Humayun Parvez Shahid
ਹਮਾਯੂੰ ਪ੍ਰਵੇਜ਼ ਸ਼ਾਹਿਦ

ਨਾਂ-ਹਮਾਯੂੰ ਪ੍ਰਵੇਜ਼, ਕਲਮੀ ਨਾਂ-ਹਮਾਯੂੰ ਪ੍ਰਵੇਜ਼ 'ਸ਼ਾਹਿਦ',
ਜਨਮ ਤਾਰੀਖ਼ 2 ਅਪਰੈਲ 1951,
ਜਨਮ ਸਥਾਨ-ਲਾਹੌਰ, ਪਿਤਾ ਦਾ ਨਾਂ-ਜਲਾਲ ਦੀਨ,
ਵਿਦਿਆ-ਐਫ਼. ਏ., ਕਿੱਤਾ-ਪਰਾਈਵੇਟ ਨੌਕਰੀ,
ਛਪੀਆਂ ਕਿਤਾਬਾਂ-ਸੱਤ ਜ਼ਮੀਨਾਂ ਸੱਤ ਅਸਮਾਨ (ਪੰਜਾਬੀ ਸ਼ਾਇਰੀ), ਜ਼ਮੀਰ ਕਾ ਕਰਜ਼ (ਉਰਦੂ ਸ਼ਾਇਰੀ), ਸ਼ੌਕ ਦਾ ਸਫ਼ਰ (ਪੰਜਾਬੀ ਸ਼ਾਇਰੀ),
ਪਤਾ- 64 /ਬੀ ਮੁਹੱਲਾ ਇਸਲਾਮ ਖ਼ਾਂ, ਲਾਹੌਰ ।

ਪੰਜਾਬੀ ਗ਼ਜ਼ਲਾਂ (ਸ਼ੌਕ ਦਾ ਸਫ਼ਰ 2009 ਵਿੱਚੋਂ) : ਹਮਾਯੂੰ ਪ੍ਰਵੇਜ਼ ਸ਼ਾਹਿਦ

Punjabi Ghazlan (Shauk Da Safar 2009) : Humayun Parvez Shahid



ਪੱਥਰ ਦੇ ਇਨਸਾਨਾਂ ਦੇ ਵਿਚ ਰਹਿਣੇ ਆਂ

ਪੱਥਰ ਦੇ ਇਨਸਾਨਾਂ ਦੇ ਵਿਚ ਰਹਿਣੇ ਆਂ । ਯਾ ਫਿਰ ਬੰਦ ਮਕਾਨਾਂ ਦੇ ਵਿਚ ਰਹਿਣੇ ਆਂ । ਚੁੱਪਾਂ ਦੀ ਆਵਾਜ਼ ਸੁਣਾਈ ਦੇਵੇ ਸਾਫ਼, ਖ਼ਵਰੇ ਕਬਰਸਤਾਨਾਂ ਦੇ ਵਿਚ ਰਹਿਣੇ ਆਂ । ਸੋਨੇ ਚਾਂਦੀ ਨਾਲ ਜੋ ਤੋਲਣ ਕਦਰਾਂ ਨੂੰ, ਅਸੀਂ ਉਨ੍ਹਾਂ ਨਾਦਾਨਾਂ ਦੇ ਵਿਚ ਰਹਿਣੇ ਆਂ । ਅੱਜ ਵੀ ਸੱਸੀਆਂ ਵਿਚ ਥਲਾਂ ਦੇ ਸੜਦੀਆਂ ਨੇ, ਅੱਜ ਵੀ ਰੇਗਸਤਾਨਾਂ ਦੇ ਵਿਚ ਰਹਿਣੇ ਆਂ । ਸੁਣੀਏ ਕਿਸਰਾਂ ਦੁਖੜੇ ਧਰਤੀ ਵਾਲਿਆਂ ਦੇ, ਅਸੀਂ ਤੇ ਆਪ ਅਸਮਾਨਾਂ ਦੇ ਵਿਚ ਰਹਿਣੇ ਆਂ । 'ਸ਼ਾਹਿਦ' ਸਾਨੂੰ ਵੇਲਾ ਕਿਸਰਾਂ ਭੁੱਲੇਗਾ, ਇਹਦੀਆਂ ਸਭ ਸ਼ਰਿਆਨਾਂ ਦੇ ਵਿਚ ਰਹਿਣੇ ਆਂ ।

ਜਿੰਦੜੀ ਦਾਅ ਤੇ ਲਾਵਾਂ ਇਹ ਹੋ ਨਹੀਂ ਸਕਦਾ

ਜਿੰਦੜੀ ਦਾਅ ਤੇ ਲਾਵਾਂ ਇਹ ਹੋ ਨਹੀਂ ਸਕਦਾ । ਉਹਨੂੰ ਮੈਂ ਭੁੱਲ ਜਾਵਾਂ ਇਹ ਹੋ ਨਹੀਂ ਸਕਦਾ । ਜਿਸ ਦੀਆਂ ਸਭ ਬੁਨਿਆਦਾਂ ਵਿਚ ਏ ਮੇਰਾ ਖ਼ੂਨ, ਓਸ ਮਕਾਨ ਨੂੰ ਢਾਵਾਂ ਇਹ ਹੋ ਨਹੀਂ ਸਕਦਾ । ਜੁਗਨੂੰ, ਚੰਨ, ਸਿਤਾਰੇ, ਫੁਲ ਤੇ ਖ਼ੁਸ਼ਬੂ ਦਾ, ਮੈਂ ਹੱਕਦਾਰ ਸਦਾਵਾਂ ਇਹ ਹੋ ਨਹੀਂ ਸਕਦਾ । ਜੋ ਨਹੀਂ ਲਿਖਿਆ ਕਿਸਮਤ ਦੇ ਵਿਚ ਉਹਦੇ ਲਈ ਜੱਗ ਦੇ ਤਰਲੇ ਪਾਵਾਂ ਇਹ ਹੋ ਨਹੀਂ ਸਕਦਾ । ਆਸਾਂ ਅਤੇ ਉਮੀਦਾਂ ਵਾਲੇ ਸਾਰੇ ਦੀਪ, ਆਪਣੇ ਆਪ ਬੁਝਾਵਾਂ ਇਹ ਹੋ ਨਹੀਂ ਸਕਦਾ । ਖ਼ਾਸਾਂ ਦੇ ਨਾਕਾਮੀ ਦੇ ਇਸ ਮੇਲੇ ਚੋਂ, ਖ਼ਾਲੀ ਹੱਥ ਮੈਂ ਜਾਵਾਂ ਇਹ ਹੋ ਨਹੀਂ ਸਕਦਾ । ਦਿਲ ਕਮਲੇ ਦੇ ਆਖੇ ਲੱਗ ਕੇ ਕੰਧਾਂ ਨੂੰ, ਮੈਂ ਹਮਰਾਜ਼ ਬਣਾਵਾਂ ਇਹ ਹੋ ਨਹੀਂ ਸਕਦਾ । ਆਢਾ ਲਾ ਕੇ 'ਸ਼ਾਹਿਦ' ਅੱਥਰੇ ਵੇਲੇ ਨਾਲ, ਆਪਣਾ ਮੁੱਲ ਘਟਾਵਾਂ ਇਹ ਹੋ ਨਹੀਂ ਸਕਦਾ ।

ਇਕ-ਦੂਜੇ ਦਾ ਦਰਦ ਵੰਡਾਈਏ ਤੂੰ ਤੇ ਮੈਂ

ਇਕ-ਦੂਜੇ ਦਾ ਦਰਦ ਵੰਡਾਈਏ ਤੂੰ ਤੇ ਮੈਂ । ਜਿੰਦੜੀ ਦਾ ਕੁਝ ਕਰਜ਼ ਚੁਕਾਈਏ ਤੂੰ ਤੇ ਮੈਂ । ਰਲ ਕੇ ਕੱਤੀਏ ਚਰਖ਼ਾ ਬੀਤੀਆਂ ਯਾਦਾਂ ਦਾ, ਤੰਦ ਨੂੰ ਤਾਣੀ ਇੰਜ ਬਣਾਈਏ ਤੂੰ ਤੇ ਮੈਂ । ਹਿਜਰ ਵਿਸਾਲ ਮੁਕਾਈਏ ਪਿਆਰ ਕਹਾਣੀ ਚੋਂ, ਚੱਲ ਕੋਈ ਵੱਖਰਾ ਚੰਨ ਚੜ੍ਹਾਈਏ ਤੂੰ ਤੇ ਮੈਂ । ਲਹੂ ਨਾਲ ਪਿਆਸ ਬੁਝਾਈਏ ਅੱਥਰੇ ਵੇਲੇ ਦੀ, ਜ਼ੁਲਮ ਦੀ ਹਰ ਦੀਵਾਰ ਗਿਰਾਈਏ ਤੂੰ ਤੇ ਮੈਂ । ਸਭ ਦੀ ਝੋਲੀ ਪਾਈਏ ਫੁੱਲ ਮੁਹੱਬਤ ਦੇ, ਜ਼ਰਦ ਫ਼ਿਜ਼ਾ ਨੂੰ ਸ਼ਬਜ਼ ਬਣਾਈਏ ਤੂੰ ਤੇ ਮੈਂ । ਇੰਜ ਮੁਸਾਫ਼ਿਰ ਰਹੀਏ ਰੱਬ ਦੀ ਧਰਤੀ ਤੇ, ਵੇਲੇ ਦੇ ਵੀ ਹੱਥ ਨਾ ਆਈਏ ਤੂੰ ਤੇ ਮੈਂ । 'ਸ਼ਾਹਿਦ' ਇਹ ਵੀ ਰੰਗ ਏ ਇਕ ਇਬਾਦਤ ਦਾ, ਹੱਕ ਕਿਸੇ ਦਾ ਕਦੇ ਨਾ ਖਾਈਏ ਤੂੰ ਤੇ ਮੈਂ ।

ਚਾਲਾਕੀ ਮੱਕਾਰੀ ਦਾ, ਅੱਯਾਰੀ ਦਾ

ਚਾਲਾਕੀ ਮੱਕਾਰੀ ਦਾ, ਅੱਯਾਰੀ ਦਾ । ਵਲ ਸਿੱਖ਼ ਤੂੰ ਵੀ ਝੱਲਿਆ ਦੁਨੀਆਦਾਰੀ ਦਾ । ਵੇਲਾ ਜਿਸ ਨੂੰ ਰੱਖੇ ਆਪਣੀ ਠੋਕਰ ਵਿਚ, ਓਸ ਨਿਮਾਣੇ ਨੂੰ ਨਹੀਂ ਪੱਥਰ ਮਾਰੀ ਦਾ । ਨਜ਼ਰੀਂ ਆਉਣ ਜੇ ਵੱਟ ਤਕਦੀਰ ਦੇ ਮੱਥੇ ਤੇ, ਸਿਰ ਨੂੰ ਸੁੱਟ ਕੇ ਆਪਣਾ ਵਕਤ ਗੁਜ਼ਾਰੀ ਦਾ । ਢੇਰੀ ਹੁੰਦਾ ਦੁਖ ਦੇ ਇੱਕੋ ਠੇਡੇ ਨਾਲ, ਖ਼ਾਹਸ਼ਾਂ ਦਾ ਨਈਂ ਉੱਚਾ ਮਹਿਲ ਉਸਾਰੀ ਦਾ । 'ਸ਼ਾਹਿਦ' ਜੇ ਕਰ ਡਿਗਣੈ ਓੜਕ ਮੂੰਹ ਦੇ ਭਾਰ, ਫ਼ਾਇਦਾ ਕੀ ਫਿਰ ਏਨੀ ਤੇਜ਼ ਉਡਾਰੀ ਦਾ ।

ਚੋਰਾਂ ਦੇ ਹੱਥ ਆ ਗਈ ਦੇਖੋ ਅੱਜ ਮੁਖ਼ਤਾਰੀ

ਚੋਰਾਂ ਦੇ ਹੱਥ ਆ ਗਈ ਦੇਖੋ ਅੱਜ ਮੁਖ਼ਤਾਰੀ । ਆਟਾ ਆਟਾ ਕਰਦੀ ਪਈ ਏ ਦੁਨੀਆ ਸਾਰੀ । ਮਹਿੰਗਾਈ ਦਾ ਫ਼ਨੀਅਰ ਸ਼ੂਕਾਂ ਮਾਰ ਰਿਹਾ ਏ, ਜ਼ਹਿਰੀ 'ਵਾ ਨੇ ਹਰ ਬੰਦੇ ਦੀ ਮੱਤ ਏ ਮਾਰੀ । ਆਪਣੀ ਮਰਜ਼ੀ ਨਾਲ ਕਿਵੇਂ ਸਾਹ ਲਈਏ ਫੇਰ, ਥਾਂ-ਥਾਂ ਗਿਰਵੀ ਪਈ ਏ ਸਾਡੀ ਖ਼ੁਦਮੁਖ਼ਤਾਰੀ । ਇਕ-ਦੂਜੇ ਨੂੰ ਵੱਢਣ-ਟੁੱਕਣ ਖ਼ੂਨ ਦੇ ਰਿਸ਼ਤੇ, ਹਿਰਸ-ਹਵਾ ਦੀ ਦੇਖ ਰਿਹਾ ਹਾਂ ਕਾਰਗੁਜ਼ਾਰੀ । ਖ਼ੁਸ਼ੀਆਂ ਦੇ ਟੁਰ ਜਾਵਣ ਉੱਤੇ ਉਹ ਨਹੀਂ ਝੁਰਦੇ, ਗ਼ਮ ਦੇ ਨਾਲ ਨਿਭਾਣਾ ਜਾਨਣ ਜਿਹੜੇ ਯਾਰੀ । ਲਾਡਾਂ ਵਾਲੀ ਧੀ ਦਾ ਫਿਰ ਵੀ ਘਰ ਨਹੀਂ ਵੱਸਿਆ, ਦਾਜ ਬਣਾਂਦੇ ਟੁਰ ਗਏ ਮਾਪੇ ਵਾਰੋ-ਵਾਰੀ । ਅਮਨ, ਸਕੂਨ, ਮੁਹੱਬਤ ਕਿੱਥੋਂ ਲੱਭੀਏ 'ਸ਼ਾਹਿਦ' ਜਦੋਂ ਯਹੂਦ ਨਿਸਾਰੀ ਨਾਲ ਏ ਸਾਡੀ ਯਾਰੀ ।

ਫੁੱਲਾਂ ਦੀ ਮਹਿਕਾਰ ਨੂੰ ਵੇਚਣ ਲੱਗ ਪਏ ਨੇ

ਫੁੱਲਾਂ ਦੀ ਮਹਿਕਾਰ ਨੂੰ ਵੇਚਣ ਲੱਗ ਪਏ ਨੇ । ਲੋਕ ਆਪਣੇ ਕਿਰਦਾਰ ਨੂੰ ਵੇਚਣ ਲੱਗ ਪਏ ਨੇ । ਸੁੱਖ, ਆਰਾਮ, ਖ਼ੁਸ਼ੀ ਸੀ ਜਿਸ ਦੇ ਸਾਏ ਵਿਚ, ਲੋਕ ਓਸੇ ਦੀਵਾਰ ਨੂੰ ਵੇਚਣ ਲੱਗ ਪਏ ਨੇ । ਢਿੱਡ ਦੀ ਭੁੱਖ ਮਿਟਾਵਣ ਲਈ ਤਖ਼ਲੀਕੀ ਲੋਕ, ਅੰਦਰ ਦੇ ਫ਼ਨਕਾਰ ਨੂੰ ਵੇਚਣ ਲੱਗ ਪਏ ਨੇ । ਵੇਲੇ ਸੰਗ ਟਕਰਾਣ ਦੇ ਸਾਰੇ ਦਾਅਵੇਦਾਰ, ਵੇਲੇ ਹੱਥ ਮੁਹਾਰ ਨੂੰ ਵੇਚਣ ਲੱਗ ਪਏ ਨੇ । ਹਿਰਸ ਹਵਾ ਦਾ ਜਾਦੂ ਸਿਰ ਨੂੰ ਚੜ੍ਹਿਆ ਤੇ, ਗ਼ਾਜ਼ੀ ਵੀ ਤਲਵਾਰ ਨੂੰ ਵੇਚਣ ਲੱਗ ਪਏ ਨੇ । ਏਸ ਸਮੇਂ ਦੀ ਪੱਕੀ ਠੱਕੀ ਇਹ ਪਹਿਚਾਣ, ਰਾਖੇ ਈ ਗੁਲਜ਼ਾਰ ਨੂੰ ਵੇਚਣ ਲੱਗ ਪਏ ਨੇ । 'ਸ਼ਾਹਿਦ' ਜੀ ਤਾਲੀਮ ਦੀ ਡਿਗਰੀ ਲੈ ਕੇ ਵੀ, ਸੜਕਾਂ ਤੇ ਅਖ਼ਬਾਰ ਨੂੰ ਵੇਚਣ ਲੱਗ ਪਏ ਨੇ ।

ਕਾਹਨੂੰ ਦਿਲ ਵਿਚ ਦਰਦ ਵਸਾਇਆ ਪੁੱਛਾਂਗੇ

ਕਾਹਨੂੰ ਦਿਲ ਵਿਚ ਦਰਦ ਵਸਾਇਆ ਪੁੱਛਾਂਗੇ । ਜੇ ਉਹ ਜ਼ਾਲਮ ਪਰਤ ਕੇ ਆਇਆ ਪੁੱਛਾਂਗੇ । ਕਿਹੜਾ ਜਾਨ ਤਲੀ ਤੇ ਲੈ ਕੇ ਟੁਰਿਆ ਸੀ, ਮੰਜ਼ਿਲ ਕਿਸ ਨੂੰ ਸੀਨੇ ਲਾਇਆ ਪੁੱਛਾਂਗੇ । ਭੁੱਖ ਦੀ ਦੌਲਤ ਵੰਡੀ ਕੀਹਨੇ ਚਾਰ-ਚੁਫ਼ੇਰ, ਕੀਹਨੇ ਆਪਣਾ ਆਪ ਰਜਾਇਆ ਪੁੱਛਾਂਗੇ । ਜਿਸ ਵੇਲੇ ਸੀ ਨ੍ਹੇਰਾ ਸਾਡੇ ਆਲ-ਦੁਆਲ, ਕਿੱਥੇ ਸੀ ਉਸ ਵੇਲੇ ਸਾਇਆ ਪੁੱਛਾਂਗੇ । ਕੀਹਨੇ ਪਹਿਰੇ ਲਾਏ ਸਭ ਦੀਆਂ ਸੋਚਾਂ ਤੇ, ਕੀਹਨੇ ਹੋਠਾਂ ਨੂੰ ਪਥਰਾਇਆ ਪੁੱਛਾਂਗੇ । 'ਸ਼ਾਹਿਦ' ਕਿਉਂ ਨਹੀਂ ਦਿੱਤਾ ਧੀ ਨੂੰ ਭਰਵਾਂ ਦਾਜ, ਕਿਉਂ ਨਹੀਂ ਆਪਣਾ ਫ਼ਰਜ਼ ਨਿਭਾਇਆ ਪੁੱਛਾਂਗੇ ।

ਪਿਆਰ ਵਫ਼ਾ ਦੇ ਰੰਗਾਂ ਵਿਚ ਜੋ ਰੰਗੀ ਏ

ਪਿਆਰ ਵਫ਼ਾ ਦੇ ਰੰਗਾਂ ਵਿਚ ਜੋ ਰੰਗੀ ਏ । ਉਹ ਤਨਹਾਈ ਮਹਫ਼ਿਲ ਕੋਲੋਂ ਚੰਗੀ ਏ । ਮੇਰੇ ਗਲ ਵਿਚ ਪਾ ਕੇ ਸੱਜਰੇ ਹਾਰਾਂ ਨੂੰ, ਕਮਰੇ ਵਿਚ ਤਸਵੀਰ ਮੇਰੀ ਕਿਉਂ ਟੰਗੀ ਏ । ਕੋਠੀਆਂ, ਕਾਰਾਂ ਬੰਗਲੇ, ਮੰਗਦੇ ਲੋਕੀ ਤੇ, ਅਸਾਂ ਖ਼ੁਦਾ ਤੋਂ ਸ਼ੁਕਰ ਦੀ ਦੌਲਤ ਮੰਗੀ ਏ । ਓਸੇ ਭਰਿਆ ਕਾਸਾ ਮੇਰਾ ਨਫ਼ਰਤ ਨਾਲ, ਮੈਂ ਤੇ ਜਿਸ ਤੋਂ ਪਿਆਰ ਦੀ ਦੌਲਤ ਮੰਗੀ ਏ । 'ਸ਼ਾਹਿਦ' ਮੇਰੇ ਘਰ ਵਿਚ ਖ਼ੁਸ਼ੀਆਂ ਆਉਣ ਕਿਵੇਂ, ਮੇਰੇ ਨਾਲ ਤੇ ਸਿਰਫ਼ ਉਦਾਸੀ ਮੰਗੀ ਏ ।

ਓੜਕ ਉਹੋ ਲੋਕੀ ਖਾਂਦੇ ਮੇਵੇ ਤਾਜ਼ਾ ਤਾਜ਼ਾ

ਓੜਕ ਉਹੋ ਲੋਕੀ ਖਾਂਦੇ ਮੇਵੇ ਤਾਜ਼ਾ ਤਾਜ਼ਾ । ਆਵਣ ਵਾਲੀ ਰੁੱਤ ਦਾ ਜਿਹੜੇ ਲਾ ਲੈਂਦੇ ਅੰਦਾਜ਼ਾ । ਝੱਖੜ ਝੁੱਲਿਆਂ ਤੇ ਨਹੀਂ ਤੱਕਣੇ ਉਹਨੇ ਕੱਚੇ-ਪੱਕੇ, ਸਾਰੀ ਬਸਤੀ ਭੁਗਤੇਗੀ ਫਿਰ ਜੁਰਮਾਂ ਦਾ ਖ਼ੁਮਿਆਜ਼ਾ । ਅੱਜ ਅਸੀਂ ਨਾ ਪਾਣੀ ਕੋਲੋਂ ਪਾਣੀ ਪਾਣੀ ਹੁੰਦੇ, ਪਾਣੀ ਦੀ ਗਹਿਰਾਈ ਦਾ ਜੇ ਲਾ ਲੈਂਦੇ ਅੰਦਾਜ਼ਾ । ਕੁੰਡਾ ਵੱਜਾ ਦੇਖ ਕੇ ਤੇਰੀ ਯਾਦ ਖਲੋ ਨਾ ਜਾਵੇ, ਏਸੇ ਲਈ ਮੈਂ ਖੁੱਲ੍ਹਾ ਰੱਖਣਾ ਘਰ ਦਾ ਹਰ ਦਰਵਾਜ਼ਾ । ਇਸ ਤੋਂ ਵੱਧ ਹਮਦਰਦੀ ਕਰਦੇ ਹੋਰ ਭਲਾ ਕੀ 'ਸ਼ਾਹਿਦ' ਚਿਹਰਿਆਂ ਉੱਤੇ ਯਾਰਾਂ ਮਲਿਆ ਮੇਰੇ ਖ਼ੂਨ ਦਾ ਗ਼ਾਜ਼ਾ ।

ਕੁਝ ਹੋਰ ਰਚਨਾਵਾਂ : ਹਮਾਯੂੰ ਪ੍ਰਵੇਜ਼ ਸ਼ਾਹਿਦ

ਪਤਝੜਾਂ ਦਾ ਮੌਸਮ ਹੁਣ ਤੇ ਜਾਣ ਦਿਉ

ਪਤਝੜਾਂ ਦਾ ਮੌਸਮ ਹੁਣ ਤੇ ਜਾਣ ਦਿਉ।
ਖ਼ੁਸ਼ਬੁਆਂ ਦਾ ਬੁੱਲਾ ਕਿਧਰੋਂ ਆਣ ਦਿਉ।

ਤਾਸ਼ ਦਾ ਇਕ ਇਕ ਪੱਤਾ ਮੈਂ ਅਜ਼ਮਾਉਣਾਂ ਏਂ,
ਬਾਜ਼ੀ ਜੇ ਕਰ ਹਰਦੀ ਏ ਹਰ ਜਾਣ ਦਿਉ ।

ਬੇਹਿਸ ਲੋਕਾਂ ਭਾਵੇਂ ਵਾਜ਼ ਨਹੀਂ ਸੁਣਨੀ,
ਇਕ ਵਾਰੀ ਤੇ ਬੂਹੇ ਨੂੰ ਖੜਕਾਣ ਦਿਉ।

ਜਿਹੜੀਆਂ ਫ਼ਸਲਾਂ ਪੱਕਣਾ ਉਹਨਾਂ ਪਕਣਾ ਈਂ ਏਂ,
ਜੋ ਤੂਫ਼ਾਨ ਵੀ ਆਉਂਦਾ ਏ ਤੇ ਆਣ ਦਿਉ।

ਮੈਨੂੰ ਪਿਆਰ ਬਥੇਰੇ ਲੋਕੀ ਕਰਦੇ ਨੇ,
'ਕੱਲਿਆਂ ਬਹਿਕੇ ਮੈਨੂੰ ਦਿਲ ਪਰਚਾਣ ਦਿਉ।

ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
'ਸ਼ਾਹਿਦ' ਨੂੰ ਲਹਿਜੇ ਦਾ ਚਸਕਾ ਲਾਣ ਦਿਉ।

ਪੈਰ ਪੈਰ 'ਤੇ ਸੂਲੀ ਤੇ ਲਟਕਾਂਦੇ ਨੇ

ਪੈਰ ਪੈਰ 'ਤੇ ਸੂਲੀ ਤੇ ਲਟਕਾਂਦੇ ਨੇ।
ਲੋਕੀ ਮੈਨੂੰ ਘੜੀ ਮੁੜੀ ਅਜ਼ਮਾਂਦੇ ਨੇ।

ਅੰਦਰੋਂ ਜ਼ੇਕਰ ਬੰਦਿਆਂ ਨੂੰ ਘੁਣ ਲੱਗਾ ਏ,
ਬਾਹਰੋਂ ਅਪਣੇ ਚਿਹਰੇ ਕਿਉਂ ਲਿਸ਼ਕਾਂਦੇ ਨੇ।

ਨੀਂਹਾਂ ਏਥੇ ਜਿਨ੍ਹਾਂ ਦੀਆਂ ਨਾ ਪੱਕੀਆਂ ਹੋਣ,
ਉਹ ਕੋਠੇ ਬਰਸਾਤਾਂ ਵਿਚ ਢਹਿ ਜਾਂਦੇ ਨੇ।

ਉਹਨਾਂ ਦੇ ਹਰਿਆਂ ਹੋਵਣ ਦੀ ਆਸ ਨਾ ਰੱਖ,
ਜਿਹੜੇ ਬੂਟੇ ਇਕ ਵਾਰੀ ਸੁਕ ਜਾਂਦੇ ਨੇ।

ਸੱਚ ਦਾ ਸੂਰਜ ਇਕ ਨਾ ਇਕ ਦਿਨ ਚਮਕੇਗਾ,
'ਸ਼ਾਹਿਦ' ਹੋਰੀਂ ਐਵੇਂ ਪਏ ਘਬਰਾਂਦੇ ਨੇ।