Imran Saleem ਇਮਰਾਨ ਸਲੀਮ
ਨਾਂ-ਮੁਹੰਮਦ ਇਮਰਾਨ, ਕਲਮੀ ਨਾਂ-ਇਮਰਾਨ ਸਲੀਮ,
ਪਿਤਾ ਦਾ ਨਾਂ-ਹਾਫ਼ਿਜ਼ ਮੁਹੰਮਦ ਇਬਰਾਹੀਮ,
ਜੰਮਣ ਵਰ੍ਹਾ- 1958, ਉਸਤਾਦ- ਮਨਜ਼ੂਰ ਵਜ਼ੀਰਾਬਾਦੀ,
ਛਪੀਆਂ ਕਿਤਾਬਾਂ-ਪਾਗਲ ਪੰਛੀ ਸੋਚਾਂ ਦੇ (ਪੰਜਾਬੀ ਸ਼ਾਇਰੀ), ਸੀਨੇ ਅੰਦਰ ਸ਼ੋਰ ਪਿਆ
(ਪੰਜਾਬੀ ਸ਼ਾਇਰੀ), ਇਕ ਜੁਗਨੂੰ ਦੀ ਰੌਸ਼ਨੀ (ਪੰਜਾਬੀ ਸ਼ਾਇਰੀ), ਯਹ ਖ਼ਤ ਸੰਭਾਲ ਕੇ
ਰੱਖਣਾ (ਉਰਦੂ ਸ਼ਾਇਰੀ) ।
ਪੰਜਾਬੀ ਗ਼ਜ਼ਲਾਂ (ਪਾਗਲ ਪੰਛੀ ਸੋਚਾਂ ਦੇ 1991 ਵਿੱਚੋਂ) : ਇਮਰਾਨ ਸਲੀਮ
Punjabi Ghazlan (Pagal Panchhi Sochan De 1991) : Imran Saleem
ਫੁੱਲਾਂ ਦਾ ਜੋ ਰਿਸ਼ਤਾ ਏ ਮਹਿਕਾਰ ਦੇ ਨਾਲ
ਫੁੱਲਾਂ ਦਾ ਜੋ ਰਿਸ਼ਤਾ ਏ ਮਹਿਕਾਰ ਦੇ ਨਾਲ । ਉਹੋ ਰਿਸ਼ਤਾ ਚਿਹਰੇ ਦਾ ਕਿਰਦਾਰ ਦੇ ਨਾਲ । ਬੇਚੈਨੀ ਬਸ ਦੂਰ ਏ ਮੈਥੋਂ ਏਸੇ ਲਈ, ਮੈਂ ਨਹੀਂ ਰੱਖਦਾ ਸਾਂਝ ਕਿਸੇ ਮੱਕਾਰ ਦੇ ਨਾਲ । ਯਾਰੀ ਵਿਚ ਕੁਝ ਗਰਮੀ ਸਰਦੀ ਫਬਦੀ ਏ, ਪਿਆਰ ਦਿਲਾਂ ਵਿਚ ਵਧਦਾ ਏ ਤਕਰਾਰ ਦੇ ਨਾਲ । ਮੰਜ਼ਿਲ ਕੋਲੋਂ ਦੂਰੀ ਉਹਦੀ ਕਿਸਮਤ ਏ, ਚਲਦਾ ਨਹੀਂ ਜੋ ਵੇਲੇ ਦੀ ਰਫ਼ਤਾਰ ਦੇ ਨਾਲ । ਸੱਚ ਦੇ ਪਾਰੋਂ ਮਸਨਦ ਤੇ ਨਹੀਂ ਮਿਲ ਸਕਦੀ, ਰਿਸ਼ਤਾ ਏ ਸੱਚਾਈ ਦਾ ਬਸ ਦਾਰ ਦੇ ਨਾਲ । ਸੋਚ-ਸਮਝ ਕੇ ਬੰਨੀ ਤੂੰ ਦਸਤਾਰ 'ਸਲੀਮ', ਏਥੇ ਸਿਰ ਵੀ ਲਹਿ ਜਾਂਦੈ ਦਸਤਾਰ ਦੇ ਨਾਲ ।
ਜਿਸ ਦੀ ਖ਼ਾਬਾਂ ਵਿਚ ਤਸਵੀਰ ਮਿਸ਼ਾਲੀ ਸੀ
ਜਿਸ ਦੀ ਖ਼ਾਬਾਂ ਵਿਚ ਤਸਵੀਰ ਮਿਸ਼ਾਲੀ ਸੀ । ਅੱਖ ਖੁੱਲ੍ਹੀ ਤੇ ਉਹੋ ਬਸਤੀ ਖ਼ਾਲੀ ਸੀ । ਮੈਨੂੰ ਮੁਜਰਮ ਕਹਿਣ ਲਈ ਹਮਸਾਏ ਨੇ, ਆਪਣੀ ਝੁੱਗੀ ਆਪਣੇ ਹੱਥੀਂ ਬਾਲੀ ਸੀ । ਉਹ ਵੀ ਉਸੇ ਗੱਲ ਤੇ ਈ ਬਸ ਚੁੱਪ ਰਿਹਾ, ਜਿਹੜੀ ਗੱਲ ਤੇ ਹਰ ਇਕ ਅੱਖ ਸਵਾਲੀ ਸੀ । ਕਿਸਰਾਂ ਦੱਸਾਂ ਉਹੋ ਦੁਸ਼ਮਨ ਹੋ ਗਈ ਏ, ਖ਼ੂਨ ਪਿਲਾ ਕੇ ਜਿਹੜੀ ਸੱਧਰ ਪਾਲੀ ਸੀ । ਅੱਜ ਉਹ ਕੱਖਾਂ ਤੋਂ ਵੀ ਹੌਲਾ ਹੋਇਆ ਏ, ਸਭਨਾਂ ਦੀ ਕੱਲ ਜਿਸ ਨੇ ਪੱਗ ਉਛਾਲੀ ਸੀ । ਦਿਨ ਦਾ ਚਾਨਣ ਸੋਚਾਂ ਦੇ ਵਿਚ ਲੰਘ ਗਿਆ, ਰਾਤ ਹੋਈ ਤੇ ਚੰਨ ਤੇ ਬਦਲੀ ਕਾਲੀ ਸੀ । ਉੱਡਦੀ ਏ ਹੁਣ ਖ਼ਾਕ'ਸਲੀਮ'ਉਸ ਗੁਲਸ਼ਨ ਵਿਚ, ਧਰਤੀ ਉੱਤੇ ਜਿਸ ਦਾ ਹੁਸਨ ਮਿਸ਼ਾਲੀ ਸੀ ।
ਤੁਰ ਗਏ ਨੇ ਜੇ ਜਾਵਣ ਵਾਲੇ ਕੀ ਕਰੀਏ?
ਤੁਰ ਗਏ ਨੇ ਜੇ ਜਾਵਣ ਵਾਲੇ ਕੀ ਕਰੀਏ? ਕਿਸਮਤ ਦੇ ਅੰਦਾਜ਼ ਨਿਰਾਲੇ ਕੀ ਕਰੀਏ? ਸਾਰੇ ਘਰ ਨੂੰ ਜਿਨਹਾਂ ਰੋਸ਼ਨ ਕਰਨਾ ਨਈਂ, ਏਹੋ ਜਿਹੇ ਮਜਬੂਰ ਉਜਾਲੇ ਕੀ ਕਰੀਏ? ਇਕਲਾਪੇ ਨੇ ਰੂਹ ਵਿਚ ਡੇਰੇ ਲਾਏ ਨੇ, ਰੌਲੇ ਨੇ ਜੇ ਆਲ ਦਵਾਲੇ ਕੀ ਕਰੀਏ? ਸਾਡੇ ਤੇ ਸਭ ਜਜ਼ਬੇ ਪੱਥਰ ਹੋ ਗਏ ਨੇ, ਸ਼ਾਮ-ਸਵੇਰੇ ਧੁੱਪਾਂ ਪਾਲੇ ਕੀ ਕਰੀਏ? ਖ਼ਵਰੇ ਕਿੰਨਾਂ ਪੰਧ ਅਜੇ ਤਕ ਬਾਕੀ ਏ, ਪੈਰਾਂ ਦੇ ਵਿਚ ਪੈ ਗਏ ਛਾਲੇ ਕੀ ਕਰੀਏ? ਸਾਡੀ ਪਿਆਸ ਤੇ ਹੋਰ ਵਧਾਈ ਬੱਦਲਾਂ ਨੇ, ਭਰ ਗਏ ਨੇ ਜੇ ਦਰਿਆ, ਨਾਲੇ, ਕੀ ਕਰੀਏ? ਸਾਡੀ ਸਾਂਝ 'ਸਲੀਮ' ਜੀਹਦੇ ਨਾਲ ਪੈ ਗਈ ਏ, ਜੇ ਉਹ ਸਾਡੀ ਪੱਗ ਉਛਾਲੇ ਕੀ ਕਰੀਏ?
ਬਾਜ਼ੀ ਅੱਜ ਤੂੰ ਖੇਡੀਂ ਕਿਸੇ ਦੁਆ ਦੇ ਨਾਲ
ਬਾਜ਼ੀ ਅੱਜ ਤੂੰ ਖੇਡੀਂ ਕਿਸੇ ਦੁਆ ਦੇ ਨਾਲ । ਮਾਤ ਦਿਆਂਗਾ ਤੈਨੂੰ ਕਿਸੇ ਪਿਆਦੇ ਨਾਲ । ਤੈਨੂੰ ਸਾਡੇ ਭੇਤ ਭਲਾਂ ਕਿਸ ਦੱਸਣੇ ਨੇ, ਸਾਡੀਆਂ ਸਭ ਸੁਰਾਂ ਨੇ ਅੱਜ ਹਵਾ ਦੇ ਨਾਲ । ਇਕ-ਇਕ ਸਾਹ ਨੂੰ ਦਾਅ ਤੇ ਲਾਣਾ ਪੈਂਦਾ ਏ, ਵਕਤ ਬਦਲ ਨਹੀਂ ਜਾਂਦਾ ਸਿਰਫ਼ ਦੁਆ ਦੇ ਨਾਲ । ਦੇਖ ਲਿਆ ਮੈਂ ਅੱਖੀਂ ਰੂਪ ਕਿਆਮਤ ਦਾ, ਲੰਘਿਆ ਜਦ ਉਹ ਕੋਲੋਂ ਏਸ ਅਦਾ ਦੇ ਨਾਲ । ਜੀ ਨਹੀਂ ਸਕਨਾਂ ਕਦੇ ਅਨਾ ਜੇ ਟੁੱਟੀ 'ਤੇ, ਰਹਿ ਸਕਨਾਂ ਵਾਂ ਜ਼ਿੰਦਾ ਸਿਰਫ਼ ਅਨਾ ਦੇ ਨਾਲ । ਜਾਨਣੇ ਆਂ ਜਦ ਆਪ ਆਪਣੀ ਕਰਤੂਤ 'ਸਲੀਮ' ਸ਼ਿਕਵਾ ਕਾਹਨੂੰ ਕਰੀਏ ਫੇਰ ਖ਼ੁਦਾ ਦੇ ਨਾਲ ।
ਫ਼ਿਕਰਾਂ ਦੁੱਖਾਂ ਜ਼ਿਹਨ ਇਨ੍ਹਾਂ ਦੇ ਕੀਲੇ ਨੇ
ਫ਼ਿਕਰਾਂ ਦੁੱਖਾਂ ਜ਼ਿਹਨ ਇਨ੍ਹਾਂ ਦੇ ਕੀਲੇ ਨੇ । ਨਿੱਕਿਆਂ ਬਾਲਾਂ ਦੇ ਅੱਜ ਚਿਹਰੇ ਪੀਲੇ ਨੇ । ਮੈਂ ਨਹੀਂ ਮੰਨਦਾ ਦਰਿਆ ਮੈਨੂੰ ਡੋਬ ਗਿਆ, ਮੈਨੂੰ ਡੋਬਣ ਵਾਲੇ ਮੇਰੇ ਵਸੀਲੇ ਨੇ । ਦੁਖ ਦੀ ਦੀਮਕ ਅੰਦਰ ਲੱਗੀ ਸਭਨਾਂ ਨੂੰ, ਤਨ ਤੇ ਕੱਪੜੇ ਭਾਵੇਂ ਅੱਤ ਚਮਕੀਲੇ ਨੇ । ਦਿਲ ਕਿਤਾਬ ਦਾ ਵਰਕਾ ਵਰਕਾ ਫੋਲਣ ਪਏ, ਵੇਖਣ ਵਿਚ ਜੋ ਨੈਂਣ ਬੜੇ ਸ਼ਰਮੀਲ਼ੇ ਨੇ । ਮੈਂ ਚੱਖਿਆ ਏ ਜ਼ਾਇਕਾ ਸਭ ਦੇ ਲਹਿਜ਼ੇ ਦਾ, ਏਸੇ ਲਈ ਤੇ ਮੇਰੇ ਸ਼ੇਅਰ ਕਟੀਲੇ ਨੇ । ਚੱਲੀ ਏ ਕੁਝ ਏਹੋ ਜਿਹੀ ਖ਼ੁਦਗ਼ਰਜ਼ ਹਵਾ, ਸੱਜਣਾਂ ਦੇ ਵੀ ਲਹਿਜ਼ੇ ਅੱਜ ਨੋਕੀਲੇ ਨੇ । ਇੱਕੋ ਚਾਲ 'ਸਲੀਮ' ਨਾ ਚੱਲ ਤੂੰ ਸਭਨਾਂ ਨਾਲ, ਨਾ ਤੇ ਸ਼ਾਹ ਨੇ ਸਾਰੇ, ਨਾ ਸਬ ਫ਼ੀਲੇ ਨੇ ।
ਯਾਦਾਂ ਦਾ ਸਰਤਾਨ ਏ ਮੇਰੇ ਸੀਨੇ ਵਿੱਚ
ਯਾਦਾਂ ਦਾ ਸਰਤਾਨ ਏ ਮੇਰੇ ਸੀਨੇ ਵਿੱਚ । ਸਾਹ ਤੇ ਹੁਣ ਮਹਿਮਾਨ ਏ ਮੇਰੇ ਸੀਨੇ ਵਿੱਚ । ਐਵੇਂ ਤੇ ਨਹੀਂ ਅੱਥਰੂ ਡਿਗਦੇ ਅੱਖੀਆਂ ਚੋਂ, ਟੁੱਟ-ਭੱਜ ਦਾ ਸਾਮਾਨ ਏ ਮੇਰੇ ਸੀਨੇ ਵਿੱਚ । ਇਕ ਥਾਂ ਤੇ ਨਹੀਂ ਬੈਠਣ ਦਿੰਦਾ ਚੈਨ ਦੇ ਨਾਲ, ਖ਼ਬਰੇ ਕੀ ਬਹੁਰਾਨ ਏ ਮੇਰੇ ਸੀਨੇ ਵਿਚ । ਆਸ ਵਫ਼ਾ ਦੀ ਰੱਖਦਾ ਏ ਇਕ ਪੱਥਰ ਤੋਂ, ਦਿਲ ਕਿੰਨਾਂ ਨਾਦਾਨ ਏ ਮੇਰੇ ਸੀਨੇ ਵਿਚ । ਐਵੇਂ ਤੇ ਯਲਗਾਰ ਨਹੀਂ ਕੀਤੀ ਦੁੱਖਾਂ ਨੇ, ਜਜ਼ਬੇ ਦਾ ਫੁਕਦਾਨ ਏ ਮੇਰੇ ਸੀਨੇ ਵਿਚ । ਮੇਰੇ ਤੇ ਅੱਜ ਭੇਤ 'ਸਲੀਮ' ਇਹ ਖੁੱਲਿਆ ਏ, ਮੈਥੋਂ ਵੱਖ ਇਨਸਾਨ ਏ ਮੇਰੇ ਸੀਨੇ ਵਿਚ ।
ਦੁਖ ਤੇ ਸੁੱਖ ਦਾ ਹਰ ਇਕ ਝਗੜਾ
ਦੁਖ ਤੇ ਸੁੱਖ ਦਾ ਹਰ ਇਕ ਝਗੜਾ ਮੁੱਕ ਜਾਂਦਾ ਏ । ਖ਼ੂਨ ਜਦੋਂ ਸ਼ਰਿਆਨਾਂ ਅੰਦਰ ਸੁੱਕ ਜਾਂਦਾ ਏ । ਜਿਸ ਨੂੰ ਦੀਮਕ ਖ਼ੁਦਗ਼ਰਜ਼ੀ ਦੀ ਲੱਗ ਜਾਂਦੀ ਏ, ਉਹਦੇ ਦਿਲ ਚੋਂ ਪਿਆਰ ਤੇ ਉੱਕਾ ਮੁੱਕ ਜਾਂਦਾ ਏ । ਤੇਰੇ ਬਾਝੋਂ ਮੇਰਾ ਹਾਲ ਏ ਇਸਰਾਂ ਹੁੰਦਾ, ਬਿਨ ਮਾਲੀ ਜਿਉਂ ਲਾਇਆ ਬੂਟਾ ਸੁੱਕ ਜਾਂਦਾ ਏ । ਉਹਦੇ ਵਿਛੜਣ ਦਾ ਮੈਂ ਸ਼ਿਕਵਾ ਕਰਦਾ ਕਿਸਰਾਂ, ਨ੍ਹੇਰੇ ਵਿਚ ਪਰਛਾਵਾਂ ਤੀਕਰ ਲੁਕ ਜਾਂਦਾ ਏ । ਉਸ ਤੋਂ ਅੱਗੇ ਖ਼ਵਰੇ ਕੀ-ਕੀ ਮਨਜ਼ਰ ਹੋਵਣ, ਸੋਚ ਦਾ ਪੰਛੀ ਜਿਹੜੀ ਥਾਂ ਤੇ ਰੁਕ ਜਾਂਦਾ ਏ । ਲਗਦਾ ਏ ਇਕ ਐਸਾ ਵੀ ਦੁਖ ਹਰ ਬੰਦੇ ਨੂੰ, ਜਿਹੜਾ ਉਹਦੀਆਂ ਸਾਹਵਾਂ ਨੂੰ ਵੀ ਟੁੱਕ ਜਾਂਦਾ ਏ । ਡਿਗਦਾ ਏ ਸਿਰ ਪਗੜੀ ਨਾਲ 'ਸਲੀਮ' ਉਸੇ ਦਾ, ਜਿਹੜਾ ਅੱਜ-ਕੱਲ ਹੱਦ ਤੋਂ ਬਹੁਤਾ ਝੁਕ ਜਾਂਦਾ ਏ ।
ਕੁੱਝ ਸਹਿਰਾ ਆਬਾਦ ਕਰਨਗੇ
ਕੁੱਝ ਸਹਿਰਾ ਆਬਾਦ ਕਰਨਗੇ, ਕੁੱਝ ਦੀਵਾਰਾਂ ਲੱਭਣਗੇ ਇਹ ਬਸਤੀ ਜਦ ਉਜੜੇਗੀ ਤਾਂ ਕੈਸ਼ ਹਜ਼ਾਰਾਂ ਲੱਭਣਗੇ । ਕਿਸਰਾਂ ਮੱਥਾ ਲਾਵਾਂਗੇ ਫਿਰ ਵੇਲੇ ਦੇ ਮੁਖ਼ਤਾਰਾਂ ਨਾਲ, ਖ਼ੌਫ਼ ਦੇ ਪਾਰੋਂ ਸਾਡੇ ਜਜ਼ਬੇ ਜੇਕਰ ਗ਼ਾਰਾਂ ਲੱਭਣਗੇ । ਗਿਣੇ ਚੁਣੇ ਕੁਝ ਸ਼ਬਦਾਂ ਤੱਕ ਮਹਿਦੂਦ ਕਰੋ ਨਾ ਸੋਚਾਂ ਨੂੰ, ਨਵੀਆਂ ਬਹਿਰਾਂ ਲੱਭੋਗੇ ਤਾਂ, ਲਫ਼ਜ਼ ਹਜ਼ਾਰਾਂ ਲੱਭਣਗੇ । ਮੇਰੀ ਸੋਚ ਦੇ ਪਾਗਲ ਪੰਛੀ, ਜਾਵਣਗੇ ਜਿਸ ਪਾਸੇ ਨੂੰ, ਮਸਤ ਫ਼ਿਜਾਵਾਂ, ਸ਼ੋਖ਼ ਅਦਾਵਾਂ, ਤੇ ਮਹਿਕਾਰਾਂ ਲੱਭਣਗੇ । ਇਹੋ ਜਿਹਾ ਵੀ ਦੌਰ ਆਵੇਗਾ, ਦੁਨੀਆਂ ਦੇ ਇਨਸਾਨਾਂ ਤੇ, ਸਿਰ ਧਰਤੀ ਤੇ ਡਿੱਗੇ ਹੋਣਗੇ, ਪਰ ਦਸਤਾਰਾਂ ਲੱਭਣਗੇ । ਅੰਬਰਾਂ ਦੇ ਵਸਨੀਕ ਜੇ ਆਵਣ, ਧਰਤੀ ਤੇ ਇਕ ਵਾਰ 'ਸਲੀਮ', ਟੁੱਕਣ ਮਾਰਣ ਦੇ ਲਈ ਉਹ ਵੀ ਬਸ ਦੀਵਾਰਾਂ ਲੱਭਣਗੇ ।
ਮੰਜ਼ਿਲ ਤੀਕਰ ਪੁੱਜਦਾ ਏ ਬਸ
ਮੰਜ਼ਿਲ ਤੀਕਰ ਪੁੱਜਦਾ ਏ ਬਸ, ਉਹੋ ਸ਼ਖ਼ਸ ਵੱਕਾਰ ਦੇ ਨਾਲ । ਕਦਮ ਮਿਲਾਕੇ ਚਲਦਾ ਏ ਜੋ, ਵੇਲੇ ਦੀ ਰਫ਼ਤਾਰ ਦੇ ਨਾਲ । ਉਹਦੇ ਚਾਰ-ਚੁਫ਼ੇਰੇ ਓੜਕ, ਵਸਣਾ ਏਂ ਤਨਹਾਈ ਨੇ, ਨਿੱਤ ਲਕੀਰਾਂ ਖਿੱਚਦਾ ਏ ਜੋ, ਨਫ਼ਰਤ ਦੀ ਪ੍ਰਕਾਰ ਦੇ ਨਾਲ । ਤੂੰ ਵੀ ਜੇ ਕਰ ਮੇਰੇ ਵਾਂਗੂੰ, ਪੁਤਲਾ ਏਂ ਮਜਬੂਰੀ ਦਾ, ਆਜਾ ਮਿਲ ਕੇ ਦਰਦ ਵੰਡਾਈਏ, ਇਕ ਦੂਜੇ ਦਾ ਪਿਆਰ ਦੇ ਨਾਲ । ਡਰਦਾਂ ਕਿਧਰੇ ਖੁੱਸ ਨਾ ਜਾਵੇ, ਮੇਰੀ ਅੱਖ ਚੋਂ ਚਾਨਣ ਵੀ, ਗੱਲ ਕਰਾਂ ਜੇ ਅੱਖ ਮਿਲਾ ਕੇ, ਤੇਰੇ ਜਿਹੇ ਮੱਕਾਰ ਦੇ ਨਾਲ । ਅੱਜ-ਕੱਲ ਮੇਰਾ ਨਾਂ ਸੁਣ ਕੇ ਵੀ, ਮੱਥੇ ਤੇ ਵੱਟ ਪਾਉਂਦਾ ਏ, ਜਿਸ ਦਾ ਹਰ ਸੁਖ ਵਾਬਸਤਾ ਸੀ, ਮੇਰੇ ਹੀ ਦੀਦਾਰ ਦੇ ਨਾਲ । ਡੁੱਬ ਜਾਣਾ ਹੀ ਲਿਖਿਆ ਸੀ ਬਸ, ਮੇਰੇ ਕਰਮਾਂ ਵਿਚ 'ਸਲੀਮ' ਐਵੇਂ ਤੇ ਨਹੀਂ ਰਿਸ਼ਤਾ ਟੁੱਟਿਆ, ਕਿਸ਼ਤੀ ਦਾ ਪਤਵਾਰ ਦੇ ਨਾਲ ।
ਹਰ ਸ਼ੈ ਪੀਲੀ ਪੀਲੀ ਜਾਪੇ
ਹਰ ਸ਼ੈ ਪੀਲੀ ਪੀਲੀ ਜਾਪੇ, ਸੋਕੇ ਪਈ ਹਰਿਆਲੀ ਏ । ਦੁੱਖਾਂ ਵਾਲਾ ਪੰਧ ਨਈਂ ਮੁੱਕਿਆ, ਜਿੰਦੜੀ ਮੁੱਕਣ ਵਾਲੀ ਏ । ਤੇਰੇ ਸ਼ਹਿਰ 'ਚ ਚੱਲ ਨਹੀਂ ਸਕਨਾ, ਮੇਰੇ ਸੱਚ ਦੇ ਸਿੱਕੇ ਨੇ, ਏਥੇ ਸਿੱਕਾ ਉਹ ਚਲਦਾ ਏ, ਝੂਠ ਜੀਹਦੀ ਕੁਠਿਆਲੀ ਏ । ਨਾ ਮੈਂ ਤੇਰੇ ਖ਼ੌਫ਼ ਦਾ ਕੈਦੀ, ਨਾ ਤੂੰ ਮੇਰਾ ਮੋਹਸਨ ਏ, ਤੇਰੇ ਕੋਲੋਂ ਮੈਂ ਡਰਨਾ ਵਾਂ, ਤੇਰੀ ਖ਼ਾਮ-ਖ਼ਿਆਲੀ ਏ । ਪਹਿਲੇ ਵਰਗੀ ਯਾਰੀ ਕਿੱਥੇ, ਗ਼ਰਜ਼ਾਂ ਦੇ ਇਸ ਦੌਰ ਦੇ ਵਿਚ, ਵੇਲੇ ਸਿਰ ਜੋ ਕੰਮ ਆ ਜਾਵੇ, ਬਸ ਉਹ ਯਾਰ ਮਿਸ਼ਾਲੀ ਏ । ਉਮਰ ਕਿਤਾਬ ਦੇ ਬਾਕੀ ਵਰਕੇ, ਇਕ ਇਕ ਥਾਂ ਤੋਂ ਭਰ ਗਏ ਨੇ, ਸਿਰਫ਼ ਖ਼ਲੂਸ ਵਫ਼ਾ ਦਾ ਵਰਕਾ, ਹਰ ਇਕ ਥਾਂ ਤੋਂ ਖ਼ਾਲੀ ਏ । ਏਸੇ ਤੋਂ ਅੰਦਾਜ਼ਾ ਲਾ ਲੈ, ਆਪਣੇ ਸ਼ਾਤਰ-ਪਣ ਦਾ ਤੂੰ, ਮੇਰਾ ਸੱਜਣ ਬਣ ਕੇ ਵੀ ਤੂੰ ਮੇਰੀ ਪੱਗ ਉਛਾਲੀ ਏ । ਪਰ੍ਹਿਆ ਦਾ ਪਰਧਾਨ 'ਸਲੀਮ' ਉਹ ਬਣਿਆ ਏ ਰਬ ਖ਼ੈਰ ਕਰੇ, ਜੋ ਇਨਸਾਫ਼ ਨਾ ਉੱਕਾ ਜਾਣੇ, ਜੋ ਅਹਿਸਾਸ ਤੋਂ ਖ਼ਾਲੀ ਏ ।