Barah Manh : Hidayatullah

ਬਾਰਹ ਮਾਂਹ ਹਿਦਾਇਤਉਲਾ

ਚੇਤਰ ਚਾਹ ਵਿਸਾਖ ਨੂੰ ਵਸਲ ਲੋੜਾਂ,
ਚੜ੍ਹਿਆ ਜੇਠ ਜਾਨੀ ਮੇਰਾ ਪਾਰ ਗਿਆ ।
ਹਾੜ ਹਾੜੇ ਘੱਤਾਂ ਸਾਵਨ ਸਵਾਂ ਨਾਹੀਂ,
ਭਾਦਉਂ ਭਉ ਲਗਾਇਕੇ ਯਾਰ ਗਿਆ ।
ਅਸੂ ਵਗਣ ਆਂਸੂ ਕੱਤਕ ਕੌਣ ਕੱਤੇ,
ਮੱਘਰ ਮੁਕ ਰਹੀਆਂ ਸੋਹਣਾ ਯਾਰ ਗਿਆ ।
ਪੋਹ ਪਵਾਂ ਕੀਕਰ ਮਾਘ ਮਾਹੀ ਬਾਝੋਂ,
ਫੱਗਣ ਫੂਕ ਹਦਾਇਤ ਨੂੰ ਸਾੜ ਗਿਆ ।

ਚੇਤ

ਚੜ੍ਹਦੇ ਚੇਤ ਨਹੀਂ ਘਰ ਜਾਨੀ ਰੋ ਰੋ ਆਹੀਂ ਮਾਰਾਂ ਮੈਂ ।
ਫਲਿਆ ਬਾਗ਼ ਪੱਕੇ ਸਭ ਮੇਵੇ ਕਿਸਦੀ ਨਜ਼ਰ ਗੁਜ਼ਾਰਾਂ ਮੈਂ ।
ਝੁਕ ਰਹੇ ਡਾਲ ਨਹੀਂ ਵਿਚ ਮਾਲੀ ਬੁਲਬੁਲ ਵਾਂਗ ਪੁਕਾਰਾਂ ਮੈਂ ।
ਜੇ ਘਰ ਯਾਰ ਹਿਦਾਇਤ ਆਵੈ ਅੰਬ ਅਨਾਰ ਉਤਾਰਾਂ ਮੈਂ ॥੧॥

ਵੈਸਾਖ

ਚੜ੍ਹੇ ਵੈਸਾਖ ਵਿਸਾਖੀ ਹੋਈ ਘਰੀਂ ਸੁਦਾਗਰ ਆਏ ਨੀ ।
ਨਹੀਂ ਖ਼ਬਰ ਅਸਾਡੇ ਜਾਨੀ ਕਿਉਂ ਇਤਨੇ ਦਿਨ ਲਾਏ ਨੀ ।
ਖੁੱਲ੍ਹੇ ਕੇਸ ਗਲੇ ਵਿਚ ਮੇਰੇ ਸਈਆਂ ਸੀਸ ਗੁੰਦਾਏ ਨੀ ।
ਕੌਣ ਹਿਦਾਇਤ ਖ਼ਬਰ ਲੈ ਆਵੇ ਕੇਹੜਾ ਕਾਸਦ ਜਾਏ ਨੀ ॥੨॥

ਜੇਠ

ਚੜ੍ਹਦੇ ਜੇਠ ਵਗਣ ਹੁਣ ਲੋਆਂ ਰੁਤ ਗਰਮੀ ਦੀ ਆਈ ਹੈ ।
ਜ਼ਾਲਮ ਬਿਰਹੋਂ ਫੂਕ ਅਲੰਬਾ ਆਤਸ਼ ਤੇਜ ਮਚਾਈ ਹੈ ।
ਏਸ ਵਿਛੋੜੇ ਵਗ ਸ਼ਮ੍ਹਾ ਦੇ ਮੇਰੀ ਜਾਨ ਜਲਾਈ ਹੈ ।
ਅਜੇ ਹਿਦਾਇਤ ਯਾਰ ਨ ਆਯਾ ਜਾਨ ਲਬਾਂ ਪੁਰ ਆਈ ਹੈ ॥੩॥

ਹਾੜ

ਚੜ੍ਹਿਆ ਹਾੜ ਘਤਾਂ ਮੈਂ ਹਾੜੇ ਪੀਆ ਬਾਝ ਇਕੱਲੀ ਜੇ ।
ਮੁਦਤ ਗੁਜ਼ਰੀ ਪੰਧ ਉਡੀਕਾਂ ਸੋਹਣੇ ਖ਼ਬਰ ਨਾ ਘੱਲੀ ਜੇ ।
ਵਾਂਗ ਜ਼ੁਲੈਖ਼ਾ ਯੂਸਫ਼ ਪਿਛੇ ਮੈਂ ਭੀ ਹੋਈ ਝੱਲੀ ਜੇ ।
ਲੱਗੇ ਇਸ਼ਕ ਹਿਦਾਇਤ ਉਸਨੂੰ ਕਿਸਮਤ ਜਿਦੀ ਅਵੱਲੀ ਜੇ ॥੪॥

ਸਾਵਣ

ਚੜ੍ਹਦੇ ਸਾਵਣ ਮੀਂਹ ਬਰਸਾਵਣ ਸਈਆਂ ਪੀਂਘਾਂ ਪਾਈਆਂ ਨੀ ।
ਕਾਲੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ ।
ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂ ਨੀ ।
ਸੌਖਾ ਇਸ਼ਕ ਹਿਦਾਇਤ ਦਿੱਸੇ ਇਸ ਵਿਚ ਸਖ਼ਤ ਬਲਾਈਆਂ ਨੀ ॥੫॥

ਭਾਦ੍ਰੋਂ

ਭਾਦ੍ਰੋਂ ਭਾਹਿ ਇਸ਼ਕ ਨੇ ਫੂਕੀ ਖ਼ੂਨ ਬਦਨ ਦਾ ਸੜਿਆ ਜੇ ।
ਦਸ ਪੀਆ ਦੀ ਪੈਂਦੀ ਨਾਹੀਂ ਛਿਵਾਂ ਮਹੀਨਾ ਚੜ੍ਹਿਆ ਜੇ ।
ਮੈਂ ਬੇਕਿਸਮਤ ਰੋਂਦੀ ਫਿਰਦੀ ਨਾਗ ਇਸ਼ਕ ਦਾ ਲੜਿਆ ਜੇ ।
ਕੇਹੜੇ ਦੇਸ ਹਿਦਾਯਤ ਜਾਨੀ ਕਿਸਮਤ ਮੇਰੀ ਖੜਿਆ ਜੇ ॥੬॥

ਅੱਸੂ

ਅੱਸੂ ਆਣ ਸਤਾਯਾ ਮੈਨੂੰ ਤਰਫ਼ ਜੰਗਲ ਉਠ ਵੈਨੀ ਹਾਂ ।
ਕਰਕੇ ਯਾਦ ਪੀਆ ਨੂੰ ਰੋਵਾਂ ਅਕੱਲੀ ਹੋ ਹੋ ਬਹਿਨੀ ਹਾਂ ।
ਜ਼ਾਲਮ ਬਿਰਹੋਂ ਪੈਣ ਨਾ ਦੇਂਦਾ ਜੇ ਮੈਂ ਲੰਮੀ ਪੈਨੀ ਹਾਂ ।
ਜਾਨੀ ਬਾਝ ਹਿਦਾਇਤ ਤੇਰੇ ਤਾਰੇ ਗਿਣਦੀ ਰਹਿਨੀ ਹਾਂ ॥੭॥

ਕੱਤਕ

ਚੜ੍ਹਿਆ ਕੱਤਕ ਕੰਤ ਨਾ ਆਇਆ ਮੈਂ ਹੁਣ ਭਾਲਣ ਜਾਵਾਂਗੀ ।
ਦੇਸ ਬਦੇਸ ਫਿਰਾਂਗੀ ਭੌਂਦੀ ਜੋਗੀ ਭੇਸ ਬਨਾਵਾਂਗੀ ।
ਗੇਰੂ ਨਾਲ ਰੰਗਾਂਗੀ ਕਪੜੇ ਕੰਨ ਵਿਚ ਮੁੰਦ੍ਰਾਂ ਪਾਵਾਂਗੀ ।
ਸੱਸੀ ਵਾਂਗ ਹਿਦਾਯਤ ਮੈਂ ਭੀ ਥਲ ਵਿਚ ਜਾਨ ਗਵਾਵਾਂਗੀ ॥੮॥

ਮੱਘਰ

ਮੱਘਰ ਮਾਰ ਮੁਕਾਇਆ ਮੈਨੂੰ ਹੱਡ ਵਿਛੋੜੇ ਗਾਲੇ ਨੀ ।
ਸਾਡੀ ਵੱਲੋਂ ਕਿਉਂ ਚਿੱਤ ਚਾਯਾ ਓਸ ਪੀਆ ਮਤਵਾਲੇ ਨੀ ।
ਅੱਗੇ ਰਾਤ ਕਹਿਰ ਦੀ ਲੰਮੀ ਉੱਤੋਂ ਪੈ ਗਏ ਪਾਲੇ ਨੀ ।
ਜਾਨੀ ਕੋਲ ਹਿਦਾਯਤ ਨਾਹੀਂ ਲਾਵਾਂ ਅੱਗ ਸਿਆਲੇ ਨੀ ॥੯॥

ਪੋਹ

ਚੜ੍ਹਿਆ ਪੋਹ ਪਈਆਂ ਹੁਣ ਬਰਫ਼ਾਂ ਕੋਈ ਖ਼ਬਰ ਨ ਵਾਲੀ ਨੂੰ ।
ਮੁੜਕੇ ਖ਼ਬਰ ਨ ਪੁਛੀ ਉਸਨੇ ਛਡ ਗਿਆ ਬੇਹਾਲੀ ਨੂੰ ।
ਭਾਂਬੜ ਬਲਣ ਜਦੋਂ ਮੈਂ ਦੇਖਾਂ ਉਸਦੀ ਪਲੰਘ ਨਿਹਾਲੀ ਨੂੰ ।
ਲਾ ਗਲ ਯਾਰ ਹਿਦਾਯਤ ਰੋਵਾਂ ਲੇਫ ਸਿਰਾਣੇ ਖਾਲੀ ਨੂੰ ॥੧੦॥

ਮਾਘ

ਮਾਘ ਮਹੀਨਾ ਮਾਹੀ ਬਾਝੋਂ ਜੋ ਕੁਛ ਮੈਂ ਸੰਗ ਬੀਤੀ ਜੇ ।
ਸ਼ਾਲਾ ਦੁਸ਼ਮਨ ਨਾਲ ਨ ਹੋਵੇ ਜੇਹੀ ਵਿਛੋੜੇ ਕੀਤੀ ਜੇ ।
ਕੋਹਲੂ ਵਾਂਗਰ ਜਾਨ ਤਤੀ ਦੀ ਪੀੜ ਇਸ਼ਕ ਨੇ ਲੀਤੀ ਜੇ ।
ਜਾਣੇ ਓਹ ਏਹ ਗੱਲ ਹਿਦਾਯਤ ਜ਼ਹਿਰ ਇਸ਼ਕ ਜਿਨਿ ਪੀਤੀ ਜੇ ॥੧੧॥

ਫੱਗਣ

ਚੜ੍ਹਿਆ ਫੱਗਣ ਕੰਧੀ ਲੱਗਣ ਉਮਰ ਰਹੀ ਦਿਨ ਥੋੜੇ ਨੀ ।
ਨਾਲ ਪੀਆ ਦੇ ਖੇਡਾਂ ਹੋਲੀ ਏਹ ਮੇਰਾ ਦਿਲ ਲੋੜੇ ਨੀ ।
ਐਸਾ ਕੌਣ ਕੱਢਾਂ ਮੈਂ ਦਰਦੀ ਜਾ ਉਸ ਨੂੰ ਹੱਥ ਜੋੜੇ ਨੀ ।
ਤਾਂ ਸੁਹਾਗਣ ਬਣਾਂ ਹਿਦਾਇਤ ਜੇ ਸ਼ਹੁ ਵਾਗਾਂ ਮੋੜੇ ਨੀ ॥੧੨॥੧॥

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ