Illtaan Karda Suraj : Mangal Madan

ਇੱਲਤਾਂ ਕਰਦਾ ਸੂਰਜ : ਮੰਗਲ ਮਦਾਨ
ਸਰਘੀ ਦੀ ਲੋਅ

ਸਰਘੀ ਦੀ ਲੋਅ ਮਾਹੀਆ, ਦੋ ਦਿਲ ਇੱਕ ਹੋ ਕੇ ਕਦੇ ਹੁੰਦੇ ਨਹੀਂਓ ਦੋ ਮਾਹੀਆ। ਓ ਧੁੱਪਾਂ ਚੜ੍ਹੀਆਂ ਨੇ, ਜਦ ਦਾ ਤੂੰ ਤੁਰ ਵੇ ਗਿਓਂ ਅੱਖਾਂ ਬੂਹੇ ਵਿੱਚ ਖੜ੍ਹੀਆਂ ਨੇ । ਢਲ ਚਲੀਆਂ ਦੁਪਹਿਰਾਂ ਵੇ, ਜਦ ਵੀ ਦੁਆ ਮੰਗਾਂ ਮੰਗਾਂ ਤੇਰੀਆਂ ਖ਼ੈਰਾਂ ਵੇ । ਓ ਸ਼ਾਮਾਂ ਢਲੀਆਂ ਨੇ, ਤੇਰੀ ਵੇ ਉਡੀਕ ਦੀਆਂ ਖਿੜ ਪਈਆਂ ਕਲੀਆਂ ਨੇ । ਘੁੰਡ ਚੁੱਕਿਆ ਹਨੇਰੇ ਨੇ, ਖ਼ਾਬਾਂ ਵਾਲੇ ਕਾਗ ਉੱਡ ਗਏ ਸੁੰਨੇ ਨੈਣਾਂ ਦੇ ਬੰਨੇਰੇ ਨੇ । ਸਾਲਾਂ ਦੇ ਸਾਲ ਗਏ, ਚੁੱਪ ਸਾਡੀ ਰਹਿ ਗਈ ਬਣ ਕੇ ਹਾਸੇ ਸੱਜਣਾਂ ਦੇ ਨਾਲ ਗਏ । ਤੈਨੂੰ ਆਖਾਂ ਮੈਂ ਕਿੰਝ ‘ਮੰਗਲਾ’, ਜਾਨ ਤੋਂ ਪਿਆਰਿਆਂ ਨੂੰ ਭੁੱਲ ਜਾਈਦਾ ਨੀ ਇੰਝ ‘ਮੰਗਲਾ’। ਸਰਘੀ ਦੀ ਲੋਅ ਮਾਹੀਆ, ਦੋ ਦਿਲ ਇੱਕ ਹੋ ਕੇ ਕਦੇ ਹੁੰਦੇ ਨਹੀਂਓ ਦੋ ਮਾਹੀਆ ।

ਮਾਏ ਨੀ !

ਮਾਏ ਨੀ ! ਮੈਂ ਦਰਦਾਂ ਨਾਲ ਵਿਆਹੀ ਦਰਦ ਮੇਰੇ ਦਿਲ ਦਾ ਮਹਿਰਮ, ਤੇ ਦਰਦ ਹੀ ਮੇਰਾ ਮਾਹੀ ਮਾਏ ਨੀ ! --- ਵਟਣਾ ਮਲ ਕੇ ਪੀੜਾਂ ਦਾ ਮੈਂ, ਆਹਾਂ ਦੀ ਮਹਿੰਦੀ ਲਾਈ ਮਾਏ ਨੀ ! - - - ਹੰਝੂਆਂ ਦਾ ਮੈਂ ਪਾ ਕੇ ਸੁਰਮਾ, ਹਟਕੋਰਿਆਂ ਦੀ ਸੁਰਖ਼ੀ ਲਾਈ ਮਾਏ ਨੀ ! - - - ਉਦਾਸੀ ਦਾ ਮੈਂ ਚੂੜਾ ਪਾਇਆ, ਗ਼ਮਾਂ ਦੀ ਸੰਧੂਰ-ਸਿਲਾਈ ਮਾਏ ਨੀ !--- ਛਾਲਿਆਂ ਦਾ ਮੇਰਾ ਸੂਟ ਨੀ ਰਤੜਾ, ਗਹਿਣੇ ਨੇ ਮੇਰੇ ਜੁਦਾਈ ਮਾਏ ਨੀ! --- ਮੌਤ ਦੀ ਮੈਂ ਚੜ੍ਹ ਕੇ ਡੋਲੀ, ਕਬਰਾਂ ਦੇ ਵਿਹੜੇ ਆਈ ਮਾਏ ਨੀ! ---

ਨੈਣਾਂ ਵਾਲੀ ਪਿੱਪਲੀ

ਨੈਣਾਂ ਵਾਲੀ ਪਿੱਪਲੀ ਵੇ ਮੈਂ, ਪੀਂਘ ਹੰਝੂਆਂ ਦੀ ਪਾਈ । ਯਾਦਾਂ ਆ ਆ ਝੂਟੇ ਦੇਵਣ, ਕਰ ਕਰ ਜਾਣ ਸ਼ੁਦਾਈ । ਯਾਦਾਂ ਦੇ ਜਦ ਫੁੱਲ ਵੇ ਅੜਿਆ ਦਿਲ ਦੇ ਬਾਗੀ ਟਹਿਕਣ, ਸਾਡੇ ਚਾਵਾਂ ਵਾਲੀਆਂ ਪੌਣਾਂ ਛੁਹ ਤੇਰੀ ਨੂੰ ਸਹਿਕਣ । ਭੁੱਖ ਫਿਰ ਤੇਰੇ ਦੀਦੜੇ ਵਾਲੀ ਹੋਵੇ ਦੂਣ ਸਵਾਈ ਨੈਣਾਂ --- ਸਾਡੇ ਵਾਂਗੂੰ ਸੁਪਨੇ ਸਾਡੇ ਨਿਰਕਰਮੇ, ਨਿਰਮੋਹੇ, ਲੱਖਾਂ ਸੂਰਜ ਰੀਝਾਂ ਵਾਲੇ ਗਰਭ ਜੂਨੇ ਹੀ ਮੋਏ । ਕਿਸੇ ਨਾ ਕੀਤਾ ਮਾਤਮ ਆ ਕੇ ਕਿਸੇ ਨਾ ਪੀੜ ਵੰਡਾਈ ਨੈਣਾਂ - - - ਕਬਰਾਂ ਵਰਗੀ ਚੁੱਪ ਜਦ ਅੜਿਆ ਸੋਚਾਂ ਵਿਹੜੇ ਛਾਵੇ, ਵਫ਼ਾ ਮੇਰੀ ਦੀ ਧੁੱਪੜੀ ਦਾ ਫਿਰ ਮੂੰਹ ਪੀਲਾ ਪੈ ਜਾਵੇ । ਧੀਰ ਧਰਾਵਾਂ ਕੀਕਣ ਦਿਲ ਨੂੰ ਸਮਝ ਲੱਗੇ ਨਾ ਕਾਈ ਨੈਣਾਂ - - - ਕੌਲਾਂ ਵਾਲੇ ਪੰਛੀ ਉਡ ਗਏ ਲੰਮੀ ਮਾਰ ਉਡਾਰੀ, ਦਿਲ ਦਾ ਵਿਹੜਾ ਸੁੰਨ-ਮ-ਸੁੰਨਾ ਸੁੰਨੀ ਨੈਣ ਪਟਾਰੀ । ਕਰਮਾ ਸੇਤੀ ਮਿਲਦੇ ‘ਮੰਗਲ’ ਗ਼ਮ ਜਾਂ ਪੀੜ ਪਰਾਈ ਨੈਣਾਂ ---

ਤੇਰੀ ਮੇਰੀ ਜਦੋਂ ਟੁੱਟ ਗਈ

ਧਾਹੀਂ ਰੋਣਗੇ ਇਹ ਅੰਬਰਾਂ ਦੇ ਤਾਰੇ, ਨੀ ਤੇਰੀ ਮੇਰੀ ਜਦੋਂ ਟੁੱਟ ਗਈ । ਵੈਣ ਪੌਣਾਂ ਦੇ ਵੀ ਜਾਣੇ ਨਾ ਸਹਾਰੇ, ਨੀ ਤੇਰੀ ਮੇਰੀ ਜਦੋਂ ਟੁੱਟ ਗਈ। ਅੱਖੀਆਂ ਦੇ ਵਿਹੜੇ ਢੁੱਕੂ ਹੰਝੂਆਂ ਦੀ ਜੰਨ ਨੀ, ਦਿਲ ਦੇ ਅੰਬਰ ਚੜੂ ਬਿਰਹੋਂ ਦਾ ਚੰਨ ਨੀ । ਵੇਖੂ ਦੁਨੀਆਂ ਇਹ ਚੜ੍ਹ ਕੇ ਚੁਬਾਰੇ ਨੀ ਤੇਰੀ ਮੇਰੀ --- ਖੁਸ਼ੀਆ ਤੇ ਹਾਸਿਆਂ ਦੇ ਦਵਾਰ ਹੋਣੇ ਬੰਦ ਨੇ, ਸਣੇ ਡੋਰ ਉੱਡ ਜਾਣਾ ਰੀਝਾਂ ਦੀ ਪਤੰਗ ਨੇ । ਦਿਨ ਲੰਘਣੇ ਨੇ ਫਿਰ ਯਾਦਾਂ ਦੇ ਸਹਾਰੇ ਨੀ ਤੇਰੀ ਮੇਰੀ --- ਉੱਡ ਪੁੱਡ ਜਾਣਾ ਕਿਤੇ ਰੰਗਲੇ ਗੁਬਾਰਿਆਂ, ਜੋਬਨੇ ਦੀ ਰੁੱਤ ਅਤੇ ਰੂਪ ਦੇ ਨਜ਼ਾਰਿਆਂ । ਰੋਗ ਜਿੰਦ ਤਾਈਂ ਲਗਣੇ ਨਿਆਰੇ। ਨੀ ਤੇਰੀ ਮੇਰੀ - - - ਹੋ ਨਾ ਉਦਾਸ ਤੇ ਨਾ ਚਿੰਤਾ ਬਹੁਤੀ ਕਰ ਨੀ, ਹੌਲੀ ਹੌਲੀ ਜਾਣਗੇ ਜ਼ਖ਼ਮ ਸਾਰੇ ਭਰ ਨੀ । ਕੱਲਾ ਆਖੇ ਨਾ ‘ਮੰਗਲ’ ਕਹਿਣ ਸਾਰੇ ਨੀ ਤੇਰੀ ਮੇਰੀ ---

ਆਇਆ ਨਾ ਪਿਆਰ ਨਿਭਾਣਾ

ਝਨ੍ਹਾਂ 'ਚ ਡੁੱਬ ਜਾਣਾ, ਥਲਾਂ 'ਚ ਭੁੱਜ ਜਾਣਾ, ਤੈਨੂੰ ਆਇਆ ਨਾ ਆਇਆ ਨਾ ਪਿਆਰ ਨਿਭਾਣਾ ਤੈਨੂੰ ਆਇਆ ਨਾ। ਸੱਜਣੀ ਨੀ ਤੇਰੇ ਇਹ ਦਿਲਾਸੇ, ਜੀਕਣ ਪਾਣੀ ਵਿੱਚ ਪਤਾਸੇ । ਇਹਨਾਂ ਓੜਕ ਨੂੰ ਖੁਰ ਜਾਣਾ ਤੈਨੂੰ --- ਮਹਿਲ ਇਸ਼ਕ ਦੇ ਖੰਡਰ ਹੋਏ, ਖੰਡਰਾਂ ਦੇ ਵਿੱਚ ਬਹਿ ਬਹਿ ਰੋਏ, ਪਿਆ ਰੁੱਖਾਂ ਨੂੰ ਦਰਦ ਸੁਨਾਣਾ ਤੈਨੂੰ--- ਤੂੰ ਮੈਂ, ਸਾਂ ਪ੍ਰਭਾਤਾਂ ਵਰਗੇ, ਬਾਝ ਤੇਰੇ ਹਾਂ ਰਾਤਾਂ ਵਰਗੇ । ਜਾ ਕੋਈ ਤੁਲਾ ਪੁਰਾਣਾ ਤੈਨੂੰ--- ਅੜੀਏ ਨੀ ਤੇਰੇ ਬਾਝੋਂ ਜੀਣਾ, ਜਹਿਰ ਪਿਆਲਾ ਘੱਟ ਘੱਟ ਪੀਣਾ । ਜਾਂ ਤੜਪ ਤੜਪ ਮਰ ਜਾਣਾ ਤੈਨੂੰ - -- ਚਾਵਾਂ ਵਾਲੇ ਸਾਗਰ ਸੁੱਕ ਗਏ, ਰੀਝਾਂ ਮੋਈਆਂ, ਹਾਸੇ ਮੁੱਕ ਗਏ । ਬਸ ਰਹਿ ਗਿਆ ਰੋਣਾ ਕੁਰਲਾਣਾ ਤੈਨੂੰ --- ਇਸ਼ਕ ਦੇ ਨਾਂ ਨੂੰ ਲਾਜ ਤੂੰ ਲਾਈ, ਸੱਜਣੀ ਨੀ ਤੈਨੂੰ ਲਾਜ ਨਾ ਆਈ। ਹੋਰ ਆਖੇ ਕੀ ‘ਮੰਗਲ’ ਨਿਮਾਣਾ ਤੈਨੂੰ ---

ਖ਼ਤ ਫੇਰ ਵੀ ਨਾ ਪਾਵਾਂ

ਗੱਲ ਦਿਲ ਦੀ ਮੈਂ ਦੱਸਾਂ, ਤੈਥੋਂ ਕੁਝ ਨਾ ਲੁਕਾਵਾਂ । ਥਹੁ ਪਤਾ ਪਤਾ, ਪਤਾ ਤੇਰਾ ਸਿਰਨਾਵਾਂ । ਖ਼ਤ ਫੇਰ ਵੀ ਨਾ ਪਾਵਾਂ । ਖ਼ਤ ਫੇਰ ਵੀ ਨਾ ਪਾਵਾਂ । ਜੇ ਤੈਨੂੰ ਮਾਣ ਅਮੀਰੀ ਦਾ, ਤੇ ਸਾਨੂੰ ਫ਼ਖ਼ਰ ਫ਼ਕੀਰੀ ਦਾ । ਮੁਢ ਕਦੀਮੋਂ ਵੈਰ ਸੁਣੀਂਦਾ, ਫ਼ਕੀਰੀ ਤੇ ਅਮੀਰੀ ਦਾ । ਤੈਨੂੰ ਹੋਰ ਕੀ ਮੈਂ ਆਖਾਂ ਹੋਰ ਕੀ ਸਮਝਾਵਾਂ ਖ਼ਤ ਫੇਰ - - - ਸ਼ਹਿਰ ਤੇਰੇ ਦੀਆਂ ਗਲੀਆਂ ਅੰਦਰ, ਖ਼ਾਬਾਂ ਦੇ ਘਰ ਹੋਏ ਖੰਡਰ । ਨਾ ਹੌਕੇ ਨਾ ਥਿਰਕਣ ਹਾਸੇ, ਕੁੱਖ ਬੁੱਲ੍ਹਾਂ ਦੀ ਹੋਈ ਬੰਜਰ । ਕੀਦ੍ਹੇ ਗਲ ਲੱਗ ਰੋਵਾਂ ਕੀਹਨੂੰ ਹਾਲ ਸੁਣਾਵਾਂ ਖ਼ਤ ਫੇਰ - - - ਵਗੀ ਤੋਹਮਤਾਂ ਦੀ ਪੌਣ, ਅਸੀਂ ਹੋ ਗਏ ਫੇਰ ਕੌਣ । ਤੂੰ ਤੇ ਤਿੱਖੜ ਦੁਪਹਿਰਾ, ਅਸੀਂ ਜਾਣ ਬੈਠੇ ਸੌਣ । ਪੀਂਘ ਸਤਰੰਗੀ ਉੱਤੇ ਚਿੱਤ ਕਰੇ ਝੂਲ ਜਾਵਾਂ ਖ਼ਤ ਫੇਰ --- ਬਹਿਕੇ ਖੇਤਾਂ ਦੇ ਬੰਨੇ, ਰਲ ਚੂਪੇ ਸੀ ਜੋ ਗੰਨੇ । ਕੀਤੇ ‘ਮੰਗਲ’ ਨਾਲ ਵਾਅਦੇ, ਓ ਨੀ ਤੂੰ ਪਲਾਂ ਵਿਚ ਭੰਨੇ । ਤੂੰ ਤਾਂ ਭੁੱਲ ਗਈ ਸਭ ਮੈਂ ਕਿਵੇਂ ਭੁੱਲ ਜਾਵਾਂ ਖ਼ਤ ਫੇਰ - - - ਫ਼ੋਟੋ, ਯਾਦਾਂ ਤੇ ਕੁਝ ਖ਼ਤ, ‘ਮੰਗਲ’ ਸਾਂਭੇ ਜੋ ਅਜ ਤਕ । ਇਸ਼ਕ ਮੇਰੇ ਦੀ ਚਰਖ਼ੀ 'ਤੇ, ਨਾ ਹੋਈਆਂ ਤੈਥੋਂ ਪੂਣੀਆਂ ਕੱਤ । ਜੋ ਵਟਾਏ ਛਾਪਾਂ ਛੱਲੇ ਦੱਸ ਕਿੱਥੇ ਦੱਬ ਆਵਾਂ ਖ਼ਤ ਫੇਰ - - -

ਦਰ ਦੇ ਭਿਖਾਰੀ

ਅਸੀਂ ਭੁੱਖੇ ਹਾਂ ਨੀ ਬਸ ਤੇਰੇ ਪਿਆਰ ਦੇ, ਮੰਗਦੇ ਤੇਰੇ ਤੋਂ ਕੁਝ ਹੋਰ ਨਾ । ਲਾ ਲੈ ਸੀਨੇ ਭਾਵੇਂ ਦੁਰਕਾਰ ਦੇ, ਤੇਰੇ ਦਰ ਦੇ ਭਿਖਾਰੀ ਕੋਈ ਜ਼ੋਰ ਨਾ । ਕਦੇ ਕਦੇ ਤੂੰ ਗੈਰ ਜਿਹੀ ਲੱਗੇਂ ਕਦੇ ਗ਼ਮਾਂ ਦੀ ਦਾਰੂ, ਦਿਲ ਦੀ ਧੜਕਣ ਬਣ ਕੇ ਰਹਿੰਦੀ ਤੂੰ ਸੋਚਾਂ ਤੇ ਭਾਰੂ । ਮੁਹੱਬਤਾਂ ਨੂੰ ਹੋਣ ਉਡਾਰ ਦੇ ਕਟ ਅੱਧਵਾਟੇ ਇਹਨਾਂ ਦੀ ਡੋਰ ਨਾ ਤੇਰੇ ਦਰ - - - ਪਿਆਰ ਮੁਹੱਬਤ ਰੂਹ ਦੇ ਸੌਦੇ, ਦਿਲ ਮਿਲਿਆਂ ਦਾ ਮੇਲਾ, ਨਾਂਹ ਤੇਰੀ ਇਹ ਹਾਂ ਜਦ ਹੋਣੀ, ਹੋਣਾ ਬਹੁਤ ਕੁਵੇਲਾ । ਅਸਾਂ ਲਭਣਾ ਨਾ ਵਿੱਚ ਸੰਸਾਰ ਦੇ ਨੱਚਿਆ ਜੇ ਮਨ ਵਾਲਾ ਮੋਰ ਨਾ ਤੇਰੇ ਦਰ --- ਤੇਰੇ ਹੁੰਦੇ ਜੇਕਰ ਅੜੀਏ, ਦਰ ਗੈਰਾਂ ਦੇ ਜਾਈਏ, ਇਸ ਨਾਲੋਂ ਤਾਂ ਹੈ ਇਹ ਚੰਗਾ, ਕੁਝ ਖਾ ਕੇ ਮਰ ਜਾਈਏ । ਹੱਥੀਂ ਜ਼ਹਿਰ ਦੇ ਕੇ ‘ਮੰਗਲ’ ਨੂੰ ਮਾਰ ਦੇ ਪਰ ਗੈਰਾਂ ਦੇ ਦਰ ਵੱਲ ਤੋਰ ਨਾ ਤੇਰੇ ਦਰ - - -

ਦੀਵੇ ਯਾਦਾਂ ਦੇ

ਦੀਵੇ ਯਾਦਾਂ ਦੇ ਜਦੋਂ ਵੀ ਬਾਲਦੀ ਏ ਜਿੰਦ । ਦਿਨ ਫੇਰ ਉਹ ਪੁਰਾਣੇ ਭਾਲਦੀ ਏ ਜਿੰਦ । ਕਦੇ ਹੱਸਣਾ ਹਸਾਉਣਾ, ਕਦੇ ਰੁੱਸਣਾ ਮਨਾਉਣਾ । ਕਦੇ ਆਪ ਰੋ ਪੈਣਾ, ਕਦੇ ਰੋਂਦੇ ਨੂੰ ਵਰਾਉਣਾ । ਹੁਣ ਰੋ ਰੋ ਦੀਦੇ ਐਂਵੇ ਗਾਲਦੀ ਏ ਜਿੰਦ । ਦਿਨ ਫੇਰ - - - - -। ਸਾਰੇ ਕੌਲ ਤੇ ਕਰਾਰ, ਰਹਿ ਗਏ ਵਿਚਕਾਰ । ਜੱਗ ਬਾਜ਼ੀ ਗਿਆ ਜਿੱਤ, ਆਪਾਂ ਬਾਜ਼ੀ ਗਏ ਹਾਰ । ਮੌਤ ਦਰ ਉੱਤੇ ਆਈ ਨਿੱਤ ਟਾਲਦੀ ਏ ਜਿੰਦ ਦਿਨ ਫੇਰ - - - - -। ਰਲ ਮਿਲ ਜੋ ਗੁਜ਼ਾਰੇ, ਦਿਨ ਕਿੰਨੇ ਸੀ ਪਿਆਰੇ । ਕੋਈ ਯਤਨ ਬਣਾਈਏ, ਮੁੜ ਆਣ ਜੇ ਦੁਬਾਰੇ । ਭਰਮ ਹਾਇ ! ਕਿੰਨੇ ਸਹਣੇ ਪਾਲਦੀ ਏ ਜਿੰਦ । ਦਿਨ ਫੇਰ - - - - - ।

ਤੈਨੂੰ ਰੱਬ ਦਾ ਵਾਸਤਾ

ਸਾਡੇ ਇਸ਼ਕੇ ਨੂੰ ਦਾਗ਼ ਨਾ ਲਾਵੀਂ, ਤੈਨੂੰ ਰੱਬ ਦਾ ਵਾਸਤਾ । ਨਾ ਜੱਗ ਦਾ ਮਖੌਲ ਬਣਾਵੀਂ, ਤੈਨੂੰ ਰੱਬ ਦਾ ਵਾਸਤਾ । ਆਈ ਜਾਂ ਜਵਾਨੀ ਪਿਆਰ ਤੇਰੇ ਨਾਲ ਪੈ ਗਿਆ, ਸੁਪਨੇ ਸਜਾ ਕੇ ਸਾਡਾ ਝੱਲਾ ਦਿਲ ਬਹਿ ਗਿਆ । ਨਾ ਸੁਪਨਾ ਕਿਤੇ ਹੋ ਜਾਵੀਂ ਤੈਨੂੰ ਰੱਬ --- ਜ਼ਿੰਦਗੀ ਦੇ ਕੇਸੀਂ ਫੁੱਲ ਪਿਆਰ ਦੇ ਸਜਾ ਕੇ, ਵੇਖੀਂ ਤੁਰ ਜਾਵੀਂ ਨਾ ਤੂੰ ਮਹਿਕਾਂ ਨੂੰ ਚੁਰਾ ਕੇ । ਜਿੰਦ ਕੰਡਿਆਂ ਦੇ ਵਸ ਨਾ ਪਾਵੀਂ ਤੈਨੂੰ ਰੱਬ ਹਾਸਿਆਂ ਦੇ ਦਿਨ ਆਏ, ਗਈਆਂ ਗ਼ਮਗੀਨੀਆਂ, ਚਾਅ ਵੀ ਸਾਡੇ ਲੱਗੇ ਲਾਉਣ ਸ਼ੁਕੀਨੀਆਂ । ਕਿਤੇ ਸੱਧਰਾਂ ਨਾ ਮਾਰ ਮੁਕਾਵੀਂ ਤੈਨੂੰ ਰੱਬ ਰਸਮਾਂ ਦੀ ਸੂਲੀ ਉੱਤੇ ਕਸਮਾਂ ਨੂੰ ਟੰਗ ਕੇ, ਵਾਅਦਿਆਂ ਦੀ ਹਿੱਕ ਉੱਤੋਂ ਜਾਵੀਂ ਨਾ ਤੂੰ ਲੰਘ ਕੇ । ਨਾ ‘ਮੰਗਲਾ’ ਇਹ ਕਹਿਰ ਕਮਾਵੀਂ ਤੈਨੂੰ ਰੱਬ - - -

ਤੇਰਾ ਸ਼ਹਿਰ ਫ਼ੱਕਰਾਂ ਨੂੰ

ਤੇਰੇ ਦਰ ਉੱਤੋਂ ਯਾਰ ਖਾਲੀ ਮੁੜੇ ਕਈ ਵਾਰ ਅੱਜ ਵੀ ਨਾ ਪਾਈ ਜੇ ਤੂੰ ਖ਼ੈਰ ਫ਼ੱਕਰਾਂ ਨੂੰ, ਕਿਤੇ ਛੱਡਣਾ ਪਵੇ ਨਾ ਤੇਰਾ ਸ਼ਹਿਰ ਫ਼ੱਕਰਾਂ ਨੂੰ । ਸਿਖ਼ਰ ਦੁਪਹਿਰੇ ਹੁਸਨ ਤੇਰੇ ਨੇ ਸੱਜਣਾਂ ਐਸੇ ਠੱਗੇ, ਰੱਬ ਦੀ ਥਾਂ ਤੇ ਨਾਂ ਤੇਰੇ ਦੀ ਮਾਲਾ ਫੇਰਨ ਲੱਗੇ । ਤਾਹੀਂਓ ਤਾਂਘ ਤੇਰੀ ਰਹਿੰਦੀ ਚਤੋ ਪਹਿਰ ਫ਼ੱਕਰਾਂ ਨੂੰ ਕਿਤੇ - - - ਕੀ ਚੰਗਾ ਤੇ ਕੀ ਹੈ ਮਾੜਾ ਸੋਚੇ ਕਦ ਜਵਾਨੀ, ਸਾਰੇ ਜੱਗ ਤੋਂ ਸੁਹਣਾ ਲਗਦਾ ਬਸ ਇਕ ਦਿਲ ਦਾ ਜਾਨੀ । ਤੇਰੇ ਬਾਝੋਂ ਜੀਣਾ ਜਾਪੇ ਜ਼ਹਿਰ ਫ਼ੱਕਰਾਂ ਨੂੰ ਕਿਤੇ - - - ਤੇਰੇ ਵਿੱਚੋਂ ਰੱਬ ਵੇਖਿਆ ਤਾਹੀਂਓ ਸਿਜਦਾ ਕਰਿਆ, ਦੀਦ ਤੇਰੇ ਦੇ ਚਾਨਣ ਰੂਹ ਦਾ ਖਾਲੀ ਕਾਸਾ ਭਰਿਆ । ਫਿਰ ਵੀ ਤੂੰ ਜਾਣੇ ਹਾਇ ! ਗੈਰ ਫ਼ੱਕਰਾਂ ਨੂੰ ਕਿਤੇ - - - ਹੋਣੀ ਦਰ ਖੜਕਾਉਂਦੀ ਫਿਰਦੀ ਵਰਤ ਜਾਏ ਨਾ ਭਾਣਾ, ਸ਼ਹਿਰ ਤੇਰਾ ਕੀ ਦੁਨੀਆਂ ਛੱਡਕੇ ‘ਮੰਗਲ’ ਨੇ ਟੁਰ ਜਾਣਾ । ਹਾਕਾਂ ਪਈ ਮਾਰਦੀ ਹੈ ਨਹਿਰ ਫ਼ੱਕਰਾਂ ਨੂੰ ਕਿਤੇ - - -

ਅੱਖੀਆਂ ਉਡੀਕਦੀਆਂ

ਅੱਖੀਆਂ ਉਡੀਕਦੀਆਂ ਤੈਨੂੰ ਦਿਲ ਵਾਜਾਂ ਮਾਰਦਾ । ਭੁੱਲ ਗਿਆ ਚੇਤਾ ਤੈਨੂੰ ਸੱਜਣਾ ਪਿਆਰ ਦਾ । ਮੇਰੀ ਵੀਣੀਂ ਦੀਆਂ ਵੰਗਾਂ ਨੇ ਬੁਲਾਉਂਦੀਆਂ, ਮੇਰੇ ਦਿਲ ਦੀਆਂ ਉਮੰਗਾਂ ਨੇ ਬੁਲਾਉਂਦੀਆਂ । ਮੇਰੇ ਗੀਤ ਨੇ ਬੁਲਾਉਂਦੇ, ਆ ਜਾ ਮੀਤ ਨੇ ਬੁਲਾਉਂਦੇ, ਮੇਂਹਦੀ ਬੁਲਾਵੇ ਤੈਨੂੰ ਕੱਜਲ ਪੁਕਾਰਦਾ ਭੁੱਲ - - - ਗਲ ਲਗ ਰੋਈ ਤੇਰੇ ਆਣ ਦੀ ਤਾਰੀਕ ਵੇ, ਹੰਝੂਆਂ 'ਚ ਘੋਲ ਪੀਤੀ ਤੇਰੀ ਮੈਂ ਉਡੀਕ ਵੇ । ਮਾਰੇ ਗਲੀਆ 'ਚ ਫੇਰੇ, ਮੇਰੇ ਨੈਣਾਂ ਨੇ ਬਥੇਰੇ, ਉਡੀਕ ਵਾਲਾ ਨਾਗ ਰਿਹਾ ਸੀਨੇ ਫੁੰਕਾਰਦਾ ਭੁੱਲ - - - ਹੰਝੂਆਂ ਦੇ ਮੀਂਹ ਵਿੱਚ ਭਿੱਜੇ ਮੇਰੇ ਹਾਸੇ ਵੇ, ਬਣ ਬਣ ਜਾਣ ਤੇਰੇ ਲਾਰੇ ਵੀ ਦਿਲਾਸੇ ਵੇ । ਚਾਅ ਮਸਾਂ ਮੈਂ ਵਰਾਵਾਂ, ਨਾਲ ਮਿੰਨਤਾਂ ਮਨਾਵਾਂ, ਜੁਦਾਈ ਵਾਲਾ ਹੜ੍ਹ ਜਦੋਂ ਸੀਨੇ ਠਾਠਾਂ ਮਾਰਦਾ ਭੁੱਲ - - ਚੇਤਿਆਂ 'ਚ ਚਿਹਰਾ ਤੇਰਾ ਲਿਆ ‘ਮੰਗਲ’ ਘੋਲ ਮੈਂ, ਸਾਂਭ ਸਾਂਭ ਰੱਖੇ ਤੇਰੇ ਵੰਝਲੀ ਜਿਹੇ ਬੋਲ ਮੈਂ । ਵੱਢ ਖਾਣੀ ਚੰਨਾਂ ਚੁੱਪ, ਰਹੀ ਕਾਲਜੇ 'ਚ ਧੁਖ, ਚੁੱਪ ਵਾਲਾ ਸੇਕ ਸਾਡੇ ਕਾਲਜੇ ਨੂੰ ਸਾੜਦਾ ਭੁੱਲ - - -

ਜਿਵੇਂ ਪੰਜਾਬ ਵਿਚੋਂ ਗੁੰਮ ਸਰਕਾਰ

ਜਦ ਦੀਆਂ ਹੋਈਆਂ ਅੱਖਾਂ ਤੇਰੇ ਨਾਲ ਚਾਰ ਅੱਖੀਆਂ ਦੀ ਨੀਂਦ, ਮੇਰੇ ਦਿਲ ਦਾ ਕਰਾਰ ਗੁੰਮ ਹੈ, ਗੁੰਮ ਇਓ ਮੇਰੇ ਯਾਰ, ਜਿਵੇਂ ਪੰਜਾਬ ਵਿਚੋਂ ਗੁੰਮ ਸਰਕਾਰ । ਸੋਲ੍ਹਾਂ ਆਨੇ ਸੱਚ ਤੇਰੇ ਬਾਝੋਂ ਲੰਘੇ ਪਲ ਨਾ, ਪੁਲਿਸ ਮੁਕਾਬਲੇ ਜਿਹੀ ਝੂਠੀ ਕੋਈ ਗੱਲ ਨਾ । ਨਾ ਕੋਈ ਰਾਜਸੀ ਦਬਾਅ, ਤੇ ਨਾ ਸਿਆਸਤ ਜਰਾ, ਕਮਿਸ਼ਨ ਬਹਾ ਲੈ ਜੇ ਨਹੀਂ ਆਉਂਦਾ ਇਤਬਾਰ ਜਿਵੇਂ -- - ਸਕੀਏ ਨਾ ਅਸੀਂ ਤੈਨੂੰ ਜਿਸ ਦਿਨ ਮਿਲ ਨੀਂ, ਕਰਫ਼ਿਊ ਲੱਗੇ ‘ਮਲੋਟ’ ਜਿਹਾ ਹੋ ਜਾਏ ਦਿਲ ਨੀ । ਲੱਗੇ ਥਾਂ ਥਾਂ ਨਾਕੇ, ਆਣਾ ਮੁਸ਼ਕਿਲ ਜਾਪੇ, ਦੇ ਦੇ ਕਰਫ਼ਿਊ ਦਾ ਪਾਸ ਹੋਊ ਬੜਾ ਉਪਕਾਰ ਜਿਵੇਂ --- ਇੱਕੋ ਇੱਕ ਮੰਗ ਸਾਡੀ ਹਾਮੀ ਜਰਾ ਭਰ ਦੇ, ਚੰਡੀਗੜ੍ਹ ਜਿਹਾ ਦਿਲ ਤੂੰ ਨਾਂ ਸਾਡੇ ਕਰ ਦੇ । ਨਾ ਸਤਾ ਸਾਨੂੰ ਬਹੁਤਾ, ਲੈ ਤੂੰ ਕਰ ਸਮਝੌਤਾ, ਅਪੀਲਾਂ ਕਰ ਕਰ ਤੈਨੂੰ ਗਏ ਅਸੀਂ ਹਾਰ ਜਿਵੇਂ -- - ‘ਮੰਗਲ’ ਦਾ ਕਰਕੇ ਪੰਜਾਬ ਜਿਹਾ ਹਾਲ ਤੂੰ, ਨਾ ਸੈਂਟਰ ਸਰਕਾਰ ਵਾਂਗੂੰ ਗੱਲੀਂ ਬਾਤੀਂ ਟਾਲ ਤੂੰ । ਦੇਵੇਂ ਤੋੜ ਕੇ ਜਵਾਬ, ਮਾਹੌਲ ਕਰੇ ਤੂੰ ਖਰਾਬ, ਵਿਦੇਸ਼ੀ ਹੱਥ ਤੇਰੇ ਪਿੱਛੇ ਜਾਪਦਾ ਏ ਯਾਰ ਜਿਵੇਂ ---

ਭਾਬੀਆਂ ਦੀ ਪੁਕਾਰ

ਓ ਸ਼ਾਇਰੋ ਗੀਤਕਾਰੋ, ਹੱਥ ਅਕਲ ਨੂੰ ਮਾਰੋ । ਸਾਨੂੰ ਇੰਝ ਨਾ ਸਤਾਓ, ਹਾੜਾ ਹੋਰ ਨਾ ਨਚਾਓ । ਗਈਆਂ ਅਸੀਂ ਤਾਂ ਨੱਚ ਨੱਚ ਹਾਰ ਹਾੜਾ ਹੁਣ ਰਹਿਮ ਕਰੋ ਸਾਡੀ ਭਾਬੀਆਂ ਦੀ ਸੁਣ ਲਓ ਪੁਕਾਰ ਹਾੜਾ - - - ‘ਨੂਰਪੁਰੀ’ ਨੇ ਦਿਲ ਸਾਡੇ ਦੀ ਐਸੀ ਗਾਥਾ ਗਾਈ, ਅੰਗ ਅੰਗ ਵਿਚੋਂ ਫੁੱਟੇ ਹਾਸੇ ਰੂਹ ਸਾਡੀ ਨਸ਼ਿਆਈ । ਮਸਾਂ ਮਸਾਂ ਸੀ ਆਇਆ ਜਿਹੜਾ ਤੁਸਾਂ ਲਾਹਿਆ ਉਹ ਖੁਮਾਰ ਹਾੜਾ - - - ‘ਚੰਨੀਂ’ ਕੀ ‘ਮਲਕੀਤ’ ‘ਸਿੰਕਦਰ’ ਸਭ ਨੇ ਕਹਿਰ ਕਮਾਇਆ, ‘ਛਿੰਦੇ’ ‘ਮਾਣਕ’ ‘ਪਾਰਸ’ ਰਲ ਕੇ ਸਾਨੂੰ ਖੂਬ ਨਚਾਇਆ । ‘ਮਰ ਜਾਣੇ’ ਤੇ ‘ਹੰਸ ਰਾਜ’ ਨੇ ਵੇਖਿਆ ਤਮਾਸ਼ਾ ਚੁੱਪ ਧਾਰ ਹਾੜਾ - - - ਵੱਡੀ ਭਾਬੀ ਮਾਵਾਂ ਵਰਗੀ ਛੋਟੀ ਭੈਣ ਬਰਾਬਰ, ਦੱਸੋ ਥੋਡੇ ਵਿੱਚੋਂ ਕਿਹੜਾ ਇਸ ਗੱਲ ਤੋਂ ਹੈ ਨਾਬਰ । ਪਰ ਤੁਸੀਂ ਤਾਂ ਰੱਬ ਦੇ ਬੰਦਿਓ ਸਾਨੂੰ ਸਮਝ ਲਿਆ ਨੱਚਾਰ ਹਾੜਾ ---- ਸ਼ੁਕਰ ਮਨਾਇਆ ਜਦ ‘ਮੰਗਲ’ ਨੇ ਖ਼ਿਆਲ ਅਸਾਡਾ ਕੀਤਾ, ਸਾਡੇ ਪੱਖ ਦਾ ਗੀਤ ਬਣਾ ਕੇ ਮੂੰਹ ਕਈਆਂ ਦਾ ਸੀਤਾ । ਹੌਲੀਆਂ ਹੋਈਆਂ ਫੁੱਲਾਂ ਵਾਂਗੂੰ ਮਨ ਉੱਤੋਂ ਲੱਥਿਆ ਭਾਰ ਹਾੜਾ ---

ਜ਼ਮਾਨਾ ਟੀ. ਵੀ. ਦਾ

ਇਹ ਜ਼ਮਾਨਾ, ਹੈ ਦੀਵਾਨਾ, ਟੀ. ਵੀ. ਦਾ ਮੇਰੇ ਯਾਰ । ਜ਼ਮਾਨਾ ਟੀ. ਵੀ. ਦਾ ਟੀ. ਵੀ. ਦਾ ਮੇਰੇ ਯਾਰ । ਲੋਕੀਂ ਪੱਟੇ ਟੀ. ਵੀ. ਪਿਆਰ ਦੇ, ਫਿਲਮਾਂ ਜਾਂ ਫਿਰ ਚਿੱਤਰਹਾਰ ਦੇ । ਕਾਲਾ ਚਿੱਟਾ ਟੀ. ਵੀ. ਛੱਡੋ, ਆਏ ਜ਼ਮਾਨੇ ਰੰਗਦਾਰ ਦੇ । ਕਲਰ ਟੀ. ਵੀ., ਮੰਗਦੀ ਬੀਵੀ, ਕਿੰਝ ਕਰੀਏ ਇਨਕਾਰ ਜ਼ਮਾਨਾ - - - ਜਦ ਦੇ ਯਾਰੋ ਟੀ. ਵੀ. ਆਏ, ਲੋਕਾਂ ਰੇਡੀਓ ਖੂੰਜੇ ਲਾਏ । ਕੀ ਬੱਚੇ ਕੀ ਗੱਭਰੂ ਬੁੱਢੇ, ਟੀ. ਵੀ. ਸਭ ਨੂੰ ਨਾਚ ਨਚਾਏ । ਸ਼ਾਮ ਸਵੇਰੇ, ਸਿਖ਼ਰ ਦੁਪਹਿਰੇ ਟੀ. ਵੀ. ਲਾਏ ਬਹਾਰ ਜ਼ਮਾਨਾ --- ਫੱਟੀ ਖੇਦ ਰੁਕਾਵਟ ਵਾਲੀ, ਜਦ ਵੀ ਦੇਵੇ ਆਣ ਵਿਖਾਲੀ। ਸਿਰ ਸੁੱਟ ਸਾਰੇ ਇਓਂ ਬਹਿ ਜਾਂਦੇ, ਜੀਕਣ ਮੋਈ ਹੋਵੇ ਸਾਲੀ । ਬੁੜ ਬੁੜ ਕਰਦੇ, ਹੌਕੇ ਭਰਦੇ, ਚੜ੍ਹ ਜਾਏ ਤੇਜ਼ ਬੁਖ਼ਾਰ ਜ਼ਮਾਨਾ - - - ਟੀ. ਵੀ. ਦੇ ਸੰਗ ਹੱਸੀਏ ਗਾਈਏ, ਐਨਾ ਵੀ ਨਾ ਪਿਆਰ ਵਧਾਈਏ । ਮੋਹ-ਮੁਹੱਬਤਾਂ ਸਾਂਝਾਂ ਭੁੱਲ ਕੇ, ਟੀ. ਵੀ. ਜੋਗੇ ਰਹਿ ਨਾ ਜਾਈਏ। ਚਿੱਤ ਪਰਚਾਉਣਾ, ਮਾੜੀ ਗੱਲ ਨਹੀਂ। ਇਸ ਟੀ. ਵੀ. ਤੋਂ ਲਾਭ ਉਠਾਉਣਾ, ਗਿਆਨ ਵਧਾਉਣਾ, ਮਾੜੀ ਗੱਲ ਨਹੀਂ । ਐਨੇ ਵੀ ਨਾ ਹੋਵੋ ਦੀਵਾਨੇ, ਬਣ ਕੇ ਰਹਿ ਜਾਓ ਖੋਟੇ ਆਨੇ । ਵਿਰਸਾ ਅਪਣਾ ਕਦੇ ਨਾ ਭੁੱਲੋ, ਇਹ ਹੁੰਦੇ ਅਨਮੋਲ ਖਜ਼ਾਨੇ । ‘ਮੰਗਲ’ ਦੇ ਰੰਗ, ‘ਮਸਤੀ’ ਦੇ ਸੰਗ, ਵੇਖੂ ਕੁੱਲ ਸੰਸਾਰ ਜ਼ਮਾਨਾ - - -

ਮੁੰਡੇ ਵਿਕਾਊ ਨੇ

ਸ਼ੇਅਰ ਸੁਣੋ ਸੁਣੋ ਇਕ ਖੁਸ਼ਖਬਰੀ, ਦੋਵਾਂ ਦੇ ਨਾਲ ਇਕ ਫਰੀ । ਆਉ ਲੋਕੋ ਲੈ ਜਾਉ ਲੋਕੋ, ਕੱਲ੍ਹ ਦੀ ਹੈ ਤਾਰੀਖ਼ ਆਖ਼ਰੀ। *** ਇਹ ਮੁੰਡੇ ਵਿਕਾਊ ਇਹ ਮੁੰਡੇ ਵਿਕਾਊ ਹਰ ਧਰਮ ਹਰ ਜਾਤ ਦੇ, ਛੋਟੀ ਵੱਡੀ ਔਕਾਤ ਦੇ । ਹਰ ਕਿਸਮ ਦਾ ਮਾਲ ਹੈ ਮਿਲਦਾ, ਫੁੱਲ ਗਾਰੰਟੀ ਨਾਲ ਹੈ ਮਿਲਦਾ । ਕੁਝ ਨੇ ਪਰਮਾਨੈਂਟ ਅਤੇ ਕੁਝ ਡੰਗ ਟਪਾਉ ਨੇ ਲੈ ਲਉ ਮੁੰਡੇ ਵਿਕਾਉ ਨੇ । ਇਹ ਮੁੰਡੇ ਵਿਕਾਉ ਨੇ । ਸਹੁਰੇ ਐਸੇ ਦੀ ਹੈ ਭਾਲ, ਜਿਹੜਾ ਕਰਦੇ ਮਾਲਾ ਮਾਲ । ਦੇਵੇ ਇੰਨਾ ਸਾਨੂੰ ਦਾਜ, ਜਿਹੜਾ ਹੋਵੇ ਨਾ ਸੰਭਾਲ । ਇਕ ਕੋਠੀ ਸ਼ਾਨਦਾਰ, ਵਿੱਚ ਖੜ੍ਹੀ ਹੋਵੇ ਕਾਰ । ਬੈੱਡ ਰੂਮ ਵਿੱਚ ਲੱਗਾ ਹੋਵੇ, ਯਾਰੋ ਵੀ. ਸੀ. ਆਰ । ਤਕ ਬਾਕੀ ਦਾ ਸਾਮਾਨ, ਰਹਿ ਜੇ ਦੁਨੀਆ ਹੈਰਾਨ । ਅੰਗਾਂ ਸਾਕਾਂ ਅੱਗੇ ਇਹ ਟੌਹਰ ਬਣਾਊ ਨੇ ਲੈ --- ਜੀਦ੍ਹੀ ਜਿੰਨੀ ਹੈ ਕਮਾਈ, ਉਦ੍ਹੀ ਉਹਨੀਂ ਕੀਮਤ ਲਾਈ। ਆਮਦਨ ਉਤਲੀ ਦਾ ਲੱਗੂ, ਲੋਕਲ ਟੈਕਸ ਐਕਸਟਰਾ ਭਾਈ । ਜੇ ਚਾਹੋ ਕਿਸ਼ਤਾਂ ਤੇ ਲੈਣਾ, ਮੁੱਲ ਵੱਧ ਦੇਊ ਪੈਣਾ । ਬਹੁਤਾ ਸੋਚੋ ਨਾ ਜਨਾਬ, ਕੋਈ ਮਹਿੰਗਾ ਨਹੀਂਓ ਪੈਣਾ । ਹੈ ਮਤਲਬਖੋਰ ਜ਼ਮਾਨਾ, ਨਾ ਕੋਈ ਅਪਣਾ ਬੇਗਾਨਾ। ਪੁੱਛ ਗਿੱਛ ਕਰੋ ਪੂਰੀ ਲੋਕੀਂ ਖੋਰਾ ਲਾਊ ਨੇ । ਲੈ --- ਹੋਵੇ ਕੋਝੀ, ਕਾਲੀ, ਕਾਣ, ਭਾਵੇਂ ਰੂਪ ਦੀ ਉਹ ਰਾਣੀ । ਹੋਵੇ ਪਤਲੀ ਜਾਂ ਮੋਟੀ, ਚਾਹੇ ਕਮਲੀ ਸਿਆਣੀ । ਕਰੋ ਲਿਸਟ ਦਾਜ਼ ਦੀ ਪੂਰੀ, ਕੁੜੀ ਚਲੇਗੀ ਅਧੂਰੀ । 'ਕੱਲਾ ਮਿਲਜੇ ਜੇ ਦਾਜ, ਨਹੀਂਓ ਕੁੜੀ ਵੀ ਜ਼ਰੂਰੀ । ਬਹੁਤੀ ਦੇਰ ਨਾ ਉਹ ਲਾਉਣ । ਇਹ ਸੁਨਹਿਰੀ ਮੌਕੇ ਖੁੰਜਿਆਂ ਫੇਰ ਨਾ ਆਊ ਨੇ ਲੈ --- ਲਉ ਮੈਂ ਦੱਸਾਂ ਚੁਣ ਚੁਣ, ਇਹਨਾਂ ਮੁੰਡਿਆ ਦੇ ਗੁਣ । ਇਹ ਤਾਂ ਹੀਰੇ ਨੇ ਬਈ ਹੀਰੇ, ਰੱਖੇ ਮੋਤੀਆਂ 'ਚ ਬੁਣ । ਕੰਮ ਘਰ ਦਾ ਤਮਾਮ, ਕਰਵਾਉਣਾ ਸੁਭ੍ਹਾ ਸ਼ਾਮ । ਲਵੋ ਲਿਖ ਕੇ ਗਾਰੰਟੀ, ਫੇਰ ਦੇਣਾ ਨਾ ਇਲਜ਼ਾਮ । ਨੱਕ ਖਸਮਾਂ ਨੂੰ ਖਾਣੀ, ਪੈਂਦੀ ‘ਮੰਗਲ’ ਬਚਾਉਣੀ । ਨੱਕ ਦੀ ਖਾਤਿਰ ਸੱਜਣਾ ਸਭ ਕੁਝ ਲੋਕ ਲੁਟਾਊ ਨੇ ਲੈ --- ਲੋੜ ਨਹੀਂ ਬਰਦਰ ਇਨ ਲਾਅ ਦੀ ਲੋੜ ਨਹੀਂ ਸਿਸਟਰ ਇਨ ਲਾਅ ਦੀ ਲੋੜ ਨਹੀਂ ਫਾਦਰ ਇਨ ਲਾਅ ਦੀ ਲੋੜ ਨਹੀਂ ਮਦਰ ਇਨ ਲਾਅ ਦੀ ਲੋੜ ਹੈ ਮਾਰੂਤੀ ਇਨ ਲਾਅ ਦੀ ਲੋੜ ਹੈ ਸਜ਼ੂਕੀ ਇਨ ਲਾਅ ਦੀ ਲੋੜ ਹੈ ਫਰਿੱਜ ਇਨ ਲਾਅ ਦੀ ਲੋੜ ਹੈ ਸਕੂਟਰ ਇਨ ਲਾਅ ਦੀ ਦਾਜ, ਦਾਜ, ਦਾਜ ਸਾਨੂੰ ਦਾਜ ਚਾਹੀਦੈ, ਕੁੜੀ ਤੋਂ ਕੀ ਲੈਣਾ ਸਾਨੂੰ ਦਾਜ ਚਾਹੀਦੈ। ਲੈ ---

ਸਲਾਮਾਂ ਹੋਣਗੀਆਂ

ਲੀਡਰ ਬਣ ਜਾ ਯਾਰ, ਸਲਾਮਾਂ ਹੋਣਗੀਆਂ, ਚਮਚੇ ਰੱਖ ਦੋ ਚਾਰ, ਸਲਾਮਾਂ ਹੋਣਗੀਆਂ । ਭੋਲੀ ਭਾਲੀ ਜਨਤਾ ਨੂੰ ਸਿੱਖ ਲਾਰੇ ਲਾ ਵਰਚਾਉਣਾ, ਰਾਸ਼ਨ ਦੀ ਥਾਂ ਭੁੱਖਿਆਂ ਨੂੰ ਸਿੱਖ ਭਾਸ਼ਨ ਨਾਲ ਰਜਾਉਣਾ । ਗੱਲਾਂ ਮਿੱਠੀਆਂ ਮਾਰ, ਉਹਲੇ ਰੱਖ ਤਲਵਾਰ, ਸਿੱਖ ਭਾਸ਼ਾ ਲੱਛੇਦਾਰ ਸਲਾਮਾਂ --- ਜਾ ਬਣਕੇ ਕੋਈ ਪੀਰ ਔਲੀਆ ਦੁਨੀਆਂ ਪਿੱਛੇ ਲਾ ਲ, ਸਭ ਧਰਮਾਂ ਤੋਂ ਵੱਖਰਾ ਹੀ ਕੋਈ ਅਪਣਾ ਧਰਮ ਚਲਾ ਲੈ । ਪੂਜੂ ਕੁੱਲ ਸੰਸਾਰ, ਖ਼ੂਬ ਹੋਊ ਸਤਿਕਾਰ, ਥੱਲੇ ਹੋਊ ਕਾਰ ਸਲਾਮਾਂ --- ਕੁਰਸੀ ਤੇਰਾ ਦੀਨ ਧਰਮ ਹੈ ਕੁਰਸੀ ਤੇਰੇ ਮਾਪੇ, ਕੁਰਸੀ ਹੱਥੋਂ ਜਾਣ ਨੀ ਦੇਣੀ ਰੱਬ ਵੀ ਚਾਹੇ ਆਖੇ । ਰੱਖ ਕੁਰਸੀ ਨਾਲ ਪਿਆਰ, ਤੇ ਦੁਨੀਆਂ ਦੇ ਵਿਸਾਰ, ਤੇਰਾ ਹੋ ਜੂ ਬੇੜਾ ਪਾਰ ਸਲਾਮਾਂ - - - ਮੇਹਨਤ ਨਾਲ ਹੀ ਜੁੜਨੀ ਤੈਨੂੰ ਦੋ ਡੰਗਾਂ ਦੀ ਰੋਟੀ, ਪਰ ਤੂੰ ਲੀਡਰ ਬਣ ਕੇ ਭਾਵੇਂ ਸ਼ਾਮ ਨੂੰ ਪਾ ਲਈਂ ਕੋਠੀ । ਕਹਿਣਾ ਮੰਨ ਇਕ ਵਾਰ, ਨਾ ਤੂੰ ਕਰ ਇਨਕਾਰ, ਫਿਰ ਦੌਲਤ ਬੇਸ਼ੁਮਾਰ ਸਲਾਮਾਂ --- ਝੰਡੀ ਵਾਲੀ ਕਾਰ ਜੇ ਕਿਧਰੇ ਹੋਗੀ ਤੇਰੇ ਥੱਲੇ, ‘ਮੰਗਲ’ ਜਿਹੇ ਤੇਰੇ ਗੀਤ ਲਿਖਣਗੇ ਹੋ ਜੂ ਬੱਲੇ ਬੱਲੇ । ਫੇਰ ਹੋ ਕੇ ਰਤਾ ਬੀਮਾਰ, ਜਾਈਂ ‘ਫਾਰਨ’ ਤੂੰ ਯਾਰ, ਖਰਚਾ ਝੱਲੂ ਸਰਕਾਰ ਸਲਾਮਾਂ ---

ਨੀ ਬੱਲੀਏ

ਗੱਲ ਸੁਣ ਲੇ ਜ਼ਮਾਨਾ ਤੇਰਾ ਆਖਦਾ ਦੀਵਾਨਾ ਕੋਈ ਮਾਰਕੇ ਬਹਾਨਾ ਤੈਨੂੰ ਹਿੱਕ ਦੇ ਜ਼ੋਰ 'ਤੇ ਲੈ ਜਾਣਾ - ਨੀ ਬੱਲੀਏ ਸਾਰੇ ਜੱਗ ਨੇ ਵੇਖਦੇ ਰਹਿ ਜਾਣਾ - ਨੀ ਬੱਲੀਏ । ਮਾਰੂਤੀ ਸਾਡੇ ਥੱਲੇ, ਸਾਡੀ ਤਾਂ ਬੱਲੇ ਬੱਲੇ, ਤੇਰੇ ਭਾਈਆਂ ਕੋਲ ਫੀਏਟ ਨੀ, ਜਿਹੜੀ ਵੀਹ ਤੋਂ ਵਧ ਨਾ ਚੱਲੇ । ਉਹਨਾਂ ਧੱਕੇ ਮਾਰਦੇ ਰਹਿ ਜਾਣਾ - ਨੀ ਬੱਲੀਏ ਤੈਨੂੰ --- ਮੇਰੇ ਡੈਡੀ ਨੇ ਵਜ਼ੀਰ, ਨਾਲੇ ਥਾਣੇਦਾਰ ਵੀਰ, ਪਹੁੰਚ ਦਿੱਲੀ ਤਕ ਸਾਡੀ, ਕਾਹਤੋਂ ਹੋਵੇਂ ਦਿਲਗੀਰ, ਇੰਗਲੈਂਡ ਅਮਰੀਕਾ ਤੈਨੂੰ ਲੈ ਜਾਣਾ - ਨੀ ਬੱਲੀਏ ਤੈਨੂੰ --- ਤੇਰੇ ਘਰ ਪਿਸਤੌਲ, ਪੱਕੀ ਗੰਨ ਮੇਰੇ ਕੋਲ, ਦੇਵਾਂ ਛੱਲੀ ਵਾਂਗੂੰ ਭੁੰਨ, ਮੰਦਾ ਬੋਲੇ ਜੇ ਕੋਈ ਬੋਲ । ਵੈਰ ਮਹਿੰਗਾ ਉਹਨਾਂ ਨੂੰ ਪੈ ਜਾਣਾ - ਨੀ ਬੱਲੀਏ ਤੈਨੂੰ --- ‘ਮੰਗਲ’ ਯਾਰਾਂ ਦਾ ਏ ਯਾਰ, ਸਾਡਾ ਲਾਉ ਬੇੜਾ ਪਾਰ, ਕੋਈ ਮੰਨੇ ਜਾਂ ਨਾ ਮੰਨੇ, ਉਦ੍ਹੀ ਮੰਨੇ ਸਰਕਾਰ । ਉਦ੍ਹੇ ਜਾ ਕੇ ਦਰਾਂ 'ਤੇ ਬਹਿ ਜਾਣਾ - ਨੀ ਬੱਲੀਏ ਤੈਨੂੰ - - -

ਮਾਡਰਨ ਬੋਲੀਆਂ

ਕਿਹੜਾ ਚੰਡੀਗੜ੍ਹ ਮੰਗਿਆ--- ਹੋ--- ਹੋ ਦਿਲ ਮੰਗਿਆ ਮਜਾਜਣੇ ਮੈਂ ਕਿਹੜਾ ਚੰਡੀਗੜ੍ਹ ਮੰਗਿਆ। ਨੀ ਇੰਝ ਮੁੰਡਾ ਦਿਲ ਮੰਗਦੈ --- ਹੋ --- ਹੋ ਵੱਢੀ ਮੰਗਦਾ ਜਿਵੇਂ ਪਟਵਾਰੀ ਨੀ ਇੰਝ ਮੁੰਡਾ ਦਿਲ ਮੰਗਦੈ । ਤੇਰੀ ਮੇਰੀ ਇੰਝ ਟੁੱਟ ਗਈ --- ਹੋ --- ਹੋ ਪੁੱਲ ਟੁੱਟਦੈ ਜਿਵੇਂ ਸਰਕਾਰੀ ਨੀ ਤੇਰੀ ਮੇਰੀ ਇੰਝ ਟੁੱਟ ਗਈ । ਚੱਜ ਦੀ ਨਾ ਗੱਲ ਕਰਦੀ --- ਹੋ -- -- ਹੋ ਕੁੜੀ ਟੀ. ਵੀ. ਦੇ 'ਟੇਸ਼ਨ ਵਰਗੀ ਚੱਜ ਦੀ ਨਾ ਗੱਲ ਕਰਦੀ । ਵਿੱਦਿਆ ਦੇ ਨਾਂ ਤੇ ਲੁੱਟਦੇ --- ਹੋ --- ਹੋ ਇਹ ਮਾਡਲ ਸਕੂਲਾਂ ਵਾਲੇ ਵਿੱਦਿਆ ਦੇ ਨਾਂ ਤੇ ਲੁਟਦੇ । ਨਖ਼ਰੋ ਇੰਝ ਤੁਰਦੀ --- ਹੋ --- ਹੋ ਬੱਸ ਤੁਰਦੀ ਜਿਵੇਂ ਸਰਕਾਰੀ ਨਖ਼ਰੋ ਇੰਝ ਤੁਰਦੀ । ਇੰਝ ਸਾਡਾ ਚੈਨ ਖੋਹ ਲਿਆ --- ਹੋ --- ਹੋ ਜਿਵੇਂ ਇੰਡੀਆ ਤੋਂ ਹਾਕੀ ਗੈਰਾਂ ਖੋਹ ਲਈ ਇੰਝ ਸਾਡਾ ਚੈਨ ਖੋਹ ਲਿਆ । ਵਿਆਹ ਮੇਰਾ ਵਿੱਚੇ ਰਹਿ ਗਿਆ --- ਹੋ --- ਹੋ ਮੁੰਡੇ ਕਾਰ ਮਾਰੂਤੀ ਮੰਗ ਲਈ ਵਿਆਹ ਮੇਰਾ ਵਿੱਚੇ ਰਹਿ ਗਿਆ। ਠੇਕੇਦਾਰ ਬਣ ਮਿੱਤਰਾ --- ਹੋ --- ਹੋ ਕੋਠੀ ਤਿੰਨ ਮੰਜ਼ਿਲੀ ਹੈ ਪਾਉਣੀ ਠੇਕੇਦਾਰ ਬਣ ਮਿੱਤਰਾ । ਆਸ਼ਕਾਂ ਨੂੰ ਜਾਵੇ ਫੁੰਡਦੀ --- ਹੋ --- ਹੋ ਕੁੜੀ ਏ. ਕੇ. ਸੰਤਾਲੀ ਵਰਗੀ ਆਸ਼ਕਾਂ ਨੂੰ ਜਾਵੇ ਫੁੰਡਦੀ। ਲੱਪਾ ਲਾਉਣਾ ਸਿੱਖ ਗਈ--- ਹੋ--- ਹੋ ਜੂਠਾ ਕਿਹੜੇ ਤੂੰ ਲੀਡਰ ਦਾ ਖਾਧਾ ਤੂੰ ਲਾਰਾ ਲੱਪਾ ਲਾਉਣਾ ਸਿੱਖ ਗਈ । ‘ਮੰਗਲ’ ਮਲੰਗ ਹੋ ਗਿਆ--- ਹੋ--- ਹੋ ਤਾਹੀਂਓਂ ਗੀਤ ਲਿਖਣ ਤੇ ਹੈ ਰਹਿੰਦਾ ‘ਮੰਗਲ’ ਮਲੰਗ ਹੋ ਗਿਆ ।

ਜ਼ਮਾਨਾ ਖੋਟਾ ਹੈ

ਹੋ ਕੇ ਰਹਿ ਹੁਸ਼ਿਆਰ, ਜ਼ਮਾਨਾ ਖੋਟਾ ਹੈ । ਗੁੱਝੀ ਮਾਰੇ ਮਾਰ, ਜ਼ਮਾਨਾ ਖੋਟਾ ਹੈ । ਅੱਜ ਕੱਲ ਲੋਕੀਂ ਧਰਮ ਦੇ ਨਾਂ 'ਤੇ ਪੈਸਾ ਖੂਬ ਕਮਾਉਂਦੇ, ਮਾਇਆ ਕੁੜੀ ਦੀ ਦੀਦ ਦੀ ਖਾਤਿਰ ਦਰ ਦਰ ਅਲਖ ਜਗਾਉਂਦੇ । ਸਭ ਖੀਸੇ ਦੇ ਯਾਰ ਜ਼ਮਾਨਾ --- ਕਦਮ ਕਦਮ ਤੇ ਰਿਸ਼ਵਤਖੋਰੀ ਥਾਂ ਥਾਂ ਚੋਰ ਬਾਜ਼ਾਰੀ, ਪੁਲਿਸ ਤੇ ਪਹਿਰੇਦਾਰਾਂ ਸੰਢ ਲਈ ਚੋਰਾਂ ਦੇ ਸੰਗ ਯਾਰੀ । (ਹੋਏ) ਤਿੰਨੋਂ ਹਿੱਸੇਦਾਰ ਜ਼ਮਾਨਾ - - - ਬੀ.ਏ., ਐਮ.ਏ. ਪਾਸ ਬੰਦੇ ਦੀ ਕਦਰ ਨਾ ਕੋਈ ਜਾਣੇ, 'ਗੂਠਾ ਛਾਪ ਨੂੰ ਹੋਣ ਸਲਾਮਾਂ ਖ਼ੂਬ ਉਹ ਮੌਜਾਂ ਮਾਣੇ । ਉਦ੍ਹੇ ਥੱਲੇ ਕਾਰ ਜ਼ਮਾਨਾ - - - ਹੁਣ ਜਿਸਮਾਂ ਦੇ ਮੇਲ ਨੂੰ ‘ਮੰਗਲ’ ਆਖੇ ਇਸ਼ਕ ਲੁਕਾਈ, ਗਲੀ ਮੁਹੱਲੇ ਗੇੜੇ ਦੇਵਣ ਬਣ ਮਜਨੂੰ ਦੇ ਭਾਈ । ਆਸ਼ਕ ਸੀਟੀਮਾਰ ਜ਼ਮਾਨਾ - - -

ਸ਼ੋਸ਼ੇਬਾਜ਼ੀ ਦਾ ਜ਼ਮਾਨਾ

ਸ਼ੋਸ਼ੇਬਾਜ਼ੀ ਦਾ ਜ਼ਮਾਨਾ ਸ਼ੋਸ਼ੇਬਾਜ਼ੀ ਦਾ, ਸ਼ੋਸ਼ਾ ਨਿੱਤ ਨਵਾਂ ਕਰੋ, ਚਾਹੇ ਭੁੱਖੇ ਯਾਰੋ ਮਰੋ । ਗੱਲ ਸੋਲ੍ਹਾਂ ਆਨੇ ਸੱਚ ਸੱਚ ਮੰਨ ਤੂੰ ਜਵਾਨਾ- ਸ਼ੋਸ਼ੇਬਾਜ਼ੀ ਦਾ ਜ਼ਮਾਨਾ - ਸ਼ੋਸ਼ੇਬਾਜ਼ੀ ਦਾ । ਚਾਰ ਚੁਫ਼ੇਰੇ ਸ਼ੀਸ਼ੇ ਲਾ ਕੇ ਹੱਟੀ ਹੈ ਲਿਸ਼ਕਾਈ, ਸ਼ੋਸ਼ੇਬਾਜ਼ ਇਹ ਹੱਟੀਆਂ ਵਾਲੇ ਕਰਦੇ ਖੂਬ ਕਮਾਈ । ਸ਼ੋਸ਼ਾ ਸੇਲ ਵਾਲਾ ਛੱਡ ਮਾਲ ਮਾੜਾ ਦੇਂਦੇ ਕੱਢ, ਦੋਹੇਂ ਹੱਥੀਂ ਲੈਂਦੇ ਲੁੱਟ ਪੱਲੇ ਛਡਦੇ ਨਾ ਆਨਾ ਸ਼ੋਸ਼ੇਬਾਜ਼ੀ --- ਸ਼ੋਸ਼ੇਬਾਜ਼ ਇਹ ਲੀਡਰ ਜਿਹੜੇ ਦੇਸ਼ ਨੂੰ ਚੂਨਾ ਲਾਉਂਦੇ, ਦਾਅ ਇਹਨਾਂ ਦੇ ਜੇਕਰ ਲੱਗੇ ਰੱਬ ਵੇਚ ਖਾ ਜਾਂਦੇ । ਵੇਚ ਅਪਣੀ ਜ਼ਮੀਰ, ਝਟ ਬਣਦੈ ਅਮੀਰ, ਪਰ ਉੱਤੋਂ ਉੱਤੋਂ ਗਾਉਂਦੇ ਦੇਸ਼ ਪਿਆਰ ਦਾ ਤਰਾਨਾ ਸ਼ੋਸ਼ੇਬਾਜ਼ੀ ---

ਕੁੜੀਆਂ

ਸੰਗ ਕੇ ਨਾ ਨੀਵੀਂ ਹੁਣ ਪਾਉਣ ਕੁੜੀਆਂ। ਸਿੱਧਾ ਆ ਕੇ ‘ਹੈਲੋ’ ਹੀ ਬੁਲਾਉਣ ਕੁੜੀਆਂ । 'ਸੌਰੀ’ ਕਹਿਕੇ ਬੈਠ ਜਾਂਦੀਆਂ ਨੇ ਡੋਲੀ, ਉਮਰਾਂ ਦੇ ਰੋਗ ਨਾ (ਹੁਣ) ਲਾਉਣ ਕੁੜੀਆਂ। ਘੁੰਡ ਵਾਲੇ ਲੱਦ ਗਏ ਕਦ ਦੇ ਜ਼ਮਾਨੇ, ਚੁੰਨੀਆਂ ਦੁਪੱਟੇ ਹੋਏ ਬੀਤੇ ਅਫ਼ਸਾਨੇ । ਬੌਏ ਕਟ ਵਾਲ ਕਰਾਉਣ ਕੁੜੀਆਂ ਸੰਗ - - ਸੋਨੇ ਜਿਹੇ ਰੂਪ ਵਿੱਚ ਖੋਟ ਖੌਰੇ ਕਿਹੜਾ, ਬਿਊਟੀ ਪਾਰਲਰ ਦਾ ਲਾਣ ਨਿੱਤ ਗੇੜੇ ਉੱਤੇ ਗੇੜਾ । ਸੋਨੇ ਵਿੱਚ ਖੋਟ ਮਿਲਾਉਣ ਕੁੜੀਆਂ ਸੰਗ - - - ਹਰ ਪਾਸੇ ਕਰਵਾਈ ਇਹਨਾਂ ਬੱਲੇ ਬੱਲੇ, ਇਹਨਾਂ ਦੀ ਰਜਾ ਤੋਂ ਬਿਨਾਂ ਪੱਤਾ ਵੀ ਨਾ ਹੱਲੇ । ਜੀ ਕਹਿਣ, ਜੀ ਅਖਵਾਉਣ ਕੁੜੀਆਂ ਸੰਗ ---

ਮੁੰਦਰੀ

ਮਾਹੀਆ ਵੇ ਮੈਨੂੰ ਮੁੰਦਰੀ ਘੜਾ ਦੇ, ਉੱਤੇ ਅਪਣਾ ਨਾਂ ਖੁਣਵਾ ਦੇ, ਆਪਣੇ ਹੱਥੀਂ ਉੱਗਲੀ ਪਾ ਦੇ, ਕੀਤਾ ਕੌਲ ਕਰਾਰ ਨਿਭਾ ਦੇ ਮਾਹੀਆ - -- ਮੁੰਦਰੀ ਬਣਾਵੇ ਐਸੀ ਵੇਖੇ ਜੀਹਨੂੰ ਜੱਗ ਵੇ, ਗੋਰਿਆਂ ਹੱਥਾਂ ਤੇ ਮੇਰੇ ਨਾਲੇ ਜਾਵੇ ਫੱਬ ਵੇ । ਸੁਨਿਆਰੇ ਨੂੰ ਇਹ ਗੱਲ ਸਮਝਾ ਦੇ ਮਾਹੀਆ --- ਮੁੰਦਰੀ ਇਹ ਪਾ ਕੇ ਵੇ ਮੈਂ ਤੀਆਂ ਵਿਚ ਨੱਚਣਾ, ਮੇਰੀਆਂ ਸ਼ਰੀਕਣਾਂ ਨੇ ਵੇਖ ਵੇਖ ਮੱਚਣਾ । ਮਚਦੀਆਂ ਨੂੰ ਤੂੰ ਹੋਰ ਮਚਾ ਦੇ ਮਾਹੀਆ --- ਸੱਚੀ ਸੱਚੀ ਗੱਲ ਸਾਨੂੰ ਦੱਸ ਇਕ ਮੱਖਣਾ, ਦੇਣੀ ਆ ਘੜਾ ਕੇ ਕਿ ਤੂੰ ਲਾਰਿਆਂ 'ਚ ਰੱਖਣਾ । ਗੱਲ ਤੂੰ ਅੱਜ ਇੱਕ ਬੰਨੇ ਲਾ ਦੇ ਮਾਹੀਆ - - - ਲਗ ਜਾ ਤੂੰ ਆਖੇ ਚੰਨਾਂ ਆਖਾ ਸਾਡਾ ਟਾਲ ਨਾ, ਮੁੰਦਰੀ ਤੇ ਹੀਰਿਆ ਵੇ ਲਗਦੇ ਕੋਈ ਲਾਲ ਨਾ । ‘ਮੰਗਲਾ’ ਸਾਡੇ ਬੋਲ ਪੁਗਾ ਦੇ ਮਾਹੀਆ - - -

ਸੱਸੇ ਤੇਰੀ ਮੱਝ ਮਰ ਜੇ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਨੀ ਸੱਸੇ ਤੇਰੀ ਮੱਝ ਮਰ ਜੇ । ਨੀ ਸੱਸੇ ਤੇਰੀ ਮੱਝ ਮਰ ਜੇ । ਮੁੱਦਤ ਪਿਛੋਂ ਘਰ ਆਇਆ ਸੀ ਮੇਰੀ ਅੰਮੜੀ ਜਾਇਆ, ਸੌ ਕੋਹਾਂ ਤੋਂ ਆਏ ਵੀਰ ਦਾ ਮੁੱਲ ਕੀ ਤੂੰ ਦੱਸ ਪਾਇਆ । ਗੱਲ ਇਕ ਵੀ ਤੂੰ ਪੁੱਛੀ ਨਾ ਪੁੱਛਾਈ ਨੀ ਸੱਸੇ -- - ਅੰਦਰ ਆਉਂਦੇ ਬਾਹਰ ਜਾਂਦੇ ਬੁੜ ਬੁੜ ਫਿਰੇਂ ਕਰੇਂਦੀ, ਧੀ ਬਹਾਨੇ ਤੂੰ ਨੀ ਸੱਸੇ ਨੂੰਹ ਨੂੰ ਆਖ ਸੁਣੇਂਦੀ । ਸਾਰੀ ਸਮਝਾ ਮੈਂ ਤੇਰੀ ਚਤੁਰਾਈ ਨੀ ਸੱਸੇ ---

ਚਿੱਠੀ

ਚਿੱਠੀ ਸਾਡੀ ਤਾਈਂ ਬੀਬਾ ਤਾਰ ਜਾਣ ਕੇ । ਛੇਤੀ ਛੇਤੀ ਮਿਲ ਜਾ ਤੂੰ ਸਾਨੂੰ ਆਣ ਕੇ । ਜੁਗੜੇ ਨੇ ਬੀਤੇ ਤੀਆਂ ਵਿੱਚ ਨੱਚਿਆਂ, ਸਾਨੂੰ ਤਾੜੀ ਮਾਰ ਖਿੜ ਖਿੜ ਹੱਸਿਆਂ। ਬੁੱਲ੍ਹਾ ਉੱਤੇ ਸੌਂ ਗਈ ਚੁੱਪ ਲੰਮੀ ਤਾਣ ਕੇ ਚਿੱਠੀ - - - ਵੀਣੀ ਵਿੱਚ ਸੀ ਜੋ ਦੋ ਚਾਰ ਬਚੀਆਂ, ਵੰਗਾਂ ਉਹ ਵੀ ਲਾਹ ਕੇ ਆਲੇ ਵਿੱਚ ਰੱਖੀਆਂ । ਵੇਖਣਾ ਸੀ ਕੀ ਮੈਂ ਸ਼ਿੰਗਾਰ ਮਾਣ ਕੇ ਚਿੱਠੀ --- ਝੋਰਿਆਂ ਦੇ ਥਲਾਂ ਵਿੱਚ ਚਾਅ ਸਾਡੇ ਭੁੱਜ ਗਏ, ਥੁੜਾਂ ਦੇ ਝਨਾਅ ਵਿੱਚ ਹਾਸੇ ਸਾਡੇ ਡੁੱਬ ਗਏ । ਅੱਖਾਂ ਨਾਲ ਵੇਖ ਜਾ ਤੂੰ ਖੁਦ ਆਣ ਕੇ ਚਿੱਠੀ - -- ਨੈਣਾਂ ਨੂੰ ਉਡੀਕ ਵਾਲਾ ਨਾਗ ਜਦ ਲੜਿਆ, ਅੰਗ ਅੰਗ ਬਿਰਹੋਂ ਦਾ ਜ਼ਹਿਰ ਫਿਰ ਚੜਿਆ । ਮੌਤ ਫਿਰੇ ‘ਮੰਗਲਾ’ ਵੇ ਪੱਕੀ ਠਾਣ ਕੇ ਚਿੱਠੀ ---

ਵੰਝਲੀ

ਮੈਨੂੰ ਲਗਨੈਂ ਜਾਨ ਤੋਂ ਪਿਆਰਾ, ਵੇ ਵੰਝਲੀ ਵਜਾਉਣ ਵਾਲਿਆ । ਤੱਕਾਂ ਤੇਰੇ ਵਿੱਚੋਂ ਰੱਬ ਦਾ ਨਜ਼ਾਰਾ, ਵੇ ਵੰਝਲੀ ਵਜਾਉਣ ਵਾਲਿਆ । ਵੰਝਲੀ ਨੇ ਲਿਆ ਡਾਕਾ ਦਿਲ ਉੱਤੇ ਮਾਰ ਵੇ, ਸੁੱਖ ਚੈਨ ਲੁੱਟੇ ਨਾਲੇ ਲੁੱਟਿਆ ਕਰਾਰ ਵੇ । ਸਾਡਾ ਚੱਲਿਆ ਨਾ ਕੋਈ ਚਾਰਾ ਵੇ ਵੰਝਲੀ --- ਵੰਝਲੀ ਦੇ ਬੋਲ ਇੰਝ ਦਿਲ ਵਿੱਚ ਲਹਿ ਗਏ, ਸੁੱਧ ਬੁੱਧ ਅਪਣੀ ਗਵਾ ਕੇ ਅਸੀਂ ਬਹਿ ਗਏ । ਤਾਹੀਂਓਂ ਆਖਦਾ ਏ ਝੱਲੀ ਜੱਗ ਸਾਰਾ ਵੇ ਵੰਝਲੀ --- ਇਹ ਗਲ ਚੰਨਾਂ ਸਾਰਾ ਜਾਣਦਾ ਜਹਾਨ ਵੇ, ਤੇਰੀ ਵੰਝਲੀ 'ਚ ਸਾਡੀ ਅਟਕੀ ਏ ਜਾਨ ਵੇ । ਤੂੰਹੀਂਓਂ ਇੱਕੋ ਇੱਕ ਦਿਲ ਦਾ ਸਹਾਰਾ । ਵੇ ਵੰਝਲੀ - - - ਵੰਝਲੀ 'ਤੇ ਤਾਨ ਕੋਈ ਜਦ ਤੂੰ ਅਲਾਪਦਾ, 'ਮੰਗਲ' ਬੁਲਾਵੇ ਖੌਰੇ ਇੰਝ ਮੈਨੂੰ ਜਾਪਦਾ । ਡੋਲੇ ਦਿਲ ਵਾਲਾ ਤਖ਼ਤ ਹਜ਼ਾਰਾ ਵੇ ਵੰਝਲੀ ---

ਲੱਖ ਮਿੰਨਤਾਂ ਕਰਕੇ

ਅਸਾਂ ਰੁੱਸਿਆ ਯਾਰ ਮਨਾਇਆ ਏ, ਲੱਖ ਮਿੰਨਤਾਂ ਕਰਕੇ । ਮੁੱਲ ਮਿੰਨਤਾ ਦਾ ਪੁਆਇਆ ਏ, ਲੱਖ ਮਿੰਨਤਾਂ ਕਰਕੇ । ਗੁੱਸੇ ਦੇ ਵਿੱਚ ਪੁੰਨਣ ਮੈਨੂੰ ਛੱਡ ਚਲਿਆ ਸੀ ਕੱਲੀ, ਸੱਸੀ ਵਾਂਗੂ ਪੈੜ ਢੁਡੇਂਦੀ ਹੋ ਜਾਂਦੀ ਮੈਂ ਝੱਲੀ । ਮਸਾਂ ਡਾਚੀਓਂ ਲਾਹ ਬਹਾਇਆ ਏ ਲੱਖ ਮਿੰਨਤਾਂ --- ਨਿੱਕੀ ਨਿੱਕੀ ਗੱਲ ਤੇ ਅੜੀਓ ਢੋਲ ਕਰੇਂਦਾ ਝੇੜਾ, ਵਾਂਗ ਸ਼ਰੀਕਣਾਂ ਲਾਵੇ ਆਢਾ ਵਾਰੇ ਆਵੇ ਕਿਹੜਾ । ਅਸਾਂ ਨਿੱਤ ਦਾ ਝੇੜਾ ਮਕਾਇਆ ਏ ਲੱਖ ਮਿੰਨਤਾਂ - - - ਮੈਂ ਹਾਂ ਉਦ੍ਹੀ ਹੀਰ ਸਲੇਟੀ ਤੇ ਉਹ ਰਾਂਝਣ ਮੇਰਾ, ਬਾਝ ਉਦ੍ਹੇ ਨਾ ਬੇਲੇ ਰੌਣਕ ਸੁੰਨਾ ਚਾਰ ਚੁਫੇਰਾ । ਉਦ੍ਹਾ ਬੇਲੀਂ ਪੈਰ ਪੁਆਇਆ ਏ ਲੱਖ ਮਿੰਨਤਾਂ - - - ਮਹਿੰਦੀ ਵਾਲੇ ਹੱਥ ਮੈਂ ਜੋੜੇ ਨਾਲੇ ਹਾੜੇ ਕੱਢੇ, ਪਰ ‘ਮੰਗਲ’ ਨੇ ਚੁੱਪ ਨਾ ਤੋੜੀ ਨਾ ਹੀ ਰੋਸੇ ਛੱਡੇ । ਉਹਨੂੰ ਬਾਲਾਂ ਵਾਂਗ ਹਸਾਇਆ ਏ ਲੱਖ ਮਿੰਨਤਾਂ - - -

ਮਹਿੰਦੀ

ਜੇ ਮੈਂ ਯਾਰ ਦੇ ਜਾਵਾਂ ਤਾਂ ਮੇਰੀ ਮਹਿੰਦੀ ਲਹਿੰਦੀ। ਜੇ ਨਾ ਬੋਲ ਪੁਗਾਵਾਂ ਤਾਂ ਮੇਰੀ ਗੱਲ ਨਾ ਰਹਿੰਦੀ। ਜੇ ਮੈਂ - - - ਇਸ਼ਕ ਤੇਰੇ ਦਾ ਸੂਰਜ ਅੜਿਆ, ਜਦ ਦਾ ਦਿਲ ਦੇ ਵਿਹੜੇ ਚੜਿਆ । ਤੋਰ ਮੇਰੀ ਹੋਈ ਮਸਤਾਨੀ, ਮੱਚਲੀ ਰਹਿੰਦੀ ਸ਼ੋਖ਼ ਜਵਾਨੀ । ਵਿੱਚ ਉਡੀਕ ਦੇ ਤੇਰੀ ਵੇ ਮੈਂ ਬਣ ਬਣ ਬਹਿੰਦੀ ਜੇ ਮੈਂ --- ਮੱਲ ਮੱਲ ਮੇਰੀਆਂ ਰਾਹਾਂ ਬਹਿੰਦੇ, ਲੋਕੀਂ ਬਿੜਕਾਂ ਲੈਂਦੇ ਰਹਿੰਦੇ । ਪਿਆਰ ਦਾ ਵੈਰੀ ਕੁਲ ਜ਼ਮਾਨਾ, ਔਖਾ ਹੋਇਆ ਕੌਲ ਨਿਭਾਣਾ । ਜਾਵਾਂ ਕਿ ਨਾ ਜਾਵਾਂ ਮੇਰੀ ਸਮਝ ਨਾ ਪੈਂਦੀ ਜੇ ਮੈਂ --- ਇਕ ਪਾਸੇ ਹੈ ਆਲਮ ਸਾਰਾ, ਦੂਜੇ ਪਾਸੇ ਯਾਰ ਪਿਆਰਾ । ਮਿਹਣੇ ਜੱਗ ਦੇ ਹੱਸ ਹੱਸ ਜਰ ਲੈ, ਯਾਰ ਨੂੰ ਜਾ ਪਰ ਰਾਜ਼ੀ ਕਰ ਲੈ । ਮੇਰੇ ਦਿਲ ਦੀ ਧੜਕਣ ਮੈਨੂੰ ਇਹੋ ਕਹਿੰਦੀ ਜੇ ਮੈਂ - - - ਲੱਖ ਮਨਾਵੇ ਇਕ ਨਾ ਮੰਨੇ, ਜਾਵਾਂ ਨੀ ਮੈਂ ਕਿਹੜੇ ਬੰਨੇ । ਹੈ ਐਸਾ ‘ਮੰਗਲ’ ਹਰਜਾਈ, ਗੱਲ ਗੱਲ ਤੇ ਕਰਦਾ ਅੜਬਾਈ । ਉਦ੍ਹੀ ਇਹ ਅੜਬਾਈ ਨੀ ਮੈਂ ਹੱਸ ਹੱਸ ਸਹਿੰਦੀ, ਜੇ ਮੈਂ - - -

ਹੱਸਦੀ ਮੈਂ ਹੱਸਦੀ

ਹੱਸਦੀ ਮੈਂ ਹੱਸਦੀ ਸੁਣ ਸੁਣ ਹਸਦੀ, ਮੁੰਡਾ ਪੁੱਛੇ ਮੇਰਾ ਨਾਂ ਨਾਲੇ ਮਿਲਣੇ ਦੀ ਥਾਂ ਦੱਸਦੀ ਮੈਂ ਦੱਸਦੀ ਮੂਲ ਨਹੀਂਓ ਦੱਸਦੀ ਹੱਸਦੀ --- ਚਿੱਠੀਆਂ ਨੀ ਚਿੱਠੀਆਂ ਸ਼ਹਿਦ ਤੋਂ ਵੀ ਮਿੱਠੀਆਂ ਸ਼ੇਅਰ ਲਿਖ ਪਿਆਰੇ ਪਿਆਰੇ ਤੋੜੇ ਅੰਬਰਾਂ ਤੋਂ ਤਾਰੇ ਸਿੱਟੀਆਂ ਨੀ ਸਿੱਟੀਆਂ ਕੰਧੋਲੀ ਤੋਂ ਦੀ ਸਿੱਟੀਆਂ ਚਿੱਠੀਆਂ --- ਮੰਗਦਾ ਨੀ ਮੰਗਦਾ ਦਿਲ ਮੈਥੋਂ ਮੰਗਦਾ ਨਾ ਉਹ ਡਰ ਮੰਨੇ ਜੱਗ ਦਾ ਤੇ ਨਾ ਡਰ ਮੰਨੇ ਰੱਬ ਦਾ ਸੰਗਦਾ ਨੀ ਸੰਗਦਾ ਭੋਰਾ ਵੀ ਨੀ ਸੰਗਦਾ ਮੰਗਦਾ --- ਕਰਦਾ ਨੀ ਕਰਦਾ ਪਿਆਰ ਮੈਨੂੰ ਕਰਦਾ ਮੁੰਡਾ ਚੌਧਵੀਂ ਦਾ ਚੰਦ ਜੀਹਦੇ ਆਈ ਮੈਂ ਪਸੰਦ ਮਰਦਾ ਨੀ ਮਰਦਾ ਮੇਰੇ ਉੱਤੇ ਮਰਦਾ ਮਰਦਾ --- ਸੁਪਨੇ ਨੂੰ ਸੁਪਨੇ ਸੱਚ ਕੀਤੇ ਉਸਨੇ ਲਿਆ ਸੱਜਣਾਂ ਨੂੰ ਪਾ ਹੋਏ ਪੂਰੇ ਸਾਰੇ ਚਾਅ ਸੁਪਨੇ ਨੀ ਸੁਪਨੇ ਸੱਚ ਹੋਏ ਸੁਪਨੇ ਸੁਪਨੇ --- ਡਰਨਾ ਕੀ ਡਰਨਾ ਜੱਗ ਤੋਂ ਕੀ ਡਰਨਾ ਜਿਹੜਾ ਜੱਗ ਤੋਂ ਡਰੂ ਪਿਆਰ ਉਹ ਕੀ ਕਰੂ ਮਰਨਾ ਨੀ ਮਰਨਾ ‘ਮੰਗਲ’ ਸੰਗ ਮਰਨਾ ਡਰਨਾ - - -

ਠੇਕਾ ਨਾਂ ਅਪਣੇ

ਪੀ ਕੇ ਨੈਣਾਂ ਵਿੱਚੋ ਘੁੱਟ ਮੁੰਡਾ ਹੋਇਆ ਐਸਾ ਗੁੱਟ ਸੌਦਾ ਜਿੱਥੋਂ ਤਕ ਮੁੱਕਦਾ ਮੁਕਾਉਣ ਨੂੰ ਫਿਰੇ, ਤੇ ਠੇਕਾ ਨਾਂ ਆਪਣੇ ਲਿਖਵਾਉਣ ਨੂੰ ਫਿਰੇ । ਨਿੱਤ ਮੀਲ ਮੀਲ ਲੰਮੇ ਮੈਨੂੰ ਖ਼ਤ ਲਿਖਦੈ, ਇਕ ਅੱਧਾ ਨਹੀਓਂ ਪੂਰੇ ਪੰਜ ਸੱਤ ਲਿਖਦੈ । ਹਾਲੇ ਖ਼ਤਾਂ ਦੀ ਗਿਣਤੀ ਉਹ ਵਧਾਉਣ ਨੂੰ ਫਿਰੇ ਠੇਕਾ --- ਨਿੱਤ ਸੈਨਤਾਂ ਦੇ ਨਾਲ ਉਹ ਸਲਾਮ ਕਰਦੈ, ਯਾਰਾਂ ਬੇਲੀਆਂ 'ਚ ਮੈਨੂੰ ਬਦਨਾਮ ਕਰਦੈ । ਢੋਲ ਲੱਗੀਆਂ ਦੇ ਚੰਦਰਾ ਵਜਾਉਣ ਨੂੰ ਫਿਰੇ ਠੇਕਾ --- ਪਹਿਲਾਂ ਆਖਦਾ ਸੀ ਅੱਖਾਂ ਮੂਹਰੇ ਵਸ ਕੁੜੀਏ, ਗੱਲ ਦਿਲ ਵਾਲੀ ਭਾਵੇਂ ਨਾ ਤੂੰ ਦੱਸ ਕੁੜੀਏ । ਹੁਣ ਦਿਲ ਵੱਟੇ ਦਿਲ ਉਹ ਵਟਾਉਣ ਨੂੰ ਫਿਰੇ ਠੇਕਾ --- ਗੱਲਾਂ ‘ਮੰਗਲ’ ਦੇ ਵਾਂਗ ਉਹ ਅਜੀਬ ਕਰਦੈ, ਨਿੱਤ ਨਵਾਂ ਹੀ ਕੋਈ ਉਹ ਮੇਰਾ ਨਾਂ ਧਰਦੈ । ਨਾਂ ਬਾਂਹ ਉੱਤੇ ਮੇਰਾ ਖੁਣਵਾਉਣ ਨੂੰ ਫਿਰੇ ਠੇਕਾ - - -

ਜਾ ਮਾਹੀਆ

ਤੇਰੇ ਨਾਲ ਨੀ ਬੋਲਣਾ ਜਾ ਮਾਹੀਆ । ਦਿੱਤੀ ਸੌ ਦੀ ਇਕ ਮੁਣਾ ਮਾਹੀਆ । ਤੂੰ ਆਖੇ ਲਗਨੇਂ ਗੈਰਾਂ ਦੇ, ਲੱਖ ਵਾਰ ਲਿਆ ਅਜਮਾ ਮਾਹੀਆ । ਨਿੱਤ ਅੱਧੀ ਰਾਤ ਘਰ ਆਵੇਂ ਵੇ, ਆਉਂਦੇ ਹੀ ਹੁਕਮ ਚਲਾਵੇਂ ਵੇ । ਇਹ ਚਾਅ ਹੈ ਇਸ ਤੱਤੜੀ ਦਾ, ਕਦੇ ਦਿਨ ਖੜੇ ਵੀ ਆ ਮਹੀਆ ਤੇਰੇ - - - ਕਦੇ ਖ਼ੁਦ ਨੂੰ ਤੂੰ ਖ਼ੁਦਾ ਸਮਝੇਂ, ਕਦੇ ਰੱਬ ਦਾ ਛੋਟਾ ਭਰਾ ਸਮਝੇਂ । ਮੈਂ ਜਾਣ ਲਿਆ, ਮੈਂ ਵੇਖ ਲਿਆ, ਨਾ ਮੈਨੂੰ ਤੂੰ ਸਮਝਾ ਮਾਹੀਆ ਤੇਰੇ - -- ਤੂੰ ਰੋਜ਼ ਪੀਣ ਦਾ ਆਦੀ ਵੇ, ਮੰਨਿਆਂ ਨਾ ਪੀਂਦਾ ਜਿਆਦੀ ਵੇ । ਕਦੇ ਇੱਕ ਗੱਲ ਮੰਨ ਕੇ ਮੇਰੀ ਵੇ ਪੈਗ ਮੇਰਿਆਂ ਨੈਣਾਂ 'ਚੋਂ ਲਾ ਮਾਹੀਆ ਤੇਰੇ - - - ਤੇਰੀ ‘ਮੰਗਲ’ ਦੇ ਨਾਲ ਯਾਰੀ ਵੇ, ਜੀਹਨੇ ਠੱਗੀ ਦੁਨੀਆਂ ਸਾਰੀ ਵੇ । ਖਹਿੜਾ ਛੱਡ ਕੇ ਉਸ ਵੈਲੀ ਦਾ, ਘਰ ਅਪਣਾ ਸੁਰਗ ਬਣਾ ਮਾਹੀਆ ਤੇਰੇ - - -

ਸਾਡਾ ਦਿਲਬਰ

ਪੀਂਘ ਦਾ ਹੁਲਾਰਾ ਏ, ਨੀ ਸਾਡਾ ਦਿਲਬਰ । ਅਰਸ਼ ਵਿਚਲਾ ਤਾਰਾ ਏ, ਨੀ ਸਾਡਾ ਦਿਲਬਰ । ਨੈਣਾਂ ਨਾਲ ਬਾਤਾਂ ਪਾਵੇ, ਹੁਸਨ ਦਾ ਦਿਲ ਧੜਕਾਵੇ । ਅੱਖੀਆਂ ਨਾਲ ਕਰੇ ਇਸ਼ਾਰੇ, ਮੈਨੂੰ ਕੁਝ ਸਮਝ ਨਾ ਆਵੇ । ਪਹਿਲੀ ਨਜ਼ਰੇ ਦਿਲ ਲੈ ਜਾਵੇ ਐਸਾ ਟੂਣੇਹਾਰਾ ਏ ਨੀ ਸਾਡਾ --- ਗੀਤਾਂ ਜਿਹੇ ਉਦ੍ਹੇ ਹਾਸੇ, ਨਜ਼ਮਾਂ ਜਿਹੇ ਨੈਣ ਪਿਆਸੇ । ਮੇਰਾ ਦਿਲ ਲੈ ਗਿਆ ਨੀ ਖੋਹ ਕੇ, ਵੇਖਾਂ ਮੈਂ ਆਸੇ ਪਾਸੇ । ਗ਼ਜ਼ਲਾਂ ਜਿਹਾ ਆਪ ਉਹ ਜਾਪੇ ਖ਼ਾਬ ਕੋਈ ਪਿਆਰਾ ਏ ਨੀ ਸਾਡਾ - - - ਯੂਸਫ਼ ਜਿਹਾ ਜ਼ਾਲਮ ਸੁਹਣਾ, ਰਾਂਝੇ ਜਿਹਾ ਮਨ ਨੂੰ ਮੁਹਣਾ । ਮਿਰਜ਼ੇ ਜਿਹਾ ਉੱਚਾ ਲੰਮਾ, ਉਦ੍ਹੇ ਜਿਹਾ ਹੋਰ ਨੀ ਹੋਣਾ । ਪੰਜ ਪਾਣੀਆਂ ਨੂੰ ਅੱਗ ਲਾਉਣਾ ਦਿਲ ਦਾ ਚਾਅ ਕੁਆਰਾ ਏ ਨੀ ਸਾਡਾ --- ਚਿਹਰੇ ਤੇ ਨੂਰ ਇਲਾਹੀ, ਕੂਕਾਂ ਮੈਂ ਮਾਹੀ ਮਾਹੀ । ‘ਮੰਗਲ’ ਜਿਹਾ ਹੋਰ ਨਾ ਕੋਈ, ਦੁਨੀਆਂ ਮੈਂ ਸਾਰੀ ਗਾਹੀ ਵਿੰਹਦੇ ਜੀਹਨੂੰ ਰੁਕ ਰੁਕ ‘ਰਾਹੀ’ ਮਹਿਕਾਂ ਦਾ ਵਣਜਾਰਾ ਏ ਨੀ ਸਾਡਾ --

ਤੇਰੀ ਆਈ ਨਾ ਵੇ ਫੇਰ ਆ

ਮੇਲੇ ਲੰਘ ਗਏ ਨੇ ਢੇਰ । ਤੇਰੀ ਆਈ ਨਾ ਵੇ ਫੇਰ । ਦੇਵੇਂ ਹਰ ਵਾਰ ਬਹਾਨਾ ਕੋਈ ਮਾਰ ਸੁਹਣਿਆ, ਦਿਲ ਕਰਦਾ ਨਹੀਂ ਤੇਰਾ ਇਤਬਾਰ ਸੁਹਣਿਆ । ਦੱਸ ਤੈਨੂੰ ਦੱਸਾਂ ਚੰਨਾਂ ਕਿਹੜੀ ਕਿਹੜੀ ਗੱਲ ਵੇ, ਝੇੜਿਆਂ 'ਚ ਜਾਣੀ ਏ ਜਵਾਨੀ ਮੇਰੀ ਢਲ ਵੇ । ਮੇਰੇ ਸਜਰੇ ਸੀ ਚਾਅ, ਹੋਏ ਸੜ ਕੇ ਸੁਆਹ, ਚਿੱਤ ਚੱਤੋ ਪਹਿਰ ਰਹਿੰਦਾ ਬੇ-ਕਰਾਰ ਸੁਹਣਿਆ ਦਿਲ ਕਰਦਾ - - - ਲਗ ਗਈ ਤੈਨੂੰ ਭੈੜੀ ਦੁਨੀਆਂ ਦੀ ਵਾਅ ਵੇ, ਹੁਣ ਕਰਦਾ ਨਾ ਤਾਹੀਂਓ ਸਾਡੀ ਢੋਲਾ ਪਰਵਾਹ ਵੇ । ਦੱਸ ਆਖੀਏ ਕੀ ਹੋਰ, ਸਾਡੀ ਤੇਰੇ ਹੱਥ ਡੋਰ, ਭਾਵੇਂ ਡੋਬ ਦੇ ਜਾਂ ਲਾ ਦੇ ਬੇੜਾ ਪਾਰ ਸੁਹਣਿਆ ਦਿਲ ਕਰਦਾ -- - ਮੰਦਾ ਚੰਗਾ ਜੋ ਵੀ ਸਾਨੂੰ ਆਖਣਾ ਈ ਆਖ ਲੈ, ਛੱਡ ਕੇ ਤੂੰ ਗੁੱਸਾ ਪਰ ਸਾਡੇ ਵੰਨੀ ਝਾਕ ਲੈ । ਮੂੰਹੋਂ ਬੋਲ ਮਿੱਠੇ ਬੋਲ, ਆਜਾ ਕਰੀਏ ਕਲੋਲ, ਵੇਖ ਤੇਰੇ ਲਈ ਕੀਤਾ ਮੈਂ ਸ਼ਿੰਗਾਰ ਸੁਹਣਿਆ ਦਿਲ ਕਰਦਾ - - - ‘ਮੰਗਲ’ ਮੈਂ ਤੇਰੀ ਭੇਤੀ ਹੋਈ ਰਗ ਰਗ ਦੀ, ਦੇਵਾਂ ਕੀ ਸਹੁੰ ਮੈਂ ਤੇਰੇ ਜਿਹੇ ਲਾਈਲਗ ਦੀ । ਨਹੀਂਓ ਕਰਨਾ ਵਿਸਾਹ, ਭਾਵੇਂ ਲੱਖ ਹਾੜੇ ਪਾ, ਇੱਕੋ ਗੱਲ ਆਖੀ ਤੈਨੂੰ ਲੱਖ ਵਾਰ ਸੁਹਣਿਆ ਦਿਲ ਕਰਦਾ ---

ਨੀ ਡੰਡੀ ਡੰਡੀ

.... .... ਝਾਂਜਰ ਤੇਰੀ ਦੀ ਛਣ ਛਣ ਸੁਣਕੇ ਧਰਤੀ ਇਉਂ ਨਸ਼ਿਆਉਂਦੀ । ਜੀਕਣ ਵੰਝਲੀ ਸੁਣ ਰਾਂਝੇ ਦੀ ਸੀ ਹੀਰ ਨੂੰ ਮਸਤੀ ਆਉਂਦੀ । ਨਾ ਨਜ਼ਰ ਕਿਤੇ ਲੱਗ ਜਾਵੇ ਨੀ ਡੰਡੀ ਡੰਡੀ - - - ਹੀਰ ਜਿਹਾ ਤੇਰਾ ਰੂਪ ਨੀ ਜੱਟੀਏ ਸ਼ੀਰੀ ਜਿਹੀ ਤੂੰ ਮਿੱਠੀ, ਧਰਤੀ ਆਖੇ, ਅੰਬਰ ਆਖੇ ਨਈ ਨਾਰ ਤੇਰੇ ਜਿਹੀ ਡਿੱਠੀ । ਅੰਬਰ ਚੰਨ ਨੂੰ ਲੂਤੀਆਂ ਲਾਵੇ ਨੀ ਡੰਡੀ ਡੰਡੀ - - -

ਨਜ਼ਰਾਂ ਮਿਲਾ ਕੇ

ਨਜ਼ਰਾਂ ਮਿਲਾ ਕੇ, ਕਦੇ ਨਜ਼ਰਾਂ ਚੁਰਾ ਕੇ, ਗੱਲ ਦਿਲ ਵਾਲੀ ਉਹ ਤਾਂ ਯਾਰੋ ਕਹਿ ਗਈ। ਪੋਲੇ ਪੈਰੀਂ ਲੰਘ ਸਾਡੇ ਨੈਣਾਂ ਦੀ ਗਲੀ 'ਚੋਂ, ਕੁੜੀ ਦਿਲ ਵਿੱਚ ਡੇਰੇ ਲਾ ਕੇ ਬਹਿ ਗਈ । ਹਾਲੇ ਮੈਂ ਉਸਦਾ ਨਾਂ ਨਹੀਂ ਪੁੱਛਿਆ, ਕਿਹੜਾ ਸ਼ਹਿਰ ਗਰਾਂ ਨਈਂ ਪੁੱਛਿਆ । ਗੁੱਸੇ ਕਿਧਰੇ ਹੋ ਨਾ ਜਾਵੇ, ਡਰਦੇ ਨੇ ਮੈਂ ਤਾਂ ਨਹੀਂ ਪੁੱਛਿਆ । ਗੱਲ ਪੁੱਛਣੀ ਪੁੱਛਾਉਣੀ ਹੁਣ ਪੈ ਗਈ ਪੋਲੇ - - - ਉਮਰ ਉਦ੍ਹੀ ਸੀ ਮਰਕੇ ਅੱਗ ਦੀ, ਫਿਰਦੀ ਸੀ ਪਰ ਦਿਲਬਰ ਲਭਦੀ। ਅੱਖ ਉਦ੍ਹੀ ਸੀ ਸਾਡੇ ਉੱਤੇ, ਅੱਖ ਉਦ੍ਹੇ ਤੇ ਸੀ ਪਰ ਜੱਗ ਦੀ । ਦੀਵਾ ਬਾਲ ਕੇ ਦੁਪਹਿਰੇ ਲੁੱਟ ਲੈ ਗਈ ਪੋਲੇ - - - ਕਾਦ੍ਹਾ ਨੇੜੇ ਹੋ ਬੈਠੇ ਹਾਂ, ਹੱਥ ਅਪਣੇ ਦਿਲ ਤੋਂ ਧੋ ਬੈਠੇ ਹਾਂ । ਖੌਰੇ ਕੀਤਾ ਕੀ ਉਸ ਜਾਦੂ, ਸੁੱਧ ਬੁੱਧ ਅਪਣੀ ਖੋਹ ਬੈਠੇ ਹਾਂ । ਯਾਰੀ ਖ਼ਾਬਾਂ ਤੇ ਖ਼ਿਆਲਾਂ ਸੰਗ ਪੈ ਗਈ ਪੋਲੇ - - - ਭਾਲ ਜੀਦ੍ਹੀ ਵਿੱਚ ਭਟਕੇ ਦਰ ਦਰ, ਮਿਲੀ ਮਲੋਟ 'ਚ ਕੁੜੀ ਉਹ ਆਖਰ । ਇਕ ਉਦ੍ਹੀ ਤਸਵੀਰ ਨੇ ਭਰਿਆ, ਸੁੰਨ-ਮ-ਸੁੰਨਾ ‘ਮੰਗਲ’ ਦਾ ਘਰ । ਹੁਣ ਹੋਰ ਕਮੀ ਨਾ ਕੋਈ ਰਹਿ ਗਈ ਪੋਲੇ - - -

ਦੱਸ ਕੁੜੀਏ

ਇਨਕਾਰ ਜਿਹਾ ਤੂੰ ਇਕਰਾਰ ਕਰਦੀ, ਦੱਸ ਕੁੜੀਏ ਨੀ ਤੇਰੀ ਕੀ ਏ ਮਰਜੀ । ਲੱਖ ਤੂੰ ਲੁਕਾ ਸਾਥੋਂ ਦਿਲ ਵਾਲੀ ਬਾਤ, ਅੱਖੀਆਂ ਚੋਂ ਡੁੱਲ੍ਹ ਡੁੱਲ੍ਹ ਪੈਣ ਜਜ਼ਬਾਤ । ਚਾਨਣੀ ਜਿਓਂ ਹੋਵੇ ਬੱਦਲਾਂ 'ਚੋਂ ਝਰਦੀ ਦੱਸ ਕੁੜੀਏ - -- ਏਸ ਉਮਰੇ ਹੈ ਹੁੰਦੀ ਹਾਣ ਦੀ ਤਲਾਸ਼, ਅਜ਼ਲਾਂ ਤੋਂ ਸੁੱਤੀ ਪਈ ਜਾਗਦੀ ਪਿਆਸ । ਸੁਪਨ-ਖੂਹਾਂ ਤੋਂ ਜਿੰਦ ਪਾਣੀ ਭਰਦੀ ਦੱਸ ਕੁੜੀਏ --- ਮੁੱਖ ਹੁੰਦਾ ਸ਼ੀਸ਼ਾ ਕਹਿੰਦੇ ਦਿਲ ਦਾ ਜਨਾਬ, ਪੜ੍ਹ ਲਈਏ ਅਸਾਂ ਤੇਰੇ ਮੁੱਖ ਦੀ ਕਿਤਾਬ । ਤੇਰੇ ਸੀਨੇ ਪਿਆਰ ਵਾਲੀ ਘਟ ਵਰ੍ਹਦੀ ਦੱਸ ਕੁੜੀਏ - - - ਕੋਲ ਜੇ ਆਈਏ ਹੋਵੇਂ ਸੰਗ ਨਾਲ ਲਾਲ, ਦੂਰ ਜੇ ਜਾਈਏ ਹੋਵੇਂ ਹਾਲੋਂ ਤੂੰ ਬੇਹਾਲ । ਮੁੱਖ ਉੱਤੇ ਲਾਲੀ ਕਦੇ ਆਵੇ ਜਰਦੀ ਦੱਸ ਕੁੜੀਏ - - -

ਇੱਕ ਕੁੜੀ ਗਈ ਭਾਅ

ਯਾਰੋ ਕਾਦ੍ਹਾ ਹੈ ਲੁਕਾਅ ਇੱਕ ਕੁੜੀ ਗਈ ਭਾਅ ਤਾਹੀਓਂ ਧਰਤੀ ਤੇ ਲਗਦੇ ਨਾ ਪੱਬ ਨੇ, ਸਾਡੀ ਨੇੜੇ ਹੋ ਕੇ ਸੁਣੀ ਅੱਜ ਰੱਬ ਨੇ । ਤਕਦੇ ਹੀ ਉਹਨੂੰ ਖੁਸ਼ ਹੋਇਆ ਸਾਡਾ ਮਨ ਸੀ, ਜਦੋਂ ਉਹਨੂੰ ਮਿਲੇ ਹੋਈ ਰੂਹ ਪ੍ਰਸੰਨ ਸੀ । ਜਦੋਂ ਤੁਰੂ ਸਾਡੇ ਨਾਲ, ਹੋਣੀ ਖੁਸ਼ੀ ਨਾ ਸੰਭਾਲ । ਕਦ ਇਹੋ ਜਿਹੇ ਜੁੜਨੇ ਸਬੱਬ ਨੇ ਸਾਡੀ --- ਸਾਡੇ ਦਿਲ ਵਿੱਚ ਕੀਤਾ ਉਹਨੇ ਇੰਝ ਪ੍ਰਵੇਸ਼, ਜਿਵੇਂ ਸ਼ਹਿਰ ਵਿੱਚ ਆਇਆ ਹੋਵੇ ਕੋਈ ਦਰਵੇਸ਼ । ਸਾਰੇ ਫੈਲ ਗਈ ਏ ਗੱਲ, ਵੇਖੋ ਲੱਗਿਆ ਨਾ ਪਲ । ਨਾਲੇ ਢੋਲ ਤੇ ਨਗਾਰੇ ਗਏ ਵੱਜ ਨੇ ਸਾਡੀ --- ਤੱਕ ਉਹਨੂੰ ਹੋਏ ਸਾਡੇ ਸੁਪਨੇ ਸੰਧੂਰੀ, ਨਾਲੇ ਪਲਾਂ ਵਿੱਚ ਮੁੱਕੀ ਸਾਡੀ ਉਮਰਾਂ ਦੀ ਦੂਰੀ । ਦਿਲ ਇੱਕ ਮਿਕ ਹੋਏ, ਮੋਤੀ ਪਿਆਰ ਦੇ ਪਰੋਏ । ਬੁਝੇ ਖੁਸ਼ੀਆਂ ਦੇ ਦੀਵੇ ਪਏ ਜਗ ਨੇ ਸਾਡੀ - - - ਉਦ੍ਹੇ ਨੈਣਾਂ ਵਿਚੋਂ ਮਿਲੀ ਜਦ ਲੰਘਣੇ ਨੂੰ ਥਾਂ, ਮੈਂ ਤਾਂ ਝਟ ਗੁੰਮ ਹੋਇਆ ਉਦ੍ਹੇ ਦਿਲ ਦੇ ਗਰਾਂ । ਨਾ ਮੈਂ ਭਾਲੇ ਤੋਂ ਥਿਆਇਆ, ਰੌਲਾ ‘ਮੰਗਲ’ ਨੇ ਪਾਇਆ । ਉਦ੍ਹੇ ਯਾਰ ਬੇਲੀ ਰਹੇ ਉਹਨੂੰ ਲੱਭ ਨੇ ਸਾਡੀ ---

ਹੱਕਦਾਰ ਕੁੜੀਏ

ਭਾਵੇਂ ਅਜ ਬਣ ਜਾਂ, ਭਾਵੇਂ ਕੱਲ ਬਣ ਜਾਂ, ਜਾਂ ਠਹਿਰ ਕੇ ਬਣਾਂ ਦਿਨ ਚਾਰ ਕੁੜੀਏ ਤੇਰੇ ਦਿਲ ਦਾ ਬਣੂੰ ਮੈਂ ਹੀ ਹੱਕਦਾਰ ਕੁੜੀਏ । ਅੱਖੀਆਂ ਵਿਹੜੇ, ਗਿੱਧਾ ਪਾਵਣ, ਤੇਰੇ ਦਿਲ ਦਾ, ਹਾਲ ਸੁਨਾਵਣ । ਖ਼ਾਬ ਹੁਣੇ ਹੀ ਜੋ ਹੋਏ ਨੇ ਉਡਾਰ ਕੁੜੀਏ ਤੇਰੇ ਦਿਲ - - - ਅੱਜ ਪੱਤਝੜ, ਕੱਲ ਬਹਾਰ ਵੀ ਆਊ, ਗੁੱਸਾ ਆਉਂਦੈ, ਪਿਆਰ ਵੀ ਆਊ । ਦਿਨ ਰਹਿੰਦੇ ਨਹੀਂਓ ਸਦਾ ਇਕ ਸਾਰ ਕੁੜੀਏ ਤੇਰੇ ਦਿਲ - - - ਜਿਹੜਾ ਅੰਗ ਅੰਗ, ਨੂੰ ਨਸ਼ਿਆਵੇ, ਬਿਨ ਖੰਭਾਂ ਦੇ, ਉੱਡਣ ਲਾਵੇ । ਤੇਰੀ ਅੱਖੀਆਂ ਦਾ ਬਣਾ ਉਹ ਖ਼ੁਮਾਰ ਕੁੜੀਏ ਤੇਰੇ ਦਿਲ - - - ਗਲੀਆਂ ਦੇ ਪਏ, ਕੱਖ ਉਡੀਕਣ, ਰੌਣਕਾਂ ਤੈਨੂੰ, ਵੱਖ ਉਡੀਕਣ । ਗੇੜਾ ਯਾਰ ਦੀ ਗਲੀ ਵੀ ਕਦੇ ਮਾਰ ਕੁੜੀਏ ਤੇਰੇ ਦਿਲ --- ਤੇਰੇ ਦਿਲ ਦੀ, ਮੈਂ ਹਾਂ ਧੜਕਣ, ਕੀ ਕਹਿੰਦੀ ਹੈ, ਸੁਣ ਖਾਂ ਧੜਕਣ । ਕਹਿੰਦੀ ‘ਮੰਗਲ’ ਨੂੰ ਕਰ ਲੈ ਤੂੰ ਪਿਆਰ ਕੁੜੀਏ, ਤੇਰੇ ਦਿਲ - - -

ਵਾਹ ਸੱਜਣਾ !

ਵਾਹ ਸੱਜਣਾ ! ਓ ਵਾਹ ਸੱਜਣਾ ! ਤੈਨੂੰ ਲੱਗ ਗਈ ਐ ਉੱਚੜੀ ਹਵਾ ਸੱਜਣਾ । ਤੈਨੂੰ ਗੈਰਾਂ ਲਿਆ ਮੋਹ, ਕਿਸੇ ਦਿੱਤੀ ਕੰਨਸੋਅ, ਤਾਹੀਂਓ ਕਰਦਾ ਨਾ ਸਾਡੀ ਪਰਵਾਹ ਸੱਜਣਾ । ਅੰਬਰਾਂ ਨੂੰ ਲਾਉਣ ਲਗ ਪਿਐਂ ਟਾਕੀਆਂ, ਸਮਝ ਨਾ ਆਉਣ ਤੇਰੀਆਂ ਚਲਾਕੀਆਂ । ਤੇਰੇ ਦਿਲ ਵਿੱਚ ਚੋਰ, ਤਾਹੀਂਓ ਗੱਲਾਂ ਕਰੇਂ ਹੋਰ, ਸੋਨੇ ਚਾਂਦੀ ਵਾਲਾ ਦੱਸਦਾ ਏ ਭਾਅ ਸੱਜਣਾ । ਵਾਹ ਸੱਜਣਾ --- ਇਸ਼ਕੇ ਦੇ ਸਾਰੇ ਦਸਤੂਰ ਭੁੱਲਿਆ, ਕਿਹੜੇ ਨਸ਼ੇ ਵਿੱਚ ਹੋ ਕੇ ਚੂਰ ਭੁੱਲਿਆ । ਵੇ ਤੂੰ ਬਹਿ ਗੈਰਾਂ ਸੰਗ, ਨਵੇਂ ਸਿੱਖ ਲਏ ਨੇ ਢੰਗ, ਤੈਥੋਂ ਸਾਂਭੇ ਨਹੀਂਓ ਜਾਂਦੇ ਤੇਰੇ ਚਾਅ ਸੱਜਣਾ । ਵਾਹ ਸੱਜਣਾ --- ਹੱਸਦੇ ਕੀਹਤੋਂ ਤੂੰ ਰੁਆਉਣ ਸਿੱਖਿਆ, ਜ਼ਖ਼ਮਾਂ ਤੇ ਕੀਹਤੋਂ ਲੂਣ ਪਾਉਣ ਸਿੱਖਿਆ । ਹੁਣ ਝੂਠੀ ਮੂਠੀ ਹੱਸੇਂ, ਗੱਲ ਦਿਲ ਦੀ ਨਾ ਦੱਸੇਂ, ਸਾਥੋਂ ਰੱਖਦਾ ਏ ਹੁਣ ਤੂੰ ਲੁਕਾ ਸੱਜਣਾ । ਵਾਹ ਸੱਜਣਾ --- ‘ਗਿੱਦੜਬਾਹਾ’ ਛੱਡ ਲਾਏ ਦਿੱਲੀ ਡੇਰੇ ਨੇ, ‘ਮੰਗਲ’ ਗਰੀਬ ਜਿਹੇ ਨਾ ਚੇਤੇ ਤੇਰੇ ਨੇ । ਤੇਰੇ ਨਾਂ ਵਾਲੀ ਗੁੱਡੀ, ਉੱਚੀ ਅੰਬਰਾਂ 'ਚ ਉੱਡੀ, ਤੈਨੂੰ ਸ਼ੁਹਰਤਾਂ ਨੇ ਲਿਆ ਭਰਮਾ ਸੱਜਣਾ । ਵਾਹ ਸੱਜਣਾ - - -

ਹੋ ਗਿਆ ਹੈ ਪਿਆਰ ਸੁਹਣਿਓ

ਦੱਸੇ ਅੱਖੀਆਂ ਦਾ ਅਜਬ ਖੁਮਾਰ ਸੁਹਣਿਓ । ਥੋਨੂੰ ਕਿਸੇ ਨਾਲ ਹੋ ਗਿਆ ਹੈ ਪਿਆਰ ਸੁਹਣਿਓ । ਕੋਠੇ ਉਤੇ ਚੜ੍ਹ, ਕਦੇ ਦਰਾਂ 'ਚ ਖਲੋ ਕੇ, ਤਕਦੇ ਓਂ ਕੀਹਨੂੰ ਤੁਸੀਂ ਅੱਧਾ ਬੂਹਾ ਢੋਅ ਕੇ । ਕੋਈ ਗਲੀ ਵਿੱਚ ਦਿਸੇ ਵਾਰ ਵਾਰ ਸੁਹਣਿਓ ਥੋਨੂੰ --- ਖ਼ਾਬਾਂ ਦਿਆਂ ਅੰਬਰਾਂ ਤੇ ਭੌਣ ਲਗ ਪਏ ਓ, ਲੁਕ ਲੁਕ ਹੱਸਣ ਤੇ ਰੋਣ ਲੱਗ ਪਏ ਓ । ਰਿਹਾ ਦਿਲ ਤੇ ਵੀ ਨਾ ਅਖ਼ਤਿਆਰ ਸੁਹਣਿਓ ਥੋਨੂੰ --- ਹੋ ਗਈ ਹੈ ਗੱਲ ਹੁਣ ਹੋਰ ਹੀ ਜਨਾਬ ਦੀ, ਪਹਿਲਾਂ ਨਾਲੋਂ ਵੱਖਰੀ ਹੈ ਤੋਰ ਵੀ ਜਨਾਬ ਦੀ । ਨਾਜ਼ ਨਖ਼ਰੇ ਵੀ ਹੋ ਗਏ ਨੇ ਉਡਾਰ ਸੁਹਣਿਓ ਥੋਨੂੰ - - - ‘ਮਲੋਟ’ ਵਿੱਚ ਉਦ੍ਹਾ ਕੋਈ ਨਾਮ ਨਹੀਂਓ ਜਾਣਦਾ, ‘ਮੰਗਲ ਮਦਾਨ’ ਦਾ ਮੁਕਾਮ, ਨਹੀਂਓ ਜਾਣਦਾ। ਦੱਸੋ ਬੰਬੇ ਤੀਕ ਜੀਦ੍ਹੀ ਜੈ ਜੈਕਾਰ ਸੁਹਣਿਓ ਥੋਨੂੰ - - -

ਸੱਚ ਕਹੀਏ ਕੁੜੀਏ

ਜੇ ਇਸ਼ਕ ਦੀ ਬਾਜ਼ੀ ਹਰ ਜਾਂਦੇ, ਚਾਅ ਦਿਲ ਦੇ ਦਿਲ ਵਿੱਚ ਮਰ ਜਾਂਦੇ, ਅਸੀਂ ਕੂਚ ਚਲਾਣਾ ਕਰ ਜਾਂਦੇ, ਗੱਲ ਸੱਚ ਕਹੀਏ ਕੁੜੀਏ । ਇੱਕ ਪਿਆਰ ਤੇਰੇ ਦੇ ਸਦਕਾ ਇਹ ਜਿੰਦ ਬਚ ਗਈਏ ਕੁੜੀਏ । ਤੇਰੀ ਦਿੱਖ ਨਿਆਰੀ ਸਭ ਤੋਂ, ਸਾਥ ਤੇਰਾ ਮੈਂ ਮੰਗਿਆ ਰੱਬ ਤੋਂ, ਵੇਖ ਨਾ ਹੁੰਦਾ ਚੰਦਰੇ ਜੱਗ ਤੋਂ, ਗੱਲ ਸੱਚ ਕਹੀਏ ਕੁੜੀਏ ਇੱਕ - - - ਪਿਆਰ ਤੇਰੇ ਨੇ ਨਿਡਰ ਬਣਾ ’ਤਾ, ਜ਼ਿੰਦਗੀ ਜਿਉਣ ਦਾ ਵੱਲ ਸਿਖਾ 'ਤਾ, ਦਿਲ ਦਾ ਉਜੜਿਆ ਘਰ ਵਸਾ ’ਤਾ, ਗੱਲ ਸੱਚ ਕਹੀਏ ਕੁੜੀਏ ਇੱਕ --- ਜਿੱਦ ਆਪਾਂ ਜੋ ਫੜੀ ਤਾਰ ਗਈ, ਬਾਲਾਂ ਵਰਗੀ ਅੜੀ ਤਾਰ ਗਈ, ਖ਼ੌਰੇ ਕਿਹੜੀ ਘੜੀ ਤਾਰ ਗਈ, ਗੱਲ ਸੱਚ ਕਹੀਏ ਕੁੜੀਏ ਇੱਕ - - - ਕੁੱਲ ਦੁਨੀਆਂ ਸਮਝਾ ਕੇ ਮੁੜ ਗਈ, ਜ਼ੋਰ ਅੱਡੀਆਂ ਤੱਕ ਲਾ ਕੇ ਮੁੜ ਗਈ, ਮੌਤ ਵੀ ਦਰ ਤੋਂ ਆ ਕੇ ਮੁੜ ਗਈ, ਗੱਲ ਸੱਚ ਕਹੀਏ ਕੁੜੀਏ ਇੱਕ ---

ਰੱਬ ਖ਼ੈਰ ਕਰੇ

ਦਿਨ ਅੱਲ੍ਹੜਪੁਣੇ ਦੇ ਗਏ ਆ, ਹਾਇ ਨੀ ਰੱਬ ਖ਼ੈਰ ਕਰੇ, ਖ਼ੈਰ ਕਰੇ, ਖ਼ੈਰ ਕਰੇ ਹਾਇ ਨੀ ਰੱਬ ਖ਼ੈਰ ਕਰੇ । ਜਿਸ ਥਾਂ ਖੜੇ ਲੱਗੇ ਥਾਂ ਉਹ ਭਰਿਆ, ਆਖਰਾਂ ਦਾ ਹਾਏ ਨੀ ਤੈਨੂੰ ਰੂਪ ਚੜ੍ਹਿਆ । ਚੰਨ ਵੇਖ ਵੇਖ ਭਰੇ ਠੰਡੇ ਸਾਹ ਹਾਇ ਨੀ --- ਕੱਚੇ ਦੁੱਧ ਜਿਹੀ ਆਵੇ ਤੇਰੇ ਵਿੱਚੋਂ ਮਹਿਕ ਨੀ, ਸੰਦਲੀ ਜਵਾਨੀ ਰਹੀ ਫੁੱਲ ਵਾਂਗੂੰ ਟਹਿਕ ਨੀ । ਅੱਖਾਂ ਤੇਰੀਆਂ 'ਚ ਵਹਿੰਦਾ ਏ ਝਨਾ ਹਾਇ ਨੀ --- ਪੀਂਘ ਦੇ ਹੁਲਾਰੇ ਜਿਹੇ ਹਾਸੇ ਤੇਰੇ ਗੋਰੀਏ, ਸਰੂ ਜਿਹਾ ਕੱਦ ਤੇਰਾ ਗੰਨੇ ਦੀਏ ਪੋਰੀਏ । ਤੋਰ ਤੇਰੀ ਜਿਉਂ ਪੁਰੇ ਦੀ ਹਵਾ ਹਾਇ ਨੀ ---

ਰੁੱਤਾਂ ਗਈਆਂ, ਰੁੱਤਾਂ ਆਈਆਂ

ਰੁੱਤਾਂ ਗਈਆਂ, ਰੁੱਤਾਂ ਆਈਆਂ, ਰੂਪ ਉਦ੍ਹੇ ਨੂੰ ਛੋਹ ਨਾ ਪਾਈਆਂ । ਉਹ ਸਾਵੇਂ ਦਾ ਸਾਵਾਂ ਫੁੱਲ ਤਾਂ ਬਥੇਰੇ ਮਿੱਤਰੋ, ਪਰ ਉਦ੍ਹੇ ਜਿਹਾ ਟਾਵਾਂ ਟਾਵਾਂ । ਅੱਖੀਆਂ ਦੇ ਵਿੱਚ ਅਜਬ ਖ਼ੁਮਾਰੀ, ਤੱਕਣੀ ਉਸਦੀ ਉਸਤੋਂ ਪਿਆਰੀ । ਕੀ ਕੀ ਸਿਫ਼ਤ ਸੁਣਾਵਾਂ ਫੁੱਲ --- ਜਿਸ ਥਾਂ ਵੀ ਉਹ ਉੱਠਦੀ ਬਹਿੰਦੀ, ਰੌਣਕ ਉਸਦੇ ਨਾਲ ਹੈ ਰਹਿੰਦੀ। ਹਾਸਿਆਂ ਦਾ ਉਹ ਸਿਰਨਾਵਾਂ ਫੁੱਲ --- ਜਿਸਦੀ ਜ਼ਿੰਦਗੀ ਦਾ ਉਹ ਗਹਿਣਾ, ਉਸਦੀ ਕਿਸਮਤ ਦਾ ਕੀ ਕਹਿਣਾ । ਉਸਤੋਂ ਸਦਕੇ ਜਾਵਾਂ ਫੁੱਲ --- ‘ਮੰਗਲਾ’ ਇੱਕੋ ਰੀਝ ਹੈ ਮੇਰੀ, ਰੱਬ ਕਰੇ ਉਦੀ ਉਮਰ ਲੰਮੇਰੀ । ਹੋਰ ਨਾ ਕੁਝ ਵੀ ਚਾਹਵਾਂ ਫੁੱਲ ---

ਹੀਰ ਦੇ ਦੀਦਾਰ ਬਦਲੇ

ਰਾਂਝੇ ਜੱਟ ਨੇ ਕੰਨ ਪੜਵਾਏ, ਹੀਰ ਦੇ ਦੀਦਾਰ ਬਦਲੇ । ਡੇਰੇ ਨਾਥ ਦੇ ਟਿੱਲੇ ਤੇ ਜਾ ਲਾਏ, ਹੀਰ ਦੇ ਦੀਦਾਰ ਬਦਲੇ । ਵੰਝਲੀ ਦੀ ਥਾਂ ਰਾਂਝੇ ਫੜ ਲਿਆ ਕਾਸਾ, ਲੈ ਲਿਆ ਜੋਗ ਤੋੜ ਜੱਗ ਨਾਲੋਂ ਨਾਤਾ। ਸਾਰੇ ਸੁੱਖ ਤੇ ਆਰਾਮ ਭੁਲਾਏ ਹੀਰ ਦੇ - - - ਹੀਰ ਦੀ ਜੁਦਾਈ ਰੱਤ ਰਾਂਝੇ ਦਾ ਨਿਚੋੜਿਆ, ਲੋਕਾਂ ਦਿਆਂ ਮਿਹਣਿਆਂ ਨੇ ਟਿੱਲੇ ਵੱਲ ਤੋਰਿਆ । ਹੰਝੂ ਅੱਖੀਆਂ 'ਚ ਮਾਰ ਮੁਕਾਏ ਹੀਰ ਦੇ - - - ਭਰ ਗਿਆ ਦਿਲ ਉਹਦਾ ਚੰਦਰੇ ਜਹਾਨ ਤੋਂ, ਕਰ ਦਿੱਤਾ ਵੱਖ ਲੋਕਾਂ ਉਹਨੂੰ ਉਹਦੀ ਜਾਨ ਤੋਂ । ਕਿਹੜਾ ਸੱਜਣਾਂ ਦੇ ਮੇਲ ਕਰਾਏ ਹੀਰ ਦੇ - - - ਗਲ ਗਾਨੀ, ਕੰਨੀ ਮੁੰਦਰਾਂ ਭਗਵਾਂ ਪਾ ਕੇ ਬਾਣਾ, ਸ਼ਾਹ ਹੁਸੈਨ ਜਾਪੇ ਹਾਏ ! ‘ਮੰਗਲ’ ਫ਼ਕੀਰ ਨਿਮਾਣਾ । ਜਾ ਕੇ ਦਰ ਦਰ ਅਲਖ ਜਗਾਏ ਹੀਰ ਦੇ -- -- -

ਕੁੜੀ ਲੱਛੀਏ

ਗਿਲੇ ਸ਼ਿਕਵੇ ਭੁਲਾ ਕੇ, ਹੱਥ ਹੱਥਾਂ ਵਿੱਚ ਪਾ ਕੇ, ਹੋ ਕੇ ਯਾਰ ਬੇਲੀ 'ਕੱਠੇ ਢੱਗਾ ਢੋਲ ਉੱਤੇ ਲਾ ਕੇ ਤੂੰ ਵੀ ਨੱਚ ਲੈ ਪਤੰਗ ਜਿਹੀ ਕੁੜੀ ਲੱਛੀਏ, ਆਪਾਂ ਸਾਰੇ ਨੱਚੀਏ ਬਈ ਸ਼ਾਵਾ ਨੱਚੀਏ । ਇਹ ਗੱਲ ਆਖੇ ਆਲਮ ਸਾਰਾ ਮੈਂ ਆਖਾ ਨਾ ਤੂੰ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ । ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ਬੋਲੀ ਬੋਲੀ ਉੱਤੇ ਪਾ ਕੇ, ਨੀ ਤੂੰ ਨਖ਼ਰਾ ਵਿਖਾ ਕੇ, ਨੀ ਤੂੰ ਚੋਬਰਾਂ ਨੂੰ ਕਰਤਾ ਮਲੰਗ ਜੱਟੀਏ ਨੀ ਕੁੜੀ ਲੱਛੀਏ --- ਡਾਂਸ ਡਾਂਸ ਤੂੰ ਕਰੇ ਸੌਂਕਣੇ ਡਿਸਕੋ ਫੇਵਰਿਟ ਤੇਰਾ, ਅੱਜ ਗਿੱਧਿਆਂ ਦੀ ਰਾਣੀ ਬਣਕੇ ਦੇ ਦੇ ਸ਼ੌਕ ਦਾ ਗੇੜਾ ਧੁੱਪ ਵਿੱਚ ਤੂੰ ਨੱਚਦੀ ਮੱਚੇ ਕਾਲਜਾ ਮੇਰਾ ਬਰੇਕ ਡਾਂਸ ਭੁਲਾ ਕੇ, ਖੂੰਜੇ ਡਿਸਕੋ ਨੂੰ ਲਾ ਕੇ, ਪਾ ਲੈ ਦੇਸੀ ਪਹਿਰਾਵਾ ਮਾਝੇ ਦੀਏ ਜੱਟੀਏ ਨੀ ਕੁੜੀ ਲੱਛੀਏ --- ਸਦਾ ਨਾ ਬਾਗ਼ੀ ਬੁਲਬੁਲ ਬੋਲੇ ਸਦਾ ਨਾ ਬਾਗ਼ ਬਹਾਰਾਂ, ਨੱਚਦੇ ਗਾਉਂਦੇ ਸੁਹਣੇ ਲੱਗਦੇ ਗੱਭਰੂ ਤੇ ਮੁਟਿਆਰਾਂ । ਰਲ ਮਿਲ ਆਓ ਨੱਚੀਏ, ਨੱਚੀਏ ਬਣ ਬਣ ਡਾਰਾਂ ਅੱਜ ਢੋਲੇ ਦੀਆਂ ਲਾ ਕੇ, ਗੀਤ ‘ਮੰਗਲ’ ਦਾ ਗਾ ਕੇ, ਮਾਰ ਮਾਰ ਅੱਡੀ ਧਰਤੀ ਨੂੰ ਪੱਟੀਏ ਨੀ ਕੁੜੀ ਲੱਛੀਏ ---

ਭੰਗੜਾ ਪਾਓ ਮਿੱਤਰੋ

ਓ ਭੰਗੜਾ ਪਾਓ ਮਿੱਤਰੋ, ਇਹ ਦਿਨ ਰੋਜ਼ ਰੋਜ਼ ਨੀ ਆਉਣੇ । ਲੱਕ ਲਚਕਾਓ ਮਿੱਤਰੋ ਇਹ ਦਿਨ ਰੋਜ਼ ਰੋਜ਼ ਨੀ ਆਉਣੇ । ਇਹੋ ਜਿਹੇ ਦਿਨ ਯਾਰੋ ਮੰਗਿਆਂ ਨੀ ਮਿਲਦੇ, ਪੂਰੇ ਕਰ ਲਈਏ ਅੱਜ ਚਾਅ ਸਾਰੇ ਦਿਲ ਦੇ । ਬੱਕਰੇ ਬੁਲਾਓ ਮਿੱਤਰੋ ਇਹ ਦਿਨ --- ਦੂਰੋਂ ਦੂਰੋਂ ਚੱਲ ਕੇ ਤੇ ਵੇਖੋ ਆਏ ਮੇਲੀ ਨੇ, ਨਾਲੇ 'ਕੱਠੇ ਹੋਏ ਅੱਜ ਸਾਰੇ ਯਾਰ ਬੇਲੀ ਨੇ । ਪੈਗ ਟਕਰਾਓ ਮਿੱਤਰੋ ਇਹ ਦਿਨ --- ਨਸ਼ਾ ਇਕ ਵਿਆਹ ਦਾ ਦੂਜਾ ਦਾਰੂ ਦਾ ਸਰੂਰ ਏ, ਹਰ ਕੋਈ ਆਖੇ ਮੈਂ ਤਾਂ ਨੱਚਣਾ ਜ਼ਰੂਰ ਏ । ਨੋਟ ਲੁਟਾਓ ਮਿੱਤਰੋ ਇਹ ਦਿਨ --- ਨੱਚ ਨੱਚ ਹੋਇਆ ਅੱਜ ‘ਮੰਗਲ’ ਸ਼ੁਦਾਈ ਏ, ‘ਨਿੰਮੇ’ ਨੇ ਵੀ ਅੱਜ ਬਹਿਜਾ ਬਹਿਜਾ ਕਰਵਾਈ ਏ । ਸ਼ੁਕਰ ਮਨਾਓ ਮਿਤਰੋ ਇਹ ਦਿਨ ---

ਜੋਤ ਜਗਾਈਏ

ਹਰ ਸੀਨੇ ਵਿੱਚ ਦੇਸ਼ ਪਿਆਰ ਦੀ ਜੋਤ ਜਗਾਈਏ । ਆਓ ਸਾਰੇ ਦੇਸ਼ ਅਪਣੇ ਦੀ ਸ਼ਾਨ ਵਧਾਈਏ । ਸੁਪਨੇ ਜੋ ਸ਼ਹੀਦਾਂ ਦੇ ਰਹਿ ਗਏ ਅਧੂਰੇ, ਆਓ ਰਲ ਮਿਲ ਕਰ ਦੇਈਏ ਆਪਾਂ ਉਹ ਪੂਰੇ । ਫੁੱਲ ਇਹ ਸੱਚੀ ਸ਼ਰਧਾ ਦੇ ਉਹਨਾਂ ਨੂੰ ਚੜ੍ਹਾਈਏ ਹਰ ਸੀਨੇ --- ਫਾਂਸੀ ਨੂੰ ਚੁੰਮ ਕੇ ਵੀ ਜਿਨ੍ਹਾਂ ਗੀਤ ਅਜ਼ਾਦੀ ਦੇ ਗਾਏ, ਸੰਗਲ ਗੁਲਾਮੀ ਦੇ ਜਿਨ੍ਹਾਂ ਸਾਡੇ ਗਲ 'ਚੋਂ ਲਾਹੇ । ਅੱਜ ਆਪਾਂ ਰਲ ਮਿਲ ਕੇ ਗੀਤ ਉਨ੍ਹਾਂ ਦੇ ਗਾਈਏ ਹਰ ਸੀਨੇ --- ਮੰਨਿਆਂ ਅਜੇ ਦੂਰ ਏ ਮੰਜ਼ਿਲ, ਦੂਰ ਸਵੇਰਾ, ਮੰਨਿਆਂ ਰਾਹ ਏ ਔਖਾ ਡਾਢਾ, ਪੰਧ ਲੰਮੇਰਾ । ਹਿੰਮਤ ਕਰਕੇ ਦੋਸਤੋ ਇਹ ਪੰਧ ਮੁਕਾਈਏ ਹਰ ਸੀਨੇ--- ਤਨ, ਮਨ, ਧਨ ਸਭ ਦੇਸ਼ ਤੋਂ ਕਰ ਦੇਈਏ ਕੁਰਬਾਨ, ਹਿੰਦੂ, ਮੁਸਲਿਮ ਸਿੱਖ ਦੀ ਥਾਂ ਬਣੀਏ ਇਨਸਾਨ। ਹਰ ਇਕ ਨੂੰ ਮੰਗਲ ਦੀ ਇਹ ਗੱਲ ਸਮਝਾਈਏ ਹਰ ਸੀਨੇ ---

ਕੋਈ ਦੇਵੋ ਜਵਾਬ

ਪੱਤੀ ਪੱਤੀ ਪੁੱਛਦੀ ਏ ਅਮਨ ਦੇ ਗੁਲਾਬ ਦੀ, ਹਾਸੇ ਲੁੱਟੇ, ਖੁਸ਼ੀ ਲੁੱਟੀ ਕਿਸਨੇ ਪੰਜਾਬ ਦੀ । ਕੋਈ ਦੇਵੋ ਜਵਾਬ ਹਾੜਾ ਦੇਵੋ ਜਵਾਬ ‘ਬੁੱਲ੍ਹੇ ਸ਼ਾਹ’, ‘ਵਾਰਿਸ’ ਤੇ ‘ਨਾਨਕ’ ਵਿਸਾਰਿਆ, ‘ਨੂਰਪੁਰੀ’, ‘ਚਾਤ੍ਰਿਕ’ ਦੇ ਸੀਨੇ ਖੰਜਰ ਮਾਰਿਆ । ਰੂਹ ਫਿਰੇ ਵਿਲਕਦੀ ਸ਼ਰਫ਼ ਦੇ ਖ਼ਾਬ ਦੀ ਪੱਤੀ --- ਨਹੁੰਆਂ ਨਾਲੋਂ ਅੱਡ ਹੁੰਦਾ ਤੱਕਿਆ ਜਾਂ ਮਾਸ ਸੀ, ਸੱਤਲੁਜ ਰੋਇਆ, ਰੋਇਆ ਜਿਹਲਮ ਬਿਆਸ ਸੀ । ਭੁੱਲੀ ਨਾ ਜੁਦਾਈ ਅਜੇ ਰਾਵੀ ਤੇ ਚਨਾਬ ਦੀ ਪੱਤੀ --- ਤ੍ਰਿੰਝਣਾਂ ਤੇ ਬੇਲਿਆਂ 'ਚ ਛਾਈਆਂ ਨੇ ਉਦਾਸੀਆਂ, ਮੇਲਿਆਂ ਮਜ਼ਾਰਾਂ ਵਿੱਚੋਂ ਰੌਣਕਾਂ ਗਵਾਚੀਆਂ । ਹੱਥੀਂ ਤੋੜ ਦਿੱਤੀ ਬੋਤਲ ਚਾਵਾਂ ਦੀ ਸ਼ਰਾਬ ਦੀ ਪੱਤੀ - - - ਘਰ ਘਰ ਕੀਰਨੇ ਤੇ ਵੈਣ ਪਏ ਗੂੰਜਦੇ, ਖੁਸ਼ੀਆਂ ਵੰਡਾਉਣ ਵਾਲੇ ਹੰਝੂ ਕਿਉਂ ਨਹੀਂ ਪੂੰਝਦੇ । ਟੁੱਟ ਗਈ ਤਾਰ ਅੱਜ ਸਾਝਾਂ ਦੀ ਰਬਾਬ ਦੀ ਪੱਤੀ ---

ਪਿੱਪਲ ਦੇ ਪੱਤਿਆ ਵੇ

ਪਿੱਪਲ ਦੇ ਪੱਤਿਆ ਵੇ, ਚੇਤੇ ਕਰ ਕੁਰਬਾਨੀ ਨੂੰ ਸਿਰ ਆਪੇ ਹੀ ਝੁਕ ਜਾਂਦੈ ਸਰਬੰਸ ਦੇ ਦਾਨੀ ਨੂੰ । ਸਰਬੰਸ ਦੇ ਦਾਨੀ ਨੂੰ । ਪਿੱਪਲ ਦੇ ਪੱਤਿਆ ਵੇ, ਅਣਹੋਣੀਆਂ ਹੋਈਆਂ ਨੇ ਗਾਥਾ ਸੁਣ ਗੋਬਿੰਦ ਦੀ ਅੱਖਾਂ ਛਮ ਛਮ ਰੋਈਆਂ ਨੇ । ਅੱਖਾਂ ਛਮ ਛਮ ਰੋਈਆਂ ਨੇ । ਪਿੱਪਲ ਦੇ ਪੱਤਿਆ ਵੇ, ਸਿੱਖ ਵੱਖਰੇ ਹੀ ਰੰਗ ਦੇ ਨੇ ਅਪਣਾ ਬੇਗਾਨਾ ਭੁੱਲ ਕੇ ਖ਼ੈਰ ਸਭ ਦੀ ਮੰਗਦੇ ਨੇ । ਖ਼ੈਰ ਸਭ ਦੀ ਮੰਗਦੇ ਨੇ । ਪਿੱਪਲ ਦੇ ਪੱਤਿਆ ਵੇ, ਕੀ ਕੌਤਕ ਵਰਤਾਏ ਨੇ ਗਿੱਦੜ ਮੇਰੇ ਗੋਬਿੰਦ ਨੇ ਵੇਖੋ ਸ਼ੇਰ ਬਣਾਏ ਨੇ । ਵੇਖੋ ਸ਼ੇਰ ਬਣਾਏ ਨੇ । ਪਿੱਪਲ ਦੇ ਪੱਤਿਆ ਵੇ, ਹੁਣ ਜਾਗਣ ਦਾ ਵੇਲਾ ਏ ਸਦਕੇ ਜਾਈਏ ਉਸ ਤੋਂ ਜੋ ਆਪੇ ਗੁਰੂ ਚੇਲਾ ਹੈ । ਜੋ ਆਪੇ ਗੁਰੂ ਚੇਲਾ ਹੈ ।

ਨੂਰ ਗੁਰੂ ਜੀ

ਹਿੰਦੂ ਸਿੱਖ ਨਾ ਕੋਈ ਪਠਾਣ ਦਿਸਦਾ, ਨਾ ਹੀ ਕੋਈ ਤੁਰਕ ਮੁਸਲਮਾਨ ਦਿਸਦਾ, ਹੋਇਆ ਸੇਵਾ ਦੇ ਨਸ਼ੇ 'ਚ ਐਸਾ ਚੂਰ ਗੁਰੂ ਜੀ, ਮੈਨੂੰ ਸਭਨਾਂ 'ਚ ਦਿਸੇ ਥੋਡਾ ਨੂਰ ਗੁਰੂ ਜੀ । ਜ਼ਖ਼ਮੀ ਨੇ ਜਦੋਂ ਮੈਨੂੰ ਵਾਜਾਂ ਮਾਰਦੇ, ਲੱਗਦਾ ਹੈ ਮੈਨੂੰ ਤੁਸੀਂ ਹੋ ਪੁਕਾਰਦੇ । ਮੈਨੂੰ ਸੁਣ ਸੁਣ ਚੜ੍ਹਦਾ ਸਰੂਰ ਗੁਰੂ ਜੀ ਮੈਨੂੰ - - - ਮਾਨਸ ਦੀ ਜਾਤ ਤੁਸੀਂ ਦੱਸੀ ਇੱਕ ਏ, ਜਾਣੂ ਥੋਡੀ ਇਸ ਗੱਲ ਤੋਂ ਹਰ ਸਿੱਖ ਏ । ਥੋਡੇ ਬਚਨਾਂ ਤੋਂ ਜਾਈਏ ਕਿੰਝ ਦੂਰ ਗੁਰੂ ਜੀ ਮੈਨੂੰ - - - ਨਿਮਾਣਾ ਜਿਹਾ ਸੇਵਕ ਮੈਂ ਗੁਰੂ ਘਰ ਦਾ, ਹੱਥ ਜੋੜ ਤੁਹਾਨੂੰ ਹਾਂ ਅਰਜ਼ ਕਰਦਾ । ਗੱਲ ਦਿਲ ਵਾਲੀ ਦੱਸ ਦਿਓ ਜ਼ਰੂਰ ਗੁਰੂ ਜੀ ਮੈਨੂੰ - - - ਦੁਸ਼ਮਣ ਦੀ ਥਾਂ ਤੇ ਮੁਕਾਈਏ ਦੁਸ਼ਮਣੀ, ਮੇਰੀ ਤਾਂ ਹੈ ਬਸ ਏਹੋ ਸੋਚਣੀ । ਮੇਰੇ ਮਨ ਵਿੱਚ ਕੋਈ ਨਾ ਗਰੂਰ ਗੁਰੂ ਜੀ ਮੈਨੂੰ --- ਸਿੱਖ ਅਪਣੇ ਨੂੰ ਲਾਇਆ ਸੀਨੇ ਉੱਠ ਕੇ, ਨਾਲੇ ਮਲ੍ਹਮ ਦੀ ਡੱਬੀ ਫੜਾਈ ਚੁੱਕ ਕੇ । ਸੇਵਾ ਸੇਵਕ ਦੀ ਕੀਤੀ ਮੰਜੂਰ ਗੁਰੂ ਜੀ ਮੈਨੂੰ ---

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੰਗਲ ਮਦਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ