Ikram Majeed ਇਕਰਾਮ ਮਜੀਦ
ਨਾਂ: ਇਕਰਾਮ ਮਜੀਦ
ਪਿਤਾ ਦਾ ਨਾਂ: ਅਬਦੁਲ ਮਜੀਦ
ਜਨਮ ਤਾਰੀਖ਼: 2 ਸਤੰਬਰ 1940
ਜਨਮ ਸਥਾਨ: ਗੜ੍ਹਾ, ਜਲੰਧਰ ਛਾਉਣੀ
ਵਿਦਿਆ: ਦਸਵੀਂ
ਛਪੀਆਂ ਕਿਤਾਬਾਂ: ਤਨੇ ਦਾ ਰੋਗ (ਗ਼ਜ਼ਲ ਸੰਗ੍ਰਹਿ), ਨਵੀਆਂ ਜ਼ਮੀਨਾਂ (ਗ਼ਜ਼ਲ ਸੰਗ੍ਰਹਿ), ਸਿਫ਼ਤ ਸਨਾ (ਨਾਅਤੀਆ ਕਲਾਮ)
ਪਤਾ: 288, ਬਲਾਕ ਡੀ, ਪੀਪਲਜ਼ ਕਾਲੋਨੀ, ਫ਼ੈਸਲਾਬਾਦ, ਪੰਜਾਬ।
ਪੰਜਾਬੀ ਗ਼ਜ਼ਲਾਂ (ਤਨੇ ਦਾ ਰੋਗ 1984 ਵਿੱਚੋਂ) : ਇਕਰਾਮ ਮਜੀਦ
Punjabi Ghazlan (Tane Da Rog 1984) : Ikram Majeed
੧. ਰੰਗ ਵੀ ਉਹਦੇ ਕੋਲ ਬੜੇ ਨੇ
ਰੰਗ ਵੀ ਉਹਦੇ ਕੋਲ ਬੜੇ ਨੇ, ਖ਼ੁਸ਼ਬੂਆਂ ਵੀ ਬੜੀਆਂ ।
ਖ਼ਵਰੇ ਉਹਦੇ ਅੰਦਰ ਕਿੱਥੋਂ, ਆਨ ਬਹਾਰਾਂ ਤੜੀਆਂ ।
ਮੈਂ ਉਹ ਘਰ ਵਾਂ, ਜੀਹਦੀਆਂ ਛੱਤਾਂ, ਡਿੱਗਣ ਦੀ ਰਾਹ ਲੱਭਣ,
ਸਿਉਂਕ ਨੇ ਮਿੱਟੀ ਕਰ ਦਿੱਤੀਆ ਨੇ, ਮੇਰੀਆਂ ਸੱਭੇ ਕੜੀਆਂ ।
ਸੌ ਚਿੜੀਆਂ ਨੇ ਪਾ ਰੱਖੇ ਨੇ, ਆਲ੍ਹਣੇ ਇੱਕੋ ਰੁੱਖ 'ਤੇ,
ਪਰ ਇਹ ਚਿੜੀਆਂ ਆਪਸ ਦੇ ਵਿਚ, ਕਦੇ ਨਹੀਂ ਜੇ ਲੜੀਆਂ ।
ਦੁਸ਼ਮਨ ਦਾ ਮੈਂ ਵਾਰ ਕਦੇ ਵੀ, ਸਿਰ ਤਕ ਆਉਣ ਨਾ ਦਿੰਦਾ,
ਮੇਰੇ ਸੱਜਣਾਂ ਪਿੱਛੋਂ ਆ ਕੇ, ਮੇਰੀਆਂ ਬਾਹਵਾਂ ਫੜੀਆਂ ।
ਰਾਤੀਂ ਬੜਾ ਹਨ੍ਹੇਰ ਪਿਆ, ਜਿਸ ਵੇਲੇ ਚੋਰਾਂ ਵਾਂਗੂੰ,
ਦਿਲ ਦੇ ਵਿਹੜੇ ਭੁੱਲੀਆਂ ਚੁੱਕੀਆਂ, ਕੁੱਝ ਯਾਦਾਂ ਆ ਵੜੀਆਂ ।
ਸਦੀਆਂ ਦੇ ਇਹ ਪਏ ਪਵਾੜੇ, ਸਦੀਆਂ ਦੇ ਇਹ ਰੋਣੇ,
ਤੂੰ ਏਥੇ ਕੀ ਕਰ ਸਕਨਾਂ ਏਂ, ਤੂੰ ਰਹਿਣੈਂ ਦੋ ਘੜੀਆਂ ।
੨. ਹੜ੍ਹ ਦੇ ਮੌਸਮ, ਵਿਚ ਦਰਿਆਵਾਂ
ਹੜ੍ਹ ਦੇ ਮੌਸਮ, ਵਿਚ ਦਰਿਆਵਾਂ, ਵੇਖਿਆਂ ਮੁੱਦਤ ਹੋਈ ਏ ।
ਪਾਣੀ ਚੁੱਕੀ ਫਿਰਦੀਆਂ 'ਵਾਵਾਂ', ਵੇਖਿਆਂ ਮੁੱਦਤ ਹੋਈ ਏ ।
ਆਵਣ ਵਾਲਾ ਹਰ ਮੌਸਮ ਈ, ਰੂਪ ਬਦਲ ਕੇ ਆਉਂਦਾ ਏ,
ਅਸਲੀ ਧੁੱਪਾਂ, ਅਸਲੀ ਛਾਵਾਂ, ਵੇਖਿਆਂ ਮੁੱਦਤ ਹੋਈ ਏ ।
ਹਾਸੇ ਅੰਦਰ ਸੁੱਚਲ ਖ਼ੁਸ਼ੀਆਂ, ਦਾ ਰੰਗ ਨਜ਼ਰੀਂ ਆਉਂਦਾ ਨਹੀਂ,
ਮੁੱਖੜੇ ਖਿੜਦੇ ਵਾਂਗ ਕਪਾਹਵਾਂ, ਵੇਖਿਆਂ ਮੁੱਦਤ ਹੋਈ ਏ ।
ਡਿਉੜੀ ਦੇ ਵਿਚ, ਤਾਂਘਾਂ ਵਾਲਾ, ਦੀਵਾ ਬਾਲ ਕੇ ਪੁੱਤਰਾਂ ਲਈ,
ਰਾਤਾਂ ਜਾਗਣ ਵਾਲੀਆਂ ਮਾਵਾਂ, ਵੇਖਿਆਂ ਮੁੱਦਤ ਹੋਈ ਏ ।
ਲਗਦੈ ਉਹਦੇ ਲਹੂ ਦੀ ਗਰਮੀ, ਛੱਡ ਦਿੱਤਾ ਏ ਉਹਦਾ ਸਾਥ,
ਉਹਨੂੰ ਫਿਰਦੇ ਨਾਲ ਬਲਾਵਾਂ, ਵੇਖਿਆਂ ਮੁੱਦਤ ਹੋਈ ਏ ।
ਵਰ੍ਹਿਆਂ ਤੋਂ ਏ, ਸ਼ਹਿਰਾਂ ਉਪਰ, ਰਾਜ ਸੁਲਘਦੇ ਸੂਰਜ ਦਾ,
ਭੋਰਾ ਜਿੰਨ੍ਹਾਂ ਵੀ ਪਰਛਾਵਾਂ, ਵੇਖਿਆਂ ਮੁੱਦਤ ਹੋਈ ਏ ।
ਕੀ ਹੋਇਆ ਜੇ, ਉਹਦਾ ਸਾਲਾਂ, ਪਿੱਛੋਂ ਵੀ ਖ਼ਤ ਆਇਆ ਨਹੀਂ,
ਸਾਨੂੰ ਵੀ ਤੇ, ਉਹਦੀਆਂ ਰਾਹਵਾਂ, ਵੇਖਿਆਂ ਮੁੱਦਤ ਹੋਈ ਏ ।
ਹਾਲੇ ਤੀਕ ਵੀ ਸਾਡੇ ਜੁੱਸੇ, ਓਸ ਤਰ੍ਹਾਂ ਈ ਠਰਦੇ ਨੇ,
ਉਂਜ 'ਤੇ ਸਾਨੂੰ ਠੰਢੀਆਂ ਥਾਵਾਂ, ਵੇਖਿਆਂ ਮੁੱਦਤ ਹੋਈ ਏ ।
੩. ਚੰਨ ਦੇ ਚਾਨਣ ਹੱਥੋਂ ਸੜਦੀ
ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜ਼ਿੰਦ ਅਸੀਰਾਂ ਦੀ ।
ਜੀਵੇਂ ਸੁੱਕੇ ਕੱਖਾਂ ਉਪਰ, ਬਾਰਸ਼ ਬਲਦਿਆਂ ਤੀਰਾਂ ਦੀ ।
ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਹੀਂ,
ਜਿਸਰਾਂ ਤਾਈਂ ਰਹਿਣੀ ਹੈ ਬਸ, ਚੋਭ ਇਨ੍ਹਾਂ ਜ਼ੰਜੀਰਾਂ ਦੀ ।
ਵੇਲੇ ਕੱਢੇ ਮਿੱਟੀ ਹੇਠੋਂ, ਦਰਦ ਪਰਾਏ ਸ਼ਹਿਰਾਂ ਦੇ,
ਕੂਕ ਸੁਣਾਂ ਮੈਂ ਪੱਥਰਾਂ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ ।
ਸਾਦ ਮੁਰਾਦੇ ਚਿਹਰੇ ਚੰਗੇ ਲੱਗਦੇ ਨਹੀਉਂ ਲੋਕਾਂ ਨੂੰ,
ਅਜ ਕਲ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ ।
ਪੱਥਰ ਵਰਗੇ ਸੂਰਜ ਨਾਲੋਂ, ਦਰਦੀ ਨ੍ਹੇਰਾ ਚੰਗਾ ਏ,
ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ ।
ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ,
ਕੁੱਝ ਯਾਦਾਂ ਦੀ ਸਾਂਝ ਤੇ ਸਾਰੀ, ਪੂੰਜੀ ਏ ਦਲਗੀਰਾਂ ਦੀ ।
੪. ਜੀਹਨੇ ਤਪਦੀਆਂ ਧੁੱਪਾਂ ਦੇ ਵਿਚ
ਜੀਹਨੇ ਤਪਦੀਆਂ ਧੁੱਪਾਂ ਦੇ ਵਿਚ, ਸਾਰੀ ਉਮਰ ਹੰਢਾਈ ।
ਉਹ ਮੋਇਆ 'ਤੇ ਉਹਦੀ ਲੋਕਾਂ, ਛਾਵੇਂ ਕਬਰ ਬਣਾਈ ।
ਦੂਰ ਗਿਆਂ ਦੇ ਚਿਹਰੇ ਰੱਖੇ, ਆਪਣੇ ਨਾਲ ਸਜਾਈ,
ਸੀਨੇ ਦੇ ਵਿਚ ਛੇਕ ਕਰੇ ਤੇ, ਲੰਘ ਜਾਵੇ ਪੁਰਵਾਈ ।
ਨਵੀਆਂ ਸੋਚਾਂ ਅੱਗੇ ਵਧ ਕੇ, ਦਿਲ ਨੂੰ ਚਿੰਬੜ ਗਈਆਂ,
ਸੂਰਜ ਨੇ ਜਦ ਬਾਰੀ ਵਿੱਚੋਂ, ਪਹਿਲੀ ਝਾਤੀ ਪਾਈ ।
ਮੈਂ ਜਾਗਾਂ ਤੇ ਮੇਰੇ ਸਾਰੇ, ਦਰਦੀ ਅੱਖਾਂ ਖੋਲ੍ਹਣ,
ਕਮਰੇ ਦੀ ਹਰ ਸ਼ੈ ਨੇ ਨੀਂਦਰ, ਮੇਰੇ ਨਾਲ ਮੁਕਾਈ ।
ਕਰ ਸਕਿਆ ਨਾ ਠੰਢਾ ਜੀਹਨੂੰ, ਸਾਰੇ ਸ਼ਹਿਰ ਦਾ ਪਾਣੀ,
ਉਹਨੇ ਆਪਣੇ ਆਪ ਨੂੰ ਦੇਖੋ, ਕੈਸੀ ਅੱਗ ਲਗਾਈ ।
ਨ੍ਹੇਰਾ ਭਾਵੇਂ ਕਿੱਡਾ ਈ ਮੂੰਹ, ਜ਼ੋਰ ਕਿਉਂ ਨਾ ਹੋਵੇ,
ਚਾਰ ਚੁਫ਼ੇਰੇ ਚਾਨਣ ਕਰਦੀ, ਅੰਦਰ ਦੀ ਰੁਸ਼ਨਾਈ ।
ਇਕਲਾਪੇ ਦੇ ਪਾਣੀ ਅੰਦਰ ਐਡੀ ਲੰਮੀ ਚੁੱਭੀ?
ਸਾਰਾ ਦਿਨ ਉਹ ਫਿਰਦਾ ਰਹਿੰਦੈ, ਕੱਲਾ ਨੀਵੀਂ ਪਾਈ ।
ਖ਼ਾਬਾਂ ਤੇ ਪਾਬੰਦੀ ਕੋਈ ਨਈਂ, ਜਿੰਨੇ ਚਾਹੇ ਦੇਖੋ,
ਪਰ ਤਾਬੀਰਾਂ ਬੰਦੇ ਦਾ ਲਹੂ, ਮੰਗਣ ਮੁੱਖ ਵਿਖਾਈ ।
ਹੋਰ ਤੇ ਸਾਰੇ ਮੌਸਮ ਤੇਰੇ, ਪਿੱਛੋਂ ਐਧਰ ਆਏ,
ਰੰਗਾਂ ਤੇ ਖ਼ੁਸ਼ਬੂਆਂ ਵਾਲੀ ਰੁੱਤ ਕਦੇ ਨਾ ਆਈ ।
੫. ਸ਼ੀਸ਼ੇ ਅੱਗੇ ਜਾ ਬਹਿੰਦਾ ਏ
ਸ਼ੀਸ਼ੇ ਅੱਗੇ ਜਾ ਬਹਿੰਦਾ ਏ ਚਿਹਰੇ ਨੂੰ ਚਮਕਾਵਣ ਲਈ ।
ਉਮਰਾਂ ਦੇ ਕੁਝ ਸਾਲ ਮਹੀਨੇ ਰੰਗਾਂ ਵਿੱਚ ਲੁਕਾਵਣ ਲਈ ।
ਢੇਰਾਂ ਫੁੱਲ ਖ਼ਰੀਦੇ ਲੋਕਾਂ ਕਬਰਾਂ ਨੂੰ ਮਹਿਕਾਵਣ ਲਈ,
ਮੈਂ ਹੰਝੂਆਂ ਦੇ ਹਾਰ ਪਰੋਏ ਯਾਰਾਂ ਦੇ ਗਲ ਪਾਵਣ ਲਈ ।
ਗ਼ੈਰਾਂ ਦੇ ਹੱਥ ਆਪ ਫੜਾ ਕੇ ਡੋਰੀ ਆਪਣੇ ਲੇਖਾਂ ਦੀ,
ਸੋਚਾਂ ਦੇ ਲੜ ਬੰਨ੍ਹੀ ਰੱਖਾਂ ਆਸਾਂ ਜੀ ਪਰਚਾਵਣ ਲਈ ।
ਜਿਸਮਾਂ ਦੀ ਪਰਵਾਹ ਨਹੀਂ ਰਹਿੰਦੀ ਜੇ ਗੱਲ ਹੋਵੇ ਇੱਜ਼ਤ ਦੀ,
ਸਿਰ ਦਾ ਪਿਆਰ ਭੁਲਾਣਾ ਪੈਂਦਾ ਸਿਰ ਦੀ ਪੱਗ ਬਚਾਵਣ ਲਈ ।
ਰੁੱਖਾਂ ਦੇ ਦਿਲ ਲੀਰਾਂ-ਲੀਰਾਂ ਕਰ ਦਿੰਦੇ ਨੇ ਜ਼ਾਲਮ ਲੋਕ,
ਆਪਣੇ ਘਰ ਵਿਚ ਰੱਖੇ ਹੋਏ ਕੁਝ ਗੁਲਦਾਨ ਸਜਾਵਣ ਲਈ ।
ਪਾਰ ਸਮੁੰਦਰ ਸੌਦੇ ਹੋਵਣ ਸਾਡੀਆਂ ਸੋਹਣੀਆਂ ਜਾਨਾਂ ਦੇ,
ਕਿੰਨੇ ਦਰਦੀ ਕੱਠੇ ਹੁੰਦੇ ਸਾਡਾ ਦਰਦ ਵੰਡਾਵਣ ਲਈ ।
ਉਹਦੇ ਘਰ ਛੱਡਣ ਦੇ ਪਿੱਛੇ ਉਹਦੀਆਂ ਸੌ ਮਜਬੂਰੀਆਂ ਸਨ,
ਲੋੜਾਂ ਨੇ ਰਾਹ ਆਪ ਵਿਖਾਏ ਪਰਦੇਸਾਂ ਨੂੰ ਜਾਵਣ ਲਈ ।
੬. ਵੱਢਿਆ ਹਰੇ ਦਰਖ਼ਤਾਂ ਨੂੰ
ਵੱਢਿਆ ਹਰੇ ਦਰਖ਼ਤਾਂ ਨੂੰ ਤੇ ਛਾਵਾਂ ਮਾਰ ਭਜਾਈਆਂ ।
ਸ਼ਹਿਰਾਂ ਵਿੱਚੋਂ ਠੰਢੀਆਂ ਠਾਹਰਾਂ ਆਪੇ ਅਸਾਂ ਮੁਕਾਈਆਂ ।
ਧੁੱਪਾਂ ਦਾ ਸਭ ਕਹਿਰ ਤੇ ਨਾਜ਼ਲ ਹੋਇਆ ਰਾਹੀਆਂ ਉੱਤੇ,
ਸ਼ਹਿਰ ਦੇ ਲੋਕਾਂ ਸਿਖਰ ਦੁਪਹਿਰਾਂ ਛੱਤਾਂ ਹੇਠ ਲੰਘਾਈਆਂ ।
ਭਰਾ-ਭਰਾਤਾ ਜੁੱਸਾ ਉਹਦਾ, ਤੀਲੇ ਵਾਂਗੂੰ ਹੋਇਆ,
ਖ਼ਬਰੈ ਕਿਹੜੀਆਂ, ਮਾਰੂ ਯਾਦਾਂ, ਉਹਨੇ ਦਿਲ ਨੂੰ ਲਾਈਆਂ ।
ਰਸਮਾਂ ਵਾਲੀ ਕੈਦ ਨਾ ਮੁੱਕੇ, ਬੰਦਾ ਮੁੱਕਦਾ ਜਾਵੇ,
ਇਨਸਾਨਾਂ ਨੇ ਆਪਣੀ ਖ਼ਾਤਰ, ਜੇਲਾਂ ਆਪ ਬਣਾਈਆਂ ।
ਸਾਡੇ ਘਰ ਦੇ ਬਣੇ ਪਰਾਹੁਣੇ ਹੋਰ ਤੇ ਸਾਰੇ ਮੌਸਮ,
ਜਿਹੜੀਆਂ ਉਹਨੂੰ ਨਾਲ ਲਿਆਵਣ, ਉਹ ਰੁੱਤਾਂ ਨਾ ਆਈਆਂ ।
ਫ਼ੇਰ ਹਵਸ ਦੇ ਚੋਰਾਂ ਲੁੱਟੀ ਪਿਆਰ ਦੀ ਸਾਰੀ ਪੂੰਜੀ,
ਹਸਦੇ-ਵਸਦੇ ਵਿਹੜੇ ਸੁੰਜੇ ਕਰ ਦਿੱਤੇ ਹਰਜਾਈਆਂ ।
੭. ਗੱਡੀ ਟੁਰ ਗਈ ਪ੍ਰਦੇਸਾਂ ਨੂੰ
ਗੱਡੀ ਟੁਰ ਗਈ ਪ੍ਰਦੇਸਾਂ ਨੂੰ ਮਾਰ ਕੇ ਲੰਮੀ ਕੂਕ ।
ਟੇਸ਼ਨ ਉੱਤੇ ਹੌਕੇ ਭਰਦੀ ਰਹਿ ਗਈ ਜਿੰਦ ਮਲੂਕ ।
ਫ਼ਜਰਾਂ ਤੀਕਰ ਉਨ੍ਹਾਂ ਘਰਾਂ ਦੇ ਪੱਲੇ ਕੁੱਝ ਨਹੀਂ ਰਹਿੰਦਾ,
ਜਿਨ੍ਹਾਂ ਘਰਾਂ ਦੇ ਰਾਖੇ ਰਾਤੀਂ ਸੁੱਤੇ ਰਹਿੰਦੇ ਘੂਕ ।
ਤੂੰ ਮੋਢੇ ਤੇ ਲਾਲ ਹਨ੍ਹੇਰੀ ਐਵੇਂ ਚੁੱਕੀ ਆਵੇਂ,
ਦਿਲ ਦੀਵੇ ਲਈ ਬਹੁਤ ਸੀ ਮਿੱਤਰਾ ਤੇਰੀ ਇੱਕੋ ਫੂਕ ।
ਇਹ ਧਰਤੀ ਵੀ ਜੰਨਤ ਵਾਂਗੂੰ ਸੁੱਖਾਂ ਦਾ ਘਰ ਹੁੰਦੀ,
ਜੇ ਕਰ ਤਕੜਾ ਚੰਗਾ ਕਰਦਾ ਮਾੜੇ ਨਾਲ ਸਲੂਕ ।
ਆਪੋ-ਧਾਪ ਦੇ ਹੱਥੋਂ ਮੁੱਕਦਾ ਜਾਵੇ ਭਾਈ ਚਾਰਾ,
ਪਿਆਰ ਹਵੇਲੀ ਨਫ਼ਰਤ ਵਾਲੀ ਅੱਗ ਨੇ ਦਿੱਤੀ ਫੂਕ ।
ਵਿਛੜਨ ਵੇਲੇ ਇਕ ਦੂਜੇ ਨੂੰ ਬੜੇ ਦਿਲਾਸੇ ਦਿੱਤੇ,
ਫੇਰ ਵੀ ਝਾਕੀ ਅੱਖਾਂ ਵਿਚੋਂ, ਦਿਲ ਚੋਂ ਉਠਦੀ ਹੂਕ ।
੮. ਕਿੱਧਰੇ-ਕਿੱਧਰੇ ਚਾਨਣ ਦਾ ਲਿਸ਼ਕਾਰਾ ਸੀ
ਕਿੱਧਰੇ-ਕਿੱਧਰੇ ਚਾਨਣ ਦਾ ਲਿਸ਼ਕਾਰਾ ਸੀ ।
ਅਸਮਾਨਾਂ ਤੇ ਵਿਰਲਾ-ਵਿਰਲਾ ਤਾਰਾ ਸੀ ।
ਉਹਦੀ ਲੰਬੀ ਚੁੱਪ ਸੀ ਬਲਦੀ ਲੱਕੜ ਵਾਂਗ,
ਉਹਦਾ ਰੋਸਾ ਇਕ ਤਪਦਾ ਅੰਗਿਆਰਾ ਸੀ ।
ਘਰ ਵਿਚ ਹੋਣੀ ਤਾਂਘ ਕਿਸੇ ਨੂੰ ਸਾਡੀ ਵੀ,
ਸਫ਼ਰਾਂ ਅੰਦਰ ਏਹੋ ਸੋਚ ਸਹਾਰਾ ਸੀ ।
ਢੇਰ ਕਿਤਾਬਾਂ, ਕਾਗ਼ਜ਼, ਪੱਤਰ ਤਸਵੀਰਾਂ,
ਸਾਰੇ ਘਰ ਵਿਚ ਉਹਦਾ ਬੜਾ ਖਿਲਾਰਾ ਸੀ ।
ਉਹਦਾ ਹਾਸਾ ਵੀ ਤੇ ਖੰਡਾਂ ਘੋਲ ਗਿਆ,
ਉਹਦਾ ਗੁੱਸਾ ਜੇਕਰ ਬਹੁਤ ਕਰਾਰਾ ਸੀ ।
ਸੋਹਣਾ ਵੀ ਸੀ, ਪੜ੍ਹਿਆ ਲਿਖਿਆ ਵੀ ਸੀ, ਪਰ-
'ਮਰੀ' ਦੇ ਮੌਸਮ ਵਾਂਗੂੰ ਬੇਇਤਬਾਰਾ ਸੀ ।
ਕੁਝ ਹੋਰ ਰਚਨਾਵਾਂ : ਇਕਰਾਮ ਮਜੀਦ
੧. ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ
ਚੰਨ ਦੇ ਚਾਨਣ ਹੱਥੋਂ ਸੜਦੀ, ਏਦਾਂ ਜਿੰਦ ਅਸੀਰਾਂ ਦੀ ।
ਜੀਵੇਂ ਸੁੱਕੇ ਕੱਖਾਂ ਉੱਪਰ, ਬਾਰਸ਼ ਬਲਦਿਆਂ ਤੀਰਾਂ ਦੀ ।
ਰੂਹਾਂ ਉਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ,
ਜਿਸਮਾਂ ਤਾਈਂ ਰਹਿਣੀ ਹੈ ਬੱਸ, ਚੋਭ ਇਨ੍ਹਾਂ ਜ਼ੰਜ਼ੀਰਾਂ ਦੀ ।
ਵੇਲੇ ਕੱਢੇ ਮਿੱਟੀ ਹੇਠੋਂ, ਦਰਦ, ਪਰਾਏ ਸ਼ਹਿਰਾਂ ਦੇ,
ਕੂਕ ਸੁਣਾਂ ਮੈਂ ਪੱਥਰ ਵਿੱਚੋਂ, ਝਾਕਦੀਆਂ ਤਹਿਰੀਰਾਂ ਦੀ ।
ਸਾਦ-ਮੁਰਾਦੇ ਚਿਹਰੇ ਚੰਗੇ ਲਗਦੇ, ਨਹੀਉਂ ਲੋਕਾਂ ਨੂੰ,
ਅੱਜ ਕੱਲ੍ਹ ਚੜ੍ਹਤ ਏ ਸ਼ਹਿਰਾਂ ਦੇ ਵਿੱਚ, ਰਾਂਗਲੀਆਂ ਤਸਵੀਰਾਂ ਦੀ ।
ਪੱਥਰ ਵਰਗੇ ਸੂਰਜ ਕੋਲੋਂ, ਦਰਦੀ ਨ੍ਹੇਰਾ ਚੰਗਾ ਏ,
ਸਾਡੇ ਚਿੱਟੇ ਦਿਲ ਤੋਂ ਸੋਹਣੀ, ਕਾਲੀ ਰਾਤ ਫ਼ਕੀਰਾਂ ਦੀ ।
ਕੁੱਝ ਕਹੀਆਂ ਅਣਕਹੀਆਂ ਗੱਲਾਂ, ਵਿਰਸਾ ਵਿਛੜੇ ਵੇਲੇ ਦਾ,
ਕੁੱਝ ਯਾਦਾਂ ਦੀ ਸਾਂਭ ਤੇ ਸਾਰੀ ਪੂੰਜੀ ਏ ਦਲਗੀਰਾਂ ਦੀ ।
੨. ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ
ਫ਼ਨ ਦੀ ਖ਼ਿਦਮਤ ਇੰਜ ਲਿਖਾਰੀ ਕਰਦੇ ਨੇ ।
ਲਿਖਤਾਂ ਅੰਦਰ ਖ਼ੂਨ ਜਿਗਰ ਦਾ ਭਰਦੇ ਨੇ ।
ਕਾਲੇ ਬੱਦਲ ਲੰਘ ਜਾਂਦੇ ਨੇ ਸ਼ਹਿਰਾਂ ਤੋਂ,
ਦਰਿਆਵਾਂ ਦੇ ਉੱਤੇ ਜਾ ਕੇ ਵਰ੍ਹਦੇ ਨੇ ।
ਹੋ ਜਾਂਦੀ ਏ ਨਵੇਂ ਖ਼ਿਆਲਾਂ ਦੀ ਤਖ਼ਲੀਕ,
ਜ਼ਹਿਨ ਜਦੋਂ ਵੀ ਸੋਚ ਸਮੁੰਦਰ ਤਰਦੇ ਨੇ ।
ਸੜਕਾਂ ਉੱਪਰ ਏਸ ਤਰਾਂ ਦਾ ਰੌਲਾ ਏ,
ਲੋਕ ਘਰਾਂ ਦੇ ਅੰਦਰ ਬੈਠੇ ਡਰਦੇ ਨੇ ।
ਅਣਡਿੱਠਾ ਇਕ ਖ਼ੌਫ਼ ਰਗਾਂ ਵਿੱਚ ਫਿਰਦਾ ਏ,
ਕਹਿਰ ਦੀਆਂ ਧੁੱਪਾਂ ਨੇ ਜੁੱਸੇ ਠਰਦੇ ਨੇ ।
੩. ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ
ਇਹ ਕਿੱਦਾਂ ਦੇ ਮੌਸਮ ਸਾਡੇ, ਸ਼ਹਿਰਾਂ ਦੇ ਵਿੱਚ ਆਏ ਨੇ ।
ਕਿਧਰੇ ਧੁੱਪਾਂ ਅੱਗਾਂ ਲਾਵਣ, ਕਿਧਰੇ ਬੱਦਲ ਛਾਏ ਨੇ ।
ਸਭਨਾਂ ਦੇ ਦਿਲ ਅੰਦਰ ਲੱਗਿਆ, ਢੇਰ ਹਵਸ ਦੇ ਕੂੜੇ ਦਾ,
ਸਭਨੇ ਅਪਣੀ ਬੁੱਕਲ ਦੇ ਵਿੱਚ, ਜ਼ਹਿਰੀ ਸੱਪ ਲੁਕਾਏ ਨੇ ।
ਮਾਰੇ ਹੋਣਗੇ ਇਹਨੇ ਪੱਥਰ, ਜਦ ਉਹ ਜਿਉਂਦਾ ਹੋਵੇਗਾ,
ਜੀਨ੍ਹੇ ਉਹਦੀ ਕਬਰ ਤੇ ਆ ਕੇ, ਯਾਰਾ ਫੁੱਲ ਝੜ੍ਹਾਏ ਨੇ ।
ਰੜੇ ਮਦਾਨਾਂ ਦੇ ਵਸਨੀਕਾਂ ਤੇ ਲੱਭਣਾਂ ਸੀ ਪਾਣੀ ਨੂੰ,
ਨਾਲ ਸਮੁੰਦਰ ਸਾਂਝਾਂ ਰੱਖਣ ਵਾਲੇ ਵੀ ਤ੍ਰਿਹਾਏ ਨੇ ।
ਫ਼ਜਰਾਂ ਤੀਕਰ ਘੁੱਪ ਹਨੇਰੇ ਦੇ ਵਿੱਚ ਫਿਰਦੇ ਰਹਿਨੇ ਆਂ,
ਕਾਲੀਆਂ ਰਾਤਾਂ ਦੇ ਜਗਰਾਤੇ ਸਾਡੇ ਹਿੱਸੇ ਆਏ ਨੇ ।
੪. ਕੁੰਡਲ ਉਹਦੇ ਵਾਲਾਂ ਦੇ
ਕੁੰਡਲ ਉਹਦੇ ਵਾਲਾਂ ਦੇ ।
ਫਿਰਦੇ ਵਿੱਚ ਖ਼ਿਆਲਾਂ ਦੇ ।
ਰਸਤੇ ਵਿੱਚ ਖਲੋਤੇ ਆਂ,
ਪਿਛਲੇ ਕਈਆਂ ਸਾਲਾਂ ਦੇ ।
ਗੁੰਝਲ ਦਾਰ ਏ ਤੇਰੀ ਗੱਲ,
ਹਾਲੇ ਹੋਰ ਮਸ਼ਾਲਾਂ ਦੇ ।
ਚਿਹਰੇ ਪੀਲੇ ਪੀਲੇ ਨੇ,
ਕਾਹਤੋਂ ਜੰਮਦੇ ਬਾਲਾਂ ਦੇ ।
ਆਦੀ ਇੰਜ ਨਾ ਹੋ ਜਾਈਏ,
ਕਿਧਰੇ ਅਸੀਂ ਭੁਚਾਲਾਂ ਦੇ ।
ਅੱਗ ਵਰ੍ਹਾਉਂਦੇ ਆਏ ਨੇ,
ਸੂਰਜ ਨਵੇਂ ਕਮਾਲਾਂ ਦੇ ।
ਨ੍ਹੇਰਾ ਵਿਹੜੇ ਆ ਵੜਿਆ,
ਹੁਣ ਤੇ ਬਾਲ ਮਸ਼ਾਲਾਂ ਦੇ ।
੫. ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ
ਰੁੱਤ ਬਦਲੀ ਤੇ 'ਵਾ ਦੀ ਕੁੱਛੜ, ਚੜ੍ਹ ਗਈਆਂ ਖ਼ੁਸ਼ਬੂਆਂ ।
ਨਵੇਂ ਸਫ਼ਰ ਦੇ ਸੁਪਨੇ ਦੇਖਣ, ਲੱਗ ਪਈਆਂ ਖ਼ੁਸ਼ਬੂਆਂ ।
ਏਸ ਤਰ੍ਹਾਂ ਦਾ ਸੂਰਜ ਚੜ੍ਹਿਆ, ਹਰੇ ਭਰੇ ਰੁੱਖ ਸੁੱਕੇ,
ਆ ਗਏ ਮੌਸਮ ਤੱਤ-ਭੜੱਤੇ, ਹੁਣ ਗਈਆਂ ਖ਼ੁਸ਼ਬੂਆਂ ।
ਓੜਕ ਘਰ ਨੂੰ ਮੁੜਨਾਂ ਪੈਣਾਂ, ਘਰ ਵਰਗਾ ਸੁੱਖ ਕਿੱਥੇ,
ਸਫ਼ਰਾਂ ਦੇ ਵਿੱਚ ਕਦੇ ਨਾ ਲੱਭਣ, ਘਰ ਜਿਹੀਆਂ ਖ਼ੁਸ਼ਬੂਆਂ ।
ਯਾਦਾਂ ਡੇਰੇ ਲਾਈ ਰੱਖੇ, ਦਿਲ ਦੇ ਆਲ ਦੁਆਲੇ,
ਰਾਤੀਂ ਸਾਡੇ ਨੇੜੇ ਤੇੜੇ, ਈ ਰਹੀਆਂ ਖ਼ੁਸ਼ਬੂਆਂ ।
ਬਾਗ਼ ਦਿਲਾਂ ਦੇ ਏਦਾਂ ਉੱਜੜੇ, ਦਰਦ ਵਿਛੋੜੇ ਹੱਥੋਂ,
ਜਿਸਮਾਂ ਦੇ ਰੰਗ ਫਿੱਕੇ ਪੈ ਗਏ, ਉੱਡ ਗਈਆਂ ਖ਼ੁਸ਼ਬੂਆਂ ।