Hijar Vasal Dian Gharian : Dr. Bakhtawar Singh Deol
ਹਿਜਰ ਵਸਲ ਦੀਆਂ ਘੜੀਆਂ : ਡਾ. ਬਖ਼ਤਾਵਰ ਸਿੰਘ ਦਿਓਲ
ਬਿਨਾਂ ਮੁਖਬੰਦ ਤੋਂ
ਬਿਨਾਂ ਮੁਖਬੰਦ ਤੋਂ ਕਵਿਤਾ ਦੀ ਇਹ ਪੁਸਤਿਕਾ ਲੈ ਕੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰ ਰਿਹਾ ਹਾਂ। ਅਹੰ ਦੀ ਗੱਲ ਨਹੀਂ, ਨਾ ਹੀ ਹੀਣਤਾ ਦੀ ਹੈ।ਮਨ ਵਿੱਚ ਇੱਕ ਭਾਵ ਹੈ।ਆਗੂ ਵਿਦਵਾਨਾਂ, ਸ੍ਰੇਸ਼ਟ ਸਾਹਿਤਕਾਰਾਂ ਦੇ ਸ਼ਬਦਾਂ ਦੀ ਆੜ ਵਿੱਚ ਛੁਪ ਜਾਣਾ। ਰਚਨਾਤਮਕ ਪ੍ਰੀਸ਼ਰਮ ਤੋਂ ਬਚ ਜਾਣ ਦੀ ਖੁਸ਼ੀ ਪ੍ਰਾਪਤ ਕਰ ਲੈਣੀ, ਕਲਾਕਾਰ ਦੀ ਕਾਇਰਤਾ ਹੈ।
ਮੈਨੂੰ ਤਸੱਲੀ ਹੈ, ਮਨੁੱਖ ਦੀ ਆਦ ਜੁਗਾਦੀ ਭੁੱਖ ਬਾਰੇ ਲਿਖਿਆ ਹੈ।ਇਸ ਬਾਰੇ ਕੋਈ ਦੋ ਮੱਤ ਨਹੀਂ ਹੋ ਸਕਦੇ ਕਿ ਮਨੁੱਖ ਰੂਹ ਪਿਆਰ ਕਰਦੀ ਆਈ ਹੈ, ਕਰ ਰਹੀ ਹੈ ਅਤੇ ਕਰਦੀ ਰਹੇਗੀ।ਹੁਸਨ ਅਤੇ ਇਸ਼ਕ ਇੱਕ ਦੂਜੇ ਦੇ ਪ੍ਰੇਰਕ ਬਣੇ ਰਹਿਣਗੇ।ਮਨੁੱਖ ਦੀ ਇਸ ਮੂਲ ਪ੍ਰੇਰਣਾ ਨੂੰ ਕੋਈ ਵਿਗਿਆਨ ਦਾ ਪੜਾਅ, ਕੋਈ ਵਾਦ ਪਛਾੜ ਨਹੀਂ ਸਕਦਾ। ਵਿਗਿਆਨ ਦਾ ਅਤੇ ਹੁਸਨ ਇਸ਼ਕ ਦੀ ਭੁੱਖ ਦਾ ਕੋਈ ਵਿਰੋਧ ਨਹੀਂ। ਸੰਲਗਨ ਸੁਮੇਲ ਹੈ।ਸ਼ੰਕੇ ਭਰਿਆ ਮਨ ਵਿਗਿਆਨ ਅਤੇ ਸਾਹਿਤ ਦੋਹਾਂ ਦੀ ਛੋਹ ਤੋਂ ਸੱਖਣਾ ਹੈ।ਸਾਹਿਤ ਵਿੱਚ ਸਰਵਪ੍ਰਿਥਮ ਸਥਾਨ ਹੈ ਮਾਨਣੀਯ ਵਸਤੂ ਦਾ।ਸਮਝ ਅਤੇ ਸੋਚ ਦੀ ਗੱਲ ਮਗਰੋਂ ਆਉਂਦੀ ਹੈ।ਮਾਨਣੀਯ ਵਸਤੂ ਤੋਂ ਸਖਣਾ ਸਾਹਿਤ ਮੇਰੇ ਕੋਲ ਨਾ ਲਿਆਉ।ਪ੍ਰਯੋਗਵਾਦ ਦੇ ਝੰਡੇ ਹੇਠਾਂ ਜਿਸ ਤਰ੍ਹਾਂ ਕੁਝ ਵਰ੍ਹਿਆਂ ਵਿੱਚ ਪੰਜਾਬੀ ਕਵਿਤਾ ਦਾ ਪੱਛਮੀਕਰਣ ਹੋਇਆ ਹੈ ਉਸ ਨਾਲ ਪੰਜਾਬੀ ਪਾਠਕ ਤਰਸ ਕੇ ਰਹਿ ਗਿਆ ਹੈ।
ਸਾਹਿਤਕਾਰ ਸਮਾਜਿਕ ਜੀਵ ਹੈ ਅਵੱਸ਼, ਸਮਾਜ ਅਤੇ ਸਮਾਂ ਆਪਣੇ ਅਸਰ ਅਵੱਸ਼ ਉਸ ਉੱਤੇ ਪਾਂਦਾ ਹੈ।ਪਰੰਤੂ ਸਮੇਂ ਨੂੰ ਪੁੱਛ ਕੇ ਲਿਖਣ ਦੀ ਮੁਹਤਾਜੀ ਨੂੰ ਕਬੂਲ ਲੈਣਾ, ਸਮੇਂ ਦੇ ਸਨਮੁਖ ਹੋ ਕੇ ਲਿਖਣ ਦੀ ਗੁਸਤਾਖ਼ੀ ਕਰਨਾ ਹੈ।ਇਹ ਦੋਵੇਂ ਹਾਲਤਾਂ ਮੇਰੇ ਪਸੰਦ ਨਹੀਂ।ਸਵੈ-ਸੁਤੰਤਰਤਾ ਦੀ ਦਲੇਰੀ ਵਿੱਚ ਨਿੱਜੀ ਅਨੁਭਵ ਤੋਂ ਲਿਖਣ ਦਾ ਮੈਂ ਕਾਇਲ ਹਾਂ।ਕਲਾ, ਸਾਹਿਤ ਅਤੇ ਕਵਿਤਾ ਵਿਉਪਾਰ ਦੀਆਂ ਵਸਤੂਆਂ ਨਹੀਂ।ਬਾਜ਼ਾਰ ਦੇ ਲੱਥਦੇ-ਚੜ੍ਹਦੇ ਭਾਵਾਂ ਅਨੁਸਾਰ ਗਿਣ ਮਿਥ ਕੇ ਇਨ੍ਹਾਂ ਦੀ ਉਪਜ ਨਹੀਂ ਕੀਤੀ ਜਾ ਸਕਦੀ।ਆਪਮੁਹਾਰਾਪਣ ਹੀ ਸੱਚੀ ਮੌਲਿਕਤਾ ਹੈ।
ਮਨੁੱਖ ਦਿਨੋ ਦਿਨ ਸਭਯ ਹੁੰਦਾ ਜਾ ਰਿਹਾ ਹੈ।ਉੱਚੀ ਹੱਸ ਲੈਣਾ ਉਸਦਾ ਦਿਖਾਵਾ ਬਣ ਗਿਆ ਹੈ।ਪਰ ਉੱਚੀ ਅਵਾਜ਼ ਵਿੱਚ ਰੋ ਸਕੇ, ਇਸ ਪੱਖੋਂ ਉਸ ਵਿੱਚ ਸੰਕੋਚ ਵਧ ਗਿਆ ਹੈ।ਜਿਸ ਸਮਾਜ ਵਿੱਚ ਬਿਰਹਾ, ਵੇਦਨਾ, ਦਰਦ ਅਤੇ ਟੀਸ ਨਹੀਂ ਉਹ ਸਮਾਜ ਮਨੁੱਖਾਂ ਦਾ ਨਹੀਂ ਪੱਥਰਾਂ ਦਾ ਹੋਵੇਗਾ।ਕਿਸੇ ਦਰਦ ਰਿੰਝਾਣੇ ਮਨ ਵਿੱਚ ਮੇਰੀਆਂ ਇਹ ਚਾਰ ਸਤਰੀ ਕਵਿਤਾਵਾਂ ਥਾਂ ਬਣਾ ਸਕਣ ਮੈਂ ਆਪਣਾ ਪ੍ਰਯੋਜਨ ਸਫਲ ਸਮਝਾਂਗਾ।ਉਂਜ ਸਫਲਤਾ ਜਾਂ ਪ੍ਰਸਿਧੀ ਲਈ ਲਿਖਣ ਦਾ ਮੈਂ ਲੋਭ ਨਹੀਂ ਕੀਤਾ।ਲਿਖਣ ਲਈ ਨਹੀਂ ਲਿਖਿਆ, ਲਿਖਿਆ ਉਦੋਂ ਹੈ ਜਦੋਂ ਲਿਖਣਾ ਹੀ ਪੈ ਗਿਆ।ਕੁਝ ਘੜੀਆਂ ਮੇਰੇ ਜੀਵਨ ਵਿੱਚ ਅਜਿਹੀਆਂ ਆਈਆਂ ਹਨ ਤੇ ਹਰ ਕਿਸੇ ਦੇ ਜੀਵਨ ਵਿੱਚ ਥੋੜੀਆਂ ਜਾਂ ਬਹੁਤੀਆਂ ਆਉਂਦੀਆਂ ਹੀ ਹਨ।ਜਿਨ੍ਹਾਂ ਦੀ ਹੋਂਦ ਨੂੰ ਮੈਂ ਸ਼ਾਇਦ ਪੂਰਣ ਭਾਂਤ ਪ੍ਰਦਰਸ਼ਤ ਨਾ ਕਰ ਸਕਿਆ ਹੋਵਾਂ। ਪਰ ਉਨ੍ਹਾਂ ਦਾ ਅਨੁਭਵ ਮੇਰੀ ਜ਼ਿੰਦਗੀ ਦੀ ਸਰਵੋਤਮ ਸ਼ਕਤੀ ਹੈ।ਇਸ ਸ਼ਕਤੀ ਨਾਲੋਂ ਇੱਕ ਪਲ ਵੀ ਮੈਂ ਟੁੱਟ ਨਹੀਂ ਸਕਦਾ।ਇੱਕ ਤੁਕ ਦੇ ਜਾਦੂ ਤੋਂ ਮੈਂ ਉਮਰ ਭਰ ਮੁਨਕਰ ਨਹੀਂ ਹੋ ਸਕਿਆ :
“ਜਦ ਸੱਜਣਾ ਤੈਂਡੜਾ ਇਸ਼ਕ ਚੜ੍ਹਦਾ,
ਅਸੀਂ ਹੋਵੀਏ ਪਾਕ ਰਸੂਲ ਵਾਂਗੂੰ।”
ਅਤੇ ਨਾ ਹੀ ਇਸ ਸ਼ਕਤੀ ਦੇ ਵਿਕਾਸਸ਼ੀਲ ਕਰਮ ਨੂੰ ਮੈਂ ਵਿਸਾਰ ਸਕਿਆ ਹਾਂ :
“ਸਾਨੂੰ ਚਿਣਗ ਤੋਂ ਚੁੱਕ ਕੇ ਲਾਟ ਕੀਤਾ,
ਹੁਣ ਲਾਟ ਤੋਂ ਕਰੇ ਕੀ ਕੌਣ ਜਾਣੇ ?”
ਸਾਰਾ ਦਿਨ ਕੰਮਾਂ ਵਿੱਚ ਖਰਚ ਰਹਿ ਕੇ, ਪਰ ਉਹਨੂੰ ਫਿਰ ਵੀ ਆਪਣੇ ਕੋਲ ਨੇੜ ਨਾ ਪਾ ਕੇ ਇਹ ਸੋਹਜ ਭਰਿਆ ਵਿਅੰਗ ਰਚ ਹੀ ਜਾਂਦਾ ਰਿਹਾ ਹਾਂ :
“ਰਾਤ ਆਈ ਏ ਤੁਸਾਂ ਮੁਬਾਰਕਾਂ ਨੀ,
ਸ਼ਹੁ ਨਾਲ ਤੂੰ ਚੋਲੜੀ ਕਰੀ ਢਿੱਲੀ!”
ਨਿੱਜੀ ਗੱਲਾਂ ਹੈਨ ਭਾਵੇਂ ਇਹ, ਪਰ ਜਿਸ ਨਿੱਜਤਾ ਵਿੱਚੋਂ ਲਿਖਦਾ ਹਾਂ ਉਹਦੀ ਸੁਰ ਵਿੱਚ ਕਈ ਦਿਲ ਆਪਣੇ ਨਾਲ ਧੜਕਦੇ ਮੈਂ ਅਨੁਭਵ ਕੀਤੇ ਹਨ। ਉਨ੍ਹਾਂ ਆਪਣੇ ਨਾਲ ਧੜਕਦੇ ਦਿਲਾਂ ਦੀ ਇੱਛਾ ਪੂਰਤੀ ਵਜੋਂ ਹੀ ਇਹ ਪੁਸਤਿਕਾ ਪ੍ਰਸਤੁਤ ਕਰ ਰਿਹਾ ਹਾਂ।ਉਨ੍ਹਾਂ ਦੇ ਵਸਲ ਦਾ ਜਾਂ ਉਨ੍ਹਾਂ ਦੇ ਹਿਜਰ ਦਾ ਕੋਈ ਚਿੰਨ੍ਹ ਇਨ੍ਹਾਂ ਵਿੱਚ ਹੋਵੇਗਾ ਹੀ। ਇਸ ਦਰਦਾਵਲੀ ਦਾ ਆਕਾਰ ਭਾਵੇਂ ਛੌਟਾ ਹੈ, ਪਰ ਪਸਾਰ ਇਹਦਾ ਬਹੁਤ ਵਿਸਥਾਰ ਭਰਿਆ ਹੈ। ਇਹਦੇ ਵਿਸਥਾਰ ਵਿੱਚ ਨਾ ਜਾ ਕੇ ਬੱਸ ਏਨਾ ਹੀ ਕਹਿ ਦੇਣਾ ਕਾਫ਼ੀ ਸਮਝਦਾ ਹਾਂ ਕਿ ਬਹੁਤ ਦਿਨ ਜੀਊ ਕੇ, ਮਾਣ ਕੇ ਅੰਤ ਉਸ ਮਾਨਣ ਤੇ ਜੀਊਣ ਨੂੰ ਲਿਖਿਆ ਤਾਂ ਕੇਵਲ ਚਾਰ-ਚਾਰ ਸਤਰਾਂ ਵਿੱਚ! ਸੋਚ ਕੇ ਲਿਖਣ ਨਾਲੋਂ ਮਾਣ ਕੇ ਲਿਖਣ ਵਿੱਚ ਮੈਨੂੰ ਵਧੇਰੇ ਤਸੱਲੀ ਮਿਲਦੀ ਹੈ।ਜਾਨਣ ਦੀ ਲਗਨ ਰੱਖਣ ਵਾਲਿਆਂ ਬਾਰੇ ਮੈਂ ਵਿਸਥਾਰ ਨਾਲ ਕੁਝ ਨਹੀਂ ਕਹਿ ਸਕਦਾ, ਪਰ ਮਾਨਣ ਦੀ ਖਿੱਚ ਨਾਲ ਖੀਵੇ, ਮੇਰਾ ਵਿਸਵਾਸ਼ ਹੈ ਕਿ ਬਿਨਾਂ ਮੁਖਬੰਧ ਤੋਂ ਛਪੀਆਂ ਕਵਿਤਾਵਾਂ ਦਾ ਇਹ ਗੁਟਕਾ ਅਵੱਸ਼ ਆਪਣੀ ਜੇਬ ਵਿੱਚ ਰੱਖਣਗੇ।
-ਬਖਤਾਵਰ ਸਿੰਘ ਦਿਓਲ
01-12-1965
ਹਿਜਰ ਵਸਲ ਦੀਆਂ ਘੜੀਆਂ
1 ਸੁਬਾਹ ਉੱਠਦਿਆਂ ਸਾਰ ਇੱਕ ਕਾਵਿ ਲਿਖਣਾ, ਉਹਦੇ ਵਿੱਚ ਲਿਖਣਾ ਤੇਰਾ ਨਾਂ ਅੜੀਏ! ਅੱਜ ਤੂੰ ਆਸੇਂ ਜਾਂ ਫਿਰ ਖ਼ਤ ਆਸੀ, ਸਾਡੇ ਬੋਲੇ ਬਨੇਰੇ ’ਤੇ ਕਾਂ ਅੜੀਏ! ਚੜ੍ਹੇ ਦਿਹੁੰ ਤੇ ਚੜ੍ਹ ਪਏ ਖ਼ਿਆਲ ਤੇਰਾ, ਦਿਲ ਖ਼ਿਆਲ ਦੇ ਨਾਲ ਵਿਰਚਾਂ ਅੜੀਏ! ਏਸ ਤੱਤੜੀ ਜਿੰਦ ਨੂੰ ਭੁੱਲਦੀ ਨਾ, ਕਿਸੇ ਰੁੱਖ ਜਿਹੀ ਤੇਰੀ ਛਾਂ ਅੜੀਏ! 2 ਨੈਣ ਮਿਚਦੇ-ਮਿਚਦੇ ਜਾਣ ਮੇਰੇ ਕੀ ਇਹੋ ਤੇ ਇਸ਼ਕ-ਉਮਾਹ ਨਹੀਂ ਜੇ! ਅੱਜ ਪੌਣ ਪਛਾਣੀ ਜਿਹੀ ਜਾਪਦੀ ਏ, ਕੀ ਇਹੋ ਤੈਂ ਵੱਲੋਂ ਆਇਆ ਸਾਹ ਨਹੀਂ ਜੇ ? ਇਨ੍ਹਾਂ ਸਾਹਾਂ ਦੇ ਨਾਲ ਹੈ ਨਿਹੁੰ ਮੇਰਾ, ਤੇਰੇ ਬੁੱਤ ਦੇ ਨਾਲ ਕੋਈ ਵਾਹ ਨਹੀਂ ਜੇ ! ਪੈਰ ਹਿੱਲਦੇ ਨਾ ਨੈਣ ਖੁੱਲ੍ਹਦੇ ਨਾ, ਖ਼ੌਰੇ ਏਸ ਤੋਂ ਪਰ੍ਹੇ ਕੋਈ ਰਾਹ ਨਹੀਂ ਜੇ ? 3 ਕੁਝ ਯਾਦ ਆਇਆ ਕੁਝ ਭੁੱਲ ਗਿਆ, ਖ਼ੌਰੇ ਕੀ ਜਾਦੂ ਤੇਰੀ ਯਾਦ ਅੰਦਰ! ਕਿਤੇ ਨੇਰ੍ਹ ਨਾਹੀਂ ਕਿਤੇ ਘੋਰ ਨਾਹੀਂ, ਕੇਡਾ ਚਾਨਣਾ ਏਸ ਸੁਆਦ ਅੰਦਰ! ਲੋਕੀਂ ਸਮਝਦੇ ਸਾਧ ਤੇ ਸੰਤ ਮੈਂਨੂੰ, ਉੱਤੋਂ ਸ਼ਾਦ ਵਿੱਚੋਂ ਨਾਸ਼ਾਦ ਅੰਦਰ! ਹੋਂਠ ਹੱਸਦੇ ਵੇਖ ਕੇ ਰਸ਼ਕ ਕਰਦੇ, ਗਿਣਦੇ ਗ਼ਮਾਂ ਦੀ ਨਹੀਂ ਤਾਦਾਦ ਅੰਦਰ! 4 ਉੱਠ ਜਾਗ ਦਿਵਾਨਿਆਂ ਖੋਲ੍ਹ ਅੱਖਾਂ, ਕੋਈ ਆ ਗਿਆ, ਕੋਈ ਆ ਗਿਆ! ਉੱਠ ਮਾਣ ਲੈ, ਚੁੰਮ ਲੈ, ਘੁੱਟ ਬਾਹੀਂ, ਰੂਪ ਆਪ ਤੇਰੇ ਬੂਹੇ ਆ ਗਿਆ! ਦੋਹਾਂ ਨੈਣਾਂ ’ਚ ਦੋਏ ਜਹਾਨ ਲੈ ਕੇ, ਗੀਤ ਬੁੱਲ੍ਹੀਆਂ ’ਤੇ ਲੈ ਕੇ ਆ ਗਿਆ! ਦਿਲ ਛੇੜ ਦਿੱਤਾ ਰੂਹ ਰੰਗ ਦਿੱਤੀ, ਕਿਹੇ ਬੋਲ ਕੰਨਾਂ ਵਿੱਚ ਪਾ ਗਿਆ! 5 ਤੁਸਾਂ ਪਾ ਦਿੱਤੀ ਅਸਾਂ ਬੁੱਝ ਲੀਤੀ, ਤੁਸਾਂ ਅੱਖ ਉਤਾਂਹ ਜਿਹੜੇ ਪਲ ਕੀਤੀ! ਨਾ ਹੋਂਠ ਹਿੱਲੇ ਨਾ ਜ਼ਬਾਨ ਕੂਈ, ਨਾ ਕੋਈ ਕਥਾ ਛੇੜੀ ਨਾ ਕੋਈ ਗੱਲ ਕੀਤੀ! ਅੱਖਾਂ ਆਖ ਗਈਆਂ ਅੱਖਾਂ ਬੁੱਝ ਗਈਆਂ, ਇਹ ਵੀ ਦਿਲ ਦੀਆਂ ਕਹਿਣ ਦੀ ਵੱਲ ਰੀਤੀ। ਲੱਖਾਂ ਲਿੱਪੀਆਂ ਘੜ ਜਹਾਨ ਥੱਕਾ, ਜ਼ਾਹਿਰ ਕਿਸੇ ਨਾ ਇਸ਼ਕ ਦੀ ਗੱਲ ਕੀਤੀ। 6 ਤੇਰੇ ਚਾਨਣੇਂ ਮੂੰਹ ਦੀ ਲੋ ਅੱਗੇ, ਕੀ ਲੁਕਾ ਰੱਖਾਂ, ਕੀ ਛੁਪਾ ਰੱਖਾਂ! ਵੇਸ ਪਾ ਵੇਖੇ ਵੇਸ ਲਾਹ ਵੇਖੇ, ਵੇਸਾਂ ਵਿੱਚ ਹੁਣ ਕੀ ਲੁਕਾਅ ਰੱਖਾਂ! ਦਿਲੋਂ ਵੱਧ ਡੂੰਘੀ ਹੋਰ ਥਾਂ ਨਾਹੀਂ, ਏਸ ਭੇਦ ਨੂੰ ਕਿੱਥੇ ਹੁਣ ਪਾ ਰੱਖਾਂ! ਗੁੱਝੀ ਗੱਲ ਨਾ ਜੀਅ ਦੀ ਰਹਿਣ ਦਿੰਦੇ, ਨੈਣਾਂ ਝੱਲਿਆਂ ਕਿਵੇਂ ਸਮਝਾ ਰੱਖਾਂ! 7 ਲੋਕੀਂ ਆਪਣੀ-ਆਪਣੀ ਕੂਕਦੇ ਨੇ, ਮੈਂ ਤਾਂ ਪਾ ਬੈਠਾ ਇੱਕ ਬਾਤ ਤੇਰੀ! ਇਹ ਤਾਂ ਮੇਰੇ ਹੀ ਸੁਪਨਿਆਂ ਸਾਜ਼ ਛੇੜੇ, ਮੈਂ ਤਾਂ ਸਮਝਿਆ ਆਈ ਬਾਰਾਤ ਤੇਰੀ! ਤੈਨੂੰ ਵੇਖਣਾ ਹੱਜ ਨਮਾਜ਼ ਛੋਹਣਾ, ਇੱਕੋ ਝਲਕ ਦੇ ਜਾਏ ਨਜਾਤ ਤੇਰੀ! ਤੇਰੇ ਸਾਂਵਲੇ ਰੰਗ ਦੀ ਸਹੁੰ ਮੈਨੂੰ, ਮੇਰੇ ਦਿਨ ਤੇਰੇ ਮੇਰੀ ਰਾਤ ਤੇਰੀ! 8 ਰੂਹ ਗੀਤ ਬਣੀ ਦਿਲ ਸਾਜ਼ ਬਣਿਆਂ, ਕਿਹਨੇ ਛੇੜ ਦਿੱਤਾ ਇਹੇ ਸਾਜ਼ ਦੱਸੋ! ਮੈਨੂੰ ਗੌਣ ਤੇ ਰੋਣ ਦਾ ਰੋਗ ਲੱਗਾ, ਏਸ ਰੋਗ ਦਾ ਕੋਈ ਇਲਾਜ ਦੱਸੋ! ਜਿਹਦੇ ਆਉਣ ਨੇ ਘੂਕ ਸੁਆ ਦਿੱਤਾ, ਕਿੱਥੋਂ ਆਈ ਸੀ ਉਹ ਆਵਾਜ਼ ਦੱਸੋ! ਜਿਹਦੇ ਜਾਣ ਨੇ ਝੂਣ ਜਗਾ ਦਿੱਤਾ, ਕਿੱਥੇ ਚਲੀ ਗਈ ਉਹ ਅਵਾਜ਼ ਦੱਸੋ! 9 ਇੱਕੇ ਲਾ ਫ਼ਰਾਕ ਦੀ ਅੱਗ ਗਈ ਏਂ, ਇੱਕੇ ਪਾ ਵਿਰਾਗ ਦੇ ਵਹਿਣ ਗਈ ਏਂ! ਖ਼ੌਰੇ ਵੱਸ ਕਜ਼ਾ ਦੇ ਪੈ ਗਈ ਏਂ, ਖ਼ੌਰੇ ਆਬ-ਏ-ਹਯਾਤ ਨੂੰ ਲੈਣ ਗਈ ਏਂ! “ਸਬਰ ਹੋਰ ਦੇਵੀਂ ਸਿਦਕ ਹੋਰ ਦੇਵੀਂ,” ਖ਼ੌਰੇ ਇਸ਼ਕ ਦੇ ਸ਼ਾਹ ਨੂੰ ਕਹਿਣ ਗਈ ਏਂ! ਖ਼ੌਰੇ ਗਈ ਏਂ ਸ਼ਰ੍ਹਾ ਦੀ ਸ਼ਰਤ ਤੋੜਣ, ਖ਼ੌਰੇ ਰਜ਼ਾ ਰਜ਼ਾਕ ਤੋਂ ਲੈਣ ਗਈ ਏਂ! 10 ਤੇਰੇ ਇਸ਼ਕ ਫ਼ਕੀਰ ਬਣਾ ਦਿੱਤਾ, ਹੋਰ ਏਸ ਤੋਂ ਵੱਧ ਬਣਾਏਗਾ ਕੀ ? ਭੱਠ ਬਿਰਹਾ ਦੇ ਪੈ ਅੰਗਿਆਰ ਬਣਿਆਂ, ਏਸ ਅੱਗ ਨੂੰ ਅੱਗ ਕੋਈ ਲਾਏਗਾ ਕੀ ? ਦਿਲ ਠੱਗ ਲਿਆ ਜਿੰਦ ਲੁੱਟ ਲਈ, ਹੁਣ ਹੋਰ ਇਹ ਲੁੱਟ ਲੈ ਜਾਏਗਾ ਕੀ ? ਵੱਸਦੇ ਵਿਹੜਿਆਂ ਵਿੱਚ ਨਾ ਕੋਈ ਆਇਆ, ਕੁੱਲੀ ਕਾਨਿਆਂ ਦੀ ਵਿੱਚ ਹੁਣ ਆਏਗਾ ਕੀ ? 11 ਸਵਿੰਆਂ ਕਰਾਂਗੇ ਰਾਤ ਨਿਸ਼ਚਿੰਤ ਹੋ ਕੇ, ਆ ਲੁੱਟ ਜਾਈਏ ਦਿਲਾ ਲੁੱਟ ਜਾਈਏ! ਏਥੇ ਕੌਣ ਤੇਰਾ, ਏਥੇ ਕੌਣ ਮੇਰਾ, ਸੱਭੋ ਆਪਣਾ ਏਂ ਬਾਂਹੀਂ ਘੁੱਟ ਜਾਈਏ! ਖ਼ੌਰੇ ਕੇਡੀ ਦੁਰਾਡੀ ਹੈ ਇਸ਼ਕ-ਮੰਜ਼ਿਲ, ਆ ਰੁੱਕ ਜਾਈਏ ਦਿਲਾ ਰੁੱਕ ਜਾਈਏ! ਜਿਹੜਾ ਤੈਂ ਅੱਗੇ ਸ਼ਾਲਾ ਝੁਕਿਆ ਨਾ, ਆ ਉਸ ਅੱਗੇ ਆਪੀਂ ਝੁੱਕ ਜਾਈਏ! 12 ਰਾਤੀਂ ਸੁਪਨਿਆਂ ਵਿੱਚ ਇਕਰਾਰ ਕਰਨੇ, ਦਿਨ ਚੜ੍ਹਦਿਆਂ ਆਵਣਾ ਨਜ਼ਰ ਨਾਹੀਂ! ਕੇਡੀ ਗੱਲ ਹੋਠਾਂ ਪਿੱਛੇ ਡੱਕ ਰੱਖੀ, ਤੈਨੂੰ ਸੱਜਣਾ ਓਏ ਕਾਈ ਖ਼ਬਰ ਨਾਹੀਂ! ਜਲੀਂ ਡੋਬ ਦੇਂਦਾ, ਥਲੀਂ ਰੋੜ੍ਹ ਦੇਂਦਾ, ਏਸ ਜੱਗ ਨੂੰ ਪਿਆਰ ਦੀ ਕਦਰ ਨਾਹੀਂ! ਜਿੱਥੇ ਹੁਸਨ ਵੀ ਵਿਕਦਾ ਪੈਸਿਆਂ ਨੂੰ, ਉਥੇ ਹੋਏਗਾ ਕਿਸ ਤਰ੍ਹਾਂ ਉਜ਼ਰ ਨਾਹੀਂ! 13 ਵਰ੍ਹੇ-ਗੰਢ ਤੇਰੀ, ਵਰ੍ਹੇ-ਗੰਢ ਮੇਰੀ, ਵਰ੍ਹੇ-ਗੰਢ ਦਾ ਸੱਜਣਾ ਦਿਹੁੰੜਾ ਉਏ! ਏਸ ਦਿਹੁੰ ਨੂੰ ਸ਼ੈਆਂ ਮੁਬਾਰਕਾਂ ਨੀ, ਏਸ ਦਿਹੁੰ ਨੂੰ ਸ਼ੁੱਭ-ਸੁਨੇਹੁੜਾ ਉਏ! ਪਹਿਲੀ ਸੁਬਾਹ ਦੀ ਪਹਿਲੜੀ ਕਿਰਨ ਵਰਗਾ, ਸਾਡਾ ਸਦਾ ਹੀ ਸੱਜਰਾ ਨਿਹੁੰੜਾ ਉਏ! ਚੌਂਹ ਕੁ ਪਲਾਂ ਦੇ ਮਿਲਣ ਦਾ ਮੁੱਲ ਕੇਡਾ, ਮਿਲਿਆ ਉਪਰਾਂ ਜੇਡ ਵਿਛੋੜਾ ਉਏ! 14 ਅਸਾਂ ਲਾਈਆਂ ਨਾ ਤੁਸਾਂ ਲਾਈਆਂ ਨਾ, ਜ਼ੋਰੋ ਜ਼ੋਰੀ ਇਹ ਲੱਗਦੀਆਂ ਲੱਗ ਗਈਆ! ਅੱਖਾਂ ਤੇਰੀਆਂ ਮੇਰੀਆਂ ਅੱਖੀਆਂ ਨੂੰ, ਇੱਕ ਤੱਕਣੀ ਤੱਕ ਕੇ ਠੱਗ ਗਈਆਂ! ਅੱਜ ਰਾਂਝੇ ਨੂੰ ਕਿਸੇ ਪੁਕਾਰਿਆ ਏ, ’ਵਾਜਾਂ ਫੇਰ ਬੇਲੇ ਵਿੱਚ ਵੱਜ ਗਈਆਂ! ਦਿੱਤਾ ਫੇਰ ਸਿਆਲ ਸੁਨੇਹੁੜਾ ਏ, ’ਵਾਵਾਂ ਫੇਰ ਹਜ਼ਾਰੇ ਨੂੰ ਵੱਗ ਗਈਆਂ! 15 ਇੱਕ ਜਨਮ-ਜੂਆ ਅਸੀਂ ਹਾਰਿਆ ਸੀ, ਇੱਕ ਜਨਮ-ਜੂਆ ਅਸੀਂ ਜਿੱਤ ਲੀਤਾ। ਇੱਕ ਜਾਮ ਹੱਥਾਂ ਵਿੱਚੋਂ ਡੁੱਲ੍ਹਿਆ ਸੀ, ਇੱਕ ਜਾਮ ਅਸਾਂ ਘੁੱਟੋ-ਘੁੱਟ ਪੀਤਾ। ਅਸਾਂ ’ਕੱਲਿਆਂ ਇਸ਼ਕ ਨੂੰ ਪਾਲਿਆ ਸੀ, ਅੱਜ ਹਾਣੀਆਂ ਦੇ ਨਾਲ ਮਿੱਚ ਲੀਤਾ। ਖਿੰਡੀਆਂ ਲੱਖ ਜਹਾਨ ਦੀਆਂ ਨੇਹਮਤਾਂ ’ਚੋਂ, ਇੱਕ ਮੂੰਹ ਤੇਰਾ ਅਸਾਂ ਟਿੱਕ ਲੀਤਾ। 16 ਜੋ ਖੁੱਲ੍ਹ ਗਿਆ ਸੋ ਖੁੱਲ੍ਹ ਗਿਆ, ਅਸਾਂ ਅਗਾਂਹ ਨੂੰ ਭੇਦ ਨਾ ਖੋਲ੍ਹਣਾ ਏ! ਹੰਝੂ ਵਹੀ ਜਾਵਣ ਅੱਖਾਂ ਕਹੀ ਜਾਵਣ, ਅਸਾਂ ਮੂੰਹ ਤੋਂ ਕੁਝ ਨਾ ਬੋਲਣਾ ਏ! ਜਿੰਦ ਮੁੱਕ ਤੇ ਬੁੱਤ ਇਹ ਟੁੱਟ ਜਾਵੇ, ਅਸਾਂ ਇਸ਼ਕ ਤੋਂ ਰੱਤੀ ਨਾ ਡੋਲਣਾ ਏ! ਹੱਥਾਂ ਵਿੱਚ ਆ ਕੇ ਜਿਹੜਾ ਡਿੱਗ ਪਿਆ, ਉਹਨੂੰ ਪਲਕਾਂ ਨਾਲ ਟਟੋਲਣਾ ਏ! 17 ਅਸਾਂ ਧਰਤ ਗਲਵੱਕੜੀ ਵਿੱਚ ਘੁੱਟੀ, ਅਸੀਂ ਵਾਅ ਨੂੰ ਬੰਨ੍ਹ ਖਲ੍ਹਾਰ ਲਈਏ! ਸਾਡੇ ਚਹੁੰ ਹੱਥਾਂ ਦੀਆਂ ਬਰਕਤਾਂ ਨੇ, ਕੁਝ ਭੰਨ ਤੇ ਕੁਝ ਉਸਾਰ ਲਈਏ! ਕੁਝ ਕੋਹ ਸੁਖਾਲੜਾ ਹੋਏ ਪੈਂਡਾ, ਨਵੀਂ ਰੁੱਤ ਤੋਂ ਕੋਈ ਹੁਲਾਰ ਲਈਏ! ਸੁਪਨੇ ਇੰਜ ਲਈਏ ਰੀਝਾਂ ਗੌਂ ਲਈਏ, ਛੇੜ ਸੱਜਣਾ ਦਿਲਾਂ ਦੇ ਤਾਰ ਲਈਏ! 18 ਸਾਡੇ ਪੈਰ ਅਜੋਕੜੀ ਵਾਟ ਉੱਤੇ, ਸਾਡੀ ਨਿਗਾਹ ਅਗਲੇਰੀਆਂ ਮੰਜ਼ਲਾਂ ’ਤੇ! ਕੜੀ ਕੜੀ ਜ਼ਮੀਨ ’ਤੇ ਡਿੱਗ ਰਹੀ, ਪਈ ਸੱਟ ਵਦਾਣ ਦੀ ਸੰਗਲਾਂ ’ਤੇ! ਸਾਡੀ ਹਾਰ ਮਨੁੱਖਤਾ ਨਾਲ ਸਾਂਝੀ, ਸਾਡੀ ਜਿੱਤ ਮਨੁੱਖ ਦੇ ਦੰਗਲਾਂ ’ਤੇ! ਉਹ ਵੀ ਬੀਤ ਗਏ ਇਹ ਵੀ ਬੀਤ ਜਾਣੇ, ਬਾਰਾਂ-ਮਾਂਹ ਗਿਣੰਦਿਆਂ ਉਂਗਲਾਂ ’ਤੇ! 19 ਉਮਰ ਤੁਰਦਿਆਂ-ਤੁਰਦਿਆਂ ਥੱਕ ਲੱਥੀ, ਥੱਕੀ ਜਿੰਦ ਨਾ ਯਾਰ ਦੇ ਭਾਲਣੇ ਨੂੰ! ਨੀ ਮੈਂ ਬਲਖ਼ ਬੁਖ਼ਾਰੇ ਦਾ ਇੱਕ ਪਾਂਧੀ, ਏਥੇ ਆਣ ਪਹੁੰਚਾ ਦੀਦੇ ਗਾਲਣੇ ਨੂੰ! ਅਸੀਂ ਹੋਣੀਆਂ ਆਪ ਬੁਲਾਈਆਂ ਨੇ, ਲੋਕੀਂ ਤਰਸਦੇ ਹੋਣੀਆਂ ਟਾਲਣੇ ਨੂੰ! ਆਸ਼ਕ ਬਣੇ ਨੀ ਇਸ਼ਕ ਕਮਾਵਣੇ ਨੂੰ, ਜੱਗ ਬਣਿਆਂ ਏ ਖੇਹ ਉਛਾਲਣੇ ਨੂੰ! 20 ਤੇਰੀ ਨਗਰੀਉਂ ਇੱਕ ਵਿਯੋਗ ਮਿਲਿਆ, ਅਸਾਂ ਜੋਗੀਆਂ ਹਿਜਰ ਦੇ ਮਾਰਿਆਂ ਨੂੰ! ਅਸਾਂ ਬੁੱਕ ਭਰਿਆ ਚੰਗਿਆੜਿਆਂ ਦਾ, ਅਤੇ ਝੋਲ ਪਾਇਆ ਅੰਗਿਆਰਿਆਂ ਨੂੰ! ਤੇਰੇ ਪਿਓ ਦੇ ਪਿਓ ਦਾ ਪਿਓ ਹੈਸੀ, ਜਿਹਨੇ ਕੁੱਠਿਆ ਫੁੱਲਾਂ ਕੁਆਰਿਆਂ ਨੂੰ! ਤੇਰੇ ਪੁੱਤ ਦੇ ਪੁੱਤ ਦਾ ਪੁੱਤ ਹੋਸੀ, ਢਾਹ ਦੇਵਸੀ ਵਲਗਣਾਂ ਸਾਰੀਆਂ ਨੂੰ! 21 ਜਿੰਦੇ ਜਾਗਦਿਆਂ ਰਹੀਏ ਤਾਂ ਲੋਅ ਹੁੰਦੀ, ਕਿਹਾ ਪਾਣੀਆ ਵੱਲ ਖ਼ਿਆਲ ਤੇਰਾ! ਆਪੀਂ ਮੱਚਣਾ ਯਾਰ ਨੂੰ ਲੋਈ ਦੇਣੀ, ਏਸੇ ਵਿੱਚ ਹੈ ਸ਼ੱਬੇ-ਵਸਾਲ ਤੇਰਾ! ਲੈ ਕੇ ਜਾਣਦੀ ਜਾ ਨਹੀ ਇਹ ਦੁਨੀਆਂ, ਦਿੰਦੇ ਰਹਿਣ ਵਿੱਚ ਸਦਾ ਕਮਾਲ ਤੇਰਾ! ਚੱਤੇ-ਪਹਿਰ ਲੁਕਾਈ ਦੀ ਸੁੱਖ ਮੰਗੀ, ਸੱਜਣ ਪੁੱਛ ਲੈਸਣ ਕਦੇ ਹਾਲ ਤੇਰਾ! 22 ਜੀਵੇ ਸੱਜਣਾ ਅੱਜ ਵਜੂਦ ਤੇਰਾ, ਡੂੰਘੀ ਚਿੱਤ ਦੀ ਗੁਫਾ ਵਿੱਚ ਲਿਸ਼ਕਿਆ ਏ! ਉਹੀਓ ਤੂੰ ਤੇ ਉਹੀਓ ਨੁਹਾਰ ਤੇਰੀ, ਉਹੀਓ ਸ਼ੌਕ ਤੇਰਾ ਸੀਨੇ ਚਸਕਿਆ ਏ। ਇੱਕੇ ਯਾਦ ਆਈ ਇੱਕੇ ਅੱਗ ਲੱਗੀ, ਪਾਰਾ ਪੀੜ ਦਾ ਹੱਡੀਏਂ ਟਸਕਿਆ ਏ। ਸਾਡੀ ਅੱਖੀਓ ਡੁੱਲ੍ਹਸੀ ਮੁੱਲ ਉਹਦਾ, ਜਿਹੜਾ ਦਰਦ-ਦਰਵੇਸ਼ਾ ਨੂੰ ਬਖ਼ਸ਼ਿਆ ਏ। 23 ਬੇਲੇ ਬੈਠ ਕੇ ਹੀਰ ਦਾ ਵਸਲ ਪੀਤਾ, ਰਾਂਝੇ ਧੀਦੋ ਨੂੰ ਇੱਕ ਸੁਦਾਅ ਹੋਇਆ! ਸਾਡੀ ਜੁੱਤੀਓਂ ਤੇਰੀ ਨਸੀਹਤ ਮੀਆਂ, ਤੇਰਾ ਕਾਜੀਆ ਰੰਜ ਕਜਾ ਹੋਇਆ! ਅਸੀਂ ਮੁੱਕਰੇ ਤੇਰੇ ਕੁਰਾਨ ਕੋਲੋਂ, ਸਾਡਾ ਇਸ਼ਕ ਜੇ ਅੱਜ ਖ਼ੁਦਾ ਹੋਇਆ! ਤੇਰੀ ਬੰਦਗੀ ਵਾਅਜ਼ ਤੇ ਸ਼ਰ੍ਹਾ ਝੂਠੀ, ਸਾਡਾ ਰੋਗ ਹੀ ਸਾਡੀ ਦੁਆ ਹੋਇਆ! 24 ਵਿੱਚ ਚਿੱਤ ਦੇ ਤੈਂਦੜੀ ਦੇਹ ਧਰ ਕੇ, ਮੇਰੀ ਸੂਰਤ ਨੇ ਰੱਜ ਕੇ ਰਸਾ ਪੀਤਾ! ਮੇਰੀ ਆਤਮਾਂ ਤ੍ਰਿੱਖਾ ਦੀਆਂ ਬੁੱਲ੍ਹੀਆਂ ’ਤੇ, ਤੇਰੇ ਰਸੇ ਹੋਏ ਹੋਠਾਂ ਨੇ ਚੁੰਮ ਦਿੱਤਾ! ਮੇਰੀ ਜਿੰਦ ਵਿੱਚ ਊਸ਼ਾ ਦੀ ਆਬ ਖਿੰਡੀ, ਮੇਰੇ ਲਹੂ ਨੇ ਕਿਰਨ ਨੂੰ ਜੀਰ ਲਿੱਤਾ! ਮੇਰੇ ਸੱਜਣਾ ਮਿਲਣ ਦੀ ਘੜੀ ਇਹੋ, ਜਦੋਂ ਅੰਬਰਾਂ ਭੋਇੰ ਨੂੰ ਵਸਲ ਕੀਤਾ! 25 ਤੇਰੀ ਜੂਹ ਦੀ ਭੋਇੰ ਨੇ ਪੈਰ ਪਕੜੇ, ਤੇਰੇ ਬੂਹੇ ਦੇ ਭਿੱਤ ਨੇ ਨਜ਼ਰ ਕੀਲੀ। ਨਾ ਇਹ ਭਿੱਤ ਖੁੱਲ੍ਹੇ ਨਾ ਇਹ ਨਜ਼ਰ ਹਿੱਲੇ, ਟਿੱਕੀ ਦਿਹੁੰ ਦੀ ਗੁਫਾ ਵਿੱਚ ਲੱਖ ਚੱਲੀ। ਸਾਨੂੰ ਬਿਰਹੋਂ ਦਾ ਜ਼ਹਿਰ ਪਿਆਲ ਗਈ ਏਂ, ਆਪ ਭਰ ਕਟੋਰੜੀ ਵਸਲ ਪੀ ਲਈ। ਰਾਤ ਆਈ ਏ ਤੁਸਾਂ ਮੁਬਾਰਕਾਂ ਨੀ, ਸ਼ਹੁ ਨਾਲ ਤੂੰ ਚੋਲੜੀ ਕਰੀ ਢਿੱਲੀ। 26 ਜਿਹੜੀ ਅਸਾਂ ਫ਼ਕੀਰਾਂ ’ਤੇ ਵਰਤਦੀ ਏ, ਇੱਕ ਮੈਂ ਜਾਣਾ, ਇੱਕ ਦਿਲ ਜਾਣੇ! ਰੱਬ ਬਖਸ਼ ਲਏ ਇਨ੍ਹਾਂ ਉਦਾਸੀਆਂ ਤੋਂ, ਏਡੇ ਸੰਘਣੇ ਦਰਦ ਨੂੰ ਜਿੰਦ ਮਾਣੇ! ਮੈਂ ਕੌਣ ਸਾਂ ਕੀ ਵਜੂਦ ਮੇਰਾ, ਤੇਰਾ ਪਿਆਰ ਜਾਣੇ, ਤੇਰੀ ਸਿੱਕ ਜਾਣੇ! ਸਾਨੂੰ ਚਿਣਗ ਤੋਂ ਚੁੱਕ ਕੇ ਲਾਟ ਕੀਤਾ, ਹੁਣ ਲਾਟ ਤੋਂ ਕਰੇ ਕੀ ਕੌਣ ਜਾਣੇ ? 27 ਬਲੀ ਜਿੰਦ ਦੇ ਵਿਹੜੇ ਦੇ ਵਿੱਚ ਲੋਹੜੀ, ਆਈਆਂ ਆਸਾਂ ਉਮੰਗੜੀਆਂ ਸੇਕਣੇ ਨੂੰ! ਸੋਹਣੇ ਯਾਰ ਨੇ ਇੱਕ ਨਾ ਪੈਰ ਪਾਇਆ, ਆਈ ਖ਼ਲਕ ਸਾਰੀ ਮੱਥਾ ਟੇਕਣੇ ਨੂੰ! ਬਾਹਵਾਂ ਥਰਕ ਪਈਆਂ ਤੈਂਡੇ ਘੁੱਟਣੇ ਨੂੰ, ਅੱਖਾਂ ਭਰ ਆਈਆਂ ਤੈਂਡੇ ਦੇਖਣੇ ਨੂੰ! ਇਹਨਾਂ ਭਰੇ ਹੋਏ ਨੈਣਾ ਦੀ ਲਾਜ ਰੱਖੀਂ, ਇੱਕ ਦੇ ਦੇਵੀਂ ’ਡੀਕ ਢੀਕਣੇ ਨੂੰ! 28 ਹੁਸਨ ਵਾਲੀਏ ਹੁਸਨ ਦਾ ਮੁੱਲ ਕੋਈ ਨਾ, ਐਵੇਂ ਕੂੜ ਦਾ ਮਾਣ ਨਾ ਕਰੀ ਜਾਵੀਂ। ਇਸ਼ਕ ਤੇਲ ਹੈ ਹੁਸਨ ਦੀ ਲਾਟ ਅੰਦਰ, ਬਿਨਾਂ ਤੇਲ ਤੋਂ ਬੱਤੀਏ ਸੜੀ ਜਾਵੀਂ। ਹੁਸਨ ਮਹਿਕਣਾ, ਉੱਡਣਾ, ਡੁੱਲ੍ਹ ਵਗਣਾ, ਵਿੱਚੇ ਵਿੱਚ ਨਾ ਖਿਚੜੀਏ ਕੜ੍ਹੀ ਜਾਵੀਂ। ਮੁੱਲ ਹੈ ਤਾਂ ਮਨ ਦੇ ਮਧੁ ਦਾ ਹੈ, ਐਵੇਂ ਮੜਕ ਦੀ ਮਿਰਚ ਨਾ ਬਣੀ ਜਾਵੀਂ। 29 ਜਦੋਂ ਸੱਜਣਾ ਤੈਂਡੜੀ ਗੱਲ ਕਰੀਏ, ਕੁਝ ਚੁਭਦਾ ਦਿਲੇ ਵਿੱਚ ਸੂਲ ਵਾਂਗੂੰ! ਜਦੋਂ ਸੱਜਣਾ ਤੈਂਡੜਾ ਖ਼ਿਆਲ ਕਰੀਏ, ਜਿੰਦ ਕੰਬਦੀ ਲਗਰ ਬਬੂਲ ਵਾਂਗੂੰ! ਜਦੋਂ ਸੱਜਣਾ ਤੈਂਡੜੀ ਯਾਦ ਆਵੇ, ਸੁਰਤ ਹੋ ਜਾਏ ਨਸ਼ੇ ਦੀ ਟੂਲ ਵਾਂਗੂੰ! ਜਦੋਂ ਸੱਜਣਾ ਤੈਂਡੜਾ ਇਸ਼ਕ ਚੜ੍ਹਦਾ, ਅਸੀਂ ਹੋਵੀਏ ਪਾਕ ਰਸੂਲ ਵਾਂਗੂੰ! 30 “ਸਾਡੇ ਸੁੱਖ ਆਹੀ ਤੈਂਡੇ ਸੁੱਖ ਹੋਵੇ,” ਏਹੋ ਅਰਚਣਾ ਇਹੋ ਦੁਆ ਮੇਰੀ! ਮੇਰੇ ਗ਼ਮਾਂ ਦੀ ਅੱਗ ਥੀਂ ਦੂਰ ਵੱਸੇਂ, ਤੈਨੂੰ ਛੋਹੇ ਨਾ ਤੱਤੜੀ ’ਵਾ ਮੇਰੀ! ਮੇਰੇ ਸੋਹਲ ਮਲੂਕੜੇ ਸੱਜਣਾ ਓਏ, ਐਵੇਂ ਕਰੀਂ ਨਾ, ਹਾ, ਹਾ, ਹਾ, ਮੇਰੀ! ਮੈਂ ਨਾ ਰਿਹਾ ਜੇ ਰਹੇਗੀ ਭੋਇੰ ਉੱਤੇ, ਰਵੀ ਵਾਂਗਰਾਂ ਇੱਕ ਸ਼ੁਆ ਮੇਰੀ! 31 ਆਉਣਾ ਨਹੀਂ ਸੀ ਕਾਹਨੂੰ ਉਡੀਕ ਲਾਈ, ਕਾਹਨੂੰ ਅੱਖੀਆਂ ਵਿੱਚ ਉਨਮਾਦ ਭਰਿਆ! ਕਾਹਨੂੰ ਜੀਊ ਨੂੰ ਬਖ਼ਸ਼ਿਆ ਵੇਗ ਏਡਾ, ਕਾਹਨੂੰ ਅੰਤੈਹ ਨੂੰ ਇੰਜ ਨਾਸ਼ਾਦ ਕਰਿਆ! ਯਾਦ ਕੀਤਿਆਂ ਪੈਣੀ ਸੀ ਤ੍ਰਾਟ ਏਡੀ, ਕਾਹਨੂੰ ਦਿਲਾ ਤੂੰ ਓਸ ਨੂੰ ਯਾਦ ਕਰਿਆ! ਆਸ਼ਕ ਜਨਾ ਦੇ ਪੀਹਣ ਲਈ ਪੀਹਣ ਗਿੱਲਾ, ਏਸ ਦੁਨੀ ਨੇ ਜੁੱਗੋ ਜੁਗਾਦ ਧਰਿਆ! 32 ਬੁੱਕ ਕੀਤਾ ਹੀ ਰਹਿ ਨਾ ਜਾਏ ਸਾਜਣ, ਬੁੱਲ੍ਹ ਖੋਲ੍ਹ ਦੇਵੀਂ, ਫੁੱਲ ਕੇਰ ਦੇਵੀਂ! ਦਿੱਤਾ ਪਿਆਰ ਜੇ ਪਹਿਲ-ਪਲੋਠੜੀ ਦਾ, ਇਹਦੇ ਨਾਲ ਨਾ ਮਾਂ ਮਤੇਰ ਦੇਵੀਂ! ਧੁਰ ਅੰਦਰੋਂ ਕੁਝ ਕੰਬੌਣ ਵਾਲਾ, ਹਾੜਾ, ਫੇਰ ਦੇਵੀਂ ਝੂਟਾ ਫੇਰ ਦੇਵੀਂ! ਭਾਵੇਂ ਮੁੱਲ ਪਾਵੀਂ ਘੱਟ ਅੱਟੀਉਂ ਵੀ, ਐਪਰ ਆਸ਼ਕਾਂ ਨਾਲ ਅਟੇਰ ਦੇਵੀਂ! 33 ਜਦੋਂ ਸਮਾਂ ਸੀ ਉਦੋਂ ਤੈਂ ਗੌਲ਼ਿਆ ਨਾ, ਏਨਾ ਲਹੂ ਅੱਖਾਂ ਥਾਣੀ ਵੱਗਦਾ ਨਾ! ਤੇਰੀ ਵਸਤ ਸੀ ਤੂੰਹੀ ਸੰਭਾਲ ਲੈਂਦੋਂ, ਸਾਨੂੰ ਜੱਗ ਜੁਆਰੀਆ ਠੱਗਦਾ ਨਾ! ਜਿੰਦ ਇੰਜ ਨਾ ਸੁਆਹ ਦਾ ਢੇਰ ਹੁੰਦੀ, ਨਾਦ ਬਿਰਹਾ ਦਾ ਅੰਦਰੋਂ ਵੱਜਦਾ ਨਾ! “ਮੈਨੂੰ ਮੁਆਫ਼ ਕਰਿਓ” ਜੇ ਤੂੰ ਅੱਜ ਆਖੇਂ, ਤੇਰੇ ਮੂੰਹ ਤੋਂ ਸੱਜਣਾ ਫੱਬਦਾ ਨਾ! 34 ਸੱਜਣ ਕੇਹੀ ਕੰਜੂਸੀ ਵਿਖਾਲ ਗਇਓਂ, ਇੱਕ ਦੀਦ ਥੀਂ ਵੀ ਅਸੀਂ ਮੰਦੜੇ ਸਾਂ! ਜਿਹੜੇ ਰਾਹ ਗਇਓਂ ਉੱਥੇ ਫੁੱਲ ਟਹਿਕੇ, ਇੱਕੋ ਅਸੀਂ ਹੀ ਸੂਲਾਂ ’ਤੇ ਟੰਗੜੇ ਸਾਂ! ਤੇਰੀ ਹੋਂਦ ਨੇ ਬਖ਼ਸ਼ਿਆ ਹਰਸ਼ ਐਸਾ, ਅਸੀਂ ਹੋਣੀਆਂ ਨਾਲ ਖਹੰਦੜੇ ਸਾਂ! ਕੀ ਹੋਇਆ ਜੇ ਅੱਜ ਗ਼ਮਨਾਕ ਹੋਏ, ਗ਼ਮਖ਼ਾਰ ਵੀ ਅਸੀਂ ਹੀ ਹੁੰਦੜੇ ਸਾਂ! 35 ਨੱਖ-ਸਿਖ ਤੇ ਸੱਜਣਾ ਦਿੱਖ ਤੇਰੀ, ਨੈਣਾ ਮੇਰਿਆਂ ਵਿੱਚ ਹੈ ਨੂਰ ਤੇਰਾ! ਮੇਰੇ ਜੀਊ ਕਸੁੰਭੜਾ ਮੌਲਿਆ ਏ, ਮੇਰੀ ਸ਼ਾਖ਼ ’ਤੇ ਸੱਜਣਾ ਬੂਰ ਤੇਰਾ! ਵੇਖ ਸੱਜਣਾ ਸਾਡੀਆਂ ਯਾਚਨਾਵਾਂ, ਵੇਖ ਸੱਜਣਾ ਐਡ ਗ਼ਰੂਰ ਤੇਰਾ! ਤੇਰੇ ਹੋ ਕੇ ਤੈਨੂੰ ਨਾ ਪਹੁੰਚ ਸਕੇ, ਨੈਣ ਪਾ ਨਾ ਸਕੇ ਜ਼ਹੂਰ ਤੇਰਾ! 36 ਚੰਗੇ ਯਾਰ ਦੀ ਮੂਰਤੀ ਕੋਲ ਬਹਿ ਕੇ, ਚੰਗਾ ਲੱਗਿਆ ਆਪਣਾ ਆਪ ਮੈਨੂੰ! ਮੇਰੇ ਸਾਹ ਸੁਗੰਧੀਆਂ ਭਿੱਜੀਆਂ ਨੇ, ਸੁਣੀ ਅੰਦਰੋਂ ਇਸ਼ਕ ਦੀ ਚਾਪ ਮੈਨੂੰ! ਵਿੱਚੋਂ ਵੱਜਦਾ ਤੇ ਬਾਹਰੋਂ ਝੂੰਮਦਾ ਹਾਂ, ਕੇਹਾ ਲੱਗਿਆ ਪੁੰਨ ਜਾਂ ਪਾਪ ਮੈਨੂੰ! ਰਸਾ ਡੁੱਲ੍ਹਿਆ ਬੋਲ ਦੀ ਝੋਲ ਵਿੱਚੋਂ, ਲੱਗੀ ਕਿਸੇ ਰਸਾਇਣ ਦੀ ਥਾਪ ਮੈਨੂੰ! 37 ਜਿੰਦ ਮੁੱਠੜੀ ਵਿੱਚ ਘੁਟੀਣ ਜੋਗੀ, ਜੀਭ ਦੰਦਾਂ ਦੇ ਵਿੱਚ ਦਬੀਣ ਜੋਗੀ! ਰੂਹ ਰਹਿ ਗਈ ਏ ਫੱਟ ਸੀਣ ਜੋਗੀ, ਦੇਹੀ ਰਹਿ ਗਈ ਏ ਦਰਦ ਪੀਣ ਜੋਗੀ! ਦਰਦ ਪੀਣ ਔਖਾ, ਸੌਖੀ ਨਿੰਮ ਪੀਣੀ, ਨਿੰਮ ਔਸ਼ਧੀ ਹੋਵੇ ਜੇ ਪੀਣ ਜੋਗੀ! ਦਰਦ ਪੀਤਿਆਂ ਦੇਹੀ ਨੂੰ ਘੁਣਾਂ ਲੱਗੇ, ਨਿੰਮ ਰੱਤ ਨੂੰ ਕਰੇ ਜੀਊਣ ਜੋਗੀ! 38 ਰੋਣ ਆਏਗਾ ਅੱਖਾਂ ਨਮਾਣੀਆਂ ਨੂੰ, ਜਦੋਂ ਆਏਗੀ ਤੈਂਡੜੀ ਯਾਦ ਸੱਜਣ! ਏਸ ਯਕਸ਼ ਨੂੰ ਬਿਰਹਾ ਦਾ ਤੀਰ ਵੱਜਾ, ਧੁਰੋਂ ਉੱਠਿਆ ਹਿਜਰ ਉਨਮਾਦ ਸੱਜਣ! ਹੰਝੂ ਘਿਰੇ ਨੀ ਨੈਣਾਂ-ਨੀਲਾਂਬਰਾਂ ’ਤੇ, ਭੇਜਾਂ ਇਹਨਾਂ ਦੇ ਹੱਥ ਫ਼ਰਿਆਦ ਸੱਜਣ! ਮੇਘ ਉੱਡਦੇ ਨੇ, ਇਹ ਨੇ ਵਹਿਣ ਜੋਗੇ, ਨੀਵੇਂ ਥਾਈਂ ਇਹ ਹੋਣ ਆਬਾਦ ਸੱਜਣ! 39 ਕੀਕਣ ਯਾਦ ਕਰਸੇਂ ਅਸਾਂ ਫੱਕਰਾਂ ਨੂੰ, ਕਿਸੇ ਪੂੰਜੀ ਦੇ ਪਤੀ ਦੇ ਕੋਲ ਬਹਿ ਕੇ! ਇਹ ਨੇ ਡਾਢੀਆਂ ਡੂੰਘੀਆਂ ਸਗਲ-ਖੱਡਾਂ, ਕੀਕਰ ਬਾਹਰ ਆਸੇਂ ਇਨ੍ਹਾਂ ਵਿੱਚ ਲਹਿ ਕੇ! ਜੀਉਣ ਬੰਧਨਾ ਦਾ ਪੁੜੀ ਸੈਂਖੀਏ ਦੀ, ਕੀਕਰ ਖਾ ਲੈਸੇਂ ਇਹਨੂੰ ਖੰਡ ਕਹਿ ਕੇ! ਇਹ ਇਸ਼ਕ ਜੁ ਵੈਹਣ ਝਨਾਂ ਦਾ ਏ, ਕੀਕਰ ਤਰੇਂਗੀ ਕੱਚੀਏ ਕੱਚ ਲੈ ਕੇ! 40 ਸਿੱਲ ਸਬਰ ਦੀ ਸੱਜਣਾ ਮੰਗਦੇ ਹਾਂ, ਵਿੱਚੇ ਘੁੱਟ ਲਈਏ ਇਨ੍ਹਾਂ ਧੜਕਣਾਂ ਨੂੰ! ਲਹੂ ਜਿਗਰ ਦਾ ਸੱਭੋ ਪਿਆਲਿਆ ਮੈਂ, ਹੁਣ ਕੌਣ ਸਿੰਜੇ ਇਨ੍ਹਾਂ ਭਟਕਣਾ ਨੂੰ! ਤੇਰੀ ਤ੍ਰੇਹ ਦੀ ਸੱਜਣਾ ਕਸਮ ਮੈਨੂੰ, ਜਿੰਦ ਸੌਂਪਤੀ ਤੇਰੀਆਂ ਅਰਚਣਾ ਨੂੰ! ਜੇ ਤੂੰ ਮਿਲੇ ਤਾਂ ਮੰਗੀਏ ਕੁਝ ਵੀ ਨਾ, ਤੈਨੂੰ ਮੋੜ ਦੇਈਏ ਤੇਰੀਆਂ ਤੜਫਣਾਂ ਨੂੰ! 41 ਮੇਰੇ ਅੰਗਾਂ ’ਚ ਮੈਨੂੰ ਖੁਸ਼ਬੋ ਆਈ, ਰਾਤੀਂ ਰਹਿ ਗਈ ਏ ਤੇਰੀ ਯਾਦ ਸੱਜਣ! ਵੰਗਾਂ ਟੁੱਟੀਆਂ ਦਿਲੇ ਵਿੱਚ ਖੁੱਭੀਆਂ ਨੇ, ਕਿਤੇ ਖਹਿ ਗਈ ਏ ਤੇਰੀ ਯਾਦ ਸੱਜਣ! ਸੁਰਤ-ਸੇਜੜੀ ਦੇ ਉੱਤੇ ਵੱਟ ਤਾਜ਼ੇ, ਏਥੇ ਬਹਿ ਗਈ ਏ ਤੇਰੀ ਯਾਦ ਸੱਜਣ! ਮੈਂ ਵੀ ਅੱਖਰਾਂ ਵਿੱਚ ਨਾ ਕਹਿਣ ਹੁੰਦਾ, ਜੋ ਜੋ ਕਹਿ ਗਈ ਏ ਤੇਰੀ ਯਾਦ ਸੱਜਣ! 42 ਕਦੇ ਬੁੱਲ੍ਹਾਂ ਦੇ ਨਾਲ ਨਾ ਬੁੱਲ੍ਹ ਛੋਹੇ, ਕਦੇ ਜਿੰਦ ਦੇ ਨਾਲ ਨਾ ਜਿੰਦ ਛੋਹੀ! ਕਦੇ ਉੱਗਿਓਂ ਨਾ ਮੌਲਸਰੀ ਬਣ ਕੇ, ਸਦਾ ਸੱਖਣੀ ਰੂਹ ਦੀ ਰਹੀ ਰੋਹੀ! ਏਹ ਆਤਮ-ਅਨੰਦ ਤਾਂ ਸਦਾ ਰਿਹਾ, ਐਪਰ ਦੇਹ ਨੇ ਦੇਹ ਦੀ ਵਾਟ ਜੋਹੀ! ਮੇਰੇ ਸੱਜਣਾ ਸੋਹਜ ਇਹ ਅੱਖਰਾਂ ਦਾ, ਤੇਰੇ ਮੇਲ ਬਾਝੋਂ ਐਂਵੇ ਛੂਈ-ਮੂਈ! 43 ਮਿੱਟੀ ਨਾਲ ਮੁਹੱਬਤਾਂ ਕੀਤੀਆਂ ਨੇ, ਅਨੀ ਮਿੱਟੀਏ ਕਦੇ ਤਾਂ ਬੋਲ ਪੈਸੇਂ! ਅਸੀਂ ਉੱਡਦੇ ਕੱਖ ਹਾਂ ਵਿਹੜਿਆਂ ਦੇ, ਕੱਖਾਂ ਉੱਡਦਿਆਂ ਨੂੰ ਝੋਲੀ ਵਿੱਚ ਲੈਸੇਂ! ਮੇਰੀਆਂ ਅੱਖੀਆਂ ਗਾਗਰਾਂ ਨੀਰ ਦੀਆਂ, “ਏਥੇ ਡੁੱਲ੍ਹ ਪਓ” ਇਹਨਾਂ ਨੂੰ ਕਦੇ ਕਹਿਸੇਂ! ਕਦੇ ਜੰਮਸੇਂ ਗੀ ਫੁੱਲ, ਡਾਲ, ਬੂਟੇ, ਸਦਾ ਸਦਾ ਨਾ ਬਾਂਝ ਅਣ-ਸੂ ਰਹਿਸੈ! 44 ਸਾਡੇ ਤੱਤੜੇ ਰਾਹਾਂ ਦੀ ਵਾਟ ਉੱਤੇ, ਇੱਕ ਰੁੱਖ ਹਰਿਔਲਾ ਤੂੰਹੀਓਂ ਸੈਂ! ਤੈਨੂੰ ਪੁੱਟ ਲਿਆ ਮੇਰੇ ਪੈਰ ਲੂਹੇ, ਦਾਣੇ ਵਾਂਗਰਾਂ ਥਲਾਂ ਵਿੱਚ ਭੁੱਜਿਆ ਮੈਂ! ਵਿੱਚੋਂ ਸੇਕ ਉਛਾਲਿਆ ਮੋਹ ਤੇਰਾ, ਵਗੀ ਨੈਣਾਂ ’ਚੋਂ ਆਪ ਚਨਾਬ ਦੀ ਨੈਂ! ਰੱਖ ਤਲੀ ’ਤੇ ਦੀਵੜਾ ਹਿਜਰ ਵਾਲਾ, ਤੈਨੂੰ ਝੰਗ ਸਿਆਲਾਂ ਵਿੱਚ ਟੋਲਿਆ ਮੈਂ! 45 ਫੇਰ ਸੱਜਣਾ ਆ ਗਿਆ ਉਹ ਮੌਸਮ, ਫੇਰ ਸੱਜਣਾ ਸੁਬਾਹ ਤ੍ਰੇਲ ਪੈਂਦੀ! ਫੇਰ ਸੱਜਣਾ ਛੱਲੀਆਂ ਦੁੱਧ ਵੱਤਰ, ਫੇਰ ਸੱਜਣਾ ਧਰਤ ਖ਼ੁਸ਼ਬੋ ਲੈਂਦੀ! ਫੇਰ ਸੱਜਣਾ ਬਾਹੀਂ ਵਲਾ ਗਲੀਂ, ਰੁੱਤ, ਰੁੱਤ ਨੂੰ ‘ਜੀਊ ਤੂੰ ਆਈ’ ਕਹਿੰਦੀ! ਫੇਰ ਸੱਜਣਾ ਤੈਂਡੜੀ ਯਾਦ ਆਈ, ਫੇਰ ਸੱਜਣਾ ਜੀਊ ਨੂੰ ਤ੍ਰਾਟ ਪੈਂਦੀ! 46 ਏਸ ਦ੍ਰਿਸ਼ਟ ਤੋਂ ਪਰ੍ਹੇ ਬਹਿਸ਼ਤ ਵੀ ਹੈ, ਪਰ ਅਦ੍ਰਿਸ਼ਟ ਤੋਂ ਅਸੀਂ ਇਨਕਾਰ ਕੀਤਾ! ਜੀਹਨੂੰ ਦੀਨ-ਇਮਾਨ ਪੁਕਾਰਦੇ ਨੇ, ਤੇਰੀ ਦੇਹ ਦੇ ਵਿੱਚ ਦੀਦਾਰ ਕੀਤਾ! ਕੌਣ ਜਾਣਦਾ ਤੇ ਕੌਣ ਹੈ ਜ਼ਾਮਨ, ਕਿਹਦੇ ਰੂ-ਬਰੂ ਅਸਾਂ ਇਕਰਾਰ ਕੀਤਾ! ਬੱਸ, ਏਹੋ ਗੁਨਾਹ ਹੀ ਬਖ਼ਸ ਦੇਵੀਂ, ਹੱਡ ਮਾਸ ਤੋਂ ਤੈਨੂੰ ਪਿਆਰ ਕੀਤਾ! 47 ਜੀਊ ਉਮੰਡਿਆ ਸ਼ਹੁ-ਦਰਿਆ ਵਗਿਆ, ਜ਼ਿੰਦ ਵਾਂਗ ਪਤਾਸਿਆਂ ਖਰੀ ਜਾਂਦੀ! ਨੈਣਾ ਵਿੱਚ ਸਲੂਣੀਆਂ ਆਬ-ਲਹਿਰਾਂ, ਉੱਤੇ ਝਲਕ ਤੇਰੀ ਉਵੇਂ ਤਰੀ ਜਾਂਦੀ! ਹੱਡ ਮਾਸ ਦੇ ਦੋਹਾਂ ਕਿਨਾਰਿਆਂ ਨੂੰ, ਇੱਕੋ ਛੱਲ ਵੈਰਾਗ ਦੀ ਭਰੀ ਜਾਂਦੀ! ਵਹਿਣ ਵਗੀ ਜਾਂਦਾ, ਸਮਾਂ ਤੁਰੀ ਜਾਂਦਾ, ਨਾਲੋ ਨਾਲ ਇਹ ਉਮਰ ਵੀ ਤੁਰੀ ਜਾਂਦੀ! 48 ਅਸਾਂ ਜੱਗ ਨੂੰ ਚਾ ਵਿਖਾ ਦਿੱਤਾ, ਤੇ ਤੂੰ ਜੱਗ ਤੋਂ ਚਾ ਛੁਪਾ ਲੀਤਾ! ਜੋ ਵੀ ਖੱਟ ਕਮਾ ਕੇ ਰੱਖਿਆ ਸੂ, ਦਿਨ-ਦੀਵੜੀ ਅਸੀਂ ਲੁਟਾ ਦਿੱਤਾ! ਸਾਨੂੰ ਪਤਾ ਨਾ ਅਸੀਂ ਹਾਂ ਕੀ ਤੇਰੇ, ਤੈਨੂੰ ਆਪਣਾ ਅਸਾਂ ਖ਼ੁਦਾ ਕੀਤਾ! ਸੋਹਣੇ ਯਾਰ ਦੀ ਗੱਲ ਨੂੰ ਕਹਿਣ ਖ਼ਾਤਰ, ਅਸਾਂ ਆਪਣੇ ਉੱਤੇ ਵਸਾਹ ਕੀਤਾ! 49 ਜੀਊ ਆਏ ਨੂੰ ਸੰਦਲੀ-ਸੂਰਜਾ ਉਏ, ਤੂੰ ਆਇਓਂ ਤੇ ਯਾਰ ਦਾ ਮੁੱਖ ਆਇਆ! ਲੱਗੀ ਧੁੱਪ ਤੇ ਜਿੰਦ ਨੂੰ ਨਿੱਘ ਪਿਆ, ਠਰੇ ਕੱਕਰੇ ਅੰਗਾਂ ਨੂੰ ਸੁੱਖ ਆਇਆ! ਵੱਜੀ ਬੀਨ ਤੇ ’ਵਾ ਖ਼ੁਸ਼ਬੂ ਭਿੰਨੀ, ਇਸ਼ਕ-ਨਾਗ ਨੇ ਕੁੰਜ ਨੂੰ ਸੁੱਟ ਪਾਇਆ! ਦਿਹੁੰ ਆਇਆ ਕਿ ਆਇਆ ਸ਼ਰਾਬ-ਖ਼ਾਨਾ, ਇੱਕ ਮੱਟ ਸ਼ਰਾਬ ਪਲੱਟ ਆਇਆ! 50 ਜਿਵੇਂ ਚਾਹ ਦੀ ਕੇਤਲੀ ਕੋਲ ਬਹਿਣਾ, ਏਵੇਂ ਜਿਸਮ ਤੇਰੇ ਕੋਲ ਬਹਿ ਰਹਿਣਾ! ਜਿਵੇਂ ਆਖਣਾ ਆਇਤ ਕੁਰਾਨ ਦੀ ਨੂੰ, ਏਵੇਂ ਬੋਲ ਕੋਈ ਤੈਨੂੰ ਕਹਿ ਲੈਣਾ! ਕਹਿਣਾ, ਵੇਖਣਾ, ਸੇਕਣਾ ਜਿਸਮ ਤੇਰਾ, ਵਿੱਚੋਂ ਤੜਫਣਾ ਉੱਪਰੋਂ ਥੈਹਿ ਰਹਿਣਾ! ਤੇਰੇ ਮੇਲ ਦੀ ਘੜੀ ਦਾ ਘੁੱਟ ਮਿੱਠਾ, ਪੀਣਾ, ਪੀ ਕੇ ਸ਼ੁਕਰੀਆ ਕਹਿ ਲੈਣਾ! 51 ਮੁੱਠੀ ਖੁੱਲ੍ਹ ਗਈ ’ਵਾ ਵਿੱਚ ਮੁਸਕ ਵਾਲੀ, ਅੱਜ ਹਾਣੀ ਪੁਕਾਰਦੇ ਹਾਣੀਆਂ ਨੂੰ! ਇੱਕ ਵੰਝ ਬੇਲੇ ਵਿੱਚ ਵਸਲ ਕਰਦੇ, ਇੱਕ ਯਾਦ ਕਰਦੇ ਸੇਜਾਂ ਮਾਣੀਆਂ ਨੂੰ! ਡਾਲ-ਡਾਲ ਦੇ ਨਾਲ ਸੰਜੋਗ ਕਰਦੀ, ’ਵਾ ਚੁੰਮ ਗਈ ਫੁੱਲਾਂ ਦੀਆਂ ਢਾਣੀਆਂ ਨੂੰ! ਸੂਹੇ ਰੰਗ ਦੇ ਸੱਜਰੇ ਦਾਗ਼ ਲੱਗੇ, ਚਿੱਟੇ ਇਸ਼ਕ ਦੀਆਂ ਚਾਦਰਾਂ ਤਾਣੀਆਂ ਨੂੰ! 52 ਸੌਖਾ ਅੱਗ ਨੂੰ ਕੱਜ ਕੇ ਰੱਖ ਲੈਣਾ, ਸੌਖਾ ਨਹੀਂ ਜੇ ਕੱਜਣਾ ਖ਼ਿਆਲ ਤੇਰਾ! ਅੰਗਾਂ ਮੇਰਿਆਂ ਵਿੱਚ ਹੈ ਸੇਕ ਤੇਰਾ, ਮੱਥੇ ਮੇਰੇ ਦੇ ਵਿੱਚ ਜਲਾਲ ਤੇਰਾ! ਇਹ ਵੀ ਤੇਰੇ ਫ਼ਰਾਕ ਦੀਆਂ ਬਰਕਤਾਂ ਨੇ, ਕਦੇ ਰੁੱਕਦਾ ਨਹੀਂ ਉਬਾਲ ਮੇਰਾ! ਮੈਨੂੰ ਤੱਕਦੇ ਲੋਕ ਜੁ ਥੱਕਦੇ ਨਾ, ਮੇਰੇ ਵਿੱਚ ਹੈ ਖ਼ੌਰੇ ਜਮਾਲ ਤੇਰਾ! 53 ਕਦੀ ਹੱਥ ਵਧਾ ਕੇ ਚੁੱਕ ਲੈਂਦੋਂ, ਪੱਕੇ ਫਲ ਵਾਂਗੂੰ ਭੋਇੰ ਡਿੱਗ ਪਏ ਹਾਂ! ਫਲ ਟੁੱਟੇ ਤੇ ਟਾਹਣੀਉਂ ਰਸਾ ਸਿੱਜੇ, ਅਸੀਂ ਆਪਣੇ ਆਪ ’ਚੋ ਸਿੰਜ ਪਏ ਹਾਂ! ਆ ਉਏ ਸੱਜਣਾ ਕੱਚ ਦਿਆ ਸਾਗਰਾ ਉਏ, ਤੂੰ ਟੁੱਟਿਓਂ ਤੇ ਅਸੀਂ ਭਿੱਜ ਗਏ ਹਾਂ! ਉੱਗੇ ਮਿੱਟੀਉਂ ਮਿੱਟੀ ਵਿੱਚ ਰਲ ਜਾਣਾ, ਨਿੱਤ ਉੱਗਣਾ ਵਿਨਸਣਾ ਗਿੱਝ ਗਏ ਹਾਂ! 54 ਸ਼ੁਕਰ-ਸ਼ੁਕਰ ਜੇ ਸੱਜਣਾ ’ਵਾਜ ਦਿੱਤੀ, ਸੁਣੀ ਅਸਾਂ ਤੇ ਸੁਣੀ ਪਰਿੰਦਿਆਂ ਨੇ! ਜਾਗੇ ਪੱਛਮੋਂ ਪੂਰਬਾਂ ਵੱਲ ਉੱਡੇ, ਡਾਰਾਂ ਬੰਨ੍ਹੀਆਂ ਚਹਿਕ ਚਹਾਂਦਿਆਂ ਨੇ! ਤੂੰ ਗੱਲ ਕੀਤੀ ਅਸਾਂ ਘੁੱਟ ਭਰਿਆ, ਜਾਮ ਡੋਲ੍ਹਿਆ ਬੁੱਲ੍ਹਾਂ ਸ਼ਰਮਾਂਦਿਆਂ ਨੇ! ਤੇਰੇ ਬੋਲ ’ਚੋਂ ਇੱਕ ਖੁਸ਼ਬੂ ਆਈ, ਝੋਲੀ ਭਰੀ ਹਵਾਵਾਂ ਦੇ ਪੱਲਿਆਂ ਨੇ! 55 ਜਦੋਂ ਕੋਂਪਲਾਂ ਨਵੀਆਂ ਨਕੋਰ ਫੁੱਟਣ, ਜਦੋਂ ਟਹਿਣੀਆਂ ਬੂਰ ਭਰਪੂਰ ਹੋਵਣ! ਜਦੋਂ ਅੰਗਾਂ ਦੇ ਮਸਲ ਅਲਸਾਏ ਹੋਵਣ, ਸ਼ੌਕ ਨਾਲ ਥੱਕੇਵੇਂ ਦੇ ਚੂਰ ਹੋਵਣ! ਜਦੋਂ ਮਿਲਣ ਦੀ ਲਹਿਰ ਇੱਕ ਚੜ੍ਹੀ ਹੋਵੇ, ਮਿਲਣ ਵਾਲੜੇ ਲਹਿਰਾਂ ਤੋਂ ਦੂਰ ਹੋਵਣ! ਉਦੋਂ ਤਵੀ ’ਤੇ ਬਹਿਣ ਜਿਹਾ ਸੁਆਦ ਆਵੇ, ਲਟਕੇ ਸੂਲੀਆਂ ਉੱਤੇ ਮਨਸੂਰ ਹੋਵਣ! 56 ਕਲਮੇਂ ਕਮਲੀਏ ਕੀ ਤੈਂ ਲਿਖ ਧਰਿਆ, ਖੌਰੇ ਸੱਜਣਾ ਨੂੰ ਮਨਜ਼ੂਰ ਕਿ ਨਹੀਂ! ਦੋਵੇਂ ਹੋਂਠ ਹੋਂਠਾਂ ਉੱਤੇ ਰੱਖ ਉਨ੍ਹਾਂ, ਖੌਰੇ ਚੁੰਮਣਾ (ਇਹ) ਚੜ੍ਹਿਆ ਸਰੂਰ ਕਿ ਨਹੀਂ! ਰੁੱਗ ਮਾਸ ਦਾ ਤੇ ਮੁੱਠੀ ਹੱਡੀਆਂ ਦੀ, ਖੌਰੇ ਹੋਵਣੀ ਏ ਨੂਰੋ-ਨੂਰ ਕਿ ਨਹੀਂ! ਖੌਰੇ ਲੁੱਡਣਾ ਪੈਸੇ ਦੇ ਭਾਈਵਾਲਾਂ, ਪਾਰ ਲਾਵਣਾ ਏ ਪਹਿਲੇ ਪੂਰ ਕਿ ਨਹੀਂ!
'ਹਿਜਰ ਵਸਲ ਦੀਆਂ ਘੜੀਆਂ' ਨਾਲ ਆਈ ਚਿੱਠੀ
ਪਿਆਰੇ ਕਰਮਜੀਤ ਸਿੰਘ ਗਠਵਾਲਾ ਜੀਓ,
ਸਤਿ ਸ੍ਰੀ ਅਕਾਲ !
ਇੱਥੇ ਪੇਸ਼ ਕੀਤੀਆਂ ਜਾ ਰਹੀਆ ਚਾਰ-ਸਤਰੀ ਖੂਬਸੂਰਤ ਕਵਿਤਾਵਾਂ ਪੰਜਾਬੀ ਦੇ ਮਰਹੂਮ ਪ੍ਰਸਿੱਧ ਕਵੀ ਬਖਤਾਵਰ ਸਿੰਘ ਦਿਓਲ ਦੀਆਂ ਹਨ।ਆਲੋਚਕ ਉਸਨੂੰ ਪੰਜਾਬੀ ਕਵੀਆਂ ਦੀ ਤੀਜੀ ਪੀੜ੍ਹੀ ਦਾ ਪ੍ਰਤੀਨਿੱਧ ਕਵੀ ਮੰਨਦੇ ਹਨ।ਇਨ੍ਹਾਂ ਦੀ ਪੁਸਤਕ ‘ਹਿਜਰ ਵਸਲ ਦੀਆਂ ਘੜੀਆਂ’ ਮੈਨੂੰ ਬਾਲ ਉਮਰੇ ਹੀ ਘਰੋਂ ਪਈ ਪ੍ਰਾਪਤ ਹੋਈ ਸੀ।ਸ਼ਾਇਦ ਮੇਰੇ ਵੱਡੇ ਫ਼ੌਜੀ ਭਰਾ ਨੇ ਕਦੇ ਖਰੀਦੀ ਹੋਵੇਗੀ।ਇਹ ਫਟੀ ਪੁਰਾਣੀ ਪੁਸਤਕ ਮੈਂ ਇੱਕ ਕਾਪੀ ਦੀ ਜਿਲਦ ਵਿੱਚ ਸੰਭਾਲ ਕੇ ਰੱਖ ਲਈ।ਸਮੇਂ-ਸਮੇਂ ਕਵਿਤਾਵਾਂ ਪੜ੍ਹਦਾ ਰਹਿੰਦਾ ਸਾਂ।ਬਹੁਤੀਆ ਕਵਿਤਾਵਾਂ ਤਾਂ ਮੈਨੂੰ ਜਬਾਨੀ ਯਾਦ ਹੋਈਆਂ ਪਈਆ ਹਨ।1965 ਦੀ ਛਪੀ ਇਸ ਕਿਤਾਬ ਦੀ ਹਾਲਤ ਮੱਕੀ ਦੇ ਰੋਟੀ ਵਰਗੀ ਹੋਈ ਪਈ ਹੈ।ਹੱਥ ਲਾਇਆਂ ਵਰਕੇ ਸੁੱਕੇ ਟੁੱਕ ਵਾਂਗਰ ਟੁੱਟਦੇ ਹਨ।ਜੇ ਇਹਨੂੰ ਮੁੱਠੀ ਵਿੱਚ ਘੁੱਟ ਕੇ ਮਸਲ ਦੇਵਾਂ ਤਾਂ ਇਹਦੀ ਚੂਰੀ ਕੁੱਟੀ ਜਾਵੇ।ਹੋ ਸਕਦਾ ਇਹਦੀ ਹੋਰ ਕੋਈ ਕਾਪੀ ਕਿਤੇ ਹੋਵੇ ਵੀ ਨਾ…………ਇਸ ਲਈ ਬਹੁਤ ਹੀ ਸੁੰਦਰ ਤੇ ਜਾਦੂਈ ਬੋਲੀ ਵਿੱਚ ਲਿਖੀਆਂ ਇਹ ਪਿਆਰ ਕਵਿਤਾਵਾਂ ਨੂੰ ਸਾਂਭਣ ਦੇ ਮਕਸਦ ਨਾਲ ਸਫ਼ੇ ਜੋੜ-ਜੋੜ ਕੇ ਭੂਮਿਕਾ ਸਮੇਤ ਤਰਤੀਬਵਾਰ ਟਾਇਪ ਕਰ ਦਿੱਤਾ ਹੈ।ਪਿਆਰ ਕਵਿਤਾਵਾਂ ਦਾ ਇਹ ਕੀਮਤੀ ਖਜਾਨਾ ਇੰਟਰਨੈੱਟ ’ਤੇ ਕਿਤੇ ਸਾਂਭਿਆ ਪਿਆ ਪੜ੍ਹਿਆ ਜਾਂਦਾ ਰਵ੍ਹੇਗਾ।
ਤੁਹਾਡਾ ਸ਼ੁਭਚਿੰਤਕ,
-ਓਮਕਾਰ ਸੂਦ ਬਹੋਨਾ
ਫ਼ਰੀਦਾਬਾਦ ,
ਮੋਬਾਈਲ- 9654036080