Ikko Moh De Mukh Anekan : Jaswant Singh Neki

ਇੱਕੋ ਮੋਹ ਦੇ ਮੁਖ ਅਨੇਕਾਂ : ਜਸਵੰਤ ਸਿੰਘ ਨੇਕੀ

ਇੱਕੋ ਮੋਹ ਦੇ ਮੁਖ ਅਨੇਕਾਂ

1

ਤੂੰ ਮੇਰਾ ਪਿਆਰ ਤੂੰ ਹੀ ਮੇਰੀ ਮਮਤਾ ਤੂੰ ਮੇਰਾ ਵਤਸਲ ਚੰਨੀਏ ।
ਇੱਕੋ ਮੋਹ ਦੇ ਮੁਖ ਅਨੇਕਾਂ, ਮੰਨੀਏ ਜਾਂ ਨਾ ਮੰਨੀਏ ।
ਅਸੀਂ ਤਾਂ ਅਲਖ ਜਗਾਵਣਹਾਰੇ ਦਸਤਕ ਦੇਵਣ ਆਏ,
ਅੱਗੋਂ ਜੇ ਬੂਹਾ ਤੂੰ ਖੋਲੇਂ, ਤੇਹੇ ਦਾਈਏ ਬੰਨ੍ਹੀਏਂ ।

2

ਸਾਜ ਕੇ ਤੈਨੂੰ ਸਿਰਜਣਹਾਰਾ ਬਿਰ ਬਿਰ ਤੈਂ ਵੱਲ ਤੱਕੇ,
ਅੱਖ ਰੱਜੇ ਤਾਂ ਨਜ਼ਰ ਹਟਾਵੇ, ਤੱਕਣੋਂ ਮੂਲ ਨਾ ਥੱਕੇ ।
ਸਾਂਭ ਲਈ ਸੀ ਨਦਰ ਸਾਈਂ ਦੀ ਖ਼ਬਰੇ ਤੂੰ ਉਸ ਵੇਲੇ,
ਤਦੇ ਤਾਂ ਮੈਲੀ ਅੱਖ ਨ ਕੋਈ ਵੇਖ ਤੇਰੇ ਵੱਲ ਸੱਕੇ ।

3

ਧੁਰ ਦਰਗਾਹੋਂ ਮੁਖ ਤੇਰੇ ਤੇ ਸਤਿ, ਸੁਹਾਣ ਸਮਾਣਾ ।
ਦੋਏ ਬਖ਼ਸ਼ਿਸ਼ਾਂ ਲੈ ਕੇ ਹੁੰਦਾ ਦੇਵਤਿਆਂ ਦਾ ਆਣਾ ।
ਤਦੇ ਤਾਂ ਦੀਦ ਤੇਰੀ ਨੂੰ ਮਿਲਦੇ ਸਿਜਦੇ ਆਪ ਮੁਹਾਰੇ,
ਕੀ ਮਜਾਲ ਤੇਰੇ ਵੱਲ ਉੱਠੇ ਨੇਤਰ ਕੋਈ ਲੁਭਾਣਾ !

4

ਚੀਨੋ ਚੀਨ ਹੋਏ ਹਰ ਸ਼ੀਸ਼ਾ, ਠੀਕਰ ਠੀਕਰ ਕੂਜਾ,
ਇਕੋ ਪਿਆਰ ਜੋ ਰਹੇ ਸਲਾਮਤ ਹੋਰ ਨ ਕੋਈ ਦੂਜਾ ।
ਪਿਆਰ ਤੇਰੇ ਨੇ ਤਨ ਮੇਰੇ 'ਚੋਂ ਐਸੀ ਮਹਿਕ ਜਗਾਈ,
ਕਿ ਮੈਂ ਇਸ ਰਹਿਮਤ ਸਦਕੇ ਹੀ ਕਰਾਂ ਰੱਬ ਦੀ ਪੂਜਾ ।

5

ਪਿਆਰ ਤੇਰੇ ਨੇ ਦਿਲ ਮੇਰੇ ਦਾ ਕਾਸਾ ਇਉਂ ਮਹਿਕਾਇਆ,
ਜਿਉਂ ਮਹਿਕੇ ਕਚਕੌਲ, ਕਿ ਜਿਸ ਵਿਚ ਜਾਵੇ ਅਤਰ ਚੁਆਇਆ ।
ਉਹ ਕਚਕੌਲ ਤਿੜਕ ਕੇ ਭਾਵੇਂ ਚੀਨਾ ਚੀਨਾ ਥੀਵੇ,
ਉਸ ਖ਼ੁਸ਼ਬੋ ਤੋਂ ਕੋਈ ਅਣੂ ਵੀ ਉਹਦਾ ਨ ਜਾਇ ਛੁੜਾਇਆ ।

6

ਹੇ ਮੇਰੇ ਨੈਣਾਂ ਦੀ ਜੋਤੀ, ਹੇ ਅਣਮੇਘੀ ਪੁੰਨਿਆਂ,
ਕੀਕਣ ਕਹਾਂ ਕਿ ਕੁਲ ਦੁਨੀਆਂ 'ਚੋਂ ਮੈਂ ਤੈਨੂੰ ਹੀ ਚੁਣਿਆਂ ?
ਚੁਣੀ ਤਾਂ ਜਾਵੇ ਸਭ ਵਸਤਾਂ 'ਚੋਂ ਵਸਤ ਜੋ ਲਗੇ ਸੁਹਾਵੀ,
ਤੂੰ ਤਾਂ ਵਸਤ ਨਹੀਂ ਦੁਨੀਆਂ ਦੀ, ਸਾਲਮ ਮੇਰੀ ਦੁਨੀਆਂ ।

7

ਜਿੱਥੇ ਤਕ ਵੀ ਨਜ਼ਰ ਦੁੜਾਵਾਂ ਚੰਨਾ, ਪਿਛਲੇ ਪਾਸੇ,
ਵੇਖਾਂ ਇਕ ਸੁਨਸਾਨ ਖ਼ਮੋਸ਼ੀ ਜਿਸ ਵਿਚ ਰੂਪ ਬਿਨਾਸੇ ।
ਐਪਰ ਇਸ ਵੀਰਾਨੀ ਵਿਚ ਵੀ ਪਿਆਰ ਤੇਰਾ ਸਦ-ਜੀਵਾ,
ਜੋ ਅੱਜ ਵੀ ਮੇਰੇ ਦੁੱਖਾਂ ਨੂੰ ਦੇਂਦਾ ਰਹੇ ਦਿਲਾਸੇ ।

8

ਪਹਿਲੀ ਵਾਰੀ ਜਾਂ ਚੰਨ ਚੜ੍ਹਿਆ, ਲਿਸ਼ਕੇ ਬਾਗ਼ ਬਨੇਰੇ-
ਮੇਰਾ 'ਚੰਨ' ਸੀ ਦੂਰ, ਮੇਰੇ ਲਈ ਵਰਤੇ ਰਹੇ ਹਨੇਰੇ ।
ਦੂਜੀ ਵਾਰ ਵੀ ਜਦ ਚੰਨ ਚੜ੍ਹਿਆ ਉਹ ਵੀ ਮੈਂ ਨਾ ਡਿੱਠਾ,
'ਚੰਨ' ਮੇਰਾ ਸੀ ਕੋਲ ਮੇਰੇ, ਮੈਂ ਤਕਦਾ ਕਿਵੇਂ ਚੁਫੇਰੇ ।

9

ਦੁਬਿਧਾ ਦੀ ਬਦਲੀ ਦੇ ਉਹਲਿਓਂ ਅੱਜ 'ਚੰਨ' ਮੇਰਾ ਚੜ੍ਹਿਆ,
ਕੁਲ ਸੰਸਾਰ ਲਿਸ਼ਕ ਪਿਆ ਮੇਰਾ, ਵਿਚ ਚਾਨਣ ਦੇ ਮੜ੍ਹਿਆ ।
ਜੋਤਕਾਰ ! ਹੁਣ ਲੋੜ ਨ ਤੇਰੀ, ਲੈ ਜਾ ਅਪਣੇ ਦੀਵੇ,
ਅੱਜ ਸਹੰਸਰ ਜੋਤਾਂ ਵਾਲਾ ਘਰ ਮੇਰੇ ਆ ਵੜਿਆ ।

10

ਖੇਰੂੰ ਖੇਰੂੰ ਸਮਾਂ ਹੋ ਗਿਆ ਰੁੱਤਾਂ ਉੱਡ ਪੁੱਡ ਗਈਆਂ ।
ਤੁਰ ਗਏ ਭੌਰ, ਸਿਧਾਏ ਪੰਖੀ, ਚਹਿਕਾਂ ਵੀ ਨਾ ਰਹੀਆਂ ।
ਐਪਰ ਨੀਲੇ ਅੰਬਰ ਵਾਕਰ ਅਜੇ ਵੀ ਕਾਇਮ ਦਾਇਮ,
ਪਿਆਰ ਤੇਰੇ ਦੀਆਂ ਮਿਹਰਾਂ ਜੋ ਮੈਂ ਤੇਰੇ ਪਾਸੋਂ ਲਈਆਂ ।

ਧੂਹ ਜਾਂ ਆਂਦਰ ਪਾਵੇ

26

ਵਤਸਲ ਪਿਆਰ ਸਾਡੇ ਦੀ ਝੋਲੀ ਪਈ ਹੋਈ ਸੀ ਸੁੰਨੀ-
ਇਕ ਦਿਨ ਰੱਬ ਨੇ ਰਹਿਮਤ ਘੱਲੀ, ਆਸ ਅਸਾਡੀ ਪੁੰਨੀ ।
ਤੂੰ ਬੱਚੀਏ ਦਰਗਾਹੋਂ ਉੱਤਰੀ ਗੋਦ ਅਸਾਡੀ ਅੰਦਰ,
ਤੇ ਫਿਰ ਪਹਿਲਾ ਸੁਆਸ ਲੈਣ ਹਿਤ ਤਾਣ ਲਗਾ ਕੇ ਰੁੰਨੀ ।

27

ਅੰਬਰ ਨੇ ਇਸ ਧਰਤੀ ਉੱਪਰ ਜਿਤਨੀਆਂ ਖ਼ੁਸ਼ੀਆਂ ਘੱਲੀਆਂ,
ਲੱਗਾ ਤਦ ਉਸ ਵੇਲੇ ਸੱਭੇ ਘਰ ਮੇਰੇ ਆ ਖੱਲੀਆਂ-
ਨੰਨ੍ਹੀਆਂ ਦੋ ਦੁੱਧ-ਦੰਦੀਆਂ ਅੱਗੇ ਫੁਲ-ਬੁਲ੍ਹੀਆਂ ਵਿਗਸਾ ਕੇ,
ਬਚੀਏ, ਜਦ ਤੂੰ ਅਪਣੀਆਂ ਬਾਹਾਂ ਗਲ ਮੇਰੇ ਆ ਵੱਲੀਆਂ ।

28

ਬੱਚੀਏ ਨੀ, ਅੱਜ ਪਹਿਲੀ ਵਾਰੀ ਤੂੰ ਪੁਕਾਰਿਆ ਮੈਨੂੰ ।
ਕਿਹਾ ਆਤਮਾ ਖਿੜਿਆ ਮੇਰਾ – ਦੱਸਣ ਜਾਵਾਂ ਕੈਨੂੰ ?
ਤੇਰੇ ਬੋਲ ਤੋਤਲੇ ਉੱਤੋਂ ਜਿੰਦੜੀ ਸਦਕੇ ਹੋਈ,
ਸਗਲਾ ਪਿਆਰ ਦਿਲੇ ਦਾ, ਬੱਚੀਏ, ਤਦ ਲਿਖ ਦਿੱਤਾ ਮੈਨੂੰ ।

29

ਪਿੱਛਲ ਰਾਤੀਂ ਬੱਚੀਏ ਤੇਰੀਆਂ ਯਾਦਾਂ ਝੁਰਮਟ ਪਾਇਆ ।
ਜਿਵੇਂ ਮਦਰਸੇ ਅੰਦਰ ਬੱਚਿਆਂ ਪਾਠ ਕੋਈ ਦੁਹਰਾਇਆ ।
ਇਵ ਲੱਗਾ ਜਿਵ ਤੇਰੀਆਂ ਯਾਦਾਂ ਮੁੜ ਮੁੜ ਪੜ੍ਹੇ ਪਹਾੜੇ-
ਪਰਤ ਪਰਤ ਕੇ ਮੁਖੜਾ ਤੇਰਾ ਅੱਖੀਆਂ ਅੱਗੇ ਆਇਆ ।

30

ਜਦ ਵੀ ਤੇਰੀ ਮੂਰਤ ਵੇਖਾਂ, ਘੁੱਟ ਕਲੇਜੜੇ ਲਾਵਾਂ,
ਮੁੜ ਮੁੜ ਵੇਖਾਂ, ਵੱਲ ਵੱਲ ਚੁੰਮਾਂ, ਸਦਕੇ ਸਦਕੇ ਜਾਵਾਂ ।
ਭਾਵੇਂ ਅੱਜ ਦੂਜਾਣੇ ਵਿਹੜੇ ਚਹਿਕ ਤਹਿੰਡੜੀ ਗੂੰਜੇ,
ਸਦਾ ਸੁਹਾਗਣ ਬੱਚੀਏ ਤੇਰੀਆਂ ਠੰਢੀਆਂ ਆਉਣ ਹਵਾਵਾਂ ।

ਤੇਰੇ ਜੇਡ ਨ ਕੋਇ ਦੂਜਾ

43

ਤੇਰੇ ਜਿਹਾ ਨਾ ਮਿਲਿਆ ਦੂਜਾ, ਭਾਲੀ ਦੁਨੀਆਂ ਸਭ ਨੀ ।
ਮੇਰੇ ਜੰਮਣ ਤੋਂ ਵੀ ਪਹਿਲਾਂ ਪਈਓਂ ਮੈਨੂੰ ਲੱਭ ਨੀ ।
ਗ਼ਰਜ਼-ਵਿਹੂਣਾ ਪਿਆਰ ਨ ਤੱਕਿਆ ਪਿਆਰ ਤੇਰੇ ਬਿਨ ਕੋਈ,
ਗੋਦ ਤੇਰੀ ਬੈਕੁੰਠ ਨੀ ਮਾਏ, ਨਦਰ ਤੇਰੀ ਵਿੱਚ ਰੱਬ ਨੀ ।

44

ਪਿਆਰ ਤੇਰਾ ਨੀ ਮਾਏ ਮੇਰੀਏ, ਦੇ ਦੇ ਕਦੇ ਨਾ ਰੱਜਦਾ ।
ਨਾਲੇ ਸਾਡੇ ਖਤੇ ਬਖ਼ਸ਼ਦਾ, ਨਾਲੇ ਪਰਦੇ ਕੱਜਦਾ ।
ਨੈਣੀ ਨਦਰ ਫ਼ਰਿਸ਼ਤੇ ਵਾਲੀ, ਬੈਣੀ ਬਾਤ ਬਹਿਸ਼ਤੀ,
ਤੇਰੇ ਚਰਨ ਜਦੋਂ ਵੀ ਪਰਸਾਂ, ਰੱਬ ਨੂੰ ਅਪੜੇ ਸਜਦਾ ।

45

ਮਾਏ ਨੀ ਤੂੰ ਆਂਦਰ ਵਾਂਗਰ ਅੰਦਰ ਮੈਨੂੰ ਰਖਿਆ,
ਮੈਂ ਤੇਰੀ ਕੋਮਲ ਕਾਇਆ 'ਚੋਂ ਜੀਵਨ-ਅੰਮ੍ਰਿਤ ਚੱਖਿਆ ।
ਜੀਕਣ ਤੂੰ ਮੇਰੀ ਜਿੰਦੜੀ ਨੂੰ ਪਿਆਰ-ਸੁਰੱਖਿਆ ਦਿੱਤੀ,
ਸ਼ਾਲਾ ! ਮਿਲੇ ਹਮੇਸ਼ ਤੈਨੂੰ ਵੀ ਰੱਬ ਸੱਚੇ ਦੀ ਰੱਖਿਆ ।

46

ਮਾਏ ਨੀ ਮੇਰੀ ਇਕ ਅਭਿਲਾਖਾ ਮੁੜ ਤੇਰੀ ਹੀ ਜੰਮਾਂ ।
ਫਿਰ ਤੋਂ ਗੋਦ ਤੇਰੀ ਵਿੱਚ ਖੇਡਾਂ, ਦਾਮਨ ਤੇਰਾ ਥੰਮਾਂ ।
ਮੈਨੂੰ ਹਿਰਖ ਕਿ ਏਸ ਜਨਮ ਮੈਂ ਕੰਮ ਤੇਰੇ ਨ ਆਇਆ,
ਵੇਖੀਂ ਅਗਲੀ ਵਾਰ ਨ ਭਟਕੇ ਤੇਰਾ ਪੁੱਤ ਨਿਕੰਮਾਂ ।

47

ਸੱਚ ਦਾ ਕੋਈ ਗਵਾਹ ਨ ਹੋਂਦਾ ਜੇਕਰ ਤੂੰ ਨਾ ਹੁੰਦੀ ।
ਜਿੰਦ ਮੇਰੀ ਵਿਚ ਸਾਹ ਨ ਹੋਂਦਾ ਜੇਕਰ ਤੂੰ ਨਾ ਹੁੰਦੀ ।
ਪਿਆਰ ਤੇਰੇ ਦੀ ਬਖ਼ਸ਼ਿਸ਼ ਮਾਏ, ਰੱਬ ਦੀ ਰਹਿਮਤ ਵਰਗੀ,
ਰੱਬ ਤੋਂ ਮੈਂ ਆਸ਼ਨਾ ਨਾ ਹੋਂਦਾ ਜੇਕਰ ਤੂੰ ਨਾ ਹੁੰਦੀ ।

48

ਦੰਦ ਨ ਸਨ ਜਦ ਮੇਰੇ ਅੰਮੀਏਂ, ਦਿੱਤਾ ਦੁੱਧ ਪਿਆ ਤੂੰ ।
ਦੰਦ ਮਿਲੇ ਤਾਂ ਮੇਰੇ ਮੂੰਹ ਵਿਚ ਪਾਏ ਆਪ ਗਿਰਾਹ ਤੂੰ ।
ਮੈਂ ਤੇ ਹੋਰ ਰੱਬ ਨਾ ਡਿੱਠਾ ਨਦਰ ਤੇਰੀ ਤੋਂ ਬਾਲਾ,
ਖਿਮਾ ਯਾਚਨਾ ਤੋਂ ਵੀ ਪਹਿਲਾਂ ਬਖ਼ਸ਼ੇ ਸਦਾ ਗੁਨਾਹ ਤੂੰ ।

ਪਿਆਰ ਤੰਦ ਇਕ ਸੁੱਚੀ

49

ਤੂੰ ਬੰਨ੍ਹੀ ਇਹ ਤੰਦ ਜੁ ਸੁੱਚੀ ਪਕੜ ਮੇਰੀਆਂ ਬਾਹਾਂ,
ਕੀ ਚਾਹੇਂ ਕਿ ਪਿਆਰ ਤੇਰੇ ਦਾ ਮੈਂ ਕੈਦੀ ਹੋ ਜਾਵਾਂ ?
ਤੂੰ ਕੀ ਆਖੇਂ ? ਤੋੜ ਕੇ ਧਾਗਾ ਛੁਟ ਸਕਦਾ ਹਾਂ ਕੈਦੋਂ ?
ਹੁਣ ਤਾਂ ਜੇ ਤੂੰ ਆਪ ਵੀ ਖੋਲ੍ਹੇਂ ਮੈਂ ਖੁਲਣਾ ਨਾ ਚਾਹਾਂ ।

50

ਕਿਸੇ ਸੁਹਾਵੇ ਪਿਆਰ ਲਈ ਜਦ ਰੂਹ ਮੇਰੀ ਸਧਰਾਈ.
ਦਿਲ ਮੇਰੇ ਦੇ ਆਂਗਣ ਭੈਣੇ ਤੂੰ ਚੁਪ ਕੀਤੇ ਆਈ ।
ਮਲਕੜੇ ਜਹੇ ਕੰਨ ਵਿਚ ਮੇਰੇ 'ਵੀਰਾ' ਮੈਨੂੰ ਕਹਿ ਕੇ,
ਸੁੱਚੀ ਤੰਦ ਕਿਸੇ ਵਿਚ ਮੇਰੀ ਤੂੰ ਬੰਨ੍ਹ ਗਈ ਕਲਾਈ ।

51

ਭਾਵੇਂ ਤੈਨੂੰ ਕੁਖ ਅਪਣੀ 'ਚੋਂ ਮਾਂ ਮੇਰੀ ਨਾ ਜਾਇਆ,
ਭਾਵੇਂ ਪਿਤਾ ਮੇਰੇ ਵੀ ਤੈਨੂੰ ਗੋਦੀ ਨਹੀਂ ਖਿਡਾਇਆ,
ਤਾਂ ਵੀ ਮਾਂ-ਪਿਉ ਜਾਈਆਂ ਵਰਗੀ ਤੈਥੋਂ ਮਿਲੀ ਅਸਾਨੂੰ-
ਸੱਚੇ, ਸੁੱਚੇ ਪਿਆਰ ਤੇਰੇ ਦੀ ਸਦ ਘਣ-ਪਤਰੀ ਛਾਇਆ ।

52

ਪੂਰਬਲੇ ਸੰਜੋਗਾਂ ਸਦਕੇ ਜੁੜਦੇ ਨੀ ਸੰਬੰਧ ਵਲੇ ।
ਆਪੇ ਆ ਕੇ ਪਕੜ ਖਲੋਂਦੀ ਕੋਈ ਪਿਆਰ ਸੌਗੰਦ ਵਲੇ ।
ਜਿਵੇਂ ਨ ਵੱਸ ਹਵਾਵਾਂ ਦੇ ਕੁਝ, ਨਾ ਕੁਝ ਵੱਸ ਅਸਾਡੇ ਨੀ,
ਜੋੜ ਗਈ ਉਮਰਾਂ ਦਾ ਰਿਸ਼ਤਾ ਤੇਰੀ ਰੇਸ਼ਮ-ਤੰਦ ਵਲੇ ।

53

ਗੁੱਟ ਮੇਰੇ ਇੱਕ ਤੰਦ ਵਲਾ ਕੇ ਜੋੜਿਆ ਤੂੰ ਜੋ ਨਾਤਾ-
ਪੂਰਬਲੇ ਸੰਬੰਧਾਂ ਦਾ ਕੋ ਮੁੜ ਕੇ ਖੁਲ ਗਿਆ ਖਾਤਾ ।
ਆ ਫਿਰ ਦੋਵੇਂ ਹੱਥ ਜੋੜੀਏ, ਰਲ ਕੇ ਇਸ਼ਟ ਧਿਆਈਏ
ਤਾਂ ਜੁ ਪਿਆਰ ਅਸਾਡੇ ਦੇ ਸਿਰ ਰੱਖੇ ਹੱਥ ਵਿਧਾਤਾ ।

54

ਲੈ ਕੇ ਅਪਣੀ ਗਲਵੱਕਣ ਵਿਚ ਜਦ ਤੂੰ ਮੈਨੂੰ ਚੰਨੀ,
ਅਨਕ ਅਸੀਸਾਂ ਦੇ ਦੇ ਮੈਨੂੰ ਤੰਦ ਪਿਆਰ ਦੀ ਬੰਨ੍ਹੀ-
ਸੂਰਜ ਨੇ ਤਦ ਦਿਸਹੱਦੇ ਤੋਂ ਸ਼ੁਭ ਇੱਛਾਵਾਂ ਘੱਲੀਆਂ,
ਰੰਗ ਕੇ ਬਦਲੀ ਦੇ ਫੰਭੇ ਦੀ ਸਤ ਰੰਗਾਂ ਵਿਚ ਕੰਨੀ ।

ਸਿਫ਼ਤ ਸਮਾਲੇ ਕੋਈ

60

ਸਗਲਾ ਮੁਲਖ਼ ਖ਼ੁਸ਼ਾਮਦ ਢੋਂਦਾ, ਸਿਫ਼ਤ ਸਮਾਲੇ ਕੋਈ ।
ਆਦਮ ਤਾਂ ਨਾਦਮ ਹੀ ਥੀਂਦਾ, ਲੱਜਾ ਪਾਲੇ ਕੋਈ ।
ਤਰਲੇ ਕਰਦੇ ਫਿਰਨ ਅਸੰਖਾਂ, ਵਿਰਲਾ ਅਰਜ਼ ਗੁਜ਼ਾਰੇ,
ਹਰ ਕੋ ਰੂਪ ਵਿਸਾਹਣਹਾਰਾ, ਦਰਸ ਨਿਹਾਲੇ ਕੋਈ ।

61

ਹਰ ਸੀਨੇ ਵਿਚ ਘੁਰੇ ਅੰਦੇਸੇ ਆਸ ਤਾਂ ਵਿਰਲੇ ਘਰ ਨੀ ।
ਹਰ ਮਨ ਅੰਦਰ ਚਿੰਤ ਸਮਾਣੀ, ਧੀਰ ਨ ਆਏ ਨਜ਼ਰ ਨੀ ।
ਹਰ ਮਸਤਕ ਅਭਿਮਾਨ ਵਿਗੁੱਤਾ, ਵਿਰਲੇ ਨੈਣ ਨਮਰ ਨੀ ।
ਹਰ ਆਕਲ ਨੂੰ ਤਰਕ ਸੁਖਾਣਾ, ਭਾਵ ਤਾਂ ਦੇਸ ਬਦਰ ਨੀ ।

62

ਕਿਹੜਾ ਹਰਮ ਖਲੋਤਾ ਕਾ'ਬੇ, ਤੇ ਕਿਹੜਾ ਬੁਤਖ਼ਾਨੇ ?
ਕਿਹੜੀ ਸਿਲਾ ਅਹਿਲਿਆ ਹੋ ਕੇ ਰਾਮ-ਚਰਣ-ਛੁਹ ਮਾਣੇ ?
ਕਿਸ ਪੱਥਰ ਵਿਚ ਪੰਜਾ ਲੱਗਿਆ, ਕਿਹੜਾ ਲੱਥਾ ਤੂਰੋਂ ?
ਓਹੋ ਹਰਮ ਤੇ ਓਹਾ ਮਹਿਰਮ, ਜੇ ਕੋ ਮਰਮ ਪਛਾਣੇ ।

63

ਕਿਸ ਦਾ ਪਹਿਰਨ ਲਹਿਰੇ ਨੀਲੇ ਅਸਮਾਨਾਂ ਦੇ ਉਹਲੇ ?
ਕੌਣ ਜੋ ਬੱਦਲਾਂ ਅੰਦਰ ਬੈਠਾ ਬੰਦ ਮੇਘ ਦੇ ਖੋਲੇ ?
ਇਕ ਵਾਰੀ ਜੇ ਹੱਥ ਆਪਣੇ ਮੇਰੇ ਹੱਥ ਫੜਾਵੇ,
ਧੂਹ ਕੇ ਉਸਨੂੰ ਮੈਂ ਲੈ ਆਵਾਂ ਅਪਣੀਆਂ ਤੜਪਾਂ ਕੋਲੇ ।

64

ਕਾਂਗ ਉਤਰ ਗਈ, ਛੋੜ ਕੇ ਮੈਨੂੰ, ਕਣ ਰੇਤਾਂ ਦੇ ਗਿਣਦਾ ।
ਢੱਲ ਗਿਆ ਸੂਰਜ, ਛੋੜ ਕੇ ਮੈਨੂੰ, ਥਲ ਦੀਆਂ ਛਾਵਾਂ ਮਿਣਦਾ ।
ਜਿਨ ਇਹ ਸਾਹਿਲ, ਜਿਨ ਇਹ ਸੂਰਜ ਮੇਰੇ ਲਈ ਉਪਾਏ,
ਲੋਕਾ ! ਕਿਵੇਂ ਕਰਾਂ, ਅੰਦਾਜ਼ਾ ਤਿਸ ਸਾਹਿਬ ਦੇ ਰਿਣ ਦਾ ?

ਗੁਲਬਹਾਰ ਦੇ ਉਹਲੇ

77

ਨਿਕਲ ਪਿਆ ਮੈਂ ਉਸ ਵਾਦੀ ਵਿਚ, ਸੁਬਕ ਸੁਬਕ ਪਗ ਧਰਦਾ-
ਜਿੱਥੇ ਗੁਲਬਹਾਰ ਦਾ ਖੇੜਾ ਟੂਣੇ ਸੀ ਪਿਆ ਕਰਦਾ ।
ਉਸ ਆਜ਼ਾਦ ਫ਼ਿਜ਼ਾ ਵਿਚ ਮੈਂ ਸਾਂ, ਜਾਂ ਫਿਰ ਕਾਦਰ ਮੇਰਾ,
ਕਾਦਰ ਵੀ ਓਢੀ ਬੈਠਾ ਸੀ ਫੁਲ-ਪੱਤੀਆਂ ਦਾ ਪਰਦਾ ।

78

ਸੂਰਜ ਚੜ੍ਹਨਸਾਰ ਉਪਬਨ ਵਿਚ ਲੱਖ ਕਲੀਆਂ ਮੁਸਕਾਈਆਂ ।
ਲੱਖਾਂ ਹੀ, ਪਰ, ਦਿਨ ਚੜ੍ਹਦੇ ਨੇ ਮਿੱਟੀ ਵਿਚ ਮਿਲਾਈਆਂ ।
ਭਾਵੇਂ ਆਈ ਬਸੰਤ, ਅਨੇਕਾਂ ਨਵ-ਮੁਸਕਾਣਾਂ ਲੈ ਕੇ,
ਕੇਤੜੀਆਂ ਵਾਕਫ਼ ਮੁਸਕਾਣਾਂ ਮੁੜ ਕੇ ਨਜ਼ਰ ਨ ਆਈਆਂ ।

79

ਜਾਂ ਵੀ ਕੋਈ ਗੁਲਾਬ ਚਮਨ ਵਿਚ ਮਾਰੇ ਭਾਅ ਨਿਰਾਲੀ–
ਲਗਦਾ, ਉਸ ਮਿੱਟੀ ਵਿਚ ਹੋਣੀ ਲਹੂ ਕਿਸੇ ਦੀ ਲਾਲੀ ।
ਜਿੱਥੇ ਵੀ ਕੋ ਤ੍ਰੇਲਾਂ ਉਤਰਨ ਨਰਗਸ ਕਲੀਆਂ ਉੱਤੇ,
ਉਨ ਹੇਠਾਂ ਕੋ ਅੱਖ ਅਨੂਠੀ ਸੁਤੜੀ ਦਏ ਦਿਖਾਲੀ ।

80

ਇਕ ਦਿਨ ਸਾਡੇ ਆਂਗਨ ਆਪੇ ਆਣ ਬਿਨਫ਼ਸ਼ਾ ਉਗਿਆ ।
ਧੁੱਪਾਂ 'ਚੋਂ ਉਨ ਭੋਰਾ ਭੋਰਾ ਸੁੱਚਾ ਨੀਲਮ ਚੁਗਿਆ ।
ਦੋ ਦਿਨ ਉਸ ਨੇ ਸਾਡੇ ਵਿਹੜੇ ਭਰਵੀਂ ਰੌਣਕ ਲਾਈ,
ਪਰ, ਅਫ਼ਸੋਸ ਕਿ ਅਗਲੀ ਰਾਤੀ ਪਾਲੇ ਹੱਥੋਂ ਪੁਗਿਆ ।

81

ਖਿੜਿਆ ਸੀ ਅਜ ਸਾਡੇ ਵਿਹੜੇ ਰੁੱਤਾਂ ਦਾ ਮਹਾਰਾਜਾ ।
ਏਡਾ ਰੂਪ ਵਿਗਸਿਆ ਸਾਡੇ, ਕਉਣ ਕਰੇ ਅੰਦਾਜਾ ?
ਇਕੇ ਤਾਂ ਸੂਰਜ ਬਾਂਹ ਲੁਡਾ ਕੇ ਰੰਗ ਡੋਲ੍ਹ ਗਿਆ ਸੱਤੇ,
ਦੂਜੇ ਖੋਲ ਗਈ ਪੁਰਵਾਈ ਮਹਿਕਾਂ ਦਾ ਦਰਵਾਜ਼ਾ ।

ਪੰਜ ਦਰਿਆ ਦੇ ਪਾਣੀ

94

ਜਦ ਤਕ ਦੇਸ ਬਿਦੇਸ ਨ ਫਿਰਿਆ ਮੈਂ ਪਰਤੀਤ ਨ ਕੀਤਾ,
ਕਿਤਨਾ ਪਿਆਰ ਵਤਨ ਦੀ ਖ਼ਾਤਰ ਮੈਂ ਹਿਕੜੀ ਵਿਚ ਸੀਤਾ ।
ਉਕਰੇ ਜਾਣ ਉਹਦੇ ਸੀਨੇ ਤੇ ਪੰਜ ਦਰਿਆ ਦੇ ਨਕਸ਼ੇ,
ਇੱਕ ਚੁਲੀ ਭਰ ਪਾਣੀ ਵੀ ਜਿਨ ਏਸ ਵਤਨ ਦਾ ਪੀਤਾ ।

95

ਖ਼ਾਲਕ ਨੇ ਤਾਂ ਪਿਆਰ ਕਰਨ ਨੂੰ ਦਿੱਤਾ ਆਲਮ ਸਾਰਾ,
ਸਾਡੇ ਦਿਲ ਵਿਚ ਕਿਵੇਂ ਸਮਿੱਜੇ ਏਡਾ ਮਿਲਖ ਅਪਾਰਾ ?
ਭਾਵੇਂ ਬ੍ਰਹਮੰਡਾਂ ਜਹੀ ਧਰਤੀ ਅਸਾਂ ਦਿਲੇ ਵਿਚ ਸੀਤੀ,
ਪਰ ਚੁਣ ਲੀਤਾ ਸਭ ਤੋਂ ਪਹਿਲਾਂ ਇਹ ਪੰਜਾਬ ਪਿਆਰਾ ।

96

ਹੇ ਪੰਜਾਬ ! ਮੈਂ ਦਿਲ ਵਿਚ ਤੈਨੂੰ ਮੋਤੀਆਂ ਹਾਰ ਪਰੋਇਆ ।
ਹਰ ਆਕਰਮਣ ਦੇ ਸਾਹਵੇਂ ਤੂੰ ਸੀਨਾ ਤਾਣ ਖਲੋਇਆ ।
ਭਾਰਤ ਦੀ ਸਰਹੱਦ ਤੇ ਦਿੱਤਾ ਤੂੰ ਹਰ ਜੁਗ ਵਿਚ ਪਹਿਰਾ,
ਜੇ ਹਥਿਆਰ ਕਦੇ ਤੂੰ ਸੁੱਟੇ, ਹਿੰਦ ਪਰਾਜਿਤ ਹੋਇਆ ।

97

ਧਰਤ ਅਨੂਪ ਮਹਾ-ਰਿਸ਼ੀਆਂ ਦੀ, ਇਹ ਪੰਜਾਬ ਅਸਾਡਾ,
ਵੇਦ ਰਿਚਾਂ ਦੇ ਬੋਲ ਜਿਹਦੇ ਘਰ, ਸ਼ਬਦ ਸੱਚੇ ਪਾਤਸ਼ਾਹ ਦਾ ।
ਏਥੇ ਹਰ ਜੰਮਦੇ ਬੱਚੇ ਦਾ ਸੀਸ ਤਲੀ ਤੇ ਹੋਂਦਾ,
ਏਥੇ ਹਰ ਗਭਰੂ ਦਾ ਹੁੰਦਾ ਨਾਲ ਸ਼ਹਾਦਤ ਵਾਹਦਾ ।

98

ਹੇ ਸੁਹਣੇ ਪੰਜਾਬ ਕਿਹਾ ਤੂੰ ਮੋਹਿਆ ਮੇਰਾ ਹਿਰਦਾ
ਮਰਨ ਲਈ ਵੀ ਵੀ ਮੈਂ ਨ ਮੰਗਾਂ ਬਿਆ ਕੋਈ ਚੌਗਿਰਦਾ ।
ਸ਼ਾਲਾ ਤੇਰੀ ਹੀ ਧਰਤੀ ਵਿਚ ਖਿੰਡੇ ਮਿੱਟੀ ਮੇਰੀ,
ਪ੍ਰੇਤ ਮੇਰਾ ਵੀ ਤੇਰੇ ਹੀ ਖੇਤਾਂ ਵਿਚ ਲੱਭੇ ਫਿਰਦਾ ।

99

ਸੁਹਣੇ ਤੇਰੇ ਜੰਡ ਕਰੀਰਾਂ, ਸੁਹਣੇ ਤੇਰੇ ਫੁਲਾਹ,
ਖੁਲ੍ਹੇ ਪਿੰਡ, ਦਿਲਾਵਰ ਬੰਦੇ, ਹੰਢਣਸਾਰ ਵਿਸਾਹ ।
ਹੇ ਮੇਰੇ ਪੰਜਾਬ ਸੰਭਾਲੀਂ ਅਪਣੀ ਗੋਦੀ ਮੈਨੂੰ,
ਮਤਾਂ ਬਲੋਚ ਦਸੌਰੀ ਮੇਰੀ ਮਿੱਟੀ ਦੇਵਣ ਦਾਹ ।

100

ਮੇਰੇ ਵਤਨ ! ਮੁਹੱਬਤ ਤੇਰੀ ਨਫ਼ਰਤ ਨਹੀਂ ਪਰਾਇਆਂ ਦੀ ।
ਸਾਡੇ ਘਰ ਤਾਂ ਬੜੀ ਮਾਨਤਾ, ਬੜੀ ਕਦਰ ਹਮਸਾਇਆਂ ਦੀ ।
ਇਹ ਵੱਟਾਂ ਤਾਂ ਰੋਜ਼ ਵਟਦੀਆਂ, ਅੱਜ ਏਥੇ, ਕਲ ਓਥੇ ਨੀ,
ਪਰ ਆਂਦਰ ਤਾਂ ਇਕੋ ਰਹਿੰਦੀ ਇੱਕੋ ਮਾਪਿਓਂ ਜਾਇਆਂ ਦੀ ।

101

ਵਤਨ ਪਿਆਰਾ ਮੈਨੂੰ, ਨਹੀਂ ਪਿਆਰੀ ਵਤਨ ਪਰਸਤੀ ।
ਮਾਨਵਤਾ ਦੇ ਪਿਆਰ ਟਾਕਰੇ ਲੱਗੇ ਸਸਤੀ ਸਸਤੀ ।
ਮੈਨੂੰ ਤਾਂ ਆਦੇਸ਼ ਗੁਰਾਂ ਦਾ ਸਭ ਦਾ ਭਲਾ ਚਿਤਾਰਾਂ,
ਮੈਂ ਸ਼ਹਿਰੀ ਆਨੰਦਪੁਰੇ ਦਾ, ਸਭ ਜਗ ਮੇਰੀ ਬਸਤੀ ।

102

ਕੇਵਲ ਇਤਨੀ ਹੀ ਬੀਤੇਗੀ ਉਸ ਦਿਨ ਮੇਰੇ ਹਾਣੀ,
ਜਿਸ ਦਿਨ ਮੇਰੀ ਕਾਇਆ ਵਿਚੋਂ ਉਡਰੇਗੀ ਜ਼ਿੰਦਗਾਨੀ;
ਏਸ ਵਤਨ ਦੀ ਮਿੱਟੀ ਅੰਦਰ ਜਿਸ ਦਾ ਮੁੱਲ ਨਾ ਕੋਈ,
ਮੇਰੀ ਅਪਣੀ ਵੀ ਰਲ ਜਾਸੀ ਦੋ ਮੁੱਠ ਖ਼ਾਕ ਨਿਮਾਣੀ ।

ਕਣ ਕਣ ਅੰਦਰ ਕੇਲ ਕਰੇਂਦਾ

103

ਸਾਗਰ ਡਿੱਠਾ ਤਾਂ ਰੱਬ ਦਿਸਿਆ ਅਨਹਦ ਲਹਿਰਨਹਾਰਾ ।
ਪਰਬਤ ਤੱਕਿਆ ਤਾਂ ਰੱਬ ਡਿੱਠਾ ਥਿਰ ਘਰ, ਉਚ ਅਪਾਰਾ ।
ਜੰਗਲ ਡਿੱਠਾ ਤਾਂ ਰੱਬ ਦਿਸਿਆ ਗੰਧ, ਰੂਪ, ਰਸ, ਭਿੰਨਾ,
ਹਰ ਕਣ ਕਣ 'ਚੋਂ ਝਾਤ ਮਰੇਂਦਾ ਇੱਕੋ ਕਰਣੇਹਾਰਾ ।

104

ਸੱਚ ਸਦੀਵ, ਸਦਾ ਸਦ ਨਵਤਨ, ਕਾਲ ਜਾਲ ਤੋਂ ਬਾਲਾ ।
ਸੁੰਦਰ, ਸ਼ੁਭ, ਸਦਗੁਣ, ਸਦਚੇਤਨ, ਸ੍ਰਿਸ਼ਟ ਸਮਾਲਣ ਵਾਲਾ ।
ਇੱਕੋ ਨਾਮ, ਜੁ ਮਿਲੇ ਇਕਾਂਤੀ, ਬਾਕੀ ਕੂੜ ਪਸਾਰਾ,
ਸੱਚ ਸੋਈ ਜੋ ਸਭ ਕੁਝ ਹੋ ਕੇ, ਸਭ ਤੋਂ ਰਹੇ ਨਿਰਾਲਾ ।

105

ਕੀ ਗਿਣਦੇ ਫਿਰਦੇ ਹੋ ਲਹਿਰਾਂ ? ਤਰ ਕੇ ਸਾਗਰ ਵੇਖੋ ।
ਕੀ ਤਕਦੇ ਫਿਰਦੇ ਹੋ ਸ਼ੀਸ਼ਾ ? ਦਿਲ ਵਿਚ ਦਿਲਬਰ ਵੇਖੋ ।
ਕੀ ਜਪਦੇ ਹੋ ਮਾਲਾ ਉੱਤੇ ਰਾਮ ਨਾਮ ਦਿਨ ਰਾਤੀ ?
ਕਦੇ ਤਾਂ ਨਾਮ ਪਸਿੱਤੇ ਬੈਠਾ ਗੁਪਤ ਨਾਮਵਰ ਵੇਖੋ ।

106

ਮੋਤੀ ਨੂੰ ਸਿੱਪੀ ਅੰਦਰ ਹੀ ਪਿਆਂ ਆਬ ਦੇ ਦੇਵੇਂ ।
ਆਦਮ ਤਾਈਂ ਅਣਮੰਗਿਆਂ ਹੀ ਅਦਨ-ਬਾਗ਼ ਦੇ ਦੇਵੇਂ ।
ਮੈਨੂੰ ਰਿਜ਼ਕ, ਫੁੱਲਾਂ ਖ਼ੁਸ਼ਬੋਈ ਤੇ ਚੱਟਾਨਾਂ ਹੀਰੇ,
ਜਿਸ ਨੂੰ ਜੋ ਲੋੜੀਂਦਾ, ਵੇਖੇਂ ਸੋਈ ਆਪ ਦੇ ਦੇਵੇਂ ।

107

ਸਗਲ ਅਸੱਤ ਵਿਚ ਵੀ ਤੇਰੇ ਸੱਤ ਦਾ ਝਲਕਾ ਝਲਕੇ ।
ਗੂਹੜੀਆਂ ਛਾਵਾਂ ਵਿਚ ਵੀ ਤੇਰੀ ਕਿਰਨ ਆਣ ਕੇ ਡਲ੍ਹਕੇ ।
ਆਦਮ ਦਾ ਹਰ ਬੋਲ ਹੋਵੰਦਾ ਵਿਆਕਰਣ ਵਿਚ ਬੱਝਾ,
ਨਾਮ, ਵਿਸ਼ੇਸ਼ਣ, ਕਿਰਿਆ ਸਭ 'ਚੋਂ ਤੂੰ ਲੰਘ ਜਾਏਂ ਨਿਕਲ ਕੇ ।

ਸਕਲ ਕਾਲ ਕਾ ਕੀਆ ਤਮਾਸ਼ਾ

ਨਵੇਂ ਵਰ੍ਹੇ ਵਿਚ ਕਦਮ ਧਰਦਿਆਂ
114

ਨਵਾਂ ਸਾਲ ਦਰਵਾਜ਼ੇ ਆਇਆ ਅਨਕ ਮੁਮਾਰਖ ਲੈ ਕੇ ।
ਬੂਹੇ ਆ ਕੇ ਅਲਖ ਜਗਾਈ, 'ਵਖਤ ਪਛਾਣੋਂ' ਕਹਿ ਕੇ ।
ਅਸੀਂ ਸੋਚਦੇ ਰਹੇ ਕਿ ਇਸ ਨੂੰ ਬੈਸਣ ਕਿੱਥੇ ਦੇਈਏ,
ਉਹ ਜਿਵ ਆਇਆ, ਓਵੇਂ ਤੁਰ ਗਿਆ, ਬੂਹੇ ਤੇ ਹੀ ਬਹਿ ਕੇ ।

115

ਨਵਾਂ ਸਾਲ ਚੜ੍ਹਦੇ ਹੀ ਭਲਕੇ, ਮੈਨੂੰ ਆਣ ਜਗਾਈਂ,
ਪਿਆਰ ਨਾਲ ਫਿਰ ਮੈਨੂੰ ਮਾਏ, ਘੁੱਟ ਕਲੇਜੇ ਲਾਈਂ ।
ਪਹਿਲਾਂ ਮਿਲੇ ਅਸੀਸ ਤੇਰੀ, ਫਿਰ ਹੋਰ ਕੋਈ ਮੂੰਹ ਵੇਖਾਂ,
ਤੈਥੋਂ ਉੱਪਰ ਕਉਣ ਜੁ ਮੇਰੀਆਂ ਸੱਕੇ ਰੱਦ ਬਲਾਈਂ ।

116

ਵਾਪਰ ਗਿਆ ਵਰ੍ਹਾ ਮੁੜ ਕੰਨੀਂ ਕਹਿ ਗਿਆ ਜਾਂਦੇ ਜਾਂਦੇ,
'ਮੇਰੇ ਦਿੱਤੇ ਪਹਿਰ ਅਨੇਕਾਂ ਤੂੰ ਕਿਨ ਕੰਮ ਨ ਆਂਦੇ ।'
ਨਵਾਂ ਸਾਲ ਤਦ ਉਠਿਆ, ਕਹਿੰਦਾ, 'ਨਾ ਹੋ ਨਿੰਮੋਝੂਣਾ !
ਸਜਰੇ ਪਹਿਰ ਅਨੇਕਾਂ ਲਿਆਇਆਂ, ਜਾਣ ਨ ਦੇਵੀਂ ਵਾਂਦੇ !'

117

ਸਮਾਂ ਤਾਂ ਇੱਕੋ ਹਾਲ ਚਲਾਏ ਭਾਵੇਂ ਅਪਣੇ ਪਹੀਏ,
ਅਸੀਂ ਤਾਂ ਰੋਜ਼ ਓਸ ਵਿੱਚੋਂ ਇਕ ਥਿੱਤ ਘਟਾਂਦੇ ਰਹੀਏ ।
ਵਰ੍ਹਾ ਵੀ ਜਦ ਮੁੱਕਣ ਤੇ ਆਵੇ, ਤੁਰ ਜਾਏ ਚੁੱਪ ਕੀਤਾ,
ਇਹ ਤਾਂ ਅਸੀਂ ਜੋ ਨਵੇਂ-ਵਰ੍ਹੇ ਦਿਨ ਚੁਪ ਕਰ ਕੇ ਨਾ ਬਹੀਏ ।

118

ਗਏ ਵਰ੍ਹੇ ਦੀ ਕਥਾ ਨ ਕਰੀਏ, ਸਿਰਫ਼ ਵਿਦਾਈ ਗਾਈਏ ।
ਨਾਲ ਸ਼ਗਨ ਦੇ ਵਰ੍ਹੇ ਨਵੇਂ ਦਾ ਭਰ ਕੇ ਜਸ਼ਨ ਮਨਾਈਏ ।
ਓਸ ਜਸ਼ਨ ਵਿਚ ਫੋਕਟ ਕੋ ਪੱਛਤਾਵਾ ਵੜਨ ਨ ਦੇਈਏ,
ਨਵੇਂ ਸਾਲ ਨੂੰ ਇੰਜ ਆਪਣੀ ਮਹਿਫ਼ਲ ਵਿਚ ਬੁਲਾਈਏ ।

ਵਰ੍ਹੇ ਵਰ੍ਹੇ ਦੀ ਗੰਢ

122

ਚਾਵਾਂ ਭਾਵਾਂ ਭਰੀ ਅਸਾਡੀ ਵਰ੍ਹੇ ਗੰਢ ਅੱਜ ਆਈ,
ਪੈਰ ਵਟਾਂਦਿਆਂ ਤਦੋਂ ਸਮੇਂ ਨੇ ਝਾਤ ਪਿਛਾਹਾਂ ਪਾਈ ।
ਪਿਛਲਾ ਪੰਧ ਜੁ ਉਸ ਨੂੰ ਲੱਗਾ ਪਿਆਰ ਨਾਲ ਖ਼ੁਸ਼ਬੋਇਆ,
ਅਗਲੇ ਪੰਧ ਅਸਾਡੇ ਤੇ ਉਨ ਦੁਗਣੀ ਮਹਿਕ ਲੁਟਾਈ ।

123

ਕਿਹੜੇ ਦਾਈਏ ਜਨਮ-ਦਿਹਾੜਾ ਅਪਣਾ ਅਸੀਂ ਮਨਾਈਏ ?
ਜੰਮਣ ਤੋਂ ਪਹਿਲਾਂ ਜਦ ਭਾਗੀਂ ਮਰਨ ਲਿਖਾ ਕੇ ਆਈਏ ।
ਕਾਲ ਤਾਂ ਜਨਮ-ਦਿਹਾੜੇ ਸਾਥੋਂ ਕਰ ਉਗਰਾਹੁਣ ਆਵੇ,
ਉਸ ਦਾ ਹੀ ਬੱਸ ਘਰ ਨਾ ਭਰੀਏ, ਰੱਬ ਨੂੰ ਵੀ ਰੀਝਾਈਏ ।

124

ਖੁਲ੍ਹਾ ਵੇਖ ਬਾਰ ਖਿਤੀਆਂ ਦਾ ਰੂਹ ਇਕ ਚਿਰ-ਸਧਰਾਈ,
ਇਕ ਲੰਮੇ ਤਾਰੇ ਤੇ ਚੜ੍ਹ ਕੇ ਪਲਮ ਹਿਠਾਹਾਂ ਧਾਈ ।
ਪੱਲੂ ਹੇਠ ਵਿਛਾਓ ਨੀ ਪਉਣੋ, ਪੰਧ ਸੁਆਰੋ ਕਲੀਓ,
ਖ਼ਬਰੇ ਕਿਹੜੀ ਕੂੰਜ ਵਿਛੁੰਨੀ ਪਰਤ ਅਸਾਡੇ ਆਈ ।

125

ਤੜਕੇ ਮੇਰੇ ਜਨਮ-ਦਿਹਾੜੇ ਪਿਆਰ ਮੇਰੇ ਘਰ ਧਾਇਆ,
ਮਾਂ-ਪਿਓ, ਭੈਣ-ਭਾਈ, ਧੀ-ਪੁੱਤਰ, ਮੀਤ-ਸਖਾ ਬਣ ਆਇਆ ।
ਸ਼ੁਭ ਇੱਛਾਵਾਂ ਦੇ ਕੇ ਮੈਨੂੰ ਇਹ ਦਿਨ ਪੁੱਛਣ ਲੱਗਾ,
ਏਡਾ ਪਿਆਰ ਜਿਨ੍ਹੇ ਤੁਧ ਘੱਲਿਆ ਉਨ ਤੂੰ ਕਿਉਂ ਵਿਸਰਾਇਆ ?

126

ਕਿਤਨੀ ਬੀਤ ਚੁਕੀ ਅੱਜ ਉਮਰਾ ਇਹ ਕਿਉਂ ਚੇਤੇ ਕਰੀਏ ?
ਸਗੋਂ ਜਨਮ-ਦਿਨ ਅਪਣੇ ਤਾਈਂ ਨਾਲ ਬਰਕਤਾਂ ਭਰੀਏ ।
ਆਓ ਕਿ ਇਤਨੀ ਸੇਵ-ਕਮਾਈਏ, ਇਤਨਾ ਪਿਆਰ ਲੁਟਾਈਏ,
ਤਾਂ ਜੁ ਹਰ ਕੋ ਯਾਦ ਕਰੇ ਜਦ ਕੂਚ ਇਥਾਊਂ ਕਰੀਏ ।

ਕਾਲ ਬਿਕਾਲ ਭਏ ਦੇਵਾਨੇ

131

ਸਮਾਂ ਅਸਾਡੀ ਕਾਇਆ ਅੰਦਰ ਬਣ ਕੇ ਪ੍ਰਾਣ ਸਮਾਵੇ ।
ਆਸਾਂ ਤਾਈਂ ਦਏ ਹੌਸਲਾ, ਤ੍ਰਿਸ਼ਨਾ ਤੇ ਮੁਸਕਾਵੇ ।
ਅੱਗਿਓਂ ਇਸ ਨੂੰ ਮਿਲੇ ਇਰਾਦਾ, ਅਉਸਰ ਸੰਗੀ ਥੀਵੇ,
ਪਿੱਛੇ ਇਸ ਦੇ ਪਾਲਾਂ ਬੰਨ੍ਹ ਕੇ ਤੁਰੀ ਆਉਣ ਪਛਤਾਵੇ ।

132

ਬੀਤ ਗਿਆ ਸੋ ਬੀਤ ਗਿਆ, ਨਾ ਪਰਤ ਦੁਬਾਰੇ ਆਵੇ ।
ਆਵਣ ਵਾਲਾ ਵੀ ਨ ਜਾਣਾਂ, ਕੇਹਾ ਵਖਤ ਵਿਹਾਵੇ ।
ਕੇਵਲ ਘੜੀ ਹਾਲ ਦੀ ਅਪਣੀ, ਇਸਨੂੰ ਹੀ ਵੱਸ ਕਰੀਏ,
ਤਾਂ ਜੋ ਹੁਣ ਦਾ ਨਿਮਖ ਭਵਿੱਖ ਨੂੰ ਖ਼ੈਰ ਆਪਣੀ ਪਾਵੇ ।

133

ਜੋ ਨਾ ਬਣੇ ਚਾਤੁਰੀ ਪਾਸੋਂ, ਕਾਲ ਨੇਪਰੇ ਚਾੜ੍ਹੇ ।
ਭਾਵੇਂ ਤਾਂ ਪਰਵਾਨ ਚੜ੍ਹਾ, ਫਿਰ, ਪੈਰਾਂ ਹੇਠ ਲਿਤਾੜੇ ।
ਨਾਲੇ ਉਗਣ ਤੇ ਨਾਲੇ ਆਥਣ, ਦੋਏ ਕਾਲ ਨੇ ਥੰਮੇ,
ਐਪਰ ਮੜ੍ਹੀ ਕਾਲ ਦੀ ਉੱਪਰ, ਮਹਿਲ ਅਕਾਲ ਉਸਾਰੇ ।

134

ਜਿੱਚਰ ਵਿਚ ਕੋ ਤਾਰਾ ਟੁੱਟੇ, ਢਲੇ ਮੇਘ ਦੀ ਛਾਂ,
ਜਿੱਚਰ ਵਿਚ ਸਾਗਰ-ਛੱਲ ਉਛਲੇ ਜਾਂ ਫਿਰ ਮੁੜੇ ਪਿਛਾਂਹ,
ਜਿੱਚਰ ਵਿਚ ਕੋ ਬਿਜਲੀ ਲਿਸ਼ਕੇ, ਪਲਕ ਜਾਂ ਕੋਈ ਝਮਕੇ,
ਉੱਚਰ ਤੀਕਰ ਵੀ ਨਾ ਹੰਢੇ ਜਿੰਦੇ ਤੇਰਾ ਨਾਂ !

135

ਸੰਧਿਆ ਵੇਲੇ ਸੂਰਜ ਰਾਜਾ ਕਉਣ ਦੇਸ ਤੁਰ ਜਾਂਦਾ ?
ਸਾਡਾ ਥਾਨ ਹਨੇਰਾ ਕਰ ਕੇ, ਕਿਹੜਾ ਜਗ ਰੁਸ਼ਨਾਂਦਾ ?
ਦਿਨ ਭਰ ਘਾਲ ਕਾਲ ਦੀ ਕਰ ਕੇ ਫਿਰ ਉਹ ਛੁੱਟੀ ਵੇਲੇ,
ਮਹਾਕਾਲ ਦੇ ਮੰਦਰ ਅਪਣਾ ਦੀਵਾ ਬਾਲਣ ਜਾਂਦਾ ।

ਪੀੜ ਪੰਘੂੜੇ ਪਲਦਾ ਜੀਵਨ

138

ਜੰਮਣ ਪੀੜਾ ਥਾਣੀ ਮੌਲੀ ਜਿੰਦ ਜੁ ਅਸਾਂ ਪਿਆਰੀ ।
ਪੀੜਾ ਸਦਕੇ ਹੀ ਬੱਚ ਰਹਿੰਦੀ ਅਨਕ ਖ਼ਤਰਿਆਂ ਮਾਰੀ ।
ਪੀੜਾ ਜਦੋਂ ਨਸੀਬ ਅਸਾਡੇ, ਕਿਉਂ ਇਸ ਕੋਲੋਂ ਡਰੀਏ ?
ਏਡੀ ਪੀੜਾ ਕੋਈ ਨ ਹੁੰਦੀ, ਜੋ ਨਾ ਜਾਇ ਸਹਾਰੀ ।

139

ਭਾਗਾਂ ਵਿਚ ਦਰਦ ਲਿਖਾ ਕੇ ਅਸੀਂ ਦੁਨੀ ਵਿਚ ਆਈਏ ।
ਕਿਹੜੇ ਹੀਲੇ ਇਸ ਭਾਵੀ ਤੋਂ ਅਸੀਂ ਛੁਟਾਰਾ ਪਾਈਏ ?
ਧੁਰੋਂ ਜੋ ਮਿਲੀ ਸੋ ਓੜਕ ਤੋੜੀ ਪੈਣੀ ਅਸਾਂ ਨਿਭਾਉਣੀ,
ਪੀੜ ਪਰਾਈ ਥਾਣੀ ਜੰਮੀਏ, ਅਪਣੀ ਤੋਂ ਮਰ ਜਾਈਏ ।

140

ਆਦਮ ਪਿੱਛੋਂ ਪੈਦਾ ਹੋਇਆ, ਪੀੜਾਂ ਪਹਿਲਾਂ ਹੋਈਆਂ ।
ਆਦਮ ਉਠ ਗਿਆ ਤਾਂ ਪੀੜਾਂ ਛੰਨੇ ਭਰ ਭਰ ਰੋਈਆਂ ।
ਮਰਨ-ਧਰਮੀਆਂ ਨੇ ਕਦ ਦੁਖੜੇ ਧਰਮ ਜਾਣ ਅਪਣਾਏ ?
ਤਦੇ ਜੁ ਪੀੜਾਂ ਪੈ ਪੈ ਜੰਮੀਆਂ, ਜਰ ਜਰ ਪੀੜਾਂ ਮੋਈਆਂ ।

141

ਖੇਦ, ਉਦਾਸੀ, ਸੋਗ, ਵੇਦਨਾ ਚਾਰੇ ਤੱਤ ਰਲਾ ਕੇ,
ਕੋਈ ਕੀਮਿਆਗਰ ਲੈ ਆਇਆ ਇਨ ਦਾ ਅਤਰ ਚੁਆ ਕੇ ।
ਚੂੰਢੀ ਲੂਣ, ਚੁਲੀ ਭਰ ਪਾਣੀ, ਹੋਰ ਉਹਦੇ ਵਿਚ ਪਾ ਕੇ,
ਚਲਾ ਗਿਆ ਫਿਰ ਸਭ ਅੱਖਾਂ ਵਿਚ ਬੂੰਦ ਬੂੰਦ ਲਟਕਾ ਕੇ ।

142

ਸੋਗ ਵੀ ਸਾਡੇ ਆਵੇ ਸਹੀਓ, ਸ਼ਾਹੀ ਹੁਕਮ ਚਲਾਂਦਾ-
ਬੰਧਨ ਕੱਟਦਾ, ਖ਼ਤਾ ਬਖ਼ਸ਼ਦਾ, ਰਾਜ-ਖਿਮਾ ਵਰਤਾਂਦਾ ।
ਤਿਸ਼ਨਾ, ਇੱਛਾ, ਆਸਾ ਤਾਈਂ ਦੇਸ ਬਦਰ ਕਰਵਾ ਕੇ,
ਫਿਰ ਖ਼ਾਮੋਸ਼ੀ ਨੂੰ ਤੜਪਾਂ ਦੀ ਖ਼ਿਲਅਤ ਨਾਲ ਸਜਾਂਦਾ ।

ਭਾਗਾਂ ਨਾਲ ਕਿਵੇਹਾ ਝੇੜਾ ?

150

ਭਾਗਾਂ ਨਾਲ ਕਿਵੇਹਾ ਝੇੜਾ ? ਇਹ ਤਾਂ ਮਰਜ਼ੀ ਰੱਬ ਦੀ ।
ਬੀਤ ਗਏ ਨੂੰ ਮੋੜੇ ਕਿਹੜਾ ? ਇਹ ਤਾਂ ਮਰਜ਼ੀ ਰੱਬ ਦੀ ।
ਹਰ ਗੱਲ ਬਾਰੇ 'ਕਿਉਂ', ਕਿਉਂ ਪੁਛਣਾ ਮੂਲ ਨਾ ਵਾਜਬ ਯਾਰੋ,
'ਕਿਉਂ' ਤੋਂ ਪੈਦਾ ਹੋਏ ਬਖੇੜਾ, ਇਹ ਤਾਂ ਮਰਜ਼ੀ ਰੱਬ ਦੀ ।

151

ਤੂੰ ਹੈਂ ਵਸਤ ਕਿਸੇ ਵੱਖਰ ਦੀ, ਬੰਦਿਆ ਤੂੰ ਨਾ ਜਾਣੇਂ ।
ਤੂੰ ਹੈਂ ਕਥਾ ਕਿਸੇ ਅੱਖਰ ਦੀ, ਬੰਦਿਆ ਤੂੰ ਨਾ ਜਾਣੇਂ ।
ਇਲਮ ਅਕਲ ਦੇ ਆਂਗਨ ਅੰਦਰ ਸਖ਼ਤ ਹਨੇਰੀ ਝੁੱਲੀ-
ਤੂੰ ਹੈਂ ਧੂੜ ਇਸੇ ਝੱਖੜ ਦੀ, ਬੰਦਿਆ ਤੂੰ ਨਾ ਜਾਣੇਂ ।

152

ਮੈਂ ਉਹ ਸੂਰਜ, ਜਿਸ ਦੀਆਂ ਛਾਂਵਾਂ ਉਸ ਦਾ ਤੇਜ ਲੁਕੋਇਆ ।
ਮੈਂ ਉਹ ਸ਼ਬਦ ਜੋ ਅਪਣੇ ਵਿਚ ਹੀ ਗੂੰਜ ਗੂੰਜ ਕੇ ਮੋਇਆ ।
ਮੈਂ ਤੂਫ਼ਾਨ ਕਿ ਜਿਹੜਾ ਅਪਣੀ ਘੁੰਮਣ-ਘੇਰੀ ਘਿਰਿਆ,
ਮੈਂ ਸਾਗਰ, ਜੋ ਗ਼ਰਕ ਅਪਣੀਆਂ ਲਹਿਰਾਂ ਅੰਦਰ ਹੋਇਆ ।

153

ਕਦੇ ਜਿਨ੍ਹਾਂ ਅਧਿਕਾਰ ਜਤਾਇਆ ਵਤਨ ਵਲਾਇਤ ਉੱਤੇ,
ਅੱਜ ਉਹ ਦੋ ਗਜ਼ ਧਰਤੀ ਅੰਦਰ ਤਾਣ ਲੰਮੀਆਂ ਸੁੱਤੇ ।
ਕਿਸੇ ਕਬਰ ਦੀ ਸੀਮਾ ਅੰਦਰ ਅੱਜ ਕਲਬੂਤ ਉਹਨਾਂ ਦੇ,
ਜਿਨ੍ਹਾਂ ਹਮੇਸ਼ਾਂ ਭੰਨ ਸਰਹੱਦਾਂ ਦੇਸ ਦਿਸਾਂਤਰ ਜਿੱਤੇ ।

154

ਇਕ ਵਣਜਾਰਾ, ਪਹਿਲਾਂ, ਸਾਥੋਂ ਸਾਡਾ ਰੂਪ ਚੁਰਾਵੇ ।
ਬੋਲ ਕੰਬਦੇ, ਸਾਸ ਖੰਘਦੇ, ਝੋਲ ਅਸਾਡੀ ਪਾਵੇ ।
ਫਿਰ ਉਹ ਬੋਲ ਵੀ ਸਾਡੇ, ਸਾਸ ਵੀ ਸਾਡੇ ਖੋਹ ਕੇ,
ਮਿੱਟੀ ਦੀ ਇਕ ਢੇਰੀ ਸਾਡੇ ਕਰਮਾਂ ਤੇ ਪਾ ਜਾਵੇ ।

ਦਿਸ਼ਾ ਵਿਹੂਣੀ ਸੋਚਾ

165

ਮਨ ਮੇਰੇ ਦੇ ਅੰਦਰ ਵੜ ਕੇ ਬੈਠੇ ਫਾਹੀਵਾਲ ਕੋਈ ।
ਧੁਰੋਂ ਨਿਲੱਜ, ਜ਼ਮੀਰ ਵਿਹੂਣੇ, ਨੰਗ ਮਨੰਗੇ ਖ਼ਿਆਲ ਕੋਈ ।
ਦੁਨੀਆਂ ਦੇ ਅੰਦਰ ਤਾਂ ਮੈਨੂੰ ਨਸ਼ਰ ਹਮੇਸ਼ਾ ਕਰਦੇ ਸੇ,
ਅੱਜ ਹਰਿਮੰਦਰ ਦੇ ਅੰਦਰ ਵੀ ਆ ਬੈਠੇ ਨੀ ਨਾਲ ਕੋਈ ।

166

ਮੇਰਾ ਮਨ ਮੇਰੇ ਹੀ ਘਰ ਵਿਚ ਰਹਿੰਦਾ ਹੋ ਕੇ ਆਕੀ ਵੋ ।
ਇੱਜ਼ਤ ਮੇਰੀ ਇਸ ਨੇ ਰੋਲੀ, ਛਡੀ ਨ ਇਕ ਛਟਾਕੀ ਵੋ ।
ਇਸ ਦੇ ਹੱਥੋਂ ਤੰਗ ਬੜਾ ਹਾਂ, ਪਰ ਜੇ ਕੱਢ ਦਿਆਂ ਇਸਨੂੰ ਮੈਂ,
ਤਾਂ ਫਿਰ ਮੇਰੇ ਘਰ ਦੇ ਅੰਦਰ, ਕੁਝ ਨਹੀਂ ਰਹਿਣਾ ਬਾਕੀ ਵੋ ।

167

ਧੁਰੋਂ ਨਸੀਬ ਅਸਾਨੂੰ ਸੰਸਾ ਨਿਸਚੇ ਕੋਲੋਂ ਛੁਹਲਾ ।
ਦਿਸ਼ਾ-ਵਿਹੂਣੀ ਸੋਚਾ ਦਾ ਵੀ ਅੰਦਰ ਸਾਡੇ ਰੌਲਾ ।
ਧੁਰ ਤੋਂ ਮੰਗਤ ਦ੍ਰਿਸ਼ਟੀ ਸਾਡੀ, ਘਰ ਘਰ ਪਿੰਨਦੀ ਫਿਰਦੀ,
ਇਕ ਸ਼ਰਧਾ ਸੀ, ਉਨ ਵੀ ਪਾ ਲਿਆ, ਇਸ਼ਟ ਨਾਲ ਅਣਬੋਲਾ ।

168

ਪਰਬਤ, ਜੰਗਲ, ਰੇਤੜ, ਸਰਵਰ, ਦਲਦਲ, ਨਿਰਜਨ ਥਾਵਾਂ-
ਇਨ ਸਭਨਾਂ ਦੇ ਕੋਲੋਂ ਸੰਘਣੀ ਅੰਦਰ ਸੁੰਨ ਹੰਢਾਵਾਂ ।
ਨਾ ਕੋ ਚੰਨ, ਨਾ ਸੂਰਜ ਓਥੇ, ਨਾ ਕੋ ਖਿਤਿਜ ਨਾ ਤਾਰੇ-
ਇਨ ਬੇਦਰਦ ਉਜਾੜੀ ਵਿਚ ਮੈਂ, ਜਾਵਾਂ ਤਾਂ ਕਿਤ ਜਾਵਾਂ ?

169

ਆਦਮ ਕੀ ਅਰਸ਼ਾਂ ਦਾ ਲੱਗੇ ? ਉਹ ਧਰਤੀ ਦਾ ਬਰਦਾ ।
ਧਰਤੀ ਦੀ ਕੁੱਖੋਂ ਹੀ ਜੰਮੇ, ਧਰਤੀ ਤੇ ਹੀ ਮਰਦਾ ।
ਤਾਂ ਹੀ ਜੇ ਉਹ ਅਰਸ਼ਾਂ ਨੂੰ ਵੀ ਸਿਜਦਾ ਕਰੇ ਕਦਾਈਂ,
ਸੁਤੈ ਸਿੱਧ ਉਹ ਮਸਤਕ ਅਪਣਾ ਧਰਤੀ ਤੇ ਹੀ ਧਰਦਾ ।

170

ਦਰਸ਼ਨ ਵਾਚੇ, ਵੇਦ ਵਿਚਾਰੇ, ਤੰਤ ਮੰਤ ਅਪਨਾਏ,
ਜੋਤਿਸ਼, ਗਣਿਤ, ਭੂਗੋਲ, ਰਸਾਇਣ, ਪੜ੍ਹ ਪੜ੍ਹ ਅੰਦਰ ਪਾਏ ।
ਸਾਧੇ ਯੋਗ, ਪ੍ਰਯੋਗ ਕਮਾਏ, ਕਠਿਨ ਸਾਧਨਾ ਝਾਗੀ,
ਭੋਰਾ ਵੀ ਅਗਿਆਨ ਨ ਘਟਿਆ, ਕੇਵਲ ਤਿਮਰ ਵਧਾਏ ।

ਪਛਤਾਵਾ

171

ਦਿਲ ਉਠ ਗਿਆ ਤੇ ਜੀਵਨ ਵੱਲੋਂ ਰੁਚੀ ਪਲਟਦੀ ਜਾਂਦੀ ।
ਦੁਨੀਆਂ ਅੰਦਰ ਟਿਕੇ ਰਹਿਣ ਦੀ ਲੋਚਾ ਹਟਦੀ ਜਾਂਦੀ ।
ਹਉਲ ਕਾਲਜੇ ਵਿੱਚੋਂ ਉੱਠੇ ਪਸ਼ਚਾਤਾਪ ਜਗਾਂਦਾ,
ਜਿਵ ਜਿਵ ਪੰਡ ਗੁਨਾਹ ਦੀ ਵੱਧਦੀ, ਉਮਰਾ ਘਟਦੀ ਜਾਂਦੀ ।

172

ਅੱਜ ਨ ਮਦਰਾ, ਜਾਮ ਨ ਕਿਧਰੇ, ਨਾ ਉਦਾਰ ਕੋ ਸਾਕੀ ਹੈ ।
ਨਾ ਕੋ ਇਸ਼ਕ ਨ ਹੁਸਨ ਰਿਹਾ, ਨਾ ਨਖ਼ਰਾ ਨ ਉਸ਼ਨਾਕੀ ਹੈ ।
ਫੁੱਲ ਜੋ ਕਲ ਮੈਂ ਤੋੜ ਲਿਆਇਆ, ਉਹ ਵੀ ਸਿਰ ਸੁਟ ਬੈਠੇ ਅੱਜ,
ਪਰ, ਜੋ ਖ਼ਾਰ ਪੁੜੇ, ਉਹਨਾਂ ਦੀ ਕਸਕ ਅਜੇ ਵੀ ਬਾਕੀ ਹੈ ।

173

ਕਿਹੜੇ ਹਾਲ ਬਿਤੀਤੀ ਮੇਰੀ ਦੁੱਖਾਂ ਭਰੀ ਹਯਾਤ ਵਲੇ ?
ਕਿਹੜੇ ਘਰ ਜਾਵੇਗੀ ਹੁਣ ਇਹ ਦਰਦਾਂ ਦੀ ਬਾਰਾਤ ਵਲੇ ?
ਸ਼ੁਕਰ ਕਿ ਬੀਤ ਗਿਆ ਚੁਪ ਕੀਤੇ, ਮਰਨ-ਦਿਹਾੜਾ ਮੇਰਾ ਅੱਜ,
ਖ਼ਬਰੇ ਕਿਵ ਗੁਜ਼ਰੇਗੀ ਅਗਲੀ ਲੰਮ ਸਲੰਮੀ ਰਾਤ ਵਲੇ ?

174

ਦਿਲ ਅੰਦਰ ਸੀਤਾ ਹੀ ਰਹਿ ਗਿਆ ਮੇਰਾ ਦਰਦ ਨਿਹਾਨੀ ।
ਮਹਿਫ਼ਲ ਵਿਚ ਜਾ ਕੇ ਵੀ ਮੈਨੂੰ ਮੂਲ ਨਾ ਮਿਲਿਆ ਜਾਨੀ ।
ਸਰਵਰ ਦੇ ਘਰ ਜਾ ਕੇ ਵੀ ਮੁੜ ਨੀਰ ਨਸੀਬ ਨ ਹੋਇਆ,
ਚੋਹੇ 'ਚੋਂ ਵੀ ਸ਼ੋਰਾ ਲੱਭਾ, ਬੂੰਦ ਨਾ ਮਿਲਿਆ ਪਾਣੀ ।

175

'ਚਲ ਮੇਰੇ ਤਾਰੂ, ਚਲ ਉਤ ਚਲੀਏ, ਜਿਤ ਸਾਗਰ ਦੀਆਂ ਛੱਲਾਂ ।
ਮੈਂ ਬਿਰਹਨ ਤਾਂ ਚਿਰ-ਦੀਵਾਨੀ, ਨਾ ਰੁਕ ਸਕਾਂ, ਨ ਖੱਲ੍ਹਾਂ ।'
'ਮੈਂ ਨਦੀਏ, ਸਾਗਰ ਤੀਕਰ ਤਾਂ ਸੰਗ ਤੇਰੇ ਤੁਰ ਜਾਵਾਂ,
ਪਰ, ਤੂੰ ਸ਼ਹੁ ਸੰਗ ਸ਼ਹੁ ਹੋ ਜਾਸੇਂ, ਮੁਝ ਲਈ ਛੋੜ ਇਕੱਲਾਂ ।'

ਮੁਕਤ ਬੇਵੱਸੀਆਂ

180

ਸੱਭੋ ਕੁਝ ਹੱਦਾਂ ਵਿਚ ਬੱਝਾ ਗਿਰਦੇ ਭੀਤ ਕਰਾਰੀ ।
ਇਕ ਬੰਦਿਸ਼ 'ਚੋਂ ਦੂਈ 'ਚ ਬੱਝੇ ਆਦਮ ਦੀ ਲਾਚਾਰੀ ।
ਮੈਂ ਪਰ, ਹੱਦਾਂ ਵਿਚ ਖਲਾ ਵੀ ਅਨਹਦ ਤਾਈਂ ਪੁਕਾਰਾਂ,
ਮੁਕਤਿ ਸ਼ੈਦ ਹੋ ਜਾਣ ਮੇਰੀਆਂ ਬੇਵੱਸੀਆਂ ਇਸ ਵਾਰੀ ।

181

ਅੱਜ ਪਰਤੇ ਨੀ ਅੰਤਰਿਕਸ਼ 'ਚੋਂ ਅੰਤਰਿਕਸ਼ ਦੇ ਜਾਤੀ ।
ਗੱਡ ਆਏ ਨੀ ਝੰਡਾ ਆਪਣਾ ਚੰਦਰਮੇ ਦੀ ਛਾਤੀ ।
ਰਸਤੇ ਵਿਚ ਛਲਾ ਆਏ ਨੀ ਨਵ-ਅਭਿਮਾਨ ਜੁ ਖੱਟਿਆ,
ਲੈ ਆਏ ਨੀ ਵਾਪਸ, ਥੋਥਾ ਜਿਸਮ ਆਪਣਾ ਖ਼ਾਕੀ ।

182

ਕਉਣ ਵੇਖਦਾ ਆਪਣੀ ਛਾਇਆ ਦੂਰਬੀਨ ਦੇ ਅੱਗੇ,
ਕਿਸ ਨੂੰ ਅਪਣਾ ਆਪ ਪਸਰਿਆ ਅੰਤਰਿਕਸ਼ ਵਿਚ ਲੱਗੇ ?
ਕਿਨ ਡਿੱਠਾ ਏ ਅਪਣੇ ਅੱਖੀਂ ਫੁਰਨਾ ਵਸਤੂ ਥੀਂਦਾ ?
ਕਿਨ ਵੇਖੇ ਨੀ ਇੱਕ ਅੱਖਰ ਤੋਂ ਲਖ ਦਰੀਆਓ ਵੱਗੇ ।

183

ਅਸੀਂ ਜਾਂ ਇਕ ਦਿਨ ਮਾਪਣ ਲੱਗੇ ਅੰਤਰਿਕਸ਼ ਦੀ ਕਾਇਆ,
ਅਪਣੀਆਂ ਬਾਹਾਂ ਤਾਈਂ ਅਸਾਂ ਤਦ ਓੜਕ ਤਕ ਫੈਲਾਇਆ ।
ਫਿਰ ਜਦ ਉਨ੍ਹਾਂ ਸਮੇਟ, ਖ਼ਲਾ ਦਾ ਅਸਾਂ ਕਲਾਵਾ ਭਰਿਆ,
ਸਾਡੀ ਗਲਵੱਕਣ ਵਿਚ ਆਪਣਾ ਆਪਾ ਵੀ ਨਾ ਆਇਆ ।

184

ਜਿਵੇਂ ਬਿਗਾਨੀ ਬੰਦਰਗਾਹ ਤੇ ਕੱਲਮਕੱਲਾ ਜਾਤੀ,
ਕਿਸੇ ਅਮੁਕਵੀਂ ਇੰਤਜ਼ਾਰ ਵਿਚ ਖਲਿਆ ਹੋਵੇ ਰਾਤੀ,
ਉਵੇਂ ਉਡੀਣੇ ਅੰਤਰਿਕਸ਼ ਦੇ ਕਿਸੇ ਅਦ੍ਰਿਸ਼ਟ ਕਿਨਾਰੇ,
ਅਪਣਾ ਅਰਥ ਢੂਢੇਂਦੀ ਫਿਰਦੀ ਬੇਘਰ ਹੋਈ ਹਯਾਤੀ ।

ਤਾਰਿਆਂ ਖਾਧਾ ਅੰਬਰ

192

ਅਪਣਾ ਤਾਰਿਆਂ ਖਾਧਾ ਅੰਬਰ ਰੱਬਾ ਮੈਨੂੰ ਲਾਹ ਦੇ ।
ਪਿੜੀਆਂ ਵਾਲੇ ਖੇਸ ਮੇਰੇ ਦੇ ਨਾਲ ਓਨ ਚਿਪਕਾ ਦੇ ।
ਤੈਨੂੰ ਤਾਂ ਮੈਂ ਸੁਣਿਆ, ਠੰਢਾ ਤੱਤਾ ਕੁਝ ਨਾ ਲਗਦਾ,
ਮੇਰੀਆਂ ਹੀ ਰਾਤਾਂ ਵਿਚ ਭੋਰਾ ਜਿੰਨੀ ਨਿੱਘ ਵਧਾ ਦੇ ।

193

ਆਦਮ ਹੱਵਾ ਜਦ ਉਨ ਸਾਜੇ, ਇੱਕੋ ਖ਼ਾਕ ਖ਼ਮੀਰੀ ।
ਦੋਹਾਂ ਲਈ ਉਸ ਖ਼ਾਕ 'ਚ ਗੁਨ੍ਹੀ ਵੱਖੋ ਵੱਖ ਦਿਲਗੀਰੀ ।
ਤਦੇ ਤਾਂ ਆਦਮ ਹੱਵਾ ਪਾਸੋਂ ਪਿਆਰ ਪਹਿਲੜਾ ਲੋਚੇ,
ਤੇ ਹੱਵਾ ਆਦਮ ਤੋਂ ਚਾਹੇ ਉਸ ਦਾ ਪਿਆਰ ਅਖ਼ੀਰੀ ।

194

ਮਰੇ ਪਏ ਆਦਮ ਦੀ ਹਿੱਕ ਤੇ ਗਿਰਝ ਬੈਠ ਗਈ ਕੋਈ ।
ਠੂੰਗੇ ਮਾਰ ਮਾਰ ਪਈ ਫੋਲੇ ਮਿੱਟੀ ਉਸ ਦੀ ਮੋਈ ।
ਦੋਨੋਂ ਪਾਸੇ ਜਦ ਉਨ ਤੱਕੀਆਂ ਪਸਲੀਆਂ ਇੱਕੋ ਜਿੰਨੀਆਂ,
ਬੋਲੀ, 'ਕਿਸ ਵੱਖੀ 'ਚੋਂ ਖ਼ਬਰੇ, ਹੱਵਾ ਪੈਦਾ ਹੋਈ ?'

195

ਵਿਸ਼ਵ ਸਿਰਜਨਾ ਬਾਰੇ ਮੇਰੇ ਸੋਚਦਿਆਂ ਦਿਨ ਬੀਤੇ ।
ਗੱਲ ਅਖ਼ੀਰ ਨਤੀਜੇ ਦੀ ਇਹ ਲੱਗੀ ਮੇਰੇ ਜੀ ਤੇ;
ਇਸ ਰਚਨਾ ਦਾ ਸਿਰਜਣਹਾਰਾ ਹੋਊ ਜ਼ਰੂਰ ਭੁਲੱਕੜ,
ਉਨ ਚਿੱਠੀ ਤਾਂ ਲਿਖ ਦਿੱਤੀ, ਪਰ ਹਸਤਾਖਰ ਨਾ ਕੀਤੇ ।

196

ਦਾਨ ਦੇਣ ਦਾ ਜਿਸ ਦੇ ਜੇਰਾ, ਦਾਮ ਨ ਉਸ ਦੇ ਪੱਲੇ ।
ਜਿਸ ਜਨ ਦੇ ਕਿਰਪਨਤਾ ਵਰਤੇ, ਦੌਲਤ ਨੇ ਦਰ ਮੱਲੇ ।
ਜੇ ਮਾਇਆ ਇਤਨੀ ਵਡਮੁੱਲੀ ਜਿਤਨੀ ਦੁਨੀਆਂ ਮੰਨਦੀ,
ਤਾਂ ਕਿਸ ਕਾਰਣ ਰੱਬ ਏਸ ਨੂੰ ਬੇਕਦਰਾਂ ਦੇ ਘੱਲੇ ?

ਕੂਜ਼ਾ ਨਾਮਹ

203

'ਕੇਡਾ ਮੇਰਾ ਰੂਪ ਕੁਸੁਹਣਾ, ਕੇਡੀ ਖ਼ਾਕ ਨਕਾਰੀ ।'
ਇਕ ਕੂਜ਼ੇ ਨੇ ਕੂਜ਼ਾਗਰ ਨੂੰ ਟੋਕ ਚੋਭਵੀਂ ਮਾਰੀ ।
'ਕਿੱਥੇ ਤੁਰ ਗਈ ਬਿਰਤੀ ਤੇਰੀ ਮੈਨੂੰ ਸਿਰਜਣ ਵੇਲੇ ?
ਕਿੱਥੇ ਕਲਾ ਉਧਲ ਗਈ ਤੇਰੀ ਆਈ ਜਾਂ ਮੇਰੀ ਵਾਰੀ ?'

204

ਕੋਲੋਂ ਬੋਲ ਪਿਆ ਮਦ-ਮਟਕਾ, 'ਕੁਫ਼ਰ ਕਿਵੇਹੇ ਤੋਲੇਂ ?
ਕੂਜ਼ਾਗਰ ਦੀ ਰਹਿਮਤ ਸਾਹਵੇਂ ਮੂੰਹ ਬੇਸ਼ਰਮਾ ਖੋਲ੍ਹੇਂ ।
ਢੀਠਾ ! ਆਪੇ ਦੇ ਮਦ ਮੁੱਠਾ ਪਿਆ ਬਿਖੋਟ ਗਵਾਵੇਂ,
ਜੋ ਮਿਹਰਾਮਤ ਆਈ ਨਸੀਬੇ, ਉਸ ਨੂੰ ਮੂਲ ਨ ਗੌਲੇਂ ।'

205

'ਜੇ ਮੂੰਹ ਖੋਲ੍ਹਣ ਬਾਤ ਸ਼ਰਮ ਦੀ', ਮੁੜ ਕੂਜ਼ਾ ਬਰੜਾਇਆ,
'ਕੂਜ਼ਾਗਰ ਨੇ ਤਨ ਸਾਡੇ ਤੇ ਮੂੰਹ ਕਿਸ ਖ਼ਾਤਰ ਲਾਇਆ ?
ਜਦ ਤਕ ਮੂੰਹ ਤੇ ਮੂੰਹ ਵਿਚ ਜੇਭਾ ਚੁੱਪ ਭਲਾ ਕਿਉਂ ਰਹੀਏ ?
ਹੱਕ ਕਿਸੇ ਦਾ ਮੰਗਿਆ ਨਾਹੀਂ, ਅਪਣਾ ਦਰਦ ਸੁਣਾਇਆ ।'

206

'ਕੇਡੀ ਲੰਮੀ ਜੀਭ ਕੁਫ਼ਰ ਦੀ, ਕੇਡੇ ਬੋਲ ਕਰਾਰੇ ?
ਸਦ ਰਹਿਮਤ, ਜਿਨ ਜੇਭਾ ਦੇ ਕੇ, ਐਸੇ ਬੋਲ ਸਹਾਰੇ ।'
ਆਖਣ ਲੱਗਾ ਫਿਰ ਮਦ-ਮਟਕਾ, ਤਲਖ਼ ਜ਼ਰਾ ਕੁ ਹੋ ਕੇ,
'ਹੱਕ ਜਤਾਵਣ ਹਰ ਕੋ ਜਾਣੇ, ਵਿਰਲਾ ਵਖਤ ਵੀਚਾਰੇ ।'

207

ਤਦੋਂ ਗਰਜ਼ਿਆ ਚੰਚਲ ਕੂਜ਼ਾ ਹੋਰ ਅਗੇਰੇ ਹੋ ਕੇ,
'ਬੋਲਣ ਦਾ ਹੱਕ ਦੇ ਕੇ ਕੋਈ ਕਿਉਂ ਫ਼ਰੀਆਦੋਂ ਰੋਕੇ ?
ਸਾਡੇ ਮਨ ਸਤਿਕਾਰ ਨਾ ਮੌਲੇ ਉਸ ਪੁਰਖੇ ਲਈ ਭੋਰਾ,
ਸਾਹਵੇਂ ਆ, ਜੋ ਬਾਤ ਨ ਸੁਣਦਾ, ਬਹਿੰਦਾ ਬੂਹੇ ਢੋ ਕੇ ।'

208

ਵਿੱਚੋਂ ਬੋਲ ਪਈ ਇਕ ਮਟਕੀ, 'ਕੈਸੀ ਬੁੱਧ ਅਸਾਡੀ ?
ਮਿਲੇ ਇਨਾਇਤ, ਕਰੋ ਸ਼ਿਕਾਇਤ, ਫਿਟ ਐਸੀ ਆਜ਼ਾਦੀ ।
ਸਿਫ਼ਤ ਸਲਾਹ ਸਮਾਲਦਿਆਂ ਨਾ ਕੋਈ ਕੂਜੜਾ ਡਿੱਠਾ,
ਸ਼ਰਮ ਹਯਾ ਬਿਨ ਕਰਨ ਸ਼ਿਕਾਇਤ ਕੂਜ਼ੜਿਆਂ ਦੀ ਵਾਦੀ ।'

209

ਮੁੜ ਬੇਹੁਰਮਤ ਕੂਜ਼ਾ ਬੁਕਿਆ, 'ਜਿਸ ਨੇ ਅਸਾਂ ਬਣਾਇਆ,
ਉਸ ਨੇ ਸਾਨੂੰ ਕਿਹੜੀ ਗੱਲੋਂ ਦੁੱਖ ਦੇ ਚੱਕ ਚੜ੍ਹਾਇਆ ?
ਵੇਖ, ਕਿਸੇ ਮਟਕੀ ਮਟਕੇ ਦਾ ਅਸਾਂ ਨਹੀਂ ਕੁਝ ਦੇਣਾ,
ਅਸਾਂ ਤਾਂ ਓਹਾ ਸੱਚ ਅਲਾਇਆ ਜੋ ਸਾਡੇ ਚਿੱਤ ਆਇਆ ।'

210

ਕੂਜ਼ਾ ਬੁਕਿਆ, 'ਕੂਜ਼ਾਗਰ ਹੁਣ ਸਾਡੇ ਬੋਲ ਸਹਾਰੇ-
ਜਾਂ ਮਿੱਟੀ 'ਚੋਂ ਚੁੱਕ ਲਏ ਸੋਝੀ, ਜਾਂ ਬੁਤ ਘੜਨ ਵਿਸਾਰੇ…'
ਇਤਨੇ ਵਿਚ ਕਿਤਿਓਂ ਇਕ ਠੋਕਰ, ਠਹਿੰ ਕੂਜੇ ਨੂੰ ਵੱਜੀ,
ਠੀਕਰ ਠੀਕਰ ਹੋ ਗਿਆ ਬਪਰਾ, ਕਿਰ ਗਏ ਅੱਖਰ ਸਾਰੇ ।

ਅੰਤਿਕਾ

211

ਛਡ ਦੇ ਗੋਸ਼ਾ, ਬੰਨ੍ਹ ਲੈ ਤੋਸ਼ਾ ਵੇਲਾ ਏ ਬੇਦਾਰੀ ਦਾ ।
ਸੁਪਨਾ ਤੱਜ ਦੇ, ਸੰਸੇ ਛਡ ਦੇ, ਆਇਆ ਵਕਤ ਤਿਆਰੀ ਦਾ ।
ਮੰਜ਼ਲ ਤਾਂ ਮਰ ਕੇ ਹੀ ਮਿਲਦੀ, ਉਰੇ ਤਾਂ ਪੈਰੀਂ ਛਾਲੇ ਹੀ ।
ਚੋਖਾ ਭਾਰ ਚਿਖ਼ਾ ਦਾ ਹੁੰਦਾ, ਸੜ ਕੇ ਓਨ ਉਤਾਰੀਦਾ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ