਨ੍ਹਾਂ,
ਭਗਤੀਆਂ ਨੇ ਬੇੜਾ ਗਰਕ ।

ਪਾਪ ਵਡਾ ਹੈ,
ਤੇਰੀ ਜ਼ਾਤ ਦਾ ਆਸ਼ਕ ਹੋਣਾ।
ਬੁਧੂ ਹੋਣਾ ਹੈ,
ਤੇਰੇ ਭਗਤ, ਉਪਾਸ਼ਕ ਹੋਣਾ।

੧੫.

ਸਾਨੂੰ ਕਹਿੰਦਾ ਸੈਂ
'ਮੇਰਾ ਨਾਮ ਧਿਆਂਦੇ ਜਾਉ ।
'ਮਾਲਾ ਫੇਰੀ ਚਲੋ,
'ਮਣਕੇ ਨੂੰ ਭਵਾਂਦੇ ਜਾਉ।
'ਪਾਠ ਕਰਦੇ ਰਹੋ,
'ਸੰਤਾਂ ਨੂੰ ਛਕਾਂਦੇ ਜਾਉ।
'ਭਾਣਾ ਮੰਨਦੇ ਰਹੋ,
'ਤੇ ਸ਼ੁਕਰ ਮਨਾਂਦੇ ਜਾਉ।

'ਬੰਦਗੀ ਕਰਦਿਆਂ ਰਹਿਣਾ,
'ਹੀ ਹੈ ਇਨਸਾਨ ਦਾ ਕੰਮ।
'ਬਾਕੀ ਮੈਂ ਜਾਣਾ,
'ਤੇ ਜਾਣੇ ਮੇਰਾ-ਭਗਵਾਨ ਦਾ ਕੰਮ ।

੧੬.

'ਭੀੜ ਜਦ ਆਣ ਬਣੀ,
'ਦੌੜਿਆ ਆਸਾਂ ਮੈਂ ਆਪ ।
'ਅਪਣੇ ਬੰਦਿਆਂ' ਨੂੰ,
ਮੁਸੀਬਤ ਤੋਂ ਛੁਡਾਸਾਂ ਮੈਂ ਆਪ ।
'ਕਸ਼ਟ ਕੋਈ ਆਣ ਪਿਆ,
'ਆਕੇ, ਹਟਾਸਾਂ ਮੈਂ ਆਪ ।
'ਜ਼ੁਲਮ ਦਾ ਜਗ ਤੋਂ
'ਖੁਰਾ-ਖੋਜ ਮਿਟਾਸਾਂ ਮੈਂ ਆਪ।'

ਸਾਨੂੰ ਤਾਂ ਹੀਣੇ ਜਹੇ
'ਭਗਤ' ਬਣਾ ਛਡਿਆ ਈ ।
ਅਪਣਾ ਉਹ ਰਖਿਆ ਦਾ,
ਇਕਰਾਰ ਭੁਲਾ ਛਡਿਆ ਈ ।

੧੭.

ਨਾ ਤੂੰ ਕੁਝ ਕੀਤਾ,
ਨਾ ਕੁਝ ਛਡਿਆ ਈ ਕਰਨੇ ਜੋਗੇ ।
ਤੈਥੋਂ ਡਰ ਡਰ ਕੇ
ਸਦਾ ਹੋ ਗਏ ਡਰਨੇ ਜੋਗੇ ।
ਤੇਰੀਆਂ ਜਰਦੇ,
ਬਣੇ ਸਭ ਦੀਆਂ ਕਰਨੇ ਜੋਗੇ ।
ਸਜਦੇ ਕਰਦੇ ਬਣੇ,
ਸਿਰ ਚਰਨ ਤੇ ਧਰਨੇ ਜੋਗੇ ।

ਨਾ ਤੂੰ ਉਸ ਪਾਰ ਹੀ ਲਾਇਆ,
ਤੇ ਨਾ ਇਸ ਪਾਰ ਰਹੇ ।
ਤੇਰੀ ਹੀਖੀ ਤੇ ਅਸੀ,
ਠਿਲ੍ਹੇ ਤੇ ਵਿਚਕਾਰ ਰਹੇ ।

੧੮.

ਉਜੜੇ ਫਿਰੀਏ,
ਤੇ ਤੈਨੂੰ ਸਜਦੇ ਵੀ ਕਰਦੇ ਰਹੀਏ,
ਮਾਰ ਵੀ ਖਾਈਏ,
ਤੈਨੂੰ ਚਟੀਆਂ ਵੀ ਭਰਦੇ ਰਹੀਏ ।
ਪਾਠ ਵੀ ਕਰੀਏ,
ਤੇ ਅਣਿਆਈ ਵੀ ਮਰਦੇ ਰਹੀਏ ।
ਸਹਿਮ ਭੁਖ ਦਾ ਵੀ ਰਹੇ,
ਤੈਥੋਂ ਵੀ ਡਰਦੇ ਰਹੀਏ ।

ਰਾਸ ਸਾਨੂੰ ਨਹੀਂ,
ਤੇਰੇ 'ਜਹੇ ਅੰਦਾਜ਼ ਆਏ ।
ਤੋਬਾ ਕੀਤੀ ਅਸਾਂ,
ਇਸ ਬੰਦਗੀ ਤੋਂ ਬਾਜ਼ ਆਏ।

੧੯.

ਸਬਰ ਕੀਤਾ ਏ ਬੜਾ,
ਅੱਕ ਕੇ ਹਾਂ ਅਜ ਕਹਿਣ ਲੱਗਾ ।
ਤੇਰਾ ਇਹ ਮਹਿਲ - ਤਲਿਸਮੀ – ਜਿਹਾ
ਹੈ ਢਹਿਣ ਲੱਗਾ ।
ਹੁਣ ਵੀ ਜੇ ਤੇਰਾ ਨਸ਼ਾ ਨੀਂਦ ਦਾ
ਨਹੀਂ ਲਹਿਣ ਲੱਗਾ ।
ਇਕ ਭੁਲੇਖਾ ਜਿਹਾ ਹਈ,
ਉਹ ਵੀ ਨਹੀਉਂ ਲਹਿਣ ਲੱਗਾ।

ਮੁਕ ਗਈ ਖ਼ਲਕ
ਤਾਂ ਆਖੇਗਾ ਤੈਨੂੰ ਖ਼ਾਲਕ ਕੌਣ ?
ਨਾ ਰਹੀ ਮਿਲਖ,
ਕਹੇਗਾ ਤੈਨੂੰ ਫਿਰ ਮਾਲਕ ਕੌਣ ?

੨੦.

ਵਕਤ ਜਾਂਦਾ ਈ ਪਿਆ
ਹਈ ਤਾਂ ਚਮਤਕਾਰ ਵਿਖਾ ।
ਐਵੇਂ ਸਹਿੰਸੇ 'ਚ ਨਾ ਪਾ ਛੋਡ,
ਕਿਸੇ ਬੰਨੇ ਲਾ
ਜਾਂ ਤਾਂ ਸੰਭਾਲ ਫ਼ਰਜ਼,
ਜਾਂ ਇਹ ਅਸਾਡੇ ਗਲ ਪਾ ।
ਵੇਖੀ ਜਾਵੇਗੀ
ਜਿਵੇਂ ਨਿਭਸੀ ਤਿਵੇਂ ਲੈਸਾਂ ਨਿਭਾ ।

ਤੇਰੀ ਥਾਂਵੇਂ ਨਿਹੁੰ ਇਸ ਦੁਨੀਆਂ ਦੇ ਨਾਲ
ਲਾ ਲਾਂਗੇ।
ਤੈਨੂੰ ਅਜ਼ਮਾ ਲਿਐ,
ਬਾਹਾਂ ਨੂੰ ਵੀ ਅਜਮਾ ਲਾਂਗੇ ।

੨੧.

ਪਰ ਕਿਹਨੂੰ ਕਹਿਨਾਂ ਪਿਆ ਮੈਂ ਵੀ ?
ਖ਼ੁਦਾ ਨੂੰ ਕਹਿਨਾਂ ?
ਇਕ ਕਿਆਸੀ ਹੋਈ ਹਸਤੀ ਨੂੰ ?
ਖ਼ਿਲਾਅ ਨੂੰ ਕਹਿਨਾਂ ?
ਸਿਰ ਤਾਂ ਫਿਰਿਆ ਨਹੀਂ ਮੇਰਾ,
ਨਾ ਹਵਾ ਨੂੰ ਕਹਿਨਾਂ ।
ਮੈਂ ਤਾਂ ਪਜ ਪਾ ਪਾ ਕੇ
ਇਨਸਾਨ-ਭਰਾ ਨੂੰ ਕਹਿਨਾਂ ।

ਇਹ ਸਮਝਦੈ ਕਿ ਕਿਸੇ,
ਸਾਜ਼ ਦੀ ਆਵਾਜ਼ ਹਾਂ ਮੈਂ ।
ਭੁਲ ਗਿਐ ਇਹਨੂੰ,
ਕਿ ਆਪੇ ਹੀ ਖ਼ੁਦਾ-ਸਾਜ਼ ਹਾਂ ਮੈਂ ।

੨੨.

ਮੇਰਾ ਮੰਤਵ
ਇਹਦੀ ਵੀਚਾਰ ਨੂੰ ਉਕਸਾਣਾ ਹੈ ।
ਕਹਿਕੇ ਕੁਝ ਗਰਮ ਜਹੀਆਂ,
ਏਸ ਨੂੰ ਗਰਮਾਣਾ ਹੈ ।
ਟੁੰਭ ਕੇ ਇਹਨੂੰ,
ਕਿਸੇ ਸੋਚ ਦੇ ਵਿਚ ਪਾਣਾ ਹੈ ।
ਕੱਠਿਆਂ ਬੈਠ ਕੇ,
ਕੁਝ ਸਮਝਣਾ, ਸਮਝਾਣਾ ਹੈ ।

ਝੂਣਨਾ ਚਾਂਹਦਾ ਹਾਂ ਮੈਂ,
ਏਸ ਦੀ ਖ਼ੁਦ ਦਾਰੀ ਨੂੰ।
ਰਬ ਤੇ ਕਿਉਂ ਸੌਂਪਦਾ ਏ,
ਆਪਣੀ ਜ਼ਿੰਮੇਵਾਰੀ ਨੂੰ ?

ਇਨਕਲਾਬ ਦੀ ਰਾਹ

ਚਿਰ ਤੋਂ ਬੈਠਾ ਕਿਆਸ ਟੀਸੀ ਤੇ,
ਨੀਝ ਲਾ ਕੇ ਉਦਾਸ ਚੜ੍ਹਦੇ ਵਲ,
ਦੇਖਦਾ ਹਾਂ ਇਕ ਇਨਕਲਾਬ ਦੀ ਰਾਹ।
ਜਿਸ ਦੇ ਨੂਰੀ ਜਲਾਲ ਦੀ ਲੋਅ ਵਿਚ,
ਫਿਰ ਤੋਂ ਬੇਕਾਰ, ਕੈਦ ਸਰਮਾਇਆ,
ਪਾੜ ਕੇ ਹਿਕ ਸਟੀਲ-ਸੇਫ਼ਾਂ ਦੀ,
ਭੁੜਕ ਨਿਕਲੇਗਾ ਪਿਘਲੇ ਲਾਵੇ ਵਾਂਗ।

ਰਦ ਦੇ ਖੁਲ੍ਹੇ ਅਕਾਸ਼ ਦੇ ਹੇਠਾਂ,
ਪੱਧਰਾਂ ਦੀ ਵਿਸ਼ਾਲ ਛਾਤੀ ਤੇ,
ਠਾਠਾਂ ਮਾਰੇਗੀ ਇਕ ਸੁਨਹਿਰੀ-ਨਹਿਰ,
ਜਿਸ ਚੋਂ ਵਗ ਕੇ ਲਖ ਖੂਹਾਂ ਖਾਲਾਂ,
ਚੁਮਦੀਆਂ ਉਹਨਾਂ ਸ਼ੁਭ-ਮੁਹਾਠਾਂ ਨੂੰ,
ਜਿਨ੍ਹਾਂ ਨੂੰ ਨਿਤ ਨਿਵਾਜਦੇ ਸ਼ਾਮੀਂ,
ਕਾਰਖ਼ਾਨੇ ਤੋਂ ਮੁੜ ਰਹੇ ਮਜ਼ਦੂਰ,
ਪੈਲੀਆਂ ਵਾਹ ਕੇ ਆਂਵਦੇ ਕਿਰਸਾਨ,
ਝਾੜ ਕੇ ਆਪਣੇ ਘੱਟੇ-ਲਿਬੜੇ ਪੈਰ,
ਘੱਟੇ-ਲਿਬੜੇ ਬਿਆਈਆਂ-ਪਾੜੇ ਪੈਰ।

ਲੋੜ ਏ

ਆਜ਼ਾਦੀ ਦੇ ਕੁਝ ਪਹਿਲਾਂ,
ਸਾਮਾਨ ਬਣਨ ਦੀ ਲੋੜ ਏ।
ਇਸ ਦੇਸ਼ ਦੇ ਵਸਨੀਕਾਂ ਨੂੰ,
ਇਕ ਜਾਨ ਬਣਨ ਦੀ ਲੋੜ ਏ।

ਇਨ੍ਹਾਂ ਫੁਟੀਆਂ ਕਲੀਆਂ ਨੂੰ ਹੁਣ,
ਇਕ ਹਾਰ ਬਣਨ ਦੀ ਲੋੜ ਏ।
ਇਨ੍ਹਾਂ ਖਿੰਡੀਆਂ ਰਕਮਾਂ ਨੂੰ ਇਕ,
ਮੀਜ਼ਾਨ ਬਣਨ ਦੀ ਲੋੜ ਏ।

ਨਾ ਜਰਮਨ ਦੀ ਨਾ ਸਾਨੂੰ,
ਜਾਪਾਨ ਬਣਨ ਦੀ ਲੋੜ ਏ।
ਪਰ ਸ੍ਵੈ-ਰਖਿਆ ਲਈ ਕਾਫ਼ੀ,
ਬਲਵਾਨ ਬਣਨ ਦੀ ਲੋੜ ਏ।

ਤੂੰ ਪਿੱਛੋਂ ਬਣੀਂ ਫ਼ਰਿਸ਼ਤਾ,
ਤੂੰ ਮਗਰੋਂ ਬਣ ਲਈਂ ਧਰਮੀ,
ਓ ਵੀਰਾ ! ਤੈਨੂੰ ਪਹਿਲਾਂ,
ਇਨਸਾਨ ਬਣਨ ਦੀ ਲੋੜ ਏ।

ਜੇ ਰਬ ਚਾਂਹਦਾ ਏ ਹਰ ਕੋਈ,
ਉਹਨੂੰ ਸਮਝੇ ਤੇ ਸਤਕਾਰੇ।
ਇਕ ਗੁੰਝਲ ਦੀ ਥਾਂ ਉਸ ਨੂੰ,
ਆਸਾਨ ਬਣਨ ਦੀ ਲੋੜ ਏ।

ਸ਼ੈਤਾਨੀ ਅਮਲਾਂ ਵਾਲੇ,
ਬੰਦਿਆਂ ਦੇ ਹੁੰਦਿਆਂ ਸੁੰਦਿਆਂ,
ਸ਼ੈਤਾਨ ਨੂੰ ਅਜ ਕਲ੍ਹ, ਕਿਹੜੀ,
ਸ਼ੈਤਾਨ ਬਣਨ ਦੀ ਲੋੜ ਏ?

ਇਨ੍ਹਾਂ ਸ੍ਵਰਗਾਂ ਨਰਕਾਂ ਵਾਲੇ,
ਗੁੰਝਲੇ ਹੋਏ ਮਜ਼੍ਹਬਾਂ ਦੀ ਥਾਂ,
ਇਕ ਸਿੱਧਾ ਸਾਧਾ ਅਮਲੀ,
ਈਮਾਨ ਬਣਨ ਦੀ ਲੋੜ ਏ।

ਜੇ ਚਾਹਨਾਂ ਏਂ ਕੋਈ ਤੇਰਾ,
ਤੁਰਦੇ ਦਾ ਰਾਹ ਨਾ ਰੋਕੇ,
ਤਾਂ ਤੁਰਨੋਂ ਪਹਿਲਾਂ ਤੈਨੂੰ,
ਤੂਫ਼ਾਨ ਬਣਨ ਦੀ ਲੋੜ ਏ।

ਤੂੰ ਮੰਦਰਾਂ ਦੇ ਵਿਚ ਮੱਥੇ,
ਰਗੜੇ ਨੇ ਚੋਖੇ ਚਿਰ ਤੋਂ,
ਹੁਣ ਭਗਤਾ ! ਤੈਨੂੰ ਆਪੇ
ਭਗਵਾਨ ਬਣਨ ਦੀ ਲੋੜ ਏ।

ਉਹ ਦਿਨ

ਸਜਨੀ !
ਕੀ ਤੈਨੂੰ ਯਾਦ ਨੇ ਉਹ ਦਿਨ ?
ਮੇਰੀ ਤਾਂ ਹਨ ਜੀਵਨ-ਪੂੰਜੀ,
ਮੇਰੀ ਤਾਂ ਜੈਦਾਦ ਨੇ ਉਹ ਦਿਨ ।
ਤੈਨੂੰ ਵੀ ਕੁਝ ਯਾਦ ਨੇ ਉਹ ਦਿਨ ?
ਯਾਦ ਤਾਂ ਹੋਸਨ ।

ਚਾਵਾਂ ਅਤੇ ਮਲ੍ਹਾਰਾਂ ਦੇ ਦਿਨ ।
ਖੇੜੇ, ਖੁਸ਼ੀਆਂ ਪਿਆਰਾਂ ਦੇ ਦਿਨ ।

ਉਹ ਗਿਣਵੇਂ ਦਿਨ, ਚਾਰੇ ਯੁੱਗ ਵੀ,
ਨਾਲ ਜਿਹਨਾਂ ਦੇ ਤੁਲ ਨਹੀਂ ਸਕਦੇ ।
ਮਰਨ ਬਾਅਦ ਤਾਂ ਕਹਿ ਨਹੀਂ ਸਕਦਾ,
ਜੀਂਵਦਿਆਂ ਪਰ ਭੁੱਲ ਨਹੀਂ ਸਕਦੇ ।

ਸਜਨੀ !
ਤੈਨੂੰ ਵੀ ਕੁਝ ਯਾਦ ਤੇ ਹੋਸਨ ।

ਅੱਜ ਕੱਲ੍ਹ ਦੇ ਦੁੱਖਾਂ ਦੇ ਦਿਨ ਵਿੱਚ ।
ਪਿਆਰ ਦੀਆਂ ਭੁੱਖਾਂ ਦੇ ਦਿਨ ਵਿੱਚ ।

ਕੱਢ ਕੇ ਦਿਲ ਦੀ ਡੂੰਘੀ ਨੁੱਕਰੋਂ,
ਯਾਦ ਉਨ੍ਹਾਂ ਦੀ ਕਰ ਲੈਂਦਾ ਹਾਂ,
ਆਪਣਾ ਇਹ ਬੇ-ਖੇੜਾ ਜੀਵਨ,
ਨਾਲ ਫੁੱਲਾਂ ਦੇ ਭਰ ਲੈਂਦਾ ਹਾਂ ।

ਤੇਰੇ ਗਲ ਵਿੱਚ ਬਾਹਾਂ ਪਾ ਕੇ ।
ਮੁਸ ਮੁਸ ਕਰਦੇ ਨੈਣ ਹਸਾ ਕੇ ।

ਫੜ ਕੇ ਤੈਨੂੰ ਨਰਮ ਕਲਾਈਉਂ,
ਅੱਖੀਆ ਕੋਲ ਬਹਾ ਲੈਂਦਾ ਹਾਂ,
ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ,
ਦੁਨੀਆਂ ਨਵੀਂ ਵਸਾ ਲੈਂਦਾ ਹਾਂ।

ਸਾਰੇ ਜ਼ਖ਼ਮ ਵਿਖਾ ਲੈਂਦਾ ਹਾਂ ।
ਕੁੱਲ ਅਰਮਾਨ ਸੁਣਾ ਲੈਂਦਾ ਹਾਂ ।

ਯਾਦ ਕਰਨ ਨੂੰ ਤਾਰਿਆਂ ਭਰੀਆਂ,-
ਕਾਲੀਆਂ ਰਾਤਾਂ ਚੁਣ ਲੈਂਦਾ ਹਾਂ,
ਤੇਰੇ ਦਿਲ ਦੀ ਤਿੱਖੀ ਧੜਕਣ,
ਦਿਲ ਦੇ ਨੇੜੇ ਸੁਣ ਲੈਂਦਾ ਹਾਂ ।

ਤੇਰੀਆਂ ਲੰਮੀਆਂ ਲੰਮੀਆਂ ਬਾਹਾਂ,
ਜ਼ੁਲਫ਼ ਦੇ ਕੁੰਡਲ, ਕਾਲੇ ਕਾਲੇ ।
ਕਰ ਲੈਨਾਂ ਮਾਹਸੂਸ ਇਨ੍ਹਾਂ ਦੀ –
ਛੋਹ, ਮੈਂ ਅਪਣੇ ਗਲ ਦੇ ਦੁਆਲੇ ।

ਜੀਵਨ ਤੁਰਦਾ ਰੱਖਣ ਖ਼ਾਤਰ,
ਹਨ ਇੰਨੀਆਂ ਹੀ ਘੜੀਆਂ ਕਾਫ਼ੀ,
ਜਿਉਂਦਾ ਰਹਿਸਾਂ ਇਨ੍ਹਾਂ ਆਸਰੇ,
ਏਹੋ ਹੀ ਹਨ ਬੜੀਆਂ ਕਾਫ਼ੀ ।

ਮੈਂ ਕੀ ਵੇਖਦਾ ਹਾਂ ?

ਐਨਕ ਨੂੰ ਲਾਹ ਕੇ ਜਦ ਮੈਂ ਸੰਸਾਰ ਵੇਖਦਾ ਹਾਂ।
ਮਹਿਮਾਂ ਅਜਬ ਹੀ ਤੇਰੀ ਕਰਤਾਰ ! ਵੇਖਦਾ ਹਾਂ।

ਇਟਲਸ ਦੇ ਨਕਸ਼ਿਆਂ ਤੋਂ ਬ੍ਰਹਿਮੰਡ ਵੇਖਦਾ ਹਾਂ।
ਗੀਤਾ ਦੀ ਥਾਂ ਮੈਂ ਅਜ ਕਲ੍ਹ ਅਖ਼ਬਾਰ ਵੇਖਦਾ ਹਾਂ।

ਕਾਵਾਂ ਦੀ ਰੋਜ਼ ਸੁਣਨਾਂ, ਕਾਂ ਕਾਂ ਬਨੇਰਿਆਂ ਤੇ।
ਬੁਲਬੁਲ ਦੀ ਬੱਧੀ ਹੋਈ ਮਿਨਕਾਰ ਵੇਖਦਾ ਹਾਂ।

ਡੁੱਬੇ ਸੀ ਹੋਠ ਜਿਹੜੇ, ਸ਼ਾਮੀਂ ਪਿਆਲਿਆਂ ਵਿਚ।
ਸਰਘੀ ਉਨ੍ਹਾਂ ਤੇ, ਪੀਣੋਂ ਇਨਕਾਰ ਵੇਖਦਾ ਹਾਂ।

ਮਜ਼ਦੂਰ, ਜੱਟ, ਕਾਮੇ ਨਿੱਤ ਕੱਟਦੇ ਨੇ ਫ਼ਾਕੇ।
'ਵਿਹਲੜ–ਪਖੰਡ' ਦਾ ਮੈਂ ਸਤਕਾਰ ਵੇਖਦਾ ਹਾਂ।

ਹੋਠਾਂ ਤੋਂ ਰੋਜ਼ ਸੁਣਨਾਂ "ਮਾਇਆ ਇਹ ਨਾਗਣੀ ਹੈ।"
ਰਚਿਆ ਦਿਲਾਂ 'ਚ ਇਹਦਾ ਪਰ ਪਿਆਰ ਵੇਖਦਾ ਹਾਂ।

ਮੁੱਲਾਂ ਹੁਰਾਂ ਨੂੰ ਸ਼ਾਮੀਂ ਨਿਤ ਵੇਖਦਾ ਹਾਂ ਠੇਕੇ।
ਤੜਕੇ ਉਨ੍ਹਾਂ ਨੂੰ ਮਸਜਿਦ ਵਿਚਕਾਰ ਵੇਖਦਾ ਹਾਂ।

ਖਹਿਬੜ ਮੈਂ ਰੋਜ਼ ਤਕਨਾਂ, ਮਜ਼੍ਹਬ ਤੇ ਜ਼ਿੰਦਗੀ ਦੀ।
ਇਕ ਛੇੜ-ਛਾੜ ਇਹਨਾਂ ਵਿਚਕਾਰ ਵੇਖਦਾ ਹਾਂ।

ਸਾਹੜੀ ਤੋਂ ਸਹਿਮੀ ਹੋੲੀ ਸਲਵਾਰ ਵੇਖਦਾ ਹਾਂ।
ਹੈਟਾਂ ਦੇ ਹੇਠ ਰੁਲਦੀ ਦਸਤਾਰ ਵੇਖਦਾ ਹਾਂ।

ਜਿਤਨਾ ਵੀ ਮੈਂ ਮਜ਼੍ਹਬ ਦਾ ਪਰਚਾਰ ਵੇਖਦਾ ਹਾਂ।
ਉਤਨਾਂ ਹੀ ਜ਼ਿੰਦਗੀ ਨੂੰ ਬੇਜ਼ਾਰ ਵੇਖਦਾ ਹਾਂ।

ਪੈਰਾਂ ਦੇ ਹੇਠ ਰੁਲਦਾ ਤਕਨਾਂ ਸ਼ਰਾਫ਼ਤਾਂ ਨੂੰ,
ਤੇ ਸ਼ੋਹਦਿਆਂ ਨੂੰ ਹਰ ਥਾਂ ਸਰਦਾਰ ਵੇਖਦਾ ਹਾਂ।

ਦੁਨੀਆਂ ਦੀ ਹੂਰ ਮਾੜੀ? ਜੰਨਤ ਦੀ ਹੂਰ ਚੰਗੀ,
ਜ਼ਾਹਿਦ ਦਾ ਕੁਝ ਅਜਬ ਹੀ ਤਕਰਾਰ ਵੇਖਦਾ ਹਾਂ।

ਮੁੱਲਾਂ, ਤੇ ਬਾਹਮਣਾਂ ਵਿਚ ਨਿੱਤ ਖ਼ਾਰ ਵੇਖਦਾ ਹਾਂ।
ਮਾਲਾ ਤੇ ਤਸਬੀਆਂ ਵਿਚ ਤਕਰਾਰ ਵੇਖਦਾ ਹਾਂ।

ਘਰ ਘਰ 'ਚ ਟਾਕਰਾ ਹੈ ਸੰਧਿਆ ਤੇ ਸਿਨਮਿਆਂ ਦਾ।
ਤਸਬੀ ਦੇ ਨਾਲ ਲੜਦੀ ਅਖ਼ਬਾਰ ਵੇਖਦਾ ਹਾਂ।

ਰਬ ਨੂੰ ਮੈਂ ਮੰਦਰਾਂ ਵਿਚ 'ਪਾਬੰਦ' ਵੇਖਦਾ ਹਾਂ।
ਮਜ਼੍ਹਬ ਨੂੰ ਹਰਇਕ ਦੰਗੇ ਵਿਚਕਾਰ ਵੇਖਦਾ ਹਾਂ।

ਮੁਨਕਰ ਨੂੰ ਨਕਦ ਜੰਨਤ, ਹੂਰਾਂ ਤੇ ਹੋਰ ਸਭ ਕੁਝ।
ਵਾਹਿਜ਼ ਨੂੰ ਨਿਰੇ ਫੋਕੇ ਇਕਰਾਰ ਵੇਖਦਾ ਹਾਂ।

ਇਹ ਹੋਰ ਗਲ ਹੈ ਤਕਾਂ ਜੀਭੋਂ ਨਾ ਕੁਝ ਕਹਾਂ ਮੈਂ।
ਅੰਨ੍ਹਾਂ ਨਹੀਂ ਹਾਂ ਪਰ ਮੈਂ ਸਰਕਾਰ ! ਵੇਖਦਾ ਹਾਂ।

ਪੀਰਾਂ ਦੇ ਮਹਿਲਾਂ ਅੰਦਰ, ਹੀਟਰ ਭਖੇ ਹੋਇ ਨੇ।
ਝੁੱਗੀ ਮੁਰੀਦ ਦੀ ਵਿਚ ਨਿੱਤ ਠਾਰ ਵੇਖਦਾ ਹਾਂ।

ਭਗਤਾਂ ਦੇ ਪੈਰ ਨੰਗੇ, ਪਾੜੇ ਬਿਆਈਆਂ ਨੇ।
ਗੁਰੂਆਂ ਦੇ ਘਰ ਖਲੋਤੀ ਮੈਂ ਕਾਰ ਵੇਖਦਾ ਹਾਂ।

ਮੋਇਆਂ ਦੇ ਰੋਜ਼ ਚੌਥੇ, ਕਿਰਿਆ ਤੇ ਫਿਰ ਵਰ੍ਹੀਣੇ।
ਤੇ ਜੀਊਂਦਿਆਂ ਦੀ ਮਿਟੀ ਨਿੱਤ ਖ਼ਵਾਰ ਵੇਖਦਾ ਹਾਂ।

ਜ਼ਾਹਿਦ ਦੇ ਪੋਟਿਆਂ ਤੇ, ਨਿੱਤ ਵੇਖਦਾ ਹਾਂ ਮਹਿੰਦੀ।
ਮਜ਼ਦੂਰ ਦੀ ਤਲੀ ਤੇ ਅੰਗਿਆਰ ਵੇਖਦਾ ਹਾਂ।

ਰਾਹ ਜਾਂਦਿਆਂ ਦੀ ਜਿਹੜੇ ਪਗੜੀ ਉਛਾਲਦੇ ਨੇ।
ਹੋਂਦਾ ਉਨ੍ਹਾਂ ਦਾ ਆਦਰ ਸਤਕਾਰ ਵੇਖਦਾ ਹਾਂ।

ਹਰ ਚੋਰ ਤੇ ਉਚੱਕਾ, ਅਜ ਚੌਧਰੀ ਹੈ ਬਣਿਆਂ।
ਜੋ ਪੈਂਚ ਵੇਖਦਾ ਹਾਂ, ਮੱਕਾਰ ਵੇਖਦਾ ਹਾਂ।

ਅੱਗਾਂ, ਫ਼ਸਾਦ, ਛੁਰੀਆਂ, ਝਟਕੇ ਹਲਾਲ ਉਤੋਂ,
ਮੈਂ ਜ਼ਿੰਦਗੀ ਦੇ ਉਲਟੇ ਮਈਆਰ ਵੇਖਦਾ ਹਾਂ।

ਜਿਸ ਇਨਕਲਾਬ ਦੇ ਮੈਂ ਕਲ ਖ਼ਾਬ ਵੇਖਦਾ ਸਾਂ।
ਉਸ ਇਨਕਲਾਬ ਦੇ ਅਜ ਆਸਾਰ ਵੇਖਦਾ ਹਾਂ।

ਮੈਂ ਜੰਨਤਾਂ ਦੇ ਸੁਪਨੇ, ਹੂਰਾਂ ਦੇ ਖ਼ਾਬ ਛੱਡੇ।
ਸੰਸਾਰ ਵਿਚ ਮੈਂ ਆਇਆਂ, ਸੰਸਾਰ ਵੇਖਦਾ ਹਾਂ।

ਉਹ ਮੇਰੇ ਨੇ

ਨਹੀਂ ਹਸਰਤ, ਜੇ ਕੋਲੋਂ ਲੰਘਦਿਆਂ,
ਨਹੀਂ ਮੁਸਕਰਾ ਦੇਂਦੇ ।
ਇਹ ਪਰਦਾ ਸੰਗ-ਸੰਗੇਵੇਂ ਦਾ,
ਨਹੀਂ ਵਿੱਚੋਂ ਉਠਾ ਦੇਂਦੇ ।
ਅਦਾਵਾਂ ਨਾਲ, ਮੇਰੀਆਂ ਸੁੱਤੀਆਂ-
ਆਸਾਂ ਜਗਾ ਦੇਂਦੇ ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਨਹੀਂ ਕੋਈ ਤੌਖਲਾ,
ਉਹ ਖ਼ਤ ਨਹੀਂ ਪਾਂਦੇ ਤਾਂ ਕੀ ਹੋਇਆ ?
ਉਡੀਕਾਂ ਵਿੱਚ ਜੇ ਰਖ ਰਖ ਕੇ,
ਨੇ ਤਰਸਾਂਦੇ ਤਾਂ ਕੀ ਹੋਇਆ ?
ਨਹੀਂ ਜੇ ਮੇਰੇ ਅਰਮਾਨਾਂ ਨੂੰ,
ਅਪਣਾਂਦੇ, ਤਾਂ ਕੀ ਹੋਇਆ ?

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਉਹ ਬਣ ਬਣ ਓਪਰ,
ਦੁਨੀਆਂ ਨੂੰ ਦਿਖਲਾਂਦੇ ਰਹਿਣ ਬੇਸ਼ਕ ।
ਤੇ ਲੋਕਾਂ ਸਾਹਮਣੇ,
ਉਹ ਘੂਰੀਆਂ ਪਾਂਦੇ ਰਹਿਣ ਬੇਸ਼ਕ ।
ਮੈਨੂੰ ਤੱਕ ਤੱਕ ਕੇ,
ਅੱਖੀਆਂ ਨੀਵੀਆਂ ਪਾਂਦੇ ਰਹਿਣ ਬੇਸ਼ਕ ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਜੇ ਨਿੱਤ ਆ ਕੇ,
ਉਹ ਮੇਰੇ ਕੋਲ ਨਹੀਂ ਬਹਿੰਦੇ ਤਾਂ ਕੀ ਹੋਇਆ ?
ਜ਼ਰਾ ਉਪਰੋਂ ਜਹੇ,
ਨਾਰਾਜ਼ ਹਨ ਰਹਿੰਦੇ ਤਾਂ ਕੀ ਹੋਇਆ ?
ਕਦੇ ਦਿਲ ਦੀ ਨਹੀਂ ਸੁਣਦੇ,
ਨਹੀਂ ਕਹਿੰਦੇ ਤਾਂ ਕੀ ਹੋਇਆ ?

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਉਨ੍ਹਾਂ ਦਾ ਘੂਰੀਉਂ,
ਗੁੱਸੇ ਦਾ ਜਿਤਲਾਣਾ ਨਹੀਂ ਮਤਲਬ ।
ਰਸੇਵਾਂ ਕਹਿ ਰਿਹੈ,
ਰੁਸਣੇ ਤੋਂ ਰੁਸ ਜਾਣਾ ਨਹੀਂ ਮਤਲਬ ।
ਦਿਖਾਵੇ ਦੇ ਭੁਲਾ ਛੱਡਣੇ ਤੋਂ,
ਭੁੱਲ ਜਾਣਾ ਨਹੀਂ ਮਤਲਬ ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਸ਼ਿਕਾਰੀ ! ਹੁਣ ਤਾਂ ਪਿੰਜਰਾ ਖੋਹਲ

ਮਾਰੂ ਝੱਖੜ ਕਾਲੇ ਕਾਲੇ।
ਛਾ ਗਏ ਮੇਰੇ ਬਾਗ਼ ਉਦਾਲੇ।
ਹੋ ਗਏ ਇਸ ਦੇ ਸੁਖ, ਸੁਹੱਪਣ,
ਦੋਵੇਂ ਡਾਵਾਂ-ਡੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਕਲੀਆਂ ਨੂੰ ਭੁੱਲੀਆਂ ਮੁਸਕਾਨਾਂ।
ਵਿਸਰ ਗਈਆਂ ਕੋਇਲਾਂ ਨੂੰ ਤਾਨਾਂ।
ਬਹਿ ਗਏ ਚੁੰਝ ਖੰਭਾਂ ਵਿਚ ਧਰ ਕੇ,
ਮੇਰੇ ਸਾਥੀ ਭੁਲ ਗਏ ਚੋਹਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਨਿਰਛਲ, ਭੋਲੇ, ਵੇਲਾਂ, ਬੂਟੇ।
ਥਰ ਥਰ ਕੰਬਦੇ ਖਾਂਦੇ ਝੂਟੇ।
ਰੋ ਰੋ ਕੇ ਚਿੰਤਾਤੁਰ ਫੁੱਲਾਂ,
ਹੰਝੂਆਂ ਤੋਂ ਭਰ ਲਈ ਝੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਸਹਿਮੀਆਂ ਕਲੀਆਂ, ਫੁੱਲ ਹਿਰਾਸੇ।
ਭੁਲ ਗਏ ਨੇ ਸਭਨਾਂ ਨੂੰ ਹਾਸੇ,
ਮੈਂ ਉਹਨਾਂ ਨੂੰ ਦਿਆਂ ਦਿਲਾਸੇ,
ਪਹੁੰਚਾਂ ਉਹਨਾਂ ਕੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਤਕ ਤਕ ਕੇ ਇਹ ਜ਼ੁਲਮ-ਹਨੇਰੀ।
ਥਰ ਥਰ ਕੰਬਦੀ ਝੁੱਗੀ ਤੇਰੀ।
ਪਰ ਤੂੰ ਪਿੰਜਰਾ ਘੁਟ ਕੇ ਫੜਿਐ,
ਕੀ ਦਿਲ ਨਹੀਂ ਤੇਰ ਕੋਲ?
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਮੇਰੀ ਦਰਦ ਕਹਾਣੀ ਓਹੀ।
ਤੇਰੀ ਬਾਣ ਪੁਰਾਣੀ ਓਹੀ
ਮੇਰੀ ਦਿਲ ਦੀ ਹਸਰਤ ਤੋਂ ਤੂੰ,
ਹੁਣ ਤਕ ਹੈਂ ਅਨ-ਭੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਤੂੰ ਇਕ ਉਹੀਓ ਨੱਨਾ ਫੜਿਐ।
ਦਿਲ ਤੇਰਾ ਪੱਥਰ ਦਾ ਘੜਿਐ?
ਮੇਰਾ ਜਜ਼ਬਾ, ਮੇਰੀ ਹਸਰਤ,
ਪੈਰਾਂ ਹੇਠ ਨਾ ਰੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਓਹੀ ਤੇਰੇ ਮੱਥੇ ਘੂਰੀ।
ਓਹੀ ਤੇਰੀ "ਜੂਠੀ-ਚੂਰੀ",
ਓਹੀ ਤੇਰੇ ਫਿੱਕੇ ਲਾਰੇ,
ਉਹੀ ਬੇ-ਹਰਕਤ ਬੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਜਕੜੇ ਪੈਰ, ਖੰਭਾਂ ਵਿਚ ਡੋਰੇ।
ਅੱਖੀਂ ਅੱਥਰੂ, ਦਿਲ ਵਿਚ ਝੋਰੇ।
ਮੈਂ ਪਿੰਜਰੇ ਵਿਚ ਕੜਿਆ ਹੋਇਆ,
ਕੀਕ੍ਹੂੰ ਕਰਾਂ ਕਲੋਲ?
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਦੁਨੀਆ ਵਟ ਗਈ, ਤੂੰ ਵੀ ਵਟ ਜਾ।
ਏਸ-ਨਿਖੱਸਮੀ ਅੜੀਉਂ ਹਟ ਜਾ।
ਤੇਰਾ ਮੇਰਾ ਵੈਰ ਨਾ ਕੋਈ,
ਨਾ ਕੋਈ ਸਾਡਾ ਘੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਊਧਮ ਜਿਹੜਾ ਮਚਣ ਲਗਾ ਹੈ।
ਕੌਣ ਇਦ੍ਹੇ ਤੋਂ ਬਚਣ ਲਗਾ ਹੈ?
ਝੁਗੀ ਤੇਰੀ, ਪਿੰਜਰਾ ਮੇਰਾ,
ਦੋਵੇਂ ਜਾਸਣ ਡੋਲ,
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਝੱਖੜ ਜਿਹੜੇ ਛਾਏੇ ਦਿਸਦੇ।
ਇਹ ਵੈਰੀ ਮਿੱਤਰ ਹਨ ਕਿਸ ਦੇ?
ਆ, ਕੋਈ ਸਾਂਝੀ ਵਿਉਂਤ ਬਣਾਈਏ,
ਭੁਲ ਕੇ ਬੋਲ ਕਬੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਹੁਣ ਵੀ ਜੇ ਤੂੰ ਖੋਹਲੇਂ ਬਾਰੀ।
ਭੁਲ ਕੇ ਮੈਂ ਸਭ ਗਿਲਾ-ਗੁਜ਼ਾਰੀ,
ਦਿਲ ਦੀ ਰਤ ਦਾ ਅੰਤਮ ਕਤਰਾ,
ਤੇਰੀ ਝੁੱਗੀ ਤੋਂ ਦੇਵਾਂ ਘੋਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਜੀਵੇਂ, ਸੁਖ ਝੁਗੀ ਦੇ ਮਾਣੇ।
ਕਾਸ਼ ! ਤੂੰ ਮੇਰੀ ਹਸਰਤ ਜਾਣੇ,
ਪਿੰਜਰੇ ਦਾ ਦਰ, ਖੰਭੋਂ ਡੋਰੇ।
ਦੋਵੇਂ ਦੇਵੇਂ ਖੋਹਲ।
ਸ਼ਿਕਾਰੀ!
ਹੁਣ ਤਾਂ ਪਿੰਜਰਾ ਖੋਹਲ।

ਲਗੀਆਂ ਦੀ ਲੱਜ

ਪਏ ਲਗੀਆਂ ਦੀ ਲੱਜ ਪਾਲਦੇ ਹਾਂ !

ਤੱਕ ਤੱਕ ਕੇ ਬੇ-ਪਰਵਾਹੀਆਂ ਨੂੰ,
ਨਹੀਂ ਲੱਜ ਲਵਾਣੀ ਲਾਈਆਂ ਨੂੰ,
ਪਏ ਮੁਸ਼ਕਿਲ ਘਾਲਾਂ ਘਾਲਦੇ ਹਾਂ ।
ਅਸੀਂ ਲੱਗੀਆਂ ਦੀ ਲੱਜ ਪਾਲਦੇ ਹਾਂ ।

ਤੁਸੀਂ ਰੁਸ ਰੁਸ ਬੈਠੋ ਬੋਲੋ ਨਾ,
ਕੋਈ ਗੱਲ ਅਸਾਡੀ ਗੌਲੋ ਨਾ,
ਅਸੀਂ ਆਈ-ਗਈ ਕਰ ਕੇ ਟਾਲਦੇ ਹਾਂ ।
ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ ।

ਤੁਸੀਂ ਵੱਟ ਗਏ ਓ, ਅਸਾਂ ਵਟਣਾ ਨਹੀਂ,
ਤੁਸਾਂ ਸਟ ਛੱਡਿਐ, ਅਸਾਂ ਸੱਟਣਾ ਨਹੀ,
ਕੌਲਾਂ ਨੂੰ ਕਰਕੇ ਪਾਲਦੇ ਹਾਂ ।
ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ ।

ਇਹ ਸਭ ਬੇਰੁਖੀਆਂ ਸਹਿ ਸਹਿ ਕੇ,
ਅਸੀਂ ਇਕੱਲ-ਵਾਂਝੇ ਬਹਿ ਬਹਿ ਕੇ,
ਭਾਵੇਂ ਰੋ ਰੋ ਦੀਦੇ ਗਾਲ ਦੇ ਹਾਂ ।
ਪਰ ਲਗੀਆਂ ਦੀ ਲੱਜ ਪਾਲਦੇ ਹਾਂ ।

ਪਏ ਸੁਣਦੇ ਹਾਂ ਸਭ ਕੁਝ ਬੋਲੇ ਨਹੀਂ,
ਹੈ ਸਮਝ ਵੀ ਸਾਰੀ ਭੋਲੇ ਨਹੀਂ,
ਪਰ ਮੂੰਹੋਂ ਨਹੀਂ ਬੋਲਦੇ-ਚਾਲਦੇ ਹਾਂ ।
ਅਸੀਂ ਲਗੀਆਂ ਨੂੰ ਪਏ ਪਾਲਦੇ ਹਾਂ ।

ਜੋ ਲੋਕੀ ਸੁਣ ਕੇ ਸਹਿੰਦੇ ਨਹੀਂ,
ਅਸੀਂ ਸੁਣਦੇ ਹਾਂ ਕੁਝ ਕਹਿੰਦੇ ਨਹੀਂ,
ਇਹ ਜਫ਼ਰ ਜੋ ਹਸ ਹਸ ਜਾਲਦੇ ਹਾਂ ।
ਅਸੀਂ ਲਗੀਆਂ ਨੂੰ ਪਏ ਪਾਲਦੇ ਹਾਂ ।

'ਬੀਤੇ' ਦੀਆਂ ਮਿਠੀਆਂ ਯਾਦਾਂ ਨੂੰ,
ਮਾਣੇ ਹੋਏ ਸਵਰਗੀ ਸਵਾਦਾਂ ਨੂੰ,
ਪਏ ਦਿਲ ਦੇ ਨਾਲ ਸੰਭਾਲਦੇ ਹਾਂ ।
ਅਸੀਂ ਲੱਗੀਆਂ ਨੂੰ ਪਏ ਪਾਲਦੇ ਹਾਂ।

ਸੱਧਰਾਂ ਦੇ ਕਬਰਿਸਤਾਨਾਂ ਵਿਚ,
ਇਹਨਾਂ ਝਿੜਕਾਂ ਦੇ ਤੂਫ਼ਾਨਾਂ ਵਿਚ,
ਆਸਾਂ ਦੇ ਦੀਵੇ ਬਾਲਦੇ ਹਾਂ ।
ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ ।

ਇਨ੍ਹਾਂ ਬੇ-ਰੁਖੀਆਂ ਨਹੀਂ ਰਹਿਣਾ ਏਂ,
ਆਖ਼ਰ ਅਸਾਂ ਰਲ-ਮਿਲ ਬਹਿਣਾ ਏਂ,
ਅਸੀਂ ਮਹਿਰਮ ਸਾਰੇ ਹਾਲ ਦੇ ਹਾਂ ।
ਤਾਹੀਓਂ ਲਗੀਆਂ ਦੀ ਲੱਜ ਪਾਲਦੇ ਹਾਂ ।

ਪੰਛੀ ! ਛਡ ਪਿੰਜਰੇ ਦਾ ਪਿਆਰ

ਲੋਕਾਂ ਦੀ ਚੌੜੇਰੀ ਦੁਨੀਆਂ।
ਪਰ ਪਿੰਜਰੇ ਤਕ ਤੇਰੀ ਦੁਨੀਆਂ।
ਤੈਨੂੰ ਜੀਵਨ ਤੋਂ ਵਖ ਕਰਦੀ।
ਇਸ ਦੀ ਇਕ ਇਕ ਤਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਬਾਹਰ ਝਾਤੀ ਪਾਣੋਂ ਸੰਗਨੈਂ।
ਤਿਰਖੇ ਖੰਭ ਹਿਲਾਣੋਂ ਸੰਗਨੈਂ।
ਉਡਦੇ ਤੈਨੂੰ ਮੁਜਰਮ ਜਾਪਣ,
ਫਾਥੇ ਜਾਪਣ ਯਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਸਾਥੀ ਤਕ ਅੰਬਰਾਂ ਵਿਚ ਤਰਦੇ।
ਤੇਰੇ ਖੰਭ ਨਹੀਂ ਫਰ ਫਰ ਕਰਦੇ?
ਉਡਦੀਆਂ ਡਾਰਾਂ ਵੇਖ ਦਿਲੇ 'ਚੋਂ,
ਉਠਦਾ ਨਹੀਂਓਂ ਗ਼ੁਬਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਡਰ ਕੇ ਉਹਦੇ ਬਾਜਾਂ ਕੋਲੋਂ।
ਕਿਉਂ ਸੰਗਨੈਂ ਪਰਵਾਜ਼ਾਂ ਕੋਲੋਂ।
ਸਦਕੇ ਇਕ ਉਡਾਰੀ ਤੋਂ,
ਸੌ ਪਿੰਜਰੇ ਦਾ ਸੁਖ, ਸੌ ਵਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਉਡਦੇ ਪੰਛੀ ਇਹ ਹਨ ਕਹਿੰਦੇ।
'ਜੀਊਂਦੇ ਪਿੰਜਰੇ ਵਿਚ ਨਹੀਂ ਰਹਿੰਦੇ।
'ਫੜਕ ਫੜਕ ਕੇ ਕਰਦੇ-
ਟੋਟੇ ਇਕ ਪਿੰਜਰੇ ਦੇ ਚਾਰ।'
ਪੰਛੀ!
ਛਡ ਪਿੰਜਰੇ ਦਾ ਪਿਆਰ।

ਤੂੰ ਜਿਸ ਦਿਨ ਦਾ ਗਾਣਾ ਛਡਿਐ,
ਕਲੀਆਂ ਨੇ ਮੁਸਕਾਣਾ ਛਡਿਐ।
ਤੇਰੇ ਬਾਝੋਂ ਟਾਹਣੀ ਨੂੰ_
ਫੁਲ ਜਾਪਣ ਲਗ ਪਏ ਭਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਇਹ ਪਿੰਜਰੇ, ਇਹ ਚੂਰੀ, ਚੋਗੇ।
ਹੁੰਦੇ ਮੋਇਆਂ ਹੋਇਆਂ ਜੋਗੇ।
ਜੀਉਂਦੇ-ਪੰਛੀ ਪਾਣ ਆਹਲਣਾ,
ਤਾਰਿਆਂ ਦੇ ਵਿਚਕਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਅੰਬਰ ਤੈਨੂੰ ਕਰਨ ਇਸ਼ਾਰੇ;
ਝਿਲ-ਮਿਲ ਕਰ ਕੇ ਸੱਦਣ ਤਾਰੇ।
ਇਹ ਟਾਹਣੀ ਏਕਮ ਦੇ ਚੰਨ ਦੀ,
ਤੈਨੂੰ ਰਹੀ ਪੁਕਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਵਸਦੇ ਨੇ ਅਸਮਾਨ ਇਹਨਾਂ ਵਿਚ,
ਬੰਦ ਕਈ ਤੂਫ਼ਾਨ ਇਹਨਾਂ ਵਿਚ।
ਦੋਹਾਂ ਖੰਭਾਂ ਦੇ ਅੰਦਰ ਰਬ ਨੂੰ-
ਕਾਠ ਦਿੱਤਾ ਈ ਮਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।

ਖੰਭ ਬਣੇ ਅਸਮਾਨਾਂ ਜੋਗੇ।
ਇਹ ਨਹੀਂਓਂ ਜ਼ਿੰਦਾਨਾ ਜੋਗੇ।
ਤੇਰੇ ਖੰਭੜਾਟਾਂ ਦੀ ਛਾਂ ਨੂੰ।
ਸਹਿਕ ਰਿਹੈ ਗੁਲਜ਼ਾਰ।
ਪੰਛੀ!
ਛਡ ਪਿੰਜਰੇ ਦਾ ਪਿਆਰ।
(ਜ਼ਿੰਦਾਨਾ=ਕੈਦਖ਼ਾਨੇ)

ਅਸੀ ਮੁੜ ਕੇ ਮਿਲ ਪਏ

੧.
ਇਸ ਜੀਵਨ ਰਾਹ ਤੇ,
ਅਸੀਂ ਟੁਰਦੇ ਟੁਰਦੇ,
ਇਕ ਮੋੜ ਤੇ ਮਿਲ ਪਏ ।

ਇਕ ਸਾਂਝ ਅਜ਼ਲ ਦੀ,
ਪਹਿਚਾਨ ਧੂਰਾਂ ਦੀ,
ਸਾਡੇ ਨੈਣਾਂ ’ਚ ਲਿਸ਼ਕੀ,
ਸਾਡੇ ਦਿਲ ਵਿਚ ਧੜਕੀ।
ਮੈਂ ਉਨ੍ਹਾਂ ਵਲ ਤੱਕਿਆ,
ਉਨਾਂ ਮੈਂ ਵਲ ਤੱਕਿਆ ।
ਅਸੀ ਦੋਵੇਂ ਖਿੜ ਪਏ,
ਅਸੀ ਦੋਵੇਂ ਗੁਟਕੇ ।
ਅਸੀ ਦੋਵੇਂ ਹਸ ਪਏ ।
ਅਸੀ ਵਧ ਕੇ, ਮਿਲ ਪਏ,
ਅਸੀ ਭਜ ਕੇ ਮਿਲ ਪਏ,
ਸੀ ਘਟ ਕੇ ਮਿਲ ਪਏ
ਤੇ
ਦੋਹਾਂ ਨਦੀਆਂ ਵਾਂਗਰ,
ਅਸੀ ਮਿਲ ਕੇ ਟੁਰ ਪਏ,
ਬਾਂਹ ਬਾਂਹ ਵਿਚ ਪਾ ਕੇ,
ਹਥ ਹਥ ਵਿਚ ਫੜ ਕੇ।

੨.
ਉਹ ਜ਼ਖ਼ਮ ਡੂੰਘੇਰੇ,
ਉਹ ਦਾਗ਼ ਲਡਿੱਕੇ,
ਉਹ ਦਰਦ ਪੁਰਾਣੇ,
—ਜਿਹੜੇ ਟੀਸਾਂ ਜਰ ਜਰ,
ਜਿਹੜੇ ਪੀੜਾਂ ਸਹਿ ਸਹਿ,
ਇਸ ਜਗ ਦੀ ਨਜ਼ਰੋਂ
ਅਸਾਂ ਢਕ ਢਕ ਰਖੇ,
ਬਹਿ ਤਾਰਿਆਂ ਛਾਵੇਂ,—
ਤੇ ਚੰਨ ਦੀ ਲੋਅ ਵਿਚ,
ਘੁੰਡ ਪੱਟੀਆਂ ਦੇ ਲਾਹ ਕੇ,
ਅਸਾਂ ਇਕ ਦੂਜੇ ਨੂੰ,
ਰੋ ਰੋ ਕੇ ਦੱਸੇ,
ਹਸ ਹਸ ਕੇ ਦੱਸੇ,
ਅਸਾਂ ਭੇਤ ਵਟਾ ਲਏ,
ਅਰਮਾਨ ਵਟਾ ਲਏ,
ਦੁਖ ਸਾਂਝੇ ਕਰ ਲਏ,
ਸੁਖ ਸਾਂਝੇ ਕਰ ਲਏ,
ਚਾਅ ਸਾਂਝੇ ਕਰ ਲਏ,
ਦਿਲ ਸਾਂਝੇ ਕਰ ਲਏ ।

੩.
ਅਸੀ ਦੁਰਦੇ ਟੁਰਦੇ,
ਜਦ ਥਕ ਜਾਂਦੇ ਸੀ,
ਜਦ ਹੁਟ ਜਾਂਦੇ ਸੀ,
ਇਕ ਦੂਜੇ ਦੇ ਨੈਣਾਂ-
ਵਿਚ ਝਾਤੀ ਪਾ ਕੇ,
ਹਿਕ ਹਿਕ ਨਾਲ ਲਾ ਕੇ,
ਹਥ ਹਥ ਵਿਚ ਘੁਟ ਕੇ,
ਝਟ ਲਾਹ ਲੈਂਦੇ ਸੀ,
ਸਭ ਸਫ਼ਰ ਥਕੇਵਾਂ,
ਤੇ
ਹੋ ਹਲਕੇ-ਫੁਲਕੇ,
ਤੇ ਨਵੇਂ-ਨਰੋਏ,
ਝੱਟ ਅਗਲੀ ਮਨਜ਼ਲ
ਵਲ ਟੁਰ ਪੈਂਦੇ ਸੀ।

੪.
ਫਿਰ ਸਾਈਂ ਜਾਣੇ,
ਇਕ ਮੋੜ 'ਤੇ ਆ ਕੇ,
ਅਸੀਂ ਕੀਕਰ ਨਿਖੜੇ?
ਹਥ ਹਥ ਵਿਚ ਨਹੀਂ ਸੀ,
ਬਾਂਹ ਬਾਂਹ ਵਿਚ ਕੋਈ ਨਾ।
ਕੁਝ ਸਮਝ ਨਾ ਆਈ।
ਕੁਝ ਪੇਸ਼ ਨਾ ਚੱਲੀ।
ਹਾਇ! ਇਹ ਕੀ ਹੋ ਗਿਆ?
ਤੇ ਕੀਕਰ ਹੋ ਗਿਐ?
ਇਕ ਦੂਜੇ ਤੋਂ ਨਿਖੜੇ,
ਅਸੀਂ ਭੀੜਾਂ ’ਚ ਰਲ ਗਏ,
ਹਥ ਦਿਲ ਤੇ ਧਰ ਕੇ,
ਲਾ ਅੱਖੀਆਂ ਨੂੰ ਤਾਂਘਾਂ,
ਪਰ, ਜਗ ਦੀਆਂ ਅੱਖੀਆਂ —
ਤੋਂ ਬਚਦੇ ਬਚਦੇ,
ਉਹ ਮੈਨੂੰ ਢੂੰਡਣ,
ਮੈਨੂੰ ਭਾਲ ਉਨ੍ਹਾਂ ਦੀ।
ਸਾਡੀ ਟੋਰ ਤਿਖੇਰੀ,
ਸਾਡੇ ਪੈਰਾਂ 'ਚ ਕਾਹਲੀ,
ਸਾਡੇ ਦਿਲ ਵਿਚ ਧੜਕਣ,
ਸਾਡੇ ਨੈਣਾਂ 'ਚ ਸੱਧਰਾਂ।

੫.
ਕਿਤੇ ਦੂਰ ਦੁਰਾਡੇ,
ਤਕ ਲਸ਼ ਲਸ਼ ਕਰਦਾ,
ਨੈਣਾਂ ਦਾ ਜੋੜਾ,
ਅਸੀਂ ਭਜ ਭਜ ਪੈਂਦੇ,
ਅਸੀਂ ਉਡ ਉਡ ਪੈਂਦੇ।
ਪਰ ਨੇੜੇ ਹੋਇਆਂ,
ਤੇ ਲਾਗੇ ਪੁਜਿਆਂ,
ਉਹਨਾਂ ਨੈਣਾਂ ਅੰਦਰ,
ਉਹ ਲੋਅ ਨਾ ਦਿਸਦੀ,
ਜਿੰਨੇ ਇਕ ਦੂਜੇ ਦੇ-
ਜੀਵਨ ਦੇ ਰਾਹ ਨੂੰ
ਸੀ ਰੋਸ਼ਨ ਕੀਤਾ।
ਸਾਡੇ ਦਿਲ ਦੀ ਧੜਕਣ
ਝਟ ਹੋਂਦੀ ਮੱਠੀ,
ਤੇ ਨੈਣਾਂ ਚੋਂ ਛਮ ਛਮ,
ਵਸ ਪੈਂਦੇ ਹੰਝੂ।
ਸਾਨੂੰ ਪਲ ਪਲ ਦਿਸਿਆ,
ਇਕ ਜੁਗ ਜੁਗ ਵਾਂਗਰ।
ਇਸ ਵਗਦੇ ਰਾਹ ਵਿਚ
ਇਕ ਦੂਜੇ ਬਾਝੋਂ,
ਅਸੀਂ ਦੋਵੇਂ ਹੋ ਗਏ,
ਬਸ ਕਲ-ਮ-ਕੱਲੇ,
ਤੇ ਨਿਮੋ-ਝੂਣੇ,
ਜਿਉਂ ਸਖਣੀ ਬੇੜੀ
ਲਹਿਰਾਂ ਦੀ ਹਿੱਕ ਤੇ।

੬.
ਫਿਰ ਵਰ੍ਹਿਆਂ ਪਿੱਛੋਂ
ਕਿ ਸਮਿਆਂ ਪਿੱਛੋਂ,
ਜਦੋਂ ਥੱਕਿਆਂ ਹੱਥਾਂ,
ਵਿਚ ਆਸ-ਡੰਗੋਰੀ
ਸੀ ਥਰ ਥਰ ਕੰਬਦੀ,
ਜਦੋਂ ਹੰਬੀਆਂ ਲੱਤਾਂ
ਗਾਹ ਗਾਹ ਕੇ ਮਜ਼ਲਾਂ,
ਕਛ ਕਛ ਕੇ ਪੈਂਡੇ,
ਸਨ ਦਰਦਾਂ-ਭਰੀਆਂ
ਤੇ ਟੀਸਾਂ-ਭਰੀਆਂ,
ਇਕ ਕਰਮਾਂ ਵਾਲੀ-
ਰਸ-ਭਿੰਨੜੀ ਰਾਤੇ,
ਜਦੋਂ ਅੰਬਰ ਤਾਰੇ,
ਸਨ ਲਟ ਲਟ ਕਰਦੇ,
ਤੇ ਦਿਲ ਵਿਚ ਯਾਦਾਂ
ਸੀ ਜਗ-ਮਗ ਲਾਈ
ਸਾਡੀ ਆਸ ਦੇ ਸੁਪਨੇ
ਇਕ ਪੱਤਣ ਉੱਤੇ
ਝਟ ਸੱਚੇ ਹੋ ਗਏ
ਤੇ
ਮੁੜ ਹਸ਼ਰਾਂ ਤੀਕਰ,
ਨਾ ਵਿਛੜਨ ਖ਼ਾਤਰ,
ਅਸੀਂ ਮੁੜ ਕੇ ਮਿਲ ਪਏ ।

ਪੁਜਾਰੀ ਨੂੰ.....

ਪੁਜਾਰੀ ! ਮੰਦਰ ਦੇ ਦਰ ਢੋਅ

ਅੱਗਾ ਦਿਸਦੇ ਧੁੰਦਲਾ, ਕਾਲਾ।
ਡਲ੍ਹਕ ਨਾ ਮਾਰੇ ਕਿਤੇ ਉਜਾਲਾ।
ਕੋਈ ਆਸ਼ਾ ਨਹੀਂ ਰੌਸ਼ਨ ਕਰਦੀ,
ਤੇਰੀ ਜੋਤ ਦੀ ਨਿੰਮ੍ਹੀ ਲੋਅ ।
ਪੁਜਾਰੀ !
ਮੰਦਰ ਦੇ ਦਰ ਢੋਅ ।

ਦੇਸ਼ ਦੇ ਸਿਰ ਤੇ ਬਿਜਲੀਆਂ ਕੜਕਣ ।
ਹੱਥੀਂ ਪੈਰੀਂ ਸੰਗਲ ਖੜਕਣ ।
ਤੂੰ ਬੈਠ ਖੜਕਾਨੈ ਟੱਲੀਆਂ !
ਮੈਥੋਂ ਇਹ ਨਹੀਂ ਸਕਦਾ ਹੋ ।
ਪੁਜਾਰੀ !
ਮੰਦਰ ਦੇ ਦਰ ਢੋਅ ।

ਕਰ ਲੈਸਾਂ ਫਿਰ ਸ੍ਵਰਗ ਸਿਆਪੇ ।
'ਭਗਤੀ' ਵੇਖੀ ਜਾਸੀ ਆਪੇ ।
ਆ ! ਭਾਰਤ ਦੇ ਖਿੰਡੇ-ਮਣਕੇ,
ਪਹਿਲੋਂ ਲਈਏ ਪਰੋਅ ।
ਪੁਜਾਰੀ !
ਮੰਦਰ ਦੇ ਦਰ ਢੋਅ।

ਪੋਥੀ ਰਖ, ਹਥ ਕਰ ਲੈ ਵਿਹਲਾ ।
ਇਹ ਨਹੀਓਂ ਪਾਠ ਕਰਨ ਦਾ ਵੇਲਾ ।
ਦੇਸ਼ ਤੇ ਆਈ ਔਕੜ ਸਾਂਹਵੇਂ,
ਛਾਤੀ ਤਾਣ ਖਲ੍ਹੋਅ ।
ਪੁਜਾਰੀ !
ਮੰਦਰ ਦੇ ਦਰ ਢੋਅ।

ਕੀ ਹੈ ਜੇ ਬਿਨ-ਹਵਨੋਂ ਮਰ ਗਏ?
ਪੂਜਾ ਸੰਧਿਆ ਕੁਝ ਨਾ ਕਰ ਗਏ?
ਜੀਵਨ ਸਫ਼ਲਾ ਹੈ, ਜੇ ਜਾਸਾਂ,
ਦਾਗ਼ ਗੁਲਾਮੀ ਦੇ ਧੋਅ।
ਪੁਜਾਰੀ!
ਮੰਦਰ ਦੇ ਦੇ ਢੋਅ।

ਵੀਰਾਂ ਦੇ ਦੁਖ ਸਹਿ ਨਹੀਂ ਸਕਦਾ।
ਊਂਧੀ ਪਾ ਕੇ ਬਹਿ ਨਹੀਂ ਸਕਦਾ।
ਇਸ ਵੇਲੇ ਮਾਲਾ ਫੜ ਬਹਿਣਾ,
ਹੈ 'ਜੀਵਨ' ਨਾਲ ਧਰੋਹ।
ਪੁਜਾਰੀ!
ਮੰਦਰ ਦੇ ਦਰ ਢੋਅ।

ਵੇਖਾਂ! ਮੰਦਰ ਦੇ ਚੌਗਿਰਦੇ।
ਛਮ ਛਮ ਨੈਣੋਂ ਹੰਝੂ ਕਿਰਦੇ।
ਢਿਡੋਂ ਭੁੱਖੇ, ਪੰਡਿਓਂ ਨੰਗੇ,
ਮੇਰੇ ਵੀਰ ਰਹੇ ਨੇ ਰੋ।
ਪੁਜਾਰੀ!
ਮੰਦਰ ਦੇ ਦਰ ਢੋਅ।

ਲੈ ਜਾਹ ਆਪਣਾ ਸ੍ਵਰਗੀ-ਲਾਰਾ।
ਇਸ ਵਿਚ ਹੁਣ ਨਹੀਂ ਰਿਹਾ ਹੁਲਾਰਾ।
ਦੇਸ਼ ਦੀ ਹੋਣੀ ਦੇ ਰਾਹ ਵਿਚ,
ਇਹ ਪਰਬਤ ਰਿਹੈ ਖਲ੍ਹੋਅ।
ਪੁਜਾਰੀ!
ਮੰਦਰ ਦੇ ਦਰ ਢੋਅ।

ਨਾ ਰਬ ਪਹਿਲਾ, ਨਾ ਇਹ ਦੂਜਾ।
ਇਸ ਦੀ ਪੂਜਾ ਰਬ ਦੀ ਪੂਜਾ।
ਇਹਨਾਂ ਵਿਚ ਨਹੀਉਂ ਕੋਈ ਸ਼ਰੀਕਾ,
ਦੇਸ਼ ਤੇ ਰਬ ਨਹੀਂ ਦੋ।
ਪੁਜਾਰੀ!
ਮੰਦਰ ਦੇ ਦਰ ਢੋਅ।

ਕਹਿੰਦੇ ਸਮਾਂ ਗ਼ੁਲਮਾਂ ਤਾਈਂ।
“ਪਰਾਧੀਨ ਸੁਪਨੇ ਸੁਖ ਨਾਹੀਂ।"
ਜਕੜੇ ਰਹਿਣ ਕਿਆਮਤ ਤਕ,
ਨਾ ਵਕਤ ਪਛਾਣਨ ਜੋ ।
ਪੁਜਾਰੀ!
ਮੰਦਰ ਦੇ ਦਰ ਢੋਅ ।

ਘਰ ਵਿਚ ਜਿਸ ਨੂੰ ਮਿਲੇ ਨਾ ਢੋਈ।
ਸ੍ਵਰਗੀਂ ਉਸ ਦੀ ਥਾਂ ਨਹੀਂ ਕੋਈ।
ਰਬ ਗ਼ੁਲਾਮਾਂ ਦਾ ਕੁਝ ਨਹੀਂ ਲਗਦਾ,
ਇਹ ਸੁਣੀ ਨਹੀਓਂ ਕਨਸੋਅ?
ਪੁਜਾਰੀ!
ਮੰਦਰ ਦੇ ਦਰ, ਢੋਅ।

ਇਹ ਜ਼ੰਜੀਰ, ਗ਼ੁਲਾਮੀ ਦਾ ਗਹਿਣਾ।
ਰਬ ਰਬ ਕਰਿਆਂ ਤਾਂ ਨਹੀਂ ਲਹਿਣਾ।
ਹੁਜਕਾ ਮਾਰ ਕਚੀਚੀ ਵਟ ਕੇ,
ਟੋਟੇ ਕਰ ਦੇ ਦੋ।
ਪੁਜਾਰੀ!
ਮੰਦਰ ਦੇ ਦਰ ਢੋਅ।

ਕੀ ਕਰਨੈਂ ਭੋਲਿਆਂ ਸਜਣਾਂ ?

ਢਿੱਲੀਆਂ ਹੋਈਆਂ ਇਸਦੀਆਂ ਤਾਰਾਂ ।
ਇਹਨਾਂ ਤੇ ਨਾ ਲਾ ਟਣਕਾਰਾਂ ।
ਇਹ ਘੁਣ-ਖਾਧਾ ਸਾਜ਼ ਦਿਲੇ ਦਾ,
ਉਸ ਤੁਲ ਹੁਣ ਨਹੀਂਓਂ ਵਜਣਾ ।
ਕੀ ਕਰਨੈਂ ਓ ਭੋਲਿਆ ਸਜਣਾ ?

ਅੱਵਲ ਤਾਂ, ਉਹ ਰਾਤਾਂ ਹੀ ਨਹੀਂ ।
ਇਹ ਹਨ ਤਾਂ ਉਹ ਬਾਤਾਂ ਹੀ ਨਹੀਂ ।
ਜਿਹੜੇ ਦਿਨ 'ਕਲ੍ਹ, ਪਰਸੋਂ' ਬਣ ਗਏ ।
ਉਹ ਬਣ ਸਕਦੇ ਅੱਜ ਨਾ !
ਕੀ ਕਰਨੈਂ ਓ ਭੋਲਿਆ ਸਜਣਾ।"

ਨਾ ਹੀ ਉਹ ਜਜ਼ਬੇ ਤੂਫ਼ਾਨੀ ।
ਨਾ ਉਹ ਪਹਿਲੀ ਸ਼ੋਖ਼ ਜਵਾਨੀ ।
ਗਲਾਂ ਕਰਦਿਆਂ ਤ੍ਰੇਹ ਨਾ ਲਹਿਣੀ ।
ਵੇਖ ਵੇਖ ਨਾ ਰਜਣਾ ।
ਕੀ ਕਰਨੇ ਓ ਭੋਲਿਆ ਸਜਣਾ ?

ਕਿਉਂ ਖੁਰਚੇਂ ਮੇਲੇ ਹੋਇ ਘਾਅ ਨੂੰ।
ਫੂਕਾਂ ਮਾਰੇ ਠੰਢੀ ਸ੍ਵਾਹ ਨੂੰ ।
ਇਸ ’ਚੋਂ ਕੋਈ ਭਖਦਾ ਚੰਗਿਆੜਾ,
ਤੈਨੂੰ ਹੁਣ ਨਹੀਂ ਲਝਣਾ ।
ਕੀ ਕਰਨੈਂ ਓ ਭੋਲਿਆ ਸਜਣਾ ?

ਤੇਰੀ ਮਨਜ਼ਿਲ ਦੂਰ ਮੁਸਾਫ਼ਰ !

ਦੇਸ਼ ਮੁਲਕ ਤੋਂ ਅਗਾਂਹ ਅਗੇਰੇ ।
ਜ਼ਾਤ ਮਜ਼ਬ ਤੋਂ ਪਰ੍ਹਾਂ ਪਰੇਰੇ ।
ਜਿੱਥੇ ਪੱਸਰ ਰਿਹੈ ਚੌਫੇਰੇ,
ਮਾਨੁਖਤਾ ਦਾ ਨੂਰ,
ਮੁਸਾਫਰ !
ਤੇਰੀ ਮਨਜ਼ਲ ਦੂਰ !

ਇਨ੍ਹਾਂ ਮਜ਼ਬ ਦੀਆਂ ਹਰੀਆਂ ਜੂਹਾਂ।
ਭਟਕਾਈਆਂ ਕਈ ਨਿਰਮਲ ਰੂਹਾਂ ।
ਗੇੜ ਚੁਰਾਸੀ ਦੇ ਵਿਚ ਪਾ ਕੇ,
ਕਰ ਛਡੀਆਂ ਮਜਬੂਰ,
ਮੁਸਾਫ਼ਰ !
ਤੇਰੀ ਮਨਜ਼ਲ ਦੂਰ !

'ਮੁਕਤੀ ਜੱਨਤ' ਰਾਹ ਦੀ ਦਲ ਦਲ।
ਸਮਝ ਨਾ ਬਹੀਂ ਇਨ੍ਹਾਂ ਨੂੰ ਮਨਜ਼ਲ।
ਬਹਿ ਨਾ ਰਹੁ ਕਲਸਾਂ ਦੀ ਛਾਂਵੇਂ,
ਹੋ ਕੇ ਚਿਕਨਾ ਚੂਰ,
ਮੁਸਾਫ਼ਰ!
ਤੇਰੀ ਮਨਜ਼ਲ ਦੂਰ,

ਪੈ ਕੇ ਇਹਨੀਂ ਛੋਟੇ ਰਾਹੀਂ।
ਅਸਲ ਟਿਕਾਣਾ ਭੁਲ ਨਾ ਜਾਈਂ।
ਖਾਂਦਾ ਫਿਰੀਂ ਨਾ ਭੰਬਲ-ਭੂਸੇ,
ਮਨਜ਼ਲ ਕੋਲੋਂ ਦੂਰ,
ਮੁਸਾਫ਼ਰ!
ਤੇਰੀ ਮਨਜ਼ਲ ਦੂਰ!

ਠਾਕਰ-ਦਵਾਰੇ, ਮਸਜਿਦ, ਸ਼੍ਵਾਲੇ।
ਸਾਰੇ ਰਾਹ ਹਨ ਤਿਲ੍ਹਕਣ ਵਾਲੇ।
ਇਹਨਾਂ ਪਤਨਾਂ ਤੋਂ ਠਿਲ੍ਹ ਠਿਲ੍ਹ ਕੇ,
ਡੁਬ ਗਏ ਲੱਖਾਂ ਪੂਰ,
ਮੁਸਾਫਰ!
ਤੇਰੀ ਮਨਜ਼ਲ ਦੂਰ!

ਜੱਨਤ ਦੋਜ਼ਖ਼ ਘੜ ਕੇ ਆਪੇ ।
ਪਾ ਬੈਠੋਂ ਗਲ ਮੁਫਤ ਸਿਆਪੇ ।
ਆਪ-ਬਣਾਏ ਸੰਗਲਾਂ ਦੇ ਵਿਚ,
ਹੋ ਬੈਠੋਂ ਮਜਬੂਰ,
ਮੁਸਾਫ਼ਰ !
ਤੇਰੀ ਮਨਜ਼ਲ ਦੂਰ !

ਤਕਦੀਰਾਂ ਨੂੰ ਵਾਂਗ ਗ਼ੁਲਾਮਾਂ ।
ਝੁਕ ਝੁਕ ਕਾਹਨੂੰ ਕਰੇਂ ਸਲਾਮਾਂ ?
ਤੇਰੀ ਇਹ ਮਜਬੂਰ ਅਵਸਥਾ,
ਰੱਬ ਨੂੰ ਨਹੀਂ ਮਨਜ਼ੂਰ,
ਮੁਸਾਫ਼ਰ !
ਤੇਰੀ ਮਨਜ਼ਲ ਦੂਰ !

ਨਾ ਕੋਈ ਵਹੀਆਂ, ਨਾ ਕੋਈ ਲੇਖੇ ।
ਕਢ ਛਡ ਸਾਰੇ ਭਰਮ ਭੁਲੇਖੇ ।
ਸਿਰ ਤੋਂ ਲੈ ਕੇ ਪੈਰਾਂ ਤੀਕਰ,
ਤੂੰ ਹੈਂ ਰਬ ਦਾ ਨੂਰ,
ਮੁਸਾਫ਼ਰ !
ਤੇਰੀ ਮਨਜ਼ਲ ਦੂਰ !

ਰਲ ਮਿਲ, ਪੰਡਤ, ਮੁੱਲਾਂ, ਭਾਈ।
ਕਰ ਛਡਦੇ ਨੇ ਨੀਮ-ਸੁਦਾਈ ।
ਇਹਨਾਂ ਦਾ ਉਪਜਾਇਆ ਹੋਇਐ,
ਰਾਹ ਦਾ ਕੁਲ ਫਤੂਰ,
ਮੁਸਾਫ਼ਰ !
ਤੇਰੀ ਮਨਜ਼ਲ ਦੂਰ !

ਲਾ ਲਾ ਕੇ ਹੂਰਾਂ ਦੇ ਲਾਰੇ ।
ਕਈ ਭੋਲੇ ਭਟਕਾ ਕੇ ਮਾਰੇ ।
'ਮਾਨੁਸ਼ਤਾ’ ਨੂੰ ਉਹਲੇ ਕੀਤਾ,
ਰਾਹ ਵਿਚ ਰੱਖ ਕੇ 'ਤੂਰ',
ਮੁਸਾਫਰ !
ਤੇਰੀ ਮਨਜ਼ਲ ਦੂਰ !

ਮੁੱਲਾਂ ਤੇ ਮੁਸਕਾਂਦਾ ਲੰਘ ਜਾ ।
ਪੰਡਤਾਂ ਕਲੋਂ ਗਾਂਦਾ ਲੰਘ ਜਾ ।
ਇਹਨਾਂ ਦੀ ਘੂਰੀ ਵਲ ਨਾ ਤਕ,
ਰਹੁ ਆਸ਼ਾ-ਭਰਪੂਰ,
ਮੁਸਾਫਰ !
ਤੇਰੀ ਮਨਜ਼ਲ ਦੂਰ !

ਕਸ਼ਮੀਰਾ ! ਤੇਰੇ ਡਲ ਵਿਚ

ਨਿਤ ਹੁਸਨ ਲਵੇ ਅੰਗੜਾਈਆਂ
ਕਸ਼ਮੀਰਾ !
ਤੇਰੇ ਡਲ ਵਿਚ !

ਕੁਦਰਤ ਦੀਆਂ ਸੁੰਦਰਤਾਈਆਂ;
ਕਸ਼ਮੀਰਾ!
ਤੇਰੇ ਡਲ ਵਿਚ !

ਇਹ ਬੂਟੀਆਂ ਹਰੀਆਂ ਹਰੀਆਂ ।
ਇਹ ਸ਼ੀਸ਼ੇ ਉਤਰੀਆਂ ਪਰੀਆਂ ।
ਅੱਖ ਵੇਖੇ, ਤੇ ਦਿਲ ਪੁੱਛੇ,
ਇਹ ਕੀਕਣ ਜੀਵਣ ਜਲ ਵਿਚ ?
ਨਿਤ ਹੁਸਨ ਲਵੇ ਅੰਗੜਾਈਆਂ,
ਕਸ਼ਮੀਰਾ !
ਤੇਰੇ ਡਲ ਵਿਚ ।

ਇਹ ਕੰਵਲ ਨਹੀਂ ਮਤਵਾਲੇ ।
ਮਸਤਾਂ ਹਥ ਸਖਣੇ ਪਿਆਲੇ ।
ਜਾਂ ਕੰਬਦੀਆਂ ਸੋਹਲ ਕਲਾਈਆਂ,
ਪੈਣਾ ਚਾਹਣ ਕਿਸੇ ਦੇ ਗਲ ਵਿਚ ।
ਨਿਤ ਹੁਸਨ ਲਵੇ ਅੰਗੜਾਈਆਂ,
ਕਸ਼ਮੀਰਾ !
ਤੇਰੇ ਡਲ ਵਿਚ ।

ਕਿਸੇ ਮਸਤੀ - ਵੰਡਦੇ ਸਾਕੀ,
ਇਕ ਫੂੰਹ ਨਹੀਂ ਰੱਖੀ ਬਾਕੀ,
ਕੁਝ ਪਈ ਕੰਵਲ ਦੇ ਪਿਆਲੇ,
ਕੁਝ ਛਲਕ ਕੇ ਪੈ ਗਈ ਡਲ ਵਿਚ ।
ਨਿਤ ਹੁਸਨ ਲਵੇ ਅੰਗੜਾਈਆਂ,
ਕਸ਼ਮੀਰਾ !
ਤੇਰੇ ਡਲ ਵਿਚ ।

ਚੁਣ ਇਹ ਉੱਚੀ - ਪਧਰਾਈ,
ਕੁਦਰਤ ਨੇ ਰਾਸ ਰਚਾਈ ।
ਰਚਿਐ ਇਕ ਅਜਬ ਕਲਾ-ਘਰ ,
ਸੋਹਣੀ ਰਮਣੀਕ ਇਕੱਲ ਵਿਚ ।
ਨਿਤ ਹੁਸਨ ਲਵੇ ਅੰਗੜਾਈਆਂ,
ਕਸ਼ਮੀਰਾ !
ਤੇਰੇ ਡਲ ਵਿਚ !

ਇਹ ਹੁਸਨ, ਤੇ ਇਹ ਮੰਦਹਾਲੀ ।
ਹਾਇ ! ਸ੍ਵਰਗਾਂ ਵਿਚ ਕੰਗਾਲੀ ।
ਇਹ ਭੇਤ ਹੈ ਸਮਝੋਂ ਉੱਚਾ,
ਕੋਈ ਵਲ ਹੋਸੀ ਇਸ ਗਲ ਵਿਚ ।
ਨਿਤ ਹੁਸਨ ਲਵੇ ਅੰਗੜਾਈਆਂ,
ਕਸ਼ਮੀਰਾ !
ਤੇਰੇ ਡਲ ਵਿਚ !

ਦੰਦਾਂ ਹੇਠਾਂ ਜੀਭ ਦਬਾ

ਦੰਦਾਂ ਹੇਠਾਂ ਜੀਭ ਦਬਾ,
ਜੀਵੇਂ ! ਨਿਹੁੰ ਨੂੰ ਲੱਜ ਨਾ ਲਾ !

ਆਹਾਂ ਡਕ ਲੈ, ਟੀਸਾਂ ਜਰ ਜਾ ।
ਬੇ-ਸ਼ਿਕਵਾ ਦਿਲ ਲੈ ਕੇ ਮਰ ਜਾ।

ਐਵੇਂ "ਹਾ ਹਾ, ਸੀ ਸੀ" ਕਰ ਕੇ,
ਪੀੜਾਂ ਦੀ ਨਾ ਕਦਰ ਘਟਾ।

ਦੰਦਾਂ ਹੇਠਾਂ ਜੀਭ ਦਬਾ ।
ਜੀਵੇਂ ਨਿਹੁੰ ਨੂੰ ਲੱਜ ਨਾ ਲਾ।

ਕਿਸੇ ਥਾਂ ਕੋਲੋਂ ਲੰਘਦਿਆਂ

ਹਾਇ !
ਉਹ ਕਰਮਾਂ ਵਾਲੀ ਥਾਂ।

ਧੜਕ ਧੜਕ ਕੇ ਦੋ ਦਿਲ ਜਿੱਥੇ,
ਇਕ-ਮਿਕ ਹੋ ਗਏ ਸਾਂ ।
ਹਾਇ !
ਉਹ ਕਰਮਾਂ ਵਾਲੀ ਥਾਂ ।

ਨੈਣ ਨੈਣਾਂ ਵਿਚ ਪਾਏ ਜਿੱਥੇ ।
ਘੁੰਡ ਦਿਲਾਂ ਤੋਂ ਚਾਏ ਜਿੱਥੇ ।
ਜਿੱਥੇ ਧੁਰ ਦੇ ਨਿਖੜੇ ਮਿਲ ਪਏ,
ਪਾ ਕੇ ਗਲ ਵਿਚ ਬਾਂਹ ।
ਹਾਇ !
ਉਹ ਕਰਮਾਂ ਵਾਲੀ ਥਾਂ ।

ਜਿੱਥੇ ਲੈ ਕੇ ਇਕ ਅੰਗੜਾਈ,
ਜਾਗੀ ਪ੍ਰੀਤ ਧੁਰੋਂ ਨਿੰਦਰਾਈ ।
ਖਿੜਦਾ ਤਕ ਮਾਹਸੂਮ ਬਨਫ਼ਸ਼ਾ,
ਅਸੀਂ ਦੋਵੇਂ ਖਿੜ ਪਏ ਸਾਂ ।
ਹਾਇ !
ਉਹ ਕਰਮਾਂ ਵਾਲੀ ਥਾਂ ।

ਜਿਸ ਨੂੰ ਤਕ ਕੇ ਸੁਤੀਆਂ ਯਾਦਾਂ ।
ਜਾਗ ਪਈਆਂ ਬਣ ਬਣ ਫ਼ਰਯਾਦਾਂ !
ਧੂਹ ਪਾਂਦੈ ਜਿਦ੍ਹਾ ਇਕ ਇਕ ਕਿਣਕਾ,
ਮੈਂ ਕੀਕਰ ਨਸ ਕੇ ਜਾਂ !
ਹਾਇ ! ਉਹ ਕਰਮਾਂ ਵਾਲੀ ਥਾਂ ।

ਤਕ ਮਿਲਦੇ ਦੁਨੀਆ ਦੇ ਦੋਸ਼ੀ ।
ਧੁੰਦਾਂ ਕੀਤੀ ਪਰਦਾ-ਪੋਸ਼ੀ ।
ਹਾੜੀ ਦੇ ਬੂਟੇ ਨੇ ਦਿੱਤਾ,
ਉਹਲਾ ਨਾਲੇ ਛਾਂ।
ਹਾਇ !
ਉਹ, ਕਰਮਾਂ ਵਾਲੀ ਥਾਂ !

ਮੇਰੀ ਪ੍ਰੀਤਾਂ ਵਾਲੀ ਧਰਤੀ !
ਸੁਪਨਿਆਂ, ਗੀਤਾਂ ਵਾਲੀ ਧਰਤੀ !
ਤੇਰੇ ਇਹਨਾਂ ਕਿਣਕਿਆਂ ਵਿਚ,
ਮੈਂ ਵੀ ਇਕ ਕਿਣਕਾ ਬਣ ਜਾਂ ।
ਹਾਇ !
ਉਹ ਕਰਮਾਂ ਵਾਲੀ ਥਾਂ ।

ਉਹ ਆਏ

ਉਸ ਤੇਲ ਦੇ ਤੁਪਕੇ ਵਾਂਗਰ,
ਜਿਹੜਾ ਦਿਨ ਚੜ੍ਹਨੋਂ ਕੁਝ ਪਹਿਲਾਂ
ਮਿੱਠੇ ਘੁਸ-ਮੁਸੜੇ ਵੇਲੇ
ਊਸ਼ਾ ਦੀ ਪਲਕੋਂ ਝੜ ਕੇ
ਕਿਸੇ ਫੁਲ ਦੀ ਸਿਕਦੀ ਗੋਦੀ
ਵਿਚ ਆ ਕੇ ਖੇੜਾ ਲਾਂਦੈ ।
ਫਿਰ ਨਵੇਂ - ਸਜਾਏ - ਸੂਰਜ
ਦੀਆਂ ਸੁਹਲ ਸੁਨਹਿਰੀ ਰਿਸ਼ਮਾਂ
ਦੀ ਨੂਰੀ ਪੌੜੀ ਚੜ੍ਹ ਕੇ
ਕਿਤੇ ਦੂਰ ਉਤਾਂਹ ਤੁਰ ਜਾਂਦੇ ।

ਉਸ ਮਿੱਠੇ ਸੁਪਨੇ ਵਾਂਗਰ,
ਜਿਹੜਾ ਮਾਂ ਦੀ ਗੋਦੀ ਸੁੱਤੇ
ਮਾਸੂਮ ਫ਼ਰਿਸ਼ਤੇ ਬੱਚੇ
ਦੇ ਫੁਲ-ਖੰਭੜੀ ਜਹੇ ਬੁਲ੍ਹਾਂ
ਨੂੰ ਮਿੱਠਾ ਚੁੰਮਣ ਦੇ ਕੇ
ਭਰ ਦੇਂਦੇ ਉਹਨਾਂ ਅੰਦਰ
ਬਾਗਾਂ ਦਾ ਸਾਰਾ ਖੇੜਾ ।
ਪਰ ਅੱਖ-ਝਮੱਕੇ ਅੰਦਰ,
ਹੋ ਜਾਂਦੈ ਛਾਂਈ-ਮਾਂਈਂ ।

ਕਿਸੇ ਮਸਤ ਗਵੱਈਏ ਦੀ ਇਕ
ਮਿਜ਼ਰਾਬ ਦੀ ਉਸ ਛੂਹ ਵਾਂਗਰ,
ਜਿਹੜੀ, ਕਿਸੇ ਖ਼ਿਆਲੋਂ-ਉਤਰੇ,
ਖਾਮੋਸ਼ ਸਾਜ਼ ਦੀਆਂ ਤਾਰਾਂ -
ਨੂੰ ਸ੍ਵਰਗ ਹੁਲਾਰਾ ਦੇ ਕੇ,
ਥੱਰਾਂਦਾ ਜੀਵਨ ਦੇ ਕੇ,
ਇਕ ਗਾਉਂਦਾ ਜੀਵਨ ਦੇ ਕੇ,
ਮੁੜ ਭੁਲ ਜਾਂਦੀ ਏ ਛੋਹਣਾ।

ਉਹ ਸਹਿਜ-ਭਾ ਆ ਨਿਕਲੇ
ਲਡਿਆ ਕੇ ਰੱਖੀ ਮੇਰੀ,
ਸਧਰਾਂ ਦੀ ਸੁਪਨ-ਦੁਨੀਆ ਵਿਚ,
ਦੋ ਮਿੱਠੇ ਬੋਲ ਸੁਣਾ ਕੇ,
ਇਕ ਛੋਹ ਪਿਆਰੀ ਜਹੀ ਦੇ ਕੇ
ਜੀਵਨ ਦਾ ਭੁਲੇਖਾ ਪਾ ਕੇ ।
ਓਹ ਆਪਣੇ ਰਾਹ ਤੇ ਤੁਰ ਗਏ ।

ਚੰਗਾ !

ਬੇਸ਼ਕ ਉਸ ਦੀ ਨਾ ਸੁਣ, ਜੋ ਕਹੇ
ਨਾ ਖਾ ਚੰਗਾ, ਨਾ ਲਾ ਚੰਗਾ ।
ਢਿਡ-ਭਰਵਾਂ ਖਾ, ਦਿਲ ਖਿਚਵਾਂ ਲਾ,
ਪਰ ਕਰ ਕੇ ਕੰਮ ਵਿਖਾ ਚੰਗਾ ।

ਨਾ ਸ੍ਵਰਗਾਂ ਕੋਲੋਂ ਆਸਾਂ ਰਖ,
ਨਾ ਚਿੰਤਾ ਕਰ ਕੁਝ ਨਰਕਾਂ ਦੀ ।
ਅੱਗੇ ਦੀ ਦੇਖੀ ਜਾਵੇਗੀ,
ਤੂੰ ਏਥੇ ਝੱਟ ਲੰਘਾ ਚੰਗਾ ।

ਤੂੰ ਜੀਊਂਦਾ ਨਾਪ ਹੈਂ ਈਸ਼੍ਵਰ ਦੀ,
ਚੰਗਿਆਈ ਤੇ ਮੰਦਿਆਈ ਦਾ ਤੂੰ
ਮੰਦਾ ਏਂ ਤਾਂ ਰਬ ਮੰਦਾ,
ਤੂੰ ਚੰਗਾ ਫੇਰ ਖ਼ੁਦਾ ਚੰਗਾ ।

ਕੰਢਿਆਂ ਦੇ ਵਿਚ ਹਿਫ਼ਾਜ਼ਤ ਹੈ,
ਪਰ ਜੀਵਨ ਹੈ ਤੂਫ਼ਾਨਾਂ ਵਿਚ ।
ਇਕ ਹਰਕਤ ਕਰਦੇ ਦਿਲ ਨੂੰ ਹੈ,
ਤੂਫ਼ਾਨੀ ਜਿਹਾ ਸਭਾ ਚੰਗਾ ।

ਇਹ ਦਿਸਦੀ - ਦੁਨੀਆ ਖੇਤੀ ਹੈ,
ਤੇਰੇ ਕਿਆਸੀ ਸ੍ਵਰਗਾਂ ਨਰਕਾਂ ਦੀ ।
ਜੇ ਚੰਗਾ ਫਲ ਕੋਈ ਮੰਗਦਾ ਏ,
ਏਥੇ ਕੋਈ ਬੂਟਾ ਲਾ ਚੰਗਾ।

ਵਸ ਨੈਣਾਂ ਦੇ ਕੋਲ

ਵਸ ਨੈਣਾਂ ਦੇ ਕੋਲ ਵੇ ਸਜਣਾ !
ਬੋਲ ਭਾਵੇਂ ਨਾ ਬੋਲ !

ਕੋਠੇ ਤੇ ਚੜ੍ਹ ਬਿਹਾ ਕਰਾਂਗੇ ।
ਦੂਰੋਂ ਈ ਤਕ ਲਿਆ ਕਰਾਂਗੇ ।
ਨੈਣਾਂ ਨਾਲ ਦਿਲਾਂ ਦੀਆਂ ਲਗੀਆਂ,
ਦੂਰੋਂ ਈ ਲੈਸਾਂ ਫੋਲ ਵੇ ਸਜਣਾ !
ਵਸ ਨੈਣਾਂ ਦੇ ਕੋਲ ਵੇ ਸਜਣਾ !

ਲੋਕਾਂ ਕੋਲੋਂ ਝਕਦੇ ਰਹਿਸਾਂ ।
ਆਉਂਦੇ ਜਾਂਦੇ ਤਕਦੇ ਰਹਿਸਾਂ ।
ਨਾ ਕੋਈ ਤਕਸੀ, ਨਾ ਕੋਈ ਸੜਸੀ,
ਨਾ ਕਰਸੀ ਪੜਚੋਲ ਵੇ ਸਜਣਾ !
ਵਸ ਨੈਣਾਂ ਦੇ ਕੋਲ ਵੇ ਸਜਣਾ !

ਦੂਰੋਂ ਤਕ ਕੇ ਰੋ ਲਿਆ ਕਰਸਾਂ ।
ਫੱਟ ਦਿਲਾਂ ਦੇ ਧੋ ਲਿਆ ਕਰਸਾਂ ।
ਬਿਨ ਡਿਠਿਆਂ ਰੁਲ ਜਾਣ ਨਾ ਹੰਝੂ,
ਮੋਤੀ ਇਹ ਅਣ-ਮੋਲ ਵੇ ਸਜਣਾ !
ਵਸ ਨੈਣਾਂ, ਦੇ ਕੋਲ ਦੇ ਸਜਣਾ!

ਪਰਦੇਸਾਂ ਦੇ ਪੰਧ ਲੰਮੇਰੇ।
ਕਾਇਮ ਰਹਿਣ ਨਾ ਦੇਂਦੇ ਜੇਰੇ ।
ਜਦ ਆ ਜਾਂਦਾ ਯਾਦ-ਹੁਲਾਰਾ,
ਦਿਲ ਜਾਂਦਾ ਏ ਡੋਲ ਵੇ ਸਜਣਾ !
ਵਸ ਨੈਣਾਂ ਦੇ ਕੋਲ ਵੇ ਸਜਣਾ !

ਦੰਦੀਂ ਜੀਭ ਦਬਾਈ ਰਖਸਾਂ ।
ਹੋਠੀਂ ਜੰਦਰੇ ਲਾਈ ਰਖ ਸਾਂ ।
ਇਹਨਾਂ ਨਾਲੋਂ ਨੈਣ ਅਸਾਡੇ,
ਚੰਗਾ ਸਕਦੇ ਨੇ ਬੋਲ ਵੇ ਸਜਣਾ !
ਵਸ ਨੈਣਾਂ ਦੇ ਕੋਲ ਵੇ ਸਜਣਾ !

ਕੈਦੀ ਨੂੰ

ਉਠ ਕੈਦੀ !
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ ।

ਇਹਨਾਂ ਪੱਥਰ-ਦਿਲ ਸੱਯਾਦਾਂ ।
ਸੁਣੀਆਂ ਹੈਨ ਕਦੋਂ ਫ਼ਰਿਆਦਾਂ ?
ਕਢ ਇਹਨਾਂ ਦੇ ਕੰਨੋਂ ਬੁੱਜੇ,
ਸਰ ਸਰ ਕਰਦੇ ਤੀਰਾਂ ਨਾਲ।

ਉਠ ਕੈਦੀ !
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ ।

ਲਖ ਹੋਵਣ ਉਚੀਆਂ ਦੀਵਾਰਾਂ ।
ਮੋਟੀਆਂ ਸੀਖਾਂ, ਘਣੀਆਂ ਤਾਰਾਂ ।
ਇਹਨਾਂ ਵਿਚੋਂ ਨਿਕਲ ਸਕੀਦੈ,
ਸੌ ਹੀਲੇ ਤਦਬੀਰਾਂ ਨਾਲ ।

ਉਠ ਕੈਦੀ!
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ ।

ਅੰਬਰ ਕੋਲੋਂ ਨਾ ਰਖ ਆਸ਼ਾ ।
ਇਸ ਚੋਂ ਵਸਦੀ ਸਦਾ ਨਿਰਾਸ਼ਾ ।
ਡਹੁਲੇ ਛੰਡ ਕੇ ਮੱਥਾ ਲਾ ਲੈ,
ਰਾਹ ਰੋਕੂ ਤਕਦੀਰਾਂ ਨਾਲ ।

ਉਠ ਕੈਦੀ !
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ !

ਹਰਕਤ ਕਰਨੋਂ ਝਕਦਾ ਨਾ ਰਹੁ ।
ਲਿਖੀਆਂ ਵੱਲੋਂ ਤਕਦਾ ਨਾ ਰਹੁ ।
ਕਦ ਸਮਝੌਤਾ ਕੀਤਾ ਏ,
ਤਕਦੀਰਾਂ ਨੇ ਤਦਬੀਰਾਂ ਨਾਲ ?

ਉਠ ਕੈਦੀ !
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ ।

ਸੰਗਲਾਂ ਵਿਚ ਹਨ ਜਿਹੜੇ ਕੱਸੇ ।
ਦੁਨੀਆ ਵੇਖ ਉਨ੍ਹਾਂ ਨੂੰ ਹੱਸੇ ।
ਕਿਸਮਤ ਸਦਾ ਮਜ਼ਾਕਾਂ ਕਰਦੀ,
ਬੰਦੀਵਾਨ-ਅਸੀਰਾਂ ਨਾਲ !

ਉਠ ਕੈਦੀ !
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ !

ਸਾਹ-ਘੋਟੂ ਸੰਗਲਾਂ ਦੀਆਂ ਕੜੀਆਂ ।
ਘਸ ਘਸ ਹੋਈਆਂ ਲਿਸੀਆਂ ਬੜੀਆਂ।
ਏਹੋ ਜਹੇ ਸਮੇਂ ਹਥ ਆਉਂਦੇ,
ਸਦੀਆਂ ਵਿਚ ਤਕਦੀਰਾਂ ਨਾਲ !

ਉਨ ਕੈਦੀ!
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ !

ਯਾਦਾਂ ਦੀ ਦੁਨੀਆਂ

ਓ ! ਬੀਤੇ ਦੀਆਂ ਪਿਆਰ ਯਾਦਾਂ ਦੀ ਦੁਨੀਆਂ !
ਓ ! ਚਾਵਾਂ ਤੇ ਪੁਨੀਆਂ-ਮੁਰਾਦਾਂ ਦੀ ਦੁਨੀਆਂ !
ਓ ! ਮਾਣੇ - ਸਵਰਗਾਂ - ਸਵਾਦਾਂ ਦੀ ਦੁਨੀਆਂ !
ਮੁਹੱਬਤ ਦੀਆਂ ਜਾਇਦਾਦਾਂ ਦੀ ਦੁਨੀਆਂ !

ਜੇ ਦਿਲ ਨੂੰ ਤੇਰਾ ਇਕ ਸਹਾਰਾ ਨਾ ਦਿਸਦਾ ।
ਤਾਂ ਦੁਨੀਆਂ ਨੂੰ ਜੀਊਂਦਾ ਆਵਾਰਾ ਨਾ ਦਿਸਦਾ ।

ਜਦੋਂ ਚਾਅ ਨਹੀਂ ਰਹਿੰਦਾ ਜੀਵਨ ’ਚ ਬਾਕੀ ।
ਤੇ ਡਿਗਣ ਦੀ ਕਰਦਾ ਏ ਇਹ ਜਿਸਮ ਖ਼ਾਕੀ ।
ਜਦੋਂ ਦਿਲ ਹੋ ਬਹਿੰਦਾ ਏ ਜੀਵਨ ਤੋਂ ਆਕੀ ।
ਮੈਂ ਝਟ ਖੋਹਲ ਕੇ ਕੋਈ 'ਬੀਤੇ ਦੀ ਤਾਕੀ ।'

ਦਿਖਾਨਾਂ ਇਹਨੂੰ ਕੋਈ ਐਸਾ ਨਜ਼ਾਰਾ ।
ਕਿ ਫਿਰ ਇਸ ਨੂੰ ਲਗ ਪੈਂਦੈ ਜੀਵਨ ਪਿਆਰਾ ।

ਘਟਾ ਵਿਚ ਹੈ ਆਉਂਦਾ ਜਦੋਂ ਚੰਦ ਮੇਰਾ ।
ਤੇ ਦੁਨੀਆਂ ਤੇ ਦਿਸਦੈ ਹਨੇਰਾ ਹਨੇਰਾ।
ਜਦੋਂ ਸਾਥ ਛਡਣ ਤੇ ਆਉਂਦਾ ਏ ਜੇਰਾ ।
ਤੇ ਬੇ-ਆਸ ਲਗਦਾ ਏ ਮੈਨੂੰ ਚੁਫੇਰਾ ।

ਤੂੰ ਦੱਸੇਂ ਜਹੀ ਜੋਤ ਨੈਣਾਂ ਚੋਂ ਜਗਦੀ ।
ਕਿ ਦੁਨੀਆਂ ਹੈ ਚਾਨਣ ਤੋਂ ਭਰਪੂਰ ਲਗਦੀ ।

ਜਦੋਂ ਪਿਆਰ ਦੀ ਆਂਵਦੀ ਤੋਟ ਦਿਲ ਨੂੰ ।
ਦੁਖਾਂਦਾ ਕਿਸੇ ਦਾ ਕੋਈ ਖੋਟ ਦਿਲ ਨੂੰ ।
ਕੋਈ ਲਾਂਦਾ ਏ ਚੋਟ ਤੇ ਚੋਟ ਦਿਲ ਨੂੰ ।
ਤੇ ਦਰਕਾਰ ਹੁੰਦੀ ਏ, ਇਕ ਓਟ ਦਿਲ ਨੂੰ ।

ਇਹ ਥਕਿਆ, ਇਕ ਆਰਾਮ-ਗਾਹ ਲੋੜਦਾ ਏ ।
ਤੇਰੀ ਗੋਦ ਦੇ ਵਿਚ ਪਨਾਹ ਲੋੜਦਾ ਏ ।

ਚੰਗਾ ਹੁੰਦਾ ਏ ਇਕ ਦਲੇਰ ਗੁਨਾਹ

ਨੂਰ ਰਬ ਦਾ, ਤੇ ਖ਼ਸਤਾ ਹਾਲ ਤਬਾਹ ।
ਸੱਜੇ ਮੰਦਰ ਤੇ ਖੱਬੇ ਹਥ ਖ਼ਨਗਾਹ ।
ਹਥ ’ਚ ਛੁਰੀਆਂ ਦੇ ਦਿਲ ਚ ਹੂਰ ਦੀ ਚਾਹ ।
ਸੁਪਨਿਆਂ ਉੱਤੇ ਜ਼ਿੰਦਗੀ ਦਾ ਨਿਬਾਹ ।
ਆਸ 'ਕਿਸਮਤ' ਦੀ, 'ਤਕਵਿਆਂ' ਦੀ ਪਨਾਹ ।
ਮੌਤ-ਮਰ ਜਾਣਾ-ਮੂਲ, ਜੀਵਨ ਲਾਹ ।
ਦੁਨੀਆਂ ਫ਼ਾਨੀ, ਨਾ ਜ਼ਿੰਦਗੀ ਦਾ ਵਸਾਹ ।
ਮਿਹਰ, ਬਖ਼ਸ਼ਸ਼ ਦੀ ਆਸ ਉਤੇ ਗੁਨਾਹ ।
ਸਹਿਮ ਦੋਜ਼ਖ਼ ਦਾ, ਜਨਤਾਂ ਤੇ ਨਿਗਾਹ ।
ਪੁਨਿਆਂ, ਮਸਿਆ, ਸ਼ਰਾਧ, ਸ਼ਗਨ ਤੇ ਸਾਹ ।
ਚੂਰਮੇ, ਰੋਟ, ਗੋਗੀਆਂ ਤੇ ਕੜਾਹ ।
ਸਜਦੇ, ਰੋਜ਼ੇ ਤੇ ਹਸ਼੍ਰ, ਸ੍ਵਾਬ ਗੁਨਾਹ ।
ਗਲ ’ਚ ਪੱਲਾ ਪਿਆ ਤੇ ਮੂੰਹ ਵਿਚ ਘਾਹ ।
ਭਸਮ ਜੁਸੇ ਮਲੀ ਸਿਰ ਵਿਚ ਸ੍ਵਾਹ ।
ਕਿਆ ਨਿਰਾਲੀ ਹੈ ਸ਼ਾਨ ? ਵਾਹ ! ਪਈ ਵਾਹ !!

---
ਕਿਰਤ ਕਰ, ਹਥ ਹਿਲਾ ਕੇ ਵਾਹ ਤੇ ਗਾਹ ।
ਬਾਲ-ਬੱਚੇ ਨੂੰ ਪਾਲ, ਰੱਜ ਕੇ ਖਾਹ ।
ਮੁਖ਼ਤ-ਖੋਰਾ ਜੇ ਤੇਰੇ ਵਲ ਵੇਖੇ।
ਉਹਨੂੰ ਚੌਂਕੇ 'ਚ ਬਹਿ ਕੇ ਠੁਠ ਵਿਖਾ ।
ਹਕ ਕਿਸੇ ਦਾ ਨਾ ਮਾਰ, ਦਿਲ ਨਾ ਤੋੜ ।
ਮੰਦਰੀਂ ਰੋਟ ਲੈ ਕੇ ਜਾਹ, ਨਾ ਜਾਹ ।
ਚੁਣ ਲੈ ਸੇਵਾ ਤੇ ਪਿਆਰ ਦਾ ਆਦਰਸ਼ ।
ਯਮ ਤੇ ਨਰਕਾਂ ਦੇ ਕੱਖ ਨਾ ਕਰ ਪਰਵਾਹ ।
ਲਾ ਲੈ ਛਾਤੀ ਦੇ ਨਾਲ ਵੀਰਾਂ ਨੂੰ ।
ਭਾਈਆਂ ਬਾਹਮਣਾਂ ਨੂੰ ਮਗਰੋਂ ਲਾਹ ।
ਨਾ ਤੇਰਾ ਕੋਈ ਇਕ ਸੌ-ਦਸ ਵਿਚ ਨਹੀਂ ।
ਰੋਜ਼ ਥਾਣੇ 'ਚ ਕਿਉਂ ਦਏਂ ਇਤਲਾਹ ?
ਤੈਨੂੰ ਉਪਜਾ ਕੇ ਮਾਣ ਕਰਦੈ ਰਬ ।
ਨਾ ਤੂੰ ਪਾਪਾਂ ਦੀ ਪੰਡ, ਨਾ ਤੂੰ ਗੁਨਾਹ ।
ਤੈਨੂੰ ਕੀਤਾ ਸੂ ਆਪਣਾ ਮੁਖ਼ਤਾਰ ਆਮ ।
ਦੇ ਕੇ ਸ਼ਕਤੀ, ਅਗੰਮ, ਅਤੋਲ, ਅਥਾਹ ।
ਡਹੁਲਿਆਂ ਨਾਲ ਜੁਗ ਪਲਟਦੇ ਨੇ ।
ਬੇ-ਅਸਰ ਹੋ ਗਏ ਨੇ ਹੰਝੂ, ਆਹ ।
ਝਾੜ ਛਡ ਇਸ ਤਰਾਂ ਜ਼ੰਜੀਰਾਂ ਨੂੰ ।
ਬੀਣੀਆਂ ਨੂੰ ਨਾ ਹੋਣ ਦੇ ਇਤਲਾਹ ।
ਆਪਣੇ ਖੰਭਾਂ ਤੇ, ਮਾਣ ਕਰਨਾ ਸਿੱਖ ।
ਕਾਹਨੂੰ ਮੰਗਨਾਂ ਏਂ ਪਿੰਜਰਿਆਂ ਦੀ ਪਨਾਹ ?
ਕਿਉਂ ਖੁਰੇ ਲੋੜਨਾ ਏਂ ਲੰਘਦਿਆਂ ਦੇ ?
ਨਦੀਆਂ ਕਦ ਤੁਰਦੀਆਂ 'ਲਿਤਾੜੇ-ਰਾਹ' ?
ਸਹਿਮ ਕੇ ਪੁੰਨ ਕਰਨ ਦੇ ਨਾਲੋਂ,
ਚੰਗਾ ਹੁੰਦਾ ਏ , ਇਕ ਦਲੇਰ ਗੁਨਾਹ ।

ਸਵੱਲੜੇ ਚਾਅ

ਮੇਰੇ ਬੜੇ ਸਵੱਲੜੇ ਚਾਅ ।
ਜੀਵਨ ਭਰ ਦੀਆਂ ਮਹਿੰਗੀਆਂ ਖ਼ੁਸ਼ੀਆਂ,
ਵੇਚਾਂ ਸਸਤੇ ਭਾ !
ਮੇਰੇ ਬੜੇ ਸਵੱਲੜੇ ਚਾਅ ।

ਦੋ ਜੱਨਤ ਨੈਣਾਂ ਦੀ ਡਾਲੀ,
ਤੂੰ ਰਤੀ ਕੁ ਕਜਲਾ ਪਾ ।
ਮਾਹੀ ਵੇ !
ਮੇਰੇ ਬੜੇ ਸਵੱਲੜੇ ਚਾਅ।

ਡਰ

ਡਰਦਾ ਹਾਂ, ਮੇਰੀ ਸੱਧਰ,
ਅਰਮਾਨ ਨਾ ਬਣ ਜਾਇ ।
ਹੰਝੂਆਂ ਦਾ ਇਕ ਇਕ ਕਤਰਾ,
ਤੂਫ਼ਾਨ ਨਾ ਬਣ ਜਾਇ !

ਏਸੇ ਲਈ ਸ਼ਾਹਿਦ ਨੇ,
ਇਸ਼ਕੋਂ ਦੇ ਮਨਾ ਕੀਤਾ ।
ਇਹ ਕੁਫ਼ਰ ਕਿਤੇ ਵਧ ਕੇ,
ਈਮਾਨ ਨਾ ਬਣ ਜਾਇ ।

ਹੋਠਾਂ ਤੋਂ ਪਿਆਲੇ ਨੂੰ,
ਲਾਹਣਾ ਨਹੀਂ, ਜਦ ਤਕ ਕਿ,
ਜ਼ਾਹਿਦ ਵੀ ਦੋ ਘੁਟ ਪੀਕੇ,
ਇਨਸਾਨ ਨਾ ਬਣ ਜਾਇ ।

ਮਸਜਿਦ 'ਚ ਖਿਝੇ ਮੁੱਲਾਂ,
ਮੰਦਰ ਝੁਰੇ ਪੰਡਤ ।
ਰਬ ਆ ਕੇ ਕਿਤੇ ਏਥੇ,
ਪਰਧਾਨ ਨਾ ਬਣ ਜਾਇ ।

ਮਜ਼੍ਹਬ ਨਾ ਜਗਾਇ ਜੇ,
ਸੁੱਤੇ ਹੋਇ ਫ਼ਿਤਨੇ ਨੂੰ ।
ਇਨਸਾਨ ਇਹ ਫਿਰ ਮੁੜਕੇ,
ਇਨਸਾਨ ਨਾ ਬਣ ਜਾਇ ?

ਸਮਝਾਓ ਕੋਈ ਉਹਨੂੰ,
ਕਿਉਂ ਭੰਡਦਾ ਏ ਮਸਤਾਂ ਨੂੰ ?
ਮਸਜਿਦ ’ਚ ਵੜ ਕੇ ਮੁੱਲਾਂ,
ਸ਼ੈਤਾਨ ਨਾ ਬਣ ਜਾਇ ।

ਸੁਣਕੇ ਇਹ ਮੇਰੀ ਵਿਥਿਆ,
ਪੁਛਦੇ ਨੇ "ਕਿਦ੍ਹੀ ਗਲ ਏ ?"
ਏਨਾਂ ਵੀ ਕੋਈ ਤੋਬਾ !
ਨਾਦਾਨ ਨਾ ਬਣ ਜਾਇ ।

ਓ ਸਜਣਾ ! ਨਾਂ ਤੇਰਾ

੧.
ਰੰਗਲੇ-ਤਰਖਾਣ ਅਜੇ,
ਸਜਰੀ ਦੀ ਬਣਾਈ ਸੀ,
ਤੇ ਬਿਧਨਾਂ ਨੇ ਇਹਦੇ ਤੇ,
ਇਕ ਹਰਫ਼ ਨਾ ਲਿਖਿਆ ਸੀ ।
ਮੇਰੇ ਦਿਲ ਦੀ ਪੱਟੀ ਸੀ,
ਅਜੇ ਕੋਰਮ-ਕੋਰੀ ਹੀ
ਤੇ ਨਵੀਂ-ਨਕੋਰ ਜਹੀ ।
ਮੈਂ ਸੂਝ ਦੀ ਕਾਨੀ ਤੋਂ,
ਅਜੇ ਲਿਖਣਾ ਸਿਖਿਆ ਸੀ,
ਤਦ ਗੂਹੜੀਆਂ ਪ੍ਰੀਤਾਂ ਦੀ,
ਸ਼ਾਹੀ ਚੋਂ ਡੋਬਾ ਲਾ,
ਇਹਦੀ ਕੂਲੀ ਛਾਤੀ ਤੇ,
ਅਣ-ਮੱਲੀ ਹਿਕ ਉੱਤੇ,
ਕੁਝ ਸੰਗਦੇ ਸੰਗਦੇ ਨੇ,
ਕੁਝ ਝਕਦੇ ਝੁਕਦੇ ਨੇ,
ਮੈਂ ਸਭ ਤੋਂ ਪਹਿਲਾਂ ਹੀ,
ਜਿਹੜਾ ਅੱਖਰ ਲਿਖਿਆ ਸੀ,
ਓ ਚਾਨਣ ਅਖੀਆਂ ਦੇ !
ਉਹ ਨਾਂ ਸੀ ਤੇਰਾ ਹੀ।

੨.
ਫਿਰ ਲੰਮੇ ਸਮਿਆਂ ਦੇ,
ਖਰ੍ਹਵੇ ਜਹੇ ਹੱਥਾਂ ਨੇ,
ਰੱਜ ਰੱਜ ਕੇ ਧੋਤੀ ਏ,
ਬਹੁਤੇਰੀ ਪੋਚੀ ਏ,
ਪਰ ਇਹਦੀ ਛਾਤੀ ਤੋਂ,
ਧੋਤਾ ਨਹੀਂ ਜਾ ਸਕਿਆ,
ਨਿੰਮ੍ਹਾ ਨਹੀਂ ਹੋ ਸਕਿਆ ।
ਓ ਸਜਣਾ ! ਨਾ ਤੇਰਾ ।

੩.
ਬਿਧਨਾਂ ਦੀ ਕਾਨੀ ਨੇ,
ਇਹਦੀ ਨਿਕੀ ਜਿਹੀ ਹਿਕੜੀ ਤੇ,
ਭਾਵੇਂ ਬਹੂੰ ਕੁਝ ਲਿਖਿਆ ਏ,
ਚੋਖਾ ਕੁਝ ਵਾਹਿਆ ਏ।
ਪਰ ਵਾਂਗਰ ਕਲੀਆਂ ਦੇ,
ਪਲ ਖੇੜਾ ਲੈ ਦੇ ਕੇ,
ਆਇਆ ਤੇ ਚਲਾ ਗਿਆ,
ਹੁਣ ਹੈ ਤੇ ਪਲ ਨੂੰ ਨਹੀਂ,
ਪਰ ਸਾਥੀ ਅਜ਼ਲਾਂ ਦਾ,
ਇਹਦੀ ਹਿੱਕ ਤੋਂ ਮਿਟਿਆ ਨਾ।
ਓ ਸਜਣਾ ! ਤੇਰਾ।

੪.
ਵਿੱਥਾਂ ਦੀ ਗਾਚੀ ਨੇ,
ਵਾਹ ਰਜਵਾਂ ਲਾਇਐ, ਕਿ
ਇਹਦੀ ਮੋਟੀ ਤਹਿ ਹੇਠਾਂ,
ਇਹ ਅੱਖਰ ਲੁਕ ਜਾਵੇ,
ਉਹਲੇ ਈ ਹੋ ਜਾਵੇ,
ਮੁੜ ਨਜ਼ਰੀਂ ਨਾ ਆਵੇ ।
ਪਰ ਯਾਦ ਹੁਲਾਰਾ ਲੈ,
ਤਰਸੰਦੜੇ ਨੈਣਾਂ ਚੋਂ
ਸੱਧਰਾਂ ਦੇ ਅੱਥਰੂ ਦੋ,
ਜਦ ਇਸ ਤੇ ਸੁਟਦਾ ਹਾਂ,
ਤਦ ਸੰਘਣੇ ਬੱਦਲਾਂ ਦੀ,
ਘਨਘੋਰ-ਘਟਾਵਾਂ ਦੀ,
ਹਿਕ ਚੀਰ ਕੇ ਅੰਬਰਾਂ ਤੇ,
ਚੰਨ ਪਤਲਾ ਦੁਤੀਏ ਦਾ,
ਜਿਉਂ ਜਲਵਾ ਆ ਦਸਦੈ,
ਤੇ ਰੋਜ਼ੇਦਾਰਾਂ ਦੀ,
ਆ ਈਦ ਬਣਾਂਦਾ ਏ ।
ਤਿਉਂ ਮੇਰੇ ਵੇਖਦਿਆਂ,
ਗਾਚੀ ਦੀ ਬੁਕਲੀ ਚੋਂ
ਝਟ ਉਘੜ ਪੈਂਦਾ ਏ
ਝਟ ਰੋਸ਼ਨ ਹੋ ਜਾਂਦੈ,
ਓ ਸਜਣਾ ! ਨਾਂ ਤੇਰਾ।

੫.
ਥੱਰਾਂਦੀ ਤਖ਼ਤੀ ਇਹ,
ਕੰਬਦੀ ਹੋਈ ਪੱਟੀ ਇਹ,
ਜਦ ਤਕ ਵੀ ਕਾਇਮ ਹੈ,
ਇਹਦੇ ਤੋਂ ਮਿਟਣਾ ਨਹੀਂ !
ਇਹਦਾ ਆਸ ਮੁਨਾਰਾ ਹੈ,
ਇਦ੍ਹਾ ਜੀਵਨ ਚਾਨਣ ਹੈ,
ਓ ਸਜਣਾ ! ਨਾ ਤੇਰਾ ।

ਤਾਂਘਦਾ ਹਾਂ ਇਕ ਐਸੀ ਜੁਗ-ਗਰਦੀ

ਜਿਸ ਦੇ ਮੱਥੇ ਦੀ ਵੇਖ ਕੇ ਘੂਰੀ,
ਭੂਏ ਹੋਇਆ ਤੇ ਮਛਰਿਆ ਮਜ਼ਹਬ,
ਹੇਠਾਂ ਲਹਿਸੀ 'ਮਨੁੱਖ' ਦੇ ਮੋਢੇ ਤੋਂ ।
ਕੱਢ ਕੇ ਸਾਰੀ ਦਿਮਾਗ 'ਚੋਂ ਵਹਿਸ਼ਤ,
ਸੁਟ ਕੇ ਛੁਰੀਆਂ ਤੇ ਉਲਰੀਆਂ ਡਾਂਗਾਂ,
ਟੰਗ ਕੇ ਕਿੱਲੀ ਤੇ ਗਰਜ਼' ਦੀ ਤਸਬੀ,
ਲਾਹ ਕੇ ਜੁਸਿਓਂ 'ਪਖੰਡ’ ਦਾ ਚੋਗਾ,
ਧੋ ਕੇ ਮਾਹਸੂਮ-ਰਤ 'ਚ ਰੰਗੇ ਹੱਥ,
ਲਗ ਪਵੇਗਾ 'ਮਨੁੱਖ' ਦੀ ਸੇਵਾ ਤੇ ।