Heer Damodar

ਹੀਰ ਦਮੋਦਰ

1. ਜਾਣ ਪਛਾਣ


ਨਾਉਂ ਦਮੋਦਰ ਜ਼ਾਤ ਗੁਲਾਟੀ, ਆਇਆ ਸਿੱਕ ਸਿਆਲੀਂ ।
ਆਪਣੇ ਮਨ ਵਿਚ ਮਸਲਤ ਕੀਤੀ, ਬੈਠ ਉਥਾਈਂ ਜਾਲੀਂ ।
ਵੜਿਆ ਵੰਜ ਚੂਚਕ ਦੇ ਸ਼ਹਿਰੇ, ਜਿਥੇ ਸਿਆਲ ਅਬਦਾਲੀ ।
ਆਖ ਦਮੋਦਰ ਖ਼ੁਸ਼ ਹੋਈਸੁ, ਵੇਖ ਉਨ੍ਹਾਂ ਦੀ ਚਾਲੀ ।

ਓਥੇ ਕੀਤਾ ਰਹਿਣ ਦਮੋਦਰ, ਉਹ ਬਸਤੀ ਖ਼ੁਸ਼ ਆਈ ।
ਚੂਚਕ ਨੂੰ ਜੋ ਵੰਜ ਮਿਲਿਆ ਸੇ, ਨਾਲੇ ਕੁੰਦੀ ਤਾਈਂ ।
ਚੂਚਕ ਬਹੁੰ ਦਿਲਾਸਾ ਕੀਤਾ, ਤਾਂ ਦਿਲਗੀਰੀ ਲਾਹੀ ।
ਆਖ ਦਮੋਦਰ ਹੋਇਆ ਦਿਲਾਸਾ, ਹੱਟੀ ਉਥੇ ਬਣਾਈ ।

ਵਿਚ ਸਿਆਲੀਂ ਰਹੇ ਦਮੋਦਰ, ਖ਼ੁਸ਼ੀ ਰਹੇ ਸਿਰ ਤਾਈਂ ।
ਅੱਖੀਂ ਦੇਖ ਤਮਾਸ਼ਾ ਸਾਰਾ, ਲੱਖ ਮੱਝੀਂ, ਲੱਖ ਗਾਈਂ ।
ਬਾਦਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁੱਜਤ ਕਾਈ ।
ਪੁੱਤਰ ਚਾਰ ਚੂਚਕ ਘਰ ਹੋਏ, ਦਮੋਦਰ ਆਖ ਸੁਣਾਈ ।

ਬਹੁਤ ਖ਼ੁਸ਼ੀ ਘਰ ਚੂਚਕ ਸੰਦੀ ਬਹੁੰ ਸੋ ਮਿਲੇ ਵਧਾਈ ।
ਦਏ ਖ਼ੈਰਾਤ ਖ਼ੁਸ਼ੀ ਹੋ ਚੂਚਕ, ਬਹੁਤੀ ਖ਼ਲਕਤ ਆਈ ।
ਬਹੁ ਸਿਕਦਾਰੀ ਚੂਚਕ ਸੰਦੀ, ਭਲੀ ਗੁਜ਼ਰਾਨ ਲੰਘਾਈ ।
ਆਖ ਦਮੋਦਰ ਵਾਰ ਬੁੱਢੇ ਦੀ, ਮਹਿਰੀ ਕੁੰਦੀ ਵਿਆਈ ।

ਹੀਰ ਛੋਹਰ ਜੰਮੀ ਹੈ ਲੋਕਾ, ਸੂਰਤ ਨਿੰਦ ਨਾ ਕਾਈ ।
ਪੱਟ ਵਲ੍ਹੇਟੀ, ਮੱਖਣ ਪਾਲੀ, ਕੁੱਛੜ ਕੀਤੀ ਦਾਈ ।
ਜੋ ਵੇਖੇ ਸੋ ਖ਼ੁਸ਼ ਥੀਵੇ, ਚਿਹਰੇ ਬਹੁੰ ਸੁੰਦਰਾਈ ।
ਆਖ ਦਮੋਦਰ ਘਰ ਚੂਚਕ ਦੇ, ਹੀਰ ਕੁੜੀ ਵੱਤ ਜਾਈ ।

ਵੱਡੀ ਹੋਈ ਹੀਰ ਸਲੇਟੀ, ਜ਼ਿਮੀਂ ਪੈਰ ਨਾ ਲਾਏ ।
ਜੇ ਕੋਈ ਵੇਖੇ ਹੀਰੇ ਤਾਈਂ, ਪੈਰ ਨਾ ਮੂਲੇ ਚਾਏ ।
ਲੁੰਗੀ ਮੰਝ ਬੰਨ੍ਹੇ ਪੰਜ ਤਾਣੀ, ਅਤੇ ਪੱਟ ਹੰਢਾਏ ।
ਵੇਖ ਦਮੋਦਰ ਹੀਰ ਦੀ ਚਾਲੀ, ਕਿੱਸਾ ਆਣ ਬਣਾਏ ।

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣ ਨਾ ਕੋਈ ।
ਸ਼ੌਕ ਸ਼ੌਕ ਉੱਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ ।
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁੱਝ ਨਜ਼ਰ ਪਿਓ ਈ ।
ਆਖ ਦਮੋਦਰ ਅੱਗੇ ਕਿੱਸਾ, ਜੋ ਸੁਣੇ ਸਭ ਕੋਈ ।

2. ਕਿੱਸੇ ਦਾ ਆਰੰਭ


ਅੱਵਲ ਨਾਮ ਸਾਹਿਬ ਦਾ ਲਈਏ, ਜਿਨ ਇਹ ਜਗਤ ਉਪਾਇਆ ।
ਜ਼ਿਮੀਂ ਅਸਮਾਨ ਫ਼ਲਕ ਦੁਰੁ ਸੀਤੀ, ਕੁਦਰਤ ਨਾਲ ਟਿਕਾਇਆ ।
ਦੌਰ ਕਮਰ ਖ਼ੁਰਸ਼ੈਦੋ ਸੀਤੇ, ਕਿ ਹਰ ਜਾ ਇਕੁ ਸਾਇਆ ।
ਨਾਉਂ ਦਮੋਦਰ ਜ਼ਾਤ ਗੁਲਾਟੀ, ਜੈਂ ਇਹ ਕਿੱਸਾ ਚਾਇਆ ।

3. ਹੀਰ ਦਾ ਜਨਮ


ਵੱਡਾ ਰਾਠ ਜ਼ਿਮੀਂ ਦਾ ਖ਼ਾਵੰਦ, ਕੇਹੀ ਸਿਫ਼ਤ ਅਖਾਈਂ ।
ਅਕਬਰ ਨਾਲ ਕਰੇਂਦਾ ਦਾਵੇ, ਭੁਈਂ ਨਈਂ ਦਾ ਸਾਈਂ ।
ਸੋਨਾ, ਰੁੱਪਾ, ਮਾਲ, ਖ਼ਜ਼ੀਨਾ, ਢੁੱਕਣ ਸੱਤੇ ਪਾਹੀਂ ।
ਚਾਰੋਂ ਬੇਟੇ ਚੜ੍ਹੋ ਚੜ੍ਹੰਦੇ, ਗਿਣ ਗਿਣ ਨਾਉਂ ਸੁਣਾਈਂ ।
ਖਾਨ, ਪਠਾਣ, ਸੁਲਤਾਨ, ਬਹਾਦਰ ਕਿਸੇ ਬਦੇਂਦੇ ਨਾਹੀਂ ।
ਵਾਹੁ ਦਮੋਦਰ ਜਾਵਣ ਵਾਲੀ, ਰੂਪ ਦਿੱਤੋਈ ਸਾਈਂ ।

ਵੇਖੋ ਕੁਦਰਤ ਕਾਦਰ ਵਾਲੀ, ਡਾਢੇ ਰੱਬ ਕੀ ਭਾਈ ।
ਹੋਇਆ ਹੁਕਮ ਹਜ਼ੂਰੋਂ ਕੋਈ, ਆਪੇ ਬਾਜ਼ੀ ਪਾਈ ।
ਵਾਰ ਬੁਢੇਂਦੀ ਮਹਿਰੀ ਕੁੰਦੀ, ਵੇਖਹੁ ਫੁੱਟ ਵਿਆਈ ।
ਆਖ ਦਮੋਦਰ ਖਾਣ ਇਸ਼ਕ ਦੀ, ਘਰ ਚੂਚਕਾਣੇ ਲਾਈ ।

ਘਰ ਚੂਚਕ ਦੇ ਬੇਟੀ ਜੰਮੀ, ਹੋਈਆਂ ਜੱਗ ਵਧਾਈਆਂ ।
ਨ੍ਹਾਤੀ ਧੋਤੀ ਪੱਟ ਵਲ੍ਹੇਟੀ, ਕੁੱਛੜ ਕੀਤੀ ਦਾਈਆਂ ।
ਦੋ ਵਰ੍ਹਿਆਂ ਦੀ ਛੋਹਰ ਹੋਈ, ਢੁੱਕ ਰਹੀਆਂ ਕੁੜਮਾਈਆਂ ।
ਚਹੁੰ ਵਰ੍ਹਿਆਂ ਦੀ ਛੋਹਰ ਹੋਈ, ਗੱਲਾਂ ਕਰੇ ਸਚਿਆਈਆਂ ।

ਛੇਆਂ ਵਰ੍ਹਿਆਂ ਦੀ ਛੋਹਰ ਹੋਈ, ਲੱਗੀ ਕਰਨ ਭਲਿਆਈਆਂ ।
ਅੱਠਾਂ ਵਰ੍ਹਿਆਂ ਦੀ ਛੋਹਰ ਹੋਈ ਤਾਂ ਦਰ ਦਰ ਕੂਕਾਂ ਪਾਈਆਂ ।
ਦਸਾਂ ਵਰ੍ਹਿਆਂ ਦੀ ਛੋਹਰ ਹੋਈ ਚਾਰੇ ਨਈਂ ਨਿਵਾਈਆਂ ।
ਬਾਰਾਂ ਵਰ੍ਹਿਆਂ ਦੀ ਛੋਹਰ ਹੋਈ, ਤਾਂ ਰਾਂਝੇ ਅੱਖੀਆਂ ਲਾਈਆਂ ।

4. ਹੀਰ ਦੀ ਕੁੜਮਾਈ


ਭਾਈ ਬਾਬੇ ਮਤਾ ਪਕਾਇਆ, ਹੀਰ ਕੁੜੀ ਕਹੀਂ ਡੀਹਾਂ ।
ਹਿੱਕੇ ਤਾਂ ਦੀਜੇ ਤੋੜ ਪਠਾਣਾਂ, ਸਿੰਧੋਂ ਪਾਰ ਚੜ੍ਹੀਹਾਂ ।
ਹਿੱਕੇ ਦਿਵੀਹਾਂ ਅਕਬਰ ਗ਼ਾਜ਼ੀ, ਕੱਛਾਂ ਆਪ ਕਛੀਹਾਂ ।
ਆਖ ਦਮੋਦਰ ਜ਼ਾਤ ਗੁਲਾਟੀ, ਇਹੋ ਮਤਾ ਕਰੀਹਾਂ ।

ਰਲ ਸਿਆਲਾਂ ਮਸਲਤ ਕੀਤੀ, ਆਖਣ ਚੂਚਕ ਤਾਈਂ ।
ਹੀਰ ਤੇਰੇ ਘਰ ਵੱਡੀ ਹੋਈ, ਕੀਜੇ ਸਾਕ ਕਿਦਾਈਂ ।
ਆਖ਼ਿਰ ਮਾਲ ਪਰਾਇਆ ਏਹੋ, ਰੱਖਿਆਂ ਬਣਦੀ ਨਾਹੀਂ ।
ਆਖ ਦਮੋਦਰ ਸਭ ਸਿਆਲਾਂ, ਏਹੋ ਗੱਲ ਸੁਣਾਈ ।

ਭਾਈ ਤੁਸਾਂ ਖ਼ਬਰ ਨਾ ਕਾਈ, ਖ਼ਤ ਖੇੜਿਆਂ ਦਾ ਆਇਆ ।
ਕੰਮੀਂ ਆਇ ਰੱਤੋਕੇ ਬੈਠੇ, ਕਹੀਂ ਆਦਰ ਦੇ ਨ ਬਹਾਇਆ ।
ਕਹੀਂਏ ਪੁੱਛ ਕੇ ਵੰਝ ਨਾ ਡਿੱਠਾ, ਖ਼ਤ ਨ ਘਿੰਨ ਪੜ੍ਹਾਇਆ ।
ਆਖ ਦਮੋਦਰ ਜੋ ਤੁਸਾਂ ਭਾਵੇ, ਦੋਸ ਨਾ ਮੈਂਥੇ ਆਇਆ ।

ਖ਼ਾਨਾਂ ! ਕੇਹੜੀ ਗੱਲ ਨਾ ਦੇਹਾਂ, ਏਹੁ ਮੁਨਾਸਬ ਨਾਹੀਂ ।
ਹਿੱਕ ਦਿਹੁ ਜੋਗਾ ਸੱਕਾ ਵੱਡਾ, ਆਵੇ ਕੰਮ ਅਸਾਹੀਂ ।
ਹਿੱਕੋ ਜੇਹੀ ਉਮਰ ਨਾ ਕਿਸੇ, ਅਵਸਰ ਹਭਸੇ ਤਾਈਂ ।
ਕਹੇ ਦਮੋਦਰ ਢਿੱਲ ਨਾ ਕੀਚੇ, ਬਣੇ ਤਹੰਬਲ ਨਾਹੀਂ ।
੧੦
ਅੰਦਰ ਖ਼ਾਨੇ ਰਾਜ਼ੀ ਹੱਭਾ, ਏਹੋ ਮਤੇ ਪਕਾਏ ।
ਆਇਆ ਖ਼ਾਨ, ਸੱਥ ਵਿਚ ਬੈਠਾ, ਵੱਡੇ ਰੋਹ ਅਲਾਏ ।
ਬਾਮ੍ਹਣ ਸੱਦ ਸਉਂਪਾਏ ਬਾਮ੍ਹਣ, ਖ਼ਿਦਮਤ ਬਹੁੰ ਕਰਿਆਏ ।
ਆਖ ਦਮੋਦਰ ਡੂਮਾਂ ਤਾਈਂ, ਘਰ ਮਿਜਮਾਨ ਬਣਾਏ ।
੧੧
ਅੱਠੋਹਾਰਿ ਗੁਜ਼ਰ ਗਈਆਂ ਨੇਂ, ਚੂਚਕ ਸੱਥੇ ਆਇਆ ।
ਕੀਤੋ ਸੁ ਫ਼ਿਕਰ, ਕਿ ਦਿੱਚੈ ਭਾਈ ? ਤਾਂ ਸੁਨਿਆਰ ਸਦਾਇਆ ।
ਰਾਜ਼ੀ ਥੀ, ਸੋਨਾ ਹੱਥ ਲੀਤਾ, ਤਾਂ ਬਹਿ ਤ੍ਰਗ ਘੜਾਇਆ ।
ਆਖ ਦਮੋਦਰ ਦਿੱਤੀ ਵਧਾਈ, ਤਾਂ ਬਾਮ੍ਹਣ ਗਲ ਪਾਇਆ ।
੧੨
ਜੋੜਾ ਘੋੜਾ ਦੋਹਾਂ ਤਾਈਂ, ਦੋਹੇਂ ਤੇੜ ਪਹਿਰਾਏ ।
ਦੇ ਸਿਰਪਾਉ ਵਿਦੇ ਤੇ ਆਂਦੇ, ਗੱਲ ਚੂਚਕ ਪੱਲੂ ਪਾਏ ।
ਵੰਞਹੁ ਖੇੜੀਂ ! ਬਹੁਤ ਆਜ਼ਜ਼ੀ, ਚੂਚਕ ਆਖ ਸੁਣਾਏ ।
ਆਖ ਦਮੋਦਰ ਖ਼ਾਨ ਸੁਣਾਏ, ਸੈ ਵਾਰੀ ਤੁਸਾਂ ਵਧਾਏ ।
੧੩
ਟੁਰੇ ਵਿਦਾ ਥੀ, ਕੰਮੀਂ ਯਾਰੋ, ਕਰਨ ਪਸੰਦ ਤਦਾਹਾਂ ।
ਹਿੱਕ ਇਨਾਮ ਅਸਾਂ ਦਿੱਤਾ ਚੂਚਕ, ਦੂਜਾ ਅੱਗੋਂ ਵੰਝ ਘਿਨਾਹਾਂ ।
ਜੇ ਅੱਗੋਂ ਸੁਣ ਪਾਏ ਅਲੀ, ਤਾਂ ਸਿਰ ਖ਼ਾਕ ਅਸਾਹਾਂ ।
ਕਹੇ ਦਮੋਦਰ ਪੈਂਡਾ ਮੰਦਾ, ਕਹਿ ਕਹਿ ਘੁਟ ਪੀਵਾਹਾਂ ।
੧੪
ਚਲੇ ਕੰਮੀਂ ਓਥੋਂ ਭਾਈ, ਕੇਹੇ ਕਦਮ ਉਠਾਏ ।
ਅੱਗੇ ਖ਼ਾਨ ਸੱਥ ਵਿਚ ਬੈਠਾ, ਦਿਲ ਵਿਚ ਫ਼ਿਕਰ ਹੰਢਾਏ ।
ਕੰਮੀਂ ਵੰਝ ਸਿਆਲੀਂ ਬੈਠੇ, ਤਿਨ ਕੋ ਖ਼ਬਰ ਸੁਣਾਏ ।
ਆਖ ਦਮੋਦਰ ਹੋਇਆ ਖ਼ੁਸ਼ਾਲੀ, ਜੇ ਉਹ ਨਦਰੀਂ ਪਾਏ ।
੧੫
ਹੱਸ ਹੱਸ ਖ਼ਾਨ ਸੁਨੇਹੇ ਪੁੱਛੇ, ਖ਼ੁਸ਼ੀ ਹੋਇਆ ਸਿਰ ਤਾਈਂ ।
ਬਹੁਤੇ ਖ਼ਾਨ ਸਭ ਆਣ ਖਲੋਤੇ ਭੁਈਂ ਨਈਂ ਦੇ ਸਾਈਂ ।
ਤਣੀਆਂ ਤੁੱਟ ਗਈਆਂ ਅਲੀ ਦੀਆਂ, ਜੁੱਸੇ ਮਾਵੇ ਨਾਹੀਂ ।
ਕਹੇ ਦਮੋਦਰ ਦਿਲ ਵਿਚ ਕੀਤੋ ਸੁ, ਟੰਮਕ ਢੋਲ ਧਰਾਹੀਂ ।
੧੬
ਟੰਮਕ ਆਣ ਧਰਾਇਆ ਅਲੀ, ਸਭ ਭਿਰਾਉ ਸਦਾਏ ।
ਸ਼ਾਦੀ ਕੀਤੀ ਦਿਲ ਦੀ ਭਾਂਦੀ, ਕੋਠੇ ਆਣ ਲੁਟਾਏ ।
ਕੰਮੀਂ ਭੇਜ ਸਦਿਓ ਨੇ ਸੱਕੇ, ਆਏ ਖ਼ਾਨਾਂ ਜਾਏ ।
ਖਾਣਾ ਖਾਇ ਕਰੇਂਦੇ ਮਸਲਤ, ਕੇਹੇ ਮਤੇ ਪਕਾਏ ।
੧੭
ਆਖੇ ਖ਼ਾਨ ਸੁਣੋਂ ਭਿਰਾਉ, ਬੈਠ ਪਸੰਦ ਕਰੀਹੇ ।
ਮੂਲ ਤਹੰਮਲ ਬਣਦਾ ਨਾਹੀਂ, ਚੰਗੇ ਹੱਥ ਉਠੀਹੇ ।
ਚਲੀਏ ਝੰਗ ਸਿਆਲਾਂ ਵਾਲੇ, ਰੌਸ਼ਨ ਸਾਕ ਕਰੀਹੇ ।
ਕਹੇ ਦਮੋਦਰ ਢਿੱਲ ਨਾ ਬਣਦੀ, ਤਿਆਰੀ ਤੁਰਤ ਕਰੀਹੇ ।
੧੮
ਤਾਂ ਹਭਸੇ ਚਿੱਤ ਏਹਾ ਆਈ, ਜਿਉਂ ਕਰ ਖ਼ਾਨ ਸੁਣਾਏ ।
ਨੁੱਕਰੇ, ਨੀਲੇ, ਅਬਲਕ, ਤਾਜ਼ੀ, ਗਲ ਗਜਗਾਹ ਬਣਾਏ ।
ਨਚ ਨਚ ਤਾਨ ਪੁਰੇਂਦੇ ਤਾਜ਼ੀ, ਮਖ਼ਮਲ ਹੰਨੇ ਪਾਏ ।
ਖ਼ਾਨ ਮਲੂਕ ਇਕੱਠੇ ਹੋਏ, ਤਾਂ ਆਲਮ ਵੇਖਣ ਆਏ ।
੧੯
ਚਲੇ ਖ਼ਾਨ ਭੁਈਂ ਦੇ ਖ਼ਾਵੰਦ, ਕੁੱਲ ਸਮਾਨ ਉਠਾਏ ।
ਘੋੜੇ ਬਖ਼ਸ਼ਣ ਕਾਰਨ ਲੀਤੇ, ਰੋਕੜ ਉਠ ਲਦਾਏ ।
ਭੰਡ ਭਗਤੀਏ ਤੇ ਸਰਨਾਈਂ, ਕੰਜਰੀਆਂ ਵੇਸ ਬਣਾਏ ।
ਆਖ ਦਮੋਦਰ ਮਲਕਾਂ ਖ਼ਾਨਾਂ ਚੜ੍ਹਿਆ ਰੰਗ ਸਵਾਏ ।
੨੦
ਕੁੱਲੇ, ਕੋਤਲ, ਅਬਲਕ, ਮੁਸ਼ਕੀ, ਖ਼ਾਨ ਮਲੂਕ ਸਦਾਏ ।
ਬਹਿੰਗੀ, ਅਸਤਰ, ਸਤਰ ਸਵਾਈ, ਪੂਰਨ ਤਾਨ ਸਵਾਏ ।
ਊਠ, ਟੱਟੂ ਕਸ਼ਮੀਰੀ, ਉੜਦੂ, ਖ਼ਾਨਾ ਹਥਿਆਰ ਬਣਾਏ ।
ਆਖ ਦਮੋਦਰ ਤਿਸ ਦਿਨ ਧਰਤੀ, ਭਾਰ ਨ ਸਿਰ ਤੇ ਚਾਏ ।
੨੧
ਤਾਂ ਸੁਣ ਸੰਜਮ ਕੀਤਾ ਚੂਚਕ, ਜਾਂ ਸੁਣਿਆ ਖੇੜੇ ਆਏ ।
ਘਿਓ, ਗੁੜ ਖੰਡ, ਮੈਦੇ ਤੇ ਦਾਣੇ, ਆਣ ਮੌਜੂਦ ਕਰਾਏ ।
ਦਾਣਾ, ਘਾਹ ਸ਼ਰਾਬ ਪਿਆਏ, ਢਾਡੀ ਭਲੇ ਸਦਾਏ ।
ਅਨਵਾਹੇ ਬਹੁੰ ਲੇਫ਼ ਤਲਾਈ, ਭਲਾ ਦਲਾਨ ਪੁਚਾਏ ।
੨੨
ਲੱਥੇ ਬਾਘ ਬਹਾਦਰ ਡਾਢੇ, ਭੁਈਂ ਨਈਂ ਦੇ ਸਾਈਂ ।
ਛੁਟੀ ਧੁਨਿ ਜਣ ਇੰਦਰ ਅਖਾੜੇ, ਬਹੁੰ ਭੇਰੀ ਤੇ ਸਰਣਾਈਂ ।
ਨਚ ਨਚ ਤਾਨ ਪੁਰੇਨ ਭਗਤੀਏ, ਕੰਜਰੀਆਂ ਗਾਵਣ ਗਾਹੀ ।
ਤਾਂ ਤਾਂ ਖਾਣਾ ਚੂਚਕ ਭੇਜੇ, ਕੱਚਾ ਕੋਰਾ ਤਾਂਹੀ ।
੨੩
ਖਾਣਾ ਖਾਇ ਤਿਆਰੀ ਕੇਤੀ, ਘਿੰਨਣ ਸਾਊ ਆਏ ।
ਮਿਲਣ ਮੁਹੱਬਤ ਨਾਲੇ ਹੱਸ ਕਰ, ਹਿੱਕੇ ਹਿੱਕ ਮਿਲਾਏ ।
ਸੂਰਤ ਸ਼ਕਲ ਬਹੁਤ ਚਤੁਰਾਈ, ਮਾਵਾਂ ਪੁਤਰ ਕੇ ਜਾਏ ।
ਆਖ ਦਮੋਦਰ ਚੰਦ ਸੂਰਜ ਦੋ, ਜਣ ਜਾਲੀ ਆਣ ਫਹਾਏ ।
੨੪
ਖ਼ੈਰ ਪੁਛਕੇ ਨੱਪ ਉਠਾਏ, ਰਲ ਮਿਲ ਜੁਲੇ ਘਰਾਹੀਂ ।
ਆਣ ਦਲਾਨੀਂ ਲਾਹੇ ਯਾਰੋ, ਵੇਖੇ ਲੋਕ ਤਦਾਹੀਂ ।
ਚੜ੍ਹੋ ਚੜ੍ਹੰਦੇ ਵੱਡੇ ਸੂਰਮੇ ਭੁਈਂ ਨਈਂ ਦੇ ਸਾਈਂ ।
ਆਖ ਦਮੋਦਰ ਲੈ ਚਲੇ ਪਿਆਲੇ, ਢਾਡੀ ਵਾਰਾਂ ਤਾਈਂ ।
੨੫
ਦਿਹੁੰ ਬੀਤਾ ਖਾਣਾ ਖਾਧਿਓ ਨੇ, ਵਕਤ ਰਾਤ ਦਾ ਆਇਆ ।
ਹਸ ਖੇਡ ਕਰ ਸੁੱਤੇ ਸਾਊ, ਕੋਈ ਨਾ ਮੂਲ ਰੰਜਾਇਆ ।
ਕਰ ਸਿਰਪਾਉ ਬੈਠੇ ਸਭ ਸਾਊ, ਆਲਮ ਵੇਖਣ ਆਇਆ ।
ਆਖ ਦਮੋਦਰ ਵੱਡੇ ਵੇਲੇ, ਰਾਠਾਂ ਹੱਥ ਉਠਾਇਆ ।
੨੬
ਭੰਡ ਭਗਤੀਏ ਅਵਰ ਮੰਗਤੇ, ਆਲਮ ਉੱਛਲ ਆਏ ।
ਦੇ ਦੇ ਘੋੜੇ ਖੇਸ ਪਟਾਂਗਲ, ਅਜੇ ਦੇਵਣ ਨੂੰ ਸਧਰਾਏ ।
ਮੰਗਤੇ ਮੰਗ ਮੰਗ ਰਾਜ਼ੀ ਹੋਏ, ਕਰ ਦੁਆਈਂ ਮੰਗਲ ਗਾਏ ।
ਆਖ ਦਮੋਦਰ 'ਸਹੀ ਸਲਾਮਤ', ਸੱਭ ਅਸੀਸ ਸੁਣਾਏ ।
੨੭
ਦੂਜੀ ਰਾਤ ਰਹਿਣ ਨਹੀਂ ਕੀਤਾ, ਚੂਚਕ ਪੱਲੂ ਪਾਇਆ ।
ਸਰ ਪਰ ਰੱਖ ਤਿਆਰੀ ਕੀਤੀ, ਮੇਲ ਕੁਟੰਬ ਬਹਾਇਆ ।
ਸਚ ਆਖੋ ਕੇ ਦਿਚੈ ਸੱਕੇ ? ਚੂਚਕ ਏਹ ਪੁਛਾਇਆ ।
ਆਖ ਦਮੋਦਰ ਮਿਲ ਕਬੀਲੇ, ਏਹੋ ਮਤਾ ਪਕਾਇਆ ।
੨੮
ਜਣੇ ਜਣੇ ਨੂੰ ਇਕ ਇਕ 'ਪਗੜੀ', ਮੰਗਤੇ ਖੇਸ ਦਿਵਾਂਹੇ ।
ਹਿੱਕ ਉੱਠ ਤੇ ਤਾਜ਼ੀ ਘੋੜਾ, ਕਿੱਲੇ ਆਣ ਬੰਨ੍ਹਾਹੇ ।
ਸਭ ਸਿਰਪਾਉ ਸੁਨਹਿਰੀ ਦਿਚੈ, ਸੋਭਾ ਜੱਗ ਘਿਨਾਹੇ ।
ਅੰਦਰ ਬੈਠ ਕਰੇਂਦੇ ਮਸਲਤ, ਢਿੱਲ ਨਾ ਮੂਲ ਘਤਾਂਹੇ ।
੨੯
ਬੈਠੇ ਖ਼ਾਨ ਜ਼ਿਮੀਂ ਦੇ ਖਾਵੰਦ, ਗਲ ਕਹਿਣ ਦੀ ਨਾਹੀਂ ।
ਗੀਤ, ਨਾਚ, ਭੰਡ, ਭਗਤੀਏ ਕਰਦੇ, ਬਹੁਤ ਸਾਂਗ ਜਗ ਮਾਹੀਂ ।
ਪਵੇ ਨਾਚ ਖ਼ੁਸ਼ ਥੀਏ ਹਭਾ, ਵਜਣ ਭੇਰੀ ਤੇ ਸਰਨਾਈਂ ।
ਆਖ ਦਮੋਦਰ ਆਏ ਸਾਊ, ਖਾਣਾ ਖਾਵਣ ਤਾਈਂ ।
੩੦
ਖਾਣਾ ਖਾਇ ਤਿਆਰੀ ਕੇਤੀ, ਹਭ ਸਿਰਪਾਉ ਮੰਗਾਇਆ ।
ਦੇ ਦੇ ਸਿਆਲ ਖ਼ੁਸ਼ੀ ਬਹੁਤੇਰੇ, ਜਣੇ ਜਣੇ ਪਹਿਰਾਇਆ ।
ਰਾਤੀਂ ਰਖ ਸਬਾਹੀਂ ਚੱਲੇ, ਆਲਮ ਵੇਖਣ ਆਇਆ ।
ਆਖ ਦਮੋਦਰ ਗਲ ਵਚ ਪੱਲੂ, ਚੂਚਕ ਖ਼ਾਨ ਤਦ ਪਾਇਆ ।
੩੧
ਤਾਜ਼ੀ ਛੋੜ ਰਖੇ ਭੁਇੰ ਉਤੇ, ਚੂਚਕ ਆਖ ਸੁਣਾਇਆ ।
ਕੀਤੇ ਵੈਰ ਜਗਤ ਬਹੁਤੇਰੇ, ਸਭ ਕੋ ਆਣ ਨਿਵਾਇਆ ।
ਦੇ ਕਰ ਤੇਗ਼ਾਂ ਗਾਹ ਜ਼ਿਮੀਂ ਤੇ, ਸਭ ਕੋ ਪੈਰੇ ਲਾਇਆ ।
ਖ਼ਾਨ ਸਲਾਮਤ ਕਹੀਂ ਨ ਨਿਵਿਆਂ, ਹੁਣ ਹੀਰੇ ਆਣ ਨਿਵਾਇਆ ।
੩੨
ਹੀਰ ਮਹਿੰਡੀ ਸਾਹਿਬਆਣੀ, ਤੂੰ ਮੈਂਡਾ ਸਿਰ ਸਾਈਂ ।
ਤੈਂਡਾ ਕੀਤਾ ਮੈਂ ਵਡਾ ਹੋਇਆ, ਕੇਹੜੇ ਵਾਤ ਸਲਾਹੀਂ ।
ਬਾਝੋਂ ਮੁੱਲ ਵਿਕਾਣਾ ਤੁਧ ਹੱਥ, ਉਜ਼ਰ ਕੋਈ ਵੀ ਨਾਹੀਂ ।
ਆਖ ਦਮੋਦਰ ਹੱਥ ਚੂਚਕ ਦਾ, ਫੜ ਅਲੀ ਲਿਆ ਤਦਾਹੀਂ ।
੩੩
ਲੈ ਵਿਦਿਆ ਘਰ ਚੱਲੇ ਖੇੜੇ, ਸਿਆਲ ਸੋਂ ਮੁੜ ਘਰ ਆਏ ।
ਭਲਾ ਰੰਗ ਰਹਿਆ ਦੋਹਾਂ ਧਿਰਾਂ ਦਾ, ਗਾਵਣ ਡੂਮ ਬਹਾਏ ।
ਸਾਰੇ ਜੱਗ ਵਧਾਈ ਹੋਈ, ਘਰ ਘਰ ਮੰਗਲ ਗਾਏ ।
ਆਖ ਦਮੋਦਰ ਹਿਤ ਭਾਣਾ ਸਭਨਾਂ, ਰੌਸ਼ਨ ਸਾਕ ਸਵਾਏ ।
੩੪
ਮਾਉਂ ਹੀਰੇ ਵੀ ਸ਼ਗਨ ਕਰੇਂਦੀ, ਕੁੜੀਆਂ ਸਭ ਸਦਾਏ ।
ਚੌਲ ਚਿੱਟੇ ਤੇ ਦੁਧ ਮਾਝਾ, ਵਿਚ ਪਤਾਸੇ ਪਾਏ ।
ਸਭ ਕੁੜੀਆਂ ਨੂੰ ਕੁੰਦੀ ਆਖੇ, ਪਹਿਲੋਂ ਹੀਰੇ ਦੇ ਮੂੰਹ ਲਾਏ ।
ਆਖ ਦਮੋਦਰ ਪਹਿਲੀ ਗਰਾਹੀ, ਮਨ ਸੌਣਾ ਨਿਛ ਜੋ ਪਾਏ ।
੩੫
ਤਦਾਂ ਖੇੜੇ ਗਏ ਘਰ ਆਪਣੇ, ਕੁਲ ਵਧਾਈ ਥੀਂਦੀ ।
ਨਢੇ ਸਭ ਸਦਾਏ ਮਾਉਂ ਚੌਲ ਦੁਧ ਲਏਂਦੀ ।
ਦੇਇ ਗਰਾਹੀ ਨੀਂਗਰ ਨੂੰ ਪਹਿਲੇ, ਅਪਣੀ ਇੱਛ ਪੁਜੇਂਦੀ ।
ਆਖ ਦਮੋਦਰ ਪਹਿਲੀ ਗਰਾਹੀ, ਮਨ ਸੌਣਾ ਨਿਛ ਕਰੇਂਦੀ ।

5. ਨਿੱਤ ਦਾ ਵਰਤਾਉ

੩੬
ਨੌਵਾਂ ਵਰ੍ਹਿਆਂ ਦੀ ਮੰਗੀ ਨੀਂਗਰ, ਅਜ਼ਮਤ ਕੀ ਰੁਸ਼ਨਾਈ ।
ਤਾਂ ਚੁਣ ਚੁਣ ਆਤਣ ਕਰੇ ਇਕੱਠਾ, ਜੇਹੜੀ ਭਾਵਸ ਕਾਈ ।
ਸੁਰਤ ਜਮਾਲ ਸੁਣੇ ਜੋ ਕੋਈ, ਸਾਈ ਆਤਣ ਆਈ ।
ਤ੍ਰੈ ਸੈ ਸੱਠ ਸਹੇਲੀ ਜੋੜੀ, ਜੇਹੜੀ ਜੇਹੜੀ ਭਾਈ ।
੩੭
ਕੌਣ ਸਰਿਸ਼ਤਾ ਹੀਰੇ ਕੀਤਾ, ਕੀਹ ਕੁਝ ਆਖ ਸੁਣਾਏ ।
ਪਹਿਲੇ ਪਹਿਰ ਹਭੋ ਹੀ ਆਤਣ, ਮੱਖਣ ਰੋਟੀ ਖਾਏ ।
ਦੂਜੇ ਪਹਿਰ ਘਿਨਦੀ ਘੁੰਗਣੀਆਂ, ਪੀਂਘਾਂ ਪੀਂਘਣ ਜਾਏ ।
ਤੀਜੇ ਪਹਿਰ ਬੇਲੇ ਵਿਚ ਖੇਡੇ, ਰੇਂਡੀ ਖਖੜੀ ਖਾਏ ।
ਚੌਥੇ ਪਹਿਰ ਦਰਿਆਵੇ ਨ੍ਹਾਵੇ, ਸਾਰਾ ਆਤਣ ਆਏ ।
੩੮
ਏਹੋ ਜੇਹੀਆਂ ਗੱਲਾਂ ਨਿੱਤ ਸਲੇਟੀ, ਇਉਂ ਗੁਜ਼ਰਾਨ ਕਰੇਂਦੀ ।
ਬਾਘ ਬਹਾਦਰ ਚੜ੍ਹੇ ਕਮਾਣੇ, ਧੂੰ ਨਾ ਧੁੱਖਣ ਦੇਂਦੀ ।
ਬੱਗਾ ਸ਼ੀਂਹ ਫਿਰੇ ਵਿੱਚ ਝੱਲਾਂ, ਪੌਂਦੀ ਧਰੋਹੀ ਜੈਂਦੀ ।
ਆਖ ਦਮੋਦਰ ਬਾਝ ਕਮਾਣੋਂ, ਤੀਰ ਸਿਆਲ ਚਲੇਂਦੀ ।
੩੯
ਜਿੱਦੇ ਕਿੱਦੇ ਚੂਚਕ ਹੋਂਦੀ, ਧ੍ਰੋਹੀ ਹੋਰ ਨਾ ਕਾਈ ।
ਹੀਰੇ ਸੰਦੀ ਧ੍ਰੋਹੀ ਪੌਂਦੀ, ਸਾਰੀ ਜ਼ਿਮੀਂ ਨਿਵਾਈ ।
ਕਟਕ ਸਮੇਤ ਫਿਰੇ ਵਿੱਚ ਝੱਲਾਂ, ਮਿਹਰੀ ਜ਼ਿਮੀਂ ਕੰਬਾਈ ।
ਕਹੇ ਦਮੋਦਰ ਵਾਹ ਸਲੇਟੀ, ਧੰਨ ਚੂਚਕ ਦੀ ਜਾਈ ।

6. ਨੂਰੇ ਦੀ ਬੇੜੀ

੪੦
ਨੂਰਾ ਨਾਉਂ, ਜ਼ਾਤ ਦਾ ਸੰਬਲ, ਉਸ ਬੇੜਾ ਅਜਬ ਘੜਾਇਆ ।
ਲੁੱਡਣ ਨਾਉਂ, ਮਲਾਹ ਦਾ ਨੀਂਗਰ, ਦੂਰੋਂ ਸੱਦ ਅਣਾਇਆ ।
ਬੇੜੀ ਪਕੜ ਹਵਾਲੇ ਕੀਤੀ, ਲੈ ਸਿਰਪਾਉ ਬਨ੍ਹਾਇਆ ।
ਆਪਣੇ ਦਿਲ ਬਹੁੰ ਖ਼ੁਸ਼ ਹੋਇਆ, ਹੋਰ ਸਭਨਾਂ ਦੇ ਚਿਤ ਭਾਇਆ ।
੪੧
ਹਿਕ ਦਿਨ ਯਾਰੋ ਜ਼ਿਮੀਂਦਾਰ, ਬੇੜੀ ਵੇਖਣ ਨੂੰ ਚਲ ਆਏ ।
ਬੇੜੀ ਵੇਖ ਖ਼ੁਸ਼ਹਾਲੀ ਹੋਏ, ਸਭਨਾਂ ਚਿੱਤ ਸਵਾਏ ।
ਮਸਲਤ ਕਰ ਸਦਵਾਇਆ ਲੁੱਡਣ, ਅਸਾਨੂੰ ਚਾ ਦਿਖਲਾਏ ।
ਚਾੜ੍ਹ ਬਿਠਾਇ ਉਸ ਬੇੜੀ ਉੱਤੇ, ਤਮਾਸ਼ਾ ਦੇਇ ਦਿਖਾਏ ।
੪੨
ਹੋਇਆ ਰੋਹ ਸਹੀ ਸੱਚ ਨੂਰਾ, ਜਾਂ ਕਹੀਂ ਏਹੁ ਸੁਣਾਇਆ ।
ਭੇਜ ਡੂਮ ਨੂੰ ਦੇ ਕਰ ਗਾਲੀ, ਵੱਡੇ ਰੋਹ ਸਦਾਇਆ ।
ਕੀਤੋਸੁ ਹੁਕਮ ਜੁ ਵੈਂਦਾ ਨੀਹੇ, ਮੁਹਿ ਮੁਹਿ ਚਾ ਮਰਾਇਆ ।
ਸੱਟਾਂ ਪਈਆਂ ਲੁੱਡਣ ਤਾਈਂ, ਕਹੀਂ ਨਾ ਮੂਲ ਛੁੜਾਇਆ ।
ਆਖ ਦਮੋਦਰ ਵੱਸ ਨਾ ਚੱਲੇ, ਜੋ ਲੁੱਡਣ ਗੁੱਸਾ ਖਾਇਆ ।
੪੩
ਹੋਇ ਜਵਾਬ ਕੀਤੋ ਈ ਲੁੱਡਣ, ਤਾਂ ਮੂੰਹੋਂ ਆਖ ਸੁਣਾਇਆ ।
ਓਹ ਦਿਨ ਚਿੱਤ ਨਾ ਕੀਤੋ ਖ਼ਾਨਾਂ ! ਹਥ ਖਾਡੀ ਘਤ ਸਦਾਇਆ ।
ਹੋਇਆ ਬੇ ਇੱਜ਼ਤ ਬਣੀ ਅਸਾਹੀਂ, ਕਬਰ ਕਿਨਾਰੇ ਆਇਆ ।
ਮਰਦੀ ਵਾਰ ਬੇਇੱਜ਼ਤ ਕੀਤੋ, ਜਾਂ ਬੁਢੇਪਾ ਆਇਆ ।
੪੪
ਏਡੀ ਨਜ਼ਰ ਵਧ ਗਈ ਤੇਰੀ ਝੀਵਰ, ਜੋ ਮੈਥੋਂ ਪੁੱਛੇਂ ਨਾਹੀਂ ?
ਆਹੇ ਕੌਣ ਚੜ੍ਹਾਏ ਬੇੜੀ ? ਅਦਬ ਨਹੀਂ ਤੁਧ ਤਾਈਂ ?
ਏਡਾ ਗੁੱਸਾ ਮੇਰੇ ਤਾਈਂ, ਜੋ ਤੈਂ ਥਾਇੰ ਮਰਾਈਂ ।
ਆਖ ਦਮੋਦਰ ਜੇ ਛੋੜਾਂ ਤੈਨੂੰ, ਤਾਂ ਕਿਉਂ ਰੋਵੇ ਨਾਹੀਂ ।
੪੫
ਤਾਂ ਮਨ ਅੰਦਰ ਕੀਤਾ ਲੁੱਡਣ ਵੇਖੋ ਏਸ ਵਿਖਾਹੀਂ ।
ਜੇ ਪਛਤਾਉ ਲਗਸ ਭੀ ਵੱਡਾ, ਹੱਥ ਸੱਜੇ ਤਦਾਂ ਖਾਈਂ ।
ਹੁਕਮੀ ਘਿੰਨ ਵੰਜਾਇਓਸੁ ਬੇੜਾ, ਜੇ ਵੇਹਲ ਕਦਾਹੀਂ ਪਾਈਂ ।
ਆਖ ਦਮੋਦਰ ਇਸ ਜੀਵਨ ਕੋਲੋਂ, ਮਰਨਾ ਭਲਾ ਅਸਾਹੀਂ ।
੪੬
ਹਿੱਕ ਦਿਹੁੰ ਲੁੱਡਣ ਵੇਹਲ ਪਇਓਈ ਨੂਰਾ ਕਹੀਂ ਸਿਧਾਇਆ ।
ਬੇੜਾ ਕਪ ਚਲਾਇਓਸੁ ਰਾਤੀਂ, ਵੇਲਾ ਕਿਵੇਂ ਹੀ ਪਾਇਆ ।
ਰਾਤੋ ਰਾਤ ਜੁਲਿਆ ਥੀ ਰਾਹੀ, ਵਿੱਚ ਕੂਕੇਂਦਾ ਆਇਆ ।
ਜੋ ਰੱਖੇ ਪਿੱਛੋਂ ਪਾਇ ਅਸਾਨੂੰ, ਕੋਈ ਰਾਠ ਸਵਾਣੀ ਜਾਇਆ ।
੪੭
ਤਾਂ ਸੁਣ ਚਪ ਕਰੇਂਦੇ ਸਾਊ, ਕੋਈ ਨਾ ਮੂੰਹੋਂ ਅਲਾਏ ।
ਕੇਹੜਾ ਤਾਪ ਵਿਹਾਜੇ ਆਪੇ, ਵੈਰ ਨਵੇਂ ਸਿਰ ਚਾਏ ।
ਨਹੀਂ ਮੁਨਾਸਬ ਜੋ ਬੇੜੇ ਬਦਲੇ, ਭਿੜ ਕਰ ਮੁਣਸ ਮਰਾਏ ।
ਆਖ ਦਮੋਦਰ ਨਾਇ ਨੂਰੇ ਦੇ, ਕੋਈ ਨਾ ਰਾਹ ਫ਼ਰਮਾਏ ।
੪੮
ਕੀਤਾ ਫ਼ਿਕਰ ਮਨ ਅੰਦਰ ਲੁੱਡਣ, ਪਛੋਤਾਣਾ ਤਾਹੀਂ ।
ਹੋਇਓਸੁ ਚੋਰ, ਨਾ ਰਖਿਓਸੁ ਕਿਸੇ, ਮਰਾਂ ਕਿ ਮਹੁਰਾ ਖਾਈਂ ।
ਥੱਕਾ ਹੁੱਟਾ, ਕੂਕੇਂਦਾ ਝੀਵਰ, ਕਿਸੇ ਬਹਾਇਆ ਨਾਹੀਂ ।
ਡਰਵਰ ਹੋ ਰਹਿਆ ਬੇੜੀ 'ਤੇ, ਕੇਹੜੀ ਤਰਫ਼ ਥੀਵਾਈਂ ।
੪੯
ਹੁੱਟਾ ਵੇਖ ਕਰੇਂਦਾ ਨਾਰੇ, ਕਿਸੇ ਨਾ ਰਾਹ ਫ਼ੁਰਮਾਇਆ ।
ਹੋਇਓਸੁ ਚੋਰ ਰਾਠਾਇਣ ਸਾਰੇ ਕਹੀਂ ਨਾ ਪਿੱਛੇ ਪਾਇਆ ।
ਬੇੜੀ ਛੋੜ ਜੁਲਾਂ, ਨੱਸ ਵੰਝਾਂ, ਏਹੋ ਮਨ ਮਹਿ ਪਾਇਆ ।
ਆਖ ਦਮੋਦਰ ਫ਼ਿਕਰ ਕਰੇਂਦਾ, ਸਿੱਕ ਸਿਆਲੀਂ ਆਇਆ ।
੫੦
ਕੰਧੀ ਉੱਤੇ ਵਾੜਾ ਡਿੱਠਾ, ਸ਼ੋਰ ਵੱਡਾ ਸੁਣ ਪਾਇਆ ।
ਕੰਨੀ ਉਂਗਲ ਘੱਤ ਕਰਾਹੀਂ, ਲੁੱਡਣ ਕੂਕ ਸੁਣਾਇਆ ।
ਕੋਈ ਰੱਖੇ ਪਿੱਛੇ ਪਾਇ ਅਸਾਨੂੰ, ਰਾਠ ਸਵਾਣੀ ਜਾਇਆ ।
ਲੁੱਡਣ ਕੂਕੇ ਸੰਬਲੋਂ ਨੱਠਾ, ਕਿਸੇ ਰਾਠ ਨਾ ਪਿੱਛੇ ਲਾਇਆ ।
੫੧
ਅੱਗੇ ਹੀਰ ਕਟਕ ਸਣ ਵਾੜੀ, ਦਿੱਸੇ ਕੂਕ ਸੁਣਾਇਆ ।
ਸੁਣ ਚਮਕਾਇਲ ਹੋਈ ਸਲੇਟੀ, ਧੀਰਜ ਨਹਿ ਠਹਿਰਾਇਆ ।
ਲੱਭੇ ਖ਼ਬਰ ਕੋਈ ਦੁਖਿਆਰਾ, ਸਾਮ ਅਸਾਡੀ ਆਇਆ ।
ਆਖ ਦਮੋਦਰ ਕੁੜੀਆਂ ਤਾਈਂ, ਜਾਂ ਹੀਰੇ ਫ਼ੁਰਮਾਇਆ ।
੫੨
ਕੁੜੀਆਂ ਧਾ ਹਲਾ ਚਾ ਕੀਤਾ, ਬੇੜੀ ਨਜ਼ਰੀਂ ਆਈ ।
ਦੂਰੋਂ ਵੇਖ ਹੋਈਆਂ ਅਗੇਰੇ, ਡਿੱਠੀ ਜਾਂ ਨੇੜੇ ਆਈ ।
ਉਠ ਨੀ ਹੀਰੇ ! ਵੇਖ ਤਮਾਸ਼ਾ, ਆਖਣ ਦੀ ਗਲ ਨਾਹੀਂ ।
ਚੱਲੀਸੁ ਨੇ ਹਾਥੀ ਵਾਂਗੂੰ, ਚਲੇ ਕਟਕ ਤਦਾਈਂ ।

7. ਲੁੱਡਣ ਤੇ ਹੀਰ ਦੀ ਵਾਰਤਾਲਾਪ

੫੩
'ਕਿੱਤ ਕੂਕੇਂਦਾ ? ਆਖ ਹਕੀਕਤ, ਕੇਹ ਤੁਧ ਸਾਥ ਮਰਾਇਆ ?
ਕੈ ਕੋਈ ਮੋਇਆ ਸੁਣਿਆ ਪਿਛੋਂ, ਕੇ ਮੰਗੂ ਤੁਧ ਖੜਾਇਆ ?
ਤੂੰ ਕਿਤ ਕੂਕੇਂਦਾ? ਹੀਰ ਪੁਛੇਂਦੀ, ਕੈ ਤੁਧ ਕੁਝ ਵੰਞਾਇਆ ?'
ਵਡੇ ਰੋਹ ਪੁਕਾਰੇ ਨੀਂਗਰ, ਭਉਹਾਂ ਚਾੜ੍ਹ ਅਲਾਇਆ ।
੫੪
'ਸੁਣ ਕੁੜੀਏ ! ਮੈਂ ਤੈਨੂੰ ਆਖਾਂ, ਜੋ ਮੈਂ ਕੂਕ ਸੁਣਾਇਆ ।
ਨੂਰਾ ਨਾਉਂ, ਜ਼ਾਤ ਦਾ ਸੰਬਲ, ਬੇੜਾ ਓਸ ਘੜਾਇਆ ।
ਬਾਲਕ ਬੁੱਧ ਸਦਾਇਓਸੁ ਮੈਨੂੰ ਫੁੱਲ ਨਾ ਕਦੀ ਵਗਾਹਿਆ ।
ਵਾਰ ਬੁੱਢੇ ਦੀ ਬੇ ਇੱਜ਼ਤ ਹੋਇਆ, ਜਾਂ ਕਬਰ ਕਿਨਾਰੇ ਆਇਆ ।
ਤੁਸੀਂ ਵਡੇ ਰਾਠ ਜ਼ਿਮੀਂ ਦੇ ਖ਼ਾਵੰਦ, ਮੈਂ ਤੱਕ ਤੁਸਾਨੂੰ ਆਇਆ ।'
੫੫
'ਬੇੜੀ ਬੰਨ੍ਹ ਤੂੰ ਟਾਂਗ ਅਸਾਡੇ, ਤੈਨੂੰ ਕਮੀ ਨਾ ਕਾਈ ।
ਨੂਰਾ ਕੌਣ ਬਲਾਇ ਸੁਣਾਇਆ, ਬੇੜੀ ਜਿਨ੍ਹੇ ਘੜਾਈ ।
ਬੰਨ੍ਹਸੁ ਟਾਂਗ, ਠੁਕਿਓਸੁ ਚੱਪਾ, ਏਹੁ ਬੜੀ ਮੈਂ ਖ਼ੁਸ਼ ਆਈ ।'
ਆਖ ਦਮੋਦਰ ਕੋਈ ਨਾ ਰੱਖੀ, ਬਿਨ ਮੈਂ ਚੂਚਕ ਜਾਈ ।
੫੬
'ਸਦ ਭਤ੍ਰੀਆ, ਚਾਚਾ, ਮਾਮਾ, ਲੱਜ ਕਹੀ ਗਲ ਪਾਈ ।
ਦੇਵੀਂ ਰੱਸੀ, ਵੰਝ ਗਡੀਹੀਂ, ਰਹਿਣ ਕਰੇਂ ਇਸ ਥਾਈਂ ।
ਆਵਣ ਰਾਠ, ਬੰਨ੍ਹ ਖੜਸਨ ਮੈਨੂੰ, ਤੁਸਾਡੀ ਰਹਿਸੀ ਨਾਹੀਂ ।
ਹੀਰੇ ਖ਼ਬਰ ਕਰੋ ਭਰਾਵਾਂ, ਰਾਠਾਂ, ਹਿੱਕੇ ਪਿਓ ਚੂਚਕ ਤਾਈਂ ।'
੫੭
ਤਾਂ ਭਉਹਾਂ ਚਾੜ੍ਹ ਬੁਲੇਂਦੀ ਫਿੱਕਾ, ਉਚੇ ਰੋਹ ਅਲਾਇਆ ।
'ਫਿੱਟੇ ਨੂਰੇ ਦਾ ਪਿਓ ਦਾਦਾ, ਕਿਉਂ ਇਤਨਾ ਡਰ ਖਾਇਆ ।
ਮਾਰੀ ਥਾਉਂ, ਨਾ ਟਲਾਂ ਕਿਸੇ, ਜੇ ਕੋਈ ਸੁਣੇਸਾਂ ਆਇਆ ।
ਤਾਂ ਸੱਦੀ ਬਾਪ ਚਾਚੇ ਦੇ ਤਾਈਂ, ਜੇ ਹੋਵੀ ਅਕਬਰ ਦਾ ਜਾਇਆ' ।
੫੮
'ਤਾਂ ਰਸੀ ਘਿਨ! ਤੁਧੇ ਗਲ ਲੱਜਾ, ਹੋਰ ਨਾ ਕੋਈ ਸਦੇਂਦੀ ।
ਜਿਉਂ ਜਾਣੇ ਤਿਉਂ ਲੱਜ ਤੁਧੇ ਗਲ ਹਭਾ ਪਈਆ ਮੈਂਡੀ ।
ਆਏ ਬਾਝ ਨਾ ਰਹਿਸਨ ਪਿਛੋਂ, ਤੂੰ ਤਾਂ ਗਈ ਕਰੇਂਦੀ ।
ਘਿਨ ਕੁੜੀਏ ਬੇੜੀ ਦੀ ਰੱਸੀ, ਦਿੱਸੇ ਮਰਜ਼ੀ ਤੈਂਡੀ' ।
੫੯
ਠੋਕਿਓਸੁ ਵੰਝ, ਲੁੱਡਣ ਰੱਸੀ ਦਿੱਤੀ, ਬੇੜੀ ਬੱਧੀ ਤਾਹੀਂ ।
ਬੰਨ੍ਹ ਖ਼ੁਸ਼ਹਾਲ ਹੋਇਆ ਸਭ ਆਤਣ, ਹਭਨਾਂ ਬਹੁਤ ਰਜਾਈਂ ।
ਜਿਉਂ ਜਿਉਂ ਵੇਖਣ ਬੇੜੀ ਵਲੋਂ, ਹੱਸ ਕਰ ਨ੍ਹਾਵਨ ਉਥਾਈਂ ।
ਆਖ ਦਮੋਦਰ ਮੀਆਂ ਲੁੱਡਣ, ਕਰ ਧੀਰਜ ਰਹਿਆ ਤਦਾਹੀਂ ।
੬੦
ਤਾਂ ਪਹਿਲੇ ਪਹਿਰ ਕੁਲ ਆਤਣ, ਸਾਗ ਮੱਖਣ ਰੋਟੀ ਖਾਵੇ ।
ਦੂਜੇ ਪਹਿਰ ਪੀਂਘਾਂ ਤੇ ਪੀਂਘਣ, ਘੁੰਗਣੀਆਂ ਘਿਨ ਆਵੇ ।
ਤੀਜੇ ਪਹਿਰ ਬੇਲੇ ਵਿਚ ਖੇਡੇ, ਰੇਂਡੀ ਖਖੜੀ ਖਾਵੇ ।
ਚਉਥੇ ਪਹਿਰ ਬੇੜੀ ਵਿਚ ਆਤਣ, ਛੋਣ ਚਨ੍ਹਾਉਂ ਵਿਖਾਵੇ ।
੬੧
ਇਹ ਸਰਿਸ਼ਤਾ ਕੁੜੀਆਂ ਸੰਦਾ, ਇਉਂ ਗੁਜ਼ਰਾਨ ਕਰੇਂਦੀ ।
ਜਿਥੇ ਸੁਣੇ ਕੋਈ ਚੰਗਾ ਮੰਦਾ, ਧੂੰ ਨਾ ਧੁੱਖਣ ਦੇਂਦੀ ।
ਬਲੀ ਬਹਾਦਰ ਆਤਣ ਸਾਰਾ, ਕਿਸੇ ਨਾ ਮੂਲ ਬਦੇਂਦੀ ।
ਆਖ ਦਮੋਦਰ ਚੰਗੀ ਮੰਦੀ, ਧ੍ਰੋਹੀ ਹੀਰ ਪਏਂਦੀ ।
੬੨
ਤਾਂ ਬੇੜੀ ਵੇਖ ਕੋਈ ਬੁਖਲਾਣਾ, ਕਿਸੇ ਮਰਖਾਈ ਚਾਈ ।
ਪੇਟ ਪਜੂਤੀ ਸੂਲ ਕੁਕੇਂਦਾ, ਨੂਰੇ ਖ਼ਾਨ ਸੁਣਾਈ ।
"ਸੁਣ ਖ਼ਾਨਾ ! ਕਿਤ ਨੂੰ ਸਿਰ ਬੱਧੀ, ਕਿਤ ਨੂੰ ਸਿਰੇ ਵਲਾਈ ।
ਬੇੜੀ ਤੈਂਡੀ ਰੱਖੀ ਸਿਆਲਾਂ, ਹੁਕਮੀ ਪਿੱਛੇ ਪਾਈ ।
੬੩
ਇਹ ਸੁਣ ਖ਼ਾਨ ਕਰੇਂਦਾ ਕਾਵੜ, ਤਾਂ ਕੁੱਲ ਰਾਠ ਸਦਾਏ ।
ਬੇੜੀ ਬੰਨ੍ਹ ਸਿਆਲਾਂ ਰੱਖੀ, ਲੋਕ ਸੱਭੇ ਵੇਖ ਕੇ ਆਏ ।
ਚਾਹੋ ਮਰਣ-ਵਲਾਰੋ ਲੋਹਾ, ਪੀਵਹੁ ਰੱਤ ਤ੍ਰਿਹਾਏ ।
ਕਰਨ ਤਿਆਰੀ, ਮਰਨ ਤਕੀਓਨੇ, ਲੱਗੇ ਕਰਨ ਸੰਬਾਹੇ ।
੬੪
ਤਾਂ ਸੁਣ ਨੂਰੇ ਖ਼ਾਨ ਸਹੀ ਸੱਚ, ਸੱਦ ਕਰ ਡੂਮ ਚਲਾਇਆ ।
ਤਾਂ ਕਾਵੜ ਕਰ ਖ਼ਤ ਲਿਖੇ ਤਦਾਹੀਂ, "ਮੈਂ ਬੇੜਾ ਸੁਣ ਪਾਇਆ ।
ਬੇੜੀ ਲੁੱਡਣ ਬੰਨ੍ਹ ਭੇਜ ਦਿਓ, ਚੋਰ ਅਸਾਡਾ ਆਇਆ ।
ਹਿੱਕੇ ਤਾਂ ਫ਼ਿਕਰ ਕਰੋ ਇਸ ਗੱਲ ਦਾ, ਨਹੀਂ ਤਾਂ ਮੈਂ ਭੀ ਆਇਆ ।"
੬੫
ਆਇਆ ਡੂਮ ਝੰਗ ਸਿਆਲੀਂ, ਮਨ ਮੈਂ ਗ਼ੁੱਸਾ ਖਾਇਆ ।
ਅੱਗੇ ਖ਼ਾਨ ਸੱਥ ਵਿਚ ਬੈਠਾ, ਕਰ ਕਲਿਆਣ ਸੁਣਾਇਆ ।
ਪੁੱਛੇ ਖ਼ਾਨ "ਕਿੱਥੇ ਵੈਸੀ ਅੱਗੇ ? ਪਿੱਛੋਂ ਕਿਦੋਂ ਆਇਆ ?
ਮੂੰਹੋਂ ਨ ਬੋਲਿਆ ਮੂਲ ਡੁਮੇਟਾ, ਤਾਂ ਕੱਢ ਖ਼ਤ ਵਿਖਾਇਆ ।
੬੬
ਤਾਂ ਪੜ੍ਹ ਚੂਚਕ ਰੋਸ ਬੁਲੇਂਦਾ, ਜਾਂ ਉਸ ਇੰਜ ਸੁਣਾਇਆ ।
"ਭੇਡਾਂ ਸਿੰਗ ਕਿਦੋਕੇ ਜੰਮੇ ? ਤੂੰ ਨੂਰੇ ਭੇਜ ਚਲਾਇਆ" ।
ਮੂੰਹ ਮੂੰਹ ਛਿੱਤਰ ਖਾ ਕੇ ਕੰਮੀਂ, ਬਹੁੰ ਰੁੰਨਾਂ ਦੁੱਖ ਪਾਇਆ ।
ਆਖ ਦਮੋਦਰ ਉਹ ਡੁਮੇਟਾ, ਮੂੰਹ ਚੂਚਕਾਣੇ ਆਇਆ ।
੬੭
ਵੈਂਦਾ ਡੂਮ ਗਿਆ ਚੂਚਕ ਥੇ, ਖ਼ਾਨਾਂ ਨੱਪ ਬਹਾਇਆ ।
ਕਰ ਮੂੰਹ ਕਾਲਾ, ਪੌਂਦੇ ਛਿੱਤਰ, ਡੂੰਮਾਂ ਜ਼ੋਰ ਵਿਖਾਇਆ ।
"ਵੇਖ ਜਣੇਂਦੀ ਨੂਰੇ ਸੰਦੀ", ਲੋਕਾਂ ਆਖ ਸੁਣਾਇਆ ।
ਆਖ ਦਮੋਦਰ ਡੂਮ ਸ਼ਰਮਿੰਦਾ ਤਾਂ ਮੂੰਹ ਊਂਧੇ ਆਇਆ ।
੬੮
ਤੀਜੀ ਰਾਤ ਮੁੜ ਗਿਆ ਖ਼ਾਨ ਥੇ, ਗੋਇਨ ਜਿੰਦ ਭਰੀਂਦੀ ।
"ਖ਼ਾਨਾਂ ਹਾਲ ਅਸਾਡਾ ਡਿਠੋ ਨਾਹੀਂ? ਜੋ ਸਿਰ ਮੈਂਡੇ ਥੀਂਦੀ ।
ਰੱਤ ਵਿਰੱਤੀ ਜੁੱਸਾ ਥੀਆ, ਕੰਮੀਂ ਤੁਸਾਡਾ ਥੀਂਦੀ ।
ਮੈਂ ਮਰੀਂਦਾ ਲੱਜ ਕਿ ਜਾਪੇ, ਪਰ ਅੰਮੜ ਪਈ ਮਰੀਂਦੀ" ।
੬੯
ਇਹ ਸੁਣ ਨੂਰਾ ਰੋਹ ਬੁਲੇਂਦਾ, ਵੱਡੇ ਵੈਣ ਅਲਾਏ ।
ਕੁੱਲੇ, ਕਾਲੇ, ਨੁੱਕਰੇ, ਨੀਲੇ, ਅਬਲਕ, ਬਾਜ਼ ਪੀੜਾਏ ।
ਕਰੋ ਤਿਆਰੀ ਨਾ ਬਹਿਣ ਤਹੱਮੁਲ, ਆਪਣੇ ਲੋਕ ਬੁਲਾਏ ।
ਆਖ ਦਮੋਦਰ ਤ੍ਰੈ ਸੈ ਘੋੜਾ ਤੇ ਤ੍ਰੈ ਵੀਹਾਂ ਆਏ ।
੭੦
ਅਲੀ ਅਲੀ ਕਰ ਵੱਡੇ ਗੁੱਸੇ, ਕੇਹੀ ਰਉਂਸੇ ਆਏ ।
ਜਿਉਂ ਕਰ ਖ਼ਾਨ ਚੜ੍ਹੇਂਦੇ ਬੇੜੀ, ਤਿਉਂ ਪੈਂਡਾ ਲਸ਼ਕਰ ਖਾਏ ।
ਭਿੜਨੇ ਉਤੇ ਚਾਉ ਕਟਕ ਨੂੰ, ਕੋ ਨਹੀਂ ਜੁ ਪਾਣੀ ਪਾਏ ।
ਆਖ ਦਮੋਦਰ ਕੋਹਾਂ ਛੇਆਂ ਤੇ ਪੀਵਣ ਰੱਤ ਤ੍ਰਿਹਾਏ ।
੭੧
ਤਾਂ ਖਲੋਏ ਪਸਿੰਦ ਕਰੇਂਦੇ, ਮਸਲਤ ਬੈਠ ਕਰੀਹਾਂ ।
ਰਾਹ ਛੋੜ ਕਰ ਪਕੜੋ ਬੇਲਾ, ਬੇੜੀ ਕੱਪ ਛਿਕੀਹਾਂ ।
ਲੁੱਡਣ ਬੰਨ੍ਹ ਚਲਾਹੋ ਮੁਸ਼ਕੀਂ, ਬਹੁਤੀ ਮਾਰ ਕਰੀਹਾਂ ।
ਆਖ ਦਮੋਦਰ ਜੇ ਮਿਲਣ ਅਸਾਨੂੰ, ਤਾਂ ਲੋਹੇ ਹੱਥ ਪਈਹਾਂ ।
੭੨
ਰਾਹ ਛੋੜ ਬੇਲੇ ਨੂੰ ਥੀਏ, ਰਵਿਆਂ ਉੱਡੇ ਗਟਾਰੇ ।
ਉਡੀ ਧੂੜ ਅਕਾਸ਼ੀਂ ਗਈਆ, ਛਪੇ ਨੇ ਅੰਬਰ ਤਾਰੇ ।
ਵੱਜੀ ਧਰਤ ਤੇ ਜ਼ਿਮੀਂ ਬੁਲੇਂਦੀ ਝੱਲ ਨਾ ਸਕੇ ਭਾਰੇ ।
ਲੁੱਡਣ ਵੇਖ ਹੋਇਆ ਮੂੰਹ ਪੀਲਾ, ਆਏ ਭੱਤੇ ਹਾਰੇ ।
੭੩
ਘੱਤ ਕੰਨ ਉਂਗਲੀ ਲੁੱਡਣ ਕੂਕੇ, ਹਾਲੋ ਹਾਲ ਕਰੇਂਦਾ ।
"ਹੀਰੇ ਵਕਤ ਆਇਓਈ ਓਹੋ, ਲੱਜਾ ਤੁਧ ਪਏਂਦਾ ।
ਤੇ ਮਿਲਿਆਨੀ ਜਿਹਨਾਂ ਘੜਾਇਆ, ਬੇੜਾ ਹੇਈ ਜੈਂਦਾ"
ਕਹੇ ਦਮੋਦਰ ਹੀਰ ਸਿਆਲੀਂ ਲੁੱਡਣ ਇੰਜ ਕੁਕੇਂਦਾ ।
੭੪
ਤਜ ਕਰ ਵਾੜੀ, ਧਾੜ ਕਰ ਧਾਣੀ, ਬੇਲੇ ਆਤਣ ਵੈਂਦਾ ।
ਉੱਠੀ ਧੂੜ ਅਕਾਸ਼ ਛੁਪਾਇਆ, ਲੁੱਡਣ ਉਨ੍ਹਾਂ ਵਿਖੇਂਦਾ ।
"ਕਾਂਵਾਂ ਭੱਤੇ ਹਾਰੇ ਆਏ ਲੱਜਾ ਤੁਸਾਂ ਪਏਂਦਾ ।
ਹੀਰੇ ਸਹੀ ਸਿਞਾਣ ਤਿਨ੍ਹਾਂ ਨੂੰ, ਬੇੜਾ ਹੈਈ ਜੈਂਦਾ" ।

8. ਹੀਰ ਤੇ ਉਸ ਦੀਆਂ ਸਹੇਲੀਆਂ ਦੀ ਜੰਗ ਲਈ ਤਿਆਰੀ

੭੫
ਤਾਂ ਹੁਣ ਹੀਰ ਤੇ ਨਾਲੇ ਕੁੜੀਆਂ, ਘਰੋ ਘਰੀ ਸਭ ਧਾਈਆਂ ।
ਭੂਰੇ ਬੰਨ੍ਹ ਲਿਆ ਨੇ ਜੁੱਸੇ, ਚੋਰੀ ਘਿੰਨ ਸਰਵਾਹੀਆਂ ।
ਨਾਲੇ ਢਾਲੀਂ ਨੱਪ ਲਈਆਂ ਨੇਂ, ਭਿੜਨੇ ਤੇ ਸਧਰਾਈਆਂ ।
ਆਖ ਦਮੋਦਰ ਹਿਕਸੁ ਘੜੀ ਨੂੰ, ਬੇੜੀ ਉਤੇ ਆਈਆਂ ।
੭੬
ਤਾਂ ਲੁੱਡਣ ਬੋਲੇ "ਸੁਣ ਹੀਰੇ ਕੁੜੀਏ! ਖ਼ਬਰ ਕਰੋ ਪਿਉ ਤਾਈਂ ।
ਆਏ ਕਟਕ ਪਰਾਏ-ਧੀਏ, ਇਨ੍ਹਾਂ ਝਲੇਸੇਂ ਨਾਹੀਂ ।
ਭਾਈ ਵੀਰ ਸਦਾ ਇਸ ਵੇਲੇ, ਮੱਤ ਬੇੜਾ ਲੈਣ ਤਾਂ ਤਾਈਂ ।
ਹੀਰੇ ਫ਼ਿਕਰ ਅਜੇਹਾ ਕੀਚੈ, ਮੈਂ ਘਰ ਵੈਂਦਾ ਆਹੀਂ" ।
੭੭
"ਜਾਹ ਦੂਰ ਅੱਖੀਂ ਦੇ ਅੱਗੋਂ, ਪਹਿਲਾਂ ਤੁਧ ਮਰੀਹਾਂ ।
ਭਿੜਨੇ ਉਤੇ ਚਾਉ ਅਸਾਂ ਨੂੰ, ਕਿਉਂ ਕਰ ਵੀਰ ਸਦੀਹਾਂ ।
ਵੇਖ ਤਮਾਸ਼ਾ ਭਿੜਨ ਅਸਾਡਾ, ਕੀੜੇ ਮਾਰ ਕਰੀਹਾਂ ।
ਆਖ ਦਮੋਦਰ ਵੱਟ ਕਛੋਟਾ, ਅਗੋਂ ਹੋਇ ਝਲੀਹਾਂ" ।
੭੮
ਆਖੇ ਹੀਰ "ਸੁਣੋ ਤੁਸੀ ਕੜੀਓ! ਮਸਲਤ ਏਹੁ ਕਰੀਹੇ ।
ਆਏ ਪੁੱਤ੍ਰ ਪਰਾਏ ਸੰਬਲ, ਅਗੋਂ ਹੋਇ ਝਲੀਹੇ ।
ਆਵਣ ਘੋੜੇ ਤ੍ਰਟਨ ਵੱਲੀਂ, ਅੱਗੋਂ ਹੋਇ ਨਪੀਹੇ ।
ਲੁੱਡਣ ਦਾ ਮੂੰਹ ਸਾਵਾ ਪੀਲਾ, ਚਲੋ ਤਾਂ ਖਰੀ ਕਰੀਹੇ ।

9. ਹੀਰ ਦੀ ਸੰਬਲਾਂ ਨਾਲ ਲੜਾਈ

੭੯
ਆ ਖਲੋਤੀ ਹੀਰ ਫ਼ੌਜ ਘਿਨ, ਤਾਂ ਮੂੰਹ ਮੱਥਾ ਲਾਏ ।
ਇਦੋਂ ਉਦੋਂ ਕਟਕ ਇਕੱਠੇ, ਦੋਹਾਂ ਨਦਰੀ ਆਏ ।
ਵੇਖ ਹੈਰਾਨ ਖਲੋਤੇ ਸੰਬਲ, ਰਾਠ ਬਹਾਦਰ ਸਾਏ ।
ਕਹੇ ਦਮੋਦਰ ਹੀਰ ਸਿਆਲੀਂ, ਭਿੜਨੇ ਤੇ ਸਧਰਾਏ ।
੮੦
ਨੂਰਾ ਨਾਉਂ, ਜ਼ਾਤ ਦਾ ਸੰਬਲ, ਘੋੜੀ ਗਰਮ ਕਰਾਏ ।
ਅੱਡੀ ਲਾਇ, ਆਇਆ ਹੋਇ ਤ੍ਰਿੱਖਾ, ਹੀਰੇ ਨਾਉਂ ਪੁਛਾਏ ।
ਧਰੂਹ ਮਿਆਨੋਂ ਕੱਢੀ ਮਿਸਰੀ, ਪੁੱਛੇ ਅਤੇ ਭਵਾਏ ।
"ਕਿਹੜੀ ਹੀਰ ਤੁਸਾਡੇ ਵਿਚੋਂ, ਮੈਂ ਨਾਲ਼ ਮੱਥਾ ਲਾਏ ।"
੮੧
ਤਾਂ ਕੁੱਦੀ ਵਿਚਹੁ ਹਰਣੀ ਵਾਂਗਣ, ਜਾਂ ਉਸ ਇਹ ਸੁਣਾਇਆ ।
"ਕੈ ਤੂੰ ਅੰਨ੍ਹਾ ?ਕੈ ਕੱਪ ਕੱਢਿਆ? ਮੈਨੂੰ ਸੁਣ ਨਹੀਂ ਪਾਇਆ?
ਮੈਂ ਹਾਂ ਹੀਰ, ਚੂਚਕ ਦੀ ਜਾਈ, ਆਓ ਝਲੀਸਾਂ ਆਇਆ" ।
ਕਹੇ ਦਮੋਦਰ ਹੀਰ ਸਿਆਲੀ, ਮੂੰਹ ਮੱਥਾ ਦੋਹਾਂ ਲਾਇਆ ।
੮੨
ਤਾਂ ਧਰੂਹ ਮਿਆਨੋਂ ਮਿਸਰੀ ਕੱਢੀ, ਸਿਰ ਹੀਰੇ ਦੇ ਲਾਈ ।
ਗਰਦੀ ਖਾਇ ਗਈ ਵੱਲ ਪਿੱਛੋਂ, ਉਹ ਤਾਂ ਸੱਟ ਬਚਾਈ ।
ਤਾਂ ਦੂਜੀ ਚੋਟ ਮਾਰੀ ਫਿਰ ਨੂਰੇ, ਘੋੜੀ ਪਿਛਦੋਂ ਆਈ ।
"ਭੱਜੀਂ ਨਾਹੀਂ ਅੱਗੋਂ ਜੱਟਾ, ਹੁਣ ਵਾਰੀ ਮੈਂਡੀ ਆਈ" ।
੮੩
ਹੀਰ ਧਰੂਹ ਕਰ ਮਾਰੀ ਮਿਸਰੀ, ਸਿਰ ਨੂਰੇ ਦੇ ਸੱਟੀ ।
ਆਈ ਰਾਸ, ਨਾ ਗਈ ਘੁਸਾਵੀਂ, ਧਰਤੀ ਰੱਤ ਵਿਰੱਤੀ ।
ਅੱਧਾ ਧੜ ਹੰਨੇ ਵਿਚ ਫਾਥਾ, ਅੱਧਾ ਢੱਠਾ ਧਰਤੀ ।
ਆਖ ਦਮੋਦਰ ਕੀਕਣ ਦਿੱਸੇ ਜਣ ਧੋਬੀ ਸੁੱਥਣ ਘੱਤੀ ।
੮੪
ਤਾਂ ਹੱਸੀ ਭੱਜ ਅਗੇਰੇ ਹੋਈ "ਕੇਹਾ ਕਹਿਰ ਕੀਤੋਈ ।
ਅਸਾਂ ਖਲਿਆਂ, ਮੰਦਾ ਕੀਤੋ, ਜੇ ਕਰ ਭੇੜ ਲਇਓਈ ।
ਵੇਖ ਤਮਾਸ਼ਾ ਭੱਛ ਅਸਾਨੂੰ, ਲੁੱਝ ਕਰੇ ਸਭ ਕੋਈ ।
ਐਬ ਤੇਰਾ ਜੇ ਹੀਰੇ ਹੋਵੇ, ਸਭ ਆਤਣ ਰੰਡਾ ਹੋਈ" ।
੮੫
ਆਖੇ ਹੀਰ "ਸੁਣ ਹੱਸੀ ਭੈਣੇ ! ਇਹ ਗੱਲ ਬਣਦੀ ਨਾਹੀਂ ।
ਹੋਇ ਸਿਕਦਾਰ ਖਲੋਵੇ ਪਿੱਛੇ, ਲਾਹਨਤ ਹੈ ਤਿਸ ਤਾਈਂ ।
ਮਰਣਾ ਜੀਵਨ ਵੱਸ ਨਾ ਕਿਸੇ, ਹੋਸੀ ਰੱਬ ਰਜ਼ਾਈਂ ।
ਆਖ ਦਮੋਦਰ ਹੱਸੀ ਭੈਣੇ, ਮੈਥੋਂ ਮੰਦੀ ਨਾ ਕਾਈ" ।
੮੬
"ਤੈਥੋਂ ਮੰਦੀ ਨਾ ਕਾਈ ਭੈਣੇ ! ਤੂੰ ਅੱਖੀਂ ਵੇਖ ਤਮਾਸ਼ਾ ।
ਪੁੱਤਰਾਂ ਨਾਲ ਪਰਾਇਆਂ ਲੜਨਾ, ਮੱਤ ਕਰ ਜਾਣੇਂ ਹਾਸਾ ।
ਮਰਣ ਮਰੀਵਣ ਨਾਲ ਬੰਦੇ ਦੇ, ਜੀ ਦਾ ਕੀ ਭਰਵਾਸਾ ।
ਆਖ ਦਮੋਦਰ ਸੂਰਮੇ ਸੋਈ, ਜੇ ਲੜਦਿਆਂ ਮੁੜੇ ਨਾ ਪਾਸਾ" ।
੮੭
"ਸ਼ਾਬਾਸ਼ ਹੱਸੀ ਤੇਰੇ ਤਾਈਂ, ਸੁਖ਼ਨ ਇਹ ਭਲਾ ਕੀਤੋਈ ।
ਆਇਆ ਸੰਬਲ ਧਾਇ ਅਸਾਥੇ, ਸਾਈਂ ਵੇਲ ਦਿੱਤੋਈ ।
ਕੇਹੀ ਅੱਜ ਤੁਸੀ ਹੋਸੋ ਭੈਣੇ, ਪਹਿਲਾ ਭੇੜ ਪਇਓਈ ।
ਆਖ ਦਮੋਦਰ ਹੱਥ ਵਿਖਾਓ, ਜੇ ਸਿਫ਼ਤ ਕਰੇ ਸਭ ਕੋਈ" ।
੮੮
"ਵੇਖ ਤਮਾਸ਼ਾ ਹੀਰ ਅਸਾਡਾ ਭੇੜ ਅਸਾਨੂੰ ਆਇਆ ।
ਉਹ ਮਰਦ ਮਹਿਰੀ ਜ਼ਾਤ ਅਸਾਡੀ ਹੋਸੀ ਜੋ ਰੱਬ ਭਾਇਆ ।
ਕਰਕੇ ਹਾਠ ਖਲੋਹੋ ਭੈਣੇ ! ਜੇ ਤੁਸਾਂ ਲੋਹਾ ਚਾਇਆ" ।
ਆਖ ਦਮੋਦਰ ਵੇਖੋ ਯਾਰੋ, ਕੁੜੀਆਂ ਜੰਗ ਮਚਾਇਆ ।
੮੯
ਵੇਖ ਖਲੋਤੇ ਸਾਊ ਸਭੇ, ਇਹ ਲੜਨੇ ਨੂੰ ਸਧਰਾਈਆਂ ।
ਅੱਖੀਂ ਡਿੱਠਾ ਸਾਊਆਂ ਸਭਨਾ, ਕੋਈ ਕਦਮ ਅਗੇਰੇ ਆਈਆਂ ।
ਛਿੱਕ ਤਲਵਾਰੀਂ ਕੁੜੀਆਂ ਸਭੇ, ਢਾਲੀ ਆਣ ਭਵਾਈਆਂ ।
ਆਖ ਦਮੋਦਰ ਵੇਖੋ ਦਿਲ ਕੁੜੀਆਂ ਦਾ, ਅਲੀ ਅਲੀ ਕਰ ਧਾਈਆਂ ।
੯੦
ਰੱਖੇ ਹੱਥ ਕਮਾਣਾਂ ਉਤੇ, ਰਾਠਾਂ ਭਿੜਨਾ ਚਾਇਆ ।
ਨਾਉਂ ਤਾਜ਼ੀ ਘੜੀਆਂ ਮੁਲਤਾਨੇ, ਜਿਉਂ ਕਰਿ ਸਾਵਣ ਆਇਆ ।
ਉੱਡਣ ਤੁੱਰੇ ਭੰਬੀਰੀ ਵਾਂਗੂੰ, ਸਾਊਆਂ ਪਰ੍ਹਾ ਬਣਾਇਆ ।
ਆਖ ਦਮੋਦਰ ਭਿੜਨ ਸੂਰਮੇ, ਲੋਹੇ ਨੂੰ ਹੱਥ ਪਾਇਆ ।
੯੧
ਢਾਲੀਂ ਰੱਖ ਸਿਆਲੀਂ ਸਿਰ ਤੇ, ਕੇਹੀ ਰਉਂਸੇ ਗਈਆਂ ।
ਵਾਂਗੂੰ ਕੂਹੀ ਸੀਨੇ ਪਰਨੇ, ਅਲੀ ਅਲੀ ਕਰ ਪਈਆਂ ।
ਲੜਨੇ ਉਤੇ ਚਾਉ ਸਿਆਲੀਂ, ਹੋਇ ਇਕੱਠੀਆਂ ਪਈਆਂ ।
ਆਖ ਦਮੋਦਰ ਮਰਨ ਅਹੂਲਿਆ, ਹੋਇ ਜਮਾਤੀਂ ਸਹੀਆਂ ।
੯੨
ਵਗੀਆਂ ਤੇਗ਼ਾਂ, ਇੱਦੋਂ ਉੱਦੋਂ, ਕੇਹੀ ਸਿਫ਼ਤ ਅਖਾਹੀਂ ।
ਲੋਥਾਂ ਝੜਨੇ ਜ਼ਿਮੀਂ ਦੇ ਉੱਤੇ, ਰੱਤ ਲੱਗੇ ਜੰਘੀਂ ਬਾਹੀਂ ।
ਜੋਗਣੀਆਂ ਰੱਤ ਪੀਵਣ ਆਈਆਂ, ਸੀਸ ਧੜਾਂ ਤੇ ਨਾਹੀਂ ।
ਆਖ ਦਮੋਦਰ ਲਾਲ਼ ਜ਼ਿਮੀਂ ਸਭ, ਅਲਤਾ ਜਿਵੇਂ ਵਿਵਾਹੀਂ ।
੯੩
ਅਜੇ ਇੱਦੋਂ ਉੱਦੋਂ ਚਾਉ ਭਿੜਨ ਦਾ, ਆਤਣ ਟਲਦਾ ਨਾਹੀਂ ।
ਜਿਉਂ ਕੋਈ ਸ਼ਰਬਤ ਪੀਵੇ ਘੋਲ਼ਕੇ, ਲੋਹਾ ਖਾਣ ਤਿਵਾਹੀਂ ।
ਮਾਰ ਮਾਰ ਕਰ ਬੋਲਣ ਸੂਰਮੇ, ਹੁੱਟੇ ਲੜਦੇ ਤਾਹੀਂ ।
ਆਖ ਦਮੋਦਰ ਹੀਰ ਸਿਆਲੀਂ, ਬਾਰਾਂ ਕੀਤੇ ਅਜਾਈਂ ।
੯੪
ਕੁੜੀਆਂ ਅੱਠ ਅਜਾਈਂ ਹੋਈਆਂ, ਪਈਆਂ ਫੇਰ ਤਿਵਾਈਂ ।
ਅਜੇ ਲੜਨੇ ਉਤੇ ਚਾਉ ਅਸਾਡਾ, ਬਿਰਾਗ ਲਥੋਸੇ ਨਾਹੀਂ ।
ਅਲੀ ਅਲੀ ਕਰ ਲਸ਼ਕਰ ਵੜੀਆਂ, ਜਾਵਣ ਦੇਵਣ ਨਾਹੀਂ ।
ਆਖ ਦਮੋਦਰ ਹੁੱਟੇ ਸਾਊ, ਕੁੜੀਆਂ ਹੁੱਟਣ ਨਾਹੀਂ ।
੯੫
ਤਾਂ ਟਪ ਪਿਛੂਹਾਂ ਹੋਏ ਯਾਰੋ, ਘੋੜੇ ਵਾਗਾਂ ਚਾਈ ।
ਹੋ ਤੀਰ ਵਾਹ-ਗਿਆ ਸਭ ਲਸ਼ਕਰ ਆਤਣ ਪਿੱਛੋਂ ਧਾਈ ।
ਹੀਰੇ ਹੋੜਾ ਪਾਇਆ ਹੁਕਮੀ, ਅੱਗੇ ਵੰਝਹੁ ਨਾ ਕਾਈ ।
ਕਹੇ ਦਮੋਦਰ ਹੀਰ ਸਿਆਲੀ, ਮੈਨੂੰ ਵੇਖੋ ਆਈ ।
੯੬
ਨੂਰਾ ਆਖੇ "ਸੁਣਹੁ ਭਿਰਾਉ ਏਹੁ ਨਾ ਕੰਮ ਕਰੀਹੇ ।
ਜੇ ਮਰਾਹਾਂ ਕੁੜੀਆਂ ਹੱਥੋਂ, ਸੋਭ ਨਾ ਇਹੋ ਪਈਹੇ ।
ਲੁੱਡਣ ਛੋੜ ਚਲੋ ਸਣ ਬੇੜੀ, ਹੁਣ ਲੜਨਾ ਭਲਾ ਸੁ ਨੀਹੇ ।
ਆਖ ਦਮੋਦਰ ਨੂਰਾ ਆਖੇ, ਜੋ ਵਾਗਾਂ ਪਿਛਾਂ ਛਕੀਏੇ" ।
੯੭
"ਹੀਰ ਵੰਗਾਰ ਸੁਣਾਏ ਉੱਚਾ, ਆਖੇ ਨੂਰੇ ਤਾਈਂ ।
ਆਇਉਂ ਚੱਲ ਉਚੇਚਾ ਮੈਂਥੇ, ਹੁਣ ਫਿਰ ਵੰਞੇ ਨਾਹੀਂ ।
ਭਿੜਨੇ ਉਤੇ ਚਾਉ ਅਸਾਡਾ, ਅਜੇ ਮੈਂ ਹੁਣ ਆਈ ।
ਆਖ ਦਮੋਦਰ ਸੁਣਿਆਂ ਨੂਰੇ, ਤਾਂ ਦਿਲ ਘੱਤੇ ਨਾਹੀਂ ।
੯੮
ਅੰਬਰ ਪਾੜ ਨਿਕੱਖੀਆਂ ਹੂਰਾਂ, ਜ਼ਾਤ ਸਿਆਲੀਂ ਪਰੀਆਂ ।
ਮੇਵਾ ਖਾਇਨ, ਪੱਟ ਹੰਢਾਇਨ, ਨੁਕਲ ਜਿਹਨਾਂ ਦੇ ਗਿਰੀਆਂ ।
ਵੇਖੋ ਹੀਆ ਸਹੀ ਸਿਆਲੀਂ, ਮਰਨੋਂ ਜ਼ਰਾ ਨਾ ਡਰੀਆਂ ।
ਹੁਕਮੀ ਤੀਰ ਚਲਾਇਨ ਅੱਖੀਂ, ਬਿਨਾ ਖੰਭਾਂ ਬਾਝੋਂ ਸਰੀਆਂ ।
੯੯
ਆਖੇ ਰਾਠ ਸੁਣੋ ਭਿਰਾਉ, ਆਖ ਸੁਣਾਈਂ ਭਾਈਆਂ ।
ਨਹੀਂ ਮੁਨਾਸਬ ਲੜਨ ਅਸਾਡਾ, ਏਹ ਲੜਨੇ ਤੇ ਸਧਰਾਈਆਂ ।
ਵੱਡੇ ਬਹਾਦਰ ਸਹੀ ਸਿਆਲੀਂ ਭਿੜਨੇ ਉਤੇ ਆਈਆਂ ।
ਆਖ ਦਮੋਦਰ ਸੋ ਕੇ ਜਾਪਣ, ਜੈਂ ਇਹ ਪੇਟੋਂ ਜਾਈਆਂ ।
੧੦੦
ਅੱਡੀਆਂ ਮਾਰ ਚਲਾਇਉ ਲਸ਼ਕਰ, ਹੀਰ ਪਿਛੂਹਾਂ ਆਈ ।
"ਮੂੰਹੀਂ ਕਰਿਹੋ ਕੱਪੜੇ ਲੱਤੇ, ਸੱਟ ਨਾ ਕਰਿਹੋ ਕਾਈ ।
ਦਾੜ੍ਹੀ ਵਾਲਾ ਮੁੜ ਖਲੋਤਾ, ਮੂੰਹ ਤੋਂ ਲੱਜ ਵੰਞਾਈ ।"
ਆਖ ਦਮੋਦਰ ਏਹੁ ਸੁਖ਼ਨ ਕਰ, ਫਿਰੀ ਚੂਚਕ ਦੀ ਜਾਈ ।

੧੦੧
ਮੁੜ ਧਰਾਏ ਸੁੱਟੇ ਵਿਚ ਨੈਂ ਦੇ, ਕੁੜੀਆਂ ਆਣ ਦਬਾਈਆਂ ।
ਰੁੰਨੀ ਪਹਿਰ ਹਿੱਕ ਸਲੇਟੀ, ਕਰ ਵੈਰਾਗ ਗੱਲ ਲਾਈਆਂ ।
ਖਾਇ ਭੈੜ ਆਈਆਂ ਫਿਰ ਪੱਤਣ, ਜਿਥੇ ਵੱਲੀਂ ਲਾਈਆਂ ।
ਆਖ ਦਮੋਦਰ ਕਹੀਂ ਸੁ ਖ਼ਬਰੀਂ, ਚੂਚਕ ਜੋਗ ਸੁਣਾਈਆਂ ।

੧੦੨
ਜਿਉਂ ਜਿਉਂ ਸੁਣਦੇ, ਤਿਉਂ ਤਿਉਂ ਜੁਲਦੇ, ਕੇ ਕੇ ਆਖ ਵਿਚਾਰੇ ।
ਜਿਉਂ ਘਟ ਸਾਵਣ ਬੂੰਦ ਬਹਾਰਾਂ, ਤਿਉਂ ਆਏ ਲਸ਼ਕਰ ਭਾਰੇ ।
ਬੇਲੇ ਦੇ ਵਿਚ ਮਾਵਣ ਨਾਹੀਂ, ਵੱਡੇ ਬਹਾਦਰ ਸਾਰੇ ।
ਲੜਦੇ ਵੀਰ ਹੀਰ ਦੇ ਤਾਈਂ, ਜੇਤੀ ਅੰਬਰ ਤਾਰੇ ।

੧੦੩
ਭਈਏ ਮੁਈਏ ! ਕਿਆ ਕੀਤੋ, ਅਸਾਂ ਖ਼ਬਰ ਨਾ ਕਾਈ ।
ਅਸਾਂ ਸੁਣਿਆਂ, ਸੰਬਲ ਆਏ, ਖ਼ਬਰ ਨਾ ਅਸਾਂ ਰਾਈ ।
ਗਏ ਕਿਧਰ ਤੂੰ ਦਸ ਅਸਾਂ ਨੂੰ ਵੀਰਾਂ ਗੱਲ ਚਲਾਈ ।
ਦਸ ਸਹੀ ਸੱਚ, ਆਖ ਸਵੇਲੇ, ਚਲੀਏ ਕਿਹੜੀ ਜਾਈ ।

੧੦੪
"ਸੁਣ ਵੀਰਾ ਖ਼ਾਨਾ! ਸੁਲਤਾਨਾ! ਕਿਸੇ ਤੁਸਾਂ ਨੂੰ ਕੂੜ ਸੁਣਾਇਆ ।
ਭੁੱਖੇ ਚਾਕ ਕਿਦਾਊਂ ਆਏ, ਉਨ੍ਹਾਂ ਵੱਲੀਂ ਨੂੰ ਹੱਥ ਪਾਇਆ ।
ਕੁੜੀਆਂ ਕੱਢੇ ਚਿਕ ਕਿਵੇਂ ਹੀ, ਕੋਈ ਨਜ਼ਰ ਨਾ ਮੈਨੂੰ ਆਇਆ ।
ਕਿਤ ਨੂੰ ਆਖਾਂ ਤੁਸਾਂ ਸੁਣਾਈਂ, ਕਿਛ ਅਕਬਰ ਮੈਂਥੇ ਧਾਇਆ ?"

੧੦੫
ਹੱਭੇ ਪੁੱਛ ਸਿਆਲੀਂ ਆਏ, ਹੀਰ ਇਕੱਲੀ ਹੋਈ ।
ਲੁੱਡਣ ਦੇ ਮੂੰਹ ਲਾਲੀ ਆਈ, ਆ ਸਲਾਮ ਕੀਤੋਈ ।
ਭਲਾ ਥੀਆ ਜੋ ਕਟਕ ਚਲਾਇਆ, ਤਾਂ ਦਿਲ ਤਾਜ਼ੀ ਹੋਈ ।
ਸੂਤਕ ਲਾਹ, ਲੁਡਣ ਚੜ੍ਹ ਬੈਠਾ, ਦਿਲ ਤੋਂ ਦਗ਼ਾ ਗਇਓਈ ।

੧੦੬
ਇਤ ਭਤ ਜੰਮੀ, ਇਤ ਭਤ ਮੰਗੀ, ਇਤ ਭਤ ਖੇਡ-ਖਡਾਈ ।
ਇਤ ਭਤ ਬੇੜੀ, ਇਤ ਭਤ ਬੇਲਾ, ਜੰਮੀ ਪਲੀ ਇਥਾਈਂ ।
ਇਸੇ ਰਉਂਸੇ ਹੱਭ ਹਕੀਕਤ, ਦਮੋਦਰ ਆਖ ਸੁਣਾਈ ।
ਕਿੱਸਾ ਇਹ ਸੰਪੂਰਨ ਹੋਇਆ, ਹੁਣ ਰਾਂਝੇ ਤਾਈਂ ਜਮਾਈਂ ।

10. ਰਾਂਝੇ ਦਾ ਜਨਮ

੧੦੭
ਵੱਡੇ ਰਾਠ ਜ਼ਿਮੀਂ ਦੇ ਉੱਤੇ ਭੁਈਂ ਨਈਂ ਦੇ ਸਾਈਂ ।
ਮੌਜ਼ਮ ਨਾਮ, ਜ਼ਾਤ ਦਾ ਰਾਂਝਾ, ਢੁੱਕਣ ਸੱਤੇ ਪਾਹੀਂ ।
ਤਿਸਦੇ ਘਰ ਵਿਚ ਧੀਦੋ ਜੰਮਿਆ, ਰੌਸ਼ਨ ਰੂਪ ਤਦਾਹੀਂ ।
ਵਾਹੁ ਜਣੇਂਦੀ ਧੀਦੋ ਰਾਂਝਾ, ਸੇ ਮਾਂਵਾਂ ਜੱਗ ਵਿਚ ਨਾਹੀਂ ।

੧੦੮
ਘਰ ਮੌਜ਼ਮ ਦੇ ਧੀਦੋ ਜੰਮਿਆ, ਹੋਈ ਜੱਗ ਵਧਾਈ ।
ਘਰ ਸ਼ਦਿਆਨੇ ਮੌਜ਼ਮ ਰੱਖੇ, ਅਜ਼ਮਤ ਕੀ ਰੁਸ਼ਨਾਈ ।
ਦੋ ਵਰ੍ਹਿਆਂ ਦਾ ਧੀਦੋ ਹੋਇਆ, ਢੁੱਕ ਰਹੀ ਕੁੜਮਾਈ ।
ਚਹੁੰ ਵਰ੍ਹਿਆਂ ਦਾ ਧੀਦੋ ਹੋਇਆ, ਤਾਂ ਸੂਰਜ ਝਾਤ ਵਿਖਾਈ ।

੧੦੯
ਜੇ ਛੇਆਂ ਵਰ੍ਹਿਆਂ ਦਾ ਧੀਦੋ ਹੋਇਆ, ਤਾਂ ਸਭ ਕੋ ਵੇਖਣ ਆਵੇ ।
ਸੂਰਤ, ਸ਼ਕਲ ਵਾਹੁ ਤੁਸਾਡੀ, ਤੇਰਿਆਂ ਬਖ਼ਤਾਂ ਨਾਲ਼ ਨਾ ਦਾਵੇ ।
ਜੋ ਵੇਖੇ, ਵੱਸ ਥੀਵੇ ਸੋਈ, ਫਾਥਾ ਟੁਰਨ ਨਾ ਪਾਵੇ ।
ਆਖ ਦਮੋਦਰ ਤਜ਼ ਰਾਂਝੇ ਦਾ, ਭਿਰਾਵਾਂ ਮੂਲ ਨਾ ਭਾਵੇ ।

੧੧੦ ਜੇ ਛੇਆਂ ਵਰ੍ਹਿਆਂ ਦਾ ਪੂਰਾ ਹੋਇਆ, ਤਾਂ ਮੁਈ ਰਾਂਝੇ ਦੀ ਅੰਮਾਂ ।
ਵੀਰ ਖ਼ੁਸ਼ੀ ਹੋਏ ਸਿਰ ਤਾਈਂ, ਖ਼ਾਤਿਰ ਜ਼ਰਾ ਨਾ ਜੰਮਾਂ (ਜਮ੍ਹਾਂ) ।
ਮਤਾ ਕਰਨ ਭਰਾ ਰਾਂਝੇ ਦੇ, ਇਸ ਮਾਰ ਲੁੜਾਈਏ ਲੰਮਾਂ ।
ਆਖ ਦਮੋਦਰ ਮਰੇ ਤਾਂ ਚੰਗਾ, ਤਾਂ ਖ਼ਾਤਿਰ ਹੋਵੇ ਜੰਮਾਂ (ਜਮ੍ਹਾਂ) ।

੧੧੧
ਜਾਂ ਮੌਜ਼ਮ ਨਜ਼ਰ ਭਲੇਰੀ ਡਿੱਠੀ, ਮੂਲ ਹੀ ਵਿਸੈ ਨਾਹੀਂ ।
ਅੱਠੇ ਪਹਿਰ ਛਾਤੀ ਦੇ ਅੱਗੇ, ਮੂਲ ਨਾ ਵਿਸੈ ਕਦਾਹੀਂ ।
ਰਾਤ ਦਿਹਾਂ ਧੀਦੋ ਨੂੰ ਵੇਖੇ, ਜਿਉਂ ਗੁਲ ਸੰਝ ਸਬਾਹੀਂ ।
ਗ਼ਾਲਬ ਸਹੀ ਸ਼ਰੀਕ ਰਾਂਝੇ ਦੇ, ਲੋਚਨ ਮਾਰਨ ਤਾਈਂ ।

੧੧੨
ਤਾਹਿਰ, ਜ਼ਾਹਿਰ, ਜੀਵਨ, ਮਤਾ ਕੀਤਾ, ਛੋਹਰ ਅਸੀਂ ਮਰੀਹਾਂ ।
ਕੁੱਲ ਆਲਮ ਵੇਖਣ ਆਏ ਇਸ ਨੂੰ, ਅਸੀਂ ਕੈਨੂੰ ਮਨ੍ਹਾ ਕਰੀਹਾਂ ।
ਮੁਸ਼ਕਿਲ ਸਿਕਦਾਰੀ ਅਸਾਂ ਤਾਈਂ, ਜੇ ਇਸ ਜੀਵਣ ਦੀਹਾਂ ।
ਆਖੋ ਭਾਈ ਈਵੈਂ ਬਣਦੀ, ਇਹ ਛੋਹਰ ਅਸੀਂ ਮਰੀਹਾਂ ।

੧੧੩
ਮਾਰਨ ਮਤਾ ਪਕਾਇਆ ਤ੍ਰੈਹਾਂ ਮੂਲ ਨਾ ਢਿੱਲ ਕਰੀਹਾਂ ।
ਇਹ ਮੌਜ਼ਮ ਸੁਣ ਪਾਈ ਯਾਰੋ, ਚੌਂਕੀ ਇਸਦੀ ਦੀਹਾਂ ।
ਲਾਲ ਵਿਗਾੜ ਲਏ ਮੱਤ ਕੋਈ, ਰੋ ਰੋ ਹੱਥ ਵਟੀਹਾਂ ।
ਤਜਿਆ ਖਾਣਾ, ਸੌਣਾ ਮੌਜ਼ਮ, ਵਿਸਾਹ ਨਾ ਜ਼ਰਾ ਕਰੀਹਾਂ ।

11. ਧੀਦੋ ਦਾ ਮੰਗੇਵਾ

੧੧੪
ਤਾਂ ਮਨ ਮੌਜ਼ਮ ਈਹਾ ਕੀਤੀ, ਜੋ ਧੀਦੋ ਜੋਗ ਮੰਗਾਈਂ ।
ਮੁਈਉਸ ਮਾਉਂ, ਮੱਤ ਮੈਂ ਵੰਝਾਂ, ਕੈਂ ਦੀ ਝੋਲੀ ਪਾਈਂ ।
ਵੀਰਾਂ ਮੰਦੀ ਨਿਯਤ ਕੀਤੀ, ਇਸੇ ਵਿਗਾੜਨ ਤਾਈਂ ।
ਅੱਠੇ ਪਹਿਰ ਮੌਜ਼ਮ ਧੂੰਏਂ ਵਾਂਗੂੰ, ਧੁੱਖੇ, ਸੰਝ, ਸਬਾਹੀਂ ।

੧੧੫
ਤਾਂ ਖ਼ਾਨ ਯਾਕੂਬ ਵੜਾਇਚ ਵੱਡਾ, ਆਹਾ ਰਾਠ ਜਣਾਇਆ ।
ਕਰ ਕਰ ਮੌਜ਼ਮ ਫ਼ਿਕਰ ਜੁ ਕੀਤਾ, ਬਾਹਮਣ ਡੂਮ ਚਲਾਇਆ ।
ਨਿਵ ਨਿਵ ਨੀਵਾਂ ਹੋਵੇ ਮੌਜ਼ਮ, ਗੱਲ ਵਿਚ ਪੱਲਾ ਪਾਇਆ ।
ਚੋਰੀ ਲੋਕਾਂ ਕੋਲੋਂ ਮੌਜ਼ਮ, ਬਹਿ ਕਰ ਖ਼ਤ ਲਿਖਵਾਇਆ ।

੧੧੬
ਤਾਂ ਕੰਮੀਂ ਉੱਠ ਚਲੇ ਭਾਈ, ਗਏ ਤੀਜੇ ਦਿਨ ਤਾਈਂ ।
ਜਾਇ ਮਿਲੇ ਯਾਕੂਬ ਖ਼ਾਨ ਨੂੰ, ਕਰੀ ਅਸੀਸ ਉਨ੍ਹਾਹੀਂ ।
ਲਿਖਿਆ ਖ਼ਤ ਜੋ ਮੌਜ਼ਮ ਸੰਦਾ, ਡੁਮੇਟੇ ਦਿੱਤਾ ਤਾਂਹੀਂ ।
ਆਖ ਦਮੋਦਰ ਮੂੰਹੋਂ ਨਾ ਬੋਲੇ, ਚਿੱਠੀ ਕੱਢ ਪੜ੍ਹਾਈ ।

੧੧੭
ਪੜ੍ਹ ਕਰ ਖ਼ਾਨ ਫ਼ਿਕਰ ਦਿਲ ਅੰਦਰ, ਮੂੰਹੋਂ ਨਾ ਮੂਲ ਅਲਾਇਆ ।
ਕੁੱਲ ਹਕੀਕਤ ਕਾਗ਼ਜ਼ ਸੰਦੀ, ਤਾਂ ਪੜ੍ਹ ਬੋਝੇ ਪਾਇਆ ।
ਬਾਹਰ ਛੋੜ ਫ਼ਿਕਰ ਕਰ ਦਿਲ ਨੂੰ, ਤਾਂ ਚੱਲ ਅੰਦਰ ਆਇਆ ।
ਆਖ ਦਮੋਦਰ ਸੱਦ ਕਬੀਲਾ, ਤਾਂ ਬਹਿ ਖ਼ਤ ਵਚਾਇਆ ।

੧੧੮
"ਸੁਣਿਹੋ, ਸਭ ਕਬੀਲਾ ਮੈਂਡਾ, ਪੜ੍ਹ ਕਰ ਖ਼ਤ ਸੁਣਾਏ ।
ਕਰੋ ਪਸੰਦ ਬੈਠ ਕਰ ਸਭੇ, ਇਹ ਕੰਮੀਂ ਹਜ਼ਾਰਿਓਂ ਆਏ ।
ਕਰਨਾ ਹੋਵੇ ਸਾਕ ਮੌਜ਼ਮ ਦੇ, ਤਾਂ ਕੰਮੀਂ ਆਦਰ ਨਾਲ ਬਹਾਏ ।
ਕਹੋ ਭਾਈ ਜੋ ਜੀ ਤੁਸਾਡੇ, ਦਿਲ ਦੀ ਗੱਲ ਦੱਸਿਆਹੇ ।

੧੧੯
ਤਾਂ ਕੁੱਲ ਕਬੀਲਾ ਸਭ ਮਿਲਾਇਆ, "ਖ਼ਾਨਾ ਤੂੰ ਸਿਰ ਸਾਈਂ ।
ਜੇ ਕਰ ਤੂੰ ਨਾ ਜਾਣੇਂ ਖ਼ਾਨਾ ! ਤਾਂ ਕੁੱਝ ਅਸੀਂ ਅਖਾਹੀਂ ।
ਜਾਂ ਧੀਦੋ ਕਾਰਣ ਪਚਾਰੂ ਆਏ, ਤਾਂ ਹੋਇਆ ਬਖ਼ਤ ਅਸਾਹੀਂ ।
ਇਹ ਹਿੱਕ ਛੋਹਰ ਮੰਗੇ ਮੌਜ਼ਮ, ਆਖੇ ਤਾਂ ਸਭ ਦਿਵਾਹੀਂ ।

੧੨੦
ਦੇ ਆਦਰ, ਘਰ ਰੱਖੇ ਕੰਮੀਂ, ਰੱਤੇ ਪਲੰਘ ਬਹਾਏ ।
ਅਠੋਹਾਰੀ ਰੱਖ ਕਰੀਹੁ, ਤ੍ਰਗ ਯਾਕੂਬ ਘੜਾਏ ।
ਪੁੱਛ ਭਿਰਾਵਾਂ ਤਾਈਂ ਖ਼ਾਨਾਂ, ਲੈ ਸੋਨਾ ਤ੍ਰਗ ਬਣਾਏ ।
ਆਖ ਦਮੋਦਰ ਪਹਿਰਾਏ ਕੰਮੀਂ, ਰਾਜ਼ੀ ਹੋਇ ਚਲਾਏ ।

੧੨੧
ਕੰਮੀਆਂ ਨੂੰ ਜੋ ਵਿਦਿਆ ਕੀਤਾ, ਓਥਹੁ ਟੁਰੇ ਸਿਧਾਏ ।
ਆ ਹਜ਼ਾਰੇ ਦਾਖ਼ਿਲ ਹੋਏ, ਤਾਂ ਮੌਜ਼ਮ ਨਦਰੀ ਆਏ ।
ਬਹੁਤ ਰਾਜ਼ੀ ਸੁਣ ਹੋਇਆ ਮੌਜ਼ਮ, ਟਮਕ ਢੋਲ ਧਰਾਏ ।
ਬਹੁਤ ਜਮੀਅਤ ਲਸ਼ਕਰ ਸੇਤੀ, ਕੋਠੇ ਸਹਿਜ ਲੁਟਾਏ ।

੧੨੨
ਤਾਂ ਮੰਦਾ ਲੱਗਾ ਤਾਹਰ, ਜ਼ਾਹਰ, ਧੀਦੋ ਕਿਵੇਂ ਮਰੀਹਾਂ ।
ਮੌਜ਼ਮ ਮੋਇਆ, ਗਈ ਸਿਕਦਾਰੀ, ਜੇ ਇਸ ਜੀਵਣ ਦੀਹਾਂ ।
ਜਿਉਂ ਜਾਣੋ, ਤਿਉਂ ਰਾਤੀਂ ਦੇਹਾਂਂ, ਇਸ ਨੂੰ ਸੱਟ ਕਰੀਹਾਂ ।
ਮਾਰੇ ਬਿਨਾਂ ਗਈ ਸਿਕਦਾਰੀ, ਜੇ ਇਸ ਜੀਵਣ ਦੀਹਾਂ ।

12. ਧੀਦੋ ਦੀ ਖ਼ੂਬਸੂਰਤੀ

੧੨੩
ਜੇ ਚੜ੍ਹੇ ਧੀਦੋ ਘੋੜੇ ਉਤੇ, ਬਾਹਰ ਪੰਖੀ ਨਾ ਠਹਿਰਾਇਨ ।
ਮਿਹਰ, ਪਰਿੰਦੇ, ਮੋਨੀ, ਸੇਹੀਅੜ, ਪੈਰ ਨਾ ਮੂਲੇ ਚਾਇਨ ।
ਨਰ ਨਾਰੀ ਜੇ ਕੋਈ ਵੇਖੇ, ਪਲ ਨਾ ਪਲਕਾਂ ਲਾਇਨ ।
ਆਖ ਦਮੋਦਰ ਰਾਠ ਜ਼ਿਮੀਂ ਦੇ ਧੀਦੋ ਨੂੰ ਵੇਖਣ ਆਇਨ ।

੧੨੪
ਮੌਜ਼ਮ ਮਨ ਵਿਚ ਮਸਲਤ ਕੀਤੀ, ਧੀਦੋ ਜੋਗ ਵਿਵਾਹੀਂ ।
ਵੱਡਾ ਰਾਠ ਕੀਤੋਸੇ ਸੱਕਾ, ਉਸ ਦੀ ਝੋਲ਼ੀ ਪਾਈਂ ।
ਮੈਂ ਜ਼ਹੀਫ਼ ਹਾਂ ਕਬਰ ਕਿਨਾਰੇ, ਇਸ ਨੂੰ ਬਹੁਤ ਬਲਾਈਂ ।
ਘਰ ਵਿਚ ਵੈਰ, ਚਿਣਗ ਹੈ ਚੋਲੇ, ਏ ਢਿੱਲ ਬਣਦੀ ਨਾਹੀਂ ।

੧੨੫
ਕੀਆ ਤਰੱਦਦ ਮੌਜ਼ਮ ਯਾਰੋ, ਏਹੋ ਉੱਦਮ ਕੀਤਾ ।
ਇਸੇ ਵਿਵਾਹ ਦੇ ਕਾਰਨ ਮੌਜ਼ਮ ਚਾਇ ਭਲੇਰੀਆਂ ਰੀਤਾਂ ।
ਇਹ ਸਬੱਬ ਬਣੇ ਜੇ ਕੋਈ, ਪਿੱਛੋਂ ਕਰੀਂ ਕੇ ਕੀਤਾ ।
ਆਖ ਦਮੋਦਰ ਫ਼ਿਕਰ ਕਾਜ ਦੇ, ਖ਼ਾਨ ਫਿਰੇ ਚੁੱਪ ਕੀਤਾ ।

੧੨੬
ਮੱਤਾ ਡੂਮ ਮੌਜ਼ਮ, ਸੱਦ ਭਾਈ, ਲਿਖ ਵੜਾਇਚਾਂ ਤਾਈਂ ।
ਗੰਢੀ ਪਾ ਭੇਜ ਤੂੰ ਪਹਿਲਾਂ, ਇਹ ਢਿੱਲ ਬਣਦੀ ਨਾਹੀਂ ।
ਜਿਉਂਦਿਆਂ ਸੁੱਖ ਵੇਖਾਂ ਅੱਖੀਂ, ਧੀਦੋ ਨੂੰ ਪਰਨਾਈਂ ।
ਜੁਲਿਆ ਬਾਹਮਣ ਨਾਲ਼ ਡੁਮੇਟਾ, ਆਖ ਦਮੋਦਰ ਤਾਈਂ ।

੧੨੭
ਪੜ੍ਹ ਕਰ ਖ਼ਤ ਦਿਲਾਸਾ ਕੀਤਾ, ਸਭ ਸਾਮਾਨ ਕਰੇਂਦਾ ।
ਕਰੋ ਤਹੱਮੁਲ ਰਾਤ ਰਹੇ ਤਰੈ, ਗੰਢੀ ਪਾਇ ਚਲੇਂਦਾ ।
ਗੰਢੀ ਦੇ ਕਰ ਅਪਣੇ ਕੰਮੀਂ ਨਾਲ਼ ਉਨ੍ਹਾਂ ਦੇ ਦੇਂਦਾ ।
ਆਖ ਦਮੋਦਰ ਸਭ ਸਾਮਾਨ ਕਰ, ਟਮਕ ਢੋਲ ਧਰੇਂਦਾ ।

੧੨੮
ਤਾਂ ਸੁਣ ਸਭਨਾਂ ਲੋਕਾਂ, ਏਹੋ ਮੌਜ਼ਮ ਕਾਜ ਰਚਾਇਆ ।
ਧੀਦੋ ਦੇ ਪਰਨਾਉਣ ਵ੍ਹਾਤੇ, ਵੱਡਾ ਵਿਸਤਾਰ ਕਰਾਇਆ ।
ਬਹੁਤ ਖ਼ੁਸ਼ੀ ਸੁਣ ਕਰ ਸਭ ਹੋਏ ਸਭਸੇ ਦੇ ਮਨ ਭਾਇਆ ।
ਆਖ ਦਮੋਦਰ ਮੌਜ਼ਮ ਤੱਕੋ, ਵੱਡਾ ਵਿਆਹੁ ਰਚਾਇਆ ।

੧੨੯
ਤਾਂ ਕਰਨ ਪਸੰਦ ਬੈਠ ਸਭ ਸਾਊ, ਕੀਕਣ ਕੀਚੈ ਭਾਈ ।
ਦੇਵੋ ਕਾਜ ਨਾ ਕਰੋ ਤਹੱਮੁਲ, ਢਿੱਲ ਨਾ ਬਣਦੀ ਕਾਈ ।
ਕਰੇ ਸਾਮਾਨ ਵੜਾਇਚ ਜੁਆਨੋਂ, ਵੱਡੀ ਬਾਜ਼ੀ ਪਾਈ ।
ਆਖ ਦਮੋਦਰ ਕਾਜ ਗਿਣਾਇਆ, ਆਈ ਸਭ ਲੁਕਾਈ ।

੧੩੦
ਗੰਢੀ ਭੇਜ ਕਰੇਂਦਾ ਸ਼ਾਦੀ, ਦੱਸੇ ਸਕਿਆਂ ਭਾਈਂ ।
ਘਿਓ, ਗੁੜ, ਖੰਡ, ਮੈਦੇ ਤੇ ਦਾਣੇ, ਕਿਛੁ ਸੁਧ ਪੈਂਦੀ ਨਾਹੀਂ ।
ਜੇਡਾ ਸਿਰ ਤੇਡੀ ਸਿਰ ਪੀੜਾ, ਤੇਹਾ ਸਾਮਾਨ ਉਨਾਹੀਂ ।
ਆਖ ਦਮੋਦਰ ਸੋਲਾਂ ਗੰਢੀਂ, ਗਈਆਂ ਰਾਂਝਿਆਂ ਤਾਈਂ ।

੧੩੧
ਤਾਂ ਮੌਜ਼ਮ ਮਨ ਮਿੱਠਾ ਲੱਗਾ, ਸਭ ਸਾਮਾਨ ਕਰੇਂਦਾ ।
ਭੇਜੇ ਕੰਮੀਂ ਸਭਨੀਂ ਸੱਕੀਂ, ਸਾਰ ਤਿਨ੍ਹਾਂ ਨੂੰ ਦੇਂਦਾ ।
ਘੁਰਨ, ਨਫ਼ੀਰਾਂ ਤੇ ਸਰਨਾਈਂ, ਟੰਮਕ ਢੋਲ ਧਰੇਂਦਾ ।
ਆਖ ਦਮੋਦਰ ਮੌਜ਼ਮ ਆਖੇ, ਕਦੋਂ ਏਸ ਪਰਨੇਂਦਾ ।

੧੩੨
ਤਾਂ ਇਦੋਂ ਉਦੋਂ ਕਰੀ ਤਿਆਰੀ, ਧੀਦੋ ਮਾਈਏਂ ਪਾਇਆ ।
ਚੀਕੂ, ਵਟਣਾ, ਮਹਿੰਦੀ ਲੈ ਕਰ, ਧੀਦੋ ਨੂੰ ਪਿਉ ਲਾਵਣ ਆਇਆ ।
ਆਪੇ ਬਾਪ ਤੇ ਆਪੇ ਅੰਮਾਂ, ਭੀ ਵੀਰਾਂ ਮੰਦਾ ਭਾਇਆ ।
ਆਖ ਦਮੋਦਰ ਨੀਯਤ ਭੈੜੀ, ਮਾਰਨ ਮਤਾ ਪਕਾਇਆ ।

੧੩੩
ਦਸਾਂ ਵਰ੍ਹਿਆਂ ਦਾ ਧੀਦੋ ਰਾਂਝਾ, ਕੇਹੀ ਸਿਫ਼ਤ ਅਖਾਈਂ ।
ਨੱਕ ਬੁਲਾਕ ਤੇ ਕੰਨੀਂ ਲੁੜ੍ਹਕੇ, ਸੋਨੇ ਕੜੇ ਹਥਾਈਂ ।
ਕੰਨੇ ਚੂਣੇ, ਬੱਚੇ ਨਾਗਾਂ, ਜ਼ੁਲਫ਼ ਕੁੰਡਲ ਵਲ ਤਾਈਂ ।
ਆਖ ਦਮੋਦਰ ਜੇ ਕੋ ਵੇਖੇ, ਤਾਂ ਫਿਰ ਉਠੇ ਨਾਹੀਂ ।

੧੩੪
ਸਭ ਭਰਜਾਈਆਂ ਆਸ਼ਿਕ ਤਿਸ ਤੇ, ਬਿਨ ਵੇਖੇ ਖਾਵਣ ਨਾਹੀਂ ।
ਜਿਉਂ ਜਿਉਂ ਚੀਕੂ ਮਲਣ ਰੰਝੇਟੇ, ਤਿਊਂ ਤਿਊਂ ਕੱਢਣ ਆਹੀਂ ।
ਮੂੰਹ ਮਹਿਤਾਬ, ਅੱਖੀਂ ਬਲਣ ਮਸ਼ਾਲਾਂ, ਕਿਹੜੀ ਸਿਫ਼ਤ ਅਖਾਹੀਂ ।
ਆਖ ਦਮੋਦਰ ਕਿਸ ਸਲਾਹੀਂ, ਪੁੱਤਰ ਜਣੇਵਹਿ ਮਾਈ ।

13. ਮੌਜਮ ਦੀ ਮੌਤ ਹੋ ਜਾਣੀ

੧੩੫
ਜਾਂ ਬਾਕੀ ਸੱਤ ਗੰਢੀਂ ਰਹੀਆਂ, ਤਾਂ ਦਿਹੁੰ ਫਿਰਦਾ ਨਾਹੀਂ ।
ਵਿਚ ਇਰਾਦੇ ਈਵੇਂ ਬਣਦੀ, ਟਾਲੀ ਟਲਦੀ ਨਾਹੀਂ ।
ਮੌਜ਼ਮ ਮੋਇਆ ਨਿਖੁੱਟੇ ਦਾਣੇ, ਬਣੀ ਜੁ ਬਾਬ ਤਿਵਾਹੀਂ।
ਆਖ ਦਮੋਦਰ ਹੋਇ ਨਿਛੱਕਾ, ਧੀਦੋ ਰਿਹਾ ਤਦਾਹੀਂ ।

੧੩੬
ਤਾਂ ਸਹੀ ਭਿਰਾਵਾਂ ਉਤੇ ਵੇਲੇ, ਵੀਰੇ ਕਾਜ ਰਹਾਇਆ ।
ਹੋਇਆ ਹੁਕਮ ਹਜ਼ੂਰੋਂ ਈਵੇਂ, ਵੱਸ ਗ਼ਨੀਮਾਂ ਆਇਆ ।
ਦੌਲਤ ਖੱਸ ਗ਼ਨੀਮਾਂ ਲੀਤੀ, ਕਰਦੇ ਜੋ ਮਨ ਭਾਇਆ ।
ਇਉਂ ਕਰ ਧੀਦੋ ਜਾਪੇ ਯਾਰੋ, ਵੱਸ ਕਾਠ ਕੁਹਾੜੇ ਆਇਆ ।

੧੩੭
ਮਤਾ ਪਕਾਇ ਕਰੇਂਦੇ ਮਸਲਤ, ਵੇਖ ਥੀਵਾਹਾਂ ਭਾਈ ।
ਏਹੋ ਨੀਤ ਵੱਖ ਕਰਨ ਦੀ, ਹਭਣਾ ਚੰਗੀ ਭਾਈ ।
ਖੋਟੀ ਗੱਲ ਭਰਾਵਾਂ ਹੰਧੀ, ਨੀਯਤ ਭਲੀ ਨਾਹੀਂ ।
ਆਖ ਦਮੋਦਰ ਟਲੇ ਨਾ ਟਾਲੀ, ਬਣੀ ਜੋ ਬਾਬ ਤਿਵਾਹੀਂ ।

੧੩੮
ਕਰਨ ਪਸੰਦ ਬੈਠ ਕਰ ਤਰੀਹੇ, ਕੀਕਣ ਏਸ ਮਰੀਹਾਂ ।
ਹਿਕੇ ਤਾਂ ਮਾਰੋ ਰਾਤੀਂ ਸੁੱਤਿਆਂ, ਹਿਕੇ ਤਾਂ ਮਹੁਰਾ ਦੀਹਾਂ ।
ਹਿਕੇ ਤਾਂ ਘੋਟੂ ਦੀਜੇ ਇਸ ਨੂੰ, ਹਿਕੇ ਕੱਪ ਕੇ ਨਈਂ ਸਟੀਹਾਂ ।
ਆਖ ਦਮੋਦਰ ਅਰਮਾਨ ਦਿਲੇ ਤੋਂ, ਗ਼ੁੱਸਾ ਸਾਰਾ ਲਈਹਾਂ ।

੧੩੯
ਪਹਿਲੋਂ ਥੀਹੋ ਵੱਖ ਸਹੀ ਸੱਚ, ਬਦੀ ਘਿਨਾਹੇ ਨਾਹੀਂ ।
ਵੰਡਹੁ ਮਿਲਖ ਮਾਲ ਅੰਦਰ ਦਾ, ਵੰਡਿਓ ਸੱਤੇ ਪਾਹੀਂ ।
ਵੰਡਹੁ ਕੱਪੜਾ, ਲਤਾ, ਲੁੰਙੀ, ਜੋ ਭੰਨਹੁ ਖੋਜ ਕਿਵਾਹੀਂ ।
ਇਸ ਬਿਧ ਮਾਰਨ ਏਸ ਮਨਾਸਬ, ਬਦੀ ਬੁਡਾਹਾਂ ਨਾਹੀਂ ।

੧੪੦
ਧੀਦੋ ਸੱਦ ਭਿਰਾਵਾਂ ਆਂਦਾ, ਥੀਹੋ ਵੱਖ ਕਰੀਹਾਂ ।
ਤਰਕਾ ਜੋ ਪਿਓ ਦਾਦੇ ਸੰਦਾ, ਹਿੱਸੇ ਚਾਰ ਕਰੀਹਾਂ ।
ਜੋ ਦੌਲਤ ਦਾ ਅੰਦਰ ਬਾਹਰ, ਫ਼ਰਕੋ ਫ਼ਰਕ ਕਰੀਹਾਂ ।
ਆਖ ਦਮੋਦਰ ਦਿਲ ਦਗ਼ਾ ਭਿਰਾਵਾਂ, ਇਸ ਦੀ ਖੱਲ ਲਹੀਹਾਂ ।

੧੪੧
ਸੁਣ ਤਾਹਰ! ਤੋਂ ਜਾ ਬਾਪ ਦੀ , ਮੈਨੂੰ ਖ਼ਬਰ ਨਾ ਕਾਈ ।
ਮੈਂ ਦੁੱਧਵਾਤਾ ਲੱਜ ਤੁਸਾਂ ਨੂੰ, ਮਿਹਰ ਰੰਝੇਟੇ ਪਾਈ ।
ਅੰਦਰ ਹੋਰ ਤੇ ਮੂੰਹੋਂ ਦਿਲਾਸਾ, ਨਿਯਤ ਭਲੇਰੀ ਨਾਹੀਂ ।
ਆਖ ਦਮੋਦਰ ਜਾਤੀ ਧੀਦੋ , ਮੂੰਹ ਤੇ ਜ਼ਰਦੀ ਆਈ ।

੧੪੨
ਮੌਜ਼ਮ ਮਨੋਂ ਵਿਸਾਰ ਜੁਆਨਾ! ਹਨ ਥੀ ਕਰ ਜੱਟ ਕਮਾਈਐ ।
ਬੂਟੇ ਮਾਰਨ ਨੂੰ ਭੋਇੰ ਤੈਂਡੀ , ਕਹੀ ਵਹੋਲਾ ਚਾਈਐ ।
ਚੱਲ ਧੀਦੋ ਤੂੰ ਨਾਲ਼ ਅਸਾਡੇ , ਚਿੱਤ ਕੰਮ ਤੇ ਲਾਈਐ ।
ਉੱਚ ਮਦਾਰ ਕਰੇ ਕਰਿ ਆਪਣੀ, ਵੀਰਾਂ ਚਾਣਕ ਲਾਈਐ ।

੧੪੩
ਵੀਰਾ ! ਭੁਈਂ ਤੁਸਾਡੀਆਂ, ਨਈਂ ਤੁਸਾਡੀਆਂ , ਵੰਡ ਵੰਡ ਘਿਨਹੁੰ ਭਾਈ ।
ਮੇਰੇ ਹੱਥ ਭੀ ਰੱਤੇ , ਪੈਰ ਭੀ ਰੱਤੇ , ਕੀਕਣੁ ਕੇਹੀ ਵਗਾਈਂ ।
ਮੌਜ਼ਮ ਮੋਇਆ, ਮੁਹਾਬਾ ਚੁਕਾ, ਨਈਂ ਝਨਾਹੈਂ ਜਾਈਂ ।
ਕਿਸਮਤ ਟਿਕਣ ਨਾ ਮੂਲੇ ਦੇਵੇ, ਮਗਰ ਮੁਹਾਸਲ ਲਾਈ ।


(ਇਸ ਰਚਨਾ ਤੇ ਕੰਮ ਜ਼ਾਰੀ ਹੈ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ