Ibad Nabeel Shad ਇਬਾਦ ਨਬੀਲ ਸ਼ਾਦ
ਨਾਂ-ਇਬਾਦ ਨਵੀਲ, ਕਲਮੀ ਨਾਂ-ਇਬਾਦ ਨਵੀਲ ਸ਼ਾਦ,
ਜਨਮ ਤਾਰੀਖ਼, 2 ਅਗਸਤ 1966,
ਜਨਮ ਸਥਾਨ-ਕੰਗਨਪੁਰ, ਤਹਿਸੀਲ ਚੂਨੀਆਂ, ਜ਼ਿਲਾ ਕਸੂਰ,
ਵਿਦਿਆ-ਐਮ. ਏ. ਐਲ. ਐਲ. ਬੀ., ਉਸਤਾਦ-ਖ਼ਲੀਲ ਆਤਿਸ਼, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਜਾਗ ਪਿਆ ਅੰਦਰ ਦਾ ਮੌਸਮ (ਗ਼ਜ਼ਲ ਸੰਗ੍ਰਿਹ),
ਪਤਾ-ਮਕਾਨ ਨੰਬਰ 9, ਗਲੀ ਨੰਬਰ 5, ਅਸ਼ਰਫ਼ ਪਾਰਕ, ਚਾਹ ਮੀਰਾਂ, ਲਾਹੌਰ ।
ਪੰਜਾਬੀ ਗ਼ਜ਼ਲਾਂ (ਜਾਗ ਪਿਆ ਅੰਦਰ ਦਾ ਮੌਸਮ, 2003 ਵਿੱਚੋਂ) : ਇਬਾਦ ਨਬੀਲ ਸ਼ਾਦ
Punjabi Ghazlan (Jaag Pia Andar Da Mausam, 2003) : Ibad Nabeel Shad
ਮੁਸਤਕਬਿਲ, ਨਾ ਬੀਤੇ ਸਾਲ ਤੇ ਰੱਖਨਾ ਵਾਂ
ਮੁਸਤਕਬਿਲ, ਨਾ ਬੀਤੇ ਸਾਲ ਤੇ ਰੱਖਨਾ ਵਾਂ । ਆਪਣੀਆਂ ਨਜ਼ਰਾਂ ਆਪਣੇ ਹਾਲ ਤੇ ਰੱਖਨਾ ਵਾਂ । ਭਾਵੇਂ ਕਿਸੇ ਮੁਸਾਫ਼ਿਰ ਰਸਤਾ ਭੁੱਲਣਾ ਨਈਂ, ਫਿਰ ਵੀ ਬੂਹੇ ਦੀਵਾ ਬਾਲ ਤੇ ਰੱਖਨਾ ਵਾਂ । ਅਜੇ ਵੀ ਤਾਅਨੇ ਦੇਵੇਂ ਮੈਨੂੰ ਦੂਰੀ ਦੇ, ਤੈਨੂੰ ਆਪਣੇ ਸਾਹ ਦੇ ਨਾਲ ਤੇ ਰੱਖਨਾ ਵਾਂ । ਏਸ ਵਰ੍ਹੇ ਵੀ ਛੂਟ ਏ ਜ਼ੁਲਮ ਕਮਾਲੈ ਤੂੰ, ਇਹਦਾ ਬਦਲਾ ਅਗਲੇ ਸਾਲ ਤੇ ਰੱਖਨਾ ਵਾਂ । ਫੇਰ ਵੀ ਗੱਲਾਂ ਕਰਦਾ ਏ ਵੱਖ ਹੋਣ ਦੀਆਂ, ਤੈਥੋਂ ਤੇਰਾ ਵੱਧ ਖ਼ਿਆਲ ਤੇ ਰੱਖਨਾ ਵਾਂ । ਦਿਲ ਪੈਲੀ ਚੋਂ ਭਾਵੇਂ 'ਸੋਮਾ' ਫੁੱਟਣਾ ਨਈਂ, ਅੱਖ ਦਾ ਬੰਜਰ ਖ਼ਾਲੀ, ਖਾਲ ਤੇ ਰੱਖਨਾ ਵਾਂ ।
ਸੂਰਜ ਖਿੱਚ ਲਿਆਣ ਦਾ ਵਾਅਦਾ ਕੀਤਾ ਏ
ਸੂਰਜ ਖਿੱਚ ਲਿਆਣ ਦਾ ਵਾਅਦਾ ਕੀਤਾ ਏ । ਮੈਂ ਧਰਤੀ ਰੁਸ਼ਣਾਣ ਦਾ ਵਾਅਦਾ ਕੀਤਾ ਏ । ਮੈਂ ਦੁੱਖਾਂ ਦੀ ਗਠੜੀ ਤੱਕ ਕੇ ਨਹੀਂ ਡਰਦਾ, ਤੂੰ ਜੋ ਹੱਥ ਪਵਾਣ ਦਾ ਵਾਅਦਾ ਕੀਤਾ ਏ । ਜਦ ਤੱਕ ਸਾਹ ਨੇ ਆਪਣੀ ਗੱਲ ਤੇ ਕਾਇਮ ਹਾਂ, ਤੂੰ ਮੈਨੂੰ ਭੁੱਲ ਜਾਣ ਦਾ ਵਾਅਦਾ ਕੀਤਾ ਏ । ਮਾਰੂ ਪਾਲੇ ਆਏ, ਯਾਦ ਕਰਾ ਦੇਵਾਂ, ਤੂੰ ਇਸ ਰੁੱਤੇ ਆਣ ਦਾ ਵਾਅਦਾ ਕੀਤਾ ਏ । ਤੈਨੂੰ ਖੁੱਲ੍ਹ ਏ, ਛੱਡਦੇ, ਭੁੱਲ ਜਾ, ਚੇਤੇ ਰੱਖ, ਮੈਂ ਤੇ ਤੋੜ ਨਿਭਾਣ ਦਾ ਵਾਅਦਾ ਕੀਤਾ ਏ । ਖ਼ਤ, ਤਸਵੀਰਾਂ, ਲਾਕਟ, ਸੌਂਹ ਈ ਭੁੱਲੀਂ ਨਾ, ਕੱਲ ਤੱਕ ਤੂੰ ਪਰਤਾਣ ਦਾ ਵਾਅਦਾ ਕੀਤਾ ਏ । ਯਾਦਾਂ ਤੇ ਧੁਰ ਅੰਦਰੋਂ ਸੁਰੰਗ ਬਣਾਉਂਦੀਆਂ ਨੇ, ਤੂੰ ਦਿਲ ਨੂੰ ਸਮਝਾਣ ਦਾ ਵਾਅਦਾ ਕੀਤਾ ਏ । ਧੁੱਪਾਂ 'ਸ਼ਾਦ' ਚੁਫ਼ੇਰੇ ਵਲਗਣ ਵਲ ਦਿੱਤੀ, ਜਦ ਵੀ ਬੋਹੜ ਉਗਾਣ ਦਾ ਵਾਅਦਾ ਕੀਤਾ ਏ ।
ਤੈਨੂੰ ਦੇਖ ਕੇ ਚੇਤਰ ਝੁਕਦਾ ਜਾਂਦਾ ਏ
ਤੈਨੂੰ ਦੇਖ ਕੇ ਚੇਤਰ ਝੁਕਦਾ ਜਾਂਦਾ ਏ । ਸੱਚੀ ਆਖਾਂ ਵੇਲਾ ਰੁਕਦਾ ਜਾਂਦਾ ਏ । ਮੈਂ ਮੰਜ਼ਿਲ ਨੂੰ ਸਿੱਧਾ ਨੀਤ ਕੇ ਟੁਰ ਪੈਨਾਂ, ਪੈਂਡਾ ਆਪਣੇ ਆਪ ਈ ਮੁਕਦਾ ਜਾਂਦਾ ਏ । ਸਾਵਣ ਰੁੱਤ ਨਾਲ ਭਾਵੇਂ ਮੇਰੀ ਗੂੜ੍ਹ ਬੜੀ, ਫੇਰ ਵੀ ਅੱਖ ਦਾ ਸੋਮਾਂ ਸੁੱਕਦਾ ਜਾਂਦਾ ਏ । ਤੂੰ ਕੀ ਘੁੱਪ ਹਨ੍ਹੇਰੇ ਮੋਢੇ ਸੁੱਟੇ ਨੇ, ਨਿੰਮੋ ਝਾਣਾ ਸੂਰਜ ਲੁਕਦਾ ਜਾਂਦਾ ਏ । ਚੇਤਰ ਹਸ ਲੈ, ਨਾ ਘਬਰਾ, ਮੈਂ ਮੁੜ ਆਉਣੈ, ਗ਼ਮ ਦਾ ਮੌਸਮ ਕਸਮਾਂ ਚੁੱਕਦਾ ਜਾਂਦਾ ਏ । 'ਸ਼ਾਦ' ਦੇ ਦਿਲ ਅਸਮਾਨ ਦਾ ਤੂੰ ਉਹ ਤਾਰਾ ਏਂ, ਜਿਸ ਦੇ ਸਾਹਵੇਂ ਚੰਨ ਵੀ ਝੁਕਦਾ ਜਾਂਦਾ ਏ ।
ਦਿਲ ਦਾ ਬੂਹਾ ਢੋਇਆ ਨਹੀਂ ਏ ਵਰ੍ਹਿਆਂ ਤੋਂ
ਦਿਲ ਦਾ ਬੂਹਾ ਢੋਇਆ ਨਹੀਂ ਏ ਵਰ੍ਹਿਆਂ ਤੋਂ । ਪਰ ਕੋਈ ਦਾਖ਼ਲ ਹੋਇਆ ਨਹੀਂ ਏ ਵਰ੍ਹਿਆਂ ਤੋਂ । ਤਾਂ ਕੀ ਮੈਨੂੰ ਹੰਝੂ ਤਾਅਨੇ ਦਿੰਦੇ ਨੇ, ਕੋਈ ਪਿਆਰਾ ਮੋਇਆ ਨਹੀਂ ਏ ਵਰ੍ਹਿਆਂ ਤੋਂ । ਉਹ ਸੱਜਣ ਵੀ ਪੱਕਾ ਦੁਸ਼ਮਣ ਬਣ ਬੈਠਾ, ਜਿਸ ਤੋਂ ਕੁੱਝ ਲਕੋਇਆ ਨਹੀਂ ਏ ਵਰ੍ਹਿਆਂ ਤੋਂ । ਇੱਕੋ ਸਾਹ ਹੀ ਕਹਿਦੇ ਦੁਖ ਹਿਆਤੀ ਦੇ, ਮੇਰਾ ਦਿਲ ਵੀ ਮੋਇਆ ਨਹੀਂ ਏ ਵਰ੍ਹਿਆਂ ਤੋਂ । ਟੁਰ ਜਾ ਤੇਰੇ ਰਸਤੇ ਪੱਧਰ ਕਰ ਛੱਡੇ, ਹੁਣ ਤੇ ਕੋਈ ਟੋਇਆ ਨਹੀਂ ਏ ਵਰ੍ਹਿਆਂ ਤੋਂ । 'ਸ਼ਾਦ' ਕਿਸੇ ਦੀ ਯਾਦ ਚੁਫ਼ੇਰੇ ਵੱਸੀ ਏ, ਤਾਂ ਮੈਂ ਕਮਰਾ ਧੋਇਆ ਨਹੀਂ ਏ ਵਰ੍ਹਿਆਂ ਤੋਂ ।
ਮੈਂ ਤਲੀਆਂ ਤੇ ਵਕਤ ਖਿਲਾਰੀ ਜਾਨਾ ਵਾਂ
ਮੈਂ ਤਲੀਆਂ ਤੇ ਵਕਤ ਖਿਲਾਰੀ ਜਾਨਾ ਵਾਂ । ਇਹ ਨਾ ਸਮਝੀਂ ਐਵੇਂ ਹਾਰੀ ਜਾਨਾ ਵਾਂ । ਕੁਝ ਚਿਰ ਲਈ ਕੀ ਸਾਹ ਉਧਾਰੇ ਫੜ ਲਏ ਨੇ, ਹੁਣ ਤਕ ਸਾਵਾਂ ਸੂਦ ਈ ਤਾਰੀ ਜਾਨਾ ਵਾਂ । ਮੈਂ ਦੁਨੀਆਂ ਵਿਚ ਹਾਸੇ ਵੰਡਣ ਆਇਆ ਸਾਂ, ਪਰ ਦੁੱਖਾਂ ਵਿਚ ਉਮਰ ਗੁਜ਼ਾਰੀ ਜਾਨਾ ਵਾਂ । ਇਕਲਾਪੇ ਦੀਆਂ ਕੱਠੀਆਂ ਕਰਕੇ ਵੇਲਾਂ ਮੈਂ, ਆਪਣੇ ਸਿਰ ਤੋਂ ਆਪੇ ਵਾਰੀ ਜਾਨਾ ਵਾਂ । ਜਿਥੇ ਵੀ ਕੋਈ ਮਾੜਾ ਮੈਨੂੰ ਮਿਲਦਾ ਏ, ਐਵੇਂ ਗੰਢੀਂ ਰਿਸ਼ਤੇਦਾਰੀ ਜਾਨਾ ਵਾਂ । 'ਸ਼ਾਦ' ਚੁਫ਼ੇਰੇ ਸੇਮ ਖਲੋਤੀ ਯਾਦਾਂ ਦੀ, ਅੰਦਰੇ ਅੰਦਰ ਖ਼ੁਦ ਨੂੰ ਤਾਰੀ ਜਾਨਾ ਵਾਂ ।
ਛੱਲੇ ਅਤੇ ਜ਼ੰਜੀਰਾਂ ਸਾਂਭ ਕੇ ਰੱਖਾਂਗਾ
ਛੱਲੇ ਅਤੇ ਜ਼ੰਜੀਰਾਂ ਸਾਂਭ ਕੇ ਰੱਖਾਂਗਾ । ਖ਼ਤਾਂ ਸਣੇ ਤਸਵੀਰਾਂ ਸਾਂਭ ਕੇ ਰੱਖਾਂਗਾ । ਸ਼ੁੱਕਾ ਫੁੱਲ ਤੇ ਜ਼ਾਤੀ ਡਾਇਰੀ, ਲਾਲ ਰੁਮਾਲ, ਆਪਣੀਆਂ ਕੁੱਲ ਜਾਗੀਰਾਂ ਸਾਂਭ ਕੇ ਰੱਖਾਂਗਾ । ਜਦ ਤੀਕਰ ਨਾ ਮੇਰੇ ਲੇਖ ਲਿਖੇਂਗਾ ਤੂੰ, ਤੇਰੀ ਸੌਂਹ ਤਕਦੀਰਾਂ ਸਾਂਭ ਕੇ ਰੱਖਾਂਗਾ । ਭਾਵੇਂ ਅਜ ਅਹਿਮੀਅਤ ਨਈਉਂ ਉਨ੍ਹਾਂ ਦੀ, ਫਿਰ ਵੀ ਸਭ ਤਹਿਰੀਰਾਂ ਸਾਂਭ ਕੇ ਰੱਖਾਂਗਾ । ਤੇਰੇ ਨਾ ਦੀ ਖ਼ਵਰੇ ਕਿਹੜੀ ਲੀਕ ਹੋਵੇ, ਹੱਥਾਂ ਵਿੱਚ ਲਕੀਰਾਂ ਸਾਂਭ ਕੇ ਰੱਖਾਂਗਾ । 'ਸ਼ਾਦ' ਮੈਂ ਆਪਣਾ ਮਾਜ਼ੀ ਚੇਤੇ ਰੱਖਣ ਲਈ, ਪਟੀਆਂ ਹੋਈਆਂ ਲੀਰਾਂ ਸਾਂਭ ਕੇ ਰੱਖਾਂਗਾ ।
ਭੁੱਖ ਨੂੰ ਕਦ ਮੈਂ ਭੁੱਖ ਸਮਝ ਕੇ ਪੂਜ ਰਿਹਾਂ
ਭੁੱਖ ਨੂੰ ਕਦ ਮੈਂ ਭੁੱਖ ਸਮਝ ਕੇ ਪੂਜ ਰਿਹਾਂ । ਸਭ ਦਾ ਸਾਂਝਾ ਦੁੱਖ ਸਮਝ ਕੇ ਪੂਜ ਰਿਹਾਂ । ਤਿੱਖੜ ਧੁੱਪਾਂ ਜੀਣਾ ਔਖਾ ਕੀਤਾ ਏ, ਜਦ ਦਾ ਤੈਨੂੰ ਰੁੱਖ ਸਮਝ ਕੇ ਪੂਜ ਰਿਹਾਂ । ਮੈਂ ਸੁੱਖਾਂ ਦੇ ਫ਼ਤਵੇ ਮੂਜਬ ਕਾਫ਼ਰ ਆਂ, ਮੈਂ ਹਾਸੇ ਨੂੰ ਦੁਖ ਸਮਝ ਕੇ ਪੂਜ ਰਿਹਾਂ । ਮੇਰਾ ਤੇ ਈਮਾਨ ਤੇਰੇ ਤੇ ਮੁੱਕਦਾ ਏ, ਰੱਬ ਨੂੰ ਤੇਰਾ ਮੁੱਖ ਸਮਝ ਕੇ ਪੂਜ ਰਿਹਾਂ । ਮੈਂ ਧਰਤੀ ਦਾ ਇੱਕੋ ਸੱਕਾ ਪੁਤਰ ਆਂ! ਧਰਤੀ ਮਾਂ ਦੀ ਕੁੱਖ ਸਮਝ ਕੇ ਪੂਜ ਰਿਹਾਂ । ਤੂੰ ਵੀ ਰੱਬ ਬਣਨ ਦਾ ਦਾਅਵਾ ਕਰ ਦਿੱਤਾ, ਤੈਨੂੰ 'ਸ਼ਾਦ' ਮਨੁੱਖ ਸਮਝ ਕੇ ਪੂਜ ਰਿਹਾਂ ।
ਮੈਂ ਸੂਰਜ ਨਾਲ ਜਦ ਵੀ ਅੱਖ ਮਿਲਾਈ ਏ
ਮੈਂ ਸੂਰਜ ਨਾਲ ਜਦ ਵੀ ਅੱਖ ਮਿਲਾਈ ਏ । ਤੇਰੇ ਮੁੱਖ ਦੀ ਲਾਲੀ ਨਜ਼ਰੀਂ ਆਈ ਏ । ਕਿੰਨੇ ਈ ਸੱਪ ਮੁੱਢ ਦਵਾਲੇ ਬੈਠੇ ਨੇ, ਚੰਗੀ ਵਿਹੜੇ ਰਾਤ ਦੀ ਰਾਣੀ ਲਾਈ ਏ । ਇੰਜ ਸਿਆਪਾ ਕੀਤੈ ਤੇਰੇ ਵਿਛੜਣ ਦਾ, ਤੇਰੀ ਯਾਦ ਦੀ ਫੂਹੜੀ ਅਜੇ ਵਿਛਾਈ ਏ । ਮੈਂ ਪਿੰਡੇ ਤੇ ਦਰਦ ਹੰਢਾਏ ਵੇਲੇ ਦੇ, ਮੈਂ ਪਿੰਡੇ ਤੇ ਅੰਬਰ ਵੇਲ ਚੜ੍ਹਾਈ ਏ । 'ਸ਼ਾਦ' ਮੈਂ ਐਦੋਂ ਵਧ ਕੇ ਕੱਲਾ ਕੀ ਹੁੰਦਾ, ਆਪਣੀ ਲਾਸ਼ ਵੀ ਮੈਂ ਆਪੇ ਦਫ਼ਨਾਈ ਏ ।
ਅੱਖ ਬੂਹੇ ਤੇ ਕੁੰਡੀ ਚਾੜ੍ਹੀ ਹੋਈ ਏ
ਅੱਖ ਬੂਹੇ ਤੇ ਕੁੰਡੀ ਚਾੜ੍ਹੀ ਹੋਈ ਏ । ਦਿਲ ਦੀ ਬਸਤੀ ਆਪ ਉਜਾੜੀ ਹੋਈ ਏ । ਮੇਰੇ ਵਸ ਏ ਤੈਨੂੰ ਲਿਖ ਲਾਂ, ਖੁਰਚ ਦਿਆਂ, ਮੈਂ ਤੇ ਕਿਸਮਤ ਮੁੱਠ 'ਚ ਤਾੜੀ ਹੋਈ ਏ । ਮੈਨੂੰ ਮੌਤ ਦਾ ਖ਼ੌਫ਼ ਭਲਾ ਕੀ ਆਖੇਗਾ, ਮੈਂ ਜੁੱਸਾ ਕੀ ਰੂਹ ਵੀ ਸਾੜੀ ਹੋਈ ਏ । ਏਸ ਵਰ੍ਹੇ ਵੀ ਫ਼ਸਲ ਨਹੀਂ ਉੱਗੀ ਯਾਰਾਂ ਦੀ, ਏਸ ਵਰ੍ਹੇ ਵੀ ਰੌਣੀ ਮਾੜੀ ਹੋਈ ਏ । 'ਸ਼ਾਦ'ਅਜ ਆਪਣਾ ਆਪ ਵੀ ਚੰਗਾ ਲੱਗਦਾ ਨਹੀਂ, ਕੱਲ੍ਹ ਦੀ ਤੇਰੇ ਨਾਲ ਵਿਗਾੜੀ ਹੋਈ ਏ ।
ਠਾਹ-ਠਾਹ ਕਰਦੀਆਂ ਵਾਜ਼ਾਂ ਚਾਰ-ਚੁਫ਼ੇਰੇ ਨੇ
ਠਾਹ-ਠਾਹ ਕਰਦੀਆਂ ਵਾਜ਼ਾਂ ਚਾਰ-ਚੁਫ਼ੇਰੇ ਨੇ । ਲਹੂ ਵਿਚ ਡੁੱਬੀਆਂ ਲਾਸ਼ਾਂ ਚਾਰ-ਚੁਫ਼ੇਰੇ ਨੇ । ਰਾਹਕਾਂ ਘਰ ਤੇ ਫੱਕਾ ਦਾਣੇ ਪੁੱਜਦੇ ਨੇ, ਹਰੀਆਂ-ਭਰੀਆਂ ਫ਼ਸਲਾਂ ਚਾਰ-ਚੁਫ਼ੇਰੇ ਨੇ । ਜੇ ਕਰ ਆਸ ਦਾ ਸੂਰਜ ਅੰਦਰੋਂ ਬੁਝਿਆ ਏ, ਘੁੱਪ ਹਨੇਰੀਆਂ ਰਾਤਾਂ ਚਾਰ-ਚੁਫ਼ੇਰੇ ਨੇ । ਤੇਰੇ ਘਰ ਦੀ ਕੋਈ ਨਿਸ਼ਾਨੀ ਚੇਤੇ ਨਹੀਂ, ਉਹੋ ਬੂਹੇ ਗਲੀਆਂ ਚਾਰ-ਚੁਫ਼ੇਰੇ ਨੇ । ਖੁੱਲੀਆਂ ਅੱਖਾਂ ਨਾਲ ਜੇ ਕੱਠੀਆਂ ਕਰੀਏ ਤੇ, ਡਿੱਗੀਆਂ ਹੋਈਆਂ ਨਜ਼ਰਾਂ ਚਾਰ-ਚੁਫ਼ੇਰੇ ਨੇ । ਫੇਰ ਵੀ ਖ਼ਵਰੇ ਔਖਾ ਸਾਹ ਕਿਉਂ ਆਉਂਦਾ ਏ, ਖੁੱਲੀਆਂ 'ਸ਼ਾਦ' ਫ਼ਿਜ਼ਾਵਾਂ ਚਾਰ-ਚੁਫ਼ੇਰੇ ਨੇ ।
ਉਹਨੇ ਪਾਗਲ ਜਾਣ ਕੇ, ਬੂਹਾ ਢੋਇਆ ਏ
ਉਹਨੇ ਪਾਗਲ ਜਾਣ ਕੇ, ਬੂਹਾ ਢੋਇਆ ਏ । ਮੈਨੂੰ ਵੇਖ ਸਿਹਾਣ ਕੇ, ਬੂਹਾ ਢੋਇਆ ਏ । ਇਹਦੇ ਨਾਲੋਂ ਚੰਗਾ ਸੀ ਮੈਂ ਮਰ ਜਾਂਦਾ, ਉਸ ਨੇ ਪੱਲੂ ਤਾਣ ਕੇ, ਬੂਹਾ ਢੋਇਆ ਏ । ਜੋ ਕਹਿੰਦਾ ਸੀ ਮੇਰਾ ਘਰ ਵੀ ਤੇਰਾ ਏ, ਉਹਨੇ ਬੂਹੇ ਆਣ ਕੇ, ਬੂਹਾ ਢੋਇਆ ਏ । ਜਿਸ ਦੀ ਚੋਖਟ ਮੈਨੂੰ ਮਸਜਿਦ ਲੱਗਦੀ ਸੀ, ਉਸਨੇ ਕਾਫ਼ਰ ਜਾਣ ਕੇ, ਬੂਹਾ ਢੋਇਆ ਏ । ਮੈਂ ਵੀ 'ਸ਼ਾਦ' ਕੁਝ ਸੋਚ ਕੇ ਏਥੇ ਆਇਆ ਸਾਂ, ਉਹਨੇ ਵੀ ਕੁੱਝ ਠਾਣ ਕੇ, ਬੂਹਾ ਢੋਇਆ ਏ ।