Hijar Na Chitthia Jaave : A H Atif

ਹਿਜਰ ਨਾ ਚਿੱਥਿਆ ਜਾਵੇ : ਏ ਐੱਚ ਆਤਿਫ਼ਸੱਜਣਾਂ ਅੱਗੇ ਹੀਣਿਆਂ ਕਰ ਗਈ

ਸੱਜਣਾਂ ਅੱਗੇ ਹੀਣਿਆਂ ਕਰ ਗਈ ਇੱਕ ਨਿਕਾਰੀ ਗੱਲ । ਕਿੰਨਾਂ ਹੌਲਾ ਕਰ ਜਾਂਦੀ ਏ ਵਿੱਢੋਂ ਭਾਰੀ ਗੱਲ । ਇਹ ਸੋਚਾਂ ਹੁਣ ਉਹ ਵੀ ਆਪਣਾ ਭਰਮ ਕਦੋਂ ਤੱਕ ਰੱਖੂ, ਜੀਹਨੇ ਕਰਨੀ ਜਦ ਵੀ ਕਰਨੀ ਮੰਗ ਉਧਾਰੀ ਗੱਲ । ਅੰਬੜੀ ਤਾਈਂ ਕਿੱਦਾਂ ਆਖਾਂ ਲੱਜਾਂ ਆੜੇ ਆਣ, ਬੁੱਲ੍ਹਾਂ ਹੇਠਾਂ ਚਿੱਥੀ ਪੈ ਗਈ ਸ਼ਰਮਾਂ ਮਾਰੀ ਗੱਲ । ਉਹ ਵੀ ਹੁਣ ਬਦਨਾਮੀ ਦਾ ਇਲਜ਼ਾਮ ਮੇਰੇ ਤੇ ਲਾਵੇ, ਜੀਹਨੇ ਆਪਣੀ ਸ਼ੌਹਰਤ ਪਾਰੋਂ ਆਪ ਖਿਲਾਰੀ ਗੱਲ । ਲੱਖ ਰਹੀ ਮਜਬੂਰੀ ਭਾਵੇਂ ਜਜ਼ਬੇ ਕਿੱਥੇ ਲੁਕਦੇ, ਬੁੱਲ੍ਹਾਂ ਤੋਂ ਜੋ ਕਹਿ ਨਾ ਹੋਈ ਅੱਖਾਂ ਤਾਰੀ ਗੱਲ । ਜੇ ਪਰ੍ਹਿਆ ਦੇ ਵਿਚ ਵੀ 'ਆਤਿਫ਼' ਠੁੱਕਵੀਂ ਗੱਲ ਨਈਂ ਕਰਨੀ, ਆਪਣਾ ਪੋਲ ਨਾ ਖੋਲ੍ਹੀਂ ਕਰ ਕੇ ਥੱਕੀ ਹਾਰੀ ਗੱਲ ।

ਝਟਕੇ ਦੇ ਨਾਲ ਕੋਮਲ ਮੁਖੜਾ

ਝਟਕੇ ਦੇ ਨਾਲ ਕੋਮਲ ਮੁਖੜਾ ਕਰਕੇ ਜ਼ੁਲਫ਼ਾਂ ਉਹਲੇ । ਮੇਰੇ ਸੁੰਦਰ ਜਜ਼ਬੇ ਉਹਨੇ ਨਖ਼ਰੇ ਹੇਠ ਮਧੋਲੇ । ਉਹੀ ਹੋਣੈ ਉਹਦੇ ਬਾਝੋਂ ਸਿੱਕ ਅਜਿਹਾ ਕੀਹਨੂੰ, ਕਿਹੜਾ ਪੋਹ ਦੀ ਬਾਰਸ਼ ਦੇ ਵਿਚ ਵਿੜਕ ਤੇ ਬੂਹਾ ਖੋ੍ਹਲੇ । ਮੈਂ ਹੀ ਦੁੱਖ ਲੁਕਾ ਨਾ ਸਕਿਆ ਭਰਵਿਆਂ ਹਾਸਿਆਂ ਪਿੱਛੇ, ਪਿੰਡਾਂ ਦੇ ਪਿੰਡ ਲੁਕ ਜਾਂਦੇ ਨੇ ਉਂਜ ਤੇ ਰੁੱਖਾਂ ਉਹਲੇ । ਦਿਲ ਹੱਥੋਂ ਮਜਬੂਰ ਉਹ ਹੋ ਕੇ ਬੂਹੇ ਤੱਕ ਤੇ ਆਇਆ, ਪਿੱਛੇ ਮੁੜ ਮੁੜ ਤੱਕੇ ਨਾਲੇ ਡਰਿਆ ਡਰਿਆ ਬੋਲੇ । ਦੁਖ ਨੂੰ ਅੱਖ ਦਾ ਪਾਣੀ ਕਰਕੇ ਸਦਮਿਉਂ ਬਾਹਰ ਤੇ ਕੱਢੋ, ਪੱਥਰ ਹੋ ਜਾਵੇਗਾ 'ਆਤਿਫ਼' ਜੇ ਹੰਝੂ ਨਾ ਡੋਲ੍ਹੇ ।

ਭਾਲ ਤੇਰੀ ਵਿਚ ਉਡ ਚੱਲੀਆਂ ਸਨ

ਭਾਲ ਤੇਰੀ ਵਿਚ ਉਡ ਚੱਲੀਆਂ ਸਨ ਮਰ ਕੇ ਫੜੀਆਂ ਯਾਦਾਂ । ਫਿਰ ਪਲਕਾਂ ਦੀ ਵਿਲਕਣ ਅੰਦਰ ਮੁਸ਼ਕਿਲ ਤੜੀਆਂ ਯਾਦਾਂ । ਤੇਰੇ ਨਾਲ ਤੇ ਘੁੰਮ ਲੈਂਦੇ ਸਾਂ ਸ਼ਹਿਰ ਦੀਆਂ ਸਭ ਸੜਕਾਂ, ਹੁਣ ਤੇ ਪੈਰ ਨਾ ਪੁੱਟਣ ਦੇਵਣ ਬੂਹੇ ਖੜ੍ਹੀਆਂ ਯਾਦਾਂ । ਡਾਇਰੀ ਦੇ ਦੋ ਭਿੱਜੇ ਵਰਕੇ ਬੱਲਬ ਨਾਲ ਸੁਖਾਵਾਂ, ਅੱਖੀਆਂ ਚੋਂ ਸੋਮੇਂ ਫੁੱਟੇ ਸੀ ਜਿਸ ਦਮ ਪੜ੍ਹੀਆਂ ਯਾਦਾਂ । ਉਹਦੀ ਯਾਦ ਹੁਣ ਜੀਣ ਨਾ ਦੇਵੇ ਸੂਲੀ ਟੰਗੀ ਰੱਖੇ, ਉਂਜ ਤੇ ਆਲ-ਦੁਆਲੇ ਮੇਰੇ ਰਹਿੰਦੀਆਂ ਬੜੀਆਂ ਯਾਦਾਂ । ਵੇਲੇ ਸਿਰ ਜੇ ਭੁੱਲ ਜਾਂਦਾ ਤੇ 'ਆਤਿਫ਼' ਚੰਗਾ ਰਹਿੰਦਾ, ਹੁਣ ਤੇ ਜ਼ਿੱਦੀ ਬਾਲ ਦੇ ਵਾਂਗੂੰ ਭੂਏ ਚੜ੍ਹੀਆਂ ਯਾਦਾਂ ।

ਸੋਚ ਲੈਂਦੇ ਜੇ ਫ਼ਸਲਾਂ ਮਿੱਧ ਕੇ

ਸੋਚ ਲੈਂਦੇ ਜੇ ਫ਼ਸਲਾਂ ਮਿੱਧ ਕੇ ਭੁੱਖ ਵਧਾਉਣ ਤੋਂ ਪਹਿਲਾਂ । ਕੱਲਰ ਖਾਧੀਆਂ ਥਾਵਾਂ ਲੱਭਦੇ ਸ਼ਹਿਰ ਵਸਾਉਣ ਤੋਂ ਪਹਿਲਾਂ । ਰਾਤ ਵੀ ਚੰਨ ਨੇ ਸਾਰਾ ਪੈਂਡਾ ਅੱਖਾਂ ਦੇ ਵਿਚ ਕੀਤਾ, ਦੇਖ ਲੈ ਅੱਜ ਵੀ ਸੂਰਜ ਆਇਆ ਤੇਰੇ ਆਣ ਤੋਂ ਪਹਿਲਾਂ । ਨੰਗੇ ਸਿਰ ਹੁਣ ਠੰਢਾ ਪੋਹ ਤੇ ਤਪਦਾ ਹਾੜ੍ਹ ਹੰਢਾਵੀਂ, ਪੱਕੇ ਦੇਖ ਕੇ ਸੋਚਿਆ ਵੀ ਨਾ ਕੱਚੇ ਢਾਣ ਤੋਂ ਪਹਿਲਾਂ । ਹੁਣ ਭਾਵੇਂ ਸਿਰ ਲੱਥਣ ਬੀਬਾ ਪੈਰ ਪਿਛਾਂਹ ਨਹੀਂ ਧਰਨਾ, ਕਰ ਲਈਆਂ ਨੇ ਸੋਚ ਵਿਚਾਰਾਂ ਕਸਮਾਂ ਖਾਣ ਤੋਂ ਪਹਿਲਾਂ । ਉਹਦੇ ਚਾਅ ਨਾ ਵਹਿਣੀ ਰੁੜ੍ਹਦੇ ਸੁਫ਼ਨੇ ਵੀ ਨਾ ਭੱਜਦੇ, ਜਿਹੜਾ ਹਰ ਸ਼ੈ ਸਾਂਭੇ 'ਆਤਿਫ਼' ਬੱਦਲ ਆਣ ਤੋਂ ਪਹਿਲਾਂ ।

ਹੁਣ ਤੇ ਜੋਹਿਦ ਮੁਕੰਮਲ ਹੋਇਆ

ਹੁਣ ਤੇ ਜੋਹਿਦ ਮੁਕੰਮਲ ਹੋਇਆ ਬਖ਼ਸ਼ ਨਜ਼ਾਰਾ ਕੋਈ । ਕਦ ਤਕ ਦਲਦਲ ਵਿਚ ਟੁਰੇਗਾ ਔਗੁਣ ਹਾਰਾ ਕੋਈ । ਸਾਂਝਾਂ ਦੀ ਇਸ ਭੀੜ ਦੇ ਅੰਦਰ ਜੀਵਨ ਇੰਜ ਹੰਢਾਇਆ, ਜੀਵੇਂ ਜੰਗਲ ਦੇ ਵਿਚ ਹੋਵੇ ਲੱਕੜਹਾਰਾ ਕੋਈ । ਦਿਲ ਚਾਹਵੇ ਪਈ ਮੈਂ ਵੀ ਸ਼ੌਕ ਦਾ ਅੰਬਰ ਛੂਹ ਕੇ ਆਵਾਂ, ਜੇ ਚਾਵਾਂ ਦੀ ਪੀਂਘ ਨੂੰ ਦੇਵੇ ਆਸ ਹੁਲਾਰਾ ਕੋਈ । ਕਿਰਨਾਂ ਦੇ ਨਾਲ ਲਿਸ ਲਿਸ ਕਰਦੀ ਤੇਰੀ ਸੋਹਣੀ ਚੁੰਨੀ, ਮੇਰੇ ਲੇਖ ਦੇ ਅੰਬਰ ਹੁੰਦਾ ਜੇ ਕਰ ਤਾਰਾ ਕੋਈ । ਥਾਂ ਥਾਂ ਉੱਤੇ 'ਆਤਿਫ਼' ਦਿਲ ਨੇ ਆਪਣੀ ਈਨ ਮਨਾਈ, ਇਹਦੇ ਵਾਂਗੂੰ ਵੀ ਨਾ ਹੋਵੇ ਆਪ ਮੁਹਾਰਾ ਕੋਈ ।

ਹਵਾਵਾਂ ਬਾਰੀਆਂ ਖੜਕਾਉਂਦੀਆਂ ਰਹੀਆਂ

ਹਵਾਵਾਂ ਬਾਰੀਆਂ ਖੜਕਾਉਂਦੀਆਂ ਰਹੀਆਂ ਫ਼ਜਰ ਤਾਈਂ । ਤੇ ਯਾਦਾਂ ਉਹਦੀਆਂ ਕੁਰਲਾਉਂਦੀਆਂ ਰਹੀਆਂ ਫ਼ਜਰ ਤਾਈਂ । ਡਿਗੇ ਮਹਿੰਦੀ ਤੇ ਹੰਝੂ ਰਾਜ਼ ਦੱਸ ਦਿੱਤੇ ਸੀ ਸਖੀਆਂ ਨੂੰ, ਖ਼ੁਸ਼ੀ ਦੇ ਗੀਤ ਫਿਰ ਵੀ ਗਾਉਂਦੀਆਂ ਰਹੀਆਂ ਫ਼ਜਰ ਤਾਈਂ । ਉਹ ਪਹਿਲੇ ਵਾਂਗ ਰਾਤੀਂ ਵਾਅਦਾ ਭੁੱਲ ਕੇ ਘੂਕ ਸੁੱਤਾ ਸੀ, ਉਡੀਕਾਂ ਜੀਹਦੀਆਂ ਤੜਪਾਉਂਦੀਆਂ ਰਹੀਆਂ ਫ਼ਜਰ ਤਾਈਂ । ਐਵੇਂ ਇਕ ਆਸ ਪਾਰੋਂ ਮੈਂ ਵੀ ਤੇ ਬੂਹਾ ਨਾ ਬੰਦ ਕੀਤਾ, ਉਹ ਅੱਖਾਂ ਬਾਰੀ ਵਿਚ ਸ਼ਰਮਾਉਂਦੀਆਂ ਰਹੀਆਂ ਫ਼ਜਰ ਤਾਈਂ । ਮੇਰੀ ਰੀਝਾਂ ਦੀ ਧਰਤੀ ਤੇ ਇਹ ਖ਼ਵਰੇ ਕਿਉਂ ਨਹੀਂ ਵਰ੍ਹਿਆ, ਘਟਾਵਾਂ ਉਂਜ ਤੇ 'ਆਤਿਫ਼'ਭਾਉਂਦੀਆਂ ਰਹੀਆਂ ਫ਼ਜਰ ਤਾਈਂ ।

ਜਦ ਵੀ ਬੰਜਰ ਧਰਤੀ ਉੱਤੇ

ਜਦ ਵੀ ਬੰਜਰ ਧਰਤੀ ਉੱਤੇ ਹਿੰਮਤ ਨਾਲ ਉਸਾਰੇ ਪਿੰਡ । ਬੂਹੇ ਲਾਏ ਅਣਖਾਂ ਜੜੀਆਂ ਸੱਧਰਾਂ ਨਾਲ ਸ਼ਿੰਗਾਰੇ ਪਿੰਡ । ਜਿਹੜਾ ਜੱਗ ਦੇ ਡਰ ਤੋਂ ਮੈਨੂੰ ਰੱਬ ਰਾਖਾ ਨਾ ਕਹਿ ਸਕਿਆ, ਰੱਬ ਕਰੇ ਉਹ ਸਾਰੀਆਂ ਛੁੱਟੀਆਂ ਖ਼ੁਸ਼ੀਆਂ ਨਾਲ ਗੁਜ਼ਾਰੇ ਪਿੰਡ । ਯਾਦ ਆ ਜਾਵੇ ਤਾਂ ਉਹ ਸੁੰਨੀਆਂ ਸੜਕਾਂ ਦੇ ਵਲ ਨਿੱਕਲ ਜਾਣ, ਰੁੱਖਾਂ ਤੇ ਫ਼ਸਲਾਂ ਨਾਲ ਸਜਿਆ ਤੇਰਾ ਨਹਿਰ ਕਿਨਾਰੇ ਪਿੰਡ । ਸੋਹਣੇ ਲੱਗਦੇ ਮਾਂ ਬੋਲੀ ਦੀ ਸੇਵਾ ਦੇ ਵਿਚ ਰੁੱਝੇ ਉਹ, ਰਹਿਤਲ, ਰੀਤਾਂ, ਰਸਮਾਂ ਸਾਂਗੇ ਮੇਰੇ ਦੇਸ ਦੇ ਸਾਰੇ ਪਿੰਡ । ਸ਼ਹਿਰਾਂ ਵਿਚ ਤਰੱਕੀ ਕਰ ਲਈ 'ਆਤਿਫ਼' ਇੰਗਲਿਸ਼ ਖੇਡਾਂ ਨੇ, ਲੁੱਕਣ ਮੀਟੀ, ਜੰਗ ਪਲੰਗਾ ਰਹਿ ਗਏ ਪੀਂਘ ਹੁਲਾਰੇ ਪਿੰਡ ।

ਜੇ ਰਾਹਵਾਂ ਦੇ ਦੁਖ ਨਾ ਜਰਦਾ

ਜੇ ਰਾਹਵਾਂ ਦੇ ਦੁਖ ਨਾ ਜਰਦਾ ਕੀ ਕਰਦਾ । ਲੈ ਟੁਰਿਆ ਸੀ ਸ਼ੌਕ ਸਫ਼ਰ ਦਾ ਕੀ ਕਰਦਾ । ਚਾਦਰ ਤਾਣੀ ਨਿੱਘੀਆਂ ਨਿੱਘੀਆਂ ਯਾਦਾਂ ਦੀ, ਦਿਲ ਸੀ ਹਿਜਰ ਦੇ ਪਾਲੇ ਠਰਦਾ ਕੀ ਕਰਦਾ । ਭਾਲ ਤੇਰੀ ਵਿਚ ਦਰ ਦਰ ਅਲਖ ਜਗਾਈ ਮੈਂ, ਜਾਣੂ ਨਹੀਂ ਸਾਂ ਤੇਰੇ ਘਰ ਦਾ ਕੀ ਕਰਦਾ । ਤੇਰੇ ਘੱਲੇ ਉਹ ਬੂਹੇ ਤੇ ਆਏ ਸਨ, ਮੈਂ ਦੁੱਖਾਂ ਸਿਰ ਹੱਥ ਨਾ ਧਰਦਾ ਕੀ ਕਰਦਾ । ਲੀਰਾਂ ਲੀਰਾਂ ਕਰ ਕੇ ਵੰਡੀ ਜੱਗ ਉੱਤੇ, 'ਆਤਿਫ਼' ਸੋਚ ਦੇ ਵੱਡੇ ਵਰ ਦਾ ਕੀ ਕਰਦਾ ।

ਓੜਕ ਕਦ ਤੱਕ ਪੱਬਾਂ ਭਾਰ ਖਲੋਵੇਂਗਾ

ਓੜਕ ਕਦ ਤੱਕ ਪੱਬਾਂ ਭਾਰ ਖਲੋਵੇਂਗਾ । ਇਕ ਦਿਨ ਥੱਕ ਕੇ ਧਾਹਾਂ ਮਾਰ ਕੇ ਰੋਵੇਂਗਾ । ਐਵੇਂ ਸੱਧਰਾਂ ਪਾਲੀ ਜਾਵੇਂ ਸੋਚ ਤੇ ਸਹੀ, ਆਪਣੀਆਂ ਲਾਸ਼ਾਂ ਕੱਲਾ ਕੀਵੇਂ ਢੋਵੇਂਗਾ । ਮੇਰੇ ਨਾਲ ਜੇ ਟੁਰਿਆ ਏਂ ਤੇ ਚੇਤੇ ਰੱਖ, ਆਪਣਾ ਹੱਕ ਤੂੰ ਮੰਗੇਂਗਾ ਨਹੀਂ ਖੋਹਵੇਂਗਾ । ਅੱਜ ਮੈਂ ਝੂਠ ਹਾਂ ਜਿਸ ਦਿਨ ਮੇਰਾ ਸੱਚ ਖੁੱਲ੍ਹਾ, ਪਛਤਾਵੇਂਗਾ ਆਪਣੇ ਆਪ ਨੂੰ ਕੋਹਵੇਂਗਾ । 'ਆਤਿਫ਼' ਦਿਲ ਦੀ ਧੜਕਨ ਮੈਨੂੰ ਦੱਸਦੀ ਏ, ਬੂਹੇ ਦੇ ਵਿਚ ਕਿੰਜ ਉਡੀਕਦਾ ਹੋਵੇਂਗਾ ।

ਰੀਝ ਦੀ ਪੂਣੀ ਆਸ ਦੇ ਚਰਖ਼ੇ

ਰੀਝ ਦੀ ਪੂਣੀ ਆਸ ਦੇ ਚਰਖ਼ੇ ਕੱਤੇ ਖ਼ਾਬ । ਪੀਲੀਆਂ ਰੁੱਤਾਂ ਦੇ ਵਿਚ ਰੱਤੇ ਰੱਤੇ ਖ਼ਾਬ । ਵਿਛੜਣ ਵੇਲੇ ਡੱਕ ਨਾ ਹੋਏ ਅੱਖਾਂ ਤੋਂ, ਕੋਸੇ ਕੋਸੇ ਹੰਝੂ ਤੱਤੇ ਤੱਤੇ ਖ਼ਾਬ । ਚਾਅ ਦੇ ਰੁੱਖ ਤੇ ਛਿੱਟ ਖਿਲਾਰੀ ਯਾਦਾਂ ਨੇ, ਸੱਧਰਾਂ ਟਾਹਣੀ ਟਾਹਣੀ ਪੱਤੇ ਪੱਤੇ ਖ਼ਾਬ । ਖ਼ਾਬਾਂ ਦੇ ਰੰਗ ਰੰਗੀਆਂ ਵੰਗਾਂ ਭੰਨ ਲਈਆਂ, ਰੀਤਾਂ ਦੀ ਅੱਗ ਸੜ ਗਏ ਸਾਵੇ ਸੱਤੇ ਖ਼ਾਬ । ਅੱਜ ਯਾਦਾਂ ਦੇ ਸਿਰ ਢੱਕਣ ਲਈ 'ਆਤਿਫ਼' ਨੇ, ਅੱਖਰਾਂ ਨਾਲ ਉਸਾਰੀ ਕੀਤੀ ਛੱਤੇ ਖ਼ਾਬ ।

ਸਾਉਣ ਦੀ ਪਹਿਲੀ ਬਾਰਸ਼

ਸਾਉਣ ਦੀ ਪਹਿਲੀ ਬਾਰਸ਼ ਨਹਾਉਣਾ ਛੱਤ ਉੱਤੇ । ਨਾਲ ਬਹਾਨੇ ਉਹਦਾ ਆਉਣਾ ਛੱਤ ਉੱਤੇ । ਕੱਠਿਆਂ ਹੋ ਕੇ ਪਾਣੀ ਭਰ ਕੇ ਛੰਨੇ ਵਿਚ, ਅੱਜ ਵੀ ਯਾਦ ਏ ਚੰਨ ਨੂੰ ਲਾਹੁਣਾ ਛੱਤ ਉੱਤੇ । ਮੈਂ ਤੇ ਮੈਂ ਆਂ ਸੂਰਜ ਨੂੰ ਵੀ ਨਹੀਂ ਭੁੱਲਣਾ, ਰਾਤਾਂ ਵਰਗੇ ਵਾਲ ਸੁਖਾਉਣਾ ਛੱਤ ਉੱਤੇ । ਸ਼ਿਖਰ ਦੁਪਹਿਰੇ ਭੈਣ ਭਰਾਵਾਂ ਖੇਡਣ ਲਈ, ਦੋ ਮੰਜੀਆਂ ਦਾ ਕੋਠਾ ਪਾਉਣਾ ਛੱਤ ਉੱਤੇ । ਆਪ ਬੁਲਾਕੇ ਝੂਠੀ-ਮੂਠੀ ਰੁੱਸ ਬਹਿਣਾ, 'ਆਤਿਫ਼' ਉਹਨੂੰ ਇੰਜ ਸਤਾਉਣਾ ਛੱਤ ਉੱਤੇ ।