Karamjit Singh Gathwala
ਕਰਮਜੀਤ ਸਿੰਘ ਗਠਵਾਲਾ

Punjabi Kavita
  

Idgah Munshi Premchand

ਈਦਗਾਹ ਮੁਨਸ਼ੀ ਪ੍ਰੇਮਚੰਦ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ
'ਈਦਗਾਹ' ਤੇ ਆਧਾਰਿਤ ਹੈ)

ਤੀਹ ਦਿਨ ਰਮਜ਼ਾਨ ਦੇ ਲੰਘੇ ਤਾਂ ਈਦ ਕਿਤੇ ਆਈ ।
ਨਾਲ ਆਪਣੇ ਸੋਹਣੀ ਤੇ ਮਨਮੋਹਣੀ ਸੁਬਹ ਲਿਆਈ ।
ਖੇਤਾਂ ਵਿੱਚ ਹੈ ਰੌਣਕ ਪੂਰੀ ਰੁੱਖਾਂ ਤੇ ਹਰਿਆਲੀ ।
ਆਕਾਸ਼ ਤੇ ਵੇਖੋ ਸਾਰੇ ਪਾਸੇ ਬੜੀ ਅਜਬ ਹੈ ਲਾਲੀ ।
ਸੂਰਜ ਨੇ ਵੀ ਰੂਪ ਬਣਾਇਆ ਠੰਢਾ ਅਤੇ ਪਿਆਰਾ ।
ਉਹ ਵੀ ਈਦ ਮੁਬਾਰਕ ਆਖੇ ਜੱਗ ਸੁਣੇਂਦਾ ਸਾਰਾ ।
ਪਿੰਡ 'ਚ ਕਿੰਨੀ ਹਫੜਾ-ਦਫੜੀ ਈਦ ਨੇ ਹੈ ਮਚਾਈ ।
ਤਿਆਰੀ ਈਦਗਾਹ ਜਾਣ ਦੀ ਕਰਦੀ ਫਿਰੇ ਲੋਕਾਈ ।
ਬਟਨ ਕਿਸੇ ਦੇ ਕੁੜਤੇ ਹੈ ਨਹੀਂ ਸੂਈ ਧਾਗਾ ਭਾਲੇ ।
ਕਿਸੇ ਦੇ ਜੁੱਤੇ ਸਖ਼ਤ ਹੋਏ, ਤੇਲੀ ਵਲ ਪਾਏ ਚਾਲੇ ।
ਸੰਨ੍ਹੀ-ਪਾਣੀ ਬਲਦਾਂ ਦਾ ਵੀ ਛੇਤੀ ਛੇਤੀ ਮੁਕਾਣਾ ।
ਦੁਪਹਿਰ ਤੱਕ ਈਦਗਾਹ ਤੋਂ ਔਖਾ ਵਾਪਸ ਆਣਾ ।
ਤਿੰਨ ਕੋਹ ਦਾ ਪੈਦਲ ਰਸਤਾ ਹੋਰਾਂ ਨੂੰ ਵੀ ਮਿਲਣਾ ।
ਬਿਨਾਂ ਈਦ-ਮੁਬਾਰਕ ਆਖਿਆਂ ਕਿਦਾਂ ਓਥੋਂ ਹਿੱਲਣਾ ।

ਬੱਚਿਆਂ ਦਾ ਹਾਲ ਤਾਂ ਵੇਖੋ ਚਾਅ ਨਹੀਂ ਜਾਂਦਾ ਚੱਕਿਆ ।
ਕਿਸੇ ਨੇ ਅੱਧਾ ਰੋਜਾ ਰੱਖਿਆ ਕਿਸੇ ਨਾ ਉਹ ਵੀ ਰੱਖਿਆ ।
ਈਦ ਜਾਣ ਦੀ ਖ਼ੁਸ਼ੀ ਜੋ ਹੁੰਦੀ ਇਨ੍ਹਾਂ ਦੇ ਹਿੱਸੇ ਆਈ ।
ਵੱਡੇ ਰੋਜਾ ਰੱਖਣ ਜਾਂ ਨਾ ਰੱਖਣ ਇਨ੍ਹਾਂ ਕੀ ਪਿਆ ਈ ।
ਰੋਜ ਈਦ ਦਾ ਨਾਂ ਰਟਦੇ ਸੀ ਮਸਾਂ ਈਦ ਹੈ ਆਈ ।
ਲੋਕੀ ਈਦਗਾਹ ਜਾਣ ਦੀ ਨਾ ਕਾਹਲ ਕਰੇਂਦੇ ਕਾਈ ?
ਇਨ੍ਹਾਂ ਨੂੰ ਪਰਵਾਹ ਨਾ ਕੋਈ ਦੁੱਧ ਸ਼ੱਕਰ ਕਿੱਥੋਂ ਆਣਾ ।
ਹੱਕ ਇਨ੍ਹਾਂ ਦਾ ਦਿਨ ਈਦ ਦੇ ਸੇਵੀਆਂ ਰੱਜ ਰੱਜ ਖਾਣਾ ।
ਇਨ੍ਹਾਂ ਨੂੰ ਕੀ ਅੱਬੂ ਮੀਆਂ ਕਿਉਂ ਕਾਯਮਅਲੀ ਦੇ ਜਾਂਦੇ ।
ਕੁਬੇਰ ਖ਼ਜ਼ਾਨਾ ਗਿਣ ਇਹ ਅਪਣਾ ਫਿਰ ਜੇਬਾਂ ਵਿੱਚ ਪਾਂਦੇ ।
ਮੋਹਸਿਨ ਕੋਲ ਨੇ ਪੰਦਰਾਂ ਪੈਸੇ ਮਹਮੂਦ ਕੋਲ ਨੇ ਬਾਰਾਂ ।
ਇਨ੍ਹਾਂ ਪੈਸਿਆਂ ਦੀਆਂ ਸੋਚਣ ਚੀਜਾਂ ਆਉਣ ਹਜ਼ਾਰਾਂ ।

ਹਾਮਿਦ ਸਭ ਤੋਂ ਵੱਧ ਖ਼ੁਸ਼ ਹੈ ਜੋ ਮਾੜੂ ਜਿਹਾ ਬੱਚਾ ।
ਸੂਰਤ ਬਹੁਤ ਗ਼ਰੀਬ ਜਿਹੀ ਤੇ ਲੱਗੇ ਉਮਰੋਂ ਕੱਚਾ ।
ਪਿਛਲੇ ਸਾਲ ਪਿਉ ਓਸਦਾ, ਖੜਿਆ ਹੈਜ਼ੇ ਦੀ ਬੀਮਾਰੀ ।
ਉਸਦੇ ਗ਼ਮ ਵਿਚ ਘੁਲਦੇ ਮਾਂ ਵੀ ਹੋਈ ਅੱਲਾ ਪਿਆਰੀ ।
ਬੁੱਢੀ ਦਾਦੀ ਅਮੀਨਾ ਦੀ ਗੋਦੀ ਹਾਮਿਦ ਸੌਂ ਖ਼ੁਸ਼ ਰਹਿੰਦਾ ।
ਮਾਂ-ਪਿਉ ਦੇ ਨਾ ਹੋਣ ਦਾ ਗ਼ਮ ਨਾ ਕੁਝ ਵੀ ਕਹਿੰਦਾ ।
ਅੱਬਾ ਪੈਸੇ ਕਮਾਣ ਗਏ ਨੇ ਅੰਮੀ ਗਈ ਏ ਅੱਲਾ ਕੋਲੇ ।
ਥੈਲੀਆਂ ਭਰ ਲਿਆਉਣਗੇ ਪੈਸੇ ਚੀਜਾਂ ਭਰ ਭਰ ਝੋਲੇ ।
ਪੈਰੀਂ ਜੇ ਕਰ ਜੁੱਤੇ ਨਹੀਂ ਹਨ ਟੋਪੀ ਸਿਰ 'ਤੇ ਪੁਰਾਣੀ ।
ਕੀ ਗ਼ਮ ਉਸ ਲਈ ਹਰ ਸ਼ੈ ਅੰਮੀਂ ਅੱਬੂ ਨੇ ਲੈ ਆਣੀ ।
ਅੱਬਾਜਾਨ ਨੇ ਬਹੁਤੇ ਪੈਸੇ ਜਦ ਉਸ ਨੂੰ ਲਿਆ ਦਿੱਤੇ ।
ਮੋਹਸਿਨ, ਨੂਰੇ, ਸੰਮੀ ਕੋਲੇ ਐਨੇ ਪੈਸੇ ਹੋਣੇ ਨੇ ਕਿੱਥੇ ।

ਅਮੀਨਾ ਵਿਚਾਰੀ ਕੋਠੜੀ ਅੰਦਰ ਕੱਲੀ ਬੈਠੀ ਰੋਵੇ ।
ਗ਼ਰੀਬਾਂ ਦੇ ਘਰ ਹਾਏ ਅੱਲਾ ! ਕਦੇ ਈਦ ਨਾ ਹੋਵੇ ।
ਹਾਮਿਦ ਆ ਦਾਦੀ ਨੂੰ ਆਖੇ, "ਅੰਮਾਂ ਡਰ ਹੈ ਕਾਹਦਾ ?
ਸਭ ਤੋਂ ਪਹਿਲਾਂ ਮੁੜਕੇ ਆਵਾਂ ਮੇਰਾ ਪੱਕਾ ਵਾਅਦਾ ।"
ਕਿਦਾਂ ਬੱਚਾ ਮੇਲੇ ਭੇਜੇ ਅਮੀਨਾ ਦਾ ਦਿਲ ਖੁਸਦਾ ।
'ਹੋਰਾਂ ਦੇ ਵੱਡੇ ਨਾਲ ਜਾਣਗੇ ਕੌਣ ਹੋਣਾ ਏਂ ਇਸਦਾ ?
ਤਿੰਨ ਕੋਹ ਦਾ ਰਸਤਾ ਲੰਮਾ ਤੇ ਹਾਮਿਦ ਪੈਰੋਂ ਨੰਗਾ ।
ਭੀੜ-ਭਾੜ ਵੀ ਬਹੁਤੀ ਹੋਣੀ ਨਾ ਭੇਜਾਂ ਤਾਂ ਚੰਗਾ ।
ਪੈਸੇ ਮੇਰੇ ਪੱਲੇ ਹੁੰਦੇ ਤਾਂ ਨਾਲ ਇਹਦੇ ਮੈਂ ਜਾਂਦੀ ।
ਲੋੜ ਦੀਆਂ ਸਾਰੀਆਂ ਚੀਜਾਂ ਮੁੜਦੀ ਮੈਂ ਲਿਆਂਦੀ ।
ਚੀਜਾਂ ਇਕੱਠੀਆਂ ਕਰਦਿਆਂ ਕਈ ਘੰਟੇ ਲਗ ਜਾਣੇ ।
ਮੰਗ ਪਿੰਨ ਕੇ ਗੁਜ਼ਾਰਾ ਕਰਨਾ ਪੈਣਾਂ ਅੱਲਾ ਭਾਣੇ ।
ਫਹੀਮਨ ਦੇ ਕਪੜੇ ਸਿਉਂ ਕੇ ਮਿਲੇ ਸੀ ਅੱਠ ਆਨੇ ।
ਛੇ ਆਨੇ ਗਵਾਲਣ ਲੈ ਗਈ ਬਾਕੀ ਰਹੇ ਦੋ ਆਨੇ ।
ਤਿੰਨ ਪੈਸੇ ਹਾਮਿਦ ਨੂੰ ਦਿੱਤੇ ਪੰਜ ਪੈਸੇ ਮੇਰੇ ਕੋਲੇ ।
ਸੇਵੀਆਂ ਲੈਣ ਲਾਗਣਾਂ ਆਉਣਾ ਬੰਨ੍ਹ ਬੰਨ੍ਹ ਕੇ ਟੋਲੇ ।
ਕਿਸ ਕਿਸ ਨੂੰ ਦੇਈਂ ਜਾਵੇ ਕਿਸ ਤੋਂ ਜੀ ਚੁਰਾਵੇ ।
ਜਿਸ ਨੂੰ ਜਾਪੇ ਥੋੜ੍ਹਾ ਮਿਲਿਆ ਓਹੀ ਮੂੰਹ ਸੁਜਾਵੇ ।
ਸਾਲ ਬਾਦ ਦਿਨ ਈਦ ਦਾ ਮਸੀਂ ਮਸੀਂ ਹੈ ਆਉਂਦਾ ।
ਅੱਲਾ ਬੱਚਾ ਸਲਾਮਤ ਰੱਖੇ ਉਹੀ ਵਕਤ ਲੰਘਾਉਂਦਾ ।'

ਪਿੰਡੋਂ ਟੋਲੀ ਮੇਲੇ ਚੱਲੀ ਬੱਚੇ ਜਾਂਦੇ ਖ਼ੁਸ਼ ਖ਼ੁਸ਼ ਭੱਜੇ ।
ਕਿਸੇ ਰੁੱਖ ਹੇਠ ਖੜ੍ਹ ਸਾਹ ਲੈਂਦੇ ਨਿਕਲ ਕੇ ਕੁਝ ਅੱਗੇ ।
ਹਾਮਿਦ ਦੇ ਪੈਰਾਂ ਨੂੰ ਪਰ ਲੱਗੇ ਬੱਚੇ ਜਾਂਦੇ ਉਡਦੇ ।
ਸੋਚੀਂ ਜਾਵਣ ਵੱਡੇ ਲੋਕੀਂ ਕਿਉਂ ਨਾ ਛੇਤੀ ਤੁਰਦੇ ।
ਸ਼ਹਿਰ ਦੇ ਨੇੜੇ ਆਏ ਜਦ ਬਾਗ਼ ਲੱਗੇ ਉਨ੍ਹਾਂ ਤੱਕੇ ।
ਚਾਰੇ ਪਾਸੇ ਉਨ੍ਹਾਂ ਬਾਗ਼ਾਂ ਦੇ ਕੋਟ ਬਣੇ ਸਨ ਪੱਕੇ ।
ਅੰਬ-ਲੀਚੀਆਂ ਨਾਲ ਪਏ ਸੀ ਰੁੱਖ ਸਾਰੇ ਹੀ ਲੱਦੇ ।
ਕਦੀ ਕੋਈ ਬੱਚਾ ਮਾਰ ਕੇ ਰੋੜਾ ਅੰਬਾਂ ਉੱਤੇ ਭੱਜੇ ।
ਮਾਲੀ ਅੰਦਰੋਂ ਗਾਲਾਂ ਦਿੰਦਾ ਜਾ ਕੇ ਦੂਰ ਖਲੋਵਣ ।
'ਮਾਲੀ ਨੂੰ ਉੱਲੂ ਬਣਾਇਆ' ਸੋਚ ਸੋਚ ਖ਼ੁਸ਼ ਹੋਵਣ ।

ਵੱਡੀਆਂ ਇਮਾਰਤਾਂ ਆਉਣ ਲੱਗੀਆਂ ਫੇਰ ਨਜ਼ਰ ਦੇ ਅੰਦਰ ।
ਅਦਾਲਤ, ਕਾਲਜ ਬਾਦ ਦਿਸਿਆ ਵੱਡਾ ਇਕ ਕਲੱਬ-ਘਰ ।
ਕਾਲਜ ਵਿੱਚ ਲੜਕੇ ਪੜ੍ਹਦੇ ਨੇ ਨਾਲੇ ਪੜ੍ਹਦੇ ਮੁੱਛਾਂ ਵਾਲੇ ।
ਐਨੇ ਐਨੇ ਵੱਡੇ ਹੋ ਗਏ ਤਾਂ ਵੀ, ਪੜ੍ਹਾਈ ਨਾ ਮੁੱਕੀ ਹਾਲੇ ।
ਮਦਰਸੇ ਹਾਮਿਦ ਦੇ ਤਿੰਨ ਲੜਕੇ ਵੱਡੇ ਪੜ੍ਹਨ ਨੇ ਆਉਂਦੇ ।
ਹਰ ਰੋਜ਼ ਉਨ੍ਹਾਂ ਮਾਰ ਹੈ ਪੈਂਦੀ ਕੰਮ ਤੋਂ ਜੀਅ ਚੁਰਾਉਂਦੇ ।
ਇਹ ਵੀ ਉਦਾਂ ਦੇ ਹੀ ਹੋਣੇ ਨੇ ਬੱਚੇ ਸੋਚੀਂ ਜਾਵਣ ।
ਕਲੱਬ-ਘਰ ਨੂੰ ਤੱਕ ਕੇ ਅੱਗੇ ਲੱਗੇ ਗੱਲਾਂ ਚਲਾਵਣ ।
ਇੱਥੇ ਰੋਜ਼ ਹੀ ਜਾਦੂ ਹੁੰਦਾ ਖੋਪੜੀਆਂ ਭੱਜਣ ਜਿੱਥੇ ।
ਅੰਦਰ ਜਾ ਕੋਈ ਵੇਖ ਨਾ ਸਕੇ ਕੀ ਹੁੰਦਾ ਹੈ ਇੱਥੇ ?
ਸਾਹਿਬ ਦਾੜ੍ਹੀਆਂ ਮੁੱਛਾਂ ਵਾਲੇ ਮੇਮਾਂ ਖੇਡਣ ਆਵਣ ।
ਸਾਡੀ ਅੰਮਾਂ ਗਿਰਨੀ ਖਾਵੇ ਜੇ ਲੱਗੇ ਬੈਟ ਘੁੰਮਾਵਣ ।
ਮਹਮੂਦ ਆਖੇ, "ਮੇਰੀ ਅੰਮੀਂ ਦੇ ਹੱਥ ਲੱਗ ਪੈਣ ਕੰਬਣ ।"
ਮੋਹਸਿਨ ਬੋਲਿਆ, "ਕਿਉਂ ਲੱਗਿਆ ਐਵੇਂ ਗੱਪਾਂ ਛੰਡਣ,"
ਮਣਾਂ-ਮੂੰਹੀਂ ਆਟਾ ਪੀਂਹਦੀਆਂ ਸੌ ਘੜੇ ਭਰਦੀਆਂ ਪਾਣੀ ।
ਮੇਮ ਨੂੰ ਘੜਾ ਪਏ ਜੇ ਭਰਨਾ ਯਾਦ ਆ ਜਾਵੇ ਨਾਨੀ ।"
ਮਹਮੂਦ ਕਿਹਾ, "ਆਪਣੀਆਂ ਅੰਮੀਆਂ ਨਾ ਇਉਂ ਨੱਚਣ-ਟੱਪਣ ।"
ਮੋਹਸਿਨ ਕਹਿੰਦਾ, " ਮੈਂ ਅੱਖੀਂ ਵੇਖਿਆ ਕਿਤੇ ਤੇਜ ਉਹ ਨੱਸਣ ।
ਇਕ ਦਿਨ ਸਾਡੀ ਗਾਂ ਖੁਲ੍ਹ ਕੇ ਚੌਧਰੀ ਦੇ ਖੇਤ ਜਾ ਵੜ ਗਈ ।
ਨਸਦਿਆਂ ਮਾਂ ਨੂੰ ਕੁਝ ਨਾ ਹੋਇਆ ਪਰ ਮੇਰੀ ਸਾਹ ਚੜ੍ਹ ਗਈ ।

ਹਲਵਾਈਆਂ ਦੀਆਂ ਦੁਕਾਨਾਂ ਅੱਗੇ ਖ਼ੂਬ ਸੀ ਸਜੀਆਂ ਹੋਈਆਂ ।
ਮਣਾਂ-ਮੂੰਹੀ ਮਠਿਆਈਆਂ ਦਿਸਣ ਸਭ ਤੇ ਲੱਗੀਆਂ ਹੋਈਆਂ ।
"ਅੱਬਾ ਕਹਿੰਦੇ ਰਾਤ ਪੈਂਦਿਆਂ ਜਿੰਨਾਤ ਕਈ ਏਥੇ ਆਵਣ ।
ਸਾਰੀਆਂ ਬਚੀਆਂ ਮਠਿਆਈਆਂ ਰੁਪਏ ਦੇ ਕੇ ਲੈ ਜਾਵਣ ।"
ਹਾਮਿਦ ਨੂੰ ਯਕੀਨ ਨਾ ਆਵੇ, "ਰੁਪਏ ਕਿਥੋਂ ਲਿਆਵਣ ?"
ਮੋਹਸਿਨ ਦੱਸਿਆ, "ਜਿਥੋਂ ਮਰਜੀ ਉਹ ਪੈਸੇ ਲੈ ਆਵਣ ।
ਲੋਹੇ ਦੇ ਦਰਵਾਜ਼ੇ ਵੀ ਉਨ੍ਹਾਂ ਨੂੰ ਜ਼ਰਾ ਰੋਕ ਨਹੀਂ ਸਕਦੇ ।
ਕਿੰਨੇ ਹੀ ਜਵਾਹਰ ਤੇ ਹੀਰੇ ਆਪਣੇ ਕੋਲ ਉਹ ਰਖਦੇ ।
ਟੋਕਰੀਆਂ ਭਰ ਉਸ ਨੂੰ ਦੇਵਣ ਜਿਸ ਉੱਤੇ ਖ਼ੁਸ਼ ਹੋਵਣ ।
ਪੰਜਾਂ ਮਿੰਟਾਂ ਵਿਚ ਉਹ ਇੱਥੋਂ ਕਲਕੱਤੇ ਜਾ ਖੜੋਵਣ ।
ਹਾਮਿਦ ਪੁੱਛੇ, "ਫਿਰ ਜਿੰਨਾਤ ਤਾਂ ਬਹੁਤ ਹੀ ਵੱਡੇ ਹੁੰਦੇ ?"
ਮੋਹਸਿਨ ਦਸਦਾ, "ਸਿਰ ਉਨ੍ਹਾਂ ਦੇ ਆਸਮਾਨ ਨੂੰ ਛੁੰਹਦੇ ।
ਪਰ ਜੇ ਮਰਜੀ ਹੋਵੇ ਉਸਦੀ ਤਾਂ ਗੜਵੀ ਵਿਚ ਸਮਾਵੇ ।"
"ਹੈ ਕੋਈ ਕਿਸੇ ਨੂੰ ਮੰਤਰ ਆਉਂਦਾ ਜਿੰਨ ਵੱਸ ਹੋ ਜਾਵੇ ?"
"ਇਹ ਤਾਂ ਮੈਂ ਨਹੀਂ ਜਾਣਦਾ ਨਾ ਮੈਨੂੰ ਕਿਸੇ ਦੱਸਿਆ ।
ਚੌਧਰੀ ਸਾਹਿਬ ਨੇ ਕਈ ਜਿੰਨਾਂ ਨੂੰ ਹੈ ਕਾਬੂ ਕਰ ਰੱਖਿਆ ।
ਕਿਸ ਦੇ ਘਰ ਹੈ ਚੋਰੀ ਹੋਈ ਤੇ ਕਿਸਨੇ ਚੋਰੀ ਕੀਤੀ ।
ਚੌਧਰੀ ਸਾਹਿਬ ਨੂੰ ਜਿੰਨ ਦਸਦੇ ਜੋ ਹੋਵੇ ਜੱਗ ਬੀਤੀ ।
ਜੁਮਰਾਤੀ ਦਾ ਵੱਛਾ ਗੁੰਮਿਆਂ ਤਿੰਨ ਦਿਨ ਪਤਾ ਨਾ ਚਲਿਆ ।
ਪੁੱਛਿਆਂ ਚੌਧਰੀ ਨੇ ਦੱਸਿਆ ਤਾਂ ਗਊਸ਼ਾਲਾ ਤੋਂ ਮਿਲਿਆ ।"
ਸਮਝ ਗਿਆ ਹਾਮਿਦ ਕਿਥੋਂ ਚੌਧਰੀ ਕੋਲ ਧਨ ਆਵੇ ।
ਤੇ ਲੋਕਾਂ ਕੋਲੋਂ ਇੱਜਤ ਐਨੀ ਕਿਉਂ ਚੌਧਰੀ ਪਾਵੇ ।

ਅੱਗੇ ਪੁਲੀਸ ਲਾਈਨ ਆਈ ਸਿਪਾਹੀ ਕਵਾਇਦ ਕਰਦੇ ।
ਰਾਤੀਂ ਜਾਗ ਜਾਗ ਪਹਿਰਾ ਦਿੰਦੇ ਚੋਰੀ ਹੋਣ ਤੋਂ ਡਰਦੇ ।
ਮੋਹਸਿਨ ਕਹਿੰਦਾ, "ਪਹਿਰਾ ਦਿੰਦੇ ! ਇਹ ਚੋਰੀ ਕਰਵਾਉਂਦੇ ।
ਚੋਰ ਤੇ ਡਾਕੂ ਸਾਰੇ ਪਹਿਲਾਂ ਇਹਨਾਂ ਕੋਲ ਹਨ ਆਉਂਦੇ ।
ਚੋਰਾਂ ਨੂੰ ਕਹਿ ਚੋਰੀ ਕਰ ਲਉ ਦੇਣ ਜਾਗਦੇ ਰਹੋ ਦਾ ਹੋਕਾ ।
ਸਭ ਇਹਨਾਂ ਨੂੰ ਪੈਸੇ ਦਿੰਦੇ ਪਾਉਣ ਇਹ ਰੌਲਾ ਫੋਕਾ ।
ਮੇਰਾ ਮਾਮੂ ਆਪ ਸਿਪਾਹੀ ਵੀਹ ਰੁਪਏ ਉਹ ਪਾਵੇ ।
ਹਰ ਮਹੀਨੇ ਘਰ ਆਪਣੇ ਰੁਪਏ ਪੰਜਾਹ ਭਿਜਵਾਵੇ ।
ਐਨੇ ਰੁਪਏ ਕਿੱਥੋਂ ਆਉਂਦੇ ਮੈਂ ਪੁੱਛਿਆ ਇਕ ਵਾਰੀ ।
ਆਖੇ ਇਹ ਸਭ ਅੱਲਾਹ ਦਿੰਦਾ ਉਸ ਦੀ ਰਹਿਮਤ ਭਾਰੀ ।
ਜੇ ਅਸੀਂ ਚਾਹੀਏ ਲੱਖਾਂ ਬਣਾਈਏ ਡਰ ਬਦਨਾਮੀ ਖਾਵੇ ।
ਨਾਲੇ ਡਰੀਏ ਕਿਤੇ ਨੌਕਰੀ ਹੱਥੋਂ ਨਾ ਚਲੀ ਜਾਵੇ ।"
ਹਾਮਿਦ ਪੁਛਦਾ, "ਸੱਚੀਂ ਮੁੱਚੀਂ, ਜੇ ਚੋਰੀ ਇਹ ਕਰਵਾਵਣ ।
ਤੂੰ ਹੀ ਦੱਸ ਫਿਰ ਇਹ ਲੋਕੀ ਫੜੇ ਕਿਉਂ ਨਾ ਜਾਵਣ ?"
ਹਾਮਿਦ ਦੇ ਇਸ ਭੋਲੇਪਣ ਤੇ ਮੋਹਸਿਨ ਅੱਗੋਂ ਆਖੇ,
"ਕੌਣ ਫੜੇ ਦੱਸ ਇਨ੍ਹਾਂ ਤਾਈਂ ਫੜਨ ਵਾਲੇ ਇਹ ਆਪੇ ।
ਹਰਾਮ ਦਾ ਮਾਲ ਹਰਾਮ 'ਚ ਜਾਂਦਾ, ਅੱਲਾ ਸਜਾ ਦਿਵਾਈ ।
ਅੱਗ ਲੱਗੀ ਮਾਮੂ ਘਰ ਇਕ ਦਿਨ ਪੂੰਜੀ ਰਾਖ ਬਣਾਈ ।
ਕਈ ਦਿਨ ਤਾਂ ਉਨ੍ਹਾਂ ਨੇ ਵੀ ਇਕ ਰੁੱਖ ਦੇ ਹੇਠ ਲੰਘਾਏ ।
ਸੌ ਰੁਪਿਆ ਫਿਰ ਕਰਜ਼ਾ ਲੈ ਕੇ ਭਾਂਡਾ ਟੀਂਡਾ ਲਿਆਏ ।"

ਈਦਗਾਹ ਜਾਣ ਵਾਲੇ ਟੋਲੇ ਹੋਰ ਕਿੰਨੇ ਹੀ ਨਜ਼ਰੀਂ ਆਏ ।
ਇਕ ਤੋਂ ਇਕ ਭੜਕੀਲੇ ਕੱਪੜੇ ਸਭ ਲੋਕਾਂ ਨੇ ਪਾਏ ।
ਸਾਰੇ ਜਾਪਣ ਇਤਰ ਨਹਾਤੇ ਕੋਈ ਟਾਂਗੇ ਉੱਤੇ ਆਉਂਦਾ ।
ਮੋਟਰ ਸਵਾਰ ਸ਼ਾਨ ਨਾਲ ਦੂਰੋਂ ਹਾਰਨ ਪਿਆ ਵਜਾਉਂਦਾ ।
ਨਿੱਕੀ ਜਿਹੀ ਇਹ ਪੇਂਡੂ ਟੋਲੀ ਗ਼ਰੀਬੀ ਦੀ ਪਰਵਾਹ ਨਾ ਕੋਈ ।
ਸਬਰ ਸੰਤੋਖ ਇਨ੍ਹਾਂ ਦੇ ਦੀ ਪਰ ਥਾਹ ਪਾ ਨਾ ਸਕਿਆ ਕੋਈ ।
ਹਾਰਨ ਦੀ ਆਵਾਜ਼ ਨਾ ਸੁਣਦੇ ਵੇਖੀਂ ਜਾਵਣ ਚੀਜ਼ਾਂ ਵੱਲੇ ।
ਔਹ ਵੇਖੋ ਹਾਮਿਦ ਵਿਚਾਰਾ ! ਆ ਚਲਿਆ ਸੀ ਮੋਟਰ ਥੱਲੇ ।

ਅਚਾਣਕ ਈਦਗਾਹ ਦਿਸ ਪਈ ਰੁੱਖਾਂ ਦੀ ਛਾਂ ਸਾਰੇ।
ਹੇਠਾਂ ਪੱਕੇ ਫ਼ਰਸ਼ ਉੱਤੇ ਵੀ ਵਿਛਾਏ ਜਾਜਮ ਸਜੇ ਸੰਵਾਰੇ ।
ਦੂਰ ਦੂਰ ਇਕ ਦੂਜੇ ਪਿੱਛੇ ਲੋਕੀਂ, ਬੰਨ੍ਹੀਂ ਖੜੇ ਕਤਾਰਾਂ ।
ਗਿਣਤੀ ਦਾ ਕੋਈ ਅੰਤ ਨਾ ਆਵੇ ਹੋਣੀ ਕਈ ਹਜ਼ਾਰਾਂ ।
ਨਵਾਂ ਆਉਣ ਵਾਲਾ ਹਰ ਇਕ ਬੰਦਾ ਪਿੱਛੇ ਜਾ ਖਲੋਵੇ ।
ਏਸ ਜਗ੍ਹਾ ਤੇ ਧਨ ਤੇ ਪਦ ਦੀ ਪੁੱਛ ਨਾ ਕੋਈ ਹੋਵੇ ।
ਇਸਲਾਮ ਵਿਚ ਨੇ ਸਭ ਬਰਾਬਰ ਊਚ-ਨੀਚ ਨਾ ਕੋਈ ।
ਵੁਜੂ ਕਰਕੇ ਪਿੰਡੋਂ ਆਈ ਟੋਲੀ ਵੀ ਪਿੱਛੇ ਜਾ ਖਲੋਈ ।
ਲੱਖਾਂ ਸਿਰ ਸਿਜਦੇ ਵਿਚ ਝੁਕਦੇ ਇਦਾਂ ਨਜ਼ਰੀ ਆਵਣ।
ਜਿਦਾਂ ਲੱਖਾਂ ਬਿਜਲੀ ਦੇ ਦੀਵੇ ਜਗਣ ਅਤੇ ਬੁਝ ਜਾਵਣ।
ਦੂਰ ਤੱਕ ਇਹ ਫੈਲਿਆ ਹੋਇਆ ਤੱਕੇ ਜਿਹੜਾ ਨਜ਼ਾਰਾ ।
ਮਾਣ ਤੇ ਸ਼ਰਧਾ ਦਿਲ ਵਿਚ ਭਰਦੇ ਅਨੰਦ ਆਂਵਦਾ ਭਾਰਾ ।
ਇਉਂ ਲੱਗੇ ਜਿਉਂ ਭਾਈਚਾਰੇ ਦਾ ਧਾਗਾ ਇਹ ਪਿਆਰਾ ।
ਸਭਨਾਂ ਦਾ ਇਕ ਲੜੀ ਪਰੋ ਕੇ ਹਾਰ ਬਣਾਵੇ ਨਿਆਰਾ ।

ਨਮਾਜ਼ ਖ਼ਤਮ ਹੋਈ ਸਾਰੇ ਲੋਕੀ ਇਕ ਦੂਜੇ ਗਲ ਮਿਲਦੇ ।
ਦੁਕਾਨਾਂ ਵੱਲ ਫਿਰ ਧਾਵਾ ਕੀਤਾ ਬਿਨਾਂ ਕਿਸੇ ਵੀ ਢਿਲ ਦੇ ।
ਇਕ ਪੈਸਾ ਦੇ ਹਿੰਡੋਲੇ ਉੱਤੇ ਮੌਜ ਨਾਲ ਚੜ੍ਹ ਜਾਉ ।
ਵੱਲ ਆਕਾਸ਼ ਦੇ ਮਾਰ ਉਡਾਰੀ ਹੇਠਾਂ ਨੂੰ ਫਿਰ ਆਉ ।
ਚਰਖ਼ੀ ਵੇਖੋ ਜਿੱਥੇ ਉੱਠ ਘੋੜੇ ਸੰਗਲ ਬੰਨ੍ਹ ਲਮਕਾਏ ।
ਹਾਮਿਦ ਦੇ ਸਾਥੀਆਂ ਦੇ ਇੱਕ ਪੈਸਾ ਪੱਚੀ ਗੇੜੇ ਲਾਏ ।
ਦੂਰ ਖੜਾ ਇਕ ਪਾਸੇ ਵੱਲ ਉਹ ਪਿਆ ਦਲੀਲ ਦੁੜਾਵੇ ।
ਆਪਣੇ ਖ਼ਜਾਨੇ ਦਾ ਤੀਜਾ ਹਿੱਸਾ ਕਿਉਂ ਫ਼ਜ਼ੂਲ ਲੁਟਾਵੇ ।

ਅੱਗੇ ਗਏ ਖਿਡੌਣਿਆਂ ਦੀਆਂ ਆਈਆਂ ਕਈ ਦੁਕਾਨਾਂ ।
ਸਭ ਖਿਡੌਣੇ ਇੰਜ ਜਾਪਣ ਜਿਵੇਂ ਖੋਲ੍ਹਣ ਹੁਣੇ ਜ਼ੁਬਾਨਾਂ ।
ਮਹਮੂਦ ਨੇ ਸਿਪਾਹੀ ਖਰੀਦਿਆ ਖਾਕੀ ਵਰਦੀ ਵਾਲਾ ।
ਮੋਢੇ ਤੇ ਬੰਦੂਕ ਰੱਖੀ ਜਿਸ ਲਗੇ ਕੋਈ ਮਤਵਾਲਾ ।
ਮੋਹਸਿਨ ਨੇ ਲਿਆ ਮਾਸ਼ਕੀ ਪਿੱਛੇ ਮਸ਼ਕ ਫੜੀ ਸੀ ।
ਜਾਪੇ ਜਿਦਾਂ ਗੀਤ ਕੋਈ ਗਾਵੇ ਚਿਹਰੇ ਖ਼ੁਸ਼ੀ ਚੜ੍ਹੀ ਸੀ ।
ਨੂਰੇ ਨੂੰ ਖਿਡੌਣਿਆਂ ਵਿੱਚੋਂ ਵਕੀਲ ਪਸੰਦ ਏ ਆਇਆ ।
ਚਿੱਟੀ ਅਚਕਨ ਦੇ ਨਾਲ ਜਿਸਨੇ ਕਾਲਾ ਚੋਗਾ ਪਾਇਆ।
ਜੇਬ ਵਿਚ ਉਸ ਘੜੀ ਰੱਖੀ ਜਿਸਦੀ ਜੰਜੀਰ ਸੁਨਹਿਰੀ ।
ਹੱਥ ਕਾਨੂੰਨ ਦਾ ਪੋਥਾ ਫੜਿਆ ਆਇਆ ਜਾ ਕਚਹਿਰੀ ।
ਹਾਮਿਦ ਸੋਚੇ, "ਖਿਡੌਣੇ ਮਿੱਟੀ ਦੇ ਹੱਥੋਂ ਡਿਗ ਟੁੱਟ ਜਾਵਣ ।
ਪਾਣੀ ਲੱਗੇ ਰੰਗ ਘੁਲ ਜਾਵੇ ਫਿਰ ਕਿਹੜੇ ਕੰਮ ਆਵਣ ।"
ਮੋਹਸਿਨ ਕਹਿੰਦਾ, "ਮਾਸ਼ਕੀ ਲਿਆਊ ਪਾਣੀ ਸੰਝ-ਸਬਾਹੀ ।"
ਮਹਮੂਦ ਕਹੇ, "ਰੋਜ਼ ਦਏਗਾ ਪਹਿਰਾ ਮੇਰਾ ਵੀਰ ਸਿਪਾਹੀ ।"
ਨੂਰੇ ਆਖੇ, "ਮੇਰਾ ਵਕੀਲ ਲੜੇਗਾ ਮੁਕੱਦਮੇ ਵਡੇ ਵਡੇਰੇ ।"
ਸੰਮੀ ਕਹਿੰਦਾ, "ਧੋਬਣ ਹਰਦਿਨ ਧੋਵੇਗੀ ਕੱਪੜੇ ਮੇਰੇ ।"
ਹਾਮਿਦ ਕਹਿੰਦਾ, "ਖਿਡੌਣਿਆਂ ਦਾ ਕੀ ਟੁੱਟ ਮਿੱਟੀ ਹੋ ਜਾਵਣ ।"
ਉਨ੍ਹਾਂ ਨੂੰ ਪਰ ਇਕ ਵਾਰ ਛੁਹਣ ਲਈ ਉਸ ਦੇ ਹੱਥ ਲਲਚਾਵਣ ।
ਜਦੋਂ ਵੀ ਕੋਈ ਖਿਡਾਉਣਾ ਛੁਹਣ ਲਈ ਆਪਣਾ ਹੱਥ ਵਧਾਂਦਾ ।
ਹਰ ਇਕ ਬੱਚਾ ਖਿਡੌਣਾ ਆਪਣਾ ਉਸ ਤੋਂ ਪਰ੍ਹਾਂ ਹਟਾਂਦਾ ।

ਖਿਡੌਣਿਆਂ ਤੋਂ ਬਾਦ ਦੁਕਾਨਾਂ ਜੋ ਭਰੀਆਂ ਮਠਿਆਈਆਂ ।
ਬੱਚਿਆਂ ਅਪਣੇ ਖਾਣ ਲਈ ਸੀ ਅੱਡੋ-ਅੱਡ ਪੁਆਈਆਂ ।
ਹਾਮਿਦ ਕੋਲੇ ਬੱਸ ਤਿੰਨ ਪੈਸੇ ਕੁਝ ਨਾ ਲੈ ਕੇ ਖਾਵੇ ।
ਜਦ ਹੋਰਾਂ ਨੂੰ ਖਾਂਦਿਆਂ ਵੇਖੇ ਉਹਦਾ ਮਨ ਲਲਚਾਵੇ ।
ਮੋਹਸਿਨ ਕਹਿੰਦਾ, "ਲੈ ਰਿਉੜੀ ਮੇਰੇ ਕੋਲੋਂ ਭਾਈ ।"
ਹਾਮਿਦ ਨੇ ਜਾਂ ਹੱਥ ਵਧਾਇਆ ਉਸ ਅਪਣੇ ਮੂੰਹ ਪਾਈ ।
ਸਾਰੇ ਬੱਚੇ ਹੱਸਣ ਲੱਗੇ ਮੋਹਸਿਨ ਰਿਉੜੀ ਫੇਰ ਵਿਖਾਵੇ।
ਹਾਮਿਦ ਅੱਗੋਂ ਵਿਖਾ ਕੇ ਪੈਸੇ ਆਪਣਾ ਸਿਰ ਹਿਲਾਵੇ ।
ਜਦੋਂ ਉਸਨੂੰ ਹੋਰ ਤੰਗ ਕੀਤਾ ਹਾਮਿਦ ਅੱਗੋਂ ਸੁਣਾਈ ।
ਮਠਿਆਈ ਦੀ ਦੱਸੀ ਉਸਨੇ ਕਿਤਾਬੀਂ ਲਿਖੀ ਬੁਰਾਈ ।
ਮਹਮੂਦ ਕਹਿੰਦਾ, "ਅਪਣੇ ਪੈਸੇ ਇਹ ਉਦੋਂ ਖਰਚੇਗਾ ।
ਜਦੋਂ ਅਪਣੇ ਕੋਲੇ ਖਰਚਣ ਨੂੰ ਬਾਕੀ ਨਾ ਕੁਝ ਬਚੇਗਾ ।
ਫਿਰ ਇਹ ਲੈ ਕੇ ਮਠਿਆਈ ਆਪ ਇਕੱਲਿਆਂ ਖਾਊ ।
ਖਾਊ ਆਪ ਪਰ ਸਾਨੂੰ ਵੀ ਇਹ ਦੂਰੋਂ ਦੂਰੋਂ ਵਿਖਾਊ ।"

ਅੱਗੇ ਗਏ ਤਾਂ ਇਕ ਦੁਕਾਨ ਤੇ ਸਾਮਾਨ ਲੋਹੇ ਦਾ ਰੱਖਿਆ ।
ਸਾਥੀ ਉਸਦੇ ਅੱਗੇ ਲੰਘ ਗਏ ਪਰ ਹਾਮਿਦ ਉੱਥੇ ਰੁਕਿਆ ।
ਚਿਮਟੇ ਵੇਖ ਦੁਕਾਨ ਦੇ ਉੱਤੇ ਉਸਨੂੰ ਖ਼ਿਆਲ ਇਹ ਆਵੇ ।
ਕਿਉਂ ਨਾ ਦਾਦੀ ਮਾਂ ਦੀ ਖਾਤਰ ਇਕ ਚਿਮਟਾ ਲੈ ਜਾਵੇ ।
ਹੱਥ ਓਸਦੇ ਜਲ ਜਲ ਜਾਂਦੇ ਜਦ ਤਵਿਓਂ ਰੋਟੀ ਲਾਹਵੇ ।
ਉਸ ਕੋਲ ਨਾ ਵਿਹਲ ਨਾ ਪੈਸੇ ਖੁਦ ਚਿਮਟਾ ਲੈ ਜਾਵੇ ।
ਖਿਡੌਣਿਆਂ ਦਾ ਕੀ ਫਾਇਦਾ ਟੁੱਟ ਭੱਜ ਇਹਨਾਂ ਜਾਣਾ ।
ਜਦੋਂ ਇਹ ਥੋੜ੍ਹੇ ਹੋਏ ਪੁਰਾਣੇ ਕਿਸੇ ਹੱਥ ਨਹੀਂ ਲਾਣਾ ।
ਹਾਮਿਦ ਦੇ ਸਾਥੀ ਲੰਘ ਅੱਗੇ ਸ਼ਰਬਤ ਪੀਣ ਸਬੀਲੋਂ ।
ਉਹ ਰੁਕ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਘੜੇ ਦਲੀਲੋਂ ।
ਮੇਰੇ ਸਾਥੀ ਕਿੰਨੇ ਲਾਲਚੀ ! ਮੈਨੂੰ ਦਿੱਤੀ ਨਾ ਮਠਿਆਈ ।
ਫੋੜੇ-ਫੁਣਸੀਆਂ ਸਭਦੇ ਹੋਵਣ ਜਬਾਨ ਚਟੋਰੀ ਹੋ ਜਾਈ ।
ਚੋਰੀ ਕਰਨਗੇ ਮਾਰ ਖਾਣਗੇ ਵਿਚ ਕਿਤਾਬਾਂ ਲਿਖਿਆ ।
ਇਹ ਝੂਠ ਨਹੀਂ ਹੋਵਣ ਲੱਗੀ ਜੋ ਦੇਣ ਇਹ ਸਿੱਖਿਆ ।
ਅੰਮਾਂ ਨੇ ਜਦ ਚਿਮਟਾ ਡਿੱਠਾ ਉਸ ਭੱਜੀ ਭੱਜੀ ਆਉਣਾ ।
"ਮੇਰਾ ਬੱਚਾ ਚਿਮਟਾ ਲਿਆਇਆ," ਕਹਿ ਮੈਨੂੰ ਗਲ ਲਾਉਣਾ ।
ਵੱਡਿਆਂ ਦੀਆਂ ਦੁਆਵਾਂ ਸਿੱਧੀਆਂ ਅੱਲਾ ਕੋਲੇ ਜਾਵਣ ।
ਖਿਡੌਣੇ ਵੇਖ ਦੁਆ ਕੀ ਮਿਲਣੀ ਭਾਵੇਂ ਮਨ ਲੁਭਾਵਣ ।
ਅੱਬਾ ਅੰਮੀਂ ਨੇ ਜਦ ਕਦੇ ਵੀ ਪੈਸੇ ਲੈ ਕੇ ਆਉਣਾ ।
ਟੋਕਰੀਆਂ ਭਰ ਖਿਡੌਣੇ ਲੈ ਮੈਂ ਦੋਸਤਾਂ ਨੂੰ ਦੇ ਆਉਣਾ ।
ਨਾਲੇ ਦੱਸਣਾ ਦੋਸਤੀ ਹੁੰਦੀ ਸਾਰੇ ਵੰਡ ਕੇ ਖਾਈਏ ।
ਰਿਉੜੀ ਵਿਖਾ ਦੋਸਤਾਂ ਨੂੰ ਨਾ ਕਦੇ ਝਿਟਕਾਈਏ ।
ਚਿਮਟਾ ਵੇਖ ਹਸਣਗੇ ਸਾਰੇ ਕੀ ਪਰਵਾਹ ਇਸ ਗੱਲ ਦੀ ।
ਲੈ ਚਿਮਟਾ ਉਹਨਾਂ ਦੇ ਕੋਲੇ ਜਾਈਏ ਜਲਦੀ ਜਲਦੀ ।
ਦੁਕਾਨਦਾਰ ਨੇ ਮੁੱਲ ਦੱਸਿਆ, "ਛੇ ਪੈਸੇ ਚਿਮਟੇ ਦਾ ।
ਜੇ ਜ਼ਰੂਰ ਲਿਜਾਣਾ ਈਂ ਤਾਂ ਪੰਜ ਪੈਸੇ ਦਾ ਲੈ ਜਾ ।"
ਹਾਮਿਦ ਦਾ ਦਿਲ ਬੈਠ ਗਿਆ ਪਰ ਉਸ ਕਰੀ ਦਲੇਰੀ,
"ਤਿੰਨ ਪੈਸੇ ਦਾ ਮੈਨੂੰ ਦੇ ਦੇ ਜੇ ਮਰਜੀ ਏ ਤੇਰੀ ।"
ਘੁੜਕੀ ਦੇ ਡਰ ਕੋਲੋਂ ਹਾਮਿਦ ਤੁਰਿਆ ਹੋ ਦੋ ਚਿੱਤਾ ।
ਦੁਕਾਨਦਾਰ ਨੇ ਚਿਮਟਾ ਉਸਨੂੰ ਤਿੰਨ ਪੈਸੇ ਦਾ ਦਿੱਤਾ ।
ਬੰਦੂਕ ਜਿਉਂ ਧਰ ਮੋਢੇ ਚਿਮਟਾ ਸਾਥੀਆਂ ਕੋਲੇ ਆਇਆ ।

ਮੋਹਸਿਨ ਪੁੱਛੇ, "ਓ ਪਾਗਲਾ ! ਚਿਮਟਾ ਕਿਉਂ ਲਿਆਇਆ ।"
ਹਾਮਿਦ ਮਾਰਿਆ ਧਰਤੀ ਤੇ ਚਿਮਟਾ ਨਾਲੇ ਅੱਗੋਂ ਸੁਣਾਵੇ,
"ਮਾਸ਼ਕੀ ਹੇਠਾਂ ਸੁੱਟ ਵੇਖ ਖਾਂ ਚੂਰ-ਚੂਰ ਹੋ ਜਾਵੇ ।"
ਮਹਮੂਦ ਕਹੇ, "ਚਿਮਟਾ ਤੇਰਾ ਕੀ ਹੈ ਕੋਈ ਖਿਡਾਉਣਾ ?"
ਹਾਮਿਦ ਆਖੇ, "ਇਹਦੀਆਂ ਸਿਫ਼ਤਾਂ ਤੈਨੂੰ ਮੈਂ ਸੁਣਾਉਨਾ ।
ਮੋਢੇ ਰੱਖ ਬੰਦੂਕ ਬਣ ਜਾਵੇ ਹੱਥ ਚਿਮਟਾ ਬਣੇ ਫ਼ਕੀਰਾਂ ।
ਮਜੀਰੇ ਦਾ ਕੰਮ ਇਹ ਦੇਵੇ ਹਥਿਆਰ ਬਣੇ ਬਲਬੀਰਾਂ ।
ਤੁਹਾਡੇ ਸਾਰੇ ਖਿਡਾਉਣੇ ਚਾਹੇ ਪਲ ਵਿਚ ਮਾਰ ਗਿਰਾਵੇ ।
ਕੌਣ ਬਹਾਦੁਰ ਚਿਮਟੇ ਦਾ ਵਾਲ ਵਿੰਗਾ ਕਰ ਜਾਵੇ ?"
ਸੰਮੀ ਆਖੇ, "ਮੇਰੀ ਖੰਜਰੀ ਲੈ ਲੈ ਚਿਮਟਾ ਦੇ ਦੇ ਮੈਨੂੰ ।"
ਹਾਮਿਦ ਕਹੇ, "ਖੰਜਰੀ ਬਦਲੇ ਕਿਦਾਂ ਇਹ ਦੇਵਾਂ ਤੈਨੂੰ ।
ਖੰਜਰੀ ਤੇਰੀ ਕੀ ਵਿਚਾਰੀ ਚਮੜੇ ਦੀ ਚੜ੍ਹੀ ਝਿਲੀ ।
ਢਬ ਢਬ ਬੰਦ ਹੋ ਜਾਵੇ ਇਸਦੀ ਰਤਾ ਜੇ ਹੋ ਜਾਏ ਗਿੱਲੀ ।
ਖੰਜਰੀ ਦਾ ਢਿੱਡ ਪਾੜੇ ਚਿਮਟਾ ਜੇ ਇਸਦਾ ਮਨ ਹੋਵੇ ।
ਅੱਗ ਪਾਣੀ ਤੂਫ਼ਾਨ ਦੇ ਵਿੱਚ ਵੀ ਡਟਿਆ ਇਹ ਖਲੋਵੇ ।"
ਸਭ ਦਾ ਮਨ ਚਿਮਟੇ ਨੇ ਮੋਹਿਆ ਦੂਰ ਮੇਲੇ ਤੋਂ ਆਏ ।
ਪੈਸੇ ਵੀ ਮੁੱਕੇ ਧੁੱਪ ਵੀ ਤਿਖੇਰੀ ਕਿਹੜਾ ਵਾਪਸ ਜਾਏ ।
ਹਾਮਿਦ ਬੜਾ ਚਲਾਕ ਨਿਕਲਿਆ ਪੈਸੇ ਰੱਖੇ ਬਚਾ ਕੇ ।
ਸਾਡੇ ਤੇ ਹੁਣ ਰੋਅਬ ਝਾੜਦਾ ਚਿਮਟਾ ਇਕ ਲਿਆ ਕੇ ।
ਦੋ ਦਲ ਬੱਚਿਆਂ ਦੇ ਹੋਏ ਸੰਮੀ ਹੋਇਆ ਹਾਮਿਦ ਬੰਨੇ ।
ਮੋਹਸਿਨ, ਨੂਰੇ, ਮਹਮੂਦ ਦਾ ਦਿਲ ਹਾਰ ਕਿਵੇਂ ਪਰ ਮੰਨੇ ।
ਵਕੀਲ, ਮਾਸ਼ਕੀ ਤੇ ਸਿਪਾਹੀ ਮਿੱਟੀ ਦੇ ਬਣੇ ਖਿਡੌਣੇ ।
ਲੋਹੇ ਦੇ ਚਿਮਟੇ ਅੱਗੇ ਬਣ ਗਏ ਸਭ ਦੇ ਸਭ ਉਹ ਬੌਨੇ ।
ਮੋਹਸਿਨ ਸੋਚ ਸੋਚ ਕੇ ਕਹਿੰਦਾ, "ਇਹ ਪਾਣੀ ਕਿਦਾਂ ਭਰੇਗਾ ।"
ਹਾਮਿਦ ਕਹੇ, "ਚਿਮਟੇ ਦਾ ਝਿੜਕਿਆ ਮਾਸ਼ਕੀ ਸਭ ਕਰੇਗਾ ।"
ਮਹਮੂਦ ਕਹੇ, "ਜੇ ਫੜੇ ਗਏ ਤਾਂ ਵਕੀਲ ਨੇ ਹੀ ਛੁਡਾਉਣਾ ।"
ਹਾਮਿਦ ਥੋੜ੍ਹਾ ਝਿਪ ਕੇ ਪੁੱਛੇ, "ਫੜਨ ਕੀਹਨੇ ਹੈ ਆਉਣਾ ?"
ਆਕੜ ਕੇ ਨੂਰੇ ਕਹਿਣ ਲੱਗਾ, "ਇਹ ਸਿਪਾਹੀ ਬੰਦੂਕ ਲੈ ਆਵੇ ।"
ਹਾਮਿਦ ਕਹੇ, "ਲਿਆ ਫਿਰ ਇਨ੍ਹਾਂ ਦੀ ਹੁਣੇ ਕੁਸ਼ਤੀ ਹੋ ਜਾਵੇ ।
ਰੁਸਤਮੇ-ਹਿੰਦ ਚਿਮਟਾ ਫੜਨਗੇ ਸਿਪਾਹੀ ਇਹ ਬਿਚਾਰੇ !
ਸੂਰਤ ਵੇਖ ਇਨ੍ਹਾਂ ਘਬਰਾਉਣਾ ਭੱਜ ਜਾਣਾ ਡਰਦੇ ਮਾਰੇ ।"
ਮੋਹਸਿਨ ਕਹੇ, "ਤੇਰੇ ਚਿਮਟੇ ਦਾ ਮੂੰਹ ਅੱਗ ਵਿਚ ਤਪੇਗਾ ।"
ਹਾਮਿਦ ਕਹੇ, "ਇਹ ਕੁੜੀ ਨਹੀਂ ਜੋ ਡਰਦਾ ਜਾ ਛੁਪੇਗਾ ।
ਅੱਗ ਵਿਚ ਕੇਵਲ ਓਹੋ ਕੁਦ ਸਕਣ ਜੋ ਹੁੰਦੇ ਬਹਾਦਰ ਸੂਰੇ ।
ਮਾਸ਼ਕੀ, ਵਕੀਲ, ਸਿਪਾਹੀ ਭੱਜਣ ਇਕ ਦੂਜੇ ਤੋਂ ਮੂਹਰੇ ।"
ਮਹਮੂਦ ਕਹੇ, "ਵਕੀਲ ਕੁਰਸੀ ਬੈਠੇ ਚਿਮਟਾ ਰਹੇ ਰਸੋਈ ।
ਪਏ ਰਹਿਣ ਤੋਂ ਬਿਨਾ ਏਸ ਤੋਂ ਕੰਮ ਨਾ ਹੋਵੇ ਕੋਈ ।"
ਹਾਮਿਦ ਨੂੰ ਕੋਈ ਗੱਲ ਨਾ ਸੁੱਝੀ ਕਹਿਣ ਲੱਗਾ ਘਬਰਾਇਆ,
"ਵੇਖਿਓ ਮੇਰੇ ਚਿਮਟੇ ਨੇ ਜਾਂ ਵਕੀਲ ਨੂੰ ਹੇਠ ਗਿਰਾਇਆ ।
ਉਸ ਦਾ ਕਾਨੂੰਨ ਇਸਨੇ ਉਸਦੇ ਢਿੱਡ ਵਿਚ ਪਾ ਦੇਣਾ ।"
ਤਿੰਨੋਂ ਸੂਰਮੇ ਸੋਚਣ ਲੱਗੇ ਅਸਾਂ ਨਹੀਂ ਕੁਝ ਕਹਿਣਾ ।
ਹਾਮਿਦ ਬਿਲਕੁਲ ਸੱਚ ਆਖਦਾ ਖਿਡੌਣਿਆਂ ਟੁੱਟ ਜਾਣਾ ।
ਇਸਦਾ ਚਿਮਟਾ ਓਵੇਂ ਰਹਿਣਾ ਇਹ ਨਾ ਹੋਏ ਪੁਰਾਣਾ ।
ਕਹਿੰਦੇ, "ਚਿਮਟਾ ਤੂੰ ਵਿਖਾ ਦੇ ਖਿਡੌਣੇ ਅਸੀਂ ਵਿਖਾਈਏ ।
ਐਵੇਂ ਲੜਨ ਦਾ ਕੀ ਫਾਇਦਾ ਝਗੜਾ ਹੁਣ ਨਿਪਟਾਈਏ ।"
ਚਿਮਟਾ ਹਾਮਿਦ ਦੂਜਿਆਂ ਨੂੰ ਦਿੱਤਾ ਆਪ ਲੈ ਲਏ ਖਿਡੌਣੇ ।
ਕਿੰਨੇ ਖ਼ੂਬਸੂਰਤ ਸਭ ਖਿਡੌਣੇ ਇਕ ਤੋਂ ਇਕ ਮਨਮੋਹਣੇ ।
ਕਹਿਣ ਲੱਗਾ, "ਚਿਮਟਾ ਬਿਚਾਰਾ ਕੀ ਲੱਗੇ ਇਨ੍ਹਾਂ ਕੋਲੇ ।
ਇਹ ਸਾਰੇ ਇਉਂ ਜਾਪਣ ਜਿਦਾਂ ਹੁਣ ਬੋਲੇ ਕਿ ਬੋਲੇ ।"
ਮੋਹਸਿਨ ਕਹੇ, "ਖਿਡੌਣੇ ਵੇਖ ਕੇ ਦੇਣੀਆਂ ਕਿਸ ਦੁਆਵਾਂ ।"
ਮਹਮੂਦ ਕਹੇ, "ਦੁਆਵਾਂ ਦੀ ਛੱਡੋ ਬਸ ਮਾਰੋਂ ਬਚ ਜਾਵਾਂ ।"

ਗਿਆਰਾਂ ਵਜੇ ਪਿੰਡ ਪੁੱਜੀ ਟੋਲੀ ਸਾਰੇ ਹੱਲਾ ਹੋਇਆ ।
ਮੋਹਸਿਨ ਦੀ ਭੈਣ ਭੱਜੀ ਆਈ ਉਸ ਮਾਸ਼ਕੀ ਖੋਹਿਆ ।
ਖੋਹ ਖਿੰਝ ਵਿਚ ਮਾਸ਼ਕੀ ਡਿਗਿਆ ਉਸਦੇ ਟੋਟੇ ਹੋਏ ।
ਮਾਰ ਕੁਟਾਈ ਭੈਣ ਭਾਈ ਹੋਏ ਨਾਲੇ ਫੁੱਟ ਫੁੱਟ ਰੋਏ ।
ਰੌਲਾ ਸੁਣ ਕੇ ਅੰਮਾਂ ਅੰਦਰੋਂ ਭੱਜੀ ਭੱਜੀ ਆਈ।
ਦੋਹਾਂ ਦੇ ਦੋ ਦੋ ਥੱਪੜ ਧਰਕੇ ਅੰਦਰ ਖਿਚ ਲਿਆਈ ।

ਨੂਰੇ ਮੀਆਂ ਵਕੀਲ ਲਈ ਦੋ ਕਿੱਲੇ ਕੰਧ ਗਡਾਏ।
ਪਟੜੇ ਉੱਤੇ ਕਾਲੀਨ ਦੀ ਥਾਂ ਕਾਗਜ਼ ਉਹਨੇ ਵਿਛਾਏ ।
ਵਕੀਲ ਉੱਤੇ ਬਿਠਾ ਕੇ ਉਸਨੂੰ ਪੱਖਾ ਝੱਲਣ ਲੱਗਾ ।
ਪਤਾ ਨਹੀਂ ਤੇਜ ਹਵਾ ਵੱਜੀ ਜਾਂ ਪੱਖਾ ਉਸਦੇ ਵੱਜਾ ।
ਭੁੰਜੇ ਡਿਗਦਿਆਂ ਸਾਰ ਉਹ ਸਿੱਧੇ ਸਵਰਗ ਸਿਧਾਏ ।
ਹੱਡੀਆਂ ਸਾਰੀਆਂ ਕਰ ਇਕੱਠੀਆਂ ਕੂੜੇ ਤੇ ਸੁੱਟ ਆਏ ।

ਮਹਮੂਦ ਸਿਪਾਹੀ ਆਪਣੇ ਨੂੰ ਪਹਿਰੇ ਦਾ ਚਾਰਜ ਦਿੱਤਾ ।
ਸਿਪਾਹੀ ਹੋ ਕੇ ਪੈਦਲ ਚੱਲੇ ਇਹ ਕਿਦਾਂ ਦਾ ਕਿੱਤਾ !
ਟੋਕਰੀ ਲੈ ਕੇ ਉਸ ਵਿਚ ਪੁਰਾਣੇ ਕਪੜੇ ਕੁਝ ਵਿਛਾਏ ।
ਇੰਜ ਉਹਨੇ ਪਾਲਕੀ ਬਣਾਕੇ ਸਿਪਾਹੀ ਜੀ ਬਿਠਾਏ ।
ਸਿਰ ਉੱਤੇ ਪਾਲਕੀ ਚੁੱਕ ਕੇ ਬਾਰ ਦਾ ਚੱਕਰ ਲਾਵਣ ।
'ਜਾਗਦੇ ਲਹੋ' ਦਾ ਹੋਕਾ ਉਸਦੇ ਛੋਟੇ ਭਾਈ ਲਗਾਵਣ ।
ਠੋਕਰ ਖਾ ਕੇ ਡਿੱਗੇ ਮੀਆਂ ਸਿਪਾਹੀ ਦੀ ਲੱਤ ਤੋੜੀ ।
ਗੂਲਰ ਦਾ ਦੁੱਧ ਲਾ ਕੇ ਉਸਦੇ ਫਿਰ ਉਹ ਆਪੇ ਜੋੜੀ ।
ਜਦੋਂ ਲੱਤ ਨਾ ਠੀਕ ਜੁੜੀ ਦੂਜੀ ਤੋੜ ਬਰਾਬਰ ਕੀਤੀ ।
ਜਿੱਥੇ ਧਰਦੇ ਬਣ ਸੰਨਿਆਸੀ ਬੈਠਾ ਰਹੇ ਚੁੱਪ-ਚੁਪੀਤੀ ।
ਝਾਲਰਦਾਰ ਸਾਫਾ ਖੁਰਚ ਕੇ ਗੰਜਾ ਕਰ ਬਿਠਾਉਂਦੇ ।
ਕਦੇ ਕਦੇ ਸਿਪਾਹੀ ਜੀ ਦਾ ਵੱਟਾ ਵੀ ਬਣਾਉਂਦੇ ।

ਹਾਮਿਦ ਮੀਆਂ ਜਦ ਘਰ ਆਏ ਦਾਦੀ ਭੱਜੀ ਆਵੇ ।
ਪਿਆਰ ਨਾਲ ਪਿਆਰਾ ਪੋਤਾ ਗੋਦੀ ਵਿਚ ਉਠਾਵੇ ।
ਚਿਮਟਾ ਵੇਖ ਕੇ ਫਿਰ ਬੋਲੀ, "ਇਹ ਹੈ ਕਿੱਥੋਂ ਆਇਆ ?"
ਹਾਮਿਦ ਕਹਿੰਦਾ, "ਤਿੰਨ ਪੈਸੇ ਦਾ ਮੈਂ ਹਾਂ ਮੁੱਲ ਲਿਆਇਆ ।"
ਛਾਤੀ ਪਿਟ ਅਮੀਨਾ ਪੁੱਛੇ, "ਇਹ ਕਾਹਤੋਂ ਚੁੱਕ ਲਿਆਇਆ?"
"ਤਵੇ ਨਾਲ ਤੇਰੇ ਹੱਥ ਜਲਦੇ ਸੀ," ਹਾਮਿਦ ਅੱਗੋਂ ਸੁਣਾਇਆ ।
ਸਾਰਾ ਗੁੱਸਾ ਪਿਆਰ 'ਚ ਬਦਲਿਆ ਅਮੀਨਾ ਸੋਚੀਂ ਜਾਵੇ ।
ਕਿਹੜਾ ਬੱਚਾ ਬੁੱਢੀ ਦਾਦੀ ਲਈ ਐਨਾ ਤਿਆਗ ਦਿਖਾਵੇ ।
ਬੱਚੇ ਹੋਣਗੇ ਕੁਝ ਕੁਝ ਖਾਂਦੇ ਕਿੰਨਾ ਇਸ ਜਬਤ ਦਿਖਾਇਆ ।
ਦਾਦੀ ਦੀ ਯਾਦ ਦਿਲ ਰੱਖੀ ਤਾਹੀਂ ਚਿਮਟਾ ਲੈ ਆਇਆ ।
ਬੱਚਿਆਂ ਵਾਂਗੂੰ ਰੋਈਂ ਜਾਵੇ ਨਾਲੇ ਦੁਆਵਾਂ ਦੇਈਂ ਜਾਵੇ ।
ਇਸ ਵਿਚਲਾ ਭੇਦ ਜੋ ਗੁੱਝਾ ਹਾਮਿਦ ਸਮਝ ਕੀ ਪਾਵੇ !

(ਕਾਯਮਅਲੀ=ਪਿੰਡ ਦਾ ਸ਼ਾਹੂਕਾਰ ਜੋ ਬਹੁਤ ਵਿਆਜ਼ ਤੇ
ਪੈਸੇ ਦਿੰਦਾ ਸੀ, ਲਾਗੀ ਜਾਂ ਲਾਗਣ=ਉਹ ਲੋਕ ਜੋ ਪਿੰਡਾਂ ਵਿਚ
ਦੂਜਿਆਂ ਦਾ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਦਿਨ-ਦਿਹਾਰ ਜਾਂ
ਫ਼ਸਲ ਆਉਣ ਤੇ ਕੁਝ ਨਾ ਕੁਝ ਗੁਜ਼ਾਰੇ ਲਈ ਦੇ ਦਿੰਦੇ ਹਨ)